ਪ੍ਰੋਲੇਤਾਰੀ ਅਤੇ ਕਿਸਾਨੀ -ਜਾਰਜ ਥਾਮਸਨ

ਪੀ.ਡੀ.ਐਫ਼ ਡਾਊਨਲੋਡ ਕਰੋ

(ਪਿਛਲੀਆਂ ਸਾਰੀਆਂ ਇਤਿਹਾਸਕ ਲਹਿਰਾਂ ਘਟਗਿਣਤੀਆਂ ਦੀਆਂ, ਜਾਂ ਘਟਗਿਣਤੀਆਂ ਦੇ ਹਿੱਤਾਂ ਦੀਆਂ ਲਹਿਰਾਂ ਹੁੰਦੀਆਂ ਸਨ। ਪ੍ਰੋਲੇਤਾਰੀ ਲਹਿਰ ਅਥਾਹ ਬਹੁਗਿਣਤੀ ਦੀ, ਅਥਾਹ ਬਹੁਗਿਣਤੀ ਦੇ ਹਿੱਤਾਂ ਵਿੱਚ ਸਵੈਚੇਤੰਨ, ਆਜ਼ਾਦ ਲਹਿਰ ਹੁੰਦੀ ਹੈ। ਪ੍ਰੋਲੇਤਾਰੀ, ਸਾਰੇ ਵਰਤਮਾਨ ਸਮਾਜ ਦੀ ਸਭ ਤੋਂ ਹੇਠਲੀ ਪਰਤ, ਓਨਾ ਚਿਰ ਤੱਕ ਹਿਲ ਨਹੀਂ ਸਕਦੀ, ਆਪਣੇ ਆਪ ਨੂੰ ਉੱਪਰ ਨਹੀਂ ਚੁੱਕ ਸਕਦੀ, ਜਦੋਂ ਤੱਕ ਇਹ ਅਧਿਕਾਰਾਂ ਵਾਲੇ ਸਮਾਜ ਦੇ ਸਾਰੇ ਉੱਪਰਲੇ ਵਰਗਾਂ ਨੂੰ ਲਾਹ ਨਹੀਂ ਮਾਰਦੀ। —ਕਮਿਊਨਿਸਟ ਮੈਨੀਫੈਸਟੋ)

1. ਪ੍ਰੋਲੇਤਾਰੀ ਦੀ ਆਗੂ ਭੂਮਿਕਾ

ਆਧੁਨਿਕ ਸਮਾਜ ਵਿੱਚ ਸਿਰਫ਼ ਇਕੋ ਹੀ ਅਸਲੀ ਇਨਕਲਾਬੀ ਜਮਾਤ ਹੈ :

ਕਮਿਊਨਿਸਟ ਮੈਨੀਫੈਸਟੋ ਤੋਂ ਲੈ ਕੇ, ਸਾਰਾ ਆਧੁਨਿਕ ਸਮਾਜਵਾਦ ਇਸ ਨਿਰਵਿਵਾਦ ਸੱਚਾਈ ‘ਤੇ ਅਧਾਰਿਤ ਹੈ ਕਿ ਪੂੰਜੀਵਾਦੀ ਸਮਾਜ ਵਿੱਚ ਸਿਰਫ਼ ਪ੍ਰੋਲੇਤਾਰੀ ਹੀ ਅਸਲੀ ਇਨਕਲਾਬੀ ਜਮਾਤ ਹੈ। ਦੂਸਰੀਆਂ ਜਮਾਤਾਂ ਕੁਝ ਹੱਦ ਤੱਕ ਤੇ ਵਿਸ਼ੇਸ਼ ਹਾਲਤਾਂ ਅਧੀਨ ਹੀ ਇਨਕਲਾਬੀ ਹੋ ਸਕਦੀਆਂ ਹਨ ਜਾਂ ਬਣ ਜਾਂਦੀਆਂ ਹਨ। (ਲੈਨਿਨ ਸਮੁੱਚੀਆਂ ਲਿਖਤਾਂ, ਸੈਂਚੀ-6, ਪੰਨਾ-197, ਹੋਰ ਵੇਖੋ ਸੈਂਚੀ-16, ਪੰਨਾ-356)

ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਪ੍ਰੋਲੇਤਾਰੀ ਇਸ ਪੁਜ਼ੀਸ਼ਨ ਤੱਕ ਕਿਵੇਂ ਪਹੁੰਚਿਆ।

ਜਿਵੇਂ ਅਸੀਂ ਦੇਖਿਆ ਹੈ, ਪ੍ਰੋਲੇਤਾਰੀ ਤੇ ਬੁਰਜੂਆਜ਼ੀ ਵਿਚਕਾਰ ਵਿਰੋਧਤਾਈ ਪੂੰਜੀਵਾਦੀ ਸਮਾਜ ਅੰਦਰ ਬੁਨਿਆਦੀ ਵਿਰੋਧਤਾਈ ਭਾਵ ਕਿ ਉਤਪਾਦਨ ਦੇ ਸਮਾਜਿਕ ਖਾਸੇ ਅਤੇ ਮਾਲਕੀ ਦੇ ਨਿੱਜੀ ਖਾਸੇ ਵਿਚਲੀ ਵਿਰੋਧਤਾਈ ਨੂੰ ਪ੍ਰਗਟ ਕਰਦੀ ਹੈ। ਜਿਵੇਂ ਜਿਵੇਂ ਪੂੰਜੀਵਾਦ ਵਿਕਸਿਤ ਹੁੰਦਾ ਹੈ, ਛੋਟੇ ਪੈਮਾਨੇ ਦੇ ਉਤਪਾਦਨ ਦੀ ਥਾਂ ਵੱਡੇ ਪੈਮਾਨੇ ਦਾ ਉਤਪਾਦਨ ਲੈ ਲੈਂਦਾ ਹੈ, ਉਤਪਾਦਨ ਤੇ ਮਾਲਕੀ ਵਿਚਲੀ ਵਿਰੋਧਤਾਈ ਤਿੱਖੀ ਹੋ ਜਾਂਦੀ ਹੈ। ਤਦ ਨਿੱਜੀ ਮਾਲਕੀ ਦੇ ਢਾਂਚੇ ਦਾ ਖ਼ਾਤਮਾ ਹੋ ਜਾਂਦਾ ਹੈ ਤੇ ਉਸ ਦੀ ਥਾਂ ਜਨਤਕ ਮਾਲਕੀ ਦਾ ਢਾਂਚਾ, ਭਾਵ ਕਿ ਸਮਾਜਵਾਦ ਲੈ ਲੈਂਦਾ ਹੈ।

ਪੂੰਜੀਵਾਦੀ ਉਤਪਾਦਨ ਦੀ ਇਕਾਈ ਫੈਕਟਰੀ ਹੈ ਜਿਸ ਵਿੱਚ ਵੱਡੀ ਗਿਣਤੀ ਵਿੱਚ ਮਜ਼ਦੂਰ ਇਕੱਠੇ ਹੋ ਜਾਂਦੇ ਹਨ। ਇਹਨਾਂ ਮਜ਼ਦੂਰਾਂ ਕੋਲ ਆਪਣੀ ਕਿਰਤ ਸ਼ਕਤੀ ਤੋਂ ਸਿਵਾ ਕੁਝ ਨਹੀਂ ਹੁੰਦਾ ਜੋ ਉਹ ਜਿਉਂਦੇ ਰਹਿਣ ਲਈ ਪੂੰਜੀਪਤੀਆਂ ਕੋਲ ਵੇਚਦੇ ਹਨ। ਸਾਰੇ ਮਜ਼ਦੂਰਾਂ ਵਿੱਚੋਂ ਉਹਨਾਂ ਦੀ ਲੁੱਟ ਸਭ ਤੋਂ ਤਿੱਖੀ ਹੁੰਦੀ ਹੈ; ਪਰ ਇਕੱਠੇ ਕੰਮ ਕਰਦੇ ਹੋਣ ਕਰਕੇ, ਉਹ ਸਵੈਰੱਖਿਆ ਲਈ ਖੁਦ ਨੂੰ ਜੱਥੇਬੰਦ ਕਰਨ ਦੀ ਹਾਲਤ ਵਿੱਚ ਹੁੰਦੇ ਹਨ। ਉਹ ਇੱਕਮੁੱਠ ਹੋ ਕੇ ਸਾਂਝੇ ਦੁਸ਼ਮਣ ਖਿਲਾਫ਼ ਖੜ੍ਹਦੇ ਹਨ, ਜਮਾਤੀ ਤੌਰ ‘ਤੇ ਚੇਤੰਨ ਹੁੰਦੇ ਹਨ, ਟਰੇਡ ਯੂਨੀਅਨਾਂ ਬਣਾਉਂਦੇ ਹਨ, ਇੱਕ ਆਜ਼ਾਦ ਮਜ਼ਦੂਰ ਜਮਾਤੀ ਪਾਰਟੀ ਬਣਾਉਂਦੇ ਹਨ ਅਤੇ ਖੁਦ ਨੂੰ ਮਾਰਕਸਵਾਦੀ ਸਿਧਾਂਤ, ਜੋ ਕਿ ਉਹਨਾਂ ਦੇ ਸੰਘਰਸ਼ ਦੀ ਪੈਦਾਇਸ਼ ਹੈ, ਨਾਲ਼ ਲੈਸ ਕਰਦੇ ਹਨ:

ਉਹਨਾਂ ਦੇ ਜੀਵਨ ਦੀਆਂ ਹਾਲਤਾਂ ਹੀ ਮਜ਼ਦੂਰਾਂ ਨੂੰ ਸੰਘਰਸ਼ ਦੇ ਯੋਗ ਬਣਾਉਂਦੀਆਂ ਹਨ ਤੇ ਸੰਘਰਸ਼ ਲਈ ਮਜਬੂਰ ਕਰਦੀਆਂ ਹਨ। ਪੂੰਜੀ ਮਜ਼ਦੂਰਾਂ ਨੂੰ ਵੱਡੇ ਸ਼ਹਿਰਾਂ ਵਿੱਚ ਵੱਡੇ-ਵੱਡੇ ਸਮੂਹਾਂ ਵਿੱਚ ਇਕੱਠੇ ਕਰਦੀ ਹੈ, ਉਹਨਾਂ ‘ਚ ਏਕਤਾ ਕਾਇਮ ਕਰਦੀ ਹੈ, ਇਕੱਠੇ ਹੋ ਕੇ ਲੜਨਾ ਸਿਖਾਉਂਦੀ ਹੈ। ਹਰ ਕਦਮ ‘ਤੇ ਮਜ਼ਦੂਰ ਆਪਣੀ ਮੁੱਖ ਦੁਸ਼ਮਣ ਪੂੰਜੀਪਤੀ ਜਮਾਤ ਦੇ ਆਹਮੋ-ਸਾਹਮਣੇ ਹੁੰਦੇ ਹਨ। ਇਸ ਦੁਸ਼ਮਣ ਖਿਲਾਫ਼ ਯੁੱਧ ਕਰਦੇ ਹੋਏ ਮਜ਼ਦੂਰ ਸਮਾਜਵਾਦੀ ਬਣ ਜਾਂਦੇ ਹਨ, ਸਾਰੇ ਸਮਾਜ ਦੀ ਪੂਰੀ ਤਰ੍ਹਾਂ ਨਾਲ਼ ਮੁੜ ਉਸਾਰੀ, ਸਾਰੀ ਗਰੀਬੀ ਤੇ ਦਾਬੇ ਦੇ ਪੂਰੀ ਤਰ੍ਹਾਂ ਖਾਤਮੇ ਦੀ ਜ਼ਰੂਰਤ ਸਮਝ ਜਾਂਦੇ ਹਨ। (ਲੈਨਿਨ ਸਮੁੱਚੀਆਂ ਰਚਨਾਵਾਂ, ਸੈਂਚੀ-16, ਪੰਨਾ-701, ਹੋਰ ਦੇਖੋ ਸੈਂਚੀ-7, ਪੰਨਾ-415)

ਆਪਣੇ ਅਭਿਆਸ ਦੇ ਪਹਿਲੇ ਅਰਸੇ, ਮਸ਼ੀਨਾਂ ਤੋੜਨ ਤੇ ਆਪ-ਮੁਹਾਰੇ ਸੰਘਰਸ਼ਾਂ ਦੇ ਅਰਸੇ ਦੌਰਾਨ ਪ੍ਰੋਲੇਤਾਰੀ ਪੂੰਜੀਵਾਦੀ ਸਮਾਜ ਦੀ ਆਪਣੀ ਜਾਣਕਾਰੀ ਵਿੱਚ ਗਿਆਨ ਦੇ ਅਨੁਭਵੀ ਪੜਾਅ ‘ਤੇ ਹੀ ਸੀ; ਉਹ ਪੂੰਜੀਵਾਦ ਦੇ ਵਰਤਾਰੇ ਦੇ ਕੁਝ ਪੱਖਾਂ ਤੇ ਬਾਹਰੀ ਸਬੰਧਾਂ ਬਾਰੇ ਹੀ ਜਾਣਦਾ ਸੀ। ਉਸ ਸਮੇਂ ਤੱਕ ਪ੍ਰੋਲੇਤਾਰੀ ‘ਆਪਣੇ ਆਪ ਵਿੱਚ ਜਮਾਤ’ ਹੀ ਸੀ। ਪਰ ਜਦੋਂ ਇਹ ਆਪਣੇ ਅਭਿਆਸ ਦੇ ਦੂਸਰੇ ਅਰਸੇ ‘ਚ, ਚੇਤੰਨ ਤੇ ਜੱਥੇਬੰਦ ਆਰਥਿਕ ਤੇ ਸਿਆਸੀ ਘੋਲਾਂ ਦੇ ਅਰਸੇ ‘ਚ ਪਹੁੰਚਿਆ, ਤਾਂ ਪ੍ਰੋਲੇਤਾਰੀ ਪੂੰਜੀਵਾਦੀ ਸਮਾਜ ਦੇ ਤੱਤ, ਸਮਾਜਿਕ ਜਮਾਤਾਂ ਵਿਚਲੇ ਲੁੱਟ-ਖੋਹ ਦੇ ਸਬੰਧਾਂ ਤੇ ਆਪਣੇ ਇਤਿਹਾਸਕ ਕਾਰਜ ਨੂੰ ਸਮਝਣ ਦੇ ਕਾਬਿਲ ਹੋ ਗਿਆ। ਉਹ ਆਪਣੇ ਅਭਿਆਸ ਕਰਕੇ ਅਤੇ ਆਪਣੇ ਲੰਮੇ ਸੰਘਰਸ਼ ਦੇ ਤਜ਼ਰਬੇ ਕਰਕੇ ਇਉਂ ਕਰਨ ਦੇ ਯੋਗ ਹੋਇਆ ਜਿਸ ਦੇ ਸਾਰੇ ਰੂਪਾਂ ਦਾ ਵਿਗਿਆਨਕ ਨਿਚੋੜ ਕੱਢਦੇ ਹੋਏ ਮਾਰਕਸ ਤੇ ਏਂਗਲਜ਼ ਨੇ ਪ੍ਰੋਲੇਤਾਰੀ ਨੂੰ ਸਿੱਖਿਅਤ ਕਰਨ ਲਈ ਮਾਰਕਸਵਾਦ ਦੇ ਸਿਧਾਂਤ ਦਾ ਨਿਰਮਾਣ ਕੀਤਾ। ਫੇਰ ਹੀ ‘ਪ੍ਰੋਲੇਤਾਰੀ ਆਪਣੇ ਲਈ ਜਮਾਤ’ ਬਣਿਆ। (ਮਾਓ-ਜ਼ੇ-ਤੁੰਗ ਚੋਣਵੀਆਂ ਰਚਨਾਵਾਂ, ਸੈਂਚੀ-1, ਪੰਨਾ-301, ਹੋਰ ਦੇਖੋ ਪੰਨਾ-312)

ਇਸ ਤਰ੍ਹਾਂ, ਅਸੀਂ ਕਹਿ ਸਕਦੇ ਹਾਂ ਕਿ ਪੂੰਜੀਵਾਦੀ ਸਮਾਜ ਦੀ ਮੁੱਖ ਵਿਰੋਧਤਾਈ ਦੇ ਮੁੱਖ ਪਹਿਲੂ ਦੇ ਰੂਪ ਵਿੱਚ ਆਪਣੀ ਚੇਤੰਨ ਪਛਾਣ ਕਰ ਲੈਣ ਦੀ ਸਮਰੱਥਾ ਕਾਰਨ ਪ੍ਰੋਲੇਤਾਰੀ ਆਗੂ ਭੂਮਿਕਾ ਸੰਭਾਲ ਲੈਂਦਾ ਹੈ। ਇਹ ਮਨੁੱਖਤਾ ਦੇ ਦੂਰਰਸ ਹਿੱਤਾਂ ਦੀ ਨੁਮਾਇੰਦਗੀ ਕਰਦਾ ਹੈ। ਜਿਵੇਂ ਬੁਰਜੂਆਜ਼ੀ ਨੇ ਪੂੰਜੀਵਾਦੀ ਉਤਪਾਦਕ ਸ਼ਕਤੀਆਂ ਦੇ ਪੂਰੇ ਵਿਕਾਸ ਵਿੱਚ ਰੁਕਾਵਟਾਂ ਪਾਉਣ ਵਾਲੇ ਜਗੀਰੂ ਢਾਂਚੇ ਨੂੰ ਪਲਟ ਦਿੱਤਾ ਸੀ, ਉਵੇਂ ਹੀ ਪ੍ਰੋਲੇਤਾਰੀ ਅਗੇਰੇ ਵਿਕਾਸ ਲਈ ਉਤਪਾਦਕ ਸ਼ਕਤੀਆਂ ਨੂੰ ਆਜ਼ਾਦ ਕਰਨ ਲਈ ਪੂੰਜੀਵਾਦੀ ਢਾਂਚੇ ਨੂੰ ਪਲਟ ਦਿੰਦਾ ਹੈ ਜਿਸ ਨਾਲ਼ ਸਮਾਜ ਦੀ ਜਮਾਤਾਂ ਵਿੱਚ ਵੰਡ ਤੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖ਼ਤਮ ਹੋ ਜਾਵੇਗੀ।

2. ਮਜ਼ਦੂਰ-ਕਿਸਾਨ ਗੱਠਜੋੜ

ਪ੍ਰੋਲੇਤਾਰੀ ਦੇ ਉਲਟ, ਕਿਸਾਨੀ ਛੋਟੇ-ਪੈਮਾਨੇ ਦੇ ਉਤਪਾਦਨ ਤੇ ਨਿੱਜੀ ਜਾਇਦਾਦ ਨਾਲ਼ ਜੁੜੀ ਹੁੰਦੀ ਹੈ:

ਮਜ਼ਦੂਰ ਕੋਲ ਉਤਪਾਦਨ ਦੇ ਸਾਧਨਾਂ ਦੀ ਕੋਈ ਮਾਲਕੀ ਨਹੀਂ ਹੁੰਦੀ ਅਤੇ ਉਹ ਆਪਣੇ ਆਪ ਨੂੰ, ਆਪਣੇ ਹੱਥਾਂ ਨੂੰ, ਆਪਣੀ ਕਿਰਤ-ਸ਼ਕਤੀ ਨੂੰ ਵੇਚਦਾ ਹੈ। ਕਿਸਾਨ ਕੋਲ ਸੰਦਾਂ, ਪਸ਼ੂ ਧਨ, ਆਪਣੀ ਜਾਂ ਠੇਕੇ ‘ਤੇ ਲਈ ਜ਼ਮੀਨ ਦੇ ਰੂਪ ਵਿੱਚ ਉਤਪਾਦਨ ਦੇ ਸਾਧਨਾਂ ਦੀ ਮਾਲਕੀ ਹੁੰਦੀ ਹੈ ਅਤੇ ਇੱਕ ਛੋਟੇ ਮਾਲਕ, ਇੱਕ ਛੋਟੇ ਉੱਦਮੀ, ਇੱਕ ਨਿੱਕ-ਬੁਰਜੂਆ ਦੀ ਹੈਸੀਅਤ ਵਿੱਚ ਆਪਣੀ ਖੇਤੀ ਦੀ ਪੈਦਾਵਾਰ ਵੇਚਦਾ ਹੈ। (ਲੈਨਿਨ ਸਮੁੱਚੀਆਂ ਰਚਨਾਵਾਂ, ਸੈਂਚੀ-18, ਪੰਨਾ-37, ਹੋਰ ਦੇਖੋ ਸੈਂਚੀ-22, ਪੰਨਾ-95)

ਕਿਸਾਨ ਛੋਟੇ ਮਾਲਕਾਂ ਦੀ ਇੱਕ ਜਮਾਤ ਹਨ। ਆਜ਼ਾਦੀ ਲਈ ਸੰਘਰਸ਼ ਤੇ ਸਮਾਜਵਾਦ ਲਈ ਸੰਘਰਸ਼ ਦੇ ਸਬੰਧ ਵਿੱਚ ਇਹ ਜਮਾਤ ਮਜ਼ਦੂਰਾਂ ਦੇ ਮੁਕਾਬਲੇ ਕਿਤੇ ਘੱਟ ਢੁੱਕਵੀਂ ਪੋਜ਼ੀਸ਼ਨ ਵਿੱਚ ਹੈ। ਵੱਡੇ ਉੱਦਮਾਂ ਵਿੱਚ ਕੰਮ ਨਾ ਕਰਨ ਕਰਕੇ ਕਿਸਾਨ ਇੱਕਜੁੱਟ ਨਹੀਂ ਹਨ, ਉਲਟਾ ਉਹ ਆਪਣੀ ਛੋਟੀ, ਵਿਅਕਤੀਗਤ ਖੇਤੀ ਕਰਕੇ ਨਿੱਖੜੇ ਹੋਏ ਹਨ। ਮਜ਼ਦੂਰਾਂ ਦੀ ਤਰ੍ਹਾਂ ਉਹ ਆਪਣੇ ਸਾਹਮਣੇ ਪੂੰਜੀਪਤੀ ਦੇ ਰੂਪ ਵਿੱਚ ਖੁੱਲ੍ਹੇਆਮ, ਪ੍ਰਤੱਖ ਇੱਕੋ ਦੁਸ਼ਮਣ ਨਹੀਂ ਵੇਖਦੇ। ਉਹ ਖੁਦ ਕੁਝ ਹੱਦ ਤੱਕ ਸੁਆਮੀ ਤੇ ਮਾਲਕ ਹਨ। (ਲੈਨਿਨ ਸਮੁੱਚੀਆਂ ਰਚਨਾਵਾਂ ਸੈਂਚੀ-11, ਪੰਨਾ-394, ਹੋਰ ਦੇਖੋ ਸੈਂਚੀ-29, ਪੰਨਾ-365)

ਪਰ ਫਿਰ ਵੀ, ਪੂੰਜੀਵਾਦ ਦੇ ਅਸਾਵੇ ਵਿਕਾਸ ਕਾਰਨ, ਕੁਝ ਵਿਸ਼ੇਸ਼ ਹਾਲਤਾਂ ਹਨ ਜਦੋਂ ਪ੍ਰੋਲੇਤਾਰੀ ਕਿਸਾਨੀ ਦੇ ਵੱਡੇ ਸਮੂਹਾਂ ਨੂੰ ਆਪਣੇ ਹੱਕ ਵਿੱਚ ਜਿੱਤ ਸਕਦਾ ਹੈ।

ਰੂਸ ਵਿੱਚ ਪੂੰਜੀਵਾਦ ਪੱਛਮੀ ਯੂਰਪ ਨਾਲੋਂ ਦੇਰ ਨਾਲ਼ ਵਿਕਸਿਤ ਹੋਇਆ ਅਤੇ ਇਸ ਕਰਕੇ ਇਹ ਤੇਜ਼ੀ ਨਾਲ਼ ਵੀ ਵਿਕਸਿਤ ਹੋਇਆ। ਨਤੀਜਾ ਇਹ ਹੋਇਆ ਕਿ ਪੂੰਜੀਵਾਦੀ ਸਮਾਜ ਦੀ ਪ੍ਰਧਾਨ ਵਿਰੋਧਤਾਈ ਪ੍ਰੋਲੇਤਾਰੀ ਤੇ ਬੁਰਜੂਆਜ਼ੀ ਦੀ ਵਿਰੋਧਤਾ, ਜਗੀਰੂ ਸਮਾਜ ਦੀ ਪ੍ਰਧਾਨ ਵਿਰੋਧਤਾਈ ਕਿਸਾਨੀ ਤੇ ਜਗੀਰਦਾਰਾਂ ਦੀ ਵਿਰੋਧਤਾ ਦੇ ਹੱਲ ਹੋਣ ਤੋਂ ਪਹਿਲਾਂ ਹੀ ਇਨਕਲਾਬੀ ਪੜਾਅ ਵਿੱਚ ਦਾਖਲ ਹੋ ਗਈ। ਦੋ ਵਿਰੋਧਤਾਈਆਂ ਇੱਕ ਦੂਜੇ ਨਾਲ਼ ਗੁੰਦੀਆਂ ਗਈਆਂ। ਇਹਨਾਂ ਹਾਲਤਾਂ ਵਿੱਚ, ਵੱਡੀ ਬੁਰਜੂਆਜ਼ੀ ਤੇ ਜਗੀਰਦਾਰਾਂ ਦੇ ਗੱਠਜੋੜ ਦਾ ਸਾਹਮਣਾ ਹੋਣ ਕਰਕੇ, ਪ੍ਰੋਲੇਤਾਰੀ ਨੇ ਕਿਸਾਨੀ ਨਾਲ ਮਿਲ ਕੇ ਜਗੀਰਦਾਰੀ-ਵਿਰੋਧੀ ਗੱਠਜੋੜ ਬਣਾ ਲਿਆ ਅਤੇ ਇਸ ਤਰ੍ਹਾਂ ਲੋਕਾਂ ਦੇ ਵਿਸ਼ਾਲ ਜਨ-ਸਮੂਹਾਂ ਨੂੰ ਆਪਣੇ ਵੱਲ ਕਰ ਲਿਆ। ਮਜ਼ਦੂਰਾਂ ਤੇ ਕਿਸਾਨਾਂ ਦਾ ਗੱਠਜੋੜ ਇਨਕਲਾਬੀ ਲਹਿਰ ਦਾ ਆਧਾਰ ਬਣਿਆ:

ਪ੍ਰੋਲੇਤਾਰੀ ਖੁਦ ਆਪਣੇ ਤੌਰ ‘ਤੇ ਜਿੱਤ ਹਾਸਲ ਕਰਨ ਜਿੰਨਾ ਤਾਕਤਵਾਰ ਨਹੀਂ ਹੈ। ਸ਼ਹਿਰੀ ਗਰੀਬਾਂ ਦੇ ਕੋਈ ਆਪਣੇ ਅਲੱਗ ਹਿੱਤ ਨਹੀਂ ਹਨ, ਉਹ ਪ੍ਰੋਲੇਤਾਰੀ ਤੇ ਕਿਸਾਨੀ ਦੇ ਮੁਕਾਬਲੇ ਕੋਈ ਆਜ਼ਾਦ ਤਾਕਤ ਨਹੀਂ ਹਨ। ਪੇਂਡੂ ਲੋਕਾਂ ਦੀ ਫੈਸਲਾਕੁੰਨ ਭੂਮਿਕਾ ਬਣਦੀ ਹੈ, ਸੰਘਰਸ਼ ਦੀ ਅਗਵਾਈ ਕਰਨ ਵਿੱਚ ਨਹੀਂ, ਜਿਸ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਸਗੋਂ ਜਿੱਤ ਯਕੀਨੀ ਬਣਾਉਣ ਵਿੱਚ। (ਲੈਨਿਨ ਸਮੁੱਚੀਆਂ ਰਚਨਾਵਾਂ, ਸੈਂਚੀ-11, ਪੰਨਾ-343)

ਆਧੁਨਿਕ ਜਮਾਤ ਦੀ ਸਭ ਤੋਂ ਵੱਧ ਇਨਕਲਾਬੀ ਜਮਾਤ ਹੋਣ ਦੀ ਹੈਸੀਅਤ ਵਿੱਚ ਸਿਰਫ਼ ਪ੍ਰੋਲੇਤਾਰੀ ਹੀ ਜਮਹੂਰੀ ਇਨਕਲਾਬ ਨੂੰ ਪੂਰਨਤਾ ਤੱਕ ਲੈ ਕੇ ਜਾ ਸਕਦਾ ਹੈ, ਕਿਸਾਨੀ ਦੀ ਅਗਵਾਈ ਕਰਦਾ ਹੈ ਅਤੇ ਇਸ ਦੇ ਭੂ-ਮਾਲਕੀ ਤੇ ਜਗੀਰੂ ਰਾਜਸੱਤਾ ਖਿਲਾਫ਼ ਘੋਲ਼ ਨੂੰ ਰਾਜਨੀਤਕ ਚੇਤੰਨਤਾ ਪ੍ਰਦਾਨ ਕਰਦਾ ਹੈ। (ਲੈਨਿਨ ਸਮੁੱਚੀਆਂ ਰਚਨਾਵਾਂ ਸੈਂਚੀ-12, ਪੰਨਾ-139)

ਚੀਨ ਵਿੱਚ ਪੂੰਜੀਵਾਦ ਰੂਸ ਤੋਂ ਵੀ ਦੇਰੀ ਨਾਲ਼ ਵਿਕਸਿਤ ਹੋਇਆ। ਇਹ ਸਾਮਰਾਜੀ ਦਾਬੇ ਹੇਠ ਆਏ ਜਗੀਰੂ ਸਮਾਜ ਦੀਆਂ ਅੰਦਰੂਨੀ ਵਿਰੋਧਤਾਈਆਂ ਵਿੱਚੋਂ ਪੈਦਾ ਹੋਇਆ:

ਜਿਵੇਂ ਵਪਾਰੀਆਂ, ਭੂ-ਮਾਲਕਾਂ ਤੇ ਨੌਕਰਸ਼ਾਹਾਂ ਦਾ ਇੱਕ ਹਿੱਸਾ ਚੀਨੀ ਬੁਰਜੂਆਜ਼ੀ ਦਾ ਪੂਰਵਗਾਮੀ ਹੈ, ਉਸੇ ਤਰ੍ਹਾਂ ਕਿਸਾਨਾਂ ਤੇ ਦਸਤਕਾਰੀ ਕਾਮਿਆਂ ਦਾ ਇੱਕ ਹਿੱਸਾ ਚੀਨੀ ਪ੍ਰੋਲੇਤਾਰੀ ਦਾ ਪੂਰਵਗਾਮੀ ਹੈ। ਵੱਖਰੀਆਂ ਸਮਾਜਿਕ ਜਮਾਤਾਂ ਦੇ ਤੌਰ ‘ਤੇ ਚੀਨੀ ਬੁਰਜੂਆਜ਼ੀ ਤੇ ਪ੍ਰੋਲੇਤਾਰੀ ਨਵਜਾਤ ਬੱਚੇ ਹਨ ਅਤੇ ਚੀਨੀ ਇਤਿਹਾਸ ਵਿੱਚ ਪਹਿਲਾਂ ਇਹ ਕਦੇ ਵੀ ਨਹੀਂ ਸਨ। ਨਵੀਆਂ ਸਮਾਜਿਕ ਜਮਾਤਾਂ ਦੇ ਰੂਪ ਵਿੱਚ ਉਹਨਾਂ ਨੇ ਜਗੀਰੂ ਸਮਾਜ ਦੇ ਗਰਭ ਵਿੱਚੋਂ ਜਨਮ ਲਿਆ ਹੈ। ਉਹ ਪੁਰਾਣੇ (ਜਗੀਰੂ) ਚੀਨੀ ਸਮਾਜ ਤੋਂ ਜਨਮੇ ਜੁੜਵੇਂ ਬੱਚੇ ਹਨ ਜੋ ਆਪਸ ਵਿੱਚ ਜੁੜੇ ਵੀ ਹਨ ਤੇ ਇੱਕ ਦੂਜੇ ਦੇ ਵਿਰੋਧੀ ਵੀ ਹਨ। ਪਰ ਚੀਨੀ ਪ੍ਰੋਲੇਤਾਰੀ ਸਿਰਫ਼ ਚੀਨੀ ਕੌਮੀ ਬੁਰਜੂਆਜ਼ੀ ਦੇ ਨਾਲ ਨਾਲ਼ ਹੀ ਨਹੀਂ, ਸਗੋਂ ਚੀਨ ਵਿੱਚ ਸਾਮਰਾਜੀਆਂ ਦੁਆਰਾ ਚਲਾਏ ਜਾਂਦੇ ਉੱਦਮਾਂ ਦੇ ਨਾਲ਼ ਨਾਲ਼ ਵੀ ਪੈਦਾ ਤੇ ਵਿਕਸਿਤ ਹੋਇਆ। ਇਸ ਕਰਕੇ ਚੀਨੀ ਪ੍ਰੋਲੇਤਾਰੀ ਦਾ ਇੱਕ ਵੱਡਾ ਹਿੱਸਾ ਚੀਨੀ ਬੁਰਜੂਆਜ਼ੀ ਤੋਂ ਵੱਧ ਪੁਰਾਣਾ ਤੇ ਵਧੇਰੇ ਤਜ਼ਰਬੇਕਾਰ ਹੈ ਅਤੇ ਇਸ ਲਈ ਇਹ ਇੱਕ ਜ਼ਿਆਦਾ ਵੱਡੇ ਤੇ ਵਿਸ਼ਾਲ ਅਧਾਰ ਵਾਲੀ ਸਮਾਜਿਕ ਤਾਕਤ ਹੈ। (ਮਾਓ-ਜ਼ੇ-ਤੁੰਗ ਚੋਣਵੀਆਂ ਰਚਨਾਵਾਂ, ਸੈਂਚੀ-2, ਪੰਨਾ-310)

ਇਹਨਾਂ ਹਾਲਤਾਂ ਵਿੱਚ, ਦਲਾਲ ਬੁਰਜੂਆਜ਼ੀ, ਜਗੀਰਦਾਰਾਂ ਤੇ ਸਾਮਰਾਜੀਆਂ ਦੇ ਗੱਠਜੋੜ ਦਾ ਸਾਹਮਣਾ ਹੋਣ ‘ਤੇ ਪ੍ਰੋਲੇਤਾਰੀ ਕਿਸਾਨੀ ਦੇ ਨਾਲ ਮਿਲ ਕੇ ਜਗੀਰਦਾਰੀ ਵਿਰੋਧੀ, ਸਾਮਰਾਜ-ਵਿਰੋਧੀ ਗੱਠਜੋੜ ਕਾਇਮ ਕਰਦਾ ਹੈ, ਇਸ ਤਰ੍ਹਾਂ ਲੋਕਾਂ ਦੇ ਵਿਸ਼ਾਲ ਜਨ-ਸਮੂਹਾਂ ਨੂੰ ਇੱਥੋ ਤੱਕ ਕਿ ਕੌਮੀ ਬੁਰਜੂਆਜ਼ੀ ਨੂੰ ਵੀ, ਆਪਣੇ ਵੱਲ ਕਰ ਲੈਂਦਾ ਹੈ:

ਚੀਨੀ ਪ੍ਰੋਲੇਤਾਰੀ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਭਾਵੇਂ ਇਹ ਰਾਜਨੀਤਕ ਚੇਤਨਾ ਤੇ ਜੱਥੇਬੰਦਕ ਤੌਰ ‘ਤੇ ਸਭ ਤੋਂ ਉੱਨਤ ਜਮਾਤ ਹੈ, ਪਰ ਇਹ ਸਿਰਫ਼ ਆਪਣੀ ਤਾਕਤ ਦੇ ਬਲਬੂਤੇ ਜਿੱਤ ਪ੍ਰਾਪਤ ਨਹੀਂ ਕਰ ਸਕਦਾ। ਜਿੱਤ ਹਾਸਲ ਕਰਨ ਲਈ, ਇਸ ਨੂੰ ਸਾਰੀਆਂ ਜਮਾਤਾਂ ਤੇ ਤਬਕਿਆਂ ਨਾਲ ਜੋ ਇਨਕਲਾਬ ਵਿੱਚ ਹਿੱਸਾ ਲੈ ਸਕਦੇ ਹਨ, ਏਕਤਾ ਕਾਇਮ ਕਰਨੀ ਚਾਹੀਦੀ ਹੈ ਅਤੇ ਇਨਕਲਾਬੀ ਸਾਂਝਾ ਮੋਰਚਾ ਕਾਇਮ ਕਰਨਾ ਚਾਹੀਦਾ ਹੈ। ਚੀਨੀ ਸਮਾਜ ਦੀਆਂ ਸਾਰੀਆਂ ਜਮਾਤਾਂ ਵਿੱਚੋਂ ਕਿਸਾਨੀ ਮਜ਼ਦੂਰ ਜਮਾਤ ਦੀ ਪੱਕੀ ਸਾਥੀ ਹੈ, ਸ਼ਹਿਰੀ ਨਿੱਕ ਬੁਰਜੂਆਜ਼ੀ ਇੱਕ ਭਰੋਸੇਯੋਗ ਸਾਥੀ ਹੈ ਅਤੇ ਕੌਮੀ ਬੁਰਜੂਆਜ਼ੀ ਵਿਸ਼ੇਸ਼ ਹਾਲਤਾਂ ਅੰਦਰ ਤੇ ਕੁਝ ਹੱਦ ਤੱਕ ਹੀ ਸਾਥੀ ਹੈ। ਇਹ ਆਧੁਨਿਕ ਚੀਨੀ ਇਨਕਲਾਬੀ ਇਤਿਹਾਸ ਦੁਆਰਾ ਸਥਾਪਿਤ ਬੁਨਿਆਦੀ ਨਿਯਮਾਂ ਵਿੱਚੋਂ ਇੱਕ ਹੈ। (ਮਾਓ-ਜ਼ੇ-ਤੁੰਗ ਚੋਣਵੀਆਂ ਰਚਨਾਵਾਂ, ਸੈਂਚੀ-2, ਪੰਨਾ-325)

ਕਿਸਾਨੀ ਉੱਪਰ ਪ੍ਰੋਲੇਤਾਰੀ ਦਾ ਪ੍ਰਭਾਵ ਇਸ ਕਾਰਨ ਵੀ ਵਧ ਜਾਂਦਾ ਹੈ ਕਿ ਚੀਨ ਵਿੱਚ ਕਿਸਾਨੀ ਦੀ ਆਪਣੀ ਕੋਈ ਰਾਜਨੀਤਕ ਪਾਰਟੀ ਨਹੀਂ ਹੈ:

ਕਿਉਂਕਿ ਚੀਨ ਵਿੱਚ ਨਿਰੋਲ ਕਿਸਾਨੀ ਦੇ ਹਿੱਤਾਂ ਦੀ ਨੁਮਾਇੰਦਗੀ ਕਰਦੀ ਕੋਈ ਵੀ ਰਾਜਨੀਤਕ ਪਾਰਟੀ ਨਹੀਂ ਹੈ ਅਤੇ ਕੌਮੀ ਬੁਰਜੂਆਜ਼ੀ ਦੀ ਰਾਜਨੀਤਕ ਪਾਰਟੀਆਂ ਕੋਲ ਕੋਈ ਵੀ ਖਰਾ ਜ਼ਰੱਈ ਪ੍ਰੋਗਰਾਮ ਨਹੀਂ ਹੈ, ਇਸ ਲਈ ਚੀਨੀ ਕਮਿਊਨਿਸਟ ਪਾਰਟੀ ਕਿਸਾਨਾਂ ਤੇ ਦੂਸਰੇ ਸਾਰੇ ਇਨਕਲਾਬੀ ਜਮੂਹਰੀਆਂ ਦੀ ਆਗੂ ਬਣ ਗਈ ਹੈ। ਖਰਾ ਜਰੱਈ ਪ੍ਰੋਗਰਾਮ ਬਣਾਉਣ ਤੇ ਲਾਗੂ ਕਰਨ ਵਾਲੀ ਇੱਕੋ ਇੱਕ ਪਾਰਟੀ ਦੇ ਰੂਪ ਵਿੱਚ ਇਹ ਕਿਸਾਨਾਂ ਦੇ ਹਿੱਤਾਂ ਲਈ ਡਟ ਕੇ ਲੜੀ ਅਤੇ ਇਸ ਕਰਕੇ ਕਿਸਾਨਾਂ ਦੇ ਵੱਡੇ ਹਿੱਸੇ ਨੂੰ ਆਪਣੇ ਪੱਕੇ ਸਾਥੀ ਦੇ ਤੌਰ ‘ਤੇ ਜਿੱਤ ਲਿਆ। (ਮਾਓ-ਜ਼ੇ-ਤੁੰਗ ਚੋਣਵੀਆਂ ਰਚਨਾਵਾਂ, ਸੈਂਚੀ-3, ਪੰਨਾ-298)

ਨਤੀਜੇ ਵਜੋਂ, ਰੂਸ ਦੀ ਤਰ੍ਹਾਂ ਚੀਨ ਵਿੱਚ ਵੀ ਮਜ਼ਦੂਰ-ਕਿਸਾਨ ਗੱਠਜੋੜ ਇਨਕਲਾਬੀ ਲਹਿਰ ਦਾ ਆਧਾਰ ਬਣਿਆ:

ਸਾਡੇ ਤਜਰਬੇ ਦਾ ਕੁਝ ਸ਼ਬਦਾਂ ਵਿੱਚ ਪ੍ਰਗਟ ਕੀਤਾ ਜਾ ਸਕਣ ਵਾਲਾ ਨਿਚੋੜ ਇਹ ਹੈ : ਮਜ਼ਦੂਰ ਜਮਾਤ ਦੀ ਅਗਵਾਈ ਹੇਠ (ਕਮਿਊਨਿਸਟ ਪਾਰਟੀ ਰਾਹੀਂ) ਅਤੇ ਮਜ਼ਦੂਰਾਂ ਤੇ ਕਿਸਾਨਾਂ ਦੇ ਗੱਠਜੋੜ ਤੇ ਅਧਾਰਿਤ ਲੋਕ ਜਮੂਹਰੀ ਤਾਨਾਸ਼ਾਹੀ। (ਮਾਓ-ਜ਼ੇ-ਤੁੰਗ ਚੋਣਵੀਆਂ ਰਚਨਾਵਾਂ ਸੈਂਚੀ-4, ਪੰਨਾ-422)

ਦੋਵੇਂ ਦੇਸ਼ਾਂ ਵਿੱਚ ਹੀ ਪ੍ਰੋਲੇਤਾਰੀ ਜਿਸ ਲਹਿਰ ਦੀ ਅਗਵਾਈ ਕਰ ਰਿਹਾ ਸੀ, ਉਸ ਵਿੱਚ ਉਹ ਘਟਗਿਣਤੀ ਵਿੱਚ ਸੀ; ਪਰ, ਜਿਵੇਂ ਕਿ ਲੈਨਿਨ ਨੇ ਦਿਖਾਇਆ ਹੈ, ਪ੍ਰੋਲੇਤਾਰੀ ਦੀ ਤਾਕਤ ਨੂੰ ਇਸ ਦੀ ਗਿਣਤੀ ਤੋਂ ਨਹੀਂ ਆਂਕਿਆ ਜਾਣਾ ਚਾਹੀਦਾ:

ਕਿਸੇ ਵੀ ਪੂੰਜੀਵਾਦੀ ਦੇਸ਼ ਵਿੱਚ ਪ੍ਰੋਲੇਤਾਰੀ ਦੀ ਤਾਕਤ ਇਸ ਦੇ ਕੁਝ ਜਨਸੰਖਿਆ ਵਿੱਚ ਹਿੱਸੇ ਦੇ ਮੁਕਾਬਲੇ ਕਿਤੇ ਵੱਧ ਹੁੰਦੀ ਹੈ। ਇਹ ਇਸ ਕਰਕੇ ਹੁੰਦਾ ਹੈ ਕਿਉਂਕਿ ਪ੍ਰੋਲੇਤਾਰੀ ਦਾ ਪੂੰਜੀਵਾਦ ਦੇ ਸਾਰੇ ਆਰਥਿਕ ਢਾਂਚੇ ਦੇ ਕੇਂਦਰ ਬਿੰਦੂ ਤੇ ਗਲਬਾ ਹੁੰਦਾ ਹੈ ਅਤੇ ਇਹ ਪੂੰਜੀਵਾਦ ਵਿੱਚ ਮਿਹਨਤਕਸ਼ ਆਬਾਦੀ ਦੇ ਵਡੇਰੇ ਹਿੱਸੇ ਦੇ ਆਰਥਿਕ ਤੇ ਰਾਜਨੀਤਕ ਹਿੱਤਾਂ ਦਾ ਪ੍ਰਗਟਾਵਾ ਵੀ ਕਰਦਾ ਹੈ। (ਲੈਨਿਨ ਸਮੁੱਚੀਆਂ ਰਚਨਾਵਾਂ ਸੈਂਚੀ-30, ਪੰਨਾ-274, ਹੋਰ ਦੇਖੋ ਸੈਂਚੀ-3, ਪੰਨਾ-31)

ਇਸ ਤੋਂ ਇਲਾਵਾ, ਰੂਸ ਤੇ ਚੀਨ ਵਿੱਚ ਪ੍ਰੋਲੇਤਾਰੀ ਘਟਗਿਣਤੀ ਹੋਣ ਦੇ ਬਾਵਜੂਦ ਸੁਧਾਰਵਾਦ ਦੇ ਪ੍ਰਭਾਵ ਤੋਂ ਮੁਕਾਬਲਤਨ ਮੁਕਤ ਸੀ। ਰੂਸੀ ਮਜ਼ਦੂਰਾਂ ਬਾਰੇ ਲੈਨਿਨ ਨੇ ਕਿਹਾ:

ਰੂਸ ਵਿੱਚ ਅਸੀਂ ਬੁੱਧੀਜੀਵੀਆਂ, ਨਿੱਕ ਬੁਰਜੂਆ ਆਦਿ ਵਿੱਚ ਕਈ ਕਿਸਮ ਦੀ ਮੌਕਾਪ੍ਰਸਤੀ ਤੇ ਸੁਧਾਰਵਾਦ ਦੇਖਦੇ ਹਾਂ, ਪਰ ਇਸ ਦਾ ਮਜ਼ਦੂਰਾਂ ਦੇ ਰਾਜਨੀਤਕ ਤੌਰ ‘ਤੇ ਸਰਗਰਮ ਹਿੱਸੇ ਦੀ ਬਹੁਤ ਥੋੜ੍ਹੀ ਗਿਣਤੀ  ‘ਤੇ ਅਸਰ ਪਿਆ ਹੈ। ਸਾਡੇ ਦੇਸ਼ ਵਿੱਚ ਫੈਕਟਰੀ ਮਜ਼ਦੂਰਾਂ ਤੇ ਕਲਰਕਾਂ ਦਾ ਵਿਸ਼ੇਸ਼ ਅਧਿਕਾਰ ਪ੍ਰਾਪਤ ਤਬਕਾ ਬਹੁਤ ਘੱਟ ਹੈ। ਕਾਨੂੰਨਪ੍ਰਸਤੀ ਦਾ ਖਬਤ ਇਥੇ ਪ੍ਰਗਟ ਨਹੀਂ ਹੋ ਸਕਦਾ ਸੀ। (ਲੈਨਿਨ ਸਮੁੱਚੀਆਂ ਰਚਨਾਵਾਂ ਸੈਂਚੀ-21, ਪੰਨਾ-319, ਹੋਰ ਦੇਖੋ ਸੈਂਚੀ-19, ਪੰਨਾ-160)

ਮਾਓ-ਜ਼ੇ-ਤੁੰਗ ਦਾ ਚੀਨੀ ਮਜ਼ਦੂਰਾਂ ਬਾਰੇ ਇਹੀ ਕਹਿਣਾ ਸੀ:

ਕਿਉਂਕਿ ਬਸਤੀ ਤੇ ਅਰਧ-ਬਸਤੀ ਚੀਨ ਵਿੱਚ ਯੂਰਪ ਦੀ ਤਰ੍ਹਾਂ ਸੁਧਾਰਵਾਦ ਦਾ ਕੋਈ ਆਰਥਿਕ ਅਧਾਰ ਨਹੀਂ ਹੈ, ਇਸ ਲਈ ਕੁਝ ਜਲੀਲਾਂ ਦੀ ਛੋਟ ਨੂੰ ਛੱਡ ਕੇ ਸਾਰਾ ਪ੍ਰੋਲੇਤਾਰੀ ਹੀ ਸਭ ਤੋਂ ਵੱਧ ਇਨਕਲਾਬੀ ਹੈ। (ਮਾਓ-ਜ਼ੇ-ਤੁੰਗ ਚੋਣਵੀਆਂ ਰਚਨਾਵਾਂ ਸੈਂਚੀ-2, ਪੰਨਾ-324)

ਇਸ ਤਰ੍ਹਾਂ ਪ੍ਰੋਲੇਤਾਰੀ ਦੀ ਭੂਮਿਕਾ ਵਿੱਚ ਫੈਸਲਾਕੁੰਨ ਤੱਥ ਇਸ ਦੀ ਗਿਣਤੀ ਦੀ ਤਾਕਤ ਨਹੀਂ, ਸਗੋਂ ਇਸ ਦੀ ਰਾਜਨੀਤਕ ਤਾਕਤ ਹੈ।

3. ਕਿਸਾਨੀ ਦਾ ਵਿਭੇਦੀਕਰਨ

1861 ਦੇ ਕਿਸਾਨ ਸੁਧਾਰਾਂ ਤੋਂ ਪਹਿਲਾਂ, ਰੂਸ ਦੇ ਪੇਂਡੂ ਇਲਾਕਿਆਂ ਵਿੱਚ ਉਤਪਾਦਨ ਦੇ ਸਬੰਧ ਮੁੱਖ ਤੌਰ ‘ਤੇ ਜਗੀਰੂ ਸਨ। ਉਤਪਾਦਨ ਦੀ ਇਕਾਈ ਇੱਕ ਪਿੰਡ ਜਾਂ ਪਿੰਡਾਂ ਦਾ ਸਮੂਹ ਸੀ ਜੋ ਆਰਥਿਕ ਤੌਰ ‘ਤੇ ਸਵੈ-ਨਿਰਭਰ ਸੀ। ਕਿਸਾਨ ਜੋ ਕੁਝ ਵੀ ਪੈਦਾ ਕਰਦੇ ਸਨ, ਉਸ ਨੂੰ ਉਹ ਖੁਦ ਜਾਂ ਭੂਮੀਪਤੀ ਜਿਸ ਦੀ ਉਹ ਦਾਸਤਾ ਕਰਦੇ ਸਨ, ਖਾ ਜਾਂਦੇ ਸਨ। ਜੇ ਕੁਝ ਵਾਧੂ ਪੈਦਾ ਹੁੰਦਾ ਸੀ, ਤਾਂ ਉਹ ਸਥਾਨਕ ਮੰਡੀ ਵਿੱਚ ਵੇਚ ਦਿੱਤਾ ਜਾਂਦਾ ਸੀ। ਫਸਲਾਂ ਦੀ ਤਬਾਹੀ ਤੇ ਕਰਜਿਆਂ ਕਰਕੇ ਜ਼ਿਆਦਾ ਕਿਸਾਨ ਬਹੁਤ ਗਰੀਬ ਸਨ।

1861 ਤੋਂ ਬਾਅਦ ਜਿਣਸ ਉਤਪਾਦਨ ਦੇ ਤੇਜ਼ ਵਿਕਾਸ ਕਾਰਨ ਇਹ ਸਬੰਧ ਵਡੇਰੀ ਹੱਦ ਤੱਕ ਪੂੰਜੀਵਾਦੀ ਸਬੰਧਾਂ ਵਿੱਚ ਬਦਲ ਗਏ ਸਨ, ਪਰ ਉਸੇ ਸਮੇਂ ਹੀ ਵੱਡੇ ਭੂਮੀਪਤੀਆਂ ਨੇ ਆਪਣੇ ਬਹੁਤ ਸਾਰੇ ਜਗੀਰੂ ਵਿਸ਼ੇਸ਼ ਅਧਿਕਾਰ ਬਣਾਈ ਰੱਖੇ ਜੋ ਪੂੰਜੀਵਾਦ ਦੇ ਹੋਰ ਅਗੇਰੇ ਵਿਕਾਸ ਦੇ ਰਾਹ ਵਿੱਚ ਰੁਕਾਵਟ ਬਣ ਗਏ ਸਨ। ਵਰਤਮਾਨ ਸਦੀ (ਵੀਹਵੀਂ ਸਦੀ – ਅਨੁ.) ਦੀ ਸ਼ੁਰੂਆਤ ਵਿੱਚ ਪੇਂਡੂ ਆਬਾਦੀ ਦਾ 15 ਫੀਸਦੀ ਹਿੱਸਾ ਅਮੀਰ ਕਿਸਾਨਾਂ ਭਾਵ ਕਿ ਉਜਰਤੀ ਕਿਰਤ ਦੀ ਵਰਤੋਂ ਕਰਨ ਵਾਲੇ ਪੂੰਜੀਵਾਦੀ ਕਿਸਾਨਾਂ ਦਾ ਸੀ, ਲਗਭਗ 65 ਫੀਸਦੀ ਹਿੱਸਾ ਗਰੀਬ ਕਿਸਾਨਾਂ ਭਾਵ ਪੇਂਡੂ ਪ੍ਰੋਲੇਤਾਰੀਆਂ ਜਾਂ ਅਰਧ-ਪ੍ਰੋਲੇਤਾਰੀਆਂ ਦਾ ਸੀ ਜਿਨ੍ਹਾਂ ਕੋਲ ਨਾਂ-ਮਾਤਰ ਜਾਂ ਬਿਲਕੁਲ ਹੀ ਜ਼ਮੀਨ ਨਹੀਂ ਸੀ ਤੇ ਉਹ ਕਿਰਤ ਸ਼ਕਤੀ ਵੇਚ ਕੇ ਹੀ ਜਿਉਂਦੇ ਸਨ; ਅਤੇ ਬਾਕੀ ਹਿੱਸਾ ਮੱਧਵਰਗੀ ਕਿਸਾਨਾਂ ਭਾਵ ਛੋਟੇ ਮਾਲਕਾਂ ਦਾ ਸੀ ਜੋ ਲਗਾਤਾਰ ਪ੍ਰੋਲੇਤਾਰੀ ਵਿੱਚ ਧੱਕੇ ਜਾ ਰਹੇ ਸਨ (ਲੈਨਿਨ ਸਮੁੱਚੀਆਂ ਰਚਨਾਵਾਂ ਸੈਂਚੀ-6, ਪੰਨਾ-389, ਸੈਂਚੀ-28, ਪੰਨਾ-56)।

ਜਗੀਰੂ ਸਬੰਧਾਂ ਦੇ ਪੂਰੀ ਤਰ੍ਹਾਂ ਖਾਤਮੇ ਵਿੱਚ ਕਿਸਾਨੀ ਦੇ ਸਾਰੇ ਤਬਕਿਆਂ ਦਾ ਸਾਂਝਾ ਹਿੱਤ ਹੈ; ਪਰ ਕਿਸਾਨੀ ਤੇ ਜਗੀਰੂ ਭੂਮੀਪਤੀਆਂ ਵਿਚਲੀ ਵਿਰੋਧਤਾਈ ਦੇ ਨਾਲੋ ਨਾਲ ਕਿਸਾਨੀ ਵਿੱਚ ਵਿਭੇਦੀਕਰਨ ਵੀ ਡੂੰਘਾ ਹੋ ਰਿਹਾ ਸੀ, ਜੋ ਖਾਸ ਕਰਕੇ 1905 ਤੋਂ ਬਾਅਦ, ਬੜੀ ਤੇਜ਼ੀ ਨਾਲ਼ ਪੇਂਡੂ ਬੁਰਜੂਆਜ਼ੀ (ਕੁਲਕ) ਅਤੇ ਪੇਂਡੂ ਪ੍ਰੋਲੇਤਾਰੀ ਵਿੱਚ ਵੰਡੀ ਜਾ ਰਹੀ ਸੀ। ਫਲਸਰੂਪ ਪ੍ਰੋਲੇਤਾਰੀ ਦੀ ਪਾਰਟੀ ਸਮਾਜਿਕ-ਜਮਹੂਰੀਆਂ ਨੇ ਆਪਣੇ ਸਾਹਮਣੇ ਪੂਰੀ ਕਿਸਾਨੀ ਨੂੰ ਬੁਰਜੂਆ-ਜਮਹੂਰੀ ਇਨਕਲਾਬ ਦੀ ਹਮਾਇਤ ਵਿਚ ਲਾਮਬੰਦ ਕਰਨ ਦਾ ਕਾਰਜਭਾਰ ਰੱਖਿਆ ਅਤੇ ਉਸੇ ਸਮੇਂ ਹੀ ਉਹਨਾਂ ਨੇ ਗਰੀਬ ਤੇ ਮੱਧਵਰਗੀ ਕਿਸਾਨਾਂ ਨੂੰ ਇਸ ਗੱਲ ਤੇ ਕਾਇਲ ਕਰਨਾ ਸੀ ਕਿ ਉਹਨਾਂ ਦੇ ਦੂਰਰਸ ਹਿੱਤ ਵੀ ਸਮਾਜਵਾਦ ਲਈ ਸੰਘਰਸ਼ ਵਾਸਤੇ ਸਨਅਤੀ ਪ੍ਰੋਲੇਤਾਰੀ ਨਾਲ਼ ਹੱਥ ਮਿਲਾਉਣ ਵਿੱਚ ਹੀ ਹਨ:

ਸਮਾਜਿਕ-ਜਮਹੂਰੀਆਂ ਨੇ ਇਹ ਵਾਰ ਵਾਰ ਕਿਹਾ ਹੈ ਕਿ ਕਿਸਾਨ ਅੰਦੋਲਨ ਨੇ ਉਹਨਾਂ ਸਾਹਮਣੇ ਦੂਹਰਾ ਕਾਰਜਭਾਰ ਰੱਖਿਆ ਹੈ। ਬਿਨਾਂ ਸ਼ੱਕ ਸਾਨੂੰ ਇਸ ਲਹਿਰ ਦੀ ਹਮਾਇਤ ਕਰਨੀ ਚਾਹੀਦੀ ਹੈ ਤੇ ਜਦ ਤੱਕ ਇਹ ਇਨਕਲਾਬੀ-ਜਮਹੂਰੀ ਲਹਿਰ ਰਹਿੰਦੀ ਹੈ ਇਸ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਪਰ ਨਾਲ਼ ਹੀ ਸਾਨੂੰ ਆਪਣਾ ਪ੍ਰੋਲੇਤਾਰੀ ਜਮਾਤੀ ਨਜ਼ਰੀਆ ਅਡੋਲ ਬਣਾਈ ਰੱਖਣਾ ਚਾਹੀਦਾ ਹੈ; ਸਾਨੂੰ ਪੇਂਡੂ ਪ੍ਰੋਲੇਤਾਰੀ ਨੂੰ ਵੀ ਸ਼ਹਿਰੀ ਪ੍ਰੋਲੇਤਾਰੀ ਦੇ ਨਾਲ਼ ਜੱਥੇਬੰਦ ਕਰਕੇ ਆਜ਼ਾਦ ਜਮਾਤੀ ਪਾਰਟੀ ਖੜ੍ਹੀ ਕਰਨੀ ਚਾਹੀਦੀ ਹੈ। ਸਾਨੂੰ ਪੇਂਡੂ ਪ੍ਰੋਲੇਤਾਰੀ ਤਾਈਂ ਸਮਝਾਉਣਾ ਚਾਹੀਦਾ ਹੈ ਕਿ ਇਸ ਦੇ ਹਿੱਤ ਬੁਰਜੂਆ ਕਿਸਾਨੀ ਦੇ ਵਿਰੋਧ ਵਿੱਚ ਹਨ; ਸਾਨੂੰ ਇਸ ਨੂੰ ਸਮਾਜਵਾਦੀ ਇਨਕਲਾਬ ਲਈ ਲੜਨ ਦਾ ਸੱਦਾ ਦੇਣਾ ਚਾਹੀਦਾ ਹੈ। ਸਾਨੂੰ ਇਸ ਅੱਗੇ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਦਾਬੇ ਤੇ ਗਰੀਬੀ ਤੋਂ ਮੁਕਤੀ ਕਿਸਾਨੀ ਦੇ ਵੱਖ-ਵੱਖ ਤਬਕਿਆਂ ਨੂੰ ਨਿੱਕ-ਬੁਰਜੂਆ ਵਿੱਚ ਤਬਦੀਲ ਕਰਨ ਵਿੱਚ ਨਹੀਂ, ਸਗੋਂ ਪੂੰਜੀਵਾਦੀ ਪ੍ਰਬੰਧ ਦੀ ਥਾਂ ਸਮਾਜਵਾਦੀ ਪ੍ਰਬੰਧ ਕਾਇਮ ਕਰਨ ਵਿੱਚ ਹੈ। (ਲੈਨਿਨ ਸਮੁੱਚੀਆਂ ਰਚਨਾਵਾਂ ਸੈਂਚੀ-8, ਪੰਨਾ-231, ਹੋਰ ਦੇਖੋ ਸੈਂਚੀ-4, ਪੰਨਾ-422; ਸੈਂਚੀ-9, ਪੰਨਾ-237; ਸੈਂਚੀ-10, ਪੰਨਾ-438)

ਵਿਗਿਆਨ ਅਤੇ ਤਕਨੀਕ ਵਿੱਚ ਹਰੇਕ ਤਰੱਕੀ ਲਾਜ਼ਮੀ ਤੌਰ ‘ਤੇ ਅਤੇ ਲਗਾਤਾਰ ਪੂੰਜੀਵਾਦੀ ਢਾਂਚੇ ਵਿੱਚ ਛੋਟੇ-ਪੈਮਾਨੇ ਦੀ ਪੈਦਾਵਾਰ ਦੀਆਂ ਜੜ੍ਹਾਂ ਕੱਟਦੀ ਹੈ। ਇਹ ਸਮਾਜਵਾਦੀ ਰਾਜਨੀਤਕ ਅਰਥ-ਸ਼ਾਸਤਰ ਦੀ ਜ਼ਿੰਮੇਵਾਰੀ ਹੈ ਕਿ ਉਹ ਇਸ ਪ੍ਰਕਿਰਿਆ ਦੇ ਸਾਰੇ ਰੂਪਾਂ, ਜੋ ਅਕਸਰ ਗੁੰਝਲਦਾਰ ਤੇ ਪੇਚੀਦਾ ਹੁੰਦੇ ਹਨ, ਦਾ ਵਿਸ਼ਲੇਸ਼ਣ ਕਰੇ ਅਤੇ ਛੋਟੇ ਉਤਪਾਦਨ ਅੱਗੇ ਪੂੰਜੀਵਾਦ ਵਿੱਚ ਆਪਣੀ ਹੋਂਦ ਬਣਾਈ ਰੱਖਣ ਦੀ ਅਸੰਭਵਤਾ, ਛੋਟੀ ਖੇਤੀ ਦੇ ਪੂੰਜੀਵਾਦ ਵਿੱਚ ਹਨ੍ਹੇਰੇ ਭਵਿੱਖ ਅਤੇ ਕਿਸਾਨ ਦੁਆਰਾ ਪ੍ਰੋਲੇਤਾਰੀ ਦੇ ਪੈਂਤੜੇ ਨੂੰ ਅਪਣਾਉਣ ਦੀ ਜ਼ਰੂਰਤ ਨੂੰ ਸਾਬਿਤ ਕਰੇ। (ਲੈਨਿਨ ਸਮੁੱਚੀਆਂ ਰਚਨਾਵਾਂ ਸੈਂਚੀ-15, ਪੰਨਾ-35)

ਪ੍ਰੋਲੇਤਾਰੀ ਛੋਟੇ ਕਿਸਾਨ ਨੂੰ ਕਹਿੰਦਾ ਹੈ: ਤੂੰ ਅਰਧ-ਪ੍ਰੋਲੇਤਾਰੀ ਹੈਂ, ਇਸ ਲਈ ਤੇਰੇ ਬਚਾਅ ਦਾ ਇਕੋ ਇਕ ਰਾਹ ਮਜ਼ਦੂਰਾਂ ਦੀ ਅਗਵਾਈ ਵਿੱਚ ਚਲਣਾ ਹੈ। ਬੁਰਜੂਆ ਛੋਟੇ ਕਿਸਾਨ ਨੂੰ ਕਹਿੰਦਾ ਹੈ: ਤੂੰ ਇੱਕ ਛੋਟਾ ਮਾਲਕ ਹੈਂ, ਇੱਕ ‘ਮਿਹਨਤੀ ਕਿਸਾਨ’ ਹੈਂ। ਛੋਟੀ ਆਰਥਿਕਤਾ (Labour economy) ਵੀ ਪੂੰਜੀਵਾਦ ਵਿੱਚ ‘ਵਿਕਾਸ’ ਕਰਦੀ ਹੈ। ਤੈਨੂੰ ਮਾਲਕਾਂ ਵਿੱਚ ਹੋਣਾ ਚਾਹੀਦਾ ਹੈ, ਨਾ ਕਿ ਪ੍ਰੋਲੇਤਾਰੀ ਨਾਲ।

ਛੋਟੇ ਮਾਲਕ ਦੀਆਂ ਦੋ ਆਤਮਾਵਾਂ ਹਨ: ਇੱਕ ਪ੍ਰੋਲੇਤਾਰੀ ਤੇ ਦੂਜੀ ‘ਮਾਲਕੀ’ ਵਾਲੀ ਆਤਮਾ। (ਲੈਨਿਨ ਸਮੁੱਚੀਆਂ ਰਚਨਾਵਾਂ ਸੈਂਚੀ-20, ਪੰਨਾ-216)

ਚੀਨ ਵਿੱਚ ਮੁੜਦੇ ਹੋਏ ਅਸੀਂ ਦੇਖਦੇ ਹਾਂ ਕਿ ਭਾਵੇਂ ਉੱਥੇ ਨਿੱਜੀ ਖੇਤੀ ਰੂਸ ਦੇ ਮੁਕਾਬਲੇ ਕਿਤੇ ਪਹਿਲਾਂ ਹੋਂਦ ਵਿੱਚ ਆ ਗਈ ਸੀ ਪਰ ਉਤਪਾਦਨ ਦੇ ਸਬੰਧ 1949 ਤੱਕ ਵੀ ਮੁੱਖ ਤੌਰ ‘ਤੇ ਜਗੀਰੂ ਹੀ ਬਣੇ ਰਹੇ:

ਕਿਸਾਨ ਜਨਸਮੂਹਾਂ ਅੰਦਰ ਵਿਅਕਤੀਗਤ ਆਰਥਿਕਤਾ ਦਾ ਇੱਕ ਢਾਂਚਾ ਕਈ ਹਜ਼ਾਰ ਸਾਲਾਂ ਤੋਂ ਬਣਿਆ ਰਿਹਾ ਹੈ ਜਿਸ ਵਿੱਚ ਹਰੇਕ ਪਰਿਵਾਰ ਜਾਂ ਘਰ ਉਤਪਾਦਨ ਦੀ ਇਕਾਈ ਸੀ। ਉਤਪਾਦਨ ਦਾ ਇਹ ਖਿੰਡਿਆ ਹੋਇਆ ਵਿਅਕਤੀਗਤ ਰੂਪ ਜਗੀਰੂ ਰਾਜ ਦੀ ਬੁਨਿਆਦ ਹੈ ਅਤੇ ਕਿਸਾਨਾਂ ਨੂੰ ਲਗਾਤਾਰ ਗਰੀਬੀ ਵਿੱਚ ਬਣਾਈ ਰੱਖਦਾ ਹੈ। (ਮਾਓ-ਜ਼ੇ-ਤੁੰਗ ਚੋਣਵੀਆਂ ਰਚਨਾਵਾਂ ਸੈਂਚੀ-3, ਪੰਨਾ-156, ਹੋਰ ਦੇਖੋ ਸੈਂਚੀ-1, ਪੰਨਾ-16)

1939 ਵਿੱਚ ਕਿਸਾਨੀ ਦਾ ਹੇਠ ਲਿਖਿਆ ਮੁਲਾਂਕਣ ਪੇਸ਼ ਕੀਤਾ ਗਿਆ:

ਕਿਸਾਨੀ ਚੀਨ ਦੀ ਪੂਰੀ ਆਬਾਦੀ ਦਾ 80 ਫੀਸਦੀ ਹਿੱਸਾ ਹੈ ਅਤੇ ਅੱਜ ਇਸ ਦੀ ਕੌਮੀ ਆਰਥਿਕਤਾ ਦੀ ਮੁੱਖ ਤਾਕਤ ਹੈ।

ਕਿਸਾਨੀ ਵਿੱਚ ਧੁਰਵੀਕਰਨ ਦੀ ਇੱਕ ਤਿੱਖੀ ਪ੍ਰਕਿਰਿਆ ਚੱਲ ਰਹੀ ਹੈ।

ਪਹਿਲਾ, ਅਮੀਰ ਕਿਸਾਨ: ਉਹ ਪੇਂਡੂ ਆਬਾਦੀ ਦਾ ਲਗਭਗ 5 ਫੀਸਦੀ ਹਿੱਸਾ (ਜਾਂ ਭੂਮੀਪਤੀਆਂ ਨੂੰ ਮਿਲਾ ਕੇ ਲਗਭਗ 10 ਫੀਸਦੀ) ਹਨ ਤੇ ਪੇਂਡੂ ਬੁਰਜੂਆਜ਼ੀ ਬਣਾਉਂਦੇ ਹਨ। ਚੀਨ ਦੇ ਅਮੀਰ ਕਿਸਾਨਾਂ ਵਿੱਚੋਂ ਜ਼ਿਆਦਾਤਰ ਅਰਧ-ਜਗੀਰੂ ਹਨ ਕਿਉਂਕਿ ਜ਼ਮੀਨ ਦਾ ਕੁਝ ਹਿੱਸਾ ਠੇਕੇ ‘ਤੇ ਦਿੰਦੇ ਹਨ, ਸੂਦਖੋਰੀ ਕਰਦੇ ਹਨ ਤੇ ਖੇਤ ਮਜ਼ਦੂਰਾਂ ਦੀ ਭਿਅੰਕਰ ਲੁੱਟ ਕਰਦੇ ਹਨ। ਪਰ ਉਹ ਆਮ ਤੌਰ ‘ਤੇ ਖੁਦ ਵੀ ਮੁਸ਼ੱਕਤ ਕਰਦੇ ਹਨ ਤੇ ਇਸ ਤਰ੍ਹਾਂ ਕਿਸਾਨੀ ਦਾ ਹੀ ਹਿੱਸਾ ਹਨ। ਉਤਪਾਦਨ ਦਾ ਅਮੀਰ-ਕਿਸਾਨੀ ਵਾਲਾ ਰੂਪ ਕੁਝ ਨਿਸ਼ਚਿਤ ਸਮੇਂ ਲਈ ਫਾਇਦੇਮੰਦ ਰਹੇਗਾ। ਸਾਧਾਰਣ ਸ਼ਬਦਾਂ ਵਿੱਚ ਕਿਹਾ ਜਾਵੇ, ਉਹ ਕਿਸਾਨ ਸਮੂਹਾਂ ਦੇ ਸਾਮਰਾਜਵਾਦ ਵਿਰੋਧੀ ਸੰਘਰਸ਼ ਵਿੱਚ ਲਾਹੇਵੰਦ ਯੋਗਦਾਨ ਪਾ ਸਕਦੇ ਹਨ ਅਤੇ ਭੂਮੀਪਤੀਆਂ ਖਿਲਾਫ਼ ਜ਼ਮੀਨੀ ਇਨਕਲਾਬੀ ਘੋਲ਼ ਵਿੱਚ ਨਿਰਪੱਖ ਰਹਿ ਸਕਦੇ ਹਨ…

ਦੂਸਰੇ, ਮੱਧਵਰਗੀ ਕਿਸਾਨ: ਉਹ ਚੀਨੀ ਆਬਾਦੀ ਦਾ ਲਗਭਗ 20 ਫੀਸਦੀ ਹਿੱਸਾ ਹਨ। ਉਹ ਆਰਥਿਕ ਤੌਰ ‘ਤੇ ਸਵੈ-ਨਿਰਭਰ ਹਨ… ਅਤੇ ਆਮ ਤੌਰ ‘ਤੇ ਕਿਸੇ ਦੀ ਲੁੱਟ ਨਹੀਂ ਕਰਦੇ ਪਰ ਸਾਮਰਾਜੀਆਂ, ਭੂਮੀਪਤੀ ਜਮਾਤ ਤੇ ਬੁਰਜੂਆਜ਼ੀ ਦੁਆਰਾ ਲੁੱਟੇ ਜਾਂਦੇ ਹਨ। ਉਹਨਾਂ ਕੋਲ ਕੋਈ ਰਾਜਨੀਤਕ ਹੱਕ ਨਹੀਂ ਹਨ… ਮੱਧਵਰਗੀ ਕਿਸਾਨ ਨਾ ਸਿਰਫ਼ ਸਾਮਰਾਜ-ਵਿਰੋਧੀ ਘੋਲ਼ ਵਿੱਚ ਸ਼ਾਮਿਲ ਹੋ ਸਕਦੇ ਹਨ, ਸਗੋਂ ਸਮਾਜਵਾਦ ਨੂੰ ਵੀ ਆਪਣਾ ਸਕਦੇ ਹਨ। ਇਸ ਕਰਕੇ ਪੂਰੀ ਮੱਧਵਰਗੀ ਕਿਸਾਨੀ ਪ੍ਰੋਲੇਤਾਰੀ ਦੀ ਭਰੋਸੇਯੋਗ ਸਾਥੀ ਹੋ ਸਕਦੀ ਹੈ ਅਤੇ ਇਨਕਲਾਬ ਦੀ ਮਹੱਤਵਪੂਰਨ ਪ੍ਰੇਰਕ-ਸ਼ਕਤੀ ਹੋ ਸਕਦੀ ਹੈ….

ਤੀਸਰੇ ਹਨ ਗਰੀਬ ਕਿਸਾਨ: ਚੀਨ ਵਿੱਚ ਗਰੀਬ ਕਿਸਾਨ ਤੇ ਖੇਤ ਮਜ਼ਦੂਰ ਮਿਲ ਕੇ ਪੇਂਡੂ ਆਬਾਦੀ ਦਾ 70 ਫੀਸਦੀ ਹਨ। ਉਹ ਵਿਸ਼ਾਲ ਕਿਸਾਨ ਜਨਸਮੂਹ ਹਨ ਜਿਹਨਾਂ ਕੋਲ ਨਾਂ-ਮਾਤਰ ਜਾਂ ਬਿਲਕੁਲ ਵੀ ਜ਼ਮੀਨ ਨਹੀਂ ਹੈ, ਉਹ ਪੇਂਡੂ ਇਲਾਕੇ ਦੇ ਅਰਧ-ਪ੍ਰੋਲੇਤਾਰੀ ਹਨ ਤੇ ਚੀਨੀ ਇਨਕਲਾਬ ਦੀ ਸਭ ਤੋਂ ਵੱਡੀ ਤਾਕਤ ਹਨ। ਉਹ ਪ੍ਰੋਲੇਤਾਰੀ ਦੇ ਸਭ ਤੋਂ ਨੇੜੇ ਦੇ ਤੇ ਭਰੋਸੇਯੋਗ ਸਾਥੀ ਹਨ ਤੇ ਚੀਨੀ ਇਨਕਲਾਬੀ ਫੌਜਾਂ ਦਾ ਮੁੱਖ ਦਸਤਾ ਹਨ। (ਮਾਓ-ਜ਼ੇ-ਤੁੰਗ ਚੋਣਵੀਆਂ ਰਚਨਾਵਾਂ ਸੈਂਚੀ-2, ਪੰਨਾ-323)

ਜਦੋਂ ਅਸੀਂ ਚੀਨ ਦੀ ਕਿਸਾਨੀ ਦੇ ਇਸ ਵਿਸ਼ਲੇਸ਼ਣ ਦੀ ਤੁਲਨਾ ਰੂਸ ਦੀ ਕਿਸਾਨੀ ਦੇ ਲੈਨਿਨ ਦੇ ਵਿਸ਼ਲੇਸ਼ਣ ਨਾਲ਼ ਕਰਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਚੀਨ ਵਿੱਚ ਮਜ਼ਦੂਰਾਂ-ਕਿਸਾਨਾਂ ਦੇ ਗੱਠਜੋੜ ਦੀ ਬੁਨਿਆਦ ਵਧੇਰੇ ਵਿਸ਼ਾਲ ਸੀ ਅਤੇ ਇਹ ਫਰਕ ਇੱਕ ਨਵੀਂ ਵਿਰੋਧਤਾਈ, ਚੀਨੀ ਲੋਕਾਂ ਤੇ ਸਾਮਰਾਜਵਾਦ ਵਿਚਕਾਰ ਵਿਰੋਧਤਾਈ ਦੇ ਪੈਦਾ ਹੋ ਜਾਣ ਕਾਰਨ ਸੀ। ਸਾਮਰਾਜਵਾਦ ਖਿਲਾਫ਼ ਘੋਲ ਵਿੱਚ ਆਗੂ ਭੂਮਿਕਾ ਵਿੱਚ ਖੁਦ ਨੂੰ ਸਥਾਪਿਤ ਕਰਕੇ ਚੀਨੀ ਪ੍ਰੋਲੇਤਾਰੀ ਜਮਾਤੀ ਤਾਕਤਾਂ ਦੇ ਸੰਤੁਲਨ ਨੂੰ ਬਦਲਣ ਤੇ ਪੇਂਡੂ ਇਲਾਕਿਆਂ ਵਿੱਚ ਮੁੱਖ-ਦੁਸ਼ਮਣ ਜਗੀਰੂ ਭੂਮੀਪਤੀਆਂ ਨੂੰ ਅਲੱਗ-ਥਲੱਗ ਕਰਨ ਦੇ ਯੋਗ ਹੋ ਗਿਆ। ਉਹ ਇਸ ਦੇ ਯੋਗ ਇਸ ਲਈ ਹੋ ਸਕਿਆ ਕਿਉਂਕਿ ਉਸ ਦੀ ਅਗਵਾਈ ਕਮਿਊਨਿਸਟ ਪਾਰਟੀ ਰਾਹੀਂ ਮਾਓ-ਜ਼ੇ-ਤੁੰਗ ਦੁਆਰਾ ਚੀਨੀ ਹਾਲਾਤਾਂ ਅਨੁਸਾਰ ਲਾਗੂ ਕੀਤਾ ਗਿਆ ਲੈਨਿਨ ਦਾ ਮਜ਼ਦੂਰ-ਕਿਸਾਨ ਗੱਠਜੋੜ ਦਾ ਸਿਧਾਂਤ ਕਰ ਰਿਹਾ ਸੀ।

4. ਲੁੰਪਨ ਪ੍ਰੋਲੇਤਾਰੀ

ਇਸ ਤਰ੍ਹਾਂ ਮਜ਼ਦੂਰ-ਕਿਸਾਨ ਗੱਠਜੋੜ ਬੁਨਿਆਦੀ ਤੌਰ ‘ਤੇ ਸਨਅਤੀ ਪ੍ਰੋਲੇਤਾਰੀ ਤੇ ਗਰੀਬ ਕਿਸਾਨਾਂ ਦਾ ਗੱਠਜੋੜ ਹੈ, ਭਾਵ ਸ਼ਹਿਰੀ ਤੇ ਪੇਂਡੂ ਪ੍ਰੋਲੇਤਾਰੀ ਤੇ ਅਰਧ-ਪ੍ਰੋਲੇਤਾਰੀ ਵਿਚਕਾਰ ਗੱਠਜੋੜ ਹੈ। ਲੁੰਪਨ ਪ੍ਰੋਲੇਤਾਰੀ ਦਾ ਜ਼ਿਕਰ ਕਰਨਾ ਬਾਕੀ ਹੈ।

ਇਸ ਤਬਕੇ ਵਿੱਚ ਗੈਰ-ਜਮਾਤੀ, ਭ੍ਰਿਸ਼ਟ, ਉਤਪਾਦਨ ਵਿੱਚ ਬਾਕਾਇਦਾ ਹਿੱਸਾ ਨਾ ਲੈਣ ਵਾਲੇ, ਗੈਰ-ਜੱਥੇਬੰਦ ਤੇ ਜੱਥੇਬੰਦ ਹੋਣ ਦੇ ਅਯੋਗ ਤੱਤ ਸ਼ਾਮਿਲ ਹਨ। ਮਜ਼ਦੂਰ ਜਮਾਤੀ ਲਹਿਰ ਦੇ ਸ਼ੁਰੂਆਤੀ ਦਿਨਾਂ ਵਿੱਚ, ਜਦੋਂ ਪ੍ਰੋਲੇਤਾਰੀ ਵੱਖਰੀ ਜਮਾਤ ਦੇ ਤੌਰ ‘ਤੇ ਚੇਤੰਨ ਹੋ ਰਿਹਾ ਸੀ ਅਤੇ ਟਰੇਡ ਯੂਨੀਅਨਾਂ ਸਥਪਿਤ ਕਰਨ ਲਈ ਇਕਜੁੱਟਤਾ ਤੇ ਅਨੁਸ਼ਾਸਨ ਵਿਕਸਿਤ ਕਰਨ ਲਈ ਸੰਘਰਸ਼ ਕਰ ਰਿਹਾ ਸੀ, ਉਸ ਸਮੇਂ ਲੁੰਪਨ ਪ੍ਰੋਲੇਤਾਰੀ ਸੰਭਾਵੀ ਸੰਗੀ ਹੋਣ ਦੇ ਮੁਕਾਬਲੇ ਲਹਿਰ ਲਈ ਇੱਕ ਖ਼ਤਰਾ ਸੀ:

‘ਖ਼ਤਰਨਾਕ ਜਮਾਤ’, ਸਮਾਜਿਕ ਰਹਿੰਦ-ਖੂੰਹਦ, ਪੁਰਾਣੇ ਸਮਾਜ ਦੁਆਰਾ ਪਾਸੇ ਧੱਕਿਆ ਗਿਆ ਨਿਘਰੇ ਲੋਕਾਂ ਦਾ ਸਮੂਹ ਵੀ ਇੱਧਰ-ਉੱਧਰ ਪ੍ਰੋਲੇਤਾਰੀ ਇਨਕਲਾਬ ਵਿੱਚ ਖਿੱਚਿਆ ਜਾਂਦਾ ਹੈ। ਪਰ ਇਸ ਦੀਆਂ ਜੀਵਨ ਹਾਲਤਾਂ ਇਸ ਨੂੰ ਪਿਛਾਖੜੀ ਸਾਜ਼ਸਾਂ ਦਾ ਰਿਸ਼ਵਤਖੋਰ ਹਥਿਆਰ ਬਣਾ ਦਿੰਦੀਆਂ ਹਨ। (ਮਾਰਕਸ ਏਂਗਲਜ਼ ਚੋਣਵੀਆਂ ਰਚਨਾਵਾਂ ਸੈਂਚੀ-1, ਪੰਨਾ-118, ਹੋਰ ਦੇਖੋ, ਪੰਨਾ-219)

ਇਸੇ ਤਰ੍ਹਾਂ ਦੀ ਹੀ ਚੇਤਾਵਨੀ 1918 ਵਿੱਚ ਲੈਨਿਨ ਦੁਆਰਾ ਵੀ ਦਿੱਤੀ ਗਈ ਸੀ ਜਦੋਂ ਰੂਸ ਦੇ ਮਜ਼ਦੂਰ ਯੁੱਧ ਕਾਰਨ ਪੈਦਾ ਹੋਈ ਅਫਰਾਤਫਰੀ ਵਿੱਚ ਉਤਪਾਦਨ ਨੂੰ ਮੁੜ-ਜੱਥੇਬੰਦ ਕਰਨ ਲਈ ਸੰਘਰਸ਼ ਕਰ ਰਹੇ ਸਨ:

ਬਿਨਾਂ ਸ਼ੱਕ, ਯੁੱਧ ਪਿਛਵਾੜੇ ਵਿੱਚ ਤੇ ਮੂਹਰਲੀਆਂ ਕਤਾਰਾਂ ਵਿੱਚ ਲੋਕਾਂ ਨੂੰ ਭ੍ਰਿਸ਼ਟ ਕਰ ਰਿਹਾ ਹੈ, ਯੁੱਧ ਲਈ ਸਮਾਨ ਭੇਜਣ ਵਾਲਿਆਂ ਨੂੰ ਰੇਟਾਂ ਤੋਂ ਜ਼ਿਆਦਾ ਅਦਾਇਗੀ ਹੋ ਰਹੀ ਹੈ ਅਤੇ ਇਹ ਦੇਖ ਕੇ ਯੁੱਧ ਤੋਂ ਦੂਰ ਭੱਜਣ ਵਾਲੇ ਆਵਾਰਾਗਰਦ ਤੇ ਅਰਧ-ਆਵਾਰਾਗਰਦ ਕਿਸਮ ਦੇ ਲੋਕ ਖਿੱਚੇ ਚਲੇ ਆ ਰਹੇ ਹਨ ਜਿਹਨਾਂ ਦੀ ਇੱਕੋ ਮਨਸ਼ਾ ਹੁੰਦੀ ਹੈ, ਕੁਝ ਨਾ ਕੁਝ ਹੜੱਪ ਲੈਣਾ ਤੇ ਦੌੜ ਜਾਣਾ। ਇਹ ਪੁਰਾਣੇ ਪੂੰਜੀਵਾਦੀ ਢਾਂਚੇ ਦੀ ਸਭ ਤੋਂ ਵੱਡੀ ਬੁਰਾਈ ਹਨ ਅਤੇ ਸਾਰੀਆਂ ਪੁਰਾਣੀਆਂ ਭੈੜਾਂ ਦੇ ਵਾਹਕ ਹਨ; ਇਹਨਾਂ ਨੂੰ ਸਾਨੂੰ ਲਾਜ਼ਮੀ ਹੀ ਭਜਾ ਦੇਣਾ, ਕੱਢ ਦੇਣਾ ਚਾਹੀਦਾ ਹੈ ਤੇ ਸਾਨੂੰ ਫੈਕਟਰੀਆਂ ਵਿੱਚ ਸਭ ਤੋਂ ਕਾਬਿਲ ਪ੍ਰੋਲੇਤਾਰੀਆਂ ਨੂੰ ਭਰਤੀ ਕਰਨਾ ਚਾਹੀਦਾ ਹੈ ਜੋ ਭਵਿੱਖ ਦੇ ਰੂਸੀ ਸਮਾਜਵਾਦ ਦਾ ਧੁਰਾ ਬਣਨਗੇ।

ਇਸ ਨਾਲ਼ ਮਾਓ-ਜ਼ੇ-ਤੁੰਗ ਦੇ ਹੇਠ ਦਿੱਤੇ ਮੁਲਾਂਕਣ ਦੀ ਤੁਲਨਾ ਕੀਤੀ ਜਾ ਸਕਦੀ ਹੈ:

ਇਹਨਾਂ ਸਾਰਿਆਂ ਤੋਂ ਬਿਨਾਂ, ਇੱਕ ਵੱਡਾ ਲੁੰਪਨ-ਪ੍ਰੋਲੇਤਾਰੀ ਹੈ ਜਿਸ ਵਿੱਚ ਕਿਸਾਨ, ਜਿਹਨਾਂ ਦੀ ਜ਼ਮੀਨ ਖੁੱਸ ਗਈ ਹੈ ਤੇ ਦਸਤਕਾਰ ਜਿਹਨਾਂ ਨੂੰ ਕੰਮ ਨਹੀਂ ਮਿਲ ਸਕਦਾ, ਸ਼ਾਮਿਲ ਹਨ। ਇਹ ਸਭ ਤੋਂ ਭੈੜੀ ਜ਼ਿੰਦਗੀ ਜਿਉਂਦੇ ਹਨ। … ਚੀਨ ਦੀਆਂ ਮੁਸ਼ਕਿਲ ਸਮੱਸਿਆਵਾਂ ਵਿੱਚ ਇੱਕ ਇਹ ਹੈ ਕਿ ਇਹਨਾਂ ਲੋਕਾਂ ਨੂੰ ਕਿਵੇਂ ਕੰਟਰੋਲ ਵਿੱਚ ਕੀਤਾ ਜਾਵੇ। ਯੋਗ ਅਗਵਾਈ ਮਿਲਣ ਤੇ ਇਹ ਬਹਾਦਰ  ਵੀ ਲੜਾਕੇ ਜੋ ਅਕਸਰ ਤਬਾਹਕਰੂ ਬਣ ਜਾਂਦੇ ਹਨ, ਇਨਕਲਾਬੀ ਤਾਕਤ ਬਣ ਸਕਦੇ ਹਨ। (ਮਾਓ-ਜ਼ੇ-ਤੁੰਗ ਚੋਣਵੀਆਂ ਰਚਨਾਵਾਂ, ਸੈਂਚੀ-1, ਪੰਨਾ-19)

ਚੀਨ ਦੇ ਬਸਤੀ ਤੇ ਅਰਧ-ਬਸਤੀ ਬਣਨ ਕਰਕੇ ਵੱਡੀ ਗਿਣਤੀ ਪੇਂਡੂ ਤੇ ਸ਼ਹਿਰੀ ਬੇਰੁਜ਼ਗਾਰਾਂ ਦੀ ਪੈਦਾ ਹੋਈ ਹੈ। ਰੋਜ਼ੀ-ਰੋਟੀ ਦੇ ਢੁੱਕਵੇਂ ਸਾਧਨ ਖੁੱਸ ਜਾਣ ਕਰਕੇ ਉਹ ਅਨੈਤਿਕ ਕੰਮਾਂ ਵੱਲ ਧੱਕੇ ਜਾਂਦੇ ਹਨ, ਨਤੀਜਤਨ ਠੱਗ, ਬਦਮਾਸ਼, ਭਿਖਾਰੀ, ਵੇਸ਼ਵਾਵਾਂ ਤੇ ਤੰਤਰ-ਮੰਤਰ ਕਰਨ ਵਾਲੇ ਲੋਕ ਪੈਦਾ ਹੁੰਦੇ ਹਨ। ਇਹ ਸਮਾਜਿਕ ਤਬਕਾ ਡਾਵਾਡੋਲ ਹੁੰਦਾ ਹੈ; ਭਾਵੇਂ ਕੁਝ ਪਿਛਾਖੜੀ ਤਾਕਤਾਂ ਦੁਆਰਾ ਖਰੀਦੇ ਜਾਂਦੇ ਹਨ ਪਰ ਬਹੁਤ ਸਾਰੇ ਇਨਕਲਾਬ ਵਿੱਚ ਵੀ ਸ਼ਾਮਿਲ ਹੋ ਸਕਦੇ ਹਨ। ਇਹਨਾਂ ਲੋਕਾਂ ਵਿੱਚ ਉਸਾਰੂ ਗੁਣਾਂ ਦੀ ਘਾਟ ਹੁੰਦੀ ਹੈ ਅਤੇ ਉਸਾਰੀ ਦੇ ਕੰਮਾਂ ਦੀ ਬਜਾਏ ਉਜਾੜਾ ਪਾਊ ਕੰਮਾਂ ਵੱਲ ਖਿੱਚੇ ਜਾਂਦੇ ਹਨ। ਇਨਕਲਾਬ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਇਨਕਲਾਬੀ ਸਫ਼ਾਂ ਅੰਦਰ ਘੁਮੰਕੜ-ਵਿਦਰੋਹੀ ਤੇ ਅਰਾਜਕਤਾਵਾਦੀ ਵਿਚਾਰਧਾਰਾ ਦੇ ਸ੍ਰੋਤ ਬਣ ਜਾਂਦੇ ਹਨ। ਇਸ ਲਈ ਸਾਨੂੰ ਇਹਨਾਂ ਦੀ ਮੁੜ-ਢਲਾਈ ਕਰਨਾ ਤੇ ਇਹਨਾਂ ਦੀ ਉਜਾੜਾਪਾਊ ਪ੍ਰਵਿਰਤੀ ਤੋਂ ਬਚਣਾ ਆਉਣਾ ਚਾਹੀਦਾ ਹੈ। (ਮਾਓ-ਜ਼ੇ-ਤੁੰਗ ਚੋਣਵੀਆਂ ਰਚਨਾਵਾਂ ਸੈਂਚੀ-2, ਪੰਨਾ-325)

ਇਹ ਜ਼ਿਆਦਾ ਹਾਂ-ਪੱਖੀ ਮੁਲਾਂਕਣ ਸੰਸਾਰ ਇਨਕਲਾਬ ਦੀ ਪੇਸ਼ਕਦਮੀ ਦਰਸਾਉਂਦਾ ਹੈ। ਜਿਵੇਂ ਜਿਵੇਂ ਸਾਮਰਾਜੀ ਲੁੱਟ ਵੱਧਦੀ ਜਾਂਦੀ ਹੈ, ਸਥਾਈ ਬੇਰੁਜ਼ਗਾਰਾਂ ਦੀ ਗਿਣਤੀ ਵੱਧਦੀ ਜਾਂਦੀ ਹੈ; ਪਰ ਉਸ ਸਮੇਂ ਹੀ ਇਨਕਲਾਬੀ ਘੋਲ਼ ਵੀ ਅੱਗੇ ਵਧਦਾ ਹੈ, ਇਸ ਲਈ ਸੰਸਾਰ ਪ੍ਰੋਲੇਤਾਰੀ ਵੀ ਸਾਮਰਾਜ ਦੁਆਰਾ ਛੇਕੇ ਗਏ ਸਾਰੇ ਲੋਕਾਂ ਵਿੱਚ ਆਪਣਾ ਪ੍ਰਭਾਵ ਕਾਇਮ ਕਰ ਲੈਂਦਾ ਹੈ।

5. ਪੱਛਮ ਵਿੱਚ ਪ੍ਰੋਲੇਤਾਰੀ

ਕਿਉਂਕਿ ਪ੍ਰੋਲੇਤਾਰੀ ਦੀ ਉੱਨਤੀ ਪੂੰਜੀਵਾਦ ਦਾ ਵਿਕਾਸ ਨਿਰਧਾਰਿਤ ਕਰਦਾ ਹੈ ਤੇ ਪੂੰਜੀਵਾਦ ਸਭ ਤੋਂ ਵੱਧ ਉੱਨਤ ਪੱਛਮ ਦੇ ਵਿਕਸਿਤ ਦੇਸ਼ਾਂ ਵਿੱਚ ਹੈ, ਇਸ ਲਈ ਇਹ ਸਵਾਲ ਪੁੱਛਿਆ ਜਾ ਸਕਦਾ ਹੈ ਕਿ ਇਹਨਾਂ ਦੇਸ਼ਾਂ ਵਿਚੱ ਹਾਲੇ ਤੱਕ ਕੋਈ ਪ੍ਰੋਲੇਤਾਰੀ ਇਨਕਲਾਬ ਕਿਉਂ ਨਹੀਂ ਹੋਇਆ? ਆਪਣੇ ਸ਼ੁਰੂਆਤੀ ਦਿਨਾਂ ਦੌਰਾਨ ਮਾਰਕਸ ਤੇ ਏਂਗਲਜ਼ ਸਮਝਦੇ ਸਨ ਕਿ ਪਹਿਲਾ ਪ੍ਰੋਲੇਤਾਰੀ ਇਨਕਲਾਬ ਜਰਮਨੀ ਵਿੱਚ ਹੋਵੇਗਾ, ਪਰ ਉਹਨਾਂ ਦੀ ਉਮੀਦ ਪੂਰੀ ਨਾ ਹੋਈ। ਫ਼ਰਾਂਸੀਸੀ ਮਜ਼ਦੂਰਾਂ ਨੇ 1871 ਵਿੱਚ ਪੈਰਿਸ ਵਿੱਚ ਸੱਤਾ ‘ਤੇ ਕਬਜ਼ਾ ਤਾਂ ਕਰ ਲਿਆ ਪਰ ਉਹ ਇਸ ਨੂੰ ਬਣਾਈ ਨਾ ਰੱਖ ਸਕੇ। ਅਕਤੂਬਰ ਇਨਕਲਾਬ ਦੇ ਸਮੇਂ ਰੂਸ ਯੂਰਪ ਦਾ ਸਭ ਤੋਂ ਪਿਛੜਿਆ ਦੇਸ਼ ਸੀ। ਦੂਜੇ ਸੰਸਾਰ ਜੰਗ ਦੀ ਸਮਾਪਤੀ ‘ਤੇ ਮੱਧ ਯੂਰਪ ਦੇ ਬਹੁਤ ਸਾਰੇ ਮੁਲਕਾਂ ਵਿੱਚ ਇਨਕਲਾਬ ਆਇਆ ਪਰ ਪੱਛਮ ਵਿੱਚ ਨਹੀਂ। 1949 ਵਿੱਚ ਚੀਨ 1917 ਦੇ ਰੂਸ ਨਾਲੋਂ ਵੀ ਵੱਧ ਪਿਛੜਿਆ ਹੋਇਆ ਸੀ।

ਇਹ ਸਵਾਲ ਇਕ ਹੋਰ ਸਵਾਲ ਨਾਲ਼ ਜੋੜ ਕੇ ਦੇਖਿਆ ਜਾਣਾ ਚਾਹੀਦਾ ਹੈ, ਕਿ ਰੂਸੀ ਤੇ ਚੀਨ ਇਨਕਲਾਬ ਇੰਨੀ ਜਲਦੀ ਕਿਉਂ ਹੋ ਗਏ? ਜਿਵੇਂ ਕਿ ਅਸੀਂ ਦੇਖਿਆ ਹੈ, ਜਵਾਬ ਪੂੰਜੀਵਾਦ ਦੇ ਅਸਾਵੇਂ ਵਿਕਾਸ ਵਿੱਚ ਪਿਆ ਹੈ। ਪੱਛਮ ਦੀ ਬੁਰਜੂਆਜ਼ੀ ਜਿਸ ਸਮੇਂ ਸਾਮਰਾਜਵਾਦ ਦੇ ਪੜਾਅ ‘ਚ ਦਾਖਲ ਹੋ ਚੁੱਕੀ ਸੀ, ਉਸ ਸਮੇਂ ਰੂਸ ਤੇ ਚੀਨ ਵਿੱਚ ਬੁਰਜੂਆਜ਼ੀ ਜਗੀਰਦਾਰੀ ਦੀਆਂ ਬੇੜੀਆਂ ਤੋਂ ਮੁਕਤ ਹੋਣ ਲਈ ਸੰਘਰਸ਼ ਕਰ ਰਹੀ ਸੀ। ਰੂਸ ਵਿੱਚ ਪੱਛਮੀ ਪੂੰਜੀ ‘ਤੇ ਇਸ ਦੀ ਨਿਰਭਰਤਾ (ਲੈਨਿਨ ਸਮੁੱਚੀਆਂ ਰਚਨਾਵਾਂ ਸੈਂਚੀ-20, ਪੰਨਾ-399) ਅਤੇ ਚੀਨ ਵਿੱਚ ਸਾਮਰਾਜੀ ਦਾਬੇ ਕਾਰਨ ਇਹ ਹੋਰ ਵੀ ਜ਼ਿਆਦਾ ਕਮਜ਼ੋਰ ਹੋ ਗਈ ਸੀ। ਦੂਜੇ ਪਾਸੇ, ਪ੍ਰੋਲੇਤਾਰੀ ਰੂਸ ਵਿੱਚ ਪੱਛਮ ਦੇ ਇਨਕਲਾਬੀ ਤਜ਼ਰਬੇ ਤੋਂ ਸਿੱਖ ਕੇ ਅਤੇ ਚੀਨ ਵਿੱਚ ਅਕਤੂਬਰ ਇਨਕਲਾਬ ਦੀ ਉਦਾਹਰਣ ਤੇ ਸੋਵੀਅਤ ਯੂਨੀਅਨ ਦੀ ਹਮਾਇਤ ਸਦਕਾ ਹੋਰ ਵਧੇਰੇ ਮਜ਼ਬੂਤ ਹੋ ਗਿਆ ਸੀ। ਇਹਨਾਂ ਬਾਹਰੀ ਕਾਰਕਾਂ ਨੇ ਇਕੱਠੇ ਹੋ ਕੇ ਅੰਦਰੂਨੀ ਵਿਰੋਧਤਾਈ ਨੂੰ ਤਿੱਖਾ ਕਰ ਦਿੱਤਾ ਅਤੇ ਜਮਾਤੀ ਤਾਕਤਾਂ ਦਾ ਸੰਤੁਲਨ ਪ੍ਰੋਲੇਤਾਰੀ ਦੇ ਹੱਕ ਵਿੱਚ ਕਰ ਦਿੱਤਾ।

ਪੱਛਮ ਵਿੱਚ, ਜਿੱਥੇ ਪੂੰਜੀਵਾਦ ਦਾ ਵਿਕਾਸ ਬਹੁਤ ਪਹਿਲਾਂ ਆਰੰਭ ਹੋ ਗਿਆ ਸੀ, ਜਗੀਰਦਾਰੀ ਲਗਭਗ ਪੂਰੀ ਤਰ੍ਹਾਂ ਖ਼ਤਮ ਕਰ ਦਿੱਤੀ ਗਈ ਸੀ ਅਤੇ ਸ਼ੁਰੂਆਤ ਤੋਂ ਬੁਰਜੂਆਜ਼ੀ ਅਮਰੀਕਾ ਤੇ ਏਸ਼ੀਆ ਨੂੰ ਲੁੱਟ ਕੇ ਖੁਦ ਨੂੰ ਅਮੀਰ ਬਣਾ ਰਹੀ ਸੀ। ਇਸ ਤਰ੍ਹਾਂ ਉਸ ਨੇ ਆਪਣੇ ਘਰ ਵਿੱਚ ਆਪਣੀ ਪੋਜ਼ੀਸ਼ਨ ਮਜਬੂਤ ਕਰ ਲਈ ਸੀ। ਬਸਤੀਆਂ ਦੀ ਲੁੱਟ ਕਰਕੇ ਕਮਾਏ ਮੋਟੇ ਮੁਨਾਫਿਆਂ ਦਾ ਫਾਇਦਾ ਲੈਂਦੇ ਹੋਏ ਉਹਨਾਂ ਨੇ ਸਨਅਤੀ ਮਜ਼ਦੂਰਾਂ ਨੂੰ ਚੋਖੀਆਂ ਰਿਆਇਤਾਂ ਦਿੱਤੀਆਂ ਤੇ ਉਹਨਾਂ ਦੇ ਬਹੁਤ ਸਾਰੇ ਨੇਤਾਵਾਂ ਨੂੰ ਖਰੀਦ ਲਿਆ। ਇਸ ਕਰਕੇ, ਨਾ ਸਿਰਫ਼ ਮਹਾਂਨਗਰੀ ਦੇਸ਼ਾਂ ਦੇ ਮਜ਼ਦੂਰਾਂ ਤੇ ਬਸਤੀਆਂ ਦੇ ਮਜ਼ਦੂਰਾਂ ਤੇ ਕਿਸਾਨਾਂ ਵਿੱਚ ਖਾਈ ਪੈਦਾ ਹੋ ਗਈ, ਸਗੋਂ ਮਹਾਂਨਗਰੀ ਪ੍ਰੋਤੇਲਾਰੀ ਖੁਦ ਵੀ ਵੰਡਿਆ ਗਿਆ ਤੇ ਵੱਡੀ ਹੱਦ ਤੱਕ ਬੁਰਜੂਆ ਵਿਚਾਰਧਾਰਾ ਦਾ ਸ਼ਿਕਾਰ ਹੋ ਗਿਆ। ਸਾਮਰਾਜਵਾਦ ਦੇ ਅਸਰ ਕਾਰਨ ਇਹਨਾਂ ਦੇਸ਼ਾਂ ਵਿੱਚ ਅੰਦਰੂਨੀ ਵਿਰੋਧਤਾਈਆਂ ਮੱਠੀਆਂ ਪੈ ਗਈਆਂ ਤੇ ਇਸ ਤਰ੍ਹਾਂ ਜਮਾਤੀ ਤਾਕਤਾਂ ਦਾ ਸੰਤੁਲਨ ਬੁਰਜੂਆਜ਼ੀ ਦੇ ਹੱਕ ਵਿੱਚ ਹੋ ਗਿਆ।

ਲੈਨਿਨ ਦਾ ਵੀ ਇਹੀ ਮੁਲਾਂਕਣ ਸੀ ਜੋ ਉਸਦੀਆਂ ਲਿਖਤਾਂ ਦੇ ਕਈ ਹਵਾਲਿਆਂ ਤੋਂ ਸਪੱਸ਼ਟ ਹੋ ਜਾਂਦਾ ਹੈ:

ਸਿਰਫ਼ ਉਹੀ ਪ੍ਰੋਲੇਤਾਰੀ ਜਮਾਤ, ਜੋ ਸਾਰੇ ਸਮਾਜ ਦਾ ਪਾਲਣ-ਪੋਸ਼ਣ ਕਰਦੀ ਹੈ, ਸਮਾਜਿਕ ਇਨਕਲਾਬ ਲਿਆ ਸਕਦੀ ਹੈ। ਪਰੰਤੂ ਬਸਤੀਵਾਦੀ ਨੀਤੀਆਂ ਕਾਰਨ, ਯੂਰਪੀਅਨ ਪ੍ਰੋਲੇਤਾਰੀ ਅਜਿਹੀ ਹਾਲਤ ਵਿੱਚ ਪਹੁੰਚ ਗਿਆ ਜਿੱਥੇ ਇਸ ਦੀ ਆਪਣੀ ਕਿਰਤ ਨਹੀਂ ਸਗੋਂ ਬਸਤੀਆਂ ਦੇ ਗੁਲਾਮ ਲੋਕਾਂ ਦੀ ਕਿਰਤ ਪੂਰੇ ਸਮਾਜ ਦਾ ਪਾਲਣ-ਪੋਸ਼ਣ ਕਰਦੀ ਹੈ।…. ਕੁਝ ਦੇਸ਼ਾਂ ਵਿੱਚ ਇਹ ਪ੍ਰੋਲੇਤਾਰੀ ਦੇ ਬਸਤੀਵਾਦੀ ਸ਼ਾਵਨਵਾਦ ਦੇ ਸ਼ਿਕਾਰ ਹੋਣ ਦਾ ਭੌਤਿਕ ਤੇ ਆਰਥਿਕ ਅਧਾਰ ਤਿਆਰ ਕਰਦੀ ਹੈ। (ਲੈਨਿਨ ਸਮੁੱਚੀਆਂ ਰਚਨਾਵਾਂ ਸੈਂਚੀ-13, ਪੰਨਾ-77, ਹੋਰ ਦੇਖੋ ਸੈਂਚੀ-21, ਪੰਨਾ-243)

ਕੀ ਕੌਮੀਅਤਾਂ ਦੇ ਸਵਾਲ ਦੇ ਨਜ਼ਰੀਏ ਤੋਂ ਦੇਖਣ ‘ਤੇ, ਲੁੱਟ ਕਰਨ ਵਾਲੇ ਤੇ ਲੁੱਟ ਦੇ ਸ਼ਿਕਾਰ ਦੇਸ਼ਾਂ ਦੇ ਮਜ਼ਦੂਰਾਂ ਦੀ ਹਾਲਤ ਇਕੋ ਜਿਹੀ ਹੈ? ਨਹੀਂ, ਇਹ ਇਕੋ ਜਿਹੀ ਨਹੀਂ ਹੈ।

1) ਆਰਥਿਕ ਤੌਰ ‘ਤੇ ਅੰਤਰ ਇਹ ਹੈ ਕਿ ਲੋਟੂ ਦੇਸ਼ਾਂ ਦੀ ਮਜ਼ਦੂਰ ਜਮਾਤ ਉਹਨਾਂ ਦੇਸ਼ਾਂ ਦੀ ਬੁਰਜੂਆਜ਼ੀ ਦੁਆਰਾ ਲੁਟੀਂਦੇ ਮੁਲਕਾਂ ਦੇ ਮਜ਼ਦੂਰਾਂ ਦੀ ਵਧੇਰੇ ਤਿੱਖੀ ਲੁੱਟ ਨਾਲ਼ ਕਮਾਏ ਅਤਿ-ਮੁਨਾਫਿਆਂ ‘ਚੋਂ ਟੁਕੜੇ ਹਾਸਲ ਕਰਦੀ ਹੈ। ਅੰਕੜੇ ਦਿਖਾਉਂਦੇ ਹਨ ਕਿ ਲੋਟੂ ਦੇਸ਼ਾਂ ਵਿੱਚ ਲੁੱਟੇ ਜਾ ਰਹੇ ਦੇਸ਼ਾਂ ਦੇ ਮੁਕਾਬਲੇ ਮਜ਼ਦੂਰਾਂ ਦਾ ਵਧੇਰੇ ਵੱਡਾ ਹਿੱਸਾ ‘ਫੋਰਮੈਨਾਂ’ ਦੀ ਸ਼੍ਰੇਣੀ ਵਿੱਚ ਆਉਂਦਾ ਹੈ, ਇੱਕ ਵੱਡਾ ਹਿੱਸਾ ਜਿਹੜਾ ਮਜ਼ਦੂਰਾਂ ਵਿੱਚ ਕੁਲੀਨ ਵਰਗ ਪੈਦਾ ਕਰਦਾ ਹੈ। ਇਹ ਇੱਕ ਸੱਚਾਈ ਹੈ। ਕੁਝ ਹੱਦ ਤੱਕ ਲੋਟੂ ਮੁਲਕਾਂ ਦੇ ਮਜ਼ਦੂਰ ਲੁੱਟੇ ਜਾ ਰਹੇ ਮੁਲਕਾਂ ਦੇ ਮਜ਼ਦੂਰਾਂ ਤੇ ਆਮ ਲੋਕਾਂ ਦੇ ਸ਼ੋਸ਼ਣ ਵਿੱਚ ਆਪਣੀ ਬੁਰਜੂਆਜ਼ੀ ਦੇ ਹਿੱਸੇਦਾਰ ਬਣ ਜਾਂਦੇ ਹਨ।

2) ਰਾਜਨੀਤਕ ਤੌਰ ‘ਤੇ, ਲੁੱਟ ਦੇ ਸ਼ਿਕਾਰ ਦੇਸ਼ਾਂ ਦੇ ਮਜ਼ਦੂਰਾਂ ਦੇ ਮੁਕਾਬਲੇ, ਉਹ ਰਾਜਨੀਤਕ ਜੀਵਨ ਦੇ ਕਈ ਖੇਤਰਾਂ ਵਿੱਚ ਵਿਸ਼ੇਸ਼ ਅਧਿਕਾਰਾਂ ਵਾਲੀ ਹਾਲਤ ਵਿੱਚ ਹਨ।

3) ਵਿਚਾਰਧਾਰਕ ਜਾਂ ਆਤਮਿਕ ਤੌਰ ‘ਤੇ ਅੰਤਰ ਇਹ ਹੈ ਕਿ ਉਹਨਾਂ ਨੂੰ ਸਕੂਲਾਂ ਵਿੱਚ ਸਿੱਖਿਆ ਮਿਲਦੀ ਹੈ ਅਤੇ ਆਮ ਜ਼ਿੰਦਗੀ ਵਿੱਚ ਉਹ ਲੁਟੀਦੇ ਦੇਸ਼ਾਂ ਦੇ ਮਜ਼ਦੂਰਾਂ ਨੂੰ ਨਫ਼ਰਤ ਤੇ ਤ੍ਰਿਸਕਾਰ ਕਰਦੇ ਹਨ। (ਲੈਨਿਨ ਸਮੁੱਚੀਆਂ ਰਚਨਾਵਾਂ ਸੈਂਚੀ-23, ਪੰਨਾ-55, ਹੋਰ ਦੇਖੋ, ਸੈਂਚੀ-22, ਪੰਨਾ-283)

ਸਾਡੇ ਪ੍ਰੋਗਰਾਮ ਵਿੱਚ ਬਸਤੀਆਂ ਤੇ ਕਮਜ਼ੋਰ ਦੇਸ਼ਾਂ ਦੀ ਪਰਜੀਵੀਆਂ ਦੀ ਤਰ੍ਹਾਂ ਲੁੱਟ ਕਰਕੇ ਅਮੀਰ ਬਣੇ ਸਾਮਰਾਜੀ ਦੇਸ਼ਾਂ ਦੀ ਪ੍ਰਧਾਨਤਾ ਦਾ ਜ਼ੋਰਦਾਰ ਤੇ ਵਧੇਰੇ ਸਪੱਸ਼ਟ ਤਰੀਕੇ ਵਰਣਨ ਕਰਨਾ ਸ਼ਾਇਦ ਉੱਚਿਤ ਹੋਵੇਗਾ। ਇਹ ਸਾਮਰਾਜਵਾਦ ਦਾ ਮਹੱਤਵਪੂਰਨ ਲੱਛਣ ਹੈ। ਇਹ ਕੁਝ ਹੱਦ ਤੱਕ ਸਾਮਰਾਜੀ ਲੁੱਟ ਦੇ ਸ਼ਿਕਾਰ ਦੇਸ਼ਾਂ ਅਤੇ ਸਾਮਰਾਜੀ ਦੈਂਤਾਂ ਦੁਆਰਾ ਦਬਾਏ ਜਾਣ ਤੇ ਵੰਡੇ ਜਾਣ ਦੇ ਖ਼ਤਰੇ ਵਾਲੇ ਦੇਸ਼ਾਂ (ਜਿਵੇਂ ਕਿ ਰੂਸ) ਵਿੱਚ ਤਾਕਤਵਰ ਇਨਕਲਾਬੀ ਲਹਿਰਾਂ ਦੇ ਵਿਕਾਸ ਨੂੰ ਉਗਾਸਾ ਦਿੰਦਾ ਹੈ। ਪਰ ਦੂਸਰੇ ਪਾਸੇ ਇਹ ਬਸਤੀਆਂ ਤੇ ਵਿਦੇਸ਼ੀ ਭੂਮੀ ਦੀ ਸਾਮਰਾਜੀ ਲੁੱਟ ਕਰਨ ਵਾਲੇ ਦੇਸ਼ਾਂ ਵਿੱਚ ਕੋਈ ਵੱਡੀ ਇਨਕਲਾਬੀ ਲਹਿਰ ਪਨਪਣ ਨੂੰ ਰੋਕਦਾ ਹੈ ਅਤੇ ਇਸ ਤਰ੍ਹਾਂ ਇਹਨਾਂ ਦੇਸ਼ਾਂ ਦੀ ਆਬਾਦੀ ਦੇ ਮੁਕਾਬਲਤਨ ਵੱਡੇ ਹਿੱਸੇ ਨੂੰ ਸਾਮਰਾਜੀ ਲੁੱਟ ਦੀ ਵੰਡ ਵਿੱਚ ਹਿੱਸੇਦਾਰ ਬਣਾ ਦਿੰਦਾ ਹੈ। (ਲੈਨਿਨ ਸਮੁੱਚੀਆਂ ਰਚਨਾਵਾਂ ਸੈਂਚੀ-26, ਪੰਨਾ-168; ਹੋਰ ਦੇਖੋ ਸੈਂਚੀ-29, ਪੰਨਾ-123, ਸੈਂਚੀ-31, ਪੰਨਾ-191, 230)

ਪਰ ਬ੍ਰਿਟੇਨ ਦੇ ਸਬੰਧ ਵਿੱਚ ਇੱਕ ਗੱਲ ਨਹੀਂ ਭੁੱਲਣੀ ਚਾਹੀਦੀ ਕਿ… ਬ੍ਰਿਟੇਨ ਦੁਆਰਾ ਆਪਣੀਆਂ ਬਸਤੀਆਂ ਵਿੱਚ ਕਰੋੜਾਂ ਲੋਕਾਂ ਨੂੰ ਗੁਲਾਮ ਬਣਾਏ ਜਾਣ ਕਰਕੇ, ਉੱਥੇ ਨਿੱਕ-ਬੁਰਜੂਆ ਪੱਧਰ ਦਾ ਜੀਵਨ ਜਿਉਣ ਵਾਲੇ ਮਜ਼ਦੂਰਾਂ ਤੇ ਦਫ਼ਤਰੀ ਮੁਲਾਜਮਾਂ ਦਾ ਹਿੱਸਾ ਆਸਾਧਾਰਨ ਤੌਰ ‘ਤੇ ਜ਼ਿਆਦਾ ਹੈ। (ਲੈਨਿਨ ਸਮੁੱਚੀਆਂ ਰਚਨਾਵਾਂ ਸੈਂਚੀ-32, ਪੰਨਾ-456)

ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਸਾਮਰਾਜੀ ਮੁਲਕਾਂ ਵਿੱਚ ਸਾਰੀਆਂ ਜਮਾਤਾਂ ਵਿੱਚੋਂ ਸਭ ਤੋਂ ਵੱਧ ਇਨਕਲਾਬੀ ਪ੍ਰੋਲੇਤਾਰੀ ਵੀ ਇਨਕਲਾਬੀ ਨਹੀਂ ਰਹਿ ਜਾਂਦਾ।

ਅੱਜ ਦੇ ਸਮੇਂ ਵਿੱਚ, ਜਦੋਂ ਪੂਰੀ ਦੁਨੀਆਂ ਵਿੱਚ ਦਾਬੇ ਦੇ ਸ਼ਿਕਾਰ ਲੋਕ ਵਿਦਰੋਹ ਕਰ ਰਹੇ ਹਨ ਤੇ ਸਾਮਰਾਜਵਾਦ ਪੂਰੀ ਤਰ੍ਹਾਂ ਢਹਿਢੇਰੀ ਹੋਣ ਜਾ ਰਿਹਾ ਹੈ, ਪੱਛਮ ਵਿੱਚ ਵੀ ਹਾਲਾਤ ਬਦਲਣੇ ਸ਼ੁਰੂ ਹੋ ਗਏ ਹਨ। ਜੇ ਇਹਨਾਂ ਦੇਸ਼ਾਂ ਵਿੱਚ ਮਜ਼ਦੂਰਾਂ ਦਾ ਮੁਕਾਬਲਤਨ ਉੱਚ ਪੱਧਰ ਦਾ ਜੀਵਨ ਬਸਤੀਵਾਦੀ ਲੁੱਟ ‘ਤੇ ਅਧਾਰਿਤ ਸੀ ਤਾਂ ਇਸ ਅਧਾਰ ਦੇ ਡਿੱਗਣ ਨਾਲ਼ ਹੀ ਉਹ ਸੁਧਾਰਵਾਦੀ ਭਰਮ-ਜਾਲ ਨੂੰ ਤਿਆਗਣ ਲਈ ਮਜਬੂਰ ਹੋ ਜਾਣਗੇ ਅਤੇ ਆਪਣੀ ਇਨਕਲਾਬੀ ਚੇਤਨਾ ਨੂੰ ਫਿਰ ਤੋਂ ਪਾ ਲੈਣਗੇ।

ਅਖੀਰ ਵਿੱਚ ਇਹ ਨੋਟ ਕੀਤਾ ਜਾ ਸਕਦਾ ਹੈ ਕਿ ਇਹਨਾਂ ਵਿਕਸਿਤ ਪੂੰਜੀਵਾਦੀ ਮੁਲਕਾਂ ਵਿੱਚ ਸਨਅਤੀ ਮਜ਼ਦੂਰ ਕਿਸੇ ਵੀ ਹੋਰ ਦੇਸ਼ ਦੇ ਮੁਕਾਬਲੇ ਪੂਰੀ ਆਬਾਦੀ ਦਾ ਵਧੇਰੇ ਵੱਡਾ ਹਿੱਸਾ ਬਣਾਉਂਦੇ ਹਨ। ਇੱਕ ਵਾਰ ਫਿਰ ਅਸੀਂ ਦੇਖ ਸਕਦੇ ਹਾਂ ਕਿ ਪ੍ਰੋਲੇਤਾਰੀ ਦੀ ਤਾਕਤ ਇਸ ਦੀ ਗਿਣਤੀ ਤੋਂ ਨਹੀਂ ਤੈਅ ਕੀਤੀ ਜਾ ਸਕਦੀ।


— ਅਨੁਵਾਦ
ਡਾ. ਅੰਮ੍ਰਿਤ

“ਪ੍ਰਤੀਬੱਧ”, ਅੰਕ 14, ਅਕਤੂਬਰ 2010 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s