ਰੂਸ ਦੀ ਸਮਾਜਿਕ ਜਮਹੂਰੀ ਮਜ਼ਦੂਰ ਪਾਰਟੀ ਦਾ ਕੌਮੀ ਪ੍ਰੋਗਰਾਮ •ਲੈਨਿਨ

ਪੀ.ਡੀ.ਐਫ਼ ਡਾਊਨਲੋਡ ਕਰੋ

ਕੇਂਦਰੀ ਕਮੇਟੀ ਦੀ ਕਾਨਫਰੰਸ ਨੇ ਕੌਮੀ ਸਵਾਲ* ਬਾਰੇ ਇੱਕ ਮਤਾ ਪਰਵਾਨ ਕੀਤਾ ਹੈ ਜੋ “ਇਜ਼ਵੇਸ਼ੇੇਨੀਯੇ”¹ ਵਿੱਚ ਛਾਪਿਆ ਗਿਆ ਹੈ ਤੇ ਕੌਮੀ ਪ੍ਰੋਗਰਾਮ ਦੇ ਸਵਾਲ ਨੂੰ ਕਾਂਗਰਸ ਦੇ ਏਜੰਡੇ ਉੱਤੇ ਰੱਖ ਦਿੱਤਾ ਹੈ।

ਵਰਤਮਾਨ ਸਮੇਂ ਕੌਮੀ ਸਵਾਲ ਕਿਉਂ ਤੇ ਕਿਵੇਂ ਅੱਗੇ ਲੈ ਆਂਦਾ ਗਿਆ ਹੈ- ਇਨਕਲਾਬ-ਦੁਸ਼ਮਣਾਂ ਦੀ ਸਮੁੱਚੀ ਨੀਤੀ ਵਿੱਚ, ਬੁਰਜੂਆਜੀ ਦੀ ਜਮਾਤੀ ਸੂਝ ਵਿੱਚ ਤੇ ਰੂਸ ਦੀ ਪ੍ਰੋਲੇਤਾਰੀ ਸਮਾਜਕ ਜਮਹੂਰੀ ਪਾਰਟੀ ਵਿੱਚ- ਇਹ ਆਪ ਮਤੇ ਵਿੱਚ ਹੀ ਵਿਸਥਾਰ ਸਹਿਤ ਦਰਸਾਇਆ ਗਿਆ ਹੈ। ਹਾਲਤ ਦੀ ਸਪੱਸ਼ਟਤਾ ਨੂੰ ਮੁੱਖ ਰੱਖਦਿਆਂ ਇਹਦੇ ਬਾਰੇ ਕੁੱਝ ਕਹਿਣ ਦੀ ਲੋੜ ਨਹੀਂ। ਇਹ ਹਾਲਤ ਤੇ ਸਮਾਜਿਕ ਜਮਹੂਰੀਅਤ ਦੇ ਕੌਮੀ ਪ੍ਰੋਗਰਾਮ ਦੇ ਮੂਲ ਅੰਸ਼ ਪਿੱਛੇ ਜਿਹੇ ਮਾਰਕਸਵਾਦੀ ਸਿਧਾਂਤਕ ਸਾਹਿਤ ਵਿੱਚ ਵਿਚਾਰੇ ਜਾ ਚੁੱਕੇ ਹਨ (ਸਭ ਤੋਂ ਸਿਰਕੱਢ ਥਾਂ ਸਟਾਲਿਨ ਦੇ ਲੇਖ ਦੀ ਰਹੀ ਹੈ)2। ਇਸ ਲਈ ਸਾਡਾ ਖਿਆਲ ਹੈ ਕਿ ਇਹ ਢੁਕਵਾਂ ਹੋਵੇਗਾ, ਜੇ ਇਸ ਲੇਖ ਵਿੱਚ ਅਸੀਂ ਆਪਣੇ ਆਪ ਨੂੰ ਮਸਲੇ ਨੂੰ ਨਿਰੋਲ ਪਾਰਟੀ ਨਜ਼ਰੀਏ ਤੋਂ ਪੇਸ਼ ਕਰਨ ਤੇ ਅਜਿਹੀਆਂ ਵਿਆਖਿਆਵਾਂ ਦੀਆਂ ਹੱਦਾਂ ਦੇ ਅੰਦਰ-ਅੰਦਰ ਰੱਖੀਏ, ਜੋ ਕਨੂੰਨੀ ਪੱਤਰਾਂ ਵਿੱਚ ਨਹੀਂ ਦਿੱਤੀਆਂ ਜਾ ਸਕਦੀਆਂ, ਕਿਉਂਕਿ ਉਹਨੂੰ ਸਤੋਲੀਪਿਨ-ਮਕਲਾਕੋਵ ਜਬਰ ਨੇ ਕੁਚਲਿਆ ਹੋਇਆ ਹੈ। ਰੂਸ ਵਿੱਚ ਸਮਾਜਿਕ ਜਮਹੂਰੀਅਤ ਨਿਰੋਲ ਬਹੁਤੇ ਪੁਰਾਣੇ ਦੇਸ਼ਾਂ, ਭਾਵ, ਯੂਰਪ ਦੇ ਦੇਸ਼ਾਂ ਦੇ ਤਜ਼ਰਬੇ ਤੋਂ ਤੇ ਇਸ ਤਜ਼ਰਬੇ ਦੇ ਸਿਧਾਂਤਕ ਪ੍ਰਗਟਾਵੇ, ਮਾਰਕਸਵਾਦ, ਤੋਂ ਸਿੱਖਦਿਆਂ ਸ਼ਕਲ ਧਾਰ ਰਹੀ ਹੈ। ਸਾਡੇ ਦੇਸ਼ ਦੇ ਤੇ ਸਾਡੇ ਦੇਸ਼ ਵਿੱਚ ਸਮਾਜਿਕ ਜਮਹੂਰੀਅਤ ਦੀ ਸਥਾਪਨਾ ਦੇ ਇਤਿਹਾਸਕ ਦੌਰ ਦੇ ਵਿਸ਼ੇਸ਼ ਲੱਛਣ ਇਹ ਹਨ : ਪਹਿਲਾਂ, ਸਾਡੇ ਦੇਸ਼ ਵਿੱਚ, ਯੂਰਪ ਤੋਂ ਵੱਖ ਤਰ੍ਹਾਂ, ਸਮਾਜਿਕ ਜਮਹੂਰੀਅਤ ਨੇ ਬੁਰਜੂਆ ਇਨਕਲਾਬ ਤੋਂ ਪਹਿਲਾਂ ਸ਼ਕਲ ਧਾਰਨੀ ਸ਼ੁਰੂ ਕਰ ਲਈ ਤੇ ਉਹਨੇ ਉਸ ਇਨਕਲਾਬ ਦੌਰਾਨ ਸ਼ਕਲ ਦਾ ਧਾਰਨਾ ਜਾਰੀ ਰੱਖਿਆ। ਦੂਜਾ, ਸਾਡੇ ਦੇਸ਼ ਵਿੱਚ ਪ੍ਰੋਲੇਤਾਰੀ ਜਮਹੂਰੀਅਤ ਨੂੰ ਆਮ ਬੁਰਜੂਆ ਤੇ ਨਿੱਕ-ਬੁਰਜੂਆ ਜਮਹੂਰੀਅਤ ਤੋਂ ਅੱਡ ਕਰਨ ਦਾ ਅਟੱਲ ਘੋਲ਼- ਅਜਿਹਾ ਘੋਲ਼, ਜੋ ਮੂਲ ਰੂਪ ਵਿੱਚ ਉਹੀਉ ਹੀ ਹੈ, ਜੋ ਹਰ ਦੇਸ਼ ਵਿੱਚ ਹੋਇਆ ਹੈ- ਪੱਛਮ ਵਿੱਚ ਤੇ ਸਾਡੇ ਦੇਸ਼ ਵਿੱਚ ਮਾਰਕਸਵਾਦ ਦੀ ਪੂਰਨ ਸਿਧਾਂਤਕ ਫ਼ਤਿਹ ਦੀਆਂ ਹਾਲਤਾਂ ਵਿੱਚ ਕੀਤਾ ਜਾ ਰਿਹਾ ਹੈ। ਇਸ ਲਈ, ਜੋ ਸ਼ਕਲ ਇਸ ਘੋਲ਼ ਨੇ ਫੜੀ ਹੈ, ਉਹ ਏਨੀ ਮਾਰਕਸਵਾਦ ਲਈ ਘੋਲ਼ ਦੀ ਨਹੀਂ, ਜਿੰਨੀ ਉਹਨਾਂ ਨਿੱਕ-ਬੁਰਜੂਆ – ਸਿਧਾਂਤਾਂ ਦੇ, ਜੋ “ਲਗਭਗ ਮਾਰਕਸਵਾਦੀ” ਲਫ਼ਜਾਂ ਪਿੱਛੇ ਲੁਕੇ ਹੋਏ ਹਨ, ਪੱਖੀ ਜਾਂ ਵਿਰੋਧੀ ਘੋਲ਼ ਦੀ ਹੈ।

“ਆਰਥਕਤਾਵਾਦ”3 (1895-1901) ਤੋਂ ਸ਼ੁਰੂ ਹੋ ਕੇ “ਕਨੂੰਨੀ ਮਾਰਕਸਵਾਦ”4 (1895-1901, 1902) ਤੋਂ ਸ਼ੁਰੂ ਹੋ ਕੇ ਗੱਲ ਇਸ ਤਰ੍ਹਾਂ ਹੈ। ਸਿਰਫ ਉਹ ਹੀ ਜੋ ਇਤਿਹਾਸਕ ਸੱਚਾਈ ਤੋਂ ਅੱਖਾਂ ਚੁਰਾਉਂਦੇ ਹਨ, ਇਹਨਾਂ ਰੁਚੀਆਂ ਤੇ ਮੇਨਸ਼ਵਿਕਵਾਦ5 (1903-07) ਤੇ ਖਾਤਮੇਵਾਦ6 (1908-13) ਵਿਚਲੇ ਸੰਘਣੇ, ਨੇੜਵੇਂ ਜੋੜ ਤੇ ਸਬੰਧ ਨੂੰ ਭੁੱਲ ਸਕਦੇ ਹਨ।

ਕੌਮੀ ਸਵਾਲ ਵਿੱਚ ਪੁਰਾਣੇ “ਇਸਕਰਾ”7 ਨੂੰ, ਜਿਨ੍ਹੇ 1901-03 ਵਿੱਚ ਰੂਸ ਦੀ ਸਮਾਜਿਕ ਜਮਹੂਰੀ ਮਜ਼ਦੂਰ ਪਾਰਟੀ ਲਈ ਪ੍ਰੋਗਰਾਮ ਉੱਤੇ ਕੰਮ ਕੀਤਾ ਤੇ ਉਹਨੂੰ ਮੁਕੰਮਲ ਕੀਤਾ, ਤੇ ਨਾਲ਼ੇ ਰੂਸੀ ਮਜ਼ਦੂਰ ਜਮਾਤੀ ਲਹਿਰ ਦੇ ਸਿਧਾਂਤ ’ਤੇ ਅਮਲ ਵਿੱਚ ਮਾਰਕਸਵਾਦ ਦੀ ਪਹਿਲੀ ਤੇ ਮੂਲ ਬੁਨਿਆਦ ਰੱਖਦਿਆਂ, ਨਿੱਕ-ਬੁਰਜੂਆ ਮੌਕਾ-ਪ੍ਰਸਤੀ ਵਿਰੁੱਧ ਉਹੋ ਹੀ ਘੋਲ਼ ਕਰਨਾ ਪਿਆ, ਜਿਵੇਂ ਹੋਰਨਾਂ ਸਵਾਲਾਂ ਦੇ ਸਿਲਸਲੇ ਵਿੱਚ। ਇੱਕ ਮੌਕਾ-ਪ੍ਰਸਤੀ, ਸਭ ਤੋਂ ਪਹਿਲਾਂ, ਬੁੰਦ8 ਦੀਆਂ ਕੌਮ-ਪ੍ਰਸਤ-ਰੁਚੀਆਂ ਤੇ ਡੱਕੇ-ਡੋਲ਼ਿਆਂ ਵਿੱਚ ਪ੍ਰਗਟ ਹੋਈ। ਪੁਰਾਣੇ ‘ਇਸਕਰਾ’ ਨੇ ਬੁੰਦੀ ਕੌਮ-ਪ੍ਰਸਤੀ ਵਿਰੁੱਧ ਹਠੀਲਾ ਘੋਲ਼ ਕੀਤਾ, ਤੇ ਇਹਨੂੰ ਭੁੱਲ ਜਾਣਾ ਫੇਰ ਭੁੱਲੜ ਜੋਹਨ ਬਣਨ ਦੇ ਬਰਾਬਰ ਹੈ, ਤੇ ਆਪਣੇ-ਆਪ ਨੂੰ ਰੂਸ ਵਿੱਚ ਸਮਾਜਿਕ ਜਮਹੂਰੀ ਮਜ਼ਦੂਰ ਲਹਿਰ ਦੀਆਂ ਇਤਿਹਾਸਕ ਤੇ ਸਿਧਾਂਤਕ ਜੜ੍ਹਾਂ ਤੋਂ ਅੱਡ ਕਰ ਲੈਣਾ ਹੈ।

ਦੂਜੇ ਪਾਸੇ, ਜਦੋਂ ਅਗਸਤ 1903 ਵਿੱਚ ਦੂਜੀ ਕਾਂਗਰਸ ਵਿਖੇ ਰੂਸ ਦੀ ਸਮਾਜਿਕ ਜਮਹੂਰੀ ਮਜ਼ਦੂਰ ਪਾਰਟੀ ਦੇ ਪ੍ਰੋਗਰਾਮ ਨੂੰ ਅੰਤਮ ਪ੍ਰਵਾਨਗੀ ਦਿੱਤੀ ਗਈ, ਇੱਕ ਘੋਲ਼ ਹੋਇਆ, ਜੋ ਕਾਂਗਰਸ ਦੀ ਕਾਰਵਾਈ ਵਿੱਚ ਦਰਜ ਨਹੀਂ ਕੀਤਾ ਗਿਆ, ਕਿਉਂ ਜੋ ਇਹ ਪ੍ਰੋਗਰਾਮ ਕਮਿਸ਼ਨ ਵਿੱਚ ਹੋਇਆ ਸੀ, ਜਿਸ ਵਿੱਚ ਲਗਭਗ ਪੂਰੀ ਕਾਂਗਰਸ ਆਈ ਸੀ -ਕੋਈ ਪੋਲਿਸ਼ ਸਮਾਜਿਕ ਜਮਹੂਰੀਆਂ ਵਲੋਂ “ਕੌਮਾਂ ਦੇ ਆਤਮ-ਨਿਰਣੇ ਦੇ ਹੱਕ” ਸਬੰਧੀ ਸ਼ੰਕੇ ਪੈਦਾ ਕਰਨ ਦੀਆਂ ਭੱਦੀਆਂ ਕੋਸ਼ਿਸ਼ਾਂ ਵਿਰੁੱਧ, ਭਾਵ, ਅਸਲੋਂ ਹੀ ਹੋਰ ਜ਼ਾਵੀਏ ਤੋਂ ਮੌਕਾ-ਪ੍ਰਸਤੀ ਤੇ ਕੌਮ-ਪ੍ਰਸਤੀ ਵੱਲ ਕੁਰਾਹੇ ਪੈਣ ਦੀਆਂ ਕੋਸ਼ਿਸ਼ਾਂ ਵਿਰੁੱਧ ਘੋਲ਼।

ਤੇ ਅੱਜ, ਦਸ ਸਾਲ ਬਾਅਦ, ਘੋਲ਼ ਉਹਨਾਂ ਹੀ ਦੋ ਮੂਲ ਲੀਹਾਂ ਉੱਤੇ ਜਾਰੀ ਹੈ ਜੋ ਇੱਕੋ ਜਿਹੀ ਹੱਦ ਤੱਕ ਦਰਸਾਂਦੀਆਂ ਹਨ ਕਿ ਇਸ ਘੋਲ਼ ਤੇ ਰੂਸ ਵਿੱਚ ਕੌਮੀ ਸਵਾਲ ਉੁਤੇ ਅਸਰ ਪਾਉਂਦੀਆਂ ਸਭਨਾਂ ਹੀ ਬਾਹਰ-ਮੁਖੀ ਹਾਲਤਾਂ ਵਿਚਕਾਰ ਡੂੰਘਾ ਸਬੰਧ ਹੈ।

ਆਸਟਰੀਆ ਵਿੱਚ ਬਰੂਨ ਕਾਂਗਰਸ (1899) ਵਿਖੇ “ਸੱਭਿਆਚਾਰਕ-ਕੌਮੀ ਖੁਦਅਖਤਿਆਰੀ”9 ਦਾ ਪ੍ਰੋਗਰਾਮ (ਜਿਸ ਦੀ ਕਰਿਸਤਾਨ, ਐਲਨਬੋਗੇਨ ਤੇ ਹੋਰਨਾਂ ਨੇ ਹਮਾਇਤ ਕੀਤੀ, ਤੇ ਜੋ ਦੱਖਣੀ ਸਲਾਵਾਂ ਦੇ ਖਰੜੇ ਵਿੱਚ ਪ੍ਰਗਟਾਇਆ ਗਿਆ) ਰੱਦ ਕਰ ਦਿੱਤਾ ਗਿਆ। ਇਲਾਕਾਈ ਕੌਮੀ ਖੁਦ-ਅਖਤਿਆਰੀ ਪਰਵਾਨ ਕਰ ਲਈ ਗਈ, ਤੇ ਸਭਨਾਂ ਕੌਮੀ ਖੰਡਾਂ ਦੇ ਲਾਜ਼ਮੀ ਸੰਘ ਲਈ ਸਮਾਜਿਕ ਜਮਹੂਰੀ ਪ੍ਰਚਾਰ ਸਿਰਫ “ਸੱਭਿਆਚਾਰਕ-ਕੌਮੀ ਖੁਦ-ਅਖਤਿਆਰੀ” ਨਾਲ਼ ਸਮਝੌਤਾ ਹੀ ਸੀ। ਇਸ ਅਭਾਗੇ ਵਿਚਾਰ ਦੇ ਮੁੱਖ ਸਿਧਾਂਤਕਾਰਾਂ ਖੁਦ ਆਪ ਉਚੇਚੇ ਜ਼ੋਰ ਨਾਲ਼ ਕਿਹਾ ਕਿ ਇਹ ਯਹੂਦੀਆਂ ਉਤੇ ਲਾਗੂ ਨਹੀਂ ਹੋ ਸਕਦਾ।

ਰੂਸ ਵਿੱਚ ਜਿਵੇਂ ਅਕਸਰ ਹੁੰਦਾ ਰਿਹਾ ਹੈ- ਅਜਿਹੇ ਲੋਕ ਲੱਭਦੇ ਰਹੇ ਹਨ, ਜੋ ਇੱਕ ਛੋਟੀ ਜਿਹੀ ਮੌਕਾ-ਪ੍ਰਸਤ ਗਲ਼ਤੀ ਨੂੰ ਵੱਡਾ ਕਰਨਾ ਤੇ ਉਹਨੂੰ ਮੌਕਾ-ਪ੍ਰਸਤ ਪਾਲਸੀ ਦੀ ਪੂਰੀ ਪ੍ਰਣਾਲੀ ਦੇ ਰੂਪ ਵਿੱਚ ਵਿਕਸਤ ਕਰਨਾ ਆਪਣਾ ਕੰਮ ਬਣਾ ਲੈਣ। ਉਵੇਂ ਹੀ ਜਿਵੇਂ ਜਰਮਨੀ ਵਿੱਚ ਬਰਨਸਟਾਈਨ ਨੇ ਰੂਸ ਵਿੱਚ ਸੱਜ-ਪੱਖੀ ਵਿਧਾਨਕ ਕੈਡਿਟਾਂ10 – ਸਤਰੂਵੇ, ਬੂਲਗਾਕੋਵ, ਤੂਗਾਨ ਤੇ, ਉਹਨਾਂ ਦੇ ਨਾਲ਼ ਦਿਆਂ ਨੂੰ ਹੋਂਦ ਵਿੱਚ ਲਿਆਂਦਾ, ਉਵੇਂ ਹੀ ਓਟੋ ਬਾਉਏਰ ਦੀ, “ਕੌਮਾਂਤਰੀਵਾਦ ਤੋਂ ਅਣਗਹਿਲੀ” (ਜਿਵੇਂ ਕਿ ਅੰਤਾਂ ਦੇ ਇਹਤਿਆਤ ਵਾਲ਼ਾ ਕਾਊਟਸਕੀ ਉਹਨੂੰ ਕਹਿੰਦਾ ਹੈ!) ਨੇ ਰੂਸ ਵਿੱਚ ਸਭਨਾਂ ਯਹੂਦੀ ਬੁਰਜੂਆ ਪਾਰਟੀਆਂ ਵੱਲੋਂ ਤੇ ਬਹੁਤ ਸਾਰੇ ਨਿੱਕ-ਬੁਰਜੂਆ ਝੁਕਾਵਾਂ (ਬੁੰਦ ਤੇ 1907 ਵਿੱਚ ਸੋਸ਼ਲਿਸਟ-ਇਨਕਲਾਬੀ ਕੌਮੀ ਪਾਰਟੀਆਂ ਦੀ ਕਾਨਫਰੰਸ) ਵੱਲੋਂ “ਸੱਭਿਆਚਾਰਕ ਕੌਮੀ ਖੁਦ-ਅਖਤਿਆਰੀ” ਦੀ ਪੂਰਨ ਪ੍ਰਵਾਨਗੀ ਕਰਵਾਈ। ਕਿਹਾ ਜਾ ਸਕਦਾ ਹੈ ਕਿ ਪੱਛੜਿਆ ਹੋਇਆ ਰੂਸ ਇਸ ਗੱਲ ਦੀ ਮਿਸਾਲ ਬਣਦਾ ਹੈ ਕਿ ਕਿਵੇਂ ਪੱਛਮੀ-ਯੂਰਪੀ ਮੌਕਾਪ੍ਰਸਤੀ ਦੇ ਕੀਟਾਣੂ ਸਾਡੀ ਜੰਗਲ਼ੀ ਜ਼ਮੀਨ ਵਿੱਚ ਪੂਰੀਆਂ ਦੀਆਂ ਪੂਰੀਆਂ ਵਬਾਵਾਂ ਪੈਦਾ ਕਰਦੇ ਹਨ।

ਰੂਸ ਵਿੱਚ ਲੋਕਾਂ ਨੂੰ ਇਹ ਕਹਿਣ ਦਾ ਸ਼ੌਂਕ ਹੈ ਕਿ ਬਰਨਸਟਾਈਨ ਨੂੰ ਯੂਰਪ ਵਿੱਚ : “ਬਰਦਾਸ਼ਤ ਕੀਤਾ” ਜਾਂਦਾ ਹੈ, ਪਰ ਉਹ ਅੱਗੋਂ ਇਹ ਕਹਿਣਾ ਭੁੱਲ ਜਾਂਦੇ ਹਨ ਕਿ “ਪਵਿੱਤਰ” ਰੂਸ ਮਾਤਾ ਤੋਂ ਛੁੱਟ, ਦੁਨੀਆਂ ਵਿੱਚ ਕਿਸੇ ਵੀ ਹੋਰ ਥਾਂ ਬਰਨਸਟਾਈਨਵਾਦ11 ਨੇ ਸਤਰੂਵੇਵਾਦ ਪੈਦਾ ਨਹੀਂ ਕੀਤਾ, ਜਾਂ “ਬਾਉਏਰਵਾਦ ਨੇ ਸਮਾਜਿਕ” ਜਮਹੂਰੀਆਂ ਹੱਥੋਂ : ਯਹੂਦੀ ਬੁਰਜੂਆਜ਼ੀ ਦੀ ਪੁਣੀ-ਛਾਣੀ ਕੌਮ-ਪ੍ਰਸਤੀ ਨੂੰ ਸਹੀ ਸਿੱਧ ਨਹੀਂ ਕਰਾਇਆ।

“ਸੱਭਿਆਚਾਰਕ-ਕੌਮੀ ਖੁਦ-ਅਖਤਿਆਰੀ” ਦਾ ਮਤਲਬ ਐਨ ਸਭ ਤੋਂ ਵੱਧ ਪੁਣੀ-ਛਾਣੀ ਤੇ ਇਸ ਲਈ , ਸਭ ਤੋਂ ਹਾਨੀਕਾਰਕ ਕੌਮ-ਪ੍ਰਸਤੀ ਹੈ, ਇਹਦਾ ਮਤਲਬ ਕੌਮੀ ਸੱਭਿਆਚਾਰ ਦੇ ਨਾਅਰੇ ਰਾਹੀਂ ਮਜ਼ਦੂਰਾਂ ਨੂੰ ਭਿ੍ਰਸ਼ਟਣਾ ਹੈ। ਤੇ ਕੌਮੀਅਤ ਅਨੁਸਾਰ ਸਕੂਲ ਨੂੰ ਅੱਡ ਕਰਨ ਦੇ ਡੂੰਘੀ ਹੱਦ ਤੱਕ ਹਾਨੀਕਾਰਕ, ਤੇ ਏਥੋਂ ਤੱਕ ਕਿ ਜਮਹੂਰੀਅਤ-ਵਿਰੋਧੀ ਅਮਲ ਦਾ ਪ੍ਰਚਾਰ ਹੈ। ਗੱਲ ਕੀ, ਇਹ ਪ੍ਰੋਗਰਾਮ ਸੰਦੇਹ-ਰਹਿਤ ਢੰਗ ਨਾਲ਼ ਪ੍ਰੋਲੇਤਾਰੀ ਦੇ ਕੌਮਾਂਤਰੀਵਾਦ ਦੇ ਉਲਟ ਜਾਂਦਾ ਹੈ ਤੇ ਸਿਰਫ ਕੌਮੀ ਨਿੱਕ-ਬੁਰਜੂਆਜੀ ਦੇ ਆਦਰਸ਼ਾਂ ਨਾਲ਼ ਹੀ ਮੇਲ਼ ਖਾਂਦਾ ਹੈ।

ਪਰ ਇੱਕ ਸੂਰਤ ਹੈ, ਜਿਸ ਵਿੱਚ ਮਾਰਕਸਵਾਦੀਆਂ ਦਾ ਫਰਜ਼ ਬਣਦਾ ਹੈ। ਜੇਕਰ ਉਹ ਜਮਹੂਰੀਅਤ ਨਾਲ਼ ਤੇ ਪ੍ਰੋਲੇਤਾਰੀ ਨਾਲ਼ ਗੱਦਾਰੀ ਨਹੀਂ ਕਰਨਾ ਚਾਹੁੰਦੇ ਕਿ ਉਹ ਕੌਮੀ ਸਵਾਲ ਵਿੱਚ ਇੱਕ ਵਿਸ਼ੇਸ਼ ਮੰਗ ਦੀ ਹਿਮਾਇਤ ਕਰਨ; ਇਹ ਹੈ ਕੌਮਾਂ ਦਾ ਆਤਮ-ਨਿਰਣੇ ਦਾ ਹੱਕ (ਰੂਸ ਦੀ ਸਮਾਜਿਕ ਜਮਹੂਰੀ ਮਜ਼ਦੂਰ ਪਾਰਟੀ ਦੇ ਪ੍ਰੋਗਰਾਮ ਦੀ ਧਾਰਾ 9), ਭਾਵ, ਰਾਜਸੀ ਰੂਪ ਵਿੱਚ ਵੱਖ ਹੋ ਜਾਣ ਦਾ। ਕਾਨਫਰੰਸ ਦੇ ਮਤੇ ਵਿੱਚ ਇਸ ਮੰਗ ਦੀ ਏਡੇ ਵੇਰਵੇ ਸਹਿਤ ਵਿਆਖਿਆ ਕੀਤੀ ਤੇ ਭਾਵਨਾ ਦਰਸਾਈ ਗਈ ਹੈ ਕਿ ਕਿਸੇ ਗਲ਼ਤਫਹਿਮੀ ਦੀ ਗੁੰਜ਼ਾਇਸ਼ ਨਹੀਂ ਰਹਿੰਦੀ।

ਇਸ ਲਈ ਅਸੀਂ ਹੈਰਾਨ ਕਰ ਦੇਣ ਦੀ ਹੱਦ ਤੱਕ ਅਗਿਆਨ ਤੇ ਮੌਕਾ-ਪ੍ਰਸਤ ਏਤਰਾਜ਼ਾਂ ਦਾ, ਜੋ ਪ੍ਰੋਗਰਾਮ ਦੇ ਇਸ ਹਿੱਸੇ ਵਿਰੁੱਧ ਕੀਤੇ ਗਏ ਹਨ, ਸਿਰਫ ਸੰਖੇਪ ਵਰਨਣ ਹੀ ਕਰਾਂਗੇ। ਇਸ ਸਿਲਸਲੇ ਵਿੱਚ ਇਹ ਵੀ ਕਹਿ ਲਈਏ ਕਿ ਪੋ੍ਰਗਰਾਮ ਦੀ ਦਸ ਸਾਲਾਂ ਦੀ ਹੋਂਦ ਦੇ ਦੌਰਾਨ ਰੂਸ ਦੀ ਸਮਾਜਿਕ ਜਮਹੂਰੀ ਮਜ਼ਦੂਰ ਪਾਰਟੀ ਦੀ ਕਿਸੇ ਵੀ ਇਕਾਈ ਨੇ, ਕਿਸੇ ਵੀ ਕੌਮੀ ਸੰਸਥਾ ਨੇ , ਕਿਸੇ ਵੀ ਇਲਾਕਾਈ ਕਾਨਫਰੰਸ ਨੇ, ਕਿਸੇ ਵੀ ਸਥਾਨਕ ਕਮੇਟੀ ਤੇ ਕਾਂਗਰਸ ਜਾਂ ਕਾਨਫਰੰਸ ਦੇ ਕਿਸੇ ਵੀ ਨੁਮਾਇੰਦੇ ਨੇ ਧਾਰਾ 9 ਨੂੰ ਬਦਲਣ ਜਾਂ ਹਟਾ ਦੇਣ ਦਾ ਸਵਾਲ ਚੁੱਕਣ ਦੀ ਕੋਸ਼ਿਸ਼ ਨਹੀਂ ਕੀਤੀ।

ਇਸ ਗੱਲ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ। ਇਹ ਸਾਨੂੰ ਇਕਦਮ ਹੀ ਦਰਸਾ ਦੇਂਦੀ ਹੈ ਕਿ ਇਸ ਨੁਕਤੇ ਉਤੇ ਚੁੱਕੇ ਗਏ ਇਤਰਾਜ਼ਾਂ ਵਿੱਚ ਰਤਾ ਭਰ ਵੀ ਗੰਭੀਰਤਾ ਤੇ ਪਾਰਟੀ ਭਾਵਨਾ ਹੈ ਕਿ ਨਹੀਂ ।

ਖ਼ਾਤਮੇਵਾਦੀਆਂ ਦੇ ਅਖ਼ਬਾਰ ਦੇ ਸ਼੍ਰੀ ਸੇਮਕੋਵਸਕੀ ਨੂੰ ਲਵੋ। ਅਜਿਹੇ ਬੰਦੇ ਦੇ, ਜਿਸਨੇ ਕੋਈ ਪਾਰਟੀ ਖ਼ਤਮ ਕਰ ਲਈ ਹੋਵੇ, ਬੇ-ਪਰਵਾਹ ਅੰਦਾਜ਼ ਨਾਲ਼ ਐਲਾਨ ਕਰਦਾ ਹੈ: ਕੁਝ ਕਾਰਨਾਂ ਕਰਕੇ ਅਸੀਂ ਰੋਜ਼ਾ ਲਗਜ਼ਮਬਰਗ ਦੀ ਇਸ ਤਜ਼ਵੀਜ ਦੇ ਭਿਆਲ਼ ਨਹੀਂ ਕਿ ਧਾਰਾ 9 ਨੂੰ ਪੋ੍ਰਗਰਾਮ ਵਿੱਚੋਂ ਉਕਾ ਹੀ ਕੱਢ ਦਿਤਾ ਜਾਵੇ (“ਨੌਵਾਯਾ ਰਾਬੋਚਾਯਾ ਗਜ਼ੇਤਾ”, ਨੰ : 71)।

ਇਸ ਤਰ੍ਹਾਂ ਕਾਰਨ ਖੁਫ਼ੀਆ ਹਨ! ਪਰ ਤਾਂ ਸਾਡੇ ਪ੍ਰੋਗਰਾਮ ਦੇ ਇਤਿਹਾਸ ਦੀ ਏਡੀ ਅਗਿਆਨਤਾ ਦੇ ਹੁੰਦਿਆਂ “ਖੁਫੀਆਪਣ” ਤੋਂ ਬਚਿਆ ਕਿਵੇਂ ਜਾ ਸਕਦਾ ਹੈ? ਜਾਂ ਜਦੋਂ ਇਹੀਉ ਹੀ ਸ਼੍ਰੀ ਸੇਮਕੋਵਸਕੀ, ਬੇ-ਨਜ਼ੀਰ ਬੇ-ਪਰਵਾਹੀ ਨਾਲ਼ ( ਪਾਰਟੀ ਤੇ ਪੋਗਰਾਮ ਕੀ ਸ਼ੈ ਹੁੰਦੇ ਹਨ!) ਫਿਨਲੈਂਡ ਲਈ ਛੋਟ ਦੇਂਦਾ ਹੈ?

“ਅਸੀਂ ਕੀ ਕਰਨਾ ਹੈ … ਜੇ ਪੋਲਿਸ਼ ਪ੍ਰੋਲੇਤਾਰੀਆ ਇੱਕੋ ਰਿਆਸਤ ਦੀਆਂ ਹੱਦਾਂ ਅੰਦਰ, ਰੂਸ ਦੇ ਸਮੁੱਚੇ ਪ੍ਰੋਲਤਾਰੀ ਨਾਲ਼ ਰਲ਼ਕੇ ਸਾਂਝਾ ਘੋਲ਼ ਕਰਨਾ ਚਾਹੁੰਦਾ ਹੈ, ਤੇ, ਇਹਦੇ ਉਲ਼ਟ, ਪੋਲਿਸ਼ ਸਮਾਜ ਦੀਆਂ ਪਿਛਾਂਹ-ਖਿੱਚੂ ਜਮਾਤਾਂ ਪੋਲੈਂਡ ਨੂੰ ਰੂਸ ਤੋਂ ਅੱਡ ਕਰਨਾ ਚਾਹੁੰਦੀਆਂ ਹਨ ਤੇ, ਲੋਕ-ਮਤ ਰਾਹੀਂ, ਵੱਖਰੇ ਹੋਣ ਦੇ ਹੱਕ ਵਿੱਚ ਵੋਟਾਂ ਦੀ ਬਹੁ-ਗਿਣਤੀ ਪ੍ਰਾਪਤ ਕਰ ਲੈਂਦੀਆਂ ਹਨ; ਕੀ ਅਸੀਂ, ਰੂਸੀ ਸਮਾਜਿਕ ਜਮਹੂਰੀ ਕੇਂਦਰੀ ਪਾਰਲੀਮੈਂਟ ਵਿੱਚ ਪੋਲਿਸ਼ ਸਾਥੀਆਂ ਨਾਲ਼ ਰਲ਼ ਵੱਖਰੇ ਹੋਣ ਵਿਰੁੱਧ ਵੋਟ ਪਾਵਾਂਗੇ, ਜਾਂ, ਇਸ ਲਈ ਕਿ ‘ਆਤਮ-ਨਿਰਣੇ ਦੇ ਹੱਕ’ ਦੀ ਉਲੰਘਣਾ ਨਾ ਕਰੀਏ, ਵੱਖਰੇ ਹੋਣ ਦੇ ਹੱਕ ਵਿੱਚ ਵੋਟ ਪਾਵਾਂਗੇ?”

ਜਦੋਂ ਅਜਿਹੇ ਸਿੱਧੜ ਤੇ ਡਾਢੀ ਬੁਰੀ ਤਰ੍ਹਾਂ ਰਲ਼ਗੱਡ ਕੀਤੇ ਸਵਾਲ ਚੁੱਕੇ ਜਾਣ, ਤਾਂ, ਸੱਚੀ ਮੁੱਚੀ ਹੀ, ਅਸੀਂ ਕੀ ਕਰੀਏ?

ਮੇਰੇ ਪਿਆਰੇ ਖ਼ਾਤਮੇਵਾਦੀ ਜੀ, ਆਤਮ-ਨਿਰਣੇ ਦੇ ਹੱਕ ਦਾ ਮਤਲਬ ਸਵਾਲ ਦਾ ਕੇਂਦਰੀ ਪਾਰਲੀਮੈਂਟ ਵਲੋਂ ਹੱਲ ਨਹੀਂ, ਸਗੋਂ ਵੱਖ ਹੋ ਰਹੀ ਘੱਟ-ਗਿਣਤੀ ਦੀ ਪਾਰਲੀਮੈਂਟ, ਦੀਏਤ ਵੱਲੋਂ, ਜਾਂ ਉਹਦੇ ਲੋਕਮਤ ਰਾਹੀਂ ਹੱਲ ਹੈ। ਜਦੋਂ ਨਾਰਵੇ ਸਵੀਡਨ ਤੋਂ ਵੱਖ ਹੋਇਆ ਸੀ (1905), ਇਹਦਾ ਫ਼ੈਸਲਾ ਸਿਰਫ਼ ਨਾਰਵੇ ਨੇ ਕੀਤਾ ਸੀ ਅਜਿਹੇ ਦੇਸ਼ ਨੇ ਜੋ ਸਵੀਡਨ ਤੋਂ ਅੱਧਾ ਹੈ)।

ਕਿਸੇ ਬੱਚੇ ਤੱਕ ਨੂੰ ਦਿਸ ਸਕਦਾ ਹੈ ਕਿ ਸ਼੍ਰੀ ਸੇਮਕੋਵਸਕੀ ਆਸ-ਹੀਣ ਹੱਦ ਤੱਕ ਬੌਂਦਲ਼ੇ ਪਏ ਹਨ।

“ਆਤਮਨਿਰਣੇ ਦੇ ਹੱਕ” ਦਾ ਮਤਲਬ ਇੱਕ ਅਜਿਹੀ ਕਿਸਮ ਦਾ ਜਮਹੂਰੀ ਪ੍ਰਬੰਧ ਹੈ, ਜਿਸ ਵਿੱਚ ਆਮ ਤੌਰ ਉੱਤੇ ਹੀ ਜਮਹੂਰੀਅਤ ਨਹੀਂ, ਸਗੋ, ਖਾਸ ਤੌਰ ਉੱਤੇ ਅਜਿਹੀ ਜਮਹੂਰੀਅਤ ਹੈ, ਜਿਸ ਵਿੱਚ ਵੱਖ ਹੋਣ ਦੇ ਸਵਾਲ ਦਾ ਗੈਰ-ਜਮਹੂਰੀ ਹੱਲ ਹੋ ਹੀ ਨਾ ਸਕਦਾ ਹੋਵੇ। ਆਮ ਤੌਰ ਉਤੇ ਗੱਲ ਕਰਦਿਆਂ, ਜਮਹੂਰੀਅਤ ਜੂਝਾਰ ਤੇ ਜ਼ਬਰ-ਭਰੀ ਕੌਮਪ੍ਰਸਤੀ ਨਾਲ਼ ਚੱਲ ਸਕਦੀ ਹੈ। ਪ੍ਰੋਲੇਤਾਰੀਆ ਅਜਿਹੀ ਜਮਹੂਰੀਅਤ ਦੀ ਮੰਗ ਕਰਦਾ ਹੈ, ਜੋ ਰਿਆਸਤ ਦੀਆਂ ਹੱਦਾਂ ਦੇ ਅੰਦਰ ਕਿਸੇ ਵੀ ਕੌਮ ਦੇ ਜਬਰੀ ਤੌਰ ਉਤੇ ਰੱਖੇ ਜਾਣ ਦੀ ਸੰਭਾਵਨਾ ਹੀ ਨਾ ਰਹਿਣ ਦੇਂਦੀ ਹੋਵੇ। ਇਸ ਲਈ “ਕਿ ਆਤਮ-ਨਿਰਣੇ ਦੇ ਹੱਕ ਦੀ ਉਲੰਘਣਾ ਨਾ ਕਰੀਏ”, ਸਾਡਾ ਫਰਜ਼ ਬਣਦਾ ਹੈ ਕਿ, ਜਿਵੇਂ ਖਚਰੇ ਸ਼੍ਰੀ ਸੇਮਕੋਵਸਕੀ ਫਰਜ਼ ਕਰ ਲੈਂਦੇ ਹਨ, “ਵੱਖ ਹੋਣ ਦੇ ਹੱਕ ਵਿੱਚ ਵੋਟ ਨਾ ਪਾਈਏ”, ਸਗੋਂ ਵੱਖ ਹੋ ਰਹੇ ਇਲਾਕੇ ਵੱਲੋਂ ਸਵਾਲ ਨੂੰ ਆਪ ਹੱਲ ਕਰ ਸਕਣ ਦੇ ਹੱਕ ਵਿੱਚ ਵੋਟ ਪਾਈਏ।

ਜਾਪੇਗਾ ਕਿ ਸ਼੍ਰੀ ਸੇਮਕੋਵਸਕੀ ਦੀਆਂ ਮਾਨਸਕ ਯੋਗਤਾਵਾਂ ਨਾਲ਼ ਤੱਕ ਵੀ ਇਹ ਨਤੀਜਾ ਕੱਢਣਾ ਮੁਸ਼ਕਲ ਨਹੀਂ ਕਿ “ਤਲਾਕ ਦੇ ਹੱਕ” ਦਾ ਮਤਲਬ ਇਹ ਨਹੀਂ ਕਿ ਤਲਾਕ ਲਈ ਵੋਟ ਪਾਇਆ ਜਾਵੇ! ਪਰ ਧਾਰਾ 9 ਦੀ ਪੜਚੋਲ ਕਰਨ ਵਾਲ਼ਿਆਂ ਦੀ ਹੋਣੀ ਹੀ ਇਹ ਹੈ-ਉਹ ਤਰਕ ਦਾ ਊੜਾ-ਐੜਾ ਹੀ ਭੁੱਲ ਜਾਂਦੇ ਹਨ।

ਜਦੋਂ ਨਾਰਵੇ ਸਵੀਡਨ ਤੋਂ ਵੱਖ ਹੋਇਆ ਸੀ, ਤਾਂ ਸਵੀਡਨ ਦੇ ਪ੍ਰੋਲੇਤਾਰੀਏ ਦਾ, ਜੇ ਉਹ ਕੌਮ-ਵਾਦੀ ਨਿੱਕ-ਬੁਰਜੂਆਜ਼ੀ ਦੇ ਪਿੱਛੇ ਨਾ ਲੱਗਣਾ ਚਾਹੁੰਦਾ, ਫਰਜ਼ ਬਣਦਾ ਸੀ ਕਿ ਉਹ ਨਾਰਵੇ ਦੇ ਜਬਰੀ ਅਲਹਾਕ ਵਿਰੁੱਧ, ਜੋ ਸਵੀਡਨ ਦੇ ਪਾਦਰੀ ਤੇ ਜਾਗੀਰਦਾਰ ਚਾਹੁੰਦੇ ਸਨ, ਵੋਟ ਪਾਏ ਤੇ ਪ੍ਰਚਾਰ ਕਰੇ। ਇਹ ਗੱਲ ਪ੍ਰਤੱਖ ਹੈ ਤੇ ਏਂਨੀ ਔਖੀ ਨਹੀਂ ਕਿ ਸਮਝੀ ਨਾ ਜਾ ਸਕੇ। ਸਵੀਡਨ ਦੇ ਕੌਮਵਾਦੀ ਜਮਹੂਰੀਅਤ ਪਸੰਦ ਅਜਿਹੇ ਪ੍ਰਚਾਰ ਤੋਂ ਬਚ ਸਕਦੇ ਸਨ, ਜਿਸ ਦੀ ਆਤਮ-ਨਿਰਣੇ ਦੇ ਹੱਕ ਦਾ ਅਸੂਲ ਹਾਕਮ, ਜਬਰ ਚਾਹੁੰਦੀਆਂ ਕੌਮਾਂ ਦੇ ਪ੍ਰੋਲਤਾਰੀ ਤੋਂ ਮੰਗ ਕਰਦਾ ਹੈ।

“ਅਸੀਂ ਕੀ ਕਰੀਏ, ਜੇ ਬਹੁ-ਗਿਣਤੀ ਪਿਛਾਂਹ-ਖਿੱਚੂਆਂ ਦੀ ਹੋਵੇ?” ਸ਼੍ਰੀ ਸੇਮਕੋਵਸਕੀ ਪੁੱਛਦੇ ਹਨ। ਇਹ ਸਵਾਲ ਤੀਜੀ ਜਮਾਤ ਦੇ ਸਕੂਲੀ ਮੁੰਡੇ ਤੋਂ ਪੁੱਛਿਆ ਜਾ ਸਕਦਾ ਹੈ। ਰੂਸੀ ਵਿਧਾਨ ਦਾ ਕੀ ਕੀਤਾ ਜਾਵੇ, ਜੇ ਜਮਹੂਰੀ ਵੋਟਾਂ ਨਾਲ਼ ਪਿਛਾਂਹ-ਖਿੱਚੂਆਂ ਨੂੰ ਬਹੁਗਿਣਤੀ ਮਿਲ਼ਦੀ ਹੋਵੇ? ਸ੍ਰੀ ਸੇਮਕੋਵਸਕੀ ਵਿਹਲੇ, ਫ਼ਾਲਤੂ ਸਵਾਲ ਪੁੱਛਦੇ ਹਨ, ਜਿਨ੍ਹਾਂ ਦਾ ਹੱਥਲੇ ਮਾਮਲੇ ਨਾਲ਼ ਕੋਈ ਵਾਸਤਾ ਨਹੀਂ ਇਹ ਇਸ ਕਿਸਮ ਦੇ ਸਵਾਲ ਹਨ, ਜਿਸ ਕਿਸਮ ਦੇ, ਜਿਵੇਂ ਕਿ ਕਿਹਾ ਜਾਂਦਾ ਹੈ, ਸੱਤ ਮੂਰਖ਼ ਏਨੇਂ ਸਵਾਲ ਪੁੱਛ ਸਕਦੇ ਹਨ ਕਿ ਸੱਤਰ ਸਿਆਣਿਆਂ ਤੋਂ ਜਵਾਬ ਨਾ ਦਿੱਤਾ ਜਾ ਸਕੇ।

ਜਦੋਂ ਜਮਹੂਰੀ ਵੋਟਾਂ ਨਾਲ਼ ਪਿਛਾਂਹ-ਖਿੱਚੂਆਂ ਨੂੰ ਬਹੁ-ਗਿਣਤੀ ਮਿਲ਼ਦੀ ਹੋਵੇ, ਦੋ ਚੀਜ਼ਾਂ ਵਿੱਚੋਂ ਇਕ ਚੀਜ਼ ਹੋ ਸਕਦੀ ਹੈ ਤੇ ਆਮ ਤੌਰ ਉੱਤੇ ਹੁੰਦੀ ਹੈ : ਜਾਂ ਪਿਛਾਂਹਖਿੱਚੂਆਂ ਦੇ ਫ਼ੈਸਲੇ ਨੂੰ ਅਮਲ ਵਿੱਚ ਲਿਆਂਦਾ ਜਾਂਦਾ ਹੈ ਤੇ ਉਹਦੇ ਹਾਨੀਕਾਰਕ ਸਿੱਟੇ ਆਮ ਲੋਕਾਂ ਨੂੰ ਬਹੁਤੀ ਜਾਂ ਥੋੜੀ ਹੱਦ ਤੱਕ ਤੇਜ਼ੀ ਨਾਲ਼ ਜਮਹੂਰੀਅਤ ਵੱਲ ਤੇ ਪਿਛਾਂਹਖਿੱਚੂਆਂ ਦੇ ਖਿਲਾਫ਼ ਕਰ ਦੇਂਦੇ ਹਨ; ਜਾਂ ਪਿਛਾਖੜ ਤੇ ਜਮਹੂਰੀਅਤ ਵਿਚਲੀ ਖਿਚੋਤਾਣ ਘਰੋਗੀ ਜੰਗ ਜਾਂ ਹੋਰ ਜੰਗ ਨਾਲ਼ ਹੱਲ ਹੁੰਦੀ ਹੈ, ਜੋ ਜਮਹੂਰੀਅਤ ਵਿੱਚ ਵੀ ਅਸਲੋਂ ਸੰਭਵ ਹੈ (ਤੇ ਕੋਈ ਸ਼ੱਕ ਨਹੀਂ, ਇਹ ਗੱਲ ਸੇਮਕੋਵਸਕੀਆਂ ਦੇ ਕੰਨੀਂ ਵੀ ਪਈ ਹੋਈ ਹੈ)।

ਸ਼੍ਰੀ ਸੇਮਕੋਵਸਕੀ ਸਾਨੂੰ ਯਕੀਨ ਦਵਾਉਂਦੇ ਹਨ, ਆਤਮ-ਨਿਰਣੇ ਦੇ ਹੱਕ ਨੂੰ ਤਸਲੀਮ ਕਰਨਾ “ਐਨ ਐਲਾਨੀਆ ਬੁਰਜੂਆ ਕੌਮਵਾਦ ਦੇ ਹੱਥਾਂ ਵਿੱਚ ਖੇਡਣਾ ਹੈ”। ਇਹ ਬਚਗਾਨਾ ਊਲ-ਜਲੂਲ ਹੈ, ਕਿਉਂ ਜੁ ਇਸ ਹੱਕ ਦੇ ਤਸਲੀਮ ਕਰ ਲਏ ਜਾਣ ਨਾਲ਼ ਨਾ ਵੱਖ ਹੋਣ ਵਿਰੁੱਧ ਪ੍ਰਚਾਰ ਜਾਂ ਐਜ਼ੀਟੇਸ਼ਨ ਦੀ ਤੇ ਨਾ ਬੁਰਜੂਆ ਕੌਮਪ੍ਰਸਤਾਂ ਦੇ ਪਾਜ ਉਗੇੜੇ ਜਾਣ ਦੀ ਸੰਭਾਵਨਾ ਹੀ ਖ਼ਤਮ ਹੁੰਦੀ ਹੈ। ਪਰ ਇਹ ਗੱਲ ਬਿਲਕੁਲ ਮੰਨੀ-ਪ੍ਰਮੰਨੀ ਹੈ ਕਿ ਵੱਖ ਹੋਣ ਦੇ ਹੱਕ ਤੋਂ ਇਨਕਾਰੀ ਹੋਣਾ ਐਨ ਐਲਾਨੀਆ ‘ਕਾਲੇ-ਸੌ’12 ਵੱਡ-ਰੂਸੀ ਕੌਮਵਾਦ ਦੇ “ਹੱਥਾਂ ਵਿੱਚ ਖੇਡਣਾ ਹੈ!”

ਇਹ ਰੋਜ਼ਾ ਲਗਜ਼ਮਬਰਗ ਦੀ ਸੁਆਦਲੀ ਉਕਾਈ ਦਾ ਤੱਤ ਹੈ, ਜਿਹਦੇ ਲਈ ਬਹੁਤ ਚਿਰ ਹੋਇਆ, ਜਰਮਨ ਤੇ ਰੂਸੀ (ਅਗਸਤ 1903) ਸਮਾਜਿਕ-ਜਮਹੂਰੀਆਂ ਵੇਲ਼ੇ ਉਹਦੀ ਖਿੱਲੀ ਉਡਾਈ ਗਈ : ਲਿਤਾੜੀਆਂ ਕੌਮਾਂ ਦੇ ਬੁਰਜੂਆ ਕੌਮਵਾਦ ਦੇ ਹੱਥੀਂ ਖੇਡਣ ਦੇ ਡਰ ਤੋਂ ਲੋਕ ਜਾਬਰ ਕੌਮ ਦੇ ਸਿਰਫ ਬੁਰਜੂਆ ਕੌਮਵਾਦ ਦੇ ਹੀ ਨਹੀਂ, ਪਿਛਾਂਹਖਿਚੂ ਕੌਮਵਾਦ ਦੇ ਹੱਥੀਂ ਵੀ ਖੇਡਦੇ ਹਨ।

ਜੇ ਸ਼੍ਰੀ ਸੇਮਕੋਵਸਕੀ ਪਾਰਟੀ ਦੇ ਇਤਿਹਾਸ ਤੇ ਪਾਰਟੀ ਦੇ ਪ੍ਰੋਗਰਾਮ ਨਾਲ਼ ਸਬੰਧ ਰੱਖਦੇ ਮਾਮਲਿਆਂ ਤੋਂ ਏਡੇ ਕੋਰੇ ਹੋਣ ਦੀ ਹੱਦ ਤੱਕ ਅੰਞਾਣ ਨਾ ਹੁੰਦੇ, ਤਾਂ ਉਹਨਾਂ ਨੂੰ ਸਮਝ ਪੈ ਜਾਣੀ ਸੀ ਕਿ ਪਲੈਖਾਨੋਵ ਦੀ ਤਰਦੀਦ ਕਰਨੀ ਉਹਨਾਂ ਦਾ ਫਰਜ ਸੀ, ਜਿੰਨੇ੍ਹ, ਗਿਆਰਾਂ ਵਰੇ੍ਹ ਹੋਏ, “ਜ਼ਾਰੀਆ”13 ਵਿੱਚ ਰੂਸ ਦੀ ਸਮਾਜਿਕ ਜਮਹੂਰੀ ਮਜ਼ਦੂਰ ਪਾਰਟੀ ਦੇ ਡਰਾਫਟ-ਪ੍ਰੋਗਰਾਮ ਦੀ ਜੋ 1903 ਵਿੱਚ ਪ੍ਰੋਗਰਾਮ ਬਣਿਆ) ਪੋ੍ਰੜਤਾ ਕਰਦਿਆਂ ਆਤਮ-ਨਿਰਣੇ ਦੇ ਹੱਕ ਦੇ ਤਸਲੀਮ ਕੀਤੇ ਜਾਣ ਦਾ ਉਚੇਚਾ ਜ਼ਿਕਰ (ਸਫ਼ਾ 38) ਕੀਤਾ ਸੀ ਤੇ ਉਹਦੇ ਬਾਰੇ ਹੇਠ-ਲਿਖਿਆ ਕੁੱਝ ਕਿਹਾ ਸੀ :

“ਇਹ ਮੰਗ, ਜੋ ਬੁਰਜ਼ੂਆ ਜਮਹੂਰੀਅਤ-ਪਸੰਦਾਂ ਲਈ ਲਾਜ਼ਮੀ ਨਹੀਂ, ਸਿਧਾਂਤ ਤੱਕ ਵਿੱਚ ਵੀ, ਸਮਾਜਕ ਜਮਹੂਰੀਅਤ-ਪਸੰਦਾਂ ਦੇ ਤੌਰ ਉੱਤੇ ਸਾਡੇ ਲਈ ਲਾਜ਼ਮੀ ਹੈ। ਜੇ ਅਸੀਂ ਇਹਦੇ ਬਾਰੇ ਭੁੱਲ ਜਾਈਏ ਜਾਂ ਵੱਡ-ਰੂਸੀ ਮੁੱਢ ਵਾਲ਼ੇ ਆਪਣੇ ਹਮਵਤਨਾਂ ਦੇ ਕੌਮੀ ਤੁਅੱਸਬਾਂ ਨੂੰ ਠੇਸ ਪਹੁੰਚਾਣ ਦੇ ਡਰੋਂ ਇਹਨੂੰ ਪੇਸ਼ ਕਰਨੋਂ ਘਬਰਾਈਏ, ਤਾਂ ਸਾਡੇ ਬੁੱਲ੍ਹਾਂ ਉੱਤੇ ਸੰਸਾਰ ਸਮਾਜਿਕ-ਜਮਹੂਰੀਅਤ ਦਾ ਜੰਗੀ ਨਾਅਰਾ “ਸਭਨਾਂ ਦੇਸ਼ਾਂ ਦੇ ਮਜ਼ਦੂਰੋ ਇੱਕ ਹੋ ਜਾਓ” ਇਕ ਸ਼ਰਮਨਾਕ ਝੂਠ ਹੋਵੇਗਾ।”

“ਜ਼ਾਰੀਆ” ਦੇ ਦਿਨਾਂ ਜਿਹੇ ਅਗੇਤੇ ਸਮੇਂ ਪਲੈਖਾਨੋਵ ਨੇ ਇੱਕ ਬੁਨਿਆਦੀ ਦਲੀਲ ਪੇਸ਼ ਕੀਤੀ, ਜੋ ਕਾਨਫਰੰਸ ਦੇ ਮਤੇ ਵਿੱਚ ਵਿਸਥਾਰ ਸਹਿਤ ਵਿਕਸਤ ਕੀਤੀ ਗਈ, ਦਲੀਲ, ਜਿਸ ਵੱਲ ਸੇਮਕੋਵਸਕੀਆਂ ਨੇ ਗਿਆਰਾਂ ਵਰੇ੍ਹ ਧਿਆਨ ਦਵਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਰੂਸ ਵਿੱਚ 43 ਫੀਸਦੀ ਵੱਡ-ਰੂਸੀ ਹਨ, ਪਰ ਵੱਡ-ਰੂਸੀ ਕੌਮਵਾਦ ਵਸੋਂ ਦੇ ਬਾਕੀ 57 ਫੀਸਦੀ ਹਿੱਸੇ ਉਤੇ ਰਾਜ ਕਰਦਾ ਹੈ ਤੇ ਸਭਨਾਂ ਕੌਮਾਂ ਉੱਤੇ ਜਬਰ ਚਾਹੁੰਦਾ ਹੈ। ਕੌਮੀ-ਉਦਾਰਵਾਦੀ (ਸਤਰੂਵੇ ਤੇ ਉਹਦੇ ਨਾਲ਼ ਦੇ, ਤਰੱਕੀਵਾਦੀਆਂ14, ਆਦਿ) ਹੁਣੇ ਹੀ ਸਾਡੇ ਕੌਮੀ-ਪਿਛਾਂਹ-ਖਿੱਚੂਆਂ ਨਾਲ਼ ਸ਼ਕਤੀਆਂ ਸਾਂਝੀਆਂ ਕਰ ਚੁੱਕੇ ਹਨ ਤੇ ਕੌਮੀ ਜਮਹੂਰੀਅਤ ਦੀਆਂ “ਪਹਿਲੀਆਂ ਅਬਾਬੀਲਾਂ” ਪ੍ਰਗਟ ਹੋ ਗਈਆਂ ਹਨ (1906 ਵਿੱਚ ਸ੍ਰੀ ਪੇਸ਼ੇਖੋਨੋਵ ਵੱਲੋਂ ਮੁਜੀਕ ਦੇ ਕੌਮਵਾਦੀ ਤੁਅੱਸਬਾਂ ਵੱਲ ਆਪਣੇ ਵਤੀਰੇ ਵਿੱਚ ਇਹਤਿਆਤ ਤੋਂ ਕੰਮ ਲੈਣ ਦੀ ਅਪੀਲ ਦਾ ਚੇਤਾ ਕਰੋ)।

ਰੂਸ ਵਿੱਚ ਸਿਰਫ ਖਾਤਮੇਵਾਦੀ ਹੀ ਸਮਝਦੇ ਹਨ ਕਿ ਬੁਰਜੂਆ -ਜਮਹੂਰੀ ਇਨਕਲਾਬ ਮੁੱਕ ਗਿਆ ਹੈ। ਤੇ ਦੁਨੀਆਂ ਭਰ ਵਿੱਚ ਅਜਿਹੇ ਇਨਕਲਾਬ ਦੀ ਸਹਿ-ਕਿਰਿਆ ਹਮੇਸ਼ਾਂ ਹੀ ਕੌਮੀ ਲਹਿਰਾਂ ਰਹੀਆਂ ਹਨ ਤੇ ਹੁਣ ਵੀ ਹਨ। ਰੂਸ ਵਿੱਚ ਖਾਸ ਕਰਕੇ ਬਹੁਤ ਸਾਰੇ ਸਰਹੱਦੀ ਇਲਾਕਿਆਂ ਵਿੱਚ ਲਿਤਾੜੀਆਂ ਕੌਮਾਂ ਹਨ, ਜਿਨ੍ਹਾਂ ਨੂੰ ਗਵਾਂਢੀ ਦੇਸ਼ਾਂ ਵਿੱਚ ਵਧੇਰੇ ਅਜ਼ਾਦੀ ਪ੍ਰਾਪਤ ਹੈ। ਜ਼ਾਰਸ਼ਾਹੀ ਗਵਾਂਢੀ ਰਿਆਸਤਾਂ ਨਾਲ਼ੋਂ ਵਧੇਰੇ ਪਿਛਾਂਹਖਿੱਚੂ ਹੈ, ਸੁਤੰਤਰ ਆਰਥਕ ਵਿਕਾਸ ਦੇ ਰਾਹ ਦੀ ਸਭ ਤੋਂ ਵੱਡੀ ਰੋਕ ਬਣਦੀ ਹੈ, ਤੇ ਵੱਡ ਰੂਸੀ ਕੌਮਵਾਦ ਪਾਲਣ ਲਈ ਪੂਰੀ ਵਾਹ ਲਾਉਂਦੀ ਹੈ। ਬੇਸ਼ੱਕ, ਮਾਰਕਸਵਾਦੀ ਲਈ ਬਾਕੀ ਸਭਨਾਂ ਹਾਲਤਾਂ ਦੇ ਉਵੇਂ ਹੀ ਰਹਿੰਦਿਆਂ, ਵੱਡੀਆਂ ਰਿਆਸਤਾਂ ਛੋਟੀਆਂ ਰਿਆਸਤਾਂ ਨਾਲ਼ੋਂ ਤਰਜੀਹ-ਯੋਗ ਹੁੰਦੀਆਂ ਹਨ। ਪਰ ਇਹ ਸੋਚਣਾ ਤੱਕ ਵੀ ਬੇ-ਥਵਾ ਤੇ ਪਿਛਾਂਹਖਿੱਚੂ ਹੋਵੇਗਾ ਕਿ ਜ਼ਾਰਸ਼ਾਹੀ ਇੱਕ-ਪੁਰਖ਼ੇ ਰਾਜ ਹੇਠਲੀਆਂ ਹਾਲਤਾਂ ਕਿਸੇ ਵੀ ਯੂਰਪੀ ਦੇਸ਼ ਦੀਆਂ ਹਾਲਤਾਂ ਦੇ ਜਾਂ ਏਸ਼ੀਆਈ ਦੇਸ਼ਾਂ ਦੀ ਘੱਟਗਿਣਤੀ ਨੂੰ ਛੱਡ ਕੇ ਕਿਸੇ ਵੀ ਦੇਸ਼ ਦੀਆਂ ਹਾਲਤਾਂ ਦੇ ਬਰਾਬਰ ਹੋ ਸਕਦੀਆਂ ਹਨ।

ਇਸ ਲਈ, ਅਜੋਕੇ ਰੂਸ ਵਿੱਚ ਕੌਮਾਂ ਦੇ ਆਤਮ-ਨਿਰਣੇ ਦੇ ਹੱਕ ਤੋਂ ਇਨਕਾਰੀ ਹੋਣਾ ਬਿਨਾਂ ਸ਼ੱਕ ਮੌਕਾ-ਪ੍ਰਸਤੀ ਤੇ ਪਿਛਾਂਹ-ਖਿੱਚੂ ਵੱਡ-ਰੂਸੀ ਕੌਮਵਾਦ ਵਿਰੁੱਧ, ਜੋ ਅਜੇ ਵੀ ਸਰਬ-ਸ਼ਕਤੀਮਾਨ ਹੈ, ਸੰਗਰਾਮ ਕਰਨ ਤੋਂ ਇਨਕਾਰ ਹੈ।

* ਵ:ਇ:ਲੈਨਿਨ, “ਰੂਸ ਦੀ ਸਮਾਜਿਕ ਜਮਹੂਰੀ ਮਜ਼ਦੂਰ ਪਾਰਟੀ ਦੀ ਕੇਂਦਰੀ ਕਮੇਟੀ ਦੇ 1913 ਦੇ ਹੁਨਾਲੇ ਦੀ ਪਾਰਟੀ ਕਾਰਕੁਨਾਂ ਦੀ ਕਾਨਫਰੰਸ ਦੇ ਮਤੇ”

“ਸੋਤਿਸਅਲ ਦੇਮੋਭ੍ਰਾਤ” ਨੰ: 32,  15 (28) ਦਸੰਬਰ , 1913

ਅਨੁਵਾਦ : ਵ: ਇ: ਲੈਨਿਨ ਦੀਆਂ ਸੰਗ੍ਰਹਿਤ ਰਚਨਾਵਾਂ ਦੇ ਪੰਜਵੇਂ ਐਡੀਸ਼ਨ ਦੀ ਸੈਂਚੀ ਚੌਵੀਵੀਂ (ਸਫੇ 223-339) ਤੋਂ ਕੀਤਾ ਗਿਆ।

ਨੋਟ :

1. “ਇਜਵੇਸ਼ੇਨੀਯੇ” ( “ਨੋਟਿਸ”‘) – ਕਿਤਾਬਚੇ “ਰੂਸੀ ਸਮਾਜਿਕ ਜਮਹੂਰੀ ਮਜ਼ਦੂਰ ਪਾਰਟੀ ਦੀ ਕੇਂਦਰੀ ਕਮੇਟੀ ਤੇ ਉੱਘੇ ਪਾਰਟੀ ਕਾਰਕੁਨਾਂ ਦੀ 1913 ਦੀ ਹੁਨਾਲ ਦੀ ਕਾਨਫਰੰਸ ਦੇ ਨੋਟਿਸ ਤੇ ਮਤੇ” ਦਾ ਸੰਖੇਪ ਕੀਤਾ ਸਿਰਲੇਖ। ਇਸਨੂੰ ਕੇਂਦਰੀ ਕਮੇਟੀ ਨੇ 1913 ਵਿੱਚ ਪ੍ਰਕਾਸ਼ਿਤ ਕੀਤਾ।

2. ਇੱਥੇ ਹਵਾਲਾ ਜੇ .ਵੀ. ਸਤਾਲਿਨ ਦੀ ਕਿਰਤ “ਮਾਰਕਸਵਾਦ ਤੇ ਕੌਮੀ ਸਵਾਲ ” ਵੱਲ ਹੈ ਜੋ 1912 ਦੇ ਅਖੀਰ ਤੇ 1913 ਦੇ ਸ਼ੁਰੂ ਵਿੱਚ ਵੀਆਨਾ ਵਿੱਚ ਲਿਖੀ ਗਈ ਤੇ ਰਸਾਲੇ ‘‘ਪੋ੍ਰਸਵੇਸ਼ੇਨੀ” (“ਪ੍ਰਬੁੱਧਤਾ”) ਦੇ 1913 ਦੇ ਅੰਕ 3, 4, 5 ਵਿੱਚ “ਕੌਮੀ ਸਵਾਲ ਤੇ ਸਮਾਜਿਕ-ਜਮਹੂਰੀਅਤ ਦੇ ਸਿਰਲੇਖ ਹੇਠ ਛਪੀ।

3. ਆਰਥਕਤਾਵਾਦ – 19 ਵੀਂ ਸਦੀ ਦੇ ਅਖੀਰ ਤੇ 20 ਵੀਂ ਸਦੀ ਦੇ ਸ਼ੁਰੂ ਵਿੱਚ ਰੂਸੀ ਸਮਾਜਿਕ-ਜਮਹੂਰੀਅਤ ਦਾ ਇੱਕ ਮੌਕਾਪ੍ਰਸਤ ਰੁਝਾਣ। “ਆਰਥਕਤਾਵਾਦੀਆਂ” ਦਾ ਵਿਚਾਰ ਸੀ ਕਿ ਜਾਰਸ਼ਾਹੀ ਖਿਲਾਫ ਸਿਆਸੀ ਲੜਾਈ ਮੁੱਖ ਤੌਰ ’ਤੇ ਸਿਰਫ ਉਦਾਰਵਾਦੀ ਬੁਰਜੂਆਜੀ ਵੱਲੋਂ ਚਲਾਈ ਜਾਣੀ ਚਾਹੀਦੀ ਹੈ। ਜਿੱਥੋਂ ਤੱਕ ਮਜ਼ਦੂਰਾਂ ਦਾ ਸਵਾਲ ਹੈ, ਉਹਨਾਂ ਨੂੰ ਚਾਹੀਦਾ ਹੈ ਕਿ ਆਪਣੇ ਆਪ ਨੂੰ ਸਿਰਫ ਕਿਰਤ ਦੀਆਂ ਹਾਲਤਾਂ ਨੂੰ ਚੰਗੇਰੀਆਂ ਬਨਾਉਣ , ਉਜਰਤਾਂ ਵਧਾਉਣ, ਆਦਿ ਲਈ ਆਰਥਕ ਘੋਲ਼ ਤੱਕ ਸੀਮਤ ਰੱਖਣ। ਪਾਰਟੀ ਦੀ ਆਗੂ ਭੂਮਿਕਾ ਨੂੰ ਤੇ ਮਜ਼ਦੂਰ ਲਹਿਰ ਵਿੱਚ ਇਨਕਲਾਬੀ ਸਿਧਾਂਤ ਦੀ ਮਹੱਤਤਾ ਨੂੰ ਅੱਖੋ ਉਹਲੇ ਕਰਦਿਆਂ “ਆਰਥਕਤਾਵਾਦੀ‘‘ ਦਾਅਵਾ ਕਰਦੇ ਸਨ ਕਿ ਮਜ਼ਦੂਰ ਜਮਾਤ ਲਹਿਰ ਨੂੰ ਨਿਵੇਕਲੇ ਰੂਪ ਵਿੱਚ ਤੇ ਆਪ-ਮੁਹਾਰੇ ਵਿਕਸਤ ਹੋਣਾ ਚਾਹੀਦਾ ਹੈ। ਵ. ਇ. ਲੈਨਿਨ ਨੇ ਆਪਣੀ ਕਿਰਤ “ਕੀ ਕਰਨਾ ਲੋੜੀਏ” ਵਿੱਚ ਆਰਥਕਤਾਵਾਦੀ ਵਿਚਾਰਾਂ ਦੀ ਨਿਰਾਧਾਰਤ ਤੇ ਹਾਨੀਕਾਰਕਤਾ ਦਾ ਚੰਗੀ ਤਰ੍ਹਾਂ ਪਾਜ ਉਘਾੜਿਆ।

4. “ਕਨੂੰਨੀ ਮਾਰਕਸਵਾਦ”- “ਕਨੂੰਨੀ ਮਾਰਕਸਵਾਦੀਏ ” ਬੁਰਜੂਆ ਬੁੱਧੀਮਾਨ ਸਨ ਜਿਹੜੇ ਕਨੂੰਨੀ – ਭਾਵ, ਜਾਰਸ਼ਾਹੀ ਸੈਂਸਰਸ਼ਪਿ ਵਲੋਂ ਜਿਨ੍ਹਾਂ ਦੀ ਇਜਾਜਤ ਸੀ – ਅਖ਼ਬਾਰਾਂ ਤੇ ਰਸਾਲਿਆਂ ਵਿੱਚ ਮਾਰਕਸਵਾਦ ਦੇ ਝੰਡੇ ਹੇਠ ਆਪਣੇ ਵਿਚਾਰ ਛਾਪਦੇ ਸਨ। ਉਹ ਮਾਰਕਸਵਾਦ ਤੇ ਮਜ਼ਦੂਰ ਜਮਾਤ ਲਹਿਰ ਨੂੰ ਬੁਰਜੂਆਜੀ ਦੀਆਂ ਲੋੜਾਂ ਅਨੁਸਾਰ ਢਾਲਣ ਦੀ ਕੋਸ਼ਿਸ ਕਰਦੇ ਸਨ।

5. ਮੇਨਸ਼ਵਿਕਵਾਦੀ – ਰੂਸੀ ਰੂਸੀ-ਸਮਾਜਿਕ ਜਮਹੂਰੀਅਤ ਵਿੱਚ ਪੈਟੀ-ਬੁਰਜੂਆ ਮੌਕਾਪ੍ਰਸਤ ਰੁਝਾਣ ਦੇ ਹਮਾਇਤੀ, ਜਿਨ੍ਹਾਂ ਨੇ ਮਜ਼ਦੂਰ ਜਮਾਤ ਉੱਪਰ ਬੁਰਜੂਆ ਪ੍ਰਭਾਵ ਨੂੰ ਲਿਆਂਦਾ। ਮੇਨਸ਼ਵਿਕਾਂ ਨੂੰ ਇਹ ਨਾਂ ਰੂਸ ਦੀ ਸਮਾਜਿਕ ਜਮਹੂਰੀ ਮਜ਼ਦੂਰ ਪਾਰਟੀ ਦੀ ਅਗਸਤ 1903 ਵਿੱਚ ਦੂਜੀ ਕਾਂਗਰਸ ਵਿੱਚ ਮਿਲ਼ਿਆ ਜਦੋਂ ਉਹ ਪਾਰਟੀ ਦੇ ਕੇਂਦਰੀ ਅਦਾਰਿਆਂ ਦੀ ਚੋਣ ਵੇਲੇ ਘੱਟ-ਗਿਣਤੀ (ਮੇਨਸ਼ਿਨਸਤਵੋ) ਵਿੱਚ ਸਨ, ਤੇ ਇਨਕਲਾਬੀ ਸਮਾਜਿਕ-ਜਮਹੂਰੀਆਂ ਨੂੰ ਬਹੁ-ਗਿਣਤੀ (ਬਾਲਸ਼ਿਨਸਤਵੋ) ਮਿਲ਼ੀ। ਇੱਥੋਂ ਉਹਨਾਂ ਦੇ ਨਾਂ ਬਾਲਸ਼ਵਿਕ ਤੇ ਮੇਨਸ਼ਵਿਕ ਪੈ ਗਏ। ਮੇਨਸ਼ਵਿਕ ਪੋ੍ਰਲੇਤਾਰੀਆਂ ਤੇ ਬੁਰਜੂਆਜੀ ਵਿਚਕਾਰ ਸਮਝੌਤਾ ਕਰਾਉਣ ਦੀ ਕੋਸ਼ਿਸ਼ ਕਰਦੇ ਸਨ ਤੇ ਮਜ਼ਦੂਰ ਜਮਾਤ ਲਹਿਰ ਵਿੱਚ ਮੌਕਾਪ੍ਰਸਤ ਸੇਧ ਪੇਸ਼ ਕਰਦੇ ਸਨ। 1917 ਵਿੱਚ ਫਰਵਰੀ ਬੁਰਜੂਆ ਜਮਹੂਰੀ ਇਨਕਲਾਬ ਤੋਂ ਪਿੱਛੋਂ ਮੇਨਸ਼ਵਿਕਾਂ ਤੇ ਸਮਾਜਵਾਦੀ-ਇਨਕਲਾਬੀਆਂ ਨੇ ਆਰਜ਼ੀ ਸਰਕਾਰ ਵਿੱਚ ਹਿੱਸਾ ਲਿਆ, ਇਸਦੀ ਸਾਮਰਾਜੀ ਨੀਤੀ ਦੀ ਹਮਾਇਤ ਕੀਤੀ ਤੇ ਵਧਦੇ ਪੋ੍ਰਲੇਤਾਰੀ ਇਨਕਲਾਬ ਖਿਲਾਫ ਲੜੇ। ਮੇਨਸ਼ਵਿਕ ਸੋਵੀਅਤਾਂ ਵਿੱਚ ਵੀ ਇਸੇ ਨੀਤੀ ’ਤੇ – ਆਰਜੀ ਸਰਕਾਰ ਦੀ ਹਮਾਇਤ ਕਰਨ ਤੇ ਜਨਤਾ ਨੂੰ ਇਨਕਲਾਬੀ ਲਹਿਰ ਤੋਂ ਲਾਂਭੇ ਲਿਜਾਣ ਦੀ ਨੀਤੀ ’ਤੇ – ਚੱਲੇ। ਅਕਤੂਬਰ ਇਨਕਲਾਬ ਤੋਂ ਪਿੱਛੋਂ ਮੇਨਸ਼ਵਿਕ ਖੁੱਲ੍ਹਮ-ਖੁੱਲ੍ਹਾ ਉਲ਼ਟ-ਇਨਕਲਾਬੀ ਪਾਰਟੀ ਬਣ ਗਏ, ਸੋਵੀਅਤ ਸੱਤ੍ਹਾ ਨੂੰ ਉਲ਼ਟਾਉਣ ਦੇ ਨਿਸ਼ਾਨੇ ਨਾਲ਼ ਸਾਜਸ਼ਾਂ ਤੇ ਬਗਾਵਤਾਂ ਜਥੇਬੰਦ ਕਰਨ ਤੇ ਉਹਨਾਂ ਵਿੱਚ ਹਿੱਸਾ ਲੈਣ ਲੱਗ ਪਏ।

6. ਖਾਤਮੇਵਾਦ – ਰੂਸ ਵਿੱਚ 1905-07 ਦੇ ਇਨਕਲਾਬ ਦੀ ਹਾਰ ਤੋਂ ਪਿੱਛੋਂ ਮੇਨਸ਼ਵਿਕ ਸਮਾਜਿਕ-ਜਮਹੂਰੀਅਤ ਪਸੰਦਾਂ ਵਲੋਂ ਚਲਾਈ ਗਈ ਮੌਕਾਪ੍ਰਸਤ ਨੀਤੀ। ਖਾਤਮੇਵਾਦੀ ਮਜ਼ਦੂਰ ਜਮਾਤ ਦੀ ਗੈਰਕਨੂੰਨੀ ਇਨਕਲਾਬੀ ਪਾਰਟੀ ਦੇ ਖਾਤਮੇ ਦੀ ਮੰਗ ਕਰਦੇ ਸਨ। ਉਹ ਮਜ਼ਦੂਰਾਂ ਨੂੰ ਜਾਰਸ਼ਾਹੀ ਖਿਲਾਫ ਆਪਣਾ ਇਨਕਲਾਬੀ ਘੋਲ਼ ਛੱਡਣ ਦੀ ਅਪੀਲ ਕਰਦੇ ਸਨ ਤੇ ਗੈਰ-ਪਾਰਟੀ “ਮਜ਼ਦੂਰ ਕਾਂਗਰਸ” ਬੁਲਾਉਣਾ ਚਾਹੁੰਦੇ ਸਨ ਜਿਸ ਵਿੱਚ ਇੱਕ ਮੌਕਾਪ੍ਰਸਤ “ਵਿਸ਼ਾਲ ਮਜ਼ਦੂਰ ਜਮਾਤੀ ਪਾਰਟੀ” ਕਾਇਮ ਕੀਤੀ ਜਾਣੀ ਸੀ, ਅਜਿਹੀ ਪਾਰਟੀ ਜਿਹੜੀ ਇਨਕਲਾਬੀ ਨਾਅਰੇ ਛੱਡ ਦੇਵੇਗੀ ਤੇ ਸਿਰਫ ਅਜਿਹੀ ਕਨੂੰਨੀ ਸਰਗਰਮੀ ਵਿੱਚ ਜੁੱਟ ਜਾਏਗੀ ਜਿਸਦੀ ਜਾਰਸ਼ਾਹੀ ਸਰਕਾਰ ਵਲੋਂ ਆਗਿਆ ਸੀ। ਲੈਨਿਨ ਤੇ ਦੂਜੇ ਬਾਲਸ਼ਵਿਕਾਂ ਨੇ ਖਾਤਮੇਵਾਦੀਆਂ ਦਾ ਇਨਕਲਾਬ ਦੇ ਗੱਦਾਰਾਂ ਦੇ ਤੌਰ ’ਤੇ ਇੱਕਸਾਰ ਪਾਜ ਉਘਾੜਿਆ। ਮਜ਼ਦੂਰ ਜਨਤਾ ਵਿੱਚ ਖਾਤਮੇਵਾਦੀਆਂ ਨੂੰ ਕੋਈ ਸਫਲਤਾ ਨਾ ਮਿਲੀ। ਰੂਸ ਦੀ ਸਮਾਜਿਕ ਜਮਹੂਰੀ ਮਜ਼ਦੂਰ ਪਾਰਟੀ ਦੀ 1912 ਵਿੱਚ ਹੋਈ ਪਰਾਗ ਕਾਨਫਰੰਸ ਵਿੱਚ ਖਾਤਮੇਵਾਦੀਆਂ ਨੂੰ ਪਾਰਟੀ ’ਚੋਂ ਕੱਢ ਦਿੱਤਾ ਗਿਆ।

7. “ਇਸਕਰਾ” – ਪਹਿਲਾ ਕੁੱਲ-ਰੂਸ ਗੈਰ-ਕਨੂੰਨੀ ਮਾਰਕਸਵਾਦੀ ਅਖ਼ਬਾਰ, ਜਿਸਨੂੰ ਸੰਨ 1900 ਵਿੱਚ ਲੈਨਿਨ ਨੇ ਸ਼ੁਰੂ ਕੀਤਾ ਤੇ ਜਿਸਨੇ ਰੂਸ ਦੀ ਮਜ਼ਦੂਰ ਜਮਾਤ ਦੀ ਇਨਕਲਾਬੀ ਮਾਰਕਸਵਾਦੀ ਪਾਰਟੀ ਕਾਇਮ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ। ਲੈਨਿਨ ਦੇ “ਇਸਕਰਾ” ਦਾ ਪਹਿਲਾ ਅੰਕ ਲਾਈਪਜ਼ੀਗ ਵਿੱਚ ਛਪਿਆ ਤੇ ਮਗਰਲੇ ਅੰਕ ਮਿਊਨਿਖ ਵਿੱਚ ਛਪੇ ਤੇ ਫਿਰ, ਜੁਲਾਈ 1902 ਤੋਂ ਇਹ ਅਖ਼ਬਾਰ ਲੰਡਨ ਤੋਂ ਤੇ 1903 ਦੀ ਬਸੰਤ ਵਿੱਚ ਜਨੇਵਾ ਤੋਂ ਪ੍ਰਕਾਸ਼ਿਤ ਹੁੰਦਾ ਰਿਹਾ। ਲੈਨਿਨ ਤੇ ਉਸਦੇ ਹਮਾਇਤੀਆਂ ਨੇ “ਇਸਕਰਾ” ਦੇ ਪੰਨਿਆਂ ਨੂੰ ਆਰਥਕਤਾਵਾਦੀਆਂ ਖਿਲਾਫ , ਕੌਮਾਂਤਰੀ ਮਜ਼ਦੂਰ ਜਮਾਤੀ ਲਹਿਰ ਵਿੱਚ ਮੌਕਾਪ੍ਰਸਤੀ ਦੇ ਸਾਰੇ ਪ੍ਰਗਟਾਵਾਂ ਖਿਲਾਫ, ਤੇ ਰੂਸੀ ਤੇ ਪੱਛਮੀ-ਯੂਰਪੀ ਸਮਾਜਿਕ-ਜਮਹੂਰੀਅਤ ਵਿਚਲੇ ਸੋਧਵਾਦ ਖਿਲਾਫ ਇਨਕਲਾਬੀ ਮਾਰਕਸਵਾਦੀ ਘੋਲ਼ ਲਈ ਵਰਤਿਆ। ਲੈਨਿਨ ਦੇ ਉੱਦਮ ਨਾਲ਼ ਤੇ ਉਹਨਾਂ ਦੀ ਸਿੱਧੀ ਸ਼ਮੂਲੀਅਤ ਨਾਲ਼ , “ਇਸਕਰਾ” ਦੇ ਸੰਪਾਦਕੀ ਮੰਡਲ ਨੇ ਪਾਰਟੀ ਲਈ ਇੱਕ ਡਰਾਫਟ ਪ੍ਰੋਗਰਾਮ ਬਣਾਇਆ ਤੇ ਰੂਸ ਦੀ ਸਮਾਜਿਕ ਜਮਹੂਰੀ ਮਜ਼ਦੂਰ ਪਾਰਟੀ ਦੀ ਦੂਜੀ ਕਾਂਗਰਸ ਦੀ ਤਿਆਰੀ ਕੀਤੀ ਜਿਹੜੀ ਜੁਲਾਈ ਤੇ ਅਗਸਤ 1903 ਵਿੱਚ ਹੋਈ। ਕਾਂਗਰਸ ਬੁਲਾਉਂਣ ਦੇ ਸਮੇਂ ਤੱਕ ਰੂਸ ਵਿਚਲੀਆਂ ਸਥਾਨਕ ਸਮਾਜਿਕ-ਜਮਹੂਰੀ ਜਥੇਬੰਦੀਆਂ ਦੀ ਬਹੁ-ਗਿਣਤੀ “ਇਸਕਰਾ” ਨਾਲ਼ ਮਿਲ਼ ਗਈ, ਇਸਦੇ ਦਾਅ-ਪੇਚਾਂ, ਪ੍ਰੋਗਰਾਮ ਤੇ ਜਥੇਬੰਦਕ ਯੋਜਨਾ ਦਾ ਸਮਰਥਣ ਕਰਨ ਲੱਗ ਪਈਆਂ ਤੇ ਇਸਨੂੰ ਆਪਣਾ ਮੁੱਖ ਅਖ਼ਬਾਰ ਮੰਨ ਲਿਆ। ਰੂਸ ਦੀ ਸਮਾਜਿਕ ਜਮਹੂਰੀ ਮਜ਼ਦੂਰ ਪਾਰਟੀ ਦੀ ਦੂਜੀ ਕਾਂਗਰਸ ਵਿੱਚ ਇੱਕ ਵਿਸ਼ੇਸ਼ ਫੈਸਲਾ ਪ੍ਰਵਾਨ ਕੀਤਾ ਗਿਆ ਜਿਸ ਵਿੱਚ ਪਾਰਟੀ ਲਈ ਘੋਲ਼ ਵਿੱਚ “ਇਸਕਰਾ” ਵੱਲੋਂ ਨਿਭਾਈ ਗਈ ਅਸਾਧਾਰਨ ਭੂਮਿਕਾ ਵੱਲ ਧਿਆਨ ਦਿੱਤਾ ਗਿਆ ਤੇ ਇਸ ਬਾਰੇ ਰੂਸ ਦੀ ਸਮਾਜਿਕ ਜਮਹੂਰੀ ਮਜ਼ਦੂਰ ਪਾਰਟੀ ਦੇ ਕੇਂਦਰੀ ਅਖ਼ਬਾਰ ਹੋਣ ਦਾ ਐਲਾਨ ਕੀਤਾ ਗਿਆ। ਦੂਜੀ ਕਾਂਗਰਸ ਤੋਂ ਪਿੱਛੋਂ ਪਲੇਖਾਨੋਵ ਦੀ ਸਹਾਇਤਾ ਨਾਲ਼ ਮੇਨਸ਼ਵਿਕਾਂ ਨੇ “ਇਸਕਰਾ” ’ਤੇ ਕਬਜਾ ਕਰ ਲਿਆ ਤੇ ਅੰਕ ਨੰ: 52 ਤੋਂ ਸ਼ੁਰੂ ਕਰਕੇ ਉਹਨਾਂ ਨੇ ਇਸਨੂੰ ਆਪਣੇ ਧੜੇ ਦੇ ਅਖ਼ਬਾਰ ਵਿੱਚ ਬਦਲ ਲਿਆ। ਉਸ ਸਮੇਂ ਤੋਂ ਲੈ ਕੇ ਨਵੇਂ “ਇਸਕਰਾ” ਨੂੰ ਪੁਰਾਣੇ ਲੈਨਿਨਵਾਦੀ ਬਾਲਸ਼ਵਿਕ “ਇਸਕਰਾ” ਤੋਂ ਨਿਖੇੜਣ ਲਈ ਮੇਨਸ਼ਵਿਕ ਮੌਕਾਪ੍ਰਸਤ ਅਖ਼ਬਾਰ ਕਿਹਾ ਜਾਣ ਲੱਗ ਪਿਆ।

8. “ਬੁੰਦ” – (“ਲਿਥੂਆਨੀਆ, ਪੋਲੈਂਡ ਤੇ ਰੂਸ ਵਿੱਚ ਯਹੂਦੀ ਆਮ ਕਿਰਤ ਲੀਗ” ਦਾ ਯਹੂਦੀ ਨਾਂ) 1897 ਵਿੱਚ ਜਥੇਬੰਦ ਕੀਤੀ ਗਈ। ਇਹ ਮੁੱਖ ਤੌਰ ’ਤੇ ਰੂਸ ਦੇ ਪੱਛਮੀ ਹਿੱਸਿਆਂ ਵਿੱਚ ਰਹਿੰਦੇ ਯਹੂਦੀ ਕਾਰੀਗਰਾਂ ਦੀ ਸਭਾ ਸੀ। ਬੁੰਦ ਮਾਰਚ 1898 ਵਿੱਚ ਰੂਸ ਦੀ ਸਮਾਜਿਕ ਜਮਹੂਰੀ ਮਜ਼ਦੂਰ ਪਾਰਟੀ ਦੀ ਪਹਿਲੀ ਕਾਂਗਰਸ ਵੇਲੇ ਇਸ ਨਾਲ਼ “ਖੁਦਅਖਤਿਆਰ ਜਥੇਬੰਦੀ ਦੇ ਤੌਰ ’ਤੇ” ਸਬੰਧਤ ਸੀ, “ਜਿਹੜੀ ਸਿਰਫ ਖਾਸ ਕਰਕੇ ਯਹੂਦੀ ਪ੍ਰੋਲੇਤਾਰੀਆਂ ਨਾਲ਼ ਸਬੰਧਤ ਮਸਲਿਆਂ ਵਿੱਚ ਸਵੈਧੀਨ ਸੀ।” (“ਸੋਵੀਅਤ ਕਮਿਊਨਿਸਟ ਪਾਰਟੀ , ਕਾਂਗਰਸਾਂ , ਕਾਨਫਰੰਸਾਂ ਤੇ ਕੇਂਦਰੀ ਕਮੇਟੀ ਦੇ ਪਲੈਨਮਾਂ ਦੇ ਮਤਿਆਂ ਤੇ ਫੈਸਲਿਆਂ ਵਿੱਚ”। ਸੈਂਚੀ 1, 1954 , ਸਫਾ 14) ।

ਬੁੰਦ ਰੂਸੀ ਮਜ਼ਦੂਰ ਲਹਿਰ ਵਿੱਚ ਕੌਮਪ੍ਰਸਤੀ ਤੇ ਅਲਹਿਦਗੀ-ਪਸੰਦੀ ਦੇ ਪ੍ਰਤੀਨਿਧ ਸਨ।

ਰੂਸ ਦੀ ਸਮਾਜਿਕ ਜਮਹੂਰੀ ਮਜ਼ਦੂਰ ਪਾਰਟੀ ਦੀ ਦੂਜੀ ਕਾਂਗਰਸ (1903) ਵਿੱਚ ਜਦੋਂ ਇਸਦੀ ਯਹੂਦੀ ਪੋ੍ਰਲੇਤਾਰੀਆਂ ਦੇ ਇੱਕੋ ਇੱਕ ਨੁਮਾਇੰਦੇ ਦੇ ਤੌਰ ’ਤੇ ਲਏ ਜਾਣ ਦੀ ਮੰਗ ਰੱਦ ਕਰ ਦਿੱਤੀ ਗਈ ਤਾਂ ਬੁੰਦ-ਨੁਮਾਇੰਦੇ ਪਾਰਟੀ ਛੱਡ ਗਏ। 1906 ਵਿੱਚ ਚੌਥੀ (ਏਕਤਾ) ਕਾਂਗਰਸ ਦੇ ਫੈਸਲੇ ਅਨੁਸਾਰ ਬੁੰਦ ਫਿਰ ਰੂਸ ਦੀ ਸਮਾਜਿਕ ਜਮਹੂਰੀ ਮਜ਼ਦੂਰ ਪਾਰਟੀ ਵਿੱਚ ਦਾਖਲ ਹੋ ਗਏ।

ਰੂਸ ਦੀ ਸਮਾਜਿਕ ਜਮਹੂਰੀ ਮਜ਼ਦੂਰ ਪਾਰਟੀ ਦੇ ਅੰਦਰ ਬੰੁਦਵਾਦੀਏ ਪਾਰਟੀ ਦੇ ਮੌਕਾਪ੍ਰਸਤ ਰੁਝਾਣਾਂ (ਆਰਥਕਤਾਵਾਦੀਆਂ , ਮੇਨਸ਼ਵਿਕਾਂ ਤੇ ਖਾਤਮੇਵਾਦੀਆਂ) ਦੀ ਲਗਾਤਾਰ ਹਮਾਇਤ ਕਰਦੇ ਰਹੇ। ਬਾਲਸ਼ਵਿਕ ਪ੍ਰੋਗਰਾਮ ਵਿੱਚ ਕੌਮਾਂ ਦੇ ਆਤਮ-ਨਿਰਣੇ ਦੇ ਹੱਕ ਦੀ ਮੰਗ ਦੇ ਉਲਟ ਬੁੰਦ ਵਾਲ਼ਿਆਂ ਨੇ ਸੱਭਿਆਚਾਰਕ-ਕੌਮੀ ਖੁਦਅਖਤਿਆਰੀ ਦੀ ਮੰਗ ਪੇਸ਼ ਕੀਤੀ। ਸਤੋਲੀਪਿਨ ਪਿਛਾਖੜ ਦੇ ਸਾਲਾਂ (1907-1910) ਵਿੱਚ ਤੇ ਨਵੇਂ ਇਨਕਲਾਬੀ ਉਭਾਰ ਦੇ ਸਮੇਂ ਵਿੱਚ ਬੰੁਦ ਨੇ ਖਾਤਮੇਵਾਦੀ ਪੁਜੀਸ਼ਨ ਲਈ। 1914-1915 ਦੀ ਪਹਿਲੀ ਸੰਸਾਰ ਜੰਗ ਦੌਰਾਨ ਬੰੁਦ ਦੇ ਨੁਮਾਇੰਦਿਆਂ ਨੇ ਸਮਾਜਕ-ਅੰਨ੍ਹੀ ਕੌਮਵਾਦੀ ਪੁਜੀਸ਼ਨ ਲਈ; 1917 ਵਿੱਚ ਬੁੰਦ ਨੇ ਆਰਜੀ ਸਰਕਾਰ ਦੀ ਹਮਾਇਤ ਕੀਤੀ ਤੇ ਅਕਤੂਬਰ ਸਮਾਜਵਾਦੀ ਇਨਕਲਾਬ ਦੇ ਦੁਸ਼ਮਣਾਂ ਵੱਲ ਹੋ ਕੇ ਲੜੇ। ਮਾਰਚ 1921 ਵਿੱਚ ਬੰੁਦ ਨੇ ਆਪਣੀ ਮਰਜੀ ਨਾਲ਼ ਆਪਣਾ ਭੋਗ ਪਾ ਲਿਆ।

9. ਸੱਭਿਆਚਾਰਕ-ਕੌਮੀ ਖੁਦਅਖਤਿਆਰੀ – ਕੌਮੀ ਮਸਲੇ ਵਿੱਚ ਮੌਕਾਪ੍ਰਸਤ ਪ੍ਰੋਗਰਾਮ ਜਿਹੜਾ ਪਿਛਲੀ ਸਦੀ ਦੇ 90-ਵਿਆਂ ਵਿੱਚ ਆਸਟਰੀਆ ਦੇ ਸਮਾਜਿਕ-ਜਮਹੂਰੀਅਤ ਪਸੰਦਾਂ ਓ. ਬਾਉਏਰ ਤੇ ਕੇ . ਰੇਨਰ ਨੇ ਪੇਸ਼ ਕੀਤਾ। ਇਹ ਪ੍ਰੋਗਰਾਮ ਕੌਮਾਂ ਦੇ ਆਤਮ- ਨਿਰਣੇ ਦੇ ਤੇ ਅੱਡ ਹੋਣ ਦੇ ਹੱਕ ਨੂੰ ਰੱਦ ਕਰਦਾ ਸੀ। ਇਸ ਪ੍ਰੋਗਰਾਮ ਦਾ ਨਿਚੋੜ ਇਹ ਸੀ ਕਿ ਕਿਸੇ ਸਬੰਧਤ ਦੇਸ਼ ਵਿੱਚ ਇੱਕ ਕੌਮੀਅਤ ਦੇ ਲੋਕ, ਭਾਵੇਂ ਉਹ ਦੇਸ਼ ਦੇ ਕਿਸੇ ਹਿੱਸੇ ਵਿੱਚ ਵੀ ਰਹਿੰਦੇ ਹੋਣ, ਖੁਦਅਖਤਿਆਰ ਕੌਮੀ ਯੂਨੀਅਨ ਬਣਾ ਸਕਦੇ ਹਨ, ਜਿਸਦੇ ਖੇਤਰ ਦੇ ਅੰਦਰ-ਅੰਦਰ ਰਾਜ ਵਲੋਂ ਉਹਨਾਂ ਨੂੰ ਸਕੂਲਾਂ ਦੇ ਮਾਮਲਿਆਂ ਵਿੱਚ (ਵੱਖੋ-ਵੱਖਰੀਆਂ ਕੌਮੀਅਤਾਂ ਦੇ ਬੱਚਿਆਂ ਲਈ ਵੱਖ-ਵੱਖ ਸਕੂਲ) ਤੇ ਵਿੱਦਿਆ ਤੇ ਸਭਿਆਚਾਰ ਦੀਆਂ ਦੂਜੀਆਂ ਸ਼ਾਖਾਂ ਵਿੱਚ ਪੂਰੇ ਹੱਕ ਦੇ ਦਿੱਤੇ ਜਾਂਦੇ ਹਨ। ਜੇ ਇਹ ਪ੍ਰੋਗਰਾਮ ਨੇਪਰੇ ਚੜ੍ਹ ਜਾਂਦਾ ਤਾਂ ਇਸਦਾ ਸਿੱਟਾ ਕਿਸੇ ਵੀ ਕੌਮੀ ਗਰੁੱਪ ਵਿੱਚ ਪਾਦਰੀਆਂ ਤੇ ਪਿਛਾਂਹਖਿਚੂ ਕੌਮ-ਪ੍ਰਸਤ ਵਿਚਾਰਧਾਰਾ ਦੇ ਪ੍ਰਭਾਵ ਦੇ ਮਜਬੂਤ ਹੋਣ ਵਿੱਚ ਨਿਕਲਦਾ, ਤੇ ਇਹ ਕੌਮੀ ਲੀਹਾਂ ’ਤੇ ਮਜ਼ਦੂਰਾਂ ਦੇ ਵਖਰੇਵਿਆਂ ਨੂੰ ਡੂੰਘਿਆਂ ਕਰਕੇ ਮਜ਼ਦੂਰ ਜਮਾਤ ਦੀ ਜਥੇਬੰਦੀ ਦਾ ਉਦੇਸ਼ ਮੁਸ਼ਕਲ ਬਣਾ ਦੇਂਦਾ। ਰੂਸ ਵਿੱਚ “ਸਭਿਆਚਾਰਕ-ਕੌਮੀ ਖੁਦਅਖਤਿਆਰੀ” ਦੇ ਇਸ ਨਾਅਰੇ ਦੀ ਪ੍ਰੋੜਤਾ ਖਾਤਮੇਵਾਦੀ, ਬੁੰਦਵਾਦੀ ਤੇ ਜਾਰਜੀਅਨ ਮੇਨਸ਼ਵਿਕ ਕਰਦੇ ਸਨ। ਕਈ ਲੇਖਾਂ ਵਿੱਚ ਲੈਨਿਨ ਨੇ ਸੱਭਿਆਚਾਰਕ-ਕੌਮੀ ਖੁਦ-ਅਖਤਿਆਰੀ ਦੇ ਨਾਅਰੇ ਦੀ ਸਖਤ ਅਲੋਚਨਾ ਕੀਤੀ, ਇਹ ਦਰਸਾਉਂਦਿਆਂ ਕਿ ਇਸ ਨਾਅਰੇ ਦੀ ਬੁਨਿਆਦ ਵਿੱਚ ਹੀ “ਪੂਰੀ ਤਰ੍ਹਾਂ ਬੁਰਜੂਆ ਤੇ ਪੂਰੀ ਤਰ੍ਹਾਂ ਝੂਠਾ ਵਿਚਾਰ ਪਾਇਆ ਜਾਂਦਾ ਹੈ,” ਮਤਲਬ, “ਵਿਸ਼ੇਸ਼ ਰਾਜਕੀ ਸੰਸਥਾਵਾਂ ਰਾਹੀਂ ਸਾਰੀਆਂ ਕੌਮਾਂ ਵਿੱਚ ਪੱਕੀ ਤੇ ਠੋਸ ਤਰ੍ਹਾਂ ਨਾਲ਼ ਫੁੱਟ ਪਾਈ ਜਾਏ।”

10. ਕੈਡਿਟ – ਸੰਵਿਧਾਨਕ-ਜਮਹੂਰੀ ਪਾਰਟੀ ਦੇ ਮੈਂਬਰ, ਜੋ ਰੂਸ ਵਿੱਚ ਉਦਾਰਵਾਦੀ ਸ਼ਾਹਪਸੰਦ ਬੁਰਜੂਆਜੀ ਦੀ ਸਿਰਕੱਢ ਪਾਰਟੀ ਸੀ। ਕੈਡਿਟਾਂ ਦੀ ਪਾਰਟੀ ਅਕਤੂਬਰ 1905 ਵਿੱਚ ਬਣਾਈ ਗਈ ਸੀ। ਇਸ ਵਿੱਚ ਬੁਰਜੂਆਜੀ, ਭੂਮੀਪਤੀਆਂ ਤੇ ਬੁਰਜੂਆ ਬੁੱਧੀਜੀਵੀਆਂ ਦੇ ਨੁਮਾਇੰਦੇ ਸ਼ਾਮਲ ਸਨ। ਮਜ਼ਦੂਰ ਜਨਤਾ ਨੂੰ ਧੋਖਾ ਦੇਣ ਲਈ ਕੈਡਿਟਾਂ ਨੇ ਆਪਣੀ ਪਾਰਟੀ ਦਾ, “ਲੋਕ ਅਸ਼ਾਦੀ ਦੀ ਪਾਰਟੀ” ਝੂਠਾ ਨਾਂ ਰੱਖ ਲਿਆ। ਪਰ ਅਸਲ ਵਿੱਚ ਉਹ ਸੰਵਿਧਾਨਕ ਤਾਜਸ਼ਾਹੀ ਦੀ ਮੰਗ ਤੋਂ ਛੁੱਟ ਹੋਰ ਕੁੱਝ ਪੇਸ਼ ਨਹੀਂ ਸਨ ਕਰਦੇ। ਕੈਡਿਟ ਇਨਕਲਾਬੀ ਲਹਿਰ ਖਿਲਾਫ ਘੋਲ਼ ਕਰਨ ਨੂੰ ਆਪਣਾ ਮੁੱਖ ਮੰਤਵ ਸਮਝਦੇ ਸਨ, ਤੇ ਉਹ ਜ਼ਾਰ ਨਾਲ਼ ਤੇ ਭੂ ਗੁਲਾਮੀ ਦੇ ਹਿਮਾਇਤੀ ਭੂਮੀਪਤੀਆਂ ਨਾਲ਼ ਸੱਤ੍ਹਾ ਵਿੱਚ ਭਿਆਲ਼ੀ ਪਾਉਣ ਲਈ ਯਤਨ ਕਰਦੇ ਸਨ। ਪਹਿਲੀ ਸੰਸਾਰ ਜੰਗ ਦੇ ਸਾਲਾਂ ਵਿੱਚ ਕੈਡਿਟਾਂ ਨੇ ਜਾਰਸ਼ਾਹੀ ਸਰਕਾਰ ਦੀ ਧਾੜਵੀ ਵਿਦੇਸ਼ ਨੀਤੀ ਦੀ ਪੱਕੀ ਤਰ੍ਹਾਂ ਹਮਾਇਤ ਕੀਤੀ । 1917 ਦੇ ਫਰਵਰੀ ਬੁਰਜੂਆ ਜਮਹੂਰੀ ਇਨਕਲਾਬ ਦੇ ਸਮੇਂ ਵਿੱਚ ਉਹਨਾਂ ਨੇ ਇਕਪੁਰਖੇ ਰਾਜ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਆਰਜੀ ਬੁਰਜੂਆ ਸਰਕਾਰ ਵਿੱਚ ਉੱਘੀਆਂ ਥਾਵਾਂ ਮੱਲਦੇ ਹੋਏ ਕੈਡਿਟਾਂ ਨੇ ਲੋਕ-ਵਿਰੋਧੀ ਉਲ਼ਟ-ਇਨਕਲਾਬੀ ਨੀਤੀ ਨੂੰ ਅਮਲ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ। ਅਕਤੂਬਰ ਸਮਾਜਵਾਦੀ ਇਨਕਲਾਬ ਦੀ ਜਿੱਤ ਤੋਂ ਪਿੱਛੋਂ, ਉਹ ਸੋਵੀਅਤ ਸੱਤ੍ਹਾ ਦੇ ਕੱਟੜ ਦੁਸ਼ਮਣ ਬਣ ਗਏ, ਉਹਨਾਂ ਨੇ ਸਾਰੀਆਂ ਹਥਿਆਰਬੰਦ ਉਲ਼ਟ-ਇਨਕਲਾਬੀ ਕਾਰਵਾਈਆਂ ਵਿੱਚ ਤੇ ਵਿਦੇਸ਼ੀ ਦਖਲਬਾਜਾਂ ਦੇ ਹਮਲਿਆਂ ਵਿੱਚ ਹਿੱਸਾ ਲਿਆ।

11. ਬਰਨਸਟਾਈਨਵਾਦ – ਜਰਮਨ ਤੇ ਕੌਮਾਂਤਰੀ ਸਮਾਜਿਕ-ਜਮਹੂਰੀਅਤ ਵਿੱਚ ਮੌਕਾਪ੍ਰਸਤ ਰੁਝਾਣ, ਜੋ ਮਾਰਕਸਵਾਦ ਦਾ ਦੁਸ਼ਮਣ ਸੀ। ਇਹ 19 ਵੀਂ ਸਦੀ ਦੇ ਅਖੀਰ ਵਿੱਚ ਹੋਂਦ ਵਿੱਚ ਆਇਆ, ਤੇ ਇਸਦਾ ਨਾਂ ਐਂਡੂਅਰਡ ਬਰਨਸਟਾਈਨ ਤੋਂ ਪਿਆ ਜੋ ਜਰਮਨ ਸਮਾਜਿਕ-ਜਮਹੂਰੀ ਪਾਰਟੀ ਵਿੱਚ ਸੱਜੇਪਖੀ ਮੌਕਾਪ੍ਰਸਤ ਰੁਝਾਣਾਂ ਦਾ ਸਭ ਤੋਂ ਵੱਧ ਬੜਬੋਲਾ ਨੁਮਾਇੰਦਾ ਸੀ। 1896-1898 ਵਿੱਚ ਬਰਨਸਟਾਈਨ ਨੇ ਜਰਮਨ ਸਮਾਜਿਕ-ਜਮਹੂਰੀਅਤ ਦੇ ਸਿਧਾਂਤਕ ਰਸਾਲੇ (“ਨਵਾਂ ਜਮਾਨਾ”‘) ਵਿੱਚ “ਸਮਾਜਵਾਦ ਦੇ ਮਸਲੇ” ਸਿਰਲੇਖ ਹੇਠ ਕਈ ਲੇਖ ਲਿਖੇ ਜਿਨ੍ਹਾਂ ਵਿੱਚ, “ਅਲੋਚਨਾ ਦੀ ਅਜ਼ਾਦੀ” ਦੇ ਝੰਡੇ ਹੇਠ ਉਸਨੇ ਇਨਕਲਾਬੀ ਮਾਰਕਸਵਾਦ ਦੀਆਂ ਦਾਰਸ਼ਨਿਕ, ਆਰਥਕ ਤੇ ਸਿਆਸੀ ਬੁਨਿਆਦਾਂ ਨੂੰ ਸੋਧਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਨਾਂ “ਸੋਧਵਾਦ” ਪਿਆ) ਤੇ ਇਹਨਾਂ ਦੀ ਥਾਂ ਜਮਾਤੀ ਵਿਰੋਧਾਂ ਵਿਚਕਾਰ ਸੁਲਹਾ- ਸਫਾਈ ਤੇ ਜਮਾਤੀ ਮਿਲ਼ਵਰਤਣ ਦੇ ਬੁਰਜੂਆ ਸਿਧਾਂਤਾਂ ਨੂੰ ਦੇ ਦਿੱਤੀ। ਉਸਨੇ ਮਜ਼ਦੂਰ ਜਮਾਤ ਦੇ ਕੰਗਾਲ ਹੋਣ ਬਾਰੇ, ਜਮਾਤੀ ਵਿਰੋਧਾਂ ਦੇ ਵਧਣ ਬਾਰੇ, ਸੰਕਟਾਂ ਬਾਰੇ, ਸਰਮਾਏਦਾਰੀ ਦੇ ਅਟੱਲ ਤੌਰ ’ਤੇ ਢਹਿ ਢੇਰੀ ਹੋਣ ਬਾਰੇ, ਸਮਾਜਵਾਦੀ ਇਨਕਲਾਬ ਤੇ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਬਾਰੇ ਮਾਰਕਸ ਦੇ ਸਿਧਾਂਤਾਂ ਦੀ ਅਲੋਚਨਾ ਕੀਤੀ ਤੇ ਸਮਾਜਕ ਸੁਧਾਰਵਾਦ ਦਾ ਪ੍ਰੋਗਰਾਮ ਪੇਸ਼ ਕੀਤਾ ਜਿਹੜਾ ਇਸ ਫਾਰਮੂਲੇ ਵਿੱਚ ਪ੍ਰਗਟ ਕੀਤਾ ਗਿਆ -“ਲਹਿਰ ਸਭ ਕੁੱਝ ਹੈ, ਅੰਤਮ ਨਿਸ਼ਾਨਾ ਕੁੱਝ ਵੀ ਨਹੀਂ।” 1899 ਵਿੱਚ ਬਰਨਸਟਾਈਨ ਦੇ ਲੇਖ “ਸਮਾਜਵਾਦ ਦੇ ਪੂਰਵ-ਮਿਥਣ ਤੇ ਸਮਾਜਿਕ-ਜਮਹੂਰੀਅਤ ਦੇ ਕਰਤੱਵ” ਨਾਂ ਦੀ ਵੱਖਰੀ ਕਿਤਾਬ ਵਿੱਚ ਛਪੇ। ਇਸ ਕਿਤਾਬ ਦੀ ਸੱਜੇ ਪੱਖੀ ਜਰਮਨ ਸਮਾਜਿਕ-ਜਮਹੂਰੀਅਤ ਪਸੰਦਾਂ ਤੇ ਦੂਜੀ ਕੌਮਾਂਤਰੀ ਦੀਆਂ ਦੂਜੀਆਂ ਪਾਰਟੀਆਂ ਦੇ ਮੌਕਾਪ੍ਰਸਤ ਅਨਸਰਾਂ ਨੇ ਹਮਾਇਤ ਕੀਤੀ, ਜਿਨ੍ਹਾਂ ਵਿੱਚ ਰੂਸੀ ਮੌਕਾਪ੍ਰਸਤ ਵੀ ਸ਼ਾਮਲ ਸਨ। ਰੂਸ ਵਿੱਚ ਬਰਨਸਟਾਈਨ ਦੇ ਹਮਾਇਤੀ “ਕਨੂੰਨੀ ਮਾਰਕਸਵਾਦੀ”, “ਆਰਥਕਤਾਵਾਦੀ”, ਬੁੰਦਵਾਦੀ ਤੇ ਮੇਨਸ਼ਵਿਕ ਸਨ। ਵ. ਇ. ਲੈਨਿਨ ਦੀ ਅਗਵਾਈ ਹੇਠ ਬਾਲਸ਼ਵਿਕ ਪਾਰਟੀ ਨੇ ਬਰਨਸਟਾਈਨਵਾਦ ਤੇ ਰੂਸ ਵਿਚਲੇ ਇਸਦੇ ਹਮਾਇਤੀਆਂ ਖਿਲਾਫ ਸਿਰੜੀ ਤੇ ਦਿ੍ਰੜ ਘੋਲ਼ ਚਲਾਇਆ।

12. ਕਾਲ਼ੇ ਸੌ – ਇਨਕਲਾਬੀ ਲਹਿਰ ਖਿਲਾਫ ਘੋਲ਼ ਲਈ ਜਾਰਸ਼ਾਹੀ ਪੁਲੀਸ ਵਲੋਂ ਬਣਾਏ ਗਏ ਸ਼ਾਹ-ਪਸੰਦ ਗਰੋਹ। ਕਾਲ਼ੇ ਸੌ ਇਨਕਲਾਬੀਆਂ ਨੂੰ ਕਤਲ ਕਰਦੇ, ਅਗਾਂਹਵਧੂ ਬੁੱਧੀਜੀਵੀਆਂ ’ਤੇ ਹਮਲੇ ਕਰਦੇ ਤੇ ਯਹੂਦੀਆਂ ਦੇ ਕਤਲੇਆਮ ਜਥੇਬੰਦ ਕਰਦੇ ਸਨ।

13. “ਜ਼ਾਰੀਆ” (“ਪਹੁ ਫੁਟਾਲਾ”)- ਮਾਰਕਸਵਾਦੀ ਵਿਗਿਆਨਕ ਤੇ ਸਿਆਸੀ ਰਸਾਲਾ; 1901 ਤੇ 1902 ਵਿੱਚ ਇਸਨੂੰ “ਇਸਕਰਾ” ਦੇ ਸੰਪਾਦਕੀ ਬੋਰਡ ਨੇ ਸਟੁਟਗਾਰਟ ਤੋਂ ਪ੍ਰਕਾਸ਼ਿਤ ਕੀਤਾ। ਇਸਦੇ ਕੁੱਲ ਤਿੰਨ ਕਿਤਾਬਚਿਆਂ ਵਿੱਚ ਚਾਰ ਅੰਕ ਪ੍ਰਕਾਸ਼ਿਤ ਹੋਏ। ਰਸਾਲੇ “ਜ਼ਾਰੀਆ” ਨੇ ਕੌਮਾਂਤਰੀ ਤੇ ਰੂਸੀ ਸੋਧਵਾਦ ਦੀ ਅਲੋਚਨਾ ਕੀਤੀ ਤੇ ਮਾਰਕਸਵਾਦ ਦੀਆਂ ਸਿਧਾਂਤਕ ਬੁਨਿਆਦਾਂ ਦੀ ਹਮਾਇਤ ਕੀਤੀ।

14. ਤਰੱਕੀਵਾਦੀ – ਰੂਸੀ ਉਦਾਰਵਾਦੀ ਸ਼ਾਹਪਸੰਦ ਬੁਰਜੂਆਜੀ ਦੀ ਸਿਆਸੀ ਟੋਲੀ, ਜਿਸਨੇ ਰਾਜਕੀ ਦੂਮਾਂ ਦੀਆਂ ਚੋਣਾਂ ਦੇ ਦੌਰਾਨ ਤੇ ਦੂਮਾਂ ਦੇ ਅੰਦਰ ਵੀ “ਗੈਰ-ਪਾਰਟੀ” ਭਾਵਨਾ ਦੇ ਝੰਡੇ ਹੇਠ ਦੂਜੀਆਂ ਬੁਰਜੂਆ-ਭੂਮੀਪਤੀ ਪਾਰਟੀਆਂ ਤੇ ਟੋਲੀਆਂ ਨੂੰ ਇਕਮੁੱਠ ਕਰਨ ਦੀ ਕੋਸ਼ਿਸ਼ ਕੀਤੀ। ਨਵੰਬਰ , 1912 ਵਿੱਚ ਤਰੱਕੀਵਾਦੀਆਂ ਨੇ ਅਜ਼ਾਦ ਸਿਆਸੀ ਪਾਰਟੀ ਬਣਾ ਲਈ। ਵੇ. ਇ. ਲੈਨਿਨ ਨੇ ਸਿੱਧ ਕੀਤਾ ਕਿ ਆਪਣੀ ਬਣਤਰ ਤੇ ਵਿਚਾਰਧਾਰਾ ਅਨੁਸਾਰ ਤਰੱਕੀਵਾਦੀਏ “ਅਕਤੂਬਰਵਾਦੀਆਂ ਤੇ ਕੈਡਿਟਾਂ ਦਾ ਮਿਲ਼ਗੋਭਾ” ਹਨ।

ਪਹਿਲੀ ਸੰਸਾਰ ਜੰਗ ਦੇ ਸਾਲਾਂ ਵਿੱਚ ਤਰੱਕੀਵਾਦੀਏ ਬਹੁਤ ਸਰਗਰਮ ਸਨ। ਉਹ ਫੌਜੀ ਲੀਡਰਸ਼ਿਪ ਦੀ ਤਬਦੀਲੀ ਦੀ, ਮੁਹਾਜ਼ ਦੀਆਂ ਲੋੜਾਂ ਅਨੁਸਾਰ ਸਨਅਤ ਨੂੰ ਲਾਮਬੰਦ ਕਰਨ, ਤੇ “ਜ਼ਿੰਮੇਵਾਰ ਮੰਤਰੀ ਮੰਡਲ” ਦੀ ਮੰਗ ਕਰਦੇ ਸਨ ਜਿਸ ਵਿੱਚ ਰੂਸੀ ਬੁਰਜੂਆਜ਼ੀ ਦੇ ਨੁਮਾਇੰਦੇ ਸ਼ਾਮਲ ਹੋਣ। ਫਰਵਰੀ ਬੁਰਜੂਆ ਜਮਹੂਰੀ ਇਨਕਲਾਬ ਤੋਂ ਪਿੱਛੋਂ, ਪਾਰਟੀ ਦੇ ਕੁਝ ਆਗੂਆਂ ਨੇ ਬੁਰਜੂਆ ਆਰਜ਼ੀ ਸਰਕਾਰ ਵਿੱਚ ਹਿੱਸਾ ਲਿਆ। ਮਹਾਨ ਅਕਤੂਬਰ ਸਮਾਜਵਾਦੀ ਇਨਕਲਾਬ ਦੀ ਜਿੱਤ ਤੋਂ ਪਿੱਛੋਂ, ਤਰੱਕੀਵਾਦੀਆਂ ਦੀ ਪਾਰਟੀ ਨੇ ਸੋਵੀਅਤ ਸੱਤ੍ਹਾ ਖਿਲਾਫ ਸਰਗਰਮ ਘੋਲ਼ ਚਲਾਇਆ। 

“ਪ੍ਰਤੀਬੱਧ”, ਅੰਕ  34, ਨਵੰਬਰ 2020 ਵਿੱਚ ਪਰ੍ਕਾਸ਼ਿ