ਸੂਫੀ ਧਾਰਾ •ਗੁਰਚਰਨ ਸਿੰਘ ਸਹਿੰਸਰਾ

8

ਪੀ.ਡੀ.ਐਫ਼ ਡਾਊਨਲੋਡ ਕਰੋ

‘ਪ੍ਰਤੀਬੱਧ’ ਦੇ ਬੁਲੇਟਿਨ-24 ਤੋਂ ਅਸੀਂ ਪੰਜਾਬੀ ਸਾਹਿਤ ਅਤੇ ਪੰਜਾਬ ਦੇ ਇਤਿਹਾਸ ਬਾਰੇ ਗੁਰਚਰਨ ਸਿੰਘ ਸਹਿੰਸਰਾ ਦੇ ਲਿਖੇ ਦੁਰਲੱਭ ਲੇਖਾਂ ਦਾ ਲੜੀਵਾਰ ਪ੍ਰਕਾਸ਼ਨ ਸ਼ੁਰੂ ਕੀਤਾ ਹੋਇਆ ਹੈ। ਸਹਿੰਸਰਾ ਨੇ ਪੰਜਾਬੀ ਸਾਹਿਤ ਅਤੇ ਪੰਜਾਬ ਦੇ ਇਤਿਹਾਸ ਨੂੰ ਇਤਿਹਾਸਕ ਪਦਾਰਥਵਾਦੀ ਨਜ਼ਰੀਏ ਤੋਂ ਵਾਚਣ ਦੀ ਕੋਸ਼ਿਸ਼ ਕੀਤੀ ਹੈ। ਪੰਜਾਬੀ ਸਾਹਿਤ ਅਲੋਚਨਾ ਅਤੇ ਇਤਿਹਾਸਕਾਰੀ ਦੇ ਖੇਤਰ ਵਿੱਚ ਅਜਿਹੇ ਯਤਨ ਬਹੁਤ ਘੱਟ ਹੋਏ ਹਨ। ਅਸੀਂ ਉਪਰੋਕਤ ਖੇਤਰਾਂ ‘ਚ ਮਾਰਕਸਵਾਦੀ ਵਿਦਵਾਨਾਂ ਦੁਆਰਾ ਕੀਤੇ ਕੰਮ ਤੋਂ ਪਾਠਕਾਂ ਨੂੰ ਜਾਣੂ ਕਰਾਉਣ ਦੇ ਮਕਸਦ ਨਾਲ਼ ਸਹਿੰਸਰਾ ਦੇ ਲੇਖਾਂ ਨੂੰ ਪ੍ਰਕਾਸ਼ਿਤ ਕਰ ਰਹੇ ਹਾਂ। ਇਸ ਅੰਕ ਵਿੱਚ ਉਹਨਾਂ ਦੇ ਦੋ ਲੇਖ ਦਿੱਤੇ ਜਾ ਰਹੇ ਹਨ। ਉਹਨਾਂ ਦੇ ਸਾਰੇ ਵਿਚਾਰਾਂ ਨਾਲ਼ ਸਾਡੀ ਸਹਿਮਤੀ ਜ਼ਰੂਰੀ ਨਹੀਂ ਹੈ।
– ਸੰਪਾਦਕ

ਇਸਲਾਮ ਨੇ ਮੱਕੇ ਦਾ ਕਾਅਬਾ ਮੱਲਕੇ ਅਗਲੇ ਬਾਰਾਂ-ਤੇਰਾਂ ਸਾਲਾਂ ਵਿੱਚ ਹੀ ਰੋਮ ਦੇ ਸ਼ਾਹ ਹਰਕੁਲ ਪਾਸੋਂ ਤਰਾਬਲਿਸ, ਮਿਸਰ, ਸ਼ਾਮ ਤੇ ਫਲਸਤੀਨ ਖੋਹ ਲਏ ਤੇ ਇਰਾਨ ਦੇ ਸ਼ਹਿਨਸ਼ਾਹ ਨੂੰ ਇੱਕੇ ਹੀ ਲੜਾਈ ਵਿੱਚ ਮਾਰ ਕੇ ਉਸ ਦੀ ਇਰਾਕ ਤਤੋਂ ਖੈਬਰ ਦੇ ਗਲੇ ਤੱਕ ਸਾਰੀ ਇਰਾਨੀ ਸ਼ਹਿਨਸ਼ਾਹੀ ‘ਤੇ ਕਬਜ਼ਾ ਕਰ ਲਿਆ।1 ਹਿੰਦੁਸਤਾਨ ਦੀਆਂ ਪੱਛਮੀ ਪਹਾੜੀ ਹੱਦਾਂ ਤੋਂ ਲੈ ਕੇ ਰੋਮ ਸਾਗਰ ਦੇ ਦੱਖਣੀ ਤੇ ਪੂਰਬੀ ਪਾਣੀਆਂ ਤੱਕ ਏਸ਼ੀਆ ਤੇ ਅਫਰੀਕਾ ਦੇ ਏਸ ਲੱਖਾਂ ਮੁਰੱਬਾ ਮੀਲ ਰਕਬੇ ਵਿੱਚ ਕਰੋੜਾਂ ਦੀ ਵਸੋਂ ਨੂੰ, ਭਾਵੇਂ ਉਹ ਕਿੰਨੀ ਪਛੜੀ, ਆਵੁੱਨਤ ਤੇ ਸੁੱਤੀ ਹੋਏ ਹੋਵੇ, ਕੁਝ ਹਜ਼ਾਰ ਅਰਬਾਂ ਦੀ ਤਲਵਾਰੀ ਤਾਕਤ ਵਧੇਰੇ ਚਿਰ ਦਬਾ ਕੇ ਨਹੀਂ ਸੀ ਰੱਖ ਸਕਦੀ ਤੇ ਨਾ ਸਾਰੀ ਨੂੰ ਤਲਵਾਰ ਦੇ ਜ਼ੋਰ ਇੱਕਦਮ ਮੁਸਲਮਾਨ ਬਣਾਇਆ ਜਾ ਸਕਦਾ ਸੀ।

ਇਸਲਾਮ ਦੀ ਇਹ ਇਤਿਹਾਸਕ ਥੁੜ ਜਿੱਤੇ ਹੋਏ ਦੇਸਾਂ ਵਿੱਚ ਇਸਲਾਮ ਕਬੂਲ ਕਰ ਚੁੱਕੇ ਸ਼ਾਹਜ਼ਾਦਿਆਂ ਤੇ ਕਬੀਲੀ ਸਰਦਾਰਾਂ ਨੂੰ ਆਪਣੇ ਮਾਤਹਿਤ ਦੇਸੀ ਰਾਜ ਅਖਤਿਆਰ ਦੇ ਕੇ ਅਰਬੀ ਰਾਜਸੱਤ੍ਹਾ ਵਿੱਚ ਭਾਈਵਾਲ਼ ਬਣਾਇਆ ਤੇ ਫੇਰ ਇਹਨਾਂ ਰਾਜ ਥੰਮੀਆਂ ਦੇ ਜ਼ੋਰ ਉਨ੍ਹਾਂ ਦੀ ਰਈਅਤ ਨੂੰ ਉਪਦੇਸ਼ੀ ਪ੍ਰੇਰਨਾ ਨਾਲ਼ ਮੁਸਲਮਾਨ ਕੀਤਿਆਂ ਬਗੈਰ ਪੂਰੀ ਨਹੀਂ ਸੀ ਹੋ ਸਕਦੀ। ਏਸ ਕੰਮ ਨੂੰ ਅਸਾਨ ਕਰਨ ਲਈ ਇਸਲਾਮ ਦੀ ਕਾਅਬੇ ਵਾਲ਼ੀ ਧਰਮੀ ਕੇਂਦਰਤਾ ਤੇ ਖਲੀਫੇ ਵਾਲ਼ੀ ਰਾਜਸੀ ਕੇਂਦਰਤਾ ਦੀ ਅਰਬੀ ਕੱਟੜਤਾ ਨੂੰ ਦੇਸੀ ਸਥਾਨਕ ਹਾਲਤਾਂ ਨਾਲ਼ ਰਾਸ ਕਰਨਾ ਵੇਲ਼ੇ ਦੀ ਜ਼ਰੂਰੀ ਮੰਗ ਸੀ। ਪਰ ਉਸ ਵੇਲ਼ੇ ਅਰਬੀ ਤਲਵਾਰੀ ਤਾਕਤ ਨੂੰ ਗੁਲਾਮ ਦੇਸਾਂ ਉੱਤੇ ਇਹ ਦੋਧਾਰੀ ਕੇਂਦਰਤਾ ਠੋਸੀ ਜਾਣ ਦਾ ਜੋਸ਼ ਚੜ੍ਹਿਆ ਹੋਇਆ ਸੀ। ਉਹ ”ਜਜ਼ੀਆ ਦਉ, ਜਾਂ ਇਸਲਾਮ ਕਬੂਲ ਕਰੋ, ਨਹੀਂ ਤਾਂ ਜੰਗ ਲੜੋ” (2) ਦੇ ਲਲਕਾਰੇ ਮਾਰ ਮਾਰ ਆਵੁਨਤ ਤੇ ਖਿੰਡਰੇ ਪੁੰਡਰੇ ਕਬੀਲਿਆਂ ਦੇ ਸਰਦਾਰਾਂ ਤੇ ਉਹਨਾਂ ਉੱਤੋਂ ਦੀ ਸ਼ਾਹਾਂ ਬਾਦਸ਼ਾਹਾਂ ਉੱਤੇ ਜਿੱਤਾਂ ਤੇ ਜਿੱਤਾਂ ਪ੍ਰਾਪਤ ਕਰਦੀ ਜਾ ਰਹੀ ਸੀ।

ਇਸਲਾਮ ਸਮੇਂ ਦੀ ਚੁਟਕੀ ਵਿੱਚ ਹੀ ਅਰਬੀ ਰਾਜਸੱਤ੍ਹਾ ਦੀ ਵਿਸ਼ਾਲ ਧਰਮੀ ਸ਼ਹਿਨਸ਼ਾਹ ਬਣ ਗਿਆ, ਜਿਸ ਨੂੰ ਪਿਛਾਖੜ ਵਿੱਚ ਸੁੱਤੇ ਹੋਏ ਦੇਸਾਂ ਦੇ ਆਵੁੱਨਤ ਟੱਪਰੀਵਾਸ ਕਬੀਲਿਆਂ ਦੇ ਸਰਦਾਰਾਂ ਉੱਤੋਂ ਦੀ ਧਿਘਾਣੇ ਬਣੇ ਬੈਠੇ ਰੋਮੀ ਤੇ ਇਰਾਨੀ ਸ਼ਹਿਨਸ਼ਾਹਾਂ ਉੱਤੇ ਤਲਵਾਰਾਂ ਦੇ ਜ਼ੋਰ ਪਹਿਲੇ ਹੀ ਫਤਿਹ ਹਾਸਿਲ ਕਰ ਲੈਣ ਦਾ ਬੜਾ ਘਮੰਡ ਸੀ। ਇਹਨਾਂ ਸੁਖਾਲ਼ੀਆਂ ਜਿੱਤਾਂ ਦੇ ਨਸ਼ੇ ਵਿੱਚ ਹੰਕਾਰੀ ਹੋਈ ਇਸ ਧਰਮ ਮਸ਼ੀਨ ਦਾ ਖਲੀਫੇ ਤੋਂ ਹਟਕੇ ਕਾਜ਼ੀ ਮੁੱਖ ਰਾਜ ਅਧਿਕਾਰੀ ਸੀ, ਜੋ ਇਸਲਾਮੀ ਰਾਜ ਵਿੱਚ ਸ਼ਰੀਅਤ (ਅਰਬੀ ਧਰਮ ਕਾਨੂੰਨ) ਦਾ ਕੋਤਵਾਲ ਸਮਝਿਆ ਜਾਂਦਾ ਸੀ। ਉਸ ਤੋਂ ਇਸਲਾਮ ਦੀ ਉੱਤੇ ਦੱਸੀ ਇਤਿਹਾਸਕ ਥੁੜ ਦੀ ਪੂਰਤੀ ਦੀ ਆਸ ਨਹੀਂ ਸੀ ਕੀਤੀ ਜਾ ਸਕਦੀ। ਸਰਕਾਰੀ ਤੌਰ ‘ਤੇ ਵਿਸਾਰਿਆ ਹੋਇਆ ਇਹ ਕੰਮ ਸ਼ਾਮ, ਇਰਾਕ ਤੇ ਇਰਾਨ ਦੇ ਮੁਸਲਮਾਨ ਹੋ ਚੁੱਕੇ ਗੈਰ ਅਰਬੀ ਸੋਚਵਾਨਾਂ (3) ਨੇ ਆਪਣੇ ਹੱਥ ਲਿਆ। ਉਹਨਾਂ ਨੇ ਸ਼ਰਾਅ ਦੀ ਕੱਟੜਤਾ (ਅਰਬ ਸ਼ਾਹੀ) ਨੂੰ ਗੁਲਾਮ ਦੇਸ਼ਾਂ ਦੀਆਂ ਕੌਮੀ ਹਾਲਤਾਂ ਅਨੁਸਾਰ ਨਰਮਾਉਣ ਦੇ ਵਿਚਾਰ ਬਣਾਏ ਤਾਂ ਜੋ ਇਹ ਕੱਟੜਤਾ ਇਸਲਾਮ ਨੂੰ ਅਮਨ ਚੈਨ ਨਾਲ ਫੈਲਾਉਣ ਤੇ ਰਾਜ ਅੰਦਰ ਸੁਖ ਸਾਂਦ ਦੀਆਂ ਹਾਲਤਾਂ ਕਾਇਮ ਕਰਨ ਦੇ ਰਾਹ ਵਿੱਚ ਰੁਕਾਵਟ ਪੇਸ਼ ਨਾ ਕਰੇ ਤੇ ਉਹਨਾਂ ਲਈ ਇਹਨਾਂ ਦੇਸ਼ਾਂ ਦੀ ਮਾਲਕ ਜਮਾਤ ਦੇ ਮੁਖੀਆਂ ਨੂੰ ਮੁਸਲਮਾਨ ਬਣਾਉਣਾ ਅਸਾਨ ਹੋ ਜਾਏ, ਤੇ ਦੂਸਰੇ: ਇਸਲਾਮ ਫੈਲਾਉਣ ਦੀ ਸੇਵਾ ਸਿਰ ‘ਤੇ ਲੈਣ ਵਿੱਚ ਇਹਨਾਂ ਸੋਚਵਾਨਾਂ ਦਾ ਆਪਣਾ ਦੇਸੀ ਤੇ ਜਮਾਤੀ ਲਾਭ ਵੀ ਕੰਮ ਕਰ ਰਿਹਾ ਸੀ।

ਇਸਲਾਮ ਦੇ ਏਸ ਲੰਮੇ ਚੌੜੇ ਪਸਾਰ ਨੇ ਇਸਲਾਮੀ ਰਾਜਸੱਤ੍ਹਾ ਦੇ ਮੋਹਰਿਆਂ- ਖਲੀਫਿਆਂ, ਸੁਲਤਾਨਾਂ, ਸਲਾਰਾਂ, ਵਜ਼ੀਰਾਂ, ਕਾਜ਼ੀਆਂ, ਸਥਾਨਕ ਸੂਬੇਦਾਰਾਂ ਤੇ ਇਹਨਾਂ ਦੇ ਲੱਗੇ ਬੰਦਿਆਂ- ਦਾ ਇੱਕ ਉੱਚ ਸਮਾਜੀ ਵਰਗ ਖੜਾ ਕਰ ਦਿੱਤਾ, ਜਿਸ ਦੀਆਂ ਸਰੀਰੀ ਤੇ ਘਰੋਗੀ ਲੋੜਾਂ ਵਾਸਤੇ ਪਹਿਨਣ ਤੇ ਖਾਣ ਹੰਡਾਉਣ ਦੀਆਂ ਵਸਤਾਂ, ਰਾਜ ਦਰਬਾਰੀ ਸਜ ਸਜਾਵਟਾਂ ਵਾਸਤੇ ਮਾਲ ਅਸਬਾਬ, ਸਿਆਸੀ ਸਮਾਜੀ ਤੇ ਫੌਜੀ ਲੋੜਾਂ ਵਾਸਤੇ ਸਾਜ਼ ਸਮਾਨ ਤੇ ਹਥਿਆਰ ਪੱਤਾ ਤਿਆਰ ਕਰਨ ਲਈ ਏਸ ਵਰਗ ਦੇ ਪ੍ਰਧਾਨ ਨਗਰਾਂ ਵਿੱਚ ਦਸਤਕਾਰੀ ਬਹੁਤ ਵਧ ਚੁੱਕੀ ਸੀ। ਲੁਹਾਰਾਂ, ਤਰਖਾਣਾਂ, ਜੁਲਾਹਿਆਂ, ਲਲਾਰੀਆਂ, ਤੰਬੋਲੀਆਂ, ਦਰਜ਼ੀਆਂ, ਮੋਚੀਆਂ, ਸੁਨਿਆਰਿਆਂ, ਮੁਨਿਆਰਾਂ, ਸਰਾਫ਼ਾਂ ਆਦਿ ਤੇ ਹੋਰ ਅਨੇਕ ਪ੍ਰਕਾਰ ਦੇ ਕੰਮ ਕਾਰ ਤੇ ਇਹਨਾਂ ਦੇ ਕੰਮਾਂ ਨਾਲ ਸਬੰਧਤ ਹੋਰ ਲਾਗੜ ਭੋਗੜ ਕਾਰਵਿਹਾਰ ਬੜੇ ਵਧ ਗਏ। ਇਹ ਦਸਤਕਾਰੀ ਦਾ ਤਿਆਰ ਕੀਤਾ ਹੋਇਆ ਮਾਲ ਵੇਚਣ ਵਟਾਉਣ ਲਈ ਦੁਕਾਨਦਾਰ ਤੇ ਵਪਾਰੀ ਉੱਠ ਖਲੋਤੇ। ਏਸ ਤਰ੍ਹਾਂ ਵਾਹੀ ਦੇ ਨਾਲ਼-ਨਾਲ਼ ਸ਼ਹਿਰੀ ਨਗਰਾਂ ਅੰਦਰ ਗ਼ੈਰ ਜ਼ਮੀਨੀ ਪੈਦਾਵਾਰ ਦਾ ਵੱਖਰਾ ਅੰਗ ਉੱਨਤ ਹੋ ਤੁਰਿਆ। ਏਸ ਰਾਜ ਕਾਜ, ਸਨਅਤ ਤੇ ਵਪਾਰ ਦੇ ਕੰਮਾਂ-ਕਾਰਾਂ ਵਿੱਚ ਤਾਕ ਹੋਣ ਲਈ ਸਿੱਖਿਆ ਤੇ ਵਿੱਦਿਆ ਦੀ ਪ੍ਰਾਪਤੀ ਤੁਰ ਪਈ, ਜਿਸ ਨੇ ਸ਼ਹਿਰੀ ਉੱਚ ਵਰਗ ਵਿੱਚ ਸਿੱਖਿਆਵਾਨਾਂ, ਗਿਆਨੀਆਂ ਤੇ ਵਿੱਦਿਆਵਾਨਾਂ ਦਾ ਸੋਚਵਾਨ ਤਬਕਾ ਪੈਦਾ ਕਰ ਦਿੱਤਾ। ਇਸਕੰਦਰੀਆ, ਦਮਿਸ਼ਕ, ਬਗਦਾਦ, ਕੂਫਾ, ਬਸਰਾ, ਸੀਰਾਜ਼ ਤੇ ਬਲਖ ਆਦਿ ਨਗਰ ਵਿੱਦਿਆ ਤੇ ਸਿੱਖਿਆ ਕੇਂਦਰ ਬਣ ਗਏ। ਏਸ ਉੱਨਤ ਵਰਗ ਨੂੰ ਇਸਲਾਮ ਦੀ ਰਾਜ ਕੇਂਦਰਤਾ ਅੰਦਰ ਆਪਣੇ ਸਥਾਨਕ ਸੱਭਿਆਚਾਰ, ਲੋਕਤਾ ਤੇ ਜਾਇਦਾਦ ਦੇ ਰਿਸ਼ਤਿਆਂ ਨੂੰ ਗਵਾ ਕੇ ਵਧਣਾ ਫੁੱਲਣਾ ਔਖਾ ਸੀ। ਉਹ ਆਪਣੀ ਆਪਣੀ ਦੇਸੀ ਰਾਜਸੱਤ੍ਹਾ ਹੇਠ ਹੀ ਅਜਿਹਾ ਕਰ ਸਕਦਾ ਸੀ। ਇਹ ਔਖ ਨਵੇਂ ਛਾਏ ਇਸਲਾਮ ਅੰਦਰ ਸਿਆਸੀ ਤੇ ਧਰਮੀ ਖਹਿ ਬਣ ਤੁਰਿਆ। ਖਵਾਰਜ (ਖਿਲਾਫਤ ਤੋਂ ਨਾਬਰ) ਹਸਨ ਬਸਰੀ ਤੇ ਅਬੂ ਬਿਨ ਆਦਿਮ ਆਦਿ ਏਸ ਖਹਿ ਦੀ ਤਸਵੀਰ ਹਨ। ਇਹਨਾਂ ਨੂੰ ਆਪੋ-ਆਪਣੀ ਦੇਸੀ ਮਾਲਕ ਜਮਾਤ ਦੇ ਵਿਅਕਤੀ ਹੋਣ ਦੇ ਨਾਤੇ ਇਸਲਾਮੀ ਰਾਜਸੱਤ੍ਹਾ ਅੰਦਰ ਆਪਣੀ ਦੇਸਤਾ ਮਨਵਾਉਣ ਦੀ ਇਤਿਹਾਸਕ ਲੋੜ ਸੀ।

ਖਿਲਾਫਤ ਤੇ ਦੇਸਤਾ ਦੀ ਇਹ ਖਹਿ ਸਭ ਤੋਂ ਪਹਿਲਾਂ ਮੁਆਵੀਆਂ ਦੇ ਅਲੀ ਵਿਚਾਲ਼ੇ ਮੱਚ ਪਈ ਖਿਲਾਫਤੀ ਲੜਾਈ ਤੋਂ ਇਰਾਕੀ ਕਬੀਲਿਆਂ ਦੇ ਸਰਦਾਰਾਂ ਵਿੱਚ ਖਿਲਾਫਤ ਦਾ ਵਿਰੋਧ ਹੋ ਤੁਰੀ, ਜੋ ਖਵਾਰਜਾਂ (ਆਕੀਆਂ) ਦੀ ਬਕਾਇਦਾ ਹਥਿਆਰਬੰਦ ਬਗਾਵਤ ਬਣ ਕੇ ਹਾਰਦੀ ਜਿੱਤਦੀ ਦਸਵੀਂ ਸਦੀ ਤੱਕ ਚਲਦੀ ਰਹੀ।

ਏਸ ਖਹਿ ਦਾ ਅਧਿਆਤਮਕ ਰੂਪ ਸੋਚਵਾਨਾਂ ਦਾ ਦਰਵੇਸ਼ਪੁਣਾ ਸੀ। ਇਹਨਾਂ ਸੋਚਵਾਨਾਂ ਲਈ ਗੁਲਾਮ ਦੇਸਾਂ ਦੇ ਲੋਕਾਂ ਵਿੱਚ ਆਪਣੀ ਮਾਨਤਾ ਦੀ ਉਪਾਸ਼ਨਾ ਕਰਵਾਉਣ ਲਈ ਸਮੇਂ ਦੇ ਸਦਾਚਾਰਕ ਵਾਤਾਵਰਣ ਅਨੁਸਾਰ ਰਾਜਧਰਮੀ (ਬੀਓਕਰੈਟ) ਅਧਿਕਾਰੀਆਂ ਨਾਲੋਂ ਵਧੇਰੇ ਹਠੀ ਤਪੀ ਤੇ ਨੇਮੀ ਕਰਮੀ ਬਣਨ ਦੇ ਨਾਲ਼-ਨਾਲ਼ ਕੋਈ ਅਲੋਕਾਰ ਹਸਤੀ ਹੋ ਕੇ ਵਿਖਾਉਣਾ ਜਰੂਰੀ ਸੀ। ਉਹਨਾਂ ਨੇ ਖੁਦਾ ਦੀ ਇੱਕਲੇਰਤਾ ਵਿੱਚ ਆਪਣੀ ਦ੍ਰਿੜਤਾ ਦਰਸਾਉਣ ਲਈ ਬਹਿਲੋਲ ਬਿਨ ਜ਼ੁਆਇਬ ਦਾ ਖੁਦਾ ਦੇ ਇਸ਼ਕ ਵਿੱਚ ਘਰ ਘਾਟ ਤਿਆਗ ਕੇ ਦਰਵੇਸ਼ੀ ਧਾਰਨ ਤੇ ਕਸ਼ਟਾਂ ਭਰੀ ਤਪੱਸਿਆ ਕਮਾਉਣ ਵਾਲਾ ਰਾਹ ਫੜਿਆ।

ਬਹਿਲੋਲ ਮੁਹੰਮਦ ਤੋਂ ਜ਼ਰਾ ਅਗੇਤਰਾ ਹੋਇਆ ਹੈ। ਉਹ ਅਰਬ ਤਾਂ ਸੀ ਪਰ ਮੁਸਲਮਾਨ ਨਹੀਂ ਸੀ। ਉਹ ਅਵੁੱਨਤ ਟੱਪਰੀਵਾਸ ਅਰਬ ਕਬੀਲਿਆਂ ਦੇ ਬੁੱਤਾਂ ਵਿੱਚ ਆਕਾਰੇ ਹੋਏ ਭਿੰਨ ਭਿੰਨ ਖੁਦਾਵਾਂ ਉੱਤੇ ਆਪਣੇ ਕਲਪਿਤ ਅਦਿਸ ਖੁਦਾ ਦੀ ਪ੍ਰਮੁੱਖਤਾ, ਜਾਬਰਤਾ, ਬਲਵਾਨਤਾ, ਭਿਆਣਕਤਾ ਤੇ ਕਠੋਰਤਾ ਜਤਾਉਣ ਲਈ ਮਦੀਨੇ ਲਾਗਲੇ ਪਹਾੜਾਂ ਦੀ ਇੱਕ ਗੁਫਾ ਵਿੱਚ ਕਈ ਸਾਲ ਦੋਸ਼ੀਆਂ ਵਾਂਗ ਸੰਗਲ਼ਾਂ ਨਾਲ਼ ਪੁੱਠੇ ਪਾਸੇ ਹੱਥ ਬੰਨ੍ਹਕੇ ਬੇੜੀਆਂ ਵਿੱਚ ਜਕੜਿਆ ਖੁਦਾ ਤੋਂ ਆਪਣੇ ਗੁਨਾਹਾਂ ਦੀ ਮਾਫੀ ਲਈ ਵਿਰੜੇ ਕਰ ਕਰ ਰੱਬ ਦੀ ਆਰਾਧਣਾ ਕਰਦਾ ਰਿਹਾ। (4) ਉਸ ਦੇ ਏਸ ਤਪ ਦੀ ਮਦੀਨੇ ਦੇ ਉਦਾਲੇ ਪੁਦਾਲੇ ਕਬੀਲਿਆਂ ਤੇ ਲੋਕਾਂ ਵਿੱਚ ਮਚੀ ਧੁੰਮ ਤੇ ਖੁਦਾ ਦੀ ਬਿਨਾਂ ਸ਼ਰੀਕੇ ਸਰਵੋਤਮਤਾ ਮੰਨਣ ਦਾ ਪੈਦਾ ਕੀਤਾ ਹੋਇਆ ਵਾਤਾਵਰਣ, ਮੁਹੰਮਦ ਦੇ ਬੜਾ ਕੰਮ ਆਇਆ, ਜਦ ਉਸ ਨੂੰ ਮੱਕੇ ਤੋਂ ਹਿਜ਼ਰਤ ਕਰਕੇ ਮਦੀਨੇ ਆਉਣਾ ਪਿਆ ਤਾਂ ਸਭ ਤੋਂ ਪਹਿਲਾਂ ਮਦੀਨੇ ਵਾਲ਼ਿਆਂ ਉਸ ਦੇ ਖੁਦਾ ਨੂੰ ਮੰਨ ਕੇ ਉਸਦਾ ਇਸਲਾਮ ਕਬੂਲਿਆ, ਜਿਨ੍ਹਾਂ ਨੂੰ ਨਾਲ ਲੈ ਕੇ ਉਸਨੇ ਮੱਕਾ ਫਤਿਹ ਕੀਤਾ।

ਇਹਨਾਂ ਗੈਰ-ਅਰਬੀ ਸੋਚਵਾਨਾਂ ਨੇ ਇਸਲਾਮ ਵਿੱਚ ਆਪਣੀ ਸ਼ਰਧਾ ਦੀ ਪਕਿਆਈ ਪੇਸ਼ ਕਰਨ ਲਈ ਬਹਿਲੋਲ ਦੀ ਕਸ਼ਟਾਂ ਭਰੀ ਤਪੱਸਿਆ ਨੂੰ ਆਪਣੇ ਦਰਵੇਸ਼ੀ ਜੀਵਨ ਦੀ ਪਹਿਲੀ ਮੰਜ਼ਿਲ ਮਿੱਥਿਆ ਤਾਂ ਜੋ ਉਹ ਰੱਬ ਦੇ ਪਿਆਰੇ ਬਣਕੇ ਉੱਤਮ ਪੁਰਸ਼ ਮੰਨੇ ਜਾਣ। ਅਜਿਹੇ ਸੋਚਵਾਨ ਪੁਰਸ਼ ਸੂਫੀ ਅਖਵਾਏ ਉਹਨਾਂ ਦਾ ਇਸ ਤਰ੍ਹਾਂ ਔਖੇ ਹੋ ਕੇ ਰੱਬ ਦੀ ਭਗਤੀ ਕਮਾਉਣ ਵਾਲ਼ਾ ਬਹਿਲੋਲੀ ਰਾਹ ਪਦਾਰਥਕ ਰੂਪ ਵਿੱਚ ਲੋਕ ਮਾਨਤਾ ਤੇ ਸਨਮਾਨਤਾ ਪ੍ਰਾਪਤ ਕਰਨ ਵਾਸਤੇ ਸੀ। ਏਸ ਪੰਜਾਬ ਦੇ ਮਸ਼ਹੂਰ ਪੁਰਾਤਨ ਕਵੀ ਹਾਸ਼ਮ ਨੇ ਵੀ ਇਹੀ ਨਿਰਨਾ ਕੀਤਾ ਹੈ :

”ਸੁਖ ਅਰਾਮ, ਜਗਤ ਵਿੱਚ ਸੋਭਾ ਅਤੇ ਵੇਖ ਹੋਵੇ ਜਗ ਰਾਜ਼ੀ”

ਇਰਾਕ ਦਾ ਅਬੂ ਲਬਾਬਾ ਬਿਨ ਹਾਸ਼ਮ ਸਭ ਤੋਂ ਪਹਿਲਾ ਸੂਫੀ(5) ਹੋਇਆ ਜੋ ਮੁਹੰਮਦ ਤੋਂ 52 ਸਾਲ ਬਾਅਦ (686 ਵਿੱਚ) ਮਰਿਆ। ਉਸ ਨੇ ਕੁਰਾਨ ਦੇ ਉਸ ਬੁਨਿਆਦੀ ਨਿਸਚੇ ਦਾ ਵਿਰੋਧ ਕੀਤਾ, ਜੋ ਇਸਾਈਆਂ ਦੇ ਵੇਲ਼ੇ ਤੋਂ ਚਲੇ ਆ ਰਹੇ ਪਾਦਰੀਆਂ ਪਾਸੋਂ ਨਿੱਜੀ ਗੁਨਾਹ ਬਖਸ਼ਾਉਣ ਦੀ ਸੋਧ ਵਾਸਤੇ ਧਾਰਨ ਕੀਤਾ ਗਿਆ ਸੀ। ਜਿਸ ਅਨੁਸਾਰ ਕਿਆਮਤ ਦੇ ਦਿਨ ਤੱਕ ਮਰ ਚੁੱਕੇ ਸਾਰੇ ਮੁਸਲਮਾਨਾਂ ਨੂੰ ਰੱਬ ਨੇ ਕਬਰਾਂ ਵਿੱਚੋਂ ਉਠਾ ਕੇ ਉਹਨਾਂ ਦੇ ਚੰਗੇ ਮੰਦੇ ਕਰਮਾਂ ਮੁਤਾਬਿਕ ਬਹਿਸ਼ਤ ਦੇ ਸੁੱਖ ਜਾਂ ਦੋਜ਼ਖ ਦੇ ਤਸੀਹੇ ਭੁਗਤਾਉਣੇ ਹਨ। ਉਹ ਬਹਿਲੋਲ ਵਾਂਗ ਮਦੀਨੇ ਦੀ ਮਸੀਤ ਵਿੱਚ ਆਪ ਨੂੰ ਕਈ ਸਾਲ ਇੱਕ ਥੰਮ ਨਾਲ਼ ਬੰਨ੍ਹਕੇ ਕਿਆਮਤ ਨੂੰ ਉਡੀਕੇ ਬਗੈਰ ਰੱਬ ਪਾਸੋਂ ਆਪਣੇ ਗੁਨਾਹਾਂ ਦੀ ਬਖਸ਼ਿਸ਼ ਮੰਗਦਾ ਰਿਹਾ। ਆਖਰ ਜਦ ਉਸਦੇ ਰੱਬ ਨਾਲ਼ ਇਸ਼ਕ ਕਰਨ ਦੇ ਏਸ ਕਰੜੇ ਚੇਲੇ ਦੀਆਂ ਲੋਕਾਂ ਵਿੱਚ ਵਾਰਾਂ ਫਿਰ ਗਈਆਂ ਤਾਂ ਉਸਨੇ ”ਰੱਬ ਮਿਲ਼ ਗਿਆ” ਦਾ ਐਲਾਨ ਕਰਕੇ ਦਰਵੇਸ਼ੀ ਧਾਰ ਲਈ ਤੇ ਇਰਾਕੀਆਂ ਵਿੱਚ ਇਸਲਾਮ ਫੈਲਾਉਣ ਦਾ ਕੰਮ ਆਰੰਭ ਦਿੱਤਾ। ਇਸ ਤੋਂ ਅੱਗੇ ਹਰ ਸੂਫੀ, ਲੋਕਾਂ ਕੋਲ਼ ਆਪਣੇ ਗੁਨਾਹਾਂ ਦੀ ਮਾਫ਼ੀ ਦੀ ਸਫਾਈ ਪੇਸ਼ ਕਰਨ ਲਈ ਲੁਬਾਬੇ ਵਾਲ਼ੇ ਤੁਰਦਾ ਰਿਹਾ।

ਬਸਰੇ ਦੀ ਮਸ਼ਹੂਰ ਸੂਫੀ ਸ੍ਰੀਮਤੀ ਰਾਬਿਆ ਨੇ ਵੀ ਮੁਹੰਮਦ ਦੇ ਪਿਆਰ ਨਾਲ਼ੋਂ ਰੱਬ ਨਾਲ਼ ਆਪਣੇ ਇੱਕਲਕਤੇ ਪਿਆਰ ਨੂੰ ਤਰਜੀਹ ਦਿੰਦਿਆ ਹੋਇਆ, ਬਹਿਸ਼ਤੀ ਨਿਸਚੇ ਤੋਂ ਸਾਫ ਇਨਕਾਰ ਕਰ ਦਿੱਤਾ ਸੀ।

”ਮੈਨੂੰ ਨਾ ਦੋਜ਼ਖ ਦਾ ਡਰ ਹੈ ਤੇ ਨਾ ਬਹਿਸ਼ਤ ਦੀ ਆਸ। ਮੈਂ ਮੁਹੰਮਦ ਨੂੰ ਨਹੀਂ ਪਿਆਰ ਕਰ ਸਕਦੀ, ਕਿਉਂਕਿ ਰੱਬ ਦੇ ਪਿਆਰ ਵਿੱਚ ਐਨੀ ਮੱਤੀ ਹੋਈ ਹਾਂ ਕਿ ਕਿਸੇ ਹੋਰ ਦੀ ਮੁਹੱਬਤ ਜਾਂ ਨਫਰਤ ਮੇਰੇ ਦਿਲ ਵਿੱਚ ਨਹੀਂ ਰਹੀ। (6)

ਪ੍ਰਿਥਮ ਸੂਫੀਆਂ ਦੀ ਆਪਣੇ ਗੁਨਾਹਾਂ ਦੀ ਮਾਫੀ ਲਈ ਕਿਆਮਤ ਦੀ ਉਡੀਕ ਨੂੰ ਮਾਰੀ ਹੋਈ ਲੱਤ ਅਗਲੇ ਸੂਫੀਆਂ ਨੂੰ ਸਾਰੀ ਸ਼ਰਾਅ ਤੋਂ ਹੀ ਉਪਰਾਮਤਾ ਵੱਲ ਲੈ ਗਈ। ਮਨਸੂਰ ਅਲਹਾਜ (923) ਨੇ ਤਾਂ ਅਨਲਹੱਕ (ਮੈਂ ਹੀ ਸੱਚ ਹਾਂ) ਦਾ ਨਾਅਰਾ ਦੇ ਦਿੱਤਾ ਤੇ ਉਮਰ ਖਿਆਮ ਤਾਂ ਰਾਬਿਆਂ ਨਾਲ਼ੋਂ ਵੀ ਅੱਗੇ ਲੰਘ ਤੁਰਿਆ। ਉਸ ਨੇ ਸ਼ਰਾਅ ਦੇ ਬਹਿਸ਼ਤੀ ਸੁੱਖਾਂ ਦੇ ਲਾਏ ਹੋਏ ਲਾਰਿਆਂ ਨੂੰ ਹਵਾ ਵਿੱਚ ਉਡਾ ਦਿੱਤਾ। ਆਪਣੀਆਂ ਰੁਬਾਈਆਂ ਵਿੱਚ ਲਿਖਦਾ ਹੈ :

”ਮੈਨੂੰ ਸ਼ਰਾਬ ਦੀਆਂ ਨਹਿਰਾਂ ਤੇ ਹੂਰਾਂ ਦੇ ਬਹਿਸ਼ਤੀ ਹੁਦਾਰ ਨਾਲ਼ੋਂ ਏਥੇ ਨਕਦ ਇੱਕ ਘੁੱਟ ਤੇ ਇੱਕ ਚੁੰਮਾਂ ਚੰੰਗਾ ਹੈ।”

ਏਸ ਤੋਂ ਇਲਾਵਾ ਸੂਫੀ ”ਰੱਬ ਦੇ ਹਰ ਥਾਂ, ਹਰ ਪਾਸੇ  ਤੇ ਹਰ ਜੀ” ਵਿੱਚ ਹੋਣ ਦੀ ਅਵਾਜ਼ ਦੇ ਰਹੇ ਸਨ।

ਸੂਫੀਆਂ ਦੀ ਇਸਲਾਮ ਸੁਧਾਰਤਾ ਦੀ ਏਸ ਅਧਿਆਤਮਕਤਾ ਦਾ ਪਦਾਰਥਕ ਮਤਲਬ ਸੀ, ਕਿ ਅਰਬਾਂ ਨੇ ਖੁਦਾ ਦਾ ਘਰ ਕਾਅਬੇ ਵਿੱਚ ਹੀ ਰੀਜ਼ਰਵ ਨਹੀਂ ਕਰ ਲਿਆ। ਇਸਲਾਮ ਦੇ ਹਰ ਥਾਂ ਤੇ ਹਰ ਪਾਸੇ ਪਸਰ ਜਾਣ ਕਰਕੇ ਤੇ ਗੈਰ ਅਰਬੀ ਲੋਕਾਂ ਦੇ ਮੁਸਲਮਾਨ ਹੋ ਜਾਣ ਨਾਲ ਅਰਬ ਰਾਜ ਦਾ ਹਰ ਥਾਂ, ਹਰ ਪਾਸਾ ਤੇ ਹਰ ਜੀ ਖੁਦਾ ਦੀ ਖੁਦਾਈ (ਇਸਲਾਮਸਤਾ) ਵਿੱਚ ਭਾਈਵਾਲ ਹੋਣ ਦਾ ਹੱਕਦਾਰ ਹੋ ਗਿਆ ਹੈ। ਸਿਆਸੀ ਅਰਥਾਂ ਵਿੱਚ ਇਹ ਖੁਦਾ ਤੇ ਏਸਦੇ ਇਸਲਾਮ ਨੂੰ ਮੰਨਦਿਆਂ ਹੋਇਆ ਕਾਅਬੇ ਤੇ ਖਿਲਾਫਤ ਤੋਂ ਦੇਸੀ ਧਰਮੀ ਤੇ ਰਾਜਸੀ ਖੁਦਮੁਖਤਿਆਰੀ ਸੀ।

ਇਸਲਾਮ ਦੀ ਧਰਮੀ ਤੇ ਰਾਜਸੀ ਸਤਿਆ ਨੂੰ ਖਿਲਾਫਤੀ ਕੇਂਦਰ ਉਦਾਲੇ ਸੀਮਤ ਰੱਖਣ ਦੀ ਕੱਟੜਤਾ ਦੀ ਏਸ ਵਿਰੋਧੀ ਸੋਧ ਨੂੰ ਲੈ ਕੇ ਉਹਨਾਂ ਆਪਣੇ ਆਪਣੇ ਦੇਸ ਦੇ ਸ਼ਾਹਜ਼ਾਦਿਆਂ, ਕਬੀਲਿਆਂ ਦੇ ਸਰਦਾਰਾਂ (ਫ਼ਰੀਦ(7) ਦੀ ਜ਼ਬਾਨ ਵਿੱਚ ”ਅਗਲੇ ਆਟੇ ਵਾਲਿਆਂ”), ਸ਼ਹਿਰਾਂ ਦੇ ਵਪਾਰੀਆਂ ਤੇ ਅਮੀਰ ਦਸਤਕਾਰਾਂ ਅਤੇ ਵਿੱਦਿਆਵਾਨਾਂ ਨੂੰ ਇਸਲਾਮ ਵਿੱਚ ਲਿਆਉਣ ਲਈ ਪਹਿਲਾਂ ਫਿਰ-ਤੁਰਕੇ (ਦਰਵੇਸ਼ ਬਣਕੇ) ਤੇ ਮੁੜ ਆਪਣੀਆਂ ਬਣਾ ਲਈਆਂ ਹੋਈਆਂ ਦਰਗਾਹਾਂ ਵਿੱਚ ਟਿਕ ਕੇ ਪ੍ਰਚਾਰ ਸ਼ੁਰੂ ਕੀਤਾ। ਅਰਬੀ ਤਲਵਾਰੀ ਜਿੱਤਾਂ ਨੇ ਗੁਲਾਮ ਕਰ ਲਏ ਗਏ ਲੋਕਾਂ ਉੱਤੇ ਇਸਲਾਮ ਦੇ ਅਜਿੱਤ ਤੇ ਬਲਵਾਨ ਹੋਣ ਦਾ ਪ੍ਰਭਾਵ ਤਾਂ ਪੈਦਾ ਕਰ ਹੀ ਦਿੱਤਾ ਸੀ। ਏਸ ਦੇ ਨਾਲ਼ ਸੂਫੀਆਂ ਦੇ ਬਿਨਾਂ ਤਲਵਾਰੋਂ ਇਸਲਾਮੀ ਪ੍ਰਚਾਰ ਨੇ ਅਤੇ ਇਸਲਾਮ ਦੀ ਜਮਾਤੀ ਵਰਨਾਂ ਦੀ ਸਮਾਜੀ ਤੌਰ ‘ਤੇ ਬਰਾਬਰੀ ਨੇ ਜਿੱਤੀਆਂ ਹੋਈਆਂ ਗੈਰ-ਮੁਸਲਿਮ ਸ਼ਹਿਨਸ਼ਾਹੀਆਂ ਹੇਠੋਂ ਅਜ਼ਾਦ ਹੋਏ ਆਵੁਨਤ ਕਬੀਲਿਆਂ ਦੇ ਸਰਦਾਰਾਂ ਤੇ ਸ਼ਹਿਰੀ ਕਿੱਤੇਦਾਰਾਂ ਉੱਤੇ ਬੜਾ ਅਸਰ ਪਾਇਆ। ਉਹ ਧੜਾਧੜ ਮੁਸਲਮਾਨ ਹੋਣ ਲੱਗ ਪਏ। ਇਸਲਾਮੀ ਤਲਵਾਰ ਦੀ ਵਾਢ ਦੇ ਪ੍ਰਚਾਰ ਬਾਰੇ ਵਿਲੀਅਮ ਹੰਟਰ ਨੇ ਆਪਣੀ ਕਿਤਾਬ ”ਇੰਡੀਅਨ ਮੁਸਲਮਾਨ” ਵਿੱਚ ਲਿਖਿਆ ਹੈ। ਸਫਾ 70-71

”ਇਹਨਾਂ ਦਾ ਸਾਰਾ ਜ਼ੋਰ ਮਜ਼ਹਬ ਦੇ ਪ੍ਰਚਾਰ ‘ਤੇ ਲੱਗਾ ਹੋਇਆ ਸੀ। ਉਹ ਇਰਾਨ ਵਿੱਚ ਰੱਬ ਦੇ ਵਿਰੋਧੀ ਸ਼ੈਤਾਨ ਨੂੰ ਫਤਿਹ ਤੇ ਹਿੰਦੁਸਤਾਨ ਵਿੱਚ ਰੱਬ ਦੀ ਇੱਕਤਾ ਨੂੰ ਬਹਾਲ ਕਰਨ ਲਈ ਜੁਟੇ ਹੋਏ ਸਨ……।”

ਸੂਫੀਆਂ ਦੀ ਇਸਲਾਮ ਅੰਦਰ ਕੋਈ ਆਪਣੀ ਜਥੇਬੰਦੀ ਜਾਂ ਜਮਾਤ ਨਹੀਂ ਸੀ। ਉਹ ਬੜੇ ਕਰੜੇ ਇੱਕਲਕਤੇ ਮੁਸਲਿਮ ਸੰਤ(8) ਸਨ। ਅਸਲ ਵਿੱਚ ਉਹ ਇਸਾਈਆਂ ਦੇ ਮਾਂਕਾਂ (Monks ਸਾਧਾਂ) ਦੀ ਇਸਲਾਮੀ ਨਕਲ ਸਨ, ਜਿਨ੍ਹਾਂ ਚਰਚ ਤੋਂ ਬਾਗੀ ਹੋ ਕੇ ਫਕੀਰੀ ਬਾਣਾ ਪਾ ਲਿਆ ਤੇ ਪਾਦਰੀਆਂ ਤੋਂ ਬਾਹਰੇ ਹੋ ਕੇ ਇਸਾਈ ਮਤ ਦਾ ਪ੍ਰਚਾਰ ਕਰਨ ਲੱਗ ਪਏ। ਮਾਂਕਾਂ ਨੇ ਆਪਣੇ ਮਿਲ਼ ਬਹਿਣ ਤੇ ਰਹਿਣ ਲਈ ਗਿਰਜਿਆਂ ਦੇ ਮੁਕਾਬਲੇ ਤੇ ਮੋਨੈਸਟਰੀਆਂ (ਮੱਠਾਂ) ਬਣਾ ਲਈਆਂ ਸਨ। ਐਨ ਏਸੇ ਤਰ੍ਹਾਂ ਮੁਸਲਿਮ ਸੂਫੀਆਂ ਨੇ ਇਸਲਾਮੀ ਧਰਮ ਨੇਮ ਦੇ ਪਾਬੰਧ ਰਹਿੰਦੇ ਹੋਏ ਕਾਜ਼ੀਆਂ ਤੋਂ ਪਰੋਖੇ ਹੋ ਕੇ ਜਿੱਤੇ ਹੋਏ ਦੇਸ਼ਾਂ ਵਿੱਚ ਇਸਲਾਮੀ ਪਸਾਰ ਲਈ ਦਰਵੇਸ਼ੀ ਧਾਰ ਲਈ ਤੇ ਆਪੋ ਆਪਣੀਆਂ ਦਰਗਾਹਾਂ ਬਣਾ ਲਈਆਂ।

ਸੂਫੀਆਂ ਨੂੰ, ਸ਼ਰੀਅਤ ਨੂੰ ਆਪਣੀਆਂ ਦੇਸੀ ਹਾਲਤਾਂ (ਹਕੀਕਤ) ਮੂਜਬ ਨਰਮਾਉਣ ਤੇ ਖ਼ੁਦਾ ਨੂੰ ਇੱਕਲਕਤੇ ਤੌਰ ‘ਤੇ ਸਿਰ ‘ਤੇ ਰੱਖਣ ਦਾ ਹੌਸਲਾ ਪ੍ਰਥਮ ਵਾਰ ਖਲੀਫਾਜੰਗੀ(9) ਤੋਂ ਹੋਇਆ ਜੋ ਖਲੀਫਿਆਂ ਨੇ ਖਿਲਾਫਤੀ ਗੱਦੀ ਪ੍ਰਾਪਤ ਕਰਨ ਵਾਸਤੇ ਆਪਸ ਵਿੱਚ ਮਚਾਈ। ਜਿਸ ਵਿੱਚ ਮੁਹੰਮਦ ਦੀ ਹੋਈ ਨਿਰਾਦਰੀ ਤੋਂ ਇਲਾਵਾ ਤਿੰਨ ਖਲੀਫੇ ਛੁਰੇਬਾਜ਼ੀ ਦਾ ਸ਼ਿਕਾਰ ਹੋਏ ਤੇ ਬੇਹੱਦ ਖੂਨ ਖਰਾਬਾ ਹੋਇਆ। ਏਸ ਖਾਨਾਜੰਗੀ ਨੇ ਇਸਲਾਮ ਅੰਦਰ ਸ਼ਰੀਕੇ ਦੀਆਂ ਕਈ ਧਰਮਧਾਰਾਂ ਚਲਾ ਦਿੱਤੀਆਂ। ਏਸ ਪਾਟੋਧਾੜ ਤੋਂ ਉਹ ਇਸਲਾਮ ਧਰਮੀ ਡਿਕਟੇਟਰੀ ਤੋਂ ਨਾਬਰ ਹੋ ਗਏ ਤੇ ਕਾਜ਼ੀ ਦੀ ਸ਼ਰੱਈ ਕੱਟੜਤਾ ਦਾ ਵਿਰੋਧ ਕਰਨ ਤੇ ਕਾਅਬੇ ਦੀ ਰੱਬੀ ਕੇਂਦਰਤਾ ਨੂੰ ਵੰਗਾਰਨ ਲੱਗ ਪਏ। ਏਸ ਵਿੱਚ ਉਹਨਾਂ ਦੀਆਂ ਦਰਗਾਹਾਂ(10) ਨੇ ਬੜਾ ਕੰਮ ਦਿੱਤਾ, ਜਿੱਥੇ ਆਲੇ ਦੁਆਲੇ ਦੇ ਇਲਾਕਿਆਂ ਤੋਂ ਉਹਨਾਂ ਦੇ ਮੁਰੀਦ (ਹੱਥੀਂ ਕੀਤੇ ਮੁਸਲਮਾਨ) ਜ਼ਿਆਰਤ (ਦਰਸ਼ਨ) ਕਰਨ ਤੇ ਸੁਖਣਾਂ ਉਤਾਰਨ ਆਉਣ ਲੱਗੇ। ਸਮਾਂ ਪਾ ਕੇ ਇਹਨਾਂ ਦਰਰਗਾਹਾਂ ਵਿੱਚ ਮੱਕੇ ਦੇ ਹੱਜ ਵਾਂਗ ਇੱਕ ਮਿੱਥੇ ਹੋਏ ਦਿਨ ‘ਤੇ ਸਲਾਨਾ ਮੇਲੇ ਲੱਗਣ ਡਹਿ ਪਏ। ਏਸ ਤਰ੍ਹਾਂ ਹਰ ਸੂਫੀ ਦੀ ਦਰਗਾਹ ਇਸਲਾਮੀ ਪਸਾਰ ਦਾ ਕੇਂਦਰ ਤੇ ਉਸ ਦੇ ਮੁਰੀਦਾਂ ਦਾ ਮੱਕੇ ਤੋਂ ਹਟਕੇ ਦੂਸਰੇ ਦਰਜੇ ਦਾ ਤੀਰਥ ਬਣ ਗਈ।

ਆਰਨਲਡ ਤੇ ਦੀਵਾਨ ਸਿੰਘ ਸੂਫੀਆਂ ਨੂੰ ਦੋ ਕਾਲਾਂ ਵਿੱਚ ਵੰਡਦੇ ਹਨ। ਸੱਤਵੀਂ ਤੋਂ ਨੌਵੀਂ ਸਦੀ ਤੱਕ, ਤਿੰਨ ਸੌ ਸਾਲ ਦਾ ਪਹਿਲਾ ਕਾਲ ਤੇ ਦਸਵੀਂ ਤੋਂ ਚੌਧਵੀਂ ਸਦੀ ਤੱਕ ਚਾਰ ਸੌ ਸਾਲ ਦਾ ਦੂਜਾ ਕਾਲ। ਪਹਿਲੇ ਕਾਲ ਦੇ ਸੂਫੀ ਸਥਾਨਕਤਾ, ਕਾਜ਼ੀ ਤੋਂ ਪਰੋਖੇ ਹੋ ਕੇ ਰੱਬ ਨੂੰ ਧਿਆਉਣ ਦੀ ਇੱਕਲਕਤੀ ਧਾਰਮਕ ਖੁਦਅਖਤਿਆਰੀ ਅਤੇ ਬਹਿਸ਼ਤ ਦੇ ਸੁੱਖਾਂ ਤੇ ਦੋਜ਼ਖ ਦੇ ਦੁੱਖਾਂ ਤੋਂ ਉਪਰਾਮਤਾ ਤਾਂ ਮੰਗਦੇ ਰਹੇ, ਪਰ ਸ਼ਰਾਅ ਦੀ ਡਟਵੀਂ ਵਿਰੋਧਤਾ ਕਰਨੋਂ ਝਕਦੇ ਰਹੇ। ਅਸਲੀ ਸੂਫੀਧਾਰਾ ਦਸਵੀਂ ਸਦੀ ਵਿੱਚ ਆ ਕੇ ਤੁਰੀ, ਜਦ ਇਸਲਾਮੀ ਰਾਜ ਅੰਦਰ ਦਸਤਕਾਰੀ, ਵਪਾਰ ਤੇ ਇਹਨਾਂ ਕਿੱਤਿਆਂ ਵਾਸਤੇ ਲੋੜੀਂਦੀ ਸਿੱਖਿਅ ਵਿੱਦਿਆ ਨੇ ਕਾਫੀ ਉੱਨਤੀ ਕਰ ਲਈ। ਅਗਲੇ ਚਾਰ ਸੌ ਸਾਲਾਂ ਵਿੱਚ ਇਹ ਇਸਲਾਮ ਦੇ ਜਿੱਤੇ ਹੋਏ ਏਸ਼ੀਆਈ ਤੇ ਅਫਰੀਕੀ ਦੇਸਾਂ ਵਿੱਚ ਬਹੁਤ ਚਮਕੀ ਤੇ ਵਧੀ ਫੁੱਲੀ। ਉਪਰੰਤ ਆਪਣੀ ਪਦਾਰਥਕ ਮਨਸ਼ਾ ਪੂਰੀ ਹੋ ਜਾਣ ‘ਤੇ ਚੌਧਵੀਂ ਸਦੀ ਵਿੱਚ ਮੱਠੀ ਪੈਣ ਲਗ ਪਈ ਤੇ ਅਗਲੇ ਕਾਲ ਵਿੱਚ ਕੇਵਲ ਨਾਮ ਘੜੀਸ ਹੀ ਰਹਿ ਗਈ।

ਪਹਿਲੇ ਪਹਿਲ ਇਸਲਾਮ ਦੇ ਕੇਂਦਰੀ ਹਾਕਮਾਂ ਨੂੰ ਸੂਫੀਆਂ ਦਾ ਕੰਮ ਚੰਗਾ ਨਾ ਲੱਗਾ। ਕਈ ਬੜਬੋਲੇ ਸੂਫੀਆਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਤੇ ਕਈਆਂ ਨੂੰ ਦੇਸ ਨਿਕਾਲ਼ਾ ਦਿੱਤਾ ਗਿਆ। ਪਰ ਅਖੀਰ ਜਦ ਇਹਨਾਂ ਦਾ ਕੰਮ ਇਸਲਾਮ ਦੇ ਪਸਾਰ ਦੇ ਪੈਰ ਜਮਾਉਣ ਲਈ ਤਲਵਾਰੀ ਰਾਹ ਨਾਲੋਂ ਵਧੇਰੇ ਲਾਹੇਵੰਦ ਨਿੱਕਲ਼ਿਆ ਤਾਂ ਉਹ ਨਾ ਕੇਵਲ ਏਸ ਨੂੰ ਬਰਦਾਸ਼ਤ ਕਰਨ ਲੱਗ ਪਏ, ਸਗੋਂ ਉਹਨਾਂ ਇਹਨਾਂ ਦੀ ਸਰਕਾਰੀ ਸਹਾਇਤਾ ਕਰਨੀ ਆਰੰਭ ਕਰ ਦਿੱਤੀ। ਜਿੱਤੇ ਹੋਏ ਦੇਸਾਂ ਅੰਦਰਲੇ ਗੈਰਅਰਬ ਨੌ ਮੁਸਲਿਮ ਸ਼ਾਹਜ਼ਾਦਿਆਂ, ਸਰਦਾਰਾਂ ਤੇ ਸ਼ਹਿਰੀ ਕਾਰ ਵਿਹਾਰ ਦੇ ਬੰਦਿਆਂ ਤੇ ਸਿਆਣਿਆਂ ਨੇ ਇਹਨਾਂ ਸੂਫ਼ੀਆਂ ਨੂੰ, ਜਿਨ੍ਹਾਂ ਪਿੱਛੇ ਲੱਗ ਕੇ ਉਹਨਾਂ ਇਸਲਾਮ ਕਬੂਲ ਕੀਤਾ ਸੀ, ਆਪਣਾ ਮੁਰਸ਼ਿਦ (ਪੀਰ) ਮੰਨਣਾ ਸ਼ੁਰੂ ਕਰ ਦਿੱਤਾ। ਏਸ ਤਰ੍ਹਾਂ ਸੂਫ਼ੀ ਸਰਕਾਰੀ ਪ੍ਰਥਾ ਹੋ ਤੁਰੇ। ਇਹਨਾਂ ਦੇ ਵਜ਼ੀਫੇ ਤੇ ਦਰਗਾਹਾਂ ਦੀਆਂ ਜਾਗੀਰਾਂ ਲਗ ਗਈਆਂ। ਏਥੋਂ ਤੱਕ ਕਿ ਨਵੇਂ ਬਣੇ ਸੁਲਤਾਨ ਆਪਣੇ ਨਵੇਂ ਮੱਲੇ ਇਲਾਕਿਆਂ ਵਿੱਚ ਇਸਲਾਮੀ ਪਨੀਰੀ ਲਾਉਣ ਲਈ ਸੂਫ਼ੀਆਂ ਨੂੰ ਨਾਲ ਲਿਜਾਣ ਲੱਗ ਪਏ। ਮਹਿਮੂਦ ਗ਼ਜ਼ਨਵੀ ਦਾ ਪੁੱਤਰ ਮਸਊਦ ਗ਼ਜ਼ਨਵੀ ਲਾਹੌਰ ਦਾ ਸੂਬੇਦਾਰ ਬਣ ਕੇ ਪੰਜਾਬ ਦੇ ਸਭ ਤੋਂ ਪਹਿਲੇ ਸੂਫ਼ੀ ਅਲੀ ਮਖਦੂਮ ਹੁਜਵੇਰੀ (ਦਾਤਾ ਗੰਜਬਖਸ਼) ਨੂੰ, ਜੋ ਗਜ਼ਨੀ ਦੇ ਮਹੱਲੇ ਹੁਜਵੇਰ ਦਾ ਜੰਮਪਲ਼ ਸੀ, ਸੰਨ 1020 ਵਿੱਚ ਆਪਣੇ ਨਾਲ਼ ਲਾਹੌਰ ਲਿਆਇਆ।(11) ਜਿਸ ਨੇ ਲਾਹੌਰ ਦੇ ਗੁਜ਼ਰਾਂ ਤੇ ਹੋਰ ਕਾਰ ਵਿਹਾਰੀ ਲੋਕਾਂ ਨੂੰ ਮੁਸਲਮਾਨ ਬਣਾਇਆ।

ਸ਼ਰਾਅ ਤੋਂ ਪਰੋਖੇ ਰਹਿ ਕੇ ਇਸਲਾਮ ਫੈਲਾਉਣ ਦੀ ਸੂਫ਼ੀ ਅਧਿਆਤਮਕਤਾ ਬਾਹਲੀ ਦਸਵੀਂ ਸਦੀ ਚੜ੍ਹਕੇ ਆਪਣਾ ਪਦਾਰਥਕ ਅਸਲਾ ਵਿਖਾਉਣ ਲੱਗੀ। ਜਦ ‘ਫਨਾਹ’, ‘ਹਕੀਕਤ’, ‘ਗੁਨਾਹਾਂ ਦੀ ਬਖਸ਼ੀਸ਼’ ਦੇ ਇਤਿਹਾਸਕ ਨਤੀਜੇ ਨਿੱਕਲਣ ਲੱਗੇ।

ਫਨਾਹ ਦਾ ਫਲਸਫਾ ਇਸਲਾਮ ਫੈਲਾਉਣ ਦੇ ਤਲਵਾਰੀ ਰਾਹ ਨੂੰ, ਜੋ ਜੰਗਾਂ, ਲੜਾਈਆਂ, ਕਤਲਾਮਾਂ, ਜ਼ੁਲਮਾਂ, ਧੱਕਿਆ ਤੇ ਤਬਾਹੀ ਬਰਬਾਦੀ ਦਾ ਰਸਤਾ ਸੀ, ਰੱਬ ਦੀ ਰਜਾ ਮੰਨ ਕੇ, ਕਬੂਲ ਕਰ ਲੈਣ ਦੀ ਦਲਾਲਤ ਸੀ।

ਰੱਬ ਦੇ ਹਰ ਥਾਂ, ਹਰ ਜੀ ਵਿੱਚ ਹੋਣ ਦੀ ‘ਹਕੀਕਤ’ ਦਾ ਸਿੱਟਾ ਇਹ ਨਿੱਕਲ਼ਿਆ, ਕਿ ਜਿੱਤੇ ਹੋਏ ਦੇਸਾਂ ਦੇ ਪੈਦਾਵਾਰੀ ਦੇ ਰਾਜਸੀ ਤੇ ਸਮਾਜੀ ਕਰਮਕਾਂਡਾਂ ਨੂੰ ਤੋੜ ਕੇ ਅਰਬੀ ਢੰਗ ਦਾ ਬਣਾਏ ਬਗੈਰ ਇਸਲਾਮੀ ਮੰਨ ਲਿਆ ਗਿਆ।

ਸੂਫ਼ੀਆਂ ਦੀਆਂ ਦਰਗਾਹਾਂ ਤੇ ਖਾਨਗਾਹਾਂ ਵੀ ਕਾਅਬੇ ਵਾਂਗ ਪਾਕ ਪਵਿੱਤਰ ਤੇ ਮੰਨਣਯੋਗ ਹੋ ਗਈਆਂ, ਜਿੱਥੇ ਹੋਏ ਦੇਸਾਂ ਦੇ ਕਬੀਲੀ, ਨਿਰੇ ਮੁਸਲਿਮ ਨਹੀਂ ਗੈਰ-ਮੁਸਲਿਮ, ਸਰਦਾਰਾਂ ਨੂੰ ਵੀ ਖਿਲਾਫਤ ਦੀ ਛਤਰ ਛਾਇਆ ਹੇਠ ਅਰਬੀ ਰਾਜ ਭਾਗ ਵਿੱਚ ਉੱਚੇ ਅਹੁਦੇ ਮਿਲਣ ਲੱਗ ਪਏ ਤੇ ਦੂਰ ਦੁਰਾਡੇ ਦੇਸਾਂ ਵਿੱਚ ਸਾਲਾਰੀਆਂ ਤੇ ਸੁਲਤਾਨੀਆਂ ਦਿੱਤੀਆਂ ਜਾਣ ਲੱਗੀਆਂ।

ਕਿਆਮਤ ਨੂੰ ਉਡੀਕੇ ਬਗੈਰ ”ਪੈਰ ‘ਤੇ ਹੀ ਗੁਨਾਹ ਬਖਸ਼ਾਉਣ” ਦੀ ਸੂਫ਼ੀ ਲੀਹ ਨੇ ਗੈਰ-ਅਰਬ ਮੁਸਲਿਮ, ਕਬੀਲਿਆਂ ਦੇ ਸਰਦਾਰਾਂ ਵਿੱਚ ਵੀ ਇਹ ਹਿੰਮਤ ਪੈਦਾ ਕਰ ਦਿੱਤੀ, ਕਿ ਉਹ ਖਲੀਫੇ ਤੋਂ ਸੁਲਤਾਨੀ ਦੀ ਸਨਦ ਉਡੀਕੇ ਬਗੈਰ ਪਹਿਲਾਂ ਆਪਣੇ ਫੌਜੀ ਜ਼ੋਰ ਨਾਲ਼ ਆਸੇ ਪਾਸੇ ਦੇ ਸੁਲਤਾਨਾਂ, ਖ਼ਾਨਾਂ, ਮਲਕਾਂ ਤੇ ਖ਼ਿਲਾਫਤੀ ਸੂਬੇਦਾਰਾਂ ਜਾਂ ਆਪਣੇ ਪਿਉ ਭਰਾਵਾਂ ਨੂੰ ਜਿੱਤਕੇ ਜਾਂ ਜਾਨੋ ਮਾਰ ਕੇ ਬਾਦਸ਼ਾਹ ਬਣ ਜਾਣ ਤੋਂ ਪਿੱਛੋਂ ਬਗਦਾਦ ਨੂੰ ਨਜ਼ਰਾਨੇ ਭੇਜਕੇ ਖ਼ਲੀਫੇ ਤੋਂ ਸੁਲਤਾਨਾਂ ਦੀ ਸਨਦ ਮੰਗਵਾ ਲੈਣ। ਸਬੁਕਤਗੀਨ (988), ਮਹਿਮੂਦ ਗ਼ਜ਼ਨਵੀ (997-1030) ਮਸਊਦ (1030-39) ਸਲਜੂਕੀ ਤੁਰਕ ਸਬਲਤਾਨ ਤੁਗਰੋਲ ਬੇਗ (1055), ਮੁਹੰਮਦ ਗੌਰੀ (1206) ਤੇ ਹਿੰਦੁਸਤਾਨ ਦੀਆਂ ਮੁਗਲ ਰਾਜ ਦੇ ਅੰਤ ਤੱਕ ਦੀਆਂ ਸਾਰੀਆਂ ਇਸਲਾਮ ਸ਼ਹਿਨਸ਼ਾਹੀਆਂ ਏਸੇ ਇਤਿਹਾਸਕ ਵਿਆਪਕਤਾ ਦਾ ਰੂਪ ਸਨ।

ਤੁਗਰੋਲ ਨੇ ਤਾਂ ਆਪਣੀ ਸੁਲਤਾਨੀ ਮਨਵਾਉਣ ਲਈ ਖਲੀਫੇ ਤੋਂ ਬਗਦਾਦ ਜਾ ਜਿੱਤਿਆ ਤੇ ਉਸਨੂੰ ਆਪਣੀ ਕਠਪੁਤਲੀ ਬਣਾਕੇ ਸੁਲਤਾਨੀ ਮੰਨਵਾਈ(12) ਤੇ ਇਹਨਾਂ ਸਲਜੂਕੀ ਤੁਰਕਾਂ ਨੇ ਖਲੀਫੇ ਨੂੰ ਨਾਂਮਾਤਰ ਸਿਰ ‘ਤੇ ਰੱਖ ਕੇ ਉਦੋਂ ਤੋਂ ਲੈ ਕੇ 1919 ਤੱਕ ਤੁਰਕੀ ਸੁਲਤਾਨੀ ਸਾਂਭੀ ਰੱਖੀ।

ਜਦ ਦਸਵੀਂ ਸਦੀ ਦੇ ਇਸਲਾਮ ਨੇ ਜਿੱਤੇ ਹੋਏ ਦੇਸਾਂ ਦੇ ਸੰਸਾਰੀ ਕਰਮਕਾਂਡਾਂ ਤੇ ਦੇਸੀ ਸੁਲਤਾਨਾਂ ਨੂੰ ਪ੍ਰਵਾਨ ਕਰ ਲਿਆ ਤਾਂ ਸੂਫ਼ੀਆਂ ਦੀ ਬੜੀ ਚੜ੍ਹ ਮੱਚੀ। ਇਹਨਾਂ ਦੇਸਾਂ ਦੇ ਲੋਕ ਸੂਫ਼ੀਆਂ ਹੱਥੋਂ ਆਪੋ-ਆਪਣੇ ਸਰਦਾਰਾਂ ਤੇ ਮੁਖੀਆਂ ਮਗਰ ਲੱਗ-ਲੱਗ ਮੁਸਲਿਮ ਹੋਣ ਲੱਗ ਪਏ। ਏ. ਸੀ. ਵੂਲਨਰ ‘ਪੰਜਾਬੀ ਦੇ ਸੂਫ਼ੀ ਕਵੀ’ ਦੇ ਮੁੱਖ-ਬੰਦ ਵਿੱਚ ਲਿਖਦਾ ਹੈ।

”ਆਪਣੀ ਮਰਜ਼ੀ ਨਾਲ ਬਣੇ ਤਕਰੀਬਨ ਸਾਰੇ ਮੁਸਲਮਾਨ ਬਿਨਾਂ ਸ਼ੱਕ ਸੂਫ਼ੀ ਪਰਚਾਰ ਦਾ ਨਤੀਜਾ ਸਨ।”

ਏਸ ਤਰ੍ਹਾਂ ਸੂਫ਼ੀਆਂ ਦੀਆਂ ਕਰਨੀਆਂ ਨੇ ਇੱਕ ਪਾਸੇ ਗੈਰ-ਅਰਬੀ ਦੇਸਾਂ ਦੀ ਪੈਦਾਵਾਰ ਦੇ ਕਰਮਕਾਂਡਾਂ ਵਿੱਚ ਇਸਲਾਮ ਦੇ ਸਮਾਜੀ ਤੇ ਸਿਆਸੀ ਪੈਰ ਜਮਾਕੇ ਇਸਲਾਮ ਦੀ ਲੋਕ ਧਿਰ ਪੱਕੀ ਕਰ ਦਿੱਤੀ ਤੇ ਏਸ ਨੂੰ ਇਤਿਹਾਸ ਦੀ ਇੱਕ ਅਮਿੱਟ ਹਰਕਤੀ ਹਕੀਕਤ ਬਣਾ ਦਿੱਤਾ। ਦੂਸਰੇ ਪਾਸੇ ਇਹਨਾਂ ਦੇ ਅਧਿਆਤਮਕ ਪ੍ਰਚਾਰ ਨੇ ਇਸਲਾਮ ਨੂੰ ਨਰੋਲ ਅਰਬੀ ਸੱਭਿਅਤਾ ਨਾ ਬਣਨ ਦਿੱਤਾ ਉਹ ਭਿੰਨ ਦੇਸਾਂ ਦੀ ਜਾਇਦਾਦ ਮਾਲਕੀ ਦੇ ਸਬੰਧਾਂ ਦੇ ਰਸਮ ਰਿਵਾਜਾਂ ਦੀਆਂ ਹਾਲਤਾਂ ਨਾਲ਼ ਮਿਲ਼ ਕੇ ਉਹਨਾਂ ਹੀ ਦੇਸਾਂ ਦੀਆਂ ਕੌਮੀ ਸੱਭਿਅਤਾਵਾਂ ਵਿੱਚ ਹੋ ਤੁਰਿਆ। ਕੇਵਲ ਧਰਮੀ ਰਹੁਰੀਤਾਂ ਹੀ ਸਰਬ ਇਸਲਾਮੀ ਰਹਿ ਗਈਆਂ। ਬਾਕੀ ਮਾਲਕਾਨਾਂ ਤੇ ਪੈਦਾਵਾਰੀ ਦੇ ਸਮਾਜੀ ਤੇ ਸਿਆਸੀ ਰਿਸ਼ਤੇ ਤੇ ਕਾਰ ਵਿਹਾਰ ਆਪੋ ਆਪਣੇ ਦੇਸੀ ਤਰੀਕੇ ਨਾਲ ਚੱਲਣ-ਚਲਾਉਣ ਲੱਗ ਪਏ।

ਏਸ ਦੇਸੀ ਸੱਭਿਆਤਾਵਾਂ ਦੀ ਪ੍ਰਵਾਨਤਾ (ਜਾਂ ਅਰਬਸੱਤ੍ਹਾ ਦੀ ਅਦੂਲਤਾ) ਨਾਲ ਦੇਸੀ ਸੁਲਤਾਨੀਆਂ ਬਣਨ ਦੀ ਪੈ ਤੁਰੀ ਪਿਰਤ ਤੇ ਸੂਫ਼ੀਆਂ ਦੇ ਏਸ ਬਾਰੇ ਪ੍ਰਚਾਰ ਨੇ ਇਸਲਾਮ ਨੂੰ ਆਪੋ ਆਪਣੇ ਦੇਸਾਂ ਦੀਆਂ ਕੌਮਾਂ ਵਿੱਚ ਵੰਡ ਦਿੱਤਾ। ਦੇਸੀ ਸੁਲਤਾਨ ਸ਼ਰਾਅ ਪ੍ਰਸਤੀ ਨਾਲੋਂ ਆਪਣੇ ਦੇਸ਼ ਪ੍ਰਸਤ ਹੋ ਗਏ। ਇਸ ਕਰਕੇ ਕਿ ਇੱਕ ਤਾਂ ਸੁਲਤਾਨ ਖੁਦ ਆਪਣੇ ਦੇਸ ਦੇ ਜਾਇਦਾਦੀ ਸਬੰਧਾਂ ਦੀ ਉਪਜ ਸਨ। ਦੂਸਰੇ; ਉਹ ਅਰਬ ਦੀਆਂ ਨਹੀਂ ਆਪਣੇ ਦੇਸ ਦੀਆਂ ਤਲਵਾਰਾਂ ਦੇ ਜ਼ੋਰ ਵਜੂਦ ਵਿੱਚ ਆਏ ਸਨ। ਤੀਸਰੇ; ਉਹਨਾਂ ਨੂੰ ਆਪਣੇ ਦੇਸ ਦੀਆਂ ਗੈਰ ਮੁਸਲਿਮ ਸ਼ਕਤੀਆਂ (ਲੋਕਾਂ) ਨਾਲ ਵੀ ਵਰਤਣਾ ਸੀ, ਜਿਨ੍ਹਾਂ ਨੂੰ ਖਾਸ ਕਰਕੇ ਹੁੰਦਸਤਾਨ ਅੰਦਰ-ਇਸਲਾਮ ਆਪਣੇ ਪੰਜ ਛੇ ਸੌ ਸਾਲ ਦੇ ਲੰਮੇ ਰਾਜ ਵਿੱਚ ਵੀ ਮੁਸਲਮਾਨ ਨਹੀਂ ਸੀ ਬਣਾ ਸਕਿਆ। ਸੁਲਤਾਨਾਂ ਦੀ ਇਹ ਇਤਿਹਾਸਕ ਲੋੜ ਸੀ, ਕਿ ਉਹ ਆਪਣੇ ਦੇਸਾਂ ਵਿੱਚੋਂ ਨਾ ਮੁਸਲਮਾਨ ਹੋਏ ਤੇ ਨਾ ਹੋ ਰਹੇ ਲੋਕਾਂ ਦੇ ਸਮਾਜੀ ਤੇ ਸਿਆਸੀ (ਧਰਮੀ) ਨਿਸਚਿਆਂ ਨਾਲ ਰਵਾਦਾਰੀ ਪੈਦਾ ਕਰਨ। ਏਸ ਪਦਾਰਥਕ ਲੋੜ ਦੀ ਇਹ ਅਧਿਆਤਮਕ ਲਾਈਨ ਸੂਫ਼ੀਆਂ ਨੇ ਹੀ ਪੇਸ਼ ਕਰਨੀ ਤੇ ਪ੍ਰਚਾਰਨੀ ਸ਼ੁਰੂ ਕੀਤੀ ਸੀ। ਜਿਸਨੂੰ ਕਿਸੇ ਸੂਫ਼ੀ ਨੇ ਏਸ ਤਰ੍ਹਾਂ ਬਿਆਨਿਆ ਹੈ :

ਕਾਅਬਾ ਨ ਸਹੀ ਬੁਖਤਾਨਾ ਸਹੀ
ਤੁਝੇ ਢੂੰਡ ਹੀ ਲੇਂਗੇ ਕਹੀਂ ਨ ਕਹੀਂ।

ਏਸ ਤਰ੍ਹਾਂ ਸੂਫ਼ੀਆਂ ਦੀ ਕਾਅਬੇ ਤੇ ਬੁਤਖਾਨੇ (ਹਿੰਦੂ ਮੰਦਰ) ਨੂੰ ਦਿੱਤੀ ਗਈ ਸਮਬਰਾਬਰਤਾ ਦੇ ਪਦਾਰਥਕ ਨਤੀਜੇ ਇਹ ਨਿੱਕਲ਼ੇ, ਕਿ ਹਿੰਦੁਸਤਾਨ ਅੰਦਰ ਹਿੰਦੂ ਮਾਲਕ ਜਮਾਤ ਨੂੰ ਮੁਸਲਮਾਨ ਬਣਾਏ ਬਗੈਰ ਮੁਸਲਿਮ ਰਾਜਸੱਤ੍ਹਾ ਦੀਆਂ ਨੌਕਰੀਆਂ ਤੇ ਅਹੁਦੇ ਮਿਲਣ ਲੱਗ ਪਏ। ਉਹਨਾਂ ਦੀਆਂ ਸੂਬੇਦਾਰੀਆਂ ਤੇ ਰਿਆਸਤਾਂ ਪ੍ਰਵਾਨ ਹੋਣ ਡਹਿ ਪਈਆਂ।

ਇਹ ਹੈ ਸੂਫ਼ੀਧਾਰਾ ਦੀ ਇਤਿਹਾਸਕ ਪਦਾਰਥਕਤਾ।

ਹਵਾਲੇ:    

1. ਤਾਰੀਖ ਇਸਲਾਮ, ਸੈਂਚੀ ਦੂਜੀ, ਉਲਾਮਾ, ਮੁਹਈਉਦੀਨ ਖੱਯਾਤ ਮਿਸਰੀ, ਉਰਦੂ ਤਜਮਾ ਸਦੀਕੀ ਪ੍ਰੈੱਸ, ਲਖਨਊ।
2. ਉਤਲਿਖਤ ਤਾਰੀਖੇ ਸੈਂਚੀ ਪਹਿਲੀ।
3. ਇਨਸਾਈਕਲੋਪੀਡੀਆ ਆਫ ਐਥਿਕਸ ਐਂਡ ਰਿਲੀਜਿਨ, 12 ਸੈਂਚੀ, ਜੇਮਜ਼ ਹੈਸਟਿੰਗਜ਼ ਸਫਾ 12 ‘ਤੇ ”ਪੰਜਾਬੀ ਸੂਫੀ ਕਵੀ” (ਅੰਗਰੇਜ਼ੀ) ਲਾਜਵੰਤੀ ਕ੍ਰਿਸ਼ਨਾ, ਲਾਹੌਰ ਯੂਨੀਵਰਸਿਟੀ ਦੇ ਵੀ. ਸੀ. ਵੂਲਨਰ ਦਾ ਮੁੱਖਬੰਦ।
4. ਧਰਮ ਤੇ ਇਖਲਾਕ ਦਾ ਉਪਰੋਕਤ ਇਨਸਾਈਕਲੋਪੀਡੀਆ (ਜ਼ੇਮਜ ਹੈਸਟਿੰਗਜ਼) ਸੈਂਚੀ ਦੂਸਰੀ, ਸਫਾ 100
5. ਉਤਲਿਖਤ, ਸੈਂਚੀ 12, ਸਫਾ 11-12
6. ਉਤਲਿਖਤ ਇਨਸਾਈਕਲੋਪੀਡੀਆ, ਸੈਂਚੀ 12, ਸਫਾ 11-12
7. ਫਰੀਦ ਦਾ ਸਲੋਕ ਨੰ: 44
8. ਪ੍ਰੋਫੈਸਰ ਦੀਵਾਨ ਸਿੰਘ ਦੇ ‘ਸੂਫੀਵਾਦ ਤੇ ਹੋਰ ਲੇਖ’ ਦ੍ਰਿਸ਼ਟਾਂਤਿਆਂ ਇੱਕ ਅੰਗਰੇਜ ਵਿਦਵਾਨ ਦਾ ਕਥਨ, ਸਫਾ 17
9. ਉੱਤੇ ਦੱਸੀ ਤਾਰੀਖ ਇਸਲਾਮ, ਦੂਜੀ ਸੈਂਚੀ।
10. ‘ਦਰਗਾਹ’ ਸ਼ਬਦ ਦਾ ਅਰਥ ਜਗ੍ਹਾ ਦਾ ਦਰ ਹੈ, ਪਰ ਭਾਵਅਰਥ ਰੱਬ ਨੂੰ ਮਿਲਣ ਦਾ ਦਰ, ਜੋ ਕਿਆਮਤੀ ਖਿਆਲ ਦਾ ਖੰਡਣ ਹੈ ਤੇ ਕਾਅਬੇ ਦਾ ਸ਼ਰੀਕ।
11. ਪੰਜਾਬੀ ਸੂਫੀ ਕਵੀ, ਲਾਜਵੰਤੀ ਰਾਮਾ ਕ੍ਰਿਸ਼ਨਾ।
12. ਉਤਲਿਖਤ ਇਨਸਾਈਕਲੋਪੀਡੀਆ, ਸੈਂਚੀ 4, ਸਲੀਬੀ ਲੜਾਈਆਂ ਉੱਤੇ ਹ. ਬ. ਵਰਕਮੈਨ ਦਾ ਲੇਖ।

“ਪਰ੍ਤੀਬੱਧ”, ਅੰਕ 26, ਜਨਵਰੀ 2016 ਵਿਚ ਪਰ੍ਕਾਸ਼ਿ

ਇਸ਼ਤਿਹਾਰ