ਰੂਸੀ ਇਨਕਲਾਬ ਦਾ ਬੁਨਿਆਦੀ ਅਰਥ -ਰੋਜ਼ਾ ਲਗਜ਼ਮਬਰਗ

revolution 2

(ਪੀ.ਡੀ.ਐਫ਼ ਡਾਊਨਲੋਡ ਕਰੋ)

ਮਹਾਨ ਅਕਤੂਬਰ ਸਮਾਜਵਾਦੀ ਇਨਕਲਾਬ ਦੀ ਵਰ੍ਹੇਗੰਢ ‘ਤੇ

ਰੂਸੀ ਇਨਕਲਾਬ ਸੰਸਾਰ ਜੰਗ ਦੀ ਸਭ ਤੋਂ ਜਬਰਦਸਤ ਘਟਨਾ ਹੈ। ਉਸਦਾ ਜਨਮ, ਉਸਦਾ ਅਣਕਿਆਸਿਆ ਉੱਗਰ ਪਰਿਵਰਤਵਾਦ (Radicalism) ਉਸਦੇ ਅਮਿੱਟ ਨਤੀਜੇ ਸਭ ਕੁੱਝ ਉਸ ਲੱਫਾਜ਼ੀ ‘ਤੇ ਕਰਾਰੇ ਥੱਪੜ ਹਨ, ਜਿਸਨੂੰ ਸਮਾਜਿਕ ਜਮਹੂਰੀਆਂ ਦੇ ਜੰਗ ਦੀ ਸ਼ੁਰੂਆਤ ਦੇ ਸਮੇਂ ਜਰਮਨ ਸਾਮਰਾਜਵਾਦ ਦੀ ਜੇਤੂ ਮੁਹਿੰਮ ਲਈ ਸਿਧਾਂਤਕ ਪਰਦੇ ਦੀ ਤਰਾਂ ਪੇਸ਼ ਕੀਤਾ ਸੀ। ਮੇਰਾ ਭਾਵ ਉਹਨਾਂ ਕਥਨਾਂ ਤੋਂ ਹੈ ਜਿਨ੍ਹਾਂ ਅਨੁਸਾਰ ਜਰਮਨ ਸੰਗੀਨਾਂ ਦਾ ਪਵਿੱਤਰ ਉਦੇਸ਼ ਰੂਸੀ ਜ਼ਾਰਸ਼ਾਹੀ ਦਾ ਤਖਤਾ ਪਲਟ ਕੇ ਉਥੋਂ ਦੇ ਦੱਬੇ ਕੁਚਲੇ ਲੋਕਾਂ ਨੂੰ ਮੁਕਤ ਕਰਨਾ ਸੀ।

ਰੂਸ ਵਿੱਚ ਇਨਕਲਾਬ ਦੇ ਜਬਰਦਸਤ ਪ੍ਰਵਾਹ ਨਾਲ ਜਮਾਤੀ ਸਬੰਧਾਂ ਵਿੱਚ ਆਏ ਗੰਭੀਰ ਫੇਰਬਦਲ ਨੇ ਹਰ ਤਰਾਂ ਦੀ ਸਮਾਜਿਕ ਤੇ ਆਰਥਿਕ ਸਮੱਸਿਆ ਨੂੰ ਉਭਾਰਿਆ ਹੈ ਅਤੇ ਉਸਦੀ ਆਪਣੀ ਅੰਦਰੂਨੀ ਗਤੀ ਦਾ ਇਹ ਅਟੱਲ ਫ਼ਲ ਹੈ ਕਿ ਇਹ ਸਮੱਸਿਆਵਾਂ ਬੁਰਜੁਆ ਰੀਪਬਲਿਕ ਦੇ ਸ਼ੁਰੂ ਦੇ ਦੌਰ ਨਾਲ ਇਨਕਲਾਬ ਦੇ ਅਗਲੇਰੇ ਪੜਾਵਾਂ ਤੱਕ ਲਗਾਤਾਰ ਉੱਭਰਦੀਆਂ ਜਾ ਰਹੀਆਂ ਹਨ, ਇੱਥੋਂ ਤੱਕ ਕਿ ਆਖਿਰਕਾਰ ਜ਼ਾਰਸ਼ਾਹੀ ਦਾ ਖਾਤਮਾ ਹੁਣ ਮਾਮੂਲੀ ਜਿਹੀ ਘਟਨਾ ਨਜ਼ਰ ਆਉਂਦੀ ਹੈ। ਇਹ ਸਭ ਚੀਜ਼ਾਂ ਸਪੱਸ਼ਟ ਦਿਖਾਈ ਦਿੰਦੀਆਂ ਹਨ ਕਿ ਰੂਸ ਦੀ ਮੁਕਤੀ, ਜੰਗ ਦੀ ਜਾਂ ਜ਼ਾਰਸ਼ਾਹੀ ਦੀ ਫੌਜੀ ਹਾਰ ਦੀ ਪ੍ਰਾਪਤੀ ਨਹੀਂ ਸੀ ਨਾ ਹੀ ਉਹ ‘ਜਰਮਨ ਮੁੱਠੀ ਵਿੱਚ ਜਰਮਨ ਸੰਗੀਨਾਂ’ ਦੀ ਦੇਣ ਸੀ ਜਿਵੇਂ ਕਿ ਕਾਉਟਸਕੀ ਦੇ ਸੰਪਾਦਨ ਵਿੱਚ ‘ਨਿਉ ਜੀਟ’ ਅਖ਼ਬਾਰ ਵਿੱਚ ਦਾਅਵਾ ਕੀਤਾ ਗਿਆ ਸੀ। ਉਸਦੇ ਉਲਟ -ਉਸਦੀਆਂ ਜੜਾਂ ਉਸੇ ਰੂਸ ਦੀ ਜਮੀਨ ਵਿੱਚ ਡੂੰਘੀਆਂ ਜੰਮੀਆਂ ਸਨ ਤੇ ਅੰਦਰੋਂ ਪੂਰੀ ਤਰਾਂ ਵਿਕਸਿਤ ਹੋ ਚੁੱਕੀਆਂ ਸਨ। ਜਰਮਨ ਸਮਾਜਿਕ ਜਮਹੂਰੀਆਂ ਦੇ ਸਿਧਾਂਤਕ ਅਸ਼ੀਰਵਾਦ ਦੇ ਨਾਲ ਹਮਲਾਵਰ ਜਰਮਨ ਸਾਮਰਾਜਵਾਦ ਦਾ ਫੌਜੀ ਦੁਸਾਹਸ ਰੂਸ ਵਿੱਚ ਇਨਕਲਾਬ ਨਹੀਂ ਲਿਆਇਆ, ਉਲਟਾ ਉਸਨੇ ਕੁੱਝ ਸਮੇਂ ਤੱਕ ਉਸ ਵਿੱਚ ਰੁਕਾਵਟ ਹੀ ਪਾਈ, ਕੁੱਝ ਸਮੇਂ ਲਈ ਉਸਨੂੰ ਰੱਦ ਹੀ ਕੀਤਾ ( 1911-13 ਦੇ ਤੁਫਾਨੀ ਉਭਾਰ ਤੋਂ ਬਾਅਦ) ਅਤੇ ਉਸਦੇ ਵਿਸਫੋਟ ਤੋਂ ਬਾਅਦ ਉਸ ਲਈ ਔਖੀਆਂ ਤੇ ਅਸੁਭਾਵਿਕ ਹਾਲਤਾਂ ਪੈਦਾ ਕੀਤੀਆਂ।

ਇਸ ਤੋਂ ਇਲਾਵਾ ਇਹ ਘਟਨਾ ਚੱਕਰ ਨਿਰਣਾਇਕ ਤੌਰ ‘ਤੇ ਕਾਉਟਸਕੀ ਅਤੇ ਸਮਾਜਿਕ ਜਮਹੂਰੀਅਤ ਦੇ ਉਸ ਸਿਧਾਂਤ ਦਾ ਖੰਡਣ ਕਰਦਾ ਹੈ ਜਿਸਦੇ ਅਨੁਸਾਰ ਆਰਥਿਕ ਤੌਰ ‘ਤੇ ਪਛੜਿਆ ਅਤੇ ਪ੍ਰਮੁੱਖ ਤੌਰ ‘ਤੇ ਖੇਤੀ ‘ਤੇ ਨਿਰਭਰ ਰੂਸ ਸਮਾਜਿਕ ਇਨਕਲਾਬ ਜਾਂ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਲਈ ਪਰਿਪੱਕ ਨਹੀਂ ਸੀ। ਇਸ ਸਿਧਾਂਤ ਦੇ ਅਨੁਸਾਰ ਰੂਸ ਵਿੱਚ ਸਿਰਫ ਬੁਰਜੁਆ ਇਨਕਲਾਬ ਹੀ ਸੰਭਵ ਸੀ ਅਤੇ ਇਹ ਸਿਧਾਂਤ ਰੂਸੀ ਮਜ਼ਦੂਰ ਲਹਿਰ ਦੇ ਮੌਕਾਪ੍ਰਸਤ ਹਿੱਸੇ ਨੇ, ਅਖੌਤੀ ਮੈਨਸ਼ਵਿਕਾਂ ਨੇ ਵੀ ਅਪਣਾ ਰੱਖਿਆ ਹੈ। ਇਸੇ ਸੰਕਲਪ ਵਿੱਚੋਂ ਸਮਾਜਵਾਦੀਆਂ ਅਤੇ ਬੁਰਜੁਆ ਉਦਾਰਵਾਦ ਵਿੱਚ ਗੱਠਜੋੜ ਦੀ ਯੁੱਧਨੀਤੀ ਨਿੱਕਲਦੀ ਹੈ। ਰੂਸੀ ਇਨਕਲਾਬ ਦੇ ਇਸ ਬੁਨਿਆਦੀ ਸੰਕਲਪ ਅਤੇ ਉਸ ਵਿੱਚੋਂ ਆਪਣੇ ਆਪ ਨਿਕਲਣ ਵਾਲੀ ਯੁੱਧਨੀਤੀ ਦੇ ਸਵਾਲਾਂ ‘ਤੇ ਉਸਦੀਆਂ ਮਾਨਤਾਵਾਂ ਦੇ ਕਾਰਨ ਹੀ ਰੂਸ ਅਤੇ ਜਰਮਨੀ ਦੇ ਮੌਕਾਪ੍ਰਸਤ ਖੁਦ ਨੂੰ ਜਰਮਨੀ ਦੇ ਸਰਕਾਰੀ ਸਮਾਜਵਾਦੀਆਂ ਦੇ ਨਾਲ ਇੱਕ-ਮਤ ਹਨ। ਇੰਨਾਂ ਤਿੰਨਾਂ ਦੇ ਅਨੁਸਾਰ ਰੂਸੀ ਇਨਕਲਾਬ ਨੂੰ ਉਸ ਪੜਾਅ ਤੱਕ ਪਹੁੰਚ ਕੇ ਰੁਕ ਜਾਣਾ ਚਾਹੀਦਾ ਸੀ ਜਿਸਨੂੰ ਜਰਮਨ ਸਾਮਰਾਜਵਾਦ ਦੇ ਯੁੱਧ ਸੰਚਾਲਨ ਵਿੱਚ ਆਪਣਾ ਪਵਿੱਤਰ ਉਦੇਸ਼ ਬਣਾ ਰੱਖਿਆ ਸੀ। ਜਾਣੀ ਸਮਾਜਿਕ ਜਮਹੂਰੀਆਂ ਦੀਆਂ ਪਰੀਕਥਾਵਾਂ ਵਿੱਚ ਉਹਨਾਂ ਨੂੰ ਜ਼ਾਰਸ਼ਾਹੀ ਨੂੰ ਉਖਾੜ ਦੇਣ ਤੋਂ ਬਾਅਦ ਰੁਕ ਜਾਣਾ ਸੀ। ਇਸ ਨਜ਼ਰੀਏ ਦੇ ਅਨੁਸਾਰ ਜੇ ਇਨਕਲਾਬ ਉਸ ਨੁਕਤੇ ‘ਤੇ ਅੱਗੇ ਵਧਦਾ ਹੈ ਅਤੇ ਆਪਣੇ ਲਈ ਪ੍ਰੋਲੇਤਾਰੀ ਤਾਨਾਸ਼ਾਹੀ ਦਾ ਕਾਰਜ਼ ਤਹਿ ਕਰਦਾ ਹੈ ਤਾਂ ਇਹ ਰੂਸੀ ਮਜ਼ਦੂਰ ਲਹਿਰ ਦੇ ਅੱਤਵਾਦੀ ਹਿੱਸੇ ਦੀ, ਬਾਲਸ਼ਵਿਕਾਂ ਦੀ ਇੱਕ ਭੁੱਲ ਹੈ ਅਤੇ ਇਨਕਲਾਬ ਦੇ ਵਿਕਾਸ ਵਿੱਚ ਉੱਠੀਆਂ ਸਭ ਸਮੱਸਿਆਵਾਂ ਅਤੇ ਉਸਤੋਂ ਪੈਦਾ ਹੋਈਆਂ ਸਾਰੀਆਂ ਗੜਬੜਾਂ ਇਸੇ ਘਾਤਕ ਭੁੱਲ ਦਾ ਸਿੱਟਾ ਹਨ।

ਸਿਧਾਂਤਕ ਤੌਰ ‘ਤੇ ਇਹ ਵਿਚਾਰ (ਜਿਸਨੂੰ ਕਾਉਟਸਕੀ ਆਦਿ ”ਮਾਰਕਸਵਾਦੀ” ਸੋਚ ਦਾ ਫਲ ਦਸਦੇ ਹਨ) ਇਸ ਮੌਲਿਕ ”ਮਾਰਕਸਵਾਦੀ” ਖੋਜ਼ ਵਿੱਚੋਂ ਪੈਦਾ ਹੁੰਦਾ ਹੈ, ਕਿ ਸਮਾਜਵਾਦੀ ਇਨਕਲਾਬ ਇੱਕ ਕੌਮੀ ਭਾਵ ਹਰ ਆਧੁਨਿਕ ਦੇਸ਼ ਦਾ ਆਪਣਾ ਅੰਦਰੂਨੀ ਮਾਮਲਾ ਹੈ। ਅਲਬੱਤਾ, ਅਮੂਰਤ ਸੂਤਰਾਂ ਦੇ ਧੁੰਦਲਕੇ ਵਿੱਚ ਕਾਉਟਸਕੀ ਨੂੰ ਪਤਾ ਹੈ ਕਿ ਪੂੰਜੀ ਦੇ ਸੰਸਾਰ ਵਿਆਪੀ ਆਰਥਿਕ ਧਾਗਿਆਂ ਨੂੰ ਕਿਵੇਂ ਖੋਜਿਆ ਜਾਵੇ, ਜਿਸ ਨਾਲ ਸਾਰੇ ਆਧੁਨਿਕ ਦੇਸ਼ ਮਿਲ ਕੇ ਇੱਕ ਸਮੁੱਚਾ ਢਾਂਚਾ ਬਣਦਾ ਹੋਵੇ ਕਿਉਂਕਿ ਰੂਸੀ ਇਨਕਲਾਬ ਦੀਆਂ ਸਮੱਸਿਆਵਾਂ ਕੌਮਾਂਤਰੀ ਘਟਨਾਵਾਂ ਅਤੇ ਖੇਤੀ ਦੇ ਸਵਾਲ ਦੋਨਾਂ ਵਿੱਚੋਂ ਪੈਦਾ ਹੁੰਦੀਆਂ ਹਨ, ਇਸ ਲਈ ਸੰਭਵ ਤੌਰ ‘ਤੇ ਬੁਰਜੁਆ ਸਮਾਜ ਦੀਆਂ ਹੱਦਾਂ ਅੰਦਰ ਸੁਲਝ ਵੀ ਨਹੀਂ ਸਕਦੀਆਂ।

ਅਸਲ ਵਿੱਚ, ਇਹ ਵਿਚਾਰ ਉਨ੍ਹਾਂ ਕੋਸ਼ਿਸ਼ਾਂ ਦੀ ਅਗਵਾਈ ਕਰਦਾ ਹੈ ਜੋ ਰੂਸੀ ਇਨਕਲਾਬ ਨੂੰ ਕੌਮਾਂਤਰੀ, ਖਾਸ ਕਰਕੇ ਜਰਮਨ ਪ੍ਰੋਲੇਤਾਰੀ ਪ੍ਰਤੀ ਆਪਣੀ ਜਿਮੇਵਾਰੀ ਤੋਂ ਬਰੀ ਕਰਦੀਆਂ ਹਨ ਅਤੇ ਇਨਕਲਾਬ ਦੇ ਕੌਮਾਂਤਰੀ ਸਬੰਧਾਂ ਦੀ ਹੋਂਦ ਤੋਂ ਇਨਕਾਰ ਕਰਦੀਆਂ ਹਨ। ਜੰਗ ਅਤੇ ਰੂਸੀ ਇਨਕਲਾਬ ਦੀਆਂ ਘਟਨਾਵਾਂ ਰੂਸੀ ਦੀ ਅਪ੍ਰਪੱਕਤਾ ਨਹੀਂ ਦਿਖਾਉਂਦੀਆਂ, ਸਗੋਂ ਇਸ ਗੱਲ ਦਾ ਸਬੂਤ ਦਿੰਦੀਆਂ ਹਨ ਕਿ ਜਰਮਨ ਪ੍ਰੋਲੇਤਾਰੀ ਆਪਣੇ ਇਤਿਹਾਸਕ ਕਰਤੱਵਾਂ ਨੂੰ ਪੂਰਾ ਕਰਨ ਲਈ ਅਪਰਪੱਕ ਹੈ ਅਤੇ ਇਸ ਸੱਚਾਈ ਨੂੰ ਸਪੱਸ਼ਟ ਕਰਨਾ ਰੂਸੀ ਇਨਕਲਾਬ ਦੇ ਸਟੀਕ ਵਿਸ਼ਲੇਸ਼ਣ ਦਾ ਪਹਿਲਾ ਉਦੇਸ਼ ਹੈ।

ਰੂਸੀ ਇਨਕਲਾਬ ਦਾ ਭਵਿੱਖ ਪੂਰੀ ਤਰਾਂ ਕੌਮਾਂਤਰੀ ਘਟਨਾਵਾਂ ‘ਤੇ ਨਿਰਭਰ ਸੀ। ਬਾਲਸ਼ਵਿਕਾਂ ਦੁਆਰਾ ਸੰਸਾਰ ਪ੍ਰੋਲੇਤਾਰੀ ਇਨਕਲਾਬ ਨੂੰ ਆਪਣੀਆਂ ਸਾਰੀਆਂ ਨੀਤੀਆਂ ਦਾ ਅਧਾਰ ਬਣਾਉਣਾ ਉਸਦੀ ਰਾਜਨੀਤਕ ਦੂਰਦਰਸ਼ਤਾ ਦਾ ਤੇ ਸਿਧਾਤਾਂ ਦੀ ਦ੍ਰਿੜਤਾ ਦਾ ਵੀ ਸਬੂਤ ਹੈ ਅਤੇ ਉਨ੍ਹਾਂ ਦੀਆਂ ਨੀਤੀਆਂ ਦੇ ਵਿਆਪਕ ਦਾਇਰੇ ਦਾ ਵੀ। ਉਸੇ ਵਿੱਚ, ਪਿਛਲੇ ਦਹਾਕੇ ਵਿੱਚ ਹੋਇਆ ਪੂੰਜੀਵਾਦੀ ਵਿਕਾਸ, ਦੀ ਭਾਰੀ ਉੱਨਤੀ ਦੇ ਦਰਸ਼ਣ ਹੁੰਦੇ ਹਨ। 1905-7 ਦੇ ਇਨਕਲਾਬ ਨੇ ਯੂਰਪ ਵਿੱਚ ਇੱਕ ਹਲਕੀ ਜਿਹੀ ਗੂੰਜ ਨੂੰ ਜਨਮ ਦਿੱਤਾ ਸੀ ਇਸ ਲਈ ਉਹ ਇੱਕ ਸ਼ੁਰੂਆਤੀ ਅਧਿਆਇ ਬਣ ਸਕੀ ਉਸਦੀ ਲਗਾਤਾਰਤਾ ਅਤੇ ਪੂਰਵਤਾ ਜੁੜੀ ਸੀ ਯੂਰਪ ਦੇ ਅਗਲੇ ਘਟਨਾ ਚੱਕਰ ਨਾਲ।

ਸਪੱਸ਼ਟ ਹੈ ਕਿ ਨਾ ਸਮਝ ਸਮਰਥਨ ਨਾਲ ਨਹੀਂ ਸਗੋਂ ਭੇਦਕ ਅਤੇ ਚੰਗੀ ਤਰਾਂ ਵਿਚਾਰੀ ਅਲੋਚਨਾ ਨਾਲ ਹੀ ਤਜਰਬੇ ਅਤੇ ਗਿਆਨ ਦੇ ਭੰਡਾਰ ਖੁੱਲ੍ਹ ਸਕਣਗੇ ਕਿਉਂਕਿ ਅਸੀਂ ਸੰਸਾਰ ਇਤਿਹਾਸ ਦੇ ਪ੍ਰੋਲੇਤਾਰੀ ਤਾਨਾਸ਼ਾਹੀ ਦੇ ਪਹਿਲੇ ਪ੍ਰਯੋਗ ਦੀ ਛਾਣਬੀਣ ਕਰ ਰਹੇ ਹਾਂ (ਅਤੇ ਉਹ ਵੀ ਔਖੇ ਹਾਲਾਤਾਂ ਵਿੱਚ, ਪੂਰੇ ਸੰਸਾਰ ਵਿੱਚ ਸਾਮਰਾਜਵਾਦੀ ਮਨੁੱਖੀ ਘਾਣ ਦੀ ਭਬਕ ਅਤੇ ਉਥਲ ਪੁਥਲ ਵਿੱਚ ਅਤੇ ਯੂਰਪ ਦੀਆਂ ਅਤਿਅੰਤ ਪਿਛਾਖੜੀ ਤਾਕਤਾਂ ਨਾਲ ਘਿਰਿਆ ਅਤੇ ਸੰਸਾਰ ਪ੍ਰੋਲੇਤਾਰੀ ਦੀ ਸੰਪੂਰਨ ਅਸਫਲਤਾ ਦੇ ਮਹੌਲ ਵਿੱਚ ਵਾਪਰ ਰਿਹਾ ਹੈ) , ਸਾਨੂੰ ਇਸ ਮੂਰਖ ਮਾਨਤਾ ਤੋਂ ਬਚਣਾ ਚਾਹੀਦਾ ਹੈ ਕਿ ਪ੍ਰੋਲੇਤਾਰੀ ਤਾਨਾਸ਼ਾਹੀ ਦੇ ਇਸ ਇੱਕ ਪ੍ਰਯੋਗ ਵਿੱਚ ਹਰ ਚੀਜ ਜੋ ਕੀਤੀ ਜਾ ਰਹੀ ਹੈ ਜਾਂ ਨਹੀਂ ਕੀਤੀ ਜਾ ਰਹੀ ਹੈ ਉਹ ਹੀ ਪੂਰਣਤਾ ਦੀ ਮਿਸਾਲ ਹੈ। ਉਲਟਾ ਸਮਾਜਵਾਦੀ ਰਾਜਨੀਤੀ ਦੇ ਸਧਾਰਨ ਸੰਕਲਪਾਂ ਅਤੇ ਉਹਨਾਂ ਦੀਆਂ ਇਤਿਹਾਸਕ ਰੂਪ ਨਾਲ ਜ਼ਰੂਰੀ ਪੂਰਵ ਸ਼ਰਤਾਂ ਦੀ ਸਮਝ ਸਾਨੂੰ ਇਨ੍ਹਾਂ ਮੰਨਣ ਲਈ ਮਜ਼ਬੂਰ ਕਰਦੀ ਹੈ ਕਿ ਇਨੀਆਂ ਘਾਤਕ ਹਾਲਤਾਂ ਵਿੱਚ ਮਹਾਨਤਮ ਆਦਰਸ਼ਵਾਦ ਅਤੇ ਤੁਫਾਨੀ ਇਨਕਲਾਬੀ ਵੀ ਜਮਹੂਰੀਅਤ ਅਤੇ ਸਮਾਜਵਾਦ ਨੂੰ ਮੰਨਣ ਵਿੱਚ ਅਸਮਰੱਥ ਹੀ ਹੋਣਗੇ; ਉਹ ਉਨ੍ਹਾਂ ਨੂੰ ਮੂਰਤ ਰੂਪ ਦੇਣ ਦੀਆਂ ਵਿੰਗੀਆਂ ਟੇਢੀਆਂ ਕੋਸ਼ਿਸ਼ਾਂ ਹੀ ਕਰ ਸਕਦੇ ਹਨ।

ਇਸ ਅਸਲੀਅਤ ਨੂੰ, ਉਸਦੇ ਸਾਰੇ ਬੁਨਿਆਦੀ ਪੱਖਾਂ ਅਤੇ ਨਤੀਜਿਆਂ ਨਾਲ ਉਭਾਰਨਾ ਦੁਨੀਆਂ ਭਰ ਦੇ ਸਮਾਜਵਾਦੀਆਂ ਦਾ ਪਹਿਲਾ ਫਰਜ਼ ਹੈ; ਕਿਉਂਕਿ ਇਸੇ ਕੌੜੀ ਸਮਝ ਦੀ ਪਿੱਠਭੂਮੀ ਵਿੱਚ ਹੀ ਹਿਸਾਬ ਲਗਾ ਸਕਦੇ ਹਾਂ ਕਿ ਸੰਸਾਰ ਪ੍ਰੋਲੇਤਾਰੀ ਦੀ ਰੂਸੀ ਇਨਕਲਾਬ ਦੇ ਭਵਿੱਖ ਪ੍ਰਤੀ ਜਿੰਮੇਵਾਰੀ ਕਿੰਨੀ ਵੱਡੀ ਅਤੇ ਮੁਸ਼ਕਿਲ ਹੈ। ਫਿਰ ਇਸ ਬੁਨਿਆਦ ‘ਤੇ ਹੀ ਪ੍ਰੋਲੇਤਾਰੀ ਇਨਕਲਾਬ ਦੇ ਸੰਕਲਪਬੱਧ ਕੌਮਾਂਤਰੀ ਕਾਰਜ਼ਾਂ ਦੇ ਫੈਸਲਾਕੁੰਨ ਮਹੱਤਵ ਨੂੰ ਪ੍ਰਭਾਵਕਾਰੀ ਬਣਾਇਆ ਜਾ ਸਕਦਾ ਹੈ। ਇਹ ਕੰਮ ਅਜਿਹਾ ਹੈ ਜਿਸਦੇ ਸਮਰਥਨ ਦੀ ਕਮੀ ਵਿੱਚ ਇੱਕ ਦੇਸ਼ ਦੇ ਪ੍ਰੋਲੇਤਾਰੀ ਦੀ ਵੱਡੀ ਤੋਂ ਵੱਡੀ ਕੁਰਬਾਨੀ ਅਤੇ ਵੱਡੀ ਤੋਂ ਵੱਡੀ ਊਰਜਾ ਵੀ ਲਾਜ਼ਮੀ ਵਿਰੋਧਤਾਈਆਂ ਅਤੇ ਵੱਡੀਆਂ ਭੁੱਲਾਂ ਦੇ ਜੰਜਾਲ ਵਿੱਚ ਉਲਝ ਜਾਵੇਗੀ।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਰੂਸੀ ਇਨਕਲਾਬ ਦੇ ਪ੍ਰਬੁੱਧ ਆਗੂਆਂ ਲੈਨਿਨ ਅਤੇ ਟਰਾਟਸਕੀ ਨੇ ਆਪਣੇ ਕੰਡਿਆਂ ਅਤੇ ਮੋੜਾਂ ਘੋੜਾਂ ਭਰੇ ਰਸਤੇ ਵਿੱਚ ਕਈ ਨਿਰਣਾਇਕ ਕਦਮ ਬਹੁਤ ਜਿਆਦਾ ਝਿਜਕ ਅਤੇ ਤਿੱਖੇ ਅੰਦਰੂਨੀ ਵਿਰੋਧ ਨਾਲ ਚੁੱਕੇ ਹਨ ਅਤੇ ਇਹ ਉਹਨਾਂ ਅਜਿਹਾ ਕਦੇ ਵੀ ਨਹੀਂ ਸੋਚਿਆ ਹੋਵੇਗਾ ਕਿ ਘਟਨਾਵਾਂ ਦੇ ਇਨ੍ਹਾਂ ਗਰਜਦੇ ਤੁਫਾਨਾ ਵਿੱਚ ਪੈਦਾ ਹੋਈਆਂ ਜ਼ਰੂਰਤਾਂ ਅਤੇ ਮਜ਼ਬੂਰੀਆਂ ਦੀਆਂ ਹਾਲਤਾਂ ਵਿੱਚ ਕੀਤੇ ਗਏ ਜਾਂ ਛੱਡ ਦਿੱਤੇ ਗਏ ਸਾਰੇ ਕੰਮਾਂ ਨੂੰ ਕੌਮਾਂਤਰੀ ਦੁਆਰਾ ਸਮਾਜਵਾਦੀ ਨੀਤੀ ਦੀਆਂ ਅਜਿਹੀਆਂ ਅਪਣਾਉਣਯੋਗ ਉਦਾਹਰਣਾ ਦਾ ਦਰਜਾ ਦੇਈਏ ਜਿਸਦੇ ਪ੍ਰਤੀ ਕੇਵਲ ਅਣਅਲੋਚਨਾਤਮਕ ਪ੍ਰਸੰਸਾ ਅਤੇ ਉਤਸ਼ਾਹਜਨਕ ਨਕਲ ਹੀ ਯੋਗ ਹੈ।

ਇਹ ਡਰ ਵੀ ਉਨਾ ਹੀ ਗਲਤ ਹੈ ਕਿ ਰੂਸੀ ਇਨਕਲਾਬ ਦੇ ਹੁਣ ਤੱਕ ਦੇ ਰਸਤੇ ਦੀ ਅਲੋਚਨਾਤਮਕ ਛਾਣਬੀਣ ਉਸਦੇ ਪ੍ਰਤੀ ਆਦਰ ਅਤੇ ਖਿੱਚ ਘੱਟ ਕਰੇਗੀ, ਜਿਸ ਛਾਣਬੀਣ ਨਾਲ ਹੀ ਅਸਲ ਵਿੱਚ ਜਰਮਨ ਦੀ ਘਾਤਕ ਗੈਰ ਸਰਗਰਮੀ ਦੂਰ ਹੋ ਸਕਦੀ ਹੈ। ਜਰਮਨੀ ਦੀ ਮਜ਼ਦੂਰ ਜਮਾਤ ਦੇ ਇਨਕਲਾਬੀ ਜੋਸ਼ ਨੂੰ ਜਗਾਉਣਾ ਹੁਣ ਜਰਮਨ ਸਮਾਜਿਕ ਜਮਹੂਰੀਅਤ ਦੇ ਸੁਰੱਖਿਆਵਾਦੀ ਤਰੀਕਿਆਂ ਨਾਲ ਤਾਂ ਸੰਭਵ ਨਹੀਂ। ਉਹ ਹੁਣ ਕਦੇ ਕਿਸੇ ਕਿਸਮ ਦੀ ਬੈਦਾਗ ਸੱਤ੍ਹਾ (Anthority) ਦੇ ਜਰੀਏ ਨਹੀਂ ਉਭਾਰੀ ਜਾ ਸਕਦੀ ਚਾਹੇ ਉਹ ਸੱਤ੍ਹਾ ‘ਉੱਪਰਲੀਆਂ ਕਮੇਟੀਆਂ’ ਦੀ ਹੋਵੇ ਜਾਂ ਰੂਸੀ ਉਦਾਹਰਣ ਦੀ।

ਇਹ ਕੰਮ ਇਨਕਲਾਬ ਦੀ ਬੱਲੇ-ਬੱਲੇ ਨਾਲ ਨਹੀਂ ਹੋਵੇਗਾ, ਉਲਟਾ, ਸਾਰੀਆਂ ਗੰਭੀਰਤਾਵਾਂ, ਸਾਰੇ ਕੰਮਾਂ ਦੀ ਜਟਿਲਤਾ ਵਿੱਚ ਗਹਿਰਾ ਝਾਕਣ ਨਾਲ ਹੀ, ਰਾਜਨੀਤਕ ਪ੍ਰਪੱਕਤਾ ਅਤੇ ਚਿੰਤਨ ਦੀ ਅਜ਼ਾਦੀ ਦੇ ਨਤੀਜੇ ਵਿੱਚ ਹੀ, ਕੇਵਲ ਲੋਕਾਂ ਦੁਆਰਾ ਸਟੀਕ ਨਿਆਂ ਦੇਣ ਦੀ ਯੋਗਤਾ ਦੇ ਨਤੀਜੇ ਵਿੱਚ ਹੀ (ਜਿਸ ਯੋਗਤਾ ਨੂੰ ਸਮਾਜਿਕ ਜਮਹੂਰੀਅਤ ਨੇ ਦਹਾਕਿਆਂ ਤੱਕ ਵੱਖ-ਵੱਖ ਬਹਾਨਿਆਂ ਨਾਲ ਵਿਵਸਥਿਤ ਢੰਗ ਨਾਲ ਨਸ਼ਟ ਕੀਤਾ ਸੀ) ਜਰਮਨ ਪ੍ਰੋਲੇਤਾਰੀ ਵਿੱਚ ਇਤਿਹਾਸਕ ਕੰਮ ਕਰਨ ਦੀ ਸੱਚੀ ਯੋਗਤਾ ਪੈਦਾ ਹੋਵੇਗੀ। ਰੂਸੀ ਇਨਕਲਾਬ ਦੇ ਸਾਰੇ ਇਤਿਹਾਸਕ ਸਬੰਧਾਂ ਸਹਿਤ ਅਲੋਚਨਾਤਮਕ ਵਿਸ਼ਲੇਸ਼ਣ ‘ਤੇ ਧਿਆਨ ਦੇਣਾ ਜਰਮਨ ਅਤੇ ਕੌਮਾਂਤਰੀ ਮਜ਼ਦੂਰ ਜਮਾਤ ਦੀ ਇਸ ਕੰਮ ਲਈ ਇੱਕ ਬੇਹਤਰੀਨ ਟਰੇਨਿੰਗ ਹੋਵੇਗਾ ਜੋ ਵਰਤਮਾਨ ਹਾਲਤਾਂ ਨਾਲ ਪੈਦਾ ਕੰਮਾਂ ਨੂੰ ਪੂਰਾ ਕਰਨ ਲਈ ਜ਼ਰੂਰੀ ਹੈ।

ਰੂਸੀ ਇਨਕਲਾਬ ਦਾ ਸ਼ੁਰੂਆਤੀ ਦੌਰ, ਮਾਰਚ ਤੋਂ ਅਕਤੂਬਰ ਇਨਕਲਾਬ ਤੱਕ ਦਾ ਦੌਰ ਆਪਣੀ ਮੋਟੀ ਰੂਪ ਰੇਖਾ ਵਿੱਚ ਯੂਰਪ ਦੇ ਦੋਵੇਂ ਇਨਕਲਾਬਾਂ, ਮਹਾਨ ਅੰਗਰੇਜੀ ਇਨਕਲਾਬਾਂ ਅਤੇ ਮਹਾਨ ਫਰਾਂਸੀਸੀ ਇਨਕਲਾਬ ਨਾਲ ਬਿਲਕੁਲ ਮੇਲ ਰੱਖਣ ਵਾਲਾ ਹੈ। ਬੁਰਜੁਆ ਸਮਾਜ ਦੇ ਗਰਭ ਵਿੱਚ ਜੰਮੀਆਂ ਇਨਕਲਾਬੀ ਤਾਕਤਾਂ ਦੇ ਹਰ ਇੱਕ ਪਹਿਲੇ ਉਭਾਰ ਦਾ ਹਿਸਾਬ ਚੁਕਾਉਣ ਦਾ ਵਿਸ਼ੇਸ਼ ਤਰੀਕਾ ਹੈ।

ਉਸਦਾ ਵਿਕਾਸ ਸੁਭਾਵਿਕ ਰੂਪ ਵਿੱਚ ਉਲਟ ਦਿਸ਼ਾ ਵਿੱਚ ਹੁੰਦਾ ਹੈ। ਮਾਮੂਲੀ ਸ਼ੁਰੂਆਤ ਤੋਂ ਲੈ ਕੇ ਲਗਾਤਾਰ ਉਚੇਰੇ ਉਦੇਸ਼ਾਂ ਵੱਲ ਅਤੇ ਉਸ ਦੇ ਸਮਾਨੰਤਰ ਚਲਦੇ ਜਮਾਤਾਂ ਅਤੇ ਪਾਰਟੀਆਂ ਦੇ ਗਠਜੋੜ ਤੋਂ ਲੈ ਕੇ ਸਭ ਤੋਂ ਵੱਧ ਪਾਰਟੀ ਦਾ ਇਕਮਾਤਰ ਸ਼ਾਸਨ।

ਮਾਰਚ 1917 ਦੇ ਸ਼ੁਰੂ ਵਿੱਚ ”ਕੈਡੇਟਸ” ਮਤਲਬ ਉਦਾਰਵਾਦੀ ਬੁਰਜੂਆ ਇਨਕਲਾਬ ਦੀ ਲੀਡਰਸ਼ਿਪ ਵਿੱਚ ਸਨ। ਇਨਕਲਾਬੀ ਜਵਾਰ ਦਾ ਪਹਿਲਾ ਉਭਾਰ ਹਰੇਕ ਨੂੰ ਅਤੇ ਹਰ ਇੱਕ ਚੀਜ ਨੂੰ ਬਹਾ ਕੇ ਲੈ ਗਿਆ। ਚੌਥੀ ਡੂਮਾ ਯਾਣੀ ਅਤਿਪਿਛਾਖੜੀ ਚਾਰ ਜਮਾਤਾਂ ਦੇ ਵੋਟ ਹੱਕ ਦੀ ਪਿਛਾਖੜੀ ਪੈਦਾਵਾਰ, ਜੋ ਇੱਕ ਤਖਤਾ ਪਲਟਣ ਨਾਲ ਪੈਦਾ ਹੋਈ ਸੀ, ਅਚਾਨਕ ਇਨਕਲਾਬ ਦੇ ਇੱਕ ਸਾਧਨ ਵਿੱਚ ਬਦਲ ਦਿੱਤੀ ਗਈ। ਸਾਰੀਆਂ ਬੁਰਜੁਆ ਪਾਰਟੀਆਂ, ਇੱਥੋਂ ਤੱਕ ਕਿ ਕੌਮਵਾਦੀ ਸੱਜੇਪੱਖੀ ਵੀ, ਅਚਾਨਕ, ਆਪਹੁਦਰਾਸ਼ਾਹੀ ਦੇ ਵਿਰੁੱਧ ਲਾਮਬੱਧ ਹੋ ਗਈ। ਸੱਤ੍ਹਾ ਤਾਂ ਪਹਿਲਾਂ ਹੀ ਧੱਕੇ ਵਿੱਚ ਇਸ ਤਰਾਂ ਡਿੱਗੀ ਜਿਵੇਂ ਕੋਈ ਮਰਿਆ ਹੋਇਆ ਅੰਗ ਹੋਵੇ, ਜਿਸ ਦੇ ਡਿੱਗ ਜਾਣ ਲਈ, ਬਸ ਸਿਰਫ ਹੱਥ ਲਾਉਣ ਦੀ ਹੀ ਦੇਰ ਹੋਵੇ। ਰਾਜਵੰਸ਼ ਅਤੇ ਗੱਦੀ ਨੂੰ ਪ੍ਰਤੀਕ ਰੂਪ ਤੋਂ ਬਚਾਉਣ ਲਈ ਉਦਾਰਵਾਦੀ ਬੁਰਜ਼ੂਆਜ਼ੀ ਦੀ ਇੱਕ ਸੰਖੇਪ ਕੋਸ਼ਿਸ਼ ਕੁੱਝ ਹੀ ਘੰਟਿਆਂ ਵਿੱਚ ਮਿੱਟੀ ਵਿੱਚ ਮਿਲ ਗਈ। ਘਟਨਾ ਪ੍ਰਵਾਹ ਦੀ ਚਾਲ ਇੰਨੀ ਤੇਜ ਰਹੀ ਕਿ ਉਹ ਦੂਰੀਆਂ ਜੋ ਪਹਿਲਾਂ ਕਦੇ ਫਰਾਂਸ ਵਿੱਚ, ਦਹਾਕਿਆਂ ਵਿੱਚ ਤਹਿ ਹੁੰਦੀਆਂ ਸਨ, ਇੱਥੋਂ ਕੁੱਝ ਦਿਨਾਂ ਅਤੇ ਘੰਟਿਆਂ ਵਿੱਚ ਨਾਪ ਲਈਆਂ ਗਈਆਂ। ਇਸਤੋਂ ਇਹ ਸਪੱਸ਼ਟ ਹੋਇਆ ਕਿ, ਯੂਰਪੀ ਘਟਨਾਵਾਂ ਦੀ ਇੱਕ ਸਦੀ ਦੇ ਨਤੀਜੇ ਰੂਸ ਵਿੱਚ ਵਾਪਰ ਰਹੇ ਹਨ। ਸਭ ਤੋਂ ਵਧਕੇ ਇਹ ਹੈ ਕਿ, 1917 ਦਾ ਇਨਕਲਾਬ 1905-1907 ਦੇ ਇਨਕਲਾਬ ਦੀ ਲਗਾਤਾਰਤਾ ਹੀ ਸੀ, ਨਾ ਕਿ ਜਰਮਨ ‘ਮੁਕਤੀਦਾਤਾ’ ਦਾ ਤੋਹਫਾ। ਮਾਰਚ 1917 ਦੀ ਲਹਿਰ ਉਸੇ ਨੁਕਤੇ ‘ਤੇ ਲੜੀਬੱਧ ਹੋਈ ਜਿੱਥੇ ਦਸ ਸਾਲ ਪਹਿਲਾਂ ਉਸਦਾ ਕੰਮ ਛੁੱਟ ਗਿਆ ਸੀ। ਜਮਹੂਰੀ ਗਣਤੰਤਰ ਇਨਕਲਾਬ ਦੇ ਪਹਿਲੇ ਉਭਾਰ ਦਾ ਅੰਦਰੋਂ ਤੋਂ ਪੂਰੀ ਤਰਾਂ ਪੱਕਿਆ ਹੋਇਆ ਫਲ ਸੀ।

ਹੁਣ, ਪਰ ਇਹ ਦੂਜਾ ਅਤੇ ਵਧੇਰੇ ਔਖਾ ਕੰਮ ਸ਼ੁਰੂ ਹੋਇਆ। ਪਹਿਲੇ ਪਲ ਤੋਂ ਹੀ ਇਨਕਲਾਬ ਦੀ ਸੰਚਾਲਕ ਸ਼ਕਤੀ ਸ਼ਹਿਰੀ ਸਮੁਦਾਇ ਹੀ ਸਨ। ਪਰ ਉਸਦੀਆਂ ਮੰਗਾਂ ਰਾਜਨੀਤਕ ਜਮਹੂਰੀਅਤ ਤੱਕ ਸੀਮਤ ਨਹੀਂ ਸਨ। ਉਹਨਾਂ ਕੌਮਾਂਤਰੀ ਰਾਜਨੀਤੀ ਦੇ ਭਖਦੇ ਸਵਾਲਾਂ ਨਾਲ ਬਰਾਬਰ ਸਰੋਕਾਰ ਰੱਖਿਆ ਹੋਇਆ ਸੀ¸ਫੌਰੀ ਸ਼ਾਂਤੀ ਦਾ ਸਵਾਲ। ਇਨਕਲਾਬ ਨੇ ਫੌਜੀਆਂ ਨੂੰ ਵੀ ਸਮੇਟਿਆ ਜਿੰਨ੍ਹਾਂ ਨੇ ਉਹੀ ਫੌਰੀ ਸ਼ਾਂਤੀ ਦੀ ਮੰਗ ਚੁੱਕੀ ਸੀ ਅਤੇ ਕਿਸਾਨਾਂ ਨੂੰ ਵੀ, ਜਿਨ੍ਹਾਂ ਨੇ ਖੇਤੀ ਦੇ ਸਵਾਲ ਨੂੰ ਸਾਹਮਣੇ ਰੱਖਿਆ, ਉਹੀ ਖੇਤੀ ਦਾ ਸਵਾਲ ਜੋ 1905 ਤੋਂ ਹੀ ਇਨਕਲਾਬ ਦੀ ਧੁਰੀ ਰਿਹਾ ਸੀ। ਫੌਰੀ ਸ਼ਾਂਤੀ ਅਤੇ ਜਮੀਨ¸ਇਨ੍ਹਾਂ ਦੋ ਉਦੇਸ਼ਾਂ ਕਾਰਨ ਇਨਕਲਾਬੀ ਜੱਥੇ ਵਿੱਚ ਅੰਦਰੂਨੀ ਫੁੱਟ ਅਟੱਲ ਸੀ। ਫੌਰੀ ਸ਼ਾਂਤੀ ਦੀ ਮੰਗ ਉਦਾਰਵਾਦੀ ਬੁਰਜੁਆਜ਼ੀ ਦੀਆਂ ਸਾਮਰਾਜਵਾਦੀ ਪ੍ਰਵਿਰਤੀਆਂ ਦੇ ਕੱਟੜ ਵਿਰੋਧ ਵਿੱਚ ਸੀ। ਦੂਜੇ ਪਾਸੇ, ਜਮੀਨ ਦਾ ਸਵਾਲ, ਪੇਂਡੂ ਬੁਰਜੁਆਜ਼ੀ ਦੇ ਹੀ ਇੱਕ ਹੋਰ ਹਿੱਸੇ ਲਈ ਡਰਾਉਣਾ ਪਰਛਾਵਾਂ ਸੀ ਅਤੇ ਇਸਤੋਂ ਇਲਾਵਾ, ਉਹ ਆਮ ਤੌਰ ‘ਤੇ ਨਿੱਜੀ ਸੰਪਤੀ ਦੇ ਉਸ ਪਵਿੱਤਰ ਸਿਧਾਂਤ ‘ਤੇ ਹਮਲੇ ਦੀ ਨੁਮਾਇੰਦਗੀ ਕਰਨਾ ਸੀ ਯਾਣੀ ਸੰਪੂਰਨ ਮਾਲਕ ਜਮਾਤ ਲਈ ਇੱਕ ਸੰਵੇਦਨਸ਼ੀਲ ਮੁੱਦਾ ਸੀ।

ਇਸ ਤਰਾਂ, ਇਨਕਲਾਬ ਦੀ ਜਿੱਤ ਦੇ ਪਹਿਲੇ ਦਿਨ ਤੋਂ ਹੀ ਉਸਦੇ ਅੰਦਰ ਦੋ ਭਖਦੇ ਸਵਾਲ ¸ਸ਼ਾਂਤੀ ਅਤੇ ਜਮੀਨ ‘ਤੇ ਸੰਘਰਸ਼ ਸ਼ੁਰੂ ਹੋਇਆ। ਉਦਾਰਵਾਦੀ ਬੁਰਜੁਆ ਚੀਜਾਂ ਨੂੰ ਲੰਬਾ ਖਿੱਚਣ ਅਤੇ ਟਾਲਦੇ ਰਹਿਣ ਦੇ ਦਾ ਪੇਚ ਲੜਾਉਂਦਾ ਰਿਹਾ। ਕਿਰਤੀ ਲੋਕ, ਫੌਜ਼ ਅਤੇ ਕਿਸਾਨ ਉਨ੍ਹਾਂ ਨੂੰ ਅਤੇ ਜਿਆਦਾ ਸ਼ਿੱਦਤ ਦੇ ਨਾਲ ਅੱਗੇ ਧਕਦੇ ਰਹੇ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਰੀਪਬਲਿਕ ਦੀ ਰਾਜਨੀਤਕ ਜਮਹੂਰੀਅਤ ਦਾ ਭਵਿੱਖ ਸ਼ਾਂਤੀ ਅਤੇ ਜਮੀਨ ਦੇ ਸਵਾਲਾਂ ਦੇ ਨਾਲ ਜੁੜਿਆ ਸੀ। ਬੁਰਜ਼ੂਆਜ਼ੀ ਨੇ ਇਨਕਲਾਬ ਦੀਆਂ ਤੁਫਾਨੀ ਲਹਿਰਾਂ ਵਿੱਚ ਵਹਿ ਕੇ ਖੁਦ ਨੂੰ ਰੀਪਬਲਿਕਨ ਸ਼ਾਸਨ ਤੱਕ ਖਿੱਚ ਜਾਣ ਦਿੱਤਾ। ਫਿਰ ਉਹ ਪਿਛਲੀਆਂ ਸਫਾਂ ਵਿੱਚ ਖੁਦ ਲਈ ਸਮਰਥਨ ਦਾ ਅਧਾਰ ਭਾਲਣ ਲੱਗੇ। ਪੀਟਰਜ਼ ਬਰਗ ਦੇ ਖਿਲਾਫ ਕਾਲੇਦਿਨ ਕਜ਼ਾਕ ਮੁਹਿੰਮ ਇਸ ਬਦਲਾਅ ਦਾ ਇੱਕ ਸਪੱਸ਼ਟ ਪ੍ਰਗਟਾਵਾ ਸੀ। ਜੇ ਉਹ ਹਮਲਾ ਸਫ਼ਲ ਹੁੰਦਾ ਤਾਂ ਨਾ ਕੇਵਲ ਸ਼ਾਂਤੀ ਅਤੇ ਜਮੀਨ ਦੇ ਸਵਾਲਾਂ ‘ਤੇ, ਸਗੋਂ ਰੀਪਬਲਿਕ ਦੀ ਕਿਸਮਤ ‘ਤੇ ਹੀ ਰੋਕ ਲੱਗ ਜਾਂਦੀ। ਫੌਜੀ ਤਾਨਾਸ਼ਾਹੀ, ਪ੍ਰੋਲੇਤਾਰੀ ਦੇ ਵਿਰੁੱਧ ਦਹਿਸ਼ਤ ਦਾ ਰਾਜ ਅਤੇ ਫਿਰ ਰਾਜਤੰਤਰ ਦੀ ਵਾਪਸੀ, ਇਹ ਹੀ ਅਟੱਲ ਨਤੀਜੇ ਸਾਹਮਣੇ ਆਉਂਦੇ।

ਇਸਤੋਂ ਅਸੀਂ ਅੰਦਾਜਾ ਲਗਾ ਸਕਦੇ ਹਾਂ ਕਿ, ਰੂਸੀ ਕਾਉਟਸਕੀਵਾਦੀਆਂ, ਭਾਵ ਜਿਵੇਂ ਮੈਨਸ਼ਵਿਕਾਂ ਦੀਆਂ ਯੁੱਧਨੀਤੀਆਂ ਕਿੰਨੀਆਂ ਸੁਪਨਲੋਕੀ ਅਤੇ ਪਿਛਾਖੜੀ ਕਿਸਮ ਦੀਆਂ ਸਨ। ਰੂਸੀ ਇਨਕਲਾਬ ਦੇ ਬੁਰਜੁਆ ਖਾਸੇ ਦੀ ਪਰੀਕਥਾ ਦਾ ਨਸ਼ਾ ਹੋਰ ਗਹਿਰਾ ਹੋਣ ਕਾਰਨ ਉਹ ਬੁਰਜ਼ੂਆ ਉਦਾਰਵਾਦੀਆਂ ਦੇ ਨਾਲ ਗੱਠਜੋੜ ਨਾਲ ਹੀ ਬੁਰੀ ਤਰਾਂ ਚਿਪਕੇ ਰਹੇ। ਪਰ ਇਸ ਗੱਠਜੋੜ ਦਾ ਮਤਲਬ ਹੋਇਆ ਅਜਿਹੇ ਤੱਤਾਂ ਦੀ ਏਕਤਾ ਜੋ ਇਨਕਲਾਬ ਦੇ ਸੁਭਾਵਿਕ ਵਿਕਾਸ ਦੇ ਨਤੀਜੇ ਵਜੋਂ ਵੱਖਰੇ-ਵੱਖਰੇ ਹੋ ਕੇ ਤਿੱਖੇ ਝਗੜਿਆਂ ਵਿੱਚ ਇੱਕ ਦੂਸਰੇ ਦੇ ਆਹਮੋ ਸਾਹਮਣੇ ਆ ਗਏ ਸਨ। ਅਕਸੇਲਰੋਂਦ ਅਤੇ ਦਾਨ ਜਿਹੇ ਵਿਅਕਤੀ ਉਨ੍ਹਾਂ ਜਮਾਤਾਂ ਅਤੇ ਪਾਰਟੀਆਂ ਨਾਲ ਹਰ ਕੀਮਤ ‘ਤੇ ਸਹਿਯੋਗ ਕਰ ਰਹੇ ਸਨ ਜੋ ਇਨਕਲਾਬ ਅਤੇ ਉਸਦੀ ਪਹਿਲੀ ਪ੍ਰਾਪਤੀ ”ਜਮਹੂਰੀਅਤ” ਲਈ ਹੀ ਗੰਭੀਰ ਖਤਰਾ ਬਣ ਗਏ ਸਨ।

ਇਹ ਦੇਖਣਾ ਵਿਸ਼ੇਸ਼ ਤੌਰ ‘ਤੇ ਹੈਰਾਨੀਜਨਕ ਹੈ ਕਿ, ਇਹ ਉੱਦਮੀ (ਕਾਉਟਸਕੀ) ਸੰਸਾਰ ਜੰਗ ਦੇ ਚਾਰ ਸਾਲਾਂ ਦੌਰਾਨ ਆਪਣੇ ਸ਼ਾਂਤੀਪੂਰਨ ਅਤੇ ਵਿਵਸਥਿਤ ਲੇਖਣ ਦੀ ਅਥੱਕ ਮਿਹਨਤ ਨਾਲ ਕਿਸ ਤਰਾਂ ਸਮਾਜਵਾਦ ਦੇ ਤਾਣੇ-ਬਾਣੇ ਵਿੱਚ ਇੱਕ ਤੋਂ ਬਾਅਦ ਇੱਕ ਛੇਦ ਕਰਦਾ ਰਿਹਾ। ਇਹ ਅਜਿਹੀ ਮਿਹਨਤ ਹੈ ਜਿਸ ਨਾਲ ਸਮਾਜਵਾਦ ਇਕਦਮ ਛਲਣੀ-ਛਲਣੀ ਹੋ ਕੇ ਉੱਭਰਦਾ ਹੈ। ਜਿਸ ਅਣਅਲੋਚੇ, ਪੂਰਨ ਪ੍ਰਵਾਨਗੀ ਦੇ ਨਾਲ ਉਸਦੇ ਪੈਰੋਕਾਰ ਆਪਣੇ ਅਧਿਕਾਰਤ ਸਿਧਾਂਤਕਾਰ ਦੇ ਉਦਯੋਗ ਦਾ ਅਤੇ ਉਸਦੀ ਹਰ ਖੋਜ ਨੂੰ ਅਪਨਾਉਂਦੇ ਜਾਂਦੇ ਹਨ ਇਸਦਾ ਮੁਕਾਬਲਾ ਸ਼ੀਦੇਮਾਨ ਅਤੇ ਕੰਪਨੀ ਦੇ ਉਹਨਾਂ ਪੈਰੋਕਾਰਾਂ ਨਾਲ ਹੀ ਕੀਤਾ ਜਾ ਸਕਦਾ ਹੈ। ਜੋ ਵਿਵਹਾਰ ਵਿੱਚ, ਸਮਾਜਵਾਦ ਦੇ ਹਰ ਜਗ੍ਹਾ ਛਲਣੀ ਕੀਤੇ ਜਾਣ ਨੂੰ ਪੂਰੀ ਬੇਰੁਖੀ ਨਾਲ ਦੇਖਦੇ ਰਹਿੰਦੇ ਹਨ। ਸੱਚਮੁੱਚ, ਇਹ ਇੱਕ ਦੂਸਰੇ ਦੇ ਪਰੀਪੂਰਕ ਹਨ। ਯੁੱਧ ਦੀ ਸ਼ੁਰੂਆਤ ਨਾਲ ਹੀ, ਕਾਉਟਸਕੀ ਯਾਣੀ ਮਾਰਕਸਵਾਦ ਦੇ ਮੰਦਰ ਦਾ ਅਧਿਕਾਰ, ਸਿਆਣਾ, ਸਿਧਾਂਤ ਵਿੱਚ ਉਹ ਕੰਮ ਕਰ ਰਿਹਾ ਹੈ ਜੋ ਸ਼ੀਦੇਮਾਨਾਂ ਨੇ ਵਿਵਹਾਰ ਵਿੱਚ ਕੀਤੇ ਹਨ ਭਾਵ¸(1) ਇੰਟਰਨੈਸ਼ਨਲ ਨੂੰ ਸ਼ਾਂਤੀ ਦਾ ਯੰਤਰ; (2) ਨਿਹੱਥੇ, ਲੀਗ ਆਫ ਨੇਸ਼ਨਜ਼ ਅਤੇ ਕੌਮਵਾਦ ਅਤੇ (3) ਜਮਹੂਰੀਅਤ ਨਾ ਕਿ ਸਮਾਜਵਾਦ।

ਇਸ ਹਾਲਤ ਵਿੱਚ ਬਾਲਸ਼ਵਿਕ ਪ੍ਰਵਿਰਤੀ ਨੇ ਇੱਕ ਇਤਿਹਾਸਕ ਸੇਵਾ ਕੀਤੀ ਹੈ, ਸ਼ੁਰੂ ਤੋਂ ਹੀ ਉਹਨਾਂ ਯੁੱਧਨੀਤੀਆਂ ਦਾ ਐਲਾਨ ਕਰਕੇ ਅਤੇ ਉਨ੍ਹਾਂ ‘ਤੇ ਲਗਾਤਾਰ ਕਠੋਰਤਾ ਨਾਲ ਅਮਲ ਕਰਕੇ, ਜੋ ਜਮਹੂਰੀਅਤ ਨੂੰ ਬਚਾ ਸਕਦੀਆਂ ਹਨ ਅਤੇ ਇਨਕਲਾਬ ਨੂੰ ਅੱਗੇ ਵਧਾ ਸਕਦੀਆਂ ਹਨ। ਸਾਰੀ ਸੱਤ੍ਹਾ ਹੋਰ ਪੂਰੀ ਤਰਾਂ ਮਜ਼ਦੂਰਾਂ ਅਤੇ ਕਿਸਾਨਾਂ ਨੂੰ, ਸੋਵੀਅਤਾਂ ਦੇ ਹੱਥਾਂ ਵਿੱਚ, ਇਹੀ ਇੱਕ ਤਰੀਕਾ ਸੀ ਇਨਕਲਾਬ ਨੂੰ ਰਸਤੇ ਦੀਆਂ ਮੁਸ਼ਕਲਾਂ ਤੋਂ ਉਭਾਰਨ ਦਾ। ਗੁੰਝਲਦਾਰ ਗੁੱਥੀ ‘ਤੇ ਇੱਕ ਜਬਰਦਸਤ ਚੋਟ, ਇਹੀ ਸੀ ਜਿਸ ਨਾਲ ਉਹਨਾਂ ਨੇ ਇਨਕਲਾਬ ਨੂੰ ਹਨੇਰੀ ਗਲ਼ੀ ਤੋਂ ਬਾਹਰ ਕੱਢਿਆ ਅਤੇ ਇਸਦੇ ਲਈ ਖੁੱਲ੍ਹੇ ਮੈਦਾਨਾਂ ਦਾ ਬੇਰੋਕ-ਟੋਕ ਰਸਤਾ ਖੋਲ੍ਹਿਆ।

ਇਸ ਤਰਾਂ ਲੈਨਿਨ ਦੀ ਪਾਰਟੀ ਹੀ ਰੂਸ ਵਿੱਚ ਇੱਕੋ-ਇੱਕ ਅਜਿਹੀ ਪਾਰਟੀ ਸੀ ਜੋ ਉਸ ਸ਼ੁਰੂਆਤੀ ਦੌਰ ਵਿੱਚ ਇਨਕਲਾਬ ਦੇ ਸੱਚੇ ਹਿਤ ਫੜ ਸਕੀ। ਇਹੀ ਉਹ ਤੱਤ ਸੀ ਜਿਸਨੇ ਇਨਕਲਾਬ ਨੂੰ ਅੱਗੇ ਸੰਚਾਲਿਤ ਕੀਤਾ ਅਤੇ ਇਸ ਤਰਾਂ ਉਹੀ ਇੱਕ ਪਾਰਟੀ ਸੀ ਜਿਸ ਨੇ ਸਮਾਜਵਾਦੀ ਨੀਤੀ ‘ਤੇ ਅਸਲ ਵਿੱਚ ਅਮਲ ਕੀਤਾ।

ਇਸੇ ਤੋਂ ਸਮਝ ਵਿੱਚ ਆਉਂਦਾ ਹੈ ਕਿ, ਕਿਉਂ ਬਾਲਸਵਿਕ ਜੋ ਸ਼ੁਰੂ ਵਿੱਚ ਹੀ ਦੰਡਿਤ, ਅਪਮਾਨਿਤ, ਹਰ ਤਰਫ ਤੋਂ ਹਮਲਿਆਂ ਦੇ ਸ਼ਿਕਾਰ, ਘੱਟ ਗਿਣਤੀ ਸਨ, ਥੋੜੇ ਸਮੇਂ ਵਿੱਚ ਹੀ ਇਨਕਲਾਬ ਦੇ ਪ੍ਰਮੁੱਖ ਬਣ ਗਏ ਅਤੇ ਸਾਰੇ ਸੱਚੇ ਲੋਕਾਂ, ਸ਼ਹਿਰੀ ਪ੍ਰੋਲੇਤਾਰੀ, ਫੌਜ, ਕਿਸਾਨਾਂ, ਇਸ ਤਰਾਂ ਜਮਹੂਰੀਅਤ ਦੇ ਇਨਕਲਾਬੀ ਤੱਤਾਂ ਅਤੇ ਸਮਾਜਵਾਦੀ ਇਨਕਲਾਬੀਆਂ ਦੇ ਖੱਬੇ ਦਸਤਿਆਂ ਨੂੰ ਆਪਣੇ ਝੰਡੇ ਹੇਠ ਲਿਆ ਸਕੇ।

ਰੂਸੀ ਇਨਕਲਾਬ ਦੀਆਂ ਠੋਸ ਹਾਲਤਾਂ ਅਜਿਹੀਆਂ ਸਨ ਕਿ, ਕੁੱਝ ਹੀ ਮਹੀਨਿਆਂ ਵਿੱਚ ਕੇਵਲ ਦੋ ਹੀ ਵਿਕਲਪ ਬਚੇ-ਉਲਟ ਇਨਕਲਾਬ ਦੀ ਜਿੱਤ ਜਾਂ ਪ੍ਰੋਲੇਤਾਰੀ ਦੀ ਤਾਨਾਸ਼ਾਹੀ-ਕਾਲ਼ੇਦਿਨ ਜਾਂ ਲੈਨਿਨ। ਇਹ ਬਾਹਰਮੁਖੀ ਹਾਲਤ ਸੀ ਜੇਹੀ ਕਿ ਹਰ ਇਨਕਲਾਬ ਦੇ ਸ਼ੁਰੂ ਦੀ ਉਤੇਜਨਾ ਤੋਂ ਬਾਅਦ ਬਣਦੀ ਹੈ ਅਤੇ ਰੂਸ ਵਿੱਚ ਉਹ ਦੋ ਭਖਦੇ ਸਵਾਲਾਂ ਦੇ ਫਲਸਰੂਪ ਬਣੀ¸ਸ਼ਾਂਤੀ ਅਤੇ ਜਮੀਨ ਦੇ ਸਵਾਲ ਜਿਨ੍ਹਾਂ ਦਾ ਹਾਲ ਬੁਰਜੁਆ ਇਨਕਲਾਬ ਦੇ ਢਾਂਚੇ ਵਿੱਚ ਸੰਭਵ ਨਹੀਂ ਸਨ।

ਇਸ ਅਮਲੇ ਵਿੱਚ, ਰੂਸੀ ਇਨਕਲਾਬ ਨੇ ਹਰ ਮਹਾਨ ਇਨਕਲਾਬ ਦੀ ਬੁਨਿਆਦੀ ਸਿੱਖਿਆ ਦੀ ਪੁਸ਼ਟੀ ਹੀ ਕੀਤੀ ਹੈ, ਉਸਦੇ ਹੋਂਦ ਦੇ ਸਿਧਾਂਤ ਦੀ, ਜਿਸਦਾ ਮੰਨਣਾ ਹੈ : ਜਾਂ ਤਾਂ ਇਨਕਲਾਬ ਛੇਤੀ, ਤੁਫਾਨੀ ਗਤੀ ਨਾਲ, ਨਿਰਣਾਇਕ ਲੈਅ ਤਾਲ ਦੇ ਨਾਲ ਅੱਗੇ ਵਧੇ, ਸਾਰੀਆਂ ਰੁਕਾਵਟਾਂ ਨੂੰ ਫੌਲਾਦੀ ਹੱਥਾਂ ਨਾਲ ਤੋੜ ਦੇਣ ਅਤੇ ਆਪਣੇ ਉਦੇਸ਼ਾਂ ਨੂੰ ਵੱਧ ਤੋਂ ਵੱਧ ਉਚੇਰੇ ਤਹਿ ਕਰੇ ਜਾਂ ਫਿਰ ਉਹ ਛੇਤੀ ਹੀ ਪਿੱਛੇ ਧੱਕ ਦਿੱਤਾ ਜਾਵੇਗਾ, ਉਸਦੇ ਕਮਜੋਰ ਸ਼ੁਰੂਆਤੀ ਨੁਕਤੇ ਦੇ ਪਿੱਛੇ ਅਤੇ ਉਲਟ ਇਨਕਲਾਬ ਦੁਆਰਾ ਕੁਚਲ ਦਿੱਤਾ ਜਾਵੇਗਾ। ਕਿਤੇ ਸਥਿਰ ਹੋ ਜਾਣਾ, ਜਾਂ ਇੱਕ ਨੁਕਤੇ ‘ਤੇ ਆ ਕੇ ਸਮਾਂ ਕੱਟਣਾ, ਪਹਿਲੇ ਹੀ ਉਦੇਸ਼ ਨਾਲ ਸੰਤੁਸ਼ਟ ਹੋ ਜਾਣਾ, ਇਹ ਇਨਕਲਾਬ ਵਿੱਚ ਸੰਭਵ ਹੀ ਨਹੀਂ ਅਤੇ ਜੋ ਕੋਈ ਸੰਸਦ ਦੀ ਚੂਹੇ-ਡੱਡੂਆਂ ਦੀਆਂ ਲੜਾਈਆਂ ਤੋਂ ਪੈਦਾ ਹੋਈ ਭੋਲ਼ੀ ਸਮਝ ਦੀ ਵਰਤੋਂ ਇਨਕਲਾਬੀ ਦਾਅਪੇਚਾਂ ਦੇ ਖੇਤਰ ਵਿੱਚ ਕਰਦਾ ਹੈ, ਇਨ੍ਹਾਂ ਹੀ ਦਿਖਾਉਂਦਾ ਹੈ ਕਿ, ਇਨਕਲਾਬ ਦਾ ਮਨੋਵਿਗਿਆਨ, ਉਸਦੇ ਗਤੀ ਦੇ ਨਿਯਮ ਉਸਦੇ ਲਈ ਇੱਕਦਮ ਪਰਾਏ ਹਨ ਅਤੇ ਸਾਰਾ ਇਤਿਹਾਸਕ ਤਜਰਬਾ ਉਸਦੇ ਲਈ ਸੱਤ ਤਾਲਿਆਂ ਨਾਲ ਬੰਦ ਇੱਕ ਪੁਸਤਕ ਦੀ ਤਰਾਂ ਹੈ।

1642 ਦੇ ਅੰਗਰੇਜ਼ੀ ਇਨਕਲਾਬ ਨੂੰ ਲਓ। ਉਥੇ ਹਾਲਾਤਾਂ ਦੇ ਤਕਾਜੇ ਨੇ ਇਹ ਜ਼ਰੂਰੀ ਕਰ ਦਿੱਤਾ ਕਿ, ਪ੍ਰੇਸੀਬਟੇਰਿਅਨਾ, ਜੋ ਚਾਰਲਸ (ਪਹਿਲੇ) ਦੇ ਨਾਲ ਫੈਸਲਾਕੁਨ ਲੜਾਈ ਤੋਂ ਬਚਦੇ ਰਹੇ, ਦੇ ਸਥਾਨ ‘ਤੇ ਇੰਡੀਪੈਂਡਟਸ ਆਉਂਦੇ, ਜਿੰਨ੍ਹਾਂ ਨੇ ਉਹਨਾਂ ਨੂੰ ਪਾਰਲੀਮੈਂਟ ਤੋਂ ਬਾਹਰ ਕਰ ਦਿੱਤਾ ਅਤੇ ਸੱਤ੍ਹਾ ‘ਤੇ ਖੁਦ ਕਾਬਜ਼ ਹੋ ਗਏ ਅਤੇ ਇਸ ਤਰਾਂ ਇੰਡੀਪੈਂਡਟਸ ਦੀ ਫੌਜ ਵਿੱਚ ਨਿੱਕ ਬੁਰਜੁਆ ਸੈਨਿਕ ਲੋਕ ਲਿਲਬਰਮਵਾਦੀ ਲੇਬਰਲਰਸ ਸੰਪੂਰਨ ਇੰਡੀਪੈਂਡਟਸ ਲਹਿਰ ਦੀ ਸੰਚਾਲਕ ਸ਼ਕਤੀ ਬਣੇ ਅਤੇ ਆਖਿਰਕਾਰ ਉਨ੍ਹਾਂ ਫੌਜੀਆਂ ਵਿੱਚ ਪ੍ਰੋਲੇਤਾਰੀ ਤੱਤ ਹੀ ਸਮਾਜਿਕ ਇਨਕਲਾਬ ਦੀ ਉਮੀਦਾਂ ਪਾਲਣ ਵਾਲਿਆਂ ਵਿੱਚ ਸਭ ਤੋਂ ਅੱਗੇ ਵਧੇ ਜਿਨ੍ਹਾਂ ਨੂੰ ਡਿਗਰ ਲਹਿਰ ਅੰਦੋਲਨ ਵਿੱਚ ਪ੍ਰਗਟਾਵਾ ਮਿਲਿਆ ਅਤੇ ਜੋ ਲੇਵਲਰਜ ਦੀ ਡੈਮੋਕਰੇਟਿਕਕ ਪਾਰਟੀ ਦੇ ਪ੍ਰੇਰਕ ਬਣੇ।

ਫੌਜੀਆਂ ਦੇ ਪ੍ਰੋਲੇਤਾਰੀ ਤੱਤਾਂ ਦੇ ਪ੍ਰਭਾਵ ਬਿਨਾਂ ਜਮਹੂਰੀ ਫੌਜੀਆਂ ਦੁਆਰਾ ਇੰਡੀਪੈਂਡਟਸ ਪਾਰਟੀ ਦੇ ਬੁਰਜ਼ੂਆ ਉੱਚ ਪੱਧਰਾਂ ‘ਤੇ ਦਬਾਅ ਬਿਨਾਂ, ਨਾ ਤਾਂ ਦੀਰਘਜੀਵੀ ਸੰਸਦ ਦਾ, ਪ੍ਰੇਸਿਬਟੇਰਿਅਨਾ ਨੂੰ ਹਟਾਕੇ ਸ਼ੁੱਧੀਕਰਨ ਹੁੰਦਾ, ਨਾ ਕੈਵੇਲਿਅਰਸ ਅਤੇ ਸਟਾਕ ਫੌਜਾਂ ਦੇ ਨਾਲ ਜੰਗ ਵਿੱਚ ਜਿੱਤ ਹੁੰਦੀ, ਨਾ ਹੀ ਹਾਉਸ ਆਫ ਲਾਰਡਜ਼ ਦੀ ਸਮਾਪਤੀ ਅਤੇ ਲੋਕਤੰਤਰ ਦੀ ਘੋਸ਼ਣਾ ਹੀ ਹੁੰਦੀ।

ਮਹਾਨ ਫਰਾਂਸੀਸੀ ਇਨਕਲਾਬ ਵਿੱਚ ਕੀ ਹੋਇਆ?

ਇੱਥੇ ਚਾਰ ਸਾਲ ਦੇ ਸੰਘਰਸ਼ ਤੋਂ ਬਾਅਦ ਜੈਕੋਬਿਨਾਂ ਦੁਆਰਾ ਸੱਤ੍ਹਾ ‘ਤੇ ਕਬਜਾ ਕਰਨਾ ਹੀ ਇਨਕਲਾਬ ਦੀਆਂ ਪ੍ਰਾਪਤੀਆਂ ਨੂੰ ਬਚਾਉਣ ਦਾ ਇੱਕੋ-ਇੱਕ ਜਰੀਆ ਸੀ; ਰੀਪਬਲਿਕ ਪ੍ਰਾਪਤ ਕਰਨ ਦਾ, ਜਗੀਰਦਾਰੀ ਨੂੰ ਤਬਾਹ ਕਰਨ ਦਾ, ਅੰਦਰੂਨੀ ਅਤੇ ਬਾਹਰੀ ਦੁਸ਼ਮਣਾ ਤੋਂ ਬਚਾਅ ਦੇ ਲਈ ਇਨਕਲਾਬੀ ਸੁਰੱਖਿਆ ਵਿਵਸਥਾ ਗਠਿਤ ਕਰਨ ਦਾ ਅਤੇ ਉਲਟ ਇਨਕਲਾਬ ਦੀਆਂ ਸਾਜਿਸ਼ਾਂ ਨੂੰ ਕੁਚਲਕੇ ਇਨਕਲਾਬ ਦੀਆਂ ਲਹਿਰਾਂ ਨੂੰ ਫਰਾਂਸ ਤੋਂ ਬਾਕੀ ਯੂਰਪ ਤੱਕ ਫੈਲਾਉਣ ਦਾ ਸਾਧਨ ਸੀ।

ਕਾਉਟਸਕੀ ਅਤੇ ਉਸਦੇ ਰੂਸੀ ਪੈਰੋਕਾਰ, ਜੋ ਰੂਸੀ ਇਨਕਲਾਬ ਦੇ ਸ਼ੁਰੂਆਤੀ ਦੌਰ ਦਾ ਬੁਰਜੂਅ ਚਰਿਤਰ ਬਣਾ ਕੇ ਰੱਖਣਾ ਚਾਹੁੰਦੇ ਸਨ, ਪਿਛਲੀ ਸਦੀ ਦੇ ਉਨ੍ਹਾ ਜਰਮਨ ਅਤੇ ਅੰਗਰੇਜ਼ੀ ਉਦਾਰਵਾਦੀਆਂ ਦੀ ਸਹੀ ਨਕਲ ਹਨ ਜਿਨ੍ਹਾਂ ਨੇ ਮਹਾਨ ਫਰਾਂਸੀਸੀ ਇਨਕਲਾਬ ਦੇ ਦੋ ਪ੍ਰਸਿੱਧ ਦੌਰਾਂ ਵਿੱਚ ਫਰਕ ਕੀਤਾ ਸੀ¸ਪਹਿਲਾ, ਜਿਰੋਨਿੰਦਸਤ ਦੌਰ ਦਾ ”ਚੰਗਾ” ਇਨਕਲਾਬ ਅਤੇ ਦੂਜਾ ਜੈਕੋਬਿਨ ਵਿਦਰੋਹ ਦੇ ਬਾਅਦ ਦਾ ”ਬੁਰਾ” ਇਨਕਲਾਬ। ਇਤਿਹਾਸ ਦੇ ਸੰਕਲਪ ਦਾ ਉਦਾਰਵਾਦੀ ਸਤਹੀਪਨ ਜ਼ਰੂਰ ਹੀ ਇਹ ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ ਕਿ, ਉਨ੍ਹਾ ”ਮਰਿਆਦਾ ਰਹਿਤ” ਜੈਕੋਬਿਨਾਂ ਦੇ ਵਿਕਲਪ ਵਿੱਚ ਜਿਰੋਨਿਦਸਸਤ ਦੌਰ ਦੀਆਂ ਪਹਿਲੀਆਂ ਅਧਕਚਰੀਆਂ ਪ੍ਰਾਪਤੀਆਂ ਵੀ ਜਲਦੀ ਹੀ ਇਨਕਲਾਬ ਦੇ ਵਿਸਫੋਟਾਂ ਹੇਠਾਂ ਦਫਨਾ ਦਿੱਤੀਆਂ ਜਾਂਦੀਆਂ ਅਤੇ ਨਾ ਇਹ ਕਿ ਜੈਕੋਬਿਨ ਤਾਨਾਸ਼ਾਹੀ ਦਾ ਅਸਲੀ ਵਿਕਲਪ ਜਿਵੇਂ ਕਿ ਇਤਿਹਾਸਕ ਵਿਕਾਸ ਦੇ ਅਟੱਲਪੱਥ ਨੇ ਇਹ ਸਵਾਲ 1793 ਵਿੱਚ ਉਠਾਇਆ¸”ਮਰਿਆਦਾਪੂਰਨ” ਜਮਹੂਰੀਅਤ ਨਹੀਂ, ਸਗੋਂ ਬੁਰਬੋ ਦੀ ਵਾਪਸੀ ਸੀ।

ਇਨਕਲਾਬ ਵਿੱਚ ”ਹਰਮਨਪਿਆਰੇ ਮੱਧਮਾਨ” ਨੂੰ ਕਾਇਮ ਨਹੀਂ ਰੱਖਿਆ ਜਾ ਸਕਦਾ। ਉਸਦੀ ਪ੍ਰਕ੍ਰਿਤੀ ਦਾ ਨਿਯਮ ਛੇਤੀ ਹੀ ਫੈਸਲੇ ਦੀ ਮੰਗ ਕਰਦਾ ਹੈ। ਜਾਂ ਤਾਂ ਗੱਡੀ ਪੂਰੀ ਊਰਜਾ ਨਾਲ ਇਤਿਹਾਸ ਦੀ ਲੜਾਈ ਦੇ ਸਿਖਰ ਤੱਕ ਅੱਗੇ ਵਧੇਗੀ ਜਾਂ ਉਹ ਆਪਣੇ ਹੀ ਬੋਝ ਹੇਠ ਪਿੱਛੇ ਵੱਲ ਲੁੜਕਦੀ ਹੋਈ ਉਸੇ ਸ਼ੁਰੂਆਤੀ-ਨੁਕਤੇ ਤੱਕ ਪਹੁੰਚੇਗੀ ਅਤੇ ਜੋ ਲੋਕ ਉਸਨੂੰ ਆਪਣੀ ਕਮਜੋਰ ਤਾਕਤ ਦੇ ਸਹਾਰੇ ਪਹਾੜ ਦੀ ਅੱਧੀ ਉਚਾਈ ‘ਤੇ ਸਿਥਰ ਰੱਖਣਾ ਚਾਹੁਣਗੇ, ਉਹਨਾਂ ਨੂੰ ਉਹ ਆਪਣੇ ਨਾਲ, ਬਿਨਾਂ ਕਿਸੇ ਬਚਾਅ ਦੀ ਸੰਭਾਵਨਾ ਦੇ, ਡੂੰਘੀ ਖਾਈ ਵਿੱਚ ਘੜੀਸ ਕੇ ਲੈ ਜਾਵੇਗੀ।

ਇਸ ਤਰਾਂ ਇਹ ਸਪੱਸ਼ਟ ਹੈ ਕਿ ਹਰ ਤਰਾਂ ਇਨਕਲਾਬ ਵਿੱਚ ਉਸੇ ਪਾਰਟੀ ਦੇ ਹੱਥਾਂ ਵਿੱਚ ਅਗਵਾਈ ਅਤੇ ਸੱਤ੍ਹਾ ਆਉਂਦੀ ਹੈ, ਜਿਸ ਵਿੱਚ ਇਨਕਲਾਬ ਨੂੰ ਅੱਗੇ ਵਧਾਉਣ ਲਈ ਢੁਕਵੇਂ ਨਾਰ੍ਹੇ ਦੇਣ ਦਾ ਅਤੇ ਹਾਸਲ ਹਾਲਤ ਵਿੱਚ ਸਾਰੇ ਜ਼ਰੂਰੀ ਨਤੀਜੇ ਕੱਢਣ ਦਾ ਹੌਂਸਲਾ ਹੋਵੇ। ਇਸ ਵਿੱਚ ਰੂਸੀ ਮੈਨਸ਼ੇਵਿਕਾਂ ਦੀ ਤਰਸਯੋਗ ਭੂਮਿਕਾ ਸਾਫ਼ ਹੁੰਦੀ ਹੈ, ਜਿਸਦਾ ਸ਼ੁਰੂ ਦੇ ਦਿਨਾਂ ਵਿੱਚ, ਲੋਕਾਂ ‘ਤੇ ਭਾਰੀ ਪ੍ਰਭਾਵ ਸੀ ਪਰ ਲੰਬੇ ਸਮੇਂ ਤੱਕ ਡਾਵਾਂਡੋਲ ਰਹਿਣ ਅਤੇ ਸੱਤ੍ਹਾ ਅਤੇ ਜਿਮੇਵਾਰੀ ਲੈਣ ਦੇ ਵਿਰੋਧ ਵਿੱਚ ਪੂਰੇ ਹੱਥ ਪੈਰ ਮਾਰਨ ਤੋਂ ਬਾਅਦ, ਉਹ ਮੰਚ ਤੋਂ ਬੁਰੀ ਤਰਾਂ ਬਾਹਰ ਕੱਢ ਦਿੱਤੇ ਗਏ। ਲੈਨਿਨ ਦੀ ਪਾਰਟੀ ਹੀ ਇੱਕੋ ਇੱਕ ਸੀ ਜਿਸਨੇ ਲੋਕ ਰਾਏ ਨੂੰ ਅਤੇ ਇੱਕ ਸੱਚੀ ਇਨਕਲਾਬੀ ਪਾਰਟੀ ਦੇ ਕਰਤੱਵਾਂ ਨੂੰ ਫੜਿਆ ਸੀ ਅਤੇ ਜਿਸਨੇ ”ਸਾਰੀ ਸੱਤ੍ਹਾ ਮਜ਼ਦੂਰਾਂ ਅਤੇ ਕਿਸਾਨਾਂ ਨੂੰ” ਦੇ ਨਾਰ੍ਹੇ ਨਾਲ ਇਨਕਲਾਬ ਦੇ ਲਗਾਤਾਰ ਵਿਕਾਸ ਨੂੰ ਯਕੀਨੀ ਬਣਾ ਲਿਆ ਸੀ।

ਇਸ ਤਰਾਂ ਬਾਲਸ਼ਵਿਕਾਂ ਨੇ ”ਬਹੁ ਗਿਣਤੀ ਲੋਕਾਂ ਨੂੰ ਜਿੱਤ ਲੈਣ” ਦੀ ਸਮੱਸਿਆ ਨੂੰ ਹੱਲ ਕੀਤਾ, ਜਦੋਂ ਕਿ ਜਰਮਨ ਸਮਾਜਿਕ ਜਮਹੂਰੀਅਤ ‘ਤੇ ਇਹ ਸਮੱਸਿਆ ਇੱਕ ਬੁਰੇ ਸੁਪਨੇ ਦੀ ਤਰਾਂ ਬੋਝ ਬਣੀ ਰਹੀ। ਸੰਸਦੀ ਬੌਣਿਆਂ ਦੇ ਪੈਦਾਇਸ਼ੀ ਚੇਲਿਆਂ ਦੇ ਅਨੁਰੂਪ ਜਰਮਨ ਸਮਾਜਿਕ ਜਮਹੂਰੀ ਇਨਕਲਾਬ ਦੇ ਖੇਤਰ ਵਿੱਚ, ਸੰਸਦੀ ਪਾਠਸ਼ਾਲਾ ਤੋਂ ਪ੍ਰਾਪਤ ਇਸ ਭੋਲੇ ਗਿਆਨ ਦਾ ਪ੍ਰਯੋਗ ਕਰਦੇ ਰਹੇ ਕਿ, ਕੁੱਝ ਵੀ ਪ੍ਰਾਪਤ ਕਰਨ ਲਈ ਤੁਹਾਡੇ ਕੋਲ਼ ਪਹਿਲਾਂ ਬਹੁਮਤ ਹੋਣਾ ਚਾਹੀਦਾ ਹੈ। ਪਰ ਇਨਕਲਾਬ ਦੀ ਅਮਲੀ ਦਵੰਦਾਤਮਕ ਗਤੀ ਸੰਸਦੀ ਛਛੂੰਦਰਾਂ ਦੇ ਇਸ ਗਿਆਨ ਨੂੰ ਸਿਰ ਭਾਰ ਉਲਟਾ ਕਰ ਦਿੰਦੀ ਹੈ: ਬਹੁਮਤ ਦੇ ਜਰੀਏ ਇਨਕਲਾਬੀ ਯੁੱਧਨੀਤੀ ਤੱਕ ਨਹੀਂ, ਇਨਕਲਾਬੀ ਯੁੱਧਨੀਤੀ ਦੇ ਜਰੀਏ ਬਹੁਮਤ ਤੱਕ¸ਰਸਤਾ ਇਉਂ ਚਲਦਾ ਹੈ।

ਸਿਰਫ ਉਹ ਪਾਰਟੀ ਜੋ ਅਗਵਾਈ ਦੇਣਾ ਜਾਣਦੀ ਹੈ ਜਾਣੀ ਚੀਜਾਂ ਨੂੰ ਅੱਗੇ ਵਧਾਉਣਾ ਜਾਣਦੀ ਹੈ, ਸਿਰਫ ਉਹੀ ਪਾਰਟੀ ਤੁਫਾਨੀ ਉਥਲ ਪੁਥਲ ਦੇ ਸਮੇਂ ਵਿੱਚ ਸਮਰਥਨ ਪ੍ਰਾਪਤ ਕਰਦੀ ਹੈ। ਫੈਸਲਾਕੁੰਨ ਘੜੀ ਵਿੱਚ, ਲੈਨਿਨ ਅਤੇ ਉਸਦੇ ਸਾਥੀਆਂ ਨੇ ਉਹ ਇੱਕੋ ਇੱਕ ਹੱਲ ਪੇਸ਼ ਕੀਤਾ ਜਿਸਨੇ ਚੀਜ਼ਾਂ ਨੂੰ ਅੱਗੇ ਵਧਾਇਆ¸”ਸਾਰੀ ਸੱਤ੍ਹਾ ਮਜ਼ਦੂਰਾਂ ਅਤੇ ਕਿਸਾਨਾਂ ਦੇ ਹੱਥ”। ਉਸ ਨੇ ਉਨ੍ਹਾਂ ਨੂੰ, ਰਾਤੋ ਰਾਤ ਇੱਕ ਸਤਾਏ ਅਪਮਾਨਿਤ, ਗੈਰ ਕਾਨੂੰਨੀ, ਘੱਟ ਗਿਣਤੀ, ਜਿਸਦੇ ਆਗੂ ਨੂੰ ਮਾਰਾਂ (ਫਰਾਂਸੀਸੀ ਇਨਕਲਾਬ ਦੇ ਆਗੂਆਂ ਵਿੱਚੋਂ ਇੱਕ ਆਗੂ) ਵਾਂਗ ਤਹਿਖਾਨਿਆਂ ਵਿੱਚ ਲੁਕਣਾ ਪੈਂਦਾ ਸੀ, ‘ਚੋਂ ਕੱਢ ਕੇ ਹਾਲਾਤਾਂ ਦਾ ਕੰਟਰੋਲਰ ਬਣਾ ਦਿੱਤਾ।

ਇਸ ਤੋਂ ਇਲਾਵਾ, ਬਾਲਸ਼ਵਿਕਾਂ ਨੇ ਤੁਰੰਤ ਹੀ ਸੱਤ੍ਹਾ ‘ਤੇ ਕਬਜੇ ਦਾ ਉਦੇਸ਼ ਰੱਖਿਆ; ਇੱਕ ਸਮੁੱਚਾ ਦੂਰਦਰਸ਼ੀ ਇਨਕਲਾਬੀ ਪ੍ਰੋਗਰਾਮ ਬੁਰਜੁਆ¸ਜਮਹੂਰੀਅਤ ਦੀ ਸੁਰੱਖਿਆ ਨਹੀਂ, ਸਗੋਂ ਸਮਾਜਵਾਦ ਦੀ ਪ੍ਰਾਪਤੀ ਦੇ ਲਈ ਪ੍ਰੋਲੇਤਾਰੀ ਤਾਨਾਸ਼ਾਹੀ। ਇਸ ਤਰਾਂ ਇਤਿਹਾਸ ਵਿੱਚ ਪਹਿਲੀ ਵਾਰ ਸਮਾਜਵਾਦ (ਦੇ ਅੰਤਮ ਉਦੇਸ਼) ਨੂੰ ਸਿੱਧੇ ਰੂਪ ‘ਚ ਵਿਵਹਾਰਕ ਰਾਜਨੀਤੀ ਦਾ ਪ੍ਰੋਗਰਾਮ ਐਲਾਨਣ ਦਾ ਸਿਹਰਾ ਉਨ੍ਹਾਂ ਨੂੰ ਮਿਲਿਆ।

ਜੋ ਹੌਂਸਲਾ, ਇਨਕਲਾਬੀ ਦੂਰਦ੍ਰਿਸ਼ਟੀ ਅਤੇ ਤਰਕਸੰਗਤਾ ਕੋਈ ਪਾਰਟੀ ਕਿਸੇ ਇਤਿਹਾਸਕ ਘੜੀ ਵਿੱਚ ਦੇ ਸਕਦੀ ਹੈ, ਉਹੀ ਲੈਨਿਨ ਅਤੇ ਉਸਦੇ ਸਾਥੀਆਂ ਨੇ ਭਰਪੂਰ ਮਾਤਰਾ ਵਿੱਚ ਦਿੱਤਾ। ਪੱਛਮੀ ਸਮਾਜਿਕ ਜਮਹੂਰੀਅਤ ਵਿੱਚ ਜਿਸ ਇਨਕਲਾਬੀ ਸਮਰੱਥਾ ਦੀ ਕਮੀ ਨਹੀਂ ਹੈ ਉਸਦਾ ਪ੍ਰਦਰਸ਼ਨ ਬਾਲਸ਼ਵਿਕਾਂ ਨੇ ਕੀਤਾ। ਉਨ੍ਹਾਂ ਦਾ ਅਕਤੂਬਰ ਵਿਦਰੋਹ ਨਾ ਕੇਵਲ ਰੂਸੀ ਇਨਕਲਾਬ ਦੀ ਅਸਲ ਬਹਾਲੀ ਸੀ ਸਗੋਂ ਉਹ ਕੌਮਾਂਤਰੀ ਸਮਾਜਵਾਦ ਦੀ ਇੱਜ਼ਤ ਦੀ ਵੀ ਬਹਾਲੀ ਸੀ।

ਅਨੁਵਾਦ-ਲਾਲਜੀਤ

“ਪ੍ਰਤੀਬੱਧ”, ਅੰਕ 04, ਅਕਤੂਬਰ-ਦਸੰਬਰ 2006 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s