ਸਟਾਲਿਨ ਕੌਣ ਸਨ-ਮਹਾਂਮਾਨਵ ਜਾਂ ਦਾਨਵ

stalinn

(ਪੀ.ਡੀ.ਐਫ਼ ਡਾਊਨਲੋਡ ਕਰੋ)

 ਕਾਮਰੇਡ ਸਟਾਲਿਨ ਦੇ ਜਨਮ ਦਿਨ (21 ਦਸੰਬਰ) ਦੇ ਮੌਕੇ ‘ਤੇ

(ਲੇਖਕ 1947 ਦੇ ਜਲ-ਸੈਨਾ ਵਿਦਰੋਹ ਵਿੱਚ ਸ਼ਾਮਿਲ ਰਹੇ ਸਨ। ਅੰਗਰੇਜ਼ ਹਕੂਮਤ ਖਿਲਾਫ਼ ਇਸ ਬਗਾਵਤ ਵਿੱਚ ਸ਼ਾਮਿਲ ਲੋਕਾਂ ਨੂੰ ਅਜ਼ਾਦ ਭਾਰਤ ਵਿੱਚ ਵੀ ਮੁਜ਼ਰਿਮ ਮੰਨਿਆਂ ਗਿਆ ਅਤੇ ਦੁਆਰਾ ਜਲ-ਸੈਨਾ ਵਿੱਚ ਨਹੀਂ ਲਿਆ ਗਿਆ। ਕਈ ਦਹਾਕਿਆਂ ਤੱਕ ਲੇਖਣੀ ਅਤੇ ਪੱਤਰਕਾਰਤਾ ਨਾਲ਼ ਜੁੜੇ ਰਹੇ ਸ਼੍ਰੀ ਸੁਰਿੰਦਰ ਕੁਮਾਰ 1972 ਤੋਂ ਲੈ ਕੇ 1989 ਤੱਕ ਸੋਵੀਅਤ ਸੰਘ ਵਿੱਚ ਰਹੇ ਜਿੱਥੇ ਉਹਨਾਂ ਨੇ ਪ੍ਰਗਤੀ ਪ੍ਰਕਾਸ਼ਨ ਲਈ ਮਾਰਕਸਵਾਦ ਦੀਆਂ ਦਰਜਣਾਂ ਕਿਤਾਬਾਂ ਦਾ ਹਿੰਦੀ ਵਿੱਚ ਅਨੁਵਾਦ ਕੀਤਾ। ਉਹਨਾਂ ਨੇ ਸਮਾਜਵਾਦ ਦੀ ਜਨਮਭੂਮੀ ਵਿੱਚ ਪੂੰਜੀਵਾਦ ਦੀ ਮੁੜ-ਬਹਾਲੀ ਤੋਂ ਬਾਅਦ ਆਏ ਚੌਤਰਫ਼ਾ ਨਿਘਾਰ ਨੂੰ ਅੱਖੀਂ ਦੇਖਿਆ ਹੈ। -ਸੰਪਾਦਕ)

”ਸਟਾਲਿਨ ਇੱਕੋ ਸਮੇਂ ਮਹਾਂਮਾਨਵ ਅਤੇ ਬੇਹੱਦ ਡਰਾਉਣੇ ਸਨ।” ਇਹ ਸ਼ਬਦ ਪ੍ਰਸਿੱਧ ਸੋਵੀਅਤ ਪੱਤਰਕਾਰ-ਸਾਹਿਤਕਾਰ ਕਨਸਤਾਨਿਤਨ ਸਿਮੋਨੋਵ ਦੇ ਹਨ, ਜੋ ਉਹਨਾਂ ਨੇ 1979 ਵਿੱਚ ”ਆਪਣੀ ਪੀੜ੍ਹੀ ਦੇ ਇੱਕ ਮਨੁੱਖ ਦੀਆਂ ਨਜ਼ਰਾਂ ਵਿੱਚ” ਸਿਰਲੇਖ ਤਹਿਤ ਆਪਣੀ ਯਾਦਗਾਰੀ ਪੁਸਤਕ (ਸ਼ਾਇਦ ਉਹਨਾਂ ਦੀ ਅਖੀਰਲੀ ਕਿਰਤ) ਵਿੱਚ ਸੱਤਾ ਦੇ ਨਾਲ ਆਪਣੇ ਸਬੰਧਾਂ ਨੂੰ ਬਿਆਨ ਕਰਦੇ ਹੋਏ ਦਰਜ ਕੀਤੇ ਸਨ। ਉਹਨਾਂ ਨੇ ਘੱਟ ਤੋਂ ਘੱਟ ਸ਼ਬਦਾਂ ਵਿੱਚ ਸਟਾਲਿਨ ਨਾਮ ਦੀ ਬੁਝਾਰਤ ਦਾ ਉੱਤਰ ਸਮੇਟਣ ਦਾ ਯਤਨ ਕੀਤਾ ਸੀ। ਪਰ ਉਹ ਏਨਾ ਜੋੜਨਾ ਭੁੱਲ ਗਏ ਕਿ ਸਟਾਲਿਨ ਲੀਡਰਸ਼ਿੱਪ, ਵਿਚਾਰਧਾਰਾ, ਦੂਰਦ੍ਰਿਸ਼ਟੀ ਦੀ ਨਜ਼ਰ ਮਹਾਂਮਾਨਵ ਅਤੇ ਸਮਾਜਵਾਦ ਦੇ ਹਰ ਰੰਗ-ਰੂਪ ਦੇ ਦੁਸ਼ਮਣਾਂ ਲਈ ਬੇਹੱਦ ਡਰਾਉਣੇ ਸਨ।

ਅੱਜ ਉਹਨਾਂ ਦੀ ਮੌਤ ਦੇ 53 ਸਾਲਾਂ ਬਾਅਦ ਵੀ ਉਨ੍ਹਾਂ ਦੇ ਪੱਖ ਅਤੇ ਵਿਰੋਧ ਨੂੰ ਲੈ ਕੇ ਲਗਾਤਾਰ ਚੱਲ ਰਹੇ ਵਾਦ ਵਿਵਾਦ ਦੇ ਬਾਵਜੂਦ ਉਹਨਾਂ ਨੂੰ ਇਤਿਹਾਸ ਦੇ ਰੰਗ-ਮੰਚ ਤੋਂ ਹਟਾਉਣਾ ਸਭ ਲਈ ਅਸੰਭਵ ਹੈ। ਅਕਤੂਬਰ ਇਨਕਲਾਬ ਦੇ ਮਹਾਂ ਵਿਸਫੋਟ ਤੋਂ ਬਾਅਦ ਉਲਟਾ ਦਿੱਤੇ ਗਏ ਰਾਜਤੰਤਰ ਦੀਆਂ ਛਟਪਟਾਉਦੀਆਂ ਤਾਕਤਾਂ ਦਾ 16 ਵਿਦੇਸ਼ੀ ਸਾਮਰਾਜਵਾਦੀ ਦੇਸ਼ਾਂ ਦੀਆਂ ਫੌਜਾਂ ਦੀ ਛਤਰਛਾਇਆ ਵਿੱਚ ਇਨਕਲਾਬ ਦਾ ਗਲਾ ਪਘੂੰੜੇ ਵਿੱਚ ਹੀ ਘੁੱਟਣ ਦਾ ਯਤਨ, ਲੈਨਿਨ ਦੇ ਸਰੀਰ ਉੱਪਰ ਜ਼ਹਿਰ ਭਰੀ ਗੋਲੀ ਚਲਾਇਆ ਜਾਣਾ ( ਖੱਬੇਪੱਖੀ-ਸਮਾਜਵਾਦੀ ਇਨਕਲਾਬੀ ਦੋਨਾਂ ਕਾਪਲਾਨ ਦੁਆਰਾ , ਜਿਨ੍ਹਾਂ ਦਾ ਗੜ੍ਹ ਜਰਮਨੀ ਸੀ, ਸਾਡੇ ਆਪਣੇ ਸਮਤਾਵਾਦੀ-ਸਮਾਜਵਾਦੀ ਜਾਰਜ਼ ਫਰਨਾਡਿਜ ਨੂੰ ਸਮਾਜਵਾਦੀ ਇੰਟਰਨੈਸ਼ਨਲ ਨਾਲ ਜੁੜੇ ਇਸ ਇਤਿਹਾਸ ਦਾ ਸ਼ਾਇਦ ਗਿਆਨ ਹੋਵੇ ਜਾਂ ਸ਼ਾਇਦ ਨਾ ਹੋਵੇ), ਲੈਨਿਨ ਦੀ ਮੌਤ ਅਤੇ ਪਾਰਟੀ ਗੁੱਟਬੰਦੀ ਅਤੇ ਉਲਟ ਇਨਕਲਾਬ ਦਾ ਮੂੰਹ ਅੱਡੇ ਖੜ੍ਹਾ ਹੋਣਾ-ਇਹ ਸਭ ਸਟਾਲਿਨ ਨੂੰ ਇਤਿਹਾਸ ਤੋਂ ਵਿਰਾਸਤ ਵਿੱਚ ਮਿਲਿਆ ਸੀ, ਜਿਸਦਾ ਸਰੂਪ 1871 ਦੇ ਕਮਿਊਨ ਨੇਤਾਵਾਂ ਨੂੰ ਮਿਲੀ ਵਿਰਾਸਤ ਨਾਲੋਂ ਸੈਂਕੜੇ ਗੁਣਾਂ ਜਿਆਦਾ ਭਿਆਨਕ ਸੀ, ਇਸ ਲਈ ਕਿ ਕਮਿਊਨ ਦੇ ਨੇਤਾਵਾਂ ਦੇ ਕੋਲ ਪਾਉਣ ਅਤੇ ਗਵਾਉਣ ਲਈ ਸਿਰਫ ਪੈਰਿਸ ਸੀ, ਪਰ ਰੂਸ ਨੇ ਤਾਂ ਖੇਤਰਫਲ, ਅਬਾਦੀ, ਇਨਕਲਾਬ ਦੇ ਭਾਂਬੜ ਦੇ ਵਿਆਪਕ ਪੈਮਾਨੇ ਦੇ ਨਜ਼ਰੀਏ ਤੋਂ ਬੁਰਜ਼ੂਆਜ਼ੀ ਲਈ ਸਾਰੇ ਸੰਸਾਰ ਵਿੱਚ ਜ਼ਿੰਦਗੀ ਜਾਂ ਮੌਤ ਦਾ ਅਸਲ ਸਵਾਲ ਖੜ੍ਹਾ ਕਰ ਦਿੱਤਾ ਸੀ।

ਰੂਸ ਅਤੇ ਉਸਦੀ ਬੁਨਿਆਦ ‘ਤੇ ਬਣੇ ਸੋਵੀਅਤ ਸੰਘ ਨੂੰ ਘਰੇਲੂ ਜੰਗ ਨਾਲ ਸਿੱਝਣ ਤੇ ਸਾਹ ਲੈਣ ਦੀ ਵਿਹਲ ਵੀ ਨਹੀਂ ਮਿਲੀ ਸੀ, ਕਿ ਯੂਕਰੇਨ ਅਕਾਲ ਦੀ ਚਪੇਟ ਵਿੱਚ ਆ ਗਿਆ: ਮੱਧ ਏਸ਼ੀਆ, ਕਾਕੇਸ਼ਸ ਵਿੱਚ ਕਬਾਇਲੀ ਗਿਰੋਹ: ਸੰਪਤੀ ਤੋਂ ਵਾਂਝੇ ਹੋ ਰਹੇ ਵੱਡੇ-ਵੱਡੇ ਖਾਨ, ਅਮੀਰ (ਵੱਡੇ ਭੂਮੀਪਤੀ) ਆਦਿ-ਆਦਿ ਜਿੱਥੇ-ਜਿੱਥੇ ਮੌਕਾ ਮਿਲਦਾ ਸੀ, ਵਿਰੋਧੀਆਂ ਨੂੰ ਜਿਉਂਦੇ ਮਾਰੂਥਲ ਵਿੱਚ ਗੱਡ ਦਿੰਦੇ ਸਨ, ਸਿਰਫ ਉਹਨਾਂ ਦੇ ਸਿਰ ਬਾਹਰ ਰਹਿੰਦੇ ਸਨ : ਖੇਤੀ ਦੀਆਂ ਮਸ਼ੀਨਾਂ ਚਲਾਉਣ ਦਾ ਕੰਮ ਸਿੱਖਣ ਵਾਲੇ ਦੇ ਹੱਥ ਪੈਰ ਕੱਟ ਦਿੱਤੇ ਜਾਂਦੇ ਸਨ। (ਪ੍ਰਸੰਗ-ਚੇਚਨੀਆਂ ਦੀ ਰਾਜਧਾਨੀ ਗਰੋਜਨੀ ਵਿੱਚ ਇਹਨਾਂ ਲਾਇਨਾਂ ਦੇ ਲੇਖਕ ਨੂੰ 1983 ਵਿੱਚ ਅਜਿਹੀ ਮਸ਼ਹੂਰ ਬਜ਼ੁਰਗ ਚੇਚੇਨ ਕਵਿਤਰੀ ਨਾਲ ਮਿਲਣ ਦਾ ਮੌਕਾ ਮਿਲਿਆ, ਜਿਸ ਦੇ ਬੁੱਲ੍ਹ ਇਸ ਲਈ ਸਿਉਂ ਦਿੱਤੇ ਸਨ ਕਿ ਘਰ ਵਿੱਚ ਆਦਮੀਆਂ ਦੇ ਨਾ ਹੋਣ ‘ਤੇ ਉਸ ਨੇ ਹਲ ਜੋੜਨ ਦਾ ”ਮਰਦਾਨਾ” ਦੁਸਾਹਸ ਕੀਤਾ ਸੀ। ਜੇਕਰ ਮੈਂ ਉਸ ਬਜੁਰਗ ਦੇ ਬੁੱਲ੍ਹਾਂ ‘ਤੇ ਟਾਂਕਿਆਂ ਦੇ ਨਿਸ਼ਾਨ ਨਾ ਦੇਖੇ ਹੁੰਦੇ, ਤਾਂ ਮੈਂ ਉਸ ਹੌਲਨਾਕ ਘਟਨਾ ‘ਤੇ ਸ਼ਾਇਦ ਵਿਸ਼ਵਾਸ਼ ਨਾ ਕਰਦਾ) ਅਤੇ ਜਦ ਘਰੇਲੂ ਮੋਰਚੇ ਉੱਤੇ ਹਾਲਾਤ ਠੀਕ-ਠਾਕ ਹੋਣੇ ਸ਼ੁਰੂ ਹੋਏ ਹੀ ਸਨ ਕਿ ਪੱਛਮ ਨੇ ਆਪਣਾ ਬ੍ਰਹਮਅਸਤਰ ਬਣਾਉਣਾ ਸ਼ੁਰੂ ਕੀਤਾ-ਨਾਜ਼ੀਵਾਦ ਅਤੇ ਫਾਸ਼ਿਜਮ ਨੂੰ ਉਹਨਾਂ ਦੇ ਵਿਚਾਰਧਾਰਕ ਸ਼ਾਸਤਰ-ਅਸਤਰ ਕਾਰਖਾਨੇ ਵਿੱਚ ਘੜਿਆ ਜਾਣ ਲੱਗਿਆ। ਕਿਸਦੇ ਵਿਰੁੱਧ? ਇਸਦਾ ਉਤਰ ਦੇਣ ਦੀ ਅੱਜ ਕੋਈ ਜ਼ਰੂਰਤ ਨਹੀਂ ਰਹਿ ਗਈ ਹੈ। ਜਦ ਇਹ ਬ੍ਰਹਮਅਸਤਰ ਤਿਆਰ ਹੋ ਗਿਆ ਅਤੇ ਉਸਨੂੰ ਪੱਛਮ ਦੀ ਬਜਾਏ ਪੂਰਬ ਵੱਲ ਸੇਧਿਤ ਕੀਤਾ ਗਿਆ, ਉਸ ਸਮੇਂ ਹੈਰੀ ਟਰੂਮੈਨ ਨੇ, ਜੋ ਰੂਜਵੈਲਟ ਤੋਂ ਬਾਅਦ ਅਮਰੀਕਾ ਦਾ ਰਾਸ਼ਟਰਪਤੀ ਬਣਿਆ, ਜੋ ਕੁੱਝ ਕਿਹਾ, ਉਹ ”ਪੂੰਜੀਵਾਦ-ਸਾਮਰਾਜਵਾਦ, ਨਵ-ਬਸਤੀਵਾਦ ” ਦੇ ਪੂਰੇ ਦੇ ਪੂਰੇ ਫਲਸਫੇ ਨੂੰ ਸਾਰ ਰੂਪ ਵਿੱਚ ਉਜਾਗਰ ਕਰ ਦਿੰਦਾ ਹੈ।

”ਜੇਕਰ ਇਹ ਨਜ਼ਰ ਆਵੇ ਕਿ ਜਰਮਨੀ ਦੀ ਯੁੱਧ ਵਿੱਚ ਜਿੱਤ ਹੋ ਰਹੀ ਹੈ, ਤਾਂ ਸਾਨੂੰ ਰੂਸ ਦੀ ਸਹਾਇਤਾ ਕਰਨੀ ਚਾਹੀਦੀ ਹੈ ਅਤੇ ਜੇਕਰ ਰੂਸ ਦੀ ਜਿੱਤ ਹੋ ਰਹੀ ਹੋਵੇ ਤਾਂ ਸਾਨੂੰ ਜਰਮਨੀ ਦੀ ਸਹਾਇਤਾ ਕਰਨੀ ਚਾਹੀਦੀ ਹੈ ਕਿ ਦੋਵੇਂ ਧਿਰਾਂ ਇੱਕ-ਦੂਜੇ ਦੇ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਮੌਤ ਦੇ ਘਾਟ ਉਤਾਰਨ।” (ਨਿਊਯਾਰਕ ਟਾਇਮਜ਼, 24 ਜੂਨ 1941)।

ਇਸਦੇ ਬਾਅਦ ਸੋਵੀਅਤ ਸੰਘ ਪ੍ਰਤੀ ਪੂੰਜੀਵਾਦ ਦੀ ਪੂਰੀ ਸੋਚ ਅਤੇ ਉਸਦੀਆਂ ਥੋੜ੍ਹਚਿਰੀਆਂ ਅਤੇ ਦਾਅ ਦੀਆਂ ਯੁੱਧਨੀਤੀਆਂ ‘ਤੇ ਕੋਈ ਵਿਸਥਾਰੀ ਟਿੱਪਣੀ ਕਰਨ ਦੀ ਜ਼ਰੂਰਤ ਨਹੀਂ ਰਹਿ ਜਾਂਦੀ। ਸਿਰਫ ਏਨਾ ਯਾਦ ਰੱਖਣਾ ਜ਼ਰੂਰੀ ਹੈ ਕਿ ਇਸ ਡਰਾਉਣੇ ਵਾਤਾਵਰਨ ਵਿੱਚ ਸਟਾਲਿਨ ਨੇ ਇੱਕ-ਇੱਕ ਇੱਟ ਜੋੜਕੇ ਉਹ ਸੁੰੰਦਰ ਇਮਾਰਤ ਖੜ੍ਹੀ ਕੀਤੀ, ਜਿਸ ਨੂੰ ਸੋਵੀਅਤ ਸਮਾਜਵਾਦੀ ਗਣਤੰਤਰ ਸੰਘ ਨਾਮ ਦਿੱਤਾ ਗਿਆ, ਉਹ ਪਾਰਟੀ ਖੜ੍ਹੀ ਕੀਤੀ ਜਿਸਦੀ ਅਗਵਾਈ ਵਿੱਚ, ਰਹਿਨੁਮਾਈ ਵਿੱਚ ਮਜ਼ਦੂਰਾਂ ਅਤੇ ਕਿਸਾਨਾਂ ਦੇ ਪਹਿਲੇ, ਨਵੇਂ ਜੰਮੇ ਦੇਸ਼ ਨੂੰ ਸੌ-ਪ੍ਰਤੀਸ਼ਤ ਸਿੱਖਿਅਤ ਬਣਾਇਆ ਗਿਆ, ਉਦਯੋਗ-ਖੇਤੀ ਦਾ ਆਤਮਨਿਰਭਰ ਢਾਂਚਾ ਖੜ੍ਹਾ ਹੋਇਆ ਅਤੇ ਸਭ ਤੋਂ ਵੱਡੀ ਗੱਲ ਲੋਕਾਂ ਨੇ ਨਵਾਂ ਅਪੂਰਵ ਆਤਮ ਵਿਸ਼ਵਾਸ਼ ਹਾਸਲ ਕੀਤਾ।

ਸਟਾਲਿਨ ਨੂੰ ਸੋਵੀਅਤ ਸੰਘ ਦੀਆਂ ਇਨ੍ਹਾਂ ਯੁੱਗਪਲਟਾਊ ਪ੍ਰਾਪਤੀਆਂ ਦੇ ਕਾਰਨ ਜੇਕਰ ਦੁਸ਼ਮਣ ਖੇਮੇ ਨੇ, ਜਿਸ ਵਿੱਚ ਸਭ ਤਰਾਂ ਦੀਆਂ ਦੇਸ਼ੀ-ਵਿਦੇਸ਼ੀ ਤਾਕਤਾਂ ਸ਼ਾਮਿਲ ਸਨ, ਹਮਲੇ ਦਾ ਮੁੱਖ ਨਿਸ਼ਾਨਾ ਬਣਾਇਆ ਤਾਂ ਇਹ ਸੁਭਾਵਿਕ ਹੀ ਸੀ। ਸਟਾਲਿਨ ਨੇ ਸੰਸਾਰ ਸਾਮਰਾਜਵਾਦ ਦੀਆਂ ਸ਼ਾਜਿਸ਼ਾਂ ਨੂੰ ਨਿਸ਼ਫਲ ਕਰਨ ਵਿੱਚ ਕਦੇ ਕਿਸੇ ਨਾਲ ਰਿਆਇਤ ਨਹੀਂ ਵਰਤੀ।

ਜੇਕਰ ਅਜਿਹਾ ਕਰਦੇ ਤਾਂ ਸ਼ਾਇਦ ਸਾਮਰਾਜਵਾਦ ਦੀ ਸਭ ਤੋਂ ਵੱਡੀ ਸੋਵੀਅਤ ਵਿਰੋਧੀ ਮੁਹਿੰਮ-ਦੂਸਰੀ ਸੰਸਾਰ ਜੰਗ¸ਵਿੱਚ ਕਮਿਊਨਿਜ਼ਮ ਦੀ ਉਤਮਤਾ ਸਿੱਧ ਨਾ ਹੋ ਪਾਉਂਦੀ (ਇਸ ਮਹਾਂਯੁੱਧ ਵਿੱਚ ਪੱਛਮੀ ਦੇਸ਼, ਨਾਜੀਆਂ ਅਤੇ ਫਾਸ਼ਿਸ਼ਟਾਂ ਦੇ ਵਿਰੁੱਧ ਮੈਦਾਨ ਵਿੱਚ ਕਦੋਂ ਉੱਤਰੇ? ਜੂਨ1944 ਵਿੱਚ, ਜਦੋਂ ਸੋਵੀਅਤ ਸੈਨਾ ਦੁਸ਼ਮਣ ਨੂੰ ਲਤਾੜਦੀ ਹੋਈ ਜਰਮਨੀ ਦੇ ਬੂਹੇ ਖੜਕਾਉਣ ਲੱਗੀ ਸੀ)।

ਇਸ ਯੁੱਧ ਤੋਂ ਬਹੁਤ ਪਹਿਲਾਂ ਵੀ, ਅਤੇ ਯੁੱਧ ਦੇ ਬਾਅਦ ਤੋਂ ਲੈ ਕੇ ਅੱਜ ਤੱਕ ਸਟਾਲਿਨ ਦਾ ਨਾਮ ਕਮਿਉਨਿਜ਼ਮ ਦੇ ਦੁਸ਼ਮਣਾ ਲਈ ਸਭ ਤੋਂ ਵੱਡਾ ਹਊਆ ਬਣਿਆਂ ਹੋਇਆ ਹੈ। ਉਹਨਾਂ ਨੂੰ ਦਾਨਵ ਦੇ ਰੂਪ ਵਿੱਚ ਪੇਸ਼ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਗਈ। ਗੋਰਬਾਚੋਵ ਯੁੱਗ ਦੀ ਕਮਿਉਨਿਸਟ ਪਾਰਟੀ ਦੇ ਨੀਤੀ ਘਾੜੇ ਅਲੇਕਸਾਂਦਰ ਯਾਕੋਵਲੇਵ ਦਾ ਤਾਂ ਥੀਸਸ ਹੀ ਹੈ-”ਸਟਾਲਿਨ ਅਤੇ ਹਿਟਲਰ ਨੂੰ ਇੱਕ ਦੂਜੇ ਦੀ ਜ਼ਰੂਰਤ ਸੀ।” ਅੱਗੇ -”1917 ਦਾ ਅਕਤੂਬਰ ਇਨਕਲਾਬ ਮਹਿਜ ਤਖ਼ਤਾ ਉਲਟਾਉਣ ਦੀ ਇੱਕ ਖੂਨੀ ਕਾਰਵਾਈ ਸੀ, ਜਦਕਿ ਉਸੇ ਸਾਲ ਫਰਵਰੀ ਮਹੀਨੇ ਵਿੱਚ ਵੱਡੇ-ਵੱਡੇ ਜਾਗੀਰਦਾਰਾਂ ਅਤੇ ਪੂੰਜੀਪਤੀਆਂ ਦੁਆਰਾ ਜ਼ਾਰਸ਼ਾਹੀ ਦੇ ਸਥਾਨ ‘ਤੇ ਬੁਰਜ਼ੂਆ ਸਰਕਾਰ ਦੀ ਸਥਾਪਨਾ ਜਮਹੂਰੀ ਇਨਕਲਾਬ ਸੀ।” ਜਿਔਨਿਸਟ ਮੰਡਲੀ ਦੇ ਇਸ ਖੁੱਲ੍ਹੇ ਪੱਛਮੀ ਅਸ਼ੀਰਵਾਦ ਪ੍ਰਾਪਤ ਖੇਲ ਵਿੱਚ ਖੁੰਭਾਂ ਦੀ ਤਰਾਂ ਉੱਗ ਰਹੀ ਬੁੱਧੀਜੀਵੀ ਪੀੜ੍ਹੀ ਦਾ ਇੱਕ ਭ੍ਰਿਸ਼ਟ ਹਿੱਸਾ ਸ਼ਮਿਲ ਹੋ ਗਿਆ ਸੀ। ਇਸ ਲਈ ਅਲੇਕਸਾਂਦਰ ਸ਼ੋਲਜੇਨਿਤਿਸਨ ਨੂੰ ਪੱਛਮ ਨੇ ਨੋਬਲ ਪੁਰਸਕਾਰ ਦਿੱਤਾ, ਭੌਤਿਕ ਵਿਗਿਆਨੀ ਆਂਦਰੇਈ ਸਾਰਖੋਵ ਨੂੰ ਲੋਕਤੰਤਰ ਦਾ ਮਸੀਹਾ ਐਲਾਨਿਆਂ ਗਿਆ, ਮਾਸਕੋ ਦੇ ਇੱਕ ਲਗਭਗ ਨਾ ਪੜ੍ਹਨਯੋਗ ਰੂਸੀ ਅੰਗਰੇਜੀ ਹਫਤਾਵਰ ਮਾਸਕੋ ਨਿਊਜ਼ (ਮਾਸਕੋਵਸਿਕਏ ਨੋਵੋਸਤੀ) ਦੇ ਸੰਪਾਦਕ ਯੇਗੋਰ ਯਾਕੋਵਲੇਵ ਪੀਤ¸ਪੱਤਰਕਾਰਿਤਾ ਦੇ ਪਿਤਾਮਾ ਬਣ ਗਏ ਆਦਿ। ਪਰ ਸਭ ਦਾ ਇੱਕੋ-ਇੱਕ ਉਦੇਸ਼ ਸਟਾਲਿਨ ਅਤੇ ਉਸ ਦੇ ਯੁੱਗ ਤੇ ਚਿੱਕੜ ਸੁੱਟ ਕੇ ਕਮਿਉਨਿਜ਼ਮ ਦੀ ਵਿਚਾਰਧਾਰਾ ਨੂੰ ਰੂਸ ਦੇ ਇਤਿਹਾਸ ਦਾ ਇੱਕ ਖੌਫਨਾਕ ਦੌਰ ਸਿੱਧ ਕਰਨਾ ਸੀ। ਕ੍ਰੇਮਲਿਨ ਦੇ ਸੱਤਾਧਾਰੀ ਇਸ ਮੁਹਿੰਮ ਦੇ ਜਾਂ ਤਾਂ ਸੰਚਾਲਕ ਜਾਂ ਸਹਿਅਪਰਾਧੀ ਬਣ ਗਏ।

ਸਟਲਿਨ-ਮਸਲੇ ਨੂੰ ਲੈ ਕੇ ਜੋਸਫ਼ ਸਟਾਲਿਨ ਦਾ ਸਭ ਤੋਂ ਪ੍ਰਮਾਣਿਕ ਚਰਿੱਤਰ ਚਿਤਰਣ ਦੂਸਰੀ ਸੰਸਾਰ ਜੰਗ ਦੇ ਅਮਰ ਸਿਪਾਹੀ ਮਾਰਸ਼ਲ ਕਨਸਤਾਨਿਤਨ ਜੁਕੋਵ ਨੇ ਆਪਣੀ ਦੋ ਭਾਗਾਂ ਦੀ ਆਤਮਕਥਾ ਵਿੱਚ ਕੀਤਾ ਹੈ, ਜੋ ਇਸ ਲੇਖਕ ਦੀਆਂ ਨਜ਼ਰਾਂ ਵਿੱਚ ਇੱਕ ਤਰਾਂ ਨਾਲ ਹਰਫ਼ੇ-ਆਖਿਰ ਹੈ।

ਜੁਕੋਵ ਦੇ ਸ਼ਬਦਾਂ ਵਿੱਚ:

”…ਮੈਂ ਪੁਛਿਆ: ”ਕਾਮਰੇਡ ਸਟਾਲਨ, ਲੰਬੇ ਸਮੇਂ ਤੋਂ ਤੁਹਾਡੇ ਤੋਂ ਇੱਕ ਸਵਾਲ ਪੁੱਛਣ ਦਾ ਮਨ ਕਰ ਰਿਹਾ ਸੀ। ਤੁਹਾਡੇ ਪੁੱਤਰ ਜਾਕੋਵ ਦੇ ਬਾਰੇ।Œਉਸਦੇ ਬਾਰੇ ਤੁਹਾਨੂੰ ਕੋਈ ਜਾਣਕਾਰੀ ਮਿਲੀ ਹੈ?”

”ਸਟਾਲਿਨ ਨੇ ਫੌਰੀ ਕੋਈ ਉੱਤਰ ਨਹੀਂ ਦਿੱਤਾ। ਅਸੀਂ ਕੋਈ ਸੋ ਕਦਮ ਅੱਗੇ ਚੱਲੇ ਹੋਵਾਂਗੇ (ਖਾਣੇ ਲਈ ਰਸੋਈਘਰ ਵੱਲ) ਕਿ ਸਟਾਲਿਨ ਨੇ ਨਰਮ-ਹੌਲ਼ੀ ਅਵਾਜ਼ ਵਿੱਚ ਕਿਹਾ : ”ਉਹ ਜ਼ਾਕੋਵ ਨੂੰ ਛੱਡਣਗੇ ਨਹੀਂ ਫ਼ਾਸਿਸਟ ਉਸ ਨੂੰ ਗੋਲੀ ਨਾਲ ਉੜਾ ਦੇਣਗੇ। ਜੋ ਕੁਝ ਪਤਾ ਲੱਗਿਆ ਹੈ, ਉਸਨੂੰ ਦੂਜੇ ਜੰਗੀ ਕੈਦੀਆਂ ਤੋਂ ਅਲੱਗ ਰੱਖਿਆ ਜਾ ਰਿਹਾ ਹੈ ਅਤੇ ਉਸ ਉਪਰ ਆਪਣੇ ਦੇਸ਼ ਨਾਲ ਗ਼ਦਾਰੀ ਕਰਨ ਲਈ ਜ਼ੋਰ ਪਾਇਆ ਜਾ ਰਿਹਾ ਹੈ।”

ਸਟਾਲਿਨ ਥੋੜ੍ਹਾ ਚਿਰ ਚੁੱਪ ਰਹੇ, ਫਿਰ ਦ੍ਰਿੜ ਅਵਾਜ਼ ਵਿੱਚ ਬੋਲੇ : ”ਨਹੀਂ, ਜਾਕੋਵ ਗਦਾਰੀ ਕਰਨ ਨਾਲੋਂ ਕਿਸੇ ਵੀ ਤਰਾਂ ਦੀ ਮੌਤ ਝੱਲਣਾ ਪਸੰਦ ਕਰੇਗਾ।”

ਜੁਕੋਵ ਦੇ ਸ਼ਬਦਾਂ ਵਿੱਚ ਅੱਗੇ :

”ਪਤਾ ਸੀ, ਸਟਾਲਿਨ ਆਪਣੇ ਪੁੱਤਰ ਬਾਰੇ ਬਹੁਤ ਚਿੰਤਤ ਸੀ। ਉਹ ਖਾਣੇ ਲਈ ਕੁਰਸੀ ‘ਤੇ ਬੈਠੇ ਅਤੇ ਦੇਰ ਤੱਕ ਚੁੱਪ ਰਹੇ, ਉਹਨਾਂ ਨੇ ਸਾਹਮਣੇ

ਰੱਖੀ ਰਕਾਬੀਆਂ ਨੂੰ ਦੇਰ ਤੱਕ ਹੱਥ ਨਹੀਂ ਲਾਇਆ। …… ਫਿਰ ਜਿਵੇਂ ਆਪਣੇ ਮਨੋਭਾਵਾਂ ਨੂੰ ਤਰਤੀਬ ਦਿੰਦੇ ਹੋਏ ਬਹੁਤ ਹੀ ਦਰਦ ਭਰੀ ਅਵਾਜ ਵਿੱਚ ਬੋਲੇ : ” ਕਿੰਨਾ ਭਿਆਨਕ ਯੁੱਧ! ਪਤਾ ਨਹੀਂ ਸਾਡੇ ਕਿੰਨੇ ਲੋਕਾਂ ਦੀ ਬਲੀ ਲਈ ਹੈ ਇਸਨੇ! ਸਾਡੇ ਵਿੱਚ ਸ਼ਾਇਦ ਕੁੱਝ ਹੀ ਪਰਿਵਾਰ ਹੋਣ, ਜਿਨ੍ਹਾਂ ਦੇ ਕਿਸੇ ਨਾ ਕਿਸੇ ਪਿਆਰੇ ਜੀਅ ਨੂੰ ਇਸਨੇ ਨਾ ਨਿਗਲਿਆ ਹੋਵੇ…..ਪਰ ਸਿਰਫ ਸੋਵੀਅਤ ਜਨਤਾ ਹੀ, ਕਮਿਉਨਿਸਟ ਪਾਰਟੀ ਦੀ ਮਹਾਨ ਆਤਮ-ਤਾਕਤ ਵਿੱਚ ਹੰਢੀ-ਤਪੀ ਜਨਤਾ ਹੀ ਏਨੇ ਵੱਡੇ ਪੈਮਾਨੇ ਦੀਆਂ ਅਗਨੀ ਪ੍ਰੀਖਿਆਵਾਂ ਅਤੇ ਤਸੀਹੇ ਝੱਲ ਸਕਦੀ ਸੀ….” (ਵਾਸਪੋਮਿਨਾਨਿਆ ਈ ਰਾਜਮਿਸ਼ਲੇਨੀਆ, ਯਾਦਾਂ ਅਤੇ ਅਨੁਚਿੰਤਨ”, ਮਾਰਸ਼ਲ ਗੇ,ਕ. ਜੁਕੋਵ, ਪੇਜ. 339-340, ਪ੍ਰਗਤੀ ਪ੍ਰਕਾਸ਼ਨ, ਮਾਸਕੋ, 1985, ਭਾਗ 2)।

ਮਿੱਠਬੋਲੜੇ ਸਟਾਲਿਨ ਆਪਣੇ ਜਾਕੋਵ ਦੇ ਰਾਹੀਂ ਦੇਸ਼ ਦੇ ਲੱਖਾਂ ਹੀ ਸ਼ਹੀਦ ਹੋਣ ਵਾਲੇ ਨੌਜਵਾਨਾਂ-ਮੁਟਿਆਰਾਂ ਦੀ ਹੋਣੀ ਬਾਰੇ ਸੋਚ ਰਹੇ ਸਨ। ਇਹ ਸੀ ਇੱਕ ਤਰਫ਼ ਅਕਤੂਬਰ ਇਨਕਲਾਬ ਦੀ ਸੰਤਾਨ ਦਾ, ਕਮਿਉਨਿਸਟ ਪਾਰਟੀ ਦੇ ਝੰਡਾਬਰਦਾਰਾਂ ਦਾ ਰੁਖ ਅਤੇ ਦੂਸਰੀ ਤਰਫ਼ ਨਾਜ਼ੀਆਂ ਅਤੇ ਪੂੰਜੀਪਤੀਆਂ ਦੇ ਕੌਲੀਚੱਟਾਂ ਦੀ ਮਨੋਸਥਿਤੀ ਦਾ ਪ੍ਰਤੀਬਿੰਬ। ਇਸ ਪ੍ਰਸੰਗ ਵਿੱਚ ਸੋਵੀਅਤ ਆਰਕਾਈਵਾਂ ਵਿੱਚੋਂ ਮਿਲੇ ਇੱਕ ਦਸਤਾਵੇਜ ਦੇ ਕੁੱਝ ਅੰਸ਼, ਜੋ ਮੈਨੂੰ ਯਾਦ ਹਨ ਇੱਥੇ ਜੋੜਨਾ ਅਪ੍ਰਸੰਗਿਕ ਨਹੀਂ ਹੋਵੇਗਾ।

ਨਾਜ਼ੀ ਹਾਈ ਕਮਾਂਡ ਮਾਰਸ਼ਲ ਰੈਂਕ ਦੇ ਆਪਣੇ ਇੱਕ ਜੰਗੀ ਕੈਦੀ ਨੂੰ ਛੁਡਾਉਣ ਲਈ ਜਾਕੋਵ ਨੂੰ ਮੋਹਰੇ ਦੇ ਰੂਪ ਵਿੱਚ ਇਸਤੇਮਾਲ ਕਰਨਾ ਚਾਹੁੰਦੀ ਸੀ। ਸਟਾਲਿਨ ਨੂੰ ਜਦ ਇਸਦੀ ਭਿਣਕ ਪਈ, ਤਾਂ ਉਹਨਾਂ ਨੇ ਕਿਹਾ : ”ਮੇਰਾ ਬੇਟਾ ਮਾਰਸ਼ਲ ਨਹੀਂ ਹੈ।” ਨਾਜੀਆਂ ਦੀ ਪੇਸ਼ਕਸ਼ ਠੁਕਰਾ ਦਿੱਤੀ ਗਈ। (ਕੁੱਝ ਦਿਨ ਬਾਅਦ ਬੰਦੀ ਖੇਮੇ ਵਿੱਚੋਂ ਬਚ ਨਿਕਲਣ ਦਾ ਯਤਨ ਕਰਦੇ ਸਮੇਂ ਜਾਕੋਵ ਨੂੰ ਗੋਲ਼ੀ ਨਾਲ ਉਡਾ ਦਿੱਤਾ ਗਿਆ ਸੀ।)

ਸਟਾਲਿਨ ਵਿਰੁੱਧ ਕਰੂਰਤਾ, ਤਾਨਾਸ਼ਾਹੀ, ਮਨਮਾਨੀ ਕਰਨ ਦੇ ਭੰਡੀ ਪ੍ਰਚਾਰ ਦੀ ਮੁਹਿੰਮ ਦੌਰਾਨ ਉਨ੍ਹਾਂ ‘ਤੇ ਘਰੇਲੂ ਜੰਗ ਦੇ ਸਮੇਂ ਕਈ ਲੱਖ ਲੋਕਾਂ ਨੂੰ ਅਤੇ ਸੱਤ੍ਹਾ ਸੰਘਰਸ਼ ਵਿੱਚ ਉਨੇ ਹੀ ਵਿਰੋਧੀਆਂ ਨੂੰ ਮੌਤ ਦੇ ਘਾਟ ਉਤਾਰਨ ਦਾ ਇਲਜਾਮ ਲਗਾਇਆ ਜਾਂਦਾ ਰਿਹਾ ਹੈ। ਜੇਕਰ ਇਸ ਵਿੱਚ ਪਹਿਲੀ ਸੰਸਾਰ ਜੰਗ ਵਿੱਚ (1914-18) ਅਤੇ ਦੂਸਰੀ ਸੰਸਾਰ ਜੰਗ (1941-45) ਵਿੱਚ ਮਾਰੇ ਗਏ ਰੂਸੀਆਂ ਨੂੰ ਸ਼ਾਮਿਲ ਕਰ ਲਿਆ ਜਾਵੇ, ਤਾਂ ਰੂਸ ਦੀ ਜਾਂ ਬਾਅਦ ਵਿੱਚ ਸੋਵੀਅਤ ਸੰਘ ਦੀ ਅਬਾਦੀ ਅਰਬਾਂ ਵਿੱਚ ਹੋਣੀ ਚਾਹੀਦੀ ਸੀ, ਜਦਕਿ ਪੂਰੇ ਸੋਵੀਅਤ ਕਾਲ ਵਿੱਚ ਇਹ ਅਬਾਦੀ 20 ਕਰੋੜ ਤੋਂ ਹਮੇਸ਼ਾਂ ਘੱਟ ਹੀ ਰਹੀ, ਜਿਆਦਾ ਨਹੀਂ। ਤਾਂ ਕਰੋੜਾਂ-ਅਰਬਾਂ ਮਾਰੇ ਗਏ ਰੂਸੀ ਕਿੱਥੋਂ ਆਏ? ਇਸ ਭਿਆਨਕ ਅਤੇ ਨਾਲ ਹੀ ਹਾਸੋ-ਹੀਣ ਦੋਸ਼ ਲਾਉਣ ਵਾਲਿਆਂ ਦੇ ਸਾਹਮਣੇ ਗੋਬਲਜ਼, ਹਿਟਲਰ ਦਾ ਝੂਠ ਪ੍ਰਚਾਰਕ ਮੰਤਰੀ ਸਰਾਸਰ ਬੌਣਾ ਪ੍ਰਤੀਤ ਹੁੰਦਾ ਹੈ। ਪਰ ਇੱਕ ਗੱਲ ਤਾਂ ਸੱਚ ਹੈ।Œ ਸਟਾਲਿਨ ਦੇ ਦੁਸ਼ਮਣਾ ਨੇ ਉਹਨਾਂ ਦੀ ਜੋ ਦੈਂਤ ਵਾਲੀ ਦਿੱਖ ਬਣਾਈ ਸੀ, ਉਸ ਵਿੱਚ ਉਹ ਸੱਚਮੁੱਚ ਖੁਦ ਵਿਸ਼ਵਾਸ਼ ਕਰਨ ਲੱਗ ਗਏ ਸੀ। ਨਹੀਂ ਤਾਂ ਕਿਸੇ ਦੇਸ਼ ਦਾ ਉਹ ਵੀ ਉਸ ਸਮੇਂ ਉੱਭਰ ਰਹੀ ਇੱਕ ਸੁਪਰ ਪਾਵਰ (ਅਮਰੀਕਾ) ਦਾ ਰੱਖਿਆ ਮੰਤਰੀ ਲੂਈ ਆਰਥਰ ਜਾਨਸਨ-ਮਈ 1949 ਵਿੱਚ 16ਵੀਂ ਮੰਜਿਲ ਤੋਂ ਥੱਲੇ ਨਾ ਕੁੱਦਿਆ ਹੁੰਦਾ। ਛਾਲ ਮਾਰਨ ਤੋਂ ਪਹਿਲਾਂ ਉਸ ਦੀ ਕੀ ਮਨੋ ਸਥਿਤੀ ਸੀ? ”ਰੂਸੀ ਆ ਰਹੇ ਹਨ, ਕਹਿੰਦੇ ਹੋਏ ਉਹ ਸੜਕ ‘ਤੇ ਭੱਜਿਆ ਚਲਿਆ ਜਾ ਰਿਹਾ ਸੀ। ਲੋਕ ਮਾਰਚ 1949 ਦੇ ਮਹੀਨੇ ਵਿੱਚ ਉਸ ਤ੍ਰਾਸਦੀ ਭਰੇ ਦ੍ਰਿਸ਼ ਦੇ ਦਰਸ਼ਕ ਸਨ।” (ਆਰਨਲਡ ਏ. ਰੋਗੋਵ, ਵਿਕਿਟਮ ਆਫ ਡਿਊਟੀ : ਏ ਸਟੱਡੀ ਆਫ ਜੇਮਜ ਫਾਰੇਸਟਲ, ਹੈਟ-ਡੈਨਿਸ ਪ੍ਰਕਾਸ਼ਨ ਗ੍ਰਹਿ, ਲੰਡਨ, 1966, ਪੰਨਾ 228)। ਉਸਦੀ ਬਦਕਿਸਮਤੀ ਵਿੱਚ ਸਟਾਲਿਨ ਦੀ ਕੋਈ ਭੂਮਿਕਾ ਨਹੀਂ ਸੀ। ਇਹ ਗੱਲ ਤਾਂ ਪ੍ਰਸੰਗ ਵਜੋਂ ਕਹੀ ਜਾ ਰਹੀ ਹੈ, ਕਿਉਂਕਿ ਮੁੱਦਾ ਤਾਂ ਸਟਾਲਿਨ ਦੇ ਅਖੌਤੀ ਦਮਨ ਚੱਕਰ ਵਿੱਚ ਲੱਖਾਂ ਲੋਕਾਂ ਦੇ

ਮਾਰੇ ਜਾਣ ਦਾ ਹੈ। ਡੇਢ ਦਹਾਕੇ ਤੋਂ ਉੱਪਰ ਦੇ ਆਪਣੇ ਸੋਵੀਅਤ ਵਾਸ ਦੇ ਸਮੇਂ ਮੇਰੀ ਜਗਿਆਸਾ ਦਾ ਇੱਕ ਵਿਸ਼ਾ ਇਹ ਵੀ ਰਿਹਾ ਸੀ।

ਰੂਸ ਦੇ ਅਨੇਕਾਂ ਨਗਰਾਂ ਦੇ ਇਲਾਵਾ ਅਰਮੀਨੀਆ, ਜਾਰਜੀਆ, ਅਜਰਬਾਈਜਾਨ, ਉਜਬੇਕਿਸਤਾਨ, ਤਜਾਕਿਸਤਾਨ, ਕਜ਼ਾਕਿਸਤਾਨ ਆਦਿ ਗਣਰਾਜਾਂ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਜਿਹੜੇ-ਜਿਹੜੇ ਪਰਿਵਾਰ ਦਾ ਵੀ ਮੈਂ ਮਹਿਮਾਨ ਹੁੰਦਾ, ਉੱਥੇ ਲੋਕਾਂ ਨੂੰ ਮੇਰਾ ਸਵਾਲ ਹੁੰਦਾ ਸੀ, ”ਸਟਾਲਿਨ ਦੇ ਸਮੇਂ ਤੁਹਾਡੇ ਕਿੰਨੇ ਰਿਸ਼ਤੇਦਾਰ ਜਾਂ ਦੋਸਤ ਸਟਾਲਿਨੀ ਜ਼ਬਰ ਦੇ ਸ਼ਿਕਾਰ ਹੋਏ? ਸਿਰਫ ਦੋ ਚਾਰ ਅਜਿਹੇ ਮਿਲੇ, ਜਿੰਨਾਂ ਦੇ ਉੱਚੀਆਂ ਪਦਵੀਆਂ ‘ਤੇ ਵਿਰਾਜਮਾਨ ਸਬੰਧੀਆਂ ਨੂੰ ਮੌਤ ਦੀ ਸਜਾ ਦਿੱਤੀ ਗਈ ਸੀ। ¸ ਉਹਨਾਂ ਦਾ ਜੁਰਮ? ਘੁਟਾਲੇ, ਕਿਸਾਨਾਂ ਨੂੰ ਰਾਜ ਦੀ ਨੀਤੀ ਦੇ ਵਿਰੁੱਧ ਭੜਕਾਉਣਾ, ਘਰੇਲੂ ਜੰਗ ਦੇ ਸਮੇਂ ਅਫਵਾਹਾਂ ਫੈਲਾਉਣਾ ਆਦਿ ਸਨ। ਅਲਬੱਤਾ 1917 ਤੋਂ 1924 ਤੱਕ ਲੈਨਿਨ ਨੂੰ ਲੈ ਕੇ ਬਾਲਸ਼ਵਿਕ ਸੱਤ੍ਹਾ ‘ਤੇ ਅਤੇ ਉਸਦੇ ਬਾਅਦ ਖੁਰਸ਼ਚੇਵ ਦੇ 1956 ਦੇ ਵਿਅਕਤੀ ਪੂਜਾ ਵਿਸ਼ੇ ‘ਤੇ ਭਾਸ਼ਣ ਤੱਕ ਸਟਾਲਿਨ ਤੇ ਪੱਛਮ ਨੇ ਅਣਗਿਣਤ ਝੂਠੀਆਂ ਕਹਾਣੀਆਂ ਘੜੀਆਂ, ਏਨੇ ਮਿੱਥ ਰਚੇ ਅਤੇ ਘੜੇ, ਜਿਨ੍ਹਾਂ ਦੀ ਤੁਲਨਾ ਵਿੱਚ ਸੰਸਾਰ ਦੀਆਂ ਸਾਰੀਆਂ ਪੁਰਾਣਕ ਦੰਦ ਕਥਾਵਾਂ ਫਿੱਕੀਆਂ ਪੈ ਜਾਂਦੀਆਂ ਹਨ। ਪਰ ਦੁਖਾਂਤ ਤਾਂ ਇਹ ਹੈ ਕਿ ਰੂਸ ਦੇ ਲੋਕਾਂ ਦਾ ਇੱਕ ਹਿੱਸਾ, ਖਾਸ ਕਰਕੇ ਬੁੱਧੀਜੀਵੀ ਉਸ ਸਭ ਤੇ ਵਿਸ਼ਵਾਸ਼ ਕਰਨ ਲੱਗ ਪਿਆ। ਪੱਛਮ ਤੋਂ ਆਏ ਭੰਡੀ ਪ੍ਰਚਾਰ ਦੇ ਹੜ੍ਹ ਨੂੰ ਰੂਸੀ ਰੰਗ ਦੇ ਕੇ ਉਸ ਨੂੰ ਫਿਰ ਪੱਛਮ ਵੱਲ ਮੋੜ ਦਿੱਤਾ ਗਿਆ ਅਤੇ ਝੂਠ ਦੀ ਇਹ ਦੋ ਤਰਫਾ ਪ੍ਰਕਿਰਿਆ ”ਸੱਚ” ਬਣਦੀ ਚਲੀ ਗਈ।

ਅਜਿਹਾ ਨਾ ਹੁੰਦਾ ਤਾਂ 1991 ਵਿੱਚ ਕੀ ਨਾਸਕੋ ਦਾ ਦੈਨਿਕ ਕਮਸੋਮੋਲਕਾਆ ਪ੍ਰਾਵਦਾ ਇਹ ਲਿਖਦਾ ਕਿ, ”ਸਟਾਲਿਨ ਜ਼ਾਰ ਦਾ ਜਾਸੂਸ ਸੀ ਜਿਸ ਨੂੰ ਅਕਤੂਬਰ ਇਨਕਲਾਬ ਦੇ ਸਮੇਂ ਸਾਈਬੇਰੀਆ ਤੋਂ ਪੀਟਰੋਗ੍ਰਾਦ (ਅੱਜ ਦਾ ਸੇਂਟ ਪੀਟਰਜਬਰਗ) ਪਹੁੰਚਣ ਵਿੱਚ ਜ਼ਾਰ ਸਰਕਾਰ ਨੇ ਮਦਦ ਕੀਤੀ ਸੀ?” ਰੂਸੀ ਅਖ਼ਬਾਰ ਦੀ ਇਹ ਰਿਪੋਰਟ ਉਸਦੀ ਸਨਸਨੀਖੇਜ ਖੋਜ ਨਹੀਂ ਸੀ, ਅਮਰੀਕੀ ਜਾਸੂਸੀ ਵਿਭਾਗ ਕਈ ਸਾਲ ਪਹਿਲਾਂ ਉਸਨੂੰ ਆਪਣੇ ਮੀਡੀਏ ਰਾਹੀਂ ਪ੍ਰਚਾਰ ਚੁੱਕਿਆ ਸੀ। ਕਿਹਾ ਗਿਆ ਕਿ ਸਟਾਲਿਨ ਦੂਜੀ ਸੰਸਾਰ ਜੰਗ ਦੀ ਸ਼ੁਰੂਆਤ ਤੋਂ ਪਹਿਲਾਂ ਰੂਸ ਵੱਲੋਂ ਆਤਮ ਸਮਰਪਣ ਕਰਨ ਦੀ ਯੋਜਨਾ ਬਣਾ ਰਿਹਾ ਸੀ ( ਨਿਊ ਟਾਈਮਜ, ਮਾਸਕੋ, ਅੰਕ 13, 1992)। ਦੋ ਹਫਤੇ ਬਾਅਦ ਉਸੇ ਅਖ਼ਬਾਰ ਨੂੰ ਉਸ ਸਮੇਂ ਦੀਆਂ ਘਟਨਾਵਾਂ ਦੇ ਚਸ਼ਮਦੀਦ ਜਨਰਲ ਪਾਵੇਲ ਸੂਦੋਪਲਾਤੋਵ ਦਾ ਲੇਖ ਛਾਪਣਾ ਪਿਆ, ਜਿਸ ਵਿੱਚ ਉਪਰੋਕਤ ਘਿਨੌਣੇ ਦੋਸ਼ ਦਾ ਸਬੂਤਾਂ ਸਹਿਤ ਖੰਡਨ ਕੀਤਾ ਗਿਆ ਸੀ (ਉਹੀ, ਅੰਕ 15, 1992)। ਲਿਸਟ ਤਾਂ ਬਹੁਤ ਲੰਬੀ ਹੈ… ਪਰ ਸਿਰਫ਼ ਏਨਾ ਸੱਚ ਹੈ ਕਿ ਸਟਾਲਿਨ ਆਪਣੇ ਦੁਸ਼ਮਣ ਨੂੰ ਬਖਸ਼ਣਾ ਨਹੀਂ ਜਾਣਦੇ ਸੀ।

ਵਿਨਸਟਨ ਚਰਚਲ ਨੇ ਅਮਰੀਕਾ ਵਿੱਚ ਠੰਡੀ-ਜੰਗ ਦਾ ਪਹਿਲਾ ਗੋਲਾ 5 ਮਾਰਚ 1946 ਨੂੰ ਦਾਗਿਆ, ਜਿਸ ਵਿੱਚ ਉਸਨੇ ਸੋਵੀਅਤ ਸੰਘ ਦੀ ਤਰਫੋਂ ”ਇਸਾਈ ਸੱਭਿਅਤਾ ਲਈ ਪੈਦਾ ਖਤਰੇ ” ਦਾ ਨਾਹਰਾ ਐਲਾਨਿਆਂ ਸੀ। ”ਕ੍ਰੈਮਲਿਨ ਦੀਆਂ ਕੁਰਸੀਆਂ ਵਿੱਚ ਬੈਠੇ ਉਹ 14 ਲੋਕ” ਫਿਕਰਾ ਚਰਚਿਲ ਦੀ ਉਸੇ ਦਿਨ ਦੀ ਦੇਣ ਸੀ।

”ਚਰਚਿਲ ਅਤੇ ਅਮਰੀਕਾ ਤੇ ਇੰਗਲੈਂਡ ਵਿੱਚ ਉਹਨਾਂ ਦੇ ਦੋਸਤ ਅੰਗਰੇਜੀ ਭਾਸ਼ਾ ਤੋਂ ਅਣਭਿੱਜ ਕੌਮਾਂ-ਨਸਲਾਂ ਦੇ ਮਾਮਲੇ ਵਿੱਚ ਕੁੱਝ ਅਜਿਹਾ ਕਰ ਰਹੇ ਹਨ, ਜੋ ਅਲਟੀਮੇਟਮ ਨਾਲ ਮਿਲਦਾ ਦੁਲਦਾ ਹੈ। ਸਾਡੀ ਉੱਤਮਤਾ ਇੱਛਾਪੂਰਵਕ ਪ੍ਰਵਾਨ ਕਰੋ ਤਾਂ ਸਭ ਠੀਕ ਰਹੇਗਾ ਨਹੀਂ ਤਾਂ ਜੰਗ ਲਾਜ਼ਮੀ ਹੈ….. ਮੈਂ ਕਹਿ ਨਹੀਂ ਸਕਦਾ ਕਿ ਚਰਚਿਲ ਅਤੇ ਉਸਦੇ ਦੋਸਤ ਦੂਸਰੀ ਸੰਸਾਰ ਜੰਗ ਦੇ ਬਾਅਦ ”ਪੂਰਬੀ ਯੂਰਪ ਦੇ ਵਿਰੁੱਧ ਨਵੀਂ ਮੁਹਿੰਮ ਜਥੇਬੰਦ ਕਰਨ ਵਿੱਚ ਸਫਲ ਹੋਣਗੇ ਜਾਂ ਨਹੀਂ। ਪਰ ਜੇ ਉਹ ਕਾਮਯਾਬ ਹੁੰਦੇ ਹਨ, ਤਾਂ ਉਹ ਉਸੇ ਤਰਾਂ ਹਰਾਏ ਜਾਣਗੇ, ਜਿਸ ਤਰਾਂ 25 ਸਾਲ ਪਹਿਲਾਂ ਹਰਾਏ ਗਏ ਸਨ।”-ਸਟਾਲਿਨ (ਸਟਾਲਿਨ ਦਾ ਸੰਕੇਤ 1917 ਦੇ ਅਕਤੂਬਰ ਇਨਕਲਾਬ ਦਾ ਧਮਾਕਾ ਹੋਣ ‘ਤੇ, ਸੰਸਾਰ ਦੇ ਚੌਦਾਂ ਸਾਮਰਾਜਵਾਦੀ ਬਸਤੀਵਾਦੀ ਦੇਸ਼ਾਂ ਦੀਆਂ ਹਥਿਆਰਬੰਦ ਫੌਜਾਂ ਦੇ ਰੂਸ ‘ਤੇ ਮਿਲਵੇਂ ਰੂਪ ਵਿੱਚ ਹਮਲੇ ਵੱਲ ਸੀ, ਜਿਸਦਾ ਅੰਤ ਉਹਨਾਂ ਦੀ ਸ਼ਰਮਨਾਕ ਹਾਰ ਨਾਲ ਹੋਇਆ ਸੀ)।

ਸਟਾਲਿਨ ਨਪੇ-ਤੁਲੇ ਸ਼ਬਦਾਂ ਵਿੱਚ ਲੱਖਾਂ-ਕਰੋੜਾਂ ਦੀਆਂ ਭਾਵਨਾਵਾਂ ਨੂੰ ਬਿਆਨ ਕਰਨ ਵਿੱਚ ਬੇਜੋੜ ਸਨ। ”ਹਰਾਮਜ਼ਾਦਾ! ਕਰ ਹੀ ਬੈਠਾ ਆਖਿਰ ਉਹ। ਅਫ਼ਸੋਸ ਕਿ ਉਹ ਜਿਉਂਦਾ ਨਹੀਂ ਫੜਿਆ ਜਾ ਸਕਿਆ।” ਇਹ ਸਟਾਲਿਨ ਨੇ ਮਾਰਸ਼ਲ ਜੁਕੋਵ ਨੂੰ ਉਸ ਸਮੇਂ ਕਿਹਾ, ਜਦੋਂ ਉਹਨਾਂ 30 ਅਪ੍ਰੈਲ (1945) ਦੀ ਰਾਤ ਖ਼ਤਮ ਹੋਣ ‘ਤੇ ਬਰਲਿਨ ਵਿੱਚ ਹਿਟਲਰ ਦੀ ਆਤਮ ਹੱਤਿਆ ਦੀ ਖ਼ਬਰ ਸੁਣਾਈ ਸੀ। ਏਨੇ ਥੋੜ੍ਹੇ ਸ਼ਬਦਾਂ ਵਿੱਚ ਮਹਾਂਯੁੱਧ ਦੇ ਖਲਨਾਇਕ ਦੇ ਬੁਝਦਿਲੀ ਭਰੇ ਅੰਤ ਦਾ ਨਿਚੋੜ ਹੋਰ ਕਿਸੇ ਤਰਾਂ ਹੋ ਹੀ ਨਹੀਂ ਸਕਦਾ ਸੀ।

ਸਟਾਲਿਨ ਯੁੱਗ-ਪੁਰਸ਼ ਸਨ, ਇਸ ‘ਤੇ ਉਹਨਾਂ ਦੇ ਦੁਸ਼ਮਣਾਂ ਅਤੇ ਮਿੱਤਰਾਂ ਦੀ ਅਲੱਗ ਰਾਇ ਨਹੀਂ ਹੋ ਸਕਦੀ। ਪਰ ਇਸ ਪ੍ਰਸੰਗ ਵਿੱਚ ”ਡਾਨ ਵਹਿੰਦਾ ਰਿਹਾ” ਸ਼ਾਹਕਾਰ ਦੇ ਰਚਣਹਾਰੇ ਮਿਖਾਇਲ ਸ਼ੋਲੋਖ਼ੋਵ ਦਾ ਸੁਝਾਅ ਸਭ ਲਈ, ਵਿਸ਼ੇਸ਼ ਰੂਪ ਵਿੱਚ ਪੂਰੇ ਪ੍ਰਬੁੱਧ ਜਗਤ ਦੇ ਲਈ ਬੇਹੱਦ ਢੁਕਵਾਂ ਹੈ।

ਉਹਨਾਂ ਨੇ ਕਿਹਾ, ”ਸਟਾਲਿਨ ਦਾ ਕੱਦ ਘਟਾ ਕੇ ਪੇਸ਼ ਕਰਨਾ, ਉਹਨਾਂ ਨੂੰ ਮੂਰਖ ਦੀ ਤਰਾਂ ਦਰਸਾਉਣਾ ਗਲਤ ਹੈ। ਪਹਿਲੀ ਗੱਲ, ਇਹ ਬੇਈਮਾਨੀ ਹੈ ਅਤੇ ਦੂਸਰੀ ਗੱਲ ਇਹ ਦੇਸ਼ ਲਈ, ਸੋਵੀਅਤ ਲੋਕਾਂ ਲਈ ਬੁਰਾ ਹੈ। ਇਸ ਲਈ ਨਹੀਂ ਕਿ ਜੇਤੂਆਂ ਨੂੰ ਨਾਪਿਆ ਤੋਲਿਆ ਨਹੀਂ ਜਾਂਦਾ, ਸਗੋਂ ਸਭ ਤੋਂ ਵੱਧ ਕੇ ਇਸ ਲਈ ਕਿ ਅਜਿਹੇ ਦੋਸ਼ ਲਗਾਉਣੇ ਸੱਚਾਈ ਦੇ ਉਲਟ ਹਨ,” (ਫਾਸਿਜ਼ਮ ‘ਤੇ ਜਿੱਤ ਦੀ 25 ਵੀਂ ਵਰ੍ਹੇਗੰਢ, 9 ਮਈ 1970 ਨੂੰ, ਕੋਮੋਸਮੋਲ-ਸਕਾਇਆ ਪ੍ਰਾਵਦਾ ਵਿੱਚ ਪ੍ਰਕਾਸ਼ਿਤ ਇੰਟਰਵਿਊ)। ਅਮਰ ਸਾਹਿਤਕਾਰ ਦੀ ਚੇਤਾਵਨੀ ਜੇਕਰ ਸੁਣ ਲਈ ਗਈ ਹੁੰਦੀ ਤਾਂ ਸ਼ਾਇਦ ਕੁੱਝ ਲੋਕ ਪੂਰੇ ਘਰ ਨੂੰ ਆਪਣੇ ਹੀ ਚਿਰਾਗ ਨਾਲ ਨਾ ਜਲਾ ਪਾਉਂਦੇ।

ਪਿਛਲੇ ਸਾਲ ਪੱਛਮ ਦੇ ਕਿਸੇ ਬੁਰਜ਼ੂਆ ਅਰਥਸ਼ਾਸਤਰੀ ਨੇ ਬਹੁਤ ਮਨ ਮਾਰਕੇ ਕਿਹਾ ਸੀ¸21ਵੀਂ ਸਦੀ ਸ਼ਾਇਦ ਫਿਰ ਕਾਰਲ ਮਾਰਕਸ ਦੀ ਸਦੀ ਹੋਵੇਗੀ। ਜੇਕਰ ਅਜਿਹਾ ਹੋਇਆ ਤਾਂ ਉਸਦੇ ਨਾਲ ਏਂਗਲਜ਼, ਲੈਨਿਨ, ਸਟਾਲਿਨ, ਮਾਓ ਅਤੇ ਹੋ-ਚੀ-ਮਿਨ ਦਾ ਤਾਰਾਮੰਡਲ ਵੀ ਫੇਰ ਸਭ ਨੂੰ ਦਿਖਾਈ ਦੇਣ ਲੱਗੇਗਾ। ਖੈਰ, ਇਹ ਤਾਂ ਭਵਿੱਖਬਾਣੀਆਂ ਦਾ ਵਿਸ਼ਾ ਹੈ, ਜੋ ਬਹੁਤਾ ਸਿਧਾਂਤ ਅਧਾਰਿਤ ਨਹੀਂ ਹੁੰਦਾ। ਪਰ ਇਸ ਪ੍ਰਸੰਗ ਵਿੱਚ ਮੈਨੂੰ ਸਟਾਲਿਨ ਦੀ ਭੂਮੀ ਜ਼ਾਰਜੀਆ ਦੀ ਯਾਦ ਆ ਜਾਂਦੀ ਹੈ। ਅੱਠਵੇਂ ਜਾਂ ਨੌਵੇਂ ਦਹਾਕੇ ਵਿੱਚ ਮੈਂ ਆਪਣੇ ਇੱਕ ਦੋਸਤ ਦੇ ਨਾਲ ਜ਼ਾਰਜੀਆ ਦੀ ਰਾਜਧਾਨੀ ਤਿਬਲਿਸੀ ਦੀ ਇੱਕ ਪਹਾੜੀ ਦੀ ਚੋਟੀ ‘ਤੇ ”ਰੋਪਵੇ” ਨਾਲ ਪਹੁੰਚਿਆ। ਉੱਥੇ ਇੱਕ ਵਿਸ਼ਾਲ ਖਾਲੀ ਚਬੂਤਰਾ ਸੀ। ਮੇਰੀ ਉਤਸੁਕਤਾ ਭਰਪੂਰ ਨਜ਼ਰ ਨੂੰ ਸਮਝਦੇ ਹੋਏ ਉੱਥੇ ਸੈਰ ਲਈ ਆਇਆ ਇੱਕ ਉੱਥੋਂ ਦਾ ਨਿਵਾਸੀ, ਜੋ ਨੌਜਵਾਨ ਹੀ ਸੀ, ਬੋਲਿਆ, ”ਇੱਥੇ ਸਾਡੇ ਆਗੂ ਦੀ ਬਹੁਤ ਉੱਚੀ ਮੂਰਤੀ ਸੀ। ”(ਭਾਈ ਲੋਕਾਂ ਨੇ” (ਉਸਦੇ ਸ਼ਬਦਾਂ ਦਾ ਵਿਅੰਗ ਸ਼ਪੱਸ਼ਟ ਸੀ) ਉਸ ਨੂੰ ਹਟਾ ਦਿੱਤਾ ਅਤੇ ਸ਼ਾਇਦ ਕਿਸੇ ਅਜਾਇਬਘਰ ਵਿੱਚ ਪਹੁੰਚਾ ਦਿੱਤਾ।

”ਪਰ ਯਕੀਨ ਰੱਖੋ, ਉਹ ਫਿਰ ਇੱਥੇ ਆਏਗੀ”, ਇਹ ਕਹਿੰਦੇ ਹੋਏ ਉਹ ਅੱਗੇ ਵਧ ਗਿਆ। ਮੈਂ ਸੋਚ ਰਿਹਾ ਸੀ, ਇਤਿਹਾਸ ਦੀਆਂ ਤੇਜ ਲਹਿਰਾਂ ਆਈਆਂ ਅਤੇ ਬਹੁਤ ਕੁੱਝ ਰੋੜ੍ਹ ਲੈ ਗਈਆਂ। ਅਗਲੀਆਂ ਲਹਿਰਾਂ ਆਉਣਗੀਆਂ ਅੱਜ ਦੇ ਕੂੜਾ-ਕਰਕਟ ਨੂੰ ਵਹਾ ਲੈ ਜਾਣਗੀਆਂ ਅਤੇ ਇਤਿਹਾਸ ਦੀਆਂ ਪਵਿੱਤਰ ਤੇ ਨਿਰਮਲ ਮੂਰਤੀਆਂ ਫੇਰ ਤੋਂ ਗੌਰਵ ਨਾਲ ਸਥਾਪਿਤ ਹੋ ਜਾਣਗੀਆਂ। ਕਦੋਂ ਅਤੇ ਕਿਸ ਤਰਾਂ -ਇਸ ਦਾ ਉੱਤਰ ਵੀ ਇਤਿਹਾਸ ਹੀ ਦੇਵੇਗਾ।

“ਪ੍ਰਤੀਬੱਧ”, ਅੰਕ 04, ਅਕਤੂਬਰ-ਦਸੰਬਰ 2006 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s