ਸ਼ੇਖ਼ ਫ਼ਰੀਦ (1173-1265) •ਗੁਰਚਰਨ ਸਿੰਘ ਸਹਿੰਸਰਾ

9

ਪੀ.ਡੀ.ਐਫ਼ ਡਾਊਨਲੋਡ ਕਰੋ

ਸ਼ੇਖ਼ ਫ਼ਰੀਦ ਪੰਜਾਬੀ ਇਤਿਹਾਸ ਦੀ ਇੱਕ ਮੰਨੀ-ਪ੍ਰਮੰਨੀ ਲੋਕ ਪਿਆਰੀ ਹਸਤੀ ਹੈ। ਉਸਨੂੰ ਨਿਰਾ ਹਿੰਦੁਸਤਾਨ ਦੇ ਉਚਤਮ ਪੰਜਾਂ ਪੀਰਾਂ ਵਿੱਚੋਂ ਖਵਾਜਾ ਖਿਜ਼ਰ ਤੋਂ ਬਾਅਦ ਦੂਸਰੇ ਨੰਬਰ ਦੇ ਮੁਸਲਿਮ ਪੀਰ ਹੋਣ ਦਾ ਮਾਣ ਪ੍ਰਾਪਤ ਹੈ। ਉਸ ਦਾ ਕੇਵਲ ਮੁਸਲਮਾਨਾਂ ਵਿੱਚ ਹੀ ਨਹੀਂ, ਸਿੱਖਾਂ ਤੇ ਹਿੰਦੂਆਂ ਵਿੱਚ ਵੀ ਬਹੁਤ ਮਾਣ ਤੇ ਸਤਿਕਾਰ ਹੈ। ਆਪਣੇ ਵੇਲ਼ੇ ਦੇ ਕਬੀਲਿਆਂ ਦੀਆਂ ਸਰਦਾਰੀਆਂ ਵਾਲ਼ੇ ਮੱਧਕਾਲੀ ਪੰਜਾਬ ਦੇ ਪੱਛਮ ਦੱਖਣੀ ਹਿੱਸੇ ਨੂੰ ਕਬੀਲਦਾਰੀ ਤੋਂ ਅਗਾਂਹ ਫਿਊਡਲ ਪੌੜੀ ਚਾੜ੍ਹਨ ਵਿੱਚ ਉਸ ਦੀਆਂ ਕਹਿਣੀਆਂ ਤੇ ਕਰਨੀਆਂ ਨੇ ਬੜਾ ਉੱਘਾ ਕੰਮ ਕੀਤਾ। ਫ਼ਰੀਦ ਸ਼ਕਰਗੰਜ ਨੇ ਇਸਲਾਮ ਫੈਲਾਉਣ ਲਈ ਉਹ ਕੰਮ ਕੀਤਾ ਜੋ ਅਫਗਾਨੀ ਤਲਵਾਰਾਂ ਸੌ ਸਾਲ ਪਹਿਲਾਂ ਨਹੀਂ ਸੀ ਕਰ ਸਕੀਆਂ।

ਗੁਰੂਆਂ ਨੂੰ ਮੱਧਕਾਲੀ ਪੰਜਾਬ ਦੇ ਇਸਲਾਮ ਤੋਂ ਬਾਹਰ ਰਹਿ ਗਏ ਹਿੱਸੇ ਨੂੰ ਏਸੇ ਲੀਹੇ ਤੋਰਨ ਦੀ ਸਮੱਸਿਆ ਦਰਪੇਸ਼ ਸੀ। ਏਸ ਲਈ ਗੁਰੂ ਅਰਜਨ ਨੇ ਸ਼ੇਖ ਫ਼ਰੀਦ ਦੀ ਬਾਣੀ ਨੂੰ ਸਿੱਖ ਅਧਿਆਤਮਤਾ ਵਿੱਚ ਸ਼ਾਮਲ ਕਰ ਲਿਆ ਤੇ ਆਦਿ ਗਰੰਥ ਵਿੱਚ ਦਰਜ਼ ਕਰਕੇ ਸਿੱਖਾਂ ਲਈ ਉਸ ਦਾ ਪਾਠ ਜ਼ਰੂਰੀ ਕਰ ਦਿੱਤਾ।

ਉਸ ਦੀ ਇਤਿਹਾਸਕ ਮਾਨਤਾ ਨੂੰ ਮੁੱਖ ਰੱਖ ਕੇ ਹਿੰਦੁਸਤਾਨ ਭਰ ਵਿੱਚ (1973) ਏਸ ਮਹਾਂ ਪੁਰਖ ਦੀ ਅੱਠਵੀਂ ਸ਼ਤਾਬਦੀ ਮਨਾਈ ਗਈ ਹੈ। ਸਰਕਾਰੀ ਤੇ ਗੈਰ-ਸਰਕਾਰੀ ਤੌਰ ਤੇ ਸਾਹਿਤ ਰਸੀਆਂ, ਲੇਖਕਾਂ, ਗੁਰਬਾਣੀ ਭਗਤਾਂ ਤੇ ਫ਼ਰੀਦੀ ਮੁਰੀਦਾਂ ਵੱਲੋਂ ਬੜਾ ਉਤਸ਼ਾਹ ਦਿਖਾਇਆ ਗਿਆ। ਸਭਾਵਾਂ ਕਰ ਕਰ, ਅਖ਼ਬਾਰਾਂ, ਪਰਚੇ ਤੇ ਕਿਤਾਬਾਂ ਛਾਪ ਛਾਪ ਉਸ ਦੀਆਂ ਕਹਿਣੀਆਂ, ਕਰਨੀਆਂ ਤੇ ਸੋਚਣੀਆਂ ਨੂੰ ਵਿਆਖਿਆ ਤੇ ਬਿਆਨਿਆਂ ਗਿਆ। ਏਸ ਤੋਂ ਪਹਿਲਾਂ ਪਿਛਲੀਆਂ ਸੱਤਾਂ ਸਦੀਆਂ ਵਿੱਚ ਵੀ ਉਸ ਬਾਰੇ ਬਹੁਤ ਕੁਝ ਲਿਖਿਆ, ਵਿਆਖਿਆ ਤੇ ਸੁਣਿਆ-ਸੁਣਾਇਆ ਗਿਆ ਹੈ। ਏਸ ਲਈ ਉਹ ਨਿਰੀ ਮੱਧਕਾਲੀ ਸਮੇਂ ਦੀ ਦਾਨੀ-ਪਰਧਾਨੀ ਹਸਤੀ ਹੀ ਨਹੀਂ ਹੈ, ਸਗੋਂ ਧਾਰਮਿਕ ਰੁਚੀ ਦੇ ਲੋਕਾਂ ਵਿੱਚ ਉਹ ਅੱਜ ਵੀ ਜਿਊਂਦੀ ਜਾਗਦੀ ਪ੍ਰੰਪਰਾ ਹੈ।

ਹੁਣ ਸ਼ੇਖ ਫ਼ਰੀਦ ਤੇ ਉਸ ਦੇ ਇਤਿਹਾਸ ਅੰਦਰਲੇ ਰੋਲ ਨੂੰ ਅਧਿਆਤਮਕ ਤੌਰ ‘ਤੇ ਮੰਨਿਆ, ਪੇਸ਼ ਕੀਤਾ ਤਾਂ ਜਾ ਰਿਹਾ ਹੈ, ਪਰ ਉਸਦੇ ਇਤਿਹਾਸਕ ਪਦਾਰਥਵਾਦੀ ਰੂਪ ਤੇ ਤੱਥ ਬਾਰੇ ਬਹੁਤ ਹੀ ਘੱਟ ਕਲਮ ਚਲਾਈ ਗਈ ਹੈ। ਏਸ ਸ਼ਤਾਬਦੀ ਸਮਾਗਮ ਦੀ ਮਨੌਤ ਨੇ ਹਰ ਖਿਆਲ ਦੀ ਕਲਮ ਨੂੰ ਮੌਕਾ ਦਿੱਤਾ ਹੈ, ਕਿ ਉਹ ਫ਼ਰੀਦ ਬਾਰੇ ਆਪਣੀ ਵਿਆਖਿਆ ਪੇਸ਼ ਕਰ ਸਕੇ। ਇਤਿਹਾਸਕ ਸਾਇੰਸ ਨੇ ਸਿੱਧ ਕਰ ਦਿੱਤਾ ਹੈ, ਕਿ ਇਤਿਹਾਸ ਦਾ ਪਦਾਰਥਵਾਦੀ ਨਜ਼ਰੀਆ ਹੀ ਕਿਸੇ ਇਤਿਹਾਸਕ ਹਸਤੀ ਦੀਆਂ ਸੋਚਣੀਆਂ, ਕਹਿਣੀਆਂ ਤੇ ਕਰਨੀਆਂ ਦਾ ਸਹੀ ਸਮਾਜਕ ਮੁੱਲ ਪੇਸ਼ ਕਰ ਸਕਦਾ ਹੈ। ਸੋ ਏਸ ਨਜ਼ਰੀਏ ਤੋਂ ਹੀ ਸ਼ੇਖ ਫ਼ਰੀਦ ਦੀ ਧਾਰਮਿਕਤਾ ਤੇ ਵਿਚਾਰਕਤਾ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਤਿਹਾਸ ਦਾ ਪਦਾਰਥਵਾਦੀ ਨਜ਼ਰੀਆ ਪੇਸ਼ ਕਰਨ ਲਈ ਸਬੂਤ ਇਤਿਹਾਸ ਵਿੱਚੋਂ ਹੀ ਲਿਆ ਜਾਂਦਾ ਹੈ। ਕਦੇ ਵੀ ਇੱਕ ਦੂਜੇ ਸਬੰਧ ਆਪਣੇ ਮਨੋਂ ਨਹੀਂ ਜੋੜੇ ਜਾਂਦੇ, ਸਗੋਂ ਉਹ ਹਕੀਕਤਾਂ ਵਿੱਚੋਂ ਲੱਭੇ ਜਾਂਦੇ ਹਨ। ਏਸ ਲਈ ਫ਼ਰੀਦ ਦਾ ਸਿਆਸੀ (ਪਦਾਰਥੀ) ਮੁੱਲ ਲੱਭਣ ਲਈ ਇਸਲਾਮ ਦੇ ਮੁੱਢ ਤੋਂ ਲੈ ਕੇ ਫ਼ਰੀਦ ਤੱਕ ਦੇ ਧਾਰਮਿਕ ਇਤਿਹਾਸ ਦੀਆਂ ਹਕੀਕਤਾਂ ਪੇਸ਼ ਕਰਨੀਆਂ ਜ਼ਰੂਰੀ ਹਨ।

ਫ਼ਰੀਦ ਭਾਵੇਂ ਕਿੱਡੀ ਵੱਡੀ ਮਾਨਤ ਹਸਤੀ ਹੈ, ਪਰ ਲਾਸਾਨੀ ਨਹੀਂ, ਉਹ ਆਪਣੇ ਤੋਂ ਪਹਿਲਾਂ ਸਦੀਆਂ ਤੋਂ ਤੁਰੀ ਚਲੀ ਆ ਰਹੀ ਸੂਫ਼ੀਧਾਰਾ ਦਾ ਪੰਜਾਬੀ ਸਰੀਰ ਸੀ। ਏਸ ਲਈ ਫ਼ਰੀਦ ਨੂੰ ਜਾਨਣ ਲਈ ਸੂਫ਼ੀਧਾਰਾ ਦੀ ਉਪਜ, ਵਿਕਾਸ ਤੇ ਪਲਰਣਤਾ ਦੇ ਇਤਿਹਾਸ ਦੀ ਪਦਾਰਥਕ ਵਿਆਖਿਆ ਹਾਜ਼ਰ ਹੈ।

ਇਹ ਤਾਂ ਇਤਿਹਾਸਕ ਤੌਰ ‘ਤੇ ਮੰਨੀ-ਦੰਨੀ ਗੱਲ ਹੈ, ਕਿ ਸੂਫ਼ੀਧਾਰਾ ਦਾ ਪਹਿਲਾ ਦੌਰ ਤਪੱਸਵੀ ਦੌਰ ਸੀ। ਮੁੰਹਮਦ ਤੇ ਉਸ ਦੇ ਗੱਦੀਦਾਰਾਂ ਨੂੰ ਵੀ ਸੂਫ਼ੀ ਆਖਿਆ ਜਾਂਦਾ ਹੈ। ਇਹ ਗੱਲ ਹੈ ਵੀ ਸੱਚ।

ਇਸ ਦੀ ਯਥਾਰਥਕਤਾ ਜਾਨਣ ਲਈ ਮੁਹੰਮਦ ਵੇਲੇ ਤੇ ਉਸ ਉਪਰੰਤਲੀਆਂ ਇਤਿਹਾਸਕ ਹਾਲਤਾਂ ਦੀ ਘੋਖ ਜ਼ਰੂਰੀ ਹੈ।(1)

ਮੁਹੰਮਦ ਦੇ ਸਮੇਂ ਸਾਰੇ ਏਸ਼ੀਆ ਵਿੱਚ ਮੱਧਕਾਲੀ ਜੁੱਗ ਦੇ ਇੱਕ ਦੂਜੇ ਤੋਂ ਬੇਮੁਹਤਾਜ ਡੰਗਰਚਾਰ ਜਾਂ ਵਾਹੀਵਾਹ ਅਜ਼ਾਦ ਕਬੀਲਿਆਂ ਦਾ ਸਮਾਜ ਪ੍ਰਚੱਲਤ ਸੀ, ਜਿਸ ਨੇ ਸਮਾਜੀ ਵਿਕਾਸ ਦੀ ਪੌੜੀ ਦੇ ਅਗਲੇ (ਫਿਊਡਲਸ਼ਾਹੀ) ਡੰਡੇ ਚੜ੍ਹਨਾ ਸੀ। ਇਹਨਾਂ ਦੀਆਂ ਆਪੋ ਆਪਣੀਆਂ ਇਲਾਕਾਈ ਆਪੋ ਆਪਣੇ ਧਾਰਮਿਕ ਪੂਜ (ਖ਼ੁਦਾ, ਦੇਵਤੇ ਆਦਿ) ਤੇ ਆਪੋ ਆਪਣੇ ਮੁਖੀ (ਸਰਦਾਰ) ਸਨ। ਇਹਨਾਂ ਵਿੱਚ ਹੱਦਬੰਦੀ ਤੇ ਖੋਹ-ਖਿੰਝ ਤੋਂ ਲੜਾਈਆਂ ਹੁੰਦੀਆਂ ਰਹਿੰਦੀਆਂ ਸਨ। ਇਹਨਾਂ ਦੇ ਇਲਾਕਿਆਂ ਨੂੰ ਇੱਕਸੇ ਵੱਡੇ ਇਲਾਕੇ (ਦੇਸ) ਵਿੱਚ ਜੋੜਨਾ ਤੇ ਕਬੀਲੀ ਭਾਵਨਾ ਤੋਂ ਚੁੱਕ ਕੇ ਇੱਕਸੇ ਦੀ ਭਾਵਨਾ ਤੇ ਏਕੇ ਵਿੱਚ ਗੰਢਣਾ ਅਗਲੇ ਵਿਕਾਸ ਦੀ ਲਾਜ਼ਮੀ ਲੋੜ ਸੀ। ਇਹ ਉਸ ਵੇਲ਼ੇ ਦੀਆਂ ਅਧਿਆਤਮਕ ਹਾਲਤਾਂ ਅਨੁਸਾਰ ਤਦ ਹੀ ਹੋ ਸਕਦਾ ਸੀ, ਜੇ ਇਹਨਾਂ ਕਬੀਲਿਆਂ ਨੂੰ ਇਹਨਾਂ ਦੇ ਪੂਜਾਂ ਦੀ ਉੱਤੋਂ ਦੀ ਇੱਕਸੇ ਵੱਡੇ ਪੂਜ ਦੀ ਮਾਨਤਾ ਤੇ ਮੁਖੀਆਂ ਉੱਤੋਂ ਦੀ ਇੱਕਸੇ ਸ਼ਾਹੀ ਪਰਾਣੀ ਦੇ ਰਾਜ ਦੇ ਵਿਚਾਰ ਤੇ ਉਦਮ ਦਾ ਹਾਮੀ ਬਣਾਇਆ ਜਾ ਸਕੇ।

ਇਤਿਹਾਸ ਦੇ ਡਾਇਲੈਕਟਿਕਸ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਵਪਾਰੀ ਜਮਾਤ (ਬੁਰਜੁਆਜ਼ੀ) ਨੇ ਹੀ ਹਰ ਦੇਸ ਦੇ ਕਬੀਲੀ ਸਮਾਜ ਨੂੰ ਫਿਊਡਲ ਸ਼ਾਹੀ ਦੇ ਡੰਡੇ ਚਾੜ੍ਹਿਆ ਹੈ। ਕਬੀਲਿਆਂ ਦੀਆਂ ਹੱਦਬੰਦੀਆਂ, ਖੋਹਾਂ-ਖਿੰਝਾਂ ਤੇ ਆਪਸੀ ਲੜਾਈਆਂ ਇਸ ਜਮਾਤ ਦੀ ਵਪਾਰੀ ਆਵਾਜਾਈ ਨੂੰ ਬਹੁਤ ਨੁਕਸਾਨ ਪਹੁੰਚਾਉਂਦੀਆਂ ਤੇ ਬੜੀਆਂ ਹਾਨੀਕਾਰਕ ਰੋਕਾਂ ਸਨ। ਇਹਨਾਂ ਨੂੰ ਦੂਰ ਕਰਨਾ ਦੇ ਇੱਕਸੇ ਵਡੇਰੇ ਰਾਜ ਹੇਠ ਲਿਆਉਣਾ ਵਪਾਰੀ ਹਿੱਤਾਂ ਦੀ ਜੀਵਨ ਲੋੜ ਸੀ।

ਛੇਵੀਂ ਸਦੀ ਦੇ ਮੁਕਾਅ ਉੱਤੇ ਅਰਬ ਵਪਾਰੀ ਜਮਾਤ ਦੇ ਵਿਚਾਰਕਾਂ ਵਿੱਚ ਏਸ ਜੀਵਨ ਦੀ ਲੋੜ ਦੀ ਪੂਰਤੀ ਲਈ ਸੋਚਾਂ ਵਿਚਾਰਾਂ ਪੈਦਾ ਹੋ ਚੁੱਕੀਆਂ ਸਨ। ਉਹ ਅਰਬ ਵਸੋਂ ਦੇ ਦਿਲਾਂ ਵਿੱਚ ਇੱਕ ਅਜਿਹੇ ਖੁਦਾ ਦਾ ਵਿਚਾਰ ਵਸਾਉਣਾ ਚਾਹੁੰਦੇ ਸਨ (ਅਜੇ ਸਰੀਰਕ ਅਕਾਰ ਦੀ ਸੋਝੀ ਨਹੀਂ ਸੀ ਆਈ, ਜੋ ਕਬੀਲਿਆਂ ਦੇ ਸਾਰੇ ਖੁਦਾਵਾਂ (ਪੂਜਾਂ) ਤੋਂ ਸਰਵੋਤਮ ਸਰਬਸ਼ਕਤੀਮਾਨ, ਸਰਬ ਵਿਆਪਕ ਤੇ ਸਰਬ ਪਾਲਕ ਹੋਵੇ। ਏਸ ਲੋੜ ਲਈ ਉਹਨਾਂ ”ਅੱਲਾ ਹੂ ਅਕਬਰ” (ਸਭ ਤੋਂ ਵੱਡਾ ਅੱਲਾ-ਖੁਦਾ) ਦਾ ਨਾਅਰਾ ਪੇਸ਼ ਕੀਤਾ। ਅੱਗੇ ਜਾ ਕੇ ਇਹੀ ਇਹਨਾਂ ਦਾ ਅਧਿਆਤਮਕ ਇਸ਼ਟ ਬਣਿਆ।

ਕਬੀਲਿਆਂ ਅੰਦਰ ਆਪਣੇ ਪੂਜਾਂ ਨੂੰ ਖੁਸ਼ ਕਰਨ ਦਾ ਧਿਆਨ ਬੰਨ੍ਹਾਈ ਰੱਖਣ ਲਈ ਮੁਖੀਆਂ ਵੱਲੋਂ ਆਪਣੇ ਸਰੀਰੋਂ ਬਾਹਰੀਆਂ ਕੁਰਬਾਨੀਆਂ ਦੇਣ ਤੇ ਮਨਾਉਤਾਂ ਦੇ ਦਿਨ ਮਨਾਉਣ ਦਾ ਰਵਾਜ਼ ਸੀ। ਇਹਨਾਂ ਵਿਚਾਰਕਾਂ ਨੇ ‘ਅੱਲਾ ਹੂ ਅਕਬਰ’ ਦੇ ਵਿਚਾਰਕ ਇਸ਼ਟ ਵੱਲ ਲੋਕਾਂ ਦਾ ਧਿਆਨ ਖਿੱਚਣ ਲਈ ਆਪਣੇ ਸਰੀਰ ਦੀ ਕੁਰਬਾਨੀ ਦੇਣ ਦਾ ਰਾਹ ਚਲਾਇਆ। ਉਹ ਜੋਗੀਆਂ ਵਾਂਗ ਦੁਨੀਆਂ ਤੋਂ ਉਪਰਾਮ ਹੋ ਕੇ ਪਹਾੜੀ ਕੁੰਦਰਾਂ ਵਿੱਚ ਜਾ ਬੈਠੇ। ਆਪਣੇ ਵਿਚਾਰਕ ਅੱਲਾ ਨੂੰ ਮਹਾਨ ਸ਼ਕਤੀ ਦਰਸਾਉਣ ਲਈ ਆਪਣੇ ਆਪ ਨੂੰ ਉਸ ਦਾ ਗੁਨਾਹਗਾਰ (ਪਾਪੀ) ਦੱਸਿਆ ਤੇ ਉਸ ਤੋਂ ਗੁਨਾਹ ਬਖਸ਼ਾਉਣ ਲਈ ਆਪਣੇ ਸਰੀਰ ਨੂੰ ਭੁੱਖ ਨੰਗ ਤੇ ਹੋਰ ਕਈ ਤਰ੍ਹਾਂ ਦੀਆਂ ਸਖਤੀਆਂ ਤੇ ਤਸੀਹੇ ਦੇਣ ਦਾ ਰਾਹ ਚਲਾਇਆ। ਇਹ ਲੋਕ ਤਪੱਸਵੀ ਅਖਵਾਏ।

ਸਭ ਤੋਂ ਪਹਿਲਾਂ ਮਦੀਨੇ ਲਾਗੇ ਇੱਕ ਅਜਿਹੇ ਵਿਚਾਰਕ ਬਹਿਲੋਲ ਬਿਨ ਜ਼ੁਆਇਬ ਦਾ ਪਤਾ ਲੱਗਾ ਹੈ, ਜੋ ਇੱਕ ਪਹਾੜੀ ਕੁੰਦਰ ਵਿੱਚ ਵੜਕੇ ਕਈ ਵਰ੍ਹੇ ਸਰੀਰ ਨੂੰ ਸੰਗਲ਼ਾਂ ਵਿੱਚ ਬੰਨ੍ਹ ਕੇ ਉੱਚੀ-ਉੱਚੀ ਅੱਲਾ ਨੂੰ ਧਿਆਉਂਦਾ ਤੇ ਉਸ ਤੋਂ ਆਪਣੇ ਪਾਪਾਂ ਦਾ ਪਸ਼ਚਾਤਾਪ ਕਰ ਕਰ ਮਾਫੀਆਂ ਮੰਗਦਾ ਰਿਹਾ। ਉਸ ਦੀ ਇਹ ਤਪੱਸਿਆ ਵੇਖ ਕੇ ਕਈ ਤਰਸਵਾਨ ਉਸ ਨੂੰ ਅੰਨ ਪਾਣੀ ਦੇ ਆਉਂਦੇ। ਏਸ ਤਰ੍ਹਾਂ ਤਪੱਸਵੀਆਂ ਦੀ ਸਾਧਨਾ ਨਾਲ ਕਬੀਲੀ ਪੂਜਾਂ ਦੇ ਉੱਤੋਂ ਦੀ ਅੱਲਾ ਦਾ ਇੱਕਲੇਰਾ ਸਰਵੋਤਮ ਇਸ਼ਟ ਤਾਂ ਸਥਾਪਤ ਹੋਣ ਲੱਗ ਪਿਆ, ਪਰ ਕਬੀਲੀ ਮੁਖੀਆਂ ਦੇ ਉੱਤੋਂ ਦੀ ਇੱਕਸੇ ਮਨੁੱਖੀ ਰਾਜ ਵਾਲ਼ੀ ਸੰਸਥਾ ਅਰਥਾਤ ਅੱਲਾ ਦੇ ਪਦਾਰਥਕ ਸਰੀਰ ਦੀ ਭਾਵਨਾ ਉਤਪੰਨ ਕਰਨੀ ਬਾਕੀ ਰਹਿ ਗਈ। ਇਹ ਕਸਰ ਮੱਕੇ ਦੀ ਸੁਦਾਗਰ ਬਰਾਦਰੀ ਕੁਰੇਸ਼ ਦੇ ਮੁਹੰਮਦ ਨੇ ਪੂਰੀ ਕੀਤੀ, ਜੋ ਖੁਦ ਆਪ ਵੀ ਸੁਦਾਗਰ ਸੀ। ਉਸ ਨੇ ਆਪਣੇ ਅੱਲਾ ਹੂ ਅਕਬਰ ਤੋਂ ਅਗਾਂਹ ਆਪਣੇ ਆਪ ਨੂੰ ”ਰਸੂਲ ਅੱਲਾ” (ਖੁਦਾ ਦਾ ਭੇਜਿਆ ਬੰਦਾ) ਹੋਣ ਦਾ ਐਲਾਨ ਕੀਤਾ।

-”ਜਿਸ ਨੇ ਰਸੂਲ ਦੀ ਤਾਬੇਦਾਰੀ ਕੀਤੀ, ਉਸ ਨੇ ਅੱਲਾ ਦੀ ਤਾਬੇਦਾਰੀ ਕੀਤੀ”, ਕੁਰਾਨ 80/4

ਅੱਲਾ ਹੂ ਅਕਬਰ ਤੇ ਰਸੂਲ ਅੱਲਾ ਦਾ ਮੁਹੰਮਦੀ ਇਸ਼ਟ ਸਾਰੇ ਇਸਲਾਮੀ ਇਤਿਹਾਸ ਦੀ ਰੇੜੂ (ਮੋਬਾਇਲ) ਪਦਾਰਥਕ ਸ਼ਕਤੀ ਬਣ ਗਿਆ। ਜਿੱਥੇ ਇਸਲਾਮ ਨੂੰ ਰਾਜਸੀ ਸ਼ਕਤੀ ਬਣਾਉਣ ਲਈ ਤਲਵਾਰ ਵਾਹੀ ਗਈ, ਉਥੇ ਇਸਲਾਮੀ ਅਧਿਆਤਮਕਤਾ ਨੂੰ ਦਰਸੀ (ਵਿੱਦਿਅਕ ਤੇ ਪ੍ਰਚਾਰੀ) ਜਾਮਾ ਪੁਆਉਣ ਲਈ ਵੀ ਕਦਮ ਚੁੱਕੇ ਗਏ। ਹਜ਼ਰਤ ਅਲੀ ਨੇ ਮੁਹੰਮਦ ਤੋਂ ਬਾਅਦ ਮਦੀਨੇ ਵਿੱਚ ਅਧਿਆਤਮਕ ਲਹਿਰ ਦਾ ਪਹਿਲਾ ਕੇਂਦਰ ਸਥਾਪਤ ਕੀਤਾ, ਜਿਥੇ ਇਸਲਾਮੀ ਫਲਸਫੇ, ਦਲੀਲਬਾਜ਼ੀ, ਇਤਿਹਾਸ ਤੇ ਕਨੂੰਨ ਆਦਿ ਦੀ ਪੜ੍ਹਾਈ ਕਰਾਈ ਤੇ ਵਿੱਦਿਆ ਦਿੱਤੀ ਜਾਂਦੀ ਸੀ।

ਮੁਹੰਮਦ ਤੋਂ ਬਾਅਦ ਖ਼ਿਲਾਫ਼ਤ ਦੀਆਂ ਗੱਦੀਆਂ ਵਾਸਤੇ ਖ਼ਲੀਫਿਆਂ ਅੰਦਰ ਪਏ ਰੱਫੜਾਂ ਤੇ ਹੋਏ ਕਤਲਾਂ ਨੇ ਇਸਲਾਮੀ ਅਧਿਆਤਮਤਾ ਦੇ ਦੋ ਵਿਰੋਧੀ ਫਿਰਕੇ ਖੜੇ ਕਰ ਦਿੱਤੇ। ਇੱਕ ਤਾਂ ਰਸੂਲ ਅੱਲਾ ਵਾਲ਼ਿਆ ਦਾ ਸਰਕਾਰੀ ਫਿਰਕਾ, ਜੋ ਇਸਲਾਮੀ ਹਕੂਮਤਾਂ ਨਾਲ ਬੱਝਾ ਰਿਹਾ, ਜਿਸਦੀ ਮੀਰੀ ਹਜ਼ਰਤ ਅਲੀ ਤੋਂ ਚਲਦੀ ਹੈ ਤੇ ਗੱਦੀਉ ਗੱਦੀ ਤੁਰਕੇ ਹਿੰਦੁਸਤਾਨ ਵਿੱਚ ਦਾਤਾ ਗੰਜਬਖਸ਼ ਲਾਹੌਰੀਏ (ਅਲੀ ਹੁਜਵੇਰੀ 1092) ਤੱਕ ਪਹੁੰਚ ਜਾਂਦੀ ਹੈ। ਦੂਸਰਾ ”ਅੱਲਾ ਹੂ ਅਕਬਰ” ਵਾਲ਼ਿਆ ਦਾ, ਉਹ ਇਸਲਾਮੀ ਇਤਿਹਾਸ ਵਿੱਚ ਖਵਾਰਜ ਕਹਾਉਂਦੇ ਹਨ। ਉਹਨਾਂ ਲਈ ”ਹਕੂਮਤ ਇਲਾਹੀ ਤੋਂ ਬਗੈਰ ਇਨਸਾਨੀ ਹਕੂਮਤ ਮੰਨਣਾ ਕੁਫਰ ਸੀ। ਏਸ ਕਾਰਨ ਉਹ ਦੁਨਿਆਵੀ ਹਕੂਮਤ (ਖਿਲਾਫਤ) ਦੇ ਤਾਬਿਆ ਹੋਣ ਨਾਲ਼ੋਂ ਕਤਲ ਹੋ ਜਾਣਾ ਚੰਗਾ ਸਮਝਦੇ ਸਨ।” ਉਹਨਾਂ ਹਜ਼ਰਤ ਉਮਰ ਵੇਲ਼ੇ ਵੀ ਆਪਣੇ ਵਿਚਾਰ ਦੱਸੇ। ਪਰ ਅਲੀ ਤੇ ਮੁਆਵੀਆ ਦੀ ਲੜਾਈ ਸਮੇਂ ਤਾਂ ਉਹਨਾਂ ਤਲਵਾਰ ਚੁੱਕ ਲਈ ਤੇ ਉਹ ਦੋ ਤਿੰਨ ਸਦੀਆਂ ਤੱਕ ਹਾਰਦੇ ਜਿੱਤਦੇ ਖਿਲਾਫਤ ਵਿਰੁਧ ਖੰਡਾ ਖੜਕਾਉਂਦੇ ਰਹੇ। ਇਹ ਇਲਾਮੀ ਸਿਆਸਤ ਦਾ ਪਿਛਾਂਹਰਖੂ (ਕੰਜ਼ਰਵੇਟਿਵ) ਅੰਗ ਸੀ।

ਲੰਮੀਆਂ ਤੇ ਲਗਾਤਾਰ ਲੜਾਈਆਂ ਰਾਜਸੀ ਫਿਰਕਿਆਂ ਦਾ ਬੁਰਛਿਆਂ ਵਾਲਾ ਸ਼ੁਦਾਅ, ਹਕੂਮਤਾਂ ਦੀ ਫੌਜੀ ਹੈਂਕੜਸ਼ਾਹੀ ਤੇ ਧਰਮ ਨੇਮਾਂ ਦੀ ਅਦੁਲੀ ਨੇ ਇਸਲਾਮੀ ਚਿੰਤਕਾਂ ਵਿੱਚ ਅੱਲਾ ਹੂ ਅਕਬਰ ਵਾਲੀ ਖਵਾਰਜਾਂ ਦੀ ਅਧਿਆਤਮਕ ਲਾਈਨ ਸੁਰਜੀਤ ਕਰ ਦਿੱਤੀ ਜੋ ਇਸਲਾਮ ਦੀ ਉਤਪਤੀ ਤੇ ਚੜ੍ਹਾ ਨੇ ਮਧੋਲ਼ ਸੁੱਟੀ ਸੀ। ਇਹ ਚਿੰਤਕ ਦਰਵੇਸ਼ੀ ਧਾਰਨ ਕਰਕੇ ਫੇਰ ਤਪੱਸਵੀ ਬਣ ਗਏ, ਜੋ ਸੂਫ਼ੀਵਾਦ ਦਾ ਮੁੱਢਲਾ ਰੂਪ ਆਖੇ ਜਾਂਦੇ ਹਨ। ਏਸ ਸੁਰਜੀਤੀ ਦਾ ਕਰਤਾ ਧਰਤਾ ਉਮੀਆ ਖਿਲਾਫਤ ਦੇ ਸਮੇਂ ਹਸਨ ਅਲ ਬਸਰੀ (728 ਈ.) ਹੋਇਆ ਹੈ।

ਇਹ ਲੋਕ ਸ਼ਰਾਅ ਭਾਵ ਇਸਲਾਮੀ ਰਾਜਧਾਰਾ ਤੋਂ ਵਿਹਰ ਗਏ। ਇਹਨਾਂ ਮੁਹੰਮਦ ਦੀ ਥਾਂ ਜੋ ਸਮਾਂ ਬੀਤ ਕੇ ਹੁਣ ਅਧਿਆਤਮਤਾ ਦੀ ਮਾਨਤਾ ਲੈ ਆਂਦੀ, ਕਾਬੇ ਦੀ ਜ਼ਿਆਰਤ ਦੇ ਨਾਲ ਨਾਲ ਮੁਰਸ਼ਿਦਾਂ ਦੀਆਂ ਖਾਨਗਾਹਾਂ ਤੇ ਦਰਗਾਹਾਂ ਦੀਆਂ ਜ਼ਿਆਰਤਾਂ ਤੇ ਉਰਸਾਂ ਨੇ ਲੈ ਲਈ, ”ਜੀਹਦਾ ਪਰ ਨਹੀਂ, ਉਹਦਾ ਈਮਾ ਨਹੀਂ”, ਆਮ ਨਾਅਰਾ ਬਣ ਗਿਆ, ਕਿਆਮਤ ਨੂੰ ਉਡੀਕੇ ਬਗੈਰ ਰੱਬ ਤੋਂ ਗੁਨਾਹ ਬਖਸ਼ਾਉਣ ਦੀ ਈਸਾਈ ਪਰੰਪਰਾ ਚਲਾ ਲਈ; ਰੱਬੀ ਇਸ਼ਕ ਲਈ ਦੁਨੀਆਂ ਨੂੰ ਲੱਤ ਮਾਰ ਕੇ ਫਕੀਰੀ ਧਾਰਨ ਕਰ ਲਈ; ਦੁਨੀਆਂ ਦੇ ਵਿਕਾਸ ਦੀ ਥਾਂ ਇਸ ਦੇ ਨਾਸਮਾਨਤਾ ਦੇ ਕੀਰਨੇ ਪਾਉਣੇ ਆਰੰਭ ਦਿੱਤੇ, ਏਸ ਨਾਸਮਾਨਤਾ ਤੋਂ ਆਪ ਨੂੰ ਪਰੋਖੇ ਰੱਖਣ ਲਈ ਆਪਾ ਪਛਾਨਣ ਉੱਤੇ ਜ਼ੋਰ ਦਿੱਤਾ (ਅਨਲ ਹੱਕ); ਚੰਗਾ ਹੋਵੇ, ਮਾੜਾ ਹੋਵੇ, ਰੱਬ ਦੀ ਰਜ਼ਾ (ਭਾਣੇ) ਵਿੱਚ ਰਹਿਣਾ ਪ੍ਰਵਾਨ ਕਰ ਲਿਆ।

ਇਹ ਵਿਚਾਰਧਾਰਾ ਸ਼ਹਿਰਾਂ ਦੇ ਇਸਲਾਮੀ ਬੁੱਧੀਵਾਨਾਂ ਵਿੱਚ ਉਪਜੀ, ਇਹਨਾਂ ਸੂਫ਼ੀਆਂ ਦੇ ਕੇਂਦਰ (ਦਰਗਾਹਾਂ) ਇਰਾਕ ਤੇ ਇਰਾਨ ਦੇ ਸ਼ਹਿਰ ਸਨ। ਕੂਫਾ, ਬਸਰਾ (ਜੋ ਖਵਾਰਜਾਂ ਦੇ ਵੀ ਜਨਮਦਾਤਾ ਸਨ), ਬਗਦਾਦ, ਬਲਖ, ਮਰਵ, ਮਸ਼ਹਦ ਤੇ ਖੁਰਾਸਾਨ ਦਾ ਇਲਾਕਾ।

ਸੂਫ਼ੀਆਂ ਦੇ ਉੱਤੇ ਦੱਸੇ ਆਸ਼ੇ ਨੂੰ ਵਿਚਾਰਿਆ ਜਾਏ ਤਾਂ ਏਸ ਵਿੱਚ ਇਸਲਾਮ ਦੀ ਤਾਂ ਕਬੂਲੀਅਤ ਦਿਸਦੀ ਹੈ। ਪਰ ਇਸਲਾਮੀ ਰਾਜਧਾਰਾ (ਸ਼ਰਾਅ) ਦਾ ਵਿਰੋਧ ਤ੍ਰਿਪਦਾ ਹੈ ਤੇ ਲੋਕਾਂ ਵਿੱਚ ਸਥਾਨਕ ਅਰਥਾਤ ਆਪਣੇ ਆਪਣੇ ਦੇਸਾਂ ਦੀ ਕੌਮੀ ਭਾਵਨਾ ਪੈਦਾ ਹੋਈ ਜਾਪਦੀ ਹੈ। ਏਸ ਕੌਮੀ ਭਾਵਨਾ ਨੇ ਇਸਲਾਮ ਨੂੰ ਪੁਰ ਅਮਨ ਤੌਰ ‘ਤੇ ਫੈਲਾਉਣ ਵਿੱਚ ਬੜਾ ਹਿੱਸਾ ਪਾਇਆ। ਹੁਣ ਕਾਜ਼ੀ ਤਾਂ ਬੱਝ ਗਿਆ ਰਾਜ ਮਸ਼ੀਨ ਨਾਲ ਤੇ ਸੂਫ਼ੀਆਂ ਦਾ ਕੰਮ ਹੋ ਗਿਆ ਇਸਲਾਮ ਫੈਲਾਉਣਾ।

ਇਰਾਨ ਤੇ ਇਰਾਕ ਦੇ ਸੂਫ਼ੀਆਂ ਦੀ ਜਗਾਈ ਹੋਈ ਏਸ ਭਾਵਨਾ ਨੇ ਇਹਨਾਂ ਦੇਸਾਂ ਦੇ ਲੋਕਾਂ ਅੰਦਰ ਖਿਲਾਫਤ ਤੋਂ ਖੁਦਸਰੀ ਪੈਦਾ ਕਰ ਦਿੱਤੀ ਤੇ ਉਹ ਆਪਣਾ ਸਵਰਾਜ (ਆਟੌਨੌਮੀ) ਪ੍ਰਾਪਤ ਕਰਨ ਲਈ ਕਈ ਵਾਰ ਤਲਵਾਰੀਂ ਉੱਠ ਪਏ। ਇਤਿਹਾਸ ਗਵਾਹ ਹੈ, ਕਿ ਇਹਨਾਂ ਦੇਸਾਂ ਵਿੱਚ ਕਈ ਵਾਰ ਬਗਾਵਤਾਂ ਉੱਠੀਆਂ ਤੇ ਆਪਣੀ ਦੇਸੀ ਫਿਊਡਲਸ਼ਾਹੀ ਸਥਾਪਤ ਕਰ ਲੈਂਦੀਆਂ ਰਹੀਆਂ। ਨੌਵੀਂ ਸਦੀ ਦਾ ਅੱਧ ਟੱਪ ਕੇ ਖੁਦ ਖਲੀਫੇ ਨੇ ਇਹਨਾਂ ਫਿਊਡਲ ਸ਼ਾਹੀਆਂ ਨੂੰ ਸੁਲਤਾਨਾਂ (ਸੂਬੇਦਾਰਾਂ) ਦੀ ਪਦਵੀ ਬਖਸ਼ਣੀ ਆਰੰਭ ਦਿੱਤੀ ਤੇ ਇਹ ਖਿਲਾਫਤ ਦੇ ਨਜ਼ਰਾਨੇ ਭਰਨ ਵਾਲ਼ੇ ਹਾਕਮ ਬਣ ਜਾਂਦੇ ਰਹੇ।

ਸੂਫ਼ੀਵਾਦ ਇਸਲਾਮ ਧਰਮ ਵਿਰੁੱਧ ਬਗਾਵਤ ਨਹੀਂ ਸੀ। ਕਿਉਂਕਿ ਉਸ ਸਮੇਂ ਫਿਊਡਲਸ਼ਾਹੀ ਦਾ ਦੌਰ ਦੌਰਾ ਸੀ ਤੇ ਮੱਧਕਾਲੀ ਕਬੀਲੀ ਟੱਬਰਦਾਰੀ ਤੋਂ ਉੱਭਰਨ ਦਾ ਜੁੱਗ ਸੀ। ਪਰ ਇਸਲਾਮ ਦੀ ਰਾਜਧਾਰਾ (ਸ਼ਰਾਅ) ਦਾ ਕੱਟੜ ਵਿਰੋਧੀ ਸੀ, ਜੋ ਆਪਣੇ ਜਿੱਤੇ ਹੋਏ ਗੈਰ-ਅਰਬ ਦੇਸਾਂ ਤੇ ਲੋਕਾਂ ਉੱਤੇ ਅਰਬੀ ਪੈਦਾਵਾਰੀ ਹਾਲਾਤ ‘ਤੇ ਅਧਾਰਤ ਬਣੇ ਸ਼ਰੱਈ ਕਨੂੰਨਾਂ ਤੇ ਧਰਮਨੇਮਾਂ ਨੂੰ ਤਲਵਾਰ ਦੇ ਜ਼ੋਰ ਠੋਸਦੀ ਸੀ। ਸ਼ਰਾਅ ਏਸ ਸਥਾਨਕ ਹਾਲਤਾਂ ਅਨੁਸਾਰ ਉੱਠੇ ਵਿਰੋਧ ਨੂੰ ਬਰਦਾਸ਼ਤ ਨਹੀਂ ਸੀ ਕਰਦੀ ਤੇ ਏਸ ਨੇ ਸੂਫ਼ੀਆਂ ਨੂੰ ਕੁਫਰ ਦਾ ਫਤਵਾ ਦੇਈ ਰੱਖਿਆ। ਬਾਏਜ਼ੀਦ ਨੂੰ ਦੇਸ ਨਿਕਾਲ਼ਾ ਤੇ ਉਮਰ ਖਿਆਮ ਤੇ ਮਨਸੂਰ ਵਰਗੇ ਕਈ ਸੂਫ਼ੀਆਂ ਨੂੰ ਜਾਨੋ ਮਾਰ ਦਿੱਤਾ।

ਦੇਸੀ ਫਿਊਡਲ-ਸ਼ਾਹੀ ਦੇ ਸਥਾਪਤ ਹੋ ਜਾਣ ਦੇ ਨਤੀਜੇ ਵਜੋਂ ਦਸਵੀਂ ਸਦੀ ਵਿੱਚ ਆ ਕੇ ਸੂਫ਼ੀਧਾਰਾ ਅੰਦਰ ਨਵਾਂ ਮੋੜ ਆਇਆ। ਇਬਨ ਸੀਨਾ ਇਸਦਾ ਮੁਹਾੜੀ ਸੀ, ਉਸ ਨੇ ਰੱਬ ਤੇ ਸੰਸਾਰ ਦਾ ਜੋੜ ਜੋੜਿਆ ਭਾਵ ਸੂਫ਼ੀਧਾਰਾ ਨੂੰ ਦੇਸ ਦੀਆਂ ਪੈਦਾਵਾਰੀ ਹਾਲਤਾਂ ਅਨੁਸਾਰ ਢਾਲਣ ਦੀ ਵਿਧੀ ਚੱਲ ਪਈ। ਦੁਨੀਆਦਾਰੀ ਦੇ ਤਿਆਗ ਦਾ ਵਿਚਾਰ ਬਦਲਿਆ। ਏਸ ਤਰ੍ਹਾਂ ਸੂਫ਼ੀਧਾਰਾ ਇਸਲਾਮੀ ਰਾਜਧਾਰਾ ਦੇ ਨੇੜੇ ਹੋਣ ਲੱਗ ਪਈ।

ਸੂਫ਼ੀਧਾਰਾ ਵਿੱਚ ਅਗਲਾ ਮਹੱਤਵਪੂਰਨ ਮੋੜ ਖੁਰਾਸਾਨ ਵਿੱਚ ਮਸ਼ਹਦ ਦੇ ਰਹਿਣ ਵਾਲੇ ਅਬੂ ਹਮੀਦ ਅਲਗ਼ਜ਼ਾਨੀ ਨੇ ਲਿਆਂਦਾ, ਜਿਸ ਨੂੰ ਇਸਲਾਮ ਦਾ ਵੱਡੇ ਤੋਂ ਵੱਡਾ ਧਾਰਮਿਕ ਗਿਆਨੀ ਆਖਿਆ ਜਾਂਦਾ ਹੈ। ਏਸ ਨੇ ਸੂਫ਼ੀਧਾਰਾ ਨੂੰ ਸ਼ਰੀਅਤ ਦੀ ਕੱਟੜਤਾ ਤੋਂ ਕਬੂਲ ਕਰਵਾ ਲਿਆ, ਜੋ ਹੁਣ ਤੱਕ ਕੁਫਰ ਸਮਝੀ ਜਾਂਦੀ ਸੀ। ਏਸ ਨੂੰ ਮੁਹੰਮਦ ਵੱਲ ਮੋੜਿਆ ਤੇ ਅੱਲਾ ਹੂ ਅਕਬਰ ਤੇ ਰਸੂਲ ਅੱਲਾ ਵਿੱਚਕਾਰ ਪਿਆ ਹੋਇਆ ਪਾੜਾ ਮੇਟ ਦਿੱਤਾ। ਪ੍ਰੋ. ਪ੍ਰੀਤਮ ਸਿੰਘ ਦੇ ਕਥਨ ਅਨੁਸਾਰ, ”ਰੱਬ ਦੀ ਖੋਜ ਵਿੱਚ ਨਿੱਕਲ਼ੇ ਹਰ ਜਗਿਆਸੂ ਲਈ ਜ਼ਰੂਰੀ ਹੋ ਗਿਆ ਕਿ ਉਹ ਪਹਿਲੇ ਹਕੀਕਤ ਮੁਹੰਮਦੀ ਨਾਲ ਇੱਕਮਿੱਕ ਹੋਵੇ, ਇਹੀ ਕਾਰਨ ਹੈ, ਕਿ ਅਲਗ਼ੁਜ਼ਾਲੀ ਤੋਂ ਆਉਣ ਵਾਲ਼ੇ ਸਭ ਸੂਫ਼ੀ ਇਸ਼ਕ ਤੋਂ ਪਹਿਲਾਂ ਇਸ਼ਕਿ ਮੁਹੰਮਦੀ ਕਮਾਉਣਾ ਜ਼ਰੂਰੀ ਸਮਝਦੇ ਸਨ।” (ਸੂਫ਼ੀ ਸਾਹਿਤ, ਸਫਾ 333)। ਏਸ ਨਾਲ ਸੂਫ਼ੀਆ ਲਈ ਨਮਾਜ਼, ਕੁਰਾਨ ਦਾ ਪਾਠ, ਮੱਕੇ ਦਾ ਹੱਜ, ਰੱਬ ਨੂੰ ਧਿਆਉਣਾ ਤੇ ਮੁਹੰਮਦ ਦਾ ਜੱਸ ਗਾਉਣਾ, ਆਦਰਸ਼ ਬਣ ਗਿਆ। ਇਹ ਆਦਰਸ਼ ਇਸਲਾਮ ਦੀ ਕੱਟੜ ਰਾਜਧਾਰਾ ਨੂੰ ਪਰਵਾਨ ਸੀ।

ਜਿਸ ਨਾਲ ਸੂਫ਼ੀਧਾਰਾ ਫਿਊਡਲ ਹਕੂਮਤਾਂ ਦੀ ਪ੍ਰਵਾਨਤ ਧਾਰਾ ਹੋ ਗਈ। ਏਸ ਧਾਰਾ ਦੇ ਪ੍ਰਚਾਰ ਨਾਲ ਅਰਬ ਤੋਂ ਦੂਰ ਪਰਦੇਸੀ ਇਲਾਕਿਆਂ ਵਿੱਚ ਇਸਲਾਮ ਫੈਲਾਉਣਾ ਸੌਖਾ ਤੇ ਤੇਜ ਹੋ ਗਿਆ।

ਮਸ਼ਹੂਰ ਇਤਿਹਾਸਕਾਰ ਡੀ. ਡੀ. ਮੈਕਡਾਨਲਡ ਦਾ ਕਹਿਣਾ ਹੈ, ਕਿ ”ਜੀਵਨ ਦਾ ਸੂਫ਼ੀ ਰਾਹ ਇਸਲਾਮ ਦਾ ਤਕਰੀਬਨ ਸਾਰਾ ਮਜ਼ਹਬੀ ਜੀਵਨ ਬਣ ਗਿਆ।”

ਮਹਿਮੂਦ ਗਜ਼ਨਵੀ ਦਾ ਪੁੱਤਰ ਮਸਊਦ ਦਾਤਾਗੰਜ ਬਖਸ਼ (ਅਲੀ ਹੁਜਵੇਰੀ) ਨੂੰ ਆਪਣੇ ਨਾਲ ਲਾਹੌਰ ਲਿਆਇਆ, ਜਿਸ ਨੇ ਲਾਹੌਰ ਦੇ ਦਸਤਕਾਰ ਤੇ ਗੁੱਜਰਾਂ ਨੂੰ ਮੁਸਲਮਾਨ ਬਣਾਇਆ। ਸਯਦ ਮੁਹੰਮਦ ਇੱਕਰਾਮ ਲਿਖਦੇ ਹਨ, ਕਿ ”ਮੱਧਕਾਲੀ ਹਿੰਦੁਸਤਾਨ ਦੇ ਮੁਸਲਿਮ ਸੁਲਤਾਨਾਂ ਦੀ ਦੀਨਦਾਰ ਤੇ ਗਿਆਨਵਾਨ ਮੁਸਲਮਾਨਾਂ ਦੀ ਸਰਪ੍ਰਸਤੀ ਕਰਨਾ ਗਿਣੀ-ਮਿਣੀ ਪਾਲਿਸੀ ਰਹੀ ਹੈ।” ਅਕਬਰ ਤੋਂ ਪਹਿਲਾਂ ਇਹਨਾਂ (ਸੂਫ਼ੀਆਂ) ਨੂੰ ਮਰਦਿਮੁਆਸ਼ ਦੇ ਨਾਂ ਤੇ ਪਿੰਡਾਂ ਦੇ ਪਿੰਡ ਬਖਸ਼ ਦਿੱਤੇ ਜਾਂਦੇ ਸਨ।”

(ਡਾ. ਜੇ. ਐਸ. ਗਰੇਵਾਲ, ਗੁਰੂ ਨਾਨਕ ਇਨ ਹਿਸਟਰੀ, ਸਫਾ-17)

ਹਾਕਮ ਤੇ ਅਮੀਰ ਜਮਾਤਾਂ ਨੂੰ ਦਰਵੇਸ਼ਤਾ ਤੇ ਸੂਫ਼ੀਅਤਾ ਇੱਕ ਹੋਰ ਗੱਲੋਂ ਵੀ ਬੜੀ ਲਾਹੇਵੰਦ ਸੀ। ਜਾਇਦਾਦ ਹੀਣਾਂ ਤੇ ਗੁਲਾਮਾਂ ਨੂੰ ਜਾਇਦਾਦ ਪ੍ਰਾਪਤ ਕਰਨ ਦੇ ਘੋਲ਼ ਵੱਲ ਸੋਚਣੋਂ ਤੇ ਵਧਣੋਂ ਮੋੜੀ ਰੱਖਣ ਲਈ ਮਰਦਾਂ ਨੂੰ ਫਕੀਰੀ ਤੇ ਦਰਵੇਸ਼ੀ ਦੇ ਤੇ ਜ਼ਨਾਨੀ ਨੂੰ ਕੰਜਰੀ ਬਣ ਜਾਣ ਦੇ ਰਾਹ ਪਾਇਆ। ਭੁੱਖ ਨੰਗ ਤੇ ਗਰੀਬੀ ਨੂੰ ਆਦਰਸ਼ਕ ਰੂਪ ਦੇਣ ਲਈ ਫਕੀਰਾਂ ਦੀ ਮਿਸਾਲ ਪੇਸ਼ ਕੀਤੀ, ਜਿਸ ਤਰ੍ਹਾਂ ਬਾਬਾ ਫ਼ਰੀਦ ਨੇ ਕਿਹਾ ਹੈ:

-ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣੁ ਮੇਰੀ ਭੁਖ।
ਜਿਨਾ ਖਾਧੀ ਚੋਪੜੀ ਘਣੇ ਸਹਨਿਗੇ ਦੁਖ।।

ਅਤੇ

-ਫਰੀਦਾ ਦੇਖਿ ਪਰਾਈ ਚੋਪੜੀ ਨਾ ਤਰਸਾਏ ਜੀਉ।।

ਭਾਵ ਭੁੱਖ ਨੰਗ ਦੀ ਕੋਈ ਪਰਵਾਹ ਨਹੀਂ। ਰੱਬ ਦਾ ਨਾਂ ਲਵੋ। ਰੱਬ ਦਾ ਨਾਂ ਲੈਣ ਵਾਲੇ ਭੁੱਖੇ ਨੰਗੇ ਹੀ ਚੰਗੇ। ਅਮੀਰਾਂ ਵੱਲ ਨ ਵੇਖੋ। ਰੱਬ ਤੁਹਾਡਾ ਹੈ, ਅਮੀਰਾਂ ਦਾ ਨਹੀਂ।

ਸੂਫ਼ੀਆਂ ਨੂੰ ਇਸਲਾਮ ਫੈਲਾਉਣ ਵਿੱਚ ਹੋਈ ਸਫਲਤਾ ਦਾ ਕਾਰਨ ਦੇਸੀ ਪੈਦਾਵਾਰੀ ਰਿਸ਼ਤਿਆਂ ਨੂੰ ਇਸਲਾਮੀ ਰੰਗ ਵਿੱਚ ਅਪਨਾਉਣਾ ਹੈ। ਹਿੰਦੁਸਤਾਨ ਦੇ ਸੂਫ਼ੀਆਂ ਨੇ ਵੀ ਇਸਲਾਮੀ ਧਾਰਾ ਨੂੰ ਦੇਸੀ ਹਾਲਤਾਂ ਮੂਜਬ ਢਾਲ਼ਿਆ, ਦੇਸੀ ਜ਼ਬਾਨਾਂ ਵਿੱਚ ਪ੍ਰਗਟਾਇਆ, ਹਿੰਦੁਸਤਾਨ ਦੇ ਪੈਦਾਵਾਰੀ ਰਿਸ਼ਤਿਆਂ (ਜਾਇਦਾਦੀ ਰਸਮਾਂ ਰਵਾਜਾਂ ਉੱਤੇ ਆਧਾਰਤ ਜਮਾਤਬੰਦੀ) ਨੂੰ ਹਿੰਦੁਸਤਾਨ ਅੰਦਰ ਇਸਲਾਮ ਫੈਲਾਉਣਾ ਤੇ ਪਠਾਣ ਮੁਗਲ ਸ਼ਹਿਨਸ਼ਾਹੀਆਂ ਨੂੰ ਆਪਣਾ ਰਾਜ ਚਲਾਉਣਾ ਸੌਖਾ ਹੋ ਗਿਆ।

ਹਿੰਦੁਸਤਾਨ ਵਿੱਚ ਤਾਂ ਸੂਫ਼ੀਧਾਰਾ ਰਾਜ ਪ੍ਰਵਾਨਿਤ ਹੋ ਕੇ ਹੀ ਤੁਰੀ ਸੀ। ਏਸ ਲਈ ਸਭ ਸੂਫ਼ੀ ਸਣੇ ਫ਼ਰੀਦ ਲੱਗੀ ਸਿਆਸਤ ਤੋਂ ਅੱਖਾਂ ਮੀਟ ਤੁਰੇ। ਫ਼ਰੀਦ ਬਾਰੇ ਲਿਖਿਆ ਸੰਤ ਸਿੰਘ ਸੇਖੋਂ ਦਾ ਇਹ ਕਥਨ ਸੱਚ ਹੈ, ਕਿ

”ਜਿਹੜਾ ਪੀਰ ਫ਼ਕੀਰ, ਸੰਤ, ਆਗੂ ਸਮਾਜ ਤੇ ਰਾਜ ਪ੍ਰਬੰਧ ਲਈ ਰੜਕਦਾ ਨਹੀਂ, ਉਹ ਸਮਾਜ ਨੂੰ ਯੋਗ ਭਾਂਤ ਬਦਲਣ ਵਿੱਚ ਭਾਗ ਨਹੀਂ ਲੈ ਰਿਹਾ ਹੁੰਦਾ, ਜੇ ਉਹ ਸਮਾਜ ਬਦਲ ਰਿਹਾ ਹੁੰਦਾ ਹੈ ਤਾਂ ਰਾਜ ਪ੍ਰਬੰਧ ਤੇ ਸਮਾਜ ਦੇ ਅਧਿਕਾਰੀਆਂ ਦੇ ਆਸ਼ਿਆਂ ਅਨੁਕੂਲ ਹੀ ਬਦਲ ਰਿਹਾ ਹੁੰਦਾ ਹੈ।”

ਫ਼ਰੀਦ ਵੀ ਹਿੰਦੁਸਤਾਨੀ ਸੂਫ਼ੀ ਸੀ। ਉਸ ਨੇ ਵੀ ਪੰਜਾਬੀ ਪੈਦਾਵਾਰੀ ਰਿਸ਼ਤਿਆਂ ‘ਤੇ ਆਧਾਰਤ ਸਮਾਜੀ ਬਣਤਰ (ਸਣੇ ਪੰਜਾਬੀ ਜ਼ਬਾਨ) ਨੂੰ ਅਪਣਾਇਆ, ਜਿਸ ਦੇ ਫਲ਼ਸਰੂਪ ਪੱਛਮ ਦੱਖਣੀ ਪੰਜਾਬ ਦੇ ਵਾਹੀਵਾਹ ਜੱਟ ਕਬੀਲੇ ਜੋਈਏ, ਵਟੂ, ਲੰਗਾਹੀਏ, ਜੂਨ, ਸਿਆਲ, ਖਰਲ, ਭੱਟੀ, ਪਖੇ, ਵੜਾਇਚ, ਕਾਠੀਏ ਆਦਿ ਪਰਾਧੇ ਅਤੇ ਇਹਨਾਂ ਤੋਂ ਇਲਾਵਾ ਅਰਾਈਂ, ਕੰਬੋ, ਖੋਜੇ, ਕਕੇਜ਼ਈ ਤੇ ਰੰਗੜ ਆਦਿ ਸਭ ਦੇ ਸਭ ਉਸ ਦੇ ਹੱਥੋਂ ਮੁਸਲਮਾਨ ਹੋਏ।

ਫ਼ਰੀਦ ਦੀਆਂ ਇਹ ਕਰਨੀਆਂ ਤਾਂ ਸਾਰੇ ਪੰਜਾਬ ਵਿੱਚ ਪ੍ਰਸਿੱਧ ਹਨ, ਪਰ ਕਹਿਣੀਆਂ ਦਾ ਸਵਾਏ ਆਦਿ ਗਰੰਥ ਵਿੱਚ ਦਰਜ਼ ਬਾਣੀ ਤੋਂ ਹੋਰ ਕੋਈ ਖੁਰ ਖੋਜ ਨਹੀਂ ਮਿਲ਼ਦਾ। ਏਸ ਬਾਣੀ ਵਿੱਚ ਫ਼ਰੀਦ ਦੇ ਸਮਾਜ ਦੀ ਨਾਸਮਾਨਤਾ, ਨਮਾਜ਼ ਤੇ ਵਿਰਦ ਬਾਰੇ ਵਿਚਾਰ ਤਾਂ ਆਮ ਸੂਫ਼ੀ-ਧਾਰਾ ਵਰਗੇ ਹੀ ਹਨ, ਪਰ ਤਲਾਵਤ (ਕੁਰਾਨ ਦਾ ਪਾਠ), ਦਰੂਦ (ਮੁਹੰਮਦ ਦੀ ਮਹਿਮਾ) ਤੇ ਹੱਜ (ਕਾਅਬੇ) ਬਾਰੇ ਇਹ ਬਾਣੀ ਚੁੱਪ ਹੈ। ਨਾ ਕਾਅਬੇ ਤੇ ਟਕੋਰਾਂ ਹਨ। ਏਸ ਬਾਣੀ ਵਿੱਚ ਸੂਫ਼ੀਧਾਰਾ ਵਾਲ਼ਾ ਰੱਬ ਨਾਲ ਇਸ਼ਕ ਹਕੀਕੀ ਤੇ ਬੰਦੇ ਦਾ ਬੰਦੇ ਨਾਲ ਇਸ਼ਕ ਮਜਾਜ਼ੀ ਨਹੀਂ ਹੈ। ਰੱਬ ਨਾਲ ਅਧਿਆਤਮਕ ਜੋੜ ਜੋੜਨ ਦਾ ਸੰਸਕਾਰ ਹਿੰਦੁਸਤਾਨੀ ਰੂਪ ਪੇਸ਼ ਕੀਤਾ ਗਿਆ ਹੈ।

ਇਸ਼ਕ ਹਕੀਕੀ ਲਈ ਬਿਰਹਾ ਤੇ ਇਸ਼ਕ ਮਜਾਜ਼ੀ ਦੀ ਥਾਂ ਰੱਬ ਨਾਲ ਪ੍ਰੇਮ ਤੇ ਤਾਬੇਦਾਰੀ ਦਰਸਾਉਣ ਲਈ ਪਤੀ ਪ੍ਰੇਮ ਵਰਤਿਆ ਗਿਆ  ਹੈ, ਜਿਸ ਤਰ੍ਹਾਂ ਗੁਰਬਾਣੀ ਵਿੱਚ।

ਜਿਸ ਤਰ੍ਹਾਂ ਆਮ ਸੂਫ਼ੀ ਧਾਰਾ ਇਸਲਾਮ ਵਿਰੋਧੀ ਨਹੀਂ, ਇਹ ਹਿੰਦੁਸਤਾਨੀ ਰੂਪ ਵਿੱਚ ਪੇਸ਼ ਕੀਤੀ ਗਈ ਫ਼ਰੀਦ ਧਾਰਾ ਵੀ ਇਸਲਾਮ ਵਿਰੋਧੀ ਨਹੀਂ, ਇਸਲਾਮ ਸੁਧਾਰਕ ਹੈ। ਉਸ ਸਮੇਂ ਦੀ ਇਸਲਾਮੀ ਹਕੂਮਤ ਫਿਊਡਲ ਸ਼ਹਿਨਸ਼ਾਹੀ ਸੀ, ਜੋ ਸੂਫ਼ੀਵਾਦ ਨੂੰ ਅਪਣਾ ਚੁੱਕੀ ਸੀ ਤੇ ਸੂਫ਼ੀ ਉਸ ਦੀਆਂ ਦਿੱਤੀਆਂ ਖਾ ਰਹੇ ਸਨ, ਉਸ ਦੇ ਭਾਰਤ ਵਿੱਚ ਪੈਰ ਪੱਕੇ ਕਰਨ ਲਈ ਇਸਲਾਮ ਫੈਲਾ ਰਹੇ ਸਨ, ਜਿਨ੍ਹਾਂ ਵਿੱਚੋਂ ਫ਼ਰੀਦ ਵੀ ਇਸ ਕੰਮ ਵਿੱਚ ਜੁਟਿਆ ਹੋਇਆ ਸੀ। ਏਸ ਲਈ ਉਹ ਫਿਊਡਲ ਵਿਰੋਧੀ ਨਹੀਂ ਸੀ। ਹਿੰਦੁਸਤਾਨ ਵਿੱਚ ਸੂਫ਼ੀਧਾਰਾ ਕਦੇ ਵੀ ਪਠਾਣ-ਮੁਗਲ ਫਿਊਡਲਸ਼ਾਹੀ ਤੋਂ ਆਕੀ ਨਹੀਂ ਹੋਈ। ਸੁਧਾਰਕ ਜਰੂਰ ਰਹੀ ਹੈ। ਜਿਸ ਦਾ ਫਾਇਦਾ ਇਹਨਾਂ ਸ਼ਹਿਨਸ਼ਾਹੀਆਂ ਨੂੰ ਪਹੁੰਚਦਾ ਰਿਹਾ ਹੈ।

ਉਸ ਸਮੇਂ ਕਬੀਲਿਆਂ ਤੇ ਬਰਾਦਰੀਆਂ ਦੇ ਸਮਾਜ ਵਿੱਚ ਐਂਟੀ-ਇਸਲਾਮ ਹੋਣਾ, ਐਂਟੀ-ਫਿਊਡਲ ਹੋਣਾ ਸੀ ਜੋ ਸਮੇ ਦਾ ਵਿਰੋਧੀ ਲੱਛਣ ਸੀ, ਕਿਉਂਕਿ ਉਦੋਂ ਫਿਊਡਲ ਸ਼ਾਹੀ ਹੀ ਬਰਾਦਰੀਆਂ ਤੇ ਗੋਤਾਂ ਨੂੰ ਇੱਕ ਕਰਨ ਲਈ ਇਨਕਲਾਬੀ ਉੱਦਮ ਸੀ।

(ਨੋਟ : ਅੱਜ ਫਿਊਡਲਸ਼ਾਹੀ ਦੀ ਹੋਂਦ ਤੇ ਲੰਘ ਕੇ ਇਹ ਹਟ ਚੁੱਕਾ ਦੌਰ, ਨਿੰਦਣਯੋਗ ਹੈ ਪਰ ਉਸ ਸਮੇਂ ਇਨਕਲਾਬੀ ਦੌਰ ਸੀ। ਏਸ ਲਈ ਗੁਰਬਾਣੀ ਨੂੰ ਵੀ ਇਤਿਹਾਸ ਨੇ ਫਿਊਡਲਸ਼ਾਹੀ ਵਿੱਚ ਹੀ ਢਾਲ਼ਿਆ।)

ਹਵਾਲੇ:

1.) ਅੱਗੇ ਇਤਿਹਾਸਕ ਯਥਾਰਥਕਤਾ ਪ੍ਰਮਾਣ ਪਿਛਲੇ ਲੇਖ ਵਿੱਚ ਆ ਚੁੱਕ ਹਨ, ਇਸ ਲਈ ਇੱਥੇ ਨਹੀਂ ਦਿੱਤੇ ਗਏ।

“ਪਰ੍ਤੀਬੱਧ”, ਅੰਕ 26, ਜਨਵਰੀ 2016 ਵਿਚ ਪਰ੍ਕਾਸ਼ਿ

ਇਸ਼ਤਿਹਾਰ