ਤਾਚਾਈ ਦੀ ਕਹਾਣੀ -ਚਿਆ ਵੇਨ-ਲਿਗ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

 ਪੂਰਵ ਵਿੱਚ ਇੱਕ ਵਾਰ ਫੇਰ ਜਾਗ੍ਰਿਤੀ ਦੀਆਂ ਕਨਸੋਆਂ ਹਨ। ਅਖੌਤੀ ‘ਬਾਜ਼ਾਰ ਸਮਾਜਵਾਦ’ ਦੀਆਂ ਨੀਤੀਆਂ, ਨਿੱਜੀਕਰਨ ਆਦਿ ਦੇ ਨਾਲ ਹੋ ਰਹੀ ਤਬਾਹੀ ਦੇ ਵਿਰੁੱਧ ਚੀਨ ਦੇ ਕਈ ਪ੍ਰਾਤਾਂ ਵਿੱਚ ਹੋਏ ਕਿਸਾਨ ਵਿਦਰੋਹਾਂ ਦੀਆਂ ਖ਼ਬਰਾਂ ਆ ਚੁੱਕੀਆਂ ਹਨ। ਲਗਾਤਾਰ ਜ਼ਾਰੀ ਭੰਡੀ ਪ੍ਰਚਾਰ ਦੇ ਬਾਵਜੂਦ ਮਾਓ-ਜ਼ੇ-ਤੁੰਗ ਦੀ ਅਗਵਾਈ ਵਿੱਚ ਹੋਏ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦੇ ਸਮੇਂ ਦੇ ਸਾਹਿਤ ਅਤੇ ਫਿਲਮਾਂ ਪ੍ਰਤੀ ਲੋਕਾਂ ਵਿੱਚ ਖਿੱਚ ਵਧਦੀ ਜਾ ਰਹੀ ਹੈ। ਮਾਓ ਦੀਆਂ ਕਿਤਾਬਾਂ ਸਭ ਤੋਂ ਜ਼ਿਆਦਾ ਵਿਕਣ ਵਾਲਾ ਸਾਹਿਤ ਹੈ। ਪਿੰਡਾਂ ਵਿੱਚ ਕਿਸਾਨ ਮਾਓ ਦੀ ਯਾਦ ਵਿੱਚ ਮੂਰਤੀਆਂ ਖੜੀਆਂ ਕਰ ਰਹੇ ਹਨ। 

ਦੂਜੇ ਪਾਸੇ ਪੂੰਜੀਵਾਦੀ ਸੰਕਟ ਚੀਨ ਵਿੱਚ ਨੰਗੇ ਰੂਪ ਵਿੱਚ ਸਾਹਮਣੇ ਆਉਣ ਲੱਗਿਆ ਹੈ। ਖੁੱਲੇ ਪੂੰਜੀਵਾਦ ਅਤੇ ‘ਪੈਦਾਵਾਰੀ ਸ਼ਕਤੀਆਂ ਦੇ ਵਿਕਾਸ’ ਦੇ ਸਿਧਾਂਤ ਦੀਆਂ ਬੁਰਾਈਆਂ ਸਮਾਜ ਵਿੱਚ ਵਧਦੇ ਪਾੜੇ, ਭਿਅੰਕਰ ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਮਹਿੰਗਾਈ ਦੇ ਰੂਪ ਵਿੱਚ ਫੁੱਟ ਰਹੀਆਂ ਹਨ। ਇਹੋ ਜਿਹੇ ਸਮੇਂ ਮਾਓ ਦੀ ਅਗਵਾਈ ਵਿੱਚ ਹੋਏ ਮਹਾਨ ਸਮਾਜਵਾਦੀ ਪ੍ਰਯੋਗਾਂ ਨੂੰ ਯਾਦ ਕਰਨਾ ਜ਼ਰੂਰੀ ਹੈ ਜਦੋਂ ‘ਰਾਜਨੀਤੀ ਨੂੰ ਕਮਾਨ ਵਿੱਚ ਰੱਖੋ ਪੈਦਾਵਾਰ ਨੂੰ ਅੱਗੇ ਵਧਾਓ’ ਦੇ ਨਾਅਰੇ ਦੇ ਤਹਿਤ ਇਕ ਬਹੁਤ ਹੀ ਪਿਛੜੇ ਹੋਏ ਦੇਸ਼ ਨੂੰ ਕੁੱਝ ਹੀ ਸਾਲਾਂ ਵਿੱਚ ਸ਼ਕਤੀਸ਼ਾਲੀ ਕੌਮਾਂ ਦੀ ਕਤਾਰ ਵਿੱਚ ਖੜ੍ਹਾ ਕਰ ਦਿੱਤਾ ਸੀ। ਪੈਦਾਵਾਰੀ ਸ਼ਕਤੀਆਂ ਦੇ ਅੰਨ੍ਹੇ ਵਿਕਾਸ ਦੇ ਅੱਗੇ ਗੋਡੇ ਟੇਕਣ ਦੀ ਬਜਾਇ ਇਨਕਲਾਬ ਨੂੰ ਲਗਾਤਾਰ ਜ਼ਾਰੀ ਰੱਖਦੇ ਹੋਏ ਲੋਕਾਂ ਦੀ ਸਿਰਜਣਾਤਮਕਤਾ ਨੂੰ ਮੁਕਤ ਕਰਕੇ ਵਿਕਾਸ ਦੀਆਂ ਕਲਪਣਾ ਵਾਂਗ ਲੱਗਣ ਵਾਲੀਆਂ ਕਥਾਵਾਂ ਰਚੀਆਂ ਗਈਆਂ ਸਨ। ਸਨਅੱਤੀ ਖੇਤਰ ਵਿੱਚ ਤਾਚਿੰਗ ਅਤੇ ਖੇਤੀ ਖੇਤਰ ਵਿੱਚ ਤਾਚਾਈ ਦੇ ਮਾਡਲ ਪੂਰੀ ਦੁਨੀਆਂ ਵਿੱਚ ਚਰਚਾ ਦਾ ਵਿਸ਼ਾ ਬਣ ਗਏ ਸਨ। ਅਸੀਂ ਇੱਥੇ ਤਾਚਾਈ ਵਿੱਚ ਹੋਏ ਕੁਝ ਪ੍ਰਯੋਗਾਂ ਦੀ ਝਲਕ ਪੇਸ਼ ਕਰ ਰਹੇ ਹਾਂ। ਪਾਠਕ ਇਸ ਨੂੰ ਅੱਜ ਦੇ ਚੀਨ ਸਾਹਮਣੇ ਰੱਖ ਕੇ ਵੇਖਣ ਤਾਂ ਬਹੁਤ ਕੁੱਝ ਸਮਝਿਆ ਜਾ ਸਕਦਾ ਹੈ। ਨਾਲ ਹੀ, ਇਸ ਗੱਲ ਤੇ ਵੀ ਧਿਆਨ ਦਿਓ ਕਿ ਜਦੋਂ ਲੋਕਾਂ ਦੇ ਹੱਥਾਂ ਵਿੱਚ ਅਸਲੀ ਤਾਕਤ ਆਉਂਦੀ ਹੈ ਅਤੇ ਉਸਦੀ ਸਿਰਜਣਾਤਮਕ ਊਰਜਾ ਜਾਗ ਉਠਦੀ ਹੈ ਤਾਂ ਕਿਹੋ ਜਿਹੀਆਂ ਅਸੰਭਵ ਲੱਗਣ ਵਾਲੀਆਂ ਪ੍ਰਾਪਤੀਆਂ ਹਾਸਿਲ ਕੀਤੀਆਂ ਜਾ ਸਕਦੀਆਂ ਹਨ। (ਸੰਪਾਦਕ)

ਮੁਕਤੀ ਤੋਂ ਪਹਿਲਾਂ ਇਸ ਗਰੀਬ ਪਿੰਡ ਬਾਰੇ ਇਸ ਤੋਂ 30ਲੀ (15 ਕਿ.ਮੀ.) ਤੋਂ ਵੱਧ ਦੂਰੀ ‘ਤੇ ਕਿਸੇ ਨੇ ਕੁਝ ਨਹੀਂ ਸੁਣਿਆ ਸੀ। ਤਾਚਾਈ ਵਿੱਚ ਸਿਰਫ 800 ਮਾਉ ਉਭੜ-ਖਾਬੜ ਜ਼ਮੀਨ ਸੀ ਜੋ ਟਾਈਗਰ ਹੈੱਡ ਮਾਉਂਟੈਨ ‘ਤੇ 7 ਨਾਲਿਆਂ, ਅੱਠ ਟਿੱਲਿਆਂ ਅਤੇ ਇੱਕ ਢਲਾਨ ਦੇ ਉੱਤੇ ਟੁਕੜਿਆਂ ਦੇ ਰੂਪ ਵਿੱਚ ਖਿੰਡੀ ਹੋਈ ਸੀ, ਸਭ ਤੋਂ ਵੱਡੇ ਦੋ ਖੇਤਾਂ ਵਿੱਚ ਹਰ ਇੱਕ 5 ਮਾਉ ਦੇ 1/10 ਤੋਂ ਵੀ ਘੱਟ ਸੀ। ਉੱਚੀਆਂ ਪਥਰੀਲੀਆਂ ਪਹਾੜੀਆਂ ‘ਤੇ ਮਿੱਟੀ ਲੋਹੇ ਵਰਗੀ ਸਖ਼ਤ ਸੀ ਜੋ ਝੁਲਸਾ ਦੇਣ ਵਾਲੀਆਂ ਹਵਾਵਾਂ ਨਾਲ ਸੁੱਕੀ ਪਈ ਸੀ। ਛੋਟ ਵਜੋਂ ਕਿਸੇ ਵਧੀਆ ਸਾਲ ਵਿੱਚ ਵੀ ਪ੍ਰਤੀ ਮਾਉ ਅਨਾਜ ਦੀ ਪੈਦਾਵਾਰ 140ਕੈਟੀਆਂ (ਪੈਦਾਵਾਰ ਦੀ ਚੀਨੀ ਇਕਾਈ – ਅਨੁ.) ਤੋਂ ਜ਼ਿਆਦਾ ਨਹੀਂ ਸੀ। ਇਸਦਾ ਜਿਆਦਾ ਭਾਗ ਇੱਕ ਜਿੰਮੀਦਾਰ ਅਤੇ ਤਿੰਨ ਧਨੀ ਕਿਸਾਨਾਂ ਨੂੰ ਹੀ ਚਲਾ ਜਾਂਦਾ ਸੀ। ਪਿੰਡ ਵਿੱਚ 48 ਪਰਿਵਾਰ ਗਰੀਬ ਜਾਂ ਨਿਮਨ ਮੱਧਵਰਗੀ ਕਿਸਾਨਾਂ ਦੇ ਸਨ, ਉਹਨਾਂ ਵਿੱਚੋਂ 30 ਪਰਿਵਾਰ ਭਾੜੇ ਦੇ ਮਜ਼ਦੂਰਾਂ ਦੇ ਤੌਰ ‘ਤੇ ਬਾਹਰ ਕੰਮ ਕਰਦੇ ਸਨ, ਉਹਨਾਂ ਵਿੱਚੋਂ 13 ਨੂੰ ਤਾਂ ਭੀਖ ਮੰਗਣ ਬਾਹਰ ਜਾਣਾ ਪੈਂਦਾ ਸੀ। ਤਾਚਾਈ ਦੇ ਲੋਕਾਂÎ ਨੂੰ ਘਾਹ ਫੂਸ ਅਤੇ ਜੰਗਲੀ ਬਨਸਪਤੀ ਤੇ ਗੁਜ਼ਾਰਾ ਕਰਨਾ ਪੈਂਦਾ ਸੀ। ਭਾਵੇਂ ਇਹ ਕਾਉਂਟੀ ਕਸਬਾ ਸਿਆੜ ਤੋ ਸਿਰਫ 10 ਲੀ ਤੇ ਹੀ ਸੀ ਫਿਰ ਵੀ ਟੈਕਸ ਵਸੂਲਣ ਵਾਲਿਆਂ ਤੋਂ ਇਲਾਵਾ ਉੱਥੇ ਹੋਰ ਕੋਈ ਨਹੀਂ ਸੀ ਆਉਂਦਾ।

ਅਖੀਰ ਅਗਸਤ 1945 ਨੂੰ ਮੁਕਤੀ ਦਾ ਲਾਲ ਝੰਡਾ ਸਿਆੜ ਵਿੱਚ ਆ ਹੀ ਗਿਆ। ਭੂਮੀ ਸੁਧਾਰ ਦੀ ਹਨੇਰੀ ਚੱਲਣ ਲੱਗੀ। ਚੇਨ-ਯੁੰਗ-ਕੂਈ ਅਤੇ ਹੋਰ ਸਾਥੀਆਂ ਨੇ ਪਾਰਟੀ ਦੀ ਅਗਵਾਈ ਵਿੱਚ ਜਗੀਰਦਾਰ ਨੂੰ ਬੇਦਖਲ ਕਰ ਦਿੱਤਾ ਅਤੇ ਉਸਦੀ ਜ਼ਮੀਨ ਤੇ ਕਬਜ਼ਾ ਕਰ ਲਿਆ। ਭੁੱਖੇ ਨੰਗੇ ਲੋਕ ਉੱਠ ਖੜੇ ਹੋਏ।

ਪਰ ਉਹ ਬਦਹਾਲੀ ਦੀ ਹੱਦ ਤੱਕ ਗਰੀਬ ਸਨ। ਤਾਚਾਈ ਨੂੰ ਭੂਮੀ ਸੁਧਾਰ ਤੋਂ ਬਾਅਦ ਕਿਹੜਾ ਰਸਤਾ ਅਪਨਾਉਣਾ ਚਾਹੀਦਾ ਹੈ?

ਇਸ ਲਈ ਪਰਸਪਰ ਵਿਰੋਧੀ ਦੋ ਜਵਾਬ ਦਿੱਤੇ ਗਏ। ਇੱਕ ਸੀ ਸੰਗਠਿਤ ਹੋ ਕੇ ਸਮਾਜਵਾਦੀ ਸਮੂਹੀਕਰਨ ਦੇ ਰਸਤੇ ਤੇ ਚੱਲਣਾਂ। ਇਸ ਸਮੂਹੀਕਰਨ ਤੇਂ ਬਿਨਾਂ, ਕੋਈ ਵੀ ਪੂਰੀ ਤਰ੍ਹਾਂ ਪੱਕੇ ਪੈਰੀਂ ਸਮਾਜਵਾਦ ਨਹੀਂ ਹੋ ਸਕਦਾ। ਦੂਜਾ ਰਸਤਾ ਸੀ ਹਰੇਕ ਪਰਿਵਾਰ ਦੁਆਰਾ ਵਿਅਕਤੀਗਤ ਖੇਤੀ ਨੂੰ ਜਾਰੀ ਰੱਖਣ ਦਾ, ਇਹ ਸਰਮਾਏਦਾਰੀ ਦਾ ਰਸਤਾ ਸੀ, ਜਿਸਦੀ ਵਕਾਲਤ ਲਿਓ-ਸ਼ਾਓ-ਚੀ ਕਰਦਾ ਸੀ। 

ਪਰ ਤਾਚਾਈ ਦੇ ਮੁਕਤ ਕਿਸਾਨ ਮਾਓ ਦੀਆਂ ਸਿੱਖਿਆਵਾਂ ‘ਤੇ ਡਟੇ ਰਹੇ। ਚੇਨ-ਯੁੰਗ ਕੂਈ ਨੇ ਕਿਹਾ ”ਜੇਕਰ ਮੁਕਤ ਹੋਏ ਕਿਸਾਨ ਆਪਣੀ ਵਿਅਕਤੀਗਤ ਖੇਤੀ ਜਾਰੀ ਰੱਖਦੇ ਰਹੇ ਤਾਂ ਉਹ ਪੁਰਾਣੇ ਸਮਾਜ ਦੀ ਆਪਣੀ ਸਥਿਤੀ ਤੋਂ ਕਿਵੇਂ ਭਿੰਨ ਹਨ। ਜੇਕਰ ਲੋਕ ਸੰਗਠਿਤ ਹੋਣ ਤਾਂ ਪਹਾੜਾਂ ਨੂੰ ਵੀ ਹਿਲਾ ਸਕਦੇ ਹਨ। ਜੇਕਰ ਅਸੀਂ ਆਪਣੇ ਬੱਚਿਆਂ ਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਗਰੀਬੀ ਤੋਂ ਛੁਟਕਾਰਾ ਦਿਵਾਉਣਾ ਚਾਹੁੰਦੇ ਤਾਂ ਸਾਨੂੰ ਆਪਸ ਵਿੱਚ ਸੰਗਠਿਤ ਹੋਣਾ ਪਵੇਗਾ ਅਤੇ ਚੇਅਰਮੈਨ ਮਾਓ ਦੁਆਰਾ ਦੱਸੇ ਗਏ ਸਮਾਜਵਾਦੀ ਸਮੂਹੀਕਰਨ ਦੇ ਰਸਤੇ ‘ਤੇ ਚੱਲਣਾ ਪਵੇਗਾ।” ਉਸਨੇ ਤਾਚਾਈ ਦੇ ਗਰੀਬ ਅਤੇ ਨਿਮਨ ਮੱਧ ਵਰਗ ਦੇ ਕਿਸਾਨਾਂ ਦੇ ਨਾਲ ਬਹੁਤ ਗੱਲਾਂ ਕੀਤੀਆਂ। ਉਹ ਆਪਸੀ ਸਹਿਯੋਗ ਤੇ ਸਹਿਕਾਰ ਵਿੱਚ ਆ ਖੜ੍ਹੇ ਹੋਏ।

ਪਰ ਕੁਝ ਚੰਗੇ ਖਾਂਦੇ ਪੀਂਦੇ ਕਿਸਾਨ ਸੋਚਦੇ ਸਨ ਕਿ ਇਹ ਭੁੱਖੜ ਉਹਨਾਂ ਦੇ ‘ਲਾਭ ਖੋਹ ਲੈਣਗੇ’ ਅਤੇ ਉਹਨਾਂ ਨੇ, ਉਹਨਾਂ ਨੂੰ ਹਰਾ ਦੇਣ ਦੀ ਪੂਰੀ ਕਿਸ਼ਸ਼ ਕੀਤੀ। ਉਹਨਾਂ ਨੇ ਆਪਣੇ ਹੀ ਵਰਗੇ ਲੋਕਾਂ ਦਾ ਇਕ ਗਰੁੱਪ ਤਿਆਰ ਕੀਤਾ ਜਿਸ ਵਿੱਚ ਗਰੀਬ ਕਿਸਾਨਾਂ ਵਿੱਚੋਂ ਕੁਝ ਸਭ ਤੋਂ ਚੰਗੇ ਫਾਰਮ ਮਜ਼ਦੂਰ ਵੀ ਸਨ, ਉਹਨਾਂ ਨੂੰ ਲਿਆ ਅਤੇ ਤਾਕਤਵਰਾਂ ਦੀ ਟੀਮ (Stout fellow “Team)ਜਥੇਬੰਦ ਕੀਤੀ। ਭਾਵੇਂ ਉਹ ਆਪਣੇ ਆਪ ਨੂੰ ਇੱਕ ਆਪਸੀ ਸਹਿਯੋਗ ਟੀਮ ਕਹਿੰਦੇ ਸਨ ਪਰ ਅਸਲ ਵਿੱਚ ਉਹਨਾਂ ਵਿੱਚੋਂ ਹਰੇਕ ਆਪਣੀ ਨਿੱਜੀ ਖੇਤੀ ਕਰਨਾ ਜਾਰੀ ਰੱਖ ਰਿਹਾ ਸੀ ਕਿਉਂਕਿ ਚੇਨ ਯੁੰਗ ਕੂਈ 30 ਤੋਂ 40 ਸਾਲਾਂ ਦੇ ਵਿਚਕਾਰ ਦਾ ਇੱਕ ਤਾਕਤਵਰ ਨੌਜਵਾਨ ਸੀ, ਇਸ ਲਈ ਉਹਨਾਂ ਨੇ ਉਸਨੂੰ ਵੀ ਆਪਣੀ ਟੀਮ ਵਿੱਚ ਸ਼ਾਮਿਲ ਕਰ ਲਿਆ ਪਰ ਚੇਨ ਯੁੰਗ ਕੂਈ ਤਾਂ ਦੂਸਰੇ ਰਸਤੇ ਤੇ ਚੱਲਣ ਲਈ ਦ੍ਰਿੜ ਸੰਕਲਪ ਸੀ। ਉਸਨੇ ਉਸ ਰਸਤੇ ਨੂੰ ਨਾਂ-ਮੰਜ਼ੂਰ ਕਰ ਦਿੱਤਾ ਜਿਸਦੇ ਤਹਿਤ ਉਹਨਾਂ ਨੇ ਗਰੀਬ ਅਤੇ ਨਿਮਨ ਮੱਧਵਰਗ ਦੇ ਕਿਸਾਨਾਂ ਨੂੰ ਛਾਂਟ ਦਿੱਤਾ ਸੀ। ਇਸ ਲਈ ਉਹ ਟੀਮ ‘ਚੋਂ ਨਿਕਲ ਗਿਆ। ਉਸਨੇ ਬਾਕੀ ਬਚੇ 9 ਪਰਿਵਾਰਾਂ ਨੂੰ ਸੰਗਠਿਤ ਕੀਤਾ ਜਿਸ ਵਿੱਚ 50 ਸਾਲਾਂ ਤੋਂ ਉੱਪਰ ਦੀ ਉਮਰ ਦੇ 4 ਲੋਕ ਸਨ ਅਤੇ 11 ਤੋਂ 16 ਸਾਲਾਂ ਦੇ ਵਿਚਕਾਰ ਦੇ 5 ਲੜਕੇ ਸ਼ਾਮਿਲ ਸਨ। ਇਹ ਅਸਲ ਵਿੱਚ, ਇਕ ਆਪਸੀ ਸਹਿਯੋਗ ਟੀਮ ਸੀ ਪਰ ‘ ਤਾਕਤਵਰਾਂ ਦੀ ਟੀਮ’ ਵਾਲਿਆਂ ਨੇ ਉਸਨੂੰ ਬੁੱਢਿਆਂ ਅਤੇ ਛੋਕਰਿਆਂ ਦੀ ਟੀਮ ਦਾ ਨਾਮ ਦਿੱਤਾ।

ਇਸ ਟੀਮ ਦੇ ਗਠਨ ਨੇ ਬਹੁਤ ਸਾਰੀਆਂ ਗੱਲਾਂ ਪੈਦਾ ਕਰ ਦਿੱਤੀਆਂ। ਚੰਗੇ ਖਾਂਦੇ ਪੀਂਦੇ ਮੱਧਵਰਗ ਦੇ ਕਿਸਾਨ ਨੱਕ-ਮੂੰਹ ਚੜ੍ਹਾ ਕੇ ਕਹਿੰਦੇ ”ਚੇਨ ਯੁੰਗ ਕੂਈ ਦੇ ਬਜ਼ੁਰਗ ਤਾਂ ਕਬਰਾਂ ਵਿੱਚ ਪੈਰ ਲਟਕਾਈ ਬੈਠੇ ਹਨ ਤੇ ਛੋਕਰੇ ਤਾਂ ਖੇਤੀਬਾੜੀ ਦਾ ਓ ਅ ਵੀ ਨਹੀਂ ਜਾਣਦੇ। ਇਹ ਲੋਕ ਕੀ ਕਰ ਸਕਣਗੇ। ਸਾਨੂੰ ਛੇਤੀ ਹੀ ਕੋਈ ਖਿਲਵਾੜ ਦੇਖਣ ਨੂੰ ਮਿਲੇਗਾ।” ਉਹਨਾਂ ਵਿੱਚ ਕੁੱਝ ਇੱਕ ਹਮਦਰਦੀ ਦਿਖਾਉਣ ਦਾ ਨਾਟਕ ਕਰਦੇ ਅਤੇ ਕਹਿੰਦੇ ‘ਜਰਾ ਦੇਖੋ ਤਾਂ ਉਸ ਆਕੜਖੋਰ ਨੂੰ ਇੱਕ ਪਹਿਲੇ ਦਰਜੇ ਦਾ ਕਿਸਾਨ ਹੋ ਕੇ ਇਹਨਾਂ 7 ਬੁੱਢਿਆਂ ਅਤੇ ਛੋਕਰਿਆਂ ਦੇ ਝੂੰਡ ਦੇ ਨਾਲ ਹੱਡ-ਤੋੜ ਮਿਹਨਤ ਕਰ ਰਿਹਾ ਹੈ। ਜਰੂਰ ਚੇਨ ਯੁੰਗ ਕੂਈ ਦਾ ਦਿਮਾਗ ਖਰਾਬ ਹੋ ਗਿਆ ਹੈ।’ ਪਾਗਲ ਹੈ।

ਪਰ ਨਾਂ ਤਾਂ ਨਫ਼ਰਤ ਤੇ ਨਾਂ ਹੀ ਹਮਦਰਦੀ ਦੀ ਮੱਲਮ ਹੀ ਚੇਨ ਯੁੰਗ ਕੂਈ ਨੂੰ ਬਦਲ ਸਕੀ। ਉਹਨਾਂ ਦੀਆਂ ਇਹਨਾਂ ਟਿੱਪਣੀਆਂ ਨਾਲ ਉਹ ਹੋਰ ਵੀ ਦ੍ਰਿੜ ਸੰਕਲਪ ਹੋਇਆ ਅਤੇ ਆਪਣੀ ਟੀਮ ਨੂੰ ਹੋਰ ਜਿਆਦਾ ਸੁਚਾਰੂ ਰੂਪ ਨਾਲ ਸੰਚਾਲਿਤ ਕਰਨ ਲੱਗ ਪਿਆ। ਭਾਵੇਂ ਬਜ਼ੁਰਗ ਤੇ ਨੌਜਵਾਨ ਟੀਮ ਕੋਲ ਭਾਰ ਢੋਣ ਵਾਲੇ ਜਾਨਵਰਾਂ ਦੀ ਘਾਟ ਸੀ, ਔਜ਼ਾਰਾਂ ਤੇ ਮਨੁੱਖੀ ਸ਼ਕਤੀ ਦੀ ਕਮੀ ਸੀ ਫਿਰ ਵੀ ਇਸਦੇ ਮੈਂਬਰ ਇਕ ਨਜ਼ਰੀਏ ਤੇ ਇੱਕ ਇੱਛਾ ਦੇ ਕਾਇਲ ਸਨ, ਜਿਸਦੇ ਕਾਰਨ ਉਹਨਾਂ ਨੇ ਪਹਿਲੇ ਹੀ ਸਾਲ ਚੰਗੀ ਪੈਦਾਵਾਰ ਕੀਤੀ ਜਿਹੜੀ ਕਿ ਬਿਨਾਂ ਸ਼ੱਕ ਤਾਕਤਵਰ ਲੋਕਾਂ ਦੀ ਟੀਮ ਨਾਲੋਂ ਵੱਧ ਪੈਦਾਵਾਰ ਸੀ। ਇਸਨੇ ਇੱਕ ਉਦਾਹਰਨ ਪੇਸ਼ ਕੀਤੀ। ਇਸਨੇ ਨਿਰਵਿਵਾਦ ਰੂਪ ‘ਚ ਸੰਗਠਿਤ ਹੋਣ ਦੇ ਲਾਭ ਦਾ ਤਾਚਾਈ ਦੇ ਲੋਕਾਂ ਨੂੰ ਯਕੀਨ ਕਰਾ ਦਿੱਤਾ। ਉਸਤੋਂ ਬਾਅਦ ਸਿਆਲ ਵਿੱਚ ਪਿੰਡ ਦੇ 67 ਪਰਿਵਾਰਾਂ ਵਿੱਚੋਂ 49 ਪਰਿਵਾਰ ਚੇਨ ਯੁੰਗ ਕੂਈ ਦੀ ਟੀਮ ਵਿੱਚ ਸ਼ਾਮਿਲ ਹੋ ਗਏ।

1952 ਦੀ ਬਸੰਤ ਵਿੱਚ ਚੇਨ ਯੁੰਗ ਕੂਈ ਅਤੇ ਉਸਦੀ ਟੀਮ ਦੇ ਸਾਥੀ ਇਸ ਗੱਲ ਲਈ ਉਤਸੁਕ ਸਨ ਕਿ ਉਹ ਆਪਣੀ ਆਪਸੀ ਸਹਿਯੋਗ ਟੀਮ ਨੂੰ ਅਰਧ ਸਮਾਜਵਾਦੀ ਤਰ੍ਹਾਂ ਦੇ ਕੋਆਪਰੇਟਿਵ ਵਿੱਚ ਤਬਦੀਲ ਕਰ ਦੇਣ।

ਇਸ ਤੋਂ ਬਾਅਦ ਚੇਨ ਯੁੰਗ ਕੂਈ ਨੇ ਇੱਕ ਕੋਆਪਰੇਟਿਵ ਬਣਾਉਣ ਦੀ ਸੋਚੀ। ਇਸਦੇ ਲਈ ਤਾਚਾਈ ਦੇ ਗਰੀਬ ਨਿਮਨ ਮੱਧਵਰਗ ਦੇ ਕਿਸਾਨਾਂ ਦੀ ਮੰਗ ਨੂੰ ਲੈ ਕੇ ਕਾਉਂਟੀ ਕਸਬੇ ਦੇ 10-12 ਵਾਰ ਚੱਕਰ ਲਾਏ, ਪਰ ਕਾਉਂਟੀ ਦੇ ਅਧਿਕਾਰੀ ਇਸਦੀ ਆਗਿਆ ਦੇਣ ਦੀ ਹਿੰਮਤ ਨਾ ਕਰ ਸਕੇ, ਕਾਰਨ ਕਿ ਉਹ ਲਿਓ-ਸ਼ਾਓ ਚੀ ਦੀ ਅਤੇ ਸ਼ੇਨਸੀ ਪਰਾਂਤ ਦੇ ਲਿਓ-ਸ਼ਾਓ-ਚੀ ਦੇ ਏਜੰਟਾਂ ਦੇ ਦਬਾਅ ਵਿੱਚ ਸਨ। ਚੇਨ ਯੁੰਗ ਕੂਈ ਨੂੰ ਆਗਿਆ ਉਦੋਂ ਮਿਲੀ ਜਦੋਂ ਖੇਤੀ ਸਹਿਕਾਰ ਦਾ ਖੌਲਦਾ ਜ਼ਵਾਰ 1953 ਵਿੱਚ ਪੂਰੇ ਦੇਸ਼ ਵਿੱਚ ਚੱਲਣ ਲੱਗ ਪਿਆ ਸੀ ਤਾਂ ਵੀ ਉਹਨਾਂ ਨੇ ਮਾਓ ਦੇ ਰਸਤੇ ਨੂੰ ਅਪਣਾ ਕੇ ਬੇਮਨ ਨਾਲ ਇਸਦੀ ਮੰਜ਼ੂਰੀ ਦਿੱਤੀ।

ਚੇਨ ਯੁੰਗ ਕੂਈ ਦੀ ਟੀਮ 49 ਪਰਿਵਾਰਾਂ ਦੀ ਇੱਕ ਵੱਡੀ ਟੀਮ ਸੀ ਪਰ ਕਾਉਂਟੀ ਇੱਕ ਕੋਆਪਰੇਟਿਵ ਵਿੱਚ 30 ਤੋਂ ਜਿਆਦਾ ਪਰਿਵਾਰਾਂ ਦੀ ਆਗਿਆ ਨਹੀਂ ਦਿੰਦੀ ਸੀ। ਕਿਉਂਕਿ ਟੀਮ ਦਾ ਕੋਈ ਵੀ ਮੈਂਬਰ ਆਪਣੀ ਵਿਅਕਤੀਗਤ ਖੇਤੀ ਵੱਲ ਵਾਪਸ ਨਹੀਂ ਸੀ ਜਾਣਾ ਚਾਹੁੰਦਾ, ਇਸ ਲਈ ਚੇਨ ਯੁੰਗ ਕੂਈ ਜੋ ਕੋਆਪਰੇਟਿਵ ਦਾ ਚੇਅਰਮੈਨ ਚੁਣਿਆ ਗਿਆ ਸੀ, ਦੋ ਪ੍ਰਕਾਰ ਦੇ ਵਹੀ ਖਾਤੇ ਰੱਖਦਾ ਸੀ, ਇੱਕ 30 ਪਰਿਵਾਰਾਂ ਲਈ, ਦੂਸਰਾ 49 ਪਰਿਵਾਰਾਂ ਲਈ ਗੁਪਤ ਵਹੀ ਖਾਤਾ। ਜਦੋਂ ਖਰੀਫ ਫਸਲਾਂ ਦੀ ਵੰਡ ਦਾ ਸਮਾਂ ਆਇਆ ਤਾਂ ਕਾਉਂਟੀ ਦੇ ਕਾਡਰਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਅਤੇ ਉਹਨਾਂ ਨੇ ਇਹਨਾਂ ਦੀ ਖ਼ਬਰ ਲਈ। ਫਿਰ ਵੀ ਉਸ ਸਾਲ ਕੋਆਪਰੇਟਿਵ ਦੀ ਔਸਤ ਉਪਜ 237 ਕੈਟੀ ਪ੍ਰਤੀ ਮਾਉ ਤੱਕ ਹੋਈ। ਇਸ ਨਾਲ ਕੋਆਪਰੇਟਿਵ ਦੇ ਮੈਂਬਰਾਂ ਦਾ ਸਮੂਹੀਕਰਨ ਵਿੱਚ ਯਕੀਨ ਹੋਰ ਦ੍ਰਿੜ੍ਹ ਹੋ ਗਿਆ ਅਤੇ ਉਹਨਾਂ ਨੇ ਬੰਜਰ ਪਰਬਤੀ ਖੇਤਰ ਨੂੰ ਪੈਦਾਵਾਰਯੋਗ ਬਣਾਉਣ ਦੇ ਲਈ ਇੱਕ ਦਸ ਸਾਲਾ ਯੋਜਨਾ ਬਣਾਈ। ਆਪਣੀ ਸਮੂਹਿਕ ਸਮਰੱਥਾ ਤੇ ਭਰੋਸਾ ਕਰਕੇ ਉਹਨਾਂ ਨੇ ਤਾਚਾਈ ਦੀ ਗਰੀਬੀ ਅਤੇ ਪਿਛੜੇਪਨ ਨੂੰ ਦੂਰ ਕਰਨ ਦੀ ਠਾਣ ਲਈ।

1963 ਦੀਆਂ ਗਰਮੀਆਂ ਵਿੱਚ ਤਾਚਾਈ ਦੀਆਂ ਫਸਲਾਂ ਹਰੀਆਂÎ-ਭਰੀਆਂ ਸਨ। ਕਮਿਊਨ ਦੇ ਮੈਬਰਾਂ ਵਿੱਚ ਵਧੀਆ ਪੈਦਾਵਾਰ ਦਾ ਉਤਸ਼ਾਹ ਸੀ। ਜਿੱਥੋਂ ਤੱਕ ਪੈਦਾਵਾਰ ਦੀ ਗੱਲ ਸੀ, ਤਾਚਾਈ ਦੀ ਪੈਦਾਵਾਰ ਤਾਂ ਪਹਿਲਾਂ ਹੀ ਯੇ ਲੀ ਨਦੀ ਦੇ ਆਸਪਾਸ ਦੀ ਔਸਤ ਪੈਦਾਵਾਰ ਨੂੰ ਪਿੱਛੇ ਛੱਡ ਚੁੱਕੀ ਸੀ। ਹੁਣ ਉਹਨਾਂ ਨੇ 800 ਕੈਟੀ ਪ੍ਰਤੀ ਮਾਉ ਤੋਂ ਵੱਧ ਪੈਦਾਵਾਰ ਕਰਨ ਦਾ ਨਿਸ਼ਚਾ ਕੀਤਾ। ਉਦੋਂ ਹੀ ਅਚਨਚੇਤ ਘਟਨਾ ਘਟੀ। ਉਸ ਸਦੀ ਦੀ ਸਭ ਤੋਂ ਭਾਰੀ ਵਰਖਾ ਤੇ ਹੜਾਂ ਨੇ ਭਿਆਨਕ ਤਬਾਹੀ ਮਚਾ ਦਿੱਤੀ।

2 ਤੋਂ 8 ਅਗਸਤ ਤੱਕ ਭਾਰੀ ਮੀਂਹ ਪੈਂਦਾ ਰਿਹਾ। ਇਸ ਇੱਕ ਹਫਤੇ ਦੇ ਮੀਂਹ ਨੇ ਜਿਲ੍ਹੇ ਨੂੰ ਹੜ੍ਹ ਵਿੱਚ ਡੁਬੋ ਦਿੱਤਾ। ਏਨਾ ਮੀਂਹ ਕਿ ਜੋ 1962 ਦੇ ਸਮੁੱਚੇ ਮੀਂਹ ਦੇ ਬਰਾਬਰ ਸੀ। ਤਾਚਾਈ ਦੇ ਲੋਕਾਂ ਨੂੰ ਇਸਤੋਂ ਪਹਿਲਾਂ ਕਦੇ ਵੀ ਇੰਨੇ ਕਠਿਨ ਇਮਤਿਹਾਨ ਦਾ ਸਾਹਮਣਾ ਨਹੀਂ ਕਰਨਾ ਪਿਆ ਸੀ……।

ਅੰਤ ਵਿੱਚ ਮੀਂਹ ਰੁਕਿਆ ਪਰ ਮੌਸਮ ਖ਼ਰਾਬ ਹੀ ਰਿਹਾ। ਚੇਨ ਯੁੰਗ ਕੂਈ ਅਤੇ ਹੋਰ ਕਾਡਰਾਂ ਨੇ ਛੇਤੀ ਹੀ ਇੱਕ ਮੀਟਿੰਗ ਬੁਲਾਈ ਅਤੇ ਪਿੰਡ ਵਾਲਿਆਂ ਦੀ ਘਰ ਦੀ ਸਮੱਸਿਆ ਤੇ ਵਿਚਾਰ-ਵਟਾਂਦਰਾ ਕੀਤਾ। ਇਸਨੂੰ ਤੈਅ ਕਰਨ ਤੋਂ ਬਾਅਦ ਉਹ ਝਟਪਟ ਖੇਤਾਂ ਨੂੰ ਦੇਖਣ ਚੱਲ ਪਿਆ। ਹੜ੍ਹ ਦੇ ਪਾਣੀ ਨੇ ਜੰਗਲੀ ਜਾਨਵਰਾਂ ਦੀ ਤਰ੍ਹਾਂ ਹਮਲਾ ਕੀਤਾ ਸੀ — ਨੁਕਸਾਨ ਭਿਆਨਕ ਸੀ। ਹੜ੍ਹ ਨਾਲ ਭੂਮੀ ਖੋਰਾ ਹੋਇਆ ਸੀ। ਸਾਰੇ ਖੇਤ ਵਹਿ ਗਏ ਸਨ, ਘਰ ਤਬਾਹ ਹੋ ਗਏ ਸਨ, ਗੁਫਾ-ਘਰ ਧਸ ਕੇ ਡਿੱਗ ਗਏ ਸਨ। ਨਾਲਿਆਂ ਦੇ ਵਿਚਕਾਰ ਪੈਂਦੀ ਖੇਤੀ-ਭੂਮੀ ਜਿਸਨੂੰ ਪੈਦਾਵਾਰਯੋਗ ਬਣਾਉਣ ਵਿੱਚ 10 ਸਾਲ ਲੱਗੇ ਸਨ, ਵਹਿ ਗਈ ਸੀ। ਪਹਾੜੀਆਂ ਦੀ ਜਿਆਦਾ ਜ਼ਮੀਨ ਦੇ ਬਾਹਰੀ ਕਿਨਾਰੇ ਕਟ ਗਏ ਸਨ। ਕੁੱਝ ਥਾਵਾਂ ‘ਤੇ ਹੇਠਲੀ ਮਿੱਟੀ ਸਰਕ ਗਈ ਸੀ। ਧਰਤੀ ਨੇ ਆਪਣਾ ਮੂੰਹ ਫਾੜ ਲਿਆ ਸੀ। ਫਸਲਾਂ ਡਿੱਗ ਕੇ ਸਪਾਟ ਹੋ ਗਈਆਂ ਸਨ। ਪਿੰਡ ਵਿੱਚ 100 ਘਰ ਤੇ 100 ਤੋਂ ਜਿਆਦਾ ਗੁਫਾ-ਘਰ ਰਹੇ ਹੋਣਗੇ ਜਿੰਨ੍ਹਾ ਵਿੱਚੋਂ 70% ਘਰ ਢਹਿ ਗਏ ਸਨ। ਪਿੰਡ ਵਾਸੀ ਬੇਘਰ ਹੋ ਚੁੱਕੇ ਸਨ। ਪਸ਼ੂਆਂ ਲਈ ਕੋਈ ਕਠਿਨਾਈ ਯਾਦ ਨਹੀਂ ਸੀ। ਇਸਦਾ ਮਤਲਬ ਸੀ ਪਿਛਲੇ ਸੌਂ ਸਾਲਾਂ ਵਿੱਚ ਅਜਿਹਾ ਕਦੇ ਨਹੀਂ ਹੋਇਆ ਸੀ।

ਕੀ ਤਾਚਾਈ ਦੇ ਲੋਕ ਇੰਨੀ ਭਿਆਨਕ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਸਨ? ਇਸਤੋਂ ਛੁਟਕਾਰਾ ਪਾਉਣ ਲਈ ਉਹ ਕਿਸ ਤੇ ਭਰੋਸਾ ਕਰ ਸਕਦੇ ਸਨ। ਚੇਨ ਯੁੰਗ ਕੂਈ ਨੇ ਇੰਨ੍ਹਾਂ ਸਵਾਲਾਂ ਤੇ ਠੀਕ ਤਰ੍ਹਾਂ ਵਿਚਾਰ-ਵਟਾਂਦਰਾ ਕਰਨ ਲਈ ਇੱਕ ਮੀਟਿੰਗ ਬੁਲਾਈ। ਕੁੱਝ ਕਮਿਊਨ ਮੈਂਬਰਾਂ ਨੇ ਕਿਹਾ ਕਿ ਕਿਉਂਕਿ ਤਾਚਾਈ ਨੇ ਸਹਿਕਾਰ ਦੇ ਬਾਅਦ ਤੋਂ ਹੁਣ ਤੱਕ ਦੇ 11 ਸਾਲਾਂ ਵਿੱਚ ਰਾਜ ਨੂੰ 1,758,000 ਕੈਟੀਆਂ ਤੋਂ ਜਿਆਦਾ ਅਨਾਜ ਵੇਚ ਕੇ ਆਪਣਾ ਪੂਰਾ ਫਰਜ ਨਿਭਾਇਆ ਹੈ ਅਤੇ ਹੁਣ ਜਦੋਂ ਕਿ ਉਹਨਾਂ ਤੇ ਮੁਸੀਬਤ ਆਈ ਹੈ ਤਾਂ ਰਾਜ ਨੂੰ ਚਾਹੀਦਾ ਹੈ ਕਿ ਉਹ ਸਾਡੀ ਮਦਦ ਕਰੇ। ਕੁੱਝ ਕਾਡਰਾਂ ਦਾ ਖਿਆਲ ਸੀ ਕਿ ਕਰਜ਼ਾ ਸਮੱਸਿਆਵਾਂ ਨੂੰ ਘੱਟ ਕਰ ਦੇਵੇਗਾ ਉਹਨਾਂ ਦੇ ਕੰਮ ਨੂੰ ਹਰ ਸੌਖਾ ਬਣਾਵੇਗਾ। ਪਰ ਜਿਆਦਾਤਰ ਮੈਂਬਰ ਰਾਹਤ ਮੰਗਣ ਦੇ ਖ਼ਿਲਾਫ ਸਨ। ਉਹਨਾਂ ਦਾ ਕਹਿਣਾ ਸੀ ਕਿ ਜੇਕਰ ਤਾਚਾਈ ਬ੍ਰਿਗੇਡ ਮੁਕਤ ਨਾ ਹੋਇਆ ਹੁੰਦਾ ਤਾਂ ਉਹ ਜਿਉਂਦਾ ਨਹੀਂ ਰਹਿ ਗਿਆ ਹੁੰਦਾ। ਜੇਕਰ ਚੇਅਰਮੈਨ ਮਾਓ ਅਤੇ ਪਾਰਟੀ ਨੇ ਉਹਨਾਂ ਨੂੰ ਸਮੂਹੀਕਰਨ ਦੇ ਰਸਤੇ ਤੇ ਅਗਵਾਈ ਨਾ ਦਿੱਤੀ ਹੁੰਦੀ, ਜੇਕਰ ਰਾਜ ਨੇ ਉਹਨਾਂ ਦੀ ਸਰਪ੍ਰਸਤੀ ਨਾ ਕੀਤੀ ਹੁੰਦੀ ਤਾਂ ਤਾਚਾਈ ਦੇਸ਼ ਦੇ ਲਈ ਕੁੱਝ ਨਾ ਕਰ ਸਕਿਆ ਹੁੰਦਾ।

ਪੁਰਾਣੇ ਪਾਰਟੀ ਮੈਂਬਰ ਚਿਆ ਚਿਨ ਤਾਸਾਈ ਨੇ ਦ੍ਰਿੜਤਾਪੂਰਵਕ ਕਿਹਾ ਅਸੀਂ ਇਸ ਰਸਤੇ ਤੇ ਖੁਦ ਵੀ ਚੱਲ ਸਕਦੇ ਹਾਂ ਬਿਨਾਂ ਕਿਸੇ ਸਹਾਰੇ ਦੇ। ਰਾਜ ਨੂੰ ਉਹਨਾਂ ਨੂੰ ਰਾਹਤ ਦੇਣ ਦਿਓ ਜਿੰਨ੍ਹਾਂ ਨੂੰ ਸੱਚਮੁੱਚ ਇਸਦੀ ਜ਼ਰੂਰਤ ਹੈ। 

ਇਸ ਗੱਲ ਨੇ ਚੇਨ ਯੁੰਗ ਕੂਈ ਦੇ ਰਾਹਤ ਦੇ ਲਈ ਦਰਖ਼ਾਸਤ ਨਾਂ ਦੇਣ ਦੇ ਇਰਾਦੇ ਨੂੰ ਹੋਰ ਵੀ ਪੱਕਾ ਕਰ ਦਿੱਤਾ। ਪਰ ਆਤਮ-ਨਿਰਭਰਤਾ ਨੂੰ ਲੋਕ-ਕਾਰਵਾਈ ਵਿੱਚ ਕਿਵੇਂ ਤਬਦੀਲ ਕੀਤਾ ਜਾਵੇ? ਪਿੰਡ ਵਾਸੀਆਂ ਦੇ ਇਨਕਲਾਬੀ ਜੋਸ਼ ਨੂੰ ਕਿਵੇਂ ਤੇਜ ਕੀਤਾ ਜਾਵੇ। ਉਸਨੇ ਇੰਨ੍ਹਾਂ ਸਵਾਲਾਂ ਬਾਰੇ ਸੋਚਣਾ ਸ਼ੁਰੂ ਕੀਤਾ। ਖੇਤਾਂ ਵਿੱਚ, ਖਾਣਾ ਖਾਂਦੇ ਸਮੇਂ, ਹਰ ਵੇਲੇ ਗੰਭੀਰਤਾ ਨਾਲ ਸੋਚਦਾ ਰਿਹਾ। ਅੰਤ ਵਿੱਚ ਉਸਨੇ ਆਤਮ-ਨਿਰਭਰਤਾ ਦੀਆਂ ਲੋਕਾਂ ਦੀਆਂÎ ਦਲੀਲਾਂ ਨੂੰ ਰਾਜ ਤੋਂ ਰਾਹਤ ਨਾ ਹਾਸਲ ਕਰਨ ਦੇ 10 ਕਾਰਨਾਂ — 10 ਵੱਡੇ ਫਾਇਦਿਆਂ ਦੇ ਰੂਪ ਵਿੱਚ ਸੂਤਰਬੱਧ ਕੀਤਾ।

(1) ਇਹ ਰਾਜ ਦੇ ਪੱਖ ਵਿੱਚ ਸੀ। ਦੇਸ਼ ਦੀ ਉਸਾਰੀ ਲਈ ਧਨ ਦੀ ਜਰੂਰਤ ਸੀ। ਜੇਕਰ ਤਾਚਾਈ ਰਾਜਕੀ ਮੈਂਬਰੀ ਤੋ ਬਿਨਾਂ ਹੀ ਕੰਮ ਚਲਾ ਲਵੇ ਤਾਂ ਇਹ ਰਾਜ ਦੀ ਸਹਾਇਤਾ ਕਰਨਾ ਅਤੇ ਸਮਾਜਵਾਦ ਦੀ ਉਸਾਰੀ ਕਰਨ ਵਾਂਗ ਹੀ ਹੋਵੇਗਾ।

(2) ਇਹ ਕਲੈਕਟਿਵ ਦੇ ਹਿੱਤ ਵਿੱਚ ਸੀ। ਖੁਦ ਆਪਣੀ ਹੀ ਕੋਸ਼ਿਸ਼ ਨਾਲ ਸਮੱਸਿਆਵਾਂ ਤੋਂ ਛੁਟਕਾਰਾ ਪਾਉਣਾ ਉਹਨਾਂ ਦੇ ਸਮੂਹਕ ਅਰਥਚਾਰੇ ਦੀ ਤਾਕਤ ਦਾ ਹੋਰ ਪ੍ਰਗਟਾਵਾ ਹੀ ਕਰੇਗਾ ਅਤੇ ਪਿੰਡ ਵਾਸੀਆਂ ਨੂੰ ਸਮੂਹੀਕਰਨ ਨਾਲ ਹੋਰ ਜਿਆਦਾ ਪਿਆਰ ਕਰਨ ਲਈ ਪ੍ਰੇਰਨਾ ਦੇਵੇਗਾ।

(3) ਇਹ ਕਾਡਰਾਂ ਲਈ ਵਧੀਆ ਸੀ। ਆਤਮ-ਨਿਰਭਰਤਾ ਉਹਨਾਂ ਨੂੰ ਹੋਰ ਨਿਖਾਰੇਗੀ ਅਤੇ ਆਪਣੇ ਦਿਮਾਗ ਨੂੰ ਹੋਰ ਜਿਆਦਾ ਵਰਤਣ ਲਈ ਮਜ਼ਬੂਰ ਕਰੇਗੀ।

(4) ਇਹ ਕਮਿਊਨ ਮੈਂਬਰਾਂ ਦੇ ਪੱਖ ਵਿੱਚ ਸੀ। ਇਹ ਦੂਜਿਆਂ ‘ਤੇ ਨਿਰਭਰ ਹੋਣ ਦੇ ਕਿਸੇ ਵੀ ਵਿਚਾਰ ਤੋਂ ਛੁਟਕਾਰਾ ਦਿਵਾਏਗਾ ਅਤੇ ਇਹ ਉਹਨਾਂ ਨੂੰ ਕਠਿਨ ਅਤੇ ਬਿਨਾਂ ਥੱਕੇ ਕੰਮ ਕਰਨ ਦੇ ਲਈ ਉਤਸ਼ਾਹਿਤ ਕਰੇਗਾ।

(5) ਖੁਦ ਆਪਣੇ ਹੀ ਯਤਨ ਮੁਸ਼ਕਿਲ ‘ਤੇ ਜਿੱਤ ਪ੍ਰਾਪਤ ਕਰਨ ਨਾਲ ਗਰੀਬ ਅਤੇ ਮੱਧਵਰਗ ਦੇ ਕਿਸਾਨਾਂ ਦਾ ਨਿਸ਼ਚੌ ਹੋਰ ਦ੍ਰਿੜ ਹੋਵੇਗਾ ਅਤੇ ਜਮਾਤੀ ਦੁਸ਼ਮਣ ਦੀ ਆਕੜ ਭੰਨੇਗਾ।

(6) ਇਹ ਵਿਕਸਿਤ ਲੋਕਾਂ ਦੇ ਬਰਾਬਰ ਪਹੁੰਚਣ ਅਤੇ ਉਹਨਾਂ ਤੋਂ ਸਿੱਖਣ ਅਤੇ ਪਿਛੜੇ ਹੋਏ ਲੋਕਾਂ ਦੀ ਮਦਦ ਕਰਨ ਦੇ ਸਮਾਜਵਾਦੀ ਮੁਕਾਬਲਾ ਮੁਹਿੰਮ ਦੇ ਲਈ ਵਧੀਆ ਸੀ।

(7) ਇਹ ਪੈਦਾਵਾਰ ਵਧਾਉਣ ਲਈ ਵਧੀਆ ਸੀ।

(8) ਇਹ ਇੱਕ ਵਿਕਸਿਤ ਇਕਾਈ ਦੇ ਗੌਰਵ ਨੂੰ ਕਾਇਮ ਰੱਖਣ ਦੇ ਲਈ ਵਧੀਆ ਸੀ।

(9) ਇਹ ਵਾਰਿਸਾਂ ਦੀ ਸਿਖਲਾਈ ਲਈ ਚੰਗਾ ਸੀ।

ਇਸ ਵਿਸ਼ਲੇਸ਼ਣ ਨੇ ਪਿੰਡ ਵਾਸੀਆਂ ਨੂੰ ਸਹੀ ਰੌਸ਼ਨੀ ਵਿੱਚ ਚੀਜਾਂ ਨੂੰ ਦੇਖਣ ਵਿੱਚ ਸਹਾਇਤਾ ਕੀਤੀ। ਉਹਨਾਂ ਦੀ ਸਰਵ-ਸੰਮਤੀ ਇੱਕਜੁੱਟ ਕਾਰਵਾਈ ਵਿੱਚ ਬਦਲ ਗਈ। ਚੇਨ ਯੁੰਗ ਕੂਈ ਦੀ ਅਗਵਾਈ ਵਿੱਚ ਬਜ਼ੁਰਗ, ਨੌਜਵਾਨ, ਮਰਦ ਅਤੇ ਔਰਤਾਂ ਕੰਮ ਵਿੱਚ ਲੱਗ ਗਏ। ਥੋੜ੍ਹੇ ਹੀ ਸਮੇਂ ਵਿੱਚ (5 ਦਿਨਾਂ ਵਿੱਚ) 250 ਮਾਉ ਭੂਮੀ ‘ਤੇ ਵਿਛੀਆਂ ਫਸਲਾਂ, ਪੌਦਿਆਂ ਨੂੰ ਚੁੱਕ ਕੇ ਸਿੱਧਾ ਕੀਤਾ ਗਿਆ, ਜੋ ਡਿੱਗ ਕੇ ਸਪਾਟ ਹੋ ਗਏ ਸਨ ਅਤੇ ਵਿੱਚੋਂ ਜਿਆਦਾਤਰ ਖਾਦ ਦੇਣ ‘ਤੇ ਠੀਕ-ਠਾਕ ਢੰਗ ਨਾਲ ਵੱਧਣ ਲੱਗੇ। ਅੱਗੇ ਜਦੋਂ ਜੀਵਨ ਹੋਰ ਜ਼ਿਆਦਾ ਆਮ ਵਾਂਗ ਹੋ ਗਿਆ, ਤਦ ਉਹਨਾਂ ਨੇ ਖੇਤਾਂ ਨੂੰ ਫਿਰ ਤੋਂ ਠੀਕ-ਠਾਕ ਕਰਨਾ ਸ਼ੁਰੂ ਕਰ ਦਿੱਤਾ। ਉਹ ਗਰਮੀਆਂ ਦੀ ਕਣਕ ਦੀ ਬਿਜਾਈ ਲਈ ਤਿਆਰੀ ਅਤੇ ਖਾਦ ਜੁਟਾਉਣ ਲੱਗੇ ਤਾਂ ਕਿ ਅਗਲੇ ਸਾਲ ਤੱਕ ਚੰਗੀ ਫਸਲ ਲਈ ਜਾ ਸਕੇ।

ਮੀਂਹ ਤੇ ਤੂਫਾਨ ਮੁਸੀਬਤ ਪੈਦਾ ਕਰਦੇ ਰਹੇ ਜਿਵੇਂ ਉਹ ਤਾਚਾਈ ਦੇ ਲੋਕਾਂ ਦੇ ਨਿਸ਼ਚੇ ਦਾ ਇਮਤਿਹਾਨ ਲੈਣ ‘ਤੇ ਤੁਲੇ ਹੋਏ ਹੋਣ। ਤਾਚਾਈ ਉੱਤੇ ਹੋਰ ਵੀ ਛੇ ਸਮੱਸਿਆਵਾਂ ਆਈਆਂ-ਦੋ ਹਨੇਰੀਆਂ, ਇੱਕ ਗੜਿਆਂ ਦਾ ਤੁਫਾਨ,ਇਕ ਭਿਆਨਕ ਪਾਲਾ, ਬਸੰਤ ਦਾ ਹੜ੍ਹ ਤੇ ਗਰਮੀ ਦਾ ਸੋਕਾ। ਪਰ ਪਿੰਡ ਵਾਸੀ, ਲੋਹ ਪੁਰਸ਼ ਵਾਂਗ, ਆਪਣੇ ਹੱਥਾਂ ਤੇ ਭਰੋਸਾ ਕਰਕੇ, ਇੱਕ ਤੋਂ ਬਾਅਦ ਦੂਜੀ ਸਮੱਸਿਆ ਤੇ ਕਾਬੂ ਪਾਉਂਦੇ ਗਏ।

1964 ਵਿੱਚ ਤਾਚਾਈ ਨੇ ਆਪਣੇ ਇਤਿਹਾਸ ਵਿੱਚ ਸਭ ਤੋਂ ਜਿਆਦਾ ਉਪਜ ਪੈਦਾ ਕੀਤੀ ਜਿਸਦੀ ਔਸਤ ਪੈਦਾਵਾਰ 826 ਕੈਟੀ ਪ੍ਰਤੀ ਮਾਉ ਅਤੇ ਕੁੱਲ ਪੈਦਾਵਾਰ 620,000 ਕੈਟੀ ਤੋਂ ਜਿਆਦਾ, ਪਿਛਲੇ ਸਾਲ ਦੀ ਤੁਲਨਾ ਵਿੱਚ 200,000 ਜਿਆਦਾ।

ਅਤੀਤ ਵਿੱਚ ਤਾਚਾਈ ਨੇ ਕਾਰਜ-ਅੰਕਾਂ ਦਾ ਲੇਖਾ-ਜੋਖਾ ਰੱਖਣ ਲਈ ਕਿਰਤ-ਪ੍ਰਬੰਧ ਪ੍ਰਣਾਲੀ ਇਸਤੇਮਾਲ ਕੀਤੀ। ਉੱਥੇ 100 ਤੋਂ ਜਿਆਦਾ ਖੇਤੀ ਸੰਬੰਧੀ ਵਿਭਿੰਨ ਕੰਮ ਸਨ ਤੇ ਹਰੇਕ ਦੇ ਲਈ ਨਿਸ਼ਚਿਤ ਕਾਰਜ ਅੰਕ ਤੈਅ ਸਨ। ਉਹਨਾਂ ਨੇ ਇਸਨੂੰ ਕਈ ਸਾਲਾਂ ਤੱਕ ਅਜਮਾਇਆ ਪਰ ਬਹੁਤਾ ਚੰਗਾ ਸਿੱਧ ਨਾ ਹੋਇਆ। ਬ੍ਰਿਗੇਡ ਦੇ ਮੈਂਬਰਾਂ ਨੇ ਮਹਿਸੂਸ ਕੀਤਾ ਕਿ ਉਹ ਇਸ ਪ੍ਰਣਾਲੀ ਨੂੰ ਆਪਣੀ ਸਿਆਸੀ ਚੇਤਨਾ ‘ਤੇ ਭਰੋਸਾ ਕਰਕੇ ਸੁਧਾਰ ਸਕਦੇ ਸਨ। ਇਸ ਲਈ ਤਾਚਾਈ ਨੇ ਰੇਕਨਿੰਗ ਪ੍ਰਣਾਲੀ ਚਾਲੂ ਕਰ ਦਿੱਤੀ ਸੀ। ਹਰ ਕੋਈ ਉਹ ਗੱਲ ਹੀ ਕਹਿੰਦਾ ਜਿਸਦੇ ਲਈ ਉਹ ਆਪਣੇ ਆਪ ਨੂੰ ਸਮਰੱਥ ਮਹਿਸੂਸ ਕਰਦਾ ਅਤੇ ਦੂਸਰੇ ਉਸਦੀ ਵਿਆਖਿਆ-ਮੁਲਾਂਕਣ ਤੇ ਵਿਚਾਰ-ਵਟਾਂਦਰਾ ਕਰਦੇ ਸਨ। ਇਸ ਨਵੀਂ ਪ੍ਰਣਾਲੀ ਦੇ ਲਾਗੂ ਹੋਣ ਨਾਲ, ਜਿਆਦਾ ਲੋਕ ਕੰਮ ਕਰਨ ਲੱਗ ਪਏ ਅਤੇ ਉਹਨਾਂ ਦੀ ਕੰਮ ਸਮਰੱਥਾ ਵਧ ਗਈ। 1962 ਵਿੱਚ, ਭਾਵ ਇਸ ਪ੍ਰਣਾਲੀ ਨੂੰ ਅਪਣਾਏ ਜਾਣ ਦੇ ਠੀਕ ਪਹਿਲੇ ਹੀ ਸਾਲ, ਹਰੇਕ ਮਰਦ-ਔਰਤ ਦੇ ਔਸਤ ਕੰਮ ਦੇ ਦਿਨਾਂ ਦੀ ਸੰਖਿਆ 250 ਸੀ। ਇਹ ਵਧਕੇ 1963 ਵਿੱਚ 260 ਹੋ ਗਈ। 1964 ਵਿੱਚ 280 ਹੋ ਗਈ। ਬ੍ਰਿਗੇਡ ਦੇ ਮੈਂਬਰਾਂ ਨੇ ਇਸ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਸਵੀਕਾਰ ਕੀਤਾ। ਇਸਨੇ ਕਾਰਜ ਅੰਕਾਂ ਦੀ ਬਜਾਏ ਸਿਆਸੀ ਚੇਤਨਾ ਨੂੰ ਕਮਾਨ ਵਿੱਚ ਰੱਖਣ ਦੀ ਸੂਝ ਪੈਦਾ ਕੀਤੀ। ਇਸ ਵਿੱਚ ‘ਹਰੇਕ ਨੂੰ ਉਸਦੇ ਕੰਮ ਅਨੁਸਾਰ’ ਦਾ ਸਿਧਾਂਤ ਸ਼ਾਮਿਲ ਸੀ ਅਤੇ ਇਹ ਜਟਿਲ ਕਾਰਜ ਅੰਕ ਕੋਟਾ ਪ੍ਰਣਾਲੀ ਦੀ ਤੁਲਨਾ ਵਿੱਚ ਜਿਆਦਾ ਸਰਲ ਅਤੇ ਤਰਕਸੰਗਤ ਸੀ। 

 

“ਪ੍ਰਤੀਬੱਧ”, ਅੰਕ 17, ਨਵੰਬਰ 2012 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s