ਸੰਕਟਗ੍ਰਸਤ ਸੰਸਾਰ ਸਰਮਾਏਦਾਰੀ ਢਾਂਚਾ ਅਤੇ ਇਸ ਦੇ ਬਦਲ ਦੀਆਂ ਚੁਣੌਤੀਆਂ, ਸਮੱਸਿਆਵਾਂ ਅਤੇ ਸੰਭਾਵਨਾਵਾਂ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਅੱਜ ਸੰਸਾਰ ਸਰਮਾਏਦਾਰੀ ਢਾਂਚਾ ਭਿਆਨਕ ਸੰਕਟ ਦਾ ਸ਼ਿਕਾਰ ਹੈ। 2007 ਦੇ ਅਮਰੀਕੀ ਸਬਪ੍ਰਾਈਮ ਸੰਕਟ ਤੋਂ ਸ਼ੁਰੂ ਹੋਏ ਇਸ ਸੰਕਟ ‘ਚੋਂ ਨਿਕਲਣ ਦਾ ਸੰਸਾਰ ਸਰਮਾਏਦਾਰੀ ਨੂੰ ਕੋਈ ਉਪਾਅ ਨਜ਼ਰ ਨਹੀਂ ਆ ਰਿਹਾ। ਇਸ ਦੀਆਂ ਖੈਰ ਖਵਾਹ ਏਜੰਸੀਆਂ ਅਤੇ ਇਸ ਦੇ ਭਾਂਤੇ-ਸੁਭਾਂਤੇ ਬੌਧਿਕ ਚਾਕਰਾਂ ਦੀਆਂ ਵਰਤਮਾਨ ਸੰਕਟ ਦੇ ਨਿਦਾਨ ਦੀਆਂ ਭਾਂਤ-ਸੁਭਾਂਤੀਆਂ ਬੌਧਿਕ ਕਸਰਤਾਂ ਕਾਰਗਰ ਸਿੱਧ ਨਹੀਂ ਹੋ ਰਹੀਆਂ। ਅਮਰੀਕਾ ਅਤੇ ਯੂਰਪ ਦੇ ਵਿਕਸਿਤ ਸਰਮਾਏਦਾਰ ਦੇਸ਼ਾਂ ਤੋਂ 2007 ਵਿੱਚ ਸ਼ੁਰੂ ਹੋਇਆ ਸੰਕਟ ਹੁਣ ਸੰਸਾਰ ਵਿਆਪੀ ਰੂਪ ਅਖਤਿਆਰ ਕਰਦਾ ਜਾ ਰਿਹਾ ਹੈ। ਬਰਿੱਕਸ (ਬ੍ਰਾਜੀਲ, ਰੂਸ, ਚੀਨ, ਭਾਰਤ ਅਤੇ ਦੱਖਣੀ ਅਫਰੀਕਾ) ਦੇਸ਼ ਜਾਂ ਅਖੌਤੀ ਉੱਭਰ ਰਹੇ ਅਰਥਚਾਰੇ ਹੁਣ ਤੱਕ ਇਸ ਸੰਕਟ ਤੋਂ ਬਚੇ ਹੋਏ ਸਨ। ਇਨ੍ਹਾਂ ਦੇਸ਼ਾਂ ਦੀ ਉੱਚੀ ਆਰਥਿਕ ਵਿਕਾਸ ਦਰ ਵਿਕਸਿਤ ਸਰਮਾਏਦਾਰ ਦੇਸ਼ਾਂ ਨੂੰ ਵੀ ਸੰਕਟ ਤੋਂ ਇੱਕ ਹੱਦ ਤੱਕ ਰਾਹਤ ਦੇਣ ਦਾ ਕੰਮ ਕਰ ਰਹੀ ਸੀ। ਪਰ ਹੁਣ ਇਹ ਦੇਸ਼ ਵੀ ਇਸ ਸੰਕਟ ਨੇ ਨਾਗ-ਵਲ਼ ਵਿੱਚ ਫਸ ਰਹੇ ਹਨ। ਦੁਨੀਆਂ ਦੇ ਸਭ ਤੋਂ ਤੇਜ਼ ਆਰਥਿਕ ਵਿਕਾਸ ਵਾਲ਼ੇ ਦੇਸ਼ ਚੀਨ ਅਤੇ ਇਸ ਮਾਮਲੇ ‘ਤੇ ਦੂਜੇ ਨੰਬਰ ਭਾਰਤ ਦੀ ਆਰਥਿਕ ਵਿਕਾਸ ਦਰ ਹੇਠਾਂ ਆ ਰਹੀ ਹੈ। ਇਨ੍ਹਾਂ ਦੇਸ਼ਾਂ ਦੀ ਆਰਥਿਕ ਸੁਸਤੀ ਦਾ ਮੁੱਖ ਕਾਰਨ ਵਿਕਸਿਤ ਸਰਮਾਏਦਾਰ ਦੇਸ਼ਾਂ ਦਾ ਆਰਥਿਕ ਸੰਕਟ ਜਿਨ੍ਹਾਂ ਉੱਪਰ ਇਹ ਦੇਸ਼ ਆਪਣੀਆਂ ਬਰਾਮਦਾਂ ਲਈ ਨਿਰਭਰ ਹਨ ਅਤੇ ਮੋੜਵੇਂ ਰੂਪ ਵਿੱਚ ਭਾਰਤ, ਚੀਨ ਅਤੇ ਜੇਹੇ ਦੇਸ਼ਾਂ ਦੀ ਆਰਥਿਕ ਮੰਦੀ, ਸੰਸਾਰ ਆਰਥਿਕ ਸੰਕਟ ਨੂੰ ਹੋਰ ਡੂੰਘਾ ਕਰੇਗੀ।

ਦੂਜੀ ਸੰਸਾਰ ਜੰਗ ਦੌਰਾਨ ਹੋਈ ਪੈਦਾਵਾਰੀ ਤਾਕਤਾਂ ਦੀ ਤਬਾਹੀ ਨੇ ਵਿਕਸਿਤ ਸਰਮਾਏਦਾਰ ਦੇਸ਼ਾਂ ਵਿੱਚ ਸਰਮਾਏ ਨੂੰ ਨਵਾਂ ਜੀਵਨ ਦਾਨ ਦਿੱਤਾ ਸੀ। ਦੂਜੀ ਸੰਸਾਰ ਜੰਗ ਤੋਂ ਬਾਅਦ ਇਨ੍ਹਾਂ ਦੇਸ਼ਾਂ ਨੇ ਬਹੁਤ ਤੇਜ਼ੀ ਨਾਲ਼ ਤਰੱਕੀ ਕੀਤੀ। ਇਨ੍ਹਾਂ ਦੇਸ਼ਾਂ ਵਿੱਚ ਮਜ਼ਦੂਰਾਂ ਦਾ ਜੀਵਨ ਪੱਧਰ ਵੀ ਕਾਫੀ ਉੱਚਾ ਹੋਇਆ ਸੀ। ਵਿਕਸਿਤ ਸਰਮਾਏਦਾਰ ਦੇਸ਼ਾਂ ਦੇ 1948-73 ਦੇ ਦੌਰ ਨੂੰ ਸਰਮਾਏ ਦੇ ‘ਸੁਨਹਿਰੀ ਯੁੱਗ’ ਦਾ ਨਾਂ ਦਿੱਤਾ ਗਿਆ ਸੀ। ਪਰ 1970 ਦਾ ਦਹਾਕਾ ਆਉਂਦੇ ਆਉਂਦੇ ਇਨ੍ਹਾਂ ਦੇਸ਼ਾਂ ਵਿੱਚ ਸਰਮਾਇਆ ਨਿਵੇਸ਼ ਦੀਆਂ ਸੰਭਾਵਨਾਵਾਂ ਸੰਤ੍ਰਿਪਤ ਹੁੰਦੀਆਂ ਗਈਆਂ। ਅਤੇ 1980ਵਿਆਂ ਤੋਂ ਨਵਉਦਾਰਵਾਦ ਦੀ ਸੰਸਾਰ ਵਿਆਪੀ ਹਨ੍ਹੇਰੀ ਝੁੱਲਣ ਲੱਗੀ। ਹੁਣ ਵਿਕਸਿਤ ਸਰਮਾਏਦਾਰ ਦੇਸ਼ਾਂ (ਖਾਸ ਤੌਰ ‘ਤੇ ਸਾਮਰਾਜਵਾਦੀ ਦੇਸ਼ਾਂ) ਦੇ ਸਰਮਾਏ ਨੇ ਆਪਣਾ ਰੁਖ ਪੱਛੜੇ ਸਰਮਾਏਦਾਰਾ ਦੇਸ਼ਾਂ ਵੱਲ ਕੀਤਾ, ਜਿੱਥੇ ਪਹਿਲਾਂ ਹੀ ਦੂਜੀ ਸੰਸਾਰ ਜੰਗ ਤੋਂ ਬਾਅਦ ਦੇ ਅਰਸੇ ‘ਚ ਕਾਫ਼ੀ ਹੱਦ ਤੱਕ ਸਰਮਾਏਦਾਰੀ ਵਿਕਾਸ ਹੋ ਚੁੱਕਾ ਸੀ। ਸਾਮਰਾਜਵਾਦੀ ਦੇਸ਼ਾਂ ਤੋਂ ਵੱਡੀ ਪੱਧਰ ‘ਤੇ ਸਨਅਤ ਪੱਛੜੇ ਸਰਮਾਏਦਾਰ ਦੇਸ਼ਾਂ ਵਿੱਚ ਸਥਾਨਾਂਤਰਿਤ ਹੋਣ ਲੱਗੀ। ਪਹਿਲਾਂ ਲਾਤਿਨੀ ਅਮਰੀਕੀ ਦੇਸ਼, ਦੱਖਣ ਪੂਰਬ ਏਸ਼ੀਆਈ ਦੇਸ਼, ਫਿਰ ਚੀਨ ਅਤੇ ਭਾਰਤ ਆਦਿ ਸਾਮਰਾਜਵਾਦੀ ਦੇਸ਼ਾਂ ਦੀ ਸਨਅਤੀ ਵਰਕਸ਼ਾਪਾਂ ‘ਚ ਤਬਦੀਲ ਹੁੰਦੇ ਗਏ।

ਦੂਜੀ ਸੰਸਾਰ ਜੰਗ ਤੋਂ ਬਾਅਦ ਵਿਕਸਿਤ ਸਰਮਾਏਦਾਰ ਦੇਸ਼ਾਂ ਵਿੱਚ ਖੁਸ਼ਹਾਲੀ ਆਈ, ਇਨ੍ਹਾਂ ਦੇਸ਼ਾਂ ਦਰਮਿਆਨ ਜਮਾਤੀ ਵਿਰੋਧਤਾਈਆਂ ਖੁੰਢੀਆਂ ਹੋਈਆਂ ਅਤੇ ਬਾਅਦ ਦੇ ਸਮੇਂ (1970ਵਿਆਂ ਤੋਂ) ‘ਚ ਇਨ੍ਹਾਂ ਦੇਸ਼ਾਂ ਵਿੱਚ ਲਗਾਤਾਰ ਅਸਨਅਤੀਕਰਨ ਹੁੰਦਾ ਗਿਆ। ਇਸ ਸਤਹੀ, ਵਕਤੀ ਹਕੀਕਤ ‘ਚ ਕਈ ਵਿਦਵਾਨਾਂ ਨੇ ਐਲਾਨ ਕਰ ਮਾਰਿਆ ਕਿ ਹੁਣ ਸਮਾਜ ‘ਉੱਤਰ-ਆਧੁਨਿਕ’, ‘ਉੱਤਰ-ਸਨਅਤੀ’ ਦੌਰ ਵਿੱਚ ਦਾਖਲ ਹੋ ਗਿਆ ਹੈ। ਜਿੱਥੇ ਨਾ ਤਾਂ ਹੁਣ ਜਮਾਤਾਂ ਹੀ ਰਹਿ ਗਈਆਂ ਹਨ ਅਤੇ ਨਾ ਹੀ ਕੋਈ ਜਮਾਤੀ ਸੰਘਰਸ਼। ਉਨ੍ਹਾਂ ਐਲਾਨ ਕੀਤਾ ਕਿ ਮਾਰਕਸਵਾਦ ਕਿਉਂਕਿ ਸਨਅਤੀ ਯੁੱਗ, ਆਧੁਨਿਕ ਯੁੱਗ ਦਾ ਸਿਧਾਂਤ ਸੀ ਅਤੇ ਹੁਣ ਯੁੱਗ ਬਦਲਣ ਕਾਰਨ, ਇਹ ਸਿਧਾਂਤ ਅਪ੍ਰਸੰਗਕ ਹੋ ਗਿਆ ਹੈ, ਅਤੇ ‘ਮਾਰਕਸਵਾਦ ਦੀ ਮੌਤ ਹੋ ਚੁੱਕੀ ਹੈ’।

ਪਰ ਸੰਸਾਰ ਸਰਮਾਏਦਾਰੀ ਦਾ ਵਰਤਮਾਨ ਸੰਕਟ ਅਤੇ ਇਸ ਵਿਰੁੱਧ ਥਾਂ ਥਾਂ ਹੋ ਰਹੇ ਕਿਰਤੀ ਲੋਕਾਂ ਦੇ ਵਿਦਰੋਹ ਦਿਖਾਉਂਦੇ ਹਨ ਕਿ ਸਰਮਾਏਦਾਰੀ ਪ੍ਰਬੰਧ ਨਾ ਤਾਂ ਸੰਕਟਾਂ ਤੋਂ ਹੀ ਮੁਕਤ ਹੈ ਅਤੇ ਨਾ ਹੀ ਜਮਾਤੀ ਸੰਘਰਸ਼ ਤੋਂ। ਬਿਨਾਂ ਸ਼ੱਕ ਸੰਸਾਰ ਸਰਮਾਏਦਾਰੀ ਦੀ ਕਾਰਜ ਪ੍ਰਣਾਲੀ ਵਿੱਚ ਕਈ ਮਹੱਤਵਪੂਰਨ ਬਦਲਾਅ ਆਏ ਹਨ (ਖਾਸ ਕਰਕੇ ਦੂਜੀ ਸੰਸਾਰ ਜੰਗ ਤੋਂ ਬਾਅਦ)। ਅਤੇ ਇਨ੍ਹਾਂ ਬਦਲਾਵਾਂ ਤੋਂ ਕੋਈ ਕਠਮੁੱਲਾ ਹੀ ਇਨਕਾਰੀ ਹੋ ਸਕਦਾ ਹੈ। ਬਦਕਿਸਮਤੀ ਨੂੰ ਸੰਸਾਰ ਕਮਿਊਨਿਸਟ ਲਹਿਰ ਵਿੱਚ ਅਜੇਹੇ ਕਠਮੁੱਲਿਆਂ ਦੀ ਸੰਖਿਆ ਕਾਫ਼ੀ ਹੈ। ਦੂਜੀ ਸੰਸਾਰ ਜੰਗ ਤੋਂ ਬਾਅਦ ਸੰਸਾਰ ਸਰਮਾਏਦਾਰੀ ਦੀ ਕਾਰਜ ਪ੍ਰਣਾਲੀ ਵਿੱਚ ਆਏ ਬਦਲਾਅ ਇੱਕ ਵੱਖਰੀ ਵਿਸਥਾਰੀ ਚਰਚਾ ਦਾ ਵਿਸ਼ਾ ਹੈ। ਇੱਥੇ ਏਨਾ ਹੀ ਕਿਹਾ ਜਾ ਸਕਦਾ ਹੈ ਕਿ ਇਹ ਬਦਲਾਅ ਸਰਮਾਏਦਾਰੀ ਦੇ ਰੂਪਕ ਪੱਖ ਦੇ ਬਦਲਾਅ ਹਨ, ਸਰਮਾਏਦਾਰੀ ਪ੍ਰਬੰਧ ਦਾ ਤੱਤ ਨਹੀਂ ਬਦਲਿਆ।

ਸੰਸਾਰ ਸਰਮਾਏਦਾਰੀ ਦੇ ਵਰਤਮਾਨ ਡੂੰਘੇ ਸੰਕਟ ਦੇ ਸਮੇਂ ਦੂਜੀ ਸੰਸਾਰ ਜੰਗ ਤੋਂ ਬਾਅਦ ਪੈਦਾ ਹੋਏ ਭਾਂਤ-ਸੁਭਾਂਤੇ ‘ਉੱਤਰ-ਆਧੁਨਿਕ’, ‘ਉੱਤਰ-ਸਨਅਤੀ’ ਅਤੇ ‘ਉੱਤਰ-ਮਾਰਕਸਵਾਦੀ’ ਯੁੱਗ ਦੇ ਸਿਧਾਂਤਕਾਰ ਚੁੱਪ ਹਨ। ਦਰਅਸਲ ਇਹ ਸਿਧਾਂਤ ਦੂਜੀ ਸੰਸਾਰ ਜੰਗ ਤੋਂ ਬਾਅਦ ਸਰਮਾਏਦਾਰੀ ਦੀ ਕਾਰਜ ਪ੍ਰਣਾਲੀ ਵਿੱਚ ਆਏ ਬਦਲਾਵਾਂ ਦੇ ਇੱਕ ਖਾਸ ਦੌਰ ਦੀ ਪੈਦਾਵਾਰ ਸਨ ਅਤੇ ਹੁਣ ਇਨ੍ਹਾਂ ਸਿਧਾਂਤਾਂ ਦੇ ਪਦਾਰਥਕ ਅਧਾਰ ਦੇ ਖਤਮ ਹੋਣ ਨਾਲ਼ ਇਹ ਸਿਧਾਂਤ ਵੀ ਮਰ ਗਏ ਹਨ ਜਾਂ ਮਰ ਰਹੇ ਹਨ। ਹਰ ਚੀਜ਼ ਵਾਂਗ ਭਾਰਤ ਵਿੱਚ ਪੱਛਮ ਦੀ ਜੂਠ ਵਜੋਂ ਇਹ ‘ਉੱਤਰ’ ਸਿਧਾਂਤ ਵੀ ਦੇਰ ਨਾਲ਼ ਹੀ ਪਹੁੰਚੇ ਸਨ। 1990ਵਿਆਂ ਵਿੱਚ ਭਾਰਤ ਦੇ ਅਕਾਦਮਿਕ ਹਲਕਿਆਂ ਵਿੱਚ ਇਨ੍ਹਾਂ ਸਿਧਾਂਤਾਂ ਦਾ ਖੂਬ ਬੋਲਬਾਲਾ ਸੀ। ਜਦੋਂ ਪੱਛਮੀ ਦੇਸ਼ 1970ਵਿਆਂ ਦੇ ਅੱਧ ਤੋਂ ਸੰਕਟਗ੍ਰਸਟ ਹੋਣ ਲੱਗੇ ਤਾਂ ਇਨ੍ਹਾਂ ਸਿਧਾਂਤਾਂ ਦੀ ਵੀ ਫੂਕ ਨਿਕਲਣ ਲੱਗੀ। ਉੱਥੇ ਆਪਣੀ ਹਰ ‘ਸਾਰਥਕਤਾ’ ਗਵਾ ਲੈਣ ਤੋਂ ਬਾਅਦ ਇਹ ਸਿਧਾਂਤਕ ਜੂਠ ਦਿੱਲੀ ਦੇ ਬੁੱਧੀਜੀਵੀਆਂ ਕੋਲ਼ ਪਹੁੰਚ ਗਈ। ਦਿੱਲੀ ਦੇ ‘ਵਿਦਵਾਨਾਂ’ ਨੇ ਇਸ ਜੂਠ ਨੂੰ ਜਦੋਂ ਚੱਬ ਚਿੱਥ ਕੇ ਥੁੱਕ ਦਿੱਤਾ ਤਾਂ ਫਿਰ ਪੰਜਾਬ ਦੇ ਵਿਦਵਾਨਾਂ ਕੋਲ਼ ਪਹੁੰਚ ਗਈ। ਅਤੇ ਉਹ ਇਸ ਨੂੰ ਕਈ ਸਾਲ ਚੱਬਦੇ ਰਹੇ। ਦਰਅਸਲ ਦਿੱਲੀ ਮਾਰਕਾ ਬੁੱਧੀਜੀਵੀ ਵੀ ਇਨ੍ਹਾਂ ਉੱਤਰ ਸਿਧਾਂਤਾਂ ਬਾਰੇ ਬੇਹੱਦ ਘੱਟ ਜਾਣਦੇ ਸਨ, ਕਿਉਂਕਿ ‘ਉੱਤਰ’ ਸਿਧਾਂਤਕਾਰਾਂ ਦੀਆਂ ਮੂਲ ਲਿਖਤਾਂ ਤਾਂ ਸ਼ਾਇਦ ਹੀ ਕਿਸੇ ਨੇ ਪੜ੍ਹੀਆਂ ਹੋਣ। ਅਤੇ ਇਸ ਮਾਮਲੇ ਵਿੱਚ ਪੰਜਾਬੀ ‘ਵਿਦਵਾਨਾਂ’ ਦੀ ਹਾਲਤ ਤਾਂ ਹੋਰ ਵੀ ਤਰਸਯੋਗ ਸੀ। 

ਵਰਤਮਾਨ ਸੰਸਾਰ ਸਰਮਾਏਦਾਰ ਆਰਥਿਕ ਸੰਕਟ, ਇਸ ਸੰਕਟ ਨੇ ਸੰਸਾਰ ਭਰ ‘ਚ ਕਿਰਤੀ ਲੋਕਾਂ ‘ਤੇ ਜੋ ਮੁਸੀਬਤਾਂ ਦੇ ਪਹਾੜ ਲੱਦੇ ਹਨ ਅਤੇ ਥਾਂ ਥਾਂ ਇਸ ਢਾਂਚੇ ਵਿਰੁੱਧ ਉੱਠਣ ਵਾਲ਼ੇ ਲੋਕ ਵਿਦਰੋਹਾਂ ਦੀ ਵਿਸਥਾਰੀ ਚਰਚਾ ਅਸੀਂ ਪ੍ਰਤੀਬੱਧ ਦੇ ਪਿਛਲੇ ਅੰਕ ਵਿੱਚ ਕੀਤੀ ਸੀ। ਇੱਥੇ ਅਸੀਂ ਇਸ ਪੂਰੀ ਸਥਿਤੀ ਦੇ ਅਤਿ ਦੁਖਦਾਈ ਪੱਖ ਇਨਕਲਾਬ ਦੀ ਅੰਤਰਮੁਖੀ ਤਾਕਤ ਦੀ ਚਰਚਾ ਤੱਕ ਸੀਮਤ ਰਹਾਂਗੇ। ਕੁੱਝ ਲੋਕ ਇਸ ਤਰ੍ਹਾਂ ਸੋਚਦੇ ਹਨ ਕਿ ਜੇਕਰ ਸਰਮਾਏਦਾਰੀ ਢਾਂਚਾ ਸੰਕਟ ਵਿੱਚ ਹੈ, ਜੇ ਬਾਹਰਮੁਖੀ ਹਾਲਤਾਂ ਇਨਕਲਾਬ ਲਈ ਤਿਆਰ ਹਨ, ਤਾਂ ਅੰਤਰਮੁਖੀ ਤਾਕਤਾਂ ਸੰਕਟ ਵਿੱਚ ਕਿਉਂ ਨੇ? ਭਾਵ ਬਾਹਰਮੁਖੀ ਹਾਲਤਾਂ ਜੇ ਤਿਆਰ ਹੋਣ ਤਾਂ ਅੰਤਰਮੁਖੀ ਤਾਕਤਾਂ ਇਸ ਦੀ ਪ੍ਰਤੀਕਿਰਿਆ ਵਜੋਂ ਖੁਦ-ਬ-ਖੁਦ ਤਿਆਰ ਹੋ ਜਾਂਦੀਆਂ ਹਨ। ਇਹ ਨਤੀਜਾ ਇੱਕ ਸਿਰੇ ਦੀ ਮਸ਼ੀਨੀ ਸੋਚ ਦੀ ਉੱਪਜ ਹੈ। ਇਹ ਠੀਕ ਹੈ ਕਿ ਜੇ ਇਨਕਲਾਬ ਦੀਆਂ ਬਾਹਰਮੁਖੀ ਹਾਲਤਾਂ ਪੱਕੀਆਂ ਹੋਣ ਤਾਂ ਅੰਤਰਮੁਖੀ ਤਾਕਤਾਂ ਵਧੇਰੇ ਤੇਜ਼ੀ ਨਾਲ਼ ਵੱਧ ਫੁੱਲ ਸਕਦੀਆਂ ਹਨ। ਇਸੇ ਤਰ੍ਹਾਂ ਜੇਕਰ ਅੰਤਰਮੁਖੀ ਤਾਕਤਾਂ ਦੀ ਵਧੇਰੇ ਤਿਆਰੀ ਹੋਵੇ ਅਤੇ ਉਹ ਵਧੇਰੇ ਮਜ਼ਬੂਤ ਹੋਣ ਤਾਂ ਸਰਮਾਏਦਾਰਾ ਪ੍ਰਬੰਧ ਦੇ ਛੋਟੇ-ਮੋਟੇ ਸੰਕਟਾਂ ਨੂੰ ਵੀ ਵੱਡੇ ਸੰਕਟਾਂ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ। ਪਰ ਇੱਥੇ ਇਹ ਗੱਲ ਸਮਝਣੀ ਵਧੇਰੇ ਜ਼ਰੂਰੀ ਹੈ ਕਿ ਇਨਕਲਾਬ ਦੀਆਂ ਅੰਤਰਮੁਖੀ ਤਾਕਤਾਂ ਦੀ ਤਿਆਰੀ ਵਿੱਚ ਇਨਕਲਾਬੀ ਸਿਧਾਂਤ ਦੀ ਅਹਿਮ, ਮੁੱਖ ਭੂਮਿਕਾ ਹੁੰਦੀ ਹੈ। ਕਿਉਂਕਿ ”ਇਨਕਲਾਬੀ ਸਿਧਾਂਤ ਤੋਂ ਬਗੈਰ ਕੋਈ ਇਨਕਲਾਬੀ ਲਹਿਰ ਨਹੀਂ ਹੋ ਸਕਦੀ” (ਲੈਨਿਨ)।

ਜੇ ਅਸੀਂ 1848 ਤੋਂ (ਕਮਿਊਨਿਸਟ ਮੈਨੀਫੈਸਟੋ ਦੇਪ੍ਰਕਾਸ਼ਨ ਤੋਂ) ਕਮਿਊਨਿਸਟ ਲਹਿਰ ਦੀ ਸ਼ੁਰੂਆਤ ਮੰਨੀਏ ਤਾਂ ਕਮਿਊਨਿਸਟ ਮੈਨੀਫੈਸਟੋ ਦੇ ਪ੍ਰਕਾਸ਼ਨ ਤੋਂ ਬਾਅਦ, ਕੁਝ ਥੋੜ੍ਹੇ ਚਿਰੇ ਠਹਿਰਾਵਾਂ ਪਿਛਾੜਾਂ, ਧੱਕਿਆਂ ਦੇ ਬਾਵਜੂਦ ਕਮਿਊਨਿਸਟ ਲਹਿਰ ਲਗਾਤਾਰ ਅੱਗੇ ਵਧਦੀ ਗਈ। 72 ਦਿਨਾਂ ਤੱਕ ਜਿਉਂਦੇ ਰਹੇ 1871 ਦੇ ਪੈਰਿਸ ਕਮਿਊਨ ਨੇ ਕਮਿਊਨਿਸਟ ਲਹਿਰ ਅਤੇ ਮਾਰਕਸਵਾਦੀ ਸਿਧਾਂਤ ਨੂੰ ਨਵੀਆਂ ਉਚਾਈਆਂ ‘ਤੇ ਪਹੁੰਚਾ ਦਿੱਤਾ। 1917 ਦਾ ਰੂਸ ਦਾ ਮਹਾਨ ਅਕਤੂਬਰ ਇਨਕਲਾਬ, ਕੌਮਾਂਤਰੀ ਕਮਿਊਨਿਸਟ ਲਹਿਰ ਦੇ ਵਿਕਾਸ ਦਾ ਇੱਕ ਅਹਿਮ ਮੀਲ ਪੱਥਰ ਸਾਬਤ ਹੋਇਆ ਹੈ। ਰੂਸੀ ਇਨਕਲਾਬ ਦੇ ਅਭਿਆਸ ‘ਚੋਂ ਮਾਰਕਸਵਾਦ ਹੋਰ ਵਿਕਸਿਤ ਹੋਇਆ ਅਤੇ ਮਾਰਕਸਵਾਦ – ਲੈਨਿਨਵਾਦ ਬਣਿਆ। ਅਕਤੂਬਰ ਇਨਕਲਾਬ ਨੇ ਮਾਰਕਸਵਾਦ ਨੂੰ ਸੰਸਾਰ ਦੇ ਕੋਨੇ-ਕੋਨੇ ਤੱਕ ਫੈਲਾਇਆ। ਬਸਤੀਆਂ, ਅਰਧਬਸਤੀਆਂ, ਨਵ-ਬਸਤੀਆਂ ਦੀਆਂ ਦੱਬੀਆਂ ਕੁਚਲੀਆਂ ਕੌਮਾਂ ਦੇ ਕਿਰਤੀ ਲੋਕਾਂ ਨੂੰ ਮਾਰਕਸਵਾਦ ਦੇ ਰੂਪ ਵਿੱਚ ਮੁਕਤੀ ਦਾ ਨਵਾਂ ਆਤਮਕ ਹਥਿਆਰ ਹਾਸਲ ਹੋਇਆ। ਆਰਥਿਕ, ਸੱਭਿਆਚਾਰਕ ਪਛੜੇਵੇਂ, ਵਿਦੇਸ਼ੀ ਦਖਲਅੰਦਾਜ਼ੀ, ਦੋ ਦੋ ਸੰਸਾਰ ਜੰਗਾਂ ਦੀ ਤਬਾਹੀ ਝੱਲ ਕੇ ਵੀ ਸਮਾਜਵਾਦੀ ਰੂਸ ਨੇ ਜੀਵਨ ਦੇ ਹਰ ਖੇਤਰ ਵਿੱਚ ਅਥਾਹ ਤਰੱਕੀ ਕੀਤੀ। ਸਮਾਜਵਾਦੀ ਰੂਸ ਸੰਸਾਰ ਭਰ ਦੇ ਕਿਰਤੀਆਂ ਲਈ ਇੱਕ ਚਾਨਣ ਮੁਨਾਰਾ ਸੀ। ਦੂਜੀ ਸੰਸਾਰ ਜੰਗ ‘ਚ ਸੋਵੀਅਤ ਲਾਲ ਫੌਜ ਨੇ ਫਾਸੀਵਾਦ ਨੂੰ ਮਿੱਟੀ ‘ਚ ਮਿਲ਼ਾਇਆ। ਸੋਵੀਅਤ ਲਾਲ ਫੌਜ ਦੀ ਮਦਦ ਨਾਲ਼ ਪੂਰਬੀ ਯੂਰਪ ਦੇ ਕਈ ਮੁਲਕ ਫਾਸੀਵਾਦੀ ਜੂਲੇ ਤੋਂ ਮੁਕਤ ਹੋਏ, ਇੱਥੇ ਕਮਿਊਨਿਸਟ ਹਕੂਮਤਾਂ ਕਾਇਮ ਹੋਈਆਂ ਅਤੇ ਜੰਗ ਦੇ ਬੁਰੀ ਤਰ੍ਹਾਂ ਭੰਨੇ ਇਨ੍ਹਾਂ ਮੁਲਕਾਂ ‘ਚ ਸਮਾਜਵਾਦੀ ਉਸਾਰੀ ਆਰੰਭ ਹੋਈ। 1949 ‘ਚ ਦੁਨੀਆਂ ਦੀ ਸਭ ਤੋਂ ਵੱਧ ਅਬਾਦੀ ਵਾਲ਼ੇ ਦੇਸ਼ ਚੀਨ ਵਿੱਚ ਕਮਿਊਨਿਸਟ ਪਾਰਟੀ ਦੀ ਅਗਵਾਈ ਵਿੱਚ ਨਵ-ਜਮਹੂਰੀ ਇਨਕਲਾਬ ਨੇਪਰੇ ਚੜ੍ਹਿਆ। ਉਦੋਂ ਲਗਭਗ ਇੱਕ ਤਿਹਾਈ ਧਰਤੀ ‘ਤੇ ਮੁਕਤੀ ਦਾ ਲਾਲ ਪਰਚਮ ਲਹਿਰਾਉਣ ਲੱਗਾ।

ਕੌਮਾਂਤਰੀ ਕਮਿਊਨਿਸਟ ਲਹਿਰ ਦੀ ਇਸ ਚੜ੍ਹਤ ਨੂੰ ਸਭ ਤੋਂ ਵੱਡਾ ਧੱਕਾ ਉੱਦੋਂ ਲੱਗਾ ਜਦੋਂ 1956 ਵਿੱਚ ਸੰਸਾਰ ਇਨਕਲਾਬ ਦੇ ਪਹਿਲੇ ਅਧਾਰ ਇਲਾਕੇ, ਸੋਵੀਅਤ ਯੂਨੀਅਨ ਵਿੱਚ ਰਾਜ ਸੱਤਾ ਉੱਪਰ ਖਰੁਸ਼ਚੇਵੀ ਸੋਧਵਾਦੀ ਜੁੰਡੀ ਕਾਬਜ਼ ਹੋ ਗਈ। ਸੰਸਾਰ ਦਾ ਪਹਿਲਾ ਮਜ਼ਦੂਰ ਰਾਜ ਹੁਣ ਆਪਣਾ ਰੰਗ ਵਟਾ ਚੁੱਕਾ ਸੀ। ਸੰਸਾਰ ਮਜ਼ਦੂਰ ਇਨਕਲਾਬ ਦਾ ਸਭ ਤੋਂ ਮਜ਼ਬੂਤ ਅਧਾਰ ਇਲਾਕਾ ਸੰਸਾਰ ਮਜ਼ਦੂਰ ਜਮਾਤ ਤੋਂ ਹੱਥੋਂ ਖੁੱਸ ਗਿਆ। ਪੂਰਬੀ ਯੂਰਪ ਦੇ ਨਵ-ਅਜ਼ਾਦ ਹੋਏ ਮੁਲਕ ਜ਼ਿਆਦਾਤਰ ਸੋਵੀਅਤ ਯੂਨੀਅਨ ‘ਤੇ ਨਿਰਭਰ ਸਨ। ਇੱਥੋਂ ਪਾਰਟੀਆਂ ਬਹੁਤ ਕਮਜ਼ੋਰ ਅਤੇ ਵਿਚਾਰਧਾਰਕ ਰੂਪ ‘ਚ ਬੇਹੱਦ ਅਪ੍ਰਪੱਕ ਸਨ। ਇਸ ਲਈ ਸੋਵੀਅਤ ਯੂਨੀਅਨ ‘ਚ ਸਰਮਾਏਦਾਰੀ ਦੀ ਮੁੜ ਬਹਾਲੀ ਹੋਣ ਨਾਲ਼ ਇਹ ਦੇਸ਼ਾਂ ਦਾ ਰੰਗ ਵੀ ਬਦਲ ਗਿਆ। ਸੋਵੀਅਤ ਯੂਨੀਅਨ ਦੇ ਨਾਲ਼ ਨਾਲ਼ ਇਨ੍ਹਾਂ ਦੇਸ਼ਾਂ ਵਿੱਚ ਵੀ ਸਰਮਾਏਦਾਰੀ ਦੀ ਮੁੜ ਬਹਾਲੀ ਹੋ ਗਈ। 

ਮਾਓ-ਜ਼ੇ-ਤੁੰਗ ਦੀ ਅਗਵਾਈ ‘ਚ ਚੀਨ ਦੀ ਕਮਿਊਨਿਸਟ ਪਾਰਟੀ ਨੇ ਖਰੁਸ਼ਚੇਵੀ ਸੋਧਵਾਦ ਖਿਲਾਫ਼ ਸੰਘਰਸ਼ ਵਿੱਢਿਆ। ਪਰ ਚੀਨ ਦੀ ਕਮਿਊਨਿਸਟ ਪਾਰਟੀ ਨੇ ਖਰੁਸ਼ਚੇਵੀ ਸੋਧਵਾਦ ਖਿਲਾਫ਼ ਖੁੱਲ੍ਹਮ-ਖੁੱਲ੍ਹਾ ਸੰਘਰਸ਼ ਵਿੱਢਣ ਵਿੱਚ ਕਾਫ਼ੀ ਦੇਰ ਕੀਤੀ। ਜਿਸ ਦੇ ਪੂਰਾ ਫਾਇਦਾ ਖਰੁਸਚੇਵੀ ਸੋਧਵਾਦੀਆਂ ਨੂੰ ਮਿਲਿਆ। ਵਿਚਾਰਧਾਰਕ ਤੌਰ ‘ਤੇ ਕਮਜ਼ੋਰ ਅਨੇਕਾਂ ਕਮਿਊਨਿਸਟ ਪਾਰਟੀਆਂ ਨੂੰ ਉਹ ਕੁਰਾਹੇ ਲੈ ਜਾਣ ਵਿੱਚ ਕਾਮਯਾਬ ਹੋਏ।

ਸੋਵੀਅਤ ਸੰਘ ‘ਚ ਸਮਾਜਵਾਦ ਨੂੰ ਲੱਗੀ ਪਛਾੜ ਤੋਂ ਸਮਾਜਵਾਦ ਦੀਆਂ ਸਮੱਸਿਆਵਾਂ ਬਾਰੇ ਕਾਮਰੇਡ ਮਾਓ ਦੇ ਚਿੰਤਨ ਦੀ ਸ਼ੁਰੂਆਤ ਹੋਈ। ਕਾਮਰੇਡ ਲੈਨਿਨ ਵੀ ਆਪਣੇ ਜੀਵਨ ਦੇ ਅੰਤਮ ਸਾਲਾਂ ਵਿੱਚ ਸਮਾਜਵਾਦ ਦੀਆਂ ਸਮੱਸਿਆਵਾਂ ਉੱਪਰ ਸੋਚ ਰਹੇ ਸਨ। ਮਾਓ ਨੇ ਲੈਨਿਨ ਦੇ ਚਿੰਤਨ ਦੇ ਇਸ ਛੁੱਟੇ ਹੋਏ ਸਿਰੇ ਨੂੰ ਫੜਿਆ, ਜਿਸ ਨੂੰ ਫੜਨ ਵਿੱਚ ਕਾਮਰੇਡ ਸਤਾਲਿਨ ਖੁੰਝ ਗਏ ਸਨ। ਭਾਵੇਂ 1940ਵਿਆਂ ਤੋਂ ਸਤਾਲਿਨ ਨੇ ਵੀ ਇਨ੍ਹਾਂ ਸਮੱਸਿਆਵਾਂ ‘ਤੇ ਸੋਚਣਾ ਸ਼ੁਰੂ ਕੀਤਾ ਸੀ। ਕਾਮਰੇਡ ਸਤਾਲਿਨ ਦੇ ਇਸ ਚਿੰਤਨ ਦੀ ਭਰਵੀਂ ਪੇਸ਼ਕਾਰੀ ਉਨ੍ਹਾਂ ਦੀ ਪੁਸਤਕ ‘ਸੋਵੀਅਤ ਯੂਨੀਅਨ ਵਿੱਚ ਸਮਾਜਵਾਦ ਦੀਆਂ ਆਰਥਿਕ ਸਮੱਸਿਆਵਾਂ’ ਵਿੱਚ ਮਿਲਦੀ ਹੈ। ਸਤਾਲਿਨ ਇਹ ਬੁੱਝਣ ਵਿੱਚ ਕਾਮਯਾਬ ਰਹੇ ਸਨ ਕਿ ਸਮਾਜਵਾਦੀ ਸਮਾਜ ਵਿੱਚ ਪੈਦਾਵਾਰੀ ਤਾਕਤਾਂ ਅਤੇ ਪੈਦਾਵਾਰੀ ਸਬੰਧਾਂ ਦਰਮਿਆਨ ਵਿਰੋਧਤਾਈ ਬਰਕਰਾਰ ਰਹਿੰਦੀ ਹੈ। ਪਰ ਉਹ ਆਪਣੇ ਇਸ ਚਿੰਤਨ ਨੂੰ ਅੱਗੇ ਨਹੀਂ ਵਧਾ ਸਕੇ। ਅਤੇ ਉਪਰੋਕਤ ਵਿਰੋਧਤਾਈ ਤੋਂ ਉਪਜਦੇ ਜਮਾਤੀ ਸੰਘਰਸ਼ ਅਤੇ ਸਰਮਾਏਦਾਰਾ ਮੁੜ ਬਹਾਲੀ ਦੇ ਖਤਰਿਆਂ ਨੂੰ ਨਾ ਸਮਝ ਸਕੇ।

ਕਾਮਰੇਡ ਮਾਓ ਨੇ ਸਮਾਜਵਾਦੀ ਸੰਗਰਾਂਦੀ ਦੌਰ ਨੂੰ ਵਧੇਰੇ ਭਰਵੇਂ ਰੂਪ ‘ਚ ਸਮਝਿਆ। ਕਾਮਰੇਡ ਮਾਓ ਇਸ ਨਤੀਜੇ ‘ਤੇ ਪਹੁੰਚੇ ਕਿ ਸਮਾਜਵਾਦ ਵਿੱਚ ਪੈਦਾਵਾਰੀ ਤਾਕਤਾਂ ਅਤੇ ਪੈਦਾਵਾਰੀ ਸਬੰਧਾਂ ਦਰਮਿਆਨ, ਅਧਾਰ ਅਤੇ ਉੱਚ-ਉਸਾਰ ਦਰਮਿਆਨ ਵਿਰੋਧਤਾਈਆਂ ਬਣੀਆਂ ਰਹਿੰਦੀਆਂ ਹਨ। ਇਹ ਸਮਾਜਵਾਦੀ ਸਮਾਜ ਦੀਆਂ ਦੋ ਬੁਨਿਆਦੀ ਵਿਰੋਧਤਾਈਆਂ ਹਨ। ਸਮਾਜਵਾਦੀ ਸਮਾਜ ਵਿੱਚ ਜਮਾਤੀ ਸੰਘਰਸ਼ ਲਗਾਤਾਰ ਜਾਰੀ ਰਹਿੰਦਾ ਹੈ। ਸਮਾਜਵਾਦੀ ਸਰਕਾਰੀ ਢਾਂਚੇ, ਨਿੱਕ ਪੱਧਰੀ ਪੈਦਾਵਾਰ, ਬੀਤੇ ਦੀ ਰਹਿੰਦ-ਖੂੰਹਦ ਅਤੇ ਸਭ ਤੋਂ ਵਧਕੇ ਖੁਦ ਕਮਿਊਨਿਸਟ ਪਾਰਟੀ ਦੇ ਅੰਦਰੋਂ ਇੱਕ ਨਵੀਂ ਬੁਰਜੂਆਜ਼ੀ ਲਗਾਤਾਰ ਪੈਦਾ ਹੁੰਦੀ ਰਹਿੰਦੀ ਹੈ। ਜੋ ਸਮਾਜਵਾਦੀ ਸਮਾਜ ਨੂੰ ਉਲ਼ਟ ਗੇੜਾ ਦੇਣ ਦੀਆਂ ਲਗਾਤਾਰ ਕੋਸ਼ਿਸ਼ਾਂ ‘ਚ ਜੁੱਟੀ ਰਹਿੰਦੀ ਹੈ। ਇਹ ਕੋਸ਼ਿਸ਼ਾਂ ਦਾ ਸਭ ਤੋਂ ਉੱਘੜਵਾਂ ਇਜ਼ਹਾਰ ਖੁਦ ਹਾਕਮ ਕਮਿਊਨਿਸਟ ਪਾਰਟੀ ਅੰਦਰ ਹੁੰਦਾ ਹੈ। ਸਮਾਜਵਾਦੀ ਸਮਾਜ ਦੀਆਂ ਇਨ੍ਹਾਂ ਵਿਰੋਧਤਾਈਆਂ ਦੀ ਸਮਝ ਤੋਂ ਮਾਓ ਇਸ ਨਤੀਜੇ ‘ਤੇ ਪਹੁੰਚੇ ਕਿ ਇਨ੍ਹਾਂ ਵਿਰੋਧਤਾਈਆਂ ਨੂੰ ਹੱਲ ਕਰਨ ਲਈ ਸਮਾਜਵਾਦੀ ਸਮਾਜ ਅੰਦਰ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਤਹਿਤ ਲਗਾਤਾਰ ਇਨਕਲਾਬ ਜਾਰੀ ਰੱਖਣਾ ਹੋਵੇਗਾ। ਇਸ ਇਨਕਲਾਬ ਨੂੰ ਉਨ੍ਹਾਂ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦਾ ਨਾਂ ਦਿੱਤਾ। ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦੇ ਸਿਧਾਂਤ ਨੇ ਮਾਰਕਸਵਾਦ-ਲੈਨਿਨਵਾਦ ਨੂੰ ਨਵੀਂ ਉੱਚਾਈ ‘ਤੇ ਪਹੁੰਚਾ ਦਿੱਤਾ। ਬਾਅਦ ਵਿੱਚ ਸੰਸਾਰ ਦੀਆਂ ਕਈ ਕਮਿਊਨਿਸਟ ਪਾਰਟੀਆਂ/ ਜਥੇਬੰਦੀਆਂ ਨੇ ਮਾਰਕਸਵਾਦ ਵਿੱਚ ਕਾਮਰੇਡ ਮਾਓ ਦੀਆਂ ਦੇਣਾਂ ਨੂੰ ਮਾਓਵਾਦ ਦਾ ਨਾਂ ਦਿੱਤਾ। ਮਾਰਕਸਵਾਦ-ਲੈਨਿਨਵਾਦ-ਮਾਓਵਾਦ ਹੀ ਅੱਜ ਦੇ ਸਮੇਂ ਦਾ ਮਾਰਕਸਵਾਦ ਹੈ।

ਇਹ ਇਤਿਹਾਸ ਦੀ ਇੱਕ ਵਿਡੰਬਨਾ ਹੀ ਹੈ ਕਿ ਜਦੋਂ ਮਜ਼ਦੂਰ ਜਮਾਤ ਦੀ ਮੁਕਤੀ ਦਾ ਵਿਗਿਆਨ ਨਵੀਆਂ ਉੱਚਾਈਆਂ ‘ਤੇ ਪਹੁੰਚਿਆ ਤਾਂ ਉਦੋਂ ਹੀ ਮਜ਼ਦੂਰ ਜਮਾਤ ਦੇ ਮੁਕਤੀ ਦੇ ਕਾਰਵਾਂ ਨੂੰ ਇੱਕ ਹੋਰ ਪਛਾੜ ਦਾ ਸਾਹਮਣਾ ਕਰਨਾ ਪਿਆ। 1976 ਵਿੱਚ ਸੰਸਾਰ ਮਜ਼ਦੂਰ ਜਮਾਤ ਦੇ ਮਹਾਨ ਜਰਨੈਲ, ਉਸਤਾਦ ਅਤੇ ਰਹਿਬਰ ਮਾਓ-ਜ਼ੇ-ਤੁੰਗ ਦੀ ਮੌਤ ਹੋਈ। ਚੀਨੀ ਸੋਧਵਾਦੀਆਂ ਦੀ ਡੇਂਗ ਜੁੰਡਲੀ ਨੇ ਮਾਓ ਦੀ ਮੌਤ ਤੋਂ ਬਾਅਦ ਇੱਕ ਰਾਜ ਪਲ਼ਟੇ ਰਾਹੀਂ ਚੀਨ ਦੀ ਰਾਜ ਸੱਤਾ ਹਥਿਆ ਲਈ। ਚੀਨ ਵਿੱਚ ਵੀ ਸਰਮਾਏਦਾਰੀ ਦੀ ਮੁੜਬਹਾਲੀ ਹੋਣ ਨਾਲ਼ ਸੰਸਾਰ ਮਜ਼ਦੂਰ ਜਮਾਤ ਕੋਲੋਂ ਆਪਣਾ ਆਖਰੀ ਅਧਾਰ ਇਲਾਕਾ ਵੀ ਖੁੱਸ ਗਿਆ। ਅਜਿਹਾ ਨਹੀਂ ਸੀ ਕਿ ਚੀਨ ਵਿੱਚ ਸੋਧਵਾਦੀ ਮਾਓ ਦੀ ਮੌਤ ਤੋਂ ਬਾਅਦ ਰਾਤੋ-ਰਾਤ ਪੈਦਾ ਹੋ ਗਏ ਸਨ। ਦਰਅਸਲ ਚੀਨ ਵਿੱਚ ਕਮਿਊਨਿਸਟ ਇਨਕਲਾਬੀਆਂ ਜੋ ਚੀਨੀ ਸਮਾਜਵਾਦ ਨੂੰ ਕਮਿਊਨਿਜ਼ਮ ਦੀ ਦਿਸ਼ਾ ‘ਚ ਲੈ ਜਾਣਾ ਚਾਹੁੰਦੇ ਸਨ ਅਤੇ ਚੀਨ ਦੀ ਕਮਿਊਨਿਸਟ ਪਾਰਟੀ ਦੇ ਉਸ ਧੜੇ, ਜੋ 1949 ਦੇ ਨਵ-ਜਮਹੂਰੀ ਇਨਕਲਾਬ, ਜਿਸ ਦਾ ਚੋਟ ਨਿਸ਼ਾਨ ਸਾਮਰਾਜਵਾਦ ਅਤੇ ਜਗੀਰਦਾਰੀ ਸੀ, ਦੇ ਨੇਪਰੇ ਚੜ੍ਹਨ ਤੋਂ ਬਾਅਦ ਉੱਥੇ ਹੀ ਰੁਕ ਜਾਣਾ ਚਾਹੁੰਦਾ ਸੀ, ਦਰਮਿਆਨ ਲੜਾਈ 1949 ਤੋਂ ਹੀ ਜਾਰੀ ਸੀ। ਇਸ ਧੜੇ ਦੇ ਮੈਂਬਰ ਸਾਮਰਾਜਵਾਦ ਅਤੇ ਜਗੀਰਦਾਰੀ ਦਾ ਫਸਤਾ ਵੱਢੇ ਜਾਣ ਤੋਂ ਬਾਅਦ ਹੁਣ ਚੀਨ ਵਿੱਚ ਸਰਮਾਏਦਾਰਾ ਪ੍ਰਬੰਧ ਉਸਾਰਨਾ ਚਾਹੁੰਦੇ ਸਨ। ਦਰਅਸਲ 1949 ਤੋਂ ਪਹਿਲਾਂ ਚੀਨ ਵਿੱਚ ਸਾਮਰਾਜਵਾਦ-ਜਗੀਰਦਾਰੀ ਵਿਰੋਧੀ ਨਵ-ਜਮਹੂਰੀ ਇਨਕਲਾਬ ਦਾ ਪੜਾਅ ਹੋਣ ਕਾਰਨ ਕਈ ਕੌਮਵਾਦੀ ਬੁਰਜੂਆ ਜਮਹੂਰੀ ਅਨਸਰ ਵੀ ਕਮਿਊਨਿਸਟ ਪਾਰਟੀ ਵਿੱਚ ਸ਼ਾਮਿਲ ਹੋ ਗਏ ਸਨ ਕਿਉਂਕਿ ਉਸ ਸਮੇਂ ਸਾਮਰਾਜਵਾਦ ਅਤੇ ਜਗੀਰਦਾਰੀ ਵਿੱਚ ਸਭ ਤੋਂ ਵੱਧ ਦ੍ਰਿੜ੍ਹਤਾ ਨਾਲ਼ ਕਮਿਊਨਿਸਟ ਪਾਰਟੀ ਹੀ ਲੜ ਰਹੀ ਸੀ। ਇਹ ਕੌਮਵਾਦੀ ਅਨਸਰ ਸਾਮਰਾਜਵਾਦ ਅਤੇ ਜਗੀਰਦਾਰੀ ਦਾ ਵਿਰੋਧ ਤਾਂ ਕਰਦੇ ਸਨ ਪਰ ਸਰਮਾਏਦਾਰੀ ਸਬੰਧਾਂ ਦਾ ਖਾਤਮਾ ਨਹੀਂ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ 1949 ਤੋਂ ਬਾਅਦ ਮਾਓ ਦੀ ਅਗਵਾਈ ਵਿੱਚ ਚੀਨ ਦੀ ਕਮਿਊਨਿਸਟ ਪਾਰਟੀ ਵੱਲੋਂ ਅਪਣਾਈ ਸਮਾਜਵਾਦੀ ਉਸਾਰੀ ਦੀ ਲੀਹ ਅਪਣਾਈ। ਜਦੋਂ ਚੀਨ ਸਮਾਜਵਾਦੀ ਰਾਹ ‘ਤੇ ਅੱਗੇ ਵਧ ਗਿਆ ਤਾਂ ਇਨ੍ਹਾਂ ਚੀਨ ਵਿੱਚ ਸਰਮਾਏਦਾਰਾ ਮੁੜ ਬਹਾਲੀ ਲਈ ਕੋਸ਼ਿਸ਼ਾਂ ਕੀਤੀਆਂ ਅਤੇ ‘ਸਰਮਾਏਦਾਰ ਮਾਰਗੀਏ’ ਕਹਾਉਣ ਲੱਗੇ। 1956 ‘ਚ ਸੋਵੀਅਤ ਸੰਘ ਵਿੱਚ ਸਰਮਾਏਦਾਰੀ ਦੀ ਮੁੜਬਹਾਲੀ ਨਾਲ਼ ਚੀਨ ਦੇ ਇਹ ਸਰਮਾਏਦਾਰਾ ਮਾਰਗੀਆਂ ਨੂੰ ਹੋਰ ਤਾਕਤ ਮਿਲ਼ੀ। ਚੀਨ ਦੀ ਕਮਿਊਨਿਸਟ ਪਾਰਟੀ ਵੱਲੋਂ ਖਰੁਸ਼ਚੇਵੀ ਸੋਧਵਾਦ ਵਿਰੁੱਧ ਖੁੱਲ੍ਹਮ-ਖੁੱਲ੍ਹਾ ਲੜਾਈ ਵਿੱਚ ਦੇਰ ਕਰਨ (ਇਹ ਲੜਾਈ 1963 ‘ਚ ‘ਮਹਾਨ ਬਹਿਸ’ ਨਾਲ਼ ਸ਼ੁਰੂ ਹੋ ਸਕੀ) ਅਤੇ ਸੋਵੀਅਤ ਯੂਨੀਅਨ ਵਿੱਚ ਸਰਮਾਏਦਾਰਾ ਮੁੜ ਬਹਾਲੀ ਦੀ ਪ੍ਰਕਿਰਿਆ ਨੂੰ ਸਮਝਣ ‘ਚ ਲੱਗੇ ਵਕਤ ਤੋਂ ਵੀ ਚੀਨੀ ਸੋਧਵਾਦੀਆਂ ਨੂੰ ਮਜ਼ਬੂਤ ਹੋਣ ‘ਚ ਮਦਦ ਮਿਲ਼ੀ। 1966 ਤੋਂ ਮਾਓ ਦੀ ਅਗਵਾਈ ਵਿੱਚ ਚੀਨੀ ਸਰਮਾਏਦਾਰਾ ਮਾਰਗੀਆਂ ਖਿਲਾਫ਼ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦੀ ਸ਼ੁਰੂਆਤ ਹੋਈ। ਇਨਕਲਾਬ ਅੰਦਰ ਇਹ ਇਨਕਲਾਬ ਮਨੁੱਖਤਾ ਨੇ ਪਹਿਲੀ ਵਾਰ ਦੇਖਿਆ ਸੀ। ਸਰਮਾਏਦਾਰਾ ਮਾਰਗੀਏ ਜੋ ਇਸ ਸਮੇਂ ਤੱਕ ਚੀਨ ਦੇ ਰਾਜਸੀ ਢਾਂਚੇ ਅੰਦਰ ਆਪਣੀ ਕਾਫ਼ੀ ਥਾਂ ਬਣਾ ਚੁੱਕੇ ਸਨ, ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਨੇ ਵੱਡੀ ਪੱਧਰ ‘ਤੇ ਉਖਾੜ ਸੁੱਟੇ। ਤਾਕਤਾਂ ਦਾ ਤੋਲ ਇੱਕ ਵਾਰ ਤਾਂ ਮਾਓ-ਜ਼ੇ-ਤੁੰਗ ਦੇ ਅਗਵਾਈ ‘ਚ ਕਮਿਊਨਿਸਟ ਇਨਕਲਾਬੀਆਂ ਦੇ ਪੱਖ ਵਿੱਚ ਹੋ ਗਿਆ। ਪਰ ਚੀਨ ਵਿੱਚ ਸਰਮਾਏਦਾਰ ਮੁੜ ਬਹਾਲੀ ਦਾ ਖਤਰਾ ਅਜੇ ਟਲ਼ਿਆ ਨਹੀਂ ਸੀ। ਸਰਮਾਏਦਾਰ ਮਾਰਗੀਏ ਚੀਨ ਨੂੰ ਪਿਛਾਂਹ ਮੋੜਨ ਦੀ ਕੋਸ਼ਿਸ ‘ਚ ਰੁੱਝੇ ਰਹੇ। ਸਤੰਬਰ 1976 ਵਿੱਚ ਕਾਮਰੇਡ ਮਾਓ ਦੀ ਮੌਤ ਤੋਂ ਬਾਅਦ ਇੱਕ ਵਾਰ ਫਿਰ ਤਾਕਤਾਂ ਦਾ ਤੋਲ ਸਰਮਾਏਦਾਰਾ ਮਾਰਗੀਆਂ ਦੇ ਹੱਕ ਵਿੱਚ ਹੋ ਗਿਆ ਅਤੇ ਇੱਕ ਰਾਜ ਪਲ਼ਟੇ ਜ਼ਰੀਏ ਉਨ੍ਹਾਂ ਚੀਨ ਦੀ ਰਾਜ ਸੱਤਾ ਹੱਥਿਆ ਕੇ ਚੀਨ ‘ਚ ਸਰਮਾਏਦਾਰੀ ਦੀ ਮੁੜ ਬਹਾਲੀ ਕਰ ਦਿੱਤੀ। 1956 ‘ਚ ਸੋਵੀਅਤ ਯੂਨੀਅਨ ਵਿੱਚ ਸਰਮਾਏਦਾਰੀ ਦੀ ਮੁੜ ਬਹਾਲੀ ਨਾਲ਼ ਸ਼ੁਰੂ ਹੋਇਆ 20ਵੀਂ ਸਦੀ ਦੇ ਸਮਾਜਵਾਦੀ ਪ੍ਰਯੋਗਾਂ ਨੂੰ ਪਛਾੜ ਦਾ ਸਿਲਸਿਲਾ, 1976 ‘ਚ ਚੀਨ ਵਿੱਚ ਸਰਮਾਏਦਾਰੀ ਦੀ ਮੁੜ ਬਹਾਲੀ ਨਾਲ਼ ਮੁਕੰਮਲ ਹੋ ਗਿਆ।

1976 ਤੋਂ ਕੌਮਾਂਤਰੀ ਕਮਿਊਨਿਸਟ ਲਹਿਰ ਵਿੱਚ ਪਿੱਛਲਮੋੜੇ ਦਾ ਅਜੇਹਾ ਹਨ੍ਹੇਰਮਈ ਦੌਰ ਸ਼ੁਰੂ ਹੋਇਆ, ਜੇਹਾ ਕਿ ਪਹਿਲਾਂ ਕਦੇ ਨਹੀਂ ਦੇਖਿਆ ਗਿਆ ਸੀ। ਇਨਕਲਾਬ ਉੱਪਰ ਉਲ਼ਟ ਇਨਕਲਾਬ ਦੀ ਧਾਰਾ ਦੇ ਹਾਵੀ ਹੋਣ ਦਾ ਹਨ੍ਹੇਰਮਈ ਦੌਰ ਅੱਜ ਤੱਕ ਜਾਰੀ ਹੈ। ਇਸ ਦਰਮਿਆਨ 1980ਵਿਆਂ ਅਤੇ 90ਵਿਆਂ ਦੌਰਾਨ ਲਾਤਿਨੀ ਅਮਰੀਕੀ ਦੇਸ਼ ਪੇਰੂ ਵਿੱਚ ਇੱਕ ਤਾਕਤਵਾਰ ਕਮਿਊਨਿਸਟ ਲਹਿਰ ਉੱਭਰੀ। ਪਰ ਲੀਡਰਸ਼ਿਪ ਦੇ ਵੱਡੇ ਹਿੱਸੇ ਦੇ ਫੜੇ ਜਾਣ ਤੋਂ ਬਾਅਦ ਇਸ ਲਹਿਰ ਨੂੰ ਅਜੇਹੀ ਪਛਾੜ ਲੱਗੀ ਕਿ ਇਹ ਲਹਿਰ ਅਜੇ ਤੱਕ ਇਸ ਤੋਂ ਉੱਭਰ ਨਹੀਂ ਸਕੀ। ਇਸ ਲਹਿਰ ਨੂੰ ਧੱਕਾ ਲੱਗਣ ਦੇ ਹੋਰਾਂ ਕਾਰਨਾਂ ਦੀ ਚਰਚਾ ਅਸੀਂ ਥੋੜ੍ਹਾ ਅੱਗੇ ਚੱਲ ਕੇ ਕਰਾਂਗੇ। ਇਸ ਤੋਂ ਬਾਅਦ 1990ਵਿਆਂ ਦੇ ਮਗਰਲੇ ਅੱਧ ਤੋਂ ਨੇਪਾਲ ਵਿੱਚ ਕਮਿਊਨਿਸਟ ਲਹਿਰ ਨੇ ਤੇਜ਼ੀ ਨਾਲ਼ ਵਿਕਾਸ ਕੀਤਾ। ਪਰ ਨੇਪਾਲ ਦੀ ਕਮਿਊਨਿਸਟ ਪਾਰਟੀ (ਮਾਓਵਾਦੀ) ਦੀਆਂ ਵਿਚਾਰਧਾਰਕ ਕਮਜ਼ੋਰੀਆਂ ਕਾਰਨ ਇਹ ਲਹਿਰ ਜਿੱਤ ਵੱਲ ਨਾ ਵਧ ਸਕੀ। ਹੁਣ ਇਹ ਪਾਰਟੀ ਪੂਰੀ ਤਰ੍ਹਾਂ ਨੇਪਾਲ ਦੇ ਵਰਤਮਾਨ ਲੁਟੇਰੇ ਢਾਂਚੇ ਦਾ ਅੰਗ ਬਣ ਚੁੱਕੀ ਹੈ।

ਕੱਟੜਮੁਖਤਾ (Dogmatism) ਅਤੇ ਮੁਕਤ ਚਿੰਤਨ (Free thinking) ਅੱਜ ਕਮਿਊਨਿਸਟ ਲਹਿਰ ‘ਚ ਦੋ ਭਟਕਾਅ ਹਨ। ਨਾ ਸਿਰਫ਼ ਭਾਰਤ ਦੀ ਕਮਿਊਨਿਸਟ ਲਹਿਰ ਵਿੱਚ ਸਗੋਂ ਕਿਸੇ ਨਾ ਕਿਸੇ ਰੂਪ ਵਿੱਚ ਭਟਕਾਅ ਪੂਰੇ ਸੰਸਾਰ ਦੀ ਕਮਿਊਨਿਸਟ ਲਹਿਰ ਵਿੱਚ ਮੌਜੂਦ ਹਨ। ਬਦਲੀਆਂ ਹਾਲਤਾਂ ਨੂੰ ਨਾ ਸਮਝਣਾ ਅਤੇ ਪੁਰਾਣੀਆਂ ਹਾਲਤਾਂ ਅਨੁਸਾਰੀ ਪੁਰਾਣੀਆਂ ਵੇਲਾ ਵਹਾਅ ਚੁੱਕੀਆਂ ਪੋਜ਼ੀਸ਼ਨਾਂ ਨੂੰ ਦੁਹਰਾਉਂਦੇ ਰਹਿਣਾ ਕੱਟੜਮੁਖੀਆਂ ਦਾ ਮੁੱਖ ਗੁਣ ਹੁੰਦਾ ਹੈ। ਦੂਜੇ ਸਿਰੇ ਬਦਲੀਆਂ ਹਾਲਤਾਂ ਦੀ ਦੁਹਾਈ ਦਿੰਦੇ ਹੋਏ ਤੱਤ ਰੂਪ ‘ਚ ਇਨਕਲਾਬ ਅਤੇ ਇਨਕਲਾਬੀ ਵਿਚਾਰਧਾਰਾ ਨੂੰ ਤੱਜ ਦੇਣਾ ਮੁਕਤ ਚਿੰਤਕਾਂ ਦਾ ਮੁਖ ਗੁਣ ਹੁੰਦਾ ਹੈ। ਕੱਟੜਮੁਖਤਾ ਇਸ ਸਮੇਂ ਭਾਰਤ ਦੀ ਕਮਿਊਨਿਸਟ ਲਹਿਰ ਸਮੇਤ ਪੂਰੇ ਸੰਸਾਰ ਦੀ ਕਮਿਊਨਿਸਟ ਲਹਿਰ ਵਿੱਚ ਭਾਰੂ ਰੁਝਾਨ ਹੈ।

ਮੁਕਤ ਚਿੰਤਕ ਅਤੇ ਕਠਮੁੱਲੇ (Dogmatic) ਇੱਕ ਸਿੱਕੇ ਦੇ ਦੋ ਪਾਸੇ ਹਨ। ਕਠਮੁੱਲੇ ਸੰਕੀਰਣ ਹੁੰਦੇ ਹਨ, ਪੱਛੜੇ ਹੁੰਦੇ ਹਨ। ਆਪਣੇ ਦਿਮਾਗਾਂ ਦੀਆਂ ਖਿੜਕੀਆਂ ਬੰਦ ਰੱਖਦੇ ਹਨ, ਕਿਸੇ ਜਮਾਨੇ ‘ਚ ਪੜ੍ਹੀ ਕੋਈ ਕਿਤਾਬ ਜਾਂ ਕਿਸੇ ਨੇਤਾ ਤੋਂ ਸੁਣੇ ਪ੍ਰਵਚਨਾਂ ਨੂੰ ਆਪਣੀਆਂ ਯਾਦਾਂ ‘ਚ ਸਾਂਭੀ, ਸਮਾਜਿਕ ਤਬਦੀਲੀਆਂ ਤੋਂ ਅੱਖਾਂ ਬੰਦ ਕਰਕੇ, ਕੁਝ ਮੰਤਰਨੁਮਾ ਫਾਰਮੂਲਿਆਂ ਨਾਲ਼ ਹੀ ਕੰਮ ਚਲਾਉਂਦੇ ਰਹਿੰਦੇ ਹਨ। ਮੁਕਤ ਚਿੰਤਕ ਇਨ੍ਹਾਂ ਦੇ ਕਾਠੇਪਣ, ਪੱਛੜੇਪਣ ਦਾ ਮਜ਼ਾਕ ਉਡਾਉਂਦੇ ਹਨ (ਅਜਿਹੇ ਨਮੂਨਿਆਂ ਦਾ ਮਜ਼ਾਕ ਤਾਂ ਉਡਾਇਆ ਹੀ ਜਾਣਾ ਚਾਹੀਦਾ ਹੈ) ਅਤੇ ਕਠਮੁੱਲਿਆਂ ਦੇ ਕਾਠੇਪਣ, ਪੱਛੜੇਪਣ ਦੀ ਪ੍ਰਤੀਕਿਰਿਆ ‘ਚ ਹੋਰ ਵਧੇਰੇ ਮੁਕਤ ਚਿੰਤਕ ਹੋ ਜਾਂਦੇ ਹਨ ਅਤੇ ਆਪਣੀ ਦੁਰਗਤੀ ‘ਤੇ ਜਲਦੀ ਹੀ ਪਹੁੰਚੇ ਜਾਂਦੇ ਹਨ। ਥੋੜ੍ਹੇ ਅਰਸੇ ‘ਚ ਹੀ ਇਹ ਮਾਰਕਸਵਾਦ, ਇਨਕਲਾਬ ਅਤੇ ਇਨਕਲਾਬੀ ਪਾਰਟੀ ਦੇ ਬਾਲਸ਼ਵਿਕ ਸੰਕਲਪ ਆਦਿ ਸਭ ਕੁਝ ਤੋਂ ਪੱਲਾ ਝਾੜ ਲੈਂਦੇ ਹਨ। 1967 ਦੀ ਨਕਸਲਬਾੜੀ ਲਹਿਰ ਤੋਂ ਬਾਅਦ ਭਾਰਤ ਵਿੱਚ ਹੋਂਦ ਵਿੱਚ ਕਮਿਊਨਿਸਟ ਇਨਕਲਾਬੀ ਕੈਂਪ ਦੀਆਂ ਕਈ ਜਥੇਬੰਦੀਆਂ ਇਸ ਦੁਰਗਤੀ ਨੂੰ ਪ੍ਰਾਪਤ ਹੋ ਚੁੱਕੀਆਂ ਹਨ। ਮੁਕਤ ਚਿੰਤਕਾਂ ਦੀ ਦੁਰਗਤੀ ਦੇਖ ਕੇ ਕਠਮੁੱਲੇ ਹੋਰ ਡਰ ਜਾਂਦੇ ਹਨ। ਉਹ ਆਪਣੇ ਦਿਮਾਗ ਦੇ ਬੂਹੇ ਹੋਰ ਕੱਸ ਕੇ ਬੰਦ ਕਰ ਲੈਂਦੇ ਹਨ। ਜਿਵੇਂ ਕੋਈ ਧਾਰਮਿਕ ਵਿਅਕਤੀ ਮੁਸੀਬਤ ਵੇਲੇ ਤੇਜ਼ ਤੇਜ਼ ਰੱਬ ਦਾ ਨਾਂ ਜਪਣ ਲੱਗਦਾ ਹੈ, ਉਵੇਂ ਹੀ ਇਹ ਇਨਕਲਾਬ ਦੇ ਆਪਣੇ ਘਿਸੇ ਪਿਟੇ ਮੰਤਰਾਂ ਦਾ ਵਧੇਰੇ ਜਾਪ ਕਰਨ ਲੱਗਦੇ ਹਨ। ਇਹ ਬਦਲੀਆਂ ਸਮਾਜਿਕ ਆਰਥਿਕ ਹਾਲਤਾਂ ਨੂੰ ਸਮਝਣ ਨੂੰ ਮੂਲੋਂ ਹੀ ਇਨਕਾਰੀ ਹੋ ਜਾਂਦੇ ਹਨ, ਇਸ ਡਰੋਂ ਕਿ ਕਿਤੇ ਇਹ ‘ਸੋਧਵਾਦੀ’ ਨਾ ਹੋ ਜਾਣ। ਇਹ ਕਮਿਊਨਿਸਟ ਲਹਿਰ ਦੀਆਂ ਵੱਡੀਆਂ ਹਸਤੀਆਂ, ਸੰਸਾਰ ਮਜ਼ਦੂਰ ਜਮਾਤ ਦੇ ਪੰਜ ਅਧਿਆਪਕਾਂ — ਮਾਰਕਸ, ਏਂਗਲਜ਼, ਲੈਨਿਨ, ਸਤਾਲਿਨ ਤੇ ਮਾਓ — ਵੱਲੋਂ ਵੱਖ ਵੱਖ ਹਾਲਤਾਂ ਦੇ ਵਿਸ਼ਲੇਸ਼ਣ ਨੂੰ ਸਿਧਾਂਤ ਦਾ ਦਰਜਾ ਦਿੰਦੇ ਹਨ ਅਤੇ ਉਨ੍ਹਾਂ ਨੂੰ ਸਭ ਹਾਲਤਾਂ ਉੱਪਰ ਥੋਪਦੇ ਹਨ। ਇਨ੍ਹਾਂ ਦਾ ਕਹਿਣਾ ਹੈ ਕਿ ਜਦ ਮਹਾਨ ਆਗੂਆਂ ਨੇ ਹਾਲਤਾਂ ਦਾ ਨਿਰਣਾ ਕਰ ਦਿੱਤਾ ਹੈ ਤਾਂ ਫਿਰ ਹਾਲਤਾਂ ਦੀ ਕੀ ਮਜ਼ਾਲ ਹੈ ਕਿ ਉਹ ਬਦਲ ਜਾਣ। ਉਦਾਹਰਣ ਵਜੋਂ ਭਾਰਤ ਵਿੱਚ ਕਈ ਅਜੇਹੇ ਕਠਮੁੱਲੇ ਗਰੁੱਪ ਮਿਲ਼ ਜਾਣਗੇ ਜੋ ਮਹਾਨ ਬਹਿਸ ਦੌਰਾਨ 1963 ਚੀਨ ਦੀ ਕਮਿਊਨਿਸਟ ਪਾਰਟੀ ਵੱਲੋਂ ਦਿੱਤੀ ਸੰਸਾਰ ਇਨਕਲਾਬ ਦੀ ਆਮ ਲੀਹ ਨੂੰ ਅੱਜ ਵੀ ਪ੍ਰਸੰਗਕ ਦੱਸਦੇ ਹਨ ਅਤੇ ਬਦਲੀਆਂ ਹਾਲਤਾਂ ‘ਚ ਉਸ ਲੀਹ ਨੂੰ ਅਪ੍ਰਸੰਗਕ ਕਹਿਣ ਵਾਲ਼ਿਆਂ ਨੂੰ ਮਾਓ ਵਿਚਾਰਧਾਰਾ ਜਾਂ ਮਾਓਵਾਦ ਤੋਂ ਭਗੌੜਿਆਂ ਦਾ ਦਰਜਾ ਦਿੰਦੇ ਹਨ।

ਕੱਟੜਮੁਖੀ ਜਦੋਂ ਕੱਟੜਮੁਖਤਾ ਦਾ ਪੱਲਾ ਛੱਡਦੇ ਹਨ ਤਾਂ ਅਕਸਰ ਇਨ੍ਹਾਂ ਦਾ ਪੈਂਡੂਲਮ ਦੂਸਰੇ ਸਿਰੇ ‘ਤੇ ਝੂਲ ਜਾਂਦਾ ਹੈ। ਇਹ ਮੁਕਤ ਚਿੰਤਕ ਹੋ ਜਾਂਦੇ ਹਨ। ਅਤੇ ਜਿਨ੍ਹਾਂ ਦੀ ਔਕਾਤ ਮੁਕਤ ਚਿੰਤਕ ਹੋਣ ਦੀ ਵੀ ਨਹੀਂ ਹੁੰਦੀ ਉਹ ਰੋਲ਼ ਘਚੋਲੇ (Confusion) ‘ਚ ਤੁਰੇ ਫਿਰਦੇ ਹਨ। ਇਸ ਰੋਲ਼-ਘਚੋਲ਼ੇ ਭਰੇ ਰੁਝਾਨ ਦੀ ਉਦਾਹਰਣ ਕੁਝ ਅਜੇਹੇ ਨਾਯਾਬ ਨਮੂਨੇ ਹਨ ਜਿਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਵਿੱਚ ਸਰਮਾਏਦਾਰਾ ਵਿਕਾਸ ਦੇ ਬਾਵਜੂਦ ਵੀ ਨਵ-ਜਮਹੂਰੀ ਇਨਕਲਾਬ ਹੀ ਹੋਵੇਗਾ।

ਸੰਸਾਰ ਸਰਮਾਏਦਾਰੀ ਢਾਂਚਾ ਅੱਜ ਬੁਰੀ ਤਰ੍ਹਾਂ ਸੰਕਟਗ੍ਰਸਤ ਹੈ। ਇਹ ਬਦਲ ਲਈ ਛਟਪਟਾ ਰਿਹਾ ਹੈ। ਸੰਸਾਰ ਭਰ ਵਿੱਚ ਕਿਰਤੀ ਲੋਕ ਇਸ ਲੁਟੇਰੇ ਢਾਂਚੇ ਖਿਲਾਫ਼ ਜੂਝ ਰਹੇ ਹਨ। ਕਿਤੇ ਕਿਰਤੀਆਂ ਦੀ ਇਹ ਲਹਿਰ ਬਹੁਤ ਕਮਜ਼ੋਰ ਹੈ ਅਤੇ ਕਿਤੇ ਇਸ ਦਾ ਫੁਟਾਰਾ ਜ਼ੋਰਦਾਰ,  ਆਪ-ਮੁਹਾਰੇ ਵਿਦਰੋਹਾਂ ਵਿੱਚ ਹੋ ਰਿਹਾ ਹੈ। ਯੂਰਪੀ ਦੇਸ਼ਾਂ ਵਿੱਚ ਹਾਲ ਹੀ ਦੇ ਦਿਨਾਂ ਦੇ ਲੋਕ ਸੰਘਰਸ਼ ਅਤੇ ‘ਅਰਬ ਬਹਾਰ’ ਇਸ ਦੀਆਂ ਉੱਘੜਵੀਆਂ ਉਦਾਹਰਣਾਂ ਹਨ। ਪਰ ਕਿਸੇ ਖਰੀ ਕਮਿਊਨਿਸਟ ਇਨਕਲਾਬੀ ਅਗਵਾਈ ਦੀ ਗੈਰ-ਹਾਜ਼ਰੀ ‘ਚ ਵਰਤਮਾਨ ਢਾਂਚਾ ਇਨ੍ਹਾਂ ਆਪ ਮੁਹਾਰੀਆਂ ਲਹਿਰਾਂ ਨੂੰ ਪਚਾ ਜਾਂਦਾ ਹੈ। ਵਰਤਮਾਨ ਸੰਸਾਰ ਸਰਮਾਏਦਾਰੀ ਢਾਂਚੇ ਦੇ ਬਦਲ ਦੀਆਂ ਸੰਭਾਵਨਾਵਾਂ ਸੰਸਾਰ ਕਮਿਊਨਿਸਟ ਲਹਿਰ ਦੇ ਮੁੜ-ਉਥਾਨ ਦੀਆਂ ਸੰਭਾਵਨਾਵਾਂ ਨਾਲ਼ ਜੁੜੀਆਂ ਹਨ। ਪਰ ਜਿਸ ਨੇ ਤਬਦੀਲੀ ਦੀ ਵਾਹਕ ਬਣਨਾ ਹੈ ਉਹ ਕਮਿਊਨਿਸਟ ਇਨਕਲਾਬੀ ਲਹਿਰ ਖੁਦ ਹੀ ਅਜੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ਼ ਜੂਝ ਰਹੀ ਹੈ। ਸਮੇਟ ਕੇ ਗੱਲ ਕਰੀਏ ਤਾਂ ਸੰਸਾਰ ਕਮਿਊਨਿਸਟ ਲਹਿਰ ਨੂੰ ਇਨ੍ਹਾਂ ਤਿੰਨ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਿਲੀ ਸਮੱਸਿਆ ਤਾਂ ਮਾਰਕਸਵਾਦ ਦੇ ਇਤਿਹਾਸਕ ਵਿਕਾਸ ਨੂੰ ਸਮਝਣ ਦੀ ਹੈ। 20ਵੀਂ ਸਦੀ ਦੇ ਸਮਾਜਵਾਦੀ ਪ੍ਰਯੋਗਾਂ ਨੂੰ ਲੱਗੀ ਪਛਾੜ ਤੋਂ ਸਹੀ ਸਬਕ ਹਾਸਲ ਕਰਨ ਦੀ ਹੈ। ਇਸ ਮਾਮਲੇ ਵਿੱਚ ਸੰਸਾਰ ਕਮਿਊਨਿਸਟ ਲਹਿਰ ਵਿੱਚ ਕਾਫ਼ੀ ਰੋਲ਼-ਘਚੋਲਾ ਹੈ। ਖਾਸ ਕਰਕੇ ਮਾਰਕਸਵਾਦ ਨੂੰ ਕਾਮਰੇਡ ਮਾਓ ਦੀਆਂ ਦੇਣਾਂ ਨੂੰ ਸਮਝਣ ਅਤੇ ਆਤਮਸਾਤ ਕਰਨ ਵਿੱਚ ਕਾਫੀ ਸਮੱਸਿਆਵਾਂ ਹਨ। ਸੰਸਾਰ ਦੇ ਕਈ ਇਨਕਲਾਬੀ ਗਰੁੱਪ ਤਾਂ ਮਾਓ ਦੀਆਂ ਦੇਣਾਂ ਨੂੰ ਮੂਲੋਂ ਹੀ ਨਕਾਰਦੇ ਹਨ। ਅਤੇ ਜਿਹੜੇ ਕਮਿਊਨਿਸਟ ਗਰੁੱਪ ਮਾਓ ਵਿਚਾਰਧਾਰਾ ਜਾਂ ਮਾਓਵਾਦ ਨੂੰ ਬੁਲੰਦ ਵੀ ਕਰਦੇ ਹਨ, ਉਹ ਮਾਓ ਦੇ ਮਾਰਕਸਵਾਦ ਦੇ ਵੱਖ ਵੱਖ ਖੇਤਰਾਂ ‘ਚ ਯੋਗਦਾਨ ਨੂੰ ਇੱਕ ਬਰਾਬਰ ਰੱਖਦੇ ਹਨ। ਅਤੇ ਕਈ ਤਾਂ ਮਾਓ ਦੇ ਨਵ ਜਮਹੂਰੀ ਇਨਕਲਾਬ ਦੇ ਸਿਧਾਂਤ ਨੂੰ ਮਾਓ ਵਿਚਾਰਧਾਰਾ ਜਾਂ ਮਾਓਵਾਦ ਦਾ ਦਰਜਾ ਦਿੰਦੇ ਹਨ। ਉਹ ਇਹ ਨਹੀਂ ਸਮਝਦੇ ਕਿ ਇਨਕਲਾਬ ਦਾ ਪੜਾਅ, ਕਿਸੇ ਖਾਸ ਸਮੇਂ ਮੌਜੂਦ ਸਿਆਸੀ-ਆਰਥਿਕ ਹਾਲਤਾਂ ਤੋਂ ਤੈਅ ਹੁੰਦਾ ਹੈ ਅਤੇ ਇਹ ਹਾਲਤਾਂ ਬਦਲਣ ਨਾਲ਼ ਇਨਕਲਾਬ ਦਾ ਪੜਾਅ ਵੀ ਬਦਲ ਜਾਂਦਾ ਹੈ। ਨਵ-ਜਮਹੂਰੀ ਇਨਕਲਾਬ ਦਾ ਸਿਧਾਂਤ ਕਾਮਰੇਡ ਮਾਓ ਦੀ ਸੰਸਾਰ ਕਮਿਊਨਿਸਟ ਲਹਿਰ ਨੂੰ ਇੱਕ ਬਹੁਤ ਵੱਡੀ ਦੇਣ ਸੀ। ਪਰ ਦੂਸਰੀ ਸੰਸਾਰ ਜੰਗ ਤੋਂ ਬਾਅਦ ਪੂਰੀ ਤੀਸਰੀ ਦੁਨੀਆਂ ‘ਚ ਜੋ ਪੈਦਾਵਾਰੀ ਸਬੰਧ ਬਦਲੇ ਹਨ ਭਾਵ ਇਨ੍ਹਾਂ ਸਬੰਧਾਂ ਦੀ ਜਗੀਰੂ ਤੋਂ ਸਰਮਾਏਦਾਰਾ ਸਬੰਧਾਂ ‘ਚ ਜੋ ਕਾਇਆਪਲ਼ਟੀ ਹੋਈ ਹੈ, ਉਸ ਤੋਂ ਵਰਤਮਾਨ ਸਮੇਂ ਵਿੱਚ ਸੰਸਾਰ ਦਾ ਸ਼ਾਇਦ ਹੀ ਕੋਈ ਦੇਸ਼ ਅਜਿਹਾ ਹੋਵੇ ਜਿੱਥੇ ਨਵ-ਜਮਹੂਰੀ ਇਨਕਲਾਬ ਦਾ ਪੜਾਅ ਹੋਵੇਗਾ। ਅੱਜ ਤੀਜੀ ਦੁਨੀਆਂ ਦੇ ਲਗਭਗ ਸਾਰੇ ਦੇਸ਼ ਨਵੀਂ ਤਰ੍ਹਾਂ ਦੇ ਸਮਾਜਵਾਦੀ ਇਨਕਲਾਬ ਦੇ ਪੜਾਅ ‘ਚ ਹਨ। ਕਾਮਰੇਡ ਮਾਓ ਨੇ ਫਲਸਫੇ, ਸਿਆਸੀ-ਅਰਥਸ਼ਾਸਤਰ, ਵਿਗਿਆਨਕ ਸਮਾਜਵਾਦ ਆਦਿ ਸਭ ਖੇਤਰਾਂ ‘ਚ ਮਾਰਕਸਵਾਦ ਨੂੰ ਅਮੀਰ ਬਣਾਇਆ ਹੈ, ਪਰ ਕਾਮਰੇਡ ਮਾਓ ਦੀ ਮਾਰਕਸਵਾਦ ਨੂੰ ਜੋ ਕੇਂਦਰੀ ਦੇਣ ਹੈ ਉਹ ਹੈ, ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦਾ ਸਿਧਾਂਤ। ਕਾਮਰੇਡ ਮਾਓ ਦੀ ਇਸ ਦੇਣ ਨੇ ਮਾਰਕਸਵਾਦ ਨੂੰ ਨਵੀਂ ਉੱਚਾਈ ‘ਤੇ ਪਹੁੰਚਾਇਆ ਹੈ ਅਤੇ ਮਾਰਕਸਵਾਦ-ਲੈਨਿਨਵਾਦ-ਮਾਓਵਾਦ ਦੇ ਰੂਪ ਵਿੱਚ ਇਸ ਦਾ ਵਿਕਾਸ ਹੋਇਆ ਹੈ। 

ਸੰਸਾਰ ਕਮਿਊਨਿਸਟ ਲਹਿਰ ਦੀ ਦੂਸਰੀ ਸਭ ਤੋਂ ਵੱਡੀ ਸਮੱਸਿਆ ਹੈ ਦੂਜੀ ਸੰਸਾਰ ਜੰਗ ਤੋਂ ਬਾਅਦ ਬਦਲੀਆਂ ਹੋਈਆਂ ਸੰਸਾਰ ਹਾਲਤਾਂ ਨੂੰ ਨਾ ਸਮਝਣਾ, ਜਾਂ ਅੰਸ਼ਕ ਅਤੇ ਗਲਤ ਰੂਪ ਵਿੱਚ ਸਮਝਣਾ। ਦੂਜੀ ਸੰਸਾਰ ਜੰਗ ਤੋਂ ਬਾਅਦ ਤੀਜੀ ਦੁਨੀਆਂ ਦੇ ਬਹੁਗਿਣਤੀ ਦੇਸ਼ਾਂ ਵਿੱਚ ਸਰਮਾਏਦਾਰਾ ਵਿਕਾਸ ਹੋਇਆ। ਕੋਈ ਭੂਟਾਨ ਜਾਂ ਅਜੇਹੇ ਹੀ ਕੋਈ ਛੋਟੇ-ਮੋਟੇ ਦੇਸ਼ ਅਜੇ ਪੂਰਵ ਸਰਮਾਏਦਾਰਾ ਪੜਾਅ ਵਿੱਚ ਹਨ। ਪਰ ਸੰਸਾਰ ਦੀਆਂ ਜ਼ਿਆਦਾਤਰ ਕਮਿਊਨਿਸਟ ਇਨਕਲਾਬੀ ਜਥੇਬੰਦੀਆਂ ਇਸ ਬਦਲੀ ਹੋਈ ਹਕੀਕਤ ਨੂੰ ਨਹੀਂ ਸਮਝ ਰਹੀਆਂ। ਉਹ ਅਜੇ ਵੀ ਇਨ੍ਹਾਂ ਦੇਸ਼ਾਂ ‘ਚ ਨਵ ਜਮਹੂਰੀ ਇਨਕਲਾਬ ਦਾ ਪੜਾਅ ਮੰਨ ਰਹੀਆਂ ਹਨ। ਸੰਸਾਰ ਹਾਲਤਾਂ ਖਾਸਕਰ ਤੀਜੇ ਦੁਨੀਆਂ ਦੇ ਮੁਲਕਾਂ ਦੀਆਂ ਹਾਲਤਾਂ ਦਾ ਗਲਤ ਮੁਲੰਕਣ ਅਤੇ ਇਸ ‘ਚੋਂ ਉਪਜਿਆ ਨਵ ਜਮਹੂਰੀ ਇਨਕਲਾਬ ਦੇ ਪੜਾਅ ਦਾ ਗਲਤ ਨਿਰਧਾਰਨ ਅੱਜ ਸੰਸਾਰ ਕਮਿਊਨਿਸਟ ਲਹਿਰ ਦੇ ਵਿਕਾਸ ਦੇ ਰਾਹ ਦੇ ਸਭ ਤੋਂ ਵੱਡੇ ਰੋੜਿਆ ਵਿੱਚੋਂ ਇੱਕ ਹੈ। ਪੇਰੂ ਦੀ ਕਮਿਊਨਿਸਟ ਲਹਿਰ ਨੂੰ ਲੱਗੀ ਪਛਾੜ ਦਾ ਇੱਕ ਬਹੁਤ ਵੱਡਾ ਕਾਰਨ ਇਹ ਵੀ ਸੀ। 1980ਵਿਆਂ ਅਤੇ 90ਵਿਆਂ ਵਿੱਚ ਜਦੋਂ ਪੇਰੂ ‘ਚ ਕਮਿਊਨਿਸਟ ਲਹਿਰ ਪੂਰੀ ਚੜ੍ਹਤ ਵਿੱਚ ਸੀ, ਉਦੋਂ ਵੀ ਉੱਥੋਂ ਦੀ ਅੱਧੀ ਅਬਾਦੀ ਰਾਜਧਾਨੀ ਲੀਮਾ ਅਤੇ ਇਸ ਦੇ ਆਸ ਪਾਸ ਹੀ ਵੱਸਦੀ ਸੀ। ਜਿਸ ਦੇਸ਼ ਵਿੱਚ ਏਡੇ ਵੱਡੇ ਪੱਧਰ ‘ਤੇ ਸ਼ਹਿਰੀਕਰਨ ਹੋਇਆ ਹੋਵੇ (ਅਤੇ ਇਹ ਸ਼ਹਿਰੀਕਰਨ ਵਡੇਰੇ ਸਰਮਾਏਦਾਰਾ ਵਿਕਾਸ ਤੋਂ ਬਿਨਾਂ ਨਹੀਂ ਹੋ ਸਕਦਾ) ਉੱਥੇ ਨਵ ਜਮਹੂਰੀ ਇਨਕਲਾਬ ਦੀ ਕੋਸ਼ਿਸ਼ ਨੂੰ ਪਛਾੜ ਲੱਗਣਾ ਤੈਅ ਹੀ ਸੀ।

ਸੰਸਾਰ ਕਮਿਊਨਿਸਟ ਲਹਿਰ ਦੀ ਤੀਸਰੀ ਵੱਡੀ ਦਿੱਕਤ ਹੈ ਕਮਿਊਨਿਸਟ ਜਥੇਬੰਦੀ ਦੇ ਬਾਲਸ਼ਵਿਕ ਅਸੂਲਾਂ ਨੂੰ ਛੱਡਣਾ। ਇਸ ਸਬੰਧ ਵਿੱਚ ਅਸੀਂ ਸਿਰਫ਼ ਭਾਰਤ ਦੀ ਕਮਿਊਨਿਸਟ ਲਹਿਰ ਤੱਕ ਹੀ ਆਪਣੀ ਚਰਚਾ ਸੀਮਤ ਰੱਖਾਂਗੇ। ਭਾਰਤ ਦੀਆਂ ਜ਼ਿਆਦਾਤਰ ਜਥੇਬੰਦੀਆਂ ਦੇ ਜਥੇਬੰਦਕ ਢਾਂਚੇ ਢਿੱਲੇ-ਢਾਲੇ ਹਨ। ਪੇਸ਼ੇਵਰ ਇਨਕਲਾਬੀ ਦਾ ਲੈਨਿਨਵਾਦੀ ਸੰਕਲਪ ਇਹ ਲਗਭਗ ਸਭ ਜਥੇਬੰਦੀਆਂ ਹੀ ਛੱਡ ਚੁੱਕੀਆਂ ਹਨ। ਇਨ੍ਹਾਂ ਜਥੇਬੰਦੀਆਂ ਦਾ ਅਧਾਰ ਜ਼ਿਆਦਾਤਰ ਜਾਇਦਾਦ ਦੀਆਂ ਮਾਲਕ ਜਮਾਤਾਂ ਵਿੱਚ ਹੈ। ਇੱਥੋਂ ਹੀ ਇਨ੍ਹਾਂ ਦੀ ਲੀਡਰਸ਼ਿਪ ਅਤੇ ਕਾਡਰਾਂ ਦਾ ਵੱਡਾ ਹਿੱਸਾ ਆਇਆ ਹੈ। ਇਨ੍ਹਾਂ ਜਥੇਬੰਦੀਆਂ ਦੀ ਸੰਰਚਨਾ ਹੀ ਗੈਰ ਪ੍ਰੋਲੇਤਾਰੀ ਹੈ।

ਸੰਸਾਰ ਸਰਮਾਏਦਾਰੀ ਢਾਂਚਾ ਭਾਵੇਂ ਕਿੰਨਾ ਵੀ ਸੰਕਟਗ੍ਰਸਤ ਕਿਉਂ ਨਾ ਹੋਵੇ ਇਹ ਖੁਦ-ਬ-ਖੁਦ ਨਹੀਂ ਡਿੱਗ ਜਾਵੇਗਾ। ਇਸ ਦੀ ਤਬਦੀਲੀ ਦੀਆਂ ਸੰਭਾਵਨਾਵਾਂ ਨੂੰ ਹਕੀਕਤ ‘ਚ ਬਦਲਣ ਲਈ ਇੱਕ ਤਾਕਤਵਰ ਕਮਿਊਨਿਸਟ ਲਹਿਰ ਦੀ ਲੋੜ ਹੈ। ਉੱਪਰ ਚਰਚਾ ‘ਚ ਆਈਆਂ ਸਮੱਸਿਆਵਾਂ ਨਾਲ਼ ਜੂਝਕੇ ਅਤੇ ਉਨ੍ਹਾਂ ਤੋਂ ਮੁਕਤ ਹੋ ਕੇ ਹੀ ਸੰਸਾਰ ਕਮਿਊਨਿਸਟ ਲਹਿਰ ਮੌਜੂਦਾ ਸਰਮਾਏਦਾਰਾ ਢਾਂਚੇ ਦੀ ਤਬਦੀਲੀ ਦੀ ਵਾਹਕ ਬਣ ਸਕੇਗੀ। 

“ਪ੍ਰਤੀਬੱਧ”, ਅੰਕ 17, ਨਵੰਬਰ 2012 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s