ਸਟਾਲਿਨ : ਇੱਕ ਮੁਲੰਕਣ

stalin1

(ਪੀ.ਡੀ.ਐਫ਼ ਡਾਊਨਲੋਡ ਕਰੋ)

 ਸਟਾਲਿਨ ਦੇ ਜਨਮਦਿਨ (22 ਦਸੰਬਰ) ਦੇ ਮੌਕੇ ‘ਤੇ

ਕੌਮਾਂਤਰੀ ਕਮਿਊਨਿਸਟ ਲਹਿਰ ਵਿੱਚ ਸਟਾਲਿਨ ਦੇ ਮੁਲਾਂਕਣ ਦਾ ਸਵਾਲ ਇੱਕ ਗੰਭੀਰ ਸਵਾਲ ਦੇ ਰੂਪ ਵਿੱਚ ਅੱਜ ਵੀ ਮੌਜੂਦ ਹੈ। ਸਾਮਰਾਜਵਾਦੀ ਪ੍ਰੈੱਸ, ਜੋ ਦੂਸਰੀ ਸੰਸਾਰ-ਜੰਗ ਦੌਰਾਨ ਫਾਸੀਵਾਦ ਨੂੰ ਧੂੜ ਚਟਾਉਣ ਵਾਲ਼ੇ ਸਟਾਲਿਨ ਨੂੰ ‘ਅੰਕਲ ਜੋ’ ਕਿਹਾ ਕਰਦਾ ਸੀ, ਉਹ ਲਗਾਤਾਰ ਸਟਾਲਿਨ ਬਾਰੇ ਕੂੜ ਪ੍ਰਚਾਰ ਕਰਦਾ ਰਿਹਾ ਹੈ। ਲਾਸਾਲ-ਬਾਕੂਲਿਨ-ਕਾਊਟਸਕੀ ਦੇ ਯੂਰਪੀ ਸਮਾਜਿਕ ਜਮਹੂਰੀ ਚੇਲੇ, ਨਵ ਖੱਬੇਪੱਖੀ ਰੰਗਰੂਟ, ”ਮਾਰਕਸਵਾਦੀ” ਕਿਤਾਬੀ ਕੀੜੇ ਅਤੇ ਅਲ ਬ੍ਰਾਉਡਰ-ਟੀਟੋ-ਖਰੁਸ਼ਚੇਵ ਦੇ ਵਾਰਿਸ ਸੋਧਵਾਦੀ ਸਟਾਲਿਨ ਨੂੰ ਕੋਸਦੇ ਹੋਏ ਸਦਾ ਹੀ ਝੱਗ ਸੁੱਟਦੇ ਰਹੇ ਹਨ ਅਤੇ ਇਮਾਨਦਾਰ ਕਮਿਊਨਿਸਟ ਸਫ਼ਾਂ ਅਤੇ ਨਵੀਂਆਂ ਪੀੜ੍ਹੀਆਂ ਨੂੰ ਇਤਿਹਾਸ ਬਾਰੇ ਗੰਭੀਰ ਰੂਪ ਵਿੱਚ ਭਰਮਾਉਂਦੇ ਰਹੇ ਹਨ।

ਮਾਓ-ਜ਼ੇ-ਤੁੰਗ ਅਤੇ ਉਨ੍ਹਾਂ ਦੀ ਲੀਡਰਸ਼ਿਪ ਵਿੱਚ ਚੀਨ ਦੀ ਕਮਿਊਨਿਸਟ ਪਾਰਟੀ ਨੇ ਇੱਕ ਪਾਸੇ ਜਿੱਥੇ ਸਟਾਲਿਨ ਦੀਆਂ ਦਾਰਸ਼ਨਿਕ-ਵਿਚਾਰਧਾਰਕ ਗਲਤੀਆਂ ਦੀ ਹਮੇਸ਼ਾ ਹੀ ਅਲੋਚਨਾ ਕੀਤੀ ਅਤੇ ਉਨ੍ਹਾਂ ਵਿਰੁੱਧ ਘੋਲ਼ ਚਲਾਇਆ, ਉੱਥੇ ਦੂਸਰੇ ਪਾਸੇ ਉਨ੍ਹਾਂ ਨੇ ਉਨ੍ਹਾਂ ਦੀਆਂ ਦੇਣਾਂ ਦਾ ਬਾਹਰਮੁਖੀ ਮੁਲਾਂਕਣ ਕਰਦੇ ਹੋਏ ਸਾਰੇ ਕੂੜ ਪ੍ਰਚਾਰਾਂ ਦਾ ਮੂੰਹ ਤੋੜ ਜਵਾਬ ਦਿੱਤਾ ਅਤੇ ਇੱਕ ਮਹਾਨ ਮਜ਼ਦੂਰ ਇਨਕਲਾਬੀ ਦੇ ਰੂਪ ਵਿੱਚ ਸਟਾਲਿਨ ਦਾ ਮੁਲਾਂਕਣ ਪੇਸ਼ ਕੀਤਾ।

ਜਿਨ੍ਹਾਂ ਲਈ ਵਿਚਾਰਧਾਰਾ ਕਰਮਾਂ ਦਾ ਰਾਹ ਦਰਸਾਵਾ ਸਿਧਾਂਤ ਹੈ, ਉਨ੍ਹਾਂ ਲਈ ਸਟਾਲਿਨ ਦੇ ਮੁਲਾਂਕਣ ਦਾ ਜਵਾਬ ਇੱਕ ਜੀਉਂਦਾ ਸਵਾਲ ਹੈ। ਅਸੀਂ ਇੱਥੇ ਇੱਕ ਮਾਰਕਸਵਾਦੀ-ਲੈਨਿਨਵਾਦੀ ਦਸਤਾਵੇਜ(ਬਹਿਸ ਲਈ ਪੇਸ਼ ਖਰੜਾ) ਦਾ ਸਟਾਲਿਨ ਸਬੰਧੀ ਅੰਸ਼ ਪਾਠਕਾਂ ਦੇ ਵਿਚਾਰ-ਮੰਥਨ ਲਈ ਪੇਸ਼ ਕਰ ਰਹੇ ਹਾਂ। — ਸੰਪਾਦਕ

1924 ਵਿੱਚ ਲੈਨਿਨ ਦੀ ਮੌਤ ਦੇ ਬਾਅਦ ਸਟਾਲਿਨ ਨੇ ਕੌਮਾਂਤਰੀ ਮਜ਼ਦੂਰ ਜਮਾਤ ਦੀ ਲੀਡਰਸ਼ਿਪ ਅਤੇ ਕੌਮਾਂਤਰੀ ਕਮਿਊਨਿਸਟ ਲਹਿਰ ਦੀ ਅਗਵਾਈ ਕੀਤੀ। ਉਨ੍ਹਾਂ ਨੇ ਮਜ਼ਦੂਰ ਜਮਾਤ ਦੀ ਵਿਚਾਰਧਾਰਾ ਵਿੱਚ ਲੈਨਿਨ ਦੀਆਂ ਦੇਣਾਂ ਦੀ ਹਿਫ਼ਾਜਤ ਕੀਤੀ ਅਤੇ ਇਹ ਸੂਤਰਬੱਧ ਨਿਚੋੜ ਪੇਸ਼ ਕੀਤਾ ਕਿ ਲੈਨਿਨਵਾਦ ਸਾਮਰਾਜਵਾਦ ਅਤੇ ਮਜ਼ਦੂਰ ਇਨਕਲਾਬਾਂ ਦੇ ਯੁੱਗ ਦਾ ਮਾਰਕਸਵਾਦ ਹੈ। ਸੱਜੇ ਅਤੇ ”ਖੱਬੇ” ਮੌਕਾਪ੍ਰਸਤਾਂ ਵਿਰੁੱਧ ਅਰੁੱਕ ਘੋਲ਼ ਚਲਾਉਂਦੇ ਹੋਏ ਉਨ੍ਹਾਂ ਨੇ ਸੋਵੀਅਤ ਸੰਘ ਨੂੰ ਸਮਾਜਵਾਦ ਦੇ ਰਸਤੇ ‘ਤੇ ਅੱਗੇ ਵਧਾਇਆ। ਟਰਾਟਸਕੀ, ਜਿਨੋਵਿਯੇਵ, ਕਾਮੇਨੇਵ ਅਤੇ ਬੁਖਾਰਿਨ ਆਦਿ ਦੇ ਹਮਲਿਆਂ ਨੂੰ ਹਰਾਉਂਦੇ ਹੋਏ ਉਨ੍ਹਾਂ ਨੇ ਮਾਰਕਸਵਾਦ-ਲੈਨਿਨਵਾਦ ਦੇ ਮੁੱਢਲੇ ਅਸੂਲਾਂ ਦੀ ਅਤੇ ਬਾਲਸ਼ਵਿਕ ਪਾਰਟੀ ਅਤੇ ਸੋਵੀਅਤ ਰਾਜ ਦੇ ਮਜ਼ਦੂਰ ਕਿਰਦਾਰ ਦੀ ਹਿਫ਼ਾਜਤ ਕੀਤੀ।

ਸਟਾਲਿਨ ਨੇ ਉਦਯੋਗਾਂ ਦੀ ਮਾਲਕੀ ਦੇ ਸਮਾਜੀਕਰਨ, ਖੇਤੀ ਦੇ ਸਮੂਹੀਕਰਨ ਅਤੇ ਇੱਕ ਪਿੱਛੜੀਆਂ ਹੋਈਆਂ ਪੈਦਾਵਰੀ ਸ਼ਕਤੀਆਂ ਵਾਲ਼ੇ ਦੇਸ਼ ਦੇ ਅਰਥਚਾਰੇ ਨੂੰ ਇੱਕ ਪੂਰੀ ਤਰ੍ਹਾਂ ਨਵੇਂ ਅਧਾਰ ‘ਤੇ ਖੜ੍ਹਾ ਕਰਕੇ ਅਪੂਰਵ ਗਤੀ ਨਾਲ਼ ਉੱਨਤ ਬਣਾਉਣ ਦੇ ਗੁੰਝਲਦਾਰ ਅਤੇ ਪ੍ਰਚੰਡ ਮਹਾਂਕਾਵਿਕ ਘੋਲ਼ ਵਿੱਚ ਸੋਵੀਅਤ ਸੰਘ ਦੇ ਲੋਕਾਂ ਅਤੇ ਪਾਰਟੀ ਨੂੰ ਲੀਡਰਸ਼ਿਪ ਪ੍ਰਦਾਨ ਕੀਤੀ। ਸਮਾਜਵਾਦੀ ਸਮੂਹਿਕ ਮਾਲਿਕਾਨੇ ਅਤੇ ਰਾਜਕੀ ਮਾਲਿਕਾਨੇ ਦੀ ਸਥਾਪਨਾ ਕਰਕੇ, ਮਾਲਿਕਾਨੇ ਦੇ ਸਮਾਜੀਕਰਨ ਦੇ ਕੰਮ ਨੂੰ ਮੁੱਖ ਰੂਪ ਵਿੱਚ ਪੂਰਾ ਕਰਕੇ ਅਤੇ ਅਰਥਚਾਰੇ ਦੀ ਸਮਾਜਵਾਦੀ ਵਿਉਂਤਬੰਦੀ ਦੀ ਸ਼ੁਰੂਆਤ ਕਰਕੇ ਸਟਾਲਿਨ ਦੀ ਲੀਡਰਸ਼ਿਪ ਵਿੱਚ ਬਾਲਸ਼ਵਿਕ ਪਾਰਟੀ ਨੇ ਦੋ ਦਹਾਕਿਆਂ ਅੰਦਰ ਹੀ ਇੱਕ ਸ਼ਕਤੀਸ਼ਾਲੀ ਸਮਾਜਵਾਦੀ ਅਰਥਚਾਰੇ ਦੀ ਸਿਰਜਣਾ ਕਰ ਦਿੱਤੀ। ਇਹ ਸਭ ਕੁੱਝ ਮਨੁੱਖੀ ਇਤਿਹਾਸ ਵਿੱਚ ਪਹਿਲੀ ਵਾਰ ਹੋ ਰਿਹਾ ਸੀ ਅਤੇ ਬੇਸ਼ੱਕ, ਇਸ ਦੌਰਾਨ ਕੁੱਝ ਛੋਟੀਆਂ ਅਤੇ ਕੁੱਝ ਵੱਡੀਆਂ ਗਲਤੀਆਂ ਵੀ ਹੋਈਆਂ, ਪਰ ਬੁਰਜੂਆ ਪ੍ਰਚਾਰਕਾਂ ਅਤੇ ਕਿਰਾਏ ਦੇ ਟੱਟੂ ਕਲਮਘਸੀਟਾਂ ਦੇ ਸਾਰੇ ਪ੍ਰਚਾਰਾਂ ਦੇ ਉਲਟ ਇਤਿਹਾਸ ਦੀ ਠੋਸ ਸੱਚਾਈ ਇਹ ਹੈ ਕਿ ਸਟਾਲਿਨ ਦੇ ਸਮੇਂ ਦੇ ਸਮਾਜਵਾਦੀ ਉਸਾਰੀ ਦੇ ਦੌਰ ਵਿੱਚ ਕਰੋੜਾਂ-ਕਰੋੜ ਮਜ਼ਦੂਰਾਂ ਅਤੇ ਗਰੀਬ ਕਿਸਾਨਾਂ ਦੀ ਪਹਿਲਕਦਮੀ ਅਤੇ ਸਿਰਜਣਾਤਮਕਤਾ ਪਹਿਲੀ ਵਾਰ ਇੰਨੇ ਵੱਡੇ ਪੱਧਰ ‘ਤੇ ਜਾਗ੍ਰਿਤ ਹੋਈ ਸੀ, ਜਿਸਦੀਆਂ ਪ੍ਰਾਪਤੀਆਂ ਹਰ ਮਾਅਨੇ ਵਿੱਚ ਚਮਤਕਾਰੀ ਸਨ। ਸਦੀਆਂ ਪੁਰਾਣੀ ਗੁਲਾਮੀ ਅਤੇ ਦਾਬੇ ਦੇ ਸਬੰਧਾਂ ਨੂੰ ਨਸ਼ਟ ਕਰਨ ਅਤੇ ਹਜ਼ਾਰਾਂ ਸਾਲ ਪੁਰਾਣੇ ਜਮਾਤੀ ਸਮਾਜ ਦੇ ਲੰਬੇ ਇਤਿਹਾਸ ਨਾਲੋਂ ਫੈਸਲਾਕੁਨ ਤੋੜ ਵਿਛੋੜਾ ਕਰਨ ਲਈ ਉੱਚ ਖੜੇ ਲੋਕਾਂ ਨੇ ਅਣਕਿਆਸੀ ਯੋਗਤਾ, ਦ੍ਰਿੜਤਾ, ਸ਼ਕਤੀ ਅਤੇ ਸਿਰਜਣਾਤਮਕਤਾ ਦੇ ਜ਼ੋਰ ‘ਤੇ ਪੂਰੇ ਪੂੰਜੀਵਾਦੀ ਸੰਸਾਰ ਦੀ ਘੇਰੇਬੰਦੀ ਅਤੇ ਦਬਾਅ ਦਰਮਿਆਨ ਸਮਾਜਵਾਦ ਦੀ ਸਥਾਪਨਾ ਲਈ ਜੂਝਦੇ ਹੋਏ, ਜੀਵਨ ਦੇ ਹਰ ਖੇਤਰ ਵਿੱਚ ਹੈਰਾਨੀਜਨਕ ਰਿਕਾਰਡ ਕਾਇਮ ਕੀਤੇ।

ਸਟਾਲਿਨ ਨੇ ਪੂਰਬ ਦੇ ਦੇਸ਼ਾਂ ਵਿੱਚ ਬਸਤੀਵਾਦ ਵਿਰੁੱਧ ਇਨਕਲਾਬੀ ਘੋਲ਼ ਦੇ ਵਿਕਾਸ, ਉੱਥੇ ਕਮਿਊਨਿਸਟ ਪਾਰਟੀਆਂ ਦੀ ਉਸਾਰੀ ਅਤੇ ਗਠਨ ਅਤੇ ਕੌਮੀ ਜਮਹੂਰੀਅਤ ਦੀ ਲੜਾਈ ਵਿੱਚ ਸਾਂਝੇ ਮੋਰਚੇ ਦੀ ਉਸਾਰੀ ‘ਤੇ ਖ਼ਾਸ ਜ਼ੋਰ ਦਿੱਤਾ ਅਤੇ ਕਮਿਊਨਿਸਟ ਪਾਰਟੀਆਂ ਦੀ ਵਿਸ਼ੇਸ਼ ਰਹਿਨੁਮਾਈ ਕੀਤੀ। ਨਾਲ਼ ਹੀ ਸੋਵੀਅਤ ਸੰਘ ਨੇ ਪੂਰੀ ਦੁਨੀਆਂ ਵਿੱਚ ਜਾਰੀ ਇਨਕਲਾਬੀ ਘੋਲ਼ਾਂ ਦੀ ਵਿਸ਼ੇਸ਼ ਮਦਦ ਕੀਤੀ। ਕੌਮੀਅਤ ਦੇ ਸਵਾਲ, ਬਸਤੀਵਾਦੀ ਸਵਾਲ ਅਤੇ ਦੱਬੀਆਂ-ਕੁੱਚਲੀਆ ਕੌਮਾਂ ਦੇ ਮੁਕਤੀ-ਘੋਲ਼ ਦੇ ਸਵਾਲ ‘ਤੇ ਲੈਨਿਨ ਦੇ ਚਿੰਤਨ ਨੂੰ ਅੱਗੇ ਵਧਾਉਂਦੇ ਹੋਏ ਸਟਾਲਿਨ ਨੇ ਮਾਰਕਸਵਾਦੀ ਸਿਧਾਂਤ ਨੂੰ ਆਪਣੀਆਂ ਮਹੱਤਵਪੂਰਨ ਦੇਣਾਂ ਨਾਲ਼ ਖੁਸ਼ਹਾਲ ਬਣਾਇਆ।

ਦੂਜੀ ਸੰਸਾਰ ਜੰਗ ਵਿੱਚ ਸਟਾਲਿਨ ਦੀ ਲੀਡਰਸ਼ਿਪ ਵਿੱਚ ਸੋਵੀਅਤ ਲੋਕਾਂ ਅਤੇ ਲਾਲ-ਫ਼ੌਜ ਨੇ ਨਾਜ਼ੀ ਫ਼ੌਜਾਂ ਅਤੇ ਫਾਸੀਵਾਦੀ ਧੁਰੀ ਨੂੰ ਹਰਾ ਦਿੱਤਾ। ਪੂਰਬੀ ਯੂਰਪ ਦੇ ਦੇਸ਼ਾਂ ਦੀ ਮੁਕਤੀ ਅਤੇ ਉੱਥੇ ਇਨਕਲਾਬੀ ਕੌਮੀ ਜਮਹੂਰੀ ਸੱਤ੍ਹਾਵਾਂ ਦੀ ਸਥਾਪਨਾ ਦੇ ਬਾਅਦ ਇੱਕ ਤਾਕਤਵਾਰ ਸਮਾਜਵਾਦੀ ਖੇਮਾ ਹੋਂਦ ਵਿੱਚ ਆਇਆ ਜਿਸਨੇ ਸੰਸਾਰ ਕਮਿਊਨਿਸਟ ਲਹਿਰ ਅਤੇ ਕੌਮੀ ਮੁਕਤੀ ਘੋਲ਼ਾਂ ਨੂੰ ਨਵੀਂ ਪ੍ਰੇਰਣਾ, ਨਵੀਂ ਤਾਕਤ ਅਤੇ ਨਵਾਂ ਸੰਵੇਗ ਪ੍ਰਦਾਨ ਕੀਤਾ।

ਸਟਾਲਿਨ ਦੀ ਇਸ ਇਤਿਹਾਸਕ ਭੂਮਿਕਾ ਅਤੇ ਮਹੱਤਵਪੂਰਨ ਦੇਣਾਂ ਦੇ ਅਧਾਰ ‘ਤੇ ਸਾਡੀ ਇਹ ਪੱਕੀ ਮਾਨਤਾ ਹੈ ਕਿ ਉਹ ਸਮਾਜਵਾਦੀ ਸੋਵੀਅਤ ਸੰਘ, ਕੌਮਾਂਤਰੀ ਮਜ਼ਦੂਰ ਜਮਾਤ ਅਤੇ ਸੰਸਾਰ ਕਮਿਊਨਿਸਟ ਲਹਿਰ ਦੇ ਮਹਾਨ ਆਗੂ ਸਨ। ਅਸੀਂ ਉਨ੍ਹਾਂ ਦੀਆਂ ਦੇਣਾਂ ਅਤੇ ਗਲਤੀਆਂ ਦੇ ਮਾਓ-ਜ਼ੇ-ਤੁੰਗ ਦੁਆਰਾ ਪੇਸ਼ ਮੁਲਾਂਕਣ ਅਤੇ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦੀਆਂ ਸਿੱਖਿਆਵਾਂ ਦੀ ਰੌਸ਼ਨੀ ਵਿੱਚ ਨਾ ਸਿਰਫ਼ ਖਰੁਸ਼ਚੇਵੀ ਸੋਧਵਾਦੀਆਂ, ਟਰਟਸਕੀ ਪੱਖੀਆਂ, ”ਨਵ ਖੱਬੇਪੱਖੀ” ਬਦਮਾਸ਼ਾਂ ਅਤੇ ਹਰ ਤਰ੍ਹਾਂ ਦੇ ਧੋਖੇਬਾਜ ਸੱਜੂਆਂ – ਖੱਬੂਆਂ ਦੇ ਸਟਾਲਿਨ – ਸਬੰਧੀ ਮੁਲਾਂਕਣਾਂ ਅਤੇ ਕੂੜ-ਪ੍ਰਚਾਰਾਂ ਨੂੰ ਰੱਦ ਕਰਦੇ ਹਾਂ, ਸਗੋਂ ਕਮਿਊਨਿਸਟ ਇਨਕਲਾਬੀਆਂ ਦੇ ਇੱਕ ਛੋਟੇ ਜਿਹੇ ਹਿੱਸੇ ਵਿੱਚ ਪੈਦਾ ਹੋਏ ਉਸ ਭਟਕਾਅ ਦੀ ਵੀ ਸਖ਼ਤ ਅਲੋਚਨਾ ਕਰਦੇ ਹਾਂ ਜੋ ਇਤਿਹਾਸਿਕ ਬਾਹਰਮੁਖੀ ਸੀਮਾਵਾਂ ਦਾ ਖਿਆਲ ਕੀਤੇ ਬਿਨਾਂ, ਗੈਰ ਦਵੰਦਾਤਮਕ ਤਰੀਕੇ ਨਾਲ਼, ਸਟਾਲਿਨ ਦੀ ਭੁੱਲਾਂ ਗਲਤੀਆਂ ‘ਤੇ ਅੱਜ ”ਮੁਕਤ-ਚਿੰਤਨ” ਕਰ ਰਹੇ ਹਨ ਅਤੇ ਨਵੇਂ-ਨਵੇਂ ਥੀਸਿਸ ਪੇਸ਼ ਕਰ ਰਹੇ ਹਨ। ਨਾਲ਼ ਹੀ ਅਸੀਂ ਇਸ ਕੱਠਮੁੱਲਾ ਪੋਜੀਸ਼ਨ ਨਾਲ਼ ਵੀ ਸਹਿਮਤ ਨਹੀਂ ਹਾਂ ਕਿ ਸੋਧਵਾਦੀਆਂ ਅਤੇ ਬੁਰਜੂਆਜ਼ੀ ਦੇ ਹਮਲਿਆਂ ਵਿਰੁੱਧ ਲੜਦੇ ਹੋਏ ਸਟਾਲਿਨ ਦੀਆਂ ਗਲਤੀਆਂ

ਦੀ ਚਰਚਾ ਹੀ ਨਹੀਂ ਕੀਤੀ ਜਾਣੀ ਚਾਹੀਦੀ ਹੈ। ਇਸ ਸੋਚ ਨਾਲ਼ ਵੀ ਸਾਡੀ ਸਹਿਮਤੀ ਨਹੀਂ ਹੈ ਕਿ ਸਟਾਲਿਨ ਨੇ ਕੋਈ ਅਜਿਹੀ ਮਹੱਤਵਪੂਰਨ ਗਲਤੀ ਹੀ ਨਹੀਂ ਕੀਤੀ, ਜਿਸਦਾ ਮੁਲਾਂਕਣ ਕਰਨਾ ਅੱਜ ਜ਼ਰੂਰੀ ਹੈ। ਸਟਾਲਿਨ ਦੀਆਂ ਮਹਾਨ ਦੇਣਾਂ ਅਤੇ ਮਾਰਕਸਵਾਦ-ਲੈਨਿਨਵਾਦ ਦੀ ਹਿਫ਼ਾਜਤ ਦਾ ਇੱਕੋ-ਇੱਕ ਸਹੀ ਰਸਤਾ ਇਹੀ ਹੋ ਸਕਦਾ ਹੈ ਕਿ ਅਸੀਂ ਉਨ੍ਹਾਂ ਦੇ ਹਾਂਦਰੂ ਪੱਖਾਂ ਦੇ ਇਲਾਵਾ ਨਾਂਹ ਪੱਖਾਂ ਦਾ ਵੀ ਵਿਸ਼ਲੇਸ਼ਣ ਕਰੀਏ ਅਤੇ ਇਹ ਦੱਸੀਏ ਕਿ ਕਿੰਝ ਉਨ੍ਹਾਂ ਦੀਆਂ ਗਲਤੀਆਂ ਦੇ ਬਹਾਨੇ ਪੂਰੀ ਦੁਨੀਆਂ ਦੇ ਸਾਰੇ ਨਕਲੀ ਕਮਿਊਨਿਸਟ ਅਤੇ ਬੁਰਜੂਆ ਅਸਲ ਵਿੱਚ ਆਪਣੇ ਹਮਲੇ ਦਾ ਅਸਲੀ ਨਿਸ਼ਾਨਾ ਮਾਰਕਸਵਾਦ-ਲੈਨਿਨਵਾਦ ਦੇ ਮੁੱਢਲੇ ਅਸੂਲਾਂ ਨੂੰ ਦੱਸਦੇ ਰਹੇ ਹਨ। ਨਾਲ਼ ਹੀ ਅੱਜ ਸਮਾਜਵਾਦ ਦੀਆਂ ਸਮੱਸਿਆਵਾਂ ਅਤੇ ਪੂੰਜੀਵਾਦੀ ਮੁੜ-ਬਹਾਲੀ ਦੇ ਸਾਰੇ ਕਾਰਨਾਂ ਨੂੰ ਸਮਝਣ ਦਾ ਉੱਦਮ ਵੀ ਉਦੋਂ ਤੱਕ ਸਫ਼ਲ ਨਹੀਂ ਹੋ ਸਕਦਾ ਜਦੋਂ ਤੱਕ ਸਟਾਲਿਨ ਦੀਆਂ ਗਲਤੀਆਂ ਦੇ ਸਹੀ-ਸੰਤੁਲਿਤ ਨਿਚੋੜ ਨੂੰ ਅਸੀਂ ਆਤਮਸਾਤ ਨਹੀਂ ਕਰ ਲੈਂਦੇ।

ਦੁਨੀਆਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਸਮਾਜਵਾਦੀ ਉਸਾਰੀ ਦੇ ਮਹਾਂਕਾਵਿਕ ਯਤਨਾਂ ਨੂੰ ਲੀਡਰਸ਼ਿਪ ਦਿੰਦੇ ਹੋਏ ਸੰਸਾਰ ਮਜ਼ਦੂਰ ਜਮਾਤ ਦੇ ਮਹਾਨ ਆਗੂ ਸਟਾਲਿਨ ਨੇ ਕੁੱਝ ਗਲਤੀਆਂ ਵੀ ਕੀਤੀਆਂ ਅਤੇ ਉਨ੍ਹਾਂ ਵਿੱਚੋਂ ਜ਼ਰੂਰ ਹੀ ਕੁੱਝ ਗੰਭੀਰ ਅਤੇ ਵੱਡੀਆਂ ਗਲਤੀਆਂ ਸਨ। ਮਾਓ ਨੇ ਖ਼ਰੁਸ਼ਚੇਵ ਦੁਆਰਾ ਸਟਾਲਿਨ ‘ਤੇ ਕੀਤੇ ਗਏ ਹਮਲਿਆਂ ਦਾ ਜਵਾਬ ਦਿੰਦੇ ਹੋਏ ਅਤੇ ਚੀਨ ਵਿੱਚ ਸਮਾਜਵਾਦੀ ਪ੍ਰਯੋਗ ਦਾ ਨਿਚੋੜ ਕੱਢਦੇ ਹੋਏ ਸਟਾਲਿਨ ਦੀਆਂ ਪ੍ਰਾਪਤੀਆਂ ਅਤੇ ਗਲਤੀਆਂ ਦਾ ਸਹੀ ਵਿਸ਼ਲੇਸ਼ਣ ਕੀਤਾ, ਉਨ੍ਹਾਂ ਤੋਂ ਸਿੱਖਿਆ ਲਈ ਅਤੇ ਸਮੁੱਚੇ ਮੁਲਾਂਕਣ ਦੇ ਤੌਰ ‘ਤੇ ਉਨ੍ਹਾਂ ਦੇ ਇੱਕ ਮਹਾਨ ਮਾਰਕਸਵਾਦੀ-ਲੈਨਿਨਵਾਦੀ ਅਤੇ ਕੌਮਾਂਤਰੀ ਮਜ਼ਦੂਰ ਜਮਾਤ ਦਾ ਇੱਕ ਮਹਾਨ ਆਗੂ ਦੱਸਿਆ। ਅਸੀਂ ਇਸ ਮੁਲਾਂਕਣ ਨੂੰ ਸਹੀ ਨਹੀਂ ਮੰਨਦੇ ਹਾਂ।

ਇਹ ਸਹੀ ਹੈ ਕਿ ਸਾਮਰਾਜਵਾਦੀ ਦੇਸ਼ਾਂ ਦੀ ਚੌਧਰ ਵਾਲ਼ੀ ਦੁਨੀਆਂ ਵਿੱਚ, ਇੱਕ ਪਿੱਛੜੇ ਹੋਏ ਅਤੇ ਗੁੰਝਲਦਾਰ ਹਾਲਤਾਂ ਵਾਲ਼ੇ ਸੋਵੀਅਤ ਸੰਘ ਵਰਗੇ ਵਿਸ਼ਾਲ ਬਹੁਕੌਮੀ ਦੇਸ਼ ਵਿੱਚ ਪਹਿਲੀ ਵਾਰ ਸਮਾਜਵਾਦ ਦੀ ਉਸਾਰੀ ਇੱਕ ਔਖਾ, ਚਣੌਤੀ ਭਰਿਆ ਕੰਮ ਸੀ। ਇਹ ਸਹੀ ਹੈ ਕਿ 1924 ਤੋਂ ਲੈ ਕੇ ਮੌਤ ਤੱਕ ਸਟਾਲਿਨ ਦੇ ਸਾਹਮਣੇ ਇੱਕ ਦੇ ਬਾਅਦ ਇੱਕ ਲਗਾਤਾਰ ਗੰਭੀਰ ਫੌਰੀ ਸਮੱਸਿਆਵਾਂ ਆਉਂਦੀਆਂ ਰਹੀਆਂ ਅਤੇ ਲੰਬੇ ਸਮੇਂ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ‘ਤੇ ਸੋਚਣ ਲਈ ਉਨ੍ਹਾਂ ਦੇ ਕੋਲ ਸਮੇਂ ਦੀ ਘਾਟ ਲਗਾਤਾਰ ਬਣੀ ਰਹੀ। ਪਰ ਇਹ ਇੱਕ ਸੱਚਾਈ ਹੈ ਕਿ ਇਨਕਲਾਬ ਦੇ ਬਚਪਨ ਦੇ ਗੰਭੀਰ ਸੰਕਟ ਭਰੇ ਥੋੜ੍ਹੇ ਸਮੇਂ ਦੇ ਵਿੱਚ ਹੀ ਲੈਨਿਨ ਨੇ ਸਮਾਜਵਾਦ ਦੀਆਂ ਸਮੱਸਿਆਵਾਂ ‘ਤੇ ਜਿਸ ਡੂੰਘਾਈ ਨਾਲ਼ ਸੋਚਣਾ ਸ਼ੁਰੂ ਕੀਤਾ ਸੀ, ਉਹ ਸਿਲਸਿਲਾ ਸਟਾਲਿਨ ਦੇ ਦੌਰ ਵਿੱਚ ਜਾਰੀ ਨਹੀਂ ਰਹਿ ਸਕਿਆ। ਪਰ ਨਾਲ਼ ਹੀ, ਸਾਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਮਜ਼ਦੂਰ ਸੱਤ੍ਹਾ ਪੱਕੇ ਪੈਰੀਂ ਹੋਣ ਦੇ ਬਾਅਦ, ਸਟਾਲਿਨ ਦੇ ਦੌਰ ਵਿੱਚ ਵੀ ਸਰਬੰਗੀ ਰੂਪ ਵਿੱਚ ਸਮਾਜਵਾਦੀ ਰੁਪਾਂਤਰਣ ਦਾ ਕੰਮ ਸ਼ੁਰੂ ਹੋਇਆ ਅਤੇ ਇਸੇ ਦੌਰਾਨ ਸਮੱਸਿਆਵਾਂ ਦੇ ਕੁੱਝ ਅਜਿਹੇ ਠੋਸ ਰੂਪ ਅਤੇ ਅਜਿਹੇ ਨਵੇਂ ਆਯਾਮ ਵੀ ਸਾਹਮਣੇ ਆਏ ਜੋ ਲੈਨਿਨ ਦੇ ਜੀਵਨ ਦੌਰਾਨ ਸਪੱਸ਼ਟ ਨਹੀਂ ਹੋਏ ਸਨ। ਇਨ੍ਹਾਂ ਬਾਹਰਮੁਖੀ ਸੀਮਾਵਾਂ ਦੇ ਬਾਵਜੂਦ, ਜਿਵੇਂ ਕਿ ਮਾਓ ਨੇ ਨਿਚੋੜ ਕੱਢਿਆ ਹੈ, ਸਟਾਲਿਨ ਤੋਂ ਰਾਜਨੀਤਿਕ ਅਰਥਸ਼ਾਸਤਰ, ਆਰਥਿਕ ਨੀਤੀ ਅਤੇ ਸਮਾਜਵਾਦੀ ਉਸਾਰੀ ਨਾਲ਼ ਸਬੰਧਿਤ ਕੁੱਝ ਅਜਿਹੀਆਂ ਗੰਭੀਰ ਅਤੇ ਕੁੱਝ ਅਜਿਹੀਆਂ ਗੌਣ ਗਲਤੀਆਂ ਵੀ ਹੋਈਆਂ ਜਿਨ੍ਹਾਂ ਤੋਂ ਬਚਿਆ ਜਾ ਸਕਦਾ ਸੀ। ਇਹ ਗਲਤੀਆਂ ਮੁੱਖ ਰੂਪ ਵਿੱਚ ਇਸ ਕਾਰਨ ਹੋਈਆਂ ਕਿ ਕੁੱਝ ਸਮੱਸਿਆਵਾਂ ਦਾ ਹੱਲ ਕਰਨ ਵਿੱਚ ਸਟਾਲਿਨ ਦਵੰਦਾਤਮਕ ਭੌਤਿਕਵਾਦੀ ਪੱਧਤੀ ਨੂੰ ਸਮੁੱਚੇ ਅਤੇ ਸੂਖਮ ਰੂਪ ਵਿੱਚ ਲਾਗੂ ਕਰਨ ਵਿੱਚ ਅਸਫਲ ਰਹੇ ਅਤੇ ਇੱਕ ਹੱਦ ਤੱਕ ਅਧਿਆਤਮਵਾਦੀ ਪੱਧਤੀ ਦਾ ਸ਼ਿਕਾਰ ਹੋ ਗਏ।

ਸਟਾਲਿਨ ਦੀ ਜੋ ਸਭ ਤੋਂ ਮੁੱਖ ਅਤੇ ਮੁੱਢਲੀ ਗਲਤੀ ਸੀ ਉਸਦਾ ਮੂਲ ਕਾਰਨ ਵੀ ਉਨ੍ਹਾਂ ਦੀ ਚਿੰਤਨਪ੍ਰਣਾਲੀ ਵਿੱਚ ਮੌਜੂਦ ਇਹ ਅਧਿਆਤਮਵਾਦੀ ਥਿੜਕਣ ਹੀ ਸੀ ਜਿਸ ਕਰਕੇ ਉਹ ਸਮਾਜਵਾਦੀ ਸਮਾਜ ਦੀ ਬਣਤਰ ਅਤੇ ਇਸਦੀ ਅੰਦਰੂਨੀ ਗਤੀ ਵਿੱਚ ਨਿਹਿਤ ਵਿਰੋਧਤਾਈਆਂ ਦੀ ਸਹੀ ਪਹਿਚਾਣ ਨਹੀਂ ਕਰ ਸਕੇ। ਸਮਾਜਵਾਦੀ ਸਮਾਜ ਵਿੱਚ ਜਮਾਤੀ ਘੋਲ਼ ਦੇ ਖਾਸੇ ਅਤੇ ਉਸਦੇ ਮੁੱਢਲੇ ਨਿਯਮਾਂ ਨੂੰ ਨਾ ਸਮਝ ਸਕਣ ਦੇ ਕਾਰਨ ਹੀ, ਅਨੁਭਵਿਕ ਅਤੇ ਅਮਲੀ ਧਰਾਤਲ ‘ਤੇ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਦੇ ਤਹਿਤ ਜਮਾਤੀ ਘੋਲ਼ ਚਲਾਉਂਦੇ ਹੋਏ ਵੀ, ਉਨ੍ਹਾਂ ਨੇ 1936 ਵਿੱਚ ਇਹ ਗਲਤ ਸੂਤਰੀਕਰਨ ਪੇਸ਼ ਕੀਤਾ ਕਿ ਪੈਦਾਵਾਰ ਅਤੇ ਵਟਾਂਦਰੇ ਦੇ ਸਾਧਨਾਂ ‘ਤੇ ਨਿੱਜੀ ਮਾਲਿਕਾਨੇ ਦੇ ਕਨੂੰਨੀ ਰੂਪਾਂ ਦੇ ਖ਼ਾਤਮੇ ਦੇ ਬਾਅਦ ਹੁਣ ਸੋਵੀਅਤ ਸੰਘ ਵਿੱਚ ਦੁਸ਼ਮਾਣਾਨਾ ਜਮਾਤੀ-ਵਿਰੋਧਤਾਈਆਂ ਅਤੇ ਲੋਟੂ ਜਮਾਤਾਂ ਮੁੱਖ ਰੂਪ ਵਿੱਚ ਖ਼ਤਮ ਹੋ ਚੁੱਕੀਆਂ ਹਨ ਅਤੇ ਉੱਨਤ ਸਮਾਜਵਾਦੀ ਸਬੰਧਾਂ ਅਤੇ ਪਿਛੜੀਆਂ ਪੈਦਾਵਾਰੀ ਤਾਕਤਾਂ ਦਰਮਿਆਨ ਵਿਰੋਧਤਾਈ ਹੀ ਹੁਣ ਸੋਵੀਅਤ ਸਮਾਜ ਦੀ ਪ੍ਰਧਾਨ ਵਿਰੋਧਤਾਈ ਹੈ। ਇੰਝ ਸਮਾਜਵਾਦੀ ਸੰਕਰਮਣ ਬਾਰੇ ਮਾਰਕਸ, ਏਂਗਲਜ ਅਤੇ ਲੈਨਿਨ ਦੇ ਚਿੰਤਨ ਦੇ ਸਿਰੇ ਨੂੰ ਫੜਨ ਵਿੱਚ ਉਹ ਅਸਫਲ ਰਹੇ। ਉਹ ਇਹ ਨਹੀਂ ਸਮਝ ਸਕੇ ਕਿ ਸਿਰਫ ਮਾਲਕੀ ਦੇ ਕਨੂੰਨੀ ਰੂਪਾਂ ਵਿੱਚ ਤਬਦੀਲੀ ਨਾਲ਼ ਜਮਾਤਾਂ ਅਤੇ ਜਮਾਤੀ ਘੋਲ਼ ਦੀਆਂ ਹਾਲਾਤਾਂ ਖ਼ਤਮ ਨਹੀਂ ਹੁੰਦੀਆਂ, ਕਿਉਂਕਿ ਇਹ ਹਾਲਾਤਾਂ ਪੈਦਾਵਾਰ ਸਬੰਧਾਂ ਨਾਲ਼ ਹੜੱਪਣ ਦੀ ਸਮਾਜਿਕ ਪ੍ਰਕਿਰਿਆਂ ਨਾਲ਼ ਜੁੜੀਆਂ ਹੋਈਆ ਹਨ। ਉਹ ਇਹ ਸਮਝ ਸਕਣ ਵਿੱਚ ਅਸਫਲ ਰਹੇ ਕਿ ਪੈਦਾਵਾਰ ਦੇ ਸਾਧਨਾਂ ‘ਤੇ ਸਮਾਜਵਾਦੀ ਸਾਂਝੇ ਮਾਲਿਕਾਨੇ ਦੇ ਸਥਾਪਿਤ ਹੋ ਜਾਣ ਦੇ ਬਾਅਦ ਵੀ ਮਜ਼ਦੂਰ ਜਮਾਤ ਅਤੇ ਬੁਰਜੂਆਜ਼ੀ ਦਰਮਿਆਨ ਘੋਲ਼ ਲਗਾਤਾਰ ਜਾਰੀ ਰਹਿੰਦਾ ਹੈ ਅਤੇ ਸਮਾਜਵਾਦੀ ਸਮਾਜ ਦੀਆਂ ਅੰਦਰੂਨੀ ਵਿਰੋਧਾਈਆਂ ਤੋਂ ਲਗਾਤਾਰ ਪੈਦਾ ਹੁੰਦਾ ਰਹਿੰਦਾ ਹੈ। ਸਟਾਲਿਨ ਦੀ ਇਹ ਸਭ ਤੋਂ ਵੱਧ ਗੰਭੀਰ ਗਲਤੀ ਸੀ ਜਿਸਦੇ ਸਿੱਟੇ ਵਜੋਂ ਸੋਵੀਅਤ ਸਮਾਜ ਵਿੱਚ ਬੁਰਜੂਆਜ਼ੀ ਦੇ ਵਿਰੁੱਧ ਮਜ਼ਦੂਰ ਜਮਾਤ ਦੇ ਅਰੁੱਕ ਘੋਲ਼ ਦੀ ਪ੍ਰਕਿਰਿਆ ਨੂੰ ਗੰਭੀਰ ਨੁਕਸਾਨ ਪਹੁੰਚਣਾ ਹੀ ਸੀ ਅਤੇ ਇਹੀ ਹੋਇਆ।

ਸਮਾਜਵਾਦੀ ਸਮਾਜ ਵਿੱਚ ਲੋਕਾਂ ਅਤੇ ਦੁਸ਼ਮਣ ਜਮਾਤਾਂ ਦਰਮਿਆਨ ਦੁਸਮਣਾਨਾ ਵਿਰੋਧਤਾਈਆਂ ਅਤੇ ਲੋਕ ਦਰਮਿਆਨ ਗੈਰ-ਦੁਸ਼ਮਣਾਨਾ ਵਿਰੋਧਤਾਈਆਂ ਦਰਮਿਆਨ ਫ਼ਰਕ ਨਾ ਕਰਨ ਦੀ ਸਟਾਲਿਨ ਦੀ ਜਿਸ ਗਲਤ ਪ੍ਰਵਿਰਤੀ ਵੱਲ ਮਾਓ ਨੇ ਇਸ਼ਾਰਾ ਕੀਤਾ ਹੈ, ਉਹ ਵੀ ਸਟਾਲਿਨ ਦੀ ਉਪਰੋਕਤ ਗਲਤੀ ਨਾਲ਼ ਹੀ ਜੁੜੀ ਹੋਈ ਸੀ। ਮਾਓ ਅਨੁਸਾਰ, ਇਨ੍ਹਾਂ ਵਿੱਚੋਂ ਪਹਿਲੀ ਵਿਰੋਧਤਾਈ ਦਾ ਹੱਲ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਦੁਆਰਾ ਹੋਣਾ ਚਾਹੀਦਾ ਹੈ ਜਦੋਂ ਕਿ ਦੂਸਰੀ ਦਾ ਹੱਲ ਜਮਹੂਰੀ ਤਰੀਕਿਆਂ ਨਾਲ਼ ਵਿਚਾਰਧਾਰਕ ਘੋਲ਼ ਅਤੇ ਅਲੋਚਨਾ-ਆਤਮਅਲੋਚਨਾ ਦੀ ਪੱਧਤੀ ਰਾਹੀਂ ਹੋਣਾ ਚਾਹੀਦਾ ਹੈ। ਪਰ ਸਟਾਲਿਨ ਦੇ ਦੌਰ ਵਿੱਚ ਅਜਿਹਾ ਨਹੀਂ ਹੋ ਸਕਿਆ ਅਤੇ ਬਾਹਰਮੁਖੀ ਤੌਰ ‘ਤੇ ਇਨਕਲਾਬ ਦੇ ਦੁਸ਼ਮਣਾਂ ਦੇ ਜ਼ਬਰ ਦਾ ਘੇਰਾ ਕਾਫ਼ੀ ਹੱਦ ਤੱਕ ਉਨ੍ਹਾਂ ਲੋਕਾਂ ਤੱਕ ਵੀ ਫੈਲ਼ ਗਿਆ ਜੋ ਸੋਵੀਅਤ ਨੀਤੀਆਂ ਨਾਲ਼ ਅਸਹਿਮਤ ਜਾਂ ਵਿਚਾਰਕ ਵਿਰੋਧੀ ਹੁੰਦੇ ਹੋਏ ਵੀ ਮਜ਼ਦੂਰ ਜਮਾਤ ਅਤੇ ਸਮਾਜਵਾਦ ਦੇ ਦੁਸ਼ਮਣ ਨਹੀਂ ਸਨ।

ਪੈਦਾਵਾਰੀ ਸ਼ਕਤੀਆਂ ਦੇ ਵਿਕਾਸ ‘ਤੇ ਵਧੇਰੇ ਜ਼ੋਰ ਦੇਣ ਅਤੇ ਉਸਨੂੰ ਸਮਾਜਵਾਦ ਦੀ ਮੂਲ ਪ੍ਰੇਰਕ ਤਾਕਤ ਮੰਨਣ ਦਾ ਹੀ ਇਹ ਇੱਕ ਤਰਕਸ਼ੀਲ ਨਤੀਜਾ, ਅਤੇ ਸਮੁੱਚਤਾ ਵਿੱਚ, ਪੱਧਤੀ ਵਿੱਚ ਨਿਹਿਤ ਅਧਿਆਤਮਵਾਦੀ ਪ੍ਰਵਿਰਤੀ ਦਾ ਹੀ ਇਹ ਇੱਕ ਸੁਭਾਵਿਕ ਨਤੀਜਾ ਸੀ ਕਿ ਸਟਾਲਿਨ ਦਾ ਜ਼ੋਰ ਤਕਨੀਕ ‘ਤੇ ਜ਼ਰੂਰਤ ਤੋਂ ਵੱਧ ਅਤੇ ਇਨਸਾਨ ‘ਤੇ ਘੱਟ ਸੀ। ਆਪਣੇ ਨਜ਼ਰੀਏ ਅਤੇ ਪੱਧਤੀ ਵਿੱੱਚ ਨਿਹਿਤ ਅਧਿਆਤਮਵਾਦ ਦੀ ਪ੍ਰਵਿਰਤੀ ਕਰਕੇ ਪਾਰਟੀ ਏਕਤਾ ਬਾਰੇ ਸਟਾਲਿਨ ਦੀ ਸੋਚ ਇਕਹਿਰੀ ਏਕਤਾ ਦੀ ਸੋਚ ਸੀ ਅਤੇ ਪਾਰਟੀ ਅੰਦਰ ਸਹੀ ਏਕਤਾ ਲਈ ਦੋ ਲਾਈਨਾਂ ਦੇ ਘੋਲ਼ ਦੀ ਅਟੱਲਤਾ ਨੂੰ ਉਹ ਸਪੱਸ਼ਟ ਰੂਪ ਵਿੱਚ ਪਛਾਣ ਨਹੀਂ ਸਕੇ ਸਨ। (ਮਾਓ ਦੀ ਸੋਚ ਅਤੇ ਪੱਧਤੀ ਇਸਦੇ ਦੀ ਇੱਕਦਮ ਉੱਲਟ ਸੀ)। ਮੂਲ ਰੂਪ ਵਿੱਚ ਇਸੇ ਕਾਰਨ ਤੋਂ ਸਟਾਲਿਨ ਪਾਰਟੀ ਅੰਦਰ ਜਾਰੀ ਦੋ ਲਾਈਨਾਂ ਦੇ ਘੋਲ਼ ਨੂੰ ਸਮਾਜ ਵਿੱਚ ਜਾਰੀ ਜਮਾਤੀ ਘੋਲ਼ ਦੇ ਹੀ ਇੱਕ ਰੂਪ ਅਤੇ ਵਿਸਤਾਰ ਦੇ ਰੂਪ ਵਿੱਚ ਨਹੀਂ ਦੇਖ ਸਕੇ, ਸਾਮਜਵਾਦ ਦੇ ਦੌਰ ਵਿੱਚ ਪਾਰਟੀ ਦੇ ਮਜ਼ਦੂਰ ਕਿਰਦਾਰ ਦੀ ਹਿਫ਼ਾਜਤ ਲਈ ਲੋਕਾਂ ਨਾਲ਼ ਲਗਾਤਾਰ ਉਸਦਾ ਸਜੀਵ ਸੰਪਰਕ ਬਣਾਈ ਰੱਖਣ ਅਤੇ ਲੋਕਾਂ ਤੋਂ ਪਾਰਟੀ ਦੇ ਸਿੱਖਣ ਦੇ ਇੱਕਸਾਰ ਰੂਪਾਂ ਨੂੰ ਵਿਕਸਿਤ ਨਹੀਂ ਕਰ ਸਕੇ, ਅਤੇ ਰਾਜ-ਪ੍ਰਬੰਧ ਅਤੇ ਮੈਨੇਜਮੈਂਟ ਦੇ ਕੰਮਾਂ ਵਿੱਚ ਸਮਾਜਵਾਦੀ ਚੇਤਨਾ ਦੇ ਉੱਨਤ ਹੁੰਦੇ ਜਾਣ ਦੇ ਨਾਲ਼ ਹੀ ਮਜ਼ਦੂਰ ਜਮਾਤ ਅਤੇ ਕਿਰਤੀ ਲੋਕਾਂ ਦੀ ਸਿਲਸਿਲੇਵਾਰ ਵੱਧਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਦੇ ਸਪੱਸ਼ਟ ਢੰਗ ਤਰੀਕੇ ਨਹੀਂ ਲੱਭ ਸਕੇ। ਇਸੇ ਅਸਫਲਤਾ ਕਰਕੇ ਲੋਕਾਂ ਦੀ ਪਹਿਲਕਦਮੀ ਨੂੰ ਜਗਾਉਣ ਅਤੇ ਉਨ੍ਹਾਂ ਨੂੰ ਲਾਮਬੰਦ ਕਰਨ ਦੀ ਥਾਂ ਸਟਾਲਿਨ ਵਿੱਚ ਪ੍ਰਸ਼ਾਸਕੀ ਕੰਮ ਦੀ ਵਿਉਂਤ ‘ਤੇ ਕੁੱਝ ਜ਼ਿਆਦਾ ਭਰੋਸਾ ਕਰਨ ਦਾ ਰੁਝਾਨ ਵੀ ਦਿਖਾਈ ਦਿੰਦਾ ਹੈ।

ਚਿੰਤਨ ਅਤੇ ਕੰਮ-ਪੱਧਤੀ ਵਿੱਚ ਮੌਜੂਦ ਅਧਿਆਤਮਵਾਦੀ ਪ੍ਰਵਿਰਤੀ ਕਰਕੇ ਹੀ ਸਟਾਲਿਨ ਸਮਾਜਵਾਦੀ ਸਮਾਜ ਵਿੱਚ ਖੇਤੀ ਅਤੇ ਉਦਯੋਗ, ਪਿੰਡ ਅਤੇ ਸ਼ਹਿਰ ਅਤੇ ਕਿਸਾਨ ਅਤੇ ਮਜ਼ਦੂਰ ਦਰਮਿਆਨ ਵਿਰੋਧਤਾਈਆਂ ਦੀ ਵੀ ਇੱਕ ਸਹੀ ਸੰਤੁਲਿਤ ਸਮਝ ਬਣਾਉਣ ਵਿੱਚ ਅਸਫਲ ਰਹੇ। ਖੇਤੀ ਤੋਂ ਵੱਡੇ ਪੱਧਰ ‘ਤੇ ਹੜੱਪੀ ਵਾਫਰ ਕਦਰ ਦੇ ਆਧਾਰ ‘ਤੇ ਉਦਯੋਗੀਕਰਨ ਦੀ ਸੋਵੀਅਤ ਨੀਤੀ ਦੀ ਮਾਓ ਨੇ ਇੱਕ ਤੋਂ ਵੱਧ ਵਾਰ ਅਲੋਚਨਾ ਪੇਸ਼ ਕੀਤੀ ਹੈ।

ਸਟਾਲਿਨ ਦੀਆਂ ਇਨ੍ਹਾਂ ਗੰਭੀਰ ਸਿਧਾਂਤਕ ਗਲਤੀਆਂ ਦਾ ਸਮੁੱਚਾ ਨਿਚੋੜ ਕੱਢ ਕੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਆਤਮਸਾਤ ਕਰਨਾ ਵਿਚਾਰਧਾਰਾ ਸਹੀ ਹਿਫ਼ਾਜਤ ਅਤੇ ਇਨਕਲਾਬੀ ਸਮਾਜਿਕ ਪ੍ਰਯੋਗਾਂ ਲਈ ਜਿੰਨਾ ਜ਼ਰੂਰੀ ਹੈ, ਉਨਾ ਹੀ ਜ਼ਰੂਰੀ ਇਹ ਵੀ ਹੈ ਕਿ ਅਸੀਂ ਇਨ੍ਹਾਂ ਗਲਤੀਆਂ ਨੂੰ ਉਸ ਵੇਲ਼ੇ ਦੀਆਂ ਬਾਹਰਮੁਖੀ ਸੀਮਾਵਾਂ-ਸਮੱਸਿਆਵਾਂ ਦੀ ਪਿੱਠਭੂਮੀ ਵਿੱਚ ਰੱਖਕੇ ਦੇਖੀਏ। ਅਸੀਂ ਸਟਾਲਿਨ ਦੀਆਂ ਗਲਤੀਆਂ ਦੀ ਅਲੋਚਨਾ, ”ਸਟਾਲਿਨ ਦੀ ਤਲਵਾਰ” ਨੂੰ ਹੋਰ ਮਜ਼ਬੂਤੀ ਨਾਲ਼ ਉੱਚਾ ਚੁੱਕਣ ਲਈ ਅਤੇ ਆਪਣੀ ਵਿਚਾਰਧਾਰਾ ਦੀ ਅਥਾਰਿਟੀ ਨੂੰ ਹੋਰ ਵੱਧ ਮਜ਼ਬੂਤ ਬਣਾਉਣ ਲਈ ਕਰਦੇ ਹਾਂ।

ਸਟਾਲਿਨ ਦੀਆਂ ਕੁੱਝ ਗੰਭੀਰ ਸਿਧਾਂਤਕ ਗਲਤੀਆਂ ਅਤੇ ਕੁੱਝ ਗੌਣ ਨੀਤੀਗਤ-ਯੁੱਧਨੀਤਕ ਭੁੱਲਾਂ ਚੁੱਕਾਂ ਦੇ ਬਾਵਜੂਦ ਉਨ੍ਹਾਂ ਦੇ ਪੂਰੇ ਜੀਵਨ ਦੌਰਾਨ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਕਾਇਮ ਰਹੀ, ਸਮਾਜਵਾਦ ਨੇ ਅੱਗੇ ਵੱਲ ਲੰਬੀਆਂ ਪੁਲਾਘਾਂ ਪੁੱਟੀਆਂ ਅਤੇ ਸਾਰੀ ਦੁਨੀਆਂ ਵਿੱਚ ਇਨਕਲਾਬ ਦੀ ਧਾਰਾ ਨੂੰ ਅੱਗੇ ਵਧਾਉਣ ਵਿੱਚ ਸੋਵੀਅਤ ਸੰਘ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਸਾਰੇ ਸਮੇਂ ਵਿੱਚ ਸਮਾਜਵਾਦੀ ਸਮਾਜ ਵਿੱਚ ਜਮਾਤੀ ਘੋਲ਼ ਦੇ ਨਿਯਮਾਂ ਦੀ ਸਮਝ ਦੀ ਘਾਟ ਦੇ ਬਾਵਜੂਦ, ਅਨੁਭਵੀ ਪੱਧਰ ‘ਤੇ ਬੁਰਜੂਆ ਤੱਤਾਂ ਅਤੇ ਬੁਰਜੂਆ ਹੱਕਾਂ ਨੂੰ ਕਾਬੂ ਕਰਨ ਦਾ ਕੰਮ ਜਾਰੀ ਰਿਹਾ, ਸਮਾਜਵਾਦੀ ਸਾਂਝੀ ਮਾਲਕੀ ਦਾ ਪ੍ਰਬੰਧ ਸਫਲਤਾਪੂਰਵਕ ਲਾਗੂ ਹੋਇਆ, ਕਿਰਤੀ ਲੋਕਾਂ ਦੀ ਪਹਿਲਕਦਮੀ ਬਣੀ ਰਹੀ ਅਤੇ ਪੈਦਾਵਾਰੀ ਸਬੰਧਾਂ ਵਿੱਚ ਇਨਕਲਾਬੀ ਤਬਦੀਲੀਆਂ ਪੈਦਾਵਾਰੀ ਤਾਕਤਾਂ ਨੂੰ ਲਗਾਤਾਰ ਵਿਕਸਿਤ ਕਰਦੀਆਂ ਰਹੀਆਂ। ਸਟਾਲਿਨ ਦੀਆਂ ਗਲਤੀਆਂ ਇੱਕ ਇਨਕਲਾਬੀ ਅਤੇ ਇੱਕ ਵਿਗਿਆਨਿਕ ਦੀਆਂ ਗਲਤੀਆਂ ਸਨ। ਉਹ ਇੱਕ ਮਹਾਨ ਮਜ਼ਦੂਰ ਇਨਕਲਾਬੀ ਸਨ। ਆਪਣੇ ਆਖਰੀ ਸਾਹ ਤੱਕ ਉਨ੍ਹਾਂ ਨੇ ਸਾਮਰਾਜਵਾਦੀਆਂ ਦੇ ਦਬਾਅ ਅੱਗੇ ਝੁਕਣ ਤੋਂ ਇਨਕਾਰ ਕੀਤਾ ਜੋ ਲਗਾਤਾਰ ਪ੍ਰਮਾਣੂ ਹਥਿਆਰਾਂ ਨਾਲ਼ ਸੋਵੀਅਤ ਸੰਘ ਨੂੰ ਤਬਾਹ ਕਰ ਦੇਣ ਦੀਆਂ ਧਮਕੀਆਂ ਦੇ ਰਹੇ ਸਨ। ਇਹ ਵੀ ਜ਼ਿਕਰਯੋਗ ਹੈ ਕਿ ਆਪਣੇ ਜੀਵਨ ਦੇ ਆਖਰੀ ਦਿਨਾਂ ਵਿੱਚ ਸਟਾਲਿਨ ਨੇ ਖੁਦ ਸਮਾਜਵਾਦ ਦੀਆਂ ਸਮੱਸਿਆਵਾਂ ‘ਤੇ ਸੋਚਦੇ ਹੋਏ ਅਤੀਤ ਦੀਆਂ ਆਪਣੀਆਂ ਗਲਤੀਆਂ ਨੂੰ ਠੀਕ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਸੀ ਜੋ ਉਨ੍ਹਾਂ ਦੇ ਆਖਰੀ ਸਾਹ ਤੱਕ ਜਾਰੀ ਰਹੀ।

“ਪ੍ਰਤੀਬੱਧ”, ਅੰਕ 11,ਅਕਤੂਬਰ-ਦਸੰਬਰ 2008 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s