ਸਮਕਾਲੀ ਸਰਮਾਏਦਾਰਾ ਸਮਾਜ ਵਿੱਚ ਜ਼ੁਰਮ : ਕੁੱਝ ਫੁੱਟਕਲ ਨੋਟਸ -ਕਾਤਿਆਇਨੀ

apradh

ਪੀ.ਡੀ.ਐਫ਼ ਡਾਊਨਲੋਡ ਕਰੋ

(1) ਆਮ ਤੌਰ ‘ਤੇ ਇਹਨਾਂ ਦਿਨਾਂ ਵਿੱਚ ਦੋ ਸਮਾਜਿਕ ਸੰਸਥਾਵਾਂ ਉੱਤੇ ਸਭ ਤੋਂ ਵੱਧ ਚਰਚਾ ਹੁੰਦੀ ਹੈ— ਭ੍ਰਿਸ਼ਟਾਚਾਰ ਅਤੇ ਅਪਰਾਧ, ਆਮ ਤੌਰ ‘ਤੇ ਲਗਾਤਾਰ ਵਧਦੇ ਔਰਤ-ਵਿਰੋਧੀ ਬਰਬਰ ਅਪਰਾਧ। ਕਿਸੇ ਵੀ ਸਮਾਜਿਕ ਢਾਂਚੇ ਵਿੱਚ ਜੋ ‘ਡੈਵੀਏਟ’ (ਭਟਕਾਅ-ਗ੍ਰਸਤ) ਵਿਵਹਾਰ ਦੂਜੇ ਨਾਗਰਿਕ, ਸਮਾਜ ਜਾਂ ਹਕੂਮਤ ਨੂੰ ਨੁਕਸਾਨ ਪਹੁੰਚਾਉਂਦਾ ਹੈ, ਉਹ ਅਪਰਾਧ ਹੈ। ਵੈਸੇ ਭ੍ਰਿਸ਼ਟਾਚਾਰ ਵੀ, ਬੁਰਜੂਆ ਪੈਮਾਨਿਆਂ ਮੁਤਾਬਕ ਵੀ, ਆਰਥਿਕ-ਸਮਾਜਿਕ ਅਪਰਾਧ ਹੀ ਹੈ।

(2) ‘ਡੈਵੀਏਟ’ ਵਿਵਹਾਰ ਕੀ ਹੈ, ਇਹ ਕਿਸੇ ਸਮਾਜਿਕ ਢਾਂਚੇ ਵਿੱਚ ਸਿਆਸੀ ਸੱਤ੍ਹਾ ਜਾਂ ਹਾਕਮ ਜਮਾਤ ਹੀ ਤੈਅ ਕਰਦੀ ਹੈ ਅਤੇ ਉਸਦੀ ਪ੍ਰੀਭਾਸ਼ਾ ਅਤੇ ਢਾਂਚੇ ਨੂੰ ਕਨੂੰਨ ਦੇ ਰੂਪ ਵਿੱਚ ਕ੍ਰਮਬੱਧ ਕਰਦੀ ਹੈ। ਕਿਉਂਕਿ ਹਰੇਕ ਸਮਾਜਿਕ ਢਾਂਚੇ ਵਿੱਚ ਹਾਕਮ ਜਮਾਤ ਦੇ ਵਿਚਾਰ ਹੀ ਹਾਕਮ ਵਿਚਾਰ ਹੁੰਦੇ ਹਨ, ਇਸ ਲਈ ਆਮ ਨਾਗਰਿਕ ਰੋਜਾਨਾ ਦੇ ਜੀਵਨ ਵਿੱਚ ਅਪਰਾਧ ਦੀ ਅਲੋਚਨਾ ਵੀ ਅਸਲ ਵਿੱਚ ਇਹਨਾਂ ਹਥਿਆਰਾਂ ਨਾਲ਼ ਕਰਦਾ ਹੈ, ਜੋ ਹਾਕਮ ਜਮਾਤ ਦਾ ਵਿਚਾਰਕ-ਸੱਭਿਆਚਾਰਕ ਗਲਬੇ ਦਾ ਢਾਂਚਾ ਉਹਨਾਂ ਨੂੰ ਮੁਹੱਈਆ ਕਰਵਾਉਂਦਾ ਹੈ। ਮਾਰਕਸਵਾਦੀ ਵਿਗਿਆਨ ਪ੍ਰੋਲੇਤਾਰੀ ਦੇ ਪੱਖ ਤੋਂ ਸਾਰੇ ਦੱਬੇ-ਕੁਚਲੇ ਲੋਕਾਂ ਦੇ ਪੱਖ ਵਿੱਚ ਅਪਰਾਧ ਦੀ ਘਟਨਾ ਦਾ ਵਿਸ਼ਲੇਸ਼ਣ ਅਤੇ ਅਲੋਚਨਾ ਪੇਸ਼ ਕਰਦਾ ਹੈ।

(3) ਪਹਿਲਾਂ ਵਿਆਪਕ ਸਮਾਜਿਕ-ਆਰਥਿਕ ਪ੍ਰਸੰਗ ਦੀ ਚਰਚਾ ਕੀਤੀ ਜਾਵੇ। ਸਰਮਾਏ ਦੀ ਪੈਦਾਵਾਰ ਮਜ਼ਦੂਰ ਦੀ ਵਾਫਰ ਕਿਰਤ-ਸ਼ਕਤੀ ਨੂੰ ਹੜੱਪ ਕੇ ਕੀਤੀ ਜਾਂਦੀ ਹੈ। ਪਰ ਇਹ ਅਪਰਾਧ ਨਹੀਂ ਹੈ, ਇਹ ਸੰਵਿਧਾਨਕ ਹੈ। ਜਿਣਸ ਪੈਦਾਵਾਰ ਤੇ ਇਸਦੇ ਵਜੂਦ ਸਮੋਏ ਰਹੱਸ ਨੂੰ ਮਜ਼ਦੂਰ ਨਹੀਂ ਸਮਝਦਾ, ਉਹ ਇਸ ਨੂੰ ਸੁਭਾਵਿਕ ਮੰਨਦਾ ਹੈ ਅਤੇ ਆਪਣੀ ਦੁਰਦਸ਼ਾ ਦੀਆਂ ਜੜਾਂ ਹੋਰ ਬਾਹਰੀ ਕਾਰਨਾਂ ਵਿੱਚ ਲੱਭਦਾ ਹੈ। ਜਦੋਂ ਉਸ ਦੀ ਜ਼ਿੰਦਗੀ ਬਹੁਤ ਬੇਹਾਲ ਹੋ ਜਾਂਦੀ ਹੈ ਅਤੇ ਮੁਨਾਫਾ ਨਿਚੋੜਨ ਦੇ ਗਲ਼ਘੋਟੂ ਮੁਕਾਬਲੇ ਵਿੱਚ ਸਰਮਾਏਦਾਰ ਕਿਰਤ ਕਨੂੰਨਾਂ ਦੁਆਰਾ ਪ੍ਰਾਪਤ ਹੱਕਾਂ ਨੂੰ ਹੜੱਪਣ (ਭਾਵ ਲੁੱਟ ਅਤੇ ਮੁਕਾਬਲੇ ਦਾ ਖੇਡ ਨੂੰ ਨਿਰਧਾਰਿਤ ਨਿਯਮਾਂ ਦਾ ਉਲੰਘਣ ਅਤੇ ਮਜ਼ਦੂਰਾਂ ਦੇ ਅਤੀਤ ਦੇ ਘੋਲ਼ਾਂ ਤੋਂ ਹਾਸਲ ਹੱਕਾਂ ਨੂੰ ਹੜੱਪਣ) ਲਗਦਾ ਹੈ, ਉਦੋਂ ਮਜ਼ਦੂਰ ਜਥੇਬੰਦ ਹੋ ਕੇ ਆਰਥਿਕ ਰਿਆਇਤਾਂ ਅਤੇ ਬੁਰਜੂਆ ਜਮਹੂਰੀ ਹੱਕਾਂ ਲਈ ਲੜਦੇ ਹਨ। ਇਸ ਲੜਾਈ ਦੀ ਲੰਬੀ ਪ੍ਰਕਿਰਿਆ ਵਿੱਚ ਉਹ ਵਿਗਿਆਨਿਕ ਵਿਚਾਰਾਂ ਨਾਲ਼ ਲੈਸ ਹੁੰਦੇ ਹਨ ਅਤੇ ਬੁਰਜੂਆ ਕਨੂੰਨੀ ਭੁਲੇਖਿਆਂ ਤੋਂ ਮੁਕਤ ਹੋ ਕੇ ਸਰਮਾਏਦਾਰਾ ਲੁੱਟ ਦੇ ਸਮੁੱਚੇ ਢਾਂਚੇ ਨੂੰ ਸਹੀ ਠਹਿਰਾਉਣ ਵਾਲ਼ੇ ਅਤੇ ਇਸ ਲਈ ਉਸਦੀ ਹਿਫਾਜ਼ਤ ਕਰਨ ਵਾਲ਼ੇ ਢਾਂਚੇ ਨੂੰ ਹੀ ਅਪਰਾਧੀ ਦੇ ਕਟਿਹਰੇ ਵਿੱਚ ਖੜਾ ਕਰ ਦਿੰਦੇ ਹਨ।

(4) ਸਰਮਾਏਦਾਰਾ ਪੈਦਾਵਾਰ ਅਤੇ ਵਟਾਂਦਰੇ ਦੀ ਪ੍ਰਣਾਲੀ ਅਤੇ ਸਮਾਜਿਕ-ਸਿਆਸੀ ਢਾਂਚੇ ਵਿੱਚ, ਸਰਮਾਏਦਾਰਾ ਜਮਾਤ ਦੀ ਇੱਛਾ ਤੋਂ ਅਜ਼ਾਦ, ਅੰਦਰੂਨੀ ਗਤੀ ਨਾਲ਼, ਲਗਾਤਾਰ ਇਸੇ ਤਰ੍ਹਾਂ ਵਿਰੋਧੀ ਗਤੀਆਂ ਪੈਦਾ ਹੁੰਦੀਆਂ ਰਹਿੰਦੀਆਂ ਹਨ ਜੋ ਪੂਰੇ ਢਾਂਚੇ ਦੇ ਨਿਰਵਿਘਨ ਸੰਚਾਲਨ ਨੂੰ ਰੋਕਦੀਆਂ ਹਨ ਅਤੇ ਖਿੰਡਾਉਂਦੀਆਂ ਹਨ। ਕਦੇ-ਕਦੇ ਇਹ ਹਾਲਤ ਹਾਕਮ ਜਮਾਤ ਦੇ ਕੰਟਰੋਲ ਤੋਂ ਕੁੱਝ ਸਮੇਂ ਲਈ ਬਾਹਰ ਵੀ ਹੋ ਜਾਂਦੀ ਹੈ। ਮੁਕਾਬਲਾ ਸਰਮਾਏਦਾਰੀ ਦੀ ਮੂਲ ਚਾਲਕ ਸ਼ਕਤੀ ਹੈ। ਸਰਮਾਏਦਾਰਾ ਜਮਾਤ ਦੀ ਰਾਜਸੱਤ੍ਹਾ, ਸਿਧਾਂਤਕਾਰ ਅਤੇ ਖਾਸ ਤੌਰ ‘ਤੇ ਉਸਦੀ ਮੈਨਜਿੰਗ ਕਮੇਟੀ ਦੇ ਰੂਪ ਵਿੱਚ ਕੰਮ ਕਰਨ ਵਾਲ਼ੀ ਸਰਕਾਰ ਮੁਨਾਫੇ ਦੀ ਹੋੜ ਵਾਲ਼ੀ ਇਸ ਖੇਡ ਦੇ ਕੁੱਝ ਨਿਯਮ ਬਣਾਉਂਦੀ ਹੈ। ਪਰ ਇਸ ਖੇਡ ਵਿੱਚ ਵੱਡਾ ਸਰਮਾਇਆ ਛੋਟੇ ਸਰਮਾਏ ਨੂੰ ਖਤਮ ਕਰਦਾ ਜਾਂਦਾ ਹੈ ਅਤੇ ਮੁਕਾਬਲਾ ਗਲ਼ਘੋਟੂ ਹੋ ਜਾਂਦਾ ਹੈ। ਇਸੇ ਵਿੱਚ ਕਦੇ ਅੱਗੇ ਨਿੱਕਲ਼ਣ ਤੇ ਕਦੀ ਹੋਂਦ ਬਚਾਉਣ ਲਈ ਅਲੱਗ-ਅਲੱਗ ਸਰਮਾਏਦਾਰ ਘਰਾਣੇ ਤਰ੍ਹਾਂ-ਤਰ੍ਹਾਂ ਦੇ ਢੰਗਾਂ ਨਾਲ਼ ਖੇਡ ਦੇ ਨਿਯਮਾ ਨੂੰ ਤੋੜਦੇ ਹਨ, ਸ਼ੇਅਰ ਮੰਡੀ ਵਿੱਚ ਘਪਲ਼ੇ-ਘੋਟਾਲ਼ੇ ਹੁੰਦੇ ਹਨ, ਟੈਕਸ ਚੋਰੀ ਹੁੰਦੇ ਹਨ, ਤਰ੍ਹਾਂ-ਤਰ੍ਹਾਂ ਦੇ ਢੰਗ ਨਾਲ਼ ਕੰਪਨੀ ਕਨੂੰਨਾਂ ਦੇ ਉਲੰਘਣ ਹੁੰਦੇ ਹਨ, ਕਾਰਪੋਰੇਟ ਬੋਰਡ ਕਮਰਿਆਂ ਵਿੱਚ ਚਾਲਾਂ ਚੱਲੀਆਂ ਜਾਂਦੀਆਂ ਹਨ। ਸਰਕਾਰ ਫਿਰ ਅੰਪਾਇਰ ਦੇ ਰੂਪ ਵਿੱਚ ਕਾਬੂ ਅਤੇ ਤਾਲ-ਮੇਲ਼ ਬਿਠਾਉਣ ਦਾ ਕੰਮ ਕਰਦੀ ਹੈ। ਕਦੇ-ਕਦੇ ਪੂਰਾ ਢਾਂਚਾ ਅਤੇ ਪੂਰੀ ਜਮਾਤ ਦੇ ਹਿੱਤਾਂ ਦੀ ਰਖਵਾਲੀ ਲਈ ਹਾਕਮ ਜਮਾਤ ਦੇ ਇੱਕ ਜਾਂ ਕੁੱਝ ਮੈਂਬਰਾਂ ਨੂੰ ਬਲੀ ਦਾ ਬੱਕਰਾ ਬਣਾਇਆ ਜਾਂਦਾ ਹੈ। ਆਰਥਿਕ ਅਪਰਾਧਾਂ ਦੀ ਅਰਾਜਕਤਾ ਦੇ ਵਧਣ ਅਤੇ ਉਸ ਨੂੰ ਕਾਬੂ ਕਰਨ ਦੀ ਇਹ ਪ੍ਰਕਿਰਿਆ ਲਗਾਤਾਰ ਚੱਲਦੀ ਰਹਿੰਦੀ ਹੈ। ਪਰ ਸਰਮਾਇਆ ਵਧਾਉਣ ਲਈ ਜਦੋਂ ਸਰਮਾਏਦਾਰ ਬੁਰਜੂਆ ਕਨੂੰਨਾਂ ਦਾ ਉਲੰਘਣ ਕਰਕੇ ਲੋਕਾਂ ਦੇ ਹਿੱਤਾਂ ‘ਤੇ ਸਿੱਧਾ ਡਾਕਾ ਮਾਰਦੇ ਹਨ, ਉੱਥੇ ਕਨੂੰਨ ਉਹਨਾਂ ਪ੍ਰਤੀ ਬਹੁਤ ਨਰਮ ਰਵੱਈਆ ਅਪਣਾਉਂਦਾ ਹੈ। ਇੱਕ ਉਦਾਹਰਣ ਲਈਏ, ਬੈਂਕਾਂ ਵਿੱਚ ਆਪਣੀ ਖੂਨ-ਪਸੀਨੇ ਦੀ ਕਮਾਈ ਤੋਂ ਲੋਕ ਜੋ ਬੱਚਤ ਕਰਦੇ ਹਨ ਉਸ ਤੋਂ ਕਰਜ ਲੈ ਕੇ ਨਿਵੇਸ਼ ਕਰਕੇ ਫਿਰ ਉਸੇ ਲੋਕਾਂ ਨੂੰ ਨਿਚੋੜ ਕੇ ਕਈ ਗੁਣਾ ਮੁਨਾਫਾ ਕਮਾਉਂਦੇ ਹਨ ਅਤੇ ਬੱਚਤ ਤੇ ਵਿਆਜ਼ ਦੇ ਰੂਪ ਵਿੱਚ ਲੋਕਾਂ ਨੂੰ ਬਹੁਤ ਹੀ ਛੋਟਾ ਹਿੱਸਾ ਮਿਲ਼ਦਾ ਹੈ। ਪਰ ਇਹ ਧੋਖਾ-ਧੜੀ ਤਾਂ ਬੁਰਜੂਆਂ ਕਨੂੰਨ ਦੇ ਹਿਸਾਬ ਨਾਲ਼ ਅਪਰਾਧ ਨਹੀਂ ਹੈ, ਪਰ ਸਰਮਾਏਦਾਰ ਫਿਰ ਇਹ ਕਰਦੇ ਹਨ ਕਿ ਉਸ ਕਰਜ਼ ਹੀ ਵਾਪਸ ਨਹੀਂ ਮੋੜਦੇ ਅਤੇ ਕੰਪਨੀ ਕਨੂੰਨ ਅਤੇ ਹੋਰ ਵਿੱਤੀ ਕਨੂੰਨ ਅਜਿਹੇ ਬਣਾਏ ਗਏ ਹਨ ਕਿ ਉਹਨਾਂ ਨਾਲ਼ ਸਰਮਾਏਦਾਰ ਘਰਾਣਿਆਂ ਦਾ ਕੁੱਝ ਨਹੀਂ ਵਿਗੜਦਾ। ਭਾਰਤ ਵਿੱਚ ਸਲਾਨਾ ਇਸ ਤਰ੍ਹਾਂ ਹੀ ਸਰਮਾਏਦਾਰ ਸਰਕਾਰੀ ਬੈਂਕਾਂ ਦਾ ਅਰਬਾਂ ਰੁਪਇਆ ਹੜੱਪ ਜਾਂਦੇ ਹਨ ਅਤੇ ਰਿਜ਼ਰਵ ਬੈਂਕ ਉਹਨਾਂ ਨੂੰ ‘ਨਾਨ ਪਰਫੋਮਿੰਗ ਐਸੇਟ’ ਦੇ ਖਾਤੇ ਵਿੱਚ ਦਰਜ਼ ਕਰ ਲੈਂਦੀ ਹੈ। ਬੈਂਕ ਤੋਂ ਬੱਚਤ ਕਰਤਾ ਨੂੰ ਵਿਆਜ਼ ਸਹਿਤ ਮੂਲ ਤਾਂ ਮਿਲ਼ ਜਾਂਦਾ ਹੈ ਪਰ ਸਾਰਾ ਬੋਝ ਸਰਕਾਰੀ ਵਿੱਤ ਦੇ ਜ਼ਰੀਏ ਦੇਸ਼ ਦੇ ਲੋਕਾਂ ‘ਤੇ ਪੈ ਜਾਂਦਾ ਹੈ, ਇਸ ਤਰ੍ਹਾਂ ਬੁਰਜੂਆਂ ਕਨੂੰਨ ਦੇ ਪੱਖ ਤੋਂ ਵੀ ਗੈਰਕਨੂੰਨੀ ਲੁੱਟ ਦੇ ਤਮਾਮ ਤਰੀਕੇ ਮੌਜੂਦ ਹਨ।

(5) ਇਸੇ ਤਰ੍ਹਾਂ, ਸਰਮਾਏ ਦੀ ਜੋ ਕੌਮਾਂਤਰੀ ਖੇਡ ਹੈ, ਉਸ ਵਿੱਚ ਕੌਮੀ ਨਿਯਮ ਪੂਰੇ ਘਪਲ਼ੇ-ਘੋਟਾਲ਼ੇ, ਸਰਕਾਰਾਂ ਦੇ ਲੀਡਰਾਂ ਨੂੰ ਖਰੀਦਣ ਤੋਂ ਲੈ ਕੇ ਮੁਨਾਫਾ ਵਧਾਉਣ ਅਤੇ ਮੰਡੀ ਬਣਾਉਣ ਲਈ, ਦੇਸ਼ ਦੇ ਬਾਹਰ ਸਰਮਾਇਆ ਭੇਜਣ ਲਈ ਆਪਸੀ ਭਿਆਨਕ ਮੁਕਾਬਲੇ ਵਿੱਚ ਸਥਾਪਿਤ ਕੌਮਾਂਤਰੀ ਕਨੂੰਨਾਂ ਨੂੰ ਤੋੜਦੇ ਰਹਿੰਦੇ ਹਨ ਅਤੇ ਇਹਨਾਂ ਦੀਆਂ ਕਈ ਅਨਿਆਂਪੂਰਨ ਸਰਗਰਮੀਆਂ ਉੱਤੇ ਰੋਕਥਾਮ ਲਈ ਤਾਂ ਕੋਈ ਕੌਮਾਂਤਰੀ ਕਨੂੰਨ ਜਾਂ ਕਾਰਗਰ ਢੰਗ-ਤਰੀਕਾ ਹੈ ਹੀ ਨਹੀਂ। ਫਾਰਮਾਸਿਉਟੀਕਲ ਕੰਪਨੀਆਂ ਅਤੇ ਹਥਿਆਰ ਕੰਪਨੀਆਂ ਦੇ ਅਪਰਾਧਾਂ ਅਤੇ ਕਾਲ਼ੇ ਕਾਰਨਾਮਿਆਂ ਉੱਤੇ ਕਈ ਕਿਤਾਬਾਂ ਲਿਖੀਆਂ ਗਈਆਂ ਹਨ। ਮੰਡੀ ਦੇ ਮੁਕਾਬਲੇ ਅਤੇ ਸਧਾਨਾਂ ਦੀ ਲੁੱਟ ਹੀ ਦੁਨੀਆਂ ਦੀਆਂ ਸਾਰੀਆਂ ਜੰਗਾਂ ਦਾ ਮੂਲ ਕਾਰਨ ਹੈ। ਦੋ-ਦੋ ਮਹਾਂਯੁੱਧਾਂ, ਕਈ ਖੂਨ ਖਰਾਬੇ ਵਾਲ਼ੀਆਂ ਜੰਗਾਂ ਹੀਰੋਸ਼ੀਮਾ-ਨਾਗਾਸਾਕੀ, ਵਿਅਤਨਾਮ ਉੱਤੇ ‘ਕਾਰਪੇਟ ਬੌਂਬਿੰਗ’ ਤੋਂ ਲੈ ਕੇ ਹੁਣ ਦੇ ਦਿਨਾਂ ਵਿੱਚ ਅਫਗਾਨਿਸਤਾਨ, ਇਰਾਕ, ਲੀਬੀਆ, ਸੀਰੀਆ ਵਿੱਚ ਬਰਬਰ ਖੂਨੀ ਖੇਡ ਤੱਕ— ਸਰਮਾਏ ਦੇ ਇਸ ਵਿਸ਼ਵ-ਇਤਿਹਾਸਕ ਅਪਰਾਧ ਦੀ ਤਾਂ ਕੋਈ ਹੱਦ ਹੀ ਨਹੀਂ ਹੈ। ਇਹੀ ਨਹੀਂ, ਭੋਪਾਲ ਗੈਸ ਕਾਂਡ ਜਿਹੀ ਸਮੂਹਿਕ ਨਸਲਕੁਸ਼ੀ ਤੋਂ ਵੱਡਾ ਅਪਰਾਧ ਕੀ ਹੋ ਸਕਦਾ ਹੈ। ਅਨਾਜ ਦੀ ਬਹੁਤਾਤ ਦੇ ਬਾਵਜੂਦ ਪੂਰੀ ਦੁਨੀਆਂ ਵਿੱਚ ਜੇ ਬੱਚੇ ਕੁਪੋਸ਼ਣ ਅਤੇ ਭੁੱਖਮਰੀ ਦੇ ਸ਼ਿਕਾਰ ਹੁੰਦੇ ਹਨ, ਦਵਾਈਆਂ ਦੀਆਂ ਕੀਮਤਾਂ ਦੀ ਵਜ੍ਹਾ ਨਾਲ਼ ਜੇ ਲੋਕ ਮਰਦੇ ਰਹਿੰਦੇ ਹਨ, ਜੇ ਥੋੜੇ ਜਿਹੇ ਲੋਕਾਂ ਦੇ ਐਸ਼ੋ-ਆਰਾਮ ਦੇ ਟਾਪੂ ਨਰਕੀ ਦੁੱਖਾਂ ਦੇ ਸਾਗਰ ਵਿੱਚ ਜਗਮਗਾਉਂਦੇਂ ਰਹਿੰਦੇ ਹਨ। ਜੇ ਮੁਨਾਫੇ ਦੀ ਅੰਨੀ ਹਵਸ ਵਿੱਚ ਪਰਿਸਥਿਤਕ ਸੰਕਟ ਪੈਦਾ ਕਰਕੇ ਪੂਰੀ ਮਨੁੱਖਤਾ ਦੇ ਭਵਿੱਖ ਉੱਤੇ ਸਰਮਾਏਦਾਰ ਗੁੱਝਾ ਹਮਲਾ ਜਾਰੀ ਰੱਖਦੇ ਹਨ, ਤਾਂ ਇਸ ਤੋਂ ਵੱਡਾ ਅਪਰਾਧ ਭਲਾਂ ਕੀ ਹੋ ਸਕਦਾ ਹੈ? ਇਸ ਤੋਂ ਇਲਾਵਾ ਪਹਿਲਾਂ ਇਸ ਸੰਸਾਰ-ਇਤਿਹਾਸਕ ਦ੍ਰਿਸ਼ਾਂ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਮਨੁੱਖਤਾ ਅਤੇ ਸੰਸਾਰ-ਇਤਿਹਾਸ ਦੀ ਅਪਰਾਧੀ ਸਰਮਾਏਦਾਰੀ ਹੈ, ਹਰ ਅਪਰਾਧ ਦਾ ਮੂਲ ਸ੍ਰੋਤ ਸਰਮਾਏਦਾਰੀ ਹੈ। ਜੋ ਵੀ ਧਨੀ ਹੈ ਉਹ ਕਿਸੇ ਨਾ ਕਿਸੇ ਤਰ੍ਹਾਂ ਅਪਰਾਧੀ ਹੈ। ਕਿਸੇ ਨਾ ਕਿਸੇ ਰੂਪ ਵਿੱਚ ਲੁੱਟੇ ਗਏ ਹਿੱਸੇ ਦਾ ਪਰਜੀਵੀ ਹਿੱਸੇਦਾਰ ਹੈ। ਬਾਲਜ਼ਾਕ ਨੇ ਉਂਝ ਹੀ ਨਹੀਂ ਕਿਹਾ ਸੀ ਕਿ ”ਹਰ ਸੰਪੱਤੀ ਸਾਮਰਾਜ ਅਪਰਾਧ ਦੀ ਬੁਨਿਆਦ ‘ਤੇ ਖੜਾ ਹੈ।” 

(6) ਨਿੱਜੀ ਮਲਕੀਅਤ ਦੇ ਢਾਂਚੇ ਦੀ ਸੁਰੱਖਿਆ ਸਰਮਾਏਦਾਰਾ ਕਨੂੰਨ ਅਤੇ ਸਿਆਸਤ ਦਾ ਬੁਨਿਆਦੀ ਸੰਕਲਪ ਹੈ। ਅਪਰਾਧ ਦੇ ਅੰਕੜੇ ਵੀ ਇਹ ਇਸੇ ਅਧਾਰ ‘ਤੇ ਤੈਅ ਕਰਦਾ ਹੈ। ਇਸ ਲਈ ਕਰੋੜਾਂ-ਅਰਬਾਂ ਦੀ ਟੈਕਸ ਚੋਰੀ ਜਾਂ ਕਰਜ਼ ਅਦਾਇਗੀ ਤੋਂ ਮੁੱਕਰਨ ਵਾਲ਼ੇ ਤਾਂ ਸਨਮਾਨਿਤ ਨਾਗਰਿਕ ਬਣੇ ਰਹਿੰਦੇ ਹਨ, ਪਰ ਦੁਕਾਨ ਤੋਂ ਬਰੈੱਡ ਚੋਰੀ ਕਰਨ ਵਾਲ਼ਾ, ਜੇਬਾਂ ਕੱਟਣ ਵਾਲ਼ਾ ਜਾਂ ਛੋਟਾ-ਮੋਟਾ ਕਰਜ਼ ਵਾਪਸ ਨਾ ਕਰਨ ਵਾਲ਼ਾ ਗਰੀਬ ਕਨੂੰਨ ਦੀ ਨਜ਼ਰ ਤੋਂ ਕਦੇ ਬਚ ਨਹੀਂ ਪਾਉਂਦਾ। ਛੋਟੀ-ਮੋਟੀ ਚੋਰੀ ਅਤੇ ਲੁੱਟ-ਮਾਰ ਨੂੰ ਇਹ ਢਾਂਚਾ ‘ਅਫੋਰਡ’ ਕਰ ਸਕਦਾ ਹੈ ਪਰ ਇਹ ਇਸ ਨੂੰ ਕਦੇ ਸਹਿਣ ਨਹੀਂ ਕਰਦਾ ਕਿਉਂਕਿ ਇਹ ਚੀਜ਼ਾਂ ਨਿੱਜੀ ਮਾਲਕੀ ਦੇ ਢਾਂਚੇ ਨੂੰ ਚੁਣੌਤੀ ਦਿੰਦੀਆ ਹਨ। ਦੂਜੀ ਗੱਲ ਕਿ ਜੇ ਇਹ ਘਟਨਾਵਾਂ ਵਧ ਜਾਣ ਤਾਂ ਸਰਮਾਏਦਾਰਾ ਪੈਦਾਵਾਰ ਅਤੇ ਵੰਡ ਦੀ ਪ੍ਰਣਾਲੀ ਦੇ ਸੁਚਾਰੂ ਸੰਚਾਲਨ ਲਈ ਜਰੂਰੀ ਸਮਾਜਿਕ ਸ਼ਾਤੀ ਢਾਂਚਾ ਭੰਗ ਹੋ ਜਾਵੇਗਾ।

(7) ਸਰਮਾਏਦਾਰਾ ਢਾਂਚਾ ਜਿਹਨਾਂ ਸਰਗਰਮੀਆਂ ਨੂੰ ਆਰਥਿਕ ਅਪਰਾਧ ਦੇ ਖੇਮੇ ਵਿੱਚ ਰੱਖਦਾ ਹੈ ਉਹਨਾਂ ਲਈ ਜ਼ਿੰਮੇਵਾਰ ਵਿਅਕਤੀਆਂ ਪ੍ਰਤੀ ਵੀ ਉਸ ਦੇ ਰਵੱਈਏ ਦੀ ਨਰਮੀ ਅਤੇ ਕਠੋਰਤਾ ਸਰਮਾਏ ਦੇ ਵਧਦੇ ਕ੍ਰਮ ਵਿੱਚ ਤੈਅ ਹੁੰਦਾ ਹਨ। ਕਾਰਪੋਰੇਟ ਅਪਰਾਧ (ਕਾਰਪੋਰੇਟ ਟੈਕਸ ਚੋਰੀ, ਐਨ.ਪੀ .ਏ, ਲੀਡਰਾਂ ਨੌਕਰਸ਼ਾਹਾਂ ਨੂੰ ਕਮੀਸ਼ਨ ਅਤੇ ਰਿਸ਼ਵਤ ਦੇਣਾ ) ਵਿੱਤੀ ਅਪਰਾਧ (ਬੈਂਕਰਾ ਅਤੇ ਸ਼ੇਅਰ ਬਜ਼ਾਰਾ ਦੇ ਘਪਲ਼ੇ-ਘੋਟਾਲ਼ੇ) ਵਪਾਰਕ ਅਪਰਾਧ (ਕਾਲ਼ਾਬਜ਼ਾਰੀ, ਮਿਲ਼ਾਵਟ ਅਤੇ ਜ਼ਮ੍ਹਾਂਖੋਰੀ) ਸਿਆਸੀ ਅਪਰਾਧ (ਲੀਡਰਾਂ ਦੀ ਭ੍ਰਿਸ਼ਟਾਚਾਰੀ, ਮੀਡੀਆ ਕਰਮਚਾਰੀਆਂ ਦੀ ਦਲਾਲੀ, ਉੱਚ ਸਿੱਖਿਆ ਖੇਤਰ ਦੇ ਘਪਲ਼ੇ-ਘੋਟਾਲ਼ੇ, ਨੌਕਰਸ਼ਾਹੀ ਦੀ ਰਿਸ਼ਵਤਖੋਰੀ) ਲਈ ਸਜ਼ਾਵਾਂ ਨਰਮ ਹੁੰਦੀਆ ਹਨ। ਬਚ ਨਿੱਕਲ਼ਣ ਅਤੇ ਮਾਮਲੇ ਨੂੰ ਲਟਕਾਈ ਰੱਖਣ ਦੇ ਅਣਗਣਿਤ ਰਸਤੇ ਹਨ, ਮੂਲ ਕੋਸ਼ਿਸ਼ ਕੇਵਲ ਹਾਲਤ ਨੂੰ ਕੰਟਰੋਲ ਵਿੱਚ ਰੱਖਣ ਅਤੇ ਲੋਕਾਂ ਦਾ ਭਰੋਸਾ ਬਣਾਈ ਰੱਖਣ ਦੀ ਹੁੰਦੀ ਹੈ ਅਤੇ ਕਦੇ-ਕਦੇ ਪੂਰੇ ਢਾਂਚੇ ਦੇ ਹੱਕ ਵਿੱਚ ਕੁੱਝ ਲੋਕਾਂ ਦੀ ਬਲੀ ਦੇ ਦਿੱਤੀ ਜਾਂਦੀ ਹੈ। ਜਥੇਬੰਦ ਮਾਫ਼ੀਆ ਗਰੋਹਾਂ ਦੇ ਅਪਰਾਧ ਪੈਦਾਵਾਰ ਅਤੇ ਸਮਾਜ ਦੇ ਢਾਂਚੇ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਕਨੂੰਨ ਉਹਨਾਂ ਪ੍ਰਤੀ ਸਖਤ ਰੁਖ ਅਪਣਾਉਂਦਾ ਹੈ, ਪਰ ਇਸ ਦਰਜ਼ੇ ਦੇ ਅਪਰਾਧ ਸਰਕਾਰੀ ਢਾਂਚੇ ਦੇ ਅਸਰ-ਰਸੂਖ ਵਾਲ਼ੇ ਲੋਕਾਂ ਦੇ ਸਹਿਯੋਗ-ਸਰੁੱਖਿਆ ਨਾਲ਼ ਹੀ ਚਲਦੇ ਹਨ, ਅੰਤ ਇਹਨਾਂ ‘ਤੇ ਰੋਕ ਅਸੰਭਵ ਹੈ। ਸਰਕਾਰ ਅਤੇ ਨੌਕਰਸ਼ਾਹੀ ਭ੍ਰਿਸ਼ਟਾਚਾਰ ਅਤੇ ਸਮਾਜਿਕ ਅਰਾਜਕਤਾ ਵਧਣ ਦੇ ਨਾਲ਼ ਹੀ ਬਸਤੀਵਾਦੀ ਪ੍ਰਵਿਰਤੀਆਂ ਅਤੇ ਜਥੇਬੰਦ ਮਾਫੀਆ ਅਪਰਾਧਾ ਵਿੱਚ ਵਾਧਾ ਹੁੰਦਾ ਹੈ। ਸਰਮਾਏ-ਹੀਣਿਆਂ ਅਤੇ ਆਮ ਲੋਕਾਂ ਦੇ ਆਰਥਿਕ ਅਪਰਾਧਾਂ ( ਛੋਟੀਆਂ ਚੋਰੀਆਂ, ਲੁੱਟ-ਖੋਹ, ਜੇਬਕੱਟਣੀ, ਚਪੜਾਸੀ ਦਾ ਰਿਸ਼ਵਤ ਲੈਣਾ ਆਦਿ) ਪ੍ਰਤੀ ਢਾਂਚਾ ਜ਼ਿਆਦਾ ਚੌਕਸ ਰਹਿੰਦਾ ਹੈ ਅਤੇ ਸਖਤ ਰਵੱਈਆ ਅਪਣਾਉਂਦਾ ਹੈ। ਪਰ ਜੋ ਲੋਕ ਆਪਣੀਆਂ ਘੱਟੋ-ਘੱਟ ਲੋੜਾਂ ਤੱਕ ਤੋਂ ਸੱਖਣੇ ਰਹਿੰਦੇ ਹਨ ਜਾਂ ਜੋ ਫਰਜ਼ ਪੂਰਤੀ ਦਾ ਢੁਕਵਾਂ ਫਲ਼ ਨਾ ਮਿਲ਼ਣ, ਵੱਡੇ ਲੋਕਾਂ ਦੇ ਭ੍ਰਿਸ਼ਟਾਚਾਰ ਜਾਂ ਸਮਾਜਿਕ ਗ਼ੈਰ-ਬਰਾਬਰੀ ਕਾਰਨ ਪ੍ਰੇਸ਼ਾਨ ਰਹਿੰਦੇ ਹਨ, ਉਹਨਾਂ ਦਾ ਇੱਕ ਹਿੱਸਾ ਅਜਿਹੇ ਅਪਰਾਧ ਕਰਦਾ ਹੈ, ਜਿਨ੍ਹਾਂ ‘ਤੇ ਕੰਟਰੋਲ ਕਰਨਾ ਰਾਜ ਮਸ਼ੀਨਰੀ ਦਾ ਇੱਕ ਮਹੱਤਵਪੂਰਣ ਕੰਮ ਬਣਿਆ ਰਹਿੰਦਾ ਹੈ।

(8) ਸਮਾਜ ਵਿੱਚ ਨਿੱਜੀ ਸੰਪੱਤੀ ਅਤੇ ਗ਼ੈਰ-ਬਰਾਬਰੀਆਂ ਦੇ ਪੈਦਾ ਹੋਣ ਦੇ ਨਾਲ਼ ਹੀ ਅਪਰਾਧ ਦੇ ਜਨਮ ਅਤੇ ਵਿਕਾਸ ਦਾ ਇਤਿਹਾਸ ਆਪਣੇ-ਆਪ ਵਿੱਚ ਅਧਿਐਨ ਦਾ ਇੱਕ ਦਿਲਚਸਪ ਵਿਸ਼ਾ ਹੈ। ਕਈ ਵਾਰ ਅਪਰਾਧ ਅਨਿਆਂ ਦੇ ਜਥੇਬੰਦ ਵਿਰੋਧ ਦੀ ਗ਼ੈਰ-ਮੌਜੂਦਗੀ ਵਿੱਚ ਵਿਅਕਤੀਗਤ ਵਿਦਰੋਹ ਅਤੇ ਵਿਖੰਡਿਤ ਨਿਰਾਸ਼ਾ ਦਾ ਪ੍ਰਗਟਾਵਾ ਹੁੰਦਾ ਹੈ। ਪਹਿਲਾ ਚੋਰ ਉਹ ਵਿਦਰੋਹੀ ਰਿਹਾ ਹੋਵੇਗਾ ਜਿਸਨੇ ਉਪਭੋਗ-ਸਮੱਗਰੀ ਦੀ ਸਮਾਜਿਕ ਦੌਲਤ ਦੀ ਵੰਡ ਵਿੱਚ ਬੇਈਮਾਨੀ ਦਾ ਵਿਰੋਧ ਕਰਨ ਲਈ ਰਾਤ ਨੂੰ ਲੁਕ ਕੇ ਭੰਡਾਰ ਘਰ ਵਿੱਚੋਂ ਕੁੱਝ ਚੋਰੀ ਕਰ ਲਿਆ ਹੋਵੇਗਾ। ਗੁਲਾਮਦਾਰੀ ਸਮਾਜ ਅਤੇ ਜਗੀਰੂ ਸਮਾਜ ਵਿੱਚ ਦਾਬੇ ਅਤੇ ਵਿਦਰੋਹ ਦੀਆਂ ਘਟਨਾਵਾਂ ਆਮ ਸੀ, ਪਰ ਆਰਥਿਕ-ਸਮਾਜਿਕ ਅਪਰਾਧਾਂ ਦਾ ਖਾਸਾ ਸਰਲ ਸੀ, ਜਮਾਤਾਂ ਘੱਟ ਸਨ ਅਤੇ ਦਾਇਰਾ ਸੀਮਤ ਸੀ। ਇਸ ਲਈ ਇਹਨਾਂ ਸਮਾਜਾਂ ਦਾ ਕਨੂੰਨ ਵੀ ਸਿੱਧਾ-ਸਰਲ ਸੀ। ਜਗੀਰੂ ਸਮਾਜ ਵਿੱਚ ਭੂਮੀ ਅਤੇ ਅਚੱਲ ਸੰਪਤੀ ਦੀ ਮਾਲਕੀ ਪ੍ਰਧਾਨ ਪਹਿਲੂ ਸੀ, ਮੁਦਰਾ ਦੇ ਵਟਾਂਦਰੇ ਦਾ ਦਾਇਰਾ ਸੀਮਤ ਸੀ ਅਤੇ ਜਗੀਰੂ ਵਿਸੇਸ਼ ਅਧਿਕਾਰ ਹਰ ਮਾਮਲੇ ਵਿੱਚ ਫੈਸਲਾਕੁੰਨ ਸੀ ਅਤੇ ਅਪਰਾਧ ਤੇ ਕਨੂੰਨ ਦਾ ਦਾਇਰਾ ਫਿਰ ਵੀ ਸੀਮਤ-ਸਰਲ ਸੀ। ਸਰਮਾਏਦਾਰਾ ਸਮਾਜ ਵਿੱਚ ਚੱਲ ਸੰਪਤੀ ਵਿੱਚ ਵਾਧਾ ਹੋਇਆ, ਮੁਦਰਾ ਨੇ ਗੁੰਝਲ਼ਦਾਰ ਅਤੇ ਬਹੁਮੁਖੀ ਭੂਮਿਕਾ ਅਪਣਾ ਲਈ ਤੇ ਵਾਧੂ ਕਦਰ ਨਿਚੋੜਨਾ ਅਤੇ ਸਰਮਾਇਆ ਸੰਗ੍ਰਹਿ ਦੀ ਗੁੰਝਲ਼ਦਾਰ ਪ੍ਰਣਾਲੀ ਹੋਂਦ ਵਿੱਚ ਆਈ। ਇਸਦੇ ਨਾਲ਼ ਹੀ ਸੰਪਤੀ ਦੇ ਕਨੂੰਨ ਗੁੰਝਲ਼ਦਾਰ ਹੋ ਗਏ। ਕੰਮ ਸ਼ਕਤੀ ਦੀ ਲੁੱਟ, ਸਰਮਾਏਦਾਰਾਂ ਦੀ ਹੋੜ, ਵਟਾਂਦਰੇ ਦੀ ਗੁੰਝਲ਼ਦਾਰ ਪ੍ਰਣਾਲੀ ਨੂੰ ਚਲਾਉਣ ਲਈ ਜਿੰਨੇ ਵਿਆਪਕ ਕਨੂੰਨਾਂ ਦਾ ਤਾਣਾਬਾਣਾ ਜ਼ਰੂਰੀ ਸੀ, ਉਸਦੇ ਤੋੜਨ ਦੇ ਉਨੇ ਹੀ ਨਵੇ-ਨਵੇ ਤਰੀਕਿਆਂ ਦੀ ਖੋਜ ਹੋਣਾ ਵੀ ਲਾਜ਼ਮੀ ਸੀ ਆਰਥਿਕ ਅਪਰਾਧਾਂ ਦੇ ਨਿੱਤ ਨਵੇਂ ਤਰੀਕੇ ਅਤੇ ਉਹਨਾਂ ‘ਤੇ ਕੰਟੋਰਲ ਦਾ ਢੰਗ ਅਤੇ ਮਸ਼ੀਨਰੀ ਦਾ ਲਗਾਤਾਰ ਵਿਕਾਸ— ਇਹ ਸਰਮਾਏਦਾਰਾ ਸਮਾਜ ਦੀ ਗਤੀ ਦਾ ਇੱਕ ਹਿੱਸਾ ਬਣ ਗਿਆ।

(9) ਬੁਰਜੂਆ ਪੈਦਾਵਾਰ ਅਤੇ ਵੰਡ ਪ੍ਰਣਾਲੀ ਵਿੱਚ ਅਪਰਾਧੀ ਦੀ ਭੂਮਿਕਾ ਵੀ ਇੱਕ ਜਿਣਸ ਪੈਦਾਕਾਰ ਦੀ ਬਣ ਗਈ ਅਤੇ ਅਪਰਾਧ ਸਰਮਾਏਦਾਰਾ ਵਿਕਾਸ ਦਾ ਇੱਕ ਉਤਪ੍ਰੇਰਕ ਤੱਤ ਬਣ ਗਿਆ। ਇਸ ਦਾ ਦਿਲਚਸਪ ਬਿਉਰਾ ਕਾਰਲ ਮਾਰਕਸ ਨੇ ਆਪਣੇ ਲੇਖ “ਵਾਫਰ ਕਦਰ ਦੇ ਸਿਧਾਂਤ” ਵਿੱਚ ਇਸ ਪ੍ਰਕਾਰ ਦਿੱਤਾ ਹੈ:

”ਦਾਰਸ਼ਨਿਕ ਵਿਚਾਰਾਂ ਦਾ, ਕਵੀ ਕਵਿਤਾਵਾਂ ਦਾ, ਪਾਦਰੀ ਧਰਮ ਉਪਦੇਸ਼ਾਂ ਦਾ, ਪ੍ਰੋਫੈਸਰ ਕਾਰਜ-ਨਿਰਦੇਸ਼ਾਂ ਦਾ ਸਿਰਜਣ ਕਰਦੇ ਹਨ ਆਦਿ। ਅਪਰਾਧੀ ਅਪਰਾਧਾਂ ਨੂੰ ਜਨਮ ਦਿੰਦਾ ਹੈ। ਜੇ ਅਸੀ ਪੈਦਾਵਾਰ ਦੀ ਇਸ ਬਾਅਦ ਵਾਲ਼ੀ ਸ਼ਾਖਾ ਜਾਂ ਪੂਰੇ ਰੂਪ ਵਿੱਚ ਸਮਾਜ ਦੇ ਵਿੱਚ ਸਬੰਧ ਨੂੰ ਬਰੀਕੀ ਨਾਲ਼ ਦੇਖੀਏ ਤਾਂ ਅਸੀ ਆਪਣੇ ਆਪ ਨੂੰ ਬਹੁਤ ਸਾਰੀਆ ਗਲਤਫਹਿਮੀਆਂ ਤੋਂ ਛੁਟਕਾਰਾ ਦਵਾ ਲਵਾਂਗੇ। ਅਪਰਾਧੀ ਅਪਰਾਧਾਂ ਦਾ ਹੀ ਨਹੀਂ ਸਗੋਂ ਦੰਡ ਦਾ ਕਨੂੰਨ ਵੀ ਅਤੇ ਉਸਦੇ ਨਾਲ਼ ਹੀ ਪ੍ਰੋਫੈਸਰ ਦਾ ਵੀ, ਜੋ ਦੰਡ-ਕਨੂੰਨ ਉੱਤੇ ਭਾਸ਼ਣ ਦਿੰਦਾ ਹੈ ਅਤੇ ਉਸ ਤੋਂ ਬਿਨ੍ਹਾਂ ਉਸ ਜਰੂਰੀ ਕਾਰਜ-ਨਿਰਦੇਸ਼ਕਾਂ ਦੀ ਵੀ ਸਿਰਜਣਾ ਕਰਦਾ ਹੈ, ਜਿਸ ਦੇ ਮਾਧਿਅਮ ਨਾਲ਼ ਇਹੀ ਪ੍ਰੋਫੈਸਰ ਆਪਣੇ ਭਾਸ਼ਣਾਂ ਨੂੰ ‘ਜਿਣਸ’ ਦੇ ਰੂਪ ਵਿੱਚ ਆਮ ਮੰਡੀ ਵਿੱਚ ਸੁੱਟਦਾ ਹੈ। ਇਹ ਆਪਣੇ ਨਾਲ਼ ਕੌਮੀ ਸੰਪੱਤੀ ਦੀ ਉੱਨਤੀ ਲਿਆਂਉਂਦਾ ਹੈ।

ਇਹੀ ਨਹੀਂ ਅਪਰਾਧੀ ਪੁਲਿਸ ਅਤੇ ਦੰਡ-ਨਿਆਂ, ਪੁਲਿਸ ਦੇ ਸਿਪਾਹੀਆਂ, ਜੱਜਾਂ, ਜੱਲਾਦਾਂ, ਜੀਉਰੀਆਂ ਆਦਿ ਦੇ ਪੂਰੇ ਸਮੂਹ ਦੀ ਸਿਰਜਣਾ ਕਰਦਾ ਹੈ ਅਤੇ ਕਾਰੋਬਾਰ ਦੀ ਇਹ ਵਿਭਿੰਨ ਦਿਸ਼ਾਵਾਂ, ਜਿਨ੍ਹਾਂ ਨੂੰ ਲੈ ਕੇ ਸਮਾਜਿਕ ਕੰਮ-ਵੰਡ ਦੀਆਂ ਵੱਖੋ-ਵੱਖਰੀਆਂ ਕਿਸਮਾਂ ਬਣਦੀਆਂ ਹਨ, ਮਨੁੱਖੀ-ਆਤਮਾ ਦੀਆਂ ਬਹੁਤ ਤਾਕਤਾਂ ਦਾ ਵਿਕਾਸ ਹੁੰਦਾ ਹੈ, ਨਵੀਆਂ ਜਰੂਰਤਾਂ ਦਾ ਅਤੇ ਉਹਨਾਂ ਦੀ ਪੂਰਤੀ ਦੇ ਉਪਾਅ ਦੀ ਉਸਾਰੀ ਕਰਦਾ ਹੈ। ਇਕੱਲੇ ਦੁੱਖਾਂ ਨੇ ਸਭ ਵਿੱਲਖਣ ਮਸ਼ੀਨੀ ਖੋਜਾਂ ਨੂੰ ਜਨਮ ਦਿੱਤਾ ਅਤੇ ਇਹਨਾਂ ਔਜ਼ਾਰਾਂ ਦੀ ਪੈਦਾਵਾਰ ਵਿੱਚ ਅਨੇਕ ਇੱਜਤਦਾਰ ਕਾਰੀਗਰਾਂ ਦੀ ਵਰਤੋਂ ਕੀਤੀ।

           ਅਪਰਾਧੀ ਭਾਵ ਪੈਦਾ ਕਰਦਾ ਹੈ ਜੋ ਹਾਲਤ ਦੇ ਅਨੁਸਾਰ ਅੱਧਾ ਨੈਤਿਕ ਅਤੇ ਅੱਧਾ ਤਰਸਪੂਰਨ ਹੁੰਦਾ ਹੈ ਅਤੇ ਇਸ ਤਰ੍ਹਾਂ ਲੋਕਾਂ ਦੀਆਂ ਸੁੰਦਰ ਅਤੇ ਨੈਤਿਕ ਭਾਵਨਾਵਾਂ ਨੂੰ ਜਗਾ ਕੇ ‘ਸੇਵਾ’ ਕਰਦਾ ਹੈ। ਉਹ ਕੇਵਲ ਦੰਡ ਕਨੂੰਨ ਦੇ ਬਾਰੇ ਕਾਰਜ ਨਿਰਦੇਸ਼ਕਾਂ ਦਾ ਹੀ ਨਹੀਂ, ਕੇਵਲ ਦੰਡ ਕਨੂੰਨ ਦਾ ਹੀ ਨਹੀਂ, ਉਸ ਦੇ ਨਾਲ਼ ਇਸ ਖੇਤਰ ਵਿੱਚ ਵਿਧਾਇਕਾਂ ਦਾ ਉਸਾਰੀ ਹੀ ਨਹੀਂ ਕਰਦਾ, ਸਗੋਂ ਕਲਾ, ਲਲਿਤ ਕਲਾਵਾਂ, ਨਾਵਲਾਂ, ਤਰਾਸਦੀ-ਪੂਰਨ ਰਚਨਾਵਾਂ ਦਾ ਵੀ ਮਿਊਲਨੇਰ ਦੇ ‘ਸ਼ੂਲਦ’ (ਦੋਸ਼), ਸ਼ਿਲਰ ਦੇ ‘ਰਾਊਬੇ’ (ਬਟਮਾਰ) ਨਾਟਕ ਦਾ ਹੀ ਨਹੀਂ, ਸਗੋ ਸਰੋਸ਼ਠੋਕਲੀਜਾ ਦੇ ‘ਏਡੀਪਸ’ ਅਤੇ ਸ਼ੇਕਸਪੀਅਰ ਦੇ ‘ਰਿਚਰਡ ਤੀਜਾ’ ਨੂੰ ਵੀ ਜਨਮ ਦਿੰਦਾ ਹੈ। ਅਪਰਾਧੀ ਬੁਰਜੂਆ ਜੀਵਨ ਦੀ ਨੀਰਸਤਾ ਅਤੇ ਰੋਜ਼ਮੱਰ੍ਹਾ ਦੀ ਸੁਰੱਖਿਆ ਨੂੰ ਭੰਗ ਕਰਦਾ ਹੈ। ਇਸ ਤਰ੍ਹਾਂ ਉਹ ਇਸ ਨੂੰ ਜੜ੍ਹਤਾ ਤੋਂ ਦੂਰ ਰੱਖਦਾ ਹੈ ਉਸ ਬੇਚੈਨੀ ਭਰਪੂਰ ਤਣਾਅ ਅਤੇ ਤੀਖਣਤਾ ਨੂੰ ਜਨਮ ਦਿੰਦਾ ਹੈ ਜਿਸ ਦੇ ਬਿਨ੍ਹਾਂ ਮੁਕਾਬਲੇ ਦੀ ਪ੍ਰੇਰਣਾ ਵੀ ਭੰਗ ਹੋ ਜਾਵੇਗੀ। ਇਸ ਤਰ੍ਹਾਂ ਉਹ ਪੈਦਾਵਰੀ ਤਾਕਤਾਂ ਨੂੰ ਪ੍ਰੇਰਿਤ ਕਰਦਾ ਹੈ। ਜਿੱਥੇ ਅਪਰਾਧ ਵਾਧੂ ਅਬਾਦੀ ਦੇ ਇਕ ਹਿੱਸੇ ਨੂੰ ਕਾਰਜ-ਮੰਡੀ ਤੋਂ ਪਰ੍ਹਾਂ ਕਰ ਦਿੰਦਾ ਹੈ ਅਤੇ ਮਜ਼ਦੂਰਾਂ ਵਿੱਚ ਮੁਕਾਬਲੇ ਨੂੰ ਘੱਟ ਕਰਦਾ ਹੈ— ਉਜਰਤ ਨੂੰ ਘੱਟੋ-ਘੱਟ ਹੱਦ ਤੋਂ ਹੇਠਾਂ ਡੇਗਣ ਤੋਂ ਕੁੱਝ ਹੱਦ ਤੱਕ ਰੋਕਦਾ ਹੈ— ਉੱਥੇ ਅਪਰਾਧ ਵਿਰੁੱਧ ਘੋਲ਼ ਅਬਾਦੀ ਦੇ ਦੂਜੇ ਹਿੱਸੇ ਨੂੰ ਜਜ਼ਬ ਕਰ ਲੈਦਾ ਹੈ। ਇਸ ਤਰ੍ਹਾਂ ਅਪਰਾਧੀ ਉਹਨਾਂ ਦੇ ਸੁਭਾਵਿਕ “ਪਾਸਕੂਆਂ” ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ ਜੋ ਸਹੀ ਸੰਤੁਲਨ ਕਾਇਮ ਕਰਦੇ ਹਨ ਅਤੇ “ਲਾਹੇਵੰਦ” ਕੰਮ ਧੰਦਿਆਂ ਦੀਆਂ ਸਾਰੀਆਂ ਸੰਭਾਵਨਾਵਾਂ ਦੇ ਦਰਵਾਜੇ ਖੋਲ੍ਹਦੇ ਹਨ।
 

           ਪੈਦਾਵਾਰੀ ਤਾਕਤਾਂ ਦੇ ਵਿਕਾਸ ‘ਤੇ ਅਪਰਾਧੀਆਂ ਦੇ ਅਸਰ ਨੂੰ ਵਿਸਥਾਰ ਨਾਲ਼ ਦਿਖਾਇਆ ਜਾ ਸਕਦਾ ਹੈ। ਜੇ ਚੋਰੀ ਨਾ ਹੁੰਦੀ, ਤਾਂ ਕੀ ਤਾਲੇ ਆਪਣੇ ਵਰਤਮਾਨ ਮੌਜੂਦਾ ਪੱਧਰ ‘ਤੇ ਕਦੀ ਪਹੁੰਚਦੇ? ਜੇ ਜਾਅਲਸਾਜ਼ ਨਾ ਹੁੰਦੇ ਤਾਂ ਬੈਂਕ ਦੇ ਨੋਟ ਤਿਆਰ ਕਰਨ ਦਾ ਕੰਮ ਕਦੀ ਅੱਜ ਦਾ ਮੌਜੂਦਾ ਰੂਪ ਹਾਸਲ ਕਰ ਪਾਉਂਦਾ? ਜੇ ਵਪਾਰ ਦੀਆਂ ਧੋਖਾਧੜੀਆਂ ਨਾ ਹੁੰਦੀਆਂ, ਤਾਂ ਕੀ ਮਾਈਕ੍ਰੋਸਕੋਪ ਸਧਾਰਨ ਵਪਾਰ ਦੇ ਖੇਤਰ ਵਿੱਚ ਪ੍ਰਵੇਸ਼ ਕਰ ਪਾਉਂਦਾ (ਦੇਖੋ ਬੈਬੇਜ)? ਕੀ ਪ੍ਰਯੋਗੀ ਰਸਾਇਣ ਵਿਗਿਆਨ ਪਦਾਰਥਾਂ ਦੀ ਮਿਲ਼ਾਵਟ ਅਤੇ ਉਸਦਾ ਪਤਾ ਲਗਾਉਣ ਦੀਆਂ ਕੋਸ਼ਿਸ਼ਾਂ ਦਾ ਉਹਨਾਂ ਹੀ ਅਹਿਸਾਨ ਮੰਦ ਨਹੀਂ ਹੈ, ਜਿੰਨਾਂ ਕਿ ਪੈਦਾਵਾਰ ਲਈ ਇਮਾਨਦਰੀ ਭਰੇ ਜੋਸ਼ ਦਾ? ਅਪਰਾਧ ਸੰਪਤੀ ‘ਤੇ ਆਪਣੀਆਂ ਲਗਾਤਾਰ ਨਵੇਂ ਢੰਗਾਂ ਦੁਆਰਾ ਹਮਲੇ ਰਾਹੀ ਬਚਾਅ ਦੇ ਨਵੇਂ ਢੰਗਾਂ ਦੀ ਖੋਜ ਕਰਦਾ ਹੈ। ਇਸ ਲਈ ਉਹ ਉਹਨਾਂ ਹੀ ਪੈਦਾਵਰੀ ਹੈ ਜਿੰਨਾ ਕਿ ਹੜਤਾਲਾਂ ਮਸ਼ੀਨਾਂ ਦੀ ਖੋਜ ਅਤੇ ਜੇ ਨਿੱਜੀ ਅਪਰਾਧ ਦੇ ਖੇਤਰ ਨੂੰ ਛੱਡ ਦਿੱਤਾ ਜਾਵੇ ਤਾਂ ਸੰਸਾਰ ਮੰਡੀ ਦਾ ਕੀ ਕਦੇ ਕੌਮੀ ਅਪਰਾਧ ਬਿਨ੍ਹਾਂ ਜਨਮ ਹੁੰਦਾ? ਅਸਲ ਵਿੱਚ ਕੀ ਕੌਮਾਂ ਦਾ ਹੀ ਜਨਮ ਹੋ ਜਾਂਦਾ? ਕੀ ਮੁੱਢ-ਕਦੀਮ ਤੋਂ ਹੀ ਪਾਪ-ਬ੍ਰਿਖ ਨਾਲ਼ ਹੀ ਗਿਆਨ-ਬ੍ਰਿਖ ਦੀ ਹੋਂਦ ਨਹੀਂ ਰਹੀ ਹੈ।”

 (10) ਭ੍ਰਿਸ਼ਟਾਚਾਰ ਦੇ ਮਸਲੇ ਉੱਤੇ ਚਾਹੇ ਜਿੰਨੀਆਂ ਲੋਕ-ਲੁਭਾਊ ਲਹਿਰਾਂ ਚਲਾ ਲਈਆਂ ਜਾਣ, ਸਰਮਾਏਦਾਰਾ ਢਾਂਚੇ ਵਿੱਚ ਇਸਨੂੰ ਖਤਮ ਹੀ ਨਹੀਂ ਕੀਤਾ ਜਾ ਸਕਦਾ। ਲੁੱਟ ਦਾ ਕਨੂੰਨੀ ਰੂਪ ਵਧਦੇ ਖਹਿ-ਭੇੜ ਨਾਲ਼ ਗੈਰਕਨੂੰਨੀ ਤੌਰ-ਤਰੀਕਿਆਂ ਨੂੰ ਜਨਮ ਦਿੰਦਾ ਹੈ। ਸਫੇਦ ਧਨ ਦੇ ਨਾਲ਼ ਕਾਲ਼ਾ ਧਨ ਪੈਦਾ ਹੋਵੇਗਾ ਹੀ। ਸਰਕਾਰ ਅਤੇ ਨੌਕਰਸ਼ਾਹ ਸਰਮਾਏਦਾਰਾਂ ਦੇ ਪ੍ਰਬੰਧਨ ਦਾ ਕੰਮ ਕਰਦੇ ਹਨ। ਲੋਟੂਆਂ ਦੇ ਨੌਕਰਾਂ ਤੋਂ ਸਦਾਚਾਰੀ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਅਤੇ ਫਿਰ ਵੱਖ-ਵੱਖ ਸਰਮਾਏਦਾਰ ਖਾਸ ਫਾਇਦੇ ਲਈ ਆਪ ਲੀਡਰਾਂ–ਨੌਕਰਸ਼ਾਹਾਂ ਨੂੰ ਖਰੀਦਣ ਦਾ ਕੰਮ ਕਰਦੇ ਹੀ ਰਹਿਣਗੇ। ਭਾਵੇਂ ਸਮੂਹਿਕ ਤੌਰ ‘ਤੇ ਉਹ ਭ੍ਰਿਸ਼ਟਾਚਾਰ ਕੰਟਰੋਲ ਦੀ ਗੱਲ ਕਰਨ। ਨਵਉਦਾਰਵਾਦ ਦੇ ਦੌਰ ਵਿੱਚ ਖੁੱਲ੍ਹੀ ਲੁੱਟ ਦੀ ਖਹਿ-ਭੇੜ ਭ੍ਰਿਸ਼ਟਾਚਾਰ ਨੂੰ ਪੂਰੇ ਸੰਸਾਰ ਵਿੱਚ ‘ਖੁੱਲ੍ਹੀ ਖੇਡ’ ਬਣ ਚੁੱਕੀ ਹੈ। ਇਹਨਾਂ ‘ਤੇ ਕੰਟਰੋਲ ਦੀ ਢਾਂਚੇ ਦੀ ਅੰਦਰੂਨੀ ਜ਼ਰੂਰਤ ਸਮੇਂ-ਸਮੇਂ ‘ਤੇ ਭ੍ਰਿਸ਼ਟਾਚਾਰ ਵਿਰੋਧ ਦੇ ਮਸੀਹੀਆਂ ਨੂੰ ਜਨਮ ਦਿੰਦੀ ਰਹਿੰਦੀ ਹੈ। ਜਿਨ੍ਹਾਂ ਦੀ ਭੂਮਿਕਾ ਸਿਰਫ ਢਾਂਚੇ ਤੋਂ ਮੋਹ ਭੰਗ ਰੋਕਣਾ ਹੀ ਹੁੰਦਾ ਹੈ, ‘ਸੇਫਟੀ ਵਾਲ਼ਵ ‘ ਅਤੇ ‘ਸ਼ਾਕ ਅਬਜ਼ਰਵਰ ‘ ਦੀ ਹੁੰਦੀ ਹੈ। ਸਰਮਾਏਦਾਰੀ ਜਮਹੂਰੀਅਤ ਦੇ ਹੁੰਦੇ ਹੋਏ ਭ੍ਰਿਸ਼ਟਾਚਾਰ ਦੀ ਭੂਮਿਕਾ ਰਸਮੀ ਜਮਹੂਰੀਅਤ ਦੇ ਨਿਯਮ ਦੇ ਸਿਆਸੀ ਉੱਚ-ਉਸਾਰ ਅਤੇ ਸਰਮਾਏਦਾਰਾ ਆਰਥਿਕ ਆਧਾਰ ਦੇ ਵਿੱਚ ਵਿਰੋਧਤਾਈ ਨੂੰ ਹੱਲ ਕਰਨ ਦਾ ਸਾਧਨ ਹੈ। ਇਸ ਬੁਨਿਆਦੀ ਸਿਧਾਂਤਕ ਗੱਲ ਨੂੰ ਸਮਝਣ ਦੀ ਜ਼ਰੂਰਤ ਹੈ। ਫੈਡਰਿਕ ਏਂਗਲਜ਼ ‘ਟੱਬਰ, ਨਿੱਜੀ ਜਾਇਦਾਦ ਅਤੇ ਰਾਜ ਦੀ ਉਤਪਤੀ’ ਵਿੱਚ ਲਿਖਦੇ ਹਨ:

          ”ਜਮਹੂਰੀ ਗਣਰਾਜ ਅਧਿਕਾਰਿਤ ਤੌਰ ‘ਤੇ ਸੰਪਤੀ ਵਿੱਚ ਫਰਕ ਦਾ ਕੋਈ ਖਿਆਲ ਨਹੀਂ ਕਰਦਾ ਉਸ ਵਿੱਚ ਧਨ-ਦੌਲਤ ਸਿੱਧੇ ਰੂਪ ਵਿੱਚ ਅਤੇ ਹੋਰ ਵੀ ਜ਼ਿਆਦਾ ਸਹੀ ਢੰਗ ਨਾਲ਼ ਆਪਣਾ ਅਸਰ ਪਾਉਂਦੀ ਹੈ, ਇੱਕ ਤਾਂ ਸਿੱਧੇ-ਸਿੱਧੇ ਰਾਜ ਦੇ ਅਧਿਕਾਰੀਆਂ ਦੇ ਭ੍ਰਿਸ਼ਟਾਚਾਰ ਦੇ ਰੂਪ ਵਿੱਚ ਜ਼ਿਆਦਾ ਕਲਾਸਕੀ ਉਦਾਹਰਣ ਅਮਰੀਕਾ ਹੈ, ਦੂਜਾ ਸਰਕਾਰ ਅਤੇ ਸਟਾਕ ਐਕਸਚੇਂਜ ਦੇ ਗੱਠਜੋੜ ਦੇ ਰੂਪ ਵਿੱਚ ਹੈ।”

      ਇਸੇ ਤਰਕ ਨੂੰ ਅੱਗੇ ਵਿਸਥਾਰ ਦਿੰਦੇ ਹੋਏ ਲੈਨਿਨ ਆਪਣੀ ਰਚਨਾ ‘ਏ ਕਰਿਏਚਰ ਆਫ ਮਾਰਕਸਿਜ਼ਮ ਐਂਡ ਇਮਪੀਰੀਆਲਿਸਟ ਇਕਨਾਮਿਜ਼ਮ’ ਵਿੱਚ ਲਿਖਦੇ ਹਨ: 

         ”ਜਮਹੂਰੀ ਗਣਰਾਜ” ”ਤਰਕਸ਼ੀਲ ਤੌਰ ਤੇ” ਸਰਮਾਏਦਾਰੀ ਦਾ ਵਿਰੋਧੀ ਹੁੰਦਾ ਹੈ, ਕਿਉਂਕਿ ”ਅਧਿਕਾਰਕ ਤੌਰ ‘ਤੇ” ਇਹ ਧਨੀ ਅਤੇ ਗਰੀਬ ਦੋਹਾਂ ਨੂੰ ਬਰਾਬਰੀ ‘ਤੇ ਰੱਖਦਾ ਹੈ। ਇਹ ਆਰਥਿਕ ਢਾਂਚੇ ਅਤੇ ਸਿਆਸੀ ਬਣਤਰ ਵਿੱਚ ਵਿਰੋਧਤਾਈ ਹੈ। ਸਾਮਰਾਜਵਾਦ ਅਤੇ ਗਣਰਾਜ ਵਿੱਚ ਵੀ ਇਹੀ ਵਿਰੋਧਤਾਈ ਹੁੰਦੀ ਹੈ ਜੋ ਇਸ ਤੱਥ ਨਾਲ਼ ਡੂੰਘੀ ਜਾਂ ਗੰਭੀਰ ਹੋ ਜਾਂਦੀ ਹੈ ਕਿ ਅਜ਼ਾਦ ਮੁਕਾਬਲੇ ਤੋਂ ਅਜ਼ਾਰੇਦਾਰੀ ਵਿੱਚ ਤਬਦੀਲੀ ਸਿਆਸੀ ਅਜ਼ਾਦੀਆਂ ਦੀ ਪ੍ਰਾਪਤੀ ਨੂੰ ਹੋਰ ਵੀ ‘ਔਖਾ’ ਬਣਾ ਦਿੱਤਾ ਜਾਂਦਾ ਹੈ। ਤਦ ਫਿਰ ਸਰਮਾਏਦਾਰੀ ਜਮਹੂਰੀਅਤ ਨਾਲ਼ ਗੱਠਜੋੜ ਕਿਵੇਂ ਸਥਾਪਤ ਕਰਦੀ ਹੈ? ਸਰਮਾਏ ਦੀ ਸਰਵਸ਼ਕਤੀਮਾਨਤਾ ਦੇ ਸਿੱਧੇ ਅਮਲ ਦੁਆਰਾ, ਇਸਦੇ ਦੋ ਆਰਥਿਕ ਸਾਧਨ ਹੁੰਦੇ ਹਨ : (1) ਸਿੱਧੇ ਤੌਰ ‘ਤੇ ਰਿਸ਼ਵਤ ਦੇਣਾ (2) ਸਰਕਾਰ ਅਤੇ ਸਟਾਕ ਐਕਸਚੇਂਜ ਦਾ ਗਠਜੋੜ। (ਇਹ ਸਾਡੀਆ ਮਾਨਤਾਵਾਂ ਵਿੱਚ ਦੱਸਿਆ ਗਿਆ ਹੈ— ਇੱਕ ਬੁਰਜੂਆ ਢਾਂਚੇ ਦੇ ਤਹਿਤ ਵਿੱਤੀ ਸਰਮਾਇਆ ”ਕਿਸੇ ਸਰਕਾਰ ਅਤੇ ਕਿਸੇ ਅਧਿਕਾਰੀ ਨੂੰ ਬਿਨ੍ਹਾਂ ਰੋਕ-ਟੋਕ ਰਿਸ਼ਵਤ ਦੇ ਸਕਦਾ ਹੈ ਅਤੇ ਖਰੀਦ ਸਕਦਾ ਹੈ।”) ਇੱਕ ਵਾਰ ਜਦ ਜਿਣਸ ਪੈਦਾਵਾਰ ਦੀ ਬੁਰਜੂਆਜ਼ੀ ਦੀ ਅਤੇ ਪੈਸੇ ਦੀ ਤਾਕਤ ਦੀ ਗਲਬਾਕਾਰੀ ਹੈਸੀਅਤ ਬਣ ਜਾਂਦੀ ਹੈ— ਸਰਕਾਰ ਦੇ ਕਿਸੇ ਵੀ ਰੂਪ ਦੇ ਤਹਿਤ ਜਮਹੂਰੀਅਤ ਦੀ ਕਿਸੇ ਵੀ ਕਿਸਮ ਦੇ ਤਹਿਤ (ਸਿੱਧੇ ਜਾਂ ਸਟਾਕ ਐਕਸਚੇਂਜ ਜ਼ਰੀਏ) ਰਿਸ਼ਵਤ ਦੇਣਾ ਸੰਭਵ ਹੋ ਜਾਂਦਾ ਹੈ। ਤਦ ਇਹ ਪੁੱਛਿਆ ਜਾ ਸਕਦਾ ਹੈ ਕਿ ਸਰਮਾਏਦਾਰੀ ਦੇ ਸਾਮਰਾਜਵਾਦ ਦੇ ਪੜਾਅ ਵਿੱਚ ਪਹੁੰਚਣ ਯਾਨੀ ਪੂਰਬ-ਅਜਾਰੇਦਾਰ ਸਰਮਾਏ ਦੀ ਥਾਂ ਅਜਾਰੇਦਾਰ ਸਰਮਾਏ ਦੇ ਲੈਣ ਤੋਂ ਬਾਅਦ ਇਸ ਸਬੰਧੀ ਕਿਹੜੀ ਚੀਜ਼ ਬਦਲ ਜਾਦੀ ਹੈ? ਸਿਰਫ ਇਹ ਕਿ ਸਟਾਕ ਐਕਸਚੇਂਜ ਦੀ ਤਾਕਤ ਵੱਧ ਜਾਂਦੀ ਹੈ। ਕਿਉਂਕਿ ਵਿੱਤੀ ਸਰਮਾਇਆ ਸਨਅਤੀ ਸਰਮਾਏ ਦਾ ਸਰਵਉੱਚ ਅਜਾਰੇਦਾਰ ਪੜਾਅ ਹੁੰਦਾ ਹੈ, ਜੋ ਬੈਂਕਿੰਗ ਸਰਮਾਏ ਨਾਲ਼ ਘੁਲ਼-ਮਿਲ਼ ਗਿਆ ਹੁੰਦਾ ਹੈ। ਵੱਡੇ ਬੈਂਕ ਸਟਾਕ ਅਕਸਚੇਂਜ ਨਾਲ਼ ਘੁਲ਼-ਮਿਲ਼ ਗਏ ਹਨ ਜਾਂ ਉਸ ਨੂੰ ਜਜ਼ਬ ਕਰ ਚੁੱਕੇ ਹਨ (ਸਾਮਰਾਜਵਾਦ ਵਿੱਚ ਉਪਲਭਧ ਸਾਹਿਤ ਸਟਾਕ ਐਕਸਚੇਂਜ ਦੀ ਘਟਦੀ ਭੂਮਿਕਾ ਬਾਰੇ ਗੱਲ ਕਰਦਾ ਹੈ, ਪਰ ਕੇਵਲ ਇਸ ਅਰਥ ਵਿੱਚ ਕਿ ਹਰ ਵੱਡਾ ਬੈਂਕ ਆਪਣੇ ਆਪ ਵਿੱਚ ਇੱਕ ਸਟਾਕ ਐਕਸਚੇਂਜ ਹੈ।)”

ਭਾਵ ਭ੍ਰਿਸ਼ਟਾਚਾਰ ਸਰਮਾਏਦਾਰਾ ਢਾਂਚੇ ਦੇ ਅੰਦਰੂਨੀ ਮੈਕੇਨਿਜ਼ਮ ਦਾ ਅੰਗ ਹੈ। ਇਹ ਜਦ ਆਪਣੀ ਹੱਦ ਲੰਘ ਕੇ ਸਰਮਾਏਦਾਰਾ ਜਮਹੂਰੀਅਤ ਲਈ ਸਮੱਸਿਆ ਬਣਨ ਲੱਗਦਾ ਹੈ ਤਾਂ ਸਰਮਾਏਦਾਰੀ ਆਪ ਹੀ ਇਸ ‘ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੀ ਹੈ। ਦੂਜੀ ਗੱਲ, ਨਵਉਦਾਰਵਾਦ ਭ੍ਰਿਸ਼ਟਾਚਾਰ ਨੂੰ ਬੇਲਗਾਮ ਬਣਾਉਣ ਦਾ ਕੰਮ ਕਰੇਗਾ ਅਤੇ ਉਸ ‘ਤੇ ਕੰਟੋਰਲ ਲਈ ਫਾਸੀਵਾਦੀ ਸਖ਼ਤਾਈ ਅਤੇ ਲੋਕ-ਸੁਭਾਊ ਸੁਧਾਰਵਾਦ ਦੇ ਤਰੀਕੇ ਵੀ ਅਜ਼ਮਾਉਂਦਾ ਰਹੇਗਾ। ਇਸ ਦੌਰ ਵਿੱਚ ‘ਬਲੈਕ ਮਨੀ’ ‘ਵਾਈਟ ਮਨੀ’ ਦੇ ਵਿੱਚ ਦਾ ਫਰਕ ਮਿਟ ਹੀ ਗਿਆ ਹੈ, ਜੋ ਹੈ ਉਹ ਸਿਰਫ ‘ਗਰੀਨ ਮਨੀ’ ਹੈ।  

(11) ਸਰਮਾਏਦਾਰੀ ਦੇ ਤਹਿਤ ਅਪਰਾਧ ਵੀ ਪੈਦਾਵਾਰ ਸਬੰਧਾਂ ਅਤੇ ਪੈਦਾਵਰੀ ਤਾਕਤਾਂ ਦੇ ਵਿੱਚ ਵਧਦੀਆਂ ਵਿਰੋਧਤਾਈਆਂ ਦਾ ਇੱਕ ਪ੍ਰਗਟਾਵਾ ਹੈ। ਮਾਲਕ ਤਬਕਾ ਆਪਣੀ ਮਾਲਕੀ ਬਣਾਈ ਰੱਖਣ ਲਈ ਸਮਾਜ ਦੀਆਂ ਹੋਰ ਜਮਾਤਾਂ ਨੂੰ ਲਗਾਤਾਰ ਅਧੀਨਤਾ ਦੀ ਮਾਨਸਿਕਤਾ ਵਿੱਚ ਜੀਣ ਲਈ ਅਨੁਕੂਲਿਤ ਕਰਨ ਦੇ ਉਦੇਸ਼ ਨਾਲ਼ ਹਰ ਪੱਧਰ ‘ਤੇ ਦਬਾਉਂਦਾ ਹੈ। ਇਹ ਲੋਕਾਂ ਵਿਰੁੱਧ ਮਾਲਕਾਂ ਦੇ ਅਪਰਾਧਾਂ ਦੇ ਵੱਖੋ-ਵੱਖਰੇ ਰੂਪਾਂ ਨੂੰ ਜਨਮ ਦਿੰਦਾ ਹੈ ਜੋ ਰੋਜਮੱਰ੍ਹਾ ਦੇ ਜੀਵਨ ਵਿੱਚ ਪ੍ਰਗਟ ਹੁੰਦੇ ਹਨ ਦੂਜੇ ਪਾਸੇ ਦੱਬੀ-ਕੁਚਲੀ ਜਮਾਤ ਆਪਣੀ ਹੋਂਦ ਲਈ ਅਤੇ ਵਿਰੋਧ ਲਈ ਮਾਲਕਾਂ ਦੇ ਵਿਰੁੱਧ ਅਪਰਾਧ ਕਰਦੇ ਹਨ। ਇਹ ਦੂਜੀ ਜਮਾਤ ਦਾ ਅਪਰਾਧ ਹੈ। ਵਿਅਕਤੀਗਤ ਅਤੇ ਸਮੂਹਿਕ ਟਾਕਰੇ ਨੂੰ ਦਬਾਉਣ ਅਤੇ ਲੋਕਾਂ ਨੂੰ ਕੰਟਰੋਲ ਕਰਨ ਦੀ ਮਾਨਸਿਕਤਾ ਵਿੱਚ ਰੱਖਣ ਲਈ ਰਾਜ ਕਨੂੰਨੀ ਅਤੇ ਗੈਰਕਨੂੰਨੀ ਢੰਗ ਨਾਲ਼ ਜੋ ਦਹਿਸ਼ਤਗਰਦ ਕਾਰਵਾਈ ਕਰਦਾ ਹੈ, ਉਹ ਮਾਲਕਾਂ ਦੇ ਅਪਰਾਧ ਦੀ ਸਰਵਉੱਚ ਸਮੂਹਿਕ ਜਥੇਬੰਦੀ ਹੈ। ਸਰਮਾਏਦਾਰਾ ਦਾਬੇ ਦੇ ਵਿਰੁੱਧ ਵਿਅਕਤੀਗਤ ਅਤੇ ਸਮੂਹਿਕ ਦਹਿਸ਼ਤਗਰਦੀ ਦੀਆਂ ਕਾਰਵਾਈਆਂ ਇਸੇ ਢਾਂਚੇ ਦੀ ਸੁਭਾਵਿਕ ਪ੍ਰਤੀਕਿਰਿਆ ਹੁੰਦੀ ਹੈ। ਰਾਜ ਹੀ ਸਭ ਤੋਂ ਵੱਡਾ ਦਹਿਸ਼ਤਗਰਦ ਹੈ। ਸਰਮਾਏਦਾਰੀ ਸਮਾਜ ਦੇ ਰੋਜ਼ਾਨਾ ਜਨਜੀਵਨ ਵਿੱਚ ਜੋ ਢਾਂਚਾਗਤ ਹਿੰਸਾ ਸਰਵਵਿਆਪੀ ਹੈ, ਉਹ ਸਰਮਾਏਦਾਰਾ ਪੈਦਾਵਾਰ ਅਤੇ ਹਕੂਮਤੀ ਢਾਂਚੇ ਦੀ ਦੇਣ ਹੈ। ਇਹਨਾਂ ਅਰਥਾਂ ਵਿੱਚ ਵਿਆਪਕ ਲੋਕਾਂ ਨੂੰ ਦਬਾਉਣ ਵਾਲ਼ੇ ਸਭ ਤੋਂ ਵੱਡੇ ਅਪਰਾਧੀ ਖੁਦ ਸਰਮਾਏਦਾਰਾ ਢਾਂਚਾ ਹੈ। ਇਸ ਨੂੰ ਇੰਝ ਵੀ ਕਿਹਾ ਜਾ ਸਕਦਾ ਹੈ, ਸਰਮਾਏਦਾਰਾ ਢਾਂਚਾ ਆਪਣੇ ਆਪ ਨੂੰ ਮੁੜ ਪੈਦਾ ਕਰਦਾ ਹੈ। ਇਸ ਪ੍ਰਕਿਰਿਆ ਨੂੰ ਜਾਰੀ ਰੱਖਣ ਲਈ ਰਾਜ ਕਨੂੰਨ ਅਤੇ ਕਨੂੰਨੀ ਜ਼ਬਰ ਦੇ ਦੁਆਰਾ ਜਾਂ ਦਹਿਸ਼ਤ ਦੇ ਰਾਹੀਂ ਲੋਕਾਂ ਦੀ ਚੇਤਨਾ ਨੂੰ ਅਧੀਨ-ਚੇਤਨਾ ਬਣਾ ਕੇ ਅਹਿਮ ਭੂਮਿਕਾ ਨਿਭਾਉਂਦਾ ਹੈ। ਪਰ ਜਿੰਦਗੀ ਦੀਆਂ ਕਠੋਰ ਹਾਲਤਾਂ ਜਦ ਇਸ ਚੇਤਨਾ ਨੂੰ ਖਿੰਡਾਉਣ ਲਗਦੀਆਂ ਹਨ, ਤਾਂ ਲੋਕ ਵੀ ਤਰ੍ਹਾਂ-ਤਰ੍ਹਾਂ ਨਾਲ਼ ਅਰਾਜਕ ਜਾਂ ਜਥੇਬੰਦ ਵਿਰੋਧ ਕਰਦੇ ਹਨ, ਜਿਨ੍ਹਾਂ ਨੂੰ ਕਨੂੰਨ “ਅਪਰਾਧ” ਮੰਨਦਾ ਹੈ ਅਤੇ ਰਾਜ ਦੀ ਹਿੰਸਾ ਉਸ ਨੂੰ ਕੁਚਲਣ ਦਾ ਅਪਰਾਧੀ ਕੰਮ ਕਰਦੀ ਹੈ।

(12) ਸਰਮਾਏਦਾਰੀ ਲਗਾਤਾਰ ਕੁੱਝ ਲੋਕਾਂ ਨੂੰ ਪੈਦਾਵਾਰ ਦੀ ਪ੍ਰਕਿਰਿਆਂ ਤੋਂ ਬਾਹਰ ਧੱਕ ਕੇ ਬੇਰੁਜ਼ਗਾਰਾਂ-ਅਰਧ ਬੇਰੁਜ਼ਗਾਰਾਂ ਦੀ ਇੱਕ “ਵਾਧੂ ਅਬਾਦੀ” ਪੈਦਾ ਕਰਦਾ ਹੈ, ਜਿਨ੍ਹਾਂ ਨੂੰ “ਕਲਿਆਣਕਾਰੀ ਰਾਜ” ਕੁੱਝ ਸਹਾਰਾ ਦੇ ਕੇ ਚਲਾਈ ਜਾਂਦਾ ਹੈ। ਇਹ “ਕਲਿਆਣ ਦੇ ਜ਼ਰੀਏ ਅਪਰਾਧ” ਹਨ। ਜਿੱਥੇ ਰਾਜ ਇਸ ਹੱਦ ਤੱਕ “ਕਲਿਆਣਕਾਰੀ” ਨਹੀਂ ਹੁੰਦੇ, ਉੱਥੇ ਭਾਰੀ ਰਾਖਵੀਂ ਅਬਾਦੀ ਹੋਂਦ ਦੀ ਰੱਖਿਆ ਲਈ ਅਤੇ ਵਿਖੰਡਿਤ ਨਿਰਾਸ਼ਾ ਦੀ ਹਾਲਤ ਵਿੱਚ ਨਾ ਕੇਵਲ ਸੰਪਤੀਸ਼ਾਲੀਆਂ, ਸਗੋਂ ਆਮ ਲੋਕਾਂ ਦੇ ਵਿਰੁੱਧ ਵੀ ਤਰ੍ਹਾਂ-ਤਰ੍ਹਾਂ ਦੇ ਅਪਰਾਧ ਕਰਨ ਲਗਦੀ ਹੈ। ਨਵਉਦਾਰਵਾਦ ਦੇ ਦੌਰ ਵਿੱਚ, ਪੂਰੀ ਦੁਨੀਆਂ ਵਿੱਚ ਕਲਿਆਣਕਾਰੀ ਰਾਜ ਦਾ ਢਾਂਚਾ ਫੈਲਾਇਆ ਜਾ ਰਿਹਾ ਹੈ ਅਤੇ ਜੀਵ ਦੀਆਂ ਘੱਟੋ-ਘੱਟ ਜਰੂਰਤਾਂ ਤੱਕ ਨੂੰ ਮੰਡੀ ਦੇ ਹਵਾਲੇ ਕੀਤਾ ਜਾ ਰਿਹਾ ਹੈ। ਇਸ ਕਾਰਨ ਹੀ ਅਗਾਂਹਵਧੂ ਤੋਂ ਲੈ ਕੇ ਪਿਛੜੇ ਸਮਾਜਾਂ ਵਿੱਚ ਵੀ ਅਪਰਾਧ ਵਧ ਰਹੇ ਹਨ। 

(13) ਆਮ ਜਨਜੀਵਨ ਵਿੱਚ ਜੋ ਬਰਬਰ ਅਪਰਾਧਾਂ ਵਿੱਚ ਜ਼ਬਰਦਸਤ ਵਾਧਾ ਹੋਇਆ ਹੈ, ਨਿਮਨ ਮੱਧਵਰਗ ਅਤੇ ਮਜ਼ਦੂਰ ਬਸਤੀਆਂ ਵਿੱਚ ਵਿਸੇਸ਼ ਕਰਕੇ ਔਰਤਾਂ ਅਤੇ ਬੱਚਿਆਂ ਦੇ ਵਿਰੁੱਧ ਬਰਬਰ ਅਪਰਾਧਾਂ ਦੀਆਂ ਘਟਨਾਵਾ ਵਧ ਰਹੀਆਂ ਹਨ, ਉਸਦਾ ਇੱਕ ਕਾਰਨ ਸਮਕਾਲੀ ਸਰਮਾਏਦਾਰੀ ਦੁਆਰਾ ਵੱਧ ਮੁਨਾਫ਼ਾ ਨਿਚੋੜਣ ਤੋਂ ਪੈਦਾ ਹੁੰਦੀਆਂ ਮਜ਼ਦੂਰਾਂ ਦੇ ਜੀਵਨ ਦੀਆਂ ਘੋਰ ਗੈਰ-ਮਨੁੱਖੀ ਹਾਲਤਾਂ ਹਨ। ਕਿਸੇ ਪ੍ਰਕਾਰ ਦੀਆਂ ਜਥੇਬੰਦ ਮਜ਼ਦੂਰ ਲਹਿਰਾਂ ਅਤੇ ਮਜ਼ਦੂਰਾਂ ਦੀ ਸਮੂਹਿਕ ਜਥੇਬੰਦ ਜਾਗ੍ਰਿਤ ਚੇਤਨਾ ਦੀ ਘਾਟ ਇਸ ਅਮਾਨਵੀਕਰਨ ਦੇ ਪ੍ਰਭਾਵ ਨੂੰ ਹੋਰ ਗੂੜਾ ਬਣਾ ਰਿਹਾ ਹੈ। ਦੂਸਰਾ ਕਾਰਨ ਸਰਮਾਏਦਾਰਾ ਸਮਾਜ ਵਿੱਚ ਲਗਾਤਾਰ ਵਧਦੀ ਬੇਗਾਨਗੀ (ਏਲੀਨੇਸ਼ਨ) ਹੈ। ਸਰਮਾਏਦਾਰੀ ਕਿਰਤ-ਵੰਡ ਦੀ ਪ੍ਰਕਿਰਿਆ ਵਿੱਚ ਮਨੁੱਖ ਮਾਨਵੀ ਪੈਦਾਵਾਰ ਤੋਂ, ਫਿਰ ਮਨੁੱਖ ਮਨੁੱਖ ਤੋਂ, ਫੇਰ ਮਨੁੱਖ ਮਨੁੱਖੀ ਗੁਣਾਂ ਤੋਂ ਟੁੱਟਦਾ ਚਲਾ ਜਾਂਦਾ ਹੈ। ਕਿਰਤ-ਵੰਡ ਸੰਚਾਲਨ ਅਤੇ ਪ੍ਰਬੰਧਨ ਦੇ ਨਵੇਂ ਢੰਗਾਂ ਜ਼ਰੀਏ ਜਿੰਨਾਂ ਉੱਨਤ ਹੁੰਦਾ ਜਾਂਦਾ ਹੈ, ਬੇਗਾਨਗੀ ਅਤੇ ਅਮਾਨਵੀਕਰਨ ਵੀ ਉਨਾ ਹੀ ਵਧਦਾ ਜਾਂਦਾ ਹੈ। ਇਸੇ ਹੀ ਇੰਦਰਿਆਵੀ ਭੁੱਖ ਦਾ ਕੁੱਝ ਸਿਰੇ ਦੇ ਲੰਪਟ-ਅਮਾਨਵੀ ਤੱਤਾਂ ਦਾ ਮਨੁੱਖ ਵਿੱਚ ਵਿਸਫੋਟ ਹੋਣਾ ਅਤੇ ਔਰਤਾਂ ਅਤੇ ਬੱਚਿਆਂ ਦਾ ਸ਼ਿਕਾਰ ਬਣਨਾ ਤਾਰਕਿਕ ਸਿੱਟਾ ਹੈ। ਇਸ ਹਾਲਤ ਨੂੰ ਬੁਰਜੂਆ ਸੰਚਾਰ-ਮਾਧਿਅਮਾਂ ਦੁਆਰਾ ਲਗਾਤਾਰ ਦਿੱਤਾ ਜਾਣ ਵਾਲ਼ਾ ਉਹ ਰੋਗੀ ਸੱਭਿਆਚਾਰ ਹੋਰ ਗੰਭੀਰ ਬਣਾਉਂਦਾ ਹੈ, ਜੋ ਔਰਤ ਨੂੰ ਲਗਾਤਾਰ ‘ਸੈਕਸ ਆਬਜੈਕਟ’ ਦੇ ਰੂਪ ਵਿੱਚ ਪੇਸ਼ ਕਰਦਾ ਹੈ। ਟੀ.ਵੀ. ਵਿਗਿਆਪਨਾਂ ਅਤੇ ਪ੍ਰੋਗਰਾਮਾਂ ਤੋਂ ਲੈ ਕੇ ਮਜ਼ਦੂਰਾਂ ਦੁਆਰਾ ਵੱਡੇ ਪੈਮਾਨੇ ‘ਤੇ ਮੋਬਾਇਲ ਵਿੱਚ ਡਾਊਨਲੋਡ ਕਰਕੇ ਵੇਖੀਆਂ ਜਾਣ ਵਾਲ਼ੀਆਂ ‘ਪੋਰਨ ਕਲਿਪਿੰਗਸ’ ਵੀ ਮਾਨਸਿਕ ਰੋਗੀ ਦੁਆਰਾ ਪੈਦਾਵਾਰ ਸਮੱਗਰੀ ਦੀ ਇੱਕ ਵਿਆਪਕ ਮੰਡੀ ਪੱਸਰੀ ਹੋਈ ਹੈ। ਜੋ ਸੰਪਤੀਸ਼ਾਲੀ ਰੋਜ ਹੀ ਭੋਗ-ਵਿਲਾਸ ਵਿੱਚ ਡੁੱਬੇ ਰਹਿੰਦੇ ਹਨ। ਉਹਨਾਂ ਨੂੰ ਜ਼ਾਲਮ ਅਪਰਾਧ ਦੀ ਜ਼ਰੂਰਤ ਨਹੀਂ ਪੈਂਦੀ ਅਤੇ ਜੇ ਉਹ ਕਰਦੇ ਵੀ ਹਨ ਤਾਂ ਪੈਸੇ ਦੀ ਤਾਕਤ ਦਾ ਪਰਦਾ ਉਹਨਾਂ ਨੂੰ ਬਚਾ ਲਂੈਦਾ ਹੈ। ਫਿਰ ਵੀ, ਉਸ ਦੁਨੀਆਂ ਵਿੱਚ ਵੀ ਮੀਡੀਆ ਅਤੇ ਨਿਆਂਪਾਲਕਾ ਵਿੱਚ (ਲੀਡਰਸ਼ਾਹੀ, ਨੌਕਰਸ਼ਾਹੀ ਤਾਂ ਪਹਿਲਾਂ ਹੀ ਬਦਨਾਮ ਰਹੀ ਹੈ ਅਤੇ ਭਾਰਤੀ ਪੁਲਿਸ ਨੂੰ ਤਾਂ ਲੋਕ ਲਿੰਗਕ-ਅਪਰਾਧੀ ਗਿਰੋਹ ਹੀ ਮੰਨਦੇ ਹਨ) ਔਰਤਾਂ ਵਿਰੁੱਧ ਲਿੰਗਕ-ਅਪਰਾਧ ਦੀਆਂ ਘਟਨਾਵਾਂ ਮੀਡੀਆ ਦੀਆਂ ਸਨਸਨੀਖੇਜ਼ ਖਬਰਾਂ ਬਣਨ ਲੱਗੀਆਂ ਹਨ।

(14) ਕਿਸੇ ਵੀ ਨਿੱਘਰੇ ਸਮਾਜ ਢਾਂਚੇ ਦੀ ਸੱਭਿਆਚਾਰਕ ਪਤਣਸ਼ੀਲਤਾ ਅਤੇ ਆਤਮਿਕ ਨਿਘਾਰ ਲਗਾਤਾਰ ਵਧਦਾ ਚਲਿਆ ਜਾਂਦਾ ਹੈ। ਅੱਜ ਦਾ ਅਸਧਾਰਣ ਢਾਂਚਾਗਤ ਸੰਕਟਗ੍ਰਸਤ ਬੁੱਢੀ ਸਰਮਾਏਦਾਰੀ ਦਾ ਸੱਭਿਆਚਾਰ ਘੋਰ ਮਨੁੱਖਦੋਖੀ ਅਤੇ ਆਤਮਿਕ ਪੱਖੋਂ ਕੰਗਾਲ ਹੈ। ਸਮਾਜਿਕ ਜਮਹੂਰੀਅਤ ਦੇ ਬਚੇ-ਖੁਚੇ ਤੱਤ ਵੀ ਖਤਮ ਹੋ ਰਹੇ ਹਨ। ਬੇਗਾਨਗੀ ਨਾਲ ਵਿਅਕਤੀ ਨਿੱਘਰ ਰਹੇ ਹਨ, ਹੈਰਾਨੀ ਦੀ ਗੱਲ ਨਹੀਂ ਕਿ ਸਵੀਡਨ ਜਿਹਾ ਕਲਿਆਣਕਾਰੀ ਰਾਜ ਵਾਲ਼ਾ ਵਿਕਸਿਤ ਦੇਸ਼ ਲਿੰਗਕ ਅਪਰਾਧਾਂ ਦੇ ਮਾਮਲੇ ਵਿੱਚ ਦੁਨੀਆਂ ਵਿੱਚ ਪਹਿਲੇ ਦਰਜੇ ‘ਤੇ ਹੈ। ਅਚੰਬਾ ਨਹੀਂ ਕਿ ਅਮਰੀਕੀ ਸਮਾਜ ਦੁਨੀਆਂ ਦਾ ਸਭ ਤੋਂ ਰੋਗੀ ਅਪਰਾਧ-ਗੱ੍ਰਸਿਆ ਸਮਾਜ ਹੈ। ਭਾਰਤ ਦੀ ਹਾਲਤ ਕਈ ਪੈਮਾਨਿਆਂ ਮੁਤਾਬਕ ਜ਼ਿਆਦਾ ਗੁੰਝਲ਼ਦਾਰ ਹੈ। ਕਿਸੇ ਬੁਰਜੂਆ ਜਮਹੂਰੀ ਇਨਕਲਾਬ ਵਿੱਚ ਇੱਥੇ ਸਮਾਜਿਕ ਸੱਭਿਆਚਾਰਕ ਤਾਣੇ-ਬਾਣੇ ਵਿੱਚ ਜਮਹੂਰੀ ਕਦਰਾਂ-ਕੀਮਤਾਂ ਵਿੱਚ ਪਹਿਲਾਂ ਤੋਂ ਹੀ ਕਮੀ ਰਹੀ ਹੈ। ਸਾਮਰਾਜਵਾਦ ਦੇ ਯੁੱਗ ਵਿੱਚ ਲਗਾਤਾਰ ਗਤੀ ਨਾਲ਼ ਵਿਕਸਿਤ ਸਰਮਾਏਦਾਰੀ ਜ਼ਿਆਦਾਤਰ ਨਕਾਰਾਤਮਕ ਸੱਭਿਆਚਾਰਕ ਕਦਰਾਂ-ਕੀਮਤਾਂ ਲੈ ਕੇ ਆਇਆ ਅਤੇ ਮੱਧਕਾਲੀ ਸਮੁਦਾਇਕ ਜੀਵਨ ਦੀਆਂ ਨਿਰੰਕੁਸ਼, ਜ਼ਾਬਰ, ਵਿਅਕਤੀਗਤ-ਅਜ਼ਾਦੀ ਵਿਰੋਧੀ, ਔਰਤ ਵਿਰੋਧੀ ਜ਼ਾਬਰ ਸੰਸਥਾਵਾਂ ਅਤੇ ਕਦਰਾਂ-ਕੀਮਤਾਂ ਵੀ ਨਾਲ਼-ਨਾਲ਼ ਬਣੀਆਂ ਰਹੀਆਂ। ਇਸੇ ਸਮਾਜ ਵਿੱਚ ਨਵਉਦਾਰਵਾਦੀ ਦੌਰ ਵਿੱਚ ਪੱਛਮ ਦੀ ਨਿਰੰਕੁਸ਼ ਉਪਭੋਗਤਾਵਾਦੀ ਸੱਭਿਆਚਾਰ ਵਿੱਚ ਇੱਕ ਨਵੇਂ ਤੂਫ਼ਾਨ ਵਾਂਗੂੰ ਧਾਵਾ ਬੋਲਿਆ ਅਤੇ ਸੱਭਿਆਚਾਰਕ-ਸਮਾਜਿਕ ਪਰਦੇ ‘ਤੇ ਇੱਕ ਅਰਾਜਕਤਾ ਜਿਹੀ ਫੈਲ ਗਈ। ਨਵਉਦਾਰਵਾਦ ਦੇ ਹਰ ਪੱਧਰ ‘ਤੇ ਫਾਸੀਵਾਦੀ ਪ੍ਰਵਿਰਤੀਆਂ ਦੇ ਵਧਣ-ਫੁੱਲਣ ਦੀ ਜ਼ਮੀਨ ਤਿਆਰ ਕੀਤੀ, ਜਿਨ੍ਹਾਂ ਨੂੰ ਪੁਰਾਤਨਪੰਥੀ ਕਦਰਾਂ-ਕੀਮਤਾਂ ਤੇ ਤੁਅੱਸਬਾਂ ਤੋਂ ਵੀ ਭਰਪੂਰ ਸਹਾਰਾ ਮਿਲ਼ਿਆ। ਨਵੀਆਂ ਅਤੇ ਪੁਰਾਣੀਆਂ ਬੁਰਾਈਆਂ ਦੇ ਇਸ ਸੁਮੇਲ ਨੇ ਜ਼ਾਲਮ ਅਪਰਾਧਾਂ ਦੇ ਸੱਭਿਆਚਾਰ ਨੂੰ ਹੱਲਾਸ਼ੇਰੀ ਦਿੱਤੀ, ਜਿਸ ਦਾ ਸਭ ਤੋਂ ਵੱਧ ਸ਼ਿਕਾਰ, ਪਹਿਲਾਂ ਤੋਂ ਹੀ ਗੁਲਾਮੀ ਦੀ ਹਾਲਤ ਹੋਣ ਕਾਰਨ ਔਰਤਾਂ ਹੋ ਰਹੀਆਂ ਹਨ ਅਤੇ ਸਭ ਤੋਂ ਵੱਧ ਅਸੁਰੱਖਿਅਤ ਹੋਣ ਦੇ ਕਾਰਨ ਮਾਸੂਮ ਬੱਚੇ ਹੋ ਰਹੇ ਹਨ।

      ਕੁੱਲ ਮਿਲ਼ਾ ਕੇ, ਇਹੀ ਕਿਹਾ ਜਾ ਸਕਦਾ ਹੈ ਕਿ ਸਾਰੇ ਅਪਰਾਧਾਂ ਦਾ ਮੂਲ ਕਾਰਨ ਸਰਮਾਏਦਾਰੀ ਹੈ। ਸਰਮਾਏਦਾਰੀ ਖੁਦ ਹੀ ਮਨੁੱਖਤਾ ਖਿਲਾਫ਼ ਇੱਕ ਅਪਰਾਧ ਹੈ।

“ਪਰ੍ਤੀਬੱਧ”, ਅੰਕ 22, ਜੂਨ 2014 ਵਿਚ ਪਰ੍ਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s