ਸਤਾਲਿਨ ਅਤੇ ਸੋਵੀਅਤ ਸਮਾਜਵਾਦ •ਡਾ. ਅੰਮਿਰ੍ਤ

2

ਪੀ.ਡੀ.ਐਫ਼ ਡਾਊਨਲੋਡ ਕਰੋ

ਅਸੀਂ ਇੱਕ ਅਜਿਹੇ ਸਮੇਂ ‘ਚ ਜੀ ਰਹੇ ਹਾਂ ਜਦੋਂ ‘ਇਤਿਹਾਸ ਦੇ ਅੰਤ’ ਦਾ ਅੰਤ ਹੋ ਚੁੱਕਾ ਹੈ, ਤਰਕਸ਼ੀਲ ਚੋਣ ਕਰਨ ਵਾਲੇ ਉਦਾਰਵਾਦੀ ਜਮਹੂਰੀਅਤਪਸੰਦ ਨਾਗਰਿਕ ਦੇ ‘ਆਖਰੀ ਮਨੁੱਖ’ ਹੋਣ ਦੀ ਬਕਵਾਸ ਵੀ ਬੰਦ ਹੋ ਚੁੱਕੀ ਹੈ। ਸਰਮਾਏਦਾਰੀ ਢਾਂਚਾ ਸੰਕਟ ਦਾ ਸ਼ਿਕਾਰ ਹੈ, ਅਰਬ ਜਗਤ ਤੇ ਯੂਰਪੀ ਮੁਲਕਾਂ ‘ਚ ਲੋਕ ਸੜਕਾਂ ‘ਤੇ ਹਨ ਅਤੇ ਉੱਤਰੀ ਅਫਰੀਕਾ ਤੇ ਮੱਧ-ਪੂਰਬ ਸਾਮਰਾਜੀ ਦਖਲਅੰਦਾਜ਼ੀ ਤੇ ਜੰਗ ਦਾ ਅਖਾੜਾ ਬਣੇ ਹੋਏ ਹਨ। ਆਮ ਲੋਕ, ਵਿਦਿਆਰਥੀ ਤੇ ਬੁੱਧੀਜੀਵੀ ਸਰਮਾਏਦਾਰੀ ਢਾਂਚੇ ਤੋਂ ਮੋਹ-ਭੰਗ ਦੀ ਹਾਲਤ ‘ਚ ਹਨ ਤੇ ਸਰਮਾਏਦਾਰੀ ਪ੍ਰਬੰਧ ਦਾ ਬਦਲ ਤਲਾਸ਼ ਰਹੇ ਹਨ ਪਰ “ਜਮਹੂਰੀਅਤ” ਦੀ ਤਮਾਮ ਕਿਸਮ ਦੀ ਲੱਫ਼ਾਜੀ ਦੇ ਬਾਵਜੂਦ ਬਦਲ ਕੋਈ ਨਹੀਂ ਮਿਲ ਰਿਹਾ ਕਿਉਂਕਿ ਸਰਮਾਏਦਾਰੀ ਢਾਂਚੇ ਦਾ ਬਦਲ ਅੱਜ ਵੀ ਸਮਾਜਵਾਦ ਹੀ ਹੈ, ਸਰਮਾਏਦਾਰਾਂ ਦੀ ਸੱਤ੍ਹਾ ਦਾ ਬਦਲ ਅੱਜ ਵੀ ਮਜਦੂਰ ਜਮਾਤ ਦੀ ਸੱਤ੍ਹਾ ਹੈ। ਦੂਜੇ ਪਾਸੇ ਸੰਸਾਰ ਭਰ ਦੇ ਸਰਮਾਏਦਾਰਾਂ ਨੂੰ ਅੱਜ ਫਿਰ ਕਮਿਊਨਿਜਮ ਦਾ ਭੂਤ ਪਹਿਲੇ ਕਿਸੇ ਵੀ ਸਮੇਂ ਨਾਲ਼ੋਂ ਕਿਤੇ ਜ਼ਿਆਦਾ ਸਤਾ ਰਿਹਾ ਹੈ। ਮਜਦੂਰ ਜਮਾਤ ਦੀ ਵਿਚਾਰਧਾਰਾ ਅਤੇ ਇਨਕਲਾਬ ਦੇ ਵਿਗਿਆਨ ਮਾਰਕਸਵਾਦ ਉੱਤੇ ਚੌਹ-ਪਾਸਿਆਂ ਤੋਂ ਹਮਲੇ ਹੋ ਰਹੇ ਹਨ; ਮਾਰਕਸਵਾਦ, ਵੀਹਵੀਂ ਸਦੀ ਦੇ ਇਨਕਲਾਬਾਂ ਤੇ ਸਮਾਜਵਾਦ ਦੇ ਪ੍ਰਯੋਗਾਂ ਅਤੇ ਕਮਿਊਨਿਸਟ ਲਹਿਰ ਦੇ ਆਗੂਆਂ ਉੱਤੇ ਪਹਿਲਾਂ ਨਾਲ਼ੋਂ ਕਿਤੇ ਵਧੇਰੇ ਚਿੱਕੜ-ਉਛਾਲੀ ਹੋ ਰਹੇ ਹੈ। ਕਿਉਂਕਿ ਬੁਰਜੂਆਜ਼ੀ ਮਾਰਕਸਵਾਦ ਨੂੰ ਇੱਕ ਵਿਗਿਆਨ ਵਜੋਂ ਨਕਾਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਹੋ ਚੁੱਕੀ ਹੈ, ਇਸ ਲਈ ਹੁਣ ਉਸ ਕੋਲ ਚਿੱਕੜ-ਉਛਾਲੀ, ਭਰਮ ਫੈਲਾਉਣੇ ਅਤੇ ਗਲਤ-ਜਾਣਕਾਰੀਆਂ ਪ੍ਰਚਾਰਨ ਤੋਂ ਸਿਵਾ ਹੋਰ ਕੋਈ ਢੰਗ ਬਚਿਆ ਵੀ ਨਹੀਂ ਹੈ; ਇਹ ਕੰਮ ਉਹ ਆਪਣੇ ਵਿਸ਼ਾਲ ਮੀਡੀਆ ਤੰਤਰ ਦੀ ਸਹਾਇਤਾ ਨਾਲ਼ ਵੱਡੇ ਪੱਧਰ ਉੱਤੇ ਕਰ ਰਹੀ ਹੈ।

ਚਿੱਕੜ-ਉਛਾਲੀ ਅਤੇ ਭਰਮ ਪੈਦਾ ਦੇ ਪੂਰੇ ਕਾਰੋਬਾਰ ‘ਚ ਦੋ ਕਿਸਮ ਦੇ ਲੋਕ ਹਨ – ਪਹਿਲੀ ਕਿਸਮ ਦੇ ਲੋਕ ਤਾਂ ਮਾਰਕਸਵਾਦ ਅਤੇ ਮਜਦੂਰ-ਜਮਾਤੀ ਲਹਿਰ ਦੇ ਐਲਾਨੀਆ ਦੁਸ਼ਮਣ ਹਨ, ਜਦਕਿ ਦੂਜੀ ਕਿਸਮ ਦੇ ਲੋਕ “ਮਾਰਕਸਵਾਦੀ” ਹਨ। ਇਹਨਾਂ ਮਾਰਕਸਵਾਦੀਆਂ ਵਿੱਚੋਂ ਕਈ ਬੁਰਜੂਆ ਪ੍ਰਾਪੇਗੰਡਾ ਦੇ ਅਸਰ ਹੇਠ ਆਏ ਹੋਏ ਆਮ ਲੋਕੀਂ ਹਨ, ਕਈ “ਅਨੁਭਵਵਾਦੀ” ਕਿਸਮ ਦੇ ਇਨਕਲਾਬੀ ਹਨ ਜਿਹੜੇ ਮਾਰਕਸਵਾਦ, ਮਜਦੂਰ ਜਮਾਤੀ ਲਹਿਰ ਦਾ ਇਤਿਹਾਸ ਅਤੇ ਵੀਹਵੀਂ ਸਦੀ ਦੇ ਇਨਕਲਾਬਾਂ ਤੇ ਸਮਾਜਵਾਦੀ ਪ੍ਰਯੋਗਾਂ ਦੇ ਅਧਿਐਨ ਦੇ ”ਔਖੇ” ਕੰਮ ਨੂੰ ਹੱਥ ਪਾਉਣ ਤੋਂ ਡਰਦੇ ਹਨ ਜਾਂ ਗੈਰ-ਜਰੂਰੀ ਸਮਝਦੇ ਹਨ। ਕਈ ਹੋਰ ਹਨ ਜਿਹੜੇ ਆਪਣੀ ਕੱਚਘਰੜ ਮਾਰਕਸਵਾਦੀ ਸੂਝ ਨਾਲ਼ ਵਿਸ਼ਲੇਸ਼ਣ ਕਰਦੇ ਹਨ ਅਤੇ ਸਿੱਟੇ ਵਜੋਂ ਗਲਤ ਵਿਸ਼ਲੇਸ਼ਣ ਕਰਕੇ ਭਰਮ ਫੈਲਾਉਂਦੇ ਹਨ। ਕੁਝ ਹੋਰ “ਇਨਕਲਾਬੀਆਂ” ਤੇ “ਅਵਾਰਾ-ਚਿੰਤਕਾਂ” ਨੂੰ ਮਾਰਕਸਵਾਦ ਵਿੱਚ ਵਾਧਾ ਕਰਨ ਦੀ ਕਾਹਲੀ ਹੈ, ਇਸ ਕਾਹਲੀ ਵਿੱਚ ਉਹ ਮਾਰਕਸਵਾਦ ਦੀਆਂ ਬੁਨਿਆਦੀ ਪ੍ਰਸਥਾਪਨਾਵਾਂ ਨੂੰ ਤਿਲਾਂਜਲੀ ਦੇ ਰਹੇ ਹਨ ਅਤੇ ਨਵੇਂ-ਨਵੇਂ ਸਿਧਾਂਤ ਪੇਸ਼ ਕਰ ਰਹੇ ਹਨ। ਐਲਾਨੀਆ ਦੁਸ਼ਮਣਾਂ ਅਤੇ “ਮਾਰਕਸਵਾਦ” ਦੇ ਲਿਬਾਦੇ ਹੇਠ ਛੁਪੀ ਹੋਈ ਚਿੱਕੜ-ਉਛਾਲੀ ਕਾਰਨ ਬਹੁਤ ਸਾਰੇ ਇਮਾਨਦਾਰ ਇਨਕਲਾਬੀਆਂ ਅਤੇ ਆਮ ਸਫ਼ਾਂ ਤੇ ਲੋਕਾਂ ਵਿੱਚ ਵੀ ਰੌਲ਼ੇ-ਘਚੋਲ਼ੇ ਦੀ ਹਾਲਤ ਬਣੀ ਹੋਈ ਹੈ। ਇਸ ਲਈ ਕਮਿਊਨਿਸਟ ਲਹਿਰ ਅਗਲੇਰੇ ਵਿਕਾਸ ਲਈ ਵੀਹਵੀਂ ਸਦੀ ਦੇ ਇਨਕਲਾਬਾਂ ਅਤੇ ਸਮਾਜਵਾਦੀ ਪ੍ਰਯੋਗਾਂ ਦੀਆਂ ਸਫਲਤਾਵਾਂ ਅਤੇ ਅਸਫਲਤਾਵਾਂ ਦਾ ਵਿਸ਼ਲੇਸ਼ਣ ਕਰਦੇ ਹੋਏ ਨਾ ਸਿਰਫ ਚਿੱਕੜ-ਉਛਾਲੀ ਦਾ ਢੁੱਕਵਾਂ ਜਵਾਬ ਦੇਵੇਗੀ, ਸਗੋਂ ਸਹੀ ਨਤੀਜੇ ਕੱਢਣ ਅਤੇ ਹਾਸਲ ਕੀਤੇ ਸਬਕਾਂ ਨੂੰ ਆਤਮਸਾਤ ਕਰਨਾ ਵੀ ਇੱਕ ਮਹੱਤਵਪੂਰਨ ਸ਼ਰਤ ਹੈ।

ਸੋਵੀਅਤ ਸਮਾਜਵਾਦ ਦੇ ਪ੍ਰਯੋਗ ਨਾਲ਼ ਸਤਾਲਿਨ ਦਾ ਸਵਾਲ ਅਨਿੱਖੜਵੇਂ ਰੂਪ ਵਿੱਚ ਜੁੜਿਆ ਹੈ ਕਿਉਂਕਿ ਲੈਨਿਨ ਦੀ ਮੌਤ ਤੋਂ ਬਾਅਦ ਉਹਨਾਂ ਨੇ ਸੋਵੀਅਤ ਯੂਨੀਅਨ ਦੀ ਅਗਵਾਈ ਕੀਤੀ ਅਤੇ ਪਹਿਲੇ ਸਮਾਜਵਾਦੀ ਰਾਜ ਉਸਾਰਨ ਦੇ ਕਾਰਜ ਨੂੰ ਹੱਥਾਂ ਵਿੱਚ ਲਿਆ। ਦੂਸਰਾ, ਬੁਰਜੂਆ ਬੌਧਿਕ ਹਲਕੇ ਤੇ ਪ੍ਰਾਪੇਗੰਡਾ ਮਸ਼ੀਨਰੀ ਸਤਾਲਿਨ ਉੱਤੇ ਚਿੱਕੜ-ਉਛਾਲੀ ਦੇ ਮਾਧਿਅਮ ਰਾਹੀਂ ਅਸਲ ਵਿੱਚ ਮਾਰਕਸਵਾਦ ਅਤੇ ਕਮਿਊਨਿਜਮ ਉੱਤੇ ਹਮਲਾ ਕਰਦੀ ਹੈ। ਸਤਾਲਿਨ ਦੇ ਦੌਰ ਦੀਆਂ, ਅਤੇ ਖੁਦ ਸਤਾਲਿਨ ਦੀਆਂ ਪ੍ਰਾਪਤੀਆਂ ਦੀ ਰਾਖੀ ਕਰਨਾ ਅੱਜ ਵਿਚਾਰਧਾਰਾ ਦੀ ਰਾਖੀ ਦਾ ਸਵਾਲ ਹੈ ਅਤੇ ਉਹਨਾਂ ਦੀਆਂ ਗਲਤੀਆਂ-ਕਮਜ਼ੋਰੀਆਂ ਤੋਂ ਸਬਕ ਹਾਸਲ ਕਰਨੇ ਮਜਦੂਰ-ਇਨਕਲਾਬਾਂ ਦੇ ਨਵੇਂ ਐਡੀਸ਼ਨਾਂ ਲਈ ਨਾ ਸਿਰਫ ਇਨਕਲਾਬ ਤੋਂ ਬਾਅਦ ਹੀ, ਸਗੋਂ ਇਨਕਲਾਬ ਤੋਂ ਪਹਿਲਾਂ ਪਾਰਟੀ ਖੜੀ ਕਰਨ ਅਤੇ ਸਹੀ ਵਿਚਾਰਧਾਰਕ, ਪ੍ਰੋਗਰਾਮ ਅਤੇ ਜਥੇਬੰਦਕ ਲੀਹ ਅਖਤਿਆਰ ਲਈ ਵੀ ਲਾਜਮੀ ਹੈ। ਹੱਥਲੇ ਪਰਚੇ ਵਿੱਚ ਸਤਾਲਿਨ ਦੀ ਅਗਵਾਈ ਵਿੱਚ ਸੋਵੀਅਤ ਪਾਰਟੀ ਵੱਲੋਂ ਲਈਆਂ ਗਈਆਂ ਸਿਆਸੀ ਪੋਜ਼ੀਸ਼ਨਾਂ ਬਾਰੇ ਵੀ ਚਰਚਾ ਕਰਾਂਗੇ ਅਤੇ ਸਤਾਲਿਨ ਖਿਲਾਫ ਜਿੰਨਾਂ ਮੁੱਦਿਆਂ ਨੂੰ ਲੈਕੇ ਚਿੱਕੜ-ਉਛਾਲੀ ਕੀਤੀ ਜਾਂਦੀ ਹੈ, ਉਹਨਾਂ ਦੀ ਵੀ ਚਰਚਾ ਕਰਾਂਗੇ; ਨਾਲ਼ ਹੀ ਅੰਤਲੇ ਹਿੱਸੇ ਵਿੱਚ ਅਸੀਂ ਸਤਾਲਿਨ ਦੇ ਸਮੇਂ ਦੀਆਂ ਪ੍ਰਾਪਤੀਆਂ ‘ਤੇ ਨਜ਼ਰ ਪਾਵਾਂਗੇ, ਅਤੇ ਗਲਤੀਆਂ ਦੀ ਸੰਖੇਪ ਚਰਚਾ ਵੀ ਕਰਾਂਗੇ ਜਿੰਨ੍ਹਾਂ ਦਾ ਸ੍ਰੋਤ ਕਾਫੀ ਹੱਦ ਤੱਕ ਤਾਂ ਬਾਹਰਮੁਖੀ ਹਾਲਾਤ ਜਿਵੇਂ ਉਸ ਸਮੇਂ ਤੱਕ ਦੀ ਮਾਰਕਸਵਾਦ ਦੀ ਸਮਝ, ਪਹਿਲਾਂ ਕੋਈ ਤਜ਼ਰਬਾ ਨਾ ਹੋਣਾ, ਪ੍ਰਤੀਕੂਲ ਹਾਲਤਾਂ ਸਨ ਅਤੇ ਕੁਝ ਅੰਤਰਮੁਖੀ ਕਾਰਨ ਜਿਵੇਂ ਵਿਚਾਰਧਾਰਕ ਅਤੇ ਦਾਰਸ਼ਨਿਕ ਗੜਬੜਾਂ ਸਨ।

ਸਭ ਤੋਂ ਪਹਿਲਾਂ ਅਸੀਂ ਅਕਤੂਬਰ ਇਨਕਲਾਬ ਤੋਂ ਲੈ ਕੇ ਲੈਨਿਨ ਦੀ ਮੌਤ ਤੱਕ ਦੇ ਸਮੇਂ ਦੌਰਾਨ ਸਤਾਲਿਨ ਉੱਤੇ ਬੁਰਜੂਆ ਪ੍ਰਾਪੇਗੰਡਾ ਮਸ਼ੀਨਰੀ, ਤ੍ਰਾਤਸਕੀਵਾਦੀਆਂ ਅਤੇ ਹਰ ਤਰ੍ਹਾਂ ਦੇ ਭਗੌੜੇ-ਸੋਧਵਾਦੀਆਂ ਦੁਆਰਾ ਥੋਪੇ ਜਾਂਦੇ ਇਲਜਾਮਾਂ ਉੱਤੇ ਇੱਕ ਨਜਰ ਮਾਰਦੇ ਹਾਂ। ਵੈਸੇ ਇਹਨਾਂ ਇਲਜ਼ਾਮਾਂ ਵਿੱਚ ਕੋਈ ਖਾਸ ਦਮ ਨਹੀਂ ਹੈ ਅਤੇ ਨਾ ਹੀ ਇਹ ਮੁੱਦੇ ਬਹੁਤ ਜ਼ਿਆਦਾ ਅਹਿਮੀਅਤ ਵਾਲੇ ਹਨ, ਪਰ ਫਿਰ ਵੀ ਜਿੰਨੀ ਵੱਡੀ ਪੱਧਰ ਉੱਤੇ ਇਹਨਾਂ ਨੂੰ ਅਧਾਰ ਬਣਾ ਕੇ ਤ੍ਰਾਤਸਕੀ ਤੇ ਉਸਦੇ ਪੈਰੋਕਾਰਾਂ ਵੱਲੋ, ਖਰੁਸ਼ਚੇਵੀ ਸੋਧਵਾਦੀਆਂ ਵੱਲੋਂ, ਬੁਰਜੂਆ ਮੀਡੀਆ ਤੇ ਬੌਧਿਕ ਚਾਕਰਾਂ ਵੱਲੋਂ ਅਤੇ ਹੋਰ ਹਰ ਕਿਸਮ ਦੇ ਇਨਕਲਾਬ ਤੋਂ ਭਗੌੜੇ, ਮੋਹ-ਭੰਗ ਜਾਂ ਨਿਰਾਸ਼ਾ ਦੀ ਹਾਲਤ ਵਿੱਚ ਵਿਚਰਨ ਵਾਲੇ ਬੁੱਧੀਜੀਵੀਆਂ ਤੇ ਵਿਅਕਤੀਆਂ ਵੱਲੋਂ ਸਤਾਲਿਨ ਖਿਲਾਫ ਅਤੇ ਇਸ ਮਾਧਿਅਮ ਰਾਹੀਂ ਰੂਸੀ ਇਨਕਲਾਬ, ਸਮਾਜਵਾਦ ਅਤੇ ਮਾਰਕਸਵਾਦ ਉੱਤੇ ਚਿੱਕੜ-ਉਛਾਲੀ ਕੀਤੀ ਜਾਂਦੀ ਹੈ, ਉਸਨੂੰ ਦੇਖਦੇ ਹੋਏ ਇਸ ਕੂੜ-ਪ੍ਰਚਾਰ ਬਾਰੇ ਕੁਝ ਵਿਸਥਾਰ ਵਿੱਚ ਜਾਕੇ ਗੱਲ ਕਰ ਲੈਣੀ ਕੁਥਾਂ ਨਹੀਂ ਹੋਵੇਗੀ। ਇਸ ਪ੍ਰਚਾਰ ਦੇ ਮੁੱਖ ਬਿੰਦੂ ਇਹ ਹਨ – ਸਤਾਲਿਨ ਦੀ ਅਕਤੂਬਰ ਇਨਕਲਾਬ ਤੇ ਘਰੇਲੂ ਯੁੱਧ ਵਿੱਚ ਵੱਡੀ ਭੂਮਿਕਾ ਨਹੀਂ ਸੀ, ਮੁੱਖ ਭੂਮਿਕਾ ਲੈਨਿਨ ਤੇ ਤ੍ਰਾਤਸਕੀ ਸੀ, ਸਤਾਲਿਨ ਸਾਜ਼ਿਸ਼ਾਂ ਰਾਹੀਂ ਪਾਰਟੀ ਦਾ ਜਨਰਲ ਸੈਕਟਰੀ ਬਣਿਆ ਅਤੇ ਸਭ ਤੋਂ ਉੱਤੇ ਲੈਨਿਨ ਦੀ ਅਖੌਤੀ “ਵਸੀਅਤ”। ਇੱਕ-ਇੱਕ ਕਰਕੇ ਦੇਖਦੇ ਹਾਂ।

ਅਕਤੂਬਰ ਇਨਕਲਾਬ, ਬ੍ਰੈਸਤ-ਲਿਤੋਵਸਕ ਸੰਧੀ ਅਤੇ ਘਰੇਲੂ ਯੁੱਧ ਵਿੱਚ ਸਤਾਲਿਨ ਦੀ ਭੂਮਿਕਾ

ਅਕਸਰ ਇਹ ਪ੍ਰਚਾਰਿਆ ਜਾਂਦਾ ਹੈ ਕਿ ਸਤਾਲਿਨ ਦੀ ਇਨਕਲਾਬ ਵਿੱਚ ਕੁਝ ਖਾਸ ਭੂਮਿਕਾ ਨਹੀਂ ਅਤੇ ਉਹ ਸਾਜਿਸ਼ੀ ਅਤੇ ਤਿਕੜਮਬਾਜ਼ੀ ਦੇ ਢੰਗਾਂ ਨਾਲ਼ ਪਾਰਟੀ ਦੀਆਂ ਆਗੂ ਸਫ਼ਾਂ ਵਿੱਚ ਜਾ ਪਹੁੰਚਿਆ ਅਤੇ ਤ੍ਰਾਤਸਕੀ ਅਨੁਸਾਰ “ਸਤਾਲਿਨ… ਪਾਰਟੀ ਅੰਦਰ ਇੱਕ ਮਿਸਾਲੀ ਔਸਤਪੁਣਾ ਸੀ।”1 ਅਕਤੂਬਰ ਇਨਕਲਾਬ ਸਮੇਂ ਕੇਂਦਰੀ ਕਮੇਟੀ ਦੇ ਮੈਂਬਰਾਂ ਬਾਰੇ ਤ੍ਰਾਤਸਕੀ ਨੇ ਇਹ ਲਿਖਿਆ ਹੈ:

“ਲੈਨਿਨ ਸਾਰਿਆਂ ਲਈ ਆਗੂ ਸਨ, ਪਰ ਜਿਵੇਂ ਕਿ ਤੱਥ ਦੱਸਦੇ ਹਨ ਉਹਨਾਂ ਨੇ ਚਾਰ ਮਹੀਨਿਆਂ ਤੋਂ ਪਾਰਟੀ ਦੇ ਕੰਮਾਂ ‘ਚ ਸਿੱਧਾ ਹਿੱਸਾ ਨਹੀਂ ਲਿਆ ਸੀ (!!).. ਪੁਰਾਣੇ ਬਾਲਸ਼ਵਿਕ ਕੇਂਦਰ ‘ਚ ਸਭ ਤੋਂ ਅਹਿਮ ਨੇਤਾ ਜ਼ਿਨੋਵੀਵ ਤੇ ਕਾਮੇਨੇਵ ਸਨ ਪਰ ਇਨਕਲਾਬ ਦਾ ਵਿਰੋਧ ਕਰਕੇ ਉਹਨਾਂ ਨੇ ਖੁਦ ਨੂੰ ਕਾਰਕੁੰਨਾਂ ਦੀ ਹੈਸੀਅਤ ਤੋਂ ਦੂਰ ਕਰ ਲਿਆ ਸੀ… ਸਵੇਰਦਲੋਵ ਨਵੇਂ ਸਨ ਤੇ ਉਹ ਬਾਅਦ ‘ਚ ਜਾ ਕੇ ਵਿਕਸਤ ਹੋਏ… ਜਰੇਜਿੰਸਕੀ ਹਾਲੇ ਨਵੇਂ ਹੀ ਪਾਰਟੀ ‘ਚ ਭਰਤੀ ਹੋਏ ਸਨ ਤੇ ਉਹਨਾਂ ਨੇ ਕੋਈ ਸਿਧਾਂਤਕ ਕੰਮ ਦੀ ਪ੍ਰਤਿਭਾ ਨਹੀਂ ਦਿਖਾਈ ਸੀ.. ਬੁਖਾਰਿਨ, ਰੀਕੋਵ ਤੇ ਨੋਗਿਨ ਮਾਸਕੋ ‘ਚ ਸਨ.. ਬੁਖਾਰਿਨ ਪ੍ਰਤਿਭਾਸ਼ਾਲੀ ਪਰ ਗੈਰ-ਭਰੋਸੇਮੰਦ ਸਿਧਾਂਤਕਾਰ ਮੰਨੇ ਜਾਂਦੇ ਸਨ.. ਰੀਕੋਵ ਤੇ ਨੋਗਿਨ ਬਗਾਵਤ ਦੇ ਵਿਰੋਧੀ ਸਨ.. ਲੋਮੋਵ, ਬਾਬੋਨੋਵ ਤੇ ਮਿਲਿਉਤਿਨ ਨੂੰ ਫੈਸਲੇ ਲੈਣ ਵੇਲੇ ਸ਼ਾਇਦ ਹੀ ਕੋਈ ਗਿਣਤੀ ‘ਚ ਰੱਖਦਾ ਹੋਵੇ.. ਜ਼ੋਫੇ ਤੇ ਊਰੋਤਸਕੀ (ਦੋਵੇਂ ਤ੍ਰਾਤਸਕੀਪੰਥੀ – ਲੇਖਕ) ਤ੍ਰਾਤਸਕੀ ਨਾਲ਼ ਨਜ਼ਦੀਕੀ ਰੂਪ ਵਿੱਚ ਜੁੜੇ ਹੋਏ ਸਨ ਅਤੇ ਮਿਲ ਕੇ ਕੰਮ ਕਰ ਰਹੇ ਸਨ।”2

ਭਾਵ ਸਤਾਲਿਨ ਇਨਕਲਾਬ ਦੌਰਾਨ ਕਿਤੇ ਵੀ ਨਹੀਂ ਸਨ। ਲਗਭੱਗ ਇਸੇ ਤਰ੍ਹਾਂ ਦਾ ਰਾਗ ਹਰ ਤਰ੍ਹਾਂ ਦੀ ਬੁਰਜੂਆ ਲਿਖਤ ਵਿੱਚ ਅਲਾਪਿਆ ਜਾਂਦਾ ਹੈ ਅਤੇ ਸਭ ਦੇ ਸ੍ਰੋਤ ਆਮ ਤੌਰ ‘ਤੇ ਤ੍ਰਾਤਸਕੀ ਅਤੇ ਖਰੁਸ਼ਚੇਵ ਹੁੰਦੇ ਹਨ। ਕੀ ਸਤਾਲਿਨ ਸੱਚੀਂ ਹੀ ਇਨਕਲਾਬ ਵੇਲੇ ਕਿਤੇ ਨਹੀਂ ਸਨ? ਮਾਰਚ-ਦਸੰਬਰ, 1917 ਦਰਮਿਆਨ ਸਤਾਲਿਨ ਦੇ 84 ਲੇਖ ਬਾਲਸ਼ਵਿਕ ਅਖਬਾਰਾਂ/ਰਸਾਲਿਆਂ ਵਿੱਚ ਛਪੇ। ਬਾਲਸ਼ਵਿਕ ਅਖਬਾਰਾਂ ਦੀ ਸੰਪਾਦਕੀ ਦਾ ਕੰਮ ਸਤਾਲਿਨ ਕੋਲ ਸੀ, ਪਾਰਟੀ ਦੀ ਜੁਲਾਈ, 1917 ਦੀ ਕਾਂਗਰਸ ਵਿੱਚ ਕੇਂਦਰੀ ਕਮੇਟੀ ਵੱਲੋਂ ਰਿਪੋਰਟ ਵੀ ਸਤਾਲਿਨ ਨੇ ਪੜ੍ਹੀ ਕਿਉਂਕਿ ਲੈਨਿਨ ਰੂਪੋਸ਼ ਸਨ। ਪਾਰਟੀ ਦੇ ਇਨਕਲਾਬ ਨੂੰ ਜਥੇਬੰਦ ਕਰਨ ਦੇ ਕੇਂਦਰ ਦੇ ਉਹ ਮੈਂਬਰ ਸਨ। ਇਨਕਲਾਬ ਲਈ ਬਗਾਵਤ ਕਰਨ ਦੇ ਲੈਨਿਨ ਦੇ ਪ੍ਰਸਤਾਵ ਦੀ ਹਮਾਇਤ ਕਰਨ ਵਾਲੇ ਵੀ ਤ੍ਰਾਤਸਕੀ ਦੇ ਨਾਲ਼-ਨਾਲ਼ ਸਤਾਲਿਨ ਵੀ ਮੁੱਖ ਮੈਂਬਰਾਂ ਵਿੱਚੋਂ ਸਨ। ਇਨਕਲਾਬ ਤੋਂ ਤੁਰੰਤ ਬਾਅਦ ਉਹ ਕੌਮੀਅਤਾਂ ਦੇ ਮਸਲਿਆਂ ਸਬੰਧੀ ਬਹੁਤ ਹੀ ਅਹਿਮ ਵਿਭਾਗ ਦੇ ਕੁਮੀਸਾਰ ਸਨ ਜਿਸ ਉੱਤੇ ਉਹ 1923 ਤੱਕ ਬਣੇ ਰਹੇ ਜਦੋਂ ਤੱਕ ਇਸ ਨੂੰ ਖਤਮ ਨਹੀਂ ਕਰ ਦਿੱਤਾ ਗਿਆ। ਪਰ ਤ੍ਰਾਤਸਕੀ ਅਕਤੂਬਰ ਇਨਕਲਾਬ ਦੇ ਬਾਰੇ ਤੱਥਾਂ ਦੀ ਹਾਸੋਹੀਣੀ ਹੱਦ ਤੱਕ ਭੰਨਤੋੜ ਕਰਦਾ ਹੈ। ਇੱਕ ਗੱਲ ਹੋਰ, ਤ੍ਰਾਤਸਕੀ ਦੀ ਇਨਕਲਾਬ ਵਿੱਚ ਭੂਮਿਕਾ ਨੂੰ ਸਤਾਲਿਨ ਨੇ ਬਿਲਕੁਲ ਵੀ ਨਹੀਂ ਨਕਾਰਿਆ, ਹਾਂ ਇਹ ਜਰੂਰ ਕਿਹਾ ਕਿ ਤ੍ਰਾਤਸਕੀ ਵੱਖ-ਵੱਖ ਜ਼ਿੰਮੇਵਾਰ ਅਹੁਦਿਆਂ ਉੱਤੇ ਰਹਿੰਦੇ ਹੋਏ ਪਾਰਟੀ ਦੀ ਨੀਤੀ ਨੂੰ ਹੀ ਲਾਗੂ ਕਰ ਰਹੇ ਸਨ ਜਿਵੇਂ ਉਸ ਸਮੇਂ ਬਾਕੀ ਸਾਰੇ ਕਰ ਰਹੇ ਸਨ, ਇਹ ਕਹਿਣਾ ਕਿ ਤ੍ਰਾਤਸਕੀ ਦੀ ਇਨਕਲਾਬ ਵਿੱਚ ਕੋਈ “ਖਾਸ” ਅਹਿਮ ਭੂਮਿਕਾ ਰਹੀ ਹੈ, ਇਹ ਗਲਤ ਪੇਸ਼ਕਾਰੀ ਹੈ। ਇਨਕਲਾਬ ਵਿੱਚ ਜੇ ਕਿਸੇ ਦੀ ਖਾਸ ਭੂਮਿਕਾ ਰਹੀ ਹੈ, ਉਹ ਸਿਰਫ ਲੈਨਿਨ ਸਨ।3 ਇਸ ਵਿੱਚ, ਸ਼ਾਇਦ ਹੀ ਕਿਸੇ ਨੂੰ ਕੋਈ ਸ਼ੱਕ ਹੋਵੇ।

ਬ੍ਰੈਸਤ ਲਿਤੋਵਸਕ ਦੀ ਸੰਧੀ  

ਇਨਕਲਾਬ ਤੋਂ ਬਾਅਦ ਤ੍ਰਾਤਸਕੀ ਨੂੰ ਵਿਦੇਸ਼ੀ ਮਾਮਲਿਆਂ ਦਾ ਕੁਮੀਸਾਰ ਬਣਾਇਆ ਗਿਆ ਸੀ। ਜਿਵੇਂ ਕਿ ਸਭ ਨੂੰ ਪਤਾ ਹੈ ਕਿ ਲੈਨਿਨ ਯੁੱਧ ਵਿੱਚ ਅਮਨ ਸੰਧੀ ਕਰਕੇ ਘਰੇਲੂ ਮੋਰਚੇ ਉੱਤੇ ਧਿਆਨ ਕੇਂਦਰਤ ਕਰਨ ਦੇ ਪੱਖੀ ਸਨ, ਇਸ ਲਈ ਉਹਨਾਂ ਦਾ ਜ਼ੋਰ ਕਿਸੇ ਵੀ ਤਰ੍ਹਾਂ ਨਾਲ਼ ਜੰਗ ਵਿੱਚੋਂ ਬਾਹਰ ਨਿਕਲਣ ਉੱਤੇ ਸੀ। ਪਰ ਅਮਨ-ਸੰਧੀ ਕਰਨ ਉੱਤੇ ਪਾਰਟੀ ਵਿੱਚ ਤਿੱਖੇ ਮਤਭੇਦ ਸਨ। ਲੈਨਿਨ, ਸਤਾਲਿਨ ਅਤੇ ਸਵੇਰਦਲੋਵ ਕਿਸੇ ਵੀ ਕੀਮਤ ‘ਤੇ ਜਰਮਨੀ ਨਾਲ਼ ਅਮਨ-ਸੰਧੀ ਦੇ ਪੱਖ ਵਿੱਚ ਸਨ ਕਿਉਂਕਿ ਉਹਨਾਂ ਅਨੁਸਾਰ ਨਵ-ਜੰਮਿਆ ਸੋਵੀਅਤ ਰਾਜ ਦੋ ਮੋਰਚਿਆਂ, ਵਿਦੇਸ਼ੀ ਅਤੇ ਘਰੋਗੀ, ਉੱਪਰ ਇੱਕੋ ਵੇਲੇ ਨਹੀਂ ਲੜ ਸਕਦਾ ਸੀ। ਲੈਨਿਨ ਦਾ ਕਹਿਣਾ ਸੀ ਕਿ ਬਾਹਰੀ ਮੋਰਚੇ ‘ਤੇ ਅਮਨ ਸਥਾਪਤ ਕਰਕੇ ਘਰੋਗੀ ਹਾਲਤ ਨਾਲ਼ ਨਿਪਟਿਆ ਜਾਵੇ, ਜੋ ਇਲਾਕੇ ਅਮਨ-ਸੰਧੀ ਦੌਰਾਨ ਜਰਮਨਾਂ ਨੂੰ ਲਈ ਛੱਡਣੇ ਪੈਣਗੇ ਉਹ ਵਾਪਿਸ ਲਏ ਜਾ ਸਕਦੇ ਹਨ ਜੇ ਸੋਵੀਅਤ ਰਾਜ ਟਿਕ ਜਾਂਦਾ ਹੈ। ਜਦਕਿ ਬੁਖਾਰਿਨ, ਰਾਦੇਕ ਆਦਿ “ਖੱਬੇ ਕਮਿਊਨਿਸਟਾਂ” ਦਾ ਕਹਿਣਾ ਸੀ ਕਿ ਇਨਕਲਾਬੀ ਜੰਗ ਲੜੀ ਜਾਵੇ। ਤ੍ਰਾਤਸਕੀ ਨੇ ਇੱਥੇ ਵੀ ਆਪਣੀ “ਬੌਧਿਕਤਾ” ਦਿਖਾਈ। ਉਸ ਅਨੁਸਾਰ ਅਸੀਂ ਜੰਗ ਵੀ ਨਹੀਂ ਲੜਨੀ ਤੇ ਅਮਨ ਸੰਧੀ ਵੀ ਨਹੀਂ ਕਰਨੀ (ਨਾ ਜੰਗ, ਨਾ ਅਮਨ), ਬੱਸ ਫੌਜ ਨੂੰ ਖਿੰਡਾਅ ਦਿੱਤਾ ਜਾਵੇ।

ਦਸੰਬਰ, 1917 ਦੇ ਪਹਿਲੇ ਹਫਤੇ ਵਿੱਚ ਜਰਮਨੀ ਅਤੇ ਰੂਸ ਵਿੱਚ ਯੁੱਧਬੰਦੀ ਹੋ ਗਈ ਅਤੇ ਅਮਨ-ਵਾਰਤਾ ਸ਼ੁਰੂ ਹੋਈ। ਇਹ ਅਮਨ-ਵਾਰਤਾ ਕਈ ਹਫਤਿਆਂ ਤੱਕ ਚੱਲੀ, ਜਿਸ ਦੌਰਾਨ ਲੈਨਿਨ ਕੇਂਦਰੀ ਕਮੇਟੀ ਨੂੰ ਅਮਨ-ਸੰਧੀ ਲਈ ਮਨਾਉਂਦੇ ਰਹੇ ਪਰ ਉਹ ਲਗਾਤਾਰ ਘੱਟਗਿਣਤੀ ਵਿੱਚ ਸਨ। ਉਧਰ, ਜਰਮਨੀ ਦੀਆਂ ਸ਼ਰਤਾਂ ਦਿਨੋ-ਦਿਨ ਤਿੱਖੀਆਂ ਹੁੰਦੀਆਂ ਜਾ ਰਹੀਆਂ ਸਨ। ਜਰਮਨੀ ਨੇ 9 ਫਰਵਰੀ, 1918 ਨੂੰ ਯੂਕਰੇਨ ਨਾਲ਼ ਵੱਖਰੀ ਸੰਧੀ ਕਰ ਲਈ, ਤਾਂ ਤ੍ਰਾਤਸਕੀ ਜੋ ਕਿ ਰੂਸ ਵੱਲੋਂ ਅਮਨ-ਸੰਧੀ ਲਈ ਵਾਰਤਾ ਦਾ ਮੁਖੀ ਸੀ, ਨੇ ਇਕਪਾਸੜ ਤੌਰ ‘ਤੇ ਬਿਨਾਂ ਅਮਨ-ਸੰਧੀ ਕੀਤੇ, ਬਿਨਾਂ ਪਾਰਟੀ ਦੀ ਰਾਇ ਲਏ ਵਾਰਤਾ ਖਤਮ ਕਰ ਦਿੱਤੀ ਅਤੇ ਰੂਸ ਦੇ ਜੰਗ ਵਿੱਚੋਂ ਬਾਹਰ ਨਿਕਲਣ ਦਾ ਐਲਾਨ ਕਰ ਦਿੱਤਾ। ਉਸਦੇ ਖਿਆਲ ਅਨੁਸਾਰ ਸੋਵੀਅਤ ਸਰਕਾਰ ਦਾ ਵਤੀਰਾ ਜਰਮਨ ਪ੍ਰੋਲੇਤਾਰੀ ਨੂੰ ਵਿਦਰੋਹ ਕਰਨ ਲਈ ਉਤਸ਼ਾਹਿਤ ਕਰੇਗਾ ਅਤੇ ਜਰਮਨੀ ‘ਚ ਇਨਕਲਾਬ ਹੋ ਜਾਣ ‘ਤੇ ਹੀ ਰੂਸ ‘ਚ ਮਜ਼ਦੂਰ ਰਾਜ ਟਿਕ ਸਕੇਗਾ ( Permanant Revolution!)। ਪਰ ਅਮਲ ‘ਚ ਇਸਦਾ ਸਿੱਟਾ ਇਹ ਸੀ ਕਿ ਜਰਮਨੀ ਦੇ ਫੌਜੀਆਂ ਨੇ ਸਿਰਫ ਰੇਲਗੱਡੀ ‘ਚ ਬੈਠਕੇ ਮਾਸਕੋ ਵੱਲ ਰਵਾਨਗੀ ਪਾਉਣੀ ਸੀ ਤੇ ਉਹਨਾਂ ਨੇ ਜਿੱਤ ਜਾਣਾ ਸੀ ਕਿਉਂਕਿ ਉਹਨਾਂ ਨੂੰ ਰੋਕਣ ਲਈ ਕੋਈ ਫੌਜ ਹੀ ਨਹੀਂ ਹੋਣੀ ਸੀ। ਸਚਮੁੱਚ ਜਰਮਨਾਂ ਨੇ ਲੱਗਭੱਗ ਇਹੀ ਕੀਤਾ ਅਤੇ ਉਹਨਾਂ ਨੇ ਚਾਰ ਦਿਨਾਂ ਵਿੱਚ 100 ਮੀਲ ਅੰਦਰ ਤੱਕ ਮਾਰਚ ਕਰ ਦਿੱਤਾ ਤੇ ਮਾਸਕੋ ‘ਤੇ ਕਬਜ਼ਾ ਕਰ ਲੈਣ ਦੇ ਨੇੜੇ ਪਹੁੰਚ ਗਏ। ਆਖਿਰਕਾਰ 3 ਮਾਰਚ, 1918 ਨੂੰ ਪਹਿਲਾਂ ਨਾਲ਼ੋਂ ਵੀ ਜ਼ਿਆਦਾ ਅਪਮਾਨਜਨਕ ਸੰਧੀ ਕਰਕੇ ਉਹਨਾਂ ਨੂੰ ਰੋਕਿਆ ਗਿਆ, ਨਹੀਂ ਤਾਂ ਸੋਵੀਅਤ ਰੂਸ ਨੂੰ ਬਹੁਤ ਵੱਡੀ ਕੀਮਤ ਚੁਕਾਉਣੀ ਪੈ ਸਕਦੀ ਸੀ। ਇਸ ਤੋਂ ਬਾਅਦ ਤ੍ਰਾਤਸਕੀ ਨੂੰ ਵਿਦੇਸ਼ੀ ਮਾਮਲਿਆਂ ਬਾਰੇ ਕੁਮੀਸਾਰ ਵਜੋਂ ਅਸਤੀਫਾ ਦੇਣਾ ਪਿਆ।

ਬ੍ਰੈਸਤ-ਲਿਤੋਵਸਕ ਅਮਨ-ਵਾਰਤਾ ਦੌਰਾਨ ਵੀ ਸਤਾਲਿਨ ਦੀ ਭੂਮਿਕਾ ਇਨਕਲਾਬ ਲਈ ਅਹਿਮ ਸੀ, ਲੈਨਿਨ ਦਾ ਡਟ ਕੇ ਸਾਥ ਦੇਣ ਵਾਲੇ ਉਹ ਤੇ ਸਵੇਰਦਲੋਵ ਸਨ। ਪਰ ਅਜੇ ਵੀ ਤ੍ਰਾਤਸਕੀਵਾਦੀ ਅਤੇ ਬੁਰਜੂਆ ਮੀਡੀਆ ਇਹ ਕਹਿੰਦੇ ਨਹੀਂ ਥੱਕਦੇ ਕਿ ਸਤਾਲਿਨ ਇਨਕਲਾਬ ਦਾ ਦੂਜੀ-ਤੀਜੀ ਕਤਾਰ ਦਾ ਆਗੂ ਸੀ!!

ਇਨਕਲਾਬ ਤੋਂ ਬਾਅਦ ਘਰੇਲੂ ਜੰਗ ਵਿੱਚ ਅਕਸਰ ਯੁੱਧ ਲੋਕ ਕੁਮੀਸਾਰ ਹੋਣ ਕਰਕੇ ਲਾਲ ਫੌਜ ਖੜੀ ਕਰਨ ਅਤੇ ਘਰੇਲੂ ਜੰਗ ਵਿੱਚ ਜਿੱਤ ਹਾਸਲ ਕਰਨ ‘ਚ ਤ੍ਰਾਤਸਕੀ ਦੀ ਹੀ ਮੁੱਖ ਭੂਮਿਕਾ ਦੱਸੀ ਜਾਂਦੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਤ੍ਰਾਤਸਕੀ ਦੀ ਇਸ ਸਮੇਂ ਦੌਰਾਨ ਅਹਿਮ ਭੂਮਿਕਾ ਰਹੀ ਹੈ, ਪਰ ਇਸਦਾ ਇਹ ਮਤਲਬ ਉੱਕਾ ਹੀ ਨਹੀਂ ਹੈ ਕਿ ਸਤਾਲਿਨ ਦਾ ਘਰੇਲੂ ਜੰਗ ਨਾਲ਼ ਕੋਈ ਵਾਹ-ਵਾਸਤਾ ਨਹੀਂ ਸੀ, ਜਾਂ ਤ੍ਰਾਤਸਕੀ ਹੀ ਇੱਕੋ-ਇੱਕ “ਜਰਨੈਲ” ਸੀ। ਸਗੋਂ ਮਾਮਲਾ ਕੁਝ ਹੱਦ ਉਲਟਾ ਸੀ, ਸਤਾਲਿਨ ਨੂੰ ਘਰੇਲੂ ਜੰਗ ਦੇ ਹਰ ਅਹਿਮ ਮੋਰਚੇ ਉੱਤੇ ਭੇਜਿਆ ਗਿਆ ਅਤੇ ਲਾਲ ਫੌਜ ਨੇ ਉਹਨਾਂ ਦੀ ਅਗਵਾਈ ਹਰ ਮੋਰਚੇ ਉੱਤੇ ਜਿੱਤ ਹਾਸਲ ਕੀਤੀ, ਇਹ ਮੋਰਚਾ ਭਾਵੇਂ ਦੱਖਣੀ ਰੂਸ ਦਾ ਹੋਵੇ, ਜਾਰਤੀਸਨ ਦਾ ਹੋਵੇ ਜਾਂ ਪੂਰਬ ਵਿੱਚ ਪੇਰਮ, ਜਾਂ ਫਿਰ ਯੂਕਰੇਨ ਜਾਂ ਫਿਰ ਮਾਸਕੋ ਦਾ ਹੋਵੇ। ਇਕੱਲਾ ਸਤਾਲਿਨ ਹੀ ਨਹੀਂ, ਵੋਰੋਸ਼ਿਲੋਵ ਤੇ ਹੋਰ ਕਿੰਨੇ ਹੀ ਕਮਿਊਨਿਸਟ ਸਨ ਜਿਹਨਾਂ ਨੇ ਲਾਲ ਫੌਜ ਦੀ ਜਿੱਤ ਵਿੱਚ ਅਹਿਮ ਯੋਗਦਾਨ ਪਾਇਆ। ਅਸੀਂ ਸਿਰਫ ਇੱਕ ਮਿਸਾਲ ਲਵਾਂਗੇ – ਲਾਲ ਫੌਜ਼ ਜਦੋਂ ਬਹੁਤੇ ਮੋਰਚਿਆਂ ‘ਤੇ ਹਾਰ ਰਹੀ ਸੀ ਅਤੇ ਸੋਵੀਅਤ ਗਣਰਾਜ ਲਈ ਅਨਾਜ ਦੀ ਸਪਲਾਈ ਬਣਾਈ ਰੱਖਣਾ ਜ਼ਿੰਦਗੀ-ਮੌਤ ਦਾ ਸਵਾਲ ਬਣ ਗਿਆ ਸੀ ਤਾਂ ਅਜਿਹੇ ਸਮੇਂ ‘ਚ ਸਤਾਲਿਨ ਨੂੰ ਵੋਲਗਾ ਕਿਨਾਰੇ ਵਸੇ ਸ਼ਹਿਰ ਜਾਰਤੀਸਿਨ ਦੇ ਮੋਰਚੇ ‘ਤੇ ਕੇਂਦਰੀ ਕਮੇਟੀ ਦੇ ਸਪੈਸ਼ਲ ਨਿਰਦੇਸ਼ਾਂ ਹੇਠ ਭੇਜਿਆ ਗਿਆ। ਸਤਾਲਿਨ ਨੇ ਨਾ ਸਿਰਫ ਅਨਾਜ ਦੀ ਸਪਲਾਈ ਬਹਾਲ ਕਰਵਾਈ, ਸਗੋਂ ਲਾਲ ਫੌਜ ਨੂੰ ਜੇਤੂ ਲੀਹ ‘ਤੇ ਪਾਇਆ। ਭਾਵੇਂ ਤ੍ਰਾਤਸਕੀਪੰਥੀ ਇਸ ਸੱਚਾਈ ਨੂੰ ਨਕਾਰਦੇ ਹਨ, ਪਰ ਉਸ ਸਮੇਂ ਕੇਂਦਰੀ ਕਮੇਟੀ, ਲੈਨਿਨ ਅਤੇ ਸਤਾਲਿਨ ਵਿਚ ਹੁੰਦੀ ਵਾਰਤਾਲਾਪ, ਸੰਦੇਸ਼ ਅਤੇ ਨਿਰਦੇਸ਼ ਇਸ ਗੱਲ ਦੀ ਸਪੱਸਟ ਗਵਾਹੀ ਭਰਦੇ ਹਨ। ਅਸਲ ਵਿੱਚ ਜੇ 1918-20 ਦੇ ਦੌਰ ਦੀਆਂ ਸਤਾਲਿਨ ਦੀਆਂ ਲਿਖਤਾਂ ਦੇਖੀਆਂ ਜਾਣ ਤਾਂ ਇਹ ਵੱਖ-ਵੱਖ ਮੋਰਚਿਆਂ ਤੋਂ ਤਾਰਾਂ, ਰਿਪੋਟਾਂ, ਸੰਦੇਸ਼ਾਂ ਨਾਲ਼ ਭਰੀਆਂ ਪਈਆਂ ਹਨ। ਜਦੋਂ ਦੱਖਣੀ ਰੂਸ ਵਿੱਚ ਲਾਲ ਫੌਜ ਬੁਰੀ ਤਰ੍ਹਾਂ ਮਾਰ ਖਾ ਰਹੀ ਸੀ ਅਤੇ ਪੂਰਾ ਮੋਰਚਾ ਖਿੰਡਿਆ ਹੋਇਆ ਸੀ ਤਾਂ 29 ਮਈ, 1918 ਨੂੰ ਲੋਕ ਕੁਮਿਸਾਰਾਂ ਦੀ ਕੌਂਸਲ ਨੇ ਸਤਾਲਿਨ ਨੂੰ ਦੱਖਣੀ ਰੂਸ ਵਿੱਚ ਖੁਰਾਕ ਦੇ ਮਸਲਿਆਂ ਦਾ ਜਨਰਲ ਡਾਇਰੈਕਟਰ ਬਣਾ ਕੇ ਭੇਜਿਆ।

ਸਤਾਲਿਨ “ਸਾਜਿਸ਼ ਕਰਕੇ ਪਾਰਟੀ ਦੇ ਜਨਰਲ ਸੈਕਟਰੀ ਬਣੇ!”

ਇਹ ਇਲਜ਼ਾਮ-ਤਰਾਸ਼ੀ ਸਭ ਤੋਂ ਪਹਿਲਾਂ ਖੁਦ ਤ੍ਰਾਤਸਕੀ ਤੇ ਫਿਰ ਤ੍ਰਾਤਸਕੀਪੰਥੀਆਂ ਨੇ ਸ਼ੁਰੂ ਕੀਤੀ ਅਤੇ ਉਸ ਤੋਂ ਬਾਅਦ ਬੁਰਜੂਆ ਮੀਡੀਆ ਨੇ ਤ੍ਰਾਤਸਕੀਪੰਥੀਆਂ ਦੇ ਇਸ ਕੂੜ-ਪ੍ਰਚਾਰ ਨੂੰ ਪੂਰੇ ਪ੍ਰਿਥਵੀ ਗ੍ਰਹਿ ਉੱਤੇ ਪ੍ਰਚਾਰਨ ‘ਚ ਕੋਈ ਕਸਰ ਬਾਕੀ ਨਹੀਂ ਛੱਡੀ। ਭਗੌੜੇ ਅਤੇ ਸੋਧਵਾਦੀ ਆਪਣੇ ਕੂੜ ਪ੍ਰਚਾਰ ਰਾਹੀਂ ਕਿਵੇਂ ਬੁਰਜੂਆਜ਼ੀ ਦੀ ਮਦਦ ਕਰਦੇ ਹਨ, ਇਹ ਉਸਦੀ ਚੰਗੀ ਉਦਾਹਰਨ ਹੈ। ਇਸ ਬਾਰੇ ਸਤੰਬਰ, 1919 ‘ਚ ਕਾਉਟਸਕੀ ਬਾਰੇ ਲਿਖਿਆ ਲੈਨਿਨ ਦਾ ਲੇਖ “ਭਗੌੜਿਆਂ ਨੂੰ ਬੁਰਜੂਆਜ਼ੀ ਕਿਵੇਂ ਵਰਤਦੀ ਹੈ” ਖਾਸ ਤੌਰ ‘ਤੇ ਪੜ੍ਹਨਯੋਗ ਹੈ। ਕੀ ਸਤਾਲਿਨ ਸੱਚੀਂ ਹੀ ਸਾਜਿਸ਼ ਕਰਕੇ ਪਾਰਟੀ ਦੇ ਜਨਰਲ ਸੈਕਟਰੀ ਬਣੇ ਜਿਵੇਂ ਕਿ ਤ੍ਰਾਤਸਕੀਪੰਥੀ ਕਹਿੰਦੇ ਹਨ? ਇਸ ਝੂਠ ਨੂੰ ਨੰਗਾ ਕਰਨ ਲਈ ਕੇਵਲ ਤੱਥ ਦੇਣ ਦੀ ਹੀ ਲੋੜ ਹੈ। ਸਤਾਲਿਨ ਜਨਰਲ ਸੈਕਟਰੀ ਕਦੋਂ ਬਣਦੇ ਹਨ? 23 ਅਪ੍ਰੈਲ, 1922 ਵਿੱਚ, ਅਤੇ ਸਤਾਲਿਨ ਨੂੰ ਜਨਰਲ ਸੈਕਟਰੀ ਬਣਾਉਣ ਦਾ ਸੁਝਾਅ ਕਿਸਨੇ ਰੱਖਿਆ ਸੀ, ਖੁਦ ਲੈਨਿਨ ਨੇ।4 ਇਸ ਤਾਰੀਖ ਤੋਂ ਬਾਅਦ ਲੈਨਿਨ ਨੇ ਜਿਹੜੇ ਖਤ ਸਤਾਲਿਨ ਲਈ ਲਿਖੇ ਹਨ, ਉਹਨਾਂ ਵਿੱਚ ਅਕਸਰ ਉਹ “ਵੱਲ, ਸਤਾਲਿਨ ਜਨਰਲ ਸੈਕਟਰੀ, ਕੇਂਦਰੀ ਕਮੇਟੀ” ਲਿਖਦੇ ਹਨ। ਇਸਦਾ ਮਤਲਬ ਸਾਫ ਹੈ ਕਿ ਲੈਨਿਨ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਸਤਾਲਿਨ ਕਿਸ ਪਦ ਉੱਤੇ ਕੰਮ ਰਹੇ ਸਨ!

ਅਕਸਰ ਤ੍ਰਾਤਸਕੀਪੰਥੀ ਕਹਿੰਦੇ ਹਨ ਕਿ ਸਤਾਲਿਨ ਦੋਇਮ ਦਰਜੇ ਦਾ ਨੇਤਾ ਸੀ, ਮੁੱਖ ਨੇਤਾ ਤਾਂ ਲੈਨਿਨ ਤੇ ਤ੍ਰਾਤਸਕੀ ਸਨ। ਕੀ ਅਜਿਹਾ ਸੀ? ਤੱਥ ਇੱਥੇ ਵੀ ਕੋਈ ਰਹਿਮ ਨਹੀਂ ਵਿਖਾਉਂਦੇ। ਜਿਵੇਂ ਕਿ ਅਸੀਂ ਪਹਿਲਾਂ ਜ਼ਿਕਰ ਕੀਤਾ ਹੈ, ਸਤਾਲਿਨ ਨੇ ਜੁਲਾਈ, 1917 ਦੀ ਪਾਰਟੀ ਕਾਂਗਰਸ ਵੇਲੇ ਕੇਂਦਰੀ ਕਮੇਟੀ ਦੀ ਰਿਪੋਰਟ ਪੇਸ਼ ਕੀਤੀ ਸੀ, ਕਿਉਂਕਿ ਲੈਨਿਨ ਉਸ ਸਮੇਂ ਰੂਪੋਸ਼ ਸਨ। ਸਤਾਲਿਨ 1922 ਵਿੱਚ ਪਾਰਟੀ ਦੇ ਇੱਕੋ-ਇੱਕ ਵਿਅਕਤੀ ਸਨ ਜਿਹੜੇ ਪੋਲਿਟਬਿਊਰੋ, ਜਥੇਬੰਦਕ ਬਿਊਰੋ ਅਤੇ ਪਾਰਟੀ ਸੈਕਟਰੀਏਟ, ਸਭਨਾਂ ਦੇ ਮੈਂਬਰ ਸਨ। ਮਾਰਚ-ਅਪ੍ਰੈਲ, 1922 ਦੀ ਗਿਆਰਵੀਂ ਪਾਰਟੀ ਕਾਂਗਰਸ ਵੇਲੇ ਸਤਾਲਿਨ ਨੂੰ ਕੌਮੀਅਤਾਂ ਦੇ ਮਾਮਲਿਆਂ ਦੇ ਲੋਕ-ਕੁਮਿਸਾਰ ਦੇ ਨਾਲ਼-ਨਾਲ਼ ਮਜਦੂਰ ਤੇ ਕਿਸਾਨ ਜਾਂਚ-ਪੜਤਾਲ ਮਹਿਕਮੇ ਦਾ ਕੁਮਿਸਾਰ ਵੀ ਨਿਯੁਕਤ ਕਰਨ ਦਾ ਫੈਸਲਾ ਹੋਇਆ ਤਾਂ ਪ੍ਰੀਓਬਰਾਜੇਂਸਕੀ ਨੇ ਇਤਰਾਜ ਉਠਾਇਆ, ਜਿਸਦਾ ਜਵਾਬ ਲੈਨਿਨ ਨੇ ਦਿੱਤਾ:

“ਸਾਨੂੰ ਇੱਕ ਅਜਿਹਾ ਵਿਅਕਤੀ ਚਾਹੀਦਾ ਹੈ ਜਿਸ ਕੋਲ ਕਿਸੇ ਵੀ ਕੌਮ ਦਾ ਵਿਅਕਤੀ ਬੇਝਿਜਕ ਜਾ ਸਕੇ ਤੇ ਆਪਣੀ ਪੂਰੀ ਗੱਲ ਕਹਿ ਸਕੇ… ਮੇਰਾ ਨਹੀਂ ਖਿਆਲ ਕਿ ਕਾਮਰੇਡ ਪ੍ਰੀਓਬਰਾਜੇਂਸਕੀ ਇਸ ਕੰਮ ਲਈ ਕਾਮਰੇਡ ਸਤਾਲਿਨ ਤੋਂ ਵੱਧ ਯੋਗ ਵਿਅਕਤੀ ਸੁਝਾ ਸਕਦੇ ਹਨ। ਅਜਿਹਾ ਹੀ ਮਜਦੂਰ ਤੇ ਕਿਸਾਨ ਜਾਂਚ-ਪੜਤਾਲ ਦੇ ਸੰਬੰਧ ‘ਚ ਹੈ। ਇਹ ਇੱਕ ਵਿਸ਼ਾਲ ਕੰਮ ਹੈ, ਪੜਤਾਲਾਂ ਦੇ ਕੰਮ ਨੂੰ ਸੰਭਾਲਣ ਲਈ ਇੱਕ ਅਜਿਹਾ ਆਦਮੀ ਚਾਹੀਦਾ ਹੈ ਜਿਸ ਦੀ ਆਮ ਲੋਕਾਂ ‘ਚ ਉੱਚੀ ਕਦਰ ਹੋਵੇ, ਨਹੀਂ ਤਾਂ ਅਸੀਂ ਨਿੱਕੀਆਂ-ਨਿੱਕੀਆਂ ਸਾਜਿਸ਼ਾਂ ਵਿੱਚ ਡੁੱਬ ਜਾਵਾਂਗੇ ਅਤੇ ਉਹ ਸਾਡੇ ਉੱਤੇ ਭਾਰੀ ਪੈਣਗੀਆਂ।”5

ਇਸ ਤਰ੍ਹਾਂ ਸਾਫ ਹੈ ਕਿ ਇਸ ਕੂੜ ਪ੍ਰਚਾਰ ਵਿੱਚ ਰੱਤੀਭਰ ਵੀ ਸੱਚਾਈ ਨਹੀਂ ਹੈ, ਅਤੇ ਜੇ ਸੱਚਾਈ ਹੈ ਤਾਂ ਲੈਨਿਨ ਖੁਦ ਇਸ ਸਾਜਿਸ਼ ਵਿੱਚ ਸ਼ਾਮਿਲ ਸਨ!!

“ਲੈਨਿਨ ਦੀ ਵਸੀਅਤ”  

ਸਭ ਤੋਂ ਪਹਿਲਾਂ ਅਸੀਂ ਲੈਨਿਨ ਦੀ ਵਸੀਅਤ ਬਾਰੇ ਕੁਝ ਤੱਥਾਂ ਨੂੰ ਦੇਖਦੇ ਹਾਂ, ਕਿਉਂਕਿ ਤੱਥ ਹੀ ਉਹ ਚੀਜ ਹਨ ਜਿੰਨ੍ਹਾਂ ਤੋਂ ਤ੍ਰਾਤਸਕੀ ਤੇ ਤ੍ਰਾਤਸਕੀਪੰਥੀ ਅਤੇ ਬੁਰਜੂਆ ਪ੍ਰਾਪੇਗੰਡਾ ਭੱਜਣਾ ਚਾਹੁੰਦੇ ਹਨ। “ਲੈਨਿਨ ਦੀ ਵਸੀਅਤ” ਨਾਮ ਮੈਕਸ ਈਸਟਮੈਨ ਨੇ ਘੜਿਆ, ਜਿਸਨੇ ਆਪਣੀ ਕਿਤਾਬ “ਸਿਨਸ ਲੈਨਿਨ ਡਾਈਡ” (1925) ਵਿੱਚ ਇਹ ਸ਼ਬਦ ਵਰਤੇ ਅਤੇ ਲਿਖਿਆ ਕਿ ਲੈਨਿਨ ਦੇ ਲਿਖੇ ਆਖਰੀ ਦਸਤਾਵੇਜ ਜਿੰਨ੍ਹਾਂ ਵਿੱਚ ਕੌਮੀ ਸਵਾਲ ਉੱਤੇ ਨੋਟਸ, ਲੈਨਿਨ ਦੀ “ਵਸੀਅਤ” ਅਤੇ ਹੋਰ ਅਹਿਮ ਦਸਤਾਵੇਜ ਹਨ, ਆਮ ਲੋਕਾਂ ਅਤੇ ਪਾਰਟੀ ਮੈਂਬਰਾਂ ਤੋਂ ਲੁਕਾਏ ਗਏ ਹਨ। ਤ੍ਰਾਤਸਕੀ ਨੇ ਉਸ ਸਮੇਂ ਇਹਨਾਂ ਇੰਕਸਾਫ਼ਾਂ ਦਾ ਜਵਾਬ ਦਿੱਤਾ:

“ਆਪਣੀ ਕਿਤਾਬ ਵਿੱਚ ਕਈ ਥਾਵਾਂ ਉੱਤੇ ਈਸਟਮੈਨ ਕਹਿੰਦਾ ਹੈ ਕਿ ਲੈਨਿਨ ਵੱਲੋਂ ਆਪਣੇ ਆਖਰੀ ਦਿਨਾਂ ਵਿੱਚ ਬਹੁਤ ਹੀ ਅਹਿਮ ਦਸਤਾਵੇਜ ਕੇਂਦਰੀ ਕਮੇਟੀ ਨੇ ਪਾਰਟੀ ਤੋਂ ਲੁਕਾਏ ਹਨ… ਇਸਨੂੰ ਸਾਡੀ ਪਾਰਟੀ ਦੀ ਕੇਂਦਰੀ ਕਮੇਟੀ ਖਿਲਾਫ ਕੂੜ-ਪ੍ਰਚਾਰ ਤੋਂ ਬਿਨਾਂ ਹੋਰ ਕੋਈ ਨਾਮ ਨਹੀਂ ਦਿੱਤਾ ਜਾ ਸਕਦਾ। ਈਸਟਮੈਨ ਦੇ ਲਿਖਣ ਤੋਂ ਲੱਗਦਾ ਹੈ ਕਿ ਵਲਾਦੀਮੀਰ ਇਲਿਚ (ਲੈਨਿਨ – ਲੇਖਕ) ਇਹਨਾਂ ਦਸਤਾਵੇਜਾਂ ਨੂੰ ਛਪਵਾਉਣਾ ਚਾਹੁੰਦੇ ਸਨ… ਤੱਥ ਇਹ ਹੈ ਕਿ ਇਹ ਮੁੱਢੋਂ ਹੀ ਝੂਠ ਹੈ… ਇਸ ਵਿੱਚ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਇਹ ਚਿੱਠੀਆਂ ਅਤੇ ਸੁਝਾਅ ਪਾਰਟੀ ਦੀ 12ਵੀਂ ਅਤੇ 13ਵੀਂ ਕਾਂਗਰਸ ਮੌਕੇ ਡੈਲੀਗੇਟਾਂ ਦੇ ਧਿਆਨ ਵਿੱਚ ਲਿਆਂਦੇ ਗਏ ਸਨ… ਜੇ ਇਹ ਛਾਪੇ ਨਹੀਂ ਗਏ ਤਾਂ ਇਸਦਾ ਕਾਰਨ ਇਹ ਸੀ ਕਿ ਇਹਨਾਂ ਦੇ ਲੇਖਕ ਨੇ ਛਪਵਾਉਣ ਲਈ ਨਹੀਂ ਲਿਖੇ ਸਨ। ਵਲਾਦੀਮੀਰ ਇਲਿਚ ਨੇ ਕੋਈ “ਵਸੀਅਤ” ਨਹੀਂ ਲਿਖੀ, ਅਤੇ ਪਾਰਟੀ ਪ੍ਰਤੀ ਉਹਨਾਂ ਦੇ ਨਜਰੀਏ ਦਾ ਖਾਸਾ, ਨਾਲ਼ ਦੀ ਨਾਲ਼ ਪਾਰਟੀ ਦਾ ਖੁਦ ਦਾ ਖਾਸਾ ਹੀ ਅਜਿਹੀ ਕਿਸੇ ਵਸੀਅਤ ਦੀ ਸੰਭਾਵਨਾ ਨੂੰ ਰੱਦ ਕਰਦਾ ਹੈ। ਬਾਹਰ ਸ਼ਰਨ ਲੈ ਕੇ ਬੈਠੇ ਲੋਕਾਂ, ਵਿਦੇਸ਼ੀ ਬੁਰਜੂਆਜ਼ੀ ਅਤੇ ਮੈਨਸ਼ਵਿਕ ਪ੍ਰੈੱਸ ਵੱਲੋਂ ਜਿਸਨੂੰ “ਵਸੀਅਤ” ਕਿਹਾ ਜਾਂਦਾ ਹੈ (ਮੰਨਣਯੋਗ ਹੋਣ ਤੋਂ ਬਾਹਰੀ ਹੱਦ ਤੱਕ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ), ਉਹ ਅਸਲ ਵਿੱਚ ਲੈਨਿਨ ਦਾ ਖਤ ਹੈ ਜਿੰਨ੍ਹਾਂ ਵਿੱਚ ਜਥੇਬੰਦਕ ਮਸਲਿਆਂ ਉੱਤੇ ਸੁਝਾ ਹਨ। 13ਵੀਂ ਕਾਂਗਰਸ ਨੇ ਖਤ ਉੱਤੇ ਨੇੜਿਓਂ ਨਜਰਸਾਨੀ ਕੀਤੀ, ਜਿਵੇਂ ਕਿ ਬਾਕੀਆਂ ਨੂੰ ਵੀ ਵਾਚਿਆ ਗਿਆ, ਅਤੇ ਸਮ,ੇਂ ਹਾਲਤਾਂ ਅਤੇ ਪ੍ਰਸਥਿਤੀਆਂ ਅਨੁਸਾਰ ਨਤੀਜੇ ਕੱਢੇ। “ਵਸੀਅਤ” ਨੂੰ ਲੁਕਾਉਣ ਜਾਂ ਉਲੰਘਣਾ ਕਰਨ ਦਾ ਸਾਰਾ ਰੌਲਾਰੱਪਾ ਇੱਕ ਬਦਨੀਤ ਕਾਢ ਹੈ ਅਤੇ ਵਲਾਦੀਮੀਰ ਇਲਿਚ ਦੀਆਂ ਅਸਲ ਇੱਛਾਵਾਂ ਅਤੇ ਉਹਨਾਂ ਵੱਲੋਂ ਖੜੀ ਕੀਤੀ ਗਈ ਪਾਰਟੀ ਦੇ ਹਿਤਾਂ ਦੇ ਪੂਰੀ ਤਰ੍ਹਾਂ ਖਿਲਾਫ ਸੇਧਿਆ ਹੋਇਆ ਹੈ।”6

ਇਹੀ ਤ੍ਰਾਤਸਕੀ, ਜਿਹੜਾ ਵਸੀਅਤ ਨੂੰ “ਇੱਕ ਬਦਨੀਤ ਕਾਢ”, “ਕੂੜ-ਪ੍ਰਚਾਰ”, “ਮੁੱਢੋਂ ਹੀ ਝੂਠ”, “ਵਲਾਦੀਮੀਰ ਇਲਿਚ ਦੀਆਂ ਅਸਲ ਇੱਛਾਵਾਂ ਅਤੇ ਉਹਨਾਂ ਵੱਲੋਂ ਖੜੀ ਕੀਤੀ ਗਈ ਪਾਰਟੀ ਦੇ ਹਿਤਾਂ ਦੇ ਪੂਰੀ ਤਰ੍ਹਾਂ ਖਿਲਾਫ ਸੇਧਿਆ ਹੋਇਆ” ਆਖ ਰਿਹਾ ਸੀ, 1934 ਵਿੱਚ ਖੁਦ ਉਹੀ ਸਭ ਕੁਝ ਕਰ ਰਿਹਾ ਸੀ, ਜਿਸ ਲਈ ਉਸਨੇ ਕਦੇ ਈਸਟਮੈਨ, ਪਰਵਾਸੀਆਂ, ਬੁਰਜੂਆ ਪ੍ਰੈੱਸ ਤੇ ਮੈਨਸ਼ਵਿਕਾਂ ਨੂੰ ਭੰਡਿਆ ਸੀ। ਪਰ ਇਸਨੂੰ ਸਮਝਣਾ ਕੁਝ ਔਖਾ ਨਹੀਂ ਹੈ। 1925 ਵਿੱਚ ਈਸਟਮੈਨ, ਪਰਵਾਸੀਆਂ, ਬੁਰਜੂਆ ਪ੍ਰੈੱਸ ਤੇ ਮੈਨਸ਼ਵਿਕਾਂ ਕੋਲ ਬਾਲਸ਼ਵਿਕ ਪਾਰਟੀ ਖਿਲਾਫ ਕਹਿਣ ਨੂੰ ਕੁਝ ਨਹੀਂ ਸੀ, ਸਿਵਾਏ “ਇੱਕ ਬਦਨੀਤ ਕਾਢ”, “ਕੂੜ-ਪ੍ਰਚਾਰ”, “ਮੁੱਢੋਂ ਹੀ ਝੂਠ” ਦੇ; ਇਹੀ ਹਾਲਤ 1930ਵਿਆਂ ਵਿੱਚ ਪਾਰਟੀ ਅਤੇ ਸਤਾਲਿਨ ਖਿਲਾਫ ਆਪਣੇ ਜਿਹਾਦ ਵਿੱਚ ਤ੍ਰਾਤਸਕੀ ਦੀ ਸੀ। ਇੱਕ ਹੋਰ ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਦਸਤਾਵੇਜ ਨੂੰ ਤ੍ਰਾਤਸਕੀ “ਮੰਨਣਯੋਗ ਹੋਣ ਤੋਂ ਬਾਹਰੀ ਹੱਦ ਤੱਕ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ” ਕਹਿ ਰਿਹਾ ਸੀ, ਉਸੇ ਨੂੰ ਉਹ ਇੱਕ ਸਹੀ ਦਸਤਾਵੇਜ ਮੰਨ ਰਿਹਾ ਸੀ! ਈਸਟਮੈਨ ਅਤੇ ਤ੍ਰਾਤਸਕੀ ਦੇ ਘੜੇ ਸ਼ਬਦ

“ਵਸੀਅਤ” ਨੂੰ 20ਵੀਂ ਕਾਂਗਰਸ ਦੀ ਆਪਣੀ “ਇਤਿਹਾਸਿਕ” ਤਕਰੀਰ ਲਈ ਖਰੁਸ਼ਚੇਵ ਨੇ ਉਧਾਰਾ ਲੈ ਲਿਆ।

ਹੁਣ ਦੇਖਦੇ ਹਾਂ ਕਿ ਇਸ “ਵਸੀਅਤ” ਵਿੱਚ ਲਿਖਿਆ ਕੀ ਹੈ? (ਇੱਥੇ ਅਸੀਂ ਉਸ ਪੂਰੇ ਹਿੱਸੇ ਦਾ ਹਵਾਲਾ ਦੇ ਰਹੇ ਹਾਂ ਜੋ ਸਭ ਤੋਂ ਜ਼ਿਆਦਾ ਜ਼ਿਕਰਅਧੀਨ ਆਉਂਦਾ ਰਹਿੰਦਾ ਹੈ):

“ਮੈਂ ਸਥਿਰਤਾ (ਭਾਵ ਕੇਂਦਰੀ ਕਮੇਟੀ ਦੀ ਸਥਿਰਤਾ – ਲੇਖਕ) ਨੂੰ ਨੇੜ ਭਵਿੱਖ ਵਿੱਚ ਫੁੱਟ ਪੈਣ ਤੋਂ ਰੋਕਣ ਲਈ ਗਰੰਟੀ ਵਜੋਂ ਦੇਖਦਾ ਹਾਂ, ਅਤੇ ਮੈਂ ਵਿਅਕਤੀਗਤ ਗੁਣਾਂ ਬਾਰੇ ਕੁਝ ਵਿਚਾਰ ਰੱਖਣਾ ਚਾਹੁੰਦਾ ਹਾਂ।

ਮੇਰੇ ਖਿਆਲ ਅਨੁਸਾਰ ਇਸ ਨਜ਼ਰੀਏ ਤੋਂ  ਸਥਿਰਤਾ ਦੇ ਸਵਾਲ ਨਾਲ਼ ਜੁੜੇ ਅਹਿਮ ਕਾਰਕ ਕੇਂਦਰੀ ਕਮੇਟੀ ਦੇ ਮੈਂਬਰ ਜਿਵੇਂ ਸਤਾਲਿਨ ਅਤੇ ਤ੍ਰਾਤਸਕੀ ਹਨ। ਮੇਰੇ ਖਿਆਲ ਅਨੁਸਾਰ ਉਹਨਾਂ ਵਿਚਾਲੇ ਸਬੰਧ ਫੁੱਟ ਦੇ ਖਤਰੇ ਦਾ ਵੱਡਾ ਹਿੱਸਾ ਹਨ, ਜਿਸ ਤੋਂ ਕਿ ਬਚਿਆ ਜਾ ਸਕਦਾ ਹੈ, ਅਤੇ ਇਹ ਮਕਸਦ, ਮੇਰੀ ਰਾਇ ਵਿੱਚ, ਹੋਰਨਾਂ ਗੱਲਾਂ ਤੋਂ ਇਲਾਵਾ, ਕੇਂਦਰੀ ਕਮੇਟੀ ਦੇ ਮੈਂਬਰਾਂ ਦੀ ਗਿਣਤੀ ਵਧਾ ਕੇ 50 ਤੋਂ 100 ਤੱਕ ਕਰ ਦੇਣ ਨਾਲ਼ ਪੂਰਾ ਹੋ ਸਕਦਾ ਹੈ।

ਕਾਮਰੇਡ ਸਤਾਲਿਨ ਦੇ ਹੱਥਾਂ ਵਿੱਚ, ਜਨਰਲ ਸੈਕਟਰੀ ਬਣ ਜਾਣ ਕਾਰਨ, ਅਸੀਮ ਤਾਕਤ ਆ ਗਈ ਹੈ, ਅਤੇ ਮੈਨੂੰ ਇਸ ਗੱਲ ਦਾ ਪੱਕਾ ਯਕੀਨ ਨਹੀਂ ਹੈ ਕਿ ਉਹ ਹਰ ਸਮੇਂ ਇਸ ਤਾਕਤ ਨੂੰ ਲੋੜੀਂਦੀ ਸਾਵਧਾਨੀ ਨਾਲ਼ ਵਰਤ ਸਕੇਗਾ। ਕਾਮਰੇਡ ਤ੍ਰਾਤਸਕੀ, ਦੂਜੇ ਪਾਸੇ, ਸਿਰਫ ਸਿਰਕੱਢਵੀ ਯੋਗਤਾ ਹੀ ਨਹੀਂ ਰੱਖਦਾ, ਜਿਵੇਂ ਕਿ ਸੰਚਾਰ ਦੇ ਲੋਕ ਕੁਮਿਸਾਰਿਏਤ ਦੇ ਸਵਾਲ ਉੱਤੇ ਉਸਦੇ ਕੇਂਦਰੀ ਕਮੇਟੀ ਖਿਲਾਫ ਸੰਘਰਸ਼ ਨੇ ਪਹਿਲਾਂ ਹੀ ਸਿੱਧ ਕਰ ਦਿੱਤਾ ਹੈ। ਉਹ ਵਿਅਕਤੀਗਤ ਰੂਪ ਵਿੱਚ ਕੇਂਦਰੀ ਕਮੇਟੀ ਦਾ ਸ਼ਾਇਦ ਸਭ ਤੋਂ ਯੋਗ ਵਿਅਕਤੀ ਹੈ, ਪਰ ਉਸ ਨੇ ਖੁਦ ਨੂੰ ਲੋੜੋਂ-ਬਹੁਤਾ ਵਧਾ-ਚੜਾ ਕੇ ਦੇਖਣ ਅਤੇ ਕੰਮ ਦੇ ਸ਼ੁੱਧ ਪ੍ਰਸ਼ਾਸਕੀ ਪੱਖ ਉੱਤੇ ਲੋੜੋਂ-ਬਹੁਤਾ ਜ਼ੋਰ ਦੇਣ ਦਾ ਪ੍ਰਗਟਾਵਾ ਕੀਤਾ ਹੈ।

ਮੌਜੂਦਾ ਕੇਂਦਰੀ ਕਮੇਟੀ ਦੇ ਦੋ ਸਿਰਕੱਢਵੇਂ ਆਗੂਆਂ ਦੇ ਇਹ ਦੋ ਗੁਣ ਅਣਚਾਹੇ ਵਿੱਚ ਹੀ ਫੁੱਟ ਵੱਲ ਲਿਜਾ ਸਕਦੇ ਹਨ, ਅਤੇ ਜੇ ਪਾਰਟੀ ਇਸਨੂੰ ਰੋਕਣ ਲਈ ਕਦਮ ਨਹੀਂ ਉਠਾਉਂਦੀ, ਤਾਂ ਫੁੱਟ ਅਚਾਨਕ ਹੀ ਆ ਸਕਦੀ ਹੈ।

…. ਮੈਂ ਯਾਦ ਕਰ ਸਕਦਾ ਹਾਂ ਕਿ ਜ਼ਿਨੋਵੀਵ ਤੇ ਕਾਮੇਨੇਵ ਨਾਲ਼ ਜੁੜੀ ਅਕਤੂਬਰ ਦੀ ਘਟਨਾ, ਬਿਨਾਂ ਸ਼ੱਕ, ਕੋਈ ਅਚਾਨਕ ਹੋਈ ਘਟਨਾ ਨਹੀਂ ਸੀ, ਪ੍ਰੰਤੂ ਇਸ ਲਈ ਉਹਨਾਂ ਉੱਤੇ ਓਨਾ ਹੀ ਵਿਅਕਤੀਗਤ ਇਲਜ਼ਾਮ ਲਗਾਇਆ ਜਾ ਸਕਦਾ ਹੈ, ਜਿੰਨਾ ਕਿ ਅ-ਬਾਲਸ਼ਵਿਕਵਾਦ ਦਾ ਤ੍ਰਾਤਸਕੀ ਉੱਤੇ।

ਕੇਂਦਰੀ ਕਮੇਟੀ ਦੇ ਨੌਜਵਾਨ ਮੈਂਬਰਾਂ ਵਿੱਚੋਂ, ਮੈਂ ਬੁਖਾਰਿਨ ਅਤੇ ਪਿਆਤਾਕੋਵ ਬਾਰੇ ਕੁਝ ਸ਼ਬਦ ਕਹਿਣਾ ਚਾਹਾਂਗਾ। ਉਹ, ਮੇਰੀ ਰਾਇ ਵਿੱਚ, ਸਭ ਤੋਂ ਸਿਰਕੱਢਵੇਂ (ਨਵਿਆਂ ਵਿੱਚੋਂ) ਵਿਅਕਤੀ ਹਨ, ਅਤੇ ਉਹਨਾਂ ਬਾਰੇ ਇਹ ਗੱਲ ਦਿਮਾਗ ਵਿੱਚ ਹੋਣੀ ਲਾਜਮੀ ਹੈ: ਬੁਖਾਰਿਨ ਨਾ ਸਿਰਫ ਪਾਰਟੀ ਦਾ ਸਭ ਤੋਂ ਕੀਮਤੀ ਅਤੇ ਵੱਡਾ ਸਿਧਾਂਤਕਾਰ ਹੈ; ਉਹ ਸਹੀ ਹੀ ਪਾਰਟੀ ‘ਚ ਹਰਮਨਪਿਆਰਾ ਹੈ, ਪ੍ਰੰਤੂ ਉਸਦੇ ਸਿਧਾਂਤਕ ਨਜ਼ਰੀਏ ਨੂੰ ਬਹੁਤ ਮੁਸ਼ਕਿਲ ਨਾਲ਼ ਹੀ ਖਰੇ ਮਾਰਕਸਵਾਦੀ ਵਜੋਂ ਲਿਆ ਜਾ ਸਕਦਾ ਹੈ, ਕਿਉਂਕਿ ਉਸ ਵਿੱਚ ਕੁਝ ਅਕਾਦਮਿਕ ਜਿਹਾ ਹੈ (ਉਸਨੇ ਕਦੇ ਦਵੰਦਵਾਦ ਦਾ ਅਧਿਐਨ ਨਹੀਂ ਕੀਤਾ, ਅਤੇ, ਮੇਰੇ ਖਿਆਲ ‘ਚ ਉਹ ਇਸਨੂੰ ਪੂਰੀ ਤਰ੍ਹਾਂ ਸਮਝਦਾ ਵੀ ਨਹੀਂ ਹੈ)।

ਦਸੰਬਰ 25: ਜਿੱਥੋਂ ਤੱਕ ਪਿਆਤਾਕੋਵ ਦਾ ਸਵਾਲ ਹੈ, ਬਿਨਾਂ ਸ਼ੱਕ ਉਹ ਮਜਬੂਤ ਇੱਛਾ ਅਤੇ ਸਿਰਕੱਢਵੀਂ ਯੋਗਤਾ ਦਾ ਮਾਲਕ ਹੈ। ਪਰ ਜਿੱਥੇ ਗੰਭੀਰ ਸਿਆਸੀ ਮਸਲੇ ਵਜੋਂ ਕੰਮ ਨੂੰ ਲਿਆ ਜਾਣਾ ਚਾਹੀਦਾ ਹੈ, ਉੱਥੇ ਵੀ ਉਹ ਪ੍ਰਸ਼ਾਸ਼ਨ ਅਤੇ ਕੰਮ ਦੇ ਪ੍ਰਸ਼ਾਸ਼ਕੀ ਪੱਖ ਉੱਤੇ ਜ਼ੋਰ ਰੱਖਦਾ ਹੈ।

ਇਹ ਦੋਵੇਂ ਟਿੱਪਣੀਆਂ, ਬਿਨਾਂ ਸ਼ੱਕ, ਸਿਰਫ ਮੌਜੂਦਾ ਸਥਿਤੀ ਲਈ ਹੀ ਹਨ, ਇਹ ਮੰਨਦੇ ਹੋਏ ਕਿ ਦੋਵੇਂ ਮੋਹਰੀ ਅਤੇ ਪ੍ਰਤੀਬੱਧ ਪਾਰਟੀ ਕਾਰਕੁੰਨ ਹਨ ਜਿਹਨਾਂ ਨੂੰ ਆਪਣਾ ਗਿਆਨ ਵਧਾਉਣ ਅਤੇ ਆਪਣਾ ਇੱਕਪਾਸੜ-ਪੁਣਾ ਠੀਕ ਕਰਨ ਲਈ ਮੌਕਾ ਨਹੀਂ ਮਿਲਿਆ।

ਲੈਨਿਨ
25 ਦਸੰਬਰ, 1922”7

ਇਸ ਪੂਰੇ ਹਵਾਲੇ ਤੋਂ ਸਪੱਸਟ ਹੈ ਕਿ ਲੈਨਿਨ ਨੇ ਇਕੱਲੇ ਸਤਾਲਿਨ ਵਿੱਚ ਕਮੀਆਂ ਦੇਖਿਆਂ ਇਹ ਉੱਕਾ ਹੀ ਗਲਤ ਹੈ, ਹੋਰ ਤਾਂ ਹੋਰ ਸਤਾਲਿਨ ਦਾ ਲੈਨਿਨ ਸਭ ਤੋਂ ਪਹਿਲਾਂ ਜ਼ਿਕਰ ਕਰਦੇ ਹਨ ਜਦਕਿ ਤ੍ਰਾਤਸਕੀ ਪੰਥੀਆਂ ਦਾ ਕਹਿਣਾ ਹੈ ਕਿ ਸਤਾਲਿਨ ਐਵੇਂ ਦੂਸਰੀ-ਕਤਾਰ ਦਾ ਨੇਤਾ ਸੀ। ਬੁਰਜੂਆ ਮੀਡੀਆ ਅਤੇ ਭਾੜੇ ਦੇ ਚਾਕਰ ਬਾਕੀ ਹਿੱਸੇ ਨੂੰ ਗੋਲ ਕਰਨ, ਇਹ ਸਮਝ ਆਉਂਦਾ ਹੈ, ਪਰ ਤ੍ਰਾਤਸਕੀ ਕਿਉਂ ਅਜਿਹਾ ਕਰਦਾ ਹੈ, ਉਹ ਤਾਂ ਖੁਦ ਨੂੰ ਮਾਰਕਸਵਾਦੀ-ਲੈਨਿਨਵਾਦੀ ਅਖਵਾਉਂਦਾ ਹੈ। ਇੱਥੇ ਇਹ ਵੀ ਹੈਰਾਨੀ ਦੀ ਗੱਲ ਹੈ ਕਿ ਬੁਰਜੂਆ ਪ੍ਰਾਪੇਗੰਡਾ ਮਸ਼ੀਨਰੀ “ਬਾਲਸ਼ਵਿਕ ਇਨਕਲਾਬ” ਦੇ “ਪਿਤਾਮਾ” ਤ੍ਰਾਤਸਕੀ ਬਾਰੇ ਲੈਨਿਨ ਦਾ ਮੁਲਾਂਕਣ ਬਿਲਕੁਲ ਪੇਸ਼ ਨਹੀਂ ਕਰਦੀ ਅਤੇ ਉਸ ਤੇ ਕੋਈ ਦੋਸ਼ ਨਹੀਂ ਲਾਉਂਦੀ ਜਦਕਿ “ਪਿਤਾਮਾ” ਹੋਣ ਕਾਰਨ ਉਹ ਤਾਂ ਸਭ ਤੋਂ ਵੱਡਾ ਨਿਸ਼ਾਨਾ ਹੋਣਾ ਚਾਹੀਦਾ ਹੈ। ਬੁਰਜੂਆ ਮੀਡੀਆ “ਦੋਇਮ ਦਰਜੇ ਦੇ ਆਗੂ” ਸਤਾਲਿਨ ਨੂੰ ਹੀ ਨਿਸ਼ਾਨਾ ਬਣਾਉਂਦਾ ਹੈ। ਸਾਫ ਹੈ, ਬੁਰਜੂਆਜ਼ੀ ਨੂੰ ਪਤਾ ਹੈ ਕਿ ਦੁਸ਼ਮਣ ਕੌਣ ਹੈ, ਮਿੱਤਰ ਕੌਣ!! ਇੱਥੇ ਇੱਕ ਵਾਰ ਫਿਰ ਲੈਨਿਨ ਦਾ ਲੇਖ “ਭਗੌੜਿਆਂ ਨੂੰ ਬੁਰਜੂਆਜ਼ੀ ਕਿਵੇਂ ਵਰਤਦੀ ਹੈ” ਯਾਦ ਆਉਂਦਾ ਹੈ।

ਇੱਕ ਹੋਰ ਗੱਲ, ਲੈਨਿਨ ਖੁਦ ਇਹ ਲਿਖਦੇ ਹਨ ਕਿ “ਇਹ ਦੋਵੇਂ ਟਿੱਪਣੀਆਂ, ਬਿਨਾਂ ਸ਼ੱਕ, ਸਿਰਫ ਮੌਜੂਦਾ ਸਥਿਤੀ ਲਈ ਹੀ ਹਨ, ਇਹ ਮੰਨਦੇ ਹੋਏ ਕਿ ਦੋਵੇਂ ਮੋਹਰੀ ਅਤੇ ਪ੍ਰਤੀਬੱਧ ਪਾਰਟੀ ਕਾਰਕੁੰਨ ਹਨ ਜਿਹਨਾਂ ਨੂੰ ਆਪਣਾ ਗਿਆਨ ਵਧਾਉਣ ਅਤੇ ਆਪਣਾ ਇੱਕਪਾਸੜ-ਪੁਣਾ ਠੀਕ ਕਰਨ ਲਈ ਮੌਕਾ ਨਹੀਂ ਮਿਲਿਆ”, ਪ੍ਰੰਤੂ ਕੂੜ-ਪ੍ਰਚਾਰਕ ਇਸ ਮੁਲਾਂਕਣ ਨੂੰ ਪੱਥਰ ਉੱਤੇ ਲਕੀਰ ਬਣਾਈ ਜਾਂਦੇ ਹਨ। ਕੂੜ-ਪ੍ਰਚਾਰਕਾਂ ਦਾ ਇਹ ਇੱਕ ਅਜੀਬ ਤਰਕ ਹੈ ਕਿ ਲੈਨਿਨ ਨੇ ਸਤਾਲਿਨ ਬਾਰੇ ਜੋ ਇੱਕ ਵਾਰੀ ਲਿਖ ਦਿੱਤਾ (ਅਤੇ ਇਹ ਵੀ ਸੱਚ ਹੈ ਕਿ ਲੈਨਿਨ ਨੇ ਆਪਣੇ ਜੀਵਨ-ਕਾਲ ਵਿੱਚ ਸਤਾਲਿਨ ਬਾਰੇ ਨਾਂ-ਪੱਖੀ ਟਿੱਪਣੀ ਸਿਰਫ ਇਹੀ ਇੱਕ ਵਾਰ ਹੀ ਕੀਤੀ ਹੈ), ਉਹ ਨਾ-ਮਿਟਣਯੋਗ ਹੈ, ਉਹ ਅੰਤਿਮ ਸੱਚ ਹੈ ਅਤੇ ਲੈਨਿਨ ਵੱਲੋਂ ਸਤਾਲਿਨ ਬਾਰੇ ਆਖਰੀ ਮੁਲਾਂਕਣ ਹੈ; ਹੈਰਾਨੀ ਦੀ ਗੱਲ ਇਹ ਹੈ ਕਿ ਉਹ ਇਹੀ ਤਰਕ-ਸ਼ਾਸ਼ਤਰ ਤ੍ਰਾਤਸਕੀ ਅਤੇ ਹੋਰ ਬਾਲਸ਼ਵਿਕ ਆਗੂਆਂ ਬਾਰੇ ਗੱਲ ਕਰਨ ਲੱਗਿਆਂ ਬਿਲਕੁਲ ਹੀ ਭੁੱਲ ਜਾਂਦੇ ਹਨ। ਲੈਨਿਨ ਨੇ ਤ੍ਰਾਤਸਕੀ ਬਾਰੇ ਕੀ ਲਿਖਿਆ, (ਹੋ ਸਕਦਾ ਕਿਸੇ ਨੂੰ ਇਤਰਾਜ ਹੋਵੇ ਪਰ ਲੈਨਿਨ ਨੇ ਤ੍ਰਾਤਸਕੀ ਲਈ ਬਦਮਾਸ਼, ਧੋਖੇਬਾਜ਼, ਨਕਾਬਪੋਸ਼ ਜਿਹੇ ਸ਼ਬਦ ਵੀ ਵਰਤੇ ਸਨ)8 ਅਤੇ ਵਸੀਅਤ ਵਿੱਚ ਤ੍ਰਾਤਸਕੀ ਬਾਰੇ ਜੋ ਲਿਖਿਆ ਉਹ ਅਲੱਗ ਹੈ ਅਤੇ ਵਿਦੇਸ਼ੀ ਵਪਾਰ ਉੱਤੇ ਏਕਾਧਿਕਾਰ ਦੇ ਮਸਲੇ ਉੱਤੇ ਤ੍ਰਾਤਸਕੀ ਦੀ ਪੋਜ਼ੀਸ਼ਨ ਬਾਰੇ ਆਪਣੀ ਰਾਇ ਲਿਖਦੇ ਸਮੇਂ ਲੈਨਿਨ ਨੇ ਤ੍ਰਾਤਸਕੀ ਬਾਰੇ ਜੋ ਲਿਖਿਆ, ਉਹ ਇਸ ਤੋਂ ਵੀ ਅਲੱਗ ਹੈ।

ਉੱਪਰ ਆਏ ਹਵਾਲੇ ਦੇ ਹੇਠਾਂ, ਲੈਨਿਨ ਵੱਲੋਂ 4 ਜਨਵਰੀ, 1923 ਨੂੰ ਇੱਕ ਪੈਰਾ ਹੋਰ ਜੋੜਿਆ ਗਿਆ:

“ਸਤਾਲਿਨ ਜ਼ਿਆਦਾ ਰੁੱਖਾ ਹੈ ਅਤੇ ਇਹ ਔਗੁਣ, ਭਾਵੇਂ ਸਾਡੇ ਵਿਚਾਲੇ ਅਤੇ ਸਾਡੇ ਕਮਿਊਨਿਸਟਾਂ ਨਾਲ਼ ਵਰਤੋਂ-ਵਿਹਾਰ ਕਰਨ ਵਾਲੇ ਪੂਰੀ ਤਰ੍ਹਾਂ ਸਹਿਣਯੋਗ ਹੈ, ਇੱਕ ਜਨਰਲ-ਸੈਕਟਰੀ ਵਿੱਚ ਨਾ-ਸਹਿਣਯੋਗ ਬਣ ਜਾਂਦਾ ਹੈ। ਇਸ ਲਈ ਕਾਮਰੇਡਾਂ ਨੂੰ ਸਤਾਲਿਨ ਨੂੰ ਇਸ ਅਹੁਦੇ ਤੋਂ ਹਟਾਉਣ ਅਤੇ ਉਸਦੀ ਥਾਂ ਉੱਤੇ ਕਿਸੇ ਹੋਰ ਵਿਅਕਤੀ ਨੂੰ ਨਿਯੁਕਤ ਕਰਨ ਦਾ ਕੋਈ ਤਰੀਕਾ ਲੱਭਣ ਦਾ ਸੁਝਾਅ ਦਿੰਦਾ ਹਾਂ, ਜਿਹੜਾ ਕਾਮਰੇਡ ਸਤਾਲਿਨ ਤੋਂ ਸਿਰਫ ਇਸ ਮਾਮਲੇ ‘ਚ ਵੱਖਰਾ ਹੋਵੇ ਕਿ ਉਹ ਵਧੇਰੇ ਸਹਿਣਸ਼ੀਲ, ਵਧੇਰੇ ਵਫਾਦਾਰ, ਵਧੇਰੇ ਨਿਮਰ, ਵਧੇਰੇ ਦੂਜੇ ਕਾਮਰੇਡਾਂ ਦੀ ਸੁਣਨ ਵਾਲਾ, ਘੱਟ ਮਨਮੌਜੀ (Capricious) ਆਦਿ ਹੋਵੇ।।।।”

ਲੈਨਿਨ ਦੇ ਇਸ ਖਤ ਨੂੰ ਤ੍ਰਾਤਸਕੀ “ਨਿਸ਼ਚੇ ਹੀ, ਉਸਦਾ ਇਹ ਲਿਖਣ ਦਾ ਮਕਸਦ ਮੇਰੇ ਲਈ ਰਾਹ ਪੱਧਰਾ ਕਰਨਾ ਸੀ”9 ਸਮਝਦਾ ਹੈ। ਲੈਨਿਨ ਨੇ “ਵਸੀਅਤ” ਵਿੱਚ ਹੀ ਤ੍ਰਾਤਸਕੀ ਨੂੰ ਨੌਕਰਸ਼ਾਹ, ਗੈਰ-ਬਾਲਸ਼ਵਿਕਵਾਦ ਦਾ ਸ਼ਿਕਾਰ, ਪਾਰਟੀ ਨਾਲ਼ ਟਕਰਾਅ ‘ਚ ਰਹਿਣ ਵਾਲਾ ਅਤੇ ਖੁਦ ਨੂੰ ਵਧਾ-ਚੜਾ ਕੇ ਦੇਖਣ ਵਾਲਾ ਕਿਹਾ ਹੈ, ਫਿਰ ਵੀ ਤ੍ਰਾਤਸਕੀ ਸਮਝਦਾ ਹੈ ਕਿ ਸਤਾਲਿਨ ਵਿਚਲੇ ਹੋਰ ਗੁਣਾਂ ਤੋਂ ਇਲਾਵਾ, ਉਹ ਸਤਾਲਿਨ ਤੋਂ ਵਧੇਰੇ ਸਹਿਣਸ਼ੀਲ, ਵਧੇਰੇ ਵਫਾਦਾਰ, ਵਧੇਰੇ ਨਿਮਰ, ਵਧੇਰੇ ਦੂਜੇ ਕਾਮਰੇਡਾਂ ਦੀ ਸੁਣਨ ਵਾਲਾ, ਘੱਟ ਮਨਮੌਜੀ (Capricious) ਆਦਿ ਹੈ। ਦੂਜੀ ਗੱਲ, ਸਤਾਲਿਨ ਪ੍ਰਤੀ ਲੈਨਿਨ ਦਾ ਰੁਖ ਕੁਝ ਦਿਨਾਂ ਵਿੱਚ ਹੀ ਸਖਤ ਕਿਉਂ ਹੁੰਦਾ ਹੈ। ਇਸ ਪਿੱਛੇ ਸ਼ਾਇਦ ਜਾਰਜੀਆ ਵਿੱਚ ਹੋਈਆਂ ਘਟਨਾਵਾਂ* ਅਤੇ ਉਹਨਾਂ ਘਟਨਾਵਾਂ ਵਿੱਚ ਸਤਾਲਿਨ ਦੀ ਭੂਮਿਕਾ ਬਾਰੇ ਲੈਨਿਨ ਨੂੰ ਹੋਈ ਰਿਪੋਰਟਿੰਗ ਦਾ ਵੱਡਾ ਰੋਲ ਹੈ। ਇਸ ਮਾਮਲੇ ਉੱਤੇ ਸਤਾਲਿਨ ਨੂੰ ਲੈਨਿਨ ਅੱਗੇ ਆਪਣਾ ਪੱਖ ਰੱਖਣ ਦਾ ਕਦੇ ਮੌਕਾ ਹੀ ਨਹੀਂ ਮਿਲਿਆ ਕਿਉਂਕਿ 22-23 ਦਸੰਬਰ, 1922 ਦੀ ਰਾਤ ਨੂੰ ਲੈਨਿਨ ਨੂੰ ਪਏ ਅਧਰੰਗ ਦੇ ਦੂਜੇ ਦੌਰੇ ਤੋਂ ਬਾਅਦ ਉਹਨਾਂ ਦੀ ਹਾਲਤ ਲਗਾਤਾਰ ਖਰਾਬ ਹੁੰਦੀ ਗਈ ਅਤੇ ਉਹਨਾਂ ਨਾਲ਼ ਕੋਈ ਸਿਆਸੀ ਗੱਲਬਾਤ ਕਰਨ ਦੀ ਡਾਕਟਰਾਂ ਨੇ ਉੱਕਾ ਹੀ ਮਨਾਹੀ ਕਰ ਦਿੱਤੀ।

ਸਤਾਲਿਨ ਦੁਆਰਾ ਪਾਰਟੀ ਅਤੇ ਸੋਵੀਅਤ ਯੂਨੀਅਨ
ਦੀ ਅਗਵਾਈ ਸੰਭਾਲਣ ਸਮੇਂ ਹਾਲਤਾਂ

ਸਤਾਲਿਨ ਅਪ੍ਰੈਲ, 1922 ਵਿੱਚ ਪਾਰਟੀ ਦੇ ਜਨਰਲ ਸੈਕਟਰੀ ਬਣਦੇ ਹਨ, ਪਰ ਪਾਰਟੀ ਦੀ ਅਗਵਾਈ ਅਜੇ ਲੈਨਿਨ ਹੀ ਕਰ ਰਹੇ ਸਨ। ਮਈ, 1922 ਵਿੱਚ ਲੈਨਿਨ ਨੂੰ ਅਧਰੰਗ ਦਾ ਪਹਿਲਾ ਦੌਰਾ ਪੈਂਦਾ ਹੈ ਜਿਸ ਤੋਂ ਉਹ ਉੱਭਰ ਤਾਂ ਜਾਂਦੇ ਹਨ ਪਰ ਪਹਿਲਾਂ ਵਾਂਗ ਪਾਰਟੀ ਨੂੰ ਅਗਵਾਈ ਦੇਣ ਵਿੱਚ ਸਮਰੱਥ ਨਹੀਂ ਰਹਿੰਦੇ। ਦਸੰਬਰ, 1922 ਅਤੇ ਫਿਰ ਮਾਰਚ, 1923 ਵਿੱਚ ਦੋ ਹੋਰ ਅਧਰੰਗ ਦੇ ਦੌਰੇ ਪੈਣ ਤੋਂ ਬਾਅਦ ਲੈਨਿਨ ਪੂਰੀ ਤਰ੍ਹਾਂ ਨਕਾਰਾ ਹੋ ਜਾਂਦੇ ਹਨ ਅਤੇ ਪਾਰਟੀ ਦੀ ਅਗਵਾਈ ਸਤਾਲਿਨ ਦੀ ਅਗਵਾਈ ਵਾਲੇ ਪੋਲਿਟਬਿਊਰੋ ਤੇ ਕੇਂਦਰੀ ਕਮੇਟੀ ਕੋਲ ਆਉਂਦੀ ਹੈ। ਸਾਲਾਂ ਤੋਂ ਸਿਧਾਂਤਕ ਅਤੇ ਰੋਜਮਰਾ ਦੇ ਕੰਮਾਂ ਵਿੱਚ ਲੈਨਿਨ ਦੀ ਅਗਵਾਈ ਹੇਠਾਂ ਚੱਲਣ ਵਾਲੀ ਪਾਰਟੀ ਬਹੁਤ ਜਲਦੀ ਹੀ ਇੱਕ ਮਹਾਨ ਇਨਕਲਾਬੀ ਤੋਂ ਮਹਿਰੂਮ ਹੋ ਜਾਂਦੀ ਹੈ; ਲੈਨਿਨ ਦੀ ਅਗਵਾਈ ਤੋਂ ਬਿਨਾਂ ਪਾਰਟੀ ਨੂੰ ਸਾਂਭਣਾ ਅਤੇ ਚਲਾਉਣਾ ਉਸ ਸਮੇਂ ਇੱਕ ਵੱਡੀ ਚੁਣੌਤੀ ਸੀ।

ਕੌਮਾਂਤਰੀ ਹਾਲਤਾਂ ਉੱਤੇ ਨਜਰ ਮਾਰੀ ਜਾਵੇ ਤਾਂ ਨਵਜਾਤ ਸੋਵੀਅਤ ਯੂਨੀਅਨ ਲਈ ਦੁਨੀਆਂ ਭਰ ਵਿੱਚ ਇੱਕ ਵੀ ਆਸ ਦੀ ਕਿਰਨ, ਇੱਕ ਵੀ ਹਮਾਇਤੀ ਰਾਜਸੱਤ੍ਹਾ ਨਹੀਂ ਸੀ; ਸਗੋਂ ਜਿੱਥੇ-ਜਿੱਥੇ ਕਮਿਊਨਿਸਟ ਲਹਿਰ ਉੱਭਰੀ ਸੀ, ਉਹ ਪਹਿਲੇ ਮਜਦੂਰ ਰਾਜ ਤੋਂ ਪ੍ਰੇਰਨਾ ਅਤੇ ਮਦਦ ਦੀ ਉਮੀਦ ਵਿੱਚ ਸੀ। ਸਮੁੱਚੇ ਯੂਰਪ ਵਿੱਚ ਇਨਕਲਾਬ ਦੀ ਕਾਂਗ ਉਤਾਰ ਵਿੱਚ ਸੀ। ਜਰਮਨੀ ਵਿੱਚ ਇਨਕਲਾਬ ਹਾਰ ਚੁੱਕਾ ਸੀ, ਇਨਕਲਾਬੀ ਪਾਰਟੀ ਫਿਰ ਤੋਂ ਜਥੇਬੰਦ ਹੋਣ ਦੀ ਕੋਸ਼ਿਸ਼ ਵਿੱਚ ਸੀ ਅਤੇ ਦੂਜੇ ਪਾਸੇ ਸਰਮਾਏ ਦੀਆਂ ਸੱਜ-ਪਿਛਾਖੜੀ ਤਾਕਤਾਂ ਜ਼ੋਰ ਫੜ ਰਹੀਆਂ ਸਨ। ਇਟਲੀ ਵਿੱਚ ਫਾਸੀਵਾਦੀ ਪਾਰਟੀ ਸੱਤ੍ਹਾ ਉੱਤੇ ਕਬਜ਼ਾ ਕਰਨ ਦੇ ਕਰੀਬ ਸੀ, ਜਿੱਥੇ 1925 ਵਿੱਚ ਮੁਸੋਲਿਨੀ ਬਾਕਾਇਦਾ ਸੱਤ੍ਹਾ ਉੱਤੇ ਕਬਜ਼ਾ ਕਰਨ ਵਿੱਚ ਕਾਮਯਾਬ ਹੋ ਗਿਆ ਸੀ। ਪੋਲੈਂਡ ਵਿੱਚ ਸੱਜ-ਪਿਛਾਖੜੀ ਹਕੂਮਤ ਸੱਤ੍ਹਾ ਵਿੱਚ ਆ ਰਹੀ ਸੀ। ਪੂਰੇ ਯੂਰਪ ਵਿੱਚ ਕਮਿਊਨਿਸਟ ਹੋਣਾ ਅਪਰਾਧ ਬਣ ਚੁੱਕਾ ਸੀ। ਕੁਝ ਕੁ ਵੱਡੇ ਮੁਲਕਾਂ ਜਿਵੇਂ ਫਰਾਂਸ, ਇੰਗਲੈਂਡ ਤੇ ਇਟਲੀ ਨੂੰ ਛੱਡ ਕੇ ਬਹੁਤੇ ਮੁਲਕਾਂ ਨੇ ਤਾਂ ਅਜੇ ਬਾਲਸ਼ਵਿਕ ਸਰਕਾਰ ਨੂੰ ਮਾਨਤਾ ਵੀ ਨਹੀਂ ਦਿੱਤੀ ਸੀ। ਘਰੇਲੂ ਜੰਗ ਅਤੇ ਵਿਦੇਸ਼ੀ ਦਖਲਅੰਦਾਜੀ ਨੂੰ ਭਾਵੇਂ 1920-21 ਤੱਕ ਹਰਾ ਦਿੱਤਾ ਗਿਆ ਸੀ, ਪਰ ਪੂਰਬ ਵਿੱਚ ਜਾਪਾਨੀ ਤੇ ਅਮਰੀਕੀ ਦਖਲਅੰਦਾਜੀ 1922 ਦੇ ਅੰਤ ਤੱਕ ਚੱਲਦੀ ਰਹੀ ਸੀ। ਕਿਸਾਨ ਬਗਾਵਤਾਂ ਅਤੇ ਬਾਲਸ਼ਵਿਕ ਵਿਰੋਧੀ ਗੁੱਟਾਂ ਵੱਲੋਂ ਵਿਦ੍ਰੋਹ 1924 ਤੱਕ ਹੁੰਦੇ ਰਹੇ ਸਨ। ਇਸ ਤਰ੍ਹਾਂ ਭਾਵੇਂ ਮੁੱਖ ਰੂਪ ਵਿੱਚ ਹਮਲੇ ਜਾਂ ਬਗਾਵਤ ਦੇ ਖਤਰੇ ਤੋਂ ਸੋਵੀਅਤ ਯੂਨੀਅਨ ਕਾਫੀ ਹੱਦ ਤੱਕ ਸੁਰੱਖਿਅਤ ਸੀ, ਪਰ ਇਹ ਖਤਰਾ ਅਜੇ ਪੂਰੀ ਤਰ੍ਹਾਂ ਟਲਿਆ ਨਹੀਂ ਸੀ। ਪਾਰਟੀ ‘ਚ ਫੁੱਟ ਜਾਂ ਮਜਦੂਰ-ਕਿਸਾਨੀ ਦੇ ਸਾਂਝੇ ਮੋਰਚੇ ਵਿੱਚ ਥੋੜੀ ਜਿੰਨੀ ਦਰਾਰ ਵੀ ਇਸ ਖਤਰੇ ਨੂੰ ਮੁੜ ਉਭਾਰ ਸਕਦੀ ਸੀ ਅਤੇ ਸਮੁੱਚੇ ਦੇਸ਼ ਲਈ ਨਵੀਂ ਘਰੇਲੂ ਜੰਗ ਤੇ ਹਾਰ ਦਾ ਖਤਰਾ ਖੜਾ ਕਰ ਸਕਦੀ ਸੀ।

ਦੂਜੇ ਪਾਸੇ, ਪਾਰਟੀ ਅੱਗੇ ਦੇਸ਼ ਦੀ ਆਰਥਿਕ ਉਸਾਰੀ ਦਾ ਕੰਮ ਖੜਾ ਸੀ ਅਤੇ ਉੱਤੋਂ ਅਹਿਮ ਸਿਆਸੀ-ਵਿਚਾਰਧਾਰਕ ਸਵਾਲਾਂ ਉੱਤੇ ਪਾਰਟੀ ਅੰਦਰ ਜਬਰਦਸਤ ਮਤਭੇਦ ਸਨ। 1917 ਦੇ ਇਨਕਲਾਬ ਤੱਕ ਭਾਵੇਂ ਲੈਨਿਨ ਮਾਰਕਸਵਾਦ ਦੀ ਰਵਾਇਤੀ ਸਮਝ ਤੋਂ ਅੱਗੇ ਵਧ ਕੇ ਇੱਕ ਦੇਸ਼ ਵਿੱਚ ਸਮਾਜਵਾਦ ਦੀ ਉਸਾਰੀ ਸੰਭਵ ਹੋਣ ਦੀ ਸਮਝ ਤੱਕ ਅੱਪੜ ਰਹੇ ਸਨ, ਪਰ ਫਿਰ ਵੀ ਪਾਰਟੀ ਅੰਦਰ ਆਮ ਤੌਰ ‘ਤੇ ਇਹੀ ਉਮੀਦ ਸੀ ਕਿ ਜਰਮਨੀ ਜਾਂ ਜਰਮਨੀ ਦੇ ਨਾਲ਼-ਨਾਲ਼ ਕੁਝ ਹੋਰ ਯੂਰਪੀ ਦੇਸ਼ਾਂ ਵਿੱਚ ਵੀ ਇਨਕਲਾਬ ਹੋ ਜਾਏਗਾ ਅਤੇ ਸਮਾਜਵਾਦ ਦੀ ਉਸਾਰੀ ਵੇਲ਼ੇ ਸੋਵੀਅਤ ਯੂਨੀਅਨ ਇਕੱਲਾ ਨਹੀਂ ਹੋਵੇਗਾ। ਪਰ ਘਟਨਾਵਾਂ ਦਾ ਰੁਖ਼ ਸਾਫ਼ ਕਰ ਰਿਹਾ ਸੀ ਕਿ ਇਸ ਰਸਤੇ ਉੱਤੇ ਵਧਣ ਲਈ ਸੋਵੀਅਤ ਯੂਨੀਅਨ ਦਾ ਕੋਈ ਸਾਥੀ ਨਹੀਂ ਹੋਵੇਗਾ। ਇਸ ਹਾਲਤ ਵਿੱਚ ਇਹ ਸਵਾਲ ਕਿ ਕੀ ਸਮਾਜਵਾਦ ਦੀ ਉਸਾਰੀ ਇੱਕ ਦੇਸ਼ ਵਿੱਚ ਸੰਭਵ ਹੈ ਜਾਂ ਨਹੀਂ, ਲੈਨਿਨ ਦੀ ਮੌਤ ਤੋਂ ਪਹਿਲਾਂ ਪਾਰਟੀ ਅੰਦਰ ਪੂਰੀ ਤਰ੍ਹਾਂ ਹੱਲ ਸਵਾਲ ਨਹੀਂ ਸੀ। ਜਦੋਂ ਇਹੀ ਸਵਾਲ ਅਜੇ ਪੂਰੀ ਤਰ੍ਹਾਂ ਹੱਲ ਨਹੀਂ ਸੀ, ਤਾਂ ਸਮਾਜਵਾਦ ਦੀ ਉਸਾਰੀ ਕਿਸ ਤਰ੍ਹਾਂ ਹੋਵੇਗੀ, ਰਸਤਾ ਕੀ ਹੋਵੇਗਾ, ਉਸ ਉੱਤੇ ਮਤਭੇਦ ਹੋਣੇ ਵਾਜਿਬ ਹੀ ਸਨ ਅਤੇ ਮਤਭੇਦ ਬਹੁਤ ਤਿੱਖੇ ਸਨ। ਸਨਅੱਤੀਕਰਨ, ਖੇਤੀ ਦਾ ਵਿਕਾਸ, ਕਿਸਾਨੀ ਦਾ ਸਵਾਲ – ਸਭ ਅਜੇ ਮਤਭੇਦਾਂ ਦੇ ਬਿੰਦੂ ਸਨ। ਨਵੀਂ ਆਰਥਿਕ ਨੀਤੀ ਕਦੋਂ ਤੱਕ ਜਾਰੀ ਰਹਿਣੀ ਸੀ ਅਤੇ ਇਸ ਦੀ ਥਾਂ ਕਿਹੜੀ ਨੀਤੀ ਲਵੇਗੀ, ਇਹ ਸਵਾਲ ਅਜੇ ਪੂਰੀ ਤਰ੍ਹਾਂ ਖੁੱਲੇ ਸਵਾਲ ਸਨ।

ਦੂਜੇ ਪਾਸੇ, ਸੋਵੀਅਤ ਯੂਨੀਅਨ ਦੀ ਆਰਥਕ ਹਾਲਤ ਭਾਵੇਂ ਨਵੀਂ ਆਰਥਕ ਨੀਤੀ ਦੇ ਆਉਣ ਨਾਲ਼ ਕੁਝ-ਕੁਝ ਥਾਂ-ਸਿਰ ਹੋਣ ਲੱਗੀ ਸੀ, ਪਰ ਅਜੇ ਵੀ ਪੈਦਾਵਾਰ ਦਾ ਪੱਧਰ ਪਹਿਲੀ ਸੰਸਾਰ ਜੰਗ ਤੋਂ ਪਹਿਲਾਂ ਦੇ ਪੱਧਰ ਤੋਂ ਹੇਠਾਂ ਹੀ ਸੀ। ਭੁੱਖਮਰੀ ਭਾਵੇਂ ਕਾਬੂ ਕਰ ਲਈ ਗਈ ਸੀ, ਪਰ ਵਿਸ਼ਾਲ ਕਿਸਾਨ ਵਸੋਂ ਅਜੇ ਵੀ ਗਰੀਬੀ, ਲੁੱਟ-ਖਸੁੱਟ ਦੇ ਪੁਰਾਣੀਆਂ ਹਾਲਤਾਂ ਵਿੱਚ ਹੀ ਸਨ ਅਤੇ ਉਹਨਾਂ ਦੀ ਜ਼ਿੰਦਗੀ ਵਿੱਚ ਇਨਕਲਾਬ ਆਉਣ ਤੋਂ ਬਾਅਦ ਬਹੁਤ ਥੋੜਾ ਬਦਲਾਅ ਆਇਆ ਸੀ। 1923 ਦੇ ਸਾਲ ਵਿੱਚ ਇੱਕ ਵਾਰ ਫਿਰ ਖੇਤੀ ਪੈਦਾਵਾਰ ਘੱਟ ਜਾਣ ਕਾਰਨ ਆਰਥਕ ਸੰਕਟ ਨੇ ਸੋਵੀਅਤ ਯੂਨੀਅਨ ਨੂੰ ਆ ਘੇਰਿਆ ਸੀ ਅਤੇ ਕੀਮਤਾਂ ਤੇਜ਼ੀ ਨਾਲ਼ ਵਧ ਰਹੀਆਂ ਸਨ। ਅਕਤੂਬਰ, 1925 ਵਿੱਚ ਆ ਕੇ ਇਸ ਮੁਹਾਣ ਨੂੰ ਕੁਝ ਠੱਲ੍ਹ ਪਈ ਅਤੇ ਫਸਲ ਚੰਗੀ ਹੋਣ ਕਾਰਨ ਆਮ ਸਥਿਤੀ ਥੋੜੀ ਸੁਧਰੀ। ਨਵੀਂ ਆਰਥਕ ਨੀਤੀ ਨੇ ਜਿੱਥੇ ਪੈਦਾਵਾਰ ਨੂੰ ਕੁਝ ਹੱਦ ਤੱਕ ਪੈਰਾਂ ਸਿਰ ਕੀਤਾ ਸੀ, ਉੱਥੇ ਇਸਨੇ ਪੇਂਡੂ ਖੇਤਰਾਂ ਵਿੱਚ ਇੱਕ ਨਵੀਂ ਜਮਾਤ, ਕੁਲਕ ਕਿਸਾਨਾਂ ਦੀ ਜਮਾਤ ਪੈਦਾ ਕਰ ਦਿੱਤੀ ਸੀ, ਜੋ ਕਿਸ ਹੱਦ ਤੱਕ ਸਮਾਜਵਾਦ ਵਿਰੋਧੀ ਸੀ, ਇਹ ਪੂਰੀ ਤਰ੍ਹਾਂ ਉਸ ਸਮੇਂ ਜਾ ਕੇ ਸਾਹਮਣੇ ਆਉਂਦਾ ਹੈ ਜਦੋਂ ਖੇਤੀ ਵਿੱਚ ਸਮੂਹਕੀਕਰਨ ਸ਼ੁਰੂ ਹੁੰਦਾ ਹੈ। ਵਪਾਰ ਵਿੱਚ ਇੱਕ ਨਵੀਂ ਕਿਸਮ ਦੇ ਧਨਾਢ ‘ਨੇਪਮੈਨ’ ਪੈਦਾ ਹੋ ਰਹੇ ਸਨ ਅਤੇ ਸਨਅੱਤ ਵੀ ਸਮੁੱਚੇ ਰੂਪ ਵਿੱਚ ਮਜਦੂਰ ਰਾਜ ਦੇ ਕਬਜ਼ੇ ਵਿੱਚ ਨਹੀਂ ਸੀ।

ਤਬਾਹੀ ਸਿਰਫ ਮਸ਼ੀਨਰੀ, ਕਾਰਖਾਨਿਆਂ ਅਤੇ ਖੇਤੀ ਦੇ ਸਾਧਨਾਂ ਦੀ ਹੀ ਨਹੀਂ ਹੋਈ ਸੀ, ਮਨੁੱਖੀ ਸਾਧਨਾਂ ਦੀ ਬਹੁਤ ਵੱਡੀ ਤਬਾਹੀ ਵੀ ਵਿਆਪਕ ਤਬਾਹੀ ਦਾ ਇੱਕ ਹਿੱਸਾ ਸੀ। 1917 ਵਿੱਚ ਸੋਵੀਅਤ ਗਣਰਾਜ ਵਿੱਚ 30 ਲੱਖ ਤੋਂ ਥੋੜਾ ਘੱਟ ਫੈਕਟਰੀ ਮਜਦੂਰ ਸਨ ਜਿਹਨਾਂ ਵਿੱਚੋਂ 8 ਲੱਖ ਘਰੇਲੂ ਯੁੱਧ ਵਿੱਚ ਲੜੇ ਅਤੇ 1,80,000 ਤਾਂ ਯੁੱਧ ਵਿੱਚ ਹੀ ਮਾਰੇ ਹੀ ਗਏ, ਬਹੁਤ ਵੱਡੀ ਗਿਣਤੀ ਨਕਾਰਾ ਹੋ ਗਈ। ਫੈਕਟਰੀ ਮਜਦੂਰਾਂ ਦਾ 10-15% ਹਿੱਸਾ ਭੁੱਖਮਰੀ ਅਤੇ ਬਿਮਾਰੀਆਂ ਕਾਰਨ ਮਾਰਿਆ ਗਿਆ। ਇਸ ਦੇ ਸਿੱਟੇ ਵਜੋਂ, 1920 ਤੱਕ ਫੈਕਟਰੀ ਪ੍ਰੋਲੇਤਾਰੀ ਜਮਾਤ ਵਿੱਚ 17 ਲੱਖ ਮਜਦੂਰ ਬਚੇ ਸਨ।10 ਕਾਰਖਾਨਿਆਂ ਦੀ ਤਬਾਹੀ ਇੰਨੀ ਵਿਆਪਕ ਸੀ ਕਿ ਅਕਤੂਬਰ, 1921 ਵਿੱਚ ਲੈਨਿਨ ਨੂੰ ਇਹ ਲਿਖਣਾ ਪਿਆ, “ਪ੍ਰੋਲੇਤਾਰੀ ਜਮਾਤੀ ਰੂਪ ਵਿੱਚ ਖਿੰਡ ਗਿਆ ਹੈ, ਭਾਵ ਆਪਣੇ ਜਮਾਤੀ ਅਧਾਰ ਤੋਂ ਉੱਖੜ ਗਿਆ ਹੈ, ਅਤੇ ਪ੍ਰੋਲੇਤਾਰੀ ਦੇ ਰੂਪ ਵਿੱਚ ਆਪਣੀ ਹੋਂਦ ਗਵਾ ਚੁੱਕਾ ਹੈ… ਕਿਉਂਕਿ ਵੱਡੇ ਪੈਮਾਨੇ ਦੀ ਸਰਮਾਏਦਾਰਾ ਸਨਅਤ ਦਾ ਵਿਨਾਸ਼ ਹੋ ਚੁੱਕਿਆ ਹੈ, ਕਿਉਂਕਿ ਕਾਰਖਾਨੇ ਠੱਪ ਪਏ ਹਨ, ਇਸ ਲਈ ਪ੍ਰੋਲੇਤਾਰੀ ਅਦ੍ਰਿਸ਼ ਹੋ ਗਿਆ ਹੈ। ਅੰਕੜਿਆਂ ਵਿੱਚ ਭਾਵੇਂ ਕਦੇ-ਕਦਾਈਂ ਇਸਨੂੰ ਅੰਕਿਤ ਕੀਤਾ ਜਾਂਦਾ ਹੈ, ਪ੍ਰੰਤੂ ਆਰਥਿਕ ਰੂਪ ਵਿੱਚ ਇੱਕਜੁੱਟ ਨਹੀਂ ਰਹਿ ਗਿਆ ਹੈ।”11 ਖੇਤੀ ਖੇਤਰ ਵਿੱਚ ਤਬਾਹੀ ਦਾ ਮੰਜ਼ਿਰ ਇਸ ਤੋਂ ਅਲੱਗ ਨਹੀਂ ਸੀ।

ਸਤਾਲਿਨ ਅੱਗੇ ਇੱਕ ਪਾਸੇ ਪਾਰਟੀ ਅੰਦਰਲੇ ਸਿਆਸੀ ਮਤਭੇਦਾਂ ਨੂੰ ਸੁਲਝਾਉਂਦੇ ਹੋਏ ਠੋਸ ਨੀਤੀ ਬਣਾਉਣ ਅਤੇ ਆਰਥਕ ਉਸਾਰੀ ਦਾ ਵੱਡਾ ਕਾਰਜ ਸੀ, ਪਰ ਨਾਲ਼ ਹੀ ਪਾਰਟੀ ਨੂੰ ਇੱਕਜੁੱਟ ਬਣਾਈ ਰੱਖਣ ਅਤੇ ਸਮੁੱਚੀ ਜਨਤਾ ਦਾ ਸਮਾਜਵਾਦ ਦੇ ਸੁਪਨੇ ‘ਚ ਭਰੋਸਾ ਬਣਾਈ ਰੱਖਣ ਤੇ ਜੰਗਾਂ ਦੀ ਥਕਾਈ ਲੋਕਾਈ ਅੰਦਰ ਦੇਸ਼ ਨੂੰ ਉਸਾਰਨ ਦੀ ਸਿਰਜਣਾਤਮਕ ਸ਼ਕਤੀ ਨੂੰ ਜਗਾਉਣ ਦਾ ਕਾਰਜ ਸੀ। ਇਸਦੇ ਨਾਲ਼ ਹੀ ਕੌਮਾਂਤਰੀ ਕਮਿਊਨਿਸਟ ਲਹਿਰ ਨੂੰ ਭੌਤਿਕ ਮਦਦ ਦੇ ਨਾਲ਼ ਨਾਲ਼ ਵਿਚਾਰਧਾਰਕ ਅਗਵਾਈ ਅਤੇ ਪ੍ਰੇਰਨਾ ਦੇਣ ਦਾ ਕਾਰਜ ਸੀ। ਅਤੇ ਇਹ ਸਭ ਕਾਰਜ ਉਸ ਸਮੇਂ ਪੂਰੇ ਕਰਨੇ ਸਨ ਜਦੋਂ ਸਮੁੱਚੀ ਸਰਮਾਏਦਾਰਾ ਦੁਨੀਆਂ ਨੇ ਸੋਵੀਅਤ ਯੂਨੀਅਨ ਦਾ ਬਾਈਕਾਟ ਕਰ ਰੱਖਿਆ ਸੀ। ਬਾਹਰੀ ਸਹਾਇਤਾ ਮਿਲਣ ਦੀ ਕੋਈ ਉਮੀਦ ਨਹੀਂ ਸੀ। ਪਹਿਲੀ ਸੰਸਾਰ ਜੰਗ ਵਿੱਚ ਤਬਾਹ ਤੇ ਹਾਰੇ ਹੋਏ ਮੁਲਕਾਂ ਜਿਵੇਂ ਆਸਟਰੀਆ, ਜਰਮਨੀ ਨੂੰ ਸਰਮਾਏਦਾਰਾ ਜਗਤ ਕੋਲੋਂ ਮੁੜ-ਉਸਾਰੀ ਲਈ ਕਰਜ਼ੇ ਮਿਲ ਸਕਦੇ ਸਨ ਅਤੇ ਮਿਲ ਵੀ ਰਹੇ ਸਨ, ਪਰ ਸੋਵੀਅਤ ਯੂਨੀਅਨ ਅੱਗੇ ਅਜਿਹੀ ਕੋਈ ਸੰਭਾਵਨਾ ਨਹੀਂ ਸੀ। 1922-23 ਵਿੱਚ ਜਨੇਵਾ ਅਤੇ ਲੰਦਨ ਵਿੱਚ ਲੰਬੇ ਸਮੇਂ ਲਈ ਕਰਜ਼ੇ ਲੈਣ ਦੀ ਕੋਸ਼ਿਸ਼ ਕੀਤੀ ਗਈ, ਪਰ ਕੁਝ ਖਾਸ ਹਾਸਲ ਨਹੀਂ ਹੋਇਆ।12 ਵਿਦੇਸ਼ੀ ਉੱਦਮਾਂ ਨੂੰ “ਰਿਆਇਤਾਂ” ਦੇ ਕੇ ਕੁਝ ਖੇਤਰਾਂ ਵਿੱਚ ਵਿਦੇਸ਼ੀ ਨਿਵੇਸ਼ ਨੂੰ ਹੁਲਾਰਾ ਦੇਣ ਦੀ ਕੋਸ਼ਿਸ਼ ਕੀਤੀ ਗਈ, ਪਰ ਕੋਈ ਖਾਸ ਫਾਇਦਾ ਨਾ ਹੋਇਆ; ਪਹਿਲੇ ਸਾਲ ਦੌਰਾਨ ਸਿਰਫ 1 ਕਰੋੜ ਰੂਬਲ ਦਾ ਵਿਦੇਸ਼ੀ ਨਿਵੇਸ਼ ਹੋਇਆ।12 ਕੋਈ ਸਹਾਇਤਾ ਰਾਸ਼ੀ ਵੀ ਨਹੀਂ ਮਿਲ ਰਹੀ ਸੀ; 1921-22 ਵਿੱਚ ਜਦੋਂ ਅਕਾਲ ਦੀ ਸਥਿਤੀ ਸੀ, ਉਸ ਸਮੇਂ ਵੀ ਅਕਾਲ-ਪੀੜਤਾਂ ਨੂੰ ਰਾਹਤ ਦੇਣ ਲਈ ਮਸੀਂ 2 ਕਰੋੜ ਦੀ ਸਹਾਇਤਾ ਰਾਸ਼ੀ ਇਕੱਠੀ ਹੋਈ।12 ਇਹਨਾਂ ਢੰਗਾਂ ਨਾਲ਼ ਜੋ ਸਰਮਾਇਆ ਇਕੱਠਾ ਹੋਇਆ, ਉਹ ਇਕੱਲੇ ਆਵਾਜਾਈ ਦੇ ਢਾਂਚੇ ਨੂੰ ਮੁੜ ਤੋਂ ਕੰਮਕਾਰ ਯੋਗ ਬਣਾਉਣ ਲਈ ਕਾਫੀ ਨਹੀਂ ਸੀ। ਵਿਦੇਸ਼ਾਂ ਤੋਂ ਚੀਜ਼ਾਂ ਦਰਾਮਦ ਕਰਨ ਲਈ ਸੋਨੇ ਦੇ ਭੰਡਾਰਾਂ ਨੂੰ ਵੀ ਦਾਅ ਉੱਤੇ ਲਾਇਆ ਗਿਆ, ਪਰ ਕੁਝ ਸਮੇਂ ਬਾਅਦ ਵੀ ਇਹ ਵੀ ਖਤਮ ਹੋਣ ਲੱਗੇ।12 ਇਸ ਤਰ੍ਹਾਂ ਮੁੜ-ਉਸਾਰੀ ਦੇ ਕੰਮ ਅਤੇ ਉਸਤੋਂ ਬਾਅਦ ਸਨਅਤੀਕਰਨ ਤੇ ਖੇਤੀ ਦਾ ਵਿਕਾਸ ਸੋਵੀਅਤ ਯੂਨੀਅਨ ਨੂੰ ਆਪਣੇ ਦਮ ਉੱਤੇ ਹੀ ਕਰਨਾ ਪੈਣਾ ਸੀ। ਇਹਨਾਂ ਕੌਮਾਂਤਰੀ ਅਤੇ ਘਰੇਲੂ ਹਾਲਤਾਂ ਵਿੱਚ ਸਤਾਲਿਨ ਨੇ ਪਾਰਟੀ ਦੀ ਅਗਵਾਈ ਸੰਭਾਲੀ।

ਹੁਣ ਅਸੀਂ “ਇੱਕ ਦੇਸ਼ ਵਿੱਚ ਸਮਾਜਵਾਦ ਦੀ ਉਸਾਰੀ” ਦੇ ਮੁੱਦੇ ਵੱਲ ਵਧਦੇ ਹਾਂ, ਜੋ ਸਤਾਲਿਨ ਦੇ ਸਮੇਂ ਹੱਲ ਤਾਂ ਹੋ ਗਿਆ ਪਰ ਸਿਰਫ ਕਈ ਬਾਲਸ਼ਵਿਕ ਆਗੂਆਂ ਦੇ ਤਿੱਖੇ ਵਿਰੋਧ ਅਤੇ ਫਿਰ ਪਾਰਟੀ ਵਿੱਚੋਂ ਬਾਹਰ ਕੱਢਣ ਤੋਂ ਬਾਅਦ ਹੀ।

ਇੱਕ ਦੇਸ਼ ਵਿੱਚ ਸਮਾਜਵਾਦ

ਅਕਸਰ ਇਹ ਕਿਹਾ ਜਾਂਦਾ ਹੈ ਕਿ “ਇੱਕ ਦੇਸ਼ ਵਿੱਚ ਸਮਾਜਵਾਦ” ਸੰਭਵ ਹੋਣ ਗੱਲ ਸਤਾਲਿਨ ਦੀ ਘੜੀ ਹੋਈ ਸੀ। ਪਰ ਅਸਲ ਵਿੱਚ ਲੈਨਿਨ ਨੇ ਸਰਮਾਏਦਾਰੀ ਅੰਦਰ ਅਣਸਾਵੇਂ ਵਿਕਾਸ ਦਾ ਸਿਧਾਂਤ ਵਿਕਸਤ ਕਰਦੇ ਹੋਏ ਇਹ ਦਿਖਾਇਆ ਕਿ ਨਾ ਸਿਰਫ ਸਮਾਜਵਾਦੀ ਇਨਕਲਾਬ ਹੀ ਇੱਕ ਦੇਸ਼ ‘ਚ ਸੰਭਵ ਹੈ, ਸਗੋਂ ਇਕੱਲੇ ਦੇਸ਼ ਵਿੱਚ ਹੀ ਸਮਾਜਵਾਦੀ ਉਸਾਰੀ ਵੱਲ ਵਧਿਆ ਵੀ ਜਾ ਸਕਦਾ ਹੈ:

“ਅਣਸਾਂਵਾਂ ਆਰਥਿਕ ਤੇ ਰਾਜਨੀਤਕ ਵਿਕਾਸ ਸਰਮਾਏਦਾਰੀ ਦਾ ਇੱਕ ਅਟੱਲ ਨਿਯਮ ਹੈ। ਇਸ ਲਈ ਪਹਿਲਾਂ ਕੁਝ ਦੇਸ਼ਾਂ ਜਾਂ ਇੱਕ ਸਰਮਾਏਦਾਰ ਦੇਸ਼ ਵਿੱਚ ਵੀ ਸਮਾਜਵਾਦ ਦੀ ਜਿੱਤ ਸੰਭਵ ਹੈ। ਉਸ ਦੇਸ਼ ਦਾ ਜੇਤੂ ਪ੍ਰੋਲਤਾਰੀ ਸਰਮਾਏਦਾਰਾਂ ਨੂੰ ਖਤਮ ਕਰ ਦੇਣ ਤੇ ਸਮਾਜਵਾਦ ਦੀ ਉਸਾਰੀ ਕਰ ਲੈਣ ਉਪਰੰਤ ਬਾਕੀ ਦੁਨੀਆਂ, ਸਰਮਾਏਦਾਰ ਦੁਨੀਆਂ ਖਿਲਾਫ ਡਟ ਜਾਏਗਾ, ਜਿਸ ਦੌਰਾਨ ਉਹ ਦੂਜੇ ਦੇਸ਼ਾਂ ਦੀਆਂ ਦੱਬੀਆਂ-ਕੁਚਲੀਆਂ ਜਮਾਤਾਂ ਨੂੰ ਆਪਣੇ ਉਦੇਸ਼ ਨਾਲ਼ ਜੋੜ ਲਏਗਾ, ਉਹਨਾਂ ਦੇਸ਼ਾਂ ਵਿੱਚ ਵੀ ਸਰਮਾਏਦਾਰਾਂ ਦੇ ਖਿਲਾਫ ਬਗਾਵਤਾਂ ਖੜੀਆਂ ਕਰੇਗਾ ਅਤੇ ਲੋੜ ਪੈਣ ‘ਤੇ ਲੋਟੂ ਜਮਾਤਾਂ ਤੇ ਉਹਨਾਂ ਦੀਆਂ ਰਾਜ-ਸੱਤਾਵਾਂ ਦੇ ਵਿਰੁਧ ਹਥਿਆਰਬੰਦ ਫੌਜ ਨੂੰ ਵੀ ਵਰਤੇਗਾ।13

ਲੈਨਿਨ ਦੀ ਇਸ ਪੋਜ਼ੀਸ਼ਨ ਦਾ ਉਸ ਸਮੇਂ ਵੀ ਤ੍ਰਾਤਸਕੀ ਨੇ ਵਿਰੋਧ ਕੀਤਾ ਸੀ ਅਤੇ ਘਰੇਲੂ ਜੰਗ ਦੇ ਖਤਮ ਹੋਣ ਤੋਂ ਬਾਅਦ ਜਦੋਂ ਸਮਾਜਵਾਦ ਦੀ ਉਸਾਰੀ ਦਾ ਸਵਾਲ ਅਮਲੀ ਰੂਪ ਵਿੱਚ ਸਾਹਮਣੇ ਆ ਗਿਆ ਤਾਂ ਉਹ ਇੱਕ ਵਾਰ ਫਿਰ ਤੋਂ ਇਸਦਾ ਵਿਰੋਧ ਕਰਨ ਲੱਗਾ ਸੀ। ਸੰਯੁਕਤ ਰਾਜ ਯੂਰਪ ਦੇ ਨਾਹਰੇ ਦੇ ਹੱਕ ਵਿੱਚ 1915 ‘ਚ ਲਿਖੇ ਆਪਣੇ ਲੇਖ ਵਿੱਚ ਉਹ ਕਹਿੰਦਾ ਹੈ – ”ਕੌਮੀ ਹੱਦਾਂ ਦੇ ਅੰਦਰ ਸਮਾਜਵਾਦੀ ਇਨਕਲਾਬ ਦੀਆਂ ਸੰਭਾਵਨਾਵਾਂ ਨੂੰ ਮੰਨਣਾ ਉਸੇ ਕੌਮੀ ਤੰਗਦਿਲੀ ਦਾ ਸ਼ਿਕਾਰ ਹੋਣਾ ਹੋਵੇਗਾ ਜਿਹੜੀ ਕਿ ਸਮਾਜਿਕ-ਦੇਸ਼ਭਗਤੀ ਦਾ ਸਾਰਤੱਤ ਹੈ।”14 1924 ਦੀ ਬਹਿਸ ਦੌਰਾਨ ਉਹ ਪਹਿਲਾ ਤਰਕ ਤਾਂ ਇਹ ਘੜਦਾ ਹੈ ਕਿ ਲੈਨਿਨ ਨੇ ਇੱਕ ਦੇਸ਼ ਸਮਾਜਵਾਦ ਉਸਾਰਨ ਦੀ ਗੱਲ ਉਦਾਂ ਹੀ ਚਲਦੇ-ਚਲਦੇ ਕਹਿ ਦਿੱਤੀ ਸੀ।15 ਪਰ ਇਹ ਤਰਕ ਚੱਲ ਨਹੀਂ ਸੀ ਸਕਦਾ, ਇਸ ਲਈ ਉਸਨੂੰ ਨਵਾਂ ਤਰਕ ਘੜਨਾ ਪਿਆ ਕਿ ਲੈਨਿਨ ਨੇ ਸਮਾਜਵਾਦੀ ਉਸਾਰੀ ਦੀ ਨਹੀਂ ਸਗੋਂ ਪ੍ਰੋਲੇਤਾਰੀ ਦੇ ਕਬਜ਼ੇ ‘ਚ ਆ ਚੁੱਕੀਆਂ ਫੈਕਟਰੀਆਂ ‘ਚ ਮੁੜ-ਪੈਦਾਵਾਰ ਸ਼ੁਰੂ ਕਰਨ ਦੀ ਗੱਲ ਕੀਤੀ ਸੀ।16 ਇਸਦੇ ਨਾਲ਼ ਹੀ ਤ੍ਰਾਤਸਕੀ ਦੀ ਅਗਵਾਈ ਵਾਲੇ “ਖੱਬੇ” ਧੜੇ ਦਾ ਇਹ ਤਰਕ ਸੀ ਕਿ ਕਿਉਂਕਿ ਯੂਰਪੀ ਮੁਲਕਾਂ ‘ਚ ਇਨਕਲਾਬ ਤੇ ਜੇਤੂ ਮਜਦੂਰ ਸੱਤ੍ਹਾ ਤੋਂ ਬਿਨਾਂ ਰੂਸ ਵਿੱਚ ਸਮਾਜਵਾਦ ਦੀ ਉਸਾਰੀ ਸੰਭਵ ਹੀ ਨਹੀਂ ਹੈ, ਇਸ ਲਈ ਸੋਵੀਅਤ ਯੂਨੀਅਨ ਨੂੰ ਕੁਝ ਆਰਥਕ ਸੁਧਾਰ ਕਰਨ ਤੋਂ ਅੱਗੇ ਨਹੀਂ ਵਧਣਾ ਚਾਹੀਦਾ। ਲੈਨਿਨ ਦੀ ਅਣਹੋਂਦ ਵਿੱਚ ਇਹ ਸਵਾਲ ਪਾਰਟੀ ਲਈ ਕਿੰਨਾ ਪੇਚੀਦਾ ਸੀ, ਇਸਦਾ ਪਤਾ ਇੱਥੋਂ ਲੱਗਦਾ ਹੈ ਕਿ 1924 ਦੇ ਸ਼ੁਰੂ ਤੱਕ ਸਤਾਲਿਨ ਵੀ ਇਸ ਸਵਾਲ ਉੱਤੇ ਪੂਰੀ ਤਰ੍ਹਾਂ ਸਪੱਸ਼ਟ ਦਿਖਾਈ ਨਹੀਂ ਦਿੰਦੇ:

“ਸਮਾਜਵਾਦ ਦਾ ਮੁੱਖ  ਕਾਰਜ  ਸਮਾਜਵਾਦੀ ਪੈਦਾਵਾਰ ਨੂੰ ਜਥੇਬੰਦ ਕਰਨਾ  ਅਜੇ ਵੀ ਪੂਰਾ ਕਰਨਾ ਹੈ। ਬਹੁਤ ਸਾਰੇ ਵਿਕਸਤ ਦੇਸ਼ਾਂ ਦੇ ਪ੍ਰੋਲੇਤਾਰੀ ਦੀਆਂ ਸੰਯੁਕਤ ਕੋਸ਼ਿਸ਼ਾਂ ਤੋਂ ਬਿਨਾਂ ਕੀ ਇਹ ਕਾਰਜ ਨੇਪਰੇ ਚਾੜਿਆ ਜਾ ਸਕਦਾ ਹੈ, ਕੀ ਸਮਾਜਵਾਦ ਦੀ ਅੰਤਿਮ ਜਿੱਤ ਇੱਕ ਦੇਸ਼ ਵਿੱਚ ਸੰਭਵ ਹੈ? ਨਹੀਂ, ਅਜਿਹਾ ਨਹੀਂ ਹੋ ਸਕਦਾ। ਬੁਰਜੂਆਜ਼ੀ ਦਾ ਤਖਤਾਪਲਟ ਕਰਨ ਲਈ ਕਿਸੇ ਇੱਕ ਦੇਸ਼ ਦੇ ਪ੍ਰੋਲੇਤਾਰੀ ਦੇ ਜਤਨ ਕਾਫੀ ਹਨ; ਇਹ ਸਾਡੇ ਇਨਕਲਾਬ ਦੇ ਇਤਿਹਾਸ ਨੇ ਸਿੱਧ ਕਰ ਦਿੱਤਾ ਹੈ। ਸਮਾਜਵਾਦ ਦੀ ਅੰਤਿਮ ਜਿੱਤ ਲਈ, ਸਮਾਜਵਾਦੀ ਪੈਦਾਵਾਰ ਨੂੰ ਜਥੇਬੰਦ ਕਰਨ ਲਈ ਕਿਸੇ ਇਕ ਦੇਸ਼ ਦੇ ਜਤਨ ਨਾਕਾਫੀ ਹਨ। ਖਾਸ ਕਰਕੇ ਰੂਸ ਜਿਹੇ ਖੇਤੀ ਅਧਾਰਤ ਦੇਸ਼ ਦੇ ਜਤਨ। ਇਸ ਲਈ ਤਾਂ ਬਹੁਤ ਸਾਰੇ ਵਿਕਸਤ ਦੇਸ਼ਾਂ ਦੇ ਪ੍ਰੋਲੇਤਾਰੀ ਦੇ ਜਤਨਾਂ ਦੀ ਜਰੂਰਤ ਹੈ।”17

ਪਰ ਇਸ ਤੋਂ ਬਾਅਦ ਉਹਨਾਂ ਨੇ ਇਸ ਮਸਲੇ ਉੱਤੇ ਵੱਖਰੀ ਪਹੁੰਚ ਅਪਣਾਈ ਅਤੇ ਦਸੰਬਰ, 1924 ਤੱਕ ਉਹ ਇਸ ਮਸਲੇ ਉੱਤੇ ਸਪੱਸਟ ਪੈਂਤੜਾ ਅਖਤਿਆਰ ਕਰਦੇ ਹਨ ਅਤੇ ਉਹ ਆਪਣੇ ਕਿਤਾਬਚੇ ‘ਅਕਤੂਬਰ ਇਨਕਲਾਬ ਅਤੇ ਰੂਸੀ ਕਮਿਊਨਿਸਟਾਂ ਦੇ ਦਾਅਪੇਚ’ ਵਿੱਚ “ਸਮਾਜਵਾਦ ਦੀ ਅੰਤਿਮ ਜਿੱਤ” ਅਤੇ “ਇੱਕ ਦੇਸ਼ ਸਮਾਜਵਾਦ ਦੀ ਉਸਾਰੀ ਸੰਭਵ” ਹੋਣ ਨੂੰ ਦੋ ਵੱਖਰੇ ਮਸਲਿਆਂ ਦੇ ਰੂਪ ਵਿੱਚ ਲੈਂਦੇ ਹਨ, ਅਤੇ ਇੱਕ ਦੇਸ਼ ਵਿੱਚ ਸਮਾਜਵਾਦ ਦੀ ਉਸਾਰੀ ਦੀ ਸੰਭਾਵਨਾ ਨੂੰ ਪੂਰੀ ਸਿੱਧ ਕਰਦੇ ਹਨ। ਇਸ ਤੋਂ ਬਾਅਦ ਅਪ੍ਰੈਲ, 1925 ਦੀ 14ਵੀਂ ਕਾਨਫਰੰਸ ਤੇ ਪਲੈਨਮ ਅਤੇ ਫਿਰ ਦਸੰਬਰ, 1925 ਦੀ ਪਾਰਟੀ ਦੀ 14ਵੀਂ ਕਾਂਗਰਸ ਵਿੱਚ ਉਹ ਜ਼ਿਨੋਵੀਵ-ਕਾਮੇਨੇਵ ਦੇ “ਨਵੇਂ ਵਿਰੋਧੀ ਦਲ” ਦੇ ਤਰਕਾਂ ਨੂੰ ਖਦੇੜਦੇ ਹੋਏ (ਤ੍ਰਾਤਸਕੀਪੰਥੀਆਂ ਦਾ ਵਿਰੋਧ ਪਾਰਟੀ ਕਾਂਗਰਸ ਤੋਂ ਪਹਿਲਾਂ ਹੀ ਖਤਮ ਹੋ ਚੁੱਕਿਆ ਸੀ ਅਤੇ ਤ੍ਰਾਤਸਕੀ ਇਸ ਇੱਕ ਸਾਲ ਲਈ ਚੁੱਪ ਰਿਹਾ) ਆਪਣੇ ਇਸ ਪੈਂਤੜੇ ਦੇ ਹੱਕ ਵਿੱਚ ਭਾਰੀ ਬਹੁਗਿਣਤੀ ਵਿੱਚ ਪਾਰਟੀ ਅੰਦਰ ਹਮਾਇਤ ਜੁਟਾਉਣ ਵਿੱਚ ਕਾਮਯਾਬ ਰਹਿੰਦੇ ਹਨ। ਇਸਦੇ ਨਾਲ਼ ਹੀ ਸਨਅਤ ਦੇ, ਖਾਸ ਕਰਕੇ ਭਾਰੀ ਸਨਅਤ ਦੇ ਵਿਕਾਸ ਲਈ ਮਤਾ ਵੀ ਇਸੇ ਕਾਂਗਰਸ ਵਿੱਚ ਪਾਸ ਕੀਤਾ ਗਿਆ। ਇਸ ਤਰ੍ਹਾਂ ਭਾਵੇਂ ਸਤਾਲਿਨ ਨੇ “ਇੱਕ ਦੇਸ਼ ਵਿੱਚ ਸਮਾਜਵਾਦ” ਦਾ ਸਿਧਾਂਤ ਮੌਲਿਕ ਰੂਪ ਵਿੱਚ ਨਹੀਂ ਵੀ ਪੇਸ਼ ਕੀਤਾ ਸੀ, ਪਰ ਫਿਰ ਇਸ ਨਾਲ਼ ਸਤਾਲਿਨ ਦਾ ਨਾਮ ਜੁੜ ਗਿਆ ਕਿਉਂਕਿ ਬਾਲਸ਼ਵਿਕ ਪਾਰਟੀ ਦੇ ਉਹੀ ਮੁੱਖ ਆਗੂ ਸਨ ਜਿਹਨਾਂ ਨੇ ਲੈਨਿਨ ਦੇ ਇਸ ਥੀਸਿਸ ਨੂੰ ਚੰਗੀ ਤਰ੍ਹਾਂ ਸਮਝਿਆ, ਵਿਕਸਤ ਕੀਤਾ ਅਤੇ ਇਸਨੂੰ ਅਮਲ ਦੇ ਪੱਧਰ ਤੱਕ ਲਿਆਂਦਾ ਅਤੇ ਨਾਲ਼ ਹੀ ਇਸਦੀ “ਖੱਬਿਆਂ” ਅਤੇ “ਸੱਜਿਆਂ” ਦੇ ਖਿਲਾਫ ਸੰਘਰਸ਼ ਵਿੱਚ ਪੂਰੀ ਦ੍ਰਿੜ੍ਹਤਾ ਨਾਲ਼ ਰਾਖੀ ਕੀਤੀ ਤੇ ਤ੍ਰਾਤਸਕੀਪੰਥੀਆਂ, ਜ਼ਿਨੋਵੀਵ-ਕਾਮੇਨੇਵ ਗੁੱਟ ਅਤੇ ਬੁਖਾਰਿਨਪੰਥੀਆਂ ਦੇ ਵਿਰੋਧ ਨੂੰ ਸਿਧਾਂਤ ਦੇ ਪੱਧਰ ਉੱਤੇ ਵੀ ਅਤੇ ਅਭਿਆਸ ਦੇ ਪੱਧਰ ਉੱਤੇ ਵੀ ਹਰਾਇਆ।

14ਵੀਂ ਪਾਰਟੀ ਕਾਂਗਰਸ ਵਿੱਚ ਜ਼ਿਨੋਵੀਵ-ਕਾਮੇਨੇਵ ਦੇ ‘ਨਵੇਂ ਵਿਰੋਧੀ ਦਲ’ ਨੇ ਸਮਾਜਵਾਦ ਦੀ ਉਸਾਰੀ ਲਈ ਅੱਗੇ ਵਧਣ ਦੇ ਪ੍ਰਸਤਾਵ ਦੇ ਹੱਕ ਵਿੱਚ ਵੋਟ ਦਿੱਤੀ ਸੀ, ਪਰ ਕਾਂਗਰਸ ਤੋਂ ਬਾਅਦ ਉਹਨਾਂ ਨੇ ਫਿਰ ਪਹਿਲਾਂ ਵਾਲੀ ਰਟ ਫੜ ਲਈ। ਹੁਣ ਉਹਨਾਂ ਨਾਲ਼ ਤ੍ਰਾਤਸਕੀ ਵੀ ਆ ਰਲਿਆ ਅਤੇ ਉਹਨਾਂ ਦੇ ਦਲ ਨੇ ਪਾਰਟੀ ਅਨੁਸ਼ਾਸ਼ਨ ਦਾ ਅਤੇ ਕਾਂਗਰਸ ਦੇ ਆਦੇਸ਼ਾਂ ਦੀ ਖੁੱਲ੍ਹੇਆਮ ਉਲੰਘਣਾ ਕਰਨੀ ਸ਼ੁਰੂ ਕਰ ਦਿੱਤੀ। ਪਰ ਸਤਾਲਿਨ ਲਈ ਹੁਣ ਇਹ ਮਾਮਲਾ ਸਪੱਸ਼ਟ ਸੀ, ਉਹਨਾਂ ਦਾ ਕਹਿਣਾ ਸੀ ਕਿ ਸਾਡੇ ਅੱਗੇ ਤਿੰਨ ਰਸਤੇ ਹਨ – ਪਹਿਲਾ, ਹੱਥ ‘ਤੇ ਹੱਥ ਧਰ ਕੇ ਬੈਠੇ ਰਹਿਣਾ ਤੇ ਸੰਸਾਰ ਇਨਕਲਾਬ ਦਾ ਇੰਤਜਾਰ ਕਰਨਾ; ਦੂਜਾ, ਕੁਝ ਸਮਾਜਵਾਦੀ ਕਦਮ ਉਠਾਉਂਦੇ ਹੋਏ ਸੰਸਾਰ ਇਨਕਲਾਬ ਨੂੰ ਉਡੀਕਣਾ: ਅਤੇ ਤੀਜਾ, ਇਸ ਨਿਸ਼ਚੇ ਨਾਲ਼ ਕਿ ਇੱਕ ਦੇਸ਼ ‘ਚ ਸਮਾਜਵਾਦ ਦੀ ਉਸਾਰੀ ਸੰਭਵ ਹੈ, ਸਮਾਜਵਾਦ ਦਾ ਨਿਰਮਾਣ ਕਰਨ ਲਈ ਜੁੱਟ ਜਾਣਾ। ਸਤਾਲਿਨ ਨੇ ਲੈਨਿਨਵਾਦੀ ਪੈਂਤੜਾ ਅਪਣਾਉਂਦੇ ਹੋਏ ਸਾਫ ਦਿਖਾਇਆ ਕਿ ਤੀਜਾ ਰਾਹ ਹੀ ਸਹੀ ਸਟੈਂਡ ਹੈ ਅਤੇ ਇੱਕ ਦੇਸ਼ ‘ਚ ਸਮਾਜਵਾਦ ਦੀ ਉਸਾਰੀ ਸੰਬੰਧੀ ਹੋਰ ਬਹਿਸ ਨੂੰ “ਸਾਹਤਿਕ ਬਹਿਸ” ਕਹਿ ਕੇ ਖਾਰਜ ਕਰ ਦਿੱਤਾ। ਜਦੋਂ ਸਿਧਾਂਤ ਦੇ ਪੱਧਰ ‘ਤੇ “ਇੱਕ ਦੇਸ਼ ਵਿੱਚ ਸਮਾਜਵਾਦ” ਦੇ ਵਿਰੋਧੀਆਂ ਨੂੰ ਹਰਾਉਣ ਵਿੱਚ ਸਤਾਲਿਨ ਕਾਮਯਾਬ ਹੋ ਗਏ ਤਾਂ ਇਸ ਤੋਂ ਬਾਅਦ ਪਾਰਟੀ ਨੇ ਸਮਾਜਵਾਦ ਦੀ ਉਸਾਰੀ ਦਾ ਰਾਹ ਫੜਿਆ ਅਤੇ ਪਹਿਲੀ ਪੰਜ ਸਾਲਾ ਯੋਜਨਾ ਉਲੀਕ ਕੇ ਇਸ ਇਤਿਹਾਸਕ ਕੰਮ ‘ਚ ਜੁੱਟ ਗਈ। ਇੱਥੇ ਆ ਕੇ ਸਤਾਲਿਨ ਨਾਲ਼ ਜੁੜਿਆ ਹੋਇਆ ਦੂਜਾ ਵਿਵਾਦ ਸ਼ੁਰੂ ਹੁੰਦਾ ਹੈ ਜਿਸ ਦੇ ਕੇਂਦਰ ‘ਚ ਖੇਤੀ ਵਿੱਚ ਸਮੂਹਕੀਕਰਨ ਦਾ ਅਮਲ ਹੈ। ਇੱਥੇ ਆਕੇ ਹੀ ਸਮਾਜਵਾਦੀ ਉਸਾਰੀ ਦੇ “ਸੱਜੇ ਵਿਰੋਧ” ਦਾ ਸਪੱਸ਼ਟ ਪ੍ਰਗਟਾਵਾ ਹੋਣਾ ਸ਼ੁਰੂ ਹੋਇਆ।

ਖੇਤੀ ਵਿੱਚ ਸਮੂਹਕੀਕਰਨ ਅਤੇ ਕੁਲਕ ਜਮਾਤ ਦਾ ਸਫਾਇਆ

1927 ਤੱਕ ਆਕੇ ਪੈਦਾਵਾਰ ਦਾ ਪੱਧਰ ਸੰਸਾਰ ਜੰਗ ਦੇ ਪਹਿਲਾਂ ਦੇ ਪੱਧਰ ਤੋਂ ਥੋੜਾ ਉੱਪਰ ਤੱਕ ਪਹੁੰਚ ਚੁੱਕਾ ਸੀ ਅਤੇ ਆਰਥਿਕ ਮੁੜ-ਉਸਾਰੀ ਦਾ ਕੰਮ ਕਰ ਲਿਆ ਗਿਆ ਸੀ। ਇਸ ਸਮੇਂ ਤੱਕ, ਰੇਲਵੇ, ਵੱਡੇ ਕਾਰਖਾਨੇ ਅਤੇ ਤਬਾਹ ਹੋਏ ਕਾਰਖਾਨੇ ਰਾਜ ਦੇ ਕਬਜ਼ੇ ਵਿੱਚ ਸਨ, ਪਰ ਛੋਟੀ ਸਨਅਤ ਨਿੱਜੀ ਹੱਥਾਂ ਵਿੱਚ ਸੀ। ਥੋਕ ਵਪਾਰ ਰਾਜ ਦੇ ਕਬਜ਼ੇ ਵਿੱਚ ਸੀ, ਪਰ ਪਰਚੂਨ ਵਪਾਰ ਵਿੱਚ ਨਿੱਜੀ ਹਿੱਸਾ ਅਜੇ ਵੀ ਅੱਧੇ ਤੋਂ ਵੱਧ ਸੀ। ਖੇਤੀ ਪੈਦਾਵਾਰ ਦਾ ਸਿਰਫ ਛੋਟਾ ਜਿਹਾ ਹਿੱਸਾ ਸਮਾਜਵਾਦੀ ਸੀ, ਬਾਕੀ ਨਿੱਜੀ ਹੱਥਾਂ ਵਿੱਚ ਸੀ। ਨਿੱਜੀ ਖੇਤੀ ਵਿੱਚ ਕੁਲਕ ਇੱਕ ਵੱਡੀ ਤਾਕਤ ਬਣ ਚੁੱਕੇ ਸਨ ਅਤੇ ਅਨਾਜ ਦੀ ਜਮ੍ਹਾਂਖੋਰੀ ਕਰਕੇ ਕੇ ਰਾਜ ਨੂੰ ਬਲੈਕਮੇਲ ਕਰਨ ਦੀ ਹੱਦ ਤੱਕ ਪਹੁੰਚ ਚੁੱਕੇ ਸਨ ਜਿਸਦਾ ਅਸੀਂ ਅੱਗੇ ਜ਼ਿਕਰ ਕਰਾਂਗੇ। ਸਿਹਤ, ਸਿੱਖਿਆ ਖਾਸ ਕਰਕੇ ਤਕਨੀਕੀ ਖੇਤਰ ਵਿੱਚ ਬਹੁਤ ਪਛੜੀ ਹੋਈ ਹਾਲਤ ਸੀ, ਭਾਵੇਂ ਹਾਲਤ ਸੁਧਰ ਰਹੀ ਸੀ ਅਤੇ ਇਹਨਾਂ ਖੇਤਰਾਂ ਵਿੱਚ ਜ਼ਾਰਸ਼ਾਹੀ ਦੇ ਮੁਕਾਬਲੇ ਕਈ ਗੁਣਾ ਜ਼ਿਆਦਾ ਖਰਚ ਕੀਤਾ ਜਾ ਰਿਹਾ ਸੀ। ਦਸੰਬਰ, 1927 ਦੀ 15ਵੀਂ ਪਾਰਟੀ ਕਾਂਗਰਸ ਵਿੱਚ ਖੇਤੀ ਦੇ ਸਮੂਹਕੀਕਰਨ ਅਤੇ ਦੇਸ਼ ਦੇ ਸਨਅਤੀਕਰਨ ਲਈ ਪਹਿਲੀ ਪੰਜ-ਸਾਲਾ ਯੋਜਨਾ ਤਿਆਰ ਅਤੇ ਪ੍ਰਵਾਨ ਕੀਤੀ ਗਈ, ਪਰ ਇਸ ਨੂੰ ਅਭਿਆਸ ਵਿੱਚ ਉਤਾਰਨਾ ਇੰਨੀ ਅਸਾਨੀ ਨਾਲ਼ ਨਹੀਂ ਹੋ ਸਕਿਆ ਸੀ।

“1926-27 ਵਿੱਚ ਪਾਰਟੀ ਖਿਲਾਫ ਸੰਘਰਸ਼ ਵਿੱਚ ਤ੍ਰਾਤਸਕੀ ਨਾਲ਼ ਜ਼ਿਨੋਵੀਵ ਅਤੇ ਕਾਮੇਨੇਵ ਮਿਲ ਗਏ। ਉਹਨਾਂ ਨੇ ਮਿਲਕੇ ‘ਯੂਨਾਈਟਡ ਆਪੋਜ਼ੀਸ਼ਨ’ ਕਾਇਮ ਕਰ ਲਈ। ਇਸ ਨੇ ਕੁਲਕ ਜਮਾਤ ਦੇ ਉਭਾਰ ਦਾ ਖੰਡਨ ਕੀਤਾ, “ਨੌਕਰਸ਼ਾਹੀ” ਦੀ ਅਲੋਚਨਾ ਕੀਤੀ ਅਤੇ ਪਾਰਟੀ ਅੰਦਰ ਧੜੇਬੰਦੀ ਕੀਤੀ। ਜਦੋਂ ਓਸੋਵਸਕੀ ਨੇ “ਵਿਰੋਧੀ ਪਾਰਟੀ” ਬਣਾਉਣ ਦੇ ਹੱਕ ਦਾ ਪੱਖ ਲਿਆ ਤਾਂ ਤ੍ਰਾਤਸਕੀ ਤੇ ਜਿਨੋਵੀਵ ਨੇ ਉਸਨੂੰ ਪੋਲਿਟਬਿਊਰੋ ਵਿੱਚੋਂ ਕੱਢਣ ਦੇ ਖਿਲਾਫ ਵੋਟ ਪਾਈ। ਜ਼ਿਨੋਵੀਵ ਨੇ ਤ੍ਰਾਤਸਕੀ ਦੇ ਸਿਧਾਂਤ ‘ਇੱਕ ਦੇਸ਼ ਵਿੱਚ ਸਮਾਜਵਾਦ ਦੀ ਉਸਾਰੀ ਅਸੰਭਵ’ ਨੂੰ ਅਪਣਾ ਲਿਆ ਜਿਸ ਦਾ ਦੋ ਸਾਲ ਪਹਿਲਾਂ ਤਿੱਖਾ ਵਿਰੋਧ ਕਰ ਰਿਹਾ ਸੀ।”18

“ਤ੍ਰਾਤਸਕੀ ਨੇ ਫਰਾਂਸੀਸੀ ਇਨਕਲਾਬ ਵਿੱਚ ਸੱਜੇ-ਪੱਖੀ ਜੈਕੋਬਿਨਾਂ ਵੱਲੋਂ ਖੱਬੇ-ਪੱਖੀ ਜੈਕੋਬਿਨਾਂ ਦਾ ਸਫਾਇਆ ਕਰਨ ਦੀ ਤਰਜ਼ ਉੱਤੇ ‘ਸੋਵੀਅਤ ਥਰਮੀਡੋਰ’ ਦੀ ਕਾਢ ਕੱਢ ਲਈ।

“ਤ੍ਰਾਤਸਕੀ ਨੇ ਕਿਹਾ ਕਿ ਪਹਿਲੀ ਸੰਸਾਰ ਜੰਗ ਦੀ ਸ਼ੁਰੂਆਤ ਮੌਕੇ ਜਦੋਂ ਜਰਮਨ ਫੌਜ ਪੈਰਿਸ ਤੋਂ 80 ਕਿਮੀ ਦੂਰ ਸੀ, ਤਾਂ ਬਿਨਾਂ ਕੋਈ ਰਿਆਇਤ ਦਿੱਤੇ ਅਸਰਦਾਰ ਰੱਖਿਆ ਜਥੇਬੰਦ ਕਰਨ ਲਈ ਕਲੇਮੇਨਸਿਊ ਨੇ ਪੈਨਲੇਵੀ ਦੀ ਕਮਜ਼ੋਰ ਸਰਕਾਰ ਦਾ ਤਖਤਾ ਪਲਟ ਦਿੱਤਾ ਸੀ। ਤ੍ਰਾਤਸਕੀ ਦਾ ਭਾਵ ਸੀ ਕਿ ਜੇ ਸਾਮਰਾਜੀ ਹਮਲਾ ਹੁੰਦਾ ਹੈ ਤਾਂ ਉਹ ਕਲੇਮੇਨਸਿਊ ਵਾਂਗ ਤਖਤਾਪਲਟ ਅੰਜ਼ਾਮ ਦੇਵੇਗਾ।”19

ਇਸ ਤਰ੍ਹਾਂ ਇਹ ਸ਼ਰੇਆਮ ਸਾਮਰਾਜੀਆਂ ਨੂੰ ਹਮਲਾ ਕਰਨ ਲਈ ਉਕਸਾਉਣਾ ਸੀ, ਪਰ ਇਸਦੇ ਬਾਵਜੂਦ ਤ੍ਰਾਤਸਕੀ ਅਤੇ ਜਿਨੋਵੀਵ-ਕਾਮੇਨੇਵ ਗੁੱਟ ਦੀ ਪਾਰਟੀ ਅੰਦਰ ਆਮ ਬਹਿਸ ਕਰਵਾਉਣ ਦੀ ਮੰਗ ਮੰਨ ਲਈ ਗਈ। ਅਕਤੂਬਰ, 1927 ਵਿੱਚ ਪਾਰਟੀ ਅੰਦਰ ਸਮਾਜਵਾਦ ਦੇ ਰਸਤੇ ਉੱਤੇ ਵਧਿਆ ਜਾਵੇ ਕਿ ਨਾ, ਉੱਪਰ ਬਹਿਸ ਹੋਈ ਅਤੇ ਪਾਰਟੀ ਮੈਂਬਰਾਂ ਨੂੰ ਵੋਟਿੰਗ ਕਰਨ ਲਈ ਕਿਹਾ ਗਿਆ। ਇਹਨਾਂ ਵੋਟਾਂ ਵਿੱਚ ‘ਯੂਨਾਈਟਡ ਆਪੋਜ਼ੀਸ਼ਨ’ ਨੂੰ ਮਹਿਜ 6,000 ਵੋਟਾਂ ਮਿਲੀਆਂ ਜਦਕਿ 14ਵੀਂ ਕਾਂਗਰਸ ਦੇ ਫੈਸਲਿਆਂ ਦੇ ਪੱਖ ਵਿੱਚ 7,25,000 ਵੋਟਾਂ ਪਈਆਂ।20 ਇਸਦੇ ਬਾਵਜੂਦ ‘ਯੂਨਾਈਟਡ ਆਪੋਜ਼ੀਸ਼ਨ’ ਨੇ ਆਪਣਾ ਵਿਰੋਧ ਵਾਪਸ ਨਹੀਂ ਲਿਆ, ਸਿੱਟੇ ਵਜੋਂ ਨਵੰਬਰ, 1927 ਵਿੱਚ ਤ੍ਰਾਤਸਕੀ, ਤ੍ਰਾਤਸਕੀਵਾਦੀਆਂ, ਜ਼ਿਨੋਵੀਵ, ਕਾਮੇਨੇਵ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ।

“ਪਰ, ਜੂਨ, 1928 ਵਿੱਚ ਜ਼ਿਨੋਵੀਵਵਾਦੀਆਂ ਵੱਲੋਂ ਗਲਤੀ ਮੰਨ ਲੈਣ ਉੱਤੇ ਜ਼ਿਨੋਵੀਵ, ਕਾਮੇਨੇਵ ਤੇ ਏਵੋਦਕੀਮੋਵ ਸਮੇਤ ਬਹੁਤ ਸਾਰੇ ਆਗੂਆਂ ਨੂੰ ਪਾਰਟੀ ਵਿੱਚ ਵਾਪਸ ਲੈ ਲਿਆ ਗਿਆ।”21

“ਪ੍ਰੀਓਬਰਾਜਿੰਸਕੀ ਤੇ ਰਾਦੇਕ ਸਮੇਤ ਵੱਡੀ ਗਿਣਤੀ ਵਿੱਚ ਤ੍ਰਾਤਸਕੀਵਾਦੀਆਂ ਨੂੰ ਵੀ ਪਾਰਟੀ ਵਿੱਚ ਵਾਪਸ ਲੈ ਲਿਆ ਗਿਆ।”22

ਪਰ ਤ੍ਰਾਤਸਕੀ ਨੇ ਆਪਣਾ ਵਿਰੋਧ ਜਾਰੀ ਰੱਖਿਆ ਅਤੇ ਪਾਰਟੀ ਪੋਜ਼ੀਸ਼ਨਾਂ ਨੂੰ ਮੰਨਣ ਤੋਂ ਉੱਕਾ ਇਨਕਾਰ ਦਿੱਤਾ। ਸਿੱਟੇ ਵਜੋਂ ਉਸਨੂੰ ਸੋਵੀਅਤ ਯੂਨੀਅਨ ਵਿੱਚੋਂ ਦੇਸ਼-ਨਿਕਾਲਾ ਦੇ ਦਿੱਤਾ ਗਿਆ। ਤ੍ਰਾਤਸਕੀ ਆਪਣੀ ਪੋਜ਼ੀਸ਼ਨ ਉੱਤੇ ਡਟਿਆ ਹੋਇਆ ਸੀ, ਇਸਦਾ ਪਤਾ ਉਸਦੀਆਂ ਉਸ ਸਮੇਂ ਦੀਆਂ ਲਿਖਤਾਂ ਤੋਂ ਲੱਗ ਜਾਂਦਾ ਹੈ:

“… ਇੱਕ ਦੇਸ਼ ‘ਚ ਸਮਾਜਵਾਦ ਦਾ ਸਿਧਾਂਤ ਇੱਕ ਪਿਛਾਖੜੀ ਸਿਧਾਂਤ ਹੈ ਕਿਉਂਕਿ ਇਹ ਨਾ ਸਿਰਫ ਪੈਦਾਵਾਰੀ ਤਾਕਤਾਂ ਦੇ ਵਿਕਾਸ ਦੇ ਬੁਨਿਆਦੀ ਅਸੂਲ ਨਾਲ਼ ਹੀ ਅਣਮੇਲਵਾਂ ਹੈ, ਸਗੋਂ ਇਸ ਵਿਕਾਸ ਦੇ ਭੌਤਿਕ ਨਤੀਜਿਆਂ ਦੇ ਵੀ ਵਿਰੁੱਧ ਜਾਂਦਾ ਹੈ। ਪੈਦਾਵਾਰੀ ਤਾਕਤਾਂ ਕੌਮੀ ਹੱਦਾਂ ਅੰਦਰ ਨਹੀਂ ਬੱਝ ਕੇ ਰਹਿ ਸਕਦੀਆਂ। ਇਸ ਤੋਂ ਨਾ ਸਿਰਫ ਵਿਦੇਸ਼ੀ ਵਪਾਰ, ਆਦਮੀਆਂ ਤੇ ਸਰਮਾਏ ਦੀ ਬਰਾਮਦ, ਇਲਾਕਿਆਂ ‘ਤੇ ਕਬਜ਼ਾ, ਬਸਤੀਵਾਦੀ ਨੀਤੀ ਤੇ ਪਿਛਲੀ ਸਾਮਰਾਜੀ ਜੰਗ ਹੀ ਪੈਦਾ ਨਹੀਂ ਹੁੰਦੀਆਂ, ਸਗੋਂ ਇੱਕ ਆਤਮਨਿਰਭਰ ਸਮਾਜਵਾਦੀ ਸਮਾਜ ਦੀ ਹੋਂਦ ਅਸੰਭਵ ਹੋਣ ਦਾ ਨਤੀਜਾ ਵੀ ਨਿਕਲਦਾ ਹੈ। ਸਰਮਾਏਦਾਰ ਮੁਲਕਾਂ ਦੀਆਂ ਪੈਦਾਵਾਰੀ ਤਾਕਤਾਂ ਬਹੁਤ ਸਮਾਂ ਪਹਿਲਾਂ ਕੌਮੀ ਹੱਦਾਂ ਨੂੰ ਤੋੜ ਚੁੱਕੀਆਂ ਹਨ। ਪਰ ਸਮਾਜਵਾਦੀ ਸਮਾਜ ਸਭ ਤੋਂ ਵਿਕਸਤ ਸਰਮਾਏਦਾਰਾਨਾ ਪੈਦਾਵਾਰੀ ਤਾਕਤਾਂ ਉੱਤੇ ਹੀ ਉਸਾਰਿਆ ਜਾ ਸਕਦਾ ਹੈ… ਸਮਾਜਵਾਦ ਨੂੰ ਨਾ ਸਿਰਫ ਸਰਮਾਏਦਾਰੀ ਤੋਂ ਬਹੁਤ ਜ਼ਿਆਦਾ ਵਿਕਸਤ ਪੈਦਾਵਾਰੀ ਤਾਕਤਾਂ ਲੈਣੀਆਂ ਹੋਣਗੀਆਂ, ਸਗੋਂ ਤੁਰੰਤ ਹੀ ਉਹਨਾਂ ਨੂੰ ਹੋਰ ਉੱਚੇ ਵਿਕਾਸ ਵੱਲ ਲੈ ਕੇ ਜਾਣਾ ਹੋਵੇਗਾ ਤੇ ਇੱਕ ਅਜਿਹੇ ਪੱਧਰ ‘ਤੇ ਪੁਚਾ ਦੇਣਾ ਹੋਵੇਗਾ ਜਿਹੜਾ ਸਰਮਾਏਦਾਰੀ ਅਧੀਨ ਅਸੰਭਵ ਹੈ। ਸਵਾਲ ਖੜਾ ਹੁੰਦਾ ਹੈ ਕਿ ਸਮਾਜਵਾਦ ਪੈਦਾਵਾਰੀ ਤਾਕਤਾਂ ਨੂੰ ਦੁਬਾਰਾ ਇੱਕ ਦੇਸ਼ ਵਿੱਚ ਕਿਵੇਂ ਕੈਦ ਕਰ ਸਕਦਾ ਹੈ ਜਿਹੜੀਆਂ ਕਿ ਸਰਮਾਏਦਾਰੀ ਦੌਰਾਨ ਕੌਮੀ ਹੱਦਾਂ ਨੂੰ ਜ਼ੋਰ ਨਾਲ਼ ਤੋੜ ਉਲੰਘ ਗਈਆਂ ਸਨ? ਜਾਂ ਫਿਰ ਕਿ ਸਾਨੂੰ “ਬੇਲਗਾਮ” ਪੈਦਾਵਾਰੀ ਤਾਕਤਾਂ ਦੇ ਵਿਚਾਰ ਨੂੰ ਛੱਡ ਦੇਣਾ ਚਾਹੀਦਾ ਹੈ ਜਿਹਨਾਂ ਲਈ ਕੌਮੀ ਹੱਦਾਂ ਤੇ ਇਸ ਲਈ ਇੱਕ ਦੇਸ਼ ‘ਚ ਸਮਾਜਵਾਦ ਦਾ ਸਿਧਾਂਤ ਬਹੁਤ ਤੰਗ ਹੈ ਅਤੇ ਸਾਨੂੰ ਖੁਦ ਨੂੰ, ਰੋਕ ਕੇ ਰੱਖੀਆਂ ਤੇ ਘਰੇਲੂ ਬਣਾ ਦਿੱਤੀਆਂ ਗਈਆਂ ਪੈਦਾਵਾਰੀ ਤਾਕਤਾਂ ਤੱਕ ਸੀਮਤ ਕਰ ਲੈਣਾ ਚਾਹੀਦਾ ਹੈ ਭਾਵ ਕਿ ਆਰਥਕ ਪਛੜੇਪਣ ਦੀ ਤਕਨੀਕ ਤੱਕ?…

“ਇਸ ਤਰ੍ਹਾਂ ਦੀਆਂ (ਪਛੜੀਆਂ ਹੋਈਆਂ – ਅਨੁ) ਪੈਦਾਵਾਰੀ ਤਾਕਤਾਂ ਦੇ ਵਿਰਾਸਤ ਵਿੱਚ ਮਿਲਣ ਕਾਰਨ ਰੂਸੀ ਪ੍ਰੋਲੇਤਾਰੀ ਦਰਾਮਦ ਤੇ ਬਰਾਮਦ ਲਈ ਮਜ਼ਬੂਰ ਹੈ।”23 ਅਤੇ 1929 ਵਿੱਚ,

“ਬਿਲਕੁਲ ਇੱਥੇ ਆਕੇ ਦੋ ਪੂਰੀ ਤਰ੍ਹਾਂ ਵੱਖਰੇ ਸਟੈਂਡ ਸਾਡੇ ਸਾਹਮਣੇ ਆਉਂਦੇ ਹਨ: ਸਥਾਈ ਇਨਕਲਾਬ ਦਾ ਕੌਮਾਂਤਰੀ ਇਨਕਲਾਬੀ ਸਿਧਾਂਤ ਅਤੇ ਦੂਜਾ ਇੱਕ ਦੇਸ਼ ਵਿੱਚ ਸਮਾਜਵਾਦ ਦਾ ਕੌਮੀ-ਸੁਧਾਰਵਾਦੀ ਸਿਧਾਂਤ। ਨਾ ਸਿਰਫ ਪਛੜਿਆ ਚੀਨ ਹੀ, ਸਗੋਂ ਆਮ ਰੂਪ ‘ਚ ਕੋਈ ਵੀ ਦੇਸ਼ ਆਪਣੀਆਂ ਕੌਮੀ ਹੱਦਾਂ ‘ਚ ਰਹਿ ਕੇ ਸਮਾਜਵਾਦ ਦੀ ਉਸਾਰੀ ਨਹੀਂ ਕਰ ਸਕਦਾ: ਬਹੁਤ ਜ਼ਿਆਦਾ ਵਿਕਸਤ ਪੈਦਾਵਾਰੀ ਤਾਕਤਾਂ ਜਿਹੜੀਆਂ ਕੌਮੀ ਹੱਦਾਂ ਅੰਦਰ ਨਹੀਂ ਰਹਿੰਦੀਆਂ, ਅਜਿਹਾ ਨਹੀਂ ਹੋਣ ਦਿੰਦੀਆਂ, ਅਤੇ ਉਹ ਤਾਕਤਾਂ ਜਿਹੜੀਆਂ ਕੌਮੀਕਰਨ ਕਰਨ ਦੇ ਯੋਗ ਪੱਧਰ ਤੱਕ ਵਿਕਸਤ ਨਹੀਂ ਹੋਈਆਂ, ਵੀ ਅਜਿਹਾ ਨਹੀਂ ਹੋਣ ਦਿੰਦੀਆਂ….  ਦੋਵਾਂ ਹੀ ਮਾਮਲਿਆਂ ‘ਚ ਇਹਨਾਂ ਵਿਰੋਧਤਾਈਆਂ ਨੂੰ ਪਾਰ ਪਾਉਣਾ ਕੌਮਾਂਤਰੀ ਇਨਕਲਾਬ ਰਾਹੀਂ ਹੀ ਸੰਭਵ ਹੈ। ਇਹ ਪੋਜ਼ੀਸ਼ਨ ਚੀਨ ਦੇ ਸਮਾਜਵਾਦੀ ਤਬਦੀਲੀ ਲਈ “ਪੱਕੇ” ਹੋਣ ਜਾਂ ਨਾ ਹੋਣ ਦੇ ਸਵਾਲ ਲਈ ਕੋਈ ਸਕੋਪ ਹੀ ਨਹੀਂ ਛੱਡਦਾ।”24

“ਮਾਰਕਸਵਾਦ ਆਪਣਾ ਸ਼ੁਰੂਆਤੀ ਬਿੰਦੂ ਸੰਸਾਰ ਅਰਥਚਾਰੇ ਨੂੰ ਬਣਾਉਂਦਾ ਹੈ, ਜੋ ਕਿ ਕੌਮੀ ਹਿੱਸਿਆਂ ਦਾ ਕੁਲ-ਜੋੜ ਨਹੀਂ ਹੁੰਦਾ ਸਗੋਂ ਇੱਕ ਵਿਸ਼ਾਲ ਤੇ ਅਜ਼ਾਦ ਯਥਾਰਥ ਹੈ ਜਿਹੜਾ ਕਿਰਤ ਦੀ ਕੌਮਾਂਤਰੀ ਵੰਡ ਤੇ ਸੰਸਾਰ ਮੰਡੀ ਦੁਆਰਾ ਪੈਦਾ ਕੀਤਾ ਜਾਂਦਾ ਹੈ, ਅਤੇ ਜਿਸਨੇ ਸਾਡੇ ਸਮੇਂ ‘ਚ ਕੌਮੀ ਮੰਡੀਆਂ ‘ਤੇ ਪੂਰੀ ਤਰ੍ਹਾਂ ਗਲਬਾ ਕਾਇਮ ਕਰ ਰੱਖਿਆ ਹੈ।”25

ਖੇਤੀ ਦਾ ਵਿਕਾਸ ਸੋਵੀਅਤ ਯੂਨੀਅਨ ਦੀ ਵਿਸ਼ਾਲ ਇਲਾਕੇ ‘ਚੋਂ ਅਨਾਜ ਦੀ ਕਮੀ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਵੀ ਲਾਜਮੀ ਸੀ ਜਿਸ ਨੇ ਮੋੜਵੇਂ ਰੂਪ ‘ਚ ਸਨਅੱਤੀਕਰਨ ਨੂੰ ਵੀ ਤੇਜ਼ੀ ਤੇ ਮਜਬੂਤੀ ਦੇਣੀ ਸੀ। ਉਸ ਸਮੇਂ ਰੂਸੀ ਤਕਨੀਕ ਬਹੁਤ ਪਛੜੀ ਹੋਈ ਸੀ ਅਤੇ ਖੇਤੀ ਜਾਂ ਤਾਂ ਛੋਟੇ ਫਾਰਮਾਂ ‘ਚ ਵੰਡੀ ਹੋਈ ਸੀ ਜਾਂ ਫਿਰ ਧਨੀ ਕਿਸਾਨਾਂ ਦੇ ਅਧੀਨ ਸੀ। ਇਸਨੂੰ ਧਿਆਨ ‘ਚ ਰੱਖਦੇ ਸਤਾਲਿਨ ਨੇ ਕਿਹਾ ਕਿ ਸਰਮਾਏਦਾਰ ਦੇਸ਼ਾਂ ਵਿੱਚ ਸਨਅੱਤੀਕਰਨ, ਮੁੱਖ ਰੂਪ ਵਿੱਚ, ਦੂਜੇ ਦੇਸ਼ਾਂ, ਬਸਤੀਆਂ ਜਾਂ ਹਾਰੇ ਮੁਲਕਾਂ ਦੀ ਲੁੱਟ ਕਰਕੇ ਜਾਂ ਫਿਰ ਵੱਡੇ ਅਤੇ ਵੱਧ ਜਾਂ ਘੱਟ ਗੁਲਾਮ ਬਣਾਉਣ ਵਾਲੇ ਕਰਜ਼ਿਆਂ ਦੀ ਮਦਦ ਨਾਲ਼ ਅੱਗੇ ਤੋਰਿਆ ਜਾਂਦਾ ਹੈ, ਪਰ ਸੋਵੀਅਤ ਯੂਨੀਅਨ ਲਈ ਇਹ ਦੋਵੇਂ ਰਸਤੇ ਬੰਦ ਹਨ। ਅਜਿਹੇ ‘ਚ ਸੋਵੀਅਤ ਯੂਨੀਅਨ ਦੀ ਮੁੱਖ ਟੇਕ ਮਜਦੂਰਾਂ ਤੇ ਕਿਸਾਨਾਂ ਦੀ ਤਾਕਤ ਸੀ। ਸੋਵੀਅਤ ਯੂਨੀਅਨ ਦੇ ਹਾਲਤ ਇਸ ਤਰ੍ਹਾਂ ਦੇ ਸਨ ਕਿ ਸਨਅੱਤ ‘ਚ ਨਿਵੇਸ਼ ਲਈ ਸ਼ੁਰੂਆਤੀ ਸਰਮਾਇਆ ਖੇਤੀ ‘ਚੋਂ ਹੀ ਆ ਸਕਦਾ ਸੀ, ਕਿਸਾਨੀ ‘ਤੇ ਕੁਝ ਸਮੇਂ ਲਈ ਵਾਧੂ ਬੋਝ ਆਉਣਾ ਹੀ ਸੀ। ਇਸ ਮੁਸ਼ਕਿਲ ਤੋਂ ਸਤਾਲਿਨ ਜਾਣੂ ਸਨ:

“ਸਰਮਾਏਦਾਰ ਦੇਸ਼ਾਂ ਵਿੱਚ ਸਨਅੱਤੀਕਰਨ, ਮੁੱਖ ਰੂਪ ਵਿੱਚ, ਦੂਜੇ ਦੇਸ਼ਾਂ, ਬਸਤੀਆਂ ਜਾਂ ਹਾਰੇ ਮੁਲਕਾਂ ਦੀ ਲੁੱਟ ਕਰਕੇ, ਜਾਂ ਫਿਰ ਵੱਡੇ ਅਤੇ ਵੱਧ ਜਾਂ ਘੱਟ ਗੁਲਾਮ ਬਣਾਉਣ ਵਾਲੇ ਕਰਜ਼ਿਆਂ ਦੀ ਮਦਦ ਨਾਲ਼ ਅੱਗੇ ਤੋਰਿਆ ਜਾਂਦਾ ਹੈ।

”ਤੁਸੀਂ ਜਾਣਦੇ ਹੋ ਕਿ ਸੈਂਕੜੇ ਸਾਲਾਂ ਲਈ ਬ੍ਰਿਟੇਨ ਨੇ ਆਪਣੀਆਂ ਬਸਤੀਆਂ ਤੇ ਸੰਸਾਰ ਦੇ ਸਾਰੇ ਹਿੱਸਿਆਂ ਤੋਂ ਸਰਮਾਇਆ ਇਕੱਠਾ ਕੀਤਾ ਅਤੇ ਇਸ ਤਰ੍ਹਾਂ ਆਪਣੀ ਸਨਅੱਤ ਵਿੱਚ ਵਧੇਰੇ ਨਿਵੇਸ਼ ਕਰਨ ਦੇ ਕਾਬਿਲ ਹੋਇਆ। ਇਹ ਇਤਫਾਕਵਸ ਇਸਦੀ ਵੀ ਵਿਆਖਿਆ ਕਰਦਾ ਹੈ ਕਿ ਕਿਉਂ ਇੱਕ ਸਮੇਂ ਬ੍ਰਿਟੇਨ “ਦੁਨੀਆਂ ਦੀ ਵਰਕਸ਼ਾਪ” ਬਣ ਗਿਆ ਸੀ।

”ਤੁਸੀਂ ਜਾਣਦੇ ਹੋ ਕਿ ਜਰਮਨੀ ਨੇ ਆਪਣੀ ਸਨਅੱਤ, ਹੋਰਨਾਂ ਗੱਲਾਂ ਦੇ ਨਾਲ਼ ਨਾਲ਼, ਉਹਨਾਂ 50000 ਲੱਖ ਫਰਾਂਕ ਨਾਲ਼ ਵਿਕਸਤ ਕੀਤੀ ਜਿਹੜੇ ਉਸਨੇ ਫਰਾਂਸ ਤੋਂ ਫਰਾਂਸ-ਪਰਸ਼ੀਆ ਜੰਗ ਦੇ ਹਰਜ਼ਾਨੇ ਵਜੋਂ ਵਸੂਲੇ।

”ਇੱਕ ਪੱਖ ਜਿਸ ਵਿੱਚ ਸਾਡਾ ਦੇਸ਼ ਬਾਕੀ ਸਰਮਾਏਦਾਰ ਮੁਲਕਾਂ ਤੋਂ ਵੱਖਰਾ ਹੈ, ਇਹ ਹੈ ਕਿ ਅਸੀਂ ਕਿਸੇ ਤਰ੍ਹਾਂ ਦੀ ਬਸਤੀਵਾਦੀ ਲੁੱਟ ਜਾਂ ਆਮ ਰੂਪ ‘ਚ ਦੂਸਰੇ ਦੇਸ਼ਾਂ ਦੇ ਕੁਦਰਤੀ ਸਾਧਨਾਂ ਦੀ ਲੁੱਟ ਨਹੀਂ ਕਰ ਸਕਦੇ ਤੇ ਨਾ ਹੀ ਸਾਨੂੰ ਅਜਿਹਾ ਕਰਨਾ ਚਾਹੀਦਾ। ਇਸ ਤਰ੍ਹਾਂ, ਸਾਡੇ ਲਈ ਇਹ ਰਸਤਾ ਬੰਦ ਹੈ।

”ਪ੍ਰੰਤੂ, ਦੂਜੇ ਪਾਸੇ ਸਾਡੇ ਦੇਸ਼ ਨੇ ਨਾ ਤਾਂ ਵਿਦੇਸ਼ਾਂ ਤੋਂ ਗੁਲਾਮ ਬਣਾਉਣ ਵਾਲੇ ਕਰਜ਼ੇ ਲਏ ਹਨ ਤੇ ਨਾ ਹੀ ਲਵੇਗਾ। ਇਸ ਤਰ੍ਹਾਂ ਇਹ ਰਸਤਾ ਵੀ ਸਾਡੇ ਲਈ ਬੰਦ ਹੈ।

”ਫਿਰ ਕਿਹੜਾ ਰਾਹ ਰਹਿ ਜਾਂਦਾ ਹੈ? ਇੱਕੋ ਰਾਹ, ਅਤੇ ਉਹ ਹੈ ਅੰਦਰੂਨੀ ਇਕੱਤ੍ਰੀਕਰਨ ਦੀ ਸਹਾਇਤਾ ਨਾਲ਼ ਸਨਅੱਤ ਨੂੰ ਵਿਕਸਤ ਕਰਨਾ, ਦੇਸ਼ ਦਾ ਸਨਅੱਤੀਕਰਨ ਕਰਨਾ….

”ਪਰ ਇਸ ਇਕੱਤ੍ਰੀਕਰਨ ਦੇ ਮੁੱਖ ਸ੍ਰੋਤ ਕਿਹੜੇ ਹਨ? ਜਿਵੇਂ ਕਿ ਮੈਂ ਕਿਹਾ ਹੈ, ਅਜਿਹੇ ਦੋ ਸ੍ਰੋਤ ਹਨ: ਪਹਿਲਾ ਮਜਦੂਰ ਜਮਾਤ ਜਿਹੜੀ ਕਦਰ ਪੈਦਾ ਕਰਦੀ ਹੈ ਅਤੇ ਸਾਡੀ ਸਨਅੱਤ ਨੂੰ ਅਗਾਂਹ ਵਧਾਉਂਦੀ ਹੈ; ਅਤੇ ਦੂਜਾ ਹੈ ਕਿਸਾਨੀ।

”ਕਿਸਾਨੀ ਦੇ ਮਾਮਲੇ ‘ਚ ਸਥਿਤੀ ਕੁਝ ਇਸ ਤਰ੍ਹਾਂ ਹੈ। ਪਹਿਲਾ ਤਾਂ ਇਹ ਕਿ ਇਹ ਨਾ ਸਿਰਫ ਰਾਜ ਨੂੰ ਸਿੱਧੇ ਤੇ ਅਸਿੱਧੇ ਟੈਕਸ ਅਦਾ ਕਰਦੀ ਹੈ; ਸਗੋਂ ਸਨਅੱਤੀ ਪੈਦਾਵਾਰ ਦੀਆਂ ਚੀਜ਼ਾਂ ਲਈ ਉਚੇਰੀ ਅਦਾਇਗੀ ਕਰਦੀ ਹੈ ਅਤੇ ਦੂਸਰਾ, ਇਸਨੂੰ ਖੇਤੀ ਦੀਆਂ ਪੈਦਾਵਾਰ ਚੀਜ਼ਾਂ ਲਈ ਵੱਧ ਜਾਂ ਘੱਟ ਥੋੜੀ ਅਦਾਇਗੀ ਹੁੰਦੀ ਹੈ।

”ਕਿਸਾਨੀ ਉੱਤੇ ਲਗਾਇਆ ਗਿਆ ਇਹ ਵਾਧੂ ਟੈਕਸ ਸਨਅੱਤ ਨੂੰ ਉਤਸ਼ਾਹਿਤ ਕਰਨ ਲਈ ਹੈ ਜਿਹੜੀ ਪੂਰੇ ਦੇਸ਼ ਦੀ ਸੇਵਾ ਕਰਦੀ ਹੈ, ਜਿਸ ਵਿੱਚ ਕਿਸਾਨੀ ਵੀ ਸ਼ਾਮਿਲ ਹੈ।”26

ਸ਼ੁਰੂਆਤ ‘ਚ ਖੇਤੀ ਵਿੱਚ ਸਮੂਹਕੀਕਰਨ ਦਾ ਕੰਮ ਮਸ਼ੀਨਰੀ ਦੀ ਘਾਟ ‘ਚ ਹੋਣਾ ਸੀ। ਇਸ ਦੌਰ ਵਿੱਚ ਕਿਰਤ ਦੀ ਸਮੂਹਕਤਾ ਕਿਰਤ ਦੀ ਉਤਪਾਦਕਾ ਵਧਾਉਣ ‘ਚ ਅਹਿਮ ਹੋਣੀ ਸੀ। ਇਸ ਲਈ ਪੈਦਾਵਾਰ ਵਧਾਉਣ ਲਈ ਕਿਰਤ ਦੀ ਸਮੂਹਕਤਾ ਲਾਜਮੀ ਸੀ ਅਤੇ ਅਜਿਹਾ ਤਾਂ ਹੀ ਸੰਭਵ ਸੀ ਜੇ ਖੇਤੀ ‘ਚ ਸਮੂਹਕੀਕਰਨ ਕੀਤਾ ਜਾਂਦਾ ਅਤੇ ਮਜਦੂਰ ਜਮਾਤ ਤੇ ਕਿਸਾਨੀ ਦੇ ਸਾਂਝੇ ਮੋਰਚੇ ਨੂੰ ਪੱਕੇ ਪੈਰੀਂ ਕੀਤਾ ਜਾਂਦਾ ਹੈ। ਪਰ ਖੇਤੀ ਖੇਤਰ ‘ਚ ਉਸ ਸਮੇਂ ਹਾਲਤ ਕੁਝ ਇਸ ਤਰ੍ਹਾਂ ਸਨ – ਭਾਵੇਂ “’ਜਮੀਨ ਹਲਵਾਹਕ ਦੀ’” ਦੇ ਨਾਹਰੇ ਹੇਠ ਬਾਲਸ਼ਵਿਕਾਂ ਨੇ ਗਰੀਬ ਕਿਸਾਨਾਂ ਨੂੰ ਵੱਡੀਆਂ ਜਗੀਰਾਂ ‘ਤੇ ਕਬਜ਼ਾ ਕਰਨ ਦਿੱਤਾ ਸੀ ਅਤੇ ਜਿਸਦੇ ਸਿੱਟੇ ਵਜੋਂ ਵੱਡੀ ਗਿਣਤੀ ‘ਚ ਕਿਸਾਨਾਂ ਕੋਲ ਜ਼ਮੀਨਾਂ ਦੀ ਮਾਲਕੀ ਆ ਗਈ ਸੀ ਪਰ ‘ਨਵੀਂ ਆਰਥਿਕ ਨੀਤੀ’ ਤਹਿਤ ਸਰਮਾਏਦਾਰੀ ਵਿਕਾਸ ਨੂੰ ਜੋ ਛੋਟਾਂ ਦਿੱਤੀਆਂ ਗਈਆਂ, ਉਹਨਾਂ ਦੇ ਨਤੀਜੇ ਵਜੋਂ ਖੇਤੀ ਖੇਤਰ ‘ਚ ਸਰਮਾਏਦਾਰਾ ਕਿਸਾਨਾਂ ਜਿਹਨਾਂ ਨੂੰ ਰੂਸ ਵਿੱਚ ਕੁਲਕ ਕਿਹਾ ਜਾਂਦਾ ਸੀ, ਦੀ ਤਾਕਤਵਰ ਜਮਾਤ ਪੈਦਾ ਹੋ ਗਈ। ਗਰੀਬ ਕਿਸਾਨ ਆਪਣੀ ਜਮੀਨ ਖੋ ਰਹੇ ਸਨ ਜਦਕਿ ਕੁਲਕ ਆਪਣੀ ਮਾਲਕੀ ਹਰ ਸਾਲ ਵਧਾਉਂਦੇ ਜਾ ਰਹੇ ਸਨ। ਗਰੀਬ ਕਿਸਾਨ ਕੁਲਕਾਂ ਕੋਲ ਮਜਦੂਰੀ ਕਰਨ ਲੱਗੇ ਸਨ:

“1927 ਵਿੱਚ, ਮੁਕਤ ਬਜ਼ਾਰ ਦੇ ਸੁਤੇਸਿੱਧ ਵਿਕਾਸ ਕਾਰਨ 7% ਭਾਵ 27 ਲੱਖ ਕਿਸਾਨ ਫਿਰ ਤੋਂ ਭੂਮੀਹੀਣ ਹੋ ਗਈ ਸੀ। …. 35% ਕਿਸਾਨ ਅਬਾਦੀ ਗਰੀਬੀ ਦੀ ਦਲਦਲ ਵਿੱਚ ਧੱਕੀ ਗਈ ਜਿਸ ਕੋਲ ਨਾ ਹੀ ਖੇਤੀ ਲਈ ਨਾ ਘੋੜਾ ਸੀ ਅਤੇ ਨਾ ਹੀ ਗੱਡਾ।

“50% ਦੇ ਲਗਭੱਗ ਦਰਮਿਆਨੇ ਕਿਸਾਨ ਸਨ, ਪਰ ਉਹ ਵੀ ਪੁਰਾਣੇ ਢੰਗਾਂ ਨਾਲ਼ ਖੇਤੀ ਕਰ ਰਹੇ ਸਨ। 1929 ਵਿੱਚ ਯੂਕਰੇਨ ਵਿੱਚ 60% ਕਿਸਾਨਾਂ ਕੋਲ ਕੋਈ ਵੀ ਮਸ਼ੀਨਰੀ ਨਹੀਂ ਸੀ; ਉੱਤਰੀ ਕਾਕੇਸ਼ਸ ਵਿੱਚ ਇਹ 71%, ਹੇਠਲੇ ਵੋਲਗਾ ਖੇਤਰ ਵਿੱਚ 87.5% ਅਤੇ ਕੇਂਦਰੀ ਕਾਲੀ-ਮਿੱਟੀ ਵਾਲੇ ਖੇਤਰ ਵਿੱਚ 92.5% ਸੀ। ਇਹੀ ਮੁੱਖ ਅਨਾਜ ਪੈਦਾ ਕਰਨ ਵਾਲੇ ਖਿੱਤੇ ਸਨ।

“ਸਮੁੱਚੇ ਰੂਪ ਵਿੱਚ, 5-7% ਹਿੱਸਾ ਉਹਨਾਂ ਕਿਸਾਨਾਂ ਦਾ ਸੀ ਜਿਹੜੇ ਅਮੀਰ ਹੋ ਰਹੇ ਸਨ; ਇਹ ਕੁਲਕ ਸਨ।”27

ਮੰਡੀ ਵਿੱਚ ਪਹੁੰਚਣ ਵਾਲੇ ਅਨਾਜ ਦਾ ਅਨੁਪਾਤ ਇਨਕਲਾਬ ਤੋਂ ਬਦਲ ਚੁੱਕਾ ਸੀ। ਸੰਸਾਰ ਜੰਗ ਤੋਂ ਪਹਿਲਾਂ ਮੁੱਖ ਰੂਪ ਵਿੱਚ ਵੱਡੇ ਭੂਮੀਪਤੀਆਂ ਅਤੇ ਅਮੀਰ ਕਿਸਾਨਾਂ ਵੱਲੋਂ ਅਨਾਜ ਵੇਚਿਆ ਜਾਂਦਾ ਸੀ ਕਿਉਂਕਿ ਕਿਸਾਨੀ ਦੀ ਵੱਡੀ ਅਬਾਦੀ ਭੂਮੀਹੀਣ ਸੀ ਜਾਂ ਬਹੁਤ ਗਰੀਬ ਸੀ। ਪਰ 1926 ਦੇ ਹਾਲਤ ਇਹ ਸਨ – ਮੰਡੀ ਵਿੱਚ ਆਏ ਕੁਲ ਅਨਾਜ ਦਾ 74% ਹਿੱਸਾ ਗਰੀਬ ਤੇ ਛੋਟੇ ਕਿਸਾਨਾਂ ਦਾ ਸੀ, ਪਰ ਤੱਥ ਇਹ ਸੀ ਕਿ ਇਹ ਉਹਨਾਂ ਦੀ ਕੁਲ ਪੈਦਾਵਾਰ ਦਾ ਸਿਰਫ 11% ਸੀ। ਸਮਾਜਵਾਦੀ ਸਮੂਹਕ ਖੇਤਾਂ ਦਾ ਹਿੱਸਾ 6% ਸੀ ਅਤੇ ਬਾਕੀ ਕੁਲਕਾਂ ਦਾ ਸੀ।28 ਪਰ ਇਸਦਾ ਦੂਸਰਾ ਪੱਖ ਇਹ ਸੀ ਕਿ ਮੌਸਮ ਦੀ ਮਾਰ ਜਾਂ ਕਿਸੇ ਹੋਰ ਕਾਰਨ ਕਰਕੇ ਫਸਲ ਦਾ ਝਾੜ ਥੋੜਾ ਜਿੰਨਾ ਵੀ ਘਟਣ ਉੱਤੇ ਗਰੀਬ ਅਤੇ ਛੋਟੇ ਕਿਸਾਨਾਂ ਵੱਲੋਂ ਮੰਡੀ ਵਿੱਚ ਆਉਣ ਵਾਲੇ ਤਿੰਨ-ਚੌਥਾਈ ਅਨਾਜ ਵਿੱਚ ਵੱਡੀ ਕਮੀ ਹੋ ਸਕਦੀ ਸੀ। ਬਿਲਕੁਲ ਇਹੀ ਹੋ ਵੀ ਰਿਹਾ ਸੀ। 1924-25 ਦੇ ਦੋ ਸਾਲਾਂ ਵਿੱਚ ਇਹੀ ਹੋਇਆ, ਫਿਰ 1927 ਵਿੱਚ ਇਹੀ ਹੋਇਆ। ਕੁਲਕ ਸਰਕਾਰੀ ਭਾਅ ਉੱਤੇ ਅਨਾਜ ਵੇਚਣ ਤੋਂ ਨਾਂਹ ਕਰ ਦਿੰਦੇ ਸਨ ਜਿਸ ਕਾਰਨ ਮੰਡੀ ਵਿੱਚ ਅਨਾਜ ਦੀਆਂ ਕੀਮਤਾਂ ਵਧ ਰਹੀਆਂ ਸਨ, ਸਿੱਟੇ ਵਜੋਂ ਸ਼ਹਿਰਾਂ ਉੱਤੇ ਭੁੱਖਮਰੀ ਦਾ ਖਤਰਾ ਲਗਾਤਾਰ ਬਣਿਆ ਹੋਇਆ ਸੀ। ਉੱਤੋਂ, ਭੂਮੀਹੀਣ ਹੋ ਰਹੇ ਅਤੇ ਗਰੀਬੀ ਵੱਲ ਧਕੇਲੇ ਜਾ ਰਹੇ ਕਿਸਾਨ ਸ਼ਹਿਰਾਂ ਦਾ ਰੁਖ ਕਰ ਰਹੇ ਸਨ ਜਿਸ ਕਾਰਨ ਹਾਲਤ ਹੋਰ ਵੀ ਬਦਤਰ ਹੋ ਰਹੇ ਸਨ। ਕੁਲਕਾਂ ਤੋਂ ਜ਼ਬਰੀ ਅਨਾਜ ਉਗਰਾਹੁਣ ਨਾਲ਼ ਕਿਸਾਨਾਂ ਨਾਲ਼ ਮਜਦੂਰ ਜਮਾਤ ਦਾ ਸਾਂਝਾ ਮੋਰਚਾ ਖਤਰੇ ‘ਚ ਪੈ ਸਕਦਾ ਸੀ। ਇਸ ਸਥਿਤੀ ਵਿੱਚੋਂ ਨਿਕਲਣ ਦਾ ਇੱਕੋ ਰਸਤਾ ਸੀ ਕਿ ਪੈਦਾਵਾਰ ਵਧਾਈ ਜਾਵੇ (ਜੋ ਸ਼ੁਰੂ ਵਿੱਚ ਸਮੂਹਕਤਾ ਰਾਹੀਂ ਤੇ ਫਿਰ ਮਸ਼ੀਨੀਕਰਨ ਰਾਹੀਂ ਕੀਤੀ ਜਾਣੀ ਸੀ), ਭੂਮੀਹੀਣ-ਗਰੀਬ ਕਿਸਾਨਾਂ ਨਾਲ਼ ਸਾਂਝਾ ਮੋਰਚਾ ਪੱਕੇ ਪੈਰੀ ਕੀਤਾ ਜਾਵੇ ਤੇ ਮਧਵਰਗੀ ਕਿਸਾਨਾਂ ਨੂੰ ਵੱਧ ਤੋਂ ਵੱਧ ਹੱਦ ਤੱਕ ਮਜਦੂਰ ਜਮਾਤ ਵੱਲ ਜਿੱਤਿਆ ਜਾਵੇ, ਅਤੇ ਕੁਲਕਾਂ ਦਾ ਇੱਕ ਜਮਾਤ ਦੇ ਰੂਪ ਵਿੱਚ ਸਫਾਇਆ ਕੀਤਾ ਜਾਵੇ, ਥੋੜੇ ਸ਼ਬਦਾਂ ਵਿੱਚ, ਇਹ ਕਿ ਪਿੰਡਾਂ ਵਿੱਚ ਸਮਾਜਵਾਦੀ ਪੈਦਾਵਾਰੀ ਸਬੰਧਾਂ ਦੀ ਕਾਇਮੀ ਵੱਲ ਵਧਿਆ ਜਾਵੇ। ਸਮੂਹਕੀਕਰਨ ਨੇ ਗਰੀਬ ਕਿਸਾਨੀ ਅਤੇ ਮਧਵਰਗੀ ਕਿਸਾਨਾਂ ਨੂੰ ਸਹਿਕਾਰਤਾਵਾਂ ‘ਚ ਜਥੇਬੰਦ ਕਰਨਾ ਸੀ, ਜਿਸ ਕਾਰਨ ਕੁਲਕਾਂ ਨੂੰ ਮਜਦੂਰ ਮਿਲਣੇ ਬੰਦ ਹੋ ਜਾਣੇ ਸਨ ਤੇ ਗਰੀਬ ਕਿਸਾਨਾਂ ਦੀ ਲੁੱਟ ਵੀ ਖਤਮ ਹੋ ਜਾਣੀ ਸੀ ਅਤੇ ਨਾਲ਼ ਹੀ ਗਰੀਬ ਕਿਸਾਨੀ ਤੇ ਪੇਂਡੂ ਮਜਦੂਰ ਜਮਾਤ ਨੂੰ ਇੱਕ ਤਾਕਤ ਵਜੋਂ ਜਥੇਬੰਦ ਕਰ ਦੇਣਾ ਸੀ ਜਿਸਦਾ ਨਿਸ਼ਾਨਾ ਕੁਲਕ ਜਮਾਤ ਬਣਨੀ ਸੀ।

ਸਮੁੱਚੀਆਂ ਹਾਲਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਦਸੰਬਰ, 1927 ਵਿੱਚ ਪਾਰਟੀ ਦੀ ਪੰਦਰਵੀਂ ਕਾਂਗਰਸ ਦੌਰਾਨ ਪਾਸ ਹੋਏ ਮਤੇ ਵਿੱਚ ਖੇਤੀ ‘ਚ ਸਮੂਹਕੀਕਰਨ ਦੌਰਾਨ ਪਾਰਟੀ ਦੀ ਆਮ ਨੀਤੀ ਸਾਹਮਣੇ ਰੱਖੀ ਗਈ ਸੀ:

“ਰਸਤਾ ਕੀ ਹੈ? ਛੋਟੇ ਤੇ ਖਿੰਡੇ ਹੋਏ ਖੇਤਾਂ ਨੂੰ ਪੜਾਵਾਰ ਤਰੀਕੇ ਨਾਲ਼ ਖੇਤੀ ਮਸ਼ੀਨਰੀ, ਟਰੈਕਟਰ ਤੇ ਵਿਗਿਆਨਕ ਤਕਨੀਕਾਂ ਵਰਤਦੇ ਹੋਏ ਸਾਂਝੀ, ਸਹਿਕਾਰੀ ਤੇ ਸਮੂਹਕ ਕਾਸ਼ਤ ਦੇ ਅਧਾਰ ‘ਤੇ ਵੱਡੇ ਖੇਤਾਂ ਵਿੱਚ ਬਦਲਿਆ ਜਾਵੇ,  ਪਰ ਜ਼ਾਹਿਰਾ ਤੌਰ ‘ਤੇ ਅਜਿਹਾ ਜ਼ੋਰ-ਜਬਰਦਸਤੀ ਨਾਲ਼ ਨਹੀਂ, ਸਗੋਂ ਸਮਝਾਉਂਦੇ ਹੋਏ ਤੇ ਉਦਾਹਰਣ ਪ੍ਰਸਤੁਤ ਕਰਦੇ ਹੋਏ ਕੀਤਾ ਜਾਵੇ।”

ਇਸ ਨੀਤੀ ਦੇ ਅਮਲ ‘ਚ ਆਉਣ ਦੇ ਨਾਲ਼ ਹੀ ਕੁਲਕਾਂ ਨੇ ਇਸਦਾ ਵਿਰੋਧ ਕਰਨਾ ਸੀ, ਜਿਸ ਤੋਂ ਸਤਾਲਿਨ ਭਲੀਭਾਂਤ ਜਾਣੂ ਸਨ, ਇਸੇ ਲਈ ਉਹਨਾਂ ਨੇ ਕਿਹਾ:

“ … ਮੌਜੂਦਾ ਹਾਲਤਾਂ ‘ਚ ਮਜਦੂਰਾਂ ਤੇ ਕਿਸਾਨਾਂ ਦਾ ਸਾਂਝਾ ਮੋਰਚਾ ਤਾਂ ਹੀ ਕਾਇਮ ਰਹਿ ਸਕਦਾ ਹੈ ਜੇ ਲੈਨਿਨ ਦੇ ਇਸ ਜਾਣੇ-ਪਛਾਣੇ ਨਾਹਰੇ ਅਨੁਸਾਰ ਚੱਲਿਆ ਜਾਂਦਾ ਹੈ: ਗਰੀਬ ਕਿਸਾਨਾਂ ‘ਤੇ ਨਿਰਭਰਤਾ ਬਣਾਓ, ਦਰਮਿਆਨੀ ਕਿਸਾਨੀ ਨਾਲ਼ ਮਜਬੂਤ ਏਕਾ ਕਾਇਮ ਕਰੋ, ਅਤੇ ਕੁਲਕਾਂ ਖਿਲਾਫ ਸੰਘਰਸ਼ ਕਦੇ ਢਿੱਲਾ ਨਾ ਪੈਣ ਦਿਓ। ਸਿਰਫ ਇਸ ਨਾਹਰੇ ਨੂੰ ਲਾਗੂ ਕਰਕੇ ਹੀ ਕਿਸਾਨੀ ਦੇ ਵੱਡੇ ਲੋਕ-ਸਮੂਹਾਂ ਨੂੰ ਸਮਾਜਵਾਦੀ ਉਸਾਰੀ ਦੇ ਦਾਇਰੇ ‘ਚ ਲਿਆਂਦਾ ਜਾ ਸਕਦਾ ਹੈ।””

ਬਿਲਕੁਲ ਇੱਥੇ ਹੀ ਬੁਖਾਰਿਨ ਦੀ ਸਮਾਜਿਕ-ਜਮਹੂਰੀ ਲੀਹ ਪਾਰਟੀ ਲੀਹ ਨਾਲ਼ ਟਕਰਾਅ ਵਿੱਚ ਸੀ। ਪੈਦਾਵਾਰ ਵਧਾਉਣ ਲਈ, ਬੁਖਾਰਿਨ ਦਾ ਮੁੱਖ ਜ਼ੋਰ ਸਮੂਹਕੀਕਰਨ ਦੀ ਥਾਂ ਨਿੱਜੀ ਖੇਤੀ ਨੂੰ ਹੋਰ ਖੁੱਲ੍ਹ ਦੇਣ ਉੱਤੇ ਸੀ।

“ਸਮਾਜ ਵਿੱਚ ਜਾਰੀ ਸੰਘਰਸ਼ ਪਾਰਟੀ ਅੰਦਰ ਵੀ ਆ ਚੁੱਕਾ ਸੀ। ਬੁਖਾਰਿਨ… ਮੰਡੀ ਦੇ ਸਬੰਧਾਂ ਨੂੰ ਵਿਕਸਤ ਹੋਣ ਦੇਣ ਦੇ ਰਸਤੇ ਰਾਹੀਂ ਸਮਾਜਵਾਦ ਵੱਲ ਵਧਣ ਉੱਤੇ ਜ਼ੋਰ ਦੇ ਰਿਹਾ ਸਨ। 1925 ਵਿੱਚ, ਉਹ ਕਿਸਾਨਾਂ ਨੂੰ “ਖੁਦ ਨੂੰ ਅਮੀਰ ਕਰੋ” ਦਾ ਨਾਹਰਾ ਦੇ ਰਹੇ ਸਨ, ਅਤੇ ਇਹ ਮੰਨ ਰਹੇ ਰਹੇ ਸਨ ਕਿ ਸਾਨੂੰ ਕੀੜੀ ਤੋਰ ਅੱਗੇ ਵਧਣਾ ਚਾਹੀਦਾ ਹੈ। ਸਤਾਲਿਨ ਨੇ 2 ਜੂਨ, 1925 ਨੂੰ ਇੱਕ ਚਿੱਠੀ ਰਾਹੀਂ ਬੁਖਾਰਿਨ ਨੂੰ ਲਿਖਿਆ ਕਿ ‘ਖੁਦ ਨੂੰ ਅਮੀਰ ਕਰ’ੋ ਦਾ ਨਾਹਰਾ ਸਾਡਾ ਨਾਹਰਾ ਨਹੀਂ ਹੈ.. ਸਾਡਾ ਨਾਹਰਾ ਸਮਾਜਵਾਦੀ ਇਕੱਤਰੀਕਰਨ ਹੈ।”29 ਇਸ ਤਰ੍ਹਾਂ ਬੁਖਾਰਿਨਵਾਦੀਆਂ ਅਨੁਸਾਰ  “ਫਿਲਹਾਲ ਸਨਅੱਤ ਨੂੰ ਤੇਜ਼ੀ ਨਾਲ਼ ਵਿਕਸਤ ਕਰਨਾ, ਸਮੂਹਕ ਖੇਤ ਤੇ ਰਾਜਕੀ ਖੇਤ ਖੜੇ ਕਰਨਾ ਪ੍ਰਮੁੱਖ ਕਾਰਜ ਨਹੀਂ ਹੈ, ਸਗੋਂ ਮੰਡੀ ਦੀਆਂ ਬੁਨਿਆਦੀ ਤਾਕਤਾਂ ਨੂੰ ‘ਮੁਕਤ’ ਕਰਨਾ, ਮੰਡੀ ਨੂੰ ‘ਅਜ਼ਾਦ’ ਕਰਾਉਣਾ ਅਤੇ ਪੇਂਡੂ ਇਲਾਕਿਆਂ ਵਿੱਚ ਸਰਮਾਏਦਾਰਾ ਤੱਤਾਂ ਸਮੇਤ ਵਿਅਕਤੀਗਤ ਖੇਤਾਂ ਦੇ ‘ਰਾਹ ‘ਚੋਂ ਰੁਕਾਵਟਾਂ ਹਟਾਉਣਾ’ ਹੈ। ਉਹਨਾਂ ਅਨੁਸਾਰ ਕੁਲਕਾਂ ਨੂੰ “ਅਮਨਪੂਰਵਕ ਢੰਗ ਸਮਾਜਵਾਦ ਵਿੱਚ ਵਿਕਸਤ ਹੋਣ” ਦਿੱਤਾ ਜਾਣਾ ਚਾਹੀਦਾ ਹੈ। ਪਰ ਕੁਲਕ ਸਮਾਜਵਾਦ ‘ਚ ਵਿਕਸਤ ਨਹੀਂ ਹੋ ਸਕਦੇ, ਅਤੇ ਮੰਡੀ ‘ਅਜ਼ਾਦ’ ਕਰਨ ਦਾ ਮਤਲਬ ਕੁਲਕਾਂ ਨੂੰ ਤਾਕਤਵਰ ਕਰਨਾ ਅਤੇ ਮਜਦੂਰ ਜਮਾਤ ਨੂੰ ਕਮਜ਼ੋਰ ਕਰਨਾ ਸੀ। ਜਦੋਂ ਉਹਨਾਂ ਦੀ ਪੋਜ਼ੀਸ਼ਨ ਸਿਧਾਂਤਕ ਪੱਧਰ ‘ਤੇ ਹਾਰ ਗਈ ਤਾਂ ਉਹ ਸਮੂਹਕੀਕਰਨ ਦੇ ਅਮਲ ‘ਚ ਰੁਕਾਵਟਾਂ ਖੜੀਆਂ ਕਰਨ ਲੱਗੇ। ਜਦੋਂ ਸਤਾਲਿਨ ਨੇ ਕੁਲਕਾਂ ਦਾ ਇੱਕ ਜਮਾਤ ਵਜੋਂ ਸਫਾਏ ਦਾ ਸੱਦਾ ਦਿੱਤਾ ਤਾਂ ਇਸ ਧੜੇ ਨੇ ਆਪਣਾ ਵਿਰੋਧ ਹੋਰ ਵੀ ਤਿੱਖਾ ਕਰ ਦਿੱਤਾ। ਉਹ ਸਮਾਜਵਾਦ ਦੀ ਉਸਾਰੀ ਸਮੇਂ ਜਮਾਤੀ ਸੰਘਰਸ਼ ਤੋਂ ਇਨਕਾਰੀ ਸਨ ਅਤੇ ਸੋਚਦੇ ਸਨ ਕਿ ਸਰਮਾਏਦਾਰਾ ਤੱਤ ਜਾਂ ਤਾਂ ਬਿਨਾਂ ਕੋਈ ਸ਼ੋਰ ਕਰੇ ਖਤਮ ਹੋ ਜਾਣਗੇ, ਜਾਂ ਫਿਰ ਸਮਾਜਵਾਦ ‘ਚ ਵਿਕਸਤ ਹੋ ਜਾਣਗੇ। ਪਰ ਇਤਿਹਾਸ ਵਿੱਚ ਅਜਿਹੇ ਚਮਤਕਾਰ ਨਹੀਂ ਹੁੰਦੇ। ਭਾਵੇਂ ਬੁਖਾਰਿਨ, ਰਾਈਕੋਵ ਤੇ ਹੋਰਾਂ ਦੀ ਅਗਵਾਈ ਵਾਲਾ ਸੱਜਾ ਧੜਾ ਪਹਿਲਾਂ ਹੀ ਸਨਅੱਤੀਕਰਨ ਤੇ ਸਮੂਹਕੀਕਰਨ ਦੀ ਨੀਤੀ ਦਾ ਵਿਰੋਧ ਕਰ ਰਿਹਾ ਸੀ ਪਰ ‘ਯੂਨਾਈਟਡ ਆਪੋਜ਼ੀਸ਼ਨ’ ਦੇ ਵਿਰੋਧ ਦੇ ਜ਼ਿਆਦਾ ਤਿੱਖੇ ਹੋਣ ਕਾਰਨ ਇਹ ਲੁਕਿਆ ਰਿਹਾ ਅਤੇ ਉਦੋਂ ਹੀ ਪੂਰੀ ਤਰ੍ਹਾਂ ਆਪਣੇ-ਆਪ ਨੂੰ ਪ੍ਰਗਟ ਕੀਤਾ ਜਦੋਂ ਕੁਲਕਾਂ ਉੱਤੇ ਅਸਲੀ ਹਮਲੇ ਦਾ ਸਮਾਂ ਆ ਗਿਆ। ਇਸ ਪੋਜ਼ੀਸ਼ਨ ਦਾ ਤੱਤ ਕੁਲਕਾਂ ਦੇ ਹਿਤਾਂ ਦੀ ਰੱਖਿਆ ਕਰਨਾ ਅਤੇ ਸਨਅਤੀਕਰਨ ਦੀ ਰਫਤਾਰ ਨੂੰ ਮੱਠਿਆਂ ਕਰਨਾ ਸੀ। ‘ਯੂਨਾਈਟਡ ਆਪੋਜ਼ੀਸ਼ਨ’ ਨੂੰ ਫੈਸਲਾਕੁੰਨ ਹਾਰ ਹੋਣ ਤੋਂ ਬਾਅਦ ਬੁਖਾਰਿਨਪੰਥੀਆਂ ਦੀ ਸਮਾਜਿਕ-ਜਮਹੂਰੀ ਸੱਜੇਪੱਖੀ ਲੀਹ ਨੇ ਸੰਘਰਸ਼ ਸ਼ੁਰੂ ਕਰ ਦਿੱਤਾ ਜੋ ਕਿ 15ਵੀਂ ਪਾਰਟੀ ਕਾਂਗਰਸ ਤੋਂ ਬਾਅਦ ਖਾਸ ਤੌਰ ‘ਤੇ ਤਿੱਖਾ ਹੋ ਗਿਆ। ਪਰ ਇਹ ਪੋਜ਼ੀਸ਼ਨ ਬਹੁਤ ਜ਼ਿਆਦਾ ਦੇਰ ਨਾ ਟਿਕ ਸਕੀ। ਜਦੋਂ ਸਿਧਾਂਤਕ ਪੱਧਰ ‘ਤੇ ਸੱਜੇਪੱਖੀ ਲਾਈਨ ਹਾਰਨ ਲੱਗੀ ਤਾਂ ਸੱਜਿਆਂ ਤੇ ਖੱਬਿਆਂ ਦਾ ਸਾਂਝਾ ਮੋਰਚਾ ਬਣਨਾ ਸ਼ੁਰੂ ਹੋ ਗਿਆ।

“ਇਸ ਸੰਘਰਸ਼ ਦੇ ਦੌਰਾਨ, ‘ਯੂਨਾਈਟਡ ਆਪੋਜ਼ੀਸ਼ਨ’ ਦੇ ਮੈਂਬਰਾਂ ਨੇ ਬੁਖਾਰਿਨ ਨਾਲ਼ ਸਿਧਾਂਤਹੀਣ ਗੱਠਜੋੜ ਬਣਾਇਆ ਤਾਂ ਕਿ ਸਤਾਲਿਨ ਅਤੇ ਮਾਰਕਸਵਾਦੀ-ਲੈਨਿਨਵਾਦੀ ਅਗਵਾਈ ਨੂੰ ਉਲਟਾਇਆ ਜਾ ਸਕੇ। ਜਦੋਂ ਸਮੂਹਕੀਕਰਨ ਤੋਂ ਪਹਿਲਾਂ ਤਿੱਖੀ ਬਹਿਸ ਚੱਲ ਰਹੀ ਸੀ ਤਾਂ 11 ਜੁਲਾਈ, 1928 ਨੂੰ ਬੁਖਾਰਿਨ ਨੇ ਅੰਦਰਖਾਤੇ ਕਾਮੇਨੇਵ ਨਾਲ਼ ਮੀਟਿੰਗ ਕੀਤੀ। ਉਸ ਨੇ ਸਾਫ ਕਿਹਾ ਕਿ ਉਹ ‘ਕਾਮੇਨੇਵ ਤੇ ਜ਼ਿਨੋਵੀਵ ਲਈ ਸਤਾਲਿਨ ਨੂੰ ਤਿਆਗ ਸਕਦਾ ਹੈ’ ਅਤੇ ‘ਸਤਾਲਿਨ ਨੂੰ ਹਟਾਉਣ ਲਈ ਇੱਕ ਬਲਾਕ’ ਦੀ ਉਮੀਦ ਰੱਖ ਰਿਹਾ ਸੀ।”30

“ਸਤੰਬਰ, 1928 ਵਿੱਚ ਕਾਮੇਨੇਵ ਨੇ ਤ੍ਰਾਤਸਕੀਵਾਦੀਆਂ ਨਾਲ਼ ਸੰਪਰਕ ਕੀਤਾ, ਉਹਨਾਂ ਨੂੰ ਪਾਰਟੀ ਵਿੱਚ ਸ਼ਾਮਿਲ ਹੋਣ ਲਈ ਕਿਹਾ ਅਤੇ ‘ਸੰਕਟ ਦੇ ਪੱਕ ਜਾਣ ਤੱਕ’ ਉਡੀਕ ਕਰਨ ਲਈ ਕਿਹਾ।”31

ਪਰ ਬੁਖਾਰਿਨ ਦੀ ਹਾਰਵਾਦੀ ਲੀਹ ਨੂੰ ਲੋਕਾਂ ਵਿੱਚੋਂ ਕੋਈ ਹਮਾਇਤ ਨਾ ਮਿਲੀ ਅਤੇ ਪਹਿਲੀ ਪੰਜ-ਸਾਲਾ ਯੋਜਨਾ ਅਤੇ ਸਮੂਹਕੀਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ। ਸਮੂਹਕੀਕਰਨ ਦੀ ਪ੍ਰਕਿਰਿਆ ਦੋ ਲਹਿਰਾਂ ਵਿੱਚ ਚੱਲਦੀ ਹੈ – ਪਹਿਲੀ ਲਹਿਰ 1929-30 ਦੌਰਾਨ ਅਤੇ ਦੂਜੀ ਲਹਿਰ 1931-32  ਦੇ ਸਾਲਾਂ ਵਿੱਚ ਚੱਲਦੀ ਹੈ। ਸਮੂਹਕੀਕਰਨ ਦੀ ਪੂਰੀ ਪ੍ਰਕਿਰਿਆ ਨੂੰ ਸਮਝਣਾ ਬਹੁਤ ਜਰੂਰੀ ਹੈ ਕਿਉਂਕਿ ਅਕਸਰ ਇਸ ਪ੍ਰਕਿਰਿਆ ਦੇ ਵਿਸਥਾਰ ਬਾਰੇ ਜਾਣੂ ਨਾ ਹੋਣ ਕਰਕੇ ਇਮਾਨਦਾਰ ਇਨਕਲਾਬੀ ਤੇ ਆਮ ਲੋਕ ਬੁਰਜੂਆ ਪ੍ਰਾਪੇਗੰਡੇ ਅਤੇ ਤ੍ਰਾਤਸਕੀਪੰਥੀਆਂ ਤੇ ਹੋਰ ਭਗੌੜਿਆਂ, ਸੋਧਵਾਦੀਆਂ ਦੇ ਕੂੜ-ਪ੍ਰਚਾਰ ਦਾ ਸ਼ਿਕਾਰ ਹੋ ਕੇ ਇਹ ਸਮਝਣ ਲੱਗ ਪੈਂਦੇ ਹਨ ਕਿ ਸਮੂਹਕੀਕਰਨ ਪੂਰੀ ਤਰ੍ਹਾਂ ਬਾਲਸ਼ਵਿਕਾਂ, ਖਾਸ ਕਰਕੇ ਸਤਾਲਿਨ ਦੁਆਰਾ ਲੋਕਾਂ ਉੱਤੇ ਥੋਪੀ ਗਈ ਜਿਸਦੇ ਬੜੇ ਭਿਅੰਕਰ ਸਿੱਟੇ ਨਿਕਲੇ, ਅਕਾਲ ਪੈ ਗਏ ਅਤੇ ਸਤਾਲਿਨ ਨੇ ਰੂਸ ਬਰਬਾਦ ਕਰ ਦਿੱਤਾ, 75 ਲੱਖ ਲੋਕ ਸਤਾਲਿਨ ਦੇ “ਕੁਕਰਮਾਂ” ਕਾਰਨ ਮੌਤ ਦੇ ਮੂੰਹ ਜਾ ਪਏ, ਜਾਂ ਫਿਰ ਸਤਾਲਿਨ ਨੇ ਕਈ ਥਾਵਾਂ ਉੱਤੇ ਜਿਵੇਂ ਯੁਕਰੇਨ ਵਿੱਚ, ਗਿਣਮਿਥ ਕੇ ਲੋਕ ਮਾਰੇ!

ਪਹਿਲੀ ਲਹਿਰ – ਸਮੂਹਕੀਕਰਨ ਦਾ ਫੈਸਲਾ ਲੈਣ ਵਾਲੇ ਪਾਰਟੀ ਵੱਲੋਂ ਜੋ ਫੈਸਲੇ ਲਏ ਗਏ, ਉਸ ਅਨੁਸਾਰ ਪਹਿਲੀ ਪੰਜ-ਸਾਲਾ ਯੋਜਨਾ ਅਨੁਸਾਰ ਪੂਰੀ ਖੇਤੀ ਦੇ ਪੰਜਵੇਂ ਹਿੱਸੇ ਤੋਂ ਵੀ ਘੱਟ ਹਿੱਸੇ ਨੂੰ ਸਮੂਹਕੀਕਰਨ ਦੇ ਅਧੀਨ ਲਿਆਂਦਾ ਜਾਣਾ ਸੀ।

“ਅਪ੍ਰੈਲ, 1929 ਵਿੱਚ ਪਹਿਲੀ ਪੰਜ ਸਾਲਾ ਯੋਜਨਾ ਲਈ 1932-33 ਤੱਕ 10% ਖੇਤੀ ਨੂੰ ਸਮੂਹਕੀਕਰਨ ਅਧੀਨ ਲਿਆਉਣ ਦੀ ਯੋਜਨਾ ਬਣਾਈ ਗਈ। ਇਸ ਪੱਧਰ ਉੱਤੇ ਕੋਲਖੋਜੀ ਅਤੇ ਸੋਵਖੋਜੀ ਮਿਲਕੇ ਅਨਾਜ ਦੀ ਕੁਲ ਪੈਦਾਵਾਰ ਦਾ 15.5% ਹਿੱਸਾ ਪੈਦਾ ਕਰਨ ਦੇ ਯੋਗ ਹੋਣੇ ਸੀ। ਅਨਾਜ ਦੀ ਇੰਨੀ ਪੈਦਾਵਾਰ ਉੱਤੇ ਕੰਟਰੋਲ ਹੋ ਜਾਣ ਨਾਲ਼ ਕੁਲਕਾਂ ਖਿਲਾਫ ਸਫ਼ਾਏ ਦੀ ਮੁਹਿੰਮ ਵਿੱਢਣੀ ਸੰਭਵ ਹੋ ਜਾਣੀ ਸੀ।”32

“… 30 ਮਿਲੀਅਨ ਹੈਕਟੇਅਰ ਤੋਂ ਉੱਪਰ ਜਮੀਨ ਵਿੱਚ ਵਿੱਚ ਸਮੂਹਕ ਖੇਤੀ ਦੇ ਅਧਾਰ ਉੱਤੇ ਬਿਜਾਈ ਹੋ ਚੁੱਕੀ ਹੈ, ਜੋ ਪਹਿਲਾਂ ਹੀ 1932-33 ਤੱਕ ਦੇ 24 ਮਿਲੀਅਨ ਹੈਕਟੇਅਰ ਦੇ ਟੀਚੇ ਨੂੰ ਟੱਪ ਚੁੱਕੀ ਹੈ।”33

“ਪਹਿਲੀ ਪੰਜ-ਸਾਲਾ ਯੋਜਨਾ ਵਿੱਚ 1933 ਤੱਕ 20% ਖੇਤਾਂ ਨੂੰ ਸਮੂਹਕੀਕਰਨ ਥੱਲੇ ਲਿਆਉਣ ਦਾ ਨਿਸ਼ਾਨਾ ਸੀ।”34

ਪਰ ਜੋ ਕੁਝ ਹੋਇਆ, ਉਸ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਸੀ।

“1 ਮਾਰਚ, 1930 ਤੱਕ 57.2% ਪਰਿਵਾਰ ਕੋਲਖੋਜੀ ਵਿੱਚ ਸ਼ਾਮਿਲ ਹੋ ਚੁੱਕੇ ਸਨ।”35 ਕੁਝ ਖਿੱਤਿਆਂ ਵਿੱਚ ਇਹ ਫੀਸਦੀ 80% ਤੱਕ ਪਹੁੰਚ ਚੁੱਕੀ ਸੀ। ਇਸ ਕਿਆਸੋਂ ਬਾਹਰੇ ਸਮੂਹਕੀਕਰਨ ਲਈ ਕੇਂਦਰੀ ਯੋਜਨਾ ਵਿੱਚ ਖੇਤੀ ਲਈ ਮਸ਼ੀਨਰੀ ਅਤੇ ਹੋਰ ਸਮਾਨ ਦਾ ਇੰਤਜ਼ਾਮ ਕਰਨ ਲਈ ਕੋਈ ਪ੍ਰਬੰਧ ਨਹੀਂ ਸੀ, ਅਤੇ ਨਾ ਹੀ ਇੰਨੀ ਵੱਡੀ ਪੱਧਰ ਉੱਤੇ ਸਮੂਹਕੀਕਰਨ ਦੇ ਫੈਲਾਅ ਨੂੰ ਸਾਂਭਣ, ਦਿਸ਼ਾ ਦੇਣ ਅਤੇ ਜਥੇਬੰਦ ਕਰਨ ਲਈ ਪਾਰਟੀ ਕੋਲ ਕਾਡਰ ਸ਼ਕਤੀ ਸੀ। ਜਿਸ ਕਾਰਨ ਅਰਾਜਕਤਾ ਫੈਲਣੀ ਸ਼ੁਰੂ ਹੋ ਗਈ। ਇਸ ਅਰਾਜਕਤਾ ਦੇ ਕਈ ਪੱਖ ਸਨ – ਕੁਲਕਾਂ ਪ੍ਰਤੀ ਸਰਕਾਰੀ ਨੀਤੀ ਦੀ ਉਲੰਘਣਾ ਕਰਕੇ ਵੱਡੀ ਗਿਣਤੀ ਵਿੱਚ ਉਹਨਾਂ ਨੂੰ ਗਰੀਬ ਕਿਸਾਨਾਂ ਅਤੇ ਮਜਦੂਰਾਂ ਦੇ ਜਥੇਬੰਦ ਸਮੂਹਾਂ ਨੇ ਦੇਸ਼-ਨਿਕਾਲੇ ਦੇਣੇ ਸ਼ੁਰੂ ਕਰ ਦਿੱਤੇ, ਲਗਭੱਗ 3,33,000 ਕੁਲਕ ਪਰਿਵਾਰਾਂ ਦੇ ਅਸਾਸੇ ਜਬਤ ਕਰਕੇ ਬੇਦਖਲ ਕਰ ਦਿੱਤੇ ਗਏ। ਦੂਜੇ ਪਾਸੇ, ਸਮੂਹਕ ਖੇਤਾਂ ਦਾ ਪ੍ਰਬੰਧ ਕਰਨ ਲਈ ਸਿੱਖਿਅਤ ਲੋਕ ਨਹੀਂ ਸਨ, ਇਸ ਲਈ ਸਮੂਹਕ ਖੇਤਾਂ ਵਿੱਚ ਅਲੱਗ ਅਰਾਜਕਤਾ ਸੀ। ਇਸ ਤੋਂ ਇਲਾਵਾ, ਲੋਕਾਂ ਨੂੰ ਸਮੂਹਕ ਖੇਤਾਂ ਵਿੱਚ ਸ਼ਾਮਿਲ ਕਰਨ ਲਈ ਸਰਕਾਰੀ ਨੀਤੀਆਂ ਨੂੰ ਬਿਨਾਂ ਸਮਝੇ ਸਥਾਨਕ ਆਗੂਆਂ ਨੇ ਆਪਣੇ ਨਾਹਰੇ ਦੇਣੇ ਸ਼ੁਰੂ ਕਰ ਦਿੱਤੇ, ਜਿਵੇਂ, ਜੋ ਸਾਂਝੇ ਖੇਤ ਸ਼ਾਮਿਲ ਹੋਵੇਗਾ ਉਸਨੂੰ ਟਰੈਕਟਰ ਮਿਲਣਗੇ ਆਦਿ। ਕਈ ਥਾਵਾਂ ਉੱਤੇ ਕੁਝ ਅਤੀ-ਉਤਸ਼ਾਹਿਤ ਖੱਬਿਆਂ, ਕੁਝ ਕੈਰੀਅਰਵਾਦੀਆਂ ਅਤੇ ਕੁਝ ਸਾਜ਼ਿਸ਼ੀਆਂ ਨੇ ਜੋ ਸਮੂਹਕੀਕਰਨ ਨੂੰ ਇੰਨਾ ਫੈਲਾਅ ਦੇਣਾ ਚਾਹੁੰਦੇ ਸਨ ਕਿ ਉਹ ਫਲਾਪ ਹੀ ਜਾਵੇ, ਲੋਕਾਂ ਨੂੰ ਧੱਕੇ ਨਾਲ਼, ਬਿਨਾਂ ਸਿੱਖਿਅਤ ਕੀਤੇ ਸਮੂਹਕ ਖੇਤਾਂ ਵਿੱਚ ਇਕੱਠੇ ਕਰਨਾ ਸ਼ੁਰੂ ਕਰ ਦਿੱਤਾ। ਕਈ ਹੋਰ ਥਾਵਾਂ ਉੱਤੇ ਸਮੂਹਕੀਕਰਨ ਦੇ ਅਰਥ ਹੀ ਨਹੀਂ ਸਮਝੇ ਗਏ ਜਿਸ ਅਨੁਸਾਰ ਸਿਰਫ ਪੈਦਾਵਾਰ ਦੇ ਸਾਧਨ ਹੀ ਸਾਂਝੇ ਕੀਤੇ ਜਾਣੇ ਸੀ। ਪਰ ਇਹ ਵੀ ਓਨਾ ਹੀ ਸੱਚ ਹੈ ਕਿ ਕਾਫੀ ਧੱਕੇਸ਼ਾਹੀ ਹੋਣ ਦੇ ਬਾਵਜੂਦ, ਸਮੂਹਕੀਕਰਨ ਇੱਕ ਲੋਕ-ਲਹਿਰ ਬਣ ਚੁੱਕੀ ਸੀ, ਸਦੀਆਂ ਤੋਂ ਦੱਬੇ-ਕੁਚਲੇ ਪਿੰਡਾਂ ਦੇ ਲੋਕ ਉੱਠ ਖੜੇ ਹੋਏ ਸਨ ਅਤੇ ਉਹ ਆਪਣੇ ਨਾਲ਼ ਹੋਈ ਹਰ ਵਧੀਕੀ ਦਾ ਬਦਲਾ ਚਾਹੁੰਦੇ ਸਨ। ਪਾਰਟੀ ਨੇ ਤੁਰੰਤ ਸਥਿਤੀ ਨੂੰ ਕਾਬੂ ਕਰਨ ਲਈ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਸਨ।

– ਨਵੰਬਰ, 1929 ਵਿੱਚ “25,000” ਸਨਅਤੀ ਮਜਦੂਰਾਂ ਨੂੰ ਕਿਸਾਨਾਂ ਅਤੇ ਖੇਤ-ਮਜਦੂਰਾਂ ਦੀ ਅਗਵਾਈ ਲਈ ਤੁਰਤ-ਫੁਰਤ ਤਿਆਰ ਕਰਕੇ ਭੇਜਿਆ ਗਿਆ।

– 1930 ਦੇ ਪਹਿਲੇ ਮਹੀਨਿਆਂ ਵਿੱਚ 1,00,000 ਲੋਕਾਂ ਦਾ ਇੱਕ ਹੋਰ ਜੱਥਾ ਜਿਸ ਵਿੱਚ ਲਾਲ ਫੌਜ ਦੇ ਸਿਪਾਹੀ ਸ਼ਾਮਿਲ ਸਨ, ਪਿੰਡਾਂ ਵੱਲ ਭੇਜਿਆ ਗਿਆ।

– ਫਰਵਰੀ, 1930 ਵਿੱਚ ਸ਼ਹਿਰੀ ਸੋਵੀਅਤਾਂ ਦੇ 7,200 ਮੈਬਰਾਂ ਨੂੰ ਪਿੰਡਾਂ ਵਿੱਚ ਭੇਜਿਆ ਗਿਆ।36

– ਮਸ਼ੀਨਰੀ ਦੀ ਲੋੜ ਨੂੰ ਧਿਆਨ ‘ਚ ਰੱਖਦੇ ਹੋਏ ਕੇਂਦਰੀ ਪਲਾਨ ਅਧੀਨ ਉਸਾਰੇ ਜਾਣ ਵਾਲ ਸਤਾਲਿਨਗਰਾਦ ਦੇ ਕਾਰਖਾਨੇ ਤੋਂ ਇਲਾਵਾ ਦੋ ਹੋਰ ਕਾਰਖਾਨੇ ਲਗਾਉਣ ਦਾ ਤੁਰਤ-ਫੁਰਤ ਪ੍ਰਬੰਧ ਕੀਤਾ ਗਿਆ। ਖਾਰਕੋਵ ਦੇ ਕਾਰਖਾਨੇ ਦੀ ਉਸਾਰੀ ਤਾਂ ਕਿਸੇ ਦੰਦ-ਕਥਾ ਤੋਂ ਘੱਟ ਨਹੀਂ।37

ਇਸਦੇ ਨਾਲ਼-ਨਾਲ਼ ਪਾਰਟੀ ਵੱਲੋਂ ਦਿਸ਼ਾ-ਨਿਰਦੇਸ਼ ਜਾਰੀ ਹੁੰਦੇ ਗਏ:

“1) ਮੌਜੂਦਾ ਸਮੇਂ ਵਿੱਚ ਸਮੂਹਕ-ਖੇਤ ਬਣਾਉਣ ਦੀ ਲਹਿਰ ਦਾ ਮੁੱਖ ਪੱਖ ਖੇਤੀ ਦੇ ਆਰਤੇਲ ਬਣਾਉਣਾ ਹੈ।

“2) ਇਸ ਨੂੰ ਧਿਆਨ ‘ਚ ਰੱਖਦੇ ਹੋਏ ਜਰੂਰੀ ਹੈ ਕਿ ਖੇਤੀ ਦੇ ਆਰਤੇਲਾਂ ਲਈ ਮਾਡਲ ਨਿਯਮ ਤੈਅ ਕੀਤੇ ਜਾਣ।।।

“3) ਸਮੂਹਕ ਖੇਤ ਬਣਾਉਣ ਦੀ ਲਹਿਰ ਨੂੰ ਉੱਪਰੋਂ ‘ਫਰਮਾਨ’ ਜਾਰੀ ਕਰਨ ਅਤੇ ‘ਸਮੂਹਕੀਕਰਨ ਨਾਲ਼ ਖੇਡਣ’ ਨੂੰ ਸਾਡੇ ਪ੍ਰੈਕਟੀਕਲ ਕੰਮ ਵਿੱਚ ਬਿਲਕੁਲ ਕੋਈ ਆਗਿਆ ਨਹੀਂ ਹੈ।”38

2 ਮਾਰਚ, 1930 ਨੂੰ ਪ੍ਰਾਵਦਾ ਵਿੱਚ ਸਤਾਲਿਨ ਦਾ ਮਸ਼ਹੂਰ ਲੇਖ ‘ਸਫਲਤਾ ਦੀ ਘੁਮੇਰ’ ਛਪਦਾ ਹੈ:

“… ਵੱਖ-ਵੱਖ ਇਲਾਕਿਆਂ ਵਿੱਚ ਹਾਲਤਾਂ ਦੇ ਬਹੁਤ ਵੱਖਰੇ-ਵੱਖਰੇ ਹੋਣ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਲਾਜਮੀ ਸਮਝਿਆ ਜਾਵੇ ਕਿ ਸਮੂਹਕ ਖੇਤ ਬਣਾਉਣ ਲਈ ਜ਼ੋਰ-ਜਬਰਦਸਤੀ ਦੀ ਬਿਲਕੁਲ ਵਰਤੋਂ ਨਾ ਹੋਵੇ। ਇਹ ਮੂਰਖਤਾਪੂਰਨ ਅਤੇ ਪਿਛਾਖੜੀ ਹੈ। ਸਮੂਹਕ ਖੇਤਾਂ ਦੀ ਲਹਿਰ ਲੋਕਾਂ ਦੀ ਹਮਾਇਤ ਉੱਤੇ ਟਿਕੀ ਹੋਣੀ ਚਾਹੀਦੀ ਹੈ।

“ਖੇਤੀ ਆਰਤੇਲ… ਮੁੱਖ ਰੂਪ ਹੈ….

“ਖੇਤੀ ਆਰਤੇਲ ਵਿੱਚ, ਪੈਦਾਵਾਰ ਦੇ ਬੁਨਿਆਦੀ ਸਾਧਨ, ਮੁੱਖ ਤੌਰ ‘ਤੇ ਅਨਾਜ ਦੀ ਖੇਤੀ ਲਈ ਲੋੜੀਂਦੇ – ਕਿਰਤ, ਜਮੀਨ ਦੀ ਵਰਤੋਂ, ਮਸ਼ੀਨਾਂ ਅਤੇ ਹੋਰ ਸੰਦ, ਵਾਹੀ ਕਰਨ ਵਾਲੇ ਪਸ਼ੂ ਤੇ ਖੇਤਾਂ ਦੀਆਂ ਇਮਾਰਤਾਂ – ਦਾ ਹੀ ਸਮਾਜੀਕਰਨ ਹੁੰਦਾ ਹੈ। ਆਰਤੇਲ ਵਿੱਚ, ਘਰੇਲੂ ਪਲਾਟ (ਛੋਟੇ ਬਗੀਚੇ, ਸਬਜ਼ੀ ਦੀਆਂ ਕਿਆਰੀਆਂ), ਰਹਿਣ ਵਾਲੇ ਘਰ, ਦੁਧਾਰੂ ਪਸ਼ੂ, ਹੋਰ ਛੋਟੇ ਜਾਨਵਰ, ਪੋਲਟਰੀ ਆਦਿ ਦਾ ਸਮਾਜੀਕਰਨ ਨਹੀਂ ਕੀਤਾ ਜਾਂਦਾ।

“ਜੋ ਵੀ ਵਿਅਕਤੀ ਕਿਸੇ ਲਹਿਰ ਦੀ ਅਗਵਾਈ ਕਰਨਾ ਚਾਹੁੰਦਾ ਹੈ ਅਤੇ ਵਿਸ਼ਾਲ ਲੋਕਾਈ ਨਾਲ਼ ਸੰਪਰਕ ਬਣਾਈ ਰੱਖਣਾ ਚਾਹੁੰਦਾ ਹੈ, ਉਸਨੂੰ ਦੋ ਮੋਰਚਿਆਂ ਉੱਤੇ ਲੜਨਾ ਪੈਂਦਾ ਹੈ, ਉਹਨਾਂ ਨਾਲ਼ ਵੀ ਜੋ ਪਿੱਛੇ ਰਹਿ ਰਹੇ ਹੁੰਦੇ ਹਨ ਅਤੇ ਉਹਨਾਂ ਨਾਲ਼ ਵੀ ਜੋ ਅੱਗੇ-ਅੱਗੇ ਦੌੜ ਰਹੇ ਹੁੰਦੇ ਹਨ।”39

ਇਸ ਤੋਂ ਬਾਅਦ, ਦੋ ਲੇਖ ਹੋਰ ਜਾਰੀ ਹੋਏ। 15 ਮਾਰਚ, 1930 ਨੂੰ ਕੇਂਦਰੀ ਕਮੇਟੀ ਦਾ ਮਸ਼ਹੂਰ ਫੈਸਲਾ “ਸਮੂਹਕ-ਖੇਤ ਲਹਿਰ ਵਿੱਚ ਪਾਰਟੀ ਲਾਈਨ ਦੀ ਭੰਨ-ਤੋੜ ਖਿਲਾਫ ਲੜਾਈ” ਅਤੇ 3 ਅਪ੍ਰੈਲ, 1930 ਨੂੰ ਸਤਾਲਿਨ ਦਾ ਦੂਸਰਾ ਮਸ਼ਹੂਰ ਲੇਖ “ਸਮੂਹਕ-ਖੇਤਾਂ ਦੇ ਕਾਮਰੇਡਾਂ ਨੂੰ ਜਵਾਬ” ਪ੍ਰਾਵਦਾ ਵਿੱਚ ਛਪਦਾ ਹੈ। ਪਾਰਟੀ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਤੇ ਹੋਰ ਕਦਮਾਂ ਰਾਹੀਂ ਪਹਿਲੇ ਦੌਰ ਵਿੱਚ ਫੈਲੀ ਅਰਾਜਕਤਾ ਕਾਬੂ ਵਿੱਚ ਆਉਣ ਲੱਗਦੀ ਹੈ ਅਤੇ ਇਸਦਾ ਅਸਰ ਸਮੂਹਕ-ਖੇਤਾਂ ਦੀ ਫੀਸਦੀ ਉੱਤੇ ਤੁਰੰਤ ਦਿਖਾਈ ਦਿੰਦੀ ਹੈ।

“1 ਮਾਰਚ, 1930 ਦੇ 57.2% ਦੇ ਸਮੂਹਕੀਕਰਨ ਦਾ ਅੰਕੜਾ 1 ਅਗਸਤ, 1930 ਵਿੱਚ ਘੱਟ ਕੇ 21.9% ਹੋ ਜਾਂਦਾ ਹੈ। ਜਿਹੜਾ ਫਿਰ ਵਧ ਕੇ ਜਨਵਰੀ, 1931 ਵਿੱਚ 25.9% ਹੋ ਜਾਂਦਾ ਹੈ।”40

ਸਮੂਹਕੀਕਰਨ ਦੀ ਫੀਸਦੀ ਦਾ ਥੱਲੇ ਆਉਣਾ ਵੀ ਹਰ ਜਗ੍ਹਾ ਇੱਕੋ ਜਿਹਾ ਨਹੀਂ ਰਿਹਾ। ਕੁਝ ਖਿੱਤਿਆਂ ਵਿੱਚ ਬਹੁਤ ਘੱਟ ਬਦਲਾਅ ਆਇਆ, ਜਦਕਿ ਕੁਝ ਹੋਰ ਖਿੱਤਿਆਂ ਵਿੱਚ ਬਹੁਤ ਵੱਡੀ ਪੱਧਰ ਉੱਤੇ ਕਿਸਾਨਾਂ ਨੇ ਸਮੂਹਕ-ਖੇਤ ਛੱਡੇ। ਇਸ ਤਰ੍ਹਾਂ ਸਪੱਸਟ ਹੈ ਕਿ ਜਬਰਦਸਤੀ ਸਮੂਹਕ ਖੇਤ ਉਸਾਰਨ ਦੀ ਨਾ ਤਾਂ ਪਾਰਟੀ ਦੀ, ਅਤੇ ਨਾ ਹੀ ਸਤਾਲਿਨ ਦੀ ਕੋਈ ਨੀਤੀ ਸੀ ਜਿਸ ਤਰ੍ਹਾਂ ਅਕਸਰ ਇਲਜ਼ਾਮ ਲਗਾਏ ਜਾਂਦੇ ਹਨ; ਸਗੋਂ ਸਤਾਲਿਨ ਅਤੇ ਪਾਰਟੀ ਨੇ ਇਸ ਖਿਲਾਫ ਸੰਘਰਸ਼ ਵਿੱਢਿਆ ਅਤੇ ਸਥਿਤੀ ਨੂੰ ਕਾਬੂ ਕੀਤਾ। ਪਹਿਲੀ ਲਹਿਰ ਦੌਰਾਨ ਭਿਅੰਕਰ ਅਰਾਜਕਤਾ ਦੇ ਬਾਵਜੂਦ ਪੈਦਾਵਾਰ ਦਾ ਪੱਧਰ ਥੱਲੇ ਨਹੀਂ ਆਉਂਦਾ, 1930 ਵਿੱਚ ਅਨਾਜ ਦੀ ਪੈਦਾਵਾਰ 77 ਮਿਲੀਅਨ ਟਨ ਉੱਤੇ ਰਹੀ, ਜਦਕਿ 1929 ਵਿੱਚ ਪੈਦਾਵਾਰ 71.7 ਮਿਲੀਅਨ ਟਨ ਸੀ।41 ਇਸ ਤਰ੍ਹਾਂ ਪੈਦਾਵਾਰ ਦੇ ਥੱਲੇ ਆਉਣ, ਫਸਲਾਂ ਬਰਬਾਦ ਹੋਣ ਦੀਆਂ ਬੁਰਜੂਆ ਮੀਡੀਆ ਦੀਆਂ ਕਹਾਣੀਆਂ ਵੀ ਮਨਘੜਤ ਹਨ।

ਦੂਜੀ ਲਹਿਰ – ਇਸ ਤੋਂ ਬਾਅਦ ਸਮੂਹਕੀਕਰਨ ਦੀ ਦੂਜੀ ਲਹਿਰ ਸ਼ੁਰੂ ਹੁੰਦੀ ਹੈ ਜੋ ਸਾਲ 1931-32 ਵਿੱਚ ਚੱਲਦੀ ਹੈ। ਇਸ ਵਾਰ ਵਧੇਰੇ ਯੋਜਨਾਬੱਧ ਢੰਗ ਨਾਲ਼ ਕੰਮ ਹੱਥ ਵਿੱਚ ਲਿਆ ਜਾਂਦਾ ਹੈ। ਸਤੰਬਰ-ਦਸੰਬਰ, 1930 ਦੇ ਚਾਰ ਮਹੀਨੇ ਦੇ ਸਮੇਂ ਵਿੱਚ ਸਮੂਹਕੀਕਰਨ ਲਈ ਵਿਆਪਕ ਪ੍ਰਚਾਰ ਮੁਹਿੰਮ ਚਲਾਈ ਜਾਂਦੀ ਹੈ। ਸਮੂਹਕ-ਖੇਤ ਛੱਡ ਕੇ ਜਾਣ ਵਾਲੇ ਕਿਸਾਨਾਂ ਨਾਲ਼ ਮੀਟਿੰਗਾਂ ਦਾ ਸਿਲਸਿਲਾ ਚਲਾਇਆ ਗਿਆ, ਕਿਸਾਨਾਂ ਨੂੰ ਸਿੱਖਿਅਤ ਕਰਨ ਲਈ ਕੇਂਦਰ ਬਣਾਏ ਗਏ ਅਤੇ 5,625  ਸਪੈਸ਼ਲ ਭਰਤੀ ਦਸਤੇ ਭੇਜੇ ਗਏ।42

ਦੂਜੇ ਪਾਸੇ ਪਾਰਟੀ ਦੀ ਨੀਤੀ ਵੀ ਬਦਲ ਜਾਂਦੀ ਹੈ। ਪਹਿਲੀ ਲਹਿਰ ਵਿੱਚ ਮੁੱਖ ਨਿਸ਼ਾਨਾ ਕੁਲਕਾਂ ਨੂੰ ਨੱਥ ਪਾਉਣ ਦਾ ਸੀ, ਹੁਣ ਕੁਲਕਾਂ ਨੂੰ ਇੱਕ ਜਮਾਤ ਦੇ ਤੌਰ ‘ਤੇ ਖਤਮ ਕਰ ਦੇਣ ਨਿਸ਼ਾਨਾ ਮਿਥਿਆ ਗਿਆ ਸੀ। ਇਸ ਕਾਰਨ ਕੁਲਕਾਂ ਦਾ ਵਿਰੋਧ ਪਹਿਲਾਂ ਨਾਲ਼ੋਂ ਵੀ ਵਧੇਰੇ ਤਿੱਖਾ ਹੋ ਗਿਆ। ਪਹਿਲੀ ਲਹਿਰ ਵਿੱਚ ਕੁਲਕ ਜਮਾਤ ਨੂੰ ਉਮੀਦ ਸੀ ਕਿ ਸਮੂਹਕੀਕਰਨ ਦੀ ਪ੍ਰਕਿਰਿਆ ਫਲਾਪ ਹੋ ਜਾਵੇਗੀ ਅਤੇ ਫਿਰ ਤੋਂ ਪਹਿਲਾਂ ਵਾਲੀ ਸਥਿਤੀ ਬਹਾਲ ਹੋ ਜਾਵੇਗੀ, ਪਰ ਪਹਿਲੇ ਚਰਨ ਦੀ ਸਫਲਤਾ, ਲੋਕ-ਲਹਿਰ ਦਾ ਉਭਾਰ ਤੇ ਫੈਲਾਅ ਅਤੇ ਪਾਰਟੀ ਦੀ ਬਦਲੀ ਹੋਈ ਨੀਤੀ (ਭਾਵ ਨਵੇਂ ਸਿਰੋਂ ਯੋਜਨਾਬੰਦੀ ਤੇ ਜਥੇਬੰਦੀ ਅਤੇ ਕੁਲਕਾਂ ਦਾ ਇੱਕ ਜਮਾਤ ਵਜੋਂ ਸਫਾਇਆ ਕਰਨ ਦੀ ਨੀਤੀ) ਨੇ ਉਹਨਾਂ ਅੱਗੇ ਸਾਫ ਕਰ ਦਿੱਤਾ ਸੀ ਕਿ ਸਮੂਹਕੀਕਰਨ ਦੀ ਪ੍ਰਕਿਰਿਆ ਨਾ ਤਾਂ ਫਲਾਪ ਹੋਣ ਵਾਲੀ ਹੈ ਅਤੇ ਨਾ ਹੀ ਪਿੱਛੇ ਹਟਣ ਵਾਲੀ ਹੈ। ਸਿੱਟੇ ਵਜੋਂ, ਸਮੂਹਕੀਕਰਨ ਦੀ ਪ੍ਰਕਿਰਿਆ ਕੁਝ ਖਿੱਤਿਆਂ ਵਿੱਚ ਖੁੱਲ੍ਹੇ ਘਰੇਲੂ ਯੁੱਧ ਵਿੱਚ ਬਦਲ ਗਈ। ਯੂਕਰੇਨ ਇਹਨਾਂ ਖਿੱਤਿਆਂ ਵਿੱਚੋਂ ਇੱਕ ਸੀ, ਜਿੱਥੇ ਇਹ ਟਕਰਾਅ ਸਭ ਤੋਂ ਭਿਅੰਕਰ ਰਿਹਾ। ਕੁਲਕਾਂ ਵੱਲੋਂ ਖੜੇ ਕੀਤੇ ਹਥਿਆਰਬੰਦ ਦਸਤਿਆਂ ਨੇ ਜਗ੍ਹਾ-ਜਗ੍ਹਾ ਵਿਦ੍ਰੋਹ ਕੀਤੇ, ਦਹਿਸ਼ਤਗਰਦੀ ਕਾਰਵਾਈਆਂ ਕੀਤੀਆਂ, ਪਾਰਟੀ ਵੱਲੋਂ ਭੇਜੇ ਗਏ ਕਿੰਨੇ ਹੀ ਕਮਿਊਨਿਸਟਾਂ ਨੂੰ ਮਾਰਿਆ ਗਿਆ। ਸਮੂਹਕੀਕਰਨ ਦੀ ਪ੍ਰਕਿਰਿਆ ਨੂੰ ਸਾਬੋਤਾਜ ਕਰਨ ਲਈ ਪੈਦਾਵਾਰੀ ਸਾਧਨਾਂ ਦਾ ਖਾਤਮਾ ਵੱਡੇ ਪੱਧਰ ਉੱਤੇ ਕੀਤਾ ਤਾਂ ਕਿ ਸਮੂਹਕ ਖੇਤ ਸ਼ੁਰੂ ਹੀ ਨਾ ਹੋ ਸਕਣ। ਪੱਕੀਆਂ ਫਸਲਾਂ ਨੂੰ ਜਲਾਇਆ ਗਿਆ, ਅਤੇ ਇਮਾਰਤਾਂ ਨੂੰ ਤਬਾਹ ਕੀਤਾ ਗਿਆ। ਸਾਬੋਤਾਜ ਦੀਆਂ ਇਹ ਘਟਨਾਵਾਂ ਪਹਿਲੀ ਲਹਿਰ ਦੇ ਮੁਕਾਬਲੇ ਦੂਜੀ ਲਹਿਰ ਦੌਰਾਨ ਕਿਤੇ ਜ਼ਿਆਦਾ ਵਧ ਗਈਆਂ।

“1928 ਵਿੱਚ ਦੇਸ਼ ਦਿਹਾਤੀ ਇਲਾਕੇ ਵਿੱਚ ਘੋੜਿਆਂ ਦੀ ਸੰਖਿਆ 34 ਮਿਲੀਅਨ ਸੀ, ਜੋ 1932 ਵਿੱਚ ਘੱਟ ਕੇ 15 ਮਿਲੀਅਨ ਰਹਿ ਗਈ। ਇਸਨੂੰ ਕੁਝ ਬਾਲਸ਼ਵਿਕਾਂ ਨੇ ਘੋੜਿਆਂ ਦਾ ਇੱਕ ਜਮਾਤ ਦੇ ਰੂਪ ਵਿੱਚ ਖਾਤਮਾ ਕਿਹਾ। 70.5 ਮਿਲੀਅਨ ਘਰੇਲੂ ਪਸ਼ੂਆਂ ਵਿੱਚੋਂ 1932 ਵਿੱਚ 40.7 ਮਿਲੀਅਨ ਬਚੇ। 26 ਮਿਲੀਅਨ ਸੂਰਾਂ ਦੀ ਸੰਖਿਆ ਸਮੂਹਕੀਕਰਨ ਦੇ ਇਸ ਦੌਰ ਵਿੱਚ ਘਟ ਕੇ 11.7 ਮਿਲੀਅਨ ਰਹਿ ਗਈ।”43

ਕੁਲਕਾਂ ਵੱਲੋਂ ਅਫਵਾਹਾਂ ਫੈਲਾਈਆਂ ਗਈਆਂ ਅਤੇ ਸਿਆਸੀ ਪ੍ਰਾਪੇਗੰਡਾ ਕੀਤਾ ਗਿਆ, ਕਿਸਾਨਾਂ ਦੀ ਅਨਪੜ੍ਹਤਾ, ਸੱਭਿਆਚਾਰਕ ਪਛੜੇਪਨ, ਵਹਿਮਾਂ-ਭਰਮਾਂ-ਅੰਧਵਿਸ਼ਵਾਸਾਂ ਅਤੇ ਧਾਰਮਿਕ ਅਕੀਦਿਆਂ ਦਾ ਪੂਰਾ ਫਾਇਦਾ ਲਿਆ ਗਿਆ ਅਤੇ ਉਹਨਾਂ ਨੂੰ ਬਾਲਸ਼ਵਿਕਾਂ ਖਿਲਾਫ ਭੜਕਾਇਆ ਗਿਆ।

ਕੁਲਕਾਂ ਪ੍ਰਤੀ ਪਾਰਟੀ ਨੀਤੀ ਕੀ ਸੀ, ਇਸ ਬਾਰੇ ਵੀ ਸਾਫ਼ ਕਰ ਦੇਣਾ ਬਣਦਾ ਹੈ। ਜਿਵੇਂ ਕਿ ਅਸੀਂ ਪਹਿਲਾਂ ਦੇਖਿਆ ਹੈ ਕਿ 1929-30 ਦੀ ਪਹਿਲੀ ਲਹਿਰ ਦੌਰਾਨ 3,33,000 ਕੁਲਕ ਪਰਿਵਾਰਾਂ ਨੂੰ ਬੇਦਖਲ ਕੀਤਾ ਗਿਆ ਅਤੇ ਦੇਸ਼-ਨਿਕਾਲਾ ਦਿੱਤਾ ਗਿਆ ਪਰ ਦੂਜੀ ਲਹਿਰ ਦੌਰਾਨ ਇਹ ਅੰਕੜਾ ਘੱਟ ਕੇ 76,000 ਹੋ ਗਿਆ। ਪਹਿਲੀ ਲਹਿਰ ਦੌਰਾਨ ਦੇਸ਼-ਨਿਕਾਲਾ ਦਿੱਤੇ ਗਏ 70,000 ਪਰਿਵਾਰਾਂ ਨੂੰ ਵਾਪਸ ਬੁਲਾਇਆ ਗਿਆ। ਪਾਰਟੀ ਨੀਤੀ ਇਸ ਬਾਰੇ ਸਾਫ਼ ਸੀ ਕਿ ਸਿਰਫ ਉਲਟ-ਇਨਕਲਾਬੀ ਕਾਰਵਾਈਆਂ ਅਤੇ ਸਾਬੋਤਾਜ ਕਰਨ ਵਾਲੇ ਕੁਲਕ ਪਰਿਵਾਰਾਂ ਨੂੰ ਹੀ ਬੇਦਖਲ ਅਤੇ ਦੇਸ਼-ਨਿਕਾਲੇ ਲਈ ਚੁਣੇ ਜਾਣਗੇ ਅਤੇ ‘ਕੁਲਕਾਂ ਵਿੱਚੋਂ ਬਹੁਗਿਣਤੀ ਉੱਤੇ ਭਰੋਸਾ ਕੀਤਾ ਜਾ ਸਕਦਾ ਹੈ।’44 ਇਸ ਤਰ੍ਹਾਂ ਕੁਲਕਾਂ ਨੂੰ ਵੱਡੀ ਪੱਧਰ ਉੱਤੇ ਬੇਦਖਲ ਕਰ, ਕਤਲੇਆਮ ਕਰਨ ਅਤੇ ਦੇਸ਼-ਨਿਕਾਲਾ ਦੇਣ ਦੀ ਕੋਈ ਅਧਿਕਾਰਤ ਨੀਤੀ ਸੀ। ਅਕਸਰ ਇਹ ਸਮਝਿਆ ਜਾਂਦਾ ਹੈ ਕਿ ਮਧਵਰਤੀ ਕਿਸਾਨ ਇੱਕ ਸਮੁੱਚੀ ਜਮਾਤ ਦੇ ਰੂਪ ਵਿੱਚ ਸਮੂਹਕੀਕਰਨ ਦੇ ਪੱਖ ਵਿੱਚ ਆ ਖੜੇ ਹੋਣਗੇ ਅਤੇ ਪਾਰਟੀ ਦੁਆਰਾ ਉਹਨਾਂ ਨੂੰ ਸਮਝਾ-ਬੁਝਾ ਕੇ ਇਦਾਂ ਕੀਤਾ ਜਾ ਸਕਦਾ ਹੈ। ਪ੍ਰੰਤੂ ਅਜਿਹਾ ਅਸੰਭਵ ਹੈ। ਮਧਵਰਤੀ ਕਿਸਾਨ ਕੋਈ ਇਕਸਾਰ ਅਖੰਡ ਜਮਾਤ ਨਹੀਂ ਹੈ, ਇਸ ਵਿੱਚ ਹੇਠਲੇ ਮਧਵਰਤੀ, ਦਰਮਿਆਨੇ ਅਤੇ ਮੁਕਾਬਲਤਨ ਅਮੀਰ ਮਧਵਰਤੀ ਕਿਸਾਨ ਸ਼ਾਮਲ ਹੁੰਦੇ ਹਨ। ਮਧਵਰਤੀ ਕਿਸਾਨਾਂ ਦੇ ਇਸ ਪਿਛਲੇ ਹਿੱਸੇ ਵਿੱਚੋਂ ਕੁਝ ਆਪਣੀ ਸਮਾਜਿਕ ਹੈਸੀਅਤ ਅਤੇ ਕੁਝ ਕੁਲਕਾਂ ਦੇ ਪ੍ਰਚਾਰ-ਪ੍ਰਾਪੇਗੰਡੇ ਦੇ ਅਸਰ ਹੇਠ ਆਕੇ ਕਾਫੀ ਵੱਡੀ ਗਿਣਤੀ ਵਿੱਚ ਸਮੂਹਕੀਕਰਨ ਦਾ ਵਿਰੋਧ ਕਰਦੇ ਹਨ ਅਤੇ ਕੁਲਕਾਂ ਨਾਲ਼ ਮਿਲਕੇ ਭੰਨਤੋੜ ਤੇ ਉਲਟ-ਇਨਕਲਾਬੀ ਕਾਰਵਾਈਆਂ ਵਿੱਚ ਸ਼ਾਮਲ ਹੁੰਦੇ ਹਨ। ਸਪੱਸ਼ਟ ਹੈ ਕਿ ਅਜਿਹੇ ਅਪਰਾਧਾਂ ਲਈ ਜਿਹੜੀ ਨੀਤੀ ਕੁਲਕਾਂ ਲਈ ਹੋਵੇਗੀ, ਉਹੀ ਨੀਤੀ ਅਜਿਹੇ ਮਧਵਰਤੀ ਕਿਸਾਨਾਂ ਲਈ ਵੀ ਲਾਗੂ ਰਹੇਗੀ ਹੀ। ਇਸ ਲਈ ਮਧਵਰਤੀ ਕਿਸਾਨਾਂ ਦੇ ਕੁਝ ਹਿੱਸੇ ਨੂੰ ਵੀ ਦੇਸ਼ਨਿਕਾਲੇ ਅਤੇ ਹੋਰ ਵੱਖ-ਵੱਖ ਤਰ੍ਹਾਂ ਦੀਆਂ ਸਜ਼ਾਵਾਂ ਦਾ ਸਾਹਮਣਾ ਕਰਨਾ ਪਿਆ।

ਹੁਣ ਆਈਏ, ਯੂਕਰੇਨ ‘ਚ ਅਕਾਲ ਪੈਣ ਦੀ ਕਹਾਣੀ ਵੱਲ। ਪਹਿਲਾਂ ਹੀ ਇਹ ਕਿਹਾ ਗਿਆ ਹੈ ਕਿ ਅਨਾਜ ਦੀ ਕਿੱਲਤ ਜਰੂਰ ਖੜੀ ਹੋਈ ਪਰ ਅਕਾਲ ਦੀ ਕਹਾਣੀ ਪੂਰੀ ਤਰ੍ਹਾਂ ਘੜੀ-ਘੜਾਈ ਹੈ ਜਿਸ ਦੇ ਪਿੱਛੇ ਹਿਟਲਰ ਦੀ ਪ੍ਰਾਪੇਗੰਡਾ ਮਸ਼ੀਨਰੀ ਤੇ ਵਿਲਿਅਮ ਹਰਸਟ ਦਾ ਅਮਰੀਕਾ ‘ਚ ਕਾਇਮ ਕੀਤਾ ‘ਪੀਲੀ ਪੱਤਰਕਾਰੀ’ ਦਾ ਸਾਮਰਾਜ ਸੀ। ਅਨਾਜ ਦੀ ਕਿੱਲਤ ਲਈ ਸਤਾਲਿਨ ਨੂੰ ਜ਼ਿੰਮੇਵਾਰ ਠਹਿਰਾਉਣਾ ਉਵੇਂ ਹੀ ਹੈ ਜਿਵੇਂ ਅਕਤੂਬਰ ਇਨਕਲਾਬ ਤੋਂ ਬਾਅਦ ਸ਼ੁਰੂ ਹੋਈ ਘਰੇਲੂ ਜੰਗ ਲਈ ਕੋਈ ਲੈਨਿਨ ਨੂੰ ਜ਼ਿੰਮੇਵਾਰ ਠਹਿਰਾਏ, ਜਾਂ ਫਿਰ ਅੱਜ ਦੇ ਹਾਲਾਤਾਂ ਵਿੱਚ, ਜੇ ਕੋਈ ਨੇਤਾ ਸਾਰੇ ਲੋਕਾਂ ਨੂੰ ਅਨਾਜ ਮੁਹੱਈਆ ਕਰਵਾਉਣ ਲਈ ਗਰੀਬ ਤੇ ਦਰਮਿਆਨੇ ਕਿਸਾਨਾਂ ਦੇ ਸਮੂਹਕ ਖੇਤ ਕਾਇਮ ਕਰਨੇ ਸ਼ੁਰੂ ਕਰੇ ਜਿਸਦਾ ਅਮੀਰ ਭੂਮੀਪਤੀ ਵਿਰੋਧ ਕਰਨ ਤੇ ਇਹਨਾਂ ਦੋ ਧਿਰਾਂ ‘ਚ ਲੜਾਈ ਸ਼ੁਰੂ ਹੋ ਜਾਵੇ ਤੇ ਫਿਰ 1-2 ਸਾਲਾਂ ਲਈ ਖੇਤੀ ‘ਚ ਅਸਥਿਰਤਾ ਤੇ ਅਮੀਰ ਭੂਮੀਪਤੀਆਂ ਦੁਆਰਾ ਅਨਾਜ ਦੀ ਜਮ੍ਹਾਂਖੋਰੀ ਤੇ ਸਾਬੋਤਾਜ ਕਾਰਨ ਅਨਾਜ ਦੀ ਕਿੱਲਤ ਖੜੀ ਹੋ ਜਾਵੇ, ਤੇ ਫਿਰ ਕੋਈ ਇਸਦਾ ਜ਼ਿੰਮੇਵਾਰ ਅਨਾਜ ਦੀ ਸਪਲਾਈ ਸਭ ਲਈ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਨ ਵਾਲੇ ਨੇਤਾ ਨੂੰ ਇਸ ਵਕਤੀ ਕਿੱਲਤ ਲਈ ਜ਼ਿੰਮੇਵਾਰ ਠਹਿਰਾਅ ਦੇਵੇ। ਅੱਜ ਜੇ ਕੋਈ ਅਜਿਹੀ ਗੱਲ ਕਰੇਗਾ ਤਾਂ ਉਸ ‘ਤੇ ਹੱਸਿਆ ਜਾਵੇਗਾ, ਪਰ ਕਿਉਂਕਿ ਇਹ ਸਤਾਲਿਨ ਨੇ ਕੀਤਾ ਇਸ ਲਈ ਸਰਮਾਏਦਾਰੀ ਦੇ ਸਾਰੇ ਬੁੱਧੀਜੀਵੀ ਤੇ ਮੀਡੀਆ ਚੀਕਾਂ ਮਾਰ ਕੇ ਸਤਾਲਿਨ ਨੂੰ ਅਪਰਾਧੀ ਸਿੱਧ ਕਰਨ ‘ਤੇ ਤੁਲ ਜਾਂਦਾ ਹੈ। ਹੁਣ ਅਸੀਂ ਕੁਝ ਤੱਥਾਂ ਦੀ ਗੱਲ ਕਰਦੇ ਹਾਂ। ਯੂਕਰੇਨ ‘ਚ ਅਕਾਲ ਦੀ ਖਬਰ ਸਭ ਤੋਂ ਪਹਿਲਾਂ 18 ਫਰਵਰੀ, 1935 ਦੇ ਸ਼ਿਕਾਗੋ ਅਮੈਰੀਕਨ ਦੇ ਮੁੱਖ ਪੰਨੇ ‘ਤੇ ਨਸ਼ਰ ਹੋਈ ਜਿਸ ਵਿੱਚ ਸੋਵੀਅਤ ਯੂਨੀਅਨ ਅੰਦਰ ਭੁੱਖਮਰੀ ਨਾਲ਼ 60 ਲੱਖ ਲੋਕਾਂ ਦੇ ਮਰਨ ਦਾ ਖੁਲਾਸਾ ਕੀਤਾ ਗਿਆ। ਹੈ ਨਾ ਹੈਰਾਨੀ ਦੀ ਗੱਲ, ਅਕਾਲ ਪਿਆ 1932-33 ਵਿੱਚ ਅਤੇ ਪਤਾ ਚੱਲਿਆ 1935 ‘ਚ, ਅਤੇ ਉਹ ਵੀ ਕੋਈ ਇੱਕਾ-ਦੁੱਕਾ ਮੌਤਾਂ ਨਹੀਂ, 60 ਲੱਖ ਮੌਤਾਂ। ਇਸ ਕਹਾਣੀ ਅਧੀਨ ਹਰਸਟ ਦੀ ਪ੍ਰੈੱਸ ਨੇ ਨਾਜ਼ੀਆਂ ਦੀ ਪ੍ਰਾਪੇਗੰਡਾ ਮਸ਼ੀਨਰੀ ਦੇ ਝੂਠਾਂ ਨੂੰ ਲਗਾਤਾਰ ਲੜੀਵਾਰ ਛਾਪਿਆ। ਇਸ ਨੂੰ ਹੋਰ “ਸੱਚਾ” ਬਣਾਉਣ ਲਈ ਅਕਾਲ ਦੀਆਂ ਤਸਵੀਰਾਂ ਛਾਪੀਆਂ ਗਈਆਂ ਜਿਹਨਾਂ ਦਾ ਬਾਅਦ ‘ਚ ਪਤਾ ਲੱਗਾ ਕਿ ਉਹ ਅਸਲ ਵਿੱਚ ਸੋਵੀਅਤ ਯੂਨੀਅਨ ‘ਚ ਪਏ 1922 ਦੇ ਅਕਾਲ ਦੀਆਂ ਤਸਵੀਰਾਂ ਸਨ। ਨਾਜ਼ੀਆਂ ਦੇ ਪ੍ਰਾਪੇਗੰਡੇ ਨੂੰ ਦੂਜੀ ਸੰਸਾਰ ਜੰਗ ਖਤਮ ਹੋਣ ਤੋਂ ਅਮਰੀਕੀ ਖੁਫੀਆ ਏਜੰਸੀਆਂ ਤੇ ਸਾਮਰਾਜੀ ਪ੍ਰਾਪੇਗੰਡਾ ਮਸ਼ੀਨਰੀ ਨੇ ਸਾਂਭ ਲਿਆ। ਫਰਕ ਇਹ ਸੀ ਕਿ ਮੌਤਾਂ ਦੀ ਗਿਣਤੀ ਤੇ ਅਕਾਲ ਦਾ ਅਰਸਾ ਲਗਾਤਾਰ ਲੰਮਾ ਹੁੰਦਾ ਗਿਆ। ਰਾਬਰਟ ਕਨਕੁਏਸਟ ਜਿਹੜਾ ਕਿ ਇਸ ਕਮਿਊਨਿਸਟ-ਵਿਰੋਧੀ ਪ੍ਰਚਾਰ ਦਾ ਮੁੱਖ ਕਰਿੰਦਾ ਹੈ, ਨੇ 1963 ਦੀ ਆਪਣੀ ਕਿਤਾਬ ‘ਚ ਅਕਾਲ ‘ਚ ਮੌਤਾਂ ਦੀ ਗਿਣਤੀ 50-60 ਲੱਖ ਰੱਖੀ ਸੀ, 1983 ‘ਚ ਰੀਗਨ ਦੇ ਕਮਿਊਨਿਸਟ-ਵਿਰੋਧੀ ਜਿਹਾਦ ਸਮੇਂ ਉਸਨੇ ਮੌਤਾਂ ਦੀ ਗਿਣਤੀ ਖਿੱਚਕੇ 1 ਕਰੋੜ 40 ਲੱਖ ਕਰ ਦਿੱਤੀ ਤੇ ਅਕਾਲ ਦਾ ਅਰਸਾ 1937 ਤੱਕ ਕਰ ਦਿੱਤਾ!! ਕਨਕੂਏਸਟ, ਸੋਲਜਿੰਤਜ਼ਨ ਜਿਹੇ ਸਾਮਰਾਜੀ “ਕਰਿੰਦਿਆਂ” ਦੇ ਪੇਸ਼ ਕੀਤੇ “”ਸੱਚ”” ਅੱਜ ਵੀ ਗੂੰਜਦੇ ਰਹਿੰਦੇ ਹਨ ਭਾਵੇਂ ਕਿ ਅਧਿਕਾਰਤ ਤੌਰ ‘ਤੇ ਇਹਨਾਂ ਨੂੰ ਬੜੀ ਦੇਰ ਪਹਿਲਾਂ ਹੀ ਨੰਗਾ ਕੀਤਾ ਜਾ ਚੁੱਕਾ ਹੈ। ਇਸ ਸਬੰਧ ਵਿੱਚ ਡਗਲਸ ਟੌਟਲ ਦੀ ਕਿਤਾਬ45 ਪੜ੍ਹੀ ਜਾ ਸਕਦੀ ਹੈ। ਲਿਉਡੋ ਮਾਰਟਨਜ਼ ਦੀ ਕਿਤਾਬ ਨੇ ਹੋਰ ਕਿੰਨੇ ਹੀ ਖੋਜਕਾਰਾਂ ਦੇ ਹਵਾਲੇ ਦੇ ਕੇ ਇਸਨੂੰ ਰੱਦ ਕੀਤਾ ਹੈ। ਜਿਵੇਂ ਕਿ ਪਹਿਲਾਂ ਹੀ ਜ਼ਿਕਰ ਆਇਆ ਹੈ, ਅਨਾਜ ਦੀ ਕਿੱਲਤ ਪੈਦਾ ਜਰੂਰ ਹੋਈ, ਪਰ ਇਸਨੂੰ ਵਿਆਪਕ ਭੁੱਖਮਰੀ ਵਿੱਚ ਬਦਲਣ ਤੋਂ ਪਹਿਲਾਂ ਹੀ ਹਾਲਤਾਂ ਨੂੰ ਕਾਬੂ ਕਰ ਲਿਆ ਗਿਆ, ਪੂਰੇ ਸੋਵੀਅਤ ਯੂਨੀਅਨ ਵਿੱਚ ਅਨਾਜ ਦੀ ਰਾਸ਼ਨਿੰਗ ਸ਼ੁਰੂ ਕੀਤੀ ਗਈ ਅਤੇ ਯੂਕਰੇਨ ਲਈ ਅਨਾਜ ਦੀ ਖਾਸ ਸਪਲਾਈ ਦਾ ਪ੍ਰਬੰਧ ਕੀਤਾ ਗਿਆ। ਇੱਕ ਗੱਲ ਹੋਰ, ਇਸੇ ਦੌਰਾਨ ਸੋਵੀਅਤ ਯੂਨੀਅਨ ਵਿੱਚ ਟਾਈਫਸ ਵੀ ਫੈਲਿਆ। ਟਾਈਫਸ ਦੀ ਮਹਾਂਮਾਰੀ ਰੂਸ ਲਈ ਸਦੀਆਂ ਤੋਂ ਮੌਤ ਦਾ ਦੂਜਾ ਨਾਮ ਰਹੀ ਹੈ, ਇਹ ਰੂਸ ਲਈ ਕਿੰਨੀ ਵੱਡੀ ਸਮੱਸਿਆ ਸੀ, ਇਸਦਾ ਪਤਾ ਇਸ ਤੋਂ ਲੱਗ ਜਾਂਦਾ ਹੈ ਕਿ ਲੈਨਿਨ ਨੂੰ ਦਸੰਬਰ, 1919 ਵਿੱਚ ਕਹਿਣਾ ਪਿਆ – ਜਾਂ ਤਾਂ ਰੂਸ ਵਿੱਚ ਸਮਾਜਵਾਦ ਰਹੇਗਾ, ਜਾਂ ਫਿਰ ਟਾਈਫਸ।46 ਇਹ ਵੀ ਉਸ ਦੌਰਾਨ ਹੋਈਆਂ ਮੌਤਾਂ ਲਈ ਜ਼ਿੰਮੇਵਾਰ ਸੀ। 1928-33 ਦੇ ਪੂਰੇ ਅਰਸੇ ਦੌਰਾਨ ਅਜਿਹੀਆਂ ਮੌਤਾਂ ਦੀ ਸੰਖਿਆ ਜੋ ਕਿਸੇ ਨਾ ਕਿਸੇ ਰੂਪ ਵਿੱਚ ਸਮੂਹਕੀਕਰਨ ਨਾਲ਼ ਜੁੜੀਆਂ ਹੋਈਆਂ ਹਨ, 4,80,000 ਤੋਂ ਉੱਪਰ ਨਹੀਂ ਜਾਂਦੀ; ਇਸ ਵਿੱਚ ਟਾਈਫਸ ਨਾਲ਼ ਹੋਈਆਂ ਮੌਤਾਂ ਵੀ ਸ਼ਾਮਿਲ ਹਨ।47

ਇਸ ਤਰ੍ਹਾਂ, ਤੇਜ਼ੀ ਨਾਲ਼ ਸਨਅੱਤੀਕਰਨ ਅਤੇ ਇਸ ਲਈ ਖੇਤੀ ਦਾ ਤੇਜ ਵਿਕਾਸ ਤੇ ਉਸ ਲਈ ਸਮੂਹਕੀਕਰਨ, ਇਸ ਤੋਂ ਬਿਨਾ ਇਤਿਹਾਸ ਨੇ ਸਤਾਲਿਨ ਅੱਗੇ ਕੋਈ ਰਸਤਾ ਹੀ ਨਹੀਂ ਸੀ ਰੱਖਿਆ, ਅਤੇ ਸਤਾਲਿਨ ਇਸ ਨੂੰ ਅਗਾਊਂ ਦੇਖ ਰਿਹਾ ਸੀ, ਇੱਕ ਭਵਿੱਖਦਰਸ਼ੀ ਵਾਂਗ; 1931 ਵਿੱਚ ਕਹੇ ਸਤਾਲਿਨ ਦੇ ਇਹ ਸ਼ਬਦ ਕਿਸੇ ਵੀ ਸ਼ਬਦੀ ਜਾਲ ਦਾ ਨਕਾਬ ਲਾਹੁਣ ਲਈ ਕਾਫੀ ਹਨ  “ਅਸੀਂ ਵਿਕਸਤ ਮੁਲਕਾਂ ਤੋਂ ਪੰਜਾਹ ਜਾਂ ਸੌ ਸਾਲ ਪਿੱਛੇ ਖੜੇ ਹਾਂ। ਸਾਨੂੰ ਇਹ ਫਰਕ ਦਸ ਸਾਲਾਂ ‘ਚ ਮਿਟਾਉਣਾ ਹੋਵੇਗਾ। ਜਾਂ ਤਾਂ ਅਸੀਂ ਅਜਿਹਾ ਕਰ ਲਵਾਂਗੇ, ਨਹੀਂ ਤਾਂ ਸਾਡੀ ਤਬਾਹੀ ਹੋਵੇਗੀ।”48 ਪੂਰੇ 10 ਸਾਲਾਂ ਬਾਅਦ 1941 ‘ਚ ਨਾਜ਼ੀਆਂ ਨੇ ਸੋਵੀਅਤ ਯੂਨੀਅਨ ‘ਤੇ ਹਮਲਾ ਵਿੱਢਿਆ ਸੀ!!
—————

1934 ਦੇ ਸਾਲ ਤੱਕ ਇੰਝ ਲੱਗ ਰਿਹਾ ਸੀ ਜਿਵੇਂ ਸਭ ਕੁਝ ਠੀਕ-ਠਾਕ ਸੀ। 1934 ਵਿੱਚ ਹੋਈ ਅਠਾਰਵੀਂ ਪਾਰਟੀ ਕਾਂਗਰਸ ਨੂੰ ਜਿੱਤ ਅਤੇ ਏਕਤਾ ਦੀ ਕਾਂਗਰਸ ਕਿਹਾ ਗਿਆ ਕਿਉਂਕਿ ਇੱਕ ਪਾਸੇ ਆਰਥਿਕ ਮੋਰਚੇ ਉੱਤੇ ਸੋਵੀਅਤ ਯੂਨੀਅਨ ਸਫਲਤਾਵਾਂ ਦਰਜ ਕਰ ਰਿਹਾ ਸੀ, ਦੂਜੇ ਪਾਸੇ ਸਿਆਸੀ ਤੌਰ ‘ਤੇ ਵੀ ਸਥਿਰਤਾ ਆ ਰਹੀ ਲੱਗ ਰਹੀ ਸੀ। ਪਾਰਟੀ ਦੇ ਬਹੁਤੇ ਵਿਰੋਧੀ ਜਿਵੇਂ ਜ਼ਿਨੋਵੀਵ, ਕਾਮੇਨੇਵ, ਬੁਖਾਰਿਨ, ਪਿਆਤਾਕੋਵ, ਰਾਡੇਕ, ਰਿਕੋਵ, ਪ੍ਰੀਓਬਰਜੇਂਸਕੀ ਆਦਿ ਨੂੰ ਇੱਕ ਵਾਰ ਫਿਰ ਪਾਰਟੀ ਵਿੱਚ ਸ਼ਾਮਿਲ ਕਰ ਲਿਆ ਗਿਆ ਸੀ, ਅਤੇ ਇਹ ਸਭ ਆਗੂ ਕਾਂਗਰਸ ਵਿੱਚ ਵੀ ਸ਼ਾਮਿਲ ਹੋਏ ਸਨ ਅਤੇ ਤਕਰੀਰ ਕਰਨ ਵਾਲਿਆਂ ਵਿੱਚ ਸ਼ਾਮਿਲ ਸਨ। ਪਰ ਇਸ ਸਭ ਕੁਝ ਜ਼ਿਆਦਾ ਦਿਨ ਤੱਕ ਨਾ ਚੱਲਿਆ, 1 ਦਸੰਬਰ, 1934 ਨੂੰ ਪਾਰਟੀ ਦੇ ਮੋਹਰੀ ਆਗੂ ਕਿਰੋਵ ਦੀ ਲੈਨਿਨਗ੍ਰਾਦ ਵਿੱਚ ਪਾਰਟੀ ਦਫਤਰ ਦੇ ਅੰਦਰ ਹੀ ਹੱਤਿਆ ਹੋ ਗਈ। ਇਸ ਤੋਂ ਬਾਅਦ ਉਹ ਘਟਨਾਕ੍ਰਮ ਸ਼ੁਰੂ ਹੋਇਆ ਜਿਸਨੂੰ ਲੈ ਕੇ ਸਤਾਲਿਨ ਅਤੇ ਬਾਲਸ਼ਵਿਕਾਂ ਖਿਲਾਫ ਸਭ ਤੋਂ ਵੱਧ ਕੂੜ-ਪ੍ਰਚਾਰ ਹੁੰਦਾ ਹੈ।

1936-38 ਦੇ ਮੁਕੱਦਮੇ ਅਤੇ ਸਫਾਈ ਮੁਹਿੰਮਾਂ

ਕਿਰੋਵ ਦੀ ਹੱਤਿਆ ਤੋਂ ਥੋੜੀ ਦੇਰ ਬਾਅਦ ਹੀ ਜ਼ਿਨੋਵੀਵ ਅਤੇ ਕਾਮੇਨੇਵ ਨੂੰ ਪਾਰਟੀ ਕੰਮਾਂ ਤੋਂ ਬਾਹਰ ਕਰ ਦਿੱਤਾ ਜਾਂਦਾ ਹੈ ਅਤੇ ਜ਼ਿਨੋਵੀਵਵਾਦੀਆਂ ਦੀ ਪਾਰਟੀ ਵਿੱਚੋਂ ਛਾਂਟੀ ਸ਼ੁਰੂ ਹੋ ਜਾਂਦੀ ਹੈ, ਪਰ ਇਸ ਸਮੇਂ ਤੱਕ ਵੱਡੇ ਪੱਧਰ ਉੱਤੇ ਗ੍ਰਿਫਤਾਰੀਆਂ ਅਤੇ ਸਜ਼ਾਵਾਂ ਸ਼ੁਰੂ ਨਹੀਂ ਹੋਈਆਂ। 16 ਮਹੀਨਿਆਂ ਤੱਕ ਜਾਂਚ ਚਲਦੀ ਹੈ ਅਤੇ ਜੁਲਾਈ, 1936 ਵਿੱਚ ਜਾ ਕੇ ਜ਼ਿਨੋਵੀਵ ਅਤੇ ਕਾਮੇਨੇਵ ਖਿਲਾਫ ਮੁਕੱਦਮਾ ਸ਼ੁਰੂ ਹੁੰਦਾ ਹੈ। ਜਨਵਰੀ, 1937 ਵਿੱਚ ਪਿਆਤਾਕੋਵ, ਰਾਦੇਕ ਅਤੇ ਦੂਜੇ ਤ੍ਰਾਤਸਕੀਵਾਦੀਆਂ ਉੱਤੇ ਮੁਕੱਦਮਾ ਚੱਲਦਾ ਹੈ। ਮਈ, 1937 ਵਿੱਚ ਮਾਰਸ਼ਲ ਤੁਖਾਚੇਵਸਕੀ ਅਤੇ ਹੋਰ ਫੌਜੀ ਉੱਚ-ਅਧਿਕਾਰੀਆਂ ਦੀ ਗ੍ਰਿਫਤਾਰੀ ਹੁੰਦੀ ਹੈ ਅਤੇ ਮੁਕੱਦਮੇ ਸ਼ੁਰੂ ਹੁੰਦੇ ਹਨ। ਫਰਵਰੀ-ਮਾਰਚ, 1938 ਵਿੱਚ ਬੁਖਾਰਿਨ, ਰਿਕੋਵ ਅਤੇ ਦੂਸਰੇ ਸੱਜੇ-ਪੱਖੀ ਬਲਾਕ ਦੇ ਮੈਂਬਰਾਂ ਉੱਤੇ ਮੁਕੱਦਮਾ ਚਲਾਇਆ ਜਾਂਦਾ ਹੈ। 1937-38 ਪਾਰਟੀ ਵਿੱਚ ਸਫਾਈ ਮੁਹਿੰਮ ਚੱਲਦੀ ਹੈ, ਇਸ ਦੌਰਾਨ ਗ੍ਰਿਫਤਾਰੀਆਂ ਅਤੇ ਸਜ਼ਾਵਾਂ ਜਿਸ ਵਿੱਚ ਮੌਤ ਦੀਆਂ ਸਜ਼ਾਵਾਂ ਵੀ ਸ਼ਾਮਿਲ ਹਨ, ਵਿੱਚ ਤੇਜ਼ੀ ਨਾਲ਼ ਵਾਧਾ ਹੁੰਦਾ ਹੈ ਜੋ ਸਾਲ 1939 ਇਕਦਮ ਥੱਲੇ ਆ ਜਾਂਦੀਆਂ ਹਨ। ਖਰੁਸ਼ਚੇਵ ਦੇ “ਗੁਪਤ ਭਾਸ਼ਣ” ਤੋਂ ਪਹਿਲਾਂ ਵੀ ਇਸ ਸਾਰੇ ਘਟਨਾਕ੍ਰਮ ਲਈ ਸਤਾਲਿਨ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਸੀ, ਪਰ ਉਸ ਸਮੇਂ ਤੱਕ ਭੰਡੀ-ਪ੍ਰਚਾਰ ਦਾ ਮੁੱਖ ਜ਼ੋਰ ਸਫਾਈ ਮੁਹਿੰਮਾਂ ਦੌਰਾਨ “ਸਤਾਲਿਨ ਦੁਆਰਾ ਕਤਲ” ਕੀਤੇ ਗਏ “ਬੇਕਸੂਰ” ਲੋਕਾਂ ਦੀ ਗਿਣਤੀ ਉੱਤੇ ਹੁੰਦਾ ਸੀ; ਖਰੁਸ਼ਚੇਵ ਨੇ ਆਪਣੇ “ਗੁਪਤ ਭਾਸ਼ਣ” ਵਿੱਚ “ਦਸਤਾਵੇਜਾਂ” ਰਾਹੀਂ ਸਤਾਲਿਨ ਨੂੰ ਇਸ “ਕਤਲੇਆਮ” ਦਾ ਜ਼ਿੰਮੇਵਾਰ ਠਹਿਰਾਇਆ। ਖਰੁਸ਼ਚੇਵ ਦੇ ਖੁਲਾਸਿਆਂ ਨੂੰ ਸੰਸਾਰ ਭਰ ਦੇ ਬੁਰਜੂਆ ਪ੍ਰਾਪੇਗੰਡਾ ਮਸ਼ੀਨਰੀ, ਤ੍ਰਾਤਸਕੀਪੰਥੀਆਂ ਅਤੇ ਸੋਧਵਾਦੀਆਂ ਨੇ ਹੱਥੋ ਹੱਥੀਂ ਲਿਆ। ਸਭ ਤੋਂ ਪਹਿਲਾਂ ਅਸੀਂ ਖਰੁਸ਼ਚੇਵ ਦੇ ਖੁਲਾਸਿਆਂ ਅਤੇ ਉਸ ਸਮੇਂ ਦੀ ਅਸਲ ਪਾਰਟੀ ਨੀਤੀ ਨੂੰ ਦੇਖਦੇ ਹਾਂ।

ਗਰੋਵਰ ਫਰ ਨੇ ਆਪਣੀ ਕਿਤਾਬ “ਖਰੁਸ਼ਚੇਵ ਲਾਈਡ” ਵਿੱਚ ਇਸ ਪੂਰੇ ਘਟਨਾਕ੍ਰਮ ਨਾਲ਼ ਜੁੜੇ ਖਰੁਸ਼ਚੇਵ ਦੇ 18 ਝੂਠਾਂ ਦਾ ਜ਼ਿਕਰ ਕੀਤਾ ਹੈ; ਇਹਨਾਂ ਵਿੱਚੋਂ ਅਸੀਂ ਪਾਰਟੀ ਨੀਤੀ ਨਾਲ਼ ਸਬੰਧਿਤ ਝੂਠਾਂ ਨੂੰ ਲਵਾਂਗੇ।

ਪਹਿਲਾ ਝੂਠ – ਖਰੁਸ਼ਚੇਵ ਸਤਾਲਿਨ ਅਤੇ ਜ਼ਦਾਨੋਵ ਵੱਲੋਂ ਪੋਲਿਟਬਿਊਰੋ ਦੇ ਦੂਜੇ ਮੈਂਬਰਾਂ ਨੂੰ 25 ਸਤੰਬਰ, 1936 ਨੂੰ ਭੇਜੀ ਤਾਰ ਦਾ ਹਵਾਲਾ ਦਿੰਦਾ ਹੈ – “ਅਸੀਂ ਇਸਨੂੰ ਪੂਰੀ ਤਰ੍ਹਾਂ ਜਰੂਰੀ ਅਤੇ ਫੌਰੀ ਸਮਝਦੇ ਹਾਂ ਕਿ ਕਾਮਰੇਡ ਏਜ਼ੋਵ ਨੂੰ ਅੰਦਰੂਨੀ ਮਾਮਲਿਆਂ ਲਈ ਲੋਕ-ਕੁਮੀਸਾਰ ਨਿਯੁਕਤ ਕੀਤਾ ਜਾਵੇ। ਯਗੋਦਾ ਤ੍ਰਾਤਸਕੀਪੰਥੀ-ਜ਼ਿਨੋਵੀਵਵਾਦੀ ਗੁੱਟ ਦਾ ਪਰਦਾਫਾਸ਼ ਕਰਨ ਵਿੱਚ ਨਾਕਾਮ ਰਿਹਾ ਹੈ। ਇਸ ਮਾਮਲੇ ਵਿੱਚ  ਚਾਰ ਸਾਲ ਪਿੱਛੇ ਹੈ।”49 ਇਸਦੀ ਵਿਆਖਿਆ ਖਰੁਸ਼ਚੇਵ ਇਹ ਕਰਦਾ ਹੈ ਕਿ ਸਤਾਲਿਨ ਦਾ ਮਤਲਬ ਇਹ ਸੀ ਕਿ ਯਗੋਦਾ ਵੱਡੀ ਪੱਧਰ ਉੱਤੇ ਗ੍ਰਿਫਤਾਰੀਆਂ ਅਤੇ ਮੌਤ ਦੀਆਂ ਸਜ਼ਾਵਾਂ ਦੇਣ ਵਿੱਚ ਚਾਰ ਸਾਲ ਪਿੱਛੇ ਹੈ। ਜਦਕਿ ਤਾਰ ਦੀ ਲਿਖਤ ਤੋਂ ਹੀ ਸਪੱਸ਼ਟ ਹੈ ਕਿ ਇੱਥੇ ਤ੍ਰਾਤਸਕੀਪੰਥੀ-ਜ਼ਿਨੋਵੀਵਵਾਦੀ ਗੁੱਟ ਦਾ ਪਰਦਾਫਾਸ਼ ਕਰਨ ਦੇ ਸਬੰਧ ਵਿੱਚ ਗੱਲ ਹੋ ਰਹੀ ਸੀ। ਉਸ ਸਮੇਂ ਤੱਕ ਜ਼ਿਨੋਵੀਵ-ਕਾਮੇਨੇਵ ਮੁਕੱਦਮੇ ਦੌਰਾਨ ਇਹ ਗੱਲ ਸਾਹਮਣੇ ਆ ਚੁੱਕੀ ਸੀ ਕਿ 1932 ਵਿੱਚ ਤ੍ਰਾਤਸਕੀ ਦੀ ਅਗਵਾਈ ਥੱਲੇ ਤ੍ਰਾਤਸਕੀਪੰਥੀਆਂ, ਜ਼ਿਨੋਵੀਵਵਾਦੀਆਂ ਅਤੇ ਹੋਰਨਾਂ ਵੱਲੋਂ ਇੱਕ ਗੁਪਤ ਬਲਾਕ ਬਣਾਇਆ ਜਾ ਚੁੱਕਾ ਸੀ ਜਿਸਦਾ ਮਕਸਦ ਦਹਿਸ਼ਤਗਰਦ ਕਾਰਵਾਈਆਂ ਕਰਨਾ ਅਤੇ ਬਾਲਸ਼ਵਿਕ ਨੇਤਾਵਾਂ ਦੀਆਂ ਹੱਤਿਆਵਾਂ ਕਰਨਾ ਅਤੇ ਵਿਦ੍ਰੋਹ ਦੀ ਤਿਆਰੀ ਕਰਨਾ ਸੀ। ਯਗੋਦਾ ਦੇ ਵੀ ਇਸ ਬਲਾਕ ਨਾਲ਼ ਜੁੜੇ ਹੋਣ ਦਾ ਸ਼ੱਕ ਸੀ।50 ਇਹ ਬਲਾਕ ਬਣਾਏ ਜਾਣ ਨੂੰ ਤ੍ਰਾਤਸਕੀ ਦੇ ਆਪਣੇ ਪੁਰਾਲੇਖਾਂ ਦੇ ਅਧਾਰ ਉਤੇ ਵੀ ਸਿੱਧ ਕੀਤਾ ਜਾ ਚੁੱਕਾ ਹੈ ਜੋ 1980 ਤੋਂ ਬਾਅਦ ਹਾਰਵਰਡ ਯੂਨੀਵਰਸਿਟੀ ਨੇ ਜਨਤਕ ਕਰ ਦਿੱਤੇ ਸਨ।51

ਦੂਜਾ ਝੂਠ – “ਸਤਾਲਿਨ ਦੀ ਫਰਵਰੀ-ਮਾਰਚ, 1937 ਵਿੱਚ ਕੇਂਦਰੀ ਕਮੇਟੀ ਦੇ ਪਲੈਨਮ ਵਿੱਚ ਸਤਾਲਿਨ ਦੀ ਰਿਪੋਰਟ ‘ਪਾਰਟੀ ਕੰਮਕਾਰ ਦੀਆਂ ਕਮਜ਼ੋਰੀਆਂ ਅਤੇ ਤ੍ਰਾਤਸਕੀਵਾਦੀਆਂ ਤੇ ਹੋਰ ਦੋ-ਮੂੰਹਿਆਂ ਦੇ ਸਫਾਏ ਲਈ ਤਰੀਕੇ’ ਵਿੱਚ ਵਿਆਪਕ ਦਹਿਸ਼ਤ ਫੈਲਾਉਣ ਦੀ ਨੀਤੀ ਦਾ ਸਿਧਾਂਤਕ ਅਧਾਰ ਇਸ ਰੂਪ ਵਿੱਚ ਮੌਜੂਦ ਹੈ ਕਿ ਕਿ ਜਿਵੇਂ ਜਿਵੇਂ ਅਸੀਂ ਸਮਾਜਵਾਦ ਵਧਦੇ ਜਾਂਦੇ ਹਾਂ, ਜਮਾਤੀ ਜੰਗ ਤਿੱਖੀ ਹੋਣੀ ਲਾਜਮੀ ਹੈ। ਸਤਾਲਿਨ ਨੇ ਜ਼ੋਰ ਦੇ ਕੇ ਕਿਹਾ ਕਿ ਇਤਿਹਾਸ ਅਤੇ ਲੈਨਿਨ ਦੋਵਾਂ ਨੇ ਸਾਨੂੰ ਇਹੀ ਸਿਖਾਇਆ ਹੈ।”52 ਪਰ ਸਤਾਲਿਨ ਦੀ ਉਕਤ ਰਿਪੋਰਟ ਵਿੱਚ ਅਜਿਹਾ ਕੁਝ ਵੀ ਨਹੀਂ ਹੈ (ਇਸ ਰਿਪੋਰਟ ਦੀ ਪੂਰੀ ਲਿਖਤ ਉਪਲਬਧ ਹੈ)53 ਸਗੋਂ ਇਸ ਪੂਰੀ ਰਿਪੋਰਟ ਅਤੇ ਸਮਾਪਤੀ ਵੇਲ਼ੇ ਦੇ ਸਤਾਲਿਨ ਦੇ ਭਾਸ਼ਣ ਵਿੱਚ ਬਿਲਕੁਲ ਉਲਟ ਮਾਮਲਾ ਹੈ। ਸਤਾਲਿਨ ਬਿਨਾਂ ਸੋਚੇ-ਸਮਝੇ ਲੋਕਾਂ ਨੂੰ ਪਾਰਟੀ ‘ਚੋਂ ਕੱਢਣ ਅਤੇ ਮੁਕੱਦਮੇਬਾਜ਼ੀ ਦੇ ਖਿਲਾਫ ਪੈਂਤੜਾ ਲੈਂਦੇ ਹਨ ਅਤੇ ਇਸ ਤਰ੍ਹਾਂ ਦੇ ਕੰਮ-ਢੰਗ ਨੂੰ ਰੋਕਣ ਦਾ ਸੱਦਾ ਦਿੰਦੇ ਹਨ। ਪੂਰੀ ਤਕਰੀਰ ਵਿੱਚ ਚੌਕਸੀ ਵਧਾਉਣ, ਕਾਡਰਾਂ ਦੀ ਸਿਆਸੀ ਸਿੱਖਿਆ ਦੇ ਕੋਰਸ ਸ਼ੁਰੂ ਕਰਨ, ਲੋਕਾਂ ਨਾਲ਼ ਨੇੜਲੇ ਸਬੰਧ ਕਾਇਮ ਕਰਨ, ਨੌਕਰਸ਼ਾਹੀ ਨੂੰ ਨੱਥ ਪਾਉਣ, ਪਾਰਟੀ ਅਧਿਕਾਰੀਆਂ ਦੀ ਪਾਰਟੀ ਮੈਂਬਰਾਂ ਦੁਆਰਾ ਅਲੋਚਨਾ ਜਥੇਬੰਦ ਕਰਨ ਜਿਹੇ ਸੁਝਾਵਾਂ ਦਾ ਜ਼ਿਕਰ ਹੈ।

ਤੀਜਾ ਝੂਠ – ਬਹੁਤ ਸਾਰੇ ਮੈਂਬਰਾਂ ਨੇ, ਖਾਸ ਕਰਕੇ ਪੋਸਤੇਸ਼ੇਵ ਨੇ ਫਰਵਰੀ-ਮਾਰਚ, 1997 ਦੇ ਉਪਰੋਕਤ ਜ਼ਿਕਰ ਅਧੀਨ ਆਏ ਪਲੈਨਮ ਦੇ ਵਿਆਪਕ ਦਮਨ-ਚੱਕਰ ਚਲਾਉਣ ਦੇ ਫੈਸਲੇ ਦਾ ਵਿਰੋਧ ਕੀਤਾ।54 ਜਿਵੇਂ ਕਿ ਅਸੀਂ ਉੱਪਰ ਦੇਖਿਆ ਹੈ ਕਿ ਸਤਾਲਿਨ ਦੀ ਰਿਪੋਰਟ ਵਿੱਚ ਅਤੇ ਨਾ ਹੀ ਸਮਾਪਤੀ ਭਾਸ਼ਣ ਵਿੱਚ ਕਿਸੇ ਦਮਨ-ਚੱਕਰ ਦਾ ਜ਼ਿਕਰ ਹੈ। ਇਸ ਪਲੈਨਮ ਵਿੱਚ ਪਾਸ ਹੋਇਆ ਮਤਾ ਨਹੀਂ ਛਪਿਆ ਸੀ, ਪਰ ਰੂਸੀ ਇਤਿਹਾਸਕਾਰ ਜੁਖੋਵ ਨੇ ਇਸ ਮਤੇ ਦੀ ਪੂਰੀ ਲਿਖਤ ਨੂੰ 2003 ਵਿੱਚ ਛਪਵਾ ਕੇ ਇਸ ਝੂਠ ਨੂੰ ਉੱਕਾ ਹੀ ਝੁਠਲਾਅ ਦਿੱਤਾ ਹੈ। ਮਤੇ ਦੀ ਪੂਰੀ ਲਿਖਤ ਵੀ ਹੁਣ ਉਪਲਬਧ ਹੈ।55

ਹੋਰ ਤਾਂ ਹੋਰ, ਇਤਿਹਾਸਕਾਰ ਜ. ਆਰਚ ਗੈਟੀ ਅਤੇ ਓਲੇਗ ਨੌਮੋਵ ਨੇ ਸੋਵੀਅਤ ਪੁਰਾਲੇਖਾਂ ਦੇ ਅਧਾਰ ਉੱਤੇ ਇਹ ਦਿਖਾਇਆ ਹੈ ਕਿ ਅਸਲ ਵਿੱਚ ਪੋਸਤੇਸ਼ੇਵ ਦਮਨ-ਚੱਕਰ ਦਾ ਸਮਰਥਕ ਸੀ ਅਤੇ ਇਸੇ ਕਾਰਨ ਕਰਕੇ ਉਸਨੂੰ ਜਨਵਰੀ, 1938 ਦੇ ਪਲੈਨਮ ਵਿੱਚ ਪੋਲਿਟਬਿਊਰੋ ਦੀ ਉਮੀਦਵਾਰ ਮੈਂਬਰੀ ਤੋਂ ਹਟਾ ਦਿੱਤਾ ਗਿਆ ਸੀ। ਹੋਰ ਅੱਗੇ, ਖਰੁਸ਼ਚੇਵ ਨੂੰ ਪੋਸਤੇਸ਼ੇਵ ਦੀ ਜਗ੍ਹਾ ਹੀ ਨਿਯੁਕਤ ਕੀਤਾ ਗਿਆ ਸੀ।56 ਇਸ ਸਬੰਧੀ ਵਿਸਥਾਰਤ ਲਿਖਤਾਂ ਗਰੋਵਰ ਫਰ, “ਖਰੁਸ਼ਚੇਵ ਲਾਈਡ” ਸਫ਼ਾ 282-88 ਉੱਤੇ ਪੜ੍ਹੀਆਂ ਜਾ ਸਕਦੀਆਂ ਹਨ। ਉਸੇ ਮਹੀਨੇ ਉਸਨੂੰ 3000 ਪਾਰਟੀ ਮੈਂਬਰਾਂ ਨੂੰ ਬਾਹਰ ਕੱਢਣ ਅਤੇ ਝੂਠੇ ਮੁਕੱਦਮੇ ਚਲਾਉਣ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਗਿਆ।

ਚੌਥਾ ਝੂਠ – “ਜਨਵਰੀ, 1938 ਦੇ ਪਲੈਨਮ ਵਿੱਚ ਦਮਨ-ਚੱਕਰ ਨੂੰ ਰੋਕਣ ਲਈ ਕੁਝ ਖਾਸ ਨਹੀਂ ਕੀਤਾ ਗਿਆ।”57 ਪਰ ਮਾਮਲਾ ਇੱਥੇ ਵੀ ਉਲਟ ਹੈ।

“ਪਾਰਟੀ ਕੇਂਦਰੀ ਕਮੇਟੀ ਦਾ ਪਲੈਨਮ ਪਾਰਟੀ ਜਥੇਬੰਦੀਆਂ ਅਤੇ ਉਹਨਾਂ ਦੇ ਆਗੂਆਂ ਦਾ ਇਸ ਤੱਥ ਵੱਲ ਧਿਆਣ ਦਵਾਉਣਾ ਜਰੂਰੀ ਸਮਝਦਾ ਹੈ ਕਿ ਆਪਣੀਆਂ ਸਫ਼ਾਂ ਵਿੱਚੋਂ ਤ੍ਰਾਤਸਕੀਵਾਦੀ-ਸੱਜੇਪੱਖੀਆਂ ਦਾ ਸਫ਼ਾਇਆ ਕਰਨ ਲਈ ਆਪਣੀਆਂ ਮੁੱਖ ਕੋਸ਼ਿਸ਼ਾਂ ਦੌਰਾਨ ਉਹ ਗੰਭੀਰ ਗਲਤੀਆਂ ਤੇ ਅਨਿਯਮਿਤਤਾਵਾਂ ਕਰ ਰਹੇ ਹਨ… ਪਾਰਟੀ ਦੀ ਕੇਂਦਰੀ ਕਮੇਟੀ ਦੀਆਂ ਲਗਾਤਾਰ ਹਦਾਇਤਾਂ ਅਤੇ ਚੇਤਾਵਨੀਆਂ ਦੇ ਬਾਵਜੂਦ ਬਹੁਤ ਸਾਰੇ ਮਾਮਲਿਆਂ ਵਿੱਚ ਪਾਰਟੀ ਜਥੇਬੰਦੀਆਂ ਗਲ਼ਤ ਪਹੁੰਚ ਆਪਣਾ ਰਹੀਆਂ ਹਨ ਅਤੇ ਅਪਰਾਧਕ ਲੁੱਚਪੁਣੇ ਦੇ ਢੰਗ ਨਾਲ਼ ਕਮਿਊਨਿਸਟਾਂ ਨੂੰ ਹੀ ਪਾਰਟੀ ਵਿੱਚੋਂ ਬਾਹਰ ਕੱਢ ਰਹੇ ਹਨ।

“ … ਬਾਲਸ਼ਵਿਕ ਚੌਕਸੀ… ਇਹ ਨਹੀਂ ਹੈ ਕਿ ਅਟਕਲਪੱਚੂ ਢੰਗਾਂ ਜਾਂ ਮਨਮਰਜ਼ੀ ਨਾਲ਼ ਹਜ਼ਾਰਾਂ-ਲੱਖਾਂ ਦੀ ਗਿਣਤੀ ਵਿੱਚ ਬਾਹਰ ਕੱਢ ਦਿਓ, ਹਰ ਕਿਸੇ ਨੂੰ ਜੋ ਸਾਹਮਣੇ ਆਉਂਦਾ ਹੈ।

“ਨਿਰਦੇਸ਼ ਦਿੱਤੇ ਜਾਂਦੇ ਹਨ ਕਿ ਪਾਰਟੀ ‘ਚੋਂ ਲੋਕਾਂ ਨੂੰ ਅੰਧਾਧੁੰਦ ਬਾਹਰ ਕੱਢਣਾ ਬੰਦ ਕੀਤਾ ਜਾਵੇ…

“ਨਿਰਦੇਸ਼ ਦਿੱਤੇ ਜਾਂਦੇ ਹਨ ਕਿ ਜਿਹੜੇ ਪਾਰਟੀ ਆਗੂ ਕੇਂਦਰੀ ਕਮੇਟੀ ਦੇ ਨਿਰਦੇਸ਼ ਨਹੀਂ ਲਾਗੂ ਕਰ ਰਹੇ ਉਹਨਾਂ ਨੂੰ ਪਾਰਟੀ ਦੇ ਅਹੁਦਿਆਂ ਤੋਂ ਹਟਾਇਆ ਜਾਵੇ ਅਤੇ ਉਹਨਾਂ ਨੂੰ ਪਾਰਟੀ ਅੱਗੇ ਪੇਸ਼ ਕੀਤਾ ਜਾਵੇ…”58

11 ਨਵੰਬਰ, 1938 ਨੂੰ ਸਤਾਲਿਨ ਤੇ ਮੋਲੋਤੋਵ ਦਸਤਖਤਾਂ ਹੇਠ ਜਾਰੀ ਨਿਰਦੇਸ਼:

“…. NKVD ਦੇ ਕੰਮ ਕਰਨ ਅਤੇ ਮੁਕੱਦਮੇ ਚਲਾਉਣ ਦੇ ਤਰੀਕੇ ਵਿੱਚ ਬਹੁਤ ਸਾਰੇ ਅਤੇ ਬਹੁਤ ਗੰਭੀਰ ਨੁਕਸ ਮਿਲੇ ਹਨ…. ਸਥਾਨਕ ਅਤੇ ਕੇਂਦਰੀ ਪੱਧਰ ਉੱਤੇ NKV4 ਵਿੱਚ ਦੁਸ਼ਮਣ ਏਜੰਟ ਅਤੇ ਜਾਸੂਸ ਘੁਸਪੈਠ ਕਰ ਚੁੱਕੇ ਹਨ।

“ਲੋਕ ਕੁਮੀਸਾਰਾਂ ਦੀ ਕੌਂਸਲ ਅਤੇ ਪਾਰਟੀ ਦੀ ਕੇਂਦਰੀ ਕਮੇਟੀ ਇਹ ਮਤਾ ਪਾਸ ਕਰਦੀ ਹੈ:

“1. NKVD ਅਤੇ ਸਰਕਾਰੀ ਵਕੀਲਾਂ ਉੱਤੇ ਕੋਈ ਵੀ ਵੱਡੀ ਗ੍ਰਿਫਤਾਰੀ ਅਤੇ ਦੇਸ਼-ਨਿਕਾਲਾ ਦੇਣ ਦਾ ਹੁਕਮ ਦੇਣ ਉੱਤੇ ਪਾਬੰਦੀ ਲਗਾਈ ਜਾਂਦੀ ਹੈ….

“… NKVD ਅਤੇ ਸਰਕਾਰੀ ਪੈਰਵੀਕਾਰਾਂ ਨੂੰ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਕਿਸੇ ਕਰਮਚਾਰੀ ਵੱਲੋਂ, ਉਹ ਚਾਹੇ ਕੋਈ ਵੀ ਹੋਵੇ, ਸੋਵੀਅਤ ਕਾਨੂੰਨਾਂ ਅਤੇ ਸਰਕਾਰੀ ਨਿਰਦੇਸ਼ਾਂ ਤੋਂ ਜ਼ਰਾ ਜਿੰਨੀ ਚੂਕ ‘ਤੇ ਵੀ ਸਖਤ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ…”59

ਇਸ ਤਰ੍ਹਾਂ ਇਸ ਕਹਿਣਾ ਕਿ ਦਮਨ-ਚੱਕਰ ਚਲਾਉਣ ਅਤੇ ਵੱਡੀ ਗਿਣਤੀ ਵਿੱਚ ਗ੍ਰਿਫਤਾਰੀਆਂ ਅਤੇ ਮੌਤ ਦੀਆਂ ਸਜ਼ਾਵਾਂ, ਪਾਰਟੀ ਅਤੇ ਸਤਾਲਿਨ ਦੀ ਨੀਤੀ ਸੀ, ਉੱਕਾ ਹੀ ਗਲਤ ਹੈ। ਸਗੋਂ, ਉਹਨਾਂ ਨੇ ਲਗਾਤਾਰ ਇਸ ਦੇ ਖਿਲਾਫ਼ ਪੈਂਤੜਾ ਲਿਆ ਅਤੇ ਜਿੰਨੀ ਸੰਭਵ ਹੱਦ ਤੱਕ ਹੋ ਸਕਿਆ, ਇਸ ਨੂੰ ਕੰਟਰੋਲ ਕੀਤਾ ਗਿਆ। ਪੋਸਤੇਸ਼ੇਵ ਦਾ ਮਾਮਲਾ ਅਸੀਂ ਉੱਪਰ ਦੇਖ ਚੁੱਕੇ ਹਾਂ। ਇਸ ਪਲੈਨਮ ਤੋਂ ਪਹਿਲਾਂ ਹੀ ਏਜ਼ੋਵ ਦੇ ਤਿੰਨ ਡਿਪਟੀ ਬਰਖਾਸਤ ਕੀਤੇ ਜਾ ਚੁੱਕੇ ਸਨ। ਅਪ੍ਰੈਲ, 1938 ਵਿੱਚ ਉਸਦੇ ਅਧਿਕਾਰ ਘੱਟ ਕਰ ਦਿੱਤੇ ਗਏ, ਅਗਸਤ ਵਿੱਚ ਲਵੇਂਤੀ ਬੇਰੀਆ ਨੂੰ ਏਜ਼ੋਵ ਦਾ ਡਿਪਟੀ ਨਿਯੁਕਤ ਕੀਤਾ ਗਿਆ ਤੇ ਉਸਦੀ  ਵਿੱਚ ਹੋਂਦ ਲਗਭੱਗ ਖਤਮ ਕਰ ਦਿੱਤੀ ਗਈ। ਨਵੰਬਰ ਵਿੱਚ ਉਸਨੂੰ ਪੂਰੀ ਤਰ੍ਹਾਂ ਬਰਖਾਸਤ ਕਰ ਦਿੱਤਾ ਗਿਆ ਅਤੇ ਅਪ੍ਰੈਲ, 1939 ਨੂੰ ਏਜੋਵ ਗ੍ਰਿਫਤਾਰ ਕਰ ਲਿਆ ਗਿਆ।

ਪੰਜਵਾਂ ਝੂਠ – “ਲਵੇਂਤੀ ਬੇਰੀਆ ਦੇ ਗੈਂਗ ਨੇ ਗ੍ਰਿਫਤਾਰ ਕੀਤੇ ਲੋਕਾਂ ਵਿੱਚੋਂ ਜ਼ਿਆਦਾ ਤੋਂ ਜ਼ਿਆਦਾ ਨੂੰ ਮੌਤ ਦੇ ਘਾਟ ਉਤਾਰਨ ਲਈ ਪੂਰਾ ਜ਼ੋਰ ਲਗਾ ਦਿੱਤਾ।”60 ਇਸ ਪੂਰੇ ਝੂਠ ਦਾ ਮਕਸਦ ਸਤਾਲਿਨ ਨੂੰ ਬੁਰਾ ਦਿਖਾਉਣਾ ਸੀ ਕਿਉਂਕਿ ਸਤਾਲਿਨ ਤੇ ਕੇਂਦਰੀ ਕਮੇਟੀ ਨੇ ਦਮਨ-ਚੱਕਰ ਨੂੰ ਰੋਕਣ ਲਈ NKVD ਵਿੱਚ ਵੱਡੀ ਪੱਧਰ ਉੱਤੇ ਫੇਰਬਦਲ ਸ਼ੁਰੂ ਕੀਤਾ ਸੀ, ਤੇ ਖਰੁਸ਼ਚੇਵ ਸਤਾਲਿਨ ਦੇ ਇਸ ਕਦਮ ਨੂੰ ਵੀ ਬੁਰਾ ਦਿਖਾਉਣਾ ਚਾਹ ਰਿਹਾ ਸੀ। ਪਰ ਅਸਲ ਵਿੱਚ ਮਾਮਲਾ ਪੂਰੀ ਤਰ੍ਹਾਂ ਉਲਟ ਹੈ। ਬੇਰੀਆ ਨੂੰ ਨਵੰਬਰ, 1938 NKVD ਦਾ ਮੁਖੀ ਨਿਯੁਕਤ ਕੀਤਾ ਗਿਆ ਅਤੇ ਉਸ ਤੋਂ ਬਾਅਦ ਗ੍ਰਿਫਤਾਰੀਆਂ ਅਤੇ ਸਜ਼ਾਵਾਂ ਤੇਜ਼ੀ ਨਾਲ਼ ਘਟੀਆਂ ਅਤੇ ਗ੍ਰਿਫਤਾਰ ਕੀਤੇ ਬਹੁਤੇ ਲੋਕਾਂ ਨੂੰ ਰਿਹਾ ਕੀਤਾ ਜਾਣ ਲੱਗਾ। ਇੱਥੋਂ ਤੱਕ ਕਿ ਖਰੁਸ਼ਚੇਵ ਵੱਲੋਂ “ਸਤਾਲਿਨ ਦੀਆਂ ਵਧੀਕੀਆਂ ਦੇ ਸ਼ਿਕਾਰ” ਲੋਕਾਂ ਦੇ ਸਨਮਾਨ ਦੀ ਮੁੜ-ਬਹਾਲੀ ਲਈ ਕਾਇਮ ਕੀਤੇ ਪੋਸਪੇਲੇਵ ਕਮਿਸ਼ਨ ਦੇ ਅੰਕੜੇ ਵੀ ਖਰੁਸ਼ਚੇਵ ਦੇ ਇਸ ਝੂਠ ਨੂੰ ਸਪੱਸਟ ਕਰਦੇ ਹਨ, ਬਾਕੀ ਇਤਿਹਾਸਕਾਰਾਂ ਦੀ ਗੱਲ ਹੀ ਅਲੱਗ ਹੈ। ਇਸ ਤੋਂ ਇਲਾਵਾ ਇਹ ਵੀ ਯਾਦ ਰੱਖਿਆ ਜਾਣਾ ਚਾਹੀਦਾ ਹੈ ਕਿ 1939-40 ਵਿੱਚ ਗ੍ਰਿਫਤਾਰੀਆਂ ਅਤੇ ਸਜ਼ਾਵਾਂ ਭੁਗਤਣ ਵਾਲੇ ਜ਼ਿਆਦਾ ਲੋਕਾਂ ਵਿੱਚ ਉਹ ਅਧਿਕਾਰੀ ਜਾਂ ਪਾਰਟੀ ਮੈਂਬਰ ਸਨ ਜਿਹੜੇ ਬਿਨਾਂ ਲੋੜੋਂ ਪਾਰਟੀ ਮੈਂਬਰਾਂ ਨੂੰ ਪਾਰਟੀ ‘ਚੋਂ ਕੱਢਣ, ਝੂਠੇ ਮੁਕੱਦਮੇ ਦਰਜ ਕਰਨ ਅਤੇ ਸਜ਼ਾਵਾਂ ਦੇਣ ਦੇ ਦੋਸ਼ੀ ਪਾਏ ਗਏ ਸਨ।

ਹੁਣ ਅਸੀਂ “ਮਾਸਕੋ ਮੁਕੱਦਮਿਆਂ” ਵੱਲ ਵਾਪਸ ਆਉਂਦੇ ਹਾਂ। ਤਰ੍ਹਾਂ-ਤਰ੍ਹਾਂ ਦੇ ਇਤਿਹਾਸਕਾਰਾਂ ਜਿਵੇਂ ਰਾਬਰਟ ਕਨਕੁਏਸਟ, ਸੋਲਜ਼ਿੰਤਸਨ, ਮੇਦਵੇਦੇਵ ਭਰਾ ਆਦਿ, ਅਤੇ ਤ੍ਰਾਤਸਕੀਵਾਦੀਆਂ ਆਦਿ ਵੱਲੋਂ ਇਹ ਢੰਡੋਰਾ ਪਿੱਟਿਆ ਜਾਂਦਾ ਹੈ ਕਿ ਮਾਸਕੋ ਮੁਕੱਦਮੇ ਉੱਕਾ ਹੀ “ਦਿਖਾਵਾ” ਸਨ ਅਤੇ ਸਭ ਦੇ ਸਭ ਇਕਬਾਲਨਾਮੇ ਪੂਰੀ ਤਰ੍ਹਾਂ ਨਾਲ਼ ਜਾਅਲੀ ਸਨ। ਕੀ ਸਭ ਲੋਕ ਇਦਾਂ ਹੀ ਮੰਨਦੇ ਸਨ, ਆਓ ਦੇਖੀਏ। ਮਿਲਟਰੀ ਅਫਸਰਾਂ ਦੇ ਮੁਕੱਦਮਿਆਂ ਨੂੰ ਛੱਡ ਕੇ ਬਾਕੀ ਸਾਰੇ ਮੁਕੱਦਮੇ ਖੁੱਲੇ ਹਾਲਾਂ ਵਿੱਚ ਚਲਾਏ ਗਏ ਅਤੇ ਸਭਨਾਂ ਦੇਸ਼ਾਂ ਦੇ ਰਾਜਦੂਤਾਂ, ਪੱਤਰਕਾਰਾਂ ਅਤੇ ਬਹੁਤ ਸਾਰੇ ਲੇਖਕਾਂ ਦੀ ਮੌਜੂਦਗੀ ਵਿੱਚ ਚਲਾਏ ਗਏ। ਇਹਨਾਂ ਵਿੱਚੋਂ ਕਈ ਨੇ ਬਾਅਦ ਵਿੱਚ ਇਹਨਾਂ ਮੁਕੱਦਮਿਆਂ ਦੇ ਸਹੀ ਹੋਣ ਅਤੇ ਅਪਰਾਧੀਆਂ ਦੇ ਇਕਬਾਲਨਾਮੇ ਇਕਦਮ ਦਰੁਸਤ ਹੋਣ ਦੀ ਗੱਲ ਕਬੂਲੀ। ਇਹਨਾਂ ਵਿੱਚੋਂ ਐਡਵਰਡ ਡੇਵੀਜ ਉਸ ਸਮੇਂ ਅਮਰੀਕਾ ਦੇ ਸੋਵੀਅਤ ਯੂਨੀਅਨ ਵਿੱਚ ਮੁਖੀ ਰਾਜਦੂਤ ਤੇ ਖੁਦ ਵਕੀਲ ਸਨ61; ਡੀ.ਐਨ. ਪ੍ਰਿੱਟ ਬ੍ਰਿਟੇਨ ਦੇ ਰਾਜਦੂਤ ਅਤੇ ਸੰਸਾਰ-ਪ੍ਰਸਿੱਧ ਵਕੀਲ ਸਨ61; ਅੰਨਾ ਲੂਈ ਸਟ੍ਰਾਂਗ ਇੱਕ ਅਮਰੀਕੀ ਲੇਖਕ ਸੀ ਜਿਸਨੂੰ 1949 ਵਿੱਚ ਸੋਵੀਅਤ ਯੂਨੀਅਨ ਵਿੱਚੋਂ ਕੱਢਿਆ ਗਿਆ ਸੀ, ਇਸਦੇ ਬਾਵਜੂਦ ਉਸਨੇ ਆਪਣੀ ਕਿਤਾਬ ‘ਸਤਾਲਿਨ ਯੁੱਗ’ ਵਿੱਚ ਇਹਨਾਂ ਮੁਕੱਦਮਿਆਂ ਦੇ ਸਹੀ ਹੋਣ ਦੀ ਨਿਸ਼ਾਨਦੇਹੀ ਕੀਤੀ। ਇਸ ਤੋਂ ਇਲਾਵਾ ਸਵੀਡਨ ਦੇ ਰਾਜਦੂਤ ਦੀਆਂ ਗੁਪਤ ਰਿਪੋਰਟਾਂ ਜੋ ਉਸ ਸਮੇਂ ਭੇਜੀਆਂ ਗਈਆਂ, ਇਸ ਗੱਲ ਦੀ ਸ਼ਾਹਦੀ ਭਰਦਿਆਂ ਹਨ। (ਲਿਉਡੋ ਮਾਰਟਨਜ਼, ਮਾਰਿਓ ਸੂਸਾ, ਅੰਨਾ ਲੂਈ ਸਟ੍ਰਾਂਗ) ਫੌਜੀ ਅਫਸਰਾਂ ਵੱਲੋਂ ਸੋਵੀਅਤ ਸਰਕਾਰ ਅਤੇ ਬਾਲਸ਼ਵਿਕ ਪਾਰਟੀ ਨੂੰ ਉਲਟਾਉਣ ਦੀ ਸਾਜਿਸ਼ ਨੂੰ ਤਾਂ ਤ੍ਰਾਤਸਕੀਪੰਥੀ ਲੇਖਕ ਇਸਾਕ ਡਿਊਸ਼ਰ ਜੋ ਸਤਾਲਿਨ ਪ੍ਰਤੀ “ਅਲੋਚਨਾਤਮਕ ਰੁਖ਼” ਰੱਖਣ ਲਈ ਮਸ਼ਹੂਰ ਹੈ, ਨੇ ਸਹੀ ਮੰਨਿਆ ਹੈ। ਇਹ ਅਲੱਗ ਗੱਲ ਹੈ ਕਿ ਉਸਨੂੰ ਮਲਾਲ ਹੈ ਕਿ ਸਤਾਲਿਨ ਨੇ ਅਜਿਹਾ ਹੋਣ ਨਾ ਦਿੱਤਾ!62 ਇਹ ਤਾਂ ਚਲੋ ਸੋਵੀਅਤ ਯੂਨੀਅਨ ਵਿੱਚ ਮੁਕੱਦਮੇ ਅਤੇ ਇਕਬਾਲਨਾਮਿਆਂ ਦੀ ਗੱਲ ਹੋਈ, ਤ੍ਰਾਤਸਕੀ 1934 ਤੇ ਇਸਤੋਂ ਬਾਅਦ ਖੁੱਲ੍ਹੇਆਮ ਸੋਵੀਅਤ ਸੱਤ੍ਹਾ ਅਤੇ ਸਤਾਲਿਨ ਦਾ ਤਖਤਾਪਲਟ ਕਰਨ ਦਾ ਹੋਕਾ ਦੇ ਰਿਹਾ ਸੀ।  

“ਫਾਸੀਵਾਦ ਦੀ ਜਿੱਤ ਲਈ ਸਭ ਤੋਂ ਅਹਿਮ ਹਾਲਤਾਂ ਕੁਮਿੰਟਰਨ ਨੇ ਪੈਦਾ ਕੀਤੀਆਂ… ਹਿਟਲਰ ਨੂੰ ਉਲਟਾਉਣ ਲਈ ਕੁਮਿੰਟਰਨ ਦਾ ਸਫਾਇਆ ਕਰਨਾ ਜਰੂਰੀ ਹੈ।”63

“ਸਤਾਲਿਨਵਾਦੀ ਕੁਮਿੰਟਰਨ ਅਤੇ ਸਤਾਲਿਨਵਾਦੀ ਕੂਟਨੀਤੀ ਨੇ ਹਿਟਲਰ ਦੀ ਦੋਵੇਂ ਹੱਥੀਂ ਮਦਦ ਕੀਤੀ।”63

“ਕੁਮਿੰਟਰਨ ਨੌਕਰਸ਼ਾਹੀ, ਸਮਜਿਕ ਜਮਹੂਰੀਆਂ ਨਾਲ਼ ਮਿਲ ਕੇ ਯੂਰਪ ਨੂੰ, ਅਸਲ ਵਿੱਚ ਪੂਰੇ ਸੰਸਾਰ ਨੂੰ ਇੱਕ ਫਾਸੀਵਾਦੀ ਤਸੀਹਾ ਕੈਂਪ ਵਿੱਚ ਬਦਲ ਦੇਣ ਲਈ ਹਰ ਸੰਭਵ ਕੰਮ ਕਰ ਰਹੀ ਹੈ।”63

“ਮਜਦੂਰੋ, ਇਸ ਨੌਕਰਸ਼ਾਹ ਕਬਾੜ ਤੋਂ ਪਿੱਛਾ ਛੁਡਾਉਣਾ ਸਿੱਖੋ।”64

“ਮਜਦੂਰਾਂ ਨੂੰ ਨੌਕਰਸ਼ਾਹ ਮਾਹਰਕੇਬਾਜ਼ੀ ਦੇ ਸਿਧਾਂਤ ਅਤੇ ਅਭਿਆਸ ਨੂੰ ਮਜਦੂਰ ਲਹਿਰ ‘ਚੋਂ ਬਾਹਰ ਕਰਨਾ ਹੀ ਹੋਵੇਗਾ।”64

ਇਹ 1934 ਦੀ ਗੱਲ ਹੈ, ਇਸ ਤੋਂ ਬਾਅਦ ਤ੍ਰਾਤਸਕੀ ਨੇ ਕਿੰਨੇ ਹੀ ਥਾਂਵਾਂ ਉੱਤੇ ਸਤਾਲਿਨ ਦਾ ਤਖਤਾਪਲਟ ਦਾ ਹੋਕਾ ਦਿੱਤਾ। ਇਸਦੇ ਬਾਵਜੂਦ ਕੋਈ ਇਹ ਸੋਚੇ ਕਿ ਤ੍ਰਾਤਸਕੀ ਨੇ ਸੋਵੀਅਤ ਯੂਨੀਅਨ ਖਿਲਾਫ ਕੋਈ ਕਾਰਵਾਈ ਕਰਨ ਦੀ ਨਹੀਂ ਸੋਚੀ ਹੋਵੇਗੀ, ਇਹ ਮੰਨਣਯੋਗ ਨਹੀਂ ਲੱਗਦਾ।

ਇਸ ਤੋਂ ਇਲਾਵਾ, ਇਹ ਵੀ ਅਕਸਰ ਰੌਲਾ ਪਾਇਆ ਜਾਂਦਾ ਹੈ ਕਿ ਕਾਰਖਾਨਿਆਂ ਅਤੇ ਹੋਰਨਾਂ ਥਾਵਾਂ ਉੱਤੇ ਸਾਬੋਤਾਜ ਕਰਨ, ਤੋੜ-ਫੋੜ ਦੀਆਂ ਕਾਰਵਾਈਆਂ ਹੋਣ ਆਦਿ ਦੀਆਂ ਕਹਾਣੀਆਂ ਸਤਾਲਿਨ ਵੱਲੋਂ ਘੜੀਆਂ ਜਾਂ ਘੜਾਈਆਂ ਗਈਆਂ ਸਨ। ਪਰ ਇਹਨਾਂ ਦੀ ਤਸਦੀਕ ਕਰਨ ਵਾਲੇ ਵੀ ਬਹੁਤ ਸਾਰੇ ਲੋਕ ਹਨ। ਜੌਹਨ ਲਿਟਲਪੇਜ ਤੇ ਡੀਮਾਰੀ ਬੈਸ ਦੀ ਕਿਤਾਬ “ਇਨ ਸਰਚ ਆਫ ਸੋਵੀਅਤ ਗੋਲਡ” ਸੰਸਾਰ ਪ੍ਰਸਿੱਧ ਹੈ। ਲਿਟਲਪੇਜ ਇੱਕ ਅਮਰੀਕੀ ਇੰਜਨੀਅਰ ਸੀ ਜੋ 1928-37 ਤੱਕ ਕੋਲ਼ਾ ਖਾਣਾਂ ਵਿੱਚ ਮਾਹਿਰ ਦੇ ਰੂਪ ਵਿੱਚ ਸੋਵੀਅਤ ਯੂਨੀਅਨ ਵਿੱਚ ਕੰਮ ਕਰਨ ਗਿਆ ਸੀ। ਉਸਨੇ ਆਪਣੀ ਕਿਤਾਬ ਵਿੱਚ ਸਾਬੋਤਾਜ ਹੋਣ ਦੀ ਸ਼ਾਹਦੀ ਤਾਂ ਭਰੀ ਹੀ ਹੈ, ਨਾਲ਼ ਹੀ ਉਸਨੇ ਇਸਦੇ Modus Oprendi ਬਾਰੇ ਵੀ ਕਾਫ਼ੀ ਕੁਝ ਲਿਖਿਆ ਹੈ। ਇੱਕ ਹੋਰ ਅਮਰੀਕੀ ਇੰਜਨੀਅਰ ਜੌਹਨ ਸਕਾਟ ਨੇ ਆਪਣੀ ਕਿਤਾਬ “ਬੀਹਾਇੰਡ ਦ ਯੂਰਾਲਜ਼” ਵਿੱਚ ਇਸ ਤਰ੍ਹਾਂ ਦੀ ਸਾਬੋਤਾਜ ਅਤੇ ਤੋੜ-ਫੋੜ ਦੀਆਂ ਕਾਰਵਾਈਆਂ ਦਾ ਜ਼ਿਕਰ ਕੀਤਾ ਹੈ। ਭਾਵੇਂ ਇਹ ਦੋਵੇਂ ਕਿਤਾਬਾਂ ਦੇ ਲੇਖਕ ਉਸ ਸਮੇਂ ਤੱਕ ਇਸਨੂੰ ਆਮ ਰਿਸ਼ਵਤਖੋਰੀ ਤੇ ਭ੍ਰਿਸ਼ਟਾਚਾਰ ਦੇ ਮਾਮਲੇ ਸਮਝਦੇ ਸਨ। ਲਿਟਲਪੇਜ ਨੇ ਵਿਦੇਸ਼ਾਂ ਨਾਲ਼ ਮਸ਼ੀਨਾਂ ਖਰੀਦਣ ਦੇ ਸੌਦਿਆਂ ਵਿੱਚ ਵੀ ਭ੍ਰਿਸ਼ਟਾਚਾਰ ਦਾ ਜ਼ਿਕਰ ਕੀਤਾ ਹੈ ਜਿਸ ਵਿੱਚ ਪਿਆਤਾਕੋਵ ਸ਼ਾਮਲ ਸੀ।65 ਅੰਨਾ ਲੂਈ ਸਟ੍ਰਾਂਗ ਨੇ ਆਪਣੀ ਕਿਤਾਬ ਵਿੱਚ ਇਸ ਤਰ੍ਹਾਂ ਦੀਆਂ ਕਿੰਨੀਆਂ ਹੀ ਉਦਾਹਰਨਾਂ ਦਿੱਤੀਆਂ ਹਨ ਜੋ ਉਸਨੇ ਅੱਖੀਂ ਦੇਖੀਆਂ।66 ਇਹ ਧਿਆਨ ਦੇਣ ਯੋਗ ਹੈ ਕਿ 1934 ਤੋਂ ਪਹਿਲਾਂ ਇਹਨਾਂ ਅਪਰਾਧਾਂ ਲਈ ਅਕਸਰ ਸਖਤ ਸਜ਼ਾਵਾਂ ਨਹੀਂ ਸਨ ਦਿੱਤੀਆਂ, ਅਕਸਰ ਪਛਤਾਵਾ ਕਰਨ ਉੱਤੇ ਛੱਡ ਦਿੱਤਾ ਜਾਂਦਾ ਸੀ ਜਾਂ ਕਿਸੇ ਦੂਸਰੇ ਖੇਤਰ ਵਿੱਚ ਕੰਮ ਕਰਨ ਲਈ ਭੇਜ ਦਿੱਤਾ ਜਾਂਦਾ ਸੀ।

ਅਖੀਰ ਵਿੱਚ ਅਸੀਂ ਸਫਾਈ ਮੁਹਿੰਮਾਂ ਵਿੱਚ ਮਾਰੇ ਗਏ ਲੋਕਾਂ ਅਤੇ ਜੇਲ੍ਹੀਂ ਜਾਂ ਗੁਲਾਗ ਕੈਂਪਾਂ ਵਿੱਚ ਭੇਜੇ ਗਏ ਲੋਕਾਂ ਦੀ ਗਿਣਤੀ ਵੱਲ ਆਉਂਦੇ ਹਾਂ। ਕਨਕੁਏਸਟ, ਸੋਲਜ਼ਿੰਤਸਨ ਆਦਿ ਜਿਹੜੇ ਸਫ਼ਾਈ ਮਹਿੰਮਾਂ ਤੇ ਪੂਰੇ ਸਤਾਲਿਨ ਕਾਲ ਦੌਰਾਨ ਸਤਾਲਿਨ ਦੇ “ਜ਼ਬਰ” ਦੇ “ਸ਼ਿਕਾਰ ਹੋਏ ਲੋਕਾਂ” ਦੇ ਗਿਣਤੀ ਬਾਰੇ ਸਭ ਤਰ੍ਹਾਂ ਦੇ ਸਤਾਲਿਨ-ਵਿਰੋਧੀ ਪ੍ਰਚਾਰ ਦੇ ਗੰਗੋਤਰੀ-ਸ੍ਰੋਤ ਹਨ, ਅਨੁਸਾਰ ਪੂਰੇ ਸਤਾਲਿਨ ਕਾਲ ਦੌਰਾਨ ਮਾਰੇ ਗਏ ਲੋਕਾਂ ਦੀ ਗਿਣਤੀ 1 ਕਰੋੜ 20 ਲੱਖ (ਕਨਕੁਏਸਟ) ਤੋਂ ਲੈ ਕੇ 6 ਕਰੋੜ 60 ਲੱਖ (ਸੋਲਜ਼ਿੰਤਸਨ) ਤੱਕ ਜਾਂਦੀ ਹੈ, ਉਹਨਾਂ ਅਨੁਸਾਰ ਇਹ ਸਾਰੇ ਸਿਆਸੀ ਕੈਦੀ ਸਨ ਤੇ ਸਾਰੇ ਹੀ “ਮਾਸੂਮ” ਤੇ ‘ਬੇਕਸੂਰ” ਸਨ ਅਤੇ ਇਹਨਾਂ ‘ਚੋਂ 30 ਲੱਖ ਤਾਂ 1937-38 ‘ਚ ਹੀ ਮਾਰੇ ਗਏ। ਅਸਲ ਗਿਣਤੀ ਕਿੰਨੀ ਸੀ? ਇਸ ਬਾਰੇ ਪੇਸ਼ਾਵਰ ਇਤਿਹਾਸਕਾਰਾਂ ਜਿਵੇਂ ਜੋਹਨ ਆਰਚ ਗੈਟੀ, ਗਰੋਵਰ ਫਰ ਅਤੇ ਰੂਸੀ ਇਤਿਹਾਸਕਾਰਾਂ ਵੀ. ਐਨ. ਜੈਮਸਕੋਵ, ਏ.ਐਨ. ਡੁਗਿਨ ਆਦਿ ਬੜੇ ਚਿਰ ਦੇ ਇਹਨਾਂ ਦਾਅਵਿਆਂ ਨੂੰ ਝੁਠਲਾਅ ਚੁੱਕੇ ਹਨ।67 ਰਿਟਰਸਪੋਰਨ ਅਨੁਸਾਰ, 1937-38 ਦੇ ਸਾਲਾਂ ਦੌਰਾਨ, ਪਾਰਟੀ ਵਿੱਚੋਂ ਕੱਢੇ ਗਏ ਲੋਕਾਂ ਦੀ ਗਿਣਤੀ 2,78,818 ਸੀ ਜੋ ਕਿ ਉਸ ਤੋਂ ਪਹਿਲਾਂ ਹੁੰਦੀਆਂ ਸਫਾਈ ਮੁਹਿੰਮਾਂ ਦੇ ਮੁਕਾਬਲੇ ਘੱਟ ਸੀ। ਗੈਟੀ ਅਨੁਸਾਰ, ਇਹ ਗਿਣਤੀ 1,80,000 ਸੀ।68 ਅਮੈਰੀਕਨ ਹਿਸਟੋਰੀਕਲ ਰੀਵਿਊ ‘ਚ ਛਪੀ ਰਿਪੋਰਟ ਅਨੁਸਾਰ 1937-39 ਦੌਰਾਨ ਗੁਲਾਗ ਕੈਂਪਾਂ ‘ਚ ਮਰਨ ਵਾਲਿਆਂ ਦੀ ਗਿਣਤੀ 1 ਲੱਖ 60 ਹਜ਼ਾਰ ਸੀ ਨਾ ਕਿ 30 ਲੱਖ।69 ਯੇਲਤਸਿਨ ਵੱਲੋਂ ਸੋਵੀਅਤ ਪੁਰਾਲੇਖਾਂ ਦੇ ਇੰਚਾਰਜ ਥਾਪੇ ਗਏ ਵੋਲਕੋਗੋਨੋਵ ਅਨੁਸਾਰ 1 ਅਕਤੂਬਰ, 1936 ਤੋਂ ਲੈ ਕੇ 30 ਸਤੰਬਰ, 1938 ਤੱਕ ਫੌਜ਼ੀ ਟ੍ਰਿਬਿਊਨਲ ਵੱਲੋਂ 30,514 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ। 1930ਵਿਆਂ-1940ਵਿਆਂ ਦੇ ਇਹਨਾਂ ਅੱਤ ਦੇ ਔਖੇ ਸਮਿਆਂ ਵਿੱਚ ਸੋਵੀਅਤ ਯੂਨੀਅਨ ਅੰਦਰ ਬਾਲਗ ਵਸੋਂ ਦਾ 2.4% ਲੋਕ ਜੇਲ੍ਹਾਂ ਵਿੱਚ ਸਨ, ਜਦਕਿ 1996 ਵਿੱਚ ਅਮਰੀਕਾ ਦਾ ਇਹੀ ਅੰਕੜਾ 2.8% ਸੀ,70 ਭਾਵੇਂ ਅਮਰੀਕਾ ‘ਚ ਸੋਵੀਅਤ ਯੂਨੀਅਨ ਦੇ ਉਹਨਾਂ ਹਾਲਾਤਾਂ ਵਰਗੇ ਹਾਲਾਤ ਉੱਕਾ ਹੀ ਨਹੀਂ। ਅਮਰੀਕਾ ਦੀਆਂ ਜੇਲ੍ਹਾਂ ‘ਚ ਅਪਰਾਧੀ ਤੇ ਸਤਾਲਿਨ ਦੀਆਂ ਜੇਲ੍ਹਾਂ ‘ਚ ਬੇਕਸੂਰ, ਇਹ ਹੈ ਸਰਮਾਏਦਾਰਾ ਚਾਕਰਾਂ ਦਾ “ਲਾਜਿਕ”! ਇਹਨਾਂ ਅੰਕੜਿਆਂ ਬਾਰੇ ਜ਼ਿਆਦਾ ਵਿਸਥਾਰ ਵਿੱਚ ਗੱਲ ਕਰਨਾ ਸੰਭਵ ਨਹੀਂ ਹੈ, ਇਸ ਲਈ ਬਹੁਤ ਸਾਰਾ ਸਾਹਿਤ ਉਪਲਬਧ ਹੈ ਜੋ ਦੇਖਿਆ ਜਾ ਸਕਦਾ ਹੈ।

ਸੋਵੀਅਤ-ਜਰਮਨ ਸਮਝੌਤਾ

ਇਹ ਇੱਕ ਹੋਰ ਅਹਿਮ ਮੁੱਦਾ ਹੈ ਜਿਸਨੂੰ ਅਧਾਰ ਬਣਾ ਕੇ ਸਤਾਲਿਨ ‘ਤੇ ਚਿੱਕੜ ਉਛਾਲਿਆ ਜਾਂਦਾ ਹੈ। ਪਰ ਇਸ ਪ੍ਰਚਾਰ ‘ਚ ਇਹ ਕਦੇ ਨਹੀਂ ਦੱਸਿਆ ਜਾਂਦਾ ਕਿ ਸੋਵੀਅਤ ਯੂਨੀਅਨ ਨੇ ਫਰਾਂਸ ਤੇ ਬ੍ਰਿਟੇਨ ਨਾਲ਼ ਫਾਸੀਵਾਦੀ ਵਿਰੋਧੀ ਮੋਰਚਾ ਬਣਾਉਣ ਤੇ ਧੁਰੀ ਸ਼ਕਤੀਆਂ ਵੱਲੋਂ ਹਮਲਾ ਕਰਨ ਦੀ ਸੂਰਤ ‘ਚ ਇੱਕ ਦੂਜੇ ਦੀ ਫੌਜ਼ੀ ਮਦਦ ਕਰਨ ਦਾ ਸਮਝੌਤਾ ਸਹੀਬੰਦ ਕਰਨ ਲਈ ਪੂਰਾ ਜ਼ੋਰ ਲਾਇਆ ਪਰ ਫਰਾਂਸ ਤੇ ਬ੍ਰਿਟੇਨ ਦੇ ਇਰਾਦੇ ਹੋਰ ਸਨ। ਜਦੋਂ ਸਤੰਬਰ, 1938 ਵਿੱਚ ਹਿਟਲਰ ਨੇ ਚੈਕੋਸਲਵਾਕੀਆ ‘ਤੇ ਹਮਲਾ ਬੋਲਿਆ ਤਾਂ ਸੋਵੀਅਤ ਯੂਨੀਅਨ ਨੇ ਬ੍ਰਿਟੇਨ ਜਾਂ ਫਰਾਂਸ ਵਿੱਚੋਂ ਇੱਕ ਦੀ ਸਹਾਇਤਾ ਨਾਲ਼ ਚੈਕੋਸਲਵਾਕੀਆ ਦੀ ਰੱਖਿਆ ਕਰਨ ਦਾ ਪ੍ਰਸਤਾਵ ਰੱਖਿਆ ਪਰ ਬ੍ਰਿਟੇਨ ਤੇ ਫਰਾਂਸ ਤਾਂ ਚੈਕੋਸਲੋਵਾਕੀਆ ਨੂੰ ਹਿਟਲਰ ਨੂੰ ਸੌਂਪਣ ਦੀ ਤਿਆਰੀ ਵਿੱਚ ਸਨ ਤਾਂਕਿ ਹਿਟਲਰ ਦੇ ਪੂਰਬ ਵੱਲ ਵਧਣ ਦੇ ਰਾਹ ‘ਚ ਆਉਂਦਾ ਅੜਿੱਕਾ ਹਟਾਇਆ ਜਾ ਸਕੇ। 30 ਸਤੰਬਰ, 1938 ਨੂੰ ਮਿਊਨਿਖ ਸਮਝੌਤੇ ਅਧੀਨ, ਜਿਸ ਵਿੱਚ ਸਾਮਰਾਜੀਆਂ ਨੇ ਸੋਵੀਅਤ ਯੂਨੀਅਨ ਨੂੰ ਸ਼ਾਮਿਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਤੇ ਜਿਸਨੂੰ “ਸਾਡੇ ਸਮਿਆਂ ‘ਚ ਅਮਨ ਦੀ ਗਰੰਟੀ” ਦਾ ਨਾਮ ਦਿੱਤਾ ਗਿਆ ਸੀ, ਚੈਕੋਸਲਵਾਕੀਆ ਦਾ ਇੱਕ ਹਿੱਸਾ ਹਿਟਲਰ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਹਿਟਲਰ ਨੇ ਪੂਰੇ ਚੈਕੋਸਲਵਾਕੀਆ ‘ਤੇ ਕਬਜ਼ਾ ਕਰਨ ‘ਚ ਦੇਰ ਨਾ ਲਗਾਈ। ਮਾਰਚ, 1939 ਤੱਕ ਜਰਮਨੀ ਤੇ ਉਹਦੇ ਸੰਗੀਆਂ ਪੋਲੈਂਡ ਤੇ ਹੰਗਰੀ ਨੇ ਬੋਹੇਮੀਆ, ਕਾਰਪੈਥੋ-ਯੂਕਰੇਨ, ਮੋਰਾਵੀਆ, ਮੈਮਲ ਆਦਿ ‘ਤੇ ਕਬਜ਼ਾ ਕਰ ਲਿਆ। ਜਰਮਨੀ ਤੇ ਇਟਲੀ ਨੇ ਰਸਮੀ ਤੌਰ ‘ਤੇ ਫੌਜ਼ੀ ਤੇ ਸਿਆਸੀ ਗੱਠਜੋੜ ਦਾ ਐਲਾਨ ਕਰ ਦਿੱਤਾ; ਜਰਮਨੀ ਤੇ ਜਾਪਾਨ ਕੋਮਿੰਟਰਨ-ਵਿਰੋਧੀ ਗੱਠਜੋੜ ਪਹਿਲਾਂ ਹੀ ਕਾਇਮ ਕਰ ਚੁੱਕੇ ਸਨ। ਮਈ, 1939 ‘ਚ ਜਾਪਾਨ ਨੇ ਸੋਵੀਅਤ ਯੂਨੀਅਨ ‘ਤੇ ਹਮਲਾ ਵਿੱਢ ਦਿੱਤਾ। ਐਨ ਇਸ ਸਮੇਂ, ਜਦੋਂ ਸਾਮਰਾਜੀ ਇਹ ਸੋਚ ਰਹੇ ਸਨ ਕਿ ਹਿਟਲਰ ਪੂਰਬ ਵੱਲ ਚੜਾਈ ਕਰੇਗਾ ਤੇ ਸੋਵੀਅਤ ਯੂਨੀਅਨ ਦੋ ਪਾਸਿਆਂ ਤੋਂ ਜੰਗ ‘ਚ ਉਲਝ ਜਾਵੇਗਾ ਤੇ ਦਿਨਾਂ ‘ਚ ਢਹਿਢੇਰੀ ਹੋ ਜਾਵੇਗਾ, ਸਤਾਲਿਨ ਨੇ ਅਜਿਹਾ ਕੂਟਨੀਤਕ ਪੈਂਤੜਾ ਖੇਡਿਆ ਕਿ ਸਾਮਰਾਜੀ ਇੱਕ ਵਾਰ ਤਾਂ ਅਵਾਕ ਰਹਿ ਗਏ। ਅਗਸਤ, 1939 ‘ਚ ਜਰਮਨੀ ਤੇ ਸੋਵੀਅਤ ਯੂਨੀਅਨ ਵਿਚਕਾਰ ਆਪਸ ਵਿੱਚ ਹਮਲਾ ਨਾ ਕਰਨ ਦਾ ਸਮਝੌਤਾ ਹੋ ਗਿਆ। ਇਹ ਸ਼ਾਇਦ ਦੁਨੀਆਂ ਦਾ ਸਭ ਤੋਂ ਸ਼ਾਨਦਾਰ ਕੂਟਨੀਤਕ ਪੈਂਤੜਾ ਹੋਵੇਗਾ!

ਇਸ ਸਮਝੌਤੇ ਨਾਲ਼ ਸੋਵੀਅਤ ਯੂਨੀਅਨ ਨੇ ਕਈ ਫਾਇਦੇ ਲਏ – ਪਹਿਲਾ, ਹੁਣ ਉਸਨੂੰ ਇੱਕੋ ਮੋਰਚੇ ਭਾਵ ਜਾਪਾਨ ਨਾਲ਼ ਨਜਿੱਠਣਾ ਪੈਣਾ ਸੀ ਜਿਸਨੂੰ ਉਹਨਾਂ ਨੇ ਚੰਗੀ ਤਰ੍ਹਾਂ ਹਰਾਇਆ; ਦੂਜਾ, ਨਾਜ਼ੀਆਂ ਖਿਲਾਫ ਤਿਆਰੀ ਲਈ ਸੋਵੀਅਤ ਯੂਨੀਅਨ ਨੂੰ ਅਹਿਮ ਢਾਈ ਸਾਲਾਂ ਦਾ ਸਮਾਂ ਮਿਲ ਗਿਆ; ਤੀਜਾ, ਐਸਟੋਨੀਆ, ਲਾਤਵੀਆ ਤੇ ਲਿਥੂਆਨੀਆ ਜਿਹੜੇ ਘਰੇਲੂ ਜੰਗ ਤੋਂ ਪਹਿਲਾਂ ਰੂਸ ਦਾ ਹਿੱਸਾ ਸਨ, ਨੂੰ ਸੋਵੀਅਤ ਗਣਰਾਜਾਂ ਦੇ ਤੌਰ ‘ਤੇ ਸ਼ਾਮਿਲ ਕਰਕੇ ਲੈਨਿਨਗਰਾਦ ਤੱਕ ਜਰਮਨੀ ਦੀ ਪਹੁੰਚ ਨੂੰ ਕੁਝ ਔਖਾ ਕਰ ਦਿੱਤਾ; ਚੌਥਾ, ਘਰੇਲੂ ਜੰਗ ਸਮੇਂ ਪੋਲੈਂਡ ਦੁਆਰਾ ਨੱਪੇ ਗਏ ਰੂਸੀ ਇਲਾਕੇ ਵਾਪਿਸ ਲੈਣ ਦਾ ਮੌਕਾ ਮਿਲ ਗਿਆ ਜਿਸ ਕਾਰਨ ਨਾਜ਼ੀ ਫੌਜ਼ ਨੂੰ ਕਾਫੀ ਵੱਡੇ ਫਰੰਟ ‘ਤੇ ਹਮਲਾ ਕਰਨਾ ਪੈਣਾ ਸੀ; ਪੰਜਵਾਂ ਤੇ ਸਭ ਤੋਂ ਅਹਿਮ, ਇਸ ਸਮਝੌਤੇ ਨਾਲ਼ ਲੜਾਈ ‘ਚ ਬ੍ਰਿਟੇਨ ਤੇ ਫਰਾਂਸ ਵੱਲੋਂ ਨਿਰਪੱਖਤਾ ਰੱਖਣ ਦੀ ਚਾਲ ਠੁੱਸ ਹੋ ਗਈ ਕਿਉਂਕਿ ਹੁਣ ਲੜਾਈ ਜਰਮਨੀ ਦੇ ਪੱਛਮ ਦੇ ਮੋਰਚੇ ਤੋਂ ਸ਼ੁਰੂ ਹੋਈ ਤੇ ਸਾਮਰਾਜੀਆਂ ਨੂੰ ਮਜਬੂਰ ਹੋ ਕੇ ਸੋਵੀਅਤ ਯੂਨੀਅਨ ਨਾਲ਼ ਸਮਝੌਤਾ ਕਰਨਾ ਪਿਆ ਅਤੇ ਸੋਵੀਅਤ ਯੂਨੀਅਨ ਧੁਰੀ ਸ਼ਕਤੀਆਂ ਖਿਲਾਫ ਇਕੱਲਾ ਪੈ ਜਾਣ ਤੋਂ ਬਚ ਗਿਆ, ਭਾਵੇਂ ਬ੍ਰਿਟੇਨ-ਅਮਰੀਕਾ (ਫਰਾਂਸ ‘ਤੇ ਜਰਮਨੀ ਦਾ ਕਬਜ਼ਾ ਹੋ ਗਿਆ ਸੀ) ਨੇ ਸਿਰਫ ਲਫਜ਼ੀ ਲੜਾਈ ਲੜੀ ਅਤੇ ਪੱਛਮ ਵੱਲੋਂ ਮੋਰਚਾ 1944 ‘ਚ ਖੋਲਿਆ ਜਦੋਂ ਹਿਟਲਰ ਦੀ ਹਾਰ ਤੈਅ ਹੋ ਚੁੱਕੀ ਸੀ! ਪਰ ਫਿਰ ਵੀ ਇਸ ਨਾਲ਼ ਇੰਨਾ ਜਰੂਰ ਹੋ ਗਿਆ ਕਿ ਸਾਮਰਾਜੀ ਸੋਵੀਅਤ ਯੂਨੀਅਨ ਖਿਲਾਫ ਹਿਟਲਰ ਦੀ ਮਦਦ ਕਰਨ ਦੇ ਯੋਗ ਨਾ ਰਹੇ। ਇਸ ਤਰ੍ਹਾਂ ਜਿਸ ਸਮਝੌਤੇ ਲਈ ਸਤਾਲਿਨ ਨੂੰ ਬਦਨਾਮ ਕੀਤਾ ਜਾਂਦਾ ਹੈ, ਉਸ ਲਈ ਤਾਂ ਸਤਾਲਿਨ ਦੀ ਦਾਦ ਦੇਣੀ ਬਣਦੀ ਹੈ।

ਸਤਾਲਿਨ ਦਾ ਨੌਕਰਸ਼ਾਹੀ ਖਿਲਾਫ ਅਤੇ ਜਮਹੂਰੀਅਤ ਲਈ ਘੋਲ਼

ਪਾਰਟੀ ਵਿੱਚ ਨੌਕਰਸ਼ਾਹੀ ਅਤੇ ਇਸਦੇ ਖਿਲਾਫ ਸੰਘਰਸ਼ ਨੂੰ ਸਤਾਲਿਨ ਕਾਫੀ ਪਹਿਲਾਂ ਪਛਾਣ ਚੁੱਕੇ ਸਨ। 1928 ਵਿੱਚ ਆਪਣੇ ਲੇਖ72 ਵਿੱਚ ਸਤਾਲਿਨ ਲਿਖਦੇ ਹਨ:

“… ਮਸਲਾ ਸਿਰਫ ਪੁਰਾਣੇ ਨੌਕਰਸ਼ਾਹਾਂ ਤੱਕ ਹੀ ਸੀਮਤ ਨਹੀਂ ਹੈ। ਅਸਲ ਮਸਲਾ ਨਵੇਂ ਨੌਕਰਸ਼ਾਹਾਂ ਦਾ ਹੈ ਜਿਹੜੇ ਸੋਵੀਅਤ ਸਰਕਾਰ ਨਾਲ਼ ਹਮਦਰਦੀ ਰੱਖਦੇ ਹਨ, ਅਤੇ ਅੰਤ ਵਿੱਚ ਕਮਿਊਨਿਸਟ ਨੌਕਰਸ਼ਾਹਾਂ ਦਾ ਹੈ। ਕਮਿਊਨਿਸਟ ਨੌਕਰਸ਼ਾਹ ਸਭ ਤੋਂ ਖਤਰਨਾਕ ਕਿਸਮ ਦਾ ਨੌਕਰਸ਼ਾਹ ਹੁੰਦਾ ਹੈ। ਕਿਉਂ? ਕਿਉਂਕਿ ਉਹ ਆਪਣੀ ਨੌਕਰਸ਼ਾਹੀ ਨੂੰ ਪਾਰਟੀ ਮੈਂਬਰੀ ਦੇ ਕਾਰਡ ਥੱਲੇ ਲੁਕਾ ਲੈਂਦਾ ਹੈ। ਅਤੇ, ਬਦਕਿਸਮਤੀ ਨਾਲ਼, ਅਜਿਹੇ ਕਮਿਊਨਿਸਟ ਨੌਕਰਸ਼ਾਹ ਸਾਡੀਆਂ ਸਫ਼ਾਂ ਵਿੱਚ ਕਾਫੀ ਗਿਣਤੀ ‘ਚ ਹਨ।

“ਸਭ ਤਰ੍ਹਾਂ ਦੀਆਂ ਜਥੇਬੰਦੀਆਂ ਵਿੱਚ ਅਸੀਂ ਨੌਕਰਸ਼ਾਹੀ ਨੂੰ ਕਿਸ ਤਰ੍ਹਾਂ ਖਤਮ ਕਰ ਸਕਦੇ ਹਾਂ?

“ਅਜਿਹਾ ਕਰਨ ਦਾ ਇੱਕੋ-ਇੱਕ ਤਰੀਕਾ ਹੈ, ਅਤੇ ਉਹ ਹੈ ਹੇਠਾਂ ਤੋਂ ਕੰਟਰੋਲ ਕਾਇਮ ਕਰਨਾ, ਸਾਡੀਆਂ ਸੰਸਥਾਵਾਂ ਵਿੱਚ ਫੈਲੀ ਨੌਕਰਸ਼ਾਹੀ, ਉਹਨਾਂ ਦੀਆਂ ਘਾਟਾਂ-ਕਮਜ਼ੋਰੀਆਂ ਤੇ ਉਹਨਾਂ ਦੀਆਂ ਗਲਤੀਆਂ ਦੀ ਹੇਠਾਂ ਤੋਂ, ਕਿਰਤੀ ਜਮਾਤ ਦੇ ਵਿਸ਼ਾਲ ਲੋਕਸਮੂਹਾਂ ਦੁਆਰਾ ਅਲੋਚਨਾ ਨੂੰ ਜਥੇਬੰਦ ਕਰਨਾ।

“ਮੈਂ ਜਾਣਦਾ ਹਾਂ ਕਿ ਸਾਡੀਆਂ ਜਥੇਬੰਦੀਆਂ ਵਿੱਚ ਮੌਜੂਦ ਨੌਕਰਸ਼ਾਹਾਨਾ ਵਿਗਾੜਾਂ ਖਿਲਾਫ ਆਮ ਕਿਰਤੀ ਲੋਕਾਂ ਦੇ ਗੁੱਸੇ ਨੂੰ ਸਰਗਰਮ ਕਰਨ ਸਮੇਂ ਸਾਨੂੰ ਕਈ ਵਾਰ ਸਾਡੇ ਅਜਿਹੇ ਕਾਮਰੇਡਾਂ ਦੀਆਂ ਉਂਗਲਾਂ ‘ਤੇ ਪੈਰ ਧਰਨੇ ਪੈਣਗੇ ਜਿਹਨਾਂ ਨੇ ਬੀਤੇ ਸਮੇਂ ‘ਚ ਅਹਿਮ ਸੇਵਾਵਾਂ ਦਿੱਤੀਆਂ ਹਨ ਪਰ ਹੁਣ ਨੌਕਰਸ਼ਾਹੀ ਦੀ ਲਾਗ ਤੋਂ ਪੀੜਤ ਹਨ। ਪਰ ਕੀ ਇਸ ਵਜ੍ਹਾ ਕਰਕੇ ਸਾਨੂੰ ਹੇਠਾਂ ਤੋਂ ਕੰਟਰੋਲ ਕਾਇਮ ਕਰਨ ਦੇ ਅਮਲ ਨੂੰ ਰੋਕਣਾ ਚਾਹੀਦਾ ਹੈ?

“ਇਸ ਤਰ੍ਹਾਂ ਪਾਰਟੀ ਦਾ ਫੌਰੀ ਕੰਮ ਇਹ ਬਣਦਾ ਹੈ: ਨੌਕਰਸ਼ਾਹੀ ਖਿਲਾਫ ਤਿੱਖਾ ਸੰਘਰਸ਼ ਕਰਨਾ, ਹੇਠਾਂ ਤੋਂ ਲੋਕਾਂ ਦੁਆਰਾ ਅਲੋਚਨਾ ਨੂੰ ਜਥੇਬੰਦ ਕਰਨਾ, ਅਤੇ ਇਸ ਅਲੋਚਨਾ ਨੂੰ ਪਛਾਣਦੇ ਹੋਏ ਤੇ ਇਸਦੀ ਰੋਸ਼ਨੀ ‘ਚ ਸਾਡੀਆਂ ਘਾਟਾਂ-ਕਮਜ਼ੋਰੀਆਂ ਨੂੰ ਦੂਰ ਕਰਨ ਲਈ ਅਭਿਆਸ-ਮੁਖੀ ਫੈਸਲੇ ਲੈਣੇ।”

ਇਸ ਤੋਂ ਬਾਅਦ ਵੀ, ਸਤਾਲਿਨ ਦੀਆਂ ਲਿਖਤਾਂ ਅਤੇ ਭਾਸ਼ਣਾਂ ਵਿੱਚ ਨੌਕਰਸ਼ਾਹੀ ਖਿਲਾਫ ਸੰਘਰਸ਼ ਦਾ ਵਾਰ-ਵਾਰ ਜ਼ਿਕਰ ਆਉਂਦਾ ਹੈ, ਪਰ ਇਸ ਲਈ ਉਹਨਾਂ ਦਾ ਜ਼ੋਰ ਅਕਸਰ ਪਾਰਟੀ ਮੈਂਬਰਾਂ ਦੀ ਸਿਆਸੀ ਸਿੱਖਿਆ, ਪਾਰਟੀ ਮੈਂਬਰਾਂ ਵੱਲੋਂ ਆਗੂਆਂ ਦੀ ਅਲੋਚਨਾ ਆਦਿ ਉੱਤੇ ਰਹਿੰਦਾ ਹੈ। ਜਿਸ ਤਰ੍ਹਾਂ ਉੱਪਰ ਜ਼ਿਕਰ ਅਧੀਨ ਆਏ ਲੇਖ ਵਿੱਚ ਸਤਾਲਿਨ “ਆਮ ਕਿਰਤੀ ਲੋਕਾਂ ਦੁਆਰਾ ਅਲੋਚਨਾ” ਦਾ ਪੈਂਤੜਾ ਲੈਂਦੇ ਹਨ, ਇਸ ਤਰ੍ਹਾਂ ਦਾ ਸਟੈਂਡ ਉਹ ਫਿਰ ਤੋਂ ਲੈਂਦੇ ਦਿਖਾਈ ਨਹੀਂ ਦਿੰਦੇ।

ਇਸੇ ਤਰ੍ਹਾਂ ਸਤਾਲਿਨ ਸਮਾਜ ਵਿੱਚ ਵਧੇਰੇ ਜਮਹੂਰੀਅਤ ਲਈ ਸੰਘਰਸ਼ ਵੀ ਚਲਾਉਂਦੇ ਹਨ। ਇਸਦਾ ਸਭ ਤੋਂ ਤਿੱਖ ਪ੍ਰਗਟਾਵਾ 1936 ਦੇ ਸੰਵਿਧਾਨ ਨੂੰ ਲਿਖੇ ਜਾਣ ਵੇਲੇ ਸਾਹਮਣਾ ਆਉਂਦਾ ਹੈ। ਸੰਵਿਧਾਨ ਤਿਆਰ ਕਰਨ ਵੇਲੇ ਸਤਾਲਿਨ ਸੋਵੀਅਤਾਂ ਦੇ ਮੈਂਬਰਾਂ ਲਈ ਸਿੱਧੀਆਂ ਚੋਣਾਂ ਕਰਵਾਉਣ, ਕਮਿਊਨਿਸਟ ਪਾਰਟੀ ਦੇ ਉਮੀਦਵਾਰਾਂ ਤੋਂ ਇਲਾਵਾ ਦੂਸਰੇ ਸ਼ਹਿਰੀ ਗਰੁੱਪਾਂ ਵੱਲੋਂ ਉਮੀਦਵਾਰ ਖੜੇ ਕਰਨ ਦੀ ਆਗਿਆ ਹੋਣ, ਚੋਣ-ਪ੍ਰਚਾਰ ਅਤੇ ਜਨਤਕ ਸਭਾਵਾਂ ਵਿੱਚ ਲੋਕਾਂ ਨੂੰ ਉਮੀਦਵਾਰਾਂ ਤੇ ਪਾਰਟੀ ਦੇ ਵਿਅਕਤੀਆਂ ਨੂੰ ਸਵਾਲ-ਜਵਾਬ ਕਰਨ ਅਤੇ ਚੋਣਾਂ ਲਈ ਗੁਪਤ ਮਤਦਾਨ ਹੋਣ ਦੇ ਪੱਖ ਵਿੱਚ ਦ੍ਰਿੜ੍ਹ ਸਟੈਂਡ ਲਿਆ। ਉਹਨਾਂ ਦੇ ਅਤੇ ਮੋਲੋਤੋਵ ਦੇ ਜ਼ੋਰ ਦੇਣ ਉੱਤੇ ਸੰਵਿਧਾਨ ਵਿੱਚ ਇਹ ਪ੍ਰਸਤਾਵ ਸ਼ਾਮਿਲ ਹੋਇਆ ਜਦਕਿ ਪਹਿਲੇ ਡਰਾਫਟ ਵਿੱਚ ਬਿਨਾਂ-ਮੁਕਾਬਲੇ ਚੋਣਾਂ ਜਾਂ ਨੁਮਾਇੰਦਿਆਂ ਰਾਹੀਂ ਸੋਵੀਅਤਾਂ ਦੇ ਮੈਂਬਰ ਚੁਣਨ ਦਾ ਪ੍ਰਸਤਾਵ ਰੱਖਿਆ ਗਿਆ ਸੀ। ਪਰ ਇਹ ਚੋਣਾਂ ਕਦੇ ਵੀ ਨਾ ਹੋਈਆਂ।73

ਸਿੱਧੀਆਂ ਚੋਣਾਂ ਨੂੰ ਸਤਾਲਿਨ ਨੌਕਰਸ਼ਾਹੀ ਉੱਤੇ ਨੱਥ ਪਾਉਣ ਦੇ ਇੱਕ ਢੰਗ ਵਜੋਂ ਦੇਖਦੇ ਸਨ, ਪਰ ਜਿਸ ਤਰ੍ਹਾਂ 1928 ਤੋਂ ਬਾਅਦ ਘਟਨਾਵਾਂ ਦਾ ਸਿਲਸਿਲਾ ਚੱਲਿਆ, ਉਸਨੇ ਸਤਾਲਿਨ ਨੂੰ “ਆਮ ਕਿਰਤੀ ਲੋਕਾਂ ਦੁਆਰਾ ਅਲੋਚਨਾ” ਦੇ ਆਪਣੇ ਵਿਚਾਰ ਨੂੰ ਵਿਕਸਤ ਕਰਨ ਦਾ ਮੌਕਾ ਹੀ ਨਾ ਦਿੱਤਾ। ਦੂਸਰਾ, ਜੋ ਜ਼ਿਆਦਾ ਅਹਿਮ ਕਾਰਨ ਹੈ, ਉਹ ਇਹ ਹੈ ਕਿ ਸਤਾਲਿਨ 1936 ਤੱਕ ਜਮਾਤਾਂ ਖਤਮ ਹੋਣ ਅਤੇ ਜਮਾਤੀ ਸੰਘਰਸ਼ ਖਤਮ ਹੋਣ ਦੇ ਸਿੱਟੇ ਤੱਕ ਪਹੁੰਚ ਚੁੱਕੇ ਸਨ। ਉਹਨਾਂ ਲਈ ਨੌਕਰਸ਼ਾਹੀ ਖਿਲਾਫ ਸੰਘਰਸ਼ ਬੁਰਜੂਆਜ਼ੀ ਖਿਲਾਫ ਸੰਘਰਸ਼ ਦਾ, ਬੁਰਜੂਆ ਸੰਸਾਰ ਨਜਰੀਏ ਖਿਲਾਫ ਸੰਘਰਸ਼ ਦਾ, ਭਾਵ ਜਮਾਤੀ ਸੰਘਰਸ਼ ਦਾ ਇੱਕ ਹਿੱਸਾ ਨਹੀਂ ਸੀ, ਉਹਨਾਂ ਲਈ ਇਹ ਸਾਬੋਤਾਜ ਕਰਨ ਵਾਲੇ ਏਜੰਟਾਂ, ਭੰਨ-ਤੋੜਕਾਂ, ਜਾਸੂਸਾਂ ਆਦਿ ਖਿਲਾਫ ਸੰਘਰਸ਼ ਸੀ ਜਿਹੜੇ, ਉਹ ਮੁੱਖ ਰੂਪ ਵਿੱਚ, ਵਿਦੇਸ਼ੀ ਸਰਮਾਏਦਾਰ ਸਰਕਾਰਾਂ ਅਤੇ ਸਿਆਸੀ ਦੁਸ਼ਮਣਾਂ ਵੱਲੋਂ ਭੇਜੇ ਜਾਂ ਪੈਦਾ ਕੀਤੇ ਗਏ ਮੰਨਦੇ ਸਨ। ਸੁਭਾਵਿਕ ਹੀ ਇਹਨਾਂ ਹਾਲਤਾਂ ਅਤੇ ਇਸ ਸਮਝ ਅਨੁਸਾਰ ਕੋਈ ਵੀ ਇਸ ਨਤੀਜੇ ਤੱਕ ਹੀ ਪਹੁੰਚੇਗਾ ਕਿ ਇਸ ਤਰ੍ਹਾਂ ਦੇ ਏਜੰਟਾਂ ਨਾਲ਼ ਨਜਿੱਠਣ ਲਈ ਖੁਫ਼ੀਆ ਪੁਲਿਸ ਅਤੇ ਏਜੰਸੀਆਂ ਹੀ ਕਾਫੀ ਸਨ। ਦੂਸਰਾ, ਉਹਨਾਂ ਦੇ ਚਿੰਤਨ ਅਨੁਸਾਰ ਪਾਰਟੀ ਲੋਕਾਂ ਲਈ ਜ਼ਿੰਮੇਵਾਰ ਸੀ, ਪਾਰਟੀ ਲੋਕਾਂ ਲਈ ਇੱਕ ਪਿਤਾ-ਜਿਹੀ ਸਥਿਤੀ ਵਿੱਚ ਪਹੁੰਚ ਗਈ ਸੀ। ਇਸਦਾ ਅੱਗੇ ਅਸੀਂ ਹੋਰ ਜ਼ਿਕਰ ਕਰਾਂਗੇ।

ਸਤਾਲਿਨ ਅਤੇ ਸੋਵੀਅਤ ਵਿਗਿਆਨਾਂ ਵਿੱਚ ਬਹਿਸਾਂ

ਵਿਗਿਆਨਕਾਂ ਉੱਤੇ ਜਬਰ, ਵਿਗਿਆਨਕ ਖੋਜਾਂ ਨੂੰ ਦਬਾਉਣਾ ਅਤੇ ਸਮੁੱਚੇ ਰੂਪ ਵਿੱਚ ਵਿਗਿਆਨ ਨੂੰ ਪਿੱਛੇ ਖਿੱਚਣਾ, ਇਸਨੂੰ ਤੋੜਨਾ-ਮਰੋੜਨਾ ਅਤੇ ਧੱਕੇ ਨਾਲ਼ ਵਿਗਿਆਨ ਉੱਤੇ ‘ਦਵੰਦਵਾਦੀ ਪਦਾਰਥਵਾਦ’ ਲੱਦਣਾ – ਇਹ ਦੋਸ਼ ਵੀ ਸਤਾਲਿਨ ਖਿਲਾਫ਼ ਅਤੇ ਆਮ ਰੂਪ ਵਿੱਚ ਕਮਿਊਨਿਸਟਾਂ ਖਿਲਾਫ਼ ਬੁਰਜੂਆ ਮੀਡੀਆ ਅਤੇ ਪ੍ਰਾਪੇਗੰਡੇ ਦਾ ਮੁੱਖ ਹਥਿਆਰ ਬਣੇ ਰਹਿੰਦੇ ਹਨ। ਸੋਵੀਅਤ ਯੂਨੀਅਨ ਵਿੱਚ ਵਿਗਿਆਨ ਉੱਤੇ ਕਿੰਨੀ ਕੁ ਰੋਕ ਹੋ ਸਕਦੀ ਹੈ, ਇਸਦਾ ਵੈਸੇ ਤਾਂ ਸਿੱਧਾ ਜਿਹਾ ਅੰਦਾਜ਼ਾ ਇਸ ਗੱਲ ਤੋਂ ਹੀ ਹੋ ਜਾਂਦਾ ਹੈ ਕਿ ਜਿਸ ਤੇਜ਼ੀ ਨਾਲ਼ ਰੂਸ ਜਿਹੇ ਬਹੁਤ ਹੀ ਪਛੜੇ ਦੇਸ਼ ਨੇ ਵਿਗਿਆਨ ਵਿੱਚ 1917 ਦੇ ਇਨਕਲਾਬ ਤੋਂ ਬਾਅਦ ਤਰੱਕੀ ਕੀਤੀ, ਉਹ ਵਿਗਿਆਨ ਉੱਤੇ ਦਾਬਾ ਪਾਉਣ ਨਾਲ਼ ਸੰਭਵ ਹੀ ਨਹੀਂ ਹੋ ਸਕਦੀ। ਫਿਰ ਵੀ ਕੁਝ ਗੱਲਾਂ ਇਸ ਬਾਰੇ ਕੀਤੀਆਂ ਜਾ ਸਕਦੀਆਂ ਹਨ। ਈਥਨ ਪੌਲਾਕ ਨਾਂ ਦਾ ਇੱਕ ਅਮਰੀਕੀ ਲੇਖਕ ਸੋਵੀਅਤ ਯੂਨੀਅਨ ਵਿੱਚ ਵਿਗਿਆਨ ਅਤੇ ਵਿਗਿਆਨਕਾਂ ਉੱਤੇ ਜਬਰ ਦੇ ਸਬੂਤ ਇਕੱਠੇ ਕਰਨ ਲਈ ਸੋਵੀਅਤ ਯੂਨੀਅਨ ਦੇ ਪੁਰਾਲੇਖਾਂ ਦਾ ਅਧਿਐਨ ਕਰਨ ਜਾਂਦਾ ਹੈ ਅਤੇ 2006 ਵਿੱਚ ਉਹ ਆਪਣੀ ਕਿਤਾਬ “ਸਤਾਲਿਨ ਐਂਡ ਸੋਵੀਅਤ ਸਾਇੰਸ ਵਾਰਜ਼” ਪੂਰੀ ਕਰਦਾ ਹੈ। ਕਿਤਾਬ ਦੀ ਭੂਮਿਕਾ ਵਿੱਚ ਹੀ ਇੱਥੋਂ ਸ਼ੁਰੂ ਕਰਦਾ ਹੈ:

“ਜੋਸੇਫ਼ ਸਤਾਲਿਨ ਨੇ ਸੋਵੀਅਤ ਯੂਨੀਅਨ ਉੱਤੇ ਰਾਜ ਕਰਦੇ ਹੋਏ ਬਹੁਤ ਸਾਰੀਆਂ ਉਪਾਧੀਆਂ ਹਾਸਲ ਕੀਤੀਆਂ… ਦੂਜੀ ਸੰਸਾਰ ਜੰਗ ਤੋਂ ਬਾਅਦ, ਉਸਨੇ ਇੱਕ ਹੋਰ ਉਪਾਧੀ ਧਾਰਨ ਕੀਤੀ: “ਵਿਗਿਆਨ ਦਾ ਮੁਖੀਆ”। ਸੰਗੀਤ ਮੰਡਲੀ ਦੇ ਮੁਖੀਏ ਦੇ ਰੂਪ ਵਿੱਚ ਉਹ ਪੋਡੀਅਮ ਉੱਤੇ ਖੜਾ ਹੋਇਆ ਅਤੇ ਵਿਗਿਆਨਕ ਉਸਦੇ ਇਸ਼ਾਰਿਆਂ ਉੱਤੇ ਗਾ ਰਹੇ ਸਨ।

“ਆਖਰ ਸਤਾਲਿਨ ਇੱਕ ਸਕਾਲਰ ਕਿਉਂ ਬਣਨਾ ਚਾਹੁੰਦਾ ਸੀ?”74

ਇਹ ਹਵਾਲਾ ਇਸ ਲਈ ਦਿੱਤਾ ਗਿਆ ਹੈ ਕਿ ਲੇਖਕ ਕੋਈ ਕਮਿਊਨਿਸਟ ਨਹੀਂ ਹੈ, ਸਗੋਂ ਸਤਾਲਿਨ ਦਾ ਘੋਰ-ਵਿਰੋਧੀ ਦਿਖ ਰਿਹਾ ਹੈ। ਪਰ ਆਪਣੀ ਕਿਤਾਬ ਵਿੱਚ ਜੋ ਜਾਣਕਾਰੀਆਂ ਉਹ ਦਿੰਦਾ ਹੈ, ਇਹ ਕਿਤਾਬ ਸਤਾਲਿਨ-ਪੱਖੀ ਹੋ ਨਿੱਬੜਦੀ ਹੈ! ਉਹ ਦੱਸਦਾ ਹੈ ਕਿ 1946 ਤੋਂ ਬਾਅਦ, ਵਿਗਿਆਨ ਦੇ ਵੱਖ ਖੇਤਰਾਂ ਵਿੱਚ ਬਹਿਸਾਂ ਦਾ ਆਯੋਜਨ ਹੁੰਦਾ ਹੈ ਅਤੇ ਸਤਾਲਿਨ ਸਮੇਤ ਪਾਰਟੀ ਦੇ ਮੋਹਰੀ ਆਗੂ ਇਹਨਾਂ ਬਹਿਸਾਂ ਵਿੱਚ ਸ਼ਾਮਿਲ ਹੁੰਦੇ ਹਨ। ਅਖਬਾਰਾਂ ਦੇ ਪੰਨਿਆਂ ਉੱਤੇ ਵੱਖ-ਵੱਖ ਰਾਇ ਰੱਖਣ ਵਿਗਿਆਨੀਆਂ ਦੇ ਲੇਖ ਰੋਜ਼ਾਨਾ ਛਪਦੇ ਸਨ ਤਾਂ ਕਿ ਆਮ ਲੋਕ ਵੀ ਬਹਿਸਾਂ ਨੂੰ ਪੜ੍ਹ ਸਕਣ ਅਤੇ ਬਹਿਸਾਂ ਮਹੀਨਿਆਂ ਬੱਧੀ ਚੱਲਦੀਆਂ ਸਨ। ਭਾਵੇਂ ਈਥਨ ਪੌਲਾਕ ਦੀ ਇਹ ਕੋਸ਼ਿਸ਼ ਹੈ ਕਿ ਇਹ ਸਿੱਧ ਹੋ ਸਕੇ ਕਿ ਇਹ ਬਹਿਸ ਵਿਰੋਧੀਆਂ ਨੂੰ ਖੁੱਡੇ-ਲਾਈਨ ਲਾਉਣ ਕੀਤੀਆਂ ਜਾਂਦੀਆਂ ਸਨ, ਪਰ ਉਸ ਵੱਲੋਂ ਦਿੱਤੇ ਤੱਥ ਉਲਟ ਕਹਾਣੀ ਬਿਆਨ ਕਰਦੇ ਹਨ।

ਫਲਸਫੇ ਉੱਤੇ ਚੱਲੇ ਬਹਿਸ ਦੌਰਾਨ ਅਲੈਕਸਾਂਦਰੋਵ ਦੀ ਕਿਤਾਬ ਉੱਤੇ ਬਹਿਸ ਚੱਲਦੀ ਹੈ, ਜਿਸ ਦੇ ਵਿਚਾਰਾਂ ਨਾਲ਼ ਸਤਾਲਿਨ ਸਹਿਮਤ ਨਹੀਂ ਸਨ। ਜਦਾਨੋਵ ਨੇ ਅਲੈਕਸਾਂਦਰੋਵ ਦੀ ਕਈ ਨੁਕਤਿਆਂ ਉੱਤੇ ਅਲੋਚਨਾ ਰੱਖੀ, ਪਰ ਜਿਵੇਂ ਕਿ ਪ੍ਰਚਾਰਿਆ ਜਾਂਦਾ ਹੈ ਕਿ ਪਾਰਟੀ ਨਾਲ਼ ਅਸਹਿਮਤ ਹੋਣ ਵਾਲੇ ਵਿਗਿਆਨੀਆਂ ਨੂੰ ਖਤਮ ਕਰ ਦਿੱਤਾ ਜਾਂਦਾ ਸੀ, ਅਜਿਹਾ ਕੁਝ ਨਹੀਂ ਹੋਇਆ ਸਗੋਂ ਬਹਿਸ ਖਤਮ ਹੋਣ ‘ਤੇ ਅਲੈਕਸਾਂਦਰੋਵ ਨੂੰ ਇੰਸਟੀਚਿਊਟ ਆਫ ਫਿਲਾਸਫੀ ਦਾ ਡਾਇਰੈਕਟਰ ਨਿਯਕੁਤ ਕਰ ਦਿੱਤਾ ਗਿਆ।75 ਭਾਸ਼ਾ ਵਿਗਿਆਨ ਉੱਤੇ ਬਹਿਸ ਵਿੱਚ ਭਾਸ਼ਾ-ਵਿਗਿਆਨ ਦੇ ਖੇਤਰ ਵਿੱਚ ਸੋਵੀਅਤ ਯੂਨੀਅਨ ਵਿੱਚ ਮਾਨਤਾ ਪ੍ਰਾਪਤ ਅਥਾਰਿਟੀ ਨਿਕੋਲਾਈ ਮਾਰ ਨਾਲ਼ ਅਸਹਿਮਤੀ ਰੱਖਣ ਵਾਲੇ ਇੱਕ ਜਾਰਜੀਆ ਦੇ ਵਿਗਿਆਨੀ ਚਿਕੋਬਾਵਾ ਨੇ ਆਪਣੇ ਕਈ ਲੇਖ ਸਤਾਲਿਨ ਤੱਕ ਪੁਚਾਏ, ਜਿਸ ਤੋਂ ਬਾਅਦ ਭਾਸ਼ਾ ਵਿਗਿਆਨ ਉੱਤੇ ਜਨਤਕ ਬਹਿਸ ਖੋਲ੍ਹ ਦਿੱਤੀ ਗਈ। ਸਤਾਲਿਨ ਨੇ ਵੀ ਇਸ ਵਿਸ਼ੇ ਉੱਤੇ ਇੱਕ ਲੰਮਾ ਲੇਖ ਲਿਖਿਆ ਅਤੇ ਨਿਕੋਲਾਈ ਮਾਰ ਦੀ ਪੋਜ਼ੀਸ਼ਨ ਨੂੰ ਗੈਰ-ਮਾਰਕਸਵਾਦੀ ਪੋਜ਼ੀਸ਼ਨ ਸਿੱਧ ਕੀਤਾ।75 ਇਸੇ ਤਰ੍ਹਾਂ ਜੀਵ-ਵਿਗਿਆਨ, ਭੌਤਿਕ ਵਿਗਿਆਨ, ਅਰਥ-ਸ਼ਾਸ਼ਤਰ, ਸਰੀਰ-ਕਿਰਿਆ ਵਿਗਿਆਨ ਉੱਤੇ ਵੀ ਬਹਿਸਾਂ ਦਾ ਆਯੋਜਨ ਹੋਇਆ। ਇੱਥੇ ਮੁੱਖ ਗੱਲ ਇਹ ਨਹੀਂ ਕਿ ਸਤਾਲਿਨ ਜਾਂ ਪਾਰਟੀ ਵਿਗਿਆਨ ਦੇ ਕਿਹੜੇ ਨੁਕਤੇ ਉੱਤੇ ਠੀਕ ਸਨ ਜਾਂ ਗਲਤ, ਪਰ ਨੁਕਤਾ ਇਹ ਹੈ ਕਿ ਵਿਗਿਆਨ ਉੱਤੇ ਪਾਬੰਦੀ ਜਿਹੀ ਸੋਵੀਅਤ ਯੂਨੀਅਨ ਵਿੱਚ ਕੋਈ ਚੀਜ ਨਹੀਂ ਸੀ ਅਤੇ ਨਾ ਹੀ ਅਜਿਹੀ ਕੋਈ ਪਾਰਟੀ ਨੀਤੀ ਸੀ।

ਵਿਗਿਆਨ ਇੱਕ ਜਨਤਕ ਦਿਲਚਸਪੀ ਦਾ ਮਸਲਾ ਬਣ ਚੁੱਕਾ ਸੀ:

“ਲਾਈਸੈਂਕੋ ਲਹਿਰ… ਜਿਹਨਾਂ ਸਮਾਜਿਕ ਹਾਲਤਾਂ ਵਿੱਚ ਵਿਕਸਤ ਹੋਈ: … ਇੱਕ ਸਮਾਜ ਜਿਸ ਵਿੱਚ ਸਾਖਰਤਾ ਦਰ ਬਹੁਤ ਉੱਚੀ ਸੀ ਅਤੇ ਵਿਗਿਆਨ ਇੱਕ ਜਨਤਕ ਦਿਲਚਸਪੀ ਦਾ ਵਿਸ਼ਾ ਬਣ ਚੁੱਕਿਆ ਸੀ ਜਿਸ ਨੇ ਜੇਨੇਟਿਕਸ ਨੂੰ ਜਨਤਕ ਬਹਿਸ ਦਾ ਮੁੱਦਾ ਬਣਾ ਦਿੱਤਾ; ਇੱਕ ਅਜਿਹਾ ਸੱਭਿਆਚਾਰਕ ਇਨਕਲਾਬ ਹੋ ਰਿਹਾ ਸੀ ਜਿਸ ਅਧੀਨ ਕਮਿਊਨਿਸਟ ਨੌਜਵਾਨਾਂ ਨੇ ਕੁਲੀਨ ਅਕਾਦਮੀਸ਼ੀਅਨਾਂ ਨਾਲ਼ ਮੁਕਾਬਲਾ ਕਰਨ ਦਾ ਹੌਂਸਲਾ ਕੀਤਾ…”76

“ਪੌਦਾ ਵਿਗਿਆਨੀਆਂ ਅਤੇ ਜੇਨੇਟਿਕਸ ਦੇ ਵਿਗਿਆਨੀਆਂ ਵਿਚਲੇ ਮਤਭੇਦ ਆਮ ਹਾਲਤਾਂ ਵਿੱਚ ਕੋਈ ਵੱਡਾ ਮਾਮਲਾ ਨਹੀਂ ਬਣਨਾ ਸੀ। ਪ੍ਰੰਤੂ, 1930ਵਿਆਂ ਦੀਆਂ ਸੋਵੀਅਤ ਹਾਲਤਾਂ ਵਿੱਚ ਇਹ ਬਹੁਤ ਜਲਦੀ ਇੱਕ ਜਨਤਕ ਮੁੱਦਾ ਬਣ ਗਿਆ। ਪੇਪਰਬੈਕ ਐਡੀਸ਼ਨਾਂ ਦੇ ਅਮੇਰਿਕਾ ਵਿੱਚ ਇੱਕ ਮੁਨਾਫ਼ੇ ਵਾਲਾ ਧੰਦਾ ਬਣਨ ਤੋਂ ਬਹੁਤ ਪਹਿਲਾਂ ਹੀ, ਸੋਵੀਅਤ ਯੂਨੀਅਨ ਵਿੱਚ ਵਿਸ਼ਵ ਕਲਾਸਕ, ਵਿਗਿਆਨਕ ਖੋਜ ਲੇਖ, ਕਵਿਤਾ, ਅਤੇ ਸਿਆਸੀ ਲੇਖਣ ਹਜਾਰਾਂ-ਲੱਖਾਂ ਦੀ ਗਿਣਤੀ ਵਿੱਚ ਸਸਤੇ ਐਡੀਸ਼ਨਾਂ ਦੇ ਰੂਪ ਵਿੱਚ ਛਾਪਿਆ ਜਾਂਦਾ ਸੀ। ਸਾਰੇ ਸੰਸਾਰ ਵਿੱਚ ਸਮਾਜਵਾਦੀ ਸ਼ਹਿਰਾਂ ਵਿੱਚ ਕਿਤਾਬਾਂ ਦੀਆਂ ਦੁਕਾਨਾਂ ਦੀ ਭਰਮਾਰ ਦੇਖੀ ਜਾ ਸਕਦੀ ਹੈ…. ਗੈਰ-ਰੂਸੀ ਗਣਰਾਜਾਂ ਵਿੱਚ ਵਿਗਿਆਨ ਦੀਆਂ ਅਕਾਦਮੀਆਂ ਦੀ ਸਥਾਪਨਾ ਦੀ ਕੇਂਦਰੀ ਏਸ਼ੀਆ ਅਤੇ ਕਾਕੇਸ਼ਸ ਵਿੱਚ ਜਾਰਸ਼ਾਹੀ ਸਮੇਂ ਦੀ ਮੱਧਯੁਗੀਨਤਾ ਨੂੰ ਖਤਮ ਕਰਨ ਵਿੱਚ ਅਹਿਮ ਭੂਮਿਕਾ ਸੀ। ਵਿਗਿਆਨ ਵਿੱਚ ਇਹ ਦਿਲਚਸਪੀ ਇਸ ਪੁਰਾਣੇ, ਰਵਾਇਤੀ ਸਮਾਜਵਾਦੀ ਵਿਸ਼ਵਾਸ ਵਿੱਚ ਜੁੜ ਗਈ ਕਿ ਵਿਗਿਆਨ ਦੀ ਮਦਦ ਸੰਸਾਰ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ।”77

ਇਸ ਤਰ੍ਹਾਂ, ਵਿਗਿਆਨ ਖਿਲਾਫ ਵਿਆਪਕ ਜਿਹਾਦ ਨਾਂ ਦੀ ਕੋਈ ਚੀਜ ਸੋਵੀਅਤ ਯੂਨੀਅਨ ਵਿੱਚ ਨਹੀਂ ਸੀ, ਸਤਾਲਿਨ ਦੇ ਸਮੇਂ ਵੀ ਨਹੀਂ। ਪਰ ਸਾਰਾ ਕੁਝ ਠੀਕ-ਠਾਕ ਸੀ, ਅਜਿਹਾ ਵੀ ਨਹੀਂ ਸੀ, ਅਤੇ ਇੱਕ ਜਮਾਤੀ ਸਮਾਜ ਵਿੱਚ ਸਾਰਾ ਕੁਝ ਠੀਕ-ਠਾਕ ਹੋਵੇਗਾ, ਅਜਿਹਾ ਕੋਈ ਸੋਚਦਾ ਹੈ ਤਾਂ ਇਹ ਉਸਦੀ ਗਲਤੀ ਹੈ ਜਾਂ ਜ਼ਿਆਦਾ ਉਮੀਦਾਂ ਹਨ। ਕਈ ਸਾਰੇ ਵਿਗਿਆਨੀਆਂ ਨੂੰ ਪਾਰਟੀ ਦੀ ਨਰਾਜ਼ਗੀ ਝੱਲਣੀ ਪਈ, ਵਿਗਿਆਨੀਆਂ ਨੂੰ ਸਜ਼ਾਵਾਂ ਵੀ ਹੋਈਆਂ ਅਤੇ ਕਈ ਵਿਗਿਆਨੀਆਂ ਦੀਆਂ ਲਿਖਤਾਂ ਨੂੰ ਦਬਾਇਆ ਗਿਆ, ਅਜਿਹਾ ਸੰਭਵ ਹੈ। ਇੱਕ ਗੱਲ ਨੋਟ ਕਰਨ ਵਾਲੀ ਹੈ ਕਿ ਕਿਸੇ ਵੀ ਵਿਗਿਆਨੀ ਨੂੰ ਸਿਰਫ ਉਸਦੀ ਵਿਗਿਆਨਕ ਖੋਜ ਜਾਂ ਵਿਚਾਰ ਨੂੰ ਅਧਾਰ ਬਣਾ ਕੇ ਸਜ਼ਾ ਹੋਈ ਹੋਵੇ, ਅਜਿਹੀ ਇੱਕ ਵੀ ਮਿਸਾਲ ਨਹੀਂ ਮਿਲਦੀ। ਜਿਹਨਾਂ ਮਾਮਲਿਆਂ ਵਿੱਚ ਸਜ਼ਾਵਾਂ ਹੋਈਆਂ, ਉਹਨਾਂ ਸਭਨਾਂ ਵਿੱਚ ਮਾਮਲੇ ਸਿਆਸੀ ਸਨ। ਦੂਸਰਾ, ਪਾਰਟੀ ਵਿੱਚ ਨੌਕਰਸ਼ਾਹੀ ਕੋਈ ਘੱਟ ਮਜਬੂਤ ਨਹੀਂ ਸੀ, ਅਤੇ ਉੱਥੇ ਵੀ ਨੌਕਰਸ਼ਾਹ ਵਿਗਿਆਨੀਆਂ ਨੂੰ ਬਖਸ਼ਦੇ ਹੋਣਗੇ, ਮੁਸ਼ਕਿਲ ਹੈ। ਤੀਜਾ, ਸੋਵੀਅਤ ਯੂਨੀਅਨ ਦੀਆਂ ਘਰੇਲੂ ਤੇ ਕੌਮਾਂਤਰੀ ਹਾਲਤਾਂ; ਸੋਵੀਅਤ ਵਿਗਿਆਨੀਆਂ ਅਤੇ ਸੰਸਾਰ ਦੇ ਦੂਜੇ ਹਿੱਸਿਆਂ ਵਿਚ ਜਾਰੀ ਵਿਗਿਆਨਕ ਕੰਮਾਂ ਵਿੱਚ ਆਦਾਨ-ਪ੍ਰਦਾਨ ਦੇ ਮੌਕੇ ਬਹੁਤ ਸੀਮਤ ਸਨ। ਵਿਗਿਆਨ ਦੇ ਉਹਨਾਂ ਖੇਤਰਾਂ ਵਿੱਚ ਜਿੰਨਾਂ ਵਿੱਚ ਦੇਸ਼ ਦੀ ਸੁਰੱਖਿਆ ਨਾਲ਼ ਸਬੰਧਿਤ ਖੋਜ-ਕਾਰਜ ਹੁੰਦੇ ਸਨ, ਉਹਨਾਂ ਵਿੱਚ ਸਰਮਾਏਦਾਰ ਦੇਸ਼ਾਂ ਦੇ ਜਾਸੂਸਾਂ ਦਾ ਖਤਰਾ ਸਮਝਿਆ ਜਾਂਦਾ ਸੀ, ਜੋ ਸਮਾਜਵਾਦੀ ਸੰਗਰਾਂਦੀ ਦੌਰ ਦੀ ਗਲਤ ਸਮਝ ਕਾਰਨ ਬਹੁਤ ਵਧਾ-ਚੜਾ ਕੇ ਦੇਖਿਆ ਜਾਂਦਾ ਸੀ। ਫਲਸਫੇ ਦੇ ਖੇਤਰ ਵਿੱਚ ਅਧੂਰੀ ਸਮਝ, ਵਿਗਿਆਨੀਆਂ ਦੇ ਪਾਸਿਓਂ ਵੀ ਅਤੇ ਕਮਿਊਨਿਸਟਾਂ ਦੇ ਪਾਸਿਓਂ ਵੀ, ਬਹੁਤ ਵਾਰੀ ਪਰੇਸ਼ਾਨੀ ਦਾ ਸਬੱਬ ਸੀ। ਬਾਕੀ, ਸਰਮਾਏਦਾਰਾ ਦੇਸ਼ਾਂ ਵਿੱਚ ਵੀ ਮਾਰਕਸਵਾਦ ਅਤੇ ਕਮਿਊਨਿਜਮ ਪ੍ਰਤੀ ਥੋੜਾ ਜਿੰਨਾ ਝੁਕਾਅ ਰੱਖਣ ਵਾਲੇ ਵਿਗਿਆਨੀਆਂ ਦੀਆਂ ਸਮੱਸਿਆਵਾਂ ਵੀ ਘੱਟ ਨਹੀਂ ਸਨ, ਅਤੇ ਅੱਜ ਵੀ ਘੱਟ ਨਹੀਂ ਹਨ, ਅਤੇ ਉਹਨਾਂ ਦਾ ਵਿੱਦਿਅਕ ਸੰਸਥਾਵਾਂ ਤੇ ਸਿਲਾਬਸਾਂ ਵਿੱਚ ਬਲੈਕਆਊਟ ਹੋਣਾ ਅਪਵਾਦ ਨਹੀਂ ਹੈ। ਆਈਨਸਟੀਨ, ਸਟੀਫਨ ਗਾਉਲਡ ਇਸ ਦੀਆਂ ਵੱਡੀਆਂ ਉਦਾਹਰਨਾਂ ਹਨ।

ਸਤਾਲਿਨ ਦੀ ਅਗਵਾਈ ਥੱਲੇ ਸੋਵੀਅਤ ਯੂਨੀਅਨ

ਕੁਲ ਮਿਲਾ ਕੇ, ਸਤਾਲਿਨ ਦੇ ਵਿਰੋਧੀ ਸਤਾਲਿਨ ਦੇ ਸਮੇਂ ਨੂੰ ਰੂਸ ਵਿੱਚ ਬਰਬਾਦੀ, ਲੋਕਾਂ ‘ਤੇ ਜ਼ੁਲਮ ਅਤੇ ਤਾਨਾਸ਼ਾਹੀ ਦੇ ਦੌਰ ਵਜੋਂ ਪੇਸ਼ ਕਰਦੇ ਹਨ। ਪਰ ਕੀ ਸੱਚਮੁੱਚ ਅਜਿਹਾ ਸੀ, ਬਿਲਕੁਲ ਵੀ ਨਹੀਂ। ਹੁਣ ਇਹ ਵੀ ਦੇਖ ਲਈਏ ਕਿ ਸੋਵੀਅਤ ਯੂਨੀਅਨ ‘ਚ ਸਤਾਲਿਨ ਦੇ ਸਮੇਂ ‘ਚ ਕਿੰਨੀ “ਬਰਬਾਦੀ” ਜਾਂ “ਤਬਾਹੀ” ਹੋਈ ਹੈ।

ਪਹਿਲੀ ਸੰਸਾਰ ਜੰਗ ਅਤੇ ਫਿਰ ਘਰੇਲੂ ਜੰਗ ਜੋ ਅਸਲ ਵਿੱਚ ਸਾਰੀਆਂ ਸਾਮਰਾਜੀ ਸ਼ਕਤੀਆਂ ਖਿਲਾਫ਼ ਜੰਗ ਸੀ ਕਿਉਂਕਿ ਉਲਟ-ਇਨਕਲਾਬ ਦੀ ਅਸਿੱਧੀ ਮਦਦ ਤੋਂ ਇਲਾਵਾ ਇਹਨਾਂ ਨੇ ਸੋਵੀਅਤ ਯੂਨੀਅਨ ਨੂੰ ਚਾਰੇ ਪਾਸਿਆਂ ਤੋਂ ਘੇਰਿਆ ਹੋਇਆ ਸੀ ਪਰ ਬਾਲਸ਼ਵਿਕਾਂ ਦੀ ਅਗਵਾਈ ‘ਚ ਸੋਵੀਅਤ ਮਜਦੂਰਾਂ ਤੇ ਕਿਸਾਨਾਂ ਨੇ ਜੰਗ ਜਿੱਤ ਕੇ ਮਨੁੱਖੀ ਸੰਘਰਸ਼ ਦੀ ਨਵੀਂ ਤਵਾਰੀਖ ਲਿਖੀ। ਜਦੋਂ 1921 ਤੱਕ ਜੰਗ ਦੇ ਸੱਤ ਵਰ੍ਹੇ ਖਤਮ ਹੋਏ ਤਾਂ ਸਮੁੱਚਾ ਸੋਵੀਅਤ ਯੂਨੀਅਨ ਤਬਾਹੀ ਦੀ ਕਹਾਣੀ ਬਿਆਨ ਕਰ ਰਿਹਾ ਸੀ। ਖੇਤੀਬਾੜੀ ‘ਚ ਪੈਦਾਵਾਰ ਦਾ ਪੱਧਰ ਸੰਸਾਰ ਜੰਗ ਦੇ ਸ਼ੁਰੂ ਹੋਣ ਵੇਲੇ ਦੇ ਪੱਧਰ ਤੋਂ ਅੱਧੇ ਤੋਂ ਘੱਟ ਰਹਿ ਗਿਆ ਸੀ, ਬਹੁਤੇ ਇਲਾਕਿਆਂ ‘ਚ ਅਕਾਲ ਦੀ ਹਾਲਤ ਸੀ। ਸਨਅਤ ਦੀ ਇਸ ਤੋਂ ਵੀ ਬੁਰੀ ਹਾਲਤ ਸੀ, ਸਨਅਤੀ ਪੈਦਾਵਾਰ ਸੰਸਾਰ ਜੰਗ ਤੋਂ ਪਹਿਲਾਂ ਦੀ ਪੈਦਾਵਾਰ ਦਾ ਸੱਤਵਾਂ ਹਿੱਸਾ ਸੀ। ਬਹੁਤੀਆਂ ਖਾਣਾਂ ਤਬਾਹ ਹੋ ਚੁੱਕੀਆਂ ਸਨ, ਕੱਚੇ ਮਾਲ ਦੀ ਭਾਰੀ ਕਿੱਲਤ ਸੀ। ਨਵੀਂ ਆਰਥਕ ਨੀਤੀ ਆਉਣ ਨਾਲ਼ ਹਾਲਤ ਕੁਝ ਸੰਭਲੀ ਪਰ ਇਸੇ ਸਮੇਂ ਦੌਰਾਨ ਲੈਨਿਨ ਦੀ ਸਿਹਤ ਜਵਾਬ ਦੇਣ ਲੱਗੀ ਅਤੇ ਜਨਵਰੀ, 1924 ‘ਚ ਲੈਨਿਨ ਦੀ ਮੌਤ ਹੋ ਗਈ। ਇੱਕ ਅਜਿਹਾ ਦੇਸ਼ ਜਿਸ ਵਿੱਚ ਅਨਪੜ੍ਹਤਾ ਵਿਆਪਕ ਸੀ, ਸਿਹਤ ਢਾਂਚਾ ਲੱਗਭੱਗ ਹੈ ਹੀ ਨਹੀਂ ਸੀ, ਤਕਨੀਕੀ ਵਿਕਾਸ ਬਹੁਤ ਨੀਵਾਂ ਸੀ, ਸ਼ਹਿਰਾਂ ਤੋਂ ਬਾਹਰ ਬਿਜਲੀ ਨਾਂਹ ਦੇ ਬਰਾਬਰ ਸੀ, ਮਜਦੂਰ ਜਮਾਤ-ਕਿਸਾਨੀ ਦਾ ਸਾਂਝਾ ਮੋਰਚਾ ਪੱਕੇ ਪੈਰੀਂ ਨਹੀਂ ਸੀ, ਚਾਰੇ ਪਾਸੇ ਤੋਂ ਸੰਸਾਰ ਸਰਮਾਏਦਾਰੀ ਦੀ ਆਰਥਕ ਨਾਕਾਬੰਦੀ ‘ਚ ਘਿਰਿਆ ਹੋਇਆ ਸੀ ਅਤੇ ਸੰਸਾਰ ਨਕਸ਼ੇ ‘ਤੇ ਫਾਸੀਵਾਦ ਆਪਣੇ ਪੈਰ ਜਮਾ ਚੁੱਕਾ ਸੀ, ਸਤਾਲਿਨ ਦੇ ਸਾਹਮਣੇ ਸੀ ਜਿਸਦੀ ਅਗਵਾਈ ਉਹਨਾਂ ਨੇ ਆਉਣ ਵਾਲੇ ਲੱਗਭੱਗ ਤੀਹ ਵਰ੍ਹਿਆਂ ਤੱਕ ਕਰਨੀ ਸੀ। 1953 ਵਿੱਚ ਜਦੋਂ ਸਤਾਲਿਨ ਦੀ ਮੌਤ ਹੁੰਦੀ ਹੈ, ਸਨਅਤ, ਵਿਗਿਆਨ, ਤਕਨੀਕ ਤੇ ਫੌਜੀ ਸ਼ਕਤੀ ਵਜੋਂ ਸੋਵੀਅਤ ਯੂਨੀਅਨ ਦੁਨੀਆਂ ਦੀ ਦੂਜੀ ਵੱਡੀ ਤਾਕਤ ਬਣ ਚੁੱਕਾ ਸੀ ਅਤੇ ਕਈ ਮਾਮਲਿਆਂ ‘ਚ ਅਮਰੀਕਾ ਨੂੰ ਵੀ ਪਿੱਛੇ ਛੱਡ ਰਿਹਾ ਸੀ। ਸਾਰੇ ਨਾਗਰਿਕਾਂ ਲਈ ਮੁਫਤ ਸਿਹਤ ਸਹੂਲਤਾਂ ਤੇ ਮੁਫਤ ਵਿੱਦਿਅਕ ਸਹੂਲਤਾਂ ਦੇਣ ਵਾਲਾ ਸੋਵੀਅਤ ਯੂਨੀਅਨ ਦੁਨੀਆਂ ਦਾ ਪਹਿਲਾ ਦੇਸ਼ ਸੀ। ਬੇਰੁਜ਼ਗਾਰੀ ਖਤਮ ਸੀ, ਵੇਸਵਾਗਮਨੀ ਜਿਹੀਆਂ ਸਮਾਜਿਕ ਬੁਰਾਈਆਂ ਦਾ ਸਫਾਇਆ ਕੀਤਾ ਜਾ ਚੁੱਕਾ ਸੀ, ਔਰਤਾਂ ਦੀ ਸਥਿਤੀ ਕਿਸੇ ਵੀ “ਸੱਭਿਅਕ” ਮੁਲਕ ਨਾਲ਼ੋਂ ਕਿਤੇ ਬਿਹਤਰ ਸੀ। ਭੁੱਖਮਰੀ ਨਾਂ ਦੀ ਕੋਈ ਚੀਜ ਨਹੀਂ ਰਹਿ ਗਈ ਸੀ। ਇਹ ਸਭ ਕੁਝ ਦੂਜੀ ਸੰਸਾਰ ਜੰਗ ਦੀ ਭਿਅੰਕਰ ਤਬਾਹੀ ਦੇ ਬਾਵਜੂਦ ਹੋਇਆ ਜਿਸ ਵਿੱਚ ਸੋਵੀਅਤ ਯੂਨੀਅਨ ਦੇ ਢਾਈ ਕਰੋੜ ਲੋਕ ਮਾਰੇ ਗਏ, ਇਹਤੋਂ ਕਿਤੇ ਵੱਧ ਜ਼ਖਮੀ ਹੋਏ, ਹਿਟਲਰ ਦੀਆਂ ਫਾਸੀਵਾਦੀ ਰੈਜਮੈਂਟਾਂ ਨੇ ਸੋਵੀਅਤ ਯੂਨੀਅਨ ਦੇ ਅੱਧੇ ਹਿੱਸੇ ਨੂੰ ਤਬਾਹ ਕਰ ਦਿੱਤਾ ਸੀ, ਅਤੇ ਜੰਗ ਦੀ ਆਰਥਕ ਕੀਮਤ ਸੋਵੀਅਤ ਯੂਨੀਅਨ ਦੀਆਂ ਦੋ ਪੰਜ ਸਾਲਾ ਯੋਜਨਾਵਾਂ ਦੀ ਪੈਦਾਵਾਰ ਦੇ ਬਰਾਬਰ ਸੀ। ਸੋਵੀਅਤ ਯੂਨੀਅਨ ਦੇ ਮਜਦੂਰਾਂ ਤੇ ਕਿਸਾਨਾਂ ਦੇ ਰਾਜ ਦੀਆਂ ਇਹਨਾਂ ਪ੍ਰਾਪਤੀਆਂ ਜਿਹਨਾਂ ਨੂੰ ਵਿਕਸਤ ਸਰਮਾਏਦਾਰਾ ਮੁਲਕਾਂ ਵੱਲੋਂ ਆਪਣੇ “ਸੁਨਹਿਰੀ ਯੁੱਗ”  ਵਿੱਚ ਵੀ ਹਾਸਿਲ ਕਰਨ ਲਈ ਕਈ ਗੁਣਾ ਜ਼ਿਆਦਾ ਸਮਾਂ ਲੱਗਾ ਸੀ ਅਤੇ ਜਿਹੜੀਆਂ ਪੂਰੀ ਤੀਜੀ ਦੁਨੀਆਂ ਭਾਵ ਸੰਸਾਰ ਦਾ ਅੱਸੀ ਫੀਸਦੀ ਦੀ ਬਸਤੀਵਾਦੀ ਲੁੱਟ, ਆਪਣੇ ਦੇਸ਼ ਦੀ ਬਹੁਗਿਣਤੀ ਅਬਾਦੀ ਉੱਤੇ ਲੁੱਟ ਤੇ ਜ਼ਬਰ, ਤੇ ਇੱਥੋਂ ਤੱਕ ਗੁਲਾਮ ਵਪਾਰ ਜਿਹੀ ਘਿਨਾਉਣੀ ਰਵਾਇਤ ਤੋਂ ਹਾਸਿਲ ਕੀਤੀ ਮੋਟੀ ਕਮਾਈ ਕਾਰਨ ਸੰਭਵ ਹੋਈਆਂ ਸਨ, ਨੂੰ ਸਰਮਾਏਦਾਰੀ ਜਗਤ ਵਿੱਚ ਵੀ ਕੋਈ ਲੱਕੜਸਿਰਾ ਹੀ ਨਕਾਰਦਾ ਹੈ।

1940 ਤੱਕ ਹੀ ਸੋਵੀਅਤ ਯੂਨੀਅਨ ਅਜਿਹੀ ਤਾਕਤ ਬਣ ਚੁੱਕਾ ਸੀ ਜਿਹੜੀ ਨਾ ਸਿਰਫ ਹਿਟਲਰ ਦੀ ਸਨਅਤੀ ਤੇ ਮਿਲਟਰੀ ਤਾਕਤ ਨਾਲ਼ ਟੱਕਰ ਲੈਣ ਦੇ ਕਾਬਿਲ ਸੀ ਸਗੋਂ ਉਸਨੂੰ ਹਰਾਉਣ ਦੇ ਕਾਬਿਲ ਸੀ। ਹਿਟਲਰੀ ਜਰਮਨੀ ਜਿਸ ਨੇ ਫਰਾਂਸ ਜਿਹੀ ਸਾਮਰਾਜੀ ਸ਼ਕਤੀ ਨੂੰ ਆਪਣੀਆਂ ਕੁਝ ਕੁ ਡਿਵੀਜ਼ਨਾਂ ਨਾਲ਼ ਹੀ ਮਹੀਨੇ ਦੇ ਅੰਦਰ ਹੀ ਮਿੱਟੀ ‘ਚ ਮਿਲਾ ਕੇ ਰੱਖ ਦਿੱਤਾ ਸੀ, ਪੂਰੇ ਯੂਰਪ ‘ਚ ਉਸਦੀ ਮਿਲਟਰੀ ਨੂੰ ਰੋਕਣ ਵਾਲਾ ਕੋਈ ਦਿਖਾਈ ਨਹੀਂ ਦੇ ਰਿਹਾ ਸੀ, ਨੇ 240 ਡਿਵੀਜ਼ਨਾਂ ‘ਚ ਵੰਡੀ 30 ਲੱਖ ਫੌਜ ਜੋ ਦੁਨੀਆਂ ਦੀਆਂ ਸਭ ਤੋਂ ਵਧੀਆ ਸਿਖਲਾਈ ਤੇ ਹਥਿਆਰਾਂ ਨਾਲ਼ ਲੈੱਸ ਸੀ, ਨਾਲ਼ 2000 ਮੀਲ ਲੰਮੇ ਮੋਰਚੇ ਰਾਹੀਂ ਸੋਵੀਅਤ ਯੂਨੀਅਨ ਉੱਤੇ ਹਮਲਾ ਕੀਤਾ ਪਰ ਆਖਰ ਨਾ ਸਿਰਫ ਸੋਵੀਅਤ ਯੂਨੀਅਨ ਹੱਥੋਂ ਹਾਰਿਆ ਸਗੋਂ ਲਾਲ ਫੌਜ ਨੇ ਸਮੁੱਚੇ ਪੂਰਬੀ ਯੂਰਪ ਨੂੰ ਮੁਕਤ ਕਰਵਾਇਆ। ਇਸ ਪੂਰੀ ਲੜਾਈ ‘ਚ ਸੋਵੀਅਤ ਯੂਨੀਅਨ ਲੱਗਭੱਗ ਇਕੱਲਾ ਰਿਹਾ, ਬ੍ਰਿਟੇਨ ਤੇ ਅਮਰੀਕਾ ਨੇ ਸਿਰਫ “ਲਫ਼ਜ਼ੀ ਲੜਾਈ” ਲੜੀ ਅਤੇ ਜਦੋਂ ਹਿਟਲਰ ਦੀ ਹਾਰ ਤੈਅ ਹੋ ਚੁੱਕੀ ਸੀ ਤਾਂ ਪੱਛਮ ਤੋਂ ਜਰਮਨੀ ‘ਤੇ ਹਮਲਾ ਕਰ ਕੇ ਜ਼ਿਆਦਾ ਤੋਂ ਜ਼ਿਆਦਾ ਯੂਰਪੀ ਦੇਸ਼ਾਂ ‘ਤੇ ਆਪਣਾ ਅਧਿਕਾਰ ਸਥਾਪਤ ਕਰਨ ਲਈ ਸਿਰਤੋੜ ਦੌੜ ਦੌੜੀ। ਹਾਲੀਵੁੱਡ ਦੀਆਂ ਫਿਲਮਾਂ ਤੇ ਭਾੜੇ ਦੇ ਲੇਖਕਾਂ ਦੁਆਰਾ ਸਾਮਰਾਜੀ ਚਾਹੇ ਜਿੰਨਾ ਮਰਜ਼ੀ ਕੁਫਰ ਤੋਲ ਲੈਣ ਪਰ ਸੱਚਾਈ ਇਹੀ ਹੈ ਕਿ ਫਾਸੀਵਾਦੀ ਜਰਮਨੀ ਨੂੰ ਸੋਵੀਅਤ ਸਮਾਜਵਾਦੀ ਰਾਜ ਨੂੰ ਤਬਾਹ ਕਰਨ ਲਈ ਸਾਮਰਾਜੀਆਂ ਨੇ ਖੂਬ ਸ਼ਿਸ਼ਕੇਰਿਆ, ਆਪਣੇ ਇਤਿਹਾਦੀਆਂ ਦੀ ਤਬਾਹੀ ਵੀ ਚੱਲੀ ਪਰ ਉਹਨਾਂ ਨੇ ਸੋਵੀਅਤ ਲੋਕਾਂ ਦੀ ਤਾਕਤ ਨੂੰ ਬਹੁਤ ਘੱਟ ਕਰਕੇ ਜਾਣਿਆ ਸੀ।

ਆਖਿਰ ਕਿੱਥੇ ਗਲਤ ਸਨ ਸਤਾਲਿਨ

ਅਜਿਹਾ ਨਹੀਂ ਹੈ ਕਿ ਸਤਾਲਿਨ ਨੇ ਕੋਈ ਗਲਤੀਆਂ ਨਹੀਂ ਕੀਤੀਆਂ, ਬੇਸ਼ੱਕ ਉਹਨਾਂ ਨੇ ਗਲਤੀਆਂ ਕੀਤੀਆਂ। ਪਰ ਗਲਤੀਆਂ ਉਹ ਨਹੀਂ ਜਿਸ ਬਾਰੇ ਸਰਮਾਏਦਾਰਾ ਮੀਡੀਆ ਤੇ ਚਾਕਰ ਬੁੱਧੀਜੀਵੀ ਰੌਲਾ ਪਾਉਂਦੇ ਹਨ, ਸਗੋਂ ਕਿਤੇ ਹੋਰ ਹਨ। ਸਤਾਲਿਨ ਦੀਆਂ ਗਲਤੀਆਂ ਦਾ ਮੁਲਾਂਕਣ ਕਰਨ ਸਮੇਂ ਇਤਿਹਾਸਕ ਨਜ਼ਰੀਆ ਅਪਣਾਉਣਾ ਬਹੁਤ ਜਰੂਰੀ ਹੈ, ਨਾ ਕਿ ਸਤਾਲਿਨ ਨੂੰ ਹਾਲਤਾਂ ਤੋਂ ਨਿਖੇੜ ਕੇ ਇੱਕ ਵਿਅਕਤੀ ਦੇ ਤੌਰ ‘ਤੇ ਦੇਖਣਾ, ਜਿਵੇਂ ਕਿ ਸਭ ਤਰ੍ਹਾਂ ਦੇ ਬੁਰਜੂਆ ਲੇਖਕ ਕਰਦੇ ਹਨ (ਉਹ ਵੀ ਬਹੁਤ ਭੱਦੇ ਰੂਪ ਵਿੱਚ), ਜਾਂ ਤ੍ਰਾਤਸਕੀਵਾਦੀ ਜਾਂ ਹੋਰ “ਮਾਰਕਸਵਾਦੀ” ਕਰਦੇ ਹਨ। ਸਤਾਲਿਨ ਗਲਤੀਆਂ ਦੇ ਸ੍ਰੋਤ ਬਾਹਰਮੁਖੀ ਵੀ ਸਨ, ਅਤੇ ਅੰਤਰਮੁਖੀ ਵੀ।

ਬਾਹਰਮੁਖੀ ਕਾਰਨਾਂ ਵਿੱਚ ਪਹਿਲਾ ਕਾਰਨ ਤਾਂ ਉਹ ਕੌਮਾਂਤਰੀ ਅਤੇ ਘਰੇਲੂ ਹਾਲਤਾਂ ਸਨ, ਜਿਹਨਾਂ ਦੌਰਾਨ ਸਤਾਲਿਨ ਨੇ ਸੋਵੀਅਤ ਯੂਨੀਅਨ ਦੀ ਅਗਵਾਈ ਸੰਭਾਲੀ। ਇਹਨਾਂ ਬਾਰੇ ਅਸੀਂ ਉੱਪਰ ਕਾਫੀ ਜ਼ਿਕਰ ਕਰ ਆਏ ਹਾਂ। ਇਹਨਾਂ ਪ੍ਰਤੀਕੂਲ ਹਾਲਤਾਂ ਵਿੱਚ ਸੋਵੀਅਤ ਸੱਤ੍ਹਾ ਦੀ ਹੋਂਦ ਨੂੰ ਬਣਾਏ ਰੱਖਣਾ ਹੀ ਇੱਕ ਵੱਡਾ ਸਵਾਲ ਸੀ, ਜਿਸ ਵਿੱਚ ਸਤਾਲਿਨ ਨਾ ਸਿਰਫ਼ ਕਾਮਯਾਬ ਰਹੇ, ਸਗੋਂ ਉਹਨਾਂ ਨੇ ਸਮੁੱਚੇ ਦੇਸ਼ ਦਾ ਨਕਸ਼ਾ ਬਦਲ ਦਿੱਤਾ, ਇਸਦੇ ਬਾਵਜੂਦ ਕਿ ਉਹਨਾਂ ਦੇ ਕਾਲ ਦੌਰਾਨ ਦੂਜੀ ਸੰਸਾਰ ਜੰਗ ਦੀ ਤਬਾਹੀ ਦੇ ਭਿਅੰਕਰ ਛੇ ਸਾਲ ਵੀ ਸੋਵੀਅਤ ਯੂਨੀਅਨ ਨੇ ਝੱਲੇ। ਦੂਸਰਾ, ਸਤਾਲਿਨ ਦੇ ਸਾਹਮਣੇ ਪਹਿਲਾਂ ਸਮਾਜਵਾਦੀ ਉਸਾਰੀ ਦਾ ਕੋਈ ਵੀ ਤਜ਼ਰਬਾ ਨਹੀਂ ਸੀ ਜਿਸ ਤੋਂ ਉਹ ਕੁਝ ਵੀ ਸਿੱਖ ਸਕਦੇ। ਸਮਾਜਵਾਦ ਦੀ ਉਸਾਰੀ ਮਨੁੱਖਤਾ ਲਈ ਇਕਦਮ ਨਵਾਂ ਰਾਹ ਸੀ ਜਿਸ ਉੱਤੇ ਮਨੁੱਖਤਾ ਨੇ ਪਹਿਲੀ ਵਾਰੀ ਤੁਰਨਾ ਸੀ। ਹੋਰ ਤਾਂ ਹੋਰ, ਉਸ ਸਮੇਂ ਤਾਂ ਇਹ ਵੀ ਹੱਲ ਸਵਾਲ ਨਹੀਂ ਸੀ ਕਿ ਇੱਕ ਇਕੱਲਾ ਦੇਸ਼ ਸਮਾਜਵਾਦ ਦੀ ਉਸਾਰੀ ਵੱਲ ਵਧ ਵੀ ਸਕਦਾ ਹੈ ਜਾਂ ਨਹੀਂ, ਬਾਲਸ਼ਵਿਕ ਪਾਰਟੀ ਦੇ ਬਹੁਤੇ ਸਿਧਾਂਤਕਾਰ ਹੀ ਅਜਿਹਾ ਸੰਭਵ ਨਹੀਂ ਮੰਨਦੇ ਸਨ ਅਤੇ ਸਭ ਦੀ ਟੇਕ ਯੂਰਪੀ ਇਨਕਲਾਬ ਉੱਤੇ ਟਿਕੀ ਹੋਈ ਸੀ। ਯੂਰਪੀ ਇਨਕਲਾਬ ਵੀ ਨਹੀਂ ਹੋਇਆ ਅਤੇ ਬਿਲਕੁਲ ਉਸੇ ਸਮੇਂ ਪਾਰਟੀ ਨੂੰ ਲੈਨਿਨ ਦੀ ਮੌਤ ਦਾ ਹਰਜਾ ਝੱਲਣਾ ਪਿਆ। ਇਸ ਹਾਲਤ ਵਿੱਚ ਵੀ ਸਤਾਲਿਨ ਨੇ ਨਾ ਸਿਰਫ ਇੱਕ ਦੇਸ਼ ਵਿੱਚ ਸਮਾਜਵਾਦ ਦੀ ਪੋਜ਼ੀਸ਼ਨ ਅਖਤਿਆਰ ਕੀਤੀ, ਸਗੋਂ ਉਹਨਾਂ ਨੇ ਇਸਦੀ ਦ੍ਰਿੜ੍ਹਤਾ ਨਾਲ਼ ਰਾਖੀ ਕੀਤੀ, ਇਸਨੂੰ ਸਿਧਾਂਤਕ ਰੂਪ ਵਿੱਚ ਸਿੱਧ ਕੀਤਾ ਅਤੇ ਅਭਿਆਸ ਵਿੱਚ ਲਾਗੂ ਕਰਕੇ ਦਿਖਾਇਆ ਜੋ ਆਪਣੇ-ਆਪ ਵਿੱਚ ਹੀ ਇੱਕ ਮਹਾਨ ਪ੍ਰਾਪਤੀ ਹੈ।

ਤੀਸਰਾ, ਸਤਾਲਿਨ ਨੂੰ ਸਮਾਜਵਾਦ ਦੀ ਜੋ ਸਮਝ ਵਿਰਾਸਤ ਵਿੱਚ ਮਿਲੀ, ਉਹ ਹੀ ਸੀਮਤ ਸੀ (ਭਾਵੇਂ ਇਹ ਸੀਮਤਾਈ ਇਤਿਹਾਸਕ ਸੀ)। ਸਮਾਜਵਾਦ ਦੀ ਉਸਾਰੀ ਦਾ ਅਰਥ ਮੁੱਖ ਰੂਪ ਵਿੱਚ ਪੈਦਾਵਾਰੀ ਤਾਕਤਾਂ ਦੇ ਵਿਕਾਸ ਤੋਂ ਲਿਆ ਜਾਂਦਾ ਸੀ ਤਾਂ ਕਿ ਪੈਦਾਵਾਰ ਇੰਨੀ ਵਧ ਜਾਵੇ ਕਿ ਖਰੀਦ-ਵੇਚ ਦਾ ਸਵਾਲ ਹੀ ਖਤਮ ਹੋ ਜਾਵੇ, ਪੈਦਾਵਾਰੀ ਤਾਕਤਾਂ ਦਾ ਵਿਕਾਸ ਨਿਰਸੰਦੇਹ ਮਜਦੂਰ ਜਮਾਤ ਦੀ ਸੱਤ੍ਹਾ ਦਾ ਨਿਸ਼ਾਨਾ ਹੈ, ਪਰ ਇਹ ਵਿਕਾਸ ਪੈਦਾਵਾਰੀ ਸਬੰਧਾਂ ਦੇ ਨਿਰੰਤਰ ਵਿਕਾਸ ਨਾਲ਼ ਜੁੜਿਆ ਹੋਇਆ ਹੈ, ਇਹ ਸਮਝ ਹਾਲੇ ਵਿਕਸਤ ਨਹੀਂ ਹੋਈ ਸੀ। ਸਤਾਲਿਨ ਵੀ ਇਸੇ ਸਮਝ ਦੇ ਦਾਇਰੇ ਦੇ ਅੰਦਰ ਹੀ ਸੋਚ ਰਹੇ ਸਨ, ਭਾਵੇਂ ਉਹ 1952 ਵਿੱਚ ਛਪੀ “ਸੋਵੀਅਤ ਯੂਨੀਅਨ ਵਿੱਚ ਸਮਾਜਵਾਦ ਦੀਆਂ ਆਰਥਕ ਸਮੱਸਿਆਵਾਂ”’ ਨਾਂ ਦੀ ਆਪਣੀ ਲਿਖਤ ਵਿੱਚ ਉਹ ਇਸ ਨਤੀਜੇ ‘ਤੇ ਪਹੁੰਚ ਚੁੱਕੇ ਸਨ ਕਿ ਸਮਾਜਵਾਦ ਵਿੱਚ ਵੀ “ਕਦਰ ਦਾ ਨਿਯਮ” ਲਾਗੂ ਹੋਣਾ ਜ਼ਾਰੀ ਰਹਿੰਦਾ ਹੈ, ਜਿਸਦਾ ਸਾਫ ਮਤਲਬ ਹੈ ਕਿ ਸਮਾਜ ਵਿੱਚ ਜਮਾਤਾਂ ਦੀ ਹੋਂਦ ਹੈ। ਇਸ ਦੇ ਨਾਲ਼ ਹੀ ਉਹ ਇੱਥੋਂ ਤੱਕ ਕਹਿੰਦੇ ਹਨ:

“ਬਿਨਾਂ ਸ਼ੱਕ, ਸਾਡੇ ਮੌਜੂਦਾ ਪੈਦਾਵਾਰੀ ਸਬੰਧ ਅਜਿਹੇ ਦੌਰ ਵਿੱਚ ਹਨ ਜਦੋਂ ਇਹ ਪੈਦਾਵਾਰੀ ਸ਼ਕਤੀਆਂ ਦੇ ਵਿਕਾਸ ਲਈ ਪੂਰੀ ਤਰ੍ਹਾਂ ਨਾਲ਼ ਅਨੁਕੂਲ ਹਨ… ਪ੍ਰੰਤੂ…. ਇਹ ਜਾਣਦੇ ਹੋਏ ਕਿ ਪੈਦਾਵਾਰੀ ਸਬੰਧ ਦਾ ਵਿਕਾਸ ਪੈਦਾਵਾਰੀ ਤਾਕਤਾਂ ਦੇ ਵਿਕਾਸ ਦੇ ਪਿੱਛੇ ਰਹਿ ਜਾਂਦਾ ਹੈ, ਅਤੇ ਪਿੱਛੇ ਰਹੇਗਾ ਵੀ, ਉੱਥੇ ਨਿਸ਼ਚੇ ਹੀ ਵਿਰੋਧਤਾਈਆਂ ਮੌਜੂਦ ਹਨ, ਅਤੇ ਮੌਜੂਦ ਹੋਣਗੀਆਂ। (ਸੋਵੀਅਤ ਯੂਨੀਅਨ ਵਿੱਚ ਸਮਾਜਵਾਦ ਦੀਆਂ ਆਰਥਿਕ ਸਮੱਸਿਆਵਾਂ)

ਜੇ ਇਹਨਾਂ ਸਮੱਸਿਆਵਾਂ ਨੂੰ ਅਣਦੇਖਿਆਂ ਕੀਤਾ ਗਿਆ ਜਿਵੇਂ ਕਿ ਯਾਰਾਸ਼ੇਨਕੋ ਕਰ ਰਿਹਾ ਸੀ, “ਤਾਂ ਪੈਦਾਵਾਰੀ ਸਬੰਧ ਪੈਦਾਵਾਰੀ ਤਾਕਤਾਂ ਹੋਰ ਅਗਲੇਰੇ ਵਿਕਾਸ ਵਿੱਚ ਗੰਭੀਰ ਰੁਕਾਵਟ ਬਣ ਸਕਦੇ ਹਨ।”

ਪਰ ਇਹ ਸਮਾਜਵਾਦੀ ਸਮਾਜ ਦੀਆਂ ਵਿਰੋਧਤਾਈਆਂ ਬਾਰੇ ਕੋਈ ਠੋਸ ਵਿਸ਼ਲੇਸ਼ਣ ਨਹੀਂ ਸੀ, ਇਹ ਇੱਕ ਅਮੂਰਤ ਨਤੀਜਾ ਸੀ। ਇਸਦੇ ਨਾਲ਼ ਹੀ ਉਹਨਾਂ ਦੇ ਆਪਣੇ ਚਿੰਤਨ ਵਿੱਚ ਮਸ਼ੀਨੀ ਪਦਾਰਥਵਾਦੀ ਭਟਕਾਅ ਸੀ, ਉਹ ਵਿਰੋਧੀਆਂ ਦੇ ਏਕੇ ਅਤੇ ਸੰਘਰਸ਼ ਦੇ ਬੁਨਿਆਦੀ ਨਿਯਮ ਨੂੰ ਪੂਰੀ ਤਰ੍ਹਾਂ ਨਾਲ਼ ਅਤੇ ਮੁੱਖ ਨਿਯਮ ਵਜੋਂ ਸਮਝਣ ਵਜੋਂ ਨਾਕਾਮ ਰਹੇ। ਵਿਰਾਸਤ ਵਿੱਚ ਮਿਲੀ ਸਮਾਜਵਾਦ ਦੀ ਅਰਥਵਾਦੀ ਸਮਝ ਅਤੇ ਚਿੰਤਨ ਵਿੱਚ ਮਸ਼ੀਨੀ ਪਦਾਰਥਵਾਦ ਦਾ ਭਟਕਾਅ ਉਹ ਅੰਤਰਮੁਖੀ ਕਾਰਨ ਬਣੇ ਜਿਹਨਾਂ ਕਾਰਨ ਸਤਾਲਿਨ ਸਮਾਜਵਾਦ ਦੇ ਸੰਗਰਾਂਦੀ ਦੌਰ ਦੀ ਉਹ ਸਮਝ ਤੱਕ ਪਹੁੰਚਣ ਵਿੱਚ ਨਾਕਾਮਯਾਬ ਰਹੇ ਜਿਸ ਤੱਕ ਬਾਅਦ ਵਿੱਚ ਮਾਓ ਪਹੁੰਚੇ। ਉਹ ਸਮਾਜਵਾਦ ਦੇ ਸੰਗਰਾਂਦੀ ਦੌਰ ਨੂੰ ਸਿਧਾਂਤਕ ਪੱਧਰ ‘ਤੇ ਸਮਝਣ ਵਿੱਚ ਨਾਕਾਮ ਰਹੇ, ਭਾਵੇਂ ਅਨੁਭਵਵਾਦੀ ਤਰੀਕੇ ਨਾਲ਼ ਸਮਾਜਵਾਦ ਦੌਰਾਨ ਆਉਂਦੀਆਂ ਸਮੱਸਿਆਵਾਂ ਅਤੇ ਰੁਕਾਵਟਾਂ ਨਾਲ਼ ਲੜਦੇ ਰਹੇ।

ਉਹ ਪੈਦਾਵਾਰੀ ਤਾਕਤਾਂ ਅਤੇ ਪੈਦਾਵਾਰੀ ਸਬੰਧਾਂ ਵਿਚਲੇ ਦਵੰਦਵਾਦੀ ਰਿਸ਼ਤੇ, ਅਤੇ ਅਧਾਰ ਅਤੇ ਉੱਚ-ਉਸਾਰ ਵਿੱਚ ਦਵੰਦਵਾਦੀ ਰਿਸ਼ਤਾ ਹੋਣ ਦੀ ਸਮਝ ਤੋਂ ਦੂਰ ਰਹੇ; ਆਧਾਰ ਤੇ ਉੱਚ-ਆਸਾਰ ਵਿੱਚੋਂ ਉਹਨਾਂ ਲਈ ਅਧਾਰ ਹੀ ਪ੍ਰਮੁੱਖ ਬਣਿਆ ਰਿਹਾ ਅਤੇ ਅਧਾਰ ਵਿੱਚ, ਪੈਦਾਵਾਰੀ ਤਾਕਤਾਂ ਅਤੇ ਪੈਦਾਵਾਰੀ ਸਬੰਧਾਂ ਵਿੱਚੋਂ ਉਹਨਾਂ ਦਾ ਮੁੱਖ ਜ਼ੋਰ ਪੈਦਾਵਾਰੀ ਤਾਕਤਾਂ ਉੱਤੇ ਰਿਹਾ। ਇਸ ਤੋਂ ਉਹ ਸਾਰੀਆਂ ਗੜਬੜਾਂ ਪੈਦਾ ਹੋਈਆਂ ਜੋ ਹੁਣ ਸਾਨੂੰ ਸੋਵੀਅਤ ਸਮਾਜਵਾਦ ਨੂੰ ਮੁੜ-ਦੇਖਦੇ ਹੋਏ ਦਿਖਾਈ ਦਿੰਦੀਆਂ ਹਨ।

ਪੈਦਾਵਾਰੀ ਤਾਕਤਾਂ ਵਿੱਚ ਵੀ ਉਹਨਾਂ ਦਾ ਮੁੱਖ ਜ਼ੋਰ ਮਨੁੱਖਾਂ ਉੱਤੇ ਨਹੀਂ, ਸਗੋਂ ਤਕਨੀਕ ਦੇ ਵਿਕਾਸ ਉੱਤੇ ਰਹਿੰਦਾ ਹੈ, ਉਹਨਾਂ ਅਨੁਸਾਰ “ਤਕਨੀਕ (ਤਿਆਰ ਮਸ਼ੀਨਾਂ ਅਤੇ ਵਿਗਿਆਨਕ ਮੁਹਾਰਤ) ਸਭ ਚੀਜ਼ਾਂ ਦਾ ਫੈਸਲਾ ਕਰਦੀ ਹੈ।” ਜਦੋਂ ਉਹ ਤਕਨੀਕ ਤੋਂ ਪਾਸੇ ਹੋ ਕੇ ਮਨੁੱਖਾਂ ਵੱਲ ਦੇਖਦੇ ਵੀ ਹਨ ਤਾਂ ਵੀ ਉਹ ਅਸਲ ਵਿੱਚ ਤਕਨੀਕ ਉੱਤੇ ਕੇਂਦਰਤ ਹੁੰਦੇ ਹਨ। “ਜਦੋਂ ਤਕਨੀਕ ਤਿਆਰ ਕਰ ਲਈ ਹੋਵੇ, ਤਾਂ ਸਾਨੂੰ ਅਜਿਹੇ ਆਦਮੀਆਂ ਦੀ ਲੋੜ ਹੈ ਜਿਹੜੇ ਉਸ ਤਕਨੀਕ ਨੂੰ ਪੂਰੀ ਤਰ੍ਹਾਂ ਵਰਤ ਸਕਦੇ ਹੋਣ…” ਸਿਰਫ ਇੰਨਾਂ ਅਰਥਾਂ ਵਿੱਚ ਹੀ ਉਹ ਇਹ ਕਹਿੰਦੇ ਹਨ ਕਿ “ਇਸ ਲਈ ਪੁਰਾਣੇ ਨਾਹਰੇ ‘ਤਕਨੀਕ ਹਰ ਗੱਲ ਦਾ ਫੈਸਲਾ ਕਰਦੀ ਹੈ’ ਦੀ ਥਾਂ ਸਾਨੂੰ ਨਾਹਰਾ ਦੇਣਾ ਚਾਹੀਦਾ ਹੈ  ‘ਕਾਡਰ ਸਭ ਚੀਜ਼ਾਂ ਦਾ ਫੈਸਲਾ ਕਰਦੇ ਹਨ।”78

ਸਤਾਲਿਨ ਨੇ ਜਮਾਤਾਂ ਦੀ ਹੋਂਦ ਬਾਰੇ ਵੀ ਗਲਤ ਸਮਝ ਬਣਾਈ, 1936 ਵਿੱਚ ਜਦੋਂ ਸੋਵੀਅਤ ਯੂਨੀਅਨ ਵਿੱਚ ਕਾਨੂੰਨੀ ਰੂਪ ਵਿੱਚ ਨਿੱਜੀ ਜਾਇਦਾਦ ਦਾ ਖਾਤਮਾ ਹੋ ਜਾਂਦਾ ਹੈ ਤਾਂ ਸਤਾਲਿਨ ਇਸਨੂੰ ਜਮਾਤਾਂ ਦਾ ਖਾਤਮਾ ਸਮਝ ਲੈਂਦੇ ਹਨ। ਇਸ ਲਈ ਉਹਨਾਂ ਲਈ ਸਮਾਜਵਾਦੀ ਸਮਾਜ ਅੰਦਰ ਜਮਾਤੀ ਸੰਘਰਸ਼ ਦੇ ਮੌਜੂਦ ਹੋਣ ਦਾ ਸਵਾਲ ਹੀ ਖਤਮ ਹੋ ਜਾਂਦਾ ਹੈ। ਜਮਾਤੀ ਸੰਘਰਸ਼ ਦੇ ਖਤਮ ਹੋ ਜਾਣ ਦੇ ਨਤੀਜੇ ਨੇ ਸਮਾਜਵਾਦੀ ਸਮਾਜ ਵਿੱਚ ਲੋਕਾਂ ਦਰਮਿਆਨ ਵਿਰੋਧਤਾਈਆਂ ਨੂੰ ਸਮਝਣ, ਅਤੇ ਹੱਲ ਕਰਨ ਦਾ ਸਵਾਲ ਵੀ ਖਤਮ ਕਰ ਦਿੱਤਾ। ਸਿੱਟੇ ਵਜੋਂ, ਉਹ ਲੋਕਾਂ ਵਿਚਾਲੇ ਵਿਰੋਧਤਾਈਆਂ ਨੂੰ ਦੁਸ਼ਮਣਾਨਾ ਤੇ ਗੈਰ-ਦੁਸ਼ਮਣਾਨਾ ‘ਚ ਵੰਡ ਕੇ ਨਹੀਂ ਦੇਖ ਸਕੇ। ਵਿਰੋਧਤਾਈਆਂ ਦੀ ਗਲਤ ਸਮਝ ਉਹਨਾਂ ਨੂੰ ਨਜਿੱਠਣ ਦੇ ਗਲਤ ਤਰੀਕਿਆਂ ‘ਚ ਪ੍ਰਗਟ ਹੋਈ, ਜਿਸ ਕਾਰਨ ਜ਼ਿਆਦਤੀਆਂ ਹੋਈਆਂ। ਇਸੇ ਕਾਰਨ ਜਮਾਤੀ ਸੰਘਰਸ਼ ਨੂੰ ਠੀਕ ਤਰੀਕੇ ਨਾਲ਼ ਚਲਾਇਆ ਵੀ ਨਹੀਂ ਜਾ ਸਕਿਆ। ਜਿਵੇਂ ਕਿ ਅਸੀਂ ਪਹਿਲਾਂ ਦੇਖਿਆ ਹੈ ਕਿ ਪਾਰਟੀ ਤੇ ਸਰਕਾਰ ਵਿੱਚ ਨੌਕਰਸ਼ਾਹੀ ਦੀ ਸਮੱਸਿਆ ਬਾਰੇ ਸਤਾਲਿਨ 1928 ‘ਚ ਹੀ ਡੂੰਘਾਈ ਨਾਲ਼ ਸੋਚ ਰਹੇ ਸਨ। ਆਪਣੇ ਲੇਖ “ਹੇਠਾਂ ਤੋਂ ਜਨਤਕ ਅਲੋਚਨਾ ਜਥੇਬੰਦ ਕਰੋ” ਵਿੱਚ ਸਤਾਲਿਨ ਨੇ ਇਸ ਨਾਲ਼ ਨਜਿੱਠਣ ਲਈ ਹੇਠੋਂ ਅਲੋਚਨਾ ਭਾਵ ਆਮ ਲੋਕਾਂ ਨੂੰ ਜਥੇਬੰਦ ਕਰਕੇ ਨੌਕਰਸ਼ਾਹਾਂ ਖਿਲਾਫ ਸੰਘਰਸ਼ ਵਿੱਢਣ ‘ਤੇ ਜ਼ੋਰ ਦਿੱਤਾ। ਪਰ ਅਜਿਹਾ ਸਮਝਣ ਦੇ ਬਾਵਜੂਦ ਸਤਾਲਿਨ ਦੇ ਕਾਲ ‘ਚ ਨੌਕਰਸ਼ਾਹਾਂ ਖਿਲਾਫ ਲੋਕ-ਲਹਿਰਾਂ ਨਹੀਂ ਜਥੇਬੰਦ ਕੀਤੀਆਂ ਗਈਆਂ ਸਗੋਂ ਹਰ ਵਾਰ ਜਦੋਂ ਨੌਕਰਸ਼ਾਹੀ ਤੇ ਉਲਟ-ਇਨਕਲਾਬੀਆਂ ਦੇ ਖਤਰੇ ਨੇ ਸਿਰ ਚੁੱਕਿਆ ਤੇ ਇਹਨਾਂ ਖਿਲਾਫ਼ ਮੁਹਿੰਮ ਵਿੱਢੀ ਗਈ ਤਾਂ ਉਹਨਾਂ ਨਾਲ਼ ਪ੍ਰਸ਼ਾਸਨਿਕ ਤਰੀਕਿਆਂ ਰਾਹੀਂ ਹੀ ਨਿਪਟਿਆ ਗਿਆ। ਪ੍ਰਸ਼ਾਸਨਿਕ ਤਰੀਕਿਆਂ ਰਾਹੀਂ ਨੌਕਰਸ਼ਾਹੀ ਨਾਲ਼ ਕਦੇ ਵੀ ਨਜਿੱਠਿਆ ਨਹੀਂ ਜਾ ਸਕਦਾ, ਜਿਸ ਕਾਰਨ ਨੌਕਰਸ਼ਾਹੀ ਪਾਰਟੀ ਤੇ ਸਰਕਾਰ ‘ਚ ਆਪਣੀਆਂ ਜੜ੍ਹਾਂ ਪੱਕਿਆਂ ਕਰਦੀ ਗਈ ਤੇ ਸਤਾਲਿਨ ਦੀ ਮੌਤ ਤੋਂ ਬਾਅਦ ਪਾਰਟੀ ਦੀ ਅਗਵਾਈ ਹਥਿਆਉਣ ‘ਚ ਕਾਮਯਾਬ ਹੋ ਗਈ।

ਉਹਨਾਂ ਅਨੁਸਾਰ, ਜਦੋਂ ਕੋਈ ਆਰਥਿਕ ਅਧਾਰ ਖਤਮ ਹੋ ਜਾਂਦਾ ਹੈ ਤਾਂ ਉਸ ਅਨੁਸਾਰੀ ਉੱਚ-ਉਸਾਰ ਵੀ ਖਤਮ ਹੋ ਜਾਂਦਾ ਹੈ। ਉਹ ਸਮਾਜ ਵਿੱਚ ਤੇ ਪਾਰਟੀ ਵਿੱਚ ਬੁਰਜੂਆ ਵਿਚਾਰਾਂ ਦੇ ਪ੍ਰਭਾਵ ਨੂੰ ਨਹੀਂ ਦੇਖ ਸਕੇ ਅਤੇ ਨਾ ਹੀ ਨਵੀਂ ਬੁਰਜੂਆਜ਼ੀ ਦੇ ਪੈਦਾ ਹੋਣ ਦੇ ਸ੍ਰੋਤ ਨੂੰ ਪਛਾਣ ਸਕੇ। ਉਹ ਇਹ ਨਹੀਂ ਸਮਝ ਸਕੇ ਕਿ ਸਮਾਜਵਾਦ ਦੌਰਾਨ ਤਿੰਨ ਵੱਡੇ ਪਾੜੇ – ਸਨਅੱਤ ਤੇ ਖੇਤੀ ਵਿਚਕਾਰ ਪਾੜਾ, ਪਿੰਡ ਤੇ ਸ਼ਹਿਰ ਵਿਚਕਾਰ ਪਾੜਾ ਅਤੇ ਦਿਮਾਗੀ ਕਿਰਤ ਤੇ ਸਰੀਰਕ ਕਿਰਤ ਵਿਚਕਾਰ ਪਾੜਾ – ਬਣੇ ਰਹਿੰਦੇ ਹਨ। ਜਿੰਨਾ ਚਿਰ ਇਹ ਪਾੜੇ ਬਣੇ ਰਹਿੰਦੇ ਹਨ, ਬੁਰਜੂਆ ਵਿਚਾਰਾਂ ਦੇ ਪਨਪਣ ਦੀ ਜਮੀਨ ਬਣੀ ਰਹਿੰਦੀ ਹੈ ਤੇ ਸਰਮਾਏਦਾਰੀ ਮੁੜ-ਬਹਾਲੀ ਦਾ ਖਤਰਾ ਬਣਿਆ ਰਹਿੰਦਾ ਹੈ। ਇਹ ਸਾਰਾ ਕੁਝ ਮਾਓ ਹੀ ਸਮਝ ਸਕੇ, ਉਹ ਵੀ ਸ਼ਾਇਦ ਇਸ ਕਰਕੇ ਕਿ ਉਹਨਾਂ ਸਾਹਮਣੇ ਸੋਵੀਅਤ ਯੂਨੀਅਨ ਦਾ ਸਮਾਜਵਾਦੀ ਤਜ਼ਰਬਾ ਅਤੇ ਉੱਥੇ ਮੁੜ-ਬਹਾਲੀ ਦਾ ਤਜ਼ਰਬਾ ਮੌਜੂਦ ਸੀ ਅਤੇ ਸੋਵੀਅਤ ਯੂਨੀਅਨ ਦੇ ਮੁਕਾਬਲੇ ਘੱਟ ਮੁਸ਼ਕਿਲ ਕੌਮਾਂਤਰੀ ਹਾਲਤ ਸਨ।

ਇੱਕ ਹੋਰ ਨਤੀਜਾ ਜੋ ਇਸ ਗਲਤ ਸਮਝ ਕਾਰਨ ਸਾਹਮਣੇ ਆਇਆ, ਉਹ ਇਹ ਸੀ ਕਿ ਸਤਾਲਿਨ ਸਰਮਾਏਦਾਰਾ ਮੁੜ-ਬਹਾਲੀ ਲਈ ਬਾਹਰੋਂ ਹਮਲੇ ਭਾਵ ਸਾਮਰਾਜੀ ਹਮਲੇ ਨੂੰ ਮੁੱਖ ਕਾਰਕ ਸਮਝਦੇ ਸਨ, ਨਾ ਕਿ ਅੰਦਰੂਨੀ ਕਾਰਕਾਂ ਨੂੰ। ਸੋਵੀਅਤ ਸਮਾਜ ਦੇ ਅੰਦਰ ਹੀ ਬੁਰਜੂਆਜ਼ੀ ਦੇ ਪੈਦਾ ਹੋਣ ਤੇ ਉਸ ਦੁਆਰਾ ਸੱਤ੍ਹਾ ਹਥਿਆ ਕੇ ਸਰਮਾਏਦਾਰਾ ਰਾਹ ਫੜ ਲੈਣ ਦੀ ਸੰਭਾਵਨਾ ਵੱਲ ਜ਼ੋਰ ਨਹੀਂ ਦਿੱਤਾ ਗਿਆ, ਇਸ ਲਈ ਜੋ ਵੀ ਕੀਤਾ ਗਿਆ ਉਹ ਅਨੁਭਵਵਾਦੀ ਤਰੀਕੇ ਨਾਲ਼ ਕੀਤਾ ਗਿਆ, ਨਾ ਕਿ ਕੋਈ ਸਿਧਾਂਤਕ ਨੀਤੀ ਦੁਆਰਾ। ਹਰ ਉਲਟ-ਇਨਕਲਾਬੀ ਸਾਜਿਸ਼ ਜਾਂ ਕਾਰਵਾਈ ਜਾਂ ਪ੍ਰਗਟਾਅ ਨੂੰ ਸਾਮਰਾਜੀ ਸਾਜਿਸ਼ ਸਮਝਿਆ ਗਿਆ ਨਾ ਕਿ ਸੋਵੀਅਤ ਸਮਾਜ ਅੰਦਰ ਚੱਲ ਰਹੇ ਜਮਾਤੀ ਸੰਘਰਸ਼ ਦਾ ਪ੍ਰਗਟਾਅ। ਕਿਉਂਕਿ ਖਤਰਾ ਮੁੱਖ ਤੌਰ ‘ਤੇ ਬਾਹਰੀ ਸਾਜਿਸ਼ ਸਮਝਿਆ ਜਾਂਦਾ ਰਿਹਾ, ਇਹ ਵੀ ਉਲਟ-ਇਨਕਲਾਬੀਆਂ ਤੇ ਨੌਕਰਸ਼ਾਹਾਂ ਨਾਲ਼ ਨਜਿੱਠਣ ਸਮੇਂ ਲੋਕ ਲਹਿਰਾਂ ਖੜੀਆਂ ਕਰਨ ਦੀ ਥਾਂ ਪ੍ਰਸ਼ਾਸਨਿਕ ਤਰੀਕਿਆਂ ‘ਤੇ ਜ਼ੋਰ ਹੋਣ ਦਾ ਇੱਕ ਕਾਰਨ ਬਣਿਆ। ਪ੍ਰਸ਼ਾਸਨਿਕ ਤਰੀਕਿਆਂ ‘ਤੇ ਜ਼ਿਆਦਾ ਜ਼ੋਰ ਹੋਣ ਕਾਰਨ ਰਾਜ ਦੇ ਕੰਮਾਂ ‘ਚ ਲੋਕਾਂ ਦੀ ਭਾਈਵਾਲੀ ਵਧਾਉਣ ਅਤੇ ਜ਼ਿਆਦਾ ਤੋਂ ਜ਼ਿਆਦਾ ਹੱਦ ਤੱਕ ਰਾਜਕੀ ਕੰਮਾਂ ਨੂੰ ਲੋਕਾਂ ਦੀ ਨਿਗਰਾਨੀ ਹੇਠ ਲਿਆਉਣ ਦਾ ਕੰਮ ਬਹੁਤ ਪਛੜਿਆ ਰਿਹਾ। ਸਫ਼ਾਂ ਵਿੱਚ ਅਤੇ ਆਮ ਲੋਕਾਈ ਵਿੱਚ ਇਨਕਲਾਬੀ ਚੌਕਸੀ ਵਿਕਸਤ ਨਹੀਂ ਕੀਤੀ ਜਾ ਸਕੀ। ਹੁਣ ਇਹ ਸਾਹਮਣੇ ਆ ਰਿਹਾ ਹੈ ਕਿ ਨੌਕਰਸ਼ਾਹੀ ਤੇ ਸਰਮਾਏਦਾਰਾ ਰਾਹੀਏ ਪਾਰਟੀ ਤੇ ਸਰਕਾਰੀ ਤੰਤਰ ‘ਚ ਵਿਆਪਕ ਰਸੂਖ ਰੱਖਦੇ ਸਨ ਅਤੇ ਬਹੁਤ ਵਾਰੀ ਪਾਰਟੀ ਦੇ ਫੈਸਲੇ ਲਾਗੂ ਵੀ ਨਹੀਂ ਕਰਦੇ ਸਨ ਜਾਂ ਗਲਤ ਢੰਗ ਨਾਲ਼ ਲਾਗੂ ਕਰਦੇ ਸਨ, ਜਿਸਨੂੰ “ਲਾਲ ਝੰਡੇ ਨੂੰ ਹਰਾਉਣ ਲਈ ਲਾਲ ਝੰਡਾ ਵਧੇਰੇ ਜ਼ੋਰ ਨਾਲ਼ ਲਹਿਰਾਉਣਾ” ਕਿਹਾ ਜਾਂਦਾ ਹੈ।  ਇਸ ਕਾਰਨ ਇਹਨਾਂ ਦੇ ਕਾਰਨਾਮਿਆਂ ਦਾ ਕਲੰਕ ਵੀ ਸਮੁੱਚੀ ਪਾਰਟੀ ਤੇ ਸਤਾਲਿਨ ‘ਤੇ ਲੱਗਿਆ। ਇਸਦਾ ਇਹ ਮਤਲਬ ਨਹੀਂ ਕਿ ਸਤਾਲਿਨ ਤੇ ਪਾਰਟੀ ਦੇ ਮੋਹਰੀ ਆਗੂਆਂ ਨੂੰ ਨੌਕਰਸ਼ਾਹੀ ਅਤੇ ਸਰਮਾਏਦਾਰਾ ਰਾਹੀਆਂ ਦੇ ਪਾਰਟੀ ਵਿੱਚ ਪ੍ਰਭਾਵ ਦਾ ਪਤਾ ਨਹੀਂ ਸੀ, ਉਹਨਾਂ ਨੂੰ ਭਲੀਭਾਂਤ ਪਤਾ ਸੀ, ਪਰ ਸਵਾਲ ਨਜਿੱਠਣ ਦਾ ਸੀ ਜਿਸ ਨੂੰ ਹੱਲ ਕਰਨ ਵਿੱਚ ਉਹ ਨਾਕਾਮਯਾਬ ਰਹੇ।

ਪਰ ਇਹ ਵੀ ਸੱਚ ਹੈ ਕਿ ਸਤਾਲਿਨ ਦੀਆਂ ਗਲਤੀਆਂ ਦੇ ਮੁਕਾਬਲੇ ਉਹਨਾਂ ਦਾ ਯੋਗਦਾਨ ਕਿਤੇ ਜ਼ਿਆਦਾ ਵੱਡਾ ਹੈ। ਇਹ ਸਤਾਲਿਨ ਹੀ ਸਨ ਜਿਸਨੇ ਲੈਨਿਨ ਦੀ ਮੌਤ ਤੋਂ ਬਾਅਦ ਗੈਰ-ਲੈਨਿਨਵਾਦੀ ਧਾਰਾਵਾਂ ਨੂੰ ਹਰਾਇਆ। ਇਹ ਸਤਾਲਿਨ ਹੀ ਸਨ ਜੋ ਸੋਵੀਅਤ ਯੂਨੀਅਨ ‘ਚ ਸਮਾਜਵਾਦ ਦੀ ਉਸਾਰੀ ਦੀ ਪੋਜ਼ੀਸ਼ਨ ‘ਤੇ ਉਦੋਂ ਵੀ ਡਟੇ ਰਹੇ ਜਦੋਂ ਬਹੁਤੇ “ਪੁਰਾਣੇ ਬਾਲਸ਼ਵਿਕ” ਇਸ ਰਾਹ ਤੋਂ ਥਿੜਕ ਗਏ ਸਨ। ਇਹ ਸਤਾਲਿਨ ਹੀ ਸਨ ਜਿਹਨਾਂ ਨੇ ਸਮਾਜਵਾਦ ਦੀ ਉਸਾਰੀ ਨੂੰ ਅੱਗੇ ਵਧਾਇਆ, ਪੰਜ-ਸਾਲਾਂ ਯੋਜਨਾਵਾਂ ਸ਼ੁਰੂ ਕੀਤੀਆਂ ਤੇ ਦੁਨੀਆਂ ਦਾ ਪਹਿਲਾ ਸਮਾਜਵਾਦੀ ਰਾਜ ਕਾਇਮ ਕੀਤਾ। ਇਹ ਸਤਾਲਿਨ ਹੀ ਸਨ ਜਿਹਨਾਂ ਦੀ ਅਗਵਾਈ ਥੱਲੇ ਤਬਾਹ-ਬਰਬਾਦ ਮੁਲਕ ਦੁਨੀਆਂ ਦੀ ਦੂਜੀ ਵੱਡੀ ਤਾਕਤ ਬਣ ਕੇ ਉੱਭਰਿਆ, ਉਹ ਵੀ ਸੰਸਾਰ ਜੰਗ ਦੀ ਤਬਾਹੀ ਨੂੰ ਝਲਦੇ ਹੋਏ ਤੇ ਆਪਣੇ ਦਮ ‘ਤੇ। ਇਹ ਸਤਾਲਿਨ ਹੀ ਸਨ ਜਿਹਨਾਂ ਦੀ ਅਗਵਾਈ ਹੇਠ ਸੋਵੀਅਤ ਯੂਨੀਅਨ ਨੇ ਨਾਜ਼ੀ ਜੰਗੀ ਮਸ਼ੀਨ ਤਬਾਹ ਕੀਤੀ ਤੇ ਦੁਨੀਆਂ ਨੂੰ ਫਾਸੀਵਾਦੀ ਖਤਰੇ ਤੋਂ ਬਚਾਇਆ, ਹਿਟਲਰ ਸੋਵੀਅਤ ਯੂਨੀਅਨ ਨੂੰ ਜਿੱਤਣ ਤੋਂ ਬਾਅਦ ਕੀ ਕਰਦਾ ਅੱਜ ਇਸ ਬਾਰੇ ਸਿਰਫ ਸੋਚਿਆ ਹੀ ਜਾ ਸਕਦਾ ਹੈ।

ਮਸਲੇ ਹੋਰ ਵੀ ਕਈ ਹਨ ਜਿਵੇਂ ਸਪੇਨ ਦੀ ਘਰੇਲੂ ਜੰਗ ਵਿੱਚ ਸੋਵੀਅਤਾਂ ਅਤੇ ਸਾਮਰਾਜੀਆਂ ਦੀ ਭੂਮਿਕਾ, ਯੂਨਾਨ ਦੀਆਂ ਘਟਨਾਵਾਂ ‘ਚ ਸਤਾਲਿਨ ਦਾ ਰੋਲ, ਚੀਨੀ ਇਨਕਲਾਬ ਵਿੱਚ ਸਤਾਲਿਨ ਦਾ ਰੋਲ ਆਦਿ, ਪਰ ਇਹ ਮੁੱਦੇ ਫਿਲਹਾਲ ਬਹਿਸ ਦੇ ਦਾਇਰੇ ਤੋਂ ਬਾਹਰ ਹਨ। ਇਸ ਤੋਂ ਇਲਾਵਾ ਸਤਾਲਿਨ ਦੀ ਸ਼ਖਸੀਅਤ ਬਾਰੇ ਤਰ੍ਹਾਂ-ਤਰ੍ਹਾਂ ਦੇ “ਅਨੁਵੰਸ਼ਿਕ”, “ਨਸਲੀ” ਅਧਾਰ ਅਤੇ “ਗਰੀਬ-ਮਜਦੂਰ” ਪਿੱਠਭੂਮੀ ਨੂੰ ਅਧਾਰ ਬਣਾ ਕੇ ਜੋ ਕੁਝ ਪ੍ਰਚਾਰ-ਪ੍ਰਾਪੇਗੰਡਾ ਤ੍ਰਾਤਸਕੀ ਤੇ ਬੁਰਜੂਆ ਪ੍ਰਚਾਰ-ਤੰਤਰ ਕਰਦਾ ਹੈ, ਉਸਦੀ “ਵਿਗਿਆਨਕਤਾ” ‘ਚ ਇੰਨੀ “ਵਿਗਿਆਨਕਤਾ” ਨਹੀਂ ਹੈ ਕਿ ਉਸ ਉੱਤੇ ਸਮਾਂ ਖਰਾਬ ਕੀਤਾ ਜਾਵੇ। ਵੈਸੇ ਵੀ “ਸ਼ਖਸੀ-ਵਿਸ਼ਲੇਸ਼ਣ” ਉਸ ਆਦਮੀ ਕੋਲ ਬਚਿਆ ਆਖਰੀ ਹਥਿਆਰ ਹੁੰਦਾ ਹੈ ਜਿਸ ਕੋਲ ਹਰ ਤਰ੍ਹਾਂ ਦੀ ਦਲੀਲ ਖਤਮ ਹੋ ਜਾਂਦੀ ਹੈ ਅਤੇ ਅਜਿਹੇ ਹਾਰੇ ਭਗੌੜੇ “ਸ਼ਖਸੀ-ਵਿਸ਼ਲੇਸ਼ਣ” ਦੇ ਪਰਦੇ ਹੇਠ ਨਿੱਜੀ ਚਿੱਕੜ-ਉਛਾਲੀ ਹੀ ਕਰਦੇ ਹਨ, ਇਸਦਾ ਜਵਾਬ ਸਤਾਲਿਨ ਨੇ ਆਪਣੇ ਸਮੇਂ ਵੀ ਨਹੀਂ ਸੀ ਦਿੱਤਾ ਕਿਉਂਕਿ ਅਮਲਾਂ ‘ਚ ਤੁਹਾਡੀ ਸਿਆਸਤ ਕੀ ਹੈ, ਜਮਾਤੀ ਪੋਜ਼ੀਸ਼ਨ ਕੀ ਹੈ, ਇਹੀ ਸਭ ਕੁਝ ਤੈਅ ਕਰਨ ਵਾਲਾ ਪੈਮਾਨਾ ਹੁੰਦਾ ਹੈ ਅਤੇ ਇਹੀ ਉਹ ਪੈਮਾਨਾ ਹੈ ਜਿਸ ਤੋਂ ਸਰਮਾਏਦਾਰਾ ਚਾਕਰ, ਨਿੱਕ-ਬੁਰਜੂਆ ਬੁੱਧੀਜੀਵੀ, ਤ੍ਰਾਤਸਕੀ ਤੇ ਉਹਦੇ ਪੈਰੋਕਾਰ ਸਭ ਤੋਂ ਜ਼ਿਆਦਾ ਡਰਦੇ ਹਨ। ਅੰਤ ਵਿੱਚ, ਸਤਾਲਿਨ ਆਪਣੀਆਂ ਗਲਤੀਆਂ ਤੇ ਕਮਜ਼ੋਰੀਆਂ ਦੇ ਬਾਵਜੂਦ, ਮਜਦੂਰ ਜਮਾਤ ਤੇ ਕਿਰਤੀ ਲੋਕਾਂ ਦੇ ਮਹਾਨ ਨੇਤਾ ਸਨ, ਇਹੀ ਕਾਰਨ ਹੈ ਕਿ ਜਦੋਂ ਸੋਵੀਅਤ ਯੂਨੀਅਨ ਦੇ ਟੁੱਟਣ ਤੋਂ ਬਾਅਦ ਬੁਰਜੂਆ “ਅਜ਼ਾਦੀ” ਦੀ ਅਸਲੀਅਤ ਸਾਹਮਣੇ ਆਈ ਤਾਂ ਲੋਕ ਫਿਰ ਤੋਂ ਲੈਨਿਨ-ਸਤਾਲਿਨ ਦੇ ਪੋਸਟਰ ਲੈ ਕੇ ਸੜਕਾਂ ‘ਤੇ ਹਨ, ਸਤਾਲਿਨ ਨੂੰ ਰੂਸ ਦੇ ਤੀਜੇ ਸਭ ਤੋਂ ਹਰਮਨ-ਪਿਆਰੇ ਨੇਤਾ ਵਜੋਂ ਚੁਣਿਆ ਗਿਆ ਅਤੇ ਇੱਥੋਂ ਤੱਕ ਕਿ ਮੌਜੂਦਾ ਰੂਸੀ ਸਰਮਾਏਦਾਰਾ ਨਿਜ਼ਾਮ ਵੀ ਸਤਾਲਿਨ ਦੇ ਨਾਮ ਨੂੰ ਕੈਸ਼ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਤਮਾਮ ਕੋਸ਼ਿਸ਼ਾਂ ਦੇ ਬਾਵਜੂਦ, ਸਰਮਾਏਦਾਰੀ ਨੂੰ ਅੱਜ ਵੀ ਕਮਿਊਨਿਜ਼ਮ ਦਾ ਅਤੇ ਕਮਿਊਨਿਸਟ ਆਗੂਆਂ ਦਾ “ਭੂਤ” ਓਨਾ ਹੀ ਡਰਾ ਰਿਹਾ ਹੈ, ਜਿੰਨਾ ਮਾਰਕਸ ਦੇ “ਕਮਿਊਨਿਸਟ ਮੈਨੀਫੈਸਟੋ” ਲਿਖਣ ਵੇਲੇ ਸਤਾ ਰਿਹਾ ਸੀ!

[ਇਹ ਪਰਚਾ 10-14 ਮਾਰਚ, 2014 ਨੂੰ ਇਲਾਹਾਬਾਦ ਵਿਖੇ ‘ਸਮਾਜਵਾਦੀ ਸੰਗਰਾਂਦੀ ਦੌਰ ਦੀਆਂ ਸਮੱਸਿਆਵਾਂ’ ਵਿਸ਼ੇ ‘ਤੇ ਹੋਏ ਪੰਜਵੇਂ ਅਰਵਿੰਦ ਯਾਦਗਾਰੀ ਸੈਮੀਨਾਰ ਵਿੱਚ ਪੜ੍ਹਿਆ ਗਿਆ ਸੀ]

ਹਵਾਲੇ

1. ਤ੍ਰਾਤਸਕੀ, ਮਾਈ ਲਾਈਫ, Pathfinder Press, NewYork, 1970, ਸਫਾ 512, ਲਿਉਡੋ ਮਾਰਟਨਜ਼ ਵੱਲੋਂ ਹਵਾਲਾ, ਸਫਾ 19
2. ਤ੍ਰਾਤਸਕੀ, ਰੂਸੀ ਇਨਕਲਾਬ ਦਾ ਇਤਿਹਾਸ, ਭਾਗ-3, ਅੰਤਿਕਾ-1, ਇੰਟਰਨੈੱਟ ਐਡੀਸ਼ਨ
3. ਸਤਾਲਿਨ, ‘ਲੈਨਿਨਵਾਦ ਜਾਂ ਤ੍ਰਾਤਸਕੀਵਾਦ’ ਵਿੱਚੋਂ
4. ਇਆਨ ਗ੍ਰੇਅ, ਸਤਾਲਿਨ  ਮੈਨ ਆਫ ਹਿਸਟਰੀ, ਸਫਾ 159, ਲਿਉਡੋ ਮਾਰਟਨਜ਼, ‘ਅਨਦਰ ਵਿਊ ਆਫ ਸਤਾਲਿਨ’ (ਇੰਟਰਨੈੱਟ ਐਡੀਸ਼ਨ, ਪੀਡੀਐਫ) ਵਿੱਚ ਦਿੱਤਾ ਹਵਾਲਾ, ਸਫਾ 25। (ਇਸ ਤੋਂ ਬਾਅਦ ਜਿੱਥੇ ਵੀ ਲਿਉਡੋ ਮਾਰਟਨਜ਼ ਦਾ ਹਵਾਲਾ ਦਿੱਤਾ ਜਾਂਦਾ ਹੈ, ਉੱਥੇ ਉਸਦਾ ਮਤਲਬ ਲਿਉਡੋ ਮਾਰਟਨਜ਼, “1nother View of Stalin” ਹੀ ਲਿਆ ਜਾਵੇ)
5. ਲੈਨਿਨ, 3losing Speech On “he Political Report Of “he 3entral 3ommittee Of “he R.3.P.(2.) March ੨੮, https://www.marxists.org/archive/lenin/works/੧੯੨੨/mar/੨੭.htm
6. ਤ੍ਰਾਤਸਕੀ: ‘ਈਸਟਮੈਨ ਦੀ ਕਿਤਾਬ ਸਿਨਸ ਲੈਨਿਨ ਡਾਈਡ ਬਾਰੇ’, ਬਾਲਸ਼ਵਿਕ 16; 1 ਸਤੰਬਰ, 1925, ਸਫਾ 68, ਗਰੋਵਰ ਫਰ ਵੱਲੋਂ ਆਪਣੀ ਕਿਤਾਬ ‘ਖਰੁਸ਼ਚੇਵ ਲਾਈਡ’ ਵਿੱਚ ਹਵਾਲਾ, ਅੰਗਰੇਜ਼ੀ ਤੋਂ ਅਨੁਵਾਦ ਸਾਡਾ, ਜ਼ੋਰ ਸਾਡਾ। ਵਿਸਥਾਰ ਲਈ ਦੇਖੋ: ਤ੍ਰਾਤਸਕੀ, ਲਿਉਨ, “ ‘ਤ੍ਰਾਤਸਕੀ ਦੁਆਰਾ’ ਦੋ ਬਿਆਨ”। “ਖੱਬੇ ਵਿਰੋਧੀ ਦਲ ਦੀ ਚੁਣੌਤੀ (1923-25)”, ਸਫਾ 310
7. Lenn, Letter to the 3ongress, https://www.marxists.org/archive/lenin/works/੧੯੨੨/dec/testamnt/congress.htm
8. ਲੈਨਿਨ, ਏਨੇਸਾ ਆਰਮਾਂ ਨੂੰ ਚਿੱਠੀ, 19 ਫਰਵਰੀ, 1917
9. ਤ੍ਰਾਤਸਕੀ, ਮਾਈ ਲਾਈਫ, Pathfinder Press, NewYork, 1970, ਸਫਾ 479-480
10. ਮਾਰਟਿਨ ਨਿਕੋਲਸ, ਸੋਵੀਅਤ ਸੰਘ ਵਿੱਚ ਸਰਮਾਏਦਾਰਾ ਮੁੜ-ਬਹਾਲੀ (ਹਿੰਦੀ), ਰਾਹੁਲ ਫਾਊਂਡੇਸ਼ਨ, ਸਫਾ 22
11. ਲੈਨਿਨ, ਸਮੁੱਚੀਆਂ ਲਿਖਤਾਂ (ਅੰਗਰੇਜ਼ੀ ਛਾਪ), ਸੈਂਚੀ 33, ਸਫਾ 65; ਮਾਰਟਿਨ ਨਿਕੋਲਸ ਵੱਲੋਂ ਉਪਰੋਕਤ ਵਿੱਚ ਹਵਾਲਾ, ਸਫਾ 23
12. ਮੌਰਿਸ ਡਾਬ, Soviet 5conomic 4evelopment since ੧੯੧੭, Routledge * Kegan Paul Ltd., 1949, 150
13. ਲੈਨਿਨ, “ਸੰਯੁਕਤ ਰਾਜ ਅਮਰੀਕਾ ਦੇ ਨਾਹਰੇ ਬਾਰੇ”, 23 ਅਗਸਤ, 1915, ਜ਼ੋਰ ਸਾਡਾ
14. LLeon “rotsky, “he Program of Peace, ੧੯੧੫-੧੬, in Nashe Slovo
http://www.marxists.org/history/etol/newspape/fi/vol੦੫/no੦੯/trotsky.htm
15. ਤ੍ਰਾਤਸਕੀ, “ਰੂਸੀ ਇਨਕਲਾਬ ਦਾ ਇਤਿਹਾਸ”, ਖੰਡ-3 ਦੀ ਅੰਤਿਕਾ
16. ਤ੍ਰਾਤਸਕੀ, “ਲੈਨਿਨ ਤੋਂ ਬਾਅਦ ਤੀਜੀ ਇੰਟਰਨੈਸ਼ਨਲ”, 1928, http://www.marxists.org/archive/trotsky/੧੯੨੮/੩rd/ti੦੩.htm#p੧-੦੮)
17. ਸਤਾਲਿਨ, ‘ਲੈਨਿਨਵਾਦ ਦੀਆਂ ਸਮੱਸਿਆਵਾਂ’, ਅੰਗਰੇਜ਼ੀ ਛਾਪ, ਪੀਕਿੰਗ, 1976, ਸਫਾ 208
18.   ਈ.ਐਚ. ਕਾਰ,   6oundations of a Planned 5conomy, vol. ੨, NewYork: “he MacMillan 3ompany, ੧੯੭੧, p੭, 10-12, 20; ਲਿਉਡੋ ਮਾਰਟਨਜ਼ ਵੱਲੋਂ ਹਵਾਲਾ, ਸਫਾ 126
19. ਉਪਰੋਕਤ, 28-29, ਲਿਉਡੋ ਮਾਰਟਨਜ਼ ਵੱਲੋਂ ਹਵਾਲਾ, ਸਫਾ 126
20. ਉਪਰੋਕਤ, 42, ਲਿਉਡੋ ਮਾਰਟਨਜ਼ ਵੱਲੋਂ ਹਵਾਲਾ, ਸਫਾ 127
21. ਉਪਰੋਕਤ, 60, ਲਿਉਡੋ ਮਾਰਟਨਜ਼ ਵੱਲੋਂ ਹਵਾਲਾ, ਸਫਾ 127
22. ਉਪਰੋਕਤ, 67, ਲਿਉਡੋ ਮਾਰਟਨਜ਼ ਵੱਲੋਂ ਹਵਾਲਾ, ਸਫਾ 127
23. ਤ੍ਰਾਤਸਕੀ, “ਲੈਨਿਨ ਤੋਂ ਬਾਅਦ ਤੀਜੀ ਇੰਟਰਨੈਸ਼ਨਲ”, 1928, ਅਨੁਵਾਦ ਤੇ ਜ਼ੋਰ ਸਾਡਾ
24. ਤ੍ਰਾਤਸਕੀ, “ਸਥਾਈ ਇਨਕਲਾਬ” ਪਾਠ-7, ਅਕਾਰ ਪ੍ਰਕਾਸ਼ਨ, ਸਫਾ-238, ਅਨੁਵਾਦ ਸਾਡਾ
25. ਤ੍ਰਾਤਸਕੀ, “ਸਥਾਈ ਇਨਕਲਾਬ” ਦੀ ਭੂਮਿਕਾ ਵਿੱਚੋਂ, ਸਫਾ-125, ਅਕਾਰ ਪ੍ਰਕਾਸ਼ਨ, ਅਨੁਵਾਦ ਸਾਡਾ
26. ਸਤਾਲਿਨ, ਕੇਂਦਰੀ ਕਮੇਟੀ ਦੇ 4-12 ਜੁਲਾਈ, 1928 ਦਾ ਪਲੈਨਮ, ਸਨਅਤੀਕਰਨ ਅਤੇ ਅਨਾਜ ਦੀ ਸਮੱਸਿਆ, 9 ਜੁਲਾਈ, 1928 ਨੂੰ ਦਿੱਤੇ ਭਾਸ਼ਣ ਵਿੱਚੋਂ
27. ਲਿਉਡੋ ਮਾਰਟਨਜ਼, ਸਫਾ 51
28. RW 4avies, “he 9ndustriali੍ਰation of Soviet Russia 9: Socialst Offensive; “he 3ollectivi੍ਰation of Soviet 1griculture, ੧੯੨੯-੧੯੩੦; 3ambridge, Massachusetts: 8arvard ”niversity Press, ੧੯੮੦, p ੪-੫; ਲਿਉਡੋ ਮਾਰਟਨਜ਼ ਵੱਲੋਂ ਹਵਾਲਾ, ਸਫਾ 48
29. ਉਪਰੋਕਤ,  32; ਲਿਉਡੋ ਮਾਰਟਨਜ਼ ਵੱਲੋਂ ਹਵਾਲਾ, ਸਫਾ 53
30. ਈ.ਐਚ. ਕਾਰ, 6oundations of a Planned 5conomy, vol. ੨, NewYork: “he MacMillan 3ompany, ੧੯੭੧, p੬੫; ਲਿਉਡੋ ਮਾਰਟਨਜ਼ ਵੱਲੋਂ ਹਵਾਲਾ, ਸਫਾ 127
31. ਉਪਰੋਕਤ, ਸਫਾ 73, ਲਿਉਡੋ ਮਾਰਟਨਜ਼ ਵੱਲੋਂ ਹਵਾਲਾ, ਸਫਾ 127
32. RW 4avies, p੧੧੨; ਲਿਉਡੋ ਮਾਰਟਨਜ਼ ਵੱਲੋਂ ਹਵਾਲਾ, ਸਫਾ 58
33. RW 4avies, p੪੦-੪੧, ਕੇਂਦਰੀ ਕਮੇਟੀ ਦੀ 5 ਜਨਵਰੀ, 1930 ਦੀ ਮੀਟਿੰਗ ਵਿੱਚ ਹੋਏ ਫੈਸਲੇ “ਸਮੂਹਕੀਕਰਨ ਦੀ ਰਫਤਾਰ ਅਤੇ ਕੋਲਖੋਜ ਖੜੇ ਕਰਨ ਵਿੱਚ ਰਾਜਕੀ ਮਦਦ ਬਾਰੇ” ਦੇ ਹਵਾਲੇ ਨਾਲ਼, ਲਿਉਡੋ ਮਾਰਟਨ, ਸਫਾ 70
34. ਅੰਨਾ ਲੂਈ ਸਟ੍ਰਾਂਗ, ਸਤਾਲਿਨ ਯੁੱਗ, ਹਿੰਦੀ, ਫਿਲਹਾਲ ਪ੍ਰਕਾਸ਼ਨ, ਸਫਾ 46
35. RW 4avies, p੨੬੨-੨੬੩, ੪੪੨; ਲਿਉਡੋ ਮਾਰਟਨਜ਼ ਵੱਲੋਂ ਹਵਾਲਾ, ਸਫਾ 77
36. ਲਿਉਡੋ ਮਾਰਟਨਜ਼, ਸਫਾ 63
37. ਵਿਸਥਾਰ ਲਈ ਦੇਖੋ  ਅੰਨਾ ਲੂਈ ਸਟ੍ਰਾਂਗ, ਸਤਾਲਿਨ ਯੁੱਗ, 27-39
38. “ਪ੍ਰਾਵਦਾ, 6 ਜਨਵਰੀ, 1930; ਕੇਂਦਰੀ ਕਮੇਟੀ ਦਾ “ਸਮੂਹਕੀਕਰਨ ਦੀ ਰਫਤਾਰ’ ਬਾਰੇ ਫੈਸਲਾ ਵਿੱਚੋਂ, ਲੈਨਿਨਵਾਦ ਦੀਆਂ ਸਮੱਸਿਆਵਾਂ, ਅੰਗਰੇਜ਼ੀ ਛਾਪ, ਪੀਕਿੰਗ, 1976, ਸਫਾ 500 ਵਿੱਚ ਹਵਾਲਾ
39. ਸਤਾਲਿਨ, ‘ਸਫਲਤਾ ਦੀ ਘੁਮੇਰ’, ਲੈਨਿਨਵਾਦ ਦੀਆਂ ਸਮੱਸਿਆਵਾਂ, ਅੰਗਰੇਜ਼ੀ ਛਾਪ, ਵਿਦੇਸ਼ੀ ਭਾਸ਼ਾ ਪ੍ਰੈਸ, ਪੀਕਿੰਗ; 1976, ਸਫਾ 483-491
40. RW 4avies, p੪੪੨-੪੪੩, “able ੧੭; ਲਿਉਡੋ ਮਾਰਟਨਜ਼ ਵੱਲੋਂ ਹਵਾਲਾ, ਸਫਾ 82
41. RW 4avies, p੪੧੯, “able ੧੭; ਲਿਉਡੋ ਮਾਰਟਨਜ਼ ਵੱਲੋਂ ਹਵਾਲਾ, ਸਫਾ 83
42. ਲਿਉਡੋ ਮਾਰਟਨਜ਼, ਸਫਾ 63
43. 3harles3harles 2ettelheim, ਲਿਉਡੋ ਮਾਰਟਨਜ਼ ਵੱਲੋਂ ਹਵਾਲਾ, ਸਫਾ 74
44. ਕੇਂਦਰੀ ਕਮੇਟੀ ਦਾ ਮਤਾ, 30 ਜਨਵਰੀ, 1930, ਲਿਉਡੋ ਮਾਰਟਨਜ਼ ਵੱਲੋਂ ਹਵਾਲਾ, ਸਫਾ 75
45. ੧.4ouglus “ottle, 6raud, 6amine, and 6ascism: “he ”krainian 7enocide Myth from 8itler to 8arvard, pdf copy on http://rationalrevolution.net/special/library/famine.htm
46. 1nantnarayan * Panikar, “ext 2ook of Microbiology, Orient Longman
47. ਲਿਉਡੋ ਮਾਰਟਨਜ਼, 91-95
48. ਸਤਾਲਿਨ, “he “asks of 2usiness 5xecutives (Speech 4elivered at the 6irst 1ll-”nion 3onference of Leading Personnel of Socialist 9ndustry), 6ebruary ੪, ੧੯੩੧
49. ਖਰੁਸ਼ਚੇਵ ਦਾ “ਗੁਪਤ ਭਾਸ਼ਣ” ਵਿੱਚੋਂ, ਗਰੋਵਰ ਫਰ, “ਖਰੁਸ਼ਚੇਵ ਲਾਈਡ” ਸਫਾ 41-42, 271-73
50. ਜੇ. ਆਰਚ ਗੈਟੀ, “he 7reat Purges Reconsidered, Ph4 “hesis 2oston 3ollege, 3hap ੫, ੧੯੭੯, p੩੨੬; ਰਾਬਰਟ ਥ੍ਰਸਟਨ,  Life and “error in Stalin’s Russia ੧੯੩੪-੧੯੪੧, Yale ”niversity Press, ੧੯੯੮ p੩੫; Marc Jansen, Nikita Petrov. Stalin’s Loyal 5xecutioner: People’s 3ommissar Nikolai 5੍ਰhov ੧੮੯੫-੧੯੪੦. 8oover 9nstitution Press, ੨੦੦੨, p੫੪; ਗਰੋਵਰ ਵੱਲੋਂ ਹਵਾਲਾ, ਸਫਾ 41
51.  J J 1rch 7etty, ““rotsky in 5xile: “he 6ounding of 6ourth 9nternational” Soviet Studies ੩੮ No. ੧, January, ੧੯੮੬, ੨੮ and n. ੧੯ p੩੪; ਗਰੋਵਰ ਫਰ ਵੱਲੋਂ ਹਵਾਲਾ, ਸਫਾ 42
52. ਖਰੁਸ਼ਚੇਵ ਦਾ “ਗੁਪਤ ਭਾਸ਼ਣ” ਵਿੱਚੋਂ , ਗਰੋਵਰ ਫਰ, “ਖਰੁਸ਼ਚੇਵ ਲਾਈਡ” ਸਫਾ 42
53. http://www.marx੨mao.com/Stalin/M2੩੭.html
54. ਖਰੁਸ਼ਚੇਵ ਦਾ “ਗੁਪਤ ਭਾਸ਼ਣ” ਵਿੱਚੋਂ , ਗਰੋਵਰ ਫਰ, “ਖਰੁਸ਼ਚੇਵ ਲਾਈਡ” ਸਫਾ 45
55. ਗਰੋਵਰ ਫਰ, “ਖਰੁਸ਼ਚੇਵ ਲਾਈਡ” ਸਫਾ 280-81
56. J 1rch 7etty and Oleg V Naumov, “he Road to “error: Stalin and the Self-4estruction of the 2olsheviks ੧੯੩੨-੧੯੩੯, Yale ”niversity Press, ੧੯੯੯ p੫੧੭
57. ਖਰੁਸ਼ਚੇਵ ਦਾ “ਗੁਪਤ ਭਾਸ਼ਣ” ਵਿੱਚੋਂ , ਗਰੋਵਰ ਫਰ, “ਖਰੁਸ਼ਚੇਵ ਲਾਈਡ” ਸਫਾ 73
58. ਕੇਂਦਰੀ ਕਮੇਟੀ ਦੇ ਜਨਵਰੀ, 1938 ਦੇ ਪਲੈਨਮ ਦਾ ਫੈਸਲਾ; ਲਿਉਡੋ ਮਾਰਟਨਜ਼, 1nother View of Stalin, 9nternet edition, p੧੮੫-੮੬ ਉੱਤੇ ਹਵਾਲਾ
59. ਲਿਉਡੋ ਮਾਰਟਨਜ਼, 1nother View of Stalin, 9nternet edition, p੧੮੭
60. ਖਰੁਸ਼ਚੇਵ ਦਾ “ਗੁਪਤ ਭਾਸ਼ਣ” ਵਿੱਚੋਂ , ਗਰੋਵਰ ਫਰ, “ਖਰੁਸ਼ਚੇਵ ਲਾਈਡ” ਸਫਾ 75
61. Mਠrio Sousa, ““he class struggle during the thirties in the Soviet ”nion – “he purges of the 3PS” and the political trials”, ੨੦੦੧, 9N9N http://www.mariosousa.se/“heclassstruggleduringthethirtiesintheSoviet”nion੦੫੦੮੦੧.html
62. 4eutscher, 9saac. Stalin; 1 Political 2iography. New York: Oxford ”niv. Press, ੧੯੬੭, p.੩੭੯; ਲਿਉਡੋ ਮਾਰਟਨਜ਼, ਸਫਾ 168-69
63. ਲਿਉਡੋ ਮਾਰਟਨਜ਼, ਸਫਾ 131
64. ਉਪਰੋਕਤ, ਸਫਾ 132
65. ਲਿਉਡੋ ਮਾਰਟਨਜ਼, ਸਫਾ 142-44
66. ਅੰਨਾ ਲੂਈ ਸਟ੍ਰਾਂਗ, ਸਤਾਲਿਨ ਯੁੱਗ, ਸਫਾ 73-77
67. ੧. Victims of the Soviet Penal System in the Pre-War Years: 1 6irst 1pproach on the 2asis of 1rchival 5vidence, J. 1rch 7etty, 7ਠbor “. Rittersporn and Viktor N. Zemskov, “he 1merican 8istorical Review, Vol. ੯੮, No. ੪ (Oct., ੧੯੯੩), pp. ੧੦੧੭-੧੦੪੯, Published by: Oxford ”niversity Press
68. Mario Sousa, Lies 3oncerning the 8istory of the Soviet ”nion,
http://www.northstarcompass.org/nsc੯੯੧੨/lies.htm
69. ਉਪਰੋਕਤ
70. 7ਠbor “. Rittersporn, ਲਿਉਡੋ ਮਾਰਟਨਜ਼, ਸਫਾ 187 ਉੱਤੇ ਹਵਾਲਾ
71. 7etty, 1. Origins of the 7reat Purges. 3ambridge, N. Y.: 3ambridge ”niv. Press, ੧੯੮੫, pp੧੭੬, ਲਿਉਡੋ ਮਾਰਟਨਜ਼, ਸਫਾ 188
72. ਸਤਾਲਿਨ, ‘ਹੇਠਾਂ ਤੋਂ ਜਨਤਕ ਅਲੋਚਨਾ ਜਥੇਬੰਦ ਕਰੋ’ (ਇਹ ਲੇਖ ਯੰਗ ਕਮਿਊਨਿਸਟ ਲੀਗ ਦੀ ਅੱਠਵੀ ਕਾਂਗਰਸ ਅੱਗੇ 16 ਮਈ, 1928 ਨੂੰ ਦਿੱਤੇ ਭਾਸ਼ਣ ਦਾ ਹਿੱਸਾ ਹੈ), 5ssential Stalin, Rahul 6oundation, ੨੦੧੦, p੨੨੧, 2010, ਸਫ਼ਾ 221, ਅਨੁਵਾਦ ਸਾਡਾ
73. ਲਿਉਡੋ ਮਾਰਟਨਜ਼, ਸਫਾ 116-118; ੧. 7rover 6urr, Stalin and Struggle for 4emocratic reforms, http://clogic.eserver.org/੨੦੦੫/furr.html
74. ਈਥਨ ਪੌਲਾਕ, “ਸਤਾਲਿਨ ਐਂਡ ਸੋਵੀਅਤ ਸਾਇੰਸ ਵਾਰਜ਼” ਪ੍ਰਿੰਸਟਨ ਯੂਨੀਵਰਸਿਟੀ ਪ੍ਰੈੱਸ, ਭੂਮਿਕਾ
75. Stalin and the 4efence of Science, review of ‘Stalin and the Soviet Science Wars’ by 5than Pollock  in ੨੦੦੬ http://www.lalkar.org/issues/contents/nov੨੦੦੮/stalinscience.html
76. Richard Levins and Richard Lewontin, “he 4ialectical 2iologist, 1akar publishers; ੨੦੦੯, p੧੬੪
77. ਉਪਰੋਕਤ, 184
78. ਸਤਾਲਿਨ, ਲਾਲ ਸੈਨਿਕਾਂ ਦੀ ਅਕਾਦਮੀ ਦੇ ਗਰੇਜੂਏਟਾਂ ਸਾਹਮਣੇ ਤਕਰੀਰ, 4 ਮਈ, 1935

“ਪਰ੍ਤੀਬੱਧ”, ਅੰਕ 24, ਜਨਵਰੀ 2015 ਵਿਚ ਪਰ੍ਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s