ਸੰਵਿਧਾਨ ਵਿੱਚ ਸੋਧ ਬਾਰੇ ਰਿਪੋਰਟ •ਚਾਂਗ ਚੁਨ-ਚਿਆਓ

ਪੀ.ਡੀ.ਐਫ਼ ਡਾਊਨਲੋਡ ਕਰੋ

17 ਜਨਵਰੀ, 1975

ਸਾਥੀਓ!

ਚੀਨ ਦੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਵੱਲੋਂ ਕਾਂਗਰਸ ਅੱਗੇ ਪੇਸ਼ ਕੀਤਾ ਗਿਆ ਚੀਨ ਦੇ ਲੋਕ ਗਣਰਾਜ ਦੇ ਸੰਵਿਧਾਨ ਦਾ ਸੋਧਿਆ ਹੋਇਆ ਖਰੜਾ ਸਾਰੇ ਨੁਮਾਇੰਦਿਆਂ ਨੂੰ ਦੇ ਦਿੱਤਾ ਗਿਆ ਹੈ। ਚੀਨ ਦੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਵੱਲੋਂ ਮੈਂ ਕੁਝ ਨੁਕਤਿਆਂ ਦੀ ਵਿਆਖਿਆ ਕਰਨਾ ਚਾਹਾਂਗਾ।

20 ਸਾਲ ਪਹਿਲਾਂ, 1954 ਵਿੱਚ ਪਹਿਲੀ ਕੌਮੀ ਲੋਕ ਕਾਂਗਰਸ ਨੇ ਚੀਨ ਦੇ ਲੋਕ ਗਣਰਾਜ ਦਾ ਸੰਵਿਧਾਨ ਪਾਸ ਕੀਤਾ ਸੀ। ਸਾਡੇ ਮਹਾਨ ਆਗੂ ਚੇਅਰਮੈਨ ਮਾਓ ਜ਼ੇ-ਤੁੰਗ ਨੇ ਕਿਹਾ ਸੀ, “ਇੱਕ ਜਥੇਬੰਦੀ ਦੇ ਨਿਯਮ ਹੋਣੇ ਚਾਹੀਦੇ ਹਨ, ਅਤੇ ਇੱਕ ਰਾਜ ਦੇ ਵੀ ਨਿਯਮ ਹੋਣੇ ਚਾਹੀਦੇ ਹਨ; ਸੰਵਿਧਾਨ ਆਮ ਨਿਯਮਾਂ ਦਾ ਸਮੂਹ ਹੈ ਅਤੇ ਇੱਕ ਬੁਨਿਆਦੀ ਚਾਰਟਰ ਹੈ।” 1954 ਦਾ ਸੰਵਿਧਾਨ ਚੀਨ ਦਾ ਪਹਿਲਾ ਸਮਾਜਵਾਦੀ ਸੰਵਿਧਾਨ ਸੀ। ਇੱਕ ਬੁਨਿਆਦੀ ਚਾਰਟਰ ਦੇ ਰੂਪ ਵਿੱਚ ਇਸ ਨੇ ਇਤਿਹਾਸਕ ਤਜ਼ਰਬੇ ਦਾ ਨਿਚੋੜ ਪੇਸ਼ ਕੀਤਾ, ਲੋਕਾਂ ਦੀਆਂ ਜਿੱਤਾਂ ਨੂੰ ਪਕੇਰਾ ਕੀਤਾ ਅਤੇ ਸਮੁੱਚੇ ਦੇਸ਼ ਦੇ ਸਾਰੇ ਲੋਕਾਂ ਲਈ ਅੱਗੇ ਵਧਣ ਦੇ ਸਪੱਸ਼ਟ, ਨਿਸ਼ਚਿਤ ਰਸਤੇ ਦੀ ਨਿਸ਼ਾਨਦੇਹੀ ਕੀਤੀ। ਪਿਛਲੇ 20 ਸਾਲਾਂ ਦੇ ਅਭਿਆਸ ਨੇ ਇਹ ਸਿੱਧ ਕੀਤਾ ਹੈ ਕਿ ਇਹ ਸੰਵਿਧਾਨ ਸਹੀ ਸੀ। ਇਸ ਦੇ ਬੁਨਿਆਦੀ ਸਿਧਾਂਤ ਅੱਜ ਵੀ ਲਾਗੂ ਹੁੰਦੇ ਹਨ। ਪ੍ਰੰਤੂ, ਕਿਉਂਕਿ ਚੀਨ ਦੀ ਸਿਆਸਤ, ਅਰਥਚਾਰੇ ਅਤੇ ਸੱਭਿਆਚਾਰ ਵਿੱਚ ਅਤੇ ਕੌਮਾਂਤਰੀ ਹਾਲਤਾਂ ਵਿੱਚ 1954 ਤੋਂ ਬਹੁਤ ਵੱਡੇ ਬਦਲਾਅ ਆ ਚੁੱਕੇ ਹਨ, ਇਸ ਲਈ ਸੰਵਿਧਾਨ ਦੇ ਕੁਝ ਹਿੱਸੇ ਹੁਣ ਪ੍ਰਸੰਗਿਕ ਨਹੀਂ ਰਹੇ। ਸੰਵਿਧਾਨ ਦੀ ਮੌਜੂਦਾ ਸੋਧ ਵਿੱਚ ਸਾਡਾ ਮੁੱਖ ਕਾਰਜ ਨਵੇਂ ਤਜ਼ਰਬੇ ਦਾ ਨਿਚੋੜ ਪੇਸ਼ ਕਰਨਾ, ਨਵੀਆਂ ਜਿੱਤਾਂ ਨੂੰ ਪਕੇਰਾ ਕਰਨਾ ਅਤੇ ਸਾਡੇ ਦੇਸ਼ ਦੇ ਲੋਕਾਂ ਦੀ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਦੇ ਅਧੀਨ ਇਨਕਲਾਬ ਜਾਰੀ ਰੱਖਣ ਦੀ ਸਾਂਝੀ ਇੱਛਾ ਨੂੰ ਪ੍ਰਗਟ ਕਰਨਾ ਹੈ।

ਪਿਛਲੇ ਦੋ ਦਹਾਕਿਆਂ ਵਿੱਚ ਸਾਡੇ ਲੋਕਾਂ ਦੁਆਰਾ ਹਾਸਲ ਕੀਤੀਆਂ ਗਈਆਂ ਨਵੀਆਂ ਜਿੱਤਾਂ ਵਿੱਚ ਸਭ ਤੋਂ ਅਹਿਮ ਚੇਅਰਮੈਨ ਮਾਓ ਦੀ ਪ੍ਰਧਾਨਗੀ ਹੇਠਲੀ ਚੀਨੀ ਕਮਿਊਨਿਸਟ ਪਾਰਟੀ ਦੀ ਅਗਵਾਈ ਵਿੱਚ ਸਮਾਜਵਾਦੀ ਢਾਂਚੇ ਦੀ ਕਦਮ-ਦਰ-ਕਦਮ ਪਕਿਆਈ ਅਤੇ ਵਿਕਾਸ ਹੈ। ਦੁਸ਼ਮਣਾਂ ਖਿਲਾਫ਼ ਘਰ ਅਤੇ ਵਿਦੇਸ਼ਾਂ ਵਿੱਚ ਲਗਾਤਾਰ ਦਸਤਪੰਜਾ ਲੈਣ ਰਾਹੀਂ, ਅਤੇ ਖਾਸ ਤੌਰ ‘ਤੇ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦੇ ਪਿਛਲੇ ਅੱਠਾਂ ਸਾਲਾਂ ਰਾਹੀਂ ਜਿਹਨਾਂ ਨੇ ਲਿਉ ਸ਼ਾਓ-ਚੀ ਤੇ ਲਿਨ ਪਿਆਓ ਦੇ ਬੁਰਜੂਆ ਹੈੱਡਕੁਆਟਰਾਂ ਨੂੰ ਉਡਾ ਦਿੱਤਾ, ਸਾਡੇ ਦੇਸ਼ ਦੀਆਂ ਸਾਰੀਆਂ ਕੌਮੀਅਤਾਂ ਦੇ ਲੋਕਾਂ ਦੀ ਏਕਤਾ ਹੋਰ ਮਜਬੂਤ ਹੋਈ ਹੈ ਅਤੇ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਪਹਿਲਾਂ ਨਾਲੋਂ ਵਧੇਰੇ ਪੱਕੇ-ਪੈਰੀਂ ਹੋਈ ਹੈ। ਸਭ ਤੋਂ ਅਹਿਮ ਗੱਲ ਇਹ ਹੈ ਕਿ ਸੰਘਰਸ਼ ਦੇ ਦੌਰਾਨ ਚੇਅਰਮੈਨ ਮਾਓ ਨੇ ਮਾਰਕਸਵਾਦ-ਲੈਨਿਨਵਾਦ ਦੇ ਸਰਵਵਿਆਪਕ ਸੱਚ ਨੂੰ ਠੋਸ ਅਭਿਆਸ ਨਾਲ ਜੋੜਨ ਦੇ ਸਿਧਾਂਤ ਨੂੰ ਲਾਗੂ ਕਰਕੇ ਸਾਨੂੰ ਸਮਾਜਵਾਦ ਦੇ ਸਮੁੱਚੇ ਇਤਿਹਾਸਕ ਦੌਰ ਲਈ ਬੁਨਿਆਦੀ ਲੀਹ ਸੂਤਰਬੱਧ ਕਰਕੇ ਦਿੱਤੀ ਹੈ। ਉਹਨਾਂ ਦਾ ਕਹਿਣਾ ਹੈ:

ਸਮਾਜਵਾਦੀ ਸਮਾਜ ਮੁਕਾਬਲਤਨ ਇੱਕ ਲੰਮੇ ਇਤਿਹਾਸਕ ਅਰਸੇ ਲਈ ਬਣਿਆ ਰਹਿੰਦਾ ਹੈ। ਸਮਾਜਵਾਦ ਦੇ ਇਤਿਹਾਸਕ ਦੌਰ ਵਿੱਚ ਜਮਾਤਾਂ, ਜਮਾਤੀ ਵਿਰੋਧਤਾਈਆਂ ਤੇ ਜਮਾਤੀ ਸੰਘਰਸ਼ ਮੌਜੂਦ ਰਹਿੰਦਾ ਹੈ, ਸਮਾਜਵਾਦੀ ਅਤੇ ਸਰਮਾਏਦਾਰਾ ਰਾਹ ਵਿਚਾਲੇ ਸੰਘਰਸ਼ ਹੁੰਦਾ ਹੈ ਅਤੇ ਸਰਮਾਏਦਾਰਾ ਮੁੜ-ਬਹਾਲੀ ਦਾ ਖਤਰਾ ਬਣਿਆ ਰਹਿੰਦਾ ਹੈ। ਸਾਨੂੰ ਸੰਘਰਸ਼ ਦੇ ਲਮਕਵੇਂ ਤੇ ਗੁੰਝਲਦਾਰ ਖਾਸੇ ਨੂੰ ਪਛਾਣਨਾ ਚਾਹੀਦਾ ਹੈ। ਸਾਨੂੰ ਆਪਣੀ ਚੌਕਸੀ ਨੂੰ ਵਧਾਉਣਾ ਚਾਹੀਦਾ ਹੈ। ਸਾਨੂੰ ਸਮਾਜਵਾਦੀ ਸਿੱਖਿਆ ਦੇਣੀ ਚਾਹੀਦੀ ਹੈ। ਸਾਨੂੰ ਜਮਾਤੀ ਵਿਰੋਧਤਾਈਆਂ ਤੇ ਜਮਾਤੀ ਸੰਘਰਸ਼ ਨੂੰ ਸਹੀ ਢੰਗ ਨਾਲ ਸਮਝਣਾ ਤੇ ਨਜਿੱਠਣਾ ਚਾਹੀਦਾ ਹੈ, ਸਾਨੂੰ ਲੋਕਾਂ ਦਰਮਿਆਨ ਵਿਰੋਧਤਾਈਆਂ ਤੇ ਸਾਡੇ ਤੇ ਦੁਸ਼ਮਣ ਵਿਚਾਲੇ ਵਿਰੋਧਤਾਈਆਂ ਵਿਚਾਲੇ ਫ਼ਰਕ ਕਰਨਾ ਚਾਹੀਦਾ ਹੈ ਤੇ ਉਹਨਾਂ ਨੂੰ ਸਹੀ ਢੰਗ ਨਾਲ ਹੱਲ ਕਰਨਾ ਚਾਹੀਦਾ ਹੈ। ਨਹੀਂ ਤਾਂ ਸਾਡੇ ਜਿਹਾ ਸਮਾਜਵਾਦੀ ਦੇਸ਼ ਆਪਣੇ ਉਲਟ ਵਿੱਚ ਬਦਲ ਅਤੇ ਨਿੱਘਰ ਜਾਵੇਗਾ, ਅਤੇ ਸਰਮਾਏਦਾਰਾ ਮੁੜ-ਬਹਾਲੀ ਹੋ ਜਾਵੇਗੀ। ਹੁਣ ਤੋਂ ਸਾਨੂੰ ਹਰ ਸਾਲ, ਹਰ ਮਹੀਨੇ ਤੇ ਹਰ ਦਿਨ ਖੁਦ ਨੂੰ ਇਹ ਯਾਦ ਦੁਆਂਦੇ ਰਹਿਣਾ ਹੋਵੇਗਾ ਕਿ ਸਾਨੂੰ ਇਸ ਸਮੱਸਿਆ ਦੀ ਇੱਕ ਚੰਗੀ ਸਮਝ ਰੱਖਣੀ ਹੋਵੇਗੀ ਤੇ ਇੱਕ ਮਾਰਕਸਵਾਦੀ-ਲੈਨਿਨਵਾਦੀ ਲੀਹ ਅਪਣਾਉਣੀ ਹੋਵੇਗੀ।

ਪਾਰਟੀ ਦੀ ਨੌਵੀਂ ਤੇ ਦਸਵੀਂ, ਦੋਵਾਂ ਕਾਂਗਰਸਾਂ ਨੇ ਇਸ ਬੁਨਿਆਦੀ ਲੀਹ ਨੂੰ ਮੁੜ-ਸਾਬਤ ਕੀਤਾ ਹੈ। ਲਿਉ ਸ਼ਾਓ-ਚੀ ਅਤੇ ਲਿਨ ਪਿਆਓ ਖਿਲਾਫ਼ ਸਾਡੇ ਸੰਘਰਸ਼ ਇੱਕੋ ਮੁੱਦੇ ਉੱਤੇ ਕੇਂਦਰਤ ਸਨ: ਇਸ ਬੁਨਿਆਦੀ ਲੀਹ ਨੂੰ ਬੁਲੰਦ ਰੱਖਣਾ ਹੈ ਜਾਂ ਇਸ ਨੂੰ ਬਦਲਣਾ ਹੈ। ਪੁਰਾਣੇ ਅਤੇ ਵਰਤਮਾਨ ਜਮਾਤੀ ਸੰਘਰਸ਼ਾਂ ਸਭਨਾਂ ਨੇ ਇਹ ਸਿੱਧ ਕੀਤਾ ਹੈ ਕਿ ਇਹ ਬੁਨਿਆਦੀ ਲੀਹ ਸਾਡੀ ਪਾਰਟੀ ਅਤੇ ਸਾਡੇ ਦੇਸ਼ ਦੀ ਜੀਵਨਰੇਖਾ ਹੈ। ਜਿੰਨਾ ਚਿਰ ਤੱਕ ਅਸੀਂ ਇਸਨੂੰ ਬੁਲੰਦ ਰੱਖਦੇ ਹਾਂ, ਅਸੀਂ ਯਕੀਨੀ ਤੌਰ ‘ਤੇ ਸਾਰੀਆਂ ਮੁਸ਼ਕਿਲਾਂ ਨੂੰ ਪਾਰ ਪਾਵਾਂਗੇਂ, ਘਰ ਤੇ ਵਿਦੇਸ਼ਾਂ ਵਿਚਲੇ ਦੁਸ਼ਮਣਾਂ ਨੂੰ ਹਰਾਵਾਂਗੇ ਅਤੇ ਵੱਡੀਆਂ ਜਿੱਤਾਂ ਹਾਸਲ ਕਰਾਂਗੇ। ਇਹ ਮੁੱਖ ਤਜ਼ਰਬਾ ਹੈ ਜੋ ਅਸੀਂ ਹਾਸਲ ਕੀਤਾ ਹੈ ਅਤੇ ਇਹ ਹੀ ਸਾਡੇ ਸੰਵਿਧਾਨ ਵਿੱਚ ਸੋਧ ਕਰਨ ਦੀ ਮਾਰਗਦਰਸ਼ਕ ਸੋਚ ਹੈ।

ਸੋਧੇ ਹੋਏ ਸੰਵਿਧਾਨ ਦਾ ਖਰੜਾ ਜੋ ਕਿ ਹੁਣੇ ਪੇਸ਼ ਕੀਤਾ ਗਿਆ ਹੈ, 1954 ਦੇ ਸੰਵਿਧਾਨ ਦੀ ਲਗਾਤਾਰਤਾ ਹੀ ਹੈ। ਇਹ ਸਾਰੀਆਂ ਕੌਮੀਅਤਾਂ ਦੇ ਲੋਕਾਂ ਵਿੱਚ ਲਗਾਤਾਰ ਚੱਲੇ ਵਿਚਾਰ-ਵਟਾਂਦਰਿਆਂ ਵਿੱਚੋਂ ਜਨਮਿਆ ਹੈ ਅਤੇ ਮੋਹਰੀ ਜਥੇਬੰਦੀਆਂ ਤੇ ਲੋਕਾਂ ਦੇ ਵਿਚਾਰਾਂ ਦੀ ਮਿਲਵੀਂ ਉਪਜ ਹੈ। ਅਨੁਛੇਦਾਂ ਦੀ ਗਿਣਤੀ 106 ਤੋਂ ਘਟਾ ਕੇ 30 ਕਰ ਦਿੱਤੀ ਗਈ ਹੈ। ਮਹੱਤਵਪੂਰਨ ਸੋਧਾਂ ਇਸ ਪ੍ਰਕਾਰ ਹਨ:

(1) ਪ੍ਰਸਤਾਵਨਾ ਤੋਂ ਸ਼ੁਰੂ ਕਰਦੇ ਹੋਏ, ਸੋਧਿਆ ਹੋਇਆ ਖਰੜਾ ਚੀਨੀ ਲੋਕਾਂ ਦੇ ਬਹਾਦਰਾਨਾ ਸੰਘਰਸ਼ਾਂ ਨੂੰ ਦਰਜ ਕਰਦਾ ਹੈ। “ਚੀਨ ਦੀ ਕਮਿਊਨਿਸਟ ਪਾਰਟੀ ਸਮੁੱਚੇ ਚੀਨੀ ਲੋਕਾਂ ਦੀ ਅਗਵਾਈ ਦਾ ਕੇਂਦਰ ਹੈ” ਅਤੇ “ਮਾਰਕਸਵਾਦ-ਲੈਨਿਨਵਾਦ-ਮਾਓ ਜ਼ੇ-ਤੁੰਗ ਵਿਚਾਰਧਾਰਾ ਸਾਡੇ ਦੇਸ਼ ਦੀ ਸੋਚ ਦਾ ਸਿਧਾਂਤਕ ਰਾਹ-ਦਰਸਾਵਾ ਹੈ” ਇਹ ਹੈ ਉਹ ਨਤੀਜਾ ਜੋ ਸਾਡੇ ਦੇਸ਼ ਦੇ ਲੋਕਾਂ ਨੇ ਆਪਣੇ ਇੱਕ ਸਦੀ ਤੋਂ ਵਧੇਰੇ ਦੇ ਇਤਿਹਾਸਕ ਤਜ਼ਰਬੇ ਵਿੱਚੋਂ ਕੱਢਿਆ ਹੈ ਅਤੇ ਜਿਹੜਾ ਹੁਣ ਖਰੜੇ ਦੇ ਆਮ ਸਿਧਾਂਤਾਂ ਵਿੱਚ ਦਰਜ ਕੀਤਾ ਗਿਆ ਹੈ। ਖਰੜਾ ਕਹਿੰਦਾ ਹੈ, “ਕੌਮੀ ਲੋਕ ਕਾਂਗਰਸ ਚੀਨ ਦੀ ਕਮਿਊਨਿਸਟ ਪਾਰਟੀ ਅਧੀਨ ਰਾਜਸੱਤ੍ਹਾ ਦਾ ਸਭ ਤੋਂ ਉੱਚਾ ਅੰਗ ਹੈ।” ਇਹ ਇਹ ਵੀ ਕਹਿੰਦਾ ਹੈ, “ਚੀਨ ਦੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦਾ ਚੇਅਰਮੈਨ ਦੇਸ਼ ਦੀਆਂ ਹਥਿਆਰਬੰਦ ਫ਼ੌਜਾਂ ਦਾ ਕਮਾਂਡਰ ਹੈ।” ਕਿਉਂਕਿ ਰਾਜ ਦੇ ਚੇਅਰਮੈਨ ਦਾ ਕੋਈ ਅਹੁਦਾ ਨਹੀਂ ਹੈ, ਇਸ ਲਈ ਖਰੜਾ 1954 ਦੇ ਸੰਵਿਧਾਨ ਵਿੱਚ ਰਾਜ ਦੀ ਬਣਤਰ ਬਾਰੇ ਇਸ ਦੇ ਅਨੁਸਾਰੀ ਸੋਧ ਕਰਦਾ ਹੈ। ਇਸ ਨਾਲ ਯਕੀਨੀ ਤੌਰ ‘ਤੇ ਰਾਜ ਦੀ ਬਣਤਰ ਉੱਤੇ ਪਾਰਟੀ ਦੀ ਕੇਂਦਰੀਕ੍ਰਿਤ ਅਗਵਾਈ ਮਜਬੂਤ ਹੋਵੇਗੀ ਅਤੇ ਸਮੁੱਚੇ ਦੇਸ਼ ਦੇ ਲੋਕਾਂ ਦੀ ਇੱਛਾ ਪੂਰੀ ਹੋਵੇਗੀ।

(2) ਖਰੜਾ ਕਹਿੰਦਾ ਹੈ, “ਚੀਨੀ ਲੋਕ ਗਣਰਾਜ ਮਜਦੂਰ ਜਮਾਤ ਦੀ ਅਗਵਾਈ ਅਤੇ ਮਜਦੂਰਾਂ ਤੇ ਕਿਸਾਨਾਂ ਦੇ ਸਾਂਝੇ ਮੋਰਚੇ ਦੀ ਬੁਨਿਆਦ ਉੱਤੇ ਟਿਕੀ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਵਾਲ਼ਾ ਸਮਾਜਵਾਦੀ ਰਾਜ ਹੈ।” ਇਹ ਕਹਿੰਦਾ ਹੈ ਕਿ ਮਜਦੂਰ, ਕਿਸਾਨ ਤੇ ਫੌਜੀ ਸਭਨਾਂ ਪੱਧਰਾਂ ਉੱਤੇ ਲੋਕ ਕਾਂਗਰਸਾਂ ਦਾ ਮੁੱਖ ਹਿੱਸਾ ਹੋਣਾ ਚਾਹੀਦੇ ਹਨ। ਇਹ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਦੇ ਨਿਸ਼ਾਨਿਆਂ ਨੂੰ ਸਾਫ਼ ਕਰਦਾ ਹੈ ਅਤੇ ਤਾਨਾਸ਼ਾਹੀ ਦੀਆਂ ਨੀਤੀਆਂ ਨੂੰ ਪੇਸ਼ ਕਰਦਾ ਹੈ। ਦਿਹਾਤੀ ਲੋਕ ਕਮਿਊਨਾਂ ਜਿਹੜੇ ਸਰਕਾਰੀ ਪ੍ਰਸ਼ਾਸ਼ਨ ਤੇ ਆਰਥਿਕ ਪ੍ਰਬੰਧਨ ਨੂੰ ਜੋੜਦੇ ਹਨ, ਅਤੇ ਇੱਕ-ਚ-ਤਿੰਨ ਦੀ ਇਨਕਲਾਬੀ ਜੁੜਤ ਦੇ ਅਧਾਰ ਉੱਤੇ ਕਾਇਮ ਹੋਈਆਂ ਵੱਖ-ਵੱਖ ਪੱਧਰਾਂ ਦੀਆਂ ਸਥਾਨਕ ਇਨਕਲਾਬੀ ਕਮੇਟੀਆਂ ਜਿਹੜੇ ਮਹਾਨ ਇਨਕਲਾਬੀ ਲੋਕ ਲਹਿਰਾਂ ਵਿੱਚੋਂ ਉੱਭਰੇ ਹਨ, ਲਈ ਖਰੜੇ ਵਿੱਚ ਵੱਖਰੇ ਅਨੁਛੇਦਾਂ ਰੱਖੇ ਗਏ ਹਨ। ਇਸ ਤਰ੍ਹਾਂ ਸਾਡੀ ਰਾਜਸੱਤ੍ਹਾ ਦਾ ਜਮਾਤੀ ਖਾਸਾ ਅਤੇ ਸਾਡੇ ਦੇਸ਼ ਵਿੱਚ ਹਰੇਕ ਜਮਾਤ ਦੀ ਹੈਸੀਅਤ ਨੂੰ ਸਪੱਸ਼ਟ ਪਰਿਭਾਸ਼ਤ ਕਰ ਦਿੱਤਾ ਗਿਆ ਹੈ। ਮਾਰਕਸ ਅਤੇ ਲੈਨਿਨ ਨੇ ਵਾਰ-ਵਾਰ ਸਾਨੂੰ ਇਹ ਸਿਖਾਇਆ ਹੈ, “ਜਮਾਤੀ ਸੰਘਰਸ਼ ਲਾਜ਼ਮੀ ਰੂਪ ਵਿੱਚ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਵੱਲ ਲੈ ਕੇ ਜਾਂਦਾ ਹੈ” ਅਤੇ “ਪ੍ਰੋਲੇਤਾਰੀ ਰਾਜ ਪ੍ਰੋਲੇਤਾਰੀ ਦੁਆਰਾ ਬੁਰਜੂਆਜ਼ੀ ਨੂੰ ਦਬਾਉਣ ਦਾ ਇੱਕ ਸੰਦ ਹੈ।” ਸਾਡਾ ਖਰੜਾ ਮਾਰਕਸਵਾਦ-ਲੈਨਿਨਵਾਦ ਦੇ ਇਸ ਅਸੂਲੀ ਪੈਂਤੜੇ ਉੱਤੇ ਖੜਦਾ ਹੈ ਅਤੇ ਗਲਤ ਧਾਰਨਾਵਾਂ ਜਿਵੇਂ ਕਨਫ਼ਿਊਸਿਅਸ ਦੀ “ਪਰਉਪਕਾਰੀ ਸਰਕਾਰ” ਜਾਂ ਸੋਵੀਅਤ ਸੋਧਵਾਦੀ ਜੁੰਡਲੀ ਦੀ “ਸਮੁੱਚੇ ਲੋਕਾਂ ਦੀ ਰਾਜਸੱਤ੍ਹਾ” ਤੋਂ ਸਪੱਸ਼ਟ ਨਿਖੇੜਾ ਕਰਦਾ ਹੈ।

ਜਿੱਥੋਂ ਤੱਕ ਸਾਡੀ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਦਾ ਸਵਾਲ ਹੈ, ਸਭ ਤੋਂ ਪਹਿਲਾਂ ਇਹ ਦੇਸ਼ ਦੇ ਅੰਦਰ ਪਿਛਾਖੜੀ ਜਮਾਤਾਂ ਤੇ ਤੱਤਾਂ ਅਤੇ ਉਹਨਾਂ ਸਭ ਨੂੰ ਦਬਾਉਂਦੀ ਹੈ ਜਿਹੜੇ ਸਮਾਜਵਾਦੀ ਤਬਦੀਲੀ ਅਤੇ ਸਮਾਜਵਾਦੀ ਉਸਾਰੀ ਦਾ ਵਿਰੋਧ ਕਰਦੇ ਹਨ, ਅਤੇ ਸਾਰੀਆਂ ਗੱਦਾਰ ਤੇ ਉਲਟ-ਇਨਕਲਾਬੀ ਕਾਰਵਾਈਆਂ ਨੂੰ ਦਬਾਉਂਦੀ ਹੈ; ਅਤੇ ਦੂਜਾ, ਇਹ ਸਾਡੇ ਦੇਸ਼ ਦੀ ਬਾਹਰੀ ਦੁਸ਼ਮਣਾਂ ਦੁਆਰਾ ਸਾਬੋਤਾਜ ਅਤੇ ਸੰਭਾਵਿਤ ਹਮਲੇ ਤੋਂ ਰੱਖਿਆ ਕਰਦੀ ਹੈ। ਇਹ ਉਹ ਜਾਦੂਈ ਹਥਿਆਰ ਹੈ ਜਿਸ ਰਾਹੀਂ ਸਾਡੇ ਦੇਸ਼ ਦੇ ਲੋਕ ਦੁਸ਼ਮਣਾਂ ਦਾ ਸਫ਼ਾਇਆ ਕਰਦੇ ਹਨ ਤੇ ਖੁਦ ਦੀ ਰੱਖਿਆ ਕਰਦੇ ਹਨ। ਸਾਨੂੰ ਇਸਨੂੰ ਸਾਂਭਣਾ ਚਾਹੀਦਾ ਹੈ ਅਤੇ ਲਗਾਤਾਰ ਮਜਬੂਤ ਕਰਦੇ ਜਾਣਾ ਹੈ। ਸਾਨੂੰ ਸਾਡੀਆਂ ਸਾਰੀਆਂ ਕੌਮੀਅਤਾਂ ਦੇ ਲੋਕਾਂ ਦੀ ਮਹਾਨ ਏਕਤਾ, ਲੋਕ ਮੁਕਤੀ ਫ਼ੌਜ ਅਤੇ ਲੋਕ ਮਿਲਸ਼ੀਆ ਨੂੰ ਮਜਬੂਤ ਕਰਨਾ ਚਾਹੀਦਾ ਹੈ ਜਿਹੜੇ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਦੇ ਥੰਮ ਹਨ, ਅਤੇ ਨਾਲ ਹੀ ਰਾਜ ਦੇ ਵੱਖ-ਵੱਖ ਅੰਗਾਂ ਦੀ ਉਸਾਰੀ ਨੂੰ ਮਜਬੂਤੀ ਦੇਣੀ ਚਾਹੀਦੀ ਹੈ। ਸਾਨੂੰ ਮਜਦੂਰ ਜਮਾਤ ਦੀ ਇਸਦੇ ਸਭ ਤੋਂ ਭਰੋਸੇਮੰਦ ਸੰਗੀ ਗਰੀਬ ਤੇ ਨਿਮਨ-ਮੱਧਵਰਗੀ ਕਿਸਾਨਾਂ ਨਾਲ ਏਕਤਾ ਨੂੰ ਪਕੇਰਾ ਕਰਨਾ ਚਾਹੀਦਾ ਹੈ, ਦੂਜੇ ਕਿਰਤੀ ਲੋਕਾਂ ਅਤੇ ਬਹੁਤ ਸਾਰੇ ਬੁੱਧੀਜੀਵੀਆਂ ਨਾਲ ਏਕਾ ਕਾਇਮ ਕਰਨਾ ਚਾਹੀਦਾ ਹੈ ਅਤੇ ਇੱਕ ਇਨਕਲਾਬੀ ਸਾਂਝਾ ਮੋਰਚਾ ਬਣਾਉਣਾ ਚਾਹੀਦਾ ਹੈ ਜਿਸ ਵਿੱਚ ਦੇਸ਼ਭਗਤ ਜਮਹੂਰੀ ਪਾਰਟੀਆਂ ਅਤੇ ਜੀਵਨ ਦੇ ਸਾਰੇ ਖੇਤਰਾਂ ਵਿੱਚ ਕੰਮ ਕਰਦੇ ਦੇਸ਼ਭਗਤ ਵਿਅਕਤੀ ਵੀ ਸ਼ਾਮਲ ਹੋਣ। ਸਿਰਫ਼ ਇਸੇ ਢੰਗ ਨਾਲ ਹੀ ਅਸੀਂ ਉਹਨਾਂ ਸਾਰੀਆਂ ਤਾਕਤਾਂ ਨਾਲ ਏਕਾ ਕਾਇਮ ਕਰ ਸਕਦੇ ਹਾਂ ਜਿਹਨਾਂ ਨਾਲ ਅਜਿਹਾ ਕਰਨਾ ਸੰਭਵ ਹੈ, ਪ੍ਰੋਲੇਤਾਰੀ ਦੀ ਤਾਨਾਸ਼ਾਹੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰ ਸਕਦੇ ਹਾਂ, ਸਮਾਜਵਾਦੀ ਢਾਂਚੇ ਦੀ ਰੱਖਿਆ ਅਤੇ ਆਪਣੀ ਮਹਾਨ ਮਾਤਭੂਮੀ ਦੀ ਅਜ਼ਾਦੀ ਤੇ ਸੁਰੱਖਿਆ ਨੂੰ ਪੱਕਾ ਕਰ ਸਕਦੇ ਹਾਂ।

(3) ਪ੍ਰੋਲੇਤਾਰੀ ਦੀ ਤਾਨਾਸ਼ਾਹੀ ਇੱਕ ਪਾਸੇ ਦੁਸ਼ਮਣਾਂ ਉੱਤੇ ਤਾਨਾਸ਼ਾਹੀ ਲਾਗੂ ਕਰਦੀ ਹੈ ਅਤੇ ਦੂਜੇ ਪਾਸੇ ਲੋਕਾਂ ਦੀਆਂ ਕਤਾਰਾਂ ਵਿੱਚ ਜਮਹੂਰੀ ਕੇਂਦਰਵਾਦ ਲਾਗੂ ਕਰਦੀ ਹੈ। ਭਰਪੂਰ ਜਮਹੂਰੀਅਤ ਤੋਂ ਬਿਨਾਂ ਉੱਚੇ ਦਰਜੇ ਦਾ ਕੇਂਦਰਵਾਦ ਅਸੰਭਵ ਹੈ ਅਤੇ ਉੱਚੇ ਦਰਜੇ ਦੇ ਕੇਂਦਰਵਾਦ ਤੋਂ ਬਿਨਾਂ ਸਮਾਜਵਾਦ ਦੀ ਉਸਾਰੀ ਸੰਭਵ ਨਹੀਂ ਹੈ। ਖਰੜਾ ਇਹ ਕਹਿੰਦਾ ਹੈ ਕਿ ਰਾਜ ਦੇ ਸਾਰੇ ਅੰਗਾਂ ਨੂੰ ਜਮਹੂਰੀ ਕੇਂਦਰਵਾਦ ਲਾਗੂ ਕਰਨਾ ਚਾਹੀਦਾ ਹੈ ਅਤੇ ਨਾਗਰਿਕਾਂ ਦੇ ਜਮਹੂਰੀ ਹੱਕਾਂ ਦੀ ਅਤੇ ਖਾਸ ਕਰਕੇ ਭਰਾਤਰੀ ਘੱਟਗਿਣਤੀ ਕੌਮਾਂ ਤੇ ਔਰਤਾਂ ਦੇ ਹੱਕਾਂ ਦੀ ਸਪੱਸ਼ਟ ਨਿਸ਼ਾਨਦੇਹੀ ਕਰਦਾ ਹੈ। ਇਹ ਇਹ ਵੀ ਕਹਿੰਦਾ ਹੈ ਕਿ ਲੋਕਾਂ ਕੋਲ ਅਜ਼ਾਦੀ ਨਾਲ ਬੋਲਣ ਦਾ ਹੱਕ ਹੋਵੇਗਾ, ਆਪਣੇ ਵਿਚਾਰਾਂ ਨੂੰ ਪੂਰੀ ਤਰ੍ਹਾਂ ਨਾਲ ਪ੍ਰਗਟ ਕਰਨ, ਵੱਡੀਆਂ ਬਹਿਸਾਂ ਰੱਖਣ ਤੇ ਵੱਡ-ਅਕਾਰੀ ਪੋਸਟਰ ਲਿਖਣ ਦਾ ਹੱਕ ਹੋਵੇਗਾ। ਇਸ ਤੋਂ ਵੀ ਅੱਗੇ, ਚੇਅਰਮੈਨ ਮਾਓ ਦੇ ਪ੍ਰਸਤਾਵ ਅਨੁਸਾਰ, ਇਹ ਗੱਲ ਕਿ ਨਾਗਰਿਕਾਂ ਨੂੰ ਹੜਤਾਲ ਕਰਨ ਦੀ ਅਜ਼ਾਦੀ ਹੈ, ਵੀ ਅਨੁਛੇਦ 28 ਵਿੱਚ ਜੋੜ ਦਿੱਤਾ ਗਿਆ ਹੈ। ਸਾਨੂੰ ਇਹ ਪੂਰਾ ਯਕੀਨ ਹੈ ਕਿ ਇਨਕਲਾਬੀ ਲੋਕਾਈ ਜਿਹੜੀ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਵਿੱਚ ਢਲੀ-ਤਪੀ ਹੈ, ਇਹਨਾਂ ਹੱਕਾਂ ਨੂੰ ਹੋਰ ਵਧੇਰੇ ਚੰਗੇ ਢੰਗ ਨਾਲ ਲਾਗੂ ਕਰੇਗੀ ਅਤੇ “ਇੱਕ ਅਜਿਹੀ ਸਿਆਸੀ ਸਥਿਤੀ ਕਾਇਮ ਕਰੇਗੀ ਜਿਸ ਵਿੱਚ ਕੇਂਦਰਵਾਦ ਤੇ ਜਮਹੂਰੀਅਤ, ਜ਼ਾਬਤਾ ਤੇ ਅਜ਼ਾਦੀ, ਇੱਛਾ ਦੀ ਏਕਤਾ ਅਤੇ ਵਿਅਕਤੀਗਤ ਮਨ ਦੀ ਸ਼ਾਂਤੀ ਤੇ ਜੀਵੰਤਤਾ ਦੋਵੇਂ ਮੌਜੂਦ ਹੋਣਗੀਆਂ, ਅਤੇ ਇਸ ਤਰ੍ਹਾਂ ਰਾਜ ਉੱਤੇ ਚੀਨ ਦੀ ਕਮਿਊਨਿਸਟ ਪਾਰਟੀ ਦੀ ਅਗਵਾਈ ਅਤੇ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਨੂੰ ਪੱਕਾ ਕਰੇਗੀ।”

(4) 1954 ਦੇ ਸੰਵਿਧਾਨ ਵਿੱਚ ਪੈਦਾਵਾਰ ਦੇ ਸਾਧਨਾਂ ਦੀ ਸਮਾਜਵਾਦੀ ਤਬਦੀਲੀ ਦਾ ਜੋ ਕਾਰਜ ਰੱਖਿਆ ਗਿਆ ਸੀ, ਉਹ ਮੁੱਖ ਤੌਰ ‘ਤੇ ਪੂਰਾ ਕਰ ਲਿਆ ਗਿਆ ਹੈ। ਖਰੜਾ ਚੀਨੀ ਲੋਕਾਂ ਦੁਆਰਾ ਹਾਸਲ ਕੀਤੀ ਇਸ ਮਹਾਨ ਜਿੱਤ ਨੂੰ ਪੂਰੀ ਮਾਨਤਾ ਦਿੰਦਾ ਹੈ ਅਤੇ ਇਹ ਦਰਜ ਕਰਦਾ ਹੈ ਕਿ ਮੌਜੂਦਾ ਪੜਾਅ ਉੱਤੇ ਸਾਡੇ ਦੇਸ਼ ਵਿੱਚ ਪੈਦਾਵਾਰ ਦੇ ਸਾਧਨਾਂ ਦੀ ਮਾਲਕੀ ਦੇ ਦੋ ਮੁੱਖ ਰੂਪ ਹੋਂਦ ਰੱਖਦੇ ਹਨ, ਸਮੁੱਚੇ ਲੋਕਾਂ ਦੀ ਸਮਾਜਵਾਦੀ ਮਾਲਕੀ ਅਤੇ ਕਿਰਤੀ ਲੋਕਾਂ ਦੀ ਸਮਾਜਵਾਦੀ ਸਮੂਹਿਕ ਮਾਲਕੀ। ਖਰੜਾ ਗੈਰ-ਕਾਸ਼ਤਕਾਰੀ ਵਿਅਕਤੀਗਤ ਕਿਰਤੀਆਂ ਲਈ ਵੱਖਰੀਆਂ ਰਿਆਇਤਾਂ ਦਿੰਦਾ ਹੈ ਅਤੇ ਲੋਕ ਕਮਿਊਨ ਦੇ ਮੈਂਬਰਾਂ ਨੂੰ ਆਪਣੀਆਂ ਨਿੱਜੀ ਲੋੜਾਂ ਲਈ ਛੋਟੇ-ਛੋਟੇ ਪਲਾਟਾਂ ਉੱਤੇ ਖੇਤੀ ਕਰਨ ਅਤੇ ਸੀਮਤ ਵੱਖਰੀ ਘਰੇਲੂ ਪੈਦਾਵਾਰ ਕਰਨ ਦੀ ਆਗਿਆ ਦਿੰਦਾ ਹੈ। ਇਹ ਰਿਆਇਤਾਂ ਸਮਾਜਵਾਦ ਉੱਤੇ ਅਡਿੱਗ ਰਹਿਣ ਦੇ ਸਿਧਾਂਤ ਨੂੰ ਜ਼ਰੂਰੀ ਲਚਕੀਲੇਪਣ ਨਾਲ ਜੋੜਦੀਆਂ ਹਨ ਅਤੇ ਲਿਉ ਸ਼ਾਓ-ਚੀ ਤੇ ਲਿਨ ਪਿਆਓ ਵੱਲੋਂ ਪ੍ਰਚਾਰੀਆਂ ਜਾਂਦੀਆਂ ਗਲਤ ਧਾਰਨਾਵਾਂ ਜਿਵੇਂ ਵੱਖਰੇ-ਵੱਖਰੇ ਘਰ ਲਈ ਆਪਣੇ ਤੌਰ ‘ਤੇ ਪੈਦਾਵਾਰ ਦਾ ਕੋਟਾ ਤੈਅ ਕਰਨਾ ਅਤੇ ਨਿੱਜੀ ਲੋੜਾਂ ਲਈ ਖੇਤ ਦੇ ਟੁਕੜਿਆਂ ਨੂੰ ਖਤਮ ਕਰਨਾ, ਤੋਂ ਸਪੱਸ਼ਟ ਨਿਖੇੜਾ ਕਰਦਾ ਹੈ।

ਖਰੜਾ “ਸਮਾਜਵਾਦ ਦੀ ਉਸਾਰੀ ਲਈ ਪੂਰਾ ਤਾਣ ਲਗਾ ਦੇਣ, ਉੱਚੇ ਟੀਚੇ ਮਿਥਣ ਅਤੇ ਵਡੇਰੇ, ਤੇਜ਼ੀ ਨਾਲ, ਬਿਹਤਰ ਤੇ ਕਿਫਾਇਤੀ ਸਿੱਟੇ ਹਾਸਲ ਕਰਨ” ਦੀ ਆਮ ਲੀਹ ਨੂੰ ਮੁੜ-ਦੁਹਰਾਉਂਦਾ ਹੈ, ਅਤੇ ਸਮਾਜਵਾਦੀ ਆਰਥਿਕ ਅਧਾਰ ਨੂੰ ਪੱਕਾ ਕਰਨ ਤੇ ਵਿਕਸਤ ਕਰਨ ਦੇ ਸਿਧਾਂਤਾਂ ਤੇ ਨੀਤੀਆਂ ਦੀ ਇੱਕ ਲੜੀ ਪੇਸ਼ ਕਰਦਾ ਹੈ।

ਇਹ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਕਿ ਸਾਡੇ ਦੇਸ਼ ਵਿੱਚ ਅਜੇ ਵੀ ਪੈਦਾਵਾਰ ਦੇ ਸਬੰਧਾਂ ਤੇ ਪੈਦਾਵਾਰ ਦੇ ਸਾਧਨਾਂ ਵਿਚਾਲੇ ਅਤੇ ਉੱਚਉਸਾਰ ਤੇ ਆਰਥਿਕ ਅਧਾਰ ਵਿਚਾਲੇ ਸੁਰਮੇਲਤਾ ਦੇ ਨਾਲ-ਨਾਲ ਵਿਰੋਧਤਾਈ ਵੀ ਮੌਜੂਦ ਹੈ। ਸਵੇਰ ਦੇ ਸੂਰਜ ਵਾਂਗ, ਸਾਡਾ ਸਮਾਜਵਾਦੀ ਢਾਂਚਾ ਅਜੇ ਬਹੁਤ ਨਿੱਕੀ ਉਮਰ ਦਾ ਹੈ। ਇਹ ਸੰਘਰਸ਼ ਵਿੱਚ ਜਨਮਿਆ ਹੈ ਅਤੇ ਸੰਘਰਸ਼ ਰਾਹੀਂ ਹੀ ਹੋਰ ਅੱਗੇ ਵਿਕਸਤ ਹੋ ਸਕਦਾ ਹੈ। ਮਿਸਾਲ ਵਜੋਂ ਅਰਥਚਾਰੇ ਦੇ ਰਾਜਕੀ ਖੇਤਰ ਨੂੰ ਲਵੋ। ਕੁਝ ਉੱਦਮਾਂ ਵਿੱਚ ਰੂਪ ਸਮਾਜਵਾਦੀ ਮਾਲਕੀ ਦਾ ਹੈ ਪਰ ਅਸਲੀਅਤ ਇਹ ਹੈ ਕਿ ਉਹਨਾਂ ਦੀ ਅਗਵਾਈ ਮਾਰਕਸਵਾਦੀਆਂ ਅਤੇ ਮਜਦੂਰਾਂ ਦੇ ਹੱਥਾਂ ਵਿੱਚ ਨਹੀਂ ਹੈ। ਬੁਰਜੂਆਜ਼ੀ ਬਹੁਤ ਸਾਰੇ ਮੋਰਚਿਆਂ ਉੱਤੇ ਕਬਜ਼ਾ ਕਰ ਲਵੇਗੀ ਜੇ ਪ੍ਰੋਲੇਤਾਰੀ ਉਹਨਾਂ ਮੋਰਚਿਆਂ ਉੱਤੇ ਆਪਣਾ ਕਬਜ਼ਾ ਨਹੀਂ ਕਾਇਮ ਕਰਦਾ। ਕਨਫ਼ਿਊਸਿਅਸ ਦੋ ਹਜ਼ਾਰ ਸਾਲ ਪਹਿਲਾਂ ਮਰ ਚੁੱਕਾ ਹੈ ਪਰ ਉਸਦੇ ਨਾਂ ਦਾ ਕੂੜਾ-ਕਬਾੜਾ ਓਨਾ ਚਿਰ ਸਾਫ਼ ਨਹੀਂ ਹੋਵੇਗਾ ੰਿਜਨਾਂ ਚਿਰ ਪ੍ਰੋਲੇਤਾਰੀ ਦਾ ਝਾੜੂ ਨਹੀਂ ਲੱਗੇਗਾ। ਖਰੜਾ ਇਹ ਸ਼ਰਤ ਰੱਖਦਾ ਹੈ ਕਿ “ਰਾਜ ਦੀਆਂ ਜਥੇਬੰਦੀਆਂ ਅਤੇ ਰਾਜਕੀ ਅਧਿਕਾਰੀ ਮਾਰਕਸਵਾਦ-ਲੈਨਿਨਵਾਦ-ਮਾਓ ਜ਼ੇ-ਤੁੰਗ ਵਿਚਾਰਧਾਰਾ ਦਾ ਇਮਾਨਦਾਰੀ ਨਾਲ ਅਧਿਐਨ ਕਰਨਗੇ” ਅਤੇ ਇਹ ਕਿ ਸੱਭਿਆਚਾਰ ਸਮੇਤ ਉੱਚ-ਉਸਾਰ ਦੇ ਸਾਰੇ ਖੇਤਰਾਂ ਵਿੱਚ ਪ੍ਰੋਲੇਤਾਰੀ ਬੁਰਜੂਆਜ਼ੀ ਉੱਤੇ ਆਪਣੀ ਚੌਤਰਫ਼ਾ ਤਾਨਾਸ਼ਾਹੀ ਲਾਗੂ ਕਰੇਗਾ” ਅਤੇ ਰਾਜ ਦੀਆਂ ਜਥੇਬੰਦੀਆਂ ਤੇ ਰਾਜਕੀ ਅਧਿਕਾਰੀ ਲੋਕਾਂ ਨਾਲ ਨਜ਼ਦੀਕੀ ਸਬੰਧ ਬਣਾ ਕੇ ਰੱਖਣਗੇ ਅਤੇ ਗਲਤ ਪ੍ਰਵਿਰਤੀਆਂ ਨੂੰ ਦੂਰ ਕਰਨਗੇ। ਇਹਨਾਂ ਸਾਰੀਆਂ ਧਾਰਾਵਾਂ ਦਾ ਉਦੇਸ਼ ਅਸਲ ਵਿੱਚ ਉੱਚ-ਉਸਾਰ ਦੇ ਖੇਤਰ ਵਿੱਚ ਸਮਾਜਵਾਦੀ ਇਨਕਲਾਬ ਦੀ ਸਮਝ ਬਣਾਉਣ ਵੱਲ ਅਤੇ ਪੈਦਾਵਾਰੀ ਸਬੰਧਾਂ ਨਾਲ ਜੁੜੀਆਂ ਸਮੱਸਿਆਵਾਂ ਸੁਲਝਾਉਣ ਵੱਲ ਤੀਖਣ ਧਿਆਨ ਦੇਣ ਲਈ ਸਾਨੂੰ ਸੱਦਾ ਦੇਣਾ ਹੈ। ਸਾਨੂੰ ਮਾਰਕਸਵਾਦ ਦੀ ਸਹਾਇਤਾ ਨਾਲ ਲਿਨ ਪਿਆਓ ਤੇ ਕਨਫ਼ਿਊਸਿਅਸ ਦੀ ਆਲੋਚਨਾ ਕਰਨ ਦੀ ਮੌਜੂਦਾ ਲਹਿਰ ਨੂੰ ਵਿਸ਼ਾਲ ਕਰਨਾਂ, ਡੂੰਘਾ ਤੇ ਲਗਾਤਾਰ ਬਣਾਈ ਰੱਖਣਾ ਚਾਹੀਦਾ ਹੈ।

(5) ਚੇਅਰਮੈਨ ਮਾਓ ਦੀ ਸਿੱਖਿਆ “ਡੂੰਘੀਆਂ ਸੁਰੰਗਾਂ ਪੁੱਟੋ, ਹਰ ਜਗ੍ਹਾ ਅਨਾਜ ਭੰਡਾਰ ਕਰੋ ਤੇ ਕਦੇ ਚੌਧਰ ਦੀ ਭੁੱਖ ਨਾ ਰੱਖੋ” ਦਾ ਪਾਲਣ ਕਰਦੇ ਹੋਏ, ਅਸੀਂ ਖਰੜੇ ਵਿੱਚ ਇਹ ਲਿਖਿਆ ਹੈ ਕਿ “ਚੀਨ ਕਦੇ ਵੀ ਮਹਾਂਸ਼ਕਤੀ ਨਹੀਂ ਬਣੇਗਾ” ਤਾਂ ਕਿ ਇਹ ਸਪੱਸ਼ਟ ਦਿਖਾਈ ਦੇਵੇ ਕਿ ਸਾਡਾ ਦੇਸ਼ ਨਾ ਤਾਂ ਅੱਜ ਚੌਧਰ ਚਾਹੁੰਦਾ ਹੈ ਅਤੇ ਨਾ ਕਦੇ ਅਜਿਹਾ ਚਾਹੇਗਾ। ਅਸੀਂ ਹਮੇਸ਼ਾਂ ਮਨੁੱਖ ਦੁਆਰਾ ਮਨੁੱਖ ਦੀ ਲੁੱਟ ਉੱਤੇ ਟਿਕੇ ਢਾਂਚੇ ਨੂੰ ਸਮੁੱਚੀ ਧਰਤੀ ਉੱਤੋਂ ਖਤਮ ਕਰਨ ਦੇ ਸਾਂਝੇ ਸੰਘਰਸ਼ ਵਿੱਚ ਸਭਨਾਂ ਦੇਸ਼ਾਂ ਦੇ ਲੋਕਾਂ ਨਾਲ ਏਕਤਾ ਕਾਇਮ ਕਰਾਂਗੇ ਤਾਂ ਕਿ ਸਮੁੱਚੀ ਮਨੁੱਖਤਾ ਨੂੰ ਮੁਕਤੀ ਹਾਸਲ ਹੋ ਸਕੇ।

ਸਾਥੀਓ!

ਸੰਵਿਧਾਨ ਵਿੱਚ ਸੁਧਾਈ ਦਾ ਕੰਮ ਪਿਛਲੇ ਪੰਜ ਸਾਲਾਂ ਤੋਂ ਚੱਲ ਰਿਹਾ ਹੈ। ਇਹ ਕਾਂਗਰਸ ਇਸ ਕੰਮ ਨੂੰ ਪੂਰਾ ਕਰੇਗੀ ਅਤੇ ਚੀਨ ਦੇ ਲੋਕ ਗਣਰਾਜ ਦੇ ਨਵੇਂ ਬੁਨਿਆਦੀ ਚਾਰਟਰ ਦਾ ਐਲਾਨ ਕਰੇਗੀ। ਇਹ ਸਾਡੇ ਲਈ ਜੋਸ਼ੀਲੇ ਜਸ਼ਨਾਂ ਦੀ ਇੱਕ ਵੱਡੀ ਘਟਨਾ ਹੋਵੇਗੀ। ਲੋਕ ਜਮਹੂਰੀਅਤ ਤੇ ਸਮਾਜਵਾਦ ਦਾ ਹੱਕ ਹਾਸਲ ਕਰਨ ਲਈ, ਦੇਸ਼ ਵਿੱਚ ਸਰਮਾਏਦਾਰੀ ਮੁੜ-ਬਹਾਲੀ ਤੇ ਵਿਦੇਸ਼ਾਂ ਵਿੱਚ ਗੋਡੇ ਟੇਕਣ ਤੇ ਦੇਸ਼ ਨੂੰ ਵੇਚਣ ਦੀਆਂ ਕਾਓ ਕਾਂਗ, ਜਾਓ ਸ਼ੁ-ਸ਼ਿਹ, ਪੇਂਗ ਤੇਹ-ਹੁਈ, ਲਿਉ ਸ਼ਾਓ-ਚੀ ਤੇ ਲਿਨ ਪਿਆਓ ਦੀਆਂ ਸਕੀਮਾਂ ਨੂੰ ਨਾਕਾਮ ਬਣਾਉਣ ਅਤੇ ਘਰ ਅੰਦਰ ਤੇ ਵਿਦੇਸ਼ਾਂ ਵਿੱਚ ਪਿਛਾਖੜੀਆਂ ਨੂੰ ਹਰਾਉਣ ਲਈ ਸਾਡੇ ਦੇਸ਼ ਦੇ ਲੋਕ ਲੰਮੇ ਸਮੇਂ ਤੋਂ ਤਿੱਖੇ ਤੇ ਗੁੰਝਲਦਾਰ ਸੰਘਰਸ਼ ਵਿੱਚ ਪਏ ਹੋਏ ਹਨ ਜਿਸ ਵਿੱਚ ਹਜ਼ਾਰਾਂ ਸ਼ਹੀਦਾਂ ਨੇ ਆਪਣੀਆਂ ਜ਼ਿੰਦਗੀਆਂ ਕੁਰਬਾਨ ਕੀਤੀਆਂ ਹਨ। ਇਹ ਬਿਲਕੁਲ ਇਹਨਾਂ ਸੰਘਰਸ਼ਾਂ ਦੀ ਜਿੱਤ ਹੀ ਹੈ ਜਿਸਨੇ ਸਮਾਜਵਾਦੀ ਉਸਾਰੀ ਨੂੰ ਜਨਮ ਦਿੱਤਾ ਹੈ। ਸਾਨੂੰ ਭਰੋਸਾ ਹੈ ਕਿ ਸਾਡੀਆਂ ਸਾਰੀਆਂ ਕੌਮੀਅਤਾਂ ਦੇ ਲੋਕ, ਅਤੇ ਸਭ ਤੋਂ ਪਹਿਲਾਂ, ਕਮਿਊਨਿਸਟ ਤੇ ਰਾਜਕੀ ਅਧਿਕਾਰੀ, ਇਸ ਸੰਵਿਧਾਨ ਨੂੰ ਇਮਾਨਦਾਰੀ ਨਾਲ ਲਾਗੂ ਕਰਨਗੇ ਤੇ ਦਲੇਰੀ ਨਾਲ ਇਸ ਉੱਤੇ ਪਹਿਰਾ ਦੇਣਗੇ ਅਤੇ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਅਧੀਨ ਇਨਕਲਾਬ ਨੂੰ ਜਾਰੀ ਰੱਖਦੇ ਹੋਏ ਅਖੀਰ ਤੱਕ ਲੈ ਕੇ ਜਾਣਗੇ ਤਾਂ ਕਿ ਇਹ ਯਕੀਨੀ ਬਣ ਜਾਵੇ ਕਿ ਸਾਡੀ ਮਹਾਨ ਮਾਤਭੂਮੀ ਸਦਾ ਲਈ ਮਾਰਕਸਵਾਦ-ਲੈਨਿਨਵਾਦ-ਮਾਓ ਜ਼ੇ-ਤੁੰਗ ਵਿਚਾਰਧਾਰਾ ਦੁਆਰਾ ਦਰਸਾਏ ਰਸਤੇ ਉੱਤੇ ਅੱਗੇ ਵਧਦੀ ਰਹੇ!

ਸ੍ਰੋਤ: ਚੀਨ ਦੇ ਲੋਕ ਗਣਰਾਜ ਦੀ ਚੌਥੀ ਕੌਮੀ ਕਾਂਗਰਸ ਦੇ ਪਹਿਲੇ ਸੈਸ਼ਨ ਦੇ ਦਸਤਾਵੇਜ਼, ਵਿਦੇਸ਼ੀ ਭਾਸ਼ਾ ਪ੍ਰੈਸ, ਪੀਕਿੰਗ, 1975

“ਪਰ੍ਤੀਬੱਧ”, ਅੰਕ 26, ਜਨਵਰੀ 2016 ਵਿਚ ਪਰ੍ਕਾਸ਼ਿ

ਇਸ਼ਤਿਹਾਰ