ਚੀਨ ਵਿੱਚ ਵਾਧੂ ਪੈਦਾਵਾਰ ਦਾ ਸੰਕਟ —ਸੁਖਦੇਵ

china factory

(ਪੀ.ਡੀ.ਐਫ਼ ਡਾਊਨਲੋਡ ਕਰੋ)

 ਸੰਸਾਰ ਪ੍ਰੋਲੇਤਾਰੀ ਦੇ ਮਹਾਨ ਅਧਿਆਪਕ ਕਾਰਲ ਮਾਰਕਸ ਕਹਿੰਦੇ ਹਨ ਕਿ ਪੂੰਜੀਵਾਦ ਦੇ ਵਿਕਾਸ ਦੇ ਰਾਹ ਵਿੱਚ ਸਭ ਤੋਂ ਵੱਡੀ ਰੁਕਾਵਟ ਖੁਦ ਪੂੰਜੀਵਾਦ ਹੈ। ਇਸ ਤਰਾਂ, ਪੂੰਜੀਵਾਦੀ ਨਿਵੇਸ਼ ਦੇ ਰਾਹ ਵਿੱਚ ਵੱਡੀ ਰੁਕਾਵਟ ਵੀ ਖੁਦ ਪੂੰਜੀਵਾਦ ਹੀ ਹੈ। 

ਉਤਪਾਦਨ ਦੇ ਸਾਧਨਾਂ ‘ਤੇ ਪੂੰਜੀਪਤੀਆਂ ਦਾ ਨਿੱਜੀ ਕੰਟਰੋਲ ਮੰਡੀ ਤੇ ਮੁਨਾਫੇ ਲਈ ਉਨਾਂ ਦਰਮਿਆਨ ਭੇੜ ਨੂੰ ਤਿੱਖਾ ਕਰਦਾ ਹੈ। ਇਸ ਭੇੜ ਵਿੱਚ ਉਹੀ ਟਿਕ ਸਕਦੇ ਹਨ, ਜੋ ਆਪਣੀ ਉਤਪਾਦਨ ਲਾਗਤ ਘੱਟ ਕਰਨ ਵਿੱਚ ਕਾਮਯਾਬ ਹੁੰਦੇ ਹਨ, ਬਾਕੀ ਇਸ ਭੇੜ ਵਿੱਚ ਨਹੀਂ ਟਿਕ ਸਕਦੇ, ਉਹ ਪੂੰਜੀਪਤੀਆਂ ਦੀ ਜਮਾਤ ਦਾ ਅੰਗ ਨਹੀਂ ਬਣੇ ਰਹਿ ਸਕਦੇ। ਉਤਪਾਦਨ ਲਾਗਤ ਘੱਟ ਕਰਨ ਦਾ ਪੂੰਜੀਪਤੀਆਂ ਕੋਲ ਇੱਕ ਹੀ ਰਾਹ ਹੈ, ਮਜ਼ਦੂਰਾਂ ਦੀ ਤਨਖਾਹ ਲਗਾਤਾਰ ਘੱਟ ਕਰਦੇ ਜਾਣਾ, ਤਨਖਾਹ ਵਧਾਏ ਬਗੈਰ ਕੰਮ ਦੇ ਘੰਟੇ ਵਧਾਉਂਦੇ ਜਾਣਾ। ਮਜ਼ਦੂਰਾਂ ਨੂੰ ਦਿੱਤੀਆਂ ਜਾਣ ਵਾਲ਼ੀਆਂ ਹੋਰ ‘ਸਹੂਲਤਾਂ’ ਵਿੱਚ ਲਗਾਤਾਰ ਕਟੌਤੀ ਕਰਦੇ ਜਾਣਾ। ਜਾਣੀ ਮਜ਼ਦੂਰਾਂ ਦੇ ਖੂਨ ਪਸੀਨੇ ਦੀ ਇੱਕ-ਇੱਕ ਬੂੰਦ ਨੂੰ ਸਿੱਕਿਆਂ ਵਿੱਚ ਢਾਲ਼ਦੇ ਚਲੇ ਜਾਣਾ। ਮਾਰਕਸ ਕਹਿੰਦੇ ਹਨ ਕਿ ਜਦੋਂ ਮਜ਼ਦੂਰ ਮਾਲਕਾਂ ਕੋਲ਼ ਆਪਣੀ ਕਿਰਤ ਸ਼ਕਤੀ ਵੇਚਦੇ ਹਨ ਤਾਂ ਮਾਲਕਾਂ ਦੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਉਹ ਮਜ਼ਦੂਰਾਂ ਨੂੰ ਘੱਟ ਤੋਂ ਘੱਟ ਦੇਣ, ਪਰ ਜਦੋਂ ਉਹੀ ਮਜ਼ਦੂਰ ਤਨਖਾਹ ਲੈ ਕੇ ਮੰਡੀ ਵਿੱਚ ਆਪਣੀ ਵਰਤੋਂ ਦੀਆਂ ਚੀਜ਼ਾਂ ਖਰੀਦਣ ਜਾਂਦੇ ਹਨ ਤਾਂ ਮਾਲਕਾਂ ਦੀ ਇੱਛਾ ਹੁੰਦੀ ਹੈ ਕਿ ਉਹ ਵੱਧ ਤੋਂ ਵੱਧ ਖਰੀਦਣ। ਪਰ ਇਹ ਦੋਵੇਂ ਚੀਜ਼ਾਂ ਇੱਕੋ ਵੇਲ਼ੇ ਸੰਭਵ ਨਹੀਂ ਹਨ।

ਪੂੰਜੀਵਾਦੀ ਅਰਥਚਾਰੇ ਵਿੱਚ ਉਤਪਾਦਨ ਦੇ ਸਾਧਨਾਂ ਦੇ ਮਾਲਕਾਂ (ਪੂੰਜੀਪਤੀਆਂ) ਕੋਲ਼ ਪਹਿਲਾਂ ਤੋਂ ਇਹ ਦੇਖ ਸਕਣ ਦਾ ਕੋਈ ਜ਼ਰੀਆ ਨਹੀਂ ਹੁੰਦਾ ਕਿ ਉਨਾਂ ਦੇ ਕਾਰਖਾਨੇ ਵਿੱਚ ਜਿਸ ਮਾਲ ਦਾ ਉਤਪਾਦਨ ਕੀਤਾ ਜਾ ਰਿਹਾ ਹੈ। ਉਹ ਮੰਡੀ ਵਿੱਚ ਵਿਕ ਵੀ ਸਕੇਗਾ ਜਾਂ ਨਹੀਂ, ਮੰਡੀ ਵਿੱਚ ਆਪਣਾ ਮਾਲ ਲੈ ਜਾਣ ਤੋਂ ਬਾਅਦ ਹੀ ਉਹ ਇਹ ਜਾਣ ਪਾਉਂਦੇ ਹਨ। ਜਦੋਂ ਅਰਥਚਾਰੇ ਵਿੱਚ ਉਛਾਲ਼ ਦਾ ਸਮਾਂ ਹੁੰਦਾ ਹੈ ਤਾਂ ਸਾਰੇ ਪੂੰਜੀਪਤੀ ਇਸ ਵਹਿੰਦੀ ਗੰਗਾ ਵਿੱਚ ਹੱਥ ਧੋਣ ਲਈ, ਜਿਆਦਾ ਤੋਂ ਜਿਆਦਾ ਨਿਵੇਸ਼ ਕਰਦੇ ਹਨ, ਨਤੀਜਾ ਹੁੰਦਾ ਹੈ ਵਾਧੂ ਪੈਦਾਵਾਰ ਜਿਸਦਾ ਖਮਿਆਜਾ ਵੀ ਮਜ਼ਦੂਰ ਜਮਾਤ ਨੂੰ ਭੁਗਤਣਾ ਪੈਂਦਾ ਹੈ, ਕਿਉਂਕਿ ਮਾਲ ਨਾ ਵਿਕਣ ਕਾਰਨ ਜਾਂ ਤਾਂ ਕਾਰਖਾਨੇ ਬੰਦ ਹੋ ਜਾਂਦੇ ਹਨ, ਜਾਂ ਫਿਰ ਉਨਾਂ ਵਿੱਚ ਉਤਪਾਦਨ ਘੱਟ ਕਰ ਦਿੱਤਾ ਜਾਂਦਾ ਹੈ, ਜਿਸ ਨਾਲ਼ ਮਜ਼ਦੂਰਾਂ ਨੂੰ ਬੇਕਾਰੀ ਦੀ ਚੱਕੀ ਵਿੱਚ ਪਿਸਣਾ ਪੈਂਦਾ ਹੈ। ਮੁਨਾਫੇ ਲਈ ਪੂੰਜੀਪਤੀਆਂ ਦਰਮਿਆਨ ਤਿੱਖਾ ਮੁਕਾਬਲਾ, ਇਸ ਮੁਕਾਬਲੇ ਵਿੱਚ ਟਿਕੇ ਰਹਿਣ ਲਈ ਉਤਪਾਦਨ ਲਾਗਤ ਘਟਾਉਣ ਲਈ ਮਜ਼ੂਦਰਾਂ ਦੀੰ ਤਨਖਾਹਾਂ ਵਿੱਚ ਕਟੌਤੀ ਕਰਨੀ ਪੈਂਦੀ ਹੈ ਸਿੱਟਾ ਵਾਧੂ ਪੈਦਾਵਾਰ ਦਾ ਸੰਕਟ। ਇਹ ਪੂੰਜੀਵਾਦੀ ਢਾਂਚੇ ਦੇ ਅਜਿਹੇ ਅਸਾਧ ਰੋਗ ਹਨ ਜਿਨਾਂ ਦਾ ਹੱਲ ਪੂੰਜੀਵਾਦੀ ਢਾਂਚੇ ਅੰਦਰ ਅਸੰਭਵ ਹੈ। ਲਗਭਗ 150 ਸਾਲ ਪਹਿਲਾਂ ਪੂੰਜੀਵਾਦੀ ਅਰਥਚਾਰੇ ਦਾ ਮਾਰਕਸ ਦੁਆਰਾ ਕੀਤਾ ਗਿਆ ਇਹ ਵਿਸ਼ਲੇਸ਼ਣ, ਪੂੰਜੀਵਾਦ ਦੀਆਂ ਬੁਨਿਆਦੀ ਵਿਰੋਧਤਾਈਆਂ ਦੀ ਇਹ ਨਿਸ਼ਾਨਦੇਹੀ, ਅੱਜ ਵੀ ਕਿੰਨੀ ਪ੍ਰਸੰਗਿਕ ਹੈ ਇਸਨੂੰ ਦੇਖਣ ਲਈ ਅੱਜ ਦੇ ਸੰਸਾਰ ਪੂੰਜੀਵਾਦੀ ਅਰਥਚਾਰੇ ‘ਤੇ ਇੱਕ ਸਰਸਰੀ ਨਿਗਾਹ ਹੀ ਕਾਫੀ ਹੈ। 

ਪਿਛਲੀ ਸਦੀ ਦੇ ਅੰਤ ਵਿੱਚ ਸੋਧਵਾਦ ਦੇ ਕਿਲੇ ਸੋਵੀਅਤ ਯੂਨੀਅਨ ਦੇ ਟੁੱਟਣ ਨੂੰ ਪੂੰਜੀਵਾਦ ਦੇ ਬੌਧਿਕ ਚਾਕਰਾਂ ਦੀ ਜਮਾਤ ਨੇ ਪੂੰਜੀਵਾਦ ਦੀ ਜਿੱਤ ਦਾ ਨਾਮ ਦਿੱਤਾ। ਕੁੱਝ ਨੇ ਤਾਂ ਇਤਿਹਾਸ ਦੇ ਅੰਤ ਤੱਕ ਦੀ ਘੋਸ਼ਣਾ ਕਰ ਦਿੱਤੀ। ਕੁੱਝ ਨੇ ਕਿਹਾ ਕਿ ਹੁਣ ਅਸੀਂ ਉੱਤਰ-ਉਦਯੋਗਿਕ ਯੁੱਗ ਵਿੱਚ ਪਹੁੰਚ ਗਏ ਹਾਂ। ਇੱਥੇ ਜਮਾਤਾਂ ਤੇ ਜਮਾਤੀ ਘੋਲ ਲੋਪ ਹੋ ਚੁੱਕੇ ਹਨ, ਪਰ ਪਿਛਲੇ ਡੇਢ ਦਹਾਕੇ ਵਿੱਚ ਅਮਰੀਕਾ, ਯੂਰਪ ਲਾਤਿਨ ਅਮਰੀਕਾ ਤੋਂ ਲੈ ਕੇ, ਦੱਖਣ ਪੂਰਬੀ ਏਸ਼ੀਆ, ਚੀਨ ਤੇ ਦੁਨੀਆਂ ਦੇ ਹੋਰ ਕਈ ਹਿੱਸਿਆਂ ਵਿੱਚ ਹੋਏ ਮਜ਼ਦੂਰਾਂ ਦੇ ਲੜਾਕੂ ਮੁਜਾਹਰਿਆਂ ਅਤੇ ਲੋਕ ਵਿਦਰੋਹਾਂ ਨੇ ਇਸ ਤਰਾਂ ਦੇ ਮੂਰਖਤਾਪੂਰਨ ਐਲਾਨਾਂ ਦਾ ਮੂੰਹ ਬੰਦ ਕਰ ਦਿੱਤਾ। ਇਸ ਤਰਾਂ ਦੇ ਐਲਾਨ ਲਗਭਗ ਦਮ ਤੋੜ ਚੁੱਕੇ ਹਨ। 

ਸੋਵੀਅਤ ਯੂਨੀਅਨ ਦੇ ਖਿੰਡਾਅ ਤੋਂ ਬਾਅਦ ਫੌਰੀ ਤੌਰ ‘ਤੇ ਅੰਤਰ ਸਾਮਰਾਜਵਾਦੀ ਵਿਰੋਧਤਾਈਆਂ ਦੇ ਕੁੱਝ ਸਮੇਂ ਲਈ ਠੰਡੇ ਪੈ ਜਾਣ ‘ਤੇ ਕੁੱਝ ਬੁਰਜੂਆ ਬੁੱਧੀਜੀਵੀਆਂ ਜਿਨਾਂ ਵਿੱਚ ਅਖੌਤੀ ਮਾਰਕਸਵਾਦੀ ਬੁੱਧੀਜੀਵੀ ਵੀ ਸ਼ਾਮਿਲ ਸਨ, ਨੇ ਐਲਾਨ ਕੀਤਾ ਕਿ ਹੁਣ ਅੰਤਰ ਸਾਮਰਾਜਵਾਦੀ ਵਿਰੋਧਤਾਈਆਂ ਖਤਮ ਹੋ ਗਈਆਂ ਹਨ। ਇਸ ਲਈ ਹੁਣ ਸੰਸਾਰ ਸਥਾਈ ਸ਼ਾਂਤੀ ਦੇ ਯੁੱਗ ਵਿੱਚ ਪ੍ਰਵੇਸ਼ ਕਰ ਗਿਆ ਹੈ, ਪਰ ਹੁਣ ਦੁਨੀਆਂ ਭਰ ਵਿੱਚ ਉੱਭਰ ਰਹੀਆਂ ਵੱਖ-ਵੱਖ ਸਾਮਰਾਜਵਾਦੀ ਧੁਰੀਆਂ, ਖਾਸ ਕਰਕੇ ਰੂਸ ਦੁਆਰਾ ਅਮਰੀਕੀ ਸਾਮਰਾਜਵਾਦ ਦੀ ਚੌਧਰ ਨੂੰ ਦਿੱਤੀ ਜਾ ਰਹੀ ਚੁਣੌਤੀ, ਇਹ ਦਰਸਾਉਂਦੀ ਹੈ ਕਿ ਰੂਸ ਹੁਣ ਫਿਰ ਤੋਂ ਦੁਨੀਆਂ ਨੂੰ ਲੁੱਟਣ ਵੰਡਣ ਦੀ ਦੌੜ ਵਿੱਚ ਸ਼ਾਮਿਲ ਹੋਣ ਜਾ ਰਿਹਾ ਹੈ, ਅੰਤਰ ਸਾਮਰਾਜਵਾਦੀ ਵਿਰੋਧਤਾਈਆਂ ਦੇ ਖਤਮ ਹੋ ਜਾਣ ਦਾ ਐਲਾਨ ਕਰਨ ਵਾਲ਼ੇ ਬੁਰਜੂਆ ਕਲਮ ਘਸੀਟਾਂ ਨੂੰ ਚੂਲ਼ੀ ਭਰ ਪਾਣੀ ਵਿੱਚ ਡੁੱਬ ਮਰਨ ਨੂੰ ਮਜ਼ਬੂਰ ਕਰ ਰਹੀ ਹੈ। ਬੁਰਜੂਆਂ ਕਲਮ ਘਸੀਟਾਂ ਦੁਆਰਾ, ਸੋਧਵਾਦੀਆਂ ਦੇ ਸਿਧਾਂਤਕਾਰਾਂ ਦੁਆਰਾ ਅਤੇ ਅਖੋਤੀ ਮਾਰਕਸਵਾਦੀ ਬੁੱਧੀਜੀਵੀਆਂ ਦੁਆਰਾ ਇੱਕ ਅਜਿਹਾ ਐਲਾਨ ਇਹ ਕੀਤਾ ਗਿਆ ਸੀ ਕਿ ਕਾਰਲ ਮਾਰਕਸ ਦੁਆਰਾ ਪੂੰਜੀਵਾਦੀ ਅਰਥਚਾਰੇ ਦਾ ਕੀਤਾ ਗਿਆ ਵਿਸ਼ਲੇਸ਼ਣ ਹੁਣ ਪੁਰਾਣਾ ਪੈ ਚੁੱਕਿਆ ਹੈ, ਕਿ ਅੱਜ ਦੇ ‘ਨਵੇਂ’ ਪੂੰਜੀਵਾਦ ਲਈ ਕਾਰਲ ਮਾਰਕਸ ਦਾ ਵਿਸ਼ਲੇਸ਼ਣ ਪ੍ਰਸੰਗਿਕ ਨਹੀਂ ਰਹਿ ਗਿਆ ਹੈ। ਪਰ ਅਜਿਹੇ ਐਲਾਨਾਂ ਦਾ ਜਵਾਬ ਵੀ ਖੁਦ ਸੰਸਾਰ ਪੂੰਜੀਵਾਦੀ ਅਰਥਚਾਰੇ ਦੇ ਅੰਦਰੋਂ ਹੀ ਨਿੱਕਲ਼ ਕੇ ਆ ਗਿਆ ਹੈ। ਪਿਛਲੇ ਕੁੱਝ ਸਾਲਾਂ ਦੀਆਂ ਘਟਨਾਵਾਂ ਇਸ ਦਾਅਵੇ ਦੀਆਂ ਗਵਾਹ ਹਨ ਕਿ ਪੂੰਜੀਵਾਦੀ ਅਰਥਚਾਰੇ ਦਾ ਕਾਰਲ ਮਾਰਕਸ ਦੁਆਰਾ ਕੀਤਾ ਗਿਆ ਵਿਸ਼ਲੇਸ਼ਣ ਨਾ ਸਿਰਫ ਪ੍ਰਸੰਗਿਕ ਸਗੋਂ ਹੈ ਪਹਿਲਾਂ ਤੋਂ ਕਿਤੇ ਜ਼ਿਆਦਾ ਪ੍ਰਸੰਗਿਕ ਹੈ। 

ਅੱਜ ਸੰਸਾਰ ਪੂੰਜੀਵਾਦੀ ਅਰਥਚਾਰੇ ਦੇ ਸਿਰ ‘ਤੇ ਵਾਧੂ ਪੈਦਾਵਾਰ ਦਾ ਜੋ ਸੰਕਟ ਮੰਡਰਾ ਰਿਹਾ ਹੈ ਇਹ ਬੁਰਜੂਆ ਕਲਮ ਘਸੀਟਾਂ ਦੇ ਉਹਨਾਂ ਦਾਅਵਿਆਂ ਨੂੰ ਖੋਖਲਾ ਸਾਬਤ ਕਰ ਰਿਹਾ ਹੈ ਜੋ ਪਿਛਲੇ ਡੇਢ ਦੋ ਦਹਾਕਿਆਂ ਤੋਂ ਇਹ ਦਾਅਵਾ ਕਰ ਰਹੇ ਸਨ ਕਿ ਹੁਣ ਪੂੰਜੀਵਾਦੀ ਅਰਥਚਾਰੇ ਨੇ ਵਾਧੂ ਪੈਦਾਵਾਰ ਦੇ ਸੰਕਟ ‘ਤੇ ਕਾਬੂ ਪਾ ਲਿਆ ਹੈ ਕਿਉਂਕਿ ਹੁਣ ਇਜ਼ਾਰੇਦਾਰ ਸਮੂਹ ਪਹਿਲਾਂ ਹੀ ਮਿਲਕੇ ਇਹ ਤੈਅ ਕਰ ਲੈਂਦੇ ਹਨ ਕਿ ਕਿਸ ਚੀਜ਼ ਦੀ ਕਿੰਨਾ ਉਤਪਾਦਨ ਕਰਨਾ ਹੈ। ਉਂਝ ਤਾਂ ਪੂਰਾ ਸੰਸਾਰ ਪੂੰਜੀਵਾਦੀ ਅਰਥਚਾਰਾ ਹੀ ਵਾਧੂ ਪੈਦਾਵਾਰ ਦੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਉਸਦਾ ਵੀ ਵੱਡਾ ਕਾਰਨ ਚੀਨ ਦੀ ਉੱਚੀ ਵਾਧਾ ਦਰ ਹੈ।

1976 ਵਿੱਚ ਕਾਮਰੇਡ ਮਾਓ ਦੀ ਮੌਤ ਤੋਂ ਬਾਅਦ ਸੋਧਵਾਦੀ ਡੇਂਗ ਜੁੰਡੀ ਚੀਨ ਵਿੱਚ ਰਾਜ ਸੱਤ੍ਹਾ ‘ਤੇ ਕਾਬਜ਼ ਹੋ ਗਈ। 1956 ਵਿੱਚ ਖਰੁਸ਼ਚੇਵ ਜੁੰਡਲੀ ਦੇ ਸੋਵੀਅਤ ਸੰਘ ਵਿੱਚ ਰਾਜਸੱਤ੍ਹਾ ‘ਤੇ ਕਬਜੇ ਤੋਂ ਬਾਅਦ, ਇੱਕ ਤੋਂ ਬਾਅਦ ਇੱਕ ਸਮਾਜਵਾਦੀ ਦੇਸ਼ਾਂ ਵਿੱਚ ਪੂੰਜੀਵਾਦੀ ਮੁੜ ਬਹਾਲੀ ਦਾ ਸਿਲਸਿਲਾ ਸ਼ੁਰੂ ਹੋਇਆ। ਚੀਨ ਵਿੱਚ 1976 ਵਿੱਚ ਪੂੰਜੀਵਾਦੀ ਮੁੜ ਬਹਾਲੀ ਹੋ ਜਾਣ ਨਾਲ਼ ਸੰਸਾਰ ਪ੍ਰੋਲੇਤਾਰੀ ਤੋਂ ਆਖਰੀ ਕਿਲਾ ਵੀ ਖੋਹ ਲਿਆ ਗਿਆ। 

1980 ਵਿੱਚ ਡੇਂਗ ਗੁੱਟ ਨੇ ‘ਚਾਰ ਆਧੁਨਿਕੀਕਰਨਾਂ’ ਦੇ ਨਾਂ ‘ਤੇ ਚੀਨੀ ਅਰਥਚਾਰੇ ਦੇ ‘ਉਦਾਰੀਕਰਨ’ ਦੀ ਪ੍ਰਕਿਰਿਆ ਸ਼ੁਰੂ ਕੀਤੀ। ਇਹ ਉਦਾਰੀਕਰਨ ਦਰਅਸਲ ਸਮਾਜਵਾਦ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਨੂੰ ਖਤਮ ਕਰਨਾ ਸੀ। ਕਦਮ-ਦਰ-ਕਦਮ ਲੋਕਾਂ ਦੀ ਸਾਂਝੀ ਸੰਪੱਤੀ ਨੂੰ ਨਿੱਜੀ ਹੱਥਾਂ ਵਿੱਚ ਸੌਂਪਿਆ ਜਾਣ ਲੱਗਿਆ। ਵਿਦੇਸ਼ੀ ਪੂੰਜੀ ਲਈ ਚੀਨ ਦੇ ਦਰਵਾਜ਼ੇ ਪੂਰੀ ਤਰਾਂ ਖੋਲ ਦਿੱਤੇ ਗਏ। ਚੀਨ 1980 ਤੋਂ ਲੈ ਕੇ ਹੁਣ ਤੱਕ ਲਗਭਗ ਢਾਈ ਦਹਾਕਿਆਂ ਤੱਕ ਔਸਤ 8-9 ਪ੍ਰਤੀਸ਼ਤ ਸਲਾਨਾ ਦੀ ਵਾਧਾ ਦਰ ਬਣਾਈ ਰੱਖਣ ਵਿੱਚ ਕਾਮਯਾਬ ਰਿਹਾ। ਚੀਨ ਦੀ ਇਸ ਉੱਚੀ ਵਾਧਾ ਦਰ ਵਿੱਚ ਵਿਦੇਸ਼ੀ ਸਾਮਰਾਜਵਾਦੀ ਪੂੰਜੀ ਦੀ ਵੀ ਵੱਡੀ ਭੂਮਿਕਾ ਰਹੀ ਹੈ। ਸਸਤੀ ਕਿਰਤ ਤੇ ਸਸਤੇ ਕੱਚੇ ਮਾਲ ਦੀ ਤਲਾਸ਼ ਵਿੱਚ ਧਰਤੀ ਦਾ ਕੋਨਾ-ਕੋਨਾ ਛਾਣ ਰਹੀ ਸਾਮਰਾਜਵਾਦੀ ਪੂੰਜੀ ਲਈ ਚੀਨ ਵਿੱਚ ਡੇਂਗ ਗੁੱਟ ਦਾ ਕਾਬਜ਼ ਹੋਣਾ ਇੱਕ ਵਰਦਾਨ ਸਿੱਧ ਹੋਇਆ। ਅਨੇਕਾਂ ਬਹੁਕੌਮੀ ਕੰਪਨੀਆਂ ਨੇ ਚੀਨ ਨੂੰ ਆਪਣੇ ਉਤਪਾਦਨ ਕੇਂਦਰ ਵਿੱਚ ਬਦਲ ਦਿੱਤਾ। ਚੀਨ ਵਿੱਚ ਬਹੁਕੌਮੀ ਕੰਪਨੀਆਂ ਦੁਆਰਾ ਤਿਆਰ ਕੀਤੇ ਜਾਣ ਵਾਲ਼ੇ ਮਾਲ ਦਾ ਵੱਡਾ ਹਿੱਸਾ ਨਿਰਯਾਤ ਲਈ ਹੁੰਦਾ ਹੈ। ਉਦਾਹਰਣ ਲਈ ਫਿਲਿਪਸ ਦੀਆਂ ਚੀਨ ਵਿੱਚ 23 ਫੈਕਟਰੀਆਂ ਹਨ, ਜੋ ਕਿ ਲਗਭਗ 500 ਕਰੋੜ ਡਾਲਰ ਸਲਾਨਾ ਦਾ ਉਤਪਾਦਨ ਕਰਦੀਆਂ ਹਨ, ਇਸ ਉਤਪਾਦਨ ਦਾ ਦੋ ਤਿਹਾਈ ਹਿੱਸਾ ਨਿਰਯਾਤ ਕਰ ਦਿੱਤਾ ਜਾਂਦਾ ਹੈ। ਇਸ ਤਰਾਂ ਚੀਨ ਦਾ ਅਰਥਚਾਰਾ ਮੁੱਖ ਤੌਰ ‘ਤੇ ਨਿਰਯਾਤਾਂ ‘ਤੇ ਨਿਰਭਰ ਅਰਥਚਾਰਾ ਬਣ ਗਿਆ। ਅੱਜ ਏਸ਼ੀਆ ‘ਚੋਂ ਹੋਣ ਵਾਲੇ ਨਿਰਯਾਤਾਂ ਵਿੱਚ ਇਕੱਲੇ ਚੀਨ ਦਾ ਹਿੱਸਾ 31 ਪ੍ਰਤੀਸ਼ਤ ਹੈ। 

ਚੀਨ ਆਪਣੇ ਨਿਰਯਾਤਾਂ ਲਈ ਮੁੱਖ ਤੌਰ ‘ਤੇ ਅਮਰੀਕਾ ‘ਤੇ ਨਿਰਭਰ ਹੈ। ਪਿਛਲੇ ਸਮੇਂ ਵਿੱਚ ਅਮਰੀਕਾ ਵੱਲ ਚੀਨ ਦੇ ਨਿਰਯਾਤ ਵਿੱਚ ਤਿੱਖਾ ਵਾਧਾ ਦਿਖਾਈ ਦਿੰਦਾ ਹੈ। ਸਾਲ 2000 ਤੋਂ ਚੀਨ ਤੋਂ ਅਮਰੀਕਾ ਨੂੰ ਨਿਰਯਾਤ 8400 ਕਰੋੜ ਡਾਲਰ ਸੀ ਜੋ ਕਿ 2005 ਵਿੱਚ ਵਧਕੇ 20,200 ਕਰੋੜ ਡਾਲਰ ਹੋ ਗਿਆ। ਅਮਰੀਕਾ ਨੂੰ ਅੱਜ ਸੰਸਾਰ ਪੂੰਜੀਵਾਦੀ ਅਰਥਚਾਰੇ ਦਾ ਇੰਜਣ ਕਿਹਾ ਜਾਂਦਾ ਹੈ। ਉਹ ਇਸ ਲਈ ਕਿ ਦੁਨੀਆਂ ਦੇ ਜ਼ਿਆਦਾਤਰ ਦੇਸ਼ ਅੱਜ ਆਪਣੇ ਨਿਰਯਾਤਾਂ ਲਈ ਅਮਰੀਕਾ ‘ਤੇ ਨਿਰਭਰ ਹਨ। ਦੂਜੇ ਪਾਸੇ ਅਮਰੀਕਾ ਦੀਆਂ ਬਹੁਕੌਮੀ ਕੰਪਨੀਆਂ ਨੇ ਆਪਣੇ ਉਤਪਾਦਨ ਦਾ ਵੱਡਾ ਹਿੱਸਾ ਗਰੀਬ ਦੇਸ਼ਾਂ ਵਿੱਚ ਸਥਾਨਾਂਤਰਿਤ ਕਰ ਦਿੱਤਾ ਹੈ। ਗੈਰ ਉਤਪਾਦਕ ਕੰਮ ਵੀ ਇੰਟਰਨੈਟੱ ਦੇ ਜ਼ਰੀਏ ਭਾਰਤ ਜਿਹੇ ਦੇਸ਼ਾਂ ਵਿੱਚ ਸ਼ਿਫਟ ਕੀਤੇ ਜਾ ਰਹੇ ਹਨ ਤਾਂ ਕਿ ਇਨਾਂ ਦੇਸ਼ਾਂ ਦੇ ਸਸਤੇ ਕੱਚੇ ਮਾਲ ਅਤੇ ਕਿਰਤ ਸ਼ਕਤੀ ਦੀ ਲੁੱਟ ਤੋਂ ਅਪਾਰ ਮੁਨਾਫੇ ਕਮਾ ਸਕਣ। ਇਸ ਨਾਲ਼ ਅਮਰੀਕਾ ਵਿੱਚ ਬੇਰੁਜ਼ਗਾਰੀ ਲਗਾਤਾਰ ਵਧ ਰਹੀ ਹੈ। ਅਮਰੀਕੀ ਅਰਥਚਾਰਾ ਲੰਬੇ ਸਮੇਂ ਤੋਂ ਮੰਦੀ ਦੀ ਮਾਰ ਝੱਲ ਰਿਹਾ ਹੈ। ਅਫਗਾਨਿਸਤਾਨ ਅਤੇ ਇਰਾਕ ਜੰਗ ਵਿੱਚ ਇਨਾਂ ਦੇਸ਼ਾਂ ਵਿੱਚ ਹੋਈ ਤਬਾਹੀ ਨੇ ਅਮਰੀਕੀ ਨਿਵੇਸ਼ ਲਈ ਕੁੱਝ ਮੌਕਾ ਪ੍ਰਦਾਨ ਕੀਤਾ। ਇਨਾਂ ਦੇਸ਼ਾਂ ‘ਤੇ ਹੋਏ ਹਮਲੇ ਨਾਲ਼ ਹੋਈ ਹਥਿਆਰਾਂ ਦੀ ਖ਼ਪਤ ਨੇ ਅਮਰੀਕੀ ਅਰਥਚਾਰੇ ਨੂੰ ਥੋੜ੍ਹੀ ਰਾਹਤ ਪਹੁੰਚਾਈ ਹੈ। ਪਰ ਲੜਾਈ ਦੇ ਠੰਡਾ ਪੈਂਦੇ ਹੀ ਮੰਦੀ ਦਾ ਭੂਤ ਫਿਰ ਤੋਂ ਪ੍ਰਗਟ ਹੋ ਜਾਂਦਾ ਹੈ। ਜੰਗ ਤੋਂ ਬਿਨਾਂ ਅਮਰੀਕੀ ਅਰਥਚਾਰਾ ਸਾਹ ਨਹੀਂ ਲੈ ਸਕਦਾ। 

ਅਮਰੀਕੀ ਸਰਕਾਰ ਵਿਆਜ ਦਰਾਂ ਘੱਟ ਕਰਕੇ, ਲੋਕਾਂ ਨੂੰ ਅਸਾਨ ਕਿਸ਼ਤਾਂ ‘ਤੇ ਕਰਜੇ, ਮਕਾਨ ਅਤੇ ਹੋਰ ਸਮਾਨ ਉਪਲਭਧ ਕਰਵਾਕੇ, ਬਜਟ ਘਾਟਾ ਉਠਾਕੇ ਮੰਗ ਬਰਕਰਾਰ ਰੱਖ ਰਹੀ ਹੈ। ਇਸੇ ਮੰਗ ‘ਤੇ ਚੀਨ, ਭਾਰਤ, ਇੱਥੋਂ ਤੱਕ ਕਿ ਯੂਰਪੀ ਅਰਥਚਾਰਾ ਟਿਕਿਆ ਹੋਇਆ ਹੈ। ਅਮਰੀਕਾ ਦਾ ਬਜਟ ਅਤੇ ਵਪਾਰ ਘਾਟਾ ਲਗਾਤਾਰ ਵਧ ਰਿਹਾ ਹੈ। ਇਸਦਾ ਨਤੀਜਾ ਲਾਜ਼ਮੀ ਤੌਰ ‘ਤੇ ਡਾਲਰ ਦੇ ਲੁੜਕਣ ਵਿੱਚ ਨਿੱਕਲ਼ੇਗਾ, ਜੋ ਪੂਰੇ ਸੰਸਾਰ ਪੂੰਜੀਵਾਦੀ ਅਰਥਚਾਰੇ ਨੂੰ ਭਿਅੰਕਰ ਸੰਕਟ ਵਿੱਚ ਧੱਕ ਦੇਵੇਗਾ। 

ਪਰ ਇਹ ਤਾਂ ਸੰਸਾਰ ਪੂੰਜੀਵਾਦ ਦੇ ਆਉਣ ਵਾਲ਼ੇ ਦਿਨਾਂ ਦੀ ਗੱਲ ਹੈ, ਚੀਨ ਤਾਂ ਇਸ ਤੋਂ ਬਹੁਤ ਪਹਿਲਾਂ ਹੀ ਸੰਕਟ ਵਿੱਚ ਫਸ ਰਿਹਾ ਹੈ, 90 ਦੇ ਦਹਾਕੇ ਵਿੱਚ ਹੀ ਚੀਨੀ ਅਰਥਚਾਰੇ ਦੇ ਕੋਰ ਸੈਕਟਰਾਂ, ਜਿਵੇਂ ਸਟੀਲ, ਆਟੋਮੋਬਾਇਲ, ਸੀਮੇਂਟ, ਐਲਮੀਨੀਅਮ ਤੇ ਭਵਨ ਨਿਰਮਾਣ ਆਦਿ ਵਿੱਚ ਸਮੱਸਿਆ ਵਧਦੀ ਹੀ ਗਈ ਹੈ। ਇੱਕ ਅੰਦਾਜ਼ੇ ਦੇ ਮੁਤਾਬਿਕ ਚੀਨ ਦੇ 75 ਪ੍ਰਤੀਸ਼ਤ ਉਦਯੋਗ ਵਾਧੂ ਪੈਦਾਵਾਰ ਦੇ ਸ਼ਿਕਾਰ ਹਨ। ਚੀਨ ਦੇ ਸਟੇਟ ਡਿਵੈਲਪਮੈਂਟ ਅਤੇ ਰਿਫਾਰਮ ਕਮੀਸ਼ਨ ਦਾ ਅਨੁਮਾਨ ਹੈ ਕਿ 2010 ਤੱਕ ਚੀਨ ਦਾ ਆਟੋਮੋਬਾਇਲ ਉਦਯੋਗ ਮੰਗ ਤੋਂ ਦੋ ਗੁਣਾਂ ਪੈਦਾ ਕਰਨ ਲੱਗੇਗਾ। ਇੱਕ ਹੋਰ ਰਿਪੋਰਟ ਦੇ ਮੁਤਾਬਿਕ ਸਾਰੇ ਮੁੱਖ ਉਦਯੋਗਾਂ ਦੀ ਸਲਾਨਾ ਮੁਨਾਫਾ ਵਾਧਾ ਦਰ ਘਟ ਕੇ ਅੱਧੀ ਰਹਿ ਗਈ ਹੈ ਤੇ ਘਾਟੇ ਵਾਲ਼ੇ ਕੁੱਝ ਉਦਯੋਗਾਂ ਦੇ ਘਾਟੇ ਵਿੱਚ 57.6 ਪ੍ਰਤੀਸ਼ਤ ਵਾਧਾ ਹੋਇਆ ਹੈ। 

ਦੂਜੀ ਸੰਸਾਰ ਜੰਗ ਵਿੱਚ ਹੋਈ ਭਿਅੰਕਰ ਤਬਾਹੀ ਨੇ ਸੰਸਾਰ ਪੂੰਜੀਵਾਦ ਨੂੰ ਨਵਾਂ ਜੀਵਨ ਦਾਨ ਦਿੱਤਾ ਸੀ। ਦੂਜੀ ਸੰਸਾਰ ਜੰਗ ਤੋਂ ਬਾਅਦ ਦਾ ਸਮਾਂ ਬ੍ਰਿਟਿਸ਼ ਸਾਮਰਾਜਵਾਦ ਦੇ ਪਤਣ ਅਤੇ ਅਮਰੀਕੀ ਸਾਮਰਾਜਵਾਦ ਦੀ ਚੜ੍ਹਤ ਦਾ ਸਮਾਂ ਸੀ। ਤਬਾਹ ਹੋਏ ਯੂਰਪ ਦੇ ਮੁੜ ਨਿਰਮਾਣ ਵਿੱਚ ਨਿਵੇਸ਼ ਨਾਲ਼ ਅਮਰੀਕੀ ਸਾਮਰਾਜਵਾਦੀਆਂ ਨੇ ਅਪਾਰ ਮੁਨਾਫੇ ਹਾਸਲ ਕੀਤੇ। ਦੂਜੇ ਪਾਸੇ ਤੀਜੀ ਦੁਨੀਆਂ ਦੇ ਪਛੜੇ ਦੇਸ਼ਾਂ ਵਿੱਚ ਇਸੇ ਸਮੇਂ ਕੌਮੀ ਮੁਕਤੀ ਲਹਿਰ ਪੂਰੇ ਉਫਾਨ ‘ਤੇ ਸੀ। ਇੱਕ ਤੋਂ ਬਾਅਦ ਇੱਕ ਦੇਸ਼ ਅਜ਼ਾਦ ਹੋ ਰਹੇ ਸਨ, ਨਵਅਜ਼ਾਦ ਦੇਸ਼ਾਂ ਨੇ ਸਾਮਰਾਜਵਾਦੀ ਪੂੰਜੀ ਤੇ ਮਾਲਾਂ ਦੇ ਅਯਾਤ ‘ਤੇ ਕਈ ਤਰਾਂ ਦੀਆਂ ਰੋਕਾਂ ਲਾਈਆਂ। ਇਸ ਲਈ ਵਿਕਸਿਤ ਪੂੰਜੀਵਾਦੀ ਸਾਮਰਾਜਵਾਦੀ ਦੇਸ਼ ਨਿਵੇਸ਼ ਤੇ ਵਪਾਰ ਦਾ ਵੱਡਾ ਹਿੱਸਾ ਆਪਸ ਵਿੱਚ ਹੀ ਕਰਨ ਲੱਗੇ। 1948 ਤੋਂ 1973 ਤੱਕ ਦੇ ਸਮੇਂ ਨੂੰ ਪੂੰਜੀਵਾਦੀ ਅਰਥਸ਼ਾਸਤਰੀ ਪੂੰਜੀਵਾਦ ਦਾ ‘ਸੁਨਿਹਰਾ ਯੁੱਗ’ ਕਹਿੰਦੇ ਹਨ। ਪਰ 1973 ਤੋਂ ਬਾਅਦ ਇਸ ‘ਸੁਨਿਹਰੇ ਯੁੱਗ’ ਦੀ ਚਮਕ ਘਟਣ ਲੱਗੀ। ਇਨਾਂ ਦੇਸ਼ਾਂ ਵਿੱਚ ਬਜ਼ਾਰ ਅਤੇ ਨਿਵੇਸ਼ ਦੇ ਮੌਕੇ ਨਿਸ਼ੇਸ਼ (Saturates) ਹੋ ਗਏ ਤਾਂ ਇਨਾਂ ਦੇਸ਼ਾਂ ਦੀ ਪੂੰਜੀ ਨੇ ਤੀਜੀ ਦੁਨੀਆਂ ਦੇ ਦੇਸ਼ਾਂ ਵੱਲ ਰੁਖ ਕੀਤਾ। 1980 ਤੋਂ ਸ਼ੁਰੂ ਹੋਈ ਇਹ ਪ੍ਰਕਿਰਿਆ 1991 ਵਿੱਚ ਸੋਵੀਅਤ ਯੁਨੀਅਨ ਦੇ ਖਿੰਡਾਅ ਤੋਂ ਬਾਅਦ ਤੇਜ਼ ਰਫਤਾਰ ਨਾਲ਼ ਅੱਗੇ ਵਧੀ। ਇਸ ਪ੍ਰਕਿਰਿਆ ਦੀ ਬਦੌਲਤ ਤੀਜੀ ਦੁਨੀਆਂ ਦੇ ਕਈ ਦੇਸ਼ਾਂ ਵਿੱਚ ਤੇਜ਼ ਰਫ਼ਤਾਰ ਪੂੰਜੀਵਾਦੀ ਵਿਕਾਸ ਹੋਇਆ। ਪੂੰਜੀਵਾਦ ਦੇ ਬੌਧਿਕ ਚਾਕਰਾਂ ਨੇ ਜ਼ੋਰ ਸ਼ੋਰ ਨਾਲ਼ ਇਹ ਪ੍ਰਚਾਰ ਸ਼ੁਰੂ ਕੀਤਾ ਕਿ ਤੀਜੀ ਦੁਨੀਆਂ ਦੇ ਦੇਸ਼ ਵਿਦੇਸ਼ੀ ਪੂੰਜੀ ਲਈ ਆਪਣੇ ਦਰਵਾਜੇ ਖੋਲ੍ਹਕੇ ਗਰੀਬੀ, ਪਿਛੜੇਪਣ ਤੋਂ ਛੁਟਕਾਰਾ ਪਾ ਸਕਦੇ ਹਨ, ਇਸ ਲਈ ਸਮਾਜਵਾਦ ਦੀ ਕੋਈ ਲੋੜ ਹੀ ਨਹੀਂ ਹੈ। ਪੂੰਜੀਵਾਦ ਦਾ ਰਾਹ ਹੀ ਉਨਾਂ ਲਈ ਸਭ ਤੋਂ ਬਿਹਤਰ ਵਿਕਲਪ ਹੈ। 

ਪਰ ਛੇਤੀ ਹੀ ਵਿਦੇਸ਼ੀ ਸਮਾਰਾਜਵਾਦੀ ਪੂੰਜੀ ਨਾਲ਼ ਉਸਰੇ ਆਰਥਿਕ ਵਿਕਾਸ ਦੇ ਇਹ ਮਾਡਲ ਇੱਕ ਤੋਂ ਬਾਅਦ ਇੱਕ ਮੂਧੇ ਮੂੰਹ ਡਿੱਗੇ। ਸਭ ਤੋਂ ਪਹਿਲਾਂ ਤਾਂ ਲਾਤਿਨ ਅਮਰੀਕਾ ਦੇ ਦੇਸ਼ਾਂ ਦੀ ਵਾਰੀ ਆਈ। ਮੈਕਸੀਕੋ ਵਿੱਚ 1987 ਦੇ ਕਾਲ਼ੇ ਸੋਮਵਾਰ ਤੋਂ ਸ਼ੁਰੂ ਹੋਈ ਆਰਥਿਕ ਤਬਾਹੀ ਅਤੇ ਆਪਮੁਹਾਰੇ ਲੋਕ ਉਭਾਰਾਂ ਦਾ ਸਿਲਸਿਲਾ ਅਜੇ ਤੱਕ ਵੀ ਰੁਕਿਆ ਨਹੀਂ ਹੈ। ਹੁਣ ਭਾਵੇਂ ਕੁੱਝ ਕੁ ਮੁਲਕਾਂ ਦੀ ਆਰਥਿਕ ਸਥਿਤੀ ਕੁੱਝ ਸੰਭਲ਼ੀ ਹੈ, ਪਰ ਇਹ ਸੰਭਲਣਾ ਵੀ ਕੁੱਝ ਸਮੇਂ ਲਈ ਰਾਹਤ ਭਰ ਸਾਬਿਤ ਹੋਵੇਗਾ। ਲਾਤੀਨੀ ਅਮਰੀਕਾ ਤੋਂ ਬਾਅਦ ਵਾਰੀ ਆਈ ਦੱਖਣੀ ਪੂਰਬ ਏਸ਼ੀਆ ਦੇ ਦੇ ਦੇਸ਼ਾਂ ਦੀ। 1997 ਵਿੱਚ ਵਿਦੇਸ਼ੀ ਪੂੰਜੀ ਦੇ ਦਮ ‘ਤੇ ਹੋਏ ਆਰਥਿਕ ਵਿਕਾਸ ਤੇ ‘ਖੁਸ਼ਹਾਲੀ’ ਦੇ ਇਹ ਮਾਡਲ ਭਰਭਰਾ ਕੇ ਡਿੱਗ ਪਏ। ਇੰਡੋਨੇਸ਼ੀਆ, ਮਲੇਸ਼ੀਆ, ਥਾਈਲੈਂਡ, ਦੱਖਣੀ ਕੋਰੀਆ ਜਿਹੇ ਤੇ ਅਖੌਤੀ ‘ਨਵ ਉਦਯੋਗਿਕ ਦੇਸ਼ਾਂ’ ਦੇ ਅਰਥਚਾਰੇ ਨੂੰ ਭਿਆਨਕ ਤਬਾਹੀ ਦਾ ਸਾਹਮਣਾ ਕਰਨਾ ਪਿਆ। 

ਕਿਹਾ ਜਾ ਸਕਦਾ ਹੈ ਕਿ ਭਾਰਤ ਤੇ ਚੀਨ ਇਸ ਜਾਰੀ ਪ੍ਰਕਿਰਿਆ ਦੀਆਂ ਆਖਰੀ ਕੜੀਆਂ ਹਨ। ਇਨਾਂ ਦੇਸ਼ਾਂ ਦਾ ਹਾਲ ਵੀ ਉਹੀ ਹੋਵੇਗਾ, ਜੋ ਲਾਤੀਨੀ ਅਮਰੀਕਾ ਤੇ ਦੱਖਣ ਪੂਰਬੀ ਏਸ਼ੀਆਈ ਦੇਸ਼ਾਂ ਦਾ ਹੋਇਆ ਹੈ। ਪੂੰਜੀਵਾਦੀ ਅਰਥਚਾਰੇ ਦੀ ਅੰਤਰਿਕ ਗਤੀਕੀ ਦੇ ਨਿਯਮਾਂ ਦੀ ਵਿਗਿਆਨ ਸੰਗਤ ਸਮਝਦਾਰੀ ਦੇ ਅਧਾਰ ‘ਤੇ ਕਿਹਾ ਜਾ ਸਕਦਾ ਹੈ ਕਿ ਇਹ ਅਟੱਲ ਹੈ। ਬੱਸ ਦੇਖਣਾ ਇਹ ਹੈ ਕਿ ਉਹ ਦਿਨ ਕਦੋਂ ਆਉਂਦਾ ਹੈ, ਚੀਨ ਵਿੱਚ ਤਾਂ ਉਹ ਸੰਕਟ ਦਸਤਕ ਦੇ ਰਿਹਾ ਹੈ ਜਿਸ ਦੀਆਂ ਭਵਿੱਖ ਬਾਣੀਆਂ ਤੇ ਉਮੀਦਾਂ ਦੁਨੀਆਂ ਭਰ ਦੇ ਸੱਚੇ ਮਾਰਕਸਵਾਦੀ ਪਿਛਲੇ ਲੰਬੇ ਸਮੇਂ ਤੋਂ ਕਰ ਰਹੇ ਸਨ। 

1976 ਤੋਂ ਲੈ ਕੇ ਹੁਣ ਤੱਕ ਲਗਭਗ ਤਿੰਨ ਦਹਾਕਿਆਂ ਤੱਕ ਚੀਨ ਦੀ ਵਾਧਾ ਦਰ ਔਸਤਨ 8 ਤੋਂ 9 ਪ੍ਰਤੀਸ਼ਤ ਰਹੀ ਹੈ। 1949 ਤੋਂ 1976 ਤੱਕ ਸਮਾਜਵਾਦੀ ਚੀਨ ਨੇ (1949-54 ਤੱਕ ਨਵ-ਜਮਹੂਰੀਅਤ ਦਾ ਸਮਾਂ) ਜੋ ਉਪਲਬਧੀਆਂ ਹਾਸਲ ਕੀਤੀਆਂ ਸਨ, ਉਨਾਂ ਨਾਲ਼ ਬਣੇ ਅਧਾਰ ‘ਤੇ, ਵੱਡੇ ਪੈਮਾਨੇ ‘ਤੇ ਵਿਦੇਸ਼ੀ ਪੂੰਜੀ ਨਿਵੇਸ਼ ਕਰਕੇ (ਤੀਜੀ ਦੁਨੀਆਂ ਵਿੱਚ ਹੋਣ ਵਾਲ਼ੇ ਕੁੱਲ ਪ੍ਰਤੱਖ ਵਿਦੇਸ਼ੀ ਪੂੰਜੀ ਨਿਵੇਸ਼ ਦਾ ਲਗਭਗ 50 ਪ੍ਰਤੀਸ਼ਤ) ਤੇ ਅਮਰੀਕੀ ਬਜਟ ਤੇ ਵਪਾਰ ਘਾਟੇ ਦੀ ‘ਕਿਰਪਾ’ ਕਰਕੇ ਚੀਨ ਤਿੰਨ ਦਹਾਕਿਆਂ ਤੱਕ ਇਨੀ ਉੱਚੀ ਵਾਧਾ ਦਰ ਕਾਇਮ ਰੱਖਣ ਵਿੱਚ ਕਾਮਯਾਬ ਰਿਹਾ। ਪੂੰਜੀਵਾਦੀ ਰਾਹ ‘ਤੇ ਚਲਦੇ ਹੋਏ ਇੰਨੇ ਲੰਬੇ ਸਮੇਂ ਤੱਕ ਕਿਸੇ ਦੇਸ਼ ਲਈ ਇਨੀ ਉੱਚੀ ਵਾਧਾ ਦਰ ਬਣਾਈ ਰੱਖਣਾ ਪੂੰਜੀਵਾਦ ਦੇ ਇਤਿਹਾਸ ਦੀ ਪਹਿਲੀ ਘਟਨਾ ਹੈ। ਇਸਨੇ ਕਈ ਘੱਟ ਅਕਲ ਵਾਲ਼ੇ ਅਖੌਤੀ ਮਾਰਕਸਵਾਦੀ ਬੁੱਧੀਜੀਵੀਆਂ ਤੱਕ ਨੂੰ ‘ਮੰਡੀ ਸਮਾਜਵਾਦ’ ਦਾ ਮੁਰੀਦ ਬਣਾਇਆ। 

ਹੁਣ ਅੱਜ ਦੇ ਚੀਨ ਦੀ ਤੁਲਨਾ ਅਸੀਂ ਸਮਾਜਵਾਦੀ ਚੀਨ (1949-1976) ਨਾਲ਼ ਕਰੀਏ। 1949-1976 ਤੱਕ ਚੀਨੀ ਅਰਥਚਾਰੇ ਦੀ ਔਸਤ ਵਾਧਾ ਦਰ ਲਗਭਗ 7 ਪ੍ਰਤੀਸ਼ਤ ਰਹੀ। ਪਰ ਇਸ ਵਿੱਚ ਅਤੇ 1976 ਤੋਂ ਬਾਅਦ ਦੇ ਚੀਨ ਦੀ ਆਰਥਿਕ ਵਾਧਾ ਦਰ ਵਿੱਚ ਇੱਕ ਗੁਣਾਤਮਕ ਅੰਤਰ ਹੈ। 1949-76 ਤੱਕ ਚੀਨ ਨੇ ਜੋ ਆਰਥਿਕ ਵਿਕਾਸ ਕੀਤਾ, ਉਹ ਸਮੁੱਚੇ ਕਿਰਤੀ ਲੋਕਾਂ ਦੇ ਹਿੱਤ ਵਿੱਚ ਸੀ। ਇਹ ਵਿਕਾਸ ਪੂਰੇ ਸਮਾਜ ਦੀ ਪਦਾਰਥਕ-ਸੱਭਿਆਚਾਰਾਕ ਤਰੱਕੀ ਦਾ ਸਾਧਨ ਬਣਿਆਂ। ਇਸ ਵਿਕਾਸ ਦੀ ਦਿਸ਼ਾ ਵਿਅਕਤੀਆਂ ਦੇ ਦਰਮਿਆਨ ਤੇ ਇਲਾਕਿਆਂ ਵਿੱਚ ਗੈਰ ਬਰਾਬਰੀਆਂ ਨੂੰ ਖਤਮ ਕਰਦੇ ਜਾਣ ਦੀ ਸੀ। ਵੇਸ਼ਵਾਗਮਨੀ, ਮਾਦਾ ਭਰੂਣ ਹੱਤਿਆਵਾਂ ਆਦਿ ਸਮਾਜਿਕ ਬੁਰਾਈਆਂ ਦਾ ਨਾਮੋਨਿਸ਼ਾਨ ਮਿਟਾ ਦਿੱਤਾ ਗਿਆ ਸੀ। ਬੇਰੁਜ਼ਗਾਰੀ ਦੀ ਸਮੱਸਿਆ ਨੂੰ ਜੜ ਤੋਂ ਉਖਾੜ ਦਿੱਤਾ ਗਿਆ। 

ਪਰ ਜਦੋਂ ਅਸੀਂ 1976 ਤੋਂ ਬਾਅਦ ਦੇ ਚੀਨ ਦੇ ਵਿਕਾਸ ਨੂੰ ਦੇਖਦੇ ਹਾਂ ਤਾਂ ਤਸਵੀਰ ਇਸਦੇ ਠੀਕ ਉਲਟ ਨਜ਼ਰ ਆਉਂਦੀ ਹੈ। ਇਸ ਅਖੌਤੀ ਆਰਥਿਕ ਵਿਕਾਸ ਨੇ ਚੀਨ ਦੇ ਕਿਰਤੀਆਂ ਦਾ ਜੀਵਨ ਤਬਾਹ-ਬਰਬਾਦ ਕਰ ਦਿੱਤਾ ਹੈ। ਸਮਾਜਿਕ ਧਰੁਵੀਕਰਨ ਨਵੀਆਂ ਉਚਾਈਆਂ ਛੂ ਰਿਹਾ ਹੈ। ਕਰੋੜਾਂ ਬੇਰੁਜ਼ਗਾਰ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ। ਚੀਨ ਵਿੱਚ ਬੇਰੁਜ਼ਗਾਰੀ ਦਾ ਆਲਮ ਇਹ ਹੈ ਕਿ ਬੁਰਜੂਆ ਅਰਥਸ਼ਾਸਤਰੀ ਤੱਕ ਇਸਨੂੰ ਖਤਰਨਾਕ ਕਹਿੰਦੇ ਹਨ। ਸਮਾਜਵਾਦ ਦੁਆਰਾ ਖਤਮ ਕੀਤੀਆਂ ਗਈਆਂ ਤਮਾਮ ਸਮਾਜਿਕ ਬੁਰਾਈਆਂ ਨੇ ਫਿਰ ਤੋਂ ਸਿਰ ਚੁੱਕ ਲਿਆ ਹੈ। ਇਸਦੇ ਵਿਕਾਸ ਦਾ ਫਾਇਦਾ ਮੁੱਠੀਭਰ ਨਵ ਧਨਾਡਾਂ, ਨਵੀਂ ਜਨਮੀ ਬੁਰਜੂਆਜ਼ੀ, ਸਾਮਰਾਜਵਾਦੀਆਂ ਤੇ ਚੀਨ ਦੀ ਸੱਤ੍ਹਾ ‘ਤੇ ਕਾਬਜ਼ ਸੋਧਵਾਦੀ ਪਾਰਟੀ ਦੇ ਨੇਤਾਵਾਂ ਨੂੰ ਹੀ ਹੋਇਆ ਹੈ। ਚੀਨ ਦੀ ਇਸ ਸੋਧਵਾਦੀ ਪਾਰਟੀ ਦੇ ਅਨੇਕਾਂ ਆਗੂ ਅੱਜ ਕਰੋੜਪਤੀ-ਅਰਬਪਤੀ ਬਣ ਚੁੱਕੇ ਹਨ। 

ਪਰ 1976 ਵਿੱਚ ਚੀਨ ਦੀ ਰਾਜ ਸੱਤ੍ਹਾ ‘ਤੇ ਕਾਬਜ਼ ਹੋਏ ਸੋਧਵਾਦੀਆਂ ਦਾ ਰਾਹ ਇਨਾਂ ਸਿੱਧ ਪੱਧਰਾ ਕਦੇ ਨਹੀਂ ਰਿਹਾ। ਉਨਾਂ ਨੂੰ ਕਦਮ-ਕਦਮ ‘ਤੇ ਕਿਰਤੀ ਲੋਕਾਂ ਦੇ ਜ਼ਬਰਦਸਤ ਪ੍ਰਤੀਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚੀਨ ਦੇ ਲੋਕ ਤੇ ਪਾਰਟੀ ਦੀਆਂ ਸਫਾਂ ਦਿਨ ਪ੍ਰਤੀ ਦਿਨ ਇਨਾਂ ਡੇਂਗਪੰਥੀਆਂ ਦੀ ਅਸਲੀਅਤ ਜਾਣਦੀਆਂ ਜਾ ਰਹੀਆਂ ਹਨ। ਚੀਨ ਵਿੱਚ ਕਾਮਰੇਡ ਮਾਓ ਦੇ ਵਿਚਾਰਾਂ ਦਾ ਪ੍ਰਭਾਵ ਇੱਕ ਵਾਰ ਫਿਰ ਫੈਲ ਰਿਹਾ ਹੈ। ਝੇਗਝਾਊ ਨਾਮਕ ਸ਼ਹਿਰ ਮਾਓਵਾਦੀਆਂ ਦੇ ਗੜ੍ਹ ਦੇ ਰੂਪ ਵਿੱਚ ਉਭਰ ਕੇ ਸਾਹਮਣੇ ਆਇਆ ਹੈ। ਇਹ ਸ਼ਹਿਰ ਸੋਧਵਾਦੀਆਂ ਦੇ ਨਾਪਾਕ ਮਨਸੂਬਿਆਂ ਨੂੰ ਮਿੱਟੀ ਵਿੱਚ ਮਿਲਾਉਣ ਲਈ ਚੀਨ ਦੇ ਮਜ਼ਦੂਰਾਂ ਦੁਆਰਾ ਦਿੱਤੀ ਜਾ ਰਹੀ ਟੱਕਰ ਦਾ ਪ੍ਰਤੀਕ ਬਣ ਚੁੱਕਿਆ ਹੈ। ਜਿਵੇਂ ਜਿਵੇਂ ਚੀਨ ਦਾ ਆਰਥਿਕ ਸੰਕਟ ਗਹਿਰਾਏਗਾ, ਚੀਨ ਅੰਦਰ ਕਿਰਤੀ ਲੋਕਾਂ ਦੇ ਘੋਲ਼ ਦਾ ਤੂਫਾਨ ਵੀ ਉਠੇਗਾ। 

ਚੀਨ ਵਿੱਚ ਆਉਣ ਵਾਲ਼ੇ ਭਵਿੱਖੀ ਲੋਕ ਘੋਲ਼ ਦੇ ਤੂਫਾਨ ਦਾ ਸਰੂਪ ਲਾਤੀਨੀ ਅਮਰੀਕੀ ਦੇਸ਼ਾਂ ਦੇ ਲੋਕ ਵਿਦਰੋਹਾਂ ਜਿਹਾ, 1997 ਦੇ ਇੰਡੋਨੇਸ਼ੀਆ ਦੇ ਲੋਕ ਵਿਦਰੋਹ ਜਿਹਾ ਬਿਲਕੁਲ ਨਹੀਂ ਹੋਵੇਗਾ। ਕਿਉਂਕਿ ਚੀਨ ਦੇ ਲੋਕਾਂ ਨੇ ਪਿਛਲੀ ਲਗਭਗ ਤਿੰਨ ਚੋਥਾਈ ਸਦੀ ਤੱਕ ਕੌਮੀ ਮੁਕਤੀ ਤੇ ਸਮਾਜਵਾਦ ਲਈ ਘੋਲ਼ ਕੀਤਾ ਸੀ। ਚੀਨ ਹੀ ਉਹ ਧਰਤੀ ਹੈ ਜਿੱਥੇ ਜਮਾਤੀ ਵੰਡੀਆਂ ਤੋਂ ਰਹਿਤ ਸਮਾਜ ਬਣਾਉਣ ਦੀ ਦਿਸ਼ਾ ਵਿੱਚ ਸਭ ਤੋਂ ਉਨਤ ਪ੍ਰਯੋਗ ‘ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ’ ਦਾ ਪ੍ਰਯੋਗ ਹੋਇਆ। ਇਨੀ ਅਮੀਰ ਵਿਰਾਸਤ ਦੇ ਮਾਲਕ ਚੀਨ ਦੇ ਕਿਰਤੀ ਲੋਕ ਆਉਣ ਵਾਲ਼ੇ ਦਿਨਾਂ ਵਿੱਚ ਬਹੁਤ ਛੇਤੀ ਹੀ ਅੱਜ ਦੇ ਯੁੱਗ ਦੇ ਇਨਕਲਾਬਾਂ ਦੀ ਰਾਹ ਦਰਸਾਵੀ ਵਿਚਾਰਧਾਰਾ ਮਾਰਕਸਵਾਦ-ਲੈਨਿਨਵਾਦ-ਮਾਓਵਾਦ ਤੱਕ ਪਹੁੰਚਣਗੇ ਜਿਸਦੇ ਸੰਕੇਤ ਅੱਜ ਹੀ ਨਜ਼ਰ ਆ ਰਹੇ ਹਨ।

“ਪ੍ਰਤੀਬੱਧ”, ਅੰਕ 07, ਜੁਲਾਈ-ਦਸੰਬਰ 2007 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s