ਬਸਤੀਵਾਦੀ ਭਾਰਤ ਵਿੱਚ ਲੋਕ ਭਾਸ਼ਾਵਾਂ ਅਤੇ ਲਿੱਪੀਆਂ ਨੂੰ ਸਿੱਖਿਆ ਢਾਂਚੇ ’ਚੋਂ ਬੇਦਾਵਾ •ਨਰੇਸ਼ ਪ੍ਰਸਾਦ ਭੋਕਤਾ (ਸਿੱਖਿਆ ਸ਼ਾਸਤਰ ਵਿਭਾਗ, ਗੋਰਖਪੁਰ ਯੂਨੀਵਰਸਿਟੀ)

ਪੀ.ਡੀ.ਐਫ਼ ਡਾਊਨਲੋਡ ਕਰੋ

ਬਸਤੀਵਾਦੀ ਸੱਤ੍ਹਾ ਨੇ ਭਾਰਤ ਦੀ ਸਮਾਜਕ ਸੰਰਚਨਾ ਨੂੰ ਵਿਆਪਕ ਰੂਪ ਵਿੱੱਚ ਪ੍ਰਭਾਵਿਤ ਕੀਤਾ। ਸਮਾਜਕ ਜੀਵਨ ਦਾ ਸ਼ਾਇਦ ਹੀ ਅਜਿਹਾ ਕੋਈ ਖੇਤਰ ਹੋਵੇ ਜੋ ਅੰਗਰੇਜ਼ੀ ਰਾਜ ਦੇ ਪ੍ਰਭਾਵ ਤੋਂ ਅਭਿੱਜ ਰਿਹਾ ਹੋਵੇ। ਭਾਰਤ ਵਿੱਚ ਬਸਤੀਵਾਦੀ ਸੱਤ੍ਹਾ ਦੀ ਸਥਾਪਨਾ ਨਾਲ਼ ਹੀ ਸਿਆਸੀ ਅਤੇ ਪ੍ਰਸ਼ਾਸਨਿਕ ਖੇਤਰ ਵਿੱਚ ਕੇਂਦਰੀਕਰਨ ਦੀ ਪ੍ਰਕਿਰਿਆ ਦੀ ਸ਼ੁਰੂਆਤ ਹੋ ਗਈ। ਸਮਾਜਕ-ਸੱਭਿਆਚਰਕ ਖੇਤਰ ਵਿੱਚ ਇਸ ਦਾ ਪੂਰਕ ਭਾਸ਼ਾਵਾਂ ਅਤੇ ਲਿਪੀਆਂ ਦਾ ਮਾਣਕੀਕਰਨ ਸੀ। ਪ੍ਰਸ਼ਾਸਨਿਕ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਅੰਗਰੇਜ਼ ਹਾਕਮਾਂ ਨੇ ਅਨੇਕਾਂ ਦੂਰ-ਰਸ ਫੈਸਲੇ ਲਏ ਜਿਸ ਨੇ ਭਾਰਤ ਦੇ ਭਾਸ਼ਾ ਦ੍ਰਿਸ਼ ਨੂੰ ਤਬਦੀਲ ਕਰ ਦਿੱਤਾ ਅਤੇ ਕਈ ਲੋਕ-ਭਾਸ਼ਾਵਾਂ ਅਤੇ ਲਿਪੀਆਂ ਨੂੰ ਸਕੂਲਾਂ ਅਤੇ ਪ੍ਰਸ਼ਾਸਨਿਕ ਦਫ਼ਤਰਾਂ ’ਚੋਂ ਕੱਢ ਕੇ ਉਨ੍ਹਾਂ ਨੂੰ ਬੇਅਸਰ ਬਣਾ ਦਿੱਤਾ।

ਅੰਗਰੇਜ਼ੀ ਪੜ੍ਹੇ ਭਾਰਤੀਆਂ ਨੇ ਵੀ ਅਨੇਕ ਲੋਕ-ਭਾਸ਼ਾਵਾਂ ਨੂੰ ਸਮਾਜਕ-ਸੱਭਿਆਚਾਰਕ ਜੀਵਨ ਦੇ ਹਾਸ਼ੀਏ ਤੱਕ ਪਹੁੰਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਬਸਤੀਵਾਦੀ ਸੱਤ੍ਹਾ ਨੇ ਇੱਕ ਨਵੇਂ ਮੱਧਵਰਗ ਦੀ ਉਸਾਰੀ ਵਿੱਚ ਮਦਦਗਾਰ ਲੋੜੀਂਦੀਆਂ ਹਾਲਤਾਂ ਨੂੰ ਪੈਦਾ ਕੀਤਾ। ਇਹ ਨਵਾਂ ਮਧੱਵਰਗ ਪ੍ਰਚੱਲਤ ਸਮਾਜਕ-ਸੱਭਿਆਚਾਰਕ ਸੰਸਥਾਵਾਂ ਅਤੇ ਭਾਸ਼ਾਵਾਂ ਨੂੰ ਹੀਣ ਸਮਝਦਾ ਸੀ। ਬਿਹਾਰ ਅਤੇ ਉੱਤਰ-ਪੱਛਮੀ ਸੂਬੇ (ਮੌਜੂੂਦਾ ਉੱਤਰ ਪ੍ਰਦੇਸ਼) ਵਿੱਚ ਇਸ ਉੱਭਰਦੇ ਨਵੇਂ ਮੱਧਵਰਗ ਨੇ ਇੱਕ ਅਜਿਹੀ ਤਤਸਮ ਪ੍ਰਧਾਨ ਭਾਸ਼ਾ ਦੀ ਉਸਾਰੀ ਕਰਨੀ ਆਰੰਭੀ ਜਿਸ ਵਿੱਚ ਕੁਝ ਹੱਦ ਤੱਕ ਸੰਸਕ੍ਰਿਤ ਭਾਸ਼ਾ ਦੀ ਸੂਝ ਅਤੇ ਅੰਗਰੇਜ਼ੀ ਭਾਸ਼ਾ ਦੀ ਪੰਥ-ਨਿਰਪੇਖਤਾ ਸੀ। ਇਸ ਭਾਸ਼ਾ ਦੇ ਹਮਾਇਤੀਆਂ ਨੇ ਇਸ ਨੂੰ ‘‘ਸੁਚੱਜੇ ਲੋਕਾਂ ਦੇ ਸੁਚੱਜੀ ਭਾਸ਼ਾ’’ ਕਹਿਣਾ ਸ਼ੁਰੂ ਕੀਤਾ। ਪ੍ਰਤੀਕਰਮ ਵਜੋਂ ਊਰਦੂ ਭਾਸ਼ਾ ਦੇ ਹਮਾਇਤੀਆਂ ਨੇ ਵੀ ਵੱਡੀ ਗਿਣਤੀ ਵਿੱਚ ਅਰਬੀ ਅਤੇ ਫਾਰਸੀ ਸ਼ਬਦਾਂ ਦੀ ਉਰਦੂ ਲਿਖਣ ’ਚ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ। ਪਰ ਇਸ ਪ੍ਰਕਿਰਿਆ ਵਿੱਚ ਦੋਵਾਂ ਹੀ ਸਮੂੂਹਾਂ ਨੇ ਆਮ ਲੋਕਾਂ ਦੀਆਂ ਭਾਸ਼ਾਵਾਂ ਜਿਵੇਂ – ਮਗਹੀ, ਮੈਥਲੀ, ਭੋਜਪੁਰੀ, ਅਵਧੀ, ਬ੍ਰਜਭਾਸ਼ਾ ਆਦਿ ਦੀ ਪੂਰੀ ਤਰ੍ਹਾਂ ਅਣਦੇਖੀ ਕਰਨੀ ਸ਼ੁਰੂ ਕਰ ਦਿੱਤੀ। ਸੰਸਕਿ੍ਰਤ ਮਿਲ਼ੀ ਹਿੰਦੀ ਅਤੇ ਫਾਰਸੀ ਪ੍ਰਧਾਨ ਉਰਦੂ ਨਵੇਂ ਮੱਧਵਰਗ ਦੀਆਂ ਸੱਭਿਆਚਾਰਕ-ਸਮਾਜਕ ਲੋੜਾਂ ਨੂੰ ਸੰਤੁਸ਼ਟ ਕਰਨ ਵਿੱਚ ਤਾਂ ਸਮਰੱਥ ਸਨ, ਪਰ ਇਹ ਭਾਸ਼ਾਵਾਂ ਆਮ ਲੋਕਾਂ ਦੀਆਂ ਸੱਭਿਆਚਾਰਕ ਅਤੇ ਕਾਰੋਬਾਰੀ ਲੋੜਾਂ ਨੂੰ ਪੂਰਾ ਕਰਨ ਵਿੱਚ ਅਸਮਰੱਥ ਸਨ। ਇਸ ਤਰ੍ਹਾਂ ਮੱਧਵਰਗ ਅਤੇ ਆਮ ਲੋਕਾਂ ਵਿੱਚ ਇੱਕ ਅਜਿਹਾ ਪਾੜਾ ਪਿਆ ਜਿਸ ਨੂੰ ਅਜ਼ਾਦ ਭਾਰਤ ਵਿੱਚ ਵੀ ਪੂਰਿਆ ਨਹੀਂ ਜਾ ਸਕਿਆ।

ਸਮੱਸਿਆ ਨੂੰ ਬਿਹਤਰ ਢੰਗ ਨਾਲ਼ ਸਮਝਣ ਲਈ ਇਹ ਜ਼ਰੂਰੀ ਹੈ ਕਿ ਉੱਨੀਵੀਂ ਸਦੀ ਦੇ ਬਿਹਾਰ ਅਤੇ ਉੱਤਰੀ-ਪੱਛਮੀ ਸੂਬੇ ਦੀ ਭਾਸ਼ਾ ਦੀ ਹਾਲਤ ’ਤੇ ਇੱਕ ਸਰਸਰੀ ਨਜ਼ਰ ਸੁੱਟੀ ਜਾਵੇ।

ਉੱਨੀਵੀਂ ਸਦੀ ਵਿੱਚ ਭਾਸ਼ਾ-ਸਥਿਤੀ

ਸ਼ੁਰੂ ਵਿੱਚ ਹੀ ਇਹ ਸਪੱਸ਼ਟ ਹੋ ਜਾਣਾ ਚਾਹੀਦਾ ਹੈ ਕਿ ਆਧੁਨਿਕ ਹਿੰਦੀ ਵਾਰਤਕ ਦਾ ਲਿਖਿਆ ਜਾਣਾ ਉੱਨੀਵੀਂ ਸਦੀ ਦੀ ਸ਼ੁਰੂਆਤ ਵਿੱਚ ਸ਼ੁਰੂ ਹੋਇਆ। ਆਮ ਤੌਰ ’ਤੇ ਸਾਰੇ ਭਾਸ਼ਾ ਵਿਗਿਆਨੀ ਪ੍ਰਵਾਨ ਕਰਦੇ ਹਨ ਕਿ ਸੰਸਕ੍ਰਿਤ ਪ੍ਰਧਾਨ ਹਿੰਦੀ ਵਾਰਤਕ ਦਾ ਜਨਮ ਮੁਕਾਬਲਤਨ ਹੁਣੇ ਜਿਹੇ ਦੀ ਘਟਨਾ ਹੈ। ਪ੍ਰਸਿੱਧ ਭਾਸ਼ਾ ਮਾਹਰ ਸੁਨੀਤਿ ਕੁਮਾਰ ਚੈਟਰਜੀ ਲਿਖਦੇ ਹਨ – ‘‘ਹਿੰਦੀ ਦਾ ਖੜੀ ਬੋਲੀ ਰੂਪ ਭਾਰਤੀ ਭਾਸ਼ਾਵਾਂ ਵਿੱਚ ਸਭ ਤੋਂ ਨਵਾਂ ਹੈ। ਅਸਲ ਵਿੱਚ 1800 ਈਸਵੀ ਤੋਂ ਪਹਿਲਾਂ ਇਸ ਦੀ ਸਾਹਿਤ ਵਿੱਚ ਵਰਤੋਂ ਨਹੀਂ ਹੁੰਦੀ ਸੀ ਅਤੇ ਇਸ ਦੀ ਪ੍ਰਭਾਵਸ਼ਾਲੀ ਸਾਹਿਤਕ ਵਰਤੋਂ 1850 ਈਸਵੀ ਤੋਂ ਬਾਅਦ ਹੀ ਸ਼ੁਰੂ ਹੋਈ। 1 ਹਿੰਦੀ ਸਾਹਿਤ ਦੇ ਮਹੱਤਵਪੂਰਨ ਇਤਿਹਾਸਕਾਰ ਆਚਾਰਿਆ ਹਜ਼ਾਰੀ ਪ੍ਰਸਾਦ ਦਿਵੇਦੀ ਪ੍ਰਵਾਨ ਕਰਦੇ ਹਨ ਕਿ ‘‘ਉੱਨੀਵੀਂ ਸਦੀ ਦੇ ਸ਼ੁਰੂਆਤੀ ਸਾਲਾਂ ਵਿੱਚ ਅਸਲੀ ਹਿੰਦੀ ਵਾਰਤਕ ਦਾ ਦਾ ਅਰੰਭ ਹੋਇਆ। ਇਸ ਸਮੇਂ ਤੱਕ ਸਾਹਿਤ ਵਿੱਚ ਬ੍ਰਜਭਾਸ਼ਾ ਦਾ ਹੀ ਬੋਲਬਾਲਾ ਸੀ।2 ਆਚਾਰਿਆ ਦਿਵੇਦੀ ਅਨੁਸਾਰ ਇਹ ਵਿਕਾਸ ਭਾਰਤੀ ਸੱਭਿਆਚਾਰ ਅਤੇ ਸਮਾਜ ’ਤੇ ਅੰਗਰੇਜ਼ੀ ਸੱਤਾ ਦੇ ਪ੍ਰਭਾਵ ਦਾ ਨਤੀਜਾ ਸੀ। ਜਯੋਤੀਇੰਦਰ ਦਾਸ ਗੁਪਤਾ ਵੀ ਇਹ ਪ੍ਰਵਾਨ ਕਰਦੇ ਹਨ ਕਿ ‘‘ਪ੍ਰਮਾਣਕ ਸਾਹਿਤਕ ਹਿੰਦੀ ਮੁਕਾਬਲਤਨ ਰੂਪ ਵਿੱਚ ਆਧੁਨਿਕ ਭਾਸ਼ਾ ਹੈ, ਅਤੇ ਮੁਸ਼ਕਲ ਨਾਲ਼ ਡੇਢ ਸੌ ਸਾਲ ਪੁਰਾਣੀ।’’3

ਜੀ.ਏ. ਗਿ੍ਰਯਸਰਨ 4 ਨੇ ਵਿਆਕਰਨ ਦੇ ਅਧਾਰ ’ਤੇ ਹਿੰਦੀ ਨਾਲ਼ ਸਬੰਧਤ ਭਾਸ਼ਾਵਾਂ/ ਬੋਲੀਆਂ ਨੂੰ ਤਿੰਨ ਸਮੂਹਾਂ ਵਿੱਚ ਵੰਡਿਆ ਹੈ ਅਤੇ ਤਿੰਨਾਂ ਨੂੰ ਵੱਖ-ਵੱਖ ਭਾਸ਼ਾਵਾਂ ਦਾ ਦਰਜਾ ਦਿੱਤਾ ਹੈ। ਇਹ ਹਨ – ਬਿਹਾਰੀ, ਪੂਰਬੀ ਹਿੰਦੀ ਅਤੇ ਪੱਛਮੀ ਹਿੰਦੀ।

ਭਾਸ਼ਾ ਦੀ ਨਜ਼ਰ ਤੋਂ ਬਿਹਾਰ ਇੰਡੋ-ਆਰੀਅਨ ਪਰਿਵਾਰ ਦੇ ਪੂਰਬੀ ਸਮੂਹ ਵਿੱਚ ਪੈਂਦਾ ਹੈ। 5 ਜੋ ਭਾਸ਼ਾ/ ਭਾਸ਼ਾਵਾਂ ਬਿਹਾਰ ਅਤੇ ਉਸ ਦੇ ਨੇੜਲੇ ਖੇਤਰਾਂ ਵਿੱਚ ਬੋਲੀਆਂ ਜਾਂਦੀਆਂ ਹਨ ਉਸ ਨੂੰ ਗਿ੍ਰਯਸਰਨ ਨੇ ‘‘ਬਿਹਾਰੀ’’ ਦੇ ਨਾਂ ਨਾਲ਼ ਸੱਦਿਆ। ਬੰਗਲਾ, ਉੜਿਆ ਅਤੇ ਅਸਮਿਆ ਦੀ ਹੀ ਤਰ੍ਹਾਂ ਬਿਹਾਰੀ ਭਾਸ਼ਾ ਵੀ ਪੁਰਾਣੀ ਭਾਸ਼ਾ ਮਾਗਧੀ-ਪ੍ਰਾ¬ਕ੍ਰਤ ਦੀ ਸਿੱਧੀ ਔਲਾਦ ਹੈ। ਇੱਕ ਹੀ ਸ੍ਰੋਤ ਤੋਂ ਵਿਕਸਤ ਹੋਣ ਕਾਰਨ ਬਿਹਾਰੀ ਭਾਸ਼ਾ ਦਾ ਵਿਆਕਰਣਨ ਰੂਪ ਉਪਰੋਕਤ ਭਾਸ਼ਾਵਾਂ ਦੀ ਹੀ ਤਰ੍ਹਾਂ ਹੈ, ਪਰ ਉੱਤਰ-ਪੱਛਮ ਰਾਜ ਤੋਂ ਲਗਾਤਾਰ ਸਮਾਜਕ-ਸੱਭਿਆਚਾਰਕ ਸੰਪਰਕ ਹੋਣ ਕਾਰਨ ਇਸ ’ਤੇ ਪੂਰਬੀ ਹਿੰਦੀ ਦਾ ਪ੍ਰਭਾਵ ਪਿਆ ਹੈ। ਸ਼ਬਦਾਵਲੀ, ਸੁਰ ਵਿਗਿਆਨ ਅਤੇ ਵਿਆਕਰਨ ਦੇ ਨਜ਼ਰੀਏ ਤੋਂ ਬਿਹਾਰੀ ਬੰਗਾਲੀ, ਅਤੇ ਪੂਰਬੀ ਹਿੰਦੀ ਦੇ ਵਿਚਾਲ਼ੇ ਰੱਖੀ ਜਾ ਸਕਦੀ ਹੈ। ਗਿ੍ਰਯਸਰਨ ਨੇ ‘‘ਬਿਹਾਰੀ’’ ਸ਼ਬਦ ਦੀ ਵਰਤੋਂ ਬਿਹਾਰ ਦੀਆਂ ਤਿੰਨੇ ਭਾਸ਼ਾਵਾਂ/ ਬੋਲੀਆਂ – ਮੈਥਿਲੀ, ਮਗਹੀ, ਭੋਜਪੁਰੀ ਦੇ ਸੰਦਰਭ ਵਿੱਚ ਉਨ੍ਹਾਂ ਦੀ ਰਵਾਇਤੀ ਸਮਾਨਤਾ ਨੂੰ ਦੇਖਦੇ ਹੋਏ ਕੀਤਾ ਹੈ। ਭਾਰਤੀ ਸਿੱਖਿਆ ਕਮਿਸ਼ਨ (1882-83) ਅੱਗੇ ਆਪਣਾ ਬਿਆਨ ਪੇਸ਼ ਕਰਨ ਦੇ ਕ੍ਰਮ ਵਿੱਚ ਗਿ੍ਰਯਸਰਨ ਨੇ ਬਿਹਾਰੀ ਭਾਸ਼ਾ ਦੀ ਵੱਖਰੀ ਹੋਂਦ ਨੂੰ ਸਪੱਸ਼ਟ ਕਰਦੇ ਹੋਏ ਕਿਹਾ –

‘‘ਇਹ ਵਿਚਾਰ ਕਿ ਹਿੰਦੀ ਬਿਹਾਰ ਦੀ ਭਾਸ਼ਾ ਹੈ ਕੋਲਬਰੁਕ ਦੇ ਵੇਲ਼ੇ ਤੋਂ ਚੱਲੀ ਆ ਰਹੀ ਇਸ ਗ਼ਲਤ ਧਾਰਨਾ ’ਤੇ ਅਧਾਰਤ ਹੈ ਕਿ ਸਾਰੇ ਭਾਰਤੀਆਂ ਦੀ ਭਾਸ਼ਾ ਇੱਕ ਹੈ। ਬੰਗਲਾ ਦੀ ਵੱਖਰੀ ਹੋਂਦ ਨੂੰ ਸਿੱਧ ਕਰਨ ਵਿੱਚ ਕਾਫ਼ੀ ਸਮਾਂ ਲੱਗਿਆ। ਉਸ ਤੋਂ ਬਾਅਦ ਹੀ ਅਸਮੀ, ਉੜਿਆ ਅਤੇ ਪੰਜਾਬੀ ਦੀ ਖੋਜ ਹੋਈ। ਪਰ ਬਿਹਾਰੀ ਭਾਸ਼ਾ ਵੱਲ ਕਿਸੇ ਦਾ ਧਿਆਨ ਨਹੀਂ ਗਿਆ। ਇਸ ਲਈ ਧਾਰਨਾ ਬਣ ਗਈ ਕਿ ਬਿਹਾਰੀ ਭਾਸ਼ਾ ਵਿੱਚ ਕੋਈ ਸਾਹਿਤ ਨਹੀਂ ਹੈ। ਅਸਲ ਵਿੱਚ ਇਸ ਦਾ ਸਾਹਿਤ ਓਨਾ ਹੀ ਵਿਆਪਕ ਹੈ ਜਿੰਨਾ ਅੰਗਰੇਜ਼ਾਂ ਦੀਆਂ ਕੋਸ਼ਿਸ਼ਾਂ ਤੋਂ ਪਹਿਲਾਂ ਹਿੰਦੀ ਦਾ ਸੀ। ਮਜ਼ੇਦਾਰ ਤੱਥ ਇਹ ਹੈ ਕਿ ਬਿਹਾਰੀ ਸਾਹਿਤ ਦੇ ਸਰਵਉੱਤਮ ਅੰਸ਼ ਨੂੰ ਬੰਗਾਲੀਆਂ ਨੇ ਆਪਣਾ ਮੰਨ ਲਿਆ ਅਤੇ ਇਸ ਦੀ ਹੋਂਦ ਨੂੰ ਉਨ੍ਹਾਂ ਲੋਕਾਂ ਨੇ ਨਕਾਰਿਆ ਜੋ ਹਿੰਦੀ ਨੂੰ ਸਾਰੇ ਦੇਸ਼ ਦੀ ਭਾਸ਼ਾ ਸਿੱਧ ਕਰਨ ਲਈ ਬਜਿੱਦ ਸਨ।’’ 6

ਬਿਹਾਰੀ ਭਾਸ਼ਾ ਸਮੂਹ ਹਿੰਦੀ ਅਤੇ ਬੰਗਲਾ ਨਾਲ਼ੋਂ ਵੱਖਰਾ ਹੈ ਇਸ ਤੱਥ ਨੂੰ ਪ੍ਰਸਿੱਧ ਭਾਸ਼ਾ ਵਿਗਿਆਨੀਆਂ ਏ.ਈ. ਰੂਡੋਲਫ ਹਾਨ੍ਰਲੇ7 ਅਤੇ ਜੀ.ਏ. ਗਿ੍ਰਯਸਰਨ8 ਨੇ ਉੱਨੀਵੀਂ ਸਦੀ ਦੇ ਅੱਠਵੇਂ ਦਹਾਕੇ ਵਿੱਚ ਹੀ ਸਿੱਧ ਕੀਤਾ ਅਤੇ ਆਧੁਨਿਕ ਸਮਾਜਸ਼ਾਸਤਰੀ ਐਲ. ਪੀ. ਵਿਦਿਆਰਥੀ9, ਪਾਲ ਆਰ. ਬ੍ਰਾਸ10 ਆਦਿ ਵੀ ਇਸ ਦੀ ਵੱਖਰੀ ਹੋਂਦ ਨੂੰ ਪ੍ਰਵਾਨਦੇ ਹਨ।

ਉੱਤਰੀ-ਪੱਛਮੀ ਰਾਜ ਅਤੇ ਅਵਧ ਵਿੱਚ ਪੂਰਬੀ ਅਤੇ ਪੱਛਮੀ ਹਿੰਦੀ ਨਾਲ਼ ਸਬੰਧਤ ਅਨੇਕ ਬੋਲੀਆਂ ਜਾਂ ਲੋਕ ਭਾਸ਼ਾਵਾਂ ਦੀ ਵਰਤੋਂ ਕੀਤੀ ਜਾਂਦੀ ਸੀ। ਪੂਰਬੀ ਹਿੰਦੀ ਦੀਆਂ ਤਿੰਨ ਪ੍ਰਮੁੱਖ ਉਪ-ਭਾਸ਼ਾਵਾਂ ਹਨ – ਅਵਧੀ, ਬਘੇਲੀ ਅਤੇ ਛੱਤੀਸਗੜ੍ਹੀ। ਇਨ੍ਹਾਂ ਵਿੱਚ ਅਵਧੀ ਸਭ ਤੋਂ ਪ੍ਰਮੁੱਖ ਹੈ ਜਿਸ ਵਿੱਚ ਮੱਧਕਾਲ ਵਿੱਚ ਮਲਿਕ ਮੁਹੰਮਦ ਜਾਇਸੀ ਅਤੇ ਤੁਲਸੀਦਾਸ ਨੇ ਸ਼ਾਹਕਾਰ ਸਾਹਿਤ ਦੀ ਰਚਨਾ ਕੀਤੀ। ਲਖਨਊ ਦਰਬਾਰ ਦੇ ਪ੍ਰਭਾਵ ਕਾਰਨ ਅਵਧੀ ਸਾਰੇ ਅਵਧ ਦੇ ਹਿੰਦੂੂਆਂ ਅਤੇ ਮੁਸਲਮਾਨਾਂ ਦੀ ਭਾਸ਼ਾ ਬਣ ਗਈ।

ਪੱਛਮੀ ਹਿੰਦੀ ਦਾ ਖੇਤਰ ਪੰਜਾਬ ਦੇ ਸਰਹੰਦ ਤੋਂ ਉੱਤਰੀ-ਪੱਛਮੀ ਰਾਜ ਦੇ ਇਲਾਹਾਬਾਦ ਤੱਕ ਫੈਲਿਆ ਹੋਇਆ ਸੀ। ਇਸ ਦੀਆਂ ਕਈ ਉਪ-ਭਾਸ਼ਾਵਾਂ ਹਨ ਪਰ ਇਨ੍ਹਾਂ ’ਚੋਂ ਪ੍ਰਸਿੱਧ ਬ੍ਰਜਭਾਸ਼ਾ, ਹਿੰਦੁਸਤਾਨੀ ਅਤੇ ਕੰਨੌਜੀ ਤੇ ਬੁੰਦੇਲੀ ਹੈ। ਹਿੰਦੁਸਤਾਨੀ, ਜੋ ਕਿ ਖੜੀ ਬੋਲੀ ’ਤੇ ਅਧਾਰਤ ਹੈ, ਆਧੁਨਿਕ ਕਾਲ ਵਿੱਚ ਸਾਹਿਤਕ ਪ੍ਰਗਟਾਵੇ ਦੇ ਪ੍ਰਮੁੱਖ ਮਾਧਿਅਮ ਵਜੋਂ ਉੱਭਰ ਕੇ ਸਾਹਮਣੇ ਆਈ। ਬ੍ਰਜਭਾਸ਼ਾ ਮੱਧ ਦੋਆਬ ਦੀ ਭਾਸ਼ਾ ਹੈ ਜਿਸ ਦਾ ਮੁੱਖ ਸੱਭਿਆਚਾਰਕ ਕੇਂਦਰ ਮਥੁਰਾ ਹੈ। ਬ੍ਰਜਭਾਸ਼ਾ ਨੇ ਸੂਰਦਾਸ ਅਤੇ ਬਿਹਾਰੀਲਾਲ ਜਿਹੇ ਪ੍ਰਸਿੱਧ ਕਵੀਆਂ ਨੂੰ ਪੈਦਾ ਕੀਤਾ। ਕੰਨੌਜੀ ਕਾਫੀ ਹੱਦ ਤੱਕ ਬ੍ਰਜਭਾਸ਼ਾ ਨਾਲ਼ ਮਿਲ਼ਦੀ ਜੁਲ਼ਦੀ ਹੈ।

ਇਨ੍ਹਾਂ ਭਾਸ਼ਾਵਾਂ ਦਾ ਵਿਕਾਸ 14ਵੀਂ ਸਦੀ ਦੇ ਅੱਧ ਤੱਕ ਚੱਲਣ ਵਾਲ਼ੀ ਭਗਤੀ ਲਹਿਰ ਦਾ ਨਤੀਜਾ ਹੈ। ਭਗਤੀ ਲਹਿਰ ਦੇ ਮੋਹਰੀ ਸੰਤ ਵੱਖ-ਵੱਖ ਸਮਾਜਕ ਪਿਛੋਕੜਾਂ ’ਚੋਂ ਆਏ ਸਨ ਪਰ ਉਨ੍ਹਾਂ ’ਚੋਂ ਜ਼ਿਆਦਾਤਕ ਦਸਤਕਾਰ ਜਮਾਤ ’ਚੋਂ ਸਨ ਜਾਂ ਖੇਤੀ ਦੇ ਕੰਮ ਨਾਲ਼ ਸਬੰਧਤ ਸਨ। ਕੁਝ ਬ੍ਰਾਹਮਣਾਂ ਨੇ ਵੀ ਭਗਤੀ ਲਹਿਰ ਵਿੱਚ ਹਿੱਸਾ ਲਿਆ ਪਰ ‘‘ਮੁੱਖ ਰੂਪ ਵਿੱਚ ਭਗਤੀ ਲਹਿਰ ਦੇ ਸੰਤ ਅਤੇ ਉਨ੍ਹਾਂ ਦੇ ਪੈਰੋਕਾਰ ਹੇਠਲੀਆਂ ਜਾਤਾਂ ’ਚੋਂ ਹੀ ਸਨ।”11

ਇਨ੍ਹਾਂ ਸੰਤਾਂ ਨੇ ਜਾਤ ਪ੍ਰਬੰਧ ਦਾ ਵਿਰੋਧ ਕਰਦੇ ਹੋਏ ਸਮਾਜਕ ਬਰਾਬਰੀ ਦੀ ਪੈਰਵੀ ਕੀਤੀ। ਇਨ੍ਹਾਂ ਨੇ ਧਾਰਮਿਕ ਕੱਟੜਤਾ, ਅੰਧਵਿਸ਼ਵਾਸ ਅਤੇ ਕਰਮਕਾਂਡਾਂ ਦਾ ਵਿਰੋਧ ਕੀਤਾ। ਇਨ੍ਹਾਂ ਸਾਰਿਆਂ ਸੰਤ ਭਗਤਾਂ ਦੀ ਇੱਕ ਮਹੱਤਵਪੂਰਨ ਇੱਕੋ ਜਿਹੀ ਵਿਸ਼ੇਸ਼ਤਾ ਇਹ ਸੀ ਕਿ ਉਨ੍ਹਾਂ ਦੀ ਸਿੱਖਿਆ ਪੂਰੀ ਤਰ੍ਹਾਂ ਲੋਕ ਭਾਸ਼ਾਵਾਂ ਵਿੱਚ ਸੀ। ਉਨ੍ਹਾਂ ਨੇ ਆਪਣੇ ਸਾਹਿਤਿਕ ਪ੍ਰਗਟਾਵੇ ਦਾ ਮਾਧਿਅਮ ਵੀ ਲੋਕ ਭਾਸ਼ਾਵਾਂ ਨੂੰ ਹੀ ਬਣਾਇਆ। ਇਨਕਲਾਬੀ ਸਮਾਜ ਸੁਧਾਰਕ ਅਤੇ ਮੋਹਰੀ ਭਗਤ ਕਵੀ ਕਬੀਰ ਦਾਸ ਨੇ ਕਿਹਾ ‘‘ਸੰਸਕ੍ਰਿਤ ਹੈ ਕੂਪ ਜਲ, ਭਾਸ਼ਾ ਬਹਿਤਾ ਨੀਰ।’’ ਅਰਥਾਤ ਸੰਸਕ੍ਰਿਤ ਖੂਹਾਂ ਦੇ ਪਾਣੀ ਜਿਹੀ (ਸੀਮਤ) ਹੈ ਅਤੇ ਲੋਕ ਭਾਸ਼ਾ ਵਗਦੇ ਹੋਏ ਪਾਣੀ ਦੀ ਤਰ੍ਹਾਂ (ਵਿਆਪਕ) ਹੈ। ਏਸੇ ਤਰ੍ਹਾਂ ਮਹਾਨ ਕਵੀ ਵਿਦਿਆਪਤੀ ਨੇ ਕਿਹਾ –

‘‘ਸੱਕਆ ਪਾਣੀ ਬਹੁਅਣ ਭਾਵਈ, ਪਾਉਅ ਰਸ ਕੋ ਮੱਮਣ ਪਾਵਈ।
ਦੇਸਿਲ ਬਯਨਾ ਸਭ ਜਨ ਮਿੱਠਾ, ਤੇ ਤੇਸਨ ਜਮਪੇਉਂ ਅਵਹਟੱਠਾ।’’

ਅਰਥਾਤ ਸੰਸਕ੍ਰਿਤ ਬਹੁਤਿਆਂ ਨੂੰ ਖੁਸ਼ ਨਹੀਂ ਕਰ ਸਕਦੀ, ਪ੍ਰਾ¬ਕ੍ਰਤ ਨੀਰਸ ਹੈ ਦੇਸ਼ਜ ਭਾਸ਼ਾ ਸਭਨਾਂ ਨੂੰ ਮਿੱਠੀ ਲਗਦੀ ਹੈ। ਇਹ ਭਗਤ ਕਵੀ ਲੋਕ ਸੰਪਰਕ ਵਿੱਚ ਭਰੋਸਾ ਰੱਖਦੇ ਸਨ। ਇਸ ਲਈ ਇਨ੍ਹਾਂ ਨੂੰ ਲੋਕ ਭਾਸ਼ਾਵਾਂ ਦੀ ਵਰਤੋਂ ਜ਼ਰੂਰੀ ਲੱਗੀ। ਇਨ੍ਹਾਂ ਦੀਆਂ ਕੋਸ਼ਿਸ਼ਾਂ ਦੇ ਨਤੀਜੇ ਵਜੋਂ ਇਨ੍ਹਾਂ ਭਾਸ਼ਾਵਾਂ ਵਿੱਚ ਉੱਚ ਪੱਧਰੀ ਸਾਹਿਤ ਦੀ ਰਚਨਾ ਹੋਈ। ਇਹ ਇਸ ਤੱਥ ਨੂੰ ਸਿੱਧ ਕਰਦਾ ਹੈ ਕਿ ਲੋਕ ਭਾਸ਼ਾਵਾਂ ਨਾ ਸਿਰਫ਼ ਆਮ ਲੋਕਾਂ ਦੀਆਂ ਸਮਾਜਕ-ਸੱਭਿਆਚਾਰਕ ਲੋੜਾਂ ਨੂੰ ਪੂਰਾ ਕਰਨ ਵਿੱਚ ਸਮਰੱਥ ਸਨ ਸਗੋਂ ਡੂੰਘੇ ਅਧਿਆਤਮਕ ਰਹੱਸਾਂ ਅਤੇ ਸੂਖ਼ਮ ਫ਼ਲਸਫਾਈ ਸੰਕਲਪਾਂ ਜਿਵੇ ਆਤਮਾ, ਬ੍ਰਹਮ ਮੁਕਤੀ ਦੀ ਵੀ ਵਿਆਖਿਆ ਕਰਨ ਵਿੱਚ ਸਮਰੱਥ ਸਨ। ਇਹ ਭਾਸ਼ਾਵਾਂ ਆਮ ਲੋਕਾਂ ਅਤੇ ਉਨ੍ਹਾਂ ਦੇ ਸਮਾਜਕ-ਸੱਭਿਆਚਾਰਕ ਆਗੂਆਂ ਦਰਮਿਆਨ ਸਦੀਆਂ ਤੱਕ ਪ੍ਰਭਾਵਸ਼ਾਲੀ ਸੰਪਰਕ ਸੂਤਰ ਵਜੋਂ ਕਾਰਜ ਕਰਦੀਆਂ ਰਹੀਆਂ।

ਵੱਖ-ਵੱਖ ਲੋਕ ਭਾਸ਼ਾਵਾਂ ਨੂੰ ਬੋਲਣ ਵਾਲ਼ਿਆਂ ਦੀ ਗਿਣਤੀ ਅਤੇ ਇਨ੍ਹਾਂ ਦਾ ਭਗੋਲਿਕ ਵਿਸਥਾਰ ਇਨ੍ਹਾਂ ਦੀ ਸਮਰੱਥਾ, ਪ੍ਰਭਾਵ ਅਤੇ ਸੰਭਾਵਨਾਵਾਂ ਨੂੰ ਸਰਲਤਾ ਨਾਲ਼ ਸਿੱਧ ਕਰਦੇ ਹਨ। ਗਿ੍ਰਯਸਰਨ ਦੁਆਰਾ ਦਿੱਤੇ ਗਏ ਅੰਕੜਿਆਂ ਤੋਂ ਇਹ ਤੱਥ ਸਪਸ਼ਟ ਹੋ ਜਾਂਦਾ ਹੈ।

ਭਾਸ਼ਾ ਬੋਲਣ ਵਾਲ਼ਿਆਂ ਦੀ ਗਿਣਤੀ ਭਗੋਲਿਕ ਵਿਸਥਾਰ

ਮੈਥਿਲੀ 1,0000,000
ਮਗਹੀ 6,239,967
ਭੋਜਪੁਰੀ 20,000,000
ਬਿਹਾਰੀ 12 36,239,967 90,000 ਵਰਗ ਮੀਲ
ਅਵਧੀ 1,143,548
ਬਘੇਲੀ 4,612,756
ਛੱਤੀਸਗੜ੍ਹੀ 3,755,343
ਪੂਰਵੀ ਹਿੰਦੀ 13 9,511,647 1,87,500 ਵਰਗ ਮੀਲ
ਹਿੰਦੁਸਤਾਨੀ 16,633,163
ਬਘੇਲੀ (ਬੰਗਾਰੂ) 2,165,784
ਬ੍ਰਜਭਾਸ਼ਾ 7,864,500
ਕੰਨੌਜੀ 4,481,500
ਬੁੰਦੇਲੀ 6,869,201
ਪੱਛਮੀ ਹਿੰਦੀ 14 38,013,922 2,00,000 ਵਰਗ ਮੀਲ

ਲੋਕ ਭਾਸ਼ਾਵਾਂ ਦੀ ਉਪਯੋਗਤਾ

ਇਹ ਲੋਕ ਭਾਸ਼ਾਵਾਂ ਆਮ ਲੋਕਾਂ ਦੀਆਂ ਸਾਰੀਆਂ ਸਮਾਜਕ-ਸੱਭਿਆਚਾਰਕ ਲੋੜਾਂ ਨੂੰ ਪੂਰਾ ਕਰਨ ਵਿੱਚ ਸਮਰੱਥ ਸਨ। ਪੇਂਡੂ ਖੇਤਰ ਦੇ ਜ਼ਿਆਦਾਤਰ ਦੇਸੀ ਸਕੂਲਾਂ ਵਿੱਚ ਸਿੱਖਿਆ ਦਾ ਮਾਧਿਅਮ ਇਹ ਲੋਕ ਭਾਸ਼ਾਵਾਂ ਹੀ ਸਨ। ਬਿਹਾਰ ਦੇ ਵਰਨਾਕੂਲਰ ਸਕੂਲਾਂ ਵਿੱਚ ਸਿੱਖਿਆ ਹਿੰਦੀ ਵਿੱਚ ਨਹੀਂ ਸਗੋਂ ਬਿਹਾਰੀ ਭਾਸ਼ਾਵਾਂ ਵਿੱਚ ਦਿੱਤੀ ਜਾਂਦੀ ਸੀ ਭਾਵੇਂ ਬਸਤੀਵਾਦੀ ਹਾਕਮਾਂ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਸਿੱਖਿਅਤ ਭਾਰਤੀਆਂ ਨੇ ਹਰ ਸੰਭਵ ਕੋਸ਼ਿਸ਼ ਕੀਤੀ ਕਿ ਸਕੂਲਾਂ ਵਿੱਚ ਸੰਸਕ੍ਰਿਤ ਪ੍ਰਧਾਨ ਖੜੀ ਬੋਲੀ ਵਿੱਚ ਹੀ ਸਿੱਖਿਆ ਦਿੱਤੀ ਜਾਵੇ। ਗਿ੍ਰਯਸਰਨ ਨੇ 1882 ਈਸਵੀ ਵਿੱਚ ਹੰਟਰ ਕਮਿਸ਼ਨ ਅੱਗੇ ਆਪਣੇ ਬਿਆਨ ਵਿੱਚ ਕਿਹਾ ਸੀ –

‘‘ਬਿਹਾਰ ਦੇ ਸਰਕਾਰੀ ਸਕੂਲਾਂ ਵਿੱਚ ਜਿਸ ਹਿੰਦੀ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ ਉਹ ਬਿਹਾਰੀਆਂ ਦੀ ਭਾਸ਼ਾ ਨਹੀਂ ਹੈ। ਦੇਸੀ ਵਰਨਾਕੂਲਰ ਸਕੂਲਾਂ ਵਿੱਚ ਸਿੱਖਿਆ ਦਾ ਮਾਧਿਅਮ ਹਿੰਦੀ ਨਹੀਂ ਹੈ ਸਗੋਂ ਬਿਹਾਰੀ ਹੈ। ਇਨ੍ਹਾਂ ਦੇਸੀ ਸਕੂਲਾਂ ਵਿੱਚ ਪਾਠ ਪੁਸਤਕਾਂ ਦੁਆਰਾ ਸਿੱਖਿਆ ਨਹੀਂ ਦਿੱਤੀ ਜਾਂਦੀ, ਇਸ ਲਈ ਸਰਕਾਰੀ ਸਕੂਲਾਂ ਦੀ ਤਰ੍ਹਾਂ ਸਿੱਖਿਆ ਦੇਣ ਲਈ ਹਿੰਦੀ ਦੀ ਵਰਤੋਂ ਨਹੀਂ ਕੀਤੀ ਜਾਂਦੀ।’’

ਇਨ੍ਹਾਂ ਦੋ ਤਰ੍ਹਾਂ ਦੇ ਸਿੱਖਿਆ ਢਾਂਚਿਆਂ ਦੇ ਵੱਖ-ਵੱਖ ਸਮਾਜਕ ਪਿਛੋਕੜ ਨੂੰ ਸਪੱਸ਼ਟ ਕਰਦੇ ਹੋਏ ਗਿ੍ਰਯਸਰਨ ਨੇ ਕਿਹਾ – ‘‘ਦੋ ਤਰ੍ਹਾਂ ਦੇ ਬੱਚੇ ਆਮ ਤੌਰ ’ਤੇ ਪ੍ਰਾਇਮਰੀ ਸਕੂਲ ਜਾਂਦੇ ਸਨ, ਪਹਿਲਾ ਪੇਂਡੂ ਖੇਤਰ ਦੇ ਬਸ਼ਿੰਦਿਆਂ ਦੇ ਮੁੰਡੇ ਜੋ ਦੇਸੀ ਪ੍ਰਾਇਮਰੀ ਸਕੂਲ ਪਸੰਦ ਕਰਦੇ ਸਨ। ਇਨ੍ਹਾਂ ਵਿੱਚ ਵਿਦਿਆਰਥੀਆਂ ਨੂੰ ਮਾਂ-ਬੋਲੀ ਵਿੱਚ ਸਿੱਖਿਆ ਦਿੱਤੀ ਜਾਂਦੀ ਸੀ। ਦੂਜਾ ਤਬਕਾ ਜ਼ਿਆਦਾ ਖਾਹਿਸ਼ੀ ਮੁੰਡਿਆਂ ਦਾ ਸੀ ਜੋ ਮੁਕਾਬਲਤਨ ਰੂੂਪ ਵਿੱਚ ਪੜ੍ਹੇ ਲਿਖੇ ਤਬਕੇ ਦੇ ਬੱਚੇ ਸਨ। ਇਹ ਸਰਕਾਰੀ ਸਕੂਲ ਜਾਂਦੇ ਸਨ -ਜਿੱਥੇ ਸਿੱਖਿਆ ਦਾ ਮਾਧਿਅਮ ਮਾਂ- ਬੋਲੀ ਨਹੀਂ ਸੀ।’’15

18 ਅਗਸਤ, 1881 ਦਾ ਬਿਹਾਰ ਬੰਧੂ ਇਨ੍ਹਾਂ ਦੋ ਤਰ੍ਹਾਂ ਦੀਆਂ ਭਾਸ਼ਾਵਾਂ ਦੀ ਵਰਤੋਂ ਕਰਨ ਵਾਲ਼ਿਆਂ ਦੇ ਵੱਖ-ਵੱਖ ਸਮਾਜਕ ਪਿਛੋਕੜ ਬਾਰੇ ਏਸੇ ਤਰ੍ਹਾਂ ਵਿਚਾਰ ਕਰਦਾ ਹੈ। ਇਹ ਸਾਨੂੰ ਦੱਸਦਾ ਹੈ ਕਿ ਸਾਰਸਵਤ, ਗੌੜ, ਸ਼ਕਦੀਪੀ ਅਤੇ ਕੰਨੌਜੀਆ ਬ੍ਰਾਹਮਣ ਜੋ ਸਿੱਧੇ ਪੈਦਾਵਾਰੀ ਕਾਰਜ ਵਿੱਚ ਲੱਗੇ ਹਨ ਅਤੇ ਸਰੀਰਕ ਮਿਹਨਤ ਕਰਦੇ ਹਨ, ਆਮ ਲੋਕਾਂ ਦੀ ਭਾਸ਼ਾ ਦੀ ਵਰਤੋਂ ਕਰਦੇ ਹਨ। ਖੱਤਰੀ ਅਤੇ ਕਾਇਸਥਾਂ ਦੀ ਇਹ ਜਮਾਤ ਜੋ ਪਿੰਡਾਂ ਵਿੱਚ ਰਹਿੰਦੀ ਹੈ ਲੋਕ ਭਾਸ਼ਾਵਾਂ ਦੀ ਵਰਤੋਂ ਕਰਦੀ ਹੈ, ਪਰ ਸ਼ਹਿਰਾਂ ਵਿੱਚ ਰਹਿਣ ਵਾਲ਼ੇ ਖੱਤਰੀ ਅਤੇ ਕਾਇਸਥ ਹਿੰਦੀ ਦੀ ਵਰਤੋਂ ਕਰਦੇ ਹਨ। ਬਾਣੀਆਂ ਦੀ ਹੇਠਲੀ ਜਮਾਤ ਜਿਵੇਂ ਕਲਵਾਰ, ਵਰਣਕਾਰ ਆਦਿ ਅਤੇ ਨੀਵੀਆਂ ਜਾਤਾਂ ਜਿਵੇਂ ਘੁਮਾਰ, ਕੁਰਮੀ, ਧਾਨੁਕ, ਤੇਲੀ, ਤੰਬੋਲੀ, ਹਲਵਾਈ ਆਦਿ ਭੋਜਪੁਰੀ, ਮਗਹੀ, ਮੈਥਿਲੀ ਜਿਹੀਆਂ ਪੇਂਡੂ ਭਾਸ਼ਾਵਾਂ ਦੀ ਵਰਤੋਂ ਕਰਦੇ ਹਨ।16

ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਉੱਚ ਜਮਾਤ, ਜੋ ਕਿਸੇ ਵੀ ਤਰ੍ਹਾਂ ਦੀ ਸਰੀਰਕ ਮਿਹਨਤ ਨਹੀਂ ਕਰਦੀ ਸੀ, ਹਿੰਦੀ ਭਾਸ਼ਾ ਨੂੰ ਪਸੰਦ ਕਰਦੀ ਸੀ। ਪਰ ਕਿਸਾਨ, ਮਜ਼ਦੂਰ, ਦਸਤਕਾਰ, ਛੋਟੇ ਦੁਕਾਨਦਾਰ ਆਪਣੀਆਂ ਸੱਭਿਆਚਾਰਕ, ਸਮਾਜਕ ਅਤੇ ਆਰਥਿਕ ਸਰਗਰਮੀਆਂ ਲਈ ਲੋਕ ਭਾਸ਼ਾਵਾਂ ਦੀ ਹੀ ਵਰਤੋਂ ਕਰਦੇ ਸਨ।

ਅਵਧ ਅਤੇ ਉੱਤਰੀ-ਪੱਛਮੀ ਸੂਬਾ ਲੰਮੇ ਸਮੇਂ ਤੱਕ ਸਿੱਧੇ ਮੁਸਲਿਮ ਹਾਕਮਾਂ ਦੇ ਅਧੀਨ ਰਿਹਾ। ਇਸ ਲਈ ਇਹ ਖੇਤਰ ਪਰਸ਼ੀਅਨ ਸੱਭਿਆਚਾਰ ਤੋਂ ਮੁਕਾਬਲਤਨ ਜ਼ਿਆਦਾ ਪ੍ਰਭਾਵਤ ਰਿਹਾ। ਨਤੀਜੇ ਵਜੋਂ ਇਹ ਖੇਤਰ ਹਿੰਦੂ ਅਤੇ ਮੁਸਲਮ ਸੱਭਿਆਚਾਰਾਂ ਦੇ ਸੁਮੇਲ਼ ਦਾ ਕੇਂਦਰ ਰਿਹਾ। ਇਸ ਸੁਮੇਲ਼ ਦਾ ਇੱਕ ਮਹੱਤਵਪੂਰਨ ਨਤੀਜਾ ਸੀ ਹਿੰਦੁਸਤਾਨੀ ਭਾਸ਼ਾ ਦਾ ਵਿਕਾਸ। ਇਹ ਸ਼ਹਿਰੀ ਖੇਤਰਾਂ ਵਿੱਚ ਰਹਿਣ ਵਾਲ਼ੇ ਹਿੰਦੁੂਆਂ ਅਤੇ ਮੁਸਲਮਾਨਾਂ ਦੋਵਾਂ ਦੁਆਰਾ ਹੀ ਆਮ ਤੌਰ ’ਤੇ ਵਰਤੋਂ ਵਿੱਚ ਲਿਆਂਦੀ ਜਾਂਦੀ ਸੀ। ਪਰ ਅਵਧ ਅਤੇ ਉੱਤਰੀ-ਪੱਛਮੀ ਸੂਬੇ ਦੀ ਬਹੁਗਿਣਤੀ ਲੋਕਾਂ ਦੀ ਭਾਸ਼ਾ ਅਵਧੀ ਅਤੇ ਬ੍ਰਜਭਾਸ਼ਾ ਹੀ ਸੀ ਅਤੇ ਏਥੇ ਦੇ ਦੇਸੀ ਪ੍ਰਾਇਮਰੀ ਸਕੂਲਾਂ ਵਿੱਚ ਇਨ੍ਹਾਂ ਲੋਕ ਭਾਸ਼ਾਵਾਂ ਦੀ ਵਰਤੋਂ ਵੱਡੀ ਪੱਧਰ ’ਤੇ ਕੀਤੀ ਜਾਂਦੀ ਸੀ। ਐੱਸ. ਐੱਨ. ਚਤੁਰਵੇਦੀ17, ਜਿਨ੍ਹਾਂ ਨੇ ਖੁਦ ਤਿੰਨ ਤਰ੍ਹਾਂ ਦੇ ਦੇਸੀ ਸਕੂਲਾਂ ਵਿੱਚ ਸਿੱਖਿਆ ਪ੍ਰਾਪਤ ਕੀਤੀ ਸੀ, ਦੱਸਦੇ ਹਨ ਕਿ ਵਰਣਾਂ ਜਾਂ ਅੱਖਰਾਂ ਅਤੇ ਮਾਤਰਾਵਾਂ ਨੂੰ ਕਵਿਤਾ ਦੀਆਂ ਸਤਰਾਂ ਦੇ ਮਾਧਿਅਮ ਨਾਲ਼ ਸਿਖਾਇਆ ਜਾਂਦਾ ਸੀ ਜਿਨ੍ਹਾਂ ਨੂੰ ਬਾਰਾਂਖੜੀ ਜਾਂ ਦਵਾਦਸ਼ ਕਿਹਾ ਅੱਖਰੀ ਕਿਹਾ ਜਾਂਦਾ ਸੀ। ਇਹ ਕਈ ਤਰ੍ਹਾਂ ਦੀਆਂ ਹੁੰਦੀਆਂ ਸਨ। ਕੁਝ ਮਹਾਂਪੁਰਖਾਂ ਦੀਆਂ ਜੀਵਨੀਆਂ ਨਾਲ਼ ਸਬੰਧਤ ਸਨ ਤਾਂ ਕੁਝ ਨੈਤਿਕ ਸਿੱਖਿਆ ਨਾਲ਼। ਇੱਥੇ ਇਹ ਜ਼ਿਕਰਯੋਗ ਹੈ ਕਿ ਇਹ ਬਾਰਾਂਖੜੀ ਅਵਧੀ ਜਾਂ ਬ੍ਰਜਭਾਸ਼ਾ ਵਿੱਚ ਸਨ, ਹਿੰਦੀ ਵਿੱਚ ਨਹੀਂ। ਉਦਾਹਰਣ ਵਜੋਂ –

ਦ. ਦੱਦਾ ਦੋਸ਼ ਨੀ ਦੀਜੇ ਕਾਹੂ
ਦੋਸ ਕਰਮ ਆਪਨੇ ਹੀ।
ਜ. ਜੱਜਾ ਜਪੇ ਸੋਈ ਗਤੀ ਪਾਵੇ।
ਸ. ਸੱਸਾ ਸਾਧੂ ਸੰਗ ਪਾਵੇ ਜਨ ਕੋਈ।

ਬੁਕਨਨ18 ਸਾਨੂੰ ਦੱਸਦੇ ਹਨ ਕਿ ਉੱਤਰੀ-ਪੱਛਮੀ ਰਾਜ ਦੇ ਗੋਰਖਪੁਰ ਖੇਤਰ ਦੇ ‘‘ਹਿੰਦੀ’’ ਸਕੂਲਾਂ ਦੇ ਵਿਦਿਆਰਥੀ ਛੋਟੀ ਉਮਰ ਤੋਂ ਹੀ ਤੁਲਸੀਦਾਸ, ਕੇਸ਼ਵਦਾਸ, ਬਿਹਾਰੀ ਆਦਿ ਦੀਆਂ ਰਚਨਾਵਾਂ ਦਾ ਸਵਰ ਪਾਠ ਕਰਦੇ ਸਨ। ਇਥੇ ਇਹ ਤੱਥ ਜ਼ਿਕਰਯੋਗ ਹੈ ਕਿ ਇਨ੍ਹਾਂ ਕਵੀਆਂ ਦੀਆਂ ਰਚਨਾਵਾਂ ਜਾਂ ਤਾਂ ਅਵਧੀ ਵਿੱਚ ਹਨ ਜਾਂ ਬ੍ਰਜਭਾਸ਼ਾ ਵਿੱਚ। ਦੇਸੀ ਸਕੂਲਾਂ ਵਿੱਚ ਪੜ੍ਹਾਈਆਂ ਜਾਣ ਵਾਲੀਆਂ ਕਿਤਾਬਾਂ ਜਿਵੇਂ ਸੁਦਾਮਾ ਚਰਿਤ, ਸੁੰਦਰ ਸੁਦਾਮਾ, ਸੁੰਦਰ ਕਾਂਡ, ਦਧਿ ਲੀਲਾ ਆਦਿ ਕਿਤਾਬਾਂ ਬ੍ਰਜਭਾਸ਼ਾ, ਅਵਧੀ, ਮੈਥਿਲੀ ਜਿਹੀਆਂ ਲੋਕ ਭਾਸ਼ਾਵਾਂ ਵਿੱਚ ਸਨ, ਨਾ ਕਿ ਖੜੀ ਬੋਲੀ ਜਾਂ ਹਿੰਦੁਸਤਾਨੀ ਵਿੱਚ।

ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਇਹ ਲੋਕ ਭਾਸ਼ਾਵਾਂ ਬਿਹਾਰ ਅਤੇ ਉੱਤਰੀ-ਪੱਛਮੀ ਰਾਜ ਦੇ ਬਹੁਗਿਣਤੀ ਲੋਕਾਂ ਦੀਆਂ ਸਮਾਜਕ-ਸੱਭਿਆਚਾਰਕ ਲੋੜਾਂ ਨੂੰ ਪੂਰਾ ਕਰਨ ਵਿੱਚ ਸਮਰੱਥ ਸਨ। ਦੇਸੀ ਵਰਨਾਕੂਲਰ ਸਕੂਲਾਂ ਵਿੱਚ ਇਹੀ ਭਾਸ਼ਾਵਾਂ ਸਿੱਖਿਆ ਦੇ ਮਾਧਿਅਮ ਵਜੋਂ ਵਰਤੋਂ ਵਿੱਚ ਲਿਆਇਆਂ ਜਾਂਦੀਆਂ ਰਹੀਆਂ, ਪਰ ਬਸਤੀਵਾਦੀ ਹਾਕਮਾਂ ਅਤੇ ਅੰਗਰੇਜ਼ੀ ਪੜ੍ਹੇ ਭਾਰਤੀਆਂ ਨੇ ਇਨ੍ਹਾਂ ਭਾਸ਼ਾਵਾਂ ਨੂੰ ‘‘ਅਛੂਤ’’, ‘‘ਵਹਿਸ਼ੀ’’ ਅਤੇ ‘‘ਗੰਵਾਰਾਂ ਦੀ ਭਾਸ਼ਾ’’ ਕਹਿੰਦੇ ਹੋਏ ਇਨ੍ਹਾਂ ਭਾਸ਼ਾਵਾਂ ਨੂੰ ਆਪਣੇ ਨਵੇਂ ਸੱਭਿਆਚਾਰਕ ਸੰਸਾਰ ਨੂੰ ਪ੍ਰਗਟਾਉਣ ਵਿੱਚ ਅਸਮਰੱਥ ਦੇਖਿਆ।

ਇਹ ਨਵਾਂ ਮੱਧਵਰਗ ਬੁਨਿਆਦੀ ਤੌਰ ’ਤੇ ਨਵੇਂ ਜਗੀਰਦਾਰਾਂ, ਜੋ ਜ਼ਰੱਈ ਢਾਂਚੇ ਅਤੇ ਨਵੇਂ ਮਾਲੀਆ ਨਿਯਮਾਂ ਦੀ ਪੈਦਾਵਾਰ ਸਨ19, ਅਤੇ ਅੰਗਰੇਜ਼ੀ ਪੜ੍ਹੇ ਭਾਰਤੀਆਂ ਦਾ ਸੀ, ਜੋ ਲਗਾਤਾਰ ਫੈਲਦੇ ਪ੍ਰਸ਼ਾਸਨਿਕ ਅਤੇ ਨਿਆਇਕ ਦਫ਼ਤਰਾਂ ਵਿੱਚ ਕੰਮ ਕਰਦੇ ਸਨ ਜਾਂ ਕਰਨ ਦੀ ਇੱਛਾ ਰੱਖਦੇ ਸਨ। ਇਹ ਨਵਾਂ ਮੱਧਵਰਗ ਕਈ ਪ੍ਰਭਾਵਸ਼ਾਲੀ ਜਾਤਾਂ ਜਿਵੇਂ ਬ੍ਰਾਹਮਣ, ਰਾਜਪੂਤ, ਕਾਇਸਥ, ਉੱਚ ਜਮਾਤੀ ਬਾਣੀਆਂ ਦਾ ਮਿਸ਼ਰਣ ਸੀ ਜੋ ਆਪਣੇ ਰਵਾਇਤੀ ਸਮਾਜਕ ਚੌਗਿਰਦੇ ਨਾਲ਼ੋਂ ਟੁੱਟ ਚੁੱਕਿਆ ਸੀ। ਕਈ ਜਾਤਾਂ ਦਾ ਸਮੂਹ ਹੋਣ ਕਾਰਨ ਰਵਾਇਤੀ ਬ੍ਰਾਹਮਣ ਸੱਭਿਆਚਾਰ ਇਨ੍ਹਾਂ ਦੀਆਂ ਸੱਭਿਆਚਾਰਕ-ਸਮਾਜਕ ਲੋੜਾਂ ਨੂੰ ਪੂਰਾ ਕਰਨ ਵਿੱਚ ਸਮਰੱਥ ਨਹੀਂ ਸੀ। ਇਹ ਜਮਾਤ ਇੱਕ ਸੱਭਿਆਚਾਰਕ-ਸੰਕਟ ਦਾ ਸਾਹਮਣਾ ਕਰ ਰਹੀ ਸੀ। ਇਸ ਸੰਕਟ ਨੂੰ ਖਤਮ ਕਰਨ ਦੀ ਕੋਸ਼ਿਸ਼ ਵਿੱਚ ਇਨ੍ਹਾਂ ਨੇ ਇੱਕ ਨਵੀਂ ਭਾਸ਼ਾ ਦਾ ਵਿਕਾਸ ਕਰਨ ਦੀ ਕੋਸ਼ਿਸ਼ ਕੀਤੀ ਜਿਸ ਦਾ ਅਧਾਰ ਦਿੱਲੀ ਖੇਤਰ ਦੀ ਖੜੀ ਬੋਲੀ ਨੂੰ ਬਣਾਇਆ। ਇਸ ਭਾਸ਼ਾ ਨੂੰ ਗੁੰਝਲ਼ਦਾਰ ਬਣਾਉਣ ਦੀ ਕੋਸ਼ਿਸ਼ ਪੁਰਾਤਨ ਭਾਸ਼ਾਵਾਂ ਤੋਂ ਵੱਡੀ ਗਿਣਤੀ ਵਿੱਚ ਸ਼ਬਦਾਂ ਨੂੰ ਬਰਾਮਦ ਕਰਕੇ ਕੀਤੀ ਗਈ।

ਹਿੰਦੀ ਦਾ ਤਤਸਮੀਕਰਣ

ਇਸ ਅਖੌਤੀ ਸੁਚੱਜੀ ਭਾਸ਼ਾ ਹਿੰਦੀ ਦਾ ਵਿਕਾਸ ਇਸ ਡੂੰਘੇ ਵਿਵਾਦ ਦੇ ਵਿਚਕਾਰ ਹੋਇਆ ਕਿ ਇਸ ਵਿੱਚ ਸੰਸਕ੍ਰਿਤ ਸ਼ਬਦਾਂ ਦੀ ਵਰਤੋਂ ਕੀਤੀ ਜਾਵੇ ਜਾਂ ਫਾਰਸੀ ਸ਼ਬਦਾਂ ਦੀ। ਉੱਚ ਜਾਤ ਦੇ ਹਿੰਦੂਆਂ, ਮੁੱਖ ਤੌਰ ’ਤੇ ਬ੍ਰਾਹਮਣਾਂ ਨੇ ਸੰਸਕ੍ਰਿਤ ਸ਼ਬਦਾਂ ਦੀ ਵੱਡੀ ਪੱਧਰ ’ਤੇ ਵਰਤੋਂ ਸ਼ੁਰੂ ਕੀਤੀ ਤਾਂ ਦੂਜੇ ਸਮੂਹ ਨੇ ਜਿਸ ਵਿੱਚ ਬੁਨਿਆਦੀ ਤੌਰ ’ਤੇ ਮੁਸਲਮਾਨ ਅਤੇ ਕਾਇਸਥ ਸਨ, ਫਾਰਸੀ-ਅਰਬੀ ਸ੍ਰੋਤਾਂ ਤੋਂ ਸ਼ਬਦਾਂ ਨੂੰ ਲੈਣਾ ਸ਼ੁਰੂ ਕੀਤਾ। ਭਾਰਤਇੰਦੂ ਹਰੀਸ਼ਚੰਦਰ ਨੇ ਆਪਣੇ ਇੱਕ ਲੇਖ ‘‘ਹਿੰਦੀ ਭਾਸ਼ਾ’’20 (1883) ਵਿੱਚ ਇਸ ਵਿਵਾਦ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਦੋਵੇਂ ਸਮੂਹ ਆਪਣੀ-ਆਪਣੀ ਇੱਛਾ ਅਨੁਸਾਰ ਹਿੰਦੀ ਲਿਖ ਰਹੇ ਸਨ। ਇਸ ਹਾਲਤ ਵਿੱਚ ਇੱਕ ਸਧਾਰਨ, ਹਰਮਨ ਪਿਆਰੀ ਭਾਸ਼ਾ ਦਾ ਵਿਕਾਸ ਔਖਾ ਹੈ।

ਤਤਸਮ ਪ੍ਰਧਾਨ ਹਿੰਦੀ ਦੇ ਵਿਕਾਸ ਅਤੇ ਲੋਕ ਭਾਸ਼ਾਵਾਂ ਦੀ ਅਣਦੇਖੀ ਵਿੱਚ ਬਸਤੀਵਾਦੀ ਸਰਕਾਰ ਅਤੇ ਅੰਗਰੇਜ਼ੀ ਅਫਸਰਾਂ ਦੀ ਭੂਮਿਕਾ ਨੂੰ ਘਟਾ ਕੇ ਨਹੀਂ ਅੰਗਿਆ ਜਾ ਸਕਦਾ। ਸਰ ਇਰਸਕੀਨ ਪੇਰੀ21 ਨੇ ਮੈਥਿਲੀ ਨੂੰ ਬੰਗਲਾ ਭਾਸ਼ਾ ਦੀ ਸਿਰਫ ਇੱਕ ਬੋਲੀ ਹੀ ਕਿਹਾ, ਜਦ ਕਿ ਨੇਪਾਲ ਵਿੱਚ ਬਰਤਾਨਵੀ ਬਾਸ਼ਿੰਦਾ ਬੀ. ਐੱਚ. ਹਡਸਨ22 ਨੇ ਆਧੁਨਿਕ ਭਾਰਤੀ ਭਾਸ਼ਾਵਾਂ ਦੇ ਪੱਖ ਵਿੱਚ ਆਪਣਾ ਤਰਕ ਤਾਂ ਰੱਖਿਆ ਪਰ ਉਹ ਨਾ ਸਿਰਫ ਮੈਥਲੀ, ਭੋਜਪੁਰੀ ਅਤੇ ਮਗਹੀ ਦੀ ਹੋਂਦ ਭੁੱਲ ਗਏ ਸਗੋਂ ਉਨ੍ਹਾਂ ਨੇ ਉੜਿਆ ਅਤੇ ਅਸਮਿਆ ਨੂੰ ਵੀ ਬੰਗਲਾ ਦੀ ਹੀ ਉਪ-ਭਾਸ਼ਾ ਮੰਨਦੇ ਹੋਏ ਕਿਹਾ ਕਿ ਸਾਰੇ ਬੰਗਾਲ, ਬਿਹਾਰ ਅਤੇ ਉੜੀਸਾ ਵਿੱਚ ਤਿੰਨ ਭਾਸ਼ਾਵਾ ਹੀ ਹਨ- ਬੰਗਲਾ, ਹਿੰਦੀ ਅਤੇ ਹਿੰਦੁਸਤਾਨੀ।

ਆਚਾਰਿਆ ਹਜ਼ਾਰੀ ਪ੍ਰਸਾਦ ਦ੍ਰਿਵੇਦੀ ਅਨੁਸਾਰ ਆਧੁਨਿਕ ਹਿੰਦੀ ਵਾਰਤਕ ਵਿੱਚ ਲੇਖਣ 1800 ਈਸਵੀ ਵਿੱਚ ਕਲਕੱਤਾ ਵਿੱਚ ਸਥਾਪਤ ਫੋਰਟ ਵਿਲਿਅਮ ਕਾਲਜ ਦੀ ਸਰਪ੍ਰਸਤੀ ਵਿੱਚ ਸ਼ੁਰੂ ਹੋਇਆ।23 ਇਸ ਦੀ ਸਥਾਪਨਾ ਨੌਕਰਸ਼ਾਹੀ ਦੀ ਸਿਖਲਾਈ ਲਈ ਕੀਤੀ ਗਈ ਸੀ। ਗਿਲ¬ਕ੍ਰਾਈਸਟ ਦੀ ਅਗਵਾਈ ਵਿੱਚ ਲੱਲੂ ਲਾਲ ਅਤੇ ਸਦਲ ਮਿਸ਼ਰ ਨੇ ਆਧੁਨਿਕ ਹਿੰਦੀ ਵਾਰਤਕ ਦੀ ਜੜ੍ਹ ਨੂੰ ਲਗਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਆਚਾਰਿਆ ਦਿਵੇਦੀ ਅਨੁਸਾਰ ਇਹ ਨਵੀਂ ਵਿਕਸਤ ਭਾਸ਼ਾ ਦਿਨੋ ਦਿਨ ਤਾਕਤਵਰ ਹੁੰਦੀ ਗਈ ਅਤੇ ਉੱਤਰ ਭਾਰਤ ਦੇ ਕੁਲੀਨਾਂ ਨੇ ਇਸ ‘‘ਸੰਸਕ੍ਰਿਤ ਮਿਸ਼ਰਤ ਭਾਸ਼ਾ’’ ਨੂੰ ਅਪਣਾਇਆ।

ਪਿ੍ਰਟਿੰਗ ਦੀ ਸ਼ੁਰੂਆਤ ਹੋਣ ਅਤੇ ਸਰਕਾਰੀ ਸਕੂਲਾਂ ਵਿੱਚ ਛਪੀਆਂ ਪਾਠ-ਪੁਸਤਕਾਂ ਦੇ ਜਾਰੀ ਹੋਣ ਨੇ ਵੀ ਕਈ ਭਾਸ਼ਾਵਾਂ ਦੇ ਤਤਸਮ ਸ਼ਬਦਾਂ ਨੂੰ ਹੱਲਾਸ਼ੇਰੀ ਦਿੱਤੀ। ਹਾਲਤ ਦੀ ਗੰਭੀਰਤਾ ਨੂੰ ਦੇਖਦੇ ਹੋਏ ਗਿ੍ਰਯਸਰਨ ਕਹਿੰਦੇ ਹਨ ਕਿ ‘‘ਜਦ ਹਿੰਦੀ ਦਾ ਇੱਕ ਲੇਖਕ ਲਿਖਣ ਲਈ ਕਲਮ ਚੁੱਕਦਾ ਹੈ ਤਾਂ ਉਹ ਆਪਣਾ ਹੋਸ਼ ਗਵਾ ਦਿੰਦਾ ਹੈ ਅਤੇ ਉਸ ’ਤੇ ਸੰਸਕ੍ਰਿਤ ਦਾ ਨਸ਼ਾ ਭਾਰੂ ਹੋ ਜਾਂਦਾ ਹੈ।’’ ਯੂਰੋਪੀ ਮੂਲ ਦੇ ਵੀ ਕਈ ਲੇਖਕਾਂ ਨੇ ਹਿੰਦੀ ਵਿੱਚ ਸੰਸਕ੍ਰਿਤ ਦੇ ਸ਼ਬਦਾਂ ਦੀ ਵਰਤੋਂ ਨੂੰ ਵੱਡੀ ਮਿਕਦਾਰ ਵਿੱਚ ਹੱਲਾਸ਼ੇਰੀ ਦਿੱਤੀ। ਇਨ੍ਹਾਂ ਲੋਕਾਂ ਨੇ ਹਿੰਦੀ ਨੂੰ ਸੰਸਕ੍ਰਿਤ ਦੇ ਮਾਧਿਅਮ ਰਾਹੀਂ ਸਿੱਖਿਆ ਸੀ। ਇਸ ਲਈ ਇਹ ਉਨ੍ਹਾਂ ਲਈ ਸੁਭਾਵਕ ਸੀ ਕਿ ਉਹ ਵੱਡੀ ਗਿਣਤੀ ਵਿੱਚ ਸੰਸਕਿ੍ਰਤ ਦੇ ਸ਼ਬਦਾਂ ਦੀ ਵਰਤੋਂ ਕਰਨ।24

ਭਾਰਤੀ ਮੱਧਵਰਗ ਦੀ ਹੀ ਤਰ੍ਹਾਂ ਬਸਤੀਵਾਦੀ ਸੱਤ੍ਹਾ ਨੇ ਵੀ ਲੋਕ ਭਾਸ਼ਾਵਾਂ ਨੂੰ ਅਛੂਤ ਅਤੇ ਵਹਿਸ਼ੀ ਮੰਨਿਆ ਜਿਨ੍ਹਾਂ ਨੂੰ ਸਰਕਾਰੀ ਅਤੇ ਸਰਕਾਰੀ ਮਦਦ ਪ੍ਰਾਪਤ ਸਕੂਲਾਂ ਵਿੱਚ ਵਰਤੋਂ ਵਿੱਚ ਨਹੀਂ ਲਿਆਂਦਾ ਜਾ ਸਕਦਾ ਸੀ। ਅੰਗਰੇਜ਼ ਸਰਕਾਰ ਨੇ ਸਦਾ ਇਸ ਧਾਰਨਾ ’ਤੇ ਜ਼ੋਰ ਦਿੱਤਾ ਕਿ ਅੰਗਰੇਜ਼ੀ ਪੜ੍ਹੇ ਲੋਕ, ਜਿਨ੍ਹਾਂ ਦਾ ਸੰਸਕਿ੍ਰਤ ਭਾਸ਼ਾ ’ਤੇ ਵੀ ਅਧਿਕਾਰ ਹੈ, ਸਕੂਲਾਂ ਲਈ ਉੱਚ ਪੱਧਰੀ ਸਾਹਿਤ ਦੀ ਉਸਾਰੀ ਕਰ ਸਕਣਗੇ। ਸਰਕਾਰੀ ਰਿਕਾਰਡਾਂ ਵਿੱਚ ਇਸ ਤਰ੍ਹਾਂ ਦੇ ਅਨੇਕ ਹਵਾਲੇ ਭਰੇ ਪਏ ਹਨ –

‘‘ਉਹ ਵਿਅਕਤੀ ਜੋ ਸੰਸਕ੍ਰਿਤ ਅਤੇ ਅੰਗਰੇਜ਼ੀ ਦੋਵਾਂ ਹੀ ਭਾਸ਼ਾਵਾਂ ਵਿੱਚ ਮਾਹਰ ਹਨ ਉਹੀ ਹਿੰਦੀ ਵਿੱਚ ਸੁੰਦਰ ਰਚਨਾ ਕਰ ਸਕਦੇ ਹਨ ਅਤੇ ਹਿੰਦੀ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ਼ ਪੜ੍ਹਾ ਸਕਦੇ ਹਨ।’’25

ਏਸੇ ਭਾਵਨਾ ਨੂੰ ਹੋਰ ਜ਼ਿਆਦਾ ਸਪੱਸ਼ਟ ਸ਼ਬਦਾਂ ਵਿੱਚ ਪੂਨਾ ਸੰਸਕ੍ਰਿਤ ਕਾਲਿਜ ਦੇ ਸੁਪਰਡੈਂਟ ਕੈਂਡੀ ਨੇ 1840 ਵਿੱਚ ਰੱਖਿਆ :

‘‘ਗਿਆਨ ਦੇ ਅੰਗਰੇਜ਼ੀ ਭਾਸ਼ਾ ਦੇ ਵਿਸ਼ਾਲ ਭੰਡਾਰ ਤੋਂ ਲੈ ਕੇ ਆਧੁਨਿਕ ਭਾਸ਼ਾ ਦੇ ਮਾਧਿਅਮ ਰਾਹੀਂ ਵਿਦਿਆਰਥੀਆਂ ਤੱਕ ਪਹੁੰਚਾਉਣਾ ਚਾਹੀਦਾ ਹੈ, ਪਰ ਇਨ੍ਹਾਂ ਆਧੁਨਿਕ ਭਾਰਤੀ ਭਾਸ਼ਾਵਾਂ ਨੂੰ ਇਸ ਕਾਰਜ ਦੇ ਯੋਗ ਬਣਾਉਣ ਲਈ ਸੰਸਕ੍ਰਿਤ ਦੀ ਜ਼ਰੂਰ ਹੀ ਵਰਤੋਂ ਹੀ ਕੀਤੀ ਜਾਣੀ ਚਾਹੀਦੀ ਹੈ।’’26

ਸਰਕਾਰ ਨੇ ਇਸ ਨੀਤੀ ਦਾ ਸਖ਼ਤੀ ਨਾਲ਼ ਪਾਲਣ ਕੀਤਾ। ਇਹ ਇੱਕ ਜਾਣਿਆ ਪਛਾਣਿਆ ਤੱਥ ਹੈ ਕਿ ਸਿਰਫ਼ ਉੱਚ ਜਾਤਾਂ ਦੇ ਲੋਕਾਂ, ਵਿਸ਼ੇਸ਼ ਕਰਕੇ ਬ੍ਰਾਹਮਣਾਂ ਨੂੰ ਹੀ ਸੰਸਕਿ੍ਰਤ ਦਾ ਗਿਆਨ ਹਾਸਲ ਕਰਨ ਦਾ ਮੌਕਾ ਮਿਲ਼ ਸਕਦਾ ਸੀ। ਇਸ ਲਈ ਅੰਗਰੇਜ਼ੀ ਪੜ੍ਹੇ ਲੋਕਾਂ ਨੇ ਜੋ ਬ੍ਰਾਹਮਣ ਰਵਾਇਤ ਤੋਂ ਪ੍ਰਭਾਵਤ ਸਨ, ਅਜਿਹੀ ਹਿੰਦੀ ਲਿਖਣੀ ਸ਼ੁਰੂ ਕੀਤੀ, ਜਿਸ ਵਿੱਚ ਸੰਸਕ੍ਰਿਤ ਸ਼ਬਦਾਂ ਦੀ ਬਹੁਤਾਤ ਸੀ।

ਇੱਕ ਹੋਰ ਕਾਰਕ, ਜਿਸ ਨੇ ਹਿੰਦੀ ਭਾਸ਼ਾ ਦੇ ਤਤਸਮੀਕਰਣ ਨੂੰ ਹੱਲਾਸ਼ੇਰੀ ਦਿੱਤੀ, ਉਹ ਬੰਗਾਲ ਦਾ ਪ੍ਰਭਾਵ ਸੀ। ਬਿਹਾਰ ਦੇ ਉੱਭਰਦੇ ਮੱਧਵਰਗ ਨੂੰ ਬੰਗਾਲੀ-ਭਦਰਲੋਕ ਦੀ ਉਦਾਹਰਣ ਤੋਂ ਬੜੀ ਤਾਕਤ ਮਿਲ਼ੀ ਜਿਨ੍ਹਾਂ ਨੇ ਤਿੰਨ ਚਾਰ ਦਹਾਕੇ ਪਹਿਲਾਂ ‘‘ਲੌਕਿਕ ਭਾਸ਼ਾ’’ ਦੀ ਥਾਂ ‘‘ਸਾਧੂ ਭਾਸ਼ਾ’’ ਦਾ ਵਿਕਾਸ ਕੀਤਾ, ਜਿਸ ਵਿੱਚ ਸੰਸਕ੍ਰਿਤ ਸ਼ਬਦਾਂ ਦੀ ਭਰਮਾਰ ਸੀ।27 ਜਿਹਾ ਕਿ ਅਸੀਂ ਦੇਖ ਚੁੱਕੇ ਹਾਂ ਆਧੁਨਿਕ ਹਿੰਦੀ ਵਾਰਤਕ ਦੀ ਰਚਨਾ ਦੀ ਸ਼ੁਰੂਆਤ ਕਲਕੱਤਾ ਸਥਿਤ ਫੋਰਟ ਵਿਲਿਅਮ ਕਾਲਜ ਵਿੱਚ ਹੋਈ। ਇਥੇ ਦੇ ਹਿੰਦੀ ਲੇਖਕਾਂ ’ਤੇ ਬੰਗਲਾ ਭਾਸ਼ਾ ਵਿੱਚ ਆ ਰਹੀਆਂ ਤਬਦੀਲੀਆਂ ਦਾ ਪ੍ਰਭਾਵ ਪੈਣਾ ਸੁਭਾਵਕ ਸੀ।

ਕਲਕੱਤਾ ਸਕੂਲ ਬੁੱਕ ਸੁਸਾਇਟੀ ਨੇ ਵੀ, ਜਿਸ ਦੀ ਸਥਾਪਨਾ 1817 ਈਸਵੀ ਵਿੱਚ ਹੋਈ ਸੀ, ਤਤਸਮ ਪ੍ਰਧਾਨ ਖੜੀ ਬੋਲੀ ਦੇ ਪ੍ਰਚਾਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਨੇ ਬੰਗਾਲ ਪ੍ਰੈਜ਼ੀਡੈਂਸੀ ਦੀਆਂ ਅਨੇਕ ਭਾਸ਼ਾਵਾਂ ਵਿੱਚ ਕਿਤਾਬਾਂ ਦਾ ਪ੍ਰਕਾਸ਼ਨ ਕੀਤਾ। 1817-1835 ਦੌਰਾਨ 23,750 ਹਿੰਦੀ ਕਿਤਾਬਾਂ ਦਾ ਪ੍ਰਕਾਸ਼ਨ ਕੀਤਾ। ਉਨ੍ਹਾਂ ’ਚੋਂ 19,087 ਕਿਤਾਬਾਂ ਨੂੰ ਵੰਡਿਆ ਗਿਆ। 1835-1854 ਦੌਰਾਨ ਸਕੂਲ ਬੁੱਕ ਸੁਸਾਇਟੀ ਨੇ 65,100 ਕਿਤਾਬਾਂ ਦਾ ਹਿੰਦੀ ਵਿੱਚ ਪ੍ਰਕਾਸ਼ਨ ਕੀਤਾ, ਜਿਨ੍ਹਾਂ ’ਚੋਂ 47,000 ਤੋਂ ਵੀ ਜ਼ਿਆਦਾ ਕਿਤਾਬਾਂ ਦੀ ਵੰਡ ਕੀਤੀ ਗਈ।28 ਸੰਨ 1851-52 ਤੱਕ ਬਹੁਤ ਹੱਦ ਤੱਕ ਉੱਤਰੀ-ਪੱਛਮੀ ਸੂਬਾ ਵੀ ਸੁਸਾਇਟੀ ਦੁਆਰਾ ਪ੍ਰਕਾਸ਼ਤ ਪਾਠ-ਪੁਸਤਕਾਂ ’ਤੇ ਹੀ ਨਿਰਭਰ ਕਰਦਾ ਸੀ। ਇਸ ਤਰ੍ਹਾਂ ਕਲਕੱਤਾ ਸਕੂਲ ਬੁੱਕ ਸੁਸਾਇਟੀ ਨੇ ਹਿੰਦੀ ਭਾਸ਼ਾ ਵਿੱਚ ਪਾਠ-ਪੁਸਤਕਾਂ ਦੀ ਰਚਨਾ ਦਾ ਸਰੂਪ ਤੈਅ ਕੀਤਾ।

ਹਿੰਦੀ ਵਿੱਚ ਪਹਿਲੇ ਦੋ ਹਫ਼ਤਾਵਾਰੀ ਰਸਾਲਿਆਂ ਉਦੰਤ ਮਾਤ੍ਰੇਂਡ (1824) ਅਤੇ ਬੰਗਦੂਤ (1826) ਦਾ ਪ੍ਰਕਾਸ਼ਨ ਕਲਕੱਤਾ ਤੋਂ ਹੀ ਸ਼ੁਰੂ ਹੋਇਆ। ਇਸ ਤੋਂ ਬਾਅਦ ਹਿੰਦੀ ਦੇ ਕਈ ਪ੍ਰਮੁੱਖ ਰਸਾਲਿਆਂ ਜਿਵੇ ਪ੍ਰਜਾ ਮਿੱਤਰ, ਸੁਧਾ ਵਸ਼੍ਰਣ, ਭਾਰਤ ਮਿੱਤਰ, ਸਾਰ ਸੁਧਾ ਨਿਧਿ, ਉਚਿਤ ਵਕਤਾ ਆਦਿ ਦਾ ਵੀ ਪ੍ਰਕਾਸ਼ਨ ਕਲਕੱਤਾ ਤੋਂ ਹੀ ਹੋਇਆ ਸੀ। ਇਨ੍ਹਾਂ ਰਸਾਲਿਆਂ ਨੇ ਵੀ ਨਾਗਰੀ ਲਿਪੀ ਨੂੰ ਲੋਕਪਿ੍ਰਅ ਬਣਾਉਣ ਅਤੇ ਤਤਸਮ ਪ੍ਰਧਾਨ ਹਿੰਦੀ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।

19ਵੀਂ ਸਦੀ ਵਿੱਚ ਬਸਤੀਵਾਦੀ ਪ੍ਰਸ਼ਾਸਨ ਦੇ ਉੱਤਰ ਭਾਰਤ ਵਿੱਚ ਵਿਸਥਾਰ ਕਾਰਨ ਬੰਗਾਲੀਆਂ ਦੀ ਇੱਕ ਚੰਗੀ ਭਲੀ ਗਿਣਤੀ ਬੰਗਾਲ ਤੋਂ ਬਾਹਰ ਵਸੇਵਾਂ ਕਰਨ ਲੱਗੀ। ਇਹ ਬੰਗਾਲੀ ਭਾਈਚਾਰਾ ਉੱਤਰ ਭਾਰਤ ਵਿੱਚ ਹਿੰਦੀ ਨੂੰ ਸਕੂਲਾਂ ਅਤੇ ਅਦਾਲਤਾਂ ਦੀ ਭਾਸ਼ਾ ਬਣਵਾਉਣ ਲਈ ਸਭ ਤੋਂ ਜ਼ਿਆਦਾ ਮੂੰਹ-ਫੱਟ ਅਤੇ ਪ੍ਰਭਾਵਸ਼ਾਲੀ ਹਮਾਇਤੀ ਵਜੋਂ ਉੱਭਰ ਕੇ ਸਾਹਮਣੇ ਆਇਆ। ਬਿਹਾਰ ਦੇ ਸਕੂਲਾਂ ਅਤੇ ਕਚਹਿਰੀਆਂ ਵਿੱਚ ਹਿੰਦੀ ਭਾਸ਼ਾ ਨੂੰ ਲਾਗੂ ਕਰਾਉਣ ਦਾ ਸਿਹਰਾ ਬਾਬੂ ਭੂਦੇਵ ਮੁੱਖੋਪਾਧਿਆ, ਸਕੂਲ ਇੰਸਪੈਕਟਰ, ਬਿਹਾਰ ਸਰਕਲ, ਨੂੰ ਜਾਂਦਾ ਹੈ। ਇਨ੍ਹਾਂ ਨੇ ਹਿੰਦੀ ਵਿੱਚ ਪਾਠ ਪੁਸਤਕਾਂ ਦੀ ਰਚਨਾ ਨੂੰ ਮੁਹਿੰਮ ਦਾ ਸਰੂਪ ਪ੍ਰਦਾਨ ਕੀਤਾ।29

ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਬਸਤੀਵਾਦੀ ਨੀਤੀਆਂ, ਨਵੇਂ ਮੱਧਵਰਗ ਦੀ ਸਮਾਜਕ-ਸੱਭਿਆਚਾਰਕ ਪਛਾਣ ਅਤੇ ਤਤਸਮ ਪ੍ਰਧਾਨ ਹਿੰਦੀ ਵਿੱਚ ਆਪਸੀ ਸਿੱਧਾ ਸਬੰਧ ਸੀ ਅਤੇ ਉਹ ਇੱਕ ਦੂਜੇ ਨੂੰ ਲਗਾਤਾਰ ਤਾਕਤ ਪ੍ਰਦਾਨ ਕਰਦੇ ਰਹੇ।

19ਵੀਂ ਸਦੀ ਦੇ ਮਗਰਲੇ ਅੱਧ ਵਿੱਚ ਇਸ ਮੂੰਹ-ਫਟ ਜਮਾਤ ਨੇ ਸਕੂਲਾਂ ਅਤੇ ਅਦਾਲਤਾਂ ਵਿੱਚ ਸੰਸਕ੍ਰਿਤ ਪ੍ਰਧਾਨ ਹਿੰਦੀ ਨੂੰ ਅਪਣਾਏ ਜਾਣ ਲਈ ਲਹਿਰ ਸ਼ੁਰੂ ਕਰ ਦਿੱਤੀ। 1872 ਈਸਵੀ ਵਿੱਚ ਪੰ: ਕੇਸ਼ਵਰਾਮ ਭੱਟ ਦੇ ਸੰਪਾਦਨ ਵਿੱਚ ਬਿਹਾਰ ਬੰਧੂ ਦੀ ਸਥਾਪਨਾ ਇਸ ਦਿਸ਼ਾ ਵੱਲ ਇੱਕ ਮਹੱਤਵਪੂੂਰਨ ਕਦਮ ਸੀ। ਮੱਧਵਰਗ ਲਈ ਬਿਹਾਰ ਬੰਧੂ ਇੱਕ ਅਜਿਹੇ ਸੰਦ ਵਜੋਂ ਸਾਹਮਣੇ ਆਇਆ ਜਿਸ ਦੁਆਰਾ ਉਹ ਸਰਕਾਰ ’ਤੇ ਹਿੰਦੀ ਭਾਸ਼ਾ ਦੇ ਪੱਖ ਵਿੱਚ ਲਗਾਤਾਰ ਦਬਾਅ ਬਣਾ ਸਕਦਾ ਸੀ।

ਇਸ ਜਮਾਤ ਨੂੰ ਪਹਿਲੀ ਮਹੱਤਵਪੂਰਨ ਜਿੱਤ 1871 ਨੂੰ ਮਿਲ਼ੀ ਜਦ 4 ਦਸੰਬਰ 1871 ਨੂੰ ਜਾਰਜ ਕੈਂਪਬੇਲ ਨੇ ਹਿੰਦੀ ਨੂੰ ਬਿਹਾਰ ਦੇ ਸਰਕਾਰੀ ਅਤੇ ਸਰਕਾਰੀ ਮਦਦ ਪ੍ਰਾਪਤ ਸਕੂਲਾਂ ਵਿੱਚ ਸਿੱਖਿਆ ਦਾ ਮਾਧਿਅਮ ਬਣਾਉਣ ਦਾ ਐਲਾਨ ਕਰਦੇ ਹੋਏ ਇਨ੍ਹਾਂ ਸਕੂਲਾਂ ਵਿੱਚ ਬਿਹਾਰੀ ਭਾਸ਼ਾਵਾਂ ਅਤੇ ਉਰਦੂ ਦੀ ਵਰਤੋਂ ’ਤੇ ਪਾਬੰਦੀ ਲਗਾ ਦਿੱਤੀ। ਦੇਸੀ ਸਕੂਲਾਂ ਵਿੱਚ ਸਥਾਨਕ ਭਾਸ਼ਾਵਾਂ ਦੀ ਵਰਤੋਂ ਅਤੇ ਸਿੱਖਿਆ ਦੇ ਵਪਾਰਕ ਸਰੂਪ ਨੇ ਦਲਿਤ ਜਮਾਤ, ਜਿਵੇ ਕਹਾਰ, ਕੁਰਮੀ, ਕੋਇਰੀ, ਨਾਪਿਤ, ਤੇਲੀ, ਮਾਹੁਰੀ ਆਦਿ – ਦੇ ਬੱਚਿਆਂ ਨੂੰ ਵੀ ਵੱਡੀ ਗਿਣਤੀ ਵਿੱਚ ਆਪਣੇ ਵੱਲ ਖਿੱਚਿਆ ਸੀ, ਪਰ ਇਸ ਨਵੀਂ ਭਾਸ਼ਾ ਦਾ ਉਨ੍ਹਾਂ ਦੇ ਸਮਾਜਕ-ਸੱਭਿਆਚਾਰਕ ਜੀਵਨ ਨਾਲ਼ ਕੋਈ ਸਬੰਧ ਨਹੀਂ ਸੀ। ਬਿਨਾਂ ਸ਼ੱਕ ਇਸ ਤੱਥ ਨੇ ਇਨ੍ਹਾਂ ਬੱਚਿਆਂ ਨੂੰ ਸਕੂਲ ਆਉਣ ਤੋਂ ਵਰਜਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ।

ਬਿਹਾਰ ਅਤੇ ਉੱਤਰੀ ਪੱਛਮੀ ਸੂਬੇ ਦੇ ਦੇਸੀ ਸਕੂਲਾਂ ਵਿੱਚ ਪਾਠ-ਪੁਸਤਕਾਂ ਦੀ ਵਰਤੋਂ ਨਾਂਹ ਦੇ ਬਰਾਬਰ ਕੀਤੀ ਜਾਂਦੀ ਸੀ। ਵਿਲਿਅਮ ਏਡਮ ਨੇ ਆਪਣੀ ਤੀਜੀ ਰਿਪੋਰਟ (1838) ਵਿੱਚ ਤਿਰਹੁਤ ਅਤੇ ਦੱਖਣੀ ਬਿਹਾਰ ਦੇ 365 ਦੇਸੀ ਸਕੂਲਾਂ ’ਚੋਂ ਸਿਰਫ਼ 13 ਸਕੂਲਾਂ ਵਿੱਚ ਹੀ ਕਿਸੇ ਵੀ ਤਰ੍ਹਾਂ ਦੀ ਕਿਤਾਬ ਦੀ ਵਰਤੋਂ ਦਾ ਜ਼ਿਕਰ ਕੀਤਾ ਹੈ। ਪਰ ਬਸਤੀਵਾਦੀ ਸਿੱਖਿਆ ਢਾਂਚੇ ਵਿੱਚ ਸਰਕਾਰ ਦੁਆਰਾ ਨਿਰਦੇਸ਼ਤ ਪਾਠ ਪੁਸਤਕਾਂ ਦੀ ਵਰਤੋਂ ਜ਼ਰੂਰੀ ਹੋ ਗਈ। ਇਹ ਕਿਤਾਬਾਂ ਲੋਕ ਭਾਸ਼ਾ ਵਿੱਚ ਨਾ ਹੋ ਕੇ ਖੜੀ ਬੋਲੀ ਵਿੱਚ ਸਨ ਜਿਸ ਨਾਲ਼ ਬਿਹਾਰ ਦੇ ਆਮ ਲੋਕਾਂ ਦਾ ਕੋਈ ਸਰੋਕਾਰ ਨਹੀਂ ਸੀ। ਬਾਬੂ ਭੂਦੇਵ ਮੁਖੋਪਾਧਿਆਏ ਅਤੇ ਦਰਭੰਗਾ ਮਹਾਰਾਜਾ ਨੇ ਹਿੰਦੀ ਵਿੱਚ ਪਾਠ ਪੁਸਤਕਾਂ ਦੀ ਰਚਨਾ ਵਿੱਚ ਡੂੰਘੀ ਰੁਚੀ ਦਿਖਾਈ ਅਤੇ ਲੇਖਕਾਂ ਨੂੰ ਹੱਲਾਸ਼ੇਰੀ ਦੇਣ ਦੀ ਹਰ ਸੰਭਵ ਕੋਸ਼ਿਸ਼ ਕੀਤੀ।

ਸਕੂਲਾਂ ਵਿੱਚ ਤਤਸਮ ਪ੍ਰਧਾਨ ਹਿੰਦੀ ਦੀ ਵਰਤੋਂ ਕੀਤੇ ਜਾਣ ਨਾਲ਼ ਕਿਸਾਨਾਂ, ਦਸਤਕਾਰਾਂ ਅਤੇ ਮਜ਼ਦੂਰਾਂ ਦੇ ਬੱਚਿਆਂ, ਜੋ ਸਿਰਫ਼ ਖੇਤਰੀ ਭਾਸ਼ਾ ਦੀ ਵਰਤੋਂ ਕਰਦੇ ਸਨ, ਸਕੂਲ ਜਾਣ ਵਿੱਚ ਝਿਝਕ ਮਹਿਸੂਸ ਕਰਨ ਲੱਗੇ। ਇਨ੍ਹਾਂ ਸਕੂਲਾਂ ਵਿੱਚ ਵਰਤੋਂ ਕੀਤੀਆਂ ਜਾਣ ਵਾਲ਼ੀਆਂ ਪਾਠ ਪੁਸਤਕਾਂ ਦਾ ਦਲਿਤ ਜੀਵਨ ਦੇ ਸਮਾਜਕ, ਸੱਭਿਆਚਾਰਕ ਅਤੇ ਆਰਥਿਕ ਜੀਵਨ ਨਾਲ਼ ਸ਼ਾਇਦ ਹੀ ਕੋਈ ਸਬੰਧ ਸੀ। ਨਵੀਂ ਭਾਸ਼ਾ ਤੋਂ ਪੇਂਡੂ ਪੂਰੀ ਤਰ੍ਹਾਂ ਅਣਜਾਣ ਸਨ। ਭਾਰਤੀ ਸਿੱਖਿਆ ਕਮਿਸ਼ਨ (1882-83) ਅੱਗੇ ਕਈ ਲੋਕਾਂ ਨੇ ਉੱਚ ਪੱਧਰੀ (ਤਤਸਮ ਪ੍ਰਧਾਨ) ਹਿੰਦੀ ਅਤੇ ਇਸ ਵਿੱਚ ਲਿਖੀਆਂ ਪਾਠ ਪੁਸਤਕਾਂ ਦੀ ਬਿਹਾਰ ਦੇ ਸਕੂਲਾਂ ਵਿੱਚ ਵਰਤੋਂ ਕੀਤੇ ਜਾਣ ਦਾ ਵਿਰੋਧ ਕੀਤਾ। ਕਮਿਸ਼ਨ ਨੇ ਪ੍ਰਵਾਨ ਕੀਤਾ ਕਿ ‘‘ਬਿਹਾਰ ਦੇ ਸਕੂਲਾਂ ਵਿੱਚ ਜਿਸ ਹਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਨੂੰ ਤਾਂ ਵਿਦਿਆਰਥੀ ਉੱਕਾ ਹੀ ਨਹੀਂ ਸਮਝ ਸਕਦੇ। ਅਧਿਆਪਕ ਵੀ ਬਹੁਤ ਹੱਦ ਤੱਕ ਸਮਝ ਸਕਣ ਵਿੱਚ ਅਸਮਰੱਥ ਹਨ।30

ਮਾਂ ਬੋਲੀ ਵਿੱਚ ਸਿੱਖਿਆ ਦੇਣ ਦਾ ਸੁਆਲ 1939 ਈਸਵੀ ਵਿੱਚ ਵੀ ਨਹੀਂ ਹੱਲ ਹੋ ਸਕਿਆ ਜਦ ਬਿਹਾਰ ਸਰਕਾਰ ਵਿੱਚ ਕਾਂਗਰਸ ਦੀ ਸੱਤ੍ਹਾ ਸੀ। ਇਸ ਸਾਲ ‘‘ਰਾਜ ਸਿੱਖਿਆ ਮੁੜਗਠਨ ਕਮੇਟੀ’’ ਬਣਾਈ ਗਈ ਸੀ ਜਿਸ ਨੇ ਬਿਹਾਰ ਦੇ ਸਕੂਲਾਂ ਵਿੱਚ ਸਿੱਖਿਆ ਦੇ ਮਾਧਿਅਮ ਦੇ ਸੁਆਲ ’ਤੇ ਸੁਝਾਅ ਦੇਣਾ ਸੀ। ਇਸ ਕਮੇਟੀ ਦੇ ਇੱਕ ਮੈਂਬਰ ਪ੍ਰੋ. ਏ. ਐੱਨ. ਝਾਅ ਨੇ ਮੈਥਿਲੀ ਨੂੰ ਮਿਥਿਲਾ ਖੇਤਰ ਦੇ ਸਕੂਲਾਂ ਵਿੱਚ ਮਾਧਿਅਮ ਵਜੋਂ ਪ੍ਰਵਾਨ ਕੀਤੇ ਜਾਣ ਦੀ ਜ਼ੋਰਦਾਰ ਪੈਰਵੀ ਕੀਤੀ, ਪਰ ਹੋਰ ਦੋ ਮੈਂਬਰਾਂ ਬਾਬੂ ਰਾਜੇਂਦਰ ਪ੍ਰਸਾਦ ਅਤੇ ਸਚਿੱਦਾਨੰਦ ਸਿਨਹਾਂ ਨੇ ਇਸ ਮਤੇ ਦਾ ਇਸ ਅਧਾਰ ’ਤੇ ਵਿਰੋਧ ਕੀਤਾ ਕਿ ਜੇ ਮੈਥਿਲੀ ਦੇ ਦਾਅਵੇ ਨੂੰ ਪ੍ਰਵਾਨ ਕਰ ਲਿਆ ਜਾਂਦਾ ਹੈ ਤਾਂ ਮਗਹੀ ਅਤੇ ਭੋਜਪੁਰੀ ਨੂੰ ਵੀ ਮਾਧਿਅਮ ਵਜੋਂ ਪ੍ਰਵਾਨ ਕਰਨਾ ਹੋਵੇਗਾ। ਇੱਥੇ ਇਹ ਧਿਆਨ ਦੇਣ ਯੋਗ ਤੱਥ ਹੈ ਕਿ ਇਸ ਕਮੇਟੀ ਨੇ ਬੰਗਲਾ ਨੂੰ, ਜਿਸ ਦੇ ਬੋਲਣ ਵਾਲ਼ਿਆਂ ਦੀ ਗਿਣਤੀ ਬਿਹਾਰ ਵਿੱਚ ਕੁਝ ਹੀ ਲੱਖ ਸੀ, ਸਿੱਖਿਆ ਦਾ ਮਾਧਿਅਮ ਵਜੋਂ ਵਰਤੋਂ ਕੀਤੇ ਜਾਣ ਦੀ ਮਨਜ਼ੂਰੀ ਦੇ ਦਿੱਤੀ ਪਰ ਮੈਥਿਲੀ, ਭੋਜਪੁਰੀ ਜਿਹੀਆਂ ਭਾਸ਼ਾਵਾਂ, ਜਿਨ੍ਹਾਂ ਨੇ ਕਰੋੜਾਂ ਬਿਹਾਰੀਆਂ ਨੂੰ ਅਵਾਜ਼ ਦਿੱਤੀ ਸੀ, ਨੂੰ ਇਹ ਮਨਜ਼ੂਰੀ ਨਹੀਂ ਦਿੱਤੀ ਗਈ।31

ਛੋਟਾ ਨਾਗਪੁਰ ਅਤੇ ਸੰਥਾਲ ਪਰਗਣਾ ਦੇ ਆਦਿਵਾਦੀਆਂ ਨੂੰ ਵੀ ਜਿਨ੍ਹਾਂ ਦਾ ਆਪਣਾ ਸੱਭਿਆਚਾਰ ਅਤੇ ਭਾਸ਼ਾਵਾਂ ਸਨ, ਪੂਰੀ ਤਰ੍ਹਾਂ ਅਣਜਾਣੀਆਂ ਭਾਸ਼ਾਵਾਂ ਜਿਵੇਂ ਹਿੰਦੀ, ਉਰਦੂ ਜਾਂ ਬੰਗਲਾ ਦੇ ਮਾਧਿਅਮ ਨਾਲ਼ ਹੀ ਸਿੱਖਿਆ ਦੇਣ ਲਈ ਮਜ਼ਬੂਰ ਕੀਤਾ ਗਿਆ। ਆਦਿਵਾਸੀ ਖੇਤਰਾਂ ਦੇ ਸਕੂਲਾਂ ਵਿੱਚ ਕਿਸ ਭਾਸ਼ਾ ਦੀ ਵਰਤੋਂ ਕੀਤੀ ਜਾਵੇ ਇਸ ਸੰਦਰਭ ਵਿੱਚ ਬਸਤੀਵਾਦੀ ਸਰਕਾਰ ਕੋਈ ਸਪੱਸ਼ਟ ਸਚਾਰੂ ਨੀਤੀ ਦਾ ਵਿਕਾਸ ਕਰਨ ਵਿੱਚ ਅਸਫ਼ਲ ਰਹੀ। ਅੰਗਰੇਜ਼ ਪ੍ਰਸ਼ਾਸਕ ਜੇ. ਐੱਨ. ¬ਕ੍ਰਾਉਨਫੋਰਡ ਨੇ 30 ਸਤੰਬਰ, 1850 ਨੂੰ ਛੋਟਾ ਨਾਗਪੁਰ ਸਰਕਾਰੀ ਸਕੂਲ ਦੀ ਪੜਤਾਲ ਕਰਨ ਤੋਂ ਬਾਅਦ ਕਿਹਾ ‘‘ਕੋਲ਼ ਬੱਚਿਆਂ ਲਈ ਨਾਗਰੀ (ਹਿੰਦੀ) ਓਨੀ ਹੀ ਵਿਦੇਸ਼ੀ ਭਾਸ਼ਾ ਹੈ ਜਿੰਨੀ ਕਿ ਅੰਗਰੇਜ਼ੀ।’’ ਹੈਰਾਨੀ ਦੀ ਗੱਲ ਇਹ ਹੈ ਕਿ ਉਨ੍ਹਾਂ ਨੇ ਇੱਥੋਂ ਦੇ ਸਕੂਲਾਂ ਵਿੱਚ ਬੱਚਿਆਂ ਦਾ ਮਾਂ-ਬੋਲੀ ਦੀ ਵਰਤੋਂ ਕੀਤੇ ਜਾਣ ਦੀ ਥਾਂ ਬੰਗਲਾ ਦੀ ਵਰਤੋਂ ਦਾ ਮਤਾ ਰੱਖਿਆ।”32 ਸਕੂਲ ਇੰਸਪੈਕਟਰ ਐੱਚ, ਐੱਲ ਹੇਰੀਸਨ ਨੇ ਨਿਰਦੋਸ਼ ਆਦਿਵਾਸੀ ਬੱਚਿਆਂ ’ਤੇ ਹਿੰਦੀ ਨੂੰ ਲੱਦਣ ਦੀ ਕੋਸ਼ਿਸ਼ ਨੂੰ ਸਹੀ ਠਹਿਰਾਉਣ ਲਈ ਤਰਕ ਦਿੱਤਾ ਕਿ ਛੋਟਾ ਨਾਗਪੁਰ ਦੇ ਦੋ ਮਹੱਤਵਪੂਰਨ ਆਦਿਵਾਸੀ ਸਮੂਹ ਮੁੰਡਾ ਅਤੇ ਉਰਾਵ ਦੀਆਂ ਆਪਣੀਆਂ ਵੱਖ-ਵੱਖ ਭਾਸ਼ਾਵਾਂ ਹਨ ਇਸ ਲਈ ਇੱਥੋਂ ਦੇ ਸਾਰੇ ਸਕੂਲਾਂ ਵਿੱਚ ਹਿੰਦੀ ਨੂੰ ਹੀ ਸਿੱਖਿਆ ਦਾ ਮਾਧਿਅਮ ਬਣਾਏ ਜਾਣ ਤੋਂ ਇਲਾਵਾ ਹੋਰ ਕਈ ਬਦਲ ਨਹੀਂ ਹੈ।33 ਅਜਿਹੀ ਹਾਲਤ ਵਿੱਚ ਇਹ ਸੁਭਾਵਕ ਹੀ ਸੀ ਕਿ ਆਦਿਵਾਸੀ ਬੱਚਿਆਂ ਨੇ ਸਰਕਾਰੀ ਸਕੂਲਾਂ ਵਿੱਚ ਡੂੰਘੀ  ਬੇਦਿਲੀ ਦਿਖਾਈ।

ਉੱਤਰੀ-ਪੱਛਮੀ ਸੂਬੇ ਵਿੱਚ ਹਿੰਦੀ ਦਾ ਇਹ ਨਵੀਨ ਰੂਪ ਜ਼ਿਆਦਾ ਪ੍ਰਚੱਲਿਤ ਹੋ ਸਕਿਆ ਕਿਉਂਕਿ ਦਿੱਲੀ ਦਾ ਖੇਤਰ, ਜਿੱਥੋਂ ਖੜੀ ਬੋਲੀ ਨੂੰ ਬਰਾਮਦ ਕੀਤਾ ਗਿਆ ਹੈ, ਇਸ ਖੇਤਰ ਦੇ ਭਗੋਲਿਕ ਅਤੇ ਸਿਆਸੀ ਰੂਪ ਵਿੱਚ ਜ਼ਿਆਦਾ ਨੇੜੇ ਸੀ। ਦੂਜਾ, ਬਨਾਰਸ ਬ੍ਰਾਹਮਣ ਸੱਭਿਆਚਾਰ ਅਤੇ ਸਿੱਖਿਆ ਦਾ ਕੇਂਦਰ ਬਣ ਕੇ ਉੱਭਰਿਆ। ਤੀਜਾ, ਰਾਮਸ਼ਰਣ ਦਾਸ ਦੁਆਰਾ ਲਿਖੀਆਂ ਚਾਰ ਪਾਠ ਪੁਸਤਕਾਂ ਦਾ ਸਮੂਹ, ਜਿਨ੍ਹਾਂ ਵਿੱਚ ਦੋ ਦੇਸੀ ਸਕੂਲਾਂ ਦੇ ਵਿਸ਼ਿਆਂ ਨਾਲ਼ ਸਬੰਧਤ ਸਨ, ਸਰਲ ਹਿੰਦੀ ਵਿੱਚ ਸਨ ਜਿਸ ਨਾਲ਼ ਇਹ ਪਾਠ ਪੁਸਤਕਾਂ ਕਾਫੀ ਹਰਮਨ ਪਿਆਰੀਆਂ ਹੋਈਆਂ। ਪਰ ਬਾਅਦ ਦੇ ਲੇਖਕਾਂ ਨੇ ਸੰਸਕ੍ਰਿਤ ਦੇ ਸ਼ਬਦਾਂ ਦੀ ਵੱਡੀ ਪੱਧਰ ’ਤੇ ਵਰਤੋਂ ਸ਼ੁਰੂ ਕਰ ਦਿੱਤੀ ਅਤੇ ਹਿੰਦੀ ਭਾਸ਼ਾ ਨੂੰ ਆਮ ਲੋਕਾਂ ਦੀ ਸਮਝ ਤੋਂ ਪਰ੍ਹੇ ਕਰ ਦਿੱਤਾ।

ਕੈਥੀ ਲਿੱਪੀ ਦੀ ਤਬਾਹੀ

ਬਸਤੀਵਾਦੀ ਸਰਕਾਰ ਨੇ ਕੈਥੀ ਲਿੱਪੀ ਵੱਲ ਵੀ, ਜੋ ਲਗਭਗ ਸੰਪੂਰਨ ਉੱਤਰ ਭਾਰਤ ਵਿੱਚ ਹਰਮਨ ਪਿਆਰੀ ਸੀ, ਅਤਿਅੰਤ ਦੁਸ਼ਮਣਾਨਾ ਨੀਤੀ ਅਪਣਾਈ। ਬਿਹਾਰ ਅਤੇ ਉੱਤਰੀ ਪੱਛਮੀ ਸੂਬੇ ਵਿੱਚ ਤਾਂ ਇਹ ਕਾਫੀ ਹਰਮਨ ਪਿਆਰੀ ਸੀ ਹੀ ਪਰ ਇਸ ਦੀ ਵਰਤੋਂ ਇਥੇ ਤੱਕ ਹੀ ਸੀਮਤ ਨਹੀਂ ਸੀ। ਗਿ੍ਰਯਸਰਨ ਦਾ ਕਹਿਣਾ ਹੈ ਕਿ ‘‘ਸੰਪੂਰਨ ਉੱਤਰ ਭਾਰਤ ਵਿੱਚ – ਗੁਜਰਾਤ ਦੀ ਖਾੜੀ ਤੋਂ ਲੈ ਕੇ ਕੋਸੀ ਨਦੀ ਤੱਕ – ਇਹ ਲਿੱਪੀ ਆਮ ਵਰਤੋਂ ਵਿੱਚ ਆਉਂਦੀ ਹੈ।’’34 ਮਗਹੀ, ਭੋਜਪੁਰੀ, ਅਵਧੀ ਅਤੇ ਬ੍ਰਜਭਾਸ਼ਾ ਲਿਖਣ ਲਈ ਆਮ ਲੋਕ ਕੈਥੀ ਲਿਪੀ ਦੀ ਹੀ ਵਰਤੋਂ ਕਰਦੇ ਸਨ ਜਦ ਕਿ ਸੰਸਕ੍ਰਿਤ ਦਾ ਗਿਆਨ ਰੱਖਣ ਵਾਲ਼ੇ ਲੋਕ ਦੇਵਨਾਗਰੀ ਦੀ ਵਰਤੋਂ ਕਰਦੇ ਸਨ। ਤਤਸਮ ਪ੍ਰਧਾਨ ਹਿੰਦੀ ਅਤੇ ਦੇਵਨਾਗਰੀ ਦਾ ਕੱਟੜ ਹਮਾਇਤੀ ਬਿਹਾਰ ਬੰਧੂ ਵੀ ਇਹ ਪ੍ਰਵਾਨ ਕਰਦਾ ਹੈ ਕਿ –

‘‘ਕੈਥੀ ਹਰਫ਼ ਹਰ ਇੱਕ ਜਗੀਰਦਾਰ ਦੀ ਕਚਹਿਰੀ ਵਿੱਚ ਵਰਤੇ ਜਾਂਦੇ ਹਨ। ਹਰੇਕ ਪੇਂਡੂ ਸਕਲ ਵਿੱਚ ਸਿਖਾਏ ਜਾਂਦੇ ਹਨ। ਉੱਚ ਪੱਧਰੀ ਮੁਸਲਮਾਨਾਂ ਨੂੰ ਛੱਡ ਕੇ ਸਿਰਫ਼ ਪਿੰਡਾਂ ਦੇ ਲੋਕ ਹੀ ਨਹੀਂ ਸਗੋਂ ਬਿਹਾਰ ਦੇ ਕੁੱਲ ਆਦਮੀ ਕੈਥੀ ਵਿੱਚ ਹੀ ਚਿੱਠੀ-ਪੱਤਰੀ ਲਿਖਦੇ ਹਨ ਭਾਵੇਂ ਇਹ ਮਾਮੂਲੀ ਹੋਵੇ ਜਾਂ ਕੋਰਬਾਰੀ।”35

ਬਿਹਾਰ ਦੇ ਮਿਥਿਲਾ ਖੇਤਰ ਵਿੱਚ ਦੇਵਨਾਗਰੀ ਅਤੇ ਕੈਥੀ ਤੋਂ ਇਲਾਵਾ ਤਿਰਹੁਤੀ ਲਿੱਪੀ ਦੀ ਵਰਤੋਂ ਵੀ ਕੀਤੀ ਜਾਂਦੀ ਸੀ ਜੋ ਕਿ ਦੇਖਣ ਨੂੰ ਬੰਗਲਾ ਲਿੱਪੀ ਦੀ ਹੀ ਤਰ੍ਹਾਂ ਸੀ ਪਰ ਜਿਨ੍ਹਾਂ ਦਾ ਉਚਾਰਣ ਬੰਗਲਾ ਤੋਂ ਵੱਖਰਾ ਸੀ।36

ਉੱਤਰੀ-ਪੱਛਮੀ ਸੂਬੇ ਵਿੱਚ ਕੈਥੀ ਦੀ ਹਰਮਨ ਪਿਆਰਤਾ ਦਾ ਸਬੂਤ ਐੱਚ. ਐੱਮ ਰੀਡ ਦਿੰਦੇ ਹਨ ਜੋ ਇਸ ਲਿੱਪੀ ਦੇ ਸਖ਼ਤ ਅਲੋਚਕ ਸਨ। ਰੀਡ ਆਪਣੀ ਰਿਪੋਰਟ ਵਿੱਚ ਕਹਿੰਦੇ ਹਨ ‘‘ਆਗਰਾ, ਅਲੀਗੜ੍ਹ ਅਤੇ ਮਥੁਰਾ ਜ਼ਿਲਿਆਂ ਦੀ ਛੋਟ ਨੂੰ ਛੱਡ ਕੇ ਹੋਰਨਾਂ ਸਾਰਿਆਂ ਜ਼ਿਲਿਆਂ ਵਿੱਚ ਕੈਥੀ ਅਤੇ ਮਹਾਜਨੀ ਸਕੂਲਾਂ ਦੀ ਗਿਣਤੀ ਨਾਗਰੀ ਲਿਪੀ ਦੀ ਵਰਤੋਂ ਕਰਨ ਵਾਲ਼ੇ ਸਕੂਲਾਂ ਤੋਂ ਜ਼ਿਆਦਾ ਹੈ।”37 ਇਹ ਤੱਥ ਰੀਡ ਦੁਆਰਾ ਪੇਸ਼ ਹੇਠਾਂ ਦਿੱਤੇ ਅੰਕੜਿਆਂ ਤੋਂ ਸਪਸ਼ਟ ਹੈ :

ਜ਼ਿਲਾ ਨਾਗਰੀ ਸਕੂਲ ਕੈਥੀ ਸਕੂਲ ਮਹਾਜਨੀ ਸਕੂਲ

ਆਗਰਾ 85 8 83
ਅਲੀਗੜ 28 0 0 ਬਰੇਲੀ 16 81 18 ਇਟਾਵਾ 41 99 23 ਫਰੂਖ਼ਾਬਾਦ 10 103 7 ਮੈਨਪੁਰੀ 40 35 12
ਮਥੁਰਾ 149 0 37
ਸ਼ਾਹਜਹਾਂਪੁਰ 46 160 0
ਕੁੱਲ 697 486 180

ਰੀਡ ਨੇ ਸਕੂਲਾਂ ਅਤੇ ਪ੍ਰਸ਼ਾਸਨ ਵਿੱਚ ਕੈਥੀ ਲਿੱਪੀ ਦੀ ਵਰਤੋਂ ਦਾ ਜ਼ੋਰਦਾਰ ਵਿਰੋਧ ਕਰਦੇ ਹੋਏ ਇਸ ਨੂੰ ਦੇਵਨਾਗਰੀ ਲਿੱਪੀ ਦਾ ਵਿਗੜਿਆ ਰੂਪ ਕਿਹਾ ਅਤੇ ਲੈਫਟੀਨੈਂਟ ਗਵਰਨਰ ਤੋਂ ਗੁਜ਼ਰਿਸ਼ ਕੀਤੀ ਕਿ ਉਹ ਪਟਵਾਰੀਆਂ ਨੂੰ ਸਪੱਸ਼ਟ ਨਿਰਦੇਸ਼ ਦੇਣ ਕਿ ਉਹ ਆਪਣੀ ਸਲਾਨਾ ਰਿਪੋਰਟ, ਜੇ ਹਿੰਦੀ ਵਿੱਚ ਹੋਵੇ ਤਾਂ, ਦੇਵਨਾਗਰੀ ਲਿਪੀ ਵਿੱਚ ਹੀ ਦੇਣ ਜਿਸ ਨਾਲ਼ ਸੌਖਾਲਿਆਂ ਹੀ ਸਕੂਲਾਂ ਵਿੱਚ ਦੇਵਨਾਗਰੀ ਲਿੱਪੀ ਨੂੰ ਪ੍ਰਚੱਲਿਤ ਕੀਤਾ ਜਾ ਸਕੇ। 38

ਗਿ੍ਰਯਸਰਨ ਕੈਥੀ ਨੂੰ ਹਿੰਦੀ ਦਾ ਬਿਗੜਿਆ ਰੂਪ ਨਹੀਂ ਮੰਨਦੇ ਸਨ। ਉਨ੍ਹਾਂ ਨੇ ਆਪਣੀ ਕਿਤਾਬ ਕੈਥੀ ਹੈਂਡਬੁੱਕ ਵਿੱਚ ਲਿਖਿਆ – ‘‘ਜਿਸ ਤਰ੍ਹਾਂ ਅੰਗਰੇਜ਼ੀ ਵਿੱਚ ਛਾਪੇ ਦੇ ਹਰਫ਼ ਵੱਖਰੇ ਹੁੰਦੇ ਹਨ ਅਤੇ ਲਿਖਣ ਦੇ ਵੱਖਰੇ ਓਸੇ ਤਰ੍ਹਾਂ ਇੱਥੇ ਵੀ ਛਾਪੇ ਦੇ ਹਰਫ਼ ਦੇਵਨਾਗਰੀ ਹਨ ਅਤੇ ਨਿੱਤ-ਦਿਹਾੜੇ ਦੀ ਕਾਰਵਾਈ ਲਈ ਕੈਥੀ ਹਰਫ਼ ਤੈਅ ਕੀਤੇ ਗਏ ਹਨ।’’ 39

ਪਰ ਇਸਦੀ ਅਜ਼ਾਦ ਹੋਂਦ ਉਨ੍ਹਾਂ ਨੇ ਏਸੇ ਅਧਾਰ ’ਤੇ ਸਿੱਧ ਕੀਤੀ ਹੈ ਕਿ ‘‘ਕੈਥੀ ਦੋ ਭਗੋਲਿਕ ਰੂਪ ਵਿੱਚ ਕਾਫ਼ੀ ਦੂਰਲੇ ਰਾਜਾਂ – ਬਿਹਾਰ ਅਤੇ ਗੁਜਰਾਤ -ਵਿੱਚ ਪ੍ਰਸ਼ਾਸਨ ਦੀ ਲਿੱਪੀ ਹੈ ਅਤੇ ਤਿਰਹੁਤ ਦੇ ਪਟਵਾਰੀ ਨੂੰ ਗੁਜਰਾਤੀ ਲਿੱਪੀ ਵਿੱਚ ਛਪੀ ਕਿਤਾਬ ਪੜ੍ਹਨ ਵਿੱਚ ਕੋਈ ਔਕੜ ਨਹੀਂ ਹੁੰਦੀ।’’ 40

ਕੈਥੀ ਦੀ ਹਰਮਨ ਪਿਆਰਤਾ ਨੂੰ ਖਤਮ ਕਰਨ ਅਤੇ ਨਾਗਰੀ ਨੂੰ ਕੈਥੀ ਦੀ ਥਾਂ ਦਵਾਉਣ ਲਈ ਸਰਕਾਰ ਨੇ ਕਈ ਮਹੱਤਵਪੂਰਨ ਕਦਮ ਚੁੱਕੇ। ਪਹਿਲਾ ਉੱਤਰੀ-ਪੱਛਮੀ ਸੂਬੇ ਵਿੱਚ ਮਾਲੀਆ ਸਦਰ ਬੋਰਡ ਨੇ ਆਪਣੀ 10 ਅਗਸਤ, 1852 ਦੀ ਇਜਾਜ਼ਤ ਸੰਖਿਆ 4 ਦੁਆਰਾ ਸਰਕਾਰੀ ਪ੍ਰਸ਼ਾਸਕਾਂ, ਵਿਸ਼ੇਸ਼ ਤੌਰ ’ਤੇ ਪਟਵਾਰੀਆਂ ਨੂੰ ਸਪੱਸ਼ਟ ਨਿਰਦੇਸ਼ ਦਿੱਤਾ ਕਿ ਪਿੰਡਾਂ ਦੇ ਜ਼ਮੀਨ ਅਤੇ ਮਾਲੀਏ ਸਬੰਧੀ ਫਾਰਮ ਜੇ ਹਿੰਦੀ ਵਿੱਚ ਹੋਣ ਤਾਂ ਉਹ ਕੈਥੀ ਲਿੱਪੀ ਵਿੱਚ ਨਾ ਹੋ ਕੇ ਨਾਗਰੀ ਲਿੱਪੀ ਵਿੱਚ ਹੋਣੀਆਂ ਚਾਹੀਦੀਆਂ ਹਨ। 1858-59 ਦੇ ਉੱਤਰੀ ਪੱਛਮੀ ਸੂਬੇ ਦੀ ਸਿੱਖਿਆ ਸਬੰਧੀ ਰਿਪੋਰਟ ਵਿੱਚ ਕਿਹਾ ਗਿਆ ‘‘ਜਦ ਤੱਕ ਇਹ ਫਾਰਮ ਕੈਥੀ ਲਿੱਪੀ ਵਿੱਚ ਹੋਣਗੇ ਤਦ ਤੱਕ ਸਕੂਲ ਦੇ ਮਾਸਟਰਾਂ ਕੋਲ਼ ਨਾਗਰੀ ਲਿੱਪੀ ਦੀਆਂ ਕਿਤਾਬਾਂ ਦੀ ਥਾਂ ਕੈਥੀ ਲਿਪੀ ਵਿੱਚ ਹੀ ਦੇਸੀ ਗਿਆਨ ਦੇਣ ਦਾ ਬਹਾਨਾ ਹੋਵੇਗਾ।”41 ਬਿਹਾਰ ਵਿੱਚ ਵੀ ਸਿੱਖਿਆ ਨਾਲ਼ ਜੁੜੇ ਪ੍ਰਸ਼ਾਸਕ ਲਗਾਤਾਰ ਏਸੇ ਤਰ੍ਹਾਂ ਦੇ ਤਰਕ ਦੇ ਰਹੇ ਸਨ। ਸਿੱਖਿਆ ਵਿਭਾਗ ਦੇ ਇਨ੍ਹਾਂ ਤਰਕਾਂ ਨੂੰ ਬੰਗਾਲ ਦੇ ਲੈਫਟੀਨੈਂਟ ਗਵਰਨਰ ਨੇ ਵੀ ਸਹਿਮਤੀ ਦਿੱਤੀ ਅਤੇ ਉਨ੍ਹਾਂ ਨੇ 1860 ਈਸਵੀ ਵਿੱਚ ਆਗਿਆ ਦਿੱਤੀ ਕਿ ‘‘ਭਵਿੱਖ ਦੇ ਸਾਰੇ ਸਰਕਾਰੀ ਰਿਕਾਰਡ ਦੇਵਨਾਗਰੀ ਲਿੱਪੀ ਵਿੱਚ ਹੀ ਤਿਆਰ ਕੀਤੇ ਜਾਣ।” 42

ਦੂਜੇ, ਸਰਕਾਰ ਨੇ ਇਹ ਤੈਅ ਕੀਤਾ ਕਿ ਸਕੂਲਾਂ ਲਈ ਪਾਠ-ਪੁਸਤਕਾਂ ਅਤੇ ਹੋਰ ਮਸ਼ਹੂਰੀਆਂ, ਹੁਕਮ ਆਦਿ, ਜੇ ਹਿੰਦੀ ਵਿੱਚ ਹੋਣ ਤਾਂ, ਉਨ੍ਹਾਂ ਦੀ ਛਪਾਈ ਦੇਵਨਾਗਰੀ ਲਿੱਪੀ ਵਿੱਚ ਹੀ ਕੀਤੀ ਜਾਵੇ। ਪਰ ਬਿਹਾਰ ਵਿੱਚ ਕੈਥੀ ਦੀ ਹਰਮਨ ਪਿਆਰਤਾ ਨੂੰ ਦੇਖਦੇ ਹੋਏ ਕਲਕੱਤਾ ਗਜਟ ਨੇ 1860 ਦੇ ਆਪਣੇ ਇੱਕ ਅੰਕ ਵਿੱਚ ਕਈ ਸਫ਼ੇ ਕੈਥੀ ਲਿੱਪੀ ਵਿੱਚ ਪ੍ਰਕਾਸ਼ਤ ਕੀਤੇ। ਬਿਹਾਰ ਦੇ ਸਕੂਲ ਇੰਸਪੈਕਟਰ ਹੈਰੀਸਨ ਨੇ ਇਸ ਕਦਮ ਦੀ ਸਖ਼ਤ ਅਲੋਚਨਾ ਕਰਦੇ ਹੋਏ ਸਿੱਖਿਆ ਨਿਰਦੇਸ਼ਕ ਨੂੰ ਲਿਖਿਆ ‘‘ਜੇ ਨਾਗਰੀ ਲਿੱਪੀ ਨੂੰ ਏਸੇ ਤਰ੍ਹਾਂ ਨਾਲ਼ ਨਿਰਉਤਸ਼ਾਹਤ ਕੀਤਾ ਗਿਆ ਤਾਂ ਕੈਥੀ ਨੂੰ ਸਕੂਲਾਂ ’ਚੋਂ ਕੱਢਣਾ ਔਖਾ ਹੋਵੇਗਾ।’’ 43

ਤੀਜਾ, ਬਸਤੀਵਾਦੀ ਸਰਕਾਰ ਨੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਲਈ ਕੈਥੀ ਦੀ ਥਾਂ ਦੇਵਨਾਗਰੀ ਲਿੱਪੀ ਦੀ ਵਰਤੋਂ ਲਾਜ਼ਮੀ ਕਰ ਦਿੱਤੀ। ਅਵਧ ਦੇ ਸੂਕਲ ਇੰਸਪੈਕਟਰ ਨੇ ਸਕੂਲਾਂ ਨੂੰ ਸਿਰਫ਼ ਨਾਗਰੀ ਅਤੇ ਉਰਦੂ ਦੇ ਹੀ ਅਧਿਐਨ ਦੀ ਸਹੂਲਤ ਰਹਿਣ ਦਿੱਤੀ ਪਰ ਇਹ ਪ੍ਰਵਾਨ ਕੀਤਾ ਕਿ ‘‘ਵੱਡੀ ਗਿਣਤੀ ਵਿੱਚ ਮਾਪੇ ਆਪਣੇ ਬੱਚਿਆਂ ਨੂੰ ਕੈਥੀ ਲਿਪੀ ਵਿੱਚ ਸਿੱਖਿਆ ਦੇਣਾ ਚਾਹੁੰਦੇ ਹਨ।’’ 44

ਬਿਹਾਰ ਵਿੱਚ 1871 ਤੋਂ ਸਰਕਾਰ ਦੀ ਕੋਸ਼ਿਸ਼ ਹਿੰਦੀ ਭਾਸ਼ਾ ਵਿੱਚ ਸਿੱਖਿਆ ਦੇਣ ਦੀ ਰਹੀ। ਸ਼ੁਰੂਆਤ ਵਿੱਚ ਹਿੰਦੀ ਨੂੰ ਹਰਮਨ ਪਿਆਰੀ ਬਣਾਉਣ ਲਈ ਸਿੱਖਿਆ ਵਿੱਚ ਕੈਥੀ ਦੀ ਹੀ ਵਰਤੋਂ ਹੁੰਦੀ ਅਤੇ ਪਾਠ-ਪੁਸਤਕਾਂ ਵੀ ਛਾਪੀਆਂ ਗਈਆਂ। ਪਰ ਇੱਕ ਵਾਰ ਜਦ ਹਿੰਦੀ ਨੂੰ ਲੋਕਾਂ ਨੇ ਪ੍ਰਵਾਨ ਕਰਨਾ ਸ਼ੁਰੂ ਕਰ ਦਿੱਤਾ ਤਾਂ ਕੈਥੀ ਨੂੰ ਹਟਾ ਕੇ ਉਸ ਦੀ ਥਾਂ ਨਾਗਰੀ ਨੂੰ ਸਥਾਪਤ ਕਰਨ ਦਾ ਯਤਨ ਸ਼ੁਰੂ ਹੋ ਗਿਆ। ਨਾਲ਼ ਹੀ ਦੇਸੀ ਸਕੂਲਾਂ ਦੇ ਅਧਿਆਪਕਾਂ ਨੂੰ ਵੀ ਕੈਥੀ ਲਿੱਪੀ ਦੀ ਥਾਂ ਨਾਗਰੀ ਲਿੱਪੀ ਵਿੱੱਚ ਸਿੱੱਖਿਆ ਦੇਣ ਲਈ ਅਨੇਕ ਲਾਲਚ ਦਿੱਤੇ ਗਏ।

ਕੈਥੀ ਨੂੰ ਹਟਾ ਕੇ ਨਾਗਰੀ ਲਿੱਪੀ ਨੂੰ ਸਕੂਲਾਂ ਅਤੇ ਸਰਕਾਰੀ ਦਫ਼ਤਰਾਂ ਵਿੱਚ ਦਾਖ਼ਲਾ ਦਵਾਉਣ ਵਿੱਚ ਨਵੇਂ ਮੱਧਵਰਗ, ਵਿਸ਼ੇਸ਼ ਕਰਕੇ ਬ੍ਰਾਹਮਣ ਸੱਭਿਆਚਾਰ ਤੋਂ ਪ੍ਰਭਾਵਤ ਲੋਕਾਂ ਨੇ ਵੀ ਮਹੱਤਵਪੂੂਰਨ ਭੂਮਿਕਾ ਨਿਭਾਈ। ਇਸ ਜਮਾਤ ਦੇ ਮਨ ਵਿੱਚ ਦੇਵਨਾਗਰੀ ਲਿੱਪੀ ਵੱਲ ਸ਼ਰਧਾ ਸੀ ਕਿਉਂਕਿ ਇਹ ਲਿੱਪੀ ‘‘ਦੇਵਭਾਸ਼ਾ’’ ਸੰਸਕ੍ਰਿਤ ਨੂੰ ਲਿਖਣ ਦੇ ਕੰਮ ਵਿੱਚ ਆਉਂਦੀ ਸੀ। ਦੇਵਨਾਗਰੀ ਲਿੱਪੀ ਦੀ ਪੈਰਵੀ ਬਨਾਰਸ ਦੇ ਹਿੰਦੀ ਵਿਦਵਾਨਾਂ ਦੁਆਰਾ ਲਗਾਤਾਰ ਕੀਤੀ ਜਾਂਦੀ ਰਹੀ ਜਿਸ ਦਾ ਬਿਹਾਰ ਦੀ ਸਿੱਖਿਅਤ ਜਮਾਤ ਦੁਆਰਾ ਵੀ ਸਵਾਗਤ ਕੀਤਾ।

ਅੰਗਰੇਜ਼ੀ ਸਿੱਖਿਆ ਰਾਜ ਭਾਰਤੀਆਂ ਅਤੇ ਬਸਤੀਵਾਦੀ ਹਾਕਮਾਂ ਦੋਵਾਂ ਦੇ ਵਿਰੋਧ ਦੇ ਬਾਵਜੂਦ ਕੈਥੀ ਦੀ ਹਰਮਨ ਪਿਆਰਤਾ ਅਤੇ ਉਪਯੋਗਤਾ ਕਾਰਨ ਮੌਜੂਦਾ ਸਦੀ ਦੇ ਅੱਧ ਤੱਕ ਵੀ ਇਸ ਦੀ ਹੋਂਦ ਨੂੰ ਪੂਰੀ ਤਰ੍ਹਾਂ ਖ਼ਤਮ ਨਹੀਂ ਕੀਤਾ ਜਾ ਸਕਿਆ ਅਤੇ ਇਹ ਦੇਸੀ ਸਿੱਖਿਆ ਕੇਂਦਰਾਂ, ਕਚਹਿਰੀਆਂ ਅਤੇ ਦਫ਼ਤਰਾਂ ਵਿੱਚ ਬਣੀ ਰਹੀ। ਪਰ ਅਜ਼ਾਦ ਭਾਰਤ ਦੀ ਬਿਹਾਰ ਸਰਕਾਰ ਨੇ 1949 ਈਸਵੀ ਵਿੱਚ ਇੱਕ ਸਰਕਾਰੀ ਹੁਕਮ ਅਨੁਸਾਰ ਮਾਲ ਮਹਿਕਮੇ ਵਿੱਚ ਕੈਥੀ ਦੀ ਵਰਤੋਂ ਦੀ ਪੂਰੀ ਤਰ੍ਹਾਂ ਮਨਾਹੀ ਕਰ ਦਿੱਤੀ ਗਈ। 1949 ਅੰਤਮ ਸਾਲ ਸੀ ਜਦ ਮਾਲ ਮਹਿਕਮੇ ਦੇ ਅਫ਼ਸਰਾਂ ਦੇ ਅਹੁਦੇ ਲਈ ਬਿਨੇਕਾਰਾਂ ਨੂੰ ਕੈਥੀ ਭਾਸ਼ਾ ਵਿੱਚ ਮੁਕਾਬਲਾ ਪ੍ਰੀਖਿਆ ਲਿਖਣ ਦੀ ਇਜਾਜ਼ਤ ਦਿੱਤੀ ਗਈ। 45 ਇਸ ਤਰ੍ਹਾਂ ਸਿੱਖਿਅਤ ਮੱਧਵਰਗ ਅਤੇ ਬਸਤੀਵਾਦੀ ਹਾਕਮਾਂ ਦੀ ਲਗਾਤਾਰ ਦੁਸ਼ਮਣਾ ਨੀਤੀ ਨੇ ਆਮ ਲੋਕਾਂ ਦੀ ਹਰਮਨ ਪਿਆਰੀ ਲਿੱਪੀ ਨੂੰ ਇਤਿਹਾਸ ਦੀ ਸ਼ੈਅ ਬਣਾਉਣ ਵਿੱਚ ਸਫ਼ਲਤਾ ਹਾਸਲ ਕੀਤੀ।

ਉਪਰੋਕਤ ਵਿਸ਼ਲੇਸ਼ਣ ਤੋਂ ਅਸੀਂ ਇਸ ਨਤੀਜੇ ’ਤੇ ਪਹੁੰਚਦੇ ਹਾਂ ਕਿ ਬਸਤੀਵਾਦੀ ਸਰਕਾਰ ਦੀਆਂ ਆਰਥਿਕ, ਸਿਆਸੀ ਅਤੇ ਸਮਾਜਕ ਨੀਤੀਆਂ ਨੇ 19ਵੀਂ ਸਦੀ ਵਿੱਚ ਭਾਰਤ ਵਿੱਚ, ਇੱਕ ਨਵੇਂ ਮੱਧਵਰਗ ਨੇ ਵਿਕਾਸ ਲਈ ਲੋੜੀਂਦੇ ਹਾਲਾਤ ਦੀ ਉਸਾਰੀ ਕੀਤੀ। ਇਸ ਨਵੀਂ ਜਮਾਤ ਨੂੰ ਪ੍ਰਚੱਲਤ ਸਮਾਜਕ-ਸੱਭਿਆਚਾਰਕ ਸੰਸਥਾਵਾਂ, ਭਾਸ਼ਾਵਾਂ ਅਤੇ ਲਿੱਪੀਆਂ ਨੂੰ ਆਪਣੇ ਨਵੇਂ ਸੱਭਿਆਚਾਰ ਦੇ ਅਨੁਸਾਰੀ ਨਹੀਂ ਲੱਗਾ। ਆਪਣੇ ਨਵੀਂ ਸੱਭਿਆਚਾਰਕ ਪਛਾਣ ਦੀ ਖੋਜ ਵਿੱਚ ਇਨ੍ਹਾਂ ਨੇ ਲੋਕ ਭਾਸ਼ਾਵਾਂ ਨੂੰ ਤਿਆਗ ਕਰਕੇ ਇੱਕ ਅਜਿਹੀ ਤਤਸਮ ਪ੍ਰਧਾਨ ਹਿੰਦੀ ਦਾ ਵਿਕਾਸ ਕੀਤਾ ਜਿਸ ਵਿੱਚ ਸੰਸਕ੍ਰਿਤ ਦੇ ਸ਼ਬਦਾਂ ਦੀ ਵੱਡੇ ਪੱਧਰ ’ਤੇ ਵਰਤੋਂ ਕੀਤੀ ਗਈ ਸੀ। ਇਹੀ ‘‘ਸੁਚੱਜੀ ਭਾਸ਼ਾ’’ ਸਕੂਲਾਂ ਅਤੇ ਸਰਕਾਰੀ ਦਫ਼ਤਰਾਂ ਵਿੱਚ ਪ੍ਰਵਾਨ ਕੀਤੀ ਗਈ। ਇਹ ਭਾਸ਼ਾ ਆਮ ਲੋਕਾਂ ਦੀ ਭਾਸ਼ਾ ਨਾਲ਼ੋਂ ਵੱਖ ਸੀ, ਨਤੀਜੇ ਵਜੋਂ ਦਲਿਤ ਤਬਕੇ ਦੇ ਬੱਚਿਆਂ ਨੇ ਸੰਸਕ੍ਰਿਤ ਪ੍ਰਧਾਨ ਹਿੰਦੀ ਵਿੱਚ ਦਿੱਤੀ ਜਾਣ ਵਾਲ਼ੀ ਸਿੱਖਿਆ ਵਿੱਚ ਬੇਦਿਲੀ ਦਿਖਾਈ।

ਸੰਦਰਭ ਸੂਚੀ

1. ਐੱਸ. ਕੇ. ਚੈਟਰਜੀ (1960), ‘‘ਲੈਂਗੂਏਜ਼ ਐਂਡ ਲਿਟਰੇਚਰ’’ ਆਰ. ਸੀ. ਮਜੂਮਦਾਰ, ਦਿ ਹਿਸਟਰੀ ਐਂਡ ਕਲਚਰ ਆਫ ਇੰਡੀਅਨ ਪੀਪਲ, ਸੈਂਚੀ 4, ਭਾਰਤੀ ਵਿਦਿਆ ਭਵਨ, ਬੰਬਈ, ਸਫ਼ਾ 499

2. ਹਜ਼ਾਰੀ ਪ੍ਰਸਾਦ ਦਿਵੇਦੀ (1955) ਹਿੰਦੀ ਸਾਹਿਤ : ਉਸਕਾ ਉਦਭਵ ਏਵਮ ਵਿਕਾਸ, ਅਤਰਚੰਦ ਐਂਡ ਸਨਜ਼, ਦਿੱਲੀ, ਸਫ਼ਾ 369

3. ਜਯੋਤਿੰਦਰ ਦਾਸ ਗੁਪਤਾ (1970), ਲੈਂਗਵੇਜ ਕਨਫਿਲਕਟ ਐਂਡ ਨੈਸ਼ਨਲ ਡਿਵੈਲਪਮੈਂਟ, ਕੈਲਿਫੋਰਨੀਆ ਕਾਲਜ, ਬਰਕਲੇ, ਸਫ਼ਾ 50

4. ਗਿ੍ਰਯਸਰਨ ਦੀ ਪ੍ਰਸਿੱਧ ਰਚਨਾ ਲਿੰਗੂਇਸਟਿਕ ਸਰਵੇ ਆਫ਼ ਇੰਡੀਆ, 1923 ਤੋਂ 1928 ਦੌਰਾਨ 19 ਸੈਂਚੀਆਂ ਵਿੱਚ ਪ੍ਰਕਾਸ਼ਤ ਹੋਈ। ਭਾਰਤੀ ਭਾਸ਼ਾਵਾਂ ’ਤੇ ਹੋਏ ਮਗਰਲੇ ਕਾਰਜਾਂ ’ਤੇ ਇਸ ਦਾ ਵਿਆਪਕ ਪ੍ਰਭਾਵ ਪਿਆ।

5. ਐੱਲ. ਪੀ. ਵਿਦਿਆਰਥੀ, ਕਲਚਰ ਐਂਡ ‘ਲਿੰਗੂਇਸਟਿਕ ਸਟੱਡੀ ਇਨ ਇੰਡੀਆ, ਬਿਹਾਰ ਏ ਕੇਸ ਸਟੱਡੀ’’, ਅਰਵਿੰਦਰ ਪੋਦਦਾਰ (ਸੰ:), ਲੈਂਗੂਏਜ਼ ਐਂਡ ਸੁਸਾਇਟੀ ਇਨ ਇੰਡੀਆ, ਸਫ਼ਾ 126

6. ਜੀ.ਏ. ਗਿ੍ਰਯਸਰਨ (1882), ‘‘ਐਵਿਡੈਂਸ ਬਿਫੋਰ ਦੀ ਇੰਡੀਅਨ ਐਜੂਕੇਸ਼ਨ ਕਮਿਸ਼ਨ, ਬੰਗਾਲ ਪ੍ਰੋਵਿਨਸ ਰਿਪੋਰਟ, ਗਵਰਨਮੈਂਟ ਪਿ੍ਰਟਿੰਗ ਪ੍ਰੈਸ, ਕਲਕੱਤਾ

7. ਏ. ਈ. ਰੂਡੋਲਫ ਹਾਰਨਲੇ (1883), ਸੈਨਟੇਨਰੀ ਰਿਵਿਊ ਆਫ਼ ਏਸ਼ਿਆਟਿਕ ਸੋਸਾਇਟੀ ਆਫ਼ ਬੰਗਾਲ (1784-1883), ਸੈਂਚੀ 2, ਸਫ਼ਾ 169-171

8. ਜੀ.ਏ. ਗਿ੍ਰਯਸਰਨ (1882), ‘‘ਐਵਿਡੈਂਸ ਬਿਫੋਰ ਦੀ ਇੰਡੀਅਨ ਐਜੂਕੇਸ਼ਨ ਕਮਿਸ਼ਨ, ਬੰਗਾਲ ਪ੍ਰੋਵਿਨਸ ਰਿਪੋਰਟ, ਗਵਰਨਮੈਂਟ ਪਿ੍ਰਟਿੰਗ ਪ੍ਰੈਸ, ਕਲਕੱਤਾ

9. ਐੱਲ. ਪੀ. ਵਿਦਿਆਰਥੀ, ਉਹੀ

10. ਪਾਲ. ਆਰ. ਬ੍ਰਾਸ (1974), ਲੈਂਗੂਏਜ ਰਿਲੀਜਨ ਐਂਡ ਪਾਲਿਟਿਕਸ ਇਨ ਨਾਰਥ ਇੰਡੀਆ, ਕੈਮਬਿ੍ਰਜ ਯੂਨੀਵਰਸਿਟੀ ਪ੍ਰੈਸ ਲੰਡਨ, ਸਫ਼ਾ 61-62

11. ਰੋਮਿਲਾ ਥਾਪਰ (1966) ਏ ਹਿਸਟਰੀ ਆਫ਼ ਇੰਡੀਆ, ਸੈਂਚੀ 1, ਪ੍ਰੇਮਿਬਨ, ਸਫ਼ਾ 308

12. ਜੀ.ਏ. ਗਿ੍ਰਯਸਰਨ, ਲਿੰਗੂਇਸਟ ਸਰਵੇ ਆਫ਼ ਇੰਡੀਆ, ਸੈਂਚੀ 5, ਭਾਗ – 2, ਸਫ਼ਾ 5

13. ਉਹੀ, ਸੈਂਚੀ 1, ਭਾਗ 1, ਸਫ਼ਾ 158

14. ਉਹੀ, ਸੈਂਚੀ 9, ਭਾਗ 1, ਸਫ਼ਾ 1-2

15. ਜੀ.ਏ. ਗਿ੍ਰਯਸਰਨ (1882), ‘‘ਐਵਿਡੈਂਸ ਬਿਫੋਰ ਦੀ ਇੰਡੀਅਨ ਐਜੂਕੇਸ਼ਨ ਕਮਿਸ਼ਨ’’, ਬੰਗਾਲ ਪ੍ਰੋਵਿਨਸ ਰਿਪੋਰਟ, ਗਵਰਨਮੈਂਟ ਪਿ੍ਰਟਿੰਗ ਪ੍ਰੈਸ, ਕਲਕੱਤਾ

16. ਬਿਹਾਰ ਬੰਧੂ, 18 ਅਗਸਤ 1881

17. ਐੱਸ. ਐੱਨ ਚਤੁਰਵੇਦੀ (1930), ਦਿ ਹਿਸਟਰੀ ਆਫ਼ ਰੂਰਲ ਐਜੂਕੇਸ਼ਨ ਇਨ ਯੂਨਾਇਟਿਡ ਪ੍ਰੋਵਿਨਸ ਆਫ਼ ਆਗਰਾ ਐਂਡ ਅਵਧ, ਦਿ ਇੰਡੀਅਨ ਪ੍ਰੈਸ ਲਿਮਟਿਡ, ਇਲਾਹਾਬਾਦ, ਸਫ਼ਾ 20

18. ਆਰ. ਐੱਮ. ਮਾਰਟਿਨ (1938), ਹਿਸਟਰੀ ਐਂਟੀਕਊਟੀਜ, ਟੋਪੋਗ੍ਰਾਫ਼ੀ ਐਂਡ ਸਟੈਟਿਕਸ ਆਫ਼ ਈਸਟਰਨ ਇੰਡੀਆ, ਸੈਂਚੀ 2, ਸਫ਼ਾ 429-30

19. ਬਿਪਿਨ ਚੰਦਰ ਸਾਨੂੰ ਦੱਸਦੇ ਹਨ ਕਿ ਉੱਨੀਵੀਂ ਸਦੀ ਦੇ ਦੂਜੇ ਦਹਾਕੇ ਤੱਕ ਤਕਰੀਬਨ ਜ਼ਮੀਨ ਸਬੰਧੀ ਅੱਧੀ-ਜਾਇਦਾਦ ਪੁਰਾਣੇ ਜ਼ਿਮੀਂਦਾਰਾਂ ਤੋਂ ਨਵੇਂ ਜ਼ਿਮੀਦਾਰਾਂ ਅਤੇ ਵਪਾਰੀਆਂ ਦੇ ਹੱਥ ਵਿੱਚ ਗਈ ਜੋ ਸ਼ਹਿਰਾਂ ਵਿੱਚ ਵਸਦੇ ਸਨ। ਮਾਡਰਨ ਇੰਡੀਆ, ਐੱਨ. ਸੀ. ਈ. ਆਰ. ਟੀ., ਨਵੀਂ ਦਿੱਲੀ

20. ਕ੍ਰਿਸ਼ਨਦੱਤ ਪਾਲੀਵਾਲ (ਸੰਪਾ:) (1987), ਭਾਰਤਇੰਦੂ ਦੇ ਸ਼੍ਰੇਸ਼ਠ ਨਿਬੰਧ, 1987, ਸਫ਼ਾ 70-73

21. ਜੀ.ਏ. ਗਿ੍ਰਯਸਰਨ, ਲਿੰਗੂਇਸਟ ਸਰਵੇ ਆਫ਼ ਇੰਡੀਆ, ਸੈਂਚੀ 1, ਭਾਗ – 1, ਸਫ਼ਾ 15

22. ਹੜਸਨ ਐਮੀਨੇਂਸ ਆਫ਼ ਵਰਨਾਕੂਲਰਸ ਆਰ ਦੀ ਏਂਗਲਿਸਟ ਆਨਸਰਡ, ਸ਼੍ਰੀ ਰਾਮਪੁਰ ਪ੍ਰੈਸ, ਕਲਕੱਤਾ, ਸਫ਼ਾ 18

23. ਹਜ਼ਾਰੀ ਪ੍ਰਸਾਦ ਦ੍ਰਿਵੇਦੀ (1955), ਉਹੀ, ਸਫ਼ਾ 370-374

24. ਜੀ. ਏ. ਗਿ੍ਰਯਸਰਨ, ਉਹੀ, ਸੈਂਚੀ 1, ਸਫ਼ਾ 130

25. ਰਿਚੀ (1923) ਸਲੈਕਸ਼ਨ ਫ੍ਰਾਮ ਐਜੂਕੇਸ਼ਨਲ ਰਿਕਾਰਡਸ, ਸਫ਼ਾ 255

26. ਉਹੀ, ਸਫ਼ਾ 2…

27. ਆਚਾਰਿਆ, ‘‘ਪ੍ਰੋਗਰੈਸ, ਡਿਵੈਲਪਮੈਂਟ ਆਫ਼ ਮਾਡਰਨ ਲੈਂਗੂਏਜ ਟੈਕਟਸ ਬੁੱਕ”, ਇਕਨਾਮਿਕ ਐਂਡ ਪੁਲੀਟੀਕਲ ਵੀਕਲੀ, 26 ਅਪ੍ਰੈਲ, 1986

28. ਐੱਨ. ਐੱਲ ਬਸਾਕ (1974), ਵਰਨਾਕੂਲਰ ਐਜੂਕੇਸ਼ਨ ਇਨ ਬੰਗਾਲ, ਭਰਤ ਬੁੱਕ ਸਟਾਲ, ਕਲਕੱਤਾ, ਸਫ਼ਾ 309-10

29. ਬਿਹਾਰ ਬੰਧੂ, 16 ਸਤੰਬਰ, 1879

30. ਦਿ ਇੰਡੀਅਨ ਐਜੂਕੇਸ਼ਨ ਕਮਿਸ਼ਨ ਰਿਪੋਰਟ (1882-83), ਸਫ਼ਾ 343

31. ਸੱਚਿਦਾਨੰਦ ਸਿਨਹਾਂ (1939), ਅਸੈਂਬਲੀ ਇੰਟਰਪਟੇਸ਼ਨ ਫਾਈਲ, ਫਾਈਲ ਨੰ. 70, ਸਿਨਹਾ ਲਾਈਬ੍ਰੇਰੀ, ਪਟਨਾ

32. ਜਟਾਸ਼ੰਕਰ ਝਾ (1979), ਐਜੂਕੇਸ਼ਨ ਇਨ ਬਿਹਾਰ, ਪੀ. ਜੇ. ਆਰ. ਆਈ. ਪਟਨਾ, ਸਫ਼ਾ 255

33. ਹੋਮ ਐਜੂਕੇਸ਼ਨ 1864, ਫਾਈਲ ਨੰ. 10687

34. ਜੀ.ਏ. ਗਿ੍ਰਯਸਰਨ, ਲਿੰਗੂਇਸਟ ਸਰਵੇ ਆਫ਼ ਇੰਡੀਆ, ਸੈਂਚੀ 5, ਭਾਗ 2, ਸਫ਼ਾ 11

35. ਬਿਹਾਰ ਬੰਧੂ, 2 ਸਤੰਬਰ 1880

36. ਏ. ਐੱਨ. ਬਸੂ, ਰਿਪੋਰਟ ਆਨ ਦਿ ਸਟੇਟ ਆਫ਼ ਵਰਨਾਕੂਲਰ ਐਜੂਕੇਸ਼ਨ ਇਨ ਬੰਗਾਲ, ਕਲਕੱਤਾ, ਸਫ਼ਾ 248

37. ਐੱਚ. ਐੱਸ. ਰੀਡ (1850-51) ਰਿਪੋਰਟਸ ਆਨ ਦਿ ਇੰਡੀਜੈਂਸ ਐਜੂਕੇਸ਼ਨ ਐਂਡ ਨਾਕੂਲਰ ਸਕੂਲਸ, ਸਫ਼ਾ 64

38. ਉਹੀ, ਸਫ਼ਾ 64

39. ਬਿਹਾਰ ਬੰਧੂ, 21 ਜੁਲਾਈ 1881

40. ਜੀ.ਏ. ਗਿ੍ਰਯਸਰਨ, ਲਿੰਗੂਇਸਟ ਸਰਵੇ ਆਫ਼ ਇੰਡੀਆ, ਸੈਂਚੀ 1, ਭਾਗ 1, ਸਫ਼ਾ 151

41. ਦਿ ਨਾਰਥ ਵੈਸਟਰਨ ਪ੍ਰਾਵਿਨਸਜ਼ ਰਿਪੋਰਟ ਆਨ ਪਬਲਿਕ ਇੰਸਟਰਕਚਰ ਫਾਰ 1858-59, ਸਫ਼ਾ 32-33

42. ਮਿਲਟਰੀ ਡਿਪਾਰਟਮੈਂਟ ਨੰ. 577, 6 ਅਕਤੂਬਰ 1860

43. ਹੋਮ, ਐਜੂਕੇਸ਼ਨ ਨੰ. 155, 1860

44. ਐਜੂਕੇਸ਼ਨ ਰਿਪੋਰਟ ਆਫ਼ ਅਵਧ ਫਾਰ 1869, ਸਫ਼ਾ 21

45. ਦਿ ਹਿੰਦੁਸਤਾਨ ਰਿਵਿਊ, 8 ਮਾਰਚ, 1949

(ਨੋਟ : ਇਸ ਲੇਖ ਵਿੱਚ ਲੇਖਕ ਨੇ, ਅਵਧੀ, ਬਘੇਲੀ ਅਤੇ ਛੱਤੀਸਗੜ੍ਹ ਨੂੰ ਪੂਰਬੀ ਹਿੰਦੀ ਦੀਆਂ ਉਪ ਭਾਸ਼ਾਵਾਂ ਦੱਸਿਆ ਹੈ। ਇਸ ਨਾਲ਼ ਸਾਡੀ ਸਹਿਮਤੀ ਨਹੀਂ ਹੈ। ਇਸੇ ਤਰਾਂ ਲੇਖਕ ਦਾ ਇਹ ਕਹਿਣਾ ਵੀ ਦਰੁਸਤ ਨਹੀਂ ਹੈ ਕਿ ਪੱਛਮੀ ਹਿੰਦੀ ਦਾ ਖੇਤਰ ਪੰਜਾਬ ਦੇ ਸਰਹੰਦ ਤੋਂ ਸ਼ੁਰੂ ਹੁੰਦਾ ਹੈ। ਲੱਗਦਾ ਹੈ ਲੇਖਕ ਪੁਆਧੀ ਨੂੰ ਹਿੰਦੀ ਦੀ ਉਪ ਭਾਸ਼ਾ ਦੱਸਣ ਦੀ ਭੁੱਲ ਕਰ ਰਿਹਾ ਹੈ। ਇਸ ਤਰਾਂ ਲੇਖ ਬ੍ਰਜ, ਬੁੰਦੇਲੀ ਅਤੇ ਕਨੌੜੀ ਨੂੰ ਵੀ ਹਿੰਦੀ ਦੀਆਂ ਉਪ ਭਾਸ਼ਾਵਾਂ ਦੱਸਦਾ ਹੈ, ਜੋ ਕਿ ਦਰੁਸਤ ਨਹੀਂ ਜਾਪਦਾ।)

“ਪ੍ਰਤੀਬੱਧ”, ਅੰਕ  33, ਜੂਨ 2020 ਵਿੱਚ ਪਰ੍ਕਾਸ਼ਿ