ਸੁਤੰਤਰ ਵਪਾਰ ਦੇ ਸਵਾਲ ਬਾਰੇ ਕਾਰਲ ਮਾਰਕਸ

karl marx.jpg 5(ਸਾਡੇ ਦੇਸ਼ ਦੇ ਇਨਕਲਾਬੀ ਗਰੁੱਪ ਪਹਿਲਾਂ ਦੇਸ਼ ਅੰਦਰ ਵਿਦੇਸ਼ੀ ਮਾਲ ਦੀ ਆਮਦ ਦਾ ਵਿਰੋਧ ਕਰਦੇ ਰਹੇ ਹਨ ਅਤੇ ਅੱਜ ਕੱਲ੍ਹ ਇਨ੍ਹਾਂ ਨੇ ਪ੍ਰਚੂਨ ਵਾਪਰ ਵਿੱਚ ਵਿਦੇਸ਼ੀ ਪੂੰਜੀ ਦੀ ਆਮਦ ਵਿਰੁੱਧ ਝੰਡਾ ਚੁੱਕਿਆ ਹੋਇਆ ਹੈ। ਭਾਵ ਪਹਿਲਾਂ ਉਹ ਜਿਣਸ ਪੂੰਜੀ ਦੀ ਆਮਦ ਦੇ ਵਿਰੋਧ ਵਿੱਚ ਸਨ ਅਤੇ ਹੁਣ ਉਹ ਮੁਦਰਾ ਪੂੰਜੀ ਦੀ ਆਮਦ ਦੇ ਵਿਰੋਧ ‘ਚ ਹਨ। ਇਹ ਗਰੁੱਪ ਮਾਰਕਸ ਤੋਂ ਮਾਓ ਤੱਕ ਦਾ ਨਾਮ ਜਪਦੇ ਹਨ, ਪਰ ਉਨ੍ਹਾਂ ਤੋਂ ਸਿੱਖਣ ਦੀ ਰੱਤੀਭਰ ਵੀ ਕੋਸ਼ਿਸ਼ ਨਹੀਂ ਕਰਦੇ। ਇੱਥੇ ਅਸੀਂ ਇਸ ਸਬੰਧ ਵਿੱਚ ਕਾਰਲ ਮਾਰਕਸ ਦੀ ਤਕਰੀਰ ਦੇ ਰਹੇ ਹਾਂ। ਜੋ ਉਨ੍ਹਾਂ ਸੁਤੰਤਰ ਵਪਾਰ ਦੇ ਸਵਾਲ ਉੱਪਰ 9 ਜਨਵਰੀ 1848 ਨੂੰ ਬਰਸੇਲਜ਼ ਵਿਖੇ ਦਿੱਤੀ ਸੀ। 
ਪਾਠਕ ਇਹ ਤਕਰੀਰ ਪੜ੍ਹ ਕੇ ਦੇਖ ਸਕਦੇ ਹਨ ਕਿ ਸਾਡੇ ਇਹ ਇਨਕਲਾਬੀ ਕਿਸ ਕਦਰ ਮਾਰਕਸਵਾਦੀ ਵਿਚਾਰਧਾਰਾ ਤੋਂ ਭਟਕੇ ਹੋਏ ਹਨ।
— ਸੰਪਾਦਕ)

ਇੰਗਲੈਂਡ ਵਿੱਚ ਅਨਾਜ ਦੇ ਕਾਨੂੰਨ ਦੀ ਮਨਸੂਖੀ ਉਨ੍ਹੀਵੀਂ ਸਦੀ ਵਿੱਚ ਸੁਤੰਤਰ ਵਪਾਰ ਦੀ ਸਭ ਤੋਂ ਵੱਡੀ ਜਿੱਤ ਹੈ। ਹਰ ਮੁਲਕ ਵਿੱਚ ਜਿੱਥੇ ਕਾਰਖਾਨੇਦਾਰ ਸੁਤੰਤਰ ਵਪਾਰ ਦੀ ਗੱਲ ਕਰਦੇ ਹਨ ਉਨ੍ਹਾਂ ਦੇ ਮਨਾਂ ‘ਚ ਮੁੱਖ ਤੌਰ ‘ਤੇ ਕੱਚੇ ਮਾਲ ਦੇ ਸੁਤੰਤਰ ਵਪਾਰ ਦਾ ਖਿਆਲ ਹੁੰਦਾ ਹੈ। ਬਦੇਸ਼ੀ ਅਨਾਜ ਉੱਪਰ ਸੁਰੱਖਿਅਤ ਟੈਕਸ ਠੋਸਣਾ ਬਦਨਾਮ ਕਰਮ ਹੈ, ਇਹ ਲੋਕਾਂ ਦੇ ਭੋਖੜੇ ਤੋਂ ਸੱਟੇਬਾਜ਼ੀ ਕਰਨਾ ਹੈ। ਸਸਤੀ ਖੁਰਾਕ, ਜ਼ਿਆਦਾ ਉਜਰਤ – ਇਹ ਇੱਕੋ-ਇੱਕ ਨਿਸ਼ਾਨਾ ਹੈ। ਇਸ ਲਈ ਅੰਗਰੇਜ਼ ਸੁਤੰਤਰ-ਵਾਪਰੀਆਂ ਨੇ ਲੱਖਾਂ ਖਰਚ ਦਿੱਤੇ ਹਨ ਅਤੇ ਉਨ੍ਹਾਂ ਦਾ ਉਤਸ਼ਾਹ ਪਹਿਲਾਂ ਹੀ ਉਨ੍ਹਾਂ ਦੇ ਯੂਰਪੀ ਭਰਾਵਾਂ ਤੱਕ ਫੈਲ ਚੁੱਕਾ ਹੈ। ਆਮ ਤੌਰ ‘ਤੇ ਉਹ ਲੋਕ ਸੁਤੰਤਰ ਵਪਾਰ ਦੇ ਇਛੁੱਕ ਹਨ, ਤਾਂ ਕਿ ਮਜ਼ਦੂਰ ਜਮਾਤ ਦੀ ਹਾਲਤ ਚੰਗੇਰੀ ਬਣਾਈ ਜਾਏ।

ਪਰ ਅਜੀਬ ਗੱਲ ਹੈ। ਜਿਨ੍ਹਾਂ ਲੋਕਾਂ ਲਈ ਹਰ ਕੀਮਤ ਉੱਪਰ ਸਸਤੀ ਖੁਰਾਕ ਪ੍ਰਾਪਤ ਕੀਤੀ ਜਾਣੀ ਹੈ ਉਹ ਬੜੇ ਕ੍ਰਿਤਘਣ ਹਨ। ਇੰਗਲੈਂਡ ਵਿੱਚ ਸਸਤੀ ਖੁਰਾਕ ਓਨੀ ਹੀ ਗੈਰ-ਸਨਮਾਨਿਤ ਹੈ ਜਿੰਨੀ ਕਿ ਫ਼ਰਾਂਸ ਵਿੱਚ ਸਸਤੀ ਸਰਕਾਰ। ਲੋਕ ਬਰਾਊਨਿੰਗ, ਬਰਾਈਟ ਐਂਡ ਕੰਪਨੀ, ਵਰਗੇ ਆਪਾ-ਵਾਰੂ ਲੋਕਾਂ ਨੂੰ ਆਪਣਾ ਕੱਟੜ ਦੁਸ਼ਮਣ ਅਤੇ ਅਤਿ ਬੇਸ਼ਰਮ ਦੰਭੀ ਖਿਆਲ ਕਰਦੇ ਹਨ।

ਹਰ ਕੋਈ ਜਾਣਦਾ ਹੈ ਕਿ ਇੰਗਲੈਂਡ ਵਿੱਚ ਲਿਬਰਲਾਂ ਅਤੇ ਡੈਮੋਕਰੇਟਾਂ ਵਿਚਲੀ ਲੜਾਈ ਸੁਤੰਤਰ ਵਪਾਰੀਆਂ ਅਤੇ ਚਾਰਟਿਸਟਾਂ ਦੇ ਨਾਂ ਥੱਲੇ ਚੱਲਦੀ ਹੈ।
ਆਓ ਹੁਣ ਦੇਖੀਏ ਕਿ ਕਿਸ ਤਰ੍ਹਾਂ ਅੰਗਰੇਜ਼ ਸੁਤੰਤਰ ਵਪਾਰੀਆਂ ਨੇ ਆਪਣੀਆਂ ਸਭ ਭਾਵਨਾਵਾਂ, ਜੋ ਉਨ੍ਹਾਂ ਨੂੰ ਪ੍ਰਰੇਦੀਆਂ ਹਨ, ਨੂੰ ਲੋਕਾਂ ਸਾਹਮਣੇ ਸਿੱਧ ਕੀਤਾ ਹੈ।

ਜੋ ਕੁਝ ਉਨ੍ਹਾਂ ਨੇ ਫੈਕਟਰੀਆਂ ਦੇ ਮਜ਼ਦੂਰਾਂ ਨੂੰ ਕਿਹਾ ਸੀ ਉਹ ਇਹ ਹੈ :

”ਅਨਾਜ ਉੱਪਰ ਲਾਇਆ ਗਿਆ ਮਹਿਸੂਲ ਉਜਰਤਾਂ ਉੱਪਰ ਟੈਕਸ ਹੈ, ਇਹ ਟੈਕਸ ਤੁਸੀਂ ਉਨ੍ਹਾਂ ਮਧਕਾਲੀਨ ਅਮੀਰਜ਼ਾਦਿਆਂ, ਜਗੀਰਦਾਰਾਂ ਨੂੰ ਦੇਂਦੇ ਹੋ। ਜੇ ਤੁਹਾਡੀ ਹਾਲਤ ਗੰਦੀ ਹੈ ਤਾਂ ਇਸ ਦਾ ਕਾਰਨ ਜ਼ਿੰਦਗੀ ਦੀਆਂ ਫੌਰੀ ਲੋੜਾਂ ਦੀ ਮਹਿੰਗਾਈ ਹੈ।”

ਮਜ਼ਦੂਰਾਂ ਨੇ ਅੱਗੋਂ ਕਾਰਖਾਨੇਦਾਰਾਂ ਤੋਂ ਪੁੱਛਿਆ :

”ਇਸ ਦਾ ਕਾਰਨ ਕੀ ਹੈ ਕਿ ਪਿਛਲੇ ਤੀਹ੍ਹ ਸਾਲਾਂ ਦੇ ਅਰਸੇ ਵਿੱਚ, ਜਦ ਕਿ ਸਾਡੀ ਸਨਅਤ ਸਭ ਤੋਂ ਜ਼ਿਆਦਾ ਵਿਕਸਤ ਹੋਈ ਹੈ, ਤਾਂ ਅਨਾਜ ਦੀਆਂ ਕੀਮਤਾਂ ਜਿੰਨੀਆਂ ਜ਼ਿਆਦਾ ਚੜ੍ਹੀਆਂ ਹਨ ਉਸ ਤਨਾਸਬ ਨਾਲ਼ ਸਾਡੀਆਂ ਤਨਖਾਹਾਂ ਉਸ ਨਾਲ਼ੋਂ ਵੀ ਜ਼ਿਆਦਾ ਥੱਲੇ ਗਈਆਂ ਹਨ।”

”ਟੈਕਸ, ਜਿਸ ਬਾਰੇ ਤੁਸੀਂ ਕਹਿੰਦੇ ਹੋ ਕਿ ਅਸੀਂ ਜਗੀਰਦਾਰਾਂ ਨੂੰ ਦਿੰਦੇ ਹਾਂ, ਇੱਕ ਹਫ਼ਤੇ ਦਾ ਤਿੰਨ ਪੈਸੇ ਫੀ ਮਜ਼ਦੂਰ ਹੈ। ਅਤੇ ਫਿਰ ਵੀ ਹੱਥ ਖੱਡੀਆਂ ਦਾ ਕੰਮ ਕਰਨ ਵਾਲਿਆਂ ਦੀ ਤਨਖ਼ਾਹ 1815 ਅਤੇ 1843 ਦੇ ਦੌਰਾਨ 28 ਸ਼ਲਿੰਗ ਫ਼ੀ ਹਫ਼ਤੇ ਤੋਂ ਡਿੱਗ ਕੇ 5 ਸ਼ਲਿੰਗ ‘ਤੇ ਆ ਗਈ ਹੈ ਅਤੇ ਮਸ਼ੀਨੀ ਖੱਡੀਆਂ ਦਾ ਕੰਮ ਕਰਨ ਵਾਲਿਆਂ ਦੀ ਤਨਖ਼ਾਹ 1823 ਅਤੇ 1843 ਦੇ ਦੌਰਾਨ 20 ਸ਼ਲਿੰਗ ਹਫ਼ਤਾਵਾਰੀ ਤੋਂ 8 ਸ਼ਲਿੰਗ ‘ਤੇ। ਅਤੇ ਇਸ ਸਾਰੇ ਸਮੇਂ ਦੇ ਦੌਰਾਨ ਟੈਕਸ ਦਾ ਉਹ ਹਿੱਸਾ ਜਿਹੜਾ ਅਸੀਂ ਜਗੀਰਦਾਰਾਂ ਨੂੰ ਦੇਂਦੇ ਹਾਂ, ਕਦੀ ਵੀ ਤਿੰਨ ਪੈਸੇ ਤੋਂ ਨਹੀਂ ਵਧਿਆ। ਅਤੇ ਫਿਰ ਸੰਨ 1834 ਵਿੱਚ, ਜਦੋਂ ਰੋਟੀ ਬਹੁਤ ਸਸਤੀ ਸੀ ਅਤੇ ਕੰਮ ਬੜਾ ਸੁਹਣਾ ਚੱਲ ਰਿਹਾ ਸੀ, ਤੁਸੀਂ ਸਾਨੂੰ ਕੀ ਕਿਹਾ ਸੀ? ਤੁਸੀਂ ਆਖਿਆ ਸੀ, ਜੇ ਤੁਸੀਂ ਬਦਕਿਸਮਤ ਹੋ ਤਾਂ ਇਸ ਦਾ ਕਾਰਨ ਇਹ ਹੈ ਕਿ ਤੁਹਾਡੇ ਬੱਚੇ ਬਹੁਤ ਜ਼ਿਆਦਾ ਨੇ, ਅਤੇ ਤੁਹਾਡੀ ਮਿਹਨਤ ਨਾਲ਼ੋਂ ਤੁਹਾਡੇ ਵਿਆਹ ਜ਼ਿਆਦਾ ਉਪਜਾਊ ਨੇ।”

”ਬਿਲਕੁਲ ਇਹੀ ਸ਼ਬਦ ਜਿਹੜੇ ਤੁਸੀਂ ਸਾਨੂੰ ਕਹੇ ਸਨ ਅਤੇ ਤੁਸੀਂ ਗਰੀਬਾਂ ਲਈ ਕਾਨੂੰਨ ਘੜਨ ਅਤੇ ਪ੍ਰੋਲੇਤਾਰੀ ਲਈ ਬੈਸਟਾਈਲ, ਗਰੀਬਖਾਨੇ ਬਣਾਉਣ ‘ਤੇ ਜੁੱਟ ਪਏ ਸੀ।”

ਇਸ ਦਾ ਕਾਰਖਾਨੇਦਾਰਾਂ ਨੇ ਜੁਆਬ ਦਿੱਤਾ :

”ਐ ਸੁਯੋਗ ਮਜ਼ਦੂਰੋਂ, ਤੁਸੀਂ ਠੀਕ ਹੋ, ਤਨਖਾਹਾਂ ਨੂੰ ਨਿਸ਼ਚਿਤ ਕਰਨ ਵਾਲ਼ੀ ਚੀਜ਼ ਸਿਰਫ਼ ਅਨਾਜ ਦੀ ਕੀਮਤ ਨਹੀਂ ਸਗੋਂ ਕੰਮ ਕਰਨ ਵਾਲ਼ੇ ਲੋਕਾਂ ਦਾ ਆਪਸ ਵਿੱਚ ਮੁਕਾਬਲਾ ਵੀ ਹੈ।”

”ਪਰ ਇੱਕ ਗੱਲ ਧਿਆਨ ਨਾਲ਼ ਸੋਚੋ ਕਿ ਸਾਡੀ ਧਰਤੀ ਪੱਥਰਾਂ ਅਤੇ ਰੇਤੇ ਦੀ ਬਣੀ ਹੋਈ ਹੈ। ਯਕੀਨਨ ਤੁਸੀਂ ਇਹ ਕਲਪਨਾ ਨਹੀਂ ਕਰਦੇ ਕਿ ਅਨਾਜ ਫੁੱਲਦਾਨਾਂ ਵਿੱਚ ਉਗਾਇਆ ਜਾ ਸਕਦਾ ਹੈ। ਸੋ ਜੇ ਬਿਲਕੁਲ ਬੰਜਰ ਜ਼ਮੀਨ ਉੱਪਰ ਆਪਣਾ ਸਰਮਾਇਆ ਅਤੇ ਮਿਹਨਤ ਰੋੜ੍ਹਨ ਦੀ ਥਾਂ ਅਸੀਂ ਖੇਤੀਬਾੜੀ ਨੂੰ ਛੱਡ ਹੀ ਦੇਈਏ ਅਤੇ ਸਿਰਫ਼ ਸਨਅਤ ਵੱਲ ਚੰਗੀ ਤਰ੍ਹਾਂ ਜੁੱਟ ਜਾਈਏ, ਤਾਂ ਸਾਰਾ ਯੂਰਪ ਆਪਣੀਆਂ ਫੈਕਟਰੀਆਂ ਛੱਡ ਦੇਵੇਗਾ ਅਤੇ ਇੰਗਲੈਂਡ ਇੱਕ ਵੱਡਾ ਸਨਅਤੀ ਸ਼ਹਿਰ ਬਣ ਜਾਏਗਾ ਅਤੇ ਬਾਕੀ ਸਾਰਾ ਯੂਰਪ ਇਸ ਦੇ ਪਿੰਡਾਂ ਦਾ ਕੰਮ ਸਾਰੇਗਾ।”

ਜਦ ਕਾਰਖਾਨੇਦਾਰ ਆਪਣੇ ਮਜ਼ਦੂਰ ਨੂੰ ਇਸ ਤਰ੍ਹਾਂ ਲੈਕਚਰ ਝਾੜ ਕੇ ਪ੍ਰੇਸ਼ਾਨ ਕਰ ਰਿਹਾ ਹੁੰਦਾ ਹੈ ਤਾਂ ਛੋਟਾ ਵਪਾਰੀ ਉਸ ‘ਤੇ ਸੁਆਲ ਕਰਦਾ ਹੈ ਅਤੇ ਕਹਿੰਦਾ ਹੈ :

”ਜੇ ਅਸੀਂ ਅਨਾਜ ਦਾ ਕਾਨੂੰਨ ਮਨਸੂਖ ਕਰ ਦੇਈਏ, ਅਸੀਂ ਬੇਸ਼ੱਕ ਜ਼ਰਾਇਤ ਨੂੰ ਤਬਾਹ ਕਰ ਦੇਵਾਂਗੇ, ਪਰ ਇਸ ਸਭ ਕੁਝ ਨਾਲ਼, ਅਸੀਂ ਦੁਨੀਆਂ ਦੀਆਂ ਕੌਮਾਂ ਨੂੰ ਮਜ਼ਬੂਰ ਨਹੀਂ ਕਰਾਂਗੇ ਕਿ ਉਹ ਆਪਣੀਆਂ ਫੈਕਟਰੀਆਂ ਛੱਡ ਦੇਣ ਅਤੇ ਮਾਲ ਸਾਥੋਂ ਖਰੀਦਣ।

ਨਤੀਜਾ ਕੀ ਹੋਵੇਗਾ? ਮੈਂ ਉਹ ਗਾਹਕ ਗੁਆ ਬੈਠਾਂਗਾ ਜਿਹੜੇ ਕਿ ਹੁਣ ਮੁਲਕ ਵਿੱਚ ਹਨ ਅਤੇ ਅੰਦੂਰਨੀ ਵਪਾਰ ਆਪਣੀ ਮੰਡੀ ਗੁਆ ਬੈਠੇਗਾ।”

ਆਪਣੀ ਪਿੱਠ ਮਜ਼ਦੂਰਾਂ ਵੱਲ ਮੋੜ ਕੇ, ਕਾਰਖਾਨੇਦਾਰ ਦੁਕਾਨਦਾਰ ਨੂੰ ਜੁਆਬ ਦਿੰਦਾ ਹੈ।

”ਜਿੱਥੋਂ ਤੱਕ ਤੁਹਾਡਾ ਸੁਆਲ ਹੈ, ਇਹ ਗੱਲ ਤੁਸੀਂ ਸਾਡੇ ‘ਤੇ ਛੱਡ ਦੇਵੋ। ਇੱਕ ਵਾਰੀ ਅਨਾਜ ਦੇ ਮਹਿਸੂਲ ਤੋਂ ਛੁਟਕਾਰਾ ਪਾ ਲਵੋ, ਅਸੀਂ ਬਾਹਰੋਂ ਸਸਤਾ ਅਨਾਜ ਦਰਾਮਦ ਕਰਾਂਗੇ। ਫਿਰ ਅਸੀਂ ਬਿਲਕੁਲ ਉਸ ਵਕਤ ਉਜਰਤਾਂ ਘਟਾ ਦੇਵਾਂਗੇ ਜਦੋਂ ਉਹ ਉਨ੍ਹਾਂ ਦੇਸ਼ਾਂ ਵਿੱਚ ਵੱਧ ਰਹੀਆਂ ਹੋਣਗੀਆਂ, ਜਿਨ੍ਹਾਂ ਤੋਂ ਅਸੀਂ ਅਨਾਜ ਲੈਂਦੇ ਹਾਂ।”

”ਸੋ ਉਨ੍ਹਾਂ ਸਭ ਫ਼ਾਇਦਿਆਂ ਤੋਂ ਉਪਰੰਤ, ਜੋ ਕਿ ਅਸੀਂ ਪਹਿਲਾਂ ਹੀ ਮਾਣ ਰਹੇ ਹਾਂ, ਸਾਨੂੰ ਘੱਟ ਉਜਰਤਾਂ ਦੇਣ ਦਾ ਇੱਕ ਹੋਰ ਫਾਇਦਾ ਹੋ ਜਾਏਗਾ ਅਤੇ ਇਨ੍ਹਾਂ ਸਾਰੇ ਫ਼ਾਇਦਿਆਂ ਨਾਲ਼ ਅਸੀਂ ਅਸਾਨੀ ਨਾਲ਼ ਸਾਰੇ ਯੂਰਪ ਨੂੰ ਆਪਣੇ ਕੋਲੋਂ ਮਾਲ ਖਰੀਦਣ ਲਈ ਮਜ਼ਬੂਰ ਕਰ ਦੇਵਾਂਗੇ।”

ਪਰ ਹੁਣ ਕਿਸਾਨ ਅਤੇ ਦੇਹਾਤੀ ਮਜ਼ਦੂਰ ਬਹਿਸ ਵਿੱਚ ਸ਼ਾਮਲ ਹੋ ਜਾਂਦੇ ਹਨ।

”ਪਰ ਸ਼੍ਰੀਮਾਨ ਜੀ, ਸਾਡਾ ਕੀ ਬਣੇਗਾ?”

”ਕੀ ਤੁਸੀਂ ਜ਼ਰਾਇਤ ਉੱਪਰ ਮੌਤ ਦੀ ਸਜ਼ਾ ਲਾ ਰਹੇ ਹੋ ਜਿਸ ਤੋਂ ਕਿ ਅਸੀਂ ਆਪਣੀ ਰੋਜ਼ੀ ਕਮਾਉਂਦੇ ਹਾਂ? ਕੀ ਆਪਣੇ ਪੈਰਾਂ ਥੱਲਿਓਂ ਜ਼ਮੀਨ ਨੂੰ ਖੁਸ ਜਾਣ ਦੇਈਏ?”

ਇਸ ਪੂਰੇ ਦੇ ਜੁਆਬ ਵਿੱਚ ਅਨਾਜ ਦੇ ਕਾਨੂੰਨ ਵਿਰੋਧੀ ਲੀਗ ਨੇ ”ਅਨਾਜ ਦੇ ਕਾਨੂੰਨ ਦੀ ਮਨਸੂਖੀ ਦਾ ਇੰਗਲੈਂਡ ਦੀ ਜ਼ਰਾਇਤ ਉੱਪਰ ਲਾਭਦਾਇਕ ਪ੍ਰਭਾਵ” ਉੱਪਰ ਤਿੰਨ ਸਭ ਤੋਂ ਉੱਤਮ ਲੇਖਾਂ ਨੂੰ ਇਨਾਮ ਪੇਸ਼ ਕਰਕੇ ਸਬਰ ਕਰ ਲਿਆ ਹੈ।

ਇਹ ਇਨਾਮ ਸਰਬਸਿਰੀ ਹੋਮ, ਮੋਰਜ ਅਤੇ ਗਰੈਗ ਲੈ ਗਏ ਅਤੇ ਇਨ੍ਹਾਂ ਦੇ ਲੇਖਾਂ ਦੀਆਂ ਕਾਪੀਆਂ ਹਜ਼ਾਰਾਂ ਦੀ ਗਿਣਤੀ ਵਿੱਚ ਸਭ ਕਸਬਿਆਂ ਵਿੱਚ ਵੰਡੀਆਂ ਗਈਆਂ।

ਇਨਾਮ ਜਿੱਤਣ ਵਾਲ਼ਿਆਂ ਵਿੱਚੋਂ ਪਹਿਲੇ ਨੇ ਇਹ ਸਿੱਧ ਕਰਨ ‘ਤੇ ਜ਼ੋਰ ਲਾਇਆ ਕਿ ਨਾ ਤਾਂ ਮੁਜ਼ਾਰਾ ਵਾਹਕ ਤੇ ਨਾ ਹੀ ਦਿਹਾਤੀ ਮਜ਼ਦੂਰ ਸਗੋਂ ਕੇਵਲ ਜਗੀਰਦਾਰ ਹੀ ਬਦੇਸ਼ੀ ਅਨਾਜ ਦੀ ਖੁੱਲ੍ਹੀ ਦਰਾਮਦ ਤੋਂ ਨੁਕਸਾਨ ਉਠਾਵੇਗਾ, ਅੰਗਰੇਜ਼ ਮੁਜ਼ਾਰੇ ਕਿਸਾਨ ਨੂੰ ਅਨਾਜ ਦੇ ਕਾਨੂੰਨ ਦੀ ਮਨਸੂਖੀ ਤੋਂ ਡਰਨਾ ਨਹੀਂ ਚਾਹੀਦਾ, ਉਹ ਕਹਿ ਉੱਠਦਾ ਹੈ, ”ਕਿਉਂਕਿ ਹੋਰ ਕੋਈ ਦੇਸ਼ ਏਨਾ ਚੰਗਾ ਅਨਾਜ ਏਨਾ ਸਸਤਾ ਪੈਦਾ ਨਹੀਂ ਕਰ ਸਕਦਾ ਜਿੰਨਾ ਕਿ ਇੰਗਲੈਂਡ।”

”ਇਸ ਲਈ ਅਨਾਜ ਦੀ ਕੀਮਤ ਡਿੱਗ ਵੀ ਪਵੇ ਤਾਂ ਵੀ ਇਹ ਤੁਹਾਨੂੰ ਨੁਕਸਾਨ ਨਹੀਂ ਪੁਚਾਏਗੀ ਕਿਉਂਕਿ ਇਹ ਕਮੀ ਸਿਰਫ਼ ਕਰਾਏ ‘ਤੇ ਅਸਰ ਅੰਦਾਜ਼ ਹੋਵੇਗੀ, ਜੋ ਕਿ ਘੱਟ ਜਾਏਗਾ, ਸਨਅਤੀ ਲਾਭ ਅਤੇ ਉਜਰਤਾਂ ਉੱਪਰ ਇਹ ਬਿਲਕੁਲ ਅਸਰ ਨਹੀਂ ਕਰੇਗੀ ਅਤੇ ਇਹ ਇੱਕ ਥਾਂ ਰਹਿਣਗੇ।”

ਦੂਜੇ ਇਨਾਮ ਜੇਤੂ ਸ਼੍ਰੀ ਮੋਰਸ ਦਾ ਇਸ ਤੋਂ ਉਲਟ ਇਹ ਵਿਚਾਰ ਹੈ ਕਿ ਮਨਸੂਖੀ ਦੇ ਸਿੱਟੇ ਵਜੋਂ ਅਨਾਜ ਦੀ ਕੀਮਤ ਵਧੇਗੀ। ਉਹ ਇਹ ਸਿੱਧ ਕਰਨ ‘ਤੇ ਬੇਹੱਦ ਜ਼ੋਰ ਲਾਉਂਦਾ ਹੈ ਕਿ ਰੱਖਿਅਕ ਮਹਿਸੂਲ ਅਨਾਜ ਵਾਸਤੇ ਲਾਹੇਵੰਦੀ ਕੀਮਤ ਵਸੂਲ ਕਰਨ ਵਿੱਚ ਕਦੀ ਵੀ ਸਹਾਈ ਨਹੀਂ ਹੋਏ।

ਆਪਣੇ ਵਿਸ਼ਵਾਸ ਦੀ ਪ੍ਰੋੜ੍ਹਤਾ ਵਜੋਂ ਉਹ ਇਹ ਹਕੀਕਤ ਪੇਸ਼ ਕਰਦਾ ਹੈ ਕਿ ਜਦੋਂ ਕਦੀ ਵੀ ਬਦੇਸ਼ੀ ਅਨਾਜ ਦੀ ਬਰਾਮਦ ਕੀਤੀ ਗਈ ਹੈ, ਇੰਗਲੈਂਡ ਵਿੱਚ ਅਨਾਜ ਦੀ ਕੀਮਤ ਕਾਫ਼ੀ ਜ਼ਿਆਦਾ ਚੜ੍ਹੀ ਹੈ, ਜਦੋਂ ਬਹੁਤ ਘੱਟ ਅਨਾਜ ਦੀ ਦਰਾਮਦ ਹੋਈ ਹੈ, ਤਾਂ ਕੀਮਤ ਕਾਫ਼ੀ ਥੱਲੇ ਡਿੱਗੀ ਹੈ। ਇਨਾਮ ਜੇਤੂ ਇਹ ਭੁੱਲ ਜਾਂਦਾ ਹੈ ਕਿ ਦਰਾਮਦ ਕੀਮਤਾਂ ਦੇ ਚੜ੍ਹਨ ਦਾ ਕਾਰਨ ਨਹੀਂ ਸੀ ਸਗੋਂ ਚੜ੍ਹੀਆਂ ਕੀਮਤਾਂ ਦਰਾਮਦ ਦਾ ਕਾਰਨ ਸਨ।

ਅਤੇ ਆਪਣੇ ਸਾਥੀ ਇਨਾਮ ਜੇਤੂ ਤੋਂ ਬਿਲਕੁਲ ਉੱਲਟ ਉਹ ਇਸ ਗੱਲ ‘ਤੇ ਜ਼ੋਰ ਦੇਂਦਾ ਹੈ ਕਿ ਅਨਾਜ ਦੀ ਕੀਮਤ ਵਿੱਚ ਹੋਰ ਵਾਧਾ ਮਜ਼ਦੂਰ ਅਤੇ ਮੁਜ਼ਾਰੇ ਵਾਹਕ ਦੋਹਾਂ ਲਈ ਲਾਭਵੰਦ ਹੈ, ਪਰ ਜ਼ਿਮੀਂਦਾਰ ਲਈ ਨਹੀਂ।

ਤੀਜਾ ਇਨਾਮ ਜੇਤੂ ਮਿ. ਗਰੈਗ, ਇੱਕ ਵੱਡਾ ਕਾਰਖਾਨੇਦਾਰ ਹੈ ਅਤੇ ਉਸ ਦੀ ਕਿਰਤ ਵੱਡੇ ਪੈਮਾਨੇ ‘ਤੇ ਮੁਜ਼ਾਰੇ ਕਿਸਾਨਾਂ ਨੂੰ ਮੁਖਾਤਬ ਕੀਤੀ ਗਈ ਹੈ। ਉਹ ਇਹੋ ਜਿਹੀਆਂ ਮੂਰਖਤਾਈਆਂ ਨਾਲ਼ ਸਹਿਮਤੀ ਨਹੀਂ ਸੀ ਰੱਖ ਸਕਦਾ। ਉਸ ਦੀ ਬੋਲੀ ਵਧੇਰੇ ਵਿਗਿਆਨਕ ਹੈ।

ਉਹ ਮੰਨਦਾ ਹੈ ਕਿ ਅਨਾਜ ਦੇ ਕਾਨੂੰਨ ਸਿਰਫ਼ ਅਨਾਜ ਦੀ ਕੀਮਤ ਵਧਾਉਣ ਨਾਲ਼ ਹੀ ਕਰਾਇਆ ਵਧਾ ਸਕਦੇ ਹਨ ਅਤੇ ਉਹ ਕਾਨੂੰਨ ਅਨਾਜ ਦੀ ਕੀਮਤ ਸਿਰਫ਼ ਤਾਂ ਹੀ ਵਧਾ ਸਕਦੇ ਹਨ ਜੇ ਉਹ ਸਰਮਾਏ ਨੂੰ ਘਟੀਆ ਦਰਜੇ ਦੀ ਜ਼ਮੀਨ ਉੱਪਰ ਲਾਉਣ ਲਈ ਮਜ਼ਬੂਰ ਕਰ ਦੇਣ ਅਤੇ ਇਸ ਦੀ ਵਿਆਖਿਆ ਬੜੀ ਸੌਖੀ ਹੈ।

ਜੇ ਬਦੇਸ਼ੀ ਅਨਾਜ ਦਰਾਮਦ ਨਹੀਂ ਕੀਤਾ ਜਾ ਸਕਦਾ ਤਾਂ ਜਿਉਂ ਜਿਉਂ ਵਸੋਂ ਵਧੇਗੀ ਉਸ ਹਿਸਾਬ ਨਾਲ਼ ਘੱਟ ਉਪਜਾਊ ਜ਼ਮੀਨ ਵਰਤਣੀ ਪਵੇਗੀ, ਇਸ ਜ਼ਮੀਨ ਦੀ ਵਾਹੀ ‘ਤੇ ਜ਼ਿਆਦਾ ਖਰਚ ਹੋਵੇਗਾ ਅਤੇ ਨਤੀਜੇ ਵਜੋਂ ਇਸ ਜ਼ਮੀਨ ਦੀ ਉਪਜ ਵਧੇਰੇ ਮਹਿੰਗੀ ਹੋਵੇਗੀ।

ਅਨਾਜ ਦੀ ਮਜ਼ਬੂਰੀ ਵਿਕਰੀ ਹੋਣ ਦੇ ਕਾਰਨ, ਕੀਮਤ ਲਾਜ਼ਮੀ ਤੌਰ ‘ਤੇ ਸਭ ਤੋਂ ਜ਼ਿਆਦਾ ਲਾਗਤ ਵਾਲ਼ੀ ਜ਼ਮੀਨ ਦੀ ਉਪਜ ਦੀ ਕੀਮਤ ਦੇ ਸਿਰ ‘ਤੇ ਨਿਸ਼ਚਿਤ ਹੋਵੇਗੀ। ਇਸ ਕੀਮਤ ਦੇ ਅਤੇ ਚੰਗੇਰੀ ਕਿਸਮ ਦੀ ਜ਼ਮੀਨ ਉੱਤੇ ਉਤਪਾਦਨ ਦੀ ਕੀਮਤ ਵਿਚਲੇ ਫਰਕ ਤੋਂ ਕਰਾਇਆ ਬਣਦਾ ਹੈ।

ਇਸ ਲਈ ਜੇ ਅਨਾਜ ਦੇ ਕਾਨੂੰਨਾਂ ਦੀ ਮਨਸੂਖੀ ਦੇ ਨਤੀਜੇ ਵਜੋਂ ਅਨਾਜ ਦੀ ਕੀਮਤ ਘਟਦੀ ਹੈ ਅਤੇ ਇਸ ਦੇ ਨਤੀਜੇ ਵਜੋਂ ਕਰਾਇਆ ਡਿੱਗਦਾ ਹੈ ਤਾਂ ਇਸ ਦਾ ਕਾਰਨ ਇਹ ਹੈ ਕਿ ਘਟੀਆ ਜ਼ਮੀਨ ਫਿਰ ਹੋਰ ਨਹੀਂ ਵਾਹੀ ਜਾਏਗੀ। ਇਸ ਤਰ੍ਹਾਂ ਕਰਾਏ ਦਾ ਘਟਣਾ ਲਾਜ਼ਮੀ ਤੌਰ ‘ਤੇ ਮੁਜ਼ਾਰੇ ਕਿਸਾਨਾਂ ਦੇ ਇੱਕ ਹਿੱਸੇ ਨੂੰ ਤਬਾਹ ਕਰ ਦੇਵੇਗਾ।

ਇਹ ਟਿੱਪਣੀ ਜ਼ਰੂਰੀ ਸੀ ਤਾਂ ਜੋ ਮਿ. ਗਰੈਗ ਦੀ ਬੋਲੀ ਸਮਝਣ ਯੋਗ ਬਣ ਜਾਏ।

ਉਹ ਕਹਿੰਦਾ ਹੈ : ”ਛੋਟੇ ਕਿਸਾਨ, ਜਿਹੜੇ ਜ਼ਰਾਇਤ ਉੱਪਰ ਆਪਣਾ ਗੁਜ਼ਾਰਾ ਨਹੀਂ ਕਰ ਸਕਦੇ, ਸਨਅਤ ਵਿੱਚ ਆਪਣਾ ਸਾਧਨ ਲੱਭਣਗੇ। ਜਿੱਥੋਂ ਤੱਕ ਮੁਜ਼ਾਰੇ ਕਿਸਾਨਾਂ ਦੀ ਵੱਡੀ ਗਿਣਤੀ ਦਾ ਸੁਆਲ ਹੈ ਉਹ ਇਸ ਤੋਂ ਫ਼ਾਇਦਾ ਹੀ ਉਠਾਇਗੀ। ਜਾਂ ਤਾਂ ਜ਼ਿਮੀਂਦਾਰ ਉਨ੍ਹਾਂ ਕੋਲ ਬਹੁਤ ਸਸਤੇ ਭਾਅ ਜ਼ਮੀਨ ਵੇਚਣ ਲਈ ਮਜ਼ਬੂਰ ਹੋ ਜਾਣਗੇ ਜਾਂ ਬਹੁਤ ਲੰਮੇ ਅਰਸੇ ਲਈ ਜ਼ਮੀਨ ਠੇਕੇ ‘ਤੇ ਦੇ ਦਿੱਤੀ ਜਾਏਗੀ। ਇਸ ਨਾਲ਼ ਮੁਜ਼ਾਰੇ ਕਿਸਾਨ ਵਧੇਰੇ ਸਰਮਾਇਆ ਜ਼ਮੀਨ ਉੱਪਰ ਲਾਉਣ ਦੇ, ਵੱਡੇ ਪੈਮਾਨੇ ਉੱਪਰ ਵਾਹੀ ਲਈ ਮਸ਼ੀਨਰੀ ਵਰਤਣ ਦੇ ਅਤੇ ਜਿਸਮਾਨੀ ਮਿਹਨਤ ਘੱਟ ਕਰਨ ਦੇ ਯੋਗ ਹੋ ਜਾਣਗੇ। ਇਸ ਤੋਂ ਛੁੱਟ ਉਜਰਤਾਂ ਵਿੱਚ ਆਮ ਘਾਟੇ ਦੇ ਕਾਰਨ, ਜੋ ਕਿ ਅਨਾਜ ਦੇ ਕਾਨੂੰਨਾਂ ਦੀ ਮਨਸੂਖੀ ਦਾ ਪਹਿਲਾ ਸਿੱਟਾ ਹੋਵੇਗਾ, ਇਹ ਜਿਸਮਾਨੀ ਮਿਹਨਤ ਵੀ ਸਸਤੀ ਹੋ ਜਾਏਗੀ।”

ਡਾ. ਬਉਰਿੰਗ ਨੇ ਇੱਕ ਖੁੱਲ੍ਹੀ ਮੀਟਿੰਗ ਵਿੱਚ ਇਹ ਕਹਿ ਕੇ ਇਨ੍ਹਾਂ ਸਾਰੀਆਂ ਦਲੀਲਾਂ ਨੂੰ ਧਰਮ ਦੀ ਪਵਿੱਤਰਤਾ ਪ੍ਰਦਾਨ ਕਰ ਦਿੱਤੀ, ”ਯਸੂਹ ਮਸੀਹ ਸੁਤੰਤਰ ਵਪਾਰ ਹੈ ਅਤੇ ਸੁਤੰਤਰ ਵਪਾਰ ਯਸੂਹ ਮਸੀਹ ਹੈ।”

ਅਸੀਂ ਇਹ ਸਮਝ ਸਕਦੇ ਹਾਂ ਕਿ ਇਹ ਸਾਰਾ ਦੰਭ ਗਿਣਿਆ-ਮਿੱਥਿਆ ਨਹੀਂ ਸੀ ਕਿ ਮਜ਼ਦੂਰਾਂ ਲਈ ਸਸਤੀ ਰੋਟੀ ਆਕਰਸ਼ਕ ਬਣਾਈ ਜਾਏ।

ਇਸ ਦੇ ਇਲਾਵਾ ਇਹ ਕਾਰਖਾਨੇਦਾਰ ਉਹੀ ਲੋਕ ਸਨ ਜੋ ਕਿ ਦਸ ਘੰਟੇ ਦੇ ਕੰਮ ਦੇ ਦਿਨ ਦੇ ਖਿਲਾਫ਼ ਲੜ ਰਹੇ ਸਨ, ਜਿਨ੍ਹਾਂ ਅਨੁਸਾਰ ਕਿ ਜੇ ਮਿੱਲ ਮਜ਼ਦੂਰਾਂ ਦੀ ਦਿਹਾੜੀ ਬਾਰ੍ਹਾਂ ਘੰਟੇ ਤੋਂ ਘੱਟ ਕੇ ਦਸ ਘੰਟੇ ਰਹਿ ਜਾਣੀ ਸੀ ਤਾਂ ਮਜ਼ਦੂਰ ਇਨ੍ਹਾਂ ਕਾਰਖਾਨੇਦਾਰਾਂ ਦੇ ਇੱਕਦਮ ਪਰਉਪਕਾਰੀ ਬਣਨ ਨੂੰ ਕਿਵੇਂ ਸਮਝ ਸਕਦੇ ਸਨ?”

ਇਨ੍ਹਾਂ ਕਾਰਖਾਨੇਦਾਰਾਂ ਦੇ ਉਪਕਾਰ ਦਾ ਅੰਦਾਜ਼ਾ ਲਾਉਣ ਲਈ, ਸੱਜਣੋ, ਮੈਂ ਸਾਰੀਆਂ ਮਿੱਲਾਂ ਵਿੱਚ ਲਾਗੂ ਫੈਕਟਰੀ ਕਾਨੂੰਨ ਵੱਲ ਤੁਹਾਡਾ ਧਿਆਨ ਦੁਆਵਾਂਗਾ।
ਹਰ ਕਾਰਖਾਨੇਦਾਰ ਦਾ ਇੱਕ ਬਕਾਇਆ ਆਪਣਾ ਜਾਤੀ ਦੰਡ ਵਿਧਾਨ ਹੈ ਜਿਸ ਵਿੱਚ ਹਰ ਜ਼ੁਰਮ ਲਈ ਜ਼ੁਰਮਾਨੇ ਮਿੱਥੇ ਹੋਏ ਹਨ ਭਾਵੇਂ ਉਹ ਜ਼ੁਰਮ ਅਚੇਤ ਹੋਵੇ ਜਾਂ ਜਾਣਬੁੱਝ ਕੇ ਕੀਤਾ ਗਿਆ ਹੋਵੇ। ਉਦਾਹਰਣ ਵਜੋਂ, ਇੱਕ ਮਜ਼ਦੂਰ ਏਨਾ ਜ਼ੁਰਮਾਨਾ ਦੇਵੇਗਾ ਜੇ ਉਹ ਕਮਬਖ਼ਤੀ ਨਾਲ਼ ਕੁਰਸੀ ‘ਤੇ ਬੈਠ ਗਿਆ ਹੈ ਜਾਂ ਜੇ ਉਹ ਘੁਸਰ-ਮੁਸਰ ਕਰਦਾ ਹੈ ਜਾਂ ਬੋਲਦਾ ਹੈ ਜਾਂ ਹੱਸਦਾ ਹੈ ਜਾਂ, ਜੇ ਉਹ ਕੁਝ ਸਮਾਂ ਦੇਰ ਨਾਲ਼ ਆਉਂਦਾ ਹੈ ਜਾਂ, ਜੇ ਮਸ਼ੀਨ ਦਾ ਕੋਈ ਪੁਰਜ਼ਾ ਟੁੱਟ ਜਾਂਦਾ ਹੈ ਜਾਂ ਉਹ ਲੋੜੀਂਦੀ ਕੁਆਲਟੀ ਦਾ ਕੰਮ ਨਹੀਂ ਕਰਦਾ ਤਾਂ ਆਦਿ-ਆਦਿ। ਮਜ਼ਦੂਰ ਕੋਲੋਂ ਜਿੰਨਾ ਅਸਲ ਵਿੱਚ ਨੁਕਸਾਨ ਹੁੰਦਾ ਹੈ, ਜ਼ੁਰਮਾਨਾ ਹਮੇਸ਼ਾ ਉਸ ਨਾਲ਼ੋਂ ਵੱਧ ਹੁੰਦਾ ਹੈ। ਅਤੇ ਮਜ਼ਦੂਰ ਨੂੰ ਜ਼ੁਰਮਾਨੇ ਸਹੇੜਨ ਲਈ ਹਰ ਮੌਕਾ ਦੇਣ ਲਈ ਫੈਕਟਰੀ ਦੀ ਘੜੀ ਅੱਗੇ ਕੀਤੀ ਜਾਂਦੀ ਹੈ, ਉਸ ਨੂੰ ਚੰਗਾ ਮਾਲ ਬਣਾਉਣ ਲਈ ਭੈੜਾ ਕੱਚਾ ਮਾਲ ਦਿੱਤਾ ਜਾਂਦਾ ਹੈ। ਜਿਹੜਾ ਉਵਰਸੀਅਰ ਨਿਯਮਾਂ ਦੀ ਉਲੰਘਣਾ ਦੇ ਕੇਸਾਂ ਨੂੰ ਵਧਾਉਣ ਵਿੱਚ ਕਾਫ਼ੀ ਮਾਹਰ ਨਾ ਹੋਵੇ ਉਸ ਨੂੰ ਬਰਖਾਸਤ ਕਰ ਦਿੱਤਾ ਜਾਂਦਾ ਹੈ।

ਦੇਖਿਆ, ਸੱਜਣੋ, ਇਹ ਨਿੱਜੀ ਵਿਧਾਨਸਾਜ਼ੀ ਉਲੰਘਣਾਵਾਂ ਨੂੰ ਪੈਦਾ ਕਰਨ ਦੇ ਖਾਸ ਮੰਤਵ ਲਈ ਲਾਗੂ ਕੀਤੀ ਗਈ ਹੈ ਅਤੇ ਉਹ ਉਲੰਘਣਾਵਾਂ ਘੜੀਆਂ ਜਾਂਦੀਆਂ ਹਨ ਜਿਨ੍ਹਾਂ ਦਾ ਮੰਤਵ ਦੌਲਤ ਬਣਾਉਣਾ ਹੁੰਦਾ ਹੈ। ਇਸ ਤਰ੍ਹਾਂ ਕਾਰਖਾਨੇਦਾਰ ਨਾ-ਮਾਤਰ ਉਜਰਤ ਨੂੰ ਵੀ ਘਟਾਉਣ ਲਈ ਅਤੇ ਐਸੀਆਂ ਦੁਰਘਟਨਾਵਾਂ ਤੋਂ ਵੀ ਫ਼ਾਇਦਾ ਲੈਣ ਲਈ ਹਰ ਸਾਧਨ ਵਰਤਦਾ ਹੈ ਜਿਨ੍ਹਾਂ ਉੱਪਰ ਮਜ਼ਦੂਰ ਦਾ ਕੋਈ ਕਾਬੂ ਨਹੀਂ ਹੁੰਦਾ।

ਇਹ ਕਾਰਖਾਨੇਦਾਰ ਉਹੀ ਪਰਉਪਕਾਰੀ ਹਨ ਜਿਨ੍ਹਾਂ ਨੇ ਮਜ਼ਦੂਰਾਂ ਨੂੰ ਇਹ ਯਕੀਨ ਕਰਾਉਣ ਦਾ ਯਤਨ ਕੀਤਾ ਹੈ ਉਹ ਆਪਣੀ ਹਾਲਤ ਨੂੰ ਚੰਗੇਰਿਆਂ ਬਣਾਉਣ ਦੇ ਇੱਕੋ-ਇੱਕ ਮੰਤਵ ਲਈ ਬੇਬਹਾ ਖਰਚ ਕਰਨ ਦੇ ਯੋਗ ਹਨ। ਇਸ ਤਰ੍ਹਾਂ ਇੱਕ ਪਾਸੇ ਤਾਂ ਉਹ ਫੈਕਟਰੀ ਨਿਯਮਾਂ ਦੇ ਰਾਹੀਂ ਘਟੀਆ ਤੋਂ ਘਟੀਆ ਤਰੀਕੇ ਨਾਲ਼ ਵੀ, ਮਜ਼ਦੂਰਾਂ ਦੀਆਂ ਤਨਖ਼ਾਹਾਂ ਨੂੰ ਕੁਤਰੀ ਜਾ ਰਹੇ ਹਨ ਅਤੇ ਦੂਜੇ ਪਾਸੇ ਉਹ ਮੁੜ ਉਨ੍ਹਾਂ ਤਨਖ਼ਾਹਾਂ ਨੂੰ ਉਤਾਂਹ ਖੜ੍ਹਣ ਲਈ ਅਨਾਜ ਦੇ ਕਾਨੂੰਨ ਵਿਰੋਧੀ ਲੀਗ ਰਾਹੀਂ ਵੱਧ ਤੋਂ ਵੱਧ ਕੁਰਬਾਨੀਆਂ ਸਹੇੜ ਰਹੇ ਹਨ।

ਉਹ ਬੇਬਹਾ ਪੈਸੇ ਖਰਚ ਕੇ ਵੱਡੇ ਵੱਡੇ ਮਹੱਲ ਉਸਾਰਦੇ ਹਨ, ਜਿਨ੍ਹਾਂ ਵਿੱਚ ਇਹ ਲੀਗ ਕੁਝ ਇਸ ਤਰ੍ਹਾਂ ਨਾਲ਼ ਆਪਣਾ ਦਫ਼ਤਰੀ ਨਿਵਾਸ ਰੱਖਦੀ ਹੈ – ਉਹ ਮਿਸ਼ਨਰੀਆਂ ਦੀ ਇੱਕ ਫੌਜ ਇੰਗਲੈਂਡ ਦੇ ਸਭ ਕੋਨਿਆਂ ਨੂੰ ਸੁਤੰਤਰ ਵਪਾਰ ਦਾ ਧਰਮ ਪ੍ਰਚਾਰਨ ਲਈ ਭੇਜਦੇ ਹਨ। ਮਜ਼ਦੂਰਾਂ ਨੂੰ ਆਪਣੇ ਹਿੱਤਾਂ ਤੋਂ ਸਚੇਤ ਕਰਨ ਲਈ ਉਨ੍ਹਾਂ ਨੇ ਹਜ਼ਾਰਾਂ ਪੈਂਫਲਟ ਛਪਵਾਏ ਅਤੇ ਮੁਫ਼ਤ ਵੰਡੇ ਹਨ, ਉਨ੍ਹਾਂ ਨੇ ਕਾਫ਼ੀ ਜ਼ਿਆਦਾ ਧਨ ਅਖ਼ਬਾਰਾਂ ਨੂੰ ਆਪਣੇ ਪੱਖ ਵਿੱਚ ਕਰਨ ‘ਤੇ ਖਰਚਿਆ ਹੈ, ਉਹ ਸੁਤੰਤਰ ਵਪਾਰ ਦੀ ਲਹਿਰ ਨੂੰ ਚਲਾਉਣ ਲਈ ਇੱਕ ਵਿਸ਼ਾਲ ਇੰਤਜ਼ਾਮੀਆ ਪ੍ਰਣਾਲੀ ਨੂੰ ਜਥੇਬੰਦ ਕਰਦੇ ਹਨ ਅਤੇ ਖੁੱਲ੍ਹੀਆਂ ਮੀਟਿੰਗਾਂ ਵਿੱਚ ਆਪਣੇ ਸੁਭਾਸ਼ਣ ਦੀ ਸਾਰੀ ਯੋਗਤਾ ਦਾ ਵਿਖਾਵਾ ਕਰਦੇ ਹਨ। ਇਹੋ ਜਿਹੀ ਹੀ ਇੱਕ ਮੀਟਿੰਗ ਸੀ ਜਿਸ ਵਿੱਚ ਇੱਕ ਮਜ਼ਦੂਰ ਚਿੱਲਾ ਉੱਠਿਆ ਸੀ :

”ਜੇ ਜ਼ਿਮੀਂਦਾਰ ਸਾਡੀਆਂ ਹੱਡੀਆਂ ਵੀ ਵੇਚ ਦੇਣ, ਤੁਸੀਂ ਕਾਰਖਾਨੇਦਾਰ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਖਰੀਦੋਗੇ ਅਤੇ ਭਾਫ਼ ਦੀ ਮਸ਼ੀਨਰੀ ਰਾਹੀਂ ਲੰਘਾ ਕੇ ਉਨ੍ਹਾਂ ਦਾ ਆਟਾ ਬਣਾ ਕੇ ਵੇਚੋਗੇ।”

ਅੰਗਰੇਜ਼ ਮਜ਼ਦੂਰਾਂ ਨੇ ਜਗੀਰਦਾਰਾਂ ਅਤੇ ਸਨਅਤੀ ਸਰਮਾਏਦਾਰਾਂ ਵਿਚਲੇ ਝਗੜੇ ਨੂੰ ਬੜੀ ਚੰਗੀ ਤਰ੍ਹਾਂ ਸਮਝ ਲਿਆ ਹੈ। ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਉਜਰਤਾਂ ਘਟਾਉਣ ਲਈ ਰੋਟੀ ਦੀ ਕੀਮਤ ਘਟਾਉਣੀ ਜ਼ਰੂਰੀ ਸੀ ਅਤੇ ਸਨਅਤੀ ਲਾਭ ਓਨਾ ਹੀ ਵਧੇਗਾ ਜਿੰਨਾ ਕਿ ਕਿਰਾਇਆ ਘਟੇਗਾ।

ਰਿਕਾਰਡੋ, ਸਾਡੀ ਸਦੀ ਦਾ ਸਭ ਤੋਂ ਮਸ਼ਹੂਰ ਅਰਥਸ਼ਾਸਤਰੀ ਅਤੇ ਅੰਗਰੇਜ਼ ਸੁਤੰਤਰ ਵਪਾਰੀਆਂ ਦਾ ਪੈਗੰਬਰ, ਇਸ ਨੁਕਤੇ ਉੱਪਰ ਮਜ਼ਦੂਰਾਂ ਨਾਲ਼ ਪੂਰੀ ਤਰ੍ਹਾਂ ਸਹਿਮਤ ਹੈ। ਰਾਜਨੀਤਕ ਆਰਥਕਤਾ ਉੱਪਰ ਆਪਣੀ ਉੱਘੀ ਪੁਸਤਕ ਵਿੱਚ ਉਹ ਕਹਿੰਦਾ ਹੈ :

”ਜੇ ਆਪਣਾ ਅਨਾਜ ਬੀਜਣ ਦੀ ਥਾਂ… ਅਸੀਂ ਇੱਕ ਨਵੀਂ ਮੰਡੀ ਲੱਭ ਲਈਏ ਜਿੱਥੋਂ ਅਸੀਂ ਘੱਟ ਕੀਮਤ ‘ਤੇ ਆਪਣੀ ਲੋੜ ਪੂਰੀ ਕਰ ਸਕੀਏ ਤਾਂ ਉਜਰਤਾਂ ਥੱਲੇ ਆ ਜਾਣਗੀਆਂ ਅਤੇ ਲਾਭ ਵੱਧ ਜਾਣਗੇ। ਜ਼ਰਾਇਤੀ ਉਪਜ ਦੀਆਂ ਕੀਮਤਾਂ ਦਾ ਡਿੱਗਣਾ ਉਜਰਤਾਂ ਨੂੰ ਘੱਟ ਕਰਦਾ ਹੈ, ਸਿਰਫ਼ ਧਰਤੀ ਦੀ ਵਾਹੀ ਉੱਪਰ ਲੱਗੇ ਹੋਏ ਮਜ਼ਦੂਰ ਦੀਆਂ ਉਜਰਤਾਂ ਨੂੰ ਹੀ ਨਹੀਂ ਸਗੋਂ ਸਭ ਦੀਆਂ ਉਜਰਤਾਂ ਨੂੰ ਵੀ ਜੋ ਵਪਾਰ ਅਤੇ ਕਾਰਖਾਨਿਆਂ ਵਿੱਚ ਲੱਗੇ ਹੋਏ ਹਨ।”

ਅਤੇ ਸੱਜਣੋ ਇਹ ਯਕੀਨ ਨਾ ਰੱਖੋ ਕਿ ਮਜ਼ਦੂਰ ਇਸ ਗੱਲ ਵੱਲੋਂ ਬੇਧਿਆਨਾ ਰਹੇਗਾ ਕਿ ਕੀ ਉਹ ਅਨਾਜ ਸਸਦਾ ਹੋਣ ਕਾਰਨ ਚਾਰ ਫ਼ਰਾਂਕ ਲੈਂਦਾ ਹੈ ਜਦ ਕਿ ਉਹ ਪਹਿਲਾਂ ਪੰਜ ਫ਼ਰਾਂਕ ਲੈਂਦਾ ਰਿਹਾ ਹੈ।

ਕੀ ਉਸ ਦੀਆਂ ਤਨਖ਼ਾਹਾਂ ਲਾਭ ਦੇ ਮੁਕਾਬਲੇ ‘ਤੇ ਹਮੇਸ਼ਾ ਹੀ ਘਟੀਆਂ ਨਹੀਂ ਅਤੇ ਕੀ ਇਹ ਸਪੱਸ਼ਟ ਨਹੀਂ ਕਿ ਉਸ ਦਾ ਸਮਾਜਕ ਪੱਧਰ ਸਰਮਾਏਦਾਰ ਦੇ ਮੁਕਾਬਲੇ ਬਦਤਰ ਹੋਇਆ ਹੈ? ਇਸ ਤੋਂ ਇਲਾਵਾ ਅਸਲੀਅਤ ਵਿੱਚ ਉਹ ਵਧੇਰੇ ਘਾਟਾ ਖਾਂਦਾ ਹੈ।

ਜਦੋਂ ਤੱਕ ਅਨਾਜ ਦੀ ਕੀਮਤ ਵਧੇਰੇ ਸੀ ਅਤੇ ਉਜਰਤਾਂ ਵੀ ਵਧੇਰੇ ਸਨ, ਰੋਟੀ ਦੇ ਉਪਭੋਗ ਵਿੱਚ ਥੋੜ੍ਹੀ ਜਿਹੀ ਬੱਚਤ ਉਸ ਦੇ ਲਈ ਹੋਰ ਖੁਸ਼ੀਆਂ ਹਾਸਲ ਕਰਨ ਲਈ ਕਾਫ਼ੀ ਹੁੰਦੀ ਸੀ ਪਰ ਜਿਉਂ ਹੀ ਰੋਟੀ ਬਹੁਤ ਸਸਤੀ ਹੋ ਗਈ ਅਤੇ ਇਹ ਉਜਰਤਾਂ ਵੀ ਬਹੁਤ ਘੱਟ ਗਈਆਂ ਉਹ ਹੋਰ ਚੀਜ਼ਾਂ ਦੀ ਖਰੀਦ ਲਈ ਰੋਟੀ ਤੋਂ ਲਗਭਗ ਕੁਝ ਨਹੀਂ ਬਚਾ ਸਕਦਾ।

ਅੰਗਰੇਜ਼ ਮਜ਼ਦੂਰਾਂ ਨੇ ਅੰਗਰੇਜ਼ ਸੁਤੰਤਰ ਵਪਾਰੀਆਂ ਨੂੰ ਇਹ ਮਹਿਸੂਸ ਕਰਨ ਲਈ ਮਜ਼ਬੂਰ ਕਰ ਦਿੱਤਾ ਹੈ ਕਿ ਉਹ ਉਨ੍ਹਾਂ ਦੇ ਭੁਲੇਖਿਆਂ ਦੇ ਜਾਂ ਉਨ੍ਹਾਂ ਦੇ ਝੂਠਾਂ ਦੇ ਸ਼ਿਕਾਰ ਨਹੀਂ ਅਤੇ ਜੇ ਇਸ ਦੇ ਬਾਵਜੂਦ ਵੀ, ਮਜ਼ਦੂਰ ਜਗੀਰਦਾਰਾਂ ਦੇ ਖਿਲਾਫ਼ ਉਨ੍ਹਾਂ ਨਾਲ਼ ਰਲ ਗਏ ਤਾਂ ਇਸ ਦਾ ਮੰਤਵ ਸਾਮੰਤਵਾਦ ਦੀ ਆਖ਼ਰੀ ਰਹਿੰਦ-ਖੂੰਹਦ ਨੂੰ ਖ਼ਤਮ ਕਰਨਾ ਸੀ ਤਾਂ ਜੋ ਫਿਰ ਨਜਿੱਠਣ ਲਈ ਕੇਵਲ ਇੱਕ ਦੁਸ਼ਮਣ ਰਹਿ ਜਾਏ। ਮਜ਼ਦੂਰਾਂ ਨੇ ਕੋਈ ਗਲਤ ਅੰਦਾਜ਼ਾਂ ਨਹੀਂ ਲਾਇਆ ਕਿਉਂਕਿ ਕਾਰਖਾਨੇਦਾਰਾਂ ਤੋਂ ਆਪਣਾ ਬਦਲਾ ਲੈਣ ਲਈ ਜਗੀਰਦਾਰ ਦਸ ਘੰਟੇ ਕੰਮ ਦਾ ਬਿਲ ਪਾਸ ਕਰਾਉਣ ਵਿੱਚ ਮਜ਼ਦੂਰਾਂ ਦੇ ਨਾਲ਼ ਰਲ ਗਏ ਜਿਸ ਬਿਲ ਲਈ ਇਕ ਮਜ਼ਦੂਰ ਪਿਛਲੇ ਤੀਹ ਸਾਲ ਤੋਂ ਨਿਸਫਲ ਮੰਗ ਕਰ ਰਹੇ ਸਨ ਅਤੇ ਜਿਹੜਾ ਬਿਲ ਅਨਾਜ ਦੇ ਕਾਨੂੰਨਾਂ ਦੀ ਮਨਸੂਖੀ ਤੋਂ ਇਕਦਮ ਬਾਅਦ ਪਾਸ ਹੋ ਗਿਆ।

ਜਦੋਂ ਅਰਥਸ਼ਾਸਤਰੀਆਂ ਦੀ ਕਾਂਗਰਸ ਵੇਲੇ ਡਾ. ਬਉਰਿੰਗ ਨੇ ਆਪਣੀ ਜੇਬ੍ਹ ‘ਚੋਂ ਇੱਕ ਲੰਬੀ ਲਿਸਟ ਇਹ ਦੱਸਣ ਲਈ ਕੱਢੀ ਕਿ ਕਿੰਨੇ ਪਸ਼ੂ, ਕਿੰਨਾ ਸੂਰ ਦਾ ਮਾਸ, ਕਿੰਨਾਂ ਹੋਰ ਮਾਸ, ਕੁੱਕੜ-ਕੁੱਕੜੀਆਂ ਆਦਿ, ਜਿਵੇਂ ਕਿ ਉਹ ਜ਼ੋਰ ਦੇ ਰਿਹਾ ਸੀ, ਮਜ਼ਦੂਰਾਂ ਦੇ ਉਪਭੋਗ ਲਈ ਦਰਾਮਦ ਕੀਤੇ ਗਏ, ਬਦਕਿਸਮਤੀ ਨਾਲ਼ ਉਹ ਤੁਹਾਨੂੰ ਇਹ ਦੱਸਣਾ ਭੁੱਲ ਗਿਆ ਕਿ ਬਿਲਕੁਲ ਉਸੇ ਵੇਲੇ ਮਾਨਚੈਸਟਰ ਅਤੇ ਹੋਰ ਫੈਕਟਰੀ ਕਸਬਿਆਂ ਦੇ ਮਜ਼ਦੂਰ ਉਸ ਸੰਕਟ ਦੇ ਕਾਰਨ, ਜੋ ਕਿ ਉਸ ਵੇਲੇ ਸ਼ੁਰੂ ਹੋ ਰਿਹਾ ਸੀ, ਆਪਣੇ ਆਪ ਨੂੰ ਬੇਕਾਰ ਹੁੰਦਾ ਦੇਖ ਰਹੇ ਸਨ।

ਰਾਜਨੀਤਕ ਆਰਥਕਤਾ ਵਿੱਚ, ਅਸੂਲੀ ਤੌਰ ‘ਤੇ, ਆਮ ਕਾਨੂੰਨ ਘੜਨ ਲਈ ਇੱਕੋ ਸਾਲ ਦੇ ਅੰਕੜਿਆਂ ਨੂੰ ਕਦੀ ਵੀ ਆਧਾਰ ਨਹੀਂ ਬਣਾਇਆ ਜਾਣਾ ਚਾਹੀਦਾ। ਸਾਨੂੰ ਹਮੇਸ਼ਾ ਔਸਤਨ ਛੇ ਤੋਂ ਸੱਤ ਸਾਲ ਦਾ ਸਮਾਂ ਲੈਣਾ ਚਾਹੀਦਾ ਹੈ, ਓਨਾ ਕੁ ਸਮਾਂ ਜਿਸ ਦੇ ਦੌਰਾਨ ਕਿ ਆਧੁਨਿਕ ਸਨਅਤ ਖੁਸ਼ਹਾਲੀ, ਬਹੁ-ਉਤਪਾਦਨ, ਮੰਦਹਾਲੀ, ਸੰਕਟ ਦੇ ਵਖੋ-ਵੱਖਰੇ ਦੌਰਾਂ ਵਿੱਚੋਂ ਲੰਘਦੀ ਹੋਈ ਆਪਣਾ ਅਟੱਲ ਚੱਕਰ ਪੂਰਾ ਕਰਦੀ ਹੈ।

ਬਿਨਾਂ ਸ਼ੱਕ, ਜੇ ਸਾਰੀਆਂ ਜਿਣਸਾਂ ਦੀ ਕੀਮਤ ਡਿੱਗਦੀ ਹੈ ਅਤੇ ਇਹ ਸੁਤੰਤਰ ਵਪਾਰ ਦਾ ਲਾਜ਼ਮੀ ਸਿੱਟਾ ਹੈ, ਤਾਂ ਮੈਂ ਇੱਕ ਫ਼ਰਾਂਕ ਵਿੱਚ ਪਹਿਲਾਂ ਨਾਲ਼ੋਂ ਕਿਤੇ ਜ਼ਿਆਦਾ ਖਰੀਦ ਸਕਦਾ ਹਾਂ ਅਤੇ ਮਜ਼ਦੂਰ ਦਾ ਫ਼ਰਾਂਕ ਵੀ ਓਨਾ ਹੀ ਕੀਮਤੀ ਹੈ ਜਿੰਨਾ ਕਿਸੇ ਦਾ ਵੀ। ਇਸ ਲਈ ਸੁਤੰਤਰ ਵਪਾਰ ਉਸ ਲਈ ਬੜਾ ਲਾਹੇਵੰਦਾ ਰਹੇਗਾ। ਇਸ ਵਿੱਚ ਛੋਟੀ ਜਿਹੀ ਮੁਸ਼ਕਲ ਸਿਰਫ਼ ਇਹ ਹੈ ਕਿ ਆਪਣੇ ਫ਼ਰਾਂਕ ਦੇ ਹੋਰ ਜਿਣਸਾਂ ਨਾਲ਼ ਵਟਾਂਦਰੇ ਤੋਂ ਪਹਿਲਾਂ ਮਜ਼ਦੂਰ ਨੇ ਪਹਿਲਾਂ ਸਰਮਾਏਦਾਰ ਨਾਲ਼ ਆਪਣੀ ਮਿਹਨਤ ਦਾ ਵਟਾਂਦਰਾ ਕੀਤਾ ਹੈ। ਜੇ ਇਸ ਵਟਾਂਦਰੇ ਵਿੱਚ ਉਹ ਹਮੇਸ਼ਾ ਓਨੀ ਹੀ ਮਜ਼ਦੂਰੀ ਨਾਲ਼ ਉਹੀ ਇੱਕ ਫ਼ਰਾਂਕ ਲੈ ਲੈਂਦਾ ਹੈ ਅਤੇ ਜਿਣਸਾਂ ਦੀ ਕੀਮਤ ਡਿੱਗ ਪੈਂਦੀ ਹੈ, ਤਾਂ ਇਹੋ ਜਿਹੇ ਸੌਦੇ ਵਿੱਚ ਹਮੇਸ਼ਾ ਮਜ਼ਦੂਰ ਲਾਭ ਵਿੱਚ ਰਹੇਗਾ। ਮੁਸ਼ਕਲ ਇਹ ਨੁਕਤਾ ਸਿੱਧ ਕਰਨ ਵਿੱਚ ਨਹੀਂ ਕਿ ਜੇ ਸਾਰੀਆਂ ਜਿਣਸਾਂ ਦੀ ਕੀਮਤ ਡਿੱਗਦੀ ਹੈ ਤਾਂ ਮੈਂ ਉਸੇ ਧਨ ਨਾਲ਼ ਬਹੁਤੀਆਂ ਜਿਣਸਾਂ ਖਰੀਦ ਲਵਾਂਗਾ।

ਅਰਥਸ਼ਾਸਤਰੀ ਸਿਰਫ਼ ਇਸ ਚੀਜ਼ ਨੂੰ ਲੈਂਦੇ ਹਨ ਕਿ ਹੋਰ ਜਿਣਸਾਂ ਦੇ ਨਾਲ਼ ਵਟਾਂਦਰੇ ਦੇ ਸਮੇਂ ਮਿਹਨਤ ਦੀ ਕੀ ਕੀਮਤ ਸੀ। ਪਰ ਉਹ ਉਸ ਸਮੇਂ ਨੂੰ ਅੱਖੋਂ ਓਹਲੇ ਕਰ ਦੇਂਦੇ ਹਨ ਜਦ ਕਿ ਮਿਹਨਤ ਸਰਮਾਏ ਨਾਲ਼ ਆਪਣਾ ਵਟਾਂਦਰਾ ਪੂਰਾ ਕਰਦੀ ਹੈ।

ਜਦੋਂ ਜਿਣਸਾਂ ਪੈਦਾ ਕਰਨ ਲਈ ਮਸ਼ੀਨ ਨੂੰ ਹਰਕਤ ਵਿੱਚ ਲਿਆਉਣ ਲਈ ਘੱਟ ਖਰਚ ਲੋੜੀਂਦਾ ਹੋਵੇ ਤਾਂ ਇਸ ਮਸ਼ੀਨ ਦੇ ਚਾਲੂ ਰੱਖਣ ਲਈ ਮਜ਼ਦੂਰਾਂ ਨਾਮੀ ਲੋੜੀਂਦੀਆਂ ਵਸਤੂਆਂ ‘ਤੇ ਵੀ ਖਰਚ ਘੱਟ ਹੋਵੇਗਾ। ਜੇ ਸਭ ਜਿਣਸਾਂ ਸਸਤੀਆਂ ਹੋਣ ਤਾਂ ਮਿਹਨਤ ਦਾ ਭਾਅ ਵੀ ਡਿੱਗੇਗਾ, ਜੋ ਕਿ ਖੁਦ ਇੱਕ ਜਿਣਸ ਹੈ ਅਤੇ ਜਿਵੇਂ ਕਿ ਅਸੀਂ ਅੱਗੇ ਜਾ ਕੇ ਦੇਖਾਂਗੇ, ਇਹ ਜਿਣਸ, ਭਾਵ ਮਿਹਨਤ, ਹੋਰ ਜਿਣਸਾਂ ਦੀ ਨਿਸਬਤ ਕਿਤੇ ਜ਼ਿਆਦਾ ਥੱਲੇ ਜਾਏਗੀ। ਜੇ ਮਜ਼ਦੂਰ ਅਜੇ ਵੀ ਇਨ੍ਹਾਂ ਅਰਥਸ਼ਾਸਤਰੀਆਂ ਦੀਆਂ ਦਲੀਲਾਂ ਵਿੱਚ ਵਿਸ਼ਵਾਸ ਟਿਕਾਈ ਬੈਠਾ ਹੈ ਤਾਂ ਉਹ ਦੇਖੇਗਾ ਕਿ ਉਸ ਦਾ ਫ਼ਰਾਂਕ ਉਸ ਦੀ ਜੇਬ੍ਹ ਵਿੱਚ ਹੀ ਘੁਰਲ ਹੋ ਗਿਆ ਹੈ ਅਤੇ ਉਸ ਕੋਲ ਸਿਰਫ਼ ਪੰਜ ਸਊਸ ਬਾਕੀ ਰਹਿ ਗਏ ਹਨ।

ਤਾਂ ਫਿਰ ਅਰਥਸ਼ਾਸਤਰੀ ਤੁਹਾਨੂੰ ਦੱਸਣਗੇ, ”ਚੱਲੋ, ਅਸੀਂ ਮੰਨਦੇ ਹਾਂ ਕਿ ਮਜ਼ਦੂਰਾਂ ਵਿੱਚ ਮੁਕਾਬਲਾ, ਜੋ ਕਿ ਯਕੀਨਨ ਤੌਰ ‘ਤੇ ਸੁਤੰਤਰ ਵਪਾਰ ਵਿੱਚ ਕਦੀ ਵੀ ਨਹੀਂ ਘਟੇਗਾ, ਬਹੁਤ ਜਲਦੀ ਹੀ ਉਜਰਤਾਂ ਨੂੰ ਜਿਣਸਾਂ ਦੀਆਂ ਘਟੀਆਂ ਕੀਮਤਾਂ ਦੇ ਨਾਲ਼ ਇਕਸੁਰਤਾ ਵਿੱਚ ਲੈ ਆਵੇਗਾ। ਪਰ ਦੂਜੇ ਪਾਸੇ, ਜਿਣਸਾਂ ਦੀ ਘੱਟ ਕੀਮਤ ਉਪਭੋਗ ਵਿੱਚ ਵਾਧਾ ਕਰੇਗੀ, ਵਧੇਰੇ ਉਪਭੋਗ ਵਧੇਰੇ ਉਤਪਾਦਨ ਦੀ ਮੰਗ ਕਰੇਗਾ, ਇਸ ਮੰਗ ਤੋਂ ਮਗਰੋਂ ਮਜ਼ਦੂਰਾਂ ਦੀ ਵਧੇਰੇ ਮੰਗ ਦਾ ਸਿੱਟਾ ਉਜਰਤਾਂ ਦੇ ਵਾਧੇ ਵਿੱਚ ਨਿਕਲੇਗਾ।”

ਦਲੀਲਬਾਜ਼ੀ ਦੀ ਇਸ ਸਾਰੀ ਲੋੜ ਦਾ ਮੂਲ ਮੁੱਦਾ ਇਹ ਹੈ – ਸੁਤੰਤਰ ਵਪਾਰ ਪ੍ਰਬੰਧ ਉਤਪਾਦਨ ਸ਼ਕਤੀਆਂ ਵਿੱਚ ਵਾਧਾ ਕਰਦਾ ਹੈ। ਜੇ ਸਨਅਤ ਪ੍ਰਫੁੱਲਤ ਹੁੰਦੀ ਚਲੀ ਜਾਂਦੀ ਹੈ, ਅਤੇ ਦੌਲਤ, ਜੇ ਉਤਪਾਦਕ ਸ਼ਕਤੀ, ਜੇ ਸੰਖੇਪ ਵਿੱਚ ਉਤਪਾਦਕ ਸਰਮਾਇਆ ਵੱਧਦਾ ਹੈ ਤਾਂ ਮਿਹਨਤ ਦੀ ਮੰਗ, ਮਿਹਨਤ ਦੀ ਕੀਮਤ ਅਤੇ ਨਤੀਜੇ ਵਜੋਂ ਉਜਰਤਾਂ ਦੀ ਦਰ ਵੀ ਵਧਦੀ ਹੈ।

ਮਜ਼ਦੂਰਾਂ ਲਈ ਸਭ ਤੋਂ ਲਾਹੇਵੰਦੀ ਹਾਲਤ ਸਰਮਾਏ ਦੀ ਪ੍ਰਫੁੱਲਤਾ ਦੀ ਹਾਲਤ ਹੈ। ਇਹ ਜ਼ਰੂਰ ਮੰਨਣਾ ਪਵੇਗਾ। ਜੇ ਸਰਮਾਇਆ ਇੱਕ ਥਾਂ ਖੜ੍ਹਾ ਰਹੇ, ਸਨਅਤ ਸਿਰਫ਼ ਇੱਕ ਥਾਂ ਖੜ੍ਹੀ ਹੀ ਨਹੀਂ ਰਹੇਗੀ, ਸਗੋਂ ਢਹਿੰਦੀਆਂ ਕਲਾਂ ਵੱਲ ਜਾਏਗੀ। ਇਸ ਹਾਲਤ ਵਿੱਚ ਪਹਿਲਾ ਸ਼ਿਕਾਰ ਮਜ਼ਦੂਰ ਹੋਵੇਗਾ। ਉਹ ਸਰਮਾਏਦਾਰ ਦੇ ਸਾਹਮਣੇ ਹੀਣਾ ਹੋ ਜਾਂਦਾ ਹੈ ਅਤੇ ਉਸ ਹਾਲਤ ਵਿੱਚ ਜਦ ਕਿ ਸਰਮਾਇਆ ਪ੍ਰਫੁੱਲਤ ਹੁੰਦਾ ਚਲਾ ਜਾਂਦਾ ਹੈ, ਭਾਵ ਉਨ੍ਹਾਂ ਹਾਲਤਾਂ ਵਿੱਚ ਜੋ ਕਿ ਜਿਵੇਂ ਅਸੀਂ ਕਿਹਾ ਹੈ, ਮਜ਼ਦੂਰ ਲਈ ਸਭ ਤੋਂ ਚੰਗੇ ਹਨ, ਮਜ਼ਦੂਰ ਦੀ ਕੀ ਹਾਲਤ ਹੋਵੇਗੀ? ਉਹ ਤਾਂ ਵੀ ਮੰਦਹਾਲੀ ਨੂੰ ਹੀ ਜਾਏਗਾ। ਉਤਪਾਦਕ ਸਰਮਾਏ ਦੀ ਪ੍ਰਫੁੱਲਤਾ ਦਾ ਭਾਵ ਸਰਮਾਏ ਦਾ ਸੰਚਨਾ ਅਤੇ ਕੇਂਦਰਿਤ ਹੋਣਾ ਹੈ। ਸਰਮਾਏ ਦੇ ਕੇਂਦਰੀਕਰਨ ਵਿੱਚ ਮਿਹਨਤ ਦੀ ਵਧੇਰੇ ਵੰਡ ਅਤੇ ਮਸ਼ੀਨਰੀ ਦੀ ਵਧੇਰੇ ਵਰਤੋਂ ਸ਼ਾਮਲ ਹੈ। ਮਿਹਨਤ ਦੀ ਵਧੇਰੇ ਵੰਡ ਮਜ਼ਦੂਰ ਦੀ ਖਾਸ ਕਾਰੀਗਰੀ ਨੂੰ ਖ਼ਤਮ ਕਰ ਦੇਂਦੀ ਹੈ ਅਤੇ ਇਸ ਮਾਹਰ ਕੰਮ ਦੀ ਥਾਂ ਐਸੀ ਮਿਹਨਤ ਨੂੰ ਦੇ ਕੇ, ਜੋ ਕਿ ਕੋਈ ਵੀ ਕਰ ਸਕਦਾ ਹੈ, ਇਹ ਮਜ਼ਦੂਰਾਂ ਦੇ ਆਪਸੀ ਮੁਕਾਬਲੇ ਨੂੰ ਵਧਾਉਂਦੀ ਹੈ।

ਜਿਉਂ ਜਿਉਂ ਮਿਹਨਤ ਦੀ ਵੰਡ ਇੱਕਲੇ ਮਜ਼ਦੂਰ ਨੂੰ ਤਿੰਨ ਮਜ਼ਦੂਰਾਂ ਦਾ ਕੰਮ ਕਰਨ ਦੇ ਯੋਗ ਬਣਾਈ ਜਾਂਦੀ ਹੈ ਤਿਉਂ ਤਿਉਂ ਇਹ ਮੁਕਾਬਲਾ ਵਧੇਰੇ ਸਖ਼ਤ ਹੋਈ ਜਾਂਦਾ ਹੈ। ਮਸ਼ੀਨਰੀ ਵੀ ਕਿਤੇ ਜ਼ਿਆਦਾ ਵੱਡੇ ਪੈਮਾਨੇ ‘ਤੇ ਇਹੋ ਨਤੀਜਾ ਕੱਢਦੀ ਹੈ। ਉਤਪਾਦਨ ਸਰਮਾਏ ਦੀ ਪ੍ਰਫੁੱਲਤਾ, ਜੋ ਕਿ ਸਨਅਤੀ ਸਰਮਾਏਦਾਰੀ ਨੂੰ ਲਗਾਤਾਰ ਵਧਦੇ ਸਾਧਨਾਂ ਨਾਲ਼ ਕੰਮ ਕਰਨ ਲਈ ਮਜ਼ਬੂਰ ਕਰ ਦੇਂਦੀ ਹੈ, ਛੋਟੇ ਸਨਅਤਕਾਰਾਂ ਨੂੰ ਤਬਾਹ ਕਰ ਦੇਂਦੀ ਹੈ ਅਤੇ ਉਨ੍ਹਾਂ ਨੂੰ ਪ੍ਰੋਲੇਤਾਰੀ ਵਿੱਚ ਲਿਆ ਸੁੱਟਦੀ ਹੈ। ਫਿਰ, ਜਿਉਂ ਜਿਉਂ ਸਰਮਾਇਆ ਸੰਚਿਤ ਹੁੰਦਾ ਹੈ, ਸੂਦ ਦੀ ਦਰ ਘੱਟਦੀ ਹੈ, ਛੋਟੇ ਸੂਦਖੋਰ, ਜਿਹੜੇ ਆਪਣੇ ਲਾਭ ਦੇ ਹਿੱਸਿਆਂ ਉੱਪਰ ਹੁਣ ਵਧੇਰੇ ਗੁਜ਼ਾਰਾ ਨਹੀਂ ਕਰ ਸਕਦੇ, ਸਨਅਤ ਵਿੱਚ ਪੈਣ ਲਈ ਮਜ਼ਬੂਰ ਹੋ ਜਾਂਦੇ ਹਨ ਅਤੇ ਇਸ ਤਰ੍ਹਾਂ ਪ੍ਰੋਲੇਤਾਰੀਆਂ ਦੀ ਗਿਣਤੀ ਨੂੰ ਵਧਾਉਂਦੇ ਹਨ।

ਅੰਤ ਵਿੱਚ ਜਿੰਨਾ ਉਤਪਾਦਕ ਸਰਮਾਇਆ ਵਧੇਰੇ ਹੋਈ ਜਾਂਦਾ ਹੈ, ਓਨਾ ਹੀ ਵਧੇਰੇ ਇਹ ਇੱਕ ਐਸੀ ਮਾਰਕੀਟ ਲਈ ਉਤਪਾਦਨ ਕਰਨ ਲਈ ਮਜ਼ਬੂਰ ਹੋਈ ਜਾਂਦਾ ਹੈ ਜਿਸ ਦੀਆਂ ਲੋੜਾਂ ਤੋਂ ਇਹ ਜਾਣੂੰ ਨਹੀਂ ਹੁੰਦਾ, ਓਨਾ ਹੀ ਵਧੇਰੇ ਉਤਪਾਦਨ ਉਪਭੋਗ ਤੋਂ ਪਹਿਲਾਂ ਹੁੰਦਾ ਹੈ ਅਤੇ ਨਤੀਜੇ ਵਜੋਂ ਸੰਕਟ ਗੇੜ ਵਿੱਚ ਵੀ ਅਤੇ ਡੂੰਘਾਈ ਵਿੱਚ ਵੀ ਵਧੀ ਜਾਂਦੇ ਹਨ। ਪਰ ਹਰ ਸੰਕਟ ਆਪਣੇ ਸਿੱਟੇ ਵਜੋਂ ਸਰਮਾਏ ਦਾ ਕੇਂਦਰੀਕਰਨ ਤੇਜ਼ ਕਰ ਦੇਂਦਾ ਹੈ ਅਤੇ ਪ੍ਰੋਲੇਤਾਰੀ ਦੀ ਗਿਣਤੀ ਵਿੱਚ ਵਾਧਾ ਕਰ ਦੇਂਦਾ ਹੈ।

ਇਸ ਤਰ੍ਹਾਂ ਜਿਉਂ ਜਿਉਂ ਉਤਪਾਦਕ ਸਰਮਾਇਆ ਵਧਦਾ ਹੈ, ਮਜ਼ਦੂਰਾਂ ਵਿੱਚ ਮੁਕਾਬਲਾ ਕਿਤੇ ਜ਼ਿਆਦਾ ਨਿਸਬਤ ਵਿੱਚ ਵਧਦਾ ਹੈ। ਮਿਹਨਤ ਦਾ ਇਵਜ਼ਾਨਾ ਸਭ ਲਈ ਘਟ ਜਾਂਦਾ ਹੈ ਅਤੇ ਕੁਝ ਲੋਕਾਂ ‘ਤੇ ਮਿਹਨਤ ਦਾ ਭਾਰ ਵੱਧ ਜਾਂਦਾ ਹੈ।

1829 ਵਿੱਚ, ਮਾਨਚੈਸਟਰ ਵਿੱਚ 36 ਫੈਕਟਰੀਆਂ ਵਿੱਚ 1088 ਰੂੰ ਕੱਤਣ ਵਾਲ਼ੇ ਕੰਮ ਕਰਦੇ ਸਨ। 1841 ਵਿੱਚ 448 ਤੋਂ ਵੱਧ ਨਹੀਂ ਸਨ ਅਤੇ ਉਹ 1829 ਦੇ 1088 ਕੱਤਣ ਵਾਲ਼ਿਆਂ ਨਾਲ਼ੋਂ 53,353 ਵਧੇਰੇ ਤਕਲਿਆਂ ਦੀ ਨਿਗਰਾਨੀ ਕਰਦੇ ਸਨ। ਜੇ ਜਿਸਮਾਨੀ ਮਜ਼ਦੂਰੀ ਵਿੱਚ ਵਾਧਾ ਉਸੇ ਨਿਸਬਤ ਨਾਲ਼ ਹੁੰਦਾ ਹੈ ਜਿਸ ਨਾਲ਼ ਕਿ ਉਤਪਾਦਨ ਦੀ ਸ਼ਕਤੀ ਵਿੱਚ ਹੋਇਆ ਸੀ ਤਾਂ ਕੱਤਣ ਵਾਲ਼ਿਆਂ ਦੀ ਗਿਣਤੀ 1848 ਤੱਕ ਪੁੱਜਣੀ ਚਾਹੀਦੀ ਸੀ, ਉਨਤ ਮਸ਼ੀਨਰੀ ਨੇ, ਇਸ ਤਰ੍ਹਾਂ ਨਾਲ਼, 1100 ਮਜ਼ਦੂਰਾਂ ਨੂੰ ਕੰਮ ਤੋਂ ਵਾਂਝਿਆਂ ਕਰ ਦਿੱਤਾ ਸੀ।

ਅਸੀਂ ਅਰਥਸ਼ਾਸਤਰੀ ਦੇ ਜੁਆਬ ਨੂੰ ਪਹਿਲਾਂ ਹੀ ਜਾਣਦੇ ਹਾਂ। ਉਹ ਕਹਿੰਦੇ ਹਨ ਕਿ ਇਸ ਤਰ੍ਹਾਂ ਕੰਮ ਤੋਂ ਵਾਂਝੇ ਹੋ ਗਏ ਲੋਕ ਹੋਰ ਤਰ੍ਹਾਂ ਦੇ ਕੰਮ ਲੱਭ ਲੈਣਗੇ। ਡਾ. ਬਉਰਿੰਗ ਅਰਥਵੇਤਾਂ ਦੀ ਕਾਂਗਰਸ ਵੇਲੇ ਇਹ ਦਲੀਲ ਪੇਸ਼ ਕਰਨ ਤੋਂ ਉੱਕਿਆ ਨਹੀਂ ਸੀ, ਪਰ ਨਾ ਉਹ ਆਪਣੀ ਹੀ ਦਲੀਲ ਦਾ ਖੰਡਣ ਮੁਹੱਈਆ ਕਰਨ ਤੋਂ ਉੱਕਿਆ ਸੀ।

1835 ਵਿੱਚ ਡਾ. ਬਉਰਿੰਗ ਨੇ ਲੰਡਨ ਦੇ 50,000 ਹੱਥ-ਖੱਡੀਆਂ ‘ਤੇ ਕੰਮ ਕਰਨ ਵਾਲ਼ੇ ਜੁਲਾਹਿਆਂ ਉੱਪਰ ਹਾਊਸ ਆਫ਼ ਕਾਮਨਜ਼ ਵਿੱਚ ਤਕਰੀਰ ਕੀਤੀ ਸੀ। ਇਹ ਜੁਲਾਹੇ ਕਾਫ਼ੀ ਦੇਰ ਤੋਂ, ਉਸ ਨਵੀਂ ਕਿਸਮ ਦੇ ਕੰਮ ਨੂੰ ਲੱਭਣ ਤੋਂ ਅਸਮਰਥ ਸਨ ਅਤੇ ਭੁੱਖੇ ਮਰ ਰਹੇ ਸਨ ਜਿਸ ਕੰਮ ਦਾ ਸੁਤੰਤਰ ਵਪਾਰੀ ਭਵਿੱਖ ਵਿੱਚ ਯਕੀਨ ਦੁਆਉਂਦੇ ਸਨ।

ਅਸੀਂ ਡਾ. ਬਉਰਿੰਗ ਦੀ ਇਸ ਤਕਰੀਰ ਦੇ ਸਭ ਤੋਂ ਉਘੜਵੇਂ ਪੈਰੇ ਦੇਵਾਂਗੇ :

”ਕੱਪੜਾ ਬੁਨਣ ਵਾਲ਼ਿਆਂ ਦੀ ਇਹ ਮੁਸੀਬਤ… ਐਸੀ ਕਿਸਮ ਦੀ ਮਜ਼ਦੂਰੀ ਦੀ ਇੱਕ ਅਟੱਲ ਅਵਸਥਾ ਹੈ ਜੋ ਕਿ ਬੜੀ ਛੇਤੀ ਸਿੱਖੀ ਜਾ ਸਕਦੀ ਹੈ ਅਤੇ ਜਿਸ ਵਿੱਚ ਉਤਪਾਦਨ ਦੇ ਸਸਤੇ ਸਾਧਨ ਲਗਾਤਾਰ ਦਾਖ਼ਲ ਹੁੰਦੇ ਅਤੇ ਪਹਿਲਿਆਂ ਦੀ ਥਾਂ ਲੈਂਦੇ ਰਹਿੰਦੇ ਹਨ। ਮੰਗ ਦੇ ਬਹੁਤ ਥੋੜ੍ਹੇ ਜਿੰਨੇ ਵੀ ਰੁਕ ਜਾਣ ਨਾਲ਼ ਸੰਕਟ ਪੈਦਾ ਹੋ ਜਾਂਦਾ ਹੈ, ਜਿਥੇ ਕਿ ਕੰਮ ਲਈ ਮੁਕਾਬਲਾ ਏਨਾ ਸਖ਼ਤ ਹੁੰਦਾ ਹੈ। ਹੱਥ-ਖੱਡੀ ‘ਤੇ ਕੱਪੜਾ ਬੁਨਣ ਵਾਲ਼ੇ ਐਸੀ ਅਵਸਥਾ ਦੇ ਕੰਢੇ ‘ਤੇ ਹੁੰਦੇ ਹਨ ਜਿਸ ਤੋਂ ਪਰ੍ਹੇ ਕਿ ਮਨੁੱਖੀ ਹੋਂਦ ਕਾਇਮ ਰੱਖ ਸਕਣਾ ਵੀ ਮੁਸ਼ਕਲ ਹੁੰਦਾ ਹੈ ਅਤੇ ਬਹੁਤ ਨਿਗੂਣੀ ਜਿਹੀ ਰੁਕਾਵਟ ਵੀ ਉਨ੍ਹਾਂ ਨੂੰ ਭੁੱਖ ਦੇ ਹੱਥਾਂ ਵਿੱਚ ਧੱਕ ਦੇਂਦੀ ਹੈ। …ਮਸ਼ੀਨਰੀ ਵਿੱਚ ਸੁਧਾਈਆਂ, ਵਧੇਰੇ ਤੋਂ ਵਧੇਰੇ ਜਿਸਮਾਨੀ ਮਿਹਨਤ ਦੀ ਥਾਂ ਲੈਣ ਕਾਰਨ, ਤਬਦੀਲੀ ਦੇ ਦੌਰਾਨ ਬਿਨਾਂ ਕਿਸੇ ਗੁੰਜਾਇਸ਼ ਦੇ ਕਾਫ਼ੀ ਵਕਤੀ ਮੁਸੀਬਤਾਂ ਨਾਲ਼ ਲਿਆਉਂਦੀਆਂ ਹਨ। ਕੁਝ ਵਿਅਕਤੀਆਂ ਨੂੰ ਬੁਰਾਈ ਦੀ ਕੀਮਤ ਦੇਣ ਤੋਂ ਬਿਨਾਂ ਕੌਮੀ ਭਲਾਈ ਖਰੀਦੀ ਨਹੀਂ ਜਾ ਸਕਦੀ। ਕਾਰਖਾਨੇਦਾਰੀ ਵਿੱਚ ਕਦੀ ਵੀ ਕੋਈ ਅਜਿਹੀ ਉੱਨਤੀ ਨਹੀਂ ਹੋਈ ਜਿਸ ਲਈ ਕਿ ਉਨ੍ਹਾਂ ਲੋਕਾਂ ਦੀ ਕੀਮਤ ਨਾ ਦੇਣੀ ਪਈ ਹੋਵੇ ਜੋ ਕਿ ਪਿਛਲੀਆਂ ਸਫ਼ਾਂ ਵਿੱਚ ਹਨ ਅਤੇ ਸਾਰੀਆਂ ਕਾਢਾਂ ਵਿੱਚੋਂ ਮਸ਼ੀਨੀ-ਖੱਡੀ ਐਸੀ ਕਾਢ ਹੈ ਜੋ ਹੱਥ-ਖੱਡੀ ‘ਤੇ ਕੱਪੜਾ ਬੁਨਣ ਵਾਲ਼ਿਆਂ ਦੀ ਹਾਲਤ ਉੱਪਰ ਬਿਲਕੁਲ ਸਿੱਧਾ ਅਸਰ ਕਰਦੀ ਹੈ। ਉਹ ਜਿਸ ਨੂੰ ਪਹਿਲਾਂ ਕਈ ਵਸਤੂਆਂ ਦੇ ਖੇਤਰ ‘ਚੋਂ ਨਸਾ ਦਿੱਤਾ ਗਿਆ ਹੈ, ਉਹ ਬਿਨਾਂ ਕਿਸੇ ਗੁੰਜ਼ਾਇਸ਼ ਦੇ ਕਈ ਹੋਰ ਵਸਤੂਆਂ ਨੂੰ ਛੱਡਣ ਲਈ ਮਜ਼ਬੂਰ ਹੋ ਜਾਏਗਾ।”

ਅੱਗੇ ਜਾ ਕੇ ਉਹ ਕਹਿੰਦਾ ਹੈ :

”ਮੇਰੇ ਹੱਥ ਵਿੱਚ ਉਹ ਚਿੱਠੀ-ਪੱਤਰ ਹੈ ਜੋ ਹਿੰਦੁਸਤਾਨ ਦੇ ਗਵਰਨਰ-ਜਨਰਲ ਅਤੇ ਈਸਟ ਇੰਡੀਆ ਕੰਪਨੀ ਵਿੱਚ ਢਾਕੇ ਦੇ ਹੱਥ-ਖੱਡੀ ‘ਤੇ ਕੱਪੜਾ ਬੁਨਣ ਵਾਲ਼ਿਆਂ ਦੇ ਵਿਸ਼ੇ ‘ਤੇ ਹੋਈ ਸੀ। …ਕੁਝ ਸਾਲ ਹੋਏ ਈਸਟ ਇੰਡੀਆ ਕੰਪਨੀ ਸੂਤੀ ਮਾਲ ਦੀਆਂ 6,000,000 ਤੱਕ ਚੀਜ਼ਾਂ, ਹਿੰਦੁਸਤਾਨ ਦੀਆਂ ਖੱਡੀਆਂ ਦੀ ਉਪਜ ਦੀਆਂ ਹਾਸਲ ਕਰਦੀ ਸੀ। ਇਹ ਮੰਗ ਹੌਲੀ ਹੌਲੀ ਡਿੱਗਦੀ ਹੋਈ 1,000,000 ਤੋਂ ਕੁਝ ਜ਼ਿਆਦਾ ‘ਤੇ ਆ ਗਈ ਅਤੇ ਹੁਣ ਲਗਭਗ ਬਿਲਕੁਲ ਖ਼ਤਮ ਹੋ ਗਈ ਹੈ। 1800 ਵਿੱਚ ਅਮਰੀਕਾ ਨੇ ਹਿੰਦੁਸਤਾਨ ਤੋਂ ਲਗਭਗ 800 ਸੂਤੀ ਥਾਨ ਖਰੀਦੇ ਸਨ। 1830 ਵਿੱਚ 400 ਵੀ ਨਹੀਂ। 1800 ਵਿੱਚ ਪੁਰਤਗਾਲ ਨੂੰ 1,000,000 ਥਾਨ ਭੇਜੇ ਗਏ, 1830 ਵਿੱਚ ਸਿਰਫ਼ 20,000। ਹਿੰਦੁਸਤਾਨ ਦੇ ਜੁਲਾਹਿਆਂ ਦੀ ਮੰਦਹਾਲੀ ਦੇ ਵੇਰਵੇ ਭਿਆਨਕ ਹਨ। ਉਹ ਨਿਰੋਲ ਭੁੱਖ ਨੰਗ ‘ਤੇ ਜਾ ਪੁੱਜੇ ਹਨ। ਇਸ ਦਾ ਇੱਕੋ ਇੱਕ ਕਾਰਨ ਕੀ ਸੀ? ਅੰਗਰੇਜ਼ੀ ਕਾਰਖ਼ਾਨਿਆਂ ਦੀ ਸਸਤੀ ਉਪਜ ਦੀ ਹੋਂਦ। …ਉਨ੍ਹਾਂ ਵਿੱਚੋਂ ਕਈ ਭੁੱਖ ਨਾਲ਼ ਮਰ ਗਏ, ਬਾਕੀ ਦੇ ਜ਼ਿਆਦਾ ਕਰਕੇ, ਹੋਰਨਾਂ ਕਿੱਤਿਆਂ ਵਿੱਚ ਲਾ ਦਿੱਤੇ ਗਏ ਜਿਸ ਵਿੱਚ ਮੁੱਖ ਕਿੱਤਾ ਖੇਤੀਬਾੜੀ ਸੀ। ਆਪਣੇ ਕਿੱਤੇ ਨੂੰ ਨਾ ਬਦਲਣਾ ਲਾਜ਼ਮੀ ਤੌਰ ‘ਤੇ ਭੁੱਖੇ ਮਰਨਾ ਸੀ ਅਤੇ ਇਸ ਮੌਕੇ ‘ਤੇ ਉਸ ਢਾਕੇ ਦੇ ਜ਼ਿਲ੍ਹੇ ਨੂੰ ਇੰਗਲਿਸਤਾਨ ਦੀਆਂ ਮਸ਼ੀਨੀ ਖੱਡੀਆਂ ਦਾ ਬਣਿਆ ਸੂਤੀ ਕੱਪੜਾ ਅਤੇ ਸੂਤ ਮੁਹੱਈਆ ਕੀਤਾ ਜਾਂਦਾ ਹੈ। ਢਾਕੇ ਦੀ ਮਲਮਲ ਜੋ ਕਿ ਸਾਰੀ ਦੁਨੀਆਂ ਵਿੱਚ ਆਪਣੀ ਸੁੰਦਰਤਾ ਅਤੇ ਮਹੀਨਤਾ ਕਰਕੇ ਮਸ਼ਹੂਰ ਹੈ, ਉਸੇ ਕਾਰਨ ਸਾਰੀ ਤਬਾਹ ਹੋ ਗਈ ਅਤੇ ਹਿੰਦੁਸਤਾਨ ਵਿੱਚ ਅਣਗਿਣਤ ਸ਼੍ਰੇਣੀਆਂ ਦੀ ਜੋ ਮੁਸੀਬਤ ਮਾਰੀ ਹਾਲਤ ਅੱਜ ਹੈ, ਉਸ ਦੇ ਨਾਲ਼ ਦੀ ਹਾਲਤ ਵਪਾਰਕ ਇਤਿਹਾਸ ਵਿੱਚ ਸ਼ਾਇਦ ਹੀ ਕਿਤੇ ਮਿਲ ਸਕੇ।”

ਡਾ. ਬਉਰਿੰਗ ਦੀ ਤਕਰੀਰ ਹੋਰ ਵੀ ਧਿਆਨਯੋਗ ਹੈ ਕਿਉਂਕਿ ਉਸ ਦੇ ਪੇਸ਼ ਕੀਤੇ ਅੰਕੜੇ ਹੂ-ਬ-ਹੂ ਠੀਕ ਹਨ ਅਤੇ ਜਿਨ੍ਹਾਂ ਮੁਹਾਵਰਿਆਂ ਨਾਲ਼ ਉਹ ਉਨ੍ਹਾਂ ਨੂੰ ਮੋੜਾ ਦੇਣ ਦੀ ਕੋਸ਼ਿਸ ਕਰਦਾ ਹੈ, ਉਸ ਸੁਤੰਤਰ ਵਪਾਰ ਦੇ ਸਾਰੇ ਉਪਦੇਸ਼ਾਂ ਵਿੱਚ ਸਾਂਝੇ ਦੰਭ ਦਾ ਪੂਰੀ ਤਰ੍ਹਾਂ ਖਾਸਾ ਰੱਖਦੇ ਹਨ। ਉਹ ਮਜ਼ਦੂਰਾਂ ਨੂੰ ਉਤਪਾਦਨ ਦੇ ਉਨ੍ਹਾਂ ਸਾਧਨਾਂ ਦੇ ਤੌਰ ‘ਤੇ ਪੇਸ਼ ਕਰਦਾ ਹੈ ਜਿਨ੍ਹਾਂ ਦੀ ਥਾਂ ਲਾਜ਼ਮੀ ਤੌਰ ‘ਤੇ ਘੱਟ ਖਰਚ ਵਾਲ਼ੇ ਉਤਪਾਦਨ ਦੇ ਸਾਧਨ ਲੈ ਲੈਣਗੇ। ਜਿਸ ਮਿਹਨਤ ਦੀ ਉਹ ਗੱਲ ਕਰਦਾ ਹੈ ਉਸ ਨੂੰ ਬਿਲਕੁਲ ਅਸਾਧਾਰਨ ਕਿਸਮ ਦੀ ਮਿਹਨਤ ਸਮਝਣ ਦਾ ਬਹਾਨਾ ਕਰਦਾ ਹੈ ਅਤੇ ਜਿਸ ਮਸ਼ੀਨ ਨੇ ਜੁਲਾਹਿਆਂ ਨੂੰ ਨਪੀੜ ਦਿੱਤਾ ਹੈ, ਉਸ ਨੂੰ ਓਨੀ ਹੀ ਅਸਾਧਾਰਨ ਮਸ਼ੀਨ ਸਮਝਦਾ ਹੈ। ਉਹ ਇਹ ਭੁੱਲ ਜਾਂਦਾ ਹੈ ਕਿ ਕੋਈ ਵੀ ਦਸਤੀ ਕੰਮ ਨਹੀਂ ਜਿਸ ਦਾ ਕੱਲ੍ਹ ਨੂੰ ਉਹ ਹਸ਼ਰ ਨਾ ਹੋ ਜਾਵੇ ਜੋ ਹੱਥ-ਖੱਡੀ ਦੇ ਜੁਲਾਹਿਆਂ ਦਾ ਹੋਇਆ ਹੈ।

”ਅਸਲ ਵਿੱਚ ਮਸ਼ੀਨਰੀ ਵਿੱਚ ਹਰ ਬਿਹਤਰੀ ਦਾ ਲਗਾਤਾਰ ਨਿਸ਼ਾਨਾ ਅਤੇ ਝੁਕਾਓ, ਇਨਸਾਨੀ ਮਿਹਨਤ ਦੀ ਪੂਰੀ ਤਰ੍ਹਾਂ ਥਾਂ ਲੈਣਾ, ਜਾਂ ਆਦਮੀਆਂ ਦੀ ਥਾਂ ‘ਤੇ ਔਰਤਾਂ ਅਤੇ ਬੱਚਿਆਂ ਦੀ ਮਿਹਨਤ ਲਾ ਕੇ ਜਾਂ ਮਾਹਰ ਕਾਰੀਗਰਾਂ ਦੀ ਥਾਂ ਸਾਧਾਰਨ ਮਜ਼ਦੂਰਾਂ ਨੂੰ ਲਾ ਕੇ ਇਸ ਦੀ ਕੀਮਤ ਘੱਟ ਕਰਨਾ ਹੈ। ਵਧੇਰੇ ਪਣ-ਮਰੋੜ ਜਾਂ ਕੱਤਣ ਵਾਲ਼ੀਆਂ ਸੂਤੀ ਮਿੱਲਾਂ ਵਿੱਚ ਕੱਤਣ ਦਾ ਕੰਮ ਸਾਰੇ ਦਾ ਸਾਰਾ ਸੋਲ੍ਹਾਂ ਜਾਂ ਵਧੇਰੇ ਸਾਲਾਂ ਦੀਆਂ ਇਸਤਰੀਆਂ ਕਰਦੀਆਂ ਹਨ। ਸਾਧਾਰਨ ਕੱਤਣ ਵਾਲ਼ੀਆਂ ਮਸ਼ੀਨਾਂ ਲਾਉਣ ਦਾ ਅਸਰ ਕੱਤਣ ਵਾਲ਼ੇ ਆਦਮੀਆਂ ਨੂੰ ਬਰਖ਼ਾਸਤ ਕਰਨਾ, ਬੱਚਿਆਂ ਅਤੇ ਗਭਰੇਟਾਂ ਨੂੰ ਰੱਖਣਾ ਹੈ।”

ਬੜੇ ਉਤਸ਼ਾਹੀ ਸੁਤੰਤਰ ਵਪਾਰੀ, ਡਾ. ਊਰੇ ਦੇ ਇਹ ਸ਼ਬਦ ਡਾ. ਬਉਰਿੰਗ ਦੇ ਇਕਬਾਲਾਂ ਨੂੰ ਪੂਰਿਆਂ ਕਰਨ ਦਾ ਕੰਮ ਸਾਰਦੇ ਹਨ। ਡਾ. ਬਉਰਿੰਗ ਕੁਝ ਸ਼ਖਸੀ ਬੁਰਾਈਆਂ ਦਾ ਜ਼ਿਕਰ ਕਰਦਾ ਹੈ ਅਤੇ ਨਾਲ਼ ਹੀ ਕਹਿੰਦਾ ਹੈ ਕਿ ਇਹ ਸ਼ਖਸੀ ਬੁਰਾਈਆਂ ਸਮੁੱਚੀਆਂ ਜਮਾਤਾਂ ਨੂੰ ਤਬਾਹ ਕਰ ਦੇਂਦੀਆਂ ਹਨ। ਉਹ ਬਦਲੀ ਦੇ ਦੌਰ ਦੇ ਦੌਰਾਨ ਵਕਤੀ ਬੁਰਾਈਆਂ ਦਾ ਜ਼ਿਕਰ ਕਰਦਾ ਹੈ ਅਤੇ ਐਨ ਉਸ ਵਕਤ ਜਿਸ ਵਕਤ ਕਿ ਉਨ੍ਹਾਂ ਬਾਰੇ ਗੱਲ ਕਰਦਾ ਹੈ, ਉਹ ਇਸ ਤੋਂ ਇਨਕਾਰ ਨਹੀਂ ਕਰਦਾ ਕਿ ਬਹੁਗਿਣਤੀ ਲਈ ਇਨ੍ਹਾਂ ਵਕਤੀ ਬੁਰਾਈਆਂ ਦਾ ਭਾਵ ਜ਼ਿੰਦਗੀ ਤੋਂ ਮੌਤ ਵੱਲ ਨੂੰ ਤਬਦੀਲੀ ਵਿੱਚ ਨਿਕਲਿਆ ਹੈ ਅਤੇ ਬਾਕੀ ਦਿਆਂ ਲਈ ਚੰਗੇਰੀਆਂ ਤੋਂ ਮੰਦੀਆਂ ਹਾਲਤਾਂ ਵੱਲ ਤਬਦੀਲੀ ਵਿੱਚ। ਜੇ ਉਹ ਅੱਗੇ ਜਾ ਕੇ ਇਸ ਗੱਲ ਉੱਤੇ ਜ਼ੋਰ ਦੇਂਦਾ ਹੈ ਕਿ ਇਨ੍ਹਾਂ ਮਜ਼ਦੂਰਾਂ ਦੀਆਂ ਮੁਸੀਬਤਾਂ ਸਨਅਤ ਦੀ ਉੱਨਤੀ ਨਾਲ਼ੋਂ ਅਨਿੱਖੜਵੀਆਂ ਹਨ ਅਤੇ ਕੌਮਾਂ ਦੀ ਖੁਸ਼ਹਾਲੀ ਲਈ ਅਵੱਸ਼ਕ ਹਨ, ਉਹ ਸਿਰਫ਼ ਇਹ ਕਹਿ ਰਿਹਾ ਹੁੰਦਾ ਹੈ ਕਿ ਸਰਮਾਏਦਾਰ ਸ਼੍ਰੇਣੀ ਦੀ ਖੁਸ਼ਹਾਲੀ ਮਜ਼ਦੂਰ ਜਮਾਤ ਦੀ ਮੁਸੀਬਤ ਦੀ ਅਵੱਸ਼ਕਤਾ ਨੂੰ ਪਹਿਲਾਂ ਹੀ ਮਿੱਥ ਲੈਂਦੀ ਹੈ।

ਤਬਾਹ ਹੋਣ ਵਾਲ਼ੇ ਮਜ਼ਦੂਰਾਂ ਨੂੰ ਡਾ. ਬਉਰਿੰਗ ਜਿੰਨੀ ਕੁ ਤਸੱਲੀ ਪੇਸ਼ ਕਰਦਾ ਹੈ ਅਤੇ ਯਕੀਨਨ ਹਾਣ ਪੂਰਤੀ ਦਾ ਸਾਰਾ ਸਿਧਾਂਤ, ਜੋ ਕਿ ਸੁਤੰਤਰ ਵਪਾਰ ਪੇਸ਼ ਕਰਦਾ ਹੈ। ਇੱਥੇ ਆ ਨਿਬੜਦਾ ਹੈ।

”ਐ ਤਬਾਹ ਹੋਣ ਵਾਲ਼ੇ ਹਜ਼ਾਰਾਂ ਮਜ਼ਦੂਰੋ, ਮਾਯੂਸ ਨਾ ਹੋਵੋ! ਤੁਸੀਂ ਸੁਖੀ ਜ਼ਮੀਰ ਨਾਲ਼ ਮਰ ਸਕਦੇ ਹੋ। ਤੁਹਾਡੀ ਸ਼੍ਰੇਣੀ ਖ਼ਤਮ ਨਹੀਂ ਹੋਵੇਗੀ। ਇਹ ਹਮੇਸ਼ਾ ਹੀ ਏਨੀ ਅਣਗਿਣਤ ਹੋਵੇਗੀ ਕਿ ਸਰਮਾਏਦਾਰ ਜਮਾਤ ਇਸ ਦਾ ਮੂਲੋਂ ਨਾਸ ਕਰ ਦੇਣ ਦੇ ਡਰ ਦੇ ਬਿਨਾਂ ਹੀ ਇਸ ਦੇ ਕਾਫ਼ੀ ਵੱਡੇ ਹਿੱਸੇ ਨੂੰ ਮੌਤ ਦੇ ਘਾਟ ਉਤਾਰ ਸਕਦੀ ਹੈ। ਇਸ ਤੋਂ ਉਪਰੰਤ, ਸਰਮਾਇਆ ਲਾਹੇਵੰਦ ਤਰੀਕੇ ਨਾਲ਼ ਵਰਤਿਆ ਵੀ ਕਿਵੇਂ ਜਾ ਸਕਦਾ ਹੈ ਜੇ ਉਹ ਆਪਣੇ ਲੁੱਟ-ਖਸੁੱਟ ਯੋਗ ਮਾਲ ਬਾਲ ਮਜ਼ਦੂਰਾਂ ਨੂੰ ਹਮੇਸ਼ਾ ਹੀ ਕਾਇਮ ਰੱਖ ਸਕਣ ਵੱਲ ਧਿਆਨ ਨਹੀਂ ਦੇਂਦਾ ਤਾਂ ਜੋ ਉਹ ਉਨ੍ਹਾਂ ਦੀ ਮੁੜ ਮੁੜ ਕੇ ਲੁੱਟ-ਖਸੁੱਟ ਕਰ ਸਕੇ?”

ਪਰ ਇਸ ਤੋਂ ਛੁੱਟ ਇਹ ਸੁਆਲ ਅਜੇ ਤੱਕ ਹੱਲ ਲੋੜੀਂਦੀ ਸਮੱਸਿਆ ਦੇ ਤੌਰ ‘ਤੇ ਕਿਉਂ ਪੇਸ਼ ਕੀਤਾ ਜਾਏ? ਸੁਤੰਤਰ ਵਪਾਰ ਦੇ ਅਪਨਾਉਣ ਨਾਲ਼ ਮਜ਼ਦੂਰ ਜਮਾਤ ਦੀ ਹਾਲਤ ਉੱਪਰ ਕੀ ਅਸਰ ਪਵੇਗਾ? ਕੁਏਸ਼ਨੋ ਤੋਂ ਲੈ ਕੇ ਰਿਕਾਰਡੋ ਤੱਕ ਸਾਰੇ ਰਾਜਨੀਤਕ ਅਰਥਸ਼ਾਸਤਰੀਆਂ ਦੇ ਘੜੇ ਹੋਏ ਸਾਰੇ ਕਾਨੂੰਨ ਇਸ ਮਿੱਥ ਉੱਪਰ ਆਧਾਰਤ ਹਨ ਕਿ ਸਭ ਰੁਕਾਵਟਾਂ, ਜੋ ਅੱਜ ਵੀ ਵਪਾਰਕ ਆਜ਼ਾਦੀ ਵਿੱਚ ਦਖ਼ਲ-ਅੰਦਾਜ਼ ਹੁੰਦੀਆਂ ਹਨ, ਅਲੋਪ ਹੋ ਗਈਆਂ ਹਨ। ਇਹ ਕਾਨੂੰਨ ਉਸੇ ਨਿਸਬਤ ਨਾਲ਼ ਸੱਚੇ ਸਿੱਧ ਹੁੰਦੇ ਹਨ, ਜਿਸ ਨਾਲ਼ ਕਿ ਸੁਤੰਤਰ ਵਪਾਰ ਅਪਣਾਇਆ ਜਾਂਦਾ ਹੈ। ਇਨ੍ਹਾਂ ਵਿੱਚੋਂ ਪਹਿਲਾ ਕਾਨੂੰਨ ਇਹ ਹੈ ਕਿ ਮੁਕਾਬਲਾ ਹਰ ਜਿਣਸ ਦੀ ਕੀਮਤ ਘਟਾ ਕੇ ਉਤਪਾਦਨ ਦੀ ਘੱਟੋ ਘੱਟ ਕੀਮਤ ‘ਤੇ ਲੈ ਆਉਂਦਾ ਹੈ। ਇਸ ਲਈ ਘੱਟ ਤੋਂ ਘੱਟ ਉਜਰਤ ਮਿਹਨਤ ਦੀ ਸੁਭਾਵਿਕ ਕੀਮਤ ਹੈ ਅਤੇ ਉਜਰਤ ਦੀ ਘੱਟ ਤੋਂ ਘੱਟ ਸੀਮਾ ਕੀ ਹੈ? ਬੱਸ ਏਨੀ ਕੁ ਉਜਰਤ ਜਿੰਨੀ ਕਿ ਉਨ੍ਹਾਂ ਵਸਤੂਆਂ ਦੇ ਉਤਪਾਦਨ ਲਈ ਜ਼ਰੂਰੀ ਹੈ, ਜਿਹੜੀਆਂ ਕਿ ਮਜ਼ਦੂਰ ਨਿਰਬਾਹ ਲਈ, ਉਸ ਨੂੰ ਭਾਵੇਂ ਕਿੰਨੀ ਭੈੜੀ ਤਰ੍ਹਾਂ ਵੀ ਹੋ ਸਕੇ, ਆਪਣੇ ਆਪ ਜਿਉਂਦਿਆਂ ਰੱਖ ਸਕਣ ਦੀ ਅਵਸਥਾ ਵਿੱਚ ਰੱਖਣ ਲਈ ਅਤੇ ਉਸ ਦੀ ਨਸਲ ਨੂੰ ਭਾਵੇਂ ਕਿੰਨੇ ਵੀ ਘਟੀਆ ਤਰੀਕੇ ਨਾਲ਼, ਵਾਧੇ ਵਿੱਚ ਰੱਖਣ ਲਈ, ਅਤਿ ਲੋੜੀਂਦੀਆਂ ਹਨ।

ਪਰ ਇਹ ਖਿਆਲ ਨਾ ਕਰੋ ਕਿ ਮਜ਼ਦੂਰ ਹਮੇਸ਼ਾ ਸਿਰਫ਼ ਇਹ ਘੱਟ ਤੋਂ ਘੱਟ ਉਜਰਤ ਲੈਂਦਾ ਹੈ ਅਤੇ ਇਹ ਖਿਆਲ ਹੋਰ ਵੀ ਘੱਟ ਕਰੋ ਕਿ ਉਹ ਹਮੇਸ਼ਾ ਹੀ ਇਹੀ ਲੈਂਦਾ ਹੈ।

ਨਹੀਂ, ਇਸ ਕਾਨੂੰਨ ਅਨੁਸਾਰ, ਮਜ਼ਦੂਰ ਜਮਾਤ ਕਈ ਵਾਰ ਵਧੇਰੇ ਖੁਸ਼ਕਿਸਮਤ ਹੋਵੇਗੀ। ਇਸ ਨੂੰ ਕਦੀ ਕਦੀ ਇਸ ਘੱਟੋ ਘੱਟ ਉਜਰਤ ਤੋਂ ਜ਼ਿਆਦਾ ਵੀ ਮਿਲੇਗਾ, ਪਰ ਇਹ ਬਹੁਤੀ ਉਜਰਤ ਸਿਰਫ਼ ਉਸ ਘਾਟੇ ਨੂੰ ਪੂਰਾ ਕਰਦੀ ਹੈ ਜੋ ਕਿ ਸਨਅਤੀ ਖੜ੍ਹੋਤ ਦੇ ਵੇਲੇ ਘੱਟੋ ਘੱਟ ਤੋਂ ਵੀ ਥੋੜ੍ਹੀ ਉਜਰਤ ਲੈਣ ਵਿੱਚ ਹੁੰਦਾ ਹੈ। ਇਸ ਦਾ ਭਾਵ ਇਹ ਹੈ ਕਿ ਇੱਕ ਨਿਸ਼ਚਿਤ ਸਮੇਂ ਵਿੱਚ, ਜੋ ਕਿ ਖਾਸ ਸਮੇਂ ਬਾਅਦ ਐਸੇ ਚੱਕਰ ਦੇ ਰੂਪ ਵਿੱਚ ਮੁੜ ਮੁੜ ਵਾਪਰਦਾ ਹੈ ਜਿਸ ਵਿੱਚੋਂ ਕਿ ਸਨਅਤ ਗੁਜ਼ਰਦੀ ਹੈ ਜਦ ਕਿ ਉਹ ਆਪਣੇ ਖੁਸ਼ਹਾਲੀ, ਬਹੁ-ਉਤਪਾਦਨ, ਖੜ੍ਹੋਤ ਅਤੇ ਸੰਕਟ ਦੇ ਉਤਾਰ ਚੜ੍ਹਾਅ ‘ਚੋਂ ਲੰਘਦੀ ਹੈ, ਜਦੋਂ ਇਸ ਸਭ ਕੁਝ ਦਾ ਧਿਆਨ ਰੱਖਦਿਆਂ ਮਜ਼ਦੂਰ ਜਮਾਤ ਲੋੜਾਂ ਤੋਂ ਜ਼ਿਆਦਾ ਜਾਂ ਘੱਟ ਹਾਸਲ ਕਰੇਗੀ, ਅਸੀਂ ਦੇਖਾਂਗੇ ਕਿ ਸਮੁੱਚੇ ਤੌਰ ‘ਤੇ, ਇਸ ਨੂੰ ਘੱਟ ਤੋਂ ਘੱਟ ਉਜਰਤ ਤੋਂ ਨਾ ਘੱਟ ਤੇ ਨਾ ਵੱਧ ਮਿਲੀ ਹੋਵੇਗੀ, ਜਿਸ ਦਾ ਭਾਵ ਇਹ ਹੈ ਕਿ ਮਜ਼ਦੂਰ ਜਮਾਤ ਨੇ, ਕਿੰਨੀ ਵੀ ਜ਼ਿਆਦਾ ਮੁਸੀਬਤ ਜਾਂ ਬਦਹਾਲੀ ਸਹਿਣ ਤੋਂ ਬਾਅਦ ਅਤੇ ਸਨਅਤੀ ਯੁੱਧ-ਭੂਮੀ ਉੱਤੇ ਕਈ ਲਾਸ਼ਾਂ ਛੱਡਣ ਤੋਂ ਪਿੱਛੋਂ ਵੀ, ਆਪਣੇ ਆਪ ਨੂੰ ਜਮਾਤ ਦੇ ਤੌਰ ‘ਤੇ ਕਾਇਮ ਰੱਖਿਆ ਹੋਵੇਗਾ। ਪਰ ਤਦ ਕੀ ਹੋਇਆ? ਇਹ ਜਮਾਤ ਫਿਰ ਵੀ ਹੋਂਦ ਵਿੱਚ ਰਹੇਗੀ, ਨਹੀਂ, ਸਗੋਂ ਇਸ ਤੋਂ ਵੀ ਵੱਧ, ਇਹ ਵਧ ਗਈ ਹੋਵੇਗੀ।

ਪਰ ਇਹੋ ਨਹੀਂ। ਸਨਅਤ ਦੀ ਉੱਨਤੀ ਉਪਜੀਵਕਾ ਦੇ ਘੱਟ ਖਰਚੀਲੇ ਸਾਧਨ ਪੈਦਾ ਕਰਦੀ ਹੈ। ਇਸ ਤਰ੍ਹਾਂ ਬੀਅਰ ਦੀ ਥਾਂ ਸਪਿਰਿਟ ਨੇ, ਉੱਨ ਅਤੇ ਲਿਨਨ ਦੀ ਥਾਂ ਸੂਤ ਨੇ ਅਤੇ ਰੋਟੀ ਦੀ ਥਾਂ ਆਲੂਆਂ ਨੇ ਲੈ ਲਈ ਹੈ।

ਇਸ ਤਰ੍ਹਾਂ ਕਿਉਂਕਿ ਮਜ਼ਦੂਰਾਂ ਨੂੰ ਸਸਤੀ ਅਤੇ ਹੋਰ ਨਖਿੱਧ ਖੁਰਾਕ ਉੱਪਰ ਕਾਇਮ ਰੱਖ ਸਕਣ ਲਈ ਲਗਾਤਾਰ ਸਾਧਨ ਲੱਭੇ ਜਾ ਰਹੇ ਹਨ, ਇਸ ਲਈ ਉਜਰਤਾਂ ਦੀ ਘੱਟ ਤੋਂ ਘੱਟ ਸੀਮਾ ਲਗਾਤਾਰ ਥੱਲੇ ਜਾ ਰਹੀ ਹੈ। ਜੇ ਇਹ ਉਜਰਤਾਂ ਸ਼ੁਰੂ ਇੱਥੋਂ ਹੋਈਆਂ ਸਨ ਕਿ ਆਦਮੀ ਜਿਊਣ ਲਈ ਕੰਮ ਕਰੇ ਤਾਂ ਇਨ੍ਹਾਂ ਦਾ ਅੰਤ ਸਿਰਫ਼ ਇੱਕ ਮਸ਼ੀਨ ਦੀ ਜ਼ਿੰਦਗੀ ਬਸਰ ਕਰਨ ‘ਤੇ ਮਜ਼ਬੂਰ ਕਰਨ ਵਿੱਚ ਹੋਵੇਗਾ। ਉਸ ਦੀ ਹੋਂਦ ਦੀ ਇੱਕ ਸਾਧਾਰਨ ਉਤਪਾਦਕ ਤਾਕਤ ਤੋਂ ਵੱਧ ਕੋਈ ਕੀਮਤ ਨਹੀਂ ਅਤੇ ਸਰਮਾਏਦਾਰ ਉਸ ਨਾਲ਼ ਵਰਤਦਾ ਵੀ ਇਸੇ ਤਰ੍ਹਾਂ ਹੀ ਹੈ।

ਮਿਹਨਤ ਦੀ ਜਿਣਸ ਦੇ, ਘੱਟ ਤੋਂ ਘੱਟ ਉਜਰਤ ਦੇ ਕਾਨੂੰਨ ਦੀ ਪ੍ਰੋੜਤਾ ਉਸੇ ਨਿਸਬਤ ਨਾਲ਼ ਹੋਈ ਜਾਏਗੀ ਜਿਸ ਨਿਸਬਤ ਨਾਲ਼ ਕਿ ਅਰਥਸ਼ਾਸਤਰੀਆਂ ਦਾ ਕਿਆਸ, ਸੁਤੰਤਰ ਵਪਾਰ, ਵਿਆਪਕ ਹਕੀਕਤ ਬਣ ਜਾਂਦਾ ਹੈ। ਇਸ ਲਈ ਦੋਹਾਂ ਵਿੱਚੋਂ ਕੋਈ ਗੱਲ ਕਰਨੀ ਪਏਗੀ, ਜਾਂ ਸੁਤੰਤਰ ਵਪਾਰ ਦੀ ਸ਼ਰਤ ਉੱਪਰ ਆਧਾਰਤ ਸਾਰੀ ਰਾਜਨੀਤਕ ਆਰਥਕਤਾ ਨੂੰ ਰੱਦ ਕਰਨਾ ਪਵੇਗਾ, ਜਾਂ ਸਾਨੂੰ ਇਹ ਮੰਨਣਾ ਪਵੇਗਾ ਕਿ ਇਸ ਸੁਤੰਤਰ ਵਪਾਰ ਹੇਠ ਆਰਥਕ ਨਿਯਮਾਂ ਦਾ ਸਾਰਾ ਕਹਿਰ ਮਜ਼ਦੂਰ ਉੱਪਰ ਨਸ਼ਰ ਹੋਵੇਗਾ।

ਮੁੱਦਾ ਇਹ ਹੈ ਕਿ ਸਮਾਜ ਦੀ ਅੱਜ ਦੀ ਅਵਸਥਾ ਵਿੱਚ ਸੁਤੰਤਰ ਵਪਾਰ ਦਾ ਕੀ ਭਾਵ ਹੈ? ਇਸ ਦਾ ਭਾਵ ਸਰਮਾਏ ਦੀ ਸੁਤੰਤਰਤਾ ਹੈ। ਜਦੋਂ ਤੁਸੀਂ ਕੁਝ ਕੁ ਕੌਮੀ ਬੰਧਨ ਤੋੜ ਦਿੱਤੇ ਹੋਣਗੇ, ਜੋ ਕਿ ਅਜੇ ਵੀ ਸਰਮਾਏ ਦੀ ਉੱਨਤੀ ਨੂੰ ਸੀਮਤ ਰੱਖਦੇ ਹਨ, ਤਾਂ ਤੁਸੀਂ ਇਸ ਨੂੰ ਸਿਰਫ਼ ਕਰਮ ਕਰਨ ਦੀ ਪੂਰਨ ਸੁਤੰਤਰਤਾ ਦੇ ਦਿੱਤੀ ਹੋਵੇਗੀ। ਜਿੰਨਾ ਚਿਰ ਤੁਸੀਂ ਉਜਰਤੀ ਮਿਹਨਤ ਦਾ ਸਰਮਾਏ ਨਾਲ਼ ਸਬੰਧ ਕਾਇਮ ਰੱਖਦੇ ਹੋ, ਕੋਈ ਗੱਲ ਨਹੀਂ ਕਿ ਭਾਵੇਂ ਉਹ ਹਾਲਤ ਕਿੰਨੇ ਵੀ ਅਨੁਕੂਲ ਕਿਉਂ ਨਾ ਹੋਣ ਜਿਨ੍ਹਾਂ ਵਿੱਚ ਕਿ ਜਿਣਸਾਂ ਦਾ ਵਟਾਂਦਰਾ ਹੁੰਦਾ ਹੈ, ਹਮੇਸ਼ਾ ਇੱਕ ਜਮਾਤ ਰਹੇਗੀ ਜੋ ਲੁੱਟ-ਖਸੁੱਟ ਕਰੇਗੀ ਅਤੇ ਦੂਜੀ ਜਮਾਤ, ਜਿਸ ਦੀ ਲੁੱਟ-ਖਸੁੱਟ ਹੋਵੇਗੀ। ਸੁਤੰਤਰ ਵਪਾਰੀਆਂ ਦੇ ਦਾਅਵੇ ਨੂੰ ਸਮਝਣਾ ਸਚੁਮਚ ਮੁਸ਼ਕਲ ਹੈ ਜੋ ਇਹ ਖਿਆਲ ਕਰਦੇ ਹਨ ਕਿ ਸਰਮਾਏ ਦੀ ਵਧੇਰੇ ਲਾਹੇਵੰਦ ਵਰਤੋਂ ਸਨਅਤੀ ਸਰਮਾਏਦਾਰਾਂ ਅਤੇ ਉਜਰਤ ਉੱਤੇ ਕੰਮ ਕਰਦੇ ਮਜ਼ਦੂਰਾਂ ਵਿਚਲਾ ਵਿਰੋਧ ਬਿਲਕੁਲ ਖ਼ਤਮ ਕਰ ਦੇਵੇਗੀ। ਇਸ ਤੋਂ ਉਲਟ ਇੱਕੋ-ਇੱਕ ਨਤੀਜਾ ਇਹ ਨਿਕਲੇਗਾ ਕਿ ਇਨ੍ਹਾਂ ਦੋ ਜਮਾਤਾਂ ਵਿੱਚ ਵਿਰੋਧ ਵਧੇਰੇ ਨਿੱਤਰ ਕੇ ਬਾਹਰ ਆਏਗਾ।

ਇੱਕ ਪਲ ਲਈ ਫਰਜ਼ ਕਰੋ ਕਿ ਅਨਾਜ ਦੇ ਕਾਨੂੰਨ ਨਹੀਂ ਹਨ। ਕੋਈ ਕੌਮੀ ਜਾਂ ਸਥਾਨਕ ਮਹਿਸੂਲ ਟੈਕਸ ਨਹੀਂ ਹਨ – ਅਸਲ ਵਿੱਚ, ਇਹ ਫਰਜ਼ ਕਰੋ ਕਿ ਸਾਰੇ ਵੱਸੋਂ-ਬਾਹਰੇ ਹਾਲਤ, ਜਿਨ੍ਹਾਂ ਨੂੰ ਅੱਜ ਮਜ਼ਦੂਰ ਆਪਣੀ ਦੁਖੀ ਹਾਲਤ ਦਾ ਕਾਰਨ ਸਮਝ ਸਕਦਾ ਹੈ, ਬਿਲਕੁਲ ਅਲੋਪ ਹੋ ਗਏ ਹਨ, ਤਾਂ ਕਈ ਪੜਦੇ ਹਟਾ ਦਿੱਤੇ ਹੋਣਗੇ, ਜੋ ਕਿ ਉਸ ਦੀਆਂ ਨਜ਼ਰਾਂ ਅੱਗੋਂ ਉਸ ਦੇ ਅਸਲੀ ਦੁਸ਼ਮਣ ਨੂੰ ਲੁਕਾਈ ਬੈਠੇ ਹਨ।

ਉਹ ਦੇਖ ਲਵੇਗਾ ਕਿ, ਸੁਤੰਤਰ ਹੋਇਆ ਸਰਮਾਇਆ ਮਹਿਸੂਲ ਟੈਕਸਾਂ ਦੇ ਜਕੜਾਂ ਵਿੱਚ ਪਏ ਸਰਮਾਏ ਨਾਲ਼ੋਂ ਉਸ ਨੂੰ ਘੱਟ ਗੁਲਾਮ ਨਹੀਂ ਬਣਾਉਂਦਾ।

ਸੱਜਣੋਂ! ਸੁਤੰਤਰਤਾ ਦੇ ਭਾਵਵਾਚਕ ਸ਼ਬਦ ਤੋਂ ਤੁਸੀਂ ਆਪਣੇ ਆਪ ਨੂੰ ਧੋਖੇ ਵਿੱਚ ਨਾ ਪਾ ਲਓ। ਕਿਸ ਦੀ ਸੁਤੰਤਰਤਾ? ਇਹ ਇੱਕ ਵਿਅਕਤੀ ਦੀ ਦੂਜੇ ਦੇ ਸਬੰਧ ਵਿੱਚ ਸੁਤੰਤਰਤਾ ਨਹੀਂ, ਸਗੋਂ ਮਜ਼ਦੂਰ ਨੂੰ ਮਧੋਲਣ ਲਈ ਸਰਮਾਏ ਦੀ ਸੁਤੰਤਰਤਾ ਹੈ।

ਤੁਸੀਂ ਸੁਤੰਤਰਤਾ ਦੇ ਐਸੇ ਕਿਆਸ ਨਾਲ਼ ਖੁੱਲ੍ਹੇ ਮੁਕਾਬਲੇ ਨੂੰ ਕਿਉਂ ਮਨਜ਼ੂਰੀ ਦਈ ਜਾਣ ਦੇ ਇਛੁੱਕ ਹੋਵੋ, ਜਦ ਕਿ ਇਹ ਸੁਤੰਤਰਤਾ ਸਿਰਫ਼ ਖੁੱਲ੍ਹੇ ਮੁਕਾਬਲੇ ਉੱਪਰ ਆਧਾਰਤ ਚੀਜ਼ਾਂ ਦੀ ਇੱਕ ਅਵਸਥਾ ਦੀ ਹੀ ਉਪਜ ਹੈ?

ਅਸੀਂ ਇਹ ਦੱਸਿਆ ਹੈ ਕਿ ਸੁਤੰਤਰ ਵਪਾਰ ਇੱਕੋ ਹੀ ਕੌਮ ਦੀਆਂ ਵੱਖੋ-ਵੱਖਰੀਆਂ ਜਮਾਤਾਂ ਵਿਚਕਾਰ ਕਿਸ ਤਰ੍ਹਾਂ ਦਾ ਭਰਾਤਰੀ ਭਾਵ ਪੈਦਾ ਕਰਦਾ ਹੈ। ਇਸ ਧਰਤੀ ਦੀਆਂ ਕੌਮਾਂ ਵਿਚਕਾਰ ਜਿਸ ਤਰ੍ਹਾਂ ਦਾ ਭਰਾਤਰੀ ਭਾਵ ਸੁਤੰਤਰ ਵਪਾਰ ਪੈਦਾ ਕਰੇਗਾ ਉਹ ਸ਼ਾਇਦ ਹੀ ਵਧੇਰੇ ਭਰੱਪਣ ਵਾਲ਼ਾ ਹੋਵੇ। ਅੰਤਰਰਾਸ਼ਟਰੀ ਲੁੱਟ-ਖਸੁੱਟ ਨੂੰ ਦੁਨਿਆਵੀ ਭਾਈਚਾਰੇ ਦਾ ਨਾਂ ਦੇਣਾ ਐਸਾ ਵਿਚਾਰ ਹੈ ਜੋ ਕਿ ਸਿਰਫ਼ ਸਰਮਾਏਦਾਰਾਂ ਦੇ ਦਿਮਾਗ ਵਿੱਚ ਹੀ ਪੈਦਾ ਕੀਤਾ ਜਾ ਸਕਦਾ ਹੈ। ਸਾਰੇ ਦੇ ਸਾਰੇ ਤਬਾਹੀ ਵੱਲ ਲੈ ਜਾਣ ਵਾਲ਼ੇ ਕਦਮ, ਜੋ ਕਿ ਇੱਕੋ ਹੀ ਦੇਸ਼ ਵਿੱਚ ਅਸੀਮਤ ਮੁਕਾਬਲੇ ਤੋਂ ਪੈਦਾ ਹੁੰਦੇ ਹਨ, ਸੰਸਾਰ ਮੰਡੀ ਵਿੱਚ ਬੇਬਹਾ ਗੁਣਾ ਵੱਡੇ ਰੂਪ ਵਿੱਚ ਦੁਹਰਾਏ ਜਾਂਦੇ ਹਨ। ਇਸ ਵਿਸ਼ੇ ‘ਤੇ ਸੁਤੰਤਰ ਵਪਾਰ ਦੇ ਮਿੱਥਿਆਵਾਦ ਉੱਪਰ ਹੋਰ ਵਧੇਰੇ ਕੁਝ ਕਹਿਣ ਦੀ ਲੋੜ ਨਹੀਂ, ਜੋ ਕਿ ਸਾਡੇ ਇਨਾਮ-ਜੇਤੂਆਂ ਸਰਵ ਸ਼੍ਰੀ ਹੋਪ, ਮੋਰਸ ਅਤੇ ਗਰੈਗ ਦੀਆਂ ਦਲੀਲਾਂ ਤੋਂ ਵਧੇਰੇ ਵੁੱਕਤ ਨਹੀਂ ਰੱਖਦੇ।

ਉਦਾਹਰਣ ਵਜੋਂ, ਸਾਨੂੰ ਇਹ ਦੱਸਿਆ ਜਾਂਦਾ ਹੈ ਕਿ ਸੁਤੰਤਰ ਵਪਾਰ ਕੌਮਾਂਤਰੀ ਮਿਹਨਤ ਦੀ ਵੰਡ ਪੈਦਾ ਕਰ ਦੇਵੇਗਾ ਅਤੇ ਇਸ ਤਰ੍ਹਾਂ ਹਰ ਮੁਲਕ ਨੂੰ ਐਸੇ ਉਤਪਾਦਨ ਵਿੱਚ ਲਾ ਦੇਵੇਗਾ ਜੋ ਕਿ ਇਸ ਦੇ ਕੁਦਰਤੀ ਵਸੀਲਿਆਂ ਨਾਲ਼ ਸਭ ਤੋਂ ਵੱਧ ਇਕਸੁਰ ਹੈ।

ਸੱਜਣੋਂ, ਤੁਸੀਂ ਸ਼ਾਇਦ ਯਕੀਨ ਰੱਖਦੇ ਹੋ ਕਿ, ਕੌਫੀ ਅਤੇ ਖੰਡ ਪੈਦਾ ਕਰਨਾ ਵੈਸਟ-ਇੰਡੀਜ਼ ਦੇ ਕੁਦਰਤੀ ਨਸੀਬ ਹਨ।

ਦੋ ਸਦੀਆਂ ਪਹਿਲਾਂ, ਕੁਦਰਤ ਨੇ, ਜੋ ਕਿ ਵਪਾਰ ਬਾਰੇ ਆਪਣੇ ਆਪ ਤੋਂ ਕੋਈ ਸਿਰਦਰਦੀ ਨਹੀਂ ਲੈਂਦੀ, ਉੱਥੇ ਨਾ ਗੰਨਾ ਉਗਾਇਆ ਸੀ, ਨਾ ਕੌਫੀ ਦੇ ਦਰੱਖਤ ਅਤੇ ਹੋ ਸਕਦਾ ਹੈ ਕਿ ਅੱਧੀ ਸਦੀ ਤੋਂ ਵੀ ਘੱਟ ਸਮੇਂ ਵਿੱਚ ਤੁਸੀਂ ਉੱਥੇ ਨਾ ਕੌਫੀ ਤੇ ਨਾ ਖੰਡ ਦੇਖੋਗੇ, ਕਿਉਂਕਿ ਈਸਟ ਇੰਡੀਆ ਨੇ ਸਸਤੇ ਉਤਪਾਦਨ ਸਦਕਾ ਪਹਿਲਾਂ ਹੀ ਵੈਸਟ ਇੰਡੀਜ਼ ਦੀ ਇਸ ਅਖਾਉਤੀ ਕੁਦਰਤੀ ਹੋਣੀ ਨਾਲ਼ ਬੜੀ ਕਾਮਯਾਬੀ ਨਾਲ਼ ਟੱਕਰ ਲਈ ਹੈ। ਵੈਸਟ-ਇੰਡੀਜ਼, ਆਪਣੀ ਕੁਦਰਤੀ ਦੌਲਤ ਨਾਲ਼ ਪਹਿਲਾਂ ਹੀ ਇੰਗਲੈਂਡ ਲਈ ਏਨਾ ਭਾਰੀ ਬੋਝ ਹਨ ਜਿੰਨਾ ਕਿ ਢਾਕੇ ਦੇ ਜੁਲਾਹੇ ਸਨ, ਜਿਨ੍ਹਾਂ ਦੀ ਹੋਣੀ ਵੀ ਸਮੇਂ ਦੇ ਆਦਿ ਤੋਂ ਹੱਥ ਨਾਲ਼ ਬੁਨਣਾ ਹੀ ਸੀ।
ਇੱਕ ਹੋਰ ਗੱਲ ਕਦੀ ਨਹੀਂ ਭੁੱਲਣੀ ਚਾਹੀਦੀ, ਕਿ ਜਿਸ ਤਰ੍ਹਾਂ ਕਿ ਹਰ ਚੀਜ਼ ਇਜਾਰੇਦਾਰੀ ਬਣ ਗਈ ਹੈ ਉਸੇ ਤਰ੍ਹਾਂ ਅੱਜ ਕੱਲ੍ਹ ਸਨਅਤ ਦੀਆਂ ਕੁਝ ਸ਼ਾਖਾਵਾਂ ਹਨ ਜੋ ਕਿ ਹੋਰ ਸਾਰੀਆਂ ਉੱਪਰ ਭਾਰੂ ਹਨ ਅਤੇ ਉਨ੍ਹਾਂ ਕੌਮਾਂ ਲਈ ਸੰਸਾਰ ਮੰਡੀ ਦੀ ਸਰਦਾਰੀ ਪੱਖੀ ਕਰਦੀਆਂ ਹਨ ਜੋ ਉਨ੍ਹਾਂ ਨੂੰ ਵਰਤਦੀਆਂ ਹਨ। ਇਸ ਤਰ੍ਹਾਂ ਕੌਮਾਂਤਰੀ ਵਪਾਰ ਵਿੱਚ ਇਕੱਲੀ ਕਪਾਹ ਦੀ ਏਨੀ ਜ਼ਿਆਦਾ ਵਪਾਰਕ ਮਹੱਤਤਾ ਹੈ ਜਿੰਨੀ ਕਿ ਕੱਪੜੇ ਬੁਨਣ ਵਾਲ਼ੇ ਕਾਰਖ਼ਾਨਿਆਂ ਵਿੱਚ ਵਰਤੀਂਦੇ ਬਾਕੀ ਸਾਰੇ ਕੱਚੇ ਮਾਲਾਂ ਦੀ ਰਲਾ ਕੇ ਵੀ ਨਹੀਂ ਹੁੰਦੀ। ਇਹ ਗੱਲ ਸਚਮੁਚ ਕਿੱਡੀ ਹਾਸੋਹੀਣੀ ਹੈ ਕਿ ਸੁਤੰਤਰ ਵਪਾਰੀਏ ਸਨਅਤ ਦੀ ਹਰ ਸ਼ਾਖ ਦੀਆਂ ਕੁਝ ਵਿਸ਼ੇਸ਼ਤਾਈਆਂ ਉੱਪਰ ਜ਼ੋਰ ਦੇਂਦੇ ਹਨ ਅਤੇ ਉਨ੍ਹਾਂ ਨੂੰ ਐਸੀਆਂ ਵਸਤੂਆਂ ਦੇ ਨਾਲ਼ ਤੋਲਣ ਲਈ ਕਹਿੰਦੇ ਹਨ ਜੋ ਕਿ ਰੋਜ਼ਾਨਾ ਉਪਭੋਗ ਲਈ ਵਰਤੀਆਂ ਜਾਂਦੀਆਂ ਹਨ ਅਤੇ ਉਨ੍ਹਾਂ ਦੇਸ਼ਾਂ ਵਿੱਚ ਬਹੁਤ ਸਸਤੀਆਂ ਬਣਦੀਆਂ ਹਨ ਜਿਨ੍ਹਾਂ ਦੇਸ਼ਾਂ ਵਿੱਚ ਕਿ ਕਾਰਖਾਨੇਦਾਰੀ ਸਭ ਤੋਂ ਜ਼ਿਆਦਾ ਉੱਨਤ ਹੋ ਚੁੱਕੀ ਹੈ।

ਜੇ ਸੁਤੰਤਰ ਵਪਾਰੀਏ ਇਹ ਨਹੀਂ ਸਮਝ ਸਕਦੇ ਕਿ ਇੱਕ ਕੌਮ ਕਿਸ ਤਰ੍ਹਾਂ ਦੂਜੀ ਕੌਮ ਦੀ ਕੀਮਤ ‘ਤੇ ਅਮੀਰ ਹੋ ਸਕਦੀ ਹੈ, ਤਾਂ ਸਾਨੂੰ ਹੈਰਾਨੀ ਨਹੀਂ ਹੋਣੀ ਚਾਹੀਦੀ ਕਿਉਂਕਿ ਇਹੀ ਭੱਦਰ ਪੁਰਸ਼ ਇਹ ਸਮਝਣ ਤੋਂ ਇਨਕਾਰ ਕਰ ਦੇਂਦੇ ਹਨ ਕਿ ਇੱਕ ਮੁਲਕ ਦੇ ਅੰਦਰ ਹੀ ਇੱਕ ਜਮਾਤ ਕਿਵੇਂ ਦੂਜੀ ਜਮਾਤ ਦੀ ਕੀਮਤ ‘ਤੇ ਆਪਣੇ ਆਪ ਨੂੰ ਅਮੀਰ ਬਣਾਉਂਦੀ ਹੈ।

ਸੱਜਣੋ! ਇਹ ਖਿਆਲ ਨਾ ਕਰੋ ਕਿ ਵਪਾਰ ਦੀ ਸੁਤੰਤਰਤਾ ਦੀ ਅਲੋਚਨਾ ਕਰਨ ਵਿੱਚ ਸਾਡਾ ਮੰਤਵ ਰੱਖਿਅਕ ਪ੍ਰਬੰਧ ਨੂੰ ਠੀਕ ਸਿੱਧ ਕਰਨ ਤੋਂ ਹੈ।

ਅਸੀਂ ਆਪਣੇ ਆਪ ਨੂੰ ਪੁਰਾਤਨ ਢੰਗ ਦੇ ਰਾਜ ਦੇ ਹਾਮੀ ਹੋਣ ਦਾ ਐਲਾਨ ਕਰਨ ਤੋਂ ਬਿਨਾਂ ਵੀ ਵਿਧਾਨਕ ਰਾਜ ਦੇ ਦੁਸ਼ਮਣ ਦੱਸ ਸਕਦੇ ਹਾਂ।

ਇਸ ਤੋਂ ਛੁੱਟ, ਰੱਖਿਅਕ ਪ੍ਰਬੰਧ ਵੀ ਇੱਕ ਖਾਸ ਮੁਲਕ ਵਿੱਚ ਵੱਡੇ ਪੈਮਾਨੇ ‘ਤੇ ਸਨਅਤ ਕਾਇਮ ਕਰਨ ਦੇ ਸਾਧਨ ਅਤੇ ਇਸ ਨੂੰ ਸੰਸਾਰ ਮਾਰਕੀਟ ‘ਤੇ ਨਿਰਭਰ ਬਣਾਉਣ ਤੋਂ ਸਿਵਾ ਕੁਝ ਨਹੀਂ ਅਤੇ ਜਿਸ ਸਮੇਂ ਤੋਂ ਹੀ ਸੰਸਾਰ ਮੰਡੀ ਉੱਪਰ ਨਿਰਭਰਤਾ ਕਾਇਮ ਹੋ ਗਈ ਤਾਂ ਆਪੇ ਹੀ ਸੁਤੰਤਰ ਵਪਾਰ ਉੱਪਰ ਥੋੜ੍ਹੀ ਬਹੁਤ ਨਿਰਭਰਤਾ ਹੋ ਗਈ। ਇਸ ਦੇ ਇਲਾਵਾ, ਰੱਖਿਅਕ ਪ੍ਰਬੰਧ ਇੱਕ ਮੁਲਕ ਦੇ ਅੰਦਰ ਹੀ ਸੁਤੰਤਰ ਮੁਕਾਬਲੇ ਵਿੱਚ ਵਾਧਾ ਕਰਨ ਵਿੱਚ ਸਹਾਈ ਹੁੰਦਾ ਹੈ। ਇਸ ਲਈ ਅਸੀਂ ਦੇਖਦੇ ਹਾਂ ਕਿ ਉਨ੍ਹਾਂ ਮੁਲਕਾਂ ਵਿੱਚ ਜਿੱਥੇ, ਸਰਮਾਏਦਾਰੀ ਇੱਕ ਜਮਾਤ ਦੇ ਤੌਰ ‘ਤੇ ਸਿਰ ਕੱਢ ਰਹੀ ਹੈ, ਉਦਾਹਰਣ ਵਜੋਂ ਜਰਮਨੀ ਵਿੱਚ, ਉੱਥੇ ਇਹ ਰੱਖਿਅਕ ਮਹਿਸੂਲ ਲਵਾਉਣ ਦੇ ਬੇਹੱਦ ਯਤਨ ਕਰਦੀ ਹੈ। ਇਹ ਮਹਿਸੂਲ ਸਾਮੰਤਸ਼ਾਹੀ ਦੇ ਅਤੇ ਤਾਨਾਸ਼ਾਹੀ ਸਰਕਾਰ ਦੇ ਖ਼ਿਲਾਫ਼ ਹਥਿਆਰਾਂ ਦਾ, ਸਰਮਾਏਦਾਰੀਆਂ ਦੀਆਂ ਆਪਣੀਆਂ ਤਾਕਤਾਂ ਨੂੰ ਕੇਂਦਰਿਤ ਕਰਨ ਦੇ ਸਾਧਨਾਂ ਦਾ ਅਤੇ ਉਸੇ ਮੁਲਕ ਦੇ ਅੰਦਰ ਸੁਤੰਤਰ ਵਪਾਰ ਦੀ ਪੂਰਤੀ ਦਾ ਕੰਮ ਕਰਦੇ ਹਨ।

ਪਰ ਆਮ ਤੌਰ ‘ਤੇ, ਸਾਡੇ ਸਮੇਂ ਦਾ ਰੱਖਿਅਕ ਪ੍ਰਬੰਧ ਪਿਛਾਂਹ-ਖਿੱਚੂ ਹੈ ਜਦ ਕਿ ਸੁਤੰਤਰ ਵਪਾਰ ਦਾ ਪ੍ਰਬੰਧ ਤਬਾਹਕੁੰਨ ਹੈ। ਇਹ ਪੁਰਾਣੀਆਂ ਕੌਮੀਅਤਾਂ ਨੂੰ ਭੰਗ ਕਰ ਦੇਂਦਾ ਹੈ ਅਤੇ ਪ੍ਰੋਲੇਤਾਰੀ ਅਤੇ ਬੁਰਜੂਆਜ਼ੀ ਵਿਚਲੇ ਵਿਰੋਧ ਨੂੰ ਸਿਖਰ ਤੱਕ ਧੱਕ ਕੇ ਲੈ ਜਾਂਦਾ ਹੈ। ਮੂਲ ਮੁੱਦਾ ਇਹ ਹੈ ਕਿ ਕੀ ਸੁਤੰਤਰ ਵਪਾਰ ਦਾ ਪ੍ਰਬੰਧ ਸਮਾਜਕ ਇਨਕਲਾਬ ਨੂੰ ਛੇਤੀ ਲੈ ਆਉਂਦਾ ਹੈ। ਸਿਰਫ਼ ਇਸੇ ਇੱਕ ਇਨਕਲਾਬੀ ਅਰਥ ਵਿੱਚ ਸੱਜਣੋ, ਮੈਂ ਸੁਤੰਤਰ ਵਪਾਰ ਦੇ ਹੱਕ ਵਿੱਚ ਆਪਣੀ ਰਾਏ ਦੇਂਦਾ ਹਾਂ।

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s