ਸਲਾਵੋਏ ਜ਼ਿਜ਼ੇਕ ਦੀ ਨਵੀਂ ਕਿਤਾਬ ‘ਦਿ ਯਿਅਰ ਆਫ਼ ਡਰੀਮਿੰਗ ਡੇਂਜਰਸਲੀ’ ਦੀ ਸਮੀਖਿਆ -ਸ਼ਿਸ਼ਿਰ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

 ‘ਖ਼ਤਰਨਾਕ ਤਰੀਕੇ ਨਾਲ਼ ਸੁਫ਼ਨੇ ਦੇਖਣ’ ਅਤੇ ਬੈਠੇ-ਠਾਲ਼ੇ,
ਨੁਕਸਾਨਦੇਹ ਤੇ ਨਾਮੁਰਾਦ ਸਿਧਾਂਤੀਕਰਣ ਦਾ ਵਰ੍ਹਾ

ਸਲਾਵੋਏ ਜ਼ਿਜ਼ੇਕ ਨੂੰ ਕਈ ਲੋਕ ਅਜ ਕੌਮਾਂਤਰੀ ਖਬੇਪਖ ਦਾ ਏਲਿਵਸ ਪ੍ਰਿਸਲੇ ਕਹਿੰਦੇ ਹਨ। ਇਹ ਸੂਤਰੀਕਰਣ ਅੰਸ਼ਕ ਤੌਰ ‘ਤੇ ਸੱਚ ਹੈ ਪਰ ਉਹਨਾਂ ਦੀਆਂ ਪਿਛਲੀਆਂ ਸਾਰੀਆਂ ਕਿਤਾਬਾਂ ਦੇ ਅਧਿਐਨ ਤੋਂ ਅਜਿਹਾ ਲਗਦਾ ਹੈ ਕਿ ਉਹਨਾਂ ਨੂੰ ਕੌਮਾਂਤਰੀ ਖਬੇ ਪਖ ਦੀ ਪੈਰਿਸ ਹਿਲਟਨ ਕਹਿਣਾ ਜ਼ਿਆਦਾ ਸਹੀ ਹੋਵੇਗਾ! ਸਲਾਵੋਏ ਜ਼ਿਜ਼ੇਕ ਦੀ ਪ੍ਰਸਿਧੀ ਆਪਣੀਆਂ ਕਿਰਤਾਂ ਦੇ ਅਸਲ ਵਿਸ਼ਾ-ਵਸਤੂ ਅਤੇ ਨਵੇਂਪਨ ਕਾਰਣ ਘਟ ਹੈ ਅਤੇ ਉਹਨਾਂ ਦੇ ਫੈਸ਼ਨਪ੍ਰਸਤ ਉੱਤਰ ਮਾਰਕਸਵਾਦੀ, ਲਕਾਨਿਅਨ, ਹੇਗੇਲਿਅਨ ਪ੍ਰਗਟਾਵਾ ਸ਼ੈਲੀ ਕਾਰਣ ਜ਼ਿਆਦਾ ਹੈ। ਤੁਸੀਂ ਜ਼ਿਜ਼ੇਕ ਬਾਰੇ ਕੁੱਝ ਵੀ ਕਹਿ ਸਕਦੇ ਹੋ ਪਰ ਇਹ ਨਹੀਂ ਕਹਿ ਸਕਦੇ ਕਿ ਉਹ ਬੋਰ ਕਰਦੇ ਹਨ ਪਰ ਅਜਿਹੀ ਗੱਲ ਗੋਵਿੰਦਾ ਬਾਰੇ ਵੀ ਕਹੀ ਜਾ ਸਕਦੀ ਹੈ! ਜ਼ਿਜ਼ੇਕ ਕੋਲ਼ ਇੱਕ ਤਾਕਤਵਰ ਰੂਪ ਹੈ, ਜਿਹਦੀ ਉਹ ਕੁਸ਼ਲਤਾ ਨਾਲ਼ ਵਰਤੋਂ ਕਰਦੇ ਹਨ ਪਰ ਉਹ ਇਸ ਦੀ ਵਰਤੋਂ ਅਜਿਹੀਆਂ ਗੱਲਾਂ ਕਹਿਣ ਲਈ ਕਰਦੇ ਹਨ ਜੋ ਆਮ ਕਰਕੇ ਸਿਧਾਂਤਕ ਤੌਰ ‘ਤੇ ਬੇਹੱਦ ਗ਼ਰੀਬ, ਕਈ ਵਾਰ ਤੱਥਵਾਰ ਗ਼ਲਤ ਅਤੇ ਖ਼ਰਾਬ ਕਿਸਮ ਦੇ ਸਾਰ-ਸੰਗ੍ਰਿਹਵਾਦ ਦੀਆਂ ਮਿਸਾਲਾਂ ਹੁੰਦੀਆਂ ਹਨ। ਉਹਨਾਂ ਦੀ ਨਵੀਂ ਕਿਤਾਬ ਦੀ ਇਸ ਸਮੀਖਿਆ ਵਿੱਚ ਅਸੀਂ ਉਹਨਾਂ ਦੇ ਕੁੱਝ ਸਿਧਾਂਤਕੀਕਰਣਾਂ ‘ਤੇ ਇੱਕ ਸੰਖੇਪ ਨਜ਼ਰ ਮਾਰਾਂਗੇ ਅਤੇ ਉਹਨਾਂ ਦੀ ਪੜਤਾਲ ਕਰਾਂਗੇ। ਵੈਸੇ ਤਾਂ ਜ਼ਿਜ਼ੇਕ ਚਲਦੇ-ਚਲਦੇ ਜੋ ਸਾਰੀਆਂ ਗੱਲਾਂ ਚੁਟਕਲਿਆਂ ਅਤੇ ਮਾਨਤ ਤੱਥਾਂ ਦੇ ਤੌਰ ‘ਤੇ ਕਰਦੇ ਹਨ, ਉਹਨਾਂ ਦੇ ਵਿਕਾਰਾਂ ਅਤੇ ਝੂਠਾਂ ਬਾਰੇ ਵੀ ਬਹੁਤ-ਕੁੱਝ ਕਿਹਾ ਜਾ ਸਕਦਾ ਹੈ ਪਰ ਇਥੇ ਅਸੀਂ ਆਪਣੇ ਆਪਨੂੰ ਇੱਕ ਸਿਆਸੀ ਸਮੀਖਿਆ ਤੱਕ ਕੇਂਦਰਤ ਰੱਖਾਂਗੇ। ਉਹਨਾਂ ਦੀ ਇਕ ਪੂਰਣ ਦਾਰਸ਼ਨਿਕ, ਸਿਆਸੀ ਅਤੇ ਸੱਭਿਆਚਾਰਕ ਅਲੋਚਨਾ ਨੂੰ ਅਸੀਂ ਭਵਿੱਖ ਲਈ ਸੁਰੱਖਿਅਤ ਰਖਾਂਗੇ। ਸਾਡਾ ਧਿਆਨ ਮੁਖ ਤੌਰ ‘ਤੇ ਇਸ ਗੱਲ ‘ਤੇ ਹੋਵੇਗਾ ਕਿ ਜ਼ਿਜ਼ੇਕ ਦੀ ਸਿਆਸਤ ਇਸ ਕਿਤਾਬ ਵਿੱਚ ਕਿਵੇਂ ਉੱਭਰਕੇ ਸਾਹਮਣੇ ਆਉਂਦੀ ਹੈ ਅਤੇ ਆਪਣੇ ਸਾਰੇ (ਮਾਰਕਸਵਾਦ ਤੋਂ ਵੱਧ!) ਰੈਡੀਕਲ ਦਾਅਵਿਆਂ ਤੋਂ ਬਾਅਦ ਅੰਤ ਵਿੱਚ ਉਹ ਕੀ ਹਾਂਦਰੂ ਮਤੇ ਸਾਡੇ ਸਾਹਮਣੇ ਰੱਖਦੇ ਹਨ। 

ਉਹਨਾਂ ਦੀ ਨਵੀਂ ਕਿਤਾਬ ‘ਦ ਯਿਅਰ ਆਫ਼ ਡਰੀਮਿੰਗ ਡੇਂਜਰਸਲੀ’ ਪਿਛਲੇ ਵਰ੍ਹੇ ਦੇ ਦੂਸਰੇ ਅਧ ਵਿੱਚ ਪ੍ਰਕਾਸ਼ਿਤ ਹੋਈ ਹੈ ਅਤੇ ਉਹਨਾਂ ਦੀ ਹਰ ਕਿਤਾਬ ਦੀ ਤਰ੍ਹਾਂ ਇਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਹ ਕਿਤਾਬ ਜ਼ਿਆਦਾ ਮੋਟੀ ਨਹੀਂ ਅਤੇ ਦਸ ਪਾਠਾਂ ਵਿੱਚ ਵੰਡੀ ਹੋਈ ਹੈ ਪਰ ਇਹਨਾਂ ਪਾਠਾਂ ਨੂੰ ‘ਪਾਠ’ ਕਹਿਣਾ ਸਹੀ ਨਹੀਂ ਹੋਵੇਗਾ। ਇਹਨਾਂ ਨੂੰ ਮਿਲ਼ਦੀ-ਜੁਲ਼ਦੀ ਵਿਸ਼ਾਵਸਤੂ ‘ਤੇ ਲੇਖਾਂ ਦਾ ਇਕ ਗ੍ਰਹਿ ਕਹਿਣਾ ਵੱਧ ਸਹੀ ਹੋਵੇਗਾ। ਮੁਖ ਤੌਰ ‘ਤੇ ਇਹ ਲੇਖ ‘ਵਾਲ ਸਟਰੀਟ ‘ਤੇ ਕਬਜ਼ਾ ਕਰੋ’ ਲਹਿਰ, ਲੰਡਨ ਦੰਗਿਆਂ ਅਤੇ ਅਰਬ ਬਸੰਤ ‘ਤੇ ਕੇਂਦਰਤ ਹਨ ਪਰ ਨਾਲ਼ ਹੀ ਨਾਰਵੇ ਵਿੱਚ ਏਂਡਰੂ ਬ੍ਰੇਵਿਕ ਦੁਆਰਾ ਕੀਤੇ ਗਏ ਨਸਲਵਾਦੀ ਸਮੂਹਿਕ ਕਤਲੇਆਮ ਦੀ ਵੀ ਗੱਲ ਕਰਦੇ ਹਨ। ਜ਼ਿਜ਼ੇਕ ਆਪਣੀ ਪਸੰਦੀਦਾ ਸ਼ੈਲੀ ਦੀ ਵਰਤੋਂ ਕਰਦੇ ਹੋਏ ਇਹਨਾਂ ਸਾਰੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਸਮਕਾਲੀ ਸੱਭਿਆਚਾਰਕ ਦ੍ਰਿਸ਼, ਜਿਵੇਂ ਕਿ ਫਿਲਮਾਂ, ਟੈਲੀਵੀਜ਼ਨ ਪ੍ਰੋਗਰਾਮਾਂ ਅਤੇ ਸੰਗੀਤ ਆਦਿ ਦੀਆਂ ਅਲੋਚਨਾਵਾਂ ਨਾਲ਼ ਜੋੜਦੇ ਹੋਏ ਕਰਦੇ ਹਨ ਅਤੇ ਜ਼ਿਜ਼ੇਕ ਦੇ ਲੇਖਣ ਦਾ ਇਹ ਤੱਤ ਹਮੇਸ਼ਾ ਵਾਂਗ ਉਹਨਾਂ ਦੇ ਲੇਖਣ ਨੂੰ ਅਕਾਊ ਨਹੀਂ ਹੋਣ ਦਿੰਦਾ ਪਰ ਇਸ ਸ਼ੈਲੀ ਦੀ ਵਰਤੋਂ ਕਰਦੇ ਹੋਏ ਅਸਲ ਵਿੱਚ ਉਹ ਜੋ ਕਰਦੇ ਹਨ, ਉਹ ਮੂਲ ਰੂਪ ਵਿੱਚ ਮਾਰਕਸਵਾਦ ਦੇ ਇਨਕਲਾਬੀ ਵਿਸ਼ਾ-ਵਸਤੂ ‘ਤੇ ਹਮਲਾ ਹੈ। ਆਪਣੇ ਵਿਸ਼ਲੇਸ਼ਣ ਦੌਰਾਨ ਉਹ ਸਾਰੇ ਹੋਰਨਾਂ ਅਵਾਰਾ ਤੇ ਸੱਟੇਬਾਜ਼ ਉੱਤਰ-ਮਾਰਕਸਵਾਦੀ ਦਾਰਸ਼ਨਿਕਾਂ ਅਤੇ ਚਿੰਤਕਾਂ ਵਾਂਗ ਬੇਹੱਦ ਬੇਤੁਕੀਆਂ ਦਿਖਣ ਵਾਲ਼ੀਆਂ ਤੁਲਨਾਵਾਂ ਕਰਦੇ ਹਨ ਅਤੇ ਉਹਨਾਂ ਵਿੱਚ ਬਰਾਬਰੀ ਲੱਭਣ ਦੀ ਲਾਟਰੀ ਖੇਡਦੇ ਹਨ। ਮਿਸਾਲ ਲਈ, ਜ਼ਿਜ਼ੇਕ ਜੇਕਰ ਕੀਕ੍ਰੇਗਾਰਦ, ਮਾਰਕਸ ਅਤੇ ਹੇਨਰਿਖ਼ ਹਾਈਨੇ ਦੀ ਤੁਲਨਾ ਕਰਨ ਤਾਂ ਤੁਹਾਨੂੰ ਹੈਰਾਨ ਨਹੀਂ ਹੋਣਾ ਚਾਹੀਦਾ। ਉਹ ਅਜਿਹੀਆਂ ਤੁਲਨਾਵਾਂ ਰਾਹੀਂ ਜੋ ਕਰਦੇ ਹਨ ਉਹ ਹੋਰ ਕੁੱਝ ਨਹੀਂ ਹੈ ਸਗੋਂ ਅਜਿਹੇ ਆਮ ਵਰਤਾਰਿਆਂ ਦੀ ਔਖੀ ਪੇਸ਼ਕਾਰੀ ਹੈ, ਜਿਸ ਦੀ ਹੋਰ ਵਿਚਾਰਕ, ਵਿਸ਼ੇਸ਼ ਕਰਕੇ ਮਾਰਕਸਵਾਦੀ ਵਿਚਾਰਕ ਪਹਿਲਾਂ ਹੀ ਸਹੀ ਢੰਗ ਨਾਲ਼ ਵਿਆਖਿਆ ਕਰ ਚੁੱਕੇ ਹਨ। ਅਜਿਹੀ ਪੇਸ਼ਕਾਰੀ ਲਈ ਉਹ ਹੇਗੇਲੀ ਅਤੇ ਲਕਾਂਵਾਦੀ ਦਾਰਸ਼ਨਿਕ ਅਤੇ ਵਿਚਾਰਕ ਸ਼੍ਰੇਣੀਆਂ ਦਾ ਇਸਤੇਮਾਲ ਕਰਦੇ ਹਨ। ਇਹਨਾਂ ਸ਼੍ਰੇਣੀਆਂ ਤੋਂ ਬਿਨਾ ਜ਼ਿਜ਼ੇਕ ਸਾਰ-ਸੰਗ੍ਰਿਹਵਾਦੀ ਢੰਗ ਨਾਲ਼ ਕਿਸੇ ਵੀ ਪੁਰਾਤਨ, ਮਧਕਾਲੀ, ਆਧੁਨਿਕ ਜਾਂ ਸਮਕਾਲੀ ਵਿਚਾਰਕ ਦੀਆਂ ਧਾਰਨਾਵਾਂ ਦੀ ਵਰਤੋਂ ਕਰ ਸਕਦੇ ਹਨ—ਤਾਓ, ਬੁੱਧ ਅਤੇ ਪਲੇਟੋ ਤੋਂ ਲੈਕੇ ਲਾਕ ਅਤੇ ਦੇਕਾਰਤ ਤੱਕ; ਕਾਂਟ, ਕੀਕਰੇਗਾਰਦ, ਅਡੋਰਨੋ, ਵਾਲਟਰ ਬੇਂਜਾਮਿਨ ਅਤੇ ਹਾਈਡੇਗਰ ਤੋਂ ਲੈਕੇ ਦੇਲਊਜ਼, ਨੇਗ੍ਰੀ, ਹਾਰਟ, ਬੇਦਊ ਅਤੇ ਜੁਡਿਤ ਬਟਲਰ ਤੱਕ। ਭਾਵੇਂਕਿ, ਇਹਨਾਂ ਧਾਰਨਾਵਾਂ ਵਿੱਚ ਆਮ ਕਰਕੇ ਕੁੱਝ ਵੀ ਆਮ ਨਹੀਂ ਹੁੰਦਾ ਪਰ ਕਿਸੇ ਵੀ ਦੋ ਧਾਰਨਾਵਾਂ, ਤੱਥਾਂ ਜਾਂ ਵਸਤੂਆਂ ਵਿੱਚ ਸਮਾਨਤਾ ਕੱਢੀ ਜਾ ਸਕਦੀ ਹੈ; ਜਿਵੇਂ, ਗਧੇ ਅਤੇ ਆਦਮੀ, ਦੋਵਾਂ ਦੇ ਹੀ ਦੋ ਕੰਨ ਅਤੇ ਦੋ ਅਖਾਂ ਹੁੰਦੀਆਂ ਹਨ! ਇਸ ਤਰ੍ਹਾਂ ਦੇ ਤਰਕ ਨਾਲ਼ ਜ਼ਿਜ਼ੇਕ ਲਗਾਤਾਰ ਅਡ-ਅਡ ਦਾਰਸ਼ਨਿਕ ਢਾਂਚਿਆਂ ਵਿੱਚ ਸਮਾਂਤਰ ਰੇਖਾਵਾਂ ਖਿਚਦੇ ਰਹਿੰਦੇ ਹਨ ਅਤੇ ਫਿਰ ਇਹਨਾਂ ਸਮਾਂਤਰ ਰੇਖਾਵਾਂ ਦੀ ਵਰਤੋਂ ਸਮਕਾਲੀ ਦ੍ਰਿਸ਼ ਦੀ ਵਿਆਖਿਆ ਕਰਨ ਲਈ ਕਰਦੇ ਹਨ। ਨਿਸ਼ਚਿਤ ਹੀ ਕਈ ਮਾਮਲਿਆਂ ਵਿੱਚ ਅਜਿਹੀਆਂ ਸਮਾਂਤਰ ਰੇਖਾਵਾਂ ਅਸਲ ਵਿੱਚ ਅੰਸ਼ਕ ਤੌਰ ‘ਤੇ ਕਾਰਗਰ ਸਿਧ ਹੁੰਦੀਆਂ ਹਨ ਅਤੇ ਕਈ ਵਾਰ ਇਹ ਹਾਸੋਹੀਣੀਆਂ ਹੁੰਦੀਆਂ ਹਨ। ਬਸ ਜ਼ਿਜ਼ੇਕ ਇਸ ਪੂਰੇ ਕੰਮ ਨੂੰ ਬੇਹੱਦ ਮਨੋਰੰਜਕ ਅਤੇ ਦਿਲਚਸਪ ਢੰਗ ਨਾਲ਼ ਸਿਰੇ ਚਾੜ੍ਹਦੇ ਹਨ ਜੋ ਕਿ ਪਾਠਕ ਨੂੰ ਉਹਨਾਂ ਦੇ ਲੇਖਣ ਨਾਲ਼ ਬੰਨ੍ਹੀ ਰੱਖਦਾ ਹੈ। ਇਸ ਢੰਗ ਨਾਲ਼ ਅਡ-ਅਡ ਥਾਵਾਂ ਤੋਂ ਅਡ-ਅਡ ਤੱਤਾਂ ਨੂੰ ਅੰਦਾਜੇ ਨਾਲ਼ ਜੋੜਨ ਅਤੇ ਜੋੜਕੇ ਉਹਨੂੰ ਆਪਣੀ ਸਮਕਾਲੀਨਤਾ ਦੀ ਵਿਆਖਿਆ ਵਿੱਚ ਬਿਠਾਉਣ ਨੂੰ ਅਸੀਂ ਸੱਟੇਬਾਜ਼ ਦਾਰਸ਼ਨਿਕ ਤਰੀਕਾਕਾਰ (ਸਪੇਕੂਲੇਟਿਵ ਫਿਲਾਸਫੀਕਲ ਮੈਥਡ) ਕਹਿ ਸਕਦੇ ਹਾਂ। ਨਾਲ਼ ਹੀ, ਕਿਉਂਕਿ ਇਹ ਵਿਸ਼ਲੇਸ਼ਣ ਅੰਤ ਵਿੱਚ ਕਿਤੇ ਨਹੀਂ ਲੈ ਕੇ ਜਾਂਦਾ, ਇਸ ਲਈ ਅਸੀਂ ਅਜਿਹੇ ਦਾਰਸ਼ਨਿਕਾਂ ਨੂੰ ‘ਅਵਾਰਾ’ (ਵੈਗਾਬਾਂਡ) ਵੀ ਕਹਿ ਸਕਦੇ ਹਾਂ। ਕੁੱਲ ਮਿਲਾਕੇ, ਲਕਾਂ ਦੇ ਮਨੋਵਿਸ਼ਲੇਸ਼ਣ, ਲੇਵੀ ਸਟ੍ਰਾਸ ਦੇ ਉੱਤਰਸੰਰਚਨਾਵਾਦ, ਉੱਤਰਆਧੁਨਿਕਤਾਵਾਦ ਅਤੇ ਸਾਰੀਆਂ ਹੋਰ ਮਾਰਕਸਵਾਦ-ਵਿਰੋਧੀ ਵਿਚਾਰ-ਪੰਗਤਾਂ ਤੋਂ ਮਿਲਣ ਵਾਲ਼ੀ ਜੂਠ ਦੀ ਵਰਤੋਂ ਕਰਦੇ ਹੋਏ ਉਹਨਾਂ ਦਾ ਦਰਸ਼ਨ ਆਪਣੇ ਆਪ ਨੂੰ ਮਾਰਕਸ ਤੋਂ ਵੱਧ ਰੈਡੀਕਲ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ ਅਤੇ ਲਗਾਤਾਰ ਇਹ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਮਾਰਕਸ ਕੀ-ਕੀ ਨਹੀਂ ਸਮਝ ਸਕੇ ਅਤੇ ਕਿੱਥੇ-ਕਿੱਥੇ ਉਹ ਗ਼ਲਤ ਸਨ।

ਜ਼ਿਜ਼ੇਕ ਆਪਣੀ ਕਿਤਾਬ ਦੀ ਸ਼ੁਰੂਆਤ ਅਜਿਹੀ ਹੀ ਇੱਕ ਕੋਸ਼ਿਸ਼ ਨਾਲ਼ ਕਰਦੇ ਹਨ। ਉਹ ਦਾਅਵਾ ਕਰਦੇ ਹਨ ਕਿ ਮਾਰਕਸ ਦਾ ‘ਸਿਆਸੀ ਅਰਥਿਕਤਾ ਦੀ ਅਲੋਚਨਾ ਵਿੱਚ ਯੋਗਦਾਨ‘ ਦਾ ਉਹ ਪ੍ਰਸਿੱਧ ਕਥਨ, ਜਿਸ ਵਿੱਚ ਉਹ ਪੈਦਾਵਾਰੀ ਸਬੰਧਾਂ ਤੇ ਪੈਦਾਵਾਰੀ ਤਾਕਤਾਂ ਅਤੇ ਆਰਥਿਕ ਅਧਾਰ ਤੇ ਉਸਾਰਢਾਂਚੇ ਦੇ ਅੰਤਰ-ਸਬੰਧਾਂ ਬਾਰੇ ਦੱਸਦੇ ਹਨ, ਅਸਲ ਵਿੱਚ ਇਤਿਹਾਸਵਾਦ ਅਤੇ ਜਨਮਵਾਦ ਦਾ ਸ਼ਿਕਾਰ ਹੈ। ਮਾਰਕਸ ਦੇ ਉਸ ਹਵਾਲੇ ਨੂੰ ਜੇਕਰ ਤੁਸੀਂ ਖ਼ੁਦ ਪੜ੍ਹੋ ਤਾਂ ਉਸ ਵਿੱਚ ਮਾਰਕਸ ਕਿਤੇ ਵੀ ਕੋਈ ਇਤਿਹਾਸਵਾਦੀ ਜਾਂ ਹੋਣੀਵਾਦੀ ਗੱਲ ਨਹੀਂ ਕਹਿ ਰਹੇ ਹਨ। ਜੋ ਉਹ ਕਹਿ ਰਹੇ ਹਨ ਉਹ ਸਿਰਫ਼ ਇੰਨਾ ਹੈ: ਸਮਾਜ ਵਿੱਚ ਲੋਕ ਪ੍ਰਭਾਵੀ ਪੈਦਾਵਾਰ ਢਾਂਚੇ ਦੇ ਤਹਿਤ ਆਪਣੀ ਇਛਾ ਤੋਂ ਅਜ਼ਾਦ ਨਿਸ਼ਚਿਤ ਪੈਦਾਵਾਰੀ ਸਬੰਧਾਂ ਵਿੱਚ ਬੱਝਦੇ ਹਨ; ਇਕ ਦੌਰ ਤੱਕ ਪ੍ਰਭਾਵੀ ਪੈਦਾਵਾਰੀ ਸਬੰਧ ਪੈਦਾਵਾਰੀ ਤਾਕਤਾਂ ਦੇ ਵਿਕਾਸ ਨੂੰ ਗਤੀ ਦਿੰਦੇ ਹਨ ਪਰ ਇਤਿਹਾਸ ਦੇ ਇੱਕ ਨਿਸ਼ਚਿਤ ਪੜਾਅ ‘ਤੇ ਪੈਦਾਵਾਰੀ ਤਾਕਤਾਂ ਦਾ ਵਿਕਾਸ ਮੌਜੂਦਾ ਪੈਦਾਵਾਰੀ ਸਬੰਧਾਂ ਤਹਿਤ ਸੰਭਵ ਨਹੀਂ ਰਹਿ ਜਾਂਦਾ; ਇਥੋਂ ਸਮਾਜਿਕ ਇਨਕਲਾਬ ਦਾ ਯੁੱਗ ਸ਼ੁਰੂ ਹੁੰਦਾ ਹੈ (ਇਹਦਾ ਇਹ ਅਰਥ ਨਹੀਂ ਹੈ ਕਿ ਕਿਸੇ ਪਹਿਲਾਂ ਤੋਂ ਤੈਅ ਮੌਕੇ ‘ਤੇ ਇਸ ਯੁੱਗ ਵਿੱਚ ਇਨਕਲਾਬ ਦਾ ਪੂਰਨ ਹੋ ਜਾਣਾ ਤੈਅ ਹੈ); ਅਗੇ ਮਾਰਕਸ ਦੱਸਦੇ ਹਨ ਕਿ ਕੋਈ ਵੀ ਢਾਂਚਾ ਪੈਦਾਵਾਰੀ ਤਾਕਤਾਂ ਦੇ ਵਿਕਾਸ ਦੇ ਮੌਜੂਦਾ ਢਾਂਚੇ ਅੰਦਰ ਰੋਕੇਜਾਣ ਹੋਣ ਤੋਂ ਪਹਿਲਾਂ ਤਬਾਹ ਨਹੀਂ ਹੋ ਸਕਦਾ ਅਤੇ ਨਵੇਂ ਪੈਦਾਵਾਰੀ ਸਬੰਧਾਂ ਦੀ ਸਥਾਪਨਾ ਤਦ ਤੱਕ ਨਹੀਂ ਹੋ ਸਕਦੀ ਜਦ ਤੱਕ ਕਿ ਉਹਦੇ ਲਈ ਲੋੜੀਂਦੀਆਂ ਸ਼ਰਤਾਂ ਮੌਜੂਦਾ ਢਾਂਚੇ ਅੰਦਰ ਹੀ ਪੂਰੀਆਂ ਨਾ ਹੋ ਗਈਆਂ ਹੋਣ (ਇਹਦਾ ਇਹ ਅਰਥ ਨਹੀਂ ਹੈ ਕਿ ਉਹ ਪੈਦਾਵਾਰੀ ਸਬੰਧ ਹੀ ਪੁਰਾਣੇ ਢਾਂਚੇ ਦੇ ਗਰਭ ਵਿੱਚ ਪੂਰੀ ਤਰ੍ਹਾਂ ਪੈਦਾ ਹੋ ਚੁੱਕੇ ਹੋਣ, ਇਥੇ ਮਾਰਕਸ ਸਿਰਫ਼ ਜ਼ਰੂਰੀ ਮੁਢਲੀਆਂ ਸ਼ਰਤਾਂ ਦੀ ਗੱਲ ਕਰ ਰਹੇ ਹਨ); ਅਤੇ ਅੰਤ ਵਿੱਚ ਮਾਰਕਸ ਇੱਸ ਸਿਟੇ ‘ਤੇ ਪਹੁੰਚਦੇ ਹਨ ਕਿ ਮਨੁੱਖਤਾ ਆਪਣੇ ਲਈ ਉਹੀ ਟੀਚਾ ਤੈਅ ਕਰ ਸਕਦੀ ਹੈ, ਜੋ ਟੀਚਾ ਉਹ ਅਸਲ ਵਿੱਚ ਹਾਸਲ ਕਰ ਸਕਦੀ ਹੈ। ਇਹਦਾ ਸਿਰਫ਼ ਇਨਾਂ ਹੀ ਅਰਥ ਹੈ ਕਿ ਗੁਲਾਮਦਾਰੀ ਸਮਾਜ ਜਾਂ ਜਗੀਰੂ ਸਮਾਜ ਦੀਆਂ ਲੁਟੀਂਦੀਆਂ ਜਮਾਤਾਂ ਕਮਿਊਨਿਸਟ ਸਮਾਜ ਦਾ ਸੁਫ਼ਨਾ ਨਹੀਂ ਦੇਖ ਸਕਦੀਆਂ ਸਨ; ਇਤਿਹਾਸ ਨੇ ਉਹਨਾਂ ਸਾਹਮਣੇ ਜੋ ਸੰਭਾਵਨਾ ਦਾ ਦੁਮੇਲ ਹਾਜ਼ਰ ਕੀਤਾ ਸੀ, ਉਹਨਾਂ ਦੀ ਕਲਪਨਾ ਉਹਦੀ ਹੱਦ ਵਿੱਚ ਹੀ ਰਹਿ ਸਕਦੀ ਸੀ। ਨਿਸ਼ਚਿਤ ਤੌਰ ‘ਤੇ, ਇਸ ਹੱਦ ਅੰਦਰ ਉਹਨਾਂ ਦੀਆਂ ਪਰਿਕਲਪਨਾਵਾਂ ਇਕਹਰੀਆਂ ਜਾਂ ਪਹਿਲਾਂ ਤੋਂ ਤਿਆਰ ਕੀਤੀਆਂ ਨਹੀਂ ਹੋਣਗੀਆਂ ਸਗੋਂ ਭਾਂਤ-ਸੁਭਾਂਤੀਆਂ ਹੋਣਗੀਆਂ ਪਰ ਜ਼ਿਜ਼ੇਕ ਲਈ ਅਜਿਹੀ ਕੋਈ ਹੱਦ ਨਹੀਂ ਹੈ। ਇੱਕ ਸੱਚੇ ਭਾਵਵਾਦੀ-ਹੇਗੇਲਵਾਦੀ ਵਾਂਗ ਉਹ ਕਹਿੰਦੇ ਹਨ ਕਿ ਅਜੇ ਦੇ ਦੌਰ ਵਿੱਚ ਵੀ ਭਾਵੀ ਬਿਹਤਰ ਸਮਾਜ ਬਾਰੇ ਕੋਈ ਪਰਿਕਲਪਨਾ ਨਹੀਂ ਉਸਾਰੀ ਜਾਣੀ ਚਾਹੀਦੀ। ਉਸ ਨੂੰ ਪੂਰੀ ਤਰ੍ਹਾਂ ਨਾਲ਼ ਗੁਪਤਤਾ ਦੇ ਰਾਜ ਦੀ ਵਸਤੂ ਮੰਨਿਆ ਜਾਣਾ ਚਾਹੀਦਾ ਹੈ, ਜਿਸ ਨੂੰ ਜ਼ਿਜ਼ੇਕ ਕਮਿਊਨਿਜ਼ਮ ਏਬਸਕਾਂਡਿਟਸ ਦਾ ਨਾਮ ਦਿੰਦੇ ਹਨ। ਇਹਦਾ ਅਰਥ ਹੈ ਇੱਕ ਅਜਿਹਾ ਕਮਿਊਨਿਜ਼ਮ ਜਿਹਦੇ ਬਾਰੇ ਪਹਿਲਾਂ ਤੋਂ ਕੋਈ ਨਕਸ਼ਾ ਤਿਆਰ ਨਹੀਂ ਕੀਤਾ ਜਾਣਾ ਚਾਹੀਦਾ। ਇਥੇ ਜ਼ਿਜ਼ੇਕ ਏਲੇਨ ਬੇਦਊ ਦੀਆਂ ਪੈੜਾਂ ‘ਤੇ ਹੀ ਚੱਲ ਰਹੇ ਹਨ। ਬੇਦਊ ਅਨੁਸਾਰ, ਕਮਿਊਨਿਜ਼ਮ ਇੱਕ ਅਜਿਹਾ ਵਿਚਾਰ ਹੈ ਜੋ ਅਨਾਦੀ-ਅਨੰਤ ਹੈ। ਇਹ ਮਨੁੱਖਤਾ ਦੇ ਜਨਮ ਦੇ ਨਾਲ਼ ਹੀ ਜਨਮ ਲੈ ਚੁੱਕਿਆ ਸੀ। ਉਹਨਾਂ ਲਈ ਪਲੈਟੋ ਦਾ ਦੀ ਰਿਪਬਲੀਕਨ, ਰੂਸੋ ਦਾ ਸੋਸ਼ਲ ਕਾਂਟ੍ਰੈਕਟ, ਫ਼ਰਾਂਸੀਸੀ ਇਨਕਲਾਬ ਅਤੇ ਜੈਕੋਬਿਅਨ ਦਹਿਸ਼ਤੀ-ਰਾਜ, ਪੈਰਿਸ ਕਮਿਊਨ ਅਤੇ ਮਾਰਕਸਵਾਦੀ ਕਮਿਊਨਿਜ਼ਮ (ਜੋ ਬਾਲਸ਼ਵਿਕ ਇਨਕਲਾਬ ਦੇ ਨਾਲ਼ ਸ਼ੁਰੂ ਹੁੰਦਾ ਹੈ ਅਤੇ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਨਾਲ਼ ਖ਼ਤਮ ਹੁੰਦਾ ਹੈ) ਕਮਿਊਨਿਜ਼ਮ ਦੇ ਦੈਵੀ ਵਿਚਾਰ (ਇਟਰਨਲ ਆਈਡੀਆ) ਦੇ ਸਫ਼ਰ ਦੇ ਅਡ-ਅਡ ਪੜਾਅ ਜਾਂ ਮੀਲ ਦੇ ਪਥਰ ਹਨ। ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦੇ ਨਾਲ਼ ਜੋ ਨਵਾਂ ਯੁਗ ਸ਼ੁਰੂ ਹੋਇਆ ਉਸ ਵਿੱਚ ਪਾਰਟੀ, ਪ੍ਰੋਲੇਤਾਰੀ ਦੀ ਤਾਨਾਸ਼ਾਹੀ ਆਦਿ ਜਿਹੀਆਂ ਧਾਰਨਾਵਾਂ ਗ਼ੈਰ-ਪ੍ਰਸੰਗਿਕ ਹੋ ਚੁੱਕੀਆਂ ਹਨ। ਅਗੇ ਜਿਸ ਕਿਸਮ ਦੇ ਕਮਿਊਨਿਸਟ ਸਮਾਜ ਨੇ ਆਉਣਾ ਹੈ, ਉਹਦੇ ਬਾਰੇ ਮਾਰਕਸਵਾਦ ਦੀ ਸਮਝ ਹੁਣ ਪੁਰਾਣੀ ਅਤੇ ਗ਼ੈਰ-ਪ੍ਰਸੰਗਿਕ ਹੋ ਚੁੱਕੀ ਹੈ ਅਤੇ ਦੁਨੀਆ ਉਸ ‘ਪਲ’ ਤੋਂ ਅਗੇ ਵੱਧ ਚੁੱਕੀ ਹੈ! ਜ਼ਿਜ਼ੇਕ ਕਿਤੇ ਸਿੱਧੇ-ਸਿਧੇ ਇਹ ਨਹੀਂ ਕਹਿੰਦੇ ਕਿ ਮਾਰਕਸਵਾਦ, ਪਾਰਟੀ ਅਤੇ ਪ੍ਰੋਲੇਤਾਰੀ ਜਮਾਤ ਦੀ ਤਾਨਾਸ਼ਾਹੀ ਦੀ ਸੋਚ ਪੂਰੀ ਤਰ੍ਹਾਂ ਨਾਲ਼ ਅਪ੍ਰਸੰਗਿਕ ਹੋ ਚੁੱਕੀ ਹੈ ਪਰ ਅਸਲ ਵਿੱਚ ਉਹ ਜੋ ਕਰਦੇ ਹਨ ਉਹ ਹੋਰ ਵੀ ਵੱਧ ਖ਼ਤਰਨਾਕ ਹੈ। ਬੇਦਊ ਆਪਣੇ ਇਰਾਦਿਆਂ ਵਿੱਚ ਸਪਸ਼ਟ ਹਨ ਅਤੇ ਉਹਨਾਂ ਦੀ ਅਲੋਚਨਾ ਮੁਕਾਬਲਤਨ ਜ਼ਿਆਦਾ ਸੁਖਾਲ਼ੀ ਹੈ ਪਰ ਜ਼ਿਜ਼ੇਕ ਆਪਣੀਆਂ ਸਾਰੀਆਂ ਗੱਲਾਂ ਨੂੰ ਖ਼ੁਦ ਹੀ ਕੱਟਦੇ ਜਾਂਦੇ ਹਨ ਪਰ ਇਹਦਾ ਇਹ ਅਰਥ ਨਹੀਂ ਹੈ ਕਿ ਜ਼ਿਜ਼ੇਕ ਕੁੱਝ ਨਹੀਂ ਕਹਿੰਦੇ। ਉਹ ਜੋ ਕਹਿੰਦੇ ਹਨ ਉਸ ਨੂੰ ਸਮਝਣ ਲਈ ਥੋੜੀ ਕਸਰਤ ਕਰਨੀ ਪੈਂਦੀ ਹੈ। 

ਮਿਸਾਲ ਲਈ, ਮਾਰਕਸ ਨੂੰ ਜਨਮਵਾਦੀ ਇਤਿਹਾਸਵਾਦ ਦਾ ਸ਼ਿਕਾਰ ਦੱਸਦੇ ਹੋਏ ਇੱਕ ਹੋਰ ਜਗ੍ਹਾ ‘ਤੇ ਜ਼ਿਜ਼ੇਕ ਕਹਿੰਦੇ ਹਨ ਕਿ ਮਾਰਕਸ ਨੇ ਸਿਆਸੀ ਆਰਥਿਕਤਾ ਦੀ ਜੋ ਅਲੋਚਨਾ ਕੀਤੀ ਹੈ, ਉਸ ਨੂੰ ਅਜ ਦੁਹਰਾਉਣ ਦੀ ਲੋੜ ਹੈ ਪਰ ਕਮਿਊਨਿਜ਼ਮ ਦੀ ਉਸ ਯੂਟੋਪੀਆਈ ਸਮਝ ਤੋਂ ਬਗ਼ੈਰ ਜੋ ਕਿ ਮਾਰਕਸ ਨੇ ਪੇਸ਼ ਕੀਤੀ। ਇਥੇ ਪਹਿਲੀ ਗੱਲ ਤਾਂ ਇਹ ਹੈ ਕਿ ਮਾਰਕਸ ਨੇ ਸਰਮਾਏਦਾਰੀ ਦੀ ਜੋ ਅਲੋਚਨਾ ਪੇਸ਼ ਕੀਤੀ ਉਸ ਨੂੰ ਫਿਰ ਤੋਂ ਦੁਹਰਾਉਣ ਲਈ ਮਾਰਕਸ ਦੀ ਉਸ ਅਲੋਚਨਾ ਨੂੰ ਸਮਝਣਾ ਹੋਵੇਗਾ; ਘਟੋ-ਘਟ ਉਹਨਾਂ ਦੀਆਂ ਬੁਨਿਆਦੀ ਆਰਥਿਕ ਕਿਰਤਾਂ ਦਾ ਅਧਿਐਨ ਕਰਨਾ ਹੋਵੇਗਾ ਪਰ ਅਗੇ ਅਸੀਂ ਦਿਖਾਵਾਂਗੇ ਕਿ ਜ਼ਿਜ਼ੇਕ ਦੀ ਸਿਆਸੀ ਅਰਥਿਕਤਾ ਦੀ ਸਮਝ ਬੇਹੱਦ ਕਮਜ਼ੋਰ ਹੈ ਇਸ ਲਈ ਮਾਰਕਸ ਦੀ ਜਿਸ ਅਲੋਚਨਾ ਨੂੰ ਦੁਹਰਾਉਣ ਦੀ ਉਹ ਗੱਲ ਕਰ ਰਹੇ ਹਨ, ਉਹ ਉਹਨਾਂ ਦੇ ਵੱਸੋਂ ਬਾਹਰੀ ਹੈ। ਇਸ ਤੋਂ ਜੁੜੀ ਹੋਈ ਗੱਲ ਇਹ ਹੈ ਕਿ ਜ਼ਿਜ਼ੇਕ ਮਾਰਕਸ ਰਾਹੀਂ ਸਿਆਸੀ ਅਰਥਿਕਤਾ ਦੀ ਅਲੋਚਨਾ ਨੂੰ ਨਾ ਸਮਝ ਸਕਣ ਕਾਰਣ ਹੀ ਅਜਿਹਾ ਸਮਝਦੇ ਹਨ ਕਿ ਮਾਰਕਸ ਦੀ ਕਮਿਊਨਿਜ਼ਮ ਦੀ ਸਮਝ ਯੂਟੋਪੀਆਈ ਅਤੇ ਫੰਤਾਸੀ ਬਰਾਬਰ ਸੀ। ਕਮਿਊਨਿਜ਼ਮ ਦੀ ਮਾਰਕਸਵਾਦੀ ਪਰਿਯੋਜਨਾ ਕੋਈ ਪਹਿਲਾਂ ਤੋਂ ਕਲਪਤ ਜਾਂ ਪਹਿਲਾਂ ਤੋਂ ਨਿਰਧਾਰਤ ਯੂਟੋਪੀਆ ਜਾਂ ਫੰਤਾਸੀ ਨਹੀਂ ਸੀ ਸਗੋਂ ਸਰਮਾਏਦਾਰੀ ਦੀ ਵਿਗਿਆਨਕ ਅਲੋਚਨਾ ਦੀ ਹੀ ਸਿੱਟਾ ਸੀ। ਮਾਰਕਸ ਨੇ ‘ਸਰਮਾਇਆ’ ਦੇ ਤਿੰਨ ਖੰਡਾਂ ਵਿੱਚ ਜਿਸ ਆਰਥਿਕ-ਸਮਾਜਿਕ ਢਾਂਚੇ ਨੂੰ ਤਾਰ-ਤਾਰ ਕਰਕੇ ਸਾਡੇ ਸਾਹਮਣੇ ਰੱਖਿਆ ਹੈ, ਉਹਦੀ ਅਲੋਚਨਾ ਹੀ ਉਹਨਾਂ ਨੂੰ ਕਮਿਊਨਿਸਟ ਸਮਾਜ ਦੀ ਇੱਕ ਵਿਗਿਆਨਕ ਸਮਝ ਤੱਕ ਲੈ ਗਈ। ਜਿਵੇਂ ਕਿ ਮਾਰਕਸ ਕਹਿੰਦੇ ਸਨ, ‘ਕਮਿਊਨਿਜ਼ਮ ਕੋਈ ਟੀਚਾ ਨਹੀਂ ਹੈ, ਜਿਸ ਨੂੰ ਹਾਸਲ ਕੀਤਾ ਜਾਣਾ ਹੈ। ਇਹ ਇਤਿਹਾਸ ਦੀ ਅਸਲ ਗਤੀ ਹੈ।’ ਪਰ ਜ਼ਿਜ਼ੇਕ ਲਈ ਇਤਿਹਾਸ ਦੀ ਅਜਿਹੀ ਕੋਈ ਗਤੀ ਨਹੀਂ ਹੁੰਦੀ। ਉਹਨਾਂ ਦਾ ਦਾਅਵਾ ਹੈ ਕਿ ਮਾਰਕਸ ਦਾ ਇਹ ਕਹਿਣਾ ਗ਼ਲਤ ਹੈ ਕਿ ਮਨੁੱਖਤਾ ਆਪਣੀ ਲਈ ਉਹੀ ਟੀਚਾ ਤੈਅ ਕਰਦੀ ਹੈ ਜਿਸ ਦੀ ਪ੍ਰਾਪਤੀ ਦੀ ਸੰਭਾਵਨਾ ਦੇ ਬੀਜ ਰੂਪ ਪਹਿਲਾਂ ਤੋਂ ਹੀ ਮੌਜੂਦ ਹੁੰਦੇ ਹਨ। ਮਾਰਕਸ ਦੇ ਇਸ ਕਥਨ ਦੇ ਖੰਡਨ ਲਈ ਜ਼ਿਜ਼ੇਕ ਕਹਿੰਦੇ ਹਨ ਕਿ ਮਿਸਾਲ ਲਈ ਅਜ ਜੋ ਸਮਸਿਆਵਾਂ ਮਨੁੱਖਤਾ ਸਾਹਮਣੇ ਖੜੀਆਂ ਹਨ, ਉਹਨਾਂ ਦੇ ਹੱਲ ਦੀਆਂ ਸੰਭਾਵਨਾਵਾਂ ਬੀਜ ਰੂਪ ਵਿੱਚ ਮਨੁੱਖਤਾ ਸਾਹਮਣੇ ਮੌਜੂਦ ਨਹੀਂ ਹਨ। ਜ਼ਿਜ਼ੇਕ ਦੇ ਇਸ ਕਥਨ ਤੋਂ ਸਪਸ਼ਟ ਹੈ ਕਿ ਉਹਨਾਂ ਨੇ ਮਾਰਕਸ ਦੇ ਉਪਰੋਕਤ ਕਥਨ ਦਾ ਅਰਥ ਹੀ ਨਹੀਂ ਸਮਝਿਆ ਹੈ ਜਾਂ ਜਾਣ ਬੁੱਝਕੇ ਆਪਣੇ ਪਹਿਲੋਂ ਤਿਆਰ ਸਿਟੇ ‘ਤੇ ਪਹੁੰਚਣ ਲਈ ਉਹਨਾਂ ਦੀ ਮਨਮਾਨੀ ਵਿਆਖਿਆ ਕੀਤੀ ਹੈ। ਮਾਰਕਸ ਖ਼ੁਦ ਕਮਿਊਨਿਸਟ ਸਮਾਜ ਦੇ ਇੱਕ-ਇਕ ਵੇਰਵੇ ਨੂੰ ਪਹਿਲਾਂ ਤੋਂ ਤੈਅ ਕਰਨ ਵਿਰੁੱਧ ਸਨ ਅਤੇ ਅਜਿਹੀ ਕਿਸੇ ਵੀ ਕਵਾਇਦ ਨੂੰ ਉਹ ਗ਼ੈਰ-ਪੈਦਾਵਾਰੀ ਮੰਨਦੇ ਸਨ ਉਹ ਉਸ ਬੁਨਿਆਦੀ ਆਰਥਿਕ-ਸਮਾਜਿਕ ਨੇਮ ਤੋਂ ਬਗੈਰ, ਭਾਵੀ ਕਮਿਊਨਿਸਟ ਸਮਾਜ ਦੇ ਹਰੇਕ ਪਖ ਦੀ ਵਿਆਖਿਆ ਨਹੀਂ ਕਰਦੇ ਸਨ। ਜਿਸ ਅਨੁਸਾਰ ਕਮਿਊਨਿਸਟ ਸਮਾਜ ਬਹੁਤਾਤ ਦਾ ਉਹ ਪੜਾਅ ਹੋਵੇਗਾ ਜਦ ਸਾਰੇ ਲੋਕ ਆਪਣੀ ਯੋਗਤਾ ਅਨੁਸਾਰ ਕੰਮ ਕਰਨਗੇ ਅਤੇ ਲੋੜ ਅਨੁਸਾਰ ਹਾਸਲ ਕਰਨਗੇ। ਪਰ ਜ਼ਿਜ਼ੇਕ ਕਮਿਊਨਿਸਟ ਸਮਜ ਦੇ ਵਿਸ਼ੇ ਵਿੱਚ ਮਾਰਕਸ ਦੇ ਕੁੱਝ ਵੀ ਕਹਿਣ ਨੂੰ ਗ਼ੈਰ-ਮੁਨਾਸਬ ਮੰਨਦੇ ਹਨ! ਇਹਦਾ ਅਸਲ ਕਾਰਣ ਇਹੀ ਹੈ ਕਿ ਜ਼ਿਜ਼ੇਕ ਦੀ ਮਾਰਕਸਵਾਦੀ ਆਰਥਿਕ ਸਿਧਾਂਤ ਦੀ ਪੜ੍ਹਾਈ ਬੇਹੱਦ ਕਮਜ਼ੋਰ ਹੈ। ਅਗੇ ਅਸੀਂ ਇਸ ਗੱਲ ਨੂੰ ਹੀ ਜ਼ਿਜ਼ੇਕ ਦੀ ਨਵੀਂ ਕਿਤਾਬ ਵਿੱਚ ਕਹੀਆਂ ਗਈਆਂ ਕੁੱਝ ਗੱਲਾਂ ਤੋਂ ਦਿਖਾਵਾਂਗੇ। 

ਜ਼ਿਜ਼ੇਕ ਕਹਿੰਦੇ ਹਨ ਕਿ ਮਾਰਕਸ ਦਾ ਇਤਿਹਾਸਵਾਦੀ ਸਕੀਮਾ ਰੱਦ ਕਰਨ ਦੀ ਲੋੜ ਹੈ ਅਤੇ ਇਹਦੇ ਲਈ ਸਾਨੂੰ ਅਜ ਦੀ ਸਰਮਾਏਦਾਰੀ ਦੇ ਤਿੰਨ ਚਰਿੱਤਰਕ ਲੱਛਣਾਂ ‘ਤੇ ਨਜ਼ਰ ਮਾਰਨ ਦੀ ਲੋੜ ਹੈ। ਜ਼ਿਜ਼ੇਕ ਅਨੁਸਾਰ ਪਹਿਲਾ ਸਭ ਤੋਂ ਮੁਖ ਲੱਛਣ ਹੈ ਅਜ ਦੇ ਸਰਮਾਏਦਾਰੀ ਢਾਂਚੇ ਵਿੱਚ ਮੁਨਾਫ਼ੇ ਤੋਂ ਲਗਾਨ (ਅਸਲ ਵਿੱਚ, ਇਥੇ ਜਿਹਨਾਂ ਅਰਥਾਂ ਵਿੱਚ ਰੈਂਟ ਦੀ ਗੱਲ ਕੀਤੀ ਜਾ ਰਹੀ ਹੈ, ਉਹ ਅਸਲ ਵਿੱਚ ਲਗਾਨ ਨਹੀਂ ਹੈ ਪਰ ਕਿਉਂਕਿ ਹੋਰ ਕੋਈ ਲੋੜੀਂਦਾ ਸ਼ਬਦ ਇਹਦੇ ਲਈ ਮੌਜੂਦ ਨਹੀਂ ਹੈ ਇਸਲਈ ਅਸੀਂ ਲਗਾਨ ਸ਼ਬਦ ਦੀ ਵਰਤੋਂ ਕਰ ਰਹੇ ਹਾਂ) ਵੱਲ ਤਬਦੀਲੀ ਹੈ। ਜ਼ਿਜ਼ੇਕ ਇਥੇ ਲਗਾਨ ਦੀ ਦੋ ਅਰਥਾਂ ਵਿੱਚ ਗੱਲ ਕਰ ਰਹੇ ਹਨ—ਸਾਂਝੀ ਬੌਧਿਕ ਸੰਪਤੀ ਅਤੇ ਕੁਦਰਤੀ ਸਾਧਨਾਂ ‘ਤੇ ਇਜ਼ਾਰੇਦਾਰੀ ਨਾਲ਼ ਮਿਲਣ ਵਾਲ਼ਾ ਲਗਾਨ ਪਰ ਇਸ ਵਰਤਾਰੇ ਵਿੱਚ ਨਵਾਂ ਕੀ ਹੈ ਅਤੇ ਇਹਦੀ ਖੋਜ ਕਰਨਾ ਦਾ ਦਾਅਵਾ ਜ਼ਿਜ਼ੇਕ ਕਿਉਂ ਕਰ ਰਹੇ ਹਨ, ਇਹ ਸਮਝ ਤੋਂ ਪਰ੍ਹੇ ਹੈ। ਅਸਲ ਵਿੱਚ, ਇਹਨਾਂ ਦੋਵਾਂ ਵਰਤਾਰਿਆਂ ਨੂੰ ਮਾਰਕਸ ਅਤੇ ਲੈਨਿਨ ਦੋਵਾਂ ਨੇ ਹੀ ਆਪਣੀ ਕਿਰਤਾਂ ਵਿੱਚ ਦਰਜ ਕੀਤਾ ਹੈ। ਜ਼ਿਜ਼ੇਕ ਦਾ ਦਾਅਵਾ ਹੈ ਕਿ ਮਾਰਕਸ ਨੇ ਆਮ ਬੁੱਧੀ (ਜਨਰਲ ਇੰਟੇਲੇਕਟ) ਦੇ ਨਿੱਜੀਕਰਣ ਦੀ ਕਲਪਨਾ ਨਹੀਂ ਕੀਤੀ ਸੀ। ਇਹ ਉਹਨਾਂ ਦੀ ਸਮਝ ਤੋਂ ਪਰ੍ਹੇ ਸੀ ਕਿ ਉਹ ਆਮ ਬੁੱਧੀ ਵਧਣ ਦੇ ਨਾਲ਼-ਨਾਲ਼ ਵੱਧ ਤੋਂ ਵੱਧ ਨਿੱਜੀ ਜਾਇਦਾਦ ਬਣਾਈ ਜਾਵੇਗੀ। ਇਹ ਦਾਅਵਾ ਪੂਰੀ ਤਰ੍ਹਾਂ ਗ਼ਲਤ ਅਤੇ ਨਿਰਅਧਾਰ ਹੈ। ਮਾਰਕਸ ਦੀਆਂ ਦੋ ਅਡ-ਅਡ ਧਾਰਨਾਵਾਂ ਨੂੰ ਮਿਲ਼ਾਕੇ ਜ਼ਿਜ਼ੇਕ ਜ਼ਬਰੀ ਆਪਣੇ ਮੂਰਖਤਾ ਭਰਪੂਰ ਕਥਨ ਨੂੰ ਕਾਢ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਮਾਰਕਸ ਨੇ ਕਿਹਾ ਸੀ ਕਿ ਪੈਦਾਵਾਰ ਦੇ ਵਿਕਾਸ ਦੇ ਨਾਲ਼ ਸਰਮਾਏਦਾਰਾ ਸਮਜ ਵਿੱਚ ਮਜ਼ਦੂਰਾਂ ਦੀ ਆਮ ਬੁੱਧੀ ਅਤੇ ਕੁਸ਼ਲਤਾ ਵੱਧਦੀ ਜਾਂਦੀ ਹੈ। ਇਹਦੇ ਨਾਲ਼ ਹੀ ਪੈਦਾਵਾਰ ਦੀ ਪੂਰੀ ਪ੍ਰਕਿਰਿਆ ਵਿੱਚ ਨਾ ਸਿਰਫ਼ ਪੈਦਾਵਾਰ ਦੇ ਠੋਸ ਕਾਰਜ, ਮਤਲਬ ਕਿ ਸਰੀਰਕ ਕਿਰਤ ਨਾਲ਼ ਜੁੜੇ ਕਾਰਜ ਮਜ਼ਦੂਰ ਕਰਦੇ ਹਨ ਸਗੋਂ ਪ੍ਰਬੰਧਨ ਅਤੇ ਵਿਉਂਤਬੰਦੀ ਦਾ ਕਾਰਜ ਵੀ ਹੌਲ਼ੀ-ਹੌਲ਼ੀ ਮਜ਼ਦੂਰਾਂ ਦੇ ਹੱਥ ਵਿੱਚ ਆਉਣ ਲੱਗਦਾ ਹੈ। ਅਜ ਦੇ ਯੁੱਗ ਵਿੱਚ ਜਦ ਤਕਨੀਕ ਦੇ ਵਿਕਾਸ ਨੇ ਪੈਦਾਵਾਰ ਦੀ ਪ੍ਰਕਿਰਿਆ ਨੂੰ ਬੇਹੱਦ ਛੋਟੀਆਂ-ਛੋਟੀਆਂ ਕਾਰਵਾਈਆਂ ਵਿੱਚ ਤੋੜਕੇ ਅਤੇ ਉਹਨਾਂ ਦਾ ਸਵੈਚਾਲਨ ਕਰਕੇ ਕੁਸ਼ਲ ਅਤੇ ਗ਼ੈਰ-ਕੁਸ਼ਲ ਮਜ਼ਦੂਰ ਵਿੱਚ ਦੇ ਫ਼ਰਕ ਨੂੰ ਕਾਫ਼ੀ ਹੱਦ ਤੱਕ ਘਟ ਕਰ ਦਿੱਤਾ ਹੈ ਤਾਂ ਮਾਰਕਸ ਦੀ ਇਹ ਭਵਿੱਖਬਾਣੀ ਸਹੀ ਸਾਬਤ ਹੋ ਰਹੀ ਹੈ। ਇਸ ਪ੍ਰਕਿਰਿਆ ਤੋਂ ਅਗੇ ਵੱਧਣ ਦੇ ਨਾਲ਼ ਸਰਮਾਏਦਾਰ ਜਮਾਤ (ਜਿਸ ਵਿੱਚ ਕਿ ਮਾਲਕ ਅਤੇ ਸਰਮਾਏਦਾਰੀ ਪ੍ਰਬੰਧਕ ਦੋਵੇਂ ਸ਼ਾਮਲ ਹਨ) ਗ਼ੈਰ-ਜ਼ਰੂਰੀ ਹੋ ਜਾਂਦੀ ਹੈ ਪਰ ਕੁਸ਼ਲ ਕਿਰਤੀਆਂ ਦੀ ਇਸ ਅਬਾਦੀ ਅਤੇ ਅਜ ਦੇ ਸਰਮਾਏਦਾਰਾ ਸੰਸਥਾਵਾਂ ਦੇ ਸੀ.ਈ.ਓ., ਮੈਨੇਜਰਾਂ ਅਤੇ ਨਿਰਦੇਸ਼ਕ ਮੰਡਲਾਂ ਵਿੱਚ ਬੈਠਣ ਵਾਲ਼ੇ ਨਿਰਦੇਸ਼ਕਾਂ ਵਿੱਚ ਜ਼ਿਜ਼ੇਕ ਕੋਈ ਫ਼ਰਕ ਨਹੀਂ ਸਮਝਦੇ। ਉਹ ਦਾਅਵਾ ਕਰਦੇ ਹਨ ਕਿ ਇਹ ਜਮਾਤ ਜਿਹਦੇ ਕੋਲ਼ ਪ੍ਰਬੰਧਨ, ਅਕਾਊਂਟਿੰਗ ਅਤੇ ਤਕਨੀਕੀ ਗਿਆਨ ਕੇਂਦਰਤ ਹੈ, ਇਹ ਇੱਕ ਉਜਰਤ-ਭੋਗੂ ਬੁਰਜੂਆਜ਼ੀ ਦੇ ਤੌਰ ‘ਤੇ ਹੋਂਦ ਵਿੱਚ ਆਈ ਹੈ। ਇਸੇ ਨੂੰ ਜ਼ਿਜ਼ੇਕ ਸਮਕਾਲੀ ਸਰਮਾਏਦਾਰੀ ਜਾਂ ਉਹਨਾਂ ਦੀ ਭਾਸ਼ਾ ਵਿੱਚ ਉੱਤਰਆਧੁਨਿਕ ਸਰਮਾਏਦਾਰੀ ਦਾ ਦੂਜਾ ਚਰਿਤਰਕ ਗੁਣ ਮੰਨਦੇ ਹਨ। ਇਸ ‘ਤੇ ਅਸੀਂ ਅਗੇ ਆਵਾਂਗੇ। ਜ਼ਿਜ਼ੇਕ ਦਾ ਇਹ ਦਾਅਵਾ ਵੀ ਗ਼ਲਤ ਹੈ ਕਿ ਮਾਰਕਸ ਨੇ ਕਦੇ ਨਹੀਂ ਸੋਚਿਆ ਸੀ ਕਿ ਆਮ ਬੁੱਧੀ ਦਾ ਇਸ ਪੈਮਾਨੇ ‘ਤੇ ਨਿੱਜੀਕਰਣ ਹੋਵੇਗਾ। ਮਾਰਕਸ ਸਪਸ਼ਟ ਰੂਪ ‘ਚ ਕਹਿੰਦੇ ਹਨ ਕਿ ਹਰ ਤਰ੍ਹਾਂ ਦੀ ਕਿਰਤ ਦੇ ਸਾਰੇ ਉਤਪਾਦ ਸਮਾਜਿਕ ਜਾਇਦਾਦ ਹਨ ਅਤੇ ਗਿਆਨ ਵੀ ਇੱਕ ਸਮਾਜਿਕ ਜਾਇਦਾਦ ਹੈ ਪਰ ਸਰਮਾਏਦਾਰੀ ਕਿਰਤ ਦੀ ਪਦਾਰਥਕ ਪੈਦਾਵਾਰਾਂ ਅਤੇ ਬੌਧਿਕ ਪੈਦਾਵਾਰ ਦੋਵਾਂ ਦਾ ਹੀ ਨਿੱਜੀਕਰਨ ਕਰਦੀ ਹੈ। ਸਰਮਾਏਦਾਰੀ ਯੁੱਗ ਤੋਂ ਪਹਿਲਾਂ ਆਮ ਬੁੱਧੀ ਦੇ ਵਿਕਾਸ ਦਾ ਜੋ ਪਧਰ ਸੀ, ਉਸ ਵਿੱਚ ਸਾਫ਼ ਹੀ ਬੌਧਿਕ ਪੈਦਾਵਾਰਾਂ ਦੇ ਨਿੱਜੀਕਰਨ ਦਾ ਰੁਝਾਨ ਘਟ ਹੀ ਹੋਵੇਗਾ। ਇਟਲੀ ਵਿੱਚ ਵਪਾਰਕ ਸਰਮਾਏਦਾਰੀ ਦੇ ਉਭਾਰ ਦੇ ਨਾਲ਼ ਪਹਿਲੀ ਵਾਰ ਪੇਟੈਂਟ ਨਿਯਮ ਅਤੇ ਕਨੂੰਨ ਹੋਂਦ ਵਿੱਚ ਆਏ। ਜਿਵੇਂ-ਜਿਵੇਂ ਸਰਮਾਏਦਾਰੀ ਪੈਦਾਵਾਰ ਪ੍ਰਣਾਲ਼ੀ ਅਗੇ ਵਧੀ, ਪੈਦਾਵਾਰੀ ਤਾਕਤਾਂ ਦਾ ਵਿਕਾਸ ਹੋਇਆ, ਪੈਦਾਕਾਰਾਂ ਦੀ ਸਿਆਸੀ ਅਤੇ ਤਕਨੀਕੀ ਚੇਤਨਾ ਦਾ ਪਧਰ ਉੱਚਾ ਹੋਇਆ, ਤਿਵੇਂ-ਤਿਵੇਂ ਪੈਦਾਵਾਰ ਵਿੱਚ ਸੂਚਨਾ ਅਤੇ ਤਕਨੀਕੀ-ਢੰਗ ਤਰੀਕਿਆਂ ਦੇ ਗਿਆਨ ਦਾ ਮਹੱਤਵ ਵੱਧਦਾ ਗਿਆ। ਸਰਮਾਏਦਾਰਾਂ ਵਿਚਾਲੇ ਦਾ ਮੁਕਾਬਲਾ ਅਤੇ ਮਜ਼ਦੂਰ ਜਮਾਤ ਦੀ ਖੁਦਮੁਖਤਿਆਰ ਚੇਤਨਾ ( ਜੋ ਬੁਰਜੂਆ ਕੰਟਰੋਲ ਤੋਂ ਸਾਪੇਖਕ ਰੂਪ ਤੋਂ ਮੁਕਤ ਹੋਵੇ) ਦੇ ਜਨਮ ਦੇ ਡਰ ਨੇ ਬੌਧਿਕ ਸਰਮਾਏ ਦੇ ਨਿੱਜੀਕਰਣ ਦੀ ਪ੍ਰਕਿਰਿਆ ਨੂੰ ਅਗੇ ਵਧਾਇਆ। ਨੇਗ੍ਰੀ ਅਤੇ ਹਾਰਟ ਜਿਸ ਗ਼ੈਰ-ਪਦਾਰਥਕ ਪੈਦਾਵਾਰ, ਗ਼ੈਰ-ਪਦਾਰਥਕ ਕਿਰਤ ਅਤੇ ਗ਼ੈਰ-ਪਦਾਰਥਕ ਸਰਮਾਏਦਾਰੀ ਦੀ ਗੱਲ ਕਰਦੇ ਹਨ, ਉਹ ਬਕਵਾਸ ਹੈ, ਜਿਸ ਅਨੁਸਾਰ ਅਜ ਸਰਮਾਏਦਾਰੀ ਸੰਸਾਰ ਵਿੱਚ ਸੂਚਨਾ ਪ੍ਰਮੁਖ ਅਤੇ ਪ੍ਰਭਾਵੀ ਪੈਦਾਵਾਰ/ਜਿਣਸ ਬਣ ਚੁੱਕੀ ਹੈ ਅਤੇ ਇਹਦੀ ਪੈਦਾਵਾਰ ਵਿੱਚ ਲੱਗੀ ਕਿਰਤ ਸ਼ਕਤੀ ਮੁਖ ਕਿਰਤ ਸ਼ਕਤੀ ਬਣ ਚੁੱਕੀ ਹੈ। ਇੱਕ ਗ਼ੈਰ-ਪਦਾਰਥਕ ਸਰਮਾਏਦਾਰੀ ਦੇ ਨਾਸ਼ ਲਈ ਉਹ ਇੱਕ ਦਿਖਹੀਣ, ਅਕਾਰਹੀਣ ਮਲਟੀਟਿਊਡ ਦੀ ਕਲਪਣਾ ਕਰਦੇ ਹਨ। ਇਹ ਮਲਟੀਟਿਊਡ  ਇੱਕ ਉਨੇ ਹੀ ਅਕਾਰਹੀਣ ਅਤੇ ਦਿਖਹੀਣ ਕਿਸਮ ਦੇ ਹਾਕਮਾਂ ਦੇ ਸਮੂਹ ਦਾ ਤਖ਼ਤਾਪਲਟ ਕੇ, ਕੋਮੰਸ (ਸਾਂਝੀ ਜਾਇਦਾਦ) ਨੂੰ ਨਿੱਜੀ ਕਬਜ਼ੇ ਤੋਂ ਮੁਕਤ ਕਰਵਾਏਗਾ। ਇਥੇ ਸਰਮਾਏਦਾਰੀ ਇਕ ਅਵਿਅਕਤਕ (ਇਮਪਰਸਨਲ) ਤਾਕਤ ਬਣ ਜਾਂਦਾ ਹੈ, ਟਾਕਰਾ ਇੱਕ ਅਮੂਰਤ ਚੀਜ਼ ਬਣ ਜਾਂਦੀ ਹੈ ਅਤੇ ਟਾਕਰਾ ਕਰਨ ਵਾਲ਼ੇ ਵੀ ਦਿਖਹੀਣ ਵਸਤ ਬਣ ਜਾਂਦੇ ਹਨ। ਇਹ ਪੂਰੀ ਧਾਰਨਾ ਬੁਨਿਆਦੀ ਮਾਰਕਸਵਾਦੀ ਸਿਧਾਂਤਾਂ ‘ਤੇ ਹਮਲਾ ਕਰਨ ਲਈ ਹੀ ਘੜੀ ਗਈ ਹੈ, ਜਿਵੇਂ ਕਿ ਜਮਾਤ ਦੀ ਧਾਰਨਾ, ਨਿੱਜੀ ਜਾਇਦਾਦ ਅਤੇ ਸਰਮਾਏ ਦੀ ਧਾਰਨਾ, ਪਾਰਟੀ ਅਤੇ ਰਾਜ ਦੀ ਧਾਰਨਾ ਆਦਿ। ਜ਼ਿਜ਼ੇਕ ਇਸ ਮਾਮਲੇ ਵਿੱਚ ਉੱਪਰੋਂ ਨੇਗ੍ਰੀ ਅਤੇ ਹਾਰਟ ਦਾ ਵਿਰੋਧ ਕਰਦੇ ਹੋਏ ਵੀ, ਉਹਨਾਂ ਰਾਹੀਂ ਤਿਆਰ ਕੀਤੀ ਗਈ ਸਿਧਾਂਤਕ ਜ਼ਮੀਨ ‘ਤੇ ਖੜੇ ਹਨ। ਜਿੱਥੋਂ ਤੱਕ ਬੌਧਿਕ ਜਾਇਦਾਦ ਦੇ ਨਵੇਂਪਨ ਅਤੇ ਸੂਚਨਾ ਦੇ ਸਰਬਸ਼ਕਤੀਮਾਨ ਬਣ ਜਾਣ ਦਾ ਸਵਾਲ ਹੈ ਤਾਂ ਇਹ ਮੂਰਖਤਾ ਭਰਪੂਰ ਦਾਅਵਾ ਹੈ। ਇਕ ਕੁਹਾੜੀ ਜਾਂ ਪਹੀਆ ਬਣਾਉਣ ਲਈ ਵੀ ਪੁਰਾਤਨ ਦੌਰ ਵਿੱਚ ਸੂਚਨਾ ਦੀ ਲੋੜ ਹੁੰਦੀ ਸੀ। ਇਹ ਸੱਚ ਹੈ ਕਿ ਆਮ ਬੁੱਧੀ ਦੇ ਪਧਰ-ਵਾਧੇ ਦੇ ਨਾਲ਼ ਸੂਚਨਾ ਦੀ ਭੂਮਿਕਾ ਵੱਧ ਮਹੱਤਵਪੂਰਨ ਹੋ ਗਈ ਹੈ ਪਰ ਉਹਦਾ ਨਿੱਜੀਕਰਨ ਅਤੇ ਉਹਦਾ ਜਿਣਸੀਕਰਣ ਕੋਈ ਅਜਿਹੀ ਚੀਜ਼ ਨਹੀਂ ਹੈ ਜਿਸ ‘ਤੇ ਉੱਤਰਮਾਰਕਸਵਾਦੀ ਚਿੰਤਕ ਹਿਰਨੀ ਵਾਂਗ ਹੈਰਾਨ ਹਨ। ਇਥੇ ਅਸਲ ਵਿੱਚ ਨੇਗ੍ਰੀ, ਹਾਰਟ ਅਤੇ ਜ਼ਿਜ਼ੇਕ ਜਿਹੇ ਲੋਕ ਉੱਤਰ-ਸਨਅਤੀ ਸਮਾਜ ਦੇ ਸਿਧਾਂਤਕਾਰਾਂ ਦੇ ਪਿਛੇ ਚੱਲ ਰਹੇ ਹਨ। ਬਸ ਫਰਕ ਇਹ ਹੈ ਕਿ ਸੂਚਨਾ ਸਰਮਾਏਦਾਰੀ ਉਭਾਰ ਦੇ ਦੋਵਾਂ ਦੇ ਸਿੱਟਿਆਂ ਵਿੱਚ ਕੁੱਝ ਵਖਰੇਵਾਂ ਹੈ। ਉੱਤਰ-ਸਨਅਤੀ ਸਮਾਜ ਦੇ ਸਿਧਾਂਤਕਾਰਾਂ ਦਾ ਮੰਨਣਾ ਹੈ ਕਿ ਸੂਚਨਾ ਸਰਮਾਏਦਾਰੀ ਦੇ ਉਭਾਰ ਦੇ ਨਾਲ਼ ਪ੍ਰੋਲੇਤਾਰੀ ਜਮਾਤ ਗਾਇਬ ਹੋ ਗਈ ਹੈ ਅਤੇ ਜੇਕਰ ਉਹ ਹੈ ਵੀ ਤਾਂ ਉਸ ਵਿੱਚ ਵਿਰੋਧ ਕਰਨ ਦੀ ਕੋਈ ਤਾਕਤ ਨਹੀਂ ਬਚੀ। ਉੱਤਰ ਮਾਰਕਸਵਾਦੀ ਵਿਚਾਰਕ ਇਹ ਮੰਨਦੇ ਹਨ ਕਿ ਵਿਰੋਧ ਦੇ ਨਵੇਂ ਰੂਪ ਪੈਦਾ ਹੋ ਗਏ ਹਨ, ਜਿਹਨਾਂ ਦਾ ਨਵੇਂ ਤਰੀਕੇ ਨਾਲ਼ ਸਿਧਾਂਤਕੀਕਰਣ ਕਰਨ ਦੀ ਲੋੜ ਹੈ। ਆਮ ਕਰਕੇ ਇਸ ਗੱਲ ‘ਤੇ ਕੋਈ ਕਿੰਤੂ ਨਹੀਂ ਕਰੇਗਾ ਪਰ ਜਦ ਤੁਸੀਂ ਦੇਖਦੇ ਹੋ ਕਿ ਉੱਤਰਮਾਰਕਸਵਾਦੀਆਂ ਦੇ ਇਸ ਨਵੇਂ ਸਿਧਾਂਤੀਕਰਣ ਵਿੱਚ ਮੂਲ ਗੱਲ ਕੀ ਹੈ ਤਾਂ ਤੁਹਾਨੂੰ ਪਤਾ ਲੱਗਦਾ ਹੈ ਕਿ ਇਸ ਵਿੱਚ ਜਮਾਤ, ਰਾਜ ਅਤੇ ਤਾਨਾਸ਼ਾਹੀ ਦੀਆਂ ਧਾਰਨਾਵਾਂ ਨੂੰ ਛੱਡਕੇ ਹੋਰ ਸਭ ਕੁੱਝ ਹੈ। ਸਰਮਾਏਦਾਰੀ ਦੇ ਅਰਥਭਰਪੂਰ ਵਿਰੋਧ ਦਾ ਔਜ਼ਾਰ ਪ੍ਰੋਲੇਤਾਰੀ ਜਮਾਤ ਤੋਂ ਖੋਹ ਲਿਆ ਗਿਆ ਹੈ। ਪ੍ਰੋਲੇਤਾਰੀ ਜਮਾਤ ਇਹਨਾਂ ਲਈ ਗੈਰ-ਹਾਜ਼ਰ ਹੋ ਚੁੱਕੀ ਹੈ ਅਤੇ ਟਟਪੂੰਜੀਆ ਜਮਾਤ ਬਦਲਾਅ ਦਾ ਨਵਾਂ ਹਰਾਵਲ ਹੈ। ਜ਼ਿਜ਼ੇਕ ਵੀ ਇਕ ਤਰ੍ਹਾਂ ਦੇ ਇਸੇ ਥੀਮ ਦੀ ਪਾਲਣਾ ਕਰਦੇ ਹਨ। ਸਰੀਰਕ ਕਿਰਤ ਕਰਨ ਵਾਲ਼ਿਆਂ ਦਾ ਉਦਾਹਰਣ ਦੇਣ ਵਿੱਚ ਵੀ ਉਹ ਵੱਧ ਤੋਂ ਵੱਧ ਫਲਾਈਟ ਅਟੈਂਡੈਂਟ ਦਾ ਉਦਾਹਰਣ ਦੇ ਸਕਦੇ ਹਨ। ਸਨਅਤੀ ਪ੍ਰੋਲੇਤਾਰੀ ਦਾ ਕਿਤੇ ਜ਼ਿਕਰ ਨਹੀਂ ਹੁੰਦਾ। ਇਥੇ ਵੀ ਅਸੀਂ ਦੇਖ ਸਕਦੇ ਹਾਂ ਕਿ ਸੂਚਨਾ ਦੀ ਪੈਦਾਵਾਰ (ਗ਼ੈਰ-ਪਦਾਰਥਕ ਪੈਦਾਵਾਰ) ਦੀਆਂ ਸੰਭਾਵਨਾਵਾਂ ਦੀ ਭਰਪੂਰਤਾ ਪ੍ਰਤੀ ਇਹਨਾਂ ਵਿਚਾਰਕਾਂ ਵਿੱਚ ਇਕ ਤਰ੍ਹਾਂ ਦੀ ਅੰਧ-ਭਗਤੀ ਹੈ। ਇਹਦੇ ਮਾਧਿਅਮਾਂ, ਜਿਵੇਂ ਕਿ ਇੰਟਰਨੈੱਟ ਆਦਿ ਨੂੰ ਲੈਕੇ ਉਹ ਹੈਰਾਨ ਹਨ ਪਰ ਇੱਕ ਬੁਨਿਆਦੀ ਗੱਲ ਉਹ ਭੁੱਲ ਜਾਂਦੇ ਹਨ: ਏਨਕ੍ਰਿਪਸ਼ਨ ਕਰਨ ਵਾਲ਼ੇ ਸਾਫ਼ਟਵੇਅਰ ਪੇਸ਼ੇਵਰ ਨੂੰ ਵੀ ਖਾਣ ਲਈ ਖਾਣਾ, ਪਹਿਨਣ ਲਈ ਕਪੜਾ ਅਤੇ ਰਹਿਣ ਲਈ ਘਰ ਚਾਹੀਦਾ ਹੈ। ਭਾਵੇਂ ਇਹਨਾਂ ਚੀਜ਼ਾਂ ਦੀ ਪੈਦਾਵਾਰ ਵਿੱਚ ਸੂਚਨਾ ਦਾ ਕਿੰਨਾ ਵੀ ਮਹੱਤਵ ਹੋ ਜਾਵੇ (ਅਤੇ ਅਜਿਹਾ ਕਦੋਂ ਨਹੀਂ ਸੀ!), ਪਦਾਰਥਕ ਪੈਦਾਵਾਰ ਦਾ ਮਹੱਤਵ ਅਤੇ ਉਹਦੀ ਮਨੁੱਖੀ ਜੀਵਨ ਲਈ ਜ਼ਰੂਰਤ ਕਿਸੇ ਵੀ ਹਾਲਤ ਵਿੱਚ ਘਟ ਨਹੀਂ ਹੋ ਸਕਦੀ। ਗ਼ੈਰ-ਪਦਾਰਥਕ ਪੈਦਾਵਾਰ ਇੱਕ ਉੱਨਤ ਦੁਨੀਆਂ ਦਾ ਪ੍ਰਤੀਕ ਹੈ; ਇਸ ਵਿੱਚ ਕੋਈ ਸ਼ੱਕ ਨਹੀਂ ਪਰ ਕਈ ਸੌ ਫੁੱਟ ਉੱਚੀ ਇਮਾਰਤ ਦੀ ਵੀ ਇੱਕ ਬੁਨਿਆਦ ਹੁੰਦੀ ਹੈ। ਹੋ ਸਕਦਾ ਹੈ ਉਹ ਬੁਨਿਆਦ ਵੱਧ ਤੋਂ ਵੱਧ ਕੁੱਝ ਦਰਜਨ ਫੁੱਟ ਹੀ ਡੂੰਘੀ ਹੋਵੇ ਪਰ ਉਸ ਤੋਂ ਬਿਨਾਂ ਦਸ ਫੁੱਟ ਦੀ ਕੰਧ ਵੀ ਨਹੀਂ ਖੜੀ ਕੀਤੀ ਜਾ ਸਕਦੀ। ਇਹ ਗੱਲ ਅਡਰੀ ਹੈ ਕਿ ਸਰਮਾਏਦਾਰੀ ਢਾਂਚੇ ਵਿੱਚ ਪਦਾਰਥਕ ਪੈਦਾਵਾਰ ਘਟੀਆ ਬਣ ਗਈ ਹੈ ਅਤੇ ਗ਼ੈਰ-ਪਦਾਰਥਕ ਪੈਦਾਵਾਰ ਉਸ ‘ਤੇ ਆਪਣਾ ਕੰਟਰੋਲ ਅਤੇ ਸਰਦਾਰੀ ਸਥਾਪਿਤ ਕਰਕੇ ਬੈਠੀ ਹੋਈ ਹੈ ਪਰ ਸਰਮਾਏਦਾਰੀ ਵਿੱਚ ਸਿਧਾ ਕੀ ਹੈ? ਜਿਵੇਂ ਕਿ ਮਾਰਕਸ ਨੇ ਕਿਹਾ ਸੀ, ਸਭ ਕੁੱਝ ਹੀ ਆਪਣੇ ਸਿਰ ਭਾਰ ਖੜਾ ਹੈ! ਸੰਖੇਪ ਵਿੱਚ ਕਹੀਏ ਤਾਂ ਜ਼ਿਜ਼ੇਕ ਅਤੇ ਉਹਨਾਂ ਜਿਹੇ ਸਾਰੇ ਉੱਤਰ ਮਾਰਕਸਵਾਦੀਆਂ ਨੇ ਸੂਚਨਾ ਸਰਮਾਏਦਾਰੀ ਦੇ ਉਭਾਰ ਦੇ ਨਾਲ਼ ਆਉਣ ਵਾਲ਼ੇ ਬਦਲਾਵਾਂ ਦੀ ਜੋ ਸਮਝ ਪੇਸ਼ ਕੀਤੀ ਹੈ, ਉਹ ਅਸਲ ਵਿੱਚ ਮਾਰਕਸਵਾਦ ਦੀਆਂ ਬੁਨਿਆਦੀ ਸ਼੍ਰੇਣੀਆਂ ਨੂੰ ਰੱਦ ਕਰਨ ਲਈ ਕੀਤੀ ਗਈ ਹੈ। ਇਸ ਵਿੱਚ ਤਰਕਸ਼ੀਲ ਲਗਾਤਾਰਤਾ ਦੀ ਭਾਰੀ ਘਾਟ ਹੈ ਅਤੇ ਥੋੜ੍ਹੀ ਜਿਹੀ ਪੜਤਾਲ ‘ਤੇ ਉਹਦਾ ਸਤੱਹੀਪਣ ਅਤੇ ਹੋਛਾਪਣ ਸਾਹਮਣੇ ਆ ਜਾਂਦਾ ਹੈ। 

ਹੁਣ ਆਉਂਦੇ ਹਾਂ ਇੱਕ ਨਵੇਂ ਕਿਸਮ ਦੀ ਬੁਰਜੂਆਜ਼ੀ ਦੇ ਉਭਾਰ ਬਾਰੇ ਜ਼ਿਜ਼ੇਕ ਦੇ ਦਾਅਵਿਆਂ ‘ਤੇ। ਇਸ ਨਵੀਂ ਬੁਰਜੂਆਜ਼ੀ ਦੀ ਧਾਰਨਾ ਨੂੰ ਉਹ ਇੱਕ ਲਕਾਨਿਅਨ ਵਿਚਾਰਕ ਜਆਂ ਕਲੋਡਮਿਲਨਰ ਤੋਂ ਉਧਾਰ ਲੈਂਦੇ ਹਨ ਅਤੇ ਉਸ ਨੂੰ ਆਪਣੇ ਵਿਚਾਰਧਾਰਕ ਸਾਂਚੇ ਵਿੱਚ ਫਿਟ ਕਰਦੇ ਹਨ। ਇਸ ਬੁਰਜੂਆਜ਼ੀ ਵਿੱਚ ਨਾ ਸਿਰਫ਼ ਡਾਕਟਰ, ਇੰਜੀਨੀਅਰ ਆਦਿ ਜਿਹੇ ਪੇਸ਼ੇ ਦੇ ਲੋਕ ਵੀ ਸ਼ਾਮਲ ਹਨ ਸਗੋਂ ਇਸ ਜਮਾਤ ਦੇ ਸੰਭਾਵਤ ਉਮੀਦਵਾਰਾਂ ਵਿੱਚ ਜ਼ਿਜ਼ੇਕ ਵਿਸ਼ਵਵਿਦਿਆਲੇ ਦੇ ਵਿਦਿਆਰਥੀਆਂ ਨੂੰ ਵੀ ਗਿਣਦੇ ਹਨ। ਜ਼ਿਜ਼ੇਕ ਦਾ ਇਹ ਦਾਅਵਾ ਹੈ ਕਿ ਇਸ ਨਵੀਂ ਬੁਰਜੂਆਜ਼ੀ ਦੇ ਉੱਪਰਲੇ ਹਿਸੇ ਨਿਯਮਤ ਸਥਾਈ ਰੋਜ਼ਗਾਰ, ਬੇਹੱਦ ਉੱਚੀਆਂ ਤਨਖਾਹਾਂ ਅਤੇ ਵਿਸ਼ੇਸ਼ ਹੱਕਾਂ ਦੇ ਮਾਲਕ ਹਨ। ਜਦ ਕਿ ਹੇਠਲੇ ਹਿਸੇ ਉਹ ਹਨ ਜਿਹਨਾਂ ਦੇ ਸਿਰ ‘ਤੇ ਸਰਮਾਏਦਾਰੀ ਨੇ ਅਨਿਸ਼ਚਿਤਤਾ ਦੀ ਤਲਵਾਰ ਲਟਕਾ ਰੱਖੀ ਹੈ। ਇਹ ਹੇਠਲੇ ਹਿਸੇ ਹੀ ਹਨ ਜੋ ਕਿ 2011 ਵਿੱਚ ਉਹ ”ਖ਼ਤਰਨਾਕ ਸੁਫ਼ਨੇ” ਦੇਖ ਰਹੇ ਸਨ ਜਿਹਨਾਂ ਦੀ ਗੱਲ ਜ਼ਿਜ਼ੇਕ ਆਪਣੀ ਨਵੀਂ ਕਿਤਾਬ ਵਿੱਚ ਕਰ ਰਹੇ ਹਨ। ਜ਼ਿਜ਼ੇਕ ਮੰਨਦੇ ਹਨ ਕਿ ਅਰਬ ਲੋਕ-ਉਭਾਰ, ਬਰਤਾਨਵੀ ਵਿਦਿਆਰਥੀ-ਨੌਜਵਾਨ ਲਹਿਰ ਅਤੇ ਹੇਠਲੀਆਂ ਜਮਾਤਾਂ ਦੇ ਦੰਗੇ, ਸਪੇਨ ਅਤੇ ਯੂਨਾਨ ਵਿੱਚ ਚੱਲ ਰਹੇ ਘੋਲ਼ ਅਤੇ ਨਾਲ਼ ਹੀ ‘ਕਬਜ਼ਾ ਕਰੋ’ ਲਹਿਰਾਂ ਇਹਨਾਂ ਜਮਾਤਾਂ ਦੀਆਂ ਅਕਾਂਖਿਆਵਾਂ ਦੀ ਨੁਮਾਂਇੰਦਗੀ ਕਰਦੀਆਂ ਹਨ। ਜ਼ਿਜ਼ੇਕ ਇਹਨਾਂ ਲਹਿਰਾਂ ਨੂੰ ”ਖਬੇਪਖੀ” ਅਰਥਾਂ ਵਿੱਚ ਇਨਕਲਾਬੀ ਨਹੀਂ ਮੰਨਦੇ। ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਲਹਿਰਾਂ ਕੋਲ਼ ਕੋਈ ਭਵਿੱਖੀ ਨਜ਼ਰੀਆ ਨਹੀਂ ਹੈ। ਇਹਦਾ ਟੀਚਾ ਕਮਿਊਨਿਜ਼ਮ ਨਹੀਂ ਹੈ ਅਤੇ ਉਹ ਕਿਸੇ ਵੀ ਰੂਪ ਵਿੱਚ ਕਮਿਊਨਿਸਟ ਸਮਾਜ ਵੱਲ ਜਾਣ ਦੀ ਗੱਲ ਨਹੀਂ ਕਰਦੇ ਪਰ ਜ਼ਿਜ਼ੇਕ ਇਥੇ ਇੱਕ ਵਿਰੋਧਤਾਈ ਵਿੱਚ ਫਸ ਜਾਂਦੇ ਹਨ। ਖ਼ੁਦ ਜ਼ਿਜ਼ੇਕ ਦਾ ਮੰਨਣਾ ਹੈ ਕਿ ਕਮਿਊਨਿਸਟ ਸਮਾਜ ਦਾ ਕੋਈ ਪਹਿਲਾਂ ਤੋਂ ਕਲਪਿਆ ਨਜ਼ਰੀਆ  ਨਹੀਂ ਹੋਣਾ ਚਾਹੀਦਾ ਉਹ ਇੱਕ ਕਮਿਊਨਿਜ਼ਮ ਏਬਸਕਾਂਡਿਟਸ ਦੇ ਰੂਪ ਵਿੱਚ ਹੋਣਾ ਚਾਹੀਦਾ ਹੈ। ਮਤਲਬ ਅਜਿਹਾ ਕਮਿਊਨਿਸਟ ਸਮਾਜ ਜਿਸਦੇ ਸਾਰੇ ਤੱਤ ਭਵਿੱਖ ਦੇ ਗਰਭ ਵਿੱਚ ਹੋਣਗੇ। ਅਜਿਹੇ ਵਿੱਚ, ਉਹ ਕਿਹੜੀ ਜ਼ਮੀਨ ‘ਤੇ ਖੜੇ ਹੋਕੇ ਇਹਨਾਂ ਲਹਿਰਾਂ ਤੋਂ ਭਵਿੱਖ ਨਜ਼ਰੀਏ ਅਤੇ ਭਾਵੀ ਸਮਾਜ ਦੇ ਹਾਂਦਰੂ ਮਤੇ ਦੀ ਮਗ ਕਰ ਰਹੇ ਹਨ? ਇਸ ਵਿਰੋਧਤਾਈ ਨਾਲ਼ ਨੂੰ ਨਿਬੇੜਨ ਲਈ ਜ਼ਿਜ਼ੇਕ ਜੋ ਗੱਲ ਕਹਿੰਦੇ ਹਨ, ਉਹ ਉਹਨਾਂ ਨੂੰ ਹੋਰ ਵੀ ਵੱਧ ਡੂੰਘੀ ਵਿਰੋਧਤਾਈ ਵਿੱਚ ਉਲ਼ਝਾ ਦੇਂਦਾ ਹੈ। ਜ਼ਿਜ਼ੇਕ ਕਹਿੰਦੇ ਹਨ ਕਿ ਇਹਨਾਂ ਲਹਿਰਾਂ ਨੂੰ ਅਡ-ਅਡ ਵਿਸ਼ਲੇਸ਼ਣਾ ਪਵੇਗਾ ਅਤੇ ਕਿਸੇ ਪਹਿਲਾਂ ਤੋਂ ਤੈਅ ਸੰਕਲਪ ਦੇ ਅਧਾਰ ‘ਤੇ ਨਹੀਂ ਸਗੋਂ ਇਹਨਾਂ ਦੀਆਂ ਆਪਣੀਆਂ ਸ਼ਰਤਾਂ ‘ਤੇ ਅਤੇ ਇਸੇ ਅਧਾਰ ‘ਤੇ ਵਿਸ਼ਲੇਸ਼ਣ ਕਰਨ ‘ਤੇ ਜ਼ਿਜ਼ੇਕ ਨੂੰ ਇਹਨਾਂ ਲਹਿਰਾਂ ਵਿੱਚ ”ਭਵਿੱਖ ਦੇ ਚਿੰਨ੍ਹ” ਵੀ ਦਿਖਾਈ ਦਿੰਦੇ ਨਹ। ਹੁਣ ਜੇਕਰ ਜ਼ਿਜ਼ੇਕ ਤੋਂ ਪੁਛਿਆ ਜਾਵੇ ਕਿ ਇਹਨਾਂ ਲਹਿਰਾਂ ਬਾਰੇ ਉਹਨਾਂ ਦਾ ਨਜ਼ਰੀਆ ਕੀ ਹੈ ਤਾਂ ਉਹ ਕੀ ਦੱਸਣਗੇ? ਇਹ ਘੋਲ਼ ”ਤਨਖਾਹ-ਭੋਗੀ” ਬੁਰਜੂਆਜ਼ੀ ਅਤੇ ਸੰਭਾਵਤ ਰੂਪ ਨਾਲ਼ ਭਾਵੀ ”ਤਨਖਾਹ-ਭੋਗੀ” ਬੁਰਜੂਆਜ਼ੀ ਦੇ ਘੋਲ਼ ਹਨ, ਜਿਹਨਾਂ ਕੋਲ਼ ਕੋਈ ਪ੍ਰੋਲੇਤਾਰੀ ਜਾਂ ਕਮਿਊਨਿਸਟ ਨਜ਼ਰੀਆ ਨਹੀਂ ਹੈ ( ਜਿਸ ਨੂੰ ਜ਼ਿਜ਼ੇਕ ਆਪਣੀ ਕਮਿਊਨਿਜ਼ਮ ਏਬਸਕਾਂਡਿਟਸ ਦੇ ਸਿਧਾਂਤ ਦੇ ਅਧਾਰ ‘ਤੇ ਨਾਕਰਦੇ ਹਨ) ਪਰ ਫਿਰ ਵੀ ਉਹ ”ਭਵਿੱਖ ਦੇ ਚਿੰਨ੍ਹ” ਹਨ! ਇਸ ਗੱਲ ਦਾ ਕੀ ਅਰਥ ਨਿਕਲਦਾ ਹੈ? ਕੁੱਝ ਵੀ ਨਹੀਂ! ਸ਼ਾਇਦ ਸਾਡੇ ਨਜ਼ਰੀਏ ਵਿੱਚ ਉਹ ਹੇਗੇਲੀ ਲਕਾਨੀ ਟਵਿਸਟ ਨਹੀਂ ਹੈ!

ਜ਼ਿਜ਼ੇਕ ਦਾ ਇਹ ਦਾਅਵਾ ਵੀ ਕਿ ਇਹ ਤਨਖਾਹ-ਭੋਗੀ ਬੁਰਜੂਆਜ਼ੀ ਸਮਕਾਲੀ ਸਰਮਾਏਦਾਰੀ ਦੀ ਪੈਦਾਵਾਰ ਹੈ, ਵਿਅਰਥ ਹੈ! ਕਿਉਂਕਿ ਇਹ ਤਨਖਾਹ-ਭੋਗੀ ਬੁਰਜੂਆਜ਼ੀ ਅਜ ਦੀ ਪੈਦਾਵਾਰ ਨਹੀਂ ਹੈ ਅਤੇ ਇਹ ਸਮਾਰਾਜਵਾਦ ਦੇ ਹੋਂਦ ਵਿੱਚ ਆਉਣ ਦੇ ਨਾਲ਼ ਹੀ ਹੋਂਦ ਵਿੱਚ ਆਈ ਸੀ। ਖ਼ੁਦ ਲੈਨਿਨ ਦੀ ਕਿਰਤ ‘ਸਾਮਰਾਜਵਾਦ: ਸਰਮਾਏਦਾਰੀ ਦਾ ਸਰਵਉੱਚ ਪੜਾਅ’ ਵਿੱਚ ਲੈਨਿਨ ਇਸ ਵਰਤਾਰੇ ਨੂੰ ਰੇਖਾਂਕਤ ਦਿੰਦੇ ਹਨ। ਅਸਲ ਵਿੱਚ, ਮਾਰਕਸ ਨੇ ਅਤੇ ਉਸ ਤੋਂ ਵੀ ਵੱਧ ਏਂਗਲਜ਼ ਨੇ ਰਾਜਕੀ ਸਰਮਾਏਦਾਰੀ ਅਤੇ ਬੈਂਕਾਂ ਦੀ ਵੱਧਦੀ ਭੂਮਿਕਾ ਦੇ ਵਿਸ਼ਲੇਸ਼ਣ ਦੌਰਾਨ ਇਸ ਵਿਸ਼ੇਸ਼ ਕਿਸਮ ਦੀ ਬੁਰਜੂਆਜ਼ੀ ਦੇ ਉਭਾਰ ਨੂੰ ਰੇਖਾਂਕਤ ਕੀਤਾ ਸੀ। ਏਂਗਲਜ਼ ਨੇ ਕਿਹਾ ਸੀ ਕਿ ਬੈਂਕਾਂ ਜਾਂ ਰਾਜ ਦੀ ਦੇਖਰੇਖ ਅਤੇ ਪਰਵੇਖਣ ਵਿੱਚ ਜੋ ਸਰਮਾਏਦਾਰੀ ਵਿਕਾਸ ਹੁੰਦਾ ਹੈ, ਉਸ ਵਿੱਚ ਇੱਕ ਅਜਿਹੀ ਬੁਰਜੂਆਜ਼ੀ ਹੋਂਦ ਵਿੱਚ ਆਉਂਦੀ ਹੈ ਜੋ ਕਿ ਸਰਮਾਏ ਦੀ ਰਾਖੀ ਕਰਨ ਅਤੇ ਉਹਦੀ ਦੇਖਰੇਖ ਕਰਨ ਦਾ ਕੰਮ ਕਰਦੀ ਹੈ। ਉਹ ਜਿਸ ਸਰਮਾਏ ਦੀ ਦੀ ਰਾਖੀ ਕਰਦੀ ਹੈ, ਉਹ ਅਸਲ ਵਿੱਚ ਅਕਸਰ ਕਿਸੇ ਇੱਕ ਸਰਮਾਏਦਾਰ ਦਾ ਸਰਮਾਇਆ/ਜਾਇਦਾਦ ਨਹੀਂ ਰਹਿ ਜਾਂਦੀ ਸਗੋਂ ਪੂਰੀ ਸਰਮਾਏਦਾਰ ਜਮਾਤ ਦਾ ”ਸਮੂਹਿਕ ਸਰਮਾਇਆ” ਬਣ ਚੁੱਕੀ ਹੁੰਦੀ ਹੈ। ਅਸਲ ਵਿੱਚ, ਨਿਆਂਇਕ-ਕਨੂੰਨੀ ਜਾਇਦਾਦੀ ਸਬੰਧ ਅਸਲ ਪੈਦਾਵਾਰੀ ਸਬੰਧ ਨੂੰ ਲੁਕਾਉਣ ਲੱਗਦੇ ਹਨ ਪਰ ਇਥੇ ਯਾਦ ਕਰਨਾ ਜ਼ਰੂਰੀ ਹੈ ਕਿ ਸਰਮਾਇਆ ਅਸਲ ਵਿੱਚ ਇੱਕ ਸਮਾਜਿਕ ਸਬੰਧ ਹੈ। ਆਪਣੇ ਆਪ ਵਿੱਚ ਸਰਮਾਇਆ ਹੋਰ ਕੁੱਝ ਨਹੀਂ ਹੈ ਸਗੋਂ ਜਮ੍ਹਾਂ ਕਿਰਤ ਹੈ। ਇਹ ਕਿਰਤ ਸਰੀਰਕ ਹੋ ਸਕਦੀ ਹੈ ਜਾਂ ਮਾਨਸਿਕ ਅਤੇ ਇਸ ਜਮ੍ਹਾਂ ਕਿਰਤ ਨੂੰ ਸਰਮਾਏਦਾਰ ਜਮਾਤ ਸਮੂਹਿਕ ਤੌਰ ‘ਤੇ ਹਥਿਆ ਸਕਦੀ ਹੈ ਜਿਵੇਂ ਕਿ ਆਮ ਕਰਕੇ ਸਾਮਰਾਜਵਾਦ ਦੇ ਦੌਰ ਵਿੱਚ ਟਰੱਸਟਾਂ, ਕਾਰਟਲਾਂ, ਸਾਂਝੀਆਂ ਸਟਾਕ ਕੰਪਨੀਆਂ ਆਦਿ ਦੇ ਰੂਪ ਵਿੱਚ ਹੁੰਦਾ ਹੈ, ਜਾਂ ਫਿਰ ਇਹ ਨਿੱਜੀ ਸਰਮਾਏਦਾਰਾਂ ਦੇ ਰੂਪ ਵਿੱਚ ਕਰ ਸਕਦੀ ਹੈ ਜਿਵੇਂ ਕਿ ”ਮੁਕਤ-ਵਪਾਰ” ਸਰਮਾਏਦਾਰੀ ਦੇ ਦੌਰ ਵਿੱਚ ਹੁੰਦਾ ਹੈ। ਇਥੇ ਇਹ ਵੀ ਯਾਦ ਰੱਖਣਾ ਜ਼ਰੂਰੀ ਹੈ ਕਿ ”ਸੁਤੰਤਰ-ਵਪਾਰ” ਸਰਮਾਏਦਾਰੀ ਵਿੱਚ ਹੀ ਉਹ ਕੁਦਰਤੀ ਗਤੀ ਸਮਾਈ ਹੁੰਦੀ ਹੈ ਕਿ ਇਜਾਰੇਦਾਰ ਸਰਮਾਏਦਾਰੀ ਜਾਂ ਸਾਮਰਾਜਵਾਦ ਵੱਲ ਲੈ ਜਾਂਦੀ ਹੈ। ਇਹ ਦੋਵੇਂ ਹੀ ਸੰਸਾਰ ਸਰਮਾਏਦਾਰੀ ਦੇ ਵਿਕਾਸ ਅਤੇ ਉਭਾਰ ਦੇ ਅਡ-ਅਡ ਪਲ ਹਨ। ਸਾਮਰਾਜਵਾਦ ਦੇ ਪੜਾਅ ਵਿੱਚ ਨਿੱਜੀ ਜਾਇਦਾਦ ਦੇ ਰੂਪਾਂ ਵਿੱਚ ਜੋ ਬਦਲਾਅ ਆਉਂਦੇ ਹਨ ਉਹ ਸਭ ਨਜ਼ਰ ਦਾ ਧੋਖਾ ਪੈਦਾ ਕਰਦੇ ਹਨ ਅਤੇ ਇਹਨਾਂ ਨਜ਼ਰ ਦੇ ਧੋਖਿਆਂ ਦੇ ਸ਼ਿਕਾਰ ਜ਼ਿਜ਼ੇਕ ਅਤੇ ਉਹਨਾਂ ਜਿਹੇ ਸਾਰੇ ਉੱਤਰ ਮਾਰਕਸਵਾਦੀ ਬੁੱਧੀਜੀਵੀ ਹੋ ਗਏ ਹਨ। ਇਹਦਾ ਮੁਖ ਕਾਰਣ ਉਹੀ ਹੈ ਜਿਹਦਾ ਅਸੀਂ ਪਹਿਲਾਂ ਜ਼ਿਕਰ ਕੀਤਾ ਹੈ: ਇਹਨਾਂ ਸਾਰੇ ਬੁੱਧੀਜੀਵੀਆਂ ਵਿੱਚ ਜੋ ਗੱਲ ਆਮ ਹੈ ਉਹ ਹੈ ਸਿਆਸੀ ਅਰਥਿਕਤਾ ਦੀ ਬੇਹੱਦ ਅਧ-ਕੱਚੀ ਅਤੇ ਸੀਮਤ ਸਮਝ, ਸ਼ਾਇਦ ਓਨੀ ਹੀ ਜਿਨੀ ਇਹਨਾਂ ਬੁੱਧੀਜੀਵੀਆਂ ਨੂੰ ਆਪਣੀ ਵਿਸ਼ਵਵਿਦਿਆਲੇ ਦੀ ਸਿਖਿਆ ਦੇ ਸਲੇਬਸ ਦੇ ਅੰਗ ਵਜੋਂ ਮਿਲੀ ਸੀ। ਅਤੇ ਦੂਜੀ ਜਿਸ ਚੀਜ਼ ਦੀ ਘਾਟ ਇਹਨਾਂ ਬੁੱਧੀਜੀਵੀਆਂ ਦੇ ਸਿਧਾਂਤੀਕਰਣ ਵਿੱਚ ਨਜ਼ਰ ਆਉਂਦੀ ਹੈ ਉਹ ਹੈ ਇਤਿਹਾਸਕ ਨਜ਼ਰੀਏ ਅਤੇ ਇਤਿਹਾਸ ਦੀ ਜਾਣਕਾਰੀ ਦੀ ਘਾਟ। ਮਿਸਾਲ ਲਈ ਜ਼ਿਜ਼ੇਕ ਸਮਕਾਲੀ ਸੰਸਾਰ ਬਾਰੇ ਅਤੇ ਉਸ ਵਿੱਚ ਹੋ ਰਹੀਆਂ ਘਟਨਾਵਾਂ ਦੀ ਜਾਣਕਾਰੀ ਤਾਂ ਰੱਖਦੇ ਹਨ ਪਰ ਵੀਹਵੀਂ ਸਦੇ ਦੇ ਪਹਿਲੇ ਅਧ ਅਤੇ ਉਸ ਤੋਂ ਪਹਿਲਾਂ ਦੇ ਇਤਿਹਾਸ ਬਾਰੇ ਉਹਨਾਂ ਦੀ ਜਾਣਕਾਰੀ ਵੱਧ ਤੋਂ ਵੱਧ ਅਖ਼ਬਾਰੀ ਕਹੀ ਜਾ ਸਕਦੀ ਹੈ। ਇਥੇ ਬੇਦਊ ਦੀ ਉਦਾਹਰਣ ਦਿੱਤੀ ਜਾ ਸਕਦੀ ਹੈ। ਬੇਦਊ ਯਥਾਰਥ (ਰਿਅਲ), ਕਾਲਪਨਿਕ (ਇਮੈਜਨਰੀ) ਅਤੇ ਪ੍ਰਤੀਕਕ (ਸਿੰਬਾਲਿਕ) ਦੀ ਲਕਾਨਿਆਈ ਤਿੱਕੜੀ ਲਾਗੂ ਕਰਦੇ ਹੋਏ ਕਹਿੰਦੇ ਹਨ ਕਿ ਇਤਿਹਾਸ ਪ੍ਰਤੀਕ ਦਾ ਖੇਤਰ ਹੈ, ਭਵਿੱਖ ਦੀ ਪਰਿਯੋਜਨਾ (ਉਹਨਾਂ ਲਈ ਕਮਿਊਨਿਜ਼ਮ ਦਾ ਵਿਚਾਰ) ਕਲਪਨਾ ਦਾ ਖੇਤਰ ਹੈ ਅਤੇ ਸਿਆਸਤ ਯਥਾਰਥ ਦਾ ਖੇਤਰ ਹੈ। ਮਤਲਬ ਕਿ ਕਮਿਊਨਿਜ਼ਮ ਦੀ ਪੂਰੀ ਪਰੀਯੋਜਨਾ ਇੱਕ ਆਤਮਗਤ ਕਾਰਕ ਹੋ ਜਾਂਦੀ ਹੈ। ਮਾਰਕਸ ਦੇ ਵਿਚਾਰਾਂ ਤੋਂ ਉਲ਼ਟ ਇਹ ‘ਇਤਿਹਾਸ ਦੀ ਅਸਲ ਗਤੀ’ ਨਹੀਂ ਰਹਿ ਜਾਂਦੀ। ਅਤੇ ਹੋ ਵੀ ਕਿਵੇਂ ਸਕਦੀ ਹੈ! ਕਿਉਂਕਿ ਇਤਿਹਾਸ ਤਾਂ ਸਿਰਫ਼ ਇੱਕ ਪ੍ਰਤੀਕ ਹੈ ਅਤੇ ਮਨੋਵਿਸ਼ਲੇਸ਼ਣ ਦੇ ਨੇਮਾਂ ਤਹਿਤ ਇਕ ਸਮਸਿਆ ਹੈ, ਬਿਮਾਰੀ ਦਾ ਲੱਛਣ ਹੈ। ਇਹ ਅਸਲ ਨਹੀਂ ਹੈ। ਇਹ ਰਚਿਆ ਜਾਂਦਾ ਹੈ ਤਾਂ ਕਿ ਕਾਲਪਨਿਕ ਨੂੰ ਪੁਸ਼ਟ ਕੀਤਾ ਜਾ ਸਕੇ! ਮਤਲਬ ਇਤਿਹਾਸ ਨੂੰ ਪ੍ਰਤੀਕ/ਲੱਛਣ ਬਣਾ ਦਿੱਤਾ ਗਿਆ, ਕਮਿਊਨਿਜ਼ਮ ਦੀ ਪਰਿਯੋਜਨਾ ਨੂੰ ਕਾਲਪਨਿਕ ਬਣਾ ਦਿੱਤਾ ਗਿਆ ਅਤੇ ਬਚੀ ਸਿਰਫ਼ ਸਿਆਸਤ ਜਿਸ ਨੂੰ ਯਥਾਰਥ ਕਰਾਰ ਦਿੱਤਾ ਗਿਆ! ਹੁਣ ਇਹ ਸਿਆਸਤ ਕੀ ਹੈ, ਇਹਦੇ ਵਿਸ਼ਲੇਸ਼ਣ ਲਈ ਇਥੇ ਥਾਂ ਨਹੀਂ ਹੈ ਪਰ ਇੰਨਾ ਕਿਹਾ ਜਾ ਸਕਦਾ ਹੈ ਕਿ ਇਹ ਨਵੇਂ ਰੰਗਰੋਗਨ ਨਾਲ਼ ਅਰਾਜਕਤਾਵਾਦ ਹੈ ਪਰ ਇਤਿਹਾਸ ਬਾਰੇ ਉੱਤਰ ਮਾਰਕਸਵਾਦੀਆਂ ਦੀ ਪੁਜ਼ੀਸ਼ਨ ਅਤੇ ਉੱਤਰਆਧੁਨਿਕਤਾਵਾਦੀਆਂ ਦੀ ਪੁਜ਼ੀਸ਼ਨ ਵਿੱਚ ਜ਼ਿਆਦਾ ਫ਼ਰਕ ਨਹੀਂ ਰਹਿ ਜਾਂਦਾ ਜੋ ਕਿ ਇਤਿਹਾਸ ਨੂੰ ਆਤਮਗਤ ਉਸਾਰੀ ਮੰਨਦੇ ਹਨ, ਭਾਸ਼ਾ ਦੀ ਖੇਡ ਮੰਨਦੇ ਹਨ। ਇਤਿਹਾਸ ਬਾਰੇ ਜ਼ਿਜ਼ੇਕ ਦੇ ਨਜ਼ਰੀਏ ‘ਤੇ ਅਸੀਂ ਥੋੜਾ ਅਗੇ ਆਵਾਂਗੇ। ਪਹਿਲਾਂ ਇਹ ਦੇਖ ਲਿਆ ਜਾਵੇ ਕਿ ਜਿਸ ਤਨਖਾਹ-ਭੋਗੀ ਬੁਰਜੂਆਜ਼ੀ ਨੂੰ ਜ਼ਿਜ਼ੇਕ ਅਜ ਦੀ ਸਰਮਾਏਦਾਰੀ ਦੀ ਪੈਦਾਵਾਰ ਮੰਨਦੇ ਹਨ ਜਾਂ ਘਟੋ-ਘਟ ਜਿਹਦੇ ਉਭਾਰ ਨੂੰ ਉਹ ਅਜ ਦੇ ਸਰਮਾਏਦਾਰਾ ਸਮਾਜ ਦਾ ਵਰਤਾਰਾ ਮੰਨਦੇ ਹਨ, ਉਹਦੇ ਬਾਰੇ ਮਾਰਕਸ ਅਤੇ ਲੈਨਿਨ ਨੇ ਕੀ ਲਿਖਿਆ ਸੀ। 

ਮਾਰਕਸ ਨੇ ਬੈਂਕਿੰਗ ਸਰਮਾਏ ਅਤੇ ਬੈਂਕਿੰਗ ਢਾਂਚੇ ਦੇ ਉਭਾਰ ਬਾਰੇ ‘ਸਰਮਾਏ’ ਦੇ ਤੀਜੇ ਭਾਗ ਵਿੱਚ ਲਿਖਿਆ ਸੀ ਕਿ ਬੈਂਕਿੰਗ ਢਾਂਚਾ ਅਸਲ ਵਿੱਚ ਸਮੁਚੀ ਸਰਮਾਏਦਾਰ ਜਮਾਤ ਦਾ ਸਾਂਝਾ ਵਹੀ ਖਾਤਾ ਹੈ ਅਤੇ ਪੈਦਾਵਾਰ ਦੇ ਸਾਧਨਾਂ ਦੀ ”ਸਮਾਜਿਕ ਪਧਰ ‘ਤੇ ਵੰਡ” ਹੈ। ਮਾਰਕਸ ਨੇ ਦੱਸਿਆ ਕਿ ਇਹ ਸਮਾਜਿਕ ਵੰਡ ਸਿਰਫ਼ ਰੂਪ ਵਿੱਚ ਹੀ ਸਮਾਜਿਕ ਹੈ। ਹੌਲ਼ੀ-ਹੌਲ਼ੀ ਸਮਾਜਿਕ ਪਧਰ ‘ਤੇ ਪੈਦਾਵਾਰ ਦੇ ਸਾਧਨਾਂ ਦੀ ਇਸ ਸਰਮਾਏਦਾਰ ਵੰਡ ਵਿੱਚ ਸਰਮਾਏਦਾਰ ਜਮਾਤ ਦੇ ਨਾਲ਼-ਨਾਲ਼ ਹੇਠਲੀ ਸਰਮਾਏਦਾਰ ਜਮਾਤ ਦੇ ਅਡ-ਅਡ ਹਿਸੇ ਵੀ ਆ ਜਾਂਦੇ ਹਨ ਅਤੇ ਅਕਸਰ ਸਰਮਾਏਦਾਰ ਜਮਾਤ ਇਸ ਵੰਡ ਵਿੱਚ ਆਪਣੇ ਰੂਪ ਨੂੰ ਮਾਲਕ ਦੀ ਥਾਵੇਂ ਸਰਮਾਏ ਦੇ ਪ੍ਰਬੰਧਕ ਵੱਜੋਂ ਪੇਸ਼ ਕਰਦੀ ਹੈ। ਮਾਰਕਸ ਅਗੇ ਦੱਸਦੇ ਹਨ ਕਿ ਅਸਲ ਵਿੱਚ ਇਹ ਵੰਡ ਨਿੱਜੀ ਹੁੰਦੀ ਹੈ ਅਤੇ ਸਰਮਾਏਦਾਰ ਜਮਾਤ ਅਤੇ ਉਹਦੇ ਪਿਛਲੱਗਾਂ ਦੇ ਹਿਤ ਵਿੱਚ ਹੁੰਦੀ ਹੈ। ਇਹ ਵੰਡ ਇੱਕ ਅਜਿਹੇ ਸਮਾਜ ਵੱਲ ਲੈ ਜਾਂਦੀ ਹੈ ਜਿਸ ਵਿੱਚ ਆਮ ਅਬਾਦੀ ਥੁੜ੍ਹ ਅਤੇ ਗ਼ਰੀਬੀ ਵਿੱਚ ਜੀਣ ਲਈ ਮਜਬੂਰ ਹੁੰਦੀ ਹੈ ਅਤੇ ਬੈਂਕ ਇੱਕ ਸਮੂਹਿਕ ਸਰਮਾਏਦਾਰ ਵਾਂਗ ਉਸ ਤੋਂ ਹਰ ਰੂਪ ਵਿੱਚ ਵਾਫ਼ਰ ਹੜੱਪਦਾ ਹੈ, ਭਾਵੇਂ ਉਹ ਮੁਨਾਫ਼ਾ ਹੋਵੇ, ਲਗਾਨ ਹੋਵੇ ਜਾਂ ਫ਼ਿਰ ਵਿਆਜ। ਲੈਨਿਨ ਨੇ ‘ਸਾਮਰਾਜਵਾਦ: ਸਰਮਾਏਦਾਰੀ ਦਾ ਸਰਵਉੱਚ ਪੜਾਅ’ ਵਿੱਚ ਉਸ ਪੂਰੇ ਵਿਕਾਸ ਬਾਰੇ ਵਿਸਥਾਰ ਨਾਲ਼ ਦੱਸਿਆ ਹੈ। ਇਕ ਜਗ੍ਹਾ ਲੈਨਿਨ ਲਿਖਦੇ ਹਨ, ”ਤੀਹ ਵਰ੍ਹੇ ਪਹਿਲਾਂ ਕਾਰੋਬਾਰੀ ਇਕ ਦੂਜੇ ਨਾਲ਼ ਮੁਕਤ ਰੂਪ ਵਿੱਚ ਮੁਕਾਬਲਾ ਕਰਦੇ ਹੋਏ, ਆਪਣੇ ਕਾਰੋਬਾਰ ਦੀ ਸਰੀਰਕ ਕਿਰਤ ਨੂੰ ਛੱਡਕੇ ਨੱਬੇ ਫ਼ੀਸਦੀ ਕਾਰਜ ਕਰਦੇ ਸਨ। ਵਰਤਮਾਨ ਵਿੱਚ ਇਹ ਨੱਬੇ ਫੀਸਦੀ ”ਦਿਮਾਗ਼ੀ ਕਾਰਜ” ਵੀ ਅਫ਼ਸਰ ਜਮਾਤ ਰਾਹੀਂ ਕੀਤਾ ਜਾਂਦਾ ਹੈ। ਬੈਂਕਿੰਗ ਇਸ ਵਿਕਾਸ ਦੀ ਮੂਹਰਲੀ ਸਫ਼ ਵਿੱਚ ਹੈ।” ਅਗੇ ਲੈਨਿਨ ਲਿਖਦੇ ਹਨ, ”ਇਹ ਆਮ ਕਰਕੇ ਸਰਮਾਏਦਾਰੀ ਦਾ ਇੱਕ ਚਰਿੱਤਰਕ ਲੱਛਣ ਹੈ ਕਿ ਸਰਮਾਏ ਦਾ ਮਾਲਕਾਨਾ ਪੈਦਾਵਾਰ ਵਿੱਚ ਸਰਮਾਇਆ ਲਾਉਣ ਤੋਂ ਅਡ ਹੁੰਦਾ ਜਾਂਦਾ ਹੈ ਕਿ ਮੁਦਰਾ ਸਰਮਾਇਆ ਸਨਅਤੀ ਜਾਂ ਪੈਦਾਵਾਰੀ ਸਰਮਾਏ ਤੋਂ ਅਡ ਹੁੰਦਾ ਜਾਂਦਾ ਹੈ ਅਤੇ ਲਗਾਨ ‘ਤੇ ਜਿਉਣ ਵਾਲ਼ੀ ਜਮਾਤ ਜੋ ਪੂਰੀ ਤਰ੍ਹਾਂ ਨਾਲ਼ ਮੁਦਰਾ ਸਰਮਾਏ ਦੀ ਆਮਦਨੀ ‘ਤੇ ਜਿਉਂਦੀ ਹੈ, ਉੱਦਮੀ ਤੋਂ ਅਤੇ ਉਹਨਾਂ ਸਾਰੇ ਲੋਕਾਂ ਤੋਂ ਅਡ ਹੋ ਜਾਂਦੀ ਹੈ ਜੋ ਕਿ ਸਰਮਾਏ ਦੇ ਪ੍ਰਬੰਧਨ ਨਾਲ਼ ਪ੍ਰਤੱਖ ਸਬੰਧ ਰੱਖਦੇ ਹਨ। ਸਾਮਰਾਜਵਾਦ, ਜਾਂ ਵਿਤੀ ਸਰਮਾਏ ਦੀ ਸਰਦਾਰੀ, ਸਰਮਾਏਦਾਰੀ ਦਾ ਉਹ ਉੱਚ ਪੜਾਅ ਹੈ ਜਿਸ ਵਿੱਚ ਇਹ ਅਲਿਹਦਗੀ ਵਿਸ਼ਾਲ ਪਧਰ ਤੱਕ ਪਹੁੰਚ ਜਾਂਦੀ ਹੈ। ਵਿੱਤੀ ਸਰਮਾਏ ਦੇ ਸਰਮਾਏ ਦੇ ਹੋਰ ਸਾਰੇ ਰੂਪਾਂ ‘ਤੇ ਸਰਦਾਰੀ ਦਾ ਅਰਥ ਹੈ ਲਗਾਨ ‘ਤੇ ਜਿਉਣ ਵਾਲ਼ੀ ਜਮਾਤ ਅਤੇ ਵਿੱਤੀ ਜੁੰਡੀ ਦਾ ਰਾਜ…।” ਇਥੇ ਲੈਨਿਨ ਸਪਸ਼ਟ ਰੂਪ ਨਾਲ਼ ਦੱਸ ਰਹੇ ਹਨ ਕਿ ਸਾਮਰਾਜਵਾਦ ਦੇ ਉਭਾਰ ਦੇ ਨਾਲ਼ ਵਾਫ਼ਰ ਹੜੱਪਣ ਵਿੱਚ ਲਗਾਨ ਅਤੇ ਵਿਆਜ ਦਾ ਹਿਸਾ ਵਧਦਾ ਜਾਵੇਗਾ। ਇਹ ਲਗਾਨ ਪੈਦਾ ਹੋਵੇਗਾ ਉਤਪਾਦਨ ਦੇ ਸਾਧਨਾਂ ‘ਤੇ ਇੱਕ ਵਿੱਤੀ ਜੁੰਡੀ ਦੀ ਇਜ਼ਾਰੇਦਾਰੀ ਨਾਲ਼। ਅਸਲ ਵਿੱਚ, ਹਰ ਪ੍ਰਕਾਰ ਦਾ ਲਗਾਨ ਜਾਇਦਾਦ ‘ਤੇ ਇਜ਼ਾਰੇਦਾਰੀ ਨਾਲ਼ ਹੀ ਪੈਦਾ ਹੁੰਦਾ ਹੈ। ਸਾਮਰਾਜਵਾਦ ਦੇ ਦੌਰ ਵਿੱਚ ਜਦ ਪੈਦਾਵਾਰ ਬਹੁਤਾਤ ਦੇ ਪੜਾਅ ਵਿੱਚ ਪਹੁੰਚ ਰਹੀ ਹੁੰਦੀ ਹੈ ਪਰ ਵਾਫ਼ਰ ਦੇ ਮੁਨਾਫ਼ੇ ਵਿੱਚ ਬਦਲਣ ਦਾ ਸੰਕਟ (ਰਿਏਲਾਈਜ਼ੇਸ਼ ਕ੍ਰਾਈਸੀਸ) ਗੰਭੀਰ ਰੂਪਾਂ ਵਿੱਚ ਹੁੰਦਾ ਹੈ ਤਾਂ ਸਰਮਾਏਦਾਰ ਜਮਾਤ ਆਪਣੇ ਮੁਨਾਫ਼ੇ ਦੀ ਦਰ ਨੂੰ ਕਾਇਮ ਰੱਖਣ ਲਈ ਵਾਫ਼ਰ ਦੇ ਵੱਡੇ ਹਿਸੇ ਨੂੰ ਲਗਾਨ ਅਤੇ ਵਿਆਜ ਵਿੱਚ ਤਬਦੀਲ ਕਰਦੀ ਹੈ। ਮਾਰਕਸ ਨੇ ਸਪਸ਼ਟ ਤੌਰ ‘ਤੇ ਦੱਸਿਆ ਸੀ ਕਿ ਵਾਧੂ ਕਦਰ ਸਰਮਾਏਦਾਰ ਜਮਾਤ ਦੇ ਅਡ-ਅਡ ਹਿਸਿਆਂ ਵਿੱਚ ਮੁਨਾਫ਼ੇ, ਲਗਾਨ ਅਤੇ ਵਿਆਜ ਦੇ ਰੂਪ ਵਿੱਚ ਵੰਡੀ ਜਾਂਦੀ ਹੈ। ਮਾਰਕਸ ਅਤੇ ਲੈਨਿਨ ਦੋਵਾਂ ਨੇ ਦਿਖਾਇਆ ਸੀ ਕਿ ਇਜ਼ਾਰੇਦਾਰ ਸਰਮਾਏਦਾਰੀ ਦੇ ਹੋਂਦ ਵਿੱਚ ਆਉਣ ਦੇ ਨਾਲ਼ ਮੁਨਾਫ਼ੇ ਦੀ ਦਰ ਦਾ ਡਿੱਗਣਾ ਹੋਰ ਤੇਜ਼ ਹੋ ਜਾਵੇਗਾ, ਸੰਕਟ ਦਾ ਚੱਕਰ ਛੋਟਾ ਹੁੰਦਾ ਜਾਵੇਗਾ ਅਤੇ ਢਾਂਚੇ ਦਾ ਸੰਕਟ ਆਪਣੇ ਆਪ ਨੂੰ ਗੰਭੀਰ ਰੂਪ ਵਿੱਚ ਪੇਸ਼ ਕਰੇਗਾ। ਸਾਮਰਾਜਵਾਦ ਦੇ ਦੌਰ ਵਿੱਚ ਸਰਮਾਏਦਾਰ ਜਮਾਤ ਵਾਧੂ ਕਦਰ ਦੇ ਮੁਦਰਾ ਸਰਮਾਏ ਦੇ ਰੂਪ ਵਿੱਚ ਸਕਾਰ (ਰਿਅਲਾਈਜ਼) ਨਾ ਹੋਣ ਦੇ ਸੰਕਟ ਨੂੰ ਦੂਰ ਕਰਨ ਲਈ ਕਰਜ਼ ਵਿਤਪੋਸ਼ਤ ਉਪਭੋਗ ਨੂੰ ਵਧਾਵਾ ਦਿੰਦਾ ਹੈ ਅਤੇ ਨਾਲ਼ ਹੀ ਨਾਲ਼ ਸ਼ੇਅਰ ਬਜ਼ਾਰ ਵਿੱਚ ਸੱਟੇਬਾਜ਼ੀ ਅਤੇ ਅਜਿਹੇ ਹੀ ਹੋਰਨਾਂ ਔਜ਼ਾਰਾਂ ਰਾਹੀਂ ਆਪਣੀ ਅਮੀਰੀ ਨੂੰ ਕਾਇਮ ਰੱਖਣ ਅਤੇ ਸੰਕਟ ਨੂੰ ਟਾਲਣ ਦੀ ਕੋਸ਼ਿਸ਼ ਕਰਦਾ ਹੈ। ਇੰਜ, ਸਰਮਾਏ ਦਾ ਵੱਡਾ ਹਿਸਾ ਵਿੱਤੀ ਸਰਮਾਏ ਦੀ ਸੱਟੇਬਾਜ਼ੀ ਅਤੇ ਉਹਦ ਬੁਲਬੁਲੇ ਫੁਲਾਉਣ ਵਿੱਚ ਖ਼ਰਚ ਹੁੰਦਾ ਹੈ। ਸਪਸ਼ਟ ਹੈ ਕਿ ਅਜਿਹੀ ਹਾਲਤ ਵਿੱਚ ਵਾਫ਼ਰ ਦੇ ਤਿੰਨਾਂ ਹਿਸਿਆਂ ਵਿੱਚ ਲਗਾਨ ਅਤੇ ਵਿਆਜ ਦਾ ਅਨੁਪਾਤ ਵੱਧੇਗਾ ਅਤੇ ਮਾਰਕਸਵਾਦੀ ਸਿਆਸੀ ਅਰਥਿਕਤਾ ਘਟੋ-ਘਟ ਸਵਾ ਸੌ ਸਾਲ ਤੋਂ ਇਸ ਸੱਚਾਈ ਤੋਂ ਜਾਣੂ ਹੈ। ਇਸ ਤਰ੍ਹਾਂ, ਜ਼ਿਜ਼ੇਕ ਨੂੰ ਇਸ ਵਿੱਚ ਨਵਾਂ ਕੀ ਦਿਖ ਗਿਆ? ਨਾ ਤਾਂ ਮੁਨਾਫ਼ੇ ਤੋਂ ਲਗਾਨ ਵੱਲ ਤਬਦੀਲੀ ਵਿੱਚ ਕੁੱਝ ਨਵਾਂ ਹੈ ਅਤੇ ਨਾ ਹੀ ਇਸ ਅਖੌਤੀ ਨਵੀਂ ਤਨਖਾਹ-ਭੋਗੂ ਬੁਰਜੂਆਜ਼ੀ ਵਿੱਚ ਕੁੱਝ ਨਵਾਂ ਹੈ। ਇੰਝ ਜ਼ਿਜ਼ੇਕ ਮਾਰਕਸਵਾਦੀ ਸਿਆਸੀ ਅਰਥਿਕਤਾ ਦੀਆਂ ਹੀ ਪੁਰਾਣੀਆਂ ਸਿਧ ਧਾਰਣਾਵਾਂ ਨੂੰ ਨਵੇਂ ਸ਼ਬਦ ਦੇਕੇ ਆਪਣੀ ਕਾਢ ਸਿਧ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਥੇ ਜ਼ਿਜ਼ੇਕ ਜਾਂ ਪਾਲ ਸਾਰਤਰ ਦੀ ਉਸ ਪ੍ਰਸਿਧ ਟੂਕ ਨੂੰ ਅਖ਼ਰ-ਬ-ਅਖ਼ਰ ਸਿਧ ਕਰ ਰਹੇ ਹਨ ਕਿ ਆਮ ਤੌਰ ‘ਤੇ ਮਾਰਕਸਵਾਦ ਦੇ ਖੰਡਨ ਵਜੋਂ ਜੋ ਕਿਹਾ ਜਾਂਦਾ ਹੈ, ਉਹ ਮਾਰਕਸ ਤੋਂ ਪਹਿਲਾਂ ਦੇ ਵਿਚਾਰਾਂ ਨੂੰ ਫ਼ਿਰ ਤੋਂ ਜ਼ਿੰਦਾ ਕਰਨ ਦੀ ਕੋਸ਼ਿਸ਼ ਹੁੰਦੀ ਹੈ (ਇਸ ਮਾਮਲੇ ਵਿੱਚ ਹੇਗੇਲੀ ਵਿਚਾਰਵਾਦੀ) ਅਤੇ ਉਹਨਾਂ ਵਿੱਚ ਜੋ ਸਹੀ ਹੁੰਦਾ ਹੈ, ਉਹ ਅਸਲ ਵਿੱਚ ਮਾਰਕਸਵਾਦ ਪਹਿਲਾਂ ਹੀ ਕਹਿ ਚੁੱਕਾ ਹੁੰਦਾ ਹੈ। 

ਮਾਰਕਸਵਾਦ ਦੁਆਰਾ ਪਹਿਲਾਂ ਹੀ ਸਥਾਪਤ ਸੱਚਾਂ ਨੂੰ ਨਾਮ ਬਦਲਕੇ ਉਹਨਾਂ ‘ਤੇ ਆਪਣਾ ਦਾਅਵਾ ਕਰਨ ਤੋਂ ਇਲਾਵਾ ਜ਼ਿਜ਼ੇਕ ਜੋ ਕੰਮ ਕਰਦੇ ਹਨ, ਉਹ ਹੈ ਮਾਰਕਸਵਾਦ ਦੇ ਬੁਨਿਆਦੀ ਅਸੂਲਾਂ ਦੀ ਮਨਮਰਜ਼ੀ ਦੀ ਵਿਆਖਿਆ ਕਰਕੇ ਉਹਨਾਂ ਨੂੰ ਵਿਗਾੜਨਾ। ਮਿਸਾਲ ਲਈ, ਆਪਣੀ ਕਿਤਾਬ ਦੇ ਦੂਜੇ ਪਾਠ ਵਿੱਚ ਮਾਰਕਸ ਦੀ ਸ਼ਾਨਦਾਰ ਕਿਰਤ ‘ਨੇਪੋਲੀਅਨ ਬੋਨਾਪਾਰਤ ਦਾ ਅਠ੍ਹਾਰਵਾਂ ਬਰੂਮੇਰ’ ਦੇ ਕੁੱਝ ਅੰਸ਼ਾਂ ਦੀ ਮਨਮਾਨੀ ਲਕਾਨੀ ਵਿਆਖਿਆ ਕਰਦੇ ਹਨ ਅਤੇ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਇੱਕ ਰਾਜਸੱਤ੍ਹਾ ਕਈ ਜਮਾਤਾਂ ਦੀ ਪ੍ਰਤੀਨਿੱਧਤਾ ਕਰ ਸਕਦੀ ਹੈ। ਇਕ ਜਗ੍ਹਾ ਤਾਂ ਉਹ ਬੋਨਾਪਾਰਤ ਦਾ ਇਹ ਅਰਥ ਸਮਝ ਲੈਂਦੇ ਹਨ ਕਿ ਇਤਿਹਾਸ ਵਿੱਚ ਅਜਿਹੇ ਮੌਕੇ ਵੀ ਆ ਸਕਦੇ ਹਨ ਜਦ ਰਾਜਸੱਤ੍ਹਾ ਖੁਦ ਦੀ ਹੀ ਪ੍ਰਤੀਨਿੱਧਤਾ ਕਰੇਗੀ! ਮਿਸਾਲ ਲਈ ਜ਼ਿਜ਼ੇਕ ਇੰਗਲੈਂਡ ਦੀ ਉੱਚ ਜਮਾਤੀ ਰਾਜਸੱਤ੍ਹਾ ਦੀ ਜੋ ਕਿ ਬੁਰਜੂਆਜ਼ੀ ਦੇ ਹਿਤਾਂ ਦੀ ਪ੍ਰਤੀਨਿੱਧਤਾ ਕਰ ਰਹੀ ਸੀ ਅਤੇ ਘਰੇਲੂਜੰਗ ਤੋਂ ਬਾਅਦ ਦੇ ਇਨਕਲਾਬੀ ਰੂਸ ਦੀ ਗੱਲ ਕਰਦੇ ਹਨ ਜਦ ਅਖੌਤੀ ਰੂਪ ‘ਚ ਪ੍ਰੋਲੇਤਾਰੀ ਜਮਾਤ ਖਤਮ ਹੋ ਚੁੱਕੀ ਸੀ ਪਰ ਪ੍ਰੋਲੇਤਾਰੀ ਰਾਜਸੱਤ੍ਹਾ ਕਾਇਮ ਸੀ ਅਤੇ ਖ਼ੁਦ ਦੀ ਪ੍ਰਤੀਨਿੱਧਤਾ ਕਰ ਰਹੀ ਸੀ। ਪਰ ਇੰਗਲੈਂਡ ਦੀਆਂ ਕੁਲੀਨ ਜਮਾਤਾਂ ਦੀ ਗੱਲ ਸਿਰਫ਼ ਇਸ ਗੱਲ ਦੇ ਅਧਾਰ ‘ਤੇ ਕੀਤੀ ਗਈ ਹੈ ਕਿ ਰਾਜਸੱਤ੍ਹਾ ਵਿੱਚ ਬੈਠੇ ਲੋਕਾਂ ਦਾ ਜਨਮ ਕੁਲੀਨ ਪਰਿਵਾਰਾਂ ਵਿੱਚ ਹੋਇਆ ਸੀ ਅਤੇ ਰੂਸ ਦੇ ਮਾਮਲੇ ਵਿੱਚ ਇਹ ਦਾਅਵਾ ਹੀ ਗ਼ਲਤ ਹੈ ਕਿ ਪ੍ਰੋਲੇਤਾਰੀ ਜਮਾਤ ਖ਼ਤਮ ਹੋ ਗਈ ਸੀ। ਉਹ ਸਿਰਫ਼ ਅੰਸ਼ਕ ਰੂਪ ਵਿੱਚ ਖਿੰਡੀ ਹੋਈ ਸੀ। ਜ਼ਿਜ਼ੇਕ ਭੁੱਲ ਜਾਂਦੇ ਹਨ ਕਿ ਮਾਰਕਸ ਨੇ ਹੀ ਇੰਗਲੈਂਡ ਦੀ ਇਸ ਕੁਲੀਨ ਜਮਾਤ ਦੇ ਬੁਰਜੂਆਕਰਣ ਵੱਲ ਧਿਆਨ ਖਿਚਿਆ ਸੀ। ਇਸ ਰੂਪ ਵਿੱਚ ਰਾਜਸੱਤ੍ਹਾ ਅਸਲ ਵਿੱਚ ਜਗੀਰੂ ਕੁਲੀਨ ਜਮਾਤ ਅਤੇ ਬੁਰਜੂਆ ਜਮਾਤ ਦੇ ਹਿਤਾਂ ਦੀ ਪ੍ਰਤੀਨਿੱਧਤਾ ਨਹੀਂ ਕਰ ਰਹੀ ਸੀ ਸਗੋਂ ਅਸਲ ਵਿੱਚ ਉਹ ਬੁਰਜੂਆ ਜਮਾਤ ਦੇ ਹਿੱਤਾਂ ਦੀ ਹੀ ਪ੍ਰਤੀਨਿੱਧਤਾ ਕਰ ਰਹੀ ਸੀ। ਅਗੇ ਉਹ ਮਾਰਕਸ ਦੇ ਹੋਰਨਾਂ ਕਥਨਾਂ ਨੂੰ ਵੀ ਇਸੇ ਤਰ੍ਹਾਂ ਵਿਗਾੜਦੇ ਹਨ ਅਤੇ ਇਕ ਤਰ੍ਹਾਂ ਨਾਲ਼ ਮਾਰਕਸ ਨੂੰ ਲਕਾਨੀ ਤਰੀਕੇ ਨਾਲ਼ ਹੜੱਪਦੇ ਹਨ। ਸਿਟੇ ਵੱਜੋਂ, ਜ਼ਿਜ਼ੇਕ ਦਾ ਪੂਰਾ ਵਿਸ਼ਲੇਸ਼ਣ ਇੱਕ ਸੱਟੇਬਾਜ਼ ਮਨੋਵਿਗਿਆਨਕ-ਸਿਆਸੀ ਖੇਡ ਬਣ ਜਾਂਦੀ ਹੈ, ਜਿਹਦਾ ਆਖ਼ਰੀ ਮਕਸਦ ਕੁੱਝ ਵੀ ਨਹੀਂ ਸਿਰਫ਼ ਬੌਧਿਕ ਵਿਲਾਸ ਹੈ। ਉਹਨਾਂ ਦਾ ਲੇਖਣ ਆਮ ਤੌਰ ‘ਤੇ ਅਜ ਦੀ ਮਨੋਰੰਜਨ ਸਨਅਤ ਵਾਂਗ ਹੈ ਜੋ ਅਸਲੀਅਤ ਵਿੱਚ ਗ਼ੈਰ-ਪੈਦਾਵਾਰੀ ਹੈ। ਜ਼ਿਜ਼ੇਕ ਦੇ ਲੇਖਣ ਵਿੱਚ ਤੁਹਾਨੂੰ ਲਗਾਤਾਰ ਯੌਨਕ ਅਤੇ ਸਕੈਟੋਗ੍ਰਾਫੀਕਲ ਵਿਕ੍ਰੋਕਤੀਆਂ ਮਿਲ਼ਦੀਆਂ ਹਨ। ਗੰਭੀਰ ਦਾਰਸ਼ਨਿਕ ਅਤੇ ਸਿਆਸੀ ਵਿਚਾਰ-ਵਟਾਂਦਰੇ ਦੇ ਮਾਣ ਨੂੰ ਅਤੇ ਗੰਭੀਰਤਾ ਨੂੰ ਵੀ ਜ਼ਿਜ਼ੇਕ ਦੇਰ ਤੱਕ ਬਰਦਾਸ਼ਤ ਨਹੀਂ ਕਰ ਪਾਉਂਦੇ ਅਤੇ ਥੋੜੀ ਹੀ ਦੇਰ ਵਿੱਚ ਅਜਿਹੀਆਂ ਵਿਕ੍ਰੋਕਤੀਆਂ ਦੀ ਵਰਤੋਂ ਵਿੱਚ ਡਿੱਗ ਪੈਂਦੇ ਹਨ। ਇਹ ਪਾਠਕ ਨੂੰ ਇੱਕ ‘ਕਾਮਿਕ ਰਿਲੀਫ਼’ ਅਤੇ ਇਕ ਤਰ੍ਹਾਂ ਦਾ ਟਿਟਿਲੇਸ਼ਨ ਦਿੰਦਾ ਹੈ ਅਤੇ ਇਸ ਲਈ ਅਕਣ ਨਹੀਂ ਦਿੰਦਾ ਪਰ ਇਸ ਪਲ ਦੇ ਸੁਖ ਤੋਂ ਬਿਨਾਂ ਇਸ ਵਿੱਚ ਅਮੀਰ ਕਰਨ ਵਾਲ਼ੀ ਕੋਈ ਚੀਜ਼ ਵਿਰਲਿਆਂ ਹੀ ਮਿਲ਼ਦੀ ਹੈ। ਜਦ ਕੋਈ ਜ਼ਰੂਰੀ ਗੱਲ ਜਾਂ ਨਜ਼ਰੀਆ ਮਿਲਦਾ ਵੀ ਹੈ ਤਾਂ ਉਸ ਵਿੱਚ ਜ਼ਿਜ਼ੇਕ ਦਾ ਕੁੱਝ ਵੀ ਮੌਲਕ ਨਹੀਂ ਹੁੰਦਾ। ਮਤਲਬ, ਇਕ ਢੰਗ ਨਾਲ਼ ਕਿਹਾ ਜਾ ਸਕਦਾ ਹੈ ਕਿ ਜ਼ਿਜ਼ੇਕ ਦੇ ਲੇਖਣ ਵਿੱਚ ਜੋ ਕੁੱਝ ਵੀ ਕੰਮ ਦਾ ਹੈ, ਉਹ ਆਮ ਕਰਕੇ ਉਹਨਾਂ ਦਾ ਮੌਲਿਕ ਨਹੀਂ ਹੈ ਅਤੇ ਬਾਕੀ ਜੋ ਬਚਦਾ ਹੈ ਉਹ ਅਕਸਰ ਸੱਟੇਬਾਜ਼ ਅਵਾਰਾ ਦਰਸ਼ਨ ਦਾ ਕੂੜਾ ਹੁੰਦਾ ਹੈ। 

ਬੇਦਊ ਵਾਂਗ ਇਤਿਹਾਸ ਪ੍ਰਤੀ ਅਣਦੇਖੀ ਦਾ ਨਜ਼ਰੀਆ ਜ਼ਿਜ਼ੇਕ ਦਾ ਵੀ ਹੈ ਪਰ ਆਪਣੀ ਕਿਸਮ ਦਾ। ਉਹ ਇਤਿਹਾਸ ਨੂੰ ਪੂਰੀ ਤਰ੍ਹਾਂ ਪ੍ਰਤੀਕਕ ਤਾਂ ਨਹੀਂ ਮੰਨਦੇ ਪਰ ਉਹ ਵੀਹਵੀਂ ਸਦੀ ਦੀ ਮਜ਼ਦੂਰ ਜਮਾਤ ਦੁਆਰਾ ਕੀਤੇ ਗਏ ਸਮਾਜਵਾਦ ਦੇ ਤਜ਼ਰਬਿਆਂ ਨੂੰ ਬਿਨਾਂ ਕਿਸੇ ਵਿਸ਼ਲੇਸ਼ਣ ਦੇ ਇੱਕ ਦੁਖਾਂਤ ਮੰਨਦੇ ਹਨ ਅਤੇ ਇਸ ਰੂਪ ਵਿੱਚ ਉਹਨੂੰ ਲੱਛਣ ਦੇ ਰੂਪ ਵਿੱਚ ਹੀ ਦੇਖਦੇ ਹਨ ਜਿਵੇਂ ਕਿ ਬੇਦਊ ਕਹਿੰਦੇ ਹਨ। ਬੇਦਊ ਦਾ ਵੀ ਇਹੀ ਵਿਚਾਰ ਹੈ ਕਿ ਲਖਣਾਇਕ (ਇਤਿਹਾਸ) ਵਿਰੁੱਧ ਯਥਾਰਥ (ਸਿਆਸੀ) ਅਤੇ ਕਲਪਨਾ (ਕਮਿਊਨਿਸਟ ਵਿਚਾਰ) ਦੀ ਏਕਤਾ ਬਣਾਉਣੀ ਹੋਵੇਗੀ। ਜ਼ਿਜ਼ੇਕ ਲਈ ਵੀ ਵੀਹਵੀਂ ਸਦੀ ਦੇ ਸਮਾਜਵਾਦ ਵੱਲ ਇੱਕ ਵੀ ਨਜ਼ਰ ਮਾਰਿਆਂ ਬਿਨਾਂ ਹੀ ਭਾਵੀ ਕਮਿਊਨਿਸਟ ਸਮਾਜ ਦੀ ਉਸਾਰੀ ਹੋ ਸਕਦੀ ਹੈ। ਜ਼ਿਜ਼ੇਕ ਨੇ ਆਪਣੀ ਕਿਸੇ ਵੀ ਕਿਰਤ ਵਿੱਚ ਵੀਹਵੀਂ ਸਦੀ ਦੇ ਸਮਾਜਵਾਦ ਨੂੰ, ਵਿਸ਼ੇਸ਼ ਕਰਕੇ ਰੂਸ ਅਤੇ ਚੀਨ ਵਿੱਚ ਸਮਾਜਵਾਦੀ ਤਜ਼ਰਬਿਆਂ ਦੇ ਅਨੁਭਵਾਂ ਨੂੰ ਇੱਕ ਬੁਰੇ ਅਨੁਭਵ, ਦੁਖਾਂਤ ਜਾਂ ਆਫ਼ਤ ਦੇ ਤੌਰ ‘ਤੇ ਚਿੱਤਰਾਣ ਲਈ ਕਿਸੇ ਵਿਗਿਆਨਕ-ਇਤਿਹਾਸਕ ਵਿਸ਼ਲੇਸ਼ਣ ਦੀ ਵਰਤੋਂ ਨਹੀਂ ਕੀਤੀ ਹੈ। ਜ਼ਿਜ਼ੇਕ ਦੇ ਲੇਖਣ ਵਿੱਚ ਇਹ ਸਿੱਟਾ ਆਕਾਸ਼ਵਾਣੀ ਵਾਂਗ (ਏਕਜ਼ਿਓਮੈਟਿਕ) ਹੈ। ਤੁਸੀਂ ਜੇਕਰ ਜ਼ਿਜ਼ੇਕ ਨੂੰ ਪੜ੍ਹਕੇ ਉਹਦਾ ਕੋਈ ਵੀ ਅਰਥ ਕੱਢਣਾ ਚਾਹੁੰਦੇ ਹੋ ਤਾਂ ਤੁਹਾਨੂੰ ਵੀ ਇਸ ਗੱਲ ਨੂੰ ਆਪਣੇ ਸ਼ੁਰੂਆਤੀ-ਨੁਕਤੇ ਦੀ ਤਰ੍ਹਾਂ ਚੁਣਨਾ ਪਵੇਗਾ। ਅਜਿਹਾ ਨਹੀਂ ਹੈ ਕਿ ਜ਼ਿਜ਼ੇਕ ਲੈਨਿਨ ਅਤੇ ਸਤਾਲਿਨ ਬਾਰੇ ਵੀ ਹੂ-ਬ-ਹੂ  ਉਹੀ ਗੱਲਾਂ ਕਹਿੰਦੇ ਹਨ ਜੋ ਕਿ ਸਾਰੇ ਪਛਮੀ ਸਾਮਰਾਜਵਾਦੀ ਪ੍ਰਾਪੇਗੰਂਡਾ ਏਜੰਟ ਬੋਲਦੇ ਹਨ। ਉਹ ਕੁੱਝ ਉਹਨਾਂ ਤੋਂ ਵੀ ਲੈਂਦੇ ਹਨ ਅਤੇ ਕੁੱਝ ਅਜਿਹੇ ਸ੍ਰੋਤਾਂ ਤੋਂ ਵੀ ਲੈਂਦੇ ਹਨ ਜੋ ਕਿ ਲੈਨਿਨ ਅਤੇ ਸਤਾਲਿਨ ਦੀ ਪ੍ਰਸੰਸਾ ਕਰਦੇ ਹਨ। ਸਿਟੇ ਵਜੋਂ, ਉਹ ਕਦੀ ਆਪਣੇ ਆਪਨੂੰ ਲੈਨਿਨਵਾਦੀ ਅਤੇ ਕਦੀ-ਕਦੀ ਤਾਂ ਸਤਾਲਿਨਵਾਦੀ ਦੇ ਤੌਰ ‘ਤੇ ਪੇਸ਼ ਕਰਦੇ ਹਨ ਤਾਂ ਕਦੀ ਸਤਾਲਿਨ ਅਤੇ ਲੈਨਿਨ ‘ਤੇ ਚਿੱਕੜ ਸੁੱਟਣ ਦੀਆਂ ਕੋਝੀਆਂ ਕੋਸ਼ਿਸ਼ਾਂ ਕਰਦੇ ਹਨ ਪਰ ਉਹ ਸੋਵੀਅਤ ਸਮਾਜਵਾਦ ਦੀ ਸਿਆਸੀ ਅਲੋਚਨਾ ਜਾਂ ਵਿਸ਼ਲੇਸ਼ਣ ਦਾ ਕੰਮ ਕਦੀ ਹੱਥ ਵਿੱਚ ਨਹੀਂ ਲੈਂਦੇ। ਉਹ ਬਸ ਵਿਅਕਤੀਆਂ ਬਾਰੇ ਆਪਣੀਆਂ ”ਮਨੋਰੰਜਕ” ਟਿਪਣੀਆਂ ਕਰਦੇ ਹਨ। ਲੈਨਿਨ ਦੀ ਪੂਰੀ ਤਸਵੀਰ ਜੋ ਜ਼ਿਜ਼ੇਕ ਨੂੰ ਪੜ੍ਹਕੇ ਉਭਰਦੀ ਹੈ ਅਤੇ ਜਿਸ ਚੀਜ਼ ਨੂੰ ਜ਼ਿਜ਼ੇਕ ਲੈਨਿਨ ਦੀ ਆਪਣੇ ਰਾਹੀਂ ਪ੍ਰਸੰਸਾ ਦਾ ਕਾਰਣ ਦੱਸਦੇ ਹਨ, ਉਹ ਹੈ ਇਕ ਮਾਰਕਸਵਾਦੀ ਜੈਕੋਬਿਅਨ ਦੀ ਜੋ ਇਕ ਤਪਿਆ-ਤਪਾਇਆ ਯਥਾਰਥਵਾਦੀ ਹੈ। ਇਕ ਅਜਿਹਾ ਵਿਅਕਤੀ ਜੋ ਕਿਸੇ ਸਿਆਸੀ ਨੀਤੀਸ਼ਾਸਤਰ ਜਾਂ ਆਦਰਸ਼ਵਾਦ ਤੋਂ ਸ਼ੁਰੂਆਤ ਨਹੀਂ ਕਰਦਾ, ਸਗੋਂ ਠੋਸ ਸਿਆਸੀ ਲੋੜਾਂ ਦੇ ਅਧਾਰ ‘ਤੇ ਕਦਮ ਚੁੱਕਦਾ ਹੈ। ਇਸ ਤੋਂ ਬਿਨਾਂ, ਜਿੱਥੇ ਕਿਤੇ ਵੀ ਲੈਨਿਨ ਦੇ ਵਿਚਾਰਾਂ ਦਾ ਜ਼ਿਕਰ ਹੁੰਦਾ ਹੈ, ਉੱਥੇ ਜ਼ਿਜ਼ੇਕ ਉਹਦੀ ਆਪਣੀ ਇਕ ਮਨੋਰੰਜਕ ਲਕਾਨੀ ਵਿਆਖਿਆ ਕਰਦੇ ਹਨ। ਪਰ ਮਹਾਨ ਵਿਅਕਤੀਆਂ ਦੇ ਕਥਨਾਂ ਦੀਆਂ ਵਿਚਾਰਵਾਦੀ ਢੰਗ ਨਾਲ਼ ਅਡ-ਅਡ ਮਨੋਵਿਸ਼ਲੇਸ਼ਣਾਤਮਕ ਅਤੇ ਹੇਗੇਲੀ ਵਿਆਖਿਆਵਾਂ ਨੂੰ ਛੱਡ ਦਿੱਤਾ ਜਾਵੇ ਤਾਂ ਜ਼ਿਜ਼ੇਕ ਕਿਤੇ ਵੀ ਲੈਨਿਨਵਾਦੀ ਤਰੀਕਾਕਾਰ ਜਾਂ ਸਮਝਦਾਰੀ ਦੀ ਕੋਈ ਤਰਤੀਬਬੱਧ ਅਲੋਚਨਾ ਨਹੀਂ ਰੱਖਦੇ। ਲੈਨਿਨਵਾਦ ਅਤੇ ਸਤਾਲਿਨਵਾਦ ਜਿਹੇ ਸ਼ਬਦ ਕੈਚਵਰਡ ਵਾਂਗ ਵਰਤੇ ਜਾਂਦੇ ਹਨ ਅਤੇ ਇਹਨਾਂ ਦੀ ਵਰਤੋਂ ਕਾਫ਼ੀ ਹੱਦ ਤੱਕ ਪੂਰਬੀ ਯੂਰਪ ਵਿੱਚ ਸੋਧਵਾਦੀ ਸੱਤ੍ਹਾਵਾਂ ਦੇ ਕੁਕਰਮ ਦੇ ਜਵਾਬ ਵਿੱਚ ਪੈਦਾ ਹੋਏ ਟਟਪੂੰਜੀਆ ਹਾਸੇ ਦੇ ਅਧਾਰ ‘ਤੇ ਕੀਤਾ ਜਾਂਦਾ ਹੈ ਅਤੇ ਜੇਕਰ ਸੋਵੀਅਤ ਸੰਘ ਵਿੱਚ ਸਮਾਜਵਾਦੀ ਪ੍ਰਯੋਗਾਂ ਦੀ ਅਲੋਚਨਾ ਦੀ ਗੱਲ ਕਰੀਏ ਤਾਂ ਸਾਨੂੰ ਸ਼ੱਕ ਹੈ ਕਿ ਜ਼ਿਜ਼ੇਕ ਕਿੱਸਿਆਂ ਤੋਂ ਇਲਾਵਾ ਉਹਦੇ ਬਾਰੇ ਡੂੰਘਾਈ ਵਿੱਚ ਕੁੱਝ ਜਾਣਦੇ ਹਨ, ਬਗੈਰ ਉਸ ਪੂਰਬੀ ਯੂਰਪੀ ਬੁਰਜੂਆ ਹਾਸੇ ਦੇ ਜੋ ਕਿ ਸੋਵੀਅਤ ਸੰਘ ਅਤੇ ਨਾਲ਼ ਹੀ ਪੂਰਬੀ ਯੂਰਪ ਦੀ ਸੋਧਵਾਦੀ ਕਮਿਊਨਿਸਟ ਸੱਤ੍ਹਾਵਾਂ ਵਿਰੁੱਧ ਪੈਦਾ ਹੋਇਆ ਸੀ। ਪਰ ਬਿਨਾਂ ਕਿਸੇ ਵਿਸ਼ਲੇਸ਼ਣ ਦੇ, ਬਿਨਾਂ ਕਿਸੇ ਤਰਤੀਬਬੱਧ ਅਲੋਚਨਾ ਦੇ ਜ਼ਿਜ਼ੇਕ ਇਸ ਚੀਜ਼ ਨੂੰ ਅਕਾਸ਼ਾਵਾਣੀ ਵਾਂਗ ਸਵੈ-ਸਿੱਧ ਮੰਨਦੇ ਹਨ ਕਿ ਵੀਹਵੀਂ ਸਦੀ ਦੇ ਸਮਾਜਵਾਦੀ ਤਜ਼ਰਬੇ ਇੱਕ ਆਫ਼ਤ ਜਾਂ ਦੁਖ਼ਾਂਤ ਵਿੱਚ ਖ਼ਤਮ ਹੋਏ। ਉਹ ਤਾਂ ਇਥੋਂ ਤੱਕ ਕਹਿੰਦੇ ਹਨ ਕਿ ਅਜ ਦੇ ਸਮੇਂ ਵਿੱਚ ਕਮਿਊਨਿਸਟ ਤਦ ਤੱਕ ਨਵਾਂ ਕੁੱਝ ਨਹੀਂ ਕਰ ਸਕਦੇ, ਜਦ ਤੱਕ ਕਿ ਉਹ ਵੀਹਵੀਂ ਸਦੀ ਦੇ ਸਮਾਜਵਾਦੀ ਤਜ਼ਰਬਿਆਂ ਵੱਲ ਦੇਖਣਾ ਪੂਰੀ ਤਰ੍ਹਾਂ ਬੰਦ ਨਹੀਂ ਕਰ ਦਿੰਦੇ ਅਤੇ ਇਹ ਮੰਨ ਨਹੀਂ ਲੈਂਦੇ ਕਿ ਉਹ ਪੂਰਨ ਅਸਫਲਤਾ ਵਿੱਚ ਸਮਾਪਤ ਹੋਏ। ਇਸ ਇਤਿਹਾਸ-ਨਜ਼ਰੀਏ ਬਾਰੇ ਜਿੰਨਾ ਘਟ ਕਿਹਾ ਜਾਵੇ ਉਨਾਂ ਬਿਹਤਰ ਹੈ। ਅਸੀਂ ਇਸ ਲਈ ਸ਼ੁਰੂ ਵਿੱਚ ਕਿਹਾ ਸੀ ਕਿ ਮਨੋਵਿਸ਼ਲੇਸ਼ਣ ਅਤੇ ਦਰਸ਼ਨ ਦੇ ਵਿਦਿਆਰਥੀ ਜ਼ਿਜ਼ੇਕ ਦਾ ਸਿਆਸੀ ਆਰਥਕਤਾ ਅਤੇ ਇਤਿਹਾਸ ਬਾਰੇ ਗਿਆਨ ਬੇਹੱਦ ਸੀਮਤ ਹੈ ਅਤੇ ਜਿੰਨਾ ਹੈ ਉਹ ਵੀ ਅਖ਼ਬਾਰੀ ਹੈ ਜਾਂ ਫਿਰ ਨੇਸ਼ਨਲ ਜਿਓਗ੍ਰਾਫੀਕ, ਡਿਸਕਵਰੀ ਚੈਨਲ, ਹਿਸਟਰੀ ਚੈਨਲ ਆਦਿ ਦੇਖਕੇ ਅਤੇ ਰਾਏ ਮੇਦਵੇਦੇਵ ਅਤੇ ਮਾਰਕ ਫੇਰੋ ਜਿਹਿਆਂ ਦੀਆਂ ਕਿਤਾਬਾਂ ਪੜ੍ਹਕੇ ਉਸਰਿਆ ਹੈ। ਅਜਿਹੇ ਹਾਲਤ ‘ਚ ਜ਼ਿਜ਼ੇਕ ਤੋਂ ਹੋਰ ਕੋਈ ਉਮੀਦ ਵੀ ਨਹੀਂ ਕੀਤੀ ਜਾ ਸਕਦੀ। 

ਜ਼ਿਜ਼ੇਕ ਦਾ ਮੰਨਣਾ ਹੈ ਕਿ ਸਮਕਾਲੀ ਸਰਮਾਏਦਾਰੀ ਵਿੱਚ ਬੇਰੁਜ਼ਗਾਰੀ ਦਾ ਸਰੂਪ ਬਦਲ ਗਿਆ ਹੈ। ਹੁਣ ਇਕ ਸਥਾਈ ਇਕਰਾਰਨਾਮੇ ਤਹਿਤ ਲਮਕਵੇਂ ਰੂਪ ਵਿੱਚ ਸ਼ੋਸ਼ਤ ਹੋਣਾ ਇਕ ਵਿਸ਼ੇਸ਼ ਹੱਕ ਬਣ ਗਿਆ ਹੈ। ਮਤਲਬ ਕਿ ਸਥਾਈ ਨੌਕਰੀਆਂ ਘਟ ਹੁੰਦੀਆਂ ਜਾ ਰਹੀਆਂ ਹਨ ਅਤੇ ਇੱਕ ਅਜਿਹੀ ਮਜ਼ਦੂਰ ਜਮਾਤ ਪੈਦਾ ਹੋਈ ਹੈ ਜੋ ਕਿ ਢਾਂਚਾਈ ਤੌਰ ‘ਤੇ ਬੇਰੁਜ਼ਗਾਰੀ ਵਿੱਚ ਰਹਿੰਦੀ ਹੈ। ਸਪਸ਼ਟ ਹੈ ਕਿ ਜ਼ਿਜ਼ੇਕ ਮਜ਼ਦੂਰ ਜਮਾਤ ਦੇ ਗੈਰ-ਰਸਮੀਕਰਣ ਅਤੇ ਇੱਕ ਵਿਸ਼ਾਲ ਗ਼ੈਰ-ਜੱਥੇਬੰਦਤ ਮਜ਼ਦੂਰ ਜਮਾਤ ਦੇ ਉਭਾਰ ਦੇ ਵਰਤਾਰੇ ਨੂੰ ਸਮਝਣ ਵਿੱਚ ਬਿਲਕੁਲ ਅਸਫ਼ਲ ਰਹੇ ਹਨ। ਨਾਲ਼ ਹੀ ਉਹ ਇਹ ਸਮਝਣ ਵਿੱਚ ਹੀ ਅਸਫ਼ਲ ਰਹੇ ਹਨ ਕਿ ਮਜ਼ਦੂਰ ਜਮਾਤ ਦੇ ਗ਼ੈਰ-ਰਸਮੀਕਰਣ ਦਾ ਵਰਤਾਰਾ ਕੋਈ ਨਵੀਂ ਚੀਜ਼ ਨਹੀਂ ਹੈ। ਸਿਰਫ਼ ਫੋਰਡਿਸਟ ਅਤੇ ਕਲਿਆਣਕਾਰੀ ਰਾਜ ਦੇ ਦੌਰ ਦੀ ਸਰਮਾਏਦਾਰੀ ਵਿੱਚ ਹੀ ਮਜ਼ਦੂਰ ਜਮਾਤ ਦੇ ਇੱਕ ਚੰਗੇ-ਤਗੜੇ ਹਿਸੇ ਨੂੰ ਸਥਾਈ ਰੁਜ਼ਗਾਰ ਦਾ ਹੱਕ ਮਿਲ਼ ਸਕਿਆ ਸੀ। ਫੋਰਡਿਸਟ ਅਸੈਂਬਲੀ ਲਾਈਨ ਦੇ ਉਭਾਰ ਤੋਂ ਪਹਿਲਾਂ ਦੀ ਮਜ਼ਦੂਰ ਜਮਾਤ ਵੀ ਮੂਲ ਰੂਪ ਨਾਲ਼ ਢਾਂਚਾਈ ਬੇਰੂਜ਼ਗਾਰੀ ਦਾ ਸ਼ਿਕਾਰ ਸੀ ਅਤੇ ਅਕਸਰ ਉਹ ਉਸ ਤਰ੍ਹਾਂ ਦੇ ਪੇਸ਼ਿਆਂ ਰਾਹੀਂ ਜੀਵਨ ਬਿਤਾਉਂਦੀ ਸੀ ਜਿਸ ਦੀ ਬੁਰਜੂਆ ਅਰਥਸ਼ਾਸਤਰੀ ‘ਸਵੈਰੁਜ਼ਗਾਰ’ ਦੀ ਭਰਮਪਾਊ ਸ਼੍ਰੇਣੀ ਰਾਹੀਂ ਵਿਆਖਿਆ ਕਰਦੇ ਹਨ। ਇਹ ਇਤਫ਼ਾਕ ਨਹੀਂ ਸੀ ਕਿ ਵੀਹਵੀਂ ਸਦੀ ਤੋਂ ਪਹਿਲਾਂ ਦੀਆਂ ਜ਼ਿਆਦਾਤਰ ਮੁਖ ਮਜ਼ਦੂਰ ਲਹਿਰਾਂ ਦੇ ਕੇਂਦਰ ਵਿੱਚ ਇਹੀ ਗ਼ੈਰ-ਰਸਮੀ ਮਜ਼ਦੂਰ ਜਮਾਤ ਸੀ। ਜਿਵੇਂ ਕਿ 19ਵੀਂ ਸਦੀ ਦੇ ਮਧ ਵਿੱਚ ਯੂਰਪ ਵਿੱਚ ਮਜ਼ਦੂਰ ਦਹਿਸ਼ਤਗਰਦੀ, ਪੈਰਿਸ ਕਮਿਊਨ, ਸ਼ਿਕਾਗੋ ਦੀ ਮਜ਼ਦੂਰ ਲਹਿਰ ਆਦਿ। ਇਹਨਾਂ ਮਜ਼ਦੂਰ ਲਹਿਰਾਂ ਵਿੱਚ ਹਿਸਾ ਲੈਣ ਵਾਲ਼ਾ ਮਜ਼ਦੂਰ ਆਮ ਕਰਕੇ ਸਥਾਈ ਕਰਾਰ ਤਹਿਤ ਕੰਮ ਕਰਨ ਵਾਲ਼ਾ ਮਜ਼ਦੂਰ ਨਹੀਂ ਸੀ ਸਗੋਂ ਗ਼ੈਰ-ਰਸਮੀ ਅਸਥਾਈ ਕਰਾਰ ਤਹਿਤ ਕੰਮ ਕਰਨ ਵਾਲ਼ਾ ਮਜ਼ਦੂਰ ਸੀ ਜਾਂ ਫਿਰ ਸਵੈਰੁਜ਼ਗਾਰ ਵਾਲ਼ਾ ਮਜ਼ਦੂਰ ਸੀ। ਉੱਤਰ-ਫੋਰਡਿਸਟ ਦੌਰ ਵਿੱਚ ਗ਼ੈਰ-ਰਸਮੀਕਰਣ ਇਕ ਨਵੇਂ ਰੂਪ ਵਿੱਚ ਅਤੇ ਇੱਕ ਨਵੇਂ ਪਧਰ ‘ਤੇ ਵਾਪਸ ਆਇਆ ਹੈ। ਇਤਿਹਾਸ ਨੇ ਕੁੰਡਲੀਦਾਰ ਗਤੀ ਕੀਤੀ ਹੈ। ਪਰ ਜਿਵੇਂ ਕਿ ਅਸੀਂ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਜਿਹਨਾਂ ਬੁਨਿਆਦੀ ਵਿਚਾਰਕ ਤੱਤਾਂ ਤੋਂ ਜ਼ਿਜ਼ੇਕ ਤਰਸਯੋਗ ਰੂਪ ਵਿੱਚ ਵਾਂਝਾ ਹੈ, ਉਹਨਾਂ ‘ਚੋਂ ਇਕ ਇਤਿਹਾਸ-ਬੋਧ ਵੀ ਹੈ। ਸਿਟੇ ਵੱਜੋਂ, ਮੌਜੂਦਾ ਦੌਰ ਵਿੱਚ ਮਜ਼ਦੂਰ ਜਮਾਤ ਦੇ ਢਾਂਚੇ ਅਤੇ ਸਰੂਪ ਵਿੱਚ ਆਉਣ ਵਾਲ਼ੇ ਬਦਲਾਅ ਦੀ ਇਤਿਹਾਸਕਤਾ (ਹਿਸਟਾਰੀਸਿਟੀ) ਅਤੇ ਉਸਦੀ ਨਵੀਨਤਾ, ਦੋਵਾਂ ਨੂੰ ਹੀ ਸਮਝਣ ਵਿੱਚ ਜ਼ਿਜ਼ੇਕ ਨਾਕਮ ਹਨ। ਸਿਟੇ ਵਜੋਂ, ਇੱਕ ਹੋਰ ਸਥਾਪਤ ਮਾਰਕਸਵਾਦੀ ਸੰਕਲਪ, ਮਤਲਬ ਕਿ ਵਾਧੂ ਮਜ਼ਦੂਰ ਅਬਾਦੀ ਦੇ ਸੰਕਲਪ ਨੂੰ ਨਾਮ ਬਦਲਕੇ ਉਹ ਆਪਣੀ ਕਾਢ ਕਰਾਰ ਦੇਣ ‘ਤੇ ਤੁਲੇ ਹਨ ਪਰ ਜਿਹਨਾਂ ਲੋਕਾਂ ਨੂੰ ਵੀ ਮਾਰਕਸਵਾਦ ਦੇ ਬੁਨਿਆਦੀ ਅਸੂਲਾਂ ਦਾ ਗਿਆਨ ਹੈ, ਉਹ ਜ਼ਿਜ਼ੇਕ ‘ਤੇ ਹੱਸ ਹੀ ਸਕਦੇ ਹਨ। 

ਜ਼ਿਜ਼ੇਕ ਕਹਿੰਦੇ ਹਨ ਕਿ ਅਜੇ ਜੋ ਸਰਮਾਏਦਾਰੀ-ਵਿਰੋਧੀ ਟਾਕਰਾ ਘੋਲ਼ ਹੋ ਰਹੇ ਹਨ ਉਹ ਬੇਹੱਦ ਅਰਾਜਕਤਾ-ਪੂਰਣ ਅਤੇ ਉੱਗੜ-ਦੁੱਗੜ (ਮੇਸੀ) ਹਨ ਪਰ ਉਹਨਾਂ ਨੂੰ ਇਸ ਰੂਪ ਵਿੱਚ ਕਬੂਲ ਕਰਨ ਦੀ ਲੋੜ ਹੈ। ਉੱਗੜ-ਦੁੱਗੜ ਘੋਲ਼ਾਂ ਦੇ ਸਿਧਾਂਤੀਕਰਣ ਦੇ ਵਿਵਸਥਤ ਹੋਣ ਦਾ ਜ਼ਿਜ਼ੇਕ ਵਿਰੋਧ ਕਰਦੇ ਹਨ। ਇਹ ਵੀ ਇਕ ਅਜੀਬੋ-ਗਰੀਬ ਹਾਲਤ ਹੈ। ਜੇਕਰ ਭੌਤਿਕ ਹਾਲਤ ਵਿੱਚ ਅਰਾਜਕਤਾ, ਉਥਲ-ਪੁਥਲ ਅਤੇ ਉੱਗੜ-ਦੁੱਗੜਪਣ ਹੈ ਤਾਂ ਇਹਦਾ ਇਹ ਸਿਟਾ ਕਿਵੇਂ ਕੱਢਿਆ ਜਾ ਸਕਦਾ ਹੈ ਕਿ ਉਹਦਾ ਸਿਧਾਂਤਕ ਵਿਸ਼ਲੇਸ਼ਣ ਵੀ ਉੱਗੜ-ਦੁੱਗੜ ਹੋਣਾ ਚਾਹੀਦਾ ਹੈ? ਸਮਾਜ ਤੋਂ ਲੈਕੇ ਕੁਦਰਤ ਤੱਕ ਵਿੱਚ ਸਾਰੇ ਅਜਿਹੇ ਵਰਤਾਰੇ ਹਨ ਜਿਹਨਾਂ ਦੀ ਕਾਰਣਤਾ ਇਕ ਰੇਖੀ ਨਹੀਂ ਹੈ। ਪਰ ਉਹਨਾਂ ਦਾ ਸਿਧਾਂਤੀਕਰਣ ਵਿਵਸਥਤ ਹੈ। ਸਗੋਂ ਇਹ ਕਿਹਾ ਜਾਣਾ ਚਾਹੀਦਾ ਹੈ ਕਿ ਜਿਥੇ ਪਦਾਰਥਕ ਹਾਲਤਾਂ ਵਿੱਚ ਅਰਾਜਕਤਾ ਦਾ ਤੱਤ ਹਾਵੀ ਹੈ, ਉੱਥੇ ਉਹਨਾਂ ਦੇ ਸਿਧਾਂਤੀਕਰਣਾਂ ਵਿੱਚ ਹੋਰ ਵਿਵਸਥਾ ਦਾ ਤੱਤ ਹੋਣਾ ਚਾਹੀਦਾ ਹੈ। ਖ਼ੈਰ, ਇਕ ਪਾਸੇ ਤਾਂ ਜ਼ਿਜ਼ੇਕ ਮੌਜੂਦਾ ਟਾਕਰਾ-ਲਹਿਰਾਂ ਨੂੰ ਜਿਵੇਂ ਦਾ ਤਿਵੇਂ ਕਬੂਲ ਕਰਨ ਦੀ ਹਮਾਇਤ ਕਰਦੇ ਹਨ, ਉੱਥੇ ਦੂਜੇ ਪਾਸੇ ਉਹ ਉਸਦੀ ਅਲੋਚਨਾ ਕਰਦੇ ਹੋਏ ਕਹਿੰਦੇ ਹਨ ਕਿ ਉਹ ਮੌਜੂਦਾ ਵਿਵਸਥਾ ਦਾ ਅੰਗ ਹੈ ਅਤੇ ਕਿਉਂਕਿ ਉਹਨਾਂ ਕੋਲ਼ ਕਿਸੇ ਭਾਵੀ ਕਮਿਊਨਿਸਟ ਸਮਾਜ ਦਾ ਮਤਾ ਜਾਂ ਵਿਜ਼ਨ ਨਹੀਂ ਹੈ, ਇਸ ਲਈ ਉਹ ਪ੍ਰਗਤੀਸ਼ੀਲ ਨਹੀਂ ਹੈ ਸਗੋਂ ਉਹ ਉਹਨਾਂ ਜਮਾਤਾਂ ਦੇ ਘੋਲ਼ ਹਨ ਜਿਹਨਾਂ ਨੂੰ ਆਪਣੀ ਵਿਸ਼ੇਸ਼ ਹੱਕ-ਪ੍ਰਾਪਤ ਸਮਾਜਿਕ ਹਾਲਤ ਗਵਾਉਣ ਦਾ ਭੈਅ ਹੈ। ਇਹਦੇ ਬਾਅਦ ਉਹ ਇਹ ਵੀ ਕਹਿੰਦੇ ਹਨ ਕਿ ਭਾਵੀ ਕਮਿਊਨਿਜ਼ਮ ਬਾਰੇ ਕੋਈ ਵਿਜ਼ਨ ਜਾਂ ਠੋਸ ਮਤਾ ਹੋਣਾ ਹੀ ਨਹੀਂ ਚਾਹੀਦਾ ਅਤੇ ਸਾਡਾ ਮਤਾ ਹੋਣਾ ਚਾਹੀਦਾ ਹੈ ਕਮਿਊਨਿਜ਼ਮ ਏਬਸਕਾਂਡਿੰਟਸ! ਹੁਣ ਤੁਸੀਂ ਹੀ ਦੱਸੋ ਕਿ ਜ਼ਿਜ਼ੇਕ ਆਖ਼ਰ ਕਹਿਣਾ ਕੀ ਚਾਹੁੰਦੇ ਹਨ? ਕੁੱਝ ਨਹੀਂ! ਇਹ ਸਾਰਾ ਸਿਧਾਂਤਕ ਤਮਾਸ਼ਾ ਇਕ ਬੈਠੇ-ਠਾਲ਼ੇ ਰੈਡੀਕਲਿਜ਼ਮ ਤੋਂ ਸਿਵਾ ਹੋਰ ਕੁੱਝ ਨਹੀਂ ਹੈ, ਜਿਸ ਨੂੰ ਲਕਾਨਿਅਨ ਸ਼ੋਰਬੇ ਅਤੇ ਹੇਗੇਲੀ ਮਸਾਲੇ ਨਾਲ਼ ਝੂਠੀ-ਮਾਰਕਸਵਾਦੀ ਅੰਗੀਠੀ ਤੇ ਪਕਾ ਕੇ ਪਰੋਸਿਆ ਜਾ ਰਿਹਾ ਹੈ। ਇਹਦਾ ਕੋਈ ਆਪਰੇਟਿਵ ਪਾਰਟ ਨਹੀਂ ਹੈ। 

ਜ਼ਿਜ਼ੇਕ ਜੋ ਕਹਿੰਦੇ ਹਨ ਉਸ ਨੂੰ ਜੇਕਰ ਸਾਰ ਵਿੱਚ ਵੇਖਿਆ ਜਾਵੇ ਤਾਂ ਉਹ ਅੰਤਰ-ਵਿਰੋਧੀ ਗੱਲਾਂ ਦਾ ਇਕ ਜੰਜਾਲ ਬਣ ਜਾਵੇਗਾ। ਇਕ—ਵੀਹਵੀਂ ਸਦੀ ਦਾ ਸਮਾਜਵਾਦ ਇਕ ਪੂਰਣ ਅਸਫ਼ਲਤਾ ਅਤੇ ਆਫ਼ਤ ਵਾਂਗ ਖ਼ਤਮ ਹੋਇਆ ਅਤੇ ਅਜ ਦੇ ਕਿਸੇ ਵੀ ਪ੍ਰਗਤੀਸ਼ੀਲ ਪਰੀਯੋਜਨਾ ਨੂੰ ਇਹਨਾਂ ਪ੍ਰਯੋਗਾਂ ਦੇ ਪਾਠ ਨੂੰ ਹੀ ਬੰਦ ਨਹੀਂ ਕਰਨਾ ਚਾਹੀਦਾ ਸਗੋਂ ਉਸ ਨੂੰ ਚੁੱਕ ਕੇ ਕੂੜਾਦਾਨ ਵਿੱਚ ਸੁੱਟ ਦੇਣਾ ਚਾਹੀਦਾ ਹੈ! ਦੋ—ਫਿਰ ਅਜ ਦੇ ਦੌਰ ਵਿੱਚ ਭਵਿੱਖ ਦੇ ਸ੍ਰੋਤ ਕਿੱਥੇ ਤਲਾਸ਼ੇ ਜਾ ਸਕਦੇ ਹਨ? ਅਜ ਦੀਆਂ ਟਾਕਰਾ ਲਹਿਰਾਂ ਵਿੱਚ ਅਤੇ ਕਮਿਊਨਿਜ਼ਮ ਦੀ ਕਿਸੇ ਵੀ ਤਰ੍ਹਾਂ ਦੀ ਪਰਿਕਲਪਨਾ ਨਹੀਂ ਕੀਤੀ ਜਾਣੀ ਚਾਹੀਦੀ ਅਤੇ ਉਸ ਨੂੰ ਕੁਦਰਤੀ ਢੰਗ ਨਾਲ਼ ਆਉਣ ਦੇਣਾ ਚਾਹੀਦਾ ਹੈ! ਤਿੰਨ—ਪਰ ਅਜ ਦੀਆਂ ਟਾਕਰਾ ਲਹਿਰਾਂ ਕੋਲ਼ ਕਮਿਊਨਿਜ਼ਮ ਦੀ ਕੋਈ ਪਰਿਕਲਪਨਾ ਨਹੀਂ ਹੈ ਅਤੇ ਇਹ ਉਹਨਾਂ ਦੀ ਕਮਜ਼ੋਰੀ ਹੈ; ਇਹ ਕਿਸੇ ਪ੍ਰਗਤੀਸ਼ੀਲ ਯੂਟੋਪੀਆ ਤੋਂ ਆਪਣੀ ਗਤੀ ਹਾਸਲ ਨਹੀਂ ਕਰਦੇ ਸਗੋਂ ”ਨਵੀਂ” ਤਨਖਾਹ-ਭੋਗੂ ਬੁਰਜੂਆਜ਼ੀ ਦੇ ਹੇਠਲੇ ਪਧਰਾਂ ਅਤੇ ਸੰਭਾਵਤ ਤਨਖ਼ਾਹ-ਭੋਗੂ ਬੁਰਜੂਆਜ਼ੀ ਦੇ ਵਿਵਸਥਾ ਤੋਂ ਬਾਈਕਾਟ ਕੀਤੇ ਜਾਣ ਦੇ ਵਿਰੁੱਧ ਕੀਤੇ ਜਾਣ ਵਾਲ਼ੇ ਟਾਕਰੇ ਹਨ; ਉਹ ਪ੍ਰੋਲੇਤਾਰੀ ਟਾਕਰਾ ਨਹੀਂ ਹੈ ਸਗੋਂ ਪ੍ਰੋਲੇਤਾਰੀਕਰਨ ਦੇ ਡਰ ਤੋਂ ਪੈਦਾ ਹੋਣ ਵਾਲ਼ੇ ਟਾਕਰੇ ਹਨ। ਚਾਰ—ਅਜ ਦੀ ਸਰਮਾਏਦਾਰੀ ਵਿੱਚ ਲਗਾਨ ਮੁਨਾਫ਼ੇ ਤੋਂ ਵੱਧ ਮਹੱਤਵਪੂਰਣ ਬਣ ਗਿਆ ਹੈ ਅਤੇ ਇਸ ਲਗਾਨ ਦਾ ਸ੍ਰੋਤ ਹੈ ਬੌਧਿਕ ਜਾਇਦਾਦ (ਇੰਟੇਲੇਕਚੁਅਲ ਕਾਮੰਸ) ਅਤੇ ਕੁਦਰਤੀ ਜਾਇਦਾਦ (ਨੈਚਰੁਲ ਕਾਮੰਸ) ‘ਤੇ ਇਜ਼ਾਰੇਦਾਰੀ (ਜਿਵੇਂ ਕਿ ਅਸੀਂ ਦਿਖਾ ਚੁੱਕੇ ਹਾਂ, ਇਸ ਵਿੱਚ ਕੁੱਝ ਵੀ ਨਵਾਂ ਨਹੀਂ ਹੈ)। ਇਸ ਪੂਰੇ ਸਾਰਤੱਤ ਵਿੱਚ ਸਾਰੀਆਂ ਗੱਲਾਂ ਇਕ ਦੂਜੇ ਨੂੰ ਹੀ ਕੱਟਦੀਆਂ ਹਨ ਅਤੇ ਪਾਠਕ ਅੰਤ ਵਿੱਚ ਕਿਸੇ ਸਿੱਟੇ ‘ਤੇ ਨਹੀਂ ਪਹੁੰਚਦਾ। ਅਸਲ ਵਿੱਚ, ਜ਼ਿਜ਼ੇਕ ਕਿਸੇ ਸਿਟੇ ‘ਤੇ ਨਹੀਂ ਪਹੁੰਚਦੇ। ਪਰ ਅਸੀਂ ਕਹਾਂਗੇ ਕਿ ਇਹੀ ਤਾਂ ਉਹਨਾਂ ਦਾ ਸਿਟਾ ਹੈ! ਉਹਨਾਂ ਕਿਸੇ ਸਿਟੇ ‘ਤੇ ਪਹੁੰਚਣਾ ਹੀ ਨਹੀਂ ਸੀ। ਉਹਨਾਂ ਨੇ ਕਿਤਾਬ ਵਿੱਚ 2011 ਨੂੰ ‘ਖ਼ਤਰਨਾਕ ਤਰੀਕੇ ਨਾਲ਼ ਸੁਫ਼ਨੇ ਦੇਖਣ’ ਦਾ ਵਰ੍ਹਾ ਕਿਹਾ ਹੈ; ਅਸੀਂ ਕਹਾਂਗੇ ਕਿ ਇਹ ਜ਼ਿਜ਼ੇਕ ਲਈ ਬੈਠੇ-ਠਾਲ਼ੇ ਰੈਡੀਕਲਵਾਦ ਅਤੇ ਨੁਕਸਾਨਦਾਇਕ ਰੂਪ ਵਿੱਚ ਭਰਮ-ਪਾਊ ਸਿਧਾਂਤੀਕਰਣ ਕਰਨ ਅਤੇ ਦੁਨੀਆਂ ਦੀ ਇਕ ਤਰਸਯੋਗ ਰੂਪ ਵਿੱਚ ਅਸਫ਼ਲ ਵਿਆਖਿਆ ਕਰਨ ਦਾ ਇਕ ਹੋਰ ਵਰ੍ਹਾ ਸੀ!

“ਪ੍ਰਤੀਬੱਧ”, ਅੰਕ 19,  ਜੂਨ 2013 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s