ਲੋਕ ਘੋਲ੍ਹਾਂ ਦੇ ਅੰਗ-ਸੰਗ ਰਹੇ ਸਾਥੀ ਸ਼ੇਰ ਸਿੰਘ

8 ਫਰਵਰੀ 2008 ਨੂੰ, ਖੇਤਾਂ ਵਿੱਚ ਪੱਠੇ ਵੱਢਦੇ ਹੋਏ, ਅਚਾਨਕ ਦਿਲ ਦੇ ਦੌਰੇ ਨੇ, ਇਲਾਕੇ ਦੇ ਮਜ਼ਦੂਰਾਂ ਤੋਂ, ਜਮਾਤੀ ਚੇਤਨਾ ਨਾਲ਼ ਲੈਸ, ਮਾਰਕਸਵਾਦ-ਲੈਨਿਨਵਾਦ ਦਾ ਪ੍ਰਚਾਰਕ, ਦਲੇਰ ਤੇ ਨਿਧੜਕ ਸਾਥੀ ਸ਼ੇਰ ਸਿੰਘ ਸਦਾ ਸਦਾ ਲਈ ਖੋਹ ਲਿਆ। 1943 ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਚੀਮਾ ਵਿੱਚ ਇੱਕ ਖੇਤ ਮਜ਼ਦੂਰ ਪਰਵਾਰ ਵਿੱਚ ਜਨਮੇ ਸਾਥੀ ਸ਼ੇਰ ਸਿੰਘ, ਰੋਟੀ ਰੁਜ਼ਗਾਰ ਦੀ ਭਾਲ ਵਿੱਚ ਆਪਣੇ ਵੱਡਿਆਂ ਨਾਲ਼ ਪ੍ਰਵਾਸ ਕਰਦੇ ਹੋਏ, ਰਾਜਸਥਾਨ ਦੇ ਗੰਗਾਨਗਰ ਜ਼ਿਲ੍ਹੇ ਤੋਂ ਬਾਅਦ, ਸਿਰਸਾ ਜ਼ਿਲ੍ਹਾ ਦੇ ਪਿੰਡ ਜੀਵਨ ਨਗਰ ਵਿਚ ਆ ਵੱਸੇ।

ਆਪਣੇ ਬਚਪਨ ਅਤੇ ਜਵਾਨੀ ਦੇ ਦਿਨਾਂ ਵਿੱਚ ਸਾਥੀ ਸ਼ੇਰ ਸਿੰਘ ਨੇ, ਆਪਣੇ ਮਜ਼ਦੂਰ ਭਾਈਚਾਰੇ ਨੂੰ, ਸਮਾਜਕ ਅਤੇ ਧਾਰਮਿਕ ਦਮਨ ਦੀ ਚੱਕੀ ਵਿੱਚ ਪਿੱਸਦੇ ਦੇਖਿਆ। ਇਲਾਕੇ ਵਿੱਚ ਖੇਤ ਮਜ਼ਦੂਰਾਂ ਦੇ ਸਮਾਜਕ ਬਾਈਕਾਟ ਵੇਲੇ ਹੋਣ ਵਾਲ਼ੀਆਂ ਜਦੋਜਹਿਦਾਂ ਵਿੱਚ ਸਰਗਰਮ ਸ਼ਮੂਲੀਅਤ ਦੇ ਨਾਲ਼-ਨਾਲ਼, ਦੇਸ਼ ਵਿੱਚ ਕਮਿਊਨਿਸਟ ਪਾਰਟੀਆਂ ਵੱਲੋਂ ਲਾਏ ਜਾਂਦੇ ਭੂਮੀ ਸੁਧਾਰ ਨਾਹਰਿਆਂ ਨੇ, ਬਹੁਤ ਸਾਰੇ ਹੋਰਨਾਂ ਖੇਤ ਮਜ਼ਦੂਰਾਂ ਵਾਂਗ, ਕਾਮਰੇਡ ਸ਼ੇਰ ਸਿੰਘ ਨੂੰ ਸੀ. ਪੀ. ਆਈ. ਦੇ ਨੇੜੇ ਲਿਆਂਦਾ। ਉਹ 1967 ਵਿੱਚ ਸੀ. ਪੀ. ਆਈ. ਦੇ ਮੈਂਬਰ ਬਣ ਗਏ। ਪਾਰਟੀ ਦੀ ਇਲਾਕਾ ਕਮੇਟੀ, ਜ਼ਿਲ੍ਹਾ ਕਮੇਟੀ ਅਤੇ ਹਰਿਆਣਾ ਸਟੇਟ ਕਮੇਟੀ ਦੇ ਮੈਂਬਰ ਦੇ ਤੌਰ ‘ਤੇ ਸਰਗਰਮ ਕੰਮ ਕੀਤਾ। ਉਸ ਦੌਰ ਵਿੱਚ ਇਲਾਕੇ ਵਿੱਚ ਧਾਰਮਿਕ ਤੇ ਜਗੀਰੂ ਜ਼ਬਰ ਵਿਰੁੱਧ, ਸੀ. ਪੀ. ਆਈ. ਦੀ ਅਗਵਾਈ ਵਿੱਚ ਸ਼ਾਨਦਾਰ ਜਮਹੂਰੀ ਘੋਲ਼ ਲੜਿਆ ਗਿਆ। ਕਾਮਰੇਡ ਸ਼ੇਰ ਸਿੰਘ ਦੇ ਪਿੰਡ ਜੀਵਨ ਨਗਰ ਦੀ ਖੇਤ ਮਜ਼ਦੂਰ ਬਸਤੀ ਜੋ ਮੁੱਖ ਪਿੰਡ ਤੋਂ ਥੋੜੀ ਹਟਵੀਂ ਸਥਿਤ ਹੈ ਦਾ ਨਾਮ ਸੁਤੰਤਰ ਨਗਰ ਪੈ ਗਿਆ। ਸੁਤੰਤਰ ਨਗਰ ਇਲਾਕੇ ਦੇ ਮਜ਼ਦੂਰ ਸੰਘਰਸ਼ਾਂ ਦਾ ਕੇਂਦਰ ਬਣ ਗਿਆ। ਸਾਥੀ ਸ਼ੇਰ ਸਿੰਘ ਸਿਰਸਾ ਜ਼ਿਲ੍ਹਾ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਦੇ ਤੌਰ ‘ਤੇ, ਖੇਤ ਮਜ਼ਦੂਰਾਂ ਦੇ ਸੰਘਰਸ਼ਾਂ ਦੀ ਅਗਵਾਈ ਕਰਦੇ ਰਹੇ। ਪੱਲੇਦਾਰ ਮਜ਼ਦੂਰਾਂ ਨੂੰ ਜਥੇਬੰਦ ਕਰਨ ਦੇ ਨਾਲ਼-ਨਾਲ਼, ਭੱਠਾ ਮਜ਼ਦੂਰਾਂ ਦੇ ਸੰਘਰਸ਼ਾਂ ਵਿੱਚ ਵੀ ਉਨ੍ਹਾਂ ਦੇ ਅੰਗ ਸੰਗ ਰਹੇ।

ਸੰਘਰਸ਼ਾਂ ਵਿੱਚ ਸਰਗਰਮ ਸ਼ਮੂਲੀਅਤ ਦੇ ਨਾਲ਼ ਹੀ ਮਾਰਕਸਵਾਦ, ਲੈਨਿਨਵਾਦ ਅਤੇ ਮਾਓਵਾਦ ਦੇ ਅਧਿਅਨ ਵਿੱਚ ਦਿਲਚਸਪੀ, ਇਨ੍ਹਾਂ ਦੀ ਉੱਨਤ ਜਮਾਤੀ ਚੇਤਨਾ ਨੂੰ ਪ੍ਰਗਟ ਕਰਦੀ ਸੀ। ਗੰਭੀਰ ਵਿਚਾਰਧਾਰਕ ਅਤੇ ਸਿਧਾਂਤਕ ਮਤਭੇਦਾਂ ਕਾਰਨ, ਫਰਵਰੀ 1992 ਵਿੱਚ ਕਾਮਰੇਡ ਸ਼ੇਰ ਸਿੰਘ ਅਤੇ ਪਾਰਟੀ ਦੇ ਕਈ ਹੋਰ ਸੀਨੀਅਰ ਸਾਥੀਆਂ ਨੇ ਸੀ. ਪੀ. ਆਈ. ਨੂੰ ਛੱਡ ਦਿੱਤਾ। ਮਜ਼ਦੂਰ ਮੰਚ ਅਤੇ ਸ਼ਹੀਦ ਭਗਤ ਸਿੰਘ ਵਿਚਾਰ ਮੰਚ ਦੀ ਸਥਾਪਨਾ ਕਰਕੇ ਮਜ਼ਦੂਰਾਂ ਤੇ ਬੁੱਧੀਜੀਵੀਆਂ ਵਿੱਚ ਸਮਾਜਵਾਦੀ ਵਿਚਾਰਧਾਰਾ ਦਾ ਪ੍ਰਚਾਰ ਸ਼ੁਰੂ ਕਰ ਦਿੱਤਾ। ਪੰ੍ਰਪਰਾਗਤ ਕਮਿਊਨਿਸਟ ਪਾਰਟੀਆਂ ਦੇ ਸੋਧਵਾਦੀ, ਸੰਸਦਵਾਦੀ ਭਟਕਾਵਾਂ ‘ਤੇ ਗੰਭੀਰਤਾ ਨਾਲ਼ ਨੋਟ ਕਰਦੇ ਹੋਏ, ਇੱਕ ਦੇਸ਼ ਵਿਆਪੀ ਬਾਲਸ਼ਵਿਕ ਚਰਿਤੱਰ ਵਾਲ਼ੀ, ਮਜ਼ਦੂਰ ਜਮਾਤ ਦੀ ਦਰੁਸਤ ਅਗਵਾਈ ਕਰ ਸਕਣ ਵਾਲ਼ੀ ਪਾਰਟੀ ਦੀ ਲੋੜ ਨੂੰ, ਸ਼ਿੱਦਤ ਨਾਲ਼ ਮਹਿਸੂਸ ਕਰਨ ਲੱਗੇ। ਜੈਕਾਰਾ ਅਤੇ ਫਿਰ ਪ੍ਰਤੀਬੱਧ ਦੇ ਸ਼ੁਰੂ ਤੋਂ ਹੀ ਪਾਠਕ ਰਹੇ। ਹਿੰਦੀ ਦੇ ਪਰਚੇ ‘ਬਿਗੁਲ’ ਦੇ ਸ਼ੁਰੂ ਹੋਣ ‘ਤੇ ਕਾਮਰੇਡ ਸ਼ੇਰ ਸਿੰਘ ਬੜੇ ਉਤਸ਼ਾਹਿਤ ਹੋਏ। ਆਪਣੀ ਉਮਰ ਦੇ ਅਖੀਰਲੇ ਵਰ੍ਹਿਆਂ ਵਿੱਚ, ਨਿਯਮਿਤ ਰੂਪ ਵਿੱਚ ਮਜ਼ਦੂਰਾਂ ਵਿੱਚ ਬਿਗੁਲ ਵੰਡਦੇ ਰਹੇ ਅਤੇ ਮਜ਼ਦੂਰ ਵੇਹੜਿਆਂ ਵਿੱਚ ਖੁਦ ਪੜ੍ਹਾਉਂਦੇ ਰਹੇ। ਭਾਵੇਂ ਉਨ੍ਹਾਂ ਨੂੰ ਸਕੂਲ ਜਾਣ ਦਾ ਮੌਕਾ ਨਹੀਂ ਮਿਲਿਆ, ਫਿਰ ਵੀ ਪੰਜਾਬੀ ਅਤੇ ਹਿੰਦੀ ਵਿੱਚ ਲਿਖੀਆਂ ਸਾਹਿਤਕ ਤੇ ਸਿਧਾਂਤਕ ਪੁਸਤਕਾਂ ਦੇ ਗੰਭੀਰ ਪਾਠਕ ਸਨ। 90ਵਿਆਂ ਵਿੱਚ, ਜਦੋਂ ਅਖੌਤੀ ਸੋਵੀਅਤ ਸਮਾਜਵਾਦ ਦੇ ਢਹਿ ਜਾਣ ‘ਤੇ ਕਹਿੰਦੇ ਕਹਾਉਂਦੇ ਖੱਬੇ ਪੱਖੀ ਬੁੱਧੀਜੀਵੀਆਂ ਦਾ ਸਿਦਕ ਡੋਲ਼ ਗਿਆ ਸੀ ਅਤੇ ਬਹੁਤ ਸਾਰੇ ਸਾਬਕਾ ਕਾਮਰੇਡ ਬੁੱਧੀਜੀਵੀ, ਪੂੰਜੀਵਾਦ ਦੇ ਟੁੱਕੜ ਖੋਰ ਬੁਧੀਜੀਵੀਆਂ ਦੀ ਹਾਂ ‘ਚ ਹਾਂ ਮਿਲਾਉਂਦੇ ਹੋਏ ਮਾਰਕਸਵਾਦ, ਲੈਨਿਨਵਾਦ ਦੀ ਪ੍ਰਸੰਗਿਕਤਾ ‘ਤੇ ਪ੍ਰਸ਼ਨ ਚਿੰਨ ਲਗਾ ਰਹੇ ਸਨ, ਐਸੇ ਨਿਰਾਸ਼ਾ ਦੇ ਦੌਰ ਵਿੱਚ ਵੀ ਸਾਥੀ ਸ਼ੇਰ ਸਿੰਘ ਆਪਣੇ ਨਿਸ਼ਾਨੇ ਤੋਂ ਨਹੀਂ ਥਿੜਕੇ। ਉਹ ਉਨ੍ਹਾਂ ਬੁੱਧੀਜੀਵੀਆਂ ਦੇ ਹੱਕ ‘ਚ ਖੜੇ, ਜੋ ਧਾਰਾ ਦੇ ਉਲਟ ਚਲ ਸਕਣ ਦਾ ਹੌਸਲਾ ਰੱਖਦੇ ਸਨ। ਸਾਥੀ ਸ਼ੇਰ ਸਿੰਘ ਜਮਾਤੀ ਤੌਰ ‘ਤੇ ਚੇਤਨ, ਉਨ੍ਹਾਂ ਪ੍ਰਤੀਬੱਧ ਸਾਥੀਆਂ ਵਿੱਚੋਂ ਇੱਕ ਸਨ, ਜਿੰਨ੍ਹਾ ਦਾ ਦ੍ਰਿੜ ਵਿਸ਼ਵਾਸ ਸੀ ਕਿ 21ਵੀਂ ਸਦੀ ਸਮਾਜਵਾਦੀ ਇਨਕਲਾਬਾਂ ਦੇ ਦੂਜੇ ਗੇੜ ਦੀ ਸਦੀ ਹੋਵੇਗੀ। ਉਹ ਕਿਹਾ ਕਰਦੇ ਸਨ, ਮਜ਼ਦੂਰ ਜਮਾਤ ਨਾਲ਼ ਬਹੁਤ ਧੋਖੇ ਹੋਏ, ਨਾ ਕੇਵਲ ਬੁਰਜੂਆ ਰਾਜਨੀਤਕ ਪਾਰਟੀਆਂ ਵੱਲੋਂ ਸਗੋਂ ਲਾਲ ਝੰਡੇ ਵਾਲ਼ੀਆਂ ਬੁਰਜੂਆ ਸੋਧਵਾਦੀ ਪਾਰਟੀਆਂ ਵੱਲੋਂ ਵੀ। ਇਨਾਂ ਪਾਰਟੀਆਂ ਨੇ ਮਜ਼ਦੂਰ ਜਮਾਤ ਨੂੰ ਸੰਸਦਵਾਦ ਅਤੇ ਅਰਥਵਾਦ ਦੀ ਦਲਦਲ ਵਿੱਚ ਧੱਕਣ ਦਾ ਗੁਨਾਹ ਕੀਤਾ ਹੈ। ਦੂਜੇ ਪਾਸੇ ਇਨਕਲਾਬੀ ਹੋਣ ਦਾ ਦਾਅਵਾ ਕਰਨ ਵਾਲ਼ੇ ਇਨਕਲਾਬੀ ਗਰੁੱਪਾਂ ਨੇ, ਅਨਾਜ ਦੇ ਭਾਅ ਦੇ ਸਵਾਲ ‘ਤੇ ਕੁਲਕ ਕਿਸਾਨੀ ਦੇ ਹੱਕ ‘ਚ ਪੈਂਤੜਾ ਲੈ ਕੇ, ਮਜ਼ਦੂਰ ਜਮਾਤ ਦੇ ਚੇਤਨ ਹਿੱਸੇ ਨੂੰ ਵੀ ਨਿਰਾਸ਼ ਕੀਤਾ ਹੈ। ਇਸ ਲਈ ਮਜ਼ਦੂਰ ਜਮਾਤ ਦਾ ਵਿਸ਼ਵਾਸ ਬਹਾਲ ਕਰਨ ਲਈ ਵਿਚਾਰਧਾਰਕ ਖੇਤਰ ਵਿੱਚ ਬੇਹੱਦ ਔਖਾ ਤੇ ਗੁੰਝਲਦਾਰ ਕੰਮ ਕਰਨ ਲਈ ਜਿਸ ਦ੍ਰਿੜ ਨਿਸ਼ਚੇ ਅਤੇ ਪ੍ਰਤੀਬੱਧਤਾ ਦੀ ਅੱਜ ਲੋੜ ਹੈ, ਸਾਥੀ ਸ਼ੇਰ ਸਿੰਘ ਉਸ ਦਾ ਪ੍ਰਤੀਕ ਸਨ।

—ਡਾ. ਸੁਖਦੇਵ ਹੁੰਦਲ

“ਪ੍ਰਤੀਬੱਧ”, ਅੰਕ 09, ਅਪ੍ਰੈਲ-ਜੂਨ 2008 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s