ਪੂੰਜੀਵਾਦ ਦਾ ‘ਮੰਤਵ’ -ਲੈਨਿਨ

lenin 7(ਪੀ.ਡੀ.ਐਫ਼ ਡਾਊਨਲੋਡ ਕਰੋ)

 [ਭਾਰਤੀ ਖੇਤੀ ਵਿੱਚ ਪ੍ਰਚੱਲਤ ਪੈਦਾਵਾਰੀ ਸਬੰਧਾਂ ਬਾਰੇ ‘ਪ੍ਰਤੀਬੱਧ’ ਵਿੱਚ ਸ਼ੁਰੂ ਕੀਤੀ ਗਈ ਬਹਿਸ ਦੇ ਸਬੰਧ ਵਿੱਚ ਹੁਣ ਤੱਕ ”ਭਾਰਤੀ ਖੇਤੀ ਵਿੱਚ ਪੂੰਜੀਵਾਦੀ ਵਿਕਾਸ…1990 ਤੋਂ ਬਾਅਦ ਵਾਪਰੀਆਂ ਤਬਦੀਲੀਆਂ ਦਾ ਇੱਕ ਖਾਕਾ (ਚਾਰ ਕਿਸ਼ਤਾਂ ਵਿੱਚ ‘ਪ੍ਰਤੀਬੱਧ’ ਅੰਕ 1 ਤੋਂ 4 ਵਿੱਚ) ਭਾਰਤ ਵਿੱਚ ਪੂੰਜੀਵਾਦੀ ਵਿਕਾਸ ਅਤੇ ਇਨਕਲਾਬ ਦੇ ਪੜਾਅ ਬਾਰੇ (ਪ੍ਰਤੀਬੱਧ ਅੰਕ-4) ਅਤੇ ਉਤਸਾ ਪਟਨਾਇਕ ਦਾ ਲੇਖ ‘ਜੋਤ ਦੇ ਅਕਾਰ ਅਤੇ ਪ੍ਰਤੀ ਏਕੜ ਝਾੜ ਵਿਚਕਾਰ ਉਲ਼ਟਾ ਸਬੰਧ ਅਤੇ ਪਰਿਵਾਰਕ ਜੋਤ ਦੀ ਬਿਹਤਰ ਕਾਰਜ ਕੁਸ਼ਲਤਾ’ (ਪ੍ਰਤੀਬੱਧ ਅੰਕ-5) ਆਦਿ ਲੇਖ ਛਪ ਚੁੱਕੇ ਹਨ। ਇਸੇ ਸਬੰਧ ਵਿੱਚ ਇਸ ਵਾਰ ਅਸੀਂ ਲੈਨਿਨ ਦੀ ਪੁਸਤਕ ‘ਰੂਸ ਵਿੱਚ ਪੂੰਜੀਵਾਦੀ ਵਿਕਾਸ’ ਦਾ ਇੱਕ ਅੰਸ਼ ਛਾਪ ਰਹੇ ਹਾਂ। ਇਸੇ ਲੜੀ ਵਿੱਚ ‘ਪ੍ਰਤੀਬੱਧ’ ਦੇ ਅਗਲੇ ਅੰਕ ਵਿੱਚ ਅਸੀਂ ਲੈਨਿਨ ਦਾ ਲੇਖ ‘ਖੇਤੀ ਵਿੱਚ ਪੂੰਜੀਵਾਦ’ ਛਾਪਾਂਗੇ- ਸੰਪਾਦਕ।]

ਕੋਈ ਸਿੱਟਾ ਪੇਸ਼ ਕਰਨ ਤੋਂ ਪਹਿਲਾਂ ਹਾਲੇ ਅਸਾਂ ਉਸ ਸਵਾਲ ਬਾਰੇ ਵੀ ਗੱਲ ਕਰਨੀ ਹੈ ਜਿਸਨੂੰ ਸਾਹਿਤ ਵਿੱਚ ਪੂੰਜੀਵਾਦ ਦਾ ‘ਮੰਤਵ’ ਕਿਹਾ ਜਾਂਦਾ ਹੈ, ਇਸਦਾ ਮਤਲਬ ਇਹ ਹੈ ਕਿ ਰੂਸ ਦੇ ਆਰਥਿਕ ਵਿਕਾਸ ਵਿੱਚ ਇਸਦੀ ਇਤਿਹਾਸਕ ਭੂਮਿਕਾ! ਇਸ ਭੂਮਿਕਾ ਦੀ ਪ੍ਰਗਤੀਸ਼ੀਲਤਾ ਪੂਰੀ ਤਰਾਂ ਸਹੀ ਹੈ, (ਜਿਵੇਂ ਕਿ ਤੱਥਾਂ ਦੀ ਵਿਆਖਿਆ ਸਮੇਂ ਅਸੀਂ ਹਰੇਕ ਪੜਾਅ ‘ਤੇ ਇਸ ਗੱਲ ਵੱਲ ਸੰਕੇਤ ਵੀ ਕੀਤਾ।) ਅਤੇ ਪੂੰਜੀਵਾਦ ਦੇ ਨਾਂਹਵਾਦੀ ਅਤੇ ਹਨ੍ਹੇਰੇ ਪੱਖ ਵੀ ਇਸ ਵਿੱਚ ਸ਼ਾਮਿਲ ਹਨ। ਇਸ ਗੱਲ ਨੂੰ ਵੀ ਪੂਰੀ ਤਰਾਂ ਮਾਨਤਾ ਪ੍ਰਾਪਤ ਹੈ ਕਿ ਪੂੰਜੀਵਾਦ ਦੇ ਅੰਤਰਗਤ ਬੜੇ ਠੋਸ ਤੇ ਬਹੁਪੱਖੀ ਸਮਾਜਿਕ ਅੰਤਰ ਵਿਰੋਧ ਅਟੱਲ ਰੂਪ ਵਿੱਚ ਸਾਹਮਣੇ ਆਉਂਦੇ ਹਨ, ਜਿਨਾਂ ਤੋਂ ਕਿ ਇਸ ਆਰਥਿਕ ਢਾਂਚੇ ਦੀ ਇਤਿਹਾਸਕ ਤੌਰ ‘ਤੇ ਸੰਕ੍ਰਮਣਾਤਮਕ ਖਾਸੀਅਤ ਦਾ ਪਤਾ ਲਗਦਾ ਹੈ। ਇਹ ਨਰੋਦਨਿਕ ਹੀ ਹਨ¸ਜੋ ਕਿ ਇਹ ਗੱਲ ਸਪੱਸ਼ਟ ਕਰਨ ਵਾਸਤੇ ਬੜਾ ਜ਼ੋਰ ਲਾ ਰਹੇ ਹਨ ਕਿ ਪੂੰਜੀਵਾਦ ਦੀ ਇਤਿਹਾਸਕ ਰੂਪ ਵਿੱਚ ਪ੍ਰਗਤੀਸ਼ੀਲ ਖਾਸੀਅਤ ਨੂੰ ਸਵੀਕਾਰ ਕਰਨ ਦਾ ਮਤਲਬ ਇਸਦੀ ਹਮਾਇਤ ਕਰਨਾ ਹੀ ਹੈ¸ ਉਹ ਇਸ ਪੱਖੋਂ ਵੀ ਗਲਤੀ ਕਰ ਰਹੇ ਹਨ ਕਿ ਉਹ ਰੂਸੀ ਪੂੰਜੀਵਾਦ ਦੇ ਠੋਸ ਅੰਤਰ ਵਿਰੋਧਾਂ ਨੂੰ ਘਟਾ ਕੇ (ਕਈ ਵਾਰ ਅਣਡਿੱਠ ਕਰਕੇ!) ਵੇਖਦੇ ਹਨ, ਇਸ ਦੇ ਨਾਲ਼ ਹੀ ਉਹ ਕਿਸਾਨੀ ਦੇ ਨਿਖੇੜੇ ਨੂੰ ਵੀ ਓਪਰੀ ਨਜ਼ਰ ਨਾਲ਼ ਹੀ ਤਕਦੇ ਹਨ, ਸਾਡੀ ਕਾਸ਼ਤਕਾਰੀ ਦੇ ਪਰਿਵਰਤਨਸ਼ੀਲ ਪੂੰਜੀਵਾਦੀ ਖਾਸੇ ਬਾਰੇ ਅਤੇ ਪੇਂਡੂ ਉਦਯੋਗਿਕ ਖੇਤਰ ਵਿੱਚ ਉਜ਼ਰਤੀ ਮਜ਼ਦੂਰਾਂ ਦੀ ਹੋਂਦ ਵਿੱਚ ਆ ਰਹੀ ਜਮਾਤ ਬਾਰੇ ਵੀ ਉਹ ਕੁੱਝ ਨਹੀਂ ਜਾਣਦੇ। ਉਹ ਇਸ ਹਕੀਕਤ ਨੂੰ ਵੀ ਓਪਰੀ ਨਜ਼ਰ ਨਾਲ਼ ਹੀ ਤਕਦੇ ਹਨ ਕਿ ‘ਘਰੇਲੂ’ ਦਸਤਕਾਰੀਆਂ ਦੇ ਖੇਤਰ ਵਿੱਚ ਪੂੰਜੀਵਾਦ ਦੇ ਅਤਿ ਕੋਝੇ ਰੂਪਾਂ ਨੇ ਕਿਵੇਂ ਆਪਣੀ ਸਰਦਾਰੀ ਕਾਇਮ ਕਰ ਲਈ ਹੈ। 

ਪੂੰਜੀਵਾਦ ਦੀ ਇਤਿਹਾਸਕ ਤੌਰ ‘ਤੇ ਪ੍ਰਗਤੀਸ਼ੀਲ ਭੂਮਿਕਾ ਨੂੰ ਦੋ ਤਜਵੀਜ਼ਾਂ ਵਿੱਚ ਪੇਸ਼ ਕੀਤਾ ਜਾ ਸਕਦਾ ਹੈ- ਪਹਿਲਾ ਇਹ ਕਿ ਸਮਾਜਿਕ ਕਿਰਤ ਦੀਆਂ ਉਤਪਾਦਕ ਸ਼ਕਤੀਆਂ ਵਿੱਚ ਵਾਧਾ ਅਤੇ ਫਿਰ ਉਸ ਕਿਰਤ ਦਾ ਸਮਾਜੀਕਰਨ! ਪਰ ਇਹ ਦੋਵੇਂ ਹਕੀਕਤਾਂ ਕੌਮੀ ਆਰਥਿਕਤਾ ਦੀਆਂ ਸ਼ਾਖਾਂ ਵਿੱਚ ਆਪਣੇ ਆਪ ਨੂੰ ਬੜੇ ਅਤਿਵਾਦੀ ਅਮਲਾਂ ਦੇ ਰੂਪ ਵਿੱਚ ਪ੍ਰਗਟ ਕਰਦੀਆਂ ਹਨ। 

ਸਮਾਜਿਕ ਕਿਰਤ ਦੀਆਂ ਉਤਪਾਦਕ ਸ਼ਕਤੀਆਂ ਦੇ ਵਿਕਾਸ ਨੂੰ ਕੇਵਲ ਵੱਡੇ ਪੈਮਾਨੇ ਦੇ ਮਸ਼ੀਨੀ ਉਦਯੋਗ ਦੇ ਸੰਦਰਭ ਵਿੱਚ ਹੀ ਵੇਖਿਆ ਜਾਣਾ ਚਾਹੀਦਾ ਹੈ। ਜਦੋਂ ਤੱਕ ਪੂੰਜੀਵਾਦ ਦੇ ਅੰਤਰਗਤ ਉਹ ਉਚੇਰੀ ਅਵਸਥਾ ਨਹੀਂ ਪੈਦਾ ਹੁੰਦੀ, ਉਦੋਂ ਤੱਕ ਹੱਥੀਂ ਨੇਪਰੇ ਚਾੜ੍ਹੇ ਜਾਣ ਵਾਲ਼ਾ ਉਤਪਾਦਨ ਅਤੇ ਪੁਰਾਤਨ ਤਕਨੀਕੀ ਕਾਰੀਗਰੀ ਕਾਇਮ ਰਹਿੰਦੀ ਹੈ, ਜੋ ਕਿ ਖੁਦ-ਬਖੁਦ ਅਤੇ ਬੜੀ ਹੀ ਸੁਸਤ ਚਾਲ ਨਾਲ਼ ਵਿਕਾਸ ਦੇ ਅਮਲ ਵਿੱਚ ਆਉਂਦੀ ਹੈ। ਰੂਸੀ ਇਤਿਹਾਸ ਵਿੱਚ ਇਸ ਪੱਖੋਂ ਸੁਧਾਰ-ਮਗਰਲਾ ਦੌਰ ਪਿਛਲੇ ਸਾਰੇ ਹੀ ਦੌਰਾਂ ਨਾਲ਼ੋਂ ਬੁਨਿਆਦੀ ਤੌਰ ‘ਤੇ ਵੱਖਰਾ ਹੈ। ਲੱਕੜੀ ਦੇ ਹਲ਼ ਵਾਲ਼ਾ ਅਤੇ ਥਾਪੀ ਵਾਲ਼ਾ, ਪੱਨਚੱਕੀ ਅਤੇ ਹੱਥ ਕਰਘੇ ਵਾਲ਼ਾ ਰੂਸ ਬੜੀ ਤੇਜ਼ੀ ਨਾਲ਼ ਲੋਹੇ ਦੇ ਹਲ਼ ਵਾਲ਼ੇ, ਥਰੈਸ਼ਰ, ਸਟੀਮ ਮਿੱਲ ਅਤੇ ਪਾਵਰਲੂਮ ਦੇ ਰੂਸ ਵਿੱਚ ਤਬਦੀਲ ਹੋਣ ਲੱਗ ਪਿਆ ਸੀ। ਕੌਮੀ ਆਰਥਿਕਤਾ ਦੇ ਹੋਰ ਸਾਰੇ ਹੀ ਖੇਤਰਾਂ ਵਿੱਚ, ਜਿੱਥੇ ਕਿ ਪੂੰਜੀਵਾਦੀ ਉਤਪਾਦਨ ਦੀ ਸਰਦਾਰੀ ਕਾਇਮ ਹੋ ਚੁੱਕੀ ਹੈ, ਇਹ ਤਕਨੀਕੀ ਤਬਦੀਲੀ ਪੂਰੀ ਤਰਾਂ ਹੋਂਦ ਵਿੱਚ ਆ ਚੁੱਕੀ ਹੈ। ਪੂੰਜੀਵਾਦ ਦੀ ਆਪਣੀ ਵਿਸ਼ੇਸ਼ ਖਾਸੀਅਤ ਅਨੁਸਾਰ , ਇਸ ਤਬਦੀਲੀ ਦਾ ਅਮਲ ਉਸ ਖੇਤਰ ਵਿੱਚ ਵੀ ਸਾਕਾਰ ਹੋਣਾ ਚਾਹੀਦਾ ਹੈ, ਜਿੱਥੇ ਗੈਰ-ਬਰਾਬਰੀ ਅਤੇ ਵਸੀਲਿਆਂ ਦੀ ਵੀ ਅਸਾਵੀਂ ਵੰਡ ਹੈ। ਖੁਸ਼ਹਾਲੀ ਦੇ ਦੌਰ ਮਗਰੋਂ ਸੰਕਟ ਦਾ ਦੌਰ ਸ਼ੁਰੂ ਹੋ ਜਾਂਦਾ ਹੈ, ਇੱਕ ਉਦਯੋਗ ਵਿਚਲਾ ਵਿਕਾਸ ਦੂਸਰੇ ਉਦਯੋਗ ਵਿੱਚ ਪਤਨ ਦੀ ਸਥਿਤੀ ਪੈਦਾ ਕਰ ਦਿੰਦਾ ਹੈ। ਕਿਸੇ ਇੱਕ ਖੇਤਰ ਦੀ ਕਾਸ਼ਤਕਾਰੀ ਵਿੱਚ ਕਿਸੇ ਇੱਕ ਪੱਖੋਂ ਉਨਤੀ ਹੁੰਦੀ ਹੈ ਅਤੇ ਕਿਸੇ ਹੋਰ ਖੇਤਰ ਦੀ ਕਾਸ਼ਤਕਾਰੀ ਵਿੱਚ ਕਿਸੇ ਹੋਰ ਪੱਖੋਂ! ਵਪਾਰ ਅਤੇ ਉਦਯੋਗ ਦੇ ਖੇਤਰ ਵਿਚਲਾ ਵਾਧਾ ਕਾਸ਼ਤਕਾਰੀ ਦੇ ਵਾਧੇ ਨਾਲ਼ੋਂ ਅਗੇਰੇ ਜਾ ਰਿਹਾ ਹੈ, ਆਦਿ! ਨਰੋਦਨਿਕ ਲੇਖਕਾਂ ਨੇ ਆਪਣੇ ਇਨਾਂ ਜਤਨਾਂ ਵਿੱਚ ਜਿਹੜੀਆਂ ਗਲਤੀਆਂ ਕੀਤੀਆਂ ਹਨ ਕਿ ਇਹ ਅਸਾਵੀਂ ਵੰਡ, ਅਚਨਚੇਤੀ ਅਤੇ ਸਖਤ, ਸਰਗਰਮ ਭਾਵਨਾ ਵਾਲ਼ਾ ਵਿਕਾਸ, ਕੋਈ ਵਿਕਾਸ1  ਨਹੀਂ ਹੈ। 

ਪੂੰਜੀਵਾਦ ਦੁਆਰਾ ਸਮਾਜਿਕ ਉਤਪਾਦਨ ਸ਼ਕਤੀਆਂ ਦੇ ਵਿਕਾਸ ਦਾ ਇੱਕ ਹੋਰ ਲੱਛਣ ਇਹ ਹੈ ਕਿ ਉਤਪਾਦਨ ਦੇ ਵਸੀਲਿਆਂ ਵਿੱਚ ਵਾਧਾ (ਉਤਪਾਦਕ ਉਪ ਭੋਗਤਾ) ਨਿੱਜੀ ਉਪਭੋਗ ਵਿੱਚ ਹੋਏ ਵਾਧੇ ਨਾਲ਼ੋਂ ਕਈ ਗੁਣਾ ਵੱਧ ਗਿਆ ਹੈ। ਅਸਾਂ ਕਈ ਵਾਰ ਇਸ ਗੱਲ ਵੱਲ ਸੰਕੇਤ ਕੀਤਾ ਹੈ ਕਿ ਕਾਸ਼ਤਕਾਰੀ ਅਤੇ ਉਦਯੋਗ ਦੇ ਖੇਤਰ ਵਿੱਚ ਇਸ ਦਾ ਪ੍ਰਗਟਾਵਾ ਕਿਵੇਂ ਹੋਇਆ ਹੈ। ਇਹ ਲੱਛਣ ਪੂੰਜੀਵਾਦੀ ਸਮਾਜ ਦੇ ਅੰਤਰਗਤ ਉਤਪਤੀ ਦੇ ਆਮ ਨਿਯਮ ਅਸਲੀ ਰੂਪ ਵਿੱਚ ਸਾਕਾਰ ਹੋਣ ਨਾਲ਼ ਸਾਹਮਣੇ ਆਉਂਦਾ ਹੈ ਅਤੇ ਇਹ ਇਸ ਸਮਾਜ2 ਦੀ ਅੰਤਰ ਵਿਰੋਧੀ ਖਾਸੀਅਤ ਦੇ ਪੂਰੀ ਤਰਾਂ ਅਨੁਕੂਲ ਹੈ। 

ਪੂੰਜੀਵਾਦ ਨੇ ਜਿਹੜਾ ਕਿਰਤ ਦਾ ਸਮਾਜੀਕਰਨ ਕੀਤਾ ਹੈ, ਉਸ ਦਾ ਪ੍ਰਗਟਾਵਾ ਹੇਠ ਲਿਖੇ ਅਮਲਾਂ ਰਾਹੀਂ ਹੁੰਦਾ ਹੈ। ਸਭ ਤੋਂ ਪਹਿਲਾਂ, ਵਸਤੂ ਉਤਪਾਦਨ ਵਿਚਲਾ ਵਾਧਾ ਛੇਟੇ ਆਰਥਿਕ ਗੁੱਟਾਂ ਨੂੰ ਖਿੰਡੇ ਪੁੰਡੇ ਗੁੱਟਾਂ ਨੂੰ ਤਬਾਹ ਕਰ ਦਿੰਦਾ ਹੈ। ਇਹ ਕੁਦਰਤੀ ਅਰਥਵਿਵਸਥਾ  ਦਾ ਖਾਸ ਰੂਪ ਹੁੰਦੇ ਹਨ ਅਤੇ ਛੋਟੀਆਂ ਛੋਟੀਆਂ ਸਥਾਨਕ ਮੰਡੀਆਂ ਨੂੰ ਇੱਕ ਵਿਸ਼ਾਲ ਕੌਮੀ (ਅਤੇ ਫਿਰ ਵਿਸ਼ਵ ਪੱਧਰ ਦੀ) ਮੰਡੀ ਵਿੱਚ ਕੇਂਦਰਿਤ ਕਰ ਦਿੰਦੇ ਹਨ। ਨਿੱਜੀ ਹਿੱਤ ਵਾਸਤੇ ਕੀਤਾ ਜਾਣ ਵਾਲ਼ਾ ਉਤਪਾਦਨ ਹੁਣ ਸਮੁੱਚੇ ਸਮਾਜ ਵਾਸਤੇ ਕੀਤੇ ਜਾਣ ਵਾਲ਼ੇ ਉਤਪਾਦਨ ਦੇ ਰੂਪ ਵਿੱਚ ਤਬਦੀਲ ਹੋ ਜਾਂਦਾ ਹੈ। ਇਸ ਤਰਾਂ, ਜਿਵੇਂ-ਜਿਵੇਂ ਪੂੰਜੀਵਾਦ ਦਾ ਵਿਕਾਸ ਤੇਜ਼ ‘ਤੇ ਦ੍ਰਿੜ ਹੁੰਦਾ ਜਾਂਦਾ ਹੈ, ਤਿਵੇਂ-ਤਿਵੇਂ ਹੀ ਉਤਪਾਦਨ ਦੇ ਸਮੂਹਿਕ ਚਰਿੱਤਰ ਅਤੇ ਮਾਲਕੀ ਦੇ ਵਿਅਕਤੀਗਤ ਚਰਿੱਤਰ ਵਿਚਕਾਰ ਅੰਤਰ ਵਿਰੋਧ ਸ਼ਕਤੀਸ਼ਾਲੀ ਬਣਦੇ ਜਾਂਦੇ ਹਨ। ਦੂਸਰੀ ਗੱਲ ਇਹ ਹੈ ਕਿ ਪੂੰਜੀਵਾਦ ਤੋਂ ਪਹਿਲਾਂ ਜਿਹੜਾ ਖਿੰਡਿਆ ਪੁੰਡਿਆ ਹੋਇਆ ਉਤਪਾਦਨ ਹੁੰਦਾ ਸੀ, ਪੂੰਜੀਵਾਦ ਕਾਸ਼ਤਕਾਰੀ ਅਤੇ ਉਦਯੋਗ ਦੇ ਖੇਤਰ ਵਿੱਚ ਬੇ-ਮਿਸਾਲ ਢੰਗ ਨਾਲ਼ ਉਸਨੂੰ ਇਕੱਤਰ ਕਰਕੇ, ਉਸਦੀ ਥਾਂ ਲੈ ਲੈਂਦਾ ਹੈ। ਇਹ ਬਹੁਤ ਹੀ ਵਧੀਆ ਅਤੇ ਵੱਡੀ ਗੱਲ ਹੈ। ਪਰ ਕੇਵਲ ਇਹੋ ਹੀ ਗੱਲ ਨਹੀਂ ਹੈ, ਜਿਸ ਕਰਕੇ ਪੂੰਜੀਵਾਦ ‘ਤੇ ਵਿਚਾਰ ਕੀਤੀ ਜਾ ਰਹੀ ਹੈ। ਤੀਸਰੀ ਗੱਲ ਇਹ ਹੈ ਕਿ ਪੁਰਾਤਨ ਅਰਥ ਵਿਵਸਥਾ ਦੇ ਅਨਿਖੜਵੇਂ ਲੱਛਣਾ ਵਿੱਚੋਂ ਇੱਕ ਇਹ ਸੀ ਕਿ ਲੋਕ ਨਿੱਜੀ ਤੌਰ ‘ਤੇ ਖੁਦ ‘ਤੇ ਨਿਰਭਰ ਕਰਦੇ ਸਨ ਪਰ ਪੂੰਜੀਵਾਦ ਨਿਰਭਰਤਾ ਦੇ ਉਨਾਂ ਰੂਪਾਂ ਨੂੰ ਖਤਮ ਕਰ ਦਿੰਦਾ ਹੈ। 

ਇਸ ਪਹਿਲੂ ਤੋਂ ਰੂਸ ਵਿੱਚ ਪੂੰਜੀਵਾਦ ਦਾ ਅਗਾਂਹ ਵਧੂ ਚਰਿੱਤਰ ਖਾਸ ਤੌਰ ‘ਤੇ ਸਪੱਸ਼ਟ ਹੈ, ਕਿਉਂਕਿ ਸਾਡੇ ਦੇਸ਼ ਵਿੱਚ ਉਤਪਾਦਕ ਦੀ ਨਿੱਜੀ ਨਿਰਭਰਤਾ ਪੂਰੀ ਤਰਾਂ ਕਾਇਮ ਸੀ (ਉਹ ਕੁੱਝ ਹੱਦ ਤੱਕ ਹਾਲੇ ਤੱਕ ਵੀ ਕਾਇਮ ਹੈ।) ਕੇਵਲ ਕਾਸ਼ਤਕਾਰੀ ਵਿੱਚ ਹੀ ਨਹੀਂ, ਸਗੋਂ ਮੈਨੂੰਫੈਕਚਰਿੰਗ ਦੇ ਖੇਤਰ ਵਿੱਚ ਵੀ ਇਹੋ ਸਥਿਤੀ ਸੀ, (ਫੈਕਟਰੀਆਂ ਜਰਖਰੀਦ ਮੁਜ਼ਾਰਿਆਂ ਨੂੰ ਭਰਤੀ ਕਰਦੀਆਂ ਸਨ।) ਇਹੋ ਹੀ ਨਹੀਂ, ਖਾਨਾਂ ਵਿੱਚ, ਧਾਤਸੋਧਕ ਫੈਕਟਰੀਆਂ ਵਿੱਚ ਅਤੇ ਮੱਛੀ-ਪਾਲਣ ਦੇ ਉਦਯੋਗ ਦਾ ਵੀ ਇਹੋ ਹੀ ਹਾਲ ਸੀ। ਇਸ ਤਰਾਂ ਹੀ ਹੋਰ ਹਰ ਪਾਸੇ ਵੀ ਇਹੋ ਹੀ ਸਥਿਤੀ ਕਾਇਮ ਸੀ।3 ਜੇਕਰ ਤੁਲਨਾ ਕੀਤੀ ਜਾਵੇ ਤਾਂ ਨਿਰਭਰਤਾ ਵਾਲ਼ੀ ਕਿਰਤ ਅਤੇ ਜਰਖਰੀਦ ਕਿਰਤ ਨਾਲ਼ੋਂ ਦਿਹਾੜੀਦਾਰ ਕਿਰਤ ਦਾ ਕੰਮ ਕੌਮੀ ਅਰਥਵਿਵਸਥਾ ਦੇ ਹਰੇਕ ਖੇਤਰ ਵਿੱਚ ਅਗਾਂਹਵਧੂ ਖਾਸੀਅਤ ਵਾਲ਼ਾ ਹੀ ਹੈ। ਚੌਥੀ ਗੱਲ ਇਹ ਹੈ ਕਿ ਪੂੰਜੀਵਾਦ ਲਾਜ਼ਮੀ ਤੌਰ ‘ਤੇ ਵਸੋਂ ਦੀ ਆਵਾਜਾਈ ਦਾ ਚੱਕਰ ਸ਼ੁਰੂ ਕਰ ਦਿੰਦਾ ਹੈ, ਪਰ ਪਿਛਲੇ ਸਾਰੇ ਹੀ ਸਮਾਜਿਕ ਅਰਥ ਵਿਵਸਥਾ ਦੇ ਪ੍ਰਬੰਧਾਂ ਵਿੱਚ ਇਸਦੀ ਲੋੜ ਨਹੀਂ ਸੀ ਅਤੇ ਉਨਾਂ ਪ੍ਰਬੰਧਾਂ ਦੇ ਅੰਤਰਗਤ ਇਹ ਕੰਮ ਵੱਡੇ ਪੈਮਾਨੇ ‘ਤੇ ਸੀ ਵੀ ਪੂਰੀ ਤਰਾਂ ਅਸੰਭਵ ਪੰਜਵੀਂ ਗੱਲ ਇਹ ਹੈ ਕਿ ਪੂੰਜੀਵਾਦ ਕਾਸ਼ਤਕਾਰੀ ਵਿੱਚ ਫਸੀ ਹੋਈ ਵਸੋਂ ਦੀ ਗਿਣਤੀ ਲਗਾਤਾਰ ਘੱਟ ਕਰਦਾ ਜਾਂਦਾ ਹੈ, (ਇਸ ਖੇਤਰ ਵਿੱਚ ਸਮਾਜਿਕ ਅਰਥਵਿਵਸਥਾ  ਦੇ ਅਤਿ ਪੁਰਾਣੇ ਸਬੰਧ ਕਾਇਮ ਹੋਏ-ਵੇ ਹੁੰਦੇ ਨੇ।) ਅਤੇ ਵੱਡੇ ਉਦਯੋਗਿਕ ਕੇਂਦਰਾਂ ਵਿੱਚ ਗਿਣਤੀ ਦੇ ਪੱਖੋਂ ਵਾਧਾ ਕਰਦਾ ਜਾਂਦਾ ਹੈ। ਛੇਵੀਂ ਗੱਲ ਇਹ ਹੈ ਕਿ ਪੂੰਜੀਵਾਦ ਸਮਾਜ ਵਸੋਂ ਦੀ ਸੰਪਰਕ ਪ੍ਰਾਪਤ ਕਰਨ, ਇੱਕ ਸੰਗਠਨ ਵਿੱਚ ਆਉਣ ਦੀ ਲੋੜ ਨੂੰ ਪੂਰਾ ਕਰਦਾ ਹੈ ਅਤੇ ਇਨ੍ਹਾਂ ਸੰਸਥਾਵਾਂ ਨੂੰ ਪਹਿਲੇ ਵਕਤਾਂ ਨਾਲ਼ੋਂ ਇੱਕ ਵੱਖਰਾ ਚਰਿੱਤਰ ਪ੍ਰਦਾਨ ਕਰਦਾ ਹੈ। ਪੂੰਜੀਵਾਦ ਮੱਧਯੁੱਗੀ ਸਮਿਆਂ ਦੇ ਸੌੜੇ, ਸਥਾਨਕ ਅਤੇ ਸਮਾਜਿਕ ਜਗੀਰਦਾਰੀ ਅਦਾਰਿਆਂ ਨੂੰ ਖਤਮ ਕਰਕੇ, ਬੜੇ ਸਖਤ ਕਿਸਮ ਦੇ ਮੁਕਾਬਲੇ ਨੂੰ ਕਾਇਮ ਕਰਨ ਦੇ ਨਾਲ਼-ਨਾਲ਼, ਸਮੁੱਚੇ ਸਮਾਜ ਨੂੰ ਦੋ ਵੱਡੇ ਨਿੱਖੜਵੇਂ ਧੜਿਆਂ ਵਿੱਚ ਵੀ ਵੰਡ ਦਿੰਦਾ ਹੈ, ਜੋ ਕਿ ਉਤਪਾਦਨ ਦੇ ਖੇਤਰ ਵਿੱਚ ਵੱਖਰੀ ਸਥਿਤੀ ਰੱਖਦੇ ਹੁੰਦੇ ਹਨ। ਇਸ ਦੇ ਨਾਲ਼ ਹੀ ਉਹ ਹਰੇਕ ਧੜੇ ਵਿੱਚ ਜਥੇਬੰਦੀ ਕਾਇਮ ਕਰਨ ਵਾਸਤੇ ਬੜੀ ਜੋਰਦਾਰ ਪ੍ਰੇਰਣਾ ਪ੍ਰਦਾਨ ਕਰਦਾ4  ਹੈ। ਸੱਤਵੀਂ ਗੱਲ ਇਹ ਹੈ ਕਿ ਉਪਰੋਕਤ ਸਾਰੀਆਂ ਹੀ ਤਬਦੀਲੀਆਂ ਨਾਲ਼ ਜਦੋਂ ਪੁਰਾਤਨ ਆਰਥਿਕ ਪ੍ਰਬੰਧ ਨੂੰ ਪੂੰਜੀਵਾਦ ਬਦਲ ਕੇ ਰੱਖ ਦਿੰਦਾ ਹੈ ਤਾਂ ਇਸ ਨਾਲ਼ ਅਟੱਲ ਰੂਪ ਵਿੱਚ, ਵਸੋਂ ਦੀ ਮਾਨਸਿਕਤਾ ਵੀ ਤਬਦੀਲ ਹੋ ਜਾਂਦੀ ਹੈ, ਆਰਥਿਕ ਵਿਕਾਸ ਦਾ ਬਕਾਇਦਗੀ ਵਾਲ਼ਾ ਚਰਿੱਤਰ, ਉਤਪਾਦਨ ਦੇ ਤਰੀਕਿਆਂ ਵਿੱਚ ਝੱਟਪੱਟ ਹੋ ਰਹੀ ਤਬਦੀਲੀ ਅਤੇ ਉਤਪਾਦਨ ਦਾ ਇਕੱਤਰੀਕਰਨ, ਨਿੱਜੀ ਨਿਰਭਰਤਾ ਦੇ ਸਭਨਾ ਰੂਪਾਂ ਦਾ ਖਾਤਮਾ ਅਤੇ ਇਸਦੇ ਨਾਲ਼ ਹੀ ਸਬੰਧਾਂ ਵਿੱਚੋਂ ਪਿਤਰੀਪੁਣੇ ਦੇ ਭਾਵਾਂ ਦਾ ਅਲੋਪ ਹੋਣਾ, ਵਸੋਂ ਦੀ ਇੱਧਰੋਂ ਉੱਧਰ ਆਵਾਜਾਈ ਅਤੇ ਵੱਡੇ ਉਦਯੋਗਿਕ ਅਦਾਰਿਆਂ ਦਾ ਪ੍ਰਭਾਵ, ਆਦਿ¸ ਇਸ ਸਭ ਕੁੱਝ ਨਾਲ਼ ਉਤਪਾਦਕਾਂ ਦੇ ਚਰਿੱਤਰ ਵਿੱਚ ਬੜਾ ਠੋਸ ਰੁਪਾਂਤਰਣ ਹੋਏ ਬਗੈਰ ਰਹਿ ਹੀ ਨਹੀਂ ਸਕਦਾ ਅਤੇ ਅਸੀਂ ਇਸ ਗੱਲ ਵੱਲ ਵੀ ਧਿਆਨ ਦਿੱਤਾ ਹੈ ਕਿ ਰੂਸੀ ਪਰਖ-ਪੜਚੋਲ ਵਾਲ਼ਿਆਂ ਨੇ ਇਸ ਤਰਾਂ ਦੇ ਨਿਰੀਖਣ ਵੀ ਪੇਸ਼ ਕੀਤੇ ਹਨ। ਹੁਣ ਨਰੋਦਨਿਕ ਆਰਥਿਕਤਾ ਵੱਲ ਪਰਤ ਕੇ ਵੀ ਗੱਲ ਕਰ ਲੈਣੀ ਚਾਹੀਦੀ ਹੈ। ਇਸ ਪ੍ਰਣਾਲ਼ੀ ਦੇ ਪ੍ਰਤੀਨਿਧਾਂ ਨਾਲ਼ ਸਾਨੂੰ ਲਗਾਤਾਰ ਸ਼ਾਸਤਰ-ਅਰਥ ਕਰਨਾ ਪਿਆ ਹੈ। 

ਉਨਾਂ ਨਾਲ਼ ਸਾਡੇ ਜਿਹੜੇ ਫਰਕ ਹਨ ਉਨਾਂ ਦੇ ਕਾਰਨਾਂ ਨੂੰ ਹੇਠ ਲਿਖੇ ਅਨੁਸਾਰ, ਸਾਰਰੂਪ ਵਿੱਚ ਪੇਸ਼ ਕੀਤਾ ਜਾ ਸਕਦਾ ਹੈ, ਪਹਿਲੀ ਗੱਲ ਤਾਂ ਇਹ ਹੈ ਕਿ ਰੂਸ ਵਿੱਚ ਪੂੰਜੀਵਾਦ ਦੇ ਵਿਕਾਸ ਦੇ ਅਮਲ ਬਾਰੇ ਉਨਾਂ ਨੇ ਜਿਹੜੀ ਧਾਰਨਾ ਬਣਾਈ ਹੋਈ ਹੈ, ਉਹ ਬਿਲਕੁਲ ਹੀ ਗਲਤ ਹੈ। ਇਸ ਦੇ ਨਾਲ਼ ਹੀ ਉਹ ਰੂਸ ਵਿੱਚ ਪੂੰਜੀਵਾਦ ਤੋਂ ਪਹਿਲਾਂ ਵਾਲ਼ੇ ਆਰਥਿਕ ਪ੍ਰਬੰਧ ਦੇ ਸਬੰਧਾਂ ਬਾਰੇ ਜਿਹੜੇ ਖਿਆਲ ਬਣਾਈ ਬੈਠੇ ਹਨ, ਉਨਾਂ ਬਾਰੇ ਵੀ ਸਾਡਾ ਉਪਰੋਕਤ ਵਾਲ਼ਾ ਹੀ ਵਿਚਾਰ ਹੈ। ਸਾਡੇ ਦ੍ਰਿਸ਼ਟੀਕੋਣ ਅਨੁਸਾਰ ਜਿਹੜੀ ਗੱਲ ਖਾਸ ਤੌਰ ‘ਤੇ ਮਹੱਤਵਪੂਰਨ ਹੈ, ਉਹ ਇਹ ਹੈ ਉਹ ਲੋਕ ਕਿਸਾਨੀ ਆਰਥਿਕਤਾ ਵਿਚਲੇ ਪੂੰਜੀਵਾਦੀ ਅੰਤਰ ਵਿਰੋਧਾਂ ਨੂੰ ਪੂਰੀ ਤਰਾਂ ਅਣਡਿੱਠ ਕਰ ਰਹੇ ਹਨ (ਕਾਸ਼ਤਕਾਰੀ ਅਤੇ ਉਦਯੋਗਿਕ¸ਦੋਵਾਂ ਖੇਤਰਾਂ ਵਿੱਚ!) ਇਸ ਤੋਂ ਅਗਲੀ ਗੱਲ, ਰੂਸ ਵਿੱਚ ਪੂੰਜੀਵਾਦ ਦੇ ਵਿਕਾਸ ਦੀ ਚਾਲ ਤੇਜ਼ ਹੈ ਕਿ ਮੱਠੀ, ਇਹ ਗੱਲ ਇਸ ‘ਤੇ ਨਿਰਭਰ ਕਰਦੀ ਹੈ ਕਿ ਅਸੀਂ ਇਸ ਵਿਕਾਸ ਦੀ ਕਿਸ ਨਾਲ਼ ਤੁਲਨਾ ਕਰਦੇ ਹਾਂ। ਜੇਕਰ ਅਸੀਂ ਇਸਦਾ ਮੁਕਾਬਲਾ ਪੂੰਜੀਵਾਦ ਪੂਰਬਲੇ ਰੂਸ ਦੇ ਦੌਰ  ਨਾਲ਼ ਕਰੀਏ (ਇਸ ਸਮੱਸਿਆ ਦੇ ਸਹੀ ਹੱਲ ਨੂੰ ਪ੍ਰਾਪਤ ਕਰਨ ਵਾਸਤੇ ਇਸੇ ਤਰਾਂ ਹੀ ਕੀਤਾ ਜਾਣਾ ਚਾਹੀਦਾ ਹੈ!) ਤਾਂ ਪੂੰਜੀਵਾਦ ਦੇ ਅੰਤਰਗਤ ਸਮਾਜਿਕ ਆਰਥਿਕਤਾ ਦੀ ਤਰੱਕੀ ਕਾਫੀ ਤੇਜ਼ ਮਹਿਸੂਸ ਹੋਵੇਗੀ। ਪਰ, ਜੇਕਰ ਅਸੀਂ ਇਸ ਗੱਲ ਨਾਲ਼ ਮੁਕਾਬਲਾ ਕਰੀਏ ਕਿ ਵਰਤਮਾਨ ਦੌਰ ਵਿੱਚ ਜਿਹੜੀ ਤਰੱਕੀ ਹੋ ਰਹੀ ਹੈ, ਉਸ ਨਾਲ਼ੋਂ ਇਹ ਤਰੱਕੀ ਘਟ ਹੈ, ਸੰਸਕ੍ਰਿਤੀ ਅਤੇ ਤਕਨੀਕ ਦੇ ਪਹਿਲੂ ਤੋਂ ਸਾਡਾ ਪੂੰਜੀਵਾਦ ਪਿਛੜਿਆ ਹੋਇਆ ਹੈ, ਤਾਂ ਇਹ ਠੀਕ ਹੈ ਕਿ ਰੂਸ ਵਿੱਚ ਪੂੰਜੀਵਾਦ ਦਾ ਵਿਕਾਸ-ਦਰ ਸੱਚਮੁੱਚ ਹੀ ਸੁਸਤ ਚਾਲ ਵਾਲ਼ੀ ਹੋਵੇਗੀ ਵੀ, ਕਿਉਂਕਿ ਕਿਸੇ ਇੱਕ ਪੂੰਜੀਵਾਦੀ ਦੇਸ਼ ਵਿੱਚ ਪੁਰਾਤਨ ਸੰਸਥਾਵਾਂ ਇੰਨੀ ਬਹੁਤੀ ਗਿਣਤੀ ਵਿੱਚ ਜੀਉਦੀਆਂ ਨਹੀਂ ਰਹੀਆਂ, ਜਿੰਨਾ ਦੀ ਪੂੰਜੀਵਾਦ ਨਾਲ਼ ਇੱਕਸੁਰਤਾ ਨਾ ਹੋਵੇ! ਇਹ ਉਸਦੇ ਵਿਕਾਸ ਨੂੰ ਰੋਕਦੀਆਂ ਹਨ ਅਤੇ ਉਤਪਾਦਕਾਂ ਦੀ ਹਾਲਤ ਜਿਸ ਤਰਾਂ  ਖਰਾਬ ਕਰਦੀਆਂ ਹਨ, ਉਨਾਂ ਦਾ ਅੰਦਾਜਾ ਹੀ ਨਹੀਂ ਕੀਤਾ ਜਾ ਸਕਦਾ, ਕਿਉਂਕਿ ”ਇਹ ਪੂੰਜੀਵਾਦੀ ਉਤਪਾਦਨ ਦੇ ਵਿਕਾਸ ਤੋਂ ਹੀ ਨੁਕਸਾਨ ਨਹੀਂ ਉਠਾਉਂਦਾ, ਸਗੋਂ ਉਸ ਵਿਕਾਸ ਦੇ ਅਧੂਰੇਪਨ ਨਾਲ਼ ਕਾਫੀ ਨੁਕਸਾਨ ਵਿੱਚ ਰਹਿੰਦਾ ਹੈ।” ਅੰਤਮ ਗੱਲ ਇਹ ਹੈ ਕਿ ਨਰੋਦਨਿਕਾਂ ਨਾਲ਼ ਫਰਕ ਦਾ ਸ਼ਾਇਦ ਸਭ ਤੋਂ ਠੋਸ ਕਾਰਨ ਇਹ ਹੈ ਕਿ ਅਸੀਂ ਸਮਾਜਿਕ ਅਤੇ ਆਰਥਿਕ ਖੇਤਰ ਦੇ ਅਮਲ ਬਾਰੇ ਬੁਨਿਆਦੀ ਤੌਰ ‘ਤੇ ਵੱਖਰੇ ਢੰਗ ਨਾਲ਼ ਸੋਚਦੇ ਹਾਂ। ਇਸ ਪਿਛਲੇਰੀ ਗੱਲ ਬਾਰੇ ਜਦੋਂ ਵੀ ਨਰੋਦਨਿਕ ਸੋਚਦੇ ਹਨ ਤਾਂ ਉਹ ਆਮ ਤੌਰ ‘ਤੇ ਕੋਈ ਨਾ ਕੋਈ ਸਿੱਟਾ ਕੱਢਦੇ ਹਨ, ਜਿਸਤੋਂ ਕਿਸੇ ਨਾ ਕਿਸੇ ਨੈਤਿਕ ਪਹਿਲੂ ਦਾ ਪ੍ਰਗਟਾਵਾ ਹੁੰਦਾ ਹੈ, ਨਰੋਦਨਿਕ ਇਸ ਗੱਲ ਬਾਰੇ ਨਹੀਂ ਸੋਚਦਾ ਕਿ ਜੀਵਨ ਵਿੱਚ ਕਈ ਰੂਪਾਂ ਦੀ ਸਿਰਜਣਾ ਕਰਨ ਵਾਲ਼ੇ ਲੋਕ, ਉਤਪਾਦਨ ਦੇ ਖੇਤਰ ਵਿੱਚ, ਵੱਖ-ਵੱਖ ਧੜਿਆਂ ਵਾਲ਼ੇ ਹੋਣ ਦੇ ਬਾਵਜੂਦ ਵੀ, ਇਕੱਠੇ ਕੰਮ ਕਰ ਰਹੇ ਹਨ, ਉਹ ਇਹ ਗੱਲ ਵੀ ਨਹੀਂ ਸੋਚਦਾ ਕਿ ਇਨਾਂ ਗੁੱਟਾਂ ਦੇ ਪਰਸਪਰ ਸਬੰਧਾਂ ਨਾਲ਼ ਕਿਸ ਤਰਾਂ ਦੇ ਸਮਾਜਿਕ ਅਤੇ ਆਰਥਿਕ ਸਬੰਧਾਂ ਦਾ ਕੁੱਲ ਜੋੜ ਹੋਂਦ ਵਿੱਚ ਆ ਰਿਹਾ ਹੈ… ਅਤੇ ਉਹ ਵੀ ਇਸ ਗੱਲ ਦੇ ਬਾਵਜੂਦ ਕਿ ਇਨਾਂ ਦੇ ਭਿੰਨ-ਭਿੰਨ ਹਿੱਤ ਹਨ ਅਤ ਇਨਾਂ ਦੀ ਇਤਿਹਾਸਕ ਭੂਮਿਕਾ ਵੀ ਵੱਖੋ-ਵੱਖਰੀ ਹੈ…. ਜੇਕਰ ਇਨਾਂ ਸਤਰਾਂ ਦਾ ਲੇਖਕ ਇਨ੍ਹਾਂ ਸਮੱਸਿਆਵਾਂ ਨੂੰ ਸਪੱਸ਼ਟ ਕਰਨ ਵਾਸਤੇ ਕੁੱਝ ਸਮੱਗਰੀ ਪੇਸ਼ ਕਰਨ ਵਿੱਚ ਸਫਲ ਹੋਇਆ ਹੈ, ਤਾਂ  ਉਹ ਸਮਝੇਗਾ ਕਿ ਉਸ ਦੀ ਘਾਲਣਾ ਅਜਾਈਂ ਨਹੀਂ ਗਈ!

(ਸ੍ਰੋਤ ¸’ਰੂਸ ਵਿੱਚ ਪੂੰਜੀਵਾਦ ਦਾ ਵਿਕਾਸ’ 
ਪੰਜਾਬੀ ਛਾਪ, ਪੰਨਾ-585-90)

1. ਆਓ ਵੇਖੀਏ ਕਿ ਜੇਕਰ ਪੂੰਜੀਵਾਦ ਇੰਗਲੈਂਡ ਨੂੰ ਸਮੁੰਦਰ ਦੀ ਤਹਿ ਵਿੱਚ ਡੁਬੋ ਕੇ ਆਪ ਉਹਦੀ ਥਾਂ ਲੈ ਲਵੇ, ਤਾਂ ਇਹ ਹੋਰ ਕਿਸ ਤਰਾਂ ਦਾ ਵਿਕਾਸ ਲੈ ਕੇ ਆਵੇਗਾ।” (ਮਿਸਟਰਐਨ-Sketches, 210) ਇੰਗਲੈਂਡ ਅਤੇ ਅਮਰੀਕਾ ਕਪਾਹ ਉਦਯੋਗ, ਜੋ ਕਿ ਵਿਸ਼ਵ ਦੀ 2/3 ਮੰਗ ਦੀ ਪੂਰਤੀ ਕਰਦਾ ਹੈ, ਕੁੱਲ 600,000 ਲੋਕਾਂ ਤੋਂ ਕੁੱਝ ਵੱਧ ਨੂੰ ਨੌਕਰ ਰੱਖਕੇ ਕੰਮ ਕਰਦਾ ਹੈ, ”ਇਸਦਾ ਮਤਲਬ ਇਹ ਹੈ ਕਿ ਜੇਕਰ ਅਸੀਂ ਵਿਸ਼ਵ ਮੰਡੀ ਦਾ ਕਾਫੀ ਸਾਰਾ ਹਿੱਸਾ ਸੰਭਾਲ਼ ਲਈਏ, ਪੂੰਜੀਵਾਦ ਸਮੂਹ ਕਿਰਤੀਆਂ ਨੂੰ ਇਸਤੇਮਾਲ ਕਰਨੋ ਅਸਮਰੱਥ ਹੋਵੇਗਾ, ਕਿਉਂਕਿ ਇਹ ਹੁਣ ਤੋਂ ਹੀ ਉਨ੍ਹਾਂ ਨੂੰ ਨੌਕਰੀਆਂ ਤੋਂ ਵਾਂਝਿਆਂ ਕਰ ਰਿਹਾ ਹੈ। ਇਸ ਤਰਾਂ, ਅਮਰੀਕਾ ਅਤੇ ਇੰਗਲੈਂਡ ਦੇ ਤਕਰੀਬਨ 600,000 ਕਿਰਤੀ ਉਨਾਂ ਦੇ ਮੁਕਾਬਲੇ ਵਿੱਚ ਕੀ ਹਨ, ਜਿਹੜੇ ਕਿ ਲੱਖਾਂ ਹੀ ਕਿਸਾਨ ਮਹੀਨਿਆਂ ਬੱਧੀ ਰੁਜ਼ਗਾਰ ਤੋਂ ਵਾਂਝੇ ਰੱਖੇ ਜਾਂਦੇ ਹਨ?” (211) 

”ਹੁਣ ਤੱਕ ਤਾਂ ਇਤਿਹਾਸ ਗੇੜ ਕੱਢਦਾ ਰਿਹਾ ਹੈ, ਪਰ ਹੁਣ ਇਹ ਅੱਗੇ ਨਹੀਂ ਵਧਦਾ, ”ਹੁਣ ਤੱਕ ਪੂੰਜੀਵਾਦ ਦੇ ਅੰਤਰਗਤ ਕੱਪੜਾ ਉਦਯੋਗ ਦੇ ਖੇਤਰ ਵਿੱਚ ਚੁੱਕਿਆ ਗਿਆ ਹਰੇਕ ਕਦਮ ਕਿਸਾਨੀ ਦੇ ਨਿਖੇੜੇ ਨਾਲ਼ ਜੁੜਿਆ ਹੋਇਆ ਰਿਹਾ ਹੈ, ਵਪਾਰਕ ਕਾਸ਼ਤਕਾਰੀ ਅਤੇ ਪੂੰਜੀਵਾਦੀ ਕਾਸ਼ਤਕਾਰੀ ਦਾ ਵਿਕਾਸ ਵੀ ਇਸ ਨਾਲ਼ ਨੱਥੀ ਹੈ। ਇਸਦੇ ਨਾਲ਼ ਹੀ, ਕਾਸ਼ਤਕਾਰੀ ਦੇ ਖੇਤਰ ਵਿੱਚੋਂ ਉਦਯੋਗ ਦੇ ਖੇਤਰ ਵੱਲ ਵਸੋਂ ਦੀ ਆਵਾਜਾਈ ਵੀ ਇਸ ਵਿੱਚ ਸ਼ਾਮਿਲ ਹੈ। ਇਸ ਨਾਲ਼ ‘ਲੱਖਾਂ ਹੀ ਕਿਸਾਨ’ ਉਸਾਰੀ, ਟਿੰਬਰ ਦੀ ਕਟਾਈ ਅਤੇ ਹੋਰ ਹਰ ਤਰਾਂ ਦੇ ਗੈਰ-ਕਾਸ਼ਤਕਾਰੀ ਵਾਲ਼ੇ ਧੰਦਿਆਂ ਵੱਲ ਵੀ ਚਲੇ ਗਏ ਹਨ ਅਤੇ ਉਜ਼ਰਤੀ ਬਣ ਗਏ ਹਨ! ਇਸ ਨਾਲ਼ ਇਹ ਵੀ ਹੋਇਆ ਕਿ ਬਾਹਰਲੇ ਖੇਤਰਾਂ ਵੱਲ ਲੋਕਾਂ ਦੇ ਸਮੂਹ ਪ੍ਰਵਾਸ ਕਰ ਗਏ ਹਨ ਅਤੇ ਇਹ ਖੇਤਰ ਪੂੰਜੀਵਾਦ ਵਾਸਤੇ ਮੰਡੀ ਬਣ ਗਏ ਹਨ। ਫਿਰ ਵੀ, ਇਹ ਸਭ ਕੁੱਝ ਹੁਣ ਤੱਕ ਵੀ ਵਾਪਰ ਰਿਹਾ ਹੈ, ਫਿਰ ਵੀ ਕੁੱਝ ਨਹੀਂ ਵਾਪਰਦਾ। 

2. ਉਸਨੇ ਕਿਉਂਕਿ ਉਤਪਾਦਨ ਸਾਧਨਾਂ ਦੇ ਮਹੱਤਵ ਨੂੰ ਅਣਡਿੱਠ ਕਰ ਦਿੱਤਾ ਹੈ ਅਤੇ ‘ਅੰਕੜਿਆਂ’ ਪ੍ਰਤੀ ਬੜੀ ਅਣਗਹਿਲੀ ਵਾਲ਼ਾ ਵਤੀਰਾ ਪੇਸ਼ ਕੀਤਾ ਹੈ, ਇਸੇ ਕਰਕੇ ਹੀ ਮਿਸਟਰ ਐਨ¸ਨੇ ਇਹ ਬੇਲੋੜਾ ਜਿਹਾ ਬਿਆਨ ਪੇਸ਼ ਕੀਤਾ ਹੈ ਕਿ : ”ਸਮੁੱਚਾ (! ) ਪੂੰਜੀਵਾਦੀ ਉਤਪਾਦਨ, ਮੈਨੂਫੈਕਚਰਿੰਗ ਉਦਯੋਗ ਦੇ ਖੇਤਰ ਵਿੱਚ, ਵੱਧ ਤੋਂ ਵੱਧ 4000 ਤੋਂ 5000 ਲੱਖ ਰੂਬਲ ਤੱਕ ਦੀਆਂ ਨਵੀਆਂ ਕਦਰਾਂ ਕੀਮਤਾਂ ਪੈਦਾ ਕੀਤੀਆਂ ਹਨ।” (Sketches, 328) ਮਿਸਟਰ ਐਨ¸ਤਿੰਨ ਫੀ ਸਦੀ ਟੈਕਸ ਅਤੇ ਵਾਧੂ ਲਾਭ ਟੈਕਸ ਬਾਰੇ ਦਿੱਤੇ ਗਏ ਬਿਆਨ-ਨਾਮਿਆਂ ਦੇ ਅਧਾਰ ‘ਤੇ ਇਹ ਅੰਦਾਜਾ ਲਾਉਂਦਾ ਹੈ। ਉਹ ਇਹ ਗੱਲ ਸੋਚਣੋਂ ਵੀ ਨਹੀਂ ਝਿਜਕਦਾ, ਕਿ ਕੀ ਇਸ ਤਰਾਂ ਦੇ ਬਿਆਨਨਾਮੇ ‘ਮੈਨੂਫੈਕਚਰਿੰਗ ਉਦਯੋਗ ਦੇ ਖੇਤਰ ਦੇ ਸਾਰੇ ਹੀ ਪੂੰਜੀਵਾਦੀ ਉਤਪਾਦਨ ਨੂੰ ਆਪਣੇ ਘੇਰੇ ਵਿੱਚ ਲੈ ਸਕਦੇ ਹਨ।” ਇਸ ਦੇ ਇਲਾਵਾ, ਉਹ-ਉਨ੍ਹਾਂ ਬਿਆਨ-ਨਾਮਿਆਂ ‘ਤੇ ਯਕੀਨ ਕਰਦਾ ਹੈ (ਜੋ ਕਿ ਉਸ ਦੇ ਆਪਣੇ ਸਵੀਕਾਰਨ ਅਨੁਸਾਰ ਵੀ!) ਜਿਨ੍ਹਾਂ ਵਿੱਚ ਖਾਣਾਂ ਦਾ ਅਤੇ ਧਾਤ ਸੋਧਕ ਫੈਕਟਰੀਆਂ ਦਾ ਖੇਤਰ ਸ਼ਾਮਿਲ ਨਹੀਂ ਹੈ, ਪਰ ਫਿਰ ਵੀ ਇਨਾਂ ਨਵੀਆਂ ‘ਕਦਰਾਂ-ਕੀਮਤਾਂ’ ਵਿੱਚ ਕੇਵਲ ਵਾਧੂ-ਮੁੱਲ ਅਤੇ ਅਸਥਿਰ ਪੂੰਜੀ ਨੂੰ ਹੀ ਸ਼ਾਮਿਲ ਕਰਦਾ ਹੈ। ਸਾਡਾ ਸਿਧਾਂਤਕਾਰ ਇਹ ਗੱਲ ਭੁੱਲ ਗਿਆ ਹੈ ਕਿ, ਕੀ ਉਦਯੋਗ ਦੇ ਉਹਨਾਂ ਖੇਤਰਾਂ ਵਿੱਚ, ਜੋ ਕਿ ਨਿੱਜੀ ਵਰਤੋਂ ਵਾਸਤੇ ਉਤਪਾਦਨ ਕਰਦੇ ਹਨ, ਸਥਿਰ ਪੂੰਜੀ ਵੀ ‘ਸਮਾਜ’ ਲਈ ਨਵਾਂ ਮੁੱਲ ਹੀ ਹੁੰਦੀ ਹੈ ਅਤੇ ਇਸਨੂੰ ਉਦਯੋਗ ਦੇ ਉਨਾਂ ਖੇਤਰਾਂ ਨਾਲ਼ (ਅਤੇ ਅਸਥਿਰ ਪੂੰਜੀ ਦੇ ਵਾਧੂ ਮੁੱਲ ਨਾਲ਼) ਤਬਦੀਲ ਕਰ ਲਿਆ ਜਾਂਦਾ ਹੈ, ਜੋ ਕਿ ਉਤਪਾਦਨ ਸਾਧਨਾਂ ਨੂੰ ਪੈਦਾ ਕਰਦੇ ਹਨ (ਖਾਣਾਂ, ਧਾਤ ਸੋਧਕ ਉਦਯੋਗ, ਇਮਾਰਤ ਸਾਜ਼ੀ, ਟਿੰਬਰ ਦੀ ਕਟਾਈ, ਰੇਲਵੇ, ਉਸਾਰੀ ਆਦਿ) । ਜੇਕਰ ਮਿਸ਼ਟਰ ਐਨ¸ਨੇ ਫੈਕਟਰੀ, ਕਿਰਤੀਆਂ ਨੂੰ ਉਨਾਂ ਕੁੱਲ ਕਿਰਤੀਆਂ ਦੀ ਗਿਣਤੀ ਨਾਲ਼ ਉਲਝਾਇਆ ਹੁੰਦਾ, ਜੋ ਕਿ ਪੂੰਜੀ ਦੇ ਪੱਖੋਂ ਮੈਨੂਫੈਕਚਰਿੰਗ ਉਦਯੋਗ ਵਿੱਚ ਕੰਮ ਕਰਦੇ ਹਨ, ਤਾਂ ਉਸਨੂੰ ਆਪਣੇ ਕਿਆਸ ਦੀਆਂ ਗਲਤੀਆਂ ਦਾ ਅਸਾਨੀ ਨਾਲ਼ ਪਤਾ ਲੱਗ ਜਾਣਾ ਸੀ। 

3. ਉਦਾਹਰਣ ਲਈ, ਰੂਸ ਦੇ ਇੱਕ ਪ੍ਰਮੁੱਖ ਮੱਛੀ ਪਾਲਣ ਕੇਂਦਰ ਵਿੱਚ¸ਮੁਰਮਨਾਸਕ ਦੇ ਸਮੁੰਦਰੀ ਖੇਤਰ ਵਿੱਚ¸ਪੁਰਾਤਨ ਕਾਲ ਤੋਂ ਪ੍ਰਚਲਤ ਅਤੇ ਅਰਥ ਵਿਵਸਥਾ ਦੇ ਖੋਖਲੇ ਸਬੰਧ ਪੂਰੀ ਤਰਾਂ ਕਾਇਮ ਸਨ, ਜਿਨ੍ਹਾਂ ਨੂੰ ਪੋਕਰੂਤ ਕਿਹਾ ਜਾਂਦਾ ਸੀ। ਇਨ੍ਹਾਂ ਨੂੰ ਸਤਾਰ੍ਹਵੀ ਸਦੀ ਵਿੱਚ ਸਥਾਪਤ ਕੀਤਾ ਗਿਆ ਸੀ ਅਤੇ ਇਹ ਅਜੇ ਤੱਕ ਵੀ ਨਹੀਂ ਬਦਲੇ। ”ਪੋਕਰੂਤ ਲੋਕਾਂ ਅਤੇ ਉਨਾਂ ਦੇ ਮਾਲਕਾਂ ਦੇ ਸਬੰਧ ਕੇਵਲ ਉਸ ਸਮੇਂ ਤੱਕ ਹੀ ਸੀਮਤ ਨਹੀਂ ਸਨ, ਜੋ ਕਿ ਉਹ ਮੱਛੀ-ਪਾਲਣ ਫਾਰਮਾਂ ਵਿੱਚ ਗੁਜ਼ਾਰਦੇ ਸਨ : ਇਸਦੇ ਉਲ਼ਟ, ਉਨ੍ਹਾਂ ਲੋਕਾਂ ਦਾ ਸਮੁੱਚਾ ਜੀਵਨ ਹੀ ਇਸ ਗੇੜ ਵਿੱਚ ਫਸਿਆ ਹੋਇਆ ਸੀ ਅਤੇ ਉਹ ਸਥਾਈ ਰੂਪ ਵਿੱਚ, ਆਰਥਿਕ ਤੌਰ ‘ਤੇ ਆਪਣੇ ਮਾਲਕਾਂ ‘ਤੇ ਨਿਰਭਰ ਕਰਦੇ ਸਨ।” (Material on Artels in Russia, Vol.99, St. Petersburg, 1874, p. 33) ਖੁਸ਼ ਕਿਸਮਤੀ ਨਾਲ਼, ਉਦਯੋਗ ਦੇ ਇਸ ਖੇਤਰ ਵਿੱਚ ਵੀ, ਪੂੰਜੀਵਾਦ ਨੇ ਆਪਣੀ ਇਸ ਹਤਕਭਰੀ ਇਤਿਹਾਸਕ ਭੂਮਿਕਾ ਨੂੰ ਨਫ਼ਰਤ ਨਾਲ਼ ਦੁਰਕਾਰਿਆ ਹੈ। ”ਇਜ਼ਾਰੇਦਾਰੀ ਦੀ ਥਾਂ ਪੂੰਜੀਵਾਦੀ ਵਿਵਸਥਾ ਨੇ ਲੈ ਲਈ ਹੈ ਅਤੇ ਉਦਯੋਗ ਦੇ ਖੇਤਰ ਵਿੱਚ ਦਿਹਾੜੀਦਾਰ ਕਿਰਤੀਆਂ ਨਾਲ਼ ਕੰਮ ਹੋਣ ਲੱਗ ਪਿਆ ਹੈ।” (Productive Forces, V, pp. 2-4)

4. Cf. Studies P. 91, Foot note 85, p. 198. ( see collected works, Vol. 2, ‘1 characterisaturi of Economic Romanticisum,’’ ¸Ed.)

“ਪ੍ਰਤੀਬੱਧ”, ਅੰਕ 06, ਅਪ੍ਰੈਲ-ਜੂਨ 2007 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s