ਤਿੱਖਾ ਹੁੰਦਾ ਅੰਤਰ-ਸਾਮਰਾਜੀ ਖਹਿਭੇੜ •ਸੁਖਵਿੰਦਰ

5

ਪੀ.ਡੀ.ਐਫ਼ ਡਾਊਨਲੋਡ ਕਰੋ

ਸੰਸਾਰ ਦੀ ਇੱਕ ਧਰੁਵਤਾ ਦੀ ਮਿੱਥ ਕਾਫੂਰ
ਸਾਮਰਾਜ ਦੇ ਲੈਨਿਨਵਾਦੀ ਸਿਧਾਂਤ ਦੀ ਮੁੜ-ਪੁਸ਼ਟੀ

ਸੋਵੀਅਤ ਯੂਨੀਅਨ ਦੇ ਢਹਿ-ਢੇਰੀ ਹੋਣ ਤੋਂ ਬਾਅਦ ਸੰਸਾਰ ਦੀ ਇੱਕ ਧਰੁਵਤਾ, ਸਾਮਰਾਜ ਦੇ ਖਾਤਮੇ, ਸਾਮਰਾਜ ਦੇ ਲੈਨਿਨਵਾਦੀ ਸਿਧਾਂਤ ਦੇ ਅਪ੍ਰਸੰਗਕ ਹੋਣ ਅਤੇ ਸਾਮਰਾਜ ਦੇ ਨਵੇਂ-ਨਵੇਂ ਸਿਧਾਂਤਾਂ ਦਾ ਬਜਾਰ ਗਰਮ ਰਿਹਾ ਹੈ। ਪੰਜਾਬ ਭਾਕਪਾ ਦੇ ਆਗੂ ਸ਼੍ਰੀ ਜਗਰੂਪ ਨੇ ਤਾਂ ਇੱਥੋਂ ਤੱਕ ਵੀ ਦਾਅਵਾ ਕੀਤਾ ਕਿ 20ਵੀਂ ਸਦੀ ਦੇ ਸ਼ੁਰੂ ‘ਚ ਜਦੋਂ ਸਾਮਰਾਜ ਦੇ ਸਵਾਲ ‘ਤੇ ਲੈਨਿਨ ਅਤੇ ਕਾਊਟਸਕੀ ‘ਚ ਬਹਿਸ ਹੋਈ, ਉਦੋਂ ਲੈਨਿਨ ਦੀ ਪੋਜੀਸ਼ਨ ਸਹੀ ਸੀ। ਪਰ ਬਾਅਦ ਦੇ ਘਟਨਾਕ੍ਰਮ ਨੇ ਕਾਊਟਸਕੀ ਨੂੰ ਸਹੀ ਸਾਬਿਤ ਕੀਤਾ ਹੈ। ਪਰ ਪਿਛਲੇ ਕੁੱਝ ਸਾਲਾਂ ਤੋਂ ਵੱਖ-ਵੱਖ ਸਾਮਰਾਜੀ ਧੁਰੀਆਂ, ਖਾਸ ਕਰਕੇ ਇੱਕ ਪਾਸੇ ਅਮਰੀਕਾ ਅਤੇ ਦੂਜੇ ਪਾਸੇ ਰੂਸ, ਦਰਮਿਆਨ ਜੋ ਖਹਿ-ਭੇੜ ਤਿੱਖਾ ਹੋਇਆ ਹੈ (ਖਾਸ ਕਰਕੇ ਪਹਿਲਾਂ ਅਰਬ ਦੇਸ਼ਾਂ ਵਿੱਚ ਅਤੇ ਹੁਣ ਯੂਕਰੇਨ ‘ਚ) ਉਸਨੇ ਉਪਰੋਕਤ ਸਿਧਾਂਤ ਘਾੜਿਆਂ ਲਈ ਵੱਡੀ ਸਮੱਸਿਆ ਖੜੀ ਕਰ ਦਿੱਤੀ ਹੈ। ਕੁੱਝ ਵਿਸ਼ਲੇਸ਼ਕ ਅਮਰੀਕੀ ਅਤੇ ਰੂਸੀ ਸਾਮਰਾਜ ਦਰਮਿਆਨ ਤਿੱਖੇ ਹੋਏ ਖਹਿਭੇੜ ਨੂੰ ‘ਠੰਢੀ ਜੰਗ’ ਦੀ ਵਾਪਸੀ ਵੀ ਕਹਿ ਰਹੇ ਹਨ।

1991 ‘ਚ ਸੋਵੀਅਤ ਯੂਨੀਅਨ ਦੇ ਖਿੰਡਾਅ ਤੋਂ ਬਾਅਦ ਅੰਤਰ-ਸਾਮਰਾਜੀ ਖਹਿਭੇੜ ਵਕਤੀ ਤੌਰ ‘ਤੇ ਮੱਧਮ ਪੈ ਗਿਆ। ਸਾਮਰਾਜੀ ਰੂਸ ਆਪਣੀਆਂ ਅੰਦਰੂਨੀ ਸਮੱਸਿਆਵਾਂ ਵਿੱਚ ਬੁਰੀ ਤਰ੍ਹਾਂ ਉਲ਼ਝ ਗਿਆ। ਜਰਮਨੀ, ਜਪਾਨ, ਬਰਤਾਨੀਆਂ ਆਦਿ ਸਾਮਰਾਜੀ ਦੇਸ਼ ਅਮਰੀਕੀ ਸਾਮਰਾਜ ਦੇ ਪਿੱਛਲੱਗੂਆਂ ਦੀ ਭੂਮਿਕਾ ‘ਚ ਆ ਗਏ। ਅਮਰੀਕੀ ਅਗਵਾਈ ਵਿੱਚ ਪੂਰਾ ਸਾਮਰਾਜੀ ਖੇਮਾ ਕਾਫੀ ਇੱਕਜੁਟ ਨਜ਼ਰ ਆਉਣ ਲੱਗਾ। ਸਾਮਰਾਜੀ ਦੁਨੀਆਂ ਦੀ ਇਹ ਅਸਲੀਅਤ ਥੋੜ੍ਹਚਿਰੀ ਹੀ ਸੀ। ਪਰ ਕੁੱਝ “ਮਾਰਕਸਵਾਦੀ” ਅਤੇ ਬੁਰਜੂਆ ਵਿਸ਼ਲੇਸ਼ਕਾਂ ਨੇ ਇਸਨੂੰ ਮੌਜੂਦਾ ਸੰਸਾਰ ਦੀ ਸਦੀਵੀ ਸੱਚਾਈ ਐਲਾਨ ਦਿੱਤਾ, ਉਹਨਾਂ ਸਾਮਰਾਜੀ ਦੇਸ਼ਾਂ ਵਿੱਚ ਮੇਲ਼-ਜੋਲ਼ ਤਾਂ ਦੇਖਿਆ ਪਰ ਸਤ੍ਹਾ ਹੇਠ ਵਧ-ਫੁੱਲ ਰਹੇ ਨਵੇਂ ਖਹਿਭੇੜ ਨੂੰ ਨਜ਼ਰਅੰਦਾਜ ਕਰ ਦਿੱਤਾ।

ਪਰ ਹੁਣ ਇਹ ਸਤ੍ਹਾ ਹੇਠਲਾ ਖਹਿਭੇੜ ਜਦੋਂ ਉੱਭਰ ਕੇ ਸਾਹਮਣੇ ਆ ਗਿਆ ਹੈ ਤਾਂ ਇਹਨਾਂ ਵਿਸ਼ਲੇਸ਼ਕਾਂ ਲਈ ਇਸ ਅਸਲੀਅਤ ਨੂੰ ਪਚਾਉਣਾ ਔਖਾ ਹੋ ਰਿਹਾ ਹੈ। ਉਹ ਜਾਂ ਤਾਂ ਇਸ ਬਾਰੇ ਚੁੱਪ ਹਨ ਜਾਂ ਫਿਰ ਆਪਣੇ ਸਿਧਾਂਤ ਬਦਲ ਰਹੇ ਹਨ।

ਹਥਲੇ ਲੇਖ ਵਿੱਚ ਅਸੀਂ ਦਿਖਾਵਾਂਗੇ ਕਿ ਇਸ ਅੰਤਰ-ਸਾਮਰਾਜੀ ਖਹਿਭੇੜ ਦਾ ਲੈਨਿਨਵਾਦੀ ਸਿਧਾਂਤਕ ਅਧਾਰ ਕੀ ਹੈ ਅਤੇ ਅੱਜ ਦੀ ਸਾਮਰਾਜੀ ਦੁਨੀਆਂ ਕਿਵੇਂ ਇਸ ਸਿਧਾਂਤ ਦੀ ਪ੍ਰਸੰਗਿਕਤਾ ਦੀ ਪੁਸ਼ਟੀ ਕਰਦੀ ਹੈ।

ਸਾਮਰਾਜ ਦਾ ਲੈਨਿਨੀ ਸਿਧਾਂਤ
ਅਤੇ ਉਸ ਤੋਂ ਬਾਅਦ ਦੀ ਦੁਨੀਆਂ

ਅੱਜ ਦੀ ਦੁਨੀਆਂ ਵਿੱਚ ਸਾਮਰਾਜ ਦੇ ਸਵਾਲ ‘ਤੇ ਜੋ ਵਿਵਾਦ/ਬਹਿਸਾਂ ਉੱਠਦੇ ਰਹਿੰਦੇ ਹਨ, ਉਹਨਾਂ ਨੂੰ ਠੀਕ ਢੰਗ ਨਾਲ਼ ਸਮਝਣ ਲਈ 20ਵੀਂ ਸਦੀ ਦੇ ਸ਼ੁਰੂ ‘ਚ ਇਸੇ ਸਵਾਲ ਉੱਪਰ ਲੈਨਿਨ ਅਤੇ ਕਾਊਟਸਕੀ ਦਰਮਿਆਨ ਹੋਏ ਵਿਵਾਦ ਨੂੰ ਸਮਝਣਾ ਜਰੂਰੀ ਹੈ। ਅੱਜ ਜਿਹੜੇ ਵਿਦਵਾਨ ਸਾਮਰਾਜ ਦੇ ਲੈਨਿਨੀ ਸਿਧਾਂਤ ਨੂੰ ਤੱਜਦੇ ਹਨ, ਜਾਂ ਇਹ ਕਹਿੰਦੇ ਹਨ ਕਿ ਅੱਜ ਦੀ ਦੁਨੀਆਂ ਲੈਨਿਨ ਦੇ ਸਮੇਂ (ਜਦੋਂ ਸਾਮਰਾਜ ਦਾ ਲੈਨਿਨੀ ਸਿਧਾਂਤ ਹੋਂਦ ਵਿੱਚ ਆਇਆ ਸੀ) ਤੋਂ ਬੁਨਿਆਦੀ ਤੌਰ ‘ਤੇ ਭਿੰਨ ਹੈ ਜਾਂ ਇਹ ਦਾਅਵਾ ਕਰਦੇ ਹਨ ਕਿ ਅੱਜ ਦੀ ਦੁਨੀਆਂ ਨੂੰ ਸਾਮਰਾਜ ਦੇ ਲੈਨਿਨੀ ਸਿਧਾਂਤ ਦੇ ਚੌਖਟੇ ਵਿੱਚ ਰੱਖ ਕੇ ਨਹੀਂ ਸਮਝਿਆ ਜਾ ਸਕਦਾ, ਉਹ ਕਿਸੇ ਨਾ ਕਿਸੇ ਰੂਪ ਵਿੱਚ ਕਾਊਟਸਕੀ ਦੇ ‘ਪੜ-ਸਾਮਰਾਜ’ ਦੇ ਸਿਧਾਂਤ ‘ਤੇ ਜਾ ਖੜ੍ਹਦੇ ਹਨ। ਇਹਨਾਂ ਦੇ ਸ਼ਬਦ, ਵਿਆਖਿਆ ਵੱਖਰੀ ਹੋ ਸਕਦੀ ਹੈ, ਪਰ ਇਹਨਾਂ ਦੇ ਸਿਧਾਂਤ ਦਾ ਤੱਤ ਕਾਊਟਸਕੀ ਦੇ ‘ਪੜ-ਸਾਮਰਾਜ’ ਦੇ ਸਿਧਾਂਤ ਵਾਲ਼ਾ ਹੀ ਹੈ। ਸਾਡੇ ਇੱਥੇ ਕਹਿਣ ਦਾ ਮਤਲਬ ਇਹ ਨਹੀਂ ਕਿ ਅੱਜ ਦੁਨੀਆਂ 20ਵੀਂ ਸਦੀ ਦੇ ਸ਼ੁਰੂ ਵਿੱਚ ਹੀ ਠਹਿਰ ਗਈ ਹੈ ਜਾਂ ਲੈਨਿਨ ਦੀ ਪੁਸਤਕ ‘ਸਾਮਰਾਜ : ਸਰਮਾਏਦਾਰੀ ਦਾ ਸਰਵਉੱਚ ਪੜਾਅ’ ਲਿਖੇ ਜਾਣ (ਜਨਵਰੀ-ਜੂਨ 1916) ਤੋਂ ਬਾਅਦ ਸਾਮਰਾਜ ਦੀ ਕਾਰਜ ਪ੍ਰਣਾਲ਼ੀ ਵਿੱਚ ਕੋਈ ਬਦਲਾਅ ਨਹੀਂ ਹੋਵੇ। ਨਿਸ਼ਚੇ ਹੀ ਇਹ ਬਦਲਾਅ ਹੋਏ ਹਨ, ਜਿਸਦੀ ਵਿਆਖਿਆ ਅਸੀਂ ਅੱਗੇ ਚੱਲ ਕੇ ਕਰਾਂਗੇ। ਇੱਥੇ ਇੰਨਾ ਹੀ ਕਹਾਂਗੇ ਕਿ ਇਹ ਬਦਲਾਅ ਅਜਿਹੇ ਨਹੀਂ ਹਨ ਜਿਸ ਨਾਲ ਸਾਮਰਾਜ ਦੀ ਮੌਤ ਦਾ ਐਲਾਨ ਕਰ ਦਿੱਤਾ ਜਾਵੇ, ਜਿਵੇਂ ਕਿ ਕਈ ਮਾਰਕਸਵਾਦੀ ਵਿਦਵਾਨਾਂ ਨੇ ਕੀਤਾ ਹੈ।

ਖੈਰ, ਥੋੜ੍ਹਾ ਪਿੱਛੇ ਮੁੜਦੇ ਹੋਏ ਗੱਲ ਲੈਨਿਨ ਅਤੇ ਕਾਊਟਸਕੀ ਦਰਮਿਆਨ ਸਾਮਰਾਜ ਦੇ ਸਵਾਲ ‘ਤੇ ਹੋਏ ਵਿਵਾਦ ਤੋਂ ਸ਼ੁਰੂ ਕਰਦੇ ਹਾਂ। ਸਮਾਰਾਜ ਆਮ ਤੌਰ ‘ਤੇ ਸਰਮਾਏਦਾਰੀ ਦੇ ਬੁਨਿਆਦੀ ਲੱਛਣਾਂ ਦੇ ਵਿਕਾਸ ਅਤੇ ਉਹਨਾਂ ਦੀ ਸਿੱਧੀ ਨਿਰੰਤਰਤਾ ਵਜੋਂ ਹੋਂਦ ‘ਚ ਆਇਆ। ਅਜ਼ਾਦ ਮੁਕਬਾਲੇ ਦੀ ਸਰਮਾਏਦਾਰੀ ਦੇ (ਆਪਣੇ ਵਿਕਾਸ ਦੇ ਇੱਕ ਨਿਸ਼ਚਤ ਅਤੇ ਬਹੁਤ ਉੱਚੇ ਪੜਾਅ ‘ਤੇ ਕਿਹਾ ਜਾ ਸਕਦਾ ਹੈ ਕਿ 19ਵੀਂ ਸਦੀ ਦੇ ਅੰਤ ਅਤੇ 20ਵੀਂ ਸਦੀ ਦੇ ਸ਼ੁਰੂ ਵਿੱਚ) ਬੁਨਿਆਦੀ ਲੱਛਣ ਆਪਣੇ ਉਲ਼ਟ ‘ਚ ਬਦਲਣੇ ਸ਼ੁਰੂ ਹੋ ਗਏ। ਆਰਥਿਕ ਪੱਖੋਂ ਸਰਮਾਏਦਾਰੀ ਅਤੇ ਆਮ ਕਰਕੇ ਜਿਣਸ ਪੈਦਾਵਾਰ ਦਾ ਬੁਨਿਆਦੀ ਲੱਛਣ, ਅਜ਼ਾਦ ਮੁਕਾਬਲਾ ਆਪਣੇ ਉਲ਼ਟ ਅਜਾਰੇਦਾਰੀ ਵਿੱਚ ਤਬਦੀਲ ਹੋ ਗਿਆ। ਕੋਈ ਭਰਮ ਪੈਦਾ ਨਾ ਹੋਵੇ ਇਸ ਲਈ ਇਹ ਸਪੱਸ਼ਟ ਕਰ ਦੇਣਾ ਜਰੂਰੀ ਹੈ ਕਿ ਅਜਾਰੇਦਾਰੀਆਂ, ਜੋ ਅਜ਼ਾਦ ਮੁਕਾਬਲੇ ‘ਚੋਂ ਪੈਦਾ ਹੋਈਆਂ, ਇਸ ਨੂੰ ਖਤਮ ਨਹੀਂ ਕਰਦੀਆਂ। ਲੈਨਿਨ ਦੇ ਸ਼ਬਦਾਂ ‘ਚ ਕਹਿਣਾ ਹੋਵੇ ਤਾਂ ਅਜਾਰੇਦਾਰੀਆਂ ਅਜ਼ਾਦ ਮੁਕਾਬਲੇ ਤੋਂ ਉੱਚੀਆਂ ਅਤੇ ਇਸਦੇ ਨਾਲ਼-ਨਾਲ਼ ਰਹਿੰਦੀਆਂ ਹਨ ਅਤੇ ਇਉਂ ਬਹੁਤ ਸਾਰੇ ਬੜੇ ਤੀਖਣ, ਸਖਤ ਵਿਰੋਧਾਂ, ਝਗੜਿਆਂ ਅਤੇ ਟਕਰਾਵਾਂ ਨੂੰ ਜਨਮ ਦੇਂਦੀਆਂ ਹਨ, ਅਜਾਰੇਦਾਰੀ ਸਰਮਾਏਦਾਰੀ ਦੇ ਇੱਕ ਉਚੇਰੇ ਪੜਾਅ ਵੱਲ ਤਬਦੀਲੀ ਹੈ।

ਅਜਾਰੇਦਾਰੀ ਦੇ ਉਭਾਰ ਸਮੇਤ 19ਵੀਂ ਸਦੀ ਦੇ ਅੰਤੇ ਅਤ 20ਵੀਂ ਸਦੀ ਦੇ ਸ਼ੁਰੂ ‘ਚ ਸਰਮਾਏਦਾਰੀ ‘ਚ ਜੋ ਨਵੇਂ ਲੱਛਣ ਪੈਦਾ ਹੋਏ ਉਹਨਾਂ ਸਭ ਨੂੰ ਸਮੇਟ ਕੇ ਲੈਨਿਨ ਨੇ ਸਾਮਰਾਜ ਨੂੰ ਇਸ ਤਰ੍ਹਾਂ ਪ੍ਰੀਭਾਸ਼ਿਤ ਕੀਤਾ,”(1) ਪੈਦਾਵਾਰ ਤੇ ਸਰਮਾਏ ਦਾ ਕੇਂਦਰਣ ਇਸ ਹੱਦ ਤੱਕ ਵਧ ਗਿਆ ਹੈ ਕਿ ਇਹਨੇ ਅਜਾਰੇਦਾਰੀਆਂ ਪੈਦਾ ਕਰ ਦਿੱਤੀਆਂ ਹਨ ਜਿਹੜੀਆਂ ਆਰਥਿਕ ਜੀਵਨ ਵਿੱਚ ਫੈਸਲਾਕੁੰਨ ਭੂਮਿਕਾ ਅਦਾ ਕਰਦੀਆਂ ਹਨ; (2) ਬੈਂਕ ਸਰਮਾਏ ਦਾ ਸਨਅਤੀ ਸਰਮਾਏ ਨਾਲ਼ ਮਿਲ਼ਣਾ ਅਤੇ ਇਸ ”ਵਿੱਤ ਸਰਮਾਏ” ਦੇ ਅਧਾਰ ਉੱਤੇ, ਵਿੱਤ ਜੁੰਡੀ-ਰਾਜ ਦਾ ਪੈਦਾ ਹੋਣਾ; (3) ਜਿਣਸਾਂ ਦੀ ਬਰਾਮਦ ਤੋਂ ਨਿੱਖੜਵੀਂ ਸਰਮਾਏ ਦੀ ਬਰਾਮਦ ਅਸਧਾਰਨ ਮਹੱਤਤਾ ਧਾਰਨ ਕਰ ਲੈਂਦੀ ਹੈ। (4) ਕੌਮਾਂਤਰੀ ਅਜਾਰੇਦਾਰਾਨਾ ਸਰਮਾਏਦਾਰਾਨਾ ਸਭਾਵਾਂ ਦਾ ਬਣਨਾ, ਜਿਹੜੀਆਂ ਦੁਨੀਆਂ ਨੂੰ ਆਪਸ ਵਿੱਚ ਵੰਡ ਲੈਂਦੀਆਂ ਹਨ ਅਤੇ (5) ਸਭ ਤੋਂ ਵੱਡੀਆਂ ਸਰਮਾਏਦਾਰ ਤਾਕਤਾਂ ਵਿੱਚ ਸਾਰੀ ਦੁਨੀਆਂ ਦੀ ਇਲਾਕਾਈ ਵੰਡ ਪੂਰੀ ਹੋ ਜਾਂਦੀ ਹੈ। ਸਾਮਰਾਜ ਵਿਕਾਸ ਦੇ ਉਸ ਪੜਾਅ ਉੇੱਤੇ ਸਰਮਾਏਦਾਰੀ ਹੈ, ਜਿਸ ਪੜਾਅ ਉੱਤੇ ਅਜਾਰੇਦਾਰੀਆਂ ਅਤੇ ਵਿੱਤ ਸਰਮਾਏ ਦਾ ਗ਼ਲਬਾ ਸਥਾਪਤ ਹੋ ਜਾਂਦਾ ਹੈ; ਜਿਸ ਵਿੱਚ ਸਰਮਾਏ ਦੀ ਬਰਾਮਦ ਨੇ ਉੱਘੀ ਮਹੱਤਤਾ ਧਾਰਨ ਕਰ ਲਈ ਹੈ; ਜਿਸ ਵਿੱਚ ਕੌਮਾਂਤਰੀ ਟਰੱਸਟਾਂ ਵਿੱਚ ਦੁਨੀਆ ਦੀ ਵੰਡ ਸ਼ੁਰੂ ਹੋ ਚੁੱਕੀ ਹੁੰਦੀ ਹੈ, ਜਿਸ ਵਿੱਚ ਸਭ ਤੋਂ ਵੱਡੀਆਂ ਸਰਮਾਏਦਾਰ ਸ਼ਕਤੀਆਂ ਵਿੱਚ ਦੁਨੀਆ ਦੇ ਸਾਰੇ ਇਲਾਕਿਆਂ ਦੀ ਵੰਡ ਪੂਰੀ ਹੋ ਚੁੱਕੀ ਹੈ।”  (ਲੈਨਿਨ, ਸਾਮਰਾਜ: ਸਰਮਾਏਦਾਰੀ ਦਾ ਸਰਵਉੱਚ ਪੜਾਅ, ਪੰਨਾ 89-90, ਸ਼ਹੀਦ ਭਗਤ ਸਿੰਘ ਯਾਦਾਗਾਰੀ ਪ੍ਰਕਾਸ਼ਨ, ਲੁਧਿਆਣਾ)

ਲੈਨਿਨ ਦੁਆਰਾ ਸਾਮਰਾਜ ਦੀ ਉਪਰੋਕਤ ਪ੍ਰੀਭਾਸ਼ਾ ਵਿੱਚ ਪ੍ਰਗਟ ਹੋਏ ਵਿਚਾਰਾਂ ਦਾ ਕਾਰਲ ਕਾਊਟਸਕੀ, ਜੋ ਕਿ ਦੂਸਰੀ ਕੌਮਾਂਤਰੀ ਦੇ ਦੌਰ ਦਾ ਪ੍ਰਮੁੱਖ ਮਾਰਕਸਵਾਦੀ ਸਿਧਾਂਤਕਾਰ ਸੀ, ਨੇ ਤਿੱਖੀ ਅਲੋਚਨਾ ਕੀਤੀ। ਉਸਦਾ ਕਹਿਣਾ ਸੀ ਕਿ, “ਸਾਮਰਾਜ ਨੂੰ ਆਰਥਿਕਤਾ ਦਾ “ਦੌਰ” ਜਾਂ ਪੜਾਅ ਨਹੀਂ ਸਗੋਂ ਇੱਕ ਨੀਤੀ, ਇੱਕ ਨਿਸ਼ਚਤ ਨੀਤੀ ਸਮਝਿਆ ਜਾਣਾ ਚਾਹੀਦਾ ਹੈ, ਜਿਸਨੂੰ ਵਿੱਤ ਸਰਮਾਏ ਵੱਲੋਂ“ਪਹਿਲ ਦਿੱਤੀ ਜਾ ਰਹੀ ਹੈ; ਕਿ ਸਾਮਰਾਜ ਨੂੰ“ਅੱਜ ਦੀ ਸਰਮਾਏਦਾਰੀ ਨਾਲ਼ ਸਗਵਾਂ ਨਹੀਂ ਕਰ ਦੇਣਾ ਚਾਹੀਦਾ।””(ਲੈਨਿਨ, ਉਪਰੋਕਤ, ਪੰਨਾ-91)

ਅੱਗੇ ਲੈਨਿਨ ਕਾਊਟਸਕੀ ਦੇ ਉਪਰੋਕਤ ਵਿਚਾਰਾਂ ਦੀ ਅਲੋਚਨਾ ਕਰਦੇ ਹੋਏ ਲਿਖਦੇ ਹਨ,”ਮਾਮਲੇ ਦਾ ਤੱਤ ਇਹ ਹੈ ਕਿ ਕਾਊਟਸਕੀ ਸਾਮਰਾਜ ਦੀ ਸਿਆਸਤ ਨੂੰ ਇਹਦੀ ਆਰਥਿਕਤਾ ਤੋਂ ਵੱਖ ਕਰਦਾ ਹੈ, ਕਬਜ਼ਿਆਂ ਦੀ ਅਜਿਹੀ ਨੀਤੀ ਵਜੋਂ ਗੱਲ ਕਰਦਾ ਹੈ, ਜਿਸਨੂੰ ਵਿੱਤ ਸਰਮਾਏ ਵੱਲੋਂ ”ਪਹਿਲ ਦਿੱਤੀ ਜਾਂਦੀ ਹੈ,” ਅਤੇ ਇਹਦੇ ਮੁਕਾਬਲੇ ਉੱਤੇ ਇੱਕ ਹੋਰ ਬੁਰਜੂਆ ਨੀਤੀ ਨੂੰ ਰੱਖਦਾ ਹੈ ਜਿਹੜੀ, ਉਹ ਦਾਅਵਾ ਕਰਦਾ ਹੈ, ਵਿੱਤ ਸਰਮਾਏ ਦੇ ਬਿਲਕੁਲ ਇਸੇ ਹੀ ਅਧਾਰ ਉੱਤੇ ਸੰਭਵ ਹੈ। ਤਾਂ ਨਤੀਜਾ ਇਹ ਨਿੱਕਲ਼ਦਾ ਹੈ ਕਿ ਆਰਥਕਤਾ ਵਿੱਚ ਅਜਾਰੇਦਾਰੀਆਂ ਸਿਆਸਤ ਵਿੱਚ ਗ਼ੈਰ-ਅਜ਼ਾਰੇਦਾਰਾਨਾ, ਗ਼ੈਰ-ਹਿੰਸਕ, ਗ਼ੈਰ-ਕਬਜ਼ਾਵਾਦੀ ਢੰਗਾਂ ਨਾਲ਼ ਮੇਲ਼ ਖਾਂਦੀਆਂ ਹਨ। ਤਾਂ ਨਤੀਜਾ ਇਹ ਨਿੱਕਲ਼ਦਾ ਹੈ ਕਿ ਦੁਨੀਆਂ ਦੀ ਇਲਾਕਾਈ ਵੰਡ, ਜਿਹੜੀ ਵਿੱਤ ਸਰਮਾਏ ਦੇ ਇਸੇ ਹੀ ਦੌਰ ਦੇ ਸਮੇਂ ਵਿੱਚ ਪੂਰੀ ਕੀਤੀ ਗਈ ਸੀ ਅਤੇ ਜਿਹੜੀ ਸਭ ਤੋਂ ਵੱਡੇ ਸਰਮਾਏਦਾਰ ਰਾਜਾਂ ਵਿਚਕਾਰ ਮੁਕਾਬਲੇ ਦੇ ਮੌਜੂਦਾ ਵਿਸ਼ੇਸ਼ ਰੂਪਾਂ ਦਾ ਅਧਾਰ ਬਣੀ ਹੋਈ ਹੈ, ਗ਼ੈਰ-ਸਾਮਰਾਜੀ ਨੀਤੀ ਨਾਲ਼ ਮੇਲ ਖਾਂਦੀ ਹੈ। ਨਤੀਜਾ ਸਰਮਾਏਦਾਰੀ ਦੇ ਨਵੇਂ ਪੜਾਅ ਦੇ ਅਤਿ ਡੂੰਘੇ ਵਿਰੋਧਾਂ ਦੀ ਡੂੰਘਾਈ ਉੱਤੋਂ ਪਰਦਾ ਲਾਹੁਣ ਦੀ ਥਾਂ ਉਹਨਾਂ ਨੂੰ ਅੱਖੋਂ ਉਹਲੇ ਕਰਨਾ ਅਤੇ ਖੁੰਢਿਆਂ ਕਰਨਾ ਹੈ; ਨਤੀਜਾ ਮਾਰਕਸਵਾਦ ਦੀ ਥਾਂ ਬੁਰਜੂਆ ਸੁਧਾਰਵਾਦ ਹੈ।” (ਉਪਰੋਕਤ, ਪੰਨਾ 93-94)

ਕਾਊਟਸਕੀ ਇੱਥੇ ਹੀ ਨਹੀਂ ਰੁਕਦਾ, ਉਹ ਕਹਿੰਦਾ ਹੈ ਕਿ ਸਰਮਾਏਦਾਰੀ ਇੱਕ ਅਜਿਹੇ ਪੜਾਅ ਵਿੱਚ ਦਾਖਲ ਹੋ ਜਾਵੇਗੀ ਜਿੱਥੇ ਸਾਮਰਾਜੀਆਂ ਦੀਆਂ ਆਪਸੀ ਵਿਰੋਧਤਾਈਆਂ, ਰੱਟੇ, ਕਲੇਸ਼ ਖਤਮ ਹੋ ਜਾਣਗੇ। ਇਸ ਨੂੰ ਉਹ ‘ਪੜ-ਸਾਮਰਾਜ’ ਦਾ ਪੜਾਅ ਕਹਿੰਦਾ ਹੈ। ਲੈਨਿਨ, ਕਾਊਟਸਕੀ ਦੀ ਇਸ ਧਾਰਨਾ ‘ਤੇ ਟਿੱਪਣੀ ਕਰਦੇ ਹਨ, ”ਜੇ ਨਿਰੋਲ ਆਰਥਕ ਦ੍ਰਿਸ਼ਟੀਕੋਣ ਤੋਂ ਮਤਲਬ ”ਨਿਰੋਲ” ਭਾਵਵਾਚਕਤਾ ਲਿਆ ਜਾਂਦਾ ਹੈ ਤਾਂ ਜੋ ਕੁਝ ਕਿਹਾ ਜਾ ਸਕਦਾ ਹੈ, ਉਹ ਸਾਰਾ ਕੁਝ ਇਹ ਪ੍ਰਸਤਾਵ ਬਣ ਕੇ ਰਹਿ ਜਾਂਦਾ ਹੈ: ਵਿਕਾਸ ਅਜਾਰੇਦਾਰੀਆਂ ਵੱਲ, ਇਸ ਲਈ, ਇÎੱਕੋ ਇੱਕ ਸੰਸਾਰ ਅਜਾਰੇਦਾਰੀ ਵੱਲ, ਇੱਕੋ ਇੱਕ ਸੰਸਾਰ ਟਰੱਸਟ ਵੱਲ ਵੱਧ ਰਿਹਾ ਹੈ। ਇਹ ਗੱਲ ਨਿਰਵਿਵਾਦ ਹੈ, ਪਰ ਇਹ ਗੱਲ ਵੀ ਉਨੀ ਹੀ ਪੂਰੀ ਤਰ੍ਹਾਂ ਬੇਅਰਥ ਹੈ ਜਿਹਨਾਂ ਇਹ ਬਿਆਨ ਕਿ ”ਵਿਕਾਸ” ਪ੍ਰਯੋਗਸ਼ਾਲਾਵਾਂ ਵਿੱਚ ਖਾਣ-ਪੀਣ ਦੀਆਂ ਵਸਤਾਂ ਤਿਆਰ ਕਰਨ ਵੱਲ ”ਵਧ ਰਿਹਾ ਹੈ”। ਇਹਨਾਂ ਅਰਥਾਂ ਵਿੱਚ ਪੜ-ਸਾਮਰਾਜ ਦਾ ”ਸਿਧਾਂਤ” ”ਪੜ-ਖੇਤੀ ਦੇ ਸਿਧਾਂਤ” ਨਾਲ਼ੋਂ ਘੱਟ ਵਾਹਯਾਤ ਨਹੀਂ ਹੈ।” (ਉਪਰੋਕਤ, ਪੰਨਾ 95)

ਅੱਗੈ ਲੈਨਿਨ ਲਿਖਦੇ ਹਨ, ”ਨਿਸ਼ਚੇ ਹੀ, ਸਰਮਾਏਦਾਰੀ ਅਧੀਨ ਅਜਾਰੇਦਾਰੀ ਕਦੀ ਵੀ ਪੂਰੀ ਤਰ੍ਹਾਂ ਅਤੇ ਬਹੁਤ ਲੰਬੇ ਸਮੇਂ ਤੱਕ ਸੰਸਾਰ ਮੰਡੀ ਵਿੱਚੋਂ ਮੁਕਾਬਲੇ ਨੂੰ ਖਤਮ ਨਹੀਂ ਕਰ ਸਕਦੀ ਅਤੇ ਲਗਦੇ ਹੱਥ, ਇਹ ਇੱਕ ਕਰਨ ਹੈ ਕਿ ਪੜ-ਸਾਮਰਾਜ ਦਾ ਸਿਧਾਂਤ ਕਿਉਂ ਵਾਹਯਾਤ ਹੈ।” (ਉਪਰੋਕਤ, ਪੰਨਾ 101)

“ਸਾਮਰਾਜ ਦਾ ਲਾਜ਼ਮੀ ਲੱਛਣ ਗਲਬੇ ਲਈ, ਭਾਵ ਇਲਾਕੇ ਨੂੰ ਜਿੱਤਣ ਲਈ ਕਈ ਵੱਡੀਆਂ ਤਾਕਤਾਂ ਵਿਚਕਾਰ ਮੁਕਾਬਲਾ ਹੈ, ਇੰਨੀ ਸਿੱਧੀ ਤਰ੍ਹਾਂ ਆਪਣੇ ਲਈ ਨਹੀਂ, ਜਿੰਨਾ ਕਿ ਵਿਰੋਧੀ ਨੂੰ ਕਮਜੋਰ ਕਰਨ ਲਈ ਅਤੇ ਉਸਦੇ ਗਲਬੇ ਨੂੰ ਢਾਹ ਲਾਉਣ ਲਈ।””(ਉਪਰੋਕਤ, ਪੰਨਾ 92)

ਸਾਮਰਾਜੀਆਂ ਦਰਮਿਆਨ ਆਪਸੀ ਖਹਿ-ਭੇੜ ਦੀ ਜੜ੍ਹ ਨੂੰ ਹੱਥ ਪਾਉਂਦਿਆਂ ਲੈਨਿਨ ਲਿਖਦੇ ਹਨ, “ਸੱਚ-ਮੁੱਚ, ਉਹਨਾਂ ਸੰਭਾਵਨਾਵਾਂ ਦੇ, ਜਿਹੜੀਆਂ ਕਾਊਟਸਕੀ ਜਰਮਨ ਕਿਰਤੀਆਂ (ਅਤੇ ਸਾਰੇ ਦੇਸ਼ਾਂ ਦੇ ਕਿਰਤੀਆਂ) ਸਾਹਮਣੇ ਖੜ੍ਹੀਆਂ ਕਰਨ ਦਾ ਯਤਨ ਕਰਦਾ ਹੈ, ਬਿਲਕੁਲ ਝੂਠੇ ਹੋਣ ਬਾਰੇ ਕਾਇਲ ਹੋਣ ਲਈ ਸਭ ਨੂੰ ਗਿਆਤ ਤੇ ਨਿਰਵਿਵਾਦ ਤੱਥਾਂ ਦਾ ਮੁਕਾਬਲਾ ਕਰਨਾ ਹੀ ਕਾਫ਼ੀ ਹੈ। ਆਓ ਹਿੰਦੁਸਤਾਨ, ਹਿੰਦ-ਚੀਨੀ ਅਤੇ ਚੀਨ ਨੂੰ ਲਈਏ। ਇਹ ਸਾਰੇ ਜਾਣਦੇ ਹਨ ਕਿ ਇਹ ਤਿੰਨ ਬਸਤੀਆਂ ਅਤੇ ਅਰਧ-ਬਸਤੀਆਂ, ਜਿਨ੍ਹਾਂ ਦੀ ਵਸੋਂ, ਸੱਠ ਤੋਂ ਸੱਤਰ ਕਰੋੜ ਦੀ ਹੈ, ਕਈ ਸਾਮਰਾਜੀ ਤਾਕਤਾਂ—ਬਰਤਾਨੀਆਂ, ਫ਼ਰਾਂਸ, ਜਾਪਾਨ, ਅਮਰੀਕਾ, ਆਦਿ—ਦੇ ਵਿੱਤ ਸਰਮਾਏ ਦੀ ਲੁੱਟ-ਚੋਂਘ ਦਾ ਸ਼ਿਕਾਰ ਹਨ। ਆਓ ਫ਼ਰਜ਼ ਕਰੀਏ ਕਿ ਇਹ ਸਾਮਰਾਜੀ ਦੇਸ਼ ਇਹਨਾਂ ਏਸ਼ੀਆਈ ਰਾਜਾਂ ਵਿੱਚ ਆਪਣੀਆਂ ਮਿਲਖਾਂ, ਆਪਣੇ ਹਿੱਤਾਂ ਅਤੇ ਆਪਣੇ ”ਰਸੂਖ ਦੇ ਖੇਤਰਾਂ” ਦੀ ਰੱਖਿਆ ਕਰਨ ਲਈ ਜਾਂ ਉਹਨਾਂ ਨੂੰ ਪਸਾਰਨ ਲਈ ਇੱਕ ਦੂਜੇ ਵਿਰੁੱਧ ਸਮਝੌਤੇ ਕਰ ਲੈਂਦੇ ਹਨ; ਇਹ ਸਮਝੌਤੇ ”ਅੰਤਰ-ਸਾਮਰਾਜੀ” ਜਾਂ ”ਪੜ-ਸਾਮਰਾਜੀ” ਸਮਝੌਤੇ ਹੋਣਗੇ। ਆਓ ਫ਼ਰਜ਼ ਕਰੀਏ ਕਿ ਸੱਭੇ ਸਾਮਰਾਜੀ ਦੇਸ਼ ਏਸ਼ੀਆ ਦੇ ਇਹਨਾਂ ਹਿੱਸਿਆਂ ਦੀ ”ਅਮਨ-ਭਰੀ” ਵੰਡ ਲਈ ਸਮਝੌਤਾ ਕਰ ਲੈਂਦੇ ਹਨ ਇਹ ਸਮਝੌਤਾ ”ਕੌਮਾਂਤਰੀ ਤੌਰ ਉੱਤੇ ਇੱਕਮੁੱਠ ਵਿੱਤ ਸਰਮਾਏ” ਦਾ ਸਮਝੌਤਾ ਹੋਵੇਗਾ। ਵੀਹਵੀਂ ਸਦੀ ਦੇ ਇਤਿਹਾਸ ਵਿੱਚ ਇਸ ਤਰ੍ਹਾਂ ਦੇ ਸਮਝੌਤਿਆਂ ਦੀਆਂ ਯਥਾਰਥਕ ਉਦਾਹਰਣਾਂ ਮਿਲ਼ਦੀਆਂ ਹਨ— ਉਦਾਹਰਣ ਵਜੋਂ, ਚੀਨ ਵੱਲ ਇਹਨਾਂ ਰਾਜਾਂ ਦਾ ਵਤੀਰਾ। ਅਸੀਂ ਪੁੱਛਦੇ ਹਾਂ ਕਿ ਇਹ ਫ਼ਰਜ਼ ਕਰਦਿਆਂ ਕਿ ਸਰਮਾਏਦਾਰ ਪ੍ਰਣਾਲੀ ਜਿਉਂ ਦੀ ਤਿਉਂ ਕਾਇਮ ਰਹਿੰਦੀ ਹੈ— ਅਤੇ ਬਿਲਕੁਲ ਇਹੋ ਗੱਲ ਹੈ ਜਿਹੜੀ ਕਾਊਟਸਕੀ ਫ਼ਰਜ਼ ਕਰਦਾ ਹੈ— ਕੀ ਇਸ ਗੱਲ ਦੀ ”ਕਲਪਨਾ ਕੀਤੀ ਜਾ ਸਕਦੀ ਹੈ” ਕਿ ਇਹੋ ਜਿਹੇ ਸਮਝੌਤੇ ਥੁੜ੍ਹ-ਚਿਰੇ ਨਾਲ਼ੋਂ ਕੁਝ ਜ਼ਿਆਦਾ ਹੋਣਗੇ, ਕਿ ਉਹ ਹਰ ਸੰਭਵ ਰੂਪ ਵਿੱਚ ਝਗੜਿਆਂ, ਟਕਰਾਵਾਂ ਅਤੇ ਘੋਲ਼ਾਂ ਨੂੰ ਖ਼ਤਮ ਕਰ ਦੇਣਗੇ?

ਸਵਾਲ ਸਿਰਫ਼ ਇੰਝ ਸਪੱਸ਼ਟ ਤਰ੍ਹਾਂ ਨਾਲ਼ ਪੇਸ਼ ਕੀਤੇ ਜਾਣ ਦੀ ਹੀ ਲੋੜ ਹੈ ਕਿ ਨਫ਼ੀ ਤੋਂ ਬਿਨਾਂ ਹੋਰ ਕੋਈ ਵੀ ਜਵਾਬ ਅਸੰਭਵ ਹੋ ਜਾਂਦਾ ਹੈ। ਇਹਦਾ ਕਾਰਨ ਇਹ ਹੈ ਕਿ ਸਰਮਾਏਦਾਰੀ ਅਧੀਨ ਰਸੂਖ਼ ਦੇ ਖੇਤਰਾਂ, ਹਿੱਤਾਂ, ਬਸਤੀਆਂ ਆਦਿ ਦੀ ਵੰਡ ਲਈ ਇੱਕੋ ਇੱਕ ਅਧਾਰ, ਜਿਸਦੀ ਕਲਪਨਾ ਕੀਤੀ ਜਾ ਸਕਦੀ ਹੈ, ਇਹ ਹੈ ਕਿ ਇਸ ਵਿੱਚ ਸ਼ਾਮਲ ਹੋਣ ਵਾਲ਼ਿਆਂ ਦੀ ਸ਼ਕਤੀ ਦਾ, ਉਹਨਾਂ ਦਾ ਆਮ ਆਰਥਕ, ਵਿੱਤੀ, ਫ਼ੌਜੀ ਸ਼ਕਤੀ ਆਦਿ ਦਾ ਹਿਸਾਬ-ਕਿਤਾਬ ਲਾਇਆ ਜਾਵੇ ਤੇ ਵੰਡ ਵਿੱਚ ਹਿੱਸਾ ਲੈਣ ਵਾਲ਼ਿਆਂ ਦੀ ਸ਼ਕਤੀ ਇੱਕੋ ਜਿੰਨੇ ਦਰਜੇ ਤੱਕ ਨਹੀਂ ਬਦਲਦੀ, ਕਿਉਂਕਿ ਵੱਖੋ ਵੱਖ ਵਪਾਰਾਂ, ਟਰੱਸਟਾਂ, ਸਨਅਤ ਦੀਆਂ ਸ਼ਾਖਾਂ ਜਾਂ ਦੇਸ਼ਾਂ ਦਾ ਬਰਾਬਰ ਦਾ ਵਿਕਾਸ ਸਰਮਾਏਦਾਰੀ ਹੇਠ ਅਸੰਭਵ ਹੈ। ਜੇ ਉਹਦੀ ਸਰਮਾਏਦਾਰ ਤਾਕਤ ਦਾ ਮੁਕਾਬਲਾ ਉਸ ਸਮੇਂ ਦੇ ਬਰਤਾਨੀਆ ਦੀ ਸਰਮਾਏਦਾਰ ਤਾਕਤ ਨਾਲ਼ ਕੀਤਾ ਜਾਵੇ ਤਾਂ ਅੱਧੀ ਸਦੀ ਪਹਿਲਾਂ ਜਰਮਨੀ ਇੱਕ ਮੰਦਹਾਲ ਜਿਹਾ, ਨਿਗੂਣਾ ਜਿਹਾ ਦੇਸ਼ ਸੀ; ਇਸੇ ਤਰ੍ਹਾਂ ਰੂਸ ਦੇ ਮੁਕਾਬਲੇ ਵਿੱਚ ਜਪਾਨ ਸੀ। ਕੀ ਇਸ ਗੱਲ ਦੀ ”ਕਲਪਨਾ ਕੀਤੀ ਜਾ ਸਕਦੀ ਹੈ” ਕਿ ਦਸ ਜਾਂ ਵੀਹ ਵਰ੍ਹਿਆਂ ਦੇ ਸਮੇਂ ਵਿੱਚ ਸਾਮਰਾਜੀ ਤਾਕਤਾਂ ਦੀ ਨਿਸਬਤੀ ਸ਼ਕਤੀ ਅਬਦਲ ਰਹੇਗੀ? ਅਜਿਹਾ ਹੋਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ।” (ਉਪਰੋਕਤ, ਪੰਨਾ 120-21)

ਇਸੇ ਤੋਂ ਲੈਨਿਨ ਇਸ ਨਤੀਜੇ ‘ਤੇ ਪਹੁੰਚਦੇ ਹਨ, ”ਅਜਿਹੀ ਆਰਥਕ ਪ੍ਰਣਾਲੀ ਅਧੀਨ ਜਦੋਂ ਤੱਕ ਪੈਦਾਵਾਰ ਦੇ ਸਾਧਨਾਂ ਦੀ ਨਿੱਜੀ ਮਾਲਕੀ ਕਾਇਮ ਹੈ, ਸਾਮਰਾਜੀ ਯੁੱਧ ਉੱਕਾ ਹੀ ਅਟੱਲ ਹਨ।””(ਫਰਾਂਸੀਸੀ ਅਤੇ ਜਰਮਨ ਛਾਪ ਦਾ ਮੁੱਖਬੰਧ, ਉਪਰੋਕਤ, ਪੰਨਾ 8)

ਪੰਜਾਬ ਭਾਕਪਾ ਦੇ ਆਗੂ ਸ਼੍ਰੀ ਜਗਰੂਪ ਦਾ ਕਹਿਣਾ ਹੈ ਕਿ 20ਵੀਂ ਸਦੀ ਦੇ ਸ਼ੁਰੂ ‘ਚ ਲੈਨਿਨ ਅਤੇ ਕਾਊਟਸਕੀ ਦਰਮਿਆਨ ਸਾਮਰਾਜ ਦੇ ਸਵਾਲ ਉੱਪਰ ਹੋਏ ਵਿਵਾਦ ‘ਚ ਲੈਨਿਨ ਸਹੀ ਸਨ, ਪਰ ਬਾਅਦ ਦੇ ਘਟਨਾਕ੍ਰਮ ਨੇ ਕਾਊਟਸਕੀ ਨੂੰ ਸਹੀ ਸਿੱਧ ਕੀਤਾ। ਅਸੀਂ ਦਿਖਾਵਾਂਗੇ ਕਿ ਸਾਮਰਾਜੀ ਸੰਸਾਰ ਦੀ ਹਕੀਕਤ ਇਸਦੇ ਠੀਕ ਉਲਟ ਹੈ। ਲੈਨਿਨ ਦੁਆਰਾ ‘ਸਾਮਰਾਜ: ਸਰਮਾਏਦਾਰੀ ਦਾ ਸਰਵਉੱਚ ਪੜਾਅ’ ਲਿਖੇ ਜਾਣ ਤੋਂ ਬਾਅਦ (ਜੂਨ, 1916 ਤੋਂ ਬਾਅਦ) ਦੀ ਦੁਨੀਆਂ ਨੇ ਲੈਨਿਨ ਦੇ ਵਿਚਾਰਾਂ ਦੀ ਵਾਰ-ਵਾਰ ਪੁਸ਼ਟੀ ਕੀਤੀ ਹੈ। ਜਦਕਿ ਦੁਨੀਆਂ ਅਜੇ ਤੱਕ ਕਾਊਟਸਕੀ ਦੇ ‘ਪੜ-ਸਾਮਰਾਜ’ ਦੇ, ਸਦੀਵੀ ਅਮਨ ਚੈਨ ਦੇ ਪੜਾਅ ‘ਚ ਨਹੀਂ ਪਹੁੰਚੀ ਅਤੇ ਦੂਰ-ਦੂਰ ਤੱਕ ਇਸਦੀ ਕੋਈ ਸੰਭਾਵਨਾ ਵੀ ਨਜ਼ਰ ਨਹੀਂ ਆਉਂਦੀ।

ਲੈਨਿਨ ਜਦੋਂ ਆਪਣੀ ਉਪਰੋਕਤ ਪੁਸਤਕ ਲਿਖ ਰਹੇ ਸਨ ਉਦੋਂ ਸਾਮਰਾਜੀ ਦੇਸ਼ ਧਰਤੀ ਦੀ ਵੰਡ ਅਤੇ ਮੁੜ ਵੰਡ ਲਈ, ਪਹਿਲੀ ਸੰਸਾਰ ਜੰਗ ਵਿੱਚ ਬੁਰੀ ਤਰ੍ਹਾਂ ਉਲ਼ਝੇ ਹੋਏ ਸਨ। ਇਸੇ ਜੰਗ ਦੌਰਾਨ ਰੂਸ ਵਿੱਚ ਪਹਿਲਾ ਸਮਾਜਵਾਦੀ ਇਨਕਲਾਬ ਹੋਇਆ ਅਤੇ ਪ੍ਰੋਲੇਤਾਰੀ ਸੱਤਾ ਹੋਂਦ ‘ਚ ਆਈ। ਪਹਿਲੀ ਸੰਸਾਰ ਜੰਗ 1919 ‘ਚ ਸਮਾਪਤ ਹੋਈ। ਇਸਦੇ ਖਾਤਮੇ ਤੋਂ 20 ਸਾਲ ਬਾਅਦ ਹੀ ਸਾਮਰਾਜੀ ਗਿਰੋਹ ਧਰਤੀ ਦੀ ਮੁੜ ਵੰਡ ਦੀ ਦੂਸਰੀ ਸੰਸਾਰ ਜੰਗ ਵਿੱਚ ਉਲ਼ਝ ਗਏ। ਇਸ ਸਮੇਂ ਤੱਕ ਸੰਸਾਰ ਦੀ ਸਭ ਤੋਂ ਵੱਡੀ ਸਾਮਰਾਜੀ ਤਾਕਤ ਬ੍ਰਿਟੇਨ ਸੀ। ਦੂਜੀ ਸੰਸਾਰ ਜੰਗ ‘ਚ ਬ੍ਰਿਟੇਨ ਦਾ ਸੂਰਜ ਅਸਤ ਹੋ ਗਿਆ। ਜਰਮਨੀ, ਜਪਾਨ ਬੁਰੀ ਤਰ੍ਹਾਂ ਤਬਾਹ ਹੋ ਗਏ। ਅਮਰੀਕਾ ਜੋ ਇਸ ਜੰਗ ਤੋਂ ਕਾਫੀ ਲਾਂਭੇ ਰਿਹਾ ਸੀ, ਸਭ ਤੋਂ ਵੱਧ ਫਾਇਦੇ ‘ਚ ਰਿਹਾ, ਤਬਾਹ ਹੋਏ ਯੂਰਪ ‘ਚ ਇਸਨੂੰ ਸਰਮਾਇਆ ਨਿਵੇਸ਼ ਦੇ ਨਵੇਂ ਮੌਕੇ ਵੀ ਮਿਲ਼ੇ। ਸਾਮਰਾਜੀ ਗਿਰੋਹ ਦੀ ਸਰਦਾਰੀ ਹੁਣ ਤੱਕ ਅਮਰੀਕਾ ਹੱਥ ਆ ਗਈ ਸੀ। ਓਧਰ ਦੂਜੀ ਸੰਸਾਰ ਜੰਗ ਤੋਂ ਬਾਅਦ ਇੱਕ ਤਾਕਤਵਾਰ ਸਮਾਜਵਾਦੀ ਖੇਮਾ ਵੀ ਹੋਂਦ ਵਿੱਚ ਆ ਚੁੱਕਾ ਸੀ। ਦੂਜੀ ਸੰਸਾਰ ਜੰਗ ‘ਚ ਬ੍ਰਿਟੇਨ, ਜਪਾਨ, ਜਰਮਨੀ ਅਤੇ ਹੋਰ ਸਾਮਰਾਜੀ ਤਾਕਤਾਂ ਦੀ ਭਿਆਨਕ ਤਬਾਹੀ ਤੋਂ ਬਾਅਦ, ਅੰਤਰ ਸਾਮਰਾਜੀ ਵਿਰੋਧਤਾਈ ਪਿੱਠ ਭੂਮੀ ‘ਚ ਚਲੀ ਗਈ, ਜਦਕਿ ਸਮਾਜਵਾਦੀ ਖੇਮੇ ਅਤੇ ਸਾਮਰਾਜੀ ਖੇਮੇ ਦੀ ਵਿਰੋਧਤਾਈ ਸੰਸਾਰ ਪੱਧਰ ‘ਤੇ ਪ੍ਰਧਾਨ ਵਿਰੋਧਤਾਈ ਬਣ ਗਈ। 1956 ‘ਚ ਸੋਵੀਅਤ ਯੂਨੀਅਨ ‘ਚ ਸਰਮਾਏਦਾਰੀ ਦੀ ਮੁੜ-ਬਹਾਲੀ ਤੋਂ ਬਾਅਦ ਸਮਾਜਵਾਦੀ ਸੋਵੀਅਤ ਯੂਨੀਅਨ ਇੱਕ ਸਮਾਜਿਕ ਸਾਮਰਾਜੀ ਤਾਕਤ ਦੇ ਰੂਪ ਵਿੱਚ ਉੱਭਰਿਆ। ਹੁਣ ਇੱਕ ਵਾਰ ਫਿਰ ਦੋ ਸਾਮਰਾਜੀ ਖੇਮਿਆਂ ਅਮਰੀਕੀ ਅਤੇ ਸੋਵੀਅਤ ਸਾਮਰਾਜੀ ਖੇਮਿਆ ਦਰਮਿਆਨ, ਆਪੋ ਆਪਣੇ ਰਸੂਖ ਦੇ ਖੇਤਰਾਂ ਦੇ ਫੈਲਾਅ ਲਈ ਖਹਿਭੇੜ ਇੱਕ ਵਾਰ ਫੇਰ ਤਿੱਖਾ ਹੋ ਗਿਆ। ਆਪਣੇ ਸਮਾਜਿਕ ਜਮਹੂਰੀ ਤੁਅੱਸਬਾਂ ਕਾਰਨ ਏਜਾਜ ਅਹਿਮਦ ਸੋਵੀਅਤ ਯੂਨੀਅਨ ‘ਚ 1956 ‘ਚ ਹੋਈ ਮੁੜ-ਬਹਾਲੀ ਨੂੰ ਨਹੀਂ ਸਮਝਦੇ। ਇਹੋ ਵਜ੍ਹਾ ਹੈ ਕਿ ਉਹ 1956 ਤੋਂ ਬਾਅਦ ਸੋਵੀਅਤ ਅਤੇ ਅਮਰੀਕੀ ਸਾਮਰਾਜੀ ਕੈਂਪਾਂ ਦਰਮਿਆਨ ਦੀ ਵਿਰੋਧਤਾਈ ਨੂੰ ਅੰਤਰ ਸਾਮਰਾਜੀ ਵਿਰੋਧਤਾਈ ਦੇ ਜੁਮਰੇ ਵਿੱਚ ਨਾ ਰੱਖ ਕੇ ਇਸਨੂੰ “ਅੰਤਰ ਪ੍ਰਬੰਧ ਖਹਿਭੇੜ” (Inter-Systemic Rivalry) ਕਹਿੰਦੇ ਹਨ। (ਦੇਖੋ ਉਹਨਾਂ ਦਾ ਲੇਖ ‘ਸਾਡੇ ਸਮੇਂ ਦਾ ਸਾਮਰਾਜਵਾਦ’, Imperialism of Our Times, Socialist Register 2004, ਪੰਨਾ 44)। ਸੋਵੀਅਤ ਯੂਨੀਅਨ ਵਿੱਚ ਸਰਮਾਏਦਾਰੀ ਦੀ ਮੁੜ-ਬਹਾਲੀ ਨੂੰ ਨਾ ਸਮਝ ਸਕਣ ਨੇ ਵੀ ‘ਸਾਡੇ ਸਮੇਂ ਦੇ ਸਾਮਰਾਜ’” ਬਾਰੇ ਏਜਾਜ ਅਹਿਮਦ ਦੇ ਤੁਅੱਸਬਾਂ ‘ਚ ਕਾਫੀ ਭੂਮਿਕਾ ਨਿਭਾਈ ਹੈ।

ਅਮਰੀਕੀ ਅਤੇ ਸੋਵੀਅਤ ਸਮਾਜਿਕ ਸਾਮਰਾਜੀ ਖੇਮੇ ਦਰਮਿਆਨ ਖਹਿਭੇੜ 1991 ਤੱਕ ਜਾਰੀ ਰਿਹਾ। 1991 ‘ਚ ਸਮਾਜਿਕ ਸਮਾਰਾਜੀ ਸੋਵੀਅਤ ਯੂਨੀਅਨ ਆਪਣੇ ਅੰਦਰੂਨੀ ਸੰਕਟਾਂ ਦਾ ਬੋਝ ਨਾ ਸਹਾਰਦਾ ਹੋਇਆ ਖਿੰਡ ਗਿਆ। ਸੰਸਾਰ ‘ਚੋਂ ਸਮਾਜਵਾਦੀ ਖੇਮਾ ਪਹਿਲਾਂ ਹੀ ਖਤਮ ਹੋ ਚੁੱਕਾ ਸੀ। ਸਮਾਜਵਾਦੀ ਚੀਨ ‘ਚ ਵੀ 1976 ‘ਚ ਕਾਮਰੇਡ ਮਾਓ ਦੀ ਮੌਤ ਤੋਂ ਬਾਅਦ ਸਰਮਾਏਦਾਰਾ ਮੁੜ-ਬਹਾਲੀ ਹੋ ਚੁੱਕੀ ਸੀ।

1991 ਸਮਾਜਿਕ ਸਾਮਰਾਜੀ ਸੋਵੀਅਤ ਯੂਨੀਅਨ ਦੇ ਖਿੰਡਾਅ ਤੋਂ ਬਾਅਦ ਵਕਤੀ ਤੌਰ ‘ਤੇ ਅਮਰੀਕਨ ਸਾਮਰਾਜ ਸਾਹਮਣੇ ਇੱਕ ਚੁਣੌਤੀ ਰਹਿਤ ਦੁਨੀਆਂ ਸੀ। ਹੁਣ ਉਸਨੂੰ ਚੁਣੌਤੀ ਦੇ ਸਕਣ ਵਾਲ਼ਾ ਨਾ ਤਾਂ ਕੋਈ ਸਮਾਜਵਾਦੀ ਖੇਮਾ ਹੀ ਮੌਜੂਦ ਸੀ ਅਤੇ ਨਾ ਹੀ ਕੋਈ ਤਾਕਤਵਾਰ ਸਾਮਰਾਜੀ ਖੇਮਾ। ਬ੍ਰਿਟੇਨ, ਜਰਮਨ, ਜਪਾਨ ਆਦਿ ਸਾਮਰਾਜੀ ਤਾਕਤਾਂ ਇਸ ਸਮੇਂ ਤੱਕ ਅਮਰੀਕੀ ਸਾਮਰਾਜ ਦੇ ਪਿੱਛਲੱਗ ਦੀ ਭੂਮਿਕਾ ‘ਚ ਹੀ ਸਨ। 1991 ‘ਚ ਜਦੋਂ ਅਮਰੀਕਾ ਨੇ ਇਰਾਕ ਉੱਪਰ ਹਮਲਾ ਕੀਤਾ ਤਾਂ ਉਦੋਂ ਸਾਮਰਾਜੀ ਖੇਮਾ (ਅਮਰੀਕਾ, ਬ੍ਰਿਟੇਨ, ਜਰਮਨੀ ਆਦਿ) ਵਧੇਰੇ ਇੱਕਜੁੱਟ ਵਿਖਾਈ ਦੇ ਰਿਹਾ ਸੀ। ਇਸ ਸਥਿਤੀ ਨੇ ਵੀ ‘ਸਾਮਰਾਜ ਦੀ ਮੌਤ’ ਦੇ ਸਿਧਾਂਤ ਦੀ ਜੰਮਣ ਭੋਂਇ ਤਿਆਰ ਕੀਤੀ ਸੀ। ਪਰ ਇਹ  ਸਥਿਤੀ ਵਕਤੀ ਹੀ ਸੀ। ਜਿਵੇਂ ਹੀ ਰੂਸੀ ਸਾਮਰਾਜ ਆਪਣੇ ਅੰਦਰੂਨੀ ਸੰਕਟਾਂ ਤੋਂ ਥੋੜ੍ਹਾ ਉੱਭਰਿਆ, ਉਸਨੇ ਕੌਮਾਂਤਰੀ ਪਿੜ੍ਹ ‘ਚ ਵਧੇਰੇ ਤੋਂ ਵਧੇਰੇ ਅਮਰੀਕੀ ਸਾਮਰਾਜ ਨੂੰ ਚੁਣੌਤੀ ਦੇਣੀ ਸ਼ੁਰੂ ਕਰ ਦਿੱਤੀ। ਇਸ ਦੀ ਵਧੇਰੇ ਚਰਚਾ ਅਸੀਂ ਥੋੜ੍ਹਾ ਅੱਗੇ ਚੱਲ ਕੇ ਕਰਾਂਗੇ। ਇੱਥੇ ਅਸੀਂ ਹੁਣ ਉਹਨਾਂ ਸਿਧਾਂਤਾਂ ਵੱਲ ਪਰਤਦੇ ਹਾਂ, ਜਿਹਨਾਂ ਵਿੱਚ ਇਹ ਐਲਾਨ ਕੀਤਾ ਗਿਆ ਕਿ ਹੁਣ ਅੰਤਰ-ਸਾਮਰਾਜੀ ਖਹਿਭੇੜ ਖਤਮ ਹੋ ਚੁੱਕਾ ਹੈ, ਕਿ ਦੁਨੀਆਂ ਮੂਲੋਂ ਹੀ ਕਿਸੇ ਨਵੇਂ ਦੌਰ ਵਿੱਚ (ਜਿਸਨੂੰ ਕਾਊਟਸਕੀਪੰਥੀ ‘ਪੜ-ਸਾਮਰਾਜਵਾਦ’ ਦਾ ਦੌਰ ਵੀ ਕਿਹਾ ਜਾ ਸਕਦਾ ਹੈ) ਦਾਖਲ ਹੋ ਚੁੱਕਾ ਹੈ। ਇੱਥੇ ਅਸੀਂ ਤਿੰਨ ਵਿਦਵਾਨਾਂ ਏਜਾਜ਼ ਅਹਿਮਦ, ਉੱਘੇ ਅਰਥਸ਼ਾਸ਼ਤਰੀ ਪ੍ਰਭਾਤ ਪਟਨਾਇਕ ਅਤੇ ਪੰਜਾਬ ਭਾਕਪਾ ਦੇ ਆਗੂ ਸ਼੍ਰੀ ਜਗਰੂਪ ਦੇ ਸਿਧਾਂਤਾਂ ਦੀ ਪੜਤਾਲ ਕਰਾਂਗੇ। ਇੱਥੇ ਅਸੀਂ ਇਹਨਾਂ ਦੇ ਵਿਚਾਰਾਂ ਦਾ ਸਮੁੱਚੇ ਰੂਪ ਵਿੱਚ ਨਹੀਂ, ਸਿਰਫ਼ ਸੰਖੇਪ ਰੂਪ ‘ਚ ਇਸ ਲੇਖ ਦੇ ਵਿਸ਼ਾ-ਵਸਤੂ ਨਾਲ਼ ਸਬੰਧਤ ਨੁਕਤਿਆਂ ‘ਤੇ ਵਿਚਾਰ ਕਰਾਂਗੇ।

ਮਾਰਕਸਵਾਦੀ ਵਿਦਵਾਨ ਏਜਾਜ਼ ਅਹਿਮਦ ਦੇ ਸਾਮਰਾਜ ਬਾਰੇ ਸਾਨੂੰ ਦੋ ਲੇਖ ਹਾਸਲ ਹੋਏ ਹਨ। ਪਹਿਲਾ ਹੈ ‘ਸਾਡੇ ਸਮੇਂ ਦਾ ਸਾਮਰਾਜ’ (Imperialism of Our Times, Socialist Register 2004,), ਇਹਨਾਂ ਦਾ ਦੂਸਰਾ ਲੇਖ ਹੈ ‘ਸਲਤਨਤ ਦਾ ਸੂਰਜ ਅਸਤ?’ (Imperial Sunset?, Frontline 24 March-6 April 2007)। ਇਹਨਾਂ ਦੋਹਾਂ ਲੇਖਾਂ ‘ਚ ਸ਼੍ਰੀ ਏਜ਼ਾਜ਼ ਅਹਿਮਦ ਦੇ ਸਾਮਰਾਜ ਬਾਰੇ ਵਿਚਾਰ ਕਾਫੀ ਵਿਸਥਾਰ ‘ਚ ਆਏ ਹਨ। ਆਪਣੇ ਮਗਰਲੇ ਲੇਖ ਵਿੱਚ ਸ਼੍ਰੀ ਏਜ਼ਾਜ਼ ਅਹਿਮਦ ਆਪਣੇ ਪਹਿਲੇ ਲੇਖ ਦੀਆਂ ਪੋਜ਼ੀਸ਼ਨਾਂ ਤੋਂ ਪਿੱਛੇ ਹਟਦੇ ਨਜ਼ਰ ਆਉਂਦੇ ਹਨ। ਇਸਦੀ ਵਧੇਰੇ ਚਰਚਾ ਥੋੜ੍ਹਾ ਅੱਗੇ ਚੱਲ ਕੇ ਕਰਾਂਗੇ।
ਸਾਮਰਾਜ ਦੇ ਲੈਨਿਨੀ ਸਿਧਾਂਤ ਅਤੇ ਅੰਤਰ-ਸਾਮਰਾਜੀ ਖਹਿਭੇੜ ਬਾਰੇ ਏਜ਼ਾਜ਼ ਅਹਿਮਦ ਦੇ ਵਿਚਾਰਾਂ ਦਾ ਸਾਰ ਇਸ ਪ੍ਰਕਾਰ ਹੈ —

ਸਾਮਰਾਜ  ਦੇ ਸਵਾਲ ‘ਤੇ ਲੈਨਿਨ ਦੀ ਸੋਚ ਇੱਕ ਸੰਯੋਗੀ ਵਿਸ਼ਲੇਸ਼ਣ (Conjunctural Analysis) ਦੀ ਪ੍ਰਕਿਰਿਆ ‘ਚੋਂ ਉੱਭਰੀ। ਇਹ ਵਿਸ਼ਲੇਸ਼ਣ ਉਸ ਸਮੇਂ ਚੱਲ ਰਹੀਆਂ ਤਿੱਖੀਆਂ ਬਹਿਸਾਂ ਜਿਵੇਂ ਕਿ ਇੱਕ ਸੰਸਾਰ ਜੰਗ ਅਟੱਲ ਹੈ ਜਾਂ ਨਹੀਂ, ਕਿ ਜੇਕਰ ਜੰਗ ਸ਼ੁਰੂ ਹੁੰਦੀ ਹੈ ਤਾਂ ਸਮਾਜੀ ਜਮਹੂਰੀਅਤ ਜਿਹੜੀ ਲੀਹ ਅਪਣਾਏਗੀ, ਵੱਖ-ਵੱਖ ਦੇਸ਼ਾਂ ‘ਚ (ਖਾਸ ਕਰ ਜਰਮਨੀ ‘ਚ) ਸਮਾਜੀ ਜਮਹੂਰੀਅਤ ਜੰਗੀ ਕਰਜ਼ਿਆਂ ਦੇ ਹੱਕ ‘ਚ ਵੋਟ ਦੇਵੇਗੀ ਜਾਂ ਵਿਰੋਧ ‘ਚ, ਜੰਗ ਦੌਰਾਨ ਇਨਕਲਾਬੀ ਸੰਭਵਾਨਾਵਾਂ ਪੈਦਾ ਹੋਣਗੀਆਂ ਜਾਂ ਨਹੀਂ ਅਤੇ ਕਿੱਥੇ ਇਨਕਲਾਬ ਦੀਆਂ ਸੰਭਾਵਨਾਵਾਂ ਵਧੇਰੇ ਹਨ ਆਦਿ, ਲਈ ਲੋੜੀਂਦਾ ਸੀ। ਇਸ ਸੰਕਲਪ (ਸਾਮਰਾਜ ਬਾਰੇ ਲੈਨਿਨ ਦਾ ਸੰਕਲਪ) ਦਾ ਇੱਕ ਜ਼ਿਕਰਯੋਗ ਪੱਖ ਇਹ ਸੀ ਕਿ ਇਸ ਦੀਆਂ ਜੜ੍ਹਾਂ ਨਾ ਤਾਂ ਸਰਮਾਏਦਾਰਾ ਪੈਦਾਵਾਰੀ ਢੰਗ ਦੀ ਗਤਿਕੀ ‘ਚ ਹੀ ਸਨ ਅਤੇ ਨਾ ਹੀ ਮੁਕਾਬਲੇ (Competition) ਦੇ ਇਤਿਹਾਸਕ ਵਿਸ਼ਲੇਸ਼ਣ ‘ਚ ਜਿਸਨੇ ਸ਼ੁਰੂ ਤੋਂ ਹੀ ਬਸਤੀਵਾਦੀ ਤਾਕਤਾਂ ਦਰਮਆਿਨ ਵਾਰ-ਵਾਰ ਝਗੜਿਆਂ ਨੂੰ ਜਨਮ ਦਿੱਤਾ। ਅੰਤਰ-ਸਾਮਰਾਜਵਾਦੀ ਖਹਿਭੇੜ ਦਾ ਵਿਚਾਰ ‘ਸਭ ਤੋਂ ਕਮਜ਼ੋਰ ਕੜੀ’ (ਉਦਾਹਰਨ ਵਜੋਂ ਰੂਸ ਵਿੱਚ ਜਰਮਨੀ ਨਾਲ਼ੋਂ ਵਧੇਰੇ ਇਨਕਲਾਬੀ ਸੰਭਾਵਨਾਵਾਂ ਹੋਣ) ਨਾਲ਼ ਨੇੜਿਓਂ ਜੁੜਿਆ ਹੋਇਆ ਸੀ।

‘ਅੰਤਰ-ਸਾਮਰਾਜਵਾਦੀ ਖਹਿਭੇੜ ਦਾ ਸੰਕਲਪ, ਸਰਮਾਏਦਾਰਾ ਪੈਦਾਵਾਰੀ ਢੰਗ ਦੇ ਸੰਸਾਰ ਵਿਆਪੀ ਵਿਗਾਸ (Evolution) ‘ਚ ਇੱਕ ਅਜਿਹੇ ਪੜਾਅ ਨੂੰ ਪਹਿਲੋਂ ਹੀ ਮੰਨ ਲੈਂਦਾ ਹੈ, ਜਿਸ ਵਿੱਚ ਕੌਮੀ ਸਰਮਾਏ ਲਾਜ਼ਮੀ ਹੀ ਨਿੱਖੜਵੀਂ (Discrete) ਪ੍ਰਕਿਰਤੀ ਦੇ ਹਨ, ਜਿਹਨਾਂ ਵਿੱਚ ਅੰਤਰ-ਘੁਸੜਨ (Interpenetration) ਨਾ ਮਾਤਰ ਹੈ। ਹੁਣ ਜਦੋਂ ਅਸੀਂ ਉਹਨਾਂ ਲਿਖਤਾਂ ਵੱਲ ਦੁਬਾਰਾ ਪਰਤਦੇ ਹਾਂ ਤਾਂ ਅਸੀਂ ਉਹਨਾਂ ਦੇ ਪੂਰੀ ਤਰ੍ਹਾਂ ਵੱਖਰੇ ਯੁੱਗ ਨਾਲ਼ ਸਬੰਧਤ ਹੋਣ ‘ਤੇ ਦੰਗ (Struck) ਰਹਿ ਜਾਂਦੇ ਹਾਂ।
(ਦੇਖੋ ‘ਸਾਡੇ ਸਮੇਂ ਦਾ ਸਾਮਰਾਜਵਾਦ’, ਉਪਰੋਕਤ, ਸ਼ਬਦਾਂ ‘ਤੇ ਜ਼ੋਰ ਸਾਡਾ)

ਏਜ਼ਾਜ਼ ਅਹਿਮਦ ਦਾ ਕਹਿਣਾ ਹੈ ਕਿ ਉਹ ਸਾਮਰਾਜ ਹੋਰ ਸੀ, ਜਿਸਦੀ ਗੱਲ ਲੈਨਿਨ ਨੇ ਕੀਤੀ ਸੀ ਅਤੇ ”ਸਾਡੇ ਸਮੇਂ ਦਾ ਸਾਮਰਾਜ” ਕੁੱਝ ਹੋਰ ਚੀਜ਼ ਹੈ। ”ਸਾਡੇ ਸਮੇਂ ਦੇ ਸਾਮਰਾਜ” ਦੀਆਂ ਖਾਸੀਅਤਾਂ ਇਹ ਹਨ—

”ਅੰਤਰ-ਸਾਮਰਾਜੀ ਖਹਿਭੇੜ ‘ਚ ਉਲ਼ਝੇ ਸਾਮਰਾਜ ਤੋਂ ਕਿਤੇ ਵੱਖਰਾ ਇਹ ਇੱਕ ਅਜਿਹੇ ਯੁੱਗ ਦਾ ਸਾਮਰਾਜ ਹੈ, ਜਿਸ ਵਿੱਚ (ਓ) ਕੌਮੀ ਸਰਮਾਏ ਇਸ ਢੰਗ ਨਾਲ਼ ਘੁਲ਼-ਮਿਲ਼ (Interpenetrated) ਗਏ ਹਨ ਕਿ ਕਿਸੇ ਵੀ ਖੇਤਰੀ (Territarial) ਰਾਜ ਵਿੱਚ ਸਰਗਰਮ ਸਰਮਾਇਆ ਵੱਖ-ਵੱਖ ਅਨੁਪਾਤਾਂ ਵਿੱਚ ਕੌਮੀ ਅਤੇ ਪਰਾ-ਕੌਮੀ (Transnational) ਸਰਮਾਏ ਤੋਂ ਬਣਿਆ ਹੋਇਆ ਹੈ। (ਅ) ਵਿੱਤੀ ਸਰਮਾਇਆ, ਪੈਦਾਵਾਰੀ ਸਰਮਾਏ ਉੱਪਰ ਇਸ ਕਦਰ ਹਾਵੀ ਹੈ, ਜੋ ਇੱਥੋਂ ਤੱਕ ਕਿ ਲੈਨਿਨ ਦੇ ‘ਸਰਮਾਏ ਦੇ ਬਰਾਮਦ’ ਦੇ ਥੀਸਸ ਜਾਂ ਕੀਨਜ਼ ਦੁਆਰਾ ਸੂਦਖੋਰਾਂ ਦੇ ਲਾਲਚ ਬਾਰੇ ਦਿੱਤੀਆਂ ਚਿਤਾਵਨੀਆਂ ‘ਚ ਕਦੇ ਨਹੀਂ ਸੀ ਦੇਖਿਆ ਗਿਆ। (ਓ) ਜਿਣਸ ਮੰਡੀਆਂ ਤੋਂ  ਲੈ ਕੇ ਆਵਾਗਮਨੀ (Movements) ਤੱਕ ਇੰਨਾ ਜ਼ਿਆਦਾ ਸੰਸਾਰਕ੍ਰਿਤ ਹੋ ਚੁੱਕਾ ਹੈ ਕਿ ਇੱਕ ਸੰਸਾਰੀਕ੍ਰਿਤ ਰਾਜ ਦਾ ਉਭਾਰ,

ਜਿਸ ਕੋਲ਼ ਦਿਖਣਯੋਗ ਫੌਜੀ ਤਾਕਤ ਵੀ ਹੋਵੇ, ਖੁਦ ਪ੍ਰਬੰਧ ਦੀ ਬਾਹਰਮੁਖੀ ਜਰੂਰਤ ਬਣ ਚੁੱਕਾ ਹੈ।”(ਉਪਰੋਕਤ)

ਆਉ ਹਣ ਸਾਮਰਾਜ ਦੇ ਲੈਨਿਨੀ ਸਿਧਾਂਤ ਅਤੇ ਅੱਜ ਦੇ ਸਰਮਾਏਦਾਰਾ ਅਰਥਚਾਰੇ ਦੇ ਤੱਥਾਂ ਦੀ ਰੌਸ਼ਨੀ ‘ਚ ਏਜਾਜ਼ ਅਹਿਮਦ ਦੇ ਸਾਮਰਾਜ ਬਾਰੇ ਵਿਚਾਰਾਂ ਦੀ ਛਾਣ-ਬੀਣ ਕਰਦੇ ਹਾਂ।

ਏਜਾਜ਼ ਅਹਿਮਦ ਇਹ ਦਾਅਵਾ ਕਰਦੇ ਹਨ ਕਿ ਸਾਮਰਾਜ ਬਾਰੇ ਲੈਨਿਨ ਦੇ ਸੰਕਲਪ ਦੀਆਂ ਜੜ੍ਹਾਂ ਸਰਮਾਏਦਾਰਾ ਪੈਦਾਵਾਰੀ ਢੰਗ ਦੀ ਗਤਿਕੀ ‘ਚ ਨਹੀਂ ਸਨ। ਇਹ ਦਿਖਾਉਂਦਾ ਹੈ ਕਿ ਉਹ ਲੈਨਿਨ ਦੇ ਸਾਮਰਾਜ ਦੇ ਸਿਧਾਂਤ ਤੋਂ ਜਾਂ ਤਾਂ ਉੱਕਾ ਹੀ ਅਣਜਾਣ ਹਨ, ਜਾਂ ਉਸਦੀ ਮੂਲੋਂ ਹੀ ਗਲਤ ਪੇਸ਼ਕਾਰੀ ਕਰ ਰਹੇ ਹਨ। ਏਜਾਜ਼ ਅਹਿਮਦ ਦੇ ਦਾਅਵੇ ਦੇ ਠੀਕ ਉਲ਼ਟ ਸਾਮਰਾਜ ਦਾ ਲੈਨਿਨੀ ਸਿਧਾਂਤ ਪੂਰੀ ਤਰ੍ਹਾਂ ਸਰਮਾਏਦਾਰਾ ਪੈਦਾਵਾਰੀ ਢੰਗ ਦੀ ਗਤਿਕੀ ਦੇ ਵਿਸ਼ਲੇਸ਼ਣ ਦੀ ਉਪਜ ਹੈ। ਲੈਨਿਨ ਦੀ ਪੁਸਤਕ ‘ਸਾਮਰਾਜ: ਸਰਮਾਏਦਾਰੀ ਦਾ ਸਰਵਉੱਚ ਪੜਾਅ’ ਸਰਮਾਏਦਾਰਾ ਪੈਦਾਵਾਰੀ ਢੰਗ ਦੇ ਨਵੀਨਤਮ ਪੜਾਅ ਦਾ ਵਿਸ਼ਲੇਸ਼ਣ ਹੈ। ਜਿਸ ਵਿੱਚ ਉਹਨਾਂ ਦਿਖਾਇਆ ਹੈ ਕਿ ਸਾਮਰਾਜ ਸਰਮਾਏਦਾਰੀ ਤੋਂ ਬੁਨਿਆਦੀ ਲੱਛਣ ਦੇ ਵਿਕਾਸ ਦਾ ਇੱਕ ਅਜਿਹਾ ਪੜਾਅ ਹੈ, ਜਿੱਥੇ ਪਹੁੰਚ ਕੇ ਇਹ ਸਰਮਾਏਦਾਰਾਨਾ ਸਾਮਰਾਜ ਬਣੀ, ਜਦੋਂ ਇਸਦੇ ਬੁਨਿਆਦੀ ਲੱਛਣ ਆਪਣੇ ਵਿਰੋਧੀ ਰੂਪਾਂ ‘ਚ ਬਦਲਣੇ ਸ਼ੁਰੂ ਹੋ ਗਏ। ਲੈਨਿਨ ਦੀ ਉਪਰੋਕਤ ਪੁਸਤਕ ਪੜ੍ਹ ਕੇ ਕੋਈ ਸਮਝਦਾਰ ਇਨਸਾਨ ਉਹ ਨਤੀਜੇ ਨਹੀਂ ਕੱਢੇਗਾ, ਜੋ ਏਜਾਜ਼ ਅਹਿਮਦ ਨੇ ਕੱਢੇ ਹਨ।

ਸਾਮਰਾਜ ਬਾਰੇ ਲੈਨਿਨ ਦੇ ਸਿਧਾਂਤ ਨੂੰ ਏਜਾਜ਼ ਅਹਿਮਦ ਇੱਕ ‘ਸੰਯੋਗ ਵਿਸ਼ਲੇਸ਼ਣ’ ਕਹਿੰਦੇ ਹਨ, ਜੋ ਕਿ ਉਹਨਾਂ ਮੁਤਾਬਕ ਉਸ ਸਮੇਂ ਸਾਮਰਾਜੀ ਜੰਗ ਦੀ ਅਲੋਚਨਾ ਇਸ ਜੰਗ ਪ੍ਰਤੀ ਸਮਾਜਿਕ ਜਮਹੂਰੀਅਤ ਦੀ ਨੀਤੀ, ਜੰਗੀ ਕਰਜ਼ਿਆਂ, ਜੰਗ ਦੌਰਾਨ ਪੈਦਾ ਹੋਣ ਵਾਲ਼ੀਆਂ ਇਨਕਲਾਬੀ ਸੰਭਵਾਨਾਵਾਂ (ਕਮਜ਼ੋਰ ਕੜੀ ਦਾ ਸੰਕਲਪ) ਆਦਿ ਸਵਾਲਾਂ ਉੱਪਰ ਚੱਲ ਰਹੀਆਂ ਬਹਿਸਾਂ ਲਈ ਲੋੜੀਂਦਾ ਸੀ। ਭਾਵ ਜੇਕਰ ਅਜਿਹਾ ‘ਸੰਯੋਗ’ (Conjuncture) ਨਾ ਬਣਦਾ ਤਾਂ ਸਾਮਰਾਜਵਾਦ ਬਾਰੇ ਲੈਨਿਨ ਦੇ ਸਿਧਾਂਤ ਦੀ ਕੋਈ ਲੋੜ ਨਹੀਂ ਸੀ। ਇੱਥੇ ਏਜਾਜ਼ ਅਹਿਮਦ ਚੀਜਾਂ ਨੂੰ ਸਿਰ ਪਰਨੇ ਖੜ੍ਹੀਆਂ ਕਰਕੇ ਵੇਖ ਰਹੇ ਹਨ। ਉਪਰੋਕਤ ਸਵਾਲਾਂ ਉੱਪਰ ਬਹਿਸ ‘ਚ ਲੈਨਿਨ ਦਾ ਸਟੈਂਡ, ਸਾਮਰਾਜ ਦੇ ਯੁੱਗ ‘ਚ ਲੈਨਿਨਵਾਦੀ ਯੁੱਧਨੀਤੀ ਅਤੇ ਦਾਅਪੇਚ ਦਾ ਅੰਗ ਹਨ। ਜੋ ਕਿ ਸਾਮਰਾਜ ਦੇ ਲੈਨਿਨੀ ਸਿਧਾਂਤ ਉੱਪਰ ਅਧਾਰਤ ਹਨ। ਕਿਉਂਕਿ ਸਰਮਾਏਦਾਰੀ ਹੁਣ ਆਪਣੇ ਨਵੀਨਤਮ, ਉੱਚਤਮ ਪੜਾਅ ‘ਚ ਦਾਖਲ ਹੋ ਗਈ ਸੀ, ਇਸ ਲਈ ਉਪਰੋਕਤ ਸਵਾਲ ਉੱਠ ਖੜ੍ਹੇ ਹੋਏ ਸਨ। ਉਪਰੋਕਤ ਸਵਾਲ ਉੱਪਰ ਲੈਨਿਨੀ ਨੀਤੀ ਅੱਜ ਵੀ ਓਨੀ ਹੀ ਪ੍ਰਸੰਗਿਕ ਹੈ।

ਏਜਾਜ਼ ਅਹਿਮਦ ਕਹਿੰਦੇ ਹਨ ਕਿ ਸਾਮਰਾਜ ਦਾ ਲੈਨਿਨੀ ਸੰਕਲਪ ਬਸਤੀਵਾਦੀਆਂ ਦਰਮਿਆਨ ਮੁਕਾਬਲੇ, ਜਿਸਨੇ ਮੁੱਢ ਤੋਂ ਹੀ ਉਹਨਾਂ ‘ਚ ਵਾਰ-ਵਾਰ ਝਗੜਿਆਂ ਨੂੰ ਜਨਮ ਦਿੱਤਾ, ਦੇ ਇਤਿਹਾਸਕ ਵਿਸ਼ਲੇਸ਼ਣ ‘ਤੇ ਵੀ ਅਧਾਰਿਤ ਨਹੀਂ ਹੈ। ਸ਼ਾਇਦ ਇੱਥੇ ਉਹ ਇਹ ਕਹਿਣਾ ਚਾਹੁੰਦੇ ਹਨ ਕਿ ਸਾਮਰਾਜੀਆਂ ਦਰਮਿਆਨ ਝਗੜੇ ਕੋਈ ਨਵੀਂ ਗੱਲ ਨਹੀਂ ਹੈ, ਇਹ ਸਰਮਾਏਦਰੀ ਦੇ ਕਿਸੇ ਨਵੇਂ ਪੜਾਅ ਨਾਲ਼ ਸਬੰਧਤ ਨਹੀਂ ਹੈ, ਸਗੋਂ ਇਹ ਤਾਂ ਸ਼ੁਰੂ ਤੋਂ ਹੀ ਹੁੰਦਾ ਆਇਆ ਹੈ। ਲੈਨਿਨ ਨੇ ਆਪਣੀ ਉਪਰੋਕਤ ਪੁਸਤਕ ‘ਚ ਨਾ ਰੱਦ ਹੋਣ ਯੋਗ ਤੱਥਾਂ ਰਾਹੀਂ ਦਿਖਾਇਆ ਹੈ ਕਿ ਸਰਮਾਏਦਾਰੀ ਦੇ ਸਾਮਰਾਜ ਦੇ ਪੜਾਅ ‘ਚ ਦਾਖਲ ਹੋਣ ਨਾਲ਼ ਹੋਰਾਂ ਦੇਸ਼ਾਂ ‘ਤੇ ਕਬਜ਼ਿਆਂ ਲਈ ਸਾਮਰਾਜੀਆਂ ਦਰਮਿਆਨ ਘੋਲ਼ ਤਿੱਖਾ ਹੋਇਆ ਹੈ। ਸਾਮਰਾਜੀ ਅਤੇ ਉਸ ਤੋਂ ਪਹਿਲਾਂ ਦੀ ਬਸਤੀਵਾਦੀ ਨੀਤੀ ਦੀ ਤੁਲਨਾ ਕਰਦੇ ਹੋਏ ਲੈਨਿਨ ਲਿਖਦੇ ਹਨ, ”ਬਸਤੀਵਾਦੀ ਨੀਤੀ ਅਤੇ ਸਾਮਰਾਜ ਦੀ ਸਰਮਾਏਦਾਰੀ ਦੇ ਵਿਕਾਸ ਦੇ ਨਵੀਨਤਮ ਪੜਾਅ ਤੋਂ ਅਤੇ ਇੱਥੋਂ ਤੱਕ ਕਿ ਸਰਮਾਏਦਾਰੀ ਤੋਂ ਵੀ ਪਹਿਲਾਂ ਹੋਂਦ ਸੀ। ਰੋਮ, ਜਿਹੜਾ ਗੁਲਾਮੀ ਉੱਤੇ ਅਧਾਰਿਤ ਸੀ, ਬਸਤੀਵਾਦੀ ਨੀਤੀ ਉੱਤੇ ਚੱਲਦਾ ਸੀ ਅਤੇ ਸਾਮਰਾਜ ਉੱਤੇ ਅਮਲ ਕਰਦਾ ਸੀ। ਪਰ ਸਾਮਰਾਜ ਸਬੰਧੀ ”ਆਮ” ਵਿਵੇਚਨਾਵਾਂ, ਜਿਹੜੀਆਂ ਸਮਾਜੀ-ਆਰਥਿਕ ਬਣਤਰਾਂ ਨੂੰ ਅੱਖੋ ਉਹਲੇ ਕਰਦੀਆਂ ਹਨ ਜਾਂ ਉਹਨਾਂ ਨੂੰ ਪਿਛੋਕੜ ਵਿੱਚ ਸੁੱਟ ਦੇਂਦੀਆਂ ਹਨ, ਅਟੱਲ ਤੌਰ ‘ਤੇ ”ਮਹਾਨ-ਤਰ ਰੋਮ ਅਤੇ ਮਹਾਨ-ਤਰ ਬਰਤਾਨੀਆ” ਜਿਹੇ ਮੁਕਾਬਲਿਆਂ ਦੀਆਂ ਅਤਿ-ਅੰਤ ਫ਼ੋਕੀਆਂ ਤੁੱਛਤਾਵਾਂ ਜਾਂ ਫੜ੍ਹਾਂ ਮਾਰਨਾ ਬਣ ਜਾਂਦੀਆਂ ਹਨ। ਇੱਥੋਂ ਤੱਕ ਕਿ ਸਰਮਾਏਦਾਰੀ ਦੇ ਪਿਛਲੇਰੇ ਪੜਾਵਾਂ ਦੀ ਸਰਮਾਏਦਾਰ ਬਸਤੀਵਾਦੀ ਨੀਤੀ ਵੀ ਵਿੱਤ ਸਰਮਾਏ ਦੀ ਬਸਤੀਵਾਦੀ ਨੀਤੀ ਤੋਂ ਲਾਜ਼ਮੀ ਵੱਖ ਹੁੰਦੀ ਹੈ।” (ਸਾਮਰਾਜ ਸਰਮਾਏਦਾਰੀ ਦਾ ਸਰਵਉੱਚ ਪੜਾਅ, ਉਪਰੋਕਤ, ਪੰਨਾ-83)

ਅੱਗੇ ਏਜਾਜ਼ ਅਹਿਮਦ ਅੱਜ ਦੇ ਸਮੇਂ ‘ਚ ਕੌਮੀ ਸਰਮਾਇਆਂ ਦੇ ਅੰਤਰ-ਘੁਸੜਨ, ਵਿੱਤੀ ਸਰਮਾਏ ਦੇ ਪੈਦਾਵਾਰੀ ਸਰਮਾਏ ‘ਤੇ ਹਾਵੀ ਹੋਣ, ਜਿਣਸ ਅਤੇ ਵਿੱਤ ਦੀ ਆਵਾਗਮਨੀ ਦੇ ਸੰਸਾਰੀਕਰਨ ਦਾ ਤਰਕ ਦਿੰਦੇ ਹੋਏ ਇਸ ਨਤੀਜੇ ‘ਤੇ ਪਹੁੰਚ ਜਾਂਦੇ ਹਨ ਕਿ ਇੱਕ ਕੌਮਾਂਤਰੀ ਰਾਜ ਹੁਣ ਸਰਮਾਏ ਦੀ ਬਾਹਰਮੁਖੀ ਲੋੜ ਬਣ ਚੁੱਕਾ ਹੈ। ਇਸ ਤਰ੍ਹਾਂ ਉਹ ਕਾਊਟਸਕੀ ਦੇ ‘ਪੜ-ਸਾਮਰਾਜ’ ਦੀ ਪੋਜੀਸ਼ਨ ‘ਤੇ ਪਹੁੰਚ ਜਾਂਦੇ ਹਨ। ਏਜਾਜ਼ ਅਹਿਮਦ ਦਾ ਕਹਿਣਾ ਹੈ ਕਿ ਹੁਣ ਲੈਨਿਨ ਦੀਆਂ ਲਿਖਤਾਂ (ਸਾਮਰਾਜ ਬਾਰੇ) ਵੱਲ ਪਰਤਦਿਆਂ ਉਹ ਦੰਗ ਰਹਿ ਜਾਂਦੇ ਹਨ ਜਿਵੇਂ ਕਿ ਉਹ ਲਿਖਤਾਂ ਬਿਲਕੁਲ ਵੱਖਰੇ ਯੁੱਗ ਨਾਲ਼ ਸਬੰਧਤ ਹੋਣ। ਕਾਊਟਸਕੀ  ਮਾਰਕਾ ‘ਪੜ-ਸਾਮਰਾਜ’ ਦੇ ਯੁੱਗ ‘ਚ ਪੁਹੰਚ ਕੇ ਸ਼੍ਰੀ ਏਜਾਜ਼ ਅਹਿਮਦ ਨੂੰ ਅਜਿਹੀ ਹੈਰਾਨੀ ਹੋਣਾ ਸੁਭਾਵਿਕ ਹੀ ਹੈ।

ਕਿਉਂਕਿ ਏਜਾਜ਼ ਅਹਿਮਦ ਨੇ ਮੰਨ ਲਿਆ ਹੈ ਕਿ ਸਰਮਾਇਆ ਕੌਮਾਂਤਰੀਕ੍ਰਿਤ ਹੋ ਚੁੱੱਕਾ ਹੈ, ਬੱਸ ਹੁਣ ਤਾਂ ਸਿਰਫ਼ ਇੱਕ ਸੰਸਾਰ ਰਾਜ ਦੀ ਹੀ ਕਮੀ ਰਹਿ ਗਈ ਹੈ। ਅਸੀਂ ਲੈਨਿਨ ਦੇ ਹਵਾਲੇ ਨਾਲ਼ ਪਹਿਲਾਂ ਹੀ ਦਿਖਾ ਚੁੱਕੇ ਹਾਂ ਕਿ ਸਾਮਰਾਜਵਾਦ ਅਧੀਨ ਸਰਮਾਏ ਦਾ ਅਜਿਹਾ ”ਕੌਮਾਂਤਰੀਕਰਨ” ਅਸੰਭਵ ਹੈ। (ਦੇਖੋ ਇਸੇ ਲੇਖ ਦੇ ਪੰਨਾ 3-4 ‘ਤੇ ਲੈਨਿਨ ਦਾ ਹਵਾਲਾ)। ਅੱਗੇ ਅਸੀਂ ਵਰਤਮਾਨ ਸੰਸਾਰ ਸਰਮਾਏਦਾਰਾ ਅਰਥਚਾਰੇ ਦੇ ਤੱਥਾਂ ਰਾਹੀਂ ਸਰਮਾਏ ਦੇ ਏਜਾਜ਼ ਅਹਿਮਦੀ ਕੌਮਾਂਤਰੀਕਰਨ ਦਾ ਖੰਡਨ ਕਰਾਂਗੇ।

ਏਜਾਜ਼ ਅਹਿਮਦ ਜਿਹੇ ਲੋਕਾਂ ਦੀ ਸਮੱਸਿਆ ਇਹ ਹੈ ਕਿ ਸਰਮਾਏ ਦੇ ਕੌਮਾਂਤਰੀਕਰਨ ਦੀ ਪ੍ਰਕਿਰਿਆਿ ਨੂੰ ਤਾਂ ਦੇਖਦੇ ਹਨ, ਪਰ ਕੌਮੀਕਰਨ ਦੀ ਪ੍ਰਕਿਰਿਆ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਆਪਣੀ ਪੁਸਤਕ ‘ਸਾਮਰਾਜ ਅਤੇ ਸੰਸਾਰ ਅਰਥਚਾਰਾ’ (Imperialism and World Economy) ‘ਚ ਬੁਖਾਰਿਨ ਇਸ ਪ੍ਰਕਿਰਿਆ ਬਾਰੇ ਇੰਝ ਲਿਖਦੇ ਹਨ, ”ਆਰਥਿਕ ਜੀਵਨ ਦੇ ਕੌਮਾਂਤਰੀਕਰਨ ਦੀ ਪ੍ਰਕਿਰਿਆ ਬੁਰਜੂਆਜ਼ੀ ਦੇ ਵੱਖ-ਵੱਖ ‘ਕੌਮੀ’ ਸਮੂਹਾਂ ਦਰਮਿਆਨ, ਹਿੱਤਾਂ ਦੇ ਟਕਰਾਅ ਨੂੰ, ਉਚੇਰੇ ਪੱਧਰ ‘ਤੇ, ਤਿੱਖਾ ਕਰ ਸਕਦਾ ਹੈ ਅਤੇ ਕਰਦਾ ਹੈ। …’ਹਿੱਤਾਂ ਦਾ ਭਾਈਚਾਰਾ’ (Community of Interests) ਇਸ ਖੇਤਰ ਵਿੱਚ ਹਮੇਸ਼ਾਂ ਨਹੀਂ ਬਣਦਾ … ਆਰਥਿਕ ਵਿਕਾਸ ਦੇ ਵਹਿਣ ਵਿੱਚ (ਏਕਤਾ ਦੀ) ਪ੍ਰਕਿਰਿਆ ਦੇ ਸਮਾਨਾਂਤਰ, ਸਰਮਾਏਦਾਰਾ ਹਿੱਤਾਂ ਦੇ ਕੌਮੀਕਰਨ ਦਾ ਇੱਕ ਉਲਟਾ ਰੁਝਾਨ ਪੈਦਾ ਹੁੰਦਾ ਹੈ।” (ਪੰਨਾ 64-65, AAKKR Books, 2010)

ਬੁਖਾਰਿਨ ਇਸ ਰੁਝਾਨ ਦੇ ਪੈਦਾ ਹੋਣ ਦੇ ਤਿੰਨ ਕਾਰਨ ਦੱਸਦੇ ਹਨ। ਉਹਨਾਂ ਮੁਤਾਬਕ ਪਹਿਲਾ ਹੈ, ”ਸੰਸਾਰ ਪੱਧਰ ਨਾਲ਼ੋਂ ਕੌਮੀ ਪੱਧਰ ‘ਤੇ ਮੁਕਾਬਲੇ ਨੂੰ ਪਾਰ ਪਾਉਣਾ (Overcome) ਕਿਤੇ ਜ਼ਿਆਦਾ ਸੌਖਾ ਹੈ।” ਦੂਸਰਾ ਹੈ, ”ਆਰਥਿਕ ਬਣਤਰ ਦੇ ਵਖਰੇਵਿਆਂ ਦੀ ਹੋਂਦ ਅਤੇ ਇਸਦੇ ਨਤੀਜੇ ਵਜੋਂ ਪੈਦਾਵਾਰੀ ਲਾਗਤਾਂ ਦੇ ਫਰਕ ਉੱਨਤ ‘ਕੌਮੀ’ ਸਮੂਹਾਂ ਲਈ ਸਮਝੌਤਿਆਂ ਨੂੰ ਘਾਟੇਵੰਦਾ ਬਣਾ ਦਿੰਦੇ ਹਨ।” ਤੀਸਰਾ ਕਾਰਨ ਹੈ, ”ਰਾਜ ਅਤੇ ਇਸਦੀਆਂ ਸਰਹੱਦਾਂ ਨਾਲ਼ ਏਕਤਾ ਦੀਆਂ ਤੰਦਾਂ ਆਪਣੇ ਆਪ ਵਿੱਚ ਇੱਕ ਲਗਾਤਾਰ ਵਧ ਫੁੱਲ ਰਹੀ ਅਜਾਰੇਦਾਰੀ ਹਨ, ਜੋ ਕਿ ਵਾਧੂ ਮੁਨਾਫਿਆਂ ਦੀ ਗਰੰਟੀ ਦਿੰਦੀ ਹੈ।” (ਉਰੋਕਤ, ਪੰਨਾ 74)

20ਵੀਂ ਸਦੀ ਦੇ ਸੱਤਰਵਿਆਂ ‘ਚ ਜਦੋਂ ਦੂਜੀ ਸੰਸਾਰ ਜੰਗ ਤੋਂ ਬਾਅਦ ਸੁਰੂ ਹੋਇਆ ‘ਸਰਮਾਏ ਦਾ ਸੁਨਹਿਰੀ ਯੁੱਗ’ ਆਪਣੇ ਨਿਸ਼ੇਸ਼ ਨੁਕਤੇ ‘ਤੇ ਪਹੁੰਚ ਗਿਆ ਤਾਂ ਬਹੁ ਕੌਮੀ ਕਾਰਪੋਰੇਸ਼ਨਾਂ (MNC’s) ਦਾ ਵਰਤਾਰਾ ਸਾਹਮਣੇ ਆਇਆ। ਸੰਯੁਕਤ ਰਾਸ਼ਟਰ ਮੁਤਾਬਕ ਪਰਾ-ਕੌਮੀ ਕਾਰਪੋਰੇਸ਼ਨਾਂ (TNC’s) ਇਹਨਾਂ (MNC’s) ਦਾ ਹੀ ਦੂਸਰਾ ਨਾਂ ਹੈ। ਇਹ ਅਜਿਹੀਆਂ ਧੜਵੈਲ ਕਾਰਪੋਰੇਸ਼ਨਾਂ ਹਨ, ਜਿਹਨਾਂ ਦਾ ਕਾਰੋਬਾਰ ਦੁਨੀਆਂ ਦੇ ਵੱਡੇ ਹਿੱਸੇ ‘ਚ ਫੈਲਿਆ ਹੋਇਆ ਹੈ। ਅੱਜ ਦੀ ਦੁਨੀਆਂ ‘ਚ ਜਿਹਨਾਂ ਬਹੁਕੌਮੀ ਕਾਰਪੋਰੇਸ਼ਨਾਂ ਦੀ ਹੋਂਦ ਹੈ, ਉਹ ਲਗਭਗ ਸਾਰੀਆਂ ਹੀ (ਕੁੱਝ ਇੱਕ ਨੂੰ ਛੱਡ ਕੇ) ਸਾਮਰਾਜੀ ਮੁਲਕਾਂ ਨਾਲ਼ ਸਬੰਧ ਰੱਖਦੀਆਂ ਹਨ। ਇਹਨਾਂ ਦਾ ਸਬੰਧ ਆਪਣੇ ਜੱਦੀ ਰਾਜ ਨਾਲ਼ੋਂ ਟੁੱਟਿਆ ਨਹੀਂ ਹੈ। ਅਜਿਹੀ ਕੋਈ ਵੀ ਬਹੁਕੌਮੀ ਕਾਰਪੋਰੇਸ਼ਨ ਨਹੀਂ ਹੈ, ਜੋ ਮੁਲਕਾਂ, ਕੌਮਾਂ ਤੋਂ ਉੱਪਰ ਹੋਵੇ। ਅੱਜ ਜਿਹਨਾਂ ਬਹੁਕੌਮੀ ਕਾਰਪੋਰੇਸ਼ਨਾਂ ਦੀ ਹੋਂਦ ਹੈ ਅਸੀਂ ਉਹਨਾਂ ਨੂੰ ਉਹਨਾਂ ਦੇ ਮੁਲਕ ਦੇ ਨਾਂ ਨਾਲ਼ ਜੋੜ ਕੇ ਜਾਣਦੇ ਹਾਂ, ਜਿਵੇਂ ਕਿ ਅਮਰੀਕੀ, ਜਪਾਨੀ, ਫਰਾਂਸੀਸੀ, ਬਰਤਾਨਵੀ ਕਾਰਪੋਰੇਸ਼ਨਾਂ ਆਦਿ। ਇਹਨਾਂ ਕਾਰਪੋਰੇਸ਼ਨਾਂ ਦੇ ਜਦੋਂ ਵੀ ਸੰਸਾਰ ਦੇ ਕਿਸੇ ਕੋਨੇ ‘ਚ ਰੱਫੜ ਪੈਂਦੇ ਹਨ ਤਾਂ ਇਹਨਾਂ ਦਾ ‘ਕੌਮੀ ਰਾਜ’ ਹੀ ਇਹਨਾਂ ਦੀ ਮਦਦ ਲਈ ਬਹੁੜਦਾ ਹੈ। ਆਪਣੇ ਕੌਮੀ ਰਾਜ ਦੇ ਥਾਪੜੇ ਤੋਂ ਬਿਨਾਂ ਇਹਨਾਂ ਕਾਰਪੋਰੇਸ਼ਨਾਂ ਦੇ ਸੰਸਾਰ ਦੇ ਕਿਸੇ ਵੀ ਕੋਨੇ ‘ਚ ਟਿਕਣਾ ਮੁਸ਼ਕਲ ਹੋਵੇਗਾ। ਹੋਰਾਂ ਮੁਲਕਾਂ ਤੋਂ ਰਿਆਇਤਾਂ ਹਾਸਲ ਕਰਨ (ਖਾਸ ਕਰ ਤੀਸਰੀ ਦੁਨੀਆਂ ਦੇ ਮੁਲਕਾਂ ਤੋਂ), ਉੱਥੋਂ ਦੇ ਹਾਕਮਾਂ ਦੀ ਬਾਂਹ ਮਰੋੜਨ ਲਈ ਵੀ ਇਹਨਾਂ ਕਾਰਪੋਰੇਸ਼ਨਾਂ ਨੂੰ ਆਪਣੇ ਤਾਕਤਵਾਰ ਸਾਮਰਾਜੀ ‘ਕੌਮੀ ਰਾਜ’ ਦੀ ਹੀ ਮਦਦ ਦੀ ਦਰਕਾਰ ਹੁੰਦੀ ਹੈ।

ਏਜਾਜ਼ ਅਹਿਮਦ ਨੇ ਉਪਰੋਕਤ ਲੇਖ 2004 ਵਿੱਚ ਲਿਖਿਆ ਸੀ, ਪਰ ਤਿੰਨ ਸਾਲ ਬਾਅਦ ਹੀ ਆਪਣੇ ਉਪਰੋਕਤ ਲੇਖ ਦੀਆਂ ਪੋਜੀਸ਼ਨਾਂ ਤੋਂ ਹਿੱਲਣਾ-ਡੁੱਲਣਾ ਸ਼ੁਰੂ ਕਰ ਦਿੱਤਾ। ਇਸਦੀ ਵਜ੍ਹਾ ਬਣੀ ਫਰਵਰੀ, 2007 ‘ਚ ਰੂਸੀ ਰਾਸ਼ਟਰਪਤੀ ਵਾਲਾਦੀਮੀਰ ਪੂਤਿਨ ਵੱਲੋਂ ਮਿਊਨਿਖ਼ ਵਿਖੇ ਹੋਈ ਸੁਰੱਖਿਆ ਕਾਨਫਰੰਸ ਵਿੱਚ ਦਿੱਤੀ ਤਕਰੀਰ। ਇਸ ਕਾਨਫਰੰਸ ਵਿੱਚ ਸੰਸਾਰ ਦੇ ਵੱਖ-ਵੱਖ ਦੇਸ਼ਾਂ ਦੇ 2005 ਉੱਚ ਆਗੂ ਅਤੇ ਅਧਿਕਾਰੀ ਸ਼ਾਮਲ ਸਨ। ਉਂਝ ਤਾਂ ਰੂਸ ਪਹਿਲਾਂ ਵੀ ਸੰਸਾਰ’ਚ ਅਮਰੀਕੀ ਚੌਧਰ ਵਿਰੁੱਧ ਬੁੜ-ਬੁੜ ਕਰਦਾ ਰਿਹਾ ਸੀ, ਪਰ ਆਪਣੀ ਮੰਦੀ ਆਰਥਿਕ ਸਥਿਤੀ ਕਰਕੇ ਉਸਨੇ ਕਦੇ ਵੀ ਇਸਦਾ ਤਿੱਖਾ ਵਿਰੋਧ ਨਹੀਂ ਸੀ ਕੀਤਾ। ਜਿਵੇਂ ਹੀ ਰੂਸ ਆਪਣੀਆਂ ਅੰਦਰੂਨੀ ਸਮੱਸਿਆਵਾਂ ਤੋਂ ਉੱਭਰਿਆ, ਉਸਨੇ ਕੌਮਾਂਤਰੀ ਮੰਚਾਂ ‘ਤੇ ਅਮਰੀਕੀ ਚੌਧਰ ਦਾ ਤਿੱਖੀ ਸੁਰ ‘ਚ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਮਿਊਨਿਖ਼ ਕਾਨਫਰੰਸ ਅਜਿਹਾ ਪਹਿਲਾ ਮੌਕਾ ਸੀ। ਇਸ ਤਕਰੀਰ ਵਿੱਚ ਪੂਤਿਨ ਨੇ ਯੂਰੋਪ ਨੂੰ ਉੱਤਰ ਅਟਲਾਂਟਿਕ ਸੰਧੀ ਜਥੇਬੰਦੀ (NATO) ਦੇ ਪੂਰਬ ਵੱਲ ਵਿਸਥਾਰ ਵਿਰੁੱਧ ਚੇਤਾਵਨੀ ਦਿੱਤੀ ਅਤੇ ਇਸਨੂੰ ”ਇੱਕ ਗੰਭੀਰ ਭੜਕਾਊ ਕਾਰਕ” ਦੱਸਿਆ। ਪੂਤਿਨ ਨੇ ਕਿਹਾ ਕਿ ਅਮਰੀਕਾ ਦੁਆਰਾ ਵਿਕਸਤ ਕੀਤੀ ਸੰਸਾਰ ਵਿਆਪੀ ਮਿਜ਼ਾਈਲ ਹਿਫਾਜ਼ਤ ਪ੍ਰਬੰਧ (Globle Missile Defence System) ਅਤੇ ਰੂਸੀ ਪ੍ਰਮਾਣੂ ਅਸਲੇ ਨੂੰ ਬੇਅਸਰ (Neutralise) ਕਰਨ ਲਈ ਅਮਰੀਕਾ ਵੱਲੋਂ ਯੂਰੋਪ ‘ਚ ਲਗਾਏ ਜਾ ਰਹੇ ਮਿਜ਼ਾਇਲ ਇੰਟਰਸੈਪਟਰ ”ਅਟੱਲ ਹਥਿਆਰ ਦੌੜ ਦੇ ਇੱਕ ਹੋਰ ਗੇੜ” ਨੂੰ ਚੁਆਤੀ ਲਾਉਣਗੇ। ਪੂਤਿਨ ਨੇ ਕਿਹਾ ਕਿ ਬਰਿਕ (BRIC, ਬ੍ਰਾਜ਼ੀਲ, ਰੂਸ, ਚੀਨ, ਭਾਰਤ) ਦੀ ਕੁੱਲ ਘਰੇਲੂ ਪੈਦਾਵਾਰ ਯੂਰਪੀ ਯੂਨੀਅਨ ਤੋਂ ਵੀ ਵਧੇਰੇ ਹੈ। ਇਸ ਗੱਲ ਨੂੰ ਨਤੀਜੇ ਤੱਕ ਪਹੁੰਚਾਉਂਦੇ ਹੋਏ ਪੂਤਿਨ ਨੇ ਭਵਿੱਖਬਾਣੀ ਕੀਤੀ, ”ਇਸ ਵਿੱਚ ਕੋਈ ਸ਼ੱਕ ਨਹੀਂ ਕਿ ਨੇੜ ਭਵਿੱਖ ਵਿੱਚ ਤਾਕਤ ਦੇ ਇਹਨਾਂ ਨਵੇਂ ਕੇਂਦਰਾਂ ਦੀਆਂ ਆਰਥਿਕ ਸੰਭਵਾਨਾ (Potential) ਅਟੱਲ ਰੂਪ ਵਿੱਚ ਸਿਆਸੀ ਘਸੁੰਨ ਵਿੱਚ ਬਦਲ ਜਾਵੇਗੀ।” ਬਾਅਦ ਦਾ ਸੰਸਾਰ ਘਟਨਾਕ੍ਰਮ ਪੂਤਿਨ ਦੀ ਭਵਿੱਖਬਾਣੀ ਦੀ ਦਿਸ਼ਾ ‘ਚ ਹੀ ਅੱਗੇ ਵਧਿਆ। ਇਸਦੀ ਵਧੇਰੇ ਚਰਚਾ ਥੋੜ੍ਹਾ ਅੱਗੇ ਚੱਲ ਕੇ ਕਰਾਂਗੇ।

ਕੌਮਾਂਤਰੀ ਮੰਚ ‘ਤੇ ਪੂਤਿਨ ਦੀ ਇਸ ਅਮਰੀਕੀ ਧੌਂਸ ਵਿਰੋਧੀ ਗਰਜ ਨੇ ਸਾਮਰਾਜ ਦੇ ਖਾਤਮੇ, ‘ਪੜ-ਸਾਮਰਾਜ’ ਦੀ ਆਮਦ ਦੇ ਕਈ ਸਿਧਾਂਤ ਘਾੜਿਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੱਤੀ। ਏਜਾਜ਼ ਅਹਿਮਦ ਵੀ ਇਹਨਾਂ ‘ਚ ਹੀ ਸ਼ਾਮਲ ਹਨ। ਭਾਵੇਂ ਉਹ ਅਜੇ ਵੀ ਪੁਰਾਣੀ ਪੋਜੀਸ਼ਨ ‘ਤੇ ਕਾਇਮ ਰਹੇ, ਉਹਨਾਂ ਨੇ ਕਿਹਾ ਕਿ ਅਜੇ ‘ਸਲਤਨਤ ਦਾ ਸੂਰਜ ਅਸਤ’ (Imperial Sunset) ਭਵਿੱਖਬਾਣੀਆਂ ਕਰਨ ਵੇਲ਼ੇ ਸਾਵਧਾਨ ਰਹਿਣਾ ਚਾਹੀਦਾ ਹੈ। ਕਿਉਂਕਿ ਅਜੇ ਵੀ ਅਮਰੀਕਾ ਸੰਸਾਰ ਦੀ ਸਭ ਤੋਂ ਵੱਡੀ ਆਰਥਿਕ ਅਤੇ ਫੌਜੀ ਤਾਕਤ ਹੈ। ਪਰ ਉਹਨਾਂ ਨੂੰ ਏਨਾ ਜ਼ਰੂਰ ਮੰਨਣਾ ਪਿਆ, ”ਇੱਕ ਸੁਪਰਪਾਵਰ ਵਜੋਂ ਅਮਰੀਕਾ ਦੇ ਉਭਾਰ ਤੋਂ ਬਾਅਦ ਪਹਿਲੀ ਵਾਰ ਸੰਸਾਰ ਭਰ ‘ਚ ਇਸਦੇ ਗਲਬੇ ਨੂੰ ਗੰਭੀਰ ਖਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।” ਹੁਣ ਏਜਾਜ਼ ਅਹਿਮਦ ਤੋਂ ਇਹ ਸਵਾਲ ਪੁੱਛਣਾ ਬਣਦਾ ਹੈ ਕਿ ਜੇਕਰ ਸੰਸਾਰ ਪੱਧਰ ‘ਤੇ ਸਰਮਾਏ ਦਾ ਏਕੀਕਰਨ ਹੋ ਚੁੱਕਾ ਹੈ ਤਾਂ ਸਿਆਸਤ ਵਿੱਚ ਇਸਦਾ ਪ੍ਰਗਟਾਵਾ ਕਿਉਂ ਨਹੀਂ ਹੋ ਰਿਹਾ? ਆਖ਼ਰ ਸਿਆਸਤ ਆਰਥਿਕਤਾ ਦਾ ਹੀ ਤਾਂ ਸੰਘਣਾ ਇਜ਼ਹਾਰ ਹੁੰਦੀ ਹੈ। ਜੇਕਰ ਸੰਸਾਰ ਪੱਧਰ ‘ਤੇ ਸਰਮਾਏ ਦਾ ਏਕੀਕਰਨ ਹੋ ਚੁੱਕਾ ਹੈ ਤਾਂ ਸੰਸਾਰ ਵਿਆਪੀ ਅਮਰੀਕੀ ਗਲਬੇ ਨੂੰ ”ਗੰਭੀਰ ਖਤਰੇ” ਦਾ ਸ੍ਰੋਤ ਕੀ ਹੈ?

ਅਸਲ ਵਿੱਚ ਏਜਾਜ਼ ਅਹਿਮਦ ਜਿਹੇ ਬੁੱਧੀਜੀਵੀਆਂ ਦੀ ਸਮੱਸਿਆ ਇਹ ਹੈ ਕਿ ਉਹਨਾਂ ਦੁਨੀਆਂ ਨੂੰ ਜਿਸ ਤਰ੍ਹਾਂ ਸਮਝਿਆ, ਦੁਨੀਆਂ ਉਸ ਤਰ੍ਹਾਂ ਦੀ ਹੈ ਹੀ ਨਹੀਂ ਸੀ। ਉਹਨਾਂ ਨੇ ਸਤੱਹੀ (Phenominal) ਸੱਚਾਈ ਨੂੰ ਹੀ ਸਾਰ ਰੂਪੀ (Essential) ਸੱਚਾਈ ਸਮਝ ਲਿਆ। ਉਹਨਾਂ ਸਤੱਹੀ, ਥੋੜ ਚਿਰੀ ਸੱਚਾਈ ਨੂੰ ਸਦੀਵੀ ਸੱਚਾਈ ਐਲਾਨ ਦਿੱਤਾ।

ਜਿੱਥੋਂ ਤੱਕ ਸਾਮਰਾਜ ਸਬੰਧੀ ਸ਼੍ਰੀ ਪ੍ਰਭਾਤ ਪਟਨਾਇਕ ਦੇ ਵਿਚਾਰਾਂ ਦਾ ਸਬੰਧ ਹੈ ਤਾਂ ਤੱਤ ਰੂਪ ਵਿੱਚ ਉਹਨਾਂ ਦੇ ਵਿਚਾਰ ਏਜਾਜ਼ ਅਹਿਮਦ ਨਾਲ਼ ਮਿਲ਼ਦੇ-ਜੁਲ਼ਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਵੱਖ-ਵੱਖ ਕੌਮੀ ਸ੍ਰੋਤਾਂ, ਜਿਹਨਾਂ ਵਿੱਚ ਤੀਜੀ ਦੁਨੀਆਂ ਦੇ ਦੇਸ਼ ਵੀ ਸ਼ਾਮਲ ਹਨ, ਦਾ ਵਿੱਤੀ ਸਰਮਾਇਆ ਮਿਲ਼ ਕੇ ਅੱਜ ਦਾ ”ਕੌਮਾਂਤਰੀ ਵਿੱਤੀ ਸਰਮਾਇਆ” ਹੋਂਦ ਵਿੱਚ ਆ ਚੁੱਕਾ ਹੈ, ਜੋ ਆਪਣੇ ਹਿੱਤਾਂ ਨੂੰ ਅੱਗੇ ਵਧਾਉਣ ਲਈ ਪੂਰੀ ਧਰਤੀ ‘ਤੇ ਘੁੰਮਦਾ ਹੈ, ਜਿਸਦੇ ਆਪਣੇ ਕੋਈ ਖਾਸ ਕੌਮੀ ਹਿੱਤ ਨਹੀਂ ਹਨ। ਅੰਤਰ-ਸਾਮਰਾਜ ਖਹਿਭੇੜ ਦਾ ਖਾਤਮਾ ਇਸ ਕੌਮਾਂਤਰੀ ਵਿੱਤੀ ਸਰਮਾਏ ਦੇ ਹਿੱਤ ਵਿੱਚ ਹੈ।

ਪਰ ਇਸ ”ਕੌਮਾਂਤਰੀ ਏਕਤਾ” ਦੇ ਬਾਵਜੂਦ ਵੀ ਉਹ ਸਾਮਰਾਜੀ ਦੇਸ਼ਾਂ (ਸਰਮਾਏਦਾਰਾ ਤਾਕਤਾਂ) ਦਰਮਿਆਨ ਵਿਰੋਧਤਾਈਆਂ ਦੀ ਹੋਂਦ ਮੰਨਦੇ ਹਨ ਅਤੇ ਸੰਸਾਰ ਵਪਾਰ ‘ਚ ਤਿੱਖੇ ਮੁਕਾਬਲੇ ਅਤੇ ਕਰੰਸੀ ਜੰਗਾਂ ਨੂੰ ਇਹਨਾਂ ਵਿਰੋਧਤਾਈਆਂ ਦੇ ਪ੍ਰਗਟਾਵਿਆਂ ਵਜੋਂ ਪੇਸ਼ ਕਰਦੇ ਹਨ। ਪਰ ਉਹ ਇਹ ਨਹੀਂ ਦੱਸਦੇ ਕਿ ਇਹਨਾਂ ਵਿਰੋਧਤਾਈਆਂ ਦਾ ਸ੍ਰੋਤ ਕੀ ਹੈ?

ਉਹਨਾਂ ਦਾ ਕਹਿਣਾ ਹੈ ਕਿ ਇਹ ਵਿਰੋਧਤਾਈਆਂ ਦਾ ਦੂਰ-ਦੂਰ ਤੱਕ ਵਿਕਸਿਤ ਸਰਮਾਏਦਾਰਾ ਦੇਸ਼ਾਂ ‘ਚ ਖੁੱਲ੍ਹੀਆਂ ਜੰਗਾਂ ਜਾਂ ਇੱਥੋਂ ਤੱਕ ਕਿ ਲੁਕਵੀਆਂ ਜੰਗਾਂ (Proxy Wars) ਵਿੱਚ ਫੁਟਾਰਾ ਨਹੀਂ ਹੋਵੇਗਾ। ਮਾਓ ਦੇ ਸ਼ਬਦਾਂ ‘ਚ ਕਹਿਣਾ ਹੋਵੇ ਤਾਂ ਪ੍ਰਭਾਤ ਪਟਨਾਇਕ ਅੰਤਰ-ਸਾਮਰਾਜੀ ਵਿਰੋਧਤਾਈਆਂ ਨੂੰ ਮਿੱਤਰਤਾਪੂਰਨ ਵਿਰੋਧਤਾਈਆਂ ਦੇ ਜੁਮਰੇ ਵਿੱਚ ਰੱਖਦੇ ਹਨ ਅਤੇ ਇਹ ਗੈਰ-ਵਿਗਿਆਨਕ ਦਾਅਵਾ ਕਰਦੇ ਹਨ ਕਿ ਮਿੱਤਰਤਾਪੂਰਨ ਵਿਰੋਧਤਾਈ ਕਦੇ ਵੀ ਦੁਸ਼ਮਣਾਨਾ ਵਿਰੋਧਤਾਈ ‘ਚ ਨਹੀਂ ਬਦਲੇਗੀ।

ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਲੈਨਿਨ ਦਾ ਇਹ ਕਥਨ ਕਿ ਸਾਮਰਾਜ ਜੰਗਾਂ ਨੂੰ ਜਨਮ ਦਿੰਦਾ ਹੈ, ਅੱਜ ਵੀ ਓਨਾ ਹੀ ਪ੍ਰਸੰਗਕ ਹੈ ਜਿੰਨਾ ਕਿ ਲੈਨਿਨ ਦੇ ਸਮੇਂ ਸੀ। ਪਰ ਉਹਨਾਂ ਦਾ ਕਹਿਣਾ ਕਿ ਹੁਣ ਸਾਮਰਾਜੀ ਦੇਸ਼ਾਂ ਦਰਮਿਆਨ ਸੰਸਾਰ ਜੰਗਾਂ ਨਹੀਂ ਹੋਣਗੀਆਂ, ਪਰ ”ਸਾਮਰਾਜ ਦੇ ਵਰਤਾਰੇ” ‘ਚੋਂ ਇਰਾਕ, ਅਫ਼ਗਾਨਿਸਤਾਨ, ਬਲਕਾਨ ਜਿਹੀਆਂ ਜੰਗਾਂ ਜਨਮ ਲੈ ਰਹੀਆਂ ਹਨ। (ਦੇਖੋ-Notes on Contemporary Imperialism by Prabhat Patnaik)

ਜਿੱਥੋਂ ਤੱਕ ਸ਼੍ਰੀ ਜਗਰੂਪ ਦਾ ਸਬੰਧ ਹੈ, ਉਹ ਉਪਰੋਕਤ ਵਿਦਵਾਨਾਂ ਵਾਂਗ ਵਿਸਥਾਰ ‘ਚ ਆਪਣੀ ਗੱਲ ਕਹਿ ਸਕਣ ਦੇ ਸਮਰੱਥ ਨਜ਼ਰ ਨਹੀਂ ਆਉਂਦੇ। ਸਾਮਰਾਜ (?) ਦੀ ਉਹਨਾਂ ਦੀ ਵਿਆਖਿਆ ਸੰਖੇਪ ਅਤੇ ਸਿੱਧਰੀ ਜਿਹੀ ਹੈ। ਇਸ ਵਿਆਖਿਆ ‘ਚ ਲੇਖਕ ਮਾਰਕਸਵਾਦੀ ਸਿਆਸੀ ਆਰਥਿਕਤਾ ਦੀ ਸਮਝ ਤੋਂ ਹੀ ਕੋਰਾ ਨਜ਼ਰ ਆਉਂਦਾ ਹੈ। ਭਾਵੇਂ ਸ਼੍ਰੀ ਜਗਰੂਪ ਦੇ ਸਿਧਾਂਤ ਬੇਹੱਦ ਸਿੱਧਰੇ ਹਨ ਪਰ ਫੇਰ ਵੀ ਲੋਕਾਂ (ਘੱਟੋ-ਘੱਟ ਪੰਜਾਬ ‘ਚ) ਨੂੰ ਪ੍ਰਭਾਵਿਤ ਕਰ ਰਹੇ ਹਨ। ਸ਼੍ਰੀ ਜਗਰੂਪ ਦੇ ”ਮਾਰਕਸਵਾਦ”, ਉਹਨਾਂ ਦੀ ਸਿਆਸੀ ਆਰਥਿਕਤਾ ਦੀ ਭਰਵੀਂ ਪੜਚੋਲ ਕੀਤੇ ਜਾਣ ਦੀ ਲੋੜ ਹੈ, ਜੋ ਅਸੀਂ ਆਉਣ ਵਾਲ਼ੇ ਦਿਨਾਂ ਵਿੱਚ ਕਰਾਂਗੇ। ਇੱਥੇ

ਅਸੀਂ ਸਾਮਰਾਜ (ਜਾਂ ਪਤਾ ਨਹੀਂ ਉਹ ਇਸ ਨੂੰ ਕੀ ਕਹਿਣਾ ਚਾਹੁਣਗੇ) ਸਬੰਧੀ ਉਹਨਾਂ ਦੇ ਵਿਚਾਰਾਂ ਦੀ ਸੰਖੇਪ ਚਰਚਾ ਹੀ ਕਰਾਂਗੇ।

ਸ਼੍ਰੀ ਜਗਰੂਪ ਅਨੁਸਾਰ ਸਰਮਾਏਦਾਰੀ ਦਾ ਵਿਕਾਸਕ੍ਰਮ ਇਹ ਰਿਹਾ ਹੈ—

ਸਾਦਾ ਸਰਮਾਏਦਾਰੀ — ਇਜਾਰੇਦਾਰੀ — ਸਾਮਰਾਜ — ਬਹੁਕੌਮੀ ਕਾਰਪੋਰੇਸ਼ਨਾਂ — ਟਰਾਂਸ ਨੈਸ਼ਨਲ ਕਾਰਪੋਰੇਸ਼ਨਾਂ — ???
(ਦੇਖੋ ਉਹਨਾਂ ਦੀ  ਪੁਸਤਕ ‘ਜੋਰੁ ਨਾ ਜੁਗਤੀ ਛੁਟੈ ਸੰਸਾਰੁ’)

ਇੱਥੇ ਜਗਰੂਪ ਅਜ਼ਾਦ ਮੁਕਾਬਲੇ ਦੀ ਸਰਮਾਏਦਾਰੀ ਨੂੰ ‘ਸਾਦਾ ਸਰਮਾਏਦਾਰੀ’ ਕਹਿ ਰਹੇ ਹਨ। ਇਜ਼ਾਰੇਦਾਰੀ ਅਤੇ ਸਾਮਰਾਜ ਨੂੰ  ਦੋ ਵੱਖ-ਵੱਖ ਪੜਾਅ ਦੱਸ ਰਹੇ ਹਨ। ਜਦਕਿ ਲੈਨਿਨ ਮੁਤਾਬਕ, ਸਾਮਰਾਜ ਅਜ਼ਾਰੇਦਾਰਾ ਸਰਮਾਏਦਾਰੀ ਹੈ। ਅਜਾਰੇਦਾਰੀ ਸਾਮਰਾਜ ਦੀ ਬੁਨਿਆਦ ਹੈ।  ਸ਼੍ਰੀ ਜਗਰੂਪ  ਬਹੁਕੌਮੀ ਕਾਰਪੋਰਸ਼ਨਾਂ ਅਤੇ ਟਰਾਂਸ ਨੈਸ਼ਨਲ ਕਾਰਪੋਰੇਸ਼ਨਾਂ ਨੂੰ ਸਰਮਾਏਦਾਰਾ ਵਿਕਾਸ ਦਾ ਸਾਮਰਾਜ ਤੋਂ ਅਗਲੇਰਾ ਪੜਾਅ ਮੰਨਦੇ ਹਨ। ਬਹੁਕੌਮੀ ਅਤੇ ਟਰਾਂਸ ਨੈਸ਼ਨਲ ਕਾਰਪੋਰੇਸ਼ਨਾਂ ‘ਚ ਉਹ ਇਸ ਤਰ੍ਹਾਂ ਫਰਕ ਕਰਦੇ ਹਨ, ”ਬਹੁ ਦੇਸੀ ਕੰਪਨੀਆਂ (ਭਾਵ MNC’s -ਲੇਖਕ) ਦੀ ਸਮਰੱਥਾ ਸੰਸਾਰ ਪੱਧਰੀ ਨਾ ਹੋ ਕੇ ਵੀ ਖੇਤਰ ਸੀਮਤ ਕਰਦੀ ਸੀ। ਹੁਣ ਟਰਾਂਸ ਨੈਸ਼ਨਲ ਕੰਪਨੀਆਂ ਹੁਣ ਹਕੀਕੀ ਰੂਪ ਵਿੱਚ ਸੰਸਾਰ ਪੱਧਰੀ ਹਨ।” (ਉਪਰੋਕਤ ਪੰਨਾ-28)

ਅਸੀਂ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਬਹੁਕੌਮੀ ਅਤੇ ਪਰਾਕੌਮੀ (TNC’s) ‘ਚ ਕੋਈ ਬੁਨਿਆਦੀ ਫਰਕ ਨਹੀਂ ਹੈ। ਇਹ ਇੱਕ ਹੀ ਚੀਜ਼ ਦੇ ਦੋ ਨਾਮ ਹਨ। ਸ਼੍ਰੀ ਜਗਰੂਪ ਇਹ ਦਾਅਵਾ ਤਾਂ ਜ਼ੋਰ-ਸ਼ੋਰ ਨਾਲ਼ ਕਰਦੇ ਹਨ ਕਿ ਪਰਾ-ਕੌਮੀ ਕਾਰਪੋਰੇਸ਼ਨਾਂ ਦਾ ਕੋਈ ਦੇਸ਼ ਨਹੀਂ ਰਿਹਾ, ਪਰ ਉਹ ਇੱਕ ਵੀ ਅਜਿਹੀ ਕਾਰਪੋਰੇਸ਼ਨ ਦਾ ਨਾਮ ਨਹੀਂ ਦੱਸਦੇ ਜੋ ਆਪਣੀ ਦੇਸੀ ਜਾਂ ‘ਕੌਮੀ’ ਜੜਾਂ ਤੋਂ ਪੂਰੀ ਤਰ੍ਹਾਂ ਟੁੱਟ ਚੁੱਕੀ ਹੋਵੇ।

ਸਰਮਾਏਦਾਰਾ ਵਿਕਾਸ ਦੇ ਪਰਾਕੌਮੀ ਕਾਰਪੋਰੇਸ਼ਨ (TNC’s) ਦੇ ਪੜਾਅ ਤੋਂ ਅੱਗੇ, ਉਹ ਪ੍ਰਸ਼ਨ ਚਿੰਨ੍ਹ ਲਾ ਦਿੰਦੇ ਹਨ, ਸ਼ਾਇਦ ਉਹਨਾਂ ਨੂੰ ਸਰਮਾਏਦਾਰੀ ਦੇ ਇੱਕ ਹੋਰ ਪੜਾਅ ਵਿੱਚ ਦਾਖਲ ਹੋਣ ਦੀ ਵੀ ਉਮੀਦ ਹੈ। ਪਰ ਉਹਨਾਂ ਨੂੰ ਸਰਮਾਏਦਾਰੀ ਦੇ ਇਸਦੇ ਉਲ਼ਟ ਭਾਵ ਸਮਾਜਵਾਦ ‘ਚ ਬਦਲਣ ਦੀ ਕੋਈ ਉਮੀਦ ਨਜ਼ਰ ਨਹੀਂ ਆਉਂਦੀ। ਆਓ ਦੇਖਦੇ ਹਾਂ ਕਿ ਲੈਨਿਨ ਸਰਮਾਏਦਾਰਾ ਵਿਕਾਸ ਦੀ ਇਸ ਪ੍ਰਕਿਰਿਆ ਨੂੰ ਕਿੰਝ ਦੇਖਦੇ ਹਨ: ”ਫਿਰ ਵੀ ਕੀ ਇਸ ਤੋਂ ਇਨਕਾਰ ਕੀਤਾ ਜਾ ਸਕਦਾ ਹੈ ਕਿ ਸਾਮਰਾਜ ਤੋਂ ਬਾਅਦ, ਅਮੂਰਤ ਰੂਪ ਵਿੱਚ ਸਰਮਾਏਦਾਰੀ ਦਾ, ਅਤਿ ਸਾਮਰਾਜਵਾਦ ਨਾਮਕ ਇੱਕ ਪੜਾਅ ‘ਕਲਪਨਾ ਯੋਗ’ ਹੈ? ਨਹੀਂ, ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਅਜਿਹੇ ਕਿਸੇ ਪੜਾਅ ਦੀ ਕਲਪਨਾ ਕੀਤੀ ਜਾ ਸਕਦੀ ਹੈ। ਪਰ ਅਮਲ ਵਿੱਚ ਇਸ ਦਾ ਮਤਲਬ ਹੋਵੇਗਾ ਮੌਕਾਪ੍ਰਸਤ ਬਣ ਜਾਣਾ, ਅੱਜ ਦੀਆਂ ਗੰਭੀਰ ਸਮੱਸਿਆਵਾਂ ਤੋਂ ਮੂੰਹ ਮੋੜ ਕੇ ਭਵਿੱਖ ਦੀਆਂ ਅਗੰਭੀਰ ਸਮੱਸਿਆਵਾਂ ਦੇ ਸੁਪਨੇ ਦੇਖਣ ਲੱਗ ਜਾਣਾ। ਸਿਧਾਂਤ ਵਿੱਚ ਇਸ ਦਾ ਮਤਲਬ ਹੋਵੇਗਾ ਅਸਲ ਤਬਦੀਲੀਆਂ ਤੋਂ ਨਿਰਦੇਸ਼ਿਤ ਹੋਣ ਦੀ ਬਜਾਏ, ਮਨਮਾਨੇ ਢੰਗ ਨਾਲ਼ ਅਜਿਹੇ ਸੁਪਨਿਆਂ ਦੇ ਲਈ ਉਨ੍ਹਾਂ ਦਾ ਤਿਆਗ ਕਰ ਦੇਣਾ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਵਿਕਾਸ ਦੀ ਪ੍ਰਵਿਰਤੀ ਇੱਕ ਇਕਹਿਰੇ ਸੰਸਾਰ ਟ੍ਰੱਸਟ ਦੀ ਦਿਸ਼ਾ ਵੱਲ ਹੈ ਜਿਹੜਾ ਬਿਨਾਂ ਛੋਟ ਤੋਂ ਸਾਰੇ ਉੱਦਮਾਂ ਨੂੰ ਅਤੇ ਬਿਨਾਂ ਛੋਟ ਤੋਂ ਸਾਰੇ ਰਾਜਾਂ ਨੂੰ ਸਮੋ ਲਵੇਗਾ। ਪਰ ਇਹ ਵਿਕਾਸ ਅਜਿਹੀਆਂ ਹਾਲਤਾਂ ਵਿੱਚ, ਅਜਿਹੀ ਰਫ਼ਤਾਰ ਨਾਲ਼ ਅਤੇ ਨਾ ਸਿਰਫ ਆਰਥਿਕ ਸਗੋਂ ਸਿਆਸੀ, ਕੌਮੀ ਆਦਿ-ਆਦਿ ਅਜਿਹੀਆਂ ਵਿਰੋਧਤਾਈਆਂ ਅਤੇ ਮਹਾਂ-ਤਬਦੀਲੀਆਂ ਵਿੱਚੋਂ ਹੋ ਕੇ ਅੱਗੇ ਵਧ ਰਿਹਾ ਹੈ ਕਿ ਇੱਕ ਸੰਸਾਰ ਟ੍ਰੱਸਟ ਦੇ ਰੂਪ ਵਿੱਚ ਆਉਣ ਤੋਂ ਪਹਿਲਾਂ ਕੌਮੀ ਵਿੱਤੀ ਸਰਮਾਇਆਂ ਦਾ ‘ਅਤਿਸਾਮਰਾਜੀ’, ਸੰਸਾਰ ਵਿਆਪੀ ਮੇਲ਼ ਹੋਣ ਤੋਂ ਪਹਿਲਾਂ ਹੀ ਸਾਮਰਾਜ ਜ਼ਰੂਰੀ ਰੂਪ ਵਿੱਚੋਂ ਫਟ ਜਾਵੇਗਾ ਅਤੇ ਸਰਮਾਏਦਾਰੀ ਆਪਣੇ ਉਲ਼ਟ ਵਿੱਚ ਬਦਲ ਜਾਏਗੀ।” (ਦੇਖੋ ਲੈਨਿਨ ਦੁਆਰਾ ਬੁਖਾਰਿਨ ਦੀ ਪੁਸਤਕ ‘Imperialsim and World Economy’ ਦੀ ਲਿਖੀ ਭੂਮਿਕਾ, ਪੰਨਾ-14, Akaar, 2010)

ਸ਼੍ਰੀ ਏਜਾਜ਼ ਅਹਿਮਦ, ਪ੍ਰਭਾਤ ਪਟਨਾਇਕ ਅਤੇ ਜਗਰੂਪ ਦੇ ਅੱਜ ਦੇ ਸਾਮਰਾਜ ਸਬੰਧੀ ਵਿਚਾਰ ਤੱਤ ਰੂਪ ਵਿੱਚ ਇੱਕੋ ਹਨ, ਇਹ ਸਾਮਰਾਜ ਦੇ ਕਾਊਟਸਕੀਪੰਥੀ ਸਿਧਾਂਤ ਦਾ ਹੀ ਨਵਾਂ ਐਡੀਸ਼ਨ ਹਨ। ਇਹ ਅੱਜ ਦੇ ਸੰਸਾਰ ਦੀਆਂ ਜ਼ਮੀਨੀ ਹਕੀਕਤਾਂ ਤੋਂ ਪੂਰੀ ਤਰ੍ਹਾਂ ਟੁੱਟਿਆ ਹੋਇਆ ਹੈ। ਅੱਜ ਦੇ ਸਾਮਰਾਜ ਨੂੰ ਸਿਰਫ਼ ਲੈਨਿਨਵਾਦੀ ਸਿਧਾਂਤ ਦੇ ਅਧਾਰ ਉੱਪਰ ਹੀ ਸਹੀ ਢੰਗ ਨਾਲ਼ ਸਮਝਿਆ ਜਾ ਸਕਦਾ ਹੈ। ਇਸ ਸਿਧਾਂਤ ਤੋਂ ਹਰ ਥਿੜਕਣ ਸਾਨੂੰ ਕੁਰਾਹੇ ਲੈ ਜਾਵੇਗੀ।

ਪਰ ਕੀ ਫਿਰ ਦੁਨੀਆਂ 1916 ‘ਚ (ਜਦੋਂ ਲੈਨਿਨ ਨੇ ਆਪਣੀ ਪ੍ਰਸਿੱਧ ਪੁਸਤਕ ‘ਸਾਮਰਾਜ ਸਰਮਾਏਦਾਰੀ ਦਾ ਸਰਵਉੱਚ ਪੜਾਅ’ ਲਿਖੀ ਸੀ) ਹੀ ਖੜ ਗਈ ਹੈ? ਕੀ ਉਸ ਤੋਂ ਬਾਅਦ ਸਾਮਰਾਜ ਦੇ ਚਲਣ ਵਿੱਚ ਕੋਈ ਤਬਦੀਲੀਆਂ ਆਈਆਂ ਹਨ? ਨਿਸ਼ਚੇ ਹੀ ਇਹ ਤਬਦੀਲੀਆਂ ਆਈਆਂ ਹਨ ਅਤੇ ਇਸ ਤੋਂ ਮੁਨਕਰ ਹੋਣਾ ਕਠਮੁੱਲਾਪਣ ਹੋਵੇਗਾ ਅਤੇ ਅਜਿਹੇ ਕਠਮੁਲਿੱਆਂ ਦੀ ਕਮੀ ਨਹੀਂ ਹੈ, ਜੋ ਅੱਜ ਦੀ ਦੁਨੀਆਂ ਨੂੰ 1916 ਦੀਆਂ ਐਨਕਾਂ ਨਾਲ਼ ਦੇਖਣ ਦੇ ਆਦੀ ਹੋ ਚੁੱਕੇ ਹਨ। ਜਿਹਨਾਂ ਲਈ 1916 ਤੋਂ ਬਾਅਦ ਸਾਮਰਾਜ ਦੇ ਚਲਣ ਵਿੱਚ ਆਈਆਂ ਤਬਦੀਲੀਆਂ ਦੀ ਚਰਚਾ ਕਰਨਾ ਲੈਨਿਨਵਾਦ ਤੋਂ ਭਗੌੜੇ ਹੋਣ ਦੇ ਤੁੱਲ ਹੈ। ਸਾਮਰਾਜ ਦੇ ਸਵਾਲ ‘ਤੇ ਦੋ ਉਲ਼ਟ ਸਿਰਿਆਂ ਦੇ ਭਟਕਾਅ ਮੌਜੂਦ ਹਨ। ਜਿੱਥੇ ਏਜਾਜ਼ ਅਹਿਮਦ, ਪ੍ਰਭਾਤ ਪਟਨਾਇਕ ਅਤੇ ਜਗਰੂਪ ਜਿਹੇ ‘ਮੁਕਤ ਚਿੰਤਕ’ ਅੱਜ ਦੀ ਦੁਨੀਆਂ ‘ਚ ਲੈਨਿਨ ਦੇ ਸਾਮਰਾਜ ਦੇ ਸਿਧਾਂਤ ਨੂੰ ਮੂਲੋਂ ਹੀ ਖਾਰਜ ਕਰ ਦਿੰਦੇ ਹਨ, ਉੱਥੇ ਕਠਮੁੱਲੇ ਲੈਨਿਨ ਦੇ ਸਮੇਂ ਤੋਂ ਬਾਅਦ ਸਾਮਰਾਜ ਦੇ ਚਲਣ ‘ਚ ਕਿਸੇ ਵੀ ਕਿਸਮ ਦੀ ਤਬਦੀਲੀ ਤੋਂ ਇਨਕਾਰ ਕਰ ਦਿੰਦੇ ਹਨ। ਭਾਰਤ ਦੇ ਮਾਰਕਸਵਾਦੀ-ਲੈਨਿਨਵਾਦੀ (ਨਕਸਲਬਾੜੀ) ਗਰੁੱਪਾਂ ‘ਚ ਅਜਿਹੇ ਕਠਮੁੱਲਿਆਂ ਦੀ ਭਰਮਾਰ ਹੈ।

ਲੈਨਿਨ ਦੇ ਸਮੇਂ ਅਤੇ ਖਾਸ ਤੌਰ ‘ਤੇ ਦੂਜੀ ਸੰਸਾਰ ਜੰਗ ਤੋਂ ਬਾਅਦ ਸਾਮਰਾਜ ਦੇ ਚਲਣ ਵਿੱਚ ਜੋ ਸਭ ਤੋਂ ਵੱਡੀ ਤਬੀਦੀਲੀ ਆਈ ਉਹ ਸੀ ਬਸਤੀਵਾਦ ਦਾ ਇਸਦੇ ਸਾਰੇ ਰੂਪਾਂ (ਬਸਤੀਆਂ, ਅਰਧ-ਬਸਤੀਆਂ ਅਤੇ ਨਵ-ਬਸਤੀਆਂ) ਦਾ ਖਾਤਮਾ। ਬਸਤੀਵਾਦ ਦਾ ਖਾਤਮਾ ਸਾਮਰਾਜੀਆਂ ਦੀ ਚਾਹਤ ਜਾਂ ਉਹਨਾਂ ਦੀ ਦਰਿਆ-ਦਿਲੀ ਦੀ ਉਪਜ ਨਹੀਂ ਸੀ, ਸਗੋਂ ਬਸਤੀਆਂ, ਅਰਧ-ਬਸਤੀਆਂ ਅਤੇ ਨਵ-ਬਸਤੀਆਂ ਦੇ ਲੋਕਾਂ ਦੀਆਂ ਜਾਨ ਹੂਲਵੀਆਂ ਜੱਦੋ-ਜਹਿਦਾਂ ਨੇ ਸਾਮਰਾਜੀਆਂ ਨੂੰ ਬਸਤੀਵਾਦੀ ਨੀਤੀ ਤੋਂ ਪਿੱਛੇ ਹਟਣ ਲਈ ਮਜ਼ਬੂਰ ਕੀਤਾ।

ਕਠਮੁੱਲੇ ਸਾਮਰਾਜਵਾਦ ਨੂੰ ਬਸਤੀਵਾਦ ਦਾ ਸਮਾਨਅਰਥੀ ਬਣਾ ਦਿੰਦੇ ਹਨ। ਜਦਕਿ ਬਸਤੀਆਂ ਸਰਮਾਏਦਾਰੀ ਦੇ ਸਾਮਰਾਜ ਦੇ ਪੜਾਅ ਵਿੱਚ ਵਿਕਸਿਤ ਹੋਣ ਤੋਂ ਪਹਿਲਾਂ ਵੀ ਮੌਜੂਦ ਸਨ। ਹਾਂ ਇਹ ਗੱਲ ਵੱਖਰੀ ਹੈ ਕਿ ਸਾਮਰਾਜ ਦੀ ਬਸਤੀਵਾਦੀ ਨੀਤੀ, ਅਜ਼ਾਦ ਮੁਕਾਬਲੇ ਦੀ ਸਰਮਾਏਦਾਰੀ ਤੋਂ ਭਿੰਨ ਹੈ ਅਤੇ ਇਹ ਵੀ ਕਿ ਅਜ਼ਾਦ ਮੁਕਾਬਲੇ ਦੀ ਸਰਮਾਏਦਾਰੀ ਦੇ ਸਾਮਰਾਜ ‘ਚ ਵਿਕਸਤ ਹੋਣ ਤੋਂ ਬਾਅਦ ਸਾਮਰਾਜੀਆਂ ਦੁਆਰਾ ਬਸਤੀਆਂ ‘ਤੇ ਕਬਜ਼ਿਆਂ ‘ਚ ਤੇਜੀ ਆਈ ਸੀ। ਲੈਨਿਨ ਨੇ ਵੀ ਕਈ ਥਾਈੰ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਸਾਮਰਾਜ ਦੇ ਯੁੱਗ ‘ਚ ਵੀ ਸਾਮਰਾਜ ‘ਤੇ ਆਰਥਿਕ ਤੌਰ ‘ਤੇ ਨਿਰਭਰ ਪਰ ਸਿਆਸੀ ਤੌਰ ‘ਤੇ ਅਜ਼ਾਦ ਮੁਲਕਾਂ ਦੀ ਹੋਂਦ ਹੋ ਸਕਦੀ ਹੈ। ਲੈਨਿਨ ਨੇ ਲਿਖਿਆ ਹੈ, ”ਕਿਉਂਕਿ ਅਸੀਂ ਸਰਮਾਏਦਾਰ ਸਾਮਰਾਜ ਦੇ ਯੁੱਗ ਵਿੱਚ ਬਸਤੀਵਾਦੀ ਨੀਤੀ ਦੀ ਗੱਲ ਕਰ ਰਹੇ ਹਾਂ, ਇਹ ਕਹਿਣਾ ਲਾਜ਼ਮੀ ਹੈ ਕਿ ਵਿੱਤ ਸਰਮਾਇਆ ਅਤੇ ਉਹਦੀ ਵਿਦੇਸ਼ੀ ਨੀਤੀ, ਜਿਹੜੀ ਸੰਸਾਰ ਦੀ ਆਰਥਕ ਅਤੇ ਰਾਜਸੀ ਮੁੜ-ਵੰਡ ਲਈ ਵੱਡੀਆਂ ਤਾਕਤਾਂ ਦਾ ਘੋਲ਼ ਹੈ, ਰਾਜਕੀ ਅਧੀਨਤਾ ਦੇ ਕਈ ਅੰਤਰ-ਕਾਲੀਨ ਰੂਪਾਂ ਨੂੰ ਜਨਮ ਦੇਂਦੇ ਹਨ। ਨਾ ਕੇਵਲ ਦੇਸ਼ਾਂ ਦੀਆਂ ਦੋ ਮੁੱਖ ਟੋਲੀਆਂ ਹੀ ਹੁੰਦੀਆਂ ਹਨ, ਉਹ ਜਿਹੜੇ ਬਸਤੀਆਂ ਦੇ ਮਾਲਕ ਹਨ ਅਤੇ ਖ਼ੁਦ ਬਸਤੀਆਂ, ਸਗੋਂ ਅਧੀਨ ਦੇਸ਼ਾਂ ਦੇ ਭਿੰਨ-ਭਿੰਨ ਰੂਪ ਵੀ, ਜਿਹੜੇ ਰਸਮੀ ਤੌਰ ‘ਤੇ ਸੁਤੰਤਰ ਹਨ, ਪਰ ਅਸਲ ਵਿੱਚ ਵਿੱਤ ਅਤੇ ਡਿਪਲੋਮੈਟਿਕ ਅਧੀਨਤਾ ਦੇ ਜਾਲ਼ ਵਿੱਚ ਫਸੇ ਹੁੰਦੇ ਹਨ, ਇੱਕ ਯੁੱਗ ਦੇ ਲਖਣਾਇਕ ਹਨ।” (ਸਾਮਰਾਜ: ਸਰਮਾਏਦਾਰੀ ਦਾ ਸਰਵਉੱਚ ਪੜਾਅ, ਉਪਰੋਕਤ ਪੰਨਾ 86)

ਅੱਗੇ ਲੈਨਿਨ ਲਿਖਦੇ ਹਨ, ”ਰਾਜਸੀ ਸੁਤੰਤਰਤਾ ਦੇ ਨਾਲ਼-ਨਾਲ਼ ਆਰਥਕ ਅਤੇ ਡਿਪਲੋਮੈਟਿਕ ਅਧੀਨਤਾ ਦਾ ਕੁੱਝ ਵੱਖਰਾ ਰੂਪ ਪੁਰਤਗਾਲ ਪੇਸ਼ ਕਰਦਾ ਹੈ। ਪੁਰਤਗਾਲ ਵਿੱਚ ਸੁਤੰਤਰ, ਖੁਦਮੁਖਤਿਆਰ ਰਾਜ ਹੈ, ਪਰ ਅਸਲ ਵਿੱਚ, ਸਪੇਨ ਦੇ ਵਿਰਾਸਤ ਯੁੱਧ (1701-14) ਤੋਂ ਪਿੱਛੋਂ ਉਹ ਬਰਤਾਨੀਆਂ ਦਾ ਸੁਰੱਖਿਅਤ ਇਲਾਕਾ ਰਿਹਾ ਹੈ।” (ਉਪਰੋਕਤ, ਪੰਨਾ 86, ਸ਼ਬਦਾਂ ਉੱਪਰ ਜ਼ੋਰ ਸਾਡਾ)

ਇੱਕ ਹੋਰ ਥਾਂ ਲੈਨਿਨ ਲਿਖਦੇ ਹਨ, ”ਇੱਕ ਦੇਸ਼ ਦਾ ਵੱਡਾ ਵਿੱਤੀ ਸਰਮਾਇਆ, ਸਿਆਸੀ ਤੌਰ ‘ਤੇ ਅਜ਼ਾਦ, ਦੇਸ਼ ਦੇ ਆਪਣੇ ਵਿਰੋਧੀਆਂ ਨੂੰ ਸਦਾ ਖਰੀਦ ਸਕਦਾ ਹੈ ਅਤੇ ਉਹ ਲਗਾਤਾਰ ਅਜੇਹਾ ਕਰਦਾ ਹੈ। ਆਰਥਿਕ ਤੌਰ ‘ਤੇ ਇਹ ਪੂਰੀ ਤਰ੍ਹਾਂ ਹਾਸਲ ਕਰਨ ਯੋਗ ਹੈ। ਸਿਆਸੀ ਕਬਜ਼ੇ ਤੋਂ ਬਿਨਾਂ ਵੀ ਆਰਥਿਕ ”ਕਬਜ਼ਾ” ਪੂਰੀ ਤਰ੍ਹਾਂ ”ਹਾਸਲ ਕਰਨ ਯੋਗ” ਹੈ ਅਤੇ ਅਮਲ ਵਿੱਚ ਇਹ ਵੱਡੀ ਪੱਧਰ ‘ਤੇ ਲਾਗੂ ਹੁੰਦਾ ਹੈ। ਸਾਮਰਾਜਵਾਦ ਸਬੰਧੀ ਸਾਹਿਤ ਵਿੱਚ ਤੁਸੀਂ ਇਸ ਤਰ੍ਹਾਂ ਦੇ ਕਾਫ਼ੀ ਸੰਕੇਤ ਦੇਖੋਂਗੇ ਕਿ, ਮਿਸਾਲ ਵਜੋਂ, ਅਰਜਨਟੀਨਾ ਅਸਲ ਵਿੱਚ ਬਰਤਾਨੀਆ ਦੀ ”ਵਪਾਰਕ ਬਸਤੀ” ਹੈ, ਜਾਂ ਇਹ ਕਿ ਪੁਰਤਗਾਲ ਅਸਲ ਵਿੱਚ ਬਰਤਾਨੀਆ ਦਾ ”ਦਾਸ” ਹੈ ਆਦਿ। ਅਸਲ ਵਿੱਚ ਅਜਿਹਾ ਹੀ ਹੈ; ਇਹਨਾਂ ਦੇਸ਼ਾਂ ਦਾ ਬਰਤਾਨੀਆ ਦੇ ਬੈਂਕਾਂ ਉੱਪਰ ਆਰਥਿਕ ਰੂਪ ਵਿੱਚ ਨਿਰਭਰ ਹੋਣਾ, ਉਹਨਾਂ ਉੱਪਰ ਬਰਤਾਨੀਆ ਦਾ ਕਰਜ਼ਾ ਚੜ੍ਹਨਾ, ਉਹਨਾਂ ਦੀਆਂ ਰੇਲਾਂ, ਖਾਣਾਂ, ਜ਼ਮੀਨਾਂ ਆਦਿ ਦਾ ਬਰਤਾਨੀਆ ਦੇ ਹੱਥ ‘ਚ ਚਲਿਆ ਜਾਣਾ, ਇਹਨਾਂ ਸਭ ਦੀ ਬਦੌਲਤ ਬਰਤਾਨੀਆ ਉਹਨਾਂ ਦੀ ਸਿਆਸੀ ਅਜ਼ਾਦੀ ਦੀ ਉਲੰਘਣਾ ਕੀਤੇ ਬਿਨਾਂ ਉਹਨਾਂ ‘ਤੇ ਆਰਥਿਕ ਰੂਪ ‘ਚ ”ਕਬਜ਼ਾ” ਕਰ ਸਕਦਾ ਹੈ।

ਕੌਮੀ ਆਪਾ ਨਿਰਣੇ ਤੋਂ ਭਾਵ ਹੈ ਸਿਆਸੀ ਅਜ਼ਾਦੀ। ਸਾਮਰਾਜ ਜਿਸ ਤਰ੍ਹਾਂ ਜਮਹੂਰੀਅਤ ਦੀ ਥਾਂ ਜੂੰਡੀ ਰਾਜ ਨੂੰ ਸਥਾਪਤ ਕਰਨ ਦੀ ਕੋਸ਼ਿਸ਼ ਕਰਦਾ ਹੈ, ਕਿਉਂਕਿ ਸਿਆਸੀ ਕਬਜ਼ਾ ਆਰਥਿਕ ਕਬਜ਼ੇ ਨੂੰ ਵਧੇਰੇ ਸੁਖਾਵਾਂ ਬਣਾ ਦਿੰਦਾ ਹੈ ਅਤੇ ਉਹ ਮਹਿੰਗਾ ਵੀ ਘੱਟ ਪੈਂਦਾ ਹੈ (ਅਫ਼ਸਰਾਂ ਨੂੰ ਰਿਸ਼ਵਤ ਦੇਕੇ ਆਪਣੇ ਵੱਲ ਕਰ ਲੈਣਾ, ਰਿਆਇਤਾਂ ਹਾਸਲ ਕਰਨਾ, ਫਾਇਦੇਮੰਦ ਕਨੂੰਨ ਬਣਾਉਣੇ ਆਦਿ ਵਧੇਰੇ ਸੌਖਾ ਹੋ ਜਾਂਦਾ ਹੈ), ਇਹ ਵਧੇਰੇ ਸਹੂਲਤਮਈ ਹੈ ਅਤੇ ਇਸ ਵਿੱਚ ਝੰਜਟ ਵੀ ਘੱਟ ਹੈ। ਪਰ ਸਾਮਰਾਜ ਤਹਿਤ ਆਪਾ ਨਿਰਣੇ ਦੀ ਆਰਥਿਕ ਪੱਖੋਂ ”ਨਾ ਹਾਸਲ ਯੋਗਤਾ” ਦੀ ਗੱਲ ਕਰਨਾ ਨਿਰੀ ਬਕਵਾਸ ਹੈ।” (ਆਨ ਇੰਪੀਰੀਅਲਿਜ਼ਮ ਐਂਡ ਇੰਮਪੀਰੀਅਲਿਸਟਸ, ਪ੍ਰੋਗਰੈੱਸ ਪਬਲਿਸ਼ਰਜ, ਮਾਸਕੋ, 1997, ਪੰਨਾ-91, ‘ਪੂਰੀ ਤਰ੍ਹਾਂ’ ਅਤੇ ‘ਆਰਥਿਕ ਪੱਖੋਂ’ ਨੂੰ ਛੱਡ ਕੇ ਬਾਕੀ ਸ਼ਬਦਾਂ ‘ਤੇ ਜ਼ੋਰ ਸਾਡਾ)

ਇਸੇ ਪੁਸਤਕ ‘ਚ ਲੈਨਿਨ ਅੱਗੇ ਲਿਖਦੇ ਹਨ, ”ਨਾਰਵੇ ਨੇ 1905 ਵਿੱਚ ਪ੍ਰਚੰਡਤਮ ਸਾਮਰਾਜ ਦੇ ਯੁੱਗ ਵਿੱਚ ਆਪਾ ਨਿਰਣੇ ਦਾ ਹੱਕ ”ਹਾਸਲ” ਕੀਤਾ। ਇਸੇ ਲਈ ”ਨਾ ਹਾਸਲ ਯੋਗਤਾ (Unachievability)” ਦੀ ਗੱਲ ਕਰਨਾ ਸਿਧਾਂਤਕ ਪੱਖੋਂ ਬੇਤੁਕਾ ਹੀ ਨਹੀਂ, ਹਾਸੋਹੀਣਾ ਵੀ ਹੈ।…

1905 ਵਿੱਚ ਨਾਰਵੇ ਨੇ ਜਿਸ ਅਜ਼ਾਦੀ ਨੂੰ ”ਹਾਸਲ” ਕੀਤਾ, ਉਹ ਸਿਆਸੀ ਅਜ਼ਾਦੀ ਸੀ। ਉਸ ਨਾਲ਼ ਨਾਰਵੇ ਦੀ ਆਰਥਿਕ ਨਿਰਭਰਤਾ ‘ਚ ਕੋਈ ਫਰਕ ਨਹੀਂ ਪੈ ਸਕਦਾ ਸੀ, ਨਾ ਹੀ ਇਹ ਉਦੇਸ਼ ਰੱਖਿਆ ਗਿਆ ਸੀ। ਸਾਡੇ ਥੀਸਸ ਵਿੱਚ ਠੀਕ ਇਹੋ ਗੱਲ ਕਹੀ ਗਈ ਹੈ।” (ਉਪੋਰਕਤ, ਪੰਨਾ 94-95)

ਲੈਨਿਨ ਦੇ ਵੇਲ਼ੇ ਆਰਥਿਕ ਤੌਰ ‘ਤੇ ਨਿਰਭਰ, ਪਰ ਸਿਆਸੀ ਤੌਰ ‘ਤੇ ਅਜ਼ਾਦ ਦੇਸ਼ ਜੋ ਕਿ ਇੱਕ ਗੌਣ ਪ੍ਰਵਿਰਤੀ ਦੇ ਰੂਪ ਵਿੱਚ ਮੌਜੂਦ ਸਨ, ਦੂਜੀ  ਸੰਸਾਰ ਜੰਗ ਤੋਂ ਬਾਅਦ ਅਬਸਤੀਕਰਨ ਦੀ ਇੱਕ ਕ੍ਰਮਵਾਰ ਪ੍ਰਕਿਰਿਆ ਵਿੱਚ ਇਹ ਪ੍ਰਮੁੱਖ ਰੁਝਾਨ ਬਣ ਗਿਆ।

ਜਿਵੇਂ ਕਿ ਅਸੀਂ ਪਹਿਲਾਂ ਹੀ ਕਹਿ ਚੁੱਕੇ ਹਾਂ ਕਿ ਬਸਤੀਆਂ ਦਾ ਖਾਤਮਾ ਸਾਮਰਾਜੀਆਂ ਦੀ ਚਾਹਤ ਨਹੀਂ ਸੀ। ਕਿਸੇ ਵੀ ਦੇਸ਼ ਲਈ ਬਸਤੀਆਂ ਦੀ ਹੋਂਦ ਅੱਜ ਵੀ ਬੇਹੱਦ ਲਾਹੇਵੰਦੀ ਹੋਵੇਗੀ। ਪਰ ਹੁਣ ਅਜਿਹਾ ਮੁਮਕਿਨ ਨਹੀਂ ਹੈ। ਵੀਹਵੀਂ ਸਦੀ ਦੇ ਮਗਰਲੇ ਅੱਧ ਵਿੱਚ ਉੱਠੀ ਕੌਮੀ ਮੁਕਤੀ ਲਹਿਰਾਂ ਦੀ ਕਾਂਗ (ਜਿਹਨਾਂ ਦੀ ਅਗਵਾਈ ਕਈ ਥਾਵੇਂ ਕਮਿਊਨਿਸਟ ਪਾਰਟੀਆਂ ਨੇ ਕੀਤੀ, ਜਿਵੇਂ ਕਿ ਚੀਨ ਆਦਿ) ਨੇ ਸਾਮਰਾਜ ਨੂੰ ਬਸਤੀਵਾਦੀ ਨੀਤੀ ਤੋਂ ਪਿੱਛੇ ਧੱਕਿਆ। ਪਹਿਲਾਂ ਸੋਵੀਅਤ ਯੂਨੀਅਨ ਅਤੇ ਫਿਰ ਹੋਂਦ ‘ਚ ਆਏ ਇੱਕ ਤਾਕਤਵਾਰ ਖੇਮੇ ਨੇ ਕੌਮੀ ਮੁਕਤੀ ਲਹਿਰਾਂ ਦੀ ਬੇਗਰਜ਼ ਮਦਦ ਕੀਤੀ।

ਉੱਪਰ ਜੋ ਅਸੀਂ ਲੈਨਿਨ ਦੀ ਸਾਮਰਾਜ ਦੀ ਪਰਿਭਾਸ਼ਾ ਦਿੱਤੀ ਹੈ, ਉਸ ‘ਚੋਂ ਲੈਨਿਨ ਦੁਆਰਾ ਦੱਸੀਆਂ ਸਾਮਰਾਜ ਦੀਆਂ ਪੰਜ ਵਿਸ਼ੇਸ਼ਤਾਵਾਂ ‘ਚ ਪੰਜਵੀਂ ਦੀ ਅੱਜ ਹੋਂਦ ਨਹੀਂ ਰਹੀ। ਪਰ ਬਸਤੀਆਂ ਲਈ ਭਾਵੇਂ ਨਹੀਂ ਪਰ ਆਪੋ-ਆਪਣੇ ਰਸੂਖ ਦੇ ਖੇਤਰਾਂ ਦੇ ਫੈਲਾਅ ਲਈ ਸਾਮਰਾਜੀਆਂ ‘ਚ ਖਹਿਭੇੜ ਅੱਜ ਵੀ ਜਾਰੀ ਹੈ।

ਸਾਮਰਾਜੀਆਂ ਦੇ ਇਸ ਖਹਿਭੇੜ ਦੇ ਸੰਸਾਰ ਜੰਗ ਦੇ ਰੂਪ ‘ਚ ਫੁਟਾਰੇ ਦੀਆਂ ਸੰਭਾਵਨਾਵਾਂ ਹੁਣ ਘੱਟ ਹਨ। ਬਸਤੀਵਾਦ ਦਾ ਖਾਤਮਾ ਅਤੇ ਫਿਰ ਪ੍ਰਮਾਣੂ ਹਥਿਆਰਾਂ ਦੀ ਮੌਜੂਦਗੀ ਅਜਿਹੇ ਕਾਰਕ ਹਨ, ਜੋ ਸਾਮਰਾਜੀਆਂ ਨੂੰ ਸੰਸਾਰ ਜੰਗ ਜਿਹੀ ਜੰਗ ਵਿੱਚ ਉਲ਼ਝਣੋਂ ਰੋਕਦੇ ਹਨ। ਪਰ ਖੇਤਰੀ ਜੰਗਾਂ ਦੇ ਰੂਪ ਵਿੱਚ ਅੰਤਰ- ਸਾਮਰਾਜੀ ਖਹਿਭੇੜ ਨਾ ਸਿਰਫ਼ ਜਾਰੀ ਹੈ, ਸਗੋਂ ਦਿਨੋਂ-ਦਿਨ ਤਿੱਖਾ ਹੋ ਰਿਹਾ ਹੈ।

ਆਉ ਹੁਣ ਅੱਜ ਦੀ ਦੁਨੀਆਂ ‘ਚ ਚੱਲ ਰਹੇ ਅੰਤਰ-ਸਾਮਰਾਜੀ ਖਹਿਭੇੜ ਦੀਆਂ ਜਮੀਨੀ ਹਕੀਕਤਾਂ ਵੱਲ ਪਰਤਦੇ ਹਾਂ। ਸਮੁੱਚੀ ਤੀਸਰੀ ਦੁਨੀਆਂ ਹੀ ਅਤੇ ਖਾਸ ਤੌਰ ‘ਤੇ ਮੱਧ ਪੂਰਬ ਅਤੇ ਸਾਬਕਾ ਸੋਵੀਅਤ ਗਣਰਾਜ (ਖਾਸ ਕਰਕੇ ਯੂਕਰੇਨ) ਅੰਤਰ-ਸਾਮਰਾਜੀ ਖਹਿਭੇੜ ਦੇ ਮੁੱਖ ਅਖਾੜੇ ਬਣੇ ਹੋਏ ਹਨ। ਇਹ ਖਹਿਭੇੜ ਮੁੱਖ ਰੂਪ ਵਿੱਚ ਰੂਸੀ ਅਤੇ ਅਮਰੀਕੀ ਸਾਮਰਾਜ ਦਰਮਿਆਨ ਚੱਲ ਰਿਹਾ ਹੈ। ਦੂਜੇ ਪਾਸੇ ਯੂਰਪੀ ਯੂਨੀਅਨ ਅਤੇ ਜਪਾਨ ਆਦਿ ਸਾਮਰਾਜੀ ਧੁਰੀਆਂ ਵੀ ਮੁੜ ਉੱਠ ਰਹੀਆਂ ਹਨ ਤੇ ਸੰਸਾਰ ‘ਚ ਆਪੋ-ਆਪਣੇ ਰਸੂਖ ਦੇ ਖੇਤਰਾਂ ਦੇ ਫੈਲਾਅ ਦੀ ਦੌੜ ‘ਚ ਸ਼ਾਮਲ ਹੋ ਰਹੇ ਹਨ।

ਨਿਘਾਰਮੁਖੀ ਅਮਰੀਕੀ ਸਾਮਰਾਜ : ਇਸਦੇ ਸੰਸਾਰ ਗਲਬੇ
ਲਈ ਚੁਣੌਤੀ ਦੇ ਰੂਪ ਵਿੱਚ ਉੱਭਰ ਰਹੀਆਂ ਸਾਮਰਾਜੀ ਧੁਰੀਆਂ

ਦੂਜੀ  ਸੰਸਾਰ ਜੰਗ ਤੋਂ ਲਗਭਗ ਪੂਰੀ ਤਰ੍ਹਾਂ ਲਾਂਭੇ ਰਹਿਣ, ਪੱਛਮੀ ਯੂਰਪ ਅਤੇ ਜਪਾਨ ਦੀ ਤਬਾਹੀ ਤੋਂ ਮਿਲ਼ੇ ਸਰਮਾਇਆ ਨਿਵੇਸ਼ ਦੇ ਅਥਾਹ ਮੌਕਿਆਂ ਕਾਰਨ, ਅਮਰੀਕੀ ਸਾਮਰਾਜ ਦੀ ਅਜਿਹੀ ਚੜ੍ਹ ਮੱਚੀ ਕਿ ਇਹ ਸੰਸਾਰ ਦਾ ਸਭ ਤੋਂ ਵੱਡਾ ਅਰਥਚਾਰਾ ਬਣ ਕੇ ਉੱਭਰਿਆ। 1991 ‘ਚ ਅੰਤਰ-ਸਾਮਰਾਜੀ ਖਹਿਭੇੜ ‘ਚ ਇਸਦੇ ਮੁੱਖ ਸ਼ਰੀਕ ਸੋਵੀਅਤ ਯੂਨੀਅਨ ਦੇ ਖਿੰਡਾਅ ਤੋਂ ਬਾਅਦ ਵਕਤੀ ਤੌਰ ‘ਤੇ ਇਸਦਾ ਚੁਣੌਤੀ ਰਹਿਤ ਸੰਸਾਰ ਗਲਬਾ ਸਥਾਪਿਤ ਹੋਇਆ। ਇਸ ਹਾਲਤ ‘ਚ ਅਮਰੀਕੀ ਸਾਮਰਾਜ ਨੇ ਸੰਸਾਰ ਪੁਲ਼ਸੀਏ ਦੀ ਭੂਮਿਕਾ ਨਿਭਾਉਣੀ ਸ਼ੁਰੂ ਕਰ ਦਿੱਤੀ। ਅੱਜ ਦੀ ਤਰੀਕ ‘ਚ ਅਮਰੀਕਾ ਸੰਸਾਰ ਦੀ ਸਭ ਤੋਂ ਵੱਡੀ ਆਰਥਿਕ ਅਤੇ ਫੌਜੀ ਤਾਕਤ ਹੈ। ਪਰ ਅਮਰੀਕਾ ਦੀ ਇਸ ਆਰਥਿਕ ਅਤੇ ਫੌਜੀ ਤਾਕਤ ਨੂੰ ਇਸ ਦੇ ਸ਼ਰੀਕਾਂ ਵੱਲੋਂ ਲਗਾਤਾਰ ਚੁਣੌਤੀ ਮਿਲ਼ ਰਹੀ ਹੈ। ਇਸ ਲਈ ਇੱਕ ਤਾਂ ਅਮਰੀਕਾ ਦੀਆਂ ਅੰਦਰੂਨੀ ਸਮੱਸਿਆਵਾਂ ਜ਼ਿੰਮੇਵਾਰ ਹਨ ਅਤੇ ਦੂਜਾ ਇਸਦੇ ਸ਼ਰੀਕਾਂ ਦੀ ਵਧ ਰਹੀ ਆਰਥਿਕ ਤਾਕਤ।

ਸਾਮਰਾਜੀ ਸੰਸਾਰ ਪ੍ਰਬੰਧ ਵਿੱਚ ਵੱਡੀਆਂ ਤਬਦੀਲੀਆਂ ਹੋ ਰਹੀਆਂ ਹਨ। ਇਹਨਾਂ ਤਬਦੀਲੀਆਂ ਵਿੱਚ ਸਭ ਤੋਂ ਮਹੱਤਵਪੂਰਨ ਸੰਸਾਰ ਆਰਥਿਕ ਤਾਕਤ ਦੀ ਵੰਡ ‘ਚ ਆਈ ਤਬਦੀਲੀ ਹੈ। ਅਜਿਹੀਆਂ ਆਰਥਿਕ ਅਤੇ ਭੂ ਸਿਆਸੀ ਤਾਕਤਾਂ ਦਾ ਉਭਾਰ, ਭਾਵ ਦੇਸ਼ਾਂ ਦੇ ਅਜਿਹੇ ਧੜਿਆਂ ਦਾ ਉਭਾਰ ਜਿਨ੍ਹਾਂ ਦੀ ਅਮਰੀਕੀ ਸਾਮਰਾਜ ਦੇ ਸੰਸਾਰ ਗਲਬੇ ਨੂੰ ਚੁਣੌਤੀ ਦੇਣ ਦੀ ਸਮਰੱਥਾ ਲਗਾਤਾਰ ਵਧ ਰਹੀ ਹੈ। ਇਹਨਾਂ ਵਿੱਚ ਕਈ ਧੜੇ (ਅਤੇ ਦੇਸ਼) ਆਪਣੇ ਉਭਾਰ ਦੀ ਅਜੇ ਮੁੱਢਲੀ ਅਵਸਥਾ ‘ਚ ਹੀ ਹਨ।

ਡਾਲਰ ਦੀ ਵਿਸ਼ੇਸ ਅਧਿਕਾਰ ਪ੍ਰਾਪਤ (Priviliged) ਭੂਮਿਕਾ ‘ਤੇ ਅਧਾਰਿਤ ਸੰਸਾਰ ਵਿੱਤੀ ਬਣਾਵਟ (Architecture) ਲਗਾਤਾਰ  ਅਸਥਿਰ ਅਤੇ ਨਾਜ਼ੁਕ ਹੁੰਦੀ ਜਾ ਰਹੀ ਹੈ। ਅਮਰੀਕੀ ਸਾਮਰਾਜ ਦੀ ਆਰਥਿਕ ਤਾਕਤ ਲਗਾਤਾਰ ਖੁਰ ਰਹੀ ਹੈ। ਇਸ ਪਿੱਠਭੂਮੀ ‘ਚ ਇਹ ਆਪਣੀ ਸੰਸਾਰ ਚੌਧਰ ਬਰਕਰਾਰ ਰੱਖਣ ਲਈ ਹੱਥ-ਪੈਰ ਮਾਰ ਰਿਹਾ ਹੈ। ਪਰ ਤਾਕਤ ਦੇ ਨਵੇਂ ਕੇਂਦਰਾਂ ਦੇ ਉੱਭਰਨ ਨਾਲ਼ ਅਮਰੀਕਾ ਦੇ ਸੰਸਾਰ ਗਲਬੇ ‘ਚ ਆਈਆਂ ਤਰੇੜਾਂ ਲਗਾਤਾਰ ਚੌੜੀਆਂ ਹੁੰਦੀਆਂ ਜਾ ਰਹੀਆਂ ਹਨ। ਇਹ ਤਰੇੜਾਂ ਇਹਨਾਂ ਕਾਰਕਾਂ ਕਾਰਨ ਉੱਭਰ ਰਹੀਆਂ ਹਨ—

— ਚੀਨ ਦਾ ਤੇਜ਼ੀ ਨਾਲ਼ ਇੱਕ ਆਰਥਿਕ ਸ਼ਕਤੀ ਦੇ ਰੂਪ ਵਿੱਚ ਉੱਭਰਨਾ ਅਤੇ ਤੀਜੀ ਦੁਨੀਆਂ ਦੇ, ਜਿਵੇਂ ਕਿ ਪੂਰਬੀ ਏਸ਼ੀਆ, ਕੇਂਦਰੀ ਏਸ਼ੀਆ ਅਤੇ ਹੋਰ ਯੁੱਧਨੀਤਕ ਖੇਤਰਾਂ ‘ਚ ਇਸਦਾ ਪ੍ਰਭਾਵ ਵਿਸਥਾਰ

— ਕੇਂਦਰੀ ਅਤੇ ਪੂਰਬੀ ਯੂਰਪ ‘ਚ ਵਿਸਥਾਰ ਨਾਲ਼ ਯੂਰਪੀ ਯੂਨੀਅਨ ਦਾ ਪੱਕੇ-ਪੈਰੀਂ ਹੋਣਾ, ਯੂਰੋ ਦੇ ਇਰਦ-ਗਿਰਦ ਇੱਕਸਾਰ ਮੁਦਰਾ ਜੋਨ ਦਾ ਬਣਨਾ, ਅਮਰੀਕਾ ਦੇ ਡਾਲਰ ਦੇ ਗਲਬੇ ਨੂੰ ਇੱਕ ਆਰਥਿਕ ਚੁਣੌਤੀ ਪੇਸ਼ ਕਰ ਰਿਹਾ ਹੈ।

— ਰੂਸੀ ਸਾਮਰਾਜ ਦਾ ਮੁੜ ਉਭਾਰ, ਜੋ ਕਿ ਪੱਛਮੀ ਯੂਰਪ ਅਤੇ ਖਾਸ ਅਮਰੀਕੀ ਸਾਮਰਾਜ ਲਈ ਮੁੱਖ ਚੁਣੌਤੀ ਦੇ ਰੂਪ ਵਿੱਚ ਉੱਭਰ ਰਿਹਾ ਹੈ। ਇਹ ਵਿਸ਼ਾਲ ਊਰਜਾ ਦੇ ਭੰਡਾਰ ਵਾਲ਼ੇ ਕੇਂਦਰੀ ਏਸ਼ੀਆ ‘ਚ ਆਪਣੇ ਪੈਰ ਪਸਾਰ ਰਿਹਾ ਹੈ, ਦੁਨੀਆਂ ਦੀ ਵੱਡੀ ਆਰਥਿਕ ਤਾਕਤ ਦੇ ਰੂਪ ‘ਚ ਉੱਭਰ ਰਹੇ ਚੀਨ ਨਾਲ਼ ਯੁੱਧਨੀਤਕ ਸਾਂਝ ਵਧਾ ਰਿਹਾ ਹੈ ਅਤੇ ਅਮਰੀਕੀ ਸਾਮਰਾਜ ਦੀਆਂ ਅੱਖ ਦੇ ਕੁਰਕਰੂਆਂ ਵੈਨਜ਼ੂਏਲਾ, ਇਰਾਨ ਜਿਹੇ ਦੇਸ਼ਾਂ ਨੂੰ ਆਧੁਨਿਕ ਹਥਿਆਰ ਅਤੇ ਉੱਚ ਟੈਕਨਾਲੋਜੀ ਦੀ ਮਦਦ ਮੁਹੱਈਆ ਕਰਵਾ ਰਿਹਾ ਹੈ।

— ਦੂਜੇ ਪਾਸੇ ਅਮਰੀਕੀ ਸਾਮਰਾਜ ਆਪਣੇ ਆਰਥਚਾਰੇ ਦੇ ਵਿੱਤੀਕਰਨ ਅਤੇ ਫੌਜੀਕਰਨ ਦੀ ਬੁਨਿਆਦ ‘ਤੇ ਆਉਣ ਵਾਲ਼ੇ ਦਹਾਕਿਆਂ ‘ਚ ਆਪਣੀ ਸੰਸਾਰ ਚੌਧਰ ਨੂੰ ਬਰਕਰਾਰ ਰੱਖਣ ਲਈ ਯਤਨਸ਼ੀਲ ਹੈ। ਇਸ ਨਾਲ਼ ਮੈਨੂਫੈਕਚਰਿੰਗ ਅਤੇ ਬਾਕੀ ਅਰਥਚਾਰੇ ਦੇ ਸਾਪੇਖ ਵਿੱਤੀ ਖੇਤਰ ‘ਚ ਵਿਸਫੋਟਕ ਵਾਧਾ ਹੋਵੇਗਾ, ਆਰਥਿਕ ਅਸਥਿਰਤਾ ਅਤੇ ਸੱਟੇਬਾਜ਼ੀ ਵਧੇਗੀ।

— ਕੱਚੇ ਮਾਲ, ਖਾਸ ਕਰ ਊਰਜਾ ਦੇ ਸ੍ਰੋਤਾਂ, ਜਿਹਨਾਂ ਦੀ ਵੱਡੀਆਂ ਸੱਨਅਤੀ ਤਾਕਤਾਂ ਦੁਆਰਾ ਮੰਗ ਵਧ ਰਹੀ ਹੈ, ਪਰ ਪੂਰਤੀ ਸੁੰਗੜ ਰਹੀ ਹੈ, ਲਈ ਸਾਮਰਾਜੀ ਤਾਕਤਾਂ ‘ਚ ਮੁਕਾਬਲਾ ਤਿੱਖਾ ਹੋ ਰਿਹਾ ਹੈ।

ਸੰਸਾਰ ਅਰਥਚਾਰੇ ‘ਚ ਮਹੱਤਵਪੂਰਨ ਬਦਲਾਅ :
ਅਮਰੀਕੀ ਤਾਕਤ ਨੂੰ ਖੋਰਾ

ਦੂਜੀ ਸੰਸਾਰ ਜੰਗ ਦੇ ਖਾਤਮੇ ਸਮੇਂ ਸੰਸਾਰ ਕੁੱਲ ਘਰੇਲੂ ਪੈਦਾਵਾਰ ‘ਚ ਅਮਰੀਕਾ ਦਾ ਹਿੱਸਾ ਲਗਭਗ 50 ਫੀਸਦੀ ਸੀ। ਸੰਸਾਰ ਮੈਨੂੰਫੈਕਚਰਿੰਗ ਸਮਰੱਥਾ ‘ਚ ਇਸਦਾ ਹਿੱਸਾ ਹੋਰ ਵੀ ਵਧੇਰੇ ਸੀ। ਇਹ ਦੂਜੀ ਸੰਸਾਰ ਜੰਗ ਦਾ ਨਤੀਜਾ ਸੀ, ਜਿਸ ‘ਚ ਅਮਰੀਕੀ ਸਾਮਰਾਜ ਵੱਡੀ ਤਾਕਤ ਬਣ ਕੇ ਉੱਭਰਿਆ, ਜਦਕਿ ਜਪਾਨ ਅਤੇ ਪੱਛਮੀ ਯੂਰਪ ਦੇ ਸਾਮਰਾਜੀ ਦੇਸ਼ਾਂ ਦੀ ਜ਼ਿਆਦਾਤਰ ਪੈਦਾਵਾਰੀ ਸਮਰੱਥਾ ਤਬਾਹ ਹੋ ਗਈ।

ਪਰ 1960 ਆਉਂਦੇ-ਆਉਂਦੇ ਸੰਸਾਰ ਕੁੱਲ ਘਰੇਲੂ ਪੈਦਾਵਾਰ ‘ਚ ਅਮਰੀਕਾ ਦਾ ਹਿੱਸਾ ਘਟਕੇ 30 ਫੀਸਦੀ ਰਹਿ ਗਿਆ ਅਤੇ 2013 ‘ਚ ਇਹ ਹੋਰ ਘਟਕੇ 18.619 ਫੀਸਦੀ ਰਹਿ ਗਿਆ। 1968-71 ਦੇ ਸਾਲ ਅਮਰੀਕੀ ਸਾਮਰਾਜ ਦੀ ਆਰਥਿਕ ਤਾਕਤ ਨੂੰ ਸਾਪੇਖਕ ਖੋਰੇ ‘ਚ ਇੱਕ ਤਰ੍ਹਾਂ ਮੋੜ ਨੁਕਤਾ ਸਨ, ਜਦੋਂ ਡਾਲਰ-ਗੋਲਡ ਸਟੈਂਡਰਡ ਤਿਆਗਿਆ ਗਿਆ ਅਤੇ ਆਰਥਿਕ ਖੇਤਰ ‘ਚ ਯੂਰਪੀ ਚੁਣੌਤੀ ਵਧਣ ਲੱਗੀ। 1980ਵਿਆਂ ‘ਚ ਜਪਾਨ ਦਾ ਇੱਕ ਸੱਨਅਤੀ-ਵਿੱਤੀ ਸ਼ਰੀਕ ਵਜੋਂ ਅਤੇ ਸਰਮਾਏ ਦੇ ਇੱਕ ਵੱਡੇ ਬਰਾਮਦਕਾਰ ਵਜੋਂ ਉਭਾਰ, ਸੰਸਾਰ ਆਰਥਿਕਤਾ ‘ਚ ਅਮਰੀਕੀ ਚੌਧਰ ਲਈ ਇੱਕ ਹੋਰ ਵੱਡੀ ਚੁਣੌਤੀ ਸੀ।

1976 ‘ਚ ਕਾਮਰੇਡ ਮਾਓ ਦੀ ਮੌਤ ਤੋਂ ਬਾਅਦ ਇੱਕ ਰਾਜਪਲਟੇ ਜ਼ਰੀਏ ਚੀਨ ਦੀ ਰਾਜਸੱਤ੍ਹਾ ‘ਤੇ ਸੋਧਵਾਦੀ ਡੇਂਗ ਜੁੰਡਲ਼ੀ ਕਾਬਜ਼ ਹੋਈ। ਸਮਾਜਵਾਦੀ ਚੀਨ ਹੁਣ ਸਰਮਾਏਦਾਰਾ ਚੀਨ ‘ਚ ਬਦਲ ਗਿਆ। ਡੇਂਗ ਜੁੰਡਲ਼ੀ ਨੇ ਚੀਨ ਦੇ ਅਗਲੇਰੇ ਵਿਕਾਸ ਨੂੰ ਸਰਮਾਏਦਾਰਾ ਲੀਹਾਂ ‘ਤੇ ਅੱਗੇ ਤੋਰਿਆ। ਸਰਮਾਏਦਾਰਾ ਚੀਨ ਇੱਕ ਵੱਡੀ ਆਰਥਿਕ ਤਾਕਤ ਬਣ ਕੇ ਉੱਭਰਿਆ। ਇਹ ਇੱਕ ਅਲੱਗ ਗੱਲ ਹੈ ਕਿ ਚੀਨ ਦੇ ਸਰਮਾਏਦਾਰਾ ਲੀਹਾਂ ‘ਤੇ ਵਿਕਾਸ ਦੇ ਫਲ਼ ਮੁੱਠੀ ਭਰ ਲੁਟੇਰਿਆਂ ਦੇ ਹੀ ਪੱਲੇ ਪਏ ਹਨ। ਇੱਥੋਂ ਦੇ ਕਿਰਤੀ ਲੋਕਾਂ ਦੇ ਪੱਲੇ ਦੁੱਖ, ਮੁਸੀਬਤਾਂ, ਲੁੱਟ, ਜ਼ਬਰ ਹੀ ਪਿਆ ਹੈ। 1949-76 ਤੱਕ ਸਮਾਜਵਾਦੀ ਚੀਨ ਦੀ ਆਰਥਿਕ ਵਾਧਾ ਦਰ ਚਮਤਕਾਰੀ ਸੀ। 1976 ਤੋਂ ਬਾਅਦ ਸਰਮਾਏਦਾਰਾ ਲੀਹਾਂ ‘ਤੇ ਹੋਏ ਵਿਕਾਸ ਨਾਲ਼ੋਂ ਇਸ ਦਾ ਮੂਲ ਵਖਰੇਵਾਂ ਇਹ ਸੀ ਕਿ ਸਮਾਜਵਾਦੀ ਚੀਨ ‘ਚ ਆਰਥਿਕ ਵਿਕਾਸ ਖੇਤਰੀ ਅਤੇ ਅੰਤਰ-ਵਿਅਕਤੀ ਅਸਮਾਨਤਾਵਾਂ ਨੂੰ ਖਤਮ ਕਰ ਰਿਹਾ ਸੀ। ਜਦਕਿ 1976 ਤੋਂ ਬਾਅਦ ਇਹ ਦਿਸ਼ਾ ਮੂਲੋਂ ਹੀ ਬਦਲ ਗਈ। 1976 ਤੋਂ ਬਾਅਦ ਚੀਨ ‘ਚ ਜੋ ਸਰਮਾਏਦਾਰਾ ਵਿਕਾਸ ਹੋਇਆ  ,ਉਸਨੇ ਚੀਨ ਵਿੱਚ ਸਭ ਤਰ੍ਹਾਂ ਦੀਆਂ ਅਸਮਾਨਤਾਵਾਂ ਨੂੰ ਵਿਸਫੋਟਕ ਹੱਦ ਤੱਕ ਵਧਾ ਦਿੱਤਾ ਹੈ।

ਅੱਜ ਦੇ ਸਾਮਰਾਜਵਾਦੀ ਸੰਸਾਰ ਪ੍ਰਬੰਧ ਵਿੱਚ ਚੀਨ ਦਾ ਇੱਕ ਆਰਥਿਕ ਸ਼ਕਤੀ ਵਜੋਂ ਉਭਾਰ ਅਮਰੀਕੀ ਸਾਮਰਾਜ ਲਈ ਇੱਕ ਵੱਡੀ ਚੁਣੌਤੀ ਹੈ। ਸੰਸਾਰ ਕੁੱਲ ਘਰੇਲੂ ਪੈਦਾਵਾਰ ‘ਚ ਇਸਦਾ ਅਮਰੀਕਾ ਦੇ ਹਿੱਸੇ ਨਾਲ਼ੋਂ ਥੋੜ੍ਹਾ ਹੀ ਘੱਟ ਹੈ। 8 ਅਕਤੂਬਰ 2014 ਨੂੰ ਕੌਮਾਂਤਰੀ ਮੁਦਰਾਕੋਸ਼ ਦੁਆਰਾ ਕੀਤੀ ਭਵਿੱਖਬਾਣੀ ਮੁਤਾਬਕ ਇਸ ਸਾਲ (2014) ਦੇ ਅੰਤ ਤੱਕ ਚੀਨੀ ਅਰਥਚਾਰਾ ਦੁਨੀਆਂ ਦਾ ਸਭ ਤੋਂ ਵੱਡਾ ਅਰਥਚਾਰਾ ਬਣਨ  ਵੱਲ ਵਧ ਰਿਹਾ ਹੈ।

ਚੀਨ ਦਾ ਅਰਥਚਾਰਾ ਸੰਸਾਰ ਦਾ ਦੂਸਰਾ ਸਭ ਤੋਂ ਵੱਡਾ ਅਰਥਚਾਰਾ ਹੈ। ਸੰਸਾਰ ਮੈਨੂਫੈਕਚਰਿੰਗ ਦੀ ਧੁਰੀ ਅਤੇ ਸੰਸਾਰ ਸਰਮਾਏ ਦੇ ਠਿਕਾਣੇ ਵਜੋਂ, ਸੰਸਾਰ ਵਿਆਪੀ ਇਕੱਤੀਰਕਰਨ ਦੀ ਪ੍ਰਕਿਰਿਆ ‘ਚ ਇਸਦੀ ਕੇਂਦਰੀ ਭੂਮਿਕਾ ਬਣੀ ਹੋਈ ਹੈ। ਬਰਾਮਦਾਂ ਤੋਂ ਵੱਡੀ ਕਮਾਈ ਕਰਕੇ ਇਸਦਾ ਕੇਂਦਰੀ ਬੈਂਕ ਸੰਸਾਰ ਦਾ ਸਭ ਤੋਂ ਵੱਡਾ ਵਿਦੇਸ਼ੀ ਡਲਾਰ ਮਾਲਕ (Holder) ਬਣ ਚੁੱਕਾ ਹੈ। ਪੂਰਬੀ ਏਸ਼ੀਆ ‘ਚ ਇਸਦਾ ਪ੍ਰਭਾਵ ਲਗਾਤਾਰ ਵਧ ਰਿਹਾ ਹੈ। ਪੂਰਬੀ ਏਸ਼ੀਆ ਹੀ ਨਹੀਂ ਸਗੋਂ ਸੰਸਾਰ ਦੇ ਹੋਰਨਾਂ ਖੇਤਰਾਂ, ਖਾਸਕਰ ਅਫ਼ਰੀਕਾ ਅਤੇ ਦੱਖਣੀ ਅਮਰੀਕਾ ‘ਚ ਵੀ ਇਸਦਾ ਪ੍ਰਭਾਵ ਫੈਲ ਰਿਹਾ ਹੈ। ਚੀਨ ਆਪਣੀ ਫੌਜੀ ਤਾਕਤ ਵੀ ਲਗਾਤਾਰ ਵਧਾ ਰਿਹਾ ਹੈ। ਇਹ ਸਭ ਕਾਰਕ ਮਿਲ਼ਕੇ ਸੰਸਾਰ ਅਰਥਚਾਰੇ ਨੂੰ ਅਤੇ ਭੂ-ਸਿਆਸਤ ‘ਤੇ ਕਾਫ਼ੀ ਜ਼ਿਆਦਾ ਅਸਰ ਪਾ ਰਹੇ ਹਨ। ਆਉਣ ਵਾਲ਼ੇ ਦਿਨਾਂ ‘ਚ ਚੀਨ ਦੇ ਇੱਕ ਸਾਮਰਾਜਵਾਦੀ ਤਾਕਤ ਵਜੋਂ ਸੰਸਾਰ ਦ੍ਰਿਸ਼ ‘ਤੇ ਉੱਭਰਨ ਮਗਰੋਂ ਸਭ ਸੰਭਾਵਨਾਵਾਂ ਮੌਜੂਦ ਹਨ। ਅਮਰੀਕਾ ਦੀ ਸੱਨਅਤੀ ਪੈਦਾਵਾਰ ਜਾਂ ਤਾਂ ਖੜੋਤ ਦੀ ਸ਼ਿਕਾਰ ਹੈ ਜਾਂ ਫਿਰ ਇਸ ਦੀ ਵਾਧਾ ਦਰ ਬਹੁਤ ਮਾਮੂਲੀ ਹੈ। ਇਸਦੀ ਕੁੱਲ ਘਰੇਲੂ ਪੈਦਾਵਾਰ ਦੀ ਸਥਿਤੀ ਵੀ ਇਹੋ ਹੈ। (ਦੇਖੋ ਸਾਰਣੀ 1 ਅਤੇ 2)

11

2007 ਦੇ ਅਮਰੀਕੀ ਸਬਪ੍ਰਾਈਮ ਸੰਕਟ ਤੋਂ ਬਾਅਦ ਸੰਸਾਰ ਸਰਮਾਏਦਾਰਾ ਅਰਥਚਾਰਾ ਇੱਕ ਡੂੰਘੇ ਆਰਥਿਕ ਸੰਕਟ ‘ਚ ਫਸਿਆ ਹੋਇਆ ਹੈ। ਵਿੱਚ-ਵਿੱਚ ਭਾਵੇਂ ਇਸਨੂੰ ਥੋੜ੍ਹ-ਚਿਰੀ ਰਾਹਤ ਵੀ ਮਿਲ਼ਦੀ ਰਹੀ ਹੈ, ਪਰ ਨਾਲ਼ ਹੀ ਇੱਕ ਹੋਰ ਪਹਿਲਾਂ ਤੋਂ ਵੀ ਵਧੇਰੇ ਡੂੰਘੇ ਆਰਥਿਕ ਸੰਕਟ ਦਾ ਵੀ ਅਧਾਰ ਤਿਆਰ ਹੁੰਦਾ ਰਿਹਾ ਹੈ। ਸੰਸਾਰ ਬੈਂਕ, ਬੈਂਕ ਆਫ਼ ਇੰਟਰਨੈਸ਼ਨਲ ਸੈਟਲਮੈਂਟ ਆਦਿ ਸਾਮਰਾਜਵਾਦੀ ਸੰਸਥਾਵਾਂ ਅਤੇ ਸੰਸਾਰ ਸਾਮਰਾਜਵਾਦੀ ਪ੍ਰਬੰਧ ਦੇ ਚਾਕਰ ਅਰਥਸ਼ਾਸ਼ਤਰੀ ਆਉਣ ਵਾਲ਼ੇ ਦਿਨਾਂ ‘ਚ ਇੱਕ ਹੋਰ ਪਹਿਲਾਂ ਤੋਂ ਵੀ ਜ਼ਿਆਦਾ ਡੂੰਘੇ ਆਰਥਿਕ ਸੰਕਟ ਦੀ ਭਵਿੱਖਬਾਣੀ ਕਰ ਰਹੇ ਹਨ। ਵਰਤਮਾਨ ਸੰਸਾਰ ਸਰਮਾਏਦਾਰਾ ਪ੍ਰਬੰਧ ਦੇ ਸਾਰੇ ਸੂਚਕ ਇਸ ਭਵਿੱਖਬਾਣੀ ਦੇ ਸਹੀ ਹੋਣ ਵੱਲ ਇਸ਼ਾਰਾ ਕਰ ਰਹੇ ਹਨ। ਅਮਰੀਕਾ ਅਤੇ ਹੋਰ ਮੋਹਰੀ ਸਾਮਰਾਜੀ ਦੇਸ਼ਾਂ ‘ਚ ਅਰਥਚਾਰੇ ਦੀ ਜੋ ਵੀ ਥੋੜੀ-ਬਹੁਤ ਵਾਧਾ ਦਰ ਦਿਖਾਈ ਦੇ ਰਹੀ ਹੈ, ਉਹ ਵੀ ਇੱਥੇ ਦੀਆਂ ਸਰਕਾਰਾਂ ਦੁਆਰਾ ਦਿੱਤੇ ਉਤੇਜਕ ਪੈਕੇਜਾਂ (Stimulus Packages) ਕਾਰਨ ਹੀ ਹੈ। ਨਤੀਜਨ ਅਰਥਚਾਰਿਆਂ ਦਾ ਵਿੱਤੀਕਰਨ ਵਧ ਰਿਹਾ ਹੈ, ਆਰਥਿਕ ਅਸਿਰਥਾ ਵਧ ਰਹੀ ਹੈ ਅਤੇ ਇਹਨਾਂ ਅਰਥਚਾਰਿਆਂ ਸਿਰ ਕਰਜ਼ੇ ਦੇ ਪਹਾੜ ਹੋਰ ਉੱਚੇ ਹੁੰਦੇ ਜਾ ਰਹੇ ਹਨ।

10

ਮਈ 2014 ‘ਚ ਅਮਰੀਕਾ ਦਾ ਕੁੱਲ ਬਾਹਰੀ ਕਰਜ਼ (External Debt) (ਬਾਹਰੀ ਕਰਜ਼ ਤੋਂ ਭਾਵ ਹੈ ਕੁੱਲ ਜਨਤਕ (ਸਰਕਾਰੀ) ਅਤੇ ਨਿੱਜੀ ਕਰਜ ਜੋ ਕਿ ਕੌਮਾਂਤਰੀ ਤੌਰ ‘ਤੇ ਪ੍ਰਵਾਨਿਤ ਕਰੰਸੀਆਂ, ਸੇਵਾਵਾਂ ਜਾਂ ਵਸਤਾਂ ‘ਚ ਗੈਰ ਬਸ਼ਿੰਦਿਆਂ ਨੂੰ ਅਦਾ ਕਰਨਾ ਹੁੰਦਾ ਹੈ) 14.3 ਟ੍ਰਿਲੀਅਨ ਡਾਲਰ ਸੀ ਜੋ ਕਿ ਇਸਦੀ ਕੁੱਲ ਘਰੇਲੂ ਪੈਦਾਵਾਰ ਦਾ 95 ਫੀਸਦੀ ਸੀ। ਇਹ ਸੰਸਾਰ ਦੇ ਸਭ ਦੇਸ਼ਾਂ ਤੋਂ ਵੱਡਾ ਬਾਹਰੀ ਕਰਜ਼ ਸੀ।

ਪ੍ਰਤੱਖ ਵਿਦੇਸ਼ੀ ਨਿਵੇਸ਼ ਦੇ ਬਾਹਰ ਵੱਲ ਵਹਿਣ (Outward FDI Flows) ‘ਚ ਹਾਲੇ ਵੀ ਅਮਰੀਕਾ ਦਾ ਪਹਿਲਾ ਸਥਾਨ ਹੈ। ਪਰ ਅਮਰੀਕਾ ਤੋਂ ਬਾਹਰ ਵੱਲ ਕੀਤੇ ਜਾ ਰਹੇ ਪ੍ਰਤੱਖ ਵਿਦੇਸ਼ੀ ਨਿਵੇਸ਼ ‘ਚ ਕਮੀ ਆ ਰਹੀ ਹੈ। ਜਦ ਕਿ ਰੂਸ ਅਤੇ ਚੀਨ ਭਾਵੇਂ ਇਸ ਮਾਮਲੇ ‘ਚ ਅਮਰੀਕਾ ਤੋਂ ਕਾਫ਼ੀ ਪਿੱਛੇ ਹਨ, ਪਰ ਇੱਥੋਂ ਸਰਮਾਏ ਦਾ ਨਿਰਯਾਤ ਲਗਾਤਾਰ ਵਧ ਰਿਹਾ ਹੈ।

ਹੇਠਾਂ (ਸਾਰਣੀ -3) ਸਾਲ 2012 ਅਤੇ 2013 ਦੌਰਾਨ ਕੁੱਝ ਚੋਣਵੇਂ ਦੇਸ਼ਾਂ ਤੋਂ ਘਟਦੇ ਕ੍ਰਮ ਵਿੱਚ ਸਰਮਾਏ ਦੇ ਨਿਰਯਾਤ ਦੇ ਅੰਕੜੇ ਦਿੱਤੇ ਗਏ ਹਨ।

11

ਸਰਮਾਏ ਦਾ ਨਿਰਯਾਤ ਸੰਸਾਰ ਅਰਥਚਾਰੇ ‘ਚ ਤਾਕਤ ਦਾ ਇੱਕ ਹੋਰ ਮਹੱਤਵਪੂਰਨ ਮਾਪਕ ਹੈ। ਇਸ ਮਾਮਲੇ ‘ਚ ਦੇਖਿਆ ਜਾਵੇ ਤਾਂ ਰੂਸ ਤੋਂ ਸਰਮਾਏ ਦੇ ਨਿਰਯਾਤ ‘ਚ ਸਭ ਤੋਂ ਤਿੱਖਾ ਵਾਧਾ (ਲਗਭਗ ਦੁੱਗਣਾ) ਹੋਇਆ ਹੈ। ਸਰਮਾਏ ਦਾ ਸਭ ਤੋਂ ਵੱਡਾ ਬਰਾਮਦਕਾਰ ਦੇਸ਼ ਜਰਮਨੀ ਇਸ ਮਾਮਲੇ ‘ਚ ਪੰਜਵੇਂ ਸਥਾਨ ‘ਤੇ ਚਲਾ ਗਿਆ ਹੈ।

ਸਰਮਾਏ ਦੀ ਬਰਾਮਦ ਦੇ ਮਾਮਲੇ ‘ਚ ਵੱਖ-ਵੱਖ ਦੇਸ਼ਾਂ  ਦੇ ਹਿੱਸੇ  ਦੇ ਬਦਲਦੇ ਅਨੁਪਾਤ ਨੂੰ ਜਾਨਣ ਲਈ ਸਾਨੂੰ ਥੋੜਾ ਪਿੱਛੇ ਪਰਤਣਾ ਪਵੇਗਾ। ਹੇਠਾਂ ਸਾਰਣੀ-4 ‘ਚ ਸਰਮਾਏ ਦੀ ਬਰਾਮਦ ‘ਚ ਵੱਖ-ਵੱਖ ਦੇਸ਼ਾਂ ਦੇ ਹਿੱਸੇ ਸਬੰਧੀ ਅੰਕੜੇ ਦਿੱਤੇ ਗਏ ਹਨ।

ਸਾਰਣੀ-4 ਦੇ ਵਿਸ਼ਲੇਸ਼ਣ ਤੋਂ ਸਪੱਸ਼ਟ ਹੈ ਕਿ ਸਰਮਾਏ ਦੀ ਬਰਾਮਦ ਦੇ ਕੁੱਲ ਭੰਡਾਰ ‘ਚ ਕਿਸੇ ਸਮੇਂ ਮੋਹਰੀ ਰਹੇ ਸਾਮਰਾਜੀ ਦੇਸ਼ਾਂ ਦਾ ਹਿੱਸਾ ਲਗਾਤਾਰ ਘਟਦਾ ਗਿਆ ਹੈ। 1960 ‘ਚ ਬਾਹਰ ਵੱਲ ਪ੍ਰਤੱਖ ਵਿਦੇਸ਼ੀ ਨਿਵੇਸ਼ ਵਿੱਚ ਅਮਰੀਕਾ ਦਾ ਲਗਭਗ ਅੱਧਾ ਹਿੱਸਾ ਸੀ (47.10 %) ਜੋ ਕਿ 2006 ਆਉਂਦੇ-ਆਉਂਦੇ ਘਟਕੇ 19.1% ਫੀਸਦੀ ਰਹਿ ਗਿਆ। ਹੁਣ ਤੱਕ ਇਹ ਹੋਰ ਵੀ ਘਟ ਚੁੱਕਾ ਹੋਵੇਗਾ। ਦੂਜੀ ਸੰਸਾਰ ਜੰਗ ਦੀ ਤਬਾਹੀ ਤੋਂ ਉੱਭਰੇ ਜਪਾਨ ਅਤੇ ਜਰਮਨੀ ਦਾ ਹਿੱਸਾ 1960 ਤੋਂ ਲਗਾਤਾਰ ਵਧਦਾ ਜਾ ਰਿਹਾ ਸੀ ਪਰ 2006 ਤੋਂ ਘਟਣ ਦਾ ਰੁਝਾਨ ਦਿਖ ਰਿਹਾ ਹੈ। ਸਾਰਣੀ ਵਿੱਚ ਦਿਖਾਏ ਗਏ ਸਾਮਰਾਜੀ ਦੇਸ਼ਾਂ ਦਾ ਬਾਹਰ ਵੱਲ ਸਰਮਾਇਆ ਨਿਵੇਸ਼ ਵਿੱਚ 1960 ਵਿੱਚ 93 ਫੀਸਦੀ ਹਿੱਸਾ ਸੀ, ਜੋ ਕਿ 2006 ‘ਚ ਘਟਕੇ 69.5 ਫੀਸਦੀ ਰਹਿ ਗਿਆ। ਇਸਦੀ ਮੁੱਖ ਵਜ੍ਹਾ ਸਰਮਾਏ ਦੇ ਬਰਾਮਦਕਾਰਾਂ ਵਜੋਂ ਰੂਸ ਅਤੇ ਚੀਨ ਦਾ ਉਭਾਰ ਹੀ ਹੈ।

10

2001 ਵਿੱਚ ਸੰਸਾਰ ਦੀਆਂ ਸਭ ਤੋਂ ਵੱਡੀਆਂ 500 ਕੰਪਨੀਆਂ ਵਿੱਚੋਂ 215 ਉੱਤਰੀ ਅਮਰੀਕਾ ਅਧਾਰਤ ਸਨ, 2007 ਵਿੱਚ ਇਹ ਘਟਕੇ 167 ਰਹਿ ਗਈਆਂ ਅਤੇ 2011 ਵਿੱਚ ਹੋਰ ਘਟਕੇ 144 ਰਹਿ ਗਈਆਂ। ਯੂਰਪੀਅਨ ਯੂਨੀਅਨ ਅਧਾਰਿਤ ਕੰਪਨੀਆਂ 2001 ‘ਚ 158 ਸਨ, 2007 ਤੱਕ ਵਧਕੇ 184 ਹੋ ਗਈਆਂ ਅਤੇ 2011 ‘ਚ ਘਟਕੇ 160 ਰਹਿ ਗਈਆਂ। ਜਦਕਿ ਏਸ਼ੀਆ ਅਧਾਰਤ ਕੰਪਨੀਆਂ ਦੀ ਸੰਖਿਆ ਵਧਦੀ ਗਈ ਹੈ। 2001 ‘ਚ ਇਹਨਾਂ ਦੀ ਸੰਖਿਆ 116 ਸੀ ਜੋ ਕਿ 2012 ‘ਚ ਵਧਕੇ 188 ਹੋ ਗਈ।

2014 ‘ਚ ਫਾਰਚੂਨ-500 ਵੱਲੋਂ ਜਾਰੀ ਕੀਤੀ ਸੂਚੀ ਮੁਤਾਬਕ ਸੰਸਾਰ ਦੀ ਸਭ ਤੋਂ ਵੱਡੀਆਂ 10 ਕੰਪਨੀਆਂ ਵਿੱਚੋਂ 3 ਚੀਨ ਦੀਆਂ ਸਨ। ਫਾਰਚੂਨ-500 ਮੁਤਾਬਕ ਹੀ 2014 ‘ਚ ਸੰਸਾਰ ਦੀਆਂ ਸਭ ਤੋਂ ਵੱਡੀਆਂ 500 ਕੰਪਨੀਆਂ ਦੇ ਮਾਮਲੇ ਅਮਰੀਕਾ ਪਹਿਲੇ ਸਥਾਨ ‘ਤੇ ਸੀ, ਜਦਕਿ ਚੀਨ ਦੂਸਰੇ ਸਥਾਨ ‘ਤੇ। ਇਸ ਸਾਲ ਦੁਨੀਆਂ ਦੀਆਂ ਸਭ ਤੋਂ ਵੱਡੀਆਂ 500 ਕੰਪਨੀਆਂ ‘ਚੋਂ 128 ਅਮਰੀਕਾ ਦੀਆਂ ਸਨ ਤੇ 95 ਚੀਨ ਦੀਆਂ।

ਦੂਜੀ ਸੰਸਾਰ ਜੰਗ ਤੋਂ ਬਾਅਦ ਸੰਸਾਰ ਅਰਥਚਾਰੇ ਅਤੇ ਫੌਜੀ ਤਾਕਤ ਦੇ ਮਾਮਲੇ ‘ਚ ਅਮਰੀਕੀ ਸਾਮਰਾਜ ਦੀ ਚੜਾਈ ਰਹੀ ਹੈ। ਇਹ ਪੱਛਮੀ ਸਾਮਰਾਜੀ ਗਿਰੋਹ ਦੇ ਨਿਰਵਿਵਾਦ ਆਗੂ ਵਜੋਂ ਉੱਭਰਿਆ। 1950 ਦੇ ਮਗਰਲੇ ਅੱਧ ਤੋਂ ਇਹ ਸੋਵੀਅਤ ਸਮਾਜਕ ਸਾਮਰਾਜੀ ਖੇਮੇ ਨਾਲ਼ ਖਹਿਭੇੜ ‘ਚ ਰੁੱਝਿਆ ਰਿਹਾ। ਪਰ 1991 ‘ਚ ਸਮਾਜਕ ਸਾਮਰਾਜੀ ਸੋਵੀਅਤ ਯੂਨੀਅਨ ਦੇ ਢਹਿਢੇਰੀ ਹੋਣ ਨਾਲ਼ ਅਮਰੀਕੀ ਸਾਮਰਾਜੀ ਦੇ ਸੰਸਾਰ ਗਲਬੇ ਨੂੰ ਇਹ ਚੁਣੌਤੀ ਵੀ ਖਤਮ ਹੋ ਗਈ। ਵਕਤੀ ਤੌਰ ‘ਤੇ ਇਸ ਚੁਣੌਤੀ ਰਹਿਤ ਸੰਸਾਰ ‘ਚ ਪੱਛਮੀ ਸਾਮਰਾਜੀ ਗਿਰੋਹ ਦਾ ਸਰਦਾਰ ਬਣਕੇ ਇਸਨੇ ‘ਸੰਸਾਰ ਪੁਲਸੀਏ’ ਦੀ ਭੂਮਿਕਾ ਨਿਭਾਉਣੀ ਸ਼ੁਰੂ ਕਰ ਦਿੱਤੀ।

ਦੂਜੇ ਪਾਸੇ ਇਸਦੀਆਂ ਆਪਣੀਆਂ ਮੁਸ਼ਕਲਾਂ ਵੀ ਦਿਨੋਂ-ਦਿਨ ਵਧਦੀਆਂ ਗਈਆਂ। 1973 ਤੋਂ ਵਿਕਸਤ ਸਰਮਾਏਦਾਰ ਦੇਸ਼ਾਂ ‘ਚ ਮੰਦੀ ਦੀ ਸ਼ੁਰੂਆਤ ਹੋਈ। ਅਮਰੀਕਾ ਵੀ ਇਸ ਦੀ ਲਪੇਟ ‘ਚ ਸੀ। ਇਹ ਮੰਦੀ ਦਿਨੋਂ-ਦਿਨ ਵਧਦੀ ਗਈ। ਯੂਰਪ ਦੇ ਹੋਰ ਦੇਸ਼ਾਂ ਸਮੇਤ ਅਮਰੀਕਾ ਦੀ ਹਾਲਤ ਵੀ ਦਿਨੋਂ-ਦਿਨ ਪਤਲੀ ਹੁੰਦੀ ਗਈ। ਸੰਸਾਰ ਅਰਥਚਾਰੇ ‘ਚ ਇਸਦੀ ਭੂਮਿਕਾ ਅਤੇ ਹਿੱਸਾ ਘਟਦਾ ਗਿਆ। ਭਾਵੇਂ ਅੱਜ ਵੀ ਅਮਰੀਕਾ ਸੰਸਰਾ ਦਾ ਇੱਕ ਵੱਡਾ ਅਰਥਚਾਰਾ ਅਤੇ ਸਭ ਤੋਂ ਵੱਡੀ ਫੌਜੀ ਤਾਕਤ ਹੈ, ਪਰ ਇਹ ਵੀ ਸੱਚ ਹੈ ਕਿ ਇਸਦੀ ਹਾਲਤ (ਖਾਸ ਕਰਕੇ ਆਰਥਿਕ) ਲਗਾਤਾਰ ਨਿੱਘਰ ਰਹੀ ਹੈ। 2007 ਤੋਂ ਅਮਰੀਕੀ ਸਬਪ੍ਰਾਈਮ ਸੰਕਟ ਤੋਂ ਸ਼ੁਰੂ ਹੋ ਸੰਸਾਰ ਵਿਆਪੀ ਮੰਦਵਾੜੇ ਦੇ ਬੱਦਲ ਹਾਲੇ ਹਟਣ ਦਾ ਨਾਮ ਨਹੀਂ ਲੈ ਰਹੇ, ਸਗੋਂ ਹੋਰ ਕਾਲ਼ੇ ਹੁੰਦੇ ਜਾ ਰਹੇ ਹਨ। ਅਮਰੀਕੀ ਅਰਥਾਚਾਰਾ ਕਰਜ਼ ‘ਚ ਬੁਰੀ ਤਰ੍ਹਾਂ ਡੁੱਬਿਆ ਹੋਇਆ ਹੈ। ਅਰਥਚਾਰੇ ਦਾ ਇਸ ਹੱਦ ਤੱਕ ਵਿੱਤੀਕਰਨ ਇੱਕ ਵਿਸਫੋਟ ਨੂੰ ਜਨਮ ਦੇਵੇਗਾ। ਅਮਰੀਕਾ ਦੀ ਕੁੱਲ ਘਰੇਲੂ ਪੈਦਾਵਾਰ ਦੀ ਵਾਧਾ ਦਰ 2013 ‘ਚ 2.2 ਫੀਸਦੀ ਸੀ। ਕੌਮਾਂਤਰੀ ਮੁਦਰਾਕੋਸ਼ ਦੇ ਅੰਦਾਜ਼ੇ ਮੁਤਾਬਕ 2015 ‘ਚ ਇਹ 3.1 ਫੀਸਦੀ ਰਹੇਗੀ। ਪਰ ਜੇ ਸਭ ਕੁੱਝ ਠੀਕ-ਠਾਕ ਰਿਹਾ ਤਾਂ, ਜਿਸਦੇ ਕਿ ਠੀਕ-ਠਾਕ ਰਹਿਣ ਦੀ ਉਮੀਦ ਬਹੁਤ ਘੱਟ ਹੈ। ਦੂਜੇ ਪਾਸੇ ਚੀਨ ਦੀ ਕੁੱਲ ਘਰੇਲੂ ਪੈਦਾਵਾਰ ਦੀ ਵਾਧਾ ਦਰ 2013 ‘ਚ 7.7 ਫੀਸਦੀ ਸੀ ਜਿਸਦੇ ਕਿ 2015 ਵਿੱਚ 7 ਫੀਸਦੀ ਰਹਿਣ ਦੀ ਉਮੀਦ ਹੈ।

ਵਰਤਮਾਨ ਸੰਸਾਰ ਸਰਮਾਏਦਾਰਾ ਅਰਥਚਾਰੇ ਦੇ ਸਾਰੇ ਸੰਕੇਤ ਦੱਸਦੇ ਹਨ ਕਿ ਅਮਰੀਕਾ ਦੀ ਆਰਥਿਕ ਤਾਕਤ ਖੁਰਦੀ ਜਾ ਰਹੀ ਹੈ, ਜਦ ਕਿ ਇਸਨੂੰ ਚੁਣੌਤੀ ਦੇਣ ਵਾਲ਼ੇ ਨਵੇਂ ਖਿਡਾਰੀ ਸੰਸਾਰ ਦ੍ਰਿਸ਼ ‘ਤੇ ਉੱਭਰ ਰਹੇ ਹਨ। ਚੀਨ ਇਹਨਾਂ ਵਿੱਚੋਂ ਸਭ ਤੋਂ ਉੱਘਾ ਹੈ। ਆਰਥਿਕ ਖੇਤਰ ‘ਚ ਅਮਰੀਕੀ ਸਾਮਰਾਜ ਨੂੰ ਜੋ ਚੁਣੌਤੀ ਮਿਲ਼ ਰਹੀ ਹੈ ਉਹ ਫੌਜੀ ਚੁਣੌਤੀ ਦੇ ਰੂਪ ਵਿੱਚ ਵੀ ਸਾਹਮਣੇ ਆਵੇਗੀ ਅਤੇ ਇੱਕ ਹੱਦ ਤੱਕ ਆ ਵੀ ਰਹੀ ਹੈ।

ਅਮਰੀਕੀ ਸਾਮਰਾਜ ਦੀ ਸੰਸਾਰ ਚੌਧਰ ਨੂੰ ਚੁਣੌਤੀ ਦਾ
ਇੱਕ ਸੰਭਾਵੀ ਸ੍ਰੋਤ ਯੂਰਪੀ ਯੂਨੀਅਨ

ਯੂਰਪੀ ਯੂਨੀਅਨ ਦਾ ਬਣਨਾ 20ਵੀਂ ਸਦੀ ਦੇ ਆਖ਼ਰੀ ਦਹਾਕੇ ਦੀ ਇੱਕ ਮਹੱਤਵਪੂਰਨ ਘਟਨਾ ਹੈ। ਦੂਜੀ ਸੰਸਾਰ ਜੰਗ ਤੋਂ ਬਾਅਦ ਯੂਰਪ ਦੇ ਏਕੀਕਰਨ ਦੀ ਪ੍ਰਕਿਰਿਆ ਸ਼ੁਰੂ ਹੋਈ ਜੋ ਕਿ ਕਦਮ-ਬ-ਕਦਮ ਅੱਗੇ ਵਧੀ। 1948 ‘ਚ ਹੇਗ ਕਾਂਗਰਸ ‘ਚ ਯੂਰਪੀਅਨ ਮੂਵਮੈਂਟ ਇੰਟਰਨੈਸ਼ਨਲ ਅਤੇ ਕਾਲਜ ਆਫ਼ ਯੂਰਪ ਦੀ ਸਥਾਪਨਾ ਹੋਈ। 1952 ‘ਚ ਯੂਰਪੀ ਕੋਲਾ ਅਤੇ ਸਟੀਲ ਭਾਈਚਾਰਾ (Europian Coal and Steel Community) ਬਣਿਆ ਜਿਸਨੂੰ ਕਿ ਯੂਰਪੀ ਸੰਘ ਵੱਲ ਪਹਿਲਾ ਕਦਮ ਐਲਾਨਿਆ ਗਿਆ ਸੀ। ਇਸਦਾ ਉਦੇਸ਼ ਕੌਮੀ ਵੱਡੀਆਂ ਸੱਨਅਤਾਂ ਨੂੰ ਮਿਲਾਉਣ ਜ਼ਰੀਏ ਮੈਂਬਰ ਰਾਜਾਂ ‘ਚ ਆਪਸੀ ਜੰਗ ਦੀ ਸੰਭਾਵਨਾ ਨੂੰ ਖਤਮ ਕਰਨਾ ਸੀ। ਬੈਲਜੀਅਮ, ਫਰਾਂਸ, ਇਟਲੀ, ਲਗਜ਼ਮਬਰਗ, ਨੀਂਦਰਲੈਂਡ ਅਤੇ ਪੱਛਮੀ ਜਰਮਨੀ ਇਸਦੇ ਮੋਢੀ ਮੈਂਬਰ ਸਨ। 1957 ‘ਚ ਇਹਨਾਂ ਹੀ ਦੇਸ਼ਾਂ ਨੇ ਯੂਰਪੀ ਆਰਥਿਕ ਭਾਈਚਾਰੇ ਦੀ  ਸਥਾਪਨਾ ਕੀਤੀ। ਇਸੇ ਤਰ੍ਹਾਂ 1958 ‘ਚ ਯੂਰਪੀ ਪ੍ਰਮਾਣੂ ਭਾਈਚਾਰਾ ਹੋਂਦ ‘ਚ ਆਇਆ।

ਯੂਰਪੀ ਆਰਥਿਕ ਭਾਈਚਾਰਾ ਅਤੇ ਯੂਰਪੀ ਪ੍ਰਮਾਣੂ ਊਰਜਾ ਭਾਈਚਾਰਾ, ਯੂਰਪੀ ਕੋਲਾ ਅਤੇ ਸਟੀਲ ਭਾਈਚਾਰੇ ਤੋਂ ਵੱਖਰੇ ਤੌਰ ‘ਤੇ ਬਣਾਏ ਗਏ ਸਨ। ਪਰ ਇਹਨਾਂ ਦੀਆਂ ਕੁੱਝ ਸਭਾਵਾਂ ਅਤੇ ਕੋਰਟਾਂ ਸਾਂਝੀਆਂ ਸਨ। 1960 ਦਾ ਪਹਿਲਾ ਅੱਧ ਉਪੋਰਕਤ ਯੂਰਪੀ ਸੰਸਥਾਵਾਂ ਲਈ ਤਣਾਅਪੂਰਨ ਰਿਹਾ। ਇਸਦੀ ਵਜ੍ਹਾ ਫਰਾਂਸ ਵੱਲੋਂ ਪੜਕੌਮੀ (Supernational) ਤਾਕਤ ਨੂੰ ਸੀਮਤ ਕੀਤੇ ਜਾਣ ਦੀ ਮੰਗ ਸੀ। ਪਰ 1967 ‘ਚ ਬਰੱਸਲਜ਼ ‘ਚ ਹੋਏ ਰਲ਼ੇਵਾਂ ਸਮਝੌਤੇ (Merger Treaty) ਜ਼ਰੀਏ ਇਹ ਵਿਵਾਦ ਹੱਲ ਕਰ ਲਿਆ ਗਿਆ। ਜੁਲਾਈ 1967 ਨੂੰ ਉਪੋਰਕਤ ਤਿੰਨਾਂ ”ਭਾਈਚਾਰਿਆਂ” ਨੂੰ ਮਿਲ਼ਾ ਦਿੱਤਾ ਗਿਆ ਤੇ ਨਵੇਂ ‘ਭਾਈਚਾਰੇ’ ਨੂੰ ‘ਯੂਰਪੀ ਭਾਈਚਾਰੇ’ (Europiean Community) ਦਾ ਨਾਂ ਦਿੱਤਾ ਗਿਆ। 1973 ‘ਚ ਇਸ ਵਿੱਚ ਯੂਰਪ ਦੇ ਹੋਰ ਦੇਸ਼, ਜਿਵੇਂ ਕਿ ਡੈਨਮਾਰਕ (ਗਰੀਨਲੈਂਡ ਸਮੇਤ, ਜਿਸਨੇ ਬਾਅਦ ‘ਚ 1985 ‘ਚ ‘ਭਾਈਚਾਰੇ’ ਨੂੰ ਛੱਡ ਦਿੱਤਾ)। 1979 ‘ਚ ਪਹਿਲੀ ਵਾਰ ਯੂਰਪੀ ਸੰਸਦ ਦੀਆਂ ਸਿੱਧੀਆਂ ਚੋਣਾਂ ਹੋਈਆਂ।

1981 ‘ਚ ਯੂਨਾਨ ਇਸ ‘ਭਾਈਚਾਰੇ’ ਵਿੱਚ ਸ਼ਾਮਲ ਹੋਇਆ ਅਤੇ ਪੁਰਤਗਾਲ ਅਤੇ ਸਪੇਨ 1986 ‘ਚ। 1986 ‘ਚ ‘ਭਾਈਚਾਰੇ’ ਦੁਆਰਾ ਸਾਂਝਾ ਯੂਰਪੀ ਝੰਡਾ ਵਰਤਿਆ ਜਾਣ ਲੱਗਾ ਅਤੇ ਇਕਹਿਰਾ ਯੂਰਪੀ ਕਨੂੰਨ ਹੋਂਦ ‘ਚ ਆਇਆ। ਬਾਅਦ ‘ਚ ਯੂਰਪ ਦੇ ਹੋਰ ਦੇਸ਼ ਵੀ ਇਸ ‘ਭਾਈਚਾਰੇ’ ‘ਚ ਸ਼ਾਮਲ ਹੁੰਦੇ ਗਏ।

ਵਰਤਮਾਨ ਯੂਰਪੀ ਯੂਨੀਅਨ ਦੇ ਗਠਨ ਲਈ ਯੂਰਪੀ ਭਾਈਚਾਰੇ ‘ਚ ਫਰਵਰੀ 1992 ‘ਚ ਹਾਲੈਂਡ ‘ਚ ਮੈਸਟਰਿਕਟ ਸਮਝੌਤਾ (Maastricht Treaty) ਹੋਇਆ। ਨਵੰਬਰ 1993 ਨੂੰ ਇਸ ਸਮਝੌਤੇ ਦੇ ਲਾਗੂ ਹੋਣ ਨਾਲ਼ ਯੂਰਪੀ ਯੂਨੀਅਨ ਹੋਂਦ ਵਿੱਚ ਆਈ। ਸੋਵੀਅਤ ਸਮਾਜਕ ਸਾਮਰਾਜ 1991 ‘ਚ ਹੀ ਢਹਿਢੇਰੀ ਹੋ ਚੁੱਕਾ ਸੀ। ਰੂਸੀ ਸਾਮਰਾਜ ਦੀ ਕਮਜ਼ੋਰੀ ਨੇ ਯੂਰਪੀ ਯੂਨੀਅਨ ਦੇ ਪੂਰਬੀ ਯੂਰਪ (ਜੋ ਕਿ ਪਹਿਲਾਂ ਸੋਵੀਅਤ ਸਮਾਜਕ ਸਾਮਰਾਜ ਦਾ ਪ੍ਰਭਾਵ ਖੇਤਰ ਸੀ) ਵੱਲ ਯੂਰਪੀ ਯੂਨੀਅਨ ਦੇ ਵਿਸਥਾਰ ਦਾ ਰਾਹ ਪੱਧਰਾ ਕੀਤਾ। ਇਸ ਸਮੇਂ ਯੂਰਪੀ ਯੂਨੀਅਨ 28 ਯੂਰਪੀ ਰਾਜਾਂ ਦੀ ਸਿਆਸੀ-ਆਰਥਿਕ ਯੂਨੀਅਨ ਹੈ।

1 ਜਨਵਰੀ 1999 ਨੂੰ, ਯੂਰਪੀ ਯੂਨੀਅਨ ਦੇ 11 ਦੇਸ਼ਾਂ ਨੇ ਸਾਂਝੀ ਕਰੰਸੀ ਯੂਰੋ ਨੂੰ ਅਪਣਾ ਲਿਆ। ਇਹ ਯੂਰਪ ਦੇ ਏਕੀਕਰਨ ਵੱਲ ਇੱਕ ਵੱਡਾ ਕਦਮ ਸੀ। ਹੁਣ ਤੱਕ ਯੂਰਪੀ ਯੂਨੀਅਨ ਦੇ ਅੰਦਰ ਬਣੀ ਇਸ ਕਰੰਸੀ ਯੂਨੀਅਨ (ਜਿਸਨੂੰ ਯੂਰੋਜ਼ੋਨ ਵੀ ਕਿਹਾ ਜਾਂਦਾ ਹੈ) ਵਿੱਚ ਯੂਰਪੀ ਯੂਨੀਅਨ ਦੇ 19 ਦੇਸ਼ ਸ਼ਾਮਲ ਹੋ ਚੁੱਕੇ ਹਨ। ਯੂਰੋ ਜ਼ੋਨ ਦੀਆਂ ਮੁਦਰਿਕ ਨੀਤੀਆਂ ਯੂਰਪੀ ਕੇਂਦਰੀ ਬੈਂਕ ਬਣਾਉਂਦਾ ਹੈ। ਇਹ ਬੈਂਕ 1998 ‘ਚ ਹੋਂਦ ‘ਚ ਆਇਆ ਸੀ। ਆਪਣੀ ਸ਼ੁਰੂਆਤ ਤੋਂ ਲੈ ਕੇ 2007 ਤੱਕ ਯੂਰੋ ਸੰਸਾਰ ਦੀ ਦੂਸਰੀ ਰਾਖਵੀਂ ਕਰੰਸੀ ਬਣ ਚੁੱਕੀ ਸੀ ਅਤੇ ਵਿਦੇਸ਼ੀ ਮੁਦਰਾ ਭੰਡਾਰਾਂ ਦਾ ਇੱਕ ਚੌਥਾਈ ਯੂਰੋ ‘ਚ ਸੀ। (DB Reserch, 4 May 2007)
2012 ‘ਚ ਯੂਰਪੀ ਯੂਨੀਅਨ ਦੀ ਮਿਲਵੀਂ ਕੁੱਲ ਘਰੇਲੂ ਪੈਦਾਵਾਰ 16.073 ਟ੍ਰਿਲੀਅਨ ਕੌਮਾਂਤਰੀ ਡਾਲਰ ਸੀ ਜੋ ਕਿ ਸੰਸਾਰ ਕੁੱਲ ਘਰੇਲੂ ਪੈਦਾਵਾਰ ਦਾ 20 ਫੀਸਦੀ ਸੀ [ਖਰੀਦ ਸ਼ਕਤੀ ਸਮਾਨਤਾ (Purchasing Power Parity) ਦੀਆਂ ਟਰਮਾਂ ‘ਚ]। 2010 ‘ਚ ਆਮਦਨ ਪੱਖੋਂ ਸੰਸਾਰ ਦੀਆਂ 500 ਸਭ ਤੋਂ ਵੱਡੀਆਂ ਕਾਰਪੋਰਸ਼ਨਾਂ ‘ਚੋਂ 161 ਦੇ ਸਦਰ ਮੁਕਾਮ ਯੂਰਪੀ ਯੂਨੀਅਨ ‘ਚ ਸਨ। (Global Fortune-500 in 2000)

ਦੂਜੀ ਸੰਸਾਰ ਜੰਗ ਤੋਂ ਬਾਅਦ ਸ਼ੁਰੂ ਹੋਈ ਯੂਰਪ ਦੇ ਏਕੀਕਰਨ ਦੀ ਪ੍ਰਕਿਰਿਆ, ਇਸ ਲਈ ਬਣੀਆਂ ਵੱਖ-ਵੱਖ ਸੰਸਥਾਵਾਂ, ਫਿਰ ਯੂਰਪੀ ਯੂਨੀਅਨ ਬਣਨ ਅਤੇ ਇਸਦੇ ਅੰਦਰ ਇੱਕ ਇਕਹਿਰੀ ਕਰੰਸੀ ਯੂਨੀਅਨ ਬਣਨ ਦੇ ਪੂਰੇ ਇਤਿਹਾਸ ਉੱਪਰ ਨਜ਼ਰ ਮਾਰੀਏ ਤਾਂ ਯੂਰਪ ਲਗਾਤਾਰ ਹੋਰ ਵਧੇਰੇ ਏਕੀਕਰਨ (Integration) ਦੀ ਦਿਸ਼ਾ ‘ਚ ਹੀ ਅੱਗੇ ਵਧਿਆ ਹੈ। ਬੇਸ਼ੱਕ ਯੂਰਪੀ ਯੂਨੀਅਨ ਹਾਲੇ ਵੀ ਇਕਹਿਰਾ ਰਾਜ ਨਹੀਂ ਹੈ। ਇਸਦੇ ਵੱਖ-ਵੱਖ ਦੇਸ਼ਾਂ ਦਰਮਿਆਨ ਸਮੇਂ-ਸਮੇਂ ‘ਤੇ ਕਈ ਮਸਲਿਆਂ ‘ਤੇ, ਖਾਸਕਰ ਵਿਦੇਸ਼ੀ ਨੀਤੀ ਦੇ ਮਸਲੇ ‘ਚ ਵਿਰੋਧਤਾਈਆਂ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਜੋ ਦਰਸਾਉਂਦੀਆਂ ਹਨ ਕਿ ਯੂਰਪੀ ਯੂਨੀਅਨ ਦੇ ਦੇਸ਼ਾਂ ਦਾ ਏਕੀਕਰਨ ਹਾਲੇ ਇਸ ਹੱਦ ਤੱਕ ਨਹੀਂ ਪਹੁੰਚਿਆ ਕਿ ਇਹਨਾਂ ਦੀ ਵਿਦੇਸ਼ ਨੀਤੀ ਵੀ ਸਾਂਝੀ ਹੋਵੇ। ਪਰ ਇਸ ਸਭ ਦੇ ਬਾਵਜੂਦ ਵੀ ਯੂਰਪੀ ਯੂਨੀਅਨ ਨੂੰ ਇੱਕ ਢਿੱਲਾ-ਢਾਲਾ ਅਤੇ ਗੈਰ-ਰਸਮੀ ਗੱਠਜੋੜ ਨਹੀਂ ਕਿਹਾ ਜਾ ਸਕਦਾ। ਕਈ ਵਾਰ ਕਈ ਦੇਸ਼ਾਂ ਦੇ ਯੂਰਪੀ ਯੂਨੀਅਨ ਤੋਂ  (ਜਿਵੇਂ ਕਿ ਇੰਗਲੈਂਡ) ਅਤੇ ਕਈ ਦੇਸ਼ਾਂ ਦੇ ਕਰੰਸੀ ਯੂਨੀਅਨ (ਯੂਰੋ) ਤੋਂ (ਜਿਵੇਂ ਕਿ ਯੂਨਾਨ) ਵੱਖ ਹੋਣ ਦੀਆਂ ਖ਼ਬਰਾਂ ਵੀ ਆਉਂਦੀਆਂ ਰਹਿੰਦੀਆਂ ਹਨ। ਹੋ ਸਕਦਾ ਹੈ ਭਵਿੱਖ ‘ਚ ਕੋਈ ਇੱਕ-ਅੱਧਾ ਦੇਸ਼ ਇਸ ਤੋਂ ਵੱਖ ਵੀ ਹੋ ਜਾਵੇ। ਪਰ ਕੁੱਲ ਮਿਲ਼ਾ ਕੇ (ਇਸਦੇ ਪਿਛਲੇ ਇਤਿਹਾਸ ਨੂੰ ਦੇਖਦਿਆਂ) ਯੂਰਪ ਦੇ ਏਕੀਕਰਨ ਦੀ ਪ੍ਰਕਿਰਿਆ ਅਮੋੜ (Ir-reversible) ਪ੍ਰਤੀਤ ਹੁੰਦੀ ਹੈ।

ਦੂਜੀ ਸੰਸਾਰ ਜੰਗ ਤੋਂ ਬਾਅਦ ਯੂਰਪ ਦੇ ਸਾਮਰਾਜੀ ਦੇਸ਼ ਸੋਵੀਅਤ ਸਮਾਜਕ ਸਾਮਰਾਜ ਨਾਲ਼ ਵਿਰੋਧ ‘ਚ ਅਤੇ ਦੁਨੀਆਂ ਦੇ ਮਾਲ਼ ਖਜ਼ਾਨਿਆਂ ‘ਚ ਹਿੱਸਾ-ਪੱਤੀ ਹਾਸਲ ਕਰਨ ਦੀ ਦੌੜ ‘ਚ ਅਮਰੀਕੀ ਸਾਮਰਾਜ ਨਾਲ਼ ਮਿਲ਼ਕੇ ਹੀ ਚੱਲਦੇ ਰਹੇ ਹਨ। ਇਸਦੇ ਜ਼ਿਆਦਾਤਰ ਦੇਸ਼ ਅਮਰੀਕੀ ਅਗਵਾਈ ਵਾਲ਼ੇ ਫੌਜੀ ਗੱਠਜੋੜ ਨਾਟੋ ਦਾ ਹਿੱਸਾ ਰਹੇ ਹਨ। ਅੱਜ ਵੀ ਯੂਰਪੀ ਯੂਨੀਅਨ ਦੇ 22 ਦੇਸ਼ ਇਸਦੇ ਮੈਂਬਰ ਹਨ।

ਪਰ ਸਾਮਰਾਜੀਆਂ ਦਰਮਿਆਨ ਏਕਤਾ, ਦੋਸਤੀ, ਦੁਸ਼ਮਣੀ ਦੇ ਸਮੀਕਰਨ ਵਕਤ ਨਾਲ਼ ਬਦਲਦੇ ਰਹਿੰਦੇ ਹਨ।

ਯੂਰਪੀ ਯੂਨੀਅਨ ਦੀ ਆਗੂ ਕੋਰ ਵੱਡੇ ਪੱਛਮੀ ਸਾਮਰਾਜੀ ਦੇਸ਼ ਜਰਮਨੀ, ਫਰਾਂਸ ਅਤੇ ਇੰਗਲੈਂਡ ਹਨ ਅਤੇ ਜਰਮਨੀ ਅਤੇ ਫਰਾਂਸ ਇਸ ਯੂਨੀਅਨ ਦੇ ਮੁੱਖ ਸਿਆਸੀ ਆਰਥਿਕ ਚਾਲਕ ਹਨ। ਜਰਮਨੀ ਨਾ ਸਿਰਫ਼ ਇਸ ਖਿੱਤੇ ਸਗੋਂ ਸੰਸਾਰ ਦੀ ਹੀ ਇੱਕ ਮੁੱਖ ਆਰਥਕ ਤਾਕਤ ਹੈ। ਫਰਾਂਸ ਅਤੇ ਜਰਮਨੀ ਦੇ ਸਾਮਰਾਜੀਆਂ ਦੀਆਂ ਅਮਰੀਕੀ ਸਾਮਰਾਜ ਤੋਂ ਵੱਖ ਸੰਸਾਰ ਪਿੜ ‘ਚ ਅਜ਼ਾਦ ਦਖ਼ਲ ਦੇਣ ਦੀ ਅਕਾਂਖਿਆਵਾਂ ਸਮੇਂ-ਸਮੇਂ ‘ਤੇ ਸਾਹਮਣੇ ਆਉਂਦੀਆਂ ਰਹੀਆਂ ਹਨ।

1990ਵਿਆਂ ‘ਚ ਸੋਵੀਅਤ ਖੇਮੇ ਦੇ ਖਿੰਡਾਅ ਤੋਂ ਬਾਅਦ ਇੱਕ ਹੱਥ ਜਿੱਥੇ ਅਮਰੀਕੀ ਸਾਮਰਾਜ ਪੂਰਬੀ ਯੂਰਪ ਦੇ ਦੇਸ਼ਾਂ ਨੂੰ ਆਪਣੀ ਅਗਵਾਈ ਵਾਲ਼ੇ ਫੌਜੀ ਗੱਠਜੋੜ ਨਾਟੋ ‘ਚ ਸ਼ਾਮਲ ਕਰਨ ‘ਚ ਕਾਮਯਾਬ ਰਿਹਾ, ਉੱਥੇ ਹੀ ਦੂਜੇ ਹੱਥ ਪੱਛਮੀ ਯੂਰਪੀ ਸਾਮਰਾਜੀ ਇਹਨਾਂ ‘ਚੋਂ ਜ਼ਿਆਦਾਤਰ ਦੇਸ਼ਾਂ ਨੂੰ ਯੂਰਪੀ ਯੂਨੀਅਨ ਦੇ ਆਰਥਕ ਘੇਰੇ ‘ਚ ਸ਼ਾਮਲ ਕਰਨ ‘ਚ ਕਾਮਯਾਬ ਰਹੇ।

ਪੱਛਮੀ ਯੂਰਪੀ ਰਾਜ ‘ਕੱਲੇ-‘ਕੱਲੇ ਅਮਰੀਕੀ ਸਾਮਰਾਜ ਨਾਲ਼ ਆਰਥਿਕ ਖੇਤਰ ‘ਚ ਮੜਿੱਕ ਨਹੀਂ ਸਕਦੇ। ਪਰ ਇਕਹਿਰੇ, ਏਕੀਕ੍ਰਿਤ ਸਮੂਹ ਵਜੋਂ ਸੰਸਾਰ ‘ਚ ਇਸ ਨਾਲ਼ ਮੜਿੱਕ ਸਕਦੇ ਹਨ। ਯੂਰਪ ਦੇ ਫੈਸਲਿਆਂ ਅਤੇ ਪੱਕੇ-ਪੈਰੀਂ ਹੋਣ ਨਾਲ਼ ਅਮਰੀਕੀ ਸਾਮਰਾਜ ਸਾਹਮਣੇ ਇੱਕ ਤਾਕਤਵਾਰ ਸਿਆਸੀ ਵਿੱਤੀ ਅਤੇ ਸੱਨਅਤੀ ਵਿਰੋਧੀ ਹੈ। ਵਕਤ ਨਾਲ਼ ਯੂਰਪੀ ਯੂਨੀਅਨ ਵਧੇਰੇ ਇੱਕਜੁੱਟ ਅਤੇ ਤਾਕਤਵਾਰ ਖੇਮੇ ਵਜੋਂ ਉੱਭਰਿਆ ਹੈ। ਇਸ ਯੂਨੀਅਨ ਦੇ ਵੱਖ-ਵੱਖ ਦੇਸ਼ਾਂ ਵਿੱਚ ਨੀਤੀਆਂ ਦੇ ਤਾਲਮੇਲ ਅਤੇ ਤਾਕਤਾਂ ਤੇ ਅਮਲ ਲਈ ਵੱਖ-ਵੱਖ ਸੰਸਥਾਵਾਂ ਹੋਂਦ ‘ਚ ਆਈਆਂ ਹਨ। ਯੂਰਪੀ ਯੂਨੀਅਨ ਸਾਮਰਾਜੀ ਸੰਸਾਰ ਪ੍ਰਬੰਧ ਅੰਦਰ ਆਪਣੀ ਮੁਕਾਬਲਾ ਸਮਰੱਥਾ ਅਤੇ ਮੁਨਾਫਾ ਸਮਰੱਥਾ (Profitability) ਵਧਾਉਣ, ਸਾਂਝੀ ਮੰਡੀ ਦੇ ਅਗਲੇਰੇ ਏਕੀਕਰਨ ਅਤੇ ਵਿਸਥਾਰ ਦੀ ਦਿਸ਼ਾ ‘ਚ ਅੱਗੇ ਵਧਿਆ ਹੈ।
ਯੂਰਪੀ ਕੰਪਨੀਆਂ ਦੇ ਮੁਨਾਫ਼ੇ ਅਤੇ ਮੁਕਾਬਲਾ ਸਮਰੱਥਾ ਵਧਾਉਣ ਲਈ ਯੂਰਪੀ ਸਾਮਰਾਜੀਆਂ ਦੀ ਮੁੱਖ ਟੇਕ ”ਲਚਕਦਾਰ ਕਿਰਤ’ ‘ਤੇ ਹੈ। ਜਿਸ ਲਈ ਨਵਉਦਾਰਵਾਦੀ ਨੀਤੀਆਂ ਤਹਿਤ ਇਹਨਾਂ ਦੇਸ਼ਾਂ ‘ਚ ਕਿਰਤੀਆਂ ਦੇ ਹੱਕ, ਸਹੂਲਤਾਂ ਛਾਂਗਣ ਦੀਆਂ ਕੋਸ਼ਿਸ਼ਾਂ ਜਾਰੀ ਹਨ।

ਯੂਰਪੀ ਕੰਪਨੀਆਂ ਦੀ ਮੁਕਾਬਲਾ ਸਮਰੱਥਾ ਵਧਾਉਣ ਦੀ ਕਾਰਜ ਸੂਚੀ ‘ਚ ਯੂਰਪ ਦੀਆਂ ਵੱਡੀਆਂ ਕੰਪਨੀਆਂ ਦਾ ਰਲੇਵਾਂ, ਜਿਵੇਂ ਕਿ ਸਟੀਲ ਸੱਨਅਤ ‘ਚ ਵੀ ਸ਼ਾਮਲ ਹੈ, ਉਦਾਹਰਨ ਲਈ ਯੂਰਪ ਵਿਆਪੀ ਐਰੋਸਪੇਸ ਕੰਪਨੀ (EAGS : Europian Aeronautics Defence and Space company) ਦਾ ਬਣਨਾ। ਇਹ ਕੰਪਨੀ ਅਮਰੀਕੀ ਬੋਇੰਗ (Boing) ਦੇ ਮੁਕਾਬਲੇ ‘ਚ ਏਅਰਬੱਸ ਬਣਾਉਂਦੀ ਹੈ।

ਯੂਰਪੀ ਯੂਨੀਅਨ ਦੇ ਪੂਰਬੀ ਯੂਰਪ ਵੱਲ ਵਿਸਥਾਰ ਨੇ ਵੀ ਸੰਸਾਰ ਮੰਡੀ ‘ਚ ਪੱਛਮੀ ਯੂਰਪੀ ਸਰਮਾਏ ਦੀ ਮੁਕਾਬਲਾ ਸਮੱਰਥਾ ਨੂੰ ਵਧਾਇਆ ਹੈ। ਇੱਕ ਤਾਂ ਇਸਨੇ ਪੱਛਮੀ ਯੂਰਪੀ ਸਰਮਾਏ ਦੇ ਨਿਵੇਸ਼ ਲਈ ਥਾਂ ਮੁਹੱਈਆ ਕਰਾਈ, ਦੂਸਰਾ ਇਸਨੂੰ ਸਸਤੀ ਅਤੇ ਕੁਸ਼ਲ ਕਿਰਤ ਸ਼ਕਤੀ ਦਾ ਵੱਡਾ ਭੰਡਾਰ ਮੁਹੱਈਆ ਕਰਵਾਇਆ।

ਯੁੱਧਨੀਤਕ ਪੱਖੋਂ ਵੀ ਪੂਰਬੀ ਯੂਰਪ, ਯੂਰਪੀ ਯੂਨੀਅਨ ਦੀਆਂ ਭੂ ਸਿਆਸੀ ਅਕਾਂਖਿਆਵਾਂ ਲਈ ਅਹਿਮ ਹੈ। ਭੂਗੋਲਿਕ ਪੱਖੋਂ ਇਹ ਪੱਛਮੀ ਯੂਰਪ ਦੇ ਇੱਕ ਵੱਡੇ ਊਰਜਾ ਪੂਰਤੀ ਕਰਤਾ ਰੂਸ ਦੇ ਨੇੜੇ ਹੈ। ਇਸ ਤਰ੍ਹਾਂ ਪੂਰਬੀ ਯੂਰਪ ਇੱਕ ਤਰ੍ਹਾਂ ਦਾ ਬਫ਼ਰ ਜ਼ੋਨ ਹੈ। ਇਸ ਤੋਂ ਇਲਾਵਾ ਇਹਨਾਂ ਦੇਸ਼ਾਂ ‘ਚ ਪੱਛਮੀ ਯੂਰਪੀ ਸਰਮਾਏ ਦੀ ਘੁੱਸਪੈਠ ਇੱਕ ਤਰ੍ਹਾਂ ਨਾਲ਼ ਅਮਰੀਕੀ ਫੌਜੀ ਦਬਦਬੇ ਲਈ ਸੰਤੁਲਨ (Counter Weight) ਦਾ ਕੰਮ ਕਰਦਾ ਹੈ।

ਯੂਰਪੀ ਯੂਨੀਅਨ ਦੀ ਕੋਈ ਏਕੀਕ੍ਰਿਤ ਫੌਜ ਨਹੀਂ ਹੈ। ਇਸਦੇ ਜ਼ਿਆਦਾਤਰ ਦੇਸ਼ ਅਮਰੀਕੀ ਅਗਵਾਈ ਵਾਲ਼ੇ ਫੌਜ ਗੱਠਜੋੜ (ਨਾਟੋ) ਦੇ ਮੈਂਬਰ ਹਨ। ਪਰ 1999 ਦੀ ਕਸੋਵੋ ਜੰਗ ਤੋਂ ਬਾਅਦ ਯੂਰਪੀ ਕਾਉਂਸਲ ਇਸ ਗੱਲ ‘ਤੇ ਸਹਿਮਤ ਹੋਈ ਕਿ ਯੂਨੀਅਨ ਕੋਲ਼ ਅਜ਼ਾਦਾਨਾ (Autonomus) ਕਾਰਵਾਈ ਦੀ ਸਮਰੱਥਾ ਹੋਈ ਚਾਹੀਦੀ ਹੈ, ਜਿਸ ਪਿੱਛੇ ਇੱਕ ਗਿਣਨਯੋਗ ਫੌਜੀ ਤਾਕਤ ਹੋਵੇ। ਬਾਅਦ ‘ਚ ਯੂਰਪੀ ਯੂਨੀਅਨ ਦੇ ਦੇਸ਼ਾਂ ‘ਚ ਲੰਬੀ ਵਿਚਾਰ ਚਰਚਾ ਦਾ ਨਤੀਜਾ ਯੂਰਪੀ ਯੂਨੀਅਨ ਬੈਟਲ ਗਰੁੱਪਸ (EU Battle Groups) ਬਣਨ ‘ਚ ਨਿੱਕਲ਼ਿਆ। 1 ਜਨਵਰੀ 2007 ਨੂੰ ਯੂਰਪੀ ਯੂਨੀਅਨ ਬੈਟਲ ਗਰੁੱਪਸ ਦੇ ਸੰਕਲਪ ਨੇ ਪੂਰਨ ਅਮਲੀ ਸਮਰੱਥਾ ਹਾਸਲ ਕਰ ਲਈ। ਯੂਰਪੀ ਯੂਨੀਅਨ ਬੈਟਲ ਗਰੁੱਪਸ ਨੂੰ ਸਾਂਝੀ ਯੂਰਪੀ ਫੌਜ ਦੇ ਭਰੂਣ ਵਜੋਂ ਵੀ ਦੇਖਿਆ ਜਾ ਸਕਦਾ ਹੈ।

ਦੂਜੇ ਪਾਸੇ ਯੂਰਪੀ ਯੂਨੀਅਨ ਮੋਹਰੀ ਸਾਮਰਾਜੀ ਦੇਸ਼ ਆਪਣੀ ਫੌਜੀ ਸਮਰੱਥਾ ਵਧਾਉਣ ਲਈ ਖਰਚੇ ਵੀ ਵਧਾ ਰਹੇ ਹਨ। ਇਹਨਾਂ ਵਿੱਚੋਂ ਫਰਾਂਸ, ਜੋ ਇੱਕ ਪ੍ਰਮਾਣੂ ਸ਼ਕਤੀ ਵੀ ਹੈ, ਸਭ ਤੋਂ ਮੋਹਰੀ ਹੈ। 2010 ਵਿੱਚ ਇਸਨੇ ਰੱਖਿਆ ਉੱਪਰ 44 ਬਿਲੀਅਨ ਪਾਉਂਡ ਖਰਚੇ। ਇਸ ਸਾਲ ਫੌਜੀ ਖਰਚ ਦੇ ਮਾਮਲੇ ‘ਚ ਅਮਰੀਕਾ ਅਤੇ ਚੀਨ ਤੋਂ ਬਾਅਦ ਫ਼ਰਾਂਸ ਦੀ ਤੀਜਾ ਸਥਾਨ ਸੀ।

ਯੂਰਪੀ ਯੂਨੀਅਨ ਆਪਣੀ ਫੌਜੀ ਸੱਨਅਤ ਨੂੰ ਵੀ ਵਧਾ ਰਹੀ ਹੈ। ਇਹ ਯੂਰੋ ਫਾਈਟਰ ਲੜਾਕੂ ਜਹਾਜ਼ ਅਤੇ ਲੰਬੀ ਦੂਰੀ ਦੇ ਏਅਰਕ੍ਰਾਫਟ ਬਣਾਉਣ ‘ਚ ਨਿਵੇਸ਼ ਵਧਾ ਰਹੀ ਹੈ। ਇਸਨੇ ਯੂਰਪੀਅਨ ਸੈਟੇਲਾਈਟ ਨੈਵੀਗੇਸ਼ਨ ਸਿਸਟਮ (ਗਲੀਲਿਓ) ਵਿਕਸਤ ਕੀਤਾ ਹੈ। ਇਹ ਸਭ ਯੂਰਪ ਵਿਆਪੀ ਸਾਂਝੀਆਂ ਪਹਿਲਕਦੀਆਂ ਹਨ।

ਇੱਥੇ ਹੀ ਯੂਰਪੀ ਯੂਨੀਅਨ ਦੇ ਮੋਹਰੀ ਦੇਸ਼ ਜ਼ਰਮਨੀ ਦੀ ਥੋੜੀ ਵੱਖਰੀ ਤੌਰ ‘ਤੇ ਚਰਚਾ ਕਰ ਲਈਏ। ਜਰਮਨੀ ਦਾ ਅਰਥਚਾਰਾ ਯੂਰਪ ਦਾ ਸਭ ਤੋਂ ਵੱਡਾ ਤੇ ਮਜ਼ਬੂਤ ਅਰਥਚਾਰਾ ਹੈ। ਇਹ ਯੂਰਪੀ ਯੂਨੀਅਨ ਦਾ ਲਗਭਗ ਨਿਰਵਿਵਾਦ ਆਗੂ ਹੈ।

5 ਨਵੰਬਰ, 2013 ਨੂੰ ਜਰਮਨ-ਵਿਦੇਸ਼-ਨੀਤੀ ਡਾਟ ਕਾਮ (German foreign polocy.com) ‘ਤੇ ਛਪੇ ਇੱਕ ਲੇਖ ਵਿੱਚ ਕਿਹਾ ਗਿਆ ਹੈ, “ਯੂਰਪੀ ਯੂਨੀਅਨ ਵਿੱਚ ਜਰਮਨ ਦੀ ਭਾਰੂ ਹੈਸੀਅਤ ਨੂੰ ਸਹਿਜ ਸੁਭਾਅ ਪ੍ਰਵਾਨ ਕੀਤਾ ਜਾਂਦਾ ਹੈ”।  ਇਸੇ ਲੇਖ ‘ਚ ‘ਕੌਮਾਂਤਰੀ ਅਤੇ ਸੁਰੱਖਿਆ ਮਾਮਲਿਆਂ ਬਾਰੇ ਸੰਸਥਾ'(German Institute for International and Security Affairs) ਦਾ ਹਵਾਲਾ ਦਿੱਤਾ ਗਿਆ ਹੈ, “ਇਹਨਾਂ ਦਿਨਾਂ’ਚ ਯੂਰਪ ‘ਚ ਤਾਕਤ ਦੀ ਇੱਕ ਵੱਡੀ ਮੁੜ ਵੰਡ ਹੋ ਰਹੀ ਹੈ, ਜਿਸ ਵਿੱਚ ਫਰਾਂਸ ਅਤੇ ਗ੍ਰੇਟ ਬ੍ਰਿਟੇਨ ਸਾਫ ਤੌਰ ‘ਤੇ ਜਰਮਨੀ ਤੋਂ ਪਿੱਛੇ ਰਹਿ ਰਹੇ ਹਨ।”

ਸਿਆਸੀ, ਆਰਥਿਕ, ਫੌਜੀ ਅਦਿ ਸਭ ਮਾਮਲਿਆਂ ‘ਚ ਯੂਰਪ ‘ਚ ਜਰਮਨੀ ਦੀ ਚੌਧਰ ਹੈ। ਯੂਰਪ ਦੀ ਅਗਵਾਈ ਕਾਰਨ ਜਰਮਨੀ ਸੰਸਾਰ ਪੱਧਰ ‘ਤੇ ਗਿਣਨਯੋਗ ਪ੍ਰਭਾਵਸ਼ਾਲੀ ਤਾਕਤ ਬਣ ਗਿਆ ਹੈ।

ਉਪਰੋਕਤ ਲੇਖ ਜਰਮਨ ਬੁਰਜੂਆਜ਼ੀ ਦੀਆਂ ਸੰਸਾਰ ਗਲਬੇ ਦੀਆਂ ਅਕਾਂਖਿਆਵਾਂ ਦੀ ਤਰਜ਼ਮਾਨੀ ਕਰਦਾ ਹੈ।  ਅਜਿਹਾ ਹੀ ਇੱਕ ਲੇਖ ਜਰਮਨ ਬਿਜ਼ਨੇਸ ਅਖਬਾਰ Handelsblatt ਵਿੱਚ ਛਪਿਆ ਸੀ, ਜਿਸ ਦਾ ਸਿਰਲੇਖ ਸੀ ’ਸ੍ਰੋਤਾਂ ਲਈ ਮੁਹਿੰਮ : ਜਰਮਨ ਦਾ ਨਵਾਂ ਰੁੱਖ'(Expedition resources: German’s new cource) ਇਹ ਲੇਖ ਜਰਮਨ ਬੁਰਜੂਆਜ਼ੀ ਦੀਆਂ ਇੱਛਾਵਾਂ ਨੂੰ ਪ੍ਰਗਟਾਉਦਾ ਹੈ। ਬਰਾਮਦਾਂ ‘ਤੇ ਨਿਰਭਰ ਜਰਮਨ ਸਨਅੱਤ ਦੀ ਕੱਚੇ ਮਾਲ ਖਾਸਕਰ ਊਰਜਾ ਸ੍ਰੋਤਾ ਲਈ ਭੁੱਖ ਵਡੇਰੀ ਹੈ, ਇਸ ਤਰਾਂ ਇਸਨੂੰ ਆਪਣੇ ਮਾਲ ਦੀ ਵਿੱਕਰੀ ਅਤੇ ਸਰਮਾਏ ਦੀ ਬਰਾਮਦ ਲਈ ਮੰਡੀ ਵੀ ਚਾਹੀਦੀ ਹੈ। ਇਸੇ ਅਖ਼ਬਾਰ ਮੁਤਾਬਕ ਪਿਛਲੇ ਇੱਕ ਦਹਾਕੇ ‘ਚ ਜਰਮਨੀ ‘ਚ ਕੱਚੇ ਮਾਲ ਦੀ ਦਰਾਮਦ ਲਗਭਗ ਤਿੰਨ ਗੁਣਾਂ ਹੋ ਗਈ ਹੈ। ਅਖਬਾਰ ਦਾ ਕਹਿਣਾ ਹੈ, “ਕੱਚੇ ਮਾਲ ਨੂੰ ਸੁਰੱਖਿਅਤ ਕਰਨ ਦੇ ਬੀਤੇ ਦੇ ਸਿਆਸੀ ਉਪਾਅ ਆਪਣੀ ਹੱਦ ਤੱਕ ਪਹੁੰਚ ਰਹੇ ਹਨ… ਸੱਨਅਤ(ਜਰਮਨ) ਨੂੰ ਇਹ ਡਰ ਸਤਾ ਰਿਹਾ ਹੈ ਕਿ ਜਰਮਨੀ ਦਾ ਉੱਚ ਤਕਨੀਕੀ (Heigh “ech) ਸੈਕਟਰ ਜਰੂਰੀ ਮਾਲ (ਕੱਚਾ) ਦੀ ਪੂਰਤੀ ਤੋਂ ਵਾਂਝਾ ਹੋ ਜਾਵੇਗਾ।”
 

Handelsblatt ਦੇ ਇਸ ਲੇਖ ਵਿੱਚ ਲਿਥੀਅਮ, ਕੋਬਾਲਟ, ਕ੍ਰੋਮੀਅਮ, ਇੰਡੀਅਮ ਦੁਰਲੱਭ ਅਤੇ ਵਡਮੁੱਲੇ ਸ੍ਰੋਤਾਂ ਬਾਰੇ ਵਿਸਥਾਰ ‘ਚ ਲਿਖਿਆ ਗਿਆ ਹੈ ਅਤੇ ਲੇਖ ਦੱਸਦਾ ਹੈ ਕਿ ਕਿਵੇਂ ਇਹਨਾਂ ਸ੍ਰੋਤਾਂ ਲਈ ਸਾਮਰਾਜੀ ਤਾਕਤਾ ‘ਚ ਝਗੜਾ ਵਧ ਰਿਹਾ ਹੈ।

ਜਰਮਨੀ ਦੇ ਓਹ ਸਰਮਾਏਦਾਰ ਘਰਾਣੇ ਜਿਹਨਾਂ ਕਿਸੇ ਵੇਲ਼ੇ ਹਿਟਲਰ ਨੂੰ ਧਨ ਮੁੱਹਈਆ ਕਰਵਾਇਆ ਸੀ, ਅੱਜ ਕੱਲ ਫਿਰ ਜੰਗ ਦੇ ਨਗਾਰੇ ਵਜਾ ਰਿਹੇ ਹਨ। ਜਰਮਨੀ ਦੇ ਵੱਡੇ ਸਰਮਾਏਦਾਰ ਘਰਾਣਿਆ ਨੇ ਮਿਲ਼ਕੇ 2011 ‘ਚ ’ਸ੍ਰੋਤ ਗੱਠਜੋੜ'(Resource Alliance) ਦੀ ਸਥਾਪਨਾ ਕੀਤੀ ਸੀ। ਇਸ ਵਿੱਚ ਵੋਕਸਵੈਗਨ (Volkswagen), ਥਾਈਸੈਨਕਰੁਪ (Thyssenkropp), ਬੇਯਰ (Bayer) ਅਤੇ ਬਾਸਫ (BASF) ਸ਼ਾਮਲ ਹਨ। ਇਹਨਾਂ ਘਰਾਣਿਆਂ ਜਾਂ ਇਹਨਾਂ ਦੇ ਪੂਰਵਜਾਂ ਨੇ ਨਾਜ਼ੀ ਜੰਗੀ ਯੋਜਨਾਵਾਂ ਦੀ ਸਿੱਧੀ ਹਮਾਇਤ ਕੀਤੀ ਸੀ। ਹੁਣ ਇਹ ਘਰਾਣੇ ਬੇਹੱਦ ਮਹੱਤਵਪੂਰਨ ਕੱਚੇ ਮਾਲ ਦੇ ਸ੍ਰੋਤਾਂ ਨੂੰ ਜਰਮਨੀ ਲਈ ਸੁਰੱਖਿਅਤ ਬਣਾਉਣ ਦੀਆਂ ਯੋਜਨਾਵਾਂ ਬਣਾਉਣ ‘ਚ ਜਰਮਨ ਸਰਕਾਰ ਨਾਲ਼ ਨੇੜਿਓਂ ਜੁੜ ਕੇ ਕੰਮ ਕਰ ਰਹੇ ਹਨ। ਭਾਵੇਂ ਇਹਨਾਂ ਕੱਚੇ ਮਾਲ ਦੇ ਸ੍ਰੋਤਾਂ ਲਈ ਲੋੜ ਪੈਣ ‘ਤੇ ਤਾਕਤ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ, ਇਹ ਵੀ ਇਹਨਾਂ ਸਰਮਾਏਦਾਰ ਘਰਾਣਿਆਂ ਅਤੇ ਜਰਮਨ ਸਰਕਾਰ ਦੀਆਂ ਯੋਜਨਾਵਾਂ ‘ਚ ਸ਼ਾਮਲ ਹੈ।

Handelsblatt ਨੇ ਆਪਣੇ ਲੇਖ ਵਿੱੱਚ ’ਸ੍ਰੋਤ ਗੱਠਜੋੜ’ ਦੇ  ਪ੍ਰਬੰਧਕ ਡਾਈਰਕ ਪਾਸਕੇਰਟ ਦੀ ਇੱਕ ਮੁਲਾਕਾਤ ਦਾ ਹਵਾਲਾ ਦਿੱਤਾ ਹੈ। ਪਾਸਕੇਰਟ ਨੇ ਸਾਫ ਮੰਨਿਆ ਹੈ ਕਿ ਇਹ ਜਥੇਬੰਦੀ ਕੱਚੇ ਮਾਲ ਦੇ ਸ੍ਰੋਤਾਂ ਨੂੰ ਆਪਣੇ ਵਿਰੋਧੀਆਂ ਤੋਂ ਖੋਹਣ ਲਈ ਫੌਜੀ ਤਾਕਤ ਦੀ ਵਰਤੋਂ ਕਰਨ ਦੀ ਵੀ ਇੱਛਾ  ਰੱਖਦੀ ਹੈ। ਅਖ਼ਬਾਰ ਦੁਆਰਾ ਇਹ ਪੁੱਛੇ ਜਾਣ ‘ਤੇ ਕਿ ਕੀ ਇੱਕ ਵਾਰ ਫਿਰ ਸ੍ਰੋਤਾਂ ਲਈ ਜੰਗਾਂ ਹੋਣਗੀਆਂ, ਪਾਸਕੇਰਟ ਦਾ ਕਹਿਣਾ ਹੈ, “ਇਤਿਹਾਸ ਦਿਖਾਉਦਾ ਹੈ ਕਿ ਬਹੁਤ ਸਾਰੇ ਝਗੜਿਆਂ ਦੀ ਜੜ੍ਹ ਸ੍ਰੋਤਾਂ ਲਈ ਲੜਾਈ ‘ਚ ਸੀ। ਹੁਣ ਤੱਕ ਜਿਆਦਾਤਰ ਇਹ ਤੇਲ ਤੇ ਗੈਸ ਲਈ ਸੀ, ਪਰ ਵਧਦੇ ਰੂਪ ‘ਚ ਖਣਿਜਾਂ ਲਈ ਵੀ ਸੀ। ਕੱਚੇ ਮਾਲਾਂ ਦੀ ਪੂਰਤੀ ਕਿਸੇ ਦੀ ਕਦਰ ਅਤੇ ਧਨ ਦਾ ਅਧਾਰ ਹੈ ਇਸ ਲਈ ਇਸਦਾ ਭੂ-ਸਿਆਸੀ ਮਹੱਤਵ ਹੈ। ਫਾਰਸ ਦੀ ਖਾੜੀ ਵਿੱਚ ਅਮਰੀਕੀ ਫੌਜ ਦਾ ਹੋਣਾ, ਚੀਨ ਦੁਆਰਾ ਸਮੁੰਦਰੀ ਫੌਜ ਦਾ ਵੱਡੇ ਪੱਧਰ ‘ਤੇ ਵਿਸਥਾਰ ਸਭ ਅਜਿਹੇ ਹਿੱਤਾਂ ਦੀ ਸੁਰੱਖਿਆ ਵੱਲ ਸੇਧਤ ਹੈ।” ਅਖ਼ਬਾਰ ਦਾ ਕਹਿਣਾ ਹੈ ਕਿ ਜਰਮਨ ਦੇ ਸਭ ਸਿਆਸੀ ਹਲਕੇ ਪਾਸਕੇਰਟ ਦੇ ਇਹਨਾਂ ਵਿਚਾਰਾਂ ਨਾਲ਼ ਸਹਿਮਤ  ਹਨ, ਕਿ “ਕੱਚੇ ਮਾਲ ਦੇ ਸਾਧਨਾ ‘ਤੇ ਕਬਜ਼ਾ (ਜਰਮਨ ਸਰਕਾਰ ਦੀ) ਵਿਦੇਸ਼ ਨੀਤੀ ਦਾ ਯੁੱਧਨੀਤਕ ਮਾਮਲਾ ਹੈ।”

ਧੱਕੜ ਜਰਮਨ ਸਾਮਰਾਜ ਦੀ ਵਾਪਸੀ ਅੰਤਰ-ਸਾਮਰਾਜੀ ਖਹਿਭੇੜ ਦੇ ਇੱਕ ਨਵੇਂ ਮੁਕਾਮ ਵੱਲ ਇਸ਼ਾਰਾ ਕਰਦੀ ਹੈ। ਦੂਜੀ ਸੰਸਾਰ ਜੰਗ ਤੋਂ ਬਾਅਦ ਜਰਮਨ ਬੁਰਜੂਆਜ਼ੀ ਨੇ ਇੱਕ ਸ਼ਾਂਤੀਵਾਦੀ ਪਂੈਤੜਾ ਅਪਣਾਇਆ, ਜੰਗਾਂ ਅਤੇ ਹੋਰ ਫੌਜੀ ਕਾਰਵਾਈਆਂ ਲਈ ਅਮਰੀਕੀ ਸਾਮਰਾਜ ‘ਤੇ ਟੇਕ ਰੱਖੀ। ਇਹ ਸਿਰਫ ਇੱਕ ਇਤਿਹਾਸਕ ਮਧਿਆਂਤਰ ਸੀ।

ਸੰਸਾਰ ਸਰਮਾਏਦਾਰੀ ਦਾ ਵਰਤਮਾਨ ਸੰਕਟ ਵੀ ਜਰਮਨ ਬੁਰਜੁਆਜ਼ੀ ਨੂੰ ਹੁਣ ਹਮਲਾਵਰ ਰੁਖ ਅਖਤਿਆਰ ਕਰਨ ਲਈ ਮਜ਼ਬੂਰ ਕਰ ਰਿਹਾ ਹੈ। ਆਰਥਿਕ ਸੰਕਟ ਕਾਰਨ ਯੂਰਪੀਅਨ ਯੂਨੀਅਨ ਨੂੰ ਕਿਰਸ ਦੀਆਂ ਨੀਤੀਆਂ ਅਪਨਾਉਣੀਆਂ ਪੈ ਰਹੀਆਂ ਹਨ। ਇਸ ਕਾਰਨ ਏਥੇ ਘਰੇਲੂ ਮੰਡੀ ਸੁੰਗੜ ਰਹੀ ਹੈ। ਇਸੇ ਮੰਡੀ ਨੇ ਪਿਛਲੇ ਦਹਾਕਿਆਂ ‘ਚ ਜਰਮਨ ਵਪਾਰ ਅਤੇ ਪੈਦਾਵਾਰ ਨੂੰ ਵਿਸਥਾਰ ਦਾ ਅਧਾਰ ਮੁਹੱਈਆ ਕਰਵਾਇਆ ਸੀ। ਸੰਸਾਰ ਸਰਮਾਏਦਾਰੀ ਦਾ ਆਰਥਿਕ ਸੰਕਟ ਜਿਵੇਂ-ਜਿਵੇਂ ਤਿੱਖਾ ਹੁੰਦਾ ਜਾ ਰਿਹਾ ਹੈ, ਜਰਮਨ ਸਾਮਰਾਜ ਨੂੰ ਸੰਸਾਰ ਗਲਬੇ ਅੰਤਰ-ਸਾਮਰਾਜੀ ਖਹਿਭੇੜ ‘ਚ ਉੱਤਰਨ ਲਈ ਵਧੇਰੇ ਤੋਂ ਵਧੇਰੇ ਮਜ਼ਬੂਰ ਕਰ ਰਿਹਾ ਹੈ।

ਇਹ ਹਾਲਤਾਂ ‘ਚ ਜਰਮਨ ਬੁਰਜੂਆਜ਼ੀ ਫਿਰ ਤੋਂ ਕਮਰਕੱੱਸੇ ਕੱਸ ਰਹੀ ਹੈ। Handelsblatt ਬਿਨਾਂ ਕਿਸੇ ਰੱਖ-ਰਖਾ ਦੇ ਐਲਾਨ ਕਰਦਾ ਹੈ ਕਿ “ਸਾਰੇ ਸੰਸਾਰ ‘ਚ ਇਸਤੇਮਾਲ ਕਰਨ ਲਈ” ਜਰਮਨ ਫੌਜ ਦੀ ਮੁੜ ਉਸਾਰੀ ਕੀਤੀ ਜਾਵੇਗੀ।

ਅਜਿਹੀ ਹੀ ਸਥਿਤੀ ‘ਚ ਜਰਮਨ ਸਾਮਰਾਜ ਨੇ ਆਪਣਾ ਫੌਜੀ ਖਰਚ ਵੀ ਵਧਾ ਦਿੱਤਾ ਹੈ ਅਤੇ ਨਾਟੋ ਦੀ ਅਗਵਾਈ ‘ਚ ਵਿਦੇਸ਼ਾਂ ‘ਚ ਫੌਜੀ ਮੁਹਿੰਮਾਂ ‘ਚ ਆਪਣੀ ਸ਼ਮੂਲੀਅਤ ਵੀ ਵਧਾ ਦਿੱਤੀ ਹੈ।

ਇਸ ਸਮੇਂ ਜਰਮਨ ਦੇ 6 ਹਜ਼ਾਰ ਫੌਜੀ ਵਿਦੇਸ਼ਾ ‘ਚ ਤੈਨਾਤ ਹਨ, ਇਸ ਮਾਮਲੇ ‘ਚ ਇੰਗਲੈਂਡ ਤੋਂ ਬਾਅਦ ਯੂਰਪ ‘ਚ ਇਸ ਦਾ ਦੂਜਾ ਸਥਾਨ ਹੈ। ਇਸ ਵਿੱਚੋਂ 4260 ਫੌਜੀ ਸਿਰਫ ਉੱਤਰੀ ਅਫਗਾਨਿਸਤਾਨ ‘ਚ ਹਨ। ਕਸੋਵੋ ‘ਚ ਇਸਦੇ 816 ਫੌਜੀ ਹਨ।

ਜਰਮਨ ਦਾ ਪ੍ਰਤੀ ਵਿਅਕਤੀ ਸੁਰੱਖਿਆ ਖਰਚ 2007 ‘ਚ 461 ਡਾਲਰ ਸੀ ਜੋ ਕਿ 2011 ‘ਚ ਵਧਾ ਕੇ 500 ਡਾਲਰ ਕਰ ਦਿੱਤਾ ਗਿਆ। ਆਉਣ ਵਾਲ਼ੇ ਸਮੇਂ ‘ਚੇ ਇਹ ਖਰਚ ਹੋਰ ਵਧਦਾ ਜਾਵੇਗਾ।
   
ਭਾਵੇਂ ਅਜੇ ਵੀ ਯੂਰਪੀ ਯੂਨੀਅਨ ਫੌਜੀ ਸਮਰੱਥਾ ਦੇ ਮਾਮਲੇ ‘ਚ ਅਮਰੀਕਾ ਦੇ ਨੇੜੇ-ਤੇੜੇ ਵੀ ਨਹੀਂ ਹੈ। ਪਰ ਉਪਰੋਕਤ ਰੁਝਾਨ ਯੂਰਪ ਦੀ ਵਧ ਰਹੀ ਹੱਕ ਜਤਾਈ ਨੂੰ ਜਰੂਰ ਦਰਸਾਉਂਦਾ ਹੈ।

1991 ‘ਚ ਹੋਂਦ ‘ਚ ਆਉਣ ਤੋਂ ਬਾਅਦ ਯੂਰੋ ਸੰਸਾਰ ਕਰੰਸੀ ਦੇ ਰੂਪ ‘ਚ ਵਡੇਰੀ ਭੂਮਿਕਾ ਅਦਾ ਕਰ ਰਿਹਾ ਹੈ। ਇਹ ਕਰੰਸੀ ਵਜੋਂ ਅਮਰੀਕੀ ਡਾਲਰ ਦੀ ਇੱਕੋ-ਇੱਕ ਅਤੇ ਸਭ ਤੋਂ ਵੱਡੀ ਸ਼ਰੀਕ ਹੈ।

ਯੂਰਪੀ ਯੂਨੀਅਨ ਸਭ ਤੋਂ ਵੱਡਾ ਵਿਦੇਸ਼ੀ ਨਿਵੇਸ਼ਕ ਹੈ। 2012 ‘ਚ ਇਸਦਾ ਵਿਦੇਸ਼ੀ ਨਿਵੇਸ਼ (Outward FDI) 418 ਬਿਲੀਅਨ ਡਾਲਰ ਸੀ, ਜਦਕਿ ਅਮਰੀਕਾ ਲਈ ਇਹ ਅੰਕੜਾ 351.4 ਬਿਲੀਅਨ ਡਾਲਰ ਸੀ। (OECD, International Direct Investment Databse, IMF) ਇਕੱਲੇ ਦੇਸ਼ ਦੀ ਗੱਲ ਕਰਨੀ ਹੋਵੇ ਤਾਂ ਅਮਰੀਕਾ ਅਜੇ ਵੀ ਦੁਨੀਆਂ ਦਾ ਸਭ ਤੋਂ ਵੱਡਾ ਵਿਦੇਸ਼ੀ ਨਿਵੇਸ਼ਕ ਜਾਂ ਸਰਮਾਏ ਦਾ ਸਭ ਤੋਂ ਵੱਡਾ ਨਿਰਯਾਤਕ ਦੇਸ਼ ਹੈ। ਪਰ ਇਸਦੇ ਨਵੇਂ ਸ਼ਰੀਕ ਲਗਾਤਾਰ ਉੱਭਰ ਰਹੇ ਹਨ ਅਤੇ ਮਜ਼ਬੂਤ ਹੋ ਰਹੇ ਹਨ। ਯੂਰਪੀ ਯੂਨੀਅਨ ਵਿਦੇਸ਼ੀ ਨਿਵੇਸ਼ ਦੇ ਖੇਤਰ ‘ਚ ਸੰਸਾਰ ਦੇ ਵੱਖ-ਵੱਖ ਖਿੱਤਿਆਂ ‘ਚ ਅਮਰੀਕੀ ਸਾਮਰਾਜ ਨਾਲ਼ ਮੜਿੱਕ ਰਿਹਾ ਹੈ।

ਫਿਰ ਤੋਂ ਪਰ ਤੋਲ ਰਿਹਾ ਜਪਾਨੀ ਸਾਮਰਾਜ

ਪੁਰਾਣੇ ਸਾਮਰਾਜੀ ਦੇਸ਼ ਜਪਾਨ ਬਾਰੇ ਇੱਥੇ ਕੁਝ ਚਰਚਾ ਕੁਥਾਂ ਨਹੀਂ ਹੋਵੇਗੀ। ਦੂਜੀ ਸੰਸਾਰ ਜੰਗ ਤੋਂ ਬਾਅਦ ਅਮਰੀਕੀ ਸਾਮਰਾਜ ਥੱਲੇ ਲੱਗਿਆ ਜਪਾਨੀ ਸਾਮਰਾਜ ਹੁਣ ਅਪਣੇ ‘ਰਸੂਖ ਦੇ ਖੇਤਰਾਂ’ ਦੇ ਪਸਾਰੇ ਲਈ ਅੰਤਰ ਸਾਮਰਾਜੀ ਖਹਿਭੇੜ ‘ਚ ਕੁੱਦਣ ਲਈ ਫਿਰ ਤੋਂ ਪਰ੍ਹ ਤੋਲ ਰਿਹਾ ਹੈ। ਇਹ ਉੱਭਰ ਰਹੇ ਚੀਨੀ ਖਤਰੇ ਦੇ ਬਹਾਨੇ ਲਗਾਤਾਰ ਅਪਣਾ ਫੌਜੀ ਖਰਚ ਵਧਾ ਰਿਹਾ ਹੈ।

ਜਿਥੋ ਤੱਕ ਜਪਾਨੀ ਅਰਥਚਾਰੇ ਦਾ ਸਵਾਲ ਹੈ ਭਾਵੇਂ ਇਹ ਹੁਣ ਵੀ ਦੁਨੀਆਂ ਦਾ ਤੀਸਰਾ ਵੱਡਾ ਅਰਥਚਾਰਾ ਹੈ, ਪਰ ਇਹ ਲੰਮੇ ਸਮੇਂ ਤੋਂ ਸਮੱਸਿਆਵਾਂ ਨਾਲ਼ ਜੂਝ ਰਿਹਾ ਹੈ। ਇਹ ਪਿਛਲੇ ਲੰਮੇ ਸਮੇਂ ਸੰਕਟ ਅਤੇ ਖੜੋਤ ਦਾ ਸਿਕਾਰ ਹੈ।

1989 ‘ਚ ਜਪਾਨੀ ਅਰਥਚਾਰੇ ਨੂੰ ਇੱਕ ਵੱਡੇ ਝਟਕੇ ਦਾ ਸਾਹਮਣਾ ਕਰਨਾ ਪਿਆ ਸੀ (ਕਈ ਅਰਥਸ਼ਾਸਤਰੀ ਇਸ ਨੂੰ ਇਤਿਹਾਸ ਦੇ ਸਭ ਤੋਂ ਵੱਡੇ ਆਰਥਿਕ ਬੁਲਬੁਲੇ (Ecnomic Bubble) ਦਾ ਫਟਣਾ ਵੀ ਕਹਿਦੇ ਹਨ। 1989-2013 ਤੱਕ 24 ਸਾਲਾਂ ਤੱਕ ਜਪਾਨੀ ਅਰਥਚਾਰਾ ਮੰਦੀ (Non Recovery) ਦੀ ਦਲਦਲ ‘ਚ ਧਸਿਆ ਰਿਹਾ। 2011 ‘ਚ ਇਸਦੀ ਨੌਮੀਨਲ (Nominal) ਕੁੱਲ ਘਰੇਲੂ ਪੈਦਾਵਾਰ (ਅਸਲ ਕੁੱਲ ਘਰੇਲੂ ਪੈਦਾਵਾਰ+ਮੁਦਰਾ ਸਫੀਤੀ) ਠੀਕ ਓਨੀ ਹੀ ਸੀ ਜਿੰਨੀ ਕਿ 1991 ‘’ਚ । ਹੁਣ ਵੀ ਇਸ ਮਾਮਲੇ ਸਥਿਤੀ ਇਹੋ ਹੀ ਬਣੀ ਹੋਈ ਹੈ ।

ਜਪਾਨ ਇੱਕ ਵੱਡਾ ਕਰਜ਼ਾਈ ਦੇਸ਼ ਵੀ ਹੈ। ਇਸਦਾ ਕਰਜ ਇਸਦੀ ਕੁੱਲ ਘਰੇਲੂ ਪੈਦਾਵਾਰ ਦਾ 230% ਹੈ ਜੋ ਕਿ ਵਿਕਸਿਤ ਦੇਸ਼ਾਂ ਚੋਂ ਸਭ ਤੋਂ ਵਧੇਰੇ ਹੈ। ਜੇਕਰ ਇਸ ਵਿੱਚ ਕਾਰਪੋਰੇਟ ਤੇ ਨਿੱਜੀ ਕਰਜ ਵੀ ਜੋੜ ਲਿਆ ਜਾਵੇ ਤਾਂ ਇਹ ਕੁੱਲ ਘਰੇਲੂ ਪੈਦਾਵਾਰ ਦੇ 500 ਫੀਸਦੀ ਦੇ ਬਰਾਬਰ ਪੁੰਹਚ ਜਾਂਦਾ ਹੈ।

ਦਸੰਬਰ 2012 ਵਿੱਚ ਸ਼ਿੰਜੋ ਅਬੇ ਦੀ ਅਗਵਾਈ ਵਾਲ਼ੀ ਸੱਜੇ ਪੱਖੀ ਪਾਰਟੀ ਲਿਬਰਲ ਡੈਮੋਕ੍ਰੇਟਿਕ ਪਾਰਟੀ ਜਪਾਨ ਵਿੱਚ ਸੱਤਾ ‘ਚ ਆਈ। ਇਸ ਪਾਰਟੀ ਨੂੰ ਜਪਾਨੀ ਹਾਕਮ ਜਮਾਤ ਦੇ ਉਹਨਾਂ ਹਿੱਸਿਆਂ ਦੀ ਹਮਾਇਤ ਹਾਸਲ ਹੈ ਜੋ ਦੂਜੀ ਸੰਸਾਰ ਜੰਗ ਤੋਂ ਬਾਅਦ ਦੇ ਸੰਵਿਧਾਨ ਅਤੇ ਪਾਰਲੀਮਾਨੀ ਜਮਹੂਰੀਅਤ ਨੂੰ ਅਪਣੇ ਹਿੱਤ ਸਾਧਣ ‘ਚ ਅੜਿੱਕਾ ਸਮਝਦੇ ਹਨ। ਇਸ ਸਵਿਧਾਨ ਮੁਤਾਬਕ ਜਪਾਨ ਫੌਜ, ਸਮੁੰਦਰੀ ਫੌਜ, ਅਤੇ ਹਵਾਈ ਫੌਜ ਨਹੀ ਰੱਖ ਸਕਦਾ। ਇਸ ਦਾ ਫੌਜੀ ਖਰਚ ਬਹੁਤ ਘੱਟ ਹੈ। ਅੱਜ ਦੀ ਜਪਾਨੀ ਫੌਜ ਠੰਡੀ ਜੰਗ ਦੇ ਦਿਨਾਂ ‘ਚ ਉੱਤਰ ਵੱਲੋਂ, ਰੂਸ ਵੱਲੋਂ ਜਪਾਨ ‘ਤੇ ਹਮਲੇ ਤੋਂ ਰਾਖੀ ਲਈ ਬਣਾਈ ਗਈ ਸੀ। ਦੂਜੇ ਪਾਸੇ ਪਿਛਲੇ ਦਸ ਸਾਲਾਂ ਚੀਨ ਨੇ ਅਪਣੀ ਫੌਜ ਦੀ ਹੈਰਾਨੀਜਨਕ ਰਫਤਾਰ ਨਾਲ਼ ਕਾਇਆਪਲਟੀ ਕੀਤੀ ਹੈ। 2012 ‘ਚ ਪੂਰਬੀ ਚੀਨ ‘ਚ ਛੋਟੇ ਛੋਟੇ ਟਾਪੂਆਂ ਨੂੰ ਲੈ ਕੇ ਲੰਮੇ ਸਮੇਂ ਤੋਂ ਸੁਲ਼ਘ ਰਿਹਾ ਵਿਵਾਦ ਅਚਾਨਕ ਭੜਕ ਉੱਠਿਆ।

ਇਸੇ ਪਿੱਠ ਭੂਮੀ ‘ਚ ਕੱਟੜ ਕੌਮਵਾਦੀ ਸ਼ਿੰਜੇ ਅਬੇ ਜਪਾਨ ਦਾ ਪ੍ਰਧਾਨ ਮੰਤਰੀ ਬਣਿਆ, ਜਿਸਨੇ ਚੀਨੀ ਖਤਰੇ ਨਾਲ਼ ਸਿੱਝਣ ਦਾ ਜਪਾਨੀ ਲੋਕਾਂ ਨਾਲ਼ ਵਾਅਦਾ ਕੀਤਾ।

ਸ਼ਿੰਜੋ ਅਬੇ ਦੀ ਸਰਕਾਰ ਬਣਦਿਆਂ ਹੀ ਇਸ ਨੇ ਨਵੀਂ ਕੌਮੀ ਸੁੱਰਖਿਆ ਯੁੱਧਨੀਤੀ ਪ੍ਰਵਾਨ ਕੀਤੀ, ਜਿਸ ਵਿੱਚ ਸੁਰੱਖਿਆ ‘ਤੇ ਖਰਚ ਵਧਾਉਣਾ ਸ਼ਾਮਲ ਸੀ। ਜਪਾਨ ਦਾ ਇਹ ਕਦਮ ਸਪੱਸ਼ਟ ਰੂਪ ‘ਚ ਚੀਨ ਵੱਲ ਸੇਧਤ ਸੀ। ਕੌਮੀ ਸੁਰੱਖਿਆ ਦਸਤਾਵੇਜ਼ ‘ਚ ਕਿਹਾ ਗਿਆ ਹੈ ਕਿ ”ਚੀਨ ਦਾ ਹੋਰਾਂ ਮੁਲਕਾਂ ਵੱਲ ਰੁਖ਼ ਅਤੇ ਇਸ ਦੀਆਂ ਫੌਜੀ ਚਾਲਾਂ ਜਿਸ ਨਾਲ਼ ਇਸਦੀਆਂ ਫੌਜੀ ਤੇ ਸੁਰੱਖਿਆ ਨੀਤੀਆਂ ਦੀ ਅਪਾਰਦਰਸ਼ਤਾ ਵੀ ਜੁੜ ਜਾਂਦੀ ਹੈ, ਦਰਸਾਉਦੀਆਂ ਹਨ ਕਿ ਜਪਾਨ ਅਤੇ ਕੌਮਾਂਤਰੀ ਭਾਈਚਾਰੇ ਨੂੰ ਇਸ ਵੱਲ ਸਰੋਕਾਰ ਰੱਖਣਾ ਚਾਹੀਦਾ ਹੈ ਅਤੇ ਇਸ ‘ਤੇ ਨੇੜਿਓਂ ਨਿਗਾਹ ਰੱਖਣੀ ਚਾਹੀਦੀ ਹੈ।

ਅਬੇ ਸਰਕਾਰ ਦੀਆਂ ਨੀਤੀਆਂ ‘ਚ 1929 ਦੇ ਵਾਲ ਸਟਰੀਟ ਕਰੈਸ਼ ਅਤੇ 1930 ਵਿਆਂ ਦੀ ਮਹਾਂਮੰਦੀ ਵੱਲ ਜਪਾਨੀ ਬੁਰਜੂਆ ਦੇ ਹੁੰਗਾਰੇ ਦੀ ਗੂੰਜ ਸੁਣਾਈ ਦਿੰਦੀ ਹੈ। ਜਦੋਂ ਜਪਾਨੀ ਬਰਾਮਦਾਂ ‘ਚ ਗਿਰਾਵਟ ਆਈ ਤੇ ਆਰਥਿਕ ਵਾਧਾ ਦਰ ‘ਚ ਤਿੱਖੀ ਗਿਰਾਵਟ ਆਈ ਤਾਂ ਫੌਜ ਨੇ ਸੰਕਟ ਚੋਂ ਉੱਭਰਣ ਲਈ ਹਥਿਆਰਾਂ ‘ਤੇ ਖਰਚ ਵਧਾਉਣ, ਮਨਚੂਰੀਆ ਅਤੇ ਚੀਨ ‘ਤੇ ਹਮਲਾ ਕਰਨ ਦੀ ਮੰਗ ਕੀਤੀ। ਅੱਜ ਇੱਕ ਵਾਰ ਫਿਰ ਜਪਾਨ ਇਹੋ ਜਿਹੀ ਹਾਲਤ ਵਿੱਚ ਪਹੁੰਚਿਆ ਹੋਇਆ ਹੈ।

ਦੂਜੀ ਸੰਸਾਰ ਜੰਗ ਤੋਂ ਬਾਅਦ ਜਪਾਨ ਅਮਰੀਕੀ ਸੁਰੱਖਿਆ ਛਤਰੀ ਹੇਠ ਰਿਹਾ ਹੈ। ਪਰ ਹੁਣ ਅਮਰੀਕੀ ਆਰਥਿਕ ਸੰਕਟ, ਅਮਰੀਕੀ ਸਾਮਰਾਜ ਦੀ ਖੁਰ ਰਹੀ ਆਰਥਿਕ ਤਾਕਤ ਨੂੰ ਦੇਖਦੇ ਹੋਏ ਜਪਾਨੀ ਬੂਰਜੂਆਜੀ ਇਹ ਮਹਿਸੂਸ ਕਰ ਰਹੀ ਹੈ ਕਿ ਚੀਨ ਦੇ ਵਧਦੇ ਹੋਏ ਖਤਰੇ ਦੇ ਸਨਮੁਖ ਹੁਣ ਸਿਰਫ ਅਮਰੀਕੀ ਸੁਖੱਖਿਆ ਦੇ ਸਹਾਰੇ ਹੀ ਨਹੀ ਰਿਹਾ ਜਾ ਸਕਦਾ, 2014 ਦੇ ਸ਼ੁਰੂ ‘ਚ ਅਬੇ ਦੀ ਸੁਰੱਖਿਆ ਸਲਾਹਕਾਰ ਯੋਸੁਕੇ ਇਸੋਜਾਕੀ ਦਾ ਇਹ ਬਿਆਨ ਕਾਫੀ ਕੁਝ ਸਾਫ ਕਰ ਦਿੰਦਾ ਹੈ ”ਸੱਚ ਦੱਸਾਂ ਤਾਂ ਅਮਰੀਕੀ ਸੰਸਾਰ ਪੁਲਸੀਏ ਦੀ ਭੂਮਿਕਾ ਹੁਣ ਹੋਰ ਨਹੀ ਨਿਭਾ ਸਕਦਾ… ਇਹ ਅਜਿਹਾ ਦੌਰ ਨਹੀਂ ਹੈ ਕਿ ਜਪਾਨ ਨੂੰ ਤਾਂ ਕੁਝ ਵੀ ਕਰਨ ਦੀ ਆਗਿਆ ਨਾ ਹੋਵੇ ਅਤੇ ਸਿਰਫ ਇਸੇ ਸਹਾਰੇ ਰਹਿਣਾ ਪਵੇ ਕਿ ਅਮਰੀਕਾ ਸਾਡੀ ਰਾਖੀ ਕਰੇਗਾ, ਸਾਡੇ ਲਈ ਇਹ ਅਤੀ ਮਹੱਤਵਪੂਰਣ ਬਣ ਜਾਂਦਾ ਹੈ ਕਿ ਅਮਰੀਕਾ ਦੇ ਨਾਲ਼-ਨਾਲ਼ ਅਸੀਂ ਵੀ ਅਪਣੇ ਹਿੱਸੇ ਦਾ ਕੰਮ ਕਰੀਏ।”

ਲਿਬਰਲ ਡੈਮੋਕਰੇਟਿਕ ਪਾਰਟੀ ਦੇ ਜਰਨਲ ਸਕੱਤਰ ਸ਼ਿਗੇਰੂ ਇਸ਼ੀਬਾ ਦੇ ਵੀ ਅਜਿਹੇ ਹੀ ਵਿਚਾਰ ਹਨ। ਉਸਦਾ ਕਹਿਣਾ ਹੈ ”ਚੀਨ ਦਾ ਸੁਰੱਖਿਆ ‘ਤੇ ਖਰਚ ਦਾ ਦੇ ਅੰਕੀ (Double Digit) ਵਾਧਾ ਜਾਰੀ ਰਹੇਗਾ, ਜੋ ਕਿ ਘਟ ਰਹੀ ਅਮਰੀਕੀ ਤਾਕਤ ਦੇ ਸਾਪੇਖ ਇਸ ਦੀ ਤਾਕਤ ਵਧਾਏਗਾ।

ਪਿਛਲੇ ਕੁਝ ਸਮੇਂ ਤੋਂ ਜਪਾਨ ਨੇ ਅਪਣੀ ਸੁਰੱਖਿਆ ਤੇ ਖਰਚ ਵਧਾਉਣਾ ਸ਼ੁਰੂ ਕੀਤਾ ਹੈ। 2013 ‘ਚ ਜਪਾਨ ਨੇ ਸੁਰੱਖਿਆ ‘ਤੇ 53 ਬਿਲੀਅਨ ਡਾਲਰ ਦਾ ਖਰਚ ਕੀਤਾ। ਜੋ ਕਿ ਜਪਾਨ ਦੇ ਮਾਮਲੇ ਵਿੱਚ ਇੱਕ ਰਿਕਾਰਡ ਸੀ। ਆਉਣ ਵਾਲ਼ੇ ਪੰਜ ਸਾਲਾਂ ‘ਚ ਜਪਾਨ ਦਾ ਇਹ ਫੌਜੀ ਖਰਚ ਵਧ ਕੇ 232 ਤੋਂ 240 ਬਿਲੀਅਨ ਡਾਲਰ ਤੱਕ ਹੋ ਜਾਵੇਗਾ। ਜਪਾਨ ਵਿਦੇਸ਼ਾਂ ਤੋਂ ਵੱਡੀ ਪੱਧਰ ‘ਤੇ ਆਧੁਨਿਕ ਹਥਿਆਰ ਖ੍ਰੀਦ ਰਿਹਾ ਹੈ। ਇਸਦੇ ਨਾਲ਼ ਹੀ ਅਪਣੇ ਆਧੁਨਿਕ ਲੜਾਕੂ ਜਹਾਜ ਵਿਕਸਿਕ ਕਰ ਰਿਹਾ ਹੈ। ਜਪਾਨੀ ਲੜਾਕੀ ਜਹਾਜ ATD-X ਨੂੰ ਚੀਨ ਤੇ ਰੂਸ ਦੇ ਪੰਜਵੀ ਪੀੜੀ ਦੇ ਲੜਾਕੂ ਜਹਾਜਾਂ ਦੇ ਮੁਕਾਬਲੇ ‘ਚ ਦੇਖਿਆ ਜਾ ਰਿਹਾ ਹੈ। ਜਪਾਨ ਦਾ ਸੁਰੱਖਿਆ ਮੰਤਰਾਲਾ ATD-X ਲਈ ਵਿਕਸਤ ਕੀਤੀ ਖੋਜ ਨੂੰ ਛੇਵੀ ਪੀੜੀ ਦੇ ਲੜਾਕੂ ਜਹਾਜ ਵਿਕਸਿਤ ਕਰਨ ਲਈ ਮੀਲ ਦਾ ਪੱਥਰ ਸਮਝ ਰਿਹਾ ਹੈ।

ਜਪਾਨੀ ਸਾਮਰਾਜ ਦੀਆਂ ਇਹਨਾ ਫੌਜੀਵਾਦੀ ਨੀਤੀਆਂ ਨੂੰ ਅਮਰੀਕੀ ਸਾਮਰਾਜ ਦਾ ਥਾਪੜਾ ਹਾਸਲ ਹੈ। ਉੱਭਰ ਰਹੇ ਚੀਨ ਦੀ ਘੇਰਾਬੰਦੀ ‘ਚ ਜਪਾਨੀ ਸਾਮਰਾਜ ਫਿਲਹਾਲ ਅਮਰੀਕਾ ਦਾ ਸੁਭਾਵਕ ਸੰਗੀ ਹੈ।  

ਅਮਰੀਕੀ ਸਾਮਰਾਜ ਦੇ ਸੰਸਾਰ ਗਲਬੇ ਨੂੰ ਮੁੱਖ ਚੁਣੌਤੀ :
ਰੂਸੀ ਸਾਮਰਾਜ ਦੀ ਮੁੜ-ਸੁਰਜੀਤੀ

ਅੱਜ ਸਾਮਰਾਜੀ ਤਾਕਤਾਂ ‘ਚ ਸੰਸਾਰ ਗਲਬੇ ਲਈ ਅਤੇ ਆਪੋ-ਆਪਣੇ ਰਸੂਖ਼ ਦੇ ਖੇਤਰਾਂ ਦੇ ਵਿਸਥਾਰ ਲਈ ਖਹਿਭੇੜ ਪੂਰੀ ਤੀਸਰੀ ਦੁਨੀਆਂ ਅਤੇ ਸਾਬਕਾ ਸੋਵੀਅਤ ਗਣਰਾਜਾਂ ਤੱਕ ‘ਚ ਜਾਰੀ ਹੈ। ਅਮਰੀਕਾ, ਯੂਰਪੀ ਯੂਨੀਅਨ (ਖਾਸ ਕਰਕੇ ਇਸਦੇ ਮੋਹਰੀ ਦੇਸ਼), ਰੂਸ (ਇੱਕ ਤਾਕਤਵਾਰ ਅਰਥਚਾਰੇ ਵਜੋਂ ਉੱਭਰਿਆ ਚੀਨ ਫਿਲਹਾਲ ਰੂਸ ਵਾਲ਼ੇ ਖੇਮੇ ‘ਚ ਹੀ ਹੈ), ਜਪਾਨ ਆਦਿ ਸਭ ਸਾਮਰਾਜੀ ਤਾਕਤਾਂ ਇਸ ਖਹਿਭੇੜ ‘ਚ ਉਲ਼ਝੀਆਂ ਹੋਈਆਂ ਹਨ। ਸੰਸਾਰ ਦੇ ਕਿਸੇ ਖਿੱਤੇ ‘ਚ ਇਹ ਖਹਿਭੇੜ ਜੇਕਰ ਅਜੇ ਉੱਭਰਵੇਂ ਰੂਪ ‘ਚ ਭਾਵੇਂ ਨਜ਼ਰ ਨਹੀਂ ਆ ਰਿਹਾ, ਪਰ ਉੱਥੇ ਵੀ ਸਾਮਰਾਜੀ ਤਾਕਤ ‘ਚ ਆਪਸੀ ਟਕਰਾਅ ਸੁਲ਼ਗ ਰਿਹਾ ਅਤੇ ਕੁੱਝ ਖਿੱਤਿਆਂ ‘ਚ ਇਹ ਟਕਰਾਅ ਬੇਹੱਦ ਤਿੱਖੇ ਰੂਪ ‘ਚ ਸਾਹਮਣੇ ਆ ਰਿਹਾ ਹੈ।

ਅਮਰੀਕਾ ਅਤੇ ਸੋਵੀਅਤ ਸਮਾਜਕ ਸਾਮਰਾਜ ਲਗਭਗ ਸਾਢੇ ਤਿੰਨ ਦਹਾਕੇ (1956-1991) ਸੰਸਾਰ ਗਲਬੇ ਲਈ ਤਿੱਖੇ ਖਹਿਭੇੜ ‘ਚ ਉਲ਼ਝੇ ਰਹੇ। 1991 ‘ਚ ਸੋਵੀਅਤ ਯੂਨੀਅਨ ਖਿੰਡ ਗਿਆ ਅਤੇ ਇਸਦਾ ਸਭ ਤੋਂ ਤਾਕਤਵਾਰ ਦੇਸ਼ ਰੂਸ ਆਰਥਿਕ ਸੰਕਟ ‘ਚ ਬੁਰੀ ਤਰ੍ਹਾਂ ਉਲ਼ਝ ਗਿਆ। ਪਰ ਜਿਵੇਂ ਹੀ ਰੂਸ ਆਪਣੇ ਅੰਦਰੂਨੀ ਸੰਕਟਾਂ ਤੋਂ ਉੱਭਰਿਆ ਉਸਦੀ ਅਮਰੀਕੀ ਸਾਮਰਾਜ ਵਿਰੋਧੀ ਸੁਰ ਦਿਨੋਂ-ਦਿਨ ਉੱਚੀ ਅਤੇ ਤਿੱਖੀ ਹੁੰਦੀ ਗਈ। ਅੱਜ ਅਮਰੀਕੀ ਸਾਮਰਾਜ ਨੂੰ ਸਭ ਤੋਂ ਤਿੱਖੀ ਚੁਣੌਤੀ ਮੁੜ-ਸੁਰਜੀਤ ਹੋਇਆ ਰੂਸੀ ਸਾਮਰਾਜ ਹੀ ਦੇ ਰਿਹਾ ਹੈ। ਅਮਰੀਕੀ ਅਤੇ ਰੂਸੀ ਸਾਮਰਾਜ ਦਰਮਿਆਨ ਤਿੱਖੇ ਹੋਏ ਇਸ ਖਹਿਭੇੜ  ਬਹੁਤ ਸਾਰੇ ਵਿਸ਼ਲੇਸ਼ਕ ਠੰਢੀ ਜੰਗ ਦੀ ਵਾਪਸੀ ਵੀ ਕਹਿ ਰਹੇ ਹਨ। ਇਹਨਾਂ ਦੋਹਾਂ ਸਾਮਰਾਜੀ ਦੇਸ਼ਾਂ ਦਰਮਿਆਨ ਇਹ ਖਹਿਭੇੜ ਲਾਤੀਨੀ ਅਮਰੀਕਾ ਤੋਂ ਲੈ ਕੇ ਅਫ਼ਰੀਕਾ, ਮੱਧ-ਪੂਰਬ, ਏਸ਼ੀਆ ਅਤੇ ਪੂਰਬੀ ਯੂਰਪ ਤੱਕ ‘ਚ ਜਾਰੀ ਹੈ। ਯੂਰਪੀ ਯੂਨੀਅਨ ਇਸ ਟਕਰਾਅ ‘ਚ ਫਿਲਹਾਲ ਅਮਰੀਕੀ ਖੇਮੇ ‘ਚ ਹੈ। ਪਰ ਅਮਰੀਕੀ ਅਤੇ ਸਾਬਕਾ ਸੋਵੀਅਤ ਗਣਰਾਜਾਂ ਦੀਆਂ ਆਪਸੀ ਵਿਰੋਧਤਾਈਆਂ ਵੀ ਹਨ। ਦੂਜੇ ਪਾਸੇ ਰੂਸ ਅਤੇ ਚੀਨ ਦੀ ਧੁਰੀ ਬਣਦੀ ਜਾ ਰਹੀ ਹੈ। ਜਪਾਨੀ ਸਾਮਰਾਜ ਚੀਨ ਨਾਲ਼ ਆਪਣੇ ਟਕਰਾਅ ‘ਚੋਂ ਫਿਲਹਾਲ ਅਮਰੀਕੀ ਖੇਮੇ ਨਾਲ਼ ਹੈ। ਪਰ ਸਾਮਰਾਜੀਆਂ ਦੀ ਏਕਤਾ ਥੋੜ੍ਹ ਚਿਰੀ ਹੁੰਦੀ ਹੈ। ਟਕਰਾਅ ਉਹਨਾਂ ਦੇ ਆਪਸੀ ਸਬੰਧਾਂ ‘ਚ ਬੁਨਿਆਦੀ ਚੀਜ਼ ਹੈ। ਇਸ ਲਈ ਸਾਮਰਾਜੀਆਂ ਦੀ ਏਕਤਾ ਦੇ ਸਮੀਕਰਨ ਲਗਾਤਾਰ ਬਦਲਦੇ ਰਹਿੰਦੇ ਹਨ।

ਰੂਸੀ ਸਾਮਰਾਜ ਵੱਲੋਂ ਅਮਰੀਕੀ ਸਾਮਰਾਜ ਨੂੰ ਹਰ ਖੇਤਰ ਵਿੱਚ ਚੁਣੌਤੀ ਦਿੱਤੀ ਜਾ ਰਹੀ ਹੈ। ਅਮਰੀਕਾ ਲਈ ਇਹ ਚੁਣੌਤੀ ਆਰਥਿਕ ਖੇਤਰ ‘ਚ ਵੀ ਹੈ ਅਤੇ ਫੌਜੀ ਖੇਤਰ ‘ਚ ਵੀ। ਅਮਰੀਕੀ ਅਗਵਾਈ ਵਾਲ਼ੇ ਫੌਜੀ ਗੱਠਜੋੜ ਨਾਟੋ (ਉੱਤਰੀ ਅਟਲਾਂਟਿਕ ਸੰਧੀ ਜਥੇਬੰਦੀ) ਨੂੰ ਚੁਣੌਤੀ ਦੇਣ ਲਈ ਰੂਸ ਦੀ ਅਗਵਾਈ ‘ਚ ਸ਼ੰਘਾਈ ਸਹਿਯੋਗ ਜਥੇਬੰਦੀ (SCO) ਉੱਭਰ ਰਹੀ ਹੈ। ਪਹਿਲਾਂ ਬਰਿਕ (BRIC) ਅਤੇ ਫੇਰ ਬਰਿਕਸ (BRICS) ਅਮਰੀਕਾ ਨੂੰ ਆਰਥਿਕ ਖੇਤਰ ‘ਚ ਚੁਣੌਤੀ ਦੇ ਰਿਹਾ ਹੈ। ਬਰਿਕਸ ਬੈਂਕ ਦਾ ਬਣਨਾ ਅਤੇ ਚੀਨ ਵੱਲੋਂ ਬਣਾਇਆ ਜਾ ਰਿਹਾ ਏਸ਼ੀਆ ਆਲ-ਜੰਜਾਲ ਨਿਵੇਸ਼ ਬੈਂਕ (1992,) ਅਮਰੀਕੀ ਅਗਵਾਈ ਵਾਲ਼ੀਆਂ ਬਰੈਟਨਵੁੱਡ ਸੰਸਥਾਵਾਂ (ਕੌਮਾਂਤਰੀ ਮੁਦਰਾ ਕੋਸ਼, ਸੰਸਾਰ ਬੈਂਕ ਆਦਿ) ਨੂੰ ਚੁਣੌਤੀ ਦੇਣ ਦੀ ਦਿਸ਼ਾ ‘ਚ  ਕਦਮ ਹਨ। ਰੂਸ, ਚੀਨ ਦੀਆਂ ਅਡਾਲਰੀਕਰਨ ਦੀਆਂ ਨੀਤੀਆਂ ਦੇ ਸੰਸਾਰ ਅਰਥਚਾਰੇ ‘ਚ ਡਾਲਰੇ ਦੇ ਗਲਬੇ ਨੂੰ ਖੋਰਾ ਲਾ ਰਹੀਆਂ ਹਨ।

ਨਾਟੋ ਵਿਰੋਧੀ ਸ਼ੰਘਈ ਸਹਿਯੋਗ ਜਥੇਬੰਦੀ (SCO)  ਦਾ
ਬਣਨਾ ਅਤੇ ਪੱਕੇ ਪੈਰੀਂ ਹੋਣਾ

ਪੰਜ ਦੇਸ਼ਾਂ ਰੂਸ, ਚੀਨ, ਕਜ਼ਾਖ਼ਸਤਾਨ, ਕਿਰਗਿਜ਼ਸਤਾਨ, ਤਾਜਿਕਸਤਾਨ ਦੇ ਮੁਖੀਆਂ ਦੀ ਮੀਟਿੰਗ 1996 ‘ਚ ਸ਼ੰਘਈ ‘ਚ ਹੋਈ ਅਤੇ 1997 ‘ਚ ਮਾਸਕੋ ‘ਚ ਹੋਈ। ਇਹਨਾਂ ਮੀਟਿੰਗਾਂ ਦਾ ਮਕਸਦ ਦੱਸਿਆ ਗਿਆ : ਸਰਹੱਦਾਂ ‘ਤੇ ਫੌਜੀ ਭਰੋਸਾ ਡੂੰਘਾ ਕਰਨਾ, ਇਹਨਾਂ ਇਲਾਕਿਆਂ ‘ਚੋਂ ਫੌਜਾਂ ਘਟਾਉਣੀਆਂ ਆਦਿ। ਇਸਤੋਂ ਬਾਅਦ ਇਹ ਸਲਾਨਾ ਮੀਟਿੰਗ ਇੱਕ ਨਿਯਮ ਬਣ ਗਿਆ। ਇਹਨਾਂ ਦੇ ਵਿਚਾਰ ਅਧੀਨ ਮਸਲੇ ਵੀ ਬਦਲਦੇ ਗਏ। ਇਹਨਾਂ ਵਿੱਚ ਸਰਹੱਦਾਂ ‘ਤੇ ਭਰੋਸਾ ਵਿਕਸਤ ਕਰਨ ਤੋਂ ਲੈਕੇ ਸੁਰੱਖਿਆ ਨਾਲ਼ ਜੁੜੇ, ਕੂਟਨੀਤਕ, ਆਰਥਿਕ, ਵਪਾਰਕ ਆਦਿ ਸਭ ਮਸਲੇ ਸ਼ਾਮਲ ਕਰ ਹੋ ਗਏ। ਇਸ ਆਪਸੀ ਸਹਿਕਾਰ ਪ੍ਰਬੰਧ (Mechanism) ਨੂੰ ”ਸ਼ੰਘਾਈ ਪੰਜ” (Shanghai Five) ਦਾ ਨਾਮ ਦਿੱਤਾ ਗਿਆ।

”ਸ਼ੰਘਾਈ ਪੰਜ” ਦੀ ਪੰਜਵੀਂ ਬਰਸੀ ‘ਤੇ ਜੂਨ 2001 ‘ਚ ਇਸਨੂੰ ‘ਸ਼ੰਘਾਈ ਸਹਿਯੋਗ ਜਥੇਬੰਦੀ’ ਦਾ ਨਾਮ ਦਿੱਤਾ ਗਿਆ। ਇਸੇ ਸਮੇਂ ਉਜ਼ਬੇਕਿਸਤਾਨ ਨੂੰ ਵੀ ਇਸ ਵਿੱਚ ਸ਼ਾਮਲ ਕਰ ਲਿਆ ਗਿਆ। ਜੂਨ 2004 ‘ਚ ਇੱਕ ‘ਆਬਜ਼ਰਵਰ’ ਦੇ ਰੂਪ ‘ਚ ਮੰਗੋਲਿਆ ਨੂੰ ਵੀ ਇਸ ‘ਚ ਸ਼ਾਮਲ ਕਰ ਲਿਆ ਗਿਆ। ਭਾਰਤ, ਇਰਾਨ ਅਤੇ ਅਫ਼ਗਾਨਿਸਤਾਨ ਨੂੰ ਵੀ ਜੁਲਾਈ 2005 ‘ਚ ਸ਼ੰਘਾਈ ਸਹਿਯੋਗ ਜਥੇਬੰਦੀ ‘ਚ ‘ਆਬਜ਼ਰਵਰ’ ਦਾ ਰੁਤਬਾ ਮਿਲ਼ਿਆ। ਸਤੰਬਰ 2014 ਤੋਂ ਇਹਨਾਂ ਦੇਸ਼ਾਂ ਨੂੰ ਜਥੇਬੰਦੀ ਦੇ ਪੂਰਨ ਮੈਂਬਰ ਦਾ ਰੁਤਬਾ ਦੇਣ ਦਾ ਮਸਲਾ ਜਥੇਬੰਦੀ ਦੇ ਵਿਚਾਰ ਅਧੀਨ ਹੈ।

ਸੰਘਾਈ ਸਹਿਯੋਗ ਜਥੇਬੰਦੀ ਆਪਣੇ ਫੈਲਾਅ ਦੇ ਨਾਲ਼-ਨਾਲ਼ ਪੱਕੇ ਪੈਰੀਂ ਵੀ ਹੋ ਰਹੀ ਹੈ। ਇਸ ਦਾ ਮੁੱਖ ਉਦੇਸ਼ ਨਾਟੋ ਦੇ ਪ੍ਰਭਾਵ ਅਤੇ ਹਾਜ਼ਰੀ ਨੂੰ ਖੋਰਾ ਲਾਉਣਾ ਹੈ, ਫੌਰੀ ਤੌਰ ‘ਤੇ ਕੇਂਦਰੀ ਏਸ਼ੀਆ ‘ਚੋਂ ਅਤੇ ਫਿਰ ਹੋਰਾਂ ਖਿੱਤਿਆਂ ‘ਚੋਂ ਜਥੇਬੰਦੀ ਨੇ ਕੇਂਦਰੀ ਏਸ਼ੀਆ ਦੇ ਦੇਸ਼ਾਂ ‘ਤੇ ਦਬਾਅ ਪਾਇਆ ਕਿ ਉਹ ਆਪਣੇ ਦੇਸ਼ਾਂ ‘ਚੋਂ ਅਮਰੀਕੀ ਫੌਜੀ ਅੱਡੇ ਬੰਦ ਕਰਵਾਉਣ। ਇਸ ਵਿੱਚ ਇਸਨੂੰ ਕੁੱਝ ਸਫ਼ਲਤਾ ਵੀ ਮਿਲ਼ੀ। ਅਮਰੀਕਾ ਨੂੰ ਉਜ਼ਬੇਕਿਸਤਾਨ ‘ਚੋਂ ਕਾਰਸ਼ੀ-ਖਾਨਾਬਾਦ ਅਤੇ 2014 ‘ਚ ਕਿਰਗਿਜ਼ਸਤਾਨ ‘ਚੋਂ ਮਾਨਸ ਫੌਜੀ ਅੱਡਾ ਬੰਦ ਕਰਨਾ ਪਿਆ। ਯੁਕਰੇਨ ਦੇ ਮਾਮਲੇ ‘ਚ ਜਥੇਬੰਦੀ ਦੇ ਸਾਰੇ ਮੈਂਬਰਾਂ ਨੇ ਰੂਸੀ ਪੁਜੀਸ਼ਨ ਨੂੰ ਸਹੀ ਦੱਸਿਆ। ਜੋ ਕਿ

ਇਸ ਜਥੇਬੰਦੀ ਦੇ ਅੰਦਰੂਨੀ ਤੌਰ ‘ਤੇ ਅਮਰੀਕਾ, ਨਾਟੋ ਦੇ ਵਿਰੋਧ ਵਿੱਚ ਪੱਕੇ ਪੈਰੀਂ ਹੋਣ ਨੂੰ ਦਿਖਾਉਂਦਾ ਹੈ।

ਜਥੇਬੰਦੀ ਦੇ ਮੈਂਬਰ ਦੇਸ਼ ਸਮੇਂ-ਸਮੇਂ ‘ਤੇ ਸਾਂਝੀਆਂ ਫੌਜੀ ਮਸ਼ਕਾਂ ਵੀ ਜਥੇਬੰਦ ਕਰਦੇ ਹਨ।

ਬਰਿਸਕ ਦਾ ਬਣਨਾ ਅਤੇ ਅਮਰੀਕੀ ਚੌਧਰ ਨੂੰ ਇੱਕ ਹੋਰ ਚੁਣੌਤੀ

ਬਰਿਕਸ (BRICS) ”ਉੱਭਰ ਰਹੇ ਅਰਥਚਾਰਿਆਂ”,  ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫ਼ਰੀਕਾ ਦਾ ਸਮੂਹ ਹੈ। ਪਹਿਲਾਂ ਇਸਨੂੰ ਬਰਿਕ (BRIC) ਕਿਹਾ ਜਾਂਦਾ ਸੀ, ਕਿਉਂਕਿ ਉਦੋਂ ਇਸ ‘ਚ ਦੱਖਣੀ ਅਫ਼ਰੀਕਾ ਸ਼ਾਮਲ ਨਹੀਂ ਸੀ। 2010 ‘ਚ ਦੱਖਣੀ ਅਫ਼ਰੀਕਾ ਦੇ ਇਸ ਸਮੂਹ ‘ਚ ਸ਼ਾਮਲ ਹੋਣ ਤੋਂ ਬਾਅਦ ਇਸਦਾ ਨਾਮ ਬਰਿਸਕ (BRICS) ਰੱਖਿਆ ਗਿਆ। ਇਹਨਾਂ ਦੇਸ਼ਾਂ ਨੂੰ ‘ਵਿਕਾਸਸ਼ੀਲ ਦੇ ਅਤੇ ਨਵੇਂ ਸੱਨਅਤੀਕ੍ਰਿਤ’ ਮੁਲਕ ਵੀ ਕਿਹਾ ਜਾਂਦਾ ਹੈ। 2010 ਤੋਂ ਇਸਦਾ ਬਰਿਕਸ ਦੇਸ਼ ਨਿਯਮਤ ਸਲਾਨਾ ਸਿਖ਼ਰ ਵਾਰਤਾ ਕਰਦੇ ਹਨ।

2014 ‘ਚ ਬਰਿਕਸ ਦੇਸ਼ਾਂ ਦੀ ਅਬਾਦੀ ਲਗਭਗ 300 ਕਰੋੜ ਸੀ ਜੋ ਕਿ ਸੰਸਾਰ ਦੀ ਕੁੱਲ ਅਬਾਦੀ ਦਾ 40 ਫੀਸਦੀ ਬਣਦਾ ਸੀ। ਇਹਨਾਂ ਪੰਜਾਂ ਦੇਸ਼ਾਂ ਦੀ ਮਿਲ਼ਵੀਂ ਨਾਮੀਨਲ ਕੁੱਲ ਘਰੇਲੂ ਪੈਦਾਵਾਰ (Nominal GDP) 16.039 ਟ੍ਰਿਲੀਅਨ ਅਮਰੀਕੀ ਡਾਲਰ ਸੀ ਜੋ ਕਿ ਸੰਸਾਰ ਦੀ ਕੁੱਲ ਸੰਸਾਰ ਪੈਦਾਵਾਰ (Gross World Product) ਦਾ 20 ਫੀਸਦੀ ਸੀ। ਪਰਚੇਜ਼ਿੰਗ ਪਾਵਰ ਪੈਰਿਟੀ (PPP), ਜੋ ਕਿ ਅਸਲ ਅਰਥਚਾਰੇ ਨੂੰ ਜਾਨਣ ਦਾ ਵਧੇਰੇ ਸਟੀਕ ਢੰਗ ਮੰਨਿਆਂ ਜਾਂਦਾ ਹੈ, ਅਧਾਰ ‘ਤੇ ਇਹ 30 ਫੀਸਦੀ ਸੀ। ਇਹਨਾਂ ਦੇਸ਼ਾਂ ਕੋਲ਼  ਅੰਦਾਜ਼ਨ 4 ਟ੍ਰਿਲੀਅਨ ਅਮਰੀਕੀ ਡਾਲਰ ਦਾ ਵਿਦੇਸ਼ੀ ਮੁਦਰਾ ਭੰਡਾਰ ਸੀ।

2014 ‘ਚ ਇਹਨਾਂ ਦੇਸ਼ਾਂ ਵਿੱਚ ਕੁੱਲ ਆਪਸੀ ਵਪਾਰ 6.14 ਟ੍ਰਿਲੀਅਨ ਅਮਰੀਕੀ ਡਾਲਰ ਸੀ ਜੋ ਕਿ ਸੰਸਾਰ ਦੇ ਕੁੱਲ ਵਪਾਰ ਦਾ ਲਗਭਗ 17 ਫੀਸਦੀ ਸੀ।

15 ਜੁਲਾਈ 2014 ਨੂੰ ਫੋਰਟਾਲੇਜ਼ਾ (ਬ੍ਰਾਜ਼ੀਲ) ਵਿਖੇ ਬਰਿਕਸ ਦੇ 6ਵੇਂ ਸਿਖ਼ਰ ਸੰਮੇਲਨ ‘ਚ ਬੋਲਦੇ ਹੋਏ ਰੂਸੀ ਰਾਸ਼ਟਰਪਤੀ ਪੂਤਿਨ ਨੇ ਕਿਹਾ ਸੀ, ”ਕੌਮਾਂਤਰੀ ਪੱਧਰ ‘ਤੇ ਵਧ ਰਹੇ ਮੁਕਾਬਲੇ ਨੂੰ ਦੇਖਦੇ ਹੋਏ ਬਰਿਕਸ ਦੇਸ਼ਾਂ ਵਿੱਚ ਆਪਸੀ ਵਪਾਰ ਅਤੇ ਨਿਵੇਸ਼ ਨੂੰ ਹੱਲਾਸ਼ੇਰੀ ਦੇਣਾ ਮਹੱਤਵਪੂਰਨ ਬਣ ਗਿਆ ਹੈ।” ਉਸਨੇ ਆਪਣੇ ਭਾਸ਼ਣ ਵਿੱਚ ਇਹ ਵੀ ਜੋੜਿਆ ਕਿ ਸੰਸਾਰ ਦੇ ਕੁੱਲ ਸਰਮਾਇਆ ਨਿਵੇਸ਼ ਦਾ 11 ਫੀਸਦੀ ਬਰਿਕਸ ਦੇਸ਼ਾਂ ਵਿੱਚ ਹੁੰਦਾ ਹੈ ਅਤੇ ਪਿਛਲੇ ਪੰਜ ਸਾਲਾਂ ‘ਚ ਵਪਾਰ ਦਾ ਗੇੜ (Turnover) ਦੁੱਗਣਾ ਹੋ ਗਿਆ ਹੈ।

ਰੂਸ ਨੇ ਇਹ ਪ੍ਰਸਤਾਵ ਵੀ ਰੱਖਿਆ ਕਿ ਬਰਿਕਸ ਦੇਸ਼ਾਂ ਨੂੰ ਇੱਕ ਊਰਜਾ ਗੱਠਜੋੜ ਬਣਾਉਣਾ ਚਾਹੀਦਾ ਹੈ ਜਿਸ ਵਿੱਚ ਕਿ ਰਾਖਵਾਂ ਬਾਲਣ (Fuel Reserve) ਰੱਖਣਾ ਵੀ ਸ਼ਾਮਲ ਹੋਵੇ।

ਬਰਿਕਸ ਦੀ ਅਗਵਾਈ ਮੁੱਖ ਤੌਰ ‘ਤੇ ਰੂਸ-ਚੀਨ ਕੋਲ਼ ਹੈ। ਇਸਦਾ ਮੁੱੱਖ ਉਦੇਸ਼ ਅਮਰੀਕੀ ਅਗਵਾਈ ਵਾਲ਼ੇ ”ਇੱਕ ਧਰੁਵੀ” ਸੰਸਾਰ ਨੂੰ ”ਬਹੁ-ਧਰੁਵੀ” ਬਣਾਉਣਾ ਹੈ।

ਬਰਿਕਸ ਦੀ ਬਹੁ-ਧਰੁਵਤਾ ਦਾ ਭਵਿੱਖ ਨਕਸ਼ਾ ”ਬਹੁਧਰੁਵੀ ਸੰਸਾਰ ਅਤੇ ਨਵੇਂ ਕੌਮਾਂਤਰੀ ਪੱਧਰ ਬਾਰੇ ਸਾਂਝ ਰੂਸ-ਚੀਨ ਐਲਾਨਨਾਮਾ” ਉੱਪਰ ਅਧਾਰਤ ਹੈ। ਇਹ ਐਲਾਨਨਾਮਾ 23 ਅਪ੍ਰੈਲ 1997 ਨੂੰ ਮਾਸਕੋ ‘ਚ ਪ੍ਰਵਾਨ ਕੀਤਾ ਗਿਆ ਸੀ। (Russian-Chines Joint Declaration n a Multipolar World and the Establishment of a New International Order, http://www.fas.org/news/russia/1997/a52-153em.htm) ਇਸ ਐਲਾਨਨਾਮੇ ‘ਚ ਦੋਹਾਂ ਦੇਸ਼ਾਂ ਨੇ ”ਸੰਸਾਰ ਦੀ ਬਹੁ-ਧਰੁਵਤਾ” ਨੂੰ ਹੱਲਾਸ਼ੇਰੀ ਦੇਣ ਪ੍ਰਤੀ ਪ੍ਰਤੀਬੱਧਤਾ ਜਾਹਿਰ ਕੀਤੀ ਸੀ ਅਤੇ ਇੱਕ ਅਤੇ ਇੱਕ ਅਜਿਹੇ ਪ੍ਰਬੰਧ ਲਈ ਯਤਨ ਕਰਨ ਦਾ ਪ੍ਰਣ ਲਿਆ ਸੀ ਜਿੱਥੇ ”ਕਿਸੇ ਦੇਸ਼ ਦੀ ਚੌਧਰ ਨਾ ਹੋਵੇ, ਕੌਮਾਂਤਰੀ ਮਾਮਲਿਆਂ ਤੇ ਅਜ਼ਾਰੇਦਾਰੀ ਕਾਇਮ ਕਰਨ ਲਈ ਸ਼ਕਤੀ ਸਿਆਸਤ (Power Politics) ‘ਚ ਨਾ ਰੁੱਝਿਆ ਹੋਵੇ।”

16 ਜੂਨ 2009 ਨੂੰ ਬਰਿਕ (BRIC) ਦਾ ਯੇਕਾਤੀਰਨਬਰਗ (ਰੂਸ) ‘ਚ ਸਿਖ਼ਰ ਸੰਮੇਲਨ ਹੋਇਆ। ਇਸ ਦੇ ਸਾਂਝੇ ਬਿਆਨ ਵਿੱਚ ਇੱਕ ਵਾਰ ਫੇਰ ਸੰਸਾਰ ਦੀ ”ਬਹੁ-ਧਰੁਵਤਾ” ‘ਤੇ ਜ਼ੋਰ ਦਿੱਤਾ ਗਿਆ। ਇਹ ਬਿਆਨ ਕਹਿੰਦਾ ਹੈ ਕਿ ਇੱਕ ਅਜਿਹੇ ”ਜਮਹੂਰੀ ਅਤੇ ਉੱਚਿਤ ਬਹੁ-ਧਰੁਵੀ ਪ੍ਰਬੰਧ ਦੀ ਸਥਾਪਨਾ ਕੀਤੀ ਜਾਵੇ ਜੋ ਕੌਮਾਂਤਰੀ ਕਨੂੰਨ, ਬਰਾਬਰੀ, ਆਪਸੀ ਸਤਿਕਾਰ, ਸਹਿਯੋਗ, ਤਾਲਮੇਲਵੀਂ ਕਾਰਵਾਈ, ਸਮੂਹਿਕ ਤੌਰ ‘ਤੇ ਫੈਸਲੇ ਲੈਣ ‘ਤੇ ਅਧਾਰਤ ਹੋਵੇ।” (Joint Statement of the BRIC Countries’ Leaders (Paragraph 12)Yekaterinburg, 16 June, 2009. http://archive.kremlin.ru/eng/text/docs/2009/06/217963.shtml) ਸਪੱਸ਼ਟ ਹੈ ਕਿ ਇਸ ਬਿਆਨ ਦੀ ਭਾਸ਼ਾ ਭਾਵੇਂ ਕੌਮਾਂਤਰੀ ਕਨੂੰਨ, ਬਰਾਬਰੀ, ਆਪਸੀ ਸਤਿਕਾਰ ਵਗੈਰਾ ਸ਼ਬਦਾਂ ਨਾਲ਼ ਕਿੰਨੀ ਵੀ ਮਖਮਲੀ ਬਣਾਈ ਹੋਵੇ ਪਰ ਦਰਅਸਲ ਇਹ ਅਮਰੀਕੀ ਧੌਂਸ ਵਿਰੁੱਧ ਇੱਕ ਰੋਸ ਪੱਤਰ ਹੈ। ਜਿਸ ਵਿੱਚ ਬਰਿਕਸ ਦੇਸ਼, ਮੁੱਖ ਤੌਰ ‘ਤੇ ਰੂਸ-ਚੀਨ, ਚਾਹੁੰਦੇ ਹਨ ਕਿ ਕੌਮਾਂਤਰੀ ਮਾਮਲਿਆਂ ‘ਚ ਉਹਨਾਂ ਦੀ ਵੀ ਸੁਣਵਾਈ ਹੋਵੇ।

ਬਰਿਕਸ ਟੀਮ ਦੇ ਮੁੱਖ ਖਿਡਾਰੀ ਰੂਸ-ਚੀਨ ਹਨ। ਇਸਦਾ ਆਗੂ ਸਾਮਰਾਜੀ ਰੂਸ ਹੈ ਜਿਸਦੀਆਂ ਆਪਣੀਆਂ ਸਾਮਰਾਜੀ ਅਕਾਂਖਿਆਵਾਂ ਹਨ। ਉਹ ਸੰਸਾਰ ਸਿਆਸਤ ‘ਚ ਆਪਣੇ ਲਈ ਵਧਵੀਂ ਭੂਮਿਕਾ ਚਾਹੁੰਦਾ ਹੈ। ਭਾਰਤ, ਬ੍ਰਾਜ਼ੀਲ, ਦੱਖਣੀ ਅਫ਼ਰੀਕਾ ਵਰਗੇ ਤੀਜੀ ਦੁਨੀਆਂ ਦੇ ਸਰਮਾਏਦਾਰ ਦੇਸ਼ ਇਸ ਸਾਮਰਾਜੀ ਖਹਿਭੇੜ ‘ਚ ਸਾਮਰਾਜੀ ਦਬਾਅ ਤੋਂ ਕੁੱਝ ਰਾਹਤ ਦੀ, ਇਸ ਤੋਂ ਫਾਇਦਾ ਲੈਣ ਦੀ ਤਾਕ ਵਿੱਚ ਹਨ।

ਰੂਸ-ਚੀਨ ਬਰਿਕਸ ਨੂੰ ਪੱਛਮੀ ਸਾਮਰਾਜੀ ਤਾਕਤਾਂ ਦੇ ਸਮੂਹ ਗਰੁੱਪ-7 (G-7) ਵਿਰੋਧ ਤਾਕਤ ਦੇ ਰੂਪ ‘ਚ ਉਭਾਰਨ ਦੇ ਯਤਨ ‘ਚ ਹਨ।

ਅਮਰੀਕੀ ਅਗਵਾਈ ਵਾਲ਼ੀਆਂ ਸੰਸਥਾਵਾਂ ਕੌਮਾਂਤਰੀ ਮੁਦਰਾ ਕੋਸ਼ ਅਤੇ ਸੰਸਾਰ ਬੈਂਕ ਨੂੰ ਵਧ ਰਹੀ ਚੁਣੌਤੀ :
ਬਰਿਕਸ ਵਿਕਾਸ ਬੈਂਕ ਅਤੇ ਏਸ਼ੀਆਈ ਆਲ਼-ਜੰਜ਼ਾਲ਼ ਨਿਵੇਸ਼ ਬੈਂਕ (AIIB) ਦੀ ਸਥਾਪਨਾ

ਬਰਿਕਸ ਵਿਕਾਸ ਬੈਂਕ (BRICS Devlopment Bank) ਦੀ ਸਥਾਪਨਾ 15 ਜੁਲਾਈ 2014 ਨੂੰ ਫੋਰਟਾਲੇਜਾ (ਬ੍ਰਾਜ਼ੀਲ) ‘ਚ ਹੋਈ ਬਰਿਕਸ ਦੀ ਛੇਵੀਂ ਸਿਖ਼ਰ ਵਾਰਤਾ ‘ਚ ਹੋਈ। ਇਸ ਬੈਂਕ ਦੀ ਸਥਾਪਨਾ ਪਿਛਲੇ ਕਈ ਸਾਲਾਂ ਤੋਂ ਇਹਨਾਂ ਦੇਸ਼ਾਂ ਦੀ ਕਾਰਜ ਸੂਚੀ ‘ਚ ਸੀ ਅਤੇ ਇਸਦੀ ਸਥਾਪਨਾ ਨੂੰ ਬਰਿਕਸ ਦੇਸ਼ਾਂ ਦੀ ਵੱਡੀ ਪ੍ਰਾਪਤੀ ਦੇ ਰੂਪ ‘ਚ ਦੇਖਿਆ ਜਾ ਰਿਹਾ ਹੈ। ਸ਼ੁਰੂ ‘ਚ ਇਹ 100 ਬਿਲੀਅਨ ਡਾਲਰ ਦਾ ਬੈਂਕ ਹੋਵੇਗਾ ਜਿਸ ਕੋਲ਼ ਇਸਤੋਂ ਇਲਾਵਾ ਹੋਰ 100 ਬਿਲੀਅਨ ਡਾਲਰ ਰਾਖਵੇਂ ਭੰਡਾਰ ਵਜੋਂ ਹੋਣਗੇ। ਇਹ ਨਵਾਂ ਬੈਂਕ ਬਰਿਕਸ ਦੇਸ਼ਾਂ ਨੂੰ ਆਲ਼-ਜੰਜਾਲ਼ ਅਤੇ ਹੋਰ ਵਿਕਾਸ ਪ੍ਰੋਜੈਕਟਾਂ ਲਈ ਧਨ ਮੁਹੱਈਆ ਕਵਾਏਗਾ। ਇਸ ‘ਚ ਸਭ ਮੈਂਬਰਾਂ ਦੀ ਬਰਾਬਰ ਸੁਣਵਾਈ ਹੋਵੇਗੀ, ਭਾਵੇਂ ਉਹਨਾਂ ਦੀ ਕੁੱਲ ਘਰੇਲੂ ਪੈਦਾਵਾਰ ਜਿੰਨੀ ਵੀ ਹੋਵੇ। ਕੌਮਾਂਤਰੀ ਮੁਦਰਾ ਕੋਸ਼ ਅਤੇ ਸੰਸਾਰ ਬੈਂਕ ‘ਚ ਅਜਿਹਾ ਨਹੀਂ ਹੁੰਦਾ। ਆਪਣੇ ਉਪਰੋਕਤ ਬਿਆਨ ‘ਚ ਹੀ ਰੂਸੀ ਰਾਸ਼ਟਰਪਤੀ ਪੂਤਿਨ ਨੇ ਕਿਹਾ ਸੀ, ”ਬਰਿਕਸ ਬੈਂਕ ਸੰਸਾਰ ‘ਚ ਬਹੁਮੰਤਵੀ ਵਿਕਾਸ ਵਿੱਤੀ ਸੰਸਥਾਵਾਂ (Multilateral Devlopment Finance Institutions) ‘ਚੋਂ ਇੱਕ ਹੋਵੇਗਾ।”

ਬਰਿਕਸ ਬੈਂਕ ਦੀ ਸ਼ੁਰੂਆਤ ਨੂੰ ਡਾਲਰ ਅਤੇ ਡਾਲਰ ਅਧਾਰਤ ਅਮਰੀਕੀ ਅਗਵਾਈ ਵਾਲ਼ੀਆਂ ਸੰਸਥਾਵਾਂ ਕੌਮਾਂਤਰੀ ਮੁਦਰਾ ਕੋਸ਼ ਅਤੇ ਸੰਸਾਰ ਬੈਂਕ, ਜਿਨਹਾਂ ਵਿੱਚ ਬਰਿਕਸ ਦੇਸ਼ਾਂ ਦਾ ਨਾ-ਮਾਤਰ ਪ੍ਰਭਾਵ ਹੈ, ਦੀ ਸੰਸਾਰ ਵਪਾਰ ‘ਚ ਚੌਧਰ ਨੂੰ ਤੋੜਨ ਦੀ ਦਿਸ਼ਾ ‘ਚ ਬਰਿਕਸ ਦੇਸ਼ਾਂ, ਖਾਸ ਕਰਕੇ ਰੂਸ-ਚੀਨ ਦਾ ਪਹਿਲਾ ਕਦਮ ਹੈ।

ਬਰਿਕਸ ਦੇਸ਼ਾਂ ਨੇ ਇਤਫ਼ਾਕੀਆ ਰਾਖਵਾਂ ਪ੍ਰਬੰਧ [Contingent Reserve Arrangement (CRI)] ਦੇ ਨਾਂ ‘ਤੇ ਇੱਕ ਸੰਕਟ ਵੇਲ਼ੇ ਕਰਜ਼ ਦੇਣ ਲਈ 100 ਬਿਲੀਅਨ ਡਾਲਰ ਦਾ ਫੰਡ ਸਥਾਪਤ ਕੀਤਾ ਹੈ। ਇਸ ਲਈ ਸਭ ਤੋਂ ਵੱਧ ਧਨ ਚੀਨ (41 ਬਿਲੀਅਨ ਡਾਲਰ) ਦੇਵੇਗਾ। ਰੂਸ, ਬ੍ਰਾਜ਼ੀਲ ਅਤੇ ਭਾਰਤ 18-18 ਬਿਲੀਅਨ ਡਾਲਰ ਦੇਣਗੇ ਅਤੇ ਦੱਖਣੀ ਅਫ਼ਰੀਕਾ 5 ਬਿਲੀਅਨ ਡਾਲਰ ਦੇਵੇਗਾ।

ਚੀਨ ਵੱਲੋਂ ਸਥਾਪਤ ਕੀਤਾ ਗਿਆ ਏਸ਼ੀਆਈ ਆਲ਼-ਜੰਜਾਲ਼ ਨਿਵੇਸ਼ ਬੈਂਕ (1992) ਅਮਰੀਕਾ ਅਧਾਰਤ ਬ੍ਰੈਟਨ-ਵੁੱਡਜ਼ ਸੰਸਥਾਵਾਂ ਕੌਮਾਂਤਰੀ ਮੁਦਰਾ ਕੋਸ਼ ਅਤੇ ਸੰਸਾਰ ਬੈਂਕ ਲਈ ਇੱਕ ਹੋਰ ਧੱਕਾ ਹੈ। 24 ਅਕਤੂਬਰ 2014 ਨੂੰ 21 ਏਸ਼ੀਆਈ ਦੇਸ਼ਾਂ ਨੇ ਇਸ ਬੈਂਕ ਦੀ ਸਥਾਪਨਾ ਲਈ ਇੱਕ ਸਮਝੌਤੇ ‘ਤੇ ਦਸਤਖ਼ਤ ਕੀਤੇ। ਇਸ ਬੈਂਕ ਦਾ ਸਦਰ ਮੁਕਾਮ ਬੀਜਿੰਗ ‘ਚ ਹੋਵੇਗਾ। ਇਹ ਬੈਂਕ ਏਸ਼ੀਆ ‘ਚ ਸੜਕਾਂ, ਬੰਦਰਗਾਰਾਂ, ਰੇਲਵੇ ਅਤੇ ਹੋਰ ਆਲ਼-ਜੰਜਾਲ਼ ਲਈ ਕਰਜ਼ ਮੁਹੱਈਆ ਕਰਵਾਏਗਾ। 2015 ਦੇ ਅੰਤ ਤੱਕ ਇਸ ਬੈਂਕ ਦੇ ਪੂਰੀ ਤਰ੍ਹਾਂ ਸਥਾਪਤ ਹੋਣ ਦੀ ਸੰਭਾਵਨਾ ਹੈ। 15 ਅਪ੍ਰੈਲ 2015 ਤੱਕ ਇਸਦੇ 57 ਸੰਭਾਵੀ ਸਥਾਪਕ ਮੈਂਬਰ ਸਨ, ਜਿਹਨਾਂ ‘ਚੋਂ 37 ਏਸ਼ੀਆਈ ਦੇਸ਼ ਸਨ ਅਤੇ 20 ਬਾਹਰੀ ਖੇਤਰਾਂ ‘ਚੋਂ ਸਨ। ਏਸ਼ੀਆ ਤੋਂ ਬਾਹਰੀ ਖੇਤਰਾਂ ਦੇ ਮੁਲਕ ਇਹ ਹਨ : ਆਸਟਰੀਆ, ਬ੍ਰਾਜ਼ੀਲ, ਡੈਨਮਾਰਕ, ਮਿਸਰ, ਫਿਨਲੈਂਡ, ਜਰਮਨੀ, ਆਈਸਲੈਂਡ, ਇਟਲੀ, ਲਗਜ਼ਮਬਰਗ, ਮਾਲਟਾ, ਨੀਂਦਰਲੈਂਦ, ਨਾਰਵੇ, ਪੋਲੈਂਡ, ਪੁਰਤਗਾਲ, ਦੱਖਣੀ ਅਫ਼ਰੀਕਾ, ਸਪੇਨ, ਸਵੀਡਨ, ਸਵਿੱਟਰਜ਼ਲੈਂਡ, ਇੰਗਲੈਂਡ, ਫਰਾਂਸ।

ਏਸ਼ੀਆ ਆਲ਼-ਜੰਜਾਲ਼ ਨਿਵੇਸ਼ ਬੈਂਕ ਸੰਸਾਰ ਬੈਂਕ ਦੇ ਏਸ਼ੀਆ ਕੇਂਦਰਤ ਬਦਲ ਵਜੋਂ ਪੇਸ਼ ਕਰ ਰਿਹਾ ਹੈ। ਅਮਰੀਕੀ ਸਾਮਰਾਜ ਇਸ ਬੈਂਕ ਦੇ ਹੋਂਦ ‘ਚ ਆਉਣ ਤੋਂ ਸਭ ਤੋਂ ਵੱਧ ਔਖਾ ਹੈ। ਉਸਨੇ ਆਪਣੇ ਸੰਗੀਆਂ ਨੂੰ ਇਸ ਬੈਂਕ ਦੀ ਮੈਂਬਰਸ਼ਿੱਪ ਲੈਣ ਤੋਂ ਵਰਜਣ ਦੀ  ਪੂਰੀ ਵਾਹ ਲਾਈ। ਜਪਾਨ, ਦੱਖਣੀ ਕੋਰੀਆ ਅਤੇ ਆਸਟ੍ਰੇਲਿਆ ਨੂੰ ਅਮਰੀਕਾ ਇਸ ਬੈਂਕ ਦੀ ਮੈਂਬਰਸ਼ਿਪ ਲੈਣੋਂ ਰੋਕਣ ‘ਚ ਕਾਮਯਾਬ ਵੀ ਰਿਹਾ। ਪਰ ਆਸਟ੍ਰੇਲਿਆ ਬਾਅਦ ਵਿੱਚ ਅਮਰੀਕਾ ਦਾ ਸਾਥ ਛੱਡ ਗਿਆ।

ਏਸ਼ੀਆ ਆਲ਼-ਜੰਜਾਲ਼ ਨਿਵੇਸ਼ ਬੈਂਕ ਦੀ ਮੈਂਬਰਸ਼ਿੱਪ ਲੈਣੋਂ ਆਪਣੇ ਪੁਰਾਣੇ ਸੰਗੀਆਂ ਨੂੰ ਵਰਜਣ ਦੀ ਅਮਰੀਕੀ ਕੋਸ਼ਿਸ਼ਾਂ ਨੂੰ ਵੱਡਾ ਧੱਕਾ ਉਦੋਂ ਲੱਗਿਆ ਜਦੋਂ ਇੰਗਲੈਂਡ ਨੇ ਬੈਂਕ ‘ਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਇੰਗਲੈਂਡ ਦੇ ਇਸ ਕਦਮ ਨੇ ਹੋਰ ਯੂਰਪੀ ਤਾਕਤਾਂ ਜਰਮਨੀ, ਫਰਾਂਸ, ਇਟਲੀ ਆਦਿ ਦੇ ਉਸਦੇ ਮਗਰ ਆਉਣ ਦਾ ਰਾਹ ਸਾਫ਼ ਕਰ ਦਿੱਤਾ।

ਸਾਫ਼ ਹੈ ਕਿ ਅਮਰੀਕਾ ਦੇ ਪੁਰਾਣੇ ਸੰਗੀਆਂ ਲਈ ਹੁਣ ਅਮਰੀਕਾ ਡੁੱਬ ਰਹੀ ਕਿਸ਼ਤੀ ਵਾਂਗ ਹੈ। ਇਸ ਲਈ ਉਹ ਇਸ ਤੋਂ ਛਾਲ਼ਾਂ ਮਾਰਕੇ ਚੀਨੀ ਕਿਸ਼ਤੀ ‘ਚ ਸਵਾਰ ਹੋ ਰਹੇ ਹਨ। ਚੀਨ ਨੂੰ ਉਹ ਭਵਿੱਖ ਦੀ ਵੱਡੀ ਆਰਥਿਕ ਤਾਕਤ ਵਜੋਂ ਦੇਖ ਰਹੇ ਹਨ। ਇਸ ਤਰ੍ਹਾਂ 10 ਦੱਖਣ ਪੂਰਬੀ ਦੇਸ਼ਾਂ ਦੇ ਸਮੂਹ (ASEAN) ਵੱਲੋਂ ਚੀਨ ਦੀ ਪਹਿਲ ‘ਤੇ ਇਸ ਸਾਲ ਦੇ ਅੰਤ ਤੱਕ ਆਸੀਆਨ ਆਰਥਿਕ ਭਾਈਚਾਰਾ (ASEAN Economic Community) ਬਣਾ ਲੈਣ ਦੀ ਯੋਜਨਾ ਹੈ। ਇਹ ਭਾਈਚਾਰਾ ਨਾ ਸਿਰਫ਼ ਇੱਕ ਇਕਹਿਰੀ ਮੰਡੀ ਵਜੋਂ ਯੂਰਪੀ ਯੂਨੀਅਨ ਨੂੰ ਸਗੋਂ ਅਮਰੀਕਾ ਨੂੰ ਵੀ ਟੱਕਰ ਦੇਵੇਗਾ, ਅਜਿਹਾ ਕਈ ਵਿਸ਼ਲੇਸ਼ਕਾਂ ਦਾ ਸੋਚਣਾ ਹੈ।

‘ਅਡਾਲਰੀਕਰਨ’ ਦੇ ਵਧਦੇ ਕਦਮ :
ਡਾਲਰ ਦੀ ਸੰਸਾਰ ਚੌਧਰ ਨੂੰ ਇੱਕ ਹੋਰ ਚੁਣੌਤੀ

ਸੰਸਾਰ ਵਿੱਚ ਵੱਖ-ਵੱਖ ਦੇਸ਼ਾਂ ਦਾ ਅੱਜ ਵਿਦੇਸ਼ੀ ਮੁਦਰਾ ਭੰਡਾਰ ਅਮਰੀਕੀ ਡਾਲਰ ‘ਚ ਹੈ। ਇਸਨੂੰ ਹੋਰ ਕਰੰਸੀਆਂ ਨਾਲ਼ ਪ੍ਰਤੀਸਥਾਪਤ ਕਰਨ ਨੂੰ ਅਮਰੀਕੀ ਸਾਮਰਾਜ ਦੇ ਰੂਸੀ ਸ਼ਰੀਕ ”ਅਡਾਲਰੀਕਰਨ” ਦਾ ਨਾਮ ਦਿੰਦੇ ਹਨ। ”ਅਡਾਲਰੀਕਰਨ” ਨੂੰ ਹੱਲਾਸ਼ੇਰੀ ਦੇਣ ਲਈ ਰੂਸ ਨੇ ਇੱਕ ਕਨੂੰਨ ਵੀ ਬਣਾ ਦਿੱਤਾ ਹੈ ਜਿਸ ਮੁਤਾਬਕ ਕੰਪਨੀਆਂ ਨੂੰ ਆਪਣੇ ਵਪਾਰ ਦਾ ਇੱਕ ਘੱਟੋ-ਘੱਟ ਨਿਸ਼ਚਤ ਫੀਸਦੀ ਰੂਬਲ ‘ਚ ਕਰਨਾ ਪਵੇਗਾ। ਮਈ 2014 ‘ਚ ਬਰਿਕਸ ਮੈਂਬਰਾਂ ਰੂਸ (ਸੰਸਾਰ ਦਾ ਸਭ ਤੋਂ ਵੱਡਾ ਊਰਜਾ ਪੈਦਾਕਾਰ) ਅਤੇ ਚੀਨ (ਸੰਸਾਰ ਦਾ ਸਭ ਤੋਂ ਵੱਡਾ ਊਰਜਾ ਖਪਤਕਾਰ) ਨੇ 400 ਬਿਲੀਅਨ ਡਾਲਰ ਦੇ ਊਰਜਾ ਸਮਝੌਤੇ ‘ਤੇ ਹਸਤਾਖ਼ਰ ਕੀਤੇ। ਇਸ ਸਮਝੌਤੇ ਅਨੁਸਾਰ ਰੂਸ ਦੀ ਰਾਜਕੀ ਊਰਜਾ ਕੰਪਨੀ ‘ਗਾਜ਼ਪਰੋਮ’ ‘ਚੀਨੀ ਕੌਮੀ ਪੈਟਰੋਲੀਅਮ ਕਾਰਪੋਰੇਸ਼ਨ (CNPC)’ ਨੂੰ 30 ਸਾਲਾਂ ਲਈ 3.75 ਬਿਲੀਅਨ ਕਿਊਬਕ ਫੁੱਟ ਤਰਲੀਕ੍ਰਿਤ ਕੁਦਰਤੀ ਗੈਸ (LPG) ਦੀ ਪੂਰਤੀ ਕਰੇਗੀ। ਇਹ ਰੂਸ ਵੱਲੋਂ ਯੂਰਪ ਨੂੰ ਕੀਤੀ ਜਾ ਰਹੀ ਗੈਸ ਪੂਰਤੀ ਦਾ ਇੱਕ-ਚੌਥਾਈ ਹੈ।

ਇਸ ਸਮਝੌਤੇ ‘ਚ ਮਹੱਤਵਪੂਰਨ ਇਹ ਹੈ ਕਿ ਇਹ ਸਮਝੌਤਾ ਯੂਆਨ ਅਤੇ ਰੂਬਲ ‘ਚ ਹੋਇਆ ਹੈ। ਜਿਸਤੋਂ ਅਮਰੀਕਾ ਖਾਸ ਤੌਰ ‘ਤੇ ਫਿਕਰਮੰਦ ਹੈ। ਕਿਉਂਕਿ ਸੰਸਾਰ ‘ਚ ਜ਼ਿਆਦਾਤਰ ਤੇਲ ਅਤੇ ਗੈਸ ਦਾ ਵਪਾਰ ਅਮਰੀਕੀ ਡਾਲਰ ‘ਚ ਹੁੰਦਾ ਹੈ। ਜਿਸ ਕਾਰਨ ਦੇਸ਼ਾਂ ਨੂੰ ਅਮਰੀਕੀ ਕਰੰਸੀ ਦਾ ਭੰਡਾਰ ਰੱਖਣਾ ਪੈਂਦਾ ਹੈ ਜੋ ਕਿ ਅਮਰੀਕਾ ਨੂੰ ਵੱਡੀ ਆਰਥਿਕ ਤਾਕਤ ਬਖ਼ਸ਼ਦਾ ਹੈ।

ਸੰਸਾਰ ਬੈਂਕ ਦੇ ਇੱਕ ਸਾਬਕਾ ਮੁਲਾਜ਼ਮ ਅਤੇ ਅਰਥਸ਼ਾਸ਼ਤਰੀ ਪੀਟਰ ਕੋਨਿਗ ਦਾ ਰੂਸ-ਚੀਨ ਊਰਜਾ ਸਮਝੌਤੇ ਬਾਰੇ ਕਹਿਣਾ ਹੈ, ”ਇਹ ਸਮਝੌਤਾ ਪ੍ਰਤੀਕਤਾਮਕ ਹੈ ਕਿਉਂਕਿ ਰੂਸ ਦਾ ਕੁੱਲ ਸਲਾਨਾ ਹਾਈਡਰੋਕਾਰਬਨ ਵਪਾਰ 1 ਟ੍ਰਿਲੀਅਨ ਅਮਰੀਕੀ ਡਾਲਰ ਹੈ। ਇਹ ਸਮਝੌਤਾ ਇਹ ਵੀ ਦਿਖਾਉਂਦਾ ਹੈ ਕਿ ਰੂਸ ਅਤੇ ਚੀਨ ਵਪਾਰ, ਸਿਆਸਤ ਅਤੇ ਰੱਖਿਆ ਮਾਮਲਿਆਂ ‘ਚ ਮਜ਼ਬੂਤ ਗੱਠਜੋੜ ਬਣਾ ਰਹੇ ਹਨ। ਇਸ ਅਰਥ ‘ਚ ਹਾਂ, ਇਹ ਗੈਸ ਸਮਝੌਤਾ ਡਾਲਰ ਨੂੰ ਖੋਰਾ ਲਾ ਰਿਹਾ ਹੈ।”

ਕੋਨਿਗ ਦਾ ਕਹਿਣਾ ਹੈ ਕਿ ਬਰਿਕਸ ਦੇਸ਼ਾਂ ‘ਚ ”ਅਡਾਲਰੀਕਰਨ ਦੀਆਂ ਵੱਡੀਆਂ ਕੋਸ਼ਿਸ਼ਾਂ” ਹੋ ਰਹੀਆਂ ਹਨ। ਇਸ ”ਅਡਾਲਰੀਕਰਨ” ਦੇ ਵਰਤਾਰੇ ਦੀ ਅਗਵਾਈ ਰੂਸ ਅਤੇ ਚੀਨ ਕਰ ਰਹੇ ਹਨ। ਇਹ ਜੂਨ 2014 ਤੋਂ ਰੂਬਲ ਅਤੇ ਯੂਆਨ ਦੀਆਂ ਵੱਡੀਆਂ ਰਕਮਾਂ ਦੀ ਅਦਲਾ ਬਦਲੀ ਕਰ ਰਹੇ ਹਨ। ਅਕਤੂਬਰ 2014 ‘ਚ ਚੀਨੀ ਅਤੇ ਰੂਸੀ ਕੇਂਦਰੀ ਬੈਂਕਾਂ ਨੇ 150 ਬਿਲੀਅਨ ਯੂਆਨ ਦਾ ਦੁਪਾਸੀ ਸਥਾਨਕ ਕਰੰਸੀ ਅਦਲਾ-ਬਦਲੀ ਦਾ ਤਿੰਨ ਸਾਲ ਲਈ ਸਮਝੌਤਾ ਕੀਤਾ।

ਜੁਲਾਈ 2015 ‘ਚ ਰੂਸ ਦੇ ਕੇਂਦਰੀ ਬੈਂਕ ਦੀ ਗਵਰਨਰ ਏਲਵੀਰਾ ਨਾਬੀਉਲੀਨਾ ਨੇ ਇੱਕ ਬਿਆਨ ‘ਚ ਕਿਹਾ ਕਿ ਬਰਿਕਸ ਦੇ ਹੋਰ ਦੇਸ਼ਾਂ ਨਾਲ਼ ਵੀ ਇਹੋ ਜਿਹੇ ਸਮਝੌਤਿਆਂ ‘ਤੇ ਵਿਚਾਰ ਕਰ ਰਹੀ ਹੈ। ਉਸਦਾ ਕਹਿਣਾ ਹੈ ਕਿ ”ਕਰੰਸੀ ਭੰਡਾਰਾਂ ਦਾ ਇੱਕ ਹਿੱਸਾ ਨਵੇਂ ਪ੍ਰਬੰਧ ਵੱਲ ਮੋੜਿਆ ਜਾ ਸਕਦਾ ਹੈ।”

ਕੋਨਿਸ ਦਾ ਕਹਿਣਾ ਹੈ ਕਿ ”ਨਵੇਂ ਮੁਦਰਾ ਪ੍ਰਬੰਧ ਦੀ ਸ਼ੁਰੂਆਤ ਦੇ ਸੰਕੇਤ ਮਿਲ਼ ਰਹੇ ਹਨ ਜੋ ਕਿ ਆਉਣ ਵਾਲ਼ੇ ਸਮੇਂ ‘ਚ ਆਪਣੀ ਕਰੰਸੀ, ਸੰਭਵ ਤੌਰ ‘ਤੇ ਕਰੰਸੀਆਂ ਦਾ ਸਮੂਹ (Basket of Currencies) ਜਾਰੀ ਕਰੇਗਾ, ਜੋ ਕਿ ਕੌਮਾਂਤਰੀ ਮੁਦਰਾ ਕੋਸ਼ ਦੇ ਸਪੈਸ਼ਲ ਡਰਾਇੰਗ ਰਾਈਟਸ (SDR) ਦੇ ਤੁੱਲ ਹੋਵੇਗਾ, ਜੋ ਕਿ ਹੌਲ਼ੀ-ਹੌਲ਼ੀ ਇੱਕ ਰਾਖਵੀਂ ਕਰੰਸੀ ਵਜੋਂ ਡਾਲਰ ਦੀ ਥਾਂ ਲੈ ਲਵੇਗਾ। ਇਹ ਅਸਲ ‘ਚ ਪਹਿਲਾਂ ਹੀ ਹੋ ਰਿਹਾ ਹੈ। ਦਸ ਸਾਲ ਪਹਿਲਾਂ ਸੰਸਾਰ ਦੇ 90 ਫੀਸਦੀ ਭੰਡਾਰ ਡਾਲਰ ਨਾਮੰਕਤ (Denominated) ਸਕਿਊਰਿਟੀਜ਼ ‘ਚ ਸਨ। ਹੁਣ ਇਹ ਅੰਕੜਾ ਘਟ ਕੇ 60 ਫੀਸਦੀ ਰਹਿ ਗਿਆ ਹੈ।”

ਕੌਮਾਂਤਰੀ ਮੁਦਰਾ ਕੋਸ਼ ਦਾ ਕਹਿਣਾ ਹੈ ਕਿ 2003 ਤੋਂ ”ਉੱਭਰ ਰਹੇ ਅਰਥਚਾਰਿਆਂ ਦੇ ਹੋਰਾਂ (ਡਾਲਰ ਤੋਂ ਇਲਾਵਾ) ਕਰੰਸੀਆਂ ਦੇ ਭੰਡਾਰਾਂ ‘ਚ 400 ਫੀਸਦੀ ਵਾਧਾ ਹੋਇਆ ਹੈ। ਅਗਸਤ 2013 ਤੋਂ ਫਰਵਰੀ 2014 ਤੱਕ, ਛੇ ਮਹੀਨਿਆਂ ‘ਚ ਦੱਖਣੀ ਕੋਰੀਆ ਨੇ ਆਪਣੇ ਯੂਆਨ ਭੰਡਾਰ ‘ਚ 25 ਗੁਣਾ ਵਾਧਾ ਕੀਤਾ।

ਅਮਰੀਕੀ ਡਾਲਰ ਲਈ ”ਅਡਾਲਰੀਕਰਨ” ਦੀ ਇਸ ਪ੍ਰਕਿਰਿਆ ਦੇ ਨਤੀਜੇ ਬੁਰੇ ਸਾਬਤ ਹੋ ਸਕਦੇ ਹਨ। ਸੰਸਾਰ ਅਰਥਚਾਰੇ ‘ਚ ਡਾਲਰ ਅੱਜ ਵੀ ਇੱਕ ਮੁੱਖ ਰਾਖਵੀਂ ਕਰੰਸੀ ਹੈ (ਭਾਵੇਂ ਇਸਦੀ ਇਹ ਭੂਮਿਕਾ ਪਿਛਲੇ ਸਮੇਂ ‘ਚ ਖੁਰਦੀ ਗਈ ਹੈ)। ਇਸ ਕਰੰਸੀ ਨੂੰ ਅਮਰੀਕਾ ਦਾ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਛਾਪ ਸਕਦਾ ਹੈ। ਜੇਕਰ ਡਾਲਰ ਸੰਸਾਰ ਅਰਥਚਾਰੇ ਚ ਇੱਕ ਮੁੱਖ ਰਾਖਵੀਂ ਕਰੰਸੀ ਬਣਿਆ ਰਹਿੰਦਾ ਹੈ ਤਾਂ ਅਮਰੀਕਾ ਆਪਣੇ ਭੁਗਤਾਨ ਸੰਤੁਲਨ ‘ਤੇ ਚਾਲੂ ਖਾਤੇ ਦਾ ਕਿੰਨਾ ਵੀ ਘਾਟਾ ਚੁੱਕ ਸਕਦਾ ਹੈ। ਕਿਉਂਕਿ ਇਸ ਨੇ ਤਾਂ ਸਿਰਫ਼ ਨੋਟ ਹੀ ਛਾਪਣੇ ਹਨ। ਜੇਕਰ ”ਅਡਾਲਰੀਕਰਨ” ਦੀ ਪ੍ਰਕਿਰਿਆ ਅੱਗੇ ਵਧਦੀ ਹੈ ਤਾਂ ਕਿੰਨਾ ਵੀ ਚਾਲੂ ਖਾਤੇ ਦਾ ਘਾਟਾ ਚੁੱਕ ਸਕਣ ਦਾ ਅਮਰੀਕਾ ਦਾ ਵਿਸ਼ੇਸ਼ ਅਧਿਕਾਰ ਵੀ ਖਤਮ ਹੋਵੇਗਾ।

ਦੂਜੇ ਪਾਸੇ ਜੇਕਰ ”ਅਡਾਲਰੀਕਰਨ” ਕਰਕੇ ਅਮਰੀਕਾ ਆਪਣਾ ਚਾਲੂ ਖਾਤੇ ਦਾ ਘਾਟਾ ਘਟਾਉਂਦਾ ਹੈ ਤਾਂ ਇੱਥੇ ਜਿਣਸਾਂ ਜ਼ਜ਼ਬ ਹੋਣਾ ਘਟੇਗਾ, ਇੱਥੇ ਲੋਕਾਂ ਦਾ ਜੀਵਨ ਪੱਧਰ ਡਿੱਗੇਗਾ ਅਤੇ ਦੇਸ਼ ਅੰਦਰ ਵਿਸਫੋਟਕ ਸਥਿਤੀ ਪੈਦਾ ਹੋਵੇਗੀ। ਇਸਦਾ ਅਸਰ ਇਸਦੀ ਫੌਜੀ ਤਾਕਤ ‘ਤੇ ਪਵੇਗਾ, ਇਸਨੂੰ ਵੀ ਖੋਰਾ ਲੱਗੇਗਾ। ਜਿਸਦੇ ਕਿ ਅਮਰੀਕਾ ਲਈ ਗੰਭੀਰ ਨਤੀਜੇ ਹੋਣਗੇ। ਇਸੇ ਲਈ ਅਮਰੀਕਾ ਹਮੇਸ਼ਾ ”ਅਡਾਲਰੀਕਰਨ” ਦੀ ਕੋਸ਼ਿਸ਼ਾਂ ਦਾ ਸਖ਼ਤ ਵਿਰੋਧ ਕਰਦਾ ਰਿਹਾ ਹੈ। ਇਹ ਵੀ ਸ਼ੱਕ ਕੀਤਾ ਜਾਂਦਾ ਹੈ ਕਿ ਅਮਰੀਕਾ ਦੇ ਇਰਾਕ ਉੱਪਰ ਹਮਲੇ ਦਾ ਇੱਕ ਮਹੱਤਵਪੂਰਨ ਕਾਰਨ ਸਦਾਮ ਹੁਸੈਨ ਦਾ ਰਾਖਵੀਂ ਕਰੰਸੀ ਵਜੋਂ ਡਾਲਰ ਤੋਂ ਦੂਰ ਹੋਣਾ ਵੀ ਸੀ।

ਅਮਰੀਕੀ ਸਾਮਰਾਜ ਦਾ ਮੋੜਵਾਂ ਹਮਲਾ :
ਟਰਾਂਸ-ਪੈਸਿਫਿਕ ਪਾਟਨਰਸ਼ਿਪ ਸਮਝੌਤਾ (TPPA)

ਏਸ਼ੀਆ ਪੈਸਿਫਿਕ ਖਿੱਤੇ ਵਿੱਚ ਚੀਨ ਦੇ ਵਧ ਰਹੇ ਪ੍ਰਭਾਵ ਨੂੰ ਰੋਕਣ ਲਈ ਅਮਰੀਕੀ ਸਾਮਰਾਜ ਟਰਾਂਸ-ਪੈਸਿਫਿਕ ਪਾਟਨਰਸ਼ਿਪ (ਟ.ਪ.ਪ.) ਸਮਝੌਤੇ ਨੂੰ ਨੇਪਰ੍ਹੇ ਚਾੜ੍ਹਨ ਦੀਆਂ ਕੋਸ਼ਿਸ਼ਾਂ ‘ਚ ਰੁੱਝਿਆ ਹੋਇਆ ਹੈ। ਇਸ ਨਿਵੇਸ਼ ਅਤੇ ਖੇਤਰੀ ਨਿਯਾਮਕ (Regional Regulatory) ਸਮਝੌਤੇ ਲਈ ਚੱਲ ਰਹੀ ਵਾਰਤਾ ‘ਚ ਏਸ਼ੀਆ ਪੈਸਿਫਿਕ ਖਿੱਤੇ ਦੇ 12 ਦੇਸ਼ ਸ਼ਾਮਲ ਹਨ। ਇਹ ਦੇਸ਼ ਹਨ — ਆਸਟ੍ਰੇਲਿਆ, ਬਰੂਨੀ, ਕੈਨੇਡਾ, ਚੀਲੇ, ਜਪਾਨ, ਮਲੇਸ਼ੀਆ, ਮੈਕਸੀਕੋ, ਨਿਊਜੀਲੈਂ, ਪੇਰੂ, ਸਿੰਗਾਪੋਰ, ਅਮਰੀਕਾ ਅਤੇ ਵੀਅਤਨਾਮ।

ਟ.ਪ.ਪ. ‘ਤੇ ਵਾਰਤਾਵਾਂ 2005 ਤੋਂ ਸੁਰੂ ਹੋਈਆਂ ਸਨ, ਉਦੋਂ ਇਸਦਾ ਨਾਮ ਟਰਾਂਸ ਪੈਸਿਫਿਕ ਯੁੱਧਨੀਤਕ ਆਰਥਿਕ ਭਾਈਵਾਲੀ ਸਮਝੌਤਾ (“PSEP) ਸੀ। ਇਸ ਸਮਝੌਤੇ ਨੂੰ 2012 ਤੱਕ ਨੇਪਰ੍ਹੇ ਚਾੜਿਆ ਜਾਣਾ ਸੀ। ਪਰ ਸਮਝੌਤੇ ਦੇ ਭਾਈਵਾਲ਼ਾਂ ‘ਚ ਖੇਤੀ, ਬੌਧਿਕ ਹੱਕ, ਸੇਵਾਵਾਂ ਅਤੇ ਨਿਵੇਸ਼ਾਂ ਆਦਿ ‘ਤੇ ਕਈ ਕਿਸਮ ਦੇ ਰੱਟੇ ਹਨ। ਇਸ ਕਾਰਨ ਇਹ ਸਮਝੌਤਾ ਹਾਲੇ ਤੱਕ ਨੇਪਰ੍ਹੇ ਨਹੀਂ ਚੜ੍ਹਿਆ। ਟ.ਪ.ਪ. ਨੂੰ ਨੇਪਰ੍ਹੇ ਚਾੜ੍ਹਨ ਦਾ ਓਬਾਮਾ ਪ੍ਰਾਸ਼ਸਨ ਦਾ ਇੱਕ ਮਹੱਤਵਅਕਾਂਕੀ ਪ੍ਰੋਗਰਾਮ ਹੈ। ਟ.ਪ.ਪ. ਸਝੌਤੇ ਦਾ ਘੇਰਾ ਬਹੁਤ ਵਿਆਪਕ ਹੈ। ਇਸ ਵਿੱਚ ਵਸਤਾਂ ਦਾ ਵਪਾਰ (Trade in Goods), ਵਪਾਰ ਦੇ ਰਾਹ ਤਕਨੀਕੀ ਰੋਕਾਂ, ਸੇਵਾਵਾਂ ਦਾ ਵਪਾਰ, ਬੌਧਿਕ ਸੰਪੱਤੀ, ਸਰਕਾਰ ਦੀ ਰੱਖ ਰਖਾਅ (Procurement) ਅਤੇ ਮੁਕਾਬਲਾ ਨੀਤੀ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ ਇਸਦੇ ਮੈਂਬਰ ਇੱਕ-ਦੂਸਰੇ ਦੇ ਮਾਲ ਦੇ ਅਯਾਤ ‘ਤੇ ਚੂੰਗੀ ਨਹੀਂ ਲਗਾਉਂਦੇ।

ਟ.ਪ.ਪ. ਸਮਝੌਤਾ ਦੋ ਕਾਰਨਾਂ ਕਰਕੇ ਅਮਰੀਕਾ ਲਈ ਬੇਹੱਦ ਅਹਿਮ ਹੈ। ਪਹਿਲਾ ਕਾਰਨ ਇਹ ਹੈ ਕਿ ਏਸ਼ੀਆ ਪੈਸਿਫਿਕ ਖਿੱਤੇ ‘ਚ ਜੋ ਖੇਤਰੀ ਏਕੀਕਰਨ ਦੇ ਯਤਨ ਹੋ ਰਹੇ ਹਨ ਅਮਰੀਕਾ ਉਹਨਾਂ ਤੋਂ ਬਾਹਰ ਰਹਿ ਜਾਣ ਤੋਂ ਡਰਦਾ ਹੈ। ਅਮਰੀਕਾ ਦਾ ਇੱਕ-ਚੌਥਾਈ ਤੋਂ ਵਧੇਰੇ ਨਿਰਯਾਤ ਏਸ਼ੀਆ ਨੂੰ ਹੈ ਅਤੇ ਇੱਥੇ ਇਸਨੂੰ ਏਸ਼ੀਆਈ ਦੇਸ਼ਾਂ ਦੇ ਆਪਣੀ ਵਪਾਰ ਦੇ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਅਮਰੀਕਾ ਖੇਤਰੀ ਸਮਝੌਤਿਆਂ ਤੋਂ ਲਾਂਭੇ ਰਹਿ ਜਾਂਦਾ ਹੈ ਤਾਂ ਇਸਦਾ ਫਾਇਦਾ ਅਮਰੀਕਾ ਦੇ ਸ਼ਰੀਕਾਂ, ਖਾਸ ਤੌਰ ‘ਤੇ ਚੀਨ ਨੂੰ ਹੋਵੇਗਾ। ਇੱਕ ਛੋਟੇ ਜਿਹੇ ਪੂਰਬੀ ਏਸ਼ੀਆਈ ਸੁਤੰਤਰ ਵਪਾਰ ਇਲਾਕੇ ਦੇ ਬਣਨ ਨਾਲ਼ ਹੀ ਅਮਰੀਕਾ ਦੇ ਇਸ ਖਿੱਤੇ ਨੂੰ ਨਿਰਯਾਤਾਂ ‘ਚ 25 ਬਿਲੀਅਨ ਡਾਲਰ ਦੀ ਗਿਰਾਵਟ ਆਈ। ਆਸੀਆਨ (ASEAN), ਅਪੇਕ (APEC) ਅਤੇ ਟ.ਪ.ਪ. ਸਭ ਆਪਣੇ ਆਪ ਨੂੰ ‘ਏਸ਼ੀਆ ਪ੍ਰਸ਼ਾਂਤ (ਪੈਸਿਫਿਕ) ਦਾ ਸੁਤੰਤਰ ਵਪਾਰ ਇਲਾਕਾ’ (FTAAP) ਵਜੋਂ ਪੇਸ਼ ਕਰਦੇ ਹਨ। ਇਹ ਭਵਿੱਖ ਦਾ ਇੱਕ ਸੰਭਾਵਤ ਵਪਾਰ ਧੜਾ (Block) ਹੈ, ਜਿਸਦੀ ਸੰਸਾਰ ਵਪਾਰ ‘ਚ 50 ਫੀਸਦੀ ਤੋਂ ਵਧੇਰੇ ਹਿੱਸੇਦਾਰੀ ਹੋਵੇਗੀ। ਅਮਰੀਕਾ ਇਸ ਵਪਾਰ ਧੜੇ ਦੀ ਅਗਵਾਈ ਆਪਣੇ ਹੱਥ ‘ਚ ਰੱਖਣਾ ਚਾਹੁੰਦਾ ਹੈ ਅਤੇ ਚੀਨ ਆਪਣੇ ਹੱਥ ‘ਚ, ਸਾਮਰਾਜੀਆਂ ਅਤੇ ਉਹਨਾਂ ਦੇ ਨੀਤੀ-ਘਾੜਿਆਂ ਦੀਆਂ ਨਜ਼ਰਾਂ ‘ਚ ਏਸ਼ੀਆ ਪ੍ਰਸ਼ਾਂਤ ਖਿੱਤੇ ਦੀ ਖਾਸ ਥਾਂ ਹੈ। ਉਹਨਾਂ ਦੀਆਂ ਨਜ਼ਰਾਂ ‘ਚ ਇਹ ਖਿੱਤੀ ਆਰਥਿਕ ਵਿਕਾਸ ‘ਚ ਮੋਹਰੀ ਭੂਮਿਕਾ ਨਿਭਾਉਣ ਵਾਲ਼ਾ ਹੈ। ਉਹ ਵਰਤਮਾਨ ਸਦੀ ਨੂੰ ‘ਏਸ਼ੀਆਈ ਸਦੀ’ ਦਾ ਵੀ ਨਾਮ ਦਿੰਦੇ ਹਨ। ਇਸ ਲਈ ਇਸ ਖਿੱਤੇ ‘ਤ ਸਾਮਰਾਜੀਆਂ ਦੀ ਖਾਸ ਨਜ਼ਰ ਹੈ।

ਅਮਰੀਕੀ ਦੀ ਦੂਸਰੀ ਮੁੱਖ ਯੁੱਧਨੀਤਕ ਗਿਣਤੀ-ਮਿਣਤੀ ਖਾਸ ਕਰਕੇ ਇਸਦੇ ਏਸ਼ੀਆਈ ਵਪਾਰਕ ਵਿਰੋਧੀ ਕਰਕੇ ਹੈ। ਚੀਨ ਦਾ ਉਭਾਰ, ਏਸ਼ੀਆ ਪ੍ਰਸ਼ਾਂਤ ਵਪਾਰ ‘ਚ ਅਮਰੀਕੀ ਚੌਧਰ ਅਤੇ ਇਸਦੇ ਕੂਟਨੀਤਕ ਪ੍ਰਭਾਵ ਲਈ ਵੱਡੀ ਚੁਣੌਤੀ ਪੇਸ਼ ਕਰ ਰਿਹਾ ਹੈ। ਇੱਥੇ ਚੀਨੀ ਪ੍ਰਭਾਵ ਨਾਲ਼ ਮੜਿੱਕਣ ਲਈ ਅਮਰੀਕਾ ਪੱਬਾਂ ਭਾਰ ਹੋਇਆ ਪਿਆ ਹੈ। ਜਪਾਨ ਇਸ ਮਾਮਲੇ ‘ਚ ਅਮਰੀਕਾ ਨਾਲ਼ ਖੜ੍ਹਾ ਹੈ। ਇਸ ਖਿੱਤੇ ‘ਚ ਅਮਰੀਕੀ ਸਾਮਰਾਜ ਦੀ ਵਡੇਰੀ ਭੂਮਿਕਾ ਲਈ ਇਸ ਖਿੱਤੇ ਦੇ ਦੇਸ਼ਾਂ ਨਾਲ਼ ਅਮਰੀਕਾ ਦੇ ਨੇੜਲੇ ਸਬੰਧ ਜ਼ਰੂਰੀ ਹਨ (ਤਾਂ ਕਿ ਚੀਨ ਨੂੰ ਨਿਖੇੜਿਆ ਜਾ ਸਕੇ)। ਇਸ ਵਾਸਤੇ ਟ.ਪ.ਪ. ਜਿਹਾ ਆਰਥਿਕ ਸਮੂਹ ਬੇਹੱਦ ਲੋੜੀਂਦਾ ਹੈ।

ਅਮਰੀਕੀ ਅਤੇ ਰੂਸੀ ਸਾਮਰਾਜ ਇੱਕ ਵਾਰ ਫੇਰ ਆਹਮੋ-ਸਾਹਮਣੇ: ਟਕਰਾਅ ਦਾ ਲਗਾਤਾਰ ਫੈਲਦਾ ਘੇਰਾ

1956 ‘ਚ ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਦੀ 20ਵੀਂ ਕਾਂਗਰਸ ‘ਚ ਇਸ ਦੀ ਅਗਵਾਈ ਸੋਧਵਾਦੀ ਖਰੁਸ਼ਚੇਵੀ ਜੁੰਡਲ਼ੀ ਨੇ ਹਥਿਆ ਲਈ। ਇਸ ਤਰ੍ਹਾਂ ਇੱਕ ਸਮਾਜਵਾਦੀ ਦੇਸ਼ ਨੂੰ ਸਮਾਜਿਕ ਸਾਮਰਾਜੀ ਦੇਸ਼ ਵਿੱਚ ਬਦਲ ਦਿੱਤਾ ਗਿਆ। ਸਰਮਾਏਦਾਰੀ-ਸਾਮਰਾਜ ਦਾ ਇਹ ਇੱਕ ਅਜਿਹਾ ਰੂਪ ਸੀ ਜਿੱਥੇ ਰਾਜਕੀ ਬੁਰਜੂਆਜ਼ੀ ਉਜਰਤੀ ਕਿਰਤ ਦੀ ਲੁੱਟ ਕਰਦੀ ਸੀ। ਇਸ ਸਮੇਂ ਤੋਂ ਸਮਾਜਿਕ ਸਾਮਰਾਜੀ ਸੋਵੀਅਤ ਯੂਨੀਅਨ ਅਮਰੀਕੀ ਸਾਮਰਾਜ ਨਾਲ਼ ਆਪਣੇ ਪ੍ਰਭਾਵ ਖੇਤਰਾਂ ਦੇ ਵਿਸਥਾਰ ਲਈ ਸ਼ਰੀਕਾ ਭੇੜ ਵਿੱਚ ਕੁੱਦ ਪਿਆ। 1991 ‘ਚ ਸੋਵੀਅਤ ਯੂਨੀਅਨ ਦੇ ਟੁੱਟਣ ਨਾਲ਼ ਇੱਥੇ ਰਾਜਕੀ ਸਰਮਾਏਦਾਰੀ ਦਾ ਵੀ ਅੰਤ ਹੋ ਗਿਆ।

ਅਮਰੀਕਾ ਅਤੇ ਸਮਾਜਿਕ ਸੋਵੀਅਤ ਸਾਮਰਾਜੀ ਸੋਵੀਅਤ ਯੂਨੀਅਨ ਦਰਮਿਆਨ 1956 ਤੋਂ ਸ਼ੁਰੂ ਹੋਈ ਠੰਡੀ ਜੰਗ 1991 ‘ਚ ਸੋਵੀਅਤ ਯੂਨੀਅਨ ਦੇ ਪਤਨ ਨਾਲ਼ ਖਤਮ ਹੋਈ। ਕੌਮਾਂਤਰੀ ਹਾਲਤਾਂ ‘ਚ ਇਸ ਨਾਲ਼ ਇੱਕ ਤਿੱਖਾ ਬਦਲਾਅ ਆਇਆ। ਇਸਨੇ ਅਮਰੀਕਾ ਲਈ ਨਵੇਂ ਆਰਥਿਕ ਅਤੇ ਯੁੱਧਨੀਤਕ ਮੌਕਿਆਂ ਦਾ ਰਾਹ ਪੱਧਰਾ ਕੀਤਾ। ਵਕਤੀ ਤੌਰ ‘ਤੇ ਇਸ ਚੁਣੌਤੀ ਰਹਿਤ ਸੰਸਾਰ ‘ਚ ਅਮਰੀਕੀ ਸਾਮਰਾਜ ਨੇ ‘ਸੰਸਾਰ ਪੁਲਸੀਏ’ ਦੀ ਭੂਮਿਕਾ ਨਿਭਾਉਣੀ ਸ਼ੁਰੂ ਕਰ ਦਿੱਤੀ। ਇਸਨੇ ਨਾਟੋ ਦੇ ਪੂਰਬੀ ਯੂਰਪ ਵੱਲ ਵਿਸਥਾਰ ਦੀਆਂ ਕੋਸ਼ਿਸ਼ਾਂ ਤੇਜ ਕਰ ਦਿੱਤੀਆਂ।

ਬੋਰਿਸ ਯੇਲਤਸਿਨ ਦੀ ਅਗਵਾਈ ‘ਚ ਰੂਸ ਨੇ ਆਪਣੇ ਅਰਥਚਾਰੇ ਦੀ ਮੁੜ-ਢਲ਼ਾਈ ਸ਼ੁਰੂ ਕੀਤੀ। ਇਸਨੂੰ ਪੱਛਮੀ ਸਰਮਾਏਦਾਰਾ ਦੇਸ਼ਾਂ ਦੀ ਤਰਜ਼ ‘ਤੇ ਢਾਲ਼ਿਆ ਗਿਆ। ਪੱਛਮੀ ਸਾਮਰਾਜੀ ਦੇਸ਼ਾਂ ਦੇ ਸਰਮਾਏ ਲਈ ਇਸਨੇ ਆਪਣੇ ਬੂਹੇ ਚੁਪੱਟ ਖੋਲ੍ਹ ਦਿੱਤੇ।

ਯੇਲਤਸਿਨ ਨੇ ਪੱਛਮੀ ਸਲਾਹਕਾਰਾਂ ਅਤੇ ਕੌਮਾਂਤਰੀ ਮੁਦਰਾ ਕੋਸ਼ ਦੀ ਮਦਦ ਨਾਲ਼ ਰੂਸੀ ਅਰਥਚਾਰੇ ‘ਚ ਕਈ ਸੁਧਾਰ ਕੀਤੇ ਤਾਂ ਕਿ ਤਬਾਹਾਲ ਅਰਥਚਾਰੇ ਨੂੰ ਪੈਰਾਂ ਸਿਰ ਖੜ੍ਹਾ ਕੀਤਾ ਜਾ ਸਕੇ ਅਤੇ ਆਰਥਿਕ ਵਾਧਾ ਦਰ ਨੂੰ ਲੀਹੇ ਪਾਇਆ ਜਾ ਸਕੇ। ਇਹਨਾਂ ਸੁਧਾਰਾਂ ‘ਚ ਕੀਮਤਾਂ ਕੰਟਰੋਲ ਮੁਕਤ ਕਰਨਾ, ਵਿਸ਼ੇਸ਼ ਸਬਸਿਡੀਆਂ ਦਾ ਖਾਤਮਾ, ਸਰਕਾਰੀ ਅਦਾਰਿਆਂ ਦਾ ਨਿੱਜੀਕਰਨ, ਸਮਾਜਿਕ ਖਰਚਾਂ ‘ਚ ਕਟੌਤੀ ਆਦਿ ਸ਼ਾਮਲ ਸੀ। ਇਹਨਾਂ ਸੁਧਾਰਾਂ ਨੂੰ ਤੇਜੀ ਨਾਲ਼ ਲਾਗੂ ਕਰਨ ਦੀ ਸ਼ਰਤ ‘ਤੇ ਕੌਮਾਂਤਰੀ ਮੁਦਰਾ ਕੋਸ਼ ਨੇ ਰੂਸ ਨੂੰ ਕਰਜ਼ ਦਿੱਤੇ। ਯੇਲਤਸਿਨ ਵੱਲੋਂ ਸ਼ੁਰੂ ਕੀਤੇ ਇਹਨਾਂ ਆਰਥਿਕ ਸੁਧਾਰਾਂ ਦਾ ਹੀ ਨਤੀਜਾ ਸੀ ਕਿ 1991 ਤੋਂ ਪਹਿਲਾਂ ਜਿੱਥੇ ਸੋਵੀਅਤ ਯੂਨੀਅਨ ‘ਚ ਨਿੱਜੀ ਖੇਤਰ ਦੀ ਹੋਂਦ ਨਾਮਾਤਰ ਸੀ ਉੱਥੇ ਹੁਣ ਰੂਸ ਦੇ ਅਰਥਚਾਰੇ ਵਿੱਚ 1997 ‘ਚ ਨਿੱਜੀ ਖੇਤਰ ਦਾ ਹਿੱਸਾ 70 ਫੀਸਦੀ ਹੋ ਗਿਆ ਸੀ।

ਪਰ ਇਹ ਤੇਜ਼ ਰਫ਼ਤਾਰ ਸੁਧਾਰ ਵੀ ਰੂਸ ਨੂੰ ਮੰਦੀ ‘ਚੋਂ ਨਾ ਉਭਾਰ ਸਕੇ। ਰੂਸੀ ਹੁਕਮਰਾਨਾਂ ਨੂੰ ਵਿਦੇਸ਼ਾਂ ਤੋਂ ਕਰਜ਼ੇ ਮਿਲ਼ਣ ਅਤੇ ਵਿਦੇਸ਼ੀ ਪ੍ਰਤੱਖ ਨਿਵੇਸ਼ ਦੀਆਂ ਜੋ ਉਮੀਦਾਂ ਸਨ ਉਹ ਵੀ ਪੂਰੀਆਂ ਨਾ ਹੋਈਆਂ। ਰੂਸ ਦੇ ਸਰਕਾਰੇ ਦਰਬਾਰੇ ਭ੍ਰਿਸ਼ਟਾਚਾਰ ਸਾਰੇ ਰਿਕਾਰਡ ਤੋੜਨ ਲੱਗਾ। ਸਰਮਾਏਦਾਰਾਂ ‘ਚ ਥੋੜ੍ਹ ਚਿਰੇ ਮੁਨਾਫੇ ਹਾਸਲ ਕਰਨ ਦੀ ਦੌੜ ਤੇਜ਼ ਹੋ ਗਈ। ਸਰਮਾਏਦਾਰ ਧੜਿਆਂ ਦੇ ਆਪਸੀ ਝਗੜੇ ਵਧਣ ਲੱਗੇ। ਨਤੀਜਤਨ ਰੂਸ ਨੂੰ ਇੱਕ ਨਵੇਂ ਸੰਕਟ ਨੇ ਆਣ ਘੇਰਿਆ।

1991-97 ਦਰਮਿਆਨ ਰੂਸ ਦੀ ਆਰਥਿਕ ਪੈਦਾਵਾਰ ‘ਚ ਤਿੱਖੀ ਗਿਰਾਵਟ ਆਈ, ਇਹ 40 ਫੀਸਦੀ ਘਟ ਘਈ। ਬੇਰੁਜ਼ਗਾਰੀ ਦੀ ਦਰ 13 ਤੋਂ 15 ਫੀਸਦੀ ਤੱਕ ਹੋ ਗਈ। ਰੂਸ ਦੇ ਕਿਰਤੀ ਲੋਕਾਂ ‘ਤੇ ਇਹਨਾਂ ਆਰਥਿਕ ਸੁਧਾਰਾਂ ਨੇ ਕਹਿਰ ਢਾਹਿਆ। ਅਮੀਰ ਗ਼ਰੀਬ ਦੀ ਖੱਡ ਦਿਨੋਂ-ਦਿਨ ਚੌੜੀ ਹੁੰਦੀ ਗਈ। ਰੂਸ ‘ਚ ਲੋਕਾਂ ਦੀ ਔਸਤ ਉਮਰ (Life Expetency) 70 ਸਾਲ ਤੋਂ ਘਟ ਕੇ 65 ਸਾਲ ਰਹਿ ਗਈ। ਆਧੁਨਿਕ ਸੱਨਅਤੀ ਦੇਸ਼ਾਂ ‘ਚ ਇਹ ਗਿਰਾਵਟ ਅਣਕਿਆਸੀ ਸੀ।

1998 ‘ਚ ਰੂਸ ਨੂੰ ਇੱਕ ਵਿੱਤੀ ਸੰਕਟ ਨੇ ਆ ਘੇਰਿਆ। ਰੂਸ ਦੀਆਂ ਸਟਾਕ, ਬਾਂਡ ਅਤੇ ਕਰੰਸੀ ਮੰਡੀਆਂ ਢਹਿ-ਢੇਰੀ ਹੋ ਗਈਆਂ। ਰੂਸੀ ਕਰੰਸੀ ਰੂਬਲ ਦੀ ਕਦਰ ਵਿੱਚ 60 ਫੀਸਦੀ ਗਿਰਾਵਟ ਆਈ। ਅਸਲ ਉਜਰਤਾਂ 2/3 ਡਿੱਗ ਪਈਆਂ। ਇਸ ਸੰਕਟ ਨੇ ਯੇਲਤਸਿਨ ਦਾ ਵੀ ਪੱਤਾ ਸਾਫ਼ ਕਰ ਦਿੱਤਾ। ਰੂਸ ਦੀ ਇਸ ਬੁਰੀ ਹਾਲਤ ਦਾ ਫਾਇਦਾ ਅਮਰੀਕੀ ਸਾਮਰਾਜ ਨੇ ਬਾਖ਼ੂਬੀ ਲਿਆ। 1990 ਦੇ ਦਹਾਕੇ ‘ਚ ਅਮਰੀਕਾ ਨੇ ਬਾਲਟਿਕ ਅਤੇ ਪੂਰਬੀ ਯੂਰਪ ਦੇ ਦੇਸ਼ਾਂ ਨੂੰ ਨਾਟੋ ‘ਚ ਸ਼ਾਮਲ ਕਰਨ ਦੇ ਸਿਰ ਤੋੜ ਯਤਨ ਕੀਤੇ।
1998 ਦਾ ਵਿੱਤੀ ਸੰਕਟ ਰੂਸ ਦੇ ਇਤਿਹਾਸ ‘ਚ ਇੱਕ ਮੋੜ ਨੁਕਤਾ ਸਾਬਤ ਹੋਇਆ। ਵਲਾਦੀਮੀਰ ਪੂਤਿਨ ਰੂਸ ਦਾ ਰਾਸ਼ਟਰਪਤੀ ਬਣਿਆ ਤਾਂ ਉਸਨੇ ਰੂਸ ਦੀ ਆਰਥਿਕਤਾ ਅਤੇ ਸਿਆਸਤ ਨੂੰ ਨਵੀਂ ਦਿਸ਼ਾ ਦੇਣੀ ਸ਼ੁਰੂ ਕੀਤੀ। ਰੂਸ ਦੀ ਸਰਮਾਏਦਾਰ ਜਮਾਤ ਨੇ ਰਾਜ ਦੇ ਯੁੱਧਨੀਤਕ ਦਿਸ਼ਾ ਨਿਰਦੇਸ਼ਾਂ ਤਹਿਤ ਇੱਕ ਲੜਾਕੂ ਮੁਦਰਾ (Posture) ਧਾਰਨ ਕਰਨੀ ਸ਼ੁਰੂ ਕੀਤੀ। ਪੂਤਿਨ ਨੇ ਰੂਸੀ ਰਾਜ ਨੂੰ ਮੁੜ ਤਾਕਤਵਾਰ ਬਣਾਉਣ ਦੇ ਯਤਨ ਅਰੰਭੇ। ਦੇਸ਼ ਦੇ ਊਰਜਾ, ਬੈਂਕਿੰਗ ਅਤੇ ਸੰਚਾਰ ਖੇਤਰ ਨੂੰ ਰਾਜਕੀ ਕੰਟਰੋਲ ਅਧੀਨ ਲਿਆਂਦਾ ਗਿਆ। ਕੱਚੇ ਮਾਲ ਦੀਆਂ ਸੱਨਅਤਾਂ ਜਿਵੇਂ ਕਿ ਕੁਦਰਤੀ ਗੈਸ ਅਤੇ ਤੇਲ, ਖਣਿਜ ਅਤੇ ਧਾਤਾਂ ਨੂੰ ਪਹਿਲ ਦਿੱਤੀ ਗਈ। ਸੰਸਾਰ ਵਿੱਚ ਵਧ ਰਹੀ ਕੱਚੇ ਮਾਲ ਦੀ ਮੰਗ ਕਾਰਨ ਰੂਸ ਨੂੰ ਫਾਇਦਾ ਮਿਲ਼ਿਆ। ਰੂਸ ਵਿੱਚ ਕੁਦਰਤੀ ਗੈਸ ਦੇ ਸੰਸਾਰ ਦੇ ਸਭ ਤੋਂ ਵੱਡੇ ਭੰਡਾਰ ਹਨ ਅਤੇ ਰੂਸ ਸੰਸਾਰ ਦਾ ਦੂਸਰਾ ਸਭ ਤੋਂ ਵੱਡਾ ਤੇਲ ਪੈਦਾਕਾਰ ਦੇਸ਼ ਹੈ।

ਰਾਜਕੀ ਫੌਜੀ ਸੱਨਅਤ ਨੂੰ ਮੁੜ-ਸੁਰਜੀਤ ਕੀਤਾ ਗਿਆ। ਇਸ ਨਾਲ਼ ਸੰਸਾਰ ਦੀ ਹਥਿਆਰਾਂ ਦੀ ਮੰਡੀ ‘ਚ ਰੂਸ ਦਾ ਹਿੱਸਾ ਵਧਿਆ। ਰੂਸੀ ਫੌਜ ਨੂੰ ਮਜ਼ਬੂਤ ਕਰਨ, ਇਸਦੀ ਮੁੜ ਢਲ਼ਾਈ ਕਰਨ ਲਈ ਰੂਸ ਨੂੰ ਧਨ ਉਪਲੱਬਧ ਹੋਇਆ।

ਕਦੇ ਸੋਵੀਅਤ ਯੂਨੀਅਨ ਦਾ ਹਿੱਸਾ ਜਾਰਜੀਆ, ਯੂਕਰੇਨ ਅਤੇ ਕੇਂਦਰੀ ਏਸ਼ੀਆ ਅਤੇ ਕਾਕੇਸ਼ਸ਼ ਦੇ ਹੋਰ ਦੇਸ਼ਾਂ ‘ਚ ਰੂਸ ਨੇ ਆਪਣਾ ਪ੍ਰਭਾਵ ਵਧਾਉਣਾ ਮਿੱਥਿਆ।

ਅਮਰੀਕੀ ਸਾਮਰਾਜ ਦੇ ਵਿਰੋਧ ‘ਚ ਨਵੇਂ ਰੂਸੀ ਹਾਕਮਾਂ ਨੇ ਪੂਰਬ ਵੱਲ ਚੀਨ ਨਾਲ਼ ਭੂ-ਸਿਆਸੀ ਗੱਠਜੋੜ ਅਤੇ ਪੱਛਮ ‘ਚ ਯੂਰਪੀ ਯੂਨੀਅਨ ਨਾਲ਼ ਭੂ-ਆਰਥਿਕ ਗੱਠਜੋੜ ਬਣਾਉਣਾ ਤੈਅ ਕੀਤਾ।

ਵਿਚਾਰਧਾਰਕ ਤੌਰ ‘ਤੇ ਪੂਤਿਨ ਨੇ ਕੌਮਵਾਦੀ-ਸ਼ਾਵਨਵਾਦੀ ਸਿਆਸੀ ਮਹੌਲ ਨੂੰ ਹਵਾ ਦਿੱਤੀ ਅਤੇ ਰੂਸੀ ਸਾਮਰਾਜ ਦੀ ਮੁੜ-ਸੁਰਜੀਤੀ ਦਾ ਸਮਾਜਕ ਅਧਾਰ ਤਿਆਰ ਕੀਤਾ।

1999 ਤੋਂ 2007 ਦਰਮਿਆਨ ਰੂਸੀ ਅਰਥਚਾਰੇ ਦੀ ਵਾਧਾ ਦਰ 7 ਫੀਸਦੀ ਰਹੀ। ਇਹ ਹੋਰ ਪੱਛਮੀ ਸੱਨਅਤੀਕ੍ਰਿਤ (ਖਾਸਕਰ ਅੱਜ ਦੇ ਸਮੂਹ-7) ਮੁਲਕਾਂ ਤੋਂ ਵਧੇਰੇ ਸੀ। ਰੂਸੀ ਸਟਾਕ ਮੰਡੀ ਸੰਸਾਰ ਦੀਆਂ ਸਭ ਤੋਂ ਤੇਜੀ ਨਾਲ਼ ਵਧਣ ਵਾਲ਼ੀਆਂ ਸਟਾਕ ਮੰਡੀਆਂ ਵਿੱਚੋਂ ਇੱਕ ਸੀ। ਚੀਨ ਅਤੇ ਜਪਾਨ ਤੋਂ ਬਾਅਦ ਹੁਣ ਰੂਸ ਦਾ ਕੌਮਾਂਤਰੀ ਕਰੰਸੀ ਰਿਜਰਵ ਸਭ ਤੋਂ ਵੱਡਾ ਸੀ। ਰੂਸ ਦੇ ਡਾਲਰ, ਯੂਰੋ ਅਤੇ ਹੋਰ ਮੁੱਖ ਸੰਸਾਰ ਕਰੰਸੀਆਂ ਦੇ ਰੂਪ ‘ਚ ਵਿਦੇਸ਼ੀ ਮੁਦਰਾ ਭੰਡਾਰ ਉਸਦੀ ਬਰਾਮਦਾਂ ਅਤੇ ਇੱਥੇ ਆਏ ਵਿਦੇਸ਼ੀ ਸਰਮਾਏ ਦੇ ਰੂਪ ‘ਚ ਕਮਾਏ ਹੋਏ ਸਨ। ਡਾਲਰ ਨੂੰ ਰੱਖਣ ਜਾਂ ਵੇਚਣ ਦੇ ਰੂਸ ਦੇ ਫੈਸਲੇ ਡਾਲਰ ਦੀ ਕੌਮਾਂਤਰੀ ਤਾਕਤ ਨੂੰ ਗਿਣਨਯੋਗ ਰੂਪ ‘ਚ ਪ੍ਰਭਾਵਿਤ ਕਰ ਸਕਦੇ ਸਨ।

2000 ਦੇ ਦਹਾਕੇ ‘ਚ ਕੌਮਾਂਤਰੀ ਮੰਡੀ ‘ਚ ਤੇਲ, ਕੁਦਰਤੀ ਗੈਸ ਅਤੇ ਹੋਰ ਕੁਦਰਤੀ ਸ੍ਰੋਤਾਂ ਦੀਆਂ ਵਧੀਆਂ ਕੀਮਤਾਂ ਨੇ ਰੂਸ ਦੀ ਬਰਾਮਦਾਂ ਤੋਂ ਆਮਦਨ ਨੂੰ ਖੰਭ ਲਾ ਦਿੱਤੇ। ਰੂਸ ਦੀਆਂ ਬਰਾਮਦਾਂ ‘ਚ ਹੋਏ ਵਾਧੇ ਨੇ ਰੂਸੀ ਅਰਥਚਾਰੇ ਨੂੰ ਕੱਚੇ ਮਾਲ ਦੇ ਸੈਕਟਰਾਂ ਤੋਂ ਪਾਰ ਵਿਕਸਤ ਕੀਤਾ। ਇਸਨੇ 1991 ਤੋਂ ਪਹਿਲਾਂ ਦੇ ਸਮੇਂ ਦੀ ਬੰਦ ਪਈਆਂ ਸੱਨਅਤਾਂ ਨੂੰ ਚਾਲੂ ਕੀਤਾ। ਰੂਸ ਲਈ ਆਪਣੀਆਂ ਸੱਨਅਤਾਂ ਦੇ ਆਧੁਨਿਕੀਕਰਨ ਲਈ ਉੱਨਤ ਟੈਕਨਾਲੋਜੀ ਦੀ ਦਰਾਮਦ ਸੰਭਵ ਬਣਾਈ। ਇਹਨਾਂ ਕਾਰਕਾਂ ਨੇ ਵੀ ਰੂਸੀ ਸਾਮਰਾਜ ਦੀ ਮੁੜ-ਸੁਰਜੀਤੀ ‘ਚ ਅਹਿਮ ਭੂਮਿਕਾ ਨਿਭਾਈ।

ਊਰਜਾ ਖੇਤਰ ਰੂਸ ਦਾ ਯੁੱਧਨੀਤਕ ਖੇਤਰ ਹੈ। ਰੂਸ ਦੀ ਰਾਜਕੀ ਕੁਦਰਤੀ ਗੈਸ ਕੰਪਨੀ ਗਾਜ਼ਪਰੌਮ ਰੂਸ ਦੇ ਯੁੱਧਨੀਤਕ ਊਰਜਾ ਖੇਤਰ ਦੀ ਮੋਹਰੀ ਹੈ। ਇਹ ਕੰਮ ਰੂਸ ਦੀ ਕੁੱਲ ਘਰੇਲੂ ਪੈਦਾਵਾਰ ਦਾ 8 ਫੀਸਦੀ ਹੈ। ਗਾਜ਼ਪਰੌਮ ਸੰਸਾਰ ਦੀ ਸਭ ਤੋਂ ਵੱਡੀ ਗੈਸ ਪੈਦਾਕਾਰ ਕੰਪਨੀ ਹੈ। ਗਾਜ਼ਪਰੌਮ ਸੰਸਾਰ ਦੇ ਇੱਕ-ਚੌਥਾਈ ਤੋਂ ਇੱਕ-ਤਿਹਾਈ ਤੱਕ ਕੁਦਰਤੀ ਗੈਸ ਭੰਡਾਰ ਨੂੰ ਕੰਟਰੋਲ ਕਰਦੀ ਹੈ। ਸੰਸਾਰ ਦਾ ਸਭ ਤੋਂ ਵੱਡਾ ਗੈਸ ਪਾਈਪ ਲਾਈਨ ਨੈੱਟਵਰਕ ਇਸਦਾ ਹੈ।

ਪੱਛਮੀ ਯੂਰਪ ਆਪਣੀ ਕੁਦਰਤੀ ਗੈਸ ਖਪਤ ਦਾ 25 ਫੀਸਦੀ ਰੂਸ ਤੋਂ ਹਾਸਲ ਕਰਦਾ ਹੈ। ਰੂਸ ਯੂਰਪ ਦੇ ਦੇਸ਼ਾਂ ਨਾਲ਼ ਲੰਬੇ ਸਮੇਂ ਦੇ ਊਰਜਾ ਸਮਝੌਤਿਆਂ ਜ਼ਰੀਏ ਯੂਰਪੀ ਯੂਨੀਅਨ—ਨਾਟੋ ਗੱਠਜੋੜ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ‘ਚ ਰਹਿੰਦਾ ਹੈ। ਰੂਸ ਸਮੇਂ-ਸਮੇਂ ‘ਤੇ ਊਰਜਾ ਨੂੰ ਇੱਕ ਸਿਆਸੀ ਹਥਿਆਰ ਵਜੋਂ ਵੀ ਵਰਤਦਾ ਰਹਿੰਦਾ ਹੈ। 2006 ‘ਚ ਜਦੋਂ ਯੁਕਰੇਨ ਨੇ ਨਾਟੋ ਦੀ ਮੈਂਬਰਸ਼ਿਪ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਯੂਕਰੇਨ ਨੇ ਨਾਟੋ ਦੀ ਮੈਂਬਰਸ਼ਿਪ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਰੂਸ ਨੇ ਯੂਕਰੇਨ ਨੂੰ ਇਸਤੋਂ ਵਰਜਣ ਲਈ ਇਸਨੂੰ ਗੈਸ ਦੀ ਪੂਰਤੀ ਬੰਦ ਕਰ ਦਿੱਤੀ।

ਸਾਮਰਾਜੀਆਂ ‘ਚ ਤਿੱਖੇ ਹੋਏ ਖਹਿਭੇੜ ਦੇ ਨਤੀਜੇ ਵਜੋਂ ਇਹਨਾਂ ‘ਚ ਹਥਿਆਰਾਂ ਦੀ ਦੌੜ ਵੀ ਤੇਜ ਹੋ ਗਈ ਹੈ। ਸਾਰੇ ਹੀ ਮੋਹਰੀ ਸਾਮਰਾਜੀ ਦੇਸ਼ ਆਪਣੇ ਫੌਜੀ ਖਰਚ ‘ਚ ਵਾਧਾ ਕਰ ਰਹੇ ਹਨ। ਅਮਰੀਕਾ, ਚੀਨ ਅਤੇ ਰੂਸ ਇਸ ਦੌੜ ਵਿੱਚ ਸਭ ਤੋਂ ਅੱਗੇ ਹਨ।

ਫੌਜੀ ਖਰਚ ਦੇ ਮਾਮਲੇ ‘ਚ ਅਮਰੀਕਾ ਦਾ ਅਜੇ ਵੀ ਕੋਈ ਸਾਨੀ ਨਹੀਂ ਹੈ। ਭਾਵੇਂ ਚੀਨ ਅਤੇ ਰੂਸ ਲਗਾਤਾਰ ਆਪਣੇ ਫੌਜੀ ਖਰਚ ‘ਚ ਵਾਧਾ ਕਰ ਰਹੇ ਹਨ ਪਰ ਅਮਰੀਕਾ ਤੋਂ ਅਜੇ ਵੀ ਕਾਫੀ ਪਿੱਛੇ ਹਨ। ਪਰ ਦੂਜੇ ਪਾਸੇ ਇਹ ਵੀ ਸੱਚ ਹੈ ਕਿ ਇੱਕ ਪਾਸੇ ਅਮਰੀਕਾ ਅਤੇ ਦੂਜੇ ਪਾਸੇ ਰੂਸ, ਚੀਨ ਦੇ ਫੌਜੀ ਖਰਚ ਵਿਚਲਾ ਪਾੜਾ ਲਗਾਤਾਰ ਘਟ ਰਿਹਾ ਹੈ.

ਹੇਠ ਦਿੱਤੀਆਂ ਸਾਰਣੀਆਂ ਤੋਂ ਇਹ ਤਸਵੀਰ ਕਾਫੀ ਸਪੱਸ਼ਟ ਹੋ ਜਾਂਦੀ ਹੈ।
ਅਮਰੀਕਾ ਅਤੇ ਰੂਸ ਦਾ ਫੌਜੀ ਖਰਚ (ਬਿਲੀਅਨ ਅਮਰੀਕੀ ਡਾਲਰ)

10ਉਪਰੋਕਤ ਸਾਰਣੀ ਦਿਖਾਉਂਦੀ ਹੈ ਕਿ 1992 ਤੋਂ 1999 ਦਰਮਿਆਨ ਰੂਸ ਦਾ ਫੌਜੀ ਖਰਚ ਮਾਮੂਲੀ ਹੀ ਸੀ। 1991 ‘ਚ ਅਮਰੀਕਾ ਦਾ ਫੌਜੀ ਖਰਚ ਰੂਸ ਨਾਲ਼ੋਂ ਲਗਭਗ 40 ਗੁਣਾ ਵਧੇਰੇ ਸੀ। 2000-2009 ਦਰਮਿਆਨ ਰੂਸ ਦਾ ਫੌਜੀ ਖਰਚ ਤੇਜੀ ਨਾਲ਼ ਵਧਿਆ ਹੈ। ਅਮਰੀਕਾ ਦਾ ਫੌਜੀ ਖਰਚ ਵੀ ਇਸ ਦਰਮਿਆਨ ਤੇਜੀ ਨਾਲ਼ ਵਧਿਆ ਹੈ। 2009 ‘ਚ ਇਹ 2000 ਨਾਲ਼ੋਂ ਦੋ ਗੁਣਾ ਤੋਂ ਵਧੇਰੇ ਸੀ। ਦੂਜੇ ਪਾਸੇ ਇਸੇ ਅਰਸੇ ਦੌਰਾਨ ਰੂਸ ਦਾ ਫੌਜੀ ਖਰਚ ਲਗਭਗ ਛੇ ਗੁਣਾ ਵਧਿਆ ਹੈ। ਇਸ ਅਰਸੇ ਦੌਰਾਨ ਅਮਰੀਕਾ ਦਾ ਫੌਜੀ ਖਰਚ ਰੂਸ ਨਾਲ਼ੋਂ 11 ਗੁਣਾ ਵਧੇਰੇ ਸੀ।

ਪਿਛਲੇ ਕੁੱਝ ਸਾਲਾਂ ਦੌਰਾਨ ਚੀਨ ਨੇ ਆਪਣਾ ਫੌਜੀ ਖਰਚ ਤੇਜੀ ਨਾਲ਼ ਵਧਾਇਆ ਹੈ। ਫੌਜੀ ਖਰਚ ਪੱਖੋਂ ਅੱਜ ਚੀਨ ਦਾ  ਅਮਰੀਕਾ ਤੋਂ ਬਾਅਦ ਦੂਸਰਾ ਸਥਾਨ ਹੈ। ਹੇਠ ਦਿੱਤੀ ਸਾਰਣੀ ਦੇਖੋ:
11

2009 ਦੇ ਮੁਕਾਬਲੇ 2014 ‘ਚ ਅਮਰੀਕਾ ਦੇ ਫੌਜੀ ਖਰਚ ‘ਚ ਕੁੱਝ ਗਿਰਾਵਟ ਆਈ ਹੈ ਜਦ ਕਿ ਰੂਸ ਦੇ ਫੌਜੀ ਖਰਚ ‘ਚ ਵਾਧਾ ਜਾਰੀ ਹੈ। 2014 ‘ਚ ਅਮਰੀਕਾ ਅਤੇ ਰੂਸ ਦੇ ਫੌਜੀ ਖਰਚ ਵਿੱਚ ਪਾੜਾ ਵੀ ਘਟਿਆ ਹੈ। ਕੁੱਲ ਘਰੇਲੂ ਪੈਦਾਵਾਰ ਦੇ ਫੀਸਦੀ ਵਜੋਂ ਦੇਖੀਏ ਤਾਂ ਚੀਨ ਦਾ ਫੌਜੀ ਖਰਚ ਅਮਰੀਕਾ ਨਾਲ਼ੋਂ ਵਧੇਰੇ ਹੈ। ਜਦਕਿ ਰੂਸ ਅਤੇ ਅਮਰੀਕਾ ਦਾ ਫੌਜੀ ਖਰਚ ਲਗਭਗ ਬਰਾਬਰ ਹੈ। ਚੀਨ ਜਿਸ ਕਦਰ ਫੌਜੀ ਖਰਚ ਵਧਾ ਰਿਹਾ ਹੈ, ਇਸ ਨਾਲ਼ ਇਹ ਫੌਜੀ ਖਰਚ ਦੇ ਮਾਮਲੇ ‘ਚ ਨਿਰਪੇਖ ਤੌਰ ‘ਤੇ ਵੀ ਅਮਰੀਕਾ ਨੂੰ ਪਿੱਛੇ ਛੱਡ ਜਾਵੇਗਾ। ਅਮਰੀਕੀ ਸਾਮਰਾਜ ਦੀ ਇਹ ਇੱਕ ਵੱਡੀ ਸਿਰਦਰਦੀ ਹੈ।

ਪੂਤਿਨ ਕਾਲ ‘ਚ ਰੂਸ ਨੇ ਬਰਾਮਦਾਂ ਤੋਂ ਜੋ ਕਮਾਈ ਕੀਤੀ ਉਸਦਾ ਇਸਤੇਮਾਲ ਉਸਨੇ ਫੌਜੀ ਖਰਚ ਵਧਾਉਣ ਲਈ ਕੀਤਾ। ਇਸ ਸਮੇਂ ਰੂਸ ਹਥਿਆਰਾਂ ਦਾ ਦੂਸਰਾ (ਅਮਰੀਕਾ ਤੋਂ ਬਾਅਦ) ਵੱਡਾ ਵਪਾਰੀ ਹੈ। ਰੂਸ ਆਪਣੇ ਸੱਨਅਤੀ ਅਤੇ ਟੈਕਨਾਲੋਜੀਕਲ ਅਧਾਰ ਨੂੰ ਕਾਇਮ ਰੱਖਣ ਲਈ ਵੱਡੀ ਪੱਧਰ ‘ਤੇ ਹਥਿਆਰਾਂ ਦੀ ਬਰਾਮਦ ‘ਤੇ ਨਿਰਭਰ ਹੈ। ਹਥਿਆਰ ਪੈਦਾਵਾਰ ਦੇ ਖੇਤਰ ‘ਚ ਰੂਸ ਨੇ ਬਿਹਤਰੀਨ ਟੈਕਨਾਲੋਜੀ ਵਿਕਸਤ ਅਤੇ ਤੈਨਾਤ ਕੀਤੀ ਹੈ। ਹਥਿਆਰਾਂ ਦੀ ਗਿਣਤੀ ਅਤੇ ਹਸਤਾਂਤਰਣ ਕੇਂਦਰੀ ਏਸ਼ੀਆ, ਮੱਧ ਪੂਰਬ ਅਤੇ ਲਾਤੀਨੀ ਅਮਰੀਕਾ ‘ਚ ਭੂ-ਸਿਆਸੀ ਪ੍ਰਭਾਵ ਦੇ ਪਸਾਰੇ ਦਾ ਰੂਸ ਦਾ ਜ਼ਰੀਆ ਹੈ। ਅਮਰੀਕਾ ਦੀ ਦਾੜ੍ਹ ਹੇਠ ਬੈਠਾ ਅਮਰੀਕਾ ਦਾ ਵਿਰੋਧੀ ਵੈਨਜ਼ੂਏਲਾ ਰੂਸੀ ਹਥਿਆਰਾਂ ਦਾ ਇੱਕ ਮੁੱਖ ਗਾਹਕ ਹੈ। ਇਰਾਨ ਨੂੰ ਆਧੁਨਿਕ ਹਥਿਆਰਾਂ ਦੀ ਪੂਰਤੀ ਨੇ ਇਸ ਖਿੱਤੇ ਵਿੱਚ ਰੂਸ ਦੀ ਹਾਜ਼ਰੀ ਅਤੇ ਪ੍ਰਭਾਵ ਨੂੰ ਫੈਲਾਇਆ ਹੈ। ਰੂਸੀ ਹਥਿਆਰਾਂ ਨੇ ਇੱਕ ਹੱਦ ਤੱਕ ਅਮਰੀਕਾ ਨੂੰ ਇਰਾਨ ਵਿਰੁੱਧ ਫੌਜੀ ਕਾਰਵਾਈ ਤੋਂ ਵੀ ਰੋਕਿਆ ਹੈ।

ਨਾਟੋ ਦੇ ਪੂਰਬੀ ਯੂਰਪ ਵੱਲ ਵਿਸਥਾਰ ਜ਼ਰੀਏ ਅਮਰੀਕਾ ਲਗਾਤਾਰ ਰੂਸ ਦੀ ਘੇਰਾਬੰਦੀ ਕਰ ਰਿਹਾ ਹੈ। ਇਹ ਰੂਸ ਦੇ ਕਿਸੇ ਵੀ ਭਾਵੀ ਪ੍ਰਮਾਣੂ ਹਮਲੇ ਨੂੰ ਬੇਅਸਰ ਕਰਨ ਲਈ ਪੋਲੈਂਡ ਵਿੱਚ ਮਿਜ਼ਾਈਲ ਡਿਫੈਂਸ ਸ਼ੀਲਡ ਉਸਾਰ ਰਿਹਾ ਹੈ। ਭਾਵੇਂ ਇਸ ਪਿੱਛੇ ਅਮਰੀਕਾ ਇਹ ਬਹਾਨਾ ਬਣਾ ਰਿਹਾ ਹੈ ਕਿ ਉਹ ਇਰਾਨ ਜਿਹੇ ”ਬਦਮਾਸ਼” ਰਾਜਾਂ ਦੀਆਂ ਮਿਜ਼ਾਇਲਾਂ ਨੂੰ ਇੰਟਰਸੈਪਟ ਕਰ ਲਈ ਇਹ ਮਿਜ਼ਾਇਲ ਸ਼ੀਲਡ ਉਸਾਰ ਰਿਹਾ ਹੈ। ਇਸ ਬਾਰੇ ਰੂਸ ਨਾਟੋ ‘ਚ ਦੂਤ ਦਮਿਤਰੀ ਰੋਗੋਜ਼ਿਨ ਦਾ ਕਹਿਣਾ ਹੈ, ”ਅਮਰੀਕਾ ਯੁੱਧਨੀਤਕ ਸੰਤੁਲਨ ਨੂੰ ਆਪਣੇ ਆਪਣੇ ਹੱਕ ਵਿੱਚ ਕਰਨ ਲਈ ਰੂਸ ਦੇ ਪ੍ਰਮਾਣੂ ਡੈਟਰੈਂਸ ਸੰਭਾਵਨਾ (Nuclear Deterence potential) ਨੂੰ ਕਮਜ਼ੋਰ ਬਣਾਉਣਾ ਚਾਹੁੰਦਾ ਹੈ। ਕਰੈਮਲਿਨ ਅਮਰੀਕਾ ਦੁਆਰਾ ਮੂਰਖ ਬਣਾਏ ਜਾਣ ਤੋਂ ਤੰਗ ਆ ਚੁੱਕਾ ਹੈ। …. ਜੇਕਰ ਨਾਟੋ ਆਪਣੀ ਸੁਰੱਖਿਆ ਛੱਤਰੀ ਨੂੰ ਉੱਨਤ ਬਣਾਉਂਦਾ ਹੈ ਤਾਂ ਬਦਕਿਸਮਤੀ ਨੂੰ ਸਾਨੂੰ ਵੀ ਆਪਣੀਆਂ ਤਲਵਾਰਾਂ ਤਿੱਖੀਆਂ ਕਰਨੀਆਂ ਪੈਣਗੀਆਂ।” ਰੂਸ ਅਤੇ ਅਮਰੀਕਾ ਦੋਵੇਂ ਹੀ ਸਾਮਰਾਜੀ ਦੇਸ਼ ਆਪਣੇ ਹਥਿਆਰਾਂ ਦੇ ਜਖ਼ੀਰੇ ਨੂੰ ਹੋਰ ਵੱਡਾ ਅਤੇ ਵਧੇਰੇ ਆਧੁਨਿਕ ਬਣਾਉਣ ਦੀ ਦੌੜ ਵਿੱਚ ਲੱਗੇ ਹੋਏ ਹਨ।

ਜੇਕਰ ਅੱਜ ਦੀ ਦੁਨੀਆਂ ਦੀ ਸਭ ਤੋਂ ਵੱਡੀ ਫੌਜੀ ਤਾਕਤ ਅਮਰੀਕਾ ਹੈ ਤਾਂ ਰੂਸ ਇਸ ਮਾਮਲੇ ‘ਚ ਦੂਸਰੇ ਨੰਬਰ ‘ਤੇ ਹੈ। ਰੂਸ ਅਤੇ ਅਮਰੀਕਾ ਦੀ ਫੌਜੀ ਤਾਕਤ ਵੱਖੋ-ਵੱਖਰੇ ਕਾਰਨਾਂ ਕਰਕੇ ਹੈ। ਵਧੇਰੇ ਅੱਡਿਆਂ, ਫਾਈਟਰ ਜੈੱਟਾਂ ਅਤੇ ਬੰਬਾਰਾਂ ਨਾਲ਼ ਹਵਾ ‘ਚ ਅਮਰੀਕਾ ਦਾ ਦਬਦਬਾ ਹੈ ਜਦ ਕਿ ਜ਼ਮੀਨ ‘ਤੇ ਵਧੇਰੇ ਟੈਂਕਾਂ, ਤੋਪਾਂ ਅਤੇ ਜ਼ਮੀਨੀ ਵਹੀਕਲਾਂ ਨਾਲ਼ ਰੂਸ ਦਾ ਦਬਦਬਾ ਹੈ। ਸਮੁੰਦਰ ‘ਚ ਦੋਵਾਂ ਦੀ ਤਾਕਤ ਲਗਭਗ ਬਰਾਬਰ ਹੈ। ਇਸ ਮਾਮਲੇ ‘ਚ ਵਧੇਰੇ ਸਬਮਰੀਨਜ਼, ਏਅਰਕਰਾਫਟ ਕੈਰੀਅਰਜ਼ ਅਤੇ ਨਾਸ਼ਕਾਂ (Destroyers) ਕਾਰਨ ਅਮਰੀਕਾ ਦਾ ਪੱਲੜਾ ਥੋੜ੍ਹਾ ਜਿਹਾ ਭਾਰਾ ਹੈ। ਅਮਰੀਕਾ ਦਾ ਫੌਜੀ ਖਰਚ ਰੂਸ ਤੋਂ ਲਗਭਗ ਛੇ ਗੁਣਾ ਵਧੇਰੇ ਹੈ। ਪਰ ਦੋ ਪ੍ਰਮਾਣੂ ਸ਼ਕਤੀਆਂ ਦਰਮਿਆਨ ਪ੍ਰੰਪਰਾਗਤ ਫੌਜੀ ਸ਼ਕਤੀ ਦੀ ਤੁਲਨਾ ਆਪ ਸਾਰੇ ਅਰਥ ਗਵਾ ਬਹਿੰਦੀ ਹੈ। ਭਾਵੇਂ ਪਿਛਲੇ ਦੋ ਦਹਾਕਿਆਂ ‘ਚ ਇਹ ਦੋਵਾਂ ਸਾਮਰਾਜੀ ਦੇਸ਼ਾਂ ਨੇ ਆਪਣੇ ਪ੍ਰਮਾਣੂ ਜਖ਼ਰੀ ‘ਚ ਕਟੌਤੀ ਕੀਤੀ ਹੈ ਪਰ ਅਜੇ ਵੀ ਦੋਹਾਂ ਕੋਲ਼ ਹਜ਼ਾਰਾਂ ਪ੍ਰਮਾਣੂ ਹਥਿਆਰ ਹਨ।

ਅੱਜ ਆਪਣੇ ਪ੍ਰਭਾਵ ਖੇਤਰਾਂ ਦੇ ਵਿਸਥਾਰ ਅਤੇ ਕਾਇਮ-ਮੁਕਾਮੀ ਲਈ ਸਾਮਰਾਜੀ ਤਾਕਤਾਂ ‘ਚ ਧਰਤੀ ਦੇ ਹਰ ਕੋਨੇ ‘ਚ ਖਹਿਭੇੜ ਜਾਰੀ ਹੈ ਅਤੇ ਦਿਨੋਂ-ਦਿਨ ਤਿੱਖਾ ਹੋ ਰਿਹਾ ਹੈ। ਲਾਤੀਨੀ ਅਮਰੀਕਾ, ਅਫ਼ਰੀਕਾ, ਕੇਂਦਰੀ ਏਸ਼ੀਆ, ਮੱਧ ਪੂਰਬ, ਪੂਰਬੀ ਯੂਰਪ, ਆਰਕਟਿਕ ਇਸ ਖਹਿਭੇੜ ਦੇ ਮੁੱਖ ਅਖਾੜੇ ਹਨ। ਮੱਧ ਪੂਰਬ, ਪੂਰਬੀ ਯੂਰਪ ਅਤੇ ਆਰਕਟਿਕ ‘ਚ ਅੰਤਰ ਸਾਮਰਾਜੀ ਖਹਿਭੇੜ ਬੇਹੱਦ ਤਿੱਖਾ ਹੈ। ਇਹਨਾਂ ਖਿੱਤਿਆਂ ਦੀ ਚਰਚਾ ਤੋਂ ਪਹਿਲਾਂ ਅਸੀਂ ਲਾਤੀਨੀ ਅਮਰੀਕਾ ਅਤੇ ਅਫ਼ਰੀਕਾ ‘ਚ ਚੱਲ ਰਹੇ ਅੰਤਰ-ਸਾਮਰਾਜੀ ਖਹਿਭੇੜ ਦੀ ਚਰਚਾ ਕਰਾਂਗੇ।

ਲਾਤੀਨੀ ਅਮਰੀਕਾ

1991 ‘ਚ ਸੋਵੀਅਤ ਸਮਾਜਕ ਸਾਮਰਾਜ ਦੇ ਟੁੱਟਣ, ਖਿੰਡਣ ਤੋਂ ਬਾਅਦ ਰੂਸ ਦੀ ਕਮਜ਼ੋਰ ਹਾਲਤ ਦਾ ਫਾਇਦਾ ਲੈ ਕੇ ਅਮਰੀਕੀ ਅਤੇ ਯੂਰਪ ਦੇ ਸਾਮਰਾਜੀ ਦੇਸ਼ਾਂ ਨੇ ਪੂਰਬੀ ਯੂਰਪ ਵੱਲ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ, ਅਮਰੀਕਾ ਇਸ ਖਿੱਤੇ ਦੇ ਕਈ ਦੇਸ਼ਾਂ ਨੂੰ ਨਾਟੋ ‘ਚ ਸ਼ਾਮਲ ਕਰਨ ‘ਚ ਕਾਮਯਾਬ ਰਿਹਾ।

ਦੂਜੇ ਪਾਸੇ ਜਿਵੇਂ ਹੀ ਰੂਸੀ ਸਾਮਰਾਜ ਆਪਣੀ ਬੁਰੀ ਹਾਲਤ ਤੋਂ ਉੱਭਰਿਆ ਇਸਨੇ ਅਮਰੀਕੀ ਸਾਮਰਾਜ ਦੇ ਰਵਾਇਤੀ ਪ੍ਰਭਾਵ ਖੇਤਰ ਲਾਤੀਨੀ ਅਮਰੀਕਾ ਵੱਲ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ। 1997 ਤੋਂ ਰੂਸ ਨੇ ਲਾਤੀਨੀ ਅਮਰੀਕਾ ‘ਚ ਕਦਮ ਰੱਖੇ। 2003 ਤੋਂ ਰੂਸ ਨੇ ਇਸ ਖਿੱਤੇ ਦੇ ਵਧਦੇ ਸੰਸਾਰ ਵਿਆਪੀ ਆਰਥਿਕ ਮਹੱਤਵ ਨੂੰ ਪਛਾਣਿਆ ਅਤੇ 2003 ਤੋਂ ਇਸ ਖਿੱਤੇ ਦੇ ਦੇਸ਼ਾਂ ਨੂੰ ਹਥਿਆਰ ਵੇਚਣੇ ਸ਼ੁਰ ਕਰ ਦਿੱਤੇ।

ਕਈ ਲਾਤੀਨੀ ਅਮਰੀਕੀ ਦੇਸ਼ ਮਾਸਕੋ ਤੋਂ ਆਰਥਿਕ ਫਾਇਦਿਆਂ ਲਈ ਇਸ ਨਾਲ਼ ਵੱਡੇ ਵਪਾਰਕ ਸਮਝੌਤਿਆਂ ਜਾਂ ਵੱਡੇ ਯੁੱਧਨੀਤਕ ਸਬੰਧਾਂ ‘ਚ ਦਾਖਲ ਹੋਏ ਹਨ। ਜਾਰਜੀਆ ਦੇ ਨਾਟੋ ਦਾਖਲੇ ਨੂੰ ਰੋਕਣ ਲਈ ਰੂਸ ਵੱਲੋਂ ਕਬਜ਼ਾ ਕੀਤੇ ਇਲਾਕਿਆਂ ਅਬਖਾਜੀਆ ਅਤੇ ਦੱਖਣੀ ਓਸੇਤੀਆ ਨੂੰ ਨਿਕਾਰਾਗੁਆ ਨੇ ਮਾਨਤਾ ਦਿੱਤੀ ਤਾਂ ਕਿ ਆਪਣੇ ਸੋਵੀਅਤ ਯੁੱਗ ਦੇ ਹਥਿਆਰਾਂ ਨੂੰ ਬਦਲਣ ਲਈ ਰੂਸ ਤੋਂ ਆਰਥਿਕ ਅਤੇ ਫੌਜੀ ਸਹਾਇਤਾ ਹਾਸਲ ਕਰ ਸਕੇ। ਕਿਊਬਾ ਦਾ ਰੂਸ ਨਾਲ਼ ਸਬੰਧਾਂ ਨੂੰ ਮਜ਼ਬੂਤ ਕਰਨ ਦਾ ਸਿਲਸਿਲਾ ਜਾਰੀ ਹੈ। ਵੈਨਜ਼ੂਏਲਾ ਰੂਸ ਤੋਂ ਵੱਡੇ ਪੱਧਰ ‘ਤੇ ਹਥਿਆਰ ਖਰੀਦ ਰਿਹਾ ਹੈ।

ਲਾਤੀਨੀ ਅਮਰੀਕਾ ਦੀ ਰੂਸ ਲਈ ਮਹੱਤਤਾ 2008 ‘ਚ ਉਸ ਵੇਲ਼ੇ ਦੇ ਰੂਸ ਦੇ ਪ੍ਰਧਾਨ ਮੰਤਰੀ ਵਾਲਾਦੀਮੀਰ ਪੂਤਿਨ ਅਤੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਅਦੇ ਇਸ ਬਿਆਨ ਤੋਂ ਸਪੱਸ਼ਟ ਹੋ ਜਾਂਦੀ ਹੈ, ”ਉੱਭਰ ਰਹੇ ਬਹੁ-ਧਰੁਵੀ ਸੰਸਾਰ ਦੀ ਚੇਨ ਵਿੱਚ ਲਾਤੀਨੀ ਅਮਰੀਕਾ ਇੱਕ ਧਿਆਨ ਗੋਚਰੀ ਕੜੀ ਹੈ।” (FBIS SOU: Russian Ministory of Foregin Affairs, in English, November 17, 2008. S. G. Gutterman, “Putin Says Latin America Ties ti be a Top Priority”, Boston Globe, 26 September 2008)

ਇਸੇ ਤਰ੍ਹਾਂ ਦਾ ਬਿਆਨ ਲਾਵਰੋਵ ਨੇ 2006 ‘ਚ ਵੀ ਦਿੱਤਾ ਸੀ, ”ਹਾਲ ਹੀ ਦੇ ਸਾਲਾਂ ਵਿੱਚ ਲਾਤੀਨੀ ਅਮਰੀਕਾ ਅਤੇ ਕੈਰੀਬੀਆਨ ਬੇਸਿਨ ਦੇ ਦੇਸ਼ਾਂ ਨੇ ਕੌਮਾਂਤਰੀ ਸਬੰਧਾਂ ਦੇ ਵਰਤਮਾਨ ਪ੍ਰਬੰਧ ‘ਚ ਅਹਿਮ ਥਾਂ ਹਾਸਲ ਕਰ ਲਈ ਹੈ। ਸਾਡਾ ਉਹਨਾਂ ਨਾਲ਼ ਸੰਪਰਕ ਸਾਰੇ ਸੰਸਾਰ ਭਾਈਚਾਰੇ ਦੀਆਂ ਸਾਂਝੀਆਂ ਸਮੱਸਿਆਵਾਂ ਨਾਲ਼ ਸਿੱਝਣ ਦੀਆਂ ਰੂਸ ਦੀਆਂ ਕੌਮਾਂਤਰੀ ਕੋਸ਼ਿਸ਼ਾਂ ਦਾ ਅਹਿਮ ਅੰਗ ਹੈ।” (M. Bain, Russian Cubal Relationship Since 1992: Continuing Camaraderie in a Post Soviet World, P.130)

ਰੂਸੀ ਸਾਮਰਾਜ ਅਮਰੀਕਾ ਵਿਰੋਧੀ ਆਪਣੀਆਂ ਪੋਜੀਸ਼ਨਾਂ ਲਈ ਸਿਆਸੀ ਹਮਾਇਤ ਹਾਸਲ ਕਰਨ ਲਈ ਤੁਲਨਾਤਮਕ ਆਰਥਕ ਲਾਭ ਦੇ ਖੇਤਰਾਂ (ਊਰਜਾ, ਹਥਿਆਰ ਵੇਚਣ, ਸਪੇਸ ਲਾਂਚਜ਼, ਪ੍ਰਮਾਣੂ ਰੀਐਕਟਰ ਵੇਚਣ ਆਦਿ) ਦਾ ਇਸਤੇਮਾਲ ਕਰ ਰਿਹਾ ਹੈ। ਲਾਤੀਨੀ ਅਮਰੀਕਾ ‘ਚ ਆਪਣਾ ਪ੍ਰਭਾਵ ਵਧਾ ਕੇ ਰੂਸ ਇਹ ਦਿਖਾਉਣਾ ਚਾਹੁੰਦਾ ਹੈ ਕਿ ਜੇਕਰ ਅਮਰੀਕਾ ਰੂਸੀ ਅਗਵਾਈ ਵਾਲ਼ੇ ‘ਸੁਤੰਤਰ ਰਾਜਾਂ ਦੀ ਕਾਮਨਵੈਲਥ’ ‘ਚ ਦਖਲ ਦੇਵੇਗਾ ਤਾਂ ਉਹ ਇਸਦਾ ਬਦਲਾ ਲਾਤੀਨੀ ਅਮਰੀਕਾ ‘ਚ ਲਵੇਗਾ। 2000-2008 ਦੀ ਆਰਥਿਕ ਰਿਕਵਰੀ ਕਾਰਨ ਅਤੇ ਇਸੇ ਸਮੇਂ ਦੌਰਾਨ ਅਮਰੀਕਾ ਦੇ ਆਰਥਿਕ ਨਿਘਾਰ ਕਾਰਨ ਰੂਸ ਇਸ ਵਿੱਚ ਕਾਮਯਾਬ ਰਿਹਾ।

ਬੇਸ਼ੱਕ ਇਸ ਖਿੱਤੇ ‘ਚ ਰੂਸੀ ਦਖਲ ਦੀ ਰਫ਼ਤਾਰ ਧੀਮੀ ਹੈ। ਕਿਊਬਾ, ਨਿਕਾਰਾਗੁਆ ਅਤੇ ਵੇਨਜ਼ੂਏਲਾ ਹੀ ਇਸ ਖਿੱਤੇ ‘ਚੋਂ ਵਧੇਰੇ ਖੁੱਲ੍ਹ ਕੇ ਰੂਸ ਨਾਲ਼ ਆਏ ਹਨ। ਪਰ ਰੂਸ ਦੀ ਇਸ ਖਿੱਤੇ ‘ਚ ਲਗਾਤਾਰ ਵਧ ਰਹੀ ਦਖਲਅੰਦਾਜ਼ੀ ਅਮਰੀਕੀ ਚਿੰਤਾਵਾਂ ‘ਚ ਜ਼ਰੂਰ ਵਾਧਾ ਕਰ ਰਹੀ ਹੈ।

ਮੱਧ ਪੂਰਬ

ਮੱਧ ਪੂਰਬ ਪਿਛਲੇ ਸਾਲਾਂ ਦੌਰਾਨ ਸਾਮਰਾਜੀ ਤਾਕਤਾਂ, ਖਾਸ ਕਰਕੇ ਅਮਰੀਕਾ ਅਤੇ ਰੂਸ ਦਰਮਿਆਨ ਤਿੱਖੇ ਟਕਰਾਅ ਦਾ ਅਖਾੜਾ ਬਣਿਆ ਰਿਹਾ ਹੈ। ਇਸ ਖਿੱਤੇ ‘ਚ ਊਰਜਾ ਦੇ ਵੱਡੇ ਭੰਡਾਰ ਹਨ, ਇਸ ਲਈ ਸਾਮਰਾਜੀ ਤਾਕਤਾਂ ਦੀ ਗਿਰਝ ਅੱਖ ਹਮੇਸ਼ਾ ਇਸ ਖਿੱਤੇ ‘ਤੇ ਰਹੀ ਹੈ। 1991 ‘ਚ ਸੋਵੀਅਤ ਸਮਾਜਕ ਸਾਮਰਾਜ ਦੇ ਢਹਿ-ਢੇਰੀ ਹੋਣ ਤੋਂ ਬਾਅਦ ਮੱਧ ਪੂਰਬ ‘ਤੇ ਅਮਰੀਕੀ ਹਮਲਾ ਤੇਜ ਹੋਇਆ। ਅਮਰੀਕਾ ਊਰਜਾ ਸ੍ਰੋਤਾਂ ਦੇ ਵਿਸ਼ਾਲ ਭੰਡਾਰਾਂ ਵਾਲ਼ੇ ਦੇਸ਼ਾਂ ‘ਚ ਆਪਣੇ ਪੱਖੀ ਹਕੂਮਤ ਬਿਠਾਉਣਾ ਚਾਹੁੰਦਾ ਸੀ। ਅਮਰੀਕੀ ਸਾਮਰਾਜ ਨੇ ਪਹਿਲਾਂ ਇਰਾਕ ‘ਚੋਂ ਸੱਦਾਮ ਹੁਸੈਨ ਦੀ ਹਕੂਮਤ ਨੂੰ ਉਲ਼ਟਾਇਆ, ਫੇਰ ਲਿਬੀਆ ‘ਚੋਂ ਗੱਦਾਫ਼ੀ ਦੀ ਹਕੂਮਤ ਨੂੰ।

ਪਿਛਲੇ ਕੁੱਝ ਸਾਲਾਂ ਤੋਂ ਰੂਸ ਨੇ ਵੀ ਇਸ ਖਿੱਤੇ ‘ਚ ਦਖ਼ਲ ਵਧਾਇਆ। ਰੂਸ ਇਸ ਖਿੱਤੇ ‘ਚ ਇੱਕ ਵੱਡਾ ਵਿਕਰੇਤਾ ਹੈ। ਸਟਾਕਹੋਮ ਕੌਮਾਂਤਰੀ ਸ਼ਾਂਤੀ ਖੋਜ ਸੰਸਥਾ (SIPRI) ਮੁਤਾਬਕ 2008 ਤੋਂ 2012 ਦਰਮਿਆਨ ਰੂਸ ਦੁਆਰਾ ਹਥਿਆਰਾਂ ਦੀ ਬਰਾਮਦ ‘ਚ 27 ਫੀਸਦੀ ਹਿੱਸਾ ਮੱਧ ਪੂਰਬ ਅਤੇ ਉੱਤਰੀ ਅਫ਼ਰੀਕਾ ਦਾ ਸੀ। 2011 ਦੀ ਸ਼ੁਰੂਆਤ ਦੀ ‘ਅਰਬ ਬਹਾਰ’ ਤੋਂ ਬਾਅਦ ਇਸ ਖਿੱਤੇ ‘ਚ ਰੂਸੀ ਦਖਲ ਨੇ ਹੋਰ ਗਤੀ ਫੜੀ। 1991 ‘ਚ ਸੋਵੀਅਤ ਯੂਨੀਅਨ ਟੁੱਟਣ ਤੋਂ ਬਾਅਦ ਦੇ ਲਗਭਗ ਇੱਕ ਚੌਥਾਈ ਸਦੀ ਦੇ ਅਰਸੇ ‘ਚ ਹੁਣ ਇਸ ਖਿੱਤੇ ‘ਚ ਰੂਸੀ ਪ੍ਰਭਾਵ ਸਭ ਤੋਂ ਸਿਖ਼ਰ ‘ਤੇ ਹੈ। ਮੱਧ ਪੂਰਬ ਦੇ ਦੇਸ਼ ਸੀਰੀਆ, ਮਿਸਰ, ਇਰਾਕ, ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ, ਉੱਤਰੀ ਅਫਰੀਕੀ ਦੇਸ਼ ਲੀਬੀਆ ਅਤੇ ਅਲਜੀਰੀਆ ਰੂਸੀ ਹਥਿਆਰਾਂ ਦੇ ਵੱਡੇ ਖਰੀਦਦਾਰ ਹਨ।

ਰੂਸ ਦੇ ਜੋਟੀਦਾਰ ਚੀਨ ਦੇ ਵੀ ਆਰਥਿਕ ਹਿੱਤ ਇਸ ਖਿੱਤੇ ਨਾਲ਼ ਜੁੜੇ ਹੋਏ ਹਨ। ਤੁਰਕੀ ਸਮੇਤ ਮੱਧ ਪੂਰਬ ਨੂੰ ਚੀਨੀ ਬਰਾਮਦਾਂ 2005 ਤੋਂ 2010 ਦਰਮਿਆਨ ਲਗਭਗ ਦੁੱਗਣੀਆਂ ਹੋ ਗਈਆਂ ਹਨ। ਇਹ 28 ਬਿਲੀਅਨ ਡਾਲਰ ਤੋਂ ਵਧ ਕੇ 59 ਬਿਲੀਅਨ ਡਾਲਰ ਹੋ ਗਈਆਂ। ਇਸ ਅਰਸੇ ਦੌਰਾਨ ਇਸ ਖਿੱਤੇ ਤੋਂ ਇਸਦੀਆਂ ਦਰਾਮਦਾਂ 34 ਬਿਲੀਅਨ ਡਾਲਰ ਤੋਂ ਵਧਕੇ 65 ਬਿਲੀਅਨ ਡਾਲਰ ਹੋ ਗਈਆਂ। ਚੀਨ ਮੱਧ ਪੂਰਬ ਤੋਂ ਤੇਲ ਦਾ ਸੰਸਾਰ ਦਾ ਸਭ ਤੋਂ ਵੱਡਾ ਦਰਾਮਦਕਾਰ ਹੈ। ਇਰਾਨ ਦੀ ਕੁੱਲ ਤੇਲ ਬਰਾਮਦ ਦਾ 23 ਫੀਸਦੀ ਚੀਨ ਨੂੰ ਜਾਂਦਾ ਹੈ ਜੋ ਕਿ ਇਸਦੀ ਕੁੱਲ ਜਰੂਰਤ ਦਾ 11 ਫੀਸਦੀ ਹੈ।

ਮੱਧ ਪੂਰਬ ‘ਚ ਅਮਰੀਕਾ ਅਤੇ ਉਸਦੇ ਜੋਟੀਦਾਰਾਂ ਦਾ ਲਗਭਗ ਮੁਕੰਮਲ ਫੌਜੀ ਦਬਦਬਾ ਹੈ। ਇਸ ਖਿੱਤੇ ਦਾ ਸਭ ਤੋਂ ਵੱਡਾ ਅਮਰੀਕੀ ਫੌਜੀ ਅੱਡਾ ਕਤਰ ‘ਚ ਹੈ। ਬਹਿਰੀਨ ‘ਚ ਅਮਰੀਕੀ ਸਮੁੰਦਰੀ ਫੌਜ ਦਾ ਪੰਜਵਾਂ ਬੇੜਾ ਹੈ। ਅਬੂਧਾਬੀ ‘ਚ ਫਰਾਂਸੀਸੀ ਫੌਜੀ ਅੱਡਾ ਉੱਸਰ ਚੁੱਕਾ ਹੈ। ਓਮਾਨ ‘ਚ ਅਮਰੀਕਾ ਅਤੇ ਬ੍ਰਿਟੇਨ ਦਾ ਸਾਂਝਾ ਫੌਜੀ ਅੱਡਾ ਹੈ। ਊਰਜਾ ਪੈਦਾਕਾਰ ਦੇਸ਼ਾਂ ‘ਚ ਅਮਰੀਕਾ ਅਤੇ ਇਸਦੇ ਜੋਟੀਦਾਰਾਂ ਦੀ ਫੌਜੀ ਹੋਂਦ ਰੂਸ-ਚੀਨ ਲਈ ਚਿੰਤਾ ਦਾ ਵੱਡਾ ਵਿਸ਼ਾ ਹੈ।

ਟਾਈਮਜ਼ ਆਫ਼ ਲੰਡਨ ਦੀ ਇੱਕ ਰਿਪੋਰਟ ਮੁਤਾਬਕ ਇਰਾਕ ਦੇ ਤੇਲ ਭੰਡਾਰ 350 ਬਿਲੀਅਨ ਬੈਰਲ ਹੋ ਜਾਣਗੇ ਜਦਕਿ ਪੁਰਾਣਾ ਅੰਦਾਜ਼ਾ 143 ਬਿਲੀਅਨ ਬੈਰਲ ਦਾ ਸੀ। ਇਰਾਕ ਦਾ ਇਹ ਤੇਲ ਭੰਡਾਰ ਸੰਸਾਰ ਦਾ ਸਭ ਤੋਂ ਵੱਡਾ ਹੋਵੇਗਾ। ਤੇਲ ਪੈਦਾਕਾਰ ਦੇਸ਼ਾਂ ‘ਚੋਂ ਇਸ ਨਾਲ਼ ਇਰਾਕ ਦੀ ਸਥਿਤੀ ਯੁੱਧਨੀਤਕ ਤੌਰ ‘ਤੇ ਸਭ ਤੋਂ ਵੱਧ ਮਹੱਤਵਪੂਰਨ ਬਣ ਜਾਂਦੀ ਹੈ।

ਇਰਾਨ ਕੋਲ਼ ਸੰਸਾਰ ਦਾ ਸਭ ਤੋਂ ਵੱਡਾ ਗੈਸ ਭੰਡਾਰ ਹੈ। ਇਰਾਨ ਦਾ ਇਹ ਗੈਸ ਭੰਡਾਰ 33 ਟ੍ਰਿਲੀਅਨ ਕਿਊਬਿਕ ਮੀਟਰ ਹੈ। ਤੇਲ ਅਧਿਐਨ ਦੇ ਇਰਾਨੀ ਕੇਂਦਰ ਮੁਤਾਬਕ ਤੇਲ ਭੰਡਾਰ ਦੇ ਮਾਮਲੇ ‘ਚ ਇਰਾਨ ਦਾ ਸੰਸਾਰ ‘ਚ ਤੀਸਰਾ ਨੰਬਰ ਹੈ ਅਤੇ ਇਹ ਸੰਸਾਰ ਦਾ ਦੂਸਰਾ ਸਭ ਤੋਂ ਵੱਡਾ ਤੇਲ ਦਾ ਬਰਾਮਦਕਾਰ ਦੇਸ਼ ਹੈ। ਆਉਣ ਵਾਲ਼ੇ ਸਾਲਾਂ ‘ਚ ਇਰਾਨ ਅਤੇ ਇਰਾਕ ਊਰਜਾ ਸਮਰੱਥਾਵਾਂ ਦੇ ਵਿਕਾਸ ‘ਤੇ 100 ਤੋਂ 500 ਬਿਲੀਅਨ ਡਾਲਰ ਤੱਕ ਖਰਚਣਗੇ। ਇਸ ਸਭ ਨੂੰ ਰੂਸ ਅਤੇ ਚੀਨ ਲਲਚਾਈਆਂ ਨਜ਼ਰਾਂ ਨਾਲ਼ ਦੇਖ ਰਹੇ ਹਨ। ਖਾਸ ਕਰ ਇਰਾਨ ਨੂੰ ਜਿੱਥੇ ਯੂਰਪੀ ਕੰਪਨੀਆਂ ਨੂੰ ਨਿਵੇਸ਼ ਕਰਨ ਦੀ ਆਗਿਆ ਨਹੀਂ ਹੈ।

ਇਹੋ ਸਭ ਉਹ ਕਾਰਨ ਹਨ ਜਿਹਨਾਂ ਕਾਰਨ ਇਸ ਖਿੱਤੇ ਵਿੱਚ ਅਮਰੀਕਾ ਅਤੇ ਉਸਦੇ ਜੋਟੀਦਾਰਾਂ ਦੀਆਂ ਫੌਜੀ ਮੁਹਿੰਮਾਂ ਦਾ ਰੂਸ-ਚੀਨ ਨੇ ਅਤੇ ਖਾਸਕਰ ਰੂਸ ਨੇ ਤਿੱਖਾ ਵਿਰੋਧ ਕੀਤਾ। 1991 ਤੋਂ ਹੀ ਅਮਰੀਕੀ ਸਾਮਰਾਜ ਅਤੇ ਉਸਦੇ ਜੋਟੀਦਾਰਾਂ ਨੇ ਇਸ ਖਿੱਤੇ ‘ਚ ਹਕੂਮਤ ਬਦਲੀ ਦੀ ਮੁਹਿੰਮ ਚਲਾ ਰੱਖੀ ਸੀ। ਇਰਾਕ ਅਤੇ ਫਿਰ ਲਿਬੀਆ ‘ਚ ਉਹਨਾਂ ਨੂੰ ਕਾਮਯਾਬੀ ਵੀ ਮਿਲ਼ੀ। ਪਰ ਇਹ ਮੁਹਿੰਮ ਸੀਰੀਆ ‘ਚ ਆ ਕੇ ਰੁਕ ਗਈ ਜਿਸ ਦੀ ਮੁੱਖ ਵਜ੍ਹਾ ਸੀਰੀਆਈ ਹਕੂਮਤ ਦੀ ਪਿੱਠ ‘ਤੇ ਖੁੱਲ੍ਹੇਆਮ ਰੂਸੀ ਸਾਮਰਾਜ ਦਾ ਆ ਜਾਣਾ ਸੀ। ਇਰਾਨ ਦੀ ਹਕੂਮਤ ਵੀ ਲੰਬੇ ਸਮੇਂ ਤੋਂ ਅਮਰੀਕਾ ਅਤੇ ਉਸਦੇ ਜੋਟੀਦਾਰਾਂ ਦੀ ਅੱਖ ਦਾ ਰੋੜਾ ਬਣੀ ਰਹੀ ਹੈ। ਪਰ ਇਹ ਇਰਾਨ ‘ਤੇ ਹਮਲਾ ਨਹੀਂ ਕਰ ਸਕੇ। ਇਸਦੀ ਵੀ ਇੱਕ ਅਹਿਮ ਵਜ੍ਹਾ ਇਰਾਨੀ ਹਾਕਮਾਂ ਨੂੰ ਰੂਸੀ ਸਾਮਰਾਜ ਦਾ ਥਾਪੜਾ ਸੀ।

ਅਮਰੀਕੀ ਸਾਮਰਾਜ ਅਤੇ ਉਸਦੇ ਜੋਟੀਦਾਰਾਂ ਅਤੇ ਦੂਜੇ ਪਾਸੇ ਰੂਸੀ ਸਾਮਰਾਜ ਦਰਮਿਆਨ ਸਭ ਤੋਂ ਤਿੱਖਾ ਟਕਰਾਅ ਤਾਂ ਸੀਰੀਆਈ ਮਾਮਲੇ ‘ਚ ਸਾਹਮਣੇ ਆਇਆ ਹੈ।

2012 ‘ਚ ਰੂਸ ਨੇ ਅਮਰੀਕਾ ਅਤੇ ਉਸਦੇ ਜੋਟੀਦਾਰਾਂ ਵੱਲੋਂ ਸੰਯੁਕਤ ਰਾਸ਼ਟਰ ਸੁਰੱਖਿਆ ਕਾਉਂਸਲ ‘ਚ ਸੀਰੀਆ ਬਾਰੇ ਲਿਆਂਦੇ ਦੋ ਮਤਿਆਂ ਨੂੰ ਵੀਟੋ ਕੀਤਾ। ਇੱਕ ਮਤਾ ਸੀਰੀਆਈ ਸੰਕਟ ਨੂੰ ਕੌਮਾਂਤਰੀ ਕ੍ਰਿਮੀਨਲ ਕੋਰਟ ‘ਚ ਲਿਆਉਣ ਦਾ ਸੀ। ਇਸ ਮਤੇ ਨੂੰ 65 ਦੇਸ਼ਾਂ ਦੀ ਹਮਾਇਤ ਹਾਸਲ ਸੀ। ਪਰ ਰੂਸ ਨੇ ਇਸਨੂੰ ਵੀਟੋ ਕਰ ਦਿੱਤਾ। ਦੂਸਰਾ ਮਤਾ ਸੀਰੀਆ ‘ਤੇ ਪਬੰਦੀਆਂ ਲਾਉਣ ਸਬੰਧੀ ਸੀ। ਇਸ ਨੂੰ ਰੂਸ ‘ਤੇ ਚੀਨ ਦੋਵਾਂ ਨੇ ਵੀਟੋ ਕਰ ਦਿੱਤਾ।

ਫਿਰ ਵੀ ਜਦੋਂ ਅਮਰੀਕਾ ਅਤੇ ਉਸਦੇ ਜੋਟੀਦਾਰ ਸੀਰੀਆ ‘ਤੇ ਫੌਜੀ ਹਮਲੇ ਦੀ ਤਿਆਰੀ ‘ਚ ਰੁੱਝੇ ਰਹੇ ਤਾਂ ਰੂਸ ਫੌਜੀ ਟਕਰਾਅ ਲਈ ਤਿਆਰ ਹੋ ਗਿਆ। ਰੂਸੀ ਜੰਗੀ ਬੇੜੇ ਸੀਰੀਆਈ ਪਾਣੀਆਂ ‘ਚ ਪਹੁੰਚ ਗਏ।

ਯੂਰਪੀਅਨ ਯੂਨੀਅਨ ਟਾਈਮਜ਼ (EU Times) ਨਾਂ ਦੇ ਅਖ਼ਬਾਰ ਦੀ ਰਿਪੋਰਟ ਅਨੁਸਾਰ ਰੂਸੀ ਰਾਸ਼ਟਰਪਤੀ ਪੂਤਿਨ ਨੇ ਰੂਸੀ ਫੌਜ ਨੂੰ ਜੰਗ ਦੀ ਤਿਆਰੀ ਕਰਨ ਲਈ ਕਹਿ ਦਿੱਤਾ ਸੀ। ਅਮਰੀਕਾ ਅਤੇ ਇਸਦੇ ਪੱਛਮੀ ਜੋਟੀਦਾਰਾਂ ਨੂੰ ਸਖਤ ਚੇਤਾਵਨੀ ਦਿੰਦੇ ਹੋਏ ਕਿਹਾ ਜੇਕਰ ਅਮਰੀਕਾ ਜਾਂ ਕਿਸੇ ਹੋਰ ਪੱਛਮੀ ਦੇਸ਼ ਨੇ ਸੀਰੀਆ ਉੱਪਰ ਇੱਕ ਵੀ ਮਿਜ਼ਾਇਲ ਦਾਗੀ ਤਾਂ ਰੂਸੀ ਫੌਜ ਅਮਰੀਕਾ ਦੇ ਇਤਿਹਾਦੀ ਸਾਊਦੀ ਅਰਬ ਨੂੰ ਰੂਸੀ ਫੌਜ ਪੂਰੀ ਤਰ੍ਹਾਂ ਤਬਾਹ ਅਤੇ ਖਤਮ ਕਰ ਦੇਵੇਗੀ।

ਸੀਰੀਆ ਰੂਸ ਦਾ ਪੁਰਾਣਾ ਅਤੇ ਵਫ਼ਾਦਾਰ ਇਤਿਹਾਦੀ ਰਿਹਾ ਹੈ। ਅਗਸਤ 2013 ‘ਚ ਸਾਊਦੀ ਅਰਬ ਦਾ ਸੁਰੱਖਿਆ ਮੁਖੀ ਰਾਜਕੁਮਾਰ ਬਾਨਜਰ ਮਾਸਕੋ ਪਹੁੰਚਿਆ ਅਤੇ ਸੀਰੀਆ ਨੂੰ ਛੱਡਣ ਬਦਲੇ ਇਸਨੂੰ 15 ਬਿਲੀਅਨ ਡਾਲਰ ਦੇ ਸੁਰੱਖਿਆ ਠੇਕੇ ਦੇਣ ਦੀ ਪੇਸ਼ਕਸ਼ ਕੀਤੀ। ਪਰ ਰੂਸ ਨੇ ਇਹ ਪੇਸ਼ਕਸ਼ ਠੁਕਰਾ ਦਿੱਤੀ ਸੀ। ਲੀਬੀਆ ਤੋਂ ਬਾਅਦ ਸੀਰੀਆ ਰੂਸੀ ਹਥਿਆਰਾਂ ਦਾ ਇਸ ਖਿੱਤੇ ‘ਚ ਸਭ ਤੋਂ ਵੱਡਾ ਖਰੀਦਦਾਰ ਹੈ ਅਤੇ ਰੂਸ ਲੀਬੀਆ ਵਾਂਗ ਉਸਨੂੰ ਗਵਾਉਣਾ ਨਹੀਂ ਚਾਹੁੰਦਾ।

ਸੀਰੀਆ ਮਾਮਲੇ ‘ਤੇ ਰੂਸ ਦੇ ਸਿੱਧੇ ਜੰਗ ‘ਚ ਉੱਤਰ ਆਉਣ ਦੇ ਡਰੋਂ ਅਮਰੀਕਾ ਅਤੇ ਉਸਦੇ ਜੋਟੀਦਾਰਾਂ ਨੂੰ ਪਿੱਛੇ ਹਟਣਾ ਪਿਆ। ਸੀਰੀਆ ਵਿੱਚ ਅਮਰੀਕੀ ਹਮਾਇਤ, ਸਿਖਲਾਈ  ਅਤੇ ਹਥਿਆਰ ਪ੍ਰਾਪਤ ਵਿਦਰੋਹੀਆਂ ਅਤੇ ਦੂਜੇ ਪਾਸੇ ਰੂਸੀ ਫੌਜੀ ਇਮਦਾਦ ‘ਤੇ ਟਿਕੀ ਅਸਦ ਸਰਕਾਰ ਦਰਮਿਆਨ ਖਾਨਾਜੰਗੀ ਚਲਦੀ ਰਹੀ ਹੈ।

ਸਾਬਕਾ ਸੋਵੀਅਤ ਗਣਰਾਜ :
ਅੰਤਰ ਸਾਮਰਾਜੀ ਖਹਿਭੇੜ ਦਾ ਇੱਕ ਹੋਰ ਅਖਾੜਾ

1991 ‘ਚ ਸੋਵੀਅਤ ਯੂਨੀਅਨ ਦੇ ਢਹਿਢੇਰੀ ਹੋਣ ਤੋਂ ਬਾਅਦ ਰੂਸੀ ਸੰਘ ਨੇ ਖੁਦ ਨੂੰ ਸੋਵੀਅਤ ਯੂਨੀਅਨ ਦਾ ਕਨੂੰਨੀ ਵਾਰਿਸ ਐਲਾਨਿਆ। ਰੂਸ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕਾਉਂਸਿਲ ‘ਚ ਸੋਵੀਅਤ ਪੋਜੀਸ਼ਨ, ਪ੍ਰਮਾਣੂ ਅਸਲਾ, ਸਾਰੇ ਸੰਸਾਰ ‘ਚ ਇਸਦੇ ਦੂਤਘਰਾਂ ਸਮੇਂ ਕੂਟਨੀਤਕ ਸੇਵਾਵਾਂ ਆਦਿ ਵਿਰਸੇ ‘ਚ ਹਾਸਲ ਕੀਤੇ।

ਨਾਟੋ ਦੇ ਵਿਰੋਧ ‘ਚ ਬਣਿਆ ਰੂਸੀ ਅਗਵਾਈ ਵਾਲ਼ਾ ਫੌਜੀ ਧੜਾ ਵਾਰਸਾ ਸਮਝੌਤਾ ਖਤਮ ਹੋ ਗਿਆ। ਆਉਣ ਵਾਲ਼ੇ ਕਈ ਸਾਲਾਂ ਤੱਕ ਰੂਸ ਨੇ ਆਪਣੀ ਮਾੜੀ ਆਰਥਿਕ-ਸਿਆਸੀ ਹਾਲਤ ਕਾਰਨ ਅਮਰੀਕ ਸਾਮਰਾਜ ਦਾ ”ਜੂਨੀਅਰ ਪਾਟਨਰ” ਬਣੇ ਰਹਿਣਾ ਸੀ। ਪਰ ਅਮਰੀਕੀ ਸਾਮਰਾਜੀਆਂ ਨੇ ਨਾਟੋ ਨੂੰ ਭੰਗ ਨਾ ਕੀਤਾ। ਭਾਵੇਂ ਕਈ ਯੂਰਪੀ ਰਾਜਾਂ ਨੇ ਇਸ ‘ਤੇ ਹੋਣ ਵਾਲ਼ੇ ਫੌਜੀ ਖਰਚ ਅਤੇ ਆਪਣੀਆਂ ਫੌਜਾਂ ਦੀ ਨਫਰੀ ‘ਚ ਕੁੱਝ ਕਟੌਤੀ ਜਰੂਰ ਕੀਤੀ। ਪਰ ਨਾਟੋ ਦਾ ਭੂਗੋਲਿਕ ਵਿਸਥਾਰ ਲਗਾਤਾਰ ਜਾਰੀ ਰਿਹਾ। ਅਮਰੀਕੀ ਸਾਮਰਾਜੀਆਂ ਨੂੰ ਇਸ ਗੱਲ ਦਾ ਅੰਦਾ ਸੀ ਕਿ ਰੂਸ ਜਿਵੇਂ ਹੀ ਆਪਣੀਆਂ ਅੰਦਰੂਨੀ ਸਮੱਸਿਆਵਾਂ ਤੋਂ ਉੱਭਰੇਗਾ, ਉਹ ਫਿਰ ਤੋਂ ਅੰਤਰ-ਸਾਮਰਾਜੀ ਖਹਿਭੇੜ ‘ਚ ਕੁੱਦੇਗਾ। ਇਸ ਲਈ ਅਮਰੀਕਾ ਦੀ ਅਗਵਾਈ ਨਾਟੋ ਨੇ ਰੂਸ ਦੀ ਘੇਰਾਬੰਦੀ ਜਾਰੀ ਰੱਖੀ।

‘ਠੰਡੀ ਜੰਗ’ ਦੇ ਖਾਤਮੇ ਤੋਂ ਬਾਅਦ ਨਾਟੋ ਦਾ ਪਹਿਲਾ ਵਿਸਥਾਰ 3 ਅਕਤੂਬਰ 1990 ਨੂੰ ਹੋਏ ਜਰਮਨੀ ਦੇ ਏਕੀਕਰਨ ਨਾਲ਼ ਹੋਇਆ। ਜੁਲਾਈ 1997 ‘ਚ ਹੰਗਰੀ, ਚੈੱਕ ਗਣਰਾਜ ਅਤੇ ਪੋਲੈਂਡ ਨੂੰ ਨਾਟੋ ‘ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਅਤੇ 1999 ‘ਚ ਇਹ ਦੇਸ਼ ਬਕਾਇਦਾ ਨਾਟੋ ਦੇ ਮੈਂਬਰ ਬਣ ਗਏ। ਮਾਰਚ 2004 ‘ਚ ਸੱਤ ਹੋਰ ਪੂਰਬੀ ਅਤੇ ਉੱਤਰੀ ਯੂਰਪੀ ਦੇਸ਼ ਨਾਟੋ ‘ਚ ਸ਼ਾਮਲ ਹੋ ਗਏ। ਇਹ ਦੇਸ਼ ਸਨ: ਇਸਤੋਨੀਆ, ਲਾਤਵੀਆ, ਲਿਥੁਆਨੀਆ, ਸਲੋਵੇਨੀਆ, ਸਲੋਵਾਕੀਆ, ਬੁਲਗਾਰੀਆ ਅਤੇ ਰੋਮਾਨੀਆ। ਅਪ੍ਰੈਲ 2009 ‘ਚ ਕਰੋਸ਼ੀਆ ਅਤੇ ਅਲਬਾਨੀਆ ਨਾਟੋ ਮੈਂਬਰ ਬਣੇ। ਜਾਰਜੀਆ ਅਤੇ ਯੁਕਰੇਨ ਨੂੰ ਵੀ ਨਾਟੋ ਮੈਂਬਰ ਬਣਨ ਦਾ ਸੱਦਾ ਦਿੱਤਾ ਗਿਆ। ਨਾਟੋ ਦੇ ਇਹਨਾਂ ਵਧਦੇ ਕਦਮਾਂ ‘ਤੇ ਰੂਸ ਬੁੜ-ਬੁੜ ਤਾਂ ਸ਼ੁਰੂ ਤੋਂ ਹੀ ਕਰਦਾ ਰਿਹਾ ਹੈ ਪਰ ਨਾਟੋ ਦੁਆਰਾ ਰੂਸ ਦੀ ਕੀਤੀ ਜਾ ਰਹੀ ਲਗਾਤਾਰ ਘੇਰਾਬੰਦੀ ‘ਤੇ ਰੂਸ ਵੱਲੋਂ ਇੱਕ ਦਿਨ ਤਾਂ ਤਿੱਖੀ ਪ੍ਰਤੀਕਿਰਿਆ ਤਾਂ ਹੋਣੀ ਹੀ ਸੀ।

ਅਪ੍ਰੈਲ 2008 ‘ਚ ਨਾਟੋ ਦੇ ਬੁਖਾਰੇਸਟ ਸਿਖਰ ਸੰਮੇਲਨ ‘ਚ ਅਮਰੀਕੀ ਰਾਸ਼ਟਰਪਤੀ ਜਾਰਜ ਬੁਸ਼ ਨੇ ਜਾਰਜੀਆ ਅਤੇ ਯੂਕਰੇਨ ਨੂੰ ਨਾਟੋ ‘ਚ ਸ਼ਾਮਲ ਕਰਨ ਦੀਆਂ ਕੋਸ਼ਿਸ਼ਾਂ ਅਰੰਭੀਆਂ। ਦਸੰਬਰ 2008 ‘ਚ ਇਹਨਾਂ ਦੇਸ਼ਾਂ ਦੇ ਨਾਟੋ ‘ਚ ਸ਼ਾਮਲ ਹੋਣ ਦੀ ਅਰਜ਼ੀ ‘ਤੇ ਵਿਚਾਰ ਕੀਤੀ ਜਾਣੀ ਸੀ। ਇਹਨਾਂ ਦੇਸ਼ਾਂ ਦੇ ਨਾਟੋ ਮੈਂਬਰ ਬਣਨ ਨਾਲ਼ ਨਾਟੋ ਦੁਆਰਾ ਰੂਸ ਦੀ ਘੇਰਾਬੰਦੀ ਹੋਰ ਵੀ ਤੰਗ ਹੋ ਜਾਣੀ ਸੀ।

ਅਗਸਤ 2008 ‘ਚ ਰੂਸ ਨੇ ਜਾਰਜੀਆ ‘ਤੇ ਹਮਲਾ ਵਿੱਢ ਦਿੱਤਾ। ਇਸਦੇ ਰੂਸ ਪੱਖੀ ਖਿੱਤਿਆਂ ਦੱਖਣੀ ਓਸੇਤੀਆ ਅਤੇ ਅਬਖਾਜੀਆਂ ਨੂੰ ਜਾਰਜੀਆ ਤੋਂ ਅਲੱਗ ਕਰਕੇ ਅਜ਼ਾਦ ਗਣਰਾਜ ਵਜੋਂ ਮਾਨਤਾ ਦੇ ਦਿੱਤੀ। ਸੋਵੀਅਤ ਯੂਨੀਅਨ ਟੁੱਟਣ ਤੋਂ ਬਾਅਦ ਇਹ ਕਿਸੇ ਦੇਸ਼ ‘ਤੇ ਰੂਸ ਦਾ ਪਹਿਲਾ ਫੌਜੀ ਹਮਲਾ ਸੀ। ਇਸ ਹਮਲੇ ਦਾ ਮਕਸਦ ਜਾਰਜੀਆ ਨੂੰ ਨਾਟੋ ‘ਚ ਸ਼ਾਮਲ ਹੋਣੋਂ ਰੋਕਣਾ ਸੀ।

ਇਹਨੀਂ ਦਿਨੀਂ ਯੁਕਰੇਨ ਦੇ ਮਾਮਲੇ ‘ਤੇ ਰੂਸੀ ਅਤੇ ਨਾਟੋ ਫੌਜਾਂ ਆਹਮੋ-ਸਾਹਮਣੇ ਹਨ। ਕਈ ਵਿਸ਼ਲੇਸ਼ਕ ਇਸਨੂੰ ‘ਠੰਡੀ ਜੰਗ’ ਦੇ ਖਾਤਮੇ ਤੋਂ ਬਾਅਦ ਦਾ ਸਭ ਤੋਂ ਬੁਰਾ ਪੂਰਬ ਪੱਛਮ ਸੰਕਟ ਕਹਿ ਰਹੇ ਹਨ। ਬ੍ਰਿਟੇਨ ਦੇ ਵਿਦੇਸ਼ ਸਕੱਤਰ ਵਿਲੀਅਮ ਹੇਗ ਦਾ ਕਹਿਣਾ ਹੈ ਕਿ ਇਹ ”ਯੂਰਪ ‘ਚ 21ਵੀਂ ਸਦੀ ਦਾ ਸਭ ਤੋਂ ਵੱਡਾ ਸੰਕਟ ਹੈ।” ਨਾਟੋ ਦੇ ਜਨਰਲ ਸਕੱਤਰ ਆਂਦਰੇ ਫੋਗ ਰਾਸਮੁਸੇਨ ਦਾ ਕਹਿਣਾ ਹੈ ਕਿ ਇਹ ”ਠੰਡੀ ਜੰਗ ਦੇ ਖਾਤਮੇ ਤੋਂ ਬਾਅਦ ਯੂਰਪ ਦੀ ਸੁਰੱਖਿਆ ਅਤੇ ਸਥਿਰਤਾ ਲਈ ਸਭ ਤੋਂ ਵੱਡਾ ਖਤਰਾ ਹੈ।”

ਉਂਝ ਤਾਂ ਸੋਵੀਅਤ ਯੂਨੀਅਨ ਦੇ ਟੁੱਟਣ ਤੋਂ ਬਾਅਦ ਹੀ ਯੁਕਰੇਨ ‘ਚ ਪੱਛਮੀ ਸਾਮਰਾਜੀ ਤਾਕਤਾਂ ਸਰਗਰਮ ਰਹੀਆਂ ਹਨ ਪਰ ਵਰਤਮਾਨ ਸੰਕਟ ਦੀ ਸ਼ੁਰੂਆਤ ਫਰਵਰੀ 2014 ‘ਚ ਹੋਈ ਜਦੋਂ ਯੁਕਰੇਨ ਦੀਆਂ ਪੱਛਮ-ਪ੍ਰਸਤ ਤਾਕਤਾਂ ਨੇ ਰੂਸ ਪੱਖੀ ਰਾਸ਼ਟਰਪਤੀ ਵਿਕਟਰ ਯਾਨੁਕੋਵਿਚ ਨੂੰ ਅਹੁਦੇ ਤੋਂ ਹਟਾ ਦਿੱਤਾ। ਨਵੀਂ ਬਣੀ ਸਰਕਾਰ ਦਾ ਪੱਛਣ ਵੱਲ ਸਾਫ਼ ਝੁਕਾਅ ਸੀ। ਪੱਛਮੀ ਸਾਮਰਾਜੀ ਤਾਕਤਾਂ ਨੇ ਫਰਵਰੀ 2014 ਦੇ ਯੁਕਰੇਨੀ ਰਾਜ ਪਲਟੇ ਨੂੰ ਯੁਕਰੇਨੀ ਇਨਕਲਾਬ ਦਾ ਨਾਂ ਦਿੱਤਾ ਜਦਕਿ ਰੂਸ ਨੇ ਇਸ ਨਵੀਂ ਪੱਛਮ ਪੱਖੀ ਸਰਕਾਰ ਨੂੰ ਮਾਨਤਾ ਨਾ ਦਿੱਤੀ।

ਮਾਰਚ 2014 ‘ਚ ਰੂਸ ਨੇ ਯੁਕਰੇਨ ਦੇ ਇੱਕ ਅਹਿਮ ਖਿੱਤੇ ਕਰੀਮੀਆ ‘ਤੇ ਕਬਜ਼ਾ ਕਰ ਲਿਆ। ਪੂਤਿਨ ਨੇ ਕਿਹਾ ਕਿ ਰੂਸ ਦਾ ਇਹ ਕਦਮ ਰੂਸ ਦੀ ”ਘੇਰਾਬੰਦੀ” ਦੀ ਪੱਛਮੀ ਨੀਤੀ ਵੱਲ ਹੁੰਘਾਰਾ ਹੈ।

ਕਰੀਮੀਆ ‘ਤੇ ਕਬਜ਼ੇ ਨੇ ਰੂਸ ਦੇ ਕਾਲ਼ਾ ਸਾਗਰ ਜੰਗੀ ਬੇੜੇ ਦੀ ਸਮੱਸਿਆ ਸੁਲ਼ਝਾ ਦਿੱਤੀ। ਯੁਕਰੇਨ ਦੀ ਨਵੀਂ ਸਰਕਾਰ ਨੇ ਇਸਨੂੰਮ ਪੋਲ ਕਰੀਮੀਆ ਦੇ ਸਵਾਸਤੋਪੋਲ ਸ਼ਹਿਰ ਤੋਂ ਹਟਾਉਣ ਦਾ ਤਹੱਈਆ ਕੀਤਾ ਸੀ। ਕਾਲ਼ੇ ਸਾਗਰ ‘ਚ ਹੋਰ ਕਈ ਥਾਂ ਨਹੀਂ ਸੀ ਜਿੱਥੇ ਰੂਸ ਇਸ ਬੇੜੇ ਦਾ ਠਿਕਾਣਾ ਬਣਾ ਸਕਦਾ ਸੀ। ਕਿਉਂਕਿ ਹੋਰ ਹਰ ਥਾਵੇਂ ਸਿਆਲ਼ਾਂ ‘ਚ ਪਾਣੀ ਜੰਮ ਜਾਂਦਾ ਹੈ। ਇਸ ਤਰ੍ਹਾਂ ਕਰੀਮੀਆ ਨੂੰ ਆਪਣੇ ‘ਚ ਮਿਲ਼ਾ ਕੇ ਰੂਸ ਨੇ ਇਸ ਖਿੱਤੇ ‘ਚ ਆਪਣੀ ਯੁੱਧਨੀਤਕ ਪਕੜ ਮਜ਼ਬੂਤ ਕਰ ਲਈ।

ਇਹ ਸੰਕਟ ਜਾਰੀ ਹੈ। ਅਮਰੀਕਾ (ਅਤੇ ਨਾਟੋ) ਯੁਕਰੇਨ ‘ਚ ਰੂਸ ਵਿਰੋਧੀ ਤਾਕਤਾਂ ਨੂੰ ਹਥਿਆਰਬੰਦ ਕਰ ਰਿਹਾ ਹੈ। ਇਸ ਖਿੱਤੇ ‘ਚ ਰੂਸ ਅਤੇ ਨਾਟੋ ਫੌਜਾਂ ਦਾ ਜੰਮਘਟ ਵਧ ਰਿਹਾ ਹੈ। ਨੇੜ ਭਵਿੱਖ ‘ਚ ਇਸ ਸੰਕਟ ਦੇ ਹੱਲ ਹੋਣ ਦੇ ਅਸਾਰ ਘੱਟ ਹੀ ਹਨ।

ਉਪਰੋਕਤ ਖਿੱਤਿਆਂ ਤੋਂ ਇਲਾਵਾ ਅਫ਼ਰੀਕੀ ਮਹਾਂਦੀਪ ਵੀ ਸਾਮਰਾਜੀ ਤਾਕਤਾਂ ਦੇ ਖਹਿਭੇੜ ਦਾ ਅਖਾੜਾ ਬਣਿਆ ਹੋਇਆ ਹੈ। ਭਾਵੇਂ ਇਹ ਖਹਿਭੇੜ ਅਜੇ ਮੁੱਖ ਤੌਰ ‘ਤੇ ਆਰਥਿਕ ਖੇਤਰ ‘ਚ ਹੀ ਹੈ।

ਇਸ ਤੋਂ ਇਲਾਵਾ ਆਰਕਟਿਕ (ਉੱਤਰੀ ਧਰੁਵ) ‘ਤੇ ਕਬਜ਼ੇ ਲਈ ਵੀ ਰੂਸੀ ਅਤੇ ਨਾਟੋ ਫੌਜਾਂ ਆਹਮੋ-ਸਾਹਮਣੇ ਹਨ। ਸਾਮਰਾਜੀ ਤਾਕਤਾਂ ‘ਚ ਆਰਕਟਿਕ ‘ਤੇ ਕਬਜ਼ੇ ਲਈ ਸੰਘਰਸ਼ ਵੀ ਦਿਨੋਂ ਦਿਨ ਤਿੱਖਾ ਹੋ ਰਿਹਾ ਹੈ।

ਨਿਚੋੜ — ਸਾਮਰਾਜੀਆਂ ਦੀ ਮੁਨਾਫ਼ੇ ਦੀ ਹਵਸ ਲਗਾਤਾਰ ਮਨੁੱਖਤਾ ਨੂੰ ਅਨਿਆਈਂ ਜੰਗਾਂ ਦੀ ਅੱਗ ਵਿੱਚ ਝੋਕ ਰਹੀ ਹੈ। ਪਿਛਲੀ ਸਦੀ ਸਾਮਰਾਜੀਆਂ ਨੇ ਮਨੁੱਖਤਾ ਨੂੰ ਦੋ ਸੰਸਾਰ ਜੰਗਾਂ ‘ਚ ਝੋਕਿਆ ਜੋ ਕਰੋੜਾਂ ਲੋਕਾਂ ਨੂੰ ਨਿਗਲ਼ ਗਈਆਂ। ਅੱਜ ਫੇਰ ਲੁੱਟ ਦਾ ਮਾਲ ਵੰਡਣ ਲਈ ਧਰਤੀ ਦੇ ਵੱਖ-ਵੱਖ ਹਿੱਸਿਆਂ ‘ਤੇ ਕਬਜ਼ਿਆਂ ਲਈ ਸਾਮਰਾਜੀ ਜੰਗਾਂ ਦੀਆਂ ਤਿਆਰੀ ਕਰ ਰਹੇ ਹਨ। ਇਹ ਹਾਲਤ ਲੈਨਿਨ ਦੇ ਇਸ ਕਥਨ ਦੀ ਪੁਸ਼ਟੀ ਕਰ ਰਹੇ ਹਨ ਕਿ ”ਸਾਮਰਾਜ ਦਾ ਮਤਲਬ ਹੈ ਜੰਗ” ਅਤੇ ਕਿ ”ਜਦੋਂ ਤੱਕ ਨਿੱਜੀ ਜਾਇਦਾਦ ਅਧਾਰਤ ਢਾਂਚਾ ਰਹੇਗਾ, ਜੰਗਾਂ ਉੱਕਾ ਹੀ ਅਟੱਲ ਹਨ।”

ਸਾਮਰਾਜੀ ਜੰਗਾਂ ਦੀ ਅਸਲੀਅਤ ਲੋਕਾਂ ਮੂਹਰੇ ਲਿਆਉਣਾ ਅਨਿਆਈਂ ਜੰਗਾਂ ਦਾ ਵਿਰੋਧ ਕਰਨਾ ਇਨਕਲਾਬੀ ਤਾਕਤਾਂ ਦਾ ਇਸ ਸਮੇਂ ਇੱਕ ਅਹਿਮ ਕਾਰਜ ਹੈ ਅਤੇ ਇਸਦੇ ਨਾਲ਼ ਹੀ ਮਜ਼ਦੂਰ ਜਮਾਤ ਅਤੇ ਉਸਦੇ ਸੰਗੀ ਕਿਰਤੀ ਲੋਕਾਂ ਨੂੰ ਹੱਕੀ ਲੜਾਈ ਲਈ ਤਿਆਰ ਕਰਨਾ ਵੀ। ਤਾਂ ਕਿ ਸੰਸਾਰ ਸਾਮਰਾਜੀ ਪ੍ਰਬੰਧ ਨੂੰ ਹਮੇਸ਼ਾ ਲਈ ਦਫ਼ਨ ਕੀਤਾ ਜਾ ਸਕੇ। ਸਿਰਫ਼ ਤਾਂ ਹੀ ਮਨੁੱਖਤਾ ਨੂੰ ਇਹਨਾਂ ਅਨਿਆਈਂ ਜੰਗਾਂ ਤੋਂ ਨਿਜ਼ਾਤ ਮਿਲ਼ ਸਕੇਗੀ।

“ਪਰ੍ਤੀਬੱਧ”, ਅੰਕ 25, ਜੂਨ 2015 ਵਿਚ ਪਰ੍ਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s