ਸਾਹਿਤ ਵਾਚਣ ਦੀ ਮਾਰਕਸੀ ਵਿਧੀ •ਗੁਰਚਰਨ ਸਿੰਘ ਸਹਿੰਸਰਾ

5

ਪੀ.ਡੀ.ਐਫ਼ ਡਾਊਨਲੋਡ ਕਰੋ

[ਪਰ੍ਤੀਬੱਧ ਦੇ ਇਸ ਅੰਕ ਤੋਂ ਅਸੀਂ ਪੰਜਾਬੀ ਸਾਹਿਤ ਅਤੇ ਪੰਜਾਬ ਦੇ ਇਤਿਹਾਸ ਬਾਰੇ ਗੁਰਚਰਨ ਸਿੰਘ ਸਹਿੰਸਰਾ ਦੇ ਲਿਖੇ ਦੁਰਲੱਭ ਲੇਖਾਂ ਦਾ ਲੜੀਵਾਰ ਪ੍ਰਕਾਸ਼ਨ ਸ਼ੁਰੂ ਕਰ ਰਹੇ ਹਾਂ। ਸਹਿੰਸਰਾ ਨੇ ਪੰਜਾਬੀ ਸਾਹਿਤ ਅਤੇ ਪੰਜਾਬ ਦੇ ਇਤਿਹਾਸ ਨੂੰ ਇਤਿਹਾਸਕ ਪਦਾਰਥਵਾਦੀ ਨਜ਼ਰੀਏ ਤੋਂ ਵਾਚਣ ਦੀ ਕੋਸ਼ਿਸ਼ ਕੀਤੀ ਹੈ। ਪੰਜਾਬੀ ਸਾਹਿਤ ਅਲੋਚਨਾ ਅਤੇ ਇਤਿਹਾਸਕਾਰੀ ਦੇ ਖੇਤਰ ਵਿੱਚ ਅਜਿਹੇ ਯਤਨ ਬਹੁਤ ਘੱਟ ਹੋਏ ਹਨ। ਅਸੀਂ ਉਪਰੋਕਤ ਖੇਤਰਾਂ ‘ਚ ਮਾਰਕਸਵਾਦੀ ਵਿਦਵਾਨਾਂ ਦੁਆਰਾ ਕੀਤੇ ਕੰਮ ਤੋਂ ਪਾਠਕਾਂ ਨੂੰ ਜਾਣੂ ਕਰਾਉਣ ਦੇ ਮਕਸਦ ਨਾਲ਼ ਸਹਿੰਸਰਾ ਦੇ ਲੇਖਾਂ ਨੂੰ ਪ੍ਰਕਾਸ਼ਿਤ ਕਰ ਰਹੇ ਹਾਂ। ਉਹਨਾਂ ਦੇ ਸਾਰੇ ਵਿਚਾਰਾਂ ਨਾਲ ਸਾਡੀ ਸਹਿਮਤੀ ਜਰੂਰੀ ਨਹੀਂ ਹੈ। – ਸੰਪਾਦਕ]

ਅੱਜ ਸਾਹਿਤ-ਅਧਿਐਨ ਦੀਆਂ ਕਈ ਪ੍ਰਕਾਰ ਦੀਆਂ ਵਿਧੀਆਂ ਚੱਲ ਰਹੀਆਂ ਹਨ, ਜਿਸ ਤਰ੍ਹਾਂ ਸਰੰਚਨਾਵਾਦ, ਪ੍ਰਭਾਵਵਾਦ, ਮਿਥੋਕਾਵਕ, ਅਲੰਕਾਰ ਸਿਧਾਂਤ, ਵਕ੍ਰੋਕਿਤ ਸਿਧਾਂਤ, ਸੁਹਜਵਾਦ (ਐਸਥੈਟਿਕਸ), ਮਨੋਵਿਗਿਆਨ, ਰੀਤੀ ਸਿਧਾਂਤ, ਧੁਨੀ ਸਿਧਾਂਤ, ਸੋਸ਼ਿਆਲੋਜੀ (ਸਮਾਜ ਗਿਆਨ), ਆਦਿ। ਬਹੁਤੀ ਅਲੋਚਨਾ ਇਹਨਾਂ ਵਿਧੀਆਂ ਨਾਲ਼ ਹੋ ਰਹੀ ਹੈ। ਮਾਰਕਸੀ ਵਿਧੀ ਨਾਲ਼ ਅਧਿਐਨ ਨਾ ਹੋਣ ਬਰਾਬਰ ਹੈ। ਡਾਕਟਰ ਜਸਵੀਰ ਸਿੰਘ ਆਹਲੂਵਾਲੀਆ ਤੇ ਪ੍ਰੋ. ਕਿਸ਼ਨ ਸਿੰਘ ਮਾਰਕਸਵਾਦ ਦਾ ਦਮ ਤਾਂ ਭਰਦੇ ਹਨ, ਪਰ ਏਸ ਵਿਧੀ ਨਾਲ਼ ਸਾਹਿਤ ਅਧਿਐਨ ਨਹੀਂ ਕਰਦੇ। ਏਸ ਲਈ ਮਾਰਕਸੀ ਵਿਧੀ ਨੂੰ ਪੇਸ਼ ਕਰਨਾ ਜਰੂਰੀ ਹੋ ਗਿਆ ਹੈ।

ਸਾਹਿਤ ਵਾਚਣ ਦੀ ਮਾਰਕਸੀ ਵਿਧੀ ਡਾਇਲੈਕਟੀਕਲ ਹੈ ਤੇ ਏਸ ਦੀ ਧਿਰ ਪਦਾਰਥਵਾਦ ਹੈ, ਜਿਸ ਵਿਚ ਡਾਇਲੈਕਟਿਕਸ ਤੇ ਪਦਾਰਥਵਾਦ ਆਪਸ ਵਿਚ ਜੁੜਕੇ ਤੇ ਅਟੁੱਟ ਤੌਰ ‘ਤੇ ਇੱਕ ਹੋ ਕੇ ਮਾਰਕਸਵਾਦ ਦਾ ਸਿਧਾਂਤ ਤੇ ਵਿਧੀ ਬਣਾਉਂਦੇ ਹਨ। ਡਾਇਲੈਕਟਿਕਸ ਹਰਕਤ, ਕੁਦਰਤ, ਮਨੁੱਖੀ ਸਮਾਜ ਤੇ ਸੋਚ ਦੇ ਅਤਿ ਸਧਾਰਨ ਕਨੂੰਨਾਂ ਦੀ ਸਾਇੰਸ ਅਥਵਾ ਸਹੀ ਜਾਣਕਾਰੀ ਹੈ। ਇਹ ਵਿਧੀ ਵਿਕਾਸ ਦੀ ਵਿਧੀ ਹੈ, ਸਮਾਜ ਅੰਦਰ ਬਦਲੀ ਦੀ ਵਿਧੀ ਹੈ। ਜਦੋਂ ਏਸ ਵਿਧੀ ਨਾਲ਼ ਸਮਾਜ ਦੇ ਵਿਕਾਸ ਦੀ ਵਿਆਖਿਆ ਕੀਤੀ ਜਾਏ ਦਾਂ ਇਹ ਇਤਿਹਾਸਕ ਪਦਾਰਥਵਾਦੀ ਹੁੰਦੀ ਹੈ। ਬਹੁਤੀ ਇਤਿਹਾਸਕ ਪਦਾਰਥਵਾਦੀ ਵਿਧੀ ਹੀ ਸਾਹਿਤ ਨੂੰ ਵਾਚਣ ਤੇ ਪਰਖਣ ਲਈ ਲਾਗੂ ਹੁੰਦੀ ਹੈ। ਕਿਉਂਕਿ ਸਾਹਿਤ ਵੀ ਸਮੇਂ ਦੇ ਸਮਾਜ ਦੀਆਂ ਪਦਾਰਥਕ ਹਾਲਤਾਂ ਦਾ ਸ਼ੀਸ਼ਾ ਹੁੰਦਾ ਹੈ, ਏਸ ਲਈ ਇਹ ਇਤਿਹਾਸਕ ਸ਼ੈਅ ਹੁੰਦੀ ਹੈ। ਏਸ ਨਜ਼ਰੀਏ ਤੋਂ ਵੇਖੀਏ ਤਾਂ ਹਰ ਸਾਹਿਤ ਕਿਸੇ ਨਾਲ਼ ਕਿਸੇ ਕਿਸਮ ਦੇ ਜਮਾਤੀ ਹਿਤ ਪ੍ਰਗਟ ਕਰਦਾ ਹੈ।

ਮਾਰਕਸਵਾਦ ਤੋਂ ਪਹਿਲਾਂ ਦੋ ਹੋਰ ਫ਼ਲਸਫ਼ੀ ਵਿਧੀਆਂ ਪ੍ਰਚੱਲਤ ਸਨ, ਜੋ ਅਜੇ ਵੀ ਚੱਲ ਰਹੀਆਂ ਹਨ। ਮਾਰਕਸੀ ਫ਼ਿਲਾਸਫੀ ਇਹਨਾਂ ਦੋਹਾਂ ਤੋਂ ਨਿਰੀ ਨਿਆਰੀ ਹੀ ਨਹੀਂ, ਸਗੋਂ ਵਿਰੋਧੀ ਹੈ। ਜਿਸ ਲਈ ਮਾਰਕਸੀ ਵਿਧੀ ਇਹਨਾਂ ਤੋਂ ਅੱਖਾਂ ਨਹੀਂ ਮੀਟਦੀ, ਚੌਕਸ ਰਹਿੰਦੀ ਹੈ। ਉਹ ਸਮਾਜੀ ਹਾਲਤਾਂ, ਕੁਦਰਤ ਦੇ ਗਿਆਨ ਤੰਤਰ ਤੇ ਸਾਹਿਤ ਵਿੱਚ ਰਚਤ ਇਹਨਾਂ ਵਿਧੀਆਂ ਦਾ ਖੰਡਣ ਕਰਦੀ ਹੈ। ਇਹ ਦੋਵੇਂ ਵਿਕਾਸ ਤੇ ਇਨਕਲਾਬ ਰੋਕੂ ਪਿਛਾਖੜ ਦੀਆਂ ਫ਼ਿਲਾਸਫੀਆਂ ਹਨ। ਲੋਕਾਂ ਦੇ ਮਨਾਂ ਵਿੱਚੋਂ ਇਹਨਾਂ ਨੂੰ ਪਛਾੜ ਕੇ ਹੀ ਸੋਸ਼ਲਿਜ਼ਮ ਵਜੂਦ ਵਿਚ ਆ ਸਕਦਾ ਹੈ ਤੇ ਆਇਆ ਹੈ। ਏਸ ਲਈ ਇਹਨਾਂ ਵਿਧੀਆਂ ਦੀ ਸਪੱਸ਼ਟਤਾ ਬਹੁਤ ਜਰੂਰੀ ਹੈ। ਕਿਸੇ ਸਾਹਿਤ ਰਚਨਾ ਨੂੰ ਵਾਚਣ ਸਮੇਂ ਮਾਰਕਸੀ ਵਿਧੀ ਵੇਖਦੀ ਹੈ ਕਿ ਵਾਚਣ ਗੋਚਰਾ ਸਾਹਿਤ ਡਾਇਲੈਕਟੀ ਹੈ ਜਾਂ ਇਹਨਾਂ ਦੋ ਵਿਧੀਆਂ ਵਿਚੋਂ ਕਿਹੜਾ ਹੈ।

ਇੱਕ ਮਕੈਨੀਕਲ ਹੈ, ਭਾਵ ਮਸ਼ੀਨੀ। ਜਿਸ ਤਰ੍ਹਾਂ ਮਸ਼ੀਨ ਚੀਜ਼ਾਂ ਵਸਤਾਂ ਬਣਾ ਬਣਾ ਧਰੀ ਜਾਂਦੀ ਹੈ। ਪਰ ਉਹਨਾਂ ਵਿਚ ਜਾਨ ਨਹੀਂ ਪਾ ਸਕਦੀ। ਚੀਜ਼ਾਂ ਭਾਵੇਂ ਚੰਗੀਆਂ ਤੇ ਲਾਹੇਵੰਦ ਹੋਣ ਪਰ ਆਪ ਵਿਕਾਸਹੀਣ ਹੁੰਦੀਆਂ ਹਨ। ਇਹ ਵਿਧੀ ਕੁਦਰਤ ਦੇ ਭਾਣਿਆਂ, ਦ੍ਰਿਸ਼ਾਂ, ਕੌਤਕਾਂ, ਲੋਕ ਜੀਵਨ ਦੀਆਂ ਝਾਕੀਆਂ, ਮਨੁੱਖੀ ਮਨਾਂ ਦੇ ਜਜ਼ਬਿਆਂ ਤੇ ਸੱਧਰਾਂ ਨੂੰ ਸਾਹਿਤ ਵਿਚ ਉਂਝ ਦਾ ਉਂਝ ਨਿਧਰਾ-ਸਿਧਰਾ ਸਵੈ ਉਪਜ ਪੇਸ਼ ਕਰ ਜਾਂਦੀ ਹੈ। ਪਰ ਏਸ ਵਿਚ ਕੋਈ ਵਿਕਾਸ ਦੀ ਮਾਤਰਾ ਨਹੀਂ ਹੁੰਦੀ। ਨਾ ਵਿਕਾਸ ਨਾਲ਼ ਕੋਈ ਵਾਸਤਾ ਹੁੰਦਾ ਹੈ ਤੇ ਨਾ ਡਾਇਲੈਕਟਿਕਸ ਨਾਲ਼। ਸਾਹਿਤ ਵਿਚ ਭਾਵੇਂ ਇਕ ਪ੍ਰਕਾਰ ਦੀ ਵਾਸਤਵਿਕਤਾ ਹੈ ਤੇ ਕੁਦਰਤੀ ਦ੍ਰਿਸ਼ਾਂ, ਸੁਹੱਪਣਾਂ, ਸੁਹਜਾਂ, ਕੁਹਜਾਂ, ਮਨੁੱਖੀ ਕਰਨੀਆਂ, ਭਰਨੀਆਂ, ਜਜ਼ਬਿਆਂ, ਤਾਘਾਂ ਉਪਰਾਮਤਾਵਾਂ, ਇਸ਼ਕ ਮਾਸ਼ੂਕੀ, ਕਾਮ ਕਲੋਲ ਆਦਿ ਦੀਆਂ ਸਾਹਿਤਿਕ ਲਿਖਤਾਂ ਦੇ ਜਾਂਦੀ ਹੈ। ਕੁਦਰਤ ਤੇ ਸਮਾਜ ਨੂੰ ਸਵੈ ਚਾਲੂ ਦਸਦੀ ਹੈ, ”ਚਲਦੀ ਨੂੰ ਚਲਣ ਦਿਉ ਸਾਨੂੰ ਕੀ” ਦੀ ਪ੍ਰਤੀਕ ਹੈ ਤੇ ਹਾਕਮ ਜਮਾਤਾਂ ਦੇ ਮੂੰਹ ਆਉਣਾ ਨਹੀਂ ਮੰਗਦੀ। ਇਹ ਬੁਰਜੂਆ ਰੁਚੀ ਦਾ ਸਾਹਿਤ ਹੁੰਦਾ ਹੈ ਤੇ ਸਾਰੀਆ ਅਣਮਾਰਕਸੀ ਅਲੋਚਕ ਵਿਧੀਆਂ, ਸਣੇ ਸੋਸ਼ਆਲੋਜੀ ਦੇ, ਏਸੇ ਖਾਤੇ ਵਿਚ ਆਉਂਦੀਆਂ ਹਨ।

ਦੂਸਰੀ ਹੈ, ਮੈਟਾਫਿਜ਼ਿਕਸ (ਅਣਸਰੀਰਤਾ)। ਬੁਨਿਆਦੀ ਤੌਰ੍ਹ ‘ਤੇ ਇਹ ਵਿਕਾਸ ਦੇ ਅਸੂਲ ਤੋਂ ਹਮੇਸ਼ਾ ਇਨਕਾਰੀ ਹੈ। ਇਹ ਵਿਕਾਸ ਅੰਦਰਲੇ ਸੋਮੇ ਨੂੰ ਨਹੀਂ ਮੰਨਦੀ, ਸਗੋਂ ਏਸ ਦਾ ਵਿਕਾਸ ਪਾ ਰਹੀਆਂ ਵਸਤਾਂ ਤੋਂ ਬਾਹਰ ਕੋਈ ਹੋਰ ਅਦਿਸ (ਅਣਸਰੀਰੀ) ਸੋਮਾ ਦੱਸਦੀ ਹੈ ਤੇ ਉਹ ਹੈ ਰੱਬ, ਆਤਮਾ ਜਾਂ ਵਿਚਾਰ ਤੇ ‘ਹੁਕਮ’ ਜਾਂ ‘ਭੈਅ’। ਏਸ ਲਈ ਡਾਇਲੈਕਟਿਕਸ ਤੇ ਮੈਟਾਫਿਜ਼ਿਕਸ ਦਾ ਆਪਸੀ ਕੋਈ ਮੇਲ਼ ਨਹੀਂ, ਸਗੋਂ ਵਿਰੋਧ ਹੈ। ਏਸ ਨੂੰ ਇਸ਼ਟਵਾਦ ਜਾਂ ਵਿਚਾਰਧਾਰੀ ਵੀ ਆਖ ਲਿਆ ਜਾਂਦਾ ਹੈ। ਇਹ ਫਿਊਡਲਤਾ ਸ਼ਾਹੀ ਨਜ਼ਰੀਆ ਸੀ, ਜਿਸ ਨੂੰ ਹੁਣ ਬੁਰਜੁਆਜ਼ੀ ਵੀ ਅਪਣਾ ਤੁਰੀ ਹੈ।

ਮਾਰਕਸੀ ਵਿਧੀ ਸਾਹਿਤ ਦਾ ਨਿਰਣਾ ਕਰਨ ਵਾਸਤੇ ਸਾਹਿਤ ਕਿਰਤ ਨੂੰ ਪੂਰੀ ਸਾਇੰਸੀ (ਸੱਚੋ-ਸੱਚ) ਦ੍ਰਿਸ਼ਟੀ ਨਾਲ਼ ਵੇਖੇਗੀ, ਤਾਂ ਜੋ ਪਤਾ ਲੱਗੇ, ਕਿ ਵਾਚਣ ਗੋਚਰੀ ਸਾਹਿਤ ਕਿਰਤ ਮਕੈਨਕੀ ਹੈ, ਮੈਟਾਫਿਜ਼ਿਕੀ ਹੈ ਜਾਂ ਡਾਇਲੈਕਟੀ। ਇਹ ਨਿਰਨਾ ਡਾਇਲੈਕਟੀ ਕਨੂੰਨਾਂ ਤੇ ਇਹਨਾਂ ਦੀਆਂ ਪ੍ਰਣਾਲੀਆਂ ਨਾਲ਼ ਘਸਵਟ ਕੇ ਕੀਤਾ ਜਾਂਦਾ ਹੈ।

ਲੈਨਿਨ ਦਾ ਕਥਨ ਹੈ, ”ਸਾਹਿਤ ਲੋਕ ਜੀਵਨ ਦਾ ਸ਼ੀਸ਼ਾ ਹੁੰਦਾ ਹੈ।” ਸਾਹਿਤ ਵਾਚਣ ਸਮੇਂ ਇਹ ਵੇਖਣਾ ਪੈਂਦਾ ਹੈ, ਕਿ ਕੋਈ ਸਾਹਿਤ ਕਿਰਤ ਲੋਕ ਜੀਵਨ ਕਿੰਨਾ ਕੁ ਤੇ ਕਿਸ ਤਰ੍ਹਾਂ ਦਰਸਾ ਗਈ ਹੈ ਤੇ ਜੋ ਦਰਸਾਇਆ ਹੈ, ਉਹ ਕਿੰਨਾ ਕੁ ਸੱਚਾ, ਸੁੰਦਰ ਜਾਂ ਕੁਹਜਾ ਹੈ। ਇਹ ਨਿਰਨਾ ਕਰਨ ਲਈ ਡਾਇਲੈਕਟੀ ਕਨੂੰਨ ਦੀ ”ਵਸਤੂ ਤੇ ਰੂਪ” (ਕਨਟੈਂਟ ਤੇ ਫਾਰਮ”) ਦੇ ਮੇਲ ਅਣਮੇਲ਼ ਦੀ ਪ੍ਰਣਾਲ਼ੀ ਵਰਤੀ ਜਾਂਦੀ ਹੈ। ਵੇਖਿਆ ਜਾਂਦਾ ਹੈ ਕਿ ਸਾਹਿਤ ਕਿਰਤ ਵਿੱਚ ਵਸਤੂ ਕੀ ਹੈ ਤੇ ਏਸ ਨੂੰ ਪ੍ਰਕਾਸ਼ਮਾਨ ਕਰਨ ਜਾਂ ਪਹਿਰਾਵਾ ਦੇਣ ਲਈ ਕਿਹੜਾ ਜਚਵਾਂ ਤੇ ਸੁਚੱਜਾ ਰੂਪ ਦਿੱਤਾ ਗਿਆ ਹੈ, ਰੂਪ ਵਸਤੂ ਨਾਲ਼ ਮੇਲ ਖਾ ਰਿਹਾ ਹੈ ਜਾਂ ਨਹੀਂ। ਜੇ ਨਹੀਂ ਖਾ ਰਿਹਾ ਤਾਂ ਰੂਪ ਨੂੰ ਬਦਲਣ ਦੀ ਲੋੜ ਉੱਠ ਖੜੀ ਹੁੰਦੀ ਹੈ। ਵਸਤੂ ਵਿਧੀ ਦਾ ਫੈਸਲਾ ਕਰਦੀ ਹੈ ਕਿ ਇਹ ਮਕੈਨਕੀ ਹੈ, ਵਿਚਾਰਧਾਰੀ ਹੈ ਜਾਂ ਡਾਇਲੈਕਟੀ, ਜਿਸ ਤਰ੍ਹਾਂ :

ਮੋਹਨ ਕਾਹਲੋਂ ਦੇ ਨਾਵਲਾਂ ਦੀ ਵਸਤੂ ਹੈ, ਕਾਮ ਖੇਡ। ਇਹ ਵਸਤੂ ਤੇ ਏਸਦਾ ਸਾਰਾ ਰੂਪ ਬੇਸ਼ਕ ਵਾਸਤਵਿਕ ਤੇ ਨਿਰੋਲ ਪਦਾਰਥੀ ਉਸਾਰ ਹੈ, ਪਰ ਇਹ ਸਮਾਜ ਦੇ ਨਾ ਅਗਾਂਹ ਜਾਣ ਅਤੇ ਨਾ ਪਿਛਾਂਹ ਰਹਿਣ ਦਾ ਸੂਚਕ ਹੈ ਤੇ ਮਸ਼ੀਨ ਵਾਂਗ ਖੜਾ ਆਪਣੇ ਪੁਰਜ਼ਿਆਂ (ਰੂਪ) ਨੂੰ ਹਿਲਾਈ ਜਾਂਦਾ ਹੈ। ਇਹ ਮੈਕਾਨਕੀ ਵਿਧੀ ਹੈ।

ਦੂਸਰੇ: ਭਾਈ ਵੀਰ ਸਿੰਘ ਦੀਆਂ ਇਹ ਪੰਗਤੀਆਂ ਵਿਚਾਰੀਏ :
ਸੁਫਨੇ ਵਿੱਚ ਤੁਸੀਂ ਮਿਲੇ ਅਸਾਨੂੰ ਅਸਾਂ ਧਾ ਗਲਵਕੜੀ ਪਾਈ।
ਨਿਰਾ ਨੂਰ ਤੁਸੀਂ ਹਥ ਨਾ ਆਏ ਸਾਡੀ ਕੰਬਦੀ ਰਹੀ ਕਲਾਈ।
ਧਾ ਚਰਨਾ ਤੇ ਸੀਸ ਨਿਵਾਇਆ ਸਾਡੇ ਮਥੇ ਛੂਹ ਨਾ ਪਾਈ।
ਤੁਸੀਂ ਉਚੇ ਅਸੀਂ ਨੀਵੇਂ ਸਾਂ ਸਾਡੇ ਪੇਸ਼ ਨ ਗਯਾ ਕਾਈ।

ਇਹਨਾਂ ਪੰਕਤੀਆਂ ਦੀ ਵਸਤੂ ”ਸੁਫਨੇ ਵਿਚ ਤੁਸਾਂ ਦਾ ਮਿਲਣਾ ਹੈ।” ਸਾਫ਼ ਹੈ, ਕਿ ਇਹ ਮੇਲ ਵਿਚਾਰਕ ਹੈ, ਅਨਸਰੀਰੀ ਹੈ, ਮੈਟਾਫਿਜ਼ਕੀ ਹੈ ਤੇ ਬਾਕੀ ਸਾਰੀ ਕਾਵਿ ਸਮੱਗਰੀ ਏਸ ਦਾ ਰੂਪ ਹੈ। ਜੋ ਇਕ ਉਪਾਸ਼ਕ ਤੇ ਸੇਵਕ ਦੀ ਖਿਆਲੀ ਸਰਗਰਮੀ ਹੈ। ਇਹ ਸਭ ਵਿਚਾਰਧਾਰੀ ਗੱਲਾਂ ਹਨ। ਏਸ ਲਈ ਇਹ ਕਵਿਤਾ ਮੈਟਾਫਿਜ਼ਕੀ ਭਾਵ ਵਿਚਾਰਧਾਰੀ ਹੈ।

‘ਦ੍ਰਿਸ਼ਟੀ’ ਜਲੰਧਰ ਦੇ ਨਵੰਬਰ 1975 ਦੇ ਪਰਚੇ ਵਿਚ ਸੁਖਵੰਤ ਕੌਰ ਮਾਨ ਦਾ ਛੋਟਾ ਜਿਹਾ ਨਾਵਲ ”ਉਹ ਨਹੀਂ ਆਉਣਗੇ” ਛਪਿਆ ਹੈ। ਏਸ ਦੀ ਵਸਤੂ ਹੈ, ਕਿ ਫਿਊਡਲ ਸ਼ਾਹੀ ਤੇ ਬਰਾਦਰੀਆਂ ਦੇ ਸਮਾਜ ਦੇ ਚਲੇ ਗਏ ਦਿਨ ਹੁਣ ਨਹੀਂ ਆਉਣਗੇ। ਰੂਪ ਹੈ, ਨਵੇਂ ਸਰਮਾਏਦਾਰ ਯੁੱਗ ਦੀ ਵਰਤੋਂ ਵਿਹਾਰ ਤੇ ਰਹਿਤ ਮਰਿਆਦਾ ਦੇ ਸਿਰ ਚੜ੍ਹ ਆਉਣ ਨਾਲ਼ ਪੁਰਾਣਿਆਂ ਦੀ ਸਮਾਈ ਮੁਸ਼ਕਲ ਨਾਲ਼ੋਂ ਵਧੇਰੇ ਅਸੰਭਵ ਹੋ ਗਈ ਹੈ। ਇਹ ਪੁਰਾਣੇ ਦੀ ਡਾਇਲੈਕਟੀ ਨਗੇਸ਼ਨ ਹੈ ਤੇ ਨਵੇਂ ਦੀ ਆਮਦ ਹੈ। ਇਹੀ ਇਤਿਹਾਸਕ ਪਦਾਰਥਵਾਦੀ ਵਿਧੀ ਹੈ ਜਿਸ ਨੇ ਇਤਿਹਾਸ ਦੀ ਵਾਪਰਤਾ ਨੂੰ ਬੜੀ ਖੁਸ਼ੀ ਨਾਲ਼ ਦਰਸਾਇਆ ਹੈ।

ਵਸਤੂ ਰੂਪ ਤੋਂ ਬਿਨਾਂ ਨਹੀਂ ਹੋ ਸਕਦੀ। ਰੂਪ ਵਸਤੂ ਦੇ ਅੰਦਰਲੇ ਪ੍ਰਬੰਧ ਦਾ ਹੀ ਉਸਾਰ ਹੁੰਦਾ ਹੈ, ਜੋ ਵਸਤੂ ਦੀ ਹੋਂਦ ਨੂੰ ਅਵਸ਼ਕ ਬਣਾਉਂਦਾ ਹੈ। ਏਸ ਲਈ ਵਸਤੂ ਤੇ ਰੂਪ ਜੁਟ ਹੋ ਕੇ ਚਲਦੇ ਹਨ। ਪਰ ਬੁਨਿਆਦੀ ਸ਼ੈ ਵਸਤੂ ਹੈ ਤੇ ਇਹੋ ਰੂਪ ਘਾੜ ਦਾ ਫੈਸਲਾ ਕਰਦੀ ਹੈ। ਜਿਸ ਤਰ੍ਹਾਂ ਕਾਹਲੋਂ ਦੇ ਨਾਵਲਾਂ ਦੀ ਵਸਤੂ ਕਾਮ ਖੇਡ ਹੈ ਤੇ ਏਸੇ ਦੀਆਂ ਕਹਾਣੀਆਂ ਏਸ ਦਾ ਰੂਪ। ਰੂਪ ਵਸਤੂ ਉੱਤੇ ਅਧਾਰਿਤ ਹੁੰਦਾ ਹੈ। ਪਰ ਨਿਰੀ ਵਸਤੂ ਹੀ ਰੂਪ ਉੱਤੇ ਅਸਰ ਨਹੀਂ ਪਾਉਂਦੀ, ਮੁੜਦੇ ਪੈਰੀਂ ਰੂਪ ਵੀ ਵਸਤੂ ਉੱਤੇ ਅਸਰ ਪਾਉਂਦਾ ਹੈ। ਜੇ ਕਾਹਲੋਂ ਕਾਮ ਖੇਡ ਦੀਆਂ ਝਾਕੀਆਂ ਪੇਸ਼ ਨਾ ਕਰਦਾ ਤਾਂ ਵਸਤੂ ਵੱਲ ਕਿਨ੍ਹੇ ਧਿਆਨ ਦੇਣਾ ਸੀ। ਭਾਵ ਨਾਵਲ ਕਿਨ੍ਹੇ ਖਰੀਦਣੇ ਸਨ। ਏਸ ਲਈ ਸਾਹਿਤ ਵਿਚ ਇਹ ਦੋਵੇਂ ਪੱਖ ਰਲ਼-ਮਿਲ਼ ਕੇ ਭਾਵ ਡਾਇਲੈਕਟੀ ਤੌਰ ‘ਤੇ ਚਲਦੇ ਹਨ। ਏਸ ਤਰ੍ਹਾਂ ਇਹਨਾਂ ਦਾ ਮੇਲ਼ ਕਹਾਣੀ ਨੂੰ ਤੋਰਦਾ ਹੈ।

ਪਰ ਮਾਰਕਸੀ ਨੁਕਤੇ ਤੋਂ ਅਮਲੀ ਸਰਗਰਮੀਆਂ ਦੇ ਸਾਹਿਤਕ ਉਤਾਰ ਵਿਚ ਕਿਸੇ ਹਾਲਤ ਵਿਚ ਵੀ ਸਮਾਜੀ ਜੀਵਨ ਦੇ ਪੁਰਾਣੇ ਖੁਰੇ ਰੂਪਾਂ ਨੂੰ ਚਿੰਬੜੇ ਨਹੀਂ ਰਹਿਣਾ ਚਾਹੀਦਾ।

ਸਾਹਿਤਕਾਰ ਦਾ ਫਰਜ਼ ਬਣਦਾ ਹੈ, ਕਿ ਉਹ ਵਸਤੂ ਨੂੰ ਲੋਕ ਹਿਤੂ ਬਨਾਉਣ ਲਈ ਏਸ ਦੇ ਰੂਪ ਭਾਵ ਸਮਕਾਲੀ ਜੀਵਨ ਦੀ ਵਾਸਤਵਿਕਤਾ ਨੂੰ ਸੰਵਾਰਨ ਸ਼ਿੰਗਾਰਨ ਤੇ ਨਿਖਾਰਨ ਦੀ ਅਜਿਹੀ ਸੁਜੱਚੀ ਕਲਾ ਵਿਖਾਵੇ ਕਿ ਉਸਦਾ ਸੱਚ, ਲੋਕਾਂ ਦੇ ਮਨਾਂ ਵਿਚ ਵੱਸਦਾ ਜਾਵੇ। ਸਾਹਿਤ ਦੀ ਰੂਪ ਨਿਖਾਰਨ ਦੀ ਅਜਿਹੀ ਕਲਾ ਨੂੰ ਸੁਹਜ (ਐਸਥੈਟਿਕਸ) ਆਖਿਆ ਜਾਂਦਾ ਹੈ। ਏਸ ਲਈ ਰੂਪ ਨੂੰ ਜਿੰਨਾ ਸੋਹਜਿਆ ਸੰਵਾਰਿਆ ਜਾਏਗਾ, ਵਸਤੂ ਉਨ੍ਹੀ ਲੋਕ ਪ੍ਰਵਾਨਤ ਹੋਵੇਗੀ। ਪਰ ਇਹ ਸੁਹਜ ਸੰਵਾਰ ਸਮਾਜੀ ਵਾਸਤਵਿਕਤਾ ਦਾ ਪ੍ਰਤੀਕ ਹੋਣਾ ਚਾਹੀਦਾ ਹੈ, ਨਾ ਕਿ ਸਾਹਿਤਕਾਰ ਦਾ ਆਪਣਾ ਨਿੱਜੀ ਵਿਚਾਰ ਦਰਸ਼ਨ। ਜਿਸ ਤਰ੍ਹਾਂ ਗਾਸੇ ਨੇ ਆਪਣੇ ਪਹਿਲੇ ਦੋ ਨਾਵਲਾਂ ਵਿਚ ਕੀਤਾ ਹੈ, ਜਿੱਥੇ ਵਸਤੂ ਦੀ ਜੜ੍ਹ ਹੀ ਮਾਰ ਦਿੱਤੀ।

ਕਲਾ ਦੇ ਸਿਲਸਿਲੇ ਵਿਚ ਵਿਚਾਰਵਾਦੀ ਸੁਹਜ (ਐਸਥੈਟਿਕਸ) ਵਾਸਤਵਿਕਤਾ ਨੂੰ ਕੋਈ ਜਰੂਰੀ ਨਹੀਂ ਸਮਝਦਾ। ਉਸ ਮੁਤਾਬਿਕ ‘ਸੱਚ’ ਕਲਾਕਾਰ ਦੀ ਸਭ ਤੋਂ ਅੱਡਰੀ ਆਪ ਹੁਦਰੀ (ਸਬਜੈਕਟਿਵ) ਕਾਰ ਹੈ। ਉਹ ਏਸ ਗੱਲ ਦੀ ਪਰਵਾਹ ਨਹੀਂ ਕਰਦਾ, ਕਿ ਉਹਦਾ ਸੱਚ ਸੰਸਾਰ ਦੀ ਪ੍ਰਤੱਖਤਾ ਦੀ ਤਸਵੀਰ ਹੈ ਵੀ ਕਿ ਨਹੀਂ। ਜਿਸ ਤਰ੍ਹਾਂ ਭਾਈ ਵੀਰ ਸਿੰਘ ਦਾ ਸਾਹਿਤਕ ਸੱਚ ਉਸ ਦੇ ਵੇਲ਼ੇ ਦੇ ਪੰਜਾਬ ਦਾ ਪੂਰਾ ਸੱਚ ਨਹੀਂ, ਕੇਵਲ ਮੁੱਠ ਕੁ ਚੀਫ ਸਰਕਾਰਾਂ ਦੇ ਹਿਤਾਂ ਦਾ ਸੱਚ ਹੈ। ਪੰਜਾਬ ਉੱਤੇ ਅੰਗਰੇਜ਼ ਦੀ ਗੁਲਾਮੀ, ਉਸ ਦੀ ਲੁੱਟ ਖੋਹ, ਜ਼ੁਲਮ ਸਿਤਮ, ਗੋਲ਼ੀਆਂ, ਫਾਂਸੀਆਂ, ਡਾਂਗਾਂ, ਸੋਟਿਆਂ ਦੀਆਂ ਮਾਰਾਂ, ਘਰ ਉਜਾੜੇ, ਜ਼ੇਲ੍ਹ ਬੰਦੀਆਂ ਤੇ ਏਸ ਤੋਂ ਦੁਖੀ ਲੋਕਾਂ ਦੀ ਕੁਰਲਾਟ ਉਹਦੇ ਰੂਪ ਦੇ ਸੁਹਜ ਦਾ ਸੱਚ ਨਹੀਂ ਬਣੀ।

ਲੈਨਿਨ ਦੇ ਸ਼ਬਦਾਂ ਵਿਚ ਕਲਾ ਆਤਮਕ ਸਰਗਰਮੀਆਂ ਦਾ ਉਹ ਰੂਪ ਹੈ, ਜਿਸ ਦਾ ਆਪਣਾ ਅਧਾਰ ਪਦਾਰਥੀ ਹੁੰਦਾ ਹੈ। ਏਸ ਲਈ ਮਾਰਕਸੀ ਵਿਧੀ ਕਿਸੇ ਕਲਾ ਕਿਰਤ ਦੀ ਵੱਡੀ ਪਰਖ ਏਸ ਗੱਲ ਤੋਂ ਕਰਦੀ ਹੈ, ਕਿ ਏਸ ਵਿਚ ਕਿਹੜੀ ਵਾਸਤਵਿਕਤਾ ਵਰਤੀ ਗਈ ਹੈ। ਇਹ ਵਾਸਤਵਿਕਤਾ ਸਮਾਜ ਅੰਦਰ ਹੋ ਰਹੀ ਮਾਨਸਕ ਜਾਂ ਪਦਾਰਥਕ ਤਬਦੀਲੀ ਦੀ ਤੋਰ ਜਾਂ ਰੁਮਕ ਰਹੇ ਵਿਕਾਸ ਨੂੰ ਦਰਸਾਉਂਦੀ ਹੈ ਕਿ ਨਹੀਂ। ਸਾਹਿਤ ਦੀ ਹਰ ਗੰਭੀਰ ਕਿਰਤ ਮਨੁੱਖੀ ਜੀਵਨ ਜਾਂ ਸੋਚ ਦੀ ਸਹੀ ਲਿਖਤ ਹੈ, ਜਿਸ ਵਿਚ ਸਮੇਂ ਦੇ ਅਸਲੀ ਇਤਿਹਾਸਕ ਅਮਲਾਂ ਨੂੰ ਦਰਸਾਇਆ ਗਿਆ ਹੋਵੇ। ਭਾਵੇਂ ਉਹ ਅਧਿਆਤਮਕ ਹੋਣ ਤੇ ਭਾਵੇਂ ਪਦਾਰਥੀ। ਜਿਸ ਤਰ੍ਹਾਂ ਵਾਰਿਸ਼ ਸ਼ਾਹ ਦੀ ਕਾਵਿ ਕਿਰਤ ਆਪਣੇ ਸਮੇਂ ਦੀ ਅਧਿਆਤਮਤਾ ਤੇ ਪਦਾਰਥਕਤਾ ਦੀ ਅਸਲੀ ਤਸਵੀਰ ਹੈ।

ਵਿਧੀਵਰ ਪੰਜਾਬੀ ਸਾਹਿਤ ਨੂੰ ਵੇਖੀਏ ਤਾਂ :- ਮੋਹਣ ਕਾਹਲੋਂ, ਸੰਤੋਖ ਸਿੰਘ ਧੀਰ ਦਾ ‘ਉਹ ਦਿਨ’ ਤੇ ‘ਪ੍ਰੀਤ’ ਵਰਗੇ ਹੋਰ ਨਾਵਲ ਤੇ ਏਸ ਤਰ੍ਹਾਂ ਦੀਆਂ ਕਹਾਣੀਆਂ ਭਾਵੇਂ ਸ਼ੈਲੀ ਦੀ ਖੂਬੀ ਤੇ ਸੁਹਜ ਪੱਖੋਂ ਸਲਾਹੁਣਯੋਗ ਹਨ ਤੇ ਸਮੇਂ ਦੀਆਂ ਹਾਲਤਾਂ ਅਨੁਸਾਰ ਕਾਮ ਸੰਬੰਧਾਂ ਦਾ ਯਥਾਰਥ ਹਨ। ਪਰ ਇਹਨਾਂ ਦੀ ਵਸਤੂ ਕਾਮ ਖੇਡ ਹੈ। ਇਹ ਵਸਤੂ ਸਮਾਜ ਦੇ ਕਿਸੇ ਵਿਕਾਸ ਦੀ ਭਾਗੀ ਨਾ ਹੋਣ ਕਰਕੇ ਏਸ ਦੇ ਰੂਪ ਵਕਤੀ ਸਵਾਦ ਜਾਂ ਆਨੰਦ ਦੇਣ ਤੋਂ ਸਿਵਾ ਸਮਾਜ ਦਾ ਹੋਰ ਕੁਝ ਨਹੀਂ ਸਵਾਰ ਸਕਦਾ। ਬੇਸ਼ਕ ਇਹ ਰੂਪ ਪਦਾਰਥਵਾਦੀ ਵੀ ਹਨ ਤੇ ਵਾਸਵਿਕਤਾ ਦੇ ਗੁਣ ਵੀ ਰੱਖਦੇ ਹਨ, ਪਰ ਫ਼ਿਲਾਸਫੀ ਪੱਖੋਂ ਖੁਸਰੇ ਹਨ, ਮਕੈਨਕੀ ਹਨ। ਏਸੇ ਤਰ੍ਹਾਂ ਪ੍ਰੇਮ ਗੋਰਖੀ ਦੀਆਂ ਵਿਹੜੇ ਦੀਆਂ ਕਹਾਣੀਆਂ ਵੀ ਮਕੈਨਕੀ ਹਨ। ਉਹਨਾਂ ਵਿਚ ਵਿਹੜੇ ਅੰਦਰ ਮਾਲਕ ਜਮਾਤਾਂ ਵਿਰੁੱਧ ਉੱਠ ਰਹੀ ਕਿਸੇ ਜਾਗ ਦੀ ਝਲਕ ਨਹੀਂ ਹੁੰਦੀ। ਏਸ ਤਰ੍ਹਾਂ ਅੱਜ ਕੱਲ੍ਹ ਲਿਖੇ ਜਾ ਰਹੇ ਆਮ ਨਾਵਲ, ਕਹਾਣੀਆਂ, ਕਵਿਤਾਵਾਂ, ਗਜ਼ਲਾਂ ਤੇ ਨਾਟਕ ਬਹੁਤੇ ਆਪੋ ਆਪਣੀ ਵਸਤੂ ਪੱਖੋਂ ਮਕੈਨਕੀ ਹਨ। ਇਨ੍ਹਾਂ ਦੀ ਵਸਤੂ ਡਾਇਲੈਕਟੀ ਨਹੀਂ ਹੁੰਦੀ। ਏਸ ਲਈ ਇਹਨਾਂ ਦਾ ਬਿੰਦ ਝੱਟ ਹੀ ਵਾਹਵਾ ਜਾਂ ਫਿਟ ਲਾਹਨਤ ਕਰਵਾ ਲੈਣ ਤੋਂ ਸਿਵਾ ਹੋਰ ਕੋਈ ਸਮਾਜੀ ਮੁੱਲ ਨਹੀਂ ਪੈਂਦਾ।

”ੴ” ਤੋਂ ਲੈ ਕੇ ”ਗੁਰ ਪ੍ਰਸਾਦਿ” ਤਕ ਸਾਰਾ ਮੂਲ ਮੰਤਰ ਗੁਰਬਾਣੀ ਦੀ ਵਸਤੂ ਹੈ, ਜੋ ਉਸ ਵੇਲੇ ਦੇ ਹਿੰਦੂ ਤੇ ਮੁਸਲਿਮ, ਦੋਹਾਂ ਤੋਂ ਨਿਆਰਤਾ ਦੀ ਸੂਚਕ ਤੇ ਤੀਸਰੀ ਪਦਾਰਥਕ ਲਾਈਨ ਮੰਗਦੀ ਹੈ। ‘ਜਪ’ ਉਸਦਾ ਰੂਪ ਹੈ ਤੇ ਬਾਕੀ ਸਾਰੀ ਗੁਰਬਾਣੀ ਏਸ ਰੂਪ ਦੀ ਸਪੱਸ਼ਟਤਾ, ਵਿਆਖਿਆ ਤੇ ਉਪਦੇਸ਼ ਹੈ। ਇਹ ਵਸਤੂ ਵਿਹਾਰ ਤੇ ਪਦਾਰਥਕਤਾ ਦਾ ਡਾਇਲੈਕਟੀ ਸੰਯੋਗ ਹੈ। ੴ ਵਿਚਾਰ ਹੈ ਤੇ ਗੁਰ ਪ੍ਰਸਾਦਿ ਪਦਾਰਥਕਤਾ ਹੈ। ਰੂਪ ਦੇ ਪ੍ਰਚਾਰ ਦੇ ਜ਼ੋਰ (ਗੁਰਬਾਣੀ ਦੀ ਸਰੀਰਕ ਮੂਰਤ ਪਦਾਰਥਕਤਾ) ਗੁਰਗੱਦੀ ਵਿਚ ਪਲਟ ਜਾਂਦੀ ਤੇ ਸਮਾਂ ਪਾ ਕੇ ਲਹਿਰ (ਸਿੱਖੀ) ਬਣ ਜਾਂਦੀ ਹੈ। ਏਸ ਤਰ੍ਹਾਂ ੴ ਦੇ ਨਾਮ ਦੇ ਅਧਾਰ ਉੱਤੇ ਗੁਰੂ ਦੇ ਪਦਾਰਥਕ ਮਨੁੱਖੀ ਰੂਪ ਨੇ ਸਿੱਖੀ ਦੀ ਲਹਿਰ ਉਪਜਾਈ। ਏਸ ਲਈ ਨਾਨਕਧਾਰਾ ਆਪ ਦੇ ਸਮੇਂ ਅਗਾਂਹ ਤੋਰੂ ਸਾਹਿਤ ਹੈ।

ਭਾਈ ਵੀਰ ਸਿੰਘ ਦਾ ਸਾਰੇ ਦਾ ਸਾਰਾ ਸਾਹਿਤ ਵਿਚਾਰਧਾਰੀ ਤੇ ਮੈਟਾਫਿਜ਼ਕੀ ਹੈ। ਜਿਸ ਦੀ ਵਸਤੂ ਅੰਗਰੇਜ਼ਾਂ ਤੋਂ ਹਾਰ ਕੇ ਉਹਨਾਂ ਦੇ ਹੇਠਾਂ ਲੱਗ ਤੁਰੀ ਸਿੱਖ ਚੀਫ ਜਮਾਤ ਨੂੰ ਸਿੱਖਾਂ ਦਾ ਮੁਖੀ ਬਣਾਉਣਾ ਤੇ ਹਿੰਦੂ ਤੋਂ ਵਖਰੇਵਾਂ ਦਰਸਾਉਣ ਲਈ ਸਿੱਖ ਰਹੁ ਰੀਤ ਨੂੰ ਸੁਰਜੀਤ ਕਰਨਾ ਏਸ ਵਸਤੂ ਨੂੰ ਰੂਪ ਦਿੱਤਾ ਹੈ, ਚੰਗੇ ਸਿੱਖੀ ਗੁਣਾਂ ਵਾਲ਼ੀ ਨਾਵਲਕਾਰੀ ਦਾ, ਸਿੱਖ ਪੰਥ ਨੂੰ ਦੂਸਰੇ ਮਜ਼ਹਬਾਂ ਨਾਲ਼ੋਂ ਸਰੇਸ਼ਟ ਤੇ ਅਗਾਂਹ ਵਧੂ ਦੱਸਣ ਦੇ ਲੇਖਾਂ ਤੇ ਗੋਸ਼ਟੀਆਂ ਦਾ, ਗੁਰੂਆਂ ਦੇ ਚਮਤਕਾਰਾਂ ਦਾ ਤੇ ਅਧਿਆਤਮਕ ਤੇ ਵਿਚਾਰਧਾਰੀ ਕਵਿਤਾ ਦੇ ਅਨੇਕਾਂ ਸੰਗ੍ਰਹਿਆਂ ਦਾ। ਉਸ ਦਾ ਸਾਰੇ ਦਾ ਸਾਰਾ ਸਾਹਿਤ ਸਮਾਜ ਵਿਚ ਉਸਦੀਆਂ ਅੱਖਾਂ ਸਾਹਮਣੇ ਆਈ ਕਿਸੇ ਇਤਿਹਾਸਕ ਬਦਲੀ ਜਾਂ ਵਾਪਰਤਾ ਨੂੰ ਨਹੀਂ ਚਿਤਰਦਾ। ਏਥੋਂ ਤੱਕ ਕਿ ਅੰਗਰੇਜ਼ੀ ਗੁਲਾਮੀ ਦੀ ਦੇਸ ਵਿਚ ਆਈ ਸਭ ਤੋਂ ਵੱਡੀ ਇਤਿਹਾਸਕ ਵਾਪਰਤਾ ਤੋਂ ਜਾਣ ਬੁੱਝ ਕੇ ਅੱਖਾਂ ਮੀਟੀ ਰੱਖਦਾ ਹੈ। ਜਿਸ ਤੋਂ ਉਸ ਦਾ ਸਾਰੇ ਦਾ ਸਾਰਾ ਸਾਹਿਤ ਅੰਗਰੇਜ਼ ਪੂਜ ਸਰਮਾਇਆਦਾਰੀ ਦਾ ਜਮਾਤੀ ਸਾਹਿਤ ਹੋ ਤੁਰਦਾ ਹੈ। ਪੰਜਾਬੀ ਸਮਾਜ ਦਾ ਸਮੂਲ ਨਹੀਂ ਬਣਦਾ।

ਅੱਜ ਪਚਾਨਵੇਂ ਫੀਸਦੀ ਪੰਜਾਬੀ ਸਾਹਿਤ ਬਾਹਲਾ ਇਹਨਾਂ ਹੀ ਦੋ ਵਿਧੀਆਂ ਨੂੰ ਪਰਗਟਾਉਂਦਾ ਹੈ, ਭਾਵ ਮਕੈਨਕੀ ਜਾਂ ਵਿਚਾਰਧਾਰੀ ਅਰਥਾਤ ਮੈਟਾਫਿਜ਼ਕੀ। ਇਤਿਹਾਸਕ ਪਦਾਰਥਵਾਦੀ ਸਾਹਿਤ ਤਾਂ ਆਟੇ ਵਿਚ ਲੂਣ ਬਰਾਬਰ ਵੀ ਨਹੀਂ। ਇਹ ਉਹ ਸਾਹਿਤ ਹੈ, ਜੋ ਕੁਦਰਤੀ ਵਰਤਾਰਿਆਂ ਤੇ ਵਿਆਪਕਤਾਵਾਂ, ਸਮਾਜੀ ਲੋਕ ਰਿਸ਼ਤਿਆਂ ਤੇ ਮਨੁੱਖੀ ਸੋਚਾਂ ਵਿਚ ਹੋ ਗਈਆਂ, ਹੋ ਰਹੀਆਂ ਜਾਂ ਹੋਣ ਵਾਲ਼ੀਆਂ ਬਦਲੀਆਂ ਨੂੰ ਦਰਸਾਂਦਾ ਹੈ। ਪੁਰਾਣੇ ਨੂੰ ਮਿਟਦਾ ਤੇ ਨਵੇਂ ਨੂੰ ਉਭਰਦਾ ਦੱਸਦਾ ਹੈ। ਏਸ ਮਿਟਣ ਤੇ ਉਭਰਨ ਦੇ ਸੰਘਰਸ਼ੀ ਜੀਵਨ ਨੂੰ ਕਲਮ ਬੰਦ ਕਰਦਾ ਹੈ। ਪੁਰਾਤਨ ਸਮਿਆਂ ਤੋਂ ਲੈ ਕੇ ਜਮਾਤੀ ਸਮਾਜ ਦੇ ਹਰ ਯੁੱਗ ਦੀ ਇਹੋ ਡਾਇਲੈਕਟਿਕਸ ਰਹੀ ਹੈ।

ਡਾਇਲੈਕਟੀਕਲ ਫ਼ਿਲਾਸਫੀ ਵਾਸਤੇ ਕੁਝ ਵੀ ਸਥਿਰ ਨਹੀਂ, ਬੇਓੜਕ ਨਹੀਂ, ਪਵਿੱਤਰ ਨਹੀਂ। ਇਹ ਹਰ ਕੁਝ ਦੇ ਆਰਜ਼ੀ ਤੇ ਬਿਨਸਨਹਾਰ ਹੋਣ ਤੇ ਏਸ ਦੀ ਥਾਂ ਨਵੇਂ ਦੇ ਥੱਲੇ ਤੋਂ ਉੱਤੇ ਨੂੰ ਚੜੀ ਜਾਣ ਦੇ ਅਮੁਲ ਅਮਲ ਦੀ ਫ਼ਿਲਾਸਫੀ ਹੈ। ਮਾਰਕਸ ਦੇ ਸ਼ਬਦਾਂ ਵਿਚ ਇਹ ਬਦਲੀਆਂ ਦੀ ਫ਼ਿਲਾਸਫੀ ਹੈ। ਵਿਆਖਿਆ ਦੀ ਫ਼ਿਲਾਸਫੀ ਨਹੀਂ। ਏਸ ਤਰ੍ਹਾਂ ਬਿਨਸੇ ਦੀ ਥਾਂ ਨਵਾਂ ਆ ਜਾਣਾ ਜਾਂ ਨਵੇਂ ਦਾ ਉਤਾਂਹ ਆਉਣ ਲਈ ਪੁਰਾਣੇ ਵਿਰੁੱਧ ਤਰੱਦਦ, ਜਾਂ ਪੁਰਾਣੇ ਦਾ ਕਾਇਮ ਰਹਿਣ ਲਈ ਨਵੇਂ ਨੂੰ ਦਬਾਈ ਰੱਖਣ ਦਾ ਚਾਰਾ ਆਦਿ ਸਭ ਡਾਇਲੈਕਟੀਕਲ ਅਮਲ ਹਨ।

ਉਹੋ ਸਾਹਿਤ ਡਾਇਲੈਕਟੀਕਲ ਹੈ। ਜਿਸ ਦੀ ਵਸਤੂ ਪੁਰਾਣੇ ਦਾ ਬਿਨਸਨਾ ਤੇ ਨਵੇਂ ਦਾ ਉਭਰਨਾ ਅਤੇ ਬਿਨਸਨ ਤੇ ਉਭਰਨ ਵਿਚਲਾ ਖਿੱਚ-ਖਿਚਾਅ, ਅਨਜੋੜ ਜਾਂ ਸੰਘਰਸ਼ ਦਰਸਾਂਦਾ ਹੈ। ਏਸ ਪਰਸੰਗ ਵਿਚ ਵਾਰਸ ਦੀ ਹੀਰ, ਗੁਰਬਖਸ਼ ਸਿੰਘ ਦਾ ‘ਪਰੀਤ ਸਾਹਿਤ’, ਡਾਕਟਰ ਗੁਰਚਰਨ ਸਿੰਘ ਦਾ ‘ਵਗਦੀ ਸੀ ਰਾਵੀ’ ਜਸਵੰਤ ਕੰਵਲ ਦਾ ‘ਹਾਣੀ’ ਗੁਰਦਿਆਲ ਸਿੰਘ ਦੇ ਨਾਵਲ, ਸੁਜਾਨ ਸਿੰਘ, ਕੁਲਵੰਤ ਸਿੰਘ ਵਿਰਕ, ਨਵਤੇਜ, ਰਘਬੀਰ ਢੰਡ, ਪਰੀਤਮ ਬੇਲੀ, ਸੰਤੋਖ ਸਿੰਘ ਧੀਰ ਤੇ ਸ਼ਮਸ਼ੇਰ ਸਿੰਘ ਸੰਧੂ ਦੀਆਂ ਕਹਾਣੀਆਂ, ਓਮ ਪਰਕਾਸ਼ ਗਾਸੋ ਦੇ ਨਾਵਲ ਤੇ ਸੁਖਵੰਤ ਕੌਰ ਮਾਨ ਦਾ ‘ਉਹ ਨਹੀਂ ਆਉਣਗੇ’ ਆਦਿ ਸਾਹਿਤਕ ਕਿਰਤਾਂ ਪੇਸ਼ ਕੀਤੀਆਂ ਜਾ ਸਕਦੀਆਂ ਹਨ। ਅਜਿਹਾ ਸਾਹਿਤ ਹੀ ਅਗਾਂਹ ਵਧੂ ਸਾਹਿਤ ਹੁੰਦਾ ਹੈ।

ਪੰਜਾਬੀ ਇਤਿਹਾਸ ਦੇ ਮੱਧਕਾਲ (ਸਿੱਖ ਰਾਜ ਦੀ ਸ਼ਕਲ ਵਿੱਚ ਪੰਜਾਬ ਦੀ ਆਪਣੀ ਸਰਦਾਰਸ਼ਾਹੀ) ਸਮੇਂ ਮਾਲਕ ਜੱਟ ਬਰਾਦਰੀਆਂ ਵਾਲ਼ੀ ਜਮਾਤ ਦੀ ਗ਼ੈਰ ਮਾਲਕਾਂ ਲੋਕਾਂ ਉੱਤੇ ਛਾਈ ਹੋਈ ਚੌਧਰ ਤੇ ਏਸ ਚੌਧਰ ਦੀ ਪਿੱਠ ਠੋਕ ਰਹੀ ਮੁਗਲ ਸ਼ਹਿਨਸ਼ਾਈ ਦੇ ਕਾਜ਼ੀ ਦੀ ਸ਼ਰਾ ਵਿਰੁੱਧ ਝਾਕ ਪਈ ਲੋਕ ਚੇਤਨਤਾ ਵਾਰਿਸ ਦੀ ਹੀਰ ਦੀ ਵਸਤੂ ਹੈ ਤੇ ਬਾਕੀ ਸਾਰਾ ਕਿੱਸਾ ਉਸ ਦਾ ਰੂਪ ਹੈ। ਸਾਰੇ ਰੂਪ ਵਿੱਚ ਜੱਟਾਂ ਦੀ ਚੰਗੀ ਛੋਈ ਲਾਹੀ ਹੋਈ ਹੈ ਤੇ ਕਾਜ਼ੀ ਦੀ ਸ਼ਰਾ ਦੇ ਮੁਕਾਬਲੇ ਵਿੱਚ ਪੰਜ ਪੀਰ (ਨਵੀਨਤਾ) ਪੇਸ਼ ਕੀਤੇ ਜਾਂਦੇ ਹਨ। ਇਹ ਵਸਤੂ ਡਾਇਲੈਕਟੀ ਹੈ, ਜੋ ਪੁਰਾਣੇ ਦੀ ਨਗੇਸ਼ਨ ਮੰਗਦੀ ਹੈ ਤੇ ਕਿੱਸਾ ਏਸ ਦਾ ਰੂਪ। ਏਸੇ ਤਰ੍ਹਾਂ ਉਸ ਸਮੇਂ ਦਾ ਪੰਜਾਬੀ ਸੂਫੀ ਸਾਹਿਤ, ਜਿਸਦੀ ਵਿਸ਼ਾ ਵਸਤੂ ਅਧਿਆਤਮਤਾ ਦੇ ਜਾਮੇ ਵਿੱਚ ਬਗਦਾਦ ਦੀ ਖਿਲਾਫ਼ਤ ਤੋਂ ਸਥਾਨਕਤਾ (ਪੰਜਾਬੀ ਰਹੁ -ਰੀਤਾਂ) ਲਈ ਆਪ ਮੁਖਤਿਆਰੀ ਮੰਗਣਾ ਹੈ। ਸ਼ਾਹ ਮੁਹੰਮਦ ਦਾ ”ਪੰਜਾਬ ਵਿਚ ਨਵੀਨਤਾ (ਤੀਸਰੀ ਜਾਤ)” ਦਾ ਆਉਣਾ ਦੱਸਣਾ ਤੇ ਬਰਤਾਨਵੀਂ ਸਾਮਰਾਜ ਦਾ ਜਮਾਤੀ ਲੱਛਣ ਪਛਾਨਣਾ” ਉਸ ਸਮੇਂ ਦੇ ਸਮਾਜ ਦਾ ਸਭ ਤੋਂ ਵੱਡਾ ਸੱਚ ਹੈ। ”ਸ਼ਾਹ ਮੁਹੰਮਦਾ ਦੌਲਤਾਂ ਜਮਾਂ ਕਰਦਾ, ਸ਼ਾਹੂਕਾਰ ਦਾ ਪੁਤ ਗੁਮਾਸ਼ਤਾ ਈ”।

ਪੰਜਾਬੀ ਸਾਹਿਤ ਦੇ ਧਾਰਮਿਕ (ਅਧਿਆਤਮਿਕ) ਬੁੱਕਲ ਵਿਚੋਂ ਨਿਕਲਣ ਦਾ ਹੌਸਲਾ ਏਸ ਸਦੀ ਦੇ ਤੀਜੇ ਦਸਿਆ ਅੰਦਰ ਪੈਦਾ ਹੋਇਆ। ਪੰਜਾਬੀ ਸਾਹਿਤ ਅੰਦਰ ਇਹ ਨਵਾਂ ਉੱਦਮ ਸੀ। ਮਾਸਕ ‘ਕਿਰਤੀ’ ਚਰਨ ਸਿੰਘ ਸ਼ਹੀਦ ਤੇ ਧਨੀਰਾਮ ਚਾਤਰਕ ਏਸ ਦੇ ਪਹਿਲੂਏ ਸਨ। ਚੌਥੇ ਦਸਿਆ ਵਿਚ ਗੁਰਬਖਸ਼ ਸਿੰਘ ‘ਪ੍ਰੀਤਲੜੀ”, ਮੋਹਨ ਸਿੰਘ ਮਾਹਰ ਤੇ ਨਾਨਕ ਸਿੰਘ ਆਦਿ ਨੇ ਪੁਰਾਣੇ ਫਿਊਡਲ ਤੇ ਭਾਈਚਾਰੇ ਦੇ ਸੰਸਕਾਰਾਂ ਤੇ ਧਾਰਮਿਕ ਵਾਤਾਵਰਣ ਨੂੰ ਛੰਡ ਕੇ ਨਵੀਂ ਸਮਾਜੀ ਬੁਰਜੁਆਚਾਰੀ ਜਾਗ ਦੇ ਵਿਚਾਰਾਂ, ਜਜ਼ਬਿਆਂ, ਰੀਝਾਂ, ਪਰੀਤਾਂ ਤੇ ਸੁਧਾਰਕ ਕਰਨੀਆਂ ਨੂੰ ਧਰਮ ਨਿਰਪੇਖੀ ਤੇ ਪਦਾਰਥਵਾਦੀ ਰੂਪ ਦਿੱਤਾ। ਅਧਿਆਤਮਿਕ ਆਦਰਸ਼ਾਂ ਦੀ ਥਾਂ ਨਵੀਆਂ ਕਦਰਾਂ ਕੀਮਤਾਂ ਤੇ ਸਿਫ਼ਤਾਂ ਵਾਲ਼ੇ ਮਨੁਖੀ ਤੇ ਸਦਾਚਾਰੀ ਪਦਾਰਥਕ ਆਦਰਸ਼ ਲੈ ਆਂਦੇ। ਏਸ ਸਾਹਿਤ ਨੇ ਦੇਸ ਵਿਚ ਉਠ ਤੁਰੀ ਸਮਾਜਵਾਦੀ ਲਹਿਰ ਦਾ ਪ੍ਰਭਾਵ ਵੀ ਗ੍ਰਹਿਣ ਕਰ ਲਿਆ। ਬੇਸ਼ਕ ਏਸ ਸਾਹਿਤ ਵਿਚ ਆਦਰਸ਼ਤਾ ਭਾਰੂ ਸੀ, ਪਰ ਫੇਰ ਵੀ ਸਮੇਂ ਦੀਆਂ ਹਾਲਤਾਂ ਅਨੁਸਾਰ ਫਿਊਡਲਚਾਰੇ ਤੋਂ ਸਰਮਾਇਆਦਾਰਚਾਰੇ ਵੱਲ ਅੱਗੇ ਵਧੂ ਸੀ। ਪੰਜਾਬੀ ਸਮਾਜ ਅੰਦਰ ਨਵੀਂ ਜੀਵਨ ਜਾਚ ਦਾ ਰਾਹ ਪਾਉਣਾ ਏਸੇ ਸਾਹਿਤ ਦੀ ਦੇਣ ਹੈ। ਗੁਰਬਖਸ਼ ਸਿੰਘ ”ਪਰੀਤ ਲੜੀ” ਏਸ ਸਾਹਿਤ ਦਾ ਮਹਾਨ ਲੇਖਕ ਹੈ।

ਆਜ਼ਾਦੀ ਤੋਂ ਬਾਅਦ ਛੇਵੇਂ ਸੱਤਵੇਂ ਦਸਿਆ ਅੰਦਰ ਪੰਜਾਬ ਦੀਆਂ ਸਰਮਾਇਆਦਾਰ ਬਣ ਤੁਰੀਆਂ ਪੈਦਾਵਾਰੀ ਤਾਕਤਾਂ ਨਵੀਂ ਮਿਹਨਤ ਅੱਗੇ ਪੁਰਾਣੀਆਂ ਬੋਦੀਆਂ ਫਿਊਡਲ ਹਾਲਤਾਂ ਦੀ ਢਾਹ ਬਹੁਤ ਤੇਜ਼ ਹੋ ਗਈ, ਜਿਸ ਨਾਲ਼ ਪੁਰਾਣੀ ਫਿਊਡਲ ਜੀਵਨ ਜਾਚ ਦਾ ਨਵੀਂ ਜੀਵਨ ਜਾਚ ਨਾਲ਼ ਅਨਮੇਲ ਸਾਡੇ ਘਰਾਂ ਦੀ ਵੱਡੀ ਵਿਆਪਕਤਾ ਬਣ ਗਿਆ। ਪੰਜਾਬੀ ਸਮਾਜ ਅੰਦਰ ਇਸ ਨਵੀਂ ਖਿਚੋਤਾਣ ਦਾ ਡਾਇਲੈਕਟਿਕਸ ਸਾਡੇ ਸਾਹਿਤ ਵਿਚ ਵੀ ਪੇਸ਼ ਹੋਣ ਲੱਗ ਪਿਆ।

‘ਵਗਦੀ ਸੀ ਰਾਵੀ’ ਵਿੱਚ ਫਿਊਡਲ ਸਰਦਾਰ ਐਮ. ਏ. ਪਾਸ ਅਧਿਆਪਕ ਨੂੰ ਘਟੀਆ ਨੌਕਰਾਂ ਵਾਂਗੂ ਹੀ ਵਰਤਦੇ ਹਨ। ‘ਹਾਣੀ’ ਵਿਚ ਖੂਹ ਲਾਉਣ ਦੀ ਮਿਹਨਤ ਬੇਕਾਰ ਹੋ ਜਾਂਦੀ ਹੈ। ਏਸ ਦੀ ਥਾਂ ਹੱਥ ਨਲਕੇ ਲਾਉਣ ਦੀ ਨਵੀਂ ਮਿਹਨਤ ਆ ਜਾਂਦੀ ਹੈ। ਗੁਰਦਿਆਲ ਸਿੰਘ ਦੇ ਨਾਵਲਾਂ ਵਿਚ ਵੀ ਪੁਰਾਣੀ ਮਿਹਨਤ ਦੀ ਪ੍ਰੰਪਰਾ ਤੇ ਜਾਇਦਾਦੀ ਰਿਸ਼ਤੇ ਹਟਦੇ ਹਨ ਤੇ ਇਹਨਾਂ ਦੀ ਥਾਂ ਨਵੇਂ ਆਉਂਦੇ ਹਨ ਤੇ ਇਨ੍ਹਾਂ ਦੀ ਆਪਸੀ ਖਹਿ ਗੁਰਦਿਆਲ ਸਿੰਘ ਦੇ ਨਾਵਲਾਂ ਦੀ ਵਸਤੂ ਹੈ। ਧੀਰ ਤੇ ਵਿਰਕ ਦੀਆਂ ਕਹਾਣੀਆਂ ਵਿਚ ਵੀ ਪੁਰਾਣੇ ਦਾ ਨਵੇਂ ਅੱਗੇ ਬੇਵਸ ਹੋ ਜਾਣਾ ਹੀ ਵਸਤੂ ਹੈ। ਸੁਖਵੰਤ ਕੌਰ ਮਾਨ ਦਾ ‘ਉਹ ਨਹੀਂ ਆਉਣਗੇ’ ਵਸਤੋਂ ਤੇ ਰੂਪੋਂ ਲੰਘਦੀਆਂ ਜਾ ਤੇ ਨਵੀਆਂ ਆ ਰਹੀਆਂ ਪੈਦਾਵਾਰੀ ਹਾਲਤਾਂ ਅੰਦਰਲੇ ਪੁਰਾਣੇ ਤੇ ਨਵੇਂ ਜੀਆਂ ਦੇ ਆਪਸੀ ਰਿਸ਼ਤਿਆਂ ਅੰਦਰ ਆ ਗਏ ਹੋਏ ਸਮਾਜੀ ਖਿੱਚ ਖਿਚਾ ਦੀ ਸਭ ਤੋਂ ਵਧੀਆ ਤੇ ਢੁਕਵੀਂ ਡਾਇਲੈਕਟੀ ਤਸਵੀਰ (ਆਰਟ) ਹੈ ਤੇ ਕਲਾ ਪੱਖੋਂ ਵੀ ਸਲਾਹੁਣਯੋਗ ਹੈ।

ਡਾਇਲੈਕਟਿਕਸ ਅਨੁਸਾਰ ਕੁਦਰਤ, ਮਨੁੱਖੀ ਸਮਾਜ ਤੇ ਸੋਚ ਵਿਚ ਹੋ ਰਹੀਆਂ ਬਦਲੀਆਂ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ। ਇਕ ਤਾਂ ਪੈਦਾਵਾਰੀ ਹਾਲਤਾਂ ਦੇ ਹੁੰਦੇ ਜਾ ਰਹੇ ਲਗਾਤਾਰ ਵਿਕਾਸ ਦੇ ਨਾਲ਼ੋ ਨਾਲ਼ ਆਪਣੇ ਆਪ ਹੁੰਦੀਆਂ ਜਾਂਦੀਆਂ ਹਨ। ਪੁਰਾਣੇ ਦੇ ਉੱਤੇ ਨਵਾਂ ਚੜ੍ਹਕੇ ਉਸਦਾ ਥਾਂ ਮੱਲੀ ਜਾਂਦਾ ਹੈ, ਆਪ ਮੁਹਾਰੀ (ਐਵੋਲਿਊਸ਼ਨ) ਅਖਵਾਂਦੀਆਂ ਹਨ। ਸਾਡੀ ਸਰਮਾਇਆਦਾਰੀ  ਜ਼ਮਾਨੇ ਦੀ ਤੋਰ ਨਾਲ਼ ਫਿਊਡਲਤਾ ਉੱਤੇ ਚੜ੍ਹ ਗਈ। ਸਰਮਾਇਆਦਾਰ ਰਿਸ਼ਤੇ ਮੈਦਾਨ ਮਾਰੀ ਗਏ ਹਨ ਤੇ ਫਿਊਡਲ ਢਹਿੰਦੇ ਗਏ ਹਨ। ਇਹ ਐਵੋਲਿਊਸ਼ਨਰੀ ਤਬਦੀਲੀ ਹੈ। ਜਿਸ ਨੂੰ ਸਮਾਜੀ ਤੌਰ ‘ਤੇ ਸੁਧਾਰ ਆਖ ਲਿਆ ਜਾਂਦਾ ਹੈ। ਇਹ ਤਬਦੀਲੀ ਤਾਂ ਸਾਡੇ ਸਾਹਿਤ ਅੰਦਰ ਪ੍ਰਕਾਸ਼ ਹੋਣ ਲਗ ਪਈ ਹੈ। ਦੂਸਰੀਆਂ : ਜਦ ਪੈਦਾਵਾਰੀ ਤਾਕਤਾਂ ਪੈਦਾਵਾਰੀ ਹਾਲਤਾਂ ਅੰਦਰ ਸਮਾਉਣੋ ਵਧ ਜਾਣ ਤਾਂ ਇਹ ਤਾਕਤਾਂ ਔਖੀਆਂ ਹੋ ਜਾਂਦੀਆਂ ਹਨ ਤੇ ਉਹਨਾਂ ਤੋਂ ਛੁਟਕਾਰੇ ਦਾ ਰਾਹ ਸੋਚਣ ਤੇ ਲੱਭਣ ਲਗ ਪੈਂਦੀਆਂ ਹਨ। ਫਿਰ ਸੂਝ ਬੂਝ ਨਾਲ਼ ਬਦਲੀ ਲਈ ਲਹਿਰ ਚਲਾਉਂਦੀਆਂ ਹਨ ਤੇ ਜਬਰ ਜ਼ੋਰ ਨਾਲ਼ ਪਹਿਲੇ ਨੂੰ ਪਲਟਣ ਤੇ ਨਵੇਂ ਨੂੰ ਸਥਾਪਤ ਕਰਨ ਲਈ ਨਾਬਰ ਹੋ ਕੇ ਰਣ ਮੈਦਾਨ ਵਿਚ ਕੁੱਦ ਪੈਂਦੀਆਂ ਹਨ। ਇਹ ਇਨਕਲਾਬ ਹਨ ਤੇ ਬਦਲੀ ਦਾ ਛੜੱਪਾ ਅਖਵਾਉਂਦੀਆਂ ਹਨ। ਏਸ ਬਦਲੀ ਜਾਗ ਦਾ ਡਾਇਲੈਕਟਿਕਸ ਸਾਡੇ ਸਾਹਿਤ ਨੇ ਅਜੇ ਘੱਟ ਹੀ ਕਬੂਲੀਆ ਹੈ।

ਪੈਦਾਵਾਰੀ ਰਿਸ਼ਤਿਆਂ ਦੇ ਏਸ ਜਮਾਤੀ ਅਨਮੇਲ ਦੇ ਭੇਤ ਦੀਆਂ ਉੱਤੇ ਦਿੱਤੀਆਂ ਸਾਹਿਤਕ ਮਿਸਾਲਾਂ ਫਿਊਡਲਤਾ ਜਾਂ ਭਾਈਚਾਰੇ ਦੀ ਸੱਭਿਅਤਾ (ਪੈਦਾਵਾਰੀ ਰਿਸ਼ਤਿਆਂ) ਦੇ ਬੁਥਿਆਂ ਅੰਦਰ ਸਰਮਾਇਆਦਾਰੀ ਜੁਗ ਦੀ ਸਿਰ ਚੜ੍ਹ ਆਈ ਨਵੀਂ ਸੱਭਿਅਤਾ ਨਾਲ਼ ਪੈਦਾ ਹੋ ਚੁੱਕੇ ਰੋਸ, ਗੁੱਸੇ ਤੇ ਰੰਜ ਦੀ ਭਾਵਨਾ ਤੇ ਕਰਨੀ ਪਰਗਟ ਕਰਦੀਆਂ ਹਨ। ਪਰ ਅੱਜ ਦੇ ਮਚੇ ਹੋਏ ਡਾਇਲੈਕਟਿਕਸ ਨੂੰ ਪੰਜਾਬੀ ਸਾਹਿਤ ਨੇ ਅਜੇ ਬਹੁਤ ਥੋੜ੍ਹਾ ਗਰਹਿਣ ਕੀਤਾ ਹੈ। ਅੱਜ ਦਾ ਡਾਇਲੈਕਟਿਕਸ ਹੈ ਕਿਰਤੀ ਲੋਕਾਂ ਦਾ ਸਰਮਾਇਆਦਾਰ ਰਾਜ ਜੱਫੇ ਨੂੰ ਚੈਲੰਜ। ਸਭ ਤੋਂ ਪਹਿਲਾਂ ਫਰਵਰੀ 1926 ਤੋਂ ਮਾਸਕ ‘ਕਿਰਤੀ’ ਨੇ ਏਸ ਦਾ ਪੰਜਾਬੀ ਸਾਹਿਤ ਅੰਦਰ ਪ੍ਰਵੇਸ਼ ਕਰਵਾਇਆ। ਮੁਸਾਫਰ, ਸ਼ਰਫ, ਲੱਖਾ ਸਿੰਘ ਜੌਹਰ, ਦੁਖੀ, ਆਜ਼ਾਦ ਤੇ ਮਾੜੀ ਕੋਬੰਕੀ ਦੀ ਕਵੀ ਸਭਾ ਨੇ ਏਸ ਦੀ ਹਯਾਤੀ ਤੱਕ ਏਸਦੇ ਕਾਲਮ ਗਰਮਾਈ ਰੱਖੇ। ‘ਕਿਰਤੀ’ ਸਾਹਿਤ ਨੇ ਪੰਜਾਬੀ ਸਾਹਿਤ ਦਾ ਰੰਗ ਕਾਫੀ ਬਦਲਿਆ। ਮਾਰਕਸੀ ਫ਼ਿਲਾਸਫੀ ਦਸਦੀ ਹੈ, ਕਿ ਸਾਨੂੰ ਏਸ ਭੇੜ ਦੀ ਸਾਹਿਤ ਰਚਨਾ ਵਿਚ ਸਰਗਰਮ ਹਿੱਸਾ ਲੈਣਾ ਚਾਹੀਦਾ ਹੈ ਤਾਂ ਜੋ ਏਸ ਨੂੰ ਕਿਰਤੀਆਂ ਦੇ ਬਾਹੂਬਲ ਵਿਚ ਪਰਤਿਆ ਜਾ ਸਕੇ। ਹਰਭਜਨ ਸਿੰਘ ਹੁੰਦਲ ਤੇ ਡਾ. ਗੁਰਚਰਨ ਸਿੰਘ ਦੀਆਂ ਗਜ਼ਲਾਂ ਤੇ ਨਕਸਲੀ ਆਖੀ ਜਾਂਦੀ ਕਵਿਤਾ ਨੇ ਸਮੇਂ ਦੀ ਵਸਤੂ ਤਾਂ ਪਛਾਣੀ ਹੈ, ਪਰ ਸਮੇਂ ਨੂੰ ਢੁਕਵਾਂ ਰੂਪ ਨਹੀਂ ਦੇ ਸਕੀ। ਏਸ ਲਈ ਕਰਨੀਉ ਰਹਿ ਗਈ। ਪਰ ਨਾਵਲ ਤੇ ਕਹਾਣੀ ਨੇ ਕੋਈ ਖਾਸ ਧਿਆਨ ਨਹੀਂ ਦਿੱਤਾ। ਓਮ ਪ੍ਰਕਾਸ਼ ਗਾਸੋ ਨੇ ਆਪਣੇ ਨਾਵਲਾਂ ਵਿਚ ਏਸ ਨੂੰ ਵਸਤੂ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਡਾ. ਹਰਚਰਨ ਸਿੰਘ ਤੇ ਗੁਰਸ਼ਰਨ ਸਿੰਘ ਦੇ ਨਾਟਕਾਂ ਤੇ ਕੁਝ ਨਵਤੇਜ, ਪਰੀਤਮ ਬੇਲੀ, ਸ਼ਮਸ਼ੇਰ ਸੰਧੂ ਤੇ ਰਘਬੀਰ ਢੰਡ ਦੀਆਂ ਕਹਾਣੀਆਂ ਨੇ। ਜਸਵੰਤ ਸਿੰਘ ਵਿਰਦੀ ਦੀ ਕਹਾਣੀ ”ਚੇਖਫ” ਵਸਤੂ ਤੇ ਰੂਪ ਪੱਖੋਂ ਅੱਜ ਦੇ ਡਾਇਲੈਕਟਿਕਸ ਨੂੰ ਚੰਗਾ ਨਿਭਾ ਗਈ।

ਸਾਹਿਤ ਵਿਚ ਏਸ ਘਾਟੇ ਦਾ ਕਾਰਨ  ਪੰਜਾਬੀ ਸਮਾਜ ਦੀਆਂ ਪ੍ਰਚੱਲਤ ਪੈਦਾਵਾਰੀ ਹਾਲਤਾਂ ਅੰਦਰ ਲੇਖਕਾਂ ਦੀ ਆਪਣੀ ਜਮਾਤੀ ਪੋਜ਼ੀਸ਼ਨ ਹੈ। ਅੱਜ ਦੇ ਪੰਜਾਬੀ ਲੇਖਕ 90 ਫੀ ਸਦੀ ਅਧਿਆਪਕ ਭਾਵ ਉਸਤਾਦ ਤੇ ਪ੍ਰੋਫੈਸਰ ਹਨ। ਉਸਤਾਦਾਂ ਦਾ ਸਰਮਾਇਦਾਰੀ ਦੇ ਚੜ੍ਹਾ ਨਾਲ਼ ਪਿੰਡਾਂ ਦੇ ਸਮਾਜੀ ਜੀਵਨ ਵਿਚ ਆ ਰਹੀਆਂ ਆਪ ਹੁਦਰੀਆਂ ਬਦਲੀਆਂ ਤੇ ਇਨ੍ਹਾਂ ਅਨੁਸਾਰ ਲੋਕਾਂ ਦੇ ਬਦਲ ਰਹੇ ਸੁਭਾਵਾਂ ਤੇ ਵਰਤਨ ਵਰਤਾ ਵਿਚ ਉਭਰ ਆਏ ਖਿੱਚ-ਖਿਚਾਅ ਨਾਲ਼ ਵਾਹ ਪੈਂਦਾ ਹੈ। ਉਹ ਫਿਊਡਲ ਤੇ ਭਾਈਚਾਰੇ ਦੀ ਪ੍ਰੰਪਰਾ ਵਾਲ਼ੇ ਪੁਰਾਣੇ ਰਿਸ਼ਤਿਆਂ ਤੇ ਸੁਭਾਵਾਂ ਨੂੰ ਨਵੇਂ ਸਰਮਾਇਆਦਾਰ ਸਮਾਜੀ ਰਿਸ਼ਤਿਆਂ ਅੱਗੇ ਥੋਥੇ ਪੈਂਦੇ, ਕਰਿਝਦੇ, ਖਿੱਝਦੇ, ਗੁੱਸੇ ਤੇ ਦੁਖੀ ਹੁੰਦੇ ਵੇਖਦੇ ਹਨ ਤੇ ਇਹਨਾਂ ਨੂੰ ਆਪਣੀ ਰਚਨਾ ਵਿਚ ਪ੍ਰਗਟਾ ਦਿੰਦੇ ਹਨ। ਏਸ ਲਈ ਉਨ੍ਹਾਂ ਦਾ ਸਾਹਿਤਕ ਅਕਸ ਇਨ੍ਹਾਂ ਹਾਲਤਾਂ (ਸਰਮਾਇਆਦਾਰਚਾਰੇ ਤੋਂ ਢੱਠ ਰਹੇ ਫਿਊਡਲਚਾਰੇ) ਦੇ ਵਰਨਣ ਤੱਕ ਹੀ ਸੀਮਿਤ ਰਹਿ ਜਾਂਦਾ ਹੈ।

ਪ੍ਰੋਫੈਸਰ ਲੇਖਕ ਚੰਗੀਆਂ ਤਨਖਾਹਾਂ ਪਾਉਂਦੇ ਹਨ। ਸ਼ਹਿਰਾਂ ਕਸਬਿਆਂ ਵਿਚ ਰਹਿੰਦੇ ਹਨ। ਵਾਹਵਾ ਉੱਚ ਪੱਧਰ ਦੇ ਜੀਵਨ ਵਿੱਚ ਚਲੇ ਗਏ ਹਨ। ਪੱਛਮੀ ਦੇਸਾਂ ਦੀਆਂ ਬੁਰਜੁਆ ਸਮਾਜੀ ਹਾਲਤਾਂ ਵੇਖ ਤੇ ਸਾਹਿਤ ਪੜ੍ਹ-ਪੜ੍ਹ ਉਨ੍ਹਾਂ ਦਾ ਰਹਿਣ ਸਹਿਣ ਤੇ ਬਹਿਣ ਪੱਛਮੀ ਬੁਰਜੁਆ ਬਣ ਗਿਆ ਹੈ। ਉਹ ਦੱਬੀਆਂ ਕੁਚਲੀਆਂ ਕਿਰਤੀ ਜਮਾਤਾਂ ਤੋਂ ਬਹੁਤ ਉੱਚੇ ਤੇ ਬੇਖਬਰੇ ਹੋ ਗਏ ਹਨ। ਉਨ੍ਹਾਂ ਦਾ ਆਪਣਾ ਅੱਡਰਾ ਸਮਾਜੀ ਤੇ ਐਕੇਡੈਮਕੀ ਬੁਰਜੁਆਚਾਰਾ ਬਣ ਤੁਰਿਆ ਹੈ। ਉਹ ਨੀਮ ਬੁਰਜੁਆ ਬਣਕੇ ਜਿਸ ਤਰ੍ਹਾਂ ਖੁਦ ਲੋਕਾਂ ਤੋਂ ਉੱਚੇ ਚੁੱਕੇ ਗਏ ਹਨ, ਓਸੇ ਤਰ੍ਹਾਂ ਆਪਣੀਆਂ ਲੇਖਣੀਆਂ ਨੂੰ ਸੰਸਇਤਾਈ ਹਿੰਦੀ ਨਾਲ਼ ਗੋਤਕਨਾਲ਼ਾ ਕਰਕੇ ਆਮਾਂ ਦੀ ਪਹੁੰਚ ਤੋਂ ਪਰੇਰਾ ਲਿਜਾ ਰਹੇ ਹਨ ਤੇ ਆਪਣੇ ਤਬਕੇ ਦੇ ਯਥਾਰਥ ਜਾਂ ਨਿੱਜੀ ਕਲਪਣਾ ਨੂੰ ਹੀ ਉਲੀਕਣ ਲਗ ਪਏ ਹਨ। ਉਨ੍ਹਾਂ ਦੀਆਂ ਲਿਖਤਾਂ ਬਾਹਲਾ ਪੱਛਮੀ ਬੁਰਜੁਆ (ਜੋ ਵਾਹਵਾ ਉਚ ਪਾਏ ਦਾ ਸਰਮਾਇਆਦਾਰ ਵਰਗ ਹੈ) ਸਾਹਿਤ ਦੀ ਹੀ ਰੀਸ ਹਨ।

ਨੌਕਰੀ ਪਰਾਏ ਵਸ ਹੋਣ ਕਰਕੇ ਇਨ੍ਹਾਂ ਬੰਦਿਆਂ ਦੇ ਨੌਕਰੀਆਂ ਦੀ ਭਾਲ਼ ਲਈ ਨਿੱਜੀ ਭੱਜ ਦੌੜਿਕ ਤੇ ਮੁਕਾਬਲਿਆਂ ਦੇ ਤੌਖਲੇ ਤਰੱਕੀ ਜਾਂ ਲੱਗੀ ਨੌਕਰੀ ਦੀ ਆਸ ਨਿਰਾਸ, ਕੰਮ ਦੀ ਜਿਸਮਾਨੀ ਤੇ ਦਿਮਾਗੀ ਕੜਕੁਟ ਦੇ ਅਕਾਅ ਤੋਂ ਪੈਦਾ ਹੋ ਰਹੀਆਂ ਮਾਨਸਕ ਗੁੰਝਲਾਂ ਅਤੇ ਸਮਾਜਕ ਤੇ ਘਰੋਗੀ ਹੱਥ ਤੰਗੀਆਂ, ਔਕੜਾਂ ਤੇ ਪ੍ਰੇਸ਼ਾਨੀਆਂ ਏਸ ਤਬਕੇ ਨੂੰ ਸਤਾ ਰਹੀਆਂ ਹਨ। ਉਸ ਦਾ ਨਿੱਜ ਏਸ ਆਰਥਿਕ ਗੁਲਾਮੀ ਵਾਲ਼ੇ ਸਮਾਜ ਵਿੱਚੋਂ ਨਿੱਜੀ ਤੌਰ ‘ਤੇ ਭੱਜ ਜਾਣ ਦੇ ਸੁਫਨੇ ਲੈਂਦਾ ਹੈ। ਉਸਦੀਆਂ ਸਾਹਿਤ ਕਿਰਤਾਂ ਅਜਿਹੇ ਸੁਫਨਿਆਂ (ਸੱਤ ਗਵਾਚੇ ਲੋਕ), ਆਪਣੇ ਤੇ ਆਪਣੇ ਤੋਂ ਉੱਚੇ ਤਬਕੇ ਦੀਆਂ ਜਨਾਨੀਆਂ ਤੇ ਮਰਦਾਂ ਦੇ ਪ੍ਰੇਮ ਕਲੋਲਾਂ, ਹਾਵਿਆਂ ਹੌਕਿਆਂ, ਕਾਮ ਖੇਡਾਂ, ਪੀ ਪਿਆਈ ਤੇ ਨਾਚ ਰੰਗ ਦੇ ਮੌਜ ਮੇਲਿਆਂ ਦਾ ਹੀ ਦਿਖਾਵਾ ਹੁੰਦੀਆਂ ਹਨ। ਸੁਰਜੀਤ ਸਿੰਘ ਸੇਠੀ, ਸੁਰਿੰਦਰ ਜੌਹਰ ਤੇ ਨਿਰੰਜਣ ਤਸਨੀਮ ਦੇ ਨਾਵਲ ਤੇ ਗੁਰਬਖਸ਼ ਬਾਹਲਵੀ ਦੀਆਂ ਕਹਾਣੀਆਂ ਮਿਸਾਲ ਵਜੋਂ ਪੇਸ਼ ਕੀਤੀਆਂ ਜਾ ਸਕਦੀਆਂ ਹਨ। ਫੇਰ ਲੁਹੜਾ ਇਹ, ਕਿ ਉਹ ਆਪਣੀਆਂ ਕਿਰਤਾਂ ਵਿਚ ਦਿਖਾਈ ਏਸ ਬੁਰਜੁਆ ਨਿਰਲੱਜਤਾ ਨੂੰ ਆਪਣੇ ਤਬਕੇ ਦੀ ਮਨੋਕਾਮਨਾ ਦੇ ਜੁੰਮੇ ਲੈਣ ਦੀ ਥਾਂ, ਮਹਾਂਨਗਰ ਦੀ ਸੱਭਿਅਤਾ ਦੱਸਣਗੇ ਤੇ ਸਰਮਾਇਆਦਾਰ ਜ਼ਮਾਨੇ ਨੂੰ ”ਸਨਅਤੀ ਜ਼ਮਾਨਾ ਜਾਂ ਮਸ਼ੀਨ ਜੁਗ” ਕਹਿਣਗੇ।

ਏਸ ਪ੍ਰੋਫੈਸਰੀ ਤਬਕੇ ਤੋਂ ਜੋ ਸਨਅਤੀ ਸ਼ਹਿਰਾਂ ਵਿਚ ਹੀ ਉੱਚ ਪੱਧਰ ਜੀਵਨ ਬਿਤਾ ਰਿਹਾ ਹੈ, ਕਿਸ ਤਰ੍ਹਾਂ ਆਸ ਰੱਖੀ ਜਾ ਸਕਦੀ ਹੈ, ਕਿ ਉਹ ਆਪਣੇ ਰਿਜ਼ਕਦਾਤੇ ਤੇ ਸਰਮਾਇਆਦਾਰੀ ਰਾਜ ਜੱਫੇ ਵਿਰੁੱਧ ਕਿਰਤੀ ਲੋਕਾਂ ਵਿੱਚ ਚਲਕੇ ਆ ਤੁਰੀ ਜਾਗਰਤਾ ਤੇ ਮੱਚੇ ਹੋਏ ਜਮਾਤੀ ਭੇੜ ਨੂੰ ਕੋਈ ਸਾਹਿਤਕ ਰੂਪ ਦੇਵੇ। ਹਾਲਾਂ ਕਿ ਕਿਰਤੀ ਲੋਕਾਂ ਦੀ ਸਰਮਾਇਆਦਾਰਕ ਲੁੱਟ ਖਸੁਟ ਉਨ੍ਹਾਂ ਦੇ ਅਗਲ ਬਗਲ ਤੇ ਬਰੂਹਾਂ ਉੱਤੇ ਹੀ ਹੋ ਰਹੀ ਹੁੰਦੀ ਹੈ।

ਅੱਜ ਪੰਜਾਬ ਵਿਚ ਆਜ਼ਾਦ ਸਾਹਿਤਕਾਰ ਨਾ ਹੋਣ ਬਰਾਬਰ ਹਨ ਤੇ ਕਿਰਤੀ ਲੋਕਾਂ ਵਿਚੋਂ ਤਾਂ ਸ਼ਾਇਦ ਹੀ ਕੋਈ ਹੋਵੇ। ਲੁਧਿਆਣੇ ਇੱਕ ‘ਦਿਲ’ ਹੁੰਦਾ ਸੀ, ਜਿਸ ਨੇ ਸਮੇਂ ਦੇ ਡਾਇਲੈਕਟਿਕਸ ਨੂੰ ਆਪਣੀਆਂ ਕਵਿਤਾਵਾਂ ਦੀ ਵਸਤੂ ਬਣਾਇਆ ਸੀ। ਪਰ ਹੁਣ ਪਤਾ ਨਹੀਂ ਉਹ ਕਿੱਥੇ ਚਲਾ ਗਿਆ।

ਸਾਹਿਤ ਨੂੰ ਵਾਚਣ ਦੀ ਇਤਿਹਾਸਕ ਪਦਾਰਥਵਾਦ ਹੀ ਸਾਇੰਸੀ ਵਿਧੀ ਹੈ। ਸਾਹਿਤ ਭਾਵੇਂ ਕਿਸੇ ਯੁਗ ਦਾ ਹੋਵੇ, ਏਸ ਵਿਧੀ ਦੇ ਕੀਤੇ ਵਿਸ਼ਲੇਸ਼ਨ ਨਾਲ਼ ਕਿਸੇ ਸਾਹਿਤਕ ਕਿਰਤ ਦੇ ਸਭ ਜਮਾਤੀ ਗੁਣ ਔਗਣ, ਮਨਸ਼ੇ, ਭੇੜ, ਵਿਕਾਸ ਤੇ ਸਿਆਸਤ ਦਾ ਪਤਾ ਲੱਗ ਜਾਂਦਾ ਹੈ ਕਿ ਇਹ ਕਿਰਤ ਸਮਾਜ ਦੀਆਂ ਪ੍ਰਚੱਲਤ ਜਮਾਤਾਂ ਵਿਚੋਂ ਕਿਸ ਜਮਾਤ ਦਾ ਪੱਖ ਪੂਰਦੀ ਹੈ। ਹਾਕਮ ਮਾਲਕ ਜਮਾਤ ਦਾ ਜਾਂ ਆਪਣੀ ਹੱਡ ਖਲਾਸ ਕਰਾਉਣ ਲਈ ਹਾਕਮ ਜਮਾਤ ਵਿਰੁੱਧ ਜੂਝ ਰਹੀ ਗੁਲਾਮ ਬੇਮਾਲਕ ਕਿਰਤੀ ਜਮਾਤ ਦਾ।

ਏਸ ਵਿਧੀ ਨੂੰ ਹੁਣ ਤੱਕ ਅੱਖੋਂ ਪਰੋਖੇ ਹੀ ਰੱਖਿਆ ਗਿਆ ਹੈ। ਏਸ ਲਈ ਕਿ ਪਹਿਲਾਂ ਅੰਗਰੇਜ਼ੀ ਰਾਜ ਵੇਲੇ ਤੇ ਹੁਣ ਵੱਡੀ ਸਰਮਾਇਆਦਾਰੀ ਦੇ ਦੇਸੀ ਰਾਜ ਵੇਲੇ ਵੀ ਕਿਰਤੀ ਲੋਕਾਂ ਦੀ ਏਸ ਸਿਧਾਂਤਕ ਦ੍ਰਿਸ਼ਟੀ ਤੋਂ ਯੁਨੀਵਰਸਿਟੀਆਂ, ਕਾਲਜਾਂ ਤੇ ਸਕੂਲਾਂ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਦੇ ਕੰਨ ਤੇ ਅੱਖਾਂ ਬੰਦ ਰੱਖੀਆਂ ਗਈਆਂ ਹਨ। ਸਾਡੇ ਸਾਹਿਤਕਾਰ ਇੰਨ੍ਹਾਂ ਹੀ ਥਾਵਾਂ ਤੋਂ ਪੜ੍ਹ ਕੇ ਵਜੂਦ ਵਿੱਚ ਆਏ ਹਨ। ਜਿਸ ਕਰਕੇ ਉਹ ਏਸ ਵਿਧੀ ਤੋਂ ਬਿਲਕੁਲ ਅਣਜਾਣ ਤੇ ਅਨਪੜ੍ਹ ਹਨ। ਹੁਣ ਉੱਚ ਤਬਕੇ ਦਾ ਸੁੱਖ ਤੇ ਆਰਾਮ ਵਾਲ਼ਾ ਬੁਰਜੁਆ ਰਹਿਣ ਬਹਿਣ ਉਨ੍ਹਾਂ ਨੂੰ ਏਸ ਪਾਸੇ ਧਿਆਨ ਹੀ ਨਹੀਂ ਦੇਣ ਦਿੰਦਾ। ਅਜੇ ਵੀ ਯੂਨੀਵਰਸਿਟੀਆਂ, ਕਾਲਜਾਂ, ਸਕੂਲਾਂ, ਐਕੇਡੈਮਕੀ ਸਰਗਰਮੀਆਂ ਤੇ ਸਾਹਿਤਕਾਰੀ ਦੇ ਖੇਤਰ ਵਿਚ ਏਸ ਲਈ ਦਰਵਾਜ਼ੇ ਬੰਦ ਹਨ ਤੇ ਜਿੰਨਾ ਚਿਰ ਸਰਮਾਇਆਦਾਰ ਜਮਾਤ ਦੇ ਹੱਥ ਪੈਦਾਵਾਰੀ ਵਸੀਲਿਆ ਦੀ ਕੁੰਜੀ ਤੇ ਰਾਜ ਕਾਜ ਦੀ ਵਾਗਡੋਰ ਹੈ, ਇਹ ਨਹੀਂ ਖੁੱਲ੍ਹਣੇ।

ਏਸ ਤੋਂ ਇਲਾਵਾ ਸਰਮਾਇਆਦਾਰ ਕੈਂਪ ਦੀ ਅਧਿਆਪਕਤਾ ਤੇ ਸਾਹਿਤਕ ਵਿਦਵਤਾ ਨੂੰ ਮਾਰਕਸਵਾਦ ਤੋਂ ਅਨਜਾਣ, ਨਿਰਪੇਖ, ਕੁਰਾਹੇ ਤੇ ਵਿਰੋਧੀ ਰੱਖਣ ਲਈ ਸਾਮਰਾਜੀ ਸਿਆਸਤ ਨੇ ਸੋਸ਼ਆਲੋਜੀ ਦੀ ਵਿਦਿਆਪਕਤਾ ਨੂੰ ਮੈਦਾਨ ਵਿਚ ਉਤਾਰਿਆ ਹੋਇਆ ਹੈ। ਸੋਸ਼ਲਿਜ਼ਮ, ਪੈਦਾਵਾਰੀ ਵਸੀਲਿਆਂ ਨੂੰ ਸਰਮਾਇਆਦਾਰੀ ਪਾਸੋਂ ਖੋਹ ਕੇ ਪੈਦਾਵਾਰ ਦੀ ਸਰਮਾਇਆਦਾਰ ਰੀਤ ਨੂੰ ਸਮਾਜਵਾਦੀ ਰੀਤ ਵਿੱਚ ਪਰਤਣ ਦੇ ਮਜ਼ਦੂਰ ਜਮਾਤ (ਪ੍ਰੋਲੇਤਾਰੀ) ਦੇ ਇਨਕਲਾਬੀ ਘੋਲ਼ ਦੀ ਸਾਇੰਸ ਹੈ। ਜਿਸ ਨੂੰ ਮਾਰਕਸਵਾਦ ਵੀ ਆਖ ਲਿਆ ਜਾਂਦਾ ਹੈ। 1949 ਤੋਂ ਬਾਅਦ ਸਰਮਾਇਆਦਾਰ ਦੇਸਾਂ ਦੀ ਮਜ਼ਦੂਰ ਜਮਾਤ ਨੇ ਏਸ ਨੂੰ ਆਪਣੇ ਜਮਾਤੀ ਘੋਲ਼ ਦਾ ਮੁੱਖ ਮੰਤਵ ਬਣਾ ਕੇ ਬੜੀ ਜ਼ੋਰਦਾਰ ਲਹਿਰ ਚੁੱਕ ਲਈ। ਓਸ ਸਮੇਂ ਯੂਰਪ ਵਿਚ ਬੁਰਜੁਆ ਇਨਕਲਾਬ ਹੋ ਰਹੇ ਸਨ। ਸਰਮਾਇਆਦਾਰ ਚਿੰਤਕਾਂ ਨੂੰ ਫਿਕਰ ਪਿਆ, ਕਿ ਮਤਾਂ ਜਨਤਾ ਦੀ ਦਿਮਾਗੀ ਰੌਂ ਸਮਾਜਵਾਦ ਵੱਲ ਪਰਤ ਜਾਏ ਤੇ ਉਹ ਤੱਤੇ ਘਾਹ ਸਰਮਾਇਆਦਾਰੀ ਦੀ ਰਾਜ ਸੱਤਾ ਉਲਟਾ ਮਾਰੇ। ਉਨ੍ਹਾਂ ਆਪਣੀ ਐਕੇਡੈਮਿਕਤਾ ਨੂੰ ਏਸ ਤੋਂ ਬਚਾਈ ਰੱਖਣ ਲਈ ਏਸ ਦੇ ਬਦਲ ਵਿਚ ਆਪਣੇ ਹਿਤਾਂ ਦੀ ਨਵੀਂ ਫ਼ਿਲਾਸਫੀ ਘੜ ਲਈ। ਫਰਾਂਸ ਦੇ ਅਗਸਤ ਕੌਂਤ ਨੇ 1855 ਵਿੱਚ ਏਸ ਦੀ ਪਹਿਲ ਕੀਤੀ। ਪਰ ਇਨਕਲਾਬੀ ਲਹਿਰ ਦੇ ਜ਼ੋਰ ਤੇ ਸਰਮਾਇਆਦਾਰ ਰਾਜਾਂ ਦੀ ਆਪਸੀ ਚੜ੍ਹੋ ਖਤੀ ਕਾਰਨ 1928 ਤੱਕ ਇਹ ਬਾਹਲੀ ਅਣਜਾਤੀ ਸ਼ੈਅ ਹੀ ਰਹੀ ਤੇ ਸਰਕਾਰੀ ਪ੍ਰਵਾਨਤ ਪਾਲਿਸੀ ਨਾ ਬਣ ਸਕੀ। 1910 ਤੱਕ ਏਸ ਦੀਆਂ ਮਸਾਂ ਚਾਰ ਕਿਤਾਬਾਂ ਹੀ ਛਪ ਸਕੀਆਂ। ਇਹੀ ਵਜ੍ਹਾ ਹੈ ਕਿ ਏਸ ਦੀ ਹੋਂਦ 1928 ਵਿੱਚ ਆ ਕੇ ਪ੍ਰਤੀਤ ਹੋਈ, ਜਦ ਇੱਕ ਅਮਰੀਕਨ ਬੁਰਜੂਆ ਚਿੰਤਕ ਸੌਰੋਕੀਨ ਨੇ ਏਸ ਨੂੰ ਸੋਸ਼ਆਲੋਜੀ ਦਾ ਨਾਂ ਦਿੱਤਾ ਤੇ ਪੁਰਾਣੀਆਂ ਕਿਤਾਬਾਂ ਮੁੜ ਪ੍ਰਕਾਸ਼ਤ ਕੀਤੀਆਂ।* ਉਸ ਸਮੇਂ ਤੋਂ ਸੋਸ਼ਆਲੋਜੀ ਬਾਕਾਇਦਾ ਸਾਮਰਾਜੀ ਸਰਕਾਰਾਂ ਦੀ ਸਿਆਸੀ ਤੇ ਐਕੇਡੈਮਕੀ ਪਾਲਿਸੀ ਦਾ ਅੰਦਰਸ ਬਣ ਤੁਰੀ ਹੈ।

ਕਲਾਕਾਰੀ ਤੇ ਸੁਹਜਕਾਰੀ (ਐਸਥੈਟਿਕਸ) ਰੌਂ ਸਮਿਆਂ ਤੋਂ ਐਨੇ ਉਲ਼ਝਾਊ ਚਲੇ ਆਉਂਦੇ ਹਨ, ਕਿ ਇਨ੍ਹਾਂ ਨੂੰ ਜਿੱਧਰ ਮਰਜ਼ੀ ਤੋਰ ਲਈਏ। ਇਨ੍ਹਾਂ ਦੀ ਕੋਈ ਪੈਂਠ ਨਹੀਂ, ਕੋਈ ਵਿਧੀ ਨਹੀਂ, ਕੋਈ ਕਨੂੰਨ ਨਹੀਂ। ਇਨ੍ਹਾਂ ਦੇ ਨਾਂ ਤੇ ਸਾਮਰਾਜੀ ਚਿੰਤਕ, ਅਕੈਡੇਮਕੀ ਮਾਹਰ ਤੇ ਸਾਹਿਤ ਅਲੋਚਕ ਸਭ ਪ੍ਰਕਾਰ ਦੇ ਮਾਰਕਸਵਾਦ ਵਿਰੋਧੀ ਖਿਆਲ ਫੈਲਾਉਣ ਲੱਗ ਪਏ। ਉਨ੍ਹਾਂ ”ਨਵੇਂ ਰੌਆਂ”, ”ਨਵੇਂ ਸਕੂਲਾਂ”, ”ਨਵੇਂ ਸੰਕਲਪਾਂ” ਤੋਂ ਹੋਰ ਨਵੀਆਂ ”ਲੱਭਾਂ” ਦੇ ਪਰਦੇ ਹੇਠ ਪੁਰਾਣਾ ਵਿਚਾਰਧਾਰੀ ਗੰਦ-ਮੰਦ ਸੁਰਜੀਤ ਕਰ ਲਿਆ। ਕੁਦਰਤ, ਪਦਾਰਥ, ਦੇਹਧਾਰੀ ਦੁਨੀਆਂ ਤੇ ਇਨ੍ਹਾਂ ਅੰਦਰ ਰੰਞ ਰਹੀ ਵਿਕਾਸੀ ਹਰਕਤ ਦੀ ਵਾਸਤਵਿਕਤਾ ਤੋਂ ਮੁੱਖ ਮੋੜ ਲਿਆ ਤੇ ਏਸ ਦੀ ਥਾਂ ਚੇਤਨਤਾ, ਮਨ ਤੇ ਜਜ਼ਬੇ (ਜੋ ਹੁਣ ਤਜਰਬਾ ਆਖਿਆ ਜਾਂਦਾ ਹੈ) ਦੀ ਬਿਨਾਂ ‘ਤੇ ”ਨਵੀਆਂ ਵਿਧੀਆਂ” ਘੜ ਲਈਆਂ। ਇਨ੍ਹਾਂ ਦੇ ਇਕ ਪਿਤਾਮਾ ਐਮਿਲ ਦੁਰਖੀਨ ਨੇ ਲਿਖਿਆ ਹੈ, ਕਿ

”ਸੋਸ਼ਆਲੋਜੀ ਓਨਾ ਚਿਰ ਸਾਇੰਸ ਨਹੀਂ ਬਣ ਸਕਦੀ, ਜਿੰਨਾ ਚਿਰ ਇਹ ਸਮਾਜੀ ਵਾਸਤਵਿਕਤਾ ਦੇ ਸਭ ਜੋੜ ਜਾਮੇ ਨੂੰ ਮੁੱਢ ਤੋਂ ਸਭ ਕੁਝ ਸਮਝਣੋਂ ਨਹੀਂ ਹਟਦੀ।*

ਸੋ ਇਹ ਫ਼ਿਲਾਸਫੀ ਮਿਹਨਤ ਦੀ ਬਿਨਾ ਉੱਤੇ ਹੋ ਰਹੇ ਜਮਾਤੀ ਸੰਘਰਸ਼ ਤੋਂ ਅੱਖਾਂ ਮੀਟਦੀ ਹੈ। ਏਸ ਦੀ ਥਾਂ ਸਮਾਜ ਦੀ ਵੰਡ, ਮਜ਼ਹਬ, ਨਸਲ, ਟੱਬਰ, ਸਨਅਤ, ਕਾਰ ਵਿਹਾਰ, ਵਿੱਦਿਆ, ਮਿਹਨਤ ਦੇ ਆਪਣੇ ਅੰਦਰਲੀ ਵੰਡ ਤੇ ਰਾਜ ਸੱਤ੍ਹਾ ਦੀਆਂ ਸੰਸਥਾਵਾਂ ਦੇ ਆਧਾਰ ਤੇ ਕਰਦੀ ਹੈ ਤੇ ਇਨ੍ਹਾਂ ਦੇ ਆਪਸੀ ਸਬੰਧਾਂ, ਜੋੜਾਂ ਅਜੋੜਾਂ ਤੇ ਭੇੜਾਂ ਨੂੰ ਸਮਾਜੀ ਸੰਘਰਸ਼ਾਂ ਦੀ ਬਿਨਾ ਦੱਸਦੀ ਹੈ।*

ਸਰਮਾਇਆਦਾਰ ਜਮਾਤ ਨੇ ਆਪਣੇ ਮਾਤਹਿਤ ਮਨੁੱਖੀ ਸਮਾਜ ਨੂੰ ਏਸ ਵਿਚਾਰਧਾਰਾ ‘ਤੇ ਹੀ ਢਾਲਣ ‘ਤੇ ਚਲਾਉਣ ਦਾ ਚਾਰਾ ਕੀਤਾ ਹੈ। ਏਸ ਦਾ ਮਨੋਰਥ ਸਮਾਜ ਦੇ ਸਾਰੇ ਦੇ ਸਾਰੇ ਅਧਿਆਤਮੀ, ਪਦਾਰਥੀ, ਸਮਾਜੀ, ਸਿਆਸੀ, ਸਾਹਿਤੀ, ਕਨੂੰਨੀ, ਵਿਧਾਨੀ ਤੇ ਐਕੇਡੈਮਕੀ ਉਸਾਰਾਂ ਨੂੰ ਮਾਰਕਸਵਾਦ ਤੇ ਡਾਇਲੈਕਟਕੀ ਪਦਾਰਥਵਾਦ ਤੋਂ ਪਾਕ ਸਾਫ਼ ਰੱਖਣਾ, ਏਸ ਨੂੰ ਗੰਧਾਲਣ ਲਈ ਏਸ ਦੀ ਹੋਰ ਦੀ ਹੋਰ ਵਿਆਖਿਆ ਕਰਨੀ ਤੇ ਨਿਰਮੂਲ ਮਕੈਨਕੀ ਇਤਰਾਜ਼ ਕੱਢ ਕੱਢ ਘਤੂਤਾਂ ਕੱਢਣੀਆਂ ”ਅੱਜ ਦੀ ਸੋਸ਼ਆਲੋਜ਼ੀ ਦਾ ਜਗਤ ਲੀਡਰ ਹੋਣ ਦੀ ਮਾਲੀ ਅਮਰੀਕਾ ਦੇ ਹੱਥ ਹੈ।* ਇਹ ਕੋਈ ਅਲੋਕਾਰ ਦੀ ਗੱਲ ਤਾਂ ਨਹੀਂ ਉਂਜ ਵੀ ਤਾਂ ਸਾਮਰਾਜੀ ਜਬਰ ਧੱਕੇ ਦਾ ਗੁਰਜ ਅਮਰੀਕਾ ਪਾਸ ਹੀ ਹੈ। ਏਸ ਲਈ ਸੋਸ਼ਆਲੋਜੀ ਸਾਰੇ ਸਰਮਾਇਆਦਾਰੀ ਕੈਂਪ ਵਿਚ ਹਾਕਮ ਜਮਾਤ ਦੀ ਐਕੇਡੈਮਕੀ ਸਰਕਾਰੀ ਪਾਲਿਸੀ ਬਣ ਤੁਰੀ ਹੈ।

”ਕਮਿਊਨਿਸਟ ਏਸ ਨੂੰ ਬੁਰਜੁਆ ਸਮਾਜੀ ਸਾਇੰਸ ਆਖਦੇ ਹਨ, ਜਿਸ ਨੂੰ ਕੇਵਲ ਸਰਮਾਇਆਦਾਰੀ ਦੇ ”ਝੋਲੀ ਚੁੱਕ” ਤੇ ”ਤਨਖਾਹੀ ਗੁਲਾਮ” ਹੀ ਚਿੰਬੜੇ ਹੋਏ ਹਨ। ਜੋ ਸੱਚੀ ਪਦਾਰਥਵਾਦੀ ਸਮਾਜੀ ਸਾਇੰਸ ਦੀ ਵਿਰੋਧਤਾ ਕਰਨ ਲਈ ਏਸ ਨੂੰ ਵਰਤਦੇ ਹਨ।*

ਡਾ. ਜਸਵੀਰ ਸਿੰਘ ਆਹਲੂਵਾਲ਼ੀਆ ਤੇ ਪ੍ਰੋ. ਕਿਸ਼ਨ ਸਿੰਘ ਮਾਰਕਸਵਾਦ ਨੂੰ ਏਸ ਸੋਸ਼ਆਲੋਜੀ ਦੇ ਘੋਲ਼ ਵਿੱਚ ਹੀ ਗੰਧਾਲ਼ਕੇ ਪੇਸ਼ ਕਰਦੇ ਹਨ। ਉਨ੍ਹਾਂ ਦੀ ਵਸਤੂ ਗੁਰਬਾਣੀ (ਮਜ਼ਹਬ) ਹੈ ਤੇ ਰੂਪ ਮਾਰਕਸਵਾਦੀ ਸ਼ਬਦਾਵਲੀ ਹੈ।

ਭਾਰਤੀ ਸਰਮਾਇਆਦਾਰ ਸਿਸਟਮ ਤੇ ਏਸ ਦੇ ਸਭ ਰਾਜ ਕਾਜ, ਲੋਕ ਭਲਾਈ, ਵਿੱਦਿਆ ਤੇ ਸਿਖਾਈ ਦੇ ਮਹਿਕਮੇ ਅੰਗਰੇਜ਼ ਸਾਮਰਾਜ ਦੀ ਜਿੰਦ ਤੇ ਪ੍ਰਵਰਿਸ਼ ਹਨ। ਭਾਰਤੀ ਬੁਰਜੁਆਜ਼ੀ ਵੀ ਅੰਗਰੇਜ਼ੀ ਬੁਰਜੁਆ ਕਲਚਰ ਦਾ ਹੀ ਬੱਚਾ ਹੈ। ਭਾਰਤੀ ਸੋਸ਼ਆਲੋਜ਼ੀ ਤੇ ਏਸ ਦੀ ਵਿੱਦਿਆ ਪ੍ਰਣਾਲ਼ੀ ਦੀ ਅਧਿਆਪਕਤਾ ਤੋਂ ਵਿਦਿਆਪਕਤਾ ਸਾਮਰਾਜੀ ਦੇਸਾਂ ਦਾ ਹੂਬਹੂ ਚਰਬਾ ਹੈ। ਏਸ ਲਈ ਏਥੇ ਵੀ ਸਾਮਰਾਜੀ ਸੋਸ਼ਆਲੋਜੀ ਦੇ ਦਾਬੇ ਕਾਰਨ ਮਾਰਕਸੀ ਵਿਧੀ ਤੇ ਫ਼ਿਲਾਸਫੀ ਨੂੰ ਯੂਨੀਵਰਸਿਟੀਆਂ, ਕਾਲਜਾਂ, ਸਕੂਲਾਂ ਦੇ ਕੋਰਸਾਂ ਤੇ ਹੋਰ ਐਕੇਡੈਮਕੀ ਸੰਸਥਾਵਾਂ ਵਿਚ ਵੜਨ ਨਹੀਂ ਦਿੱਤਾ ਗਿਆ ਤੇ ਨਾ ਜਾਂਦਾ ਹੈ। (ਕੋਈ ਆਪਣੇ ਆਪ ਪੜ੍ਹ ਸਿੱਖ ਜਾਏ ਤਾਂ ਇਹ ਉਸ ਦੀ ਹਿੰਮਤ) ਏਸ ਲਈ ਭਾਰਤ ਦੀ ਅਧਿਆਪਕ ਦੁਨੀਆਂ ਏਸ ਪਾਸਿਉਂ ਅਣਜਾਣ ਹੈ।

ਸਾਮਰਾਜੀ ਸੋਸ਼ਆਲੋਜੀ ਦਾ ਭਾਰਤੀ ਸੋਸ਼ਆਲੋਜੀ ‘ਤੇ ਗੂੜ੍ਹਾ ਅਸਰ ਹੈ। ਸਗੋਂ ਹੁਣ ਅੰਗਰੇਜ਼ੀ ਨਾਲ਼ੋਂ ਅਮਰੀਕੀ ਪ੍ਰਭਾਵ ਬਹੁਤ ਵੱਧ ਚੜ੍ਹ ਗਿਆ ਹੈ। ਭਾਰਤੀ ਵਿਦਿਆਪਕਤਾ ਪੱਛਮੀ ਤੇ ਅਮਰੀਕੀ ਸਾਰੀਆਂ ਬੁਰਜੁਆ ਕੁਵਿਧੀਆਂ ਵਿਚ ਬੁਰੀ ਤਰ੍ਹਾਂ ਗ੍ਰਸਤ ਹੈ। ਏਸ ਲਈ ਸਾਡੀ ਵਿਦਿਆਪਕਤਾ ਦਾ ਵੀ ਸਾਹਿਤ, ਕਲਾ ਤੇ ਐਸਥੈਟਿਕਸ ਵੱਲ ਓਹੀ ਰਵੱਈਆ ਹੈ, ਜੋ ਉੱਤੇ ਦੱਸਿਆ ਪੱਛਮੀ ਯੋਰਪੀ ਤੇ ਅਮਰੀਕੀ ਸਾਮਰਾਜੀਆਂ ਦੀ ਸੋਸ਼ਆਲੋਜੀ ਦਾ। ਉਹ ਭਾਰਤੀ ਵਿਦਿਆਪਕਤਾ ਨੂੰ ਸਾਮਰਾਜੀਆਂ ਵਾਂਗ ਹੀ ਮਾਰਕਸਵਾਦ ਦੇ ਅਸਰ ਤੋਂ ਬਚਾਈ ਰਖਣਾ ਲੋੜਦੀ ਹੈ। ਦ੍ਰਿਸ਼ਟਾਂਤ ਵਜੋ :

ਦਸੰਬਰ 1975 ਦੇ ਪਹਿਲੇ ਦਿਨਾਂ ਵਿਚ ਯੂਨੀਵਰਸਿਟੀ ਗਰਾਂਟ ਕਮਿਸ਼ਨ ਨੇ ਚੰਡੀਗੜ੍ਹ ਵਿਖੇ ਉਤਰੀ ਖੰਡ ਦੀਆਂ ਯੂਨੀਵਰਸਿਟੀਆਂ ਦੀ ਵਿਦਿਆਪਕਤਾ ਲਈ ਇੱਕ ਵਰਕਸ਼ਾਪ ਲਾਈ, ਜਿਸ ਵਿਚ 30 ਅਧਿਆਪਕ ਸੱਦੇ ਗਏ। ਉੱਥੇ ਇਕ ਪਾਸੇ ਤਾਂ ਏਸ ਗੱਲ ‘ਤੇ ਜ਼ੋਰ ਦਿੱਤਾ ਗਿਆ ਕਿ ਭਾਰਤੀ ਸੋਸ਼ਆਲੋਜੀ ਨੂੰ ਪੱਛਮੀ ਤੇ ਖਾਸ ਕਰ ਅਮਰੀਕਾ ਦੀ ਦਿਮਾਗੀ ਗੁਲਾਮੀ ਤੋਂ ਮੁਕਤ ਕੀਤਾ ਜਾਏ ਤੇ ਦੂਸਰੇ ਪਾਸੇ ਵਰਕਸ਼ਾਪ ਦੇ ਪ੍ਰਧਾਨ ਸ਼ਿਮਲਾ ਯੂਨੀਵਰਸਿਟੀ ਦੇ ਡਾ. ਦੂਬੇ ਨੇ ਵਿਦਿਆਪਕਤਾ ਉੱਤੇ ਪੈ ਰਹੇ ਜ਼ੋਰਦਾਰ ਮਾਰਕਸੀ ਪ੍ਰਭਾਵ ਨੂੰ ਨਜ਼ਰ ਅੰਦਾਜ਼ ਕਰੀ ਜਾਣ ਦਾ ਬੁਰਾ ਮਨਾਇਆ।

ਭਾਰਤੀ ਸਾਹਿਤ ਦੀ ਬਦਕਿਸਮਤੀ ਇਹ ਹੈ ਕਿ ਸੋਸ਼ਆਲੋਜੀ ਦਾ ਚੰਡਿਆ ਹੋਇਆ ਅਧਿਆਪਕ ਤਬਕਾ ਹੀ ਏਸ ਦਾ ਅਲੋਚਕ ਹੈ। ਜਿਸ ਦੀ ਰਹਿਣੀ ਬਹਿਣੀ ਤੇ ਸੋਚਣੀ ਬੁਰਜੂਆ ਗੁਣ ਗ੍ਰਹਿਣ ਕਰ ਗਈ ਹੈ। ਇਹ ਅਲੋਚਕ ਹਰ ਮਕੈਨਕੀ, ਖੜੇਪੇ, ਵਿਚਾਰਧਾਰੀ ਤੇ ਆਦਰਸ਼ਵਾਦ ਅਧਿਆਤਮਕ ਸਾਹਿਤ ਨੂੰ, ਭਾਵੇਂ ਉਹ ਸੇਧ ਪੱਖੋਂ ਕਿੰਨਾ ਹੀ ਨਿਰਮੂਲ ਨਕੰਮਾ ਤੇ ਸਮਾਜ ਵਿਰੋਧੀ ਹੋਵੇ, ਕਲਾ ਤੇ ਐਸਥੈਟਿਕਸ ਦੇ ਬਿੱਲੇ ਲਾ ਦੇਣਗੇ। ਪਰ ਜਦ ਗਾਸੋ ਵਰਗਾ ਕੋਈ ਸਾਹਿਤਕਾਰ ਸਮਾਜ ਦੇ ਹੂ-ਬ-ਹੂ ਸੱਚ ਭਾਵ ਸਰਮਾਇਆਦਾਰੀ ਜੱਫੇ ਵਿਰੁੱਧ ਜਮਾਤੀ ਸੰਘਰਸ਼ ਦੇ ਡਾਇਲੈਕਟਿਕਸ ਨੂੰ ਕਲਮੀ ਰੂਪ ਦੇ ਦੇਵੇ ਤਾਂ ਭਾਰਤੀ ਸੋਸ਼ਆਲੋਜੀ ਦੇ ਪਰਵਰਦਾ ਇਹ ਬੁਰਜੁਆ ਅਲੋਚਕ ਮੱਚ ਉਠਣਗੇ ਤੇ ਅਜਿਹੇ ਸਾਹਿਤ ਨੂੰ ਨਾਅਰੇਬਾਜ਼ੀ ਤੇ ਪ੍ਰਚਾਰ ਦੇ ਅਰੋਪ ਲਗਾ ਕੇ ਅਸਾਹਿਤ ਕਰਾਰ ਦੇ ਦੇਣਗੇ ਜਾਂ ”ਸਾਹਿਤ ਪੱਧਰ ਤੋਂ ਹੇਠਾਂ” ਸੁੱਟ ਦੇਣਗੇ।

ਇਨ੍ਹਾਂ ਅਲੋਚਕਾਂ ਲਈ ਲਿੰਗਬਾਜ਼ੀ ਤੇ ਹੋਰ ਸਮਾਜੀ ਕੁਰੀਤੀਆਂ ਉੱਤੇ ਲਿਖਿਆ ਸਾਹਿਤ ਤਾਂ ਉੱਚ ਕਲਾ ਤੇ ਉੱਚ ਪੱਧਰ ਦਾ ਨਮੂਨਾ ਹੁੰਦੇ ਹੈ ਤੇ ਇਨ੍ਹਾਂ ਕੁਰੀਤੀਆਂ ਵਿਰੁੱਧ ਅਵਾਜ਼ ਚੁੱਕ ਕੇ ਸੰਘਰਸ਼ ਪ੍ਰਗਟਾ ਰਿਹਾ ਸਾਹਿਤ ਆਪਣੀ ”ਪੱਧਰ ਗਵਾ ਬਹਿੰਦਾ ਹੈ।” ਪਰ ਕਿਰਤੀ ਲੋਕਾਂ ਦੇ ਦਿਲਾਂ ਵਿੱਚ ਸਰਮਾਇਆਦਾਰੀ ਦੇ ਰਾਜ ਜੱਫੇ ਵਿੱਚੋਂ ਆਪਣੀ ਜਮਾਤ ਨੂੰ ਮੁਕਤ ਕਰਾਉਣ ਲਈ Àੁੱਠ ਰਹੇ ਵਲਵਲੇ, ਉਤਪੰਨ ਹੋਈਆਂ ਜਾਂ ਹੋ ਰਹੀਆਂ ਸਧਰਾਂ, ਆ ਰਹੀ ਜਾਗਰਤਾ ਤੇ ਇਨ੍ਹਾਂ ਨੂੰ ਅਮਲ ਵਿਚ ਲਿਆਉਣ ਲਈ ਕੀਤੇ ਗਏ, ਜਾਂ ਜਾ ਰਹੇ ਲੋਕ ਇਕੱਠਾਂ, ਕੱਢੇ ਜਾ ਰਹੇ ਜਲੂਸਾਂ, ਕੀਤੀਆਂ ਜਾ ਰਹੀਆਂ ਹੜਤਾਲਾਂ ਅਤੇ ਮਾਲਕਾਂ ਤੇ ਹਾਕਮ ਜਮਾਤਾਂ ਨਾਲ਼ ਹੋ ਰਹੇ ਭੇੜਾਂ ਦਾ ਲੋਕ ਸੱਚ ”ਨਾਅਰੇਬਾਜ਼ੀ” ਹੈ , ਕਲਾ ਨਹੀਂ, ਸਾਹਿਤ ਪੱਧਰ ਦਾ ਨਹੀਂ।” ਹਾਲਾਂਕਿ ਅਜਿਹੇ ਸਾਹਿਤ ਨੇ ਹੀ ਦੁਨੀਆਂ ਦੇ ਕਿਰਤੀ ਲੋਕਾਂ ਦੀ ਬਹੁ ਵਸੋਂ ਨੂੰ ਜਮਾਤੀ ਮੁਕਤੀ ਦਾ ਰਾਹ ਦਿਖਾਕੇ ਏਸ ਤੇ ਤੁਰਨ ਦਾ ਹੌਂਸਲਾ ਦਿੱਤਾ ਤੇ ਦੇ ਰਿਹਾ ਹੈ।

ਮਾਰਕਸ ਨੇ ਆਪਣੀ ਸਾਰੀ ਸਿਆਸਤ (ਮੈਨੀਫੈਸਟੋ) ਦੀ ਵਸਤੂ ਨੂੰ ਇੱਕ ਹੀ ਫਿਕਰੇ ਦਾ ਰੂਪ ਦਿੱਤਾ ਸੀ। ਉਹ ਸੀ

”ਸਭ ਦੇਸਾਂ ਦੇ ਕਿਰਤੀ ਲੋਕੋ ਇਕ ਹੋ ਜਾਓ।”

ਇਕ ਅਜਿਹੇ ਅਲੋਚਕ ਨੇ ਰਾਮਪੁਰ ਦੁਰਾਹੇ ਦੀ ਪਿਛਲੇ ਸਾਲ ਹੋਈ ਗੋਸ਼ਟੀ ਵਿਚ ਏਸ ਨੂੰ ਪ੍ਰਾਪੇਗੰਡਾ ਕਿਹਾ ਸੀ। ਵਸਤੂ ਨੂੰ ਰੂਪ ਹੀ ਅਮਲੀ ਸ਼ਕਲ ਦੇ ਰਸਤੇ ਪਾਉਂਦਾ ਹੈ। ਦਰ ਅਸਲ ਰੂਪ ਵਸਤੂ ਦੇ ਅੰਦਰਲੇ ਦਾ ਹੀ ਉਸਾਰ ਹੁੰਦਾ ਹੈ। ਇਹ ਰੂਪ ਦੁਨੀਆਂ ਭਰ ਦੇ ਕਿਰਤੀ ਲੋਕਾਂ ਦੇ ਮਨਾਂ ਵਿਚ ਘਰ ਕਰ ਗਿਆ ਤੇ ਉਹ ਇਨਕਲਾਬੀ ਲਹਿਰ ਬਣ ਤੁਰਿਆ। ਜਿਸ ਨੇ ਦੁਨੀਆਂ ਦੇ ਬਹੁਤ ਵੱਡੇ ਹਿੱਸੇ ਵਿਚੋਂ ਸਾਮਰਾਜਵਾਦ ਦਾ ਵਜੂਦ ਹੀ ਖਤਮ ਕਰ ਦਿੱਤਾ ਤੇ ਰਹਿੰਦੇ ਵਿਚ ਵੀ ਸਰਮਾਇਆਦਾਰ ਜਮਾਤ ਤੇ ਉਸਦੀ ਸੋਸ਼ਆਲੋਜੀ ਦੀ ਜਾਨ ਦਾ ਖੌ ਬਣਿਆ ਖੜਾ ਹੈ। ਮਾਰਕਸ ਦੀ ਸਿਆਸਤ ਦੇ ਏਸ ਰੂਪ ਨੂੰ ਡਾ. ਇਕਬਾਲ ਨੇ ਏਸ ਤਰ੍ਹਾਂ ਕਵਿਤਾਇਆ ਹੈ।

ਜੋਸ਼ ਬਣ ਕਰ ਆ ਗਈ ਹੈ, ਬਾਜ਼ੂਏ ਮਜ਼ਦੂਰ ਮੇਂ।
ਕਲਬ ਗੇਤੀ ਸੇ ਤੜਪ ਕਰ ਆਰਜ਼ੂਏ ਇਨਕਲਾਬ।

ਅਰਥ : ਦਿਲ ਦੀ ਦੁਨੀਆਂ ਵਿਚੋਂ ਇਨਕਲਾਬ ਦੀ ਇੱਛਾ ਧੜਕ ਕੇ ਮਜ਼ਦੂਰ ਦੀਆਂ ਬਾਹਾਂ ਵਿਚ ਜੋਸ਼ ਆ ਬਣੀ ਹੈ।

ਏਸ ਜੋਸ਼ ਬਣ ਜਾਣ ਦੇ ਡਰ ਤੋਂ ਬੁਰਜੁਆ ਅਲੋਚਕ ਚਾਹੇ ਸਾਮਰਾਜ ਦੇਸਾਂ ਦੇ ਤੇ ਚਾਹੇ ਪੰਜਾਬ ਦੇ ਹਨ, ਸਾਹਿਤ ਅੰਦਰ ਵਸਤੂ ਤੇ ਰੂਪ ਦਾ ਵਿਕਾਸਮਈ ਹੋਣਾ ਨਹੀਂ ਮੰਗਦੇ ਤੇ ਬਹੁਤਾ ਸਾਹਿਤਕਾਰ ਇਹੋ ਤਬਕਾ ਹੈ। ਏਸੇ ਕਰ ਕੇ ਹਰ ਸਾਲ ਛਪ ਰਹੀਆਂ ਸੈਂਕੜੇ ਸਾਹਿਤ ਕਿਰਤਾਂ ਵਿੱਚੋਂ ਤੁਹਾਨੂੰ ਮਸਾਂ ਕੋਈ ਗਾਸੋ ਵਰਗਿਆਂ ਦੀ ਇਕੱਲੀ ਇਕਾਰੀ ਕਿਰਤ ਲੱਭੇਗੀ, ਜੋ ਸਮੇਂ ਦੀ ਡਾਇਲੈਕਟਿਕ ਦੀ ਗੱਲ ਕਰਦੀ ਹੋਵੇ। ਏਸ ਡਾਇਲੈਕਟਿਕਸ ਦੇ ਅਮਲ ਵਿੱਚ (ਇਨਕਲਾਬ) ਆ ਜਾਣ ਨਾਲ਼ ਸਰਮਾਇਆਦਾਰੀ ਦੇ ਰਾਜ ਜੱਫੇ ਤੇ ਨਾਲ਼ ਹੀ ਸਰਮਾਇਆਦਾਰੀ ਜਮਾਤ (ਬੁਰਜੁਆਜੀ) ਦੀ ਖੈ ਹੋ ਜਾਣੀ ਹੈ। ਆਪਣੀ ਮੌਤ ਆਪ ਕੌਣ ਮੰਗਦਾ ਹੈ। ਏਸ ਲਈ ਇਹ ਬੁਰਜੁਆ ਆਲੋਚਨਾ ਏਸ ਡਾਇਲੈਕਟਿਕਸ ਨੂੰ ਅਸਾਹਿਤ, ਕਲਾ ਹੀਣ ਤੇ ਅਨਐਸਥੈਟਿਕਸ ਹੋਣ ਦੇ ਫਤਵੇ ਦੇ ਦੇਵੇਗੀ ਤੇ ਰਾਜ ਸਰਕਾਰ ਤੇ ਸੋਸ਼ਆਲੋਜੀ ਆਪਣੀ ਵਿਦਿਆਪਕਤਾ ਤੇ ਐਕੇਡੈਮਿਕਤਾ ਵਿਚ ਵੜਨ ਨਹੀਂ ਦੇਵੇਗੀ। ਜਿਸ ਤਰ੍ਹਾਂ ਉਹ ਮਾਕਸਵਾਦ ਨਾਲ਼ ਕਰ ਰਹੀ ਹੈ।      

* ਇਹ ਮਸਾਲਾ ਮਸ਼ਹੂਰ ਸੋਸ਼ਾਅਲੋਜਿਸਟ ਅਲੈਕਸ ਇੰਕਲੀਸ ਦੀ ਕਿਤਾਬ “ਵੱਟ ਇਜ਼ ਸੋਸ਼ਆਅੋਜੀ” (1955) ਵਿੱਚੋਂ ਲਿਆ ਗਿਆ ਹੈ।

“ਪਰ੍ਤੀਬੱਧ”, ਅੰਕ 24, ਜਨਵਰੀ 2015 ਵਿਚ ਪਰ੍ਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s