ਨਕਸਲਬਾੜੀ ਦੀ ਵਿਰਾਸਤ ਨੂੰ ਬੁਲੰਦ ਕਰਨ ਦੇ ਮਾਅਨੇ (‘ਸੁਰਖ ਰੇਖਾ’ ਦੇ ਕਠਮੁੱਲੇਪਣ ਉੱਪਰ ਟਿੱਪਣੀ) -ਕਰਮਜੀਤ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

‘ਸੁਰਖ ਰੇਖਾ’ ਦੇ ਮਈ-ਜੂਨ 2013 ਅੰਕ ਵਿੱਚ ‘ਨਕਸਲਬਾੜੀ ਬਗਾਵਤ ਦੀ 46ਵੀਂ ਵਰ੍ਹੇ ਗੰਢ ’ਤੇ’ ਸਿਰਲੇਖ ਤਹਿਤ ਇੱਕ ਲੇਖ ਛਪਿਆ ਹੈ। ਇਸ ਲੇਖ ਵਿੱਚ ਕਈ ਸਹੀ ਗੱਲਾਂ ਦੇ ਬਾਵਜੂਦ ਕੁੱਝ ਅਜਿਹੀਆਂ ਗੱਲਾਂ ਕਹੀਆਂ ਹਨ, ਜਿਹਨਾਂ ਤੋਂ ਸੁਰਖ ਰੇਖਾ ਦਾ ਕਠਮੁੱਲਾਪਣ ਸਾਫ਼ ਝਲਕਦਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਕਿਵੇਂ ‘ਸੁਰਖ ਰੇਖਾ’ ਅੱਧੀ ਸਦੀ ਪੁਰਾਣੀਆਂ ਧਾਰਨਾਵਾਂ ਨਾਲ਼ ਚਿੰਬੜਿਆ ਹੋਇਆ ਹੈ ਅਤੇ ਕੇਹੇ ਹੱਠ ਨਾਲ਼ ਇਹ ਦੇਸ਼-ਦੁਨੀਆਂ ਦੇ ਹਾਲਤਾਂ ਨੂੰ ਦੇਖਣੋਂ-ਸਮਝਣੋਂ ਇਨਕਾਰੀ ਹੈ।

ਨਕਸਲਬਾੜੀ ਤੋਂ ਬਾਅਦ ਜਿਹੜੇ ਕਮਿਊਨਿਸਟ ਇਨਕਲਾਬੀਆਂ ਨੇ ਭਾਰਤੀ ਇਨਕਲਾਬ ਦੇ ਪ੍ਰੋਗਰਾਮ ਦੇ ਸਵਾਲ ’ਤੇ ਸੋਚਣ ਦੀ ਕੋਸ਼ਿਸ਼ ਕੀਤੀ ਅਤੇ ਕੌਮਾਂਤਰੀ ਕਮਿਊਨਿਸਟ ਲਹਿਰ ਵੱਲੋਂ ‘ਮਹਾਨ ਬਹਿਸ’ ਦੌਰਾਨ ਉਸ ਸਮੇਂ ਦੇ ਹਾਲਾਤਾਂ ਦੇ ਮੁਲੰਕਣ ਨੂੰ ਹਾਲਾਤਾਂ ਦੇ ਬਦਲਣ ’ਤੇ ਬਦਲਣ ਦੀ ਕੋਸ਼ਿਸ਼ ਕੀਤੀ ਉਹਨਾਂ ਉੱਪਰ ਟਿੱਪਣੀ ਕਰਦਿਆਂ ‘ਸੁਰਖ ਰੇਖਾ’ ਲਿਖਦਾ ਹੈ, ‘‘ਕਮਿਊਨਿਸਟ ਇਨਕਲਾਬੀ ਲਹਿਰ ਨੂੰ ਲੀਹੋਂ ਭਟਕਾਉਣ ਲਈ ਇਸ ਦੇ ਅੰਦਰੋਂ ਉੱਠੀਆਂ ਭਟਕਣਾਂ, ਰੁਝਾਣਾਂ ਅਤੇ ਝੁਕਾਵਾਂ ’ਤੇ ਝਾਤ ਮਾਰਿਆਂ ਇਹ ਸਹਿਜੇ ਹੀ ਵੇਖਿਆ ਜਾ ਸਕਦਾ ਹੈ ਕਿ ਇਹਨਾਂ ਦੀ ਧੁੱਸ (1) ਇੱਕ ਜਾਂ ਦੂਜੇ ਢੰਗ ਨਾਲ਼ ਕੌਮਾਂਤਰੀ ਕਮਿਊਨਿਸਟ ਲਹਿਰ ਵੱਲੋਂ ਅਪਣਾਏ ਨਿਰਣਿਆਂ ਨੂੰ ਇੱਕ ਜਾਂ ਦੂਜੇ ਢੰਗ ਨਾਲ਼ ਸੋਧਣ, ਉਲ਼ਟਾਉਣ ਜਾਂ ਛੁਟਿਆਉਣ ਵੱਲ ਸੇਧਤ ਰਹੀ ਹੈ। (2) ਇਹਨਾਂ ਦੀ ਰੌਸ਼ਨੀ ’ਚ ਘੜੇ ਗਏ ਭਾਰਤੀ ਇਨਕਲਾਬ ਦੇ ਰਾਹ ਨੂੰ ਸੋਧਣ, ਉਲ਼ਟਾਉਣ, ਨਕਾਰਨ ਜਾਂ ਛੁਟਿਆਉਣ ਵੱਲ ਸੇਧਤ ਰਹੀ ਹੈ। ਵਿਸ਼ੇਸ਼ ਕਰਕੇ ਗ਼ਲਤ ਰੁਝਾਨਾਂ, ਭਟਕਣਾਂ ਅਤੇ ਝੁਕਾਵਾਂ ਦੇ ਝੰਡਾ ਬਰਦਾਰ ਪਛੜੇ ਮੁਲਕਾਂ ਦੇ ਸਾਮਰਾਜੀ ਪ੍ਰਬੰਧ ਅਤੇ ਮੁਲਕਾਂ ਨਾਲ਼ (ਅਧੀਨਗੀ ਵਾਲ਼ੇ) ਰਿਸ਼ਤੇ, ਇਹਨਾਂ ਰਾਜਾਂ ਅਤੇ ਹਾਕਮ ਜੁੰਡਲ਼ੀਆਂ ਦੇ (ਦਲਾਲ) ਖਾਸੇ, ਸਾਮਰਾਜੀ ਮੁਲਕਾਂ ਦੇ (ਨਵ-ਜਮਹੂਰੀ) ਇਨਕਲਾਬਾਂ ਦਰਮਿਆਨ ਬੁਨਿਆਦੀ ਵਖਰੇਵੇਂ ਅਧੀਨ ਮੁਲਕਾਂ ਦੇ ਇਨਕਲਾਬਾਂ ’ਚ ਜ਼ਰੱਈ ਸਵਾਲ, ਲਮਕਵੇਂ ਲੋਕ ਯੁੱਧ ਅਤੇ ਸਾਂਝੇ ਮੋਰਚੇ ਦੇ ਮਹੱਤਵ ਸਬੰਧੀ ਨਿਰਣਿਆਂ ਅਤੇ ਇਹਨਾਂ ਦੀਆਂ ਅਮਲੀ ਅਰਥ ਸੰਭਾਵਨਾਵਾਂ ਤੋਂ ਸਿੱਧੀ ਜਾਂ ਗੁੱਝੀ ਸ਼ਕਲ ਵਿੱਚ ਇਨਕਾਰੀ ਹੁੰਦੇ ਰਹੇ ਹਨ।’’ (ਪੰਨਾ 78)

ਜਿੱਥੋਂ ਤੱਕ ਪਹਿਲੇ ਨੁਕਤੇ ਦਾ ਸਬੰਧ ਹੈ ਇੱਥੇ ਇਸ਼ਾਰਾ ਮਹਾਨ ਬਹਿਸ ਦੌਰਾਨ ਚੀਨ ਦੀ ਕਮਿਊਨਿਸਟ ਪਾਰਟੀ ਵੱਲੋਂ ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਨੂੰ 14 ਜੂਨ 1963 ਨੂੰ ‘ਕੌਮਾਂਤਰੀ ਕਮਿਊਨਿਸਟ ਲਹਿਰ ਦੀ ਆਮ ਲੀਹ ਬਾਰੇ ਇੱਕ ਸੁਝਾਅ’ ਸਿਰਲੇਖ ਤਹਿਤ ਲਿਖੇ ਖਤ ਵੱਲ ਹੈ। ਜਿਸਨੂੰ ਕਿ ਆਮ ਕਰਕੇ ’63 ਦੀ ਆਮ ਲੀਹ ਦੇ ਨਾਂ ਨਾਲ਼ ਵੀ ਜਾਣਿਆ ਜਾਂਦਾ ਹੈ। ਜਿੱਥੋਂ ਤੱਕ ਚੀਨ ਦੀ ਕਮਿਊਨਿਸਟ ਪਾਰਟੀ ਦੇ ਉਪਰੋਕਤ ਖਤ ਦਾ ਸਵਾਲ ਹੈ ਇਸ ਦੀਆਂ ਬੁਨਿਆਦੀ ਸਿਧਾਂਤਕ ਪ੍ਰਸਥਾਪਨਾਵਾਂ ਅੱਜ ਵੀ ਪ੍ਰਸੰਗਕ ਹਨ, ਜੋ ਕਿ ਚੀਨ ਦੀ ਕਮਿਊਨਿਸਟ ਪਾਰਟੀ ਨੇ 1956 ’ਚ ਸੋਵੀਅਤ ਯੂਨੀਅਨ ਦੀ ਰਾਜ ਸੱਤ੍ਹਾ ਅਤੇ ਕਮਿਊਨਿਸਟ ਪਾਰਟੀ ਉੱਪਰ ਕਾਬਜ਼ ਹੋਏ ਖਰੁਸ਼ਚੇਵ ਸੋਧਵਾਦੀ ਝੁੰਡ ਵੱਲੋਂ ਮਾਰਕਸਵਾਦ ਦੇ ਵਿਕਾਸ ਦੇ ਨਾਂ ਹੇਠ ਮਾਰਕਸਵਾਦ ਨੂੰ ਸੋਧਣ ਦੇ ਯਤਨਾਂ ਵਿਰੁੱਧ ਮਾਰਕਸਵਾਦ ਦੀ ਹਿਫਾਜ਼ਤ ਕਰਦੇ ਹੋਏ ਪੇਸ਼ ਕੀਤੀਆਂ ਸਨ। ਜਿੱਥੋਂ ਤੱਕ ਚੀਨ ਦੀ ਕਮਿਊਨਿਸਟ ਪਾਰਟੀ ਉਸ ਸਮੇਂ ਸੰਸਾਰ ਹਾਲਤਾਂ ਦੇ ਮੁਲੰਕਣ ਅਤੇ ਉਸ ’ਚੋਂ ਨਿੱਕਲ਼ਦੇ ਕਾਰਨਾਂ ਦੀ ਪੇਸ਼ਕਾਰੀ ਦਾ ਸਵਾਲ ਹੈ ਉਸ ਵਿੱਚ 1963 ਤੋਂ ਬਾਅਦ ਮਹੱਤਵਪੂਰਨ ਬਦਲਾਅ ਆਏ ਹਨ। ਪਰ ‘ਸੁਰਖ ਰੇਖਾ’ ਦੀ ਜ਼ਿੱਦ ਹੈ ਕਿ 1963 ਦੀ ਆਮ ਲੀਹ ਨੂੰ ਹੂ-ਬ-ਹੂ ਮੰਨਿਆਂ ਜਾਵੇ, ਹਰ ਤਰਾਂ ਦੇ ਬਦਲਾਅ ਤੋਂ ਅੱਖਾਂ ਬੰਦ ਕਰ ਲਈਆਂ ਜਾਣ। ਇਥੇ ਅਸੀਂ ਉਹਨਾਂ ਮਹੱਤਵਪੂਰਨ ਤਬਦੀਲੀਆਂ ਦੀ ਚਰਚਾ ਕਰਾਂਗੇ ਜੋ 1963 ਤੋਂ ਬਾਅਦ ਸੰਸਾਰ ਵਿੱਚ ਵਾਪਰੀਆਂ ਹਨ।

1963 ਦੀ ਆਮ ਲੀਹ ਵਿੱਚ ਮਾਰਕਸਵਾਦ-ਲੈਨਿਨਵਾਦ ਨੂੰ ਕੌਮਾਂਤਰੀ ਕਮਿਊਨਿਸਟ ਲਹਿਰ ਦਾ ਰਾਹ ਦਰਸਾਵਾ ਸਿਧਾਂਤ ਮੰਨਿਆ ਗਿਆ ਹੈ। 1966 ਤੋਂ ਚੀਨ ਵਿੱਚ ਕਾਮਰੇਡ ਮਾਓ ਜ਼ੇ-ਤੁੰਗ ਦੀ ਅਗਵਾਈ ਵਿੱਚ ਸ਼ੁਰੂ ਹੋਏ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਨੇ ਮਾਰਕਸਵਾਦ-ਲੈਨਿਨਵਾਦ ਨੂੰ ਹੋਰ ਵਿਕਸਿਤ ਕੀਤਾ। ਕਾਮਰੇਡ ਮਾਓ ਨੇ ਸਮਾਜਵਾਦੀ ਸਮਾਜ ਦੀਆਂ ਬੁਨਿਆਦੀ ਵਿਰੋਧਤਾਈਆਂ ਸਮਾਜਵਾਦ ਅੰਦਰ ਸਰਮਾਏਦਾਰੀ ਮੁੜਬਹਾਲੀ ਦੇ ਸੋ੍ਰਤਾਂ ਨੂੰ ਭਰਵੇਂ ਰੂਪ ਵਿੱਚ ਸਮਝਿਆ ਅਤੇ ਇਸ ਨੂੰ ਰੋਕਣ ਲਈ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਤਹਿਤ ਲਗਾਤਾਰ ਇਨਕਲਾਬ ਦਾ ਸਿਧਾਂਤ ਵਿਕਸਿਤ ਕੀਤਾ। ਭਾਵੇਂ ਕਾਮਰੇਡ ਮਾਓ ਨੇ ਹਰ ਖੇਤਰ ਵਿੱਚ ਮਾਰਕਸਵਾਦ ਨੂੰ ਨਵੀਂ ਉਚਾਈ ’ਤੇ ਪਹੁੰਚਾਇਆ ਪਰ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ, ਮਾਰਕਸਵਾਦ ਨੂੰ ਉਹਨਾਂ ਦੀਆਂ ਦੇਣਾਂ ਵਿੱਚੋਂ ਸਭ ਤੋਂ ਮਹੱਤਵਪੂਰਨ, ਕੇਂਦਰੀ ਦੈਣ ਹੈ, ਜਿਸਦਾ ਖਾਸਾ ਸਰਬਵਿਆਪੀ ਹੈ। ਸਾਡਾ ਮੰਨਣਾ ਹੈ ਕਿ ਕਾਮਰੇਡ ਮਾਓ ਦੀ ਇਸ ਦੇਣ ਨੇ ਮਾਰਕਸਵਾਦ-ਲੈਨਿਨਵਾਦ ਨੂੰ ਮਾਰਕਸਵਾਦ-ਲੈਨਿਨਵਾਦ-ਮਾਓਵਾਦ ’ਚ ਵਿਕਸਿਤ ਕਰ ਦਿੱਤਾ ਹੈ। ਇਸ ਲਈ ਅੱਜ ਮਾਰਕਸਵਾਦ ਲੈਨਿਨਵਾਦ ’ਤੇ ਹੀ ਖੜ੍ਹੇ ਰਹਿਣਾ ਵਿਚਾਰਧਾਰਕ ਪਛੜੇਵੇਂ ਦਾ ਸ਼ਿਕਾਰ ਹੋਣਾ ਹੈ। ਅੱਜ ਮਾਰਕਸਵਾਦ-ਲੈਨਿਨਵਾਦ-ਮਾਓਵਾਦ ਹੀ ਕੌਮਾਂਤਰੀ ਕਮਿਊਨਿਸਟ ਲਹਿਰ ਦਾ ਰਾਹ ਦਰਸਾਵਾ ਸਿਧਾਂਤ ਹੋ ਸਕਦਾ ਹੈ।

ਚੀਨ ਦੀ ਕਮਿਊਨਿਸਟ ਪਾਰਟੀ ਵਲੋਂ ਪੇਸ਼ ’63 ਦੀ ਆਮ ਲੀਹ ’ਚ ਉਸ ਸਮੇਂ ਦੇ ਸੰਸਾਰ ’ਚ ਵਿਦਮਾਨ ਚਾਰ ਬੁਨਿਆਦੀ ਵਿਰੋਧਤਾਈਆਂ ਦੀ ਚਰਚਾ ਕੀਤੀ ਗਈ ਹੈ। ਇਹ ਸਨ

1) ਸਮਾਜਵਾਦੀ ਖੇਮੇ ਅਤੇ ਸਾਮਰਾਜਵਾਦੀ ਖੇਮੇ ਦਰਮਿਆਨ ਵਿਰੋਧਤਾਈ।
2) ਸਰਮਾਏਦਾਰ ਦੇਸ਼ਾਂ ਵਿੱਚ ਮਜ਼ਦੂਰ ਜਮਾਤ ਅਤੇ ਸਰਮਾਏਦਾਰ ਜਮਾਤ ਦਰਮਿਆਨ ਵਿਰੋਧਤਾਈ।
3) ਦੱਬੀਆਂ ਕੁਚਲੀਆਂ ਕੌਮਾਂ ਅਤੇ ਸਾਮਰਾਜਵਾਦ ਦਰਮਿਆਨ ਵਿਰੋਧਤਾਈ।
4) ਸਾਮਰਾਜਵਾਦੀ ਦੇਸ਼ਾਂ ਦਰਮਿਆਨ ਅਤੇ ਇਜ਼ਾਰੇਦਾਰ ਸਰਮਾਏਦਾਰ ਧੜਿਆਂ ਦਰਮਿਆਨ ਵਿਰੋਧਤਾਈ।

ਉਪਰੋਕਤ ਵਿਰੋਧਤਾਈਆਂ ਵਿੱਚੋਂ ਪਹਿਲੀ ਵਿਰੋਧਤਾਈ ਦੀ ਅੱਜ ਹੋਂਦ ਨਹੀਂ ਰਹੀ, ਕਿਉਂਕਿ 1976 ਵਿੱਚ ਚੀਨ ਵਿੱਚ ਸਰਮਾਏਦਾਰਾ ਮੁੜ ਬਹਾਰੀ ਹੋਣ ਤੋਂ ਬਾਅਦ ਦੁਨੀਆਂ ’ਚੋਂ ਸਮਾਜਵਾਦੀ ਖੇਮਾ ਸਮਾਪਤ ਹੋ ਗਿਆ। ਅਸੀਂ ਜਾਨਣਾ ਚਾਹਾਂਗੇ ਕਿ ਕੀ ‘ਸੁਰਖ ਰੇਖਾ’ ਅੱਜ ਵੀ ਇਸ ਵਿਰੋਧਤਾਈ ਦੀ ਹੋਂਦ ਨੂੰ ਮੰਨਦਾ ਹੈ?

ਜਿੱਥੋਂ ਤੱਕ ਤੀਸਰੀ ਵਿਰੋਧਤਾਈ ਦਾ ਸਵਾਲ ਹੈ, ਇਸ ਵਿੱਚ ਮਹੱਤਵਪੂਰਨ ਬਦਲਾਅ ਆਏ ਹਨ, ਜਿਹਨਾਂ ਦੀ ਅਣਦੇਖੀ ਕਰਕੇ ਅੱਜ ਕੌਮਾਂਤਰੀ ਕਮਿਊਨਿਸਟ ਲਹਿਰ ਅੱਗੇ ਨਹੀਂ ਵਧ ਸਕਦੀ। ਅੱਜ ਇਹ ਵਿਰੋਧਤਾਈ ਦੱਬੀਆਂ ਕੁਚਲੀਆਂ ਕੌਮਾਂ ਅਤੇ ਸਾਮਰਾਜਵਾਦ ਦਰਮਿਆਨ ਵਿਰੋਧਤਾਈ ਦੇ ਰੂਪ ਵਿੱਚ ਨਹੀਂ, ਸਗੋਂ ਸਾਮਰਾਜਵਾਦ ਅਤੇ ਤੀਜੀ ਦੁਨੀਆਂ ਦੇ ਦੇਸ਼ਾਂ ਦੇ ਕਿਰਤੀਆਂ ਦਰਮਿਆਨ ਵਿਰੋਧਤਾਈ ਦੇ ਰੂਪ ਵਿੱਚ ਵਿਦਮਾਨ ਹੈ। ਦੂਜੀ ਸੰਸਾਰ ਜੰਗ ਤੋਂ ਬਾਅਦ ਤੀਸਰੀ ਦੁਨੀਆਂ ਦੇ ਦੇਸ਼ ਬਸਤੀਵਾਦੀ ਜੂਲੇ ਤੋਂ ਇੱਕ ਤੋਂ ਬਾਅਦ ਇੱਕ ਸਿਆਸੀ ਤੌਰ ’ਤੇ ਅਜ਼ਾਦ ਹੁੰਦੇ ਗਏ। 1963 ਵੇਲ਼ੇ ਇਹ ਪ੍ਰੀਕਿਰਿਆ ਅਜੇ ਜਾਰੀ ਸੀ। ਸਿਆਸੀ ਅਜ਼ਾਦੀ ਤੋਂ ਬਾਅਦ ਇਹਨਾਂ ਦੇਸ਼ਾਂ ਦੀ ਰਾਜਸੱਤਾ ਉੱਪਰ ਕਾਬਜ਼ ਹੋਈ ਬੁਰਜੂਆਜ਼ੀ ਦੀ ਅਗਵਾਈ ਵਿੱਚ ਇਹਨਾਂ ਦੇਸ਼ਾਂ ਵਿੱਚ ਸਰਮਾਏਦਾਰੀ ਵਿਕਾਸ ਦੀ ਪ੍ਰੀਕਿਰਿਆ ਅੱਗੇ ਵਧੀ। ਅੱਜ ਇਹਨਾਂ ਦੇਸ਼ਾਂ ਦੀ ਬੁਰਜੂਆਜ਼ੀ ਪੂਰੀ ਤਰਾਂ ਸੰਸਾਰ ਸਾਮਰਾਜਵਾਦ ਪ੍ਰਬੰਧ ਨਾਲ਼ ਨੱਥੀ ਹੈ। ਇਸ ਦੇ ਹਿੱਤ ਇਸੇ ਢਾਂਚੇ ਦੇ ਬਣੇ ਰਹਿਣ ’ਚ ਸੁਰੱਖਿਅਤ ਹਨ। ਇਸ ’ਚੋਂ ਕੋਈ ‘ਕੌਮੀ’ ‘ਦੇਸ਼ਭਗਤ’ ਹਿੱਸਾ ਭਾਲਣਾ ‘‘ਧੁੱਪ ’ਚ ਲੁਕੇ ਪਾਰਦਰਸ਼ੀ ਪੰਛੀਆਂ’’ ਨੂੰ ਭਾਲਣ ਵਾਂਗ ਹੈ। ਜਿੱਥੇ ਅੱਜ ਦੀ ਸੱਚਾਈ ਇਹ ਹੈ ਕਿ ਤੀਜੀ ਦੁਨੀਆਂ ਦੇ ਦੇਸ਼ਾਂ ਦੀ ਹਾਕਮ ਸਰਮਾਏਦਾਰ ਜਮਾਤ ਅੱਜ ਸੰਸਾਰ ਸਾਮਰਾਜਵਾਦੀ ਪ੍ਰਬੰਧ ਨਾਲ਼ ਘਿਓ-ਖਿਚੜੀ ਹੈ ਉੱਥੇ ਇਹ ਵੀ ਸੱਚ ਹੈ ਕਿ ਅੱਜ ਵੀ ਤੀਜੀ ਦੁਨੀਆਂ ਦੇ ਦੇਸ਼ ਅੰਨ੍ਹੀ ਸਾਮਰਾਜਵਾਦੀ ਲੁੱਟ-ਖੋਹ ਦੇ ਸ਼ਿਕਾਰ ਹਨ। ਅੱਜ ਵੀ ਇਹ ਦੇਸ਼ ਸਾਮਰਾਜਵਾਦ ਲਈ ਸਸਤੀ ਕਿਰਤ ਸ਼ਕਤੀ ਅਤੇ ਸਸਤੇ ਕੱਚੇ ਮਾਲ ਦੇ ਸਭ ਤੋਂ ਵੱਡੇ ਸ੍ਰੋਤ ਹਨ। ਇਹਨਾਂ ਦੇਸ਼ਾਂ ਦੇ ਭਾਵੀ ਸਮਾਜਵਾਦੀ ਇਨਕਲਾਬ ਸਾਮਰਾਜਵਾਦ ਨਾਲ਼ ਟੱਕਰ ਲਏ ਬਿਨਾਂ ਕਾਮਯਾਬ ਨਹੀਂ ਹੋ ਸਕਦੇ। ਸਾਮਰਾਜਵਾਦੀ ਮੁਲਕਾਂ ਦੇ ਸਮਾਜਵਾਦੀ ਇਨਕਲਾਬਾਂ ਨਾਲ਼ੋਂ ਤੀਜੀ ਦੁਨੀਆਂ ਦੇਸ਼ਾਂ ਦੇ ਸਮਾਜਵਾਦੀ ਇਨਕਲਾਬਾਂ ਦਾ ਵੱਖਰੇਵਾਂ ਇਹ ਹੈ ਕਿ ਇਹ ਇਨਕਲਾਬ ਸਰਮਾਏਦਾਰੀ-ਸਾਮਰਾਜਵਾਦ ਵਿਰੋਧੀ ਹੋਣਗੇ।

‘ਸੁਰਖ ਰੇਖਾ’ ਲਿਖਦਾ ਹੈ, ‘‘ਮਹਾਨ ਬਹਿਸ ਵੇਲ਼ੇ ਦੇ ਬੁਨਿਆਦੀ ਨਿਰਣਿਆਂ ਅਤੇ ਇਹਨਾਂ ਦੀ ਰੌਸ਼ਨੀ ’ਚ ਨਕਸਲਬਾੜੀ ਲਹਿਰ ਵੱਲੋਂ ਭਾਰਤੀ ਇਨਕਲਾਬ ਦੇ ਪ੍ਰੋਗਰਾਮ ਅਤੇ ਰਾਹ ਸਬੰਧੀ ਕੀਤੇ ਨਿਰਣਿਆਂ ਨੂੰ ਸੋਧਣ ਅਤੇ ਇਉਂ ਮਾਓ-ਵਿਚਾਰਧਾਰਾ ਦੀਆਂ ਮੂਲ ਧਾਰਨਾਵਾਂ ਨੂੰ ਸੋਧਣ ਦੀ ਸਾਂਝੀ ਧੁੱਸ ਵੇਖੀ ਜਾ ਸਕਦੀ ਹੈ।’’ (ਪੰਨਾ 78-79)

ਆਪਣੇ ਉਪਰੋਕਤ ਖਤ ਵਿੱਚ ਚੀਨ ਦੀ ਕਮਿਊਨਿਸਟ ਪਾਰਟੀ ਨੇ ਕਿਹਾ ਸੀ ਕਿ ਅੱਜ (1963 ਵੇਲੇ) ਏਸ਼ੀਆ, ਅਫਰੀਕਾ ਅਤੇ ਲਾਤੀਨੀ ਅਮਰੀਕਾ ਦੇ ਦੇਸ਼ ਕੌਮੀ ਜਮਹੂਰੀ ਇਨਕਲਾਬ ਦੇ ਪੜਾਅ ਵਿੱਚ ਹਨ। ਪਰ ਕੀ ਭਾਰਤੀ ਇਨਕਲਾਬ ਦੇ ਪ੍ਰੋਗਰਾਮ ਅਤੇ ਰਾਹ ਸਬੰਧੀ ਨਿਰਣਾ ਕਰਨ ਲਈ ਚੀਨ ਦੀ ਕਮਿਊਨਿਸਟ ਪਾਰਟੀ ਦਾ ਉਪਰੋਕਤ ਬਿਆਨ ਹੀ ਕਾਫੀ ਸੀ? ਕੀ ਇਸ ਲਈ ਭਾਰਤ ਦੀਆਂ ਠੋਸ ਹਾਲਤਾਂ ਦੇ ਠੋਸ ਵਿਸ਼ਲੇਸ਼ਣ ਦੀ ਕੋਈ ਲੋੜ ਨਹੀਂ ਸੀ? ਕੀ ਚੀਨ ਦੀ ਕਮਿਊਨਿਸਟ ਪਾਰਟੀ ਹੀ ਭਾਰਤ ਦੇ ਇਨਕਲਾਬ ਦਾ ਪੋ੍ਰਗਰਾਮ ਅਤੇ ਰਾਹ ਘੜ ਸਕਦੀ ਸੀ? ਕੀ ਉਸਨੂੰ ਅਜਿਹਾ ਕਰਨ ਦਾ ਹੱਕ ਸੀ? ਕੀ ਕੌਮਾਂਤਰੀ ਕਮਿਊਨਿਸਟ ਲਹਿਰ ਦੀਆਂ ਵੱਡੀਆਂ ਪਾਰਟੀਆਂ ਜਿਨ੍ਹਾ ਨੇ ਜੇਤੂ ਇਨਕਲਾਬਾਂ ਦੀ ਅਗਵਾਈ ਕੀਤੀ ਸੀ, ਪ੍ਰਤੀ ਇਸ ਤਰਾਂ ਦੀ ਅੰਨ੍ਹੀ ਸ਼ਰਧਾ ਵਾਲ਼ੇ ਰਵੱਈਏ ਦੀ ਮਾਰਕਸਵਾਦ ਦੇ ਵਿਗਿਆਨਕ ਸਿਧਾਂਤ ਨਾਲ਼ ਕੁੱਝ ਵੀ ਸਾਂਝ ਹੈ? ਮਾਰਕਸਵਾਦ ਸਾਨੂੰ ਸਿਖਾਉਂਦਾ ਹੈ ਕਿ ਅਜ਼ਾਦ ਚਿੰਤਨ ਦੇ ਸਾਹਸ, ਤਰਕ ਅਤੇ ਵਿਗਿਆਨ ਨੂੰ ਕਮਾਨ ’ਚ ਰੱਖਿਆ ਜਾਵੇ ਨਾ ਕਿ ਸ਼ਰਧਾ ਅਤੇ ਭਗਤੀ ਭਾਵ ਨੂੰ। ਚੀਨ ਦੀ ਕਮਿਊਨਿਸਟ ਪਾਰਟੀ ਨੇ, ਸੋਵੀਅਤ ਯੂਨੀਅਨ ਦੀ ਕਮਿੳੂਨਿਸਟ ਪਾਰਟੀ ਦੇ ਚੀਨੀ ਇਨਕਲਾਬ ਪ੍ਰਤੀ ਸੁਝਾਵਾਂ ਨੂੰ ਰੱਦ ਕਰਕੇ ਅਜ਼ਾਦਾਨਾ ਚਿੰਤਨ ਦੀ ਮਿਸਾਲ ਕਾਇਮ ਕੀਤੀ ਸੀ। ਉਸਨੇ ਕੌਮਾਂਤਰੀ ਕਮਿਊਨਿਸਟ ਲਹਿਰ ਦੇ ਸੁਝਾਵਾਂ ਨੂੰ ਰੱਦ ਕਰਕੇ ਚੀਨੀ ਇਨਕਲਾਬ ਦੇ ਮੌਲਿਕ ਰਾਹ ਦੀ ਖੋਜ ਕੀਤੀ ਸੀ। ਵਿਚਾਰਧਾਰਕ ਕਮਜ਼ੋਰੀਆਂ ਅਤੇ ਇਹਨਾਂ ’ਚੋਂ ਉਪਜੀ ਕੌਮਾਂਤਰੀ ਕਮਿਊਨਿਸਟ ਲਹਿਰ ’ਤੇ ਨਿਰਭਰਤਾ, ਭਾਰਤ ਦੀ ਕਮਿਊਨਿਸਟ ਲਹਿਰ ਦੀ ਮੁੱਢ ਤੋਂ ਹੀ ਤ੍ਰਾਸਦੀ ਰਹੀ ਹੈ। ਅਫ਼ਸੋਸ ਕਿ ਅੱਜ ਵੀ ਇਹ ਕਮਜ਼ੋਰੀ ਭਾਰਤ ਦੀ ਕਮਿਊਨਿਸਟ ਲਹਿਰ ਦਾ ਖਹਿੜਾ ਨਹੀਂ ਛੱਡ ਰਹੀ। ‘ਸੁਰਖ ਰੇਖਾ’ ਇਸਦੀ ਪ੍ਰਤੱਖ ਮਿਸਾਲ ਹੈ।

ਆਪਣੇ ਉਪਰੋਕਤ ਖਤ ਵਿੱਚ ਚੀਨ ਦੀ ਕਮਿਊਨਿਸਟ ਪਾਰਟੀ ਨੇ ਤੀਜੀ ਦੁਨੀਆਂ ਦੇ ਅਜੇਹੇ ਦੇਸ਼ਾਂ ਦੀ ਵੀ ਸ਼ਿਨਾਖਤ ਕੀਤੀ ਸੀ ਜਿਹਨਾਂ ਨੇ ਹੁਣੇ ਹੀ ਸਿਆਸੀ ਆਜ਼ਾਦੀ ਹਾਸਲ ਕੀਤੀ ਸੀ, ਜਿੱਥੇ ਬੁਰਜੂਆਜ਼ੀ ਰਾਜਸੱਤ੍ਹਾ ਉੱਪਰ ਕਾਬਜ਼ ਹੋਈ ਸੀ। ਚੀਨ ਦੀ ਪਾਰਟੀ ਕਮਿਊਨਿਸਟ ਪਾਰਟੀ ਇਹਨਾਂ ਦੇਸ਼ਾਂ ਨੂੰ ਨਵ-ਅਜ਼ਾਦ ਦੇਸ਼ ਕਹਿੰਦੀ ਸੀ। ਇਹਨਾਂ ਦੇਸ਼ਾਂ ਦੀ ਰਾਜਸੱਤ੍ਹਾ ਉੱਪਰ ਕਾਬਜ਼ ਹੋਈ ਬੁਰਜੂਆਜ਼ੀ ਨੇ ਇਹਨਾਂ ਦੇਸ਼ਾਂ ਦੀ ਸਮਾਜੀ-ਆਰਥਿਕ ਸੰਰਚਨਾ ਨੂੰ ਆਵਦੇ ਹਿੱਤਾਂ ਅਨੁਸਾਰ ਢਾਲ਼ਿਆ। ਭਾਵ ਇਹਨਾਂ ਮੁਲਕਾਂ ਦੇ ਜਗੀਰੂ-ਅਰਧ ਜਗੀਰੂ ਅਰਥਚਾਰਿਆਂ ਦੀ ਸਰਮਾਏਦਾਰਾ ਅਰਥਚਾਰਿਆਂ ਵਿੱਚ ਕਾਇਆਪਲ਼ਟੀ ਕੀਤੀ। 1963 ਤੱਕ ਇਹ ਰੁਝਾਨ ਅਤੇ ਪ੍ਰਮੁੱਖ ਰੂਪ ਵਿੱਚ ਸਾਹਮਣੇ ਨਹੀਂ ਸੀ ਆਇਆ। ਪਰ ਤਾਂ ਵੀ ’63 ਦੀ ਆਮ ਲੀਹ ਤੋਂ ਹੀ ਸਾਨੂੰ ਇਹਨਾਂ ਮੁਲਕਾਂ ਦੇ ਭਵਿੱਖ ਨੂੰ ਸਮਝਣ ਦੀ ਅੰਤਰ ਦਿ੍ਰਸ਼ਟੀ ਜ਼ਰੂਰ ਮਿਲ਼ਦੀ ਹੈ।

ਅੱਜ ਏਸ਼ੀਆ, ਅਫਰੀਕਾ, ਲਾਤੀਨੀ ਅਮਰੀਕਾ ਦੇ ਲਗਭਗ ਸਾਰੇ ਹੀ ਮੁਲਕ ਜਗੀਰਦਾਰੀ-ਸਾਮਰਾਜਵਾਦ ਵਿਰੋਧੀ ਜਮਹੂਰੀ ਇਨਕਲਾਬਾਂ ਦਾ ਪੜਾਅ ਪਾਰ ਕਰਕੇ ਸਰਮਾਏਦਾਰੀ-ਸਾਮਰਾਜਵਾਦ ਵਿਰੋਧੀ ਨਵੇਂ ਸਮਾਜਵਾਦੀ ਇਨਕਲਾਬਾਂ ਦੇ ਪੜਾਅ ਵਿੱਚ ਦਾਖਲ ਹੋ ਚੁੱਕੇ ਹਨ।

‘ਸੁਰਖ ਰੇਖਾ’ ਇਹ ਫਤਵਾ ਜਾਰੀ ਕਰ ਦਿੰਦਾ ਹੈ ਕਿ ਭਾਰਤ ਨੂੰ ਅਰਧ ਜਗੀਰੂ-ਅਰਧ ਬਸਤੀਵਾਦੀ ਅਤੇ ਇੱਥੇ ਨਵ ਜਮਹੂਰੀ ਇਨਕਲਾਬ ਦੇ ਪੜਾਅ ਨੂੰ ਨਾ ਮੰਨਣ ਵਾਲ਼ੇ ਗਲਤ ਹਨ। ਉਹ ਉਹਨਾਂ ਨੂੰ ਗਲਤ ਸਾਬਤ ਕਰਨ ਲਈ ਕੋਈ ਦਲੀਲ ਨਹੀਂ ਦਿੰਦਾ। ‘ਸੁਰਖ ਰੇਖਾ’ ਨੇ ਭਾਰਤ ਵਿੱਚ ਨਵ ਜਮਹੂਰੀ ਇਨਕਲਾਬ ਦੇ ਪ੍ਰੋਗਰਾਮ ਨੂੰ ਭਾਰਤੀ ਸਮਾਜੀ ਆਰਿਥਕ ਸੰਰਚਨਾ ਨਾਲ਼ ਬੇਮੇਲ਼ ਅਤੇ ਖਿਆਲੀ ਦੱਸਣ ਵਾਲ਼ੇ ਅਤੇ ਇਸ ਨੂੰ ਸਮਾਜਵਾਦੀ ਇਨਕਲਾਬ ਦੇ ਪੜਾਅ ’ਚ ਦੱਸਣ ਵਾਲ਼ਿਆਂ ਦੀ ਕਦੇ ਵੀ ਬਾਦਲੀਲ ਭਰਵੀਂ ਅਲੋਚਨਾ ਨਹੀਂ ਕੀਤੀ। ਬੱਸ ਕੁੱਝ ਚਲਾਵੀਆਂ ਟਿੱਪਣੀਆਂ ਅਤੇ ਫਤਵਿਆਂ ਨਾਲ਼ ਹੀ ਹੁਣ ਤੱਕ ਕੰਮ ਚਲਾਇਆ ਹੈ।

‘ਸੁਰਖ ਰੇਖਾ’ ਲਈ ਅੱਧੀ ਸਦੀ ਪੁਰਾਣੇ ਭਾਰਤ ਦੀਆਂ ਹਾਲਤਾਂ ਨਾਲ਼ ਬੇਮੇਲ਼ ਨੀਤੀ-ਨਿਰਣਿਆਂ ਨੂੰ ਚਿੰਬੜੇ ਰਹਿਣਾ ਹੀ ਨਕਸਲਬਾੜੀ ਦੀ ਵਿਰਾਸਤ ’ਤੇ ਪਹਿਰਾ ਦੇਣਾ ਹੈ। ਪਰ ਅਫ਼ਸੋਸ ਅਜੇਹੇ ਕਠਮੁੱਲੇਪਣ ਨੇ ਅੱਜ ਤੱਕ ਕਿਸੇ ਦਾ ਭਲਾ ਨਹੀਂ ਕੀਤਾ। ਨਕਸਲਬਾੜੀ ਦੇ ਮਹਾਨ ਸ਼ਹੀਦਾਂ ਦੇ ਸੁਪਨਿਆਂ ਨੂੰ ਸਕਾਰ ਕਰਨ ਲਈ ਜ਼ਰੂਰੀ ਹੈ ਕਿ ‘ਠੋਸ ਹਾਲਤਾਂ ਦੇ ਠੋਸ ਵਿਸ਼ਲੇਸ਼ਣ’ ਦੀ ਲੈਨਿਨੀ ਨੀਤੀ ਅਪਣਾਈ ਜਾਵੇ, ਅੱਖਾਂ ਅਤੇ ਦਿਮਾਗ ਖੋਲ਼ ਕੇ ਪਿਛਲੀ ਅੱਧੀ ਸਦੀ ਤੋਂ ਵੀ ਵੱਧ ਦੇ ਅਰਸੇ ’ਚ ਦੇਸ਼ ਅਤੇ ਦੁਨੀਆਂ ’ਚ ਆਈਆਂ ਤਬਦੀਲੀਆਂ ਨੂੰ ਸਮਝਿਆ ਜਾਵੇ ਅਤੇ ਉਸ ਦੇ ਅਨੁਸਾਰੀ ਕਾਰਜ ਤੈਅ ਕੀਤੇ ਜਾਣ।

“ਪ੍ਰਤੀਬੱਧ”, ਅੰਕ 19,  ਜੂਨ 2013 ਵਿਚ ਪ੍ਰਕਾਸ਼ਿ

ਇਸ਼ਤਿਹਾਰ

One comment on “ਨਕਸਲਬਾੜੀ ਦੀ ਵਿਰਾਸਤ ਨੂੰ ਬੁਲੰਦ ਕਰਨ ਦੇ ਮਾਅਨੇ (‘ਸੁਰਖ ਰੇਖਾ’ ਦੇ ਕਠਮੁੱਲੇਪਣ ਉੱਪਰ ਟਿੱਪਣੀ) -ਕਰਮਜੀਤ

  1. Mandeep ਨੇ ਕਿਹਾ:

    excellent …ਬੇਹੱਦ ਸਟੀਕ ਮੁਲੰਕਣ ਕੀਤਾ ਹੈ ਜੀ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s