ਸਤਾਲਿਨ ਅਤੇ ਵਿਗਿਆਨ ਦੀ ਹਿਫ਼ਾਜ਼ਤ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

 ਏਥਨ ਪੋਲੋਕ ਨੇ ਆਪਣੀ ਕਿਰਤ ‘ਸਤਾਲਿਨ ਅਤੇ ਸੋਵੀਅਤ ਵਿਗਿਆਨ ਜੰਗਾਂ’ 2006 ਵਿੱਚ ਲਿਖੀ ਸੀ। ਇਸ ਕਿਤਾਬ ਦੀ ਸਮੀਖਿਆ ਦਿਖਾਉਂਦੀ ਹੈ ਕਿ ਸੋਵੀਅਤ ਪੁਰਾ ਲੇਖਾਂ ਨੇ 1945 ਤੋਂ 1953 ਤੱਕ ਦੇ ਸਮੇਂ ਦੌਰਾਨ ਪੂਰੇ ਸੋਵੀਅਤ ਸੰਘ ਵਿੱਚ ਵਿਗਿਆਨ ਨਾਲ਼ ਸਬੰਧਤ ਜਾਣਕਾਰੀਆਂ ਅਤੇ ਵਡੇਰੀਆਂ ਬਹਿਸਾਂ ਬਾਰੇ ਸਬੂਤ ਦਿੱਤੇ, ਬੁਰਜੂਆ ਅਕਾਦਮਿਕ ਹਲਕਿਆਂ ਨੂੰ ਵੀ ਇਹਨਾਂ ਸਬੂਤਾਂ ਨੂੰ ਤਸਦੀਕ ਕਰਨਾ ਪਿਆ।

ਪਛਮੀ ਅਕਾਦਮਿਕ ਹਲਕਿਆਂ ਦੁਆਰਾ ਸੋਵੀਅਤ ਪੁਰਾਲੇਖਾਂ ਦੀ ਨਿਰੰਤਰ ਲੁੱਟ ਦੇ ਕੁੱਝ ਉਮੀਦੋਂ ਬਾਹਰੇ ਅਤੇ ਸਾਮਰਾਜਵਾਦ ਲਈ ਨਾ-ਸਵਾਗਤਯੋਗ ਨਤੀਜੇ ਸਾਹਮਣੇ ਆ ਰਹੇ ਹਨ। ਮੌਸਕੋ ਜਾ ਕੇ ਕਮਿਊਨਿਸਟ ਵਿਰੋਧੀ ਗੰਦ ਲੱਭਣ ਲਈ ਵਿਦਵਾਨਾਂ ਨੂੰ ਦਿੱਤੀਆਂ ਖੁਲ੍ਹੀਆਂ ਗਰਾਟਾਂ ਅਤੇ ਖਜਾਨਿਆਂ ਦੇ, ਕੁੱਝ ਮਾਮਲਿਆਂ ਵਿੱਚ, ਇਰਾਦਿਆਂ ਨਾਲ਼ੋਂ ਬਿਲਕੁਲ ਉਲ਼ਟ ਨਤੀਜੇ ਨਿੱਕਲ਼ ਰਹੇ ਹਨ। ਇਹਨਾਂ ਖੋਜਾਂ ਦੇ ਨਤੀਜੇ ਵਜੋਂ ਕਈ ਅਜਿਹੇ ਦਸਤਾਵੇਜ਼ ਮੁੜ ਲੱਭੇ ਗਏ ਜਿੰਨ੍ਹਾਂ ਨੇ ਸਮਾਜਕ ਵਿਕਾਸ ਦੇ ਹਰ ਖੇਤਰ ਵਿੱਚ ਹਾਸਲ ਮਹਾਨ ਸੋਵੀਅਤ ਪ੍ਰਾਪਤੀਆਂ ਵਿੱਚ ਤਾਜ਼ਾ ਰੰਗ ਤੇ ਜਿੰਦ-ਜਾਨ ਫੂਕ ਦਿੱਤੀ। 

ਜਦੋਂ ਏਥਨ ਪੋਲੋਕ ਸਨਸਨੀਖੇਜ਼ ਕਿਤਾਬ ‘ਸਤਾਲਿਨ ਅਤੇ ਸੋਵੀਅਤ ਵਿਗਿਆਨ ਜੰਗਾਂ’ ਲਿਖਣ ਬੈਠਾ ਤਾਂ ਸਾਨੂੰ ਇਸ ਵਿੱਚ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਉਸ ਦੇ ਇਰਾਦੇ ਇਮਾਨਦਾਰੀ ਨਾਲ਼ ਕਮਿਊਨਿਸਟ ਵਿਰੋਧੀ ਸਨ। ਫਿਰ ਵੀ ਉਹਦੀ ਕਿਤਾਬ ਦਾ ਕੋਈ ਵੀ ਪੰਨਾ ਉਸਦੀ ਮਦਦ ਨਹੀਂ ਕਰਦਾ। ਸਗੋਂ ਵਿਚਾਰ ਅਧੀਨ ਸਮੇਂ ਯਾਨੀ ਮਹਾਨ ਦੇਸ਼ ਭਗਤੀ ਜੰਗ ਦੇ ਖਾਤਮੇ ਤੋਂ ਲੈ ਕੇ ਸਤਾਲਿਨ ਦੀ ਮੌਤ ਤੱਕ ਦੇ ਸਮੇਂ ਦੌਰਾਨ ਉਸ ਵਿਲੱਖਣ ਊਰਜਾ, ਸਿਰਜਣਾਤਮਕਤਾ ਅਤੇ ਵਿਗਿਆਨਿਕ ਗੰਭੀਰਤਾ, ਜੋ ਉਸ ਸਮੇਂ ਦੇ ਸੋਵੀਅਤ ਸੰਘ ਦੀ ਵਿਸ਼ੇਸ਼ਤਾ ਸੀ ਬਾਰੇ ਤਾਜ਼ਾ ਸਬੂਤ ਮੁਹੱਈਆ ਕਰਦੀ ਹੈ। 

ਇਹ ਦੌਰ, ਜਿਸ ਨੇ ਬਸਤੀਵਾਦ ਵਿਰੋਧੀ ਸੰਘਰਸ਼ਾਂ ਨੂੰ ਤਿੱਖਾ ਹੁੰਦਿਆਂ, ਪੂਰਬੀ ਯੂਰਪ ਵਿੱਚ ਸਮਾਜਵਾਦ ਦਾ ਵਿਸਥਾਰ ਹੁੰਦਿਆਂ, ਕੋਰੀਆ ਦੇ ਲੋਕ ਜਮਹੂਰੀ ਗਣਰਾਜ ਦੀ ਸਥਾਪਨਾ ਹੁੰਦਿਆਂ ਅਤੇ ਚੀਨ ਦੇ ਲੋਕਗਣਰਾਜ ਦੀ ਜਿੱਤ ਹੁੰਦਿਆਂ ਦੇਖਿਆ, ਨੇ ਸੰਸਾਰ ਸ਼ਾਂਤੀ ਅਤੇ ਵਿਕਾਸ ਦੇ ਸਾਹਮਣੇ ਖੜ੍ਹੇ ਅਮਰੀਕੀ ਸਾਮਰਾਜਵਾਦ, ਜੋ ਪਰਮਾਣੂ ਹਥਿਆਰਾਂ ਨਾਲ਼ ਲੈਸ ਸੀ ਅਤੇ ਜੋ ਕਮਿਊਨਿਜ਼ਮ ਨੂੰ ਆਪਣਾ ਪਕਾ ਦੁਸ਼ਮਣ ਮੰਨਦਾ ਸੀ ਦੇ ਨਵੇਂ ਖਤਰੇ ਨੂੰ ਵੀ ਦੇਖਿਆ। ਅਣਗਿਣਤ ਤੂਫ਼ਾਨਾਂ ਨੂੰ ਝੱਲਦਿਆਂ—ਘਰੇਲੂ ਜੰਗ ਦੇ ਸਮੇਂ ਦੌਰਾਨ 14 ਸਾਮਰਾਜਵਾਦੀ ਫ਼ੌਜਾਂ ਦੇ ਵਿਰੁੱਧ ਲੜਦਿਆਂ, ਸਮਾਜਵਾਦੀ ਸਨਅਤ ਸਥਾਪਤ ਕਰਦਿਆਂ ਅਤੇ ਪੇਂਡੂ ਇਲਾਕਿਆਂ ਵਿੱਚ ਸਮਾਜਵਾਦੀ ਜਿੱਤਾਂ ਹਾਸਿਲ ਕਰਦਿਆਂ, ਨਾਜ਼ੀ ਗਿਰੋਹਾਂ ਦੇ ਹਮਲਿਆਂ ਨੂੰ ਬਰਦਾਸ਼ਤ ਕਰਦਿਆਂ ਅਤੇ ਆਖਿਰਕਾਰ ਹਰਾਉਂਦਿਆਂ-ਸਾਮਰਾਜਵਾਦ ਦੁਆਰਾ ਪੇਸ਼ ਕੀਤੀਆਂ ਨਵੀਆਂ ਧਮਕੀਆਂ ਨਾਲ਼ ਨਜਿੱਠਣ ਲਈ ਸੋਵੀਅਤ ਯੂਨੀਅਨ ਨੂੰ ਹੁਣ ਆਖਰੀ ਹੱਦ ਤੱਕ ਏੇਕੇ ਅਤੇ ਤਾਕਤ ਦੀ ਲੋੜ ਸੀ। ਇਸ ਤਾਕਤ ਨੂੰ ਸਿਰਫ਼ ਆਰਥਕ ਸੂਚਕਾਂ ਅਤੇ ਫ਼ੌਜੀ ਮਾਪਦੰਡਾਂ ਨਾਲ਼ ਹੀ ਨਹੀਂ ਨਾਪਿਆ ਜਾ ਸਕਦਾ ਸੀ। ਇਹਨਾਂ ਸਭ ਤੋਂ ਉੱਪਰ ਉਸ ਏਕੇ ਅਤੇ ਤਾਕਤ ਦੀ ਲੋੜ ਸੀ ਜੋ ਉਸ ਨਿਰੰਤਰ ਮਾਰਕਸਵਾਦੀ-ਲੈਨਿਨਵਾਦੀ ਲੜਾਈ ਵਿੱਚੋਂ ਪੈਦਾ ਹੁੰਦੀ ਹੈ ਜੋ ਸਭ ਤੋਂ ਵਿਸ਼ਾਲ ਸਮਾਜਿਕ ਆਧਾਰ ਉੱਤੇ ਲੜੀ ਜਾਂਦੀ ਹੈ। 

ਇਹ ਉਸ ਸਮੇਂ ਲਈ ਕੁਦਰਤੀ ਸੀ ਕਿ ਉਹ ਸਮਾਂ ਜਿਸ ਨੇ ਸੋਵੀਅਤ ਲੀਡਰਸ਼ਿਪ ਨੂੰ ਕੌਮਾਂਤਰੀ ਖੇਤਰ ਵਿੱਚ ਵਿਕਾਸ ਦੇ ਪ੍ਰਮੁਖ ਕਾਰਜਾਂ ਵਿੱਚ ਪੂਰਨ ਰੂਪ ਵਿੱਚ ਰੁੱਝਿਆ ਦੇਖਿਆ, ਨੇ ਸੋਵੀਅਤ ਯੂਨੀਅਨ ਵਿੱਚ ਵਿਗਿਆਨ ਦੇ ਹਰ ਖੇਤਰ ਤੱਕ ਪਹੁੰਚਣ ਵਾਲ਼ਾ ਸਭ ਤੋਂ ਤਿੱਖਾ ਵਿਚਾਰਧਾਰਕ ਘੋਲ਼ ਵੀ ਦੇਖਿਆ ਅਤੇ ਪੋਲੌਕ ਦੀ ਪ੍ਰਤੱਖ ਹੈਰਾਨੀ ਲਈ ਇਹਨਾਂ ਸਾਰੇ ਵਿਚਾਰਧਾਰਕ ਘੋਲ਼ਾਂ ਦੇ ਐਨ ਵਿਚਕਾਰ ਉਹੀ ਸੋਵੀਅਤ ਲੀਡਰਸ਼ਿਪ ਮੌਜੂਦ ਸੀ।

ਉਸ ਸਮੇਂ ਬਾਰੇ ਸਾਨੂੰ ਦੱਸਿਆ ਜਾਂਦਾ ਹੈ ਕਿ ਸਤਾਲਿਨ ਫਲਸਫੇ ਤੋਂ ਲੈ ਕੇ ਭੌਤਿਕ ਵਿਗਿਆਨ ਤੱਕ ਵਿਗਿਆਨਕ ਬਹਿਸਾਂ ਵਿੱਚ ਹਿੱਸਾ ਲੈਂਦੇ ਸਨ। 1946 ਵਿੱਚ ਜਦੋਂ ਸਤਾਲਿਨ ਦੀ ਉਮਰ 67 ਸਾਲ ਸੀ ਅਤੇ ਉਹ ਜੰਗ ਤੋਂ ਥੱਕ ਚੁੱਕੇ ਸਨ ਉਦੋਂ ਉਨ੍ਹਾਂ ਨੇ ਮਾਰਕਸਵਾਦ ਦੇ ਇਤਿਹਾਸ ਵਿੱਚ ਹੇਗੇਲ ਦੀ ਭੂਮਿਕਾ ਸਬੰਧੀ ਸੋਵੀਅਤ ਸੰਘ ਦੇ ਸਭ ਤੋਂ ਉੱਘੇ ਦਾਰਸ਼ਨਿਕਾਂ ਨੂੰ ਪੜ੍ਹਾਇਆ। 1948 ਵਿੱਚ ਜਦੋਂ ਬਰਲਿਨ ਦਾ ਸੰਕਟ ਅਮਰੀਕਾ ਅਤੇ ਸੋਵੀਅਤ ਸੰਘ ਵਿੱਚ ਨਾ ਮਿਟਣ ਵਾਲ਼ੀ ਦਰਾਰ ਪੈਦਾ ਕਰ ਰਿਹਾ ਸੀ ਤਾਂ ਉਹ ਅਨੁਵੰਸ਼ਿਕਤਾ ਬਾਰੇ ਬਹਿਸਾਂ ਵਿੱਚ ਰੁੱਝੇ ਹੋਏ ਸਨ। 1950 ਵਿੱਚ ਜਦੋਂ ਉਹ ਨਵ-ਜੇਤੂ ਚੀਨੀ ਲੋਕਗਣਰਾਜ ਨਾਲ਼ ਸੰਧੀ ਉੱਤੇ ਗੱਲਬਾਤ ਕਰ ਰਹੇ ਸਨ ਤਾਂ ਉਸੇ ਸਮੇਂ ਉਹ ਭਾਸ਼ਾ ਵਿਗਿਆਨ ਉੱਪਰ ਇੱਕ ਲੜਾਕੂ ਲੇਖ ਲਿਖਦੇ ਹੋਏ ਸੋਵੀਅਤ ਸਰੀਰ ਵਿਗਿਆਨ ‘ਚ ਉੱਥਲ-ਪੁਥਲ ਲਿਆ ਰਹੇ ਸਨ (ਪਾਵਲੋਵਿਅਨ ਵਿਗਿਆਨ ਦੇ ਪਦਾਰਥਕ ਅਧਾਰ ਦੀ ਰਾਖੀ ਕਰਦੇ ਹੋਏ!) ਅਤੇ ਸਿਆਸੀ ਆਰਥਿਕਤਾ ਉੱਪਰ ਕਿਤਾਬ ਉੱਤੇ ਵਿਚਾਰ ਵਟਾਂਦਰਾ ਕਰਨ ਲਈ ਅਰਥ ਸ਼ਾਸਤਰੀਆਂ ਨੂੰ ਦਿਨ ਵਿੱਚ ਤਿੰਨ ਵਾਰੀ ਮਿਲ਼ਦੇ ਸਨ… (ਉਹ) ਵਿਦਵਤਾ ਪੂਰਨ ਬਹਿਸਾਂ ਦੀ ਤਫ਼ਸੀਲ ਉੱਤੇ ਨਿਰੰਤਰ ਸਮਾਂ ਬਿਤਾਉਂਦੇ ਸਨ।”

ਇਹਨਾਂ ਸਾਰੇ ਵਿਚਾਰਧਾਰਕ ਘੋਲ਼ਾਂ ਦੇ ਰਿਕਾਰਡ ਵਿਗਿਆਨਾਂ ਦੀ ਰੂਸੀ ਅਕਾਦਮੀ ਦੇ ਪੁਰਾਲੇਖਾਂ ਵਿੱਚ ਪਏ ਸਨ। ਇਹਨਾਂ ਮੁਢਲੇ ਸਰੋਤਾਂ ਦੀ ਵਿਆਖਿਆ ਕਰਦੇ ਹੋਏ ਪੋਲੌਕ ਨੇ ਕੁਦਰਤੀ ਤੌਰ ਉੱਤੇ ਸਭ ਤੋਂ ਵੱਧ ਸਨਕੀ ਕਮਿਊਨਿਸਟ ਵਿਰੋਧੀ ਨਜ਼ਰੀਏ ਨੂੰ ਹਰ ਸੰਭਵ ਤਰੀਕੇ ਨਾਲ਼ ਲੱਭਣ ਦੀ ਕੋਸ਼ਿਸ਼ ਕੀਤੀ। ਸਾਮਰਾਜਵਾਦੀ ਪਛਮ ਵੱਲੋਂ ਰਿਸਣ ਵਾਲ਼ੇ ਵਿਚਾਰਧਾਰਕ ਪ੍ਰਭਾਵਾਂ ਨੂੰ ਕਮਜ਼ੋਰ ਕਰਨ ਦੇ ਬਾਲਸ਼ਵਿਕ ਯਤਨਾਂ ਨੂੰ ਮਹਾਨ ਰੂਸੀ ਸ਼ਾਵਨਵਾਦ ਨਾਲ਼ ਖਰ ਦਿਮਾਗ ਲਗਾਅ ਜਾਂ ਯਹੂਦੀਵਾਦ ਵਿਰੋਧੀ ਝੁਕਾਅ ਵਜੋਂ ਵੱਟੇ ਖਾਤੇ ਪਾ ਦਿੱਤਾ ਗਿਆ। 

ਜਿੱਥੇ ਕੁੱਝ ਪ੍ਰਸ਼ਨਾਂ ਦੇ ਉੱਤਰ ਨਾ ਮਿਲਣ ਦੇ ਬਾਵਜੂਦ ਵਿਗਿਆਨਕ ਬਹਿਸਾਂ ਖ਼ਤਮ ਹੋ ਜਾਂਦੀਆਂ ਸਨ, ਉੱਥੇ ਇਹ ਮਿਹਣਾ ਮਾਰਿਆ ਗਿਆ ਕਿ ਬਹਿਸਾਂ ਸਾਰੇ ਪ੍ਰਸ਼ਨਾਂ ਦੇ ਉੱਤਰ ਲੱਭਣ ਵਿੱਚ ਅਸਫਲ ਰਹੀਆਂ, ਜਦੋਂ ਜਥੇਬੰਦੀ ਵਿੱਚ ਇਹ ਬਹਿਸਾਂ ਧਿਆਨ-ਪੂਰਵਕ ਤੇ ਵਿਸਥਾਰ-ਪੂਰਵਕ ਕੀਤੀਆਂ ਜਾਂਦੀਆਂ ਅਤੇ ਫੈਸਲਾਕੁੰਨ ਨਤੀਜਾ ਕੱਢਦੀਆਂ ਤਾਂ ਇਹਨਾਂ ਨੂੰ ਤੈਅਸ਼ੁਦਾ ਦੱਸ ਕੇ ਨਿੰਦਿਆ ਗਿਆ ਜਦੋਂ ਸਤਾਲਿਨ ਅਤੇ ਹੋਰ ਪ੍ਰਭਾਵਸ਼ਾਲੀ ਆਗੂ ਆਪਣੇ ਵਿਚਾਰਾਂ ਨਾਲ਼ ਅਗਾਂਹ ਵਧਦੇ ਤਾਂ ਇਸਨੂੰ ਬੌਧਿਕ ਧੌਂਸ ਦੇ ਤੌਰ ‘ਤੇ ਪੇਸ਼ ਕੀਤਾ ਜਾਂਦਾ, ਜਿੱਥੇ ਉਹ ਪਿਛੇ ਰੁਕ ਜਾਂਦੇ ਤਾਂ ਕਿ ਬਹਿਸ ਅਗੇ ਵੱਧ ਸਕੇ ਤਾਂ ਇਸ ਨੂੰ ਧੜੇ ਦੀ ਨਹਿਸ਼ ਧੋਖਾਧੜੀ ਦਾ ਦਰਜਾ ਦਿੱਤਾ ਗਿਆ ਹੈ। ਮੁਕਦੀ ਗੱਲ! ਬਾਲਸ਼ਵਿਕਾਂ ਨੂੰ ਜਿੱਤਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ!

ਫਿਰ ਵੀ ਪੁਰਾਲੇਖੀ ਸਬੂਤਾਂ ਨਾਲ਼ ਪੋਲੌਕ ਦੇ ਆਹਮੋ ਸਾਹਮਣੇ ਹੋਣ ਨੇ ਸਤਾਲਿਨ ਦੀ ਭੂਮਿਕਾ ਬਾਰੇ ਉਸਦੇ ਨਜ਼ਰੀਏ ‘ਤੇ ਹਿਲਾ ਦੇਣ ਵਾਲ਼ਾ ਅਸਰ ਪਾਇਆ। ਘੜੀ-ਮੁੜੀ ਲੇਖਕ ਉਸ ਅਦੁੱਤੀ ਗੰਭੀਰਤਾ ਅਗੇ ਛੋਟਾ ਪੈ ਜਾਂਦਾ ਹੈ ਜਿਸ ਨਾਲ਼ ਕਮਿਊਨਿਸਟ ਲੀਡਰਸ਼ਿਪ ਨੇ ਹਰ ਖੇਤਰ ਵਿੱਚ ਸਹੀ ਸਿਧਾਂਤ ਲਈ ਸੰਘਰਸ਼ ਕੀਤਾ।

”ਉਹ ਵਿਚਾਰਧਾਰਾ ਨੂੰ ਬੜੀ ਗੰਭੀਰਤਾ ਨਾਲ਼ ਲੈਂਦੇ ਸਨ ਉਹ ਕੋਈ (!) ਜ਼ਿਹਨੀ ਤੌਰ ਉੱਤੇ ਬਿਮਾਰ ਜਾਂ ਏਕਾਂਤ ਪਸੰਦ ਬੁੱਢਾ ਆਦਮੀ ਨਹੀਂ ਸਨ ਜੋ ਕਿ ਸਿਰਫ਼ ਰਾਜਨੀਤਿਕ ਸਮਸਿਆਵਾਂ ਨੂੰ ਹੱਲ ਕਰਨ ਲਈ ਵਿਦਵਤਾ ਭਰਪੂਰ ਬਹਿਸਾਂ ਦੀ ਵਰਤੋਂ ਕਰਦੇ ਹੋਣ… ਉਹ ਵਿਦਵਤਾ ਭਰਪੂਰ ਬਹਿਸਾਂ ਦੀ ਤਫ਼ਸੀਲ ਉੱਤੇ ਨਿਰੰਤਰ ਸਮਾਂ ਬਿਤਾਉਂਦੇ ਸਨ… (ਰੂਸੀ) ਪੁਰਾਲੇਖਾਂ ਦੇ ਪਿਛਲੇ ਅਣਖੋਜੇ ਦਸਤਾਵੇਜ਼ ਅਤੇ ਹਜ਼ਾਰਾਂ ਹੀ ਨਵੇਂ ਦਸਤਾਵੇਜ਼ਾਂ ਦੀ ਖੋਜ ਇਹ ਦਰਸਾਉਂਦੀ ਹੈ ਕਿ ਉਹ ਸੋਵੀਅਤ ਮਾਰਕਸਵਾਦ ਦੇ ਵਿਗਿਆਨਕ ਅਧਾਰ ਨੂੰ ਦਿਖਾਉਣ ਲਈ… ਦ੍ਰਿੜ ਸਨ।”

ਬੁਰਜੂਆ ਅਕਾਦਮਿਕ ਮਾਨਸਿਕ ਬਣਾਵਟ ਲਈ, ਜਿਸ ਨੇ ”ਉੱਚ-ਦਿਮਾਗੀ” ਸਿਧਾਂਤ ਅਤੇ ਸਨਕੀ ਵਿਉਹਾਰ ਵਿੱਚ ਵਿਆਪਕ ਅਸਬੰਧ ਨੂੰ ਤੈਅਸ਼ੁਦਾ ਮੰਨ ਲਿਆ ਸੀ, ਲਈ ਪੋਲੌਕ ਦੀ ਇਹ ਖੋਜ ਸਭ ਤੋਂ ਹੈਰਾਨੀਜਨਕ ਸੀ ਕਿ ਸਤਾਲਿਨ ਦੇ ”ਮੀਮੋ ਅਤੇ ਸਭ ਤੋਂ ਗੁਪਤ ਦਸਤਾਵੇਜ਼ ਉਸੇ ਮਾਰਕਸਵਾਦੀ-ਲੈਨਿਨਵਾਦੀ ਭਾਸ਼ਾ ਨਾਲ਼ ਭਰੇ ਪਏ ਹਨ… ਜੋ ਉਸ ਦੇ ਜਨਤਕ ਭਾਸ਼ਣਾਂ ਵਿੱਚ ਹੁੰਦੀ ਸੀ। ਉਹ ਦੋ ਵੱਖਰੇ ਮਾਪਦੰਡ ਨਹੀਂ ਰੱਖਦੇ ਸਨ। ਪੋਲੌਕ ਅਗੇ ਧਿਆਨ ਦਵਾਉਂਦਾ ਹੈ ਕਿ ”ਸਤਾਲਿਨ ਦੀ ਰਹਿਨੁਮਾਈ ਹੇਠ ਐਲਾਨੇ ਮਕਸਦ ਦੇ ਕੇਂਦਰ ਵਿੱਚ ਵਿਗਿਆਨ ਦੀ ਟੇਕ ਵਿੱਚ ਸੋਵੀਅਤ ਸੰਘ ਹੋਰ ਕਿਸੇ ਵੀ ਪਿਛਲੇ ਰਾਜ ਨਾਲ਼ੋਂ ਅਗੇ ਚਲਾ ਗਿਆ ਸੀ।” ਅਤੇ ਜੇ ਵਿਗਿਆਨ ਸੋਵੀਅਤ ਸੱਭਿਅਤਾ ਦੇ ਦਿਲ ਵਿੱਚ ਸੀ ਤਾਂ ਵਿਗਿਆਨ ਦੇ ਦਿਲ ਵਿੱਚ ਬਾਲਸ਼ਵਿਜ਼ਮ ਸੀ। ਇੱਥੋਂ ਤੱਕ ਕਿ ਪੋਲੌਕ ਦੇ ਪੀਲ਼ੀਏ ਦੇ ਸ਼ਿਕਾਰ ਸਾਰ ਵਿੱਚੋਂ ਵੀ ਇਹ ਬੁਨਿਆਦੀ ਸੱਚਾਈ ਚਮਕਦੀ ਹੈ, ”ਪਾਰਟੀ ਦੀ ਸਿਆਸੀ ਅਥਾਰਟੀ ਆਪਣੇ ਕਾਰਜਾਂ ਦੇ ਅਤੇ ਵਿਗਿਆਨਕ ਅਧਾਰ ਹਾਸਲ ਤਰਕਸੰਗਤਤਾ ਉੱਤੇ ਨਿਰਭਰ ਕਰਦੀ ਸੀ… ਸਤਾਲਿਨ ਅਤੇ ਕੇਂਦਰੀ ਕਮੇਟੀ ਵਿਗਿਆਨਿਕ ਬਹਿਸਾਂ ਉੱਤੇ ਜ਼ੋਰ ਦਿੰਦੀ ਸੀ। ਵਿਦਵਾਨਾਂ, ਜਿੰਨ੍ਹਾਂ ਉੱਤੇ ਪਾਰਟੀ ਦੁਆਰਾ ਬਹਿਸਾਂ ਦੌਰਾਨ ਬਰੀਕ ਨਜ਼ਰ ਰੱਖੀ ਜਾਂਦੀ ਸੀ (ਪਰ ਕਦੇ ਵੀ ਪੂਰੀ ਤਰ੍ਹਾਂ ਨਿਯੰਤਰਿਤ ਨਹੀਂ ਕੀਤੇ ਜਾਂਦੇ ਸਨ), ਤੋਂ ਉਮੀਦ ਕੀਤੀ ਜਾਂਦੀ ਸੀ ਕਿ ਉਹ ਆਪਣੇ ਵਿਸ਼ੇਸ਼ ਖੇਤਰਾਂ ਵਿੱਚ ਅਜਿਹੀ ਸਮਝ ਨੂੰ ਵਿਕਸਿਤ ਕਰਨ ਜੋ ਵਿਚਾਰਧਾਰਾ ਦੇ ਅਨੁਸਾਰੀ ਹੋਵੇ।”

ਪੋਲੌਕ ਦੀ ਇਹ ਵਾਵਰੌਲੇ ਭਰੀ ਯਾਤਰਾ, ਇਸ ਸਮੇਂ ਦੌਰਾਨ ਵਿਗਿਆਨ ਉੱਤੇ ਹੋਈਆਂ ਮਹਾਨ ਜਨਤਕ ਬਹਿਸਾਂ ਨੂੰ ਸਾਹਮਣੇ ਲਿਆਉਂਦੀ ਹੈ। ਇਸ ਸਮੀਖਿਆ ਦਾ ਮਕਸਦ ਚੁੱਕੇ ਗਏ ਮੁਦਿਆਂ ਦਾ ਪੂਰੀ ਸੂਰਾ ਵਿਸ਼ਲੇਸ਼ਣ ਪੇਸ਼ ਕਰਨਾ ਨਹੀਂ ਹੈ। ਅਜਿਹਾ ਕਰਨ ਲਈ ਸਾਨੂੰ ਕਿਸੇ ਕਿਤਾਬ ਦੀ ਸਮੀਖਿਆ ਦੀ ਨਹੀਂ ਸਗੋਂ ਲਾਇਬ੍ਰੇਰੀ ਦੀ ਲੋੜ ਪਵੇਗੀ ਅਤੇ ਕਿਸੇ ਅਜਿਹੇ ਲੇਖਕ ਦੀ ਲੋੜ ਪਵੇਗੀ ਜੋ ਮੌਜੂਦਾ ਲੇਖਕ ਨਾਲ਼ੋਂ ਕਿਤੇ ਵਧੇਰੇ ਚਲਾਕ ਹੋਵੇ। ਫਿਰ ਵੀ ਸਰਸਰੀ ਝਾਤ ਤੋਂ ਜੋ ਹਾਸਲ ਕੀਤਾ ਜਾ ਸਕਦਾ ਹੈ ਉਹ ਇਹ ਕਿ ਬਾਲਸ਼ਵਿਕ, ਸੋਵੀਅਤ ਵਿਗਿਆਨੀ ਅਤੇ ਸੋਵੀਅਤ ਲੋਕਾਂ ਨੇ ਮਹਾਨ ਇਨਕਲਾਬੀ ਆਤਮ-ਵਿਸ਼ਵਾਸ ਅਤੇ ਸਮਾਜਕ ਜ਼ਿੰਮੇਦਾਰੀ ਦੇ ਉੱਚੇ ਬੋਧ ਨਾਲ਼ ਸਹੀ ਸਿਧਾਂਤ ਦੇ ਸੰਘਰਸ਼ ਵਿੱਚ ਰੁੱਝੇ ਹੋਏ ਸਨ। 

ਫਲਸਫੇ ਬਾਰੇ ਬਹਿਸ 

ਫਲਸਫਾ ਵਿਚਾਰਧਾਰਕ ਘੋਲ਼ ਦਾ ਅਖਾੜਾ ਬਣਨ ਵਾਲ਼ੀ ਵਿਗਿਆਨ ਦੀ ਪਹਿਲੀ ਸ਼ਾਖ਼ਾ ਸੀ। 1946 ਵਿੱਚ ਐਜਿਟ-ਪ੍ਰਾਪ (ਬਾਲਸ਼ਵਿਕ ਅੰਦੋਲਨ ਅਤੇ ਪ੍ਰਾਪੇਗੰਡਾ ਜਥੇਬੰਦੀ) ਦੇ ਉਸ ਸਮੇਂ ਦੇ ਆਗੂ ਦੀ ਇਸ ਕਰਕੇ ਅਲੋਚਨਾ ਹੋਈ ਕਿ ਉਸ ਨੇ ਹੇਗੇਲੀਅਨ ਫਲਸਫੇ ਦੇ ਪਿਛਾਖੜੀ ਪਖ ‘ਤੇ ਲੋੜੀਂਦਾ ਜ਼ੋਰ ਨਹੀਂ ਦਿੱਤਾ ਸੀ। ਇਸ ਮੁਦੇ ‘ਤੇ ਸਤਾਲਿਨ ਦੀ ਪਹੁੰਚ ਨੂੰ ਸਮਝਣ ਵਿੱਚ ਪੌਲੋਕ ਗ਼ਲਤ ਹੈ। ਆਖ਼ਰਕਾਰ ਸਤਾਲਿਨ ”ਅਸਾਨੀ ਨਾਲ਼ ਜ਼ਦਾਲੋਵ ਨੂੰ ਅਲੈਕਸਾਂਦਰੋਵ ਨੂੰ ਨਿੰਦਣ ਦੇ ਫਰਮਾਨ ਦਾ ਮਸੌਦਾ ਤਿਆਰ ਕਰਨ ਦਾ ਨਿਰਦੇਸ਼ ਦੇ ਸਕਦਾ ਸੀ… ਉਹ ਕਿਤਾਬ ਦੀ ਅਲੋਚਨਾ ਕਰਨ ਵਾਲ਼ੇ ਪੋਲਿਟ ਬਿਊਰੋ ਦੇ ਸਰਕਾਰੀ ਹੁਕਮ ‘ਤੇ ਦਸਤਖਤ ਕਰ ਸਕਦਾ ਸੀ… ਪਰ ਕਿਤਾਬ ਪ੍ਰਤੀ ਆਪਣੀ ਸਪਸ਼ਟ ਨਫ਼ਰਤ ਦੇ ਬਾਵਜੂਦ ਸਤਾਲਿਨ ਨੇ ਨਾ ਤਾਂ ਆਪਣੇ ਵਿਚਾਰਾਂ ਨੂੰ ਜਨਤਕ ਕੀਤਾ ਅਤੇ ਨਾ ਹੀ ਐਜਿਟਪ੍ਰਾਪ ਦੇ ਢਾਂਚੇ ਵਿੱਚ ਕੋਈ ਤਬਦੀਲੀ ਕੀਤੀ।” ਸੰਭਵ ਹੈ ਕਿ ਅਜਿਹੀ ਪਹੁੰਚ ਨੇ ਸਤਾਲਿਨ ਬਾਰੇ ਹੁੰਦੇ ਉਸ ਨਿੱਤ ਦਿਨ ਦੇ ਕੂੜ-ਪ੍ਰਚਾਰ ਨਾਲ਼ ਅਸਾਨੀ ਨਾਲ਼ ਮੇਲ਼ ਖਾਣਾ ਸੀ ਜਿਸ ਅਨੁਸਾਰ ਉਹ ਇੱਕ ਅਜਿਹਾ ਅਫਸਰਸ਼ਾਹ ਅਤੇ ਤਾਨਾਸ਼ਾਹ ਸੀ ਜੋ ਪ੍ਰਸ਼ਾਸਨਿਕ ਤਰੀਕਿਆਂ ਨਾਲ਼ ਆਪਣੀ ਮਨਮਰਜ਼ੀ ਥੋਪਦਾ ਸੀ।

ਪਰ ਹਕੀਕਤ ਬਿਲਕੁਲ ਵੱਖਰੀ ਸਿੱਧ ਹੋਈ। ਸਤਾਲਿਨ ਨੇ ਇਹ ਸਿਫ਼ਾਰਸ਼ ਕੀਤੀ ਕਿ ਫਲਸਫੇ ਦੀ ਸੰਸਥਾ ਨੂੰ ਅਲੈਕਸਾਂਦਰੋਵ ਦੀ ਕਿਤਾਬ ਉੱਤੇ ਖੁਲ੍ਹੀ ਚਰਚਾ ਕਰਵਾਉਣੀ ਚਾਹੀਦੀ ਹੈ। ਇਸ ਸਲਾਹ ਉੱਤੇ ਕੰਮ ਕਰਦਿਆਂ ਕੇਂਦਰੀ ਕਮੇਟੀ ਨੇ ਇੱਕ ਮੀਟਿੰਗ ਦਾ ਹੁਕਮ ਦਿੱਤਾ ਜੋ ਕਿ ਖੁਦ ਕੇਂਦਰੀ ਕਮੇਟੀ ਦੇ ਸ਼ਬਦਾਂ ਵਿੱਚ ”ਅਲੋਚਨਾ ਦੀ ਸੰਪੂਰਨ ਆਜ਼ਾਦੀ ਅਤੇ ਰਾਵਾਂ ਦੇ ਵਟਾਂਦਰੇ ਨੂੰ ਯਕੀਨੀ ਬਣਾਵੇਗੀ।” ਇਸ ਚਰਚਾ ਦੀ ਕਾਰਵਾਈ ਨੂੰ ਤਿੰਨ ਵੱਖ-ਵੱਖ ਮੈਗਜ਼ੀਨਾਂ ‘ਚ ਛਾਪਣ ਅਤੇ ਸਰੋਤਿਆਂ ਵਿੱਚ ਕਮਿਊਨਿਸਟ ਆਗੂਆਂ ਦੇ ਨਾਲ਼-ਨਾਲ਼ ਅਕਾਦਮੀਸ਼ਅਨਾਂ ਅਤੇ ਪਤਰਕਾਰਾਂ ਨੂੰ ਸ਼ਾਮਲ ਕਰਨ ਦੇ ਪ੍ਰਬੰਧ ਕੀਤੇ ਗਏ। ਜਨਵਰੀ 1947 ਵਿੱਚ ਹੋਈ ਇਸ ਮੀਟਿੰਗ ਵਿੱਚ ਲਗਭਗ 400 ਲੋਕਾਂ ਨੇ ਹਿੱਸਾ ਲਿਆ। ਇਸ ਤੋਂ ਵੀ ਵਧੇਰੇ ਮਹੱਤਵਅਕਾਂਖੀ ਚਰਚਾ ਜੂਨ ਵਿੱਚ ਚਲਾਈ ਗਈ। ਅਠ ਸੈਸ਼ਨਾਂ ਵਿੱਚ ਹੋਈ ਇਸ ਚਰਚਾ ਦੀ ਹਰ ਬੈਠਕ ਵਿੱਚ ਔਸਤਨ 300 ਲੋਕ ਸ਼ਾਮਿਲ ਹੁੰਦੇ ਜਿਹਨਾਂ ਵਿੱਚ ਲਾਲ ਫ਼ੌਜ ਅਤੇ ਸੋਵੀਅਤ ਲੇਖਕਾਂ ਦੇ ਸੰਘ ਵਿੱਚੋਂ ਨੁਮਾਇੰਦੇ ਵੀ ਸ਼ਾਮਲ ਸਨ। ਕਾਫਰੰਸ ਤੋਂ ਬਾਅਦ ਸਾਰੇ ਭਾਸ਼ਣਾ ਨੂੰ ਸੋਵੀਅਤ ਲੋਕਾਂ ਸਾਹਮਣੇ ਪੇਸ਼ ਕੀਤਾ ਜਾਂਦਾ। ਇਹਨਾਂ ਵਿੱਚ ਉਹਨਾਂ ਵਿਅਕਤੀਆਂ ਦੇ ਭਾਸ਼ਣ ਵੀ ਸ਼ਾਮਲ ਹੁੰਦੇ ਜਿਨਹਾਂ ਦਾ ਕਾਨਫਰੰਸ ਵਿੱਚ ਬੋਲਣਾ ਸੰਭਵ ਨਹੀਂ ਸੀ ਹੋ ਪਾਉਂਦਾ। ਇਹ ਯਕੀਨੀ ਬਣਾਉਂਦਾ ਕਿ ਫਲਸਫਾਨਾ ਬਹਿਸ ਦਾ ਪੂਰਨ ਸੰਭਵ ਵੇਰਵਾ ਸਭਨਾਂ ਦੁਆਰਾ ਸੁਣਿਆ ਜਾ ਸਕੇ। 

ਮਾਰਕਸ ਨੇ ਲਿਖਿਆ ਸੀ ਕਿ ਪਹਿਲੇ ਦਾਰਸ਼ਨਿਕਾਂ ਨੇ ਸੰਸਾਰ ਦੀ ਵਿਆਖਿਆ ਕੀਤੀ ਹੈ ਅਤੇ ਇਸ ਨਾਲ਼ ਇਹ ਪ੍ਰਸਿੱਧ ਕਥਨ ਜੋੜਿਆ ਕਿ ਅਸਲ ਨੁਕਤਾ ਇਸ ਨੂੰ ਬਦਲਣਾ ਹੈ। ਸਿਰਫ਼ ਇੱਕ ਅਜਿਹਾ ਸਮਾਜ, ਜੋ ਸਾਮਰਾਜ ਨੂੰ ਹਰਾਉਣ ਲਈ ਫਲਸਫੇ ਨੂੰ ਇਨਕਲਾਬੀ ਜੰਗ ਦੇ ਇੱਕ ਅਹਿਮ ਮੋਰਚੇ ਵਜੋਂ ਬੇਹੱਦ ਗੰਭੀਰਤਾ ਨਾਲ਼ ਲੈਂਦਾ ਹੋਵੇ, ਹੀ ਉਪਰੋਕਤ ਕਥਨ ਨੂੰ ਸੱਚ ਕਰਨ ਦੀ ਮਹਾਨ ਪੀੜਾ ਨੂੰ ਬਰਦਾਸ਼ਤ ਕਰ ਸਕਦਾ ਹੈ। ਆਖਰੀ ਤੋਂ ਪਹਿਲੇ ਸੈਸ਼ਨ ਵਿੱਚ ਜ਼ਦਾਨੋਵ (ਸੀਨੀਅਰ) ਨੇ ਜਮਾਤੀ ਸੰਘਰਸ਼ ਦੇ ਅਜਿਹੇ ”ਫਲਸਫਾਨਾ ਮੋਰਚੇ” ਦੀ ਗੱਲ ਕੀਤੀ ਜਿਸਨੂੰ ”ਫੌਜੀ ਦਾਰਸ਼ਨਿਕਾਂ ਦੇ ਅਜਿਹੇ ਦਸਤੇ ਦੀ ਜ਼ਰੂਰਤ ਸੀ ਜੋ ਮਾਰਕਸਵਾਦੀ ਸਿਧਾਂਤ ਦੀ ਪੂਰਨਤਾ ਲਈ ਲੜਾਈ ਲੜੇ, ਵਿਰੋਧੀ ਵਿਚਾਰਧਾਰਾ ਵਿਰੁੱਧ ਫੈਸਲਾਕੁੰਨ ਸੱਟ ਮਾਰਨ ਦੀ ਅਗਵਾਈ ਕਰੇ।” ਉਸ ਦੇ ਵਿਚਾਰ ਅਨੁਸਾਰ ਕੁੱਝ ਸਮਕਾਲੀ ਫਲਸਫਾ ਇੱਕ ”ਬੰਦ ਕਾਰਖਾਨੇ ਜਾਂ ਜੰਗ ਦੇ ਮੈਦਾਨ ਤੋਂ ਕਾਫ਼ੀ ਦੂਰ ਇੱਕ ਡੇਰੇ” ਵਾਂਗ ਲੱਗਦਾ ਹੈ! ਕੁੱਝ ਬੁਲਾਰਿਆਂ ਨੇ ਮੰਗ ਕੀਤੀ ਕਿ ਕਮਿਊਨਿਸਟਾਂ ਤੋਂ ਪਹਿਲਾਂ ਦੀ ਰੂਸੀ ਇਨਕਲਾਬੀ ਪੰ੍ਰਪਰਾ, ਜਿਸ ਦੀ ਨੁਮਾਇੰਦਗੀ ਬੇਲਿੰਸਕੀ, ਹਰਜ਼ਨ ਤੇ ਚੇਰਨੀਸ਼ੇਵਸਕੀ ਵਰਗੀਆਂ ਹਸਤੀਆਂ ਕਰਦੀਆਂ ਹਨ ਵੱਲ ਵੱਧ ਧਿਆਨ ਦੇਣਾ ਚਾਹੀਦਾ ਹੈ। ਕਾਨਫਰੰਸ ਨੂੰ ਮਹਾਨ ਰੂਸੀ ਸ਼ਾਵਨਵਾਦ ਦੀ ਦੱਲੀ ਵਜੋਂ ਬਦਨਾਮ ਕਰਨ ਦੀਆਂ ਪੋਲੌਕ ਦੀਆਂ ਕਮਜ਼ੋਰ ਕੋਸ਼ਿਸ਼ਾਂ ਇਨ੍ਹਾਂ ਸਬੂਤਾਂ ਦੇ ਸਾਹਮਣੇ ਟਿਕ ਨਹੀਂ ਪਾਉਂਦੀਆਂ ਜਦੋਂ ਉਹ ਉਸੇ ਹੀ ਸਫ਼ੇ ਉੱਤੇ ਤਾਸ਼ਕੰਦ ਦੇ ਇੱਕ ਬੁਲਾਰੇ ਦਾ ਹਵਾਲਾ ਦਿੰਦਾ ਹੈ ਜਿਸ ਨੇ ਅਰਬ ਦਾਰਸ਼ਨਿਕ ਪਰੰਪਰਾ ਦੇ ਧਿਆਨ ਪੂਰਵਕ ਵਿਸ਼ਲੇਸ਼ਣ ਦੀ ਮੰਗ ਕੀਤੀ ਸੀ। ਇਸੇ ਤਰ੍ਹਾਂ ਪੋਲੌਕ ਇਰਵਾਨ ਦੇ ਇੱਕ ਬੁਲਾਰੇ ਦਾ ਵੇਰਵਾ ਦਿੰਦਾ ਹੈ ਜੋ ਚਾਹੁੰਦਾ ਸੀ ਕਿ ਬਿਜ਼ੰਤੀਨੀ ਵਿਚਾਰਧਾਰਾ ਉੱਤੇ ਵਿਦਵਾਨਾਂ ਨੂੰ ਪੂਰਾ ਧਿਆਨ ਦੇਣਾ ਚਾਹੀਦਾ ਹੈ। 

ਇੱਕ ਬੰਦੇ ਦੀ ਕਿਤਾਬ ਦੀ ਅਲੋਚਨਾ ਨਾਲ਼ ਹੋਈ ਸ਼ੁਰੂਆਤ ਸਮਾਜਵਾਦੀ ਸਮਾਜ ਵਿੱਚ ਫਲਸਫੇ ਦੀ ਸਹੀ ਭੂਮਿਕਾ ਅਤੇ ਭਵਿੱਖ ਦੀ ਡੂੰਘੀ ਜਾਂਚ ਉੱਤੇ ਜਾ ਖ਼ਤਮ ਹੋਈ। ਅਲੈਕਸਾਂਦਰੋਵ ਨੇ ਕੁੱਝ ਸਵੈ-ਅਲੋਚਨਾ ਕੀਤੀ ਅਤੇ ਆਪਣੇ ਸਾਥੀ ਦਾਰਸ਼ਨਿਕਾਂ ਨੂੰ ”ਦੇਸ਼ ਵਿੱਚ ਫਲਸਪਾਨਾ ਕੰਮ ਨੂੰ ਉੱਚਾ ਚੁੱਕਣ ਅਤੇ ਮਾਰਕਸਵਾਦ-ਲੈਨਿਨਵਾਦ ਦੇ ਵਿਆਪਕ ਪ੍ਰਚਾਰ ਨੂੰ ਜਥੇਬੰਦ ਕਰਨ ਲਈ” ਘੋਲ਼ ਕਰਨ ਦਾ ਸੱਦਾ ਦਿੱਤਾ। ਜੁਲਾਈ ਵਿੱਚ ਉਸ ਨੇ ‘ਐਜਿਟਪ੍ਰਾਪ’ ਦੇ ਅਹੁਦੇ ਤੋਂ ‘ਫਲਸਫੇ ਦਾ ਸੰਸਥਾਨ’ ਦੇ ਨਿਰਦੇਸ਼ਕ ਦੇ ਅਹੁਦੇ ਉੱਤੇ ਤਬਾਦਲਾ ਕਰਾ ਲਿਆ ਤਾਂ ਕਿ ਇਸ ਕੰਮ ਵਿੱਚ ਉਹ ਆਪਣੀ ਭੂਮਿਕਾ ਅਦਾ ਕਰ ਸਕੇ। 

ਜੀਵ ਵਿਗਿਆਨ ਬਾਰੇ ਬਹਿਸ

ਟਾਵੇਂ-ਟਾਵੇਂ ਅਕਾਲਾਂ, ਜਿਨ੍ਹਾਂ ਨੇ ਸਦੀਆਂ ਤੋਂ ਕਿਸਾਨਾਂ ਦੀ ਹੋਂਦ ਨੂੰ ਖਤਰੇ ‘ਚ ਪਾਇਆ ਹੋਇਆ ਸੀ, ਦੇ ਇਤਿਹਾਸ ਨੂੰ ਹਮੇਸ਼ਾਂ ਲਈ ਖਤਮ ਕਰਨ ਅਤੇ ਖੇਤੀ ਵਿਗਿਆਨ ਦੇ ਵਿਕਾਸ ਲਈ ਘੋਲ਼, ਸਮਾਜਵਾਦ ਦੇ ਲਗਾਤਾਰ ਵਿਕਾਸ ਲਈ ਓਨਾ ਹੀ ਮਹੱਤਵਪੂਰਨ ਸੀ ਜਿੰਨਾ ਕਿ ਸੋਵੀਅਤ ਫਲਸਫੇ ਦੀਆਂ ਜੜ੍ਹਾਂ ਦਾ ਮਜ਼ਬੂਤੀ ਨਾਲ਼ ਇੱਕਸਾਰ ਦਵੰਦਵਾਦੀ ਪਦਾਰਥਵਾਦ ਵਿੱਚ ਖੁਭਿਆ ਹੋਣਾ ਸੀ। ਇਸ ਤੋਂ ਵੀ ਅਗੇ, ਪੁਰਖਿਆਂ ਤੋਂ ਹਾਸਲ ਗੁਣਾਂ ਦੇ ਸਵਾਲ ‘ਤੇ ਅੰਤਮ ਫੈਸਲਾ ਭਾਵੇਂ ਕੁੱਝ ਵੀ ਹੋਵੇ, ਕਾਨਫਰੰਸ (ਜਿਸਦੀ ਸ਼ੁਰੂਆਤ ਜੁਲਾਈ 1948 ‘ਚ ਖੇਤੀਬਾੜੀ ਅਕਾਦਮੀ ‘ਚ ਹੋਈ ਸੀ) ‘ਚ ਉੱਠਿਆ ਮਹੱਤਵਪੂਰਨ ਫਲਸਫਾਨਾ ਸਵਾਲ ਕਿ ਪੈਦਾਵਾਰੀ ਸਬੰਧਾਂ, ਆਰਥਕ ਵਾਤਾਵਰਨ ਦੀ ਕਾਇਆਪਲਟੀ ਕਰਕੇ ਅਜਿਹੇ ਨਵੇਂ ਸੋਵੀਅਤ ਮਰਦ-ਔਰਤਾਂ, ਜਿਨ੍ਹਾਂ ਦੀ ਸਮਾਜਵਾਦੀ ਉਸਾਰੀ ਦੇ ਤਜਰਬੇ ਰਾਹੀਂ ਗੁਣਾਤਮਕ ਕਾਇਆਪਲਟੀ ਕੀਤੀ ਗਈ ਹੋਵੇ, ਦੀਆਂ ਭਾਵੀ ਪੀੜ੍ਹੀਆਂ ਤਿਆਰ ਕਰਨ ਦੀ ਸਫਲਤਾ ਦੀ ਕਿੰਨੀ ਕੁ ਉਮੀਦ ਕੀਤੀ ਜਾ ਸਕਦੀ ਹੈ? ਦੀ ਸਮਾਜਵਾਦ ਲਈ ਬੇਹੱਦ ਮਹੱਤਤਾ ਸੀ।

ਖੇਤੀਬਾੜੀ ਅਕਾਦਮੀ ਦੇ ਸੰਚਾਲਕ ਟੀ.ਡੀ. ਲਾਈਸੈਂਕੋ, ਜਿਨ੍ਹਾਂ ਦੁਆਰਾ ਕਿਸਾਨ ਪ੍ਰਵਰਤਕ ਇਵਾਨ ਮਿਚੁਰਿਨ ਦੇ ਵਿਚਾਰਾਂ ਅਤੇ ਅਭਿਆਸ ਨੂੰ ਹੱਲਾਸ਼ੇਰੀ ਤੇ ਵਿਕਾਸ ਨੇ ਉਨ੍ਹਾਂ ਦੇ ਕਈ ਦੋਸਤ ਤੇ ਦੁਸ਼ਮਣ ਪੈਦਾ ਕੀਤੇ, ਦੁਆਰਾ ਖੁਲ੍ਹੇ ਸੈਸ਼ਨ ਵਿੱਚ ਦਿੱਤੇ ਜਾਣ ਵਾਲ਼ੇ ਭਾਸ਼ਣ ਨੂੰ ਸੁਣਨ ਤੇ ਉਸ ਉੱਤੇ ਚਰਚਾ ਕਰਨ ਲਈ 700 ਤੋਂ ਵੱਧ ਲੋਕ ਪਹੁੰਚੇ। ਦੂਜੇ ਦਿਨ ਲਾਈਸੈਂਕੋ ਨੇ ਨੁਮਾਇੰਦਿਆਂ ਨੂੰ ਲੈਨਿਨ ਪਹਾੜੀਆਂ ‘ਤੇ ਆਉਣ ਦਾ ਸੱਦਾ ਦਿੱਤਾ ਤਾਂ ਕਿ ਉਹ ਸੰਸਥਾ ਦੁਆਰਾ ਕੀਤੇ ਅਮਲੀ ਕੰਮਾਂ ਦਾ ਮੁਲੰਕਣ ਕਰ ਸਕਣ। ਇਸ ਤੋਂ ਬਾਅਦ ਮੰਚ ਖੁਲ੍ਹਾ ਸੀ ਤੇ 56 ਨੁਮਾਇੰਦਿਆਂ ਨੂੰ ਆਪਣੇ ਵਿਚਾਰ ਪੇਸ਼ ਕਰਨ ਦਾ ਮੌਕਾ ਮਿਲ਼ਿਆ। ਇਹਨਾਂ ਬਹਿਸਾਂ ‘ਚੋਂ ਕੁੱਝ ਹਿੱਸੇ ਇੱਕ ਹਫ਼ਤੇ ਲਈ ਪ੍ਰਾਵਦਾ ਵਿੱਚ ਹਰ ਰੋਜ਼ ਛਪਦੇ ਰਹੇ ਤਾਂ ਕਿ ਹਰ ਕੋਈ ਬਹਿਸਾਂ ਵਿੱਚ ਹੋਣ ਵਾਲ਼ੇ ਉਤਾਰਾਂ-ਚੜ੍ਹਾਵਾਂ ਤੋਂ ਜਾਣੂੰ ਹੋ ਸਕੇ। ਲਾਈਸੈਂਕੋ ਦੇ ਕੰਮ ਦੇ ਅਗੇ ਵਧਣ ਵਾਲ਼ੀ ਦਿਸ਼ਾ ਨੂੰ ਸਮਰਥਨ ਮਿਲਣ ਨਾਲ਼ ਬਹਿਸ ਖ਼ਤਮ ਹੋਈ। 12 ਅਗਸਤ ਨੂੰ ਪ੍ਰਾਵਦਾ ਨੇ ਇਸਦੇ ਨਤੀਜੇ ਨੂੰ ਪਹਿਲੇ ਸਫ਼ੇ ‘ਤੇ ਸੰਪਾਦਕੀ ਵਜੋਂ ਛਾਪਿਆ ਅਤੇ ਸਾਰੀ ਪਤਝੜ ਯੂਨੀਵਰਸਿਟੀਆਂ ਤੇ ਅਕੈਡਮੀਆਂ ਇਸ ਬਹਿਸ ਦੇ ਨਤੀਜਿਆਂ ਨੂੰ ਸਮਝਾਉਣ ਲਈ ਵਰਕਸ਼ਾਪਾਂ ਲਾਉਂਦੀਆਂ ਰਹੀਆਂ। ਬਾਅਦ ਵਿੱਚ ਸਮਝ ਆਉਣ ‘ਤੇ ਲਾਈਸੈਂਕੋ ਦੇ ਦਾਅਵਿਆਂ ਵਿੱਚੋਂ ਕੁੱਝ  ਜਾਂ ਸਾਰਿਆਂ ਨੂੰ ਖਾਰਿਜ ਕਰਨ ਵਾਲ਼ੇ ਵੀ ਉਸ ਜਮਹੂਰੀ ਪ੍ਰਕਿਰਿਆ ਤੇ ਉੱਚ ਨਾਗਰਿਕ-ਗੰਭੀਰਤਾ ਤੋਂ ਇਨਕਾਰੀ ਨਹੀਂ ਜਿਸ ਨਾਲ਼ ਇਸ ਪੂਰੇ ਜਨਤਕ ਅਭਿਆਸ ਨੂੰ ਜਥੇਬੰਦ ਕੀਤਾ ਗਿਆ। ਇਸਨੇ ਇੱਕ ਵਾਰੀ ਫੇਰ ਸਮਾਜਵਾਦੀ ਸਮਾਜ ਵਿੱਚ ਵਿਗਿਆਨ ਦੀ ਬਿਲਕੁਲ ਵੱਖਰੀ ਥਾਂ ਦਾ ਮੁਜ਼ਾਹਰਾ ਕੀਤਾ। 

ਭੌਤਿਕ ਵਿਗਿਆਨ ‘ਤੇ ਬਹਿਸ 

ਸੋਵੀਅਤ ਭੌਤਿਕ ਵਿਗਿਆਨੀਆਂ ਨੇ ਲੋੜ ਵਜੋਂ ਆਪਣੇ ਆਪ ਨੂੰ ਕੁਆਂਟਮ ਸਿਧਾਂਤ ਤੋਂ ਸਿਰਫ਼ ਇਸਲਈ ਜਾਣੂ ਨਹੀਂ ਕਰਾਇਆ ਸੀ ਕਿ ਜੰਗ ਤੋਂ ਬਾਅਦ ਅਮਰੀਕੀ ਸਾਮਰਾਜਵਾਦ ਦੀ ਪ੍ਰਤੀਕਿਰਿਆ ਵਜੋਂ ਸੁਰੱਖਿਆ ਲਈ ਉਸਨੂੰ ਨਿਊਕਲੀਅਰ ਵਰਜਕ ਦੇ ਵਿਕਾਸ ਦੀ ਫੌਰੀ ਲੋੜ ਸੀ। ਫਿਰ ਵੀ ਪਛਮੀ ਵਿਗਿਆਨਕ ਵਿਕਾਸ ਆਪਣੇ ਨਾਲ਼ ਵਿਚਾਰਵਾਦੀ ਮਤ ਵੀ ਚੰਗੀ ਮਾਤਰਾ ‘ਚ ਲੈ ਕੇ ਆਏ। ਮਾਸਕੋ ਯੂਨੀਵਰਸਿਟੀ ਵਿੱਚ ਬੈਠੇ ਭੌਤਿਕ ਵਿਗਿਆਨੀਆਂ ਨੇ ਇਹ ਚਿੰਤਾ ਪ੍ਰਗਟਾਈ ਕਿ ਅਕੈਡਮੀ ਵਿਚਲੇ ਉਹਨਾਂ ਦੇ ਸਹਿਕਰਮੀ ਇਨ੍ਹਾਂ ਵਿਗਿਆਨਕ ਪ੍ਰਾਪਤੀਆਂ, ਜੋ ਨਿਰ-ਵਿਵਾਦ ਰੂਪ ‘ਚ ਉਪਯੋਗੀ ਹਨ, ਦੇ ਨਾਲ਼ ਜੁੜੀ ਵਿਚਾਰਵਾਦੀ ਬਕਵਾਸ ਨੂੰ ਨੰਗਾ ਕਰਨ ‘ਚ ਢਿੱਲੇ ਸਨ। ਇਸਦੇ ਜਵਾਬ ‘ਚ ਅਕਾਦਮੀ ਵਿਚੋਂ ਕੁੱਝ ਨੇ ਇਹ ਸੁਝਾਅ ਦਿੱਤਾ ਕਿ ਇਸ ਚਿੰਤਾ ਨੂੰ ਲੋੜੋਂ ਵੱਧ ਮਹੱਤਵ ਦਿੱਤਾ ਜਾ ਰਿਹਾ ਸੀ ਅਤੇ ਇਸਦੇ ਉਲ਼ਟ ਇਹ ਖਤਰਾ ਵੀ ਹੈ ਕਿ ਸੋਵੀਅਤ ਭੌਤਿਕ ਵਿਗਿਆਨ ਨੂੰ ਇਹ ਨੁਕਸਾਨ ਵੀ ਝੱਲਣਾ ਪੈ ਸਕਦਾ ਹੈ ਕਿ ਕਿਤੇ ਵਿਚਾਰਵਾਦੀ ਇਸ਼ਨਾਨ-ਪਾਣੀ ਦੇ ਨਾਲ਼ ਵਿਗਿਆਨਕ ਬਾਲ ਨੂੰ ਬਾਹਰ ਨਾ ਸੁੱਟ ਦਿੱਤਾ ਜਾਵੇ।  

ਵਿਗਿਆਨ ਦੀ ਅਤੀ-ਜ਼ਰੂਰੀ ਸ਼ਾਖਾ ਵਿੱਚ ਏਕੇ ਅਤੇ ਸਾਂਝੇ ਉਦੇਸ਼ਾਂ ਨੂੰ ਮੁੜ ਸਥਾਪਤ ਕਰਨ ਲਈ ਉਚੇਰੀ ਸਿੱਖਿਆ ਦੇ ਮੰਤਰਾਲੇ ਅਤੇ ਵਿਗਿਆਨਾਂ ਦੀ ਅਕਾਦਮੀ ਨੇ ਆਪਸ ਵਿੱਚ ਇੱਕ ਹੋਰ ਕਾਨਫਰੰਸ ਦੀ ਯੋਜਨਾ ਬਣਾਈ। ਐਜਿਟਪ੍ਰਾਪ ਨੇ ਇਸ ਨੂੰ ਹਰੀ ਝੰਡੀ ਦੇ ਦਿੱਤੀ ਅਤੇ 15 ਮੈਂਬਰੀ ਮਜ਼ਬੂਤ ਜਥੇਬੰਦਕ ਕਮੇਟੀ ਨੇ ਤਿੰਨ ਮਹੀਨਿਆਂ ਵਿੱਚ ਘਟੋ-ਘਟ 42 ਵਾਰੀ ਮੀਟਿੰਗ ਕਰਕੇ ਇਸ ਕਾਨਫਰੰਸ ਲਈ ਧਿਆਨਪੂਰਵਕ ਤੇ ਵਿਸਥਾਰ ਸਹਿਤ ਤਿਆਰੀ ਕੀਤੀ। ਇਹ ਧਿਆਨ ਦੇਣਯੋਗ ਹੈ ਕਿ ਇਹਨਾਂ ਬਰੀਕ ਵੇਰਵਿਆਂ ਦੀ ਚੋਣ ਪੋਲੌਕ ਦੇ ਪੁਰਾਲੇਖ ਵਿੱਚੋਂ ਕੀਤੀ ਗਈ ਹੈ। ਧੂੜ ਦੀ ਤਰ੍ਹਾਂ ਖੁਸ਼ਕ ਅਜਿਹੇ ਰਿਕਾਰਡ ਜੋ ਆਪਣੇ ਆਪ ਵਿੱਚ ਬੜੇ ਥਕਾਉਣ ਵਾਲ਼ੇ ਹੁੰਦੇ ਹਨ ਉਹਨਾਂ ਅਣਗਿਣਤ ਦੁੱਖਾਂ ਬਾਰੇ ਦੱਸਦੇ ਹਨ ਜਿੰਨ੍ਹਾਂ ਨੂੰ ਝੱਲਣ ਲਈ ਬਾਲਸ਼ਵਿਕਵਾਦ ਤਿਆਰ ਸੀ ਤਾਂ ਜੋ ਸੋਵੀਅਤ ਸਮਾਜਵਾਦ ਦੀ ਵਿਚਾਰਧਾਰਕ ਹਿਫ਼ਾਜ਼ਤ ਨੂੰ ਮਜ਼ਬੂਤ ਕੀਤਾ ਜਾਵੇ। 

ਪੋਲੌਕ ਸਾਨੂੰ ਇਹ ਯਕੀਨ ਦਵਾਉਣ ਦੀ ਕੋਸ਼ਿਸ਼ ਕਰੇਗਾ ਕਿ ਕਾਨਫਰੰਸ ਇਸ ਡਰ ਕਰਕੇ ਕਦੇ ਵੀ ਨਹੀਂ ਸੀ ਹੋ ਸਕੀ ਕਿ ਸੋਵੀਅਤ ਪ੍ਰਮਾਣੂ ਬੰਬ ਬਣਾਉਣ ਲਈ ਹੋ ਰਿਹਾ ਵਿਕਾਸ ਕਿਤੇ ਬਹੁਤ ਜ਼ਿਆਦਾ ਵਿਵਾਦਾਂ ਕਰਕੇ ਠੰਢੇ ਬਸਤੇ ‘ਚ ਨਾ ਪੈ ਜਾਵੇ। ਫਿਰ ਵੀ ਇਹ ਸਪਸ਼ਟ ਹੈ ਕਿ ਸਮਾਜਵਾਦ ਦੀ ਹਿਫ਼ਾਜ਼ਤ ਅਤੇ ਵਿਕਾਸ ਵਿਗਿਆਨ ਦੇ ਸਾਰੇ ਖੇਤਰਾਂ ਵਿੱਚ ਵਿਕਾਸ ਕਰਕੇ ਹੀ ਹਾਸਲ ਕੀਤਾ ਜਾ ਸਕਦਾ ਹੈ ਪਰ ਇਸ ਦੇ ਨਾਲ਼ ਹੀ ਇਹ ਵੀ ਸਪਸ਼ਟ ਹੈ ਕਿ ਇਸ ਤਰੱਕੀ ਨੂੰ ਬੁਰਜੂਆ ਵਿਚਾਰਵਾਦ ਦੀ ਖੁਰਾਕ ਉੱਤੇ ਕਾਇਮ ਨਹੀਂ ਰੱਖਿਆ ਜਾ ਸਕਦਾ, ਜਿਵੇਂ ਕਿ ਦਾਰਸ਼ਨਿਕ ਮਾਕਸਿਮੋਵ ਨੇ ਆਪਣੇ ਭਾਸ਼ਣ ਵਿੱਚ ਕਹਿਣ ਦੀ ਯੋਜਨਾ ਬਣਾਈ ਸੀ, ”ਭੌਤਿਕ ਵਿਚਾਰਵਾਦ ਉਹ ਕੜੀ ਹੈ ਜੋ ਵਿਗਿਆਨੀਆਂ ਨੂੰ ਸਰਮਾਏਦਾਰੀ ਦੀ ਅਰਥੀ ਦੇ ਨਾਲ਼ ਜੋੜਦੀ ਹੈ।” (ਜਿਵੇਂ ਕਿ ਇੱਕ ਬਦਨਾਮ ਸਾਬਕਾ ਸੋਵੀਅਤ ਭੌਤਿਕ ਵਿਗਿਆਨੀ ਆਂਦਰੇਈ ਸਕਾਰੋਵ ਦੇ ਪਿਛਲੇ ਕੈਰੀਅਰ ਤੋਂ ਪਤਾ ਲੱਗਦਾ ਹੈ—ਜਿਸ ਨੇ ਹੁਣ ਜਿਊਨਿਜ਼ਮ ਦੀ ਅਰਥੀ ਨੂੰ ਜੱਫ਼ਾ ਪਾਇਆ ਹੋਇਆ ਹੈ ਅਤੇ ਉਸ ਦੇ ਨਾਲ਼ ਤੇਜ਼ੀ ਨਾਲ਼ ਸਾਂਝੀ ਤਬਾਹੀ ਵੱਲ ਵੱਧ ਰਿਹਾ ਹੈ, ਜਿਸ ਦਾ ਉਹ ਪੂਰਾ ਹੱਕਦਾਰ ਹੈ—ਅਜਿਹੀਆਂ ਸਮੇਂ ਅਨੁਸਾਰ ਦਿੱਤੀਆਂ ਚੇਤਾਵਨੀਆਂ ਵੀ ਘਟ ਸਨ।) 

ਕਾਨਫਰੰਸ ਅਗੇ ਨਾ ਵਧਣ ਦੀ ਹੋਰ ਸੰਭਾਵਤ ਵਿਆਖਿਆ ਇਹ ਹੈ ਕਿ ਕਾਨਫਰੰਸ ਦੀ ਤਿਆਰੀ ਏਨੀ ਪੂਰਨ ਸੀ ਕਿ ਕਾਨਫਰੰਸ ਆਪਣੇ ਆਪ ਵਿੱਚ ਹੀ ਪੂਰੀ ਤਰ੍ਹਾਂ ਵਿਅਰਥ ਸੀ। ਮੈਕਸੀਮੋਵ ਨੇ ਇੱਕ ਯਾਦ ਵਿੱਚ ਧਿਆਨ ਦਿਵਾਇਆ ਕਿ ”ਔਰਗਕੌਮ ਦਾ ਕੰਮ ਏਨਾ ਭਰਵਾਂ ਸੀ ਕਿ ਠੀਕ ਇਸੇ ਕਾਰਨ ਕਾਨਫਰੰਸ ਨੂੰ ਰੱਦ ਕਰਨਾ ਪਿਆ ਅਤੇ ਔਰਗਕੌਮ ਨੇ ਸਾਰੇ ਭਾਸ਼ਣ, ਇੱਥੋਂ ਤੱਕ ਕਿ ਕਾਨਫਰੰਸ ਲਈ ਪ੍ਰਸਤਾਵਤ ਯੋਗਦਾਨਾਂ ਨੂੰ ਵੀ ਸੁਣ ਲਿਆ ਸੀ।” ਅਤੇ ਅਸਲ ਵਿੱਚ ਵਿਚਾਰ-ਵਟਾਂਦਰਾ ਲੇਖਾਂ ਰਾਹੀਂ ਜਾਰੀ ਰਿਹਾ। ਕਾਨਫਰੰਸ ਲਈ ਆਏ ਕੁੱਝ ਭਾਸ਼ਣ 1951 ‘ਚ ”ਆਧੁਨਿਕ ਭੌਤਿਕ ਵਿਗਿਆਨ ਦੇ ਦਾਰਸ਼ਨਿਕ ਸਵਾਲ” ਸਿਰਲੇਖ ਰਾਹੀਂ ਇੱਕ ਪ੍ਰਕਾਸ਼ਨ ਨੇ ਸੋਵੀਅਤ ਲੋਕਾਂ ਸਾਹਮਣੇ ਰੱਖ ਕੇ ਇਸ ਜੀਵੰਤ ਬਹਿਸ ਨੂੰ ਹੋਰ ਅਗੇ ਵਧਾ ਦਿੱਤਾ। 

ਭਾਸ਼ਾ ਵਿਗਿਆਨ ਬਾਰੇ ਬਹਿਸਾਂ 

ਅਗਲੀ ਮਹਾਨ ਵਿਗਿਆਨਕ ਬਹਿਸ 1952 ‘ਚ ਸੋਵੀਅਤ ਭਾਸ਼ਾ ਵਿਗਿਆਨ ਦੇ ਖੇਤਰ ‘ਚ ਸਾਹਮਣੇ ਆਈ। ਭਾਸ਼ਾ ਦੇ ਅਜਿਹੇ ਵਿਗਿਆਨ, ਜੋ ਪਦਾਰਥਵਾਦ ਵਿੱਚ ਆਪਣੀਆਂ ਜੜ੍ਹਾਂ ਨੂੰ ਸਪੱਸ਼ਟ ਪ੍ਰਦਰਸ਼ਤ ਕਰ ਸਕੇ, ਨੂੰ ਹੱਲਾਸ਼ੇਰੀ ਦੇਣ ਦੀ ਕਾਹਲ਼ੀ ਵਿੱਚ ਕੁੱਝ ਲੋਕਾਂ ਨੇ ਇਹ ਦਲੀਲ ਦਿੱਤੀ ਕਿ ਭਾਸ਼ਾ ਆਪਣੇ ਆਪ ‘ਚ ਉੱਚ-ਉਸਾਰ ਦਾ ਹਿੱਸਾ ਹੈ ਜਿਸਨੂੰ ਸਮਾਜ ਦੇ ਪੈਦਾਵਾਰੀ ਸਬੰਧ ਤੈਅ ਕਰਦੇ ਹਨ। ਇਸਦੇ ਸਭ ਤੋਂ ਮੋਹਰੀ ਪ੍ਰਸਤਾਵਕ ਨਿਰੋਲਾਈ ਮਾਰ ਨੇ ਕਈ ਭਾਸ਼ਾ ਵਿਗਿਆਨੀਆਂ ਨੂੰ ਬੇਹੱਦ ਪ੍ਰਭਾਵਤ ਕੀਤਾ। ਪਰ ਫਿਰ ਵੀ ਸਾਰੇ ਸਹਿਮਤ ਨਹੀਂ ਸਨ। ਜਾਰਜੀਅਨ ਸੈਂਟਰਲ ਕਮੇਟੀ ਦੇ ਪਹਿਲੇ ਸੈਕਟਰੀ ਕੈਨਡਿਡ ਚਰਕਵਿਆਨੀ ਨੇ ਸਤਾਲਿਨ ਦਾ ਧਿਆਨ ਖਿਚਣ ਲਈ ਜਾਰਜੀਆ ਦੇ ਭਾਸ਼ਾ ਵਿਗਿਆਨੀ ਚਿਕੋਬਾਵਾ ਦੇ ਕਈ ਲੇਖ ਉਸ ਵੱਲ ਭੇਜੇ। ਇਹਨਾਂ ਲੇਖਾਂ ਦੇ ਨਾਲ਼ ਨੱਥੀ ਪਤਰਾਂ ‘ਚ ਚਰਕਵਿਆਨੀ ਨੇ ਮਾਰ ਦੀ ਰੂੜੀਵਾਦੀ ਪਹੁੰਚ ਵਿਚਲੇ ਕਈ ਭਟਕਾਵਾਂ ਨੂੰ ਪਛਾਣਿਆ। ਜੇਕਰ ਸਾਰੀਆਂ ਭਾਸ਼ਾਵਾਂ ਦਾ ਜਮਾਤੀ ਅਧਾਰ ਸੀ ਤਾਂ ਉਹਨਾਂ ਭਾਸ਼ਾਵਾਂ ਬਾਰੇ ਕੀ ਕਿਹਾ ਜਾਵੇਗਾ ਜੋ ਜਮਾਤਾਂ ਤੋਂ ਪਹਿਲਾਂ ਦੇ ਵਿਕਾਸ ਦੇ ਮੁਢ-ਕਦੀਮੀ ਕਮਿਊਨਿਸਟ ਪੜਾਅ ‘ਚ ਵਰਤੀਆਂ ਜਾਂਦੀਆਂ ਸਨ? ਇਸੇ ਤਰ੍ਹਾਂ ਪੈਦਾਵਾਰ ਦੇ ਭਾਰੂ ਢੰਗਾਂ ਦੇ ਨਾਲ਼ ਹੋਣ ਵਾਲ਼ੇ ਭਾਸ਼ਾ ਦੇ ਵਿਕਾਸ ਦੀ ਧਾਰਨਾ ਦਾ ਵਿਅਕਤੀਗਤ ਕੌਮੀ ਸੱਭਿਆਚਾਰਾਂ ਦੇ ਜਾਣੇ ਜਾਂਦੇ ਤੱਥਾਂ ਨਾਲ਼ ਮੇਲ਼ ਕਿਵੇਂ ਬੈਠੇਗਾ? ਇਹਨਾਂ ਮੁਦਿਆਂ ‘ਤੇ ਗੜਬੜੀ ਕੌਮੀ ਸਵਾਲ ਨਾਲ਼ ਸਬੰਧਤ ਕਈ ਗੰਭੀਰ ਸਿਆਸੀ ਗਲਤੀਆਂ ਵੱਲ ਲੈ ਕੇ ਜਾ ਸਕਦੀ ਹੈ। 

ਸਤਾਲਿਨ ਨੇ ਤੁਰੰਤ ਦੋਵੇਂ ਭਾਸ਼ਾ ਵਿਗਿਆਨਈਆਂ ਤੇ ਕਮਿਊਨਿਸਟ ਆਗੂਆਂ ਨੂੰ ਇਹਨਾਂ ਮੁਦਿਆਂ ‘ਤੇ ਵਿਚਾਰ-ਵਟਾਂਦਰੇ ਲਈ ਮਾਸਕੋ ਬੁਲਾਇਆ। ਮੀਟਿੰਗ ਦੇ ਅੰਤ ‘ਚ ਉਨ੍ਹਾਂ ਨੇ ਚਿਕੋਬਾਵਾ ਨੂੰ ਆਪਣੀ ਅਲੋਚਨਾ ਇੱਕ-ਸਾਰ ਕਰਕੇ ਪ੍ਰਾਵਦਾ ਲਈ ਲੇਖ ਲਿਖਣ ਦੀ ਬੇਨਤੀ ਕੀਤੀ। ਇਸਦੇ ਨਤੀਜੇ ਵਜੋਂ ਲਿਖੇ ਗਏ ਲੇਖ ਨੂੰ 9 ਮਈ 1952 ਛਪਣ ਲਈ ਭੇਜਣ ਤੋਂ ਪਹਿਲਾਂ ਸਤਾਲਿਨ ਨੇ ਹਰ ਪੰਕਤੀ ਨੂੰ ਸੰਪਾਦਤ ਕੀਤਾ। ਇਸ ਤੋਂ ਬਾਅਦ ਪ੍ਰਾਵਦਾ ਨੇ ਹਫ਼ਤੇ ‘ਚ ਦੋ ਸਫ਼ੇ, ਜਿਵੇਂ ਪ੍ਰਾਵਦਾ ਦੇ ਸੰਪਾਦਕ ਨੇ ਲਿਖਿਆ ਸੀ, ”ਇੱਕ ਖੁਲ੍ਹੀ ਬਹਿਸ ਨੂੰ ਜਥੇਬੰਦ ਕਰਨ ਲਈ ਤਾਂ ਕਿ ਅਲੋਚਨਾ ਅਤੇ ਆਤਮ-ਅਲੋਚਨਾ ਦੁਆਰਾ ਸੋਵੀਅਤ ਭਾਸ਼ਾ ਵਿਗਿਆਨ ਦੇ ਵਿਕਾਸ ‘ਚ ਆਈ ਖੜੋਤ ਨੂੰ ਤੋੜਿਆ ਜਾ ਸਕੇ” ਲਈ ਸਮਰਪਤ ਕੀਤੇ। ਹਫ਼ਤੇ ਦਰ ਹਫ਼ਤੇ ਪ੍ਰਾਵਦਾ ‘ਚ ਤਿੱਖੀ ਜੋਸ਼ੀਲੀ ਬਹਿਸ ਹੁੰਦੀ ਰਹੀ, ਭਾਸ਼ਾ ਵਿਗਿਆਨ ‘ਚ ਮਾਰ ਦੀ ਪਹੁੰਚ ਦੇ ਹੱਕ ‘ਚ ਵੀ ਤੇ ਵਿਰੋਧ ‘ਚ ਵੀ। ਗਰਮ ਬਹਿਸਾਂ ਦੇ ਇਹਨਾਂ ਸਾਰੇ ਹਫ਼ਤਿਆਂ ‘ਚ ਸਤਾਲਿਨ ਅਤੇ ਕੇਂਦਰੀ ਕਮੇਟੀ ਨੇ ਇਹਨਾਂ ਮਸਲਿਆਂ ‘ਤੇ ਪਾਰਟੀ ਲਾਈਨ ਸਪਸ਼ਟ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਇਹ ਤਰਜੀਹ ਦਿੱਤੀ ਕਿ ਸੋਵੀਅਤ ਭਾਸ਼ਾ ਵਿਗਿਆਨ ਦੇ ਸਾਰੇ ਵਿਗਆਨੀ ਲੋਕਾਂ ‘ਚ ਇਸ ਵਿਸ਼ੇ ‘ਤੇ ਬਹਿਸ ਕਰਨ। 

ਆਖਰਕਾਰ 20 ਜੂਨ ਨੂੰ ਸਤਾਲਿਨ ਨੇ ਆਪਣੀ ਚੁੱਪ ਤੋੜੀ ਤੇ ਇਸ ਬਹਿਸ ‘ਚ ਆਪਣਾ ਯੋਗਦਾਨ ਦਿੰਦੇ ਹੋਏ ਪ੍ਰਾਵਦਾ ‘ਚ ‘ਭਾਸ਼ਾ ਵਿਗਿਆਨ ‘ਚ ਮਾਰਕਸਵਾਦ’ ਸਿਰਲੇਖ ਹੇਠ ਆਪਣੀ ਰਚਨਾ ਛਾਪੀ। ਇਸ ਲੇਖ ਨੇ ਉਹਨਾਂ ਦੀ ਪਿਠ ਥਾਪੀ ਜੋ ਮਾਰ ਦੇ ਸਿਧਾਂਤਾਂ ‘ਚ ਮਾਰਕਸਵਾਦ ਦਾ ਵਿਗੜਿਆ ਰੂਪ ਦੇਖਦੇ ਸਨ ਤੇ ਇਸ ਧਾਰਨਾ ਨੂੰ ਚੁਣੌਤੀ ਦਿੱਤੀ ਕਿ ਭਾਸ਼ਾ ਵਿਚਾਰਧਾਰਕ ਉੱਚ-ਉਸਾਰ ਦਾ ਹਿੱਸਾ ਬਣਦੀ ਹੈ। ਇਸ ਫੈਸਲਾਕੁੰਨ ਦਖਲ ਤੋਂ ਬਾਅਦ, ਆਤਮ-ਅਲੋਚਨਾਵਾਂ ਸਮੇਤ, ਇੱਕ ਹੋਰ ਹਫ਼ਤਾ ਲੇਖਾਂ ਦਾ ਸਿਲਸਿਲਾ ਪ੍ਰਾਵਦਾ ‘ਚ ਜਾਰੀ ਰਿਹਾ। ਬਹਿਸ ਦਾ ਨਤੀਜਾ ਕੱਢਦੇ ਹੋਏ ਪ੍ਰਾਵਦਾ ਨੇ ਨਿਆਂ ਸੰਗਤ ਮਾਣ ਨਾਲ਼ ਟਿੱਪਣੀ ਕੀਤੀ, ”ਸੋਵੀਅਤ ਵਿਗਿਆਨ ਦੇ ਵਿਕਾਸ ਦਾ ਮਹਾਨ ਅਤੇ ਜੀਵਨ-ਦਾਇਕ ਸਿਧਾਂਤ ਜੇ.ਵੀ. ਸਤਾਲਿਨ ਦੇ ਇਨ੍ਹਾਂ ਸ਼ਬਦਾਂ ‘ਚ ਸਮੋਇਆ ਹੈ, ”ਕੋਈ ਵੀ ਵਿਗਿਆਨ ਰਾਵਾਂ ਦੀ ਜੰਗ ਅਤੇ ਅਲੋਚਨਾ ਦੀ ਅਜ਼ਾਦੀ ਤੋਂ ਬਿਨਾਂ ਨਾ ਤਾਂ ਵਿਕਸਤ ਹੋ ਸਕਦਾ ਹੈ ਤੇ ਨਾ ਹੀ ਤਰੱਕੀ ਕਰ ਸਕਦਾ ਹੈ।”

ਸਰੀਰ ਵਿਗਿਆਨ ‘ਤੇ ਬਹਿਸ 

ਸਰੀਰ ਵਿਗਿਆਨ ‘ਤੇ ਬਹਿਸ ਕੁਦਰਤੀ ਤੌਰ ‘ਤੇ ਅਨੁਵੰਸ਼ਕ ਵਿਗਿਆਨ ‘ਤੇ ਪਹਿਲਾਂ ਹੋਈਆਂ ਬਹਿਸਾਂ ‘ਚੋਂ ਫੁੱਟੀ ਸੀ। ਜਿਵੇਂ ਕਿ ਅਨੁਵੰਸ਼ਕਤਾ ਦੇ ਨਾਮ ‘ਤੇ ਕੁੱਝ ਪੂਰਵ-ਹੋਣੀਵਾਦੀ ਦਾਅਵੇ ਫੈਲਾਏ ਜਾ ਰਹੇ ਸਨ (ਅਜ ਵੀ ”ਸਮਲਿੰਗੀ” ਜੀਨ ”ਅਪਰਾਧੀ” ਜੀਨ ਅਤੇ ਸੰਭਵ ਹੈ ਜਲਦ ਹੀ ਭਵਿੱਖ ‘ਚ ”ਦਹਿਸ਼ਤਗਰਦ ਜੀਨ” ਲੱਭਣ ਦਾ ਪਾਗਲਪਣ ਜਾਰੀ ਹੈ), ਕੁੱਝ ਅਲੋਚਨਾ ਹਾਲਾਤੀ ਪ੍ਰਤੀਕਿਰਿਆ (Conditioned Reflxes) ਦੇ ਪਾਵਲੋਵੀਅਨ ਵਿਗਿਆਨ ਵੱਲ ਵੀ ਸੇਧੀ ਜਾ ਰਹੀ ਸੀ ਜੋ ਕਿ ਇਸ ਮੁਦੇ ਪ੍ਰਤੀ ਬੁਨਿਆਦੀ ਨਿਰਾਸ਼ਾਵਾਦ ਨੂੰ ਪ੍ਰਤੀਬਿੰਬਤ ਕਰਨਾ ਚਾਹੁੰਦੀ ਸੀ ਕਿ ਕਿਸ ਹੱਦ ਤੱਕ ਮਨੁੱਕੀ ਸੁਭਾਅ ਮਨੁੱਖੀ ਸਮਾਜ ਦੀ ਕਾਇਆਪਲਟੀ ਕਰਨ ਦੀ ਪ੍ਰਕਿਰਿਆ ‘ਚ ਖੁਦ ਦੀ ਕਾਇਆਪਲਟੀ ਕਰ ਸਕਦਾ ਹੈ। 

1949 ‘ਚ ਪਾਵਲੋਵ ਦੇ ਜਨਮ ਦੀ ਸ਼ਤਾਬਦੀ ਮਨਾਉਣ ਲਈ ਫਿਲਮ ਤਕਨੀਕ ਦੇ ਮੰਤਰਾਲੇ ਨੇ ਪਾਵਲੋਵ ਦੀ ਜੀਵਨੀ ‘ਤੇ ਇਸ ਮਕਸਦ ਨਾਲ਼ ਫਿਲਮ ਬਣਾਉਣ ਦੀ ਸੋਚੀ ਤਾਂ ਕਿ ਫਿਲਮ ਵਿੱਚ ”ਸਰੀਰ ਵਿਗਿਆਨ ‘ਚ ਪਿਛਾਖੜੀ ਪ੍ਰਵਿਰਤੀਆਂ ਨਾਲ਼ ਪਾਵਲੋਵ ਦਾ ਘੋਲ਼ ਅਤੇ ਵਿਚਾਰਵਾਦੀ ਨਕਲੀ-ਵਿਗਿਆਨ ਪ੍ਰਤੀ ਉਸਦੀ ਨਫ਼ਰਤ” ਨੂੰ ਦਿਖਾਇਆ ਜਾ ਸਕੇ। ਪ੍ਰਾਵਦਾ ਨੇ ਵੀ ਆਪਣੇ ਪਹਿਲੇ ਸਫ਼ੇ ‘ਤੇ ਇਸ ਮਹਾਨ ਵਿਗਿਆਨੀ ਨੂੰ ਜਨਮ ਦਿਨ ‘ਤੇ ਸ਼ਰਧਾਂਜਲੀ ਦਿੱਤੀ। ਪਰ ਕਈ ਲੋਕ ਇਹ ਸਵਾਲ ਕਰ ਰਹੇ ਸਨ ਕਿ ਕੀ ਪਾਵਲੋਵ ਦੁਆਰਾ ਛੱਡੀ ਵਿਰਾਸਤ ਨੂੰ ਮੌਜੂਦਾ ਸੋਵੀਅਤ ਅਭਿਆਸ ‘ਚ ਸਹੀ ਤਰੀਕੇ ਨਾਲ਼ ਵਿਕਸਤ ਕੀਤਾ ਜਾ ਰਿਹਾ ਸੀ? ਯੂਰੀ ਜ਼ਦਾਨੋਵ (ਆਂਦਰੇਈ ਜ਼ਦਾਨੋਵ ਦਾ ਪੁਤਰ) ਨੇ ਸਿਧਾਂਤ ਨੂੰ ਚਿਕਿਤਸਕ ਅਭਿਆਸ ‘ਚ ਬਦਲਣ ਦੀ ਨਕਾਮੀ ਦੀ ਅਲੋਚਨਾ ਕੀਤੀ ਤੇ ਸਤਾਲਿਨ ਨੇ ਉਨ੍ਹਾਂ ਲੋਕਾਂ ਦੀ ਅਲੋਚਨਾ ਕੀਤੀ ਜੋ ਉਸ ਮਹਾਨ ਆਦਮੀ ਦੀ ਯਾਦ ‘ਚ ਜ਼ੁਬਾਨੀ ਸ਼ਰਧਾਂਜਲੀ ਤਾਂ ਦਿੰਦੇ ਸੀ ਪਰ ਅਮਲ ‘ਚ ਉਸ ਦੁਆਰਾ ਅਰੰਭੇ ਕੰਮ ਦੀਆਂ ਜੜਾਂ ਵੱਢਦੇ ਸੀ। 

ਜ਼ਦਾਨੋਵ ਨੇ ”ਪਵਾਲੋਵੀਅਨ ਵਿਗਿਆਨ ਦੇ ਦੁਸ਼ਮਣਾਂ ਤੇ ਉਸਦੇ ਪਖੰਡੀ ‘ਦੋਸਤਾਂ’ ਵਿਰੁੱਧ ਜਥੇਬੰਦਕ ਹਮਲਾ ਕਰਨ” ਦਾ ਪ੍ਰਸਤਾਵ ਰੱਖਿਆ ਜਿਸਨੂੰ ਕੇਂਦਰੀ ਕਮੇਟੀ ਨੇ ਆਪਣੀ ਸਹਿਮਤੀ ਦੇ ਦਿੱਤੀ। ਦਵਾਈਆਂ ਅਤੇ ਜੀਵ ਵਿਗਿਆਨ ਦੇ ਅਕਾਦਮਿਕ ਹਲਕਿਆਂ ਦੀ ਸਹਿਮਤੀ ਨਾਲ਼ ਵਿਗਿਆਨੀਆਂ ਦੀ ਸਭਾ ‘ਚ ਪਾਵਲੋਵ ਬੈਠਕ ਜਥੇਬੰਦ ਕੀਤੀ ਗਈ। ਹਰ ਰੋਜ਼ 100 ਤੋਂ ਉੱਪਰ ਟੈਲੀਗ੍ਰਾਮ ਉਨ੍ਹਾਂ ਲੋਕਾਂ ਦੇ ਮਿਲ਼ੇ ਜੋ ਇਸ ਮਹਾਨ ਬਹਿਸ ‘ਚ ਹਿੱਸਾ ਲੈਣਾ ਚਾਹੁੰਦਾ ਸੀ ਅਤੇ ਜਦੋਂ ਆਖਰਕਾਰ ਬੈਠਕ ਅਰੰਭ ਹੋਈ ਤਾਂ ਉਸ ‘ਚ ਇੱਕ ਹਜ਼ਾਰ ਤੋਂ ਜ਼ਿਆਦਾ ਲੋਕ ਸ਼ਾਮਲ ਹੋਏ ਜੋ ਪੰਜਾਹ ਸ਼ਹਿਰਾਂ ਅਤੇ ਹਰ ਸੋਵੀਅਤ ਗਣਰਾਜ ਦੀ ਵਿਗਿਆਨ ਅਕਾਦਮੀ ‘ਚੋਂ ਆਏ ਸਨ। ਭਰਵੀਂ ਬਹਿਸ ਤੋਂ ਬਾਅਦ ਪਾਵਲੋਵੀਅਨ ਵਿਗਿਆਨੀ ਬਾਈਕੋਵ ਨੇ ਬਿਨਾ ਕਿਸੇ ਫੜ੍ਹ ਤੋਂ ਇਹ ਧਿਆਨ ਦਵਾਇਆ ਕਿ ਸਾਰੇ ਦੇਸ਼ ਨੇ ਇਸ ਬਹਿਸ ਦੀ ਕਾਰਵਾਈ ‘ਚ ਹਿੱਸਾ ਲਿਆ। ਉਸਨੇ ਬੜੇ ਮਾਣ ਨਾਲ਼ ਕਿਹਾ ਕਿ ਸੋਵੀਅਤ ਲੋਕ ‘‘ਵਿਗਿਆਨ ਨੂੰ ਪਿਆਰ ਕਰਦੇ ਹਨ, ਉਸ ‘ਚ ਦਿਲਚਸਪੀ ਰੱਖਦੇ ਹਨ ਤੇ ਉਸਦੀ ਹੋਣੀ ਬਾਰੇ ਓਨੇ ਹੀ ਫਿਕਰਮੰਦ ਹਨ ਜਿੰਨੇ ਕਿ ਅਸੀਂ।”

ਇਨ੍ਹਾਂ ਬਹਿਸਾਂ ਤੋਂ ਬਾਅਦ ਕੁੱਝ ਮਹੱਤਵਪੂਰਨ ਅਕਾਦਮਿਕ ਅਹੁਦਿਆਂ ‘ਚ ਫੇਰ-ਬਦਲ ਕੀਤੇ ਗਏ ਤੇ ਉਨ੍ਹਾਂ ਅਕਾਦਮੀਸ਼ੀਅਨਾਂ ਨੂੰ ਤਰੱਕੀ ਦਿੱਤੀ ਗਈ ਜਿੰਨ੍ਹਾਂ ਨੇ ਪਾਵਲੋਵ ਦੁਆਰਾ ਦੱਸੀਆਂ ਪਦਾਰਥਵਾਦੀ ਲੀਹਾਂ ‘ਤੇ ਸਰੀਰ ਵਿਗਿਆਨ ਨੂੰ ਵਿਕਸਤ ਕਰਨ ਲਈ ਆਪਣੀ ਵਚਨ-ਬੱਧਤਾ ਨੂੰ ਸਭ ਤੋਂ ਚੰਗੇਰੀ ਤਰ੍ਹਾਂ ਪ੍ਰਦਰਸ਼ਤ ਕੀਤਾ ਸੀ। ਪਾਵਲੋਵੀਅਨ ਵਿਗਿਆਨ ਦੇ ਸਨਾਤਕ ਦੇ ਵਿਦਿਆਰਥੀਆਂ ਦੀ ਅਗਲੀ ਪੀੜ੍ਹੀ ਨੂੰ ਵੀ ਵਧੇਰੇ ਹੱਲਾਸ਼ੇਰੀ ਦਿੱਤੀ ਗਈ। 

ਪਾਠਕ ਇਸ ਤੱਥ ਤੋਂ ਖੁਦ ਆਪਣੇ ਨਤੀਜੇ ਕੱਢ ਸਕਦੇ ਹਨ ਕਿ ਇਨ੍ਹਾਂ ‘ਚੋਂ ਜ਼ਿਆਦਾਤਰ ਤਬਦੀਲੀਆਂ ਨੂੰ ਸਤਾਲਿਨ ਦੀ ਮੌਤ ਤੋਂ ਬਾਅਦ ਉਲ਼ਟਾ ਦਿੱਤਾ ਗਿਆ। ਸਚਮੁਚ ਪੁਰਾਲੇਖਾਂ ‘ਤੇ ਹੋਰ ਛਾਪਾ ਇਸ ਬਾਰੇ ਬੜੇ ਮਹੱਤਵਪੂਰਨ ਤੱਥ ਸਾਹਮਣੇ ਲਿਆ ਸਕਦਾ ਹੈ ਕਿ ਕਿਵੇਂ ਸਟੀਕ ਤਰੀਕੇ ਨਾਲ਼ ਖੁਰਸ਼ਚੇਵੀ ਸੋਧਵਾਦ ਨੇ ਸਮਾਜ ਤੇ ਵਿਗਿਆਨ ਦੀ ਮਾਰਕਸਵਾਦੀ-ਲੈਨਿਨਵਾਦੀ ਅਗਵਾਈ ਦੀਆਂ ਜੜ੍ਹਾਂ ਵੱਢੀਆਂ ਕਿ ਕਿਵੇਂ ਵਿਚਾਰਧਾਰਕ ਬੁਨਿਆਦ ਦੇ ਟੋਟੇ ਕਰਕੇ ਸਰਮੇਦਾਰੀ ਮੁੜ ਬਹਾਲੀ ਲਈ ਰਾਹ ਪਧਰਾ ਕੀਤਾ ਗਿਆ।

ਅਰਥਸ਼ਾਸਤਰ ਬਾਰੇ ਬਹਿਸ 

ਅਜੀਹ ਲੜੀ ‘ਚ ਸਭ ਤੋਂ ਦਿਲਚਸਪ ਇਹੀ ਹੋਵੇਗਾ ਕਿ ਕਿਵੇਂ ਬੁਰਜੂਆ ਅਰਥਸ਼ਾਸਤਰ ਦੇ ਪ੍ਰਭਾਵ ‘ਚ ਸੋਵੀਅਤ ਨਿਯੋਜਤ ਆਰਥਿਕਤਾ ਦੀਆਂ ਜੜ੍ਹਾਂ ਹੌਲ਼ੀ ਹੌਲ਼ੀ ਵੱਢੀਆਂ ਗਈਆਂ। ਇਸ ਵਿਗਿਆਨਕ ਖੇਤਰ ਵਿੱਚ ਸਪਸ਼ਟਤਾ ਲਈ ਸੰਘਰਸ਼ ਨੂੰ ਪੌਲੋਕ ਅਖੌਤੀ ‘ਵਿਗਿਆਨ ਜੰਗਾਂ’ ਦੇ ਅੰਤ ‘ਚ ਪੇਸ਼ ਕਰਦਾ ਹੈ। 

1937 ‘ਚ ਕੇਂਦਰੀ ਕਮੇਟੀ ਨੂੰ ਲੇਵ ਲਿਓਨਤੀਵ ਨੂੰ ਸਿਆਸੀ ਆਰਥਕਤਾ ਦੀ ਇੱਕ ਮੁਢਲੀ ਕਿਤਾਬ ਨੂੰ ਸੰਪਾਦਤ ਕਰਨ ਦੀ ਜ਼ਿੰਮੇਵਾਰੀ ਦਿੱਤੀ ਤਾਂ ਕਿ ਨਾ ਸਿਰਫ ਸੋਵੀਅਤ ਕਾਰਕੁੰਨਾਂ ਨੂੰ ਸਗੋਂ ਸੰਸਾਰ ਵਿੱਚ ਕਿਤੇ ਵੀ ਰਹਿਣ ਵਾਲ਼ੇ ਕਮਿਊਨਿਸਟ ਨੂੰ ਸਿੱਖਿਅਤ ਕੀਤਾ ਜਾ ਸਕੇ। ਪੌਲੌਕ ਸਾਨੂੰ ਦੱਸਦਾ ਹੈ ਕਿ ਲਿਓਨਤੀਵ ਨੇ ਸਤਾਲਿਨ ਨੂੰ 1938 ਤੋਂ ਹੀ ਮਸੌਦੇ ਭੇਜਣ ਸ਼ੁਰੂ ਕਰ ਦਿੱਤੇ ਸੀ। ਸਤਾਲਿਨ ਨੇ ਮਸੌਦਿਆਂ ਨੂੰ ਨਿਰੰਤਰ ਸੋਧਿਆ ਤੇ ਟਿੱਪਣੀਆਂ ਦਿੱਤੀਆਂ ਅਤੇ ਨਾਲ਼ ਹੀ ”ਹੋਰ ਅਰਥਸ਼ਾਸਤਰੀਆਂ ਤੋਂ ਮਸੌਦਿਆਂ ਉੱਪਰ ਟਿੱਪਣੀਆਂ, ਸੋਧਾਂ ਤੇ ਮਤਾਂ ਦੀ ਮੰਗ ਕੀਤੀ।” 1941 ‘ਚ ਲਿਓਨਤੀਵ ਨੂੰ ਇੱਕ ਮੀਟਿੰਗ ‘ਚ ਪਹੁੰਚਣ ਦਾ ਸੱਦਾ ਦਿੱਤਾ ਗਿਆ ਜਿਸ ‘ਚ ਨਾ ਸਿਰਫ਼ ਅਕਾਦਮੀਸ਼ਨ ਸਗੋਂ ਕਈ ਮਹੱਤਵਪੂਰਨ ਸਿਆਸੀ ਆਗੂ ਜਿਵੇਂ ਯੂਰੀ ਜ਼ਦਾਨੋਵ, ਮੋਲੋਤੋਵ ਤੇ ਵੋਜ਼ਨੇਸੈਂਸਕੀ (ਰਾਜਕੀ ਯੋਜਨਾ ਕਮਿਸ਼ਨ ਦਾ ਪ੍ਰਧਾਨ) ਵੀ ਹਿੱਸਾ ਲੈ ਰਹੇ ਸੀ। ਇਸ ਮੀਟਿੰਗ ‘ਚ ਸਤਾਲਿਨ ਨੇ ਸਮਾਜਵਾਦੀ ਰਾਜਕੀ ਯੋਜਨਾਬੰਦੀ ਅਧੀਨ ਕਦਰ ਦੇ ਨਿਯਮ ਬਾਰੇ ਆਪਣੇ ਵਿਚਾਰਾਂ ਦਾ ਖੁਲਾਸਾ ਕੀਤਾ। ਪੌਲੌਕ ਦੇ ਦੱਸਣ ਅਨੁਸਾਰ, ਪੁਰਾਲੇਖ ਸਤਾਲਿਨ ਦੀ ਇਹ ਵਿਆਖਿਆ ਦਰਜ ਕਰਦੇ ਹਨ ਕਿ ”ਯੋਜਨਾਬੰਦੀ ਦਾ ਮੁਖ ਕੰਮ ਸਮਾਜਵਾਦੀ ਢਾਂਚੇ ਦੀ ਸਰਮਾਏਦਾਰਾ ਘੇਰਾਬੰਦੀ ਤੋਂ ਅਜ਼ਾਦੀ ਨੂੰ ਯਕੀਨੀ ਬਣਾਉਣਾ ਹੈ,” ਅਤੇ ਲਿਓਨਤੀਵ ਨੂੰ ਸੰਬੋਧਤ ਹੁੰਦਿਆਂ ਕਿਹਾ: ”ਤੁਹਾਨੂੰ ਸਾਡੇ ਢਾਂਚੇ ਦੀ ਲੋੜੋਂ ਵੱਧ ਪ੍ਰਸ਼ੰਸਾ ਕਰਨ ਦੀ ਜ਼ਰੂਰਤ ਨਹੀਂ ਹੈ ਅਤੇ ਉਨ੍ਹਾਂ ਪ੍ਰਾਪਤੀ ਦਾ ਜ਼ਿਕਰ ਨਹੀਂ ਕਰਨਾ ਚਾਹੀਦਾ ਜੋ ਅਸਲ ‘ਚ ਮੌਜੂਦ ਨਹੀਂ ਹਨ,” ਅਤੇ ਉਸਨੂੰ ਕਿਹਾ ਕਿ ਉਹ ਸਮਾਜਵਾਦੀ ਉਸਾਰੀ ਦੀਆਂ ਅਸਲ ਆਰਥਕ ਸਮਸਿਆਵਾਂ ਨਾਲ਼ ਠੋਸ ਤਰੀਕੇ ਨਾਲ਼ ਨਜਿੱਠੇ। ਪ੍ਰਪਕ ਕਮਿਊਨਿਜ਼ਮ ਦੀ ਪ੍ਰਾਪਤੀ ਤੋਂ ਪਹਿਲਾਂ ਸਮਾਜਵਾਦੀ ਬੁਨਿਆਦ ਨੂੰ ਪਕਿਆਂ ਕਰਨਾ ਬੇਹੱਦ ਜ਼ਰੂਰੀ ਸੀ। 

ਅਸੀਂ ਦੂਜੇ ਜਾਂ ਤੀਜੇ ਵਿਅਕਤੀ ਵੱਲੋਂ ਦਿੱਤੀਆਂ ਸਤਾਲਿਨ ਦੀਆਂ ਟਿੱਪਣੀਆਂ ਨੂੰ ਸਾਵਧਾਨੀ ਨਾਲ਼ ਪ੍ਰਵਾਨ ਕਰਦੇ ਹਾਂ, ਪਰ ਇਹਨਾਂ ਵਿੱਚ ਯਥਾਰਥਵਾਦ ਦੀ ਇੱਕ ਭਾਵਨਾ ਧੜਕਦੀ ਹੈ ਜੋ ਕਿ ਖੁਰਸ਼ਚੇਵ ਦੁਆਰਾ ਬਾਅਦ ‘ਚ ਮਾਰੀ ਇਸ ਫੋਕੀ ਫੜ੍ਹ ਕਿ ਸਾਰੇ ਲੋਕਾਂ ਦੇ ਰਾਜ ਦੀ ਅਗਵਾਈ ‘ਚ ਜਲਦ ਹੀ ਪੂਰੀ ਤਰ੍ਹਾਂ ਜਮਾਤ-ਹੀਣ ਕਮਿਊਨਿਸਟ ਸਮਾਜ ਦੀ ਸ਼ੁਰੂਆਤ ਹੋ ਜਾਵੇਗੀ; ਨਾਲ਼ ਤਿੱਖੇ ਵਿਰੋਧ ‘ਚ ਹੈ। ”ਅਸੀਂ ਹਾਲੇ ਸਮਾਜਵਾਦ ਦੀ ਅਸਲ ਉਸਾਰੀ ਕਰਨੀ ਹੈ”, ਪੌਲੌਕ ਸਤਾਲਿਨ ਦੀ ਇਸ ਟਿੱਪਣੀ ਦਾ ਹਵਾਲਾ ਦਿੰਦਾ ਹੈ; ”ਅਤੇ ਸਮਾਜਵਾਦ ਨੂੰ ਸਹੀ ਕਰਨਾ ਵੀ ਹਾਲੇ ਬਾਕੀ ਹੈ, ਹਾਲੇ ਵੀ ਜਿਵੇਂ ਕਿ ਜ਼ਰੂਰੀ ਹੈ ਕਿਰਤ ਅਨੁਸਾਰ ਵਟਾਂਦਰਾ ਕਰਨ ਦੀ ਲੋੜ ਹੈ… ਸਾਡੀਆਂ ਫੈਕਟਰੀਆਂ ‘ਚ ਗੰਦਗੀ ਹੈ ਤੇ ਅਸੀਂ ਸਿੱਧਾ ਕਮਿਊਨਿਜ਼ਮ ‘ਚ ਜਾਣਾ ਚਾਹੁੰਦੇ ਹਾਂ, ਉੱਥੇ ਤੁਹਾਨੂੰ ਜਾਣ ਕੌਣ ਦੇਵੇਗਾ? ਉਹ ਕੂੜੇ-ਕਰਕਟ ‘ਚ ਦੱਬੇ ਪਏ ਹਨ ਪਰ ਕਮਿਊਨਿਜ਼ਮ ਚਾਹੁੰਦੇ ਹਨ।”

ਇਸ ਖੇਤਰ ‘ਚ ਆਪਣੇ ਕਾਰਕੁੰਨਾਂ ਨੂੰ ਸਿੱਖਿਅਤ ਕਰਨ ਦਾ ਕੰਮ ਪਾਰਟੀ ਏਨੀ ਗੰਭੀਰਤਾ ਨਾਲ਼ ਲੈਂਦੀ ਸੀ ਕਿ ਯੋਜਨਾ ਅਧੀਨ ਕਿਤਾਬ ਨੂੰ ਸੰਪੂਰਨ ਕਰਨ ਲਈ ਸਤਾਰਾਂ ਸਾਲ ਸੰਘਰਸ਼ ਚੱਲਦਾ ਰਿਹਾ ਤੇ ਇਸੇ ਪ੍ਰੇਰਣਾ ਨਾਲ਼ 1952 ‘ਚ ਸਤਾਲਿਨ ਦੀ ‘ਸੋਵੀਅਤ ਸੰਘ ‘ਚ ਸਮਾਜਵਾਦ ਦੀਆਂ ਆਰਥਕ ਸਮਸਿਆਵਾਂ” ਪ੍ਰਕਾਸ਼ਤ ਹੋਈ। ਇਹ ਆਖ਼ਰਕਾਰ 1954 ‘ਚ ਪ੍ਰਕਾਸ਼ਤ ਹੋ ਸਕੀ। ਪੌਲੌਕ ਟਿੱਪਣੀ ਕਰਦਾ ਹੈ ਕਿ ਕਿਤਾਬ ਨੂੰ ਮਾਰਚ 1953 ‘ਚ ”ਸਤਾਲਿਨ ਦੀ ਮੌਤ ਤੋਂ ਬਾਅਦ ਸਿਆਸੀ ਅਨਿਸ਼ਚਤਤਾ ਦੇ ਸੰਸਾਰ ‘ਚ ਸਾਹਮਣੇ ਲਿਆਂਦਾ ਗਿਆ।” ਸੋਵੀਅਤ ਹੋਂਦ ਦੇ ਉਸ ਨਵੇਂ ਦੌਰ ‘ਤੋਂ ਵਧੇਰੇ ਜਦੋਂ ਖੁਦ ਪਾਰਟੀ ਦੇ ਅੰਦਰ ਬੁਰਜੂਆ ਵਿਚਾਰਧਾਰਾ ਦੇ ਮਾਰੂ ਪ੍ਰਭਾਵ ਨੂੰ ਮਹਿਸੂਸ ਕੀਤਾ ਜਾ ਰਿਹਾ ਸੀ, ਈਮਾਨਦਾਰ ਸਿਧਾਂਤਕ ਸੰਘਰਸ਼ ਦੀ ਇਸ ਬਾਲਸ਼ਵਿਕ ਵਿਰਾਸਤ ਦੀ ਲੋੜ ਕਦੇ ਵੀ ਨਹੀਂ ਹੋ ਸਕਦੀ ਸੀ। 

ਸੋਵੀਅਤ ਵਿਗਿਆਨ: ਸੋਵੀਅਤ ਲੋਕਾਂ ਦੀ ਜਾਇਦਾਦ

ਸਮਾਜਵਾਦ ਅੰਦਰ ਪੈਦਾਵਾਰ ਵਿੱਚ ਲਾਗੂ ਵਿਗਿਆਨ ਹੁਣ ਮਜ਼ਦੂਰਾਂ ਦਾ ਦੁਸ਼ਮਣ ਨਹੀਂ ਸਗੋਂ ਚੰਗਾ ਦੋਸਤ ਸੀ। 

‘ਸਰਮਾਇਆ’ ਦੇ ਭਾਗ-1 ਦੇ ਪਾਠ ‘ਸਰਮਾਏਦਾਰਾ ਇਕੱਤਰੀਕਰਨ ਦਾ ਆਮ ਨਿਯਮ” ਵਿੱਚ ਮਾਰਕਸ ਬੜੇ ਸਪਸ਼ਟ ਤਰੀਕੇ ਨਾਲ਼ ਵਿਆਖਿਆ ਕਰਦੇ ਹਨ। ਜਦੋਂ ਕਿ ਸਰਮਾਏਦਾਰੀ ਅਧੀਨ ”ਕਿਰਤ ਦੀ ਸਮਾਜਕ ਉਪਜਾਇਕਤਾ ਵਧਾਉਣ ਦੇ ਸਾਰੇ ਢੰਗ-ਤਰੀਕੇ ਵਿਅਕਤੀਗਤ ਕਿਰਤੀ ਦੀ ਕੀਮਤ ‘ਤੇ ਅਪਣਾਏ ਜਾਂਦੇ ਹਨ”, ਤੇ ਉਸਨੂੰ ”ਮਹਿਜ਼ ਮਸ਼ੀਨ ਦਾ ਪੁਰਜਾ” ਬਣਾ ਦਿੱਤਾ ਜਾਂਦਾ ਹੈ, ਸਮਾਜਵਾਦ ਅਧੀਨ ਹਰੇਕ ਵਿਗਿਆਨਕ ਤਰੱਕੀ ਮਜ਼ਦੂਰ ਜਮਾਤ ਦੀ ਤਾਕਤ ਤੇ ਅਧਿਕਾਰ ‘ਚ ਵਾਧਾ ਕਰਦੀ ਹੈ। ਜਦੋਂ ਕਿ ਸਰਮਾਏਦਾਰੀ ਅਧੀਨ ਪੈਦਾਵਾਰ ਦੀ ਹਰੇਕ ਸੁਧਰੀ ਹੋਈ ਤਕਨੀਕ ”ਕਿਰਤੀ ਨੂੰ ਕਿਰਤ ਪ੍ਰਕਿਰਿਆ ਵਿਚਲੀਆਂ ਉਸਦੀਆਂ ਬੌਧਿਕ ਸੰਭਾਵਨਾਵਾਂ ਤੋਂ ਉਸ ਅਨੁਪਾਤ ‘ਚ ਅਲਹਿਦਾ ਕਰ ਦਿੰਦੀ ਹੈ ਜਿਸ ਹੱਦ ਤੱਕ ਵਿਗਿਆਨ ਇੱਕ ਅਜ਼ਾਦ ਤਾਕਤ ਵਜੋਂ ਉਸ ਵਿੱਚ ਸ਼ਾਮਲ ਕੀਤਾ ਜਾਂਦਾ ਹੈ”, ਸਮਾਜਵਾਦ ਅਧੀਨ ਹਰ ਤਰ੍ਹਾਂ ਦੀ ਵਿਗਿਆਨਕ ਜਾਣਕਾਰੀ ਨੂੰ ਮਜ਼ਦੂਰ ਜਮਾਤ ਇਸ ਤਰ੍ਹਾਂ ਆਪਣੇ ਦਿਲ ‘ਚ ਵਸਾਉਂਦੀ ਹੈ ਜਿਵੇਂ ਇਸ ਨਵੇਂ ਸਮਾਜਵਾਦੀ ਸੰਸਾਰ ‘ਚ ਇਹ ਸਭ ਉਸਦਾ ਆਪਣਾ ਹੀ ਹੋਵੇ, ਜਿਵੇਂ ਇਹ ਇਨਕਲਾਬ ਦੀ ਮਾਣਯੋਗ ਪ੍ਰਾਪਤੀ ਹੋਵੇ। 

ਇਹ ਜੰਗ ਤੋਂ ਬਾਅਦ ਫੁੱਟ ਪੈਣ ਵਾਲ਼ੀਆਂ ਵਿਗਿਆਨਕ ਬਹਿਸਾਂ ‘ਚ ਸੋਵੀਅਤ ਲੋਕਾਂ ਦੀ ਰੁਚੀ ਦੇ ਹੈਰਾਨੀਜਨਕ ਪਧਰ ਦਾ ਅਧਾਰ ਸੀ। ਜੋ ਲੋਕ ਸਤਾਲਿਨ ਦੀ ਅਗਵਾਈ ਵਾਲ਼ ਸਮੇਂ ਨੂੰ ਪ੍ਰਸ਼ਾਸਕੀ ਤਾਨਾਸ਼ਾਹੀ ਦੀ ਦੱਬੂ ਅਧੀਨਗੀ ਕਹਿ ਕੇ ਰੱਦ ਕਰਦੇ ਹਨ, ਨੂੰ ਦੁਬਾਰਾ ਸੋਚਣ ਦੀ ਲੋੜ ਹੈ। ਇਹ ਗੱਲ ਹੈ ਤਾਂ ਅਵੱਲੀ ਪਰ ਏਥੇਨ ਪੌਲੌਕ ਦੀ ਕਮਿਊਨਿਸਟ ਵਿਰੋਧੀ ਇਹ ਛੋਟੀ ਜਿਹੀ ਕਿਰਤ ਇਸ ਮਸਲੇ ‘ਚ ਮਦਦਗਾਰ ਸਾਬਤ ਹੋ ਸਕਦੀ ਹੈ!

(ਅੰਗਰੇਜ਼ੀ ਪਰਚੇ ‘ਲਲਕਾਰ’ ‘ਚੋਂ ਧੰਨਵਾਦ ਸਹਿਤ)

“ਪ੍ਰਤੀਬੱਧ”, ਅੰਕ 17, ਨਵੰਬਰ 2012 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s