ਸਾਥੀ ਠਾਣਾ ਸਿੰਘ ਨੂੰ ਲਾਲ ਸਲਾਮ

6ਮਨੁੱਖਤਾ ਦੀ ਮੁਕਤੀ ਦੇ ਮਹਾਨ ਆਦਰਸ਼ ਨੂੰ ਸਮਰਪਤ ਅਤੇ ਪੰਜਾਬ ਦੀ ਕਮਿਊਨਿਸਟ ਇਨਕਲਾਬੀ (ਨਕਸਲਬਾੜੀ) ਲਹਿਰ ਦੇ ਇੱਕ ਨਾਮਵਰ ਤੇ ਮੂਹਰਲੀ ਕਤਾਰ ਦੇ ਆਗੂ ਕਾਮਰੇਡ ਠਾਣਾ ਸਿੰਘ ਇੱਕ ਸੰਖੇਪ ਬਿਮਾਰੀ ਤੋਂ ਬਾਅਦ ਪਿਛਲੇ ਸਮੇਂ ’ਚ ਇਨਕਲਾਬੀ ਸਫਾਂ ਨੂੰ ਹਮੇਸ਼ਾ ਲਈ ਵਿਛੋੜਾ ਦੇ ਗਏ। ਉਹਨਾਂ ਦੀ ਇਸ ਬੇਵਕਤ ਮੌਤ ਨਾਲ਼ ਭਾਰਤ ਦੀ ਕਮਿਊਨਿਸਟ ਇਨਕਲਾਬੀ ਲਹਿਰ ਤੇ ਹੱਕ-ਸੱਚ ਦੀ ਲੜਾਈ ਨੂੰ ਵੱਡਾ ਘਾਟਾ ਪਿਆ ਹੈ। ਸਾਥੀ ਠਾਣਾ ਸਿੰਘ ਨੇ ਅੱਠ ਦਹਾਕਿਆਂ ਤੋਂ ਵੀ ਵੱਧ ਸਾਲਾਂ ਦੀ ਪੁਰਜੋਸ਼, ਜੁਝਾਰੂ, ਅਰਥ-ਭਰਪੂਰ ਤੇ ਫਖਰਯੋਗ ਜਿੰਦਗੀ ਜਿਉਂਈ ਹੈ। ਉਹ ਕਮਿ: ਇਨ: ਪਾਰਟੀ, ਕਮਿਊਨਿਸਟ ਪਾਰਟੀ ਮੁੜ-ਜਥੇਬੰਦੀ ਕੇਂਦਰ (ਮ. ਲ.) ਦੀ ਸੂਬਾ ਕਮੇਟੀ ਦੇ ਮੈਂਬਰ ਸਨ।

ਬੀਤੇ 1960 ਵਿਆਂ ਦੇ ਛੇਕੜਲੇ ਸਾਲਾਂ ’ਚ ਦੁਨੀਆਂ ਭਰ ਅੰਦਰ ਸਾਮਰਾਜ-ਵਿਰੋਧੀ ਕੌਮੀ ਮੁਕਤੀ ਲਹਿਰਾਂ ਦੀ ਜਬਰਦਸਤ ਕਾਂਗ ਉਠੀ ਹੋਈ ਸੀ ਤੇ ਇਨਕਲਾਬ ਦੀ ਪੂਰੀ ਚੜ੍ਹਤ ਸੀ। ਭਾਰਤ ’ਚ 1967 ਦੀ ਬਸੰਤ ਰੁੱਤ ’ਚ ਨਕਸਲਬਾੜੀ ਦੇ ਕਿਸਾਨਾਂ ਦੀ ਮਹਾਨ ਹਥਿਆਰਬੰਦ ਬਗਾਵਤ ਫੁੱਟੀ ਜਿਸਨੇ ਚੰਗੇ ਸਮਾਜ ਵੱਲ ਤਾਂਘਦੇ ਲੱਖਾਂ ਨੌਜਵਾਨਾਂ, ਵਿਦਿਆਰਥੀਆਂ ਅਤੇ ਹੋਰ ਨਿੱਕ-ਬੁਰਜੂਆ ਤਬਕਿਆਂ ਨੂੰ ਤਕੜਾ ਇਨਕਲਾਬੀ ਝੰਜੋੜਾ ਦਿੱਤਾ। ਨਕਸਲਬਾੜੀ ਲਹਿਰ ਦੇ ਸੱਦੇ ’ਤੇ ਲੱਖਾਂ ਹੀ ਨੌਜਵਾਨ ਕਾਲਜ, ਯੂਨੀਵਰਸਿਟੀਆਂ ਅਤੇ ਨੌਕਰੀਆਂ ਨੂੰ ਛੱਡ ਮੁਕਤੀ ਦੇ ਇਸ ਮਹਾਂ-ਸੰਗਰਾਮ ’ਚ ਕੁੱਦ ਪਏ। ਕਾਮਰੇਡ ਠਾਣਾ ਸਿੰਘ, ਜੋ ਉਸ ਸਮੇਂ ਸਰਕਾਰੀ ਅਧਿਆਪਕ ਸੀ ਨੌਕਰੀ ਤੋਂ ਛੁੱਟੀ ਲੈ ਕੇ ਚੰਡੀਗੜ੍ਹ ’ਚ ਅੰਗਰੇਜੀ ਦੀ ਐਮ. ਏ. ਕਰ ਰਹੇ ਸਨ, ਇਨਕਲਾਬ ’ਚ ਕੁੱਦਣ ਵਾਲ਼ੇ ਇਹਨਾਂ ਪੂਰਾਂ ’ਚ ਸ਼ਾਮਲ ਹੋ ਘਰ-ਪਰਿਵਾਰ ਨੂੰ ਅਲਵਿਦਾ ਕਹਿ ਇਸ ਲਹਿਰ ’ਚ ਕੁੱਦ ਪਏ। ਜਾਹਰ ਹੈ ਕਿ ਉਹ ਆਪਣੀ ਪੜ੍ਹਾਈ ਦੇ ਬਲਬੂਤੇ ਹੋਰ ਵੀ ਉਚੀ ਨੌਕਰੀ ਹਾਸਲ ਕਰਕੇ ਬਾ-ਸਹੂਲਤ ਜਿੰਦਗੀ ਜਿਉਂ ਸਕਦੇ ਸਨ। ਉਹਨਾਂ ਵੱਲੋਂ ਮਨੁੱਖਤਾ ਦੀ ਮੁਕਤੀ ਲਈ ਚੱਲ ਰਹੀ ਇਸ ਲੜਾਈ ’ਚ ਹਿੱਸਾ ਲੈਣ ਦਾ ਚੇਤਨ ਫੈਸਲਾ ਕੀਤਾ ਗਿਆ ਤੇ ਆਪਣੀ ਸਮੁੱਚੀ ਜਿੰਦਗੀ ਇਸ ਉਚੇ ਆਦਰਸ਼ ਦੇ ਲੇਖੇ ਲਾਈ। ਨਕਸਲਬਾੜੀ ਲਹਿਰ ’ਚ ਕੁੱਦਣ ਤੋਂ ਬਾਅਦ ਜਲਦ ਹੀ ਉਹਨਾਂ ਕਾਮਰੇਡ ਹਰਭਜਨ ਸੋਹੀ ਦੇ ਵਾਹ ’ਚ ਆਕੇ, ਲਹਿਰ ’ਤੇ ਹਾਵੀ ਖੱਬੇ ਮਾਅਰਕੇਬਾਜ ਲੀਹ ਨੂੰ ਪਛਾਣਿਆ ਅਤੇ ਕਾਮਰੇਡ ਸੋਹੀ ਨਾਲ਼ ਰਲ਼ਕੇ ਖੱਬੀ ਮਾਅਰਕੇਬਾਜ ਲੀਹ ਨਾਲ਼ ਟੱਕਰ ਲਈ ਅਤੇ ਜਨਤਕ ਲੀਹ ਦਾ ਝੰਡਾ ਬੁਲੰਦ ਕੀਤਾ। ਉਹਨਾਂ ਇਸ ਗੱਲ ਨੂੰ ਜੋਰਦਾਰ ਢੰਗ ਨਾਲ਼ ਉਭਾਰਿਆ ਕਿ ਲੋਕ ਅਤੇ ਸਿਰਫ ਲੋਕ ਹੀ ਇਤਿਹਾਸ ਦੇ ਅਸਲ ਸਿਰਜਣਹਾਰੇ ਹਨ। ਕਿਰਤੀ ਲੋਕਾਈ ਨੂੰ ਜਥੇਬੰਦ ਕੀਤੇ ਬਿਨ੍ਹਾਂ ਵਿਸ਼ਾਲ ਕਿਰਤੀ ਲੋਕਾਈ ਦੀ ਸ਼ਮੂਲੀਅਤ ਤੋਂ ਬਿਨ੍ਹਾਂ ਕੋਈ ਵੀ ਇਨਕਲਾਬ ਕਾਮਯਾਬ ਨਹੀਂ ਹੋ ਸਕਦਾ।

ਕਾਮਰੇਡ ਠਾਣਾ ਸਿੰਘ ਅਜੋਕੇ ਮੁਕਤਸਰ ਜਿਲ੍ਹੇ ਦੇ ਪਿੰਡ ਭਲਾਈਆਣਾ ਦੇ ਇੱਕ ਸਾਧਾਰਨ ਤੇ ਛੋਟੀ ਕਿਸਾਨੀ ਪਰਿਵਾਰ ਦੇ ਜੰਮਪਲ ਸਨ। ਇੱਕ ਵਾਰ ਇਨਕਲਾਬੀ ਲਹਿਰ ’ਚ ਕੁੱਦ ਪੈਣ ਤੋਂ ਬਾਅਦ ਉਹਨਾਂ ਨੇ ਕਦੇ ਵੀ ਪਿੱਛੇ ਮੁੜਨ ਬਾਰੇ ਨਹੀਂ ਸੋਚਿਆ। ਉਹਨਾਂ ਨੇ ਆਪਣਾ ਜੀਵਨ ਭਾਰਤ ਦੀ ਕਿਰਤੀ ਜਮਾਤ ਨਾਲ਼ ਜੋੜਕੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਤੇ ਅਡੋਲ ਰੂਪ ’ਚ ਭਾਰਤੀ ਇਨਕਲਾਬ ਨਾਲ਼ ਇੱਕਮਿੱਕ ਕਰ ਲਿਆ।

ਪਾਰਟੀ ਦੀ ਆਉਣੀ-ਜਾਣੀ ਵਾਲ਼ੇ ਘਰਾਂ ’ਚ ਸਾਰੇ ਪਰਿਵਾਰ ਨਾਲ਼ ਘੁਲ਼ਣਾ-ਮਿਲ਼ਣਾ ਉਹਨਾਂ ਦੀਆਂ ਸਮੱਸਿਆਵਾਂ ਹੱਲ ਕਰਨ ’ਚ ਮਦਦਗਾਰ ਹੋਣਾ, ਆਪ ਹਮੇਸ਼ਾ ਚੜ੍ਹਦੀ ਕਲਾ ’ਚ ਰਹਿਣਾ ਤੇ ਹੋਰਨਾਂ ਨੂੰ ਹਮੇਸ਼ਾ ਖੁਸ਼-ਮਿਜਾਜ ਤੇ ਚੜ੍ਹਦੀ ਕਲਾ ’ਚ ਰੱਖਣਾ ਉਹਨਾਂ ਦੀ ਜੀਵਨ-ਜਾਚ ਦਾ ਅਨਿੱਖੜ ਅੰਗ ਸੀ। ਉਹਦੇ ’ਚ ਲੋਹੜੇ ਦਾ ਜਜਬਾ ਤੇ ਹਿੰਮਤ ਸੀ ਅਤੇ ਹਨੇਰਾ ਹੋਵੇ ਜਾਂ ਸਵੇਰਾ ਸਾਧਨਾਂ ਦੀ ਜਾਪਦੀ ਅਣਹੋਂਦ ਦੇ ਬਾਵਜੂਦ ਵੀ ਕੋਈ ਨਾ ਕੋਈ ਜੁਗਾੜ ਕਰ ਲੈਣ ਤੇ ਮੰਜਲ ਉੱਤੇ ਪਹੁੰਚਣ ਲਈ ਠਿੱਲ੍ਹ ਪੈਣ ’ਚ ਉਹਨਾਂ ਨੂੰ ਰਤਾਭਰ ਵੀ ਹਿਚਕਚਾਹਟ ਮਹਿਸੂਸ ਨਹੀਂ ਹੁੰਦੀ ਸੀ। ਘੋਲ਼-ਸਰਗਰਮੀਆਂ ਸਮੇਂ ਉਹ ਵੱਖ ਵੱਖ ਸਰੋਤਾਂ ਤੋਂ ਤਾਜਾ ਤੋਂ ਤਾਜਾ ਜਾਣਕਾਰੀ ਹਾਸਲ ਕਰਨ ਲਈ ਬਿਹਬਲ ਰਹਿੰਦੇ। ਅੱਸੀ ਸਾਲ ਦੀ ਉਮਰ ਦੇ ਬਾਵਜੂਦ ਉਹਨਾਂ ਅੰਦਰ ਜਵਾਨੀ ਵਾਲ਼ੀ ਚੰਚਲਤਾ ਤੇ ਰਵਾਨੀ ਸੀ ਤੇ ਉਹ ਵਧਵੀਂ ਭੱਜਨੱਠ ਕਰਕੇ ਵੀ ਅਣਥੱਕ ਤੇ ਟਹਿਕਰੇ ’ਚ ਜਾਪਦਾ। ਘਟਨਾਵਾਂ ਦੀ ਪੇਸ਼ਕਾਰੀ ਦਾ ਉਹਨਾਂ ਨੂੰ ਕਾਫੀ ਚੰਗਾ ਵੱਲ ਸੀ। ਇਨਕਲਾਬ ਦੇ ਅਕੀਦੇ ਉਹਨਾਂ ਦੀ ਦਿ੍ਰੜ ਨਿਹਚਾ ਅੰਤ ਤੱਕ ਜਿਉਂ ਦੀ ਤਿਉਂ ਬਰਕਰਾਰ ਰਹੀ। ਅੰਤਮ ਸਮੇਂ ਤੱਕ ਉਹ ਪੂਰੀ ਚੜ੍ਹਦੀ ਕਲਾ ’ਚ ਰਹੇ।

ਕਾਮਰੇਡ ਠਾਣਾ ਸਿੰਘ ਪੂਰੀ ਤਨਦੇਹੀ ਨਾਲ਼ ਇਨਕਲਾਬੀ ਲਹਿਰ ’ਚ ਆਪਣੀ ਭੂਮਿਕਾ ਨਿਭਾ ਕੇ ਰੁਖਸਤ ਹੋ ਗਏ। ਪਰ ਲੋਕ-ਪੱਖੀ ਰਾਜ ਤੇ ਸਮਾਜ ਦੀ ਸਿਰਜਣਾ ਦੀ ਜਿਸ ਸੁੱਚੀ ਵਿਰਾਸਤ ਨੂੰ ਉਹ ਛੱਡਕੇ ਗਏ ਹਨ, ਉਸਨੂੰ ਅੱਗੇ ਤੋਰਨ ਤੇ ਸਾਕਾਰ ਕਰਨ ਲਈ ਇਸ ਕਾਜ ਦੇ ਸੂਝਵਾਨ ਤੇ ਚੇਤੰਨ ਵਾਰਸਾਂ ਨੂੰ ਧੜੱਲੇ ਨਾਲ਼ ਮੈਦਾਨ ’ਚ ਨਿੱਤਰਨ ਦੀ ਲੋੜ ਹੈ। ਜਮਾਤੀ ਹੱਕਾਂ ਲਈ ਜਦੋਜਹਿਦ ਹੋਰ ਵੀ ਸ਼ਿੱਦਤ ਨਾਲ਼ ਭਖਦੀ ਰੱਖਣ ਤੇ ਇਨਕਲਾਬੀ ਲਾਟਾਂ ’ਚ ਬਦਲਣ ਦੀ ਲੋੜ ਹੈ। ਕਾਮਰੇਡ ਠਾਣਾ ਸਿੰਘ ਤੇ ਉਸ ਵਰਗੇ ਹੋਰਨਾਂ ਸਾਥੀਆਂ ਦੇ ਰਾਹ ’ਤੇ ਅੱਗੇ ਵਧਣਾ ਹੀ ਉਹਨਾਂ ਨੂੰ ਅਸਲੀ ਸਰਧਾਂਜਲੀ ਹੈ।

(‘ਸੁਰਖ ਲੀਹ’ ਦੇ ਕਾਮਰੇਡ ਠਾਣਾ ਸਿੰਘ ਵਿਸ਼ੇਸ਼ ਸਪਲੀਮੈਂਟ ’ਚ ਛਪੇ ਲੇਖ ’ਤੇ ਅਧਾਰਤ)

ਪੀ.ਡੀ.ਐਫ਼. ਡਾਊਨਲੋਡ ਕਰੋ

“ਪ੍ਰਤੀਬੱਧ”, ਅੰਕ  39, ਨਵੰਬਰ 2023 ਵਿੱਚ ਪ੍ਰਕਾਸ਼ਿਤ

ਟਿੱਪਣੀ ਕਰੋ