ਸਰਕਾਰ ਦੇ ਕੰਮ ਬਾਰੇ ਰਿਪੋਰਟ •ਚਾਓ ਏਨ-ਲਾਈ

6

ਪੀ.ਡੀ.ਐਫ਼ ਡਾਊਨਲੋਡ ਕਰੋ

13 ਜਨਵਰੀ, 1975

ਸਾਥੀਓ!

ਚੀਨ ਦੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦੇ ਫੈਸਲੇ ਅਨੁਸਾਰ ਮੈਂ ਸਰਕਾਰ ਦੇ ਕੰਮਕਾਰ ਬਾਰੇ ਚੌਥੀ ਕੌਮੀ ਲੋਕ ਕਾਂਗਰਸ ਸਾਹਮਣੇ ਸਟੇਟ ਕੌਂਸਲ ਦੀ ਤਰਫ਼ੋਂ ਰਿਪੋਰਟ ਪੇਸ਼ ਕਰਾਂਗਾ।

ਤੀਜੀ ਕੌਮੀ ਲੋਕ ਕਾਂਗਰਸ ਤੋਂ ਬਾਅਦ ਸਾਡੇ ਦੇਸ਼ ਦੀਆਂ ਸਾਰੀਆਂ ਕੌਮੀਅਤਾਂ ਦੇ ਸਭਨਾਂ ਲੋਕਾਂ ਦੀ ਸਿਆਸੀ ਜ਼ਿੰਦਗੀ ਦੀ ਸਭ ਤੋਂ ਅਹਿਮ ਘਟਨਾ ਸਾਡੇ ਮਹਾਨ ਆਗੂ ਚੇਅਰਮੈਨ ਮਾਓ ਜ਼ੇ-ਤੁੰਗ ਵੱਲੋਂ ਸ਼ੁਰੂ ਕੀਤੇ ਗਏ ਤੇ ਅਗਵਾਈ  ਵਿੱਚ ਹੋਇਆ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਹੈ। ਤੱਤ ਰੂਪ ਵਿੱਚ ਇਹ ਬੁਰਜੂਆਜ਼ੀ ਅਤੇ ਹੋਰ ਲੋਟੂ ਜਮਾਤਾਂ ਖਿਲਾਫ਼ ਪ੍ਰੋਲੇਤਾਰੀ ਵੱਲੋਂ ਕੀਤਾ ਗਿਆ ਇੱਕ ਮਹਾਨ ਸਿਆਸੀ ਇਨਕਲਾਬ ਹੈ। ਇਸਨੇ ਲਿਓ ਸ਼ਾਓ-ਚੀ ਤੇ ਲਿਨ ਪਿਆਓ ਦੇ ਬੁਰਜੂਆ ਹੈਡਕੁਆਰਟਰ ਉਡਾ ਦਿੱਤੇ ਅਤੇ ਸਰਮਾਏਦਾਰੀ ਨੂੰ ਮੁੜ-ਬਹਾਲ ਕਰਨ ਦੇ ਉਹਨਾਂ ਦੇ ਮਨਸੂਬੇ ਮਿੱਟੀ ਵਿੱਚ ਮਿਲਾ ਦਿੱਤੇ। ਲਿਨ ਪਿਆਓ ਅਤੇ ਕਨਫ਼ਿਊਸਿਅਸ ਦੀ ਆਲੋਚਨਾ ਕਰਨ ਦੀ ਚੱਲ ਰਹੀ ਮੌਜੂਦਾ ਕੌਮਵਿਆਪੀ ਲਹਿਰ ਇਸ ਮਹਾਨ ਇਨਕਲਾਬ ਦੀ ਨਿਰੰਤਰਤਾ ਹੈ ਤੇ ਹੋਰ ਡੂੰਘਿਆਂ ਕਰਨਾ ਹੈ। ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦੀ ਜਿੱਤ ਨੇ ਸਾਡੇ ਦੇਸ਼ ਵਿੱਚ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਨੂੰ ਹੋਰ ਮਜਬੂਤ ਕੀਤਾ ਹੈ, ਸਮਾਜਵਾਦੀ ਉਸਾਰੀ ਨੂੰ ਉਤਸ਼ਾਹਤ ਕੀਤਾ ਹੈ ਅਤੇ ਇਹ ਯਕੀਨੀ ਬਣਾਇਆ ਹੈ ਕਿ ਸਾਡਾ ਦੇਸ਼ ਸੰਸਾਰ ਦੇ ਲੁਟੀਂਦੇ ਲੋਕਾਂ ਤੇ ਲੁਟੀੰਦੀਆਂ ਕੌਮਾਂ ਦੇ ਪੱਖ ਵਿੱਚ ਖੜਾ ਰਹੇ। ਸੱਭਿਆਚਾਰਕ ਇਨਕਲਾਬ ਨੇ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਅਧੀਨ ਇਨਕਲਾਬ ਨੂੰ ਜਾਰੀ ਰੱਖਣ ਸਬੰਧੀ ਨਵਾਂ ਤਜ਼ਰਬਾ ਦਿੱਤਾ ਹੈ; ਇਸਦਾ ਇਤਿਹਾਸਕ ਮਹੱਤਵ ਵਡੇਰਾ ਹੈ ਅਤੇ ਇਸਦਾ ਪ੍ਰਭਾਵ ਬਹੁਤ ਦੂਰਰਸ ਹੈ।

ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਅਤੇ ਲਿਨ ਪਿਆਓ ਤੇ ਕਨਫ਼ਿਊਸਿਅਸ ਦੀ ਆਲੋਚਨਾ ਦੀ ਲਹਿਰ ਦੌਰਾਨ ਸਾਰੀਆਂ ਕੌਮੀਅਤਾਂ ਦੇ ਸਾਡੇ ਲੋਕਾਂ ਨੇ ਮਾਰਕਸਵਾਦ-ਲੈਨਿਨਵਾਦ-ਮਾਓ ਜ਼ੇ-ਤੁੰਗ ਵਿਚਾਰਧਾਰਾ ਦੇ ਅਧਿਐਨ ਦੀ ਲੋਕ ਲਹਿਰ ਸ਼ੁਰੂ ਕਰ ਦਿੱਤੀ ਅਤੇ ਇਸ ਤਰ੍ਹਾਂ ਜਮਾਤੀ ਸੰਘਰਸ਼ ਤੇ ਦੋ ਲੀਹਾਂ ਦਰਮਿਆਨ ਸੰਘਰਸ਼ ਬਾਰੇ ਆਪਣੀ ਚੇਤਨਾ ਨੂੰ ਹੋਰ ਉਚੇਰਾ ਚੁੱਕਿਆ, ਅਤੇ ਉੱਚਉਸਾਰ ਵਿੱਚ ਸੰਘਰਸ਼-ਆਲੋਚਨਾ-ਤਬਦੀਲੀ ਨੇ ਅਹਿਮ ਜਿੱਤਾਂ ਹਾਸਲ ਕੀਤੀਆਂ ਹਨ। ਪੁਰਾਣੇ, ਵਿਚਲੀ ਉਮਰ ਦੇ ਅਤੇ ਨੌਜਵਾਨਾਂ ਤੋਂ ਮਿਲਕੇ ਬਣੀਆਂ ਇੱਕ-ਚ-ਤਿੰਨ ਇਨਕਲਾਬੀ ਕਮੇਟੀਆਂ ਨੇ ਲੋਕਾਂ ਨਾਲ ਨਜ਼ਦੀਕੀ ਰਿਸ਼ਤੇ ਕਾਇਮ ਕੀਤੇ ਹਨ। ਪ੍ਰੋਲੇਤਾਰੀ ਦੇ ਕਾਜ਼ ਲਈ ਵੱਡੀ ਗਿਣਤੀ ਵਿੱਚ ਉਤਰਾਧਿਕਾਰੀ ਪੈਦਾ ਹੋ ਰਹੇ ਹਨ। ਸਾਹਿਤ ਤੇ ਕਲਾ ਵਿੱਚ ਪ੍ਰੋਲੇਤਾਰੀ ਇਨਕਲਾਬ ਹੋਰ ਡੂੰਘਾ ਵਿਕਸਤ ਹੋ ਰਿਹਾ ਹੈ ਜਿਵੇਂ ਕਿ ਮਾਡਲ ਇਨਕਲਾਬੀ ਥੀਏਟਰ ਦੀਆਂ ਕਿਰਤਾਂ ਨੇ ਦਰਸਾਇਆ ਹੈ। ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਇਨਕਲਾਬ ਵਧ-ਫੁੱਲ ਰਿਹਾ ਹੈ। ਕਾਡਰ ਅਤੇ ਮਜਦੂਰ, ਕਿਸਾਨ, ਫ਼ੌਜੀ, ਵਿਦਿਆਰਥੀ ਤੇ ਹੋਰ ਵਪਾਰ ਨਾਲ ਜੁੜੇ ਕਾਮੇ ਮਈ ਸੱਤ ਦੀ ਲੀਹ ਉੱਤੇ ਕਦਮ ਅੱਗੇ ਵਧਾ ਰਹੇ ਹਨ। 10 ਲੱਖ ਤੋ ਉੱਪਰ ਬੇਅਰਫੁੱਟ ਡਾਕਟਰ (ਨੰਗੇ ਪੈਰਾਂ ਵਾਲੇ ਡਾਕਟਰ, ਇੱਕ ਤਰ੍ਹਾਂ ਦੇ ਸਿਹਤ ਕਾਮਿਆਂ ਦੀ ਫ਼ੌਜ ਜਿਹੜੀ ਇਨਕਲਾਬ ਤੋਂ ਬਾਅਦ ਚੀਨ ਵਿੱਚ ਆਮ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਹਿਤ ਖੜੀ ਕੀਤੀ ਗਈ – ਅਨੁ) ਹੋਰ ਵਧੇਰੇ ਕੁਸ਼ਲ ਹੁੰਦੇ ਜਾ ਰਹੇ ਹਨ। ਲੱਗਭੱਗ 1 ਕਰੋੜ ਗਰੇਜੂਏਟ ਤੱਕ ਪੜ੍ਹੇ ਵਿਦਿਆਰਥੀ ਪਹਾੜਾਂ ਤੇ ਹੋਰਨਾਂ ਪੇਂਡੂ ਇਲਾਕਿਆਂ ਵਿੱਚ ਗਏ ਹਨ। ਮਜਦੂਰਾਂ, ਕਿਸਾਨਾਂ ਤੇ ਫੌਜੀਆਂ ਦੀ ਸ਼ਮੂਲੀਅਤ ਵਧਣ ਨਾਲ ਮਾਰਕਸਵਾਦੀ ਸਿਧਾਂਤਕ ਟੋਲੀਆਂ ਦਾ ਪਸਾਰਾ ਹੋ ਰਿਹਾ ਹੈ। ਇਹਨਾਂ ਸਾਰੀਆਂ ਨਵੀਆਂ ਚੀਜ਼ਾਂ ਦੇ ਉਭਾਰ ਨੇ ਉੱਚ-ਉਸਾਰ ਦੇ ਖੇਤਰ ਵਿੱਚ ਬੁਰਜੂਆਜ਼ੀ ਉੱਤੇ ਪ੍ਰੋਲੇਤਾਰੀ ਦੀ ਚੌਤਰਫ਼ਾ ਤਾਨਾਸ਼ਾਹੀ ਨੂੰ ਮਜਬੂਤ ਕੀਤਾ ਹੈ, ਅਤੇ ਸਮਾਜਵਾਦੀ ਆਰਥਿਕ ਅਧਾਰ ਨੂੰ ਪਕੇਰਾ ਕਰਨ ਤੇ ਵਿਕਸਤ ਕਰਨ ਵਿੱਚ ਹੋਰ ਵਧੇਰੇ ਮਦਦ ਕਰ ਰਿਹਾ ਹੈ।

ਅਸੀਂ ਤੀਜੀ ਪੰਜ-ਸਾਲਾ ਯੋਜਨਾ ਦੇ ਟੀਚਿਆਂ ਤੋਂ ਵਧੇਰੇ ਹਾਸਲ ਕੀਤਾ ਹੈ ਅਤੇ 1975 ਵਿੱਚ ਚੌਥੀ ਪੰਜ-ਸਾਲਾ ਯੋਜਨਾ ਨੂੰ ਵੀ ਕਾਮਯਾਬੀ ਨਾਲ ਪੂਰਾ ਕਰਾਂਗੇ। ਸਾਡੇ ਦੇਸ਼ ਨੇ ਪਿਛਲੇ 13 ਸਾਲਾਂ ਤੋਂ ਲਗਾਤਾਰ ਫਸਲਾਂ ਦਾ ਚੰਗਾ ਝਾੜ ਹਾਸਲ ਕੀਤਾ ਹੈ। 1974 ਦੀ ਖੇਤੀ ਦੀ ਪੈਦਾਵਾਰ 1964 ਦੀ ਖੇਤੀ ਦੀ ਪੈਦਾਵਾਰ ਤੋਂ 51% ਵਧੇਰੇ ਹੈ। ਇਹ ਸਪੱਸਟ ਤੌਰ ‘ਤੇ ਲੋਕ ਕਮਿਊਨਾਂ ਦੀ ਉਤਮਤਾ ਨੂੰ ਦਰਸਾਉਂਦਾ ਹੈ। ਮੁਕਤੀ ਤੋਂ ਬਾਅਦ ਚੀਨ ਦੀ ਆਬਾਦੀ 60% ਵਧੀ ਹੈ ਪਰ ਚੀਨ ਦੀ ਅਨਾਜ ਦੀ ਪੈਦਾਵਾਰ 140% ਵਧੀ ਹੈ ਅਤੇ ਕਪਾਹ ਦੀ ਪੈਦਾਵਾਰ 470% ਵਧੀ ਹੈ। 80 ਕਰੋੜ ਦੀ ਆਬਾਦੀ ਵਾਲੇ ਸਾਡੇ ਜਿਹੇ ਦੇਸ਼ ਵਿੱਚ ਅਸੀਂ ਸਭਨਾਂ ਲੋਕਾਂ ਨੂੰ ਖ਼ੁਰਾਕ ਤੇ ਕੱਪੜਿਆਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਵਿੱਚ ਕਾਮਯਾਬ ਹੋਏ ਹਾਂ। 1974 ਦੀ ਕੁਲ ਸਨਅਤੀ ਪੈਦਾਵਾਰ 1964 ਦੇ ਮੁਕਾਬਲੇ 190% ਵਧੇਰੇ ਹੋਣ ਦਾ ਅਨੁਮਾਨ ਹੈ ਅਤੇ ਪ੍ਰਮੁੱਖ ਉਤਪਾਦਾਂ ਦੀ ਪੈਦਾਵਾਰ ਵਿੱਚ ਵੱਡਾ ਵਾਧਾ ਹੋਇਆ ਹੈ। ਸਟੀਲ ਦੀ ਪੈਦਾਵਾਰ ਵਿੱਚ 120%, ਕੋਲੇ ਦੀ ਪੈਦਾਵਾਰ ਵਿੱਚ 91%, ਪੈਟਰੋਲੀਅਮ ਦੀ ਪੈਦਾਵਾਰ ਵਿੱਚ 650%, ਬਿਜਲੀ ਵਿੱਚ 200%, ਰਸਾਇਣਕ ਖਾਦਾਂ ਵਿੱਚ 330%, ਟਰੈਕਟਰਾਂ ਵਿੱਚ 520%, ਸੂਤੀ ਧਾਗੇ ਵਿੱਚ 85% ਤੇ ਕੈਮੀਕਲ ਧਾਗੇ ਵਿੱਚ 330% ਦਾ ਵਾਧਾ ਦਰਜ ਹੋਇਆ ਹੈ। ਆਪਣੀਆਂ ਖੁਦ ਦੀਆਂ ਕੋਸ਼ਿਸ਼ਾਂ ਰਾਹੀਂ ਪਿਛਲੇ 10 ਸਾਲਾਂ ਵਿੱਚ ਅਸੀਂ 1100 ਤੋਂ ਵਧੇਰੇ ਵੱਡਪੱਧਰੀ ਤੇ ਦਰਮਿਆਨੇ ਪੱਧਰ ਦੀਆਂ ਯੋਜਨਾਵਾਂ ਨੂੰ ਨੇਪਰੇ ਚਾੜ੍ਹਿਆ ਹੈ, ਹਾਈਡ੍ਰੋਜਨ ਬੰਬ ਦਾ ਕਾਮਯਾਬ ਤਜ਼ਰਬਾ ਕੀਤਾ ਹੈ ਅਤੇ ਮਨੁੱਖ ਦੁਆਰਾ ਬਣਾਏ ਗਏ ਉਪਗ੍ਰਹਿ ਦਾਗ਼ੇ ਹਨ। ਸਰਮਾਏਦਾਰਾ ਜਗਤ ਵਿੱਚ ਫੈਲੀ ਆਰਥਿਕ ਬਦਅਮਨੀ ਤੇ ਵਧ ਰਹੀ ਮੁਦਰਾਸਫ਼ੀਤੀ ਦੇ ਉਲਟ ਅਸੀਂ ਆਪਣੀ ਆਮਦਨ ਤੇ ਖਰਚ ਵਿੱਚ ਸੰਤੁਲਨ ਬਣਾਈ ਰੱਖਿਆ ਹੈ ਅਤੇ ਸਾਡੇ ਉੱਤੇ ਕੋਈ ਅੰਦਰੂਨੀ ਜਾਂ ਬਾਹਰੀ ਕਰਜ਼ਾ ਨਹੀਂ ਚੜਿਆ ਹੈ। ਕੀਮਤਾਂ ਸਥਿਰ ਰਹੀਆਂ ਹਨ, ਲੋਕਾਂ ਦਾ ਜੀਵਨ ਪੱਧਰ ਲਗਾਤਾਰ ਉੱਚਾ ਹੋਇਆ ਹੈ ਅਤੇ ਸਮਾਜਵਾਦੀ ਉਸਾਰੀ ਵਧ-ਫੁੱਲ ਰਹੀ ਹੈ। ਘਰੋਗੀ ਤੇ ਵਿਦੇਸ਼ੀ ਪਿਛਾਖੜੀ ਨੇ ਐਲਾਨ ਕੀਤੇ ਕਿ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਲਾਜ਼ਮੀ ਹੀ ਸਾਡੇ ਕੌਮੀ ਅਰਥਚਾਰੇ ਦੇ ਵਿਕਾਸ ਨੂੰ ਢਾਹ ਲਾਵੇਗਾ ਪਰ ਤੱਥਾਂ ਨੇ ਹੁਣ ਅਜਿਹੇ ਐਲਾਨਾਂ ਨੂੰ ਤਕੜਾ ਜਵਾਬ ਦਿੱਤਾ ਹੈ।

ਹੋਰਨਾਂ ਦੇਸ਼ਾਂ ਦੇ ਲੋਕਾਂ ਨਾਲ ਮਿਲ ਕੇ, ਅਸੀਂ ਬਸਤੀਵਾਦ ਤੇ ਸਾਮਰਾਜਵਾਦ ਖਿਲਾਫ਼ ਅਤੇ ਖਾਸ ਕਰਕੇ ਵੱਡੇ ਤਾਕਤਵਰ ਦੇਸ਼ਾਂ ਦੀ ਚੌਧਰ ਖਿਲਾਫ਼ ਵੱਡੀਆਂ ਜਿੱਤਾਂ ਹਾਸਲ ਕੀਤੀਆਂ ਹਨ। ਅਸੀਂ ਸਾਮਰਾਜਵਾਦੀ ਅਤੇ ਸਮਾਜਕ-ਸਾਮਰਾਜਵਾਦੀਆਂ ਦੁਆਰਾ ਕੀਤੀ ਗਈ ਘੇਰਾਬੰਦੀ, ਨਾਕਾਬੰਦੀ, ਹਮਲਿਆਂ ਤੇ ਸਾਬੋਤਾਜ ਨੂੰ ਖਦੇੜ ਦਿੱਤਾ ਹੈ ਅਤੇ ਸਭਨਾਂ ਦੇਸ਼ਾਂ ਦੇ ਖਾਸ ਕਰਕੇ ਤੀਜੀ ਦੁਨੀਆਂ ਦੇ ਦੇਸ਼ਾਂ ਦੇ ਲੋਕਾਂ ਨਾਲ਼ ਆਪਣੀ ਏਕਤਾ ਨੂੰ ਮਜਬੂਤ ਕੀਤਾ ਹੈ। ਸੰਯੁਕਤ ਰਾਸ਼ਟਰ ਵਿੱਚ ਚੀਨ ਦੀ ਸੀਟ ਨੂੰ ਮੁੜ-ਬਹਾਲ ਕਰ ਦਿੱਤਾ ਗਿਆ ਹੈ ਜਿਸ ਤੋਂ ਚੀਨ ਨੂੰ ਗੈਰ-ਕਾਨੂੰਨੀ ਢੰਗਾਂ ਨਾਲ ਵਿਰਵਾ ਕੀਤਾ ਹੋਇਆ ਸੀ। ਸਾਡੇ ਨਾਲ ਰਾਜਦੂਤਕ ਸਬੰਧ ਰੱਖਣ ਵਾਲੇ ਦੇਸ਼ਾਂ ਦੀ ਗਿਣਤੀ ਵਧ ਕੇ ਲੱਗਭੱਗ 100 ਦੇ ਨੇੜੇ ਅੱਪੜ ਗਈ ਹੈ ਅਤੇ 150 ਤੋਂ ਵੱਧ ਦੇਸ਼ਾਂ ਤੇ ਖਿੱਤਿਆਂ ਦੇ ਸਾਡੇ ਨਾਲ ਆਰਥਿਕ ਤੇ ਵਪਾਰਕ ਰਿਸ਼ਤੇ ਅਤੇ ਸੱਭਿਆਚਾਰਕ ਵਟਾਂਦਰੇ ਹੁੰਦੇ ਹਨ। ਸਾਡੇ ਸੰਘਰਸ਼ ਨੇ ਸਾਰੇ ਦੇਸ਼ਾਂ ਦੇ ਲੋਕਾਂ ਤੋਂ ਵਿਆਪਕ ਹਮਾਇਤ ਤੇ ਹਮਦਰਦੀ ਹਾਸਲ ਕੀਤੀ ਹੈ। ਪੂਰੀ ਦੁਨੀਆਂ ਵਿੱਚ ਸਾਡੇ ਮਿੱਤਰ ਹਨ।

ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਅਤੇ ਲਿਨ ਪਿਆਓ ਤੇ ਕਨਫ਼ਿਊਸਿਅਸ ਦੀ ਆਲੋਚਨਾ ਕਰਨ ਦੀ ਲਹਿਰ ਵਿੱਚ ਢਲੇ-ਤਪੇ ਸਭਨਾਂ ਕੌਮੀਅਤਾਂ ਦੇ ਸਾਡੇ ਲੋਕ ਵਧੇਰੇ ਇੱਕਮੁੱਠ ਹੋਏ ਹਨ ਅਤੇ ਸਾਡੀ ਫ਼ੌਜ ਹੋਰ ਤਾਕਤਵਰ ਹੋਈ ਹੈ। ਸਾਡੀ ਮਹਾਨ ਮਾਤਭੂਮੀ ਹੋਰ ਵਧੇਰੇ ਪੱਕੇ ਪੈਰੀਂ ਹੋਈ ਹੈ। ਸਾਡੀਆਂ ਸਾਰੀਆਂ ਕਾਮਯਾਬੀਆਂ ਮਾਰਕਸਵਾਦ-ਲੈਨਿਨਵਾਦ-ਮਾਓ ਜ਼ੇ-ਤੁੰਗ ਵਿਚਾਰਧਾਰਾ ਅਤੇ ਚੇਅਰਮੈਨ ਮਾਓ ਦੀ ਇਨਕਲਾਬੀ ਲੀਹ ਦੀਆਂ ਮਹਾਨ ਜਿੱਤਾਂ ਹਨ।

ਸਾਡੀ ਪਾਰਟੀ ਦੀ ਦਸਵੀਂ ਕੌਮੀ ਕਾਂਗਰਸ ਨੇ ਇੱਕ ਵਾਰ ਫਿਰ ਸਮੁੱਚੇ ਸਮਾਜਵਾਦੀ ਦੌਰ ਲਈ ਚੇਅਰਮੈਨ ਮਾਓ ਵੱਲੋਂ ਤਿਆਰ ਕੀਤੀ ਗਈ ਪਾਰਟੀ ਦੀ ਬੁਨਿਆਦੀ ਲੀਹ ਤੇ ਨੀਤੀਆਂ ਨੂੰ ਸਾਹਮਣੇ ਰੱਖਿਆ ਹੈ, ਅਤੇ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਅਧੀਨ ਇਨਕਲਾਬ ਜਾਰੀ ਰੱਖਣ ਦੀ ਦਿਸ਼ਾ ਨੂੰ ਹੋਰ ਵਧੇਰੇ ਸਪੱਸ਼ਟਤਾ ਨਾਲ਼ ਪੇਸ਼ ਕੀਤਾ ਹੈ। ਚੇਅਰਮੈਨ ਦੀ ਪ੍ਰਧਾਨਗੀ ਵਾਲੀ ਪਾਰਟੀ ਦੀ ਕੇਂਦਰੀ ਕਮੇਟੀ ਦੀ ਅਗਵਾਈ ਹੇਠਾਂ ਸਾਰੀਆਂ ਕੌਮੀਅਤਾਂ ਦੇ ਲੋਕਾਂ ਨੂੰ ਹੋਰ ਵਧੇਰੇ ਇੱਕਜੁੱਟਤਾ ਕਾਇਮ ਕਰਨੀ ਚਾਹੀਦੀ ਹੈ, ਪਾਰਟੀ ਦੀ ਬੁਨਿਆਦੀ ਲੀਹ ਤੇ ਨੀਤੀਆਂ “ਉੱਤੇ ਡਟਣਾ ਚਾਹੀਦਾ ਹੈ, ਪਾਰਟੀ ਦੀ ਦਸਵੀਂ ਕਾਂਗਰਸ ਦੁਆਰਾ ਤੈਅ ਕੀਤੇ ਗਏ ਚੁਣੌਤੀਭਰੇ ਕਾਰਜਾਂ ਨੂੰ ਪੂਰਿਆਂ ਕਰਨ ਲਈ ਜੀ-ਜਾਨ ਲਗਾਉਣh ਚਾਹੀਦਾ ਹੈ ਅਤੇ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦੀਆਂ ਜਿੱਤਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣਾ ਅਤੇ ਸਮਾਜਵਾਦੀ ਇਨਕਲਾਬ ਤੇ ਸਮਾਜਵਾਦੀ ਉਸਾਰੀ ਵਿੱਚ ਨਵੀਆਂ ਜਿੱਤਾਂ ਹਾਸਲ ਕਰਨੀਆਂ ਚਾਹੀਦੀਆਂ ਹਨ।

ਸਾਡਾ ਪ੍ਰਮੁੱਖ ਕਾਰਜ ਲਿਨ ਪਿਆਓ ਤੇ ਕਨਫ਼ਿਊਸਿਅਸ ਦੀ ਆਲੋਚਨਾ ਦੀ ਲਹਿਰ ਨੂੰ ਹੋਰ ਵਧੇਰੇ ਫੈਲਾਉਣਾ, ਡੂੰਘਾ ਕਰਨਾ ਅਤੇ ਇਸਦੀ ਲਗਾਤਾਰਤਾ ਬਣਾਈ ਰੱਖਣਾ ਹੈ। ਦੋ ਜਮਾਤਾਂ ਪ੍ਰੋਲੇਤਾਰੀ ਤੇ ਬੁਰਜੂਆਜ਼ੀ, ਦੋ ਰਾਹਾਂ ਸਮਾਜਵਾਦੀ ਤੇ ਸਰਮਾਏਦਾਰਾ, ਅਤੇ ਦੋ ਲੀਹਾਂ ਮਾਰਕਸਵਾਦੀ ਤੇ ਸੋਧਵਾਦੀ ਵਿਚਾਲੇ ਸੰਘਰਸ਼ ਲੰਮਾ ਤੇ ਟੇਢਾ-ਮੇਢਾ ਹੈ ਅਤੇ ਕਈ ਵਾਰ ਬਹੁਤ ਤਿੱਖਾ ਹੋ ਜਾਂਦਾ ਹੈ। ਲਿਨ ਪਿਆਓ ਤੇ ਕਨਫ਼ਿਊਸਿਅਸ ਦੀ ਸਾਡੀ ਆਲੋਚਨਾ ਨੂੰ ਸਾਨੂੰ ਕਦੇ ਵੀ ਢਿੱਲਾ ਨਹੀਂ ਪੈਣ ਦੇਣਾ ਚਾਹੀਦਾ ਕਿਉਂਕਿ ਇਸ ਲਹਿਰ ਨੇ ਪਹਿਲਾਂ ਹੀ ਵੱਡੀਆਂ ਕਾਮਯਾਬੀਆਂ ਹਾਸਲ ਕੀਤੀਆਂ ਹਨ। ਸਾਨੂੰ ਲਿਨ ਪਿਆਓ ਦੀ ਸੋਧਵਾਦੀ ਲੀਹ ਅਤੇ ਕਨਫ਼ਿਊਸਿਅਸ ਤੇ ਮੇਨਸਿਅਸ ਦੇ ਸਿਧਾਂਤਾਂ ਦੀ ਆਲੋਚਨਾ ਨੂੰ ਹੋਰ ਡੂੰਘਾ ਕਰਦੇ ਜਾਣਾ ਚਾਹੀਦਾ ਹੈ, ਅਤੇ “ਬੀਤੇ ਨੂੰ ਵਰਤਮਾਨ ਦੀ ਸੇਵਾ ਵਿੱਚ ਲਗਾਓ” ਦੇ ਸਿਧਾਂਤ ਅਨੁਸਾਰ ਕਨਫ਼ਿਊਸਿਅਸ ਤੇ ਕਾਨੂੰਨਵਾਦੀ ਸਿਧਾਂਤਕ ਧਾਰਾ (Logalist Doctarine) ਵਿਚਾਲੇ ਚੱਲੇ ਸੰਘਰਸ਼ ਦੇ ਇਤਿਹਾਸਕ ਤਜ਼ਰਬੇ ਤੇ ਸਮੁੱਚੇ ਤੌਰ ‘ਤੇ ਜਮਾਤੀ ਸੰਘਰਸ਼ ਦਾ ਨਿਚੋੜ ਕੱਢਣਾ ਚਾਹੀਦਾ ਹੈ, ਸੰਘਰਸ਼ ਦੇ ਦੌਰਾਨ ਇੱਕ ਵੱਡਾ ਮਾਰਕਸਵਾਦੀ ਸਿਧਾਂਤਕ ਬਲ ਖੜਾ ਕਰਨਾ ਚਾਹੀਦਾ ਹੈ ਅਤੇ ਮਾਰਕਸਵਾਦ ਦੀ ਵਰਤੋਂ ਕਰਕੇ ਉੱਚ-ਉਸਾਰ ਦੇ ਸਾਰੇ ਖੇਤਰਾਂ ਵਿੱਚ ਕਬਜ਼ਾ ਜਮਾਉਣਾ ਚਾਹੀਦਾ ਹੈ। ਇਸ ਕਾਰਜ ਨੂੰ ਪੂਰਿਆਂ ਕਰਨ ਲਈ ਸਭ ਤੋਂ ਕੇਂਦਰੀ ਕੜੀ ਕਾਡਰਾਂ ਤੇ ਲੋਕਾਂ ਦੁਆਰਾ ਮਾਰਕਸ, ਏਂਗਲਜ਼, ਲੈਨਿਨ ਤੇ ਸਤਾਲਿਨ ਅਤੇ ਚੇਅਰਮੈਨ ਮਾਓ ਦੀਆਂ ਲਿਖਤਾਂ ਨੂੰ ਚੰਗੀ ਤਰ੍ਹਾਂ ਪੜ੍ਹਨਾ ਹੈ ਤਾਂ ਕਿ ਉਹ ਖੁਦ ਨੂੰ ਮਾਰਕਸਵਾਦ ਦੇ ਬੁਨਿਆਦੀ ਸਿਧਾਂਤਾਂ ਨਾਲ ਲੈੱਸ ਕਰ ਸਕਣ। ਲਿਨ ਪਿਆਓ ਤੇ ਕਨਫ਼ਿਊਸਿਅਸ ਦੀ ਆਲੋਚਨਾ ਰਾਹੀਂ ਸਾਨੂੰ ਸਾਹਿਤ ਤੇ ਕਲਾ ਅੰਦਰ, ਸਿੱਖਿਆ ਤੇ ਸਿਹਤ ਦੇ ਖੇਤਰ ਵਿੱਚ ਇਨਕਲਾਬ ਹੋਰ ਅੱਗੇ ਵਧਾਉਣਾ ਚਾਹੀਦਾ ਹੈ, ਵੱਖ-ਵੱਖ ਮੋਰਚਿਆਂ ਉੱਤੇ ਸੰਘਰਸ਼-ਆਲੋਚਨਾ-ਤਬਦੀਲੀ ਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਹੈ ਅਤੇ ਸਾਰੀਆਂ ਨਵੀਆਂ ਚੀਜ਼ਾਂ ਨੂੰ ਉਤਸ਼ਾਹਤ ਕਰਨਾ ਚਾਹੀਦਾ ਹੈ ਤਾਂ ਕਿ ਸਮਾਜਵਾਦੀ ਦਿਸ਼ਾ ਨੂੰ ਵਧੇਰੇ ਚੰਗੀ ਤਰ੍ਹਾਂ ਬਣਾਈ ਰੱਖਿਆ ਜਾ ਸਕੇ।

ਪਾਰਟੀ ਦੀ ਅਗਵਾਈ ਥੱਲੇ ਸਾਨੂੰ ਇਨਕਲਾਬੀ ਕਮੇਟੀਆਂ ਨੂੰ ਸਾਰੇ ਪੱਧਰਾਂ ਉੱਤੇ ਹੋਰ ਮਜਬੂਤ ਕਰਨਾ ਚਾਹੀਦਾ ਹੈ। ਸਾਰੇ ਪੱਧਰਾਂ ਉੱਤੇ ਆਗੂ ਟੋਲੀਆਂ ਨੂੰ ਚੇਅਰਮੈਨ ਮਾਓ ਦੀ ਇਨਕਲਾਬੀ ਲੀਹ ਨੂੰ ਲਾਗੂ ਕਰਨ ਬਾਰੇ ਵਧੇਰੇ ਚੇਤਨ ਹੋਣਾ ਚਾਹੀਦਾ ਹੈ ਅਤੇ ਲੋਕਾਂ ਨਾਲ ਨਜ਼ਦੀਕੀ ਸਬੰਧ ਬਣਾ ਕੇ ਰੱਖਣੇ ਚਾਹੀਦੇ ਹਨ। ਸਾਨੂੰ ਨੌਜਵਾਨ ਕਾਡਰਾਂ, ਔਰਤ ਕਾਡਰਾਂ ਅਤੇ ਘੱਟਗਿਣਤੀ ਕੌਮੀਅਤਾਂ ਦੇ ਕਾਡਰਾਂ ਨੂੰ ਸਿੱਖਿਅਤ ਕਰਨ ਲਈ ਸਾਨੂੰ ਸਰਗਰਮ ਯਤਨ ਕਰਨੇ ਚਾਹੀਦੇ ਹਨ ਅਤੇ ਮਜ਼ਦੂਰਾਂ ਅਤੇ ਗਰੀਬ ਤੇ ਨਿਮਨ-ਮੱਧਵਰਗੀ ਕਿਸਾਨਾਂ ਵਿੱਚੋਂ ਮੋਹਰੀ ਕਾਡਰਾਂ ਨੂੰ ਚੁਣਨ ਲਈ ਯਤਨ ਕਰਨੇ ਚਾਹੀਦੇ ਹਨ। ਸਾਡੇ ਕੋਲ ਬਿਹਤਰ ਅਮਲਾ ਤੇ ਸਰਲ ਪ੍ਰਸ਼ਾਸ਼ਨ ਜਿਸ ਵਿੱਚ ਘੱਟ ਤੋਂ ਘੱਟ ਦਰਜੇਬੰਦੀ ਹੋਵੇ, ਹੋਣਾ ਚਾਹੀਦਾ ਹੈ। ਨਵੇਂ ਅਤੇ ਪੁਰਾਣੇ ਕਾਡਰਾਂ ਨੂੰ ਇੱਕ-ਦੂਜੇ ਤੋਂ ਸਿੱਖਣਾ ਚਾਹੀਦਾ ਹੈ ਤੇ ਆਪਣੀ ਏਕਤਾ ਨੂੰ ਮਜਬੂਤ ਕਰਨਾ ਚਾਹੀਦਾ ਹੈ, ਸਮੂਹਕ ਪੈਦਾਵਾਰੀ ਕਿਰਤ ਵਿੱਚ ਹਮੇਸ਼ਾ ਲੱਗਣਾ ਚਾਹੀਦਾ ਹੈ ਅਤੇ ਪੂਰੀ ਤਨਦੇਹੀ ਨਾਲ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ।

ਸਾਨੂੰ ਦੋ ਵੱਖਰੀ ਕਿਸਮ ਦੀਆਂ ਵਿਰੋਧਤਾਈਆਂ ਵਿੱਚ ਫ਼ਰਕ ਕਰਨਾ ਚਾਹੀਦਾ ਹੈ ਅਤੇ ਉਹਨਾਂ ਨੂੰ ਠੀਕ ਢੰਗ ਨਾਲ ਨਜਿੱਠਣਾ ਚਾਹੀਦਾ ਹੈ, ਪਾਰਟੀ ਦੀਆਂ ਨੀਤੀਆਂ ਨੂੰ ਤਨਦੇਹੀ ਨਾਲ ਲਾਗੂ ਕਰਨਾ ਚਾਹੀਦਾ ਹੈ ਅਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਨੂੰ ਹੋਰ ਮਜਬੂਤ ਕਰਨ ਦਾ ਕਾਰਜ ਬਿਲਕੁਲ ਹੇਠਲੇ ਪੱਧਰਾਂ ਤੱਕ ਪੂਰਾ ਹੋਵੇ। ਮੁੱਠੀਭਰ ਦੁਸ਼ਮਣਾਂ ਉੱਤੇ ਲਗਾਤਾਰ, ਸਟੀਕ ਤੇ ਮਜਬੂਤ ਹਮਲੇ ਕਰਨ ਲਈ ਸਾਨੂੰ ਵਿਸ਼ਾਲ ਲੋਕਾਈ ਉੱਤੇ ਟੇਕ ਰੱਖਣੀ ਚਾਹੀਦੀ ਹੈ ਅਤੇ ਸਟੀਕਤਾ ਉੱਤੇ ਪੂਰਾ ਜ਼ੋਰ ਦੇਣਾ ਚਾਹੀਦਾ ਹੈ। ਸਾਨੂੰ ਪੂਰੇ ਮਨ ਨਾਲ ਜਮਹੂਰੀ ਤੌਰ-ਤਰੀਕਿਆਂ ਦੀ ਵਰਤੋਂ ਕਰਦੇ ਹੋਏ “ਏਕਤਾ-ਆਲੋਚਨਾ ਅਤੇ ਆਤਮਆਲੋਚਨਾ-ਏਕਤਾ” ਦੇ ਸਿਧਾਂਤ ਅਨੁਸਾਰ ਲੋਕਾਂ ਵਿਚਾਲੇ ਵਿਰੋਧਤਾਈਆਂ ਨੂੰ ਹੱਲ ਕਰਨ ਵੱਲ ਵਧਣਾ ਚਾਹੀਦਾ ਹੈ ਅਤੇ ਇਸ ਤਰ੍ਹਾਂ ਲੋਕਾਂ ਦੇ ਸਮਾਜਵਾਦ ਪ੍ਰਤੀ ਉਤਸ਼ਾਹ ਨੂੰ ਪੂਰੀ ਤਰ੍ਹਾਂ ਖੁੱਲ੍ਹ ਕੇ ਸਾਹਮਣੇ ਆਉਣ ਦੇਣਾ ਚਾਹੀਦਾ ਹੈ।

“ਸਾਡੇ ਦੇਸ਼ ਨੂੰ ਇੱਕ ਕਰਨਾ, ਸਾਡੇ ਲੋਕਾਂ ਦੀ ਏਕਤਾ ਅਤੇ ਸਾਡੀਆਂ ਵੱਖ-ਵੱਖ ਕੌਮੀਅਤਾਂ ਦੀ ਏਕਤਾ – ਇਹ ਸਾਡੇ ਕਾਜ਼ ਦੀ ਜਿੱਤ ਲਈ ਬੁਨਿਆਦੀ ਸ਼ਰਤਾਂ ਹਨ।” ਸਾਡੀਆਂ ਸਾਰੀਆਂ ਕੌਮੀਅਤਾਂ ਦੇ ਸਾਰੇ ਲੋਕਾਂ ਦੀ ਮਹਾਨ ਏਕਤਾ ਨੂੰ ਸਾਨੂੰ ਹੋਰ ਮਜਬੂਤ ਕਰਨਾ ਚਾਹੀਦਾ ਹੈ। ਸਾਨੂੰ ਪੂਰੇ ਦਿਲ ਨਾਲ ਮਜਦੂਰ ਜਮਾਤ ਅਤੇ ਗਰੀਬ ਤੇ ਨਿਮਨ-ਮੱਧਵਰਗੀ ਕਿਸਾਨਾਂ ਉੱਤੇ ਟੇਕ ਰੱਖਣੀ ਚਾਹੀਦੀ ਹੈ, ਦੂਜੇ ਕਿਰਤੀ ਲੋਕਾਂ ਤੇ ਬਹੁਤ ਸਾਰੇ ਬੁੱਧੀਜੀਵੀਆਂ ਨਾਲ ਏਕਤਾ ਕਾਇਮ ਕਰਨੀ ਚਾਹੀਦੀ ਹੈ ਅਤੇ ਏਕੀਕ੍ਰਿਤ ਇਨਕਲਾਬੀ ਮੋਰਚਾ ਖੜਾ ਕਰਨਾ ਚਾਹੀਦਾ ਹੈ ਜਿਸਦੀ ਅਗਵਾਈ ਮਜਦੂਰ ਜਮਾਤ ਦੇ ਹੱਥਾਂ ਵਿੱਚ ਹੋਵੇ ਤੇ ਜਿਸਦੀ ਬੁਨਿਆਦ ਮਜਦੂਰ-ਕਿਸਾਨ ਏਕਤਾ ਉੱਤੇ ਟਿਕੀ ਹੋਵੇ, ਜਿਸ ਵਿੱਚ ਦੇਸ਼ਭਗਤ ਜਮਹੂਰੀ ਪਾਰਟੀਆਂ, ਦੇਸ਼ਭਗਤ ਵਿਅਕਤੀਆਂ, ਵਿਦੇਸ਼ਾਂ ਵਿੱਚ ਰਹਿੰਦੇ ਚੀਨੀ ਦੇਸ਼ਭਗਤ ਅਤੇ ਹਾਂਗਕਾਂਗ ਤੇ ਮਕਾਓ ਵਿਚਲੇ ਸਾਡੇ ਹਮਵਤਨ ਸ਼ਾਮਲ ਹਨ। ਸਾਨੂੰ 95% ਤੋਂ ਉੱਪਰ ਕਾਡਰਾਂ ਤੇ ਲੋਕਾਈ ਨਾਲ ਅਤੇ ਉਹਨਾਂ ਸਾਰੀਆਂ ਤਾਕਤਾਂ ਨਾਲ ਜਿਹੜੀਆਂ ਨੂੰ ਏਕਤਾਬੱਧ ਕੀਤਾ ਜਾ ਸਕਦਾ ਹੈ, ਸਾਡੀ ਮਹਾਨ ਸਮਾਜਵਾਦੀ ਮਾਤਭੂਮੀ ਦੀ ਉਸਾਰੀ ਲਈ ਇੱਕ ਸਾਂਝੇ ਉੱਦਮ ਵਾਸਤੇ ਏਕਤਾ ਬਣਾਉਣੀ ਚਾਹੀਦੀ ਹੈ।

ਸਮਾਜਕ ਪੈਦਾਵਾਰੀ ਤਾਕਤਾਂ ਦੇ ਵਿਕਾਸ ਲਈ ਸਮਾਜਵਾਦੀ ਇਨਕਲਾਬ ਇੱਕ ਤਾਕਤਵਰ ਇੰਜਣ ਹੈ। ਸਾਨੂੰ “ਇਨਕਲਾਬ ਉੱਤੇ ਪਕੜ ਮਜਬੂਤ ਬਣਾਉਣ ਤੇ ਪੈਦਾਵਾਰ, ਜੰਗ ਖਿਲਾਫ਼ ਤਿਆਰੀ ਤੇ ਹੋਰ ਕੰਮਾਂ ਨੂੰ ਉਤਸ਼ਾਹਤ ਕਰਨ” ਦੇ ਸਿਧਾਂਤ ਦਾ ਪੱਲਾ ਚੰਗੀ ਤਰ੍ਹਾਂ ਫੜੀ ਰੱਖਣਾ ਚਾਹੀਦਾ ਹੈ, ਅਤੇ ਇਨਕਲਾਬ ਨੂੰ ਕਮਾਂਡ ਵਿੱਚ ਰੱਖ ਕੇ ਪੈਦਾਵਾਰ ਨੂੰ ਵਧਾਉਣਾ ਅਤੇ ਸਮਾਜਵਾਦੀ ਉਸਾਰੀ ਨੂੰ ਤੇਜ ਕਰਨ ਲਈ ਕੰਮ ਕਰਨਾ ਚਾਹੀਦਾ ਹੈ ਤਾਂ ਕਿ ਸਾਡੇ ਸਮਾਜਵਾਦੀ ਢਾਂਚੇ ਨੂੰ ਇੱਕ ਠੋਸ ਪਦਾਰਥਕ ਅਧਾਰ ਮਿਲੇ।

ਚੇਅਰਮੈਨ ਮਾਓ ਦੇ ਦਿਸ਼ਾ-ਨਿਰਦੇਸ਼ਾਂ ਉੱਤੇ, ਤੀਜੀ ਕੌਮੀ ਕਾਂਗਰਸ ਸਾਹਮਣੇ ਸਰਕਾਰ ਦੇ ਕੰਮਕਾਜ ਬਾਰੇ ਪੇਸ਼ ਰਿਪੋਰਟ ਵਿੱਚ ਇਹ ਸੁਝਾਇਆ ਗਿਆ ਕਿ ਸਾਨੂੰ ਤੀਜੀ ਪੰਜ-ਸਾਲਾ ਯੋਜਨਾ ਦੇ ਸ਼ੁਰੂ ਹੋਣ ਉੱਤੇ ਅਸੀਂ ਆਪਣੇ ਕੌਮੀ ਅਰਥਚਾਰੇ ਦੇ ਵਿਕਾਸ ਨੂੰ ਦੋ ਪੜਾਵਾਂ ਵਿੱਚ ਵੰਡਾਂਗੇ: ਪਹਿਲਾ ਪੜਾਅ ਆਉਣ ਵਾਲੇ 15 ਸਾਲਾਂ ਵਿੱਚ ਭਾਵ ਕਿ 1980 ਤੋਂ ਪਹਿਲਾਂ-ਪਹਿਲਾਂ ਇੱਕ ਅਜ਼ਾਦ ਤੇ ਮੁਕਾਬਲਤਨ ਕਾਫ਼ੀ ਵਿਕਸਤ ਸਨਅਤੀ ਢਾਂਚਾ ਖੜਾ ਕਰਨਾ; ਦੂਜੇ ਪੜਾਅ ਵਿੱਚ ਖੇਤੀ, ਰੱਖਿਆ ਸਨਅਤ ਅਤੇ ਵਿਗਿਆਨ ਤੇ ਤਕਨਾਲੋਜੀ ਦਾ ਇਹ ਸਦੀ ਖਤਮ ਹੋਣ ਤੋਂ ਪਹਿਲਾਂ ਵਡੇਰੀ ਹੱਦ ਤੱਕ ਆਧੁਨਿਕੀਕਰਨ ਪੂਰਾ ਕਰਨਾ ਤਾਂ ਸਾਡਾ ਅਰਥਚਾਰਾ ਸੰਸਾਰ ਦੇ ਮੋਹਰੀਆਂ ਵਿੱਚ ਰਹਿ ਕੇ ਵਿਕਸਤ ਹੋ ਰਿਹਾ ਹੋਵੇ।

ਪਹਿਲੇ ਪੜਾਅ ਨੂੰ 1980 ਤੋਂ ਪਹਿਲਾਂ-ਪਹਿਲਾਂ ਜਿਵੇਂ ਕਿ ਸੋਚਿਆ ਗਿਆ ਹੈ, ਪੂਰਾ ਕਰਨ ਲਈ ਪੂਰਵਅਧਾਰ ਨੂੰ ਹੋਰ ਮਜਬੂਤ ਕਰਨ ਲਈ ਸਾਨੂੰ 1975 ਵਿੱਚ ਪੰਜਵੀਂ ਪੰਜ-ਸਾਲਾ ਯੋਜਨਾ ਦੇ ਟੀਚਿਆਂ ਨੂੰ ਪੂਰਾ ਕਰਨਾ ਜਾਂ ਟੀਚਿਆਂ ਤੋਂ ਵਧੇਰੇ ਹਾਸਲ ਕਰਨਾ ਚਾਹੀਦਾ ਹੈ। ਘਰੋਗੀ ਅਤੇ ਵਿਦੇਸ਼ੀ ਹਾਲਤਾਂ ਨੂੰ ਸਾਹਮਣੇ ਰੱਖਦੇ ਹੋਏ, ਦੋਵਾਂ ਪੜਾਵਾਂ ਲਈ ਜੋ ਕੁਝ ਵੀ ਯੋਜਨਾ ਬਣਾਈ ਗਈ ਹੈ, ਉਸਨੂੰ ਅਗਲੇ 10 ਸਾਲਾਂ ਵਿੱਚ ਪੂਰਾ ਕਰਨਾ ਸਾਡੇ ਲਈ ਬੇਹੱਦ ਅਹਿਮ ਹੋਵੇਗਾ। ਇਸ ਅਰਸੇ ਦੌਰਾਨ ਨਾ ਸਿਰਫ਼ ਸਾਨੂੰ ਇੱਕ ਅਜ਼ਾਦ ਤੇ ਮੁਕਾਬਲਤਨ ਵਿਕਸਤ ਸਨਅਤੀ ਤੇ ਆਰਥਿਕ ਢਾਂਚਾ ਖੜਾ ਕਰਨਾ ਹੋਵੇਗਾ, ਸਗੋਂ ਦੂਜੇ ਪੜਾਅ ਲਈ ਨਿਰਧਾਰਤ ਕੀਤੇ ਗਏ ਗੌਰਵਮਈ ਨਿਸ਼ਾਨਿਆਂ ਵੱਲ ਵੀ ਵਧਣਾ ਹੋਵੇਗਾ। ਇਸ ਮਕਸਦ ਨੂੰ ਧਿਆਨ ਵਿੱਚ ਰੱਖਦੇ ਹੋਏ ਸਟੇਟ ਕੌਂਸਲ ਇੱਕ ਲੰਮੇ ਦਾਅ ਦੀ ਦਸ-ਸਾਲਾ ਯੋਜਨਾ, ਪੰਜ-ਸਾਲਾ ਯੋਜਨਾਵਾਂ ਤੇ ਸਾਲਾਨਾ ਯੋਜਨਾਵਾਂ ਉਲੀਕੇਗੀ। ਸਟੇਟ ਕੌਂਸਲ ਦੇ ਅਧੀਨ ਮੰਤਰਾਲਿਆਂ ਤੇ ਕਮਿਸ਼ਨਾਂ ਅਤੇ ਸਨਅਤੀ ਤੇ ਖਾਣਾਂ ਦੇ ਉੱਦਮਾਂ, ਪੈਦਾਵਾਰੀ ਟੀਮਾਂ ਤੇ ਹੋਰ ਬੁਨਿਆਦੀ ਇਕਾਈਆਂ ਸਮੇਤ ਸਾਰੇ ਪੱਧਰਾਂ ਦੀਆਂ ਇਨਕਲਾਬੀ ਕਮੇਟੀਆਂ ਨੂੰ ਆਪਣੀਆਂ ਯੋਜਨਾਵਾਂ ਨੂੰ ਨੇਪਰੇ ਚਾੜ੍ਹਨ ਲਈ ਲੋਕਾਂ ਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਹੈ ਅਤੇ ਗੌਰਵਮਈ ਨਿਸ਼ਾਨਿਆਂ ਨੂੰ ਤੈਅ ਸਮੇਂ ਤੋਂ ਪਹਿਲਾਂ ਹੀ ਪੂਰਿਆਂ ਕਰਨ ਕਦਮ ਵਧਾਉਣੇ ਚਾਹੀਦੇ ਹਨ।

ਸਾਡੇ ਸਮਾਜਵਾਦੀ ਅਰਥਚਾਰੇ ਨੂੰ ਲਗਾਤਾਰ ਫੈਲਾਉਂਦੇ ਜਾਣ ਲਈ, ਸਾਨੂੰ “ਸਮਾਜਵਾਦ ਦੀ ਉਸਾਰੀ ਲਈ ਪੂਰਾ ਤਾਣ ਲਗਾ ਦੇਣ, ਉੱਚੇ ਟੀਚੇ ਮਿਥਣ ਅਤੇ ਵਡੇਰੇ, ਤੇਜ਼ੀ ਨਾਲ, ਬਿਹਤਰ ਤੇ ਕਿਫਾਇਤੀ ਸਿੱਟੇ ਹਾਸਲ ਕਰਨ” ਦੀ ਆਮ ਲੀਹ ਨੂੰ ਬਣਾਈ ਰੱਖਣਾ ਚਾਹੀਦਾ ਹੈ ਅਤੇ “ਖੇਤੀ ਨੂੰ ਬੁਨਿਆਦ ਅਤੇ ਸਨਅਤ ਨੂੰ ਆਗੂ ਕਾਰਕ” ਬਣਾਈ ਰੱਖਣ ਦੀ ਨੀਤੀ ਅਤੇ ਦੋ ਲੱਤਾਂ ਉੱਤੇ ਤੁਰਨ ਦੀਆਂ ਨੀਤੀਆਂ ਦੀ ਲੜੀ ਨੂੰ ਲਾਗੂ ਕਰਨਾ ਜਾਰੀ ਰੱਖਣਾ ਚਾਹੀਦਾ ਹੈ। ਸਾਨੂੰ ਕੌਮੀ ਆਰਥਿਕ ਯੋਜਨਾ ਨੂੰ ਇਹਨਾਂ ਤਰਜੀਹਾਂ ਦੇ ਕ੍ਰਮ ਵਿੱਚ ਢਾਲਣਾ ਚਾਹੀਦਾ ਹੈ: ਖੇਤੀ, ਹਲਕੀ ਸਨਅਤ, ਭਾਰੀ ਸਨਅਤ। ਸਾਨੂੰ ਰਾਜ ਦੀ ਏਕੀਕ੍ਰਿਤ ਯੋਜਨਾ ਅਧੀਨ ਕੇਂਦਰੀ ਅਤੇ ਸਥਾਨਕ ਦੋਵਾਂ ਥਾਵਾਂ ਦੇ ਅਧਿਕਾਰੀਆਂ ਦੀ ਪਹਿਲਕਦਮੀ ਨੂੰ ਖੁੱਲ੍ਹ ਦੇਣੀ ਚਾਹੀਦੀ ਹੈ। ਸਾਨੂੰ “ਅਨਸ਼ਾਨ ਆਇਰਨ ਐਂਡ ਸਟੀਲ ਕੰਪਨੀ ਦੇ ਚਾਰਟਰ” ਨੂੰ ਹੋਰ ਬਿਹਤਰ ਢੰਗ ਨਾਲ ਲਾਗੂ ਕਰਨਾ ਚਾਹੀਦਾ ਹੈ ਅਤੇ “ਸਨਅਤ ਵਿੱਚ ਤਾਚਿੰਗ ਤੋਂ ਸਿੱਖੋ” ਅਤੇ “ਖੇਤੀ ਵਿੱਚ ਤਾਚਾਈ ਤੋਂ ਸਿੱਖੋ” ਦੀਆਂ ਲੋਕ ਲਹਿਰਾਂ ਨੂੰ ਅੱਗੇ ਵਧਾਉਣਾ ਚਾਹੀਦਾ ਹੈ।

ਆਰਥਿਕ ਕਾਰਜਾਂ ਨੂੰ ਨਜਿੱਠਦੇ ਸਮੇਂ, ਸਾਰੇ ਪੱਧਰਾਂ ਉੱਤੇ ਕੰਮ ਕਰਦੇ ਸਾਡੇ ਕਾਮਰੇਡਾਂ ਨੂੰ ਉੱਚ-ਉਸਾਰ ਦੇ ਖੇਤਰ ਵਿੱਚ ਸਮਾਜਵਾਦੀ ਇਨਕਲਾਬ ਵੱਲ ਪੂਰਾ ਧਿਆਨ ਦੇਣਾ ਚਾਹੀਦਾ ਹੈ ਅਤੇ ਜਮਾਤੀ ਸੰਘਰਸ਼ ਤੇ ਦੋ ਲਾਈਨਾਂ ਦੇ ਸੰਘਰਸ਼ ਉੱਤੇ ਮਜਬੂਤ ਪਕੜ ਬਣਾ ਕੇ ਰੱਖਣੀ ਚਾਹੀਦੀ ਹੈ। ਸਿਰਫ਼ ਉਦੋਂ ਹੀ ਜਦੋਂ ਅਸੀਂ ਇਨਕਲਾਬ ਵਿੱਚ ਚੰਗਾ ਕਰ ਰਹੇ ਹੁੰਦੇ ਹਾਂ, ਇਹ ਸੰਭਵ ਹੁੰਦਾ ਹੈ ਕਿ ਪੈਦਾਵਾਰ ਵਿੱਚ ਚੰਗਾ ਕੰਮ ਹੋਵੇ। ਸਾਨੂੰ ਸੋਧਵਾਦ ਦੀ ਡੂੰਘੀ ਆਲੋਚਨਾ, ਸਰਮਾਏਦਾਰਾ ਪ੍ਰਵਿਰਤੀਆਂ ਦੀ ਆਲੋਚਨਾ ਅਤੇ ਗਲਤ ਵਿਚਾਰਾਂ ਤੇ ਕੰਮ-ਢੰਗਾਂ ਜਿਵੇਂ ਵਿਦੇਸ਼ੀ ਚੀਜ਼ਾਂ ਦੀ ਗੁਲਾਮੀ, ਕੱਛੂ ਦੀ ਚਾਲ ਪਿੱਛੇ-ਪਿੱਛੇ ਘਿਸੜਨ ਦਾ ਸਿਧਾਂਤ, ਅਤੇ ਸ਼ਾਹ-ਖਰਚੀ ਤੇ ਬਰਬਾਦੀ ਕਰਨੀ, ਦੀ ਆਲੋਚਨਾ ਕਰਨੀ ਚਾਹੀਦੀ ਹੈ।

ਚੇਅਰਮੈਨ ਮਾਓ ਨੇ ਕਿਹਾ ਹੈ, “ਆਪਣੇ ਖੁਦ ਦੇ ਜਤਨਾਂ ਉੱਤੇ ਮੁੱਖ ਨਿਰਭਰਤਾ ਰੱਖੋ ਜਦਕਿ ਬਾਹਰੀ ਮਦਦ ਨੂੰ ਸਹਾਇਕ ਵਜੋਂ ਲਵੋ, ਅੰਨ੍ਹੇ ਭਰੋਸੇ ਨੂੰ ਤੋੜੋ, ਸਨਅਤ, ਖੇਤੀ ਅਤੇ ਤਕਨੀਕੀ ਅਤੇ ਸੱਭਿਆਚਾਰਕ ਇਨਕਲਾਬ ਲਈ ਅਜ਼ਾਦਾਨਾ ਰੂਪ ਵਿੱਚ ਅੱਗੇ ਵਧੋ, ਗ਼ੁਲਾਮ ਜ਼ਿਹਨੀਅਤ ਨੂੰ ਛੱਡੋ, ਕੱਠਮੁੱਲਾਵਾਦ ਨੂੰ ਤਿਆਗੋ, ਦੂਜੇ ਦੇਸ਼ਾਂ ਦੇ ਚੰਗੇ ਤਜ਼ਰਬਿਆਂ ਤੋਂ ਵਿਵੇਕਤਾ ਨਾਲ ਸਿੱਖੋ ਤੇ ਉਹਨਾਂ ਦੇ ਬੁਰੇ ਤਜ਼ਰਬਿਆਂ ਦਾ ਅਧਿਐਨ ਕਰਨਾ ਨਾ ਭੁੱਲੋ ਤਾਂ ਕਿ ਉਹਨਾਂ ਤੋਂ ਸਬਕ ਸਿੱਖੇ ਜਾ ਸਕਣ। ਇਹੀ ਸਾਡੀ ਲੀਹ ਹੈ।” ਇਸ ਲੀਹ ਨੇ ਸਾਨੂੰ ਸਾਮਰਾਜੀ ਨਾਕਾਬੰਦੀ ਤੋੜਨ ਅਤੇ ਸਮਾਜਕ-ਸਾਮਰਾਜੀ ਦਬਾਅ ਨੂੰ ਝੱਲਣ ਦੇ ਕਾਬਲ ਕੀਤਾ, ਅਤੇ ਸਰਮਾਏਦਾਰਾ ਜਗਤ ਵਿੱਚ ਉਤਾਰ-ਚੜ੍ਹਾਅ ਤੇ ਸੰਕਟਾਂ ਦੇ ਬਾਵਜੂਦ ਸਾਡੇ ਅਰਥਚਾਰੇ ਦੀ ਤਰੱਕੀ ਮਜਬੂਤ ਤੇ ਸ਼ਕਤੀਸ਼ਾਲੀ ਬਣੀ ਹੈ। ਸਾਨੂੰ ਹਮੇਸ਼ਾਂ ਇਸ ਲੀਹ ਨੂੰ ਫੜੀ ਰੱਖਣਾ ਹੈ।

ਸਾਥੀਓ!

ਮੌਜੂਦਾ ਕੌਮਾਂਤਰੀ ਸਥਿਤੀ ਆਸਮਾਨ ਥੱਲੇ ਵੱਡੀ ਹਲਚਲ ਵਾਲੀ ਬਣੀ ਹੋਈ ਹੈ, ਇੱਕ ਅਜਿਹੀ ਹਲਚਲ ਜਿਹੜੀ ਸਦਾ ਵਧੇਰੇ ਵਧਦੀ ਜਾ ਰਹੀ ਹੈ। ਜੰਗ (ਦੂਜੀ ਸੰਸਾਰ ਜੰਗ – ਅਨੁ) ਤੋਂ ਬਾਅਦ ਸਰਮਾਏਦਾਰਾ ਜਗਤ ਸਭ ਤੋਂ ਗੰਭੀਰ ਆਰਥਿਕ ਮੰਦੀ ਦਾ ਸਾਹਮਣਾ ਕਰ ਰਿਹਾ ਹੈ, ਅਤੇ ਸੰਸਾਰ ਵਿੱਚ ਸਾਰੀਆਂ ਬੁਨਿਆਦੀ ਵਿਰੋਧਤਾਈਆਂ ਤਿੱਖੀਆਂ ਹੁੰਦੀਆਂ ਜਾ ਰਹੀਆਂ ਹਨ। ਇੱਕ ਪਾਸੇ ਲੋਕਾਂ ਦੁਆਰਾ ਇਨਕਲਾਬਾਂ ਦਾ ਰੁਝਾਨ ਸਰਗਰਮੀ ਨਾਲ ਵਿਕਸਤ ਹੋ ਰਿਹਾ ਹੈ; ਦੇਸ਼ ਅਜ਼ਾਦੀ ਚਾਹੁੰਦੇ ਹਨ, ਕੌਮਾਂ ਮੁਕਤੀ ਚਾਹੁੰਦੀਆਂ ਹਨ, ਅਤੇ ਲੋਕ ਇਨਕਲਾਬ ਚਾਹੁੰਦੇ ਹਨ – ਇਹ ਇੱਕ ਅਰੁੱਕ ਇਤਿਹਾਸਕ ਵਹਿਣ ਬਣ ਚੁੱਕਾ ਹੈ। ਦੂਜੇ ਪਾਸੇ ਦੋ ਮਹਾਂਸ਼ਕਤੀਆਂ, ਅਮਰੀਕਾ ਤੇ ਸੋਵੀਅਤ ਯੂਨੀਅਨ ਵਿਚਾਲੇ ਸੰਸਾਰ ਉੱਤੇ ਚੌਧਰ ਲਈ ਭੇੜ ਵਧੇਰੇ ਤੋਂ ਵਧੇਰੇ ਤਿੱਖਾ ਹੁੰਦਾ ਜਾ ਰਿਹਾ ਹੈ। ਇਹ ਭੇੜ ਦੁਨੀਆਂ ਦੇ ਹਰ ਕੋਨੇ ਤੱਕ ਪਹੁੰਚ ਚੁੱਕਾ ਹੈ, ਜਿਸਦਾ ਮੁੱਖ ਕੇਂਦਰ ਯੂਰਪ ਬਣਿਆ ਹੋਇਆ ਹੈ। ਸੋਵੀਅਤ ਸਮਾਜਕ-ਸਾਮਰਾਜਵਾਦ “ਪੂਰਬ ਵੱਲ ਵਧਣ ਦਾ ਬਹਾਨਾ ਕਰਕੇ ਪੱਛਮ ਵੱਲ ਹਮਲਾ ਕਰ ਰਿਹਾ ਹੈ।” ਦੋ ਮਹਾਂਸ਼ਕਤੀਆਂ, ਅਮਰੀਕਾ ਤੇ ਸੋਵੀਅਤ ਯੂਨੀਅਨ ਦੁਨੀਆਂ ਦੇ ਸਭ ਤੋਂ ਵੱਡੇ ਜਾਬਰ ਤੇ ਲੁਟੇਰੇ ਹਨ ਅਤੇ ਉਹ ਨਵੀਂ ਸੰਸਾਰ ਜੰਗ ਦੇ ਸਰੋਤ ਹਨ। ਉਹਨਾਂ ਦਾ ਸਿਰਤੋੜ ਭੇੜ ਇੱਕ ਦਿਨ ਸੰਸਾਰ ਜੰਗ ਲਗਾ ਦੇਵੇਗਾ। ਸਾਰੇ ਦੇਸ਼ਾਂ ਦੇ ਲੋਕਾਂ ਨੂੰ ਤਿਆਰੀ ਰੱਖਣੀ ਚਾਹੀਦੀ ਹੈ। ਜ਼ਬਤ ਰੱਖਣ ਤੇ ਸ਼ਾਂਤੀ ਦੀਆਂ ਗੱਲਾਂ ਸੰਸਾਰ ਵਿੱਚ ਹਰ ਥਾਂ ਹੋ ਰਹੀਆਂ ਹਨ। ਫ਼ਿਲਹਾਲ, ਇਨਕਲਾਬ ਤੇ ਜੰਗ ਦੋਵਾਂ ਦੇ ਲਈ ਕਾਰਕ ਵਧ ਰਹੇ ਹਨ। ਜੰਗ ਇਨਕਲਾਬਾਂ ਨੂੰ ਜਨਮ ਦਿੰਦੀ ਹੈ ਜਾਂ ਇਨਕਲਾਬ ਜੰਗ ਨੂੰ, ਦੋਵਾਂ ਹੀ ਹਾਲਤਾਂ ਵਿੱਚ ਕੌਮਾਂਤਰੀ ਸਥਿਤੀ ਲੋਕਾਂ ਲਈ ਸਾਜ਼ਗਾਰ ਵਿਕਸਤ ਹੋਵੇਗੀ ਅਤੇ ਦੁਨੀਆਂ ਦਾ ਭਵਿੱਖ ਉੱਜਲਾ ਹੀ ਹੋਵੇਗਾ।

ਵਿਦੇਸ਼ੀ ਮਾਮਲਿਆਂ ਵਿੱਚ ਸਾਨੂੰ ਚੇਅਰਮੈਨ ਮਾਓ ਦੀ ਇਨਕਲਾਬੀ ਲੀਹ ਨੂੰ ਲਾਗੂ ਕਰਨਾ ਜਾਰੀ ਰੱਖਣਾ ਹੋਵੇਗਾ, ਹਮੇਸ਼ਾਂ ਲੋਕਾਂ ਨੂੰ ਦਿਮਾਗ ਵਿੱਚ ਰੱਖੋ, ਆਪਣੀਆਂ ਉਮੀਦਾਂ ਦੀ ਟੇਕ ਉਹਨਾਂ ਉੱਤੇ ਰੱਖੋ ਅਤੇ ਆਪਣਾ ਵਿਦੇਸ਼ੀ ਮਾਮਲਿਆਂ ਦਾ ਕੰਮ ਬਿਹਤਰ ਕਰੋ। ਸਾਨੂੰ ਪ੍ਰੋਲੇਤਾਰੀ ਕੌਮਾਂਤਰੀਵਾਦ ਨੂੰ ਬੁਲੰਦ ਰੱਖਣਾ ਚਾਹੀਦਾ ਹੈ ਅਤੇ ਸਮਾਜਵਾਦੀ ਦੇਸ਼ਾਂ ਤੇ ਸੰਸਾਰ ਦੇ ਹੋਰ ਦੱਬੇ-ਕੁਚਲੇ ਦੇਸ਼ਾਂ ਦੇ ਲੋਕਾਂ ਤੇ ਦੱਬੀਆਂ-ਕੁਚਲੀਆਂ ਕੌਮਾਂ ਨਾਲ ਏਕਤਾ ਨੂੰ ਮਜਬੂਤ ਕਰਨਾ ਤੇ ਇੱਕ ਦੂਜੇ ਦੀ ਮਦਦ ਲਈ ਬਹੁੜਨਾ ਚਾਹੀਦਾ ਹੈ। ਬਸਤੀਵਾਦ, ਸਾਮਰਾਜਵਾਦ ਤੇ ਸਭ ਤੋਂ ਉੱਤੇ ਮਹਾਂਸ਼ਕਤੀਆਂ ਦੀ ਚੌਧਰ ਦਾ ਟਾਕਰਾ ਕਰਨ ਲਈ ਸਾਨੂੰ ਉਹਨਾਂ ਸਭਨਾਂ ਤਾਕਤਾਂ ਨਾਲ ਸਾਂਝ ਪਾਉਣੀ ਚਾਹੀਦੀ ਹੈ ਜਿਹਨਾਂ ਨਾਲ ਅਜਿਹਾ ਕਰਨਾ ਸੰਭਵ ਹੈ। ਸ਼ਾਂਤੀਪੂਰਵਕ ਸਹਿਹੋਂਦ ਦੇ ਪੰਜ ਸਿਧਾਂਤਾਂ ਦੇ ਅਧਾਰ ਉੱਤੇ ਅਸੀਂ ਸਾਰੇ ਦੇਸ਼ਾਂ ਨਾਲ ਸਬੰਧ ਕਾਇਮ ਕਰਨ ਜਾਂ ਵਿਕਸਤ ਕਰਨ ਲਈ ਤਿਆਰ ਹਾਂ।

ਬਸਤੀਵਾਦ, ਸਾਮਰਾਜ ਤੇ ਮਹਾਂਸ਼ਕਤੀਆਂ ਦੀ ਚੌਧਰ ਦਾ ਟਾਕਰਾ ਕਰਨ ਲਈ ਤੀਜੀ ਦੁਨੀਆਂ ਮੁੱਖ ਤਾਕਤ ਹੈ। ਚੀਨ ਤੀਜੀ ਦੁਨੀਆਂ ਵਿੱਚ ਆਉਂਦਾ ਇੱਕ ਵਿਕਾਸਸ਼ੀਲ ਸਮਾਜਵਾਦੀ ਦੇਸ਼ ਹੈ । ਸਾਨੂੰ ਏਸ਼ੀਆ, ਅਫਰੀਕਾ ਤੇ ਲਾਤੀਨੀ ਅਮਰੀਕਾ ਦੇ ਦੇਸ਼ਾਂ ਤੇ ਲੋਕਾਂ ਨਾਲ ਆਪਣੀ ਏਕਤਾ ਨੂੰ ਹੋਰ ਮਜਬੂਤ ਕਰਨਾ ਚਾਹੀਦਾ ਹੈ ਅਤੇ ਉਹਨਾਂ ਦੇ ਸੰਘਰਸ਼ਾਂ ਨੂੰ ਜੇਤੂ ਬਣਾਉਣ ਜਾਂ ਉਹਨਾਂ ਦੀ ਕੌਮੀ ਅਜ਼ਾਦੀ ਨੂੰ ਸੁਰੱਖਿਅਤ ਕਰਨ, ਉਹਨਾਂ ਦੀ ਰਾਜਕੀ ਪ੍ਰਭੂਸੱਤ੍ਹਾ ਦੀ ਰੱਖਿਆ ਕਰਨ, ਉਹਨਾਂ ਦੇ ਕੌਮੀ ਸ੍ਰੋਤਾਂ ਨੂੰ ਬਚਾਉਣ ਤੇ ਉਹਨਾਂ ਦੇ ਕੌਮੀ ਅਰਥਚਾਰੇ ਨੂੰ ਵਿਕਸਤ ਕਰਨ ਵਿੱਚ ਉਹਨਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਅਸੀਂ ਕੋਰੀਆ, ਵੀਅਤਨਾਮ, ਕੰਬੋਡੀਆ, ਲਾਓਸ, ਫ਼ਲਸਤੀਨ ਤੇ ਅਰਬ ਦੇਸ਼ਾਂ ਅਤੇ ਨਾਲ ਹੀ ਦੱਖਣੀ ਅਫਰੀਕਾ ਦੇ ਲੋਕਾਂ ਦੇ ਹੱਕੀ ਸੰਘਰਸ਼ਾਂ ਦੀ ਪੁਰਜ਼ੋਰ ਹਮਾਇਤ ਕਰਦੇ ਹਾਂ। ਅਸੀਂ ਦੂਜੀ ਦੁਨੀਆਂ ਦੇ ਦੇਸ਼ਾਂ ਤੇ ਲੋਕਾਂ ਦੀ ਮਹਾਂਸ਼ਕਤੀਆਂ ਦੇ ਕੰਟ੍ਰੋਲ, ਧਮਕੀਆਂ ਤੇ ਦਾਬੇ ਖਿਲਾਫ਼ ਉਹਨਾਂ ਦੇ ਸੰਘਰਸ਼ ਵਿੱਚ ਉਹਨਾਂ ਦੇ ਨਾਲ ਨਾਲ ਖੜੇ ਹਾਂ। ਅਸੀਂ ਇਸ ਸੰਘਰਸ਼ ਵਿੱਚ ਪੱਛਮੀ ਯੂਰਪ ਦੇ ਦੇਸ਼ਾਂ ਦੀਆਂ ਇਕੱਠੇ ਹੋਣ ਦੀਆਂ ਕੋਸ਼ਿਸ਼ਾਂ ਦੀ ਹਮਾਇਤ ਕਰਦੇ ਹਾਂ। ਅਸੀਂ ਦੋਸਤਾਨਾ ਤੇ ਚੰਗੇ ਗੁਆਂਢੀਆਂ ਵਾਲ਼ੇ ਰਿਸ਼ਤਿਆਂ ਨੂੰ ਹੱਲਾਸ਼ੇਰੀ ਦੇਣ ਲਈ ਜਾਪਾਨ ਦੀ ਸਰਕਾਰ ਅਤੇ ਲੋਕਾਂ ਨਾਲ ਚੀਨ-ਜਾਪਾਨ ਦੇ ਸਾਂਝੇ ਬਿਆਨ ਦੇ ਅਧਾਰ ਉੱਤੇ ਮਿਲ ਕੇ ਕੰਮ ਕਰਨ ਲਈ ਤਿਆਰ ਹਾਂ।

ਚੀਨ ਅਤੇ ਅਮਰੀਕਾ ਵਿਚਾਲੇ ਬੁਨਿਆਦੀ ਮਤਭੇਦ ਹਨ। ਦੋਵਾਂ ਪਾਸਿਆਂ ਦੇ ਸਾਂਝੇ ਜਤਨਾਂ ਸਦਕਾ ਪਿਛਲੇ ਤਿੰਨ ਸਾਲਾਂ ਵਿੱਚ ਦੋਵਾਂ ਦੇਸ਼ਾਂ ਦੇ ਸਬੰਧ ਕੁਝ ਹੱਦ ਸੁਧਰੇ ਹਨ, ਅਤੇ ਦੋਵਾਂ ਦੇਸ਼ਾਂ ਦੇ ਲੋਕਾਂ ਦਰਮਿਆਨ ਸਬੰਧ ਵਿਕਸਤ ਹੋਏ ਹਨ। ਦੋਵਾਂ ਦੇਸ਼ਾਂ ਵਿਚਾਲੇ ਸਬੰਧ ਸੁਧਰਨਾ ਜਾਰੀ ਰਹਿਣਗੇ ਜਿੰਨਾ ਚਿਰ ਤੱਕ ਚੀਨ ਤੇ ਅਮਰੀਕਾ ਦੇ ਸ਼ੰਘਾਈ ਐਲਾਨਨਾਮੇ ਦੇ ਸਿਧਾਂਤਾਂ ਨੂੰ ਇਮਾਨਦਾਰੀ ਨਾਲ ਲਾਗੂ ਕੀਤਾ ਜਾਂਦਾ ਰਹੇਗਾ।

ਸੋਵੀਅਤ ਆਗੂ ਜੁੰਡਲੀ ਮਾਰਕਸਵਾਦ-ਲੈਨਿਨਵਾਦ ਨਾਲ ਗੱਦਾਰੀ ਕਰ ਚੁੱਕੀ ਹੈ, ਅਤੇ ਸਾਡੀ ਉਹਨਾਂ ਨਾਲ ਸਿਧਾਂਤਕ ਮਸਲਿਆਂ ਉੱਤੇ ਬਹਿਸ ਲੰਮਾ ਸਮਾਂ ਪਹਿਲਾਂ ਹੀ ਖਤਮ ਹੋ ਚੁੱਕੀ ਹੈ। ਪਰ ਅਸੀਂ ਹਮੇਸ਼ਾਂ ਇਹੀ ਪੱਖ ਰੱਖਿਆ ਹੈ ਕਿ ਇਹ ਬਹਿਸ ਚੀਨ ਤੇ ਸੋਵੀਅਤ ਯੂਨੀਅਨ ਵਿਚਾਲੇ ਆਮ ਸਫ਼ਾਰਤੀ ਸਬੰਧਾਂ ਨੂੰ ਬਣਾਈ ਰੱਖਣ ਵਿੱਚ ਅੜਿੱਕਾ ਨਹੀਂ ਬਣਨੀ ਚਾਹੀਦੀ। ਸੋਵੀਅਤ ਆਗੂਆਂ ਨੇ ਦੋਵਾਂ ਦੇਸ਼ਾਂ ਵਿਚਾਲੇ ਸਬੰਧਾਂ ਨੂੰ ਵਿਗਾੜਨ ਲਈ ਲਗਾਤਾਰ ਕਦਮ ਚੁੱਕੇ ਹਨ, ਸਾਡੇ ਦੇਸ਼ ਖਿਲਾਫ਼ ਸਾਬੋਤਾਜ ਦੀਆਂ ਕਾਰਵਾਈਆਂ ਨੂੰ ਅੰਜ਼ਾਮ ਦਿੱਤਾ ਹੈ ਅਤੇ ਇੱਥੋਂ ਤੱਕ ਕਿ ਸਰਹੱਦ ਉੱਤੇ ਹਥਿਆਰਬੰਦ ਟਕਰਾਅ ਭੜਕਾਏ ਹਨ। 1969 ਵਿੱਚ ਚੀਨ ਅਤੇ ਸੋਵੀਅਤ ਯੂਨੀਅਨ ਦੇ ਪ੍ਰਧਾਨਾਂ ਵਿਚਾਲੇ ਹੋਏ ਸਮਝੌਤੇ ਦੀ ਉਲੰਘਣਾ ਕਰਦੇ ਹੋਏ ਉਹਨਾਂ ਨੇ ਸਰਹੱਦ ਉੱਤੇ ਯਥਾਸਥਿਤੀ ਬਣਾਈ ਰੱਖਣ, ਹਥਿਆਰਬੰਦ ਝੜਪਾਂ ਨੂੰ ਰੋਕਣ ਤੇ ਝਗੜੇ ਵਾਲ਼ੇ ਇਲਾਕਿਆਂ ਵਿੱਚ ਦੋਵਾਂ ਦੇਸ਼ਾਂ ਦੀਆਂ ਹਥਿਆਰਬੰਦ ਫੌਜਾਂ ਦੀ ਲੜਾਈ ਨੂੰ ਖਤਮ ਕਰਨ ਦੇ ਸਮਝੌਤੇ, ਇੱਕ ਅਜਿਹੇ ਸਮਝੌਤੇ ਜਿਸ ਵਿੱਚ ਇੱਕ ਦੂਜੇ ਖਿਲਾਫ਼ ਤਾਕਤ ਦੀ ਵਰਤੋਂ ਦੀ ਕਰਨ ਦੀ ਮਨਾਹੀ ਤੇ ਇੱਕ-ਦੂਸਰੇ ਉੱਤੇ ਹਮਲਾ ਨਾ ਕਰਨਾ ਸ਼ਾਮਲ ਹੈ, ਉੱਤੇ ਦਸਤਖਤ ਕਰਨ ਤੋਂ ਨਾਂਹ ਕਰ ਦਿੱਤੀ ਹੈ। ਇਸ ਲਈ ਚੀਨ-ਸੋਵੀਅਤ ਸਰਹੱਦੀ ਸਵਾਲ ਉੱਤੇ ਚੱਲ ਰਹੀ ਗੱਲਬਾਤ ਦਾ ਅਜੇ ਕੋਈ ਵੀ ਸਾਰਥਿਕ ਸਿੱਟਾ ਨਹੀਂ ਨਿਕਲਿਆ ਹੈ। ਉਹ ਚੀਨ-ਸੋਵੀਅਤ ਸਰਹੱਦ ਉੱਤੇ ਝਗੜੇ ਵਾਲ਼ੇ ਇਲਾਕਿਆਂ ਦੀ ਹੋਂਦ ਮੰਨਣ ਤੋਂ ਹੀ ਇਨਕਾਰੀ ਹਨ, ਅਤੇ ਉਹ ਸਰਹੱਦ ਉੱਤੇ ਝਗੜੇ ਵਾਲ਼ੇ ਇਲਾਕਿਆਂ ਵਿੱਚ ਦੋਵਾਂ ਦੇਸ਼ਾਂ ਦੀਆਂ ਹਥਿਆਰਬੰਦ ਫੌਜਾਂ ਦੇ ਟਕਰਾਅ ਨੂੰ ਖਤਮ ਕਰਨ ਅਤੇ ਹਥਿਆਰਬੰਦ ਝੜਪਾਂ ਨੂੰ ਰੋਕਣ ਲਈ ਕੁਝ ਵੀ ਕਰਨ ਤੋਂ ਇਨਕਾਰੀ ਹਨ; ਇਸ ਦੀ ਥਾਂ ਉਹ ਦੋਵਾਂ ਦੇਸ਼ਾਂ ਵਿਚਾਲੇ ਇੱਕ ਦੂਜੇ ਖਿਲਾਫ਼ ਤਾਕਤ ਦੀ ਵਰਤੋਂ ਨਾ ਕਰਨ ਅਤੇ ਇੱਕ ਦੂਜੇ ਉੱਤੇ ਹਮਲਾ ਨਾ ਕਰਨ ਦੇ ਖੋਖਲੇ ਸਮਝੌਤਿਆਂ ਬਾਰੇ ਵਾਧੂ ਰੌਲਾ ਪਾਉਂਦੇ ਹਨ। ਸੋਵੀਅਤ ਲੋਕਾਂ ਅਤੇ ਸੰਸਾਰ ਦੀ ਰਾਇ ਨੂੰ ਗੁੰਮਰਾਹ ਕਰਨ ਤੋਂ ਬਿਨਾਂ ਇਸ ਵਿੱਚ ਉਹਨਾਂ ਦੀ ਹੋਰ ਕੀ ਮਨਸ਼ਾ ਹੋ ਸਕਦੀ ਹੈ? ਅਸੀਂ ਸੋਵੀਅਤ ਆਗੂਆਂ ਨੂੰ ਗੱਲਬਾਤ ਲਈ ਬੈਠਣ ਤੇ ਇਮਾਨਦਾਰੀ ਨਾਲ ਗੱਲਬਾਤ ਚਲਾਉਣ, ਸਮੱਸਿਆ ਨੂੰ ਕੁਝ ਹੱਦ ਤੱਕ ਹੱਲ ਕਰਨ ਕੁਝ ਕਰਨ ਅਤੇ ਧੋਖੇ ਭਰੀਆਂ ਚਾਲਾਂ ਖੇਡਣੀਆਂ ਬੰਦ ਕਰਨ ਦੀ ਸਲਾਹ ਦੇਣੀ ਚਾਹੁੰਦੇ ਹਾਂ।

ਚੇਅਰਮੈਨ ਮਾਓ ਸਾਨੂੰ ਸਿਖਾਉਂਦੇ ਹਨ, “ਸੁਰੰਗਾਂ ਡੂੰਘੀਆਂ ਖੋਦੋ, ਹਰ ਜਗ੍ਹਾ ਅਨਾਜ ਦੇ ਭੰਡਾਰ ਜਮ੍ਹਾ ਕਰੋ, ਅਤੇ ਕਦੇ ਵੀ ਚੌਧਰ ਦੀ ਭੁੱਖ ਨਾ ਰੱਖੋ।” “ਜੰਗ ਖਿਲਾਫ਼ ਤਿਆਰੀ ਰੱਖੋ, ਕੁਦਰਤੀ ਆਫਤਾਂ ਖਿਲਾਫ਼ ਤਿਆਰ ਰਹੋ, ਅਤੇ ਸਭ ਕੁਝ ਲੋਕਾਂ ਲਈ ਕਰੋ।” ਸਾਨੂੰ ਚੌਕਸੀ ਬਣਾਈ ਰੱਖਣੀ ਚਾਹੀਦੀ ਹੈ, ਆਪਣੀ ਸੁਰੱਖਿਆ ਨੂੰ ਮਜਬੂਤ ਰੱਖਣਾ ਅਤੇ ਜੰਗ ਖਿਲਾਫ਼ ਤਿਆਰ ਰਹਿਣਾ ਚਾਹੀਦਾ ਹੈ। ਬਹਾਦਰ ਲੋਕ ਮੁਕਤੀ ਫ਼ੌਜ ਮਾਤਭੂਮੀ ਦੀ ਰੱਖਿਆ ਦੇ ਬੇਮਿਸਾਲ ਕਾਰਜ ਦਾ ਭਾਰ ਚੁੱਕਦੀ ਹੈ। ਸਮੁੱਚੀ ਫ਼ੌਜ ਨੂੰ ਮਜਬੂਤ ਫ਼ੌਜ ਖੜੀ ਕਰਨ ਅਤੇ ਜੰਗ ਖਿਲਾਫ਼ ਤਿਆਰੀ ਰੱਖਣ ਦੀ ਚੇਅਰਮੈਨ ਮਾਓ ਦੀ ਫ਼ੌਜੀ ਲੀਹ ਨੂੰ ਲਾਗੂ ਕਰਨਾ ਚਾਹੀਦਾ ਹੈ। ਸਾਨੂੰ ਪੂਰੀ ਸੂਝ-ਬੂਝ ਨਾਲ ਲੋਕ ਮਿਲਸ਼ੀਆ ਕਾਇਮ ਕਰਨੇ ਤੇ ਮਜਬੂਤ ਕਰਨੇ ਚਾਹੀਦੇ ਹਨ। ਸਾਡੀਆਂ ਸਾਰੀਆਂ ਕੌਮੀਅਤਾਂ ਦੇ ਲੋਕਾਂ ਨਾਲ ਮਿਲ ਕੇ ਲੋਕ ਮੁਕਤੀ ਫ਼ੌਜ ਅਤੇ ਲੋਕ ਮਿਲਸ਼ੀਆ ਨੂੰ ਕਿਸੇ ਵੀ ਦੁਸ਼ਮਣ ਜਿਹੜਾ ਹਮਲਾ ਕਰਨ ਦੀ ਗਲਤੀ ਕਰੇ, ਦਾ ਸਫ਼ਾਇਆ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।

ਅਸੀਂ ਤਾਇਵਾਨ ਨੂੰ ਮੁਕਤ ਕਰਵਾਉਣ ਲਈ ਵਚਨਬੱਧ ਹਾਂ! ਤਾਇਵਾਨ ਵਿੱਚ ਸਾਡੇ ਹਮਵਤਨ ਤੇ ਸਮੁੱਚੇ ਦੇਸ਼ ਦੇ ਲੋਕਾਂ ਨੂੰ ਇੱਕ ਹੋ ਕੇ ਤਾਇਵਾਨ ਨੂੰ ਮੁਕਤ ਕਰਵਾਉਣ ਤੇ ਮਾਤਭੂਮੀ ਨੂੰ ਇੱਕ ਕਰਨ ਦੇ ਮਹਾਨ ਉਦੇਸ਼ ਲਈ ਕੰਮ ਕਰਨਾ ਚਾਹੀਦਾ ਹੈ।

ਸਾਥੀਓ!

ਫ਼ਿਲਹਾਲ ਜੋ ਸ਼ਾਨਦਾਰ ਘਰੇਲੂ ਤੇ ਕੌਮਾਂਤਰੀ ਸਥਿਤੀ ਬਣੀ ਹੋਈ ਹੈ, ਉਸ ਵਿੱਚ ਸਾਨੂੰ ਚੀਨ ਦੇ ਸਾਰੇ ਮਾਮਲਿਆਂ ਨੂੰ ਚੰਗੀ ਤਰ੍ਹਾਂ ਨਾਲ ਨਜਿੱਠਣਾ ਚਾਹੀਦਾ ਹੈ ਅਤੇ ਮਨੁੱਖਤਾ ਲਈ ਇੱਕ ਵਡੇਰਾ ਯੋਗਦਾਨ ਪਾਉਣ ਲਈ ਅੱਗੇ ਵਧਣਾ ਚਾਹੀਦਾ ਹੈ।

ਸਾਨੂੰ ਚੇਅਰਮੈਨ ਮਾਓ ਦੀਆਂ ਸਿੱਖਿਆਵਾਂ ਨੂੰ ਚੰਗੀ ਤਰ੍ਹਾਂ ਦਿਮਾਗ ਵਿੱਚ ਬਿਠਾਉਣਾ ਤੇ ਸਾਰੇ ਮਸਲਿਆਂ ਦੀ ਠੋਸ ਸਮਝ ਬਣਾਉਣੀ ਚਾਹੀਦੀ ਹੈ, ਲੀਹ ਨੂੰ ਫੜਨਾ ਚਾਹੀਦਾ ਹੈ, ਅਤੇ “ਮਾਰਕਸਵਾਦ ਲਾਗੂ ਕਰੋ, ਸੋਧਵਾਦ ਨਹੀਂ; ਏਕਤਾ ਬਣਾਓ ਫੁੱਟ ਨਾ ਪਾਓ; ਸਾਫ਼ਦਿਲ ਤੇ ਇਮਾਨਦਾਰ ਬਣੋ, ਅਤੇ ਭੜਕਾਹਟ ਤੇ ਸਾਜਿਸ਼ ਨਾ ਕਰੋ” ਦੇ ਬੁਨਿਆਦੀ ਸਿਧਾਂਤਾਂ ਨੂੰ ਅਪਣਾਈ ਰੱਖਣਾ ਚਾਹੀਦਾ ਹੈ।

ਸਾਨੂੰ ਪਾਰਟੀ ਦੀ ਕੇਂਦਰੀਕ੍ਰਿਤ ਅਗਵਾਈ ਦੀ ਪੁਰਜ਼ੋਰ ਹਮਾਇਤ ਕਰਨੀ ਚਾਹੀਦੀ ਹੈ। “ਸਨਅਤ, ਖੇਤੀ, ਵਪਾਰ, ਸੱਭਿਆਚਾਰ ਤੇ ਸਿੱਖਿਆ, ਫ਼ੌਜ, ਸਰਕਾਰ ਤੇ ਪਾਰਟੀ – ਇਹਨਾਂ ਸੱਤ ਖੇਤਰਾਂ ਵਿੱਚੋਂ ਪਾਰਟੀ ਹੈ ਜਿਹੜੀ ਆਗੂ ਭੂਮਿਕਾ ਵਿੱਚ ਹੁੰਦੀ ਹੈ।” ਸਾਨੂੰ ਸਾਰੇ ਖੇਤਰਾਂ ਦੇ ਕੰਮਾਂ ਨੂੰ ਵੱਖ-ਵੱਖ ਪੱਧਰਾਂ ਦੀਆਂ ਪਾਰਟੀ ਕਮੇਟੀਆਂ ਦੀ ਏਕਤਾਬੱਧ ਅਗਵਾਈ ਅਧੀਨ ਰੱਖਣਾ ਚਾਹੀਦਾ ਹੈ।

ਸਾਨੂੰ ਜ਼ਾਬਤਾ ਰੱਖਣ ਦੀ ਸ਼ਾਨਦਾਰ ਰਵਾਇਤ ਨੂੰ ਅੱਗੇ ਵਧਾਉਣਾ ਚਾਹੀਦਾ ਹੈ, ਜਮਹੂਰੀ ਕੇਂਦਰਵਾਦ ਨੂੰ ਪੂਰੇ ਜ਼ੋਰ ਨਾਲ ਲਾਗੂ ਕਰਨਾ ਚਾਹੀਦਾ ਹੈ, ਅਤੇ ਚੇਅਰਮੈਨ ਮਾਓ ਦੀ ਇਨਕਲਾਬੀ ਲੀਹ ਉੱਤੇ ਚੱਲਦੇ ਹੋਏ “ਸੋਚ, ਨੀਤੀ, ਯੋਜਨਾ, ਅਗਵਾਈ ਤੇ ਐਕਸ਼ਨ” ਵਿੱਚ ਏਕਤਾ ਕਾਇਮ ਕਰਨੀ ਚਾਹੀਦੀ ਹੈ।

ਸਾਨੂੰ “ਲੋਕਾਂ ਤੋਂ, ਲੋਕਾਂ ਵੱਲ” ਦੀ ਜਨਤਕ ਲੀਹ ਉੱਤੇ ਚੱਲਦੇ ਰਹਿਣਾ ਹੋਵੇਗਾ; ਸਾਨੂੰ ਲੋਕਾਈ ਦੀ ਵਿਸ਼ਾਲ ਬਹੁਗਿਣਤੀ ਵਿੱਚ ਅਟੁੱਟ ਯਕੀਨ ਰੱਖਣਾ ਚਾਹੀਦਾ ਹੈ ਤੇ ਉਹਨਾਂ ਵਿੱਚ ਅਡਿੱਗ ਭਰੋਸਾ ਰੱਖਣੀ ਚਾਹੀਦੀ ਹੈ। ਇਨਕਲਾਬ ਅਤੇ ਉਸਾਰੀ, ਦੋਵਾਂ ਵਿੱਚ ਸਾਨੂੰ ਜੁਅਰਤ ਨਾਲ ਲੋਕਾਂ ਨੂੰ ਜਗਾਉਣਾ ਚਾਹੀਦਾ ਹੈ ਅਤੇ ਵੱਡੀਆਂ ਲੋਕ ਲਹਿਰਾਂ ਖੜੀਆਂ ਕਰਨੀਆਂ ਚਾਹੀਦੀਆਂ ਹਨ।

ਸਾਨੂੰ ਸਖ਼ਤ ਮਿਹਨਤ ਕਰਨੀ, ਦੇਸ਼ ਦੀ ਉਸਾਰੀ ਕਰਨੀ ਚਾਹੀਦੀ ਹੈ ਅਤੇ ਸਾਰੇ ਕੰਮਾਂ ਨੂੰ ਚੁਸਤੀ ਤੇ ਸੂਝਬੂਝ ਨਾਲ ਕਰਨਾ ਚਾਹੀਦਾ ਹੈ। “ਸਾਨੂੰ ਇਨਕਲਾਬੀ ਜੰਗ ਦੇ ਸਾਲਾਂ ਦੀ ਉਹੀ ਊਰਜਾ, ਉਹੀ ਇਨਕਲਾਬੀ ਜੋਸ਼ ਅਤੇ ਮੌਤ ਨੂੰ ਚੁਣੌਤੀ ਦੇਣ ਵਾਲ਼ੀ ਉਹੀ ਸਪਿਰਟ ਬਣਾਈ ਰੱਖਣੀ ਚਾਹੀਦੀ ਹੈ, ਅਤੇ ਆਪਣੇ ਇਨਕਲਾਬੀ ਕਾਰਜ ਨੂੰ ਅਖ਼ੀਰ ਤੱਕ ਲੈ ਕੇ ਜਾਣਾ ਚਾਹੀਦਾ ਹੈ।”

ਸਾਨੂੰ ਪ੍ਰੋਲੇਤਾਰੀ ਕੌਮਾਂਤਰੀਵਾਦ ਨੂੰ ਬੁਲੰਦ ਰੱਖਣਾ ਚਾਹੀਦਾ ਹੈ, ਅਤੇ “ਮਹਾਂਸ਼ਕਤੀ ਦੇ ਸ਼ਾਵਨਵਾਦ ਤੋਂ ਹਰ ਹਾਲ, ਪੂਰੀ ਤਰ੍ਹਾਂ ਨਾਲ ਤੇ ਡੂੰਘਾਈ ਵਿੱਚ ਖਹਿੜਾ ਛੁਡਾਉਣਾ ਚਾਹੀਦਾ ਹੈ।” ਸਾਨੂੰ ਕਦੇ ਵੀ ਚੌਧਰ ਦੀ ਭੁੱਖ ਨਹੀਂ ਰੱਖਣੀ ਚਾਹੀਦੀ; ਕਦੇ ਵੀ ਮਹਾਂਸ਼ਕਤੀ ਨਹੀਂ ਬਣਨਾ ਚਾਹੀਦਾ; ਅਸੀਂ ਹਮੇਸ਼ਾਂ ਦੁਨੀਆਂ ਦੇ ਦੱਬੇ-ਕੁਚਲੇ ਲੋਕਾਂ ਤੇ ਦੇਸ਼ਾਂ ਨਾਲ ਖੜਾਂਗੇ।

ਚੇਅਰਮੈਨ ਮਾਓ ਦੀ ਪ੍ਰਧਾਨਗੀ ਵਾਲੀ ਪਾਰਟੀ ਦੀ ਕੇਂਦਰੀ ਕਮੇਟੀ ਦੀ ਅਗਵਾਈ ਵਿੱਚ, ਚੀਨੀ ਲੋਕਾਂ ਨੇ ਪੂਰੀ ਊਰਜਾ ਨਾਲ ਕੰਮ ਕੀਤਾ ਹੈ, ਸਾਰੀਆਂ ਔਖਿਆਈਆਂ ਤੇ ਔਕੜਾਂ ਨੂੰ ਸਰ ਕੀਤਾ ਹੈ ਅਤੇ ਸਿਰਫ਼ ਵੀਹ ਸਾਲਾਂ ਤੋਂ ਕੁਝ ਕੁ ਵੱਧ ਸਮੇਂ ਵਿੱਚ ਹੀ ਇੱਕ ਗਰੀਬੀ ਮਾਰੇ ਤੇ ਪਛੜੇ ਦੇਸ਼ ਨੂੰ ਇੱਕ ਸਮਾਜਵਾਦੀ ਦੇਸ਼ ਵਿੱਚ ਬਦਲ ਦਿੱਤਾ ਹੈ ਜਿਸ ਵਿੱਚ ਖੁਸ਼ਹਾਲੀ ਆਉਣ ਲੱਗੀ ਹੈ। ਅਸੀਂ ਯਕੀਨੀ ਤੌਰ ‘ਤੇ ਇਸ ਸਦੀ ਦੇ ਖਤਮ ਤੋਂ ਪਹਿਲਾਂ-ਪਹਿਲਾਂ ਆਉਣ ਵਾਲੇ 20 ਸਾਲਾਂ ਅੰਦਰ ਚੀਨ ਨੂੰ ਇੱਕ ਆਧੁਨਿਕ ਸਮਾਜਵਾਦੀ ਦੇਸ਼ ਵਿੱਚ ਵਿਕਸਤ ਕਰ ਸਕਦੇ ਹਾਂ। ਸਾਨੂੰ ਸਖ਼ਤ ਮਿਹਨਤ ਕਰਨੀ, ਪ੍ਰਾਪਤੀਆਂ ਨੂੰ ਜਾਰੀ ਰੱਖਣਾ ਤੇ ਆਪਣੀਆਂ ਘਾਟਾਂ ਉੱਤੇ ਕਾਬੂ ਪਾਉਣਾ ਜਾਰੀ ਰੱਖਣਾ ਚਾਹੀਦਾ ਹੈ; ਸਾਦਾ ਤੇ ਸੰਜਮੀ ਬਣਨਾ ਚਾਹੀਦਾ ਹੈ, ਹੈਂਕੜਬਾਜ਼ ਤੇ ਧੱਕੜਬਾਜ਼ ਬਣਨ ਤੋਂ ਬਚਣਾ ਚਾਹੀਦਾ ਹੈ, ਅਤੇ ਆਪਣੇ ਜੇਤੂ ਮਾਰਚ ਨੂੰ ਜਾਰੀ ਰੱਖਣਾ ਚਾਹੀਦਾ ਹੈ। ਚੇਅਰਮੈਨ ਮਾਓ ਦੀ ਇਨਕਲਾਬੀ ਲੀਹ ਦੀ ਅਗਵਾਈ ਥੱਲੇ ਆਓ ਅਸੀਂ “ਹੋਰ ਮਹਾਨ ਜਿੱਤਾਂ ਹਾਸਲ ਕਰਨ ਲਈ ਇੱਕਮੁੱਠ ਹੋ ਜਾਈਏ!”

ਸ੍ਰੋਤ: ਚੀਨ ਦੇ ਲੋਕ ਗਣਰਾਜ ਦੀ ਚੌਥੀ ਕੌਮੀ ਕਾਂਗਰਸ ਦੇ ਪਹਿਲੇ ਸੈਸ਼ਨ ਦੇ ਦਸਤਾਵੇਜ਼, ਵਿਦੇਸ਼ੀ ਭਾਸ਼ਾ ਪ੍ਰੈਸ, ਪੀਕਿੰਗ, 1975।

“ਪਰ੍ਤੀਬੱਧ”, ਅੰਕ 26, ਜਨਵਰੀ 2016 ਵਿਚ ਪਰ੍ਕਾਸ਼ਿ

ਇਸ਼ਤਿਹਾਰ