ਸੋਵੀਅਤ ਸੰਘ ਵਿੱਚ ਸਮਾਜਵਾਦੀ ਪ੍ਰਯੋਗਾਂ ਦੇ ਤਜ਼ਰਬੇ : ਇਤਿਹਾਸ ਅਤੇ ਸਿਧਾਂਤ ਦੀਆਂ ਸਮੱਸਿਆਵਾਂ • ਅਭਿਨਵ (ਪਹਿਲੀ ਕਿਸ਼ਤ)

 soviet sang vich

I) ਭੂਮਿਕਾ

ਸੋਵੀਅਤ ਸਮਾਜਵਾਦੀ ਪ੍ਰਯੋਗਾਂ ਦੀ ਨਵੇਂ ਸਿਰੇ ਤੋਂ ਵਿਆਖਿਆ ਕਿਉਂ? ਬਹੁਤ ਸਾਰੇ ਸਮਕਾਲੀ ਵਿਚਾਰਕ, ਜਿਵੇਂ ਨਵ-ਖੱਬੇਪੱਖੀ ਅਤੇ ਉੱਤਰ-ਮਾਰਕਸਵਾਦੀ ਚਿੰਤਕ, ਸੋਵੀਅਤ ਸਮਾਜਵਾਦ ਦੇ ਇਤਿਹਾਸ ਨੂੰ ਸਦਾ ਲਈ ਬੰਦ ਹੋ ਚੁੱਕਿਆ ਅਧਿਆਇ ਮੰਨਦੇ ਹਨ; ਕੁੱਝ ਹੋਰ ਸੋਵੀਅਤ ਸਮਾਜਵਾਦ ਨੂੰ ਇੱਕ ਦੁਰਗਤ/ਆਫ਼ਤ ਵਿੱਚ ਖ਼ਤਮ ਹੋਏ ਤਜ਼ਰਬੇ ਵਜੋਂ ਖ਼ਾਰਜ ਕਰ ਦਿੰਦੇ ਹਨ ਅਤੇ 21ਵੀਂ ਸਦੀ ਵਿੱਚ ਨਵੀਂ ਕਿਸਮ ਦੇ ਸਮਾਜਵਾਦ/ ਕਮਿਊਨਿਜ਼ਮ ਦੀ ਗੱਲ ਕਰ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਸੋਵੀਅਤ ਸੰਘ ਦੇ ਸਮਾਜਵਾਦ ਦਾ ਜ਼ਿਕਰ ਕਰਨ ਨਾਲ਼ ਹੀ ਨਵੀਂ ਸਦੀ ਦੀਆਂ ਕਮਿਊਨਿਸਟ ਪਰਿਯੋਜਨਾਵਾਂ ਭਿੱਟੀਆਂ ਜਾਣਗੀਆਂ! ਅਜਿਹੇ ਸੱਟੇਬਾਜ਼, ਨਵ-ਖੱਬੇਪੱਖੀ ਅਤੇ ਉੱਤਰ-ਮਾਰਕਸਵਾਦੀ ਵਿਚਾਰਕਾਂ ਅਤੇ ਦਾਰਸ਼ਨਿਕਾਂ ਨੂੰ ਛੱਡ ਵੀ ਦਿੱਤਾ ਜਾਵੇ ਤਾਂ ਮਜ਼ਦੂਰ ਲਹਿਰ ਅਤੇ ਕਮਿਊਨਿਸਟ ਲਹਿਰ ਅੰਦਰ ਹੀ ਅਜਿਹੀਆਂ ਪ੍ਰਵਿਰਤੀਆਂ ਮੌਜੂਦ ਹਨ, ਜੋ ਸੋਵੀਅਤ ਸਮਾਜਵਾਦ ਦੇ ਅਲੋਚਨਾਤਮਕ ਵਿਸ਼ਲੇਸ਼ਣ ਦੀ ਲੋੜ ਨੂੰ ਨਹੀਂ ਮੰਨਦੀਆਂ, ਜਾਂ ਫਿਰ ਇਸ ਨੂੰ ਇੱਕ ਹੱਲ ਹੋ ਚੁੱਕਿਆ ਸੁਆਲ ਮੰਨਦੀਆਂ ਹਨ। ਜੋ ਸੋਵੀਅਤ ਸਮਾਜਵਾਦ ਦੇ ਤਜ਼ਰਬਿਆਂ ਦੇ ਵਿਸ਼ਲੇਸ਼ਣ ਨੂੰ ਇੱਕ ਹੱਲ ਹੋ ਚੁੱਕਿਆ ਸੁਆਲ ਮੰਨਦੇ ਹਨ, ਉਨ੍ਹਾਂ ਵਿੱਚ ਦੋ ਤਰ੍ਹਾਂ ਦੇ ਲੋਕ ਹਨ।

ਇੱਕ ਉਹ, ਜੋ ਮੰਨਦੇ ਹਨ ਕਿ ਸੋਵੀਅਤ ਸਮਾਜਵਾਦ ਦੌਰਾਨ ਜੋ ਗ਼ਲਤੀਆਂ ਹੋਈਆਂ ਉਹ ਅਣਕਿਆਸੀ ਕਿਸਮ ਦੀਆਂ ਸਨ ਜਾਂ ਇਸ ਲਈ ਹੋਈਆਂ ਕਿਉਂਕਿ ਸਮਾਜਵਾਦੀ ਪ੍ਰਯੋਗ ਦੀ ਕੋਈ ਉਦਾਹਰਣ ਪਹਿਲਾਂ ਤੋਂ ਉਨ੍ਹਾਂ ਦੇ ਸਾਹਮਣੇ ਮੌਜੂਦ ਨਹੀਂ ਸੀ। ਉਹ ਉਨ੍ਹਾਂ ਸਿਆਸੀ-ਵਿਚਾਰਧਾਰਕ ਖ਼ਾਮੀਆਂ ਵੱਲ ਧਿਆਨ ਨਹੀਂ ਦਿੰਦੇ ਜੋ ਪਾਰਟੀ ਵਿੱਚ ਮੌਜੂਦ ਸਨ ਅਤੇ ਜਿਨ੍ਹਾਂ ਦੇ ਖਿਲਾਫ਼ ਲੈਨਿਨ ਨੇ ਆਪਣੇ ਸਮੇਂ ਵਿੱਚ ਘੋਲ਼ ਚਲਾਇਆ ਸੀ ਅਤੇ ਸਤਾਲਿਨ ਨੇ ਵੀ ਅਨੁਭਵੀ ਅਤੇ ਲੱਛਣੀ ਤੌਰ ‘ਤੇ ਉਸ ਘੋਲ਼ ਨੂੰ ਜਾਰੀ ਰੱਖਿਆ ਸੀ। ਉਹ ਸਾਰੀਆਂ ਗ਼ਲਤੀਆਂ ਨੂੰ ਬਾਹਰਮੁਖਤਾ ਦੇ ਪਰਿਪੇਖ ਵਿੱਚ ਦੇਖਦੇ ਹਨ ਅਤੇ ਇਸ ਲਈ ਕਿਸੇ ਗੰਭੀਰ ਅਲੋਚਨਾਤਮਕ ਵਿਸ਼ਲੇਸ਼ਣ ਵੱਲ ਨਹੀਂ ਜਾਂਦੇ। ਦੂਜੇ ਪਾਸੇ, ਕਮਿਊਨਿਸਟ ਲਹਿਰ ਅੰਦਰ ਹੀ ਕੁੱਝ ਅਜਿਹੇ ਲੋਕ ਵੀ ਹਨ ਜੋ ਬਾਲਸ਼ਵਿਕ ਪਾਰਟੀ ਦੀ ਅਲੋਚਨਾ ਨੂੰ ਹੱਥ ਵਿੱਚ ਲੈਣ ਦਾ ਦਾਅਵਾ ਕਰਦੇ ਹਨ, ਪਰ ਅਫ਼ਸੋਸਨਾਕ ਢੰਗ ਨਾਲ਼ ਉਹ ਬਿਲਕੁਲ ਠੀਕ ਉਨ੍ਹਾਂ ਚੀਜ਼ਾਂ ਲਈ ਬਾਲਸ਼ਵਿਕ ਪਾਰਟੀ ਦੀ ਅਲੋਚਨਾ ਕਰਦੇ ਹਨ, ਜਿਨ੍ਹਾਂ ਲਈ ਇੱਕ ਸਹੀ ਪ੍ਰੋਲੇਤਾਰੀ ਨਜ਼ਰੀਏ ਤੋਂ ਬਾਲਸ਼ਵਿਕ ਪਾਰਟੀ ਦੀ ਤਾਰੀਫ਼ ਕੀਤੀ ਜਾਣੀ ਚਾਹੀਦੀ ਹੈ; ਕਿ ਇੱਕ ਅਤਿਅੰਤ ਪ੍ਰਤੀਕੂਲ ਦੌਰ ਵਿੱਚ, ਭਿਅੰਕਰ ਪ੍ਰਤੀਕੂਲ ਹਾਲਤਾਂ ਵਿੱਚ ਬਾਲਸ਼ਵਿਕ ਪਾਰਟੀ ਨੇ ਅੰਦਰੂਨੀ ਸੰਕਟਾਂ ਅਤੇ ਬਾਹਰੀ ਦਬਾਆਂ ਅਤੇ ਖ਼ਤਰਿਆਂ ਨੂੰ ਝੱਲਦੇ ਹੋਏ ਅਜਿਹੇ ਸ਼ਾਨਦਾਰ ਇਤਿਹਾਸਕ ਤਜ਼ਰਬੇ ਕੀਤੇ, ਜਿਨ੍ਹਾਂ ਦੀ ਸੰਪੂਰਣ ਮਨੁੱਖੀ ਇਤਿਹਾਸ ਵਿੱਚ ਮਿਸਾਲ ਨਹੀਂ ਮਿਲ਼ਦੀ। ਇਸ ਦੂਜੀ ਕਿਸਮ ਦੇ ਲੋਕਾਂ ਵਿੱਚ ਕੁੱਝ ਅਜਿਹੇ ਹਨ ਜੋ ਬਾਲਸ਼ਵਿਕ ਪਾਰਟੀ ‘ਤੇ ਪ੍ਰਤੀਸਥਾਪਨਾਵਾਦ ਦਾ ਇਲਜ਼ਾਮ ਲਗਾਉਂਦੇ ਹਨ, ਕੁੱਝ ਹੋਰ ਉਸ ਦੇ ਅੰਦਰ ਮੌਜੂਦ ਨੌਕਰਸ਼ਾਹੀ ਵਿਗਾੜਾਂ ਅਤੇ ਬੁਰਜੂਆ ਕਰੂਪਤਾਵਾਂ ਦੇ ਕਾਰਣ ਸਤਾਲਿਨ ਦੌਰ ਵਿੱਚ ਹੀ ਉਸ ਦੇ ਪਤਿਤ ਪਾਰਟੀ ਬਣ ਜਾਣ ਦੀ ਗੱਲ ਕਰਦੇ ਹਨ। ਕੁੱਝ ਦਾ ਮੰਨਣਾ ਹੈ ਕਿ ਲੈਨਿਨ ਦੌਰ ਵਿੱਚ ਹੀ ਪਾਰਟੀ ਇੱਕ ਨੌਕਰਸ਼ਾਹ ਬੁਰਜੂਆ ਪਾਰਟੀ ਵਿੱਚ ਤਬਦੀਲ ਹੋ ਗਈ ਸੀ ਅਤੇ ਖੁਦ ਲੈਨਿਨ ਇਸ ਭਟਕਾਅ ਦੇ ਸ਼ਿਕਾਰ ਸਨ, ਤਾਂ ਕੁੱਝ ਦਾ ਮੰਨਣਾ ਹੈ ਕਿ ਇਹ ਸਭ ਸਤਾਲਿਨ ਦੌਰ ਵਿੱਚ ਹੋਇਆ। 

ਇਸ ਦੂਜੀ ਕਿਸਮ ਵਿੱਚ ਕਾਫੀ ਵਿਭਿੰਨਤਾ ਹੈ, ਜਿਸ ‘ਤੇ ਅਸੀਂ ਅੱਗੇ ਚਰਚਾ ਕਰਾਂਗੇ! ਪਰ ਇਨ੍ਹਾਂ ਦੋਵਾਂ ਕਿਸਮਾਂ ਵਿੱਚ ਇੱਕ ਗੱਲ ਸਾਂਝੀ ਹੈ : ਦੋਨ੍ਹਾਂ ਲਈ ਸੋਵੀਅਤ ਸੰਘ ਵਿੱਚ ਸਮਾਜਵਾਦੀ ਪ੍ਰਯੋਗਾਂ ਦਾ ਸੁਆਲ ਇੱਕ ਹੱਲ ਹੋ ਚੁੱਕਿਆ ਸੁਆਲ ਹੈ। ਪਹਿਲੀ ਕਿਸਮ ਦੇ ਲੋਕ ਇਸ ਨੂੰ ਲਗਭਗ ਸਮੁੱਚਤਾ ਵਿੱਚ ਅਪਣਾਉਂਦੇ ਹੋਏ ਹੱਲ ਮੰਨਦੇ ਹਨ ਤਾਂ ਦੂਜੀ ਕਿਸਮ ਦੇ ਲੋਕ ਇਸ ਨੂੰ ਸਮੁੱਚਤਾ ਵਿੱਚ ਖਾਰਜ਼ ਕਰਦੇ ਹੋਏ ਹੱਲ ਮੰਨਦੇ ਹਨ, ਭਾਵੇਂ ਇਸ ਕਿਸਮ ਵਿੱਚ ਕਈ ਅਜਿਹੇ ਵੀ ਹਨ, ਜੋ ਦਿਖਾਵਟੀ ਤੌਰ ‘ਤੇ ਸੋਵੀਅਤ ਸਮਾਜਵਾਦੀ ਤਜ਼ਰਬੇ ਦੀ ਮਹਾਨਤਾ ਬਾਰੇ ਕੁੱਝ ਕਥਨ ਆਪਣੇ ਸਾਰੇ ਗਾਲ਼ੀ-ਗਲੌਚ ਦੇ ਅੰਤ ਵਿੱਚ ਚਿਪਕਾ ਦਿੰਦੇ ਹਨ। ਅਜਿਹੇ ਵੇਲੇ, ਸੋਵੀਅਤ ਸੰਘ ਵਿੱਚ ਸਮਾਜਵਾਦੀ ਪ੍ਰਯੋਗਾਂ ਦੇ ਅਲੋਚਨਾਤਮਕ ਪੁਨਰਮੁਲਾਂਕਣ ਦੀ ਗੱਲ ਕਰਨ ਦੀ ਕੀ ਪ੍ਰਸੰਗਕਤਾ ਹੈ? ਅਸੀਂ ਇਸ ਸੁਆਲ ਦਾ ਜੁਆਬ ਦਿੰਦੇ ਹੋਏ ਹੀ ਸ਼ੁਰੂਆਤ ਕਰਾਂਗੇ, ਕਿਉਂਕਿ ਮਕਸਦ ਦੇ ਕਥਨ ਅਤੇ ਲੋੜ-ਪੇਸ਼ਕਾਰੀ ਦੇ ਬਿਨਾਂ ਕੋਈ ਇਨਕਲਾਬੀ ਵਿਗਿਆਨਕ ਵਿਸ਼ਲੇਸ਼ਣ ਸਹੀ ਢੰਗ ਨਾਲ਼ ਸ਼ੁਰੂ ਨਹੀਂ ਹੋ ਸਕਦਾ।

II) ਮੌਜੂਦਾ ਸੰਗਰਾਂਦੀ ਦੌਰ ਦੇ ਅਣਸੁਲ਼ਝੇ ਸੁਆਲ ਅਤੇ ਸੋਵੀਅਤ ਸਮਾਜਵਾਦੀ ਤਜ਼ਰਬੇ ਅਤੇ ਉਸ ਦੇ ਇਤਿਹਾਸ ਦੀ ਅਲੋਚਨਾਤਮਕ ਪੁਨਰਮੁਲਾਂਕਣ ਦੀ ਜਾਰੀ ਪ੍ਰਸੰਗਤਾ 

1) ਸੰਗਰਾਂਦੀ ਦੌਰ ਦਾ ਇਤਿਹਾਸਕ ਪਿਛੋਕੜ:
ਨਿਰਾਸ਼ਾ ਦੇ ਦੌਰ ਦਾ ਖਾਤਮਾ ਅਤੇ ਉਮੀਦਾਂ ਦੇ ਸੋਮੇ

ਅਸੀਂ ਇੱਕ ਸੰਗਰਾਂਦੀ ਦੌਰ ਵਿੱਚ ਜੀਅ ਰਹੇ ਹਾਂ। 1989 ਵਿੱਚ ਬਰਲਿਨ ਦੀ ਕੰਧ ਡਿੱਗਣ ਅਤੇ 1990 ਵਿੱਚ ਸੋਵੀਅਤ ਸੰਘ ਦੇ ਰਸਮੀ ਨਿਘਾਰ ਨਾਲ਼ ਸਰਮਾਏਦਾਰੀ ਜਿੱਤਵਾਦ ਦਾ ਜੋ ਦੌਰ ਸ਼ੁਰੂ ਹੋਇਆ ਸੀ, ਉਹ ਬਹੁਤ ਪਹਿਲਾਂ ਹੀ ਖ਼ਤਮ ਹੋ ਚੁੱਕਿਆ ਹੈ। ਅਸਲ ਵਿੱਚ, ਇਹ ਜਿੱਤਵਾਦ ਇੱਕ ਦਹਾਕਾ ਵੀ ਨਹੀਂ ਚੱਲ ਸਕਿਆ ਸੀ। 1997 ਵਿੱਚ ਏਸ਼ੀਆਈ ਮੁਦਰਾ ਸੰਕਟ ਨਾਲ਼ ਸਰਮਾਏਦਾਰੀ ਸੰਕਟ ਦਾ ਜੋ ਦੌਰ ਸ਼ੁਰੂ ਹੋਇਆ ਉਹ ਅੱਜ ਵੀ ਰੁਕ ਨਹੀਂ ਸਕਿਆ ਹੈ। ਪਰ 1990 ਦੇ ਠੀਕ ਬਾਅਦ ਵਿਚਾਰਧਾਰਾ ਅਤੇ ਸਿਆਸਤ ਦੀ ਦੁਨੀਆਂ ਵਿੱਚ ਸਰਮਾਏਦਾਰਾ ਵਿਚਾਰਕਾਂ ਨੇ ‘ਸਰਮਾਏਦਾਰੀ ਦੀ ਅੰਤਮ ਜਿੱਤ’, ‘ਉਦਾਰ ਬੁਰਜੂਆ ਜਮਹੂਰੀਅਤ ਦੀ ਅੰਤਮ ਜਿੱਤ’ ਅਤੇ ਕਿਉਂਕਿ ਉਨ੍ਹਾਂ ਦੇ ਅਨੁਸਾਰ ਹੁਣ ਮਨੁੱਖੀ ਇਤਿਹਾਸ ਨੂੰ ਸਿਫ਼ਤੀ ਰੂਪ ਵਿੱਚ ਕਿਸੇ ਨਵੇਂ ਪੜਾਅ ਵਿੱਚ ਨਹੀਂ ਜਾਣਾ ਸੀ, ਇਸ ਲਈ ‘ਇਤਿਹਾਸ ਦੇ ਅੰਤ’, ‘ਵਿਚਾਰਧਾਰਾ ਦੇ ਅੰਤ’, ‘ਕਵਿਤਾ ਦੇ ਅੰਤ’ ਆਦਿ ਦੇ ਐਲਾਨ ਕਰਨੇ ਸ਼ੁਰੂ ਕਰ ਦਿੱਤੇ ਸਨ। ਫਰਾਂਸਿਸ ਫੁਕੁਯਾਮਾ ਨੇ ਆਪਣੀ ਕਿਤਾਬ ‘ਦਿ ਐਂਡ ਆਫ਼ ਹਿਸਟਰੀ ਐਂਡ ਦੀ ਲਾਸਟ ਮੈਨ’ ਵਿੱਚ ਉਦਾਰ ਬੁਰਜੂਆ ਜਮਹੂਰੀਅਤ ਨੂੰ ਇਤਿਹਾਸ ਦਾ ਅੰਤ ਅਤੇ ਤਰਕਸ਼ੀਲ ਚੋਣ ਕਰਨ ਵਾਲ਼ੇ ਉਦਾਰ ਬੁਰਜੂਆ ਨਾਗਰਿਕ/ਵਿਅਕਤੀ ਨੂੰ ਅੰਤਮ ਮਨੁੱਖ ਗਰਦਾਨਿਆ ਸੀ। ਅਸਲ ਵਿੱਚ, ਸਰਮਾਏਦਾਰਾ ਵਿਚਾਰਕਾਂ ਨੇ ਅੰਤ ਦੀ ਵਿਚਾਰਧਾਰਾ ਦੇ ਕੁੱਝ ਸ਼ੁਰੂਆਤੀ ਸੰਸਕਰਣ 1960 ਦੇ ਦਹਾਕੇ ਵਿੱਚ ਹੀ ਬਨਾਉਣੇ ਸ਼ੁਰੂ ਕਰ ਦਿਤੇ ਸਨ ਜੋ ਡੇਨੀਅਲ ਬੇਲ, ਰੋਸਤੋਵ ਅਤੇ ਆਰੋਂ ਦੇ ਉੱਤਰ-ਸਨਅੱਤੀ ਸਮਾਜ ਅਤੇ ਲਿਓਤਾਰ ਦੇ ‘ਉੱਤਰ-ਆਧੁਨਿਕ ਸਥਿਤੀ’ ਦੇ ਸਿਧਾਂਤ ਵਜੋਂ ਸਾਹਮਣੇ ਆਉਣ ਲੱਗੇ ਸਨ ਅਤੇ ਇਹ ਕੋਈ ਇਤਫ਼ਾਕ ਨਹੀਂ ਸੀ। 1956 ਵਿੱਚ ਸੋਵੀਅਤ ਸੰਘ ਵਿੱਚ ਬਾਲਸ਼ਵਿਕ ਪਾਰਟੀ ਦੀ ਵੀਹਵੀਂ ਕਾਂਗਰਸ ਵਿੱਚ ਖਰੁਸ਼ਚੇਵ ਨੇ ਸਤਾਲਿਨ ‘ਤੇ ਜੀਅ ਭਰ ਕੇ ਚਿੱਕੜ ਸੁੱਟਿਆ ਅਤੇ ਸੋਧਵਾਦ ਦਾ ਰਾਹ ਫੜਿਆ। 1950 ਦੇ ਦਹਾਕੇ ਦੇ ਅੰਤ ਤੱਕ ਸ਼ਾਤੀਪੂਰਣ ਸੰਗਰਾਂਦੀ ਦੌਰ, ਸ਼ਾਂਤੀਪੂਰਣ ਸਹਿਹੋਂਦ ਅਤੇ ਸ਼ਾਂਤੀਪੂਰਣ ਮੁਕਾਬਲੇ ਦੇ ਸਿਧਾਂਤ ਆਉਣ ਲੱਗੇ ਸਨ ਅਤੇ ਸੋਵੀਅਤ ਸੰਘ ਦੀ ਸਮਾਜਵਾਦ ਦੇ ਰਾਹ ਤੋਂ ਸਰਮਾਏਦਾਰੀ ਰਾਹ ਵੱਲ ਤਬਦੀਲੀ ਸਾਫ਼ ਤੌਰ ‘ਤੇ ਨਜ਼ਰ ਆਉਣ ਲੱਗੀ ਸੀ। ਦੁਨੀਆਂ ਦੀਆਂ ਕਈ ਕਮਿਊਨਿਸਟ ਪਾਰਟੀਆਂ ਅਤੇ ਕਮਿਊਨਿਸਟ ਵਿਚਾਰਕਾਂ ਨੂੰ ਹਾਲੇ ਇਹ ਯਥਾਰਥ ਸ਼ਾਇਦ ਨਜ਼ਰ ਨਹੀਂ ਆ ਰਿਹਾ ਸੀ ਅਤੇ ਉਹ ‘ਅਸਲ ਵਿੱਚ ਹੋਂਦਵਾਨ ਸਮਾਜਵਾਦ’ ਆਦਿ ਜਿਹੇ ਸਿਧਾਂਤ ਦੇ ਰਹੇ ਸਨ, ਪਰ ਸਰਮਾਏਦਾਰਾ ਥਿੰਕ ਟੈਂਕਾਂ ਦੀ ਸਮਝ ਵਿੱਚ ਇਹ ਗੱਲ ਆ ਰਹੀ ਸੀ ਕਿ ਇਹ ਸਮਾਜਵਾਦੀ ਪ੍ਰਯੋਗਾਂ ਦੀ ਹਾਰ ਹੈ ਅਤੇ ਇਹੀ ਵੇਲਾ ਸੀ ਜਦ ਇੱਕ ਪਾਸੇ ਤਾਂ ਕਈ ਨਿਰਾਸ਼ ਬੁੱਧੀਜੀਵੀਆਂ ਨੇ ਆਪਣੀ ਹਤਾਸ਼ਾ ਅਤੇ ਸੰਦੇਹਵਾਦ ਵਿੱਚ ਉੱਤਰ-ਆਧੁਨਿਕ ਸਿਧਾਂਤਾਂ ਦੀ ਰਚਨਾ ਕੀਤੀ ਅਤੇ ਨਾਲ਼ ਹੀ ਦੂਜੇ ਪਾਸੇ ਕਈ ਸੁਚੇਤ ਤੌਰ ‘ਤੇ ਹਾਕਮ ਜਮਾਤਾਂ ਦੀ ਚਾਕਰੀ ਵਿੱਚ ਲੱਗੇ ਭਾੜੇ ਦੇ ਸਰਮਾਏਦਾਰਾ ਬੁੱਧੀਜੀਵੀਆਂ ਨੇ ਵੀ ਅਜਿਹੇ ਸਿਧਾਂਤਾਂ ਦੀ ਰਚਨਾ ਕੀਤੀ। 1960 ਦੇ ਦਹਾਕੇ ਵਿੱਚ ਆਏ ਇਹ ਸਿਧਾਂਤ ਹੀ ਉੱਤਰ-ਆਧੁਨਿਕਤਾਵਾਦੀ ਵਿਚਾਰਸਾਰਣੀਆਂ ਦੀ ਸ਼ੁਰੂਆਤ ਸਨ। ਇੱਥੇ ਅਸੀਂ 1968 ਦੇ ਲੋਕ-ਉਭਾਰ ਦੀਆਂ ਇਨ੍ਹਾਂ ਸਾਰੀਆਂ ਤਬਦੀਲੀਆਂ ਵਿੱਚ ਭੂਮਿਕਾ ਅਤੇ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦੀ ਇਨ੍ਹਾਂ ਉੱਤਰ-ਆਧੁਨਿਕਤਾਵਾਦੀਆਂ ਦੁਆਰਾ ਹਥਿਆਈ ‘ਤੇ ਵਿਸਥਾਰ ‘ਚ ਨਹੀਂ ਜਾ ਸਕਦੇ। ਪਰ ਇਹ ਸਪੱਸ਼ਟ ਹੈ ਕਿ ਉੱਤਰ-ਆਧੁਨਿਕਤਾਵਾਦੀ ਵਿਚਾਰਸਾਰਣੀਆਂ ਦੇ ਇਹ ਸਾਰੇ ਸ਼ੁਰੂਆਤੀ ਸੰਸਕਰਣ 1990 ਦੇ ਬਾਅਦ ਹੋਰ ਜ਼ਿਆਦਾ ਖੁੱਲ੍ਹੇ ਅਤੇ ਨੰਗੇ ਰੂਪ ਵਿੱਚ ਦੁਨੀਆਂ ਦੇ ਸਾਹਮਣੇ ਰੱਖੇ ਜਾਣ ਲੱਗੇ। ਸਾਰੀਆਂ ਕਿਸਮਾਂ ਦੀਆਂ ਉੱਤਰ-ਆਧੁਨਿਕ ਵਿਚਾਰਸਾਰਣੀਆਂ ਦੀ ਮੰਡੀ ਅਚਾਨਕ ਗਰਮ ਹੋ ਗਈ। ਇਸ ਦੀ ਤੁਲਨਾ ਅਖ਼ਬਾਰ ਦੇ ਦਫ਼ਤਰ ਵਿੱਚ ਪਹਿਲਾਂ ਤੋਂ ਮੌਜੂਦ ਪ੍ਰਸਿੱਧ ਲੋਕਾਂ ਦੇ ਸ਼ਰਧਾਂਜਲੀ ਲੇਖਾਂ ਨਾਲ਼ ਕੀਤੀ ਜਾ ਸਕਦੀ ਹੈ। ਜਿਵੇਂ ਹੀ ਇਹ ਪ੍ਰਸਿੱਧ ਲੋਕ ਮਰਦੇ ਹਨ, ਉਸੇ ਵੇਲੇ ਹੀ ਉਨ੍ਹਾਂ ਦੀ ਮੌਤ ਨਾਲ਼ ਜੁੜੀਆਂ ਤਤਕਾਲੀ ਹਾਲਤ ਨਾਲ਼ ਜੁੜੀਆਂ ਸੂਚਨਾਵਾਂ ਨੂੰ ਉੱਪਰ ਜੋੜਕੇ ਅਖ਼ਵਾਰ ਇਨ੍ਹਾਂ ਸ਼ਰਧਾਂਜਲੀ ਲੇਖਾਂ ਨੂੰ ਛਾਪ ਦਿੰਦੇ ਹਨ! ਉਸੇ ਤਰ੍ਹਾਂ ਸਮਾਜਵਾਦ ਅਤੇ ਮਾਰਕਸਵਾਦ ਦੀ ਮੌਤ ਨਾਲ਼ ਜੁੜੇ ਸ਼ਰਧਾਂਜਲੀ ਲੇਖ ਬੁਰਜੂਆਜੀ ਦੇ ਵਿਚਾਰਧਾਰਕ ਗਲ਼ਬੇ ਦੀ ਮਸ਼ੀਨਰੀ ਨੇ ਠੰਢੀ ਜੰਗ ਦੇ ਗਤੀ ਫੜਨ (ਭਾਵ 1960 ਦੇ ਦਹਾਕੇ) ਦੇ ਨਾਲ਼ ਹੀ ਲਿਖਣੇ ਸ਼ੁਰੂ ਕਰ ਦਿਤੇ ਸਨ! 1956 ਵਿੱਚ ਸੋਵੀਅਤ ਸੰਘ ਵਿੱਚ ਸੋਧਵਾਦ ਦੀ ਜਿੱਤ ਤੋਂ ਬਾਅਦ ਉਸ ਦੇ ਸਰਮਾਏਦਾਰੀ ਰਾਹ ਫੜਣ, ਸੋਵੀਅਤ ਸੰਘ ਦੇ ਰਾਜਕੀ ਸਰਮਾਏਦਾਰੀ ਦੇ ਘੇਰੇ ਵਿੱਚ ਸਰਮਾਏ ਦੇ ਇਕੱਤਰੀਕਰਣ ਦੇ ਸੰਕਟ ਦੇ ਪੈਦਾ ਹੋਣ, ਗੋਰਬਾਚੋਵ ਦੇ ”ਸੁਧਾਰਾਂ” ਦੇ ਸ਼ੁਰੂ ਹੋਣ ਨਾਲ਼ ਇਨ੍ਹਾਂ ਮੌਤ ਦੇ ਲੇਖਾਂ ਵਿੱਚ ਨਵੀਆਂ-ਨਵੀਆਂ ਤਫ਼ਸੀਲਾਂ ਜੁੜਦੀਆਂ ਗਈਆਂ ਅਤੇ 1990 ਵਿੱਚ ਰਸਮੀਂ ਤੌਰ ‘ਤੇ ਸੋਵੀਅਤ ਸੰਘ ਵਿੱਚ ”ਲਾਲ ਝੰਡੇ” ਦੇ ਡਿੱਗਣ ਨਾਲ਼, ਸਾਮਰਾਜੀ ਸੂਚਨਾ ਤੰਤਰ ਨੇ ਇਨ੍ਹ੍ਹਾਂ ਮੌਤ ਦੇ ਲੇਖਾਂ ਦਾ ਪ੍ਰਸਾਰਣ ਸ਼ੁਰੂ ਕਰ ਦਿੱਤਾ! ਪਰ ਇਤਿਹਾਸ ਖੁਦ ਹੀ ਦਰਸਾ ਦਿੰਦਾ ਹੈ ਕਿ ਇਹ ਮੌਤ-ਲੇਖ ਨਕਲੀ ਲਾਲ ਝੰਡੇ, ਨਕਲੀ ਸਮਾਜਵਾਦ ਅਤੇ ਸੋਧਵਾਦ ਦੇ ਮੌਤ-ਲੇਖ ਸਨ! ਜੋ ਸਰਮਾਏਦਾਰੀ ਜਿੱਤਵਾਦ ਸੋਵੀਅਤ ਸੰਘ ਦੇ ਖਿੰਡਣ ਨਾਲ਼ ਸ਼ੁਰੂ ਹੋਇਆ, ਉਹ ਇਤਿਹਾਸਕ-ਸਿਆਸੀ ਤੌਰ ‘ਤੇ ਬੇਮੌਕਾ ਸੀ। ਪਰ ਫਿਰ ਵੀ ਇਸ ਸਰਮਾਏਦਾਰਾ ਜਿੱਤਵਾਦ ਨੇ ਕਮਿਊਨਿਸਟ ਇਨਕਲਾਬੀਆਂ ਦੇ ਇੱਕ ਚੰਗੇ-ਭਲ਼ੇ ਹਿੱਸੇ ਅਤੇ ਅਕਾਦਮਿਕ ਦੁਨੀਆਂ ‘ਤੇ ਡੂੰਘਾ ਅਸਰ ਪਾਇਆ।…

ਪੂਰਾ ਪਡ਼ਨ ਲਈ ਪੀ.ਡੀ.ਐਫ਼ ਡਾਊਨਲੋਡ ਕਰੋ…

“ਪ੍ਰਤੀਬੱਧ”, ਅੰਕ 21, ਫਰਵਰੀ 2014 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s