ਤਾਲਸਤਾਏ —ਕਾਤਿਆਇਨੀ, ਸੱਤਿਯਮ

tolstay

(ਪੀ.ਡੀ.ਐਫ਼ ਡਾਊਨਲੋਡ ਕਰੋ)

ਆਧੁਨਿਕ ਇਤਿਹਾਸ ਵਿੱਚ ਜੇਕਰ ਕਿਸੇ ਵਿਚਾਰਕ ਲੇਖਕ ਦੀ ਪ੍ਰਸਿਧੀ ਉਸ ਦੀ ਜ਼ਿੰਦਗੀ ਵਿੱਚ ਹੀ ਪੂਰੀ ਦੁਨੀਆ ਵਿੱਚ ਫੈਲ ਚੁੱਕੀ ਸੀ ਅਤੇ ਜਿਉਂਦੇ ਜੀ ਹੀ ਜੇਕਰ ਉਹ ਇੱਕ ਮਿੱਥ ਬਣ ਗਿਆ ਸੀ, ਤਾਂ ਉਹ ਬਿਨਾਂ ਸ਼ੱਕ ਲਿਉ-ਤਾਲਸਤਾਏ ਹੀ ਸਨ।

ਉਨੀਂਵੀਂ ਸਦੀ ਦੇ ਪਹਿਲੇ ਅੱਧ ਦੇ ਸਹਿਤਕ ਦ੍ਰਿਸ਼ ‘ਤੇ ਜਿਵੇਂ ਬਾਲਜ਼ਾਕ ਛਾਏ ਹੋਏ ਸਨ, ਉਸੇ ਤਰ੍ਹਾਂ ਬਾਅਦ ਦੇ ਅੱਧ ਦੇ ਸਹਿਤਕ ਦ੍ਰਿਸ਼ ਤੇ ਤਾਲਸਤਾਏ ਦਾ ਪ੍ਰਭਾਵ-ਸਾਮਰਾਜ ਫੈਲਿਆ ਹੋਇਆ ਸੀ। ਮਨੁੱਖੀ-ਜੀਵਨ ਦੀ ਸਾਰੀਆਂ ਤ੍ਰਾਸਦੀਆਂ ਵਿਡੰਬਨਾਵਾਂ ਦਾ ਤਰਕਸ਼ੀਲ, ਇਤਿਹਾਸ ਸੰਗਤ ਅਤੇ ਬਾਹਰਮੁੱਖੀ ਪੇਸ਼ਕਾਰੀ ਅਤੇ ਵਿਆਖਿਆ ਕਰਦੇ ਕਰਦੇ ਤਾਲਸਤਾਏ ਭਾਵੇਂ ਇਤਿਹਾਸਕ ਤਰੁਟੀਆਂ ਤੋਂ ਮੁਕਤ ਇੱਕ ‘ਸੱਚੇ’ ਇਸਾਈ ਧਰਮ ਵਿੱਚ ਅਤੇ ਆਤਮ-ਸ਼ੁਧੀਕਰਨ ਰਾਹੀਂ ਆਧੁਨਿਕ ਸੱੱਭਿਅਤਾ ਦੀਆਂ ਸਾਰੀਆਂ ਬੁਰਾਈਆਂ ਦਾ ਹਲ ਪੇਸ਼ ਕਰਦੇ ਹਨ ਪਰ ਕਲਾਤਮਕ-ਦਾਰਸ਼ਨਿਕ ਚਿੰਤਨ ਦੀ ਇਸ ਵਿਰੋਧਤਾਈ ਦੇ ਬਾਵਜੂਦ ਵੀ ਉਹ ਮੁੱਖ ਪੱਖ ਦੇ ਨਜ਼ਰੀਏ ਤੋਂ, ਇੱਕ ਮਹਾਨ ਮਨੁੱਖਵਾਦੀ ਚਿੰਤਕ ਅਤੇ ਮਹਾਨ ਯਥਾਰਥਵਾਦੀ ਕਲਾਕਾਰ ਸਨ। ਆਪਣੇ ‘ਲੇਜ਼ਿਟਿਮਿਸਟ’  ਰਾਜਨੀਤਕ ਵਿਚਾਰਾਂ ਦੇ ਬਾਵਜੂਦ ਬਾਲਜ਼ਾਕ ਨੇ ਮਰਨਸ਼ੀਲ ਜਮਾਤਾਂ ਦੀ ਹੋਣੀ ਅਤੇ ‘ਭਵਿੱਖ ਦੇ ਵਾਸਤਵਿਕ ਲੋਕਾਂ’ ਦੀ ਸਥਿਤੀ ਨੂੰ ਆਪਣੀਆਂ ਲਿਖਤਾਂ ਵਿੱਚ ਦਰਸਾਇਆ ਜਿਸ ਨੂੰ ਫਰੈਡਰਿਕ ਏਂਗਲਜ਼ ਨੇ ‘ਯਥਾਰਥਵਾਦ ਦੀਆਂ ਸਭ ਤੋਂ ਵੱਡੀਆਂ ਜਿੱਤਾਂ ਵਿੱਚੋਂ ਇੱਕ, ਮਨ ਪਸੰਦ ਬਾਲਜ਼ਾਕ ਦੇ ਵਿਸ਼ਾਲ ਗੁਣਾਂ ਵਿੱਚੋਂ ਇੱਕ ਦੱਸਿਆ ਸੀ। ਠੀਕ ਇਵੇਂ ਹੀ, ਤਾਲਸਤਾਏ ਨੇ ਆਪਣੇ ਦੇਸ਼ ਕਾਲ ਦੇ ਯਥਾਰਥ ਦਾ ਜਿਵੇਂ ਸਜੀਵ-ਸਟੀਕ ਢੰਗ ਨਾਲ਼ ਅਤੇ ਦੱਬੀ-ਕੁਚਲੀ ਆਮ ਜਨਤਾ ਲਈ ਜਿਸ ਡੂੰਘੇ ਸਰੋਕਾਰ ਨਾਲ਼ ਆਪਣੀਆਂ ਰਚਨਾਵਾਂ ਵਿੱਚ ਕਲਾਤਮਕ ਪੁਨਰ-ਸਿਰਜਨ ਕੀਤਾ, ਉਸ ਦਾ ਪ੍ਰਭਾਵ ਪਾਠਕ ਦੇ ਮਨ-ਦਿਮਾਗ ਤੇ ਛਾ ਜਾਂਦਾ ਹੈ ਅਤੇ ਤਾਲਸਤਾਏ ਆਪ ਆਪਣੇ ਵਲੋਂ ਪੇਸ਼ ਧਾਰਮਿਕ ਯੂਟੋਪਿਆਈ ਹਲ ਤੋ ਅਲੱਗ ਹੱਲ ਬਾਰੇ ਸੋਚਣ ਲਈ ਪਾਠਕਾਂ ਨੂੰ ਪ੍ਰੇਰਿਤ ਕਰ ਦਿੰਦੇ ਹਨ। ਦਰਅਸਲ ਜਿਵੇਂ ਕਿ ਲੇਨਿਨ ਨੇ ਇਸ਼ਾਰਾ ਕੀਤਾ ਸੀ, ਤਾਲਸਤਾਏ ਦੀਆਂ ਵਿਰੋਧਤਾਈਆਂ ਤਤਕਾਲੀਨ ਰੂਸੀ ਸਮਾਜ ਦੇ ਵਿਰੋਧਤਾਈਆਂ ਨੂੰ ਪ੍ਰਤੀਬਿੰਬਤ ਕਰ ਰਹੇ ਸਨ ਅਤੇ ਜਦ ਸੰਘਰਸ਼ਾਂ ਨੇ ਜਨਤਾ ਦੀ ਚੇਤਨਾ ਨੂੰ ਉੱਨਤ ਕਰ ਦਿੱਤਾ ਤਾਂ ਤਾਲਸਤਾਏ ਦੀਆਂ ਰਚਨਾਵਾਂ ਨੂੰ ਪੜ੍ਹਕੇ ਉਸਨੇ ਆਪਣੀਆਂ ਕਮਜੋਰੀਆਂ ਬਾਰੇ ਜਾਨਣਾ ਸਿੱਖ ਲਿਆ।

ਆਮ ਤੌਰ ਤੇ, ਤਾਲਸਤਾਏ ਨੂੰ ਦੋ ਵੱਡੇ ਅਤੇ ਮਹਾਨ ਨਾਵਲਾਂ ‘ਯੁੱਧ ਅਤੇ ਸ਼ਾਂਤੀ’ ਅਤੇ ‘ਅੱਨਾ ਕਾਰੇਨਿਨਾ’ ਲਈ ਜਾਣਿਆ ਜਾਂਦਾ ਹੈ। ਇਹਨਾਂ ਦੀ ਗਿਣਤੀ ਨਿਰਵਿਵਾਦ ਰੂਪ ਨਾਲ਼, ਹੁਣ ਤੱਕ ਲਿੱਖੇ ਗਏ ਦੁਨੀਆਂ ਦੇ ਬੇਹਤਰੀਨ ਨਾਵਲਾਂ ਵਿੱਚ ਕੀਤੀ ਜਾਂਦੀ ਹੈ। ਕੁਝ ਲੋਕ ਉਹਨਾਂ ਦੇ ਤੀਸਰੇ ਪ੍ਰਸਿੱਧ ਨਾਵਲ ‘ਮੋਇਆਂ ਦੀ ਜਾਗ’ ਨੂੰ ਇਸੇ ਕੋਟਿ ਵਿੱਚ ਸ਼ਾਮਲ ਕਰਦੇ ਹਨ। ਉਹਨਾਂ ਦੀ ਇੱਕ ਹੋਰ ਚਰਚਿਤ ਰਚਨਾ. ‘ਇਵਾਨ ਇਲੀਚ ਦੀ ਮੌਤ’ ਦੀ ਗਿਣਤੀ ਨਾਵਲੇਟ ਦੇ ਸਰਵ ਸ਼੍ਰੇਸ਼ਠ ਉਦਾਹਰਣਾਂ ਵਿੱਚ ਕੀਤੀ ਜਾਂਦੀ ਹੈ। ਆਪਣੇ ਆਖਰੀ ਤੀਹ ਸਾਲਾਂ ਦੌਰਾਨ ਇੱਕ ਧਾਰਮਿਕ ਅਤੇ ਨੈਤਿਕ ਸਿੱਖਿਅਕ ਦੇ ਰੂਪ ਵਿੱਚ ਉਹਨਾਂ ਨੂੰ ਸੰਸਾਰ ਪੱਧਰ ਤੇ ਪ੍ਰਸਿਧੀ ਮਿਲੀ। ਬੁਰਾਈ ਦਾ ਪ੍ਰਤੀਰੋਧ ਨਾ ਕਰਨ ਦੇ ਉਹਨਾਂ ਦੇ ਸਿਧਾਂਤ ਦਾ ਗਾਂਧੀ ਉੱਪਰ ਵੀ ਮਹੱਤਵਪੂਰਨ ਪ੍ਰਭਾਵ ਪਿਆ ਸੀ। ਦੁਨੀਆਂ ਅੱਜ ਤਾਲਸਤਾਏ ਦੀਆਂ ਧਾਰਮਿਕ ਮਾਨਤਾਵਾਂ ਨੂੰ ਭੁਲਾ ਚੁੱਕੀ ਹੈ ਪਰ ਸਾਹਿਤਕਾਰ ਤਾਲਸਤਾਏ ਦੀ ਪ੍ਰਸਿਧੀ ਅੱਜ ਵੀ ਅਮਿੱਟ ਹੈ ਅਤੇ ਸੰਸਾਰ ਸਾਹਿਤ ਦੇ ਕਲਾਸਕੀ ਖਜਾਨੇ ਵਿੱਚ ਬੇਮਿਸਾਲ ਵਾਧਾ ਕਰਨ ਵਾਲੇ  ਮਹਾਨ ਸਾਹਿਤ ਸਿਰਜਕ ਦੇ ਰੂਪ ਵਿੱਚ ਉਹਨਾਂ ਨੂੰ ਸਦੀਆਂ ਬਾਅਦ ਨਹੀਂ ਸਗੋਂ ਦਹਿ ਸਦੀਆਂ ਬਾਅਦ ਯਾਦ ਕੀਤਾ ਜਾਵੇਗਾ।

ਉਨੀਂਵੀਂ ਸਦੀ ਦੇ ਪ੍ਰਸਿੱਧ ਅੰਗਰੇਜ਼ ਕਵੀ ਅਤੇ ਆਲੋਚਕ ਮੈਥੀਯੂ ਆਰਨਲਡ ਨੇ ਇੱਕ ਵਾਰ ਕਿਹਾ ਸੀ ਕਿ ਤਾਲਸਤਾਏ ਦੇ ਨਾਵਲ ਕਲਾ ਕਿਰਤ ਨਹੀਂ, ਸਗੋਂ ਜੀਵਨ ਦਾ ਇੱਕ ਹਿੱਸਾ ਹੁੰਦੇ ਹਨ। ਤਾਲਸਤਾਏ ਦੀਆਂ ਰਚਨਾਵਾਂ ਤੋਂ ਜਾਣੂ ਕਿਸੇ ਵੀ ਪਾਠਕ ਲਈ ਇਸ ਵਿਚਾਰ ਨਾਲ਼ ਅਸਹਿਮਤ ਹੋਣਾ ਥੋੜਾ ਮੁਸ਼ਕਲ ਹੈ। ਰੂਸੀ ਲੇਖਕ ਇਸਾਕ ਬਾਬੇਲ ਨੇ ਤਾਲਸਤਾਏ ਦੇ ਬਾਰੇ ਕਿਹਾ ਸੀ ਕਿ ਜੇਕਰ ਸੰਸਾਰ ਆਪ ਲਿਖ ਸਕਦਾ ਤਾਂ ਉਹ ਤਾਲਸਤਾਏ ਵਾਂਗ ਹੀ ਲਿਖਦਾ। ਪਰਸਪਰ ਵਿਰੋਧੀ ਵਿਚਾਰਾਂ ਵਾਲੇ ਸਾਹਿਤਕ-ਚਿੰਤਕ ਅਤੇ ਆਲੋਚਕ ਵੀ ਇਸ ਵਿਚਾਰ ਤੇ ਇੱਕਮਤ ਰਹੇ ਹਨ ਕਿ ਤਾਲਸਤਾਏ ਦੀਆਂ ਰਚਨਾਵਾਂ ਵਿੱਚ ਕਿਤੇ ਵੀ ਕੋਈ ਨਕਲੀਪਣ ਜਾਂ ਛਲ ਨਹੀਂ ਹੁੰਦਾ। ਤਾਲਸਤਾਏ ਦੇ ਸਮਕਾਲੀ ਅਜਿਹਾ ਦੱਸਦੇ ਸਨ ਅਤੇ ਉਹਨਾਂ ਦੀਆਂ ਰਚਨਾਵਾਂ ਵੀ ਇਸ ਗੱਲ ਦੀ ਪੁਸ਼ਟੀ ਕਰਦੀਆਂ ਹਨ ਕਿ ਭਾਵਨਾਵਾਂ ਅਤੇ ਵਿਚਾਰਾਂ ਵਿੱਚ ਛੋਟੇ ਤੋਂ ਛੋਟੇ ਬਦਲਾਅ ਅਤੇ ਸ਼ਰੀਰ ਦੀ ਮੱਧਮ ਗਤੀਮਾਨਤਾ ਵੀ ਤਾਲਸਤਾਏ ਦੀ ਨਜ਼ਰਾਂ ਤੋਂ ਬਚ ਨਹੀਂ ਪਾਉਂਦੀ ਸੀ। ਅੰਗਰੇਜ਼ ਨਾਵਲਕਾਰ ਵਰਜੀਨੀਆ ਵੁਲਫ਼ ਅਨੁਸਾਰ, ਪ੍ਰਚੰਡ ਪ੍ਰੇਖਣ-ਤਾਕਤ ਪਾਠਕਾਂ ਵਿੱਚ ਇੱਕ ਤਰ੍ਹਾਂ ਦੇ ਡਰ ਦਾ ਸੰਚਾਰ ਕਰਦੀ ਹੈ ਜਿਹੜਾ ”ਉਸ ਘੁਰਦੀ-ਵਿੰਨ੍ਹਦੀ ਦ੍ਰਿਸ਼ਟੀ ਤੋਂ ਬਚ ਨਿਕਲਣਾ ਚਾਹੁੰਦਾ ਹੈ ਜੋ ਤਾਲਸਤਾਏ ਸਾਡੇ ਉੱਪਰ ਟਿਕਾ ਦਿੰਦੇ ਹਨ। ਵਰਜੀਨੀਆ ਵੁਲਫ਼ ਇਸ ਗੱਲ ਨੂੰ ਇੱਕ ਦਮ ਨਿਰਵਿਵਾਦ ਰੂਪ ਨਾਲ਼ ਸਥਾਪਿਤ ਮੰਨਦੀ ਹੈ ਕਿ ਤਾਲਸਤਾਏ ਸੰਸਾਰ ਦੇ ਸਾਰੇ ਨਾਵਲਕਾਰਾਂ ‘ਚੋਂ ਸਭ ਤੋਂ ਮਹਾਨ ਸਨ। ਉਹਨਾਂ ਦੇ ਲੇਖਣ ਦੀ ਮਹਾਨਤਾ ਉਨ੍ਹਾ ਦੀ ਕਲਾਤਮਕ ਉਤਕ੍ਰਿਸ਼ਟਤਾ ਯਥਾਰਥ-ਚਿਤਰਨ ਦੀ ਬਾਹਰਮੁਖਤਾ, ਸਾਹਸ ਅਤੇ ਇਮਾਨਦਾਰੀ ਵਿੱਚ ਹੋਣ ਦੇ ਨਾਲ਼ ਹੀ ਇਸ ਗੱਲ ਵਿੱਚ ਵੀ ਸੀ ਕਿ ਉਹ ਜੀਵਨ ਦੇ ਅਰਥ ਦੀ ਖੋਜ ਦੇ ਜੀਉਂਦੇ ਪ੍ਰਤੀਕ ਸਨ।

ਰੂਸੀ ਅਤੇ ਸੰਸਾਰ-ਸਾਹਿਤ ਦੇ ਕਿਸੇ ਵੀ ਲੇਖਕ ਵਿੱਚ ਰੂਸੀ ਇਨਕਲਾਬ ਦੇ ਨੇਤਾ ਲੈਨਿਨ ਨੇ ਉਨੀ ਡੂੰਘੀ ਦਿਲਚਸਪੀ ਨਹੀਂ ਦਿਖਾਈ ਜਿੰਨੀ ਕਿ ਲਿਓ ਤਾਲਸਤਾਏ ਵਿੱਚ। ਤਾਲਸਤਾਏ ਬਾਰੇ ਲਿਖੇ ਗਏ ਉਹਨਾਂ ਕੁਲ ਛੋਟੇ ਵੱਡੇ ਪੰਜ ਲੇਖ ਮੌਜੂਦ ਹਨ ਜਿਹਨਾਂ ਵਿੱਚ ਉਹਨਾਂ ਨੇ ਉਸ ਸਮੇਂ ਤੱਕ ਦੇ ਮਾਰਕਸਵਾਦੀ-ਗੈਰ ਮਾਰਕਸਵਾਦੀ ਸਾਰੇ ਤਰ੍ਹਾਂ ਦੇ ਅਲੋਚਕਾਂ-ਵਿਚਾਰਕਾਂ ਤੋਂ ਇੱਕ ਦਮ ਵੱਖਰੇ ਢੰਗ ਨਾਲ਼, ਦਵੰਦਾਤਮਕ ਇਤਿਹਾਸਕ ਵਿਸ਼ਲੇਸ਼ਣ ਕਰਦੇ ਹੋਏ ਇਹ ਦਰਸਾਇਆ ਹੈ ਕਿ ਤਾਲਸਤਾਏ ਦੀਆਂ ਲਿਖਤਾਂ ਵਿੱਚ ਅਸਲ ਵਿੱਚ ਅਸਧਾਰਨ, ਅਸਲ ਵਿੱਚ ਮਹਾਨ ਤੱਤ ਕੀ ਹਨ! ਤਾਲਸਤਾਏ ਦੇ ਵਿਚਾਰਾਂ ਅਤੇ ਲਿਖਤਾਂ ਦੀਆਂ ਵਿਸ਼ੇਸ਼ਤਾਵਾਂ ਅਤੇ ਮੁਲਾਂਕਣ ਨੂੰ ਲੈਨਿਨ ਨੇ 1905-07 ਦੀ ਪਹਿਲੇ ਰੂਸੀ ਇਨਕਲਾਬ ਦੀਆਂ ਕਮਜੋਰੀਆਂ ਅਤੇ ਅਸਫਲਤਾਵਾਂ ਦੇ ਨਿਚੋੜ ਨਾਲ਼ ਜੋੜਦੇ ਹੋਏ ਦੱਸਿਆ ਕਿ ਉਸ ਇਨਕਲਾਬ ਦੀਆਂ ਇਤਿਹਾਸਕ ਵਿਸ਼ਿਸ਼ਟਤਾਵਾਂ ਨੂੰ ” ਤਾਲਸਤਾਏ ਨੇ ਇੱਕ ਕਲਾਕਾਰ, ਵਿਚਾਰਕ ਅਤੇ ਉਪਦੇਸ਼ਕ ਦੇ ਨਾਤੇ-ਆਪਣੀਆਂ ਰਚਨਾਵਾਂ ਵਿੱਚ…….. ਹੈਰਾਨ ਕਰਨ ਵਾਲੀ ਸਪੱਸ਼ਟਤਾ ਨਾਲ਼ ਉਭਾਰਿਆ ਹੈ।” ਇਸ ਨਜ਼ਰੀਏ ਤੋਂ ਲੈਨਿਨ ਨੇ ਤਾਲਸਤਾਏ ਨੂੰ ”ਰੂਸੀ ਇਨਕਲਾਬ ਦਾ ਸ਼ੀਸ਼ਾ” ਦਾ ਨਾਂ ਦਿੱਤਾ ਹੈ ਜਿਸ ਦੀਆਂ ਲਿਖਤਾਂ ਵਿਚ ਸਾਕਾਰਾਤਮਕ ਅਤੇ ਨਾਕਾਰਾਤਮਕ – ਦੋਵਾਂ ਪੱਖਾਂ ਨੂੰ ਸਾਹਮਣੇ ਲਿਆਉਂਦੀਆਂ ਹਨ। ਤਾਲਸਤਾਏ ਨੇ ਆਪਣੀਆਂ ਰਚਨਾਵਾਂ ਦੇ ਕਿਸਾਨਾਂ ਦੇ ਬੁਰਜ਼ੂਆ ਇਨਕਲਾਬ ਦੇ ਰੂਪ ਅਤੇ ‘ਸਮੁੱਚੇ ਪਹਿਲੇ ਰੂਸੀ ਇਨਕਲਾਬ ਦੀਆਂ ਇਤਿਹਾਸਕ ਵਸ਼ਿਸ਼ਟਤਾਵਾਂ ਨੂੰ, ਉਸ ਦੀ ਤਾਕਤ ਅਤੇ ਕਮਜ਼ੋਰੀ ਨੂੰ’ ਮੂਰਤ ਰੂਪ ਵਿਚ ਪੇਸ਼ ਕੀਤਾ। ਜ਼ਾਰਸ਼ਾਹੀ ਰੂਸ ਦੀ ਸਮਾਜ ਵਿਵਸਥਾ ਦੀ ਤਾਲਸਤਾਏ ਨੇ ਜੋ ਅਲੋਚਨਾ ਕੀਤੀ ਸੀ, ਉਸ ਵਿਚ ਲੈਨਿਨ ਦੇ ਅਨੁਸਾਰ, ਜੋਸ਼, ਤਿੱਖੀ ਅਨੁਭੂਤੀ, ਨਿਸ਼ਠਾ, ਤਾਜ਼ਗੀ, ਸੱਚਾਈ…… ਅਤੇ ਲੋਕਾਂ ਦੀ ਦੁਰਦਸ਼ਾ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਦੇ ਮਾਮਲੇ ਵਿਚ ਦਲੇਰੀ ਸੀ। ਨਾਲ਼ ਹੀ ਲੈਨਿਨ ਨੇ ਉਨ੍ਹਾਂ ਦੇ ਵਿਚਾਰਾਂ, ਸਿੱਖਿਆਵਾਂ ਅਤੇ ਰਚਨਾਵਾਂ ਵਿਚ ਮੌਜੂਦ ਵਿਰੋਧਤਾਈਆਂ, ਵਿਸੰਗਤੀਆਂ ਅਤੇ ਵਿਰੋਧਾਭਾਸਾਂ ਨੂੰ ਵੀ ਰੇਖਾਂਕਤ ਕੀਤਾ। ਉਨ੍ਹਾਂ ਨੇ ਇਹ ਸਥਾਪਨਾ ਰੱਖੀ ਕਿ ਤਾਲਸਤਾਏ ਦੀਆਂ ਵਿਰੋਧਤਾਈਆਂ ਉੱਨੀਵੀਂ ਸਦੀ ਦੇ ਅੰਤਮ ਤੀਸਰੇ ਹਿੱਸੇ ਦੇ ਰੂਸੀ ਜੀਵਨ ਦੀਆਂ ਹਾਲਤਾਂ ਦੇ ਪ੍ਰਤੀਬਿੰਬ ਸਨ। ਤਾਲਸਤਾਏ ਦੇ ਦਾਰਸ਼ਨਿਕ ਧਾਰਮਿਕ ਵਿਚਾਰਾਂ ਦੀ ਜੇਕਰ ਸੂਤਰਵੱਧ ਚਰਚਾ ਕੀਤੀ ਜਾਵੇ ਤਾਂ ਉਨ੍ਹਾਂ ਨਾਲ਼ ਨਿਆਂ ਹੋਵੇਗਾ ਅਤੇ ਇਹ ਸਪਸ਼ਟ ਹੋਵੇਗਾ ਕਿ ਉਹ ਕਿਸੇ ਵਿਗਿਆਨ ਵਿਰੋਧੀ ਪਾਦਰੀ ਦੇ ਰੂਪ ਵਿਚ ਨਹੀਂ ਸਗੋਂ ਵਿਗਿਆਨਕ ਦ੍ਰਿਸ਼ਟੀ ਦੀ ਕਮੀ ਦੇ ਕਾਰਨ, ਉੱਚ ਨੈਤਿਕ-ਮਨੁੱਖੀ ਅਦਰਸ਼ਾਂ ਦੀ ਸਥਾਪਨਾ ਦੇ ਰੂਪ ਵਿਚ ਇੱਕ ਯੁਟੋਪੀਆ ਰਚਦੇ ਹੋਏ ਧਾਰਮਿਕ ਸੰਸਾਰ ਨਜ਼ਰੀਏ ਤੱਕ ਜਾ ਪਹੰਚਦੇ ਸਨ। ਤਾਲਸਤਾਏ ਦੇ ਫਲਸਫੇ ‘ਤੇ ਇਸਾਈ ਧਰਮ, ਕਨਫਿਉਸ਼ਿਸਵਾਦ ਅਤੇ ਬੁੱਧ ਧਰਮ ਦੇ ਨਾਲ਼ ਹੀ ਰੂਸੋ, ਸ਼ੋਪੇਨਹਾਰ ਅਤੇ ‘ਸਲਾਵੋਫਿਲਸ’ ਦੇ ਵਿਚਾਰਾਂ ਦਾ ਪ੍ਰਭਾਵ ਸਪਸ਼ਟ ਹੈ। ਉਹ ਆਸਥਾ ਨੂੰ ਬੁਨਿਆਦੀ ਤੱਤ ਮੰਨਦੇ ਹਨ ਪਰ ਆਸਥਾ ਦੀ ਤਰਕਬੁੱਧੀਵਾਦੀ ਨੈਤਿਕਤਾ ਦੇ ਰੂਪ ਵਿਚ ਵਿਆਖਿਆ ਕਰਦੇ ਹੋਏ ਦੱਸਦੇ ਹਨ ਕਿ ‘ਆਸਥਾ ਇਸ ਗੱਲ ਦਾ ਗਿਆਨ ਹੈ ਕਿ ਮਨੁੱਖ ਕੀ ਹੈ ਅਤੇ ਉਸਦੇ ਜੀਵਨ ਦਾ ਅਰਥ ਕੀ ਹੈ।’ ਤਾਲਸਤਾਏ ਦੇ ਅਨੁਸਾਰ, ਮਨੁੱਖੀ ਜੀਵਨ ਦੇ ਅਰਥ ਲੋਕਾਂ ਦੀ ਅਲਹਿਦਗੀ ਨੂੰ ਦੂਰ ਕਰਨ ਵਿਚ, ਪਿਆਰ ਦੇ ਅਧਾਰ ‘ਤੇ ਉਨ੍ਹਾਂ ਨੂੰ ਇੱਕ ਦੂਜੇ ਨਾਲ਼ ਅਜ਼ਾਦ ਰੂਪ ਵਿਚ ਇੱਕਠੇ ਕਰਨ ਵਿਚ ਅਤੇ ਆਪਣੇ ਵਿਚ ਦਿੱਵਆਤਮਾ ਦੀ ਚੇਤਨਾ ਦੀ ਪ੍ਰਾਪਤੀ ਦੇ ਰਾਹੀਂ ਰੱਬ ਨਾਲ਼ ਜੁੜਨ ਵਿਚ ਸ਼ਾਮਲ ਹੈ। ਇਹੀ ਤਾਲਸਤਾਏ ਦੁਆਰਾ ਪੇਸ਼ ਉਸ ‘ਸੱਚੇ’ ਇਸਾਈ ਧਰਮ ਦਾ ਆਦਰਸ਼ ਸੀ ਜਿਸ ਨੂੰ ਉਹ ਇਤਿਹਾਸਕ ਵਿਗਾੜਾਂ ਤੋਂ ਮੁਕਤ ਅਤੇ ਆਤਮ ਸੁਧਾਰ ਦੇ ਮਾਧਿਅਮ ਨਾਲ਼ ਹਾਸਲ ਹੋਣ ਦੇ ਯੋਗ ਮੰਨਦੇ ਸਨ। ਤਾਲਸਤਾਏ ਦਾ ਮੰਨਣਾ ਸੀ ਕਿ ਰਾਜ, ਨਿੱਜੀ ਜਾਇਦਾਦ, ਚਰਚ ਅਤੇ ਆਧੁਨਿਕ ਸੱਭਿਅਤਾ, ਜਿਹੜੀ ਸਭ ਜਨਤਾ ਲਈ ਪਰਾਈ ਹੈ, ਇਸ ਆਦਰਸ਼ ਨੂੰ ਮੂਰਤ ਰੂਪ ਦੇਣ ਵਿਚ ਅੜਿੱਕਾ ਹੈ ਅਤੇ ਸਮੁੱਚੀਆਂ ਸਮਾਜਕ ਬੁਰਾਈਆਂ ਨੂੰ ਜਨਮ ਦਿੰਦੇ ਹਨ। ਅਸਲ ਵਿਚ, ਉਹ ਰਾਜ ਨੂੰ, ਅਰਾਜਕਤਾਵਾਦੀ ਪੋਜ਼ੀਸ਼ਨ ਦੇ ਨੇੜੇ ਹੋ ਕੇ, ਨਕਾਰਨ ਅਤੇ ਵਿਗਿਆਨ ਅਤੇ ਸੱਭਿਆਚਾਰ ਦੀਆਂ ਪ੍ਰਾਪਤੀਆਂ ਨੂੰ ਨਕਾਰਨ ਵਲ ਝੁਕਾਅ ਰੱਖਦੇ ਹਨ। ਇਸ ਦੇ ਨਾਲ਼ ਹੀ ਉਹ ਕਿਸਾਨਾਂ ਦੇ ਜੀਵਨ ਦੀ ਮਿਹਨਤ ਅਤੇ ਸਮੂਹਿਕ ਜੀਵਨ ਦਾ ਆਦਰਸ਼ੀਕਰਣ ਕਰਦੇ ਹਨ ਅਤੇ ਸਾਦਾ ਜੀਵਨ ਦਾ ਹੋਕਾ ਦਿੰਦੇ ਹਨ। ਤਾਲਸਤਾਏ ਦੇ ਅਨੁਸਾਰ, ਮਨੁੱਖ ਤਾਂ ਹੀ ਅਜ਼ਾਦ ਹੁੰਦਾ ਹੈ, ਜਦੋਂ ਉੱਹ ਰੱਬ ਦੀ ਸੇਵਾ (ਭਲਾਈ) ਕਰਦਾ ਹੈ। ਸਮਾਜਿਕ ਇਤਿਹਾਸਕ ਪ੍ਰਕਿਰਿਆ ਰੱਬ ਦੁਆਰਾ ਨਿਰਦੇਸ਼ਤ ਹੁੰਦੀ ਹੈ ਅਤੇ ਉਸ ਨੂੰ ਆਮ ਲੋਕਾਂ ਦੇ ਕੰਮ ਮੂਰਤ ਰੂਪ ਦਿੰਦੇ ਹਨ। ਆਮ ਲੋਕਾਂ ਤੋਂ ਲੈ ਕੇ ਰਾਜੇ ਤੱਕ ਸਭ ਇਤਿਹਾਸ ਦੇ ਗੁਲਾਮ ਹੁੰਦੇ ਹਨ। ‘ਕਲਾ ਕੀ ਹੈ ?’ ਸਿਰਲੇਖ ਵਾਲੀ ਆਪਣੀ ਸੁਹਜ ਸ਼ਾਸਤਰ ਵਿਸ਼ੇ ਸੰਬੰਧੀ ਰਚਨਾ ਵਿਚ ਅਤੇ ਹੋਰ ਥਾਂ ਤਾਲਸਤਾਏ ਨੇ ਕਲਾਤਮਕ ਸਿਰਜਣਾ ਵਿਚ ਨਿਘਾਰ ਅਤੇ ਸਰਕਾਰੀ ਸੱਭਿਆਚਾਰ ਦਾ ਵਿਰੋਧ ਕੀਤਾ ਅਤੇ ਕਲਾ ਦੀ ਵਿਆਖਿਆ ਅਜਿਹੇ ਕਾਰਜ ਵਜੋਂ ਕੀਤੀ ਜਿਸ ਨਾਲ਼ ਲੋਕਾਂÎ ਨੂੰ ਇੱਕਠੇ ਕੀਤਾ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਆਦਰਸ਼ਾਂ ਨੂੰ ਮੂਰਤ ਰੂਪ ਦੇਣ ਵਿਚ ਸਹਾਇਕ ਬਨਣਾ ਚਾਹੀਦਾ ਹੈ ਪਰ ‘ਧਰਤੀ ‘ਤੇ ਰੱਬੀ ਰਾਜ’ ਦੀ ਸਥਾਪਨਾ ਨੂੰ ਮਨੁੱਖਤਾ ਦਾ ਪਹਿਲਾ ਨਿਸ਼ਾਨਾ ਮੰਨਣ ਕਾਰਨ, ਉਨ੍ਹਾਂ ਦੀ ਇਹ ਵੀ ਮਾਨਤਾ ਸੀ ਕਿ ਨੈਤਿਕ-ਧਾਰਮਿਕ ਸੰਕਲਪਾਂ ਨੂੰ ਕਲਾ ਨੂੰ ਰਾਹ ਦਿਖਾਉਣਾ ਚਾਹੀਦਾ ਹੈ। 

ਤਾਲਸਤਾਏ ਦੀ ਗੈਰ ਸਧਾਰਨ ਪ੍ਰਤਿਭਾ ਦਾ ਉੱਚਾ ਮੁਲਾਂਕਣ ਕਰਨ ਦੇ ਨਾਲ਼ ਹੀ ਲੈਨਿਨ ਉਨ੍ਹਾਂ ਦੇ ਸੰਸਾਰ ਨਜ਼ਰੀਏ ਦੇ ਨਾਕਾਰਾਤਮਕ ਪੱਖ -‘ਪੇਸ਼ੇਵਰ ਪਾਦਰੀਆਂ ਦੀ ਥਾਂ ‘ਤੇ ਆਪਣੀ ਨੈਤਿਕ ਧਾਰਨਾ ਤੋਂ ਪ੍ਰੇਰਤ ਹੋਣ ਵਾਲੇ ਧਰਮ ਗੁਰੂਆਂ ਨੂੰ ਬਿਠਾਉਣ ਦੀ ਕੋਸ਼ਿਸ਼’, ਸਮਾਜਕ ਬੁਰਾਈਆਂ ਖਿਲਾਫ਼ ਸਰਗਰਮ ਸੰਘਰਸ਼ ਦੀ ਬਜਾਏ ਆਤਮ ਉੱਦਾਰ ਅਤੇ ‘ਹਿੰਸਾ ਦੇ ਅਪ੍ਰਤੀਰੋਧ’ ਦੀ ਨਪੁੰਸਕ ਅਪੀਲ ਦਾ ਵੀ ਜਿਕਰ ਕਰਦੇ ਹਨ। ਉਹ ਦੱਸਦੇ ਹਨ ਕਿ ਤਾਲਸਤਾਏ ਦੇ ਵਿਚਾਰਾਂ ਅਤੇ ਸਿਰਜਣਾ ਦੀਆਂ ਇਹ ਵਿਰੋਧਤਾਈਆਂ ਅਤੇ ਵਿਸੰਗਤੀਆਂ ਅਤਿਅੰਤ ਤਿੱਖੀਆਂ ਹਨ ਪਰ ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਹ ਤਾਲਸਤਾਏ ਦੀਆਂ  ਆਪਣੀਆਂ ਸਨਕਾਂ ਦੀ ਪੈਦਾਵਾਰ ਨਹੀਂ ਸਗੋਂ ” …… ਉਨ੍ਹਾਂ ਅਤਿਅੰਤ ਗੁੰਝਲਦਾਰ, ਅਸੰਗਤ ਹਾਲਤਾਂ, ਸਮਾਜਕ ਪ੍ਰਭਾਵਾਂ ਅਤੇ ਇਤਿਹਾਸਕ ਪ੍ਰੰਪਰਾਵਾਂ ਦੀ ਸਿਰਫ ਝਲਕ ਮਾਤਰ ਹੀ ਹਨ ਜਿਨ੍ਹਾਂ ਦਾ ਸੁਧਾਰ (1861 ਦੇ ਸੁਧਾਰ-ਸੰਪਾ) ਦੇ ਬਾਅਦ ਦੇ ਪਰ ਇਨਕਲਾਬ ਤੋਂ ਪਹਿਲਾਂ ਦੇ ਯੁਗ ਦੇ ਰੂਸੀ ਸਮਾਜ ਦੀਆਂ ਵੱਖ ਵੱਖ ਜਮਾਤਾਂ ਅਤੇ ਤਬਕਿਆਂ ਦੀ ਮਨੋਵਿਰਤੀ ‘ਤੇ ਡੂੰਘਾ ਅਸਰ ਪਿਆ ਸੀ।” ਲੈਨਿਨ ਨੇ ਉਸ ਯੁਗ ਨੂੰ ਤਾਲਸਤਾਏ ਦੇ ਯੁਗ ਦਾ ਨਾਂ ਦਿੱਤਾ ਅਤੇ ਦੱਸਿਆ ਕਿ ਰੂਸੀ ਜੀਵਨ ਦੇ ਪੁਰਾਣੇ ਭੂ-ਗੁਲਾਮ ਪ੍ਰਥਾ ਵਾਲੇ ਢਾਂਚੇ ਦਾ ਨਿਰਦਈ ਢੰਗ ਨਾਲ਼ ਤੋੜਿਆ ਜਾਣਾ ਅਤੇ ਦੇਸ਼ ਦੇ ਨਵੇਂ ਬੁਰਜ਼ੂਆ ਸੰਬੰਧਾਂ ਦਾ ਪੱਕੇ ਪੈਰੀਂ ਹੋਣਾ ਇਸ ਯੁਗ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਸਨ। ਉਹ ਦੱਸਦੇ ਹਨ ਕਿ ”ਤਾਲਸਤਾਏ ਦੀਆਂ ਸਾਹਿਤਕ ਸਰਗਰਮੀਆਂ ਦੀ ਸ਼ੁਰੂਆਤ ਇਸ ਯੁਗ ਦੀ ਸ਼ੁਰੂਆਤ ਤੋਂ ਪਹਿਲਾਂ ਅਤੇ ਅੰਤ ਇਸ ਦੇ ਅੰਤ ਦੇ ਬਾਅਦ ਹੋਇਆ” ਪਰ ਉਹ ਜ਼ੋਰ ਦਿੰਦੇ ਹਨ ਕਿ ”ਵਿਚਾਰਕ ਦੇ ਰੂਪ ਵਿਚ ਤਾਲਸਤਾਏ ਦਾ ਪੂਰਾ ਵਿਕਾਸ ਇਸੇ ਯੁਗ ਵਿਚ ਹੋਇਆ, ਜਿਸ ਦੇ ਸੰਗਰਾਂਦੀ ਖ਼ਾਸੇ ਤੋਂ ਤਾਲਸਤਾਏ ਦੀਆਂ ਰਚਨਾਵਾਂ ਅਤੇ ‘ਤਾਲਸਤਾਏਵਾਦ’ ਦੀਆਂ ਸਾਰੀਆਂ ਵਸ਼ਿਸ਼ਟਤਾਵਾਂ ਪੈਦਾ ਹੋਈਆਂ।”

ਲੈਨਿਨ, ਤਾਲਸਤਾਏ ਦੁਆਰਾ ਆਧੁਨਿਕ ਸਮਾਜ ਵਿਚ ਮੌਜੂਦ ਝੂਠ ਅਤੇ ਪਖੰਡ ਦੇ ਵਿਰੋਧ, ਪੂੰਜੀਵਾਦੀ ਲੁੱਟ ਦੀ ਨਿਰਦਈ ਅਲੋਚਨਾ ਅਤੇ ਸਰਕਾਰੀ ਜਾਬਰ ਢਾਂਚੇ ਦੇ ਪਰਦਾਫਾਸ਼ ‘ਤੇ ਕੇਂਦਰਤ ਕਰਦੇ ਹੋਏ ਉਨ੍ਹਾਂ ਦੇ ਗੰਭੀਰ ਯਥਾਰਥਵਾਦ ‘ਤੇ ਜ਼ੋਰ ਦਿੰਦੇ ਹਨ। ਉਹ ਲਿਖਦੇ ਹਨ, ”ਤਾਲਸਤਾਏ ਦੀ ਮਹਾਨਤਾ ਇਸ ਗੱਲ ਵਿਚ ਹੈ ਕਿ ਰੂਸ ਵਿਚ ਬੁਰਜ਼ੂਆ ਇਨਕਲਾਬ ਤੋਂ ਪਹਿਲਾਂ ਲੱਖਾਂ ਰੂਸੀ ਕਿਸਾਨਾਂ ਵਿਚ ਜਿਹੜੀਆਂ ਭਾਵਨਾਵਾਂ ਅਤੇ ਵਿਚਾਰ ਪੈਦਾ ਹੋ ਰਹੇ ਸਨ, ਉਨ੍ਹਾਂ ਨੂੰ ਉਨ੍ਹਾਂ ਨੇ ਪ੍ਰਗਟ ਕੀਤਾ ਹੈ। ਤਾਲਸਤਾਏ ਦੀ ਮੌਲਿਕਤਾ ਇਸ ਗੱਲ ਵਿਚ ਹੈ ਕਿ ਸਮੁੱਚੇ ਤੌਰ ‘ਤੇ ਉਨ੍ਹਾਂ ਦੇ ਵਿਚਾਰ ਕਿਸਾਨਾਂ ਦੇ ਬੁਰਜ਼ੂਆ ਇਨਕਲਾਬ ਦੇ ਰੂਪ ਵਿਚ ਸਾਡੇ ਇਨਕਲਾਬ ਦੀਆਂ ਵਿਸ਼ੇਸ਼ਤਾਵਾਂ ਨੂੰ ਹੀ ਪ੍ਰਗਟਾਉਂਦੇ ਹਨ।”

ਲੈਨਿਨ ਨੇ ਤਾਲਸਤਾਏ ਦੇ ‘ਵਿਚਾਰ ਸਮੂਹ ‘ ਅਤੇ ਰਚਨ ਸਮੂਹ ਦੀ ਪੜਚੋਲ ਕਰਦੇ ਹੋਏ ਬਾਹਰਮੁਖੀ ਯਥਾਰਥ ਅਤੇ ਕਲਾਤਮਕ ਯਥਾਰਥ ਦੇ ਅੰਤਰਸੰਬੰਧਾਂ ਦੀ ਜੋ ਪੇਸ਼ਕਾਰੀ ਕੀਤੀ, ਉਸ ਤੋਂ ਸਾਹਿਤਕ ਸੁਹਜ਼ਸ਼ਾਸਤਰੀ ਅਲੋਚਨਾ ਦੇ ਪੂਰੀ ਤਰ੍ਹਾਂ ਨਵੇਂ ਨਜ਼ਰੀਏ ਅਤੇ ਨਵੇਂ ਮਾਪਦੰਡ ਸਾਹਮਣੇ ਆਏ। ਇਹ ਸੁਭਾਵਕ ਹੀ ਲਗਦਾ ਹੈ ਕਿ ਤਾਲਸਤਾਏ ਦੇ ਸੰਸਾਰ ਨਜ਼ਰਈਏ ਅਤੇ ਸਿਰਜਣਾ ਜਿਹੀ ਅਤਿਅੰਤ ਗੁੰਝਲਦਾਰ ਵਿਚਾਰਕ ਘਟਨਾ ਦਾ ਵਿਸ਼ਲੇਸ਼ਣ ਕਰਦੇ ਹੋਏ ਖ਼ੁਦ ਵਿਸ਼ਲੇਸ਼ਣ ਦੇ ਸੰਦਾਂ ਵਿਚ ਹੀ ਨਵੀਂ ਅਮੀਰੀ ਹਾਸਲ ਹੋ ਜਾਵੇ। ਲਿਓ ਨਿਕੋਲਾਵਿਚ ਤਾਲਸਤਾਏ ਦਾ ਜਨਮ ਰੂਸੀ ਸਾਮਰਾਜ ਦੇ ਤੂਲਾ ਪ੍ਰਾਂਤ ਦੀ ਯਾਸੱਨਾਇਆ ਪੋਲਆਨਾ ਜਗੀਰ ਦੇ ਮਾਲਕ, ਕੁਲੀਨ ਭੂਮੀਪਤੀ ਪਰਿਵਾਰ ਵਿਚ 9 ਸਿਤੰਬਰ (ਪੁਰਾਣੇ ਕਲੰਡਰ ਦੇ ਹਿਸਾਬ ਨਾਲ਼ 28 ਅਗਸਤ), 1828 ਨੂੰ ਹੋਇਆ ਸੀ। 

ਉਨ੍ਹਾਂ ਦੇ ਪਿਤਾ ਕਾਉਂਟ ਨਿਕੋਲਾਈ ਇਲੀਚ ਤਾਲਸਤਾਏ ਨੇ 1812 ਵਿੱਚ ਨੇਪੋਲਿਅਨ ਦੇ ਹਮਲੇ ਦੇ ਖਿਲਾਫ਼ ਦੇਸ਼ਭਗਤਕ ਜੰਗ ਵਿਚ ਹਿੱਸਾ ਲਿਆ ਸੀ। ਤਾਲਸਤਾਏ ਜਦ ਦੋ ਸਾਲਾਂ ਦੇ ਸਨ, ਤਾਂ ਮਾਤਾ ਮਾਰੀਆ ਨਿਕੋਲਾਯਵਨਾ ਦੀ ਮੌਤ ਹੋ ਗਈ। 1837 ਵਿਚ ਉਨ੍ਹਾਂ ਦੇ ਪਿਤਾ ਦੀ ਵੀ ਮੌਤ ਹੋ ਗਈ। ਇੱਕ ਸਾਲ ਬਾਅਦ ਉਨ੍ਹਾਂ ਦੀ ਦਾਦੀ ਦਾ ਅਤੇ ਫਿਰ ਉਨ੍ਹਾਂ ਦੀ ਅਗਲੀ ਪਾਲਣਹਾਰ ਚਾਚੀ ਅਲੈਗਜੈਂਡਰਾ ਦੀ ਵੀ 1841 ਵਿਚ ਮੌਤ ਹੋ ਗਈ। ਫਿਰ ਦੇਖਭਾਲ ਲਈ ਤਾਲਸਤਾਏ ਨੂੰ ਉਨ੍ਹਾਂ ਦੇ ਚਾਰ ਭਰਾ-ਭੈਣਾਂ ਦੇ ਨਾਲ਼ ਕਜ਼ਾਨ ਵਿਚ ਇੱਕ ਹੋਰ ਚਾਚੀ ਕੋਲ਼ ਭੇਜ ਦਿੱਤਾ ਗਿਆ। ਬਚਪਨ ਵਿਚ ਤਾਲਸਤਾਏ ‘ਤੇ ਯਾਸੱਨਾਇਆ ਪੋਲਆਨਾ ਵਿਚ ਰਹਿਣ ਵਾਲੀ ਰਿਸ਼ਤੇ ਦੀ ਇੱਕ ਭੈਣ ਤਾਤਿਆਨਾ ਅਲੈਗਜੈਂਡਰਾ ਯਰਗੋਲਸਕਾਇਆ ਦਾ ਡੂੰਘਾ ਪ੍ਰਭਾਵ ਪਿਆ। ਜਵਾਨ ਹੋਣ ਦੇ ਬਾਅਦ ਤਾਲਸਤਾਏ ਨੇ ਆਪਣੇ ਕੁਝ ਸੱਭ ਤੋਂ ਭਾਵਪੂਰਣ ਖ਼ਤ ਤਾਤਿਆਨਾ ਨੂੰ ਹੀ ਲਿਖੇ ਸਨ। ਮੌਤ ਦੀ ਲਗਾਤਾਰ ਮੌਜੂਦਗੀ ਦੇ ਬਾਵਜੂਦ, ਬਾਅਦ ਵਿਚ, ਤਾਲਸਤਾਏ ਨੇ ਆਪਣੇ ਬਚਪਨ ਦੇ ਦਿਨਾਂ ਨੂੰ ਬਹੁਤ ਸੁਖ਼ਦ ਰੂਪ ਵਿਚ ਯਾਦ ਕੀਤਾ ਹੈ। 

ਮੁੱਢਲੀ ਸਿੱਖਿਆ ਘਰ ਵਿਚ ਹੀ ਹਾਸਲ ਕਰਨ ਤੋਂ ਬਾਅਦ ਤਾਲਸਤਾਏ ਨੇ ਪੂਰਬੀ ਭਾਸ਼ਾਵਾਂ ਦੇ ਅਧਿਐਨ ਲਈ 1844 ਵਿਚ ਕਜ਼ਾਨ ਯੁਨੀਵਰਸਿਟੀ ਵਿਚ ਦਾਖ਼ਲਾ ਲਿਆ ਪਰ ਉਨ੍ਹਾਂ ਦਾ ਰਿਕਾਰਡ ਵਧੀਆ ਨਹੀਂ ਰਿਹਾ। ਸਿੱਟੇ ਵਜੋਂ, ਉਹ ਵਿਸ਼ਾ ਬਦਲ ਕੇ ਕਾਨੂੰਨ ਦਾ ਅਧਿਐਨ ਕਰਨ ਲੱਗੇ। ਇਸੇ ਦੌਰਾਨ ਉਨ੍ਹਾਂ ਨੇ ਮੋਂਟੈਸਕਿਉ ਦੀ ਕਿਤਾਬ ‘ਕਨੂੰਨਾਂ ਦੀ ਭਾਵਨਾ’ ਅਤੇ ਕੈਥਰੀਨ ਦੂਜੇ ਦੀ ‘ਕਨੂੰਨ ਸੰਹਿਤਾ ਲਈ ਨਿਰਦੇਸ਼’ ਦੇ ਤੁਲਨਾਤਮਕ ਅਧਿਐਨ ‘ਤੇ ਇੱਕ ਲੇਖ਼ ਲਿਖਿਆ, ਜਿਹੜਾ ਲਿਖਣ ਦੇ ਖੇਤਰ ਵਿਚ ਉਨ੍ਹਾਂ ਦੀ ਪਹਿਲੀ ਕੋਸ਼ਿਸ਼ ਸੀ। ਛੇਤੀ ਹੀ ਤਾਲਸਤਾਏ ਸਾਹਿਤ ਅਤੇ ਫਲਸਫੇ ਦੇ ਖੇਤਰ ਵਲ ਅੱਗੇ ਆਏ। ਅੰਗ੍ਰੇਜ਼ ਨਾਵਲਕਾਰ ਲਾਰੇਂਸ ਸਟਰਨ, ਚਾਰਲਸ ਡਿਕਨਜ਼ ਅਤੇ ਖ਼ਾਸ ਤੌਰ ‘ਤੇ ਪ੍ਰਬੋਧਨਕਾਲੀ ਫ੍ਰਾਂਸੀਸੀ ਫਲਾਸਫਰ-ਲੇਖਕ ਜਾਂ-ਜਾਕ ਰੂਸੋ ਦੀਆਂ ਲਿਖਤਾਂ ਨੇ ਉਨ੍ਹਾਂ ਨੂੰ ਪ੍ਰਭਾਵਤ ਕੀਤਾ। ਯਾਦ ਰਹੇ ਕਿ ਉਹ ਗਲ਼ ਵਿਚ ਕ੍ਰਾਸ ਦੀ ਬਜਾਏ ਰੂਸੋ ਦਾ ਚਿੱਤਰ ਜੜਿਆ ਹੋਇਆ ਇੱਕ ਤਮਗਾ ਪਾਇਆ ਕਰਦੇ ਸਨ। ਇਸ ਦੌਰਾਨ ਉਨ੍ਹਾਂ ਨੇ ਆਪਣਾ ਜਿਆਦਾ ਸਮਾਂ ਫੁਕਰਾਪੰਥੀ, ਸ਼ਰਾਬਖ਼ੋਰੀ ਅਤੇ ਜੂਏਬਾਜ਼ੀ ਵਿਚ ਖਰਚ ਕੀਤਾ। 1847 ਵਿਚ ਬਗੈਰ ਡਿਗਰੀ ਹਾਸਲ ਕੀਤੇ ਹੀ ਤਾਲਸਤਾਏ ਯਾਸਨਾਯਾ ਪੈਲਆਨਾ ਵਾਪਸ ਪਰਤੇ ਅਤੇ ਖ਼ੁਦ ਨੂੰ ਸਿੱਖਿਅਤ ਕਰਨ, ਜਗੀਰ ਸੰਭਾਲਣ ਅਤੇ ਆਪਣੇ ਭੂ-ਦਾਸਾਂ ਦੀ ਹਾਲਤ ਵਿਚ ਸੁਧਾਰ ਦੀਆਂ ਯੋਜਨਾਵਾਂ ਬਨਾਉਣ ਲੱਗੇ। ਆਪਣੀ ਜ਼ਿੰਦਗੀ ਬਦਲਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਤੂਲਾ, ਮਾਸਕੋ ਅਤੇ ਸੇਂਟ ਪੀਟਸਬਰਗ ਪਰਵਾਸਾਂ ਦੌਰਾਨ ਉਨ੍ਹਾਂ ਦੇ ਭੋਗ ਵਿਲਾਸ-ਵਿਭਚਾਰ ਦਾ ਸਿਲਸਲਾ ਜਾਰੀ ਰਿਹਾ। 1851 ਵਿਚ ਉਹ ਕਾਕੇਸ਼ਸ ਚਲੇ ਗਏ ਜਿੱਥੇ ਉਨ੍ਹਾਂ ਦੇ ਵੱਡੇ ਭਰਾ ਨਿਕੋਲਾਈ ਤਾਲਸਤਾਏ ਫੌਜ਼ੀ ਸੇਵਾ ਵਿਚ ਸਨ। ਤਾਲਸਤਾਏ ਵੀ ਫੌਜ਼ ਵਿਚ ਭਰਤੀ ਹੋ ਗਏ। ਇਸ ਦੌਰਾਨ ਉਨ੍ਹਾਂ ਨੇ ਸਥਾਨਕ ਕਾਕੇਸ਼ਈਆਈ ਕਬੀਲਿਆਂ ਖ਼ਿਲਾਫ ਫੌਜ਼ੀ ਮੁਹਿੰਮਾਂ ਅਤੇ ਕ੍ਰੀਮਿਆਈ ਯੁੱਧ (1853-56) ਵਿਚ ਹਿੱਸਾ ਲਿਆ।

ਤਾਲਸਤਾਏ ਦੇ ਸ਼ੁਰੂਆਤੀ ਸਾਹਿਤਕ ਪ੍ਰਾਜੈਕਟ ਦੀ ਰੂਪ ਰੇਖਾ ਉਨ੍ਹਾਂ ਦੀ 1851 ਦੀ ਡਾਇਰੀ ਵਿਚ ਮਿਲਦੀ ਹੈ, ਜਿਸ ਵਿਚ ‘ਬੀਤੇ ਕੱਲ ਦਾ ਇਤਿਹਾਸ’ ਜਿਹੀਆਂ ਕਈ ਰਚਨਾਵਾਂ ਦੇ ਕੱਚੇ ਖਰੜੇ ਜਾਂ ਰੂਪ ਰੇਖਾਵਾਂ ਮੌਜੂਦ ਹਨ। ਤਾਲਸਤਾਏ 1847 ਤੋਂ ਹੀ ਲਗਾਤਾਰ ਡਾਇਰੀ ਲਿਖਦੇ ਸਨ, ਜਿਹੜੀ ਉਨ੍ਹਾਂ ਦੇ ਆਤਮ ਵਿਸ਼ਲੇਸ਼ਣ ਦੇ ਤਜ਼ਰਬਿਆਂ ਦੇ ਲਈ ਉਨ੍ਹਾਂ ਦੀ ਸਿਰਜਣਾ ਦੀ ਪ੍ਰਯੋਗਸ਼ਾਲਾ ਦੀ ਭੂਮਿਕਾ ਨਿਭਾਉਂਦੀ ਸੀ। ਕੁਝ ਇੱਕ ਰੁਕਾਵਟਾਂ ਨੂੰ ਛੱਡ ਕੇ, ਤਾਲਸਤਾਏ ਉਮਰ ਭਰ ਡਾਇਰੀਆਂ ਲਿਖਦੇ ਰਹੇ। ਉਨ੍ਹਾਂ ਦੀਆਂ  ਸ਼ੁਰੂਆਤੀ ਡਾਇਰੀਆਂ ਵਿਚ ਨਿਯਮ ਬਨਾਉਣ ਵਿਚ ਇੱਕ ਖ਼ਾਸ ਰੁਝਾਨ ਦਿਸਦਾ ਹੈ। ਸਮਾਜਕ ਅਤੇ ਨੈਤਿਕ ਵਿਵਹਾਰ ਦੇ ਦੇ ਵੱਖ ਵੱਖ ਪੱਖਾਂ ‘ਤੇ ਤਾਲਸਤਾਏ ਨਿਯਮ ਬਣਉਂਦੇ ਸਨ ਅਤੇ ਫਿਰ ਉਨ੍ਹਾਂ ਨਿਯਮਾਂ ਦਾ ਪਾਲਣ ਸੁਨਿਸ਼ਚਤ ਕਰਨ ਵਿਚ ਵਾਰ ਵਾਰ ਅਸਫਲ ਰਹਿੰਦੇ ਸਨ। ਫਿਰ ਪੁਰਾਣੇ ਨਿਯਮ ਦਾ ਪਾਲਣ ਸੁਨਿਸ਼ਚਤ ਕਰਨ ਲਈ ਕੁਝ ਹੋਰ ਨਿਯਮਾਂ ਨੂੰ ਸੂਤਰਬੱਧ ਕਰਦੇ ਸਨ, ਉਨ੍ਹਾਂ ਦੀ ਉਲੰਘਣਾ ਵੀ ਕਰਦੇ ਸਨ, ਫਿਰ ਆਤਮ ਭੰਡੀ ਵੀ ਕਰਦੇ ਸਨ ਅਤੇ ਇਹ ਸਭ ਵੇਰਵੇ ਸਹਿਤ ਡਾਇਰੀ ਵਿਚ ਦਰਜ਼ ਕਰਦੇ ਸਨ। ਬਾਅਦ ਦੇ ਦਿਨਾਂ ਵਿੱਚ ਤਾਲਸਤਾਏ ਦੀ ਇਹ ਮਾਨਤਾ ਸੀ ਕਿ ਜੀਵਨ ਏਨਾ ਗੁੰਝਲਦਾਰ ਅਤੇ ਗੈਰ ਵਿਵਸਥਤ ਹੈ ਕਿ ਨਿਯਮਾਂ ਅਤੇ ਫਲਸਫਾਈ ਪ੍ਰਣਾਲੀਆਂ ਦੇ ਅਨਕੂਲ ਹੋ ਹੀ ਨਹੀਂ ਸਕਦਾ। ਇਸ ਸਿੱਟੇ ‘ਤੇ ਪਹੁੰਚਣ ਵਿਚ ਸ਼ਾਇਦ ਉਨ੍ਹਾਂ ਦੇ ਸ਼ੁਰੂਆਤੀ ਤਜ਼ਰਬਿਆਂ ਦੀ ਵੀ ਕਿਤੇ ਕੁਝ ਭੂਮਿਕਾ ਰਹੀ ਹੋਵੇ। ਖ਼ੈਰ, ਤਾਲਸਤਾਏ ਦੇ ਨਾਵਲਾਂ ਵਿਚ ਜਿਹੜੇ ਆਤਮਕਥਾਤਮਕ ਤੱਤ ਮੌਜੂਦ ਰਹਿੰਦੇ ਹਨ, ਉਨ੍ਹਾਂ ਦੀ ਜੜ੍ਹ ਵਿਚ ਉਨ੍ਹਾਂ ਦੇ ਡਾਇਰੀ ਲੇਖਣ ਦੀ ਲਾਜ਼ਮੀ ਹੀ ਭੂਮਿਕਾ ਰਹੀ ਹੈ। 

ਤਾਲਸਤਾਏ ਕਾਕੇਸ਼ਸ ਵਿਚ ਬਿਤਾਏ ਦੋ ਸਾਲਾਂ ਦੇ ਇਕਾਂਤ ਜੀਵਨ ਨੂੰ ਆਪਣੇ ਆਤਮਕ ਵਿਕਾਸ ਦੇ ਲਈ ਬਹੁਤ ਮਹੱਤਵਪੂਰਨ ਮੰਨਦੇ ਸਨ। ‘ਬਚਪਨ’ ਨਾਵਲਿਟ ਤਾਲਸਤਾਏ ਦੀ ਪ੍ਰਕਾਸ਼ਤ ਹੋਣ ਵਾਲੀ ਪਹਿਲੀ ਰਚਨਾ ਸੀ। ਇਹ ਪ੍ਰਸਿੱਧ ਕਵੀ ਨੇਕਰਾਸੋਵ ਦੁਆਰਾ ਸੰਪਾਦਤ ਰਸਾਲੇ ‘ਸੋਬਰੇਮੇਨਕ’ (‘ਸਮਕਾਲੀ’) ਵਿਚ 1852 ਵਿਚ ਛਪੀ। ਇਸ ਨੂੰ ਤਾਲਸਤਾਏ ਨੇ ਆਪਣੀ ਪਛਾਣ ਛੁਪਾ ਕੇ ਸਿਰਫ਼ ਐੱਲ. ਐੱਨ. ਨਾਂ ਨਾਲ਼ ਛਪਵਾਇਆ। ਇਸੇ ਲੜੀ ਵਿਚ ਤਾਲਸਤਾਏ ਨੇ ਫਿਰ ‘ਕਿਸ਼ੋਰ ਅਵਸਥਾ’ ਅਤੇ ‘ਜਵਾਨੀ’ (1855-57) ਸਿਰਲੇਖ ਵਾਲੇ ਨਾਵਲਿਟ ਲਿਖੇ। ਤਾਲਸਤਾਏ ਦੀ ਮੂਲ ਯੋਜਨਾ ‘ਚ ਹਿੱਸਿਆਂ ਵਿਚ ‘ਵਿਕਾਸ ਦੇ ਚਾਰ ਦੌਰ’ ਨਾਂ ਦਾ ਵੱਡਾ ਆਤਮਕਥਾਨਕ ਨਾਵਲ ਲਿਖਣ ਦੀ ਸੀ, ਜਿਸ ਦਾ ਚੌਥਾ ਹਿੱਸਾ ‘ਯੁਵਾ ਮਰਦਾਨਗੀ’ ਲਿਖਿਆ ਨਹੀਂ ਜਾ ਸਕਿਆ ਅਤੇ ਇਹ ਪੂਰੀ ਯੋਜਨਾ ਨਾਵਲ ਤਿੱਕੜੀ ਦੇ ਰੂਪ ਵਿਚ ਹੀ ਹੋਂਦ ਵਿਚ ਆ ਸਕੀ। 

ਆਪਣੇ ਇਨ੍ਹਾਂ ਸ਼ੁਰੂਆਤੀ ਅਰਧ-ਆਤਮ ਕਥਾਤਮਕ ਨਾਵਲਿਟਾਂ ਵਿਚ ਤਾਲਸਤਾਏ ਨੇ 1840 ਦੇ ਦਹਾਕੇ ਦੇ ਸ਼ੁਰੂਆਤੀ ਪ੍ਰਕਿਰਤੀਵਾਦ ਦੇ ਯਥਾਰਥਵਾਦੀ ਸਿਧਾਂਤਾਂ -ਬਾਹਰਮੁੱਖਤਾ, ਸਟੀਕਤਾ ਅਤੇ ਵਿਸਤ੍ਰਿਤ ਵਰਨਣ- ਦਾ ਪਾਲਣ ਕਰਦੇ ਹੋਏ ਇੱਕ ਬੱਚੇ, ਇੱਕ ਕਿਸ਼ੋਰ ਅਤੇ ਇੱਕ ਨੌਜੁਆਨ ਦੇ ਮਨੋਵਿਗਿਆਨ ਦਾ ਅਧਿਐਨ ਪੇਸ਼ ਕੀਤਾ ਹੈ। ਉਨ੍ਹਾਂ ਨੇ ਖ਼ੁਦ ਨੂੰ ਮਨੁੱਖੀ ਪ੍ਰਕਿਰਤੀ ਦਾ ਵਿਸ਼ਲੇਸ਼ਕ ਦੱਸਿਆ ਜਿਹੜਾ ਚੇਤਨਾ ਦੇ ਗੁਪਤ ਨਿਯਮਾਂ ਨੂੰ ਸਮਝਣ ਦੀ ਕੋਸ਼ਿਸ਼ ਵਿਚ ਜੁਟਿਆ ਹੈ। ‘ਬਚਪਨ’ ਦਾ ਨਾਇਕ ਨਿਕੋਲੇਕਾਂ ਇਰਤਨੇਵ ਝੂਠ ਅਤੇ ਕਪਟ ਦੇ ਹਰ ਰੰਗ ਰੂਪ ਨੂੰ ਪਛਾਨਣਾ ਸਿੱਖਦਾ ਹੈ, ਚਾਹੇ ਉਹ ਖ਼ੁਦ ਉਨ੍ਹਾਂ ਦੇ ਅੰਦਰ ਹੋਵੇ ਜਾਂ ਫਿਰ ਦੂਜੇ ਦੇ ਅੰਦਰ। ਤਿੱਕੜੀ ਦੇ ਦੂਜੇ ਅਤੇ ਤੀਜੇ ਹਿੱਸੇ ਵਿਚ, ਨਾਇਕ ਦਾ ਆਤਮ ਅਸੰਤੋਸ਼ ਅਤੇ ਨਾਲ਼ ਹੀ ਉਨ੍ਹਾਂ ਦੀ ਚਿੰਤਨਸ਼ੀਲਤਾ ਅਤੇ ਆਤਮ ਵਿਸ਼ਲੇਸ਼ਣ ਦੀ ਪ੍ਰਵਿਰਤੀ ਵੀ ਗਹਿਰਾਉਂਦੀ ਚਲੀ ਜਾਂਦੀ ਹੈ। ਜੀਵਨ ਦੀਆਂ ਵਿਰੋਧਤਾਈਆਂ ਦਾ ਅਮੂਰਤ ਬੋਧ ਅਤੇ ਨੈਤਿਕ ਸ਼ੁੱਧਤਾ ਦੀ ਅਪੀਲ ਕਰਨ ਵਾਲੀ ਅਕਾਂਕਸ਼ਾਂ ਮੁਸ਼ਕਿਲ ਹੁੰਦੀ ਜਾਂਦੀ ਹੈ। ਨਿਕੋਲੇਕਾਂ ਦੇ ਅੰਤਰਜਗਤ ਦਾ ਅਧਿਐਨ, ਤਾਲਸਤਾਏ ਦੁਆਰਾ ਬਾਅਦ ਵਿਚ ਕੀਤੇ ਗਏ, ਜਮਾਤੀ ਵਿਸ਼ੇਸ਼ ਅਧਿਕਾਰਾਂ ਤੋਂ ਵਾਂਝੇ ‘ਕੁਦਰਤੀ ਮਨੁੱਖ’ ਦੇ ਵਿਸ਼ਲੇਸ਼ਣਾਂ ਦਾ ਪਹਿਲਾ ਸਕੈੱਚ ਸੀ। 

ਕ੍ਰੀਮੀਆਈ ਯੁੱਧ ਦੌਰਾਨ ਤਾਲਸਤਾਏ ਦੇ ਖ਼ੁਦ ਦੇ ਕਹਿਣ ‘ਤੇ ਉਨ੍ਹਾਂ ਨੂੰ ਸੇਵਾਸੋਤੋਪੋਲ ਭੇਜ ਦਿੱਤਾ ਗਿਆ। ਫੌਜ਼ੀ ਜੀਵਨ ਅਤੇ ਯੁੱਧ ਦੀਆਂ ਘਟਨਾਵਾਂ ਤੋਂ ਤਾਲਸਤਾਏ ਨੇ ‘ਇੱਕ ਹੱਲਾ’ (1853) ਅਤੇ ‘ਜੰਗਲ ਕਟਾਈ’ (1853-55) ਜਿਹੀਆਂ ਕਹਾਣੀਆਂ ਅਤੇ ‘ਦਸੰਬਰ,1854 ਵਿਚ ਸੇਵਾਸੋਤੋਪੋਲ’,  ‘ਮਈ,1855 ਵਿਚ ਸੇਵਾਸੋਤੋਪੋਲ’ ਅਤੇ ‘ਅਗਸਤ,1855 ਵਿਚ ਸੇਵਾਸੋਤੋਪੋਲ’ ਜਿਹੇ ਰੇਖਾ ਚਿੱਤਰਾਂ ਲਈ ਸਮੱਗਰੀ ਜੁਟਾਈ। ਇਹ ਸਾਰੀਆਂ ਰਚਨਾਵਾਂ ‘ਸੋਬ੍ਰੇਮੇਨਿਕ’ ਵਿਚ ਪ੍ਰਕਾਸ਼ਤ ਹੋਈਆਂ। ਦਸਤਾਵੇਜ਼ੀ ਰਿਪੋਰਟਿੰਗ ਅਤੇ ਰਚਨਾਤਮਕਤਾ ਨਾਲ਼ ਲੈਸ, ‘ਸੇਵਾਸੋਤੋਪੋਲ ਦੇ ਰੇਖਾ ਚਿੱਤਰ’ ਜਿਹੇ ਨਾਂ ਦੀਆਂ ਬਾਅਦ ਦੀਆਂ ਤਿੰਨ ਰਚਨਾਵਾਂ ਵਿਚ ਯੁੱਧ ਨੂੰ ਮਨੁੱਖੀ ਪ੍ਰਕਿਰਤੀ ਦੇ ਉਲਟ, ਭਿਅੰਕਰ ਕਤਲੇਆਮ ਦੇ ਰੂਪ ਵਿਚ ਪੇਸ਼ ਕੀਤਾ ਹੈ। ਰੂਸੀ ਜਨਤਾ ‘ਤੇ ਇਸਦਾ ਜਬਰਦਸਤ ਪ੍ਰਭਾਵ ਪਿਆ। ਇਨ੍ਹਾਂ ‘ਚੋਂ ਇੱਕ ਰੇਖਾ ਚਿੱਤਰ ਦੇ ਅੰਤ ਵਿਚ ਤਾਲਸਤਾਏ ਇਸ ਗੱਲ ‘ਤੇ ਜ਼ੋਰ ਦਿੰਦੇ ਹਨ ਕਿ ਸੱਚ ਉਨ੍ਹਾਂ ਦਾ ਇੱਕਮਾਤਰ ਨਾਇਕ ਹੈ। ਇਹ ਸੂਤਰਵਾਕ ਤਾਲਸਤਾਏ ਦੀ ਬਾਅਦ ਵਾਲੀ ਸਮੁੱਚੀ ਸਿਰਜਣਾ ਵਿਚ ਰਾਹ ਦਰਸਾਵਾ ਸਿਧਾਂਤ ਬਣਿਆ ਰਿਹਾ। ਤਾਲਸਤਾਏ ਦੀ ਸਮੁੱਚੀ ਯੁੱਗਪਲਟਾਉ ਸਿਰਜਣਾਤਮਕਤਾ ਨੂੰ ਸਭ ਤੋਂ ਪਹਿਲਾਂ ਸਮਝਣ ਅਤੇ ਰੇਖਾਂਕਤ ਕਰਨ ਵਾਲਿਆਂ ਵਿਚ ਮਹਾਨ ਰੂਸੀ ਭੌਤਿਕਵਾਦੀ ਫਿਲਾਸਫਰ ਲੇਖਕ, ਇਨਕਲਾਬੀ ਜਮਹੂਰੀ ਅਤੇ ਖਿਆਲੀ ਸਮਾਜਵਾਦੀ ਨਿਕੋਲਾਈ ਚੇਰਨੀਸ਼ੇਵਸਕੀ ਮੋਹਰੀ ਸਨ। ਉਨ੍ਹਾਂ ਨੇ ਤਾਲਸਤਾਏ ਦੀਆਂ ਇਨ੍ਹਾਂ ਪ੍ਰਤੀਨਿਧ ਵਸ਼ਿਸ਼ਟਤਾਵਾਂ ਨੂੰ ਰੇਖਾਂਕਤ ਕੀਤਾ- ਪਹਿਲਾਂ, ਮਨੋਵਿਗਿਆਨਕ ਵਿਸ਼ਲੇਸ਼ਣ ਦੀ ਇੱਕ ਖ਼ਾਸ ਕਿਸਮ ਦੇ ਰੂਪ ਵਿਚ ‘ਆਤਮਾ ਦੀ ਦਵੰਦਾਤਮਕਤਾ’ ਦੀ ਪੇਸ਼ਕਾਰੀ ਅਤੇ ਦੂਜਾ, ‘ਉਨ੍ਹਾਂ ਦੇ ਨੈਤਿਕ ਬੋਧ ਦੀ ਨਿਰਪੇਖ ਸ਼ੁੱਧਤਾ।’

1855 ਵਿਚ ਤਾਲਸਤਾਏ ਸੇਂਟ ਪੀਟਜ਼ਬਰਗ ਪਹੁੰਚੇ ਅਤੇ ‘ਸੋਬ੍ਰੇਮੇਨਿਕ’ ਨਾਲ਼ ਜੁੜੇ ਸਾਹਿਤਕਾਰਾਂ – ਨੇਕ੍ਰਾਸੋਵ, ਤੁਰਗਨੇਵ, ਗੋਂਚਾਰੋਵ ਅਤੇ ਚੇਰਨੀਸ਼ੇਵਸਕੀ ਆਦਿ – ਦੀ ਮੰਡਲੀ ਦੇ ਨਾਲ਼ ਨੇੜਿਉਂ ਜੁੜ ਗਏ। ਪਰ ਆਪਣੀ ਚੁੱਭਣ ਵਾਲੀ ਹੈਂਕੜ, ਕਿਸੇ ਵੀ ਬੌਧਿਕ ਖੇਮੇ ਨਾਲ਼ ਜੁੜਨ ਤੋਂ ਇਨਕਾਰ ਅਤੇ ਆਪਣੀ ਸੰਪੂਰਣ ਨਿੱਜ਼ੀ ਅਜ਼ਾਦੀ ‘ਤੇ ਜ਼ੋਰ ਦੇਣ ਦੇ ਕਾਰਨ ਤਾਲਸਤਾਏ ਵੇਲੇ ਦੇ ਰੈਡੀਕਲ ਬੁੱਧੀਜੀਵੀਆਂ ਵਿਚ ਜਲਦੀ ਹੀ ਬਦਨਾਮ ਹੋ ਗਏ। ਅੱਗੇ ਵੀ ਉਹ ਸਾਰੀ ਉਮਰ ਸਾਰੀਆਂ ਬੌਧਿਕ ਪ੍ਰਵਿਰਤੀਆਂ ਦੇ ਖਿਲਾਫ਼ ਰਹੇ ਅਤੇ ਸੱਤਾ ਦਾ ਸਰਗਰਮ ਵਿਰੋਧ ਤਾਂ ਵੈਸੇ ਹੀ ਉਨ੍ਹਾਂ ਦੇ ਜੀਵਨ ਫਲਸਫੇ ਦੇ ਖਿਲਾਫ਼ ਸੀ। 1856 ਵਿਚ ਉਨ੍ਹਾਂ ਦੀ ਇੱਕ ਕਹਾਣੀ ‘ਇੱਕ ਜਿਮੀਂਦਾਰ ਦੀ ਸਵੇਰ’ ਪ੍ਰਕਾਸ਼ਤ ਹੋਈ ਜੋ ਅਸਲ ਵਿੱਚ -‘ਇੱਕ ਰੂਸੀ ਜਿਮੀਂਦਾਰ ਦਾ ਨਾਵਲ’ ਨਾਂ ਦੀ ਭਾਵੀ ਯੋਜਨਾ ਦਾ ਇੱਕ ਅੰਸ਼ ਸੀ। ਇਹ ਨਾਵਲ ਅਧੂਰਾ ਹੀ ਰਹਿ ਗਿਆ। ਇਸ ਰਚਨਾ ਸੰਬੰਧੀ ਲਿਖਦੇ ਹੋਏ ਚੇਰਨੇਸ਼ਵਸਕੀ ਉਹ ਪਹਿਲੇ ਵਿਅਕਤੀ ਸਨ ਜਿਨ੍ਹਾਂ ਨੇ ਤਾਲਸਤਾਏ ਦੇ ‘ਕਿਸਾਨੀ’ ਨਜ਼ਰੀਏ ਨੂੰ ਰੇਖਾਂਕਤ ਕੀਤਾ। ਆਪਣੀ ਅਗਲੀ ਰਚਨਾ ‘ਅਲਬਰਟ’ ਨਾਂ ਦੇ ਨਾਵਲਿਟ ਵਿਚ ਦੁਰਝਿਨਿਨ ਦੀ ਮੰਡਲੀ ਦੇ ਪ੍ਰਭਾਵ ਵਿਚ ਤਾਲਸਤਾਏ ਨੇ ਇਸ ਵਿਚਾਰ ਨੂੰ ਪੇਸ਼ ਕੀਤਾ ਕਿ ਕਲਾਕਾਰ ਉਹ ਵਿਅਕਤੀ ਹੁੰਦਾ ਹੈ ਜਿਹੜਾ ਸਵਰਗ ਤੋਂ ਆਈ ਪਵਿੱਤਰ ਅੱਗ ਨੂੰ ਹਾਸਲ ਕਰਨ ਲਈ ਰੱਬ ਵਲੋਂ ਚੁਣਿਆ ਗਿਆ ਹੁੰਦਾ ਹੈ। 

1857 ਵਿਚ, ਪੱਛਮੀ ਯੁਰੋਪ ਦੀ ਪਹਿਲੀ ਯਾਤਰਾ ਤੋਂ ਪਰਤਣ ਬਾਅਦ ਉਸ ਦੇ ਅਨੁਭਵਾਂ ਦੇ ਅਧਾਰ ‘ਤੇ ਲਿਖੀ ਗਈ ਤਾਲਸਤਾਏ ਦੀ ਕਹਾਣੀ ‘ਲੂਸਰਨ’ ਪ੍ਰਕਾਸ਼ਤ ਹੋਈ। ਇਸ ਵਿਚ ਲੇਖਕ ਨੇ ਬੁਰਜ਼ੂਆ ਪਖੰਡ, ਪੱਥਰਦਿਲੀ ਅਤੇ ਸਮਾਜਕ ਅਨਿਆਂ ਨੂੰ ਹਮਲੇ ਦਾ ਨਿਸ਼ਾਨਾ ਬਣਾਇਆ ਹੈ। ਇਹੀ ਅਲੋਚਨਾ ਸਾਨੂੰ ਅੱਗੇ ਤਾਲਸਤਾਏ ਦੇ ‘ਮੋਇਆਂ ਦੀ ਜਾਗ’ (1899) ਨਾਵਲ ਅਤੇ ਹੋਰ ਲੇਖਾਂ-ਕਹਾਣੀਆਂ ਵਿਚ ਹੋਰ ਜਿਆਦਾ ਪ੍ਰਪੱਕ ਅਤੇ ਵਿਕਸਤ ਰੂਪ ਵਿਚ ਦੇਖਣ ਨੂੰ ਮਿਲਦੀ ਹੈ। 1859 ਵਿਚ ਉਨ੍ਹਾਂ ਦੀ ਇੱਕ ਹੋਰ ਕਹਾਣੀ ‘ਤਿੰਨ ਮੌਤਾਂ’ ਪ੍ਰਕਾਸ਼ਤ ਹੋਈ ਜਿਸ ਵਿਚ ਇੱਕ ਕੁਲੀਨ ਔਰਤ ਇਸ ਸੱਚਾਈ ਦਾ ਸਾਹਮਣਾ ਨਹੀਂ ਕਰ ਪਾਉਂਦੀ ਕਿ ਉਹ ਮਰ ਰਹੀ ਹੈ, ਇੱਕ ਕਿਸਾਨ ਆਪਣੀ ਮੌਤ ਨੂੰ ਆਮ ਢੰਗ ਨਾਲ਼ ਕਬੂਲਦਾ ਹੈ ਅਤੇ ਅੰਤ ਵਿਚ ਇੱਕ ਦਰਖ਼ਤ ਦਾ ਵਰਨਣ ਹੈ ਜਿਸਦਾ ਬਹੁਤ ਹੀ ਸੁਭਾਵਕ ਅੰਤ ਸਮੁੱਚੇ ਮਨੁੱਖੀ ਪਖੰਡਾਂ ਦਾ ਉਲਟਾ ਪ੍ਰਤੀਤ ਹੈ। ਇਨ੍ਹਾਂ ਤਿੰਨਾਂ ਘਟਨਾਵਾਂ ਨੂੰ ਲੇਖਕ ਦੀ ਇੰਦਰੀਆਵੀ ਚੇਤਨਾ ਆਪਸ ਵਿਚ ਜੋੜਦੀ ਹੈ। 

1853-59 ਵਿਚ ਹੀ ਤਾਲਸਤਾਏ ਨੇ ਆਪਣਾ ਨਾਵਲ ‘ਸੁਖੀ ਜੋੜੀ’ ਪੂਰਾ ਕੀਤਾ ਜਿਸ ਵਿਚ ਪਰਿਵਾਰ ਦੀ ਵੱਖ ਵੱਖ ਹਾਲਤ, ਖੁਸ਼ੀਭਰੀ ਦੁਨੀਆਂ ਦੇ ਆਦਰਸ਼ ਦੀ ਤਬਾਹੀ ਦਾ ਚਿਤਰਣ ਕੀਤਾ ਗਿਆ ਹੈ। ਇੱਕ ਪਤਨੀ ਦੇ ਫਰਜ਼, ਗੁਣ, ਵਿਆਹ ਵਿਚ ਉਸਦੇ ਆਤਮ ਤਿਆਗ ਦਾ ਤਾਲਸਤਾਏਵਾਦੀ ਸੰਕਲਪ ਇਸ ਰਚਨਾ ਦੇ ਸਿੱਟੇ ਦੇ ਰੂਪ ਵਿਚ ਪਹਿਲੀ ਵਾਰ ਸਾਹਮਣੇ ਆਇਆ ਹੈ ਅਤੇ ਉਨ੍ਹਾਂ ਦੀਆਂ ਬਾਅਦ ਦੀਆਂ ਰਚਨਾਵਾਂ ਦੀ ਤਰ੍ਹਾਂ, ਇੱਥੇ ਵੀ, ਤਾਲਸਤਾਏ ਦੀ ਇੱਛਾ ਤੋਂ ਅਜ਼ਾਦ, ਯਥਾਰਥ ਦਾ ਜਿਹੜਾ ਪੱਖ ਰੌਸ਼ਨ ਹੋ ਕੇ ਸਾਹਮਣੇ ਆ ਗਿਆ ਹੈ, ਉਹ ਹੈ ਪਰਿਵਾਰ ਸੰਸਥਾ ਵਿਚ ਔਰਤ ਦੀ ਦੁਖਾਂਤਕ ਹੋਣੀ ਅਤੇ ਮਨੁੱਖੀ ਇਤਿਹਾਸ ਦਾ ਇੱਕ ਵਿਕਟ ਸੁਵਾਲ ਚਿੰਨ੍ਹ-ਨਾਰੀ-ਸਵਾਲ!

1863 ਵਿਚ ਤਾਲਸਤਾਏ ਨੇ ਇੱਕ ਕਹਾਣੀ ਲਿਖੀ, ‘ਖੋਲਸਤੋਮਰ-ਇੱਕ ਘੋੜੇ ਦੀ ਕਹਾਣੀ’ (‘ਇਨਸਾਨ ਅਤੇ ਹੈਵਾਨ’) ਜੋ ਕਾਫ਼ੀ ਬਾਅਦ ਵਿਚ, 1886 ਵਿਚ ਪ੍ਰਕਾਸ਼ਤ ਹੋਈ। ਇਹੀ ਕਹਾਣੀ ਤਾਲਸਤਾਏ ਦੀ ਮਨਭਾਉਂਦੀ ਕਲਾਕਮਕ ਤਕਨੀਕ-‘ਅਣਜਾਣ ਬਨਾਉਣ’ (Defamiliarisation) ਦੀ ਨਾਟਕੀ ਵਰਤੋਂ ਲਈ ਪ੍ਰਸਿੱਧ ਹੈ। ਇਸ ਵਿਚ ਕਿਸੇ ਜਾਣੇ ਪਛਾਣੇ ਸਮਾਜਕ ਚਲਣ ਦਾ ਵਰਣਨ ਕਿਸੇ ਅਜਿਹੇ ਦਰਸ਼ਕ ਦੇ ‘ਭੋਲੇ ਨਿਰਛੱਲ’ ਨਜ਼ਰੀਏ ਤੋਂ ਕੀਤਾ ਜਾਂਦਾ ਹੈ ਜਿਹੜਾ ਇਸ ਚਲਣ ਨੂੰ ਆਮ ਮੰਨ ਕੇ ਨਹੀਂ ਚੱਲਦਾ। ਇਸ ਕਹਾਣੀ ਦਾ ਮੁੱਖ ‘ਨਰੇਟਰ’ ਇੱਕ ਘੋੜਾ ਹੈ। ਤਾਲਸਤਾਏ ਦੀਆਂ ਹੋਰਨਾਂ ਸ਼ੁਰੂਆਤੀ ਰਚਨਾਵਾਂ ਦੀ ਤਰ੍ਹਾਂ ਇਸ ਕਹਾਣੀ ਵਿਚ ਵੀ ਮਨੱਖੀ ਸਮਾਜ ਦੇ ਨਕਲੀਪਨ ਅਤੇ ਪ੍ਰੰਪਰਾਵੱਧਤਾ ‘ਤੇ ਵਿਅੰਗ ਕੀਤਾ ਗਿਆ ਹੈ। ਤਾਲਸਤਾਏ ਦੇ ਨਾਵਲ ਕਜ਼ਾਕ ਦਾ ਮੂਲ ਕਥਾਨਕ ਵੀ ਇਸੇ ਦੇ ਆਲੇ ਦੁਆਲੇ ਘੁੰਮਦਾ ਹੈ। ਇਹ ਛੋਟਾ ਨਾਵਲ ਲੋਕ ਜੀਵਨ ਤੋਂ ਕਥਾ ਵਸਤੂ ਚੁੱਕਦਾ ਹੈ ਅਤੇ ਉਸ ਨੂੰ ਇਸ ਤਰਾਂ ਦੀ ਮਹਾਂਕਵਿਕ ਸ਼ੈਲੀ ਵਿਚ ਪੇਸ਼ ਕਰਦਾ ਹੈ। ਕਾਕੇਸ਼ਸ ਵਿਚ ਵਿਸ਼ਾਲ ਕੁਦਰਤੀ ਦ੍ਰਿਸ਼ਾਂ ਅਤੇ ਸਿੱਧੇ ਸਾਫ਼ ਦਿਲੇ ਲੋਕਾਂ ਵਿਚ ਨਾਇਕ ਨੂੰ ਉੱਚੇ ਸਮਾਜ ਦੇ ਝੂਠ ਅਤੇ ਪਖੰਡ ਨਾਲ਼ ਭਰੇ ਜੀਵਨ ਦਾ ਅਹਿਸਾਸ ਹੁੰਦਾ ਹੈ ਅਤੇ ਉਹ ਉਸਨੂੰ ਛੱਡਣ ਦਾ ਫੈਸਲਾ ਕਰਦਾ ਹੈ। ਤਾਲਸਤਾਏ ਇਹ ਦਿਖਾਉਂਦੇ ਹਨ ਕਿ ਦੂਜਿਆਂ ਨਾਲ਼ ਕਿਸੇ ਦੇ ਰਿਸ਼ਤਿਆਂ ਦੀ ਈਮਾਨਦਾਰੀ ਖ਼ੁਦ ਕੁਦਰਤ ਤੋਂ ਆਉਂਦੀ ਹੈ ਅਤੇ ਉਸ ਵਿਅਕਤੀ ਦੇ ਚੇਤਨਾ ਤੋਂ ਆਉਂਦੀ ਹੈ ਜਿਹੜਾ ਕੁਦਰਤ ਦੇ ਏਨਾ ਨੇੜੇ ਹੁੰਦਾ ਹੈ ਕਿ ਲਗਭਗ ਇੱਕਮਿੱਕ ਹੋ ਗਿਆ ਹੁੰਦਾ ਹੈ। 

ਆਪਣੇ ਲੇਖਣ ਨਾਲ਼, ਸ਼ਹਿਰੀ ਕੁਲੀਨ ਸਮਾਜ ਅਤੇ ਸਾਹਿਤਕ ਮੰਡਲੀਆਂ ਤੋਂ ਅਸੰਤੁਸ਼ਟ ਤਾਲਸਤਾਏ ਨੇ 1850 ਦੇ ਦਹਾਕੇ ਦੇ ਅੰਤ ਵਿਚ ਸਾਹਿਤ ਨੂੰ ਛੱਡਕੇ ਪਿੰਡ ਵਿਚ ਜਾ ਵਸਣ ਦਾ ਸੋਚਿਆ। 1859 ਤੋਂ 1862 ਦੇ ਵਿਚ ਉਨ੍ਹਾਂ ਨੇ ਕੁਝ ਸਮਾਂ ਯਾਸਨਾਇਆ ਪੋਲਿਆਨਾ ਵਿਚ ਕਿਸਾਨਾਂ ਦੇ ਬੱਚਿਆਂ ਨੂੰ ਸਿੱਖਿਆ ਦੇਣ ਅਤੇ ਸਿੱਖਿਆ ਸ਼ਾਸਤਰ ਦੇ ਅਧਿਐਨ ‘ਤੇ ਖਰਚ ਕੀਤਾ, ਵਿਦੇਸ਼ ਯਾਤਰਾ ਕੀਤੀ ਅਤੇ ‘ਯਾਨਾਇ ਪੋਲਿਆਨਾ’ ਨਾਂ ਦਾ ਸਿੱਖਿਆ ਸ਼ਾਸਤਰ ਦਾ ਇੱਕ ਰਸਾਲਾ ਕੱਢਿਆ ਜਿਸ ਵਿਚ ਰੂੜ ਪਾਠਕ੍ਰਮ ਅਤੇ ਰਸਮੀ ਅਨੁਸ਼ਾਸਨ ਤੋਂ ਮੁਕਤ ਗੈਰ ਪ੍ਰੰਪਰਾਵਾਦੀ ਸਿੱਖਿਆ ਦੇ ਵਿਸ਼ੇ ਸੰਬੰਧੀ ਆਪਣੇ ਵਿਚਾਰਾਂ ਨੂੰ ਪੇਸ਼ ਕੀਤਾ। ਸਾਹਿਤਕ ਲੇਖਣ ਉਹ ਫਿਰ ਵੀ ਛੱਡ ਨਹੀਂ ਸਕੇ। ਉਹ ਵੀ ਜਾਰੀ ਰਿਹਾ।

1862 ਵਿਚ ਸੋਫ਼ੀਆ ਆਂਦਰੇਯੇਵਨਾ ਨਾਲ਼ ਉਨ੍ਹਾਂ ਦਾ ਵਿਆਹ ਹੋਇਆ ਅਤੇ ਆਪਣੀ ਜਗੀਰ ਵਿਚ ਵੱਖਰਾ ਸ਼ਾਂਤ ਸੁਖਦ ਪਰਿਵਾਰਕ ਜੀਵਨ ਬਿਤਾਉਂਦੇ ਹੋਏ ਤਾਲਸਤਾਏ ਆਪਣੇ ਜੀਵਨ ਦੇ ਸੱਭ ਤੋਂ ਵਧੇਰੇ ਸਿਰਜਣਸ਼ੀਲ ਦੌਰ ਵਿਚ ਦਾਖ਼ਲ  ਹੋਏ।

ਉੱਚ ਕੁਲੀਨ ਪਰਿਵਾਰਕ ਪਿੱਠਭੂਮੀ ਅਤੇ ਪਾਲਣ ਪੋਸ਼ਣ ਵਾਲੇ ਤਾਲਸਤਾਏ ਨੇ 1850 ਦੇ ਦਹਾਕੇ ਬਾਅਦ ਦੇ ਸਾਲਾਂ ਵਿਚ, ਆਮ ਲੋਕਾਂ ਦੇ ਹਿੱਤਾਂ ਅਤੇ ਲੋੜਾਂ ਨਾਲ਼ ਜੁੜਨ ਵਿਚ ਆਪਣੇ ਆਤਮਕ ਸੰਕਟ ਦਾ ਹੱਲ ਲੱਭਿਆ। 1860-61 ਵਿਚ ਉਨ੍ਹਾਂ ਨੇ ‘ਦਸੰਬਰਵਾਦੀ’ ਨਾਂ ਦਾ ਨਾਵਲ ਲਿਖਿਣਾ ਸ਼ੁਰੂ ਕੀਤਾ ਜਿਸਦਾ ਪਹਿਲਾ ਹਿੱਸਾ 1884 ਵਿਚ ਛਪਿਆ। ਇਸ ਨਾਵਲ ਵਿਚ, ਸਮਕਾਲੀ ਜੀਵਨ ਨੂੰ ਸਮਝਣ ਲਈ ਤਾਲਸਤਾਏ ਨੇ ਇਤਿਹਾਸ ਦੀ ਮੱਦਦ ਲੈਣ ਦੀ ਕੋਸ਼ਿਸ਼ ਕੀਤੀ ਸੀ। ਪੋਲੀਕਸ਼ਿਕਾ (1861-63) ਕਹਾਣੀ ਵਿਚ ਉਨ੍ਹਾਂ ਨੇ ਆਮ ਕਿਸਾਨਾਂ ਦੇ ਜੀਵਨ ਦਾ ਵਰਨਣ ਕੀਤਾ ਸੀ। ਇਸੇ ਨਵੀਂ ਪਹੁੰਚ ਅਤੇ ਮਹਾਂਕਾਵਿਕ ਸ਼ੈਲੀ ਦਾ ਸੰਸਲੇਸ਼ਣ ‘ਕਜ਼ਾਕ’ ਵਿਚ ਦਿਸਦਾ ਹੈ, ਜਿਹੜਾ ‘ਯੁੱਧ ਅਤੇ ਸ਼ਾਂਤੀ’ ਵਿਚ ਆਪਣੀ ਸਿਖ਼ਰ ਤੱਕ ਜਾ ਪਹੁੰਚਦਾ ਹੈ।

‘ਯੁੱਧ ਅਤੇ ਸ਼ਾਂਤੀ’ ਦੇ ਚਾਰ ਹਿੱਸਿਆਂ ਦਾ ਲੇਖਣ ਤਾਲਸਤਾਏ ਨੇ 1863 ਤੋਂ 1869 ਵਿਚ ਕੀਤਾ। 1865 ਵਿਚ ਇਸਦੇ ਪ੍ਰਕਾਸ਼ਨ ਦੀ ਸ਼ੁਰੂਆਤ ਹੋਈ।

‘ਯੁੱਧ ਅਤੇ ਸ਼ਾਂਤੀ’ ਸੰਸਾਰ ਦਾ ਮਹਾਨਤਮ ਨਾਵਲ ਹੀ ਨਹੀਂ ਸਗੋਂ ਸਾਹਿਤਕ ਇਤਿਹਾਸ ਦਾ ਇੱਕ ਵਰਤਾਰਾ ਹੈ। ਅਜਿਹੀ ਗੁੰਝਲਦਾਰ, ਇਤਿਹਾਸਕ-ਮਨੋਵਿਗਿਆਨਕ ਬਹੁਪੱਧਰੀ ਮਹਾਂਕਾਵਿਕ ਕਲਾਤਮਕ ਸੰਰਚਨਾ ਸੰਬੰਧੀ, ਇੱਕ ਹੱਦ ਤੱਕ ਸਰਲੀਕਰਣ ਦਾ ਖ਼ਤਰਾ ਮੁੱਲ ਲੈਂਦੇ ਹੋਏ ਵੀ ਕਿਹਾ ਜਾ ਸਕਦਾ ਹੈ ਕਿ ਇਸ ਵਿਚ ਤਿੰਨ ਤਰ੍ਹਾਂ ਦੀ ਸਮਗਰੀ ਦਾ ਸੁਚੱਜਾ ਸੰਸਲੇਸ਼ਣ ਕੀਤਾ ਗਿਆ ਹੈ –

1.  ਨੈਪੋਲੀਅਨ ਦੇ ਯੁੱਧਾਂ ਅਤੇ ਰੂਸੀ ਜਨਤਾ ਦੇ ਇੱਕਜੁੱਟ ਜ਼ਬਰਦਸਤ ਪ੍ਰਤੀਰੋਧ ਦੀ ਤਫ਼ਸੀਲ,

2. ਨਾਵਲ ਦੇ ਪਾਤਰਾਂ ਦਾ ਅੰਦਰੂਨੀ ਅਤੇ ਬਾਹਰੀ ਜੀਵਨ, ਆਲਾ ਦੁਆਲਾ ਅਤੇ ਜੀਵਨ ਫਲਸਫ਼ਾ ਅਤੇ 

3. ਇਤਿਹਾਸ-ਫਲਸਫ਼ੇ ਦੇ ਵਿਸ਼ੇ ‘ਤੇ ਤਾਲਸਤਾਏ ਦੇ ਵਿਚਾਰਾਂ ਨੂੰ ਪੇਸ਼ ਕਰਨ ਵਾਲੇ ਲੇਖਾਂ ਦੀ ਇੱਕ ਲੜੀ।

ਇਨ੍ਹਾਂ ਦੇ ਸਹਾਇਕ ਪੱਖ ਦੇ ਰੂਪ ਵਿਚ ਪਰਿਵਾਰ, ਵਿਆਹ, ਔਰਤਾਂ ਦੀ ਹਾਲਤ, ਕੁਲੀਨਾਂ ਦਾ ਨਿਸਾਰ, ਲੋਕਾਂ ਤੋਂ ਟੁੱਟੇ, ਪਖੰਡੀ ਜੀਵਨ ਆਦਿ ‘ਤੇ ਤਾਲਸਤਾਏ ਦੇ ਵਿਚਾਰਾਂ ਅਤੇ ਵੇਲੇ ਦੀ ਹਾਲਤ ਦੀ ਤਿੱਖੀ ਅਲੋਚਨਾ ਵੀ ਕਹਾਣੀ ਦੇ ਨਾਲ਼ ਹੀ ਗੁੱਥੀ-ਬੁਣੀ ਪੇਸ਼ ਹੁੰਦੀ ਚਲੀ ਜਾਂਦੀ ਹੈ। ਵਿਸਤ੍ਰਿਤ ਇਤਿਹਾਸਕ ਵਿਵਰਣ ਅਤੇ ਮਨੋਵਿਗਿਆਨਕ ਡੂੰਘਾਈਆਂ ਦੇ ਨਾਲ਼ ਹੀ ਇਤਿਹਾਸ-ਫਲਸਫ਼ੇ ਵਿਸ਼ੇ ‘ਤੇ ਆਪਣੇ ਵਿਚਾਰਾਂ ਦੀ ਲੇਖਾਂ ਦੇ ਰੂਪ ਵਿਚ ਪੇਸ਼ਕਾਰੀ ਨੂੰ ਜਿਸ ਮਹਾਰਤ ਨਾਲ਼ ਨਾਵਲ ਵਿਚ ਪਰੋਇਆ ਗਿਆ ਹੈ, ਉਹ ਬੇਮਿਸਾਲ ਅਤੇ ਹੈਰਾਨ ਕਰ ਦੇਣ ਵਾਲਾ ਹੈ। 

ਨਾਵਲ ਦੇ ਇਤਿਹਾਸਕ ਘਟਨਾ ਚੱਕਰ ਦਾ ਢਾਂਚਾ 1805 ਦੀ ਮੁਹਿੰਮ, ਉਸਦੇ ਨਤੀਜ਼ੇ ਵਜੋਂ ਆਸਟਰਲਿਜ਼ ਦੇ ਯੁੱਧ ਵਿਚ ਨੈਪੋਲੀਅਨ ਦੀ ਜਿੱਤ ਅਤੇ ਫਿਰ 1812 ਵਿਚ ਰੂਸ ‘ਤੇ ਨੈਪੋਲਿਅਨ ਹਮਲਾ ਹੈ। ਆਮ ਧਾਰਨਾ ਦੇ ਉਲਟ, ਤਾਲਸਤਾਏ ਨੇ ਨੈਪੋਲੀਅਨ ਨੂੰ ਇੱਕ ਪ੍ਰਭਾਵਹੀਣ, ਉਨਮਾਦੀ ਹੋਣ ਦੀ ਹੱਦ ਤੱਕ ਹੈਂਕੜਬਾਜ਼ ਅਤੇ ਜੋਕਰ ਦੇ ਰੂਪ ਵਿਚ ਅਤੇ ਜ਼ਾਰ ਅਲੈਗਜ਼ੈਂਡਰ ਪਹਿਲੇ ਨੂੰ ਇੱਕ ਮੁਹਾਵਰੇਬਾਜ਼ ਦੇ ਰੂਪ ਵਿਚ ਚਿਤਰਤ ਕੀਤਾ ਹੈ ਜਿਸ ਨੂੰ ਹਰ ਵੇਲੇ ਇਹੀ ਚਿੰਤਾ ਸਤਾਉਂਦੀ ਰਹਿੰਦੀ ਹੈ ਕਿ ਇਤਿਹਾਸਕਾਰ ਉਸ ਨੂੰ ਕਿਸ ਰੂਪ ਵਿਚ ਪੇਸ਼ ਕਰਨਗੇ। ਅਤੀਤ ਵਿਚ ਅਪ੍ਰਤਿਸ਼ਠਾ ਦਾ ਸ਼ਿਕਾਰ ਹੋ ਚੁੱਕੇ, ਪ੍ਰਸਿਧ ਰੂਸੀ ਜਰਨਲ ਮਿਖ਼ਾਇਲ ਕੁਤਜੋਵ ਨੂੰ ਉਨ੍ਹਾਂ ਨੇ ਇੱਕ ਅਜਿਹੇ ਧੀਰਜਵਾਨ ਬਜ਼ੁਰਗ ਦੇ ਰੂਪ ਵਿਚ ਚਿਤਰਤ ਕੀਤਾ ਹੈ ਜਿਹੜਾ ਮਨੁੱਖ ਦੀ ਇੱਛਾ ਅਤੇ ਮਨੁੱਖ ਦੀਆਂ ਘੜੀਆਂ ਯੋਜਨਾਵਾਂ ਦੀ ਹੱਦ ਨੂੰ ਸਮਝਦਾ ਹੈ। ਨਾਵਲ ਦੇ ਯੁੱਧ ਦੇ ਦ੍ਰਿਸ਼ ਖ਼ਾਸ ਜਿਕਰਯੋਗ ਹਨ ਜਿਨ੍ਹਾਂ ਵਿਚ ਮੁੱਠਭੇੜਾਂ ਨੂੰ ਸ਼ੁੱਧ ਅਰਾਜਕਤਾ ਦੇ ਰੂਪ ਵਿਚ ਚਿਤਰਤ ਕੀਤਾ ਗਿਆ ਹੈ। ਜਨਰਨ ‘ਸਾਰੀਆਂ ਅਣਕਿਆਸੀਆਂ ਜਾਂ ਸੰਭਾਵਤ ਘਟਨਾਵਾਂ ਦੇ ਪਹਿਲਾਂ ਤੋਂ ਅੰਦਾਜ਼ੇ’ ਦੀ ਕਲਪਨਾ ਕਰ ਸਕਦੇ ਹਨ ਪਰ ਯੁੱਧ ਅਸਲ ਵਿਚ ‘ਕਰੋੜਾਂ ਵੱਖ ਵੱਖ ਇੱਤਫ਼ਾਕਾਂ’ ਦਾ ਸਿੱਟਾ ਹੁੰਦਾ ਹੈ। ਜਿਨ੍ਹਾਂ ਦਾ ਫੈਸਲਾ ਐਨ ਵੇਲੇ ਸਿਰ, ਅਜਿਹੀਆਂ ਹਾਲਤਾਂ ਨਾਲ਼ ਹੁੰਦਾ ਹੈ ਜਿਨ੍ਹਾਂ ਦਾ ਪਹਿਲਾਂ ਤੋ’ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਤਾਲਸਤਾਏ ਦੀ ਮਾਨਤਾ ਸੀ ਕਿ ਜੀਵਨ ਦੀ ਤਰ੍ਹਾਂ ਯੁੱਧ ਵਿਚ ਵੀ, ਕਿਸੇ ਪ੍ਰਣਾਲੀ, ਵਿਵਸਥਾ ਜਾਂ ਮਾਡਲ ਨੂੰ ਲਾਗੂ ਕਰਨਾ ਮਨੁੱਖੀ ਵਿਵਹਾਰ ਦੀਆਂ ਅਣਗਿਣਤ ਗੁੰਝਲਾਂ ਦਾ ਲੇਖਾ-ਜੋਖਾ ਤਿਆਰ ਕਰਨ ਜਿਹਾ ਕੰਮ ਹੋਵੇਗਾ ਜਿਹੜਾ ਅਸੰਭਵ ਹੈ। 

ਨਾਵਲ ਦੇ ਦੂਜੇ ਅੱਧੇ ਹਿੱਸੇ ਤੋਂ ਇਤਿਹਾਸ ਅਤੇ ਦਰਸ਼ਨ ਵਿਸ਼ੇ ‘ਤੇ ਤਾਲਸਤਾਏ ਦੇ ਜਿਨ੍ਹਾਂ ਲੇਖਾਂ ਦੀ ਵਿਚ ਵਿੱਚ ਪਰੋਈਆਂ ਗਈਆਂ ਕੜੀਆਂ ਦੀ ਸ਼ੁਰੂਆਤ ਹੁੰਦੀ ਹੈ, ਉਨ੍ਹਾਂ ਵਿਚ ਵੀ ਇਤਿਹਾਸ ਦੇ ਸਧਾਰਣ ਨਿਯਮਾਂ ਨੂੰ ਸੂਤਰਵੱਧ ਕਰਨ ਦੀਆਂ ਕੋਸ਼ਿਸ਼ਾਂ ਦਾ ਉਹ ਮਜ਼ਾਕ ਉਡਾਉਂਦੇ ਹਨ ਅਤੇ ਸਾਰੀਆਂ ਇਤਿਹਾਸਕ ਤਫ਼ਸੀਲਾਂ ਦੇ ਬੇਅਕਲੇ ਸਧਾਰਨੀਕਰਣ ਦੇ ਰੂਪ ਵਿਚ ਪੇਸ਼ ਕੀਤੀਆਂ ਧਾਰਨਾਵਾਂ ਨੂੰ ਉਹ ਖਾਰਜ਼ ਕਰਦੇ ਹਨ। ਤਾਲਸਤਾਏ ਦੇ ਵਿਚਾਰ ਨਾਲ਼, ਯੁੱਧ ਦੀ ਤਰਾਂ ਹੀ ਇਤਿਹਾਸ ਵੀ ਮੂਲ ਰੂਪ ਵਿਚ, ਅਚਾਨਕਤਾ ਦੀ ਪੈਦਾਵਾਰ ਹੈ, ਇਸਦੀ ਕੋਈ ਦਿਸ਼ਾ ਨਹੀਂ ਹੁੰਦੀ, ਕੋਈ ‘ਪੈਟਰਨ’ ਨਹੀਂ ਹੁੰਦਾ। ਇਤਿਹਾਸਕ ਘਟਨਾਵਾਂ ਦੇ ਕਾਰਨਾ ਵਿਚ ਅਨੰਤ ਵਿਵਿਧਤਾ ਹੁੰਦੀ ਹੈ ਅਤੇ ਉਹ ਹਮੇਸ਼ਾਂ ਲਈ ਜਾਣੇ ਨਾ ਸਕਣਯੋਗ ਹੁੰਦੇ ਹਨ ਅਤੇ ਇਸ ਲਈ ਬੀਤੇ ਦੀ ਵਿਆਖਿਆ ਦਾ ਦਾਅਵਾ ਕਰਨ ਵਾਲਾ ਇਤਿਹਾਸਕ ਲੇਖਣ ਲਾਜ਼ਮੀ ਰੂਪ ਵਿਚ ਉਸਦਾ ਮਿੱਥੀਕਰਨ ਕਰਦਾ ਹੈ। ਇਤਿਹਾਸਕ ਬ੍ਰਿਤਾਂਤ ਦੀ ਅਕ੍ਰਿਤੀ-ਸੰਰਚਨਾ ਘਟਨਾਵਾਂ ਦੀ ਅਸਲੀ ਪ੍ਰਕਿਰਿਆ ਨੂੰ ਨਹੀਂ ਸਗੋਂ ਸਾਹਿਤਕ ਮਾਨਦੰਡਾਂ ਨੂੰ ਪ੍ਰਤੀਬਿੰਬਤ ਕਰਦੀ ਹੈ। ਤਾਲਸਤਾਏ ਦੇ ਇਤਿਹਾਸ ਵਿਸ਼ੇ ‘ਤੇ ਇਨ੍ਹਾਂ ‘ਲੇਖਾਂ’ ਦੇ ਅਨੁਸਾਰ, ਇਤਿਹਾਸਕਾਰ ਇਸੇ ਨਾਲ਼ ਨੇੜਿਉਂ ਜੁੜੀਆਂ ਅਨੇਕਾਂ ਗਲਤੀਆਂ ਕਰਦੇ ਹਨ । ਅਕਸਰ ਉਹ ਮੰਨਕੇ ਚੱਲਦੇ ਹਨ ਕਿ ਇਤਿਹਾਸ ਦੀ ਉਸਾਰੀ ਮਹਾਨ ਲੋਕਾਂ ਦੇ ਵਿਚਾਰਾਂ ਅਤੇ ਯੋਜਨਾਵਾਂ ਦੇ ਅਨੁਸਾਰ ਹੁੰਦੀ ਹੈ। ਚਾਹੇ ਉਹ ਸੈਨਾਪਤੀ ਹੋਣ, ਸਿਆਸੀ ਆਗੂ ਹੋਣ ਜਾਂ ਬੁੱਧੀਜੀਵੀ ਹੋਣ ਅਤੇ ਇਹ ਕਿ ਵੱਡੇ ਫੈਸਲਿਆਂ ਦੇ ਲਈ ਹਾਲਤ ਪੈਦਾ ਕਰਨ ਵਾਲੇ ਨਾਟਕੀ ਪਲਾਂ ਦੁਆਰਾ ਇਨ੍ਹਾਂ ਦੀ ਦਿਸ਼ਾ ਤੈਅ ਹੁੰਦੀ ਹੈ। ਜਦ ਕਿ ਇਤਿਹਾਸ ਅਜਿਹੇ ਆਮ ਲੋਕਾਂ ਦੇ ਅਣਗਿਣਤ ਛੋਟੇ ਛੋਟੇ ਫੈਸਲਿਆਂ ਦੇ ਕੁੱਲ ਜੋੜ ਨਾਲ਼ ਬਣਦਾ ਹੈ ਜਿਨ੍ਹਾਂ ਦੇ ਕੰਮ ਏਨੇ ਜਿਕਰਯੋਗ ਨਹੀਂ ਹੁੰਦੇ ਕਿ ਦਸਤਾਵੇਜ਼ਾਂ ਵਿਚ ਦਰਜ਼ ਹੋ ਸਕਣ। ਆਮ ਦੀ ਪ੍ਰਭਾਵ ਪੈਦਾ ਕਰਨ ਅਤੇ ਪ੍ਰਣਾਲੀ ਨਿਰਮਾਣ ਦੀ ਨਿਰਅਰਥੱਕਤਾ ਵਿਚ ਤਾਲਸਤਾਏ ਦੇ ਇਸ ਵਿਸ਼ਵਾਸ ਨੇ ਉਨ੍ਹਾਂ ਨੂੰ ਆਪਣੇ ਸਮੇਂ ਦੇ ਸਾਰੇ ਇਨਕਲਾਬੀ ਜਮਹੂਰੀ ਵਿਚਾਰਾਂ ਦੇ ਖਿਲਾਫ਼ ਖੜ੍ਹੇ ਕਰ ਦਿੱਤਾ। ਇੱਕ ਪਾਸੇ ਇਤਿਹਾਸ ਨਿਰਮਾਣ ਵਿਚ ਆਮ ਲੋਕਾਂ ਦੀ ਭੂਮਿਕਾ ਦੀ ਪੇਸ਼ਕਾਰੀ ਅਤੇ ਉਨ੍ਹਾਂ ਦੇ ਨਤੀਜ਼ਿਆਂ ਦੇ ਕਿਸੇ ਸਧਾਰਨ ਸਮੀਕਰਨ ਦੀ ਤਲਾਸ਼ ਅਤੇ ਦੂਜੇ ਪਾਸੇ, ਇਤਿਹਾਸ ਦੇ ਕਿਸੇ ਵੀ ਆਮ ਨਿਯਮ ਨੂੰ ਸੁਚੇਤਕ ਸਿਧਾਂਤਕ ਧਰਾਤਲ ‘ਤੇ ਖਾਰਜ਼ ਕਰਨਾ- ਇਹ ਵੀ ਤਾਲਸਤਾਏ ਦੀ ਉਸ ਮੂਲ ਫ਼ਲਸਫ਼ਾਨਾ ਵਿਰੋਧਤਾਈ ਦਾ ਹੀ ਇਤਿਹਾਸ-ਫਲਸਫ਼ੇ ਦੇ ਧਰਾਤਲ ‘ਤੇ ਪ੍ਰਗਟਾਵਾ ਹੈ ਜਿਸ ਦਾ ਜਿਕਰ ਅਸੀਂ ਪਹਿਲਾਂ ਕਰ ਚੁੱਕੇ ਹਾਂ।

ਸਮੁੱਚੇ ਰੂਪ ਵਿਚ, ਕਿਹਾ ਜਾ ਸਕਦਾ ਹੈ ਕਿ ਅਜ਼ਾਦੀ ਅਤੇ ਲੋੜ ਸੰਬੰਧੀ ਅਤੇ ਇਤਿਹਾਸ ਦੀ ਚਾਲਕ ਸ਼ਕਤੀ ਸੰਬੰਧੀ ਤਾਲਸਤਾਏ ਦੇ ਵਿਚਾਰ ਸਾਰ ਰੂਪ ਵਿਚ ਕਿਸਮਤਵਾਦੀ ਜਾਂ ਦੈਵੀਅਧੀਨਵਾਦੀ ਹਨ। ਅਜ਼ਾਦੀ ਨੂੰ ਉਹ ਤਰਕ ਤੋਂ ਅਜ਼ਾਦ ਇੱਕ ਸਹਿਜ਼ ਬਿਰਤੀ ਰੂਪੀ ਜੀਵਨ ਸ਼ਕਤੀ ਵਜੋਂ ਦੇਖਦੇ ਹਨ ਪਰ ਨਾਲ਼ ਹੀ, ਉਹ ਜੀਵਨ ਦੀਆਂ ਪ੍ਰਕਿਰਿਆਵਾਂ ਦੇ ਬੋਧ, ਵਿਆਖਿਆ ਅਤੇ ਵਿਸਥਾਰ ਦੇ ਲਈ ਸਦਾ ਹੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਉਹ ਲੋੜ ਅਤੇ ਅਜ਼ਾਦੀ ਦੇ ਦਵੰਦਵਾਦੀ ਅੰਤਰਸੰਬੰਧਾਂ ਦੀ ਪੜਤਾਲ ਕਰਦੇ ਹਨ ਅਤੇ ਅਣਗਿਣਤ ਵਿਅਕਤੀਆਂ ਦੀਆਂ ਖਾਹਿਸ਼ਾਂ ਦੇ ਪ੍ਰਗਟਾਵੇ ਦਾ ਸਧਾਰਨੀਕਰਣ ਕਰਦੇ ਹਨ। ਇਨ੍ਹਾਂ ਅਰਥਾਂ ਵਿਚ, ਉਹ ਆਪਣੇ ਸਮਕਾਲੀ ਪ੍ਰਸਿੱਧ ਇਤਿਹਾਸਕਾਰ ਏ. ਤਿਏਰ ਤੋਂ (ਅਤੇ ਤੇਅਰੀ, ਮਿੰਨਏ ਅਤੇ ਗਿਜ਼ੋ ਜਿਹੇ ਮੁੜ-ਸਥਾਪਨਾ ਕਾਲ ਦੇ ਹੋਰਨਾਂ ਫਾਂਸੀਸੀ ਇਤਿਹਾਸਕਾਰਾਂ ਤੋਂ ਵੀ) ਅੱਗੇ ਸਨ। ਜਮਾਤੀ ਘੋਲ ਦੇ ਇਤਿਹਾਸਕ ਯਥਾਰਥ ਨੂੰ ਮੰਨਦੇ ਹੋਏ ਵੀ ਤਿਏਰ ਅਪਵਾਦ ਵਿਅਕਤੀਆਂ ਦੀਆਂ ਅਖੌਤੀ ਅਜ਼ਾਦ ਕਾਰਵਾਈਆਂ ਨੂੰ ਇਤਿਹਾਸ ਦੀ ਚਾਲਕ ਸ਼ਕਤੀ ਮੰਨਦੇ ਸਨ।

ਤਾਲਸਤਾਏ ਦੇ ਸੂਤਰਵੱਧ ਇਤਿਹਾਸ ਫਲਸਫ਼ੇ ਤੋਂ ਉਨ੍ਹਾਂ ਦਾ ਕਲਾਤਮਕ ਵਿਵਹਾਰ ਵੱਖਰਾ ਹੈ। ਜੇ ਇਤਿਹਾਸ ਵਿਕਾਸ ਦੇ ਕੁਝ ਵਿਆਪਕ ਆਮ ਨਿਯਮ ਨਹੀਂ ਹੁੰਦੇ ਤਾਂ ਉਨ੍ਹਾਂ ਦੇ ਪਾਤਰਾਂ ਦੁਆਰਾ ਨਾ ਤਾਂ ਜੀਵਨ ਦੇ ਅਰਥ ਤਲਾਸ਼ ਦੀ ਚੇਤਨਾ ਦਾ ਕੋਈ ਅਰਥ ਹੁੰਦਾ, ਨਾ ਹੀ ਸਮਾਜਕ ਨੈਤਿਕ ਆਚਰਣ ਦੇ ਕਿਸੇ ਆਮ ਨਿਯਮ ਦੀ ਲੋੜ ਹੁੰਦੀ ਅਤੇ ਨਾ ਹੀ ਤਾਲਸਤਾਏ ਦੇ ਨਾਵਲਾਂ ਵਿਚ ਸਮਕਾਲੀ ਜੀਵਨ ਦੀਆਂ ਸਮੁੱਚੀਆਂ ਵਿਰੋਧਤਾਈਆਂ ਦਾ ਸਟੀਕ ਪ੍ਰਗਟਾਵਾ ਹੀ ਸੰਭਵ ਹੁੰਦਾ। ਤਾਲਸਤਾਏ ਦੇ ਕਲਾਤਮਕ ਤਜ਼ਰਬੇ ਇੱਥੇ ਉਨ੍ਹਾਂ ਦੇ ਸੁਚੇਤਕ ਇਤਿਹਾਸ-ਫਲਸਫ਼ੇ ਦੇ ਖਿਲਾਫ਼ ਜਾ ਖੜ੍ਹੇ ਹੁੰਦੇ ਹਨ। ਜੋ ਸਾਹਮਣੇ ਆਉਂਦਾ ਹੈ, ਉਹ ਇਤਿਹਾਸ ਦੇ ਨਿਯਮਾਂ ਦੀ ਜਿੱਤ ਹੈ ਅਤੇ ਯਥਾਰਥਵਾਦ ਦੀ ਵੀ ਜਿੱਤ ਹੈ। 

ਯੁੱਧ ਅਤੇ ਸ਼ਾਂਤੀ ਤਾਲਸਤਾਏ ਦੇ ਸਭ ਤੋਂ ਵੱਧ ਮਹੱਤਵਪੂਰਣ ਵਿਚਾਰਾਂ ਅਤੇ ਅਨਭੂਤੀਆਂ ਨੂੰ ਪ੍ਰਗਟ ਕਰਦਾ ਹੈ। ਕੌਮੀ-ਸਮੂਦਾਇਕ ਏਕੇ ਦੀ ਭਾਵਨਾ ਦੇ ਨਾਲ਼ ਹੀ ਉਨ੍ਹਾਂ ਦਾ ‘ਯੂਟੋਪੀਆਵਾਦ’ ਵੀ ਉੱਨੀਂਵੀਂ ਸਦੀ ਦੇ ਸ਼ੁਰੂ ਦੇ ਭੂਮੀਪਤੀ ਕੁਲੀਨ ਪਰਿਵਾਰਾਂ ਦੇ ਜੀਵਨ ਦੀ ਮੁੜ-ਰਚਨਾ ਵਿਚ ਸਪਸ਼ਟ ਹੈ। ਉਹ ਸੇਂਟ ਪੀਟਜ਼ਬਰਗ ਦੇ ਦਰਬਾਰ ਵਿਚ ਆਮ ਲੋਕਾਂ ਦੇ ਮਿੱਥਿਆਭਾਸੀ ਜੀਵਨ ਅਤੇ ਕੌਮ ਦੀ ਔਖੀ ਪ੍ਰੀਖਿਆ ਦੀ ਘੜੀ ਵਿਚ ਆਮ ਲੋਕਾਂ ਨਾਲ਼ੋਂ ਉਸਦੇ ਨਿੱਖੜੇ ਹੋਣ ਨੂੰ ਰੂਸੀ ਸਮਾਜ ਦੇ ਸੰਕਟ ਦਾ ਮੁੱਖ ਕਾਰਣ ਮੰਨਦੇ ਹਨ। ਦੂਜੇ ਪਾਸੇ, ਆਮ ਲੋਕਾਂ ਦੇ ਤੱਤਵਿਕ ਜੀਵਨ ਦੇ ਇੱਕ ਹਿੱਸੇ ਦੇ ਰੂਪ ਵਿਚ ਉਨ੍ਹਾਂ ਨੇ ਰੋਸਤੋਵ ਦੀ ਦੇਸ਼ਭਗਤੀ ਨੂੰ ਚਿਤਰਤ ਕੀਤਾ ਹੈ। ‘ਯੁੱਧ ਅਤੇ ਸ਼ਾਂਤੀ’ ਵਿਚ ਤਾਲਸਤਾਏ ਵਿਅਕਤੀ ਦੇ ਰੂਪ ਵਿਚ ਮਨੁੱਖ ਦੇ ਆਤਮਚੇਤਨ ਹੋਣ ਦਾ ਪਹਿਲਾ ਪੜਾਅ ਜਮਾਤ, ਜਾਤ ਅਤੇ ਸਮਾਜਕ ਮੰਡਲੀਆਂ ਤੋਂ ਉਨ੍ਹਾਂ ਦੀ ਆਤਮ ਮੁਕਤੀ ਮੰਨਦੇ ਹਨ, ਜਿਵੇਂ ਕਿ ਦਰਬਾਰ ਅਤੇ ਸ਼ੇਰਰ ਦੀ ਬੈਠਕ ਪ੍ਰਤੀ ਅੰਦ੍ਰੇਈ ਬੋਲਕੋਂਸਕੀ ਅਤੇ ਪਿਏਰ ਬੇਜ਼ੂਖੋਵ ਦੀ ਉਦਾਸੀਨਤਾ ਰਾਹੀਂ ਦਿਖਾਇਆ ਗਿਆ ਹੈ। ਮਨੁੱਖ ਦੇ ਆਤਮਚੇਤਨ ਹੋਣ ਦਾ ਦੂਜਾ ਪੜਾਅ ਉਹ ਹੁੰਦੀ ਹੈ, ਜਦ ਉਹ ਆਪਣੀ ਵਿਅਕਤੀਗਤ ਚੇਤਨਾ ਨੂੰ, ਵਿਅਕਤੀ ਤੋਂ ਪਰ੍ਹੇ, ਵਿਆਪਕ ਸੰਸਾਰ ਨਾਲ਼ ਇੱਕ ਮਿੱਕ ਕਰ ਲੈਂਦਾ ਹੈ, ਆਮ ਲੋਕਾਂ ਦੇ ਸੱਚ ਨਾਲ਼ ਅਭਿੰਨ ਹੋ ਜਾਂਦਾ ਹੈ, ਉਸ ਨੂੰ ਆਤਮਸਾਤ ਕਰ ਲੈਂਦਾ ਹੈ। ਬੋਲੰਕੋਸਕੀ ਅਤੇ ਬੇਜ਼ੂਖੋਵ ਦੀਆਂ ਅਧਿਆਤਮਕ ਖੋਜਾਂ ਵਿਰੋਧਤਾਈਆਂ ਨਾਲ਼ ਭਰਪੂਰ ਹਨ ਪਰ ਦੋਵੇਂ ਨਾਇਕ ਆਪਣੀ ਆਕੜ ਅਤੇ ਜਾਤੀ ਅਲਗਾਓ ਨੂੰ ਤੋੜਨ ਵਲ ਅੱਗੇ ਵੱਧਦੇ ਹਨ ਅਤੇ ਮਾਣਪੂਰਣ ਅੰਤਰਮੁਖਤਾ ਤੋਂ ਉੱਭਰਕੇ ਹੋਰਨਾਂ ਦੇ ਨਾਲ਼ ਅਤੇ ਆਮ ਜਨਤਾ ਦੇ ਨਾਲ਼, ਆਪਣੇ ਲਗਾਅ ਦੇ ਅਹਿਸਾਸ ਦੀ ਦਿਸ਼ਾ ਵਿਚ ਵਿਕਸਤ ਹੁੰਦੇ ਹਨ। ‘ਅੱਨਾ ਕਾਰੇਨਿਨਾ’ ਦੇ ਪਾਤਰ ਲੇਵਿਨ ਅਤੇ ‘ਮੋਇਆਂ ਦੀ ਜਾਗ’ ਦੇ ਨੇਖਲੂਦੋਵ ਦੇ ਨਾਲ਼ ਵੀ ਤਾਲਸਤਾਏ ਨੇ ਇਹੀ ਹੁੰਦੇ ਦਿਖਾਇਆ ਹੈ। 

‘ਯੁੱਧ ਅਤੇ ਸ਼ਾਂਤੀ’ ਵਿਚ ਤਾਲਸਤਾਏ ਨੇ ‘ਦੇਸ਼ਭਗਤੀ ਦੀ ਗੁਪਤ ਸ਼ਕਤੀ’ ਨੂੰ ਕੌਮੀ ਰੂਸੀ ਵਿਸ਼ੇਸ਼ਤਾ ਦੇ ਰੂਪ ਵਿਚ ਰੇਖਾਂਕਤ ਕਰਦੇ ਹੋਏ, ਆਮ ਫੌਜ਼ੀਆਂ ਦੇ ਹੋਂਸਲੇ, ਨਿਮਰ ਆਤਮ ਸੰਮਾਨ ਅਤੇ ਨਿਆਂ ਵਿਚ ਮੌਨ ਅਡਿੱਗਤਾ ਆਸਥਾ ਦਾ ਪ੍ਰਭਾਵੀ ਚਿਤਰਣ ਕੀਤਾ ਹੈ। ਜਿਨ੍ਹਾਂ ਇਤਿਹਾਸਕ ਚਰਿੱਤਰਾਂ ਨੂੰ ਤਾਲਸਤਾਏ ਨੇ ਕਲਾਤਮਕ ਅਜ਼ਾਦੀ ਨਾਲ਼ ਚਿਤਰਤ ਕੀਤਾ ਹੈ, ਉਨ੍ਹਾਂ ਦੀ ਨਾਵਲ ਵਿਚ ਕੇਂਦਰੀ ਥਾਂ ਨਹੀਂ ਹੈ। ਕੇਂਦਰ ਵਿਚ ਤਾਲਸਤਾਏ ਦੀਆਂ ਫ਼ਲਸਫ਼ਾਨਾ ਚਿੰਤਾਵਾਂ-ਖੋਜਾਂ ਦੇ ਸਾਧਨ ਪਾਤਰ ਹਨ ਜਾਂ ਫਿਰ ਉਨ੍ਹਾਂ ਆਮ ਲੋਕਾਂ ਦੇ ਪ੍ਰਤੀਨਿੱਧ ਚਰਿਤਰ ਹਨ ਜਿਨ੍ਹਾਂ ਨੂੰ ਤਾਲਸਤਾਏ ਕਿਸੇ ਕੌਮ ਦੇ ਹੋਣੀ ਤੈਅ ਕਰਨ ਵਾਲ਼ੇ ਅਤੇ ਕਿਸਮਤ ਬਣਾਉਣ ਵਾਲੇ ਮੰਨਦੇ ਹਨ। 

ਚਰਿੱਤਰਾਂ ਦੇ ਗੁੰਝਲਦਾਰ ਅੰਤਰ-ਸੰਬੰਧਾਂ ਦੇ ਵਿਕਾਸ ਦੀ ਵਿਆਪਕ, ਪ੍ਰਭਾਵਸ਼ਾਲੀ ਪੇਸ਼ਕਾਰੀ ਦੇ ਨਾਲ਼ ਹੀ ਰੂਸੀ ਭੂ-ਦ੍ਰਿਸ਼ ਦਾ ਬੇਮਿਸਾਲ ਚਿਤਰਣ ‘ਯੁੱਧ ਅਤੇ ਸ਼ਾਂਤੀ’ ਦੀ ਮਹਾਂਕਾਵਿਕ ਸ਼ੈਲੀ ਦੀ ਵਿਸ਼ੇਸ਼ਤਾ ਹੈ। ਪ੍ਰੰਪਰਾਵਾਦੀ ਮਹਾਂਕਾਵਿ ਦੀ ਬੁਨਿਆਦ ਵਜੋਂ ਕੰਮ ਕਰਨ ਵਾਲੀ, ਹੋਣੀ ਅਤੇ ਭਵਿੱਖ ਦੀਆਂ ਧਾਰਨਾਵਾਂ ਦੀ ਥਾਂ ਤਾਲਸਤਾਏ ਨੇ ਆਪ ਮੁਹਾਰੀ ਗਤੀ ‘ਤੇ ਜੀਵਨ ਦੇ ਪ੍ਰਵਾਹ ਦੀਆਂ ਧਾਰਨਾਵਾਂ ਨੂੰ ਸਥਾਪਤ ਕੀਤਾ ਹੈ। ਨਾਇਕ ਦੇ ਪ੍ਰੰਪਰਾਵਾਦੀ ਵਿਚਾਰਾਂ ਨੂੰ ਤਾਲਸਤਾਏ ਖ਼ਾਰਜ ਕਰਦੇ ਹਨ -ਉਨ੍ਹਾਂ ਦਾ ਨਾਇਕ ਖ਼ੁਦ ਜੀਵਨ ਹੈ, ਵਿਅਕਤੀਗਤ ਅਤੇ ਸਾਰਵਜਨਿਕ ਦੋਵੇਂ ਹੀ, ਇੱਕ ਸਜੀਵ ‘ਭੀੜ’। ਉਹ ਜੀਵਨ ਦੇ ਧੀਮੇ ਵਹਿਣ ਦਾ ਇਸਦੀਆਂ ਖੁਸ਼ੀਆਂ ਅਤੇ ਦੁੱਖਾਂ ਉਦਾਸੀਆਂ ਦਾ, ਜਨਮ, ਪਿਆਰ ਅਤੇ ਮੌਤ ਦੇ ਅਮਰ ਪਲਾਂ ਦਾ ਅਤੇ ਜੀਵਨ ਦੇ ਲਗਾਤਾਰ ਮੁੜ ਨਵੇਂ ਹੁੰਦੇ ਰਹਿਣ ਦਾ ਬ੍ਰਿਤਾਂਤ ਪੇਸ਼ ਕਰਦੇ ਹਨ। 

ਯੁੱਧ ਅਤੇ ਸ਼ਾਂਤੀ ਵਿਚ ਜੀਵਨ ਦੀਆਂ ਬਾਹਰੀ ਘਟਨਾਵਾਂ ਦੇ ਮੁਕਾਬਲੇ ਮਨੁੱਖ ਦੇ ਅੰਦਰੂਨੀ ਜੀਵਨ ‘ਤੇ ਜਿਆਦਾ ਜ਼ੋਰ ਹੈ। ਤਾਲਸਤਾਏ ਦੇ ਨਾਇਕ ਲਗਾਤਾਰ ਗੁੰਝਲਦਾਰ ਅੰਦਰੂਨੀ, ਅਣਕਿਆਸੇ ਮੋਹਭੰਗਾਂ ਅਤੇ ਪੜਤਾਲਾਂ ਅਤੇ ਨਵੀਆਂ ਅੰਤਰ ਦ੍ਰਿਸ਼ਟੀਆਂ ਅਤੇ ਨਵੀਆਂ ਸ਼ੰਕਾਵਾਂ ‘ਚੋ ਲੰਘਦੇ ਰਹਿੰਦੇ ਹਨ। ਲੇਖਕ ਸੱਚ ਅਤੇ ਨਿਆਂ ਲਈ ਸੰਘਰਸ਼ ‘ਤੇ ਅਧਾਰਤ, ਲਗਾਤਾਰ ਵਹਿੰਦੀ ਮਾਨਸਿਕ ਪ੍ਰੀਕ੍ਰਿਆ ਦਾ ਇੱਕ ਤਰ੍ਹਾਂ ਦਾ ਭਰਮ ਰਚਾਉਂਦਾ ਹੈ। ਜੀਵਨ ਦੀ ਖੜੋਤ, ਇੱਕ ਨਾ ਪੱਖੀ ਆਲੇ ਦੁਆਲੇ ਦੇ ਲੋਕਚਾਰ ਅਤੇ ਸਵੈ ਹਾਰ ਦੀਆਂ ਮਨੋਸਥਿਤੀਆਂ ਦੇ ਬਾਵਜੂਦ, ਪੜਤਾਲ ਦੀ ਪ੍ਰਕਿਰਿਆ ਲਗਾਤਾਰ ਜਾਰੀ ਰਹਿੰਦੀ ਹੈ।

‘ਯੁੱਧ ਅਤੇ ਸ਼ਾਂਤੀ’ ਦੇ ਲੇਖਣ ਨੇ ਤਾਲਸਤਾਏ ਦੀ ਸਾਰੀ ਸਮਰੱਥਾ ਨੂੰ ਨਿਚੋੜ ਕੇ, ਇੱਕ ਵਾਰ ਤਾਂ ਉਨ੍ਹਾਂ ਨੂੰ ਮਾਨਸਿਕ ਥਕਾਵਟ ਨਾਲ਼ ਚੂਰ ਕਰ ਦਿੱਤਾ। 1870 ਦੇ ਦਹਾਕੇ ਦੇ ਸ਼ੁਰੂਆਤੀ ਸਾਲਾਂ ਵਿਚ ਉਹ ਇੱਕ ਵਾਰ ਫਿਰ ਸਿਖਿਆ ਸ਼ਾਸਤਰ ਦੇ ਆਪਣੇ ਸਰੋਕਾਰਾਂ ਵਲ ਵਧੇ ਅਤੇ ਬੱਚਿਆਂ ਲਈ ‘ਇੱਕ ਪ੍ਰਵੇਸ਼ਿਕਾ’ (1871-72) ਅਤੇ ‘ਇੱਕ ਨਵੀਂ ਪ੍ਰਵੇਸ਼ਕਾ’ (1874-75) ਦੀ ਰਚਨਾ ਕੀਤੀ ਜਿਸ ਵਿਚ ਮੌਲਿਕ ਲਘੂ ਕਹਾਣੀਆਂ ਦੇ ਨਾਲ਼ ਹੀ ਪਰੀਕਥਾਵਾਂ ਅਤੇ ਨੀਤੀ ਕਥਾਵਾਂ ਦੇ ਸੋਧੇ ਹੋਏ ਰੂਪਾਂਤਰ ਵੀ ਸ਼ਾਮਲ ਸਨ। ਤਾਲਸਤਾਏ ਨੇ ਅਜਿਹੀਆਂ ਰਚਨਾਵਾਂ ਨੂੰ ਮਿਲ਼ਾਕੇ ਕੁੱਲ ਚਾਰ ‘ਰੂਸੀ ਰੀਡਰ’ ਤਿਆਰ ਕੀਤੇ। ਇੱਕ ਵਾਰ ਫਿਰ ਉਹ ਯਾਸਨਾਇਆ ਪੋਲਆਨਾ ਦੇ ਸਕੂਲ ਵਿਚ ਪੜ੍ਹਾਉਣ ਲੱਗੇ।

ਪਰ ਉਨ੍ਹਾਂ ਦੀ ਅੰਦਰੂਨੀ ਦੁਨੀਆਂ ਵਿਚ ਛੇਤੀ ਹੀ ਨਵੇਂ ਸੰਕਟਾਂ ਦੀ ਉੱਥਲ-ਪੁਥੱਲ ਸ਼ੁਰੂ ਹੋ ਗਈ। ਸ਼ੰਕਾਵਾਦੀ ਪ੍ਰਵਿਰਤੀ ਅਤੇ ਅਲੋਚਨਾਤਮਕ ਵਿਸ਼ਲੇਸ਼ਣ ਦੀ ਆਦਤ ਦੇ ਕਾਰਨ ਪ੍ਰੰਪਰਾਵਾਦੀ ਧਰਮ ਵਿਚ ਉਨ੍ਹਾਂ ਦਾ ਵਿਸ਼ਵਾਸ ਨਾ ਮਾਤਰ ਹੀ ਸੀ। ਹੁਣ, ਵਿਅਕਤੀਗਤ ਅਮਰਤਾ ਵਿਚ ਉਨ੍ਹਾਂ ਦਾ ਵਿਸ਼ਵਾਸ ਵੀ ਚਰਮਰਾ ਰਿਹਾ ਸੀ। 1870 ਦੇ ਦਹਾਕੇ ਬੁਰਜ਼ੂਆ ਵਿਕਾਸ ਦੇ ਰਾਹ ‘ਤੇ ਰੂਸ ਦੇ ਸੰਕਰਮਣ ਤੋਂ ਪੈਦਾ ਹੋਏ ਸਮਾਜਕ ਸੰਕਟ ਦੇ ਬੋਧ ਨੇ, ਉਨ੍ਹਾਂ ਦੇ ਆਪਣੇ ਨੈਤਿਕ ਫਲਸਫਾਈ ਸੰਕਟ ਨੂੰ ਤਿੱਖਾ ਕਰਨ ਵਿਚ ਮਹੱਤਵਪੂਰਣ ਭੂਮਿਕਾ ਨਿਭਾਈ।

ਤਾਲਸਤਾਏ ਦੇ ਆਤਮ ਸ਼ੰਘਰਸ਼ ਦੇ ਇਸ ਨਵੇਂ ਦੁਖਦਾਈ ਦੌਰ ਦਾ ਕਲਾਤਮਕ ਸਿਰਜਣਾਤਮਕ ਦਾ ਨਤੀਜ਼ਾ ਇੱਕ ਦੂਜੇ ਮਹਾਨ ਨਾਵਲ ‘ਅੱਨਾ ਕਾਰੇਨੀਨਾ’ ਦੇ ਰੂਪ ਵਿਚ ਸਾਹਮਣੇ ਆਇਆ। 1873-77 ਦੇ ਵਿਚ ਪੰਜ ਸਾਲਾਂ ਦਾ ਸਮਾਂ ਤਾਲਸਤਾਏ ਨੇ ਇਸ ਨੂੰ ਲਿਖਣ ਵਿਚ ਲਗਾਇਆ। 1876-77 ਵਿਚ ਇਸਦਾ ਪ੍ਰਕਾਸ਼ਨ ਹੋਇਆ।

ਮਹਾਂਕਾਵਿਕ ਦੁਖਾਂਤ ਨੂੰ ਨਵੇਂ ਸਮਾਂ-ਸਥਾਨ ਸੰਦਰਭਾਂ ਵਿਚ ਮੁੜ ਪ੍ਰਭਾਸ਼ਤ ਕਰਨ ਵਾਲਾ ਦਬਾਅ ਬਨਾਉਣ ਵਾਲਾ ਇਹ ਇੱਕ ਮਹਾਨ ਨਾਵਲ ਜਾਂ ਪਾਪ ਦੇ ਨੈਤਿਕ ਸੁਆਲ ਨੂੰ ਡੂੰਘੇ ਇਤਿਹਾਸਕ-ਸਮਾਜਕ ਸੰਦਰਭਾਂ ਵਿਚ ਪੇਸ਼ ਕਰਦੇ ਹੋਏ, ਸਮਾਜ ਅਤੇ ਖੁਦ ਆਪਣੇ ਜੀਵਨ ਦੇ ਸੰਬੰਧ ਵਿਚ ਹਰੇਕ ਵਿਅਕਤੀ ਦੀ ਜਿੰਮੇਵਾਰੀ ਨੂੰ ਚਿੰਤਨ ਦੇ ਕੇਂਦਰ ਵਿਚ ਹਾਜ਼ਰ ਕਰਦਾ ਹੈ। ਇਸਦੇ ਨਾਲ਼ ਹੀ, ਇਹ ਤੱਤਕਾਲੀ ਰੂਸੀ ਜੀਵਨ ਦੀਆਂ ਸਾਰੀਆਂ ਕੇਂਦਰੀ ਵਿਰੋਧਤਾਈਆਂ ਨੂੰ ਵੀ ਚਿਤਰਤ ਕਰਦਾ ਹੈ। ਸਮਾਜਕ ਜੀਵਨ ਦੀਆਂ ਸਮੱਸਿਆਵਾਂ ਅਤੇ ਕਲਾ ਅਤੇ ਫਲਸਫੇ ਦੇ ਸੁਆਲਾਂ ਦੇ ਨਾਲ਼ ਹੀ ਤਾਲਸਤਾਏ ਨੇ ਇਸ ਨਾਵਲ ਵਿਚ ਪਰਿਵਾਰ ਅਤੇ ਨੈਤਿਕ ਜੀਵਨ ਦੀਆਂ ਸੱਮਸਿਆਵਾਂ ‘ਤੇ ਕੇਂਦਰਤ ਕਰਦੇ ਹੋਏ ਔਰਤ-ਸੁਆਲ ਨੂੰ ਡੂੰਘੀ ਫਲਸਫਾਈ ਚਿੰਤਾ ਨਾਲ਼ ਪੇਸ਼ ਕੀਤਾ ਹੈ। ਜਿਕਰਯੋਗ ਹੈ ਕਿ ਇਸ ਨਾਵਲ ਦੇ ਪ੍ਰਕਾਸ਼ਨ ਤੋਂ ਬਾਅਦ, ਤਾਲਸਤਾਏ ਗੰਭੀਰ ਵਿਚਾਰਧਾਰਕ ਸੰਕਟ ਦੇ ਦੌਰ ‘ਚੋਂ ਲੰਘੇ, ਜਿਸਦੇ ਸਿੱਟੇ ਵਜੋਂ, ਜ਼ੋਰ ਨਾਲ਼ ਬੁਰਾਈ ਦਾ ਮੁਕਾਬਲਾ ਨਾ ਕਰਨ ਦੇ ਸਿਧਾਂਤ ਨੂੰ ਪੇਸ਼ ਕਰਦੇ ਹੋਏ ਵੀ, ਉਹ ਮੌਜੂਦ ਵਿਵਸਥਾ ਦੀਆਂ ਸਾਰੀਆਂ ਬੁਨਿਆਦਾਂ ਨੂੰ ਖਾਰਜ਼ ਕਰਨ ਅਤੇ ਸਮਾਜਕ ਢਾਂਚੇ ਦੀ ਬੇਕਿਰਕ-ਬੇਲਾਗ ਅਲੋਚਨਾ ਕਰਨ ਦੀ ਹਾਲਤ ਤੱਕ ਜਾ ਪਹੰਚੇ। 

ਨਾਵਲ ਦੀ ਸ਼ੁਰੂਆਤ ਓਬਿਲੰਸਕੀ ਪਰਿਵਾਰ ਤੋਂ ਹੁੰਦੀ ਹੈ, ਜਿੱਥੇ ਸਾਰੀਆਂ ਤਕਲੀਫ਼ਾਂ ਝੱਲਣ ਵਾਲੀ, ਹੋਂਸਲੇ ਵਾਲੀ ਪਤਨੀ ਡਾਲੀ ਨੂੰ ਆਪਣੇ ਖੁਸ਼ਮਿਜ਼ਾਜ ਅਤੇ ਵਿਲਾਸ ਪ੍ਰੇਮੀ ਪਤੀ ਸਿਟਵਾ ਦੀ ਬੇਵਫ਼ਾਈ ਸੰਬੰਧੀ ਪਤਾ ਲੱਗਦਾ ਹੈ। ਤਾਲਸਤਾਏ ਨੇ ਡਾਲੀ ਨੂੰ ਉਸਦੀ ਦਿਆਲੂਤਾ, ਪਰਿਵਾਰ ਦਾ ਖਿਆਲ ਰੱਖਣ ਦੀ ਉਸਦੀ ਆਦਤ ਅਤੇ ਰੋਜ਼ਾਨਾ ਜੀਵਨ ਦੇ ਉਸਦੇ ਸਰੋਕਾਰਾਂ ਨਾਲ਼, ਨਾਵਲ ਦੇ ਨੈਤਿਕ ਕੰਪਾਸ ਦੇ ਰੂਪ ਵਿਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਦੇ ਉਲਟ, ਸਿਟਵਾ ਬਦਨੀਅਤ ਨਾ ਹੁੰਦੇ ਹੋਏ ਵੀ, ਫਜ਼ੂਲਖਰਚੀ ਅਤੇ ਬਰਬਾਦੀ ਕਰਦਾ ਹੈ, ਪਰਿਵਾਰ ਦੀ ਅਣਦੇਖੀ ਕਰਦਾ ਹੈ ਅਤੇ ਸੁੱਖ ਭੋਗ ਨੂੰ ਜੀਵਨ ਦਾ ਉਦੇਸ਼ ਮੰਨਦਾ ਹੈ। ਸਿਟਵਾ ਦੀ ਸ਼ਖਸੀਅਤ ਸ਼ਾਇਦ ਇਹ ਦੱਸਣ ਲਈ ਵੀ ਘੜੀ ਗਈ ਹੈ ਕਿ ਚੰਗੇ ਦੀ ਤਰਾਂ ਬੁਰਾ ਵੀ, ਅੰਤ ਨੂੰ ਇਨਸਾਨ ਦੁਆਰਾ ਪਲ-ਪ੍ਰਤੀਪਲ ਚੁਣੇ ਜਾਣ ਵਾਲੇ ਛੋਟੇ ਛੋਟੇ ਨੈਤਿਕ ਵਿਕਲਪਾਂ ਨਾਲ਼ ਹੀ ਨਿਗਮਿਤ-ਨਿਰਧਾਰਤ ਹੁੰਦਾ ਹੈ। 

ਸਿਟਵਾ ਦੀ ਭੈਣ ਅੱਨਾ ਸਖ਼ਤ, ਗੈਰ ਰੋਮਾਂਟਕ ਅਲੈਕਸਈ ਕਾਰਨਿਨ ਦੀ ਵਫ਼ਾਦਾਰ ਪਤਨੀ ਹੈ। ਕਾਰਨਿਨ ਸਰਕਾਰੀ ਮੰਤਰੀ ਹੈ ਅਤੇ ਆਮ ਵਿਵਹਾਰ ਵਿਚ ਚੰਗਾ ਆਦਮੀ ਹੈ। ਅੱਨਾ ਦਾ ਇੱਕ ਛੋਟਾ ਬੱਚਾ ਵੀ ਹੈ – ਸੇਰਓਜਾ। ਅੱਨਾ ਅਕਸਰ ਆਪਣੀ ਕਲਪਨਾ ਇੱਕ ਰੋਮਾਂਟਕ ਨਾਵਲ ਦੀ ਨਾਇਕਾ ਦੇ ਰੂਪ ਵਿਚ ਕਰਦੀ ਹੈ ਅਤੇ ਆਪਣੇ ਸ਼ਾਦੀ-ਸ਼ੁਦਾ ਜੀਵਨ ਵਿਚ ਖਲਾਅ ਅਤੇ ਭਾਵਨਾਤਮਕ ਅਤ੍ਰਿਪਤੀ ਦਾ ਉਸਦਾ ਅਹਿਸਾਸ ਡੂੰਘਾ ਹੁੰਦਾ ਜਾਂਦਾ ਹੈ। ਉਹ ਇੱਕ ਫੌਜ਼ੀ ਅਫਸਰ ਅਲੈਕਸਈ ਵਰੋਂਸਕੀ ਦੇ ਪ੍ਰੇਮ ਵਿਚ ਪੈ ਜਾਂਦੀ ਹੈ। ਅੰਤ ‘ਚ ਉਹ ਬੱਚੇ ਅਤੇ ਪਤੀ ਨੂੰ ਛੱਡਕੇ ਵਰੋਂਸਕੀ ਨਾਲ਼ ਚਲੀ ਜਾਂਦੀ ਹੈ। ਸੁਖੀ ਪਰਿਵਾਰ ਅਤੇ ਉਸ ਵਿਚ ਔਰਤ ਦੇ ਫਰਜ਼ਾਂ ਸੰਬੰਧੀ ਆਪਣੇ ਘੋਰ ਵਿਚਾਰਵਾਦੀ, ਪਿੱਤਰਸੱਤਾ ਵਾਲੇ ਸਮੂਦਾਇਕ ਜੀਵਨ ਸਮਰਥਕ ਕਿਸਾਨੀ ਨਜ਼ਰੀਏ ਦੇ ਕਾਰਨ ਤਾਲਸਤਾਏ ਸਮੱਚੇ ਨਾਵਲ ਵਿਚ ਇਹ ਦੱਸਣਾ ਚਾਹੁੰਦੇ ਹਨ ਕਿ ਪਿਆਰ ਦੇ ਜਿਸ ਰੋਮਾਨੀ ਖਿਆਲ ਨੂੰ ਜ਼ਿਆਦਾਤਰ ਲੋਕ ਪਿਆਰ ਸਮਝਦੇ ਹਨ ਉਸਦਾ ਉੱਨਤ ਕਿਸਮ ਦੇ ਪਿਆਰ ਨਾਲ਼ ਅਤੇ ਚੰਗੇ ਪਰਿਵਾਰ ਦੇ ਅੰਤਰੰਗ ਪਿਆਰ ਨਾਲ਼, ਕੁਝ ਵੀ ਲੈਣਾ ਦੇਣਾ ਨਹੀਂ ਹੁੰਦਾ। ਨਾਵਲ ਜਿਵੇਂ ਜਿਵੇਂ ਅੱਗੇ ਵਧਦਾ ਹੈ, ਅੱਨਾ ਦੀ ਅੰਤਰਆਤਮਾ ਪਤੀ ਅਤੇ ਬੱਚੇ ਨੂੰ ਛੱਡਣ ਲਈ ਉਸਨੂੰ ਜਿਆਦਾ ਤੋਂ ਜਿਆਦਾ ਕੋਸਣ ਲਗਦੀ ਹੈ। ਡੂੰਘੀ ਮਾਨਸਿਕ ਪੀੜਾ ਉਸਨੂੰ ਪਾਗਲ ਜਿਹੀ ਮਨੋਸਥਿਤੀ ਵਿਚ ਪਹੁੰਚਾ ਦਿੰਦੀ ਹੈ ਅਤੇ ਉਹ ਯਥਾਰਥ ਨਾਲ਼ੋਂ ਪੂਰੀ ਤਰ੍ਹਾਂ ਕਟ ਜਾਂਦੀ ਹੈ। ਅੰਤ ਵਿਚ ਉਹ ਗੱਡੀ ਅੱਗੇ ਲੰਮੀ ਪੈ ਕੇ ਆਤਮਹੱਤਿਆ ਕਰ ਲੈਂਦੀ ਹੈ। ਜੀਵਨ ਸੰਬੰਧੀ ਉਹ ਸ਼ਾਇਦ ਗਲਤ ਢੰਗ ਨਾਲ਼ ਸੋਚ ਰਹੀ ਸੀ, ਇਹ ਖਿਆਲ ਉਸਦੇ ਦਿਮਾਗ ਵਿਚ ਆਉਂਦਾ ਹੈ, ਜਦ ਉਹ ਪਟੜੀ ‘ਤੇ ਲੰਮੀ ਪਈ ਹੁੰਦੀ ਹੈ। ਪਰ ਤਦ ਤੱਕ ਦੇਰ ਹੋ ਚੁੱਕੀ ਹੁੰਦੀ ਹੈ।

ਤੀਜੀ ਕਹਾਣੀ ਡਾਲੀ ਦੀ ਭੈਣ ਕਿਟੀ ਨਾਲ਼ ਸੰਬੰਧਤ ਹੈ ਜਿਹੜੀ ਪਹਿਲਾਂ ਸੋਚਦੀ ਹੈ ਕਿ ਉਹ ਵਰੋਂਸਕੀ ਨਾਲ਼ ਪਿਆਰ ਕਰਦੀ ਹੈ ਪਰ ਬਾਅਦ ਵਿਚ ਉਸਨੂੰ ਅਹਿਸਾਸ ਹੁੰਦਾ ਹੈ ਕਿ ਅਸਲੀ ਪਿਆਰ ਉਹ ਡੂੰਘੀ ਆਤਮਿਕ ਅਨੁਭੂਤੀ ਹੈ ਜਿਹੜੀ ਉਸਦੇ ਅੰਦਰ ਪਰਿਵਾਰ ਦੇ ਪੁਰਾਣੇ ਮਿੱਤਰ ਕੋਂਸਤਾਂਤਿਨੀ ਲੇਵਿਨ ਲਈ ਮੌਜੂਦ ਹੈ। ਉਸਦੀ ਕਹਾਣੀ ਪਿਆਰ, ਵਿਆਹ ਅਤੇ ਪਰਿਵਾਰਕ ਜੀਵਨ ਦੀਆਂ ਆਮ ਘਟਨਾਵਾਂ ਦੇ ਆਲੇ ਦੁਆਲੇ ਅੱਗੇ ਵਧਦੀ ਹੈ, ਜਿਸ ਵਿਚ ਸਾਰੀਆਂ ਔਕੜਾਂ ਦੇ ਬਾਵਜੂਦ ਅਸਲੀ ਖੁਸ਼ੀ ਅਤੇ ਸਾਰਥਕ ਜੀਵਨ ਸ਼ਕਲ ਅਖਤਿਆਰ ਕਰਦੇ ਹਨ। ਸਾਰੇ ਨਾਵਲ ਵਿਚ ਲੇਵਿਨ ਮੌਤ ਦੇ ਅੱਗੇ ਜੀਵਨ ਦੇ ਅਰਥ ਜਿਹੇ ਫਲਸਫ਼ਾਈ ਸਆਲਾਂ ਨਾਲ਼ ਜੂਝਦਾ ਰਹਿੰਦਾ ਹੈ। ਇਨ੍ਹਾਂ ਸੁਆਲਾਂ ਦਾ ਕਦੀਂ ਜੁਆਬ ਨਹੀਂ ਮਿਲਦਾ ਹੈ ਪਰ ਲੇਵਿਨ ‘ਸਹੀ ਢੰਗ ਨਾਲ਼’ ਜੀਵਨ ਬਿਤਾਉਂਦੇ ਹੋਏ ਆਪਣੇ ਪਰਿਵਾਰ ਅਤੇ ਨਿੱਤ ਦਿਨ ਦੇ ਕੰਮਾਂ ਵਿਚ ਲਗ ਜਾਂਦਾ ਹੈ, ਤਾਂ ਸੁਆਲ ਗਾਇਬ ਹੋ ਜਾਂਦੇ ਹਨ। ਆਪਣੇ ਸਿਰਜਕ ਤਾਲਸਤਾਏ ਦੀ ਤਰ੍ਹਾਂ ਲੇਵਿਨ ਵੀ ਫਲਾਸਫਰਾਂ ਦੀਆਂ ਚਿੰਤਨ ਪ੍ਰਣਾਲੀਆਂ ਨੂੰ ਨਕਲੀ ਅਤੇ ਜੀਵਨ ਦੀਆਂ ਗੁੰਝਲਾਂ ਨੂੰ ਫੜਨ ਵਿਚ ਅਸਮਰੱਥ ਮੰਨਦਾ ਹੈ। 

ਪਰ ਲੇਵਿਨ ਸਿਰਫ ਏਨਾ ਹੀ ਨਹੀਂ ਹੈ। ਤਾਲਸਤਾਏ-ਸਾਹਿਤ ਵਿਚ ਉਹ ਬਲੋਕੋਂਸਕੀ, ਬੇਜੂਖੋਵ (ਯੁੱਧ ਅਤੇ ਸ਼ਾਂਤੀ) ਅਤੇ ਨੇਖਲੂਦੇਵ (ਮੋਇਆਂ ਦੀ ਜਾਗ) ਦੀ ਕਤਾਰ ਦਾ ਪਾਤਰ ਹੈ ਜਿਹੜਾ ਜੀਵਨ ਦੀ ਸਾਰਥਕਤਾ ਦੀ ਤਲਾਸ਼ ਵਿਚ ਆਪਣੇ ਸਰੋਕਾਰਾਂ ਦੇ ਲਈ ਸੁਚੇਤ ਹੁੰਦੇ ਹਨ, ਆਪਣੇ ਫਰਜ਼ ਤੈਅ ਕਰਦੇ ਹਨ ਅਤੇ ਲੋਕ ਜੀਵਨ ਨਾਲ਼ ਜੁੜਨ ਦੀ ਕੋਸ਼ਿਸ਼ ਕਰਦੇ ਹਨ। ਨਾਲ਼ ਹੀ, ਨਾਵਲ ਵਿਚ ਲੇਵਿਨ ਕਿਸਾਨੀ ਯੁਟੋਪੀਆ ਨੂੰ ਸੁਰ ਦਿੰਦਾ ਹੈ ਅਤੇ ਭੂ-ਦਾਸ ਪ੍ਰਥਾ ਨੂੰ ਵਿਸਥਾਪਤ ਕਰਨ ਵਾਲੇ ਪੂੰਜੀਵਾਦੀ ਜ਼ਰਈ ਸੰਬੰਧਾਂ ਦੀ ਪੜਤਾਲ ਕਿਸਾਨੀ ਦ੍ਰਿਸ਼ਟੀ ਤੋਂ ਕਰਦਾ ਹੈ। 

‘ਅੱਨਾ ਕਾਰੇਨਿਨਾ’ ਦੇ ਲੇਖਣ ਦੌਰ ਤੱਕ ਤਾਲਸਤਾਏ ਕਿਸਾਨ ਅਤੇ ‘ਅੰਤਰਆਤਮਾ’ ਦੇ ਮਾਰੇ ਕੁਲੀਨ ਭੂ-ਮਾਲਕਾਂ ਦੇ ਹਿਤਾਂ ਵਿਚ ਸੁਮੇਲ-ਸਮਝੌਤੇ ਦੀਆਂ ਸੰਭਾਵਨਾਵਾਂ ਲਈ ਆਪਣਾ ਵਿਸ਼ਵਾਸ ਕਾਫੀ ਹੱਦ ਤੱਕ ਗੁਆ ਚੁੱਕੇ ਸਨ। 1860 ਦੇ ਬੁਰਜ਼ੂਆ ਭੂਮੀ ਸੁਧਾਰਾਂ ਦੇ ਨਤੀਜਿਆਂ ਅਤੇ ਉਸ ਨਾਲ਼ ਜਨਤਾ ਦੇ ਵਿਆਪਕ ਮੋਹਭੰਗ ਨੇ ਤਾਲਸਤਾਏ ਨੂੰ ਵਿਸ਼ਵਾਸ ਦੁਆ ਦਿੱਤਾ ਕਿ ਅਚਾਨਕ ਸਮਾਜਕ ਤਬਦੀਲੀ ਪੂਰੀ ਤਰ੍ਹਾਂ ਅਣਉਪਯੋਗੀ ਹੈ। ਬੁਰਜ਼ੂਆ ਤਰੱਕੀ ਦੇ ਪ੍ਰਭਾਵ ਵਿਚ ਪਿੱਤਰਸੱਤਾ ਵਿਵਸਥਾ ਦੀ ਰਹਿੰਦ ਖੂੰਹਦ ਦੇ ਵਿਨਾਸ਼ ਨੂੰ ਉਹ ਡੂੰਘੀ ਚਿੰਤਾ ਪਰੇਸ਼ਾਨੀ ਨਾਲ਼ ਦੇਖ ਰਹੇ ਸਨ। ਉਹ ਇਹ ਵੀ ਦੇਖ ਰਹੇ ਸਨ ਕਿ ਮੁਦਰਾ ਦੇ ਆਲੇ ਦੁਆਲੇ ਜੀਵਨ ਨੂੰ ਕੇਂਦਰਤ ਕਰਨ ਵਾਲੀ ਬੁਰਜ਼ੂਆ ਤਰੱਕੀ ਨੈਤਿਕ ਮੁੱਲਾਂ ਨੂੰ ਨਿਘਾਰ ਵਲ ਧੱਕ ਰਹੀ ਹੈ, ਪਰਿਵਾਰਕ ਬੰਧਨ ਕਮਜ਼ੋਰ ਪੈ ਰਹੇ ਹਨ ਅਤੇ ਆਪਣੀ ਜੱਦੀ ਖੇਤੀ ਅਤੇ ਜੰਗਲ ਅਮੀਰ ਰਿਆਬਨੀਆਂ ਨੂੰ ਵੇਚ ਦੇਣ ਵਾਲ ਔਬਲੋਨੰਸਕੀ ਪਰਿਵਾਰ ਜਿਹੇ ਗੈਰਵਿਵਹਾਰਕ ਅਤੇ ਸਨਕੀ ਕੁਲੀਨ ਤਬਾਹ ਹੋ ਰਹੇ ਹਨ। 

ਆਪਣਾ ਇਤਿਹਾਸਕ ਆਸ਼ਾਵਾਦ ਗੁਆਉਂਦੇ ਹੋਏ ਤਾਲਸਤਾਏ ਪਰਿਵਾਰ ਵਿਚ ਅਤੇ ਪਿੱਤਰਸੱਤਾਤਮਕ ਲੋਕਚਾਰਾਂ ਵਿਚ ਸ਼ਰਣ ਅਤੇ ਸਹਾਰਾ ਲੱਭ ਰਹੇ ਸਨ। ਜੀਵਨ ਵਿਚ ਅਰਥ ਦੀ ਤਲਾਸ਼ ਅਤੇ ਅਰਥਚਾਰੇ ਅਤੇ ਸਮਾਜ ਵਿਵਸਥਾ ਦੀਆਂ ਬਨਿਆਦਾਂ ਨੂੰ ਸਮਝਣ ਦੀਆਂ ਲੇਵਿਨ ਦੀਆਂ ਸਾਰੀਆਂ ਕੋਸ਼ਿਸ਼ਾਂ ਉਸ ਨੂੰ ਇੱਕ ਬੰਦ ਗਲੀ ਦੇ ਕਿਨਾਰੇ ‘ਤੇ  ਲਿਆਕੇ ਖੜ੍ਹਾ ਸਕਦੀਆਂ ਹਨ। ਉਸ ਦੇ ਸਾਰੇ ਵਿਅਕਤੀਗਤ ਸੰਕਟਾਂ ਵਿਚ ਪਰਿਵਾਰਕ ਸੁੱਖ ਉਸਦੇ ਲਈ ਮਜ਼ਬੂਤ ਸਹਾਰੇ ਦਾ ਕੰਮ ਕਰਦਾ ਹੈ ਅਤੇ ਬੁੱਢੇ ਕਿਸਾਨ ਫੋਕਾਨਿਚ ਦਾ ਇਹ ਮਾਸੂਮ ਬਚਕਾਨਾ ਵਿਸ਼ਵਾਸ ਕਿ ਉਹ ”ਆਪਣੀ ਆਤਮਾ ਦੀਆਂ ਪ੍ਰੇਰਣਾਵਾਂ ਦਾ ਪਾਲਣ ਕਰਦਾ ਹੈ ਅਤੇ ਰੱਬ ਨੂੰ ਯਾਦ ਕਰਦਾ ਹੈ।”

ਪਰ ਕਲਾਕਾਰ ਤਾਲਸਤਾਏ ਅਤੇ ਉਸਦੇ ਯਥਾਰਥਵਾਦ ਦੀ ਮਹਾਨਤਾ ਇਸ ਗੱਲ ਵਿਚ ਮੌਜੂਦ ਹੈ ਕਿ ਕਿਸਾਨੀ ਧਾਰਮਿਕ ਯੁਟੋਪੀਆ, ਪਿੱਤਰਸੱਤਾਵਾਦੀ ਸਮਾਜ ਦੇ ਲਈ ਅਤੀਤਮੁੱਖੀ ਲਗਾਅ ਅਤੇ ਤੱਤਕਾਲੀ ਮੋਹਭੰਗ ਅਤੇ ਨਿਰਾਸ਼ਾ ਦੇ ਬਾਵਜੂਦ ਉਨ੍ਹਾਂ ਨੇ ਅਸਲੀ ਲੋਕਾਂ ਅਤੇ ਅਸਲੀ ਚੀਜ਼ਾਂ ਨੂੰ ਉੱਥੇ ਉਸੇ ਰੂਪ ਵਿਚ ਦੇਖਿਆ, ਜਿੱਥੇ ਅਤੇ ਜਿਸ ਰੂਪ ਵਿਚ ਉਹ ਮੌਜੂਦ ਸਨ। ਜਗੀਰੂ ਕੁਲੀਨਾਂ ਦੇ ਲਾਜਮੀ  ਪਤਨ-ਖਿੰਡਾਅ ਦੀ ਪ੍ਰਕਿਰਿਆ ਨੂੰ ਰੇਖਾਂਕਤ ਕਰਨ ਦੇ ਨਾਲ਼ ਹੀ ਬੁਰਜ਼ੂਆ ਸਮਾਜ ਦੇ ਮਨੁੱਖ ਦੋਖੀ ਸੱਭਿਆਚਾਰ ਅਤੇ ਅਨੈਤਿਕਤਾ ਨੂੰ ਉਨ੍ਹਾਂ ਨੇ ਇੱਕ ਦਮ ਸਾਫ਼ ਨਜ਼ਰ ਨਾਲ਼ ਦੇਖਿਆ ਜਿਹੜੇ ਪਿੱਤਰਸੱਤਾਵਾਦੀ ਸਮਾਜ ਦੇ ਸਮੁੱਚੇ ਕਾਵਿਕ ਸੰਬੰਧਾਂ ਨੂੰ ਦੁਆਨੀ-ਚਵਾਨੀ ਦੇ ਠੰਡੇ ਪਾਣੀ ਵਿਚ ਡਬੋ ਦਿੰਦਾ ਹੈ। ਇਹ ਯਥਾਰਥਵਾਦੀ ਤਸਵੀਰ ਤਾਲਸਤਾਏ ਦੇ ਫਲਸਫਾਈ ਵਿਚਾਰਕ ਹੱਲ ਦੇ ਪੱਖ ਤੇ ਹਾਵੀ ਹੋ ਜਾਂਦੀ ਹੈ। ਜਿੱਥੋਂ ਤੱਕ ਤਾਲਸਤਾਏ ਦੇ ਫਲਸਫਾਨਾ ਅਤੇ ਵਿਚਾਰਕ ਹੱਲ ਦੇ ਬਚਕਾਨੇਪਨ ਦਾ ਸੁਆਲ ਹੈ, ਉਸਨੂੰ ਬੁਰਜ਼ੂਆ ਕਿਸਾਨ ਇਨਕਲਾਬ ਦੇ ਯੁੱਗ ਦੀ ਵਿਚਾਰਕ ਹੱਦ ਅਤੇ ਕਮਜ਼ੋਰੀ  ਦੀ ਕਲਾਤਮਕ ਪ੍ਰਤੀਬਿੰਬ ਦੇ ਰੂਪ ਵਿਚ ਦੇਖਿਆ ਜਾਣਾ ਚਾਹੀਦਾ ਹੈ। 

ਅੱਨਾ ਦੀ ਕਹਾਣੀ ਦੇ ਸੂਤਰ ਲੇਵਿਨ ਦੀ ਕਹਾਣੀ ਨਾਲ਼ ਅਵੈਵੀ (Organic) ਸੰਸ਼ਲਿਸ਼ਟਤਾ ਦੇ ਨਾਲ਼ ਅੰਤਰਸੰਬੰਧਤ ਹੈ। ਅੱਨਾ ਖ਼ੁਦ ਨੂੰ ਆਪਣੀਆਂ ਭਾਵਨਾਵਾਂ ਦੇ ਸਪੁਰਦ ਕਰ ਦਿੰਦੀ ਹੈ,  ਵਿਆਹ ਦੇ ਬੰਧਨ ਦੀ ਅਣਦੇਖੀ ਕਰਦੀ ਹੈ ਅਤੇ ਸਿੱਟੇ ਵਜੋਂ, ਉਸ ਸਭ ਤੋਂ ਉੱਚੀ ਅਦਾਲਤ ਵਿਚ ਉਸਦੀ ਪੇਸ਼ੀ ਹੁੰਦੀ ਹੈ , ਜਿਸਦਾ ਹਵਾਲਾ ਲੇਖਕ ਦੁਆਰਾ ਉਸ ਮਹਾਵਰੇ ਵਿਚ ਦਿੱਤਾ ਗਿਆ ਹੈ-”ਬਦਲਾ ਮੇਰਾ ਹੈ। ਮੈਨੂੰ ਹੀ ਚੁਕਾਉਣਾ ਹੋਵੇਗਾ।” ਪਰ ਇਸ ਅਦਾਲਤ ਅੱਗੇ ਅੱਨਾ ਦੇ ਮੁਕੱਦਮੇ ਵਿਚ, ਉਸਦੀ ਸ਼ਖ਼ਸੀਅਤ ਅਤੇ ਉਸਦੇ ਸਮਾਜਕ ਪਰਿਪੇਖ ਦੀ ਅਣਦੇਖੀ ਨਹੀਂ ਕਰਨੀ ਹੋਵੇਗੀ। ਨਾਗਰਿਕ ਅਤੇ ਧਾਰਮਿਕ ਕਾਨੂੰਨੀ-ਸੰਹਿਤਾਵਾਂ ਅਤੇ ਕੁਲੀਨ ਸਮਾਜ ਦੀ ਨੈਤਿਕਤਾ ਦੇ ਅਣਗਿਣਤ ਅਲਿਖਿਤ ਰਿਵਾਜਾਂ-ਪ੍ਰਪਾਟੀਆਂ ਦੁਆਰਾ ਵਿਆਹ ਦੀ ਅਖੌਤੀ ਪਵਿੱਤਰਤਾ ਦੀ ਹਿਫ਼ਾਜਤ ਕੀਤੀ ਜਾਂਦੀ ਹੈ ਪਰ ਇਮਾਨਦਾਰ ਭਾਵਨਾਵਾਂ ਅਤੇ ਅਨੁਭੂਤੀਆਂ ਕਾਮਨਾਵਾਂ ਦਾ ਇਹਨਾਂ ਲਈ ਕੋਈ ਅਰਥ ਨਹੀਂ।  ਉਹ ਇਨ੍ਹਾਂ ਨੂੰ ਬਸ ਕੁਚਲਣ ਮਿਧਣ ਦਾ ਕੰਮ ਹੀ ਕਰਦੀਆਂ ਹਨ। ਜਿੰਦਗੀ ਲਈ ਅੱਨਾ ਦੀ ਤੜਪ ਭਰੀ ਚਾਹਤ ਨੂੰ ਕੋਈ ਰਾਹ ਨਹੀਂ ਮਿਲਦਾ ਅਤੇ ਉਹ ਸਮਾਜ ਦੇ ਪਖੰਡ ਦੀ ਚੱਟਾਨੀ ਕੰਧ ਨਾਲ਼ ਜਾ ਟਕਰਾਉਂਦੀ ਹੈ। 

ਲੇਵਿਨ ਦੇ ਜੀਵਨ ਅਤੇ ਡਾਲੀ ਦੀਆਂ ਨੈਤਿਕ ਮਾਨਤਾਵਾਂ ਦੇ ਬਰਕਸ ਅੱਨਾ ਦੀ ਤ੍ਰਾਸਦੀ ਨੂੰ ਰੱਖਦੇ ਹੋਏ ਤਾਲਸਤਾਏ ਆਪਣੀਆਂ ਰੋਮਾਂਟਿਕ ਭਾਵਨਾਵਾਂ-ਇੱਛਾਵਾਂ ਦੇ ਵਹਾਅ ਵਿਚ ਵਹਿ ਕੇ ਜਿਉਂਣ ਦੀ ਬਜਾਏ ਪਰਿਵਾਰਕ ਪਿਤਰਸੱਤਾਵਾਦੀ ਸੰਰਚਨਾ ਦੇ ਅੰਦਰ ਤਿਆਗ ਅਤੇ ਸਰੋਕਾਰਾਂ ਦੀ ਬੁਨਿਆਦ ‘ਤੇ ਪੈਦਾ ਹੋਣ ਵਾਲੇ ‘ਅਸਲੀ ਪਿਆਰ’ ਨੂੰ ਸਥਾਪਤ ਕਰਨਾ ਚਾਹੁੰਦੇ ਹਨ ਪਰ ਅੱਨਾ ਦੇ ਅੰਦਰੂਨੀ ਜਗਤ ਅਤੇ ਬਾਹਰੀ ਜਗਤ ਦਾ ਯਥਾਰਥ ਬਾਹਰਮੁੱਖੀ ਅਧਿਕਾਰਤਾ ਨਾਲ਼ ਪੇਸ਼ ਕਰਦੇ ਹੋਏ ਉਹ ਇੱਕ ਦਫ਼ਾ ਫਿਰ ‘ਯਥਾਰਥਵਾਦ ਦੀ ਜਿੱਤ’ ਦਾ ਰਾਹ ਸਾਫ਼ ਕਰ ਦਿੰਦੇ ਹਨ। ਔਰਤ ਦੀ ਦੋਮ ਦਰਜ਼ੇ ਦੀ ਹਾਲਤ ਵਾਲੀ ਸਮਾਜਕ ਸੰਰਚਨਾ ਵਿਚ ਵਿਆਹ ਅਤੇ ਪਰਿਵਾਰ ਦੀ ਸੰਸਥਾ ‘ਤੇ, ਤਾਲਸਤਾਏ ਚਾਹੁੰਣ ਜਾਂ ਨਾ, ਸੁਆਲ ਉਠ ਖੜ੍ਹੇ ਹੁੰਦੇ ਹਨ। ਸਮੇਂ ਦੀ ਯਾਤਰਾ ਤਾਲਸਤਾਏਪੰਥੀ ਹੱਲ ਨੂੰ ਜਿੰਨਾ ਸਾਫ਼ ਕਰਦੀ ਜਾਂਦੀ ਹੈ, ਓਨੇ ਹੀ ਇਹ ਪ੍ਰਸ਼ਨ ਚਿੰਨ੍ਹ ਕਠਿਨ ਹੁੰਦੇ ਜਾਂਦੇ ਹਨ।

ਔਰਤ ਸੁਆਲ ‘ਤੇ ਤਾਲਸਤਾਏ ਦਾ ਚਿੰਤਨ ਅਤੇ ਉਨ੍ਹਾਂ ਦੀਆਂ ਵਿਰੋਧਤਾਈਆਂ ਵੱਖਰੇ ਤੌਰ ‘ਤੇ ਅਧਿਐਨ ਦਾ ਇੱਕ ਗੰਭੀਰ ਅਤੇ ਦਿਲਚਸਪ ਵਿਸ਼ਾ ਹੈ। ਇਤਿਹਾਸ ਦੇ ਲਗਭਗ ਉਸੇ ਦੌਰ ਵਿਚ, ਰੂਸ ਦੇ ਮਹਾਨ ਇਨਕਲਾਬੀ ਜਮਹੂਰੀ  ਫਲਾਸਫ਼ਰ ਚੇਰਨੇਸ਼ਵਸਕੀ ਨੇ ਔਰਤਾਂ ਦੀ ਪਰਿਵਾਰਕ ਗੁਲਾਮੀ ਤੋਂ ਮੁਕਤੀ ਅਤੇ ਸਮਾਜਕ ਜੀਵਨ ਵਿਚ ਉਨ੍ਹਾਂ ਦੀ ਸ਼ਮੂਲੀਅਤ ਦੇ ਨਾਲ਼ ਇਨਕਲਾਬੀ ਸੰਘਰਸ਼ ਵਿਚ ਵੀ ਉਨ੍ਹਾਂ ਦੀ ਭੂਮਿਕਾ ‘ਤੇ ਜ਼ੋਰ ਦਿੱਤਾ। ‘ਕੀ ਕਰਨਾ ਲੋੜੀਏ’ ਨਾਵਲ ਵਿਚ ਉਨ੍ਹਾਂ ਨੇ ਇੱਕ ਅਜਿਹਾ ਔਰਤ ਚਰਿੱਤਰ ਪੇਸ਼ ਕੀਤਾ ਜਿਸ ਨੇ ਤੰਗ ਪਰਿਵਾਰਕ ਦਾਇਰੇ ਤੋਂ ਮੁਕਤ ਹੋ ਕੇ ਆਪਣੀ ਅਜ਼ਾਦ ਸਮਾਜਕ ਆਰਥਕਿ ਸਥਿਤੀ ਬਣਾਈ ਸੀ ਅਤੇ ਸਮਾਜਕ ਸਰਗਰਮੀਆਂ ਵਿਚ ਵੀ ਸ਼ਾਮਲ ਸੀ। ਇਸੇ ਸਮੇਂ ਇੰਗਲੈਂਡ ਵਿਚ ਜਾਨ ਸਟੂਅਰਟ ਮਿੱਲ ਦੀ ਕਿਤਾਬ ‘ਔਰਤਾਂ ਦੀ ਗੁਲਾਮੀ’ ਪ੍ਰਕਾਸ਼ਤ ਹੋਈ ਸੀ। ਫਰਾਂਸ ਵਿਚ ਔਰਤਾਂ ਦੀ ਸਮਾਜਿਕ ਨਾ ਬਰਾਬਰੀ ਦੀ ਅਲੋਚਨਾ ਕਰਨ ਵਾਲ਼ੇ, ਲੇਖਕਾਂ ਜਾਰਜ ਸਾਂਦ ਦੇ ਨਾਵਲ ‘ਤੇ ਕੁਝ ਦਹਾਕੇ ਪਹਿਲਾਂ ਛਪਕੇ ਚਰਚਿਤ ਹੋ ਚੱਕੇ ਸਨ। ਇਹੀ ਸਮਾਂ ਸੀ ਜਦ ਮਾਰਕਸ ਅਤੇ ਏਂਗਲਜ਼ ਨੇ ਪਰਿਵਾਰ ਦੀ ਪੁਰਸ਼ ਪ੍ਰਧਾਨ ਸੰਰੰਚਨਾ ‘ਤੇ ਸੁਆਲ ਉੱਠਾਉਂਦੇ ਹੋਏ ਬੁਰਜ਼ੂਆ ਸਮਾਜ ਵਿਚ ਵਿਆਹ ਨੂੰ ‘ਸੰਸਥਾਬੱਧ ਵੇਸ਼ਵਾਵ੍ਰਿਤੀ’ ਦਾ ਨਾਂ ਦਿੱਤਾ ਸੀ। ਆਪਣੀ ਫਲਸਫਾਨਾ ਪੋਜ਼ੀਸ਼ਨ ਦੇ ਪਿਛਾਂਹਖਿੱਚੂ ਕਿਰਦਾਰ ਦੇ ਬਾਵਜੂਦ ਮਹਾਨ ਮਨੁੱਖਤਾਵਾਦੀ ਅਤੇ ਯਥਾਰਥਵਾਦੀ ਕਲਾਕਾਰ ਹੋਣ ਦੇ ਨਾਤੇ ਤਾਲਸਤਾਏ ਨੇ (ਯੁਟੋਪੀਆਈ, ਅਤੀਤਮੁਖੀ ਹੱਲ ਸੁਝਾਉਣ ਦੇ ਬਾਵਜੂਦ) ਪਰਿਵਾਰ ਅਤੇ ਸਮਾਜ ਵਿਚ ਘੁਟਦੀ ਪਿਸਦੀ ਔਰਤ ਦੇ ਤਸੀਹਿਆਂ ਭਰੇ ਅੰਦਰੂਨੀ ਜਗਤ ਅਤੇ ਬਾਹਰੀ ਜਗਤ ਨੂੰ ਇਸ ਤਰ੍ਹਾਂ ਚਿਤਰਤ ਕੀਤਾ ਕਿ ਦਰਪੇਸ਼ ਹਾਲਤਾਂ ਦੇ ਅੰਦਰੋਂ ਪਰਿਵਾਰ ਅਤੇ ਵਿਆਹ ਦੀ ਪੁਰਸ਼ ਪ੍ਰਧਾਨ ਸੰਰਚਨਾ ਨੂੰ ਕਟਹਿਰੇ ਵਿਚ ਖੜ੍ਹਾ ਕਰ ਦੇਣ ਵਾਲੇ ਸੁਆਲ ਉੱਭਰ ਆਏ। ਅੱਗੇ ਚਲਕੇ, ‘ਮੋਇਆਂ ਦੀ ਜਾਗ’ ਨਾਵਲ ਵਿਚ ਵੀ, ਭਾਂਵੇ ਮੂਲ ਕਹਾਣੀ ਨੇਖ਼ਲੂਦੇਵ ਦੇ ਚਰਿੱਤਰ ਦੇ ਆਤਮਕ ਵਿਕਾਸ ਦੇ ਆਲ਼ੇ ਦੁਆਲ਼ੇ ਅੱਗੇ ਵੱਧਦੀ ਹੈ ਪਰ ਕਾਤਉਸ਼ਾ ਦਾ ਜੀਵਨ ਔਰਤ ਸੁਆਲ ਦਾ ਇੱਕ ਨਵਾਂ ਦਿਸਹੱਦਾ ਪੇਸ਼ ਕਰਦਾ ਹੈ। 

‘ਅੱਨਾ ਕਾਰੇਨਿਨਾ’ ਦਾ ਦਾਇਰਾ ਭਾਂਵੇ ‘ਯੁੱਧ ਅਤੇ ਸ਼ਾਂਤੀ’ ਦੇ ਮੁਕਾਬਲੇ ਸੌੜਾ ਹੈ ਪਰ ਨਾਵਲ ਦੇ ਪਾਤਰ ਜਿਆਦਾ ਗੁੰਝਲਦਾਰ ਹਨ। ਉਹ ਜਿਆਦਾ ਸੰਵੇਦਲਸ਼ੀਲ ਲਗਦੇ ਹਨ ਅਤੇ ਉਨ੍ਹਾਂ ਦੇ ਅੰਦਰੂਨੀ ਤਣਾਅ ਅਤੇ ਚਿੰਤਾਵਾਂ ਨਾਵਲ ਵਿਚ ਸਮੁੱਚੇ ਜੀਵਨ ਦੀ ਅਨਿਸ਼ਚਿਤਤਾ ਅਤੇ ਅਸਥਾਈਪਨ ਦੇ ਮਹੌਲ ਨੂੰ ਪ੍ਰਤੀਬਿੰਬਤ ਕਰਦੀਆਂ ਹਨ। ‘ਯੁੱਧ ਅਤੇ ਸ਼ਾਂਤੀ’ ਦੇ ਮੁਕਾਬਲੇ ਚਰਿਤਰਾਂ ਦੇ ਅੰਦਰੂਨੀ ਜੀਵਨ ਦਾ ਚਿਤਰਣ ਵੀ ਇੱਥੇ ਜਿਆਦਾ ਸੁਧਰੇ ਅਤੇ ਸੰਸ਼ਲਿਸਟ ਰੂਪ ਵਿਚ ਹੋਇਆ ਹੈ। ਆਪਣੀਆਂ ਪਹਿਲਾਂ ਦੀਆਂ ਰਚਨਾਵਾਂ ਵਿਚ ਵੀ ਤਾਲਸਤਾਏ ਨੇ ਨਾਇਕ ਦੀ ਆਤਮਾ ਦੇ ਅੰਦਰ ਚਲ ਰਹੇ ਸੰਘਰਸ਼ ਨੂੰ ਅੰਦਰੂਨੀ ਮਾਨੋਲਾਗ ਦੀ ਜੁਗਤ ਦੇ ਰਾਹੀਂ ਦਰਸਾਇਆ ਹੈ ਅਤੇ ਮਨੋਵਿਗਿਆਨਕ ਹਾਲਤਾਂ ਨੂੰ ਦਰਸਾਉਣ ਲਈ ਉੱਪਰੋਂ ਅਪ੍ਰਸੰਗਕ ਲੱਗਣ ਵਾਲੇ ਵਰਨਣਾਂ-ਤਫ਼ਸੀਲਾਂ ਨੂੰ ਪੇਸ਼ ਕਰਨ ਦੀ ਜੁਗਤ ਅਪਣਾਈ ਹੈ ਪਰ ‘ਅੱਨਾ ਕਾਰੇਨਿਨਾ’ ਵਿਚ ਪਿਆਰ, ਮੋਹਭੰਗ, ਈਰਖ਼ਾ, ਨਿਰਾਸ਼ਾ, ਆਤਮਕ ਪ੍ਰਬੋਧਨ ਆਦਿ ਦੇ ਸੁਧਰੇ ਪ੍ਰਗਟਾਵੇ ਦੇ ਲਈ ਉਪਰੋਕਤ ਵਿਧੀਆਂ ਦੀ ਜਿਆਦਾ ਸੁਚੱਜੀ ਅਤੇ ਜਿਆਦਾ ਕਲਾਤਮਕ ਵਰਤੋਂ ਕੀਤੀ ਗਈ ਹੈ। 

‘ਅੱਨਾ ਕਾਰੇਨਿਨਾ’ ਇੱਕ ਹੱਦ ਤੱਕ ਆਤਮਕਥਾਨਕ ਨਾਵਲ ਵੀ ਹੈ। ਇਸ ਨੂੰ ਲਿਖਦੇ ਹੋਏ ਤਾਲਸਤਾਏ ਆਪਣੇ ਸਮੇਂ ਅਤੇ ਆਪਣੇ ਖ਼ੁਦ ਦੇ ਜੀਵਨ ਸੰਬੰਧੀ ਖ਼ੁਦ ਹੀ ਸਪਸ਼ਟ ਹੋਣ ਦੀ ਪ੍ਰਕਿਰਿਆ ‘ਚੋਂ ਲੰਘ ਰਹੇ ਸਨ। ਨਾਵਲ ਵਿਚ ਜਿਨ੍ਹਾਂ ਸਮੱਸਿਆਵਾਂ ਨੂੰ ਉਠਾਉਣ ਅਤੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਉਨ੍ਹਾਂ ਸੰਬੰਧੀ ਤਾਲਸਤਾਏ ਦੇ ਸਰੋਕਾਰ ਨੇ 1870 ਦੇ ਦਹਾਕੇ ਦੇ ਅੰਤ ਵਿਚ ਉਨ੍ਹਾਂ ਨੂੰ ਇੱਕ ਨਵੇਂ ਵਿਚਾਰਧਾਰਕ ਸੰਕਟ ਦੀਆਂ ਲਹਿਰਾਂ ਵਿਚ ਧੱਕ ਦਿੱਤਾ ਅਤੇ ਪਿਤਰਸੱਤਾਵਾਦੀ ਕਿਸਾਨੀ ਨਜ਼ਰੀਏ ਦਾ ਪੱਖ ਲੈਣ ਦੀ ਧਾਰਨਾ ਵੀ ਸੰਕਟਗ੍ਰਸਤ ਹੋ ਗਈ। 

1880 ਅਤੇ 1890 ਦੇ ਦਹਾਕੇ ਤੱਕ ਤਾਲਸਤਾਏ ਦੀ ਵਿਚਾਰ-ਯਾਤਰਾ ਉਸ ਦੌਰ ਵਿਚ ਦਾਖ਼ਲ ਹੋ ਚੁੱਕੀ ਸੀ ਜਿੱਥੇ ਉਹ ਮੌਜੂਦਾ ਢਾਂਚੇ  ਅਤੇ ਉਸਦੇ ਸਮਾਜਕ ਅਤੇ ਨੈਤਿਕ ਨੀਂਹ ਪੱਥਰਾਂ ਨੂੰ ਖਾਰਜ਼ ਕਰਨ ਲੱਗੇ ਸਨ। ਜਿਹਾ ਕਿ ਲੈਨਿਨ ਨੇ ਲਿਖਿਆ ਸੀ – ”ਮਨੁੱਖਤਾ ਦੀ ਮੁਕਤੀ ਦੇ ਲਈ ਇੱਕ ਨਵਾਂ ਰਾਮਬਾਣ ਖੋਜ ਲੈਣ ਵਾਲੇ ਪੈਗੰਬਰ ਦੇ ਰੂਪ ਵਿਚ ਤਾਲਸਤਾਏ ਬੇਤੁਕੇ ਹਨ … ਬੁਰਜ਼ੂਆ ਇਨਕਲਾਬ ਦੇ ਸਮੇਂ ਲੱਖਾਂ ਰੂਸੀ ਕਿਸਾਨਾਂ ਦੇ ਵਿਚ ਉੱਭਰਨ ਵਾਲੇ ਵਿਚਾਰਾਂ ਅਤੇ ਭਾਵਨਾਵਾਂ ਦੇ ਬੁਲਾਰੇ ਦੇ ਰੂਪ ਵਿਚ ਤਾਲਸਤਾਏ ਮਹਾਨ ਹਨ।”

ਤਾਲਸਤਾਏ ਦਾ ਨਵਾਂ ਸੰਸਾਰ ਨਜ਼ਰੀਆ ‘ਇੱਕ ਆਤਮਸਵੀਕ੍ਰਿਤੀ’ (1879-80, 1884 ਵਿਚ ਪ੍ਰਕਾਸ਼ਤ) ਅਤੇ ‘ਜੋ ਮੇਰਾ ਵਿਸ਼ਵਾਸ ਹੈ’ (1882-84) ਨਾਂ ਦੀਆਂ ਰਚਨਾਵਾਂ ਵਿਚ ਸੰਪੂਰਣਤਾ ਨਾਲ਼ ਪ੍ਰਗਟ ਹੋਇਆ ਹੈ। ਤਾਲਸਤਾਏ ਦੀ ਇਹ ਧਾਰਨਾ ਪੱਕੀ ਹੋ ਚੁੱਕੀ ਸੀ ਕਿ ਸਮਾਜ ਵਿਚ ਉੱਚੇ ਤਬਕੇ ਦੇ ਕੁਲੀਨਾਂ ਦਾ ਜੀਵਨ ਝੂਠਾ, ਨਕਲੀ ਅਤੇ ਪਖੰਡ ਭਰਿਆ ਹੈ। ਅਟੱਲ ਮੌਤ ਦੇ ਸਾਹਮਣੇ, ਜੀਵਨ ਦੇ ਝੂਠੇ ਘਮੰਡ ਭਰੇ ਆਡੰਬਰ ਸੰਬੰਧੀ ਉਨ੍ਹਾਂ ਦੇ ਨਵੇਂ ਬੋਧ ਨੇ ਉਨ੍ਹਾਂ ਦੇ ਧਾਰਮਿਕ ਵਿਸ਼ਵਾਸਾਂ ਨੂੰ ਹੋਰ ਜਿਆਦਾ ਮਜ਼ਬੂਤ ਬਣਾਇਆ। ਸਮਾਜ ਦੇ ਜੀਵਨ ਸੰਬੰਧੀ ਉਨ੍ਹਾਂ ਦੇ ਨਤੀਜ਼ੇ ਵੀ ਓਨੇ ਹੀ ਫੈਸਲਾਕੁੰਨ ਸਨ। ਅਤੀਤ ਵਿਚ ਉਹ ਤਰੱਕੀ ਦੇ ਭੌਤਿਕਵਾਦੀ ਅਤੇ ਪ੍ਰਤੱਖਵਾਦੀ ਸਿਧਾਂਤਾਂ ਦੀ ਅਲੋਚਨਾ ਕਰਦੇ ਹੋਏ ਚੇਤਨਾ ਦੀ ਅਸਲੀ ਨਿਸ਼ਕਪਟਤਾ ਦੀ ਵਕਾਲਤ ਕਰਦੇ ਸਨ। ਹੁਣ ਉਹ ਰਾਜ ਅਤੇ ਰਾਜ ਪ੍ਰਯੋਜਤ ਚਰਚ ਨਾਲ਼ ਹੀ ਆਪਣੇ ਖ਼ੁਦ ਦੀ ਜਮਾਤ (ਉੱਚ ਕੁਲੀਨ ਭੂਮੀਪਤੀ) ਦੀ ਜੀਵਨਸ਼ੈਲੀ ਅਤੇ ਵਿਸ਼ੇਸ਼ ਹੱੱਕਾਂ ਦੀ ਤਿੱਖੀ ਅਲੋਚਨਾ ਕਰਨ ਲੱਗੇ ਸਨ ਅਤੇ ਭੂ ਗੁਲਾਮੀਂ, ਭੌਤਿਕਵਾਦ ਅਤੇ ਨੌਕਰਸ਼ਾਹੀ ਨਾਲ਼ ਪੈਦਾ ਹੋਣ ਵਾਲ਼ੇ ਸਮਾਜਕ-ਨੈਤਿਕ-ਆਤਮਕ ਵਿਗਾੜਾਂ ਨੂੰ ਹਮਲਿਆਂ ਦਾ ਨਿਸ਼ਾਨਾ ਬਣਾਉਣ ਲੱਗੇ ਸਨ। 

ਸਮਾਜ ਸੰਬੰਧੀ ਤਾਲਸਤਾਏ ਦੀ ਇਹ ਨਵੀਂ ਦ੍ਰਿਸ਼ਟੀ ਉਨ੍ਹਾਂ ਦੇ ਨੈਤਿਕ ਅਤੇ ਧਾਰਮਕ ਫਲਸਫ਼ੇ ਨਾਲ਼ ਗੁੱਥੀ-ਬੁਣੀ ਹੋਈ ਸੀ। ਉਨ੍ਹਾਂ ਦੇ ਚਿੰਤਨ ਦਾ ਧਾਰਮਕ ਪੱਖ ਆਪਣੇ ਸਮੁੱਚੇ ਰੂਪ ਵਿਚ ‘ਮੱਤਵਾਦੀ ਧਰਮਸ਼ਾਸਤਰ ਦੀ ਪੜਤਾਲ’ (1879-80) ਅਤੇ ‘ਚਾਰ ਖ਼ਬਰਾਂ ਦਾ ਏਕੀਕਰਣ ਅਤੇ ਅਨੁਵਾਦ’ (1880-81) ਦੇ ਰੂਪ ਵਿਚ ਸਾਹਮਣੇ ਆਇਆ ਅਤੇ ਤਾਲਸਤਾਏਪੰਥ ਦੀ ਬੁਨਿਆਦ ਬਣਿਆ ਜਿਸ ਨੂੰ ਲੈਨਿਨ ਨੇ ਤਾਲਸਤਾਏ ਦੇ ਚਿੰਤਨ ਦਾ ਸਭ ਤੋਂ ਪਿਛੜਿਆ ਹੋਇਆ ਪੱਖ ਦੱਸਿਆ ਹੈ। ਤਾਲਸਤਾਏ ਦਾ ਵਿਚਾਰ ਸੀ ਕਿ ਜਨਤਾ ਨੂੰ ਪਿਆਰ ਅਤੇ ਆਪਸੀ ਮਾਫ਼ੀ ਦਾ ਭਾਵਨਾ ਦੀ ਸਰਬਵਿਆਪੀ ਸਪਿਰਟ ਨਾਲ਼ ਇੱਕ ਜੁੱਟ ਕਰਨ ਲਈ ਇਸਾਈਅਤ ਨੂੰ ਆਪਣੇ ਮੁੜ-ਨਵਿਆਏ ਰੂਪ ਵਿਚ ਯੁਗਾਂ ਪੁਰਾਣੇ ਵਿਗਾੜਾਂ ਅਤੇ ਭੱਦੀਆਂ ਧਰਮ ਰਸਮਾਂ ਤੋਂ ਮੁਕਤ ਕਰਨਾ ਹੋਵੇਗਾ। ਧਿਆਨ ਦੇਣ ਯੋਗ ਹੈ ਕਿ ਧਰਮ ਦੇ ਜਗੀਰੂ ਅਤੇ ਪੂੰਜੀਵਾਦੀ ਸੰਸਕਰਣਾਂ ਦੀ ਮੂਲ ਭਾਵਨਾ ਨਾਲ਼ ਬੇਮੇਲ ਹੋਣ ਦੇ ਕਾਰਣ ਸਥਾਪਤ ਧਰਮਾਂ ਦੇ ਲਈ ਤਾਲਸਤਾਏ ਦੇ ਧਾਰਮਿਕ ਵਿਚਾਰ ਨਾਸਤਿਕਤਾ ਅਤੇ ਭੌਤਿਕਵਾਦ ਜਿਹੇ ਹੀ ‘ਭਿਆਨਕ’ ਬਣੇ ਰਹੇ। ਆਪਣੇ ਇਨ੍ਹਾਂ ਵਿਚਾਰਾਂ ਦੀਆਂ  ਤਿੱਖੀਆਂ ਵਿਰੋਧਤਾਈਆਂ ਨੂੰ ਤਾਲਸਤਾਏ ਉਮਰ ਭਰ ਨਹੀਂ ਸੁਲਝਾ ਸਕੇ ਅਤੇ ਇੱਕ ਸੰਪ੍ਰਦਾਏ ਦੇ ਰੂਪ ਵਿਚ ਤਾਲਸਤਾਏਪੰਥ ਛੇਤੀ ਹੀ ਅਪ੍ਰਸੰਗਿਕ ਹੋ ਗਿਆ ਪਰ ਤਾਲਸਤਾਏ ਦੇ ਮਨੁੱਖਤਾਵਾਦ ਅਤੇ ਯਥਾਰਥਵਾਦ ਦੀ ਚਮਕ ਅੱਜ ਤੱਕ ਕਾਇਮ ਹੈ। ਸਮਾਜਕ ਬੁਰਾਈਆਂ ਦੀ ਅਲੋਚਨਾ ਕਰਦੇ ਹੋਏ ਵੀ ਤਾਲਸਤਾਏ ਉਹਨਾਂ ਵਲ ਗੈਰ ਸਰਗਰਮ ਅਪ੍ਰਤੀਰੋਧ ਦੀ ਨੀਤੀ ਅਪਨਾਉਣ ਦੀ ਵਕਾਲਤ ਕਰਦੇ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਬੁਰਾਈਆਂ ਦਾ ਬਦਲਾ ਜ਼ੋਰ ਨਾਲ਼ ਨਹੀਂ ਲਿਆ ਜਾਣਾ ਚਾਹੀਦਾ ਸਗੋਂ ਉਨ੍ਹਾਂ ਨੂੰ ਜਨਤਾ ਦੀ ਨਜ਼ਰ ਦੇ ਸਾਹਮਣੇ ਜਾਹਰ ਕਰਨਾ ਚਾਹੀਦਾ ਹੈ ਅਤੇ ਸੱਤਾ ਵਲ ਗੈਰਸਰਗਰਮ ਮੁਖ਼ਾਲਫਤ ਦਾ ਰਵੱਈਆ ਅਪਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਦਾ ਵਿਸ਼ਵਾਸ ਸੀ ਕਿ ਨੈਤਿਕ-ਆਤਮਕ ਸ਼ੁੱਧਤਾ ਹਾਸਲ ਕਰਨ ਲਈ ਅਣਗਿਣਤ ਵਿਅਕਤੀਆਂ ਦੀਆਂ ਅਣਗਿਣਤ ਕੋਸ਼ਿਸ਼ਾਂ ਦੇ ਰਾਹੀਂ ਵਿਅਕਤੀ ਅਤੇ ਮਨੁੱਖਤਾ ਦਾ ਮੁੜ ਨਵੀਨੀਕਰਨ ਹੁੰਦਾ ਹੈ। ਇਸ ਲਈ ਉਹ ਰਾਜਨੀਤਕ ਸੰਘਰਸ਼ਾਂ ਅਤੇ ਇਨਕਲਾਬੀ ਉਭਾਰਾਂ ਦੇ ਮਹੱਤਵ ਤੋਂ ਇਨਕਾਰੀ ਹਨ। 

1880 ਦੇ ਦਹਾਕੇ ਵਿਚ, ਸਾਹਿਤਕ ਰਚਨਾਤਮਕਤਾ ਅਤੇ ਆਪਣੇ ਪੁਰਾਣੇ ਕੰਮ ਨੂੰ ‘ਕੁਲੀਨਾਂ ਦਾ ਸ਼ੁਗਲ’ ਦੇ ਰੂਪ ਵਿਚ ਖਾਰਜ਼ ਕਰਦੇ ਹੋਏ ਤਾਲਸਤਾਏ ਸਰੀਰਕ ਕਿਰਤ ‘ਤੇ ਅਧਾਰਤ ਸਾਦਗੀ ਭਰੇ ਜੀਵਨ ‘ਤੇ ਜ਼ੋਰ ਦੇਣ ਲੱਗੇ, ਖੇਤ ਵਹੁਣ ਲੱਗੇ, ਆਪਣੀਆਂ ਜੁੱਤੀਆਂ ਵੀ ਖ਼ੁਦ ਬਨਾਉਣ ਲੱਗੇ ਅਤੇ ਸ਼ਾਕਾਹਾਰੀ ਹੋ ਗਏ। ਇਸ ਦੌਰਾਨ, ਖ਼ੁਦ ਆਪਣੇ ਪਰਿਵਾਰ ਦੀ ਜੀਵਨ ਸ਼ੈਲੀ ਵਲ ਉਹਨਾਂ ਦਾ ਅਸੰਤੋਸ਼ ਡੂੰਘਾ ਹੁੰਦਾ ਚਲਿਆ ਗਿਆ। ‘ਤਦ ਸਾਨੂੰ ਕੀ ਕਰਨਾ ਚਾਹੀਦਾ ਹੈ’ (1882-86) ਅਤੇ ‘ਸਾਡੇ ਸਮੇਂ ਦੀ ਗੁਲਾਮੀ’ (1899-1900) ਨਾਂ ਦੀਆਂ ਪ੍ਰਚਾਰਕ ਸ਼ੈਲੀ ਦੀਆਂ ਰਚਨਾਵਾਂ ਵਿਚ ਉਨ੍ਹਾਂ ਨੇ ਬੁਰਜ਼ੂਆ ਸੱਭਿਅਤਾ ਦੀਆਂ ਬੁਰਾਈਆਂ ਦੀ ਤਿੱਖੀ ਅਲੋਚਨਾ ਕਰਦੇ ਹੋਏ, ਹੱਲ ਦੇ ਤੌਰ ‘ਤੇ, ਨੈਤਿਕ ਅਤੇ ਧਾਰਮਿਕ ਆਤਮ ਵਿਕਾਸ ਦੀਆਂ ਯੁਟੋਪਿਆਈ ਅਪੀਲਾਂ ਕੀਤੀਆਂ। 

ਸਾਹਿਤ ਸਿਰਜਣਾ ਤੋਂ ਤਾਲਸਤਾਏ, ਐਲਾਨ ਕਰਨ ਦੇ ਬਾਵਜੂਦ, ਖ਼ੁਦ ਨੂੰ ਕਦੀਂ ਵੀ ਦੂਰ ਨਹੀਂ ਕਰ ਸਕੇ। ਇੱਕ ਧਾਰਮਿਕ ਫਲਾਸਫਰ ਦੇ ਰੂਪ ਵਿਚ ਜੀਵਨ ਦੀਆਂ ਸਮੱਸਿਆਵਾਂ ਦੇ ਖ਼ੁਦ ਦੁਆਰਾ ਪੇਸ਼ ਹੱਲਾਂ ਲਈ ਉਨ੍ਹਾਂ ਦਾ ਜੋ ਅਸੰਤੋਸ਼-ਅਵਿਸ਼ਵਾਸ ਦਿਲ ਦੇ ਹਨੇਰੇ ਖੂੰਜਿਆਂ ਵਿਚ ਡੂੰਘਾ ਜੰਮਿਆ ਰਹਿੰਦਾ ਸੀ, ਸ਼ਾਇਦ ਯਥਾਰਥਵਾਦੀ ਕਲਾਕਾਰ ਤਾਲਸਤਾਏ ਉਸ ਨੂੰ ਕੁਰੇਦਕੇ ਬਾਹਰ ਲਿਆਉਂਦਾ ਸੀ ਅਤੇ ਜੀਵਨ ਨੂੰ, ਜਿਵੇਂ ਇਹ ਹੈ, ਪੇਸ਼ ਕਰਨ ‘ਤੇ ਜ਼ੋਰ ਦਿੰਦਾ ਸੀ ਤਾਂ ਕਿ ਇਤਿਹਾਸ ਪ੍ਰਵਾਹ ਹੱਲਾਂ ਦੀ ਆਪਣੀ ਸਵੈਚਲਿਤ ਅੰਦਰੂਨੀ ਗਤੀ ਨਾਲ਼ ਠੋਸ ਬਣਾ ਸਕੇ। 

1880 ਦੇ ਬਾਅਦ ਦਾ ਤਾਲਸਤਾਏ ਦਾ ਸਾਹਿਤਕ ਲੇਖਣ ਪ੍ਰਕਰਣ ਕੇਂਦਰਕ ਚਰਿੱਤਰ ਵਾਲਾ ਅਤੇ ਨੈਤਿਕ ਨਿਰਦੇਸ਼ਾਂ ਨਾਲ਼ ਭਰਭੂਰ ਹੈ ਪਰ ਇਸ ਵਿਚ ਤਾਲਸਤਾਏ ਦਾ ਅਲੋਚਨਾਤਮਕ ਯਥਾਰਥਵਾਦੀ ਸੁਰ ਵੀ ਪਹਿਲਾਂ ਦੇ ਮੁਕਾਬਲੇ ਜਿਆਦਾ ਤਿੱਖੇ ਰੂਪ ਵਿਚ ਸਾਹਮਣੇ ਆਇਆ ਹੈ। ਉਹ ਅਨਿਆਪੂਰਣ ਅਦਾਲਤਾਂ, ਵਿਆਹ ਦੀ ਸੰਸਥਾ, ਭੂਮਾਲਕੀ ਅਤੇ ਚਰਚ ‘ਤੇ ਸਿੱਧਾ ਹਮਲਾ ਕਰਦੇ ਹਨ ਅਤੇ ਪਾਠਕਾਂ ਦੀ ਅੰਤਰਆਤਮਾ, ਤਰਕ ਅਤੇ ਆਤਮਸਨਮਾਨ ਬੋਧ ਨਾਲ਼ ਭਾਵਪੂਰਤ ਅਪੀਲਾਂ ਕਰਦੇ ਹਨ। 

ਆਪਣੇ ਦੋ ਪ੍ਰਸਿੱਧ ਛੋਟੇ ਨਾਵਲ ‘ਇਵਾਨ ਇਲਿਚ ਦੀ ਮੌਤ’ (1886) ਅਤੇ ‘ਕਰੂਜ਼ਰ ਸੋਨਾਟਾ’ (1889) ਵਿਚ ਤਾਲਸਤਾਏ ਮੁਖ ਤੌਰ ‘ਤੇ ਕੁਲੀਨਾਂ ਦੇ ਜੀਵਨ ਦੇ ਖੋਖਲੇਪਣ ਅਤੇ ਪਖੰਡ ਨੂੰ ਜਾਹਰ ਕਰਦੇ ਹਨ। ‘ਇਵਾਨ ਇਲਿਚ ਦੀ ਮੌਤ’ ਇੱਕ ਸਧਾਰਣ ਆਦਮੀ ਦੀ ਕਹਾਣੀ ਹੈ ਜਿਸ ਨੂੰ ਮੌਤ ਦੀਆਂ ਬਰੂਹਾਂ ‘ਤੇ ਆਪਣੇ ਬਿਤਾਏ ਜੀਵਨ ਦੀ ਨਿਰਅਰਥਕਤਾ ਦਾ ਅਹਿਸਾਸ ਹੁੰਦਾ ਹੈ। ਇਵਾਨ ਇਲਿਚ ਦੇ ਜੀਵਨ ਦੇ ਅੰਤਮ ਪਲਾਂ ਦੀ ਅਨੁਭੂਤੀ ਧਾਰਮਕ ਮੁਕਤੀ ਦੇ ਵਿਸ਼ੇ ‘ਤੇ ਤਾਲਸਤਾਏ  ਦੀ ਧਾਰਨਾ ਨੂੰ ਪੇਸ਼ ਕਰਦੀ ਹੈ ਪਰ ਇਨ੍ਹਾਂ ਮਿੱਥਾਭਾਸਾਂ ਤੋਂ ਉੱਪਰ ਰਚਨਾ ਦਾ ਗੰਭੀਰ ਮਨੋਵਿਗਿਆਨਕ ਯਥਾਰਥਵਾਦ ਹਾਵੀ ਹੈ। ਅਗਲੇ ਦੋ ਨਾਵਲਿਟਾਂ ‘ਕਰੂਜ਼ਰ ਸੋਨਾਟਾ’ ਅਤੇ ‘ਸ਼ੈਤਾਨ’ (1889-90, 1911 ਵਿਚ ਪ੍ਰਕਾਸ਼ਤ) ਵਿਚ ਇੰਦਰੀਆਵੀ ਪਿਆਰ ਅਤੇ ਵਾਸਨਾ ਦੇ ਖਿਲਾਫ਼ ਸੰਘਰਸ਼ ਨੂੰ ਵਿਸ਼ਾ ਬਣਾਇਆ ਗਿਆ ਹੈ ਅਤੇ ਨਿਸਵਾਰਥ ਪਿਆਰ ਦੇ ਇਸਾਈ ਸਿਧਾਂਤ ਦੀ ਵਕਾਲਤ ਕੀਤੀ ਗਈ ਹੈ ਪਰ ਇੱਥੇ ਵੀ ਤਾਲਸਤਾਏ ਦੇ ਧਰਮ ਉਪਦੇਸ਼ਕ ਪੱਖ ‘ਤੇ ਬਾਹਰੀ ਹਾਲਤ ਦਾ ਅਲੋਚਨਾਤਮਕ ਯਥਾਰਥਵਾਦੀ ਚਿਤਰਣ ਹਾਵੀ ਹੈ।

ਵਿਆਪਕ ਆਮ ਜਨਤਾ ਤੱਕ ਪਹੁੰਚ ਲਈ ਜਿਆਦਾ ਸੰਚਾਰ ਵਾਲਾ ਅਤੇ ਸਰਲ ਭਾਸ਼ਾ ਵਿਚ ਲਿਖਣ ਦੀ ਲੋੜ ਤਾਲਸਤਾਏ ਲੰਮੇ ਸਮੇਂ ਤੋਂ ਮਹਿਸੂਸ ਕਰ ਰਹੇ ਸਨ। ਇਸ ਨੂੰ ਮੂਰਤ ਰੂਪ ਦਿੰਦੇ ਹੋਏ 1880 ਅਤੇ 1890 ਦੇ ਦਹਾਕੇ ਵਿਚ ਉਨ੍ਹਾਂ ਨੇ ‘ਲੋਕ ਕਿੰਝ ਜ਼ਿੰਦਾ ਰਹਿੰਦੇ ਹਨ’, ‘ਮੋਮਬੱਤੀ’, ‘ਦੋ ਬੁੱਢੇ ਆਦਮੀ’ ਅਤੇ ‘ਇੱਕ ਆਦਮੀ ਨੂੰ ਕਿੰਨੀ ਜਮੀਨ ਚਾਹੀਦੀ ਹੈ’ ਜਿਹੀਆਂ ਲੋਕ ਕਥਾ ਜਿਹੀਆਂ ਨੀਤੀ ਕਥਾਵਾਂ ਅਤੇ ‘ਮਾਲਕ ਅਤੇ ਆਦਮੀ’ ਜਿਹੀ ਕਹਾਣੀ ਲਿਖੀ। 

1880 ਦੇ ਦਹਾਕੇ ਵਿਚ ਤਾਲਸਤਾਏ ਨੇ ਨਾਟਕ ਦੇ ਖੇਤਰ ਵਿਚ ਵੀ ਕੁਝ ਗੰਭੀਰ ਕੰਮ ਕੀਤਾ। 1887 ਵਿਚ ਪ੍ਰਕਾਸ਼ਤ ਪ੍ਰਯੋਗਵਾਦੀ ਨਾਟਕ ‘ਹਨੇਰੇ ਦੀ ਤਾਕਤ’ ਲੋਕ ਸ਼ੈਲੀ ਵਿਚ ਲਿਖਿਆ ਹੈ ਜਿਹੜਾ ਪੇਂਡੂ ਅਤੇ ਸ਼ਹਿਰੀ ਸੱਭਿਅਤਾ ਦੇ ਮਾੜੇ ਪ੍ਰਭਾਵਾਂ ਦਾ ਯਥਾਰਥਵਾਦੀ ਚਿਤਰਣ ਕਰਦਾ ਹੈ। ਦੂਜਾ ਨਾਟਕ ‘ਪ੍ਰਬੋਧਨ ਦੇ ਫ਼ਲ’ (1886-90, 1891 ਵਿਚ ਪ੍ਰਕਾਸ਼ਤ) ਇੱਕ ਸੁਖਾਂਤ ਹੈ ਜਿਸ ਵਿਚ ਇੱਕ ਜਗੀਰ ਦੇ ਨਿਠੱਲੇ ਮਾਲਕਾਂ ਦੀ ਨੈਤਿਕਤਾ, ਉਨ੍ਹਾਂ ਦੇ ਝੱਕੀਪਨ, ਸਨਕ ਅਤੇ ਸਮਾਂ ਬਿਤਾਉਣ ਦੇ ਤੌਰ ਤਰੀਕਿਆਂ ਨੂੰ ਪੇਸ਼ ਕੀਤਾ ਗਿਆ ਹੈ ਜਿਹੜਾ ਕਿਸਾਨਾਂ ਦੀ ਗਰੀਬੀ ਅਤੇ ਔਖੇ ਜੀਵਨ ਦੀ ਪਿੱਠਭੂਮੀ ਵਿਚ ਭੱਦੇ-ਅਸ਼ਲੀਲ ਅਤੇ ਅਪਮਾਨਜਨਕ ਲਗਦੇ ਹਨ। 

1890 ਦੇ ਦਹਾਕੇ ਵਿਚ ਤਾਲਸਤਾਏ ਨੇ ਕਲਾ ਅਤੇ ਸੁਹਜ਼ਸ਼ਾਸਤਰ ਵਿਸ਼ੇ ਨਾਲ਼ ਸੰਬੰਧਤ ਆਪਣੇ ਵਿਚਾਰਾਂ ਨੂੰ ਸੂਤਰਵੱਧ ਕਰਦੇ ਹੋਏ ਉਨ੍ਹਾਂ ਦੇ ਸਿਧਾਂਤੀਕਰਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਨਿੱਘਰ ਰਹੀ ਕਲਾ ਦੇ ਬਰਾਬਰ ਉਸ ਕਲਾ ਨੂੰ ਖੜ੍ਹਾ ਕੀਤਾ ਜਿਸਦਾ ਤੱਤ ਗੰਭੀਰ ਹੋਵੇ ਅਤੇ ਜਿਨ੍ਹਾਂ ਦੇ ਉੱਚ-ਉਦਾਤ ਨੈਤਿਕ ਧਾਰਮਕ ਆਦਰਸ਼ ਹੋਣ। ਆਪਣੇ ਪ੍ਰਸਿਧ ਲੇਖ ‘ਕਲਾ ਕੀ ਹੈ’ (1897-98) ਵਿਚ ਉਨ੍ਹਾਂ ਨੇ ਕਲਾ ਦੁਆਰਾ ਪ੍ਰੇਰਨਾ ਅਤੇ ਮੇਲ ਜੋਲ ਦੇ ਪ੍ਰਭਾਵ ਦਾ ਸਿਧਾਂਤ ਜਿਸ ਦੇ ਅਨੁਸਾਰ, ਕਲਾ ਵਿਚ, ਲੇਖਕ ਜਾਂ ਕਲਾਕਾਰ ਲਾਈਨਾਂ, ਅਵਾਜ਼ਾ, ਰੰਗਾਂ ਅਤੇ ਬਿੰਬਾਂ ਦੇ ਰਾਹੀਂ ਆਪਣੀਆਂ ਅਨੁਭੂਤੀਆਂ ਨੂੰ ਸੰਚਾਰਤ-ਸੰਕਰਮਿਤ ਕਰਦਾ ਹੈ ਅਤੇ ਪਾਠਕ-ਦਰਸ਼ਕ-ਸ੍ਰੋਤੇ ਤੱਕ ਸੰਚਾਰਿਤ ਇਹ ਅਨੁਭੂਤੀਆਂ ਉਨ੍ਹਾਂ ਦੇ ਆਪਣੇ ਭਾਵਨਾਤਮਕ ਅਨੁਭਵ ਦੀ ਬੁਨਿਆਦ ਬਣ ਜਾਂਦੀ ਹੈ। ਤਾਲਸਤਾਏ ਦੇ ਅਨੁਸਾਰ, ”ਕਲਾ ਦੀ ਮੁੱਖ ਮਹੱਤਤਾ ਇਹ ਹੈ ਕਿ ਇਹ ਜਨਤਾ ਨੂੰ ਜੋੜਦੀ ਹੈ।”

1884 ਵਿਚ ਤਾਲਸਤਾਏ ਦੇ ਚੇਲੇ ਅਤੇ ਦੋਸਤ ਚੇਤਰਕੋਵ ਅਤੇ ਗੋਬੁਰਨੋਵ-ਪੋਮਾਦੋਵ ਨੇ ਆਮ ਲੋਕਾਂ ਤੱਕ ਤਾਲਸਤਾਏ ਪੰਥੀ ਵਿਚਾਰਾਂ ਨੂੰ ਪੰਹੁਚਾਉਣ ਦੇ ਲਈ ਇੱਕ ਪ੍ਰਕਾਸ਼ਨ ਗ੍ਰਹਿ ਖੋਲਿਆ ਜਿਸ ਵਿਚ ਉਨ੍ਹਾਂ ਨੇ ਭਰਭੂਰ ਮੱਦਦ ਕੀਤੀ। ਰੂਸ ਵਿਚ ਸਖ਼ਤ ਸੈਂਸਰਸ਼ਿਪ ਕਾਰਣ ਤਾਲਸਤਾਏ ਦੀਆਂ ਬਹੁਤੀਆਂ ਰਚਨਾਵਾਂ ਜਨੇਵਾ ਅਤੇ ਲੰਡਨ ਵਿਚ ਛਪੀਆਂ। 1891,1893 ਅਤੇ 1894 ਵਿਚ ਤਾਲਸਤਾਏ ਨੇ ਰੂਸ ਦੇ ਅਕਾਲ ਪੀੜਤ ਰਾਜਾਂ ਵਿਚ ਕਿਸਾਨਾਂ ਦੇ ਲਈ ਰਾਹਤ ਕੰਮ ਜਥੇਬੰਦ ਕਰਨ ਵਿਚ ਹਿੱਸਾ ਲਿਆ। ਅਲੈਗਜੈਂਡਰ ਤੀਜੇ ਨਿਕੋਲਸ ਦੂਜੇ ਨੂੰ ਲਿਖੇ ਗਏ ਆਪਣੇ ਖ਼ਤਾਂ ਵਿਚ ਉਨ੍ਹਾਂ ਨੇ ਨਿਰੰਕੁਸ਼ ਮਨਮਾਨੇ ਦਮਨ ਅਤੇ ਸੱਤਾ ਦੇ ਮਨਮਾਨੇਪਨ ਦੇ ਖਿਲਾਫ਼ ਆਪਣਾ ਵਿਰੋਧ ਤਿੱਖੇ ਰੂਪ ਵਿਚ ਪ੍ਰਗਟ ਕੀਤਾ। 

1890 ਦੇ ਦਹਾਕੇ ਤੱਕ ਯਾਸਨਾਇਆ ਪੋਲਿਅਨਾ ਨਾ ਸਿਰਫ ਰੂਸੀ ਸਗੋਂ ਪੂਰੀ ਦੁਨੀਆਂ ਦੇ ਸਾਹਿਤਕਾਰਾਂ-ਸੱਭਿਆਚਾਰਕ ਕਾਮਿਆਂ ਦੇ ਲਈ ਇੱਕ ਤੀਰਥ ਬਣ ਚੁੱਕਿਆ ਸੀ। 1890 ਦੇ ਦਹਾਕੇ ਵਿਚ ਤਾਲਸਤਾਏ ਦੀ ਪ੍ਰਮੁੱਖ ਰਚਨਾ ਉਹਨਾਂ ਦਾ ਤੀਜਾ ਸੰਸਾਰ ਪ੍ਰਸਿਧ ਨਾਵਲ ‘ਮੋਇਆਂ ਦੀ ਜਾਗ’ (1889-90) ਹੈ ਜਿਸਦਾ ਪਲਾਟ ਇੱਕ ਅਸਲੀ ਮੁਕੱਦਮੇ ‘ਤੇ ਅਧਾਰਤ ਹੈ। ਨਾਵਲ ਦਾ ਨਾਇਕ ਇੱਕ ਕੁਲੀਨ ਜਗੀਰਦਾਰ ਦਮਿਤ੍ਰੀ ਨੇਖਲੂਦੋਵ ਹੈ ਜੋ ਕਾਤਯੂਸ਼ਾ ਮਾਸਲੋਵਾ ਨਾਂ ਦੀ ਇੱਕ ਵੇਸ਼ੀਆ ‘ਤੇ ਚਲਾਏ ਜਾਣ ਵਾਲੇ ਮੁਕੱਦਮੇ ਵਿਚ ਜਿਉਰੀ ਦਾ ਮੈਂਬਰ ਹੈ। ਉਹ ਕਾਤਯੂਸ਼ਾ ਨੂੰ ਅਚਾਨਕ ਪਛਾਣ ਲੈਂਦਾ ਹੈ। ਕਦੀਂ ਉਹ ਇੱਕ ਮਾਸੂਮ ਗਰੀਬ ਕੁੜੀ ਦੇ ਰੂਪ ਵਿਚ ਨੇਖਲੂਦੋਵ ਦੀ ਜਗੀਰ ਵਿਚ ਲਿਆਂਦੀ ਗਈ ਗਈ ਸੀ ਅਤੇ ਨੇਖਲੂਦੋਵ ਨੇ ਉੁਸਦਾ ਯੌਨ ਸ਼ੋਸ਼ਣ ਕੀਤਾ ਸੀ। ਨੇਖਲੂਦੋਵ ਕਾਤਯੂਸ਼ਾ ਦੀ ਜਿੰਦਗੀ ਨੂੰ ਪਤਨ ਦੀ ਰਾਹ ‘ਤੇ ਧੱਕਣ ਦੇ ਲਈ ਖੁਦ ਨੂੰ ਜਿੰਮੇਵਾਰ ਮਹਿਸੂਸ ਕਰਦਾ ਹੈ ਅਤੇ ਉਸਦੀ ਅੰਤਰਆਤਮਾ ਉਸਨੂੰ ਧਿੱਕਾਰਨ ਲਗਦੀ ਹੈ। ਕਾਤਯੂਸ਼ਾ ਨੂੰ ਜਦ ਸਾਈਬ੍ਰੇਰੀਆ ਨਿਕਾਲੇ ਦੀ ਸਜ਼ਾ ਮਿਲ ਜਾਂਦੀ ਹੈ ਤਾਂ ਨੇਖਲੂਦੋਵ ਅਪਣੀ ਅਰਾਮ ਦੀ ਜਿੰਦਗੀ ਛੱਡਕੇ ਉਸਦੇ ਪਿੱਛੇ ਜਾਣ ਦਾ ਅਤੇ ਜੇ ਉਹ ਰਾਜ਼ੀ ਹੋਵੇ ਤਾਂ ਉਸ ਨਾਲ਼ ਵਿਆਹ ਕਰਨ ਦਾ ਫੈਸਲਾ ਕਰਦਾ ਹੈ। ਨਾਵਲ ਦੇ ਇੱਕ ਮਹੱਤਵਪੂਰਣ ਸੰਵਾਦ ਵਿਚ ਕਾਤਯੂਸ਼ਾ ਨੇਖਲੂਦੋਵ ਨੂੰ ਫਟਕਾਰ ਲਗਉਂਦੀ ਹੈ ਕਿ ਇੱਕ ਵਾਰ ਤਾਂ ਉਸਨੂੰ ਆਨੰਦ ਉਪਭੋਗ ਦੇ ਲਈ ਵਰਤਿਆ ਅਤੇ ਹੁਣ ਉਸੇ ਦੇ ਰਾਹੀਂ ਆਪਣੀ ਮੁਕਤੀ ਚਾਹੰਦਾ ਹੈ। ਉਹ ਵਿਆਹ ਤੋਂ ਇਨਕਾਰ ਕਰਦੀ ਦਿੰਦੀ ਹੈ। ਇਸ ਪੂਰੀ ਪ੍ਰਕਿਰਿਆ ਵਿਚ, ਤਾਲਸਤਾਏ ਦੀ ਕਾਢ ਕਾਤਯੂਸ਼ਾ ਦੇ ਅੰਦਰੂਨੀ ਪੁਨਰਉਥਾਨ ਦੀ ਗਾਥਾ ਹੈ। ਨਾਲ਼ ਹੀ ਪ੍ਰਿਸ ਨੇਖਲੂਦੋਵ ਦਾ ਵੀ ਇੱਕ ਤਰ੍ਹਾਂ ਨਾਲ਼ ਨੈਤਿਕ ਪੁਨਰਜਨਮ ਹੁੰਦਾ ਹੈ। ‘ਮੋਇਆਂ ਦੀ ਜਾਗ’ ਇੱਕ ਨਵੀਂ ਤਰ੍ਹਾਂ ਦਾ ਨਾਵਲ ਸੀ ਜਿਸ ਵਿਚ ਪਤਰਾਂ ਦੇ ਡੂੰਘੇ ਆਤਮ ਸੰਘਰਸ਼ ਅਤੇ ਰੂਪਾਂਤਰਣ ਦੇ ਨਾਲ਼ ਹੀ। ਸੇਂਟ ਪੀਟਰਜ਼ਬਰਗ ਦੇ ਦਰਬਾਰ ਦੇ ਲੋਕਾਂ ਅਤੇ ਪੇਂਡੂ ਕੁਲੀਨਾਂ ਤੋਂ ਲੈ ਕੇ ਕਿਸਾਨਾਂ, ਕੈਦੀਆਂ ਅਤੇ ਸਾਈਬ੍ਰੇਰੀਆ ਨਿਕਾਲੇ ‘ਤੇ ਜਾ ਰਹੇ ਕੈਦੀਆਂ ਦੇ ਚਰਿੱਤਰਾਂ ਦੇ ਰਾਹੀਂ ਵੇਲੇ ਦੇ ਰੂਸ ਦੇ ਸਮੁੱਚੇ, ਭਿੰਨਤਾ ਪੂਰਨ ਸਮਾਜਕ ਦ੍ਰਿਸ਼ ਨੂੰ ਇੱਕ ਇਤਿਹਾਸਕਾਰ-ਸਦ੍ਰਿਸ਼ ਬਾਹਰਮੁਖੱਤਾ ਅਤੇ ਅਧਿਕਾਰਤਾ ਨਾਲ਼ ਪੇਸ਼ ਕਰ ਦਿੱਤਾ ਹੈ। ਕਾਤਯੂਸ਼ਾ ਦਾ ਮੁਕੱਦਮਾਂ ਅਤੇ ਉਸ ਵਿਚ ਜਿਉਰੀ ਦੇ ਮੈਂਬਰ ਦੇ ਰੂਪ ਵਿਚ ਨੇਖਲੂਦੋਵ ਦੀ ਹਾਜ਼ਰੀ ਸਮਾਜਕ ਅਨਿਆ ‘ਤੇ ਅਧਾਰਤ ਜੀਵਨ ਦੀ ਨਿਰਅਰਥਕਤਾ ਅਤੇ ਨਿਆ ਪ੍ਰਬੰਧ ਦੀ ਕਰੂਪਤਾ ਨੂੰ ਇੱਕਦਮ ਨੰਗਾ ਕਰ ਦਿੰਦੀ ਹੈ।

‘ਮੋਇਆਂ ਦੀ ਜਾਗ’ ਵਿਚ ਤਾਲਸਤਾਏ ਸਰਕਾਰ, ਅਦਾਲਤਾਂ, ਚਰਚ, ਕੁਲੀਨ ਭੂਮੀਪਤੀਆਂ ਦੇ ਵਿਸ਼ੇਸ਼ ਅਧਿਕਾਰਾਂ, ਜਮੀਨ ਦੀ ਨਿੱਜੀ ਮਾਲਕੀ, ਮੁੱਦਰਾ, ਜੇਲਾਂ ਅਤੇ ਵੇਸ਼ਿਆਵ੍ਰਿਤੀ ਦੀ ਦਿਲ ਨੂੰ ਛੂਹ ਲੈਣ ਵਾਲੀ ਅਲੋਚਨਾ ਕਰਦੇ ਹਨ। ਅਮੀਰ ਅਤੇ ਤਾਕਤਵਰ ਲੋਕਾਂ ਦੁਆਰਾ ਸਤਾਏ ਗਈ ਹੇਠਲੀ ਜਮਾਤ ਦੇ ਲਈ ਹਮਦਰਦੀ ਦੇ ਪਰਦਰਸ਼ਨ ‘ਤੇ ਨਾਵਲ ਤਿੱਖਾ ਵਿਅੰਗ ਕਰਦਾ ਹੈ। ਕਿਸਾਨਾਂ, ਇਨਕਲਾਬੀਆਂ ਅਤੇ ਜਲਾਵਤਨ ਅਪਰਾਧੀਆਂ ਸਮੇਤ ਆਮ ਲੋਕਾਂ ਦਾ ਚਿਤਰਣ ਕਰਦੇ ਹੋਏ ਤਾਲਸਤਾਏ ਦਾ ਜੋਰ ਇਸ ਗੱਲ ‘ਤੇ ਹੈ ਕਿ ਲਤਾੜਨ ਅਤੇ ਹੱਕਹੀਣਤਾ ਨੇ ਆਮ ਲੋਕਾਂ ਦੀਆਂ ਆਤਮਕ ਸ਼ਕਤੀਆਂ ਨੂੰ ਅਪੰਗ ਬਣਾ ਦਿੱਤਾ ਹੈ। ‘ਮੋਇਆਂ ਦੀ ਜਾਗ’  ਵਿਚ ਚਰਚ ਦੀਆਂ ਰਸਮਾਂ ਨੂੰ ਹਮਲੇ ਦਾ ਨਿਸ਼ਾਨਾ ਬਨਾਉਣ ਦੇ ਕਾਰਨ ਅਤੇ 1901 ਵਿਚ ਰੂਸੀ ਆਰਥੋਡਾਕਸ ਚਰਚ ਦੀ ‘ਪਵਿੱਤਰ ਧਰਮਸਭਾ’ ਨੇ ਤਾਲਸਤਾਏ ਨੂੰ ਪੰਥ ‘ਚੋਂ ਬਾਹਰ ਕੱਢ ਦਿੱਤਾ।

ਵੀਹਵੀਂ ਸਦੀ ਦੀਆਂ ਬਰੂਹਾਂ ‘ਤੇ, ਸਮਾਜ ਵਿਚ ਜਿਸ ਵੱਧਦੇ ਡੂੰਘੇ ਹੁੰਦੇ ਅਲਗਾਓ ਦੇ ਤਾਲਸਤਾਏ ਗਵਾਹ ਬਣ ਰਹੇ ਸਨ, ਉਸਨੇ ਉਹਨਾਂ ਦੀਆਂ ਨਿੱਜੀ ਅਤੇ ਨੈਤਿਕ ਜੁੰਮੇਵਾਰੀਆਂ ਅਤੇ ਸਮਾਜਕ ਚਿੰਤਾਵਾਂ ਸਰੋਕਾਰਾਂ ਨੂੰ ਹੋਰ ਜਿਆਦਾ ਡੂੰਘਾ-ਗੰਭੀਰ ਬਨਾਉਣ ਦਾ ਕੰਮ ਕੀਤਾ। ਇਸ ਪ੍ਰਕਿਰਿਆ ਨੇ ਤਿੱਖੇ ਅੰਦਰੂਨੀ ਸੰਤਾਪ, ਪ੍ਰਬੋਧਨ ਜਾਂ ਗਿਆਨ ਪ੍ਰਾਪਤੀ ਦੇ ਦੌਰਾਂ ਅਤੇ ਨੈਤਿਕ ਸੰਕਟਾਂ ‘ਚੋਂ ਲੰਘਣ ਦੇ ਬਾਅਦ ਤਾਲਸਤਾਏ ਨੂੰ ਉਥੇ ਪਹੰਚਾ ਦਿੱਤਾ ਜਿੱਥੇ ਉਹ ਆਪਣੇ ਹੀ ਆਲੇ ਦੁਆਲੇ ਨਾਲ਼ੋਂ ਹੀ ਬੇਗਾਨੇ ਹੋ ਗਏ। ਜੀਵਨ ਦੇ ਵੱਖ ਵੱਖ ਦਾਇਰਿਆਂ ਨਾਲ਼ ਗੱਲਬਾਤ ਕਰਾਂਉਦੀਆਂ ਘਟਨਾਵਾਂ ਦੀ ਲੜੀ ਦਾ ਪ੍ਰਯੋਗ ਅਤੇ ਨਾਇਕਾਂ ਦੀਆਂ ਨਵੀਆਂ ਟਾਈਪਾਂ ਦਾ ਸਿਰਜਣ-ਤਾਲਸਤਾਏ ਦੀਆਂ ਇਸ ਦੌਰ ਦੀਆਂ ਰਚਨਾਵਾਂ ਦੀ ਲੱਛਣੀ ਵਿਸ਼ੇਸ਼ਤਾ ਹੈ। ਇਸਦੇ ਪ੍ਰਤੀਨਿਧ ਉਦਾਹਰਣ ‘ਮੋਇਆਂ ਦੀ ਜਾਗ’ ਦੇ ਇਲਾਵਾ ‘ਹਾਜ਼ੀ ਮੁਰਾਦ’ (1896-1904, 1912 ਵਿਚ ਪ੍ਰਕਾਸ਼ਤ), ਨਕਲੀ ਕੂਪਨ (1902-1904, 1911 ਵਿਚ ਪ੍ਰਕਾਸ਼ਤ) ਅਤੇ ਅਧੂਰੀ ਕਥਾ ‘ਕੋਈ ਵਿਅਕਤੀ ਦੋਸ਼ੀ ਨਹੀਂ’ (1911 ਵਿਚ ਪ੍ਰਕਾਸ਼ਤ) ਹਨ।

ਇਸ ਦੌਰ ਦੀਆਂ ਤਾਲਸਤਾਏ ਦੀਆਂ ਕੁਝ ਹੋਰ ਰਚਨਾਵਾਂ ਦੇ ਪਲਾਟ ਪੂਰਵ-ਧਾਰਨਾਵਾਂ ਦੇ ਤਿਆਗ, ਅਚਾਨਕ ਅਤੇ ਜਬਰਦਸਤ ਨਿੱਜੀ ਸੰਕਟ ਅਤੇ ਇੱਕ ਨਵੇਂ ਵਿਸ਼ਵਾਸ ਵਲ ਝੁਕਾਅ ਜਿਹੀਆਂ ਘਟਨਾਵਾਂ ਅਤੇ ਪ੍ਰਵਿਰਤੀਆਂ ਨਾਲ਼ ਗੁੱਧੇ-ਬੁਣੇ ਹਨ। ਫਾਦਰ ਸੇਰਜਿਅਸ (1890-98, 1912 ਵਿਚ ਪ੍ਰਕਾਸ਼ਤ), ਸਜੀਵ ਮੁਰਦਾ (1900, 1911 ਵਿਚ ਪ੍ਰਕਾਸ਼ਤ), ਨਾਚ ਦੇ ਬਾਅਦ (1903, 1911 ਵਿਚ ਪ੍ਰਕਾਸ਼ਤ) ਅਤੇ ‘ਬੜੇਫੇਦੋਰ ਕੁਜਮਿਚ ਦੀਆਂ ਮਰਨੋ ਬਾਅਦ ਪ੍ਰਕਾਸ਼ਤ ਟਿੱਪਣੀਆਂ’ (1905-1912 ਵਿਚ ਪ੍ਰਕਾਸ਼ਤ) ਅਜਿਹੀਆਂ ਰਚਨਾਵਾਂ ਦੀਆਂ ਪ੍ਰਤਾਨਿਧ ਉਦਾਹਰਣਾਂ ਹਨ।

‘ਹਾਜ਼ੀ ਮੁਰਾਦ’ ਨਾਵਲਿਟ ਅਤੇ ‘ਸਜੀਵ ਮੁਰਦਾ’ ਨਾਟਕ ਤਾਲਸਤਾਏ ਦੇ ਜੀਵਨ ਦੀ ਸ਼ਾਮ ਦੀਆਂ ਆਖਰੀ ਮਹੱਤਵਪੂਰਣ ਰਚਨਾਵਾਂ ਮੰਨੀਆਂ ਜਾ ਸਕਦੀਆਂ ਹਨ। ‘ਹਾਜ਼ੀ ਮੁਰਾਦ’ ਵਿਚ ਤਾਲਸਤਾਏ ਇੱਕ ਕਾਕੇਸ਼ਿਅਨ ਆਗੂ ਸ਼ਮੀਲ ਅਤੇ ਨਿਕੋਲਸ ਪਹਿਲੇ ਦੀ ਮਨਮਾਨੀ ਨਿਰੰਕੁਸ਼ਤਾ ਦੀ ਓਨੀ ਹੀ ਤਿੱਖੀ ਅਲੋਚਨਾ ਕਰਦੇ ਹਨ ਅਤੇ ਆਪਣੇ ਸ਼ੁਰੂਆਤੀ ਨਾਵਲਿਟ ‘ਕਜ਼ਾਕ’ ਦੇ ਹੀ ਵਾਂਗ ਇੱਕ ਪ੍ਰਕਿਰਤਕ ਮਨੁੱਖ ਦੇ ਕੁਦਰਤੀਪਣ ਅਤੇ ਸ਼ੁੱਧਤਾ ‘ਤੇ ਜੋਰ ਦਿੰਦੇ ਹਨ। ਜਿਕਰ ਯੋਗ ਹੈ ਕਿ ਇਸ ਰਚਨਾ ਵਿਚ ਗੈਰ ਸਰਗਰਮ ਅਪ੍ਰਤੀਰੋਧ ਦੇ ਆਪਣੇ ਹੀ ਸਿਧਾਂਤ ਦੇ ਖਿਲਾਫ ਖੜੇ ਹੁੰਦੇ ਹੋਏ ਤਾਲਤਾਏ ਜੀਵਨ ਦੇ ਲਈ ਪਿਆਰ ਦੇ ਨਾਲ਼ ਹੀ ਦਲੇਰ ਸੰਘਰਸ਼ ਅਤੇ ਬਦਲੇ ਦੇ ਮਾਣ ਦਾ ਵੀ ਵਖਾਨ ਕਰਦੇ ਹਨ। ‘ਸਜੀਵ ਮੁਰਦਾ’ ਇੱਕ ਪ੍ਰਯੋਗਵਾਦੀ ਨਾਟਕ ਰਚਨਾ ਹੈ ਜੋ ਫੇਦਿਆ ਪ੍ਰੋਤਾਸੋਵ ਦੁਆਰਾ ਪਰਿਵਾਰ ਅਤੇ ਆਲੇ ਦੁਆਲੇ ਦੇ ਤਿਆਗ ਦੀ ਕਹਾਣੀ ਹੈ, ਜਿੱਥੇ ਰਹਿਣ ਵਿਚ ਉਸਨੂੰ ਸ਼ਰਮ ਮਹਿਸੂਸ ਹੋਣ ਲੱਗੀ ਹੈ। ‘ਸਬਟੈਕਸਚੁਅਲ’ ਮਨੋਵਿਗਿਆਨਕ ਪੱਧਰ ਅਤੇ ਬਹੁਪੱਧਰੀ ਸੰਵਾਦ ਦੇ ਸੰਦਰਭ ਵਿਚ ਇਸ ਨਾਟਕ ਦੀਆਂ ਚੈਖਵ ਦੇ ਨਾਟਕਾਂ ਨਾਲ਼ ਕੁਝ ਸਮਾਨਤਾਵਾਂ ਚਿੰਨ੍ਹਤ ਕੀਤੀਆਂ ਜਾ ਸਕਦੀਆਂ ਹਨ।

ਆਪਣੇ ਜੀਵਨ ਦੇ ਅੰਤਮ ਦਹਾਕੇ ਦੌਰਾਨ ਤਾਲਸਤਾਏ ਸਾਹਿਤਕ ਯਥਾਰਥਵਾਦ ਦਾ ਐਲਾਨੀਆ ਪੱਖ ਲੈਣ ਦਾ ਨਾਲ਼ ਹੀ ਪਤਨਸ਼ੀਲ ਬੁਰਜੂਆ ਕਲਾਤਮਕ ਪ੍ਰਵਿਰਤੀਆਂ ਰੁਝਾਨਾਂ ਦਾ ਤਿੱਖਾ ਵਿਰੋਧ ਕਰ ਰਹੇ ਹਨ। ਰੂਸੀ ਸਾਹਿਤ ਦੇ ਉਹ ਨਿਰਵਿਵਾਦ ਸਿਖਰਲੇ ਵਿਅਕਤੀਤਵ ਸਨ। ਕੋਰੋਲੋਂਕੋ, ਚੈਖਵ, ਗੋਰਕੀ ਆਦਿ ਨਾਲ਼ ਉਹਨਾਂ ਦੇ ਨੇੜਲੇ ਭਾਵਨਾਤਮਕ ਸੰਬੰਧ ਸਨ। ਵੱਖ ਵੱਖ ਸਮਾਜਕ-ਰਾਜਨੀਤਕ ਮੁੱਦਿਆਂ ‘ਤੇ ਅਪੀਲ ਜਾਰੀ ਕਰਨ ਅਤੇ ਲੇਖ ਲਿਖਣ ਜਿਹੀਆਂ ਉਹਨਾਂ ਦੀਆਂ ਪ੍ਰਚਾਰਾਤਮਕ ਸਰਗਰਮੀਆਂ ਲਗਾਤਾਰ ਜਾਰੀ ਸਨ। 

ਤਾਲਸਤਾਏ ਪੰਥ ਜਦ ਇੱਕ ਸੰਸਾਰ ਪ੍ਰਸਿਧ ਸਿਧਾਂਤ ਦੇ ਰੂਪ ਵਿਚ ਸਥਾਪਤ ਹੋ ਰਿਹਾ ਸੀ, ਤਦ ਤੱਕ ਖੁਦ ਤਾਲਸਤਾਏ ਹੀ ਉਸਦੀ ਸਾਰਥਕਤਾ ਅਤੇ ਤਰਕਸੰਗਤੀ ਬਾਰੇ ਸ਼ੰਕਾ ਪ੍ਰਗਟ ਕਰ ਰਹੇ ਸਨ। 1905-07 ਦੇ ਪਹਿਲੇ ਰੂਸੀ ਇਨਕਲਾਬ ਦੀ ਵਲ ਵਧ ਰਹੇ ਘਟਨਾ ਪ੍ਰਵਾਹ ਉਹਨਾਂ ਦੇ ਪਿੱਤਰ ਸੱਤਾਵਾਦੀ ਆਦਰਸ਼ਾਂ ਦੇ ਲਈ ਫੈਸਲਾਕੁੰਨ ਪ੍ਰੀਖਿਆ ਦਾ ਸਮਾਂ ਸੀ। 1908 ਵਿਚ ਮੌਤ ਦੀ ਸਜਾ ਦੇ ਖਿਲਾਫ ਜੋਰਦਾਰ ਸ਼ਬਦਾਂ ਵਿਚ ਵਿਰੋਧ ਪ੍ਰਗਟ ਕਰਦੇ ਹੋਏ ਉਹਨਾਂ ਨੇ ਆਪਣਾ ਸੰਸਾਰ ਪ੍ਰਸਿਧ ਲੇਖ ਲਿਖਿਆ ਸੀ – ’ਮੈਂ’ਤੁਸੀਂ ਚੁੱਪ ਨਹੀਂ ਰਹਿ ਸਕਦਾ।’ 

ਯਾਸਨਾਆ ਪੋਲਆਨਾ ਵਿਚ ਆਪਣੇ ਜੀਵਨ ਦੇ ਅੰਤਮ ਸਾਲਾਂ ਵਿਚ ਤਾਲਸਤਾਏ ਵੀ ਕੁਝ ਕੁਝ ਆਪਣੇ ਨਾਟਕ  ‘ਸਜੀਵ ਮੁਰਦਾ’ ਦੇ ਨਾਇਕ ਫੇਦਿਆ ਪ੍ਰੋਤਾਸੋਵ ਜਿਹਾ ਮਹਿਸੂਸ ਕਰਨ ਲੱਗੇ ਸਨ। ਡੂੰਘੇ ਹੁੰਦੇ ਪਰਿਵਾਰਕ ਝਗੜੇ ਵਿਚ ਇੱਕ ਪਾਸੇ ਉਹਨਾਂ ਦੀ ਪਤਨੀ ਸੀ, ਦੂਜੇ ਪਾਸੇ ਬਾਕੀ ਪਰਿਵਾਰ। ਜਗੀਰ ਵਿਚ ਜਿੰਦਗੀ ਦੇ ਇਸ ਢਰ੍ਹੇ ਤੋਂ ਤੰਗ ਆ ਕੇ ਅਤੇ ਆਪਣੇ ਵਿਸ਼ਵਾਸ ਦੇ ਨਾਲ਼ ਆਪਣੀ ਜੀਵਨ ਸ਼ੈਲੀ ਦੀ ਸੰਗਤੀ ਬਿਠਾਉਣ ਦੇ ਉਦੇਸ਼ ਨਾਲ਼ ਤਾਲਸਤਾਏ ਨੇ 10 ਨਵੰਬਰ (ਪੁਰਾਣੇ ਕਲੰਡਰ ਦੇ ਹਿਸਾਬ ਨਾਲ਼ 28 ਅਕਤੂਬਰ), 1910 ਨੂੰ ਗੁਪਤ ਰੂਪ ਵਿਚ ਯਾਸਨਾਆ ਪੋਲਆਨਾ ਨੂੰ ਛੱਡ ਦਿੱਤਾ। ਯਾਤਰਾ ਦੌਰਾਨ ਠੰਡ ਲੱਗ ਜਾਣ ਨਾਲ਼ ਉਹ ਬਿਮਾਰ ਪੈ ਗਏ ਅਤੇ 20 ਨਵੰਬਰ (ਪੁਰਾਣੇ ਕਲੰਡਰ ਦੇ ਹਿਸਾਬ ਨਾਲ਼, 7 ਨਵੰਬਰ), 1910 ਨੂੰ ਅਸਤਾਪੋਵੋ ਰੇਲਵੇ ਸਟੇਸ਼ਨ ‘ਤੇ ਉਹਨਾਂ ਦੀ ਮੌਤ ਹੋ ਗਈ। 

ਆਪਣੇ ਪਹਿਲੇ ਸਾਹਿਤਕ ਦੌਰ ਵਿਚ, ‘ਯੁੱਧ ਅਤੇ ਸ਼ਾਤੀ’ ‘ਤੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ, ਤਾਲਸਤਾਏ ਨੇ ਕਥਾ ਲੇਖਣ ਦੀ ਇੱਕ ਨਵੀਂ ਵਿਧਾ ਦੇ ਨਾਲ਼ ਪ੍ਰਯੋਗ ਕੀਤਾ ਜਿਹੜੀ ਕਹਾਣੀ ਤੋਂ ਤਾਂ ਲੰਮੀ ਸੀ ਪਰ ਨਾਵਲ ਦੇ ਮੁਕਾਬਲੇ ਕਾਫੀ ਛੋਟੀ। ਰੂਸ ਵਿਚ ਇਸ ਸ਼ੈਲੀ ਦੇ ਲਈ ਸ਼ਬਦ ਹੈ ‘ਪੋਵੇਸਤ’। ਸ਼ਬਦਕੋਸ਼ਾਂ ਵਿਚ ਇਸਦੀ ਪ੍ਰੀਭਾਸ਼ਾ ਇਸ ਰੂਪ ਵਿਚ ਹੈ- ‘ਬ੍ਰਿਤਾਂਤਕ ਪ੍ਰਕਿਰਤੀ ਦੀ ਸਾਹਿਤਕ ਰਚਨਾ ਜਿਹੜੀ ਅਕਾਰ ਵਿਚ ਨਾਵਲ ਨਾਲ਼ੋਂ ਛੋਟੀ ਹੋਵੇ।’ ਰੂਪ ਅਤੇ ਤੱਤ ਦੀ ਦ੍ਰਿਸ਼ਟੀ ਤੋਂ ‘ਲਘੂ ਨਾਵਲ’ ਇਨ੍ਹਾਂ ਰਚਨਾਵਾਂ ਲਈ ਸਭ ਤੋਂ ਉਚਿਤ ਸ਼ਬਦ ਹੈ। ਇਸ ਲਈ ਵੀ ਕਿ ਇਨ੍ਹਾਂ ਕਥਾਵਾਂ ਦੇ ਰਾਹੀਂ ਤੋਲਸਤਾਏ ਆਪਣੇ ਮਹਾਨ ਵੱਡੇ ਨਾਵਲਾਂ ਦੇ ਲਈ ਖੁਦ ਨੂੰ ਤਿਆਰ ਕਰ ਰਹੇ ਸਨ।

ਇਨ੍ਹਾਂ ਸ਼ੁਰੂਆਤੀ ਸਾਲਾਂ ਦੌਰਾਨ ਤਾਲਸਤਾਏ ਨੇ ਪੰਜ ਲਘੂ ਨਾਵਲ ਲਿਖੇ- ‘ਦੋ ਹੁਸਾਰ’, ‘ਇੱਕ ਜਮੀਂਦਾਰ ਦੀ ਸਵੇਰ’, ‘ਸੁਖੀ ਜੋੜਾ’, ਪੋਲਿਕੁਸ਼ਕਾ’ ਅਤੇ ‘ਕਜ਼ਾਕ’। ਇਸ ਦੇ ਇਲਾਵਾ ‘ਬਚਪਨ’, ‘ਅੱਲੜ ਉਮਰ’, ‘ਜਵਾਨੀ’ ਵੀ ਲਘੂ ਨਾਵਲਾਂ ਦੇ ਰੂਪ ਵਿਚ ਵੱਖਰੇ ਵੱਖਰੇ ਲਿਖੇ ਗਏ ਸਨ ਪਰ ਇਹ ਇੱਕ ਦੂਜੇ ਨਾਲ਼ ਜੁੜੇ ਹਨ ਅਤੇ ਇੱਕਠੇ ਲੈਣ ‘ਤੇ ਇਨ੍ਹਾਂ ਨੂੰ ਇੱਕ ਪੂਰਣ ਨਾਵਲ ਮੰਨਿਆ ਜਾ ਸਕਦਾ ਹੈ। ਅਕਸਰ ਇਹ ਇਸੇ ਰੂਪ ਵਿਚ ਪ੍ਰਕਾਸ਼ਤ ਹੁੰਦੇ ਹਨ।

ਸ਼ੁਰੂਆਤੀ ਲਘੂ ਨਾਵਲਾਂ ਵਿਚ ਸਭ ਤੋਂ ਪਹਿਲਾਂ ਲਿਖਿਆ ਗਿਆ ‘ਦੋ ਹੁਸੱਾਰ’ (1856) ਤਾਲਸਤਾਏ ਦੀ ਪਹਿਲੀ ਗਲਪ ਰਚਨਾ ਸੀ ਜਿਹੜੀ ਉਹਨਾਂ ਦੇ ਨਿੱਜੀ ਅਨੁਭਵਾਂ ‘ਤੇ ਆਧਾਰਤ ਵਿਸ਼ਾ ਵਸਤੂ ‘ਤੇ ਸੀ। ਪਿਤਾ ‘ਤੇ ਪੁੱਤਰ ਦੇ ਬਹੁਤ ਹੀ ਵੱਖਰੀਆਂ ਸ਼ਖਸੀਅਤਾਂ ਅਤੇ ਕਾਰਨਾਮਿਆਂ ਦੇ ਰੂਪ ਵਿਚ ਦੋ ਪੀੜ੍ਹੀਆਂ ਨੂੰ ਆਹਮਣੇ ਸਾਹਮਣੇ ਖੜ੍ਹਾ ਕਰਨ ਦੇ ਇਸ ਕਥਾ ਉਪਕਰਣ ਨੂੰ ਤਾਲਸਤਾਏ ਨੇ ਬਾਅਦ ਵਿਚ ਆਪਣੇ ਵੱਡੇ ਨਾਵਲਾਂ ਵਿਚ ਹੋਰ ਵਿਆਪਕ ਰੂਪ ਵਿਚ ਵੀ ਪ੍ਰਯੋਗ ਕੀਤਾ। ਇੱਕ ਛਬੀਲਾ, ਤੇਜ਼ ਤਰਾਰ, ਨੌਜੁਆਨ ਹੁਸਾਰ (ਘੁੜਸੁਆਰ ਫੌਜ਼ ਦਾ ਅਫਸਰ) ਕਾਓਟ ਫਯੋਦੋਰ ਤੁਰਬੀਨ ਇੱਕ ਰਾਤ ਦੇ ਲਈ ਇੱਕ ਪ੍ਰਾਂਤ ਦੇ ਕਸਬੇ ਵਿਚ ਆਉਂਦਾ ਹੈ ਅਤੇ ਆਪਣੀ ਜਾਂਬਾਜ਼ੀ, ਪਿਆਕੜੀ ਅਤੇ ਸ਼ੋਰ ਸ਼ਰਾਬੇ ਦੇ ਨਾਲ਼ ਉੱਥੋਂ ਦੇ ਸਮਾਜ ਵਿਚ ਖਲਬਲੀ ਪੈਦਾ ਕਰ ਦਿੰਦਾ ਹੈ। ਉੱਥੋਂ ਰਵਾਨਾ ਹੋਣ ਤੋਂ ਪਹਿਲਾਂ ਉਹ ਇੱਕ ਸੁੰਦਰ ਨੌਜਵਾਨ ਵਿਧਵਾ ਨੂੰ ਆਪਣੇ ਪ੍ਰੇਮਜਾਲ਼ ਵਿਚ ਫਸਾ ਲੈਂਦਾ ਹੈ। ਫਿਰ ਵੀ, ਕੋਈ ਉਸਦੇ ਵਰਤਾਓ ਨਾਲ਼ ਖਫ਼ਾ ਨਹੀਂ ਹੁੰਦਾ ਕਿਉਂਕਿ ਆਪਣੀ ਬਹਾਦਰੀ, ਉਦਾਰਤਾ ਅਤੇ ਮਿਲਣਸਾਰਤਾ ਨਾਲ਼ ਉਹ ਸਭ ਦਾ ਦਿਲ ਜਿੱਤ ਲੈਂਦਾ ਹੈ।

ਵੀਹ ਸਾਲਾਂ ਬਾਅਦ ਇੱਕ ਹੋਰ ਯੁਵਾ ਹੁੱਸਾਰ, ਦਵੰਦ ਯੁਧ ਵਿਚ ਮਾਰੇ ਗਏ ਕਾਉਂਟ ਫਯੋਦੋਰ ਤੁਰਬੀਨ ਦਾ ਪੁੱਤਰ ਆਪਣੀ ਟੁਕੜੀ ਦੇ ਨਾਲ਼ ਉਸੇ ਪ੍ਰਾਂਤਕ ਕਸਬੇ ਵਿਚ ਪਹੁੰਚਦਾ ਹੈ। ਸਬੱਬ ਨਾਲ਼ ਉਸਨੂੰ ਉਸੇ ਵਿਧਵਾ ਦੇ ਘਰ ਵਿਚ ਠਹਿਰਾਇਆ ਜਾਂਦਾ ਹੈ ਅਤੇ ਉਹ ਉਸਦੀ ਸੁੰਦਰ ਬੇਟੀ ਨੂੰ ਫਸਾਉਣ ਦੀ ਅਸਫਲ ਕੋਸ਼ਿਸ਼ ਕਰਦਾ ਹੈ। ਹਿਸਾਬੀ ਕਿਤਾਬੀ, ਖ਼ੁਦਗਰਜ਼ ਅਤੇ ਦੰਭੀ ਪੁੱਤਰ ਆਪਣੇ ਹਰਦਿਲ ਅਜ਼ੀਜ਼ ਬਾਪ ਨਾਲ਼ੋਂ ਇੱਕਦਮ ਵੱਖਰਾ ਹੈ। 

ਇਨ੍ਹਾਂ ਦੋਵਾਂ ਅਤੇ ਉਹਨਾਂ ਦੀਆਂ ਪੀੜ੍ਹੀਆਂ ਵਿਚਲੇ ਅੰਤਰ ਨੂੰ ਜਾਣਬੁਝ ਕੇ ਤਿੱਖੇ ਢੰਗ ਨਾਲ਼ ਉਭਾਰਿਆ ਗਿਆ ਹੈ। ਬੇਟੇ ਦੇ ਰੂਪ ਵਿਚ ਤਾਲਸਤਾਏ ਖ਼ੁਦ ਆਪਣੀ ਪੀੜ੍ਹੀ ਦੀ ਅਲੋਚਨਾ ਕਰਦੇ ਹਨ ਪਰ ਅਜਿਹਾ ਕਰਦੇ ਹੋਏ ਬੇਟੇ ਦਾ ਚਰਿੱਤਰ ਓਨਾ ਭਰੋਸੇਯੋਗ ਨਹੀਂ ਬਣ ਪਾਉਂਦਾ ਜਿਨਾ ਕਿ ਪਿਤਾ ਦਾ ਸੀ। ਤਾਲਸਤਾਏ ਨੂੰ ਇਸ ਕਲਾਤਮਕ ਗਲਤੀ ਦਾ ਅਹਿਸਾਸ ਸੀ। ਆਪਣੀ ਡਾਇਰੀ ਵਿਚ ਉਹਨਾਂ ਨੇ ਇਸ ਸੰਬੰਧੀ ਇੱਕ ਮਿੱਤਰ ਨੂੰ ਟਿੱਪਣੀ ਦਾ ਜਿਕਰ ਕਰਦੇ ਹੋਏ ਲਿਖਿਆ ਹੈ, ”ਕਿਸੇ ਲੇਖਕ ਦੀ ਲੋਕਪ੍ਰਿਅਤਾ ਦੀ ਪਹਿਲੀ ਸ਼ਰਤ, ਭਾਵ ਖ਼ੁਦ ਨੂੰ ਪਿਆਰ ਕੀਤੇ ਜਾਣ ਯੋਗ ਬਨਾਉਣ ਦਾ ਤਰੀਕਾ ਇਹੀ ਹੈ ਕਿ ਉਸਨੂੰ ਆਪਣੇ ਸਾਰੇ ਚਰਿੱਤਰਾਂ ਨੂੰ ਪਿਆਰ ਨਾਲ਼ ਘੜਨਾ ਚਾਹੀਦਾ ਹੈ।” ਇਹ ਭੁਲ ਤਾਲਸਤਾਏ ਨੇ ਅੱਗੇ ਸ਼ਾਇਦ ਹੀ ਕਦੀਂ ਦੁਹਰਾਈ। ਮਨੁੱਖੀ ਜੀਵਨ ਦੇ ਆਪਣੇ ਡੂੰਘੇ ਅਧਿਐਨ ਤੋਂ ਉਸਨੇ ਸਿੱਖਿਆ ਕਿ ਕੋਈ ਵੀ ਮਨੁੱਖ ਇੱਕ ਦਮ ਕਾਲਾ ਜਾਂ ਸਫ਼ੇਦ ਨਹੀਂ ਹੁੰਦਾ। ਜਿਵੇਂ ਕਿ ‘ਮੋਇਆਂ ਦੀ ਜਾਗ’ ਵਿਚ ਉਹਨਾਂ ਨੇ ਕਿਹਾ, ”ਹਰ ਇਨਸਾਨ ਦੇ ਅੰਦਰ ਇਨਸਾਨੀ ਗੁਣ ਮੌਜੂਦ ਹੁੰਦਾ ਹੈ ਪਰ ਕਦੀਂ ਇੱਕ ਗੁਣ ਸਾਹਮਣੇ ਆਉਂਦਾ ਹੈ, ਤਾਂ ਕਦੀ ਦੂਜਾ।”

‘ਸੁਖੀ ਜੋੜਾ’ (1859) ਵਿਚ ਤਾਲਸਤਾਏ ਨੇ ਆਪਣੇ ਨਿੱਜੀ ਜੀਵਨ ਦੀਆਂ ਘਟਨਾਵਾਂ ਨੂੰ ਬੜੀ ਖੂਬਸੂਰਤੀ ਨਾਲ਼ ਕਲਾ ਵਿਚ ਢਾਲਿਆ ਹੈ। ਆਪਣੀ ਜਗੀਰ ‘ਤੇ ਕਿਸਾਨਾਂ ਨੂੰ ‘ਸੁਧਾਰਨ’ ਦੀ ਕੋਸ਼ਿਸ਼ ਤੋਂ ਮਯੂਸ ਤਾਲਸਤਾਏ ਪਰਿਵਾਰਕ ਜੀਵਨ ਦੀਆਂ ਖੁਸ਼ੀਆਂ ਵਿਚ ਅਸਫਲਤਾ ਦੇ ਦੁੱਖ ਨੂੰ ਭੁਲਾਉਣਾਂ ਚਾਹੁੰਦੇ ਸਨ। ਇੱਕ ਰੂਸੀ ਜਿਮੀਂਦਾਰ ਸੰਬੰਧੀ ਉਹਨਾਂ ਦੇ ਅਧੂਰੇ ਨਾਵਲ ਦਾ ਨਾਇਕ ਵੀ ਕਿਸਾਨਾਂ ਨੂੰ ਸੁਧਾਰਨ ਦੀਆਂ ਕੋਸ਼ਿਸ਼ਾਂ ਤੋਂ ਮੋਹਭੰਗ ਦੇ ਬਾਅਦ ਵਿਆਹਕ ਜੀਵਨ ਵਿਚ ਇੱਕ ਨਵੇਂ ਆਦਰਸ਼ ਦੀ ਤਲਾਸ਼ ਕਰਦਾ ਹੈ। 1856-57 ਦੌਰਾਨ ਤਾਲਸਤਾਏ ਯਾਸਨਾਆ ਪੋਲਆਨਾ ਤੋਂ ਕੁਝ ਹੀ ਦੂਰੀ ‘ਤੇ ਰਹਿਣ ਵਾਲੀ ਅਤੇ ਉਮਰ ਵਿਚ ਉਹਨਾਂ ਤੋਂ ਕਾਫੀ ਛੋਟੀ ਸੁੰਦਰੀ ਵਲੇਰਿਆ ਆਰਸੇਨੋਵਾ ਨਾਲ਼ ਪ੍ਰੇਮ ਕਰ ਰਹੇ ਸਨ। ‘ਸੁਖੀ ਜੋੜਾ’ ਦੇ ਸਰਗੇਈ ਮਿਖ਼ਾਇਲਿਚ ਦੀ ਹੀ ਤਰ੍ਹਾਂ ਤਾਲਸਤਾਏ ਇਸ ਕੁੜੀ ਦੇ ਭਰਾ ਦੇ ਰੱਖਿਅਕ ਦੇ ਰੂਪ ਵਿਚ ਕਦੀ ਵੀ ਉਸਦੇ ਘਰ ਆ ਜਾ ਸਕਦੇ ਸਨ। ਭਾਵੇਂ ਤਾਲਸਤਾਏ ਕਾਫ਼ੀ ਡੂੰਘਾਈ ਨਾਲ਼ ਵਲੇਰਿਆ ਆਰਸੇਨੋਵਾ ਨਾਲ਼ ਪ੍ਰੇਮ ਕਰ ਰਹੇ ਸਨ ਪਰ ਅੰਤ ਵਿਚ ਉਹ ਉਸ ਨਾਲ਼ ਵਿਆਹ ਕਰਨ ਤੋਂ ਪਿੱਛੇ ਹਟ ਗਏ ਕਿਉਂਕਿ ਸੁਖ ਦੇ ਇੱਕ ਆਦਰਸ਼ ਦੇ ਰੂਪ ਵਿਚ ਵਿਆਹ ਸੰਸਥਾ ਵਿਚ ਉਹਨਾਂ ਦਾ ਵਿਸ਼ਵਾਸ ਨਹੀਂ ਰਿਹਾ। ਆਪਣੇ ਇੱਕ ਮਿੱਤਰ ਨੂੰ ਲਿਖੇ ਖ਼ਤ ਵਿਚ ਤਾਲਸਤਾਏ ਨੇ ਕਿਹਾ, ”ਮੈਂ ਕਦੀ ਉਸ ਨਾਲ਼ ਸੱਚਾ ਪ੍ਰੇਮ ਨਹੀਂ ਕੀਤਾ। ਮੇਰੇ ‘ਤੇ ਉਸਦੇ ਮਨ ਵਿਚ ਪ੍ਰੇਮ ਜਗਾਉਣ ਦੀ ਇੱਕ ਅਜਿਹੀ ਇੱਛਾ ਹਾਵੀ ਹੋ ਗਈ ਸੀ, ਜਿਸਨੂੰ ਦਬਾਇਆ ਨਹੀਂ ਜਾ ਸਕਦਾ ਸੀ। ਉਸ ਤੋਂ ਮੈਨੂੰ ਅਜਿਹੀ ਖੁਸ਼ੀ ਮਿਲਦੀ ਸੀ ਜਿਹੜੀ ਮੈਂ ਪਹਿਲਾਂ ਕਦੀ ਮਹਿਸੂਸ ਨਹੀਂ ਕੀਤੀ ਸੀ। … ਮੇਰਾ ਬਰਤਾਓ ਬਹੁਤ ਬੁਰਾ ਰਿਹਾ ਹੈ।”

ਕੁਝ ਲੋਕਾਂ ਦਾ ਮੰਨਣਾ ਹੈ ਕਿ ‘ਸੁਖੀ ਜੋੜੀ’ ਵਿਚ ਤਾਲਸਤਾਏ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਜੇ ਉਹਨਾਂ ਨੇ ਵਲੇਰਿਆ ਆਰਸੇਨੋਵਾ ਨਾਲ਼ ਵਿਆਹ ਕਰ ਲਿਆ ਹੁੰਦਾ ਤਾਂ ਜੀਵਨ ਅਤੇ ਸੁਖ ਦੇ ਬਾਰੇ ਉਹਨਾਂ ਦੇ ਨਿੱਜੀ ਵਿਚਾਰਾਂ ਵਿਚ ਮੱਤਭੇਦ ਦੇ ਕਾਰਨ ਦੋਵਾਂ ਦੇ ਹਿੱਸੇ ਦੁੱਖ ਹੀ ਆਇਆ ਹੁੰਦਾ। ਪਰ ਆਪਣੇ ਇਸ ਨਿੱਜੀ ਅਨੁਭਵ ਨੂੰ ਉਹਨਾਂ ਨੇ ਕਹਾਣੀ ਦੇ ਪਹਿਲੇ ਹਿੱਸੇ ਵਿਚ ਇੱਕ ਸੰਵੇਦਨਸ਼ੀਲ ਸਤਾਰਾਂ ਸਾਲਾਂ ਦੀ ਮੁਟਿਆਰ ਦੇ ਮਨ ਵਿਚ ਆਪਣੇ ਨਾਲ਼ੋਂ ਦੂਣੀ ਉਮਰ ਦੇ ਵਿਅਕਤੀ, ਜਿਹੜਾ ਉਸਦਾ ਵਡੇਰਾ ਵੀ ਹੈ, ਦੇ ਲਈ ਉਪਜਦੇ ਪ੍ਰੇਮ ਦੇ ਅਦਭੁਤ, ਕਾਵਿਕ ਬ੍ਰਿਤਾਂਤ ਵਿਚ ਢਾਲ ਦਿੱਤਾ ਹੈ। ਮਾਸ਼ਾ ਅਤੇ ਉਸਦੇ ਵਡੇਰੇ ਦੀ ਪ੍ਰੇਮ ਦੀ ਕਹਾਣੀ ਇਸ ਮੁਟਿਆਰ ਦੇ ਨਜ਼ਰੀਏ ਤੋਂ ਕਹੀ ਗਈ ਹੈ।

ਕਹਾਣੀ ਦੇ ਪਹਿਲੇ ਹਿੱਸੇ ਦਾ ਉਲਾਸਮਈ, ਕਾਵਿਕ ਮਾਹੌਲ ਦੂਜੇ ਹਿੱਸੇ ਵਿਚ ਵਿਵਾਹਕ ਜੀਵਨ ਦੇ ਤਨਾਅ ਅਤੇ ਖਿੱਚਾਵਾਂ ਨਾਲ਼ ਟੋਟੇ ਟੋਟੋ ਹੋ ਜਾਂਦਾ ਹੈ। ਮਾਸ਼ਾ ਆਪਣੇ ਪਤੀ ਦੇ ਨਾਲ਼ ਰਹਿੰਦੇ ਹੋਏ ਪੇਂਡੂ ਜੀਵਨ ਦੀ ਧੀਮੀ ਗਤੀ ਤੋਂ ਅੱਕ ਜਾਂਦੀ ਹੈ ਅਤੇ ਸ਼ਹਿਰ ਦੀ ਉੱਚ ਸਮਾਜ ਦੇ ਉਤਸ਼ਾਹ ਭਰੇ ਅਤੇ ਗਤੀਸ਼ੀਲ ਜੀਵਨ ਲਈ ਤਰਸਣ ਲਗਦੀ ਹੈ। ਉਸਦਾ ਪਤੀ ਇਹ ਜੀਵਨ ਬਿਤਾ ਚੁੱਕਿਆ ਹੈ ਅਤੇ ਇਸਦੇ ਖੋਖਲੇਪਨ ਤੋਂ ਵਾਕਫ਼ ਹੈ ਪਰ ਆਪਣੀ ਜੁਆਨ ਪਤਨੀ ਦੀ ਇੱਛਾ ਅੱਗੇ ਝੁਕ ਜਾਂਦਾ ਹੈ। ਉੱਚ ਜਮਾਤੀ ਸਮਾਜ ਵਿਚ ਉਹ ਛੇਤੀ ਹੀ ਲੋਕਪ੍ਰਿਅ ਹੋ ਜਾਂਦੀ ਹੈ ਅਤੇ ਉੱਥੋਂ ਦੇ ਚਮਕ ਦਮਕ ਭਰੇ ਜੀਵਨ ਦੇ ਲਈ ਉਹਨਾਂ ਕਦਰਾਂ ਨੂੰ ਤਿਆਗਣ ਲਈ ਕਾਹਲ਼ੀ ਹੈ ਜਿਹੜੇ ਸਰਗੇਈ ਮਿਖ਼ਾਇਲਿਚ ਨੂੰ ਸਭ ਤੋਂ ਪਿਆਰੀਆਂ ਸਨ। ਉਹਨਾਂ ਦੇ ਸੰਬੰਧਾਂ ਵਿਚ ਦੂਰੀ ਆਉਣ ਲਗਦੀ ਹੈ। ਤਾਲਸਤਾਏ ਇੱਥੇ ਪਤਨੀ ਦੇ ਫਰਜ਼ਾਂ ਆਦਿ ‘ਤੇ ਕੁਝ ਸ਼ੁੱਧਤਾਵਾਦੀ ਉਪਦੇਸ਼ਾਤਮਕ ਪੋਜੀਸ਼ਨ ਅਪਣਾਉਂਦੇ ਦਿਸਦੇ ਹਨ। ਇੱਕ ਪਤਨੀ ਦੇ ਫਰਜ਼, ਗੁਣ ਅਤੇ ਵਿਆਹ ਵਿਚ ਉਸਦੇ ਆਤਮਤਿਆਗ ਦੀ ਤਾਲਸਤਾਏਵਾਦੀ ਧਾਰਨਾ ਇਸ ਰਚਨਾ ਦੇ ਸਿੱਟੇ ਦੇ ਰੂਪ ਵਿਚ ਪਹਿਲੀ ਵਾਰ ਸਾਹਮਣੇ ਆਈ ਹੈ ਅਤੇ ਉਹਨਾਂ ਦੀਆਂ ਬਾਅਦ ਦੀਆਂ ਰਚਨਾਵਾਂ ਦੀ ਹੀ ਤਰਾਂ, ਇੱਥੇ ਵੀ, ਤਾਲਸਤਾਏ ਦੀ ਇੱਛਾ ਤੋਂ ਅਜ਼ਾਦ ਯਥਾਰਥ ਦਾ ਜਿਹੜਾ ਪੱਖ ਰੌਸ਼ਨ ਹੋ ਕੇ ਸਾਹਮਣੇ ਆ ਗਿਆ ਹੈ, ਉਹ ਹੈ ਪਰਿਵਾਰ ਸੰਸਥਾ ਵਿਚ ਔਰਤ ਦੀ ਤ੍ਰਾਸਦ ਹੋਣੀ ਅਤੇ ਮਨੁੱਖੀ ਇਤਿਹਾਸ ਦਾ ਇੱਕ ਵਿਕਟ ਸੁਆਲ- ਔਰਤ ਸੁਆਲ!

ਬਾਅਦ ਦੇ ਦੌਰ ਦੇ ਛੋਟੇ ਨਾਵਲਾਂ ਵਿਚ ਪਹਿਲਾਂ, ‘ਇਵਾਨ ਇਲਿਚ ਦੀ ਮੌਤ (1886)’ ਦਾ ਪਾਠਕਾਂ ਨੇ ਭਰਭੂਰ ਸੁਆਗਤ ਕੀਤਾ ਕਿਉਂਕਿ ‘ਅੱਨਾ ਕਾਰੇਨਿਨਾ’ ਦੇ ਨੌ ਸਾਲ ਬਾਅਦ ਪ੍ਰਕਾਸ਼ਤ ਹੋਣ ਵਾਲੀ ਤਾਲਸਤਾਏ ਦੀ ਇਹ ਪਹਿਲੀ ਰਚਨਾ ਸੀ। 

‘ਇਵਾਨ ਇਲਿਚ ਦੀ ਮੌਤ’ ਨੂੰ ਅਕਸਰ ਮੌਤ ਦੇ ਡਰ ਨਾਲ਼ ਜੂਝਦੇ ਇੱਕ ਵਿਅਕਤੀ ਦੇ ਅਧਿਆਤਮਕ ਜਗਤ ਵਿਚ ਹੋਣ ਵਾਲੀਆਂ ਤਬਦੀਲੀਆਂ ਦੀ ਕਹਾਣੀ ਦੇ ਰੂਪ ਵਿਚ ਪੇਸ਼ ਕੀਤਾ ਜਾਂਦਾ ਹੈ ਪਰ ਇਹ ਇਸਤੋਂ ਕਿਤੇ ਜਿਆਦਾ ਹੈ। ਬੜੀ ਸਹਿਜ ਅਤੇ ਮਨੋਰੰਜਕ ਸ਼ੈਲੀ ਵਿਚ ਤਾਲਸਤਾਏ ਰੂਸੀ ਬੁਰਜ਼ੂਆ ਕੁਲੀਨ ਜਮਾਤ ਦੇ ਢੋਂਗ ਪਾਖੰਡ, ਸੁਆਰਥੀਪਨ ਅਤੇ ਬੇਦਿਲੇ ਵਿਅਕਤੀਵਾਦ ਦਾ ਪਰਦਾਫਾਸ਼ ਕਰਦੇ ਹਨ। ਕਹਾਣੀ ਦੀ ਸ਼ੁਰੂਆਤ ਹੀ ਤਿੱਖੇ ਵਿਅੰਗਭਰੇ ਇੱਕ ਦ੍ਰਿਸ਼ ਨਾਲ਼ ਹੁੰਦੀ ਹੈ। ਇਵਾਨ ਇਲਿਚ ਦੀ ਮੌਤ ਦੀ ਖ਼ਬਰ ਪਤਾ ਲਗਦੇ ਹੀ ਅਦਾਲਤ ਵਿਚ ਉਸਦੇ ਸਹਿਕਰਮੀ ਬਾਹਰੋਂ ਤਾਂ ਸ਼ੋਕ ਪ੍ਰਗਟ ਕਰਦੇ ਹਨ ਪਰ ਸਭ ਦੇ ਮਨ ਵਿਚ ਇਹ ਉਧੇੜ ਬੁਣ ਸ਼ੁਰੂ ਹੋ ਜਾਂਦੀ ਹੈ ਕਿ ਕਿ ਉਸਦੀ ਮੌਤ ਨਾਲ਼ ਖਾਲੀ ਹੋਣ ਵਾਲੀ ਜਗ੍ਹਾ ਦਾ ਕਿਵੇਂ ਕਿਵੇਂ ਫਾਇਦਾ ਉਠਾਇਆ ਜਾ ਸਕਦਾ ਹੈ। ਅੱਗੇ ਅਸੀਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਨਾਲ਼ ਇਵਾਨ ਇਲਿਚ ਦੀ ਬੇਟੀ, ਉਸਦਾ ਹੋਣ ਵਾਲਾ ਜੁਆਈ ਅਤੇ ਇੱਥੋਂ ਤੱਕ ਕਿ ਉਸਦੀ ਪਤਨੀ ਵੀ ਉਸ ਨਾਲ਼ ਲਗਾਤਾਰ ਢੋਂਗ ਕਰਦੇ ਹਨ ਅਤੇ ਇੱਥੋਂ ਤੱਕ ਸੋਚਦੇ ਹਨ ਕਿ ਉਹ ਮਰ ਜਾਵੇ ਤਾਂ ਚੰਗਾ ਹੋਵੇ। ਤਾਲਸਤਾਏ ਦੀ ਖੂਬੀ ਇਸ ਗੱਲ ਵਿਚ ਹੈ ਕਿ ਕਹਾਣੀ ਪੜ੍ਹਦੇ ਹੋਏ ਸਾਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਜੇ ਇਨ੍ਹਾਂ ਲੋਕਾਂ ਦੀ ਥਾਂ ਇਵਾਨ ਇਲਿਚ ਹੁੰਦਾ ਤਾਂ ਇਸ ਸਮਾਜ ਵਿਚ ਉਹ ਵੀ ਕੁਝ ਅਜਿਹਾ ਹੀ ਵਿਵਹਾਰ ਕਰਦਾ।

‘ਇਵਾਨ ਇਲਿਚ ਦੀ ਮੌਤ’ ਇੱਕ ਆਮ ਆਦਮੀ ਦੀ ਕਹਾਣੀ ਹੈ ਜਿਸਨੂੰ ਮੌਤ ਦੀ ਦਹਿਲੀਜ਼ ‘ਤੇ ਅਪਣੇ ਬੀਤੇ ਜੀਵਨ ਦੀ ਨਿਰਅਰਥੱਤਾ ਦਾ ਅਹਿਸਾਸ ਹੋ ਜਾਂਦਾ ਹੁੰਦਾ ਹੈ। ਇਵਾਨ ਇਲਿਚ ਦੇ ਜੀਵਨ ਦੇ ਅੰਤਮ ਪਲਾਂ ਦੀ ਅਨੁਭੂਤੀ ਧਾਰਮਿਕ ਮੁਕਤੀ ਦੇ ਵਿਸ਼ੇ ‘ਤੇ ਤਾਲਸਤਾਏ ਦੀ ਧਾਰਨਾ ਨੂੰ ਪੇਸ਼ ਕਰਦੀ ਹੈ ਪਰ ਇਨ੍ਹਾਂ ਮਿੱਥਆਭਾਸਾਂ ਦੇ ਉੱਪਰ ਰਚਨਾ ਦਾ ਗੰਭੀਰ ਮਨੋਵਿਗਿਆਨਕ ਯਥਾਰਥਵਾਦ ਹਾਵੀ ਹੈ।

ਤਾਲਸਤਾਏ ਕਹਿੰਦੇ ਹਨ, ਇਵਾਨ ਇਲਿਚ ਦਾ ਜੀਵਨ ਬੜਾ ਸਾਦਾ ਅਤੇ ਸਾਧਾਰਨ ਸੀ ਅਤੇ ਇਸ ਲਈ ਬੜਾ ਭਿਅੰਕਰ ਸੀ। ਆਪਣੇ ਕਾਨੂੰਨੀ ਫਰਜ਼ਾਂ ਦੇ ਨਿਰਵਾਹ ਵਿਚ ਉਹ ਬੇਹੱਦ ਸਖ਼ਤ ਹਨ। ਮੈਜਿਸਟ੍ਰੇਟ ਦੇ ਰੂਪ ਵਿਚ ਉਹ ਆਪਣੀ ਸ਼ਕਤੀ ਦਾ ਪੂਰਾ ਮਜ਼ਾ ਲੈਂਦਾ ਹੈ। ਮੁਕੱਦਮੇ ਦੀ ਸੁਣਵਾਈ ਦੌਰਾਨ ਉਸਦੀ ਮੁੱਖ ਚਿੰਤਾ ਇਹੀ ਰਹਿੰਦੀ ਹੈ ਕਿ ਉਹਨਾਂ ਸਾਰਿਆਂ ਸਰੋਕਾਰਾਂ ਨੂੰ ਖਤਮ ਕਰ ਦਿੱਤਾ ਜਾਵੇ ਜਿਹੜੇ ਮਾਮਲੇ ਦੇ ਕਾਨੂੰਨੀ ਪੱਖ ਨਾਲ਼ ਸੰਬੰਧ ਨਹੀਂ ਰੱਖਦੇ, ਭਾਵ, ਉਹ ਮਨੁੱਖੀ ਹਮਦਰਦੀ ਜਾਂ ਦਇਆ ਦੀ ਹਰ ਬੂੰਦ ਨੂੰ ਨਸ਼ਟ ਕਰ ਦੇਣਾ ਚਾਹੁੰਦਾ ਹੈ ਪਰ ਬਿਮਾਰੀ ਨਾਲ਼ ਲਚਾਰ ਹੁੰਦੇ ਹੀ ਉਹ ਸੱਚੀ ਹਮਦਰਦੀ ਦੇ ਲਈ ਤਰਸਣ ਲੱਗਦਾ ਹੈ। ਇੱਕ ਦ੍ਰਿਸ਼ ਵਿਚ ਉਹ ਅੱਕ ਕੇ ਡਾਕਟਰ ਨੂੰ ਪੁਛੱਦਾ ਹੈ, ”ਅਸੀਂ ਬਿਮਾਰ ਲੋਕ ਅਕਸਰ ਅਣਉਚਿਤ ਸੁਆਲ ਪੁੱਛਦੇ ਰਹਿੰਦੇ ਹਾਂ ਪਰ ਮੈਨੂੰ ਬੱਸ ਏਨਾ ਦੱਸ ਦਿਓ ਕਿ ਇਹ ਬਿਮਾਰੀ ਖਤਰਨਾਕ ਹੈ, ਜਾਂ ਨਹੀਂ? ” ਡਾਕਟਰ ਨੇ ਉਸਨੂੰ ਐਨਕਾਂ ਦੇ ਉੱਪਰੋਂ ਸਖ਼ਤ ਦ੍ਰਿਸ਼ਟੀ ਨਾਲ਼ ਦੇਖਿਆ, ਜਿਵੇਂ ਉਸੇ ਦੀ ਭਾਸ਼ਾ ਵਿਚ ਕਹਿ ਰਿਹਾ ਹੋਵੇ, ”ਮੁਲਜ਼ਮ, ਤੈਨੂੰ ਜੋ ਪੁੱਛਿਆ ਜਾਵੇ, ਬਸ ਓਨਾ ਹੀ ਬੋਲੋ, ਨਹੀਂ ਤਾਂ ਮੈਨੂੰ ਮਜਬੂਰਨ ਤੈਨੂੰ ਅਦਾਲਤ ਚੋਂ ਬਾਹਰ ਕੱਢਣਾ ਹੋਵੇਗਾ।”

ਆਪਣੀ ਲੰਮੀ ਬਿਮਾਰੀ ਦੌਰਾਨ ਇਵਾਨ ਇਲਿਚ ਕਈ ਵਾਰ ਆਪਣੇ ਜੀਵਨ ਨੂੰ ਉਚਿਤ ਠਹਿਰਾਉਣ ਦੀ ਕੋਸ਼ਿਸ਼ ਕਰਦਾ ਹੈ। ਉਹ ਹਮੇਸ਼ਾਂ ਸੋਚਦਾ ਆਇਆ ਸੀ ਕਿ ਉਸਨੇ ਇਕ ਚੰਗੀ ਜ਼ਿੰਦਗੀ ਬਿਤਾਈ ਹੈ ਪਰ ਅੰਤ ਨੂੰ ਕਰੀਬ ਆਉਂਦਾ ਮਹਿਸੂਸ ਕਰ ਘੋਰ ਹਤਾਸ਼ਾ ਦੇ ਪਲ ਵਿਚ ਉਸਨੂੰ ਇਹ ਅਹਿਸਾਸ ਹੁੰਦਾ ਹੈ ਕਿ ਉਹ ਝੂਠ ਨਾਲ਼ ਭਰਿਆ ਜੀਵਨ ਬਿਤਾਉਂਦਾ ਰਿਹਾ ਹੈ ਅਤੇ ਖ਼ੁਦ ਨੂੰ ਵੀ ਧੋਖਾ ਦਿੰਦਾ ਰਿਹਾ ਹੈ। ਉਹ ਦੇਖਦਾ ਹੈ ਕਿ ਉਸਦਾ ਸਰਲ ਦਿਹਾਤੀ ਨੌਕਰ ਜੇਰਾਸਿਮ ਅਤੇ ਉਸਦਾ ਕਿਸ਼ੋਰ ਉਮਰ ਦਾ ਬੇਟਾ- ਜਿਸਦੇ ਵਲ ਉਸਨੇ ਆਪਣੀ ਫੈਸ਼ਨੇਬਲ ਬੇਟੀ ਦੀ ਤੁਲਨਾ ਵਿਚ ਹਮੇਸ਼ਾਂ ਘੱਟ ਧਿਆਨ ਦਿੱਤਾ ਹੈ-ਬਸ, ਇਹ ਦੇ ਹੀ ਵਿਅਕਤੀ ਹਨ ਜਿਹਨ੍ਹਾਂ ਨੂੰ ਉਸਦੀ ਪੀੜਾ ਦਾ ਅਸਲੋ ਹੀ ਸਰੋਕਾਰ ਹੈ।  ਉਸਨੂੰ ਆਪਣੇ ਲਈ ਹਮਦਰਦੀ ਅਤੇ ਦਇਆ ਮਿਲਦੀ ਹੈ ਜਿੱਥੇ ਉਸਨੇ ਕਦੀਂ ਆਸ਼ਾ ਨਹੀਂ ਕੀਤੀ ਸੀ। ਮੌਤ ਤੋਂ ਠੀਕ ਪਹਿਲਾਂ ਅਚਾਨਕ ਇਵਾਨ ਇਲਿਚ ਦੀ ਸਮਝ ‘ਤੇ ਛਾਇਆ ਕੁਹਰਾ ਛੱਟ ਜਾਂਦਾ ਹੈ ਅਤੇ ਉਸਨੂੰ ਸਾਫ਼ ਸਾਫ਼ ਦਿਸਣ ਲੱਗਦਾ ਹੈ ਕਿ ਮਨੁੱਖ ਜੀਵਨ ਦਾ ਸਾਰ ਲੋਕਾਂ ਦਾ ਦੁੱਖ ਵੰਡਣ, ਪ੍ਰੇਮ ਸਾਂਝਾ ਕਰਨ ਵਿਚ ਹੀ ਹੈ। 

ਆਪਣੇ ਅਗਲੇ ਛੋਟੇ ਨਾਵਲ ‘ਕਰੂਜ਼ਰ ਸੋਨਾਟਾ’ (1988) ਦੇ ਉਨਮੁਕਤ ਯਥਾਰਥਵਾਦ ਨੇ ਪਾਠਕਾਂ ਨੂੰ ਹੈਰਾਨ ਕੀਤਾ ਅਤੇ ਨਾਲ਼ ਹੀ ਉਹਨਾਂ ਨੂੰ ਮੰਤਰਮੁਗਧ ਕਰ ਦਿੱਤਾ। ਰੂਸੀ ਸਾਹਿਤ ਵਿਚ ਇਸਤੋਂ ਪਹਿਲਾਂ ਸੈਕਸ, ਵਿਆਹ ਅਤੇ ਇਸਦੇ ਭੌਤਿਕ ਅਧਾਰਾਂ ‘ਤੇ ਏਨੇ ਖੁੱਲ੍ਹੇ ਢੰਗ ਨਾਲ਼ ਚਰਚਾ ਨਹੀਂ ਕੀਤੀ ਗਈ ਸੀ। ‘ਕਰੂਜ਼ਰ ਸੋਨਾਟਾ’ ਵਿਚ ਇੰਦਰੀ ਪਿਆਰ ਅਤੇ ਵਾਸਨਾ ਦੇ ਖਿਲਾਫ਼ ਸੰਘਰਸ਼ ਨੂੰ ਵਿਸ਼ਾ ਬਣਾਇਆ ਗਿਆ ਹੈ ਅਤੇ ਨਿਸਵਾਰਥ ਪਿਆਰ ਦੇ ਇਸਾਈ ਸਿਧਾਂਤ ਦੀ ਵਕਾਲਤ ਕੀਤੀ ਗਈ ਹੈ ਪਰ ਇੱਥੇ ਵੀ ਤਾਲਸਤਾਏ ਦੇ ਧਰਮ ਉਪਦੇਸ਼ ਦੇ ਪੱਖ ‘ਤੇ ਵਸਤੂ ਸਥਿਤੀ ਦਾ ਅਲੋਚਨਾਤਮਕ ਯਥਾਰਥਵਾਦੀ ਚਿਤਰਣ ਹਾਵੀ ਹੈ। 

ਇਸ ਲਘੂ ਨਾਵਲ ਦਾ ਸ਼ੁਰੂਆਤੀ ਵਿਚਾਰ ਤਾਲਸਤਾਏ ਦੇ ਮਿੱਤਰ ਅਤੇ ਪ੍ਰਸਿਧ ਅਭਿਨੇਤਾ ਵੀ. ਐਨ. ਆਂਦ੍ਰੇਵ-ਬ੍ਰਲਾਕ ਤੋਂ ਮਿਲਿਆ। ਬ੍ਰਲਾਕ ਨੇ ਟ੍ਰੇਨ ਵਿਚ ਮਿਲੇ ਇੱਕ ਅਜਨਬੀ ਸੰਬੰਧੀ ਉਨ੍ਹਾਂ ਨੂੰ ਦੱਸਿਆ ਜਿਸਨੇ ਆਪਣੀ ਪਤਨੀ ਦੀ ਬੇਵਫ਼ਾਈ ਦਾ ਪੂਰਾ ਕਿੱਸਾ ਸਫ਼ਰ ਦੌਰਾਨ ਸੁਣਾਇਆ ਸੀ। ਤਾਲਸਤਾਏ ਨੇ 1887 ਵਿਚ ਹੀ ‘ਯੌਨ ਪ੍ਰੇਮ’, ਜਿਹਾ ਕਿ ਉਹ ਇਸਨੂੰ ਕਹਿੰਦੇ ਸਨ, ਦੀ ਕਹਾਣੀ ਲਿਖਣੀ ਸ਼ੁਰੂ ਕਰ ਦਿੱਤੀ। ਅਗਲੇ ਸਾਲ ਉਨ੍ਹਾਂ ਦੇ ਨਿਵਾਸ ‘ਤੇ ਪ੍ਰਤਿਭਾਸ਼ਾਲੀ ਸੰਗੀਤਕਾਰਾਂ ਦੀ ਇੱਕ ਮੰਡਲੀ ਨੇ ਬੀਥੋਬਨ ਦੀ ਪ੍ਰਸਿੱਧ ਸੰਗੀਤ ਰਚਨਾ ਕ੍ਰਰੂਜ਼ਰ ਸੋਨਾਟਾ ਪੇਸ਼ ਕੀਤੀ। ਸ੍ਰੋਤਿਆਂ ਵਿਚ ਆਂਦ੍ਰੇਵ-ਬ੍ਰਲਾਕ ਅਤੇ ਪ੍ਰਸਿੱਧ ਚਿੱਤਰਕਾਰ ਰੇਪਿਨ ਵੀ ਸਨ। ਸੰਗੀਤ ਅਕਸਰ ਤਾਲਸਤਾਏ ‘ਤੇ ਬਹੁਤ ਜਿਆਦਾ ਪ੍ਰਭਾਵ ਪਾਉਂਦਾ ਸੀ ਅਤੇ ਇਸ ਵਾਰ ਵੀ ਅਜਿਹਾ ਹੀ ਹੋਇਆ। ਉਨ੍ਹਾਂ ਨੇ ਸੋਨਾਟਾ ‘ਤੇ ਅਧਾਰਤ ਇੱਕ ਕਹਾਣੀ ਲਿਖਣ ਦਾ ਪ੍ਰਸਤਾਵ ਪੇਸ਼ ਕੀਤਾ ਬਸ਼ਰਤੇ ਕਿ ਬ੍ਰਲਾਕ ਸਾਰਵਜਨਿਕ ਪਾਠ ਕਰਨ ਨੂੰ ਤਿਆਰ ਹੋ ਜਾਣ ਅਤੇ ਪਿੱਠਭੂਮੀ ਵਿਚ ਇਸ ਸੰਗੀਤ ‘ਤੋਂ ਪ੍ਰੇਰਿਤ ਹੋਕੇ ਬਣਾਇਆ ਗਿਆ ਰੇਪਿਨ ਦਾ ਚਿੱਤਰ ਹੋਵੇ। ਤਿੰਨਾਂ ਕਲਾਕਾਰਾਂ ‘ਚੋਂ ਸਿਰਫ ਤਾਲਸਤਾਏ ਨੇ ਹੀ ਇਸ ਸਮਝੌਤੇ ਦਾ ਪਾਲਣ ਕੀਤਾ।

ਭਾਵੇਂ ‘ਯੌਨ ਪ੍ਰੇਮ’ ਦੀ ਤਾਲਸਤਾਏ ਦੀ ਮੂਲ ਕਥਾ ਵਿਚ ਬ੍ਰਹਮਚਰਿਆ ਅਤੇ ਸਤੀਤੱਵ ‘ਤੇ ਲੇਖ ਦੇ ਅਨੇਕ ਲੱਛਣ ਆ ਗਏ ਪਰ ਉਨ੍ਹਾਂ ਦੇ ਅਸਧਾਰਨ ਕਲਾਤਮਕ ਬੋਧ ਦਾ ਹੀ ਕਮਾਲ ਸੀ ਕਿ ਇਸਦੇ ਬਾਵਜੂਦ ਇਹ ਇੱਕ ਉਪਦੇਸ਼ਾਤਮਕ ਲੇਖ ਨਹੀਂ ਬਣਿਆ। ਇਹ ਕਹਾਣੀ ਅਪਣੇ ਨੈਤਿਕ ਆਦਰਸ਼ ਨੂੰ ਕਲਾਤਮਕ ਬ੍ਰਿਤਾਂਤ ਦੇ ਮਾਧਿਅਮ ਨਾਲ਼ ਸਪਸ਼ਟ ਕਰਨ ਦੀ ਤਾਲਸਤਾਏ ਦੀ ਸਮਰੱਥਾ ਦਾ ਇੱਕ ਅਨੌਖਾ ਉਦਾਹਰਣ ਹੈ। 

ਕਈ ਅਲੋਚਕ, ਜਿਹੜੇ ਤਾਲਸਤਾਏ ਦੇ ਵਿਚਾਰਾਂ ਨੂੰ ਇਸ ਕਥਾ ਦੇ ਨਾਇਕ ਪੋਜ਼ਦਨੀਸ਼ੇਵ ਦੇ ਵਿਚਾਰਾਂ ਨਾਲ਼ ਜੋੜਕੇ ਦੇਖਦੇ ਹਨ, ਇਹ ਨਹੀਂ ਸਮਝ ਪਾਉਂਦੇ ਕਿ ਪਵਿੱਤਰਤਾ ‘ਤੇ ਪੋਜ਼ਦਨੀਸ਼ੇਵ ਦੇ ਅਤਿਰੇਕੀ ਵਿਚਾਰ, ਜੇਹੜੇ ਲਾਗੂ ਹੋ ਜਾਣ ਤਾਂ ਮਨੁੱਖ ਜਾਤੀ ਹੀ ਖਤਮ ਹੋ ਜਾਵੇਗੀ, ਤਾਲਸਤਾਏ ਦੇ ਲਈ ਸਿਰਫ਼ ਇੱਕ ਆਦਰਸ਼ ਸਨ। ਸੰਪੂਰਨਤਾ ਦੇ ਲਈ ਕੋਸ਼ਿਸ਼ ਦੀ ਬਸ ਇੱਕ ਸਲਾਹ, ਜਿਸ ‘ਤੇ ਅਮਲ ਅਪੂਰਣਤਾ ਨਾਲ਼ ਭਰੇ ਇਸ ਸੰਸਾਰ ਵਿਚ ਅਸੰਭਵ ਸੀ। 

ਸ਼ੁਰੂ ਵਿਚ ‘ਕਰੂਜ਼ਰ ਸੋਨਾਟਾ’ ਦੇ ਰੂਸ ਵਿਚ ਪ੍ਰਕਾਸ਼ਨ ‘ਤੇ ਰੋਕ ਲਗਾ ਦਿੱਤੀ ਗਈ ਸੀ ਪਰ ਇਸਦੀਆਂ ਹੱਥਲਿਖਤ ਕਾਪੀਆਂ ਦੂਰ ਦੂਰ ਤੱਕ ਵੰਡੀਆਂ ਗਈਆਂ ਅਤੇ ਪਾਬੰਦੀਸ਼ੁਦਾ ਸਾਹਿਤ ਦੇ ਰੂਪ ਵਿਚ ਗੁਪਤ ਰੂਪ ‘ਚ ਉੱਚੇ ਮੁੱਲ ‘ਤੇ ਬਿਕਦੀਆਂ ਸਨ। ਪਹਿਲੀ ਵਾਰ ਇਹ 1891 ਵਿਚ ਛਪੀ ਜਦ ਤਾਲਸਤਾਏ ਦੀ ਪਤਨੀ ਨੇ ਜ਼ਾਰ ਤੀਜੇ ਨੂੰ ਨਿੱਜੀ ਅਪੀਲ ਕੀਤੀ ਕਿ ਉਨ੍ਹਾਂ ਦੇ ਪਤੀ ਦੀਆਂ ਸੰਕਲਿਤ ਰਚਨਾਵਾਂ ਦੇ ਤੇਰ੍ਹਵੇਂ ਹਿੱਸੇ ਵਿਚ ਇਸਨੂੰ ਸ਼ਾਮਲ ਕਰਨ ਦੀ ਇਜ਼ਾਜਤ ਦਿੱਤੀ ਜਾਵੇ।

‘ਕਰੂਜ਼ਰ ਸੋਨਾਟਾ’ ਨੇ ਤਾਲਸਤਾਏ ਦੀ ਕਿਸੇ ਵੀ ਰਚਨਾ ਨਾਲ਼ੋਂ ਜਿਆਦਾ ਹੰਗਾਮਾ ਮਚਾਇਆ। ਉਨ੍ਹਾਂ ਦੇ ਇੱਕ  ਚੇਲੇ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦਿਨਾਂ ‘ਚ ਦੋਸਤ ਇੱਕ ਦੂਜੇ ਨੂੰ ਮਿਲਣ ‘ਤੇ ‘ਕੀ ਹਾਲਚਾਲ ਹੈ’ ਪੁੱਛਣ ਦੀ ਬਜਾਏ ਆਪ ਤੌਰ ‘ਤੇ ਪੱਛਦੇ ਸਨ, ”ਕੀ ਤੁਸੀਂ ਕਰੂਜ਼ਰ ਸੋਨਾਟਾ’ ਪੜਿਆ ਹੈ?” ਚਾਰੇ ਪਾਸੇ ਇਸ ਰਚਨਾ ‘ਤੇ ਗਰਮਾਗਰਮ ਬਹਿਸਾਂ ਛਿੜ ਗਈਆਂ ਅਤੇ ਤਾਲਸਤਾਏ ਨੂੰ ਹਜ਼ਾਰਾਂ ਖ਼ਤ ਮਿਲੇ, ਜਿਨ੍ਹਾਂ ‘ਚੋਂ ਜਿਆਦਾਤਰ ਵਿਚ ਉਨ੍ਹਾਂ ਨੂੰ ਬੁਰਾ ਭਲਾ ਕਿਹਾ ਗਿਆ ਸੀ। ਬਹੁਤਿਆਂ ਨੇ ਉਨ੍ਹਾਂ ‘ਤੇ ਅਨੈਤਿਕਤਾ ਦਾ ਪ੍ਰਚਾਰ ਕਰਨ ਅਤੇ ਨੌਜਵਾਨਾਂ ਦੇ ਦਿਮਾਗਾਂ ਨੂੰ ਭ੍ਰਸ਼ਟ ਕਰਨ ਦਾ ਇਲਜ਼ਾਮ ਲਗਾਇਆ। ਪਾਦਰੀਆਂ ਨੇ ਪ੍ਰਵਚਨਾਂ ਵਿਚ ਤਾਲਸਤਾਏ ਦੀ ਨਿੰਦਾ ਕੀਤੀ। ਇੱਕ ਸਰਕਾਰੀ ਉੱਚਅਧਿਕਾਰੀ ਨੇ ਜ਼ਾਰ ‘ਤੋਂ ਤਾਲਸਤਾਏ ਨੂੰ ਸਜ਼ਾ ਦੇਣ ਦੀ ਅਪੀਲ ਕੀਤੀ ਅਤੇ ਅਮਰੀਕਾ ਦੇ ਡਾਕ ਵਿਭਾਗ ਨੇ ਇਸ ਰਚਨਾ ਨੂੰ ਡਾਕ ਰਾਹੀਂ ਮੰਗਵਾਉਣ ‘ਤੇ ਰੋਕ ਲਗਾ ਦਿੱਤੀ।

ਉਸ ਸਮੇਂ ਦੇ ਅਲੋਚਕਾਂ ਨੇ ਕਰੂਜ਼ਰ ਸੋਨਾਟਾ’ ਦੀ ਸਖ਼ਤ ਅਲੋਚਨਾ ਕੀਤੀ, ਮੁੱਖ ਤੌਰ ‘ਤੇ ਇਸ ਦੇ ਅੱਤਵਾਦੀ ਵਿਚਾਰਾਂ ਦੇ ਕਾਰਣ ਪਰ ਚੈਖ਼ਵ ਨੇ ਇਸਦੀ ਬਹੁਤ ਜ਼ਿਆਦਾ ਪ੍ਰਸ਼ੰਸਾ ਕੀਤੀ। ਪ੍ਰਸਿੱਧ ਕਹਾਣੀਕਾਰ ਹੋਣ ਦੇ ਨਾਲ਼ ਹੀ ਪੇਸ਼ੇ ‘ਤੋਂ ਡਾਕਟਰ ਚੈਖ਼ਵ ਨੇ ਭਾਵੇਂ ਡਾਕਟਰਾਂ ਅਤੇ ਵਿਗਿਆਨਕਾਂ ਸੰਬੰਧੀ ਤਾਲਸਤਾਏ ਦੇ ਅਗਿਆਨ ਅਤੇ ਸਿਫ਼ਲਿਸ, ਨਜਾਇਜ਼ ਬੱਚਿਆਂ ਦੇ ਹਸਪਤਾਲਾਂ ਅਤੇ ਸੈਕਸ ਸੰਬੰਧੀ ਔਰਤਾਂ ਦੇ ਵਿਕਰਸ਼ਣ ‘ਤੇ ਉਨ੍ਹਾਂ ਦੇ ਗਲਤ ਬਿਆਨਾਂ ਨੂੰ ਲੈ ਕੇ ਤਾਲਸਤਾਏ ਦੀ ਕੱਸਕੇ ਖਿਚਾਈ ਕੀਤੀ ਪਰ ‘ਕਰੂਜ਼ਰ ਸੋਨਾਟਾ’ ਸੰਬੰਧੀ ਉਨ੍ਹਾਂ ਨੇ ਕਿਹਾ ਕਿ ਰੂਸ ਅਤੇ ਵਿਦੇਸ਼ ਵਿਚ ਜੋ ਕੁਝ ਵੀ ਲਿਖਿਆ ਜਾ ਰਿਹਾ ਹੈ ਉਸ ਵਿੱਚ, ”ਧਾਰਨਾ ਅਤੇ ਪੇਸ਼ਕਸ਼ ਦੇ ਸੁਹਜ਼ ਦੀ ਦ੍ਰਿਸ਼ਟੀ ਤੋਂ ਏਨੀ ਮਹੱਤਵਪੂਰਣ ਰਚਨਾ ਹੋਰ ਕੋਈ ਨਹੀਂ ਹੈ। ਇਸਦੇ ਕਲਾਤਮਕ ਗੁਣ ਤਾਂ ਅਨੋਖੇ ਹਨ ਹੀ, ਸਾਨੂੰ ਮਹਿਜ ਇਸਦੀ ਕਹਾਣੀ ਲਈ ਅਹਿਸਾਨਮੰਦ ਹੋਣਾ ਚਾਹੀਦਾ ਹੈ ਕਿਉਂਕਿ ਇਹ ਜ਼ਬਰਦਸਤ ਵਿਚਾਰ ਉੱਤੇਜਨਾ ਪੈਦਾ ਕਰਦੀ ਹੈ।”

ਪ੍ਰਸਿੱਧ ਅਮਰੀਕੀ ਨਾਵਲਕਾਰ ਥਿਓਡੋਰ ਡ੍ਰੇਜ਼ਰ ਨੇ ‘ਇਵਾਨ ਇਲਿਚ ਦੀ ਮੌਤ’ ਅਤੇ ‘ਕਰੂਜ਼ਰ ਸੋਨਾਟਾ’ ਪੜਨ ਤੋਂ ਬਾਅਦ ਕਿਹਾ ਸੀ,”ਇਸ ਵਿਚ ਪੇਸ਼ ਜੀਵਨ ਦੀਆਂ ਛਵੀਆਂ ਨੇ ਮੈਨੂੰ ਹੈਰਾਨ ਅਤੇ ਰੋਮਾਂਚਿਤ ਕਰ ਦਿੱਤਾ। … ਤੁਸੀਂ ਤਾਲਸਤਾਏ ਦੀ ਤਰ੍ਹਾਂ ਲਿਖ ਸਕੋ ਅਤੇ ਉਨ੍ਹਾਂ ਦੀ ਤਰ੍ਹਾਂ ਸਾਰੀ ਦੁਨੀਆਂ ਤੁਹਾਡੀ ਗੱਲ ਸੁਣੇ, ਕਾਸ਼, ਅਜਿਹਾ ਹੋ ਸਕਦਾ!”

ਤਾਲਸਤਾਏ ਨੇ 1863 ਵਿਚ ਇੱਕ ਕਹਾਣੀ ਲਿਖੀ, ‘ਖੋਲਸਤੋਮਰ, ਇੱਕ ਘੋੜੇ ਦੀ ਕਹਾਣੀ’ (ਇਨਸਾਨ ਅਤੇ ਹੈਵਾਨ) ਜਿਹੜੀ ਕਾਫ਼ੀ ਬਾਅਦ ਵਿੱਚ 1886 ਵਿੱਚ ਪ੍ਰਕਾਸ਼ਤ ਹੋਈ। ਇਹ ਕਹਾਣੀ ਤਾਲਸਤਾਏ ਦੀ ਮਨਭਾਉਂਦੀ ਤਕਨੀਕ-ਬੋਪਛਾਣੇਕਰਨ (ਡਿਫੈਮਿਲਿਅਰਾਈਜੇਸ਼ਨ) ਦੀ ਨਾਟਕੀ ਵਰਤੋਂ ਲਈ ਪ੍ਰਸਿੱਧ ਹੈ। ਇਸ ਵਿਚ ਕਿਸੇ ਪ੍ਰਚਲਤ ਸਮਾਜਕ  ਚਲਣ ਦਾ ਵਰਨਣ ਕਿਸੇ ਅਜਿਹੇ ਦਰਸ਼ਕ ਦੇ ‘ਭੋਲੇ-ਨਿਸ਼ਕਪਟ’ ਨਜ਼ਰੀਏ ਨਾਲ਼ ਕੀਤਾ ਜਾਂਦਾ ਹੈ ਜਿਹੜਾ ਉਸ ਚਲਣ ਨੂੰ ਆਮ ਮੰਨਕੇ ਨਹੀਂ ਚੱਲਦਾ। ਇਸ ਕਹਾਣੀ ਦਾ ਮੁੱਖ ‘ਨਰੇਟਰ’ ਇੱਕ ਘੋੜਾ ਹੈ। ਤਾਲਸਤਾਏ ਦੀਆਂ ਹੋਰਨਾਂ ਸ਼ੁਰੂਆਤੀ ਰਚਨਾਵਾਂ ਦੀ ਤਰਾਂ ਇਸ ਕਹਾਣੀ ਵਿਚ ਵੀ ਮਨੁੱਖੀ ਸਮਾਜ ਦੇ ਨਕਲੀਪਨ ਅਤੇ ਪ੍ਰੰਪਰਾਵੱਧਤਾ ‘ਤੇ, ਖ਼ਾਸਕਰ ਸੰਪਤੀ ਦੀ ਸੰਸਥਾ ‘ਤੇ ਵਿਅੰਗ ਕੀਤਾ ਗਿਆ ਹੈ। 

ਇਸ ਕਹਾਣੀ ਦਾ ਵਿਚਾਰ ਲਗਦਾ ਹੈ, 1856 ਦੀ ਇੱਕ ਘਟਨਾ ‘ਤੋਂ ਤਾਲਸਤਾਏ ਦੇ ਮਨ ਵਿਚ ਤਦ ਪੈਦਾ ਹੋਇਆ ਜਦ ਉਹ ਤੁਰਗਨੇਵ ਦੀ ਜਗੀਰ ‘ਤੇ ਗਏ ਹੋਏ ਸਨ। ਨਾਲ਼ ਨਾਲ਼ ਚਹਲਕਦਮੀਂ ਕਰਦੇ ਹੋਏ ਦੋਵੇਂ ਮਹਾਨ ਲੇਖਕ ਇੱਕ ਬਿਮਾਰ, ਬੁੱਢੇ ਘੋੜੇ ਦੇ ਕੋਲੋਂ ਦੀ ਲੰਘੇ ਅਤੇ ਤਾਲਸਤਾਏ ਨੇ ਉਸ ਨੂੰ ਪਿਆਰ ਨਾਲ਼ ਥੱਪਥਪਾਉਂਦੇ ਹੋਏ ਦੱਸਣਾ ਸ਼ੁਰੂ ਕਰ ਦਿੱਤਾ ਕਿ ਉਨ੍ਹਾਂ ਦੇ ਅਨੁਸਾਰ ਘੋੜਾ ਉਸ ਸਮੇਂ ਕੀ ਸੋਚ ਰਿਹਾ ਹੈ ਅਤੇ ਕੀ ਮਹਿਸੂਸ ਕਰ ਰਿਹਾ ਸੀ। ਇਹ ਬਿਆਨ ਏਨਾ ਜੀਵੰਤ ਸੀ ਕਿ ਹੈਰਾਨ ਅਤੇ ਉਤਸ਼ਾਹਿਤ ਮੇਜ਼ਵਾਨ ਨੇ ਘੋਸ਼ਣਾ ਕੀਤੀ ਕਿ ਤਾਲਸਤਾਏ ਜਰੂਰ ਕਿਸੇ ਸਮੇਂ ਘੋੜਾ ਰਹੇ ਹੋਣਗੇ। ਉਂਝ, ਤਾਲਸਤਾਏ ਦੀ ਕਹਾਣੀ ਦੇ ਨਾਇਕ ਦੀ ਬੁਨਿਆਦ, ਇੱਕ ਅਸਲੀ ਘੋੜੇ ਖੋਲਸਤੋਮਰ ਨੂੰ ਬਣਾਇਆ ਗਿਆ ਹੈ ਜਿਹੜਾ ਆਪਣੇ ਲੰਮੇ ਲੰਮੇ ਕਦਮਾਂ ਅਤੇ ਰਫਤਾਰ ਲਈ ਉਸ ਵੇਲੇ ਰੂਸ ਵਿਚ ਬੜਾ ਪ੍ਰਸਿੱਧ ਸੀ। 

‘ਨਾਚ ਤੋਂ ਬਾਅਦ’ (1903) ਵਿਚ ਪਜੱਤ੍ਹਰ ਸਾਲਾਂ ਦੇ ਤਾਲਸਤਾਏ ਨੇ ਇੱਕ ਵਾਰ ਫਿਰ ਕਜ਼ਾਨ ਯੁਨੀਵਰਸਿਟੀ ਵਿਚ ਨੌਜਆਨ ਵਿਦਿਆਰਥੀ ਦੇ ਰੂਪ ਵਿਚ ਆਪਣੇ ਇੱਕ ਪ੍ਰੇਮ ਸੰਬੰਧ ‘ਤੋਂ ਪ੍ਰੇਰਣਾ ਲਈ ਹੈ। ਆਪਣੇ ਡੂੰਘੇ ਯਥਾਰਥਵਾਦ ਅਤੇ ਮਨੇਵਿਗਿਆਨਕ ਪੜਤਾਲ ਦੇ ਸੰਦਾਂ ਨਾਲ਼ ਉਹ ਅਤੀਤ ਦੇ ਵਾਤਾਵਰਣ ਨੂੰ ਬੇਹੱਦ ਜੀਵੰਤ ਅਤੇ ਤਾਜ਼ਗੀਭਰੇ ਢੰਗ ਨਾਲ਼ ਪਾਠਕਾਂ ਦੇ ਅੱਗੇ ਸਜੀਵ ਕਰਦੇ ਹਨ। ਪਰ ਕਹਾਣੀ ਦੇ ਅੰਤ ਵਿਚ ਤਾਲਸਤਾਏ ਪਾਠਕਾਂ ਦੇ ਮਨ ਵਿਚ ਰਾਜ ਦੇ ਲਈ ਨਫ਼ਰਤ ਦੀ ਭਾਵਨਾ ਛੱਡਣ ਵਿਚ ਸਫਲ ਰਹਿੰਦੇ ਹਨ ਜਿਸਨੂੰ ਉਹ ਨਾ ਸਿਰਫ ਨਾਗਰਿਕਾਂ ਦੀ ਲੁੱਟ ਦਾ ਸਗੋਂ ਉਨ੍ਹਾਂ ਦੇ ਮਨੋਬਲ ਨੂੰ ਤੋੜਨ ਦੀ ਇੱਕ ਸਾਜਿਸ਼ ਮੰਨਦੇ ਹਨ। ਨਾਚ ਤੋਂ ਬਾਅਦ ਪ੍ਰੇਮ ਦੇ ਅਹਿਲਾਦ ਨਾਲ਼ ਭਰਿਆ ਇੱਕ ਜੁਆਨ ਇਵਾਲ ਵਾਸਿਲੀਜ਼ੇਵਿਜ ਅਚਾਨਕ ਉਸ ਖੋਫ਼ਨਾਕ ਦ੍ਰਿਸ਼ ਦਾ ਗਵਾਹ ਬਣ ਜਾਂਦਾ ਹੈ ਜਿਸ ਵਿਚ ਫੌਜ਼ ਦੇ ਇੱਕ ਭਗੌੜੇ ਨੂੰ ਉਸ ਦੇ ਸਾਥੀ ਆਪਣੇ ਅਫ਼ਸਰ ਦੇ ਹੁਕਮ ‘ਤੇ ਕੁੱਟ ਕੁੱਟ ਕੇ ਮਾਰ ਦਿੰਦੇ ਹਨ। ਹੁਕਮ ਦੇਣ ਵਾਲਾ ਕਰਨਲ ਉਸਦੀ ਪ੍ਰੇਮਿਕਾ ਦਾ ਪਿਤਾ ਹੈ। ਇਹ ਦ੍ਰਿਸ਼ ਦੇਖਕੇ ਨਾ ਸਿਰਫ਼ ਨਾਇਕ ਦੇ ਦਿਲ ਵਿਚ ਕਰਨਲ ਦੀ ਬੇਟੀ ਦੇ ਲਈ ਪਿਆਰ ਠੰਡਾ ਪੈ ਜਾਂਦਾ ਹੈ ਸਗੋਂ ਉਹ ਮਨ ਵਿਚ ਹੀ ਸਹੁੰ ਖਾਂਦਾ ਹੈ ਕਿ ਕਦੀਂ ਕਿਸੇ ਤਰ੍ਹਾਂ ਦੀ ਸਰਕਾਰੀ ਸੇਵਾ ਵਿਚ ਨਹੀਂ ਜਾਵੇਗਾ।

ਤਾਲਸਤਾਏ ਦੀ ਮੌਤ ਦੇ ਬਾਅਦ ਲਿਖੇ ਗਏ ਆਪਣੇ ਲੇਖ ਵਿਚ ਲੈਨਿਨ ਨੇ ਲਿਖਿਆ ਸੀ ਕਿ ਤਾਲਸਤਾਏ ”ਏਨੀ ਜਿਆਦਾ ਗਿਣਤੀ ਵਿਚ ਮਹਾਨ ਸਮੱਸਿਆਵਾਂ ਨੂੰ ਉਠਾਉਣ ਵਿਚ ਸਫ਼ਲ ਰਹੇ ਅਤੇ ਕਲਾਤਮਕ ਸ਼ਕਤੀ ਦੀਆਂ ਅਜਿਹੀਆਂ ਉੱਚਾਈਆਂ ਤੱਕ ਉੱਪਰ ਉਠਾਉਣ ਵਿਚ ਸਫ਼ਲ ਰਹੇ ਕਿ ਉਨ੍ਹਾਂ ਦੀਆਂ ਰਚਨਾਵਾਂ ਸੰਸਾਰ ਸਾਹਿਤ ਦੀਆਂ ਸਭ ਤੋਂ ਮਹਾਨ ਰਚਨਾਵਾਂ ਵਿਚ ਸ਼ਾਮਲ ਹੋ ਗਈਆਂ।” 

ਤਾਲਸਤਾਏ ਨੇ ਯੂਰਪੀ ਮਨੁੱਖਤਾਵਾਦ ਅਤੇ ਸੰਸਾਰ ਸਾਹਿਤ ਵਿਚ ਯਥਾਰਥਵਾਦੀ ਧਾਰਾ ਦੇ ਵਿਕਾਸ ਨੂੰ ਬਹੁਤ ਵੱਡੀ ਪੱਧਰ ‘ਤੇ ਪ੍ਰਭਾਵਤ ਕੀਤਾ। ਰੋਮਾ ਰੋਲਾਂ, ਫ੍ਰਾਂਸਵਾ ਮੈਰਿਆਕ, ਰੋਜ਼ਾ ਮਾਰਤਨ ਦਿ ਗਾਰ (ਫਰਾਂਸ), ਆਰਨੇਸਟ ਹੈਮਿੰਗਵੇ, ਥਾਮਸ ਵੁਲਫ਼ (ਅਮਰੀਕਾ), ਜਾਰਜ਼ ਬਰਨਾਡ ਸ਼ਾਅ, ਜਾਨ ਗਾਲਸਵਰਦੀ (ਬ੍ਰਿਟੇਨ), ਥਾਮਸ ਮਾਨ, ਆਨਾ ਜ਼ੇਗਰਸ (ਜਰਮਨੀ), ਯੁਹਾਨ ਓਗਉਸਤ ਸਟਿੰਡਵਰਗ (ਸਵੀਡਨ), ਰੇਨਰ ਮਾਰਿਆ ਰਿਲਕੇ (ਆਸਟ੍ਰਿਆ), ਲਾਓ ਸ਼ੇ (ਚੀਨ) ਅਤੇ ਤੋਕੁਤੋਮੀ ਰੋਕਾ (ਜਪਾਨ) ਆਦਿ ਦਰਜ਼ਣਾ ਲੇਖਕਾਂ ਨੂੰ ਤਾਲਸਤਾਏ ਨੇ ਵਿਚਾਰ ਅਤੇ ਕਲਾਤਮਕ ਯਥਾਰਥਵਾਦੀ ਸ਼ੈਲੀ ਦੇ ਧਰਾਤਲ ‘ਤੇ ਪ੍ਰਭਾਵਤ ਕੀਤਾ।

ਤਾਲਸਤਾਏ ਦੀਆਂ ਰਚਨਾਵਾਂ ਰੂਸ ਵਿਚ ਅਤੇ ਪੂਰੀ ਦੁਨੀਆਂ ਵਿਚ, ਯਥਾਰਥਵਾਦ ਦੇ ਵਿਕਾਸ ਦੀ ਇੱਕ ਮੰਜ਼ਲ ਦਾ ਗਵਾਹ ਹਨ। ਇਹ ਉਨੀਵੀਂ ਸਦੀ ਦੇ ਪ੍ਰੰਪਰਾਵਾਦੀ ਨਾਵਲ ਅਤੇ ਵੀਹਵੀਂ ਸਦੀ ਦੇ ਸਾਹਿਤ ਨੂੰ ਜੋੜਨ ਵਾਲੀ ਕੜੀ ਹੈ। ਤਾਲਸਤਾਏ ਦੇ ਯਥਾਰਥਵਾਦ ਦੀ ਲਾਮਿਸਾਲ ਆਪਮੁਹਾਰਤਾ ਅਤੇ ਪ੍ਰਤੱਖਤਾ ਸਮਾਜਕ ਵਿਰੋਧਤਾਈਆਂ ਨੂੰ ਪੇਸ਼ ਕਰਨ ਵਾਲ਼ੇ ਤਿੱਖੇ ਸੰਦਾਂ ਦਾ ਕੰਮ ਕਰਦੀ ਹੈ। ਫੌਰੀ ਪ੍ਰਭਾਵਤ ਕਰਨ ਵਾਲੀ ਭਾਵਨਾਤਮਕ ਅਪੀਲ ਅਤੇ ਜੀਵਨ ਦੇ ਰਗ-ਰੇਸ਼ੇ ਦੀ ਸਜੀਵ ਪੇਸ਼ਕਸ਼ ਦੇ ਨਾਲ਼ ਸੂਖ਼ਮ-ਸਟੀਕ, ਅੰਤਰਭੇਦੀ ਬੋਧਿਕ ਸ਼ਕਤੀ ਅਤੇ ਗੰਭੀਰ ਮਨੋਵਿਗਿਆਨਕ ਵਿਸ਼ਲੇਸ਼ਣ ਦਾ ਸੁਮੇਲ ਤਾਲਸਤਾਏ ਦੀ ਕਲਾ ਦੀ ਲੱਛਣੀ ਵਿਸ਼ੇਸ਼ਤਾ ਹੈ। ਸੰਸਾਰ ਅਤੇ ਮਨੁੱਖ ਜੀਵਨ ਨੂੰ ਸੰਚਾਲਤ ਕਰਨ ਵਾਲੇ ਨਿਯਮਾਂ ਦੀ ਸਮਕਾਲੀ ਸਮਝ ਤੱਕ ਪਹੁੰਚਣ ਲਈ ਤਾਲਸਤਾਏ ਦਾ ਸਜੀਵ ਯਥਾਰਥਵਾਦ ਵਿਸ਼ਲੇਸ਼ਣ ਅਤੇ ਸੰਸ਼ਲੇਸ਼ਣ ਦਵੰਦਵਾਦੀ ਸੁਮੇਲ ਸਥਾਪਤ ਕਰਦਾ ਹੈ।  

ਤਾਲਸਤਾਏ ਦੇ ਯਥਾਰਥਵਾਦ ਨੇ ਰੂਸੀ ਕੌਮੀ ਪੰ੍ਰਪਰਾਵਾਂ ਤੋਂ ਖਾਦ ਪਾਣੀ ਲਿਆ ਸੀ ਅਤੇ ਫਿਰ ਉਸਨੂੰ ਅਮੀਰ ਬਣਾਉਂਦੇ ਹੋਏ ਆਪਣਾ ਕਰਜ਼ ਵਿਆਜ਼ ਸਮੇਤ ਉਤਾਰ ਦਿੱਤਾ ਸੀ ਪਰ ਕੌਮੀ ਤੋਂ ਕਿਤੇ ਜਿਆਦਾ ਇਨ੍ਹਾਂ ਦਾ ਦਾਇਰਾ ਅਤੇ ਸਕੋਪ ਸਰਵ ਵਿਆਪਕ ਹੈ। 

ਸਥਾਪਤ ਵਿਚਾਰਾਂ ਅਤੇ ਤੁਅੱਸਬਾਂ ਵਿਚ ਤਾਲਸਤਾਏ ਦਾ ਕੋਈ ਵਿਸ਼ਵਾਸ ਨਹੀਂ ਸੀ। ਕੁਝ ਵੀ ਉਨ੍ਹਾਂ ਲਈ ਸੰਦੇਹ ਤੋਂ ਪਰ੍ਹੇ ਨਹੀਂ ਸੀ, ਸੁਆਲਾਂ ਤੋਂ ਪਰ੍ਹੇ ਕੁਝ ਵੀ ਨਹੀਂ ਸੀ। ਉਨ੍ਹਾਂ ਨੇ ਜੀਵਨ ਦੇ ਹਰ ਪੱਖ ਦੀ, ਨਵੇਂ ਸਿਰੇ ਤੋਂ ਅਤੇ ਆਪਣੇ ਢੰਗ ਨਾਲ਼ ਜਾਂਚ-ਪੜਤਾਲ ਕੀਤੀ। ਹਰ ਤਰ੍ਹਾਂ ਦੇ ਸਾਹਿਤਕ ‘ਸਟੀਰੀਓਟਾਈਪਾਂ’ ਨੂੰ ਖਾਰਜ਼ ਕਰਦੇ ਹੋਏ ਉਨ੍ਹਾਂ ਨੇ ਜੋ ਖ਼ੁਦ ਦੇਖਿਆ, ਸਮਝਿਆ ਅਤੇ ਸਿੱਧੇ ਤੌਰ ‘ਤੇ ਬੋਧ ਨਾਲ਼ ਹਾਸਲ ਕੀਤਾ, ਉਸੇ ਨੂੰ ਰਚਨਾ ਦੇ ਯਥਾਰਥ ਵਿਚ ਢਾਲਿਆ। ਲੋਕਾਂ ਦੇ ਅੰਦਰੂਨੀ ਜੀਵਨ, ਸੁਪਨਿਆਂ ਖਾਹਿਸ਼ਾਂ ਅਤੇ ਅੰਤਰਆਤਮਾ ਦੀਆਂ ਟੀਸਾਂ ਨੂੰ ਜਾਣ ਲੈਣ ਦੀ ਉਨ੍ਹਾਂ ਦੀ ਸਮਰੱਥਾ ਅਸਧਾਰਣ ਸੀ। ਨਿੱਤ ਦੇ ਜੀਵਨ ਅਤੇ ਇਤਿਹਾਸ ਦੇ ਲਏ ਗਏ ਦ੍ਰਿਸ਼ਾਂ ਦੀ ਮੁੜਰਚਨਾ ਦੇ ਮਾਮਲੇ ਵਿਚ ਉਹ ਲਾਮਿਸਾਲ ਸਨ। 

ਯਥਾਰਥਵਾਦ ਦੀ ਧਾਰਾ ਨੇ ਇੱਕੀਵੀਂ ਸਦੀ ਵਿਚ ਵੀ ਅੱਗੇ ਜਾਣ ਲਈ ਤਾਲਸਤਾਏ ਤੋਂ ਹਾਲੇ ਕਾਫੀ ਕੁਝ ਲੈਣਾ ਹੈ ਅਤੇ ਪਹਿਲਾਂ ਦਾ ਵੀ ਉਨ੍ਹਾਂ ਦਾ ਕਾਫੀ ਕਰਜ਼ਾ ਹੈ ਜਿਹੜਾ ਮੋੜਨਾ ਹੈ। ਸਮਕਾਲੀ ਜੀਵਨ ਦੇ ਸੰਸ਼ਲਿਸ਼ਟ ਯਥਾਰਥ ਦੀ ਬਾਹਰਮੁਖੀ ਪੇਸ਼ਕਸ਼ ਦੇ ਨਾਲ਼ ਹੀ, ਭਵਿੱਖ ਅਤੇ ਵਰਤਮਾਨ ਦੇ ਅਸਲੀ ਪਾਤਰਾਂ ਨੂੰ ਉਨ੍ਹਾਂ ਦੇ ਅਸਲੀ ਸਥਾਨ ‘ਤੇ ਦਿਖਾਕੇ ਹੀ, ਪਿਛਲੇ ਕਰਜ਼ੇ ਨੂੰ ਮੋੜਿਆ ਜਾ ਸਕਦਾ ਹੈ।

“ਪ੍ਰਤੀਬੱਧ”, ਅੰਕ 09, ਅਪ੍ਰੈਲ-ਜੂਨ 2008 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s