ਫਿਲਮ ਸਮਿਖਿਆ ”ਰੰਗ ਦੇ ਬਸੰਤੀ”

rang de basanti

(ਪੀ.ਡੀ.ਐਫ਼ ਡਾਊਨਲੋਡ ਕਰੋ)

ਪੂੰਜੀਵਾਦ ਹਰ ਚੀਜ ਵਿਚ ਪੈਸਾ ਭਾਲਦਾ ਹੈ। ਇਹ ਹਰ ਸ਼ੈਅ ਨੂੰ ਵਸਤੂ ਬਣਾ ਦਿੰਦਾ ਹੈ। ਏਸੇ ਕਾਰਨ ਉਹ ਲੋਕਾਂ ਦੇ ਇਨਕਲਾਬੀ ਨਾਇਕਾਂ ਨੂੰ ਵੀ ਮੰਡੀ ਦੀ ਵਸਤ ਬਣਾ ਕੇ ਰੱਖ ਦਿੰਦਾ ਹੈ। ਲਾਤੀਨੀ ਅਮਰੀਕਾ ਵਿੱਚ ਚੇ ਗਵੇਰਾ ਇੱਕ ਬ੍ਰਾਂਡ ਬਣ ਚੁੱਕਾ ਹੈ। ਅੱਜ ਉਸਦੇ ਨਾਂ ਤੇ ਟੀ ਸ਼ਰਟਾਂ, ਬੀਅਰਾਂ ਅਤੇ ਸਿਗਾਰ ਵਿਕ ਰਹੇ ਹਨ। ਭਾਰਤ ਵਿੱਚ ਲਗਭਗ ਉਹੀ ਹਾਲਤ ਸ਼ਹੀਦ ਭਗਤ ਸਿੰਘ ਦੀ ਬਣਦੀ ਜਾ ਰਹੀ ਹੈ। ਭਾਵੇਂ ਸ਼ਹੀਦ ਭਗਤ ਸਿੰਘ ‘ਤੇ ਪਹਿਲੀ ਫਿਲਮ ਜਗਦੀਸ਼ ਗੌਤਮ ਦੀ ਨਿਰਦੇਸ਼ਨਾ ਹੇਠ 1954 ਵਿਚ ਬਣੀ ਸੀ ਪਰ ਲੋਕਾਂ ਵਿਚ ਹਰਮਨਪਿਆਰੀ ਹੋਈ 1965 ਵਿਚ ਬਣੀ ਮਨੋਜ ਕੁਮਾਰ ਵਾਲੀ ਸ਼ਹੀਦ ਜਿਸਦੇ ਨਿਰਦੇਸ਼ਕ ਐਸ.ਰਾਮ ਸ਼ਰਮਾ ਸਨ। ਉਸ ਤੋਂ ਬਾਦ 35 ਸਾਲਾਂ ਤੱਕ ਤਾਂ ਫਿਲਮ ਇੰਡਸਟਰੀ ਵਾਲਿਆਂ ਨੂੰ ਸ਼ਹੀਦ ਭਗਤ ਸਿੰਘ ਦਾ ਜਿਵੇਂ ਚੇਤਾ ਹੀ ਭੁਲ ਗਿਆ। ਫਿਰ ਅਚਾਨਕ ਸੰਨ 2000 ਤੋਂ ਬਾਦ ਤਾਂ ਸ਼ਹੀਦ ਭਗਤ ਸਿੰਘ ‘ਤੇ ਫਿਲਮਾਂ ਦਾ ਜਿਵੇਂ ਹੜ੍ਹ ਹੀ ਆ ਗਿਆ। ਇੱਕ ਇੱਕ ਕਰਕੇ ਸ਼ਹੀਦ ਭਗਤ ਸਿੰਘ ‘ਤੇ ਕਈ ਫਿਲਮਾਂ ਰਲੀਜ ਹੋਈਆਂ ਜਿਨ੍ਹਾਂ ਵਿਚੋਂ 23 ਮਾਰਚ, 1931-ਸ਼ਹੀਦ (ਨਿਰਦੇਸ਼ਕ-ਗੁੱਡੂ ਧਨੋਆ), ਲੀਜ਼ੇਡ ਆਫ਼ ਭਗਤ ਸਿੰਘ (ਨਿਰਦੇਸ਼ਕ-ਰਾਜ ਕੁਮਾਰ ਸੰਤੋਸ਼ੀ) ਅਤੇ ਸ਼ਹੀਦ-ਏ-ਆਜਮ (ਨਿਰਦੇਸ਼ਕ-ਇਕਬਾਲ ਢਿੱਲੋਂ) ਬਾਰੇ ਕਾਫੀ ਚਰਚਾ ਹੋਈ । ”ਰੰਗ ਦੇ ਬਸੰਤੀ” ਭਗਤ ਸਿੰਘ ਤੇ ਉਸਦੇ ਸਾਥੀਆਂ ਤੇ ਬਣੀਆਂ ਫਿਲਮਾਂ ਦੀ ਲੜੀ ਨੂੰ ਅੱਗੇ ਤੋਰਦੀ ਫਿਲਮ ਹੈ।

ਇਸ 30 ਕਰੋੜੀ ਫਿਲਮ ਨੇ ਜਿੱਥੇ ਦੇਸ਼ਾਂ ਵਿਦੇਸ਼ਾਂ ਵਿੱਚ ਵਿਉਪਾਰਕ ਸਫਲਤਾ ਦੇ ਝੰਡੇ ਗੱਡੇ ਹਨ ਉੱਥੇ ਇਸ ਨੇ ਭਾਰਤੀ ਮੱਧ ਵਰਗ ਅਤੇ ਖਾਸ ਤੌਰ ‘ਤੇ ਨੌਜੁਆਨਾਂ ਤੇ ਇਸ ਨੇ ਵਿਸ਼ੇਸ਼ ਅਸਰ ਛੱਡਿਆ ਹੈ। ਫਿਲਮ ਨੇ ਜਿੱਥੇ ਬੁਰਜੂਆ ਬੁਧੀਜੀਵੀਆਂ ਦੀ ਤਾਰੀਫ ਹਾਸਿਲ ਕੀਤੀ, ਉੱਥੇ ਇਸਨੇ ਪ੍ਰਗਤੀਸ਼ੀਲ ਬੁਧੀਜੀਵੀਆਂ ਦੇ ਇੱਕ ਹਿੱਸੇ ਦੀ ਹਮਦਰਦੀ ਵੀ ਹਾਸਿਲ ਕੀਤੀ ਹੈ। ਫਿਲਮ ਦੇ ਨਿਰਦੇਸ਼ਕ ਰਕੇਸ਼ ਓਮ ਪ੍ਰਕਾਸ਼ ਮਹਿਰਾ ਅਨੁਸਾਰ ਉਹ ਭਾਰਤ ਵਿੱਚ ਦੋ ਢਾਈ ਸੌ ਸ਼ੋਆਂ ਵਿੱਚ ਸ਼ਾਮਿਲ ਹੋ ਚੱਕਾ ਹੈ ਅਤੇ ਲਗਭਗ ਹਰੇਕ ਸ਼ੋਅ ਤੋਂ ਬਾਅਦ ਨੌਜੁਆਨ ਉਸ ਨਾਲ ਮਿਲ ਕੇ ਇਸ ਦੇਸ਼ ਨੂੰ ਸੁਧਾਰਨ ਬਾਰੇ ਵਿਚਾਰ ਵਟਾਂਦਰਾ ਕਰਦੇ ਹਨ। ਇਨ੍ਹਾਂ ਸਾਰੇ ਪੱਖਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਫਿਲਮ ਦੁਆਰਾ ਪ੍ਰਚਾਰਿਤ/ਪ੍ਰਸਾਰਿਤ ਕੀਤੀ ਜਾ ਰਹੀ ਵਿਚਾਰਧਾਰਾ ਦੀ ਪੜਤਾਲ ਕੀਤੀ ਜਾਵੇ।

ਫਿਲਮ ਦੇ ਸ਼ੁਰੂ ਵਿੱਚ ਹੀ ਪਾਤਰਾਂ ਦੇ ਕਾਲਪਨਿਕ ਹੋਣ ਦਾ ਐਲਾਨ ਕਰਕੇ ਨਿਰਦੇਸ਼ਕ ਆਪਣੇ ਇਰਾਦੇ ਸਪੱਸ਼ਟ ਕਰ ਦਿੰਦਾ ਹੈ ਕਿ ਉਹ ਵਰਤਮਾਨ ਦੌਰ ਦੇ ਕਿਰਦਾਰਾਂ ਦੇ ਨਾਲ ਹੀ ਇਤਿਹਾਸਕ ਕਿਰਦਾਰਾਂ ਨੂੰ ਵੀ ਮਨਮਰਜੀ ਨਾਲ ਪੇਸ਼ ਕਰੇਗਾ। ਇਸ ਤੋਂ ਬਾਅਦ ਪਰਦੇ ਤੇ ਇਹ ਸ਼ੇਅਰ ਆਉਂਦਾ ਹੈ, ”ਅਬ ਵੀ ਜਿਸਕਾ ਖੂਨ ਨਾ ਖੌਲਾ, ਖੂਨ ਨਹੀਂ ਵੋ ਪਾਨੀ ਹੈ, ਜੋ ਦੇਸ਼ ਕੇ ਕਾਮ ਨਾ ਆਏ, ਵੋ ਬੇਕਾਰ ਜਵਾਨੀ ਹੈ।” ਇਸ ਦੇ ਬਾਅਦ ਫਿਲਮ ਦੀ ਕਹਾਣੀ ਸ਼ੁਰੂ ਹੁੰਦੀ ਹੈ। ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਫਾਂਸੀ ਦੀ ਤਿਆਰੀ ਦਾ ਦ੍ਰਿਸ਼। ਕੈਮਰਾ ਲਾਹੌਰ ਜੇਲ ਵਿੱਚ ਰਾਜਗੁਰੂ ਅਤੇ ਸੁਖਦੇਵ ਦੀ ਫਾਂਸੀ ਲਈ ਤਿਆਰ ਹੁੰਦਿਆਂ ਤੋਂ ਪੈਨ ਕਰਕੇ ਭਗਤ ਸਿੰਘ ਦੀ ਕੋਠੜੀ ਤੇ ਰੁਕਦਾ ਹੈ। ਭਗਤ ਸਿੰਘ ਲੈਨਿਨ ਪੜ੍ਹ ਰਿਹਾ ਹੈ। ਜੇਲਰ ਜੇਮਜ਼ ਮੈਕਨਲੇ ਦੀਆਂ ਅੱਖਾਂ ਵਿੱਚ ਹੰਝੂ ਹਨ। ਪਿਠ ਭੂਮੀ ਵਿੱਚ ਲੇਫ ਮੋਟਿਫ (Leif Motif) ਧੁਨ ਵਜ ਰਹੀ ਹੈ। ਇਹ ਧੁਨ ਪੂਰੀ ਫਿਲਮ ਵਿੱਚ ਬਾਰ-ਬਾਰ ਤਨਾਅ ਦੇ ਦ੍ਰਿਸ਼ਾਂ ਵਿੱਚ ਵੱਜਦੀ ਹੈ। ਜੇਲਰ ”ਠੀਕ ਸਮਾਂ” ਹੋਣ ਦਾ ਐਲਾਨ ਕਰਦਾ ਹੈ ਤੇ ਤਿੰਨੇ ਸ਼ਹੀਦ ਫਾਂਸੀ ਦੇ ਰੱਸਿਆਂ ਤੇ ਝੂਲ ਜਾਂਦੇ ਹਨ।

ਦ੍ਰਿਸ਼ ਬਦਲਦਾ ਹੈ। ਜੇਲਰ ਜੇਮਜ਼ ਮੈਕਨਲੇ ਆਪਣੀ ਡਾਇਰੀ ਲਿਖ ਰਿਹਾ ਹੈ। ਕੈਮਰਾ ਅੱਗੇ ਵੱਧ ਕੇ ਅੱਖਰਾਂ ‘ਤੇ ਕੇਂਦਰਤ ਹੁੰਦਾ ਹੈ ਤੇ ਪਿੱਛੇ ਹਟਦਿਆਂ ਹੀ ਕੈਮਰਾ 1931 ਤੋਂ 75 ਸਾਲਾਂ ਦੀ ਛਾਲ ਮਾਰਕੇ ਸੰਨ 2006 ਵਿਚ ਪੁਜਦਾ ਹੈ। ਜੇਮਜ਼ ਮੈਕਨਲੇ ਦੀ ਇਹ ਡਾਇਰੀ ਉਸ ਦੀ ਪੋਤੀ ਸੂ ਪੜ੍ਹ ਰਹੀ ਹੈ। ਸੂ ਸ਼ਹੀਦ ਭਗਤ ਸਿੰਘ ਤੇ ਉਸ ਦੇ ਸਾਥੀ ਇਨਕਲਾਬੀਆਂ ਦੀਆਂ ਕੁਰਬਾਨੀਆਂ ਤੋਂ ਪ੍ਰਭਾਵਿਤ ਹੁਦੀ ਹੈ। ਉਹ ਇਨ੍ਹਾਂ ਸ਼ਹੀਦਾਂ ਤੇ ਫਿਲਮ ਬਨਾਉਣ ਭਾਰਤ ਆ ਜਾਂਦੀ ਹੈ।

ਦਿੱਲੀ ਦੀਆਂ ਯੂਨੀਵਰਸਿਟੀਆਂ ਵਿਚ ਉਹ ਦੇਖਦੀ ਹੈ ਕਿ ਅੱਜ ਦੇ ਭਾਰਤੀ ਨੌਜੁਆਨਾਂ ਦੇ ਸਰੋਕਾਰ ਹੋਰ ਹਨ ਤੇ ਉਹ ਵਿਦੇਸ਼ਾਂ ਨੂੰ ਭੱਜਣ ਜਾਂ ਵਿਦੇਸ਼ੀ ਸੱਭਿਆਚਾਰ ਵਿੱਚ ਖੁੱਭੇ ਹੋਏ ਹਨ। ਇਸ ਲਈ ਉਸ ਨੂੰ ਇਨ੍ਹਾਂ ਇਨਕਲਾਬੀਆਂ ਦੇ ਕਿਰਦਾਰ ਨਿਭਾਉਣ ਲਈ ਕੋਈ ਨੌਜੁਆਨ ਨਹੀਂ ਮਿਲਦਾ। ਉਹ ਇਨ੍ਹਾਂ ਦੇ ਕਿਰਦਾਰਾਂ ਨੂੰ ਨਿਭਾਉਣ ਲਈ ਕੁੱਝ ਮਨਚਲੇ ਨੌਜੁਆਨਾਂ ਨੂੰ ਮਨਾ ਲੈਂਦੀ ਹੈ ਜਿਨ੍ਹਾਂ ਦਾ ਜੀਵਨ ਉਦੇਸ਼ ‘ਖਾਉ ਪੀਓ ਐਸ਼ ਕਰੋ” ਵਾਲਾ ਹੈ। ਭਗਤ ਸਿੰਘ ਦੇ ਰੋਲ ਲਈ ਕਰਣ (ਸਿਧਾਰਥ), ਅਜ਼ਾਦ ਦੇ ਰੋਲ ਲਈ ਡੀ.ਜੇ. (ਆਮਿਰ ਖਾਨ) ਦੀ ਚੋਣ ਹੰਦੀ ਹੈ। ਕੌਮੀ ਏਕਤਾ ਦੇ ਫਾਰਮੂਲੇ ਤਹਿਤ ਇਨਾਂ ਵਿੱਚ ਅਸ਼ਫਾਕ ਉੱਲਾ ਦੇ ਕਿਰਦਾਰ ਦੇ ਰੂਪ ਵਿਚ ਅਸਲਮ ਨਾਂ ਦਾ ਮੁਸਲਮਾਨ ਨੌਜੁਆਨ ਵੀ ਸ਼ਾਮਿਲ ਹੈ ਅਤੇ ਬਿਸਮਿਲ ਦਾ ਕਿਰਦਾਰ ਨਿਭਾ ਰਿਹਾ ਮਿਸ਼ਰਾ ਵੀ ਜੋ ਕਿ ਸੰਘੀਆਂ ਦੇ ਹੱਥੀ ਚੜਿਆ ਹੋਇਆ ਹੈ।

ਕਮਿਸ਼ਨ ਖਾ ਕੇ ਖਰੀਦੇ ਘਟੀਆ ਪੁਰਜ਼ਿਆਂ ਕਾਰਨ ਇਨ੍ਹਾਂ ਦੇ ਇੱਕ ਫੌਜੀ ਦੋਸਤ ਅਜੇ ਦੀ ਇਕ ਮਿੱਗ ਹਵਾਈ ਹਾਦਸੇ ਵਿੱਚ ਮੌਤ ਹੋ ਜਾਂਦੀ ਹੈ ਅਤੇ ਹਾਦਸੇ ਦਾ ਸਾਰਾ ਦੋਸ਼ ਵੀ ਉਸੇ ਤੇ ਮੜ੍ਹ ਦਿੱਤਾ ਜਾਂਦਾ ਹੈ। ਲੋਕਾਂ ਦੇ ਵਿਰੋਧ ਪਰਦਰਸ਼ਣ ਨੂੰ ਸਖਤੀ ਨਾਲ ਕੁਚਲ ਦਿੱਤੇ ਜਾਣ ਤੇ ਇਹ ਨੌਜੁਆਨ ਹਿੰਦੋਸਤਾਨ ਸੋਸ਼ਲਿਸਟ ਰਿਪਬਲੀਕ ਐਸੋਸੀਏਸ਼ਨ ਦੇ ਇਨਕਲਾਬੀਆਂ ਦੁਆਰਾ ਸਾਂਡਰਸ ਨੂੰ ਮਾਰਨ ਦੀ ਤਰਜ਼ ਤੇ ਭ੍ਰਿਸ਼ਟ ਰੱਖਿਆ ਮੰਤਰੀ ਨੂੰ ਖਤਮ ਕਰ ਦਿੰਦੇ ਹਨ। ਸਰਕਾਰ ਵਲੋਂ ਮੰਤਰੀ ਨੂੰ ਰਾਸ਼ਟਰੀ ਸ਼ਹੀਦ ਕਰਾਰ ਦੇਣ ਤੇ ਇਹ ਨੌਜੁਆਨ ਇੱਕ ਰੇਡਿਓ ਸਟੇਸ਼ਨ ‘ਤੇ ਕਬਜਾ ਕਰਕੇ ਮੰਤਰੀ ਦੀ ਹੱਤਿਆ ਦੀ ਜਿੰਮੇਵਾਰੀ ਲੈ ਕੇ ਭ੍ਰਿਸ਼ਟਾਚਾਰ ਨੂੰ ਬੇਨਕਾਬ ਕਰਦੇ ਹਨ ਅਤੇ ਅੰਤ ਵਿੱਚ ਸਰਕਾਰੀ ਦਸਤਿਆਂ ਦੁਆਰਾ ਗੋਲੀਆਂ ਨਾਲ ਭੁੰਨ ਦਿੱਤੇ ਜਾਂਦੇ ਹਨ।

ਆਮਿਰ ਖਾਨ ਭਾਰਤੀ ਬੁਰਜੁਆਜੀ ਦਾ ਨਵਾਂ ਨਾਇਕ ਹੈ। ਚਾਹੇ ‘ਲਗਾਨ’ ਫਿਲਮ ਦਾ ਬੁਧਵਾ ਹੋਵੇ, ਮੰਗਲ ਪਾਂਡੇ ਦਾ ਮੰਗਲ ਜਾਂ ਫਿਰ ‘ਰੰਗ ਦੇ ਬਸੰਤੀ’ ਦਾ ਡੀ.ਜੇ. ਉਸਨੂੰ ਲੋਕਾਂ ਦੇ ਸੰਘਰਸ਼ ਦਾ ਲੀਡਰ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਕੁੱਝ ਸਾਲ ਪਹਿਲਾਂ ਆਈ ਫਿਲਮ ‘ਲਗਾਨ’ ਵਿਚ ਨਵੇਂ ਸਿਰਜੇ ਮਿਥਿਹਾਸ ਨੂੰ ਇਤਿਹਾਸਕ ਘਟਨਾ ਬਣਾ ਕੇ ਲੁਕਵੇਂ ਢੰਗ ਨਾਲ ਭਾਰਤੀ ਬੁਰਜੂਆਜ਼ੀ ਵਲੋਂ ਇਹ ਸੰਦੇਸ਼ ਪ੍ਰਸਾਰਿਆ ਗਿਆ ਸੀ ਕਿ ਬਹੁ ਰਾਸ਼ਟਰੀ ਕੰਪਨੀਆਂ ਪੂਰੀ ਤਰ੍ਹਾਂ ਨਿਆਂਕਾਰੀ ਹਨ, ਬਸ ਜ਼ਰੂਰਤ ਤਾਂ ਸਿਰਫ ਲੈਵਲ ਪਲੇ ਫੀਲਡ ਦੀ ਹੈ। ‘ਲਗਾਨ’ ਵਿਚ ਇਹ ਟੀਮ ਇਕ ਪਿੰੰਡ ਵਿਚ ਹੈ ਜਦਕਿ ”ਰੰਗ ਦੇ ਬਸੰਤੀ’ ਵਿਚ ਦੇਸ਼ ਦੀ ਰਾਜਧਾਨੀ ਦਿੱਲੀ ਦੀ ਵਸਨੀਕ ਹੈ।

‘ਰੰਗ ਦੇ ਬਸੰਤੀ’ ਫਿਲਮ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਇਤਿਹਾਸ ਨੂੰ ਵਰਤਮਾਨ ਨਾਲ ਜੋੜਿਆ ਗਿਆ ਹੈ। ਭਾਵੇਂ ਫਿਲਮ ਸੰਦਰਭਾਂ ਦੇ ਸਾਰੇ ਇਤਿਹਾਸਕ ਪਾਤਰ ਐਚ.ਐਸ.ਆਰ.ਏ. ਨਾਲ ਸੰਬੰਧਤ ਹਨ ਪਰ ਬੜੀ ਚਲਾਕੀ ਨਾਲ ਨਿਰਦੇਸ਼ਕ ਨੇ ਸਾਰੇ ਆਗੂਆਂ ਨੂੰ ਸਿਰਫ ਨਿੱਜੀ ਦੇਸ਼ ਪ੍ਰੇਮ ਤੱਕ ਹੀ ਸੀਮਿਤ ਰੱਖਿਆ ਹੈ। ਫਿਲਮ ਵਿੱਚ ਭਗਤ ਸਿੰਘ ਅਤੇ ਸਾਥੀਆਂ ਦੀਆਂ 1929 ਤੱਕ ਦੀਆਂ ਸਰਗਰਮੀਆਂ ਨੂੰ ਤਾਂ ਦਿਖਾਇਆ ਗਿਆ ਹੈ ਪਰ ਸਾਂਡਰਸ ਦੀ ਮੌਤ ਤੋਂ ਲੈ ਕੇ 1931 ਤੱਕ ਦੇ ਵਿਚਾਰਧਾਰਕ ਵਿਕਾਸ ਨੂੰ ਬੜੀ ਚਲਾਕੀ ਨਾਲ ਪਰਦਾ ਪਾਇਆ ਗਿਆ ਹੈ । ਸਮੁੱਚੀ ਫਿਲਮ ਵਿਚ ਨਾ ਤਾਂ ਇਨ੍ਹਾਂ ਇਨਕਲਾਬੀਆਂ ਦੀ ਕੋਈ ਲਿਖਤ ਨਜ਼ਰ ਆਉਂਦੀ ਹੈ ਅਤੇ ਨਾ ਇਨਾਂ ਨੂੰ ਕਿਤੇ ਵਿਚਾਰ ਚਰਚਾ ਕਰਦੇ ਦਿਖਇਆ ਗਿਆ ਹੈ। ਇਸ ਤਰ੍ਹਾਂ ਫਿਲਮ ਵਿਚ ਇਨ੍ਹਾਂ ਇਨਕਲਾਬੀਆਂ ਨੂੰ ਕੁਰਬਾਨੀਆਂ ਦੇ ਪੁਤਲੇ ਬਣਾਕੇ ਉਸੇ ਤਰ੍ਹਾਂ ਪੇਸ਼ ਕੀਤਾ ਗਿਆ ਹੈ ਜਿਸ ਤਰ੍ਹਾਂ ਕਿ ਬੁਰਜ਼ੁਆਜੀ ਪਿਛਲੇ 75 ਸਾਲਾਂ ਤੋਂ ਪੇਸ਼ ਕਰਦੀ ਆ ਰਹੀ ਹੈ। ਨਿਰਦੇਸ਼ਕ ਦੁਆਰਾ ਚੁਣੀਆਂ ਗਈਆਂ ਤਿੰਨੋ ਘਟਨਾਵਾਂ- ਕਕੋਰੀ ਕਾਂਡ, ਸਾਂਡਰਸ ਕਤਲ ਅਤੇ ਬੰਦੂਕਾਂ ਬੀਜਣ ਵਾਲਾ ਸੀਨ ਕਿਸੇ ਨਾ ਕਿਸੇ ਰੂਪ ਵਿਚ ਹਿੰਸਾ ਨਾਲ ਸੰਬੰਧਤ ਹਨ। ਇਸ ਤਰ੍ਹਾਂ ਨਿਰਦੇਸ਼ਕ ਮੁਤਾਬਿਕ ਇਹ ਇਨਕਲਾਬੀ ਜਾਂ ਤਾਂ ਹਿੰਸਾ ਦੇ ਪੁਤਲੇ ਹਨ, ਜਿਵੇਂ ਕਿ ਬ੍ਰਿਟਿਸ਼ ਸਾਮਰਾਜੀ ਇਨ੍ਹਾਂ ਨੂੰ ਪਰਚਾਰਦੇ ਰਹੇ ਹਨ ਜਾਂ ਇਹ ਕੌਮੀ ਨਾਇਕ ਹਨ ਜਿਵੇਂ ਭਾਰਤੀ ਬੁਰਜ਼ੁਆਜੀ ਇਨ੍ਹਾਂ ਨੂੰ 1931 ਤੋਂ ਪੇਸ਼ ਕਰਦੀ ਰਹੀ ਹੈ।

ਹਕੀਕਤ ਇਹ ਹੈ ਕਿ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦਾ 1929-31 ਤੱਕ ਹੋਇਆ ਵਿਚਾਰਧਾਰਕ ਵਿਕਾਸ ਕਾਰਣ ਉਨ੍ਹਾਂ ਨੂੰ ਵਿਅਕਤੀਗਤ ਹਿੰਸਾ ਦੀ ਸੀਮਾ ਦਾ ਗਿਆਨ ਹੋ ਗਿਆ ਸੀ ਅਤੇ ਉਹ ਮਾਰਕਸਵਾਦੀ ਵਿਚਾਰਧਾਰਾ ਵਲ ਖਿੱਚੇ ਗਏ ਸਨ। ਉਹ ਇਸ ਨਤੀਜੇ ‘ਤੇ ਪਹੁੰਚ ਚੁੱਕੇ ਸਨ ਕਿ ਇਨਕਲਾਬ ਹਿੰਸਕ ਸਾਧਨ ਦੁਆਰਾ ਹੀ ਨੇਪਰੇ ਚਾੜ੍ਹੇ ਜਾ ਸਕਦੇ ਹਨ। ਪਰ ਹਿੰਸਾ ਸਹੀ ਅਰਥਾਂ ਵਿੱਚ ਵਿਸ਼ਾਲ ਕਿਰਤੀ ਲੋਕਾਈ ਦੁਆਰਾ ਲੜੇ ਜਾਣ ਵਾਲੇ ਯੁੱਧ ਦੇ ਰੂਪ ਵਿੱਚ ਹੋਣੀ ਚਾਹੀਦੀ ਹੈ। ਇਹੀ ਵਜ੍ਹਾ ਸੀ ਕਿ 19 ਅਕਤੂਬਰ 1929 ਨੂੰ ਉਨ੍ਹਾਂ ਨੇ ਨੌਜਵਾਨਾਂ ਨੂੰ ਇਹ ਸੰਦੇਸ਼ ਦਿੱਤਾ ”ਅਸੀਂ ਨੌਜਵਾਨਾਂ ਨੂੰ ਬੰਬ ਤੇ ਪਿਸਤੌਲ ਚੁੱਕਣ ਦੀ ਸਲਾਹ ਨਹੀਂ ਦੇ ਸਕਦੇ। ਵਿਦਿਆਰਥੀਆਂ ਦੇ ਕਰਨ ਲਈ ਇਸ ਤੋਂ ਜ਼ਿਆਦਾ ਵੱਡੇ ਕੰਮ ਹਨ।…ਫੈਕਟਰੀਆਂ ਵਿੱਚ ਕੰਮ ਕਰਦੇ ਲੱਖਾਂ ਮਜ਼ਦੂਰਾਂ ਕੋਲ, ਝੁੱਗੀਆਂ ਤੇ ਪੇਂਡੂ ਝੌਂਪੜੀਆਂ ਵਿਚ ਨੌਜਵਾਨਾਂ ਨੇ ਇਨਕਲਾਬ ਦਾ ਸੁਨੇਹਾ, ਦੇਸ਼ ਦੇ ਹਰ ਕੋਨੇ-ਕੋਨੇ ਵਿੱਚ ਪਹੁੰਚਾਣਾ ਹੈ। ਉਸ ਇਨਕਲਾਬ ਦਾ ਸੁਨੇਹਾ, ਜਿਹੜਾ ਕਿ ਉਹ ਆਜ਼ਾਦੀ ਲਿਆਵੇਗਾ, ਜਿਸ ਵਿਚ ਆਦਮੀ ਦੇ ਹੱਥੋਂ ਆਦਮੀ ਦੀ ਲੁੱਟ ਖਸੁੱਟ ਅਸੰਭਵ ਹੋ ਜਾਵੇਗੀ।”

ਦੂਜੇ ਪਾਸੇ ਬਰਤਾਨਵੀ ਸਾਮਰਾਜ ਦਾ ਪ੍ਰਤੀਕ, ਇੱਕ ਜੇਮਸ ਮੈਕਨਲੇ ਨਾਂ ਦਾ ਫਰਜੀ ਪਾਤਰ ਘੜਿਆ ਗਿਆ ਹੈ, ਜਿਸਦੀ ਫਰਜੀ ਡਾਇਰੀ ਨੂੰ ਫਿਲਮ ਵਿਚ ਇਤਿਹਾਸਕ ਦਸਤਾਵੇਜ਼ ਬਣਾ ਕੇ ਪੇਸ਼ ਕੀਤਾ ਗਿਆ ਹੈ। ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਦੇਣ ਲੱਗਿਆਂ ਜਿਸਦੀਆਂ ਅੱਖਾਂ ਵਿਚ ਹੰਝੂ ਹਨ। ਇਸ ਤਰ੍ਹਾਂ ਸਾਮਰਾਜੀਆਂ ਪ੍ਰਤੀ ਹਮਦਰਦੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਬ੍ਰਿਟਿਸ਼ ਸਾਮਰਾਜੀ ਮਾਨਵੀ ਕਦਰਾਂ ਕੀਮਤਾਂ ਵਾਲੇ ਸਨ। ਇਨਕਲਾਬੀਆਂ ਨੂੰ ਫਾਂਸੀ ਲਗਾਉਣਾ ਤਾਂ ਉਨ੍ਹਾਂ ਦੀ ਮਜਬੂਰੀ ਸੀ। ਏਸੇ ਦੀ ਅਗਲੀ ਕੜੀ ਵਜੋਂ ਅਤੇ ਅੰਤਰਰਾਸ਼ਟਰੀ ਦਰਸ਼ਕਾਂ ਨੂੰ ਮੱਦੇਨਜਰ ਰੱਖਦਿਆਂ ਹੀ ਇੱਕ ਬਰਤਾਨਵੀ ਨੂੰ ਭਾਰਤੀਆਂ ਨੂੰ ਉਨ੍ਹਾਂ ਦੇ ਇਨਕਲਾਬੀ ਵਿਰਸੇ ਬਾਰੇ ਜਾਣੂ ਕਰਵਾਉਣ ਲਈ ਵਰਤਿਆ ਗਿਆ ਹੈ।

ਦੇਸ਼ੀ ਵਿਦੇਸ਼ੀ ਪੰਜਾਬੀਆਂ ਦੀਆਂ ਜੇਬਾਂ ਨੂੰ ਧਿਆਨ ਵਿੱਚ ਰੱਖ ਕੇ ਫਿਲਮ ਦਾ ਹੀਰੋ ਡੀ.ਜੇ. ਉਰਫ ਚੰਦਰ ਸ਼ੇਖਰ ਨੂੰ ਯੂ. ਪੀ. ਦੀ ਬਜਾਏ ਪੰਜਾਬ ਦਾ ਦਿਖਾਇਆ ਗਿਆ ਹੈ ਜੋ ਕਿ ਹਰਿਆਣਵੀ ਸਟਾਈਲ ਵਿੱਚ ਪੰਜਾਬੀ ਬੋਲਦਾ ਹੈ। ਗਾਲਾਂ ਕੱਢਣਾ ਉਸਦਾ ਪੰਜਾਬੀ ਟਰੇਡ ਮਾਰਕ ਹੈ। ਫਿਲਮ ਵਿਚ ਦਿਖਾਇਆ ਗਿਆ ਪੰਜਾਬ ਵੀ ਉਹੀ ਹੈ ਜੋ ਵੱਖ-ਵੱਖ ਫਿਲਮਾਂ-ਚੈਨਲਾਂ ਤੇ ਦਿਖਾਇਆ ਜਾਂਦਾ ਹੈ। ਭਾਵ ਗੁਰਦੁਆਰੇ, ਅਖਾੜੇ ਤੇ ਨਗਾੜੇ। ਇਥੇ ਹੀ ਬਸ ਨਹੀਂ ਡੀ.ਜੇ ਤੇ ਵਿਦੇਸ਼ੀ ਮੁਟਿਆਰ ਸੂ ਦਾ ਪ੍ਰੇਮ ਵੀ ਏਸੇ ਹਉਮੇ ਨੂੰ ਪੱਠੇ ਪਾਉਣ ਦੇ ਲਈ ਵਰਤਿਆ ਗਿਆ ਹੈ।

ਅਸਲਮ ਦਾ ਪਰਿਵਾਰਕ ਮਾਹੌਲ ਵੀ ਕੱਟੜ ਦਿਖਾਇਆ ਗਿਆ ਹੈ, ਉਸੇ ਤਰ੍ਹਾਂ ਦੀ ਕੱਟੜਤਾ ਪੰੰਜਾਬ ਆ ਕੇ ਪ੍ਰਗਤੀਸ਼ੀਲਤਾ ਬਣ ਜਾਂਦੀ ਹੈ। ਔਰਤਾਂ ਪ੍ਰਤੀ ਵੀ ਪਿਛਾਂਹ ਖਿੱਚੂ ਨਜ਼ਰੀਆ ਅਪਣਾਇਆ ਗਿਆ ਹੈ। ਫਿਲਮ ਵਿਚ ਪਾਂਡੇ ਦਾ ਡਾਇਲਾਗ, ”ਲੜਕੀਓ ਕੀ ਤਰ੍ਹਾਂ ਕੀਆ ਛੁੱਪ-ਛੁੱਪ ਕਰ ਬਾਤੇਂ ਕਰਤੇ ਹੋ ਮਰਦੋਂ ਕੀ ਤਰ੍ਹਾਂ ਸਾਮਨੇ ਬਾਤ ਕਰੋ’ ਨਿਰਦੇਸ਼ਕ ਦੇ ਏਸੇ ਸੂਝ ਦਾ ਪ੍ਰਤੀਕ ਹੈ। ਕਲਾਈਮੈਕਸ ਦੇ ਐਕਸ਼ਨ ਵੇਲੇ ਵੀ ਨਾ ਤਾਂ ਦੁਰਗਾ ਭਾਬੀ ਦਾ ਆਧੁਨਿਕ ਸੋਨੀਆਂ ਸ਼ਾਮਿਲ ਹੈ ਅਤੇ ਨਾ ਹੀ ਬਰਤਾਨਵੀ ਸੂ।। ਇੰਝ ”ਰੰਗ ਦੇ ਬਸੰਤੀ ” ਦੇ ਇਨਕਲਾਬੀ ਫਿਲਮ ਵਿਚਲੀਆਂ ਔਰਤਾਂ ਨੂੰ ਘਰੇ ਬਿਠਾ ਕੇ ਦੇਸ਼ ਨੂੰ ਬਦਲਣ ਚਲੇ ਜਾਂਦੇ ਹਨ।

ਭ੍ਰਿਸ਼ਟ ਰਾਜਨੀਤੀ ਦਾ ਚਿੱਤਰਣ ਵੀ ਇੱਕ ਪਾਸੜ ਹੈ। ਫਿਲਮ ਵਿਚ ਰਾਜ ਕਰ ਰਹੀ ਭਾਜਪਾ ਦਿਆਂ ਲੋਕ ਦੋਖੀ ਕਾਰਨਾਮਿਆਂ ਦਾ ਜਿਕਰ ਤਾਂ ਕੀਤਾ ਗਿਆ ਹੈ ਪਰ ਦੂਜੀ ਪਾਰਟੀ ਕਾਂਗਰਸ ਸਮੁੱਚੀ ਫਿਲਮ ਵਿਚੋਂ ਨਾਟਕੀ ਢੰਗ ਨਾਲ ਗਾਇਬ ਹੈ।। ਫਿਲਮ ਵਿਚ ਭਗਤ ਸਿੰਘ ਤੇ ਸਾਥੀਆਂ ਦੀ ਵਿਚਾਰਧਾਰਾ ਖੱਬੇ ਪੱਖ ਦੀ ਪੂਰੀ ਤਰ੍ਹਾਂ ਨਾਲ ਗੈਰਹਾਜ਼ਰੀ ਹੈ। ਨਿਰਦੇਸ਼ਕ ਨੂੰ ਪੂਰੇ ਮੁਲਕ ਵਿੱਚ ਭਗਤ ਸਿੰਘ ਤੇ ਸਾਥੀਆਂ ਦੀ ਵਿਚਾਰਧਾਰਾ ਨੂੰ ਪ੍ਰਚਾਰਨ ਵਾਲ ਕੋਈ ਵੀ ਨਹੀਂ ਸੀ ਮਿਲਦਾ। ਜੇਕਰ ਮਿਲਦਾ ਵੀ ਹੈ ਤਾਂ ਉਹ ਵੀ ਸੰਘੀਆਂ ਦਾ ਵਰਕਰ ਮਿਸ਼ਰਾ, ਥਾਂ ਥਾਂ ਪੰਗਾ ਲੈਣਾ ਜਿਸਦੀ ਫਿਤਰਤ ਹੈ। ਦੂਜੇ ਪਾਸੇ ਭਗਵੇਂ ਫਾਸੀਵਾਦ ਪ੍ਰਤੀ ਨਜ਼ਰੀਆ ਅਤੇ ਕੌਮੀ ਏਕਤਾ ਦਾ ਫਾਰਮੂਲਾ ਸਿੱਧੇ ਤੌਰ ‘ਤੇ ਇਸ਼ਾਰਾ ਕਰਦੇ ਹਨ ਕਿ ਲੇਖਕ ਕਿਸ ਦੀ ਹਮਦਰਦੀ ਕਾਂਗਰਸ ਪਾਰਟੀ ਵਲ ਹੈ।

ਫਿਲਮ ਦੇ ਨੌਜੁਆਨ ਪਾਤਰ ਨਾ ਤਾਂ ਸੂ ਦੇ ਭਾਰਤ ਦੇ ਇਨਕਲਾਬੀਆਂ ਦੇ ਗੁਣਗਾਨ ਤੋਂ ਪ੍ਰਭਾਵਿਤ ਹੁੰਦੇ ਹਨ ਅਤੇ ਨਾ ਹੀ ਉਨ੍ਹਾਂ ਦੇ ਕਿਰਦਾਰ ਨਿਭਾ ਕੇ। ਹੋਰਨਾਂ ਹਿੰਦੀ ਮਸਾਲਾ ਫਿਲਮਾਂ ਵਾਂਗ ਇਸਦੇ ਨੌਜੁਆਨ ਵੀ ਦੋਸਤ ਦੀ ਮੌਤ ਦਾ ਬਦਲਾ ਲੈਂਦੇ ਹਨ। ਜਿੱਥੇ ਭਗਤ ਸਿੰਘ ਤੇ ਸਾਥੀਆਂ ਵਲੋਂ ਕੀਤੇ ਗਏ ਐਕਸ਼ਨ ਵਿਚਾਰਧਾਰਾ ਤੋਂ ਪ੍ਰੇਰਿਤ ਸਨ, ਉੱਥੇ ਇਨ੍ਹਾਂ ‘ਇਨਕਲਾਬੀਆਂ ਦੇ ਐਕਸ਼ਨ ਨਿੱਜੀ ਪ੍ਰੇਮ ਤੋਂ ਪ੍ਰੇਰਿਤ ਹਨ। ਨਤੀਜੇ ਵਜੋਂ ਫਿਲਮ ਦੀ ਕਹਾਣੀ ਨਿੱਜੀ ਬਦਲੇ ਦੀ ਕਹਾਣੀ ਬਣ ਕੇ ਹੀ ਰਹਿ ਜਾਂਦੀ ਹੈ। ਅਰਥਾਤ ਭਗਤ ਸਿੰਘ ਤੇ ਸਾਥੀਆਂ ਦੇ ਉਲਟ ਉਨ੍ਹਾਂ ਦੀ ਲੜਾਈ ਦੀ ਸਮੁੱਚੇ ਪ੍ਰਬੰਧ ਨਾਲ ਨਾ ਹੋ ਕੇ ਸਿਰਫ ਕੁੱਝ ਵਿਅਕਤੀਆਂ ਤੱਕ ਹੀ ਸੀਮਿਤ ਰਹਿੰਦੀ ਹੈ। ਨਿਰਦੇਸ਼ਕ ਦੀ ਫਿਲਮ ਵਿੱਚ ਬੌਨੇ ਪਾਤਰਾਂ ਨੂੰ ਲੈਣ ਦਾ ਮਕਸਦ ਉਸ ਵੇਲੇ ਹੋਰ ਵੀ ਸਾਫ ਹੋ ਜਾਂਦਾ ਹੈ ਜਦੋਂ ਫਿਲਮ ਦੇ ਅੰਤ ਵਿਚ ਉਸ ਦਾ ਸਿਧਾਰਥ ਉਰਫ ਭਗਤ ਸਿੰਘ ਆਪਣੇ ਕੀਤੇ ਗਏ ਐਕਸ਼ਨ ਪ੍ਰਤੀ ਗਲਤੀ ਮੰਨ ਕੇ ਮਾਫੀ ਮੰਗ ਲੈਦਾ ਹੈ।

ਫਿਲਮ ਦਾ ਹੀਰੋ ਦਲਜੀਤ ਉਰਫ ਚੰਦਰ ਸ਼ੇਖਰ ਸਮੁੱਚੀ ਫਿਲਮ ਵਿੱਚ ਥਿੰਕ ਟੈਂਕ ਦਾ ਕੰਮ ਕਰਦਾ ਹੈ ਅਤੇ ਸਿਧਾਰਥ ਉਰਫ ਭਗਤ ਸਿੰਘ ਉਸਦਾ ਸਹਾਇਕ ਪਾਤਰ ਹੈ ਪਰ ਬੜੀ ਚਲਾਕੀ ਨਾਲ ਨਿਰਦੇਸ਼ਕ ਫਿਲਮ ਦੇ ਅੰਤ ਵਿੱਚ ਰੇਡੀਓ ਤੇ ਸੁਆਲਾਂ ਦਾ ਜੁਆਬ ਦੇਣ ਲਈ ਭਗਤ ਸਿੰਘ ਨੂੰ ਅੱਗੇ ਕਰ ਦਿੰਦਾ ਹੈ ਜੋ ਆ ਲੋਕਾਂ ਅੱਗੇ ਦੇਸ਼ ਨੂੰ ਸੁਧਾਰਨ ਦਾ ਨਿਰਦੇਸ਼ਕ ਦਾ ਫਾਰਮੂਲਾ ਪੇਸ਼ ਕਰਦਾ ਹੈ ਕਿ ”ਕੋਈ ਭੀ ਦੇਸ਼ ਪਰਫੈਕਟ ਨਹੀਂ ਹੋਤਾ, ਉਸੇ ਪ੍ਰਫੈਕਟ ਬਨਾਨਾ ਪੜਤਾ ਹੈ। (ਹਮ ਲੋਗ) ਪੁਲਿਸ ਮੇਂ ਭਰਤੀ ਹੋਂਗੇ, ਮਿਲਟਰੀ ਜਵਾਇਨ ਕਰੇਂਗੇ, ਆਈ. ਏ. ਐਸ. ਬਨੇਗੇ। ਪਾਲਟਿਕਸ ਕਾ ਹਿੱਸਾ ਬਨਕਰ ਇਸ ਦੇਸ਼ ਕੀ ਸਰਕਾਰ ਚਲਾਏਂਗੇ।”

ਇੰਝ ਫਿਲਮ ਭਾਰਤੀ ਪ੍ਰਬੰਧ ਦੇ ਅਸਲੀ ਕਾਰਣਾਂ ਸਤਹੀ ਅਧਿਐਨ ਹੀ ਪੇਸ਼ ਕਰਦੀ ਹੈ। ਇਹ ਨੌਜੁਆਨਾਂ ਵਿਚ ਇਹ ਭਰਮ ਫੈਲਾਉਂਦੀ ਹੈ ਕਿ ਆਮ ਲੋਕਾਂ ਦੀ ਮੁਕਤੀ ਤਾਂ ਨਹੀਂ ਹੁੰਦੀ ਕਿਉਂਕਿ ਭ੍ਰਿਸ਼ਟ ਪ੍ਰਬੰਧ ਦੇ ਮੁੱਖ ਅੰਗ ਪੁਲਿਸ, ਫੌਜ, ਪ੍ਰਸ਼ਾਸ਼ਨ ਅਤੇ ਰਾਜਨੀਤੀ ਵਿੱਚ ਚੰਗੇ ਬੰਦੇ ਨਹੀਂ ਜਾਂਦੇ।

ਅਸਲ ਵਿਚ ਫਿਲਮ ਭਾਰਤੀ ਮੱਧਵਰਗ ਵਿਚ ਮੌਜੂਦ ਉਸ ਰੁਝਾਨ ਨੂੰ ਅਭਿਵਿਅਕਤ ਕਰਦੀ ਹੈ ਜਿਹੜਾ ਅਕਸਰ ਅੱਤਵਾਦੀ ਪੋਜੀਸ਼ਨ ਦੀ ਸਮਰੱਥਕ ਹੈ ਪਰ ਹਕੂਮਤ ਦਾ ਡੰਡਾ ਦੇਖਦੇ ਹੀ ਸਮਝੋਤੇ ਲਈ ਤਰਲੇ ਕੱਢਣ ਲਗਦੀ ਹੈ। ਫਿਲਮ ਵਿਚ ਦਿਖਾਏ ਗਏ ਲੋਕਾਂ ‘ਤੇ ਜ਼ਬਰ ਦੇ ਦ੍ਰਿਸ਼ ਰਾਹੀਂ ਅਸਲ ਵਿਚ ਨਿਰਦੇਸ਼ਕ ਬੜੀ ਚਲਾਕੀ ਨਾਲ ਨੌਜੁਆਨਾਂ ਨੂੰ ਇਹ ਡਰਾਉਣੀ ਚੇਤਾਵਨੀ ਦਿੰਦਾ ਹੈ ਕਿ ਜੇਕਰ ਇਸ ਦੇਸ਼ ਦਾ ਸੁਧਾਰ ਕਰਨਾ ਹੈ ਤਾਂ ਅਖੌਤੀ ਮੁੱਖ ਧਾਰਾ (ਜਾਣਿ ਕਿ ਲੋਟੂ ਧਾਰਾ) ਦਾ ਅੰਗ ਬਣੋ। ਜੇਕਰ ਇਸ ਤੋਂ ਇਲਾਵਾ ਉਨ੍ਹਾਂ ਨੇ ਮੁਕਤੀ ਦਾ ਕੋਈ ਵੀ ਰਾਹ ਆਪਣੀਆਂ ਤਾਂ ਉਨ੍ਹਾਂ ਦਾ ਹਸ਼ਰ ਵੀ ਇਨ੍ਹਾਂ ਨੌਜੁਆਨਾਂ ਵਾਲਾ ਹੋਵੇਗਾ। ਇੰਝ ਇਹ ਫਿਲਮ ਭਾਰਤੀ ਲੋਕਾਂ ਅੱਗੇ ਮੁਕਤਾ ਦਾ ਕੋਈ ਸੰਜੀਦਾ ਪ੍ਰੋਜੈਕਟ ਪੇਸ਼ ਨਹੀਂ ਕਰਦੀ ਸਗੋਂ ਹਾਕਮ ਜਮਾਤਾਂ ਦਾ ਵਿਚਾਰਧਾਰਾ ਦਾ ਹੱਥ ਠੋਕਾ ਬਣ ਕੇ ਰਹਿ ਜਾਂਦੀ ਹੈ।

“ਪ੍ਰਤੀਬੱਧ”, ਅੰਕ 04, ਅਕਤੂਬਰ-ਦਸੰਬਰ 2006 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s