ਸ਼ੇਕਸਪੀਅਰ ਦੇ ਨਿੰਦਕ •ਵੀ.ਕੇਮੇਨੋਵ

1

ਪੀ.ਡੀ.ਐਫ਼ ਡਾਊਨਲੋਡ ਕਰੋ

ਭ੍ਰਿਸ਼ਟ ਸਮਾਜਸ਼ਾਸਤਰੀ ਜਦ ਸ਼ੇਕਸਪੀਅਰ ਬਾਰੇ ਇਹ ਕਹਿੰਦੇ ਹਨ ਕਿ ‘ਉਹ ਆਪਣੀ ਜਮਾਤ ਦੇ ਸਭ ਤੋਂ ਵੱਡੇ ਬੁਲਾਰੇ ਸਨ, ਉਨ੍ਹਾਂ ਨੇ ਯਥਾਰਥ ਨੂੰ ਅਪਣੀ ਜਮਾਤ ਦੇ ਨਜ਼ਰੀਏ ਤੋਂ ਦੇਖਿਆ ਸੀ’ ਤਾਂ ਉਹ ਪੂਰੀ ਤਰ੍ਹਾਂ ਸੰਤੁਸ਼ਟ ਹੁੰਦੇ ਹਨ ਕਿ ਉਹ ਸਾਹਿਤ ਦੇ ਇਤਿਹਾਸ ਵਿੱਚ ਜਮਾਤੀ ਘੋਲ਼ ਦੇ ਸੰਕਲਪ ਦੀ ਵਿਆਖਿਆ ਕਰ ਰਹੇ ਹਨ। ਜਮਾਤੀ ਘੋਲ਼ ਦੀ ਇਸ ਤਰ੍ਹਾਂ ਦੀ ਸਮਝ ਦਾ ਸੌੜਾਪਣ ਇਸ ਸੱਚਾਈ ਤੋਂ ਹੀ ਜਾਹਰ ਹੋ ਜਾਂਦਾ ਹੈ ਕਿ ਇਨ੍ਹਾਂ ਭ੍ਰਿਸ਼ਟ ਸਮਾਜਸ਼ਾਸਤਰੀਆਂ ਦੀ ਨਿਗਾਹ ‘ਚ ਇਤਿਹਾਸ ਵਿੱਚ ਲੁਟੀਂਦੀਆਂ ਜਮਾਤਾਂ ਪੂਰੀ ਤਰ੍ਹਾਂ ਗਾਇਬ ਹੋ ਜਾਂਦੀਆਂ ਹਨ ਅਤੇ ਸਮਾਜ ਅੰਦਰ ਹੋਣ ਵਾਲ਼ੀ ਤਬਦੀਲੀ ਇੱਕ ਮਜ਼ਾਕ ਜਿਹਾ ਲੱਗਣ ਲਗਦੀ ਹੈ। ਇਸ ਤਬਦੀਲੀ ਵਿੱਚ ਉਨ੍ਹਾਂ ਨੂੰ ਦੋ ਲੋਟੂ ਜਮਾਤਾਂ ਦੀ ਭੂਮਿਕਾ ਤਾਂ ਨਜ਼ਰ ਆਉਂਦੀ ਹੈ, ਜਿਨ੍ਹਾਂ ‘ਚੋਂ ਇੱਕ ਨੂੰ ਉਹ ‘ਨਿੱਘਰ ਰਹੀ’ ‘ਪਿਛਾਖੜੀ’ ‘ਮਰਨ ਪਹਿਰੇ’ (ਜਗੀਰਦਾਗੀ) ਕਹਿੰਦੇ ਹਨ ਅਤੇ ਦੂਜੇ ਨੂੰ ‘ਚੜ੍ਹਦੀ ਹੋਈ’ ‘ਤਰੱਕੀਪਸੰਦ’, ‘ਉੱਭਰਦੀ ਹੋਈ’ ਜਮਾਤ (ਸਰਮਾਏਦਾਰੀ) ਦੱਸਦੇ ਹਨ; ਪਰ ਸਾਰੇ ਲੋਕ, ਸਮੁੱਚੀ ਲੋਕਾਈ, ਜੋ ਇਤਿਹਾਸ ਦੇ ਸਹੀ ਮਾਮਲਿਆਂ ਵਿੱਚ ਰਚਣਹਾਰ ਹਨ, ਇਸ ਕਾਇਆਪਲ਼ਟੀ ਦੀ ਪ੍ਰਕਿਰਿਆ ਦੌਰਾਨ ਨਜ਼ਰ ਨਹੀਂ ਆਉਂਦੇ।

ਇਤਿਹਾਸ ਦੀ ਇਸ ਤਰ੍ਹਾਂ ਦੀ ਗ਼ੈਰ-ਮਾਰਕਸਵਾਦੀ ਵਿਆਖਿਆ ਸਾਹਿਤ ਦੇ ਮੁਲਾਂਕਣ ਵਿੱਚ ਭਿਅੰਕਰ ਵਿਗਾੜ ਪੈਦਾ ਕਰ ਦਿੰਦੀ ਹੈ। ਸੱਭਿਆਚਾਰ ਦੇ ਇਤਿਹਾਸ ਵਿੱਚ ਲੋਟੂ ਜਮਾਤਾਂ ਦੇ ਯੋਗਦਾਨ ਨੂੰ ਵਧਾ ਚੜ੍ਹਾ ਕੇ ਦਿਖਾਉਣ ਅਤੇ ਮਹਾਨ ਲੋਕਾਈ ਦੀ ਸੱਚੀ ਭੂਮਿਕਾ ਨੂੰ ਧੁੰਦਲਾ ਕਰ ਦੇਣ ਨਾਲ਼ ਅਜਿਹਾ ਲੱਗਣ ਲਗਦਾ ਹੈ, ਜਿਵੇਂ ਸੰਸਾਰ ਦਾ ਮਹਾਨ ਸਾਹਿਤ ਲੋਟੂ ਜਮਾਤਾਂ ਦੀ ਧਨ ਲੋਭ, ਪਛਾਣ ਖੋਜੀ ਅਤੇ ਹੰਕਾਰਵਾਦੀ ਪ੍ਰਵਿਰਤੀਆਂ ਦੀ ਬੁਨਿਆਦੀ ਜ਼ਮੀਨ ਤੋਂ ਪੈਦਾ ਹੋਇਆ ਹੈ। ਇਸ ਨਜ਼ਰੀਏ ਨਾਲ਼ ਅਤੀਤ ਦੀਆਂ ਮਹਾਨ ਰਚਨਾਵਾਂ ਦਾ ਕਲਾਤਮਕ ਮੁਲਾਂਕਣ ਅਤੇ ਪ੍ਰੋਲੇਤਾਰੀ ਸੱਭਿਆਚਾਰ ਲਈ ਉਨ੍ਹਾਂ ਦਾ ਮਹੱਤਵ ਲੋਟੂ ਹਾਕਮ ਜਮਾਤ ਦੇ ਹਿਤਾਂ ਦੀ ਵਕਾਲਤ ਵਿੱਚ ਦਿਖਾਏ ਗਏ ਉਤਸ਼ਾਹ ਦੀ ਮਿਕਦਾਰ ਨਾਲ਼ ਹੀ ਤੈਅ ਹੁੰਦਾ ਹੈ। ਦੂਜੇ ਸ਼ਬਦਾਂ ਵਿਚ, ਬਿਨਾਂ ਲੱਗ-ਲਬੇੜ ਦੇ ਕਹੀਏ, ਤਾਂ ਉਨ੍ਹਾਂ ਦਾ ਮਹੱਤਵ ਇਸ ਗੱਲ ਨਾਲ਼ ਤੈਅ ਹੁੰਦਾ ਹੈ ਕਿ ਉਨ੍ਹਾਂ ਰਚਨਾਕਾਰਾਂ ਦੀ ਰਚਨਾ ਪ੍ਰਤਿਭਾ ਵਿੱਚ ਘ੍ਰਿਣਤ ਲੁੱਟ ਅਤੇ ਕਮੀਨੀ ਜੀ ਹਜ਼ੂਰੀ ਦੀ ਭਾਵਨਾ ਨਾਲ਼ ਕਿੱਨੀ ਜ਼ਿਆਦਾ ਹੱਦ ਤੱਕ ਨੱਕੋ-ਨੱਕ ਹੈ। ਇਨ੍ਹਾਂ ‘ਸਮਾਜਸ਼ਾਸਤਰੀਆਂ’ ਦੀਆਂ ਸ਼ਰਮਨਾਕ ਕਾਰਗੁਜ਼ਾਰੀਆਂ ਦੇ ਹੁੰਦੇ ਇਹ ਗੱਲ ਮੰਨਣੀ ਪਵੇਗੀ ਕਿ ਇਨ੍ਹਾਂ ਦੇ ਆਪਸੀ ਵਿਵਾਦ ਗੌਣ ਮਹੱਤਵ ਦੇ ਮੁੱਦਿਆਂ ‘ਤੇ ਹੁੰਦੇ ਹਨ; ਇਨ੍ਹਾਂ ‘ਚੋਂ ਕੁਝ ਲੋਕ (ਮੀਰਸੱਕੀ, ਲੇਵੀਦੋਵ ਆਦਿ) ਰਚਨਾਕਾਰ ਦੁਆਰਾ ਢਾਂਚੇ ਦੇ ਪ੍ਰਵਾਨ ਦੀ ਭਾਵਨਾ ਦੇ ਵਿਅਕਤੀਗਤ ਗੁਣ ‘ਤੇ ਜ਼ਿਆਦਾ ਜ਼ੋਰ ਦਿੰਦੇ ਹਨ; ਜਦ ਕਿ ਦੂਜੇ ਪਾਸੇ ਕੁਝ ਲੋਕ (ਸਮਨ੍ਰੋਵ ਆਦਿ) ਆਪਣੀ ਸਮੀਖਿਆ ਵਿੱਚ ਇਸ ਗੁਣ ਨੂੰ ‘ਸਮਾਜਕ’ ਬੁਨਿਆਦ ਵਿੱਚ, ‘ਆਗੂ ਯੋਧਾ’ ਦੀ ਰਜਵਾੜਿਆਂ ਅਤੇ ਸਰਮਾਏਦਾਰਾਂ ਵੱਲ ਵਫ਼ਾਦਾਰੀ ਅਤੇ ਗ਼ੁਲਾਮੀ ਦੀ ਭਾਵਨਾ ਵਿੱਚ ਤਲਾਸ਼ ਕਰਨ ਵਿੱਚ ਰੁੱਝੇ ਹੋਏ ਨਜ਼ਰ ਆਉਂਦੇ ਹਨ।

ਡੀ.ਐੱਸ. ਮੀਰਸੱਕੀ ਜਿਹੇ ਅਲੋਚਕ ਦੇ ਸ਼ਬਦਾਂ ਵਿੱਚ, ਪੁਸ਼ਕਿਨ ਦੀ ‘ਰਚਨਾਤਮਰ ਪੱਧਰ ਦੀ ਹਾਉਮੈ ਉੱਚ ਪੱਧਰ ਦੀ ਪ੍ਰਗੀਤਾਤਮਕਤਾ (Lyricism) ਵਿੱਚ ਕਾਇਆਪਲਟੀ ਹੋ ਸਕਦੀ ਸੀ; ਪਰ ਆਪਣੇ ਰੋਜਾਨਾ ਜੀਵਨ ਦੀ ਪੱਧਰ ਤੇ ਉਹ ਮਾਮੂਲੀ ਸਵਾਰਥਪੂਰਤੀ ਬਣ ਕੇ ਰਹਿ ਗਈ।’ ਮੀਰਸੱਕੀ ਨੇ ਪੁਸ਼ਕਿਨ ਦੁਆਰਾ ਕੀਤੇ ਗਏ ਤਾਤਿਆਨਾ ਚਿੱਤਰਣ ਵਿੱਚ ਨੁਕਸ ਸਿਰਫ਼ ਇਹ ਦਰਸਾਉਣ ਲਈ ਕੱਢੇ ਹਨ ਕਿ ਉਸ ਔਰਤ ਦੇ ਚਰਿੱਤਰ ਚਿੱਤਰਣ ਦਾ ਚਿਹਰਾ-ਮੁਹਰਾ ‘ਜ਼ਾਰਸ਼ਾਹੀ ਕੁਲੀਨ ਸਮਾਜ ਦੀ ਸੰਭਵ ਹੱਦ ਤੱਕ ਅਨੁਸਾਰਤਾ ਦੀ ਉਸ ਲੋੜ ਤੋਂ ਤੈਅ ਹੋ ਰਹੀ ਸੀ, ਜਿਸ ਦੀ ਆਸ ਪੁਸ਼ਕਿਨ ਤੋਂ ਸੀ।’ ਪ੍ਰੋਫੈਸਰ ਸਮਨ੍ਰੋਵ ਨੇ ਸ਼ੇਕਸਪੀਅਰ ‘ਤੇ ਏਸੇ ਤਰ੍ਹਾਂ ਦੀ ਟੀਕਾ ਟਿੱਪਣੀ ਕੀਤੀ ਹੈ। ਜਿਵੇਂ ਕਿ, ਉਨ੍ਹਾਂ ਨੇ ‘ਹੈਮਲੇਟ’ ਨਾਮੀ ਨਾਟਕ ਦਾ ਵਿਸ਼ਲੇਸ਼ਣ ਕਰਨ ਵੇਲ਼ੇ ਲਿਖਿਆ ਹੈ : ‘ਇਸ ਨਾਟਕ ਦੀ ਦੁਖਾਂਤਕ ਘਟਨਾ ਨੂੰ 1600 ਦੇ ਨੇੜੇ-ਤੇੜੇ ਦੀ ਸ਼ੇਕਸਪੀਅਰ ਦੀ ਉਸ ਦੁਖੀ ਮਨੋਦਸ਼ਾ ਨਾਲ਼ ਸੌਖਾਲ਼ਿਆਂ ਹੀ ਜੋੜਿਆ ਜਾ ਸਕਦਾ ਹੈ, ਜੋ ਨਿਰੰਕੁਸ਼ ਜਗੀਰਦਾਰੀ ਦਾ ਖਾਤਮਾ ਹੋਣ ਨਾਲ਼ ਪੈਦਾ ਹੋਈ ਸੀ।’ ਉਨ੍ਹਾਂ ਨੇ ਮੁੜ ਲਿਖਿਆ: ‘ਏਲਜ਼ਾਬੈਥ ਦੇ ਆਖ਼ਰੀ ਦਿਨਾਂ ਵਿੱਚ ਅਤੇ ਜੇਮਸ ਸਟੂਅਰਟ ਮਿੱਲ ਦੇ ਸ਼ੁਰੂ ਦੇ ਸਾਲਾਂ ਵਿੱਚ ਇੱਕ ਭਾਰੀ ਸਿਆਸੀ ਫੁੱਟ ਨਜ਼ਰ ਆ ਰਹੀ ਸੀ ਅਤੇ ਏਸੇ ਨੇ ਸ਼ੇਕਸਪੀਅਰ ਦੀ ਆਤਮਾ ਵਿੱਚ ਓਨੀ ਹੀ ਦੁਖਦਾਈ ਪੀੜ੍ਹਾ ਪੈਦਾ ਕਰ ਦਿੱਤੀ ਸੀ। ਦੁਨੀਆਂ ਵੱਲ ਉਸ ਦਾ ਨਜ਼ਰੀਆ ਦੁਖਾਂਤਕ ਹੋ ਗਿਆ ਸੀ।’ ਪ੍ਰੋਫੈਸਰ ਸਮਨ੍ਰੋਵ ਆਪਣੀ ਲੰਮੀ ਚੌੜੀ ਕਿਤਾਬ ਵਿੱਚ ਸ਼ੇਕਸਪੀਅਰ ਦੇ ਨਿਰਾਸ਼ਾਵਾਦ ਨੂੰ ਅਤੇ ਉਨ੍ਹਾਂ ਦੇ ਆਸ਼ਾਵਾਦ ਨੂੰ ਕ੍ਰਮਵਾਰ ਬ੍ਰਿਟਿਸ਼ ਸਰਮਾਏਦਾਰੀ ਦੀਆਂ ਅਸਫ਼ਲਤਾਵਾਂ ਨਾਲ਼ ‘ਜੋੜ ਕੇ’ ਦੇਖਦੇ ਹਨ ਅਤੇ ਸ਼ੇਕਸਪੀਅਰ ਦੀ ਮਹਾਨ ਪ੍ਰਤਿਭਾ ਦੀ ਉਤਪਤੀ ਨੂੰ ਉਸ ਪੂਰਨ ਸ਼ਰਧਾ ਵਿੱਚ ਤਲਾਸ਼ਦੇ ਹਨ, ਜੋ ਇੱਕ ਚਾਪਲੂਸ ਚਾਕਰ ਚੱਕਰਵਰਤੀ ਸਮਰਾਟ ਵੱਲ ਵਿਖਾਉਂਦਾ ਹੈ। ਇਹੀ ਵਜ੍ਹਾ ਹੈ ਕਿ ਜਦ ਪ੍ਰੋਫੈਸਰ ਨੂਸੀਨੋਵ ਪ੍ਰੋਫੈਸਰ ਸਮਨ੍ਰੋਵ ਦੀ ਨਿਖੇਧੀ ਕਰਦੇ ਹਨ ਕਿਉਂਕਿ ਉਨ੍ਹਾਂ ਦੇ ਸਤਿਕਾਰਯੋਗ ਸਾਥੀ ਨੇ ਸ਼ੇਕਸਪੀਅਰ ਨੂੰ ਉਨ੍ਹਾਂ ਦੀ ਪਸੰਦ ਦੇ ਖ਼ਾਸ ਤਬਕੇ ਵਿੱਚ ਨਹੀਂ ਰੱਖਿਆ ਜਾਂ ਜਦ ਪ੍ਰੋਫੈਸਰ ਦੀਨਾਮੋਵ ਮਰਹੂਮ ਵੀ.ਐੱਮ.ਫ੍ਰੀਖੇ ਦੀ ਅਲੋਚਨਾ ਕਰਦੇ ਹਨ ਕਿਉਂਕਿ ‘ਫ੍ਰੀਖੇ ਨੇ ਸ਼ੇਕਸਪੀਅਰ ਨੂੰ ਉਸ ਨਵੀਂ ਕੁਲੀਨ ਜਮਾਤ ਦੇ ਹਿਤਾਂ ਨਾਲ਼ ਜੋੜ ਕੇ ਨਹੀਂ ਦੇਖਿਆ ਸੀ, ਜੋ ਸਰਮਾਏਦਾਰਾਨਾ ਹੋ ਰਿਹਾ ਸੀ’, ਤਾਂ ਸਾਨੂੰ ਅਜਿਹਾ ਲੱਗਣ ਲਗਦਾ ਹੈ ਕਿ ਇਨ੍ਹਾਂ ਬਹਿਸਾਂ ਦੀ ਸਾਰਥਕਤਾ ਨੂੰ ਕਾਫ਼ੀ ਵਧਾਇਆ ਚੜ੍ਹਾਇਆ ਗਿਆ ਹੈ।        

ਜਮਾਤੀ ਤੈਅਕਾਰੀ ਦੇ ਇਨ੍ਹਾਂ ਉੱਤੇਜਕ ਝਗੜਿਆਂ ਵਿੱਚ ਇਨ੍ਹਾਂ ਪ੍ਰੋਫੈਸਰਾਂ ਨੂੰ ਜੋ ਮਕਸਦ ਜੋਸ਼ ਦੁਆ ਰਿਹਾ ਹੈ, ਉਹ ਸ਼ੇਕਸਪੀਅਰ ਦੀ ਨਿੰਦਾ ਕਰਨ ਦਾ ਅਤੇ ਸ਼ੇਕਸਪੀਅਰ ਦੀ ਸਰਵਵਿਆਪਕਤਾ ਦੀ ਵਿਚਾਰਵਾਦੀ ਮਿੱਥ ਨੂੰ ਤੋੜਨ ਦਾ ਲਗਦਾ ਹੈ। ਸ਼ੇਕਸਪੀਅਰ ਨੂੰ ਲੈ ਕੇ ਕੀਤੀਆਂ ਗਈਆਂ ਵਿਚਾਰਵਾਦੀ ਵਿਆਖਿਆਵਾਂ ਨਾਲ਼ ਘੋਲ਼ ਕਰਨ ਦੀ ਸਮੱਸਿਆ ਬਹੁਤ ਪਹਿਲਾਂ ਹੀ ਇੱਕ ਚਣੌਤੀ ਬਣ ਗਈ ਸੀ। ਇਸ ਦੀ ਲੋੜ ਇਸ ਵਜ੍ਹਾ ਨਾਲ਼ ਹੋਰ ਵੀ ਜ਼ਿਆਦਾ ਹੋ ਗਈ ਹੈ ਕਿਉਂਕਿ ਅਜੋਕੇ ਵੇਲ਼ੇ, ਸਮਾਜਵਾਦੀ ਮਨੁੱਖਤਾਵਾਦ ਦੀ ਸਾਜ਼ਗਰ ਹਾਲਤ ਨੂੰ ਦੇਖਦੇ ਹੋਏ, ਸਾਡੇ ਦੇਸ਼ ਦੀ ਲੋਕਾਈ ਨੂੰ ਪਹਿਲੀ ਬਾਰ ਬੀਤੇ ਜ਼ਮਾਨੇ ਦੀ ਵਿਸ਼ਾਲਤਾ ਅਤੇ ਡੂੰਘੀ ਮਨੁੱਖਤਾ ਨੂੰ, ਸ਼ੇਕਸਪੀਅਰ ਦੇ ਦੁਖਾਂਤਾਂ ਅਤੇ ਪੁਸ਼ਕਿਨ ਦੇ ਗੀਤਾਂ ਨੂੰ ਪੂਰੀ ਤਰ੍ਹਾਂ ਦੇਖਣ ਪਰਖਣ ਦਾ ਮੌਕਾ ਮਿਲ਼ੇਗਾ। ਸਾਡੇ ‘ਚੋਂ ਕਿਸੇ ਨੂੰ ਵੀ ਸ਼ੱਕ ਨਹੀਂ ਕਿ ਪ੍ਰੋਲੇਤਾਰੀ ਲਾਜ਼ਮੀ ਹੀ ਉਸ ਸਮੁੱਚੇ ਸੱਭਿਆਚਾਰ ਅਤੇ ਕਲਾ ਦੀ ਅਮਾਨਤ ਦਾ ਜਾਇਜ਼ ਵਾਰਸ ਹੈ ਜੋ ਮਨੁੱਖੀ ਹੋਂਦ ਦੇ ਹਜ਼ਾਰਾਂ ਸਾਲਾਂ ਵਿੱਚ ਰਚੀ ਗਈ ਹੈ। ਕਹਿਣ ਦੀ ਲੋੜ ਨਹੀਂ ਕਿ ਪ੍ਰੋਲੇਤਾਰੀ ਇਸ ਨੂੰ ਇਸ ਲਈ ਨਹੀਂ ਅਪ੍ਰਵਾਨ ਕਰ ਦੇਵੇਗਾ ਕਿਉਂਕਿ ਲੋਟੂ ਹਾਕਮ ਜਮਾਤਾਂ ਦੇ ਕਲਾਕਾਰ ਵਿਚਾਰਕਾਂ ਨੇ ਆਪਣੀਆਂ ਕ੍ਰਿਤਾਂ ਵਿੱਚ ਇਨ੍ਹਾਂ ਜਮਾਤਾਂ ਦੇ ਸਿਆਸੀ ਨਾਹਰਿਆਂ ਲਈ ਘੋਲ਼ ਕੀਤਾ ਸੀ। ਸੰਸਾਰ ਭਰ ਦੀ ਕਵਿਤਾ, ਚਿੱਤਰਕਲਾ, ਸੰਗੀਤ ਕਲਾ ਆਦਿ ਵਿੱਚ ‘ਕੁਝ’ ਅਜਿਹਾ ਜ਼ਰੂਰ ਹੁੰਦਾ ਹੈ, ਜਿਸ ਨੂੰ ਲੋਟੂ ਹਾਕਮ ਤਬਕਿਆਂ ਦੇ ਸੌੜੇ ਜਮਾਤੀ ਕਾਰਨਾਮਿਆਂ ਤੱਕ ਸੀਮਤ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਉਨ੍ਹਾਂ ਨੂੰ ਇਸ ਦੌਰ ਦੇ ਘੇਰੇ ਅੰਦਰ ਬੰਨਿਆਂ ਜਾ ਸਕਦਾ ਹੈ, ਜਿਸ ਵਿੱਚ ਉਸ ਦੀ ਰਚਨਾ ਹੋਈ ਹੈ। ਇਹ ‘ਕੁਝ’ ਉਹ ਚੀਜ਼ ਹੈ ਜੋ ਅਨੰਤ ਜੀਵਨ ਨਾਲ਼ ਇਸ ਤਰ੍ਹਾਂ ਜੁੜੀ ਰਹਿੰਦੀ ਹੈ ਕਿ ਉਸ ਦੀ ਮੌਜੂਦਗੀ ਦੇ ਕਾਰਨ ਹੀ ਸ਼ੇਕਸਪੀਅਰ ਦੇ ਨਾਟਕ, ਫਿਦਿਅਸ ਦੀਆਂ ਮੂਰਤੀਆਂ, ਬੀਥੋਵਨ ਦੀਆਂ ਸੰਗੀਤ ਰਚਨਾਵਾਂ, ਸੈਂਕੜੇ ਹਜ਼ਾਰਾਂ ਸਾਲ ਤੱਕ ਅਮਰ ਰਹਿੰਦੀਆਂ ਹਨ ਅਤੇ ਪ੍ਰੋਲੇਤਾਰੀ ਦੇ ਸਮਾਜਵਾਦੀ ਸੱਭਿਆਚਾਰ ਦੀ ਅਮਾਨਤ ਵਿੱਚ ਆਪਣਾ ਯੋਗਦਾਨ ਪਾਉਂਦੀਆਂ ਹਨ।

ਲੈਨਿਨ ਨੇ ਲਿਖਿਆ ਹੈ ਕਿ ‘ਪ੍ਰੋਲੇਤਾਰੀ ਸੱਭਿਆਚਾਰ ਗਿਆਨ ਦੇ ਉਨ੍ਹਾਂ ਸਾਰੇ ਭੰਡਾਰਾਂ ਦਾ ਇੱਕ ਕੰਟਰੋਲ ਕੀਤਾ ਵਿਕਾਸ ਹੋਵੇਗਾ, ਜਿਨ੍ਹਾਂ ਨੂੰ ਮਨੁੱਖਤਾ ਨੇ ਸਰਮਾਏਦਾਰੀ ਸਮਾਜ, ਜ਼ਮੀਨ ਦੀ ਨਿੱਜੀ ਮਾਲਕੀ ਅਤੇ ਅਫ਼ਸਰਸ਼ਾਹੀ ਸਮਾਜੀ ਢਾਂਚੇ ਵਿੱਚ ਦਾਬੇ ‘ਤੇ ਜਬਰ ਦੀਆਂ ਹਾਲਤਾਂ ਵਿੱਚ ਰਚਿਆ ਹੈ।’ ਕਲਾ ਦੀਆਂ ਬੇਮਿਸਾਲ ਕ੍ਰਿਤਾਂ ਜਿਨ੍ਹਾਂ ਨੂੰ ਮਨੁੱਖ ਨੇ ਲੋਟੂ ਸਮਾਜਾਂ ਵਿੱਚ ਦਾਬੇ ਤੇ ਜ਼ਬਰ ਦੇ ਬਾਵਜੂਦ ਰਚਿਆ ਹੈ, ਸੱਤ੍ਹਾ ਦਾ ਗੁਣਗਾਨ ਨਹੀਂ ਕਰਦੀਆਂ, ਸਗੋਂ ਮਨੁੱਖ ਦੀ ਸ਼ੋਭਾ ਦੀ ਘਾਟ ਦੇ ਖਿਲਾਫ਼ ਭਾਵਨਾਮਈ ਬਗ਼ਾਵਤ ਦਰਸਾਉਂਦੀਆਂ ਹਨ; ਉਨ੍ਹਾਂ ਵਿੱਚ ਜਾਇਦਾਦਧਾਰੀ ਜਮਾਤਾਂ ਦੀ ਨੀਚਤਾ ਦੀ ਕਸੀਦਾਕਾਰੀ ਨਹੀਂ, ਉਨ੍ਹਾਂ ਦੁਆਰਾ ਪੈਦਾ ਕੀਤੇ ਗਏ ਉਨ੍ਹਾਂ ਸਮਾਜਕ ਔਗੁਣਾਂ ਦੇ ਖਿਲਾਫ਼ ਗੁੱਸੇ ਭਰੀ ਨਫ਼ਰਤ ਮਿਲ਼ਦੀ ਹੈ, ਜੋ ਮਨੁੱਖੀ ਸਮਾਜ ਅਤੇ ਇਨਸਾਨ ਦੇ ਆਪਸੀ ਰਿਸ਼ਤਿਆਂ ਦੇ ਸਿਹਤਮੰਦ ਅਤੇ ਸੁਭਾਵਕ ਤੱਤਾਂ ਨੂੰ ਭ੍ਰਿਸ਼ਟ ਕਰ ਦਿੰਦੇ ਹਨ। ਪ੍ਰਤੱਖ ਜਾਂ ਅਪ੍ਰਤੱਖ, ਥੋੜੀ ਜਾਂ ਜ਼ਿਆਦਾ ਮਿਕਦਾਰ ਵਿੱਚ, ਇਨ੍ਹਾਂ ਰਚਨਾਕਾਰਾਂ ਦੀ ਆਪਣੀ ਇਤਿਹਾਸਕ ਜਾਂ ਕੌਮੀ ਨਿੱਜਤਾ ਦੇ ਬਾਵਜੂਦ, ਉਨ੍ਹਾਂ ਦੀਆਂ ਕ੍ਰਿਤਾਂ ਬੁਨਿਆਦੀ ਤੌਰ ‘ਤੇ ‘ਲੋਕਾਂ ਦੀਆਂ’ ਹਨ, ਭਾਵੇਂ ਹੀ ਉਹ ਰਚਨਾਕਾਰ ਜਗੀਰਦਾਰ ਰਹੇ ਹੋਣ, ਕੁਲੀਨ ਜਮਾਤ ਦੇ ਰਹੇ ਹੋਣ ਅਤੇ ਭਾਵੇਂ ਹੀ ਉਨ੍ਹਾਂ ਦੁਆਰਾ ਪੇਸ਼ ਅਲੋਚਨਾ ਦਾ ਨਤੀਜਾ ਰੂੜੀਵਾਦੀ ਜਾਂ ਹਵਾਈ ਨਤੀਜਿਆਂ ਵਿੱਚ ਨਿੱਕਲ਼ਿਆ ਹੋਵੇ।

ਜਿਹਾ ਕਿ ਸਾਰਿਆਂ ਨੂੰ ਪਤਾ ਹੈ, ਰੂਸ ਦੀ ਨਿਰੰਕੁਸ਼ ਸੱਤ੍ਹਾ ਦੀ ਜੋ ਅਲੋਚਨਾ ਤਾਲਸਤਾਏ ਨੇ ਕੀਤੀ ਸੀ, ਉਸ ਦਾ ਨਤੀਜਾ ਬੁਰਾਈ ਦਾ ਵਿਰੋਧ ਨਾ ਕਰ ਦੇ ਫ਼ਲਸਫੇ ਵਿੱਚ ਨਿੱਕਲ਼ਿਆ ਸੀ; ਉਨ੍ਹਾਂ ਦੇ ਪ੍ਰਵਚਨ ਬਿਨਾਂ ਸ਼ੱਕ ਹਵਾਈ ਅਤੇ ਪਿਛਾਖੜੀ ਸਨ। ਪਰ ਇਸ ਸਭ ਨੇ ਲੈਨਿਨ ਨੂੰ ਉਨ੍ਹਾਂ ਦੇ ਪਿੱਛੇ ਲੁਕੀ ਤਾਲਸਤਾਏ ਦੀ ਪ੍ਰਤਿਭਾ ਦੇ ‘ਸਧਾਰਨ ਲੋਕਾਂ’ ਨਾਲ਼ ਡੂੰਘੇ ਮੋਹ ਦੀ ਵਿਸ਼ੇਸ਼ਤਾ ਪਛਾਨਣ ਤੋਂ ਨਹੀਂ ਰੋਕਿਆ। ਤਾਲਸਤਾਏ ਦੀ ਕਲਾ ਪੂਰੀ ਤਰ੍ਹਾਂ ਸਮਾਜਕ ਸਰੋਕਾਰਾਂ ਨਾਲ਼ ਜੁੜੀ ਹੈ, ਨਾਲ਼ ਹੀ ਉਹ ਪੂਰੀ ਤਰ੍ਹਾਂ ਮਨੁੱਖੀ ਹੈ ਕਿਉਂਕਿ ਉਨ੍ਹਾਂ ਦੀਆਂ ਰਚਨਾਵਾਂ ‘ਸਮੁੱਚੀ ਮਨੁੱਖਤਾ ਦੀ ਕਲਾ ਦੇ ਵਿਕਾਸ ਦਾ ਅਗਲਾ ਪੜਾਅ ਹਨ’, ਉਨ੍ਹਾਂ ਦੀਆਂ ਰਚਨਾਵਾਂ ‘ਲੋਕਾਂ ਦੁਆਰਾ ਸਦਾ ਪੜ੍ਹੀਆਂ ਜਾਣਗੀਆਂ ਅਤੇ ਉਸ ਵੇਲ਼ੇ ਵੀ ਵਡਿਆਈਆਂ ਜਾਣਗੀਆਂ ਜਦ ਸਰਮਾਏਦਾਰਾਂ ਅਤੇ ਜਗੀਰਦਾਰਾਂ ਦੀ ਗ਼ੁਲਾਮੀ ਤੋਂ ਮੁਕਤ ਹੋ ਕੇ ਲੋਕ ਆਪਣੇ ਲਈ ਜੀਵਨ ਦੀ ਮਨੁੱਖੀ ਹਾਲਤ ਪੈਦਾ ਕਰ ਲੈਣਗੇ।’ ਅਸਲ ਵਿੱਚ, ਅਜਿਹਾ ਹੋਣਾ ਸੁਭਾਵਕ ਹੀ ਹੈ ਕਿਉਂਕਿ ਤਾਲਸਤਾਏ ਦੀਆਂ ਅਤੇ ਸ਼ੇਕਸਪੀਅਰ ਦੀਆਂ ਵੀ ਰਚਨਾਵਾਂ ਉਨ੍ਹਾਂ ਦੇ ਦੌਰ ਦੇ ਢਾਂਚੇ ਦੀ ਉਲੰਘਣਾ ਕਰਦੀਆਂ ਹਨ ਅਤੇ ਸਰਵਵਿਆਪਕ ਕਲਾ ਦੇ ਦ੍ਰਿਸ਼ ਵਿੱਚ ਉਨ੍ਹਾਂ ਦੀ ਆਪਣੀ ਥਾਂ ਹੈ। ਸਰਵਵਿਆਪਕ ਜਮਾਤਹੀਣ ਕਲਾ ਲਈ ਉਹ ਅਤਿਅੰਤ ਮਹੱਤਵਪੂਰਣ ਰਾਹ ਤਿਆਰ ਕਰਦੀਆਂ ਹਨ।

ਇਸ ਤਰ੍ਹਾਂ ਦੀ ‘ਜਮਾਤੀ’ ਸਮੀਖਿਆ ਨਾਲ਼ੋਂ ਜ਼ਿਆਦਾ ਸੌਖੀ ਅਤੇ ਨੁਕਸਾਨਦੇਹ ਕੋਈ ਹੋਰ ਚੀਜ਼ ਨਹੀਂ ਹੋ ਸਕਦੀ, ਜਿਸ ਵਿੱਚ ਉਨ੍ਹਾਂ ਸਾਰੇ ਤੱਤਾਂ ਦੀ ਬਲ਼ੀ ਚੜ੍ਹਾ ਦਿੱਤੀ ਜਾਂਦੀ ਹੈ, ਜਿਨ੍ਹਾਂ ਦੀ ਵਜ੍ਹਾ ਨਾਲ਼ ਉਹ ਰਚਨਾਵਾਂ ਅਮਰ ਅਤੇ ਮਹੱਤਵਪੂਰਣ ਬਣੀਆਂ ਰਹਿੰਦੀਆਂ ਹਨ। ਉਨ੍ਹਾਂ ਤੱਤਾਂ ਨੂੰ ਅੱਖੋਂ ਪਰੋਖੇ ਕਰ ਦਿੱਤਾ ਜਾਂਦਾ ਹੈ ਜਿਨ੍ਹਾਂ ਦੀ ਸਮਾਜਵਾਦੀ ਲੋਕਾਈ ਸਮਝ ਅਤੇ ਤਾਰੀਫ਼ ਕਰ ਸਕਦੀ ਹੈ। ਉਨ੍ਹਾਂ ਦੀ ਥਾਂ ਇਹ ਕਠਮੁੱਲਾ ਵਿਸ਼ਵਾਸ ਸਥਾਪਤ ਕੀਤਾ ਜਾਂਦਾ ਹੈ ਕਿ ਸੱਭਿਆਚਾਰ ਦੇ ਇਨ੍ਹਾਂ ਮਹਾਨ ਵਾਹਕਾਂ ਦੇ ਦਿਮਾਗ਼ ਆਪਣੀ ਜਮਾਤ ਅਤੇ ਕਾਲ ਨਾਲ਼ ਘਿਰੇ ਹੋਏ ਸਨ। ਭ੍ਰਿਸ਼ਟ ਸਮਾਜਸ਼ਾਸਤਰੀ, ਸੱਭਿਆਚਾਰ ਦੇ ਇਤਿਹਾਸ ਵਿੱਚ ਮੌਜੂਦ, ਇਨ੍ਹਾਂ ਸਰਵਵਿਆਪਕ ਤੱਤਾਂ ਦੀ ਅਣਦੇਖੀ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਦੇ ਨਜ਼ਰ ਆਉਂਦੇ ਹਨ। ਉਨ੍ਹਾਂ ਦਾ ‘ਸਮਾਜਿਕ ਭੈਅ’ (Anthrophobia) ਇਸ ਸਿਧਾਂਤ ‘ਤੇ ਅਧਾਰਤ ਹੈ ਕਿ ‘ਆਮ ਆਦਮੀ’ ਦਾ ਸੰਕਲਪ ਬੁਰਜੂਆ ਵਿਚਾਰਧਾਰਾ ਦੀ ਪੈਦਾਵਾਰ ਹੈ। ਸਰਮਾਏਦਾਰੀ ਵਿਚਾਰਕਾਂ ਦੀ ਇਸ ਵਿਚਾਰਵਾਦੀ ਪੈਦਾਵਾਰ ਦੀ ਪੋਲ ਖੋਲ੍ਹਣ ਤੋਂ ਬਾਅਦ ਸਾਡੇ ਸ਼ੇਕਸਪੀਅਰ ਸਮੀਖਅਕਾਂ ਨੇ, ਸਾਡੇ ਅਨੇਕ ਸਿਧਾਂਤਕਾਰਾਂ ਨੇ ‘ਆਮ ਆਦਮੀ’ ਨੂੰ ਸਹੀ ਅਰਥ ਪ੍ਰਦਾਨ ਕਰਨ ਦੀ ਥਾਂ ਸ਼ੇਕਸਪੀਅਰ ਦੀਆਂ ਰਚਨਾਵਾਂ ਦੇ ਸਰਵਵਿਆਪਕ ਤੱਤਾਂ ਨੂੰ ਹੀ ਨਕਾਰਨਾ ਸ਼ੁਰੂ ਕਰ ਦਿੱਤਾ, ਉਨ੍ਹਾਂ ਨੇ ਇਸ ਮਹਾਨ ਕਲਾਕਾਰ ਦੀਆਂ ‘ਬੁਨਿਆਦ ਵਿਹੂਣੀਆਂ ਜਮਾਤੀ ਵਿਸ਼ੇਸ਼ਤਾਵਾਂ’ ਨਾਲ਼ ਹੀ ਆਪਣਾ ਸਰੋਕਾਰ ਰੱਖਣਾ ਬਿਹਤਰ ਸਮਝਿਆ। ਇਸ ਸਿਲਸਿਲੇ ਵਿੱਚ ਉਹ ਕੁਝ ਇਸ ਤਰ੍ਹਾਂ ਨਾਲ਼ ਗਏ ਗੁਜ਼ਰੇ ਵਾਕ ਉੱਛਾਲ਼ਦੇ ਰਹੇ ਕਿ ਸ਼ੇਕਸਪੀਅਰ ਜਿਹਾ ਮਹਾਨ ਪ੍ਰਤਿਭਾਸ਼ਾਲੀ ਨਾਟਕਕਾਰ ‘ਨਿਰੰਕੁਸ਼ ਤੰਤਰ ਦਾ ਢੰਡੋਰਚੀ’ ਸੀ; ਆਦਿ ਆਦਿ। ਉਦਾਹਰਣ ਵਜੋਂ, ਉਨ੍ਹਾਂ ਦੇ ਇੱਕ ਅਜੀਬੋਗਰੀਬ ਨਿਮਨ ਲਿਖਤ ਨਤੀਜੇ ‘ਤੇ ਧਿਆਨ ਦਿਓ :

ਸ਼ੇਕਸਪੀਅਰ ਵੱਲ ਜੋ ਜੀਵੰਤ ਰੁਚੀ ਲਗਾਤਾਰ ਬਣੀ ਹੋਈ ਹੈ, ਉਸ ਨੇ ਆਪਣੀਆਂ ਰਚਨਾਵਾਂ ਨੂੰ ‘ਜਮਾਤਾਂ ਤੋਂ ਪਰ੍ਹੇ’ ਅਤੇ ‘ਸਰਵਵਿਆਪਕ’ ਮੰਨ ਕੇ ਉਨ੍ਹਾਂ ਦੀ ਵਿਚਾਰਵਾਦੀ ਵਿਆਖਿਆ ਦੇ ਲਈ ਅਧਾਰ ਪੈਦਾ ਕਰ ਦਿੱਤਾ ਹੈ। ਇਹ ਦਾਅਵਾ ਕੀਤਾ ਜਾਂਦਾ ਹੈ ਕਿ ਸ਼ੇਕਸਪੀਅਰ ਦੀ ਪ੍ਰਤਿਭਾ ਇਸ ਸੱਚਾਈ ਵਿੱਚ ਮੌਜੂਦ ਹੈ ਕਿ ਉਨ੍ਹਾਂ ਨੇ ਸੰਪੂਰਣ ਮਨੁੱਖਤਾ ਦੇ ਮਨੋਵੇਗਾਂ ਅਤੇ ਅਹਿਸਾਸਾਂ ਨੂੰ ਚਿੱਤਰਤ ਕੀਤਾ ਹੈ। ਇਸ ਤਰ੍ਹਾਂ ਦੇ ਵਿਚਾਰ ਸ਼ੇਕਸਪੀਅਰ ਦੀਆਂ ਰਚਨਾਵਾਂ ਦੇ ਸਾਰਤੱਤ ਦੇ ਪੂਰੀ ਤਰ੍ਹਾਂ ਉਲ਼ਟ ਹਨ, ਕਿਉਂਕਿ ਸ਼ੇਕਸਪੀਅਰ ਆਪਣੇ ਯੁੱਗ ਦੇ ਇੱਕ ਅਜਿਹੇ ਜਝਾਰੂ ਕਲਾਕਾਰ ਸਨ ਜਿਨ੍ਹਾਂ ਨੇ ਆਪਣੀ ਕਲਾ ਦੀ ਤਾਕਤ ਦੁਆਰਾ ਕੁਝ ਵਿਸ਼ੇਸ਼ ਸਿਆਸੀ ਮੰਤਵਾਂ ਦੀ ਪੂਰਤੀ ਕੀਤੀ; ਜਿਨ੍ਹਾਂ ਨੇ ਆਪਣੀ ਜਮਾਤ ਨੂੰ ਇੱਕ ਅਜਿਹਾ ਵਿਸ਼ਵਕੋਸ਼ ਪ੍ਰਦਾਨ ਕਰ ਦਿੱਤਾ ਜੋ ਉਨ੍ਹਾਂ ਦੇ ਜੀਵਨ ਮਰਣ ਦੇ ਸੁਆਲਾਂ ਨੂੰ ਸਮੋਏ ਹੋਏ ਸੀ।

ਤਾਂ ਫਿਰ, ਉਸ ਜਮਾਤ ਦਾ ਖਾਸਾ ਕੀ ਹੈ ਜਿਸ ਦੀ ਸੇਵਾ ਸ਼ੇਕਸਪੀਅਰ ਨੇ ਪੂਰੀ ਸ਼ਰਧਾ ਅਤੇ ਸੱਚਾਈ ਨਾਲ਼ ਕੀਤੀ ਸੀ? ‘ਲੋਕ ਪ੍ਰਚੱਲਤ ਦੰਦਕਥਾ ਸ਼ੇਕਸਪੀਅਰ ਦੇ ਸਿਆਸੀ ਅਤੇ ਜਮਾਤੀ ਖ਼ਾਸੇ ਨੂੰ ਤੈਅ ਕਰਨ ਦੀ ਸਾਫ਼ ਸਮਝ ਪ੍ਰਦਾਨ ਕਰਨ ਵਿੱਚ ਸਹਾਈ ਹੈ। ਉਹ ਰਾਜਿਆਂ ਦੀ ਨਿਰੰਕੁਸ਼ਵਾਦੀ ਸੱਤ੍ਹਾ ਦੇ ਢੰਡੋਰਚੀ ਸਨ; ਉਹ ਉਸ ਕੁਲੀਨ ਜਮਾਤ ਦੇ ਨੁਮਾਇੰਦੇ ਸਨ, ਜੋ ਜਗੀਰਦਾਰਾਂ ਦੇ ਨਿਘਾਰ ਤੋਂ ਬਾਅਦ ਅਮੀਰ ਹੋ ਰਹੇ ਸਨ…ਇਸ ਜਮਾਤ ਵਿੱਚ ਉਹ ਸਰਮਾਏਦਾਰੀ ਜਮਾਤ ਵੀ ਸ਼ਾਮਲ ਸੀ, ਜੋ ਨਾਲ਼ ਨਾਲ਼ ਵਿਆਪਕ ਪੱਧਰ ‘ਤੇ ਵੱਡੇ ਵਣਜ ਵਪਾਰ ਦੀ ਸਰਗਰਮੀ ਦੇ ਖੇਤਰ ਵਿੱਚ ਦਾਖ਼ਲ ਹੋ ਰਹੀ ਸੀ।’

ਆਖ਼ਰਕਾਰ, ਇੱਕ ਹੀ ਕਿਰਣ ਨਾਲ਼ ਇਹ ਸਭ ਕੁਝ ਸਾਫ਼ ਨਜ਼ਰ ਆ ਗਿਆ। ਸ਼ੇਕਸਪੀਅਰ ਨੇ ਕਿਸ ਦਾ ਗੁਣਗਾਨ ਕੀਤਾ? ਨਿਰੰਕੁਸ਼ਵਾਦੀ ਰਾਜਸੱਤਾ ਦਾ। ਸ਼ੇਕਸਪੀਅਰ ਨੇ ਕਿਸ ਦੇ ਸਿਆਸੀ ਹਿਤਾਂ ਦੀ ਸੇਵਾ ਕੀਤੀ? ਉਸ ਨਵੀਂ ਕੁਲੀਨ ਜਮਾਤ ਦੀ, ਜੋ ਵਿਆਪਕ ਪੱਧਰ ‘ਤੇ ਵਣਜ ਵਪਾਰ ਦੇ ਖੇਤਰ ਵਿੱਚ ਦਾਖ਼ਲ ਹੋ ਰਹੀ ਸੀ। ਇੱਥੇ ਰਾਈ ਦਾ ਪਹਾੜ ਬਣਾਉਣ ਦੀ ਗੁੰਜ਼ਾਇਸ਼ ਹੀ ਨਹੀਂ। ਇੱਥੇ ਖਾਲਸ ਪਦਾਰਥਵਾਦ ਪਰੋਸਿਆ ਗਿਆ ਹੈ। ਸਾਰਾ ਢੰਗ ਪੂਰੀ ਤਰ੍ਹਾਂ ਸਿੱਧਾ ਸਾਦਾ ਹੈ; ਅਜਿਹਾ ਲਗਦਾ ਹੈ ਕਿ ਸਿਰਫ਼ ਏਨੀ ਜਿਹੀ ਗੱਲ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ ਕਿ ਸ਼ੇਕਸਪੀਅਰ ਦੀਆਂ ਰਚਨਾਵਾਂ ਵਿੱਚ ਭਾਵੇਂ ਸਰਵਵਿਆਪਕ ਤੱਤ ਹੋਣ ਜਾਂ ਨਾ ਹੋਣ, ਇਸ ਤੱਥ ‘ਤੇ ਜ਼ੋਰ ਜ਼ਰੂਰ ਦੇਣਾ ਹੈ ਕਿ ‘ਸ਼ੇਕਸਪੀਅਰ ਆਪਣੀ ਜਮਾਤ ਦੇ ਬੁਲਾਰੇ ਸਨ।’ ਇਸ ਨੁਕਤੇ ਤੋਂ ਅਲੋਚਨਾ ਸ਼ੁਰੂ ਕਰਨ ਨਾਲ਼ ਫਿਰ ਸਾਰਾ ਵਿਚਾਰ ਪ੍ਰਵਾਹ ਸੌਖਾਲ਼ਾ ਹੋ ਜਾਂਦਾ ਹੈ: ਸ਼ੇਕਸਪੀਅਰ ਦੇ ਸ੍ਰੇਸ਼ਟ ਤੱਤਾਂ ਨੂੰ ਜਿੱਥੋਂ ਤੱਕ ਸੰਭਵ ਹੋ ਸਕੇ ਲੁਕਾਓ; ਉਨ੍ਹਾਂ ਨੂੰ ਘਸੀਟ ਕੇ ਮਿੱਟੀ ‘ਚ ਮਧੋਲ਼ ਦਿਓ; ਉਨ੍ਹਾਂ ਦੀਆਂ ਰਚਨਾਵਾਂ ਵਿੱਚ ਜੋ ਕੁਝ ਸੱਚ ਹੈ ਉਸ ਦੀ ਇਸ ਤਰ੍ਹਾਂ ਵਿਆਖਿਆ ਕਰੋ ਕਿ ਉਹ ਸਭ ਤਾਂ ਉਨ੍ਹਾਂ ਦੀ ਮੌਕਾਪ੍ਰਸਤ ਚਾਲ ਜਾਂ ‘ਉਨ੍ਹਾਂ ਦੀ ਜਮਾਤ ਦੁਆਰਾ ਦਿੱਤੇ ਗਏ ਹੁਕਮਾਂ ਦੀ ਪਾਲਣਾ’ ਦਾ ਨਤੀਜਾ ਸੀ। ਆਮ ਤੌਰ ‘ਤੇ, ਸ਼ੇਕਸਪੀਅਰ ਨੂੰ ਜਿੱਥੋਂ ਤੱਕ ਸੰਭਵ ਹੋ ਸਕੇ ਸਥਾਨਕ, ਅਸਥਾਈ, ਸੌੜਾ ਅਤੇ ਹੱਦਬੱਧ ਸਿੱਧ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾਓ। ਇਸ ਸਭ ਨੂੰ ਮਿਲ਼ਾ ਕੇ ਜੋ ਸਮੀਖਿਆ ਬਣਦੀ ਹੈ, ਉਸੇ ਨੂੰ ‘ਸ਼ੇਕਸਪੀਅਰ ਨੂੰ ਆਦਰਸ਼ੀਕ੍ਰਿਤ ਕਰਨ ਦੇ ਖਿਲਾਫ਼ ਘੋਲ਼’ ਕਿਹਾ ਜਾ ਰਿਹਾ ਹੈ। ਸ਼ੇਕਸਪੀਅਰ ਦੇ ਇੱਕ ਇੱਕ ਦੁਖਾਂਤ ਨੂੰ ਵੱਖ ਵੱਖ ਵੀ ਏਸੇ ਵਿਧੀ ਨਾਲ਼ ਵਿਆਖਿਅਤ ਕੀਤਾ ਜਾ ਰਿਹਾ ਹੈ। ਕਿੰਗ ਲੀਅਰ ਦਾ ਤੱਤ ਪੱਖੋਂ ਵਿਸ਼ਾ ਕੀ ਹੈ? ਮਨੁੱਖ? ਬਕਵਾਸ! ਉਸ ਦਾ ਦੁਖਾਂਤ ਤਾਂ ਇਹ ਹੈ ਕਿ ਇੱਕ ਖਬਤੀ ਬੁੱਢੇ ਨੇ ਆਪਣੀ ਕੇਂਦਰੀਕ੍ਰਿਤ ਰਾਜਸੱਤ੍ਹਾ ਕਈ ਹਿੱਸਿਆਂ ਵਿੱਚ ਵੰਡ ਦਿਤੀ ਅਤੇ ਇਸ ਤਰ੍ਹਾਂ ਨਿਰੰਕੁਸ਼ਤਾਵਾਦੀ ਰਾਜਸੱਤ੍ਹਾ ਦੀ ਤਰੱਕੀਪਸੰਦ ਭੂਮਿਕਾ ਨੂੰ ਘਟਾਕੇ ਅੰਗਿਆ।

ਇਸ ਤਰ੍ਹਾਂ ‘ਜ਼ਮੀਨ ਵਿੱਚ ਮਧੋਲ਼ਿਆ ਹੋਇਆ ਸ਼ੇਕਸਪੀਅਰ’ ਸਾਡੇ ਆਪਣੇ ਯੁੱਗ ਲਈ ਪੂਰੀ ਤਰ੍ਹਾਂ ਅਪ੍ਰਸੰਗਕ ਹੋ ਜਾਂਦਾ ਹੈ; ਉਹ ਸਾਡੀ ਲੋਕਾਈ ਲਈ ਪਰਾਇਆ ਬਣ ਜਾਂਦਾ ਹੈ, ਕਿਉਂਕਿ ਜੇ ਸੱਚਮੁੱਚ ਹੀ ਡੈਨਮਾਰਕ ਦੇ ਰਾਜਕੁਮਾਰ (ਹੈਮਲੇਟ) ਦਾ ਦੁਖਾਂਤ ਸਤਾਰਵੀਂ ਸਦੀ ਦੀ ਬਰਤਾਨਵੀ ਕੁਲੀਨ ਜਮਾਤ ਦੀਆਂ ਖਰਾਬੀਆਂ ਨੂੰ, ਭਾਵੇਂ ਹੀ ਉਹ ਜਮਾਤ ਸਰਮਾਏਦਾਰੀ ਦੇ ਸੰਗਰਾਂਦੀ ਦੌਰ ਵਿੱਚ ਹੋਵੇ, ਜ਼ਾਹਰ ਕਰਦਾ ਹੈ ਤਾਂ ਫਿਰ ਸਾਡੇ ਇੱਥੇ ਦੇ ਨਾਟ-ਦਰਸ਼ਕਾਂ ਲਈ ‘ਹੈਮਲੇਟ’ ਨਾਮੀ ਨਾਟਕ ਵਿੱਚ ਕੁਝ ਵੀ ਪ੍ਰਸੰਗਕ ਨਹੀਂ ਹੋਣਾ ਚਾਹੀਦਾ।

ਇਸ ਪ੍ਰਕਿਰਿਆ ਵਿੱਚ ਪ੍ਰੋਫੈਸਰ ਨੂਸੀਨੋਵ ਇੱਕ ਤੋਂ ਮਗਰੋਂ ਇੱਕ ਸੰਕਲਪ ਪੇਸ਼ ਕਰੀ ਜਾਂਦੇ ਹਨ ਅਤੇ ਕਾਫ਼ੀ ਔਖ ਨਾਲ ਇਹ ਦਰਸਾਉਂਦੇ ਹਨ ਕਿ ਜੇ ਜਮਾਤੀ ਬੁਨਿਆਦ ਦੀ ਤਲਾਸ਼ ਕਰੀਏ ਤਾਂ ਦੁਖਾਂਤ, ਵਿਅੰਗ, ਹਾਸਰਸ, ਲੋਕਗੀਤ ਆਦਿ ਵਿਧਾਵਾਂ ਪ੍ਰੋਲੇਤਾਰੀ ਸਾਹਿਤ ਦੀਆਂ ਦੁਸ਼ਮਣ ਸਿੱਧ ਹੋਣਗੀਆਂ। ਉਕਤ ਸ਼ਾਤਰ ਅਲੋਚਕ ਸਾਹਿਬ ਨੇ ਇਹੀ ਸੰਕਲਪ ਆਪਣੇ ਉਸ ਪਰਚੇ ਵਿੱਚ ਪੇਸ਼ ਵੀ ਕੀਤਾ ਸੀ, ਜੋ ਕਾਫ਼ੀ ਦਿਨ ਪਹਿਲਾਂ ਉਨ੍ਹਾਂ ਦੇ ‘ਸਾਹਿਤ ਦੇ ਅਮਰ ਗੁਣ’ ਵਿਸ਼ੇ ‘ਤੇ ਕਮਿਊਨਿਸਟ ਅਕਾਦਮੀ ਵਿੱਚ ਪੜ੍ਹਿਆ ਸੀ।

ਉਕਤ ਪਰਚੇ ਵਿੱਚ ਪ੍ਰੋ. ਨੂਸੀਨੋਵ ਨੇ ਪ੍ਰੋਮੋਥੀਅਸ, ਹੈਮਲੇਟ ਅਤੇ ਹੋਰਨਾ ਕ੍ਰਿਤਾਂ ‘ਚੋਂ ਉਦਾਹਰਣ ਦੇ ਦੇ ਕੇ ਇਹ ਸਿੱਧ ਕੀਤਾ ਸੀ ਕਿ ਸ਼ੇਕਸਪੀਅਰ ਦੀ ਸਾਰੀ ਪ੍ਰਤਿਭਾ ਦੇ ਬਾਵਜੂਦ, ਉਨ੍ਹਾਂ ਦੀਆਂ ਕ੍ਰਿਤਾਂ ਵੱਲ ਲੋਕਾਂ ਦੀ ਖਿੱਚ ਦਿਨੋਂ-ਦਿਨ ਘਟਦੀ ਜਾਵੇਗੀ। ਸਾਹਿਤ ਦੇ ਅਮਰ ਪਾਤਰ, ਜੋ ਸ਼ੇਕਸਪੀਅਰ ਦੀਆਂ ਰਚਨਾਵਾਂ ਵਿੱਚ ਤਾਂ ਗਿਣੇ ਚੁਣੇ ਹਨ, ‘ਕਿਸੇ ਨਾ ਕਿਸੇ ਰੂਪ ਵਿੱਚ ਉਨ੍ਹਾਂ ਸਾਰੀਆਂ ਜਮਾਤਾਂ ਦੇ ਮਨੋਵੇਗਾਂ ਅਤੇ ਅਹਿਸਾਸਾਂ ਨੂੰ ਪ੍ਰਗਟਾਉਂਦੇ ਹਨ, ਜੋ ਨਿੱਜੀ ਜਾਇਦਾਦ ਨੂੰ ਮਾਨਤਾ ਦਿੰਦੇ ਹਨ। ਕਿਉਂਕਿ ਇਨ੍ਹਾਂ ਪਾਤਰਾਂ ਦਾ ਜਨਮ ਨਿੱਜੀ ਜਾਇਦਾਦ ਦੀ ਲਾਜ਼ਮੀਅਤਾ ਅਤੇ ਆਦਮੀ ਦੁਆਰਾ ਆਦਮੀ ਦਾ ਲੁੱਟ ਦੀ ਹਾਲਾਤਾਂ ਦੌਰਾਨ ਹੋਇਆ, ਇਸ ਲਈ ਇਨ੍ਹਾਂ ਪਾਤਰਾਂ ਵਿੱਚ ਜੋ ਅਹਿਸਾਸ ਪ੍ਰਗਟ ਹੋਏ ਹਨ, ਉਹ ਜਮਾਤ ਵਿਹੂਣੇ ਸਮਾਜ ਦੇ ਲੋਕਾਂ ਲਈ ਪੂਰੀ ਤਰ੍ਹਾਂ ਪਰਾਏ ਹੋ ਜਾਣਗੇ।’

ਇਸ ਤਰ੍ਹਾਂ ਇਹ ਭ੍ਰਿਸ਼ਟ ਸਮਾਜਸ਼ਾਸਤਰੀ ਇੱਕ ਦੂਜੇ ਲਈ ‘ਆਹ ਰੂਪ! ਆਹ ਧੁਨ!’ ਦਾ ਰਵੱਈਆ ਅਖ਼ਤਿਆਰ ਕਰਕੇ ਆਪਣੇ ਮਨੁੱਖੀ ਪਿਤਾਵਾਂ – ਫ੍ਰੀਖੇ ਅਤੇ ਬੋਗਦਾਨੋਵ – ਦੀਆਂ ਪੁਰਾਣੀਆਂ ਰਵਾਇਤਾਂ ਨੂੰ ਮੁੜ ਤੋਂ ਜਿਉਂਦੇ ਕਰਨ ਵਿੱਚ ਲੱਗੇ ਹਨ।

ਪਿਛਲੇ ਦਿਨੀਂ ਜੋ ਲੇਖ ਪ੍ਰਕਾਸ਼ਤ ਹੋਏ ਹਨ, ਉਨ੍ਹਾਂ ‘ਤੇ ਧਿਆਨ ਦੇਣ ਨਾਲ਼ ਲਗਦਾ ਹੈ ਕਿ ਕਾਮਰੇਡ ਦੀਨਾਮੋਵ ਦਾ ਸ਼ੇਕਸਪੀਅਰ ਪ੍ਰਤੀ ਨਜ਼ਰੀਆ ਜਿਸ ਦੇ ਤਹਿਤ ਉਨ੍ਹਾਂ ਨੇ ਉਸ ਨੂੰ ਸਰਮਾਏਦਾਰੀ ਵਿੱਚ ਤਬਦੀਲ ਹੋ ਰਹੀ ਕੁਲੀਨ ਜਮਾਤ ਦੀ ਵਿਚਾਰਧਾਰਾ ਦਾ ਚਿੰਤਕ ਸਿੱਧ ਕੀਤਾ ਹੈ ਇਸ ਮਾਰਕੇ ਦੇ ਹੋਰ ਅਲੋਚਕਾਂ ਦੇ ਮੁਕਾਬਲੇ ਜ਼ਿਆਦਾ ਪ੍ਰਵਾਨਯੋਗ ਲਗਦਾ ਹੈ ਕਿਉਂਕਿ ਉਨ੍ਹਾਂ ਨੇ ਇੱਕ ਭਰਮ ਪੈਦਾ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਨਜ਼ਰੀਆ ਫ੍ਰੀਖੇ ਅਤੇ ਸਮਨ੍ਰੋਵ ਦੇ ਇਕਹਿਰੇ ਨਜ਼ਰੀਏ ਦੇ ਅੱਤਵਾਦ ਤੋਂ ਉੱਪਰ ਉੱਠ ਚੁੱਕਿਆ ਹੈ। ਫ੍ਰੀਖੇ ਦੇ ਅਨੁਸਾਰ ਸ਼ੇਕਸਪੀਅਰ ਕੁਲੀਨ ਜਮਾਤ ਦਾ ਇੱਕ ਉਦਾਸ ਆਦਮੀ ਅਤੇ ਅਤੇ ਅੱਤਕ੍ਰਿਆਵਾਦੀ ਨਿਰਾਸ਼ਾਵਾਦੀ ਜਗੀਰਦਾਰ ਸੀ। ਦੂਜੇ ਪਾਸੇ, ਸਮਨ੍ਰੋਵ ਅਨੁਸਾਰ ਸ਼ੇਕਸਪੀਅਰ ਇੱਕ ਉੱਦਮੀ ਆਸ਼ਾਵਾਦੀ, ਚਲਾਕ ਅਤੇ ਲਾਲ ਗੱਲ੍ਹਾਂ ਵਾਲ਼ਾ ਬੁਰਜੂਆ ਸੀ। ਹੁਣ ਬੱਸ ਇਨ੍ਹਾਂ ਦੋ ਨਜ਼ਰੀਆ ਨੂੰ ਮਿਲ਼ਾ ਦਿਓ ਤਾਂ ਇੱਕ ਨਵਾਂ ਪ੍ਰਵਾਨ ਕਰਨ ਯੋਗ ਸੰਕਲਪ ਤਿਆਰ ਹੋ ਗਿਆ, ਜਿਸ ਅਨੁਸਾਰ ਸ਼ੇਕਸਪੀਅਰ ਖੁਸ਼ਮਿਜਾਜ਼ ਨਿਰਾਸ਼ਾਵਾਦੀ, ਲਾਲ ਗੱਲ੍ਹਾਂ ਵਾਲ਼ਾ ਕੁਲੀਨ, ਬੁਰਜੂਆ ਭੱਦਰਪੁਰਸ਼, ਸਰਮਾਏਦਾਰੀ ਹਾਲਤ ਵਿੱਚ ਤਬਦੀਲ ਹੁੰਦਾ ਹੋਇਆ ਜਗੀਰਦਾਰ ਆਦਿ ਗਰਦਾਨਿਆ ਗਿਆ ਸੀ।

ਫ੍ਰੀਖੇ ਦੇ ਸੰਕਲਪ ਦੀ ਮੁੱਖ ਕਮਜ਼ੋਰੀ ਕਿੱਥੇ ਮੌਜੂਦ ਹੈ? ਸ਼ੇਕਸਪੀਅਰ ਦੀ ਉਸ ‘ਲੋਕ ਵਿਰੋਧੀ’ ਵਿਆਖਿਆ ਵਿੱਚ ਜਿਸ ਅਨੁਸਾਰ ਸ਼ੇਕਸਪੀਅਰ ਨੂੰ ਕੁਲੀਨ ਜਮਾਤ ਦਾ ਗਰਦਾਨ ਦਿੱਤਾ ਗਿਆ ਹੈ, ਇਸ ਨੂੰ ਫ੍ਰੀਖੇ ਸਾਹਿਬ ਨੇ ਸਾਮਰਾਜਵਾਦੀ ਯੁੱਗ ਦੇ ਸ਼ੇਕਸਪੀਅਰ ਸਮੀਖਿਅਕਾਂ ਤੋਂ ਉਧਾਰ ਲੈ ਲਿਆ ਸੀ ਅਤੇ ਉਨ੍ਹਾਂ ਦੀਆਂ ਹੱਦਾਂ ਦੀ ਉਲੰਘਣਾ ਨਹੀਂ ਕਰ ਸਕੇ।

ਸਮਨ੍ਰੋਵ ਦੇ ਨਜ਼ਰੀਏ ਦੀਆਂ ਗ਼ਲਤੀਆਂ ਕਿਸ ਵਿੱਚ ਮੌਜੂਦ ਹਨ? ਉਸੇ ਤਰ੍ਹਾਂ ਦੇ ‘ਲੋਕ ਵਿਰੋਧੀ ਵਿਸ਼ਲੇਸ਼ਣ’ ਵਿੱਚ ਜਿਸ ਦਾ ਅਧਾਰ ਸਰਮਾਏਦਾਰੀ ਜਮਾਤ ਅੱਗੇ ਕੀਤੀ ਜਾਣ ਵਾਲ਼ੀ ਉਦਾਰਵਾਦੀ ਮਾਫ਼ੀਨਾਮੀਆ ਜੀ ਹਜ਼ੂਰੀ ਹੈ।

ਘੱਟ ਮਹੱਤਵਪੂਰਣ ਹੁੰਦੇ ਹੋਏ ਵੀ ਇਨ੍ਹਾਂ ਸਮੀਅਖਕਾਂ ਦੇ ਵਿਚਾਰਾਂ ਵਿੱਚ ਕੰਮ ਦੀ ਗੱਲ ਕੀ ਸੀ।

ਫ੍ਰੀਖੇ ਦਾ ਸੰਕਲਪ ਸੀ ਕਿ ਸ਼ੇਕਸਪੀਅਰ ਨੇ ਲਾਜ਼ਮੀ ਹੀ ਸਰਮਾਏਦਾਰੀ ਦੀ ਅਲੋਚਨਾ ਕੀਤੀ ਸੀ; ਪਰ ਫ੍ਰੀਖੇ ਸਾਹਿਬ ਨੇ ਏਸੇ ਦੇ ਨਾਲ਼ ਇਹ ਵੀ ਲਿਖ ਦਿੱਤਾ ਕਿ ਇਹ ਅਲੋਚਨਾ ਉਸ ਮਹਾਨ ਨਾਟਕਕਾਰ ਦੇ ਪਿਛਾਖੜੀ ਜ਼ਮੀਨਧਾਰੀ ਜਮਾਤੀ ਤੁਅੱਸਬ ਤੋਂ ਪ੍ਰੇਰਿਤ ਸੀ। ਸਮਨ੍ਰੋਵ ਦਾ ਵਿਚਾਰ ਸੀ ਕਿ ਸ਼ੇਕਸਪੀਅਰ ਨੇ ਲਾਜ਼ਮੀ ਹੀ ਜਗੀਰਦਾਰੀ ਦੀ ਅਲੋਚਨਾ ਕੀਤੀ ਸੀ; ਪਰ ਨਾਲ਼ ਹੀ ਉਨ੍ਹਾਂ ਨੇ ਇਹ ਵੀ ਲਿਖ ਦਿੱਤਾ ਕਿ ਸ਼ੇਕਸਪੀਅਰ ਦਾ ਇਸ ਤਰੱਕੀ ਵਿੱਚ ਸਮੁੱਚਾ ਯੋਗਦਾਨ ਉਨ੍ਹਾਂ ਅੰਦਰਲੇ ਬੁਰਜ਼ੂਆ ਗੁਣਾਂ ਕਾਰਣ ਹੀ ਸੰਭਵ ਹੋ ਸਕਿਆ ਸੀ।    

ਇਨ੍ਹਾਂ ਦੋ ਨਜ਼ਰੀਆਂ ਦੇ ਪ੍ਰਵਾਨਯੋਗ ਜੋੜ-ਤੋੜ ਦੇ ਨਤੀਜੇ ਵਜੋਂ ਕਾਮਰੇਡ ਦੀਨਾਮੋਵ ਦੀ ਸਮੀਖਿਆ ਕਿਵੇਂ ਬਣੀ। ਦੋਨਾਂ ਸੰਕਲਪਾਂ ਦੀਆਂ ਕਮਜ਼ੋਰੀਆਂ ਉਨ੍ਹਾਂ ਨੇ ਲਈਆਂ ਅਤੇ ਉਨ੍ਹਾਂ ਵਿੱਚ ਨਾਮਾਤਰ ਦੀਆਂ ਜੋ ਕੰਮ ਦੀਆਂ ਚੀਜ਼ਾਂ ਸਨ, ਉਨ੍ਹਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ। ਸਰਮਾਏਦਾਰੀ ਜਮਾਤ ਵਿੱਚ ਤਬਦੀਲ ਹੁੰਦਾ ਹੋਇਆ ਕੁਲੀਨ ਤਬਕਾ ਇੰਗਲੈਂਡ ਦੇ ਅੰਦਰ ਸਰਮਾਏਦਾਰੀ ਵਿਕਾਸ ਦੇ ਖਿਲਾਫ਼ ਖੜ੍ਹਾ ਨਹੀਂ ਹੋਇਆ ਸੀ, ਕਿਉਂਕਿ ਉਨ੍ਹਾਂ ਦੇ ਹਿਤ ਪੂਰੀ ਤਰ੍ਹਾਂ ਉਸ ਵਿਕਾਸ ਦੇ ਅਨਕੂਲ ਸਨ; ਪਰ ਉਹ ਕੁਲੀਨ ਤਬਕਾ ਮੱਧ ਯੁੱਗ ਦੇ ਪਿਛੜੇਪਨ ਦੇ ਖਿਲਾਫ਼ ਲਗਾਤਾਰ ਘੋਲ਼ ਨਹੀਂ ਕਰ ਰਿਹਾ ਸੀ ਕਿਉਂਕਿ ਜਗੀਰੂ ਸਹੂਲਤਾਂ ਦੇ ਢਾਂਚੇ ਨੂੰ ਕਾਇਮ ਰੱਖਣਾ ਵੀ ਉਨ੍ਹਾਂ ਦੇ ਹਿਤਾਂ ਦੇ ਅਨਕੂਲ ਸੀ। ਸ਼ੇਕਸਪੀਅਰ ਨੂੰ ਉਕਤ ਕੁਲੀਨ ਤਬਕੇ ਦੇ ਬੁਲਾਰੇ ਵਜੋਂ ਵਰਗੀਕਰਤ ਕਰਨ ਨਾਲ਼ ਆਲ਼ੇ ਦੁਆਲ਼ੇ ਦੇ ਯਥਾਰਥ ਨਾਲ਼ ਸ਼ੇਕਸਪੀਅਰ ਦੇ ਅਲੋਚਨਾਤਮਕ ਰਿਸ਼ਤੇ ਨੂੰ ਜੋੜਨ ਵਾਲ਼ੀ, ਉਸ ਤਰ੍ਹਾਂ ਦੀ ਸੌੜੀ, ਟੇਡੀ ਅਤੇ ਇਕਹਿਰੀ ਵਿਆਖਿਆ ਦੀ ਹਰ ਸੰਭਾਵਨਾ ਖ਼ਤਮ ਹੋ ਜਾਂਦੀ ਹੈ, ਜਿਹੀ ਵਿਆਖਿਆ ਫ੍ਰੀਖੇ ਅਤੇ ਸਮਨ੍ਰੋਵ ਨੇ ਕੀਤੀ ਸੀ। ਵੱਖ ਵੱਖ ਸੱਤਾਧਾਰੀ ਜਮਾਤਾਂ ਦੇ ਲੋਟੂ ਮੈਂਬਰਾਂ ਬਾਰੇ ਸ਼ੇਕਸਪੀਅਰ ਦਾ ਰਵੱਈਆ ਅਲੋਚਨਾਤਮਕ ਸੀ ਅਤੇ ਇਹੀ ਅਲੋਚਨਾਤਮਕ ਰਵੱਈਆ ਉਨ੍ਹਾਂ ਦੀ ਪ੍ਰਤਿਭਾ ਦਾ ‘ਆਮ ਲੋਕਾਂ’ ਵੱਲ ਮੋਹ ਦੇ ਗੁਣ ਦਾ ਸਬੂਤ ਬਣ ਜਾਂਦਾ ਹੈ ਅਤੇ ਇਹੀ ਰਵੱਈਆ ਸ਼ੇਕਸਪੀਅਰ ਦੇ ਯਥਾਰਥਵਾਦ ਦੇ ਇੱਕ ਬੁਨਿਆਦੀ ਸਿਧਾਂਤ ਦਾ ਅਧਾਰ ਸੀ। ਸ਼ੇਕਸਪੀਅਰ ਨੇ ਰਿਚੱਰਡ ਤੀਜੇ ਅਤੇ ਸ਼ਾਇਲਾਕ ਜਿਹੇ ਪਾਤਰ ਰਚ ਕੇ ਅਤੇ ਉਨ੍ਹਾਂ ਨੂੰ ਉਨ੍ਹਾਂ ਜਮਾਤਾਂ ਦੇ ‘ਆਗੂ ਯੋਧਾ’ ਬਣਾ ਕੇ ਉਨ੍ਹਾਂ ਦੇ ਖਿਲਾਫ਼ ਕਾਫ਼ੀ ਨਫ਼ਰਤ ਜਗਾਈ, ਜਿਨ੍ਹਾਂ ਅੰਦਰ ਸ਼ਾਇਲਾਕ ਅਤੇ ਰਿੱਚਰਡ ਦੇ ਔਗੁਣ ਕੁੱਟ ਕੁੱਟ ਕੇ ਭਰੇ ਹੋਏ ਸਨ।

ਸ਼ੇਕਸਪੀਅਰ ਨੂੰ ਇੱਕੋ ਵਾਰ ਹੀ ਇੰਗਲੈਂਡ ਦਾ ਮਹਾਨ ਲੋਕ ਕਵੀ ਕਹਿਣਾ ਅਤੇ ਸਰਮਾਏਦਾਰੀ ਜਮਾਤ ਵਿੱਚ ਤਬਦੀਲ ਹੋ ਰਹੀ ਕੁਲੀਨ ਜਮਾਤ ਦੇ ਬੁਲਾਰੇ ਵਜੋਂ ਵੀ ਪੇਸ਼ ਕਰਨਾ ਅਸੰਭਵ ਹੈ ਕਿਉਂਕਿ ਦੋਵਾਂ ਸਕੰਲਪਾਂ ਦਾ ਆਪਸ ਵਿੱਚ ਕੋਈ ਤਾਲਮੇਲ ਨਹੀਂ।

ਇੰਗਲੈਂਡ ਵਿੱਚ ਉਪਲਭਧ ਸ੍ਰੋਤਾਂ ਤੋਂ ਲਈ ਗਈ ਇਤਿਹਾਸਕ ਸਮੱਗਰੀ ਚੀਖ਼-ਚੀਖ਼ ਕੇ ਲੋਭ-ਲਾਲਚ ਦੇ ਨਵੇਂ ਮਹਾਂਰਾਜਿਆਂ ਦੀ ਖ਼ੂਨੀ, ਪਾਗਲਪਣ ਅਤੇ ਬੇਕਿਰਕ ਲੁੱਟ ਖਸੁੱਟ ਦਾ ਸਬੂਤ ਦਿੰਦੀ ਹੈ। ਇੱਥੇ ਮਾਰਕਸ ਦੁਆਰਾ ਕੀਤੇ ਗਏ ਵਿਸ਼ਲੇਸ਼ਣ ਨੂੰ ਯਾਦ ਕਰਨਾ ਕਾਫ਼ੀ ਹੋਵੇਗਾ, ਜਿਸ ਵਿੱਚ ਉਨ੍ਹਾਂ ਨੇ ਇਸ ਜਮਾਤ ਦੀ, ਨਵੀਂ ਕੁਲੀਨ ਜਮਾਤ ਦੀ ਭੂਮਿਕਾ ਨੂੰ ਸਪਸ਼ਟ ਕੀਤਾ ਸੀ। ਇਸ ਜਮਾਤ ਦਾ ਪੈਸੇ ਨਾਲ਼ ਜੋ ਸਬੰਧ ਸੀ ਉਸ ਦੀ ਤੁਲਨਾ ਜੇ ਸ਼ੇਕਸਪੀਅਰ ਦੁਆਰਾ ਇਸ ਮਸਲੇ ਤੇ ਪ੍ਰਗਟਾਏ ਵਿਚਾਰਾਂ ਨਾਲ਼ ਕਰੀਏ ਤਾਂ ਸਾਨੂੰ ਸਮਾਜਸ਼ਾਸਤਰੀ ਅਲੋਚਨਾ ਦੀ ਸਤਹੀ ਸੱਚਾਈ ਅਤੇ ਕਮਜ਼ੋਰੀ ਨੂੰ ਕਿਆਸਣ ਵਿੱਚ ਦੇਰ ਨਹੀਂ ਲੱਗਣੀ।

ਇਹ ਸੱਚ ਹੈ ਕਿ ਇਸ ਨਵੀਂ ਅਲੋਚਨਾ ਦੇ ਬੁਲਾਰੇ ਸ਼ੇਕਸਪੀਅਰ ਦੀ ‘ਆਮ ਲੋਕਾਂ ਲਈ ਮੋਹ’ ਦੇ ਗੁਣ ਦੀਆਂ ਦਲੀਲਾਂ ਹੋਰ ਜ਼ਿਆਦਾ ਪੇਸ਼ ਕਰਨਗੇ, ਠੀਕ ਏਸੇ ਤਰ੍ਹਾਂ ਸਰਮਾਏਦਾਰ ਜਮਾਤ ਵਿੱਚ ਤਬਦੀਲ ਹੋ ਰਹੀ ਕੁਲੀਨ ਜਮਾਤ ਨਾਲ਼ ਸ਼ੇਕਸਪੀਅਰ ਦੇ ਮੋਹ ਦੇ ਪੱਖ ਵਿੱਚ ਵੀ ਦਲੀਲਾਂ ਇਕੱਠੀਆਂ ਕੀਤੀਆਂ ਜਾ ਸਕਦੀਆਂ ਹਨ। ਪਰ ਇਥੇ ਇਹ ਗੱਲ ਬਿਨਾਂ ਰੋਕ ਟੋਕ ਕਹੀ ਜਾ ਸਕਦੀ ਹੈ ਕਿ ਇਨ੍ਹਾਂ ਦਲੀਲਾਂ ਦਾ ਸ਼ੇਕਸਪੀਅਰ ਦੇ ‘ਆਮ ਲੋਕਾਂ ਨਾਲ ਮੋਹ ਦੇ ਗੁਣ ਨੂੰ ਤਦ ਤੱਕ ਵਿਆਖਿਅਤ ਕਰਨ ਵਿੱਚ ਸਫ਼ਲਤਾ ਨਹੀਂ ਮਿਲ਼ ਸਕਦੀ, ਜਦ ਤੱਕ ਕਿ ਸ਼ੇਕਸਪੀਅਰ ਦੀਆਂ ਰਚਨਾਵਾਂ ਦੇ ਗਰਭ ‘ਚੋਂ ਕਿਸੇ ਖ਼ਾਸ ਜਮਾਤ ਨੂੰ ਲੱਭਣ ਦੀ ਕਸਰਤ ਨਹੀਂ ਛੱਡੀ ਜਾਂਦੀ। ਪਰ ਇਸ ਦੇ ਉਲ਼ਟ ਸਾਡੇ ਅਲੋਚਕ ਹਰ ਵਾਰ ਜੀਵਨ ਨਾਲ਼ ਜੁੜੇ ਹੋਣ ਦੀ ਖੁਸ਼ਫਹਿਮੀ ਪਾਲ਼ਦੇ ਹਨ ਅਤੇ ਸ਼ੇਕਸਪੀਅਰ ਦੇ ‘ਲੋਕਪ੍ਰਿਅ’ ਗੁਣਾਂ ਦੀ ਚਰਚਾ ਵੀ ਕਰਦੇ ਹਨ। ਅਜਿਹੀ ਹਾਲਤ ਵਿੱਚ ਉਨ੍ਹਾਂ ਨੂੰ ਆਪਣੇ ਸ਼ੁਰੂ-ਸ਼ੁਰੂ ਦੇ ਇਸ ਸੰਕਲਪ ਨੂੰ ਛੱਡਣਾ ਹੀ ਪਵੇਗਾ ਕਿ ਸ਼ੇਕਸਪੀਅਰ ਸਰਮਾਏਦਾਰੀ ਜਮਾਤ ਵਿੱਚ ਤਬਦੀਲ ਹੋ ਰਹੀ ਨਵੀਂ ਕੁਲੀਨ ਜਮਾਤ ਦੇ ‘ਆਗੂ ਯੋਧਾ’ ਸਨ। 

ਅਨੁਵਾਦ – ਕੁਲਵਿੰਦਰ

“ਪਰ੍ਤੀਬੱਧ”, ਅੰਕ 25, ਜੂਨ 2015 ਵਿਚ ਪਰ੍ਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s