ਸੁਹਜ ਸ਼ਾਸਤਰ ਬਾਰੇ ਮਾਰਕਸ ਤੇ ਏਂਗਲਜ਼ ਦੇ ਵਿਚਾਰ -ਜਾਰਜ ਲੁਕਾਚ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

 ਮਾਰਕਸ ਅਤੇ ਏਂਗਲਜ਼ ਦੇ ਸਾਹਿਤ ਦੇ ਵਿਸ਼ੇ ‘ਤੇ ਅਧਿਐਨ ਇੱਕ ਵਿਸ਼ੇਸ਼ ਕਿਸਮ ਦੇ ਸਾਹਿਤਕ ਰੂਪ ਵਿੱਚ ਮਿਲ਼ਦੇ ਹਨ। ਸਭ ਤੋਂ ਪਹਿਲਾਂ ਪਾਠਕ ਲਈ ਇਹ ਸਮਝਣਾ ਲਾਜ਼ਮੀ ਹੈ ਕਿ ਉਹ ਜਿਸ ਰੂਪ ਵਿੱਚ ਹਨ, ਓਸੇ ਰੂਪ ਵਿੱਚ ਕਿਉਂ ਹਨ, ਇਹ ਸਮਝਣ ਦੇ ਬਾਅਦ ਹੀ ਉਨ੍ਹਾਂ ਨੂੰ ਪੜ੍ਹਨ ਅਤੇ ਸਮਝਣ ਲਈ ਉਹ ਉਚਿਤ ਰੁਖ ਅਪਣਾ ਸਕੇਗਾ। ਨਾ ਤਾਂ ਮਾਰਕਸ ਅਤੇ ਨਾ ਹੀ ਏਂਗਲਜ਼ ਨੇ ਸਾਹਿਤ ਨਾਲ਼ ਜੁੜੇ ਸੁਆਲਾਂ ਨੂੰ ਲੈ ਕੇ ਕਦੀ ਕੋਈ ਗ੍ਰੰਥ ਜਾਂ ਕੋਈ ਮੁਕੰਮਲ ਲੇਖ ਲਿਖਿਆ। ਬੁੱਢੀ ਉਮਰੇ ਮਾਰਕਸ ਸਦਾ ਹੀ ਆਪਣੇ ਪਸੰਦੀਦਾ ਲੇਖਕ ਬਾਲਜ਼ਾਕ ‘ਤੇ ਇੱਕ ਵਿਸਥਾਰਤ ਸਮੀਖਿਆ ਲਿਖ ਕੇ ਆਪਣੇ ਵਿਚਾਰਾਂ ਨੂੰ ਪੇਸ਼ ਕਰਨ ਦਾ ਸੁਪਨਾ ਦੇਖਦੇ ਰਹੇ। ਪਰ ਕਈ ਹੋਰਨਾਂ ਯੋਜਨਾਵਾਂ ਦੀ ਤਰ੍ਹਾਂ ਇਹ ਯੋਜਨਾ ਵੀ ਇੱਕ ਸੁਪਨਾ ਬਣਕੇ ਰਹਿ ਗਈ। ਉਹ ਮਹਾਨ ਚਿੰਤਕ ਅਰਥਸ਼ਾਸਤਰ ਦੇ ਵਿਸ਼ੇ ‘ਤੇ ਆਪਣੀ ਬੁਨਿਆਦੀ ਰਚਨਾ ਵਿੱਚ ਮੌਤ ਦੇ ਦਿਨ ਤੱਕ ਇਸ ਤਰ੍ਹਾਂ ਰੁੱਝਿਆ ਰਿਹਾ ਕਿ ਨਾ ਤਾਂ ਬਾਲਜ਼ਾਕ ਸਬੰਧੀ ਇਹ ਰਚਨਾ ਅਤੇ ਨਾ ਹੀ ਹੀਗਲ ‘ਤੇ ਵਿਚਾਰ ਅਧੀਨ ਰਚਨਾ ਕਦੀ ਹੋਂਦ ਵਿੱਚ ਆ ਸਕੀ।

ਇਸ ਤਰ੍ਹਾਂ ਇਹ ਕਿਤਾਬ1 ਅੰਸ਼ਕ ਰੂਪ ਵਿੱਚ ਮਾਰਕਸ ਅਤੇ ਏਂਗਲਜ਼ ਦੀਆਂ ਚਿੱਠੀਆਂ ਅਤੇ ਗੱਲਬਾਤ ਦੇ ਹਵਾਲਿਆਂ ਅਤੇ ਅੰਸ਼ਕ ਰੂਪ ਵਿੱਚ ਵੱਖ ਵੱਖ ਵਿਸ਼ਿਆਂ ਤੇ ਲਿਖੀਆਂ ਕਿਤਾਬਾਂ ਦੇ ਉਨ੍ਹਾਂ ਹਵਾਲਿਆਂ ਤੋਂ ਤਿਆਰ ਕੀਤੀ ਗਈ ਹੈ ਜਿਨ੍ਹਾਂ ਵਿੱਚ ਉਨ੍ਹਾਂ ਨੇ ਸਾਹਿਤ ਨਾਲ਼ ਜੁੜੇ ਸੁਆਲਾਂ ਤੇ ਵਿਚਾਰ ਕੀਤਾ ਹੈ। ਇਸ ਲਈ ਇਨ੍ਹਾਂ ਦੀ ਚੋਣ ਅਤੇ ਤਰਤੀਬ ਇਨ੍ਹਾਂ ਅੰਸ਼ਾਂ ਦੇ ਲੇਖਕਾਂ ਨੇ ਨਹੀਂ ਕੀਤੀ ਸੀ। 

ਇਸ ਦਾ ਇਹ ਅਰਥ ਨਹੀਂ ਕਿ ਇਥੇ ਇਕੱਠੇ ਕੀਤੇ ਅੰਸ਼ ਇੱਕ ਅਵੈਵੀ ਅਤੇ ਵਿਵਸਥਤ ਨਜ਼ਰੀਏ ਨੂੰ ਪੇਸ਼ ਨਹੀਂ ਕਰਦੇ। ਅਸਲ ਵਿੱਚ, ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਮਾਰਕਸ ਅਤੇ ਏਂਗਲਜ਼ ਦੇ ਦਾਰਸ਼ਨਿਕ ਸੰਕਲਪਾਂ ਦੇ ਸੰਦਰਭ ਵਿੱਚ ਇਹ ਵਿਵਸਥਾ ਕਿਸ ਤਰ੍ਹਾਂ ਦੀ ਹੈ। ਉਂਝ, ਇਸ ਲੇਖ ਵਿੱਚ ਮਾਰਕਸਵਾਦੀ ਵਿਵਿਸਥਾਪਨ ਦੇ ਸਿਧਾਂਤ ਦੀ ਅਸੀਂ ਵਿਸਥਾਰ ਨਾਲ਼ ਪੜਤਾਲ ਕਰ ਵੀ ਨਹੀਂ ਸਕਦੇ। ਦੋ ਪੱਖਾਂ ਵੱਲ ਪਾਠਕ ਦਾ ਧਿਆਨ ਖਿੱਚਣ ਤੱਕ ਅਸੀਂ ਖੁਦ ਨੂੰ ਸੀਮਤ ਰੱਖਾਂਗੇ। ਪਹਿਲਾ, ਆਧੁਨਿਕ ਸਰਮਾਏਦਾਰਾ ਫ਼ਲਸਫੇ ਦੇ ਉਲਟ ਮਾਰਕਸਵਾਦੀ ਵਿਧੀ ਕਦੀਂ ਵੀ ਸੰਪੂਰਣ ਇਤਿਹਾਸਕ ਪ੍ਰਕਿਰਿਆ ਦੇ ਸੰਕਲਪ ਤੋਂ ਲਾਂਭੇ ਨਹੀਂ ਹੁੰਦੀ। ਮਾਰਕਸ ਅਤੇ ਏਂਗਲਜ਼ ਦੇ ਅਨੁਸਾਰ ਵਿਆਪਕ ਵਿਗਿਆਨ ਇੱਕ ਹੀ ਹੈ ਅਤੇ ਉਹ ਹੈ, ਇਤਿਹਾਸ ਦਾ ਵਿਗਿਆਨ ਜੋ ਕੁਦਰਤ, ਸਮਾਜ ਅਤੇ ਚਿੰਤਨ ਆਦਿ ਦੇ ਵਿਕਾਸ ਨੂੰ ਤਾਲਮੇਲਵੀਂ ਇਤਿਹਾਸਕ ਪ੍ਰਕਿਰਿਆ ਦੇ ਰੂਪ ਵਿੱਚ ਸਮਝਦਾ ਹੈ ਅਤੇ ਇਸ ਦੇ ਆਮ ਅਤੇ (ਇੱਕ ਇੱਕ ਦੌਰ ਨਾਲ਼ ਜੁੜੇ) ਖ਼ਾਸ ਨਿਯਮਾਂ ਦੀ ਖੋਜ ਦਾ ਯਤਨ ਕਰਦਾ ਹੈ। ਉਨ੍ਹਾਂ ਦੀ ਵਿਧੀ ਦੀ ਦੂਜੀ ਵਿਸ਼ੇਸ਼ਤਾ ਇਹ ਹੈ ਕਿ ਉਨ੍ਹਾਂ ਦਾ ਉਪਰੋਕਤ ਨਜ਼ਰੀਆ ਕਿਸੇ ਵੀ ਹਾਲਤ ਵਿੱਚ ਇਤਿਹਾਸਕ ਸਾਪੇਖਵਾਦ ਵੱਲ ਨਹੀਂ ਲੈ ਜਾਂਦਾ। ਇਸ ਮਾਮਲੇ ਵਿੱਚ ਵੀ ਮਾਰਕਸਵਾਦੀ ਵਿਧੀ ਸਰਾਮਾਏਦਾਰਾ ਚਿੰਤਨ ਤੋਂ ਵੱਖਰੀ ਹੈ। ਦਵੰਦਵਾਦੀ ਵਿਧੀ ਦਾ ਸਾਰ ਤੱਤ ਨਿਰਪੇਖ ਅਤੇ ਸਾਪੇਖ ਦੀ ਅਖੰਡ ਏਕਤਾ ਨੂੰ ਸਮੇਟ ਲੈਣ ਵਿੱਚ ਮੌਜੂਦ ਹੈ। ਨਿਰਪੇਖ ਸੱਚ ਵਿੱਚ (ਸਥਾਨ ਸਮੇਂ ਅਤੇ ਹਾਲਾਤ ਦੇ ਅਧਾਰ ‘ਤੇ ਬਣੇ) ਸਾਪੇਖ ਤੱਤ ਹੁੰਦਾ ਹੈ ਅਤੇ ਦੂਜੇ ਪਾਸੇ, ਸਾਪੇਖ ਸੱਚ ਵਿੱਚ (ਜਿਥੋਂ ਤੱਕ ਉਹ ਸੱਚਮੁੱਚ ਹੀ ਸੱਚ ਹੁੰਦਾ ਹੈ ਅਤੇ ਵਿਸ਼ਵਾਸਯੋਗ ਢੰਗ ਨਾਲ਼ ਯਥਾਰਥ ਨੂੰ ਪ੍ਰਤੀਬਿੰਬਤ ਕਰਦਾ ਹੈ) ਇੱਕ ਨਿਰਪੇਖ ਪ੍ਰਮਾਣਕਤਾ ਹੁੰਦੀ ਹੈ।

ਮਾਰਕਸਵਾਦੀ ਨਜ਼ਰੀਏ ਦੇ ਇਸ ਪੱਖ ਦਾ ਨਤੀਜਾ ਇਹ ਹੁੰਦਾ ਹੈ ਕਿ ਇਹ ਗਿਆਨ ਦੀਆਂ ਸ਼ਾਖਾਵਾਂ ਵਿੱਚ ਨਿਖੇੜੇ ਨੂੰ ਨਹੀਂ ਮੰਨਦਾ ਜਿਹੜਾ ਕਿ ਸਰਮਾਏਦਾਰੀ ਸੰਸਾਰ ਵਿੱਚ ਏਨਾ ਫੈਸ਼ਨ ਬਣ ਗਿਆ ਹੈ। ਨਾ ਤਾਂ ਵਿਗਿਆਨ ਆਪਣੀ ਸੰਪੂਰਣਤਾ ਵਿੱਚ, ਨਾ ਹੀ ਆਪਣੀਆਂ ਵੱਖਰੀਆਂ ਵੱਖਰੀਆਂ ਸ਼ਾਖਾਵਾਂ ਵਿੱਚ, ਅਤੇ ਨਾ ਹੀ ਕਲਾ ਦਾ ਕੋਈ ਖੁਦਮੁਖਤਿਆਰ ਅਤੇ ਵਿਅਕਤੀਗਤ ਇਤਿਹਾਸ ਹੈ, ਅਜਿਹਾ ਇਤਿਹਾਸ ਜੋ ਪੂਰੀ ਤਰ੍ਹਾਂ ਕਿਸੇ ਖ਼ਾਸ ਅੰਦਰੂਨੀ ਦਵੰਦ ਤੋਂ ਪੈਦਾ ਹੁੰਦਾ ਹੋਵੇ। ਉਨ੍ਹਾਂ ਦਾ ਵਿਕਾਸ ਸਮੁੱਚੀ ਸਮਾਜਕ ਪੈਦਾਵਾਰ ਦੇ ਇਤਿਹਾਸ ਦੀ ਗਤੀ ਤੋਂ ਤੈਅ ਹੁੰਦਾ ਹੈ। ਵਿਸ਼ੇਸ਼ ਖੇਤਰਾਂ ਵਿੱਚ ਹੋਣ ਵਾਲ਼ੀਆਂ ਤਬਦੀਲੀਆਂ ਅਤੇ ਵਿਕਾਸਾਂ ਦੀ ਸਹੀ ਅਤੇ ਵਿਗਿਆਨਕ ਢੰਗ ਨਾਲ਼ ਵਿਆਖਿਆ, ਇਸ ਅਧਾਰ ਦੇ ਸੰਦਰਭ ਵਿੱਚ ਹੀ ਕੀਤੀ ਜਾ ਸਕਦੀ ਹੈ। ਸੱਚੀਂ ਮੁੱਚੀਂ, ਢੇਰਾਂ ਆਧੁਨਿਕ ਵਿਗਿਆਨਕ ਪੂਰਵ-ਧਾਰਨਾਵਾਂ ਦੇ ਠੀਕ ਉਲ਼ਟ ਮਾਰਕਸ ਅਤੇ ਏਂਗਲਜ਼ ਦੇ ਇਸ ਸੰਕਲਪ ਨੂੰ ਮਸ਼ੀਨੀ ਢੰਗ ਨਾਲ਼ ਲਾਗੂ ਨਹੀਂ ਕੀਤਾ ਜਾਣਾ ਚਾਹੀਦਾ, ਜਿਹਾ ਕਿ ਅਨੇਕਾਂ ਨਕਲੀ ਅਤੇ ਉਜੱਡ ਮਾਰਕਸਵਾਦੀ ਅਕਸਰ ਕਰਦੇ ਹਨ। 

ਅਸੀਂ ਇਸ ਸਮੱਸਿਆ ਦਾ ਹੁਣ ਬਰੀਕੀ ਨਾਲ਼ ਵਿਸ਼ਲੇਸ਼ਣ ਕਰਾਂਗੇ। ਹਾਲੇ ਇਥੇ ਅਸੀਂ ਸਿਰਫ਼ ਇਸ ਗੱਲ ਤੇ ਜ਼ੋਰ ਦੇਣਾ ਚਾਹੁੰਦੇ ਹਾਂ ਕਿ ਮਾਰਕਸ ਅਤੇ ਏਂਗਲਜ਼ ਨੇ ਕਦੀ ਵੀ ਮਨੁੱਖੀ ਸਰਗਰਮੀ ਦੇ ਵਿਖੇਸ਼ ਖੇਤਰਾਂ (ਨਿਆਂ, ਵਿਗਿਆਨ, ਕਲਾ ਆਦਿ) ਦੇ ਵਿਕਾਸ ਵਿੱਚ ਮੌਜੂਦ ਸਾਪੇਖਕ ਖੁਦਮੁਖਤਿਆਰੀ ਦਾ ਨਿਖੇਧ ਜਾਂ ਗਲਤ ਪੇਸ਼ਕਾਰੀ ਨਹੀਂ ਕੀਤੀ। ਉਦਾਹਰਣ ਵਜੋਂ, ਉਹ ਮੰਨਦੇ ਸਨ ਕਿ ਕਿਸ ਤਰ੍ਹਾਂ ਇੱਕ ਦਰਿਸ਼ਨਿਕ ਸੰਕਲਪ ਆਪਣੇ ਤੋਂ ਪਹਿਲਾਂ ਦੇ ਸੰਕਲਪ ਨਾਲ਼ ਜੁੜਿਆ ਹੁੰਦਾ ਹੈ ਅਤੇ ਉਸ ਨੂੰ ਵਿਕਸਤ ਕਰਦਾ ਹੈ, ਉਸ ਨਾਲ਼ ਘੋਲ਼ ਕਰਦਾ ਹੈ ਅਤੇ ਉਸ ਨੂੰ ਸ਼ੁੱਧ ਕਰਦਾ ਹੈ। ਮਾਰਕਸ ਅਤੇ ਏਂਗਲਜ਼ ਨੇ ਸਿਰਫ਼ ਇਸ ਗੱਲ ਨੂੰ ਸਪੱਸ਼ਟ ਕੀਤਾ ਕਿ ਵਿਗਿਆਨ ਅਤੇ ਕਲਾ ਦੇ ਵਿਕਾਸ ਦੀ ਵਿਆਖਿਆ ਪੂਰੀ ਤਰ੍ਹਾਂ, ਜਾਂ ਮੁੱਢਲੇ ਰੂਪ ਤੋਂ ਵੀ, ਉਨ੍ਹਾਂ ਦੇ ਆਪਣੇ ਅੰਦਰੂਨੀ ਸੰਦਰਭ ਵਿੱਚ ਨਹੀਂ ਕੀਤੀ ਜਾ ਸਕਦੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਵਿਅਕਤੀਗਤ ਸੰਦਰਭ ਬਾਹਰਮੁਖੀ ਯਥਾਰਥ ਵਿੱਚ ਮੌਜੂਦ ਹੁੰਦੇ ਹਨ, ਪਰ ਇਹ ਮਹਿਜ ਉਸ ਇਤਿਹਾਸਕ ਸੰਦਰਭ ਦੇ, ਇਤਿਹਾਸਕ ਪ੍ਰਕਿਰਿਆ ਦੀ ਉਸ ਸੰਪੂਰਨਤਾ ਦੇ ਪੱਖਾਂ ਦੇ ਰੂਪ ਵਿੱਚ ਹੀ ਮੌਜੂਦ ਹੁੰਦੇ ਹਨ, ਜਿਨ੍ਹਾਂ ਵਿੱਚ ਅੰਤਰ ਕਿਰਿਆ ਕਰਨ ਵਾਲ਼ੇ ਤੱਤਾਂ ਦੇ ਜਟਿਲ ਸਮੁੱਚ ਵਿੱਚ ਪ੍ਰਮੁੱਖ ਭੂਮਿਕਾ ਆਰਥਕ ਤੱਤ ਜਾਂ ਪੈਦਾਵਾਰ ਦੇ ਸਾਧਨਾਂ ਦਾ ਵਿਕਾਸ ਨਿਭਾਉਂਦਾ ਹੈ।

ਇਸ ਤਰ੍ਹਾਂ ਸਾਹਿਤ ਦੀ ਹੋਂਦ, ਮਹਤੱਵ, ਚੜ੍ਹਤ ਅਤੇ ਪ੍ਰਭਾਵ ਦੀ ਵਿਆਖਿਆ ਸਮੁੱਚੀ ਵਿਵਸਥਾ ਦੇ ਸਮੁੱਚੇ ਇਤਿਹਾਸਕ ਸੰਦਰਭ ਵਿੱਚ ਹੀ ਕੀਤੀ ਜਾ ਸਕਦੀ ਹੈ। ਸਾਹਿਤ ਦੀ ਉਤਪਤੀ ਅਤੇ ਵਿਕਾਸ ਸਮੁੱਚੀ ਇਤਿਹਾਸਕ ਸਮਾਜਿਕ ਪ੍ਰਕਿਰਿਆ ਦਾ ਅੰਗ ਹੈ। ਸਾਹਿਤਿਕ ਰਚਨਾਵਾਂ ਦਾ ਸੁਹਜ ਸ਼ਾਸਤਰੀ ਸਾਰਤੱਤ ਅਤੇ ਕਦਰ ਅਤੇ ਇਸ ਲਈ ਉਨ੍ਹਾਂ ਦਾ ਪ੍ਰਭਾਵ ਉਸ ਆਮ ਅਤੇ ਤਾਲਮੇਲ਼ਵੀਂ ਸਮਾਜਕ ਪ੍ਰਕਿਰਿਆ ਦਾ ਅੰਗ ਹੈ, ਜਿਸ ਵਿੱਚ ਮਨੁੱਖ ਚੇਤਨਾ ਰਾਹੀਂ ਦੁਨੀਆਂ ਨੂੰ ਆਪਣੇ ਵੱਸ ਵਿੱਚ ਕਰਦਾ ਹੈ। ਅਸੀਂ ਮਾਰਕਸਵਾਦੀ ਵਿਧੀ ਦੇ ਜਿਸ ਪਹਿਲੇ ਪੱਖ ਤੇ ਵਿਚਾਰ ਕੀਤਾ ਹੈ ਉਸ ਦੇ ਅਨੁਕੂਲ ਮਾਰਕਸਵਾਦੀ ਸੁਹਜ ਸ਼ਾਸਤਰ ਅਤੇ ਸਾਹਿਤ ਅਤੇ ਕਲਾ ਦਾ ਇਤਿਹਾਸ ਇਤਿਹਾਸਕ ਪਦਾਰਥਵਾਦ ਦੇ ਅੰਗ ਹਨ ਅਤੇ ਦੂਜੇ ਪੱਖ ਦੇ ਅਨੁਸਾਰ ਉਹ ਦਵੰਦਵਾਦੀ ਪਦਾਰਥਵਾਦ ਦੇ ਇਨ੍ਹਾਂ ਖੇਤਰਾਂ ਵਿੱਚ ਲਾਗੂ ਕਰਨ ਦੇ ਨਤੀਜੇ ਹਨ। ਉਂਝ ਦੋਵਾਂ ਹੀ ਮਾਮਲਿਆਂ ਵਿੱਚ ਉਹ ਇਸ ਸਮੁੱਚਤਾ ਦਾ ਇੱਕ ਵਿਸ਼ੇਸ਼ ਅਤੇ ਅਸਧਾਰਣ ਅੰਗ ਹਨ। ਉਨ੍ਹਾਂ ਦੇ ਨਿਸ਼ਚਤ ਅਤੇ ਵਿਸ਼ੇਸ਼ ਨਿਯਮ ਅਤੇ ਵਿਸ਼ੇਸ਼ ਸੁਹਜ ਸ਼ਾਸਤਰੀ ਸਿਧਾਂਤ ਹਨ। 

ਮਾਰਕਸਵਾਦੀ ਸੁਹਜ ਸ਼ਾਸਤਰ ਅਤੇ ਸਾਹਿਤ ਇਤਿਹਾਸ ਦੇ ਵਿਆਪਕ ਸਿਧਾਂਤ ਇਤਿਹਾਸਕ ਪਦਾਰਥਵਾਦ ਦੇ ਸਿਧਾਂਤ ਵਿੱਚ ਮਿਲ ਸਕਦੇ ਹਨ। ਸਿਰਫ਼ ਇਤਿਹਾਸਕ ਪਦਾਰਥਵਾਦ ਦੇ ਸਹਾਰੇ ਅਸੀਂ ਸਾਹਿਤ ਅਤੇ ਕਲਾ ਦੀ ਉਤਪਤੀ, ਉਨ੍ਹਾਂ ਦੇ ਵਿਕਾਸ ਦੇ ਨਿਯਮਾਂ ਅਤੇ ਵੱਖ ਵੱਖ ਦਿਸ਼ਾਵਾਂ ਦੀ ਜਾਣਕਾਰੀ ਹਾਸਲ ਕਰ ਸਕਦੇ ਹਾਂ ਜਿਨ੍ਹਾਂ ਦੀ ਪਾਲ਼ਣਾ ਇਹ ਸਮੁੱਚੀ ਪ੍ਰਕਿਰਿਆ ਵਿੱਚ, ਆਪਣੀ ਚੜ੍ਹਤ ਅਤੇ ਨਿਘਾਰ ਦੇ ਦੌਰ ਵਿੱਚ ਕਰਦੇ ਹਨ। ਇਸ ਲਈ ਸਾਨੂੰ ਸ਼ੁਰੂ ਵਿੱਚ ਹੀ ਇਤਿਹਾਸਕ ਪਦਾਰਥਵਾਦ ਨਾਲ਼ ਜੁੜੇ ਕੁਝ ਆਮ ਅਤੇ ਬੁਨਿਆਦੀ ਸੁਆਲਾਂ ਦੀ ਛਾਣਬੀਣ ਕਰਨੀ ਹੋਵੇਗੀ ਅਤੇ ਇਹ ਕੰਮ ਆਪਣਾ ਵਿਗਿਆਨਕ ਨੀਂਹ ਪੱਥਰ ਰੱਖਣ ਲਈ ਹੀ ਨਹੀਂ ਸਗੋਂ ਸਹੀ ਮਾਰਕਸਵਾਦ ਨੂੰ, ਅਸਲੀ ਦਵੰਦਵਾਦੀ ਪਦਾਰਥਵਾਦੀ ਨਜ਼ਰੀਏ ਨੂੰ, ਸਸਤੇ ਢੰਗ ਨਾਲ਼ ਵਿਗਾੜਨ ਦੀਆਂ ਕੋਸ਼ਿਸ਼ਾਂ ਨਾਲ਼ੋਂ ਨਿਖੇੜਨ ਲਈ ਵੀ ਕਰਨਾ ਪਵੇਗਾ, ਕਿਉਂ ਕਿ ਇਸੇ ਖੇਤਰ ਵਿੱਚ ਮਾਰਕਸਵਾਦੀ ਸਿਧਾਂਤ ਨੂੰ ਸੰਭਵ ਰੂਪ ਵਿੱਚ – ਸਭ ਤੋਂ ਗੰਭੀਰ ਰੂਪ ਵਿੱਚ ਵਿਗਾੜਿਆ ਗਿਆ ਹੈ।

ਇਹ ਜੱਗ ਜਾਹਰ ਹੈ ਕਿ ਇਤਿਹਾਸਕ ਪਦਾਰਥਵਾਦ ਇਤਿਹਾਸਕ ਵਿਕਾਸ ਦੇ ਨਿਯਾਮਕ ਸਿਧਾਂਤ ਜਾਂ ਬੁਨਿਆਦੀ ਕਾਰਕ ਨੂੰ ਆਰਥਕ ਅਧਾਰ ਵਿੱਚ ਦੇਖਦਾ ਹੈ। ਸਾਹਿਤ ਅਤੇ ਕਲਾ ਸਮੇਤ ਸਾਰੀਆਂ ਵਿਚਾਰਧਾਰਾਵਾਂ ਸਿਰਫ਼ ਉੱਚ ਉਸਾਰ ਹੁੰਦੀਆਂ ਹਨ ਅਤੇ ਇਸ ਤਰ੍ਹਾਂ ਵਿਕਾਸ ਦੀ ਪ੍ਰਕਿਰਿਆ ਵਿੱਚ ਗੌਣ ਤੱਤ ਹੁੰਦੀਆਂ ਹਨ।

ਇਸ ਬੁਨਿਆਦੀ ਸੰਕਲਪ ਨੂੰ ਗ਼ਲਤ ਢੰਗ ਨਾਲ਼ ਸਮਝਦੇ ਹੋਏ ਵਿਗਾੜਿਆ ਪਦਾਰਥਵਾਦ, ਇਸ ਤਰ੍ਹਾਂ ਦੇ ਮਸ਼ੀਨੀ, ਗ਼ਲਤ ਅਤੇ ਭਰਮ ਪਾਉਣ ਵਾਲ਼ੇ ਨਤੀਜੇ ਕੱਢਦਾ ਹੈ ਕਿ ਅਧਾਰ ਅਤੇ ਉੱਚ ਉਸਾਰ ਵਿੱਚ ਸਿਧ ਪੱਧਰੇ ਤਰੀਕੇ ਦਾ ਕਾਰਣ ਕਾਰਜ ਸਬੰਧ ਹੁੰਦਾ ਹੈ, ਜਿਸ ਵਿੱਚ ਅਧਾਰ ਪੂਰੀ ਤਰ੍ਹਾਂ ਕਾਰਨ ਹੁੰਦਾ ਹੈ ਅਤੇ ਉੱਚ ਉਸਾਰ ਪੂਰੀ ਤਰ੍ਹਾਂ ਕਾਰਜ ਹੁੰਦਾ ਹੈ। ਵਿਗਾੜੇ ਮਾਰਕਸਵਾਦ ਦੀ ਨਜ਼ਰ ਵਿੱਚ ਉੱਚ-ਉਸਾਰ ਪੈਦਾਵਾਰ ਦੇ ਸਾਧਨਾਂ ਦੇ ਵਿਕਾਸ ਦੇ ਇੱਕ ਮਸ਼ੀਨੀ ਕੰਮ ਚਲਾਊ ਨਤੀਜੇ ਦੀ ਨੁਮਾਇੰਦਗੀ ਕਰਦਾ ਹੈ। ਦਵੰਦਵਾਦੀ ਵਿਧੀ ਲਈ ਅਜਿਹੇ ਸਬੰਧ ਬਿਲਕੁਲ ਅਣਜਾਣੇ ਹਨ। ਦਵੰਦਵਾਦ ਕਿਤੇ ਵੀ ਸ਼ੁੱਧ ਰੂਪ ਵਿੱਚ ਇਕਹਿਰੇ ਕਾਰਜ ਕਾਰਣ ਸਬੰਧਾਂ ਦਾ ਨਿਖੇਧ ਕਰਦਾ ਹੈ। ਇਹ ਬਹੁਤ ਹੀ ਸਰਲ ਤੱਥਾਂ ਵਿੱਚ ਵੀ ਕਾਰਣਾਂ ਅਤੇ ਕਾਰਜਾਂ ਦੀ ਗੁੰਝਲਦਾਰ ਅੰਤਰਕਿਰਿਆ ਦੇਖਦਾ ਅਤੇ ਪਛਾਣਦਾ ਹੈ। ਅਤੇ ਇਤਿਹਾਸਕ ਪਦਾਰਥਵਾਦ ਇਸ ਗੱਲ ਤੇ ਜ਼ੋਰ ਦਿੰਦਾ ਹੈ ਕਿ ਸਮਾਜ ਦੇ ਵਿਕਾਸ ਜਿਹੀ ਬਹੁਪੱਧਰੀ ਅਤੇ ਬਹੁਪੱਖੀ ਪ੍ਰਕਿਰਿਆ ਵਿੱਚ ਸਮਾਜਕ ਅਤੇ ਇਤਿਹਾਸਕ ਵਿਕਾਸ ਦੀ ਸਮੁੱਚੀ ਪ੍ਰਕਿਰਿਆ ਅੰਤਰ ਕਿਰਿਆਵਾਂ ਦੀ ਇੱਕ ਗੁੰਝਲਦਾਰ ਸੰਰਚਨਾ ਦੇ ਰੂਪ ਵਿੱਚ ਹੀ ਸੰਭਵ ਹੁੰਦੀ ਹੈ। ਸਿਰਫ਼ ਇਸੇ ਨਜ਼ਰੀਏ ਨਾਲ਼ ਵਿਚਾਰਧਾਰਾਵਾਂ ਦੀ ਸਮੱਸਿਆ ਦਾ ਸਾਹਮਣਾ ਕੀਤਾ ਜਾ ਸਕਦਾ ਹੈ। ਜਿਹੜਾ ਵੀ ਵਿਚਾਰਧਾਰਾਵਾਂ ਨੂੰ ਉਨ੍ਹਾਂ ਦੇ ਅਧਾਰ ਵਿੱਚ ਸਥਿਤ ਆਰਥਕ ਪ੍ਰਕਿਰਿਆ ਦਾ ਮਸ਼ੀਨੀ ਅਤੇ ਗੈਰ ਸਰਗਰਮ ਨਤੀਜਾ ਮੰਨਦਾ ਹੈ, ਉਹ ਉਨ੍ਹਾਂ ਦੇ ਸਾਰ ਤੱਤ ਅਤੇ ਉਨ੍ਹਾਂ ਦੇ ਵਿਕਾਸ ਸਬੰਧੀ ਕੁਝ ਵੀ ਨਹੀਂ ਸਮਝਦਾ ਹੈ ਅਤੇ ਉਹ ਮਾਰਕਸਵਾਦ ਦਾ ਨਹੀਂ, ਸਗੋਂ ਉਸ ਦੇ ਵਿਗਾੜ ਦੀ ਪੇਸ਼ਕਾਰੀ ਕਰਦਾ ਹੈ।

ਇਸ ਸੁਆਲ ਸਬੰਧੀ ਆਪਣੀ ਇੱਕ ਚਿੱਠੀ ਵਿੱਚ ਏਂਗਲਜ਼ ਨੇ ਕਿਹਾ ਹੈ, ”ਰਾਜਨੀਤਕ, ਵਿਧਾਨਕ, ਦਾਰਸ਼ਨਿਕ, ਧਾਰਮਿਕ, ਸਾਹਿਤਕ ਅਤੇ ਕਲਾਤਮਕ ਵਿਕਾਸ ਆਰਥਕ ਵਿਕਾਸ ‘ਤੇ ਨਿਰਭਰ ਕਰਦਾ ਹੈ। ਪਰ ਉਹ ਆਪਸ ਵਿੱਚ ਇੱਕ ਦੂਜੇ ਨੂੰ ਅਤੇ ਆਰਥਕ ਅਧਾਰ ਨੂੰ ਵੀ ਪ੍ਰਭਾਵਤ ਕਰਦੇ ਹਨ। ਅਜਿਹਾ ਨਹੀਂ ਕਿ ਆਰਥਕ ਤੱਤ ਹੀ ਇਕੱਲਾ ਸਰਗਰਮ ਤੱਤ ਹੈ ਅਤੇ ਬਾਕੀ ਸਭ ਕੁਝ ਉਸ ਦਾ ਗ਼ੈਰ ਸਰਗਰਮ ਨਤੀਜਾ ਹਨ, ਸਗੋਂ ਆਰਥਕ ਅਧਾਰ ਦੇ ਨਾਲ਼ ਉਨ੍ਹਾਂ ਦੀ ਇਹ ਅੰਤਰਕਿਰਿਆ ਹੀ ਹੈ, ਜੋ ਅੰਤਮ ਵਿਸ਼ਲੇਸ਼ਣ ਵਿੱਚ ਸਦਾ ਹੀ ਫੈਸਲਾਕੁਨ ਸਾਬਤ ਹੁੰਦੀ ਹੈ।”

ਇਸ ਮਾਰਕਸਵਾਦੀ ਵਿਧੀ ਦਾ ਇੱਕ ਨਤੀਜਾ ਹੈ ਇਤਿਹਾਸਕ ਵਿਕਾਸ ਵਿੱਚ ਵਿਅਕਤੀ ਦੀ ਰਚਨਾਤਮਕ ਊਰਜਾ ਅਤੇ ਕਿਰਿਆ ਨੂੰ ਅਸਧਾਰਣ ਢੰਗ ਨਾਲ਼ ਮਹੱਤਵਪੂਰਣ ਭੂਮਿਕਾ ਪ੍ਰਦਾਨ ਕਰਨਾ। ਇਤਿਹਾਸਕ ਵਿਕਾਸ ਦੇ ਬੁਨਿਆਦੀ ਮਾਰਕਸਵਾਦੀ ਸੰਕਲਪ ਅਨੁਸਾਰ ਮਨੁੱਖ ਕਿਰਤ ਰਾਹੀਂ ਆਪਣੇ ਆਪ ਨੂੰ ਪਸ਼ੂਆਂ ਤੋਂ ਅੱਡ ਕਰਦਾ ਹੈ। ਵਿਅਕਤੀ ਦੀ ਰਚਨਾਤਮਕ ਕਿਰਿਆ ਮਨੁੱਖ ਦੁਆਰਾ ਖ਼ੁਦ ਆਪਣੀ ਉਸਾਰੀ ਦੀ ਜਾਂ ਮਨੁੱਖੀ ਕਿਰਤ ਦੁਆਰਾ ਮਨੁੱਖ ਦੇ ਰੂਪ ਵਿੱਚ ਉਸਾਰੀ ਦੀ ਪ੍ਰਕਿਰਿਆ ਦਾ ਪ੍ਰਗਟਾਵਾ ਹੈ – ਇਸ ਵਿਕਾਸ ਦਾ ਸਰੂਪ, ਸਮਰੱਥਾ ਅਤੇ ਪੱਧਰ ਬਾਹਰਮੁਖੀ ਤੌਰ ਤੇ ਕੁਦਰਤੀ ਅਤੇ ਸਮਾਜਕ ਹਾਲਤਾਂ ਤੋਂ ਤੈਅ ਹੁੰਦੇ ਹਨ। ਇਤਿਹਾਸਕ ਵਿਕਾਸ ਦਾ ਇਹ ਸੰਕਲਪ ਸਮੁੱਚੇ ਮਾਰਕਸਵਾਦੀ ਸਮਾਜ ਦਰਸ਼ਨ ਵਿੱਚ ਅਤੇ ਇਸ ਲਈ ਮਾਰਕਸਵਾਦੀ ਸੁਹਜ ਸ਼ਾਸਤਰ ਵਿੱਚ ਮੌਜੂਦ ਹੈ। ਇੱਕ ਥਾਂ ਮਾਰਕਸ ਦੱਸਦੇ ਹਨ ਕਿ ਸੰਗੀਤ ਮਨੁੱਖਾਂ ਵਿੱਚ ਸੰਗੀਤ ਸੰਵੇਦਨਾ ਦੀ ਸਿਰਜਣਾ ਕਰਦਾ ਹੈ। ਇਹ ਸੰਕਲਪ ਵੀ ਸਮਾਜ ਦੇ ਵਿਕਾਸ ਦੇ ਸਮੁੱਚੇ ਮਾਰਕਸਵਾਦੀ ਸੰਕਲਪ ਦਾ ਹਿੱਸਾ ਹੈ। ਮਾਰਕਸ ਇਸ ਟਿੱਪਣੀ ਨੂੰ ਜਿਆਦਾ ਠੋਸ ਢੰਗ ਨਾਲ਼ ਹੇਠਾਂ ਦਿੱਤੇ ਗਏ ਰੂਪ ਵਿੱਚ ਰੱਖਦੇ ਹਨ—

”… ਮਨੁੱਖ ਦੀ ਕੁਦਰਤੀ ਸੱਤਾ ਵਿੱਚ ਬਾਹਰਮੁਖੀ ਅਮੀਰੀ ਦੇ ਆਤਮਸਾਤ ਹੋਣ (ਖੁੱਲ ਕੇ ਗ੍ਰਹਿਣ ਕੀਤੇ ਜਾਣ ‘ਤੇ) ‘ਤੇ ਹੀ ਅੰਤਰਮੁਖੀ ਮਨੁੱਖੀ ਸੰਵੇਦਨਾ ਅਮੀਰ ਹੋਵੇਗੀ। ਜਿਵੇਂ, ਸੰਗੀਤ ਦੇ ਲਈ ਕੰਨ, ਕਲਾ ਰੂਪ ਦੇ ਲਈ ਅੱਖ ਤਦ ਹੀ ਪਹਿਲੀ ਵਾਰ ਸਿੱਖਿਅਤ ਹੋਣਗੇ ਜਾਂ ਅਸਲ ਵਿੱਚ ਬਣਨਗੇ। ਸੰਖੇਪ ਵਿੱਚ, ਮਨੁੱਖੀ ਆਨੰਦ ਉਪਭੋਗ ਦੇ ਲਾਇਕ ਇੰਦਰੀਆਂ ਦਾ, ਮਨੁੱਖ ਦੇ ਰੂਪ ਵਿੱਚ, ਮਨੁੱਖ ਦੇ ਸਾਰ ਰੂਪੀ ਗੁਣਾਂ ਦੇ ਰੂਪ ਵਿੱਚ ਸਥਾਪਤ ਇੰਦਰੀਆਂ ਦਾ, ਤਦ ਹੀ ਪਹਿਲੀ ਵਾਰ ਵਿਕਾਸ ਹੋਵੇਗਾ।”

ਇਹ ਸੰਕਲਪ ਸਿਰਫ਼ ਵਿਅਕਤੀ ਦੀ ਸਰਗਰਮ ਇਤਿਹਾਸਕ ਅਤੇ ਸਮਾਜਕ ਭੂਮਿਕਾ ਨੂੰ ਸਮਝਣ ਲਈ ਹੀ ਬਹੁਤ ਮਹੱਤਵ ਦਾ ਨਹੀਂ ਹੈ ਸਗੋਂ ਇਹ ਇਸ ਗੱਲ ਨੂੰ ਸਮਝਣ ਲਈ ਵੀ ਬਹੁਤ ਮਹੱਤਵਪੂਰਣ ਹੈ ਕਿ ਮਾਰਕਸਵਾਦ ਕਿਸ ਤਰ੍ਹਾਂ ਇਤਿਹਾਸ ਦੇ ਵਿਸ਼ੇਸ਼ ਕਾਲਖੰਡਾਂ, ਸੱਭਿਆਚਾਰ ਦੇ ਵਿਕਾਸ ਅਤੇ ਇਸ ਤਰ੍ਹਾਂ ਦੇ ਵਿਕਾਸ ਦੀਆਂ ਹੱਦਾਂ, ਸਮੱਸਿਆਵਾਂ ਅਤੇ ਪ੍ਰੀਪੇਖਾਂ ਨੂੰ ਦੇਖਦਾ ਹੈ। ਮਾਰਕਸ ਆਪਣਾ ਬਿਆਨ ਇਸ ਤਰ੍ਹਾਂ ਖਤਮ ਕਰਦੇ ਹਨ— 

”ਪੰਜਾਂ ਇੰਦਰੀਆਂ ਦਾ ਵਿਕਾਸ ਪਹਿਲਾਂ ਦੇ ਸਮੁੱਚੇ ਇਤਿਹਾਸ ਦੀ ਦੇਣ ਹੈ। ਸਖ਼ਤ ਪਾਬੰਦੀ ਵਿੱਚ ਸੀਮਤ ਇੰਦਰੀਬੋਧ ਵੀ ਸੀਮਤ ਹੀ ਹੁੰਦਾ ਹੈ। ਭੁੱਖਮਰੀ ਦੇ ਸ਼ਿਕਾਰ ਲੋਕਾਂ ਲਈ ਭੋਜਨ ਦੇ ਸੱਭਿਅਕ ਤਰੀਕੇ ਦੀ ਕੋਈ ਹੋਂਦ ਨਹੀਂ ਹੁੰਦੀ, ਉਨ੍ਹਾਂ ਲਈ ਸਿਰਫ਼ ਇੱਕ ਅਮੂਰਤਨ ਖਾਣੇ ਦੀ ਹੋਂਦ ਹੁੰਦੀ ਹੈ। ਇਹ ਬਿਲਕੁਲ ਕੱਚੇ ਅਤੇ ਪਸ਼ੂਆਂ ਦੇ ਚਾਰੇ ਤੋਂ ਮੁਸ਼ਕਲ ਨਾਲ਼ ਹੀ ਵੱਖਰਾ ਹੋ ਸਕਦਾ ਹੈ। ਬੇਚੈਨ ਜਾਂ ਚਿੰਤਾਗ੍ਰਸਤ ਮਨੁੱਖ ਲਈ ਵਧੀਆ ਤੋਂ ਵਧੀਆ ਨਾਟਕ ਵੀ ਕੋਈ ਅਰਥ ਨਹੀਂ ਰੱਖਦਾ। ਧਾਤ ਵਿਕ੍ਰੇਤਾ, ਧਾਤ ਦੇ ਮੰਡੀ ਮੁੱਲ ‘ਤੇ ਹੀ ਨਿਗਾਹ ਰੱਖਦਾ ਹੈ, ਧਾਤਾਂ ਦੀ ਸੁੰਦਰਤਾ ਜਾਂ ਉਨ੍ਹਾਂ ਦੇ ਵਿਸ਼ੇਸ਼ ਗੁਣਾਂ ‘ਤੇ ਨਹੀਂ। ਉਸ ਦੇ ਕੋਲ਼ ਖਣਿਜ ਵਿਗਿਆਨਕ ਦੀ ਸੰਵੇਦਨਾ ਨਹੀਂ ਹੁੰਦੀ। ਇਸ ਲਈ, ਸਿਧਾਂਤਕ ਅਤੇ ਵਿਵਹਾਰਕ ਦੋਵਾਂ ਮਾਮਲਿਆਂ ਵਿੱਚ ਮਨੁੱਖੀ ਸੁਭਾਅ ਦਾ ਬਾਹਰਮੁਖੀ ਰੂਪਾਂਤਰਣ ਮਨੁੱਖ ਦੇ ਦਿਮਾਗ ਅਤੇ ਇੰਦਰੀਆਂ ਦੇ ਮਨੁੱਖੀਕਰਨ ਦੇ ਲਈ ਅਤੇ ਮਨੁੱਖ ਅਤੇ ਕੁਦਰਤ ਵਿੱਚ ਮੌਜੂਦ ਸਾਰੀ ਅਮੀਰੀ ਦੇ ਅਨਕੂਲ ਮਨੁੱਖੀ ਦਿਮਾਗ ਦੀ ਉਸਾਰੀ ਕਰਨ ਲਈ ਵੀ ਜਰੂਰੀ ਹੁੰਦਾ ਹੈ।” 

ਇਸ ਲਈ ਮਨੁੱਖ ਦੀ ਬੋਧਿਕ ਕਿਰਿਆ ਦੇ ਹਰ ਖੇਤਰ ਵਿੱਚ, ਅਤੇ ਖ਼ਾਸ ਕਰਕੇ ਕਲਾ ਅਤੇ ਸਾਹਿਤ ਦੇ ਖੇਤਰ ਵਿੱਚ, ਇੱਕ ਵਿਸ਼ੇਸ਼ ਸਾਪੇਖਕ ਖੁਦਮੁਖਤਾਰੀ ਹੁੰਦੀ ਹੈ। ਬੌਧਿਕ ਕਿਰਿਆ ਦਾ ਇਨ੍ਹਾਂ ਚੋਂ ਕੋਈ ਵੀ ਖੇਤਰ ਆਪਣੇ ਅਧਾਰ ‘ਤੇ ਵਿਸ਼ੇਸ਼ ਰਚਨਾਤਮਕ ਸਖ਼ਸੀਅਤ ਰਾਹੀਂ ਪਿਛਲੀਆਂ ਪ੍ਰਾਪਤੀਆਂ ਚੋਂ ਹੋ ਕੇ ਵਿਕਸਤ ਹੁੰਦਾ ਹੈ ਅਤੇ ਇਨ੍ਹਾਂ ਨੂੰ ਵਿਕਾਸ ਦੇ ਉਤਲੇ ਪੱਧਰ ਤੇ ਲੈ ਜਾਂਦਾ ਹੈ, ਭਾਵੇਂ ਉਹ ਅਜਿਹਾ ਅਲੋਚਨਾਤਮਕ ਅਤੇ ਖੰਡਨਾਤਮਕ ਤਰੀਕੇ ਨਾਲ਼ ਹੀ ਕਿਉਂ ਨਾ ਕਰੇ।
ਪਹਿਲਾਂ ਹੀ ਅਸੀਂ ਇਸ਼ਾਰਾ ਕੀਤਾ ਹੈ ਕਿ ਇਹ ਖੁਦਮੁਖਤਾਰੀ ਸਾਪੇਖਕ ਹੁੰਦੀ ਹੈ ਅਤੇ ਇਸ ਦਾ ਅਰਥ ਆਰਥਕ ਅਧਾਰ ਦੀ ਤਰਜ਼ੀਹ ਦਾ ਨਿਖੇਧ ਨਹੀਂ ਹੁੰਦਾ। ਖੈਰ, ਇਸ ਤੋਂ ਇਹ ਨਤੀਜਾ ਨਹੀਂ ਕੱਢਿਆ ਜਾਣਾ ਚਾਹੀਦਾ ਕਿ ਬੌਧਿਕ ਜੀਵਨ ਦੇ ਹਰ ਖੇਤਰ ਦੇ ਆਪਣੇ ਅਧਾਰ ‘ਤੇ ਵਿਕਸਤ ਹੋਣ ਦਾ ਅੰਤਰਮੁਖੀ ਵਿਚਾਰ ਸਿਰਫ਼ ਇੱਕ ਭਰਮ ਹੈ। ਇਸ ਖੁਦਮੁਖਤਾਰੀ ਦਾ ਬਾਹਰਮੁਖੀ ਅਧਾਰ ਉਸ ਵਿਕਾਸ ਦੇ ਸੁਭਾਅ ਵਿੱਚ ਅਤੇ ਕਿਰਤ ਦੀ ਸਮਾਜਕ ਵੰਡ ਵਿੱਚ ਹੀ ਮੌਜੂਦ ਹੁੰਦਾ ਹੈ। ਇਸ ਸਬੰਧ ਵਿੱਚ ਏਂਗਲਜ਼ ਨੇ ਲਿਖਿਆ ਹੈ – 

”ਜਿਹੜੇ ਲੋਕ ਇੱਕ ਕੰਮ ਵਿੱਚ (ਵਿਚਾਰਧਾਰਕ ਵਿਕਾਸ ਵਿੱਚ – ਜਾ.ਲੁ.) ਲੱਗੇ ਹਨ, ਉਹ ਕਿਰਤ ਦੀ ਵੰਡ ਦੇ ਵਿਸ਼ੇਸ਼ ਖੇਤਰਾਂ ਨਾਲ਼ ਸਬੰਧਤ ਹਨ। ਇਸ ਤਰ੍ਹਾਂ ਉਹ ਸੋਚਦੇ ਹਨ ਕਿ ਜਿਸ ਹੱਦ ਤੱਕ ਉਹ ਕਿਰਤ ਦੀ ਸਮਾਜਕ ਵੰਡ ਦੇ ਦਾਇਰੇ ਵਿੱਚ ਇੱਕ ਅਜ਼ਾਦ ਸਮੁਹ ਦੀ ਉਸਾਰੀ ਕਰਦੇ ਹਨ, ਘੱਟੋ ਘੱਟ ਉਸ ਹੱਦ ਤੱਕ ਇੱਕ ਖੁਦਮੁਖਤਾਰ ਖੇਤਰ ਦੀ ਉਸਾਰੀ ਅਤੇ ਵਿਕਾਸ ਕਰ ਰਹੇ ਹਨ। ਅਤੇ (ਉਨ੍ਹਾਂ ਦੀਆਂ ਗ਼ਲਤੀਆਂ ਸਮੇਤ) ਉਨ੍ਹਾਂ ਦੀ ਪੈਦਾਵਾਰ (ਵਿਚਾਰ ਆਦਿ) ਸਮੁੱਚੇ ਸਮਾਜਕ ਵਿਕਾਸ ‘ਤੇ, ਇਥੋਂ ਤੱਕ ਕਿ ਆਰਥਕ ਵਿਕਾਸ ‘ਤੇ ਵੀ ਫੈਸਲਾਕੁਨ ਪ੍ਰਭਾਵ ਪਾਉਂਦੇ ਹਨ। ਪਰ ਅੰਤਮ ਵਿਸ਼ਲੇਸ਼ਣ ਵਿੱਚ ਉਹ ਆਰਥਕ ਵਿਕਾਸ ਦੇ ਫੈਸਲਾਕੁਨ ਪ੍ਰਭਾਵ ਦੇ ਅਧੀਨ ਬਣੇ ਰਹਿੰਦੇ ਹਨ।”

ਇੱਕ ਦੂਜੀ ਟਿੱਪਣੀ ਵਿੱਚ ਏਂਗਲਜ਼ ਨੇ ਦੱਸਿਆ ਹੈ ਕਿ ਕਿਸ ਤਰ੍ਹਾਂ ਉਹ ਵਿਧੀ ਦੇ ਹਿਸਾਬ ਨਾਲ਼ ਆਰਥਕ ਤਰਜ਼ੀਹ ਦੀ ਧਾਰਨਾ ਬਣਾਉਂਦੇ ਹਨ – 

”ਇਨ੍ਹਾਂ ਖੇਤਰਾਂ ਉੱਪਰ ਆਰਥਕ ਵਿਕਾਸ ਦੀ ਅੰਤਮ ਪ੍ਰਮੁੱਖਤਾ ਵੀ ਮੇਰੇ ਲਈ ਇੱਕ ਸ਼ੱਕ ਰਹਿਤ ਸੱਚ ਹੈ ਪਰ ਇਹ ਹਰ ਵਿਸ਼ੇਸ਼ ਖੇਤਰ ਦੀਆਂ ਖ਼ਾਸ ਹਾਲਤਾਂ ਵਿੱਚ ਹੀ ਸਰਗਰਮ ਹੁੰਦੀ ਹੈ। ਉਦਾਹਰਣ ਲਈ, ਫ਼ਲਸਫੇ ਵਿੱਚ ਇਹ ਆਰਥਕ ਤੱਤ ਪਹਿਲਾਂ ਦੇ ਫ਼ਿਲਾਸਫਰਾਂ ਦੇ ਤਿਆਰ ਅਤੇ ਵਰਤਮਾਨ ਵਿੱਚ ਮੌਜੂਦ ਦਾਰਸ਼ਨਿਕ ਤੱਤ ਤੇ ਮੁੱਖ ਤੌਰ ਤੇ ਰਾਜਨੀਤਕ ਲਿਬਾਸ ਵਿੱਚ ਸਰਗਰਮ ਹੁੰਦੀ ਹੈ। ਅਰਥਚਾਰਾ ਕੋਈ ਚੀਜ਼ ਇੱਕ ਦਮ ਨਵੀਂ ਨਹੀਂ ਪੈਦਾ ਕਰਦਾ ਸਗੋਂ ਇਹ ਤੈਅ ਕਰਦਾ ਹੈ ਕਿ ਪਹਿਲਾਂ ਤੋਂ ਮੌਜੂਦ ਚਿੰਤਨ ਦੀ ਤੱਤ ਕਿਸ ਤਰ੍ਹਾਂ ਬਦਲਿਆ ਅਤੇ ਵਿਕਸਤ ਕੀਤਾ ਜਾਵੇਗਾ। ਇਹ ਵੀ ਉਹ ਜਿਆਦਾਤਰ ਅਸਿੱਧੇ ਰੂਪ ਵਿੱਚ ਕਰਦਾ ਹੈ ਕਿਉਂ ਕਿ ਫ਼ਲਸਫੇ ‘ਤੇ ਸਿੱਧਾ ਪ੍ਰਭਾਵ ਸਭ ਤੋਂ ਜਿਆਦਾ ਸਿਆਸੀ, ਵਿਧਾਨਕ ਅਤੇ ਨੈਤਿਕ ਵਿਚਾਰ ਹੀ ਪਾਉਂਦੇ ਹਨ।”

ਏਂਗਲਜ਼ ਨੇ ਜੋ ਕੁਝ ਇਥੇ ਫ਼ਲਸਫੇ ਸਬੰਧੀ ਕਿਹਾ ਹੈ, ਉਹ ਸਾਹਿਤ ਦੇ ਵਿਕਾਸ ਦੇ ਬੁਨਿਆਦੀ ਸਿਧਾਂਤਾਂ ਤੇ ਵੀ ਪੂਰੀ ਤਰ੍ਹਾਂ ਲਾਗੂ ਹੁੰਦਾ ਹੈ। ਇਹ ਸਭ ਜਾਣਦੇ ਹਨ ਕਿ ਵੱਖਰਾ ਕਰਕੇ ਦੇਖਿਆ ਜਾਵੇ ਤਾਂ ਹਰ ਵਿਕਾਸ ਦਾ ਆਪਣਾ ਇੱਕ ਵਿਸ਼ੇਸ਼ ਖ਼ਾਸਾ ਹੁੰਦਾ ਹੈ ਅਤੇ ਕਿਸੇ ਵੀ ਦੋ ਵਿਕਾਸਾਂ ਵਿੱਚ ਮੌਜੂਦ ਸਮਾਂਤਰਤਾ ਦੇ ਅਧਾਰ ਤੇ ਮਸ਼ੀਨੀ ਢੰਗ ਨਾਲ਼ ਸਧਾਰਨੀਕਰਨ ਨਹੀਂ ਕੀਤਾ ਜਾ ਸਕਦਾ। ਅਤੇ ਹਰ ਵਿਸ਼ੇਸ਼ ਖੇਤਰ ਦੇ ਵਿਕਾਸ ਦਾ ਵਿਸ਼ੇਸ਼ ਖ਼ਾਸਾ ਅਤੇ ਉਸ ਦੇ ਆਪਣੇ ਨਿਯਮ ਸਮੁੱਚੇ ਸਮਾਜਕ ਵਿਕਾਸ ਦੇ ਨਿਯਮਾਂ ਦੇ ਘੇਰੇ ਵਿੱਚ ਹੁੰਦੇ ਹਨ।

ਫ਼ਿਲਹਾਲ, ਅਸੀਂ ਜੋ ਕੁਝ ਵਿਚਾਰਿਆ ਹੈ ਉਨ੍ਹਾਂ ਚੋਂ ਜੇ ਆਮ ਸਿਧਾਂਤ ਨੂੰ ਠੋਸ ਰੂਪ ਦੇਣ ਦੀ ਕੋਸ਼ਿਸ਼ ਕਰੀਏ ਤਾਂ ਅਸੀਂ ਇਤਿਹਾਸ ਦੇ ਮਾਰਕਸਵਾਦੀ ਸੰਕਲਪ ਦੇ ਇੱਕ ਪ੍ਰਮੁੱਖ ਸਿਧਾਂਤ ‘ਤੇ ਪੁੱਜਦੇ ਹਾਂ। ਵਿਗਾੜੇ ਮਾਰਕਸਵਾਦ ਦੇ ਬਿਲਕੁਲ ਉਲ਼ਟ, ਇਤਿਹਾਸਕ ਪਦਾਰਥਵਾਦ ਇਹ ਮੰਨਦਾ ਹੈ ਕਿ ਵਿਚਾਰਧਾਰਕ ਵਿਕਾਸ ਸਮਾਜ ਦੇ ਆਰਥਕ ਵਿਕਾਸ ਦੀ ਮਸ਼ੀਨੀ ਅਤੇ ਪਹਿਲਾਂ ਤੋਂ ਤੈਅ ਸਮਾਂਤਰਤਾ ਵਿੱਚ ਨਹੀਂ ਹੁੰਦਾ। ਮੁੱਢ ਕਦੀਮੀ ਸਾਮਵਾਦ ਅਤੇ ਜਮਾਤੀ ਸਮਾਜ (ਜਿਨ੍ਹਾਂ ਸਮਾਜਾਂ ਬਾਰੇ ਮਾਰਕਸ ਅਤੇ ਏਂਗਲਜ਼ ਨੇ ਲਿਖਿਆ ਸੀ) ਦੇ ਇਤਿਹਾਸ ਵਿੱਚ ਨਿਸ਼ਚਤ ਤੌਰ ‘ਤੇ ਅਜਿਹਾ ਕਦੀਂ ਲਾਜ਼ਮੀ ਨਹੀਂ ਰਿਹਾ ਕਿ ਆਰਥਕ ਅਤੇ ਸਮਾਜਕ ਉਭਾਰ ਦੇ ਨਾਲ਼ ਸਾਹਿਤ, ਕਲਾ ਅਤੇ ਫ਼ਲਸਫੇ ਵਿੱਚ ਵੀ ਉਭਾਰ ਆਵੇ। ਇਹ ਬਿਲਕੁਲ ਜਰੂਰੀ ਨਹੀਂ ਕਿ ਵਿਕਾਸ ਦੀ ਉੱਚੀ ਮੰਜ਼ਿਲ ਤੇ ਸਥਿਤ ਕਿਸੇ ਸਮਾਜ ਵਿੱਚ ਪੈਦਾ ਹੋਈ ਕਲਾ, ਸਾਹਿਤ ਅਤੇ ਫ਼ਲਸਫਾ ਹੇਠਾਂ ਦੀ ਮੰਜ਼ਿਲ ਤੇ ਸਥਿਤ ਕਿਸੇ ਸਮਾਜ ਵਿੱਚ ਪੈਦਾ ਹੋਏ ਸਾਹਿਤ, ਕਲਾ ਅਤੇ ਫ਼ਲਸਫੇ ਨਾਲ਼ੋਂ ਉੱਚੇਰੀ ਪੱਧਰ ਦੇ ਹੀ ਹੋਣ।

ਮਾਰਕਸ ਅਤੇ ਏਂਗਲਜ਼ ਨੇ ਵਾਰ ਵਾਰ ਅਤੇ ਜ਼ੋਰ ਦੇ ਕੇ ਵਿਚਾਰਧਾਰਾਵਾਂ ਦੇ ਇਤਿਹਾਸ ਦੇ ਖੇਤਰ ਵਿੱਚ ਹੋਣ ਵਾਲ਼ੇ ਇਸ ਅਸਾਵੇਂ ਵਿਕਾਸ ਵੱਲ ਇਸ਼ਾਰਾ ਕੀਤਾ ਸੀ। ਏਂਗਲਜ਼ ਨੇ ਇਸ ਸੰਕਲਪ ਦੀ ਉਦਾਹਰਣ ਸਹਿਤ ਚਰਚਾ ਕਰਦੇ ਹੋਏ ਦੱਸਿਆ ਕਿ ਕਿਸ ਤਰ੍ਹਾਂ ਅਠਾਰਵੀਂ ਸਦੀ ਵਿੱਚ ਫਰਾਂਸੀਸੀ ਫ਼ਲਸਫਾ ਅਤੇ ਉੱਨੀਂਵੀਂ ਸਦੀ ਵਿੱਚ ਜਰਮਨ ਫ਼ਲਸਫਾ ਪੂਰੀ ਤਰ੍ਹਾਂ, ਜਾਂ ਘੱਟੋ ਘੱਟ ਤੁਲਨਾਤਮਕ ਦ੍ਰਿਸ਼ਟੀ ਤੋਂ, ਪਿਛੜੀਆਂ ਕੌਮਾਂ ਵਿੱਚ ਪੈਦਾ ਹੋਏ ਅਤੇ ਇਸ ਤਰ੍ਹਾਂ ਇਹ ਦੇਸ਼ ਆਪਣੇ ਨੇੜੇ ਤੇੜੇ ਦੇ ਦੇਸ਼ਾਂ ਨਾਲ਼ੋਂ ਆਰਥਕ ਰੂਪ ਵਿੱਚ ਪਿੱਛੜੇ ਹੋਣ ਦੇ ਬਾਵਜੂਦ ਫ਼ਲਸਫੇ ਦੇ ਖੇਤਰ ਵਿੱਚ ਆਗੂ ਭੂਮਿਕਾ ਵਿੱਚ ਆ ਗਏ। ਏਂਗਲਜ਼ ਨੇ ਕਿਹਾ ਸੀ – ”ਅਤੇ ਇਸ ਤਰ੍ਹਾਂ ਅਜਿਹਾ ਹੁੰਦਾ ਹੈ ਕਿ ਆਰਥਕ ਰੂਪ ਵਿੱਚ ਘੱਟ ਵਿਕਸਤ ਦੇਸ਼ ਫ਼ਲਸਫੇ ਵਿੱਚ ਆਪਣੀ ਪਹਿਲੀ ਸੁਰ ਛੇੜ ਸਕੇ। ਜਿਵੇਂ, ਇੰਗਲੈਂਡ ਦੇ ਮੁਕਾਬਲੇ ਪੱਛੜਿਆ ਹੋਣ ਅਤੇ ਇੰਗਲੈਂਡ ਦੇ ਫ਼ਲਸਫੇ ‘ਤੇ ਆਪਣੇ ਫ਼ਲਸਫੇ ਨੂੰ ਅਧਾਰਤ ਕਰਨ ਦੇ ਬਾਵਜੂਦ, ਫਰਾਂਸ ਫ਼ਲਸਫੇ ਵਿੱਚ ਅੱਗੇ ਨਿੱਕਲ ਗਿਆ ਅਤੇ ਬਾਅਦ ਵਿੱਚ ਇਨ੍ਹਾਂ ਦੋਵਾਂ ਤੋਂ ਪੱਛੜਿਆ ਹੋਣ ਦੇ ਬਾਵਜੂਦ ਵੀ ਜਰਮਨੀ ਇਨ੍ਹਾਂ ਦੋਵਾਂ ਨਾਲ਼ੋਂ ਅੱਗੇ ਲੰਘ ਗਿਆ।”

ਮਾਰਕਸ ਨੇ ਸਾਹਿਤ ਦੇ ਸੰਦਰਭ ਵਿੱਚ ਇਸ ਸੰਕਲਪ ਨੂੰ ਆਮ ਸ਼ਬਦਾਂ ਵਿੱਚ ਅਤੇ ਸ਼ਾਇਦ ਜਿਆਦਾ ਹੀ ਤਿੱਖੇ ਅਤੇ ਫੈਸਲਾਕੁਨ ਢੰਗ ਨਾਲ਼ ਪੇਸ਼ ਕੀਤਾ। ਉਨ੍ਹਾਂ ਨੇ ਕਿਹਾ, ”ਕਲਾ ਬਾਰੇ ਇਹ ਮੰਨਿਆ ਗਿਆ ਹੈ ਕਿ ਇਸ ਦੇ ਵਿਕਾਸ ਦੇ ਵਿਸ਼ੇਸ਼ ਦੌਰ ਮੁਸ਼ਕਲ ਨਾਲ਼ ਹੀ ਸਮਾਜ ਦੇ ਆਰਥਕ ਅਧਾਰ ਜਾਂ ਇਸ ਤਰ੍ਹਾਂ ਕਹਿ ਲਈਏ ਕਿ ਉਸ ਢਾਂਚੇ ਦੇ ਸਧਾਰਨ ਵਿਕਾਸ ਨਾਲ਼ ਮੇਲ਼ ਖਾਂਦੇ ਹਨ ਜੋ ਇਨ੍ਹਾਂ ਨੂੰ ਪੈਦਾ ਕਰਦਾ ਹੈ। ਉਦਾਹਰਣ ਵਜੋਂ ਯੁਨਾਨੀ ਕਲਾਕਾਰ ਆਧੁਨਿਕ ਕਲਾਕਾਰਾਂ ਜਾਂ ਸ਼ੇਕਸਪੀਅਰ ਦੀ ਤੁਲਨਾ ਵਿੱਚ ਮਹਾਨ ਹਨ। ਲੋਕ ਸਮਝਦੇ ਹਨ ਕਿ ਕਲਾ ਦੇ ਮਹਾਂਕਾਵਿ ਜਿਹੇ ਕੁਝ ਰੂਪ ਇਤਿਹਾਸ ਦੇ ਕਿਸੇ ਦੌਰ ਦੀ ਪ੍ਰਤੀਨਿੱਧਤਾ ਕਰਨ ਵਾਲ਼ੇ ਕਲਾਸਿਕ ਰੂਪ ਫਿਰ ਤੋਂ ਸਿਰਜੇ ਨਹੀਂ ਜਾ ਸਕਦੇ, ਅਜਿਹੀ ਕਲਾ ਦੀ ਪੈਦਾਵਾਰ ਇੱਕ ਵਾਰ ਹੀ ਸੰਭਵ ਹੁੰਦੀ ਹੈ। ਇਸ ਤਰ੍ਹਾਂ ਕਲਾ ਦੇ ਹੀ ਖੇਤਰ ਵਿੱਚ ਕੁਝ ਵਿਧਾਵਾਂ ਕਲਾਤਮਕ ਵਿਕਾਸ ਦੀ ਕਿਸੇ ਘੱਟ ਵਿਕਸਤ ਮੰਜ਼ਿਲ ਤੇ ਹੀ ਸੰਭਵ ਹੁੰਦੀਆਂ ਹਨ। ਜੇ ਵਿਸ਼ੇਸ਼ ਕਲਾ ਰੂਪਾਂ ਦੇ ਮਾਮਲੇ ਵਿੱਚ ਇਹ ਸੱਚ ਹੈ ਤਾਂ ਇੱਕ ਦਮ ਹੈਰਾਨੀਜਨਕ ਨਹੀਂ ਕਿ ਸਮਾਜ ਦੇ ਆਮ ਵਿਕਾਸ ਦੇ ਨਾਲ਼ ਸਮੁੱਚੀ ਕਲਾ ਦੇ ਸਬੰਧ ਵਿੱਚ  ਵੀ ਇਹ ਸੱਚ ਹੋਵੇ।”

ਸੱਚੇ ਮਾਰਕਸਵਾਦ ਲਈ, ਇਤਿਹਾਸਕ ਵਿਕਾਸ ਦਾ ਇਹ ਸੰਕਲਪ ਕਿਸੇ ਬਣੇ ਬਣਾਏ ਸੰਚਿਆਂ, ਅਲੰਕਾਰਾਂ ਅਤੇ ਮਸ਼ੀਨੀ ਸਮਾਂਤਰਤਾਵਾਂ ਦਾ ਪੂਰੀ ਤਰ੍ਹਾਂ ਨਾਲ਼ ਨਿਖੇਧ ਕਰਦਾ ਹੈ। ਕਿਸੇ ਦੌਰ ਦੀਆਂ ਵਿਚਾਰਧਾਰਾਵਾਂ ਦਾ ਇਤਿਹਾਸ ਦੇ ਕਿਸੇ ਵੀ ਇੱਕ ਖੇਤਰ ਵਿੱਚ ਅਸਾਵੇਂ ਵਿਕਾਸ ਦਾ ਇਹ ਸਿਧਾਂਤ ਕਿਸ ਤਰ੍ਹਾਂ ਪ੍ਰਗਟ ਹੁੰਦਾ ਹੈ, ਇਹ ਇੱਕ ਠੋਸ ਇਤਿਹਾਸਕ ਸੁਆਲ ਹੈ। ਇਸ ਦਾ ਜੁਆਬ ਇੱਕ ਮਾਰਕਸਵਾਦੀ ਠੋਸ ਹਾਲਾਤ ਦੇ ਠੋਸ ਵਿਸ਼ਲੇਸ਼ਣ ਦੇ ਅਧਾਰ ਤੇ ਹੀ ਦੇ ਸਕਦਾ ਹੈ। ਇਸ ਲਈ ਮਾਰਕਸ ਨੇ ਆਪਣਾ ਬਿਆਨ ਇਨ੍ਹਾਂ ਸ਼ਬਦਾਂ ਵਿੱਚ ਖਤਮ ਕੀਤਾ, ”ਇਨ੍ਹਾਂ ਵਿਰੋਧਤਾਈਆਂ ਦੀ ਆਮ ਪੇਸ਼ਕਾਰੀ ਵਿੱਚ ਹੀ ਮੁਸ਼ਕਲ ਹੈ। ਜਿਉਂ ਹੀ ਉਨ੍ਹਾਂ ਨੂੰ ਵਿਸ਼ੇਸ਼ ਬਣਾ ਦਿੱਤਾ ਜਾਂਦਾ ਹੈ, ਉਨ੍ਹਾਂ ਨੂੰ ਤੁਰੰਤ ਹੱਲ ਕਰ ਲਿਆ ਜਾਂਦਾ ਹੈ।”

ਮਾਰਕਸ ਅਤੇ ਏਂਗਲਜ਼ ਨੇ ਆਪਣੇ ਸਮੁੱਚੇ ਜੀਵਨ ਕਾਲ ਵਿੱਚ ਆਪਣੇ ਉਨ੍ਹਾਂ ਅਖੌਤੀ ਚੇਲਿਆਂ ਦੇ ਅਤੀ ਸਰਲੀਕਰਨਾਂ ਅਤੇ ਵਿਗਾੜਾਂ ਤੋਂ ਖੁਦ ਨੂੰ ਬਚਾਇਆ ਜਿਹੜੇ ਠੋਸ ਇਤਿਹਾਸਕ ਪ੍ਰਕਿਰਿਆ ਦੇ ਠੋਸ ਅਧਿਐਨ ਦੀ ਥਾਂ ਅਮੂਰਤ ਨਿਗਮਨਾਂ ਅਤੇ ਦ੍ਰਿਸ਼ਟਾਂਤਾਂ ‘ਤੇ ਅਧਾਰਤ ਇਤਿਹਾਸ ਦਾ ਸੰਕਲਪ ਲਿਆ ਖੜ੍ਹਾ ਕਰਦੇ ਸਨ ਅਤੇ ਗੁੰਝਲਦਾਰ ਅਤੇ ਠੋਸ ਦਵੰਦਵਾਦੀ ਸਬੰਧਾਂ ਦੀ ਥਾਂ ਮਸ਼ੀਨੀ ਸਬੰਧ ਲਿਆ ਖੜ੍ਹਾ ਕਰਨ ਦੀ ਕੋਸ਼ਿਸ਼ ਕਰਦੇ ਸਨ। ਮਾਰਕਸਵਾਦੀ ਵਿਧੀ ਲਾਗੂ ਕਰਨ ਦੀ ਇੱਕ ਵਧੀਆ ਉਦਾਹਰਣ ਸਾਨੂੰ ਪਾਲ ਅੰਸਰਟ ਨੂੰ ਲਿਖੀ ਏਂਗਲਜ਼ ਦੀ ਚਿੱਠੀ ਵਿੱਚ ਮਿਲ਼ਦੀ ਹੈ ਜਿਸ ਵਿੱਚ ਜਰਮਨ ਨਿੱਕ ਬੁਰਜ਼ੂਆਜੀ (ਛੋਟੀ ਸਰਮਾਏਦਾਰੀ) ਦੇ ਦ੍ਰਿਸ਼ਟਾਂਤ ਦੇ ਅਧਾਰ ਤੇ ਨਾਰਵੇ ਦੀਆਂ ਹਾਲਤਾਂ ਦੀਆਂ ਵਿਸ਼ੇਸ਼ਤਾਵਾਂ ਦੀ ਛਾਣਬੀਣ ਕੀਤੇ ਬਗੈਰ ਅੰਸਰਟ ਦੁਆਰਾ ਬਣਾਈ ਗਏ ਨਿੱਕ ਬੁਰਜ਼ੂਆ ਦਾ ਆਸਧਾਰਨ ਸੰਕਲਪ ਅਤੇ ਇਸ ਦੇ ਅਧਾਰ ਤੇ ਇਬਸਨ ਨੂੰ ਨਿੱਕ ਬੁਰਜ਼ੂਆ ਗਰਦਾਨਣ ਦੀਆਂ ਉਸ ਦੀਆਂ ਕੋਸ਼ਿਸ਼ਾਂ ‘ਤੇ ਏਂਗਲਜ਼ ਨੇ ਉਸ ਨੂੰ ਝਿੜਕਿਆ ਸੀ।

ਭਾਵੇਂ, ਕਲਾ ਅਤੇ ਸਾਹਿਤ ਦੇ ਖੇਤਰ ਵਿੱਚ ਮਾਰਕਸ ਅਤੇ ਏਂਗਲਜ਼ ਦੀਆਂ ਖੋਜਾਂ ਸਮਾਜ ਦੇ ਸਮੁੱਚੇ ਵਿਕਾਸ ਨੂੰ ਸਮੇਟਦੀਆਂ ਹਨ, ਪਰ ਉਨ੍ਹਾਂ ਨੇ ਆਰਥਕ ਵਿਕਾਸ ਅਤੇ ਸਮਾਜਕ ਘੋਲਾਂ ਦੀਆਂ ਵਿਗਿਆਨਕ ਖੋਜਾਂ ਦੀ ਤਰ੍ਹਾਂ ਆਪਣਾ ਧਿਆਨ ਮੁੱਖ ਰੂਪ ਵਿੱਚ ਆਪਣੇ ਸਮੇਂ ਦੇ ਆਧੁਨਿਕ ਵਿਕਾਸਾਂ ਨਾਲ਼ ਜੁੜੇ ਬੁਨਿਆਦੀ ਮਸਲਿਆਂ ਦੇ ਵਿਸ਼ਲੇਸ਼ਣ ‘ਤੇ ਹੀ ਕੇਂਦਰਤ ਕੀਤਾ। ਜੇ ਅਸੀਂ ਸਾਹਿਤ ਸਬੰਧੀ ਮਾਰਕਸਵਾਦੀ ਦ੍ਰਿਸ਼ਟੀ ਦੀ ਪੜਤਾਲ ਕਰੀਏ ਤਾਂ ਦੇਖਾਂਗੇ ਕਿ ਕਿਸੇ ਵੀ ਦੌਰ ਦੀਆਂ ਵਿਸ਼ੇਸ਼ਤਾਵਾਂ ਨੂੰ ਉਭਾਰਨ ਲਈ ਅਸਾਵੇਂ ਵਿਕਾਸ ਦੇ ਸਿਧਾਂਤ ਨੂੰ ਕਿੰਨਾ ਜਿਆਦਾ ਮਹੱਤਵ ਦਿੱਤਾ ਗਿਆ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਰਮਾਏਦਾਰੀ ਜਮਾਤੀ ਸਮਾਜਾਂ ਦੇ ਵਿਕਾਸ ਵਿੱਚ ਆਰਥਿਕ ਪੈਦਾਵਾਰ ਦੇ ਉਚੇਰੇ ਪੜਾਅ ਦੀ ਨੁੰਮਾਇੰਦਗੀ ਕਰਦੀ ਸੀ ਪਰ ਮਾਰਕਸ ਦਾ ਇਹ ਵੀ ਵਿਸ਼ਵਾਸ ਸੀ ਕਿ ਇਹ ਪੈਦਾਵਾਰੀ ਢੰਗ ਸਾਰ ਰੂਪ ਵਿੱਚ ਸਾਹਿਤ ਅਤੇ ਕਲਾ ਦੇ ਵਿਕਾਸ ਦੇ ਅਨਕੂਲ ਨਹੀਂ ਹੈ। ਇਸ ਤੱਥ ਨੂੰ ਜਾਹਰ ਕਰਨ ਵਾਲ਼ੇ ਮਾਰਕਸ ਨਾ ਪਹਿਲੇ ਵਿਅਕਤੀ ਸਨ ਅਤੇ ਨਾ ਹੀ ਇਕੱਲੇ ਸਨ, ਪਰ ਇਸ ਹਾਲਤ ਲਈ ਜਿੰਮੇਵਾਰ ਤੱਤਾਂ ਦਾ, ਉਨ੍ਹਾਂ ਦੀ ਸਮੁੱਚਤਾ ਵਿੱਚ ਜਾਹਰ ਕਰਨ ਵਾਲ਼ੇ ਉਹ ਪਹਿਲੇ ਵਿਅਕਤੀ ਜਰੂਰ ਸਨ। ਕਿਉਂ ਕਿ ਹਾਲਤ ਦੀ ਅਜਿਹੀ ਡੂੰਘੀ ਜਾਣਕਾਰੀ ਵਿਆਪਕ, ਗਤੀਸ਼ੀਲ ਅਤੇ ਦਵੰਦਵਾਦੀ ਵਿਧੀ ਅਪਨਾਉਣ ‘ਤੇ ਹੀ ਮਿਲ਼ ਸਕਦੀ ਸੀ। ਖੈਰ, ਇਸ ਸੁਆਲ ‘ਤੇ ਅਸੀਂ ਇਥੇ ਇੱਕ ਸਰਸਰੀ ਨਜ਼ਰ ਹੀ ਮਾਰ ਸਕਦੇ ਹਾਂ। 

ਪਾਠਕ ਸਾਹਮਣੇ ਹੁਣ ਇਹ ਸਪਸ਼ਟ ਹੋ ਜਾਣਾ ਚਾਹੀਦਾ ਹੈ ਕਿ ਮਾਰਕਸਵਾਦੀ ਸਾਹਿਤ ਸਿਧਾਂਤ ਅਤੇ ਸਾਹਿਤ ਇਤਿਹਾਸ ਉਸ ਵਿਆਪਕ ਸਮੁੱਚਤਾ ਜਾਂ ਇਤਿਹਾਸਕ ਪਦਾਰਥਵਾਦ ਦਾ ਸਿਰਫ਼ ਇੱਕ ਹਿੱਸਾ ਹੈ। ਕਲਾ ਵੱਲ ਸਰਮਾਏਦਾਰਾ ਪੈਦਾਵਾਰ ਢੰਗ ਦੇ ਬੁਨਿਆਦੀ ਰੂਪ ਵਿੱਚ ਨਿਖੇਧਾਤਮਕ ਰਵੱਈਏ ਦੀ ਵਿਆਖਿਆ ਮਾਰਕਸਵਾਦ ਕਿਸੇ ਸੁਹਜ ਸ਼ਾਸਤਰੀ ਨਜ਼ਰੀਏ ਤੋਂ ਨਹੀਂ ਕਰਦਾ। ਅਸਲ ਵਿੱਚ ਜੇ ਅਸੀਂ ਮਾਰਕਸ ਦੀਆਂ ਟਿੱਪਣੀਆਂ ਦਾ, ਮਿਕਦਾਰ ਦੀ ਦ੍ਰਿਸ਼ਟੀ ਤੋਂ ਜਾਂ ਸੰਖਿਆਤਮਕ ਅਧਿਐਨ (ਉਂਝ ਅਧਿਐਨ ਦੀ ਇਜ਼ਾਜਤ ਨਹੀਂ ਦਿੱਤੀ ਜਾ ਸਕਦੀ) ਕਰਨ ਦੀ ਕੋਸ਼ਿਸ਼ ਕਰੀਏ ਤਾਂ ਅਸੀਂ ਸ਼ੁਰੂ ਵਿੱਚ ਹੀ ਕਹਿ ਸਕਦੇ ਹਾਂ ਕਿ ਅਜਿਹੇ ਸੁਆਲਾਂ ਵਿੱਚ ਉਨ੍ਹਾਂ ਦੀ ਸ਼ਾਇਦ ਹੀ ਰੁਚੀ ਰਹੀ ਹੋਵੇ। ਪਰ ਜਿਸ ਨੇ ਵੀ ਸਰਮਾਇਆ ਜਾਂ ਮਾਰਕਸ ਦੀਆਂ ਦੂਜੀਆਂ ਰਚਨਾਵਾਂ ਦਾ ਧਿਆਨ ਨਾਲ਼ ਅਧਿਐਨ ਕੀਤਾ ਹੈ, ਉਹ ਦੇਖੇਗਾ ਕਿ ਇਸ ਸੰਦਰਭ ਵਿੱਚ ਉਨ੍ਹਾਂ ਦੀਆਂ ਕੁਝ ਟਿੱਪਣੀਆਂ ਸੁਆਲ ਦੇ ਕੇਂਦਰੀ ਤੱਤ ਸਬੰਧੀ ਸਾਨੂੰ ਸਰਮਾਏਦਾਰੀ ਵਿਰੋਧੀ ਉਨ੍ਹਾਂ ਰੋਮਾਂਸਵਾਦੀਆਂ ਨਾਲ਼ੋਂ ਡੂੰਘੇਰੀ ਅੰਤਰ ਦ੍ਰਿਸ਼ਟੀ ਪ੍ਰਦਾਨ ਕਰਦੀਆਂ ਹਨ ਜੋ ਸਾਰੀ ਉਮਰ ਸੁਹਜਸ਼ਾਸਤਰ ਵਿੱਚ ਹੀ ਆਪਣੇ ਆਪ ਨੂੰ ਖਪਾਈ ਰੱਖਦੇ ਹਨ। ਅਸਲ ਵਿੱਚ ਮਾਰਕਸਵਾਦੀ ਅਰਥ ਸ਼ਾਸਤਰ ਸਮਾਜਕ ਜੀਵਨ ਦੀਆਂ ਬੁਨਿਆਦੀ ਅਰਥਚਾਰੇ ਦੀਆਂ ਕਿਸਮਾਂ ਨੂੰ ਉੱਥੋਂ ਜੋੜਦਾ ਹੈ, ਜਿਥੇ ਉਹ ਯਥਾਰਥਕ ਜੀਵਨ ਵਿੱਚ ਮਨੁੱਖੀ ਸਬੰਧਾਂ ਦੇ ਰੂਪ ਵਿੱਚ ਜਾਹਰ ਹੁੰਦੀਆਂ ਹਨ, ਅਤੇ ਫਿਰ ਉਨ੍ਹਾਂ ਤੋਂ ਅੱਗੇ, ਕੁਦਰਤ ਨਾਲ਼ ਸਮਾਜ ਦੇ ਸਬੰਧ ਨਾਲ਼ ਵੀ ਉਨ੍ਹਾਂ ਨੂੰ ਜੋੜਦਾ ਹੈ। ਫਿਰ ਇਸ ਦੇ ਨਾਲ਼ ਮਾਰਕਸ ਇਹ ਵੀ ਦਰਸਾਉਂਦੇ ਹਨ ਕਿ ਸਰਮਾਏਦਾਰੀ ਹੇਠ ਇਹ ਕਿਸਮਾਂ (ਸਬੰਧ) ਇਸ ਤਰ੍ਹਾਂ ਇੱਕ ਦਮ ਵਸਤੂ ਰੂਪ ਅਖਤਿਆਰ ਕਰ ਲੈਂਦੀਆਂ ਹਨ ਕਿ ਉਨ੍ਹਾਂ ਦਾ ਅਸਲੀ ਸਾਰ ਤੱਤ ਜਾਂ ਮਨੁੱਖੀ ਸਬੰਧ ਨਜ਼ਰਾਂ ਤੋਂ ਓਹਲੇ ਹੋ ਜਾਂਦਾ ਹੈ। ਹੋਂਦ ਦੀਆਂ ਬੁਨਿਆਦੀ ਕਿਸਮਾਂ ਦਾ ਇਹ ਉਲ਼ਟਫੇਰ ਹੀ ਹੈ ਜੋ ਸਰਮਾਏਦਾਰੀ ਸਮਾਜ ਵਿੱਚ ਵਸਤੂ ਪੂਜਾ ਦੀ ਭਾਵਨਾ ਪੈਦਾ ਕਰਦਾ ਹੈ। ਮਨੁੱਖਾਂ ਦੀ ਚੇਤਨਾ ਵਿੱਚ ਜਗਤ ਜਿਹਾ ਹੈ, ਉਸ ਤੋਂ ਵੱਖਰੇ ਰੂਪ ਵਿੱਚ ਪ੍ਰਤੀਬਿੰਬਤ ਹੁੰਦਾ ਹੈ। ਇਸ ਦੀ ਸੰਰਚਨਾ ਕੁਹਜ਼ੀ ਹੋ ਜਾਂਦੀ ਹੈ ਅਤੇ ਇਹ ਅਸਲੀ ਸਬੰਧਾਂ ਤੋਂ ਵਿਹੂਣਾ ਹੋ ਜਾਂਦਾ ਹੈ।  ਸਰਮਾਏਦਾਰੀ ਹੇਠ ਇਸ ਵਸਤੂ ਕਾਇਆਪਲ਼ਟੀ ਅਤੇ ਰੋਜ਼ਾਨਾ ਜੀਵਨ ਨੂੰ ਕੰਟਰੋਲ ਕਰਨ ਵਾਲ਼ੀਆਂ ਵਸਤੂ ਕਾਇਆਪਲਟਕ ਚੀਜ਼ਾਂ (ਜਿਣਸ, ਸੋਨਾ, ਕੀਮਤ ਆਦਿ) ਦੇ ਪਿਛੇ ਸਥਿਤ ਅਸਲੀ ਤੱਤ, ਮਨੁੱਖੀ ਸਬੰਧਾਂ ਨੂੰ ਦੇਖ ਸਕਣ ਦੀ ਵਿਸ਼ੇਸ਼ ਬੌਧਿਕ ਕੋਸ਼ਿਸ਼ ਦੀ ਲੋੜ ਹੁੰਦੀ ਹੈ।

ਮਨੁੱਖਤਾਵਾਦ ਜਾਂ ਮਨੁੱਖੀ ਸੁਭਾਅ ਦਾ ਜੋਸ਼ੀਲਾ ਅਧਿਐਨ, ਸਮੁੱਚੇ ਸਾਹਿਤ ਅਤੇ ਕਲਾ ਲਈ ਬੁਨਿਆਦੀ ਹੁੰਦਾ ਹੈ, ਚੰਗੀ ਕਲਾ ਅਤੇ ਚੰਗਾ ਸਾਹਿਤ ਮਨੁੱਖ ਅਤੇ ਮਨੁੱਖੀ ਸੁਭਾਅ ਦੇ ਅਸਲੀ ਸਾਰ ਤੱਤ ਦੀ ਜਾਂਚ ਪੜਤਾਲ ਕਰਨ ਦੇ ਕਾਰਣ ਹੀ ਨਹੀਂ, ਸਗੋਂ ਇਸ ਦੇ ਨਾਲ਼ ਹੀ ਮਨੁੱਖੀ ਸਨਮਾਨ ਦੀ, ਸਾਰੇ ਹਮਲਿਆਂ, ਨਿਘਾਰਾਂ ਅਤੇ ਵਿਗਾੜਾਂ ਤੋਂ ਜੋਸ਼ ਭਰੀ ਹਿਫ਼ਾਜਤ ਕਰਨ ਦੇ ਕਾਰਣ ਵੀ, ਮਨੁੱੱਖਤਾਵਾਦੀ ਹੁੰਦੇ ਹਨ। ਕਿਉਂਕਿ ਇਹ ਪ੍ਰਵਿਰਤੀਆਂ (ਵਿਸ਼ੇਸ਼ ਕਰਕੇ, ਮਨੁੱਖ ਦੀ ਮਨੁੱਖ ਵੱਲੋਂ ਲੁੱਟ ਅਤੇ ਦਾਬਾ) ਕਿਸੇ ਵੀ ਸਮਾਜ ਦੇ ਮੁਕਾਬਲੇ, ਉੱਪਰ ਵਿਸ਼ਲੇਸ਼ਤ ਵਸਤੂ ਕਾਇਆਪਲ਼ਟੀ ਦੇ ਕਾਰਣ ਸਰਮਾਏਦਾਰੀ ਵਿੱਚ ਅਣਮਨੁੱਖੀ ਪੱਧਰ ਅਖਤਿਆਰ ਕਰ ਲੈਂਦੀਆਂ ਹਨ, ਇਸ ਲਈ ਰਚਨਾਤਮਕ ਵਿਅਕਤੀ ਦੇ ਰੂਪ ਵਿੱਚ ਹਰ ਸਹੀ ਕਲਾਕਾਰ, ਹਰ ਸੱਚਾ ਲੇਖਕ ਸੁਚੇਤ ਜਾਂ ਅਚੇਤ ਢੰਗ ਨਾਲ਼ ਮਨੁੱਖਤਾਵਾਦ ਦੇ ਸਿਧਾਂਤ ਦੇ ਇਸ ਵਿਗਾੜ ਦਾ ਦੁਸ਼ਮਣ ਹੁੰਦਾ ਹੈ।

ਸਪਸ਼ਟ ਹੈ ਕਿ ਇਥੇ ਇਸ ਸੁਆਲ ਤੇ ਹੋਰ ਵਿਸਥਾਰ ਨਾਲ਼ ਚਰਚਾ ਨਹੀਂ ਕੀਤੀ ਜਾ ਸਕਦੀ। ਗੇਟੇ ਅਤੇ ਸ਼ੇਕਸਪੀਅਰ ਦੀਆਂ ਕੁਝ ਵਿਸ਼ੇਸ਼ ਰਚਨਾਵਾਂ ਦਾ ਵਿਸ਼ਲੇਸ਼ਣ ਕਰਕੇ ਮਾਰਕਸ ਨੇ ਪੈਸੇ ਦੇ ਉਸ ਮਨੁੱਖ ਵਿਰੋਧੀ ਪ੍ਰਭਾਵ ‘ਤੇ ਰੋਸ਼ਨੀ ਪਾਈ ਹੈ ਜੋ ਮਨੁੱਖ ਜਾਤੀ ਨੂੰ ਕੁਹਜਾ ਅਤੇ ਭ੍ਰਿਸ਼ਟ ਬਣਾਉਂਦਾ ਹੈ – 

”ਸ਼ੇਕਸਪੀਅਰ ਪੈਸੇ ਦੇ ਦੋ ਪੱਖਾਂ ‘ਤੇ ਜ਼ੋਰ ਦਿੰਦਾ ਹੈ – 

(1) ਇਹ ਹੈ ਸ਼ਾਕਸਾਤ (ਵਿਜ਼ੀਬਲ) ਦੈਵੀਅਤਾ, ਸਮੁੱਚੇ ਮਨੁੱਖੀ ਅਤੇ ਕੁਦਰਤੀ ਗੁਣਾਂ ਦੀ ਉਨ੍ਹਾਂ ਦੇ ਉਲਟ ਤੱਤ ਵਿੱਚ ਕਾਇਆਪਲ਼ਟੀ, ਵਸਤੂਆਂ ਦਾ ਆਮ ਵਿਗਾੜ ਅਤੇ ਉਲ਼ਟ ਗੇੜ ਇਹ ਗੈਰ ਵਿਵਹਾਰਕਤਾਵਾਂ ਨੂੰ ਸੰਭਵ ਬਣਾ ਦਿੰਦਾ ਹੈ।

(2) ਇਹ ਇੱਕ ਸਰਵਵਿਆਪਕ ਵੇਸਵਾ ਹੈ, ਮਨੁੱਖਾਂ ਅਤੇ ਕੌਮਾਂ ਦਾ ਸਰਵਵਿਆਪਕ ਦੱਲਾ ਹੈ।

ਸਮੁੱਚੇ ਮਨੁੱਖੀ ਅਤੇ ਕੁਦਰਤੀ ਗੁਣਾਂ ਦਾ ਇਹ ਵਿਗਾੜ ਅਤੇ ਉਲ਼ਟ ਗੇੜ, ਅਸੰਭਵਤਾਵਾਂ ਦਾ ਇਹ ਮੇਲ਼ ਮਿਲਾਪ, ਅਰਥਾਤ ਪੈਸੇ ਵਿੱਚ ਮੌਜੂਦ ਇਹ ਦੈਵੀ ਸ਼ਕਤੀ, ਪੈਸੇ ਦੇ, ਮਨੁੱਖ ਜਾਤੀ ਦੇ ਵੱਖਰੇ ਹੋ ਗਏ, ਵੱਖਰਾ ਕਰਨ ਵਾਲ਼ੇ ਅਤੇ ਸਵੈ ਨੂੰ ਵੱਖਰਾ ਕਰਨ ਵਾਲ਼ੇ ਸਾਰ ਤੱਤ ਤੋਂ ਪੈਦਾ ਹੁੰਦੀ ਹੈ। ਇਹ ਮਨੁੱਖ ਜਾਤੀ ਦੀ ਉਸ ਤੋਂ ਵੱਖਰੀ ਹੋਈ, ਦੌਲਤ (ਵਿਸ਼ੇਸ਼ਤਾ) ਹੈ।

ਮਨੁੱਖ ਦੇ ਰੂਪ ਵਿੱਚ ਜੋ ਮੈਂ ਨਹੀਂ ਕਰ ਸਕਦਾ, ਜੋ ਮੇਰੀਆਂ ਅੰਦਰੂਨੀ ਸਮਰਥਾਵਾਂ ਤੋਂ ਪਰੇ ਹੈ, ਉਹ ਮੈਂ ਪੈਸੇ ਨਾਲ਼ ਕਰ ਸਕਦਾ ਹਾਂ। ਇਸ ਤਰ੍ਹਾਂ ਪੈਸਾ ਅਜਿਹੀ ਹਰ ਬੁਨਿਆਦੀ ਸਮਰਥਾ ਨੂੰ ਅਜਿਹੀ ਸਮਰਥਾ ਵਿੱਚ ਬਦਲ ਦਿੰਦਾ ਹੈ ਜੋ ਉਹ ਆਪਣੇ ਆਪ ਵਿੱਚ ਨਹੀਂ ਹੁੰਦੀ ਹੈ, ਜਾਂ ਉਸ ਦੀ ਉਲਟ ਤਾਕਤ ਵਿੱਚ ਬਦਲ ਦਿੰਦਾ ਹੈ।”

ਮਾਰਕਸ ਦਾ ਇਹ ਬਿਆਨ ਇਸ ਸੁਆਲ ਦੇ ਸਾਰੇ ਪ੍ਰਮੁੱਖ ਪੱਖਾਂ ਨੂੰ ਨਹੀਂ ਸਮੇਟਦਾ। ਸਰਮਾਏਦਾਰੀ ਪੈਦਾਵਾਰ ਢੰਗ ਵਿੱਚ ਕਲਾ ਪ੍ਰਤੀ ਇਸ ਵੈਰ ਭਾਵ ਨੂੰ ਕਿਰਤ ਦੀ ਸਰਮਾਏਦਾਰਾ ਵੰਡ ਦੇ ਸੰਦਰਭ ਵਿੱਚ ਸਮਝਿਆ ਜਾ ਸਕਦਾ ਹੈ। ਇਸ ਮਾਨਤਾ ਨੂੰ ਪੂਰੀ ਤਰ੍ਹਾਂ ਸਮਝਣ ਮਿਟ ਲਈ ਸਾਨੂੰ ਇੱਕ ਵਾਰ ਫਿਰ ਅਰਥਚਾਰੇ ਦੀ ਸਮੁੱਚਤਾ ਦੇ ਪ੍ਰਸੰਗ ਵਿੱਚ ਜਾਣਾ ਹੋਵੇਗਾ। ਅਸੀਂ ਆਪਣੀ ਸਮੱਸਿਆ ਦੇ ਇੱਕ ਹੀ ਪੱਖ, ਮਨੁੱਖਤਾਵਾਦ ਦੇ ਸਿਧਾਂਤ ਦੀ ਫਿਰ ਤੋਂ ਜਾਂਚ ਕਰਾਂਗੇ ਜਿਸ ਨੂੰ ਅਜ਼ਾਦੀ ਲਈ ਪ੍ਰੋਲੇਤਾਰੀ ਦੇ ਸੰਘਰਸ਼ ਨੇ ਪਹਿਲਾਂ ਦੀਆਂ ਜਮਹੂਰੀ ਅਤੇ ਇਨਕਲਾਬੀ ਲਹਿਰਾਂ ਤੋਂ ਵਿਰਾਸਤ ਵਿੱਚ ਹਾਸਲ ਕੀਤਾ ਹੈ ਅਤੇ ਸਿਫ਼ਤੀ ਰੂਪ ਨਾਲ਼ ਉੱਚੇਰੇ ਪੱਧਰ ਤੇ ਉਸ ਦਾ ਵਿਕਾਸ ਕੀਤਾ। ਉਹ ਹੈ – ਬਹੁਪੱਖੀ, ਸਮੁੱਚੇ ਮਨੁੱਖ ਦੇ ਅਜ਼ਾਦ ਵਿਕਾਸ ਦੀ ਮੰਗ ਦਾ ਪੱਧਰ। ਇਸ ਦੇ ਉਲ਼ਟ, ਕਲਾ ਅਤੇ ਸਾਹਿਤ ਵੱਲ ਸਰਮਾਏਦਾਰੀ ਪੈਦਾਵਾਰ ਢੰਗ ਵਿੱਚ ਮੌਜੂਦ ਵੈਰ ਭਾਵ, ਮਨੁੱਖ ਦਾ ਵਿਖੰਡਨ, ਮੂਰਤ ਸਮੁੱਚਤਾ ਨੂੰ ਅਮੂਰਤ ਵਿਸ਼ੇਸ਼ੀਕਰਣਾਂ ਵਿੱਚ ਤੋੜ ਦਿੰਦਾ ਹੈ।   

ਸਰਮਾਏਦਾਰੀ ਵਿਰੋਧੀ ਰੋਮਾਂਸਵਾਦੀ ਵੀ ਇਸ ਤੱਥ ਨੂੰ ਸਮਝਦੇ ਸਨ। ਪਰ ਇਸ ਨੂੰ ਉਹ ਹੋਣੀ ਜਾਂ ਸਿਰਫ਼ ਮਾੜੀ ਕਿਸਮਤ ਹੀ ਮੰਨਦੇ ਸਨ। ਭਾਵੁਕਤਾ ਅਤੇ ਆਦਰਸ਼ਵਾਦ ਦੇ ਕਾਰਣ ਮੁੱਢ ਕਦੀਮੀ ਸਮਾਜਾਂ ਵਿੱਚ ਓਟ ਤਲਾਸ਼ਦੇ ਸਨ ਅਤੇ ਅੰਤ ਵਿੱਚ ਲਾਜ਼ਮੀ ਰੂਪ ਨਾਲ਼ ਖੁਦ ਹੀ ਪਿਛਾਖੜੀ ਬਣ ਜਾਂਦੇ ਸਨ। ਮਾਰਕਸ ਅਤੇ ਏਂਗਲਜ਼ ਨੇ ਕਦੀ ਵੀ ਸਰਮਾਏਦਾਰੀ ਪੈਦਾਵਾਰੀ ਢੰਗ ਦੇ ਅਗਾਂਹਵਧੂ ਖ਼ਾਸੇ ਤੋਂ ਇਨਕਾਰ ਨਹੀਂ ਕੀਤਾ ਪਰ ਇਸ ਦੇ ਅਣਮਨੁੱਖੀ ਪੱਖ ਦਾ ਉਹ ਲਗਾਤਾਰ ਪਰਦਾਫਾਸ਼ ਕਰਦੇ ਰਹੇ। ਉਨ੍ਹਾਂ ਨੇ ਦੱਸਿਆ ਕਿ ਇਸ ਰਾਹ ‘ਤੇ ਚੱਲ ਕੇ ਮਨੁੱਖਜਾਤੀ ਪੂਰਣ ਅਤੇ ਅਸਲੀ ਮੁਕਤੀ ਲਈ ਸਮਾਜਵਾਦ ਲਈ, ਸਿਰਫ਼ ਪਦਾਰਥਕ ਅਧਾਰ ਹੀ ਤਿਆਰ ਕਰ ਸਕਦੀ ਹੈ। ਪਰ ਸਰਮਾਏਦਾਰਾ ਸਮਾਜੀ ਢਾਂਚੇ ਦੀ ਆਰਥਕ, ਸਮਾਜਕ ਅਤੇ ਇਤਿਹਾਸਕ ਅਟੱਲਤਾ ਨੂੰ ਪਛਾਨਣ ਅਤੇ ਸਮਾਜ ਦੇ ਬੀਤੇ ਹੋਏ ਯੁਗਾਂ ਲਈ ਕਿਸੇ ਵੀ ਮੋਹ ਦੀ ਫੈਸਲਾਕੁਨ ਰੂਪ ਵਿੱਚ ਭੰਡੀ ਦੇ ਬਾਵਜੂਦ, ਮਾਰਕਸ ਅਤੇ ਏਂਗਲਜ਼ ਨੇ ਕਦੀਂ ਵੀ ਸਰਮਾਏਦਾਰੀ ਸੱਭਿਆਚਾਰ ਦੀ ਅਲੋਚਨਾ ਵਿੱਚ ਨਰਮੀ ਨਹੀਂ ਆਉਣ ਦਿੱਤੀ ਸਗੋਂ ਉਨ੍ਹਾਂ ਨੇ ਆਪਣੇ ਹਮਲੇ ਦੀ ਧਾਰ ਨੂੰ ਹੋਰ ਤੇਜ਼ ਕਰ ਦਿਤਾ। ਜੇ ਕਦੀ ਉਹ ਅਤੀਤ ਦਾ ਪ੍ਰਸੰਗ ਉਠਾਉਂਦੇ ਹਨ ਤਾਂ ਅਤੀਤ ਵਿੱਚ ਸ਼ਰਣ ਲੈਣ ਲਈ ਉਹ ਅਜਿਹਾ ਨਹੀਂ ਕਰਦੇ, ਸਗੋਂ ਅਜ਼ਾਦੀ ਲਈ ਕੀਤੇ ਗਏ ਉਸ ਘੋਲ਼ ਦੀ ਸ਼ੁਰੂਆਤ ਨੂੰ ਸਪਸ਼ਟ ਕਰਨ ਲਈ ਕਰਦੇ ਹਨ, ਜਿਸ ਨੇ ਜਗੀਰਦਾਰੀ ਨਾਲ਼, ਭਾਵ ਲੁੱਟ ਅਤੇ ਜ਼ਬਰ ਦੇ ਕਿਤੇ ਜ਼ਿਆਦਾ ਘ੍ਰਿਣਤ ਅਤੇ ਭਿਆਨਕ ਦੌਰ ਤੋਂ ਮਨੁੱਖਜਾਤੀ ਨੂੰ ਅੱਗੇ ਵਧਾਇਆ। ਇਸ ਤਰ੍ਹਾਂ, ਏਂਗਲਜ਼ ਜਦ ਨਵਜਾਗਰਣ ਦੌਰ ਬਾਰੇ ਲਿਖਦੇ ਹਨ ਤਾਂ ਉਹ ਆਪਣੇ ਬਿਆਨ ਅਜ਼ਾਦੀ ਦੇ ਘੋਲ਼ਾਂ ਵੱਲ, ਮਜ਼ਦੂਰਾਂ ਦੁਆਰਾ ਅਜ਼ਾਦੀ ਦੇ ਘੋਲ਼ਾਂ ਦੇ ਸ਼ੁਰੂਆਤੀ ਪੜਾਵਾਂ ਵੱਲ, ਮੋੜ ਦਿੰਦੇ ਹਨ ਅਤੇ ਜਦ ਉਹ ਉਸ ਦੌਰ ਦੇ ਪੈਦਾਵਾਰੀ ਢੰਗ ਦੀ ਬਾਅਦ ਦੀ ਸਰਮਾਏਦਾਰਾ ਕਿਰਤ ਵੰਡ ਨਾਲ਼ ਤੁਲਨਾ ਕਰਦੇ ਹਨ ਤਾਂ ਪਹਿਲਾਂ ਵਾਲ਼ੇ ਪੈਦਾਵਾਰੀ ਢੰਗ ਦੇ ਸੋਹਲੇ ਗਾਉਣ ਲਈ ਉਹ ਅਜਿਹਾ ਨਹੀਂ ਕਰਦੇ, ਸਗੋਂ ਭਵਿੱਖ ਦੀ ਸੰਭਾਵਤ ਮੁਕਤੀ ਵੱਲ ਇਸ਼ਾਰਾ ਕਰਨ ਲਈ ਕਰਦੇ ਹਨ। ਨਵਜਾਗਰਣ (ਰੈਨੇਸਾਂ) ‘ਤੇ ਗੱਲ ਕਰਦੇ ਹੋਏ ਏਂਗਲਜ਼ ਕਹਿੰਦੇ ਹਨ – 

”ਹਾਲੇ ਤੱਕ ਮਨੁੱਖਜਾਤੀ ਨੇ ਜਿੰਨੇ ਇਨਕਲਾਬ ਦੇਖੇ ਅਤੇ ਸੁਣੇ ਸਨ ਉਨ੍ਹਾਂ ਚੋਂ ਇਹ ਸਭ ਤੋਂ ਮਹਾਨ ਅਗਾਂਹਵਧੂ ਇਨਕਲਾਬ ਸੀ। ਇਹ ਇੱਕ ਅਜਿਹਾ ਦੌਰ ਸੀ ਜਿਸ ਨੇ ਮਹਾਨ ਪ੍ਰਤਿਭਾਵਾਂ ਪੈਦਾ ਕੀਤੀਆਂ – ਚਿੰਤਨ, ਜੋਸ਼ ਅਤੇ ਚਰਿੱਤਰ ਦੀ ਦ੍ਰਿਸ਼ਟੀ ਤੋਂ ਮਹਾਨ ਪ੍ਰਤਿਭਾਵਾਂ। ਜਿਨ੍ਹਾਂ ਪ੍ਰਤਿਭਾਵਾਂ ਨੇ ਸਰਮਾਏਦਾਰੀ ਜਮਾਤ ਦੇ ਆਧੁਨਿਕ ਗਲਬੇ ਲਈ ਅਧਾਰ ਤਿਆਰ ਕੀਤਾ, ਉਹ ਅੱਜ ਦੇ ਸਰਮਾਏਦਾਰਾਂ ਦੀ ਤਰ੍ਹਾਂ ਸੰਕੀਰਣ ਨਹੀਂ ਸਨ… ਉਸ ਸਮੇਂ ਦੇ ਨਾਇਕ ਕਿਰਤ ਵੰਡ ਦੀ ਇਸ ਗ਼ੁਲਾਮੀ ਦੇ ਸ਼ਿਕਾਰ ਨਹੀਂ ਸਨ, ਜਿਸ ਤਰ੍ਹਾਂ ਦੀ ਕਿਰਤ ਦਾ ਸੰਕੀਰਣ ਇਕਹਿਰਾਪਨ ਅਸੀਂ ਅਕਸਰ ਉਨ੍ਹਾਂ ਦੇ ਚੇਲਿਆਂ ਵਿੱਚ ਪਾਉਂਦੇ ਹਾਂ। ਜਿਹੜੀ ਚੀਜ਼ ਵਿਸ਼ੇਸ਼ ਤੌਰ ਤੇ ਉਨ੍ਹਾਂ ਨੂੰ ਵਿਸ਼ੇਸ਼ ਬਣਾਉਂਦੀ ਹੈ, ਉਹ ਇਹ ਹੈ ਕਿ ਉਹ ਸਾਰੇ ਹਾਸਲ ਦੌਰ ਦੀਆਂ ਲਹਿਰਾਂ ਵਿੱਚ ਜਿਉਂਦੇ ਅਤੇ ਕੰਮ ਕਰਦੇ ਹਨ ਅਤੇ ਵਿਵਹਾਰਕ ਘੋਲ਼ ਵਿੱਚ ਸ਼ਾਮਲ ਹੁੰਦੇ ਹਨ, ਪੱਖ ਚੁਣਦੇ ਹਨ ਅਤੇ ਲੜ੍ਹਦੇ ਹਨ। ਉਨ੍ਹਾਂ ਚੋਂ ਕੋਈ ਇਹ ਕੰਮ ਆਪਣੀ ਕਲਮ ਨਾਲ਼ ਕਰਦਾ ਹੈ, ਕੋਈ ਤਲਵਾਰ ਨਾਲ਼ ਅਤੇ ਕੋਈ ਦੋਵਾਂ ਨਾਲ਼ ਕਰਦਾ ਹੈ। ਇਸ ਲਈ ਉਹ ਸਰਵਵਿਆਪਕਤਾ ਅਤੇ ਤਾਕਤ ਆਈ ਜੋ ਉਨ੍ਹਾਂ ਨੂੰ ਪੂਰਨ ਮਨੁੱਖ ਬਣਾਉਂਦੀ ਸੀ। ਕਿਤਾਬੀ ਕੀੜੇ ਛੋਟ ਵਜੋਂ ਮਿਲ਼ਦੇ ਹਨ, ਉਹ ਜਾਂ ਤਾਂ ਦੂਜੇ ਜਾਂ ਤੀਜੇ ਦਰਜ਼ੇ ਦੇ ਲੋਕ ਹਨ ਜਾਂ ਸੁਚੇਤ ਬੁੱਧੂ ਹਨ ਜੋ ਖੁਦ ਨੂੰ ਸੇਕ ਨਹੀਂ ਲੱਗਣ ਦੇਣਾ ਚਾਹੁੰਦੇ। ”

ਮਾਰਕਸ ਅਤੇ ਏਂਗਲਜ਼ ਨੇ ਆਪਣੇ ਸਮੇਂ ਦੇ ਲੇਖਕਾਂ ਨੂੰ ਅਪੀਲ ਕੀਤੀ ਕਿ ਚਰਿਤਰਾਂ ਦੇ ਮਾਧਿਅਮ ਰਾਹੀਂ ਉਹ ਲੋਕ ਸਰਮਾਏਦਾਰੀ ਕਿਰਤ ਵੰਡ ਨਾਲ਼ ਪੈਦਾ ਹੋਏ ਖਿੰਡਾਅ ਅਤੇ ਨਿਘਾਰ ਦੇ ਖਿਲਾਫ਼ ਜ਼ੋਰਦਾਰ ਰਵੱਈਆ ਅਪਨਾਉਣ ਅਤੇ ਮਨੁੱਖ ਨੂੰ ਉਸ ਦੇ ਸਾਰ ਰੂਪ ਅਤੇ ਉਸ ਦੀ ਸਮੁੱਚਤਾ ਵਿੱਚ ਸਮਝਣ ਦੀ ਕੋਸ਼ਿਸ਼ ਕਰਨ। ਅਤੇ ਕਿਉਂ ਕਿ ਉਨ੍ਹਾਂ ਦੋਵਾਂ ਦੇ ਜਿਆਦਾਤਰ ਸਮਕਾਲੀਆਂ ਵਿੱਚ ਨਿੱਜੀ ਪੱਧਰ ਤੇ ਅਤੇ ਸਮੁੱਚੇ ਰੂਪ ਵਿੱਚ ਵੀ, ਮਨੁੱਖਜਾਤੀ ਨੂੰ ਦੇਖਣ ਦੀ ਕੋਸ਼ਿਸ਼ ਦੀ ਘਾਟ ਸੀ, ਇਸ ਲਈ ਉਹ (ਮਾਰਕਸ ਅਤੇ ਏਂਗਲਜ਼) ਇਨ੍ਹਾਂ ਲੇਖਕਾਂ ਨੂੰ ਮਹੱਤਵਹੀਣ ਸਮਝਦੇ ਸਨ। ਲਾਸਾਲ ਦੇ ਦੁਖਾਂਤ ਸਿਕਿੰਗਨ ਦੀ ਅਲੋਚਨਾ ਕਰਦੇ ਹੋਏ ਏਂਗਲਜ਼ ਨੇ ਇੱਕ ਚਿੱਠੀ ਵਿੱਚ ਲਿਖਿਆ – ”ਅੱਜ-ਕੱਲ ਫੈਸ਼ਨ ਦੇ ਰੂਪ ਵਿੱਚ ਪ੍ਰਚੱਲਤ ਚਰਿੱਤਰਾਂ ਦੇ ਵਿਅਕਤੀਕਰਣ ਦਾ ਆਪ ਦੁਆਰਾ ਕੀਤਾ ਗਿਆ ਵਿਰੋਧ ਪੂਰੀ ਤਰ੍ਹਾਂ ਜਾਇਜ਼ ਹੈ। ਇਹ ਮਹਿਜ਼ ਪੰਡਤਾਉਪੁਣੇ ਅਤੇ ਰੇਤ ‘ਤੇ ਲਿਖੇ ਗਏ ਸਾਹਿਤ ਦੀ ਇੱਕ ਮਿਸਾਲ ਹੈ।”

ਓਸੇ ਚਿੱਠੀ ਵਿੱਚ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਆਧੁਨਿਕ ਲੇਖਕ ਇਹ ਤਾਕਤ, ਇਹ ਵਿਆਪਕ ਦ੍ਰਿਸ਼ਟੀ, ਜੀਵਨ ਦੀ ਸਮੁੱਚਤਾ ਦਾ ਇਹ ਬੋਧ ਕਿੱਥੋਂ ਹਾਸਲ ਕਰ ਸਕਦਾ ਹੈ। ਲਾਸਾਲ ਦੇ ਨਾਟਕ ਦੀ ਅਲੋਚਨਾ ਕਰਦੇ ਹੋਏ ਏਂਗਲਜ਼ ਨੇ ਕੁਲੀਨਤਾਵਾਦੀ ਅਤੇ ਪਿਛਾਖੜੀ ਸਿਕਿੰਗਨ ਲਹਿਰ ਨੂੰ ਵਧਾ ਚੜ੍ਹਾ ਕੇ ਅੰਗਣ ਦੀ, ਅਤੇ ਮਹਾਨ ਕਿਸਾਨ ਬਗ਼ਾਵਤ ਨੂੰ ਘੱਟ ਕਰਕੇ ਅੰਗਣ ਦੀ ਲਾਸਾਲ ਦੁਆਰਾ ਕੀਤੀ ਗਈ ਸਿਆਸੀ ਭੁੱਲ ਦੀ ਨਿੰਦਾ ਕੀਤੀ, ਪਰ ਇਸ ਦੇ ਨਾਲ਼ ਇਸ ਤੱਥ ਵੱਲ ਵੀ ਇਸ਼ਾਰਾ ਕੀਤਾ ਕਿ ਲੋਕਾਂ ਦੇ ਬਹੁਪਸਾਰੀ ਜੀਵਨ ਨੂੰ ਪੇਸ਼ ਕਰਨ ਦੇ ਕਾਰਣ ਹੀ ਉਹ (ਲਾਸਾਲ) ਆਪਣੇ ਨਾਟਕ ਵਿੱਚ ਜੀਵੰਤ ਅਤੇ ਸੱਚੇ ਚਰਿੱਤਰਾਂ ਦੀ ਸਿਰਜਣਾ ਕਰ ਸਕੇ।

ਪਿਛਲੇ ਵਿਸ਼ਲੇਸ਼ਣ ਤੋਂ ਇਹ ਸਪਸ਼ਟ ਹੋ ਜਾਣਾ ਚਾਹੀਦਾ ਹੈ ਕਿ ਸਰਮਾਏਦਾਰੀ ਪੈਦਾਵਾਰੀ ਢੰਗ ਦਾ ਆਰਥਕ ਅਧਾਰ ਕਿਸ ਤਰ੍ਹਾਂ ਸਾਹਿਤ ‘ਤੇ ਪ੍ਰਭਾਵ ਪਾਉਂਦਾ ਹੈ, ਅਜਿਹਾ ਪ੍ਰਭਾਵ ਜੋ ਜਿਆਦਾਤਰ  – ਲੇਖਕ ਦੇ ਕੰਟਰੋਲ ਤੋਂ ਪਰੇ ਹੁੰਦਾ ਹੈ। ਪਰ ਮਾਰਕਸ ਅਤੇ ਏਂਗਲਜ਼ ਨੇ ਰਚਨਾ ਦੇ ਆਤਮਗਤ ਪੱਖ ਦੇ ਮਹੱਤਵ ਵੀ ਘੱਟ ਕਰਕੇ ਨਹੀਂ ਅੰਗਿਆ। ਅੱਗੇ ਆਪਣੀ ਬਹਿਸ ਦੌਰਾਨ ਇਸ ਸੁਆਲ ‘ਤੇ ਅਸੀਂ ਬਰੀਕੀ ਨਾਲ਼ ਵਿਚਾਰ ਕਰਾਂਗੇ। ਇਥੇ ਅਸੀਂ ਸਿਰਫ਼ ਇੱਕ ਵਿਸ਼ੇਸ਼ਤਾ ਵੱਲ ਧਿਆਨ ਦੁਆਵਾਂਗੇ। ਆਪਣੀ ਜਮਾਤ ਅਤੇ ਉਸ ਦੇ ਤੁਅੱਸਬਾਂ ਤੋਂ ਅਤੇ ਸਰਮਾਏਦਾਰੀ ਸਮਾਜ ਨਾਲ਼ ਆਮ ਤੌਰ ਤੇ ਗੂੜ੍ਹੇ ਰੂਪ ਵਿੱਚ ਜੁੜਿਆ ਹੋਇਆ ਔਸਤ ਸਰਮਾਏਦਾਰਾ ਲੇਖਕ, ਅਸਲੀ ਸਮੱਸਿਆਵਾਂ ‘ਤੇ ਹਮਲਾ ਕਰਨ ਤੋਂ ਡਰਦਾ ਹੈ ਅਤੇ ਅਜਿਹਾ ਕਰਨੋ ਆਪਣੇ ਆਪ ਨੂੰ ਰੋਕ ਦਿੰਦਾ ਹੈ। ਉੱਨੀਵੀਂ ਸਦੀ ਦੇ ਪੰਜਵੇਂ ਦਹਾਕੇ ਦੇ ਮਗਰਲੇ ਅੱਧ ਵਿੱਚ ਹੋਣ ਵਾਲ਼ੇ ਵਿਚਾਰਧਾਰਕ ਅਤੇ ਸਾਹਿਤਕ ਘੋਲ਼ਾਂ ਦੌਰਾਨ ਨੌਜੁਆਨ ਮਾਰਕਸ ਨੇ ਜਰਮਨੀ ਵਿੱਚ ਵਿਆਪਕ ਰੂਪ ਵਿੱਚ ਪੜ੍ਹੇ ਜਾਣ ਵਾਲ਼ੇ ਅਤੇ ਅਸਧਾਰਣ ਢੰਗ ਨਾਲ਼ ਲੋਕਪ੍ਰਿਅ ਅਤੇ ਪ੍ਰਭਾਵਸ਼ਾਲੀ ਯੂਜੀਨ ਸੁਈ ਦੇ ਨਾਵਲ ਦਿ ਮਿਸਟਰੀਜ਼ ਆਫ਼ ਪੈਰਿਸ ਦੀ ਠੋਸ ਅਲੋਚਨਾ ਪੇਸ਼ ਕੀਤੀ ਸੀ। ਇਥੇ ਅਸੀਂ ਸਿਰਫ਼ ਇਸ ਗੱਲ ਦਾ ਜਿਕਰ ਕਰਾਂਗੇ ਕਿ ਮਾਰਕਸ ਨੇ ਸਰਮਾਏਦਾਰਾ ਸਮਾਜ ਦਾ ਸਿਰਫ਼ ਸਤਹੀ ਚਿੱਤਰਣ ਕਰਨ ਦੀ ਕਾਇਰਤਾ ਅਤੇ ਯਥਾਰਥ ਦੀ ਵਿਗੜੀ ਅਤੇ ਗਲਤ ਤਸਵੀਰ ਪੇਸ਼ ਕਰਨ ਦੀ ਮੌਕਾਪ੍ਰਸਤੀ ਲਈ ਯੂਜੀਨ ਸੁਈ ਦੀ ਸਖ਼ਤ ਅਲੋਚਨਾ ਕੀਤੀ ਸੀ। ਇਹ ਗੱਲ ਵੱਖਰੀ ਹੈ ਕਿ ਅੱਜ ਕੱਲ ਕੋਈ ਵੀ ਯੂਜੀਨ ਸੁਈ ਨੂੰ ਨਹੀਂ ਪੜ੍ਹਦਾ। ਪਰ ਹਰੇਕ ਦਹਾਕੇ ਵਿੱਚ ਅਜਿਹੇ ਲੇਖਕ ਪ੍ਰਗਟ ਹੁੰਦੇ ਹਨ ਜੋ ਹਾਸਲ ਦੌਰ ਦੀਆਂ ਸਰਮਾਏਦਾਰਾ ਭਾਵਨਾਵਾਂ ਨੂੰ ਖੁਰਾਕ ਮੁਹੱਈਆ ਕਰਦੇ ਹਨ। ਜੇ ਕੁਝ ਜਰੂਰੀ ਫੇਰ ਬਦਲ ਕਰ ਦਿੱਤਾ ਜਾਵੇ ਤਾਂ ਇਹ ਅਲੋਚਨਾ ਅਜਿਹੇ ਲੇਖਕਾਂ ‘ਤੇ ਪੂਰੀ ਤਰ੍ਹਾਂ ਲਾਗੂ ਹੁੰਦੀ ਹੈ।

ਅਸੀਂ ਦੇਖਿਆ ਹੈ ਕਿ ਸਾਡਾ ਵਿਸ਼ਲੇਸ਼ਣ, ਜੋ ਸਾਹਿਤ ਦੀ ਉਤਪਤੀ ਅਤੇ ਵਿਕਾਸ ਦੀ ਸਮੱਸਿਆ ਤੋਂ ਸ਼ੁਰੂ ਹੁੰਦਾ ਹੈ, ਹੌਲ਼ੀ ਹੌਲ਼ੀ ਸੰਕੀਰਣ ਅਰਥਾਂ ਵਿੱਚ, ਸੁਹਜਸ਼ਾਸਤਰੀ ਸੁਆਲਾਂ ‘ਤੇ ਆ ਗਿਆ ਹੈ ਅਤੇ ਇਸ ਤਰ੍ਹਾਂ ਅਸੀਂ ਕਲਾ ਦੀ ਮਾਰਕਸਵਾਦੀ ਦ੍ਰਿਸ਼ਟੀ ਵਿੱਚ, ਸੁਆਲਾਂ ਦੇ ਦੂਜੇ ਸਮੂਹ ‘ਤੇ ਆ ਪਹੁੰਚਦੇ ਹਾਂ। ਮਾਰਕਸ ਸਾਹਿਤ ਦੀ ਉਤਪਤੀ ਅਤੇ ਵਿਕਾਸ ਵਿੱਚ ਇਤਿਹਾਸਕ ਅਤੇ ਸਮਾਜਕ ਪੜਾਵਾਂ ਦੀ ਛਾਣਬੀਨ ਨੂੰ ਅਸਧਾਰਨ ਰੂਪ ਵਿੱਚ ਮਹੱਤਵਪੂਰਣ ਮੰਨਦੇ ਸਨ, ਪਰ ਉਨ੍ਹਾਂ ਨੇ ਅਜਿਹਾ ਕਦੇ ਨਹੀਂ ਸੋਚਿਆ ਕਿ ਇਸ ਤੋਂ ਬਾਅਦ ਸਾਹਿਤ ਸਬੰਧੀ ਸੁਆਲ ਮੁਕ ਜਾਂਦੇ ਹਨ ”… ਫ਼ਿਲਹਾਲ, ਮੁਸ਼ਕਲ ਇਹ ਸਮਝਣ ਵਿੱਚ ਨਹੀਂ ਹੈ ਕਿ ਯੁਨਾਨੀ ਕਲਾ ਅਤੇ ਮਹਾਂਕਾਵਿ ਕਿਸ ਤਰ੍ਹਾਂ ਸਮਾਜਕ ਵਿਕਾਸ ਦੇ ਖ਼ਾਸ ਰੂਪਾਂ ਨਾਲ਼ ਜੁੜੇ ਹੋਏ ਹਨ, ਮੁਸ਼ਕਲ ਇਹ ਸਮਝਣ ਵਿੱਚ ਹੈ ਕਿ ਕਿਉਂ ਉਹ ਹੁਣ ਵੀ ਕਲਾਤਮਕ ਆਨੰਦ ਪ੍ਰਦਾਨ ਕਰਦੇ ਹਨ ਅਤੇ ਇੱਕ ਹੱਦ ਤੱਕ ਅਜਿਹੇ ਆਦਰਸ਼ ਅਤੇ ਉਦਾਹਰਣ ਬਣੇ ਹੋਏ ਹਨ ਜਿਨ੍ਹਾਂ ਤੱਕ ਪਹੁੰਚਣਾ ਮੁਸ਼ਕਲ ਹੈ।”

ਆਪਣੇ ਦੁਆਰਾ ਉਠਾਏ ਗਏ ਸੁਆਲ ਦਾ ਹੱਲ ਮਾਰਕਸ ਖੁਦ ਸੰਦਰਭ ਹੇਠ ਅਤੇ ਇਤਿਹਾਸਕ ਦੋਵਾਂ ਦ੍ਰਿਸ਼ਟੀਆਂ ਨਾਲ਼ ਲੱਭਣ ਦੀ ਕੋਸ਼ਿਸ਼ ਕਰਦੇ ਹਨ ਅਤੇ ਮਨੁੱਖਤਾ ਦੇ ਆਮ ਬਚਪਨ ਜਾਂ ਯੁਨਾਨੀ ਸੰਸਾਰ ਦੀਆਂ ਬਾਅਦ ਦੀਆਂ ਪੀੜ੍ਹੀਆਂ ਦੇ ਅਧਿਆਤਮਕ ਜੀਵਨ ਲਈ ਪ੍ਰਸੰਗਤਾ ਵੱਲ ਇਸ਼ਾਰਾ ਕਰਦੇ ਹਨ। ਇਸ ਤਰ੍ਹਾਂ ਉਨ੍ਹਾਂ ਦੀ ਖੋਜ ਸਮਾਜਕ ਉਤਪਤੀ ਦੀ ਸਮੱੱਸਿਆ ਵੱਲ ਨਹੀਂ ਪਰਤਦੀ, ਸਗੋਂ ਸੁਹਜਸ਼ਾਸਤਰ ਦੇ ਬੁਨਿਆਦੀ ਸਿਧਾਂਤਾਂ ਦੀ ਪੇਸ਼ਕਾਰੀ ਵੱਲ ਵਧ ਜਾਂਦੀ ਹੈ। ਪਰ ਸੁਹਜਸ਼ਾਸਤਰ ਦੇ ਸਿਧਾਂਤਾਂ ਦੀ ਇਹ ਪੇਸ਼ਕਾਰੀ ਵੀ ਉਹ ਰੂਪਵਾਦੀ ਦ੍ਰਿਸ਼ਟੀ ਤੋਂ ਨਹੀਂ ਸਗੋਂ ਵਿਆਪਕ ਦਵੰਦਾਤਮਕਤਾ ਦੇ ਸੰਦਰਭ ਵਿੱਚ ਕਰਦੇ ਹਨ। ਮਾਰਕਸ ਦਾ ਜੁਆਬ ਅਸਲ ਵਿੱਚ ਕਿਸੇ ਵੀ ਕਾਲਖੰਡ (ਜਾਂ ਯੁੱਗ) ਦੀ ਕਲਾਕ੍ਰਿਤ ਦੇ ਸੁਹਜਸ਼ਾਸਤਰੀ ਸਾਰ ਤੱਤ ਨੂੰ ਲੈ ਕੇ ਦੋ ਵੱਡੇ ਅਤੇ ਗੁੰਝਲਦਾਰ ਸੁਆਲ ਸਮੂਹਾਂ ਨੂੰ ਉਭਾਰਦਾ ਹੈ – ਮਨੁੱਖਜਾਤੀ ਦੇ ਵਿਕਾਸ ਵਿੱਚ ਸੰਸਾਰ ਦੀ ਅਜਿਹੀ (ਕਲਾਤਮਕ) ਪੇਸ਼ਕਾਰੀ ਦਾ ਕੀ ਮਹੱਤਵ ਹੈ? ਅਤੇ, ਕਲਾਕਾਰ ਕਿਸ ਤਰ੍ਹਾਂ ਇਸ ਵਿਕਾਸ ਵਿੱਚ ਕਿਸੇ ਖਾਸ ਪੜਾਅ ਦੀ ਨੁੰਮਾਇੰਦਗੀ ਕਰਦਾ ਹੈ?

ਸਿਰਫ਼ ਇਸ ਤਰ੍ਹਾਂ ਦੀ ਵਿਧੀ ਸਹਾਰੇ ਹੀ ਅਸੀਂ ਕਲਾ ਰੂਪ ਦੇ ਸੁਆਲ ‘ਤੇ ਪਹੁੰਚ ਸਕਦੇ ਹਾਂ। ਅਸਲ ਵਿੱਚ, ਦਵੰਦਵਾਦੀ ਪਦਾਰਥਵਾਦ ਦੇ ਆਮ ਸਿਧਾਂਤਾਂ ਨਾਲ਼ ਡੂੰਘੇ ਰੂਪ ਨਾਲ਼ ਜੋੜਕੇ ਹੀ ਇਹ ਸੁਆਲ ਉਠਾਇਆ ਅਤੇ ਹੱਲ ਕੀਤਾ ਜਾ ਸਕਦਾ ਹੈ। ਇਹ ਦਵੰਦਵਾਦੀ ਪਦਾਰਥਵਾਦ ਦਾ ਬੁਨਿਆਦੀ ਸੰਕਲਪ ਹੈ ਕਿ ਬਾਹਰੀ ਸੰਸਾਰ ਦੀ ਕੋਈ ਵੀ ਅੰਤਰਬੋਧ, ਮਨੁੱਖ ਦੀ ਚੇਤਨਾ ਤੋਂ, ਵਿਚਾਰਾਂ, ਸੰਕਲਪਾਂ ਅਤੇ ਸੰਵੇਦਨਾ ਤੋਂ ਅਜ਼ਾਦ ਰੂਪ ਵਿੱਚ ਸਥਿਤ ਯਥਾਰਥ ਦਾ ਪ੍ਰਤੀਬਿੰਬਨ ਹੀ ਹੈ। ਭਾਵੇਂ, ਇਸ ਸੰਕਲਪ ਦੀ ਅਤਿਅੰਤ ਆਮ ਪੇਸ਼ਕਾਰੀ ਵਿੱਚ ਦਵੰਦਵਾਦੀ ਪਦਾਰਥਵਾਦ ਦੀਆਂ ਸਾਰੀਆਂ ਕਿਸਮਾਂ ਨਾਲ਼ ਦਵੰਦਵਾਦੀ ਪਦਾਰਥਵਾਦ ਸਹਿਮਤ ਹੈ ਅਤੇ ਹਰ ਤਰ੍ਹਾਂ ਦੇ ਵਿਚਾਰਵਾਦ ਦੇ ਤਿੱਖੇ ਵਿਰੋਧ ਵਿੱਚ ਹੈ। ਫਿਰ ਵੀ ਇਹ ਮਸ਼ੀਨੀ ਪਦਾਰਥਵਾਦ ਨਾਲ਼ੋਂ ਫੈਸਲਾਕੁਨ ਢੰਗ ਨਾਲ਼ ਵੱਖਰਾ ਹੁੰਦਾ ਹੈ। ਇਸ ਪੁਰਾਣੇ ਪੈ ਗਏ (ਅਪ੍ਰਚੱਲਤ) ਪਾਦਰਥਵਾਦ ਦੀ ਅਲੋਚਨਾ ਕਰਦੇ ਹੋਏ ਲੈਨਿਨ ਨੇ ਜ਼ੋਰ ਦੇ ਕੇ ਕਿਹਾ ਸੀ ਕਿ ਇਹ (ਮਸ਼ੀਨੀ ਪਦਾਰਥਵਾਦ) ਪ੍ਰਤੀਬਿੰਬਨ ਦੇ ਸਿਧਾਂਤ ਨੂੰ ਦਵੰਦਵਾਦੀ ਢੰਗ ਨਾਲ਼ ਸਮਝਣ ਵਿੱਚ ਸਮਰੱਥ ਨਹੀਂ ਹੈ। 

ਮਨੁੱਖੀ ਚੇਤਨਾ ਵਿੱਚ ਬਾਹਰੀ ਸੰਸਾਰ ਦੇ ਪ੍ਰਤੀਬਿੰਬਨ ਦੇ ਇੱਕ ਤਰ੍ਹਾਂ ਦੇ ਰੂਪ ਵਿੱਚ ਕਲਾਤਮਕ ਰਚਨਾ, ਦਵੰਦਵਾਦੀ ਪਦਾਰਥਵਾਦ ਦੇ ਸਧਾਰਣ ਗਿਆਨ ਸਿਧਾਂਤ ਦੇ ਤਹਿਤ ਹੀ ਆਉਂਦੀ ਹੈ। ਫਿਰ ਵੀ, ਆਪਣੇ ਵਿਸ਼ੇਸ਼ ਸਰੂਪ ਦੇ ਕਾਰਣ ਕਲਾ ਰਚਨਾ ਅਕਸਰ ਆਪਣੇ ਨਿੱਜੀ ਨਿਯਮਾਂ ਦੇ ਨਾਲ਼ ਗਿਆਨ ਸਿਧਾਂਤ ਦਾ ਇੱਕ ਵਿਸ਼ੇਸ਼ ਹਿੱਸਾ ਹੁੰਦੀ ਹੈ। ਹਾਲੇ ਅੱਗੇ, ਇੱਕ ਸਧਾਰਨ ਰੂਪ ਰੇਖਾ ਦੇ ਤਹਿਤ ਵੀ ਇਸ ਗੁੰਝਲਦਾਰ ਸੁਆਲ ਦੀ ਵਿਸਥਾਰ ਨਾਲ਼ ਪੜਤਾਲ ਕੀਤੇ ਬਿਨਾਂ ਅਸੀਂ ਸਾਹਿਤਕ ਅਤੇ ਕਲਾਤਮਕ ਪ੍ਰਤੀਬਿੰਬਨ ਦੀਆਂ ਕੁਝ ਵਿਸ਼ੇਸ਼ਤਾਵਾਂ ਦੀ ਗੱਲ ਕਰਾਂਗੇ।

ਪ੍ਰਤੀਬਿੰਬਨ ਦਾ ਸਿਧਾਂਤ  ਸੁਹਜਸ਼ਾਸਤਰ ਵਿੱਚ ਕੋਈ ਨਵੀਂ ਚੀਜ਼ ਨਹੀਂ ਹੈ। ਸ਼ੇਕਸਪੀਅਰ ਨੇ ਆਪਣੇ ਸਾਹਿਤਕ ਸਿਧਾਂਤ ਅਤੇ ਵਿਵਹਾਰ ਦਾ ਸਪਸ਼ਟੀਕਰਨ ਕਰਦੇ ਹੋਏ ਹੈਮਲਟ ਵਿੱਚ ਰੂਪਕ ਦੀ ਭਾਸ਼ਾ ਵਿੱਚ ਜਿਸ ਸ਼ੀਸ਼ੇ ਵਿੱਚ ਪ੍ਰਤੀਬਿੰਬਨ ਦੀ ਗੱਲ (ਨਾਟਕ ਦੇ ਇੱਕ ਦ੍ਰਿਸ਼ ਵਿੱਚ) ਕਹੀ ਹੈ ਅਤੇ ਜੋ ਬਹੁਤ ਪ੍ਰਸਿਧ ਹੈ, ਉਹ ਪ੍ਰਤੀਬਿੰਬਨ ਦਾ ਪੁਰਾਣਾ ਸੰਕਲਪ ਹੈ। ਅਰਸਤੂ ਦੇ ਸੁਹਜਸ਼ਾਸਤਰ ਦੀ ਇਹ ਕੇਂਦਰੀ ਧਾਰਨਾ ਹੈ ਅਤੇ ਨਿਘਾਰ ਦੇ ਦੌਰਾਂ ਨੂੰ ਛੱਡ ਕੇ ਹਰੇਕ ਦੌਰ ਦੇ ਸੁਹਜਸ਼ਾਸਤਰ ‘ਤੇ ਇਹ ਹਾਵੀ ਰਹੀ ਹੈ। ਇਸ ਇਤਿਹਾਸਕ ਵਿਕਾਸ ਦੀ ਤਫ਼ਸੀਲ, ਫ਼ਿਲਹਾਲ ਇਸ ਲੇਖ ਵਿੱਚ ਦੇਣਾ ਸੰਭਵ ਨਹੀਂ ਹੈ। ਅਸੀਂ ਸਿਰਫ਼ ਇਸ ਗੱਲ ਵੱਲ ਇਸ਼ਾਰਾ ਕਰਾਂਗੇ ਕਿ ਅਫ਼ਲਾਤੂਨ (ਪਲੈਟੋ) ਦੇ ਸੁਹਜਸ਼ਾਸਤਰ ਸਮੇਤ ਅਨੇਕਾਂ ਵਿਚਾਰਵਾਦੀ ਸੁਹਜਸਿਧਾਂਤ, ਆਪਣੇ ਵਿਸ਼ੇਸ਼ ਤਰੀਕੇ ਨਾਲ਼ ਇਸ (ਪ੍ਰਤੀਬਿੰਬਨ) ਸਿਧਾਂਤ ‘ਤੇ ਅਧਾਰਤ ਹਨ। ਇਸ ਤੋਂ ਵੀ ਜਿਆਦਾ ਮਹੱਤਵਪੂਰਨ ਤੱਥ ਇਹ ਹੈ ਕਿ ਸੰਸਾਰ ਸਾਹਿਤ ਦੇ ਸਾਰੇ ਮਹਾਨ ਲੇਖਕ ਸਹਿਜ ਭਾਵ ਨਾਲ਼ ਜਾਂ ਥੋੜ੍ਹਾ ਬਹੁਤ ਸੁਚੇਤ ਢੰਗ ਨਾਲ਼, ਆਪਣੀ ਰਚਨਾ ਵਿੱਚ ਪ੍ਰਤੀਬਿੰਬਨ ਦੇ ਸਿਧਾਂਤ ਦਾ ਪਾਲਣ ਕਰਦੇ ਰਹੇ ਹਨ ਅਤੇ ਆਪਣੇ ਕਲਾ ਸਿਧਾਂਤਾਂ ਨੂੰ ਸਪਸ਼ਟ ਕਰਨ ਵਿੱਚ ਇਸ ਸਿਧਾਂਤ ਦੀ ਪਾਲਣਾ ਕਰਦੇ  ਰਹੇ ਹਨ। ਸਾਰੇ ਮਹਾਨ ਲੇਖਕਾਂ ਦਾ ਪ੍ਰਮੁੱਖ ਉਦੇਸ਼ ਯਥਾਰਥ ਦੀ ਕਲਾਤਮਕ ਮੁੜ ਪੈਦਾਵਾਰ ਰਿਹਾ ਹੈ। ਯਥਾਰਥ ਨਾਲ਼ ਡੂੰਘਾ ਅਤੇ ਵਿਸ਼ਵਾਸਯੋਗ ਲਗਾਅ, ਯਥਾਰਥ ਨੂੰ ਵਿਆਪਕ ਅਤੇ ਅਸਲੀ ਢੰਗ ਨਾਲ਼ ਪੇਸ਼ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ, ਸਾਰੇ ਮਹਾਨ ਲੇਖਕਾਂ (ਸ਼ੇਕਸਪੀਅਰ, ਗੇਟੇ, ਬਾਲਜ਼ਾਕ, ਤਾਲਸਤਾਏ) ਲਈ ਸਾਹਿਤਕ ਮਹਾਨਤਾ ਦਾ ਮਾਪਦੰਡ ਰਿਹਾ ਹੈ। 

ਮਾਰਕਸਵਾਦੀ ਸੁਹਜਸ਼ਾਸਤਰ ਇਸ ਕੇਂਦਰੀ ਸੁਆਲ ਦਾ ਹੱਲ, ਕਿਸੇ ਬੁਨਿਆਦੀ ਮੌਲਿਕਤਾ ਦਾ ਦਾਅਵਾ ਕੀਤੇ ਬਗੈਰ, ਲੱਭ ਲੈਂਦਾ ਹੈ। ਇਹ ਤੱਥ ਸਿਰਫ਼ ਉਨ੍ਹਾਂ ਲੋਕਾਂ ਨੂੰ ਹੈਰਾਨੀਜਨਕ ਲਗਦਾ ਹੈ ਜੋ ਬਿਨਾਂ ਕਿਸੇ ਅਧਾਰ ਜਾਂ ਅਸਲੀ ਗਿਆਨ ਦੇ ਪ੍ਰੋਲੇਤਾਰੀ ਦੀ ਵਿਚਾਰਧਾਰਾ ਨੂੰ ”ਬੁਨਿਆਦੀ ਰੂਪ ਵਿੱਚ ਨਵੇਂ” ਕਲਾਤਮਕ ਆਵਾਂਗਾਰਦਪਨ (ਫ਼ਰਾਂਸੀਸੀ ਭਾਸ਼ਾ ਦਾ ਸ਼ਬਦ ਅਵਾਂਗਾਰਦ ਭਾਵ ਹਿਰਾਵਲ ਦਸਤਾ) ਨਾਲ਼ ਜੋੜਦੇ ਹਨ ਅਤੇ ਯਕੀਨ ਕਰਦੇ ਹਨ ਕਿ ਪ੍ਰੋਲੇਤਾਰੀ ਦੀ ਸੱਭਿਆਚਾਰਕ ਮੁਕਤੀ ਦੇ ਅਰਥ ਹਨ, ਅਤੀਤ ਦਾ ਪੂਰੀ ਤਰ੍ਹਾਂ ਨਾਲ਼ ਤਿਆਗ। ਮਾਰਕਸਵਾਦ ਦੇ ਸੰਸਥਾਪਕਾਂ ਅਤੇ ਕਲਾਸਕੀ ਰਚਨਾਵਾਂ ਨੇ ਕਦੇ ਵੀ ਅਜਿਹਾ ਨਜ਼ਰੀਆ ਨਹੀਂ ਅਪਣਾਇਆ। ਉਨ੍ਹਾਂ ਦੀ ਸਮਝ ਵਿੱਚ, ਮਜ਼ਦੂਰ ਜਮਾਤ ਦੇ ਮੁਕਤੀ ਘੋਲ਼, ਮਜ਼ਦੂਰ ਜਮਾਤ ਦੀ ਵਿਚਾਰਧਾਰਾ ਅਤੇ ਉਸ ਸੱਭਿਆਚਾਰ ਜਿਸ ਦੀ ਭਵਿੱਖ ਵਿੱਚ ਉਸਾਰੀ ਹੋਣੀ ਹੈ, ਹਜ਼ਾਰਾਂ ਸਾਲਾਂ ਵਿੱਚ ਮਨੁੱਖਜਾਤੀ ਨੇ ਜੋ ਕੁਝ ਵੀ ਮੁੱਲਵਾਨ ਪੈਦਾ ਕੀਤਾ ਹੈ, ਉਸ ਸਭ ਦੀ ਵਾਰਸ ਹੈ।

ਇੱਕ ਵਾਰ ਲੈਨਿਨ ਨੇ ਕਿਹਾ ਸੀ ਕਿ  ਸਰਮਾਏਦਾਰਾ ਵਿਚਾਰਧਾਰਾਵਾਂ ਨਾਲ਼ੋ ਮਾਰਕਸਵਾਦੀ ਵਿਚਾਰਧਾਰਾ ਦੀ ਇੱਕ ਸ੍ਰੇਸ਼ਟਤਾ ਇਸ ਗੱਲ ਵਿੱਚ ਹੈ ਕਿ ਉਹ (ਮਾਰਕਸਵਾਦੀ) ਅਗਾਂਹਵਧੂ ਸੱਭਿਆਚਾਰਕ ਵਿਰਾਸਤ ਨੂੰ ਅਲੋਚਨਾਤਮਕ ਢੰਗ ਨਾਲ਼ ਪ੍ਰਵਾਨ ਕਰਨ ਅਤੇ ਅਤੀਤ ਵਿੱਚ ਜੋ ਕੁਝ ਵੀ ਮਹਾਨ ਹੈ, ਉਸ ਨੂੰ ਆਤਮਸਾਤ ਕਰਨ ਦੀ ਸਮਰੱਥਾ ਰੱਖਦੀ ਹੈ। ਮਾਰਕਸਵਾਦ ਆਪਣੇ ਤੋਂ ਪਹਿਲਾਂ ਦੀ ਵਿਚਾਰਧਾਰਾ ਨਾਲ਼ੋਂ ਸਿਰਫ਼ (ਇਥੇ ”ਸਿਰਫ਼” ਵਿਧੀ ਅਤੇ ਤੱਤ ਦੀ ਦ੍ਰਿਸ਼ਟੀ ਤੋਂ ਅਸਧਾਰਨ ਮਹੱਤਵ ਦਾ ਹੈ) ਇਸੇ ਅਰਥਾਂ ਵਿੱਚ ਅੱਗੇ ਵਧ ਜਾਂਦਾ ਹੈ ਕਿ ਇਹ ਉਨ੍ਹਾਂ ਸਭ ਦੇ ਉਦੇਸ਼ਾਂ ਅਤੇ ਉਨ੍ਹਾਂ ਦੇ ਸਾਰੇ ਵਿਚਾਰਵਾਦੀ ਅਤੇ ਮਸ਼ੀਨੀ ਭਟਕਾਆਂ ਨੂੰ ਦੂਰ ਕਰਕੇ ਸੁਚੇਤ ਬਣਾਉਂਦਾ ਹੈ, ਇਨ੍ਹਾਂ ਉਦੇਸ਼ਾਂ ਨੂੰ ਉਨ੍ਹਾਂ ਦੇ ਪ੍ਰਭਾਵੀ ਕਾਰਣਾਂ ਨਾਲ਼ ਜੋੜਦਾ ਹੈ ਅਤੇ ਇਨ੍ਹਾਂ ਨੂੰ ਸਮਾਜਕ ਵਿਕਾਸ ਦੀ ਸੁਚੇਤ ਢੰਗ ਨਾਲ਼ ਪ੍ਰੀਭਾਸ਼ਤ ਨਿਯਮਾਂ ਦੀ ਵਿਵਸਥਾ ਵਿੱਚ ਸ਼ਾਮਲ ਕਰਦਾ ਹੈ। ਸੁਹਜ ਸ਼ਾਸਤਰ, ਸਾਹਿਤ ਸਿਧਾਂਤ ਅਤੇ ਸਾਹਿਤ ਇਤਿਹਾਸ ਦੇ ਖੇਤਰ ਵਿੱਚ ਅਸੀਂ ਸੰਖੇਪ ਵਿੱਚ ਕਹਿ ਸਕਦੇ ਹਾਂ ਕਿ ਮਾਰਕਸਵਾਦ ਰਚਨਾਕਰਮ ਦੇ ਉਨ੍ਹਾਂ ਬੁਨਿਆਦੀ ਸਿਧਾਂਤਾਂ ਨੂੰ ਸੰਕਲਪਾਤਮਕ ਸਪੱਸ਼ਟਤਾ ਦੇ ਪੱਧਰ ਤੇ ਪਹੁੰਚਾ ਦਿੰਦਾ ਹੈ ਜੋ ਅਨੇਕਾਂ ਸਦੀਆਂ ਦੇ ਉੱਤਮ ਚਿੰਤਕਾਂ ਦੇ ਦਾਰਸ਼ਨਿਕ ਦ੍ਰਿਸ਼ਟੀਕੋਨ ਵਿੱਚ ਅਤੇ ਮਹਾਨਤਮ ਲੇਖਕਾਂ ਦੀਆਂ ਰਚਨਾਵਾਂ ਵਿੱਚ ਮੌਜੂਦ ਰਹੇ ਹਨ।

ਇਸ ਪ੍ਰਸੰਗ ਵਿੱਚ ਕੁਝ ਹੋਰ ਮਹੱਤਵਪੂਰਣ ਸਮੱਸਿਆਵਾਂ ਦੇ ਸਪੱਸ਼ਟੀਕਰਨ ਲਈ ਸਾਨੂੰ ਇਸ ਸੁਆਲ ਨਾਲ਼ ਉਲਝਣਾ ਪਵੇਗਾ। ਸਾਹਿਤਕ ਰਚਨਾ ਨੂੰ ਜਿਸ ਦਾ ਵਿਸ਼ਵਾਸਯੋਗ ਪ੍ਰਤੀਬਿੰਬਨ ਕਰਨਾ ਚਾਹੀਦਾ ਹੈ, ਉਹ ਯਥਾਰਥ ਕੀ ਹੈ? ਸਭ ਤੋਂ ਪਹਿਲਾਂ ਸਾਡੇ ਜੁਆਬ ਦੇ ਨਾਂਹ ਪੱਖੀ ਪੱਖ ਦੀ ਉਮੀਦ ਹੈ, ਜਿਸ ਨੂੰ ਇੰਝ ਰੱਖਿਆ ਜਾ ਸਕਦਾ ਹੈ – ਇਹ ਯਥਾਰਥ ਨਾ ਤਾਂ ਸਿਰਫ਼ ਬਾਹਰੀ ਸੰਸਾਰ ਦੇ ਰੂਪਾਂ ਤੋਂ ਬਣਿਆ ਹੈ ਜੋ ਸਿੱਧੇ ਸਾਡੀਆਂ ਇੰਦਰੀਆਂ ਦੁਆਰਾ ਜਾਣੇ ਜਾ ਸਕਦੇ ਹੋਣ ਅਤੇ ਨਾ ਹੀ ਚਾਣਚੱਕੇ ਅਤੇ ਥੋੜ ਚਿਰੇ ਤੱਥਾਂ ਤੋਂ। ਜਿੱਥੇ ਮਾਰਕਸਵਾਦੀ ਸੁਹਜ ਸ਼ਾਸਤਰ ਯਥਾਰਥਵਾਦ ਨੂੰ ਆਪਣੇ ਕਲਾ ਸਿਧਾਂਤ ਦੀ ਸਿਖਰ ਮੰਨਦਾ ਹੈ, ਉੱਥੇ ਇਹ ਕਿਸੇ ਵੀ ਕਿਸਮ ਦੇ ਕੁਦਰਤਵਾਦ ਦਾ ਜਾਂ ਬਾਹਰੀ ਸੰਸਾਰ ਦੇ ਅਜਿਹੇ ਤੱਥਾਂ ਦੀ ਜੋ ਸਾਡੀਆਂ ਇੰਦਰੀਆਂ ਦੁਆਰਾ ਜਾਣੇ ਜਾ ਸਕਦੇ ਹੋਣ ਦੀ ਫੋਟੋਗ੍ਰਾਫ਼ਿਕ ਮੁੜ ਰਚਨਾ ਤੋਂ ਸੰਤੁਸ਼ਟ ਹੋਣ ਵਾਲ਼ੇ ਕਿਸੇ ਸਿਧਾਂਤ ਦਾ ਪੂਰੇ ਜ਼ੋਰ ਨਾਲ਼ ਵਿਰੋਧ ਕਰਦਾ ਹੈ। ਫਿਰ ਇੱਥੇ ਵੀ ਮਾਰਕਸਵਾਦੀ ਸੁਹਜ ਸ਼ਾਸਤਰ ਕੋਈ ਇੱਕ ਦਮ ਨਵਾਂ ਸਿਧਾਂਤ ਨਹੀਂ ਪੇਸ਼ ਕਰਦਾ ਸਗੋਂ ਅਤੀਤ ਦੇ ਮਹਾਨ ਕਲਾਕਾਰਾਂ ਦੇ ਸਿਧਾਂਤ ਅਤੇ ਵਿਵਹਾਰ ਲਈ ਜਿਹੜੀਆਂ ਚੀਜ਼ਾਂ ਕੇਂਦਰੀ ਰਹੀਆਂ ਹਨ, ਉਨ੍ਹਾਂ ਨੂੰ ਚੇਤਨਾ ਅਤੇ ਸਪੱਸ਼ਟਤਾ ਦੇ ਉੱਚਤਮ ਪੱਧਰ ਤੇ ਪਹੁੰਚਾ ਦਿੰਦਾ ਹੈ। 

ਮਾਰਕਸਵਾਦ ਏਨੀ ਹੀ ਦ੍ਰਿੜਤਾ ਨਾਲ਼ ਕਲਾ ਦੇ ਸਿਧਾਂਤ ਅਤੇ ਵਿਵਹਾਰ ਵਿੱਚ ਇੱਕ ਹੋਰ ਭੁਲੇਖਾ ਪਾਊ ਅੱਤਵਾਦ ਦੇ ਰੂਪ ਵਿੱਚ ਮੌਜੂਦ ਇਸ ਧਾਰਨਾ ਦਾ ਵੀ ਵਿਰੋਧ ਕਰਦਾ ਹੈ ਜਿਸ ਅਨੁਸਾਰ ਕਿਉਂ ਕਿ ਯਥਾਰਥ ਦੀ ਨਕਲ ਕਰਨ ਨੂੰ ਕਲਾ ਵਿੱਚ ਮਾਨਤਾ ਨਹੀਂ ਹੈ ਅਤੇ ਕਲਾ ਰੂਪ ਯਥਾਰਥ ਦੇ ਬਾਹਰੀ ਸਤਹੀ ਰੂਪ ਤੋਂ ਅਜ਼ਾਦ ਹੁੰਦੇ ਹਨ, ਇਸ ਲਈ ਕਲਾ ਰੂਪ ਆਪਣੇ ਆਪ ਵਿੱਚ ਖੁਦਮੁਖਤਿਆਰ ਹੁੰਦੇ ਹਨ, ਕਲਾ ਰੂਪ ਦੀ ਪੂਰਣਤਾ ਅਤੇ ਪੂਰਣਤਾ ਲਈ ਕੋਸ਼ਿਸ਼ਾਂ ਯਥਾਰਥ ਤੋਂ ਵੱਖਰੀਆਂ ਅਤੇ ਅਜ਼ਾਦ ਹੁੰਦੀਆਂ ਹਨ ਅਤੇ ਆਪਣੇ ਆਪ ਵਿੱਚ ਉਦੇਸ਼ ਹੁੰਦੀਆਂ ਹਨ। ਅਤੇ ਇਸ ਤਰ੍ਹਾਂ ਕਲਾਕਾਰ ਨੂੰ ਮਨਮਾਨੇ ਢੰਗ ਨਾਲ਼ ਯਥਾਰਥ ਵਿੱਚ ਤਬਦੀਲੀ ਕਰਨ ਅਤੇ ਕਿਸੇ ਵੀ ਸ਼ੈਲੀ ਵਿੱਚ ਢਾਲ਼ਣ ਦਾ ਹੱਕ ਹੁੰਦਾ ਹੈ। ਇਸ ਘੋਲ਼ ਵਿੱਚ ਸਹੀ ਅਰਥਾਂ ਵਿੱਚ ਮਾਰਕਸਵਾਦ ਸੰਸਾਰ ਸਾਹਿਤ ਦੀਆਂ ਮਹਾਨ ਹਸਤੀਆਂ ਦੀ ਕਲਾ ਦੇ ਸਰੂਪ ਸਬੰਧੀ ਦ੍ਰਿਸ਼ਟੀ ਨੂੰ ਪ੍ਰਵਾਨ ਕਰਦਾ ਹੈ ਅਤੇ ਉਸਦਾ ਵਿਸਥਾਰ ਕਰਦਾ ਹੈ ਜਿਸ ਦੇ ਅਨੁਸਾਰ ਸਮੁੱਚੇ ਯਥਾਰਥ ਦੀ ਸੱਚੀ ਅਤੇ ਨਪੀ ਤੁਲੀ ਪੇਸ਼ਕਾਰੀ ਹੀ ਕਲਾ ਦਾ ਕੰਮ ਹੈ। ਇਸ ਦ੍ਰਿਸ਼ਟੀ ਵਿੱਚ ਕਲਾ ਫੋਟੋਗ੍ਰਾਫ਼ਿਕ ਨਕਲ ਨਾਲ਼ੋਂ ਓਨੀ ਹੀ ਵੱਖਰੀ ਹੁੰਦੀ ਹੈ, ਜਿੰਨੀ ਸਿਰਫ਼ ਅਮੂਰਤ ਰੂਪਾਂ ਦੀ ਕਾਟ ਛਾਂਟ ਤੋਂ।

ਕਲਾ ਦੇ ਅਜਿਹੇ ਸੰਕਲਪ ਦੇ ਨਾਲ਼ ਦਵੰਦਵਾਦੀ ਪਦਾਰਥਵਾਦ ਦੇ ਗਿਆਨ ਸਿਧਾਂਤ ਦਾ ਇੱਕ ਕੇਂਦਰੀ ਸੁਆਲ ਸਾਡੇ ਸਾਹਮਣੇ ਆ ਖੜ੍ਹਾ ਹੁੰਦਾ ਹੈ। ਪ੍ਰਤੀਤੀ ਅਤੇ ਯਥਾਰਥ ਦਾ ਸੁਆਲ, ਅਜਿਹਾ ਸੁਆਲ ਜਿਸ ਦਾ ਸਹੀ ਜੁਆਬ ਦੇਣ ਵਿੱਚ ਸਰਮਾਏਦਾਰੀ ਚਿੰਤਨ ਅਤੇ ਫਿਰ, ਸਰਮਾਏਦਾਰੀ ਸੁਹਜ ਸ਼ਾਸਤਰ ਕਦੀ ਵੀ ਕਾਬਲ ਨਹੀਂ ਰਿਹਾ ਹੈ। ਕੁਦਰਤਵਾਦੀ ਸਿਧਾਂਤ ਅਤੇ ਅਮਲ ਵਿੱਚ ਪ੍ਰਤੀਤੀ ਅਤੇ ਯਥਾਰਥ ਵਿੱਚ ਇੱਕ ਮਸ਼ੀਨੀ ਅਰਧ ਦਵੰਦਵਾਦੀ ਏਕਤਾ ਦੀ ਪੇਸ਼ਕਾਰੀ ਕੀਤੀ ਗਈ ਹੈ। ਨਤੀਜਾ ਇਹ ਕਿ ਇਸ ਸ਼ੱਕੀ ਘਾਲ਼ੇ ਮਾਲ਼ੇ ਵਿੱਚ ਯਥਾਰਥ ਲਾਜ਼ਮੀ ਰੂਪ ਵਿੱਚ ਅਸਪਸ਼ਟ ਰਹਿ ਜਾਂਦਾ ਹੈ ਅਤੇ ਆਮ ਤੌਰ ‘ਤੇ ਗਾਇਬ ਹੀ ਹੋ ਜਾਂਦਾ ਹੈ। ਵਿਚਾਰਵਾਦੀ ਕਲਾ ਫਲਸਫ਼ਾ ਅਤੇ ਰੂਪਵਾਦੀ ਸ਼ੈਲੀਕਰਣ ਦੀਆਂ ਪ੍ਰੰਪਰਾਵਾਂ ਕਦੇ ਕਦੇ ਯਥਾਰਥ ਅਤੇ ਪ੍ਰਤੀਤੀ ਵਿੱਚ ਫਰਕ ਨੂੰ ਮਾਨਤਾ ਦਿੰਦੀਆਂ ਹਨ, ਪਰ ਦਵੰਦਵਾਦੀ ਦ੍ਰਿਸ਼ਟੀ ਦੀ ਅਣਹੋਂਦ ਵਿੱਚ ਜਾਂ ਅਧੂਰੀ ਵਿਚਾਰਵਾਦੀ ਦਵੰਦਵਾਦੀ ਦ੍ਰਿਸ਼ਟੀ ਦੀ ਅਣਹੋਂਦ ਕਾਰਣ ਪ੍ਰਤੀਤੀ ਅਤੇ ਯਥਾਰਥ ਵਿੱਚ ਵਿਰੋਧ ਹੀ ਦੇਖ ਪਾਉਂਦੀਆਂ ਹਨ, ਵਿਰੋਧੀਆਂ ਦੀ ਦਵੰਦਵਾਦੀ ਏਕਤਾ ਨੂੰ ਨਹੀਂ ਫੜ ਪਾਉਂਦੀਆਂ ਹਨ (ਇਹ ਸਮੱਸਿਆ ਸ਼ਿੱਲਰ ਵਿੱਚ, ਉਸ ਦੇ ਰੌਚਕ ਅਤੇ ਖੋਜਪੂਰਨ ਸੁਹਜ ਸ਼ਾਸਤਰੀ ਲੇਖਾਂ ਵਿੱਚ ਅਤੇ ਰਚਨਾਤਮਕ ਅਮਲ ਵਿੱਚ ਪੂਰੀ ਤਰ੍ਹਾਂ ਸਪਸ਼ਟ ਦਿਖਾਈ ਦਿੰਦੀ ਹੈ) ਅਤੇ ਪਤਣਸ਼ੀਲ ਦੌਰਾਂ ਦੇ ਸਾਹਿਤ ਅਤੇ ਸਿਧਾਂਤ ਵਿੱਚ ਆਮ ਤੌਰ ਤੇ ਇਹ ਦੋਵੇਂ ਮਿੱਥਿਆ ਪ੍ਰਵਿਰਤੀਆਂ ਆਪਸ ‘ਚ ਜੁੜ ਜਾਂਦੀਆਂ ਹਨ। ਯਥਾਰਥ ਦੀ ਸਹੀ ਖੋਜ ਦੀ ਥਾਂ ਜਿੱਥੇ ਤੁੱਲਾ ਦੀ ਸਤਹੀ ਕਾਂਟ ਛਾਂਟ ਦੀ ਇੱਕ ਭਾਵ ਦਿਖਾਈ ਦਿੰਦਾ ਹੈ ਅਤੇ ਇਹ ਤੁੱਲ ਯਥਾਰਥ ਤੋਂ ਓਨੇ ਹੀ ਅਮੂਰਤੀਕ੍ਰਿਤ ਅਤੇ ਦੁਰੇਡੇ ਹੁੰਦੇ ਹਨ ਜਿੰਨੇ ਵਿਚਾਰਵਾਦ ਦੀਆਂ ਕਲਾਸਿਕੀ ਰਚਨਾਵਾਂ ਵਿੱਚ ਪ੍ਰਗਟਾਏ ਵਿਚਾਰਾਂ ਦੇ ਸਿਧਾਂਤ। ਫਿਰ ਇਨ੍ਹਾਂ ਖੋਖਲੀਆਂ ਸੰਰਚਨਾਵਾਂ ਨੂੰ ਕੁਦਰਤਵਾਦੀ, ਪ੍ਰਭਾਵਵਾਦੀ ਆਦਿ ਤਫ਼ਸੀਲਾਂ ਨਾਲ਼ ਸਜਾਇਆ ਸੰਵਾਰਿਆ ਜਾਂਦਾ ਹੈ ਅਤੇ ਜੈਵਿਕ ਢੰਗ ਨਾਲ਼ ਜੁੜੇ ਅੰਸ਼ ”ਸੰਸਾਰ ਦੇ ਕਿਸੇ ਰਹੱਸਵਾਦੀ ਸੰਕਲਪ” ਦੇ ਸਹਾਰੇ ਇੱਕ ਨਕਲੀ ਏਕਤਾ ਵਿੱਚ ਜੋੜ ਦਿੱਤੇ ਜਾਂਦੇ ਹਨ। 

ਯਥਾਰਥ ਅਤੇ ਪ੍ਰਤੀਤੀ ਦਾ ਅਸਲੀ ਦਵੰਦ ਉਨ੍ਹਾਂ ਦੇ ਬਾਹਰਮੁਖੀ ਯਥਾਰਥ ਦੇ ਆਮ ਪੱਖ ਹੋਣ, ਚੇਤਨਾ ਦੇ ਨਹੀਂ, ਸਗੋਂ ਸਿਰਫ਼ ਯਥਾਰਥ ਦੀ ਉਪਜ ਹੋਣ ‘ਤੇ ਅਧਾਰਤ ਹੈ। ਫਿਰ ਵੀ, ਅਤੇ ਦਵੰਦਵਾਦੀ ਬੋਧ ਦਾ ਇਹ ਇੱਕ ਮਹੱਤਵਪੂਰਣ ਸਵੈਸਿਧ ਤੱਥ ਹੈ – ਯਥਾਰਥ ਦੇ ਅਨੇਕ ਪੱਧਰ ਹੁੰਦੇ ਹਨ। ਇੱਕ ਸਤਹ ਦਾ ਪਲ ਭਰ ਦਾ ਯਥਾਰਥ ਹੈ, ਇਸ ਦੀ ਆਵਰਤੀ ਨਹੀਂ ਹੁੰਦੀ, ਪਲ ਭਰ ਲਈ ਹੁੰਦਾ ਹੈ। ਫਿਰ, ਯਥਾਰਥ ਦੇ ਹੋਰ ਵੀ ਅਮੀਰ ਤੱਤ ਅਤੇ ਪ੍ਰਵਿਰਤੀਆਂ ਹਨ ਜੋ ਨਿਸ਼ਚਿਤ ਨਿਯਮਾਂ ਅਨੁਸਾਰ ਕਾਇਮ ਰਹਿੰਦੀਆਂ ਹਨ (ਆਪਣੇ ਨੂੰ ਦੁਹਰਾਉਂਦੀਆਂ ਹਨ) ਅਤੇ ਬਦਲਦੇ ਹਾਲਾਤ ਅਨੁਸਾਰ ਬਦਲ ਜਾਂਦੀਆਂ ਹਨ। ਸਮੁੱਚੇ ਯਥਾਰਥ ਵਿੱਚ ਦਵੰਦ ਇਸ ਤਰ੍ਹਾਂ ਮੌਜੂਦ ਹੈ ਕਿ ਇਸ ਸੰਦਰਭ ਵਿੱਚ ਪ੍ਰਤੀਤੀ ਅਤੇ ਯਥਾਰਥ ਲਗਾਤਾਰ ਨਵੇਂ ਸਬੰਧਾਂ ਵਿੱਚ ਜੁੜਦੇ ਰਹਿੰਦੇ ਹਨ, ਜਿਹੜਾ ਯਥਾਰਥ ਦੇ ਰੂਪ ਵਿੱਚ ਪ੍ਰਤੀਤੀ ਦਾ ਵਿਰੋਧ ਕਰ ਰਿਹਾ ਸੀ, ਪ੍ਰਤੱਖ ਅਨੁਭਵ ਦੀ ਸਤਿਹ ਦੇ ਹੇਠਾਂ ਦੇਖਣ ‘ਤੇ ਅਤੇ ਫਿਰ ਪੜਤਾਲ ਕਰਨ ‘ਤੇ ਉਹੀ ਪ੍ਰਤੀਤੀ ਦੇ ਰੂਪ ਵਿੱਚ ਦਿਖਾਈ ਦਿੰਦਾ ਹੈ ਜਿਸਦੇ ਪਿੱਛੇ ਇੱਕ ਨਵਾਂ ਯਥਾਰਥ ਉੱਭਰ ਰਿਹਾ ਹੁੰਦਾ ਹੈ। ਅਤੇ ਇਹ ਪ੍ਰਕਿਰਿਆ ਅਨੰਤ ਹੁੰਦੀ ਹੈ।

ਇਸ ਤਰ੍ਹਾਂ ਜੀਵਨ ਨੂੰ ਇਸ ਦੀ ਸਰਵਵਿਆਪੀ ਸਮੁੱਚਤਾ ਵਿੱਚ ਫੜਨ ਲਈ ਸੱਚੀ ਕਲਾ ਜ਼ਿਆਦਾ ਤੋਂ ਜ਼ਿਆਦਾ ਡੂੰਘਾਈ ਅਤੇ ਵਿਆਪਕਤਾ ਦੀ ਮੰਗ ਕਰਦੀ ਹੈ। ਅਰਥਾਤ ਸੱਚੀ ਕਲਾ ਪ੍ਰਤੀਤੀ ਦੇ ਪਿੱਛੇ ਜਾ ਕੇ ਜਿੰਨੀ ਡੂੰਘਾਈ ਤੱਕ ਜਾ ਸੰਭਵ ਹੁੰਦਾ ਹੈ, ਓਨੀ ਡੁੰਘਾਈ ਨਾਲ਼ ਯਥਾਰਥ ਦਾ ਅਧਿਐਨ ਕਰਦੀ ਹੈ ਅਤੇ ਇਸ ਨੂੰ ਅਮੂਰਤ ਢੰਗ ਨਾਲ਼, ਤੱਥਾਂ ਅਤੇ ਘਟਨਾਵਾਂ ਨਾਲ਼ੋਂ ਨਿਖੇੜਕੇ ਜਾਂ ਉਸ ਦੇ ਵਿਰੋਧ ਵਿੱਚ ਖੜ੍ਹਾ ਕਰਕੇ ਪੇਸ਼ ਨਹੀਂ ਕਰਦੀ, ਸਗੋਂ ਉਸ ਗਤੀਸ਼ੀਲ ਦਵੰਦਵਾਦੀ ਪ੍ਰਕਿਰਿਆ ਨੂੰ ਫੜ੍ਹਦੀ ਹੈ ਜਿਸ ਵਿੱਚ ਯਥਾਰਥ ਪ੍ਰਤੀਤੀ ਵਿੱਚ ਬਦਲ ਜਾਂਦਾ ਹੈ ਅਤੇ ਤੱਥ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ। ਇਸ ਪ੍ਰਕਿਰਿਆ ਦੇ ਦੂਜੇ ਪੱਖ ਨੂੰ ਵੀ ਇਹ ਜਾਹਰ ਕਰਦੀ ਹੈ ਜਿਸ ਵਿੱਚ ਗਤੀਸ਼ੀਲ ਤੱਥ ਜਾਂ ਘਟਨਾ, ਦਾ ਆਪਣਾ ਵਿਸ਼ੇਸ਼ ਯਥਾਰਥ ਹੁੰਦਾ ਹੈ। ਇਸ ਤੋਂ ਇਲਾਵਾ ਇਹ ਵਿਸ਼ੇਸ਼ ਪੱਖ ਸਿਰਫ਼ ਦਵੰਦਵਾਦੀ ਗਤੀ ਵਿੱਚ, ਇੱਕ ਦੀ ਦੂਜੇ ਵਿੱਚ ਕਾਇਆਪਲ਼ਟੀ ਵਿੱਚ ਹੀ ਨਹੀਂ ਪ੍ਰਗਟ ਹੁੰਦੇ ਹਨ ਸਗੋਂ ਇੱਕ ਦੂਜੇ ਦੇ ਨਾਲ਼ ਲਗਾਤਾਰ ਪ੍ਰਤੀਕਿਰਿਆ ਕਰਨ ਵਾਲ਼ੀ ਅਰੁੱਕ ਪ੍ਰਕਿਰਿਆ ਦੇ ਤੱਤ ਦੇ ਰੂਪ ਵਿੱਚ ਵੀ ਪ੍ਰਗਟ ਹੁੰਦੇ ਹਨ। 

ਕਿਉਂ ਕਿ ਇਹ ਦਵੰਦਵਾਦੀ ਸੰਕਲਪ ਸਰਵਵਿਆਪਕ, ਵਿਸ਼ੇਸ਼ ਅਤੇ ਵਿਅਕਤੀ ਨੂੰ ਗਤੀਸ਼ੀਲ ਏਕਤਾ ਵਿੱਚ ਜੋੜ ਕੇ ਇਕੱਠੇ ਦੇਖਦੀ ਹੈ, ਇਸ ਲਈ ਜਾਹਿਰ ਹੈ ਕਿ ਇਹ ਵਿਸ਼ੇਸ਼ ਦਵੰਦਾਤਮਕਤਾ, ਵਿਸ਼ੇਸ਼ ਕਲਾ ਰੂਪਾਂ ਵਿੱਚ ਵੀ ਪ੍ਰਗਟ ਹੋਣੀ ਚਾਹੀਦੀ ਹੈ। ਕਿਉਂ ਕਿ ਵਿਗਿਆਨਕ ਵਿਧੀ ਇਸ ਸਰਗਰਮੀ ਨੂੰ ਅਮੂਰਤ ਤੱਤਾਂ ਵਿੱਚ ਵੰਡ ਦਿੰਦੀ ਹੈ, ਇਸ ਤੋਂ ਬਾਅਦ ਇਨ੍ਹਾਂ ਦੀ ਅੰਤਰਕਿਰਿਆ ਦੇ ਸੰਕਲਪ ਬਣਾਉਣ ਦਾ ਕਾਰਜ ਕਰਦੀ ਹੈ, ਇਸ ਦੇ ਉਲ਼ਟ, ਕਲਾ ਇਸ ਸਰਗਰਮੀ ਨੂੰ ਗਤੀਸ਼ੀਲ ਏਕਤਾ ਅਰੁੱਕ ਪ੍ਰਵਾਹ ਦੇ ਰੂਪ ਵਿੱਚ, ਪ੍ਰਤੱਖ ਬੋਧ ਦੀ ਪੱਧਰ ‘ਤੇ ਅਰਥ ਪ੍ਰਦਾਨ ਕਰਦੀ ਹੈ। ਇਸ ਕਲਾਤਮਕ ਸੰਸਲੇਸ਼ਣ ਦੀ ਇੱਕ ਅਤਿਅੰਤ ਮਹੱਤਵਪੂਰਨ ਕਿਸਮ ਹੈ, ਪ੍ਰਤੀਨਿਧਕ ਟਾਈਪ ਦੀ ਧਾਰਨਾ। ਮਾਰਕਸ ਅਤੇ ਏਂਗਲਜ਼ ਸਹੀ ਯਥਾਰਥਵਾਦ ਨੂੰ ਪ੍ਰੀਭਾਸ਼ਤ ਕਰਦੇ ਹੋਏ ਇਸ ਸੰਕਲਪ ਦਾ ਸਭ ਤੋਂ ਪਹਿਲਾਂ ਜ਼ਿਕਰ ਕਰਦੇ ਹਨ। ਏਂਗਲਜ਼ ਲਿਖਦੇ ਹਨ – ”ਤਫ਼ਸੀਲ ਦੇ ਸਹੀ ਹੋਣ ਤੋਂ ਇਲਾਵਾ, ਮੇਰੀ ਰਾਏ ਵਿੱਚ, ਯਥਾਰਥਵਾਦ ਦਾ ਅਰਥ ਹੈ, ਵਿਸ਼ੇਸ਼ ਹਾਲਤਾਂ ਵਿੱਚ ਪ੍ਰਤੀਨਿਧੀ ਚਰਿੱਤਰਾਂ ਦੀ ਵਿਸ਼ਵਾਸਯੋਗ ਪੇਸ਼ਕਾਰੀ।” ਖੈਰ, ਏਂਗਲਜ਼ ਨੇ ਇਹ ਸਲਾਹ ਵੀ ਦਿੱਤੀ ਕਿ ”ਇਕ ਅਮੂਰਤ ਸਧਾਰਨੀਕਰਣ ਵਿੱਚ ਤਬਦੀਲ ਕਰਕੇ ਪ੍ਰਤੀਨਿਧਤਾ ਨੂੰ ਵਿਅਕਤਿਕਤਾ ਦੇ ਵਿਰੋਧ ਵਿੱਚ ਨਹੀਂ ਖੜ੍ਹਾ ਕਰਨਾ ਚਾਹੀਦਾ” ”… ਹਰ ਕੋਈ ਇੱਕੋ ਸਮੇਂ ਪ੍ਰਤੀਨਿਧ ਵੀ ਹੈ ਅਤੇ ਇੱਕ ਵਿਸ਼ੇਸ਼ ਵਿਅਕਤੀ ਵੀ। ਇਹ ਉਹੀ ਹੈ, ਜਿਹਾ ਕਿ ਹੀਗਲ ਕਿਹਾ ਕਰਦੇ ਸਨ, ਅਤੇ ਇਸ ਨੂੰ ਅਜਿਹਾ ਹੀ ਹੋਣਾ ਚਾਹੀਦਾ ਹੈ।”

ਮਾਰਕਸ ਅਤੇ ਏਂਗਲਜ਼ ਅਨੁਸਾਰ, ਪ੍ਰਤੀਨਿਧਕ (ਟਾਈਪ) ਨਾ ਤਾਂ ਕਲਾਸਕੀ ਦੁਖਾਂਤ ਦਾ ਅਮੂਰਤ ਪ੍ਰਤੀਨਿਧਕ (ਟਾਈਪ) ਹੈ ਅਤੇ ਨਾ ਹੀ ਸ਼ਿਲਰ ਵਿੱਚ ਦਿਖਾਈ ਦੇਣ ਵਾਲ਼ੀ ਵਿਚਾਰਵਾਦੀ ਸਧਾਰਨਤਾ ਹੈ ਅਤੇ ਜੋਲਾ ਅਤੇ ਜੋਲਾ ਤੋਂ ਬਾਅਦ ਦੇ ਸਾਹਿਤ ਅਤੇ ਸਾਹਿਤ ਸਿਧਾਂਤ ਨੇ ਇਸ ਨੂੰ ਜਿਸ ਰੂਪ ਵਿੱਚ ਦੇਖਿਆ ਹੈ, ਉਹ ਤਾਂ ਉੱਕਾ ਹੀ ਨਹੀਂ। ਪ੍ਰਤੀਨਿਧਕ ਦੀ ਬੁਨਿਆਦੀ ਵਿਸ਼ੇਸ਼ਤਾ ਹੈ, ਉਸ ਗਤੀਸ਼ੀਲ ਏਕਤਾ ਦੇ ਸਮੁੱਚੇ ਮਹੱਤਵਪੂਰਣ ਪੱਖਾਂ ਦਾ ਸੰਯੋਜਨ ਅਤੇ ਅੰਤਰਕਿਰਿਆ ਜਿਸ ਦੇ ਸਹਾਰੇ ਸੱਚਾ ਸਾਹਿਤ ਜੀਵਨ ਨੂੰ ਇੱਕ ਜੀਵੰਤ ਅਤੇ ਅੰਤਰਵਿਰੋਧੀ ਏਕਤਾ ਵਿੱਚ, ਹਾਸਲ ਦੌਰ ਸਮੇਂ ਦੇ ਸਮੁੱਚੇ ਮਹੱਤਵਪੂਰਣ ਸਮਾਜਕ, ਨੈਤਿਕ ਅਤੇ ਅਧਿਆਤਮਕ ਵਿਰੋਧਤਾਈਆਂ ਦੇ ਨਾਲ਼ ਪ੍ਰਗਟਾਉਂਦਾ ਹੈ। ਦੂਜੇ ਪਾਸੇ ਔਸਤ ਦੀ ਪੇਸ਼ਕਾਰੀ ਕਿਸੇ ਵੀ ਦੌਰ ਦੀਆਂ ਮਹਾਨ ਸਮੱਸਿਆਵਾਂ ਦੇ ਪ੍ਰਤੀਬਿੰਬਨ ਨੂੰ, ਅਤੇ ਉਨ੍ਹਾਂ ਵਿਰੋਧਤਾਈਆਂ ਨੂੰ ਧੁੰਦਲਾ ਕਰਨ ਅਤੇ ਨਿਰਜੀਵ ਬਣਾਉਣ ਵਿੱਚ ਪ੍ਰਗਟ ਹੁੰਦਾ ਹੈ। ਔਸਤ ਆਦਮੀ ਦੇ ਦਿਮਾਗ ਦੇ ਅਨੁਭਵਾਂ ਨੂੰ ਪੇਸ਼ ਹੋਣ ਕਾਰਣ ਉਹ (ਸਮੱਸਿਆਵਾਂ) ਆਪਣੀ ਫੈਸਲਾਕੁਨਤਾ ਗੁਆ ਬਹਿੰਦੀਆਂ ਹਨ। ਪ੍ਰਤੀਨਿਧਕ ਦੀ ਪੇਸ਼ਕਾਰੀ ਰਾਹੀਂ ਮੂਰਤ, ਸਧਾਰਨ ਅਤੇ ਸਾਰਰੂਪੀ ਗੁਣ, ਮਨੁੱਖ ਵਿੱਚ ਜੋ ਸਥਾਈ ਹਨ, ਜੋ ਇਤਿਹਾਸਕ ਰੂਪ ਨਾਲ਼ ਤੈਅ ਹਨ, ਅਤੇ ਜੋ ਵਿਅਕਤੀਗਤ ਹਨ, ਅਤੇ ਜੋ ਸਮਾਜਕ ਰੂਪ ਵਿੱਚ ਸਧਾਰਣ ਹਨ, ਉਹ ਸਭ ਪ੍ਰਤੀਨਿਧ ਕਲਾ ਵਿੱਚ ਇਕੱਠੇ ਜੁੜ ਜਾਂਦੇ ਹਨ। ਪ੍ਰਤੀਨਿਧਕ ਦੀ ਉਸਾਰੀ ਅਤੇ ਪ੍ਰਤੀਨਿਧ ਚਰਿੱਤਰਾਂ ਅਤੇ ਪ੍ਰਤੀਨਿਧ ਹਾਲਤਾਂ ਦੀ ਖੋਜ ਨਾਲ਼ ਸਮਾਜਕ ਵਿਕਾਸ ਦੀਆਂ ਸਭ ਤੋਂ ਮਹੱਤਵਪੂਰਣ ਦਿਸ਼ਾਵਾਂ ਸਹੀ ਕਲਾਤਮਕ ਪ੍ਰਗਟਾਵਾ ਪਾਉਂਦੀਆਂ ਹਨ।

ਇਨ੍ਹਾਂ ਆਮ ਬਿਆਨਾਂ ਦੇ ਨਾਲ਼ ਅਸੀਂ ਇੱਕ ਹੋਰ ਗੱਲ ਜੋੜਨਾ ਚਾਹਾਂਗੇ। ਮਾਰਕਸ ਅਤੇ ਏਂਗਲਜ਼ ਨੇ (ਜਿਵੇਂ ਸ਼ਿਲਰ ਅਤੇ ਜੋਲਾ ਖਿਲਾਫ਼) ਸ਼ੇਕਸਪੀਅਰ ਅਤੇ ਬਾਲਜ਼ਾਕ ਵਿੱਚ ਉਸ ਕਲਾਤਮਕ ਅਤੇ ਯਥਾਰਥਵਾਦੀ ਦਿਸ਼ਾ ਨੂੰ ਦੇਖਿਆ ਸੀ ਜੋ ਉਨ੍ਹਾਂ ਦੇ ਸੁਹਜਸ਼ਾਸਤਰ ਦੀ ਸਭ ਤੋਂ ਚੰਗੀ ਤਰ੍ਹਾਂ ਪੁਸ਼ਟੀ ਕਰਦੀ ਸੀ। ਇਨ੍ਹਾਂ ਵਿਸ਼ੇਸ਼ ਮਹਾਨ ਲੇਖਕਾਂ ਦੀ ਚੋਣ ਤੋਂ ਇਹ ਪ੍ਰਗਟ ਹੁੰਦਾ ਹੈ ਕਿ ਯਥਾਰਥਵਾਦ ਦੇ ਮਾਰਕਸਵਾਦੀ ਸੰਕਲਪ ਨੂੰ ਰੋਜ਼ਾਨਾ ਜੀਵਨ ਦੀ ਕਿਸੇ ਫੋਟੋਗ੍ਰਾਫ਼ਿਕ ਪੁਨਰਸਿਰਜਣਾ ਦੇ ਸਿਧਾਂਤ ਨਾਲ਼ ਨਹੀਂ ਮਿਲ਼ਾ ਦੇਣਾ ਚਾਹੀਦਾ। ਮਾਰਕਸਵਾਦੀ ਸੁਹਜਸ਼ਾਸਤਰ ਸਿਰਫ਼ ਇਹ ਮੰਗ ਕਰਦਾ ਹੈ ਕਿ ਲੇਖਕ ਨੂੰ ਆਪਣਾ ਅਨੁਭਵ ਕੀਤਾ ਯਥਾਰਥ ਅਮੂਰਤ ਢੰਗ ਨਾਲ਼ ਨਹੀਂ, ਸਗੋਂ ਤੱਥਾਂ ਅਤੇ ਘਟਨਾਵਾਂ ਦੇ  ਉਸ ਧੜਕਦੇ ਜੀਵਨ ਦੇ ਯਥਾਰਥ ਦੇ ਰੂਪ ਵਿੱਚ ਪੇਸ਼ ਕਰਨਾ ਚਾਹੀਦਾ ਹੈ ਜਿਸ ਦਾ ਉਹ ਯਥਾਰਥ ਇੱਕ ਜੈਵਿਕ ਅੰਗ ਹੁੰਦਾ ਹੈ ਅਤੇ ਜਿਸ ਦੇ ਵਿਸ਼ੇਸ਼ ਅਨੁਭਵਾਂ ਨਾਲ਼ ਉਹ ਬਣਦਾ ਹੈ। ਪਰ ਸਾਡੀ ਸਮਝ ਵਿੱਚ ਇਹ ਜਰੂਰੀ ਨਹੀਂ ਕਿ ਉਹ ਜਿਨ੍ਹਾਂ ਤੱਥਾਂ ਅਤੇ ਘਟਨਾਵਾਂ ਨੂੰ ਉਭਾਰਨਾ ਚਾਹੁੰਦਾ ਹੈ, ਉਹ ਰੋਜ਼ਾਨਾ ਜੀਵਨ ਜਾਂ ਕਿਸੇ ਤਰ੍ਹਾਂ ਦੇ ਜੀਵਨ ਤੋਂ ਵੀ, ਲਈਆਂ ਗਈਆਂ ਹੋਣ। ਅਰਥਾਤ, ਰਚਨਾਤਮਕ ਕਲਪਨਾ ਅਤੇ ਅਰੁੱਕ ਫੈਂਟਾਸੀ ਯਥਾਰਥਵਾਦ ਦੇ ਮਾਰਕਸਵਾਦੀ ਸੰਕਲਪ ਨਾਲ਼ ਮੇਲ਼ ਖਾਂਦੇ ਹਨ। ਸਾਹਿਤਕ ਪ੍ਰਾਪਤੀਆਂ ਵਿੱਚ ਮਾਰਕਸ ਵਿਸ਼ੇਸ਼ ਕਰਕੇ ਜਿਨ੍ਹਾਂ ਰਚਨਾਵਾਂ ਨੂੰ ਮਹੱਤਵ ਦਿੰਦੇ ਸਨ, ਉਹ ਸਨ ਬਾਲਜ਼ਾਕ ਅਤੇ ਈ.ਟੀ.ਏ. ਹਾਫ਼ਮਨ ਦੀਆਂ ਫੈਂਟਾਸੀ ਨਾਲ਼ ਬੁਣੀਆਂ ਕਹਾਣੀਆਂ। 

ਖੈਰ, ਕਲਪਨਾ ਕਈ ਕਿਸਮ ਦੀ ਹੁੰਦੀ ਹੈ ਅਤੇ ਫੈਂਟਾਸੀ ਵੀ ਕਈ ਕਿਸਮ ਦੀ ਹੁੰਦੀ ਹੈ। ਜੇ ਅਸੀਂ ਉਨ੍ਹਾਂ ਦਾ ਮੁਲੰਕਣ ਕਰਨ ਲਈ ਕਿਸੇ ਕਸੌਟੀ ਦੀ ਮੰਗ ਕਰਦੇ ਹਾਂ ਤਾਂ ਸਾਨੂੰ ਦਵੰਦਵਾਦੀ ਪਦਾਰਥਵਾਦ ਦੇ ਬੁਨਿਆਦੀ ਸਿਧਾਂਤ – ਯਥਾਰਥ ਦੇ ਪ੍ਰਤੀਬਿੰਬਨ ਵੱਲ ਪਰਤਣਾ ਹੋਵੇਗਾ।

ਮਾਰਕਸਵਾਦੀ ਸੁਹਜਸ਼ਾਸਤਰ ਜਿਹੜਾ ਸਾਰਰੂਪੀ ਅਤੇ ਗਤੀਸ਼ੀਲ ਤਾਕਤਾਂ ਨੂੰ ਪ੍ਰਗਟ ਨਾ ਕਰ ਸਕਣ ਵਾਲ਼ੀਆਂ ਕੁਦਰਤਵਾਦੀ ਤਫ਼ਸੀਲਾਂ ਵਿੱਚ ਚਿੱਤਰਤ ਜਗਤ ਦੇ ਯਥਾਰਥਵਾਦ ਨੂੰ ਨਕਾਰਦਾ ਹੈ, ਹਾਫ਼ਮਨ ਅਤੇ ਬਾਲਜ਼ਾਕ ਦੀਆਂ ਫੈਂਟਾਸੀ ਨਾਲ਼ ਬੁਣੀਆਂ ਕਹਾਣੀਆਂ ਨੂੰ ਯਥਾਰਥਵਾਦੀ ਸਾਹਿਤ ਦੀਆਂ ਮਹਾਨਤਮ ਪ੍ਰਾਪਤੀਆਂ ਵਜੋਂ ਪ੍ਰਵਾਨ ਕਰਦਾ ਹੈ, ਕਿਉਂ ਕਿ ਇਨ੍ਹਾਂ ਵਿੱਚ ਇਹ ਬੁਨਿਆਦੀ ਤੱਤ ਫੈਂਟਾਸੀ ਦੇ ਮਾਧਿਅਮ ਰਾਹੀਂ ਹੀ ਜਾਹਰ ਹੋਏ ਹਨ। ਮਾਰਕਸਵਾਦੀ ਸੰਕਲਪ ਅਨੁਸਾਰ ਸਹੀ ਯਥਾਰਥਵਾਦ ਉਹ ਹੈ, ਜਿਹੜਾ ਯਥਾਰਥ ਦੇ ਸਾਰਤੱਤ ਨੂੰ ਪ੍ਰਤੱਖ ਰੂਪ ਵਿੱਚ ਅਤੇ ਕਲਾਤਮਕ ਤਰੀਕੇ ਨਾਲ਼ ਪ੍ਰਗਟਾਉਂਦਾ ਹੈ। ਇਹ ਹੈ ਪ੍ਰਤੀਬਿੰਬਨ ਦੇ ਸਿਧਾਂਤ ਦੀ ਸੁਹਜਸ਼ਾਸਤਰ ਦੇ ਖੇਤਰ ਵਿੱਚ ਦਵੰਦਾਤਮਕ ਵਰਤੋਂ।  ਇਸ ਲਈ ਜੇ ਮਾਰਕਸਵਾਦੀ ਸੁਹਜਸ਼ਾਸਤਰ ਵਿੱਚ ਪ੍ਰਤੀਨਿਧਕ ਦੇ ਸੰਕਲਪ ‘ਤੇ ਜ਼ੋਰ ਦਿੱਤਾ ਜਾਂਦਾ ਹੈ ਤਾਂ ਇਸ ‘ਤੇ ਕਿਸੇ ਨੂੰ ਵੀ ਹੈਰਾਨੀ ਨਹੀਂ ਹੋਣੀ ਚਾਹੀਦੀ। ਇੱਕ ਪਾਸੇ ਪ੍ਰਤੀਨਿਧਕ ਦਾ ਸੰਕਲਪ ਯਥਾਰਥ ਅਤੇ ਪ੍ਰਤੀਤੀ ਵਿਚਲੇ ਦਵੰਦ ਨੂੰ ਇਸ ਤਰ੍ਹਾਂ ਹੱਲ ਕਰਦਾ ਹੈ ਕਿ ਅਜਿਹਾ ਕਿਸੇ ਵੀ ਹੋਰ ਖੇਤਰ ‘ਚ ਨਹੀਂ ਦੇਖਿਆ ਜਾਂਦਾ ਅਤੇ ਦੂਜੇ ਪਾਸੇ, ਇਹ ਉਸ ਸਮਾਜਕ ਅਤੇ ਇਤਿਹਾਸਕ ਪ੍ਰਕਿਰਿਆ ਦੀ ਇੱਕ ਕੜੀ ਦਾ ਕੰਮ ਕਰਦਾ ਹੈ ਜਿਸ ਨੂੰ ਉੱਤਮ ਯਥਾਰਥਵਾਦੀ ਕਲਾ ਹੂ-ਬ-ਹੂ ਪ੍ਰਤੀਬਿੰਬਤ ਕਰਦੀ ਹੈ। ਯਥਾਰਥਵਾਦ ਦਾ ਇਹ ਮਾਰਕਸਵਾਦੀ ਸੰਕਲਪ, ਫੀਲਡਿੰਗ ਜਿਹੇ ਮਹਾਨ ਲੇਖਕਾਂ ਨੇ ਜਿਸ ਸੰਕਲਪ ਤੋਂ ਕੰਮ ਲਿਆ ਸੀ, ਓਸੇ ਦੀ ਅਗਲੀ ਕੜੀ ਹੈ। ਉਹ ਖੁਦ ਨੂੰ ਬੁਰਜੂਆ ਯਥਾਰਥ ਦਾ, ਹਾਸਲ ਦੌਰ ਦੇ ਵਿਅਕਤੀਗਤ ਜੀਵਨ ਦਾ ਇਤਿਹਾਸਕਾਰ ਕਹਿੰਦੇ ਸਨ। ਪਰ ਇਤਿਹਾਸਕ ਯਥਾਰਥ ਨਾਲ਼ ਮਹਾਨ ਯਥਾਰਥਵਾਦੀ ਕਲਾ ਦਾ ਕੀ ਸਬੰਧ ਹੁੰਦਾ ਹੈ, ਇਸ ਬਾਰੇ ਮਾਰਕਸ ਅਤੇ ਏਂਗਲਜ਼ ਹੋਰ ਅੱਗੇ ਲੰਘ ਜਾਂਦੇ ਹਨ ਅਤੇ ਯਥਾਰਥਵਾਦੀ ਲੇਖਕ ਆਪਣੀਆਂ ਰਚਨਾਵਾਂ ਨੂੰ ਜਿੰਨ੍ਹਾ ਮਹੱਤਵ ਦਿੰਦੇ ਸਨ, ਉਸ ਨਾਲ਼ੋਂ ਵੀ ਜਿਆਦਾ ਉਹ ਉਨ੍ਹਾਂ ਨੂੰ ਮਹੱਤਵ ਦਿੰਦੇ ਹਨ। ਆਪਣੇ ਜਵਾਈ ਅਤੇ ਫਰਾਂਸ ਦੇ ਵੱਡੇ ਸਮਾਜਵਾਦੀ ਲੇਖਕ ਪਾਲ ਲਫ਼ਾਰਗ ਨਾਲ਼ ਗੱਲਬਾਤ ਦੌਰਾਨ ਮਾਰਕਸ ਨੇ ਬਾਲਜ਼ਾਕ ਸਬੰਧੀ ਕਿਹਾ ਸੀ, ”ਬਾਲਜ਼ਾਕ ਆਪਣੇ ਸਮੇਂ ਦੇ ਸਮਾਜ ਦੇ ਇਤਿਹਾਸਕਾਰ ਹੀ ਨਹੀਂ ਹਨ, ਸਗੋਂ ਲੂਈ ਫਿਲਿਪ ਦੇ ਸ਼ਾਸਨ ਦੌਰਾਨ, ਬੀਜ ਰੂਪ ਵਿੱਚ ਮੌਜੂਦ, ਅਜਿਹੇ ਚਰਿੱਤਰਾਂ ਦਾ ਭਵਿੱਖ ਦੱਸਣ ਵਾਲ਼ੇ ਸਿਰਜਕ ਵੀ ਹਨ ਜਿਹੜੇ ਬਾਲਜ਼ਾਕ ਦੀ ਮੌਤ ਤੋਂ ਬਾਅਦ ਨੈਪੋਲੀਅਨ ਤੀਜੇ ਦੇ ਸ਼ਾਸਨ ਦੌਰਾਨ ਪੂਰੀ ਤਰ੍ਹਾਂ ਵਿਕਸਤ ਹੋਏ ਸਨ।”    

ਕਲਾ ਤੋਂ ਇਨ੍ਹਾਂ ਚੀਜਾਂ ਦੀ ਮੰਗ ਕਰਦੇ ਹੋਏ ਮਾਰਕਸਵਾਦੀ ਸੁਹਜਸ਼ਾਸਤਰ ਬੁਨਿਆਦੀ ਬਾਹਰਮੁੱਖਤਾ ਦੀ ਆਪਣੀ ਧਾਰਨਾ ਦਾ ਇਜ਼ਹਾਰ ਕਰਦਾ ਹੈ। ਮਾਰਕਸਵਾਦੀ ਨਜ਼ਰੀਏ ਵਿੱਚ ਮਹਾਨ ਯਥਾਰਥਵਾਦ ਦਾ ਫੈਸਲਾਕੁਨ ਗੁਣ ਬਾਹਰਮੁਖੀ ਅਤੇ ਸਾਰ ਰੂਪ ਵਿੱਚ ਯਥਾਰਥ ਜਿਹੋ ਜਿਹਾ ਹੈ, ਉਸੇ ਰੂਪ ਵਿੱਚ ਉਸ ਨੂੰ ਸਮਝਣ ਅਤੇ ਉਸ ਦੀ ਪੁਨਰ ਰਚਨਾ ਕਰਨ ਦੀ ਜੋਸ਼ੀਲੀ ਅਤੇ ਸਮਰਪਤ ਖੋਜ ਵਿੱਚ ਮੌਜੂਦ ਹੈ। ਮਾਰਕਸਵਾਦੀ ਸੁਹਜਸ਼ਾਸਤਰ ਦੇ ਇਸ ਸਿਧਾਂਤ ਸਬੰਧੀ ਅਨੇਕ ਭਰਮ ਫੈਲੇ ਹੋਏ ਹਨ। ਕਈ ਲੋਕਾਂ ਦਾ ਦਾਅਵਾ ਹੈ ਕਿ ਇਹ ਸਿਧਾਂਤ ਰਚਨਾਤਮਕ ਕਲਾਕਾਰ ਦਾ ਅਤੇ ਰਚਨਾਕਰਮ ਵਿੱਚ ਅੰਤਰਮੁਖੀ ਤੱਤਾਂ ਦੇ ਮੁੱਲ ਨੂੰ ਘਟਾਉਂਦਾ ਹੈ। ਇਹ ਲੋਕ ਮਾਰਕਸਵਾਦ ਅਤੇ ਉਸ ਨੂੰ ਵਿਗਾੜਨ ਵਾਲ਼ਿਆਂ ਦੇ ਇਸ ਦਾਅਵੇ ਵਿੱਚ ਫਰਕ ਨਹੀਂ ਕਰ ਪਾਉਂਦੇ ਕਿ ਕੁਦਰਤਵਾਦ ਦੀ ਝੂਠੀ ਬਾਹਰਮੁੱਖਤਾ ਹੀ ਮਾਰਕਸਵਾਦ ਹੈ। ਅਸੀਂ ਦੇਖਿਆ ਹੈ ਕਿ ਮਾਰਕਸਵਾਦੀ ਵਿਚਾਰਧਾਰਾ ਦੀ ਇੱਕ ਕੇਂਦਰੀ ਧਾਰਨਾ ਹੈ, ਪ੍ਰਤੀਤੀ ਅਤੇ ਯਥਾਰਥ ਵਿੱਚ ਦਵੰਦਾਤਮਕਤਾ, ਅੰਤਰਵਿਰੋਧੀ ਤੱਥਾਂ ਅਤੇ ਘਟਨਾਵਾਂ ਦੇ ਸਮੂਹ ਨਾਲ਼ ਯਥਾਰਥ ਨੂੰ ਜਾਹਰ ਕਰਨਾ ਅਤੇ ਉਸ ਦੀ ਪਛਾਣ। ਜੇ ਅਸੀਂ ਇਹ ਮੰਨਦੇ ਹਾਂ ਕਿ ਰਚਨਾਕਾਰ ਕਿਸੇ ਇੱਕ ਦਮ ਨਵੀਂ ਵਸਤੂ ਦੀ ”ਰਚਨਾ” ਖਲਾਅ ਵਿੱਚ ਨਹੀਂ ਕਰਦਾ, ਸਗੋਂ ਉਹ ਅਜਿਹੇ ਯਥਾਰਥ ਦੀ ਖੋਜ ਕਰਦਾ ਹੈ ਜਿਸ ਦੀ ਸੱਤਾ ਉਸ ਤੋਂ ਅਜ਼ਾਦ ਹੁੰਦੀ ਹੈ ਅਤੇ ਜੋ ਹਰੇਕ ਦੀ, ਅਤੇ ਕਦੀਂ ਕਦੀਂ ਵੱਡੇ ਕਲਾਕਾਰਾਂ ਦੀ ਪਕੜ ਵਿੱਚ ਵੀ ਨਹੀਂ ਆਉਂਦੀ, ਤਾਂ ਅਸੀਂ ਰਚਨਾਕਾਰ ਦੀ ਰਚਨਾਕਾਰ ਦਾ ਨਾ ਤਾਂ ਨਿਖੇਧ ਕਰਦੇ ਹਾਂ ਅਤੇ ਨਾ ਹੀ ਉਸ ਦੇ ਮਹੱਤਵ ਨੂੰ ਥੋੜ੍ਹਾ ਵੀ ਘਟਾਉਂਦੇ ਹਾਂ। ਜੇ ਮਾਰਕਸਵਾਦੀ ਸੁਹਜ ਸ਼ਾਸਤਰ ਰਚਨਾਕਾਰ ਦੀ ਸਭ ਤੋਂ ਵੱਡੀ ਪ੍ਰਾਪਤੀ ਇਸ ਗੱਲ ਵਿੱਚ ਮੰਨਦਾ ਹੈ ਕਿ ਰਚਨਾਕਾਰ (ਕਲਾਕਾਰ) ਸਾਨੂੰ ਸਮਾਜਿਕ ਪ੍ਰਕਿਰਿਆ ਸਬੰਧੀ ਸਚੇਤ ਅਤੇ ਚੌਕਸ ਕਰਦਾ ਹੈ, ਉਸ ਨੂੰ ਅਰਥ ਪ੍ਰਦਾਨ ਕਰਦਾ ਹੈ ਅਤੇ ਅਨੁਭਵ ਹੋਣ ਵਾਲ਼ਾ ਬਣਾ ਦਿੰਦਾ ਹੈ ਅਤੇ ਆਪਣੀ ਰਚਨਾ ਵਿੱਚ ਆਪਣੀ ਸਵੈ ਚੇਤਨਾ ਅਤੇ ਸੂਝ ਨੂੰ ਸਮਾਜਕ ਵਿਕਾਸ ਨਾਲ਼ ਜੋੜ ਦਿੰਦਾ ਹੈ ਤਾਂ ਨਿਸ਼ਚਿਤ ਤੌਰ ਤੇ ਇਸ ਦਾ ਨਤੀਜਾ ਰਚਨਾਕਰਮ ਦੇ ਮੁੱਲ ਨੂੰ ਘਟਾਉਣਾ ਨਹੀਂ ਹੈ, ਸਗੋਂ ਇੱਕ ਅਜਿਹਾ ਨਿਆਕਾਰੀ ਅਤੇ ਗੌਰਵਸ਼ਾਲੀ ਮੁੱਲਾਂਕਣ ਹੈ ਜਿਹਾ ਕਿ ਇਸ ਤੋਂ ਪਹਿਲਾਂ ਕਦੀਂ ਨਹੀਂ ਕੀਤਾ ਗਿਆ ਹੈ।

ਹਰ ਥਾਂ ਦੀ ਤਰ੍ਹਾਂ ਇੱਥੇ ਵੀ ਮਾਰਕਸਵਾਦ ਕੋਈ ”ਇਕ ਦਮ ਨਵੀਂ” ਗੱਲ ਨਹੀਂ ਕਹਿੰਦਾ। ਅਫ਼ਲਾਤੂਨ ਦੇ ਸੁਹਜ ਸ਼ਾਸਤਰ ਵਿੱਚ ਵਿਚਾਰਾਂ ਦੇ ਸੁਹਜਵਾਲੇ ਪ੍ਰਤੀਬਿੰਬਨ ਦੇ ਸਿਧਾਂਤ ਵਿੱਚ ਵੀ ਇਸ ਸੁਆਲ ‘ਤੇ ਵਿਚਾਰ ਕੀਤਾ ਗਿਆ ਹੈ। ਪਰ ਮਾਰਕਸਵਾਦ ਇੱਕ ਵਾਰ ਫਿਰ ਉਸ ਸੁਹਜ ਸੱਚ ਨੂੰ ਸਿੱਧਾ ਖੜ੍ਹਾ ਕਰਦਾ ਹੈ ਜਿਸ ਨੂੰ ਮਹਾਨ ਵਿਚਾਰਵਾਦੀਆਂ ਨੇ ਸਿਰ ਪਰਨੇ ਖੜ੍ਹਾ ਕੀਤਾ ਹੋਇਆ ਸੀ। ਇੱਕ ਪਾਸੇ, ਜਿਹਾ ਕਿ ਅਸੀਂ ਦੇਖਿਆ ਹੈ, ਮਾਰਕਸਵਾਦ ਪ੍ਰਤੀਤੀ ਅਤੇ ਯਥਾਰਥ ਵਿੱਚ ਕੋਈ ਚੀਨ ਦੀ ਕੰਧ ਨਹੀਂ ਖੜ੍ਹੀ ਕਰਦਾ ਸਗੋਂ ਯਥਾਰਥ ਨੂੰ ਪ੍ਰਤੀਤੀ ਅਤੇ ਪ੍ਰਤੀਤੀ ਨੂੰ ਯਥਾਰਥ ਦੇ ਨਾਲ਼ ਉਨ੍ਹਾਂ ਦੇ ਜੈਵਿਕ ਸਬੰਧ ਵਿੱਚ ਦੇਖਣ ਦੀ ਕੋਸ਼ਿਸ਼ ਕਰਦਾ ਹੈ, ਦੂਜੇ ਪਾਸੇ ਮਾਰਕਸਵਾਦੀ ਦ੍ਰਿਸ਼ਟੀ ਵਿੱਚ ਯਥਾਰਥ ਅਤੇ ਵਿਚਾਰ ਦਾ ਸੁਹਜਪਰਕ ਬੋਧ ਕੋਈ ਸਰਲ ਤਰੀਕੇ ਨਾਲ਼ ਪ੍ਰੀਭਾਸ਼ਤ ਕਿਰਿਆ ਨਹੀਂ ਹੈ, ਸਗੋਂ ਇੱਕ ਪ੍ਰਕਿਰਿਆ ਹੈ, ਸਾਰਰੂਪੀ ਯਥਾਰਥ ਦਾ ਇੱਕ ਸਰਗਰਮ, ਕਦਮ-ਬ-ਕਦਮ ਅਨੁਰੂਪਣ ਹੈ। ਇਹ ਇਸ ਤੱਥ ਦੀ ਪ੍ਰਵਾਨਗੀ ਹੈ ਕਿ ਯਥਾਰਥ ਦਾ ਡੂੰਘਾ ਸਾਰ ਤੱਤ ਵੀ ਸਮੁੱਚੇ ਯਥਾਰਥ ਦੇ ਇੱਕ ਹਿੱਸੇ ਤੋਂ ਇਲਾਵਾ ਕੁਝ ਨਹੀਂ ਹੁੰਦਾ ਅਤੇ ਸਤ੍ਹਾ ਦੀਆਂ ਘਟਨਾਵਾਂ ਅਤੇ ਤੱਥ ਵੀ ਇਸ ਸਮੁੱਚੇ ਯਥਾਰਥ ਦੇ ਅੰਗ ਹੁੰਦੇ ਹਨ। 

ਜਿੱਥੇ ਮਾਰਕਸਵਾਦ ਸੁਹਜਬੋਧ ਅਤੇ ਪੇਸ਼ਕਾਰੀ ਵਿੱਚ ਸਿਰੇ ਦੀ ਬਾਹਰਮੁੱਖਤਾ ਦੀ ਮੰਗ ਕਰਦਾ ਹੈ, ਉੱਥੇ ਰਚਨਾਕਾਰ ਦੀ ਲਾਜ਼ਮੀ ਭੂਮਿਕਾ ਤੇ ਵੀ ਜ਼ੋਰ ਦਿੰਦਾ ਹੈ, ਕਿਉਂ ਕਿ ਇਹ ਪ੍ਰਕਿਰਿਆ, ਇਹ ਛੁਪੇ ਯਥਾਰਥ ਦਾ ਕਦਮ-ਬ-ਕਦਮ ਅਨੁਰੂਪਣ ਮਹਾਨ ਅਤੇ ਸਥਾਈ ਪ੍ਰਤਿਭਾਵਾਂ ਲਈ ਹੀ ਸੰਭਵ ਹੋ ਪਾਉਂਦੀ ਹੈ। ਮਾਰਕਸਵਾਦੀ ਵਿਗਿਆਨ ਦੀ ਬਾਹਰਮੁੱਖਤਾ ਅਮੂਰਤਨ ਨੂੰ, ਸਹੀ ਅਰਥਾਂ ਵਿੱਚ ਸਾਰਥਕ ਅਮੂਰਤਨ ਨੂੰ, ਸਿਰਫ਼ ਮਨੁੱਖੀ ਚੇਤਨਾ ਦੀ ਪੈਦਾਵਾਰ ਦੇ ਰੂਪ ਵਿੱਚ ਮੰਨਕੇ ਨਹੀਂ ਰੁਕਦੀ, ਸਗੋਂ ਇਹ ਦਰਸਾਉਂਦੀ ਕਿ ਕਿਸ ਤਰ੍ਹਾਂ (ਖਾਸ ਕਰਕੇ ਸਮਾਜਕ ਪ੍ਰਕਿਰਿਆ ਦੇ ਮੁੱਢਲੇ ਰੂਪਾਂ, ਆਰਥਿਕ ਰੂਪਾਂ ਦੇ ਸਿਲਸਿਲੇ ਵਿੱਚ) ਅਮੂਰਤਨ ਖੁਦ ਸਮਾਜਕ ਯਥਾਰਥ ਦੀ ਇੱਕ ਪੈਦਾਵਾਰ ਹੁੰਦਾ ਹੈ। ਸਪਸ਼ਟ ਕਲਪਨਾ ਦੇ ਨਾਲ਼ ਅਮੂਰਤਨ ਦੀ ਇਸ ਪ੍ਰਕਿਰਿਆ ਦੀ ਛਾਣਬੀਣ ਕਰਨਾ, ਇਸ ਦੀਆਂ ਗੁੰਝਲਾਂ ਨੂੰ ਉਘਾੜਨਾ ਅਤੇ ਸਧਾਰਣ ਪ੍ਰਕਿਰਿਆ ਵਿੱਚ ਮੌਜੂਦ ਸਮੁੱਚੀ ਗੁੰਝਲ ਨੂੰ ਪ੍ਰਤੀਨਿਧ ਚਰਿੱਤਰਾਂ ਅਤੇ ਸਥਿਤੀਆਂ ਦੇ ਮਾਧਿਅਮ ਨਾਲ਼ ਪ੍ਰਗਟ ਕਰਨਾ ਅਜਿਹਾ ਕੰਮ ਹੈ ਜਿਸ ਨੂੰ ਮਹਾਨਤਮ ਪ੍ਰਤਿਭਾਵਾਂ ਹੀ ਅੰਜ਼ਾਮ ਦੇ ਸਕਦੀਆਂ ਹਨ।

ਸੋ ਅਸੀਂ ਦੇਖਦੇ ਹਾਂ ਕਿ ਮਾਰਕਸਵਾਦੀ ਸੁਹਜਸ਼ਾਸਤਰ ਦੀ ਬਾਹਰਮੁਖਤਾ ਕਲਾ ਵਿੱਚ ਅੰਤਰਮੁਖੀ ਤੱਤ ਦੇ ਨਿਖੇਧ ਵੱਲ ਕਦੇ ਵੀ ਨਹੀਂ ਲੈ ਜਾਂਦੀ। ਖੈਰ, ਹਾਲੇ ਅਸੀਂ ਇਸ ਸੁਆਲ ਦੇ ਇੱਕ ਹੋਰ ਪੱਖ ਦੀ ਜਾਂਚ ਕਰਨੀ ਹੈ। ਸਾਨੂੰ ਗੌਰ ਕਰਨਾ ਚਾਹੀਦਾ ਹੈ ਕਿ ਮਾਰਕਸਵਾਦ ਦੁਆਰਾ ਪੇਸ਼ ਬਾਹਰਮੁੱਖਤਾ ਦਾ ਭਾਵ, ਸਮਾਜਕ ਵਿਕਾਸਾਂ ਵੱਲ ਨਿਰਪੱਖ ਹੋਣਾ ਨਹੀਂ ਹੈ। ਮਾਰਕਸਵਾਦੀ ਸੁਹਜਸ਼ਾਸਤਰ ਸਹੀ ਢੰਗ ਨਾਲ਼ ਇਹ ਤੱਥ ਪਛਾਣਦਾ ਹੈ ਕਿ ਕਿਉਂ ਕਿ ਮਹਾਨ ਕਲਾਕਾਰ ਗਤੀਹੀਣ ਵਸਤੂਆਂ ਅਤੇ ਸਥਿਤੀਆਂ ਨੂੰ ਪੇਸ਼ ਨਹੀਂ ਕਰਦਾ, ਸਗੋਂ ਪ੍ਰਕਿਰਿਆ ਦੀ ਦਿਸ਼ਾ ਅਤੇ ਰੁਝਾਨ ਨੂੰ ਪ੍ਰਗਟਾਉਣ ਦੀ ਕੋਸ਼ਿਸ਼ ਕਰਦਾ ਹੈ, ਇਸ ਲਈ ਉਸ ਨੂੰ ਇਸ ਪ੍ਰਕਿਰਿਆ ਦੇ ਸਰੂਪ ਦੀ ਚੰਗੀ ਪਕੜ ਹੋਣੀ ਚਾਹੀਦੀ ਹੈ ਅਤੇ ਇਸ ਤਰ੍ਹਾਂ ਦੀ ਸਮਝ ਬਿਨਾਂ ਪੱਖ ਲੈਣ ਦੇ ਨਹੀਂ ਆ ਸਕਦੀ। ਕਲਾਕਾਰ ਦੇ ਸਮਾਜਕ ਲਹਿਰਾਂ ਦਾ ਗੈਰ ਪ੍ਰਤੀਬੱਧ ਦਰਸ਼ਕ ਹੋਣ ਦੀ ਧਾਰਨਾ (ਫ਼ਲਾਬੇਅਰ ਦੀ ‘ਉਦਾਸੀਨਤਾ ਜਾਂ ਠੰਡਾਪਣ”) ਜ਼ਿਆਦਾ ਤੋਂ ਜਿਆਦਾ ਇੱਕ ਭਰਮ ਜਾਂ ਸਵੈ ਕੰਗਾਲੀ ਹੈ ਜਾਂ ਆਮ ਤੌਰ ‘ਤੇ, ਜੀਵਨ ਅਤੇ ਕਲਾ ਦੇ ਬੁਨਿਆਦੀ ਮਸਲਿਆਂ ਤੋਂ ਪਾਸਾ ਵੱਟਣਾ ਹੈ। ਅਜਿਹਾ ਕੋਈ ਮਹਾਨ ਕਲਾਕਾਰ ਨਹੀਂ ਹੈ ਜੋ ਯਥਾਰਥ ਨੂੰ ਪੇਸ਼ ਕਰਦੇ ਹੋਏ ਆਪਣੇ ਰਵੱਈਏ, ਆਪਣੀਆਂ ਅਕਾਂਖਿਆਵਾਂ ਅਤੇ ਆਪਣੇ ਉਦੇਸ਼ਾਂ ਨੂੰ ਪ੍ਰਗਟ ਨਾ ਕਰਦਾ ਹੋਵੇ।

ਕੀ ਇਹ ਸਥਾਪਨਾ ਪਹਿਲਾਂ ਦੇ ਸਾਡੇ ਬਿਆਨ ਦਾ ਖੰਡਨ ਕਰਦੀ ਹੈ ਕਿ ਮਾਰਕਸਵਾਦੀ ਸੁਹਜ ਸ਼ਾਸਤਰ ਦਾ ਸਾਰ ਤੱਤ ਉਸ ਦੀ ਬਾਹਰਮੁੱਖਤਾ ਹੈ ?

ਅਸੀਂ ਅਜਿਹਾ ਨਹੀਂ ਸਮਝਦੇ ਅਤੇ ਕਿਸੇ ਪ੍ਰਤੀਤ ਹੋ ਰਹੀ ਵਿਰੋਧਤਾਈ ਦੇ ਭਰਮ ਦਾ ਖਾਤਮਾ ਕਰਨ ਲਈ ਅਸੀਂ ਸੰਖੇਪ ਵਿੱਚ ਅਖੌਤੀ ਉਦੇਸ਼ਮੂਲਕ ਕਲਾ ਦੀ ਮਾਰਕਸਵਾਦੀ ਵਿਆਖਿਆ ‘ਤੇ ਵਿਚਾਰ ਕਰਾਂਗੇ ਅਤੇ ਮਾਰਕਸਵਾਦੀ ਸੁਹਜਸ਼ਾਸਤਰ ਵਿੱਚ ਅਜਿਹੀ ਕਲਾ ਦੀ ਕੀ ਥਾਂ ਹੈ, ਇਹ ਪ੍ਰੀਭਾਸ਼ਤ ਕਰਨ ਦਾ ਯਤਨ ਕਰਾਂਗੇ। ਉਦੇਸ਼ਮੂਲਕਤਾ ਕੀ ਹੈ? ਓਪਰੀ ਨਜ਼ਰ ਨਾਲ਼ ਇਹ ਕਿਸੇ ਸਿਆਸੀ ਜਾਂ ਸਮਾਜਕ ਨਜ਼ਰੀਏ ਦਾ ਕਲਾਕਾਰ ਦੁਆਰਾ ਪੇਸ਼ਕਾਰੀ ਅਤੇ ਪ੍ਰਚਾਰ ਕਰਨ ਦੀ ਕੋਸ਼ਿਸ਼ ਹੈ। ਮਜ਼ੇ ਦੀ ਗੱਲ ਹੈ ਕਿ ਜਦ ਵੀ ਮਾਰਕਸ ਅਤੇ ਏਂਗਲਜ਼ ਅਜਿਹੇ ਮਨਘੜਤ ਵਿਚਾਰਾਂ ‘ਤੇ ਬਹਿਸ ਕਰਦੇ ਹਨ ਤਾਂ ਉਨ੍ਹਾਂ ਦੇ ਲਹਿਜੇ ਵਿੱਚ ਇੱਕ ਵਿਸ਼ੇਸ਼ ਤਰ੍ਹਾਂ ਦਾ ਵਿਅੰਗ ਹੁੰਦਾ ਹੈ। ਖਾਸ ਤੌਰ ਤੇ ਤਦ, ਜਦ ਕੋਈ ਲੇਖਕ ਕਿਸੇ ਸਥਾਪਨਾ ਦੀ ਪੇਸ਼ਕਾਰੀ ਕਰਨ ਜਾਂ ਕਿਸੇ ਪੱਖ ਦੀ ਨੀਤੀ ਨੂੰ ਸਹੀ ਠਹਿਰਾਉਣ ਲਈ ਬਾਹਰਮੁਖੀ ਯਥਾਰਥ (ਇਸ ਸਿਲਸਲੇ ਵਿੱਚ ਪਹਿਲਾਂ ਪੇਸ਼ ਮਾਰਕਸ ਦੁਆਰਾ ਸੁਈ ਦੀ ਅਲੋਚਨਾ ਦੀ ਤੁਲਨਾ ਕਰੋ) ਨੂੰ ਵਿਗੜੇ ਰੂਪ ਵਿੱਚ ਪੇਸ਼ ਕਰਦਾ ਹੈ। ਮਾਰਕਸ ਨੇ ਮਹਾਨ ਕਲਾਕਾਰਾਂ ਦੇ ਅਜਿਹੇ ਯਤਨਾਂ ਦਾ ਵੀ ਵਿਰੋਧ ਕੀਤਾ ਜਿਨ੍ਹਾਂ ਰਾਹੀਂ ਉਹ ਆਪਣੀਆਂ ਰਚਨਾਵਾਂ ਜਾਂ ਖਾਸ ਚਰਿੱਤਰਾਂ ਦੀ ਵਰਤੋਂ ਪ੍ਰਤੱਖ ਅਤੇ ਸਿੱਧੇ ਤਰੀਕੇ ਨਾਲ਼ ਆਪਣੇ ਵਿਚਾਰ ਜਾਹਿਰ ਕਰਨ ਲਈ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹਾ ਕਰਕੇ ਇਹ ਕਲਾਕਾਰ ਆਪਣੇ ਚਰਿੱਤਰਾਂ ਨੂੰ ਉਨ੍ਹਾਂ ਦੀ ਆਪਣੀ ਹੋਂਦ ਦੀ ਅੰਦਰੂਨੀ ਅਤੇ ਜੈਵਿਕ ਦਵੰਦਾਤਕਤਾ ਦੇ ਅਨੁਰੂਪ ਆਪਣੀਆਂ ਪੂਰੀਆਂ ਸਮਰੱਥਾਵਾਂ ਨੂੰ ਜਾਹਰ ਕਰਨੋ ਰੋਕਦੇ ਹਨ। ਇਸ ਸਿਲਸਿਲੇ ਵਿੱਚ ਮਾਰਕਸ ਨੇ ਲਾਸਾਲ ਦੀ ਤ੍ਰਾਸਦੀ ਦੀ ਅਲੋਚਨਾ ਕਰਦੇ ਹੋਏ ਕਿਹਾ ਸੀ – ”ਤੁਸੀਂ ਅਤੀ ਆਧੁਨਿਕ ਵਿਚਾਰ ਵੀ ਉੱਚੇਰੀ ਪੱਧਰ ਤੇ ਉਨ੍ਹਾਂ ਦੇ ਸ਼ੁੱਧਤਮ ਰੂਪ ਵਿੱਚ ਪ੍ਰਗਟ ਕਰਨ ਦੀ ਕੋਸ਼ਿਸ਼ ਕਰ ਸਕਦੇ ਸੀ। ਪਰ ਹਾਲਤ ਇਹ ਹੈ ਕਿ ਧਾਰਮਿਕ ਅਜ਼ਾਦੀ ਨੂੰ ਛੱਡ ਦੇਈਏ ਤਾਂ ਤੁਹਾਡਾ ਵਿਸ਼ਾ ਵਸਤੂ ਬੁਰਜ਼ੂਆ ਏਕਤਾ ਹੋ ਜਾਂਦੀ ਹੈ। ਤੁਹਾਨੂੰ ਸ਼ੇਕਸਪੀਅਰ ਦੀ ਸ਼ੈਲੀ ਦੀ ਹੋਰ ਜਿਆਦਾ ਵਰਤੋਂ ਕਰਨੀ ਚਾਹੀਦੀ ਸੀ। ਮੇਰੀ ਸਮਝ ਅਨੁਸਾਰ ਤੁਹਾਡੀ ਸਭ ਤੋਂ ਵੱਡੀ ਕਮਜ਼ੋਰੀ ਹੈ, ਸ਼ਿਲਰ ਦੀ ਨਕਲ ਕਰਨਾ, ਆਪਣੇ ਚਰਿੱਤਰਾਂ ਨੂੰ ਆਪਣੇ ਸਮੇਂ ਦੇ ਸਹਿਜ ਬੁਲਾਰਿਆਂ ਵਿੱਚ ਤਬਦੀਲ ਕਰ ਦੇਣਾ।”

ਉਦੇਸ਼ਮੂਲਕ ਸਾਹਿਤ ਦੀ ਇਸ ਭੰਡੀ ਦਾ ਇਹ ਅਰਥ ਨਹੀਂ ਹੁੰਦਾ ਕਿ ਸਾਹਿਤ ਉਦੇਸ਼ਮੂਲਕ ਨਹੀਂ ਹੁੰਦਾ। ਬਾਹਰਮੁਖੀ ਯਥਾਰਥ ਕੋਈ ਅਵਿਵਸਥਿਤ ਗੜਬੜ ਘੁਟਾਲਾ ਨਹੀਂ ਹੈ, ਸਗੋਂ ਇੱਕ ਇਨਕਲਾਬੀ ਪ੍ਰਕਿਰਿਆ ਹੈ ਜਿਸ ਵਿੱਚ ਘੱਟ ਵੱਧ ਤਾਕਤਵਰ ਪ੍ਰਵਿਰਤੀਆਂ ਪ੍ਰਮੁੱਖ ਰੂਪ ਵਿੱਚ ਇੱਕ ਖਾਸ ਆਮ ਦਿਸ਼ਾ ਵੱਲ ਗਤੀਸ਼ੀਲ ਹੁੰਦੀਆਂ ਹਨ। ਇਸ  ਪ੍ਰਕਿਰਿਆ ਦਾ ਨਿਖੇਧ ਜਾਂ ਗਲਤ ਪੇਸ਼ਕਾਰੀ ਕਲਾਕ੍ਰਿਤੀ ਨੂੰ ਗੰਭੀਰ ਰੂਪ ਵਿੱਚ ਕਮਜ਼ੋਰ ਬਣਾ ਦਿੰਦੀ ਹੈ (ਲਾਸਾਲ ਦੀ ਤ੍ਰਾਸਦੀ ਦੀ ਮਾਰਕਸ ਦੁਆਰਾ ਅਲੋਚਨਾ ਦੇਖੋ)।

ਇਸ ਤਰ੍ਹਾਂ ਸਮਾਜਕ ਵਿਕਾਸ ਦੀਆਂ ਵੱਖ ਵੱਖ ਪ੍ਰਵਿਰਤੀਆਂ ਦੇ ਨਾਲ਼ ਅਤੇ ਖਾਸ ਕਰਕੇ ਕਿਸੇ ਪ੍ਰਕਿਰਿਆ ਵਿੱਚ ਕੰਮ ਕਰਨ ਵਾਲ਼ੀ ਬੁਨਿਆਦੀ ਪ੍ਰਵਿਰਤੀ ਨਾਲ਼ ਕਲਾਕਾਰ ਦੇ ਜਾਇਜ ਸਬੰਧ ਨੂੰ ਪ੍ਰੀਭਾਸ਼ਤ ਕੀਤਾ ਜਾ ਸਕਦਾ ਹੈ। ਕਲਾ ਵਿੱਚ ਪ੍ਰਵਿਰਤੀ ਦੇ ਸਿਲਸਿਲੇ ਵਿੱਚ ਏਂਗਲਜ਼ ਕਹਿੰਦੇ ਹਨ – 

”ਕਿਸੇ ਵੀ ਤਰ੍ਹਾਂ ਮੈਂ ਸਾਰੀ ਉਦੇਸ਼ਮੂਲਕ ਕਵਿਤਾ ਦਾ ਵਿਰੋਧੀ ਨਹੀਂ ਹਾਂ। ਦੁਖਾਂਤ ਨਾਟਕ ਦੇ ਪਿਤਾਮਾ ਈਸਿਖਲੂਸ ਅਤੇ ਸੁਖਾਂਤ ਨਾਟਕ ਦੇ ਪਿਤਾਮਾ ਅਰਿਸਤੋਫੇਨੇਸ ਕਾਫੀ ਉਦੇਸ਼ਮੂਲਕ ਸਨ ਅਤੇ ਦਾਂਤੇ ਅਤੇ ਸਰਵਾਂਤੀਸ ਵੀ ਕੁਝ ਘੱਟ ਉਸ ਤਰ੍ਹਾਂ ਦੇ ਨਹੀਂ ਸਨ। ਸ਼ਿਲਰ ਦੇ ਨਾਟਕ ਕਾਬਾਲੇ ਅਤੇ ਲੀਬੇ ਦਾ ਸਭ ਤੋਂ ਵੱਡਾ ਗੁਣ ਹੀ ਇਹੀ ਹੈ ਕਿ ਇਹ ਜਰਮਨੀ ਦਾ ਪਹਿਲਾ ਸਿਆਸੀ ਪ੍ਰਵਿਰਤੀ ਵਾਲ਼ਾ ਨਾਟਕ ਹੈ। ਰੂਸ ਅਤੇ ਨਾਰਵੇ ਦੇ ਸਾਰੇ ਆਧੁਨਿਕ ਲੇਖਕ, ਜਿਹੜੇ ਬਹੁਤ ਵਧੀਆ ਨਾਵਲ ਲਿਖ ਰਹੇ ਹਨ, ਉਦੇਸ਼ਮੂਲਕ ਹਨ। ਪਰ ਮੈਂ ਸੋਚਦਾ ਹਾਂ ਕਿ ਉਦੇਸ਼ ਹਾਲਾਤ ਅਤੇ ਕਿਰਿਆ ਚੋਂ ਆਪਣੇ ਆਪ ਉੱਭਰਨੀ ਚਾਹੀਦੀ ਹੈ ਅਤੇ ਇਸ ਨੂੰ ਖੁੱਲ੍ਹ ਕੇ ਜਾਹਿਰ ਨਹੀਂ ਕਰਨਾ ਚਾਹੀਦਾ। ਅਤੇ ਕਵੀ ਤੋਂ ਇਹ ਆਸ ਨਹੀਂ ਕੀਤੀ ਜਾਂਦੀ ਕਿ ਉਹ ਪਾਠਕ ਲਈ ਆਪਣੇ ਬਿਆਨ ਕੀਤੇ ਇਤਿਹਾਸਕ ਘੋਲ਼ ਦਾ ਕੋਈ ਬਣਿਆ ਬਣਾਇਆ ਹੱਲ ਪੇਸ਼ ਕਰ ਦੇਵੇਗਾ।”

ਏਂਗਲਜ਼ ਇਸ ਮਾਮਲੇ ਵਿੱਚ ਸਪਸ਼ਟ ਸਨ ਕਿ ਕੋਈ ਸਥਾਪਨਾ ਤਦ ਹੀ ਕਲਾ ਨਾਲ਼ ਜੁੜ ਸਕਦੀ ਹੈ ਅਤੇ ਮਹਾਨ ਕਲਾਕ੍ਰਿਤੀਆਂ ਦੀ ਰਚਨਾ ਵਿੱਚ ਮਦਦ ਕਰ ਸਕਦੀ ਹੈ, ਜਦ ਉਹ ਰਚਨਾ ਦੇ ਕਲਾਤਮਕ ਸਾਰ ਤੱਤ ਤੋਂ, ਕਲਾ ਦੇ ਰਚਨਾਤਮਕ ਡੀਜ਼ਾਈਨ ਤੋਂ, ਅਰਥਾਤ, ਜਿਹਾ ਕਿ ਪਹਿਲਾਂ ਕਿਹਾ ਜਾ ਚੁੱਕਿਆ ਹੈ, ਖੁਦ ਯਥਾਰਥ ਨਾਲ਼ ਜੈਵਿਕ ਰੂਪ ਵਿੱਚ ਜੁੜੀ ਹੋਈ ਉੱਭਰੇ, ਉਸ ਯਥਾਰਥ ਤੋਂ ਉੱਭਰੇ ਜਿਸ ਦਾ ਉਹ ਦਵੰਦਾਤਮਕ ਪ੍ਰਤੀਬਿੰਬਨ ਹੈ।

ਉਹ ਕਿਹੜੇ ਬੁਨਿਆਦੀ ਮਸਲੇ ਹਨ ਜਿਨ੍ਹਾਂ ‘ਤੇ ਇੱਕ ਕਲਾਕਾਰ ਨੂੰ ਸੱਚਾ ਕਲਾਕਾਰ ਹੋਣ ਲਈ ਨਿਸ਼ਚਤ ਰਵੱਈਆ ਅਪਨਾਉਣਾ ਚਾਹੀਦਾ ਹੈ? ਉਹ ਹਨ – ਮਨੁੱਖੀ ਤਰੱਕੀ ਦੇ ਮਹਾਨ ਮਸਲੇ। ਕੋਈ ਵੀ ਮਹਾਨ ਕਲਾਕਾਰ ਉਨ੍ਹਾਂ ਵੱਲ ਉਦਾਸੀਨ ਨਹੀਂ ਰਹਿ ਸਕਦਾ। ਜੋਸ਼ ਭਰਭੂਰ ਪ੍ਰਤੀਬੱਧਤਾ ਤੋਂ ਬਗੈਰ ਉਹ ਨਾ ਤਾਂ ਪ੍ਰਤੀਨਿਧ ਚਰਿੱਤਰਾਂ ਦੀ ਸਿਰਜਣਾ ਕਰ ਸਕਦਾ ਹੈ ਨਾ ਹੀ ਡੂੰਘੇ ਯਥਾਰਥਵਾਦ ਦੀ ਪ੍ਰਾਪਤੀ ਕਰ ਸਕਦਾ ਹੈ। ਬਿਨਾਂ ਪ੍ਰਤੀਬੱਧਤਾ ਦੇ ਕੋਈ ਵੀ ਕਲਾਕਾਰ ਅਸਾਰ ਦੇ ਸਾਰ ਨੂੰ ਛਾਂਟ ਨਹੀਂ ਸਕਦਾ। ਸਮਾਜਕ ਵਿਕਾਸ ਦੀ ਸਮੁੱਚਤਾ ਦੇ ਪਰਿਪੇਖ ਵਿੱਚ ਜਿਹੜਾ ਰਚਨਾਕਾਰ ਤਰੱਕੀ ਪ੍ਰਤੀ ਉਤਸ਼ਾਹ ਅਤੇ ਪਿਛਾਖੜ ਪ੍ਰਤੀ ਨਫ਼ਰਤ ਭਾਵ ਨਹੀਂ ਰੱਖਦਾ, ਜਿਹੜਾ ਚੰਗੇ ਨੂੰ ਪਿਆਰ ਅਤੇ ਬੁਰੇ ਨੂੰ ਨਫ਼ਰਤ ਨਹੀਂ ਕਰਦਾ, ਅਜਿਹਾ ਲੇਖਕ ਮਹਾਨ ਸਾਹਿਤ ਲਈ ਜਰੂਰੀ ਰਚਨਾ ਸਮਝ ਨਹੀਂ ਰੱਖਦਾ।

ਇੱਕ ਵਾਰ ਫਿਰ ਅਸੀਂ ਇਥੇ ਇੱਕ ਪ੍ਰਤੀਤ ਹੋ ਰਹੀ ਅਤੇ ਤੀਬਰ ਵਿਰੋਧਤਾਈ ਦਾ ਸਾਹਮਣਾ ਕਰਦੇ ਹਾਂ। ਅਜਿਹਾ ਲੱਗ ਸਕਦਾ ਹੈ, ਹਰੇਕ ਮਹਾਨ ਲੇਖਕ ਦੀ ਫਿਰ ਕੋਈ ਅਗਾਂਹਵਧੂ ਜਮਾਤ ਹੋਣੀ ਚਾਹੀਦੀ ਹੈ, ਕੋਈ ਦਾਰਸ਼ਨਿਕ, ਸਮਾਜਕ ਅਤੇ ਸਿਆਸੀ ਨਜ਼ਰੀਆ ਹੋਣਾ ਚਾਹੀਦਾ ਹੈ। ਅਤੇ ਜੇ ਪ੍ਰਤੀਤ ਹੋ ਰਹੀ ਵਿਰੋਧਤਾਈ ਨੂੰ ਦੋ ਟੁਕ ਢੰਗ ਨਾਲ਼ ਪੇਸ਼ ਕਰੀਏ ਤਾਂ ਹਰ ਮਹਾਨ ਲੇਖਕ ਨੂੰ ਸਿਆਸੀ ਅਤੇ ਸਮਾਜਕ ਦ੍ਰਿਸ਼ਟੀ ਤੋਂ ਖੱਬੇ ਪੱਖੀ ਹੋਣਾ ਚਾਹੀਦਾ ਹੈ। ਖੈਰ, ਸਾਹਿਤ ਦੇ ਇਤਿਹਾਸ ਦੇ ਮਹਾਨ ਯਥਾਰਥਵਾਦੀਆਂ ਦੀ, ਖਾਸ ਕਰਕੇ ਮਾਰਕਸ ਅਤੇ ਏਂਗਲਜ਼ ਦੇ ਪਸੰਦੀਦਾ ਲੇਖਕਾਂ ਦੀ, ਇੱਕ ਚੰਗੀ ਭਲੀ ਗਿਣਤੀ ਹੈ ਜੋ ਇਸ ਦੇ ਠੀਕ ਉਲ਼ਟਾ ਉਦਾਹਰਣ ਪੇਸ਼ ਕਰਦੀ ਹੈ। ਨਾ ਤਾਂ ਸ਼ੇਕਸਪੀਅਰ, ਨਾ ਗੇਟੇ, ਨਾ ਵਾਲਟਰ ਸਕਾਟ ਅਤੇ ਨਾ ਹੀ ਬਾਲਜ਼ਾਕ ਖੱਬੇਪੱਖੀ ਸਨ।

ਮਾਰਕਸ ਅਤੇ ਏਂਗਲਜ਼ ਨੇ ਇਸ ਸੁਆਲ ਤੋਂ ਟਾਲ਼ਾ ਨਹੀਂ ਵੱਟਿਆ, ਉਨ੍ਹਾਂ ਨੇ ਇਸ ਦਾ ਡੂੰਘਾ ਵਿਸ਼ਲੇਸ਼ਣ ਕੀਤਾ। ਮਾਰਗੇਰਟ ਹਾਰਕਨੇਸ ਨੂੰ ਲਿਖੀ ਇੱਕ ਪ੍ਰਸਿਧ ਚਿੱਠੀ ਵਿੱਚ ਏਂਗਲਜ਼ ਨੇ ਇਸ ਸੁਆਲ ਦਾ ਡੂੰਘਾ ਵਿਸ਼ਲੇਸ਼ਣ ਕੀਤਾ ਕਿ ਆਖਿਰ ਸਿਆਸਤ ਵਿੱਚ ਰਾਜਤੰਤਰਵਾਦੀ ਅਤੇ ਸੰਵਿਧਾਨਵਾਦੀ ਹੋਣ ਅਤੇ ਪਤਨਸ਼ੀਲ ਕੁਲੀਨਤੰਤਰ ਦਾ ਪ੍ਰਸ਼ੰਸਕ ਹੋਣ ਦੇ ਬਾਵਜੂਦ, ਬਾਲਜ਼ਾਕ ਆਪਣੀਆਂ ਰਚਨਾਵਾਂ ਵਿੱਚ ਅੰਤ ਵਿੱਚ ਇੱਕ ਵਿਰੋਧੀ ਦਿਸ਼ਾ ਨੂੰ ਕਿਵੇਂ ਸਜੀਵ ਕਰ ਸਕੇ। ”ਲਾਜਮੀ ਹੀ, ਬਾਲਜ਼ਾਕ ਸਿਆਸਤ ਵਿੱਚ ਸੰਵਿਧਾਨਵਾਦੀ ਸਨ, ਉਨ੍ਹਾਂ ਦੀ ਮਹਾਨ ਰਚਨਾ ਉਸ ਭਲੇ ਸਮਾਜ ਦੇ ਲਾਜ਼ਮੀ ਤਬਾਹੀ ਬਾਰੇ ਇੱਕ ਸ਼ੋਕਗੀਤ ਹੈ। ਉਸ ਦੀ ਸਾਰੀ ਹਮਦਰਦੀ ਇੱਕ ਅਜਿਹੀ ਜਮਾਤ ਲਈ ਹੈ ਜਿਸਦੀ ਤਬਾਹੀ ਪਹਿਲਾਂ ਤੋਂ ਤੈਅ ਹੈ। ਪਰ ਉਸ ਦੇ ਵਿਅੰਗ ਦੀ ਧਾਰ ਉੱਥੇ ਸਭ ਤੋਂ ਤਿੱਖੀ ਅਤੇ ਕੋੜੀ ਹੁੰਦੀ ਹੈ ਜਿੱਥੇ ਉਹ ਉਨ੍ਹਾਂ ਮਰਦਾਂ ਅਤੇ ਔਰਤਾਂ ਦਾ ਜਾਂ ਕੁਲੀਨਵੰਸ਼ ਦੇ ਲੋਕਾਂ ਦਾ ਚਿੱਤਰਣ ਸ਼ੁਰੂ ਕਰਦੇ ਹਨ ਜਿਨ੍ਹਾਂ ਲਈ ਉਨ੍ਹਾਂ ਦੀ ਹਮਦਰਦੀ ਸਭ ਤੋਂ ਡੂੰਘੀ ਹੈ।” ਅਤੇ ਇਸ ਦੇ ਉਲ਼ਟ, ਉਹ ਆਪਣੇ ਸਿਆਸੀ ਵਿਰੋਧੀਆਂ ਨੂੰ, ਭਾਵ ਰਿਪਬਲੀਕਨ ਇਨਕਲਾਬੀਆਂ ਨੂੰ ਹੀ, ਆਪਣੇ ਸਮੇਂ ਦੇ ਅਸਲੀ ਨਾਇਕਾਂ ਦੇ ਰੂਪ ਵਿੱਚ ਪੇਸ਼ ਕਰਦੇ ਹਨ। ਇਸ ਵਿਰੋਧਤਾਈ ਦੇ ਅੰਤਮ ਨਤੀਜੇ ਬਾਰੇ ਏਂਗਲਜ਼ ਦੱਸਦੇ ਹਨ – ”ਬਾਲਜ਼ਾਕ ਦਾ ਆਪਣੀਆਂ ਜਮਾਤੀ ਹਮਦਰਦੀਆਂ ਅਤੇ ਸਿਆਸੀ ਤੁਅੱਸਬਾਂ ਦੇ ਖਿਲਾਫ਼ ਮਜ਼ਬੂਰ ਹੋ ਕੇ ਲਿਖਣਾ, ਆਪਣੇ ਪਿਆਰੇ ਕੁਲੀਨਾਂ ਦੇ ਅਟੱਲ ਵਿਨਾਸ਼ ਨੂੰ ਦੇਖ ਸਕਣਾ, ਅਤੇ ਉਨ੍ਹਾਂ ਦਾ ਚਿੱਤਰਣ ਇਸ ਤਰ੍ਹਾਂ ਕਰਨਾ ਕਿ ਜਿਵੇਂ ਇਸ ਤੋਂ ਬਿਹਤਰ ਉਨ੍ਹਾਂ ਦੀ ਹੋਣੀ ਹੋ ਹੀ ਨਹੀਂ ਸਕਦੀ ਸੀ, ਅਤੇ ਉਨ੍ਹਾਂ ਦਾ ਭਵਿੱਖ ਦੇ ਲੋਕਾਂ ਨੂੰ ਉੱਥੇ ਦੇਖ ਸਕਣਾ, ਜਿੱਥੇ ਉਹ ਸੱਚਮੁੱਚ ਉਨ੍ਹਾਂ ਦੇ ਸਮੇਂ ਵਿੱਚ ਪਾਏ ਜਾ ਸਕਦੇ ਸਨ, ਮੇਰੀ ਸਮਝ ਵਿੱਚ ਯਥਾਰਥਵਾਦ ਦੀ ਇੱਕ ਮਹਾਨਤਮ ਜਿੱਤ ਹੈ ਅਤੇ ਬੁੱਢੇ ਬਾਲਜ਼ਾਕ ਦੀ ਸਭ ਤੋਂ ਸ਼ਾਨਦਾਰ ਪ੍ਰਾਪਤੀ ਹੈ।”    

ਕੀ ਇਹ ਕੋਈ ਜਾਦੂਈ ਪ੍ਰਾਪਤੀ ਹੈ? ਕੀ ਕਿਸੇ ਕਲਾ-ਪ੍ਰਤਿਭਾ ਦੁਆਰਾ ਆਪਣੇ ਸਿਆਸੀ ਰੁਝਾਨਾਂ ਨੂੰ ਰਹੱਸਮਈ ਢੰਗ ਨਾਲ਼ ਉਲੰਘਣਾ ਮੰਨਿਆ ਜਾਵੇਗਾ? ਨਹੀਂ, ਏਂਗਲਜ਼ ਆਪਣੇ ਵਿਸ਼ਲੇਸ਼ਣ ਵਿੱਚ ਜਿਸ ਚੀਜ ਨੂੰ ਜਾਹਰ ਕਰਦੇ ਹਨ, ਉਹ ਇੱਕ ਸਰਲ ਅਤੇ ਸਪਸ਼ਟ ਤੱਥ ਹੈ। ਖੈਰ, ਇਹ ਇੱਕ ਅਜਿਹਾ ਤੱਥ ਹੈ, ਜਿਸ ਦੀ ਮਾਰਕਸ ਅਤੇ ਏਂਗਲਜ਼ ਹੀ ਪਹਿਲੀ ਵਾਰ ਖੋਜ ਅਤੇ ਵਿਸ਼ਲੇਸ਼ਣ ਕਰ ਸਕੇ। ਇੱਥੇ ਜੋ ਮੁੱਖ ਗੱਲ ਹੈ, ਉਹ ਹੈ ਸਾਰੇ ਸਹੀ ਅਰਥਾਂ ਵਿੱਚ ਵੱਡੇ ਲੇਖਕਾਂ ਅਤੇ ਕਲਾਕਾਰਾਂ ਦੀ ਸਮੁੱਚੇ ਨਕਲੀ ਹੰਕਾਰ ਤੋਂ ਮੁਕਤ ਅਤੇ ਸਮਝੌਤਾਹੀਨ ਇਮਾਨਦਾਰੀ। ਉਨ੍ਹਾਂ ਲਈ ਔਖੀ ਖੋਜਬੀਨ ਨਾਲ਼ ਜਾਹਰ ਅਤੇ ਆਪਣੇ ਅਸਲੀ ਰੂਪ ਵਿੱਚ ਪ੍ਰਗਟ ਹੋਣ ਵਾਲ਼ਾ ਯਥਾਰਥ, ਸਭ ਤੋਂ ਪਿਆਰੀਆਂ ਪੂਰਵ-ਧਾਰਨਾਵਾਂ ਅਤੇ ਸਭ ਤੋਂ ਪਿਆਰੇ ਨਿੱਜੀ ਉਦੇਸ਼ਾਂ ਤੋਂ ਵੀ ਉੱਪਰ ਅਤੇ ਪਹਿਲਾਂ ਆਉਂਦਾ ਹੈ। ਮਹਾਨ ਕਲਾਕਾਰ ਦੀ ਇਮਾਨਦਾਰੀ ਇਸ ਵਿੱਚ ਮੌਜੂਦ ਹੁੰਦੀ ਹੈ ਕਿ ਉਹ ਆਪਣੇ ਚਰਿੱਤਰਾਂ ਨੂੰ (ਜਿਨ੍ਹਾਂ ਦੇ ਵਿਕਾਸ ਦੌਰਾਨ ਉਹ ਧਾਰਨਾਵਾਂ ਅਤੇ ਭਰਮ ਜਿਨ੍ਹਾਂ ਦੇ ਅਧਾਰ ‘ਤੇ ਉਹ ਉਨ੍ਹਾਂ ਦੀ ਆਪਣੀ ਕਲਪਨਾ ਵਿੱਚ ਉਸਾਰੀ ਕਰਦਾ ਹੈ, ਜਾਹਰ ਹੁੰਦੇ ਹਨ) ਉਨ੍ਹਾਂ ਦੀਆਂ ਸਾਰੀਆਂ ਸਮਰੱਥਾਵਾਂ ਪ੍ਰਗਟ ਹੋਣ ਤੱਕ ਅਜ਼ਾਦਾਨਾ ਢੰਗ ਨਾਲ਼ ਵਿਕਸਤ ਹੋਣ ਦਿੰਦਾ ਹੈ ਅਤੇ ਅਜਿਹਾ ਕਰਨ ਵਿੱਚ ਇਸ ਦੀ ਜ਼ਰਾ ਵੀ ਚਿੰਤਾ ਨਹੀਂ ਕਰਦਾ ਕਿ ਉਸ ਦੇ ਸਭ ਤੋਂ ਡੂੰਘੇ ਵਿਸ਼ਵਾਸ ਯਥਾਰਥ ਦੀ ਨਿਰਵਿਅਕਤਕ ਦਵੰਦਾਤਮਕਤਾ ਵਿੱਚ ਭਾਫ਼ ਬਣਕੇ ਉੱਡ ਰਹੇ ਹਨ। ਅਜਿਹੀ ਇਮਾਨਦਾਰੀ ਅਸੀਂ ਸਰਵਾਂਤੀਸ, ਬਾਲਜ਼ਾਕ ਅਤੇ ਤਾਲਸਤਾਏ ਵਿੱਚ ਦੇਖ ਅਤੇ ਪੜ੍ਹ ਸਕਦੇ ਹਨ।

ਫਿਰ, ਇਸ ਇਮਾਨਦਾਰੀ ਦਾ ਆਪਣਾ ਠੋਸ ਤੱਤ ਹੁੰਦਾ ਹੈ। ਉਦਾਹਰਣ ਲਈ, ਬਾਲਜ਼ਾਕ ਦੇ ਸੰਵਿਧਾਨਵਾਦ ਦੀ ਬੋਰਗੇ ਜਿਹੇ ਲੇਖਕ ਦੇ ਸੰਵਿਧਾਨਵਾਦ ਨਾਲ਼ ਤੁਲਨਾ ਕਰੋ। ਬੋਰਗੇ ਤੱਤ ਰੂਪ ‘ਚ ਤਰੱਕੀ ਖਿਲਾਫ਼ ਯੁੱਧ ਛੇੜ ਦਿੰਦਾ ਹੈ, ਉਸ ਦਾ ਵੱਸ ਚੱਲੇ ਤਾਂ ਉਹ ਰਿਪਬਲਿਕਨ (ਗਣਤੰਤਰਵਾਦੀ) ਫਰਾਂਸ ਨੂੰ ਪੁਰਾਣੇ ਪਿਛਾਖੜਵਾਦ ਦੀ ਪੰਜਾਲ਼ੀ ਹੇਠ ਕੁਚਲ ਦੇਵੇ। ਉਹ ਸਮਕਾਲੀ ਜੀਵਨ ਦੀਆਂ ਵਿਰੋਧਤਾਈਆਂ ਅਤੇ ਸਮੱਸਿਆਵਾਂ ਦੀ ਵਰਤੋਂ ਉਨ੍ਹਾਂ ਵਿਚਾਰਧਾਰਾਵਾਂ ਨੂੰ ਸਹੀ ਅਤੇ ਜਾਇਜ ਠਹਿਰਾਉਣ ਲਈ ਕਰਦਾ ਹੈ ਜਿਹੜੀਆਂ ਬਹੁਤ ਪਹਿਲਾਂ ਹੀ ਪੁਰਾਣੀਆਂ ਅਤੇ ਅਪ੍ਰਸੰਗਕ ਹੋ ਚੁੱਕੀਆਂ ਸਨ। ਇਸ ਦੇ ਉਲ਼ਟ, ਬਾਲਜ਼ਾਕ ਮਨੁੱਖੀ ਪਛਾਣ ਦੀ ਹਿਫ਼ਾਜਤ ਉਸ ਮਹਾਨ ਸਰਮਾਏਦਾਰਾ ਉਭਾਰ ਦੌਰਾਨ ਕਰਦਾ ਹੈ ਜਿਸ ਦੀ ਸ਼ੁਰੂਆਤ ਫਰਾਂਸ ਵਿੱਚ ਮੁੜ ਬਹਾਲੀ ਕਾਲ ਦੌਰਾਨ ਹੋਈ। ਬਾਲਜ਼ਾਕ ਨੇ ਨਾ ਸਿਰਫ਼ ਇਸ ਪ੍ਰਕਿਰਿਆ ਵਿੱਚ ਮੌਜੂਦ ਅਰੁੱਕ ਤਾਕਤ ਨੂੰ ਪਛਾਣਿਆ, ਸਗੋਂ ਇਹ ਵੀ ਪਛਾਣਿਆ ਕਿ ਇਸ ਤਾਕਤ ਦੀ ਅਜਿੱਤਤਾ ਇਸ ਦੇ ਪ੍ਰਗਤੀਸ਼ੀਲ ਪੱਖਾਂ ਦਾ ਨਤੀਜਾ ਹੈ। ਉਨ੍ਹਾਂ ਦੇਖਿਆ ਕਿ  ਵਿਅਕਤੀ ਦੇ ਖਿੰਡਾਅ ਅਤੇ ਕਰੂਪਣ ਦੇ ਬਾਵਜੂਦ, ਇਹ (ਸਰਮਾਏਦਾਰਾ) ਵਿਕਾਸ ਜਿਸ ਜਗੀਰੂ ਜਾਂ ਅਰਧ ਜਗੀਰੂ ਢਾਂਚੇ ਨੂੰ ਤਬਾਹ ਕਰ ਰਿਹਾ ਸੀ, ਕਈ ਵਾਰ ਅਤੇ ਕਈ ਥਾਵਾਂ ‘ਤੇ, ਭਿਆਨਕ ਪ੍ਰਭਾਵ ਪਾਉਣ ਦੇ ਨਾਲ਼ ਹੀ ਉਸ ਢਾਂਚੇ ਦੀ ਤੁਲਨਾ ਵਿੱਚ ਵਿਕਾਸ ਦੇ ਉੱਚੇਰੇ ਪੱਧਰ ਦੀ ਪ੍ਰਤੀਨਿਧਤਾ ਕਰਦਾ ਸੀ। ਬਾਲਜ਼ਾਕ ਨੇ ਦੇਖਿਆ ਕਿ ਇਹ ਪ੍ਰਕਿਰਿਆ ਮਨੁੱਖ ਨੂੰ ਖਿੰਡਾਅ ਅਤੇ ਕਰੂਪਤ ਕਰ ਰਹੀ ਹੈ। ਫਿਰ, ਮਨੁੱਖ ਦੀ ਪਛਾਣ ਦੇ ਨਾਂ ਤੇ ਅਤੇ ਉਸ ਦੀ ਹਿਫ਼ਾਜਤ ਲਈ ਉਨ੍ਹਾਂ ਨੇ ਇਸ ਦਾ ਵਿਰੋਧ ਕੀਤਾ। ਉਨ੍ਹਾਂ ਦਾ ਸੁਚੇਤ ਸਮਾਜਕ ਅਤੇ ਸਿਆਸੀ ਨਜ਼ਰੀਆ, ਇਸ ਵਿਰੋਧਤਾਈ ਦੀ ਉਦਾਹਰਣ ਹੈ, ਅਤੇ ਬਾਲਜ਼ਾਕ ਦੇ ਚਿੰਤਕ ਵਿਅਕਤੀਤਵ ਲਈ ਇਸ ਦਾ ਹੱਲ ਕਰ ਸਕਣਾ ਸੰਭਵ ਨਹੀਂ ਲੱਗਦਾ। ਸੱਚੀ ਯਥਾਰਥਵਾਦੀ ਬਾਹਰਮੁੱਖਤਾ ਵਿੱਚ ਸੰਸਾਰ ਦਾ ਅਧਿਐਨ ਅਤੇ ਪੇਸ਼ਕਾਰੀ ਕਰਦੇ ਹੋਏ, ਉਹ ਆਪਣੀ ਰਚਨਾ ਵਿੱਚ ਨਾ ਸਿਰਫ ਇਸ ਪ੍ਰਕਿਰਿਆ ਦਾ ਸਾਰ ਤੱਤ ਦੇ ਯਥਾਤੱਥ ਦੇ ਪ੍ਰਤੀਬਿੰਬਨ ਤੱਕ ਪਹੁੰਚੇ, ਸਗੋਂ ਆਪਣੇ ਪ੍ਰੇਮ ਅਤੇ ਨਫ਼ਰਤ ਦੀਆਂ ਜੜ੍ਹਾਂ ਤੱਕ ਪਹੁੰਚਣ ਲਈ ਉਨ੍ਹਾਂ ਨੇ ਆਪਣੇ ਅੰਦਰਲੀ ਡੂੰਘਾਈ ਵਿੱਚ ਡੁਬਕੀ ਵੀ ਲਗਾਈ। ਚਿੰਤਕ ਦੇ ਰੂਪ ਵਿੱਚ ਬਾਲਜ਼ਾਕ ਬੋਨਾਲਡ ਅਤੇ ਦਿ ਗੇਸਮੇ ਦੀਆਂ ਹੱਦਾਂ ਉਲੰਘ ਕਰ ਗਏ। ਰਚਨਾਤਮਕ ਬਾਲਜ਼ਾਕ ਇਨ੍ਹਾਂ ਸੱਜੇਪੱਖੀ ਸਿਆਸੀ ਚਿੰਤਕਾਂ ਤੋਂ ਬਿਹਤਰ, ਡੂੰਘੀ ਅਤੇ ਦੂਰੇਡੀ ਦ੍ਰਿਸ਼ਟੀ ਰੱਖਦੇ ਹਨ। ਮਨੁੱਖੀ ਪਛਾਣ ਵੱਲ ਆਪਣੀ ਪ੍ਰਤੀਬੱਧਤਾ ਕਰਕੇ, ਉਹ ਸਰਮਾਏਦਾਰਾ ਅਰਥਚਾਰੇ ਦੀਆਂ ਵਿਰੋਧਤਾਈਆਂ ਅਤੇ ਸਰਮਾਏਦਾਰਾ ਸੱਭਿਆਚਾਰ ਦੀਆਂ ਸੱਮਸਿਆਵਾਂ ਨੂੰ ਸਮਝਣ ਵਿੱਚ ਸਮਰੱਥ ਹੁੰਦੇ ਹਨ। ਇੱਕ ਰਚਨਾਤਮਕ ਕਲਾਕਾਰ ਦੇ ਰੂਪ ਵਿੱਚ ਬਾਲਜ਼ਾਕ ਆਪਣੇ ਮਹਾਨ ਸਮਕਾਲੀ ਸਮਾਜਵਾਦੀ ਫੂਰੀਏ ਦੁਆਰਾ ਚਿੱਤਰੇ ਉੱਭਰ ਰਹੇ ਸਰਮਾਏਦਾਰਾ ਸਮਾਜ ਦੀ ਅਲੋਚਨਾਤਮਕ ਤਸਵੀਰ ਦੇ ਅਸਧਾਰਣ ਢੰਗ ਨਾਲ਼ ਨਜਦੀਕ ਪਹੁੰਚ ਜਾਂਦੇ ਹਨ। 

ਮਾਰਕਸਵਾਦੀ ਸੰਕਲਪ ਵਿੱਚ, ਯਥਾਰਥਵਾਦ ਦੀ ਜਿੱਤ ਦਾ ਅਰਥ ਹੈ ਸਾਹਿਤ ਅਤੇ ਕਲਾ ਸਬੰਧੀ, ਉਸ ਵਿਗੜੇ ਸੰਕਲਪ ਦਾ ਪੂਰੀ ਤਰ੍ਹਾਂ ਨਾਲ਼ ਨਿਖੇਧ ਜੋ ਮਸ਼ੀਨੀ ਢੰਗ ਨਾਲ਼ ਰਚਨਾਵਾਂ ਦੀ ਵਿਆਖਿਆ ਲੇਖਕ ਦੇ ਸਿਆਸੀ ਨਜ਼ਰੀਏ ਦੇ ਅਧਾਰ ‘ਤੇ, ਉਸ ਦੀ ਅਖੌਤੀ ਜਮਾਤੀ ਮਨੋਦਸ਼ਾ ਅਨੁਸਾਰ ਕਰਦਾ ਹੈ। ਅਸੀਂ ਜਿਸ ਮਾਰਕਸਵਾਦੀ ਦ੍ਰਿਸ਼ਟੀ ਦੀ ਪੜਤਾਲ ਕਰ ਰਹੇ ਹਾਂ, ਜੇ ਉਨ੍ਹਾਂ ਦੀ ਵਰਤੋਂ ਠੋਸ ਢੰਗ ਨਾਲ਼, ਇਤਿਹਾਸਕ ਚੇਤਨਾ ਅਤੇ ਸੱਚੀ ਸੁਹਜਪਰਕ ਅਤੇ ਸਮਾਜਕ ਅੰਦਰਦ੍ਰਿਸ਼ਟੀ ਦੇ ਨਾਲ਼ ਕੀਤੀ ਜਾਂਦੀ ਹੈ, ਤਾਂ ਗੁੰਝਲਦਾਰ ਸਾਹਿਤਕ ਤੱਥਾਂ ਅਤੇ ਘਟਨਾਵਾਂ ‘ਤੇ ਰੌਸ਼ਨੀ ਪਾਉਣ ਵਿੱਚ ਉਹ ਬਹੁਤ ਜਿਆਦਾ ਸਮਰੱਥ ਹੈ। ਕੋਈ ਵੀ ਕਿਸੇ ਵੀ ਸਾਹਿਤਕ ਤੱਥ ‘ਤੇ ਲਾਗੂ ਕਰਨ ਯੋਗ ਇਸ ਨੂੰ ਬਣਿਆ ਬਣਾਇਆ ਫਾਰਮੂਲਾ ਸਮਝਦਾ ਹੈ, ਉਹ ਮਾਰਕਸਵਾਦੀ ਸਿਧਾਂਤਾਂ ਦੀ ਅਤੀਤ ਦੇ ਉਜੱਡ ਮਾਰਕਸਵਾਦੀਆਂ ਦੀ ਤਰ੍ਹਾਂ ਗਲਤ ਵਿਆਖਿਆ ਕਰਦਾ ਹੈ। ਇਸ ਦ੍ਰਿਸ਼ਟੀ ਦੇ ਸਿਲਸਿਲੇ ਵਿੱਚ ਕਿਸੇ ਵੀ ਹੋਰ ਭਰਮ ਦਾ ਖਾਤਮਾ ਕਰਨ ਲਈ ਮੈਨੂੰ ਏਨਾ ਹੋਰ ਜੋੜਨ ਦੇਵੋ ਕਿ ਏਂਗਲਜ਼ ਨੇ ਜਿਸ ਰੂਪ ਵਿੱਚ ਯਥਾਰਥਵਾਦ ਦੀ ਜਿੱਤ ਦੀ ਪ੍ਰੀਭਾਸ਼ਾ ਕੀਤੀ ਹੈ, ਉਸ ਦਾ ਇਹ ਅਰਥ ਉੱਕਾ ਹੀ ਨਹੀਂ ਕਿ ਲੇਖਕ ਦੀ ਵਿਚਾਰਧਾਰਾ ਵੱਲ ਉਦਾਸੀਨ ਹੋਇਆ ਜਾ ਸਕਦਾ ਹੈ ਜਾਂ ਆਪਣੀ ਰਚਨਾ ਵਿੱਚ ਜਿੱਥੇ ਵੀ ਲੇਖਕ ਆਪਣੀ ਅਖੌਤੀ ਵਿਚਾਰਧਾਰਾ ਤੋਂ ਵੱਖ ਹੁੰਦਾ ਨਜ਼ਰ ਆਉਂਦਾ ਲੱਗਦਾ ਹੈ, ਉੱਥੇ ਯਥਾਰਥਵਾਦ ਦੀ ਜਿੱਤ ਆਪਣੇ ਆਪ ਹੀ ਹੋ ਜਾਂਦੀ ਹੈ। ਯਥਾਰਥ ਦੀ ਜਿੱਤ ਤਦ ਹੀ ਹੁੰਦੀ ਹੈ, ਜਦ ਮਹਾਨ ਯਥਾਰਥਵਾਦੀ ਲੇਖਕ ਮਨੁੱਖਜਾਤੀ ਦੀ ਵਿਕਾਸ ਪ੍ਰਕਿਰਿਆ ਵਿੱਚ ਮੌਜੂਦ, ਕਿਸੇ ਅਗਾਂਹਵਧੂ ਧਾਰਾ ਨਾਲ਼ ਪੂਰੀ ਜਾਗਰੂਕਤਾ ਦੀ ਪੱਧਰ ‘ਤੇ ਨਾ ਸਹੀ ਫਿਰ ਵੀ ਡੂੰਘਾ ਅਤੇ ਸੰਜੀਦਾ ਸਬੰਧ ਸਥਾਪਤ ਕਰਦੇ ਹਨ। ਇਸ ਤਰ੍ਹਾਂ ਮਾਰਕਸਵਾਦੀ ਦ੍ਰਿਸ਼ਟੀ ਵਿੱਚ, ਸਿਰਫ਼ ਸਿਆਸੀ ਵਿਸ਼ਵਾਸਾਂ ਦੇ ਕਾਰਣ ਬੁਰੇ ਜਾਂ ਔਸਤ ਦਰਜੇ ਦੇ ਲੇਖਕਾਂ ਨੂੰ ਮਹਾਨ ਰਚਨਾਕਾਰਾਂ ਦਾ ਦਰਜਾ ਦੇਣ ਦੀ ਇਜ਼ਾਜਤ ਨਹੀਂ ਦਿੱਤੀ ਜਾ ਸਕਦੀ ਅਤੇ ਏਸੇ ਤਰ੍ਹਾਂ ਏਂਗਲਜ਼ ਦੀ ਮੁੜਬਹਾਲੀ ਦੇ ਸਹਾਰੇ ਘੱਟ ਵੱਧ ਬਿਹਤਰ ਸ਼ਿਲਪੀ ਹੋਣ ਕਾਰਣ ਸ਼ੁੱਧ ਰੂਪ ਵਿੱਚ ਜਾਂ ਪੂਰੀ ਤਰ੍ਹਾਂ ਪਿਛਾਖੜੀ ਲੇਖਕਾਂ ਨੂੰ ਮੁੜ ਤੋਂ ਸਥਾਪਤ ਕਰਨ ਦੀ ਇਜ਼ਾਜਤ ਵੀ ਨਹੀਂ ਦਿੱਤੀ ਜਾ ਸਕਦੀ।

ਬਾਲਜ਼ਾਕ ਦੇ ਸਿਲਸਿਲੇ ਵਿੱਚ ਮਨੁੱਖੀ ਪਛਾਣ ਦੀ ਹਿਫ਼ਾਜਤ ਦੀ ਜੋ ਗੱਲ ਅਸੀਂ ਕਹੀ ਸੀ, ਉਹ ਅਣਕਿਆਸੀ ਨਹੀਂ ਹੈ। ਜ਼ਿਆਦਾਤਰ ਮਹਾਨ ਯਥਾਰਥਵਾਦੀਆਂ ਦੇ ਨਾਲ਼ ਯਥਾਰਥ ਦੀ ਪੇਸ਼ਕਾਰੀ ਵਿੱਚ ਇਹ ਵਿਸ਼ੇ ਵਸਤੂ ਦੇ ਪ੍ਰੇਰਕ ਤੱਤ ਦੇ ਰੂਪ ਵਿੱਚ ਕੰਮ ਕਰਦੀ ਰਹੀ ਹੈ। ਭਾਵੇਂ ਕਾਲ ਖੰਡਾਂ ਅਤੇ ਵਿਅਕਤੀਆਂ ਦੀ ਭਿੰਨਤਾ ਦੇ ਅਨੁਸਾਰ ਇਨ੍ਹਾਂ ਦੇ ਚਰਿੱਤਰ ਅਤੇ ਤਾਕਤ ਵਿੱਚ ਫਰਕ ਹੁੰਦਾ ਹੈ। ਮਹਾਨ ਕਲਾ, ਸੱਚਾ ਯਥਾਰਥਵਾਦ ਅਤੇ ਮਨੁੱਖਤਾਵਾਦ, ਅਟੁੱਟ ਢੰਗ ਨਾਲ਼ ਆਪਸ ਵਿੱਚ ਜੁੜੇ ਹੁੰਦੇ ਹਨ ਅਤੇ ਇਨ੍ਹਾਂ ਨੂੰ  ਜੋੜਨ ਵਾਲ਼ਾ ਸਿਧਾਂਤ ਉਹੀ ਹੈ ਜਿਸ ‘ਤੇ ਅਸੀਂ ਜ਼ੋਰ ਦਿੰਦੇ ਰਹੇ ਹਾਂ, ਅਰਥਾਤ ਮਨੁੱਖੀ ਪਛਾਣ ਦੀ ਹਿਫ਼ਾਜਤ। ਮਨੁੱਖਤਾਵਾਦ ਮਾਰਕਸਵਾਦੀ ਸੁਹਜ ਸ਼ਾਸਤਰ ਦਾ ਕੇਂਦਰੀ ਤੱਤ ਹੈ। ਇੱਥੇ ਅਸੀਂ ਮੁੜ ਤੋਂ ਜ਼ੋਰ ਦੇ ਕੇ ਕਹਿਣਾ ਚਾਹਾਂਗੇ ਕਿ ਮਨੁੱਖਤਾਵਾਦ ਨੂੰ ਕਿਸੇ ਸੁਹਜਦ੍ਰਿਸ਼ਟੀ ਦਾ ਮੂਲ ਤੱਤ ਬਣਾਉਣ ਦੇ ਮਾਮਲੇ ਵਿੱਚ ਮਾਰਕਸ ਅਤੇ ਏਂਗਲਜ਼ ਕੋਈ ਪਹਿਲੇ ਵਿਅਕਤੀ ਨਹੀਂ ਸਨ। ਇੱਥੇ ਵੀ ਮਾਰਕਸ ਅਤੇ ਏਂਗਲਜ਼ ਪਹਿਲਾਂ ਦੇ ਦਾਰਸ਼ਨਿਕਾਂ ਅਤੇ ਸੁਹਜ ਚਿੰਤਨ ਦੇ ਮਹਾਨ ਪ੍ਰਤੀਨਿਧੀਆਂ ਦੇ ਕੰਮ ਨੂੰ ਜਾਰੀ ਰੱਖ ਰਹੇ ਸਨ ਅਤੇ ਵਿਕਾਸ ਦੇ ਇੱਕ ਸਿਫ਼ਤੀ ਰੂਪ ਵਿੱਚ ਉੱਚੇਰੇ ਪੱਧਰ ‘ਤੇ ਕਰ ਰਹੇ ਸਨ। ਦੂਜੇ ਪਾਸੇ, ਕਿਉਂ ਕਿ ਉਹ ਸ਼ੁਰੂ ਕਰਨ ਵਾਲ਼ਿਆਂ ਵਿੱਚੋਂ ਨਹੀਂ ਸਨ ਸਗੋਂ ਇੱਕ ਲੰਮੀ ਵਿਕਾਸ ਪ੍ਰਕਿਰਿਆ ਦਾ ਨਤੀਜਾ ਸਨ, ਇਸ ਲਈ ਆਪਣੇ ਮਨੁੱਖਤਾਵਾਦ ਵਿੱਚ, ਕਿਤੇ ਬਹੁਤ ਜਿਆਦਾ ਸੰਗਤ ਵਿੱਚ ਸਨ। 

ਭਾਂਵੇ ਮਨੁੱਖਤਾਵਾਦ ਦੀ ਪੂਰਵ-ਧਾਰਨਾ ਸਰਮਾਏਦਾਰੀ ਦੇ ਪ੍ਰਤੀਨਿਧੀਆਂ ਨੇ ਵੀ ਪੇਸ਼ ਕੀਤੀ ਹੈ ਅਤੇ ਇਸ ਮਾਮਲੇ ਵਿੱਚ ਮਾਰਕਸਵਾਦ ਦੇ ਮਨੁੱਖਤਾਵਾਦੀ ਸੰਕਲਪ ਨਾਲ਼ ਕਿਤੇ ਨਾ ਕਿਤੇ ਉਹ ਵੀ ਮਿਲ਼ਦੀ ਜੁਲ਼ਦੀ ਹੈ, ਪਰ ਮਨੁੱਖਤਾਵਾਦ ਦਾ ਮਾਰਕਸਵਾਦੀ ਸੰਕਲਪ ਉਨ੍ਹਾਂ ਤੋਂ ਵਧੀਆ ਇਸ ਲਈ ਹੈ ਕਿ ਇਹ ਪਦਾਰਥਵਾਦ ਨੂੰ ਮਨੁੱਖਤਾਵਾਦ ਦਾ ਅਧਾਰ ਬਣਾਉਂਦਾ ਹੈ। ਪਹਿਲਾਂ ਦੇ ਵਿਚਾਰਵਾਦੀ ਵਿਚਾਰਕਾਂ ਨੇ ਵੀ ਮਨੁੱਖਤਾਵਾਦ ਦੇ ਨਾਂ ‘ਤੇ ਉਨ੍ਹਾਂ ਸਿਆਸੀ, ਸਮਾਜਕ ਅਤੇ ਪਦਾਰਥਕ ਪ੍ਰਵਿਰਤੀਆਂ ਖਿਲਾਫ਼ ਕਾਫੀ ਘੋਲ਼ ਕੀਤਾ ਜਿਨ੍ਹਾਂ ਖਿਲਾਫ਼ ਖੁਦ ਮਾਰਕਸ ਅਤੇ ਏਂਗਲਜ਼ ਘੋਲ਼ ਕੀਤਾ ਸੀ। ਪਰ ਸਿਰਫ਼ ਪਦਾਰਥਵਾਦੀ ਨਜ਼ਰੀਏ ਨੇ ਹੀ ਸਾਨੂੰ ਇਹ ਸਮਝਣ ਦੀ ਕੁੰਜ਼ੀ ਦਿੱਤੀ ਕਿ ਮਨੁੱਖੀ ਪਛਾਣ ਦੇ ਖਿੰਡਾਅ ਅਤੇ ਕਰੂਪਣ ਰਾਹੀਂ ਮਨੁੱਖਤਾਵਾਦ ਦੀ ਤਬਾਹੀ ਸਮਾਜ ਦੇ ਪਦਾਰਥਕ ਅਤੇ ਆਰਥਕ ਢਾਂਚੇ ਦਾ ਲਾਜ਼ਮੀ ਨਤੀਜਾ ਹੈ। ਜਮਾਤੀ ਸਮਾਜਾਂ ਦੀ ਕਿਰਤ ਵੰਡ ਸ਼ਹਿਰ ਤੋਂ ਪੇਂਡੂ ਖੇਤਰ ਦਾ, ਅਤੇ ਸਰੀਰਕ ਕਿਰਤ ਤੋਂ ਮਾਨਸਿਕ ਕਿਰਤ ਦੇ ਵਖਰੇਵੇਂ, ਮਨੁੱਖ ਦੁਆਰਾ ਮਨੁੱਖ ਦੀ ਲੁੱਟ ਅਤੇ ਜ਼ਬਰ, ਸਰਮਾਏਦਾਰਾ ਪੈਦਾਵਾਰ ਦਾ ਵਿਸ਼ੇਸ਼ੀਕਰਨ (ਵਿਅਕਤੀ ਦੇ ਖਿੰਡਾਅ ਦਾ ਇੱਕ ਪ੍ਰਮੱਖ ਤੱਤ) ਇਹ ਸਭ ਪਦਾਰਥਕ ਅਤੇ ਆਰਥਿਕ ਪ੍ਰਕਿਰਿਆਵਾਂ ਹਨ।

ਇਨ੍ਹਾਂ ਤੱਤਾਂ ਦੇ ਸੱਭਿਆਚਾਰਕ ਅਤੇ ਕਲਾਤਮਕ ਪ੍ਰਭਾਵਾਂ ਬਾਰੇ ਵਿਚਾਰਵਾਦੀ ਵਿਚਾਰਕਾਂ ਨੇ ਕਾਫੀ ਅੰਤਰਦ੍ਰਿਸ਼ਟੀ ਅਤੇ ਬੋਧ ਦੇ ਨਾਲ਼ ਅਤੇ ਸ਼ੋਕ ਅਤੇ ਵਿਅੰਗ ਦੇ ਸੁਰਾਂ ਵਿੱਚ ਲਿਖਿਆ ਹੈ। ਪਰ ਆਪਣੀ ਪਦਾਰਥਵਾਦੀ ਦ੍ਰਿਸ਼ਟੀ ਸਹਾਰੇ ਮਾਰਕਸ ਅਤੇ ਏਂਗਲਜ਼ ਉਨ੍ਹਾਂ ਦੇ ਮੂਲ ਕਾਰਣਾਂ ਦੀ ਖੋਜ ਕਰ ਸਕੇ ਅਤੇ ਜੜ੍ਹਾਂ ਦੀ ਛਾਣਬੀਣ ਕਰ ਸਕਣ ਕਾਰਨ ਜਮਾਤੀ ਸਮਾਜ ਦੇ ਵਿਕਾਸ ਅਤੇ ਹੋਂਦ ਵਿੱਚ ਸ਼ਾਮਲ ਇਸ ਮਨੁੱਖ ਵਿਰੋਧੀ ਪ੍ਰਵਿਰਤੀ ਦੀ ਵਿਅੰਗਾਤਮਕ ਅਲੋਚਨਾ ਅਤੇ ਕਿਸੇ ਕਾਲਪਨਿਕ ਚੰਗੇ ਅਤੀਤ ਪ੍ਰਤੀ ਯਾਦ ਮੋਹ ਦੇ ਭਾਵ ਤੋਂ ਪਾਰ ਅਤੇ ਅੱਗੇ ਜਾ ਸਕੇ। ਉਹ ਵਿਗਿਆਨਕ ਢੰਗ ਨਾਲ਼ ਇਹ ਸਾਬਤ ਕਰ ਸਕੇ ਕਿ ਆਖਰ ਸਮੁੱਚੀ ਪ੍ਰਕਿਰਿਆ ਕਿੱਥੋਂ ਪੈਦਾ ਹੁੰਦੀ ਹੈ ਅਤੇ ਕਿਸ ਦਿਸ਼ਾ ਵੱਲ ਅੱਗੇ ਵਧ ਰਹੀ ਹੈ, ਅਤੇ ਕਿਸ ਤਰ੍ਹਾਂ ਅਸਲੀ ਜੀਵਨ ਵਿੱਚ, ਅਸਲੀ ਮਨੁੱਖਾਂ ਦੇ ਸਬੰਧ ਵਿੱਚ, ਪ੍ਰਭਾਵਸ਼ਾਲੀ ਢੰਗ ਨਾਲ਼ ਇਸ ਮਨੁੱਖੀ ਪਛਾਣ ਦੀ ਹਿਫ਼ਾਜਤ ਕੀਤੀ ਜਾ ਸਕਦੀ ਹੈ। ਉਨ੍ਹਾਂ ਭੌਤਿਕ ਅਧਾਰਾਂ ਨੂੰ ਕਿਸ ਤਰ੍ਹਾਂ ਬਦਲਿਆ ਜਾਵੇ ਜਿਹੜੇ ਮਨੁੱਖ ਨੂੰ ਅਪੰਗ ਬਣਾਉਂਦੇ ਅਤੇ ਵਿਗਾੜਦੇ ਹਨ। ਅਤੇ ਕਿਸ ਤਰ੍ਹਾਂ ਇਸ ਸਮਾਜਕ ਅਤੇ ਸਿਆਸੀ ਚੇਤਨਾ ਦੇ ਵਾਹਕਾਂ ਦੇ ਰੂਪ ਵਿੱਚ ਇਨਕਲਾਬੀ ਪ੍ਰੋਲੇਤਾਰੀ ਨੂੰ ਚੇਤਨ ਅਤੇ ਸਰਗਰਮ ਕੀਤਾ ਜਾ ਸਕੇ ਤਾਂ ਕਿ ਨਾ ਸਿਰਫ਼ ਸਮਾਜਕ, ਸਿਆਸੀ, ਬੋਧਿਕ, ਨੈਤਿਕ ਅਤੇ ਕਲਾਤਮਕ ਪ੍ਰਾਪਤੀਆਂ ਦੀ ਹਿਫ਼ਾਜਤ ਲਈ ਸਗੋਂ ਉਨ੍ਹਾਂ ਨੂੰ ਅਤੇ ਨਵੀਆਂ ਅਤੇ ਅਣਛੋਹੀਆਂ ਸਿਖਰਾਂ ਤੱਕ ਪਹੁੰਚਣ ਲਈ ਵੀ, ਪਦਾਰਥਕ ਅਧਾਰਾਂ ਦੀ ਰਚਨਾ ਕੀਤੀ ਜਾ ਸਕੇ।

ਇਹ ਬੁਨਿਆਦੀ ਬਾਹਰਮੁੱਖਤਾ ਮਾਰਕਸ ਦੇ ਚਿੰਤਨ ਦਾ ਸਾਰ ਹੈ। ਉਨ੍ਹਾਂ ਨੇ ਇੱਕ ਵਾਰ ਸਰਮਾਏਦਾਰੀ ਸਮਾਜ ਤਹਿਤ ਅਤੇ ਸਮਾਜਵਾਦੀ ਸਮਾਜ ਤਹਿਤ ਰਹਿਣ ਵਾਲ਼ੇ ਮਨੁੱਖਾਂ ਦੀ ਤੁਲਨਾ ਇੰਝ ਕੀਤੀ ਸੀ – ”ਸਾਰੀਆਂ ਪਦਾਰਥਕ ਅਤੇ ਬੋਧਿਕ ਸੰਵੇਦਨਾਵਾਂ ਤੋਂ ਵਿਹੂਣੇ ਕਰਨ ਤੋਂ ਬਾਅਦ, ਇੰਦਰੀਆਂ ਦੀ ਬੇਗਾਨਗੀ ਹੀ ਜਾਂ ਮਾਲਕੀ ਦੀ ਸੰਵੇਦਨਾ ਹੀ ਰਹਿ ਜਾਂਦੀ ਹੈ। ਇਸ ਤੋਂ ਪਹਿਲਾਂ ਕਿ ਮਨੁੱਖ ਆਪਣੇ ਅੰਦਰ ਚੋਂ ਇੱਕ ਨਵੀਂ ਵਿਅਕਤੀਗਤ ਅਮੀਰੀ ਦੀ ਫਿਰ ਤੋਂ ਉਸਾਰੀ ਕਰ ਸਕਦਾ, ਉਸ ਨੂੰ ਇਸ ਚਰਮ ਕੰਗਾਲੀ ਦੀ ਹਾਲਤ ਵਿੱਚ ਡਿੱਗਣਾ ਹੀ ਸੀ…।”

ਇਸ ਤਰ੍ਹਾਂ ਨਿੱਜੀ ਸੰਪਤੀ ਦਾ ਅੰਤ ਮਨੁੱਖ ਦੀਆਂ ਸਮੁੱਚੀਆਂ ਸੰਵੇਦਨਾਵਾਂ ਅਤੇ ਗੁਣਾਂ ਦੀ ਪੂਰਣ ਮੁਕਤੀ ਦੀ ਪ੍ਰਤੀਨਿਧਤਾ ਕਰਦਾ ਹੈ। ਅਸਲ ਵਿੱਚ – ਇਸ ਮੁਕਤੀ ਦੇ ਰਾਹੀਂ ਇਹ ਸੰਵੇਦਨਾਵਾਂ ਅਤੇ ਗੁਣ ਅੰਤਰਮੁਖੀ ਅਤੇ ਬਾਹਰਮੁਖੀ ਦੋਵਾਂ ਰੂਪਾਂ ਵਿੱਚ ਮਨੁੱਖੀ ਬਣਦੇ ਹਨ।

ਸਮਾਜਵਾਦੀ ਮਨੁੱਖਤਾਵਾਦ ਮਾਰਕਸਵਾਦੀ ਸੁਹਜ ਸ਼ਾਸਤਰ ਅਤੇ ਇਤਿਹਾਸ ਦੇ ਪਦਾਰਥਵਾਦੀ ਸੰਕਲਪ ਦਾ ਕੇਂਦਰੀ ਤੱਤ ਹੈ। ਉਨ੍ਹਾਂ ਸਰਮਾਏਦਾਰੀ ਭਰਮਾਂ ਦੇ ਉਲ਼ਟ ਜਿਨ੍ਹਾਂ ਨੂੰ ਉਜੱਡ ਮਾਰਕਸਵਾਦ ਦੀ ਇਤਿਹਾਸ ਦੇ ਗੈਰ ਦਵੰਦਵਾਦੀ ਅਤੇ ਰੂੜੀਵਾਦੀ ਧਾਰਨਾ ਤੋਂ ਤਾਕਤ ਮਿਲ਼ੀ ਹੈ, ਸਰਵਵਿਆਪਕਤਾ ਦੀ ਬੁਨਿਆਦੀ ਵਿਆਖਿਆ ਕਰਨ ਵਾਲ਼ਾ ਇਹ ਪਦਾਰਥਵਾਦੀ ਸੰਕਲਪ, ਫੁੱਲਾਂ ਦੇ ਸੁਹਜ ਨੂੰ ਨਕਾਰਦਾ ਨਹੀਂ। ਇਸ ਦੇ ਉਲ਼ਟ, ਇਤਿਹਾਸ ਦਾ ਪਦਾਰਥਵਾਦੀ ਸੰਕਲਪ ਅਤੇ ਮਾਰਕਸਵਾਦੀ ਸੁਹਜ ਸ਼ਾਸਤਰ ਹੀ ਜੜ੍ਹਾਂ ਅਤੇ ਫੁੱਲਾਂ ਦੀ ਏਕਤਾ ਅਤੇ ਜੈਵਿਕ ਸਬੰਧਾਂ ਨੂੰ ਸਮਝਣ ਦੀ ਕੁੰਜ਼ੀ ਪ੍ਰਦਾਨ ਕਰਦੇ ਹਨ।

ਦੂਜੇ ਪਾਸੇ ਕਿਉਂ ਕਿ ਇਤਿਹਾਸਕ ਪਦਾਰਥਵਾਦ ਜਮਾਤੀ ਸਮਾਜ ਦੇ ਵਿਗਾੜ ਚੋਂ ਮਨੁੱਖਤਾ ਦੀ ਅਸਲੀ ਅਤੇ ਸਿਖ਼ਰਲੀ ਮੁਕਤੀ, ਸਿਰਫ਼ ਸਮਾਜਵਾਦ ਵਿੱਚ ਸੰਭਵ ਮੰਨਦਾ ਹੈ, ਇਸ ਲਈ ਸਾਨੂੰ ਮਾਰਕਸਵਾਦ ਨੂੰ ਵਿਗੜੇ ਅਤੇ ਸਰਲੀਕ੍ਰਿਤ ਢੰਗ ਨਾਲ਼ ਪੇਸ਼ ਕਰਨ ਵਾਲ਼ਿਆਂ ਦੀ ਤਰ੍ਹਾਂ ਜਮਾਤੀ ਸਮਾਜਾਂ ਦੇ ਸੱਭਿਆਚਾਰ ਵੱਲ ਇੱਕ ਮੂੜ੍ਹ ਗੈਰ ਦਵੰਦਵਾਦੀ ਅਤੇ ਮਸ਼ੀਨੀ ਵਿਰੋਧ ਜਾਂ ਨਿਖੇਧ ਦੀ ਭਾਵਨਾ ਜਾਂ ਉਨ੍ਹਾਂ ਦੀਆਂ ਵੱਖ ਵੱਖ ਸੱਭਿਆਚਾਰਕ ਪ੍ਰਾਪਤੀਆਂ ਅਤੇ ਉਨ੍ਹਾਂ ਦੇ ਸੱਭਿਆਚਾਰਕ ਅਤੇ ਕਲਾਤਮਕ ਪ੍ਰਭਾਵਾਂ ਵੱਲ ਉਦਾਸੀਨਤਾ ਦਾ ਭਾਵ ਨਹੀਂ ਰੱਖਣਾ ਚਾਹੀਦਾ। ਭਾਵੇਂ ਮਨੁੱਖ ਦਾ ਅਸਲੀ ਇਤਿਹਾਸ ਸਮਾਜਵਾਦ ਦੇ ਨਾਲ਼ ਹੀ ਸ਼ੁਰੂ ਹੋਵੇਗਾ, ਪਰ ਪੂਰਵ ਇਤਿਹਾਸਕ ਦੌਰ ਸਮਾਜਵਾਦ ਦੀ ਉਸਾਰੀ ਦੇ ਤੱਤ ਪ੍ਰਦਾਨ ਕਰਦੇ ਹਨ ਅਤੇ ਇਸ ਵਿਕਾਸ ਦੇ ਵੱਖ ਵੱਖ ਪੜਾਵਾਂ ਵੱਲ ਸਮਾਜਵਾਦੀ ਮਨੁੱਖਤਾਵਾਦ ਦੇ ਪ੍ਰਤੀਨਿਧੀ ਦਾਅਵੇਦਾਰ ਉਦਾਸੀਨ ਨਹੀਂ ਰਹਿ ਸਕਦੇ, ਨਾ ਤਾਂ ਮਾਰਕਸਵਾਦੀ ਸੁਹਜਸ਼ਾਸਤਰ ਹੀ ਇਸ ਵੱਲ ਇਹ ਰਵੱਈਆ ਅਪਣਾ ਸਕਦਾ ਹੈ।

ਸਮਾਜਵਾਦੀ ਮਨੁੱਖਤਾਵਾਦ ਇਤਿਹਾਸਕ ਅਤੇ ਸ਼ੁੱਧ ਰੂਪ ਵਿੱਚ ਕਲਾਤਮਕ ਗਿਆਨ ਨੂੰ ਮਾਰਕਸਵਾਦੀ ਸੁਹਜ ਸ਼ਾਸਤਰ ਨਾਲ਼ ਜੋੜ ਦਿੰਦਾ ਹੈ ਅਤੇ ਇਹ ਸੁਹਜਸ਼ਾਸਤਰ ਇਤਿਹਾਸਕ ਅਤੇ ਸੁਹਜਪਰਕ ਮੁੱਲੰਕਣ ਦਾ ਲਗਾਤਾਰ ਸਮਾਗਮ ਬਣ ਜਾਂਦਾ ਹੈ। ਮਾਰਕਸਵਾਦੀ ਸੁਹਜ ਸ਼ਾਸਤਰ ਉਸ ਸੁਆਲ ਦਾ ਹੱਲ ਲੱਭ ਲੈਂਦਾ ਹੈ, ਜਿਸ ਨਾਲ਼ ਮਹਾਨ ਲੋਕ ਇੱਕ ਅਰਸੇ ਤੱਕ ਉਲਝਦੇ ਰਹੇ ਹਨ (ਅਤੇ ਜਿਹੜਾ ਸੁਆਲ ਛੋਟੇ ਲੋਕਾਂ ਦੀ ਸਮਝ ਵਿੱਚ ਇਸ ਲਈ ਨਹੀਂ ਆਉਂਦਾ ਸੀ ਕਿ ਉਹ ਛੋਟੇ ਲੋਕ ਸਨ)। ਇਹ ਸੁਆਲ ਹੈ, ਕਿਸੇ ਕਲਾਕ੍ਰਿਤ ਦੇ ਸਥਾਈ ਸੁਹਜ ਮੁੱਲ ਨੂੰ ਉਸ ਇਤਿਹਾਸਕ ਪ੍ਰਕਿਰਿਆ ਦਾ ਅੰਗ ਬਣਾਉਣਾ ਜਿਸ ਨਾਲ਼ ਉਹ ਕ੍ਰਿਤ ਆਪਣੀ ਪੂਰਣਤਾ ਅਤੇ ਸੁਹਜ ਮੁੱਲ ਵਿੱਚ ਵੀ ਅਸਲ ਵਿੱਚ ਅਵੰਡ ਹੁੰਦੀ ਹੈ। 

-ਅਨੁਵਾਦ : ਕੁਲਵਿੰਦਰ

“ਪ੍ਰਤੀਬੱਧ”, ਅੰਕ 17, ਨਵੰਬਰ 2012 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s