ਪਹਿਲਾ ਸਮਾਜਵਾਦੀ ਰਾਜ -ਜਾਰਜ ਥਾਮਸਨ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

 (ਬੀਤੇ ਦੇ ਸਾਰੇ ਸਮਾਜ ਦਾ ਇਤਿਹਾਸ ਜਮਾਤੀ ਵਿਰੋਧਾਂ ਦੇ ਵਿਕਸਤ ਹੋਣ ਵਿੱਚ ਪਿਆ ਹੈ, ਵਿਰੋਧ ਜਿਹਨਾਂ ਨੇ ਅਲੱਗ-ਅਲੱਗ ਦੌਰਾਂ ‘ਚ ਅਲੱਗ-ਅਲੱਗ ਰੂਪ ਧਾਰਿਆ। ਪ੍ਰੰਤੂ ਉਹਨਾਂ ਨੇ ਜੋ ਵੀ ਰੂਪ ਧਾਰਿਆ ਹੋਵੇ, ਇੱਕ ਚੀਜ਼ ਜੋ ਬੀਤੇ ਦੇ ਸਾਰੇ ਦੌਰਾਂ ‘ਚ ਇੱਕਸਮਾਨ ਰੂਪ ‘ਚ ਮੌਜੂਦ ਰਹੀ ਹੈ ਉਹ ਹੈ ਸਮਾਜ ਦੇ ਇੱਕ ਹਿੱਸੇ ਵੱਲੋਂ ਦੂਜੇ ਹਿੱਸੇ ਦੀ ਲੁੱਟ।
– ਕਮਿਊਨਿਸਟ ਮੈਨੀਫੈਸਟੋ)

1. ਪ੍ਰੋਲੇਤਾਰੀ ਇਨਕਲਾਬ

ਬੁਰਜੂਆ ਅਤੇ ਪ੍ਰੋਲੇਤਾਰੀ ਇਨਕਲਾਬ ਵਿਚਾਲੇ ਫ਼ਰਕ ਬਾਰੇ ਲੈਨਿਨ ਦੇ ਵਿਸ਼ਲੇਸ਼ਣ ਦਾ ਨਿਚੋੜ ਪੇਸ਼ ਕਰਦੇ ਹੋਏ ਸਤਾਲਿਨ ਲਿਖਦੇ ਹਨ:

ਪ੍ਰੋਲੇਤਾਰੀ ਇਨਕਲਾਬ ਅਤੇ ਬੁਰਜੂਆ ਇਨਕਲਾਬ ਵਿਚਾਲੇ ਫ਼ਰਕਾਂ ਨੂੰ ਪੰਜ ਨੁਕਤਿਆਂ ਅੰਦਰ ਸਮੇਟਿਆ ਜਾ ਸਕਦਾ ਹੈ।

1. ਬੁਰਜੂਆ ਇਨਕਲਾਬ ਆਮ ਤੌਰ ‘ਤੇ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਸਰਮਾਏਦਾਰਾ ਢਾਂਚੇ ਦੇ ਵਿਕਸਤ ਰੂਪ ਵੱਧ ਜਾਂ ਘੱਟ ‘ਚ ਹੋਂਦ ‘ਚ ਆ ਜਾਂਦੇ ਹਨ, ਰੂਪ ਜਿਹੜੇ ਖੁੱਲ੍ਹੇ ਇਨਕਲਾਬ ਤੋਂ ਪਹਿਲਾਂ ਜਗੀਰੂ ਢਾਂਚੇ ਦੇ ਗਰਭ ‘ਚ ਪਹਿਲਾਂ ਹੀ ਵਿਕਸਤ ਅਤੇ ਪੱਕ ਚੁੱਕੇ ਹੁੰਦੇ ਹਨ; ਪ੍ਰੰਤੂ ਪ੍ਰੋਲੇਤਾਰੀ ਇਨਕਲਾਬ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਅਜੇ ਸਮਾਜਵਾਦੀ ਢਾਂਚੇ ਦੇ ਵਿਕਸਤ ਰੂਪ ਗੈਰ-ਹਾਜ਼ਰ ਜਾਂ ਲੱਗਭੱਗ ਗੈਰ-ਹਾਜ਼ਰ ਹੁੰਦੇ ਹਨ।

2. ਬੁਰਜੂਆ ਇਨਕਲਾਬ ਦਾ ਮੁੱਖ ਟੀਚਾ ਰਾਜਸੱਤ੍ਹਾ ‘ਤੇ ਕਬਜ਼ਾ ਕਰਨਾ ਅਤੇ ਇਸਦਾ ਪਹਿਲਾਂ ਹੀ ਮੌਜੂਦ ਬੁਰਜੂਆ ਅਰਥਚਾਰੇ ਨਾਲ਼ ਮੇਲ ਬਿਠਾਉਣਾ ਹੁੰਦਾ ਹੈ ਜਦਕਿ ਪ੍ਰੋਲੇਤਾਰੀ ਇਨਕਲਾਬ ਦਾ ਟੀਚਾ ਸਮਾਜਵਾਦੀ ਅਰਥਚਾਰੇ ਦੀ ਉਸਾਰੀ ਲਈ ਰਾਜਸੱਤ੍ਹਾ ‘ਤੇ ਕਬਜ਼ਾ ਕਰਨਾ ਹੁੰਦਾ ਹੈ।

3. ਬੁਰਜੂਆ ਇਨਕਲਾਬ ਰਾਜਸੱਤ੍ਹਾ ‘ਤੇ ਕਬਜ਼ੇ ਨਾਲ਼ ਨੇਪਰੇ ਚੜ੍ਹ ਜਾਂਦਾ ਹੈ ਪ੍ਰੰਤੂ ਪ੍ਰੋਲੇਤਾਰੀ ਇਨਕਲਾਬ ਵਿੱਚ ਰਾਜਸੱਤ੍ਹਾ ‘ਤੇ ਕਬਜ਼ੇ ਦੀ ਸ਼ੁਰੂਆਤ ਹੁੰਦੀ ਹੈ ਅਤੇ ਰਾਜਸੱਤ੍ਹਾ ਦੀ ਪੁਰਾਣੇ ਅਰਥਚਾਰੇ ਨੂੰ ਬਦਲਣ ਅਤੇ ਨਵੇਂ ਦੀ ਉਸਾਰੀ ਕਰਨ ਲਈ ਇੱਕ ਲੀਵਰ ਵਜੋਂ ਵਰਤੋਂ ਕੀਤੀ ਜਾਂਦੀ ਹੈ।

4. ਬੁਰਜੂਆ ਇਨਕਲਾਬ ਖੁਦ ਨੂੰ ਰਾਜਸੱਤ੍ਹਾ ਵਿੱਚ ਲੋਟੂਆਂ ਦੇ ਇੱਕ ਧੜੇ ਦੀ ਜਗ੍ਹਾ ਦੂਜੇ ਧੜੇ ਨੂੰ ਬੈਠਾ ਦੇਣ ਤੱਕ ਸੀਮਤ ਰੱਖਦਾ ਹੈ, ਅਤੇ ਇਸ ਲਈ ਇਸਨੂੰ ਪੁਰਾਣੀ ਰਾਜ ਮਸ਼ੀਨਰੀ ਤੋਂ ਤੋੜ-ਵਿਛੋੜਾ ਕਰਨ ਦੀ ਜ਼ਰੂਰਤ ਨਹੀਂ ਹੁੰਦੀ; ਜਦਕਿ ਪ੍ਰੋਲੇਤਾਰੀ ਇਨਕਲਾਬ ਰਾਜਸੱਤ੍ਹਾ ‘ਚੋਂ ਸਾਰੇ ਲੋਟੂ ਧੜਿਆਂ ਨੂੰ ਪਾਸੇ ਧੱਕ ਦਿੰਦਾ ਹੈ ਅਤੇ ਰਾਜਸੱਤ੍ਹਾ ਸਾਰੇ ਕਿਰਤੀ ਤੇ ਲੁੱਟੇ ਜਾ ਰਹੇ ਲੋਕਾਂ ਦੇ ਆਗੂ, ਪ੍ਰੋਲੇਤਾਰੀ ਜਮਾਤ ਨੂੰ ਸੋਂਪ ਦਿੰਦਾ ਹੈ, ਇਸ ਕਰਕੇ ਇਸਦਾ ਪੁਰਾਣੀ ਰਾਜ ਮਸ਼ੀਨਰੀ ਨੂੰ ਤੋੜੇ ਅਤੇ ਨਵੀਂ ਖੜੀ ਕਰੇ ਬਿਨਾਂ ਗੁਜ਼ਾਰਾ ਨਹੀਂ ਹੁੰਦਾ।

5. ਬੁਰਜੂਆ ਇਨਕਲਾਬ ਕਿਰਤੀ ਤੇ ਲੁੱਟੇ ਜਾ ਰਹੇ ਲੱਖਾਂ-ਕਰੋੜਾਂ ਲੋਕਾਂ ਨੂੰ ਲੰਮੇ ਸਮੇਂ ਲਈ ਲਾਮਬੰਦ ਨਹੀਂ ਕਰ ਸਕਦਾ ਬਿਲਕੁਲ ਇਸੇ ਕਾਰਨ ਕਿ ਉਹ ਕਿਰਤੀ ਤੇ ਲੁੱਟੇ ਜਾ ਰਹੇ ਲੋਕ ਹਨ; ਪ੍ਰੰਤੂ ਪ੍ਰੋਲੇਤਾਰੀ ਇਨਕਲਾਬ ਉਹਨਾਂ ਕਿਰਤੀਆਂ ਤੇ ਲੁੱਟੇ ਜਾ ਰਹੇ ਲੋਕਾਂ ਨੂੰ ਪ੍ਰੋਲੇਤਾਰੀ ਨਾਲ਼ ਸਾਂਝੇ ਮੋਰਚੇ ਹੇਠ ਇਕੱਠੇ ਕਰ ਸਕਦਾ ਹੈ ਤੇ ਉਸਨੂੰ ਅਜਿਹਾ ਕਰਨਾ ਚਾਹੀਦਾ ਹੈ ਜੇ ਉਸਨੇ ਰਾਜਸੱਤ੍ਹਾ ‘ਤੇ ਕਬਜ਼ੇ ਨੂੰ ਪੱਕਿਆਂ ਕਰਨ ਅਤੇ ਨਵੇਂ ਸਮਾਜਵਾਦੀ ਅਰਥਚਾਰੇ ਦੀ ਉਸਾਰੀ ਦੇ ਆਪਣੇ ਮੁੱਖ ਕਾਰਜ ਨੂੰ ਨੇਪਰੇ ਚਾੜ੍ਹਨਾ ਹੈ। (ਸਤਾਲਿਨ, ਸਮੁੱਚੀਆਂ ਲਿਖਤਾਂ ਸੈਂਚੀ 8, ਸਫ਼ਾ 22; ਵਿਸਥਾਰ ਲਈ ਦੇਖੋ – ਲੈਨਿਨ, ਸਮੁੱਚੀਆਂ ਲਿਖਤਾਂ ਸੈਂਚੀ 27, ਸਫ਼ਾ 89)

ਇਸ ਤਰ੍ਹਾਂ, ਬੁਰਜੂਆਜੀ ਦਾ ਤਖਤਾ ਪਲਟ ਕਰਨ ਤੋਂ ਬਾਅਦ ਪ੍ਰੋਲੇਤਾਰੀ ਦੇ ਸਾਹਮਣੇ ਇੱਕ ਨਵਾਂ ਸਮਾਜਕ ਢਾਂਚਾ ਖੜਾ ਕਰਨ ਦਾ ਕਾਰਜ ਆ ਜਾਂਦਾ ਹੈ ਜਿਹੜਾ ਨਾ ਸਿਰਫ਼ ਸਰਮਾਏਦਾਰਾ ਢਾਂਚੇ ਤੋਂ ਭਿੰਨ ਹੁੰਦਾ ਹੈ, ਸਗੋਂ ਪਹਿਲਾਂ ਦੇ ਸਾਰੇ ਸਮਾਜਾਂ ਤੋਂ ਭਿੰਨ ਹੁੰਦਾ ਹੈ ਕਿਉਂਕਿ ਇਹ ਲੁੱਟ ਨੂੰ ਖਤਮ ਕਰ ਦਿੰਦਾ ਹੈ। ਇਸਦਾ ਮਤਲਬ ਇਹ ਹੈ ਕਿ ਪ੍ਰੋਲੇਤਾਰੀ ਇਨਕਲਾਬ ਜ਼ਿਆਦਾ ਵਿਆਪਕ ਬਦਲਾਅ ਲਿਆਉਂਦਾ ਹੈ, ਅਤੇ ਇਸ ਲਈ ਪਹਿਲੇ ਇਨਕਲਾਬਾਂ ਨਾਲ਼ੋਂ ਜ਼ਿਆਦਾ ਵੱਡੀਆਂ ਔਖਿਆਈਆਂ ਵਿੱਚੋਂ ਲੰਘਦਾ ਹੈ।

ਇਹ ਔਖਿਆਈਆਂ ਜਿਹੜੀਆਂ ਪ੍ਰੋਲੇਤਾਰੀ ਇਨਕਲਾਬ ‘ਚ ਵਜੂਦ-ਸਮੋਈਆਂ ਹਨ, ਅਕਤੂਬਰ ਇਨਕਲਾਬ ਦੇ ਸਮੇਂ ਹੋਰ ਵੀ ਵਧੇਰੇ ਸਨ ਕਿਉਂਕਿ ਉਹ ਅਜਿਹਾ ਪਹਿਲਾ ਇਨਕਲਾਬ ਸੀ। ਰਾਜਸੱਤ੍ਹਾ ‘ਤੇ ਕਬਜ਼ਾ ਕਰਨ ਅਤੇ ਲੜਾਈ ਦੇ ਦੌਰਾਨ ਹੀ ਖੜੀ ਕੀਤੀ ਗਈ ਲਾਲ ਫੌਜ਼ ਰਾਹੀਂ ਅੰਦਰੂਨੀ ਤੇ ਬਾਹਰੀ ਦੁਸ਼ਮਣਾਂ ਨੂੰ ਹਰਾਉਣ ਤੋਂ ਬਾਅਦ ਰੂਸੀ ਮਜ਼ਦੂਰ ਅਤੇ ਕਿਸਾਨ ਸਮਾਜਵਾਦ ਦੀ ਉਸਾਰੀ ਲਈ ਅੱਗੇ ਵਧੇ ਤਾਂ ਉਹਨਾਂ ਕੋਲ ਇਸਦਾ ਪਹਿਲਾਂ ਕੋਈ ਵੀ ਤਜ਼ਰਬਾ ਨਹੀਂ ਸੀ ਜਿਸ ਤੋਂ ਉਹ ਕੁਝ ਸਿੱਖ ਸਕਣ, ਮਦਦ ਕਰਨ ਵਾਲ਼ਾ ਕੋਈ ਵੀ ਮਿੱਤਰ ਰਾਜ ਨਹੀਂ ਸੀ, ਵਿਦੇਸ਼ਾਂ ਵਿੱਚ ਸਾਬੋਤਾਜ ਨੇ ਪ੍ਰੇਸ਼ਾਨ ਕਰ ਰੱਖਿਆ ਸੀ, ਅਤੇ ਨਵੀਂ ਫੌਜ਼ੀ ਦਖ਼ਲਅੰਦਾਜ਼ੀ ਦਾ ਖਤਰਾ ਉਹਦੇ ਸਾਹਮਣੇ ਖੜਾ ਸੀ।

ਰਾਜਸੱਤ੍ਹਾ ‘ਤੇ ਅਸਲ ਕਬਜ਼ਾ ਇੰਨਾ ਔਖਾ ਨਹੀਂ ਰਿਹਾ ਸੀ। ਅਜਿਹਾ ਜੰਗ ਕਾਰਨ ਪੈਦਾ ਹੋਈਆਂ ਖਾਸ ਸਿਆਸੀ ਹਾਲਤਾਂ ਸਨ। ਦੇਸ਼ ਅੰਦਰ, ਜ਼ਾਰਸ਼ਾਹੀ ਦੌਰ ਦਾ ਪਛੜਿਆ ਅਰਥਚਾਰਾ ਜੰਗ ਵਿੱਚ ਹਾਰ ਕਾਰਨ ਖਿੰਡ ਚੁੱਕਾ ਸੀ। ਦੇਸ਼ ਤੋਂ ਬਾਹਰ, ਸਾਮਰਾਜੀ ਤਾਕਤਾਂ ਮਾਰੂ ਲੜਾਈ ਵਿੱਚ ਇੱਕ-ਦੂਜੇ ਨਾਲ਼ ਉਲਝੀਆਂ ਹੋਈਆਂ ਸਨ ਤੇ ਕਿਸੇ ਕਿਸਮ ਦੀ ਦਖ਼ਲਅੰਦਾਜ਼ੀ ਕਰਨ ਦੀ ਹਾਲਤ ‘ਚ ਨਹੀਂ ਸਨ (ਲੈਨਿਨ, ਸਮੁੱਚੀਆਂ ਲਿਖਤਾਂ ਸੈਂਚੀ 27, ਸਫ਼ਾ 92, ਸਤਾਲਿਨ ਸਮੁੱਚੀਆਂ ਲਿਖਤਾ ਸੈਂਚੀ 6, ਸਫ਼ਾ 162); ਅਤੇ ਬਾਅਦ ਵਿੱਚ ਜਦੋਂ ਉਹਨਾਂ ਨੇ ਦਖ਼ਲ ਦਿੱਤਾ ਤਾਂ ਉਹਨਾਂ ਦੇ ਆਪਣੇ ਦੇਸ਼ਾਂ ‘ਚ ਮਜਦੂਰਾਂ ਦੇ ਵਿਰੋਧ ਨੇ ਇਸਨੂੰ ਮੱਠਾ ਪਾ ਦਿੱਤਾ ਜਿਵੇਂ ਕਿ ਹੰਗਰੀ ਤੇ ਜਰਮਨੀ ‘ਚ ਇਨਕਲਾਬੀ ਬਗਾਵਤਾਂ, ਬ੍ਰਿਟੇਨ ਤੇ ਫਰਾਂਸ ਵਿੱਚ ਬਾਲਸ਼ਵਿਕਾਂ ਦੇ ਹੱਕ ‘ਚ ਕਾਰਵਾਈਆਂ (ਲੈਨਿਨ, ਸਮੁੱਚੀਆਂ ਲਿਖਤਾਂ,  ਸੈਂਚੀ 30 ਸਫ਼ਾ 386, ਸੈਂਚੀ 33 ਸਫ਼ਾ 145, ਸਤਾਲਿਨ ਸਮੁੱਚੀਆਂ ਲਿਖਤਾਂ ਸੈਂਚੀ 6, ਸਫ਼ਾ 391)। ਇਹਨਾਂ ਸਿਆਸੀ ਕਾਰਨਾਂ ਕਰਕੇ ਇਨਕਲਾਬ ਦਾ ਬਚੇ ਰਹਿਣਾ ਸੰਭਵ ਹੋਇਆ। ਪਰ ਇਸ ਤੋਂ ਬਾਅਦ, ਜਦੋਂ ਇਨਕਲਾਬ ਰਾਜਸੱਤ੍ਹਾ ਲਈ ਕਬਜ਼ੇ ਦੇ ਸੰਘਰਸ਼ ਤੋਂ ਸਮਾਜਵਾਦੀ ਉਸਾਰੀ ਵੱਲ ਵਧਿਆ ਤਾਂ ਜ਼ਾਰਸ਼ਾਹੀ ਦਾ ਪਛੜੇਵਾਂ ਇੱਕ ਵੱਡੀ ਰੁਕਾਵਟ ਬਣ ਕੇ ਸਾਹਮਣੇ ਆਇਆ:

ਸਮਾਜਵਾਦੀ ਇਨਕਲਾਬ ਸ਼ੁਰੂ ਕਰਨ ਵਾਲ਼ਾ ਦੇਸ਼ ਇਤਿਹਾਸ ਦੇ ਮੋੜਾਂ-ਘੋੜਾਂ ਕਾਰਨ ਜਿੰਨਾ ਵਧੇਰੇ ਪਛੜਿਆ ਹੁੰਦਾ ਹੈ, ਓਨਾ ਹੀ ਵਧੇਰੇ ਉਸ ਲਈ ਪੁਰਾਣੇ ਸਰਮਾਏਦਾਰਾ ਸਬੰਧਾਂ ਤੋਂ ਸਮਾਜਵਾਦੀ ਸਬੰਧਾਂ ਵੱਲ ਤਬਦੀਲੀ ਔਖੀ ਹੁੰਦੀ ਹੈ। (ਲੈਨਿਨ, ਸਮੁੱਚੀਆਂ ਲਿਖਤਾਂ ਸੈਂਚੀ 27, ਸਫ਼ਾ 89)

ਪੱਛਮ ਵਿੱਚ ਇਸ ਤੋਂ ਉਲਟੀ ਹਾਲਤ ਸਾਹਮਣੇ ਆਈ। ਉੱਥੇ, ਅਜਾਰੇਦਾਰ ਸਰਮਾਏਦਾਰਾ ਸਮਾਜਿਕ-ਆਰਥਕ ਹਾਲਤਾਂ – ਵੱਡ-ਪੱਧਰੀ ਪੈਦਾਵਾਰ, ਮੁਕੰਮਲ ਸਾਖਰਤਾ ਅਤੇ ਕਿਰਤ ਦੀ ਮੁਹਾਰਤ ਦਾ ਤੇ ਟਰੇਡ-ਯੂਨੀਅਨ ਜਥੇਬੰਦੀ ਦਾ ਉੱਚਾ ਪੱਧਰ – ਸਮਾਜਵਾਦੀ ਉਸਾਰੀ ਲਈ ਵਧੇਰੇ ਸੁਖਾਵੀਆਂ ਸਨ; ਪ੍ਰੰਤੂ, ਉਸ ਸਮੇਂ ਮਜ਼ਦੂਰ ਸੁਧਾਰਵਾਦੀ ਭੁਲਾਂਦਰਿਆਂ ਦੇ ਸ਼ਿਕਾਰ ਸਨ ਜਿਸ ਕਾਰਨ ਸਿਆਸੀ ਹਾਲਤਾਂ ਮੌਜੂਦ ਨਹੀਂ ਸਨ। ਲੈਨਿਨ ਨੇ ਰੂਸ ਤੇ ਜਰਮਨੀ ਦੀ ਤੁਲਨਾ ਕਰਦੇ ਹੋਏ ਇਸ ਫ਼ਰਕ ਨੂੰ ਦਿਖਾਇਆ:

“ਆਧੁਨਿਕ ਵਿਗਿਆਨ ਦੀਆਂ ਤਾਜ਼ਾਤਰੀਨ ਖੋਜਾਂ ‘ਤੇ ਆਧਾਰਤ ਵੱਡ-ਪੱਧਰੀ ਸਰਮਾਏਦਾਰਾ ਇੰਜਨੀਅਰਿੰਗ ਤੋਂ ਬਿਨਾਂ ਸਮਾਜਵਾਦੀ ਉਸਾਰੀ ਦੀ ਕਲਪਨਾ ਕਰਨਾ ਅਸੰਭਵ ਹੈ…. ਉਸੇ ਸਮੇਂ ਹੀ ਸਮਾਜਵਾਦ ਦੀ ਕਲਪਨਾ ਕਰਨਾ ਉਸ ਸਮੇਂ ਤੱਕ ਅਸੰਭਵ ਹੈ ਜਦ ਤੱਕ ਪ੍ਰੋਲੇਤਾਰੀ ਸੱਤ੍ਹਾ ‘ਤੇ ਕਬਜ਼ਾ ਨਹੀਂ ਕਰ ਲੈਂਦਾ…. 1918 ਵਿੱਚ, ਸਮਾਜਵਾਦ ਲਈ ਆਰਥਕ, ਪੈਦਾਵਾਰੀ ਅਤੇ ਸਮਾਜਿਕ-ਆਰਥਕ ਹਾਲਤਾਂ ਸਭ ਤੋਂ ਵੱਧ ਜਰਮਨੀ ਤੇ ਰੂਸ ਵਿੱਚ ਪੱਕੀਆਂ ਹੋਈਆਂ ਸਨ, ਪਹਿਲੇ ਵਿੱਚ ਆਰਥਕ ਹਾਲਤਾਂ ਤੇ ਦੂਜੇ ਵਿੱਚ ਸਿਆਸੀ ਹਾਲਤਾਂ।” (ਲੈਨਿਨ, ਸਮੁੱਚੀਆਂ ਲਿਖਤਾਂ ਸੈਂਚੀ 32, ਸਫ਼ਾ 334)

ਇਸ ਤਰ੍ਹਾਂ ਲੈਨਿਨ ਨੇ ਇਹ ਦਲੀਲ ਦਿੱਤੀ ਕਿ ਪੱਛਮ ਵਿੱਚ ਇਨਕਲਾਬ ਆਉਣ ਲਈ ਰੂਸ ਨਾਲ਼ੋਂ ਜ਼ਿਆਦਾ ਸਮਾਂ ਲੱਗੇਗਾ ਪਰ ਇੱਕ ਵਾਰ ਜਦੋਂ ਇਹ ਆ ਜਾਵੇਗਾ ਤਾਂ ਘੱਟ ਔਖਿਆਈ ਭਰਿਆ ਹੋਵੇਗਾ; ਅਤੇ ਉਸੇ ਸਮੇਂ ਉਹਨਾਂ ਨੇ ਬਾਲਸ਼ਵਿਕਾਂ ਨੂੰ ਸਾਵਧਾਨ ਕੀਤਾ ਕਿ ਉਹ ਜਿਸ ਆਸਾਨੀ ਨਾਲ਼ ਸੱਤ੍ਹਾ ‘ਤੇ ਕਾਬਜ਼ ਹੋ ਗਏ ਹਨ, ਉਸਤੋਂ ਕਿਸੇ ਵੀ ਕਿਸਮ ਦੇ ਧੋਖੇ ਵਿੱਚ ਨਾ ਰਹਿਣ ਕਿਉਂਕਿ ਸਭ ਤੋਂ ਵੱਡੀ ਔਖਿਆਈ ਤਾਂ ਅੱਗੇ ਖੜੀ ਹੈ:

“ਜਿਸ ਕਿਸੇ ਨੇ ਵੀ ਯੂਰਪ ਵਿੱਚ ਸਮਾਜਵਾਦੀ ਇਨਕਲਾਬ ਦੀਆਂ ਪੂਰਵ-ਸ਼ਰਤਾਂ ਬਾਰੇ ਧਿਆਨ ਨਾਲ਼ ਸੋਚਿਆ ਹੋਵੇਗਾ, ਉਸ ਨੂੰ ਇਹ ਸਾਫ਼ ਹੋਣਾ ਚਾਹੀਦਾ ਹੈ ਕਿ ਯੂਰਪ ਵਿੱਚ ਸ਼ੁਰੂਆਤ ਕਰਨੀ ਬਹੁਤ ਔਖੀ ਹੋਵੇਗੀ ਜਦਕਿ ਸਾਡੇ ਲਈ ਇਹ ਕਿਤੇ ਜ਼ਿਆਦਾ ਆਸਾਨ ਸੀ; ਪ੍ਰੰਤੂ ਸਾਡੇ ਲਈ ਇਨਕਲਾਬ ਨੂੰ ਜ਼ਾਰੀ ਰੱਖਣਾ ਉੱਥੋਂ ਨਾਲ਼ੋਂ ਵਧੇਰੇ ਮੁਸ਼ਕਿਲ ਭਰਿਆ ਹੋਵੇਗਾ। ਇਸ ਬਾਹਰਮੁਖੀ ਹਾਲਤ ਨੇ ਸਾਨੂੰ ਇਤਿਹਾਸ ਵਿੱਚ ਇੱਕ ਹੈਰਾਨੀਜਨਕ ਰੂਪ ‘ਚ ਤਿੱਖਾ ਤੇ ਮੁਸ਼ਕਿਲ ਭਰਿਆ ਮੋੜ ਕੱਟਣ ਦਿੱਤਾ।” (ਲੈਨਿਨ, ਸਮੁੱਚੀਆਂ ਲਿਖਤਾਂ ਸੈਂਚੀ 27, ਸਫ਼ਾ 93)

ਇਸ ਲਈ, ਰੂਸੀ ਇਨਕਲਾਬ ਨੂੰ ਸਮੁੱਚੇ ਰੂਪ ‘ਚ ਦੇਖਦੇ ਹੋਏ ਉਹਨਾਂ ਨੇ ਨਿਚੋੜ ਕੱਢਿਆ:

“ਅਸੀਂ ਆਪਣਾ ਇਨਕਲਾਬ ਅਜਿਹੀਆਂ ਔਖੀਆਂ ਹਾਲਤਾਂ ‘ਚ ਸ਼ੁਰੂ ਕੀਤਾ ਜਿਹਨਾਂ ਦਾ ਸੰਸਾਰ ਵਿੱਚ ਕਿਸੇ ਮਜਦੂਰ ਇਨਕਲਾਬ ਨੂੰ ਸਾਹਮਣਾ ਨਹੀਂ ਕਰਨਾ ਪਏਗਾ।” (ਲੈਨਿਨ, ਸਮੁੱਚੀਆਂ ਲਿਖਤਾਂ ਸੈਂਚੀ 28, ਸਫ਼ਾ 137)

2. ਸਮਾਜਵਾਦੀ ਉਸਾਰੀ

ਘਰੇਲੂ ਜੰਗ ਦੇ ਖਤਮ ਹੋਣ ਸਮੇਂ ਦੇਸ਼ ਦੀ ਆਰਥਕ ਹਾਲਤ ਖੜੋਤ ਮਾਰੀ ਹਾਲਤ ‘ਚ ਸੀ ਅਤੇ ਮਜ਼ਦੂਰ-ਕਿਸਾਨ ਸਾਂਝਾ ਮੋਰਚਾ ਵੀ ਕਾਫ਼ੀ ਦਬਾਅ ਹੇਠ ਸੀ। ਲੈਨਿਨ ਦੀ ਨਵੀਂ ਆਰਥਕ ਨੀਤੀ ਨੇ ਹਾਲਤ ਨੂੰ ਸੰਭਾਲਿਆ, ਜਿਸ ਰਾਹੀਂ ਛੋਟੀ ਸੱਨਅਤ ਅਤੇ ਖੇਤੀ ਵਿੱਚ ਪ੍ਰਾਈਵੇਟ ਵਪਾਰ ਦੇ ਅਧਾਰ ‘ਤੇ ਪੈਦਾਵਾਰ ਨੂੰ ਮੁੜ ਪੈਰਾਂ ਸਿਰ ਕੀਤਾ ਗਿਆ। ਆਰਥਕ ਮੁੜ-ਬਹਾਲੀ ਦੇ ਦੌਰ ਤੋਂ ਬਾਅਦ ਸਮਾਜਵਾਦੀ ਉਸਾਰੀ ਸ਼ੁਰੂ ਹੋਈ।

ਸੱਨਅਤੀਕਰਨ ਲਈ ਸਰਮਾਇਆ ਚਾਹੀਦਾ ਸੀ, ਅਤੇ ਇੱਕੋ ਇੱਕ ਉਪਲੱਬਧ ਸਰਮਾਇਆ ਪ੍ਰੋਲੇਤਾਰੀ ਤੇ ਕਿਸਾਨੀ ਦੀ ਕਿਰਤ ਸੀ। ਸਤਾਲਿਨ ਨੇ ਕਿਹਾ:
ਸਰਮਾਏਦਾਰ ਦੇਸ਼ਾਂ ਵਿੱਚ ਸੱਨਅਤੀਕਰਨ, ਮੁੱਖ ਰੂਪ ਵਿੱਚ, ਦੂਜੇ ਦੇਸ਼ਾਂ, ਬਸਤੀਆਂ ਜਾਂ ਹਾਰੇ ਮੁਲਕਾਂ ਦੀ ਲੁੱਟ ਕਰਕੇ, ਜਾਂ ਫਿਰ ਵੱਡੇ ਅਤੇ ਵੱਧ ਜਾਂ ਘੱਟ ਗੁਲਾਮ ਬਣਾਉਣ ਵਾਲ਼ੇ ਕਰਜ਼ਿਆਂ ਦੀ ਮਦਦ ਨਾਲ਼ ਅੱਗੇ ਤੋਰਿਆ ਜਾਂਦਾ ਹੈ।

ਤੁਸੀਂ ਜਾਣਦੇ ਹੋ ਕਿ ਸੈਂਕੜੇ ਸਾਲਾਂ ਲਈ ਬ੍ਰਿਟੇਨ ਨੇ ਆਪਣੀਆਂ ਬਸਤੀਆਂ ਤੇ ਸੰਸਾਰ ਦੇ ਸਾਰੇ ਹਿੱਸਿਆਂ ਤੋਂ ਸਰਮਾਇਆ ਇਕੱਠਾ ਕੀਤਾ ਅਤੇ ਇਸ ਤਰ੍ਹਾਂ ਆਪਣੀ ਸੱਨਅਤ ਵਿੱਚ ਵਧੇਰੇ ਨਿਵੇਸ਼ ਕਰਨ ਦੇ ਕਾਬਿਲ ਹੋਇਆ। ਇਹ ਇਤਫਾਕਵਸ਼ ਇਸਦੀ ਵੀ ਵਿਆਖਿਆ ਕਰਦਾ ਹੈ ਕਿ ਕਿਉਂ ਇੱਕ ਸਮੇਂ ਬ੍ਰਿਟੇਨ “ਦੁਨੀਆਂ ਦੀ ਵਰਕਸ਼ਾਪ” ਬਣ ਗਿਆ ਸੀ।

  ਤੁਸੀਂ ਜਾਣਦੇ ਹੋ ਕਿ ਜਰਮਨੀ ਨੇ ਆਪਣੀ ਸੱਨਅਤ, ਹੋਰਨਾਂ ਗੱਲਾਂ ਦੇ ਨਾਲ਼ ਨਾਲ਼, ਉਹਨਾਂ 50000 ਲੱਖ ਫਰਾਂਕ ਨਾਲ਼ ਵਿਕਸਤ ਕੀਤੀ ਜਿਹੜੇ ਉਸਨੇ ਫਰਾਂਸ ਤੋਂ ਫਰਾਂਸ-ਪਰਸ਼ੀਆ ਜੰਗ ਦੇ ਹਰਜ਼ਾਨੇ ਵਜੋਂ ਵਸੂਲੇ।

  ਇੱਕ ਪੱਖ ਜਿਸ ਵਿੱਚ ਸਾਡਾ ਦੇਸ਼ ਬਾਕੀ ਸਰਮਾਏਦਾਰ ਮੁਲਕਾਂ ਤੋਂ ਵੱਖਰਾ ਹੈ, ਇਹ ਹੈ ਕਿ ਅਸੀਂ ਕਿਸੇ ਤਰ੍ਹਾਂ ਦੀ ਬਸਤੀਵਾਦੀ ਲੁੱਟ ਜਾਂ ਆਮ ਰੂਪ ‘ਚ ਦੂਸਰੇ ਦੇਸ਼ਾਂ ਦੇ ਕੁਦਰਤੀ ਸਾਧਨਾਂ ਦੀ ਲੁੱਟ ਨਹੀਂ ਕਰ ਸਕਦੇ ਤੇ ਨਾ ਹੀ ਸਾਨੂੰ ਅਜਿਹਾ ਕਰਨਾ ਚਾਹੀਦਾ। ਇਸ ਤਰ੍ਹਾਂ, ਸਾਡੇ ਲਈ ਇਹ ਰਸਤਾ ਬੰਦ ਹੈ।

ਪ੍ਰੰਤੂ, ਦੂਜੇ ਪਾਸੇ ਸਾਡੇ ਦੇਸ਼ ਨੇ ਨਾ ਤਾਂ ਵਿਦੇਸ਼ਾਂ ਤੋਂ ਗੁਲਾਮ ਬਣਾਉਣ ਵਾਲ਼ੇ ਕਰਜ਼ੇ ਲਏ ਹਨ ਤੇ ਨਾ ਹੀ ਲਵੇਗਾ। ਇਸ ਤਰ੍ਹਾਂ ਇਹ ਰਸਤਾ ਵੀ ਸਾਡੇ ਲਈ ਬੰਦ ਹੈ।

ਫਿਰ ਕਿਹੜਾ ਰਾਹ ਰਹਿ ਜਾਂਦਾ ਹੈ? ਇੱਕੋ ਰਾਹ, ਅਤੇ ਉਹ ਹੈ ਅੰਦਰੂਨੀ ਇਕੱਤ੍ਰੀਕਰਨ ਦੀ ਸਹਾਇਤਾ ਨਾਲ਼ ਸੱਨਅਤ ਨੂੰ ਵਿਕਸਤ ਕਰਨਾ, ਦੇਸ਼ ਦਾ ਸੱਨਅਤੀਕਰਨ ਕਰਨਾ…

ਪਰ ਇਸ ਇਕੱਤ੍ਰੀਕਰਨ ਦੇ ਮੁੱਖ ਸ੍ਰੋਤ ਕਿਹੜੇ ਹਨ? ਜਿਵੇਂ ਕਿ ਮੈਂ ਕਿਹਾ ਹੈ, ਅਜਿਹੇ ਦੋ ਸ੍ਰੋਤ ਹਨ : ਪਹਿਲਾ, ਮਜ਼ਦੂਰ ਜਮਾਤ ਜਿਹੜੀ ਕਦਰ ਪੈਦਾ ਕਰਦੀ ਹੈ ਅਤੇ ਸਾਡੀ ਸੱਨਅਤ ਨੂੰ ਅਗਾਂਹ ਵਧਾਉਂਦੀ ਹੈ; ਅਤੇ ਦੂਜਾ ਹੈ ਕਿਸਾਨੀ।

ਕਿਸਾਨੀ ਦੇ ਮਾਮਲੇ ‘ਚ ਸਥਿਤੀ ਕੁਝ ਇਸ ਤਰ੍ਹਾਂ ਹੈ। ਪਹਿਲਾ ਤਾਂ ਇਹ ਕਿ ਇਹ ਨਾ ਸਿਰਫ਼ ਰਾਜ ਨੂੰ ਸਿੱਧੇ ਤੇ ਅਸਿੱਧੇ ਟੈਕਸ ਅਦਾ ਕਰਦੀ ਹੈ; ਸਗੋਂ ਸੱਨਅਤੀ ਪੈਦਾਵਾਰ ਦੀਆਂ ਚੀਜ਼ਾਂ ਲਈ ਉਚੇਰੀ  ਅਦਾਇਗੀ ਕਰਦੀ ਹੈ ਅਤੇ ਦੂਸਰਾ, ਇਸਨੂੰ ਖੇਤੀ ਦੀਆਂ ਪੈਦਾਵਾਰ ਚੀਜ਼ਾਂ ਲਈ ਵੱਧ ਜਾਂ ਘੱਟ ਥੋੜ੍ਹੀ ਅਦਾਇਗੀ ਹੁੰਦੀ ਹੈ।

ਕਿਸਾਨੀ ਉੱਤੇ ਲਗਾਇਆ ਗਿਆ ਇਹ ਵਾਧੂ ਟੈਕਸ ਸੱਨਅਤ ਨੂੰ ਉਤਸ਼ਾਹਿਤ ਕਰਨ ਲਈ ਹੈ ਜਿਹੜੀ ਪੂਰੇ ਦੇਸ਼ ਦੀ ਸੇਵਾ ਕਰਦੀ ਹੈ, ਜਿਸ ਵਿੱਚ ਕਿਸਾਨੀ ਵੀ ਸ਼ਾਮਿਲ ਹੈ। (ਸਤਾਲਿਨ, ਸਮੁੱਚੀਆਂ ਲਿਖਤਾਂ ਸੈਚੀ 11, ਸਫ਼ਾ 165)

ਇਸ ਨੀਤੀ ਨੂੰ ਲਾਗੂ ਕਰਨ ਲਈ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਤੇ ਮਜ਼ਦੂਰ-ਕਿਸਾਨ ਸਾਂਝੇ ਮੋਰਚੇ ਜਿਸ ਵਿੱਚ ਕਿਸਾਨੀ ਦੇ ਲੋਕ-ਸਮੂਹ ਕੁਲਕਾਂ ਖਿਲਾਫ਼ ਸੰਘਰਸ਼ ਵਿੱਚ ਪ੍ਰੋਲੇਤਾਰੀ ਦੇ ਸੰਗੀ ਸਨ, ਨੂੰ ਬਣਾਈ ਰੱਖਣਾ ਬਹੁਤ ਲਾਜ਼ਮੀ ਸੀ:

ਪ੍ਰੋਲੇਤਾਰੀ ਦਾ ਕਿਸਾਨੀ ਨਾਲ਼ ਸਾਂਝਾ ਮੋਰਚਾ ਮਜ਼ਦੂਰ ਜਮਾਤ ਦਾ ਕਿਸਾਨੀ ਦੇ ਕਿਰਤੀ ਲੋਕ-ਸਮੂਹਾਂ ਨਾਲ਼ ਸਾਂਝਾ ਮੋਰਚਾ ਹੈ। ਇਸ ਤਰ੍ਹਾਂ ਦਾ ਸਾਂਝਾ ਮੋਰਚਾ ਕਿਸਾਨੀ ਅੰਦਰਲੇ ਸਰਮਾਏਦਾਰਾ ਤੱਤਾਂ ਖਿਲਾਫ਼, ਕੁਲਕਾਂ ਖਿਲਾਫ਼ ਸੰਘਰਸ਼ ਤੋਂ ਬਿਨਾਂ ਅਸਰਦਾਰ ਨਹੀਂ ਹੋ ਸਕਦਾ। ਅਜਿਹਾ ਸਾਂਝਾ ਮੋਰਚਾ ਮਜ਼ਬੂਤ ਨਹੀਂ ਬਣਿਆ ਰਹਿ ਸਕਦਾ ਜੇ ਗਰੀਬ ਕਿਸਾਨਾਂ ਨੂੰ ਪੇਂਡੂ ਇਲਾਕੇ ਵਿੱਚ ਮਜ਼ਦੂਰ ਜਮਾਤ ਦੇ ਲੜਾਕੂ ਦਸਤੇ ਦੇ ਰੂਪ ‘ਚ ਜਥੇਬੰਦ ਨਹੀਂ ਕੀਤਾ ਜਾਂਦਾ। ਇਸ ਲਈ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਦੀਆਂ ਮੌਜੂਦਾ ਹਾਲਤਾਂ ‘ਚ ਮਜ਼ਦੂਰਾਂ ਤੇ ਕਿਸਾਨਾਂ ਦਾ ਸਾਂਝਾ ਮੋਰਚਾ ਤਾਂ ਹੀ ਕਾਇਮ ਰਹਿ ਸਕਦਾ ਹੈ ਜੇ ਲੈਨਿਨ ਦੇ ਇਸ ਜਾਣੇ-ਪਛਾਣੇ ਨਾਹਰੇ ਅਨੁਸਾਰ ਚੱਲਿਆ ਜਾਂਦਾ ਹੈ: ਗਰੀਬ ਕਿਸਾਨਾਂ ‘ਤੇ ਨਿਰਭਰਤਾ ਬਣਾਓ, ਦਰਮਿਆਨੀ ਕਿਸਾਨੀ ਨਾਲ਼ ਮਜ਼ਬੂਤ ਏਕਾ ਕਾਇਮ ਕਰੋ, ਅਤੇ ਕੁਲਕਾਂ ਖਿਲਾਫ਼ ਸੰਘਰਸ਼ ਕਦੇ ਢਿੱਲਾ ਨਾ ਪੈਣ ਦਿਓ। ਸਿਰਫ਼ ਇਸ ਨਾਹਰੇ ਨੂੰ ਲਾਗੂ ਕਰਕੇ ਹੀ ਕਿਸਾਨੀ ਦੇ ਵੱਡੇ ਲੋਕ-ਸਮੂਹਾਂ ਨੂੰ ਸਮਾਜਵਾਦੀ ਉਸਾਰੀ ਦੇ ਦਾਇਰੇ ‘ਚ ਲਿਆਂਦਾ ਜਾ ਸਕਦਾ ਹੈ। (ਸਤਾਲਿਨ, ਸਮੁੱਚੀਆਂ ਲਿਖਤਾ ਸੈਂਚੀ 11, ਸਫ਼ਾ 101, ਹੋਰ ਦੇਖੋ – ਲੈਨਿਨ, ਸਮੁੱਚੀਆਂ ਲਿਖਤਾ ਸੈਂਚੀ 29, ਸਫ਼ਾ 117)

ਇਹ ਕਾਰਜ ਸਤਾਲਿਨ ਦੀ ਅਗਵਾਈ ਥੱਲੇ ਨੇਪਰੇ ਚਾੜ੍ਹੇ ਗਏ। ਜੰਗ (ਸੰਸਾਰ) ਤੇ ਘਰੇਲੂ ਜੰਗ ਨਾਲ਼ ਤਬਾਹ ਹੋਏ ਤੇ ਦੁਸ਼ਮਣਾਂ ਨਾਲ਼ ਘਿਰੇ ਇੱਕ ਪਛੜੇ ਹੋਏ ਦੇਸ਼ ਵਿੱਚ ਦੁਨੀਆਂ ਦਾ ਪਹਿਲਾ ਸਮਾਜਵਾਦੀ ਰਾਜ ਕਾਇਮ ਕੀਤਾ ਗਿਆ ਜਿਸ ਕੋਲ ਆਧੁਨਿਕ ਸੱਨਅਤ, ਆਧੁਨਿਕ ਖੇਤੀਬਾੜੀ, ਅਤੇ ਆਧੁਨਿਕ ਫੌਜ਼ ਸੀ ਜਿਹੜੀ ਕਿ ਸਮਾਜਵਾਦ ਨੂੰ ਖਤਮ ਕਰਨ ਦੇ ਮਕਸਦ ਲਈ ਸਾਮਰਾਜੀਆਂ ਦੁਆਰਾ ਖੜੀ ਕੀਤੀ ਗਈ ਫਾਸੀਵਾਦੀ ਜਰਮਨੀ ਦੀ ਫੌਜ਼ ਦੀ ਤਾਕਤ ਦਾ ਮੁਕਾਬਲਾ ਕਰਨ ਤੇ ਉਸਨੂੰ ਤਬਾਹ ਕਰਨ ਦੇ ਯੋਗ ਸੀ। ਇਹਨਾਂ ਕਾਰਨਾਂ ਕਰਕੇ ਲੈਨਿਨ ਦੇ ਨਾਲ਼ ਸਤਾਲਿਨ ਦੀ ਜਗ੍ਹਾ ਵੀ ਇਤਿਹਾਸ ਵਿੱਚ ਸੁਰੱਖਿਅਤ ਹੈ।

3. ‘ਖੱਬਾ’ ਤੇ ਸੱਜਾ ਕੁਰਾਹਾ

ਬਾਹਰਮੁਖੀ ਹਾਲਤਾਂ ਦੀਆਂ ਵਜੂਦ-ਸਮੋਈਆਂ ਔਖਿਆਈਆਂ ਤੋਂ ਇਲਾਵਾ, ਕੁਝ ਹੋਰ ਮੁਸ਼ਕਿਲਾਂ ਵੀ ਸਨ ਜੋ ਇਨਕਲਾਬ ਦੀਆਂ ਅੰਤਰਮੁਖੀ ਤਾਕਤਾਂ ਦੇ ਆਪਸੀ ਮਤਭੇਦਾਂ ਕਾਰਨ ਪੈਦਾ ਹੋਈਆਂ ਸਨ। ਕਈ ਸਾਲਾਂ ਤੱਕ ਲੀਡਰਸ਼ਿਪ ਖੁੱਲ੍ਹੇ ਤੌਰ ‘ਤੇ ਵੰਡੀ ਹੋਈ ਸੀ। ਲੈਨਿਨ ਤੇ ਬਾਅਦ ਵਿੱਚ ਸਤਾਲਿਨ ਦੀ ਅਗਵਾਈ ਵਾਲ਼ੇ ਲੈਨਿਨਵਾਦੀਆਂ ਦੀ ਕਈ ਦੂਸਰੇ ਗਰੁੱਪਾਂ ਨੇ ਖਿਲਾਫ਼ਤ ਕੀਤੀ ਜਿਹਨਾਂ ਦੀ ਅਗਵਾਈ ਤ੍ਰਾਤਸਕੀ, ਬੁਖਾਰਿਨ ਤੇ ਹੋਰ ਕਰ ਰਹੇ ਸਨ, ਜਿਹੜੇ ਆਪੋ ਵਿੱਚ ਵੀ ਪਾਟੋਧਾੜ ਸਨ ਪਰ ਲੈਨਿਨ ਤੇ ਸਤਾਲਿਨ ਦਾ ਵਿਰੋਧ ਕਰਨ ਵੇਲ਼ੇ ਇਹ ਸਾਰੇ ਇਕੱਠੇ ਸਨ। ਵਿਰੋਧੀ ਧਿਰ ‘ਚ ਦੋ ਤਰ੍ਹਾਂ ਦੀਆਂ ਲਾਈਨਾਂ ਸਾਹਮਣੇ ਆਈਆਂ, ਪਹਿਲੀ ਜਿਸਦੀ ਅਗਵਾਈ ਤ੍ਰਾਤਸਕੀ ਕਰ ਰਿਹਾ ਸੀ, ਦੀ ਪੋਜ਼ੀਸ਼ਨ ਇਹ ਸੀ ਕਿ ਜੇ ਪੱਛਮ ਵਿੱਚ ਇਨਕਲਾਬ ਨਹੀਂ ਹੁੰਦਾ ਤਾਂ ਸੋਵੀਅਤ ਗਣਰਾਜ ਦਾ ਟਿਕਣਾ ਅਸੰਭਵ ਹੈ ਅਤੇ ਦੂਜੀ ਲਾਈਨ ਜਿਸਦੀ ਅਗਵਾਈ ਬੁਖਾਰਿਨ ਕਰ ਰਿਹਾ ਸੀ, ਦੀ ਪੋਜ਼ੀਸ਼ਨ ਇਹ ਸੀ ਕਿ ਕੁਲਕਾਂ ਨੂੰ ਤਾਕਤ ਦੇ ਜ਼ੋਰ ਨਾਲ਼ ਨਹੀਂ, ਸਗੋਂ ‘ਅਮਨਪੂਰਵਕ ਢੰਗ ਨਾਲ਼ ਸਮਾਜਵਾਦ ‘ਚ ਵਿਕਸਤ’ ਹੋਣ ਦਿੱਤਾ ਜਾਣਾ ਚਾਹੀਦਾ ਹੈ। ਇਹ ਦੋਵੇਂ ਲਾਈਨਾਂ ਕ੍ਰਮਵਾਰ ‘ਖੱਬੇ’ ਤੇ ਸੱਜੇ ਕੁਰਾਹੇ ਨੂੰ ਪ੍ਰਗਟਾਉਂਦੀਆਂ ਸਨ ਜਿਹਨਾਂ ਦੀ ਚਰਚਾ ਪਹਿਲੇ ਪਾਠ ਵਿੱਚ ਹੋਈ ਹੈ।

1905 ਵਿੱਚ ਜਦੋਂ ਲੈਨਿਨ ਨੇ ਆਪਣਾ ‘ਲਗਾਤਾਰ ਇਨਕਲਾਬ’ ਦਾ ਸਿਧਾਂਤ ਪੇਸ਼ ਕੀਤਾ, ਤ੍ਰਾਤਸਕੀ ਨੇ ਵੀ ਆਪਣਾ ‘ਸਥਾਈ ਇਨਕਲਾਬ’ ਦਾ ਸਿਧਾਂਤ ਪੇਸ਼ ਕੀਤਾ ਜਿਸਦਾ ਨਾਮ ਮਾਰਕਸ ਤੋਂ ਉਧਾਰਾ ਲਿਆ ਗਿਆ ਸੀ। ਉਸਦੇ ਸਿਧਾਂਤ ਅਨੁਸਾਰ, ਜ਼ਾਰਸ਼ਾਹੀ ਦਾ ਤਖਤਾਪਲਟ ਕਰਨ ਤੋਂ ਬਾਅਦ ਪ੍ਰੋਲੇਤਾਰੀ ਕਿਸਾਨੀ ਨਾਲ਼ ਵਿਰੋਧਤਾ ਵਿੱਚ ਆ ਜਾਵੇਗਾ ਅਤੇ ਪੱਛਮ ਦੇ ਪ੍ਰੋਲੇਤਾਰੀ ਦੀ ਰਾਜਕੀ ਹਮਾਇਤ ਤੋਂ ਬਿਨਾਂ, ਭਾਵ ਪੱਛਮ ਵਿੱਚ ਇਨਕਲਾਬ ਤੋਂ ਬਿਨਾਂ ਰੂਸ ਦਾ ਪ੍ਰੋਲੇਤਾਰੀ ਸੱਤ੍ਹਾ ‘ਤੇ ਆਪਣੇ ਕਬਜ਼ੇ ਨੂੰ ਬਰਕਰਾਰ ਨਹੀਂ ਰੱਖ ਸਕੇਗਾ। ਆਪਣੇ ਇਸ ਸਿਧਾਂਤ ਦੀ ਰੋਸ਼ਨੀ ਵਿੱਚ ਤ੍ਰਾਤਸਕੀ ਨੇ ਬ੍ਰੇਸਤ-ਲਿਤੋਵਸਕੀ ਦੇ ਸ਼ਾਂਤੀ-ਸਮਝੌਤੇ ‘ਤੇ ਇਸ ਅਧਾਰ ‘ਤੇ ਦਸਤਖਤ ਕਰਨ ਤੋਂ ਨਾਂਹ ਕਰ ਦਿੱਤੀ ਕਿ ਜਰਮਨ ਸਾਮਰਾਜੀਆਂ ਨਾਲ਼ ਸ਼ਾਂਤੀ-ਸਮਝੌਤਾ ਕਰਨਾ ਜਰਮਨੀ ‘ਚ ਆ ਰਹੇ ਇਨਕਲਾਬ ਨਾਲ਼ ਗੱਦਾਰੀ ਕਰਨਾ ਹੋਵੇਗਾ। ਲੈਨਿਨ ਨੇ ਇਸ ਨੂੰ ‘ਅਜੀਬੋ ਗਰੀਬ ਤੇ ਭਿਅੰਕਰ ਗਲਤੀ ਭਰਿਆ’ ਫੈਸਲਾ ਕਰਾਰ ਦਿੱਤਾ (ਲੈਨਿਨ, ਸਮੁੱਚੀਆਂ ਲਿਖਤਾਂ ਸੈਂਚੀ 27, ਸਫ਼ਾ 68); ਅਤੇ ਜੇ ਉਹ ਇਸ ਨੂੰ ਉਲਟਾਉਣ ਵਿੱਚ ਸਫ਼ਲ ਨਾ ਹੁੰਦੇ ਤਾਂ ਸੋਵੀਅਤ ਗਣਰਾਜ ਬਿਨਾਂ ਸ਼ੱਕ ਤਬਾਹ ਹੋ ਗਿਆ ਹੁੰਦਾ।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਲੈਨਿਨ ਵੀ ਇਹ ਸਮਝਦੇ ਸਨ ਕਿ ਰੂਸ ਵਿੱਚ ਇਨਕਲਾਬ ਅਸਫ਼ਲ ਹੋ ਸਕਦਾ ਹੈ; ਪਰ ਉਹਨਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਜੇ ਇਹ ਅਸਫ਼ਲ ਵੀ ਹੁੰਦਾ ਹੈ ਤਾਂ ਵੀ ਸੰਸਾਰ ਇਨਕਲਾਬ ਵਿੱਚ ਇਹ ਇੱਕ ਅੱਗੇ ਵੱਲ ਕਦਮ ਹੋਵੇਗਾ, ਅਤੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਕੋਸ਼ਿਸ਼ਾਂ ਸਦਕਾ ਹੀ, ਜਿਹਨਾਂ ‘ਚੋਂ ਕੋਈ ਵੀ ਪੂਰੀ ਤਰ੍ਹਾਂ ਸਫ਼ਲ ਨਹੀਂ ਹੋਵੇਗੀ, ਸੰਸਾਰ ਸਮਾਜਵਾਦ ਦੀ ਜਿੱਤ ਸੰਭਵ ਹੋ ਸਕੇਗੀ :

ਇਹ ਸਾਡੇ ਵੱਸ ਵਿੱਚ ਨਹੀਂ ਹੈ ਕਿ ਜਦੋਂ ਅਸੀਂ ਚਾਹੀਏ ਪੱਛਮ ‘ਚ ਇਨਕਲਾਬ ਲੈ ਆਈਏ, ਬੇਸ਼ੱਕ ਇਹ ਰੂਸ ਵਿੱਚ ਮੁੜਬਹਾਲੀ ਖਿਲਾਫ਼ ਇੱਕੋ-ਇੱਕ ਗਰੰਟੀ ਹੈ। ਪਰੰਤੂ ਇੱਕ ਸਾਪੇਖਕ ਅਤੇ ਹਾਲਤਾਂ ‘ਤੇ ਨਿਰਭਰ ‘ਗਰੰਟੀ’ ਜਿਹੜੀ ਮੁੜ-ਬਹਾਲੀ ਦੇ ਰਾਹ ‘ਚ ਸਭ ਤੋਂ ਵੱਡੀ ਸੰਭਵ ਰੋਕ ਖੜੀ ਕਰੇਗੀ, ਉਹ ਇਸ ਵਿੱਚ ਹੈ ਕਿ ਰੂਸ ਵਿੱਚ ਇਨਕਲਾਬ ਨੂੰ ਵੱਧ ਤੋਂ ਵੱਧ ਡੂੰਘਾ ਤੇ ਵਿਆਪਕ  ਬਣਾਉਣ ਦੇ ਲਗਾਤਾਰ ਤੇ ਦ੍ਰਿੜ੍ਹਤਾ ਭਰੇ ਤਰੀਕੇ ਨਾਲ਼ ਚਲਾਇਆ ਜਾਵੇ। ਜਿੰਨਾ ਇਨਕਲਾਬ ਡੂੰਘਾ ਤੇ ਵਿਆਪਕ ਹੋਵੇਗਾ, ਓਨਾ ਹੀ ਪੁਰਾਣੇ ਪ੍ਰਬੰਧ ਦੀ ਮੁੜ-ਬਹਾਲੀ ਔਖੀ ਹੋਵੇਗੀ ਅਤੇ ਜੇ ਮੁੜ-ਬਹਾਲੀ ਹੋ ਵੀ ਜਾਂਦੀ ਹੈ ਤਾਂ ਵੀ ਓਨੀਆਂ ਹੀ ਜ਼ਿਆਦਾ ਪ੍ਰਾਪਤੀਆਂ ਬਚੀਆਂ ਵੀ ਰਹਿਣਗੀਆਂ। (ਲੈਨਿਨ, ਸਮੁੱਚੀਆਂ ਲਿਖਤਾਂ ਸੈਂਚੀ 13, ਸਫ਼ਾ 327)

    ਇਹ ਮੰਨ ਲੈਣਾ ਇੱਕ ਖਤਰਨਾਕ ਗਲਤੀ ਹੋਵੇਗੀ ਕਿ, ਕਿਉਂਕਿ ਸਾਡੀਆਂ ਆਰਥਕ ‘ਤਾਕਤਾਂ’ ਅਤੇ ਸਾਡੀ ਸਿਆਸੀ ਤਾਕਤ ਵਿਚਕਾਰ ਬੇਮੇਲਤਾ ਹੈ, ਜਿਸ ਤੋਂ ਇਹ ‘ਸਿੱਟਾ ਨਿਕਲਦਾ ਹੈ’ ਕਿ ਸਾਨੂੰ ਸੱਤ੍ਹਾ ‘ਤੇ ਕਬਜ਼ਾ ਨਹੀਂ ਕਰਨਾ ਚਾਹੀਦਾ। ਅਜਿਹੀ ਦਲੀਲ ਸਿਰਫ਼ ਅਜਿਹਾ ਆਦਮੀ ਹੀ ਦੇ ਸਕਦਾ ਹੈ ਜਿਸ ਨੇ ‘ਦੁਨੀਆਂ ਵੱਲੋਂ ਅੱਖਾਂ ਬੰਦ ਕਰ’ ਰੱਖੀਆਂ ਹੋਣ, ਜਿਸਨੂੰ ਇਹ ਭੁੱਲ ਜਾਂਦਾ ਹੈ ਅਜਿਹੀ ‘ਬੇਮੇਲਤਾ’ ਕੁਦਰਤ ਤੇ ਸਮਾਜ ਦੋਹਾਂ ਦੇ ਵਿਕਾਸ ਵਿੱਚ ਹਰ ਸਮੇਂ ਮੌਜੂਦ ਰਹਿੰਦੀ ਹੈ, ਅਤੇ ਬਹੁਤ ਸਾਰੀਆਂ ਕੋਸ਼ਿਸ਼ਾਂ – ਜਿਹਨਾਂ ‘ਚੋਂ ਹਰ ਕੋਸ਼ਿਸ਼ ਇਕੱਲੇ ਤੌਰ ‘ਤੇ ਦੇਖਿਆਂ ਇਕਪਾਸੜ ਹੁੰਦੀ ਹੈ ਤੇ ਕਈ ਕਮੀਆਂ ਦਾ ਸ਼ਿਕਾਰ ਹੁੰਦੀ ਹੈ – ਦੇ ਸਦਕਾ ਹੀ ਸਾਰੇ  ਮੁਲਕਾਂ ਦੇ ਪ੍ਰੋਲੇਤਾਰੀ ਦੀ ਇਨਕਲਾਬੀ ਸਹਿਕਾਰਤਾ ਦੁਆਰਾ ਹੀ ਪੂਰਨ ਸੰਸਾਰ ਸਮਾਜਵਾਦ ਕਾਇਮ ਕੀਤਾ ਜਾ ਸਕੇਗਾ। (ਲੈਨਿਨ, ਸਮੁੱਚੀਆਂ ਲਿਖਤਾਂ ਸੈਂਚੀ 32, ਸਫ਼ਾ 339)

ਤੁਸੀਂ ਦੇਖੋਗੇ ਕਿ ਇੱਕੋ ਨਾਮ ਹੋਣ ਤੋਂ ਬਿਨਾਂ ਤ੍ਰਾਤਸਕੀ ਦੇ ‘ਸਥਾਈ ਇਨਕਲਾਬ’ ਦੇ ਸਿਧਾਂਤ ਤੇ ਮਾਰਕਸ ਦੇ ਸਿਧਾਂਤ ਵਿੱਚ ਕੁਝ ਵੀ ਸਾਂਝਾ ਨਹੀਂ ਹੈ, ਸਿਰਫ਼ ‘ਸਮਕਾਲਿਕਤਾ’ ਦੇ ਵਿਚਾਰ ਨੂੰ ਛੱਡ ਕੇ ਜਿਹੜਾ ਕਿ ਉਸ ਸਮੇਂ ਤੱਕ ਗਲਤ ਸਾਬਿਤ ਹੋ ਗਿਆ ਸੀ। ਤ੍ਰਾਤਸਕੀ ਇਨਕਲਾਬ ਦੇ ਦੋ ਪੜਾਵਾਂ ਨੂੰ ਸਮਝਣ ‘ਚ ਅਸਫ਼ਲ ਰਿਹਾ ਅਤੇ ਕਿਸਾਨੀ ਦੀ ਇਨਕਲਾਬੀ ਭੂਮਿਕਾ ਤੋਂ ਇਨਕਾਰੀ ਹੋ ਗਿਆ। ਇਹ ਮੇਨਸ਼ਵਿਕ ਪੋਜ਼ੀਸ਼ਨ ਸੀ। ਮੇਨਸ਼ਵਿਕਾਂ ਵਾਂਗ, ਉਹ ਇਹ ਨਾ ਸਮਝ ਸਕਿਆ ਕਿ 1905 ਤੋਂ ਕਿਸਾਨੀ ਦੇ ਵਿਭੇਦੀਕਰਨ ਕਾਰਨ ਕਿਸਾਨੀ ਜ਼ਿਆਦਾ ਇਨਕਲਾਬੀ ਹੋ ਗਈ ਸੀ, ਨਾ ਕਿ ਘੱਟ; ਕਿਉਂਕਿ ਕਿਸਾਨੀ ਸ਼ਹਿਰੀ ਪ੍ਰੋਲੇਤਾਰੀ ਵੱਲ ਖਿੱਚੀ ਜਾ ਰਹੀ ਸੀ, ਅਤੇ ਨਾਲ਼ ਹੀ ਜ਼ਾਰਸ਼ਾਹੀ ਖਿਲਾਫ਼ ਸੰਘਰਸ਼ ਜਿਸ ਵਿੱਚ ਪੂਰੀ ਕਿਸਾਨੀ ਸ਼ਾਮਿਲ ਸੀ, ਹੋਰ ਵਧੇਰੇ ਤਿੱਖਾ ਹੁੰਦਾ ਜਾ ਰਿਹਾ ਸੀ:

ਨਾਸ਼ੇ ਸਲੋਵੋ ਵਿੱਚ ਤ੍ਰਾਤਸਕੀ ਇਸ ਕਾਰਜ ਨੂੰ ਗਲਤ ਤਰੀਕੇ ਨਾਲ਼ ਨਜਿੱਠ ਰਿਹਾ ਹੈ, ਉਹ 1905 ਦੇ ਆਪਣੇ ‘ਮੂਲ’ ਸਿਧਾਂਤ ਨੂੰ ਦੁਹਰਾਈ ਜਾ ਰਿਹਾ ਹੈ ਅਤੇ ਇਹ ਸੋਚਣ ਤੋਂ ਉੱਕਾ ਇਨਕਾਰੀ ਹੈ ਕਿ ਕਿਉਂ ਪਿਛਲੇ ਦਸ ਸਾਲਾਂ ਵਿੱਚ ਜੀਵਨ ਨੇ ਉਸਦੇ ਸ਼ਾਨਦਾਰ ਸਿਧਾਂਤ ਨੂੰ ਦਰਕਿਨਾਰ ਕਰ ਰੱਖਿਆ ਹੈ।

ਤ੍ਰਾਤਸਕੀ ਦੇ ਮੂਲ ਸਿਧਾਂਤ ਨੇ ਬਾਲਸ਼ਵਿਕਾਂ ਤੋਂ ਫੈਸਲਾਕੁੰਨ ਪ੍ਰੋਲੇਤਾਰੀ ਇਨਕਲਾਬੀ ਸੰਘਰਸ਼ ਕਰਨ ਦਾ ਹੋਕਾ ਦਿੰਦਾ ਨੁਕਤਾ ਉਧਾਰ ਲਿਆ, ਜਦਕਿ ਮੇਨਸ਼ਵਿਕਾਂ ਤੋਂ ਇਸਨੇ ਕਿਸਾਨੀ ਦੀ ਭੂਮਿਕਾ ਨੂੰ ‘ਰੱਦ’ ਕਰਨ ਦਾ ਨੁਕਤਾ ਉਧਾਰ ਲਿਆ…

ਇੱਕ ਪੂਰਾ ਦਹਾਕਾ – 1905-15 ਦਾ ਮਹਾਨ ਦਹਾਕਾ – ਰੂਸੀ ਇਨਕਲਾਬ ਦੀਆਂ ਦੋ ਤੇ ਸਿਰਫ਼ ਦੋ ਜਮਾਤੀ ਲਾਈਨਾਂ ਦੀ ਹੋਂਦ ਬਣੀ ਰਹੀ ਹੈ। ਕਿਸਾਨੀ ਵਿੱਚ ਵਿਭੇਦੀਕਰਨ ਦੇ ਅਮਲ ਨੇ ਉਸ ਵਿੱਚ ਜਮਾਤੀ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਹੈ; ਇਸ ਨੇ ਕਈ ਸਿਆਸੀ ਤੱਤਾਂ ਨੂੰ ਜਗਾ ਦਿੱਤਾ ਹੈ। ਇਸ ਨੇ ਪੇਂਡੂ ਪ੍ਰੋਲੇਤਾਰੀ ਨੂੰ ਸ਼ਹਿਰੀ ਪ੍ਰੋਲੇਤਾਰੀ ਦੇ ਨੇੜੇ ਲਿਆਂਦਾ ਹੈ…. ਪਰ, ਇੱਕ ਪਾਸੇ ਕਿਸਾਨੀ ਤੇ ਦੂਜੇ ਪਾਸੇ ਮਾਰਕੋਵਾਂ,  ਰੋਮਾਨੋਵਾਂ ਤੇ ਖਵੋਸਤੋਵਾਂ ਵਿਚਕਾਰ ਵਿਰੋਧਤਾ ਵਧੇਰੇ ਸਾਫ਼ ਤੇ ਤਿਖੇਰੀ ਹੋਈ ਹੈ। ਇਹ ਇੰਨਾ ਸਪੱਸ਼ਟ ਦਿਖਣ ਵਾਲਾ ਸੱਚ ਹੈ ਕਿ ਤ੍ਰਾਤਸਕੀ ਦੇ ਪੈਰਿਸ ‘ਚ ਲਿਖੇ ਧੜੀ ਭਰ ਲੇਖਾਂ ਦੀਆਂ ਹਜ਼ਾਰਾਂ ਉਕਤੀਆਂ ਵੀ ਇਸਨੂੰ ‘ਨਕਾਰ’ ਨਹੀਂ ਸਕਣਗੀਆਂ। ਅਸਲ ਵਿੱਚ ਤ੍ਰਾਤਸਕੀ ਰੂਸ ਦੇ ਉਦਾਰਪੰਥੀ-ਲੇਬਰ ਸਿਆਸਤਦਾਨਾਂ ਦੀ ਹੀ ਮਦਦ ਕਰ ਰਿਹਾ ਹੈ ਜਿਹੜੇ ਕਿਸਾਨੀ ਦੀ ਇਨਕਲਾਬੀ ਭੂਮਿਕਾ ਨੂੰ ‘ਰੱਦਣ’ ਦਾ ਮਤਲਬ ਕਿਸਾਨੀ ਨੂੰ ਇਨਕਲਾਬ ਲਈ ਲਾਮਬੰਦ ਕਰਨ ਤੋਂ ਇਨਕਾਰੀ ਹੋਣਾ ਕੱਢਦੇ ਹਨ। (ਲੈਨਿਨ, ਸਮੁੱਚੀਆਂ ਲਿਖਤਾਂ ਸੈਂਚੀ 21, ਸਫ਼ਾ 419-20)

ਤ੍ਰਾਤਸਕੀ ਦੀ ਸਿਧਾਂਤਕ ਤੇ ਸਿਆਸੀ ਲਾਈਨ ਬਾਰੇ ਲੈਨਿਨ ਦੀ ਰਾਏ ਹੇਠ ਲਿਖੀਆਂ ਟੂਕਾਂ ਵਿੱਚ ਵੇਖੀ ਜਾ ਸਕਦੀ ਹੈ :

ਤ੍ਰਾਤਸਕੀ ਬਾਲਸ਼ਵਿਕਵਾਦ ਨੂੰ ਤੋੜਦਾ-ਮਰੋੜਦਾ ਹੈ ਕਿਉਂਕਿ ਉਹ ਕਦੇ ਵੀ ਰੂਸੀ ਬੁਰਜੂਆ ਇਨਕਲਾਬ ਵਿੱਚ ਪ੍ਰੋਲੇਤਾਰੀ ਦੀ ਭੂਮਿਕਾ ਬਾਰੇ ਕੋਈ ਠੋਸ ਨਜ਼ਰੀਆ ਨਹੀਂ ਬਣਾ ਸਕਿਆ। (ਲੈਨਿਨ, ਸਮੁੱਚੀਆਂ ਲਿਖਤਾਂ ਸੈਂਚੀ 16, ਸਫ਼ਾ 380)

ਅਤੇ ਇਹ ਤੱਥ ਇਹ ਸਿੱਧ ਕਰਦਾ ਹੈ ਕਿ ਤ੍ਰਾਤਸਕੀ ਨੂੰ ‘ਗੁੱਟਬੰਦੀ ਦੇ ਸਭ ਤੋਂ ਭੈੜੇ ਤੱਤਾਂ’ ‘ਚੋਂ ਇੱਕ ਕਹਿਣ ਵਿੱਚ ਅਸੀਂ ਬਿਲਕੁਲ ਸਹੀ ਸਾਂ…

ਗੁੱਟਾਂ ਤੋਂ ਦੂਰ ਹੋਣ” ਦੇ ਮਖੌਟੇ ਥੱਲੇ ਤ੍ਰਾਤਸਕੀ ਵਿਦੇਸ਼ ਦੇ ਇੱਕ ਅਜਿਹੇ ਗੁੱਟ ਦੇ ਹਿੱਤਾਂ ਨੂੰ ਅੱਗੇ ਵਧਾ ਰਿਹਾ ਹੈ ਜਿਹੜਾ ਕਿਸੇ ਵੀ ਕਿਸਮ ਦੇ ਠੋਸ ਅਸੂਲਾਂ ਤੋਂ ਰਹਿਤ ਹੈ ਅਤੇ ਜਿਸਦਾ ਰੂਸ ਦੀ ਮਜ਼ਦੂਰ-ਜਮਾਤੀ ਲਹਿਰ ਵਿੱਚ ਕੋਈ ਲੋਕ ਅਧਾਰ ਨਹੀਂ ਹੈ।

ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ। ਤ੍ਰਾਤਸਕੀ ਦੀ ਫਿਕਰੇਬਾਜ਼ੀ ਵਿੱਚ ਚਮਕ-ਦਮਕ ਤੇ ਸ਼ੋਰ-ਸ਼ਰਾਬਾ ਬਹੁਤ ਹੈ ਪਰ ਉਹਨਾਂ ਦਾ ਕੋਈ ਵੀ ਮਤਲਬ ਨਹੀਂ ਨਿਕਲਦਾ। (ਲੈਨਿਨ, ਸਮੁੱਚੀਆਂ ਲਿਖਤਾਂ ਸੈਂਚੀ 20, ਸਫ਼ਾ 332)

       ਤ੍ਰਾਤਸਕੀ ਨੇ ਅੱਜ ਤੱਕ ਮਾਰਕਸਵਾਦ ਨੂੰ ਦਰਪੇਸ਼ ਸਵਾਲਾਂ ਉੱਤੇ ਕੋਈ ਵੀ ਪੱਕੀ ਰਾਏ ਨਹੀਂ ਬਣਾਈ। ਉਹ ਹਮੇਸ਼ਾਂ ਰਾਵਾਂ ਦੇ ਕਿਸੇ ਵੀ ਮਤਭੇਦ ਦੀ ਤਰੇੜ ਵਿੱਚ ਆਪਣੀ ਜਗ੍ਹਾ ਬਣਾਉਣ ਦੀ ਵਿਉਂਤਬੰਦੀ ‘ਚ ਲੱਗਾ ਰਹਿੰਦਾ ਹੈ ਅਤੇ ਇੱਕ ਧਿਰ ਦਾ ਸਾਥ ਛੱਡ ਦੂਜੀ ਧਿਰ ਵੱਲ ਛਲਾਂਗਾਂ ਲਾਉਂਦਾ ਰਹਿੰਦਾ ਹੈ। (ਲੈਨਿਨ, ਸਮੁੱਚੀਆਂ ਲਿਖਤਾਂ ਸੈਂਚੀ 20, ਸਫ਼ਾ 447)

ਫਰਵਰੀ 19, 1917 ਦੀ ਇੱਕ ਚਿੱਠੀ ਵਿੱਚ ਉਹ ਲਿਖਦੇ ਹਨ :

 “ਤ੍ਰਾਤਸਕੀ ਪੁੱਜ ਗਿਆ ਹੈ, ਅਤੇ ਇਸ ਬਦਮਾਸ਼ ਨੇ ਆਉਂਦੇ ਸਾਰ ਖੱਬੇ ਜ਼ਿਮਰਵਾਲਡਵਾਦੀਆਂ ਖਿਲਾਫ਼ ਨੋਵੀ ਮੀਰ ਦੇ ਸੱਜੇ-ਪੱਖੀ ਧੜੇ ਨਾਲ਼ ਗ੍ਰੋਹ ਬਣਾ ਲਿਆ ਹੈ!! ਇਹ ਹੈ ਅਸਲੀਅਤ!! ਇਹ ਹੈ ਤ੍ਰਾਤਸਕੀ!! ਹਮੇਸ਼ਾਂ ਆਪਣੇ ਅਸਲੀ ਰੰਗ ‘ਚ – ਤੋੜਦਾ-ਮਰੋੜਦਾ, ਛਲ-ਫਰੇਬ ਖੇਡਦਾ, ਖੱਬੇਪੱਖੀ ਹੋਣ ਦਾ ਦਿਖਾਵਾ ਕਰਕੇ ਸੱਜੇਪੱਖੀਆਂ ਦੀ ਸੇਵਾ ਕਰਦਾ, ਜਿੰਨਾ ਚਿਰ ਉਸ ਤੋਂ ਹੁੰਦਾ ਹੈ…” (ਲੈਨਿਨ, ਸਮੁੱਚੀਆਂ ਲਿਖਤਾਂ ਸੈਂਚੀ 35, ਸਫ਼ਾ 288, ਸਫ਼ਾ 285 ਵੀ ਦੇਖੋ)

1920 ਦੇ ਅੰਤ ਵਿੱਚ ਤ੍ਰਾਤਸਕੀ ਨੇ ਇੱਕ ਕਿਤਾਬਚਾ ਲਿਖਿਆ ਜਿਸ ਵਿੱਚ ਉਸਨੇ ਟਰੇਡ ਯੂਨੀਅਨਾਂ ਵਿੱਚ ਜਮਹੂਰੀਅਤ ਵਿਕਸਤ ਕਰਨ ਦੀ ਪਾਰਟੀ ਲਾਈਨ ‘ਤੇ ਹਮਲਾ ਕੀਤਾ। ਇਸਦੀ ਲੈਨਿਨ ਨੇ ਆਲੋਚਨਾ ਕੀਤੀ :

ਮੇਰੇ ਅੱਗੇ ਮੁੱਖ ਮਸਲਾ ਕਾਮਰੇਡ ਤ੍ਰਾਤਸਕੀ ਦਾ ਕਿਤਾਬਚਾ ਟਰੇਡ ਯੂਨੀਅਨਾਂ ਦੀ ਭੂਮਿਕਾ ਤੇ ਕਾਰਜ ਹੈ। ਜਦੋਂ ਮੈਂ ਇਸਦੀ ਤੁਲਨਾ ਉਸ ਦੁਆਰਾ ਕੇਂਦਰੀ ਕਮੇਟੀ ਅੱਗੇ ਰੱਖੇ ਸੁਝਾਵਾਂ ਨਾਲ਼ ਕੀਤੀ, ਅਤੇ ਇਸ ਨੂੰ ਬਹੁਤ ਧਿਆਨ ਨਾਲ਼ ਪੜ੍ਹਿਆ ਤਾਂ ਮੈਂ ਇਸ ਵਿਚਲੀਆਂ ਸਿਧਾਂਤਕ ਭੁੱਲਾਂ ਅਤੇ ਸਪੱਸ਼ਟ ਮੂਰਖਤਾਪੂਰਣ ਗਲਤੀਆਂ ਦੀ ਗਿਣਤੀ ਦੇਖ ਕੇ ਹੈਰਾਨ ਰਹਿ ਗਿਆ….

ਮੈਨੂੰ ਪੱਕਾ ਯਕੀਨ ਹੈ ਕਿ ਉਸਨੇ ਅਜਿਹੀਆਂ ਬਹੁਤ ਸਾਰੀਆਂ ਗਲਤੀਆਂ ਕੀਤੀਆਂ ਹਨ ਜਿਹੜੀਆਂ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਦੇ ਬੁਨਿਆਦੀ ਤੱਤ ਨੂੰ ਹੀ ਪ੍ਰਭਾਵਿਤ ਕਰਦੀਆਂ ਹਨ। (ਲੈਨਿਨ, ਸਮੁੱਚੀਆਂ ਲਿਖਤਾਂ ਸੈਂਚੀ 32, ਸਫ਼ਾ 19-22; ਹੋਰ ਦੇਖੋ – ਲੈਨਿਨ, ਸਮੁੱਚੀਆਂ ਲਿਖਤਾਂ ਸੈਂਚੀ 36, ਸਫ਼ਾ 595)
1930 ਵਿੱਚ, ਖੱਬੇ ਤੇ ਸੱਜੇ ਕੁਰਾਹਿਆਂ ਖਿਲਾਫ਼ ਲੈਨਿਨਵਾਦੀ ਲਾਈਨ ਦੀ ਰਾਖੀ ਕਰਦੇ ਹੋਏ ਸਤਾਲਿਨ ਨੇ ਤ੍ਰਾਤਸਕੀਵਾਦ ਹੇਠ ਲਿਖਿਆ ਵਿਸ਼ਲੇਸ਼ਣ ਪੇਸ਼ ਕੀਤਾ:

“ਤ੍ਰਾਤਸਕੀਵਾਦ ਦਾ ਮੂਲ ਤੱਤ ਕੀ ਹੈ?

ਸਭ ਤੋਂ ਪਹਿਲਾਂ, ਤ੍ਰਾਤਸਕੀਵਾਦ ਦਾ ਮੂਲ ਤੱਤ ਸੋਵੀਅਤ ਸੰਘ ਵਿੱਚ ਸਾਡੇ ਦੇਸ਼ ਦੀ ਮਜ਼ਦੂਰ ਜਮਾਤ ਤੇ ਕਿਸਾਨੀ ਦੀਆਂ ਕੋਸ਼ਿਸ਼ਾਂ ਦੁਆਰਾ ਸਮਾਜਵਾਦ ਦੀ ਪੂਰਨ ਉਸਾਰੀ ਹੋਣ ਦੀ ਸੰਭਾਵਨਾ ਤੋਂ ਇਨਕਾਰ ਕਰਨਾ ਹੈ। ਇਸਦਾ ਮਤਲਬ ਕੀ ਨਿਕਲਦਾ ਹੈ? ਇਸਦਾ ਮਤਲਬ ਇਹ ਹੈ ਕਿ ਜੇ ਨੇੜ ਭਵਿੱਖ ਵਿੱਚ ਇੱਕ ਜੇਤੂ ਸੰਸਾਰ ਇਨਕਲਾਬ ਸਾਡੀ ਮਦਦ ਲਈ ਨਹੀਂ ਬਹੁੜਦਾ ਤਾਂ ਸਾਨੂੰ ਬੁਰਜੂਆਜੀ ਅੱਗੇ ਗੋਡੇ ਟੇਕ ਦੇਣੇ ਚਾਹੀਦੇ ਹਨ ਅਤੇ ਇੱਕ ਬੁਰਜੂਆ-ਜਮਹੂਰੀ ਗਣਰਾਜ ਦੀ ਸਥਾਪਤੀ ਲਈ ਰਸਤਾ ਸਾਫ਼ ਕਰ ਦੇਣਾ ਚਾਹੀਦਾ ਹੈ। ਇਸ ਤਰ੍ਹਾਂ, ਸਾਡੇ ਸਾਹਮਣੇ ਸੰਸਾਰ ਇਨਕਲਾਬ ਦੀ ਜਿੱਤ ਬਾਰੇ ‘ਇਨਕਲਾਬੀ’ ਫਿਕਰੇਬਾਜ਼ੀ ਪਿੱਛੇ ਇੱਕ ਦੇਸ਼ ਵਿੱਚ ਸਮਾਜਵਾਦ ਦੀ ਉਸਾਰੀ ਦੀ ਸੰਭਾਵਨਾ ਤੋਂ ਮੁਨਕਰ ਹੋਣ ਦਾ ਬੁਰਜੂਆ ਵਿਚਾਰ ਲੁਕਿਆ ਹੋਇਆ ਹੈ….

ਤ੍ਰਾਤਸਕੀਵਾਦ ਦਾ ਦੂਜਾ ਮੂਲ ਤੱਤ ਪੇਂਡੂ ਇਲਾਕਿਆਂ ‘ਚ ਸਮਾਜਵਾਦੀ ਉਸਾਰੀ ਲਈ ਕਿਸਾਨੀ ਦੇ ਮੁੱਖ ਲੋਕ-ਸਮੂਹਾਂ ਨੂੰ ਲਾਮਬੰਦ ਕਰਨ ਦੀ ਸੰਭਾਵਨਾ ਤੋਂ ਮੁਨਕਰ ਹੋਣਾ ਹੈ। ਇਸਦਾ ਮਤਲਬ ਕੀ ਨਿਕਲਦਾ ਹੈ? ਇਸਦਾ ਮਤਲਬ ਇਹ ਹੈ ਕਿ ਵਿਅਕਤੀਗਤ ਕਿਸਾਨ ਖੇਤਾਂ ਨੂੰ ਸਮੂਹਕੀਕਰਨ ਦੀਆਂ ਲੀਹਾਂ ‘ਤੇ ਬਦਲਣ ਦੇ ਕਾਰਜ ਵਿੱਚ ਪ੍ਰੋਲੇਤਾਰੀ ਕਿਸਾਨੀ ਦੀ ਅਗਵਾਈ ਕਰਨ ‘ਚ ਅਸਮਰੱਥ ਹੈ, ਕਿ ਜੇ ਸੰਸਾਰ ਇਨਕਲਾਬ ਦੀ ਜਿੱਤ ਨੇੜ ਭਵਿੱਖ ‘ਚ ਮਜ਼ਦੂਰ ਜਮਾਤ ਦੀ ਮਦਦ ਲਈ ਨਹੀਂ ਆਉਂਦੀ ਤਾਂ ਕਿਸਾਨੀ ਪੁਰਾਣੇ ਬੁਰਜੂਆ ਢਾਂਚੇ ਦੀ ਮੁੜ-ਬਹਾਲੀ ਕਰ ਦੇਵੇਗੀ….

ਅਖੀਰ ਵਿੱਚ, ਤ੍ਰਾਤਸਕੀਵਾਦ ਦਾ ਮੂਲ ਤੱਤ ਪਾਰਟੀ ਵਿੱਚ ਲੋਹ-ਅਨੁਸ਼ਾਸਨ ਦੀ ਲੋੜ ਤੋਂ ਮੁਨਕਰ ਹੋਣਾ, ਪਾਰਟੀ ਅੰਦਰ ਗੁੱਟਬਾਜ਼ੀ ਕਰਕੇ ਧੜੇ ਬਣਾਉਣ ਦੀ ਅਜ਼ਾਦੀ ਨੂੰ ਮਾਨਤਾ ਦੇਣਾ, ਇੱਕ ਤ੍ਰਾਤਸਕੀਵਾਦੀ ਪਾਰਟੀ ਬਣਾਈ ਜਾਣ ਦੀ ਲੋੜ ਨੂੰ ਮਾਨਤਾ ਦੇਣਾ ਹੈ। ਤ੍ਰਾਤਸਕੀਵਾਦ ਅਨੁਸਾਰ ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ (ਬਾਲਸ਼ਵਿਕ) ਨੂੰ ਇੱਕਮੁਠ, ਲੜਾਕੂ ਪਾਰਟੀ ਨਹੀਂ ਹੋਣਾ ਚਾਹੀਦਾ, ਸਗੋਂ ਅਜਿਹੇ ਗਰੁੱਪਾਂ ਤੇ ਧੜਿਆਂ ਦਾ ਸਮੂਹ ਹੋਣਾ ਚਾਹੀਦਾ ਹੈ ਜਿਹਨਾਂ ‘ਚੋਂ ਹਰ ਇੱਕ ਕੋਲ ਆਪਣਾ ਵੱਖਰਾ ਕੇਂਦਰ, ਵੱਖਰੀ ਪ੍ਰੈੱਸ, ਵੱਖਰਾ ਅਨੁਸ਼ਾਸਨ ਆਦਿ ਹੋਣਾ ਚਾਹੀਦਾ ਹੈ। ਇਸਦਾ ਮਤਲਬ ਕੀ ਹੈ? ਇਸਦਾ ਮਤਲਬ ਹੈ ਪਾਰਟੀ ਅੰਦਰ ਸਿਆਸੀ ਧੜੇਬੰਦੀ ਕਰਨ ਦੀ ਅਜ਼ਾਦੀ ਹੋਣ ਦਾ ਐਲਾਨ ਕਰਨਾ। ਇਸਦਾ ਮਤਲਬ ਹੈ ਕਿ ਪਾਰਟੀ ਅੰਦਰ ਸਿਆਸੀ ਧੜੇਬੰਦੀ ਦੀ ਅਜ਼ਾਦੀ ਤੋਂ ਬਾਅਦ ਦੇਸ਼ ਵਿੱਚ ਸਿਆਸੀ ਪਾਰਟੀਆਂ ਲਈ ਅਜ਼ਾਦੀ, ਭਾਵ ਕਿ ਬੁਰਜੂਆ ਜਮਹੂਰੀਅਤ….

ਤੱਤ ਪੱਖੋਂ ਅਭਿਆਸ ਵਿੱਚ ਗੋਡੇਟੇਕੂ, ਰੂਪ ਪੱਖੋਂ ‘ਖੱਬੀ’ ਲੱਫਾਜ਼ੀ ਤੇ ਇਨਕਲਾਬੀ ਮਾਅਰਕੇਬਾਜ਼ ਦਿਖਾਵਾ, ਗੋਡੇਟੇਕੂ ਤੱਤ ਨੂੰ ਲੁਕਾਉਣਾ ਤੇ ਅੱਗੇ ਵਧਾਉਣਾ – ਇਹ ਹੈ ਤ੍ਰਾਤਸਕੀਵਾਦ ਦਾ ਮੂਲ ਤੱਤ।

ਤ੍ਰਾਤਸਕੀਵਾਦ ਦਾ ਇਹ ਦੂਹਰਾਪਣ ਸ਼ਹਿਰੀ ਨਿੱਕ-ਬੁਰਜੂਆ ਦੀ ਦੂਹਰੀ ਪੋਜ਼ੀਸ਼ਨ ਨੂੰ ਦਰਸਾਉਂਦਾ ਹੈ ਜਿਹੜਾ ਬਰਬਾਦ ਹੋ ਰਿਹਾ ਹੈ ਤੇ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਦੇ ‘ਰਾਜ’ ਨੂੰ ਝੱਲਣ ਲਈ ਤਿਆਰ ਨਹੀਂ ਅਤੇ ਜਿਹੜਾ ਜਾਂ ਤਾਂ ਬਰਬਾਦੀ ਤੋਂ ਬਚਣ ਲਈ ਇੱਕੋ ਛਾਲ ‘ਚ ਸਮਾਜਵਾਦ ਵਿੱਚ ਪੁੱਜ ਜਾਣ ਲਈ ਕਾਹਲਾ ਹੈ (ਇਸ ਲਈ ਨੀਤੀ ਵਿੱਚ ਮਾਅਰਕੇਬਾਜ਼ੀ ਤੇ ਭੁਚਲਾਹਤ), ਜਾਂ ਫਿਰ, ਜੇ ਇਹ ਸੰਭਵ ਨਹੀਂ ਤਾਂ ਸਰਮਾਏਦਾਰੀ ਲਈ ਹਰ ਮੁਮਕਿਨ ਛੋਟ ਹਾਸਲ ਕਰਨੀ (ਇਸ ਲਈ ਗੋਡੇਟੇਕੂ ਨੀਤੀ)। (ਸਤਾਲਿਨ, ਸਮੁੱਚੀਆਂ ਲਿਖਤਾਂ ਸੈਂਚੀ 12, ਸਫ਼ਾ 364)

ਉਸੇ ਕਾਂਗਰਸ ਵਿੱਚ ਸਤਾਲਿਨ ਨੇ ਬੁਖਾਰਿਨ, ਰਾਈਕੋਵ ਤੇ ਤੋਮਸਕੀ ਦੀ ਅਗਵਾਈ ਵਾਲ਼ੇ ਸੱਜੇ ਕੁਰਾਹੇ ਦਾ ਵਿਸ਼ਲੇਸ਼ਣ ਪੇਸ਼ ਕੀਤਾ :

ਇਹ ਨਹੀਂ ਕਿਹਾ ਜਾ ਸਕਦਾ ਕਿ ਸੱਜੇ ਕੁਰਾਹੀਏ ਸੋਵੀਅਤ ਯੂਨੀਅਨ ਵਿੱਚ ਸਮਾਜਵਾਦ ਦੀ ਪੂਰਨ ਉਸਾਰੀ ਦੀ ਸੰਭਾਵਨਾ ਨੂੰ ਨਹੀਂ ਮੰਨਦੇ। ਨਹੀਂ, ਉਹ ਮੰਨਦੇ ਹਨ, ਅਤੇ ਇਹ ਗੱਲ ਉਹਨਾਂ ਨੂੰ ਤ੍ਰਾਤਸਕੀਵਾਦੀਆਂ ਤੋਂ ਅਲੱਗ ਕਰਦੀ ਹੈ। ਪਰ ਸੱਜੇ ਕੁਰਾਹੀਆਂ ਦੀ ਗਲਤੀ ਇਹ ਹੈ ਕਿ ਇੱਕ ਦੇਸ਼ ਵਿੱਚ ਸਮਾਜਵਾਦ ਦੀ ਉਸਾਰੀ ਦੀ ਸੰਭਾਵਨਾ ਨੂੰ ਰਸਮੀ ਤੌਰ ‘ਤੇ ਮੰਨਣ ਤੋਂ ਬਾਅਦ, ਉਹ ਸੰਘਰਸ਼ ਦੇ ਢੰਗਾਂ ਤੇ ਸਾਧਨਾਂ ਨੂੰ ਪਛਾਣਨ ਤੋਂ ਇਨਕਾਰੀ ਹਨ ਜਿਹਨਾਂ ਬਿਨਾਂ ਸਮਾਜਵਾਦ ਦੀ ਉਸਾਰੀ ਨਾਮੁਮਕਿਨ ਹੈ… ਉਹ ਸੋਚਦੇ ਹਨ ਕਿ ਸਮਾਜਵਾਦ ਦੀ ਉਸਾਰੀ ਜਮਾਤੀ ਸੰਘਰਸ਼ ਤੋਂ ਬਿਨਾਂ, ਸਰਮਾਏਦਾਰਾ ਤੱਤਾਂ ਖਿਲਾਫ਼ ਮੁਹਿੰਮ ਵਿੱਢੇ ਬਿਨਾਂ ਚੁੱਪਚਾਪ ਤੇ ਖੁਦ-ਬਖੁਦ ਹੋ ਜਾਵੇਗੀ। ਉਹ ਸੋਚਦੇ ਹਨ ਕਿ ਸਰਮਾਏਦਾਰਾ ਤੱਤ ਜਾਂ ਤਾਂ ਬਿਨਾਂ ਕੋਈ ਸ਼ੋਰ ਕਰੇ ਖਤਮ ਹੋ ਜਾਣਗੇ, ਜਾਂ ਫਿਰ ਸਮਾਜਵਾਦ ‘ਚ ਵਿਕਸਤ ਹੋ ਜਾਣਗੇ। ਪਰ ਕਿਉਂਕਿ ਇਤਿਹਾਸ ਵਿੱਚ ਅਜਿਹੇ ਚਮਤਕਾਰ ਨਹੀਂ ਹੁੰਦੇ, ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਸੱਜੇ ਕੁਰਾਹੀਏ ਅਸਲ ਵਿੱਚ ਇੱਕ ਦੇਸ਼ ਵਿੱਚ ਸਮਾਜਵਾਦ ਦੀ ਉਸਾਰੀ ਦੀ ਸੰਭਾਵਨਾ ਤੋਂ ਮੁਨਕਰ ਹੋਣ ਦੇ ਪੈਂਤੜੇ ਵੱਲ ਤਿਲਕ ਕਰ ਜਾਂਦੇ ਹਨ।

ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਸੱਜੇ ਕੁਰਾਹੀਏ ਪੇਂਡੂ ਇਲਾਕਿਆਂ ‘ਚ ਸਮਾਜਵਾਦੀ ਉਸਾਰੀ ਲਈ ਕਿਸਾਨੀ ਦੇ ਮੁੱਖ ਲੋਕਸਮੂਹਾਂ ਨੂੰ ਲਾਮਬੰਦ ਕਰਨ ਦੀ ਸੰਭਵ ਨਾ ਹੋਣ ਤੋਂ ਇਨਕਾਰ ਕਰਦੇ ਹਨ। ਨਹੀਂ, ਉਹ ਮੰਨਦੇ ਹਨ ਕਿ ਅਜਿਹਾ ਮੁਮਕਿਨ ਹੈ, ਅਤੇ ਇਹ ਗੱਲ ਉਹਨਾਂ ਨੂੰ ਤ੍ਰਾਤਸਕੀਵਾਦੀਆਂ ਤੋਂ ਵੱਖਰਾ ਕਰਦੀ ਹੈ। ਪ੍ਰੰਤੂ, ਇਸਨੂੰ ਰਸਮੀ ਤੌਰ ‘ਤੇ ਮੰਨਦੇ ਹੋਏ ਵੀ ਉਹ ਉਹਨਾਂ ਢੰਗਾਂ ਤੇ ਸਾਧਨਾਂ ਨੂੰ ਮੰਨਣ ਤੋਂ ਮੁਨਕਰ ਹੋਣਗੇ ਜਿਹਨਾਂ ਰਾਹੀਂ ਕਿਸਾਨੀ ਨੂੰ ਸਮਾਜਵਾਦ ਦੀ ਉਸਾਰੀ ਲਈ ਲਾਮਬੰਦ ਕੀਤਾ ਜਾ ਸਕਦਾ ਹੈ…. ਉਹ ਸੋਚਦੇ ਹਨ ਕਿ ਫਿਲਹਾਲ ਸੱਨਅਤ ਨੂੰ ਤੇਜ਼ੀ ਨਾਲ਼ ਵਿਕਸਤ ਕਰਨਾ, ਸਮੂਹਕ ਖੇਤ ਤੇ ਰਾਜਕੀ ਖੇਤ ਖੜੇ ਕਰਨਾ ਪ੍ਰਮੁੱਖ ਕਾਰਜ ਨਹੀਂ ਹੈ, ਸਗੋਂ ਮੰਡੀ ਦੀਆਂ ਬੁਨਿਆਦੀ ਤਾਕਤਾਂ ਨੂੰ ‘ਮੁਕਤ’ ਕਰਨਾ, ਮੰਡੀ ਨੂੰ ‘ਅਜ਼ਾਦ’ ਕਰਾਉਣਾ ਅਤੇ ਪੇਂਡੂ ਇਲਾਕਿਆਂ ਵਿੱਚ ਸਰਮਾਏਦਾਰਾ ਤੱਤਾਂ ਸਮੇਤ ਵਿਅਕਤੀਗਤ ਖੇਤਾਂ ਦੇ ‘ਰਾਹ ‘ਚੋਂ ਰੁਕਾਵਟਾਂ ਹਟਾਉਣਾ’ ਹੈ। ਪਰ ਕਿਉਂਕਿ ਕੁਲਕ ਸਮਾਜਵਾਦ ‘ਚ ਵਿਕਸਤ ਨਹੀਂ ਹੋ ਸਕਦੇ, ਅਤੇ ਮੰਡੀ ‘ਅਜ਼ਾਦ’ ਕਰਨ ਦਾ ਮਤਲਬ ਕੁਲਕਾਂ ਨੂੰ ਤਾਕਤਵਰ ਕਰਨਾ ਅਤੇ ਮਜ਼ਦੂਰ ਜਮਾਤ ਨੂੰ ਕਮਜ਼ੋਰ ਕਰਨਾ ਹੈ, ਇਸਦਾ ਨਤੀਜਾ ਇਹੀ ਨਿਕਲਦਾ ਹੈ ਕਿ ਸੱਜੇ ਕੁਰਾਹੀਏ ਵੀ ਪੇਂਡੂ ਇਲਾਕਿਆਂ ‘ਚ ਸਮਾਜਵਾਦੀ ਉਸਾਰੀ ਲਈ ਕਿਸਾਨੀ ਦੇ ਮੁੱਖ ਲੋਕਸਮੂਹਾਂ ਨੂੰ ਲਾਮਬੰਦ ਕਰਨ ਦੀ ਸੰਭਾਵਨਾ ਤੋਂ ਇਨਕਾਰੀ ਹੋਣ ਦੇ ਪੈਂਤੜੇ ਵੱਲ ਹੀ ਚਲੇ ਜਾਂਦੇ ਹਨ….

ਸੱਜੇ ਕੁਰਾਹੀਏ ਇੱਕ ਹੋਰ ਪਾਰਟੀ ਬਣਾਉਣ ਦੀ ਪੋਜ਼ੀਸ਼ਨ ਨਹੀਂ ਅਖਤਿਆਰ ਕਰਦੇ, ਅਤੇ ਇਹ ਇੱਕ ਹੋਰ ਨੁਕਤਾ ਹੈ ਜਿਹੜਾ ਉਹਨਾਂ ਨੂੰ ਤ੍ਰਾਤਸਕੀਵਾਦੀਆਂ ਤੋਂ ਵਖਰਿਆਉਂਦਾ ਹੈ। ਸੱਜੇ ਕੁਰਾਹੇ ਦੇ ਆਗੂਆਂ ਨੇ ਆਪਣੀਆਂ ਗਲਤੀਆਂ ਨੂੰ ਖੁੱਲ੍ਹੇਆਮ ਮੰਨਿਆ ਹੈ ਅਤੇ ਪਾਰਟੀ ਦੀ ਅਗਵਾਈ ਨੂੰ ਸਵੀਕਾਰ ਕੀਤਾ ਹੈ। ਪਰ ਇਸ ਅਧਾਰ ‘ਤੇ ਇਹ ਮੰਨ ਲੈਣਾ ਭਾਰੀ ਭੁੱਲ ਹੋਵੇਗੀ ਕਿ ਸੱਜਾ ਕੁਰਾਹਾ ਹੁਣ ਖਤਮ ਹੋ ਗਿਆ ਹੈ। ਸੱਜੀ ਮੌਕਾਪ੍ਰਸਤੀ ਦੀ ਤਾਕਤ ਇਸ ਤੱਥ ਤੋਂ ਨਹੀਂ ਜ਼ਾਹਿਰ ਹੁੰਦੀ। ਸੱਜੀ ਮੌਕਾਪ੍ਰਸਤੀ ਦੀ ਤਾਕਤ ਨਿੱਕ-ਬੁਰਜੂਆ ਤੱਤਾਂ ਦੀ ਤਾਕਤ ਦੀ ਮਜਬੂਤੀ ‘ਚ ਪਈ ਹੈ, ਪਾਰਟੀ ਉੱਤੇ ਆਮ ਤੌਰ ‘ਤੇ ਮੌਜੂਦ ਸਰਮਾਏਦਾਰਾ ਤੱਤਾਂ ਅਤੇ ਖਾਸ ਕਰਕੇ ਕੁਲਕਾਂ ਦੁਆਰਾ ਬਣਾਏ ਜਾਂਦੇ ਦਬਾਅ ਦੀ ਮਜਬੂਤੀ ‘ਚ ਪਈ ਹੈ…

ਇਸ ਤਰ੍ਹਾਂ, ਪਾਰਟੀ ਵਿੱਚ ‘ਖੱਬੇ’ ਤੇ ਸੱਜੇ ਕੁਰਾਹੇ ਦਾ ਮਸਲਾ ਇਸ ਮੁਕਾਮ ‘ਤੇ ਖੜਾ ਹੈ।

ਕਾਰਜ ਇਹ ਨਿਕਲਦਾ ਹੈ ਕਿ ਦੋਵੇਂ ਮੋਰਚਿਆਂ ‘ਤੇ ਸਮਝੌਤਾ-ਰਹਿਤ ਸੰਘਰਸ਼ ਜ਼ਾਰੀ ਰੱਖਿਆ ਜਾਵੇ, ‘ਖੱਬਿਆਂ’ ਖਿਲਾਫ਼ ਜਿਹੜੇ ਨਿੱਕ-ਬੁਰਜੂਆ ਰੈਡੀਕਲਵਾਦ ਦੇ ਨੁਮਾਇੰਦੇ ਹਨ, ਅਤੇ ਸੱਜਿਆਂ ਖਿਲਾਫ਼ ਜਿਹੜੇ ਨਿੱਕ-ਬੁਰਜੂਆ ਉਦਾਰਵਾਦ ਦੇ ਨੁਮਾਇੰਦੇ ਹਨ। (ਸਤਾਲਿਨ, ਸਮੁੱਚੀਆਂ ਲਿਖਤਾਂ ਸੈਂਚੀ 12, ਸਫ਼ਾ 364-72)

ਇਸ ਵਿੱਚ ਇਹੀ ਵਾਧਾ ਕੀਤਾ ਜਾ ਸਕਦਾ ਹੈ ਕਿ ਆਪਣੀਆਂ ਗਲਤੀਆਂ ਮੰਨਣ ਦਾ ਦਿਖਾਵਾ ਕਰਨ ਵੇਲ਼ੇ ਸੱਜੇਪੱਖੀ ਅਸਲ ਵਿੱਚ ਫਰੇਬ ਕਰ ਰਹੇ ਸਨ। ਮਾਸਕੋ ਮੁਕੱਦਮਿਆਂ ਵੇਲ਼ੇ ਇਹ ਸਾਫ਼ ਸਾਹਮਣੇ ਆ ਗਿਆ ਕਿ ਦੋਵੇਂ ਹੀ ਗਰੁੱਪ ਉਲਟ-ਇਨਕਲਾਬ ਲਈ ਕੰਮ ਕਰ ਰਹੇ ਸਨ।

4. ਨਵੀਂ ਬੁਰਜੂਆਜੀ

ਪ੍ਰੋਲੇਤਾਰੀ ਇਨਕਲਾਬ ਲੁੱਟ ਨੂੰ ਖਤਮ ਕਰਦਾ ਹੈ, ਪਰ ਜਮਾਤੀ ਸੰਘਰਸ਼ ਨੂੰ ਨਹੀਂ। ਖੇਤੀ ਵਿੱਚ ਸਮੂਹਕੀਕਰਨ ਤੋਂ ਬਾਅਦ ਵੀ ਸਮੂਹਕ ਖੇਤਾਂ ਜਿਹਨਾਂ ਦੀ ਮਾਲਕੀ ਇੱਕ ਸਮੂਹ ਦੇ ਹੱਥ ‘ਚ ਹੁੰਦੀ ਹੈ ਅਤੇ ਰਾਜਕੀ ਖੇਤਾਂ ਜਿਹਨਾਂ ਦੀ ਮਾਲਕੀ ਰਾਜ ਦੇ ਹੱਥ ‘ਚ ਹੁੰਦੀ ਹੈ, ਦੇ ਆਰਥਕ ਅਧਾਰ ਵਿਚਕਾਰ ਵਿਰੋਧਤਾਈ ਬਣੀ ਰਹਿੰਦੀ ਹੈ। ਇੱਕ ਸਮੂਹ ਅੰਦਰ, ਹਰੇਕ ਪਰਿਵਾਰ ਕੋਲ ਆਪਣੀ ਖੁਦ ਦੀ ਖੇਤੀ ਹੁੰਦੀ ਹੈ ਜਿਸਦੀ ਪੈਦਾਵਰ ਨੂੰ ਉਹ ਖੁੱਲ੍ਹੀ ਮੰਡੀ ਵਿੱਚ ਵੇਚ ਸਕਦਾ ਹੈ। ਇਸ ਤਰ੍ਹਾਂ ਕਿਸਾਨੀ ਅਜੇ ਵੀ ਛੋਟੀ ਜਿਣਸ ਪੈਦਾਵਾਰ ‘ਚ ਲੱਗੀ ਹੁੰਦੀ ਹੈ। ਇਹੀ ਦਸਤਕਾਰਾਂ ਦੀ ਸਥਿਤੀ ਹੁੰਦੀ ਹੈ। ਸ਼ਹਿਰ ਤੇ ਪੇਂਡੂ ਇਲਾਕੇ ‘ਚ ਪਾੜਾ ਹੋਣ ਕਰਕੇ ਜਿਹੜਾ ਸਰਮਾਏਦਾਰਾ ਸਮਾਜ ਤੋਂ ਵਿਰਸੇ ‘ਚ ਮਿਲਦਾ ਹੈ, ਪ੍ਰੋਲੇਤਾਰੀ ਦੀਆਂ ਜੀਵਨ-ਹਾਲਤਾਂ ਕਿਸਾਨੀ ਦੇ ਮੁਕਾਬਲੇ ਚੰਗੀਆਂ ਹੁੰਦੀਆਂ ਹਨ। ਸੱਨਅਤ ਅੰਦਰ ਵੀ, ਕਿਰਤ ਦੇ ਸਮੂਹਕ ਖਾਸੇ ਤੇ ਉਜਰਤਾਂ ਦੇ ਵਿਅਕਤੀਗਤ ਖਾਸੇ ਵਿਚਕਾਰ ਵਿਰੋਧਤਾਈ ਹੁੰਦੀ ਹੈ। ਸਰਮਾਏਦਾਰਾਂ, ਭੂਮੀਪਤੀਆਂ ਤੇ ਕੁਲਕਾਂ ਨੂੰ ਭਾਵੇਂ ਮਾਲਕੀ ਤੋਂ ਵਾਂਝਿਆਂ ਕਰ ਦਿੱਤਾ ਗਿਆ ਹੁੰਦਾ ਹੈ ਪਰ ਉਹ ਅਜੇ ਵੀ ਸਰਗਰਮ ਹੁੰਦੇ ਹਨ, ਉਹਨਾਂ ਵਿੱਚੋਂ ਕਈ ਸਾਰੇ ਤਾਂ ਸਰਕਾਰੀ ਤੇ ਜਨਤਕ ਸੇਵਾਵਾਂ ਵਿੱਚ ਭਰਤੀ ਹੁੰਦੇ ਹਨ।

ਲੈਨਿਨ ਨੇ ਇਸਦੀ ਵਾਰ-ਵਾਰ ਚੇਤਾਵਨੀ ਦਿੱਤੀ ਕਿ ਵਿਦੇਸ਼ੀ ਹਮਲੇ ਦੇ ਖਤਰੇ ਤੋਂ ਇਲਾਵਾ, ਸੋਵੀਅਤ ਢਾਂਚੇ ਵਿੱਚ ਵੀ ਅਜਿਹੀਆਂ ਹਾਲਤਾਂ ਮੌਜੂਦ ਹਨ ਜਿਹਨਾਂ ਕਰਕੇ ਸਰਮਾਏਦਾਰੀ ਦੀ ਮੁੜ-ਬਹਾਲੀ ਦੀ ਸੰਭਾਵਨਾ ਬਣੀ ਹੋਈ ਹੈ :

       ਸਰਮਾਏਦਾਰੀ ਤੋਂ ਕਮਿਊਨਿਜ਼ਮ ਵੱਲ ਟਰਾਂਜੀਸ਼ਨ ਲਈ ਇੱਕ ਪੂਰਾ ਇਤਿਹਾਸਕ ਯੁੱਗ ਲੱਗੇਗਾ। ਜਿੰਨਾ ਚਿਰ ਇਹ ਯੁੱਗ ਖਤਮ ਨਹੀਂ ਹੁੰਦਾ, ਓਨਾ ਚਿਰ ਲੋਟੂ ਮੁੜ-ਬਹਾਲੀ ਦੀ ਆਸ ਪਾਲ਼ੀ ਰੱਖਦੇ ਹਨ ਅਤੇ ਇਹੀ ਆਸ ਮੁੜ-ਬਹਾਲੀ ਦੀ ਕੋਸ਼ਿਸ਼ਾਂ ਵਿੱਚ ਬਦਲ ਜਾਂਦੀ ਹੈ। (ਲੈਨਿਨ, ਸਮੁੱਚੀਆਂ ਲਿਖਤਾਂ ਸੈਂਚੀ 28, ਸਫ਼ਾ 254)

       ਬੁਰਜੂਆਜੀ ਨਾ ਸਿਰਫ਼ ਸੋਵੀਅਤ ਸਰਕਾਰ ਦੇ ਕਰਮਚਾਰੀਆਂ – ਜਿਹਨਾਂ ਦੀਆਂ ਸਫਾਂ ‘ਚੋਂ ਇਹ ਬਹੁਤ ਛੋਟੀ ਗਿਣਤੀ ਪੈਦਾ ਹੁੰਦੀ ਹੈ – ‘ਚੋਂ ਪੈਦਾ ਹੋ ਰਹੀ ਹੈ, ਸਗੋਂ ਕਿਸਾਨੀ ਤੇ ਦਸਤਕਾਰਾਂ ਦੀਆਂ ਸਫਾਂ ‘ਚੋਂ ਪੈਦਾ ਹੋ ਰਹੀ ਹੈ…. ਇਹ ਸਿੱਧ ਕਰਦਾ ਹੈ ਕਿ ਰੂਸ ਵਿੱਚ ਸਰਮਾਏਦਾਰਾ ਜਿਣਸ ਪੈਦਾਵਾਰ ਜ਼ਿੰਦਾ ਹੈ, ਸਰਗਰਮ ਹੈ, ਵਿਕਸਤ ਹੋ ਰਹੀ ਹੈ ਅਤੇ ਬੁਰਜੂਆਜੀ ਨੂੰ ਜਨਮ ਦੇ ਰਹੀ ਹੈ, ਬਿਲਕੁਲ ਉਸੇ ਤਰ੍ਹਾਂ ਜਿਵੇਂ ਹਰ ਸਰਮਾਏਦਾਰਾ ਦੇਸ਼ ਵਿੱਚ ਹੁੰਦਾ ਹੈ। (ਲੈਨਿਨ, ਸਮੁੱਚੀਆਂ ਲਿਖਤਾਂ ਸੈਂਚੀ 29, ਸਫ਼ਾ 189)

      ਜਿੰਨਾ ਸਮਾਂ ਅਸੀਂ ਇੱਕ ਛੋਟੀ-ਕਿਸਾਨੀ ਵਾਲ਼ੇ ਦੇਸ਼ ਵਿੱਚ ਰਹਿ ਰਹੇ ਹਾਂ, ਓਨਾ ਚਿਰ ਕਮਿਊਨਿਜ਼ਮ ਦੀ ਥਾਂ ਸਰਮਾਏਦਾਰੀ ਲਈ ਜ਼ਿਆਦਾ ਮਜ਼ਬੂਤ ਆਰਥਕ ਅਧਾਰ ਬਣਿਆ ਰਹਿੰਦਾ ਹੈ। ਇਸਨੂੰ ਹਮੇਸ਼ਾ ਦਿਮਾਗ ‘ਚ ਰੱਖਣਾ ਚਾਹੀਦਾ ਹੈ। ਜਿਸ ਕਿਸੇ ਨੇ ਵੀ ਪੇਂਡੂ ਇਲਾਕਿਆਂ ਵਿੱਚ ਜੀਵਨ ਨੂੰ ਧਿਆਨ ਨਾਲ਼ ਵਾਚਿਆ ਹੈ, ਤੇ ਸ਼ਹਿਰੀ ਜੀਵਨ ਨਾਲ਼ ਤੁਲਨਾ ਕੀਤੀ ਹੈ, ਉਹ ਜਾਣਦਾ ਹੈ ਕਿ ਅਸੀਂ ਸਰਮਾਏਦਾਰੀ ਦੀਆਂ ਜੜ੍ਹਾਂ ਨਹੀਂ ਖੋਦ ਸਕੇ ਅਤੇ ਅੰਦਰੂਨੀ ਦੁਸ਼ਮਣ ਦੀ ਬੁਨਿਆਦ, ਉਸਦਾ ਅਧਾਰ ਤਬਾਹ ਨਹੀਂ ਕਰ ਸਕੇ। ਇਹ ਛੋਟੀ ਪੈਦਾਵਾਰ ‘ਤੇ ਟਿਕਿਆ ਹੋਇਆ ਹੈ, ਅਤੇ ਇਸਨੂੰ ਖਤਮ ਕਰਨ ਦਾ ਇੱਕੋ ਤਰੀਕਾ ਹੈ, ਭਾਵ ਕਿ ਦੇਸ਼ ਦੇ ਅਰਥਚਾਰੇ ਨੂੰ, ਸਣੇ ਖੇਤੀ ਦੇ, ਨਵੇਂ ਤਕਨੀਕੀ ਅਧਾਰ, ਆਧੁਨਿਕ ਵੱਡ-ਪੱਧਰੀ ਪੈਦਾਵਾਰ ਦੇ ਤਕਨੀਕੀ ਅਧਾਰ ‘ਤੇ ਵਿਕਸਤ ਕਰਨਾ। (ਲੈਨਿਨ, ਸਮੁੱਚੀਆਂ ਲਿਖਤਾਂ ਸੈਂਚੀ 31, ਸਫ਼ਾ 516)

ਲੈਨਿਨ ਦੀ ਇਸੇ ਚੇਤਾਵਨੀ ਨੂੰ ਸਤਾਲਿਨ ਨੇ ਦੁਹਰਾਇਆ :

       ਕੀ ਸਾਡੇ ਸੋਵੀਅਤ ਦੇਸ਼ ਵਿੱਚ ਅਜਿਹੀਆਂ ਹਾਲਤਾਂ ਮੌਜੂਦ ਹਨ ਜਿਹੜੀਆਂ ਸਰਮਾਏਦਾਰੀ ਦੀ ਮੁੜ-ਬਹਾਲੀ ਨੂੰ ਸੰਭਵ ਬਣਾ ਸਕਦੀਆਂ ਹਨ? ਹਾਂ, ਬਿਲਕੁਲ ਮੌਜੂਦ ਹਨ। ਸਾਥੀਓ ਇਹ ਅਜੀਬ ਲੱਗ ਸਕਦਾ ਹੈ ਪਰ ਇਹ ਸੱਚ ਹੈ। ਅਸੀਂ ਸਰਮਾਏਦਾਰੀ ਦਾ ਤਖਤਾ ਪਲਟ ਚੁੱਕੇ ਹਾਂ, ਅਸੀਂ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਕਾਇਮ ਕੀਤੀ ਹੈ, ਅਸੀਂ ਆਪਣੀ ਸਮਾਜਵਾਦੀ ਸੱਨਅਤ ਨੂੰ ਤੇਜ਼ੀ ਨਾਲ਼ ਵਿਕਸਤ ਕਰ ਰਹੇ ਹਾਂ ਅਤੇ ਕਿਸਾਨੀ ਨੂੰ ਵੀ ਇਸ ਨਾਲ਼ ਜੋੜ ਰਹੇ ਹਾਂ। ਪ੍ਰੰਤੂ ਅਜੇ ਅਸੀਂ ਸਰਮਾਏਦਾਰੀ ਦੀਆਂ ਜੜ੍ਹਾਂ ਨਹੀਂ ਖੋਦੀਆਂ ਹਨ। ਇਹ ਜੜ੍ਹਾਂ ਕਿੱਥੇ ਹਨ? ਇਹ ਜਿਣਸ ਪੈਦਾਵਾਰ ‘ਚ ਹਨ, ਸ਼ਹਿਰਾਂ ਤੇ ਖਾਸ ਕਰਕੇ ਪੇਂਡੂ ਇਲਾਕਿਆਂ ‘ਚ ਮੌਜੂਦ ਛੋਟੀ ਪੈਦਾਵਾਰ ‘ਚ ਹਨ। (ਸਤਾਲਿਨ, ਸਮੁੱਚੀਆਂ ਲਿਖਤਾਂ ਸੈਂਚੀ 11, ਸਫ਼ਾ 235)

ਇਹ ਨਵੀਂ ਬੁਰਜੂਆਜੀ ਖੁੱਲ੍ਹੇਆਮ ਕੰਮ ਨਹੀਂ ਕਰ ਸਕਦੀ, ਉਹ ਅਜਿਹਾ ਸਿਰਫ਼ ਵਿਦੇਸ਼ਾਂ ਵਿੱਚ ਕਰ ਸਕਦੀ ਹੈ ਜਿੱਥੇ ਪ੍ਰਵਾਸ ਕਰਕੇ ਗਏ ਬਾਸ਼ਿੰਦੇ ਚੋਖੇ ਜਥੇਬੰਦ ਹਨ, ਪਰ ਸਮੇਨਾ-ਵੇਖੀਵਾਦ ਵਜੋਂ ਜਾਣੀ ਜਾਂਦੀ ਇਸਦੀ ਆਪਣੀ ਵਿਚਾਰਧਾਰਾ ਹੈ ਜਿਸਦਾ ਸਤਾਲਿਨ ਨੇ ਇਸ ਤਰ੍ਹਾਂ ਵਰਣਨ ਕੀਤਾ ਹੈ :

       ਸਮੇਨਾ-ਵੇਖੀਵਾਦ ਨਵੀਂ ਬੁਰਜੂਆਜੀ ਦੀ ਵਿਚਾਰਧਾਰਾ ਹੈ ਜਿਹੜੀ ਵਧ-ਫੁੱਲ ਰਹੀ ਹੈ ਅਤੇ ਕੁਲਕਾਂ ਤੇ ਸਰਕਾਰੀ ਸੇਵਾਵਾਂ ‘ਚ ਲੱਗੇ ਬੁੱਧੀਜੀਵੀਆਂ ਨਾਲ਼ ਸਬੰਧ ਜੋੜਨ ‘ਚ ਲੱਗੀ ਹੋਈ ਹੈ। ਨਵੀਂ ਬੁਰਜੂਆਜੀ ਨੇ ਸਮੇਨਾ-ਵੇਖ ਨਾਂ ਦੀ ਆਪਣੀ ਖੁਦ ਦੀ ਵਿਚਾਰਧਾਰਾ ਨੂੰ ਸਾਹਮਣੇ ਰੱਖਿਆ ਹੈ, ਜਿਸ ਦੇ ਨਜ਼ਰੀਏ ਅਨੁਸਾਰ ਕਮਿਊਨਿਸਟ ਪਾਰਟੀ ਦਾ ਪਤਣ ਲਾਜ਼ਮੀ ਹੈ, ਅਸੀਂ ਬਾਲਸ਼ਵਿਕ ਜਮਹੂਰੀ ਗਣਰਾਜ ਦੀਆਂ ਬਰੂਹਾਂ ‘ਤੇ ਪਹੁੰਚ ਜਾਵਾਂਗੇ, ਫਿਰ ਇਹ ਬਰੂਹਾਂ ਟੱਪ ਜਾਵਾਂਗੇ, ਅਤੇ ਕਿਸੇ ‘ਸੀਜ਼ਰ’ ਦੀ ਮਦਦ ਨਾਲ਼, ਜੋ ਸ਼ਾਇਦ ਮਿਲਟਰੀ ਦੀਆਂ ਸਫਾਂ ‘ਚੋਂ ਆਏਗਾ ਜਾਂ ਫਿਰ ਸ਼ਾਇਦ ਸਰਕਾਰੀ ਨੌਕਰਸ਼ਾਹੀ ‘ਚੋਂ ਆਏਗਾ, ਦੀ ਮਦਦ ਨਾਲ਼ ਅਸੀਂ ਖੁਦ ਨੂੰ ਇੱਕ ਆਮ ਬੁਰਜੂਆ ਗਣਰਾਜ ਦੀ ਹਾਲਤ ‘ਚ ਖੜ੍ਹੇ ਪਾਵਾਂਗੇ। (ਸਤਾਲਿਨ, ਸਮੁੱਚੀਆਂ ਲਿਖਤਾਂ ਸੈਂਚੀ 7, ਸਫ਼ਾ 350)

       ਸਾਡੀ ਸੱਨਅਤ ਦੀ ਉੱਨਤੀ, ਸਾਡੇ ਵਪਾਰ ਤੇ ਸਹਿਕਾਰੀ ਸੰਸਥਾਵਾਂ ਦੀ ਉੱਨਤੀ, ਸਾਡੀ ਰਾਜਕੀ ਮਸ਼ੀਨਰੀ ‘ਚ ਸੁਧਾਰ, ਮਜ਼ਦੂਰ ਜਮਾਤ ਦੀ ਉੱਨਤੀ ਤੇ ਬਿਹਤਰੀ ਹੈ, ਕਿਸਾਨੀ ਦੀ ਬਹੁਗਿਣਤੀ ਦੇ ਹਿੱਤ ਵਿੱਚ ਹੈ, ਪਰ ਨਵੀਂ ਬੁਰਜੂਆਜੀ ਲਈ ਲਾਭਕਾਰੀ ਨਹੀਂ ਹੈ, ਮੱਧਵਰਗੀ ਤਬਕੇ ਲਈ ਆਮ ਕਰਕੇ ਤੇ ਸ਼ਹਿਰੀ ਮੱਧਵਰਗ ਲਈ ਖਾਸ ਤੌਰ ‘ਤੇ ਘਾਟੇ ਦਾ ਸੌਦਾ ਹੈ। ਕੀ ਇਸ ਵਿੱਚ ਕੋਈ ਹੈਰਾਨੀ ਵਾਲ਼ੀ ਗੱਲ ਹੈ ਕਿ ਇਹਨਾਂ ਤਬਕਿਆਂ ‘ਚ ਸੋਵੀਅਤ ਰਾਜ ਪ੍ਰਤੀ ਨਫ਼ਰਤ ਪਲ਼ ਰਹੀ ਹੈ? ਇਸ ਲਈ ਇਹਨਾਂ ਹਲਕਿਆਂ ‘ਚ ਉਲਟ-ਇਨਕਲਾਬੀ ਮਾਹੌਲ ਹੈ। ਇਸ ਲਈ ਨਵੀਂ ਬੁਰਜੂਆਜੀ ਦੀ ਸਿਆਸੀ ਮੰਡੀ ਵਿੱਚ ਸਮੇਨਾ-ਵੇਖੀਵਾਦੀ ਵਿਚਾਰਧਾਰਾ ਇੱਕ ਫੈਸ਼ਨੇਬਲ ਜਿਣਸ ਬਣ ਗਈ ਹੈ।” (ਸਤਾਲਿਨ, ਸਮੁੱਚੀਆਂ ਲਿਖਤਾਂ ਸੈਂਚੀ 10, ਸਫ਼ਾ 325)

ਨਵੀਂ ਬੁਰਜੂਆਜੀ ਦੇ ਹੱਥਾਂ ਵਿੱਚ ਸਭ ਤੋਂ ਤਾਕਤਵਰ ਹਥਿਆਰਾਂ ਵਿੱਚੋਂ ਇੱਕ ਨੌਕਰਸ਼ਾਹੀ ਸੀ। ਇਹ ਪੁਰਾਣੇ ਢਾਂਚੇ ਤੋਂ ਵਿਰਸੇ ‘ਚ ਮਿਲੀ ਬਿਮਾਰੀ ਸੀ:

       ਸਰਮਾਏਦਾਰੀ ਅਧੀਨ, ਉਜਰਤੀ ਗੁਲਾਮੀ ਅਤੇ ਲੋਕਾਂ ਦੀ ਗਰੀਬੀ ਤੇ ਬਦਹਾਲੀ ਦੀਆਂ ਸਾਰੀਆਂ ਹਾਲਤਾਂ ਕਾਰਨ ਜਮਹੂਰੀਅਤ ਸੌੜੀ, ਸੀਮਤ ਤੇ ਭੰਨੀ-ਤੋੜੀ ਹੁੰਦੀ ਹੈ। ਇਹੀ, ਤੇ ਸਿਰਫ਼ ਇਹੀ ਉਹ ਵਜ੍ਹਾ ਹੈ ਜਿਸ ਕਾਰਨ ਸਰਮਾਏਦਾਰੀ ਦੀਆਂ ਹਾਲਤਾਂ ਸਾਡੀਆਂ ਸਿਆਸੀ ਜਥੇਬੰਦੀਆਂ ਤੇ ਟਰੇਡ ਯੂਨੀਅਨਾਂ ਦੇ ਕਰਤੇ-ਧਰਤੇ ਭ੍ਰਿਸ਼ਟ ਕਰਦੀਆਂ ਹਨ – ਜਾਂ ਭ੍ਰਿਸ਼ਟ ਹੋਣ ਵੱਲ ਤੋਰ ਦਿੰਦੀਆਂ ਹਨ ਅਤੇ ਨੌਕਰਸ਼ਾਹ ਭਾਵ ਲੋਕਾਂ ਤੋਂ ਟੁੱਟੇ ਹੋਏ ਤੇ ਲੋਕਾਂ ਦੇ ਸਿਰ ‘ਤੇ ਬੈਠਣ ਵਾਲ਼ੇ ਵਿਸ਼ੇਸ਼ਾਧਿਕਾਰ ਪ੍ਰਾਪਤ ਵਿਅਕਤੀ ਬਣਨ ਦੀ ਪ੍ਰਵਿਰਤੀ ਪੈਦਾ ਕਰਦੀਆਂ ਹਨ। ਇਹ ਨੌਕਰਸ਼ਾਹੀ ਦਾ ਸਾਰਤੱਤ ਹੈ, ਅਤੇ ਜਿੰਨਾ ਚਿਰ ਤੱਕ ਸਰਮਾਏਦਾਰਾਂ ਨੂੰ ਮਾਲਕੀ ਤੋਂ ਵਾਂਝਿਆਂ ਨਹੀਂ ਕਰ ਦਿੱਤਾ ਜਾਂਦਾ ਤੇ ਬੁਰਜੂਆਜੀ ਦਾ ਤਖਤਾ ਪਲਟ ਕਰ ਦਿੱਤਾ ਜਾਂਦਾ, ਪ੍ਰੋਲੇਤਾਰੀ ਅਧਿਕਾਰੀ ਵੀ ਲਾਜ਼ਮੀ ਹੀ ਕੁਝ ਹੱਦ ਤੱਕ ‘ਨੌਕਰਸ਼ਾਹ’ ਪ੍ਰਵਿਰਤੀਆਂ ਦਾ ਸ਼ਿਕਾਰ ਰਹਿਣਗੇ। (ਲੈਨਿਨ, ਸਮੁੱਚੀਆਂ ਲਿਖਤਾਂ ਸੈਂਚੀ 25, ਸਫ਼ਾ 486)

ਨਵੇਂ ਪ੍ਰੋਲੇਤਾਰੀ ਪ੍ਰਸ਼ਾਸਕਾਂ ਨੂੰ ਸਿੱਖਿਅਤ ਕਰਨਾ ਲਾਜ਼ਮੀ ਤੌਰ ‘ਤੇ ਇੱਕ ਧੀਮਾ ਅਮਲ ਹੈ, ਅਤੇ ਇਸ ਦੌਰਾਨ ਬਹੁਤ ਸਾਰੇ ਪੁਰਾਣੇ ਅਧਿਕਾਰੀਆਂ ਨੂੰ ਬਣਾਈ ਰੱਖਣਾ ਪੈਂਦਾ ਹੈ। ਇਹਨਾਂ ਵਿੱਚੋਂ ਕਈ ਸਾਰੇ ਅੰਦਰਖਾਤੇ ਨਵੇਂ ਰਾਜ ਦੇ ਦੋਖੀ ਹੁੰਦੇ ਹਨ, ਅਤੇ ਇਹ ਸਾਰੇ ਪੁਰਾਣੇ ਤੌਰ-ਤਰੀਕਿਆਂ ਤੇ ਕਦਰਾਂ-ਕੀਮਤਾਂ ਨੂੰ ਚਿੰਬੜੇ ਰਹਿੰਦੇ ਹਨ:

      ਇਸ ਵਕਤ ਸਾਡੇ ਕੋਲ ਸਰਕਾਰੀ ਕਰਮਚਾਰੀਆਂ ਦੀ ਇੱਕ ਵਿਸ਼ਾਲ ਫੌਜ ਹੈ, ਪਰ ਇਹਨਾਂ ਉੱਤੇ ਕੰਟਰੋਲ ਰੱਖ ਸਕਣ ਦੇ ਕਾਬਿਲ ਸਿੱਖਿਅਤ ਤਾਕਤਾਂ ਦੀ ਘਾਟ ਹੈ। ਅਭਿਆਸ ਵਿੱਚ ਇਹ ਅਕਸਰ ਹੁੰਦਾ ਹੈ ਕਿ ਇੱਥੇ ਉੱਪਰਲੀਆਂ ਸਫਾਂ ਵਿੱਚ ਜਿੱਥੇ ਅਸੀਂ ਸਿਆਸੀ ਤਾਕਤ ਦੀ ਵਰਤੋਂ ਕਰਦੇ ਹਾਂ, ਮਸ਼ੀਨਰੀ ਕਿਵੇਂ ਨਾ ਕਿਵੇਂ ਚੱਲੀ ਜਾਂਦੀ ਹੈ… ਪਰ ਇਸ ਦੇ ਥੱਲੇ, ਹਜ਼ਾਰਾਂ ਪੁਰਾਣੇ ਅਧਿਕਾਰੀ ਹਨ ਜਿਹੜੇ ਜ਼ਾਰ ਦੇ ਸਮੇਂ ਦੇ ਅਤੇ ਬੁਰਜੂਆ ਸਮਾਜ ਤੋਂ ਇੱਥੇ ਆਏ ਹਨ, ਅਤੇ ਜਿਹੜੇ ਕੁਝ ਹੱਦ ਤੱਕ ਜਾਣਬੁੱਝ ਕੇ ਤੇ ਕੁਝ ਬੇਸਮਝੀ ਵਿੱਚ ਸਾਡੇ ਖਿਲਾਫ਼ ਕੰਮ ਕਰਦੇ ਹਨ। (ਲੈਨਿਨ, ਸਮੁੱਚੀਆਂ ਲਿਖਤਾਂ ਸੈਂਚੀ 33, ਸਫ਼ਾ 428; ਹੋਰ ਦੇਖੋ – ਸੈਂਚੀ 29, ਸਫ਼ਾ 32)

       ਜਦੋਂ ਸਾਨੂੰ ਇਹ ਦੱਸਿਆ ਜਾਂਦਾ ਹੈ…. ਕਿ ਰਾਜਕੀ ਖੇਤ ਸਭ ਪਾਸੇ ਅੱਧ-ਛੁਪੇ ਜਾਂ ਪੂਰੀ ਤਰ੍ਹਾਂ ਨੰਗੇ-ਚਿੱਟੇ ਰੂਪ ‘ਚ ਪੁਰਾਣੇ ਭੂਮੀਪਤੀਆਂ ਦੀਆਂ ਛੁਪਣਗਾਹਾਂ ਹਨ, ਅਤੇ ਇਹ ਕਿ ਬਿਲਕੁਲ ਇਸੇ ਤਰ੍ਹਾਂ ਦੀਆਂ ਹਾਲਤਾਂ ਮੁੱਖ ਪ੍ਰਸ਼ਾਸ਼ਨ ਤੇ ਕੇਂਦਰੀ ਬੋਰਡਾਂ ‘ਚ ਦੇਖਣ ਨੂੰ ਮਿਲਦੀਆਂ ਹਨ, ਤਾਂ ਮੈਂ ਕਦੇ ਵੀ ਇਸਤੇ ਸ਼ੱਕ ਨਹੀਂ ਕਰਦਾ ਕਿ ਇਹ ਸੱਚ ਹੈ। (ਲੈਨਿਨ, ਸਮੁੱਚੀਆਂ ਲਿਖਤਾਂ ਸੈਂਚੀ 30, ਸਫ਼ਾ 245)

ਸਤਾਲਿਨ ਇਸ ਬੁਰਾਈ ਵੱਲ ਇਸ ਤੋਂ ਵੀ ਵਧੇਰੇ ਸਾਫ਼ ਸ਼ਬਦਾਂ ‘ਚ ਧਿਆਨ ਦਿਵਾਉਂਦੇ ਹਨ :

       ਮੈਂ ਸਾਡੀ ਪਾਰਟੀ, ਸਰਕਾਰ, ਟਰੇਡ ਯੂਨੀਅਨ, ਸਹਿਕਾਰੀ ਸੰਸਥਾਵਾਂ ਤੇ ਹੋਰ ਸਾਰੀਆਂ ਜਥੇਬੰਦੀਆਂ ‘ਚ ਮੌਜੂਦ ਨੌਕਰਸ਼ਾਹ ਤੱਤਾਂ ਦੀ ਗੱਲ ਕਰ ਰਿਹਾ ਹਾਂ। ਮੈਂ ਉਹਨਾਂ ਨੌਕਰਸ਼ਾਹ ਤੱਤਾਂ ਦੀ ਗੱਲ ਕਰ ਰਿਹਾ ਹਾਂ ਜਿਹੜੇ ਸਾਡੀਆਂ ਕਮਜ਼ੋਰੀਆਂ ਤੇ ਗਲਤੀਆਂ ਸਦਕਾ ਵਧਦੇ-ਫੁੱਲਦੇ ਹਨ, ਜਿਹੜੇ ਲੋਕਾਂ ਦੁਆਰਾ ਅਲੋਚਨਾ ਤੇ ਲੋਕਾਂ ਦੇ ਕੰਟਰੋਲ ਤੋਂ ਪਲੇਗ ਵਾਂਗ ਡਰਦੇ ਹਨ, ਅਤੇ ਜਿਹੜੇ ਆਤਮ-ਅਲੋਚਨਾ ਵਿਕਸਤ ਕਰਨ ਦੇ ਸਾਡੇ ਰਾਹ ‘ਚ ਅਤੇ ਆਪਣੀਆਂ ਕਮਜ਼ੋਰੀਆਂ ਤੇ ਗਲਤੀਆਂ ਨੂੰ ਦੂਰ ਕਰਨ ਦੇ ਸਾਡੇ ਅਮਲ ‘ਚ ਅੜਿੱਕਾ ਬਣਦੇ ਹਨ। ਸਾਡੀਆਂ ਜੱਥੇਬੰਦੀਆਂ ‘ਚ ਨੌਕਰਸ਼ਾਹੀ ਨੂੰ ਇੱਕ ਆਮ ਜਿਹੀ ਗੱਲ ਤੇ ਲਾਲ-ਫੀਤਾਸ਼ਾਹੀ ਨਹੀਂ ਸਮਝੀ ਜਾਣੀ ਚਾਹੀਦੀ। ਨੌਕਰਸ਼ਾਹੀ ਸਾਡੀਆਂ ਜੱਥੇਬੰਦੀਆਂ ‘ਚ ਮੌਜੂਦ ਬੁਰਜੂਆ ਪ੍ਰਭਾਵ ਦਾ ਲੱਛਣ ਹੈ। (ਸਤਾਲਿਨ, ਸਮੁੱਚੀਆਂ ਲਿਖਤਾਂ ਸੈਂਚੀ 11, ਸਫ਼ਾ 137; ਹੋਰ ਵੇਖੋ – ਲੈਨਿਨ, ਸਮੁੱਚੀਆਂ ਲਿਖਤਾਂ ਸੈਂਚੀ 32, ਸਫ਼ਾ 191)

ਖਤਰਾ ਹੋਰ ਵੀ ਵੱਡਾ ਸੀ ਕਿਉਂਕਿ ਕਾਡਰਾਂ ਦੀ ਘਾਟ ਕਾਰਨ ਨੌਕਰਸ਼ਾਹ ਤੌਰ-ਤਰੀਕੇ ਪਾਰਟੀ ਵਿੱਚ ਵੀ ਫੈਲ ਰਹੇ ਸਨ :

       ਇਸ ਦੀ ਪਹਿਲਾਂ ਹੀ ਉਮੀਦ ਸੀ ਕਿ ਸੋਵੀਅਤ ਢਾਂਚੇ ਵਿੱਚ ਮੌਜੂਦ ਲਾਲ-ਫੀਤਾਸ਼ਾਹੀ ਪਾਰਟੀ ਢਾਂਚੇ ਵਿੱਚ ਵੀ ਆ ਦਾਖਲ ਹੋਵੇਗੀ ਕਿਉਂਕਿ ਦੋਵੇਂ ਬਹੁਤ ਨੇੜਿਓਂ ਇੱਕ ਦੂਜੇ ਨਾਲ਼ ਜੁੜੇ ਹੋਏ ਹਨ। (ਲੈਨਿਨ, ਸਮੁੱਚੀਆਂ ਲਿਖਤਾਂ ਸੈਂਚੀ 31, ਸਫ਼ਾ 435; ਹੋਰ ਦੇਖੋ – ਸਫ਼ਾ 421, ਸਤਾਲਿਨ, ਸਮੁੱਚੀਆਂ ਲਿਖਤਾਂ ਸੈਂਚੀ 6, ਸਫ਼ਾ 10)

      ਮੁੱਖ ਗੱਲ ਇਹ ਹੈ ਕਿ ਸਾਡੇ ਕੋਲ ਠੀਕ ਜਗ੍ਹਾ ‘ਤੇ ਠੀਕ ਆਦਮੀ ਨਹੀਂ ਹਨ; ਕਿ ਜ਼ਿੰਮੇਵਾਰ ਕਮਿਊਨਿਸਟਾਂ ਨੂੰ ਜਿਹਨਾਂ ਨੇ ਇਨਕਲਾਬ ਦੌਰਾਨ ਸ਼ਾਨਦਾਰ ਢੰਗ ਨਾਲ਼ ਕੰਮ ਕੀਤਾ, ਵਪਾਰਕ ਤੇ ਸੱਨਅਤੀ ਕੰਮ ਸੌਂਪ ਦਿੱਤੇ ਗਏ ਹਨ ਜਿਹਨਾਂ ਬਾਰੇ ਉਹ ਕੁਝ ਨਹੀਂ ਜਾਣਦੇ; ਅਤੇ ਇਹ ਸਾਨੂੰ ਸੱਚਾਈ ਦੇਖਣ ਤੋਂ ਰੋਕਦਾ ਹੈ ਕਿਉਂਕਿ ਠੱਗ ਤੇ ਬਦਮਾਸ਼ ਉਹਨਾਂ ਦੀ ਪਿੱਠ ਉਹਲੇ ਬੜੀ ਸਫ਼ਲਤਾ ਨਾਲ਼ ਲੁਕੇ ਰਹਿੰਦੇ ਹਨ। (ਲੈਨਿਨ, ਸਮੁੱਚੀਆਂ ਲਿਖਤਾਂ ਸੈਂਚੀ 33, ਸਫ਼ਾ 304)

      ਸਾਰੇ ਚਲਾਕ ਚਿੱਟੇਗਾਰਡ ਬਿਨਾਂ ਸ਼ੱਕ ਇਸ ਤੱਥ ‘ਤੇ ਆਸ ਜਮਾਈ ਬੈਠੇ ਹਨ ਕਿ ਸਾਡੀ ਪਾਰਟੀ ਦਾ ਅਖੌਤੀ ਪ੍ਰੋਲੇਤਾਰੀ ਖਾਸਾ ਛੋਟੀ-ਮਾਲਕੀ ਵਾਲ਼ੇ ਤੱਤਾਂ ਦੁਆਰਾ ਪਾਰਟੀ ਵਿੱਚ ਪ੍ਰਮੁੱਖਤਾ ਹਾਸਿਲ ਕਰ ਲੈਣ ਦੇ ਖਿਲਾਫ਼, ਤੇ ਜੋ ਤੇਜ਼ੀ ਨਾਲ਼ ਹੋ ਵੀ ਰਿਹਾ ਹੈ, ਇਸ ਦੀ ਕੋਈ ਰੱਖਿਆ ਨਹੀਂ ਕਰਦਾ। (ਲੈਨਿਨ, ਸਮੁੱਚੀਆਂ ਲਿਖਤਾਂ ਸੈਂਚੀ 33, ਸਫ਼ਾ 254; ਹੋਰ ਦੇਖੋ – ਸਫ਼ਾ 187, ਸਮੁੱਚੀਆਂ ਲਿਖਤਾਂ ਸੈਂਚੀ 31, ਸਫ਼ਾ 115)

      ਸਾਡੀਆਂ ਸਾਰੀਆਂ ਆਰਥਕ ਸੰਸਥਾਵਾਂ ਦਾ ਸਾਰਾ ਕੰਮ ਮੁੱਖ ਤੌਰ ‘ਤੇ ਨੌਕਰਸ਼ਾਹੀ ਤੋਂ ਪ੍ਰਭਾਵਿਤ ਹੋ ਰਿਹਾ ਹੈ। ਕਮਿਊਨਿਸਟ ਨੌਕਰਸ਼ਾਹ ਬਣ ਗਏ ਹਨ। ਜੇ ਸਾਨੂੰ ਕਿਸੇ ਚੀਜ਼ ਨੇ ਤਬਾਹ ਕੀਤਾ ਤਾਂ ਉਹ ਇਹੀ ਹੋਵੇਗੀ। (ਲੈਨਿਨ, ਸਮੁੱਚੀਆਂ ਲਿਖਤਾਂ ਸੈਂਚੀ 35, ਸਫ਼ਾ 549; ਹੋਰ ਦੇਖੋ – ਸਮੁੱਚੀਆਂ ਲਿਖਤਾਂ ਸੈਂਚੀ 32, ਸਫ਼ਾ 24, 56)

ਨੌਕਰਸ਼ਾਹੀ ਉਦੋਂ ਵੀ ਖਤਰਨਾਕ ਸੀ ਜਦੋਂ ਇਹ ਉਲਟ-ਇਨਕਲਾਬੀਆਂ ਲਈ ਪਰਦੇ ਦਾ ਕੰਮ ਨਹੀਂ ਕਰ ਰਹੀ ਹੁੰਦੀ ਸੀ ਕਿਉਂਕਿ ਸਿਆਸਤ ਨਾਲ਼ੋਂ ਪ੍ਰਸ਼ਾਸ਼ਕੀ ਕੰਮ ਨੂੰ ਅੱਗੇ ਰੱਖ ਕੇ ਇਹ ਲੋਕਾਂ ਨੂੰ ਪਾਰਟੀ ਤੋਂ ਦੂਰ ਕਰਦੀ ਸੀ, ਅਤੇ ਇਸ ਲਈ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਦੀਆਂ ਬੁਨਿਆਦਾਂ ਦੀ ਮਿੱਟੀ ਪੁੱਟਦੀ ਸੀ :

      ਕਾਰਜ ਕੰਮ ਨੂੰ ਜੱਥੇਬੰਦ ਕਰਨਾ ਸਿੱਖਣ ਦਾ ਹੈ, ਪਿੱਛੇ ਨਾ ਰਹਿ ਜਾਣ ਦਾ, ਸਮਾਂ ਰਹਿੰਦੇ ਵਿਰੋਧਤਾ ਨੂੰ ਖਤਮ ਕਰਨ, ਪ੍ਰਸ਼ਾਸ਼ਕੀ ਕੰਮ ਨੂੰ ਸਿਆਸਤ ਨਾਲ਼ੋਂ ਨਾ ਤੋੜਨ ਦਾ ਹੈ; ਕਿਉਂਕਿ ਸਾਡਾ ਪ੍ਰਸ਼ਾਸ਼ਨ ਤੇ ਸਾਡੀ ਸਿਆਸਤ ਸਮੁੱਚੇ ਹਰਾਵਲ ਦਸਤੇ ਦੀ ਕਿਸਾਨੀ ਤੇ ਪ੍ਰੋਲੇਤਾਰੀ ਦੇ ਸਮੁੱਚੇ ਸਮੂਹਾਂ ਨਾਲ਼ ਨਜ਼ਦੀਕੀ ਰਿਸ਼ਤੇ ਬਣਾ ਸਕਣ ਦੀ ਯੋਗਤਾ ‘ਤੇ ਟਿਕੀ ਹੋਈ ਹੈ। ਜੇ ਕੋਈ ਇਹਨਾਂ ਚੂਲਾਂ ਨੂੰ ਭੁੱਲ ਜਾਂਦਾ ਹੈ ਅਤੇ ਪੂਰੀ ਤਰ੍ਹਾਂ ਪ੍ਰਸ਼ਾਸ਼ਕੀ ਕੰਮਾਂ ‘ਚ ਡੁੱਬ ਜਾਂਦਾ ਹੈ ਤਾਂ ਇਸਦੇ ਨਤੀਜੇ ਬੜੇ ਭੈੜੇ ਨਿਕਲਣਗੇ। (ਲੈਨਿਨ, ਸਮੁੱਚੀਆਂ ਲਿਖਤਾਂ ਸੈਂਚੀ 33, ਸਫ਼ਾ 299)

       ਲੋਕਾਂ ਦੇ ਸਮੁੰਦਰ ਵਿੱਚ ਆਖਿਰਕਾਰ ਅਸੀਂ ਮਹਾਂਸਾਗਰ ‘ਚ ਇੱਕ ਬੂੰਦ ਸਮਾਨ ਹਾਂ, ਅਤੇ ਅਸੀਂ ਤਾਂ ਹੀ ਕੰਮ ਕਰ ਸਕਦੇ ਹਾਂ ਜੇ ਅਸੀਂ ਉਸਨੂੰ ਚੰਗੀ ਤਰ੍ਹਾਂ ਪ੍ਰਗਟ ਕਰ ਸਕੇ ਜਿਸ ਬਾਰੇ ਲੋਕ ਸੁਚੇਤ ਹਨ। ਜਿੰਨਾ ਚਿਰ ਅਸੀਂ ਅਜਿਹਾ ਨਹੀਂ ਕਰਦੇ, ਕਮਿਊਨਿਸਟ ਪਾਰਟੀ ਪ੍ਰੋਲੇਤਾਰੀ ਦੀ ਅਗਵਾਈ ਨਹੀਂ ਕਰੇਗੀ, ਪ੍ਰੋਲੇਤਾਰੀ ਲੋਕਾਂ ਦੀ ਅਗਵਾਈ ਨਹੀਂ ਕਰੇਗਾ, ਅਤੇ ਪੂਰਾ ਢਾਂਚਾ ਢਹਿਢੇਰੀ ਹੋ ਜਾਵੇਗਾ। (ਲੈਨਿਨ, ਸਮੁੱਚੀਆਂ ਲਿਖਤਾਂ ਸੈਂਚੀ 33, ਸਫ਼ਾ 304)

ਨੌਕਰਸ਼ਾਹੀ ਦੀ ਸਮੱਸਿਆ ਦੀ ਗੰਭੀਰਤਾ ਨੂੰ ਸਮਝਦੇ ਹੋਏ, ਲੈਨਿਨ ਨੇ ਤ੍ਰਾਤਸਕੀ ਜਿਹੇ ਉਹਨਾਂ ਸਭ ਵਿਅਕਤੀਆਂ ਨੂੰ ਲੰਮੇ ਹੱਥੀਂ ਲਿਆ ਜਿਹੜੇ ਸਮਝਦੇ ਸਨ ਕਿ ਇਹ ਸਮੱਸਿਆ ਨੂੰ ਭਾਸ਼ਣਾਂ ਰਾਹੀਂ ਹੀ ਠੀਕ ਕਰ ਲਿਆ ਜਾਵੇਗਾ :

       ਨੌਕਰਸ਼ਾਹੀ ਦੀਆਂ ਬੁਰਾਈਆਂ ਨੂੰ ਪਾਰ ਪਾਉਣ ‘ਚ ਦਹਾਕੇ ਲੱਗਣਗੇ। ਇਹ ਬਹੁਤ ਔਖਾ ਸੰਘਰਸ਼ ਹੈ, ਅਤੇ ਹਰ ਉਹ ਵਿਅਕਤੀ ਜਿਹੜਾ ਇਹ ਕਹਿੰਦਾ ਹੈ ਕਿ ਅਸੀਂ ਨੌਕਰਸ਼ਾਹੀ-ਵਿਰੋਧੀ ਮੰਚ ਖੜੇ ਕਰਕੇ ਨੌਕਰਸ਼ਾਹ ਤੌਰ-ਤਰੀਕਿਆਂ ਤੋਂ ਰਾਤੋਂ-ਰਾਤ ਖਹਿੜਾ ਛੁਡਾ ਲਵਾਂਗੇ, ਨੀਮ-ਹਕੀਮ ਦੀ ਚਿਕਣੀ-ਚੋਪੜੀ ਲੱਫਾਜ਼ੀ ਦਾ ਸ਼ਿਕਾਰ ਹੈ। (ਲੈਨਿਨ, ਸਮੁੱਚੀਆਂ ਲਿਖਤਾਂ ਸੈਂਚੀ 32, ਸਫ਼ਾ 56; ਹੋਰ ਦੇਖੋ – ਸਫ਼ਾ 68, 69, ਸਮੁੱਚੀਆਂ ਲਿਖਤਾਂ ਸੈਂਚੀ 33, ਸਫ਼ਾ 428, 481)

5. ਸੱਭਿਆਚਾਰਕ ਇਨਕਲਾਬ ਦੀ ਜ਼ਰੂਰਤ

ਨੌਕਰਸ਼ਾਹੀ ਖਿਲਾਫ਼ ਜਿਹੜੀ ਗੱਲ ਨੇ ਸੰਘਰਸ਼ ਨੂੰ ਬਹੁਤ ਔਖਿਆਈ ਭਰਿਆ ਬਣਾ ਦਿੱਤਾ ਸੀ, ਉਹ ਇਹ ਸੀ ਕਿ ਅਜਿਹਾ ਆਰਥਕ ਅਧਾਰ ਤੇ ਵਿਚਾਰਧਾਰਕ ਉੱਚ-ਉਸਾਰ ਵਿੱਚ ਨਾਲ਼ੋ-ਨਾਲ਼ ਚਲਾਉਣਾ ਪੈਣਾ ਸੀ। ਇੱਕ ਪਾਸੇ, ਇਸਦੀ ਜੜ੍ਹ ਛੋਟੀ ਜਿਣਸ ਪੈਦਾਵਾਰ ਵਿੱਚ ਲੱਗੀ ਹੋਣ ਕਰਕੇ ਇਸਦਾ ਖਾਤਮਾ ਓਨਾ ਚਿਰ ਸੰਭਵ ਨਹੀਂ ਸੀ ਜਦ ਤੱਕ ਪੂਰੇ ਅਰਥਚਾਰੇ ਨੂੰ ਵੱਡ-ਪੱਧਰੀ ਸਮਾਜਵਾਦੀ ਪੈਦਾਵਾਰ ਦੇ ਅਧਾਰ ‘ਤੇ ਮੁੜ-ਉਸਾਰਿਆ ਨਹੀਂ ਜਾਂਦਾ; ਦੂਜੇ ਹੱਥ, ਇਹ ਖੁਦ ਆਰਥਕ ਮੁੜ-ਉਸਾਰੀ ਦੇ ਰਾਹ ਵਿਚਲੀਆਂ ਮੁੱਖ ਰੁਕਾਵਟਾਂ ਵਿੱਚੋਂ ਇੱਕ ਸੀ – ਇੱਕ ਅਜਿਹਾ ਅੜਿੱਕਾ ਜਿਹੜਾ ਜੇ ਦੂਰ ਨਾ ਕੀਤਾ ਜਾਂਦਾ ਤਾਂ ਪੂਰੀ ਪ੍ਰਕਿਰਿਆ ਨੂੰ ਹੀ ਪੁੱਠਾ ਗੇੜਾ ਦੇ ਸਕਦਾ ਸੀ।

ਲੈਨਿਨ ਸਮਝਦੇ ਸਨ ਕਿ ਮਸਲੇ ਦਾ ਹੱਲ ਲੋਕਾਂ ਵਿੱਚ ਹੈ। ਜੇ ਲੋਕਾਂ ਨੂੰ ਪੈਦਾਵਾਰ ਨੂੰ ਵਿਕਸਤ ਕਰਨ ਲਈ ਪਹਿਲਕਦਮੀ ਲੈਣ, ਨਿੱਜੀ ਫਾਇਦੇ ਦੀ ਥਾਂ ਸਾਂਝੇ ਹਿੱਤ ਲਈ ਕੰਮ ਕਰਨ ਲਈ ਲਾਮਬੰਦ ਕੀਤਾ ਜਾ ਸਕਿਆ ਤਾਂ ਉਹ ਖੁਦ ਹੀ ਪੁਰਾਣੇ ਸਮਾਜ ਤੋਂ ਮਿਲੀਆਂ ਵਿਚਾਰਧਾਰਕ ਰੁਕਾਵਟਾਂ ‘ਤੇ ਕਾਬੂ ਪਾ ਲੈਣਗੇ ਅਤੇ ਪ੍ਰਸ਼ਾਸ਼ਨ ਦੇ ਕੰਮਾਂ ਨੂੰ ਵੀ ਆਪਣੇ ਹੱਥਾਂ ‘ਚ ਲੈਣ ਦੀ ਲੋੜ ਨੂੰ ਪਛਾਣਨ ਲੱਗਣਗੇ।

ਪੈਦਾਵਾਰ ਦੇ ਮਾਮਲੇ ‘ਚ, ਲੋਕ ਪਹਿਲਾਂ ਹੀ ਸਬੋਤਨਿਕਾਂ ਦੇ ਰੂਪ ‘ਚ ਪਹਿਲਕਦਮੀ ਦਿਖਾ ਰਹੇ ਸਨ। ਘਰੇਲੂ ਜੰਗ ਦੇ ਦੌਰਾਨ, ਜਦੋਂ ਕੋਲਚਾਕ ਦੀਆਂ ਫੌਜ਼ਾਂ ਸੋਵੀਅਤ ਗਣਰਾਜ ਲਈ ਖਤਰਾ ਬਣ ਗਈਆਂ ਸਨ ਤਾਂ ਮਾਸਕੋ ਦੇ ਰੇਲਵੇ ਮਜਦੂਰਾਂ ਨੇ ਰੇਲਵੇ ਯਾਰਡਾਂ ਵਿੱਚ ਸਵੈਇੱਛਤ ਵਾਧੂ ਕਿਰਤ ਲਈ ਦਸਤੇ ਜਥੇਬੰਦ ਕੀਤੇ ਸਨ; ਅਤੇ ਕੁਝ ਹੀ ਹਫ਼ਤਿਆਂ ‘ਚ ਇਹ ਲਹਿਰ ਜੰਗਲ ਦੀ ਅੱਗ ਵਾਂਗ ਸਾਰੇ ਮੁੱਖ ਰੇਲਵੇ ਕੇਂਦਰਾਂ ਤੇ ਦੂਜੀਆਂ ਸੱਨਅਤਾਂ ਵਿੱਚ ਫੈਲ ਗਈ। ਇਹਨਾਂ ਮਜ਼ਦੂਰਾਂ ਨੂੰ ਸ਼ੁਭ-ਇੱਛਾਵਾਂ ਭੇਜਦੇ ਹੋਏ ਲੈਨਿਨ ਨੇ ਕਿਹਾ :

      ਸਪੱਸ਼ਟ ਤੌਰ ‘ਤੇ ਇਹ ਸਿਰਫ਼ ਸ਼ੁਰੂਆਤ ਹੈ, ਪਰ ਇਹ ਬਹੁਤ ਹੀ ਅਹਿਮ ਸ਼ੁਰੂਆਤ ਹੈ। ਇਹ ਉਸ ਇਨਕਲਾਬ ਦੀ ਸ਼ੁਰੂਆਤ ਹੈ ਜਿਹੜਾ ਬੁਰਜੂਆਜੀ ਦਾ ਤਖਤਾ ਪਲਟਣ ਨਾਲ਼ੋਂ ਵਧੇਰੇ ਔਖਾ, ਵਧੇਰੇ ਨਿੱਗਰ, ਵਧੇਰੇ ਰੈਡੀਕਲ, ਵਧੇਰੇ ਫੈਸਲਾਕੁੰਨ ਹੈ; ਕਿਉਂਕਿ ਇਹ ਸਾਡੇ ਖੁਦ ਦੇ ਪਛੜੇਪਣ, ਅਨੁਸ਼ਾਸ਼ਨਹੀਣਤਾ, ਨਿੱਕ-ਬੁਰਜੂਆ ਹਊਮੇ ‘ਤੇ ਜਿੱਤ ਹੈ, ਮਜ਼ਦੂਰਾਂ ਤੇ ਕਿਸਾਨਾਂ ਨੂੰ ਸਰਮਾਏਦਾਰੀ ਦੇ ਸਰਾਪੇ ਹੋਏ ਦੌਰ ਦੀਆਂ ਵਿਰਾਸਤ ‘ਚ ਮਿਲੀਆਂ ਆਦਤਾਂ ‘ਤੇ ਜਿੱਤ ਹੈ। ਜਦੋਂ ਇਸ ਜਿੱਤ ਨੂੰ ਪੱਕੇ ਪੈਰੀਂ ਕਰ ਲਿਆ ਜਾਵੇਗਾ, ਸਿਰਫ਼ ਉਦੋਂ ਜਾ ਕੇ ਹੀ ਨਵਾਂ ਸਮਾਜਿਕ ਅਨੁਸ਼ਾਸ਼ਨ, ਸਮਾਜਵਾਦੀ ਅਨੁਸ਼ਾਸ਼ਨ ਕਾਇਮ ਹੋ ਸਕੇਗਾ; ਉਦੋਂ ਤੇ ਸਿਰਫ਼ ਉਦੋਂ ਹੀ, ਸਰਮਾਏਦਾਰੀ ਵੱਲ ਪਿਛਲਮੋੜਾ ਅਸੰਭਵ ਹੋਵੇਗਾ ਤੇ ਕਮਿਊਨਿਜ਼ਮ ਅਜਿੱਤ ਹੋ ਜਾਵੇਗਾ। (ਲੈਨਿਨ, ਸਮੁੱਚੀਆਂ ਲਿਖਤਾਂ ਸੈਂਚੀ 29, ਸਫ਼ਾ 411)

ਪ੍ਰਸ਼ਾਸ਼ਨ ਚਲਾਉਣ ਦੇ ਮਾਮਲੇ ‘ਚ, ਬੇਸ਼ੱਕ ਮਜ਼ਦੂਰਾਂ ਨੂੰ ਆਪਣਾ ਵਿੱਦਿਅਕ ਪੱਧਰ ਤੇ ਸੱਭਿਆਚਾਰਕ ਪੱਧਰ ਉੱਚਾ ਚੁੱਕਣ ਦੀ ਲੋੜ ਸੀ ਪਰ ਸਿਰਫ਼ ਇੰਨਾ ਹੀ ਆਪਣੇ-ਆਪ ‘ਚ ਕਾਫ਼ੀ ਨਹੀਂ ਸੀ। ਜੇ ਉਹਨਾਂ ਨੇ ਨੌਕਰਸ਼ਾਹੀ ਦਾ ਖਾਤਮਾ ਕਰਨਾ ਸੀ ਤਾਂ ਇਹ ਜ਼ਰੂਰੀ ਸੀ ਕਿ ਉਹ ਖੁਦ ਸਰਕਾਰ ਦੇ ਕੰਮਾਂ ਵਿੱਚ ਹਿੱਸਾ ਲੈਣ। ਸਿਰਫ਼ ਉਦੋਂ ਹੀ ਸੋਵੀਅਤ ਢਾਂਚਾ ਲੋਕਾਂ ਦੁਆਰਾ, ਨਾ ਕਿ ਮਹਿਜ਼ ਲੋਕਾਂ ਲਈ, ਸਰਕਾਰ ਬਣਨਾ ਸੀ। ਅੱਠਵੀਂ ਪਾਰਟੀ ਕਾਂਗਰਸ (1919) ਬੋਲਦੇ ਹੋਏ ਲੈਨਿਨ ਨੇ ਕਿਹਾ :

       ਅਸੀਂ ਨੌਕਰਸ਼ਾਹੀ ਖਿਲਾਫ਼ ਅਖੀਰ ਤੱਕ, ਪੂਰੀ ਜਿੱਤ ਹਾਸਲ ਕਰਨ ਤੱਕ ਉਦੋਂ ਹੀ ਲੜ ਸਕਦੇ ਹਾਂ ਜਦੋਂ ਪੂਰੀ ਅਬਾਦੀ ਸਰਕਾਰ ਦੇ ਕੰਮਾਂ ਵਿੱਚ ਹਿੱਸਾ ਲੈਣ ਲੱਗ ਪੈਂਦੀ ਹੈ। ਬੁਰਜੂਆ ਗਣਰਾਜਾਂ ‘ਚ ਨਾ ਸਿਰਫ਼ ਅਜਿਹਾ ਨਾਮੁਮਕਿਨ ਹੈ, ਸਗੋਂ ਕਾਨੂੰਨ ਖੁਦ ਹੀ ਇਸਨੂੰ ਰੋਕਦਾ ਹੈ। ਸਭ ਤੋਂ ਵਧੀਆ ਬੁਰਜੂਆ ਗਣਰਾਜਾਂ ਵਿੱਚ ਵੀ, ਚਾਹੇ ਉਹ ਕਿੰਨੇ ਵੀ ਜਮਹੂਰੀ ਕਿਉਂ ਨਾ ਹੋਣ, ਉੱਥੇ ਹਜ਼ਾਰਾਂ ਕਾਨੂੰਨੀ ਅੜੰਗੇ ਹਨ ਜਿਹੜੇ ਸਰਕਾਰ ਦੇ ਕੰਮ ਵਿੱਚ ਲੋਕਾਂ ਦੀ ਹਿੱਸੇਦਾਰੀ ਨੂੰ ਰੋਕਦੇ ਹਨ। ਅਸੀਂ ਜਿਹੜਾ ਕੰਮ ਕੀਤਾ ਹੈ ਉਹ ਹੈ ਇਹਨਾਂ ਅੜੰਗਿਆਂ ਨੂੰ ਦੂਰ ਕਰਨਾ, ਪਰ ਅਜੇ ਉਹ ਪੜਾਅ ਨਹੀਂ ਆਇਆ ਕਿਰਤੀ ਲੋਕ ਸਰਕਾਰ ‘ਚ ਹਿੱਸੇਦਾਰੀ ਕਰਨ ਲੱਗਣ। ਕਾਨੂੰਨ ਨੂੰ ਪਾਸੇ ਰੱਖ ਕੇ, ਸੱਭਿਆਚਾਰ ਦਾ ਪੱਧਰ ਵੀ ਇੱਕ ਕਾਰਕ ਹੈ ਜਿਹੜਾ ਕਿਸੇ ਕਾਨੂੰਨ ਅਧੀਨ ਨਹੀਂ ਆਉਂਦਾ। ਇਸ ਨੀਵੇਂ ਸੱਭਿਆਚਾਰਕ ਪੱਧਰ ਦਾ ਨਤੀਜਾ ਇਹ ਹੈ ਕਿ ਸੋਵੀਅਤਾਂ, ਜਿਹੜੀਆਂ ਆਪਣੇ ਪ੍ਰੋਗਰਾਮ ਦੇ ਖਾਸੇ ਪੱਖੋਂ ਕਿਰਤੀ ਲੋਕਾਂ ਦੁਆਰਾ ਸਰਕਾਰ ਚਲਾਉਣ ਦਾ ਸੰਦ ਹਨ, ਅਸਲ ਵਿੱਚ ਸਮੁੱਚੇ ਕਿਰਤੀ ਲੋਕਾਂ ਦੀ ਥਾਂ ਪ੍ਰੋਲੇਤਾਰੀ ਦੇ ਮੋਹਰੀ ਹਿੱਸੇ ਦੁਆਰਾ ਕਿਰਤੀ ਲੋਕਾਂ ਲਈ ਸਰਕਾਰ ਚਲਾਉਣ ਦਾ ਸੰਦ ਬਣ ਗਈਆਂ ਹਨ….

       ਨੌਕਰਸ਼ਾਹੀ ਨੂੰ ਹਰਾ ਦਿੱਤਾ ਗਿਆ ਹੈ। ਲੋਟੂ ਦਾ ਸਫਾਇਆ ਕਰ ਦਿੱਤਾ ਗਿਆ ਹੈ। ਪਰ ਸੱਭਿਆਚਾਰਕ ਪੱਧਰ ਅਜੇ ਉੱਚਾ ਨਹੀਂ ਚੁੱਕਿਆ ਜਾ ਸਕਿਆ, ਅਤੇ ਇਸ ਲਈ ਨੌਕਰਸ਼ਾਹ ਪੁਰਾਣੇ ਅਹੁਦਿਆਂ ‘ਤੇ ਬਣੇ ਹੋਏ ਹਨ। ਉਹਨਾਂ ਨੂੰ ਪਿੱਛੇ ਹਟਣ ਲਈ ਉਦੋਂ ਹੀ ਮਜਬੂਰ ਕੀਤਾ ਜਾ ਸਕਦਾ ਹੈ ਜਦੋਂ ਪ੍ਰੋਲੇਤਾਰੀ ਤੇ ਕਿਸਾਨੀ ਹੁਣ ਨਾਲ਼ੋਂ ਕਿਤੇ ਜ਼ਿਆਦਾ ਜਥੇਬੰਦ ਹੋ ਜਾਂਦੇ ਹਨ, ਅਤੇ ਸਿਰਫ਼ ਉਦੋਂ ਹੀ ਜਦੋਂ ਮਜ਼ਦੂਰਾਂ ਨੂੰ ਸਰਕਾਰ ਵਿੱਚ ਸ਼ਾਮਿਲ ਕਰਨ ਲਈ ਕਦਮ ਚੁੱਕੇ ਜਾਂਦੇ ਹਨ। (ਲੈਨਿਨ, ਸਮੁੱਚੀਆਂ ਲਿਖਤਾਂ ਸੈਂਚੀ 29, ਸਫ਼ਾ 183)

ਲੈਨਿਨ ਗਿਆਰਵੀਂ ਕਾਂਗਰਸ (1922) ਜਿਹੜੀ ਕਿ ਉਹਨਾਂ ਦੀ ਆਖਰੀ ਕਾਂਗਰਸ ਸੀ, ਵਿੱਚ ਇੱਕ ਵਾਰ ਫਿਰ ਇਸ ਮਸਲੇ ਵੱਲ ਪਰਤੇ; ਅਤੇ 1923 ਦੇ ਆਰੰਭ ਵਿੱਚ, ਆਪਣੇ ਆਖਰੀ ਲੇਖਾਂ ਵਿੱਚੋਂ ਇੱਕ ਵਿੱਚ, ਉਹਨਾਂ ਨੇ ‘ਸੱਭਿਆਚਾਰਕ ਇਨਕਲਾਬ’ ਦਾ ਸੱਦਾ ਦਿੱਤਾ :

       ਸਾਡੇ ਵਿਰੋਧੀਆਂ ਨੇ ਸਾਨੂੰ ਦੱਸਿਆ ਹੈ ਕਿ ਅਸੀਂ ਇੱਕ ਸੱਭਿਆਚਾਰਕ ਤੌਰ ‘ਤੇ ਪਿਛੜੇ ਦੇਸ਼ ਵਿੱਚ ਸਮਾਜਵਾਦ ਦੀ ਸਥਾਪਨਾ ਲਈ ਕਾਹਲ ਕੀਤੀ। ਉਹ ਇਸ ਤੱਥ ਕਾਰਨ ਧੋਖਾ ਖਾ ਗਏ ਕਿ ਅਸੀਂ ਸਾਰੇ ਕਿਸਮ ਦੇ ਪੰਡਤਾਊ ਸਿਧਾਂਤਾਂ ਵੱਲੋਂ ਸੁਝਾਏ ਗਏ ਰਸਤੇ ਦੇ ਐਨ ਉਲਟ, ਦੂਸਰੇ ਸਿਰੇ ਤੋਂ ਸ਼ੁਰੂਆਤ ਕੀਤੀ। ਸਾਡੇ ਦੇਸ਼ ਵਿੱਚ, ਸਿਆਸੀ ਤੇ ਸਮਾਜਿਕ ਇਨਕਲਾਬ ਸੱਭਿਆਚਾਰਕ ਇਨਕਲਾਬ ਤੋਂ ਪਹਿਲਾਂ ਹੋਏ, ਉਹੀ ਸੱਭਿਆਚਾਰਕ ਇਨਕਲਾਬ ਬੇਸ਼ੱਕ ਹੁਣ ਸਾਡੇ ਸਾਹਮਣੇ ਖੜ੍ਹਾ ਹੈ। (ਲੈਨਿਨ, ਸਮੁੱਚੀਆਂ ਲਿਖਤਾਂ ਸੈਂਚੀ 33, ਸਫ਼ਾ 474)

ਲੈਨਿਨ ਦੇ ਸੱਦੇ ਨੂੰ ਸਤਾਲਿਨ ਫਿਰ ਦੁਹਰਾਇਆ :

       ਨੌਕਰਸ਼ਾਹੀ ਦਾ ਪੱਕਾ ਇਲਾਜ ਮਜ਼ਦੂਰਾਂ ਤੇ ਕਿਸਾਨਾਂ ਦੇ ਸੱਭਿਆਚਾਰਕ ਪੱਧਰ ਨੂੰ ਉੱਚਾ ਚੁੱਕਣਾ ਹੈ। ਰਾਜਸੱਤ੍ਹਾ ਦੇ ਢਾਂਚੇ ਵਿੱਚ ਨੌਕਰਸ਼ਾਹੀ ਨੂੰ ਭੰਡਿਆ ਤੇ ਫਿਟਕਾਰਿਆ ਜਾ ਸਕਦਾ ਹੈ, ਸਾਡੇ ਅਮਲੀ ਕੰਮਾਂ ਵਿੱਚ ਨੌਕਰਸ਼ਾਹੀ ਨੂੰ ਨਿੰਦਿਆ ਤੇ ਸਜ਼ਾ ਦਿੱਤੀ ਜਾ ਸਕਦੀ ਹੈ; ਪਰੰਤੂ, ਜਦ ਤੱਕ ਮਜ਼ਦੂਰਾਂ ਦੇ ਲੋਕ ਸਮੂਹ ਸੱਭਿਆਚਾਰ ਦੇ ਇੱਕ ਖਾਸ ਪੱਧਰ ਤੱਕ ਵਿਕਸਤ ਨਹੀਂ ਹੋ ਜਾਂਦੇ ਜਿਹੜਾ ਕਿ ਰਾਜ ਦੇ ਢਾਂਚੇ ਨੂੰ ਕੰਟਰੋਲ ਕਰਨ ਦੀ ਸੰਭਾਵਨਾ, ਇੱਛਾ, ਕਾਬਲੀਅਤ ਪੈਦਾ ਕਰੇਗਾ, ਤਦ ਤੱਕ ਹਰ ਕੋਸ਼ਿਸ਼ ਦੇ ਬਾਵਜੂਦ ਨੌਕਰਸ਼ਾਹੀ ਬਣੀ ਰਹੇਗੀ। ਇਸ ਲਈ, ਮਜ਼ਦੂਰ ਜਮਾਤ ਤੇ ਕਿਰਤੀ ਕਿਸਾਨ ਲੋਕਾਂ ਦਾ ਸੱਭਿਆਚਾਰਕ ਵਿਕਾਸ, ਨਾ ਸਿਰਫ਼ ਸਾਖਰਤਾ ਦਾ ਵਿਕਾਸ, ਭਾਵੇਂ ਸਾਖਰਤਾ ਸਾਰੇ ਸੱਭਿਆਚਾਰ ਦੀ ਬੁਨਿਆਦ ਹੈ, ਸਗੋਂ ਮੁੱਖ ਤੌਰ ‘ਤੇ ਦੇਸ਼ ਦਾ ਪ੍ਰਸ਼ਾਸ਼ਨ ਚਲਾਉਣ ਦੀ ਕਾਬਲੀਅਤ ਵਿਕਸਤ ਕਰਨਾ ਹੀ ਰਾਜ ਤੇ ਬਾਕੀ ਸਾਰੇ ਸੰਦਾਂ ਨੂੰ ਬਿਹਤਰ ਬਣਾਉਣ ਲਈ ਪ੍ਰਮੁੱਖ ਲੀਵਰ ਹੈ। ਸੱਭਿਆਚਾਰਕ ਇਨਕਲਾਬ ਦੇ ਲੈਨਿਨ ਦੁਆਰਾ ਦਿੱਤੇ ਗਏ ਨਾਹਰੇ ਦਾ ਇਹੀ ਤੱਤ ਤੇ ਮਹੱਤਵ ਹੈ। (ਸਤਾਲਿਨ, ਸਮੁੱਚੀਆਂ ਲਿਖਤਾ ਸੈਂਚੀ 10, ਸਫ਼ਾ 330; ਹੋਰ ਦੇਖੋ – ਸੈਂਚੀ 11, ਸਫ਼ਾ 40)

       ਅੰਤ ਵਿੱਚ ਸਾਡੀਆਂ ਆਰਥਕ ਜਥੇਬੰਦੀਆਂ…. ਅਸੀਂ ਇਹਨਾਂ ਜਥੇਬੰਦੀਆਂ ‘ਚ ਨੌਕਰਸ਼ਾਹੀ ਨੂੰ ਕਿਵੇਂ ਖਤਮ ਕਰ ਸਕਦੇ ਹਾਂ? ਅਜਿਹਾ ਕਰਨ ਦਾ ਇੱਕ ਹੀ ਤਰੀਕਾ ਹੈ, ਅਤੇ ਉਹ ਹੈ ਹੇਠੋਂ (ਭਾਵ ਆਮ ਲੋਕਾਂ ਦੇ ਪੱਧਰ ਤੋਂ –ਅਨੁ) ਕੰਟਰੋਲ ਨੂੰ ਜਥੇਬੰਦ ਕਰਨਾ, ਮਜ਼ਦੂਰ ਜਮਾਤ ਦੇ ਵਿਸ਼ਾਲ ਸਮੂਹਾਂ ਦੁਆਰਾ ਸਾਡੀਆਂ ਸੰਸਥਾਵਾਂ ਵਿੱਚ ਬੈਠੀ ਨੌਕਰਸ਼ਾਹੀ, ਉਹਨਾਂ ਦੀਆਂ ਗਲਤੀਆਂ ਤੇ ਕਮੀਆਂ ਦੀ ਅਲੋਚਨਾ ਜਥੇਬੰਦ ਕਰਨੀ। (ਸਤਾਲਿਨ, ਸਮੁੱਚੀਆਂ ਲਿਖਤਾਂ ਸੈਂਚੀ 11, ਸਫ਼ਾ 77)

ਭਾਵੇਂ ਸੱਭਿਆਚਾਰਕ ਇਨਕਲਾਬ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਗਿਆ, ਪਰ ਇਸ ਦਾ ਰੂਪ ਕੀ ਹੁੰਦਾ? ਇਸ ਸਮੱਸਿਆ ਦਾ ਹੱਲ ਨਾ ਨਿਕਲ ਸਕਿਆ। ਸੋਵੀਅਤ ਮਜ਼ਦੂਰ ਤੇ ਕਿਸਾਨ ਲੱਗਭੱਗ ਪਾਰ ਨਾ ਕੀਤੀਆਂ ਜਾ ਸਕਣ ਵਾਲ਼ੀਆਂ ਔਕੜਾਂ ਦੇ ਬਾਵਜੂਦ ਆਪਣਾ ਰਾਜ ਕਾਇਮ ਕਰਨ ‘ਚ ਕਾਮਯਾਬ ਰਹੇ; ਪਰ ਜ਼ਿਕਰ ਅਧੀਨ ਆਏ ਕਾਰਨਾਂ ਕਰਕੇ ਉਹ ਇਸਨੂੰ ਪੂਰੀ ਤਰ੍ਹਾਂ ਆਪਣੇ ਕੰਟਰੋਲ ਹੇਠ ਲਿਆਉਣ ‘ਚ ਸਫ਼ਲ ਨਾ ਹੋ ਸਕੇ।

6. ਸਮਾਜਵਾਦੀ ਸਮਾਜ ਵਿੱਚ ਜਮਾਤੀ ਸੰਘਰਸ਼

ਫਰਵਰੀ, 1931 ਵਿੱਚ ਸਤਾਲਿਨ ਭਵਿੱਖਦਰਸ਼ੀਆਂ ਜਿਹੀ ਚੇਤਾਵਨੀ ਦਿੱਤੀ :

    ਅਸੀਂ ਵਿਕਸਤ ਮੁਲਕਾਂ ਤੋਂ ਪੰਜਾਹ ਜਾਂ ਸੌ ਸਾਲ ਪਿੱਛੇ ਖੜੇ ਹਾਂ। ਸਾਨੂੰ ਇਹ ਫ਼ਰਕ ਦਸ ਸਾਲਾਂ ‘ਚ ਮਿਟਾਉਣਾ ਹੋਵੇਗਾ। ਜਾਂ ਤਾਂ ਅਸੀਂ ਅਜਿਹਾ ਕਰ ਲਵਾਂਗੇ, ਨਹੀਂ ਤਾਂ ਸਾਡੀ ਤਬਾਹੀ ਹੋਵੇਗੀ। (ਸਤਾਲਿਨ, ਸਮੁੱਚੀਆਂ ਲਿਖਤਾਂ ਸੈਂਚੀ 13, ਸਫ਼ਾ 41)

ਦੋ ਸਾਲਾਂ ਬਾਅਦ ਨਾਜ਼ੀਆਂ ਨੇ ਜਰਮਨੀ ਵਿੱਚ ਸੱਤ੍ਹਾ ‘ਤੇ ਕਬਜ਼ਾ ਕਰ ਲਿਆ। ਪਾਰਲੀਮੈਂਟ ਵਿੱਚ ਕਮਿਊਨਿਸਟਾਂ ਦੀ ਬਹੁਗਿਣਤੀ ਦਾ ਸਾਹਮਣਾ ਕਰਨ ਦੀ ਥਾਂ, ਜਰਮਨੀ ਦੇ ਅਜਾਰੇਦਾਰ ਸਰਮਾਏਦਾਰਾਂ ਨੇ ਪੱਛਮ ਦੇ ਹੋਰਨਾਂ ਅਜਾਰੇਦਾਰ ਸਰਮਾਏਦਾਰਾਂ ਦੀ ਸ਼ਹਿ ‘ਤੇ, ਬੁਰਜੂਆ ਪਾਰਲੀਮਾਨੀ ਢਾਂਚੇ ਨੂੰ ਖਾਰਜ ਕਰ ਦਿੱਤਾ ਜਿਹੜਾ ਹੁਣ ਤੱਕ ਇਸ ਲਈ ਇੱਕ ਪਰਦੇ ਦਾ ਕੰਮ ਦੇ ਰਿਹਾ ਸੀ ਅਤੇ ਸੋਵੀਅਤ ਯੂਨੀਅਨ ਨਾਲ਼ ਅੰਤਮ ਟਕਰਾਅ ਲਈ ਤਿਆਰੀਆਂ ਕਰਨ ਲਈ ਨੰਗੀ-ਚਿੱਟੀ ਤਾਨਾਸ਼ਾਹੀ ਦੀ ਸਥਾਪਨਾ ਕਰ ਦਿੱਤੀ। ਇਹਨਾਂ ਜੰਗੀ ਤਿਆਰੀਆਂ ਦੀ ਪਿੱਠਭੂਮੀ ਵਿੱਚ ਰੱਖ ਕੇ ਹੀ ਸਤਾਲਿਨ ਦੁਆਰਾ ਅੰਦਰੂਨੀ ਜਮਾਤੀ ਵਿਰੋਧਤਾਈਆਂ ਨੂੰ ਨਜਿੱਠੇ ਜਾਣ ਦੇ ਅਮਲ ਨੂੰ ਦੇਖਿਆ ਜਾਣਾ ਚਾਹੀਦਾ ਹੈ।

1933 ਵਿੱਚ ਪਹਿਲੀ ਪੰਜ-ਸਾਲਾ ਯੋਜਨਾ ਪੂਰੀ ਹੋਈ; 1937 ਵਿੱਚ ਦੂਜੀ ਪੰਜ-ਸਾਲਾ ਯੋਜਨਾ ਪੂਰੀ ਕੀਤੀ ਗਈ। ਔਕੜਾਂ ਅਨੰਤ ਸਨ – ਨਾਤਜ਼ਰਬੇਕਾਰੀ, ਅਸਮਰੱਥਤਾ, ਅਤੇ ਸਭ ਤੋਂ ਉੱਤੇ ਸਾਬੋਤਾਜ; ਪ੍ਰੰਤੂ ਫਿਰ ਵੀ ਲੈਨਿਨ ਦੇ ਕਹਿਣ ਅਨੁਸਾਰ ‘ਸਿੱਧੇ, ਰੋਜ਼ਮਰ੍ਹਾ ਦੇ ਕੰਮ ਵਿੱਚ ਲੋਕ ਨਾਇਕਤਾ’ (ਲੈਨਿਨ, ਸਮੁੱਚੀਆਂ ਲਿਖਤਾਂ ਸੈਂਚੀ 29, ਸਫ਼ਾ 423) ਦੇ ਸਦਕਾ ਇਹਨਾਂ ਸਭ ‘ਤੇ ਕਾਬੂ ਪਾਇਆ ਗਿਆ।

ਜਨਵਰੀ 1933 ਵਿੱਚ, ਪਹਿਲੀ ਪੰਜ-ਸਾਲਾ ਯੋਜਨਾ ਦੇ ਨਤੀਜਿਆਂ ਦੀ ਨਜ਼ਰਸਾਨੀ ਕਰਦੇ ਹੋਏ ਸਤਾਲਿਨ ਨੇ ਕਿਹਾ :

       ਸਾਨੂੰ ਇਹ ਦਿਮਾਗ ਵਿੱਚ ਬੈਠਾ ਲੈਣਾ ਚਾਹੀਦਾ ਹੈ ਕਿ ਸੋਵੀਅਤ ਰਾਜ ਦੀ ਤਾਕਤ ‘ਚ ਵਾਧੇ ਦੇ ਨਾਲ਼ ਹੀ ਮਰ ਰਹੀਆਂ ਜਮਾਤਾਂ ਦੇ ਆਖਰੀ ਬਚੇ-ਖੁਚੇ ਤੱਤਾਂ ਵੱਲੋਂ ਵਿਰੋਧ ਹੋਰ ਵੀ ਤਿੱਖਾ ਹੋ ਜਾਵੇਗਾ। ਬਿਲਕੁਲ ਇਸ ਕਾਰਨ ਕਿ ਉਹ ਮਰ ਰਹੀਆਂ ਹਨ ਅਤੇ ਉਹਨਾਂ ਦੇ ਦਿਨ ਗਿਣਵੇਂ ਹਨ, ਉਹ ਪਹਿਲਾਂ ਨਾਲ਼ੋਂ ਵਧੇਰੇ ਤਿੱਖੇ, ਅਬਾਦੀ ਦੇ ਸਭ ਤੋਂ ਪਿਛੜੇ ਹਿੱਸਿਆਂ ਨੂੰ ਖਿੱਚ ਪਾਉਣ ਵਾਲ਼ੇ ਅਤੇ ਉਹਨਾਂ ਨੂੰ ਸੋਵੀਅਤ ਰਾਜ ਖਿਲਾਫ਼ ਲਾਮਬੰਦ ਕਰਨ ਵਾਲ਼ਾ ਇੱਕ ਤੋਂ ਬਾਅਦ ਇੱਕ ਹਮਲਾ ਕਰਨਗੀਆਂ। (ਸਤਾਲਿਨ, ਸਮੁੱਚੀਆਂ ਲਿਖਤਾਂ ਸੈਂਚੀ 13, ਸਫ਼ਾ 216)

ਇੱਕ ਸਾਲ ਬਾਅਦ, ਦੂਜੀ ਪੰਜ-ਸਾਲਾ ਯੋਜਨਾ ਦੀ ਪ੍ਰਗਤੀ ‘ਤੇ ਨਿਗਾਹ ਪਾਉਂਦੇ ਹੋਏ ਉਹਨਾਂ ਨੇ ਕਿਹਾ :

      ਪ੍ਰੰਤੂ ਕੀ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਆਰਥਕ ਜੀਵਨ ਵਿੱਚ ਸਰਮਾਏਦਾਰੀ ਦੀ ਸਾਰੀ ਰਹਿੰਦ-ਖੂੰਹਦ ‘ਤੇ ਹੁਣ ਤੱਕ  ਕਾਬੂ ਪਾ ਲਿਆ ਹੈ? ਨਹੀਂ, ਅਸੀਂ ਨਹੀਂ ਸਕਦੇ। ਇਸ ਬਾਰੇ ਤਾਂ ਹੋਰ ਵੀ ਘੱਟ ਕਿਹਾ ਜਾ ਸਕਦਾ ਹੈ ਕਿ ਅਸੀਂ ਲੋਕਾਂ ਦੇ ਮਨਾਂ ‘ਚ ਵਸੀ ਹੋਈ ਸਰਮਾਏਦਾਰੀ ਦੀ ਰਹਿੰਦ-ਖੂੰਹਦ ਤੋਂ ਪਿੱਛਾ ਛੁਡਾ ਲਿਆ। ਅਸੀਂ ਅਜਿਹਾ ਸਿਰਫ਼ ਇਸ ਲਈ ਹੀ ਨਹੀਂ ਕਹਿ ਸਕਦੇ ਕਿ ਲੋਕ-ਮਨਾਂ ਦਾ ਵਿਕਾਸ ਉਹਨਾਂ ਦੀ ਆਰਥਕ ਜ਼ਿੰਦਗੀ ਦੇ ਵਿਕਾਸ ਦੇ ਪਿੱਛੇ-ਪਿੱਛੇ ਚੱਲਦਾ ਹੈ, ਸਗੋਂ ਇਸ ਲਈ ਵੀ ਕਿ ਅਸੀਂ ਅਜੇ ਵੀ ਸਰਮਾਏਦਾਰ ਦੇਸ਼ਾਂ ਵਿੱਚ ਘਿਰੇ ਹੋਏ ਹਾਂ, ਜਿਹੜੇ ਸੋਵੀਅਤ ਯੂਨੀਅਨ ਦੇ ਲੋਕਾਂ ਦੀ ਆਰਥਕ ਜ਼ਿੰਦਗੀ ਤੇ ਮਨਾਂ ਵਿੱਚ ਸਰਮਾਏਦਾਰੀ ਦੀ ਰਹਿੰਦ-ਖੂੰਹਦ ਨੂੰ ਮੁੜ-ਜੀਵਤ ਕਰਨ ਤੇ ਬਣਾਈ ਰੱਖਣ ਦੀ ਹਰ ਕੋਸ਼ਿਸ਼ ਕਰ ਰਹੇ ਹਨ, ਅਤੇ ਜਿਸ ਖਿਲਾਫ਼ ਸਾਨੂੰ ਬਾਲਸ਼ਵਿਕਾਂ ਨੂੰ ਹਮੇਸ਼ਾ ਆਪਣੇ ਹਥਿਆਰ ਤਿਆਰ-ਬਰ-ਤਿਆਰ ਰੱਖਣੇ ਚਾਹੀਦੇ ਹਨ।

      ਇਹ ਤਰਕ ‘ਤੇ ਬਿਲਕੁਲ ਖਰੀ ਉਤਰਨ ਵਾਲ਼ੀ ਸੱਚਾਈ ਹੈ ਕਿ ਇਹ ਰਹਿੰਦ-ਖੂੰਹਦ ਸਾਡੀ ਪਾਰਟੀ ਦੇ ਮੈਂਬਰਾਂ ਦੇ ਮਨਾਂ ਵਿੱਚ ਲੈਨਿਨਵਾਦ-ਵਿਰੋਧੀ ਧੜਿਆਂ ਦੀ ਹਰਾਈ ਜਾ ਚੁੱਕੀ ਵਿਚਾਰਧਾਰਾ ਦੇ ਮੁੜ-ਸੁਰਜੀਤ ਹੋ ਜਾਣ ਲਈ ਬੜੀ ਜਰਖੇਜ਼ ਜ਼ਮੀਨ ਹੈ…

      ਇਸ ਲਈ ਅਸੀਂ ਇਹ ਨਹੀਂ ਕਹਿ ਸਕਦੇ ਕਿ ਲੜਾਈ ਖਤਮ ਹੋ ਗਈ ਹੈ ਅਤੇ ਕਿ ਹੁਣ ਸਾਨੂੰ ਸਮਾਜਵਾਦੀ ਹਮਲਿਆਂ ਦੀ ਨੀਤੀ ਦੀ ਕੋਈ ਲੋੜ ਨਹੀਂ ਰਹੀ। (ਸਤਾਲਿਨ, ਸਮੁੱਚੀਆਂ ਲਿਖਤਾਂ ਸੈਂਚੀ 13, ਸਫ਼ਾ 356)

ਇਸ ਤਰ੍ਹਾਂ, ਇਹਨਾਂ ਦੋ ਬਿਆਨਾਂ ਅਨੁਸਾਰ, ਲੋਟੂ ਜਮਾਤਾਂ ਦੇ ਬਚੇ-ਖੁਚੇ ਤੱਤ ਸਰਮਾਏਦਾਰ ਤਾਕਤਾਂ ਦੀ ਹਮਾਇਤ ਨਾਲ਼ ਸੋਵੀਅਤ ਲੋਕਾਂ ਦੇ ਪਿਛੜੇ ਹਿੱਸਿਆਂ ਨੂੰ ਰਾਜ ਖਿਲਾਫ਼ ਲਾਮਬੰਦ ਕਰਨ ਲਈ ਹਰ ਹੀਲਾ ਜੁਟਾ ਰਹੇ ਸਨ। ਜਮਾਤੀ ਸੰਘਰਸ਼ ਨਾ ਸਿਰਫ਼ ਜ਼ਾਰੀ ਸੀ, ਸਗੋਂ ਤਿੱਖਾ ਹੋ ਰਿਹਾ ਸੀ।

1936 ਵਿੱਚ ਨਵਾਂ ਸੰਵਿਧਾਨ ਅਪਣਾਇਆ ਗਿਆ ਜਿਹੜਾ ਸਭਨਾਂ ਨੂੰ, ‘ਬਿਨਾਂ ਕਿਸੇ ਨਸਲ, ਕੌਮੀਅਤ, ਧਰਮ,ਵਿੱਦਿਅਕ ਯੋਗਤਾ, ਵਸਨੀਕਤਾ, ਸਮਾਜਿਕ ਮੂਲ, ਜਾਇਦਾਦ ਦੇ ਰੁਤਬੇ ਜਾਂ ਪਿਛਲੇ ਕੰਮਾਂ ਦਾ ਕੋਈ ਭੇਦਭਾਵ ਕੀਤੇ ਬਿਨਾਂ’ ਬਰਾਬਰ ਦੇ ਹੱਕ ਦਿੰਦਾ ਸੀ। ਇਹ ਜਿਵੇਂ ਕਿ ਸਤਾਲਿਨ ਨੇ ਕਿਹਾ ਸੀ, ਦੁਨੀਆਂ ਦਾ ਸਭ ਤੋਂ ਜਮਹੂਰੀ ਸੰਵਿਧਾਨ ਸੀ। ਇਸ ਸਾਲ ਦੇ ਨਵੰਬਰ ਮਹੀਨੇ ਇਸਦਾ ਐਲਾਨ ਕਰਦੇ ਹੋਏ ਉਹਨਾਂ ਨੇ ਕਿਹਾ :

       ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਭੂਮੀਪਤੀ ਜਮਾਤ ਘਰੇਲੂ ਜੰਗ ਵਿੱਚ ਜਿੱਤ ਹਾਸਿਲ ਕਰਨ ਦੇ ਨਾਲ਼ ਹੀ ਖਤਮ ਕੀਤੀ ਜਾ ਚੁੱਕੀ ਸੀ। ਜਿੱਥੋਂ ਤੱਕ ਦੂਜੀਆਂ ਲੋਟੂ ਜਮਾਤਾਂ ਦੀ ਗੱਲ ਹੈ, ਉਹਨਾਂ ਦੀ ਕਿਸਮਤ ਵੀ ਭੂਮੀਪਤੀ ਜਮਾਤ ਜਿਹੀ ਹੀ ਸੀ। ਸੱਨਅਤ ਦੇ ਖੇਤਰ ਵਿੱਚ ਸਰਮਾਏਦਾਰੀ ਜਮਾਤ ਦੀ ਹੋਂਦ ਖਤਮ ਚੁੱਕੀ ਹੈ। ਖੇਤੀ ਦੇ ਖੇਤਰ ਵਿੱਚ ਕੁਲਕ ਜਮਾਤ ਦਾ ਸਫਾਇਆ ਹੋ ਚੁੱਕਾ ਹੈ। ਅਤੇ ਵਪਾਰ ਦੇ ਖੇਤਰ ਵਿੱਚ ਵਪਾਰੀਆਂ ਤੇ ਮੁਨਾਫ਼ੇਖੋਰਾਂ ਦੀ ਹੋਂਦ ਮਿਟ ਚੁੱਕੀ ਹੈ। ਇਸ ਤਰ੍ਹਾਂ, ਸਾਰੀਆਂ ਲੋਟੂ ਜਮਾਤਾਂ ਖਤਮ ਕਰ ਦਿੱਤੀਆਂ ਗਈਆਂ ਹਨ। (ਸਤਾਲਿਨ, ਲੈਨਿਨਵਾਦ, ਸਫ਼ਾ 565)

       ਸੋਵੀਅਤ ਯੂਨੀਅਨ ਦੇ ਨਵੇਂ ਸੰਵਿਧਾਨ ਦੇ ਖਰੜੇ ਦਾ ਪ੍ਰਸਥਾਨ ਬਿੰਦੂ ਇਹ ਹੈ ਕਿ ਹੁਣ ਸਮਾਜ ਵਿੱਚ ਵਿਰੋਧੀ ਜਮਾਤਾਂ ਦੀ ਹੋਂਦ ਨਹੀਂ ਰਹੀ ਹੈ…. (ਸਤਾਲਿਨ, ਲੈਨਿਨਵਾਦ, ਸਫ਼ਾ 571)

ਇੱਥੇ ਲੋਟੂ ਜਮਾਤਾਂ ਦੇ ਖਤਮ ਹੋਣ ਦੀ ਗੱਲ ਕਹੀ ਗਈ ਹੈ; ਜਿਸ ਤੋਂ ਇਹ ਲੱਗ ਸਕਦਾ ਹੈ ਕਿ ਜਮਾਤੀ ਸੰਘਰਸ਼ ਖਤਮ ਹੋ ਗਿਆ ਹੈ।

ਮਾਰਚ 1937, ਉਲਟ-ਇਨਕਲਾਬੀਆਂ ਵੱਲੋਂ ਘੁਸਪੈਠ ਕਰ ਆਉਣ ਖਿਲਾਫ਼ ਪਾਰਟੀ ਦੀ ਰੱਖਿਆ ਕਰਨ ਲਈ ਵਧੇਰੇ ਚੌਕਸੀ ਵਰਤਣ ਦਾ ਸੱਦਾ ਦਿੰਦੇ ਹੋਏ ਸਤਾਲਿਨ ਨੇ ਕਿਹਾ:

      ਇਸ ਗਲ-ਸੜ ਚੁੱਕੇ ਸਿਧਾਂਤ ਨੂੰ ਪੂਰੀ ਤਰ੍ਹਾਂ ਰੱਦ ਤੇ ਖਾਰਿਜ ਕਰ ਦਿੱਤਾ ਜਾਣਾ ਚਾਹੀਦਾ ਹੈ ਕਿ ਤਰੱਕੀ ਦੇ ਹਰ ਕਦਮ ਨਾਲ਼ ਜਮਾਤੀ ਸੰਘਰਸ਼ ਹੋਰ ਵਧੇਰੇ, ਹੋਰ ਵਧੇਰੇ ਖਤਮ ਹੁੰਦਾ ਜਾਏਗਾ, ਕਿ ਸਾਡੀਆਂ ਕਾਮਯਾਬੀਆਂ ਦੇ ਵਾਧੇ ਦੇ ਅਨੁਪਾਤ ਅਨੁਸਾਰ ਜਮਾਤੀ ਦੁਸ਼ਮਣ ਜ਼ਿਆਦਾ ਤੋਂ ਜ਼ਿਆਦਾ ਕਮਜ਼ੋਰ ਪੈਂਦੇ ਜਾਣਗੇ….

      ਇਸ ਤੋਂ ਬਿਲਕੁਲ ਉਲਟ, ਜਿੰਨਾ ਵਧੇਰੇ ਅਸੀਂ ਤਰੱਕੀ ਕਰਾਂਗੇ, ਜਿੰਨੀਆਂ ਜ਼ਿਆਦਾ ਅਸੀਂ ਕਾਮਯਾਬੀਆਂ ਹਾਸਿਲ ਕਰਾਂਗੇ, ਹਰਾਈਆਂ ਜਾ ਚੁੱਕੀਆਂ ਲੋਟੂ ਜਮਾਤਾਂ ਦੇ ਬਚੇ-ਖੁਚੇ ਤੱਤਾਂ ਵਿੱਚ ਵਧੇਰੇ ਨਫ਼ਰਤ ਭਰਦੀ ਜਾਏਗੀ, ਉਹ ਤਿੱਖੇ ਸੰਘਰਸ਼ ਦੇ ਤਰੀਕਿਆਂ ਨੂੰ ਜ਼ਿਆਦਾ ਤੇਜ਼ੀ ਨਾਲ਼ ਵਰਤਣ ਲੱਗਣਗੇ, ਉਹ ਸੋਵੀਅਤ ਰਾਜ ਦਾ ਵਧੇਰੇ ਨੁਕਸਾਨ ਕਰਨਗੇ, ਖਾਤਮੇ ਦੀਆਂ ਅੰਤਮ ਘੜੀਆਂ ਨੂੰ ਟਾਲਣ ਲਈ ਹਰ ਸੰਭਵ ਹੀਲਾ ਅਪਣਾਉਣਗੇ।

      ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸੋਵੀਅਤ ਯੂਨੀਅਨ ਦੀਆਂ ਹਾਰੀਆਂ ਹੋਈਆਂ ਜਮਾਤਾਂ ਇਕੱਲੀਆਂ ਨਹੀਂ ਹਨ। ਸੋਵੀਅਤ ਯੂਨੀਅਨ ਦੀਆਂ ਸਰਹੱਦਾਂ ਤੋਂ ਪਾਰ ਬੈਠੇ ਸਾਡੇ ਦੁਸ਼ਮਣਾਂ ਵੱਲੋਂ ਉਹਨਾਂ ਨੂੰ ਸਿੱਧੀ ਹਮਾਇਤ ਮਿਲਦੀ ਹੈ। ਇਹ ਸਮਝਣਾ ਵੱਡੀ ਭੁੱਲ ਹੋਵੇਗੀ ਕਿ ਜਮਾਤੀ ਸੰਘਰਸ਼ ਦਾ ਦਾਇਰਾ ਸੋਵੀਅਤ ਯੂਨੀਅਨ ਦੀਆਂ ਹੱਦਾਂ ਦੇ ਅੰਦਰ ਤੱਕ ਸੀਮਤ ਹੈ। ਭਾਵੇਂ ਜਮਾਤੀ ਸੰਘਰਸ਼ ਦਾ ਇੱਕ ਸਿਰਾ ਸੋਵੀਅਤ ਯੂਨੀਅਨ ਦੇ ਅੰਦਰ ਹੈ, ਪਰ ਇਸਦਾ ਦੂਜਾ ਸਿਰਾ ਸਾਡੇ ਚੁਫੇਰੇ ਦੇ ਬੁਰਜੂਆ ਰਾਜਾਂ ਵਿੱਚ ਫੈਲਿਆ ਹੋਇਆ ਹੈ। (ਮਾਸਕੋ ਮੁਕੱਦਮੇ ਅਤੇ ਸਤਾਲਿਨ ਦੀਆਂ ਦੋ ਤਕਰੀਰਾਂ, ਸਫ਼ਾ 262)

ਇੱਥੇ ਇੱਕ ਵਾਰ ਜਮਾਤੀ ਸੰਘਰਸ਼ ਦੇ ਜ਼ਾਰੀ ਰਹਿਣ ਅਤੇ ਹੋਰ ਜ਼ਿਆਦਾ ਤਿੱਖੇ ਹੋਣ ਦੀ ਗੱਲ ਕੀਤੀ ਹੈ।

ਅੰਤ ਵਿੱਚ, ਮਾਰਚ 1939 ਵਿੱਚ ਅਠਾਰਵੀਂ ਪਾਰਟੀ ਕਾਂਗਰਸ ਵਿੱਚ ਆਪਣੀ ਰਿਪੋਰਟ ਵਿੱਚ ਸਤਾਲਿਨ ਕਹਿੰਦੇ ਹਨ :

      ਸਰਮਾਏਦਾਰਾ ਸਮਾਜ ਵਿੱਚ ਜਿੱਥੇ ਮਜ਼ਦੂਰਾਂ ਤੇ ਸਰਮਾਏਦਾਰਾਂ ਵਿਚਾਲੇ ਅਤੇ ਕਿਸਾਨਾਂ ਤੇ ਭੂਮੀਪਤੀਆਂ ਵਿਚਾਲੇ ਵਿਰੋਧਤਾਈਆਂ ਕਾਰਨ ਪਾਟੋਧਾੜ ਹੁੰਦਾ ਹੈ ਤੇ ਅੰਦਰੂਨੀ ਅਸੰਤੁਲਨ ਦਾ ਸ਼ਿਕਾਰ ਹੁੰਦਾ ਹੈ, ਉੱਥੇ ਹਰ ਤਰ੍ਹਾਂ ਦੀ ਲੁੱਟ ਤੋਂ ਮੁਕਤ ਸੋਵੀਅਤ ਸਮਾਜ ਵਿੱਚ ਅਜਿਹੀ ਕੋਈ ਵੀ ਵਿਰੋਧਤਾਈ, ਜਮਾਤੀ ਸੰਘਰਸ਼ ਦੀ ਹੋਂਦ ਨਹੀਂ ਹੈ, ਅਤੇ ਇਹ ਮਜ਼ਦੂਰਾਂ, ਕਿਸਾਨਾਂ ਤੇ ਬੁੱਧੀਜੀਵੀਆਂ ਵਿਚਕਾਰ ਮਿੱਤਰਤਾਪੂਰਨ ਸਾਂਝ ਦੀ ਇੱਕ ਝਾਕੀ ਪੇਸ਼ ਕਰਦਾ ਹੈ। (ਸਤਾਲਿਨ, ਲੈਨਿਨਵਾਦ, ਸਫ਼ਾ 645)

ਇੱਥੇ ਇੱਕ ਵਾਰ ਫਿਰ ਸੋਵੀਅਤ ਸਮਾਜ ਨੂੰ ਜਮਾਤੀ ਦੁਸ਼ਮਣੀਆਂ ਤੋਂ ਮੁਕਤ ਦੱਸਿਆ ਗਿਆ ਹੈ।

ਇਹਨਾਂ ਵਿਸੰਗਤੀਆਂ ਦੀ ਵਿਆਖਿਆ ਕਿਵੇਂ ਕੀਤੀ ਜਾ ਸਕਦੀ ਹੈ? ਇਸ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਨ ਤੋਂ ਪਹਿਲਾਂ, ਸਾਨੂੰ ਉਹਨਾਂ ਕਦਮਾਂ ਨੂੰ ਵਾਚਣਾ ਚਾਹੀਦਾ ਹੈ ਜਿਹੜੇ ਇਹਨਾਂ ਸਾਲਾਂ ਦੌਰਾਨ ਉਲਟ-ਇਨਕਲਾਬੀ ਤਾਕਤਾਂ ਨੂੰ ਹਰਾਉਣ ਲਈ ਉਠਾਏ ਗਏ ਸਨ।

ਇੱਕ ਪਾਸੇ, ਬੁਖਾਰਿਨ, ਰਾਈਕੋਵ ਤੇ ਜ਼ਿਨੋਵੀਵ ਸਮੇਤ ਕਈ ਸਾਰੇ ਸਿਆਸੀ ਆਗੂਆਂ, ਬਹੁਤ ਸਾਰੇ ਫੌਜ਼ੀ ਜਰਨੈਲਾਂ ਤੇ ਇੱਕ ਪੁਲਿਸ ਦੇ ਮੁਖੀਏ ‘ਤੇ ਵੀ, ਮੁਕੱਦਮੇ ਚਲਾਏ ਗਏ ਅਤੇ ਦੇਸ਼ਧ੍ਰੋਹ ਦੇ ਦੋਸ਼ੀ ਕਰਾਰ ਦਿੱਤੇ ਗਏ ਤੇ ਫਾਹੇ ਲਾ ਦਿੱਤੇ ਗਏ। ਇਹਨਾਂ ਸਾਰਿਆਂ ‘ਚ ਇਹ ਵਿਸ਼ਵਾਸ਼ ਸਾਂਝਾ ਸੀ ਕਿ ਆਉਣ ਵਾਲ਼ੀ ਜੰਗ ਵਿੱਚ ਜਰਮਨੀ ਜੇਤੂ ਰਹੇਗਾ। ਇਸ ਤੋਂ ਇਲਾਵਾ, ਵੱਡੀ ਗਿਣਤੀ ਵਿੱਚ ਜਾਸੂਸ ਤੇ ਹੋਰ ਦੁਸ਼ਮਣ ਏਜੰਟ ਵੀ ਮਾਰੇ ਗਏ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜੇ ਇਹ ਕਦਮ ਨਾ ਉਠਾਏ ਗਏ ਹੁੰਦੇ ਤਾਂ ਸੋਵੀਅਤ ਯੂਨੀਅਨ ਤਬਾਹ ਹੋ ਗਿਆ ਹੁੰਦਾ। ਦੂਜੇ ਪਾਸੇ, ਆਪਣੀ ਸਾਬੋਤਾਜ-ਵਿਰੋਧੀ ਕਾਰਵਾਈ ਦੌਰਾਨ, ਸੁਰੱਖਿਆ ਪੁਲਿਸ ਜਿਸ ‘ਤੇ ਮੁਕੰਮਲ ਕੰਟਰੋਲ ਨਹੀਂ ਸੀ, ਨੇ ਕਈ ਹਜ਼ਾਰਾਂ ਬੇਕਸੂਰ ਲੋਕਾਂ ਨੂੰ ਗ੍ਰਿਫਤਾਰ ਕਰ ਧਰਿਆ ਅਤੇ ਉਹਨਾਂ ਵਿੱਚੋਂ ਵੱਡੀ ਗਿਣਤੀ ਨੂੰ ਬਿਨਾਂ ਕਿਸੇ ਮੁਕੱਦਮੇ ਦੇ ਮਾਰ ਦਿੱਤਾ। ਇਹ ਜ਼ਾਬਰ ਕਦਮ ਓਨਾ ਮਜ਼ਦੂਰਾਂ ਤੇ ਕਿਸਾਨਾਂ ਵੱਲ ਸੇਧਿਤ ਨਹੀਂ ਸਨ ਜਿਹੜੇ ਇਸ ਸਾਰੇ ਕੁਝ ਤੋਂ ਲੱਗਭੱਗ ਅਛੂਤੇ ਰਹੇ, ਜਿੰਨਾ ਬੁੱਧੀਜੀਵੀ ਤਬਕੇ ਵੱਲ ਤੇ ਸਭ ਤੋਂ ਵੱਧ ਖੁਦ ਪਾਰਟੀ ਵੱਲ ਸੇਧਿਤ ਸਨ। ਨਾ ਸਿਰਫ਼ ਸ਼ਿਕਾਰ ਹੋਏ ਲੋਕਾਂ ਵਿੱਚੋਂ ਵੱਡੀ ਗਿਣਤੀ  ਵਿੱਚ ਪਾਰਟੀ ਮੈਂਬਰ ਸਨ, ਸਗੋਂ ਕਈ ਸਾਰੇ ਤਾਂ ਸਤਾਲਿਨ ਦੇ ਸਭ ਤੋਂ ਵਫਾਦਾਰ ਹਮਾਇਤੀਆਂ ਵਿੱਚੋਂ ਸਨ। ਇਸ ਘਟਨਾਕ੍ਰਮ ਦੀ ਇੱਕੋ ਇੱਕ ਵਿਆਖਿਆ ਜੋ ਬਣਦੀ ਹੈ, ਉਹੋ ਹੀ ਹੈ ਜੋ ਉਸ ਸਮੇਂ ਪ੍ਰਚਲਿਤ ਸੀ ਅਤੇ ਬਾਅਦ ਵਿੱਚ ਵੀਹਵੀਂ ਕਾਂਗਰਸ (1956) ਵਿੱਚ ਜਿਸ ਦੀ ਪੁਸ਼ਟੀ ਕੀਤੀ ਗਈ। ਦੁਸ਼ਮਣ ਏਜੰਟ ਸੁਰੱਖਿਆ ਪੁਲਿਸ ਦੇ ਉੱਚੇ ਰੈਂਕਾਂ ਤੱਕ ਘੁਸਪੈਠ ਕਰ ਚੁੱਕੇ ਸਨ। ਸਤਾਲਿਨ ਨੇ ਸ਼ੁੱਧੀਕਰਣ ਦੀਆਂ ਕਾਰਵਾਈਆਂ ਦੀ ਜ਼ਿੰਮੇਵਾਰੀ ਕਬੂਲੀ, ਅਤੇ ਇਹ ਮੰਨਿਆ ਕਿ ਇਹਨਾਂ ਦੌਰਾਨ ‘ਵੱਡੀਆਂ ਗਲਤੀਆਂ’ ਹੋਈਆਂ ਹਨ (ਸਤਾਲਿਨ, ਲੈਨਿਨਵਾਦ, ਸਫ਼ਾ 649)। ਇਹ ਸਾਰਾ ਕੁਝ ਇਹੀ ਦਿਖਾਉਂਦਾ ਹੈ ਕਿ ਉਲਟ-ਇਨਕਲਾਬ ਕਿੰਨਾ ਨਜ਼ਦੀਕ ਆ ਕੇ ਹਾਰਿਆ।

ਸ਼ਹਿਰੀ ਹੱਕਾਂ ਦੀਆਂ ਇਹ ਅਪਰਾਧਕ ਉਲੰਘਣਾਵਾਂ ਨਵੇਂ ਸੰਵਿਧਾਨ ਦੇ ਸਿੱਧਮ-ਸਿੱਧਾ ਵਿਰੋਧਤਾ ਵਿੱਚ ਹਨ ਜਿਸ ਵਿੱਚ ਉਹੀ ਹੱਕ ਪ੍ਰਦਾਨ ਕੀਤੇ ਗਏ ਸਨ; ਅਤੇ ਇਹ ਵਿਰੋਧਤਾਈ ਸਪੱਸ਼ਟ ਰੂਪ ‘ਚ ਸੋਵੀਅਤ ਸਮਾਜ ਵਿੱਚ ਜਮਾਤਾਂ ਦੀ ਹਾਲਤ ਦੇ ਪਹਿਲਾਂ ਜ਼ਿਕਰ ਅਧੀਨ ਆ ਚੁੱਕੇ ਵਿਸ਼ਲੇਸ਼ਣ ਨਾਲ਼ ਜੁੜੀ ਹੋਈ ਹੈ। ਉਹਨਾਂ ਦੇ ਵਿਸ਼ਲੇਸ਼ਣ ਵੱਲ ਪਰਤਦੇ ਹੋਏ ਅਸੀਂ ਸਵਾਲ ਕਰਦੇ ਹਾਂ ਕਿ ਅਸਲ ਵਿੱਚ ਹਾਲਾਤ ਕੀ ਸਨ? ਕੀ ਜਮਾਤੀ ਸੰਘਰਸ਼ ਲਗਾਤਾਰ ਤਿੱਖਾ ਹੋ ਰਿਹਾ ਸੀ ਜਾਂ ਖਤਮ ਹੁੰਦਾ ਜਾ ਰਿਹਾ ਸੀ?

ਇਹਨਾਂ ਸਾਲਾਂ ਦੌਰਾਨ ਨਵੀਂ ਸਮਾਜਵਾਦੀ ਆਰਥਿਕਤਾ ਉਸਾਰੀ ਗਈ। ਸਰਮਾਏਦਾਰਾ ਮਾਲਕੀ ਦੀ ਥਾਂ ਸਮਾਜਵਾਦੀ ਮਾਲਕੀ ਕਾਇਮ ਕੀਤੀ ਗਈ, ਛੋਟੀ ਪੈਦਾਵਾਰ ਦੀ ਥਾਂ ਵੱਡੀ ਪੈਦਾਵਾਰ ਖੜੀ ਕੀਤੀ ਗਈ। ਪ੍ਰੰਤੂ, ਸਿਆਸੀ ਤੇ ਵਿਚਾਰਧਾਰਕ ਉੱਚ-ਉਸਾਰ ਦੀ ਸਮਾਜਵਾਦੀ ਰੂਪਬਦਲੀ ਅਜੇ ਕਰਨੀ ਬਾਕੀ ਸੀ। ਇੱਕ ਨਵੀਂ ਰਾਜ ਮਸ਼ੀਨਰੀ ਕਾਇਮ ਕੀਤੀ ਗਈ ਸੀ ਜਿਸਨੂੰ ਪਾਰਟੀ ਜ਼ਰੀਏ ਪ੍ਰੋਲੇਤਾਰੀ ਕੰਟਰੋਲ ਕਰਦਾ ਸੀ, ਪਰ ਵਿਆਪਕ ਲੋਕਾਈ ਅਜੇ ਇਸ ਵਿੱਚ ਹਿੱਸੇਦਾਰ ਨਹੀਂ ਸੀ। ਉਲਟਾ, ਇਹ ਕੁਝ ਹੱਦ ਤੱਕ ਬੁਰਜੂਆ ਅਧਿਕਾਰੀਆਂ ਜਿਹੜੇ ਵਿਸ਼ੇਸ਼ਧਿਕਾਰਾਂ ਵਾਲ਼ੇ ਅਹੁਦਿਆਂ ‘ਤੇ ਬੈਠੇ ਸਨ, ਦੇ ਨੌਕਰਸ਼ਹਾਨਾ ਤੌਰ-ਤਰੀਕਿਆਂ ਕਾਰਨ ਲੋਕਾਈ ਤੋਂ ਦੂਰ ਹੋ ਗਈ ਸੀ। ਖੁਦ ਪਾਰਟੀ ਵਿੱਚ ਵੀ ਨੌਕਰਸ਼ਾਹ ਪ੍ਰਵਿਰਤੀਆਂ ਵਧ ਰਹੀਆਂ ਸਨ। ਪੁਰਾਣੀਆਂ ਲੋਟੂ ਜਮਾਤਾਂ ਮਾਲਕੀ ਤੋਂ ਵਾਂਝੀਆਂ ਭਾਵੇਂ ਕਰ ਦਿੱਤੀਆਂ ਸਨ ਪਰ ਅਜੇ ਖਤਮ ਨਹੀਂ ਕੀਤੀਆਂ ਗਈਆਂ ਸਨ। ਬਹੁਤ ਸਾਰੇ ਸਾਬਕਾ ਭੂਮੀਪਤੀਆਂ ਤੇ ਸਰਮਾਏਦਾਰਾਂ ਨੇ ਜਨਤਕ ਸੇਵਾਵਾਂ ਵਿੱਚ ਰੁਜ਼ਗਾਰ ਹਾਸਿਲ ਕਰ ਲਿਆ ਸੀ ਅਤੇ ਕਈ ਸਾਬਕਾ ਕੁਲਕ ਸਮੂਹਿਕ ਖੇਤਾਂ ਵਿੱਚ ਸ਼ਾਮਿਲ ਹੋ ਗਏ ਸਨ। ਇਹਨਾਂ ਲੋਕਾਂ ਦੀ ਮਾਲਕੀ ਖੁੱਸ ਗਈ, ਪਰ ਉਹਨਾਂ ਦੀਆਂ ਰਵਾਇਤਾਂ, ਆਦਤਾਂ ਤੇ ਜ਼ਿੰਦਗੀ ਪ੍ਰਤੀ ਪੁਰਾਣਾ ਨਜ਼ਰੀਆ ਬਰਕਰਾਰ ਸੀ। ਸਮੂਹਿਕ ਖੇਤਾਂ ਵਿੱਚ ਸ਼ਾਮਿਲ ਕਿਸਾਨਾਂ ਦੀ ਚੇਤਨਾ ਅਜੇ ਵੀ ਛੋਟੇ ਮਾਲਕਾਨੇ ਵਾਲ਼ੀ ਬਣੀ ਹੋਈ ਸੀ। ਪ੍ਰੋਲੇਤਾਰੀ ਨੇ ਖੁਦ ਵੀ ਸੱਨਅਤੀ ਵਿਕਾਸ ਦੀਆਂ ਕਾਫ਼ੀ ਲੋੜਾਂ ਕਿਸਾਨੀ ਵਿੱਚੋਂ ਵੱਡੀ ਗਿਣਤੀ ‘ਚ ਰੰਗਰੂਟ ਭਰਤੀ ਕਰਕੇ ਪੂਰੀਆਂ ਕੀਤੀਆਂ, ਅਤੇ ਇਹ ਵੀ ਆਪਣੇ ਨਾਲ਼ ਆਪਣੇ ਨਿੱਕ-ਬੁਰਜੂਆ ਤੁਅੱਸਬ ਲੈ ਕੇ ਆਏ। ਵਿੱਦਿਅਕ ਢਾਂਚੇ ਦੇ ਤੇਜ਼ੀ ਨਾਲ਼ ਹੋਏ ਫੈਲਾਅ ਕਾਰਨ ਲੋਕਾਂ ਨੇ ਆਪਣਾ ਸੱਭਿਆਚਾਰਕ ਪੱਧਰ ਉੱਪਰ ਚੁੱਕਿਆ ਤੇ ਅਨਪੜ੍ਹਤਾ ਲੱਗਭੱਗ ਪੂਰੀ ਤਰ੍ਹਾਂ ਸਮਾਪਤ ਕਰ ਦਿੱਤੀ ਗਈ, ਪਰ ਇਹ ਅਜੇ ਉਸ ਸੱਭਿਆਚਾਰਕ ਇਨਕਲਾਬ ਤੋਂ ਕੀਤੇ ਘੱਟ ਸੀ ਜਿਸ ਨੂੰ ਸਰਕਾਰ ਦੇ ਕੰਮਾਂ ਵਿੱਚ ਲੋਕਾਂ ਦੀ ਹਿੱਸੇਦਾਰੀ ਯਕੀਨੀ ਬਣਾਉਣ ਲਈ ਲੈਨਿਨ ਨੇ ਜ਼ਰੂਰੀ ਆਖਿਆ ਸੀ। ਇਹਨਾਂ ਕਾਰਨਾਂ ਕਰਕੇ, ਜਮਾਤੀ ਸੰਘਰਸ਼ ਦੀ ਅੰਤਿਮ ਜੰਗ ਅਜੇ ਲੜੀ ਜਾਣੀ ਬਾਕੀ ਸੀ, ਅਤੇ, ਜੇ ਪ੍ਰੋਲੇਤਾਰੀ ਆਪਣੀ ਅਗਵਾਈ ਨੂੰ ਜ਼ਰਾ ਵੀ ਢਿੱਲਾ ਕਰਦਾ ਸੀ ਤਾਂ ਹਰਾਈਆਂ ਗਈਆਂ ਜਮਾਤਾਂ ਨੇ ਆਪਣਾ ਖੁੱਸ ਚੁੱਕਿਆ ਮੁੜ ਹਾਸਿਲ ਕਰਨ ਲਈ ਆਪਣੀਆਂ ਕੋਸ਼ਿਸ਼ਾਂ ਨੂੰ ਦੁੱਗਣਾ ਕਰ ਦੇਣਾ ਸੀ।

ਇਸ ਪੂਰੇ ਅਰਸੇ ਦੌਰਾਨ ਪਾਰਟੀ ਦੇ ਕਾਡਰਾਂ ਅੱਗੇ ਕੀਤੀਆਂ ਗਈਆਂ ਸਤਾਲਿਨ ਦੀਆਂ ਤਕਰੀਰਾਂ ਦਾ ਅਧਿਐਨ ਇਹ ਸਾਫ਼ ਦਰਸਾਉਂਦਾ ਹੈ ਕਿ ਉਹ ਇਸ ਖਤਰੇ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਸਨ ਕਿ ‘ਨੌਕਰਸ਼ਹਾਨਾ ਜੰਗਾਲ’ ਕਾਰਨ ਪਾਰਟੀ ਦੇ ਲੋਕਾਂ ਨਾਲ਼ ਰਿਸ਼ਤਿਆਂ ‘ਚ ਦੂਰੀ ਪੈ ਸਕਦੀ ਹੈ (ਮਾਸਕੋ ਮੁਕੱਦਮੇ ਅਤੇ ਸਤਾਲਿਨ ਦੀਆਂ ਦੋ ਤਕਰੀਰਾਂ, ਸਫ਼ਾ 278)। ਉਹਨਾਂ ਨੇ ਖਤਰੇ ਨੂੰ ਭਾਂਪ ਲਿਆ ਸੀ ਅਤੇ ਇਸ ਖਿਲਾਫ਼ ਉਹਨਾਂ ਨੂੰ ਵਾਰ-ਵਾਰ ਸਾਵਧਾਨ ਕੀਤਾ, ਪ੍ਰੰਤੂ ਕਿਉਂਕਿ ਸ਼ਾਇਦ ਉਹ ਖੁਦ ਵੀ ‘ਸ਼ੁੱਧ ਪ੍ਰਸ਼ਾਸ਼ਨ’ ਉੱਤੇ ਜ਼ਿਆਦਾ ਨਿਰਭਰ ਕਰਦੇ ਸਨ, ਇਸ ਲਈ ਉਹ ਇਸਨੂੰ ਠੱਲ੍ਹ ਨਾ ਸਕੇ; ਅਤੇ ਸਮਾਜਵਾਦੀ ਸੁਰੱਖਿਆ ਚੌਂਕੀ ਦੀ ਇਹੀ ਉਹ ਕਮਜ਼ੋਰੀ ਸੀ ਜਿਸ ਰਾਹੀਂ ਦੁਸ਼ਮਣ ਨੇ ਘੁਸਪੈਠ ਕੀਤੀ। ਜੇ ਲੋਕਾਂ ਨੂੰ ਦੋਸਤਾਂ ਤੇ ਦੁਸ਼ਮਣਾਂ ਦਾ ਧਿਆਨ ਰੱਖਦੇ ਹੋਏ ਜਮਾਤੀ ਸੰਘਰਸ਼ ਨੂੰ ਖੁਦ ਆਪਣੇ ਹੱਥਾਂ ‘ਚ ਲੈਣ ਅਤੇ ਇਸਨੂੰ ਅੰਤਮ ਸਿੱਟੇ ਤੱਕ ਪਹੁੰਚਾਉਣ ਲਈ ਲਾਮਬੰਦ ਕੀਤਾ ਗਿਆ ਹੁੰਦਾ, ਉਹ ਪਾਰਟੀ ਅੰਦਰ ਉਲਟ-ਇਨਕਲਾਬੀਆਂ ਨੂੰ ਅਲੱਗ-ਥਲੱਗ ਕਰਨ ‘ਚ ਕਾਮਯਾਬ ਰਹਿੰਦੇ ਅਤੇ ਉਸੇ ਸਮੇਂ ਹੀ ਸੁਰੱਖਿਆ ਪੁਲਿਸ ਦੀਆਂ ਸਰਗਰਮੀਆਂ ਨੂੰ ਵੀ ਕੰਟਰੋਲ ਹੇਠ ਰੱਖਣ ਦਾ ਸਾਧਨ ਬਣਦੇ।
ਇਸ ਤਰ੍ਹਾਂ ਸਾਡੇ ਸਵਾਲ ਦਾ ਜਵਾਬ ਇਹ ਹੈ ਕਿ ਖਤਮ ਹੋਣਾ ਦੂਰ ਰਿਹਾ, ਮਾਲਕੀ ਤੋਂ ਵਾਂਝੀਆਂ ਕੀਤੀਆਂ ਜਮਾਤਾਂ ਦਾ ਵਿਰੋਧ ਜ਼ਾਰੀ ਸੀ ਤੇ ਨਿੱਤ ਨਵੇਂ ਰੂਪ ਧਾਰ ਰਿਹਾ ਸੀ ਜਿਹੜੇ ਪੁਰਾਣੇ ਰੂਪਾਂ ਨਾਲ਼ੋਂ ਜ਼ਿਆਦਾ ਚੀੜ੍ਹੇ ਸਨ ਤੇ ਇਸ ਲਈ ਜ਼ਿਆਦਾ ਖਤਰਨਾਕ ਸਨ। ਇਹਨਾਂ ਹਾਲਤਾਂ ‘ਚ, ਜਿਵੇਂ ਕਿ ਲੈਨਿਨ ਨੇ ਕਿਹਾ ਸੀ, ਪ੍ਰੋਲੇਤਾਰੀ ਦੀ ਤਾਨਾਸ਼ਾਹੀ ਨੂੰ ਬਣਾਈ ਰੱਖਣਾ ਤੇ ਮਜ਼ਬੂਤ ਕਰਨਾ ਸਭ ਤੋਂ ਅਹਿਮ ਕਾਰਜ ਸੀ।

ਇਸ ਸਭ ਕੁਝ ਤੋਂ ਅਸੀਂ ਇਸ ਸਿੱਟੇ ‘ਤੇ ਪੁੱਜਦੇ ਹਾਂ ਕਿ 1935 ਤੱਕ ਸਤਾਲਿਨ ਲੈਨਿਨਵਾਦੀ ਲਾਈਨ ‘ਤੇ ਚੱਲਦੇ ਹਨ, ਪਰ ਇਸ ਤੋਂ ਬਾਅਦ, ਜਿਵੇਂ ਜਿਵੇਂ ਸਰਮਾਏਦਾਰੀ ਦੀ ਘੇਰਾਬੰਦੀ ਦਾ ਦਬਾਅ ਵਧਦਾ ਗਿਆ, ਉਹ ਦੋ ਤਰੀਕਿਆਂ ਨਾਲ਼ ਇਸ ਤੋਂ ਲਾਂਭੇ ਚਲੇ ਜਾਂਦੇ ਹਨ। ਇੱਕ ਪਾਸੇ, ਨਵਾਂ ਸੰਵਿਧਾਨ ਇਸ ਨੁਕਤੇ ‘ਤੇ ਅਧਾਰਤ ਸੀ ਕਿ ਜਿੱਥੇ ਤੱਕ ਘਰੇਲੂ ਹਾਲਤਾਂ ਦਾ ਸਵਾਲ ਹੈ, ਪ੍ਰੋਲੇਤਾਰੀ ਦੀ ਤਾਨਾਸ਼ਾਹੀ ਨੂੰ ਢਿੱਲਿਆਂ ਕੀਤਾ ਜਾ ਸਕਦਾ ਹੈ; ਅਤੇ ਇਸੇ ਕਾਰਨ ਕਰਕੇ ਨਵੀਂ ਬੁਰਜੂਆਜੀ ਨੇ ਇਸਦਾ ਸਵਾਗਤ ਕੀਤਾ ਜਿਹੜੀ ਇਸਨੂੰ ਆਪਣੇ ਵਿਸ਼ੇਸ਼ਧਿਕਾਰਾਂ ਨੂੰ ਮਾਨਤਾ ਵਜੋਂ ਸਮਝਦੀ ਸੀ। ਇਹ ਸੱਜਾ ਕੁਰਾਹਾ ਸੀ। ਦੂਜੇ ਪਾਸੇ, ਕਿਉਂਕਿ ਪ੍ਰੋਲੇਤਾਰੀ ਤਾਨਾਸ਼ਾਹੀ ਨੂੰ ਅਸਲ ਵਿੱਚ ਢਿੱਲਾ ਕੀਤਾ ਨਹੀਂ ਜਾ ਸਕਦਾ ਸੀ, ਇਸਨੂੰ ਸੁਰੱਖਿਆ ਪੁਲਿਸ ਦੇ ਕੰਮ ਦੇ ਤੌਰ ‘ਤੇ ਪ੍ਰਸ਼ਾਸ਼ਨਿਕ ਤਰੀਕਿਆਂ ਦੁਆਰਾ ਜ਼ਾਰੀ ਰੱਖਿਆ ਗਿਆ (ਸਤਾਲਿਨ, ਸਮੁੱਚੀਆਂ ਲਿਖਤਾਂ ਸੈਂਚੀ 13, ਸਫ਼ਾ 160)। ਇਹ ਖੱਬਾ ਕੁਰਾਹਾ ਸੀ – ਉਹ ਗਲਤੀ ਜਿਸ ਨੂੰ ਲੈਨਿਨ ‘ਲੋੜੋਂ ਜ਼ਿਆਦਾ ਪ੍ਰਸ਼ਾਸ਼ਨ’ ਕਹਿੰਦੇ ਸਨ – ਅਤੇ ਜਿਹੜੀ ਕੁਲਕਾਂ ਖਿਲਾਫ਼ ਸੰਘਰਸ਼ ਦੌਰਾਨ ਖੱਬੂ-ਵਧੀਕੀਆਂ ਦੇ ਰੂਪ ‘ਚ ਪ੍ਰਗਟ ਹੋ ਚੁੱਕੀ ਸੀ (ਸਤਾਲਿਨ, ਸਮੁੱਚੀਆਂ ਲਿਖਤਾਂ ਸੈਂਚੀ 12, ਸਫ਼ਾ 368)। ਇਹਨਾਂ ਦੋਹਾਂ ਕੁਰਾਹਿਆਂ ਨੇ ਇੱਕ ਦੂਜੇ ਨੂੰ ਪੂਰਿਆ ਅਤੇ ਇੱਕ ਦੂਜੇ ਨੂੰ ਬਲ ਬਖਸ਼ਿਆ। ਦੁਸ਼ਮਣਾਂ ਨੂੰ ਦੋਸਤਾਂ ਦੀ ਤਰ੍ਹਾਂ ਤੇ ਦੋਸਤਾਂ ਨੂੰ ਦੁਸ਼ਮਣਾਂ ਤਰ੍ਹਾਂ ਪੇਸ਼ ਆਇਆ ਗਿਆ।

ਇਸੇ ਸੰਬੰਧ ਵਿੱਚ, ਇਹ ਧਿਆਨ ਦੇਣ ਯੋਗ ਹੈ ਕਿ ਸਤਾਲਿਨ ਆਪਣੀ ਲਿਖਤ ਦਵੰਦਵਾਦੀ ਤੇ ਇਤਿਹਾਸਕ ਪਦਾਰਥਵਾਦ (1938) ਵਿੱਚ ਦੁਸ਼ਮਣਾਨਾ ਤੇ ਗੈਰ-ਦੁਸ਼ਮਣਾਨਾ ਵਿਰੋਧਤਾਈਆਂ ਵਿੱਚ ਫ਼ਰਕ ਨਹੀਂ ਕਰਦੇ, ਨਾ ਹੀ ਉਹ ਦੇਖਦੇ ਹਨ ਕਿ ਜਿਸ ਤਰ੍ਹਾਂ ਨਾਲ਼ ਇਹਨਾਂ ਨਾਲ਼ ਨਜਿੱਠਿਆ ਜਾਂਦਾ ਹੈ, ਦੁਸ਼ਮਣਾਨਾ ਵਿਰੋਧਤਾਈਆਂ ਗੈਰ-ਦੁਸ਼ਮਣਾਨਾ ਬਣ ਸਕਦੀਆਂ ਹਨ ਅਤੇ ਗੈਰ-ਦੁਸ਼ਮਣਾਨਾ ਵਿਰੋਧਤਾਈਆਂ ਦੁਸ਼ਮਣਾਨਾ ਵਿਰੋਧਤਾਈਆਂ ‘ਚ ਬਦਲ ਸਕਦੀਆਂ ਹਨ। ਇਹ ਉਹਨਾਂ ਨੁਕਤਿਆਂ ‘ਚੋਂ ਇੱਕ ਹੈ ਜਿਹਨਾਂ ਦੇ ਮਾਮਲੇ ‘ਚ ਮਾਓ ਜ਼ੇ-ਤੁੰਗ ਦੁਆਰਾ ਦਵੰਦਾਤਮਕਤਾ ਦਾ ਕੀਤਾ ਗਿਆ ਵਿਸ਼ਲੇਸ਼ਣ ਮਾਰਕਸਵਾਦ ਵਿੱਚ ਇੱਕ ਮਹੱਤਵਪੂਰਨ ਅਗਾਂਹ ਵੱਲ ਕਦਮ ਸੀ।

7. ਨਵਾਂ ਸੋਧਵਾਦ

ਜਿਵੇਂ ਜਿਵੇਂ ਸੋਵੀਅਤ ਯੂਨੀਅਨ ਤਾਕਤਵਰ ਹੁੰਦਾ ਗਿਆ, ਸਾਮਰਾਜੀ ਤਾਕਤਾਂ ਵਿਚਕਾਰ ਵਿਰੋਧਤਾਈਆਂ ਵਧੇਰੇ ਤਿੱਖੀਆਂ ਹੋ ਗਈਆਂ। ਉਹ ਪਹਿਲੇ ਸਮਾਜਵਾਦੀ ਰਾਜ ਪ੍ਰਤੀ ਦੁਸ਼ਮਣੀ ਰੱਖਣ ‘ਚ ਇੱਕਮੁੱਠ ਸਨ, ਪਰ ਇਸਦੀ ਵਧ ਰਹੀ ਤਾਕਤ ਨੂੰ ਲੈ ਕੇ ਵੰਡੀਆਂ ਹੋਈਆਂ ਸਨ। ਇਹ ਵੰਡ ਹਰ ਦੇਸ਼ ਦੀ ਹਾਕਮ ਜਮਾਤ ‘ਚ ਦਿਖਾਈ ਦੇ ਰਹੀ ਸੀ। ਬ੍ਰਿਟੇਨ ਵਿੱਚ, ਸ਼ੈਂਬਰਲੇਨ ਦੀ ਨੁਮਾਇੰਦਗੀ ਵਾਲਾ ਧੜਾ ਹਿਟਲਰ ਨੂੰ ਸੋਵੀਅਤ ਯੂਨੀਅਨ ਉੱਤੇ ਹਮਲਾ ਕਰਨ ਲਈ ਇਸ ਆਸ ‘ਤੇ ਉਕਸਾ ਰਿਹਾ ਸੀ ਕਿ ਉਹ ਸਮਾਜਵਾਦ ਨੂੰ ਤਬਾਹ ਕਰ ਦੇਵੇਗਾ ਤੇ ਇਸੇ ਦੌਰਾਨ ਖੁਦ ਨੂੰ ਵੀ ਕਮਜ਼ੋਰ ਕਰ ਲਵੇਗਾ, ਇਸ ਤਰ੍ਹਾਂ ਯੂਰਪ ਵਿੱਚ ਬ੍ਰਿਟੇਨ ਸਭ ਤੋਂ ਤਕੜੀ ਤਾਕਤ ਦੇ ਰੂਪ ‘ਚ ਉੱਭਰੇਗਾ। ਸਤਾਲਿਨ ਨੇ ਬ੍ਰਿਟੇਨ ਤੇ ਫਰਾਂਸ ਨੂੰ ਪਰਸਪਰ ਸੁਰੱਖਿਆ ਸਮਝੌਤੇ ਦੀ ਪੇਸ਼ਕਸ਼ ਕੀਤੀ, ਜਿਹੜੀ ਕਿ ਜੇ ਮੰਨ ਲਈ ਜਾਂਦੀ ਤਾਂ ਜੰਗ ਟਲ ਗਈ ਹੁੰਦੀ। ਜਦੋਂ ਇਹ ਸਾਫ਼ ਹੋ ਗਿਆ ਕਿ ਇਸ ਪੇਸ਼ਕਸ਼ ਨੂੰ ਸਵੀਕਾਰਿਆ ਨਹੀਂ ਜਾਵੇਗਾ, ਤਾਂ ਉਹਨਾਂ ਨੇ ਹਿਟਲਰ ਨਾਲ਼ ਇੱਕ-ਦੂਜੇ ‘ਤੇ ਹਮਲਾ ਨਾ ਕਰਨ ਦਾ ਸਮਝੌਤਾ ਸਹੀਬੰਦ ਕੀਤਾ, ਜਿਸਨੇ ਫਿਰ ਪੱਛਮ ‘ਤੇ ਹਮਲਾ ਵਿੱਢ ਦਿੱਤਾ, ਅਤੇ ਬਲਕਾਨ ਦੇਸ਼ਾਂ ਨੂੰ ਰੌਂਦਦਾ ਮੱਧ-ਪੂਰਬ ਵਿੱਚ ਬ੍ਰਿਟਿਸ਼ ਹਿੱਤਾਂ ਲਈ ਖਤਰਾ ਬਣ ਗਿਆ। ਇਸੇ ਦੌਰਾਨ, ਸ਼ੈਬਰਲੇਨ ਦੀ ਥਾਂ ਚਰਚਿਲ ਨੇ ਲੈ ਲਈ ਸੀ, ਜਿਹੜਾ ਹਾਕਮ ਜਮਾਤ ਦੇ ਉਸ ਧੜੇ ਦੀ ਨੁਮਾਇੰਦਗੀ ਕਰਦਾ ਸੀ ਜਿਹੜਾ ਹਿਟਲਰ ਨੂੰ ਵਧੇਰੇ ਖਤਰਨਾਕ ਫੌਰੀ ਦੁਸ਼ਮਣ ਮੰਨਦਾ ਸੀ। ਪੱਛਮ ਵਿੱਚ ਆਪਣੀ ਸਥਿਤੀ ਮਜ਼ਬੂਤ ਕਰਨ ਤੋਂ ਬਾਅਦ, ਹਿਟਲਰ ਹੁਣ ਪੂਰਬ ਵਿੱਚ ਹਮਲਾ ਵਿੱਢਣ ਲਈ ਤਿਆਰ ਸੀ ਅਤੇ ਇਸ ਲਈ ਉਸਨੇ ਬ੍ਰਿਟੇਨ ਤੋਂ ਹਮਾਇਤ ਲੈਣ ਦੀ ਕੋਸ਼ਿਸ਼ ਕੀਤੀ; ਪਰ ਚਰਚਿਲ ਨੇ ਇਸਦਾ ਜਵਾਬ ਬ੍ਰਿਟਿਸ਼ ਲੋਕਾਂ ਦੀ ਹਮਾਇਤ ਨਾਲ਼ ਖੁਦ ਨੂੰ ਸੋਵੀਅਤ ਯੂਨੀਅਨ ਦੇ ਪੱਖ ਵਿੱਚ ਖੜਾ ਕਰ ਕੇ ਦਿੱਤਾ। ਇਸਦਾ ਮਤਲਬ ਇਹ ਨਹੀਂ ਸੀ ਕਿ ਬ੍ਰਿਟਿਸ਼ ਹਾਕਮ ਜਮਾਤ ਨੇ ਆਪਣੇ ਨਿਸ਼ਾਨੇ ਬਦਲ ਲਏ ਸਨ। ਉਹਨਾਂ ਦੇ ਸਿਰਫ਼ ਦਾਅਪੇਚ ਬਦਲੇ ਸਨ। ਚਰਚਿਲ ਦਾ ਮੰਤਵ ਸੋਵੀਅਤ ਯੂਨੀਅਨ ਨੂੰ ਇੰਨੀ ਕੁ ਮਦਦ ਦੇਣਾ ਸੀ ਕਿ ਉਹ ਜਰਮਨੀ ਨੂੰ ਹਰਾ ਦੇਵੇ, ਇਸ ਤਰ੍ਹਾਂ ਇਸ ਅਮਲ ਵਿੱਚ ਖੁਦ ਨੂੰ ਤਬਾਹ ਕਰ ਲਵੇ ਅਤੇ ਨਤੀਜੇ ਵਜੋਂ, ਬ੍ਰਿਟੇਨ ਅਸਲ ਜੇਤੂ ਬਣ ਕੇ ਨਿਕਲੇ। ਇੱਕ ਵਾਰ ਫਿਰ ਉਹਨਾਂ ਦੀ ਗਿਣਤੀ-ਮਿਣਤੀ ਗਲਤ ਸਾਬਿਤ ਹੋਈ। ਸੋਵੀਅਤ ਲੋਕਾਂ ਨੇ ਅਕਹਿ ਨੁਕਸਾਨ ਝੱਲੇ – ਦੋ ਕਰੋੜ ਲੋਕ ਮਾਰੇ ਗਏ, ਹੋਰ ਢਾਈ ਕਰੋੜ ਜ਼ਖਮੀ ਹੋਏ, ਦੋ ਪੰਜ-ਸਾਲਾ ਯੋਜਨਾਵਾਂ ਦੀ ਪੈਦਾਵਾਰ ਦੇ ਬਰਾਬਰ ਆਰਥਕ ਨੁਕਸਾਨ ਹੋਇਆ; ਪ੍ਰੰਤੂ ਉਹ ਜਿੱਤ ਗਏ। ਪਹਿਲੇ ਸਮਾਜਵਾਦੀ ਦੇਸ਼ ਨੇ ਪੂਰੀ ਦੁਨੀਆਂ ਨੂੰ ਫਾਸੀਵਾਦ ਤੋਂ ਬਚਾਇਆ ਅਤੇ ਸਾਮਰਾਜਵਾਦ ਦੇ ਆਖਰੀ ਪੜਾਅ – ਇਸਦੇ ਢਹਿਢੇਰੀ ਹੋਣ ਦੇ ਪੜਾਅ – ਦੇ ਰਸਤੇ ਖੋਲ੍ਹ ਦਿੱਤੇ।

ਪਰ ਇਸ ਦੌਰਾਨ ਅੰਦਰੂਨੀ ਵਿਰੋਧਤਾਈਆਂ ਬਣੀਆਂ ਹੋਈਆਂ ਸਨ। ਉਹਨਾਂ ਨੂੰ ਹੱਲ ਕੀਤਾ ਜਾ ਸਕਦਾ ਸੀ, ਜੇ ਲੋਕਾਈ ਨੂੰ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਦੀਆਂ ਦੇਸ਼ ਅੰਦਰੋਂ ਜੜ੍ਹਾਂ ਖੋਦਣ ਵਾਲ਼ਿਆਂ ਖਿਲਾਫ਼ ਲਾਮਬੰਦ ਕਰਦੇ ਹੋਏ ਬਾਹਰੀ ਦੁਸ਼ਮਣ ਵਿਰੁੱਧ ਅੰਤਿਮ ਜਿੱਤ ਪੂਰੀ ਕਰਨ ਲਈ ਸੱਦਾ ਦਿੱਤਾ ਜਾਂਦਾ; ਪਰੰਤੂ ਅਜਿਹਾ ਕੋਈ ਸੱਦਾ ਨਾ ਦਿੱਤਾ ਗਿਆ। ਸਾਮਰਾਜੀ ਦਬਾਅ ਦੇ ਫਿਰ ਤੋਂ ਨਵੇਂ ਸਿਰਿਓਂ ਸ਼ੁਰੂ ਹੋ ਜਾਣ ਕਾਰਨ ਨਵੀਂ ਜੰਗ ਦੇ ਖਤਰੇ ਦੇ ਦਰਪੇਸ਼ ਆਉਣ ‘ਤੇ, ਸਤਾਲਿਨ ਨੇ ਪੁਰਾਣੇ ਢੰਗ ਨੂੰ ਹੀ ਅਪਣਾਇਆ, ਨਵੀਂ ਬੁਰਜੂਆਜੀ ਨੂੰ ਹੋਰ ਛੋਟਾਂ ਅਤੇ ਨਾਲ਼ ਹੀ ਫਿਰ ਤੋਂ ਜ਼ਬਰ। ਇਹ ਹੋ ਸਕਦਾ ਹੈ ਕਿ ਪੱਚੀ ਸਾਲ ਦੇ ਲੰਮੇ ਅਰਸੇ ਤੋਂ ਬਾਅਦ, ਉਹਨਾਂ ਦੀਆਂ ਅਗਵਾਈ ਕਰਨ ਦੀਆਂ ਤਾਕਤਾਂ ਢਿੱਲੀਆਂ ਪੈ ਰਹੀਆਂ ਸਨ। ਇਤਿਹਾਸ ਵਿੱਚ ਹੋਰ ਕਿਸੇ ਵੀ ਆਗੂ ਨੇ ਇੰਨੀ ਵੱਡੀ ਜ਼ਿੰਮੇਵਾਰੀ ਇੰਨੇ ਲੰਮੇ ਸਮੇਂ ਲਈ ਨਹੀਂ ਨਿਭਾਈ ਸੀ।

ਨੌਕਰਸ਼ਾਹੀ ਜੋ ਕਿ ਮਜ਼ਦੂਰਾਂ ਤੇ ਕਿਸਾਨਾਂ ਤੋਂ ਇੱਕ ਵੱਡੇ ਤੇ ਲਗਾਤਾਰ ਵਧ ਰਹੇ ਆਮਦਨ ਦੇ ਪਾੜੇ ਰਾਹੀਂ ਨਿੱਖੜੀ ਹੋਈ ਸੀ, ਹੁਣ ਖੁਦ ਨੂੰ ਇੱਕ ਵਿਸ਼ੇਸ਼ਧਿਕਾਰ ਪ੍ਰਾਪਤ ਜਮਾਤ ਦੇ ਤੌਰ ‘ਤੇ ਪੱਕਿਆਂ ਕਰ ਰਹੀ ਸੀ। 19ਵੀਂ ਪਾਰਟੀ ਕਾਂਗਰਸ (1952) ਵਿੱਚ ਕਈ ਬੇਸ਼ਰਮੀ ਭਰੇ ਬੁਰਜੂਆ ਭ੍ਰਿਸ਼ਟਾਚਾਰ ਦੇ ਮਾਮਲੇ ਸਾਹਮਣੇ ਆਏ ਸਨ। 1953 ਵਿੱਚ ਸਤਾਲਿਨ ਦੀ ਮੌਤ ਤੋਂ ਬਾਅਦ ਸੱਤ੍ਹਾ ਲਈ ਸੰਘਰਸ਼ ਸ਼ੁਰੂ ਹੋ ਗਿਆ, ਜਿਸ ਦਾ ਨਤੀਜਾ ਬੇਰੀਆ ਦੀ ਗ੍ਰਿਫਤਾਰੀ ਤੇ ਫਾਂਸੀ ਵਿੱਚ ਨਿਕਲਿਆ ਜਿਹੜਾ 1938 ਤੋਂ ਸੁਰੱਖਿਆ ਪੁਲਿਸ ਦਾ ਮੁਖੀ ਚੱਲਿਆ ਆ ਰਿਹਾ ਸੀ; ਅਤੇ ਫਿਰ ਅਗਵਾਈ ਨਵੀਂ ਬੁਰਜੂਆਜੀ, ਜਿਸਦੀ ਨੁਮਾਇੰਦਗੀ ਖਰੁਸ਼ਚੇਵ ਕਰ ਰਿਹਾ ਸੀ, ਦੇ ਹੱਥਾਂ ਵਿੱਚ ਆ ਗਈ।

ਖਰੁਸ਼ਚੇਵ ਦਾ ਮੰਤਵ ਨੌਕਰਸ਼ਾਹ ਰਾਜਕੀ ਸਰਮਾਏਦਾਰੀ ਦੇ ਢਾਂਚੇ ਵਿੱਚ ਨਵੀਂ ਬੁਰਜੂਆਜੀ ਨੂੰ ਹਾਕਮ ਜਮਾਤ ਵਜੋਂ ਸਥਾਪਤ ਕਰਨਾ ਸੀ। ਸੁਭਾਵਿਕ ਤੌਰ ‘ਤੇ, ਉਸਨੇ ਅਜਿਹਾ ਇਹਨਾਂ ਸ਼ਬਦਾਂ ਵਿੱਚ ਸੂਤਰਬੱਧ ਨਹੀਂ ਕੀਤਾ ਸਗੋਂ ਬਰਨਸਟੀਨ ਤੇ ਕਾਉਤਸਕੀ ਦੀ ਤਰਜ਼ ‘ਤੇ, ਇਸਨੂੰ ਮਾਰਕਸਵਾਦ ਲੜੀਬੱਧ ‘ਸੋਧਾਂ’ ਦੇ ਰੂਪ ‘ਚ ਪੇਸ਼ ਕੀਤਾ।

ਮਾਰਕਸਵਾਦ-ਲੈਨਿਨਵਾਦ ਅਨੁਸਾਰ, ਸਰਮਾਏਦਾਰੀ ਤੋਂ ਕਮਿਊਨਿਜ਼ਮ ਦੇ ਪੂਰੇ ਟਰਾਂਜੀਸ਼ਨ ਦੇ ਅਰਸੇ ਦੌਰਾਨ – ਭਾਵ ਸਮਾਜਵਾਦ ਦੇ ਪੂਰੇ ਅਰਸੇ ਦੌਰਾਨ – ਰਾਜ ਦਾ ਜਿਹੜਾ ਰੂਪ ਲਾਜ਼ਮੀ ਤੌਰ ‘ਤੇ ਬਣਿਆ ਰਹੇਗਾ, ਉਹ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਹੋਵੇਗਾ। ਖਰੁਸ਼ਚੇਵ ਅਤੇ ਨਵੇਂ ਸੋਧਵਾਦੀਆਂ ਅਨੁਸਾਰ, ਸੋਵੀਅਤ ਯੂਨੀਅਨ ਵਿੱਚ ਹੁਣ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਦੀ ਹੋਂਦ ਖਤਮ ਹੋ ਚੁੱਕੀ ਸੀ ਅਤੇ ਇਸਦੀ ਥਾਂ ‘ਸਾਰੇ ਲੋਕਾਂ ਦੇ ਰਾਜ’ ਨੇ ਲੈ ਲਈ ਸੀ। ਇਹ ਪੂਰਾ ਸੰਕਲਪ ਮਾਰਕਸਵਾਦ ਲਈ ਉਪਰਾ ਹੈ। ਮਾਰਕਸਵਾਦ ਅਨੁਸਾਰ, ਅੱਜ ਦੇ ਸਮਾਜ ਵਿੱਚ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਦਾ ਇੱਕੋ-ਇੱਕ ਬਦਲ ਬੁਰਜੂਆਜੀ ਦੀ ਤਾਨਾਸ਼ਾਹੀ ਹੋ ਸਕਦਾ ਹੈ, ਅਤੇ ਖਰੁਸ਼ਚੇਵ ਦਾ ‘ਸਾਰੇ ਲੋਕਾਂ ਦਾ ਰਾਜ’ ਅਸਲ ਵਿੱਚ ਇਹੀ ਸੀ।

ਮਾਰਕਸਵਾਦ-ਲੈਨਿਨਵਾਦ ਅਨੁਸਾਰ, ਪ੍ਰੋਲੇਤਾਰੀ ਦੀ ਤਾਨਾਸ਼ਾਹੀ ਜਮਹੂਰੀਅਤ ਦਾ ਸਰਵਉੱਚ ਰੂਪ ਹੈ ਕਿਉਂਕਿ ਇਹ ਬਹੁਗਿਣਤੀ ਦੀ ਘੱਟਗਿਣਤੀ ਉੱਤੇ ਤਾਨਾਸ਼ਾਹੀ ਹੈ। ਖਰੁਸ਼ਚੇਵ ਤੇ ਨਵੇਂ ਸੋਧਵਾਦੀਆਂ ਅਨੁਸਾਰ, ‘ਸਾਰੇ ਲੋਕਾਂ ਦਾ ਰਾਜ’ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਤੋਂ ਜ਼ਿਆਦਾ ਜਮਹੂਰੀ ਹੈ ਕਿਉਂਕਿ ਇਹ ਸਾਰੇ ਲੋਕਾਂ ਨੂੰ ਜਮਹੂਰੀਅਤ ਦੇ ਦਾਇਰੇ ‘ਚ ਲਿਆਉਂਦਾ ਹੈ। ਜਮਾਤੀ ਖਾਸੇ ਤੋਂ ਸੱਖਣੀ ਜਮਹੂਰੀਅਤ ਦੇ ਇਸ ਸੰਕਲਪ ਦੀ ਮਾਰਕਸਵਾਦ ‘ਚ ਕੋਈ ਥਾਂ ਨਹੀਂ ਹੈ। ਇਹ ਇੱਕ ਬੁਰਜੂਆ ਸੰਕਲਪ ਹੈ, ਜਿਸਨੂੰ ਖਰੁਸ਼ਚੇਵ ਇਸ ਤੱਥ ਨੂੰ ਲੁਕਾਉਣ ਲਈ ਵਰਤਿਆ ਕਿ ‘ਸਾਰੇ ਲੋਕਾਂ ਦਾ ਰਾਜ’ ਅਸਲ ਵਿੱਚ ਬੁਰਜੂਆਜੀ ਦੀ ਤਾਨਾਸ਼ਾਹੀ ਸੀ।

ਮਾਰਕਸਵਾਦ-ਲੈਨਿਨਵਾਦ ਅਨੁਸਾਰ, ਪ੍ਰੋਲੇਤਾਰੀ ਦੀ ਤਾਨਾਸ਼ਾਹੀ ਕਮਿਊਨਿਸਟ ਪਾਰਟੀ ਦੀ ਅਗਵਾਈ ‘ਚ ਕਾਇਮ ਕੀਤੀ ਤੇ ਸਥਾਈ ਬਣਾਈ ਜਾਂਦੀ ਹੈ ਜਿਹੜੀ ਮਾਰਕਸਵਾਦ-ਲੈਨਿਨਵਾਦ ਦੀ ਵਿਚਾਰਧਾਰਾ ਨਾਲ਼ ਲੈੱਸ ਹੋ ਕੇ ਮਜ਼ਦੂਰ ਜਮਾਤ ਦੇ ਆਗੂ ਦਸਤੇ ਵਜੋਂ ਕੰਮ ਕਰਦੀ ਹੈ। ਖਰੁਸ਼ਚੇਵ ਤੇ ਨਵੇਂ ਸੋਧਵਾਦੀਆਂ ਦੀ ਅਗਵਾਈ ਥੱਲੇ ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਮਜ਼ਬੂਤ ਕਰਨ ਲਈ ਸੰਘਰਸ਼ ਦੀ ਅਗਵਾਈ ਕਰਨ ਵਾਲ਼ੀ, ਮਜ਼ਦੂਰ ਜਮਾਤ ਦੀ ਹਰਾਵਲ ਪਾਰਟੀ ਵਜੋਂ ਆਪਣੀ ਹੋਂਦ ਗਵਾ ਚੁੱਕੀ ਸੀ ਅਤੇ ਇਹ ‘ਸਾਰੇ ਲੋਕਾਂ ਦੀ ਪਾਰਟੀ’ ਬਣ ਗਈ, ਭਾਵ ਕਿ ਇੱਕ ਅਜਿਹੀ ਪਾਰਟੀ ਜਿਸ ਦਾ ਕੰਮ ਬੁਰਜੂਆਜੀ ਦੀ ਤਾਨਾਸ਼ਾਹੀ ਨੂੰ ਬਣਾਈ ਰੱਖਣਾ ਸੀ।

ਮਾਰਕਸਵਾਦ-ਲੈਨਿਨਵਾਦ ਅਨੁਸਾਰ, ਪ੍ਰੋਲੇਤਾਰੀ ਦੀ ਤਾਨਾਸ਼ਾਹੀ ਨੂੰ ਨਾ ਸਿਰਫ਼ ਸਮਾਜਵਾਦੀ ਉਸਾਰੀ ਦੇ ਕੰਮ ਨੂੰ ਨੇਪਰੇ ਚਾੜ੍ਹਨ ਲਈ, ਸਗੋਂ ਮਜ਼ਦੂਰਾਂ ਨੂੰ ਸਮਾਜਵਾਦੀ ਸਪਿਰਿਟ ਵਿੱਚ ਮੁੜ-ਸਿੱਖਿਅਤ ਕਰਨ ਲਈ, ਬੁਰਜੂਆ ਵਿਅਕਤੀਵਾਦ ਦੇ ਸਭਨਾਂ ਰੂਪਾਂ ਨੂੰ ਖਤਮ ਕਰਕੇ ਕਮਿਊਨਿਜ਼ਮ ਵੱਲ ਵਧਣ ਦੀਆਂ ਤਿਆਰੀਆਂ ਕਰਨ ਲਈ ਵੀ ਬਣਾਈ ਰੱਖਣਾ ਤੇ ਪੱਕਿਆਂ ਕਰਦੇ ਜਾਣਾ ਜ਼ਰੂਰੀ ਹੈ। ਇਹ ਸੁਬੋਤਨਿਕ ਲਹਿਰ ਤੇ ਸਮਾਜਵਾਦੀ ਮੁਕਾਬਲੇ ਦੀ ਸਪਿਰਿਟ ਸੀ, ਜਿਸ ਵਿੱਚ ਲੈਨਿਨ ਤੇ ਸਤਾਲਿਨ ਦੀ ਅਗਵਾਈ ਹੇਠ ਮਜ਼ਦੂਰਾਂ ਨੇ ਸਮੂਹਿਕ ਕਿਰਤ ਦੇ ਚਮਤਕਾਰ ਕੀਤੇ। ਖਰੁਸ਼ਚੇਵ ਤੇ ਨਵੇਂ ਸੋਧਵਾਦੀਆਂ ਦੀ ਅਗਵਾਈ ਥੱਲੇ ਇਸ ਸਪਿਰਿਟ ਦੀ ਥਾਂ ‘ਭੌਤਿਕ ਹੱਲਾਸ਼ੇਰੀ (material incentives)’ ਨੇ ਲੈ ਲਈ; ਅਤੇ ਉਸੇ ਸਮੇਂ ਇਹ ਐਲਾਨ ਵੀ ਕੀਤੇ ਗਏ ਕਿ ਸੋਵੀਅਤ ਸਮਾਜ ਕਮਿਊਨਿਜ਼ਮ ਵੱਲ ਵਧ ਰਿਹਾ ਹੈ। ਮਾਰਕਸਵਾਦ ਅਨੁਸਾਰ, ਸਮਾਜਵਾਦ ਤੋਂ ਕਮਿਊਨਿਜ਼ਮ ਵੱਲ ਵਧਣ ਲਈ ਜ਼ਰੂਰੀ ਹੈ ਕਿ ‘ਇੱਕ ਸਭ ਲਈ ਤੇ ਸਭ ਇੱਕ ਲਈ’ ਦੇ ਸੂਤਰ ਦੇ ਅਨੁਸਾਰ (ਲੈਨਿਨ, ਸਮੁੱਚੀਆਂ ਲਿਖਤਾਂ ਸੈਂਚੀ 31, ਸਫ਼ਾ 124) ਹਰੇਕ ਮਜ਼ਦੂਰ ਦੀ ਸਮਾਜਿਕ ਪੈਦਾਵਾਰ ‘ਚ ਹਿੱਸੇਦਾਰੀ ਉਸ ਦੁਆਰਾ ਕੀਤੀ ਕਿਰਤ ਦੇ ਅਨੁਪਾਤ ਵਿੱਚ ਨਹੀਂ, ਸਗੋਂ ਉਸਦੀ ਜ਼ਰੂਰਤ ਦੇ ਅਨੁਪਾਤ ‘ਚ ਹੋਵੇ (ਲੈਨਿਨ, ਸਮੁੱਚੀਆਂ ਲਿਖਤਾਂ ਸੈਂਚੀ 25, ਸਫ਼ਾ 472)। ਭੌਤਿਕ ਹੱਲਾਸ਼ੇਰੀ ਦੇ ਅਧਾਰ ‘ਤੇ ਅੱਗੇ ਨਹੀਂ ਵਧਿਆ ਜਾ ਸਕਦਾ ਜਿਹੜਾ ਉਜਰਤੀ-ਕਿਰਤ ‘ਤੇ ਟਿਕੇ ਹੋਏ ਬੁਰਜੂਆ ਸਮਾਜ ਦੇ ਮੁਕਾਬਲੇ ਦੇ ਤੱਤ ਨੂੰ ਪ੍ਰਗਟਾਉਂਦਾ ਹੈ।

ਮਾਰਕਸਵਾਦ-ਲੈਨਿਨਵਾਦ ਅਨੁਸਾਰ, ਹਾਕਮ ਜਮਾਤ ਤਾਕਤ ਦੇ ਜ਼ੋਰ ਨਾਲ਼ ਹਕੂਮਤ ਕਰਦੀ ਹੈ, ਇਸ ਲਈ ਉਸਨੂੰ ਬਲਪੂਰਵਕ ਹੀ ਉਲਟਾਇਆ ਜਾ ਸਕਦਾ ਹੈ। ਬਸਤੀਆਂ ਵਿੱਚ ਸਾਮਰਾਜੀਆਂ ਨੇ ਹਮੇਸ਼ਾਂ ਤਾਕਤ ਦੇ ਜ਼ੋਰ ਨਾਲ਼ ਰਾਜ ਕੀਤਾ ਹੈ; ਪੱਛਮ ਦੇ ਵਿਕਸਤ ਦੇਸ਼ਾਂ ਵਿੱਚ ਉਹਨਾਂ ਨੇ ਤਾਕਤ ਦੀ ਵਰਤੋਂ ਨੂੰ ਵੱਖ-ਵੱਖ ਤਰ੍ਹਾਂ ਦੇ ਪਾਰਲੀਮਾਨੀ ਢਾਂਚਿਆਂ ਪਿੱਛੇ ਲੁਕਾ ਲਿਆ ਹੈ; ਪਰ ਜਦੋਂ ਉਹਨਾਂ ਨੂੰ ਆਪਣੇ ਵਿਸ਼ੇਸ਼ਧਿਕਾਰਾਂ ਲਈ ਖਤਰਾ ਦਿਖਾਈ ਦਿੰਦਾ ਹੈ ਤਾਂ ਉਹ ਹਮੇਸ਼ਾਂ ‘ਹੰਗਾਮੀ ਹਾਲਤ’ ਦਾ ਐਲਾਨ ਕਰਨ ਲਈ ਤਿਆਰ ਰਹਿੰਦੇ ਹਨ ਅਤੇ ਖੁੱਲ੍ਹੇਆਮ ਤਾਕਤ ਦੀ ਵਰਤੋਂ ‘ਤੇ ਉਤਰ ਆਉਂਦੇ ਹਨ। ਹਰ ਹਾਕਮ ਜਮਾਤ ਨੇ ਹਮੇਸ਼ਾਂ ਇਹੀ ਕੁਝ ਕੀਤਾ ਹੈ :

      ਕੌਮਾਂ ਦੀ ਜ਼ਿੰਦਗੀ ਦੇ ਵੱਡੇ ਸਵਾਲ ਹਮੇਸ਼ਾਂ ਤਾਕਤ ਦੀ ਵਰਤੋਂ ਨਾਲ਼ ਹੱਲ ਕੀਤੇ ਜਾਂਦੇ ਹਨ। ਆਮ ਤੌਰ ‘ਤੇ ਇਹ ਖੁਦ ਪਿਛਾਖੜੀ ਜਮਾਤਾਂ ਹੀ ਹੁੰਦੀਆਂ ਹਨ ਜੋ ਸਭ ਤੋਂ ਪਹਿਲਾਂ ਹਿੰਸਾ ਦਾ ਸਹਾਰਾ ਲੈਂਦੀਆਂ ਹਨ, ਘਰੇਲੂ ਜੰਗ ਸ਼ੁਰੂ ਕਰਦੀਆਂ ਹਨ; ਉਹੀ ਸਭ ਤੋਂ ਪਹਿਲਾਂ ‘ਸੰਗੀਨਾਂ ਨੂੰ ਏਜੰਡੇ’ ‘ਤੇ ਰੱਖਦੀਆਂ ਹਨ…. (ਲੈਨਿਨ, ਸਮੁੱਚੀਆਂ ਲਿਖਤਾਂ ਸੈਂਚੀ 9, ਸਫ਼ਾ 132)

ਖਰੁਸ਼ਚੇਵ ਤੇ ਨਵੇਂ ਸੋਧਵਾਦੀਆਂ ਅਨੁਸਾਰ, ਇਸ ਦੀਆਂ ਸੰਭਾਵਨਾਵਾਂ ਪੈਦਾ ਹੁੰਦੀਆਂ ਜਾ ਰਹੀਆਂ ਹਨ ਕਿ ਸਰਮਾਏਦਾਰੀ ਤੋਂ ਸਮਾਜਵਾਦ ਵਿੱਚ ਤਬਦੀਲੀ ਪਾਰਲੀਮਾਨੀ ਤਰੀਕਿਆਂ ਨਾਲ਼ ਅਮਨ-ਪੂਰਵਕ ਢੰਗ ਨਾਲ਼ ਹੋ ਸਕਦੀ ਹੈ। ਇੱਕ ਵੀ ਅਜਿਹਾ ਸਮਾਜਵਾਦੀ ਦੇਸ਼ ਨਹੀਂ ਹੈ ਜਿੱਥੇ ਇਹ ਤਬਦੀਲੀ ਅਮਨਪੂਰਵਕ ਹੋ ਗਈ ਹੋਵੇ; ਪਰੰਤੂ ਅਜਿਹੇ ਕਈ ਸਰਮਾਏਦਾਰ ਦੇਸ਼ ਹਨ ਜਿਹਨਾਂ ਵਿੱਚ ‘ਅਮਨਪੂਰਵਕ ਤਬਦੀਲੀ’ ਦੇ ਭੁਲੇਖੇ ਦੀਆਂ ਸ਼ਿਕਾਰ ਬੇਹਥਿਆਰ ਹੋਈਆਂ ਮਜ਼ਦੂਰਾਂ ਦੀਆਂ ਲਹਿਰਾਂ ਨੂੰ ਕੁਚਲ ਦਿੱਤਾ ਗਿਆ ਹੈ।

ਇਹਨਾਂ ਸਾਰਿਆਂ ਨੁਕਤਿਆਂ ‘ਤੇ ਖਰੁਸ਼ਚੇਵ ਤੇ ਨਵੇਂ ਸੋਧਵਾਦੀਆਂ ਨੇ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਦੇ ਮਾਰਕਸਵਾਦੀ-ਲੈਨਿਨਵਾਦੀ ਸਿਧਾਂਤ ਨੂੰ ਤਿਲਾਂਜਲੀ ਦੇ ਦਿੱਤੀ ਹੈ।

ਖਰੁਸ਼ਚੇਵ ਦੇ ਰਸਤੇ ‘ਚ ਇੱਕ ਰੁਕਾਵਟ ਸਨਮਾਨ ਦੀ ਉਹ ਭਾਵਨਾ ਸੀ ਜਿਸ ਨਾਲ਼ ਸਤਾਲਿਨ ਨੂੰ ਨਾ ਸਿਰਫ਼ ਸੋਵੀਅਤ ਯੂਨੀਅਨ ਦੇ ਆਮ ਲੋਕ, ਸਗੋਂ ਪੂਰੀ ਦੁਨੀਆਂ ਦੇ ਲੋਕ ਯਾਦ ਕਰਦੇ ਹਨ। ਇਸ ਲਈ, ਸਾਮਰਾਜੀਆਂ ਦੀ ਉਤਸ਼ਾਹੀ ਵਾਹ-ਵਾਹੀ ਵਿਚਕਾਰ ਖਰੁਸ਼ਚੇਵ ਨੇ ਸਤਾਲਿਨ ਨੂੰ ਨੀਵਾਂ ਦਿਖਾਇਆ। ਭਵਿੱਖ ਲਈ ਸਹੀ ਸਬਕ ਕੱਢਣ ਲਈ ਬੀਤੇ ਦੀਆਂ ਕਾਮਯਾਬੀਆਂ ਤੇ ਗਲਤੀਆਂ ਦੇ ਬਾਹਰਮੁਖੀ ਵਿਸ਼ਲੇਸ਼ਣ ਦੀ ਥਾਂ, ਉਸਨੇ ਉਸ ਦੁਆਰਾ ਸਤਾਲਿਨ ਦੀ ਅਗਵਾਈ ਥੱਲੇ ਜੁਰਮਾਂ ਦੇ ਸਾਹਮਣੇ ਆਉਣ ‘ਤੇ ਲੋਕਾਂ ਦੇ ਮਨਾਂ ‘ਚ ਕੁਦਰਤੀ ਹੀ ਪੈਦਾ ਹੋਈ ਨਫ਼ਰਤ ਦੀ ਭਾਵਨਾ ਨੂੰ ‘ਵਿਅਕਤੀ ਪੂਜਾ’ ਦਾ ਮੁਕਾਬਲਾ ਕਰਨ ਦੇ ਪਰਦੇ ਪਿੱਛੇ ਮਾਰਕਸਵਾਦ-ਲੈਨਿਨਵਾਦ ਨਾਲ਼ ਆਪਣੀ ਖੁਦ ਦੀ ਗੱਦਾਰੀ ਨੂੰ ਲੁਕਾਉਣ ਲਈ ਵਰਤਿਆ। ਉਹ ਇਹ ਭੁੱਲ ਗਿਆ ਕਿ ਕਈ ਸਾਲਾਂ ਤੋਂ ਪਾਰਟੀ ਦੇ ਆਗੂ ਕੇਂਦਰ ਦਾ ਮੈਂਬਰ ਹੋਣ ਕਾਰਨ ਪਾਰਟੀ ਗਲਤੀਆਂ ਲਈ ਉਹ ਵੀ ਓਨਾ ਹੀ ਜਵਾਬਦੇਹ ਹੈ, ਅਤੇ ਸਤਾਲਿਨ ਦੇ ਜਿਉਂਦੇ ਹੋਏ, ਉਹਨਾਂ ਦੀ ਸਭ ਤੋਂ ਵੱਧ ਅੱਗੇ ਹੋ ਕੇ ਤਾਰੀਫ਼ ਕਰਨ ਵਾਲਾ ਉਹ ਖੁਦ ਹੀ ਹੁੰਦਾ ਸੀ। ਇਹ ਸੱਚ ਹੈ ਕਿ ਸਤਾਲਿਨ ਦੀ ਪ੍ਰਸ਼ੰਸਾ ਹੱਦ ਤੋਂ ਜ਼ਿਆਦਾ ਕੀਤੀ ਗਈ, ਖਾਸ ਕਰਕੇ ਬੁਰਜੂਆ-ਨੌਕਰਸ਼ਾਹ ਅਧਿਕਾਰੀਆਂ ਦੁਆਰਾ ਜਿਹੜੇ ‘ਲਾਲ ਝੰਡੇ ਨੂੰ ਤਬਾਹ ਕਰਨ ਲਈ ਲਾਲ ਝੰਡੇ ਨੂੰ ਖੂਬ ਜ਼ੋਰ ਨਾਲ਼ ਝੁਲਾਉਣ’ ਵਿੱਚ ਮਾਹਰ ਸਨ; ਪਰ ਤੱਤ ਰੂਪ ‘ਚ ਲੋਕਾਂ ਦੀ ਇੱਕ ਸੁਤੇਸਿੱਧ ਭਾਵਨਾ ਸੀ। ਸੋਵੀਅਤ ਯੂਨੀਅਨ ਦੇ ਮਜ਼ਦੂਰ ਤੇ ਕਿਸਾਨ ਸਤਾਲਿਨ ਪ੍ਰਤੀ ਵਫ਼ਾਦਾਰ ਸਨ, ਜਿਵੇਂ ਉਹ ਲੈਨਿਨ ਪ੍ਰਤੀ ਸਨ ਕਿਉਂਕਿ ਉਹ ਜਾਣਦੇ ਸਨ ਕਿ ਉਹਨਾਂ ਨੇ ਆਪਣਾ ਸਭ ਕੁਝ ਲੋਕਾਂ ਨੂੰ ਅਰਪਿਤ ਕੀਤਾ ਸੀ।

ਇਹ ਪਾਠ ਮਾਓ ਜ਼ੇ-ਤੁੰਗ ਦੇ ਇਹਨਾਂ ਸ਼ਬਦਾਂ ਨਾਲ਼ ਸਮਾਪਤ ਕੀਤਾ ਜਾ ਸਕਦਾ ਹੈ :

“ਸੋਵੀਅਤ ਯੂਨੀਅਨ ਦੁਨੀਆਂ ਦਾ ਪਹਿਲਾ ਸਮਾਜਵਾਦੀ ਦੇਸ਼ ਸੀ; ਅਤੇ ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਲੈਨਿਨ ਨੇ ਖੜੀ ਕੀਤੀ ਸੀ। ਭਾਵੇਂ ਸੋਵੀਅਤ ਪਾਰਟੀ ਦੀ ਅਗਵਾਈ ਸੋਧਵਾਦੀਆਂ ਨੇ ਹਥਿਆ ਲਈ ਹੈ, ਮੈਂ ਸਾਥੀਆਂ ਨੂੰ ਇਹ ਵਿਸ਼ਵਾਸ਼ ਬਣਾਈ ਰੱਖਣ ਲਈ ਆਖਾਂਗਾ ਕਿ ਸੋਵੀਅਤ ਯੂਨੀਅਨ ਦੇ ਲੋਕ ਅਤੇ ਪਾਰਟੀ ਦੇ ਮੈਂਬਰ ਤੇ ਕਾਡਰ ਚੰਗੇ ਲੋਕ ਹਨ, ਕਿ ਉਹ ਇਨਕਲਾਬ ਚਾਹੁੰਦੇ ਹਨ, ਅਤੇ ਇਹ ਕਿ ਸੋਧਵਾਦੀ ਰਾਜ ਜ਼ਿਆਦਾ ਦੇਰ ਨਹੀਂ ਚੱਲ ਸਕੇਗਾ। (ਪੀਕਿੰਗ ਰੀਵਿਊ, 1969, ਅੰਕ – 18, ਸਫ਼ਾ 27) 

ਅਨੁਵਾਦ : ਡਾ. ਅੰਮ੍ਰਿਤ

“ਪ੍ਰਤੀਬੱਧ”, ਅੰਕ 18, ਫਰਵਰੀ 2013 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s