ਸਤੀ ਤੇ ਚੰਦਨ ਦਾ ਕੂੜ ਪ੍ਰਚਾਰ

(ਪੀ.ਡੀ.ਐਫ਼ ਡਾਊਨਲੋਡ ਕਰੋ)

ਪ੍ਰਤੀਬੱਧ ਦੇ ਤੀਜੇ ਅੰਕ ਵਿੱਚ ‘ਮਾਰਕਸਵਾਦ ਦੇ ਆਲੋਚਕ’ ਲੇਖ ਪੜਿਆ। ਇਸ ਵਿੱਚ ‘ਹੁਣ’ ਵਿੱਚ ਛਪੇ ਸਤੀ ਕੁਮਾਰ ਦੇ ਲੇਖ ‘ਕਾਰਲ ਮਾਰਕਸ ਤੇ ਭਸਮਾਸੁਰ’ ਦੀ ਪੜਚੋਲ ਕੀਤੀ ਗਈ ਹੈ। ਸਤੀ ਕੁਮਾਰ ਨੇ ਆਪਣੇ ਇਸ ਲੇਖ ‘ਚ ਆਪਣੀ ਕੱਚ ਘਰੜ ਸਮਝ ਦਾ ਮੁਜ਼ਾਹਰਾ ਕਰਦਿਆਂ ਬੜੀਆਂ ਊਲ-ਜਲੂਲ ਗੱਲਾਂ ਕੀਤੀਆਂ ਜਿਨ੍ਹਾਂ ਦਾ ਜਵਾਬ ‘ਪ੍ਰਤਿਬੱਧ’ ਨੇ ਆਪਣੇ ਲੇਖ ‘ਚ ਦਿੱਤਾ। ਧਨ-ਪਸ਼ੂਆਂ ਦੀ ਸੇਵਾ ਕਰਨ ਵਾਲੇ ਇਸ ਲੇਖ ‘ਚ ਸਤੀ ਕੁਮਾਰ ਨੇ ਮਾਰਕਸਵਾਦ ਵਿਰੁੱਧ ਤੱਥਾਂ ਨੂੰ ਵਿਗਾੜ ਕੇ ਝੂਠਾ ਪ੍ਰਚਾਰ ਕੀਤਾ ਤੇ ਲੋਕਾਂ ਵਿੱਚ ਸਮਾਜਵਾਦ ਬਾਰੇ ਭਰਮ ਪੈਦਾ ਕਰਨ ਦੀ ਕੋਸ਼ਿਸ਼ ਕੀਤੀ। ਸਤੀ ਕੁਮਾਰ ਲਿਖਦਾ ਹੈ ਕਿ ਸਵੀਡਨ ਨੇ ਲੋਕਾਂ ਦੀ ਅਜ਼ਾਦੀ ਖੋਹੇ ਬਿਨਾਂ ਕਲਾਸ-ਲੈੱਸ ਸੁਸਾਇਟੀ ਉਸਾਰ ਲਈ। ਜਿੱਥੇ ਪੂੰਜੀਵਾਦੀ ਦੇਸ਼ ਵਿੱਚ ਕਲਾਸ-ਲੈੱਸ ਸੁਸਾਇਟੀ ਦੀ ਗੱਲ ਕਰਕੇ ਸਤੀ ਕੁਮਾਰ ਮਨੁੱਖੀ ਇਤਿਹਾਸ ਦੇ ਵਿਕਾਸ ਬਾਰੇ ਆਪਣੀ ਸਮਝ ਦਾ ਦਿਵਾਲਾ ਕੱਢਦਾ ਹੈ ਉੱਥੇ ਹੀ ਉਹ ਇਹ ਗੱਲ ਵੀ ਕਹਿ ਰਿਹਾ ਹੈ ਕਿ ਸਮਾਜਵਾਦ ਲੋਕਾਂ ਦੀ ਅਜ਼ਾਦੀ ਖੋਹ ਲੈਂਦਾ ਹੈ।

ਕੁੱਝ ਇਹੋ ਜਿਹੀ ਗੱਲ ਹੀ ਅਮਰਜੀਤ ਚੰਦਨ ਨੇ ‘ਹੁਣ’ ਦੇ ਪਹਿਲੇ ਅੰਕ ‘ਚ ਆਪਣੀ ਇੰਟਰਵਿਊ ‘ਚ ਵੀ ਕੀਤੀ ਸੀ। ਉਹ ਵੀ ਬੜੀ ਬੇਸ਼ਰਮੀ ਨਾਲ ਕਹਿੰਦਾ ਹੈ,”ਬੰਦੇ ਕੋਲੋਂ ਜਾਇਦਾਦ ਖੋਹ ਲਈ;ਰੱਬ ਖੋਹ ਲਿਆ;ਕਲਮ ਖੋਹ ਲਈ;ਬਾਕੀ ਉਹਦੇ ਕੋਲ ਬਚਿਆ ਕੀ?” ਸਤੀ ਕੁਮਾਰ ਤੇ ਚੰਦਨ ਜਿਹੇ ਲੋਕ ਜਾਣ-ਬੁੱਝ ਕੇ ਤੱਥਾਂ ਨੂੰ ਵਿਗਾੜ ਕੇ ਲੋਕਾਂ ਵਿੱਚ ਸਮਾਜਵਾਦੀ ਸਮਾਜਾਂ ਬਾਰੇ ਭਰਮ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਸਮਾਜਵਾਦੀ ਸਮਾਜਾਂ ਨੇ ਆਮ ਲੋਕਾਂ ਦੀ ਅਜ਼ਾਦੀ ਖੋਹੀ ਨਹੀਂ ਸੀ ਸਗੋਂ ਉਹਨਾਂ ਨੂੰ ਪੂੰਜੀ ਦੀ ਗੁਲਾਮੀ ਤੋਂ ਅਜ਼ਾਦ ਕੀਤਾ ਸੀ। ਪਹਿਲੀ ਵਾਰ ਮਿਹਨਤਕਸ਼ ਲੋਕ ਪੂੰਜੀਪਤੀਆਂ ਤੇ ਉਹਨਾਂ ਦੇ ਰਾਜਸੀ ਨੁਮਾਇੰਦਿਆਂ ਤੋਂ ਆਰਥਿਕ, ਰਾਜਨੀਤਕ ਤੇ ਸੱਭਿਆਚਾਰਕ ਤੌਰ ‘ਤੇ ਅਜ਼ਾਦ ਹੋਏ। ਪਹਿਲੀ ਵਾਰ ਸਰੀਰਕ ਕਿਰਤ ਨੂੰ ਇੱਜ਼ਤ ਦੀਆਂ ਨਜ਼ਰਾਂ ਨਾਲ ਦੇਖਿਆ ਜਾਣ ਲੱਗਿਆ, ਪੂੰਜੀਵਾਦੀ ਸਮਾਜ ਦੀ ਤਰ੍ਹਾਂ ਨਹੀਂ ਜਿੱਥੇ ਸਰੀਰਕ ਕਿਰਤ ਨੂੰ ਮਾਨਸਿਕ ਕਿਰਤ ਤੋਂ ਬੇਹਦ ਥੱਲੇ ਦਾ ਦਰਜਾ ਹਾਸਲ ਹੈ ਤੇ ਮਜ਼ਦੂਰਾਂ ਨੂੰ ਬੇਹਦ ਘਟੀਆ ਸਮਝਿਆ ਜਾਂਦਾ ਹੈ। ਇਹ ਮਨੁੱਖੀ ਇਤਿਹਾਸ ਵਿੱਚ ਪਹਿਲੀ ਵਾਰ ਸੀ ਜਦੋਂ ਕਿਰਤੀ ਲੋਕਾਂ ਨੇ ਵੀ ਸੱਭਿਆਚਾਰਕ, ਕਲਾਤਮਕ-ਸਾਹਿਤਕ ਤੇ ਰਾਜਨੀਤਕ ਕੰਮਾਂ ‘ਚ ਵਧ-ਚੜ੍ਹ ਕੇ ਹਿੱਸਾ ਲਿਆ। ਚੀਨ ਵਿੱਚ ਸੱਭਿਆਚਾਰਕ ਇਨਕਲਾਬ ਦੌਰਾਨ ਕਰੋੜਾਂ-ਕਰੋੜ ਮਜ਼ਦੂਰਾਂ-ਕਿਸਾਨਾਂ ਨੇ ਫਲਸਫੇ, ਅਰਥਸ਼ਾਸਤਰ, ਰਾਜਨੀਤੀ, ਕਲਾ-ਸਾਹਿਤ ਆਦਿ ‘ਤੇ ਅਣਗਿਣਤ ਲੇਖ ਲਿਖੇ ਤੇ ਹਾਲੇ ਚੰਦਨ ਕਹਿੰਦਾ ਹੈ ਕਿ ਸਮਾਜਵਾਦ ਨੇ ਲੇਖਕਾਂ ਕੋਲੋਂ ਕਲਮ ਖੋਹ ਲਈ; ਨਹੀਂ ਚੰਦਨ ‘ਜੀ’, ਸਗੋਂ ਪਹਿਲੀ ਵਾਰੀ ਪ੍ਰੋਫੈਸਰਾਂ-ਬੁੱਧੀਜੀਵੀਆਂ ਦਾ ਗਿਆਨ ਦਾ ਗੋਰਖਧੰਦਾ ਬੰਦ ਕਰਕੇ ਫਲਸਫੇ, ਰਾਜਨੀਤਕ ਅਰਥਸ਼ਾਸਤਰ, ਕਲਾ-ਸਾਹਿਤ ਤੋਂ ਲੈ ਕਿ ਭੌਤਿਕ ਵਿਗਿਆਨ ਤੇ ਜੀਵ-ਵਿਗਿਆਨ ਤੱਕ ਦੇ ਅਹਿਮ ਸਵਾਲਾਂ ਨੂੰ ਮਿਹਨਤਕਸ਼ਾਂ ਨੇ ਆਪਣੇ ਹੱਥਾਂ ‘ਚ ਲਿਆ। ਸਤੀ ਤੇ ਚੰਦਨ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਇਹ ਪੂੰਜੀਵਾਦ ਹੈ ਜੋ ਲੋਕਾਂ ਦੇ ਬੱਚਿਆਂ ਦੇ ਹੱਥਾਂ ‘ਚੋਂ ਕਲਮ ਖੋਹ ਕੇ ਉਹਨਾਂ ਨੂੰ ਭੀਖ ਮੰਗਣ ਜਾਂ ਫਿਰ ਜ਼ਬਰੀ ਕਿਰਤ ਕਰਨ ਲਈ ਮਜਬੂਰ ਕਰਦਾ ਹੈ।

ਇਹ ਮਾਓਵਾਦੀ ਚੀਨ ਹੀ ਸੀ ਜਿਸਨੇ ਲੋਕਾਂ ਨੂੰ ਇਹ ਅਜ਼ਾਦੀ ਦਿੱਤੀ ਸੀ ਕਿ ਉਹ ਭ੍ਰਿਸ਼ਟ ਤੇ ਪੂੰਜੀਵਾਦੀ ਰਾਹ ‘ਤੇ ਚੱਲਣ ਵਾਲੇ ਨੇਤਾਵਾਂ ਤੇ ਅਫਸਰਾਂ ਨੂੰ ਕਦੇ ਵੀ ਉਹਨਾਂ ਦੇ ਅਹੁਦਿਆਂ ਤੋਂ ਲਾਹ ਕੇ ਉਹਨਾਂ ‘ਤੇ ਮੁਕੱਦਮੇ ਵੀ ਚਲਾ ਸਕਦੇ ਸੀ ਤੇ ਉਹਨਾਂ ਨੂੰ ਸਜ਼ਾਵਾਂ ਵੀ ਦੇ ਸਕਦੇ ਸੀ। ਇਹ ਮਾਓਵਾਦੀ ਚੀਨ ਹੀ ਸੀ ਜਿਸਨੇ ਪਹਿਚਾਣ ਤੱਕ ਲਈ ਪੁਰਸ਼ਾਂ ‘ਤੇ ਨਿਰਭਰ ਔਰਤਾਂ ਨੂੰ ਉਹਨਾਂ ਦੇ ਇਨਸਾਨ ਹੋਣ ਦਾ ਅਹਿਸਾਸ ਦੁਆਇਆ ਤੇ ਇਹ ਨਾਹਰਾ ਦਿੱਤਾ ਕਿ ‘ਚੀਨ ਵਿੱਚ ਅੱਧਾ ਅਸਮਾਨ ਔਰਤਾਂ ਨੇ ਆਪਣੇ ਮੋਢਿਆਂ ‘ਤੇ ਚੁੱਕਿਆ ਹੈ’, ਫਿਰ ਸਤੀ ਤੇ ਚੰਦਨ ਕਿਸ ਅਜ਼ਾਦੀ ਦੀ ਗੱਲ ਕਰਦੇ ਹਨ? ਸਮਾਜਵਾਦੀ ਸਮਾਜਾਂ ਨੇ ਜੋ ਅਜ਼ਾਦੀ ਖੋਹੀ ਸੀ, ਉਹ ਸੀ ਵਿਹਲੇ ਰਹਿ ਕੇ ਦੂਜਿਆਂ ਦੀ ਮਿਹਨਤ ‘ਤੇ ਜਿਉਣ ਅਤੇ ਅੱਯਾਸ਼ੀ ਕਰਨ ਦੀ ਧਨ-ਪਸ਼ੂਆਂ ਦੀ ਅਜ਼ਾਦੀ। ਸਪਸ਼ਟ ਹੈ ਕਿ ਸਤੀ ਤੇ ਚੰਦਨ ਧਨ-ਪਸ਼ੂਆਂ ਦੀ ਅਜ਼ਾਦੀ ਦਾ ਰੋਣਾ-ਰੋ ਰਹੇ ਹਨ। ਉਂਜ ਵੀ ਸਤੀ ਜਿਸ 60-70 ਦੇ ਦਹਾਕੇ ਦੇ ਰੂਸ ਦੀ ਗੱਲ ਕਰਦਾ ਹੈ ਉਦੋਂ ਉੱਥੇ ਪੂੰਜੀਵਾਦੀ ਮੁੜ-ਬਹਾਲੀ ਹੋ ਚੁੱਕੀ ਸੀ।

ਸਤੀ ਬੜਾ ਭਾਵੁਕ ਹੋ ਕੇ ਜਿਹਨਾਂ ਨੂੰ ‘ਮਨੁੱਖ’ ਕਹਿੰਦਾ ਹੈ, ਉਹ ਮਨੁੱਖਤਾ ‘ਤੇ ਸਭ ਤੋਂ ਵੱਡਾ ਭਾਰ ਹਨ, ਉਹ ਮਨੁੱਖ ਕਹਿਲਾਉਣ ਦੇ ਲਾਇਕ ਨਹੀਂ ਕਿਉਂਕਿ ਉਹ ਦੂਜਿਆਂ ਦਾ ਖੂਨ ਨਿਚੋੜ ਕੇ ਜਿਉਂਦੇ ਹਨ, ਤੇ ਇਨਸਾਨ ਮਨੁੱਖੀ ਖੂਨ ਨਹੀਂ ਚੂਸਦੇ, ਇਹ ਜੋਕਾਂ ਦਾ ਕੰਮ ਹੈ। ਯੇਗੋਰ ਮਾਂ ਨੂੰ ਕਹਿੰਦਾ ਹੈ, ”ਮਾਂ….. ਇਹ ਨਿੱਕੇ-ਮੋਟੇ ਲੋਕ ਹੀ ਨੇ ਜਿਹੜੇ ਸਭ ਤੋਂ ਵੱਡੇ ਗੁਨਾਹਗਾਰ ਅਤੇ ਲੋਕਾਂ ਦਾ ਖੂਨ ਚੂਸਦੇ ਸਭ ਤੋਂ ਵੱਡੇ ਪਰਜੀਵੀ ਨੇ। ਫਰਾਂਸੀਸੀਆਂ ਨੇ ਉਹਨਾਂ ਨੂੰ ਠੀਕ ਹੀ ‘ਬੁਰਜੂਆ’ ਕਿਹਾ ਹੈ, -ਯਾਦ ਰੱਖੀਂ ਮਾਂ- ਬੁਰ-ਜੂਆ, ਕਿਉਂਕਿ ਉਹ ਬੁਰ ਹੀ ਹਨ, ਉਹ ਸਾਨੂੰ ਸਭ ਨੂੰ ਚਿੱਥ ਰਹੇ ਹਨ, ਚਿੱਥ ਰਹੇ ਹਨ ਤੇ ਸਾਡਾ ਖੂਨ ਪੀ ਰਹੇ ਨੇ।…” (ਨਾਵਲ ‘ਮਾਂ’ – ਮੈਕਸਿਮ ਗੋਰਕੀ)। ਯੇਗੋਰ ਦੀ 100 ਸਾਲ ਪਹਿਲਾਂ ਕਹੀ ਗੱਲ ਅੱਜ ਵੀ ਸੱਚ ਹੈ।

ਅਮਰਜੀਤ ਚੰਦਨ ਕਹਿੰਦਾ ਹੈ ਕਿ ਮਾਰਕਸਵਾਦੀਆਂ ਨੇ ਲੋਕਾਂ ਕੋਲੋਂ ਰੱਬ ਤੇ ਧਰਮ ਖੋਹ ਲਿਆ। ਇਹ ਗੱਲ ਵੀ ਸੱਚਾਈ ਤੋਂ ਪਰੇ ਹੈ। ਧਰਮ ਦੇ ਨਾਂ ‘ਤੇ ਲੋਕਾਂ ਨੂੰ ਲੜਾਉਣਾ ਪੂੰਜੀਪਤੀਆਂ ਦਾ ਕੰਮ ਹੈ। ਆਪਣੀ ਲੁੱਟ ਨੂੰ ਬਰਕਰਾਰ ਰੱਖਣ ਲਈ ਲੋਕਾਂ ਨੂੰ ਧਾਰਮਕ ਭਰਮ-ਜਾਲ ‘ਚ ਫਸਾਉਣਾ ਤੇ ਅਸਲ ਮੁੱਦਿਆਂ ਤੋਂ ਉਹਨਾ ਦਾ ਧਿਆਨ ਹਟਾਉਣਾ ਪੂੰਜੀਪਤੀਆਂ ਦੀ ਲੋੜ ਹੈ। ਇਸੇ ਲਈ ਪੂੰਜੀਪਤੀ ਵੱਖ-ਵੱਖ ਸੁਆਮੀਆਂ-ਬਾਬਿਆਂ ਤੇ ਫਿਰਕੂ ਰੰਗਤ ਵਾਲੀਆਂ ਜਥੇਬੰਦੀਆਂ-ਪਾਰਟੀਆਂ ਨੂੰ ਪਾਲਦੇ-ਪੋਸਦੇ ਹਨ ਤੇ ਪ੍ਰਚਾਰ ਸਾਧਨਾਂ ਰਾਹੀਂ ਉਹਨਾਂ ਦਾ ਪ੍ਰਚਾਰ ਆਮ ਲੋਕਾਂ ‘ਚ ਫੈਲਾਉਣ ਲਈ ਕਰੋੜਾਂ ਰੁਪੱਈਆ ਵੀ ਪਾਣੀ ਵਾਂਗੂੰ ਵਹਾਉਂਦੇ ਹਨ। ਚੰਦਨ ਨੂੰ ਇਹ ਗੱਲ ਕਹਿਣ ਲੱਗਿਆਂ ’47 ਦੀ ਭਾਰਤ-ਪਾਕਿ ਵੰਡ, ’84 ਦੇ ਸਿੱਖ ਦੰਗੇ ਤੇ ਹੁਣੇ ਹੋ ਕੇ ਹਟੇ ਗੁਜਰਾਤ ਦੰਗੇ ਵੀ ਯਾਦ ਨਹੀਂ ਆਏ? ਕੀ ਚੰਦਨ ਅਮਰੀਕਾ, ਯੂਰਪ ਤੇ ਖੁਦ ਹਿੰਦੋਸਤਾਨ ‘ਚ ਮੁਸਲਮਾਨਾਂ ਵਿਰੁੱਧ ਹੋ ਰਹੇ ਫਿਰਕੂ ਪ੍ਰਚਾਰ ਤੋਂ ਵੀ ਵਾਕਫ ਨਹੀਂ?

ਸਿਰਫ ਮਜ਼ਦੂਰ ਜਮਾਤ ਹੀ ਦੁਨੀਆਂ ਵਿੱਚ ਸੱਚਾ ਧਰਮ ਨਿਰਪੱਖ ਰਾਜ ਸਥਾਪਤ ਕਰ ਸਕਦੀ ਹੈ, ਕਿਉਂਕਿ ਮਜ਼ਦੂਰ ਜਮਾਤ ਦੂਜਿਆਂ ਦੀ ਮਿਹਨਤ ਲੁੱਟ ਕੇ ਨਹੀਂ ਜਿਉਂਦੀ। ਸਮਾਜਵਾਦ ਵਿੱਚ ਧਰਮ ਹਰ ਇੱਕ ਵਿਅਕਤੀ ਦਾ ਨਿੱਜੀ ਮਾਮਲਾ ਹੁੰਦਾ ਹੈ-ਉਹ ਚਾਹੇ, ਤਾਂ ਰੱਬ-ਧਰਮ ਨੂੰ ਮੰਨੇ ਤੇ ਚਾਹੇ ਨਾ ਮੰਨੇ, ਉਹ ਜਿਸ ਮਰਜ਼ੀ ਢੰਗ ਨਾਲ ਆਪਣੇ ਰੱਬ ਨੂੰ ਪੂਜੇ। 

ਇਸੇ ਤਰ੍ਹਾਂ ਚੰਦਨ ਦੀ ਸਮਾਜਵਾਦ ਵਿੱਚ ਲੋਕਾਂ ਕੋਲੋਂ ਜਾਇਦਾਦ ਖੋਹਣ ਦੀ ਗੱਲ ਵੀ ਸੱਚਾਈ ਤੋਂ ਦੂਰ ਹੈ। ਆਮ ਲੋਕਾਂ ਨੂੰ ਜਾਇਦਾਦ-ਵਿਹੂਣੇ ਕਰਨ ਦਾ ਕੰਮ ਤਾਂ ਖੁਦ ਪੂੰਜੀਵਾਦ ਹੀ ਕਰਦਾ ਹੈ। ਮੱਧ-ਵਰਗ ਦਾ ਵੱਡਾ ਹਿੱਸਾ, ਛੋਟਾ ਤੇ ਦਰਮਿਆਨਾ ਕਿਸਾਨ, ਛੋਟੇ-ਮੋਟੇ ਦੁਕਾਨਦਾਰ, ਕਾਰਖਾਨੇਦਾਰ ਤੇ ਹੋਰ ਛੋਟੇ ਮਾਲਕ ਪੂੰਜੀਵਾਦ ਦੇ ਬੇਰਹਿਮ ਨਿਯਮਾਂ ਦਾ ਸ਼ਿਕਾਰ ਹੋ ਕੇ ਆਪਣੀ ਜਾਇਦਾਦ ਗੁਆ ਲੈਂਦੇ ਹਨ ਤੇ ਮਜ਼ਦੂਰ ਜਮਾਤ ਦੀਆਂ ਸਫਾਂ ‘ਚ ਆ ਰਲਦੇ ਹਨ-ਉਹ ਪ੍ਰੋਲੇਤਾਰੀ ਬਣ ਜਾਂਦੇ ਹਨ। ਇਸ ਲਈ ਆਮ ਲੋਕਾਂ ਕੋਲ ਕੋਈ ਜਾਇਦਾਦ ਰਹਿ ਨਹੀਂ ਜਾਂਦੀ ਜਿਸਨੂੰ ਕਿ ਸਮਾਜਵਾਦੀ ਸਮਾਜ ਖੋਹ ਸਕੇ। ਜਾਇਦਾਦ ਦਾ ਕੇਂਦਰੀਕਰਣ ਤਾਂ ਪੂੰਜੀਵਾਦ ਹੀ ਕਰ ਦਿੰਦਾ ਹੈ। ਮਜ਼ਦੂਰ ਜਮਾਤ ਪੂੰਜੀਪਤੀਆਂ ਤੋਂ ਜਾਇਦਾਦ ਖੋਂਹਦੀ ਹੈ। ਨਿੱਜੀ ਜਾਇਦਾਦ ਦੇ ਖਾਤਮੇ ਦਾ ਐਲਾਨ ਮੌਜੂਦਾ ਆਰਥਿਕ ਹਾਲਤਾਂ ਨੇ ਹੀ ਕੀਤਾ ਹੈ। ਅੱਜ ਆਰਥਕ-ਸਮਾਜਕ ਵਿਕਾਸ ਇਸ ਹੱਦ ਤੱਕ ਪੁੱਜ ਚੁੱਕਾ ਹੈ ਜਾਇਦਾਦ ਦਾ ਸਮਾਜੀਕਰਨ ਹੀ ਕੀਤਾ ਜਾ ਸਕਦਾ ਹੈ। ਜੇ ਚੰਦਨ ਨੂੰ ਸਮਾਜਵਾਦੀ ਸਮਾਜਾਂ ਬਾਰੇ ਮਾੜਾ-ਮੋਟਾ ਵੀ ਪਤਾ ਹੁੰਦਾ ਤਾਂ ਉਹ ਇਹੋ ਜਿਹੀ ਗੱਲ ਕਦੇ ਵੀ ਨਾ ਕਰਦਾ (ਤੇ ਜਾਂ ਫਿਰ ਉਸਨੇ ਜਾਣ ਬੁੱਝ ਕੇ ਤੱਥਾਂ ਨੂੰ ਅੱਖੋਂ ਪਰੋਖੇ ਕਰਕੇ ਸਮਾਜਵਾਦ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ) ਕਿਉਂਕਿ ਠੀਕ ਇਸ ਵੇਲੇ ਜਦੋਂ ਕਮਿਊਨਿਸਟਾਂ ਦਾ ਬੁਰਕਾ ਪਾਈ ਚੀਨ ਦੇ ਪੂੰਜੀਵਾਦੀ ਹਾਕਮ ਕਮਿਊਨਾਂ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਲੋਕ ਕਰੋੜਾਂ ਦੀ ਗਿਣਤੀ ‘ਚ ਇਸਦਾ ਵਿਰੋਧ ਕਰ ਰਹੇ ਹਨ। 

ਅੱਗੇ ਚੰਦਨ ਸਟਾਲਿਨ ਦੀ ਗੱਲ ਕਰਦਾ ਹੈ ਤੇ ਉਸਨੂੰ ਮਨੋਰੋਗੀ ਕਹਿੰਦਾ ਹੈ। ਇਹ ਠੀਕ ਹੈ ਕਿ ਸਟਾਲਿਨ ਤੋਂ ਕੁਝ ਗਲਤੀਆਂ ਹੋਈਆਂ ਪਰ ਉਹ ਇੱਕ ਸੱਚਾ ਮਜ਼ਦੂਰ ਨੇਤਾ ਸੀ। ਸਟਾਲਿਨ ਦੇ ਸਾਹਮਣੇ ਸਮਾਜਵਾਦ ਦਾ ਕੋਈ ਮਾਡਲ ਨਹੀਂ ਸੀ ਪਰ ਇਸਦੇ ਬਾਵਜੂਦ ਉਹਨੇ ਬੜੀ ਦ੍ਰਿੜਤਾ ਨਾਲ ਸਮਾਜਵਾਦੀ ਰੂਸ ਦਾ ਨਿਰਮਾਣ ਕੀਤਾ ਤੇ ਇਸੇ ਪ੍ਰਕਿਰਿਆ ‘ਚ ਉਸ ਤੋਂ ਗਲਤੀਆਂ ਹੋਈਆਂ, ਆਖਰ ਗਲਤੀ ਉਹੀ ਕਰ ਸਕਦਾ ਹੈ ਜੋ ਕੁਝ ਕਰਦਾ ਹੈ, ਵਿਹਲੜ ਗਲਤੀ ਨਹੀਂ ਕਰਦਾ। ਚੰਦਨ ਕਹਿੰਦਾ ਹੈ ਕਿ ਜੇ ਹਿਟਲਰ ਨਾ ਆਉਂਦਾ ਤਾਂ ਸਟਾਲਿਨਿਜ਼ਮ 10-15 ਸਾਲ ਵੀ ਨਾ ਟਿਕਦਾ। ਪਰ ਚੰਦਨ ਸ਼ਾਇਦ ਇਹ ਭੁੱਲ ਗਿਆ ਕਿ ਜੇ ਹਿਟਲਰ ਨਾ ਆਉਂਦਾ ਤਾਂ ਸਗੋਂ ਸਟਾਲਿਨ ਨੂੰ ਸਮਾਜਵਾਦ ਨੂੰ ਪੱਕੇ ਪੈਰੀਂ ਕਰਨ ਦਾ ਸਮਾਂ ਮਿਲ ਜਾਂਦਾ, ਉਹ ਆਪਣਾ ਸਾਰਾ ਸਮਾਂ ਸਮਾਜਵਾਦੀ ਨਿਰਮਾਣ ਨੂੰ ਦੇ ਸਕਦਾ ਤੇ ਸਮਾਜਵਾਦੀ ਸਮਾਜ ਦੀਆਂ ਵਿਰੋਧਤਾਈਆਂ ਨੂੰ ਵਧੇਰੇ ਬਿਹਤਰ ਤਰੀਕੇ ਨਾਲ ਸਮਝ ਪਾਉਂਦਾ।

-ਨਵਕਾਸ਼ ਦੀਪ (ਫਰੀਦਕੋਟ)

“ਪ੍ਰਤੀਬੱਧ”, ਅੰਕ 05, ਜਨਵਰੀ-ਮਾਰਚ 2007 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s