ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ -ਜਾਰਜ ਥਾਮਸਨ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

 (ਕਮਿਊਨਿਸਟ ਇਨਕਲਾਬ ਰਵਾਇਤੀ ਜਾਇਦਾਦੀ ਸੰਬੰਧਾਂ ਤੋਂ ਸਭ ਤੋਂ ਵਧੇਰੇ ਤੱਤ ਰੂਪ ਵਿੱਚ ਟੁੱਟਣਾ ਹੈ; ਇਸ ਲਈ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਇਹਦੇ ਵਿਕਾਸ ਵਿੱਚ ਰਵਾਇਤੀ ਵਿਚਾਰਾਂ ਨਾਲੋਂ ਵੱਧ ਤੋਂ ਵੱਧ ਤੱਤ ਰੂਪ ‘ਚ ਟੁੱਟਣਾ ਆ ਜਾਂਦਾ ਹੈ।    -ਕਮਿਊਨਿਸਟ ਮੈਨੀਫੈਸਟੋ) 

 1.ਕੌਮੀ ਮੁਕਤੀ 

ਅਕਤੂਬਰ 1949 ਵਿੱਚ ਚੀਨੀ ਲੋਕ ਗਣਰਾਜ ਦੀ ਸਥਾਪਨਾ ਦੇ ਐਲਾਨ ਨਾਲ ਇੱਕ ਲੰਬੀ ਤੇ ਗੁੰਝਲਦਾਰ ਇਨਕਲਾਬੀ ਜੰਗ ਦਾ ਅੰਤ ਹੋਇਆ ਜਿਸ ਵਿੱਚ ਘਰੇਲੂ ਜੰਗ ਤੇ ਜਾਪਾਨ-ਵਿਰੋਧੀ ਜੰਗ ਦੋਵੇਂ ਸ਼ਾਮਿਲ ਸਨ, ਅਤੇ ਜਿਹੜੀ ਚੀਨੀ ਲਾਲ ਫੌਜ (ਹੁਣ ਲੋਕ ਮੁਕਤੀ ਫੌਜ) ਦੇ ਕਾਇਮ ਹੋਣ ਨਾਲ ਸ਼ੁਰੂ ਹੋਈ ਸੀ ਤੇ ਹੌਲੀ-ਹੌਲੀ ਸਮੁੱਚੇ ਚੀਨ ਵਿੱਚ ਫੈਲ ਗਈ ਸੀ। ਇਹ ਤੱਤ ਰੂਪ ‘ਚ ਇੱਕ ਕਿਸਾਨ ਜੰਗ (ਮਾਓ ਜ਼ੇ-ਤੁੰਗ, ਚੋਣਵੀਆਂ ਲਿਖਤਾਂ ਸੈਂਚੀ 2, ਸਫਾ 366), ਜ਼ਮੀਨ ਲਈ ਇੱਕ ਹਥਿਆਰਬੰਦ ਘੋਲ ਸੀ। ਕਿਸਾਨ ਬਗਾਵਤਾਂ ਚੀਨ ਦੇ ਪਿਛਲੇ ਦੋ ਹਜ਼ਾਰ ਸਾਲ ਦੇ ਇਤਿਹਾਸ ਦਾ ਇੱਕ ਲੱਛਣ ਰਹੀਆਂ ਹਨ। ਉਹਨਾਂ ਸਾਰੀਆਂ ਬਗਾਵਤਾਂ ਨੂੰ ਹਰਾ ਦਿੱਤਾ ਗਿਆ ਕਿਉਂਕਿ ਕਿਸਾਨੀ ਇੱਕ ਜਮਾਤ ਦੇ ਰੂਪ ‘ਚ ਇਨਕਲਾਬ ਦੀ ਅਗਵਾਈ ਕਰਨ ਦੇ ਕਾਬਿਲ ਨਹੀਂ ਹੈ। ਪ੍ਰੰਤੂ ਇਹ ਇੱਕ ਨਵੀਂ ਕਿਸਮ ਦੀ ਕਿਸਾਨ ਜੰਗ ਸੀ ਜਿਸ ਵਿੱਚ ਕਿਸਾਨੀ ਦੀ ਅਗਵਾਈ ਪ੍ਰੋਲੇਤਾਰੀ ਤੇ ਉਸਦੇ ਮੁਹਰੈਲ ਦਸਤੇ, ਕਮਿਊਨਿਸਟ ਪਾਰਟੀ ਵੱਲੋਂ ਕੀਤੀ ਗਈ। ਇਸਦਾ ਲੜਾਕੂ ਦਲ ਇੱਕ ਨਵੀਂ ਕਿਸਮ ਦੀ, ਲੋਕਾਂ ਨਾਲ ਨੇੜਿਓਂ ਜੁੜੀ ਹੋਈ, ਜਮਹੂਰੀ ਕੇਂਦਰਵਾਦ ਦੇ ਸਿਧਾਤਾਂ ਉੱਤੇ ਜਥੇਬੰਦ ਕੀਤੀ ਹੋਈ ਫੌਜ ਸੀ ਜਿਹੜੀ ਲੜਾਈ ਦੇ ਨਾਲ-ਨਾਲ ਪੈਦਾਵਾਰ ਤੇ ਪ੍ਰਸ਼ਾਸ਼ਨ ਚਲਾਉਣ ਵਿੱਚ ਵੀ ਹਿੱਸਾ ਲੈਂਦੀ ਸੀ, ਤੇ ਜਿੱਥੇ ਵੀ ਇਹ ਪਹੁੰਚੀ ਉੱਥੇ ਇਸਨੇ ਪ੍ਰੋਲੇਤਾਰੀ ਨੈਤਿਕਤਾ ਤੇ ਲੋਕਾਂ ਦੀ ਸੇਵਾ ਕਰਨ ‘ਚ ਸਵੈ-ਕੁਰਬਾਨੀ ਦੀ ਭਾਵਨਾ ਦੀ ਉਦਾਹਰਣ ਪੇਸ਼ ਕੀਤੀ। ਇਸਦਾ ਸਿੱਟਾ ਇਹ ਸੀ ਕਿ ਜਦੋਂ 1949 ਵਿੱਚ ਅਜ਼ਾਦੀ ਹਾਸਿਲ ਹੋਈ ਤਾਂ ਨਵੀਂ ਲੋਕ-ਸਰਕਾਰ ਕੋਲ ਸਮਾਜਵਾਦੀ ਉਸਾਰੀ ਦੇ ਸਾਰੇ ਖੇਤਰਾਂ ‘ਚ ਅਗਵਾਈ ਦੇਣ ਲਈ ਤਿਆਰ ਵੱਡੀ ਗਿਣਤੀ ‘ਚ ਤਜਰਬੇਕਾਰ ਰਾਖਵੇਂ ਕਾਡਰ ਸਨ। ਇਸ ਤੋਂ ਇਲਾਵਾ, ਇਸ ਨੂੰ ਕਈ ਸਾਲਾਂ ਤੱਕ ਸੋਵੀਅਤ ਯੂਨੀਅਨ ਤੋਂ ਅਹਿਮ ਮਦਦ ਮਿਲਦੀ ਰਹੀ, ਅਤੇ ਇਸ ਕੋਲ ਸਿੱਖਣ ਲਈ ਸੋਵੀਅਤ ਯੂਨੀਅਨ ਵਿੱਚ ਸਮਾਜਵਾਦੀ ਉਸਾਰੀ ਦਾ ਸਕਾਰਾਤਮਕ ਤੇ ਨਕਾਰਾਤਮਕ, ਦੋਵੇਂ ਹੀ ਤਰ੍ਹਾਂ ਤਜ਼ਰਬਾ ਸੀ।
1949 ਦੀਆਂ ਗਰਮੀਆਂ ਵਿੱਚ ਹਥਿਆਰਬੰਦ ਘੋਲ ਜਿਹੜਾ ਕਿ ਉਸ ਵੇਲੇ ਅੰਤ ਵੱਲ ਨੂੰ ਵੱਧ ਰਿਹਾ ਸੀ, ਦੇ ਪੂਰੇ ਸਮੇਂ ਨੂੰ ਮੁੜ-ਵਾਚਦੇ ਹੋਏ ਮਾਓ ਜ਼ੇ-ਤੁੰਗ ਨੇ ਕਿਹਾ:

“ਮਾਰਕਸਵਾਦ-ਲੈਨਿਨਵਾਦ ਦੇ ਸਿਧਾਂਤ ਨਾਲ ਲੈੱਸ ਸਖਤ ਜ਼ਾਬਤੇ ‘ਚ ਢਲੀ, ਸਵੈ-ਆਲੋਚਨਾ ਦਾ ਤਰੀਕਾਕਾਰ ਵਰਤਨ ਵਾਲੀ ਅਤੇ ਲੋਕਾਈ ਨਾਲ ਜੁੜੀ ਹੋਈ ਪਾਰਟੀ; ਅਜਿਹੀ ਪਾਰਟੀ ਦੀ ਅਗਵਾਈ ਹੇਠਲੀ ਫੌਜ; ਅਜਿਹੀ ਪਾਰਟੀ ਦੀ ਅਗਵਾਈ ਹੇਠ ਸਾਰੀਆਂ ਇਨਕਲਾਬੀ ਜਮਾਤਾਂ ਤੇ ਇਨਕਲਾਬੀ ਗਰੁੱਪਾਂ ਦਾ ਸਾਂਝਾ ਮੋਰਚਾ; ਇਹ ਹਨ ਉਹ ਤਿੰਨ ਮੁੱਖ ਹਥਿਆਰ ਜਿਨ੍ਹਾਂ ਨਾਲ ਅਸੀਂ ਦੁਸ਼ਮਣ ਨੂੰ ਹਰਾਇਆ ਹੈ..। ਇਹਨਾਂ ‘ਤੇ ਨਿਰਭਰ ਰਹਿੰਦੇ ਹੋਏ ਅਸੀਂ ਮੁੱਢਲੀ ਜਿੱਤ ਹਾਸਿਲ ਕੀਤੀ ਹੈ। ਅਸੀਂ ਇੱਕ ਮੋੜਾਂ-ਘੋੜਾਂ ਨਾਲ ਭਰੇ ਰਸਤੇ ਤੋਂ ਲੰਘੇ ਹਾਂ। ਅਸੀਂ ਸੱਜੇ ਤੇ ‘ਖੱਬੇ’, ਦੋਵਾਂ ਮੌਕਾਪ੍ਰਸਤ ਭਟਕਾਵਾਂ ਖਿਲਾਫ ਸੰਘਰਸ਼ ਕੀਤਾ ਹੈ। ਜਦੋਂ ਵੀ ਅਸੀਂ ਇਹਨਾਂ ਤਿੰਨਾਂ ਮਾਮਲਿਆਂ ‘ਚ ਗੰਭੀਰ ਗਲਤੀਆਂ ਕੀਤੀਆਂ, ਇਨਕਲਾਬ ਦੇ ਕਾਜ਼ ਨੂੰ ਪਿਛਾੜ ਲੱਗੀ। ਗਲਤੀਆਂ ਤੇ ਪਛਾੜਾਂ ਤੋਂ ਸਿੱਖਦੇ ਹੋਏ, ਅਸੀਂ ਸਮਝਦਾਰ ਹੋਏ ਹਾਂ ਅਤੇ ਆਪਣੇ ਮਾਮਲਿਆਂ ਨੂੰ ਵਧੇਰੇ ਚੰਗੀ ਤਰ੍ਹਾਂ ਸਿੱਝਦੇ ਹਾਂ। ਕਿਸੇ ਵੀ ਵਿਅਕਤੀ ਜਾਂ ਸਿਆਸੀ ਪਾਰਟੀ ਲਈ ਗਲਤੀਆਂ ਤੋਂ ਉੱਕਾ ਹੀ ਬਚ ਨਿਕਲਣਾ ਬਹੁਤ ਔਖਾ ਹੁੰਦਾ ਹੈ, ਪ੍ਰੰਤੂ ਸਾਡੀਆਂ ਗਲਤੀਆਂ ਜਿੰਨੀਆਂ ਘੱਟ ਹੋਣ ਓਨਾ ਹੀ ਚੰਗਾ ਹੈ। ਜਦੋਂ ਇੱਕ ਵਾਰ ਗਲਤੀ ਹੋ ਜਾਵੇ ਤਾਂ ਸਾਨੂੰ ਇਸਨੂੰ ਠੀਕ ਕਰਨਾ ਚਾਹੀਦਾ ਹੈ, ਅਤੇ ਜਿੰਨਾ ਵਧੇਰੇ ਫੁਰਤੀ ਅਤੇ ਡੂੰਘਾਈ ‘ਚ ਜਾ ਕੇ, ਓਨਾ ਹੀ ਚੰਗਾ।” (ਮਾਓ ਜ਼ੇ-ਤੁੰਗ ਚੋਣਵੀਆਂ ਲਿਖਤਾਂ, ਸੈਂਚੀ 4, ਸਫਾ 422)

ਸਾਹਮਣੇ ਆਏ ਨਵੇਂ ਕਾਰਜਾਂ ਨੂੰ ਨੇਪਰੇ ਚਾੜਨ ਲਈ ਇਹ ਲਾਜ਼ਮੀ ਸੀ ਕਿ ਪਾਰਟੀ ਖੁਦ ਨੂੰ ਉਹਨਾਂ ਨਵੀਆਂ ਹਾਲਤਾਂ ਅਨੁਸਾਰ ਢਾਲਦੀ, ਜਿਨ੍ਹਾਂ ਅਧੀਨ ਸੰਘਰਸ਼ ਦਾ ਕੇਂਦਰ ਲੜਾਈ ਦੇ ਮੈਦਾਨ ਤੋਂ ਬਦਲ ਕੇ ਖੇਤਾਂ, ਫੈਕਟਰੀਆਂ ਤੇ ਸਰਕਾਰੀ ਦਫਤਰਾਂ ‘ਚ ਆ ਗਿਆ ਸੀ। ਇਸ ਹਾਲਤ ਵਿੱਚ ਪਾਰਟੀ ਸਾਹਮਣੇ ਨਵਾਂ ਦੁਸ਼ਮਣ ਸੀ, ਜਾਂ ਕਿਹਾ ਜਾਵੇ ਪੁਰਾਣਾ ਦੁਸ਼ਮਣ ਨਵਾਂ ਮਖੌਟਾ ਪਾਕੇ ਸਾਹਮਣੇ ਖੜਾ ਸੀ:

“ਛੇਤੀ ਹੀ ਅਸੀਂ ਪੂਰੇ ਦੇਸ਼ ਵਿੱਚ ਜੇਤੂ ਹੋਵਾਂਗੇ। ਇਹ ਜਿੱਤ ਸਾਮਰਾਜਵਾਦ ਦੇ ਪੂਰਬੀ ਫਰੰਟ ‘ਚ ਸੰਨ੍ਹ ਲਾਵੇਗੀ ਅਤੇ ਇਸਦਾ ਕੌਮਾਂਤਰੀ ਮਹੱਤਵ ਹੋਵੇਗਾ। ਇਸ ਜਿੱਤ ਨੂੰ ਪੂਰਿਆਂ ਕਰਨ ਲਈ ਹੁਣ ਜ਼ਿਆਦਾ ਕੋਸ਼ਿਸ਼ ਅਤੇ ਸਮੇਂ ਦੀ ਲੋੜ ਨਹੀਂ ਪਵੇਗੀ, ਪਰ ਇਸਨੂੰ ਪੱਕੇ ਪੈਰੀਂ ਕਰਨ ਲਈ ਲਾਜ਼ਮੀ ਹੀ ਵਧੇਰੇ ਕੋਸ਼ਿਸ਼ਾਂ ਤੇ ਸਮੇਂ ਦੀ ਲੋੜ ਪੈਣ ਵਾਲ਼ੀ ਹੈ। ਬੁਰਜੂਆਜ਼ੀ ਨੂੰ ਮੁੜ-ਉਸਾਰੀ ਕਰਨ ਦੀ ਸਾਡੀ ਸਮਰੱਥਾ ਉੱਤੇ ਸ਼ੱਕ ਹੈ। ਸਾਮਰਾਜੀਆਂ ਨੂੰ ਪੂਰੀ ਉਮੀਦ ਹੈ ਕਿ ਜਿਉਂਦੇ ਰਹਿਣ ਲਈ ਅਸੀਂ ਜਲਦੀ ਹੀ ਉਹਨਾਂ ਅੱਗੇ ਭੀਖ ਮੰਗਾਂਗੇ। ਜਿੱਤ ਹਾਸਿਲ ਹੋਣ ਨਾਲ਼ ਹੀ, ਪਾਰਟੀ ਅੰਦਰ ਕੁਝ ਰੁਚੀਆਂ ਸਿਰ ਚੁੱਕ ਰਹੀਆਂ ਹਨ-  ਹੈਂਕੜਬਾਜ਼ੀ, ਆਪੂੰ-ਬਣੇ ਨਾਇਕ ਵਾਲ਼ਾ ਸਟਾਇਲ, ਜੜ੍ਹਤਾ ਤੇ ਅੱਗੇ ਵਧਣ ਦੀ ਚਾਹਤ ਦਾ ਨਾ ਹੋਣਾ, ਮੌਜ-ਮੇਲੇ ਵਾਲੀ ਮਾਨਸਿਕਤਾ ਅਤੇ ਲਗਾਤਾਰ ਸਖਤ ਮਿਹਨਤ ਲਈ ਨਫਰਤ। ਜਿੱਤ ਹਾਸਿਲ ਹੋਣ ਤੋਂ ਬਾਅਦ, ਲੋਕ ਸਾਡੀ ਤਾਰੀਫ ਕਰਨਗੇ ਅਤੇ ਬੁਰਜੂਆਜ਼ੀ ਸਾਡੇ ਕਸੀਦੇ ਪੜ੍ਹੇਗੀ। ਇਹ ਸਿੱਧ ਹੋ ਚੁੱਕਾ ਹੈ ਕਿ ਦੁਸ਼ਮਣ ਸਾਨੂੰ ਹਥਿਆਰਾਂ ਦੇ ਦਮ ‘ਤੇ ਹਰਾ ਨਹੀਂ ਸਕਦਾ। ਪ੍ਰੰਤੂ, ਬੁਰਜੂਆਜ਼ੀ ਦੀ ਚਾਪਲੂਸੀ ਸਾਡੀਆਂ ਕਮਜ਼ੋਰ ਸਫ਼ਾਂ ਨੂੰ ਜਰੂਰ ਜਿੱਤ ਲਵੇਗੀ। ਅਜਿਹੇ ਕਮਿਊਨਿਸਟ ਹੁੰਦੇ ਹਨ ਜਿਹੜੇ ਦੁਸ਼ਮਣ ਦੀਆਂ ਬੰਦੂਕਾਂ ਤੋਂ ਜਿੱਤੇ ਨਹੀਂ ਜਾਂਦੇ ਤੇ ਉਹ ਉਹਨਾਂ ਦੁਸ਼ਮਣਾਂ ਦਾ ਮੁਕਾਬਲਾ ਕਰਨ ਕਰਕੇ ਵਾਕਈ ਨਾਇਕਾਂ ਦੇ ਰੁਤਬੇ ਦੇ ਯੋਗ ਹੁੰਦੇ ਹਨ, ਪਰ ਉਹ ਦੁਸ਼ਮਣ ਦੀਆਂ ਖੰਡ-ਲਪੇਟੀਆਂ ਗੋਲ਼ੀਆਂ ਅੱਗੇ ਨਹੀਂ ਖਲੋ ਪਾਉਂਦੇ; ਉਹ ਇਹਨਾਂ ਖੰਡ-ਲਪੇਟੀਆਂ ਗੋਲ਼ੀਆਂ ਤੋਂ ਮਾਤ ਖਾ ਜਾਂਦੇ ਹਨ। ਸਾਨੂੰ ਅਜਿਹੀ ਹਾਲਤ ਪ੍ਰਤੀ ਸਾਵਧਾਨ ਰਹਿਣਾ ਚਾਹੀਦਾ ਹੈ। (ਮਾਓ ਜ਼ੇ-ਤੁੰਗ ਚੋਣਵੀਆਂ ਲਿਖਤਾਂ, ਸੈਂਚੀ 4, ਸਫਾ 373)

ਚੇਅਰਮੈਨ ਮਾਓ ਭਵਿੱਖ ਵੱਲੀਂ ਸਾਵਧਾਨੀ ਭਰੇ ਵਿਸ਼ਵਾਸ ਨਾਲ ਦੇਖਦੇ ਸਨ:

“ਚੀਨੀ ਇਨਕਲਾਬ ਮਹਾਨ ਹੈ, ਪਰ ਇਨਕਲਾਬ ਦੇ ਬਾਅਦ ਅੱਗੇ ਵਾਲ਼ਾ ਰਾਹ ਵਧੇਰੇ ਲੰਬਾ ਹੋਵੇਗਾ, ਕਾਰਜ ਵਧੇਰੇ ਮਹਾਨ ਤੇ ਦੁਸ਼ਵਾਰੀਆਂ ਭਰੇ ਹੋਣਗੇ। ਪਾਰਟੀ ਵਿੱਚ ਇਹ ਗੱਲ ਹੁਣ ਸਾਫ ਕਰ ਦਿੱਤੀ ਜਾਣੀ ਚਾਹੀਦੀ ਹੈ। ਸਾਥੀਆਂ  ਨੂੰ ਨਿਮਰ, ਵਿਵੇਕਸ਼ੀਲ, ਅਤੇ ਕੰਮ ਦੇ ਤੌਰ-ਤਰੀਕਿਆਂ ‘ਚ ਹੈਂਕੜਬਾਜ਼ੀ ਤੇ ਕਾਹਲ਼ ਤੋਂ ਬਚਣ ਦੀ ਸਿੱਖਿਆ ਦੇਣੀ ਚਾਹੀਦੀ ਹੈ। ਸਾਥੀਆਂ ਨੂੰ ਸਾਦਾ ਜੀਵਨ ਅਤੇ ਸਖਤ ਮਿਹਨਤ ਵਾਲੇ ਢੰਗ ਤਰੀਕਿਆਂ ਨੂੰ ਬਣਾਈ ਰੱਖਣ ਲਈ ਸਿੱਖਿਅਤ ਕੀਤਾ ਜਾਣਾ ਚਾਹੀਦਾ ਹੈ। ਸਾਡੇ ਕੋਲ ਅਲੋਚਨਾ ਤੇ ਸਵੈ-ਅਲੋਚਨਾ ਦਾ ਮਾਰਕਸਵਾਦੀ-ਲੈਨਿਨਵਾਦੀ ਹਥਿਆਰ ਹੈ। ਅਸੀਂ ਭੈੜੇ ਤੌਰ-ਤਰੀਕਿਆਂ ਤੋਂ ਛੁਟਕਾਰਾ ਪਾ ਸਕਦੇ ਹਾਂ ਤੇ ਚੰਗੇ ਨੂੰ ਬਚਾ ਸਕਦੇ ਹਾਂ। ਅਸੀਂ ਉਹ ਸਭ ਕੁਝ ਸਿੱਖ ਸਕਦੇ ਹਾਂ ਜੋ ਸਾਨੂੰ ਅਜੇ ਨਹੀਂ ਆਉਂਦਾ। ਅਸੀਂ ਪੁਰਾਣੇ ਸੰਸਾਰ ਨੂੰ ਤਬਾਹ ਕਰਨ ਦੇ ਕਾਬਲ ਹਾਂ, ਸਗੋਂ ਨਵੀਂ ਉਸਾਰੀ ਕਰਨ ਦੇ ਵੀ ਕਾਬਲ ਹਾਂ। ਚੀਨੀ ਲੋਕ ਨਾ ਸਿਰਫ਼ ਸਾਮਰਾਜੀਆਂ ਤੋਂ ਭੀਖ ਮੰਗੇ ਬਿਨਾਂ ਜਿਉਂਦੇ ਰਹਿ ਸਕਦੇ ਹਨ, ਸਗੋਂ ਉਹ ਸਾਮਰਾਜੀ ਮੁਲਕਾਂ ਦੇ ਲੋਕਾਂ ਨਾਲੋਂ ਬਿਹਤਰ ਜੀਵਨ ਜਿਉਣਗੇ।” (ਮਾਓ ਜ਼ੇ-ਤੁੰਗ ਚੋਣਵੀਆਂ ਲਿਖਤਾਂ, ਸੈਂਚੀ 4, ਸਫਾ 374)

ਲੋਕ ਗਣਰਾਜ ਦਾ ਐਲਾਨ ਚੀਨੀ ਸਮਾਜ ਵਿੱਚ ਤਿੰਨ ਰੈਡੀਕਲ ਬਦਲਾਵਾਂ ਦਾ ਸੂਚਕ ਸੀ।

ਪਹਿਲਾ ਸੀ, ਕੌਮੀ-ਮੁਕਤੀ ਘੋਲ ਦਾ ਨੇਪਰੇ ਚੜ੍ਹਨਾ। ਨਾ ਸਿਰਫ ਸਮੁੱਚਾ ਦੇਸ਼ (ਤਾਈਵਾਨ ਨੂੰ ਛੱਡ ਕੇ) ਸਾਮਰਾਜੀ ਦਾਬੇ ਤੋਂ ਮੁਕਤ ਕਰਵਾ ਲਿਆ ਗਿਆ ਸੀ ਸਗੋਂ ਇਤਿਹਾਸ ਵਿੱਚ ਪਹਿਲੀ ਵਾਰ, ਕੌਮੀ ਘੱਟਗਿਣਤੀਆਂ ਜੋ ਕਿ ਪੂਰੀ ਅਬਾਦੀ ਦਾ ਲੱਗਭੱਗ ਛੇ ਫੀਸਦੀ ਸਨ, ਨੂੰ ਵੀ ਹਾਨ ਲੋਕਾਂ ਦੇ ਬਰਾਬਰ ਦੇ ਸ਼ਹਿਰੀ ਹੱਕ ਮਿਲੇ।

ਦੂਜਾ ਸੀ, ਬੁਰਜੂਆ-ਜਮਹੂਰੀ ਇਨਕਲਾਬ ਦਾ ਨੇਪਰੇ ਚੜ੍ਹਨਾ। ਸਾਰੇ ਜਗੀਰੂ ਸੰਬੰਧ ਖਤਮ ਕਰ ਦਿੱਤੇ ਗਏ। ਪੇਂਡੂ ਇਲਾਕਿਆਂ ਵਿੱਚ, “ਜਮੀਨ ਹਲਵਾਹਕ ਦੀ” ਨਾਹਰੇ ਹੇਠ ਸਾਰੀ ਜ਼ਮੀਨ ਕਿਸਾਨਾਂ ਵਿੱਚ ਵੰਡ ਦਿੱਤੀ ਗਈ। ਸ਼ਹਿਰਾਂ ਵਿੱਚ, ਦਲਾਲ ਬੁਰਜੂਆਜੀ ਦੀ ਜਾਇਦਾਦ ਜਬਤ ਕਰ ਲਈ ਗਈ, ਜਦਕਿ ਕੌਮੀ ਬੁਰਜੂਆਜ਼ੀ ਨੇ ਆਪਣੀਆਂ ਫੈਕਟਰੀਆਂ ਦੀ ਮਾਲਕੀ ਬਣਾਈ ਰੱਖੀ ਜਿਹੜੀ ਕਿ ਕੱਚੇ ਮਾਲ, ਮੰਡੀ ਤੇ ਕਿਰਤ ਦੀਆਂ ਹਾਲਤਾਂ ‘ਤੇ ਰਾਜਕੀ ਕੰਟਰੋਲ ‘ਤੇ ਨਿਰਭਰ ਸੀ। ਉਸੇ ਸਮੇਂ ਹੀ, ‘ਸਭ ਨੂੰ ਵੋਟ ਦਾ ਹੱਕ’ ਦੇ ਅਧਾਰ ‘ਤੇ ਨੁਮਾਇੰਦਗੀ ਵਾਲੀ ਸਰਕਾਰ ਦੀ ਸਥਾਪਨਾ ਕੀਤੀ ਗਈ ਜਿਸ ਦੀ ਹਮਾਇਤ ਉਹ ਸਾਰੀਆਂ ਸਿਆਸੀ ਪਾਰਟੀਆਂ ਕਰ ਰਹੀਆਂ ਸਨ ਜਿਨ੍ਹਾਂ ਨੇ ਕੌਮੀ ਮੁਕਤੀ ਘੋਲ਼ ਵਿੱਚ ਹਿੱਸਾ ਲਿਆ ਸੀ।

ਤੀਜਾ ਸੀ, ਸਮਾਜਵਾਦੀ ਇਨਕਲਾਬ ਦੀ ਸ਼ੁਰੂਆਤ। ਪੇਂਡੂ ਇਲਾਕਿਆਂ ਵਿੱਚ, ਕਿਸਾਨਾਂ ਨੂੰ ਆਪਸੀ ਸਹਾਇਤਾ ਗਰੁੱਪ ਬਣਾਉਣ ਲਈ ਪ੍ਰੇਰਿਆ ਜਾਣ ਲੱਗਾ। ਇਹਨਾਂ ਨੇ ਬਾਅਦ ‘ਚ ਖੇਤੀ-ਸਹਿਕਾਰਤਾਵਾਂ ‘ਚ ਤੇ ਅਗੇ ਚੱਲ ਕੇ ਕਮਿਊਨਾਂ ਵਿੱਚ ਵਿਕਸਤ ਹੋਣਾ ਸੀ; ਅਤੇ ਪ੍ਰੋਲੇਤਾਰੀ ਦੁਆਰਾ ਕਿਸਾਨ ਸਭਾਵਾਂ ਰਾਹੀਂ ਕੀਤੀ ਗਈ ਅਗਵਾਈ ਸਦਕਾ ਇਹਨਾਂ ਪੜਾਵਾਂ ਦੌਰਾਨ ਅਮੀਰ ਕਿਸਾਨੀ ਨੇ ਕੋਈ ਵੱਡਾ ਵਿਰੋਧ ਨਹੀਂ ਕੀਤਾ। ਸ਼ਹਿਰਾਂ ਵਿੱਚ, ਕੌਮੀ ਬੁਰਜੂਆਜ਼ੀ ਨੂੰ ਸਾਂਝੀ ਰਾਜਕੀ ਤੇ ਨਿੱਜੀ ਮਾਲਕੀ ਲਈ ਸਹਿਮਤ ਹੋਣ ਲਈ ਪ੍ਰੇਰਿਆ ਗਿਆ। ਇਸ ਇੰਤਜ਼ਾਮ ਦਾ ਫ਼ਾਇਦਾ ਸਾਬਕਾ ਫੈਕਟਰੀ-ਮਾਲਕਾਂ ਦਾ ਸਹਿਯੋਗ ਜੁਟਾਉਣ ‘ਚ ਹੋਇਆ ਜਿਸ ਨਾਲ ਉਹਨਾਂ ਦੀ ਵਪਾਰਕ ਸਿਖਲਾਈ ਤੇ ਪ੍ਰਸ਼ਾਸਨਿਕ ਤਜ਼ਰਬੇ ਨੂੰ ਸਮਾਜਵਾਦੀ ਸਨਅੱਤ ਦੀ ਉਸਾਰੀ ਲਈ ਵਰਤਿਆ ਜਾ ਸਕਿਆ। ਅਤੇ ਅੰਤ ਵਿੱਚ, ਪਾਰਟੀ ਨੇ ਕਈ ਸਾਰੀਆਂ ਲੋਕ ਲਹਿਰਾਂ ਸ਼ੁਰੂ ਕੀਤੀਆਂ, ਜਿਹਨਾਂ ਦਾ ਅਰੰਭ 1952 ਦੀ ‘ਸਾਨ ਫਾਨ’ ਲਹਿਰ ਨਾਲ ਹੋਇਆ ਜਿਸ ਦਾ ਨਿਸ਼ਾਨਾ ਘਪਲੇਬਾਜ਼ੀ, ਭ੍ਰਿਸ਼ਟਾਚਾਰ ਤੇ ਨੌਕਰਸ਼ਾਹੀ ਸੀ, ਅਤੇ ਜਿਸ ਦਾ ਸਿਖ਼ਰਲਾ ਵਿਕਾਸ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ (1966-68) ਵਿੱਚ ਹੋਇਆ। ਇਹ ਲਹਿਰਾਂ, ਜੋ ਇੱਕ ਤੋਂ ਬਾਅਦ ਇੱਕ ਚੱਲੀਆਂ, ਦਾਇਰੇ ਤੇ ਡੂੰਘਾਈ ਪੱਖੋਂ ਵਿਸ਼ਾਲ ਰੂਪ ਧਾਰਦੀਆਂ ਗਈਆਂ ਪ੍ਰੰਤੂ ਬੁਨਿਆਦੀ ਉਦੇਸ਼ ਸਭ ਦਾ ਇੱਕ ਹੀ ਰਿਹਾ-  ਲੋਕਾਂ ਨੂੰ ਪਹਿਲਕਦਮੀ ਆਪਣੇ ਹੱਥਾਂ ‘ਚ ਲੈਣ ਦਾ ਸੱਦਾ ਦਿੰਦੇ ਹੋਏ ਜਮਾਤੀ ਘੋਲ ਨੂੰ ਅੰਤਿਮ ਨਤੀਜੇ ਤੱਕ ਪਹੁੰਚਾਉਣਾ: ‘ਸੋਚਣ ਦੀ ਜੁਰਅੱਤ ਕਰੋ! ਬੋਲਣ ਦੀ ਜੁਰਅੱਤ ਕਰੋ! ਕਾਰਵਾਈ ਦੀ ਜੁਰਅੱਤ ਕਰੋ!’ 

2. ਵਿਰੋਧਤਾਈਆਂ ਨੂੰ ਨਜਿੱਠਣਾ

ਕੀ ਸਮਾਜਵਾਦੀ ਸਮਾਜ ਵਿੱਚ ਵਿਰੋਧਤਾਈਆਂ ਮੌਜੂਦ ਹੁੰਦੀਆਂ ਹਨ? ਜੇ ਹਾਂ ਤਾਂ ਇਹਨਾਂ ਦਾ ਖਾਸਾ ਕੀ ਹੁੰਦਾ ਹੈ ਅਤੇ ਇਹਨਾਂ ਨੂੰ ਕਿਵੇਂ ਹੱਲ ਕੀਤਾ ਜਾਂਦਾ ਹੈ?

ਜਵਾਬ ਇਹ ਹੈ, ਸਭ ਤੋਂ ਪਹਿਲਾਂ ਤਾਂ ਸਮਾਜਵਾਦੀ ਸਮਾਜ ਵਿੱਚ ਵੀ ਵਿਰੋਧਤਾਈਆਂ ਤਾਂ ਹੋਣੀਆਂ ਹੀ ਚਾਹੀਦੀਆਂ ਹਨ ਕਿਉਂਕਿ ਵਿਰੋਧਤਾਈਆਂ ਤਾਂ ਹਰ ਜਗ੍ਹਾ ਹੁੰਦੀਆਂ ਹਨ:

“ਮਾਰਕਸਵਾਦੀ ਦਰਸ਼ਨ ਦੀ ਇਹ ਮਾਨਤਾ ਹੈ ਕਿ ਵਿਰੋਧੀਆਂ ਦੇ ਏਕੇ ਦਾ ਨਿਯਮ ਬ੍ਰਹਿਮੰਡ ਦਾ ਬੁਨਿਆਦੀ ਨਿਯਮ ਹੈ। ਇਹ ਨਿਯਮ ਸਭ ਥਾਂ ਲਾਗੂ ਹੁੰਦਾ ਹੈ, ਚਾਹੇ ਕੁਦਰਤੀ ਸੰਸਾਰ ਹੋਵੇ, ਮਨੁੱਖੀ ਸਮਾਜ ਹੋਵੇ, ਤੇ ਜਾਂ ਫਿਰ ਮਨੁੱਖ ਦੀ ਸੋਚ ਹੋਵੇ। ਵਿਰੋਧਤਾਈ ਵਿੱਚ ਵਿਰੋਧੀ ਪੱਖਾਂ ਵਿਚਕਾਰ ਇੱਕੋ ਵੇਲੇ ਏਕਤਾ ਤੇ ਘੋਲ਼ ਹੁੰਦਾ ਹੈ ਅਤੇ ਇਹ ਹੀ ਹੈ ਜੋ ਚੀਜ਼ਾਂ ਨੂੰ ਗਤੀ ਦਿੰਦੀ ਹੈ ਤੇ ਬਦਲਣ ਦਾ ਕਾਰਨ ਬਣਦੀ ਹੈ। ਵਿਰੋਧਤਾਈਆਂ ਹਰ ਥਾਂ ਹਨ ਪਰ ਇਹ ਵੱਖ-ਵੱਖ ਚੀਜ਼ਾਂ ਦੇ ਸੁਭਾਅ ਮੁਤਾਬਕ ਵੱਖ-ਵੱਖ ਹੁੰਦੀਆਂ ਹਨ। ਕਿਸੇ ਵੀ ਮੌਜੂਦ ਵਰਤਾਰੇ ਜਾਂ ਚੀਜ਼ ਵਿੱਚ ਵਿਰੋਧੀਆਂ ਦੀ ਏਕਤਾ ਸ਼ਰਤੀਆ, ਆਰਜ਼ੀ ਤੇ ਸੰਕ੍ਰਮਣਸ਼ੀਲ ਹੁੰਦੀ ਹੈ ਤੇ ਇਸ ਤਰ੍ਹਾਂ ਸਾਪੇਖਕ ਹੁੰਦੀ ਹੈ ਜਦੋਂ ਕਿ ਵਿਰੋਧੀਆਂ ਦਾ ਘੋਲ਼ ਨਿਰਪੇਖਕ ਹੈ। ਲੈਨਿਨ ਨੇ ਇਸ ਨਿਯਮ ਦੀ ਸਪੱਸ਼ਟ ਵਿਆਖਿਆ ਕੀਤੀ ਹੈ। ਸਾਡੇ ਦੇਸ਼ ਵਿੱਚ ਇਸਨੂੰ ਸਮਝਣ ਵਾਲ਼ਿਆਂ ਦੀ ਗਿਣਤੀ ਦਿਨ-ਬ-ਦਿਨ ਵਧ ਰਹੀ ਹੈ। ਬਹੁਤ ਸਾਰੇ ਲੋਕਾਂ ਲਈ ਇਸ ਨਿਯਮ ਨੂੰ ਮੰਨਣਾ ਇੱਕ ਗੱਲ ਹੈ ਅਤੇ ਸਮੱਸਿਆਵਾਂ ਦੀ ਛਾਣਬੀਣ ਕਰਨ ਲਈ ਇਸਦੀ ਵਰਤੋਂ ਕਰਨੀ ਬਿਲਕੁਲ ਹੀ ਦੂਸਰੀ ਗੱਲ ਹੈ। ਕਾਫੀ ਸਾਰੇ ਲੋਕ ਇਸ ਗੱਲ ਨੂੰ ਖੁੱਲ੍ਹੇਆਮ ਮੰਨਣ ਲਈ ਤਿਆਰ ਨਹੀਂ ਕਿ ਸਾਡੇ ਮੁਲਕ ਵਿੱਚ ਅਜੇ ਵੀ ਲੋਕਾਂ ਵਿਚਕਾਰ ਵਿਰੋਧਤਾਈਆਂ ਮੌਜੂਦ ਹਨ, ਭਾਵੇਂ ਕਿ ਇਹ ਵਿਰੋਧਤਾਈਆਂ ਹੀ ਹਨ ਜੋ ਸਾਡੇ ਸਮਾਜ ਨੂੰ ਅੱਗੇ ਤੋਰ ਰਹੀਆਂ ਹਨ। ਕਾਫ਼ੀ ਸਾਰੇ ਲੋਕ ਨਹੀਂ ਮੰਨਦੇ ਕਿ ਸਮਾਜਵਾਦੀ ਸਮਾਜ ਵਿੱਚ ਵਿਰੋਧਤਾਈਆਂ ਦੀ ਹੋਂਦ ਜਾਰੀ ਰਹਿੰਦੀ ਹੈ, ਜਿਸ ਦਾ ਸਿੱਟਾ ਇਹ ਨਿਕਲਦਾ ਹੈ ਕਿ ਵਿਰੋਧਤਾਈਆਂ ਦਾ ਸਾਹਮਣਾ ਹੋਣ ‘ਤੇ ਉਹ ਬੇਵੱਸ ਤੇ ਗੈਰ-ਸਰਗਰਮ ਹੋ ਜਾਂਦੇ ਹਨ। ਉਹ ਨਹੀਂ ਸਮਝਦੇ ਕਿ ਸਮਾਜਵਾਦੀ ਸਮਾਜ, ਵਿਰੋਧਤਾਈਆਂ ਨੂੰ ਦਰੁੱਸਤ ਢੰਗ ਨਾਲ ਨਜਿੱਠਣ ਤੇ ਹੱਲ ਕਰਨ ਦੇ ਅਰੁਕ ਅਮਲ ਰਾਹੀਂ ਹੀ ਵਧੇਰੇ ਇੱਕਮੁੱਠ ਤੇ ਪੱਕੇ ਪੈਰੀਂ ਹੋਵੇਗਾ। ਇਸ ਕਰਕੇ, ਸਾਨੂੰ ਆਪਣੇ ਲੋਕਾਂ ਨੂੰ ਤੇ ਸਭ ਤੋਂ ਪਹਿਲਾਂ ਕਾਡਰਾਂ ਨੂੰ ਮਾਮਲੇ ਦੀ ਵਿਆਖਿਆ ਕਰਨ ਦੀ ਲੋੜ ਹੈ ਤਾਂ ਕਿ ਉਹ ਸਮਾਜਵਾਦੀ ਸਮਾਜ ਵਿੱਚ ਵਿਰੋਧਤਾਈਆਂ ਨੂੰ ਠੀਕ ਤਰ੍ਹਾਂ ਬੁੱਝ ਸਕਣ ਤੇ ਇਹਨਾਂ ਦੇ ਹੱਲ ਲਈ ਦਰੁਸਤ ਢੰਗ ਵਰਤ ਸਕਣ।” (ਮਾਓ ਜ਼ੇ-ਤੁੰਗ ਦੀਆਂ ‘ਫਲਸਫੇ ਸੰਬੰਧੀ ਚਾਰ ਲਿਖਤਾਂ’, ਸਫਾ 91; ਵਿਸਥਾਰ ਲਈ ਦੇਖੋ  ਲੈਨਿਨ ਸਮੁੱਚੀਆਂ ਲਿਖਤਾਂ, ਸੈਂਚੀ 38, ਸਫਾ 360)

ਇਹ ਸਾਫ਼ ਹੈ ਕਿ ਸਮਾਜਵਾਦੀ ਸਮਾਜ ਵਿੱਚ ਵਿਰੋਧਤਾਈਆਂ ਦੀ ਹੋਂਦ ਹੁੰਦੀ ਹੈ, ਫਿਰ ਇਹਨਾਂ ਦਾ ਖਾਸਾ ਕੀ ਹੁੰਦਾ ਹੈ? ਇਹ ਦੋ ਕਿਸਮ ਦੀਆਂ ਹੁੰਦੀਆਂ ਹਨ- ਲੋਕਾਂ ਵਿੱਚ ਵਿਰੋਧਤਾਈਆਂ ਜਿਹੜੀਆਂ ਕਿ ਖਾਸੇ ਪੱਖੋਂ ਗੈਰ-ਦੁਸ਼ਮਣਾਨਾ ਹੁੰਦੀਆਂ ਹਨ; ਅਤੇ ਲੋਕਾਂ ਤੇ ਦੁਸ਼ਮਣ ਵਿਚਕਾਰ ਵਿਰੋਧਤਾਈਆਂ ਜਿਹੜੀਆਂ ਕਿ ਖਾਸੇ ਪੱਖੋਂ ਦੁਸ਼ਮਣਾਨਾ ਹੁੰਦੀਆਂ ਹਨ। ਇਨਕਲਾਬ ਦੀਆਂ ਹਮਾਇਤੀ ਜਮਾਤਾਂ ਵਿਚਕਾਰਲੀਆਂ ਵਿਰੋਧਤਾਈਆਂ, ਉਦਾਹਰਣ ਵਜੋਂ ਪ੍ਰੋਲੇਤਾਰੀ ਤੇ ਕਿਸਾਨੀ ਵਿਚਕਾਰਲੀਆਂ ਵਿਰੋਧਤਾਈਆਂ  ਪਹਿਲੀ ਕਿਸਮ ਦੀਆਂ ਹਨ; ਇੱਕ ਪਾਸੇ ਇਨਕਲਾਬ ਦੀਆਂ ਹਮਾਇਤੀ ਜਮਾਤਾਂ ਤੇ ਦੂਜੇ ਪਾਸੇ ਪੁਰਾਣੀਆਂ ਲੋਟੂ ਜਮਾਤਾਂ ਦੀ ਰਹਿੰਦ-ਖੂੰਹਦ ਜਿਵੇਂ ਸਾਬਕਾ ਭੂਮੀਪਤੀਆਂ ਵਿਚਕਾਰਲੀਆਂ ਵਿਰੋਧਤਾਈਆਂ ਦੂਸਰੀ ਕਿਸਮ ਦੀਆਂ ਹਨ। ਸਮਾਜਵਾਦੀ ਸਮਾਜ ਵਿੱਚ ਇਹਨਾਂ ਦੋ ਵਿਰੋਧਤਾਈਆਂ ਵਿਚਕਾਰ ਫ਼ਰਕ ਲੋਕ ਜਮਹੂਰੀ ਤਾਨਾਸ਼ਾਹੀ ਦੇ ਦੋ ਪੱਖਾਂ ਨੂੰ ਦਰਸਾਉਂਦਾ ਹੈ- ਭਾਵ ਲੋਕਾਂ ਲਈ ਜਮਹੂਰੀਅਤ ਅਤੇ ਪਿਛਾਖੜੀਆਂ ਲਈ ਤਾਨਾਸ਼ਾਹੀ।

ਇਸ ਤਰ੍ਹਾਂ ਸਮਾਜਵਾਦੀ ਸਮਾਜ ਵਿੱਚ ਦੋਵੇਂ ਤਰ੍ਹਾਂ ਦੀਆਂ, ਗੈਰ-ਦੁਸ਼ਮਣਾਨਾ ਤੇ ਦੁਸ਼ਮਣਾਨਾ ਵਿਰੋਧਤਾਈਆਂ ਮੌਜੂਦ ਹੁੰਦੀਆਂ ਹਨ। ਹੋਰ ਅੱਗੇ, ਜੇ ਇਹਨਾਂ ਗਲਤ ਢੰਗ ਨਾਲ ਨਜਿੱਠਿਆ ਜਾਂਦਾ ਹੈ ਤਾਂ ਗੈਰ-ਦੁਸ਼ਮਣਾਨਾ ਵਿਰੋਧਤਾਈਆਂ ਦੁਸ਼ਮਣਾਨਾ ਵਿਰੋਧਤਾਈਆਂ ਵਿੱਚ ਬਦਲ ਜਾਂਦੀਆਂ ਹਨ, ਅਤੇ ਦੂਸਰੇ ਪਾਸੇ, ਜੇ ਸਹੀ ਢੰਗ ਨਾਲ ਨਜਿੱਠਿਆ ਜਾਵੇ ਤਾਂ ਦੁਸ਼ਮਣਾਨਾ ਵਿਰੋਧਤਾਈਆਂ ਗੈਰ-ਦੁਸ਼ਮਣਾਨਾ ਵਿਰੋਧਤਾਈਆਂ ਵਿੱਚ ਬਦਲ ਸਕਦੀਆਂ ਹਨ। ਇਸ ਲਈ, ਪ੍ਰੋਲੇਤਾਰੀ ਤੇ ਕਿਸਾਨੀ ਵਿਚਕਾਰਲੀ ਵਿਰੋਧਤਾਈ ਗੈਰ-ਦੁਸ਼ਮਣਾਨਾ ਹੈ। ਸਨਅੱਤੀ ਵਿਕਾਸ ਲਈ ਸਰਮਾਇਆ ਮੁਹੱਈਆ ਕਰਵਾਉਣ ਲਈ ਜਰੂਰੀ ਹੈ ਕਿ ਖੇਤੀ ਵਾਫ਼ਰ ਪੈਦਾ ਕਰੇ, ਉਸੇ ਸਮੇਂ ਹੀ ਲੋੜੀਂਦੀ ਮਸ਼ੀਨਰੀ ਲਈ ਇਹ ਸਨਅੱਤ ‘ਤੇ ਨਿਰਭਰ ਹੁੰਦੀ ਹੈ ਜੋ ਪੈਦਾਵਾਰਤਾ ਵਧਾਉਂਦੀ ਹੈ; ਪਰ ਪੁਰਾਣੇ ਸਮਾਜ ਤੋਂ ਵਿਰਾਸਤ ਵਿੱਚ ਮਿਲੇ ਸ਼ਹਿਰ ਤੇ ਪਿੰਡ ਦੇ ਪਾੜੇ ਕਾਰਨ ਖੇਤੀ ‘ਚ ਲੱਗੀ ਕਿਰਤ ਸਨਅੱਤੀ ਕਿਰਤ ਨਾਲੋਂ ਘੱਟ ਪੈਦਾਵਾਰਕ ਹੁੰਦੀ ਹੈ। ਜੇ ਇਸ ਵਿਰੋਧਤਾਈ ਨੂੰ ਸਹੀ ਤਰੀਕੇ ਨਾਲ ਨਹੀਂ ਨਜਿੱਠਿਆ ਜਾਂਦਾ ਤਾਂ ਖੇਤੀ ਅਤੇ ਸਨਅੱਤੀ ਵਿਕਾਸ ਵਿਚਾਲੇ ਲੋੜੀਂਦਾ ਸੰਤੁਲਨ ਬੈਠਾਉਣਾ ਅਸੰਭਵ ਹੋ ਜਾਵੇਗਾ, ਅਤੇ ਫਿਰ ਇਹਨਾਂ ਦੋ ਜਮਾਤਾਂ ਵਿਚਕਾਰਲੀ ਵਿਰੋਧਤਾਈ ਦੁਸ਼ਮਣਾਨਾ ਵਿਰੋਧਤਾਈ ਵਿੱਚ ਬਦਲ ਸਕਦੀ ਹੈ। ਦੂਸਰੇ ਪਾਸੇ, ਪੁਰਾਣੇ ਚੀਨ ਵਿੱਚ ਕੌਮੀ ਬੁਰਜੂਆਜ਼ੀ ਵਿਚਕਾਰਲੀ ਵਿਰੋਧਤਾਈ ਲੋਟੂ ਤੇ ਲੁੱਟੇ ਜਾਣ ਵਾਲ਼ੇ ਵਿਚਕਾਰਲੀ ਵਿਰੋਧਤਾਈ ਹੋਣ ਕਾਰਨ ਦੁਸ਼ਮਣਾਨਾ ਸੀ; ਪ੍ਰੰਤੂ ਚੀਨੀ ਇਨਕਲਾਬ ਦੀਆਂ ਖਾਸ ਹਾਲਤਾਂ ਵਿੱਚ ਆਕੇ, ਜਿਵੇਂ ਕਿ ਦੂਜੇ ਪਾਠ ਵਿੱਚ ਵਿਆਖਿਆ ਕੀਤੀ ਗਈ ਹੈ, ਇਹ ਵਿਰੋਧਤਾਈ ਇਸ ਤਰੀਕੇ ਨਾਲ ਨਜਿੱਠੀ ਗਈ ਕਿ ਇਹ ਗੈਰ-ਦੁਸ਼ਮਣਾਨਾ ਬਣ ਗਈ। ਪ੍ਰੰਤੂ, ਇਹ ਖਤਮ ਨਹੀਂ ਹੋ ਗਈ ਸੀ। ਰਾਜਕੀ ਤੇ ਨਿੱਜੀ ਸਾਂਝੀ ਮਾਲਕੀ ਦੇ ਪ੍ਰਬੰਧ ਅਧੀਨ, ਸਾਬਕਾ ਫੈਕਟਰੀ ਮਾਲਕਾਂ ਨੂੰ ਕਈ ਸਾਲਾਂ ਤੱਕ ਆਪਣੇ ਸਰਮਾਏ ‘ਤੇ ਨਿਯਤ ਵਿਆਜ ਮਿਲਦਾ ਰਿਹਾ। ਇਹ ਵੀ ਇੱਕ ਤਰ੍ਹਾਂ ਨਾਲ ਲੁੱਟ ਸੀ, ਭਾਵੇਂ ਇਹ ਕੰਟਰੋਲ ਅਧੀਨ ਸੀ। ਪ੍ਰੋਲੇਤਾਰੀ ਤੇ ਬੁਰਜੂਆਜ਼ੀ ਵਿਚਕਾਰਲੀ ਵਿਰੋਧਤਾਈ ਅਜੇ ਪੂਰੀ ਤਰ੍ਹਾਂ ਹੱਲ ਨਹੀਂ ਹੋਈ ਹੈ।

ਇਹਨਾਂ ਕਾਰਨਾਂ ਕਰਕੇ, ਇਹ ਸਮਝਣਾ ਬੇਹੱਦ ਜਰੂਰੀ ਹੈ ਕਿ ਸਮਾਜਵਾਦੀ ਸਮਾਜ ਵਿੱਚ ਜਮਾਤੀ ਵਿਰੋਧਤਾਈਆਂ ਤੇ ਜਮਾਤੀ ਘੋਲ਼ ਮੌਜੂਦ ਰਹਿੰਦਾ ਹੈ ਅਤੇ ਸਰਮਾਏਦਾਰੀ ਵੱਲ ਪੁੱਠੇ-ਗੇੜੇ ਦੀ ਸੰਭਾਵਨਾ ਬਣੀ ਰਹਿੰਦੀ ਹੈ:

“ਚੀਨ ਵਿੱਚ, ਮਾਲਕੀ ਪੱਖੋਂ ਸਮਾਜਵਾਦੀ ਪ੍ਰਬੰਧ ਮੁੱਖ ਤੌਰ ‘ਤੇ ਕਾਇਮ ਹੋ ਚੁੱਕਾ ਹੈ, ਅਤੇ  ਪਹਿਲਾਂ ਦੇ ਇਨਕਲਾਬੀ ਸਮਿਆਂ ਜਿਹੇ ਲੋਕਾਈ ਵੱਲੋਂ ਕੀਤੇ ਗਏ ਵੱਡ-ਪੱਧਰੀ ਤੇ ਤਿੱਖੇ ਜਮਾਤੀ ਘੋਲ਼ ਮੁੱਖ ਤੌਰ ‘ਤੇ ਖਤਮ ਹੋ ਚੁੱਕੇ ਹਨ, ਪਰ ਅਜੇ ਵੀ ਉਖਾੜ ਸੁੱਟੀਆਂ ਗਈਆਂ ਭੂਮੀਪਤੀ ਤੇ ਦਲਾਲ ਜਮਾਤਾਂ ਦੀ ਰਹਿੰਦ-ਖੂੰਹਦ ਮੌਜੂਦ ਹੈ, ਅਜੇ ਵੀ ਬੁਰਜੂਆਜ਼ੀ ਮੌਜੂਦ ਹੈ, ਅਤੇ ਨਿੱਕ-ਬੁਰਜੂਆਜ਼ੀ ਦੀ ਮੁੜ-ਢਲਾਈ ਸ਼ੁਰੂ ਹੀ ਹੋਈ ਹੈ। ਜਮਾਤੀ ਘੋਲ਼ ਕਿਸੇ ਵੀ ਤਰ੍ਹਾਂ ਖਤਮ ਨਹੀਂ ਹੋਇਆ ਹੈ। ਪ੍ਰੋਲੇਤਾਰੀ ਤੇ ਬੁਰਜੂਆਜ਼ੀ ਵਿਚਾਲੇ ਜਮਾਤੀ ਘੋਲ਼, ਵੱਖ-ਵੱਖ ਸਿਆਸੀ ਤਾਕਤਾਂ ਵਿਚਾਲੇ ਜਮਾਤੀ ਘੋਲ਼ ਅਤੇ ਵਿਚਾਰਧਾਰਕ ਖੇਤਰ ਵਿੱਚ ਜਮਾਤੀ ਘੋਲ਼ ਅਜੇ ਲੰਮੇ ਸਮੇਂ ਲਈ ਜਾਰੀ ਰਹੇਗਾ ਅਤੇ ਮੋੜਾਂ-ਘੋੜਾਂ ਭਰਿਆ ਹੋਵੇਗਾ ਅਤੇ ਸਮੇਂ-ਸਮੇਂ ਬਹੁਤ ਹੀ ਤੀਖਣ ਰੂਪ ਧਾਰੇਗਾ। ਪ੍ਰੋਲੇਤਾਰੀ ਦੁਨੀਆਂ ਨੂੰ ਆਪਣੇ ਸੰਸਾਰ-ਨਜ਼ਰੀਏ ਅਨੁਸਾਰ ਬਦਲਣਾ ਚਾਹੁੰਦਾ ਹੈ, ਅਤੇ ਬੁਰਜੂਆਜ਼ੀ ਆਪਣੇ ਸੰਸਾਰ ਨਜ਼ਰੀਏ ਅਨੁਸਾਰ। ਇਸ ਪੱਖੋਂ, ਇਹ ਸਵਾਲ ਕਿ ਜਿੱਤ ਕਿਸ ਦੀ ਹੋਵੇਗੀ, ਸਮਾਜਵਾਦ ਦੀ ਜਾਂ ਸਰਮਾਏਦਾਰੀ ਦੀ, ਅਜੇ ਪੂਰੀ ਤਰ੍ਹਾਂ ਹੱਲ ਨਹੀਂ ਹੋਇਆ।” (ਮਾਓ ਜ਼ੇ-ਤੁੰਗ ਦੀਆਂ ਫਲਸਫੇ ਸੰਬੰਧੀ ਚਾਰ ਲਿਖਤਾਂ, ਸਫਾ 115)

“ਇੱਕ ਮਹਾਨ ਸਮਾਜਵਾਦੀ ਦੇਸ਼ ਦੀ ਉਸਾਰੀ ਲਈ ਤਿੰਨ ਮਹਾਨ ਇਨਕਲਾਬੀ ਲਹਿਰਾਂ ਜਮਾਤੀ ਘੋਲ਼, ਪੈਦਾਵਾਰ ਲਈ ਸੰਘਰਸ਼, ਅਤੇ ਵਿਗਿਆਨਕ ਪ੍ਰਯੋਗ ਹਨ। ਇਹ ਲਹਿਰਾਂ ਪੱਕੀ ਗਰੰਟੀ ਹਨ ਕਿ ਕਮਿਊਨਿਸਟ ਨੌਕਰਸ਼ਾਹੀ ਤੋਂ ਮੁਕਤ ਰਹਿਣਗੇ ਅਤੇ ਸੋਧਵਾਦ ਤੇ ਕੱਠਮੁੱਲਾਪੰਥੀ ਤੋਂ ਬਚੇ ਰਹਿਣਗੇ ਅਤੇ ਸਦਾ ਅਜਿੱਤ ਰਹਿਣਗੇ। ਇਹ ਯਕੀਨਯੋਗ ਗਰੰਟੀ ਹਨ ਕਿ ਪ੍ਰੋਲੇਤਾਰੀ ਵਿਸ਼ਾਲ ਕਿਰਤੀ ਲੋਕਾਂ ਨਾਲ਼ ਸਾਂਝ ਬਣਾਈ ਰੱਖਣ ‘ਚ ਕਾਮਯਾਬ ਰਹੇਗਾ ਅਤੇ ਜਮਹੂਰੀ ਤਾਨਾਸ਼ਾਹੀ ਕਾਇਮ ਰੱਖੇਗਾ। ਜੇ, ਇਹਨਾਂ ਲਹਿਰਾਂ ਦੀ ਗੈਰ-ਮੌਜੂਦਗੀ ਵਿੱਚ, ਭੂਮੀਪਤੀਆਂ, ਅਮੀਰ ਕਿਸਾਨਾਂ, ਉਲਟ-ਇਨਕਲਾਬੀਆਂ, ਭੈੜੇ ਤੱਤਾਂ ਤੇ ਸਭ ਤਰ੍ਹਾਂ ਦੇ ਲੋਕ-ਦੋਖੀ ਦੈਂਤਾਂ ਨੂੰ ਵਧਣ-ਫੁੱਲਣ ਦਾ ਮੌਕਾ ਦਿੱਤਾ ਗਿਆ, ਜਦਕਿ ਸਾਡੇ ਕਾਡਰਾਂ ਨੇ ਇਸ ਪਾਸਿਓਂ ਅੱਖਾਂ ਬੰਦ ਕਰੀ ਰੱਖੀਆਂ, ਅਤੇ ਬਹੁਤ ਸਾਰੇ ਮਾਮਲਿਆਂ ‘ਚ ਦੁਸ਼ਮਣ ਤੇ ਖੁਦ ‘ਚ ਫਰਕ ਵੀ ਨਾ ਕਰ ਸਕੇ, ਸਗੋਂ ਦੁਸ਼ਮਣ ਨਾਲ ਹੀ ਜਾ ਰਲੇ ਤੇ ਭ੍ਰਿਸ਼ਟ ਤੇ ਨੈਤਿਕ ਗਿਰਾਵਟ ਦਾ ਸ਼ਿਕਾਰ ਹੋ ਗਏ, ਇਸ ਤਰ੍ਹਾਂ ਜੇ ਸਾਡੇ ਕਾਡਰ ਦੁਸ਼ਮਣ ਦੇ ਕੈਂਪ ‘ਚ ਖਿੱਚੇ ਗਏ ਜਾਂ ਦੁਸ਼ਮਣ ਸਾਡੇ ਕੈਂਪ ‘ਚ ਘੁਸਣ ‘ਚ ਕਾਮਯਾਬ ਹੋ ਗਿਆ, ਅਤੇ ਜੇ ਸਾਡੇ ਬਹੁਤ ਸਾਰੇ ਮਜਦੂਰ, ਕਿਸਾਨ ਤੇ ਬੁੱਧੀਜੀਵੀ ਦੁਸ਼ਮਣ ਦੇ ਨਰਮ ਤੇ ਤਿੱਖੇ ਦਾਅਪੇਚਾਂ ਸਾਹਮਣੇ ਰੱਖਿਆ-ਢਾਲ ਤੋਂ ਵਿਹੂਣੇ ਹੋ ਗਏ ਤਾਂ ਜਿਆਦਾ ਸਮਾਂ ਨਹੀਂ ਲੱਗੇਗਾ, ਸ਼ਾਇਦ ਕੁਝ ਸਾਲ ਜਾਂ ਇੱਕ ਦਹਾਕਾ ਜਾਂ ਵੱਧ ਤੋਂ ਵੱਧ ਕੁਝ ਦਹਾਕੇ, ਕੌਮੀ ਪੱਧਰ ‘ਤੇ ਇੱਕ ਉਲਟ-ਇਨਕਲਾਬੀ ਮੁੜ-ਬਹਾਲੀ ਹੋ ਜਾਵੇਗੀ, ਮਾਰਕਸਵਾਦੀ-ਲੈਨਿਨਵਾਦੀ ਪਾਰਟੀ ਬਿਨਾਂ ਕਿਸੇ ਸ਼ੱਕ ਤੋਂ ਇੱਕ ਸੋਧਵਾਦੀ ਜਾਂ ਫਾਸੀਵਾਦੀ ਪਾਰਟੀ ਬਣ ਜਾਵੇਗੀ, ਅਤੇ ਸਮੁੱਚਾ ਚੀਨ ਰੰਗ ਬਦਲ ਲਵੇਗਾ।” (ਮਾਓ ਜ਼ੇ-ਤੁੰਗ ਦੀਆਂ ਲਿਖਤਾਂ ‘ਚੋ ਟੂਕਾਂ, ਪੀਕਿੰਗ 1967, ਸਫਾ 40)

“ਸਮਾਜਵਾਦੀ ਸਮਾਜ ਇੱਕ ਲੰਮੇ ਇਤਿਹਾਸਕ ਅਰਸੇ ਲਈ ਬਣਿਆ ਰਹਿੰਦਾ ਹੈ। ਸਮਾਜਵਾਦ ਦੇ ਇਤਿਹਾਸਕ ਅਰਸੇ ਦੌਰਾਨ, ਜਮਾਤਾਂ, ਜਮਾਤੀ ਘੋਲ਼ ਤੇ ਜਮਾਤੀ ਵਿਰੋਧਤਾਈਆਂ ਦੀ ਹੋਂਦ ਬਣੀ ਰਹਿੰਦੀ ਹੈ, ਸਮਾਜਵਾਦੀ ਰਾਹ ਤੇ ਸਰਮਾਏਦਾਰਾ ਰਾਹ ਵਿਚਾਲੇ ਸੰਘਰਸ਼ ਜਾਰੀ ਰਹਿੰਦਾ ਹੈ, ਅਤੇ ਸਰਮਾਏਦਾਰਾ ਮੁੜ-ਬਹਾਲੀ ਦਾ ਖਤਰਾ ਬਰਕਰਾਰ ਰਹਿੰਦਾ ਹੈ। ਸਾਨੂੰ ਇਸ ਸੰਘਰਸ਼ ਦੇ ਲਮਕਵੇਂ ਤੇ ਗੁੰਝਲਦਾਰ ਖਾਸੇ ਨੂੰ ਪਛਾਣਨਾ ਚਾਹੀਦਾ ਹੈ। ਸਾਨੂੰ ਆਪਣੀ ਚੌਕਸੀ ਨੂੰ ਵਧੇਰੇ ਮਜਬੂਤ ਬਣਾਉਣਾ ਚਾਹੀਦਾ ਹੈ। ਸਾਨੂੰ ਸਮਾਜਵਾਦੀ ਸਿੱਖਿਆ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਸਾਨੂੰ ਜਮਾਤੀ ਵਿਰੋਧਤਾਈਆਂ ਤੇ ਜਮਾਤੀ ਘੋਲ਼ ਨੂੰ ਦਰੁਸਤ ਢੰਗ ਨਾਲ ਸਮਝਣਾ ਤੇ ਨਜਿੱਠਣਾ ਚਾਹੀਦਾ ਹੈ, ਆਪਣੇ ਤੇ ਦੁਸ਼ਮਣ ਵਿਚਕਾਰਲੀਆਂ ਵਿਰੋਧਤਾਈਆਂ ਨੂੰ ਲੋਕਾਂ ਵਿਚਾਲੇ ਆਪਸੀ ਵਿਰੋਧਤਾਈਆਂ ਨਾਲੋਂ ਨਿਖੇੜਨਾ ਚਾਹੀਦਾ ਹੈ, ਅਤੇ ਉਹਨਾਂ ਨੂੰ ਸਹੀ ਤਰੀਕੇ ਨਾਲ ਨਜਿੱਠਣਾ ਚਾਹੀਦਾ ਹੈ। ਨਹੀਂ ਤਾਂ ਸਾਡੇ ਸਮਾਜ ਜਿਹਾ ਸਮਾਜਵਾਦੀ ਸਮਾਜ ਆਪਣੇ ਉਲਟ ਵਿੱਚ ਬਦਲ ਜਾਵੇਗਾ ਅਤੇ ਨਿੱਘਰ ਜਾਵੇਗਾ, ਅਤੇ ਸਰਮਾਏਦਾਰਾ ਮੁੜ-ਬਹਾਲੀ ਹੋ ਜਾਵੇਗੀ1” (ਪੀਕਿੰਗ ਰੀਵਿਊ, 1969, ਅੰਕ 18, ਸਫਾ 15)

3. ਸਰਮਾਏਦਾਰਾ ਰਾਹ

1927 ਵਿੱਚ ਮਾਓ ਜ਼ੇ-ਤੁੰਗ ਨੇ ਲਿਖਿਆ ਸੀ:

“ਜਿੰਨਾ ਚਿਰ ਜਮਾਤਾਂ ਦੀ ਹੋਂਦ ਬਣੀ ਰਹੇਗੀ, ਤਦ ਤੱਕ ਕਮਿਊਨਿਸਟ ਪਾਰਟੀ ਅੰਦਰ ਸਹੀ ਤੇ ਗਲਤ ਵਿਚਾਰਾਂ ਵਿਚਕਾਰ ਵਿਰੋਧਤਾਈਆਂ ਪਾਰਟੀ ਅੰਦਰ ਜਮਾਤੀ ਵਿਰੋਧਤਾਈਆਂ ਦਾ ਪਰਛਾਵਾਂ ਹਨ। ਮੁੱਢ ਵਿੱਚ ਕੁਝ ਮਸਲਿਆਂ ਬਾਰੇ ਹੋ ਸਕਦਾ ਹੈ ਕਿ ਅਜਿਹੀਆਂ ਵਿਰੋਧਤਾਈਆਂ ਦੁਸ਼ਮਣਾਨਾ ਰੂਪ ਨਾ ਅਖਤਿਆਰ ਕਰਨ। ਪਰ ਜਮਾਤੀ ਘੋਲ਼ ਦੇ ਵਿਕਾਸ ਨਾਲ ਇਹ ਵਧ ਸਕਦੀਆਂ ਹਨ ਤੇ ਦੁਸ਼ਮਣਾਨਾ ਬਣ ਸਕਦੀਆਂ ਹਨ। ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਦਾ ਇਤਿਹਾਸ ਸਾਨੂੰ ਦੱਸਦਾ ਹੈ ਕਿ ਲੈਨਿਨ ਤੇ ਸਤਾਲਿਨ ਦੀ ਸਹੀ ਸੋਚਣੀ ਅਤੇ ਤ੍ਰਾਤਸਕੀ, ਬੁਖਾਰਿਨ ਤੇ ਹੋਰਾਂ ਦੀ ਗਲਤ ਸੋਚਣੀ ਵਿਚਕਾਰ ਵਿਰੋਧਤਾਈ ਪਹਿਲਾਂ ਪਹਿਲ ਦੁਸ਼ਮਣਾਨਾ ਸ਼ਕਲ ਵਿੱਚ ਪ੍ਰਗਟ ਨਹੀਂ ਹੋਈ ਸੀ ਪਰ ਪਿੱਛੋਂ ਜਾ ਕੇ ਉਸ ਨੇ ਦੁਸ਼ਮਣਾਨਾ ਰੂਪ ਧਾਰ ਲਿਆ। ਚੀਨੀ ਕਮਿਊਨਿਸਟ ਪਾਰਟੀ ਵਿੱਚ ਵੀ ਬਿਲਕੁਲ ਇਸ ਤਰ੍ਹਾਂ ਦੇ ਮਾਮਲੇ ਮਿਲਦੇ ਹਨ….। ਮੌਜੂਦਾ ਸਮੇਂ ‘ਚ ਸਾਡੀ ਪਾਰਟੀ ਅੰਦਰ ਸਹੀ ਤੇ ਗਲਤ ਸੋਚਣੀ ਵਿਚਕਾਰ ਵਿਰੋਧਤਾਈ ਦੁਸ਼ਮਣਾਨਾ ਰੂਪ ‘ਚ ਪ੍ਰਗਟ ਨਹੀਂ ਹੁੰਦੀ ਅਤੇ ਜਿਨ੍ਹਾਂ ਸਾਥੀਆਂ ਨੇ ਗਲਤੀਆਂ ਕੀਤੀਆਂ ਹਨ ਜੇ ਉਹ ਇਹਨਾਂ ਨੂੰ ਠੀਕ ਕਰ ਲੈਂਦੇ ਹਨ ਤਾਂ ਇਹ ਦੁਸ਼ਮਣਾਨਾ ਵਿਰੋਧਤਾਈ ਵਿੱਚ ਵਿਕਸਤ ਨਹੀਂ ਹੋਵੇਗੀ। ਇਸ ਲਈ, ਪਾਰਟੀ ਨੂੰ ਇੱਕ ਪਾਸੇ ਗਲਤ ਸੋਚਣੀ ਖਿਲਾਫ਼ ਸੰਘਰਸ਼ ਕਰਨਾ ਚਾਹੀਦਾ ਹੈ ਅਤੇ ਦੂਜੇ ਪਾਸੇ, ਜਿਨ੍ਹਾਂ ਸਾਥੀਆਂ ਨੇ ਗਲਤੀਆਂ ਕੀਤੀਆਂ ਹਨ ਉਹਨਾਂ ਨੂੰ ਜਾਗਣ ਦਾ ਮੌਕਾ ਦੇਣਾ ਚਾਹੀਦਾ ਹੈ। ਇਹਨਾਂ ਹਾਲਤਾਂ ‘ਚ, ਲੋੜੋਂ ਬਹੁਤਾ ਸੰਘਰਸ਼ ਸਾਫ਼ ਤੌਰ ‘ਤੇ ਗੈਰ-ਵਾਜਿਬ ਹੈ। ਜਿਹਨਾਂ ਨੇ ਗਲਤੀਆਂ ਕੀਤੀਆਂ ਹਨ, ਜੇ ਉਹ ਇਹਨਾਂ ਨੂੰ ਜਾਰੀ ਰੱਖਦੇ ਹਨ ਤਾਂ ਇਹ ਸੰਭਾਵਨਾ ਹੈ ਕਿ ਇਹ ਵਿਰੋਧਤਾਈ ਦੁਸ਼ਮਣਾਨਾ ਰੂਪ ਧਾਰ ਲਵੇ।” (ਮਾਓ ਜ਼ੇ-ਤੁੰਗ ਚੋਣਵੀਆਂ ਲਿਖਤਾਂ, ਸੈਂਚੀ 1, ਸਫਾ 344)

ਸੱਭਿਆਚਾਰਕ ਇਨਕਲਾਬ ਦੌਰਾਨ, ‘ਹਰ ਤਰ੍ਹਾਂ ਦੇ ਭੂਤ ਤੇ ਦੈਂਤ ਨੂੰ ਨੰਗਿਆਂ ਕਰਨ ਲਈ ਅਤੇ ਅਗਵਾਈ ਸੰਭਾਲ ਰਹੇ ਵਿਅਕਤੀਆਂ ਦੀਆਂ ਕਮੀਆਂ ਤੇ ਕੰਮ ਕਰਨ ‘ਚ ਹੋਈਆਂ ਗਲਤੀਆਂ ਦੀ ਆਲੋਚਨਾ ਕਰਨ ਲਈ’ ਲੋਕਾਂ ਨੂੰ ਸਭਾਵਾਂ ਕਰਨ ਲਈ ਉਤਸ਼ਾਹਿਤ ਕੀਤਾ ਗਿਆ (ਪੀਕਿੰਗ ਰੀਵਿਊ, 1966, ਅੰਕ 33, ਸਫਾ 7)। ਇਹਨਾਂ ਸਭਾਵਾਂ ਦੌਰਾਨ ਹੀ ਪਤਾ ਲੱਗਿਆ ਕਿ ਪਾਰਟੀ ਅੰਦਰ ਲਿਓ ਸ਼ਾਓ-ਚੀ ਦੀ ਅਗਵਾਈ ਥੱਲੇ ਇੱਕ ਧੜਾ ਕਈ ਸਾਲਾਂ ਤੋਂ ਮਾਓ ਜ਼ੇ-ਤੁੰਗ ਦੇ ਵਿਰੋਧ ‘ਚ ਕੰਮ ਕਰ ਰਿਹਾ ਸੀ। ਇਹ ਧੜਾ ਕੌਮੀ ਬੁਰਜੂਆਜ਼ੀ ਦੇ ਇੱਕ ਹਿੱਸੇ ਦੇ ਹਿਤਾਂ ਦੀ ਨੁਮਾਇੰਦਗੀ ਕਰਦਾ ਸੀ।”

ਦੂਜੇ ਪਾਠ ‘ਚ ਇਹ ਦਰਸਾਇਆ ਗਿਆ ਸੀ ਕਿ ਚੀਨ ਦੀਆਂ ਖਾਸ ਹਾਲਤਾਂ ਅਧੀਨ ਕੌਮੀ ਬੁਰਜੂਆਜ਼ੀ ਨੂੰ ਜਗੀਰਦਾਰੀ ਤੇ ਸਾਮਰਾਜਵਾਦ ਖਿਲਾਫ ਸੰਘਰਸ਼ ਵਿੱਚ ਪ੍ਰੋਲੇਤਾਰੀ-ਕਿਸਾਨੀ ਦੇ ਸਾਂਝੇ ਮੋਰਚੇ ਵੱਲ ਜਿੱਤ ਲਿਆ ਗਿਆ ਸੀ:

“ਸਾਡੇ ਦੇਸ਼ ਵਿੱਚ ਮਜਦੂਰ ਜਮਾਤ ਤੇ ਕੌਮੀ ਬੁਰਜੂਆਜ਼ੀ ਵਿਚਕਾਰ ਵਿਰੋਧਤਾਈ ਲੋਕਾਂ ਵਿਚਾਲੇ ਵਿਰੋਧਤਾਈਆਂ ਦੀ ਸ਼੍ਰੇਣੀ ਵਿੱਚ ਆਉਂਦੀ ਹੈ। ਮੋਟੇ ਤੌਰ ‘ਤੇ, ਦੋਹਾਂ ਵਿਚਕਾਰ ਜਮਾਤੀ ਘੋਲ, ਲੋਕਾਂ ਦੀਆਂ ਸਫ਼ਾਂ ਅੰਦਰ ਜਮਾਤੀ ਘੋਲ਼ ਹੈ ਹੀ ਹੈ ਕਿਉਂਕਿ ਚੀਨੀ ਕੌਮੀ ਬੁਰਜੂਆਜ਼ੀ ਦਾ ਦੋਹਰਾ ਖਾਸਾ ਹੈ। ਬੁਰਜੂਆ-ਜਮਹੂਰੀ ਇਨਕਲਾਬ ਦੇ ਦੌਰ ਵਿੱਚ, ਇਸਦੇ ਖਾਸੇ ਦੇ ਇਨਕਲਾਬੀ ਤੇ ਸਮਝੌਤਾਵਾਦੀ ਦੋਵੇਂ ਪੱਖ ਸਨ। ਸਮਾਜਵਾਦੀ ਇਨਕਲਾਬ ਦੇ ਦੌਰ ਅੰਦਰ, ਮਜਦੂਰ ਜਮਾਤ ਦੀ ਮੁਨਾਫ਼ੇ ਲਈ ਲੁੱਟ ਕੌਮੀ ਬੁਰਜੂਆਜ਼ੀ ਦੇ ਖਾਸੇ ਦਾ ਇੱਕ ਪਾਸਾ ਹੈ ਅਤੇ ਇਸ ਵੱਲੋਂ ਸੰਵਿਧਾਨ ਦੀ ਹਮਾਇਤ ਤੇ ਸਮਾਜਵਾਦੀ ਕਾਇਆਪਲਟੀ ਨੂੰ ਮੰਨਣ ‘ਚ ਇਸਦੀ ਰਜ਼ਾਮੰਦੀ ਦੂਜਾ ਪਾਸਾ ਹੈ। ਕੌਮੀ ਬੁਰਜੂਆਜ਼ੀ ਅਤੇ ਮਜਦੂਰ ਜਮਾਤ ਵਿਚਾਲੇ ਵਿਰੋਧਤਾਈ ਲੁੱਟੇ ਜਾ ਰਹੇ ਤੇ ਲੁੱਟਣ ਵਾਲੇ ਵਿਚਕਾਰਲੀ ਵਿਰੋਧਤਾਈ ਹੈ ਅਤੇ ਇਸ ਲਈ ਸੁਭਾਅ ਪੱਖੋਂ ਦੁਸ਼ਮਣਾਨਾ ਹੈ। ਪਰ ਚੀਨ ਦੀਆਂ ਠੋਸ ਹਾਲਤਾਂ ਅੰਦਰ ਇਸ ਦੁਸ਼ਮਣਾਨਾ ਵਿਰੋਧਤਾਈ ਨੂੰ ਜੇ ਠੀਕ ਢੰਗ ਨਾਲ ਨਜਿੱਠਿਆ ਜਾਵੇ ਤਾਂ ਗੈਰ-ਦੁਸ਼ਮਣਾਨਾ ਵਿਰੋਧਤਾਈ ‘ਚ ਬਦਲੀ ਜਾ ਸਕਦੀ ਹੈ ਅਤੇ ਇਸ ਨੂੰ ਪੁਰਅਮਨ ਢੰਗਾਂ ਨਾਲ ਹੱਲ ਕੀਤਾ ਜਾ ਸਕਦਾ ਹੈ। ਪਰ ਜੇ ਅਸੀਂ ਇਸਨੂੰ ਠੀਕ ਢੰਗ ਨਾਲ ਹੱਲ ਨਹੀਂ ਕਰਦੇ ਅਤੇ ਕੌਮੀ ਬੁਰਜੂਆਜ਼ੀ ਨਾਲ ਇੱਕਮੁੱਠ ਹੋਣ, ਇਸਦੀ ਆਲੋਚਨਾ ਕਰਨਾ ਤੇ ਸਿੱਖਿਅਤ ਕਰਨ ਦੀ ਨੀਤੀ ਉੱਤੇ ਨਹੀਂ ਚੱਲਦੇ ਤਾਂ ਇਹ ਵਿਰੋਧਤਾਈ ਸਾਡੇ ਤੇ ਦੁਸ਼ਮਣਾਂ ਵਿਚਕਾਰ ਵਿਰੋਧਤਾਈ ਵਿੱਚ ਬਦਲ ਸਕਦੀ ਹੈ।” (ਮਾਓ ਜ਼ੇ-ਤੁੰਗ, ਚਾਰ ਫਲਸਫਾਨਾ ਲਿਖਤਾਂ, ਸਫਾ 82)

ਇਸ ਵਿਰੋਧਤਾਈ ਨੂੰ ਸਹੀ ਤਰੀਕੇ ਨਾਲ ਨਜਿੱਠਣ ਸਦਕਾ ਕੌਮੀ ਬੁਰਜੂਆਜ਼ੀ ਦੇ ਬਹੁਤੇ ਮੈਂਬਰ ਲੋਕ ਜਮਹੂਰੀ ਤਾਨਾਸ਼ਾਹੀ ਨੂੰ ਆਪਣੀ ਹਮਾਇਤ ਦਿੰਦੇ ਹਨ; ਪ੍ਰੰਤੂ ਉਹਨਾਂ ‘ਚੋਂ ਕੁਝ ਹਿੱਸੇ ਜਿਹੜੇ ਸਰਮਾਏਦਾਰਾ ਚੀਨ ਚਾਹੁੰਦੇ ਹਨ, ਇਨਕਲਾਬ ਦੇ ਅਗਲੇ ਕਦਮਾਂ ਦੀ ਖਿਲਾਫ਼ਤ ਕਰਦੇ ਹਨ ਅਤੇ ਇਸ ਲਈ ਉਹ ਉਲਟ-ਇਨਕਲਾਬੀਆਂ ਨਾਲ ਰਲ਼ ਗਏ। ਕੌਮੀ ਬੁਰਜੂਆਜ਼ੀ ਦਾ ਇਹੀ ਉਹ ਹਿੱਸਾ ਸੀ ਜਿਸਦੀ ਨੁਮਾਇੰਦਗੀ ਪਾਰਟੀ ਵਿਚਲਾ ਲਿਓ ਸ਼ਾਓ-ਚੀ ਦੀ ਅਗਵਾਈ ਵਾਲਾ ਧੜਾ ਕਰ ਰਿਹਾ ਸੀ। ਮਾਓ ਜ਼ੇ-ਤੁੰਗ ਦੀ ਉਸ ਦੁਆਰਾ ਕੀਤੀ ਗਈ ਖਿਲਾਫ਼ਤ ਸਰਮਾਏਦਾਰੀ-ਪੱਖੀ ਤੱਤਾਂ ਤੇ ਪ੍ਰੋਲੇਤਾਰੀ ਵਿਚਕਾਰਲੀ ਵਿਰੋਧਤਾਈ ਦਾ ਪ੍ਰਗਟਾਵਾ ਸੀ ਜਿਹੜੀ ਮੌਜੂਦ ਤਾਂ ਮੁੱਢ ਤੋਂ ਹੀ ਮੌਜੂਦ ਸੀ ਪਰ 1945 ਤੋਂ ਬਾਅਦ, ਜਦੋਂ ਜਾਪਾਨ ਵਿਰੁੱਧ ਜੰਗ ਖਤਮ ਹੋ ਗਈ ਸੀ, ਤਿੱਖੀ ਹੋ ਗਈ ਸੀ ਅਤੇ 1949 ਤੋਂ ਬਾਅਦ, ਜਦੋਂ ਬੁਰਜੂਆ-ਜਮਹੂਰੀ ਇਨਕਲਾਬ ਸਮਾਜਵਾਦੀ ਇਨਕਲਾਬ ਦੇ ਪੜਾਅ ‘ਚ ਦਾਖਲ ਹੋਇਆ, ਇਹ ਹੋਰ ਵੀ ਵਧੇਰੇ ਤਿੱਖੀ ਹੋ ਗਈ।

ਲਿਓ ਸ਼ਾਓ-ਚੀ ਦੁਆਰਾ ਅਖਤਿਆਰ ਕੀਤੀ ਗਈ ਲਾਈਨ ਤੱਤ ਵਿੱਚ ਲਗਾਤਾਰ ਇਕਸਾਰ ਮੌਕਾਪ੍ਰਸਤੀ ਰਹੀ ਹੈ, ਭਾਵੇਂ ਇਹ ਕਦੇ ਸੱਜਾ ਰੂਪ ਤੇ ਕਦੇ ਖੱਬੂ ਰੂਪ ਧਾਰਦੀ ਦਿਸਦੀ ਹੈ। ਰੂਪ ਵਿੱਚ ਵਖਰੇਵਾਂ ਦਾਅਪੇਚਕ ਜਰੂਰਤਾਂ ਕਾਰਨ ਸੀ, ਜਿਹੜੀ ਬੁਰਜੂਆ ਤੇ ਨਿੱਕ-ਬੁਰਜੂਆ ਦੀ ਵਿਚਾਰਧਾਰਕ ਡਾਂਵਾਂਡੋਲ ਖਾਸੀਅਤ ਦਾ ਫਾਇਦਾ ਚੁੱਕਣ ਲਈ ਅਪਣਾਇਆ ਗਿਆ। ਜਦੋਂ ਪਾਰਟੀ ਵਿੱਚ ਅੱਗੇ ਵਧਣ ਜਾਂ ਪਿੱਛੇ ਹਟਣ ਦੇ ਮਸਲੇ ‘ਤੇ ਬਹਿਸ ਛਿੜਦੀ, ਉਸ ਵੇਲ਼ੇ ਜੇ ਪਾਰਟੀ ਅੱਗੇ ਵਧਣ ਦਾ ਫੈਸਲਾ ਲੈਂਦੀ ਤਾਂ ਲਿਓ ਸ਼ਾਓ-ਚੀ ਪਿੱਛੇ ਹਟਣ ਦੀ ਪੁਜ਼ੀਸ਼ਨ ਲੈਂਦਾ; ਅਤੇ ਜੇ ਪਾਰਟੀ ਪਿੱਛੇ ਹਟਣ ਦਾ ਫੈਸਲਾ ਲੈਂਦੀ ਤਾਂ ਲਿਓ ਸ਼ਾਓ-ਚੀ ਇੰਨੀ ਤੇਜ਼ੀ ਨਾਲ ਅੱਗੇ ਵਧਣ ਦੇ ਪੱਖ ‘ਚ ਜਾ ਖਲੋਂਦਾ ਕਿ ਹਾਰ ਦੀ ਸੰਭਾਵਨਾ ਬਣ ਜਾਵੇ। ਇਸ ਵਿਰੋਧਤਾਈ ਦੇ ਵਿਕਾਸ ਨੂੰ ਜੋ ਆਰੰਭ ਵਿੱਚ ਗੈਰ-ਦੁਸ਼ਮਣਾਨਾ ਸੀ, ਜੰਗ ਤੋਂ ਬਾਅਦ ਦੇ ਅਰਸੇ ਦੌਰਾਨ ਲਿਓ ਸ਼ਾਓ-ਚੀ ਦੁਆਰਾ ਵੱਖ-ਵੱਖ ਮਸਲਿਆਂ ‘ਤੇ ਲਈਆਂ ਗਈਆਂ ਪੁਜ਼ੀਸ਼ਨਾਂ ਤੋਂ ਦੇਖਿਆ ਜਾ ਸਕਦਾ ਹੈ।

ਦੂਜੀ ਸੰਸਾਰ ਜੰਗ ਤੋਂ ਬਾਅਦ, ਅਜ਼ਾਦ ਹੋਏ ਮੁਲਕਾਂ ਦੀਆਂ ਕਮਿਊਨਿਸਟ ਪਾਰਟੀਆਂ ਨੇ ਖੁਦ ਨੂੰ ਪਹਿਲਾਂ ਨਾਲੋਂ ਕਿਤੇ ਵਧੇਰੇ ਮਜਬੂਤ ਹਾਲਤਾਂ ਵਿੱਚ ਦੇਖਿਆ। ਲੋਕ ਟਾਕਰੇ ਦੇ ਘੋਲ਼ਾਂ ਵਿੱਚ ਅਗਵਾਈ ਸੰਭਾਲਣ ਕਰਕੇ ਉਹਨਾਂ ਨੇ ਵਿਆਪਕ ਲੋਕਾਈ ਦੀ ਹਮਾਇਤ ਜਿੱਤ ਲਈ ਸੀ ਜਦੋਂਕਿ ਬੁਰਜੂਆਜ਼ੀ ਪਾਟੋਧਾੜ ਤੇ ਬੇਵਿਸ਼ਵਾਸੀ ਦਾ ਸ਼ਿਕਾਰ ਸੀ। ਇਸ ਲਈ ਉਹਨਾਂ ਸਾਹਮਣੇ ਦੋ ਰਸਤੇ ਸਨ- ਜਾਂ ਤਾਂ ਉਹ ਸਮਾਜਵਾਦੀ ਇਨਕਲਾਬ ਵੱਲ ਵਧਣ ਵਿੱਚ ਲੋਕਾਂ ਦੀ ਅਗਵਾਈ ਕਰਦੇ, ਜਾਂ ਫਿਰ ਆਪਣੇ ਹਥਿਆਰ ਸੁੱਟ ਦਿੰਦੇ ਤੇ ਪੁਰਾਣਾ ਢਾਂਚਾ ਜੋ ਕਿ ਜੰਗ ਕਰਕੇ ਨੀਹਾਂ ਤੱਕ ਹਿਲ ਚੁੱਕਾ ਸੀ, ਨੂੰ ਮੁੜ ਖੜਾ ਕਰਨ ਵਿੱਚ ਬੁਰਜੂਆਜ਼ੀ ਦੀ ਮਦਦ ਕਰਦੇ। ਅਸਲ ਵਿੱਚ, ਇਹ ਇੱਕ ਤਰ੍ਹਾਂ ਨਾਲ ਸਮਾਜਵਾਦੀ ਰਾਹ ਤੇ ਸਰਮਾਏਦਾਰਾ ਰਾਹ ਵਿੱਚੋਂ ਚੋਣ ਦਾ ਸਵਾਲ ਸੀ। ਪੱਛਮੀ ਯੂਰਪ ਦੀਆਂ ਪਾਰਟੀਆਂ ਨੇ ਪਿਛਲੇਰਾ ਰਾਹ ਚੁਣਿਆ। ਚੀਨ ਵਿੱਚ ਵੀ ਇਸ ਰਾਹ ਦੀ ਸਿਫਾਰਸ਼ ਕਰਨ ਵਾਲੇ ਲਿਓ ਸ਼ਾਓ-ਚੀ ਸਮੇਤ ਕਈ ਨੇਤਾ ਸਨ। ਇਸਦਾ ਮਤਲਬ ਹੋਣਾ ਸੀ ਕੌਮਿਨਤਾਂਗ ਨਾਲ ਅਜਿਹੀਆਂ ਸ਼ਰਤਾਂ ‘ਤੇ ਗੱਠਜੋੜ ਕਾਇਮ ਕਰਨਾ ਜਿਨ੍ਹਾਂ ਕਾਰਨ ਇਨਕਲਾਬੀ ਫੌਜਾਂ ਦਾ ਕੰਟਰੋਲ ਉਸਦੇ ਹੱਥਾਂ ‘ਚ ਚਲਿਆ ਜਾਣਾ ਸੀ। ਮਾਓ ਜ਼ੇ-ਤੁੰਗ ਦੀ ਅਗਵਾਈ ਸਦਕਾ ਚੀਨੀ ਪਾਰਟੀ ਨੇ ਲੜਾਈ ਜਾਰੀ ਰੱਖਣ ਦਾ ਫੈਸਲਾ ਕੀਤਾ।

ਪੇਂਡੂ ਇਲਾਕਿਆਂ ਵਿੱਚ ਜਗੀਰੂ ਸਬੰਧਾਂ ਨੂੰ ਖਤਮ ਕਰਨ ਦੇ ਮਕਸਦ ਲਈ ਪਾਰਟੀ ਨੇ ਭੂਮੀ-ਸੁਧਾਰਾਂ ਦੀ ਯੋਜਨਾ ਤਿਆਰ ਕੀਤੀ। ਭੂਮੀਪਤੀਆਂ ਤੇ ਅਮੀਰ ਕਿਸਾਨਾਂ ਦੀ ਜਾਇਦਾਦ ਦਾ ਸਾਵਧਾਨੀਪੂਰਵਕ ਮੁਲਾਂਕਣ ਕਰਨ ਤੋਂ ਬਾਅਦ, ਉਹਨਾਂ ਦੀ ਵਾਧੂ ਜ਼ਮੀਨ ਨੂੰ ਕਬਜ਼ੇ ਹੇਠ ਲੈਣ ਤੇ ਗਰੀਬ ਕਿਸਾਨਾਂ ਵਿੱਚ ਮੁੜ ਵੰਡਣ ਲਈ ਕਿਸਾਨ ਸਭਾਵਾਂ ਕਾਇਮ ਕੀਤੀਆਂ ਗਈਆਂ। ਇਸ ਲਾਈਨ ਨੂੰ ਅਕਸਰ ਲਿਓ ਸ਼ਾਓ-ਚੀ ਦੁਆਰਾ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਜਿਸ ਨੇ ਗਰੀਬ ਕਿਸਾਨਾਂ ਨੂੰ ਇਹ ਯਕੀਨ ਦੁਆਉਣ ਦੀ ਕੋਸ਼ਿਸ਼ ਕੀਤੀ ਕਿ ਜਮੀਨ ਦੀ ਮੁੜ-ਵੰਡ ਉਹਨਾਂ ਸਾਰਿਆਂ ਨੂੰ ਦਰਮਿਆਨੇ ਕਿਸਾਨ ਦਾ ਦਰਜਾ ਦਵਾਉਣ ਲਈ ਕੀਤੀ ਗਈ ਹੈ। ਖੇਤੀ ਪੈਦਾਵਾਰਤਾ ਦੇ ਉਸ ਸਮੇਂ ਮੌਜੂਦ ਪੱਧਰ ਨੂੰ ਦੇਖਦੇ ਹੋਏ ਇਹ ਅਸੰਭਵ ਸੀ, ਅਤੇ ਜੇ ਇਹ ਲਾਈਨ ਮਾਓ ਜ਼ੇ-ਤੁੰਗ ਦੁਆਰਾ ਦਰੁਸਤ ਨਾ ਕੀਤੀ ਜਾਂਦੀ ਤਾਂ ਭੂਮੀ ਸੁਧਾਰਾਂ ਦੀ ਇਹ ਲਹਿਰ ਫੇਲ੍ਹ ਹੋ ਸਕਦੀ ਸੀ (ਮਾਓ ਜ਼ੇ-ਤੁੰਗ ਚੋਣਵੀਆਂ ਲਿਖਤਾ, ਸੈਂਚੀ 4, ਸਫਾ 197)।

ਜਗੀਰੂ ਸਬੰਧਾਂ ਦੇ ਖਾਤਮੇ ਤੋਂ ਬਾਅਦ ਸਵਾਲ ਖੜਾ ਹੋਇਆ ਕਿ ਅਗਲਾ ਪੜਾਅ ਕੀ ਹੋਵੇ? ਕੀ ਖੇਤੀ ਨੂੰ ਸਮਾਜਵਾਦੀ ਅਧਾਰ ‘ਤੇ ਵਿਕਸਤ ਕਰਨਾ ਸੀ ਜਾਂ ਸਰਮਾਏਦਾਰਾ ਅਧਾਰ ‘ਤੇ? ਪਾਰਟੀ ਲਾਈਨ, ਅਜੇ ਵੀ ਗਰੀਬ ਕਿਸਾਨਾਂ ‘ਤੇ ਭਰੋਸਾ ਕਰਦੇ ਹੋਏ, ਆਪਸੀ ਸਹਾਇਤਾ ਗਰੁੱਪਾਂ ਦੇ ਰਸਤੇ ਪਹਿਲਾਂ ਸਹਿਕਾਰਤਾਵਾਂ ਬਣਾ ਕੇ ਤੇ ਫਿਰ ਸਮੂਹਕੀਕਰਨ ਵੱਲ ਅੱਗੇ ਵਧਣ ਦੀ ਸੀ। ਖੇਤੀ ਤੋਂ ਪ੍ਰਾਪਤ ਹੋਣ ਵਾਲੀ ਵਾਫ਼ਰ ਨੇ ਭਾਰੀ ਸਨਅੱਤ ਦੇ ਵਿਕਾਸ ਲਈ ਨੀਂਹ ਤਿਆਰ ਕਰਨੀ ਸੀ, ਪਰ ਇਸਦਾ ਇੱਕ ਹਿੱਸਾ ਹਲਕੀ ਸਨਅੱਤ ਵਿੱਚ ਨਿਵੇਸ਼ ਕੀਤਾ ਜਾਣਾ ਸੀ ਜਿਸਨੇ ਵਪਾਰਕ ਫਸਲਾਂ ਲਈ ਮੰਗ ਪੈਦਾ ਕਰਨੀ ਸੀ ਤੇ ਨਾਲ ਹੀ ਉਪਭੋਗ ਲਈ ਜਰੂਰੀ ਚੀਜ਼ਾਂ ਦੀ ਲੋੜੀਂਦੀ ਸਪਲਾਈ ਵੀ ਬਣਾਈ ਰੱਖਣੀ ਸੀ ਤਾਂ ਕਿ ਕਿਸਾਨੀ ‘ਤੇ ਗੈਰ-ਵਾਜਿਬ ਬੋਝ ਨਾ ਪਵੇ। ਲਿਓ ਸ਼ਾਓ-ਚੀ ਨੇ ਇਸ ਲਾਈਨ ਦਾ ਵਿਰੋਧ ਕੀਤਾ, ਉਸਦੀ ਦਲੀਲ ਇਸ ਤਰ੍ਹਾਂ ਸੀ- ਮਸ਼ੀਨਾਂ ਬਿਨਾਂ ਅਤੇ ਇਸ ਲਈ ਸਨਅੱਤੀ ਵਿਕਾਸ ‘ਤੇ ਅਧਾਰਤ ਹੋਣ ਤੋਂ ਬਿਨਾਂ ਸਮੂਹਕੀਕਰਨ ਅਸੰਭਵ ਹੈ। ਉਸਨੇ ਇਸ ਦੌਰਾਨ, ਜਮੀਨ ਦੀ ਖਰੀਦ-ਵੇਚ ਤੇ ਉਜਰਤੀ ਕਿਰਤ ਦੀ ਵਰਤੋਂ ਦੀ ਖੁੱਲ੍ਹ ਦੇ ਕੇ ਖੇਤੀ ਨੂੰ ਸਰਮਾਏਦਾਰਾ ਲੀਹ ‘ਤੇ ਵਿਕਸਤ ਕਰਨਾ ਸੀ। ਉਸਨੇ ਕਿਹਾ, ‘ਸਮੂਹਕੀਕਰਨ ਬਾਰੇ ਗੱਲ ਕਰਨਾ ਕਾਫ਼ੀ ਰਹੇਗਾ ਜਦੋਂ ਸੱਤਰ ਫੀਸਦੀ ਕਿਸਾਨ ਅਮੀਰ ਕਿਸਾਨ ਹੋਣਗੇ।’ ਇਹ ਦੇਖਿਆ ਜਾ ਸਕਦਾ ਹੈ ਕਿ ਇਹ ਉਹੀ ਲਾਈਨ ਹੈ ਜਿਹੜੀ ਸੋਵੀਅਤ ਯੂਨੀਅਨ ਵਿੱਚ ਬੁਖਾਰਿਨ ਨੇ ਲਿਆਂਦੀ ਸੀ, ਜਿਸ ਨੇ ਦਲੀਲ ਦਿੱਤੀ ਸੀ ਕਿ ਖੇਤੀ ਵਿੱਚ ਮੁਕਤ ਮੰਡੀ ਦੀ ਖੁੱਲ੍ਹ ਦੇਣ ਨਾਲ, ਕੁਲਕ ‘ਸਮਾਜਵਾਦ ‘ਚ ਵਿਕਸਤ ਹੋ ਜਾਣਗੇ।’

ਜਦੋਂ 50ਵਿਆਂ ਦੇ ਅੱਧ ਵਿੱਚ ਸਹਿਕਾਰਤਾ ਦੀ ਲਹਿਰ ਜੋਰ ਫੜ ਰਹੀ ਸੀ, ਲਿਓ ਸ਼ਾਓ-ਚੀ ਨੇ ਇਸਨੂੰ ਧੀਮਾ ਕਰਕੇ ਸ਼ੁਰੂਆਤ ਕੀਤੀ। ਬਾਅਦ ਵਿੱਚ, ਜਦੋਂ ਉਸਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਹ ਲਹਿਰ ਅੱਗੇ ਵਧਦੀ ਰਹੀ, ਤਾਂ ਉਸਨੇ ਇੱਕ ਅਤੀ-ਬਰਾਬਰੀ ਵਾਲੇ ਰੂਪ ਦੀ ਵਕਾਲਤ ਕੀਤੀ, ਬਿਲਕੁਲ ਉਸੇ ਤਰ੍ਹਾਂ ਜਿਵੇਂ ਉਸਨੇ ਭੂਮੀ ਸੁਧਾਰਾਂ ਮੌਕੇ ਕੀਤਾ ਸੀ। ਇਸ ਤੋਂ ਬਾਅਦ ਫਿਰ, ਜਦੋਂ ਸਹਿਕਾਰਤਾ ਦੀ ਲਹਿਰ ਲਗਾਤਾਰ ਕੁਝ ਸਾਲਾਂ ਲਈ ਪੈਦਾਵਾਰ ਘੱਟ ਹੋਣ ਮੁਸ਼ਕਿਲ ਵਿੱਚ ਸੀ, ਉਹ ਫਿਰ ਤੋਂ ਮੁਕਤ ਮੰਡੀ ਅਤੇ ਨਿੱਜੀ ਉੱਦਮਾਂ ਨੂੰ ਖੁੱਲ੍ਹ ਦੇਣ ਦੀ ਵਕਾਲਤ ਕਰ ਰਿਹਾ ਸੀ। ਜਦੋਂ ਪਾਰਟੀ ਮਜਦੂਰਾਂ ਨੂੰ “ਖੁਦ ਖਿਲਾਫ ਲੜਨ ਤੇ ਸੋਧਵਾਦ ਦੀ ਆਲੋਚਨਾ”, ਭਾਵ ਕਿ ਖੁਦ ਵਿੱਚ ਤੇ ਦੂਜਿਆਂ ਵਿੱਚ ਵੀ, ਹਰ ਕਿਸਮ ਦੇ ਬੁਰਜੂਆ ਵਿਅਕਤੀਵਾਦ ਤੇ ਨਿੱਜੀ ਹਿਤਾਂ ਨੂੰ ਪਹਿਲ ਦੇਣ ਦੀ ਰੁਚੀ ਦਾ ਵਿਰੋਧ ਕਰਨ ਦਾ ਸੱਦਾ ਦੇ ਰਹੀ ਸੀ, ਉਸ ਸਮੇਂ ਲਿਓ ਸ਼ਾਓ-ਚੀ “ਸਵੈ-ਵਿਕਾਸ” ਤੇ ਭੌਤਿਕ ਹੱਲਾਸ਼ੇਰੀ ਦਾ ਪੱਖ ਲੈ ਰਿਹਾ ਸੀ।

ਇਸ ਤਰ੍ਹਾਂ ਇਹ ਸਾਫ਼ ਹੈ ਕਿ ਮੁੱਢ ਤੋਂ ਹੀ ਪਾਰਟੀ ਲੀਡਰਸ਼ਿਪ ਅੰਦਰ ਇਹਨਾਂ ਦੋ ਲਾਈਨਾਂ, ਮਾਓ ਜ਼ੇ-ਤੁੰਗ ਦੀ ਅਗਵਾਈ ਹੇਠਲੀ ਪ੍ਰੋਲੇਤਾਰੀ ਲਾਈਨ ਤੇ ਲਿਓ ਸ਼ਾਓ-ਚੀ ਦੀ ਅਗਵਾਈ ਵਾਲੀ ਬੁਰਜੂਆ ਲਾਈਨ ਵਿਚਾਲੇ ਸੰਘਰਸ਼ ਹੋ ਰਿਹਾ ਸੀ। ਬੁਰਜੂਆ ਲਾਈਨ ਕਦੇ ਸੱਜੇ ਪਾਸੇ ਝੁਕਦੀ ਸੀ ਕਦੇ ਖੱਬੇ ਪਾਸੇ, ਪਰ ਚੱਲਦੀ ਹਮੇਸ਼ਾ ਪ੍ਰੋਲੇਤਾਰੀ ਲਾਈਨ ਦੇ ਉਲਟ ਹੀ ਸੀ। ਖਰੁਸ਼ਚੇਵ ਤੇ ਸੋਵੀਅਤ ਯੂਨੀਅਨ ਵਿਚਲੇ ਨਵ-ਸੋਧਵਾਦੀਆਂ ਦੀ ਉਦਾਹਰਣ ਤੋਂ ਉਤਸ਼ਾਹਿਤ ਹੋ ਕੇ, ਲਿਓ ਸ਼ਾਓ-ਚੀ ਤੇ ਉਹਦਾ ਧੜਾ ਚੀਨ ਵਿੱਚ ਉਸੇ ਤਰ੍ਹਾਂ ਸੱਤਾ ਹਥਿਆਉਣ ਦੀਆਂ ਸਕੀਮਾਂ ਘੜਨ ਲੱਗਾ। ਉਹਨਾਂ ਦੀ ਗਿਣਤੀ ਭਾਵੇਂ ਬਹੁਤੀ ਨਹੀਂ ਸੀ, ਪਰ ਉਹਨਾਂ ਕੋਲ ਪਾਰਟੀ ਅਗਵਾਈ ਦੀਆਂ ਕਈ ਅਹਿਮ ਪੁਜ਼ੀਸ਼ਨਾਂ ਸਨ ਜਿਹਨਾਂ ਰਾਹੀਂ ਉਹ ਵਿਆਪਕ ਪ੍ਰਭਾਵ ਪਾ ਕੇ ਸਫਾਂ ਨੂੰ ਗੁੰਮਰਾਹ ਤੇ ਹਫੜਾ-ਦਫੜੀ ‘ਚ ਪਾ ਸਕਦੇ ਸਨ। 1966 ਦੀ ਬਸੰਤ ਰੁੱਤੇ ਇਹ ਮਸਲਾ ਆਪਣੇ ਤਿੱਖੇ ਰੂਪ ‘ਚ ਸਾਹਮਣੇ ਆ ਗਿਆ। 16 ਮਈ ਨੂੰ ਮਾਓ ਜ਼ੇ-ਤੁੰਗ ਦੁਆਰਾ ਤਿਆਰ ਕੀਤੀ ਗਈ ਗਸ਼ਤੀ-ਚਿੱਠੀ ਕੇਂਦਰੀ ਕਮੇਟੀ ਵੱਲੋਂ ਸਾਰੇ ਪਾਰਟੀ ਮੈਂਬਰਾਂ ਨੂੰ ਭੇਜੀ ਗਈ। ਇਸ ਦਸਤਾਵੇਜ ਵਿੱਚ ਲਿਖਿਆ ਗਿਆ:

“ਕੇਂਦਰੀ ਕਮੇਟੀ ਅਤੇ ਕੇਂਦਰੀ ਤੇ ਨਾਲ ਹੀ ਸੂਬਾਈ, ਮਿਉਂਸਪਲ ਤੇ ਖੁਦਮੁਖਤਿਆਰ ਖਿੱਤਿਆਂ ਦੇ ਪੱਧਰ ‘ਤੇ ਪਾਰਟੀ, ਸਰਕਾਰ ਤੇ ਹੋਰ ਵਿਭਾਗਾਂ ਵਿੱਚ ਬੁਰਜੂਆਜ਼ੀ ਦੇ ਅਜਿਹੇ ਕਈ ਸਾਰੇ ਮੈਂਬਰ ਜਗ੍ਹਾ ਬਣਾਈ ਬੈਠੇ ਹੋਏ ਹਨ।

”ਸਮੁੱਚੀ ਪਾਰਟੀ ਨੂੰ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦੇ ਮਹਾਨ ਝੰਡੇ ਨੂੰ ਹਰ ਹਾਲ ਉੱਚਾ ਉਠਾਈ ਰੱਖਣਾ ਹੈ, ਅਖੌਤੀ ‘ਅਕਾਦਮਿਕ ਅਥਾਰਿਟੀਆਂ” ਜੋ ਪਾਰਟੀ ਤੇ ਸਮਾਜਵਾਦ ਦਾ ਵਿਰੋਧ ਕਰ ਰਹੇ ਹਨ, ਦੇ ਪਿਛਾਖੜੀ ਬੁਰਜੂਆ ਪੈਂਤੜੇ ਨੂੰ ਚੰਗੀ ਤਰ੍ਹਾਂ ਨੰਗਿਆਂ ਕਰਨਾ ਚਾਹੀਦਾ ਹੈ, ਅਕਾਦਮਿਕ ਕੰਮ, ਸਿੱਖਿਆ, ਪੱਤਰਕਾਰੀ, ਸਾਹਿਤ ਤੇ ਕਲਾ ਦੇ ਪ੍ਰਕਾਸ਼ਨ ਦੇ ਖੇਤਰ ਵਿੱਚ ਪਿਛਾਖੜੀ ਬੁਰਜੂਆ ਵਿਚਾਰਾਂ ਦੀ ਆਲੋਚਨਾ ਤੇ ਨਿਖੇਧੀ ਕਰਨੀ, ਅਤੇ ਇਹਨਾਂ ਸੱਭਿਆਚਾਰਕ ਖੇਤਰਾਂ ਵਿੱਚ ਅਗਵਾਈ ਸਾਂਭਣੀ ਚਾਹੀਦੀ ਹੈ। ਇਸ ਨਿਸ਼ਾਨੇ ਨੂੰ ਹਾਸਿਲ ਕਰਨ ਲਈ ਲਾਜ਼ਮੀ ਹੈ ਕਿ ਪਾਰਟੀ, ਸਰਕਾਰ, ਫੌਜ ਤੇ ਸੱਭਿਆਚਾਰ ਦੇ ਸਾਰੇ ਖੇਤਰਾਂ ‘ਚ ਘੁਸ ਆਏ ਬੁਰਜੂਆਜ਼ੀ ਦੇ ਨੁਮਾਇੰਦਿਆਂ ਦੀ ਅਲੋਚਨਾ ਤੇ ਨਿਖੇਧੀ ਕਰਨੀ, ਉਹਨਾਂ ਨੂੰ ਵਰਤਮਾਨ ਅਹੁਦਿਆਂ ਤੋਂ ਹਟਾ ਦੇਣਾ ਜਾਂ ਦੂਜੀਆਂ ਥਾਵਾਂ ‘ਤੇ ਬਦਲ ਦੇਣਾ ਚਾਹੀਦਾ ਹੈ।

ਬੁਰਜੂਆਜ਼ੀ ਦੇ ਉਹ ਨੁਮਾਇੰਦੇ ਜਿਹੜੇ ਪਾਰਟੀ, ਸਰਕਾਰ, ਫੌਜ ਤੇ ਸੱਭਿਆਚਾਰ ਦੇ ਸਾਰੇ ਖੇਤਰਾਂ ‘ਚ ਘੁਸ ਆਏ ਹਨ, ਉਲਟ-ਇਨਕਲਾਬੀ ਸੋਧਵਾਦੀਆਂ ਦਾ ਗਿਰੋਹ ਹਨ। ਜਦੋਂ ਹੀ ਉਹਨਾਂ ਨੂੰ ਹਾਲਤਾਂ ਸਾਜ਼ਗਾਰ ਲੱਗੀਆਂ, ਉਹ ਸਿਆਸੀ ਸੱਤ੍ਹਾ ‘ਤੇ ਕਬਜ਼ਾ ਕਰ ਲੈਣਗੇ ਅਤੇ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਨੂੰ ਬੁਰਜੂਆਜ਼ੀ ਦੀ ਤਾਨਾਸ਼ਾਹੀ ‘ਚ ਬਦਲ ਦੇਣਗੇ। ਉਹਨਾਂ ਵਿੱਚੋਂ ਕੁਝ ਨੂੰ ਅਸੀਂ ਪਹਿਲਾਂ ਹੀ ਛਾਂਟ ਲਿਆ ਹੈ, ਕੁਝ ਹੋਰ ਅਜੇ ਨਜ਼ਰ ਤੋਂ ਬਚੇ ਹੋਏ ਹਨ। ਕੁਝ ‘ਤੇ ਅਸੀਂ ਅਜੇ ਵੀ ਵਿਸ਼ਵਾਸ ਕਰਦੇ ਹਾਂ ਅਤੇ ਖਰੁਸ਼ਚੇਵ ਜਿਹੇ ਕਈਆਂ ਨੂੰ ਜਿਹੜੇ ਸਾਡੇ ਆਲੇ-ਦੁਆਲੇ ਬਣੇ ਹੋਏ ਹਨ, ਆਪਣੇ ਵਾਰਿਸਾਂ ਵਜੋਂ ਤਿਆਰ ਕਰ ਰਹੇ ਹਾਂ। ਸਾਰੇ ਪੱਧਰਾਂ ਦੀਆਂ ਪਾਰਟੀ ਕਮੇਟੀਆਂ ਵੱਲੋਂ ਇਸ ਮਸਲੇ ਵੱਲ ਪੂਰਾ ਧਿਆਨ ਦਿੱਤਾ ਜਾਵੇ।” (ਪੀਕਿੰਗ ਰੀਵਿਊ, 1967, ਅੰਕ 21, ਸਫਾ 10)

ਇਸ ਤਰ੍ਹਾਂ ਪਾਰਟੀ ਖਤਰੇ ਪ੍ਰਤੀ ਚੌਕਸ ਹੋ ਗਈ, ਅਤੇ ਇਸ ਨੇ ਦੁਸ਼ਮਣ ਦੀ ਪਹਿਚਾਣ ਕਰਨ ਤੇ ਉਸਨੂੰ ਅਲੱਗ-ਥਲੱਗ ਕਰਨ ਲਈ ਵਿਆਪਕ ਲੋਕਾਈ ਨੂੰ ਆਪਣੇ ਕੰਮ-ਢੰਗ ਦੀ ਬੇਹਿਚਕ ਆਲੋਚਨਾ ਕਰਨ ਦਾ ਸੱਦਾ ਦਿੱਤਾ:

“ਜਿਵੇਂ ਕਿ ਚੇਅਰਮੈਨ ਮਾਓ ਨੇ ਆਪਣੀ ਫਰਵਰੀ, 1967 ਦੀ ਗੱਲਬਾਤ ‘ਚ ਕਿਹਾ ਹੈ: ‘ਬੀਤੇ ਸਮੇਂ ਦੌਰਾਨ ਅਸੀਂ ਪੇਂਡੂ ਇਲਾਕਿਆਂ, ਫੈਕਟਰੀਆਂ, ਸੱਭਿਆਚਾਰਕ ਖੇਤਰਾਂ ਵਿੱਚ ਸੰਘਰਸ਼ ਚਲਾਇਆ, ਅਤੇ ਅਸੀਂ ਸਮਾਜਵਾਦੀ ਸਿੱਖਿਆ ਦੀ ਲਹਿਰ ਵੀ ਚਲਾਈ। ਪ੍ਰੰਤੂ ਇਹ ਸਭ ਕੁਝ ਸਮੱਸਿਆ ਦਾ ਹੱਲ ਕਰਨ ‘ਚ ਨਾਕਾਮਯਾਬ ਰਿਹਾ ਹੈ, ਕਿਉਂਕਿ ਅਸੀਂ ਉਹ ਰੂਪ, ਉਹ ਤਰੀਕਾਕਾਰ ਨਹੀਂ ਲੱਭ ਸਕੇ ਸਾਂ ਜਿਸ ਰਾਹੀਂ ਵਿਆਪਕ ਲੋਕਾਈ ਨੂੰ ਸਾਡੇ ਬੁਰੇ ਪੱਖਾਂ ਦੀ ਖੁੱਲ੍ਹੇਆਮ, ਹਰ ਪਾਸੇ ਤੋਂ ਤੇ ਹੇਠਾਂ ਤੋਂ ਆਲੋਚਨਾ ਕਰਨ ਲਈ ਲਾਮਬੰਦ ਕੀਤਾ ਜਾਂਦਾ।

”ਹੁਣ ਸਾਨੂੰ ਉਹ ਰੂਪ ਲੱਭ ਗਿਆ ਹੈ- ਇਹ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਹੈ। ਲੱਖਾਂ-ਕਰੋੜਾਂ ਲੋਕਾਂ ਨੂੰ ਆਪਣੇ ਵਿਚਾਰਾਂ ਨੂੰ ਅਜ਼ਾਦੀ ਨਾਲ ਪ੍ਰਗਟ ਕਰਨ ਦੇਣਾ, ਵੱਡ-ਅਕਾਰੀ ਅੱਖਰਾਂ ਵਾਲੇ ਪੋਸਟਰ ਲਿਖਣਾ, ਤੇ ਵੱਡੀਆਂ-ਵੱਡੀਆਂ ਬਹਿਸਾਂ ਦਾ ਆਯੋਜਨ ਕਰਨਾ ਹੀ ਉਹ ਤਰੀਕਾ ਹੈ ਜਿਸ ਰਾਹੀਂ ਸੱਤ੍ਹਾ ‘ਚ ਮੌਜੂਦ ਗੱਦਾਰਾਂ, ਦੁਸ਼ਮਣ ਦੇ ਏਜੰਟਾਂ ਤੇ ਸਰਮਾਏਦਾਰਾ-ਰਾਹੀਆਂ ਨੂੰ ਜਿਨ੍ਹਾਂ ਨੇ ਪਾਰਟੀ ‘ਚ ਪਨਾਹ ਲੈ ਰੱਖੀ ਹੈ, ਨੰਗਿਆਂ ਕੀਤਾ ਜਾ ਸਕਦਾ ਹੈ ਅਤੇ ਸਰਮਾਏਦਾਰੀ ਦੀ ਮੁੜ-ਬਹਾਲੀ ਦੀਆਂ ਉਹਨਾਂ ਦੀਆਂ ਸਾਜ਼ਿਸ਼ਾਂ ਨੂੰ ਨਾਕਾਮ ਕੀਤਾ ਜਾ ਸਕਦਾ ਹੈ।” (ਪੀਕਿੰਗ ਰੀਵਿਊ, 1969, ਅੰਕ 18, ਸਫਾ 16)

4. ਸਰਕਾਰ ਵਿੱਚ ਲੋਕਾਂ ਦੀ ਹਿੱਸੇਦਾਰੀ

ਜਦੋਂ ਲੈਨਿਨ ਨੇ ਇੱਕ “ਸੱਭਿਆਚਾਰਕ ਇਨਕਲਾਬ” ਦਾ ਸੱਦਾ ਦਿੱਤਾ ਸੀ, ਤਾਂ ਉਹਨਾਂ ਨੇ ਸਮਝ ਲਿਆ ਸੀ ਕਿ ਸਮਾਜਵਾਦ ਦੀ ਮੁਕੰਮਲ ਜਿੱਤ ਲਈ ਲਾਜ਼ਮੀ ਹੈ ਕਿ ਮਜਦੂਰਾਂ ਤੇ ਕਿਸਾਨਾਂ ਦੇ ਵਿਆਪਕ ਜਨਸਮੂਹ ਸਰਕਾਰ ਦੇ ਕੰਮਾਂ-ਕਾਰਾਂ ਨੂੰ ਆਪਣੇ ਹੱਥਾਂ ਵਿੱਚ ਲੈਣ, ਅਤੇ ਇਸ ਲਈ ਜਰੂਰੀ ਹੈ ਕਿ ਉਹ ਆਪਣਾ ਸੱਭਿਆਚਾਰਕ ਪੱਧਰ ਉਸ ਹੱਦ ਤੱਕ ਉੱਚਾ ਚੁੱਕ ਲੈਣ ਕਿ ਉਹ ਪੁਰਾਣੀ ਬੁਰਜੂਆ ਵਿਚਾਰਧਾਰਾ ਦੀ ਥਾਂ ਆਪਣੀ ਖੁਦ ਦੀ ਪ੍ਰੋਲੇਤਾਰੀ ਵਿਚਾਰਧਾਰਾ ਨੂੰ ਲਾਗੂ ਕਰ ਸਕਣ ਤੇ ਇਸ ਤਰ੍ਹਾਂ ਉਹਨਾਂ ਨੌਕਰਸ਼ਾਹਾਨਾ ਛੁਪਣਗਾਹਾਂ ਨੂੰ ਤਬਾਹ ਕਰ ਦੇਣ ਜਿਨ੍ਹਾਂ ਪਿੱਛੇ ਬੁਰਜੂਆਜ਼ੀ ਖੁਦ ਨੂੰ ਲੁਕਾਅ ਕੇ ਰੱਖਦੀ ਹੈ।

ਚੀਨੀ ਸੱਭਿਆਚਾਰਕ ਇਨਕਲਾਬ ਦੇ ਨਿਸ਼ਾਨਿਆਂ ਵਿੱਚ ਇਹ ਨਿਸ਼ਾਨੇ ਵੀ ਸ਼ਾਮਿਲ ਸਨ। ਇਸਨੂੰ ਸਿਰਫ ਸਮਾਜਵਾਦ ਪ੍ਰਤੀ ਦਵੈਖ ਰੱਖਣ ਵਾਲੇ ਤੱਤਾਂ ਦੀ ਸਫ਼ਾਈ ਕਰਨ ਲਈ ਹੀ ਨਹੀਂ ਅਰੰਭਿਆ ਗਿਆ ਸੀ, ਸਗੋਂ ਮਜਦੂਰ ਜਮਾਤ ਨੂੰ “ਹਰ ਖੇਤਰ ‘ਚ ਅਗਵਾਈ ਸਾਂਭਣ’, ‘ਪ੍ਰਸ਼ਾਸ਼ਨ ਨਾਲੋਂ ਸਿਆਸਤ ਨੂੰ ਮੂਹਰੇ ਰੱਖਣ’, ਅਤੇ ਇਹ ਯਕੀਨੀ ਬਣਾਉਣ ਕਿ ਹਰ ਅਧਿਕਾਰੀ ‘ਇੱਕ ਆਮ ਆਦਮੀ ਬਣ ਕੇ ਰਹੇ’, ਦੇ ਯੋਗ ਬਣਾਉਣ ਲਈ ਸ਼ਰੂ ਕੀਤਾ ਗਿਆ ਸੀ।

ਇਹਨਾਂ ਨਿਸ਼ਾਨਿਆਂ ਦੀ ਪੂਰਤੀ ਲਈ ਲਾਜ਼ਮੀ ਸੀ ਕਿ ਬੁਰਜੂਆ ਵਿਚਾਰਧਾਰਾ ‘ਤੇ ਚਹੁੰ-ਪਾਸਿਆਂ ਤੋਂ ਇਸ ਢੰਗ ਨਾਲ ਹਮਲਾ ਬੋਲਿਆ ਜਾਂਦਾ ਕਿ ਇਸ ਵਿੱਚ ਲੋਕ ਸਰਗਰਮੀ ਨਾਲ ਹਿੱਸਾ ਲੈਂਦੇ:

“ਭਾਵੇਂ ਕਿ ਬੁਰਜੂਆਜ਼ੀ ਨੂੰ ਉਖਾੜ ਸੁੱਟਿਆ ਜਾ ਚੁੱਕਾ ਹੈ, ਪਰ ਇਹ ਅਜੇ ਵੀ ਲੁੱਟੇ ਜਾਂਦੇ ਰਹੇ ਲੋਕਾਂ ਦੇ ਪੁਰਾਣੇ ਵਿਚਾਰਾਂ, ਸੱਭਿਆਚਾਰ, ਰਿਵਾਜਾਂ ਤੇ ਆਦਤਾਂ ਦੀ ਵਰਤੋਂ ਕਰਕੇ ਲੋਕਾਂ ਨੂੰ ਭ੍ਰਿਸ਼ਟ ਕਰਨ, ਉਹਨਾਂ ਦੇ ਦਿਮਾਗਾਂ ਨੂੰ ਪ੍ਰਭਾਵ ਹੇਠ ਲਿਆਉਣ ਅਤੇ ਮੁੜ-ਬਹਾਲੀ ਦੀ ਕੋਸ਼ਿਸ਼ ਕਰਨ ਲਈ ਵਾਹ ਲਾ ਰਹੀ ਹੈ। ਪ੍ਰੋਲੇਤਾਰੀ ਨੂੰ ਇਸਦੇ ਬਿਲਕੁਲ ਉਲਟਾ ਚੱਲਣਾ ਚਾਹੀਦਾ ਹੈ। ਇਸਨੂੰ ਵਿਚਾਰਧਾਰਾ ਦੇ ਖੇਤਰ ਵਿੱਚ ਬੁਰਜੂਆਜ਼ੀ ਦੀ ਹਰ ਚੁਣੌਤੀ ਨੂੰ ਸਿੱਧੇ-ਮੱਥੇ ਟੱਕਰਨਾ ਚਾਹੀਦਾ ਹੈ ਅਤੇ ਪ੍ਰੋਲੇਤਾਰੀ ਦੇ ਨਵੇਂ ਵਿਚਾਰਾਂ, ਸੱਭਿਆਚਾਰ, ਰਿਵਾਜਾਂ ਤੇ ਆਦਤਾਂ ਦੀ ਵਰਤੋਂ ਕਰਕੇ ਪੂਰੇ ਸਮਾਜ ਦੇ ਮਾਨਸਿਕ ਨਜ਼ਰੀਏ ਨੂੰ ਬਦਲ ਦੇਣਾ ਚਾਹੀਦਾ ਹੈ।” (ਪੀਕਿੰਗ ਰੀਵਿਊ, 1966, ਅੰਕ 33, ਸਫਾ 6)

“ਮਹਾਨ ਸੱਭਿਆਚਾਰਕ ਇਨਕਲਾਬ ਅੰਦਰ, ਲੋਕਾਂ ਸਾਹਮਣੇ ਇੱਕੋ-ਇੱਕ ਰਸਤਾ, ਖੁਦ ਹੀ ਆਪਣੇ-ਆਪ ਲਈ ਮੁਕਤੀ ਹਾਸਲ ਕਰਨ ਦਾ ਹੈ, ਉਹਨਾਂ ਦੀ ਥਾਂ ਇਹ ਕੰਮ ਕਰਨ ਦਾ ਕੋਈ ਵੀ ਹੋਰ ਤਰੀਕਾ ਵਰਤਿਆ ਨਹੀਂ ਜਾਣਾ ਚਾਹੀਦਾ।

ਲੋਕਾਂ ‘ਤੇ ਯਕੀਨ ਕਰੋ, ਉਹਨਾਂ ‘ਤੇ ਨਿਰਭਰਤਾ ਰੱਖੋ, ਅਤੇ ਉਹਨਾਂ ਦੀ ਪਹਿਲਕਦਮੀ ਦਾ ਸਨਮਾਨ ਕਰੋ। ਡਰ ਨੂੰ ਮਨੋਂ ਕੱਢ ਦਿਓ। ਹੰਗਾਮਿਆਂ ਤੋਂ ਨਾ ਘਬਰਾਓ …। ਲੋਕਾਈ ਨੂੰ ਇਸ ਮਹਾਨ ਇਨਕਲਾਬੀ ਲਹਿਰ ‘ਚ ਖੁਦ ਨੂੰ ਸਿੱਖਿਅਤ ਕਰਨ ਦਿਓ, ਅਤੇ ਸਹੀ ਤੇ ਗਲਤ ਵਿਚਾਲੇ ਤੇ ਕੰਮ ਕਰਨ ਦੇ ਸਹੀ ਤੇ ਗਲਤ ਢੰਗਾਂ ਵਿਚਾਲੇ ਫਰਕ ਕਰਨਾ ਸਿੱਖਣ ਦਿਓ।” (ਪੀਕਿੰਗ ਰੀਵਿਊ, 1966, ਅੰਕ 33, ਸਫਾ 7)

ਤਾਂ ਅਜਿਹਾ ਸੀ “ਲੋਕਾਂ ਦੇ ਮਨਾਂ ‘ਚ ਸਰਮਾਏਦਾਰੀ ਦੀ ਰਹਿੰਦ-ਖੂੰਹਦ” ਖਿਲਾਫ ਵਿੱਢਿਆ ਗਿਆ “ਸਮਾਜਵਾਦੀ ਹਮਲਾ”, ਜਿਸ ਲਈ ਪਹਿਲਾਂ ਸਤਾਲਿਨ ਨੇ ਸੱਦਾ ਦਿੱਤਾ ਸੀ; ਪਰ ਉੱਥੇ, ਲੋਕਾਂ ਨਾਲ ਵਧੇਰੇ ਨੇੜਿਓਂ ਨਾ ਜੁੜੀ ਹੋਣ ਕਰਕੇ, ਪਾਰਟੀ ਇੰਨੀ ਮਜਬੂਤ ਨਹੀਂ ਸੀ ਕਿ ਲੋਕਾਂ ਨੂੰ ਸੰਘਰਸ਼ ਵਿੱਚ ਖਿੱਚ ਲਿਆਉਂਦੀ।

ਸੱਭਿਆਚਾਰਕ ਇਨਕਲਾਬ ਦੌਰਾਨ ‘ਇਨਕਲਾਬੀ ਕਮੇਟੀ’ ਨਾਂ ਦੀ ਇੱਕ ਨਵੀਂ ਜਥੇਬੰਦਕ ਇਕਾਈ ਉੱਭਰ ਆਈ। ਇਹ ‘ਇੱਕ ਵਿੱਚ ਤਿੰਨ’ ਦੀ ਜੁੜਤ ‘ਤੇ ਅਧਾਰਤ ਸੀ: ਭਾਵ ਕਿ ਇਸਦੇ ਮੈਂਬਰ ਜਿਹੜੇ ਚੁਣੇ ਜਾਂਦੇ ਸਨ, ਵਾਪਸ ਬੁਲਾਏ ਜਾ ਸਕਦੇ ਸਨ ਤੇ ਸਿੱਧੇ ਲੋਕਾਂ ਅੱਗੇ ਜਵਾਬਦੇਹ ਹੁੰਦੇ ਸਨ, ਪਾਰਟੀ, ਲੋਕ ਮੁਕਤੀ ਫੌਜ ਤੇ ਜਨਤਕ ਜਥੇਬੰਦੀਆਂ ‘ਚੋਂ ਲਏ ਜਾਂਦੇ ਸਨ। ਇਹ ਕਮੇਟੀਆਂ ਲੋਕਾਂ ਨੇ ਖੁਦ ਖੜੀਆਂ ਕੀਤੀਆਂ ਸਨ। ਉਹ ਹਰ ਪੱਧਰ ‘ਤੇ ਹੋਂਦ ਵਿੱਚ ਆਈਆਂ, ਫੈਕਟਰੀ ਜਾਂ ਕਮਿਊਨ ਤੋਂ ਲੈ ਕੇ ਸੂਬਾਈ ਤੇ ਇਲਾਕਾਈ ਪੱਧਰ ਦੇ ਸਰਕਾਰੀ ਅਦਾਰਿਆਂ ਤੱਕ, ਅਤੇ ਉਹਨਾਂ ਦਾ ਕੰਮ ਸੀ ਅਜਿਹੇ ਚੈਨਲ ਮੁਹੱਈਆ ਕਰਵਾਉਣਾ ਜਿਨ੍ਹਾਂ ਰਾਹੀਂ ਲੋਕ ਦੇਸ਼ ਦਾ ਪ੍ਰਬੰਧ ਚਲਾਉਣ ‘ਚ ਸਿੱਧੇ ਸ਼ਾਮਲ ਹੋ ਸਕਣ:

“ਇਹ ‘ਇੱਕ ਵਿੱਚ ਤਿੰਨ’ ਵਾਲੇ ਸੱਤ੍ਹਾ ਦੇ ਸੰਦ ਸਾਡੀ ਪ੍ਰੋਲੇਤਾਰੀ ਦੀ ਸਿਆਸੀ ਤਾਕਤ ਨੂੰ ਲੋਕਾਂ ਅੰਦਰ ਡੂੰਘੀਆਂ ਜੜ੍ਹਾਂ ਜਮਾਉਣ ਦੇ ਕਾਬਲ ਬਣਾਉਂਦੇ ਹਨ। ਚੇਅਰਮੈਨ ਮਾਓ ਨੇ ਦਰਸਾਇਆ ਹੈ: ‘ਰਾਜਕੀ ਅਦਾਰਿਆਂ ਦੇ ਸੁਧਾਰ ਲਈ ਸਭ ਤੋਂ ਬੁਨਿਆਦੀ ਸਿਧਾਂਤ ਇਹ ਹੈ ਕਿ ਉਹਨਾਂ ਨੂੰ ਲੋਕਾਂ ਨਾਲ ਨੇੜਲਾ ਸਬੰਧ ਬਣਾ ਕੇ ਰੱਖਣਾ ਚਾਹੀਦਾ ਹੈ।’ ਇਨਕਲਾਬੀ ਲੋਕ-ਸਮੂਹਾਂ ਦੇ ਨੁਮਾਇੰਦੇ, ਖਾਸ ਕਰਕੇ ਕਿਰਤੀ ਲੋਕਾਂ ਭਾਵ ਮਜਦੂਰਾਂ ਤੇ ਕਿਸਾਨਾਂ ਦੇ ਨੁਮਾਇੰਦੇ ਜਿਹੜੇ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦੌਰਾਨ ਵੱਡੀ ਗਿਣਤੀ ਵਿੱਚ ਸਾਹਮਣੇ ਆਏ ਹਨ, ਅਸਲ ਵਿੱਚ ਇਨਕਲਾਬੀ ਲੜਾਕੇ ਹਨ ਜਿਹਨਾਂ ਕੋਲ ਅਭਿਆਸ ਦਾ ਤਜ਼ਰਬਾ ਹੈ। ਇਨਕਲਾਬੀ ਲੋਕਾਂ ਦੇ ਹਿਤਾਂ ਦੀ ਪ੍ਰਤੀਨਿਧਤਾ ਕਰਦੇ ਹੋਏ, ਉਹ ਵੱਖ-ਵੱਖ ਪੱਧਰਾਂ ਦੇ ਆਗੂ ਗਰੁੱਪਾਂ ‘ਚ ਹਿੱਸਾ ਲੈਂਦੇ ਹਨ। ਇਸ ਨਾਲ ਇਹਨਾਂ ਪੱਧਰਾਂ ‘ਤੇ ਇਨਕਲਾਬੀ ਕਮੇਟੀਆਂ ਦਾ ਵਿਆਪਕ ਜਨਤਕ ਅਧਾਰ ਤਿਆਰ ਹੁੰਦਾ ਹੈ। ਦੇਸ਼ ਨੂੰ ਚਲਾਉਣ ਵਿੱਚ ਇਨਕਲਾਬੀ ਲੋਕਾਂ ਦੀ ਸਿੱਧੀ ਭਾਈਵਾਲੀ ਤੇ ਸਿਆਸੀ ਤਾਕਤ ਦੇ ਕੇਂਦਰਾਂ ਉੱਤੇ ਹੇਠਾਂ ਤੋਂ ਇਨਕਲਾਬੀ ਚੌਕਸੀ ਨੂੰ ਲਾਗੂ ਕਰਨਾ ਇਸ ਗੱਲ ਲਈ ਬਹੁਤ ਅਹਿਮ ਹੈ ਕਿ ਵੱਖ-ਵੱਖ ਪੱਧਰਾਂ ਦੇ ਸਾਡੇ ਗਰੁੱਪ ਸਦਾ ਜਨਤਕ-ਲੀਹ ‘ਤੇ ਡਟੇ ਰਹਿਣ, ਲੋਕਾਂ ਨਾਲ ਨਜਦੀਕੀ ਸਬੰਧ ਬਣਾ ਕੇ ਰੱਖਣ, ਉਹਨਾਂ ਦੇ ਹਿਤਾਂ ਦੀ ਤਰਜਮਾਨੀ ਕਰਨ, ਅਤੇ ਦਿਲ ਤੇ ਆਤਮਾ ਤੋਂ ਲੋਕਾਂ ਦੀ ਸੇਵਾ ਕਰਨ।” (ਪੀਕਿੰਗ ਰੀਵਿਊ, 1968, ਅੰਕ 14, ਸਫਾ 6)

ਇਹਨਾਂ ਇਨਕਲਾਬੀ ਕਮੇਟੀਆਂ ਦਾ ਹੋਂਦ ਵਿੱਚ ਆਉਣਾ ਸਮਾਜਵਾਦੀ ਇਨਕਲਾਬ ਲਈ ਅੱਗੇ ਵੱਲ ਇੱਕ ਅਹਿਮ ਕਦਮ ਹੈ। ਦੇਸ਼ ਦਾ ਪ੍ਰਬੰਧ ਚਲਾਉਣ ਦਾ ਜ਼ਿੰਮਾ ਸਿੱਧਾ ਲੋਕਾਂ ਨੇ ਉਠਾਉਣਾ ਸ਼ੁਰੂ ਕਰ ਦਿੱਤਾ ਹੈ। ਜਦੋਂ ਇਹ ਅਮਲ ਪੂਰਾ ਹੋਵੇਗਾ, ਉਸ ਸਮੇਂ ਕਮਿਊਨਿਜ਼ਮ ਵੱਲ ਸੰਕ੍ਰਮਣ ਸ਼ੁਰੂ ਹੋ ਜਾਵੇਗਾ; ਪ੍ਰੰਤੂ ਇਹ ਇੱਕ ਲੰਮੀ ਪ੍ਰਕਿਰਿਆ ਹੈ, ਅਤੇ ਇਸ ਦੇ ਕਾਮਯਾਬੀ ਨਾਲ ਨੇਪਰੇ ਚੜ੍ਹਨ ਨੂੰ ਜਮਾਤੀ ਘੋਲ਼ ਨੂੰ ਅੰਤ ਤੱਕ ਜ਼ਾਰੀ ਰੱਖਣ ਨਾਲ ਹੀ ਯਕੀਨੀ ਬਣਾਇਆ ਜਾ ਸਕਦਾ ਹੈ। ਜਿਵੇਂ ਕਿ ਚੇਅਰਮੈਨ ਮਾਓ ਨੇ ਕਿਹਾ ਹੈ:

“ਅਸੀਂ ਇੱਕ ਮਹਾਨ ਜਿੱਤ ਹਾਸਿਲ ਕੀਤੀ ਹੈ। ਪਰ ਹਾਰੀ ਹੋਈ ਜਮਾਤ ਅਜੇ ਵੀ ਸੰਘਰਸ਼ ਕਰੇਗੀ। ਇਹ ਲੋਕ ਅਜੇ ਵੀ ਇੱਥੇ ਹੀ ਹਨ, ਅਤੇ ਇਹ ਜਮਾਤ ਦੀ ਹੋਂਦ ਅਜੇ ਵੀ ਬਣੀ ਹੋਈ ਹੈ। ਇਸ ਲਈ ਅਸੀਂ ਅੰਤਿਮ ਜਿੱਤ ਦੀ ਗੱਲ ਨਹੀਂ ਕਰ ਸਕਦੇ, ਇੱਥੋਂ ਤੱਕ ਕਈ ਦਹਾਕਿਆਂ ਤੱਕ ਵੀ ਨਹੀਂ। ਸਾਨੂੰ ਆਪਣੀ ਚੌਕਸੀ ਨੂੰ ਕਿਸੇ ਵੀ ਤਰ੍ਹਾਂ ਢਿੱਲਿਆਂ ਨਹੀਂ ਪੈਣ ਦੇਣਾ ਚਾਹੀਦਾ। ਲੈਨਿਨਵਾਦੀ ਨਜ਼ਰੀਏ ਤੋਂ ਦੇਖਿਆਂ, ਇੱਕ ਸਮਾਜਵਾਦੀ ਦੇਸ਼ ਦੀ ਅੰਤਿਮ ਜਿੱਤ ਲਈ ਨਾ ਸਿਰਫ਼ ਉਸੇ ਦੇਸ਼ ਦੇ ਪ੍ਰੋਲੇਤਾਰੀ ਤੇ ਵਿਆਪਕ ਲੋਕਾਈ ਦੀਆਂ ਕੋਸ਼ਿਸ਼ਾਂ ਦੀ ਲੋੜ ਹੈ, ਸਗੋਂ ਸੰਸਾਰ ਇਨਕਲਾਬ ਦੀ ਜਿੱਤ ਅਤੇ ਪੂਰੀ ਦੁਨੀਆਂ ‘ਚ ਮਨੁੱਖ ਹੱਥੋਂ ਮਨੁੱਖ ਦੀ ਲੁੱਟ ‘ਤੇ ਟਿਕੇ ਢਾਂਚੇ ਦਾ ਖਾਤਮਾ ਹੋਣਾ ਵੀ ਲਾਜ਼ਮੀ ਹੈ ਜਿਸ ਨਾਲ ਸਮੁੱਚੀ ਮਨੁੱਖਤਾ ਨੂੰ ਮੁਕਤੀ ਹਾਸਿਲ ਹੋਵੇਗੀ। ਇਸ ਲਈ, ਸਾਡੇ ਦੇਸ਼ ਵਿੱਚ ਸਮਾਜਵਾਦ ਦੀ ਅੰਤਿਮ ਜਿੱਤ ਬਾਰੇ ਚਲਵੇਂ ਜਿਹੇ ਗੱਲ ਕਰਨਾ ਉੱਕਾ ਹੀ ਗਲਤ ਹੈ: ਇਹ ਲੈਨਿਨਵਾਦ ਦੇ ਖਿਲਾਫ਼ ਹੈ ਅਤੇ ਤੱਥਾਂ ਨਾਲ਼ ਮੇਲ ਨਹੀਂ ਖਾਂਦਾ।” (ਪੀਕਿੰਗ ਰੀਵਿਊ, 1969, ਅੰਕ 18, ਸਫਾ 23)

5. ਇਨਕਲਾਬ ਤੇ ਪੈਦਾਵਾਰ

ਨੌਵੀਂ ਪਾਰਟੀ ਕਾਂਗਰਸ ਅੱਗੇ ਪੇਸ਼ ਹੋਈ ਰਿਪੋਰਟ ਵਿੱਚ ਇਹ ਕਿਹਾ ਗਿਆ ਸੀ:

“ਕਈ ਸਾਲਾਂ ਤੋਂ ਖੇਤੀ ਅੰਦਰ ਚੰਗੀ ਪੈਦਾਵਾਰ ਹੋ ਰਹੀ ਹੈ, ਅਤੇ ਸਨਅੱਤੀ ਪੈਦਾਵਾਰ ਅਤੇ ਵਿਗਿਆਨ ਤੇ ਤਕਨੀਕ ਦੇ ਖੇਤਰ ਵਿੱਚ ਵੀ ਹਾਲਤਾਂ ਚੰਗੀਆਂ ਬਣੀਆਂ ਹੋਈਆਂ ਹਨ। ਇਨਕਲਾਬ ਤੇ ਪੈਦਾਵਾਰ, ਦੋਵਾਂ ਲਈ, ਕਿਰਤੀ ਲੋਕਾਂ ਦੀ ਵਿਆਪਕ ਅਬਾਦੀ ਅੰਦਰ ਉਤਸ਼ਾਹ ਅਣਕਿਆਸੀਆਂ ਸਿਖਰਾਂ ਛੋਹ ਰਿਹਾ ਹੈ। ਬਹੁਤ ਸਾਰੀਆਂ ਫੈਕਟਰੀਆਂ, ਖਾਣਾਂ ਤੇ ਹੋਰ ਉੱਦਮਾਂ ਨੇ ਵਾਰ-ਵਾਰ ਪੈਦਾਵਾਰ ਦੇ ਰਿਕਾਰਡ ਤੋੜੇ ਹਨ ਤੇ ਹੁਣ ਤੱਕ ਦੀਆਂ ਸਭ ਤੋਂ ਉੱਚੀਆਂ ਸਿਖਰਾਂ ਪਾਰ ਕੀਤੀਆਂ ਹਨ। ਤਕਨੀਕੀ ਇਨਕਲਾਬ ਲਗਾਤਾਰ ਅੱਗੇ ਵਧ ਰਿਹਾ ਹੈ। ਮੰਡੀ ਵਧ-ਫੁੱਲ ਰਹੀ ਹੈ ਤੇ ਕੀਮਤਾਂ ਸਥਿਰ ਹਨ। 1968 ਦੇ ਅੰਤ ਤੱਕ, ਅਸੀਂ ਹਰ ਤਰ੍ਹਾਂ ਦੀਆਂ ਕੌਮੀ ਦੇਣਦਾਰੀਆਂ ਦਾ ਬੋਝ ਲਾਹ ਦਿੱਤਾ ਹੈ। ਸਾਡਾ ਦੇਸ਼ ਹੁਣ ਇੱਕ ਸਮਾਜਵਾਦੀ ਦੇਸ਼ ਹੈ ਜਿਹਦਾ ਅੰਦਰੂਨੀ ਜਾਂ ਬਾਹਰੀ ਕਿਸੇ ਵੀ ਤਰ੍ਹਾਂ ਦੇ ਕਰਜ਼ੇ ਤੋਂ ਮੁਕਤ ਹੈ।” (ਪੀਕਿੰਗ ਰੀਵਿਊ, 1969, ਅੰਕ 18, ਸਫਾ 22)

ਰਿਪੋਰਟ ਅੱਗੇ “ਇਨਕਲਾਬ ‘ਤੇ ਪਕੜ ਬਣਾਓ, ਪੈਦਾਵਾਰ ਨੂੰ ਅੱਗੇ ਵਧਾਓ” ਦੇ ਸਿਧਾਂਤ ਦੀ ਵਿਆਖਿਆ ਕਰਦੀ ਹੈ ਜਿਹੜਾ ਕਿ ਇਨਕਲਾਬ ਦੌਰਾਨ ਇੱਕ ਕੇਂਦਰੀ ਨਾਹਰਾ ਬਣ ਚੁੱਕਾ ਸੀ:

“ ‘ਇਨਕਲਾਬ ‘ਤੇ ਪਕੜ ਬਣਾਓ, ਪੈਦਾਵਾਰ ਨੂੰ ਅੱਗੇ ਵਧਾਓ’ – ਇਹ ਸਿਧਾਂਤ ਇਕਦਮ ਦਰੁਸਤ ਹੈ। ਇਹ ਇਨਕਲਾਬ ਤੇ ਪੈਦਾਵਾਰ ਵਿਚਾਲੇ, ਚੇਤਨਾ ਤੇ ਪਦਾਰਥ ਵਿਚਾਲੇ, ਉੱਚ-ਉਸਾਰ ਤੇ ਆਰਥਿਕ ਅਧਾਰ ਵਿਚਾਲੇ, ਅਤੇ ਪੈਦਾਵਾਰੀ ਸਬੰਧਾਂ ਤੇ ਪੈਦਾਵਾਰੀ ਤਾਕਤਾਂ ਵਿਚਾਲੇ ਸਬੰਧ ਦੀ ਸਹੀ ਤਰ੍ਹਾਂ ਨਾਲ ਵਿਆਖਿਆ ਕਰਦਾ ਹੈ। ਚੇਅਰਮੈਨ ਮਾਓ ਨੇ ਸਾਨੂੰ ਹਮੇਸ਼ਾਂ ਦੱਸਿਆ ਹੈ: ‘ਸਿਆਸੀ ਕੰਮ ਸਾਰੇ ਆਰਥਿਕ ਕੰਮ ਦੀ ਜੀਵਨ ਰੇਖਾ ਹੈ।’ ਲੈਨਿਨ ਨੇ ਉਹਨਾਂ ਮੌਕਾਪ੍ਰਸਤਾਂ ਦੀ ਤਿੱਖੀ ਨਿਖੇਧੀ ਕੀਤੀ ਜਿਹੜੇ ਸਮੱਸਿਆਵਾਂ ਨੂੰ ਸਿਆਸੀ ਨਜ਼ਰੀਏ ਤੋਂ ਦੇਖਣ ਦਾ ਵਿਰੋਧ ਕਰਦੇ ਸਨ। ‘ਸਿਆਸਤ ਨੂੰ ਆਰਥਕਤਾ ਉੱਤੇ ਪਹਿਲ ਮਿਲਦੀ ਹੈ।’ ਕਿਸੇ ਦੂਜੇ ਢੰਗ ਨਾਲ ਦਲੀਲਬਾਜ਼ੀ ਕਰਨੀ ਮਾਰਕਸਵਾਦ ਦੇ ਓ ਅ ਤੋਂ ਵੀ ਅਨਜਾਣ ਹੋਣਾ ਹੈ (ਲੈਨਿਨ ਸਮੁੱਚੀਆਂ ਲਿਖਤਾਂ, ਸੈਂਚੀ 32, ਸਫਾ 83)…। ਸਿਆਸਤ ਆਰਥਕਤਾ ਦਾ ਸੰਘਣਾ ਪ੍ਰਗਟਾਵਾ ਹੈ। ਜੇ ਅਸੀਂ ਉੱਚ-ਉਸਾਰ ਵਿੱਚ ਇਨਕਲਾਬ ਕਰਨ ‘ਚ ਨਾਕਾਮਯਾਬ ਰਹਿੰਦੇ ਹਾਂ, ਮਜਦੂਰਾਂ ਤੇ ਕਿਸਾਨਾਂ ਦੀ ਵਿਸ਼ਾਲ ਅਬਾਦੀ ਨੂੰ ਲਾਮਬੰਦ ਕਰਨ ‘ਚ ਅਸਫਲ ਹੋ ਜਾਂਦੇ ਹਾਂ, ਸੋਧਵਾਦੀ ਲਾਈਨ ਦੀ ਅਲੋਚਨਾ ਕਰਨ, ਕੁਝ ਮੁੱਠੀਭਰ ਗੱਦਾਰਾਂ, ਦੁਸ਼ਮਣ ਦੇ ਏਜੰਟਾਂ, ਸੱਤ੍ਹਾ ‘ਚ ਬੈਠੇ ਸਰਮਾਏਦਾਰਾ ਰਾਹੀਆਂ ਤੇ ਉਲਟ-ਇਨਕਲਾਬੀਆਂ ਦਾ ਪਰਦਾਫਾਸ਼ ਕਰਨ, ਅਤੇ ਪ੍ਰੋਲੇਤਾਰੀ ਦੀ ਅਗਵਾਈ ਨੂੰ ਪੱਕੇ-ਪੈਰੀਂ ਕਰਨ ‘ਚ ਕਾਮਯਾਬ ਨਹੀਂ ਹੁੰਦੇ ਤਾਂ ਅਸੀਂ ਸਮਾਜਵਾਦੀ ਆਰਥਕ ਅਧਾਰ ਨੂੰ ਪੱਕਿਆਂ ਤੇ ਸਮਾਜਵਾਦੀ ਪੈਦਾਵਾਰੀ ਤਾਕਤਾਂ ਨੂੰ ਹੋਰ ਅੱਗੇ ਵਿਕਸਤ ਕਿਵੇਂ ਕਰ ਸਕਦੇ ਹਾਂ? ਇਸਦਾ ਮਤਲਬ ਇਨਕਲਾਬ ਦੀ ਥਾਂ ਪੈਦਾਵਾਰ ਨੂੰ ਰੱਖ ਦੇਣਾ ਬਿਲਕੁਲ ਵੀ ਨਹੀਂ ਹੈ, ਸਗੋਂ ਇਨਕਲਾਬ ਦੀ ਮਦਦ ਨਾਲ ਪੈਦਾਵਾਰ ਦੀ ਅਗਵਾਈ ਕਰਨਾ, ਇਸਨੂੰ ਵਧਾਉਣਾ ਤੇ ਹੋਰ ਅੱਗੇ ਲੈ ਜਾਣਾ ਹੈ।” (ਪੀਕਿੰਗ ਰੀਵਿਊ, 1969, ਅੰਕ 18, ਸਫਾ 22)

ਇਨਕਲਾਬ ਤੇ ਪੈਦਾਵਾਰ ਵਿਚਾਲੇ ਵਿਰੋਧੀਆਂ ਦੇ ਏਕੇ ਵਾਲੇ ਸਬੰਧ ਦਾ ਇਹ ਸੰਕਲਪ ਉਸੇ ਦਾ ਪ੍ਰਗਟਾਵਾ ਹੈ ਜਿਸਨੂੰ ਲੈਨਿਨ ਨੇ “ਇਨਕਲਾਬੀ ਦਵੰਦਾਤਮਕਤਾ” ਕਿਹਾ ਸੀ (ਲੈਨਿਨ ਸਮੁੱਚੀਆਂ ਲਿਖਤਾਂ, ਸੈਂਚੀ 33, ਸਫਾ 476; ਹੋਰ ਦੇਖੋ – ਲੈਨਿਨ ਸਮੁੱਚੀਆਂ ਲਿਖਤਾਂ, ਸੈਂਚੀ 25, ਸਫਾ 422)। ਇਸਨੇ ਮਾਓ ਜ਼ੇ-ਤੁੰਗ ਦੀ ਵਿਚਾਰਧਾਰਾ ਵਿੱਚ ਮੁਕਤੀ ਤੋਂ ਪਹਿਲਾਂ ਦੇ ਦੌਰ ਸਮੇਂ ਚੱਲਣ ਵਾਲ਼ੀਆਂ ਸੁਧਾਈ ਮੁਹਿੰਮਾਂ ਦੇ ਵੇਲ਼ੇ ਤੋਂ ਹੀ (ਮਾਓ ਜ਼ੇ-ਤੁੰਗ ਚੋਣਵੀਆਂ ਲਿਖਤਾਂ, ਸੈਂਚੀ 3, ਸਫਾ 328) ਡੂੰਘੀਆਂ ਜੜ੍ਹ ਲਗਾਈ ਹੋਈ ਸੀ, ਅਤੇ ਇਹ ਦਵੰਦਾਤਮਕ ਤੇ ਇਤਿਹਾਸਕ ਪਦਾਰਥਵਾਦ ਦੇ ਬੁਨਿਆਦੀ ਸਿਧਾਂਤਾਂ ‘ਤੇ ਟਿਕੀ ਹੋਈ ਹੈ। ਮਾਰਕਸ ਨੇ ਲਿਖਿਆ ਹੈ:  

“ਆਪਣੇ ਜੀਵਨ ਦੇ ਸਮਾਜਿਕ ਉਤਪਾਦਨ ਵਿੱਚ, ਮਨੁੱਖਾਂ ਦੇ ਨਿਸ਼ਚਿਤ ਸਬੰਧ ਸਥਾਪਤ ਹੁੰਦੇ ਹਨ ਜਿਹੜੇ ਅਟੱਲ ਤੇ ਉਹਨਾਂ ਦੀ ਇੱਛਾ ਤੋਂ ਅਜ਼ਾਦ ਹੁੰਦੇ ਹਨ, ਪੈਦਾਵਾਰ ਦੇ ਸਬੰਧ ਜਿਹੜੇ ਉਹਨਾਂ ਦੀਆਂ ਪਦਾਰਥਕ ਪੈਦਾਵਾਰੀ ਤਾਕਤਾਂ ਦੇ ਵਿਕਾਸ ਦੇ ਨਿਸ਼ਚਿਤ ਪੜਾਅ ਦੇ ਅਨੁਸਾਰੀ ਹੁੰਦੇ ਹਨ। ਪੈਦਾਵਾਰ ਦੇ ਇਹਨਾਂ ਸਬੰਧਾਂ ਦਾ ਕੁਲ ਜਮ੍ਹਾਂ ਜੋੜ ਸਮਾਜ ਦਾ ਆਰਥਕ ਢਾਂਚਾ, ਉਹ ਅਸਲ ਬੁਨਿਆਦ ਹੁੰਦੀ ਹੈ ਜਿਸ ਉੱਤੇ ਇੱਕ ਕਾਨੂੰਨੀ ਤੇ ਸਿਆਸੀ ਉੱਚ-ਉਸਾਰ ਖੜਾ ਹੁੰਦਾ ਹੈ ਅਤੇ ਸਮਾਜਿਕ ਚੇਤੰਨਤਾ ਦੇ ਨਿਸ਼ਚਿਤ ਰੂਪ ਜਿਸ ਦੇ ਅਨੁਸਾਰੀ ਹੁੰਦੇ ਹਨ। ਇਹ ਮਨੁੱਖਾਂ ਦੀ ਚੇਤੰਨਤਾ ਨਹੀਂ ਜਿਹੜੀ ਉਹਨਾਂ ਦੀ ਹੋਂਦ ਨਿਰਧਾਰਤ ਕਰਦੀ ਹੈ, ਸਗੋਂ, ਇਸਦੇ ਉਲਟ, ਉਹਨਾਂ ਦੀ ਸਮਾਜਿਕ ਹੋਂਦ ਹੈ ਜਿਹੜੀ ਉਹਨਾਂ ਦੀ ਚੇਤੰਨਤਾ ਨਿਰਧਾਰਤ ਕਰਦੀ ਹੈ।” (ਮਾਰਕਸ-ਏਂਗਲਜ ਚੋਣਵੀਆਂ ਲਿਖਤਾਂ, ਸੈਂਚੀ 1, ਸਫਾ 503)

ਉਸੇ ਸਮੇਂ ਹੀ, ਜਦੋਂ ਆਰਥਕ ਅਧਾਰ ਤੋਂ ਨਿਰਧਾਰਤ ਹੋ ਕੇ, ਉੱਚ-ਉਸਾਰ ਇਸ ਉੱਤੇ ਅਸਰਅੰਦਾਜ ਵੀ ਹੁੰਦਾ ਹੈ:

“ਸਿਆਸੀ, ਅਦਾਲਤੀ, ਦਾਰਸ਼ਨਿਕ, ਧਾਰਮਿਕ, ਸਾਹਿਤਕ, ਕਲਾਤਮਕ ਆਦਿ ਵਿਕਾਸ ਆਰਥਿਕ ਵਿਕਾਸ ਉੱਤੇ ਆਧਾਰਤ ਹੈ। ਪਰ ਇਹ ਸਭ ਇੱਕ ਦੂਜੇ ਉੱਤੇ ਅਤੇ ਆਰਥਿਕ ਅਧਾਰ ਉੱਤੇ ਵੀ ਪ੍ਰਸਪਰ ਪ੍ਰਭਾਵ ਪਾਉਂਦੇ ਹਨ। ਇਹ ਗੱਲ ਨਹੀਂ ਕਿ ਆਰਥਿਕ ਸਥਿਤੀ ਹੀ ਇੱਕੋ ਇੱਕ ਸਰਗਰਮ ਕਾਰਕ ਹੈ ਅਤੇ ਬਾਕੀ ਹਰ ਗੱਲ ਸਿਥਲ ਨਤੀਜਾ ਹੈ। ਸਗੋਂ ਆਰਥਿਕ ਲੋੜ ਅਨੁਸਾਰ ਇਹ ਸਾਰੇ ਪ੍ਰਸਪਰ ਪ੍ਰਭਾਵ ਪਾਉਂਦੇ ਹਨ ਤੇ ਆਰਥਿਕ ਲੋੜ ਅੰਤਮ ਰੂਪ ਵਿੱਚ ਆਪਣੇ ਆਪ ਨੂੰ ਸਥਾਪਤ ਕਰ ਲੈਂਦੀ ਹੈ।”(ਮਾਰਕਸ-ਏਂਗਲਜ ਚੋਣਵੀਆਂ ਲਿਖਤਾਂ, ਸੈਂਚੀ 3, ਸਫਾ 502)

ਇਸ ਤੋਂ ਪਤਾ ਚੱਲਦਾ ਹੈ ਕਿ ਖਾਸ ਹਾਲਤਾਂ ਅਧੀਨ, ਅਤੇ ਖਾਸ ਕਰਕੇ ਇਨਕਲਾਬੀ ਹਾਲਤਾਂ ਵਿੱਚ, ਮਨੁੱਖਾਂ ਦੀ ਚੇਤੰਨਤਾ, ਆਪਣੀ ਸਮਾਜਿਕ ਹੋਂਦ ਨੂੰ ਨਿਰਧਾਰਤ ਕਰਨ ਵਾਲੇ ਨਿਯਮਾਂ ਤੋਂ ਜਾਣੂ ਹੋਣ ਕਰਕੇ, ਇੱਕ ਫੈਸਲਾਕੁੰਨ ਕਾਰਕ ਬਣ ਸਕਦੀ ਹੈ। ਮਾਓ ਜ਼ੇ-ਤੁੰਗ ਨੇ ਲਿਖਿਆ ਹੈ:

“ਇਹ ਗੱਲ ਠੀਕ ਹੈ ਕਿ ਪੈਦਾਵਾਰੀ ਤਾਕਤਾਂ, ਅਭਿਆਸ ਤੇ ਆਰਥਕ ਅਧਾਰ ਆਮ ਤੌਰ ‘ਤੇ ਮੁੱਖ ਤੇ ਫੈਸਲਾਕੁੰਨ ਭੂਮਿਕਾ ਅਦਾ ਕਰਦੇ ਹਨ। ਜੋ ਕੋਈ ਵੀ ਇਸ ਤੋਂ ਮੁਨਕਰ ਹੁੰਦਾ ਹੈ, ਉਹ ਪਦਾਰਥਵਾਦੀ ਨਹੀਂ ਹੈ। ਪਰ ਸਾਨੂੰ ਇਹ ਵੀ ਜਰੂਰ ਹੀ ਮੰਨਣਾ ਚਾਹੀਦਾ ਹੈ ਕਿ ਕੁਝ ਖਾਸ ਹਾਲਤਾਂ ਵਿੱਚ ਅਜਿਹੇ ਪੱਖ ਜਿਵੇਂ ਪੈਦਾਵਾਰੀ ਸਬੰਧ, ਸਿਧਾਂਤ ਅਤੇ ਉੱਚ-ਉਸਾਰ ਮੋੜਵੇਂ ਰੂਪ ‘ਚ ਮੁੱਖ ਤੇ ਫੈਸਲਾਕੁੰਨ ਭੂਮਿਕਾ ‘ਚ ਆ ਜਾਂਦੇ ਹਨ। ਜਦੋਂ ਪੈਦਾਵਾਰੀ ਤਾਕਤਾਂ ਲਈ ਪੈਦਾਵਾਰੀ ਸਬੰਧਾਂ ‘ਚ ਤਬਦੀਲੀ ਕੀਤੇ ਬਿਨਾਂ ਅੱਗੇ ਵਿਕਾਸ ਕਰਨਾ ਅਸੰਭਵ ਹੋ ਜਾਂਦਾ ਹੈ ਤਾਂ ਪੈਦਾਵਾਰੀ ਸਬੰਧਾਂ ‘ਚ ਤਬਦੀਲੀ ਮੁੱਖ ਤੇ ਫੈਸਲਾਕੁੰਨ ਰੋਲ ਨਿਭਾਉਂਦੀ ਹੈ। ਉਹਨਾਂ ਸਮਿਆਂ ‘ਚ ਇਨਕਲਾਬੀ ਸਿਧਾਂਤ ਦੀ ਸਿਰਜਣਾ ਤੇ ਵਕਾਲਤ ਮੁੱਖ ਤੇ ਫੈਸਲਾਕੁੰਨ ਕਾਰਕ ਹੋ ਜਾਂਦਾ ਹੈ ਜਿਸ ਬਾਰੇ ਲੈਨਿਨ ਨੇ ਕਿਹਾ ਸੀ, ‘ਇਨਕਲਾਬੀ ਸਿਧਾਂਤ ਬਿਨਾਂ ਕੋਈ ਵੀ ਇਨਕਲਾਬੀ ਲਹਿਰ ਨਹੀਂ ਹੋ ਸਕਦੀ।’ (ਲੈਨਿਨ ਸਮੁੱਚੀਆਂ ਲਿਖਤਾਂ, ਸੈਂਚੀ 5, ਸਫਾ 369)। ਜਦੋਂ ਕੋਈ ਵੀ ਕਾਰਜ ਕਰਨਾ ਹੁੰਦਾ ਹੈ ਪਰ ਜਿਸ ਬਾਰੇ ਅਜੇ ਕੋਈ ਵੀ ਅਗਵਾਈ ਕਰਨ ਵਾਲ਼ੀ ਲੀਹ, ਢੰਗ, ਯੋਜਨਾ ਜਾਂ ਨੀਤੀ ਨਹੀਂ ਹੈ ਤਾਂ ਮੁੱਖ ਤੇ ਫੈਸਲਾਕੁੰਨ ਕੰਮ ਅਗਵਾਈ ਕਰਨ ਵਾਲ਼ੀ ਲੀਹ, ਢੰਗ, ਯੋਜਨਾ ਜਾਂ ਨੀਤੀ ਘੜਨਾ ਬਣ ਜਾਂਦਾ ਹੈ। ਜਦੋਂ ਉੱਚ-ਉਸਾਰ (ਸਿਆਸਤ, ਸੱਭਿਆਚਾਰ ਆਦਿ) ਆਰਥਕ ਅਧਾਰ ਦੇ ਵਿਕਾਸ ‘ਚ ਅੜਿੱਕਾ ਬਣਦਾ ਹੈ ਤਾਂ ਸਿਆਸੀ ਤੇ ਸੱਭਿਆਚਾਰਕ ਤਬਦੀਲੀਆਂ ਮੁੱਖ ਤੇ ਫੈਸਲਾਕੁੰਨ ਬਣ ਜਾਂਦੀਆਂ ਹਨ। ਜਦੋਂ ਅਸੀਂ ਇਉਂ ਦਲੀਲ ਦਿੰਦੇ ਹਨ, ਤਾਂ ਕੀ ਅਸੀਂ ਪਦਾਰਥਵਾਦ ਵਿਰੋਧੀ ਗੱਲ ਕਰ ਰਹੇ ਹੁੰਦੇ ਹਾਂ? ਨਹੀਂ। ਕਾਰਨ ਇਹ ਹੈ ਕਿ ਜਦੋਂ ਅਸੀਂ ਇਹ ਮੰਨਦੇ ਹਾਂ ਕਿ ਇਤਿਹਾਸ ਦੇ ਆਮ ਵਿਕਾਸ ਅੰਦਰ ਪਦਾਰਥ ਮਾਨਸਿਕਤਾ ਨੂੰ ਤੈਅ ਕਰਦਾ ਹੈ ਅਤੇ ਸਮਾਜਿਕ ਹੋਂਦ ਸਮਾਜਿਕ ਚੇਤਨਾ ਨੂੰ ਤੈਅ ਕਰਦੀ ਹੈ, ਤਾਂ ਅਸੀਂ ਮਨ ਦੇ ਪਦਾਰਥਕ ਚੀਜ਼ਾਂ ‘ਤੇ ਜਵਾਬੀ ਅਮਲ ਨੂੰ, ਸਮਾਜਿਕ ਚੇਤਨਾ ਦੇ ਸਮਾਜਿਕ ਹੋਂਦ ‘ਤੇ ਜਵਾਬੀ ਅਮਲ ਨੂੰ, ਅਤੇ ਉੱਚ-ਉਸਾਰ ਦੇ ਆਰਥਕ ਅਧਾਰ ‘ਤੇ ਜਵਾਬੀ ਅਮਲ ਨੂੰ ਵੀ ਮੰਨਦੇ ਹਾਂ ਤੇ ਅਜਿਹਾ ਲਾਜ਼ਮੀ ਹੀ ਮੰਨਿਆ ਵੀ ਜਾਣਾ ਚਾਹੀਦਾ ਹੈ। ਇਹ ਮਕਾਨਕੀ ਪਦਾਰਥਵਾਦ ਤੋਂ ਬਚਾਉਂਦਾ ਹੈ ਅਤੇ ਦ੍ਰਿੜ੍ਹਤਾ ਨਾਲ ਦਵੰਦਾਤਮਕ ਪਦਾਰਥਵਾਦ ਨੂੰ ਬੁਲੰਦ ਕਰਦਾ ਹੈ।” (ਮਾਓ ਜ਼ੇ-ਤੁੰਗ ਚੋਣਵੀਆਂ ਲਿਖਤਾਂ, ਸੈਂਚੀ 1, ਸਫਾ 336)

ਜੇ, ਭਾਵੇਂ ਆਰਥਕ ਅਧਾਰ ਹੀ ਅੰਤਿਮ ਅਧਾਰ ਹੈ, ਸਿਆਸੀ ਤੇ ਵਿਚਾਰਧਾਰਕ ਉੱਚ-ਉਸਾਰ ਵੀ ਇਸ ਉੱਤੇ ਮੋੜਵੇਂ ਰੂਪ ‘ਚ ਅਸਰਅੰਦਾਜ ਹੁੰਦਾ ਹੈ, ਅਤੇ ਕਈ ਵਾਰ ਫੈਸਲਾਕੁੰਨ ਰੂਪ ‘ਚ ਵੀ, ਤਾਂ ਇਸ ਤੋਂ ਇਹ ਸਿੱਟਾ ਨਿਕਲਦਾ ਹੈ ਕਿ ਸਮਾਜਵਾਦੀ ਉਸਾਰੀ ਦੇ ਆਪਣੇ ਕਾਰਜ ਦੌਰਾਨ ਪ੍ਰੋਲੇਤਾਰੀ ਨੂੰ ਇੱਕੋ ਸਮੇਂ ਦੋਵਾਂ ਖੇਤਰਾਂ, ਅਧਾਰ ਤੇ ਉੱਚ-ਉਸਾਰ ਵਿੱਚ ਆਪਣੀ ਤਾਨਾਸ਼ਾਹੀ ਨੂੰ ਬਣਾ ਕੇ ਰੱਖਣਾ ਤੇ ਲਗਾਤਾਰ ਵਿਸਥਾਰਤ ਕਰਦੇ ਜਾਣਾ ਚਾਹੀਦਾ ਹੈ। ਸੋਵੀਅਤ ਯੂਨੀਅਨ ਵਿੱਚ, ਸਰਮਾਏਦਾਰਾ ਘੇਰਾਬੰਦੀ ਦੇ ਦਬਾਅ ਕਾਰਨ ਜਿਸਨੇ ਅੰਦਰੂਨੀ ਵਿਕਾਸ ਦੀ ਗਤੀ ਨੂੰ ਪ੍ਰਭਾਵਿਤ ਕੀਤਾ, ਇਸ ਸਮੱਸਿਆ ਨੂੰ ਹੱਲ ਨਾ ਕੀਤਾ ਜਾ ਸਕਿਆ; ਪ੍ਰੰਤੂ ਮਾਓ ਜ਼ੇ-ਤੁੰਗ ਦੁਆਰਾ ਕੱਢੇ ਗਏ ਸਿੱਟਿਆਂ ਕਾਰਨ ਚੀਨ ਵਿੱਚ ਇਸਦਾ ਹੱਲ ਲੱਭ ਲਿਆ ਗਿਆ ਹੈ:

“ਨਵਾਂ ਸਮਾਜਵਾਦੀ ਢਾਂਚਾ ਅਜੇ ਕਾਇਮ ਹੀ ਹੋਇਆ ਹੈ ਅਤੇ ਇਸਨੂੰ ਪੱਕੇ-ਪੈਰੀਂ ਕਰਨ ਲਈ ਸਮਾਂ ਲੱਗੇਗਾ। ਇਹ ਨਹੀਂ ਸੋਚਿਆ ਜਾਣਾ ਚਾਹੀਦਾ ਕਿ ਨਵਾਂ ਢਾਂਚਾ ਉਸੇ ਸਮੇਂ ਹੀ ਪੱਕੇ-ਪੈਰੀਂ ਹੋ ਜਾਵੇਗਾ ਜਿਸ ਵੇਲੇ ਇਹ ਹੋਂਦ ਵਿੱਚ ਆਵੇਗਾ, ਕਿਉਂਕਿ ਅਜਿਹਾ ਅਸੰਭਵ ਹੈ। ਇਸਨੂੰ ਸਿਰਫ ਕਦਮ-ਦਰ-ਕਦਮ ਹੀ ਪੱਕੇ-ਪੈਰੀਂ ਕੀਤਾ ਜਾ ਸਕਦਾ ਹੈ। ਇਸ ਅੰਤਿਮ ਪਕਿਆਈ ਨੂੰ ਹਾਸਿਲ ਕਰਨ ਲਈ, ਨਾ ਸਿਰਫ ਦੇਸ਼ ਦਾ ਸਮਾਜਵਾਦੀ ਸਨਅੱਤੀਕਰਨ ਤੇ ਆਰਥਕ ਫਰੰਟ ‘ਤੇ ਸਮਾਜਵਾਦੀ ਇਨਕਲਾਬ ਦੀ ਲਗਾਤਾਰਤਾ ਬਣਾਈ ਰੱਖਣੀ ਜਰੂਰੀ ਹੈ, ਸਗੋਂ ਸਿਆਸੀ ਤੇ ਵਿਚਾਰਧਾਰਕ ਮੋਰਚਿਆਂ ਉੱਤੇ ਲਗਾਤਾਰ ਤੇ ਸਿਰੜੀ ਸਮਾਜਵਾਦੀ ਇਨਕਲਾਬੀ ਸੰਘਰਸ਼ ਤੇ ਸਮਾਜਵਾਦੀ ਸਿੱਖਿਆ ਨੂੰ ਜਾਰੀ ਰੱਖਣਾ ਹੋਵੇਗਾ। ਇਸ ਤੋਂ ਇਲਾਵਾ, ਹੋਰ ਕਈ ਸਹਾਇਕ ਕੌਮਾਂਤਰੀ ਕਾਰਕਾਂ ਦੀ ਵੀ ਦਰਕਾਰ ਹੈ।” (ਮਾਓ ਜ਼ੇ-ਤੁੰਗ ਦੀਆਂ ਲਿਖਤਾਂ ‘ਚੋਂ ਟੂਕਾਂ, ਸਫਾ 27)

6. ਕਮਿਊਨਿਸਟ ਕਿਰਤ

ਆਓ ਅਸੀਂ ਸੁਬੋਤਨਿਕਾਂ ਵੱਲ ਵਾਪਸ ਚੱਲੀਏ। ਇਹਨਾਂ ‘ਚੋਂ ਪਹਿਲੀ 1919 ਦੀ ਬਸੰਤ ਰੁੱਤੇ ਕਾਇਮ ਹੋਇਆ ਤੇ ਜਿਵੇਂ ਕਿ ਲੈਨਿਨ ਨੇ ਕਿਹਾ ਸੀ, ਇਹ ਸਿਰਫ਼ ਅਰੰਭ ਸੀ। 1 ਮਈ, 1920 ਨੂੰ ਕੁਲ-ਰੂਸੀ ਸੁਬੋਤਨਿਕ ਬੈਠਕ ਸੱਦੀ ਗਈ ਜਿਸ ਵਿੱਚ ਮਾਸਕੋ ਸ਼ਹਿਰ ਦੇ ਹੀ 4.5 ਲੱਖ ਮਜਦੂਰਾਂ ਨੇ ਹਿੱਸਾ ਲਿਆ। ‘ਲੈਨਿਨ ਵੱਲੋਂ ਸੁਨੇਹਾ’ ਦੀ ਦੁਵਰਕੀ ਵੰਡੀ ਗਈ ਜਿਸ ਵਿੱਚ ਉਹਨਾਂ ਨੇ ਕਿਹਾ:

“ਆਓ ਅਸੀਂ ਇੱਕ ਨਵਾਂ ਸਮਾਜ ਉਸਾਰੀਏ!

ਜ਼ਾਰਸ਼ਾਹੀ ਖਿਲਾਫ, ਬੁਰਜੂਆਜ਼ੀ ਖਿਲਾਫ, ਤਾਕਤਵਰ ਸਾਮਰਾਜੀ ਸੰਸਾਰ ਤਾਕਤਾਂ ਖਿਲਾਫ਼ ਮਹਾਨ ਇਨਕਲਾਬੀ ਸੰਘਰਸ਼ ਦੌਰਾਨ ਮਿਲੀਆਂ ਹਾਰਾਂ ਸਾਡਾ ਹੌਂਸਲਾ ਨਹੀਂ ਤੋੜ ਸਕੀਆਂ ਸਨ।

ਸਭ ਤੋਂ ਔਖੇ ਕਾਰਜ ਦੇ ਆਰੰਭ ਸਮੇਂ ਸਾਹਮਣੇ ਆਉਣ ਵਾਲੀਆਂ ਦੈਂਤਾਕਾਰ ਔਖਿਆਈਆਂ ਤੇ ਹੋਣ ਵਾਲੀਆਂ ਗਲਤੀਆਂ ਕਾਰਨ ਸਾਡੇ ਹੌਂਸਲੇ ਨਹੀਂ ਢਹਿਣੇ ਚਾਹੀਦੇ; ਕਿਰਤ ਸਬੰਧੀ ਸਾਰੀਆਂ ਆਦਤਾਂ ਤੇ ਰਵਾਇਤਾਂ ਨੂੰ ਬਦਲਣ ਲਈ ਦਹਾਕਿਆਂ ਦਾ ਸਮਾਂ ਲੋੜੀਂਦਾ ਹੈ..। ਸਾਨੂੰ ਅਜਿਹੀ ਸਰਾਪੀ ਕਹਾਵਤ ਕਿ ‘ਖੁਦ ਨੂੰ ਦੇਖੋ ਅਤੇ ਬਾਕੀ ਪਵੇ ਢੱਠੇ ਖੂਹ ‘ਚ’ ਜੋ ਕੰਮ ਨੂੰ ਸਿਰਫ ਇੱਕ ਡਿਊਟੀ ਸਮਝਣ ਦੀ ਤੇ ਉਹੀ ਕੰਮ ਨੂੰ ਸਹੀ ਮੰਨਣ ਦੀ ਆਦਤ ਹੈ ਜਿਸ ਲਈ ਕੁਝ ਪੈਸੇ ਮਿਲਦੇ ਹੋਣ, ਨੂੰ ਸਦਾ ਲਈ ਤਿਆਗ ਦੇਣਾ ਚਾਹੀਦਾ ਹੈ। ‘ਇੱਕ ਲਈ ਸਭ ਤੇ ਸਭ ਲਈ ਇੱਕ’ ਦਾ ਨਿਯਮ, ‘ਹਰੇਕ ਤੋਂ ਉਸਦੀ ਯੋਗਤਾ ਅਨੁਸਾਰ ਤੇ ਹਰੇਕ ਨੂੰ ਉਸਦੀ ਲੋੜ ਅਨੁਸਾਰ’ ਦਾ ਨਿਯਮ ਸਾਨੂੰ ਲੋਕਾਂ ਦੇ ਮਨਾਂ ‘ਚ ਬਿਠਾਉਣ, ਇੱਕ ਆਦਤ ਬਣਾ ਦੇਣ, ਅਤੇ ਲੋਕਾਈ ਦੀ ਰੋਜ਼ਮਰ੍ਹਾ ਜਿੰਦਗੀ ਦਾ ਹਿੱਸਾ ਬਣਾਉਣ ਲਈ ਕੰਮ ਕਰਨਾ ਹੋਵੇਗਾ; ਸਾਨੂੰ ਕਮਿਊਨਿਸਟ ਅਨੁਸ਼ਾਸਨ ਤੇ ਕਮਿਊਨਿਸਟ ਕਿਰਤ ਨੂੰ ਪ੍ਰਚਲਿਤ ਕਰਨ ਲਈ ਹੌਲੀ-ਹੌਲੀ ਪ੍ਰੰਤੂ ਲਗਾਤਾਰ ਕੰਮ ਕਰਦੇ ਰਹਿਣਾ ਹੋਵੇਗਾ।

ਅਸੀਂ ਇੱਕ ਵੱਡੇ ਪਹਾੜ, ਪਿਛਾਖੜ, ਅਗਿਆਨਤਾ, ‘ਮੁਕਤ ਵਪਾਰ’ ਅਤੇ ਮਨੁੱਖੀ ਕਿਰਤ-ਸ਼ਕਤੀ ਨੂੰ ਹੋਰ ਕਿਸੇ ਵੀ ਜਿਣਸ ਵਾਂਗ ‘ਮੁਕਤ’ ਖਰੀਦ-ਵੇਚ ਦੀਆਂ ਜ਼ਿੱਦੀ ਆਦਤਾਂ ਦੇ ਵੱਡੇ ਪਹਾੜ ਨੂੰ ਹਟਾਉਣ ਚ ਕਾਮਯਾਬ ਰਹੇ ਹਾਂ। ਅਸੀਂ ਸਭ ਤੋਂ ਕਠੋਰ, ਸਦੀਆਂ ਪੁਰਾਣੀਆਂ ਤੇ ਜ਼ਿੰਦਗੀ ਦਾ ਹਿੱਸਾ ਬਣ ਚੁੱਕੀਆਂ ਆਦਤਾਂ ਨੂੰ ਖੋਰਾ ਲਾਉਣਾ ਤੇ ਤਬਾਹ ਕਰਨਾ ਆਰੰਭ ਕਰ ਦਿੱਤਾ ਹੈ। ਇੱਕ ਸਾਲ ਦੇ ਅੰਦਰ ਹੀ ਸਾਡੀਆਂ ਸੁਬੋਤਨਿਕਾਂ ਨੇ ਅਗਾਂਹ ਵੱਲ ਲੰਮੀਆਂ ਪੁਲਾਂਘਾਂ ਪੁੱਟੀਆਂ ਹਨ। ਭਾਵੇਂ ਉਹ ਅਜੇ ਵੀ ਕਾਫੀ ਕਮਜ਼ੋਰ ਹਨ ਪਰ ਇਸ ਨਾਲ ਸਾਡਾ ਜ਼ੇਰਾ ਨਹੀਂ ਡੋਲਣ ਲੱਗਾ। ਅਸੀਂ ਆਪਣੀਆਂ ਅੱਖਾਂ ਸਾਹਮਣੇ ਸਾਡੇ ਬਹੁਤ ਹੀ ਕਮਜ਼ੋਰ ਸੋਵੀਅਤ ਰਾਜ ਨੂੰ ਸਾਡੀਆਂ ਕੋਸ਼ਿਸ਼ਾਂ ਦੇ ਸਦਕਾ ਤਾਕਤ ਫੜਦੇ ਅਤੇ ਇੱਕ ਮਹਾਨ ਤਾਕਤ ਦਾ ਰੂਪ ਧਾਰਦੇ ਦੇਖਿਆ ਹੈ। ਸਾਨੂੰ ਵਰ੍ਹਿਆਂ ਤੇ ਦਹਾਕਿਆਂ ਤੱਕ ਸੁਬੋਤਨਿਕਾਂ ਨੂੰ ਕਾਇਮ ਕਰਦੇ, ਵਿਕਸਤ ਕਰਦੇ, ਫੈਲਾਉਂਦੇ ਅਤੇ ਬਿਹਤਰ ਬਣਾਉਂਦੇ ਹੋਏ ਉਹਨਾਂ ਨੂੰ ਇੱਕ ਆਦਤ ਬਣਾ ਦੇਣ ਲਈ ਕੰਮ ਕਰਨਾ ਹੋਵੇਗਾ। ਅਸੀਂ ਕਮਿਊਨਿਸਟ ਕਿਰਤ ਲਈ ਜਿੱਤ ਹਾਸਿਲ ਕਰਕੇ ਰਹਾਂਗੇ।” (ਲੈਨਿਨ ਸਮੁੱਚੀਆਂ ਲਿਖਤਾਂ, ਸੈਂਚੀ 31, ਸਫਾ 124)

ਇਹੀ ਉਹ ਸੁਨੇਹਾ ਸੀ ਜਿਹੜਾ ਮਾਓ ਜ਼ੇ-ਤੁੰਗ ਨੇ ਚੀਨ ਦੇ ਲੋਕਾਂ ਨੂੰ ਦਿੱਤਾ। ਕਮਿਊਨਿਸਟ ਪਾਰਟੀ ਦੀ ਅਗਵਾਈ ਥੱਲੇ, ਮਜਦੂਰਾਂ ਤੇ ਕਿਸਾਨਾਂ ਦੀ ਵਿਆਪਕ ਅਬਾਦੀ ਨੇ ਸਾਮਰਾਜਵਾਦ ਤੇ ਜਗੀਰਦਾਰੀ ਨੂੰ ਉਖਾੜ ਸੁੱਟਿਆ, ਅਤੇ ਇਸਦੇ ਨਾਲ਼ ਹੀ ਉਹਨਾਂ ਦੇ ਅੰਦਰ ਮੌਜੂਦ ਸਿਰਜਣਾਤਮਕ ਊਰਜਾ ਦੇ ਅਮੁੱਕ ਖਜ਼ਾਨੇ ਵੀ ਲੁੱਟ ਤੋਂ ਮੁਕਤ ਹੋ ਗਏ ਜਿਸਨੇ ਉਹਨਾਂ ਨੂੰ ਸੰਸਾਰ ਨੂੰ ਬਦਲ ਦੇਣ ਦੇ ਯੋਗ ਬਣਾਇਆ ਹੈ। ਜੂਨ 1945 ਵਿੱਚ, ਸੱਤਵੀਂ ਪਾਰਟੀ ਕਾਂਗਰਸ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਨੇ ਇੱਕ ਲੋਕ-ਕਥਾ ਦਾ ਹਵਾਲਾ ਦਿੰਦੇ ਹੋਏ ਕਿਹਾ:

“ਇੱਕ ਪ੍ਰਾਚੀਨ ਚੀਨੀ ਲੋਕ-ਕਥਾ ਹੈ ਜਿਸਦਾ ਨਾਮ ਹੈ ‘ਇੱਕ ਬੁੱਢਾ ਮੂਰਖ ਆਦਮੀ ਜਿਸਨੇ ਪਹਾੜ ਹਟਾ ਦਿੱਤੇ ਸਨ।’ ਇਹ ਕਹਾਣੀ ਸਾਨੂੰ ਇੱਕ ਬੁੱਢੇ ਆਦਮੀ ਬਾਰੇ ਦੱਸਦੀ ਹੈ ਜਿਹੜਾ ਲੰਮਾ ਸਮਾਂ ਪਹਿਲਾਂ ਉੱਤਰੀ ਚੀਨ ਵਿੱਚ ਰਹਿੰਦਾ ਸੀ ਅਤੇ ਉੱਤਰੀ ਪਹਾੜ ਦੇ ਮੂਰਖ ਬੁੱਢੇ ਆਦਮੀ ਦੇ ਨਾਮ ਨਾਲ ਮਸ਼ਹੂਰ ਸੀ। ਉਸਦੇ ਘਰ ਦਾ ਦਰਵਾਜ਼ਾ ਦੱਖਣ ਵੱਲ ਸੀ ਤੇ ਉਸਦੇ ਸਾਹਵੇਂ ਦੋ ਉੱਚੇ ਪਹਾੜ, ਤਾਈਹੰਗ ਤੇ ਵਾਂਗਵੂ ਸਨ ਜੋ ਉਸਦਾ ਰਸਤਾ ਰੋਕਦੇ ਸਨ। ਉਸਨੇ ਆਪਣੇ ਪੁੱਤਰਾਂ ਨੂੰ ਬੁਲਾਇਆ ਅਤੇ ਹੱਥਾਂ ‘ਚ ਕਸੀਏ ਲੈ ਕੇ ਇਹਨਾਂ ਪਹਾੜਾਂ ਨੂੰ ਪੂਰੇ ਸਿਰੜ ਨਾਲ ਖੋਦਣਾ ਸ਼ੁਰੂ ਕਰ ਦਿੱਤਾ। ਇੱਕ ਹੋਰ ਚਿੱਟੀ ਦਾੜ੍ਹੀ ਵਾਲਾ ਬਜ਼ੁਰਗ ਜਿਸਨੂੰ ਸਿਆਣਾ ਬੁੱਢਾ ਆਦਮੀ ਕਿਹਾ ਜਾਂਦਾ ਸੀ, ਉਹਨਾਂ ਕੋਲ ਆਇਆ ਅਤੇ ਮਜ਼ਾਕੀਆ ਢੰਗ ਕਹਿਣ ਲੱਗਾ, ‘ਇਹ ਕੰਮ ਕਰਦੇ ਤੁਸੀਂ ਕਿੰਨੇ ਮੂਰਖ ਲੱਗਦੇ ਹੋ! ਤੁਹਾਡੇ ਲਈ ਇਹਨਾਂ ਵੱਡੇ ਪਹਾੜਾਂ ਨੂੰ ਪੁੱਟ ਸੁੱਟਣਾ ਲੱਗਭੱਗ ਅਸੰਭਵ ਹੈ।’ ਮੂਰਖ ਬੁੱਢੇ ਆਦਮੀ ਨੇ ਜਵਾਬ ਦਿੱਤਾ, ‘ਜਦੋਂ ਮੈਂ ਮਰ ਗਿਆ ਤਾਂ ਮੇਰੇ ਪੁੱਤਰ ਇਸ ਕੰਮ ਨੂੰ ਜਾਰੀ ਰੱਖਣਗੇ, ਤੇ ਜਦੋਂ ਉਹ ਵੀ ਮਰ ਗਏ ਤਾਂ ਮੇਰੇ ਪੋਤੇ ਹੋਣਗੇ ਇਸਨੂੰ ਜਾਰੀ ਰੱਖਣ ਲਈ ਅਤੇ ਇਹ ਕੰਮ ਜਾਰੀ ਰਹੇਗਾ। ਉਹ ਭਾਵੇਂ ਜਿੰਨੇ ਵੀ ਉੱਚੇ ਹੋਣ, ਪਰ ਪਹਾੜ ਹੋਰ ਉੱਚੇ ਨਹੀਂ ਹੋ ਸਕਦੇ ਅਤੇ ਸਾਡੀ ਹਰੇਕ ਸੱਟ ਨਾਲ ਪਹਿਲਾਂ ਨਾਲੋਂ ਛੋਟੇ ਹੋ ਜਾਣਗੇ। ਤਾਂ ਫਿਰ ਅਸੀਂ ਉਹਨਾਂ ਨੂੰ ਹਟਾ ਕਿਉਂ ਨਹੀਂ ਸਕਦੇ?’ ਸਿਆਣੇ ਬੁੱਢੇ ਆਦਮੀ ਦੇ ਵਿਚਾਰ ਨੂੰ ਨਕਾਰਨ ਤੋਂ ਬਾਅਦ ਉਸਨੇ ਬਿਨਾਂ ਆਪਣਾ ਨਿਸ਼ਚਾ ਕਮਜ਼ੋਰ ਪੈਣ ਦਿੰਦਿਆਂ ਹਰ ਰੋਜ਼ ਖੁਦਾਈ ਦਾ ਕੰਮ ਜਾਰੀ ਰੱਖਿਆ। ਇਹ ਦੇਖ ਕੇ ਰੱਬ ਵੀ ਹਿੱਲ ਗਿਆ ਅਤੇ ਉਸਨੇ ਦੋ ਫਰਿਸ਼ਤੇ ਭੇਜ ਦਿੱਤੇ ਜਿਹੜੇ ਪਹਾੜਾਂ ਨੂੰ ਆਪਣੀਆਂ ਪਿੱਠਾਂ ‘ਤੇ ਲੱਦ ਕੇ ਲੈ ਗਏ।

ਅੱਜ, ਦੋ ਵੱਡੇ ਪਹਾੜ ਚੀਨੀ ਲੋਕਾਂ ‘ਤੇ ਮਰ ਚੁੱਕੇ ਬੋਝ ਵਾਂਗ ਬਣੇ ਹੋਏ ਹਨ। ਇੱਕ ਸਾਮਰਾਜਵਾਦ ਹੈ ਤੇ ਦੂਜਾ ਜਗੀਰਦਾਰੀ। ਕਮਿਊਨਿਸਟ ਪਾਰਟੀ ਨੇ ਲੰਮਾ ਸਮਾਂ ਪਹਿਲਾਂ ਇਹਨਾਂ ਨੂੰ ਉਖਾੜ ਸੁੱਟਣ ਦਾ ਮਨ ਬਣਾ ਲਿਆ ਸੀ। ਸਾਨੂੰ ਡਟੇ ਰਹਿਣਾ ਹੋਵੇਗਾ ਅਤੇ ਬਿਨਾਂ ਰੁਕੇ ਕੰਮ ਕਰਦੇ ਰਹਿਣਾ ਹੋਵੇਗਾ, ਅਤੇ ਅਸੀਂ ਰੱਬ ਦੇ ਦਿਲ ਨੂੰ ਹਿਲਾ ਦੇਵਾਂਗੇ। ਸਾਡਾ ਰੱਬ ਕੋਈ ਹੋਰ ਨਹੀਂ, ਸਗੋਂ ਚੀਨ ਦੇ ਲੋਕ ਹਨ। ਜੇ ਉਹ ਸਾਡੇ ਨਾਲ ਉੱਠ ਖੜੇ ਹੁੰਦੇ ਹਨ, ਤਾਂ ਅਸੀਂ ਵੀ ਦੋ ਪਹਾੜਾਂ ਨੂੰ ਕਿਉਂ ਨਹੀਂ ਪੁੱਟ ਸਕਦੇ?” (ਮਾਓ ਜ਼ੇ-ਤੁੰਗ ਚੋਣਵੀਆਂ ਲਿਖਤਾਂ, ਸੈਂਚੀ 3, ਸਫਾ 321)

ਚਾਰ ਸਾਲ ਬਾਅਦ, ਲੋਕ ਗਣਰਾਜ ਦਾ ਐਲਾਨ ਕਰਨ ਸਮੇਂ ਉਹਨਾਂ ਨੇ ਕਿਹਾ:

“ਸੰਸਾਰ ਦੀਆਂ ਸਾਰੀਆਂ ਚੀਜ਼ਾਂ ਵਿੱਚੋਂ, ਲੋਕ ਸਭ ਤੋਂ ਕੀਮਤੀ ਹਨ। ਕਮਿਊਨਿਸਟ ਦੀ ਪਾਰਟੀ ਅਗਵਾਈ ਥੱਲੇ, ਜਿੰਨਾ ਚਿਰ ਲੋਕ ਮੌਜੂਦ ਹਨ ਓਨਾ ਚਿਰ ਕੋਈ ਵੀ ਚਮਤਕਾਰ ਸੰਭਵ ਹੈ..। ਸਾਨੂੰ ਯਕੀਨ ਹੈ ਕਿ ਇਨਕਲਾਬ ਸਭ ਕੁਝ ਬਦਲ ਸਕਦਾ ਹੈ, ਅਤੇ ਇਹ ਬਹੁਤੇ ਸਮੇਂ ਦੀ ਗੱਲ ਨਹੀਂ ਜਦੋਂ ਵਿਸ਼ਾਲ ਅਬਾਦੀ ਵਾਲ਼ਾ ਤੇ ਵਸਤਾਂ ਦੀ ਮਹਾਨ ਅਮੀਰੀ ਵਾਲਾ ਇੱਕ ਨਵਾਂ ਚੀਨ ਉੱਠ ਖੜਾ ਹੋਵੇਗਾ ਜਿੱਥੇ ਚਾਰੇ ਪਾਸੇ ਜੀਵਨ ਧੜਕੇਗਾ ਤੇ ਸੱਭਿਆਚਾਰ ਵਧੇ-ਫੁੱਲੇਗਾ। ਸਾਰੇ ਨਿਰਾਸ਼ਾਵਾਦੀ ਵਿਚਾਰ ਕੋਰੀ ਬਕਵਾਸ ਹਨ।” (ਮਾਓ ਜ਼ੇ-ਤੁੰਗ ਚੋਣਵੀਆਂ ਲਿਖਤਾਂ, ਸੈਂਚੀ 4, ਸਫਾ 454)

ਇਨਕਲਾਬ ਸਭ ਕੁਝ ਬਦਲ ਸਕਦਾ ਹੈ। ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਮਨੁੱਖ ਤੇ ਕੁਦਰਤ, ਦੋਵਾਂ ਦੀ ਮੁੜ-ਢਲਾਈ ਦੀ ਇੱਕ ਲੋਕ ਲਹਿਰ ਹੈ ਜਿਸ ਵਰਗੀ ਇਤਿਹਾਸ ‘ਚ ਕੋਈ ਉਦਾਹਰਣ ਨਹੀਂ ਮਿਲਦੀ। ਇਸ ਲਹਿਰ ਵਿੱਚ, ਅਕਤੂਬਰ ਇਨਕਲਾਬ ਦੇ ਰਸਤੇ ‘ਤੇ ਚੱਲਦੇ ਹੋਏ, ਚੀਨੀ ਮਜਦੂਰਾਂ ਤੇ ਕਿਸਾਨਾਂ ਦੀ ਵਿਸ਼ਾਲ ਅਬਾਦੀ ਨੇ ਸੰਸਾਰ ਸਾਹਮਣੇ ਉਦਾਹਰਣ ਪੇਸ਼ ਕੀਤੀ ਹੈ, ਸਾਰੇ ਦੇਸ਼ਾਂ ਦੇ ਮਜਦੂਰਾਂ ਤੇ ਕਿਸਾਨਾਂ ਅੱਗੇ ਇਹ ਸਿੱਧ ਕਰ ਦਿੱਤਾ ਹੈ ਕਿ ਇਨਕਲਾਬ ਰਾਹੀਂ ਗਰੀਬੀ ਨੂੰ ਅਮੀਰੀ ਵਿੱਚ ਬਦਲਿਆ ਜਾ ਸਕਦਾ ਹੈ। ਅਤੇ ਇਸ ਲਹਿਰ ਦੀ ਕਾਮਯਾਬੀ ਦਾ ਰਾਜ਼ ਪਾਰਟੀ ਤੇ ਲੋਕਾਂ ਵਿਚਾਲੇ ਸਬੰਧ ਵਿੱਚ ਪਿਆ ਹੈ। ਲੋਕਾਂ ਵਿੱਚ ਅਮੁੱਕ ਯਕੀਨ ਹੋਣ ਕਰਕੇ, ਪਾਰਟੀ ਉਹਨਾਂ ਨੂੰ ਆਪਣੀ ਪਹਿਲਕਦਮੀ ਨੂੰ ਵਧੇਰੇ ਤੋਂ ਵਧੇਰੇ ਦਲੇਰੀ ਨਾਲ ਵਰਤਣ ਦਾ ਸੱਦਾ ਦਿੰਦੀ ਹੈ, ਅਤੇ ਲੋਕ ਇਸਦਾ ਓਨੇ ਹੀ ਜੋਸ਼ ਨਾਲ ਜਵਾਬ ਦਿੰਦੇ ਹਨ।

1955 ਵਿੱਚ, ਜਦੋਂ ਪੇਂਡੂ ਇਲਾਕਿਆਂ ਵਿੱਚ ਸਮਾਜਵਾਦੀ ਉਭਾਰ ਆਇਆ ਜਿਸ ਕਾਰਨ ਲੋਕ-ਕਮਿਊਨਾਂ ਦੀ ਕਾਇਮੀ ਹੋਈ, ਮਾਓ ਜ਼ੇ-ਤੁੰਗ ਨੇ ਲਿਖਿਆ ਸੀ:

“ਲੋਕਾਂ ਕੋਲ ਸਿਰਜਣਾਤਮਕ ਊਰਜਾ ਦੇ ਅਮੁੱਕ ਭੰਡਾਰ ਹਨ। ਉਹ ਖੁਦ ਨੂੰ ਜਥੇਬੰਦ ਕਰ ਸਕਦੇ ਹਨ ਅਤੇ ਕੰਮ ਦੀਆਂ ਉਹਨਾਂ ਥਾਵਾਂ ਤੇ ਸ਼ਾਖਾਵਾਂ ‘ਤੇ ਕੇਂਦਰਤ ਕਰ ਸਕਦੇ ਹਨ ਜਿੱਥੇ ਉਹਨਾਂ ਦੀ ਊਰਜਾ ਨੂੰ ਸੰਪੂਰਨ ਪ੍ਰਗਟਾਵਾ ਮਿਲਦਾ ਹੈ; ਉਹ ਪੈਦਾਵਾਰ ਨੂੰ ਵਿਸਥਾਰਤ ਕਰਨ ਤੇ ਡੂੰਘਿਆਂ ਕਰਨ ਵੱਲ ਧਿਆਨ ਕੇਂਦਰਤ ਕਰ ਸਕਦੇ ਹਨ ਅਤੇ ਆਪਣੀ ਭਲਾਈ ਲਈ ਵਧੇਰੇ ਤੋਂ ਵਧੇਰੇ ਉੱਦਮ ਖੜੇ ਕਰ ਸਕਦੇ ਹਨ।” (ਮਾਓ ਜ਼ੇ-ਤੁੰਗ ਦੀਆਂ ਲਿਖਤਾਂ ‘ਚੋਂ ਟੂਕਾਂ, ਸਫਾ 118)

ਉਦੋਂ ਤੋਂ ਲੈ ਕੇ, ਖੇਤੀ ਦੇ ਮਸ਼ੀਨੀਕਰਨ ਵਿੱਚ ਚੋਖ਼ੀ ਤਰੱਕੀ ਹੋਈ ਹੈ, ਅਤੇ ਇਹ ਕੋਈ ਬਹੁਤੇ ਸਮੇਂ ਦੀ ਗੱਲ ਨਹੀਂ ਜਦੋਂ ਚੀਨ ਦੇ ਮਜਦੂਰ ਤੇ ਕਿਸਾਨ ਆਧੁਨਿਕ ਸਮਾਜ ਵਿੱਚ ਮੌਜੂਦ ਅਤੀ-ਵਿਕਸਤ ਤਕਨੀਕ ਨਾਲ ਲੈੱਸ ਹੋਣਗੇ। ਪਰ ਤਦ ਤੱਕ, ਮਸ਼ੀਨਾਂ ਦੀ ਉਡੀਕ ਕਰਨ ਨਾਲੋਂ, ਉਹ ਉਹਨਾਂ ਹੀ ਸੰਦਾਂ ਨਾਲ ਕੰਮ ਕਰਨ ਲਈ ਤਿਆਰ-ਬਰ-ਤਿਆਰ ਹਨ ਜਿਨ੍ਹਾਂ ਨਾਲ ਉਹਨਾਂ ਦੇ ਪੂਰਵਜ ਵੀ ਸਦੀਆਂ ਤੋਂ ਖੇਤੀ ਕਰਦੇ ਆਏ ਹਨ, ਪ੍ਰੰਤੂ ਉਹਨਾਂ ਦੇ ਕੰਮ ਕਰਨ ਦਾ ਢੰਗ ਨਵੀਂ ਤਰ੍ਹਾਂ ਦਾ ਹੈ। 9 ਦਸੰਬਰ, 1970 ਨੂੰ, ਪੂਰਬੀ ਬੰਗਾਲ ਵਿੱਚ ਹੜ੍ਹਾਂ ਨਾਲ ਹੋਈ ਤਬਾਹੀ ਤੋਂ ਕੁਝ ਹੀ ਹਫ਼ਤਿਆਂ ਬਾਅਦ ਜਿਸ ਵਿੱਚ ਲੱਖਾਂ ਕਿਸਾਨਾਂ ਦੀ ਜਾਨ ਚਲੀ ਗਈ ਸੀ, ਇੱਕ ਫਰਾਂਸੀਸੀ ਅਖਬਾਰ ਦੇ ਪੱਤਰਕਾਰ ਨੇ ਪੀਕਿੰਗ ਤੋਂ ਇਹ ਰਿਪੋਰਟ ਲਿਖ ਕੇ ਭੇਜੀ:

“ਪੀਕਿੰਗ ਤੋਂ ਸਿਰਫ ਬਾਰ੍ਹਾਂ ਮੀਲ ਦੂਰ, ਕਰੜੀ ਠੰਢ ਦੇ ਬਾਵਜੂਦ, ਇੱਕ ਲੱਖ ਚੀਨੀ ਦਰਿਆ ਦਾ ਵਹਾਅ ਮੋੜਨ ਲਈ ਚੌਵੀ ਘੰਟੇ ਕੰਮ ਰਹੇ ਹਨ। ਉਹਨਾਂ ਕੋਲ਼ ਸੰਦਾਂ ਦੇ ਰੂਪ ‘ਚ ਸਿਰਫ ਇੱਕ ਪਹੀਆ ਰੇਹੜੀਆਂ, ਬੇਲਚੇ, ਗੈਂਤੀਆਂ, ਅਤੇ ਮਾਓ ਜ਼ੇ-ਤੁੰਗ ਦੇ ਵਿਚਾਰ ਹਨ।

ਰਾਜਧਾਨੀ ਦੇ ਦੱਖਣ-ਪੂਰਬ ‘ਚ ਸਥਿਤ ਹਵਾਈ ਅੱਡੇ ਤੋਂ ਮੁੱਖ-ਮਾਰਗ ‘ਤੇ ਸਫਰ ਕਰਨ ਸਮੇਂ ਪੀਕਿੰਗ ‘ਚ ਰਹਿੰਦੇ ਰਾਜਦੂਤ ‘ਵੇਨ ਯੂ’ ਦਰਿਆ ਦੇ ਪੁਲ ਤੋਂ ਲੰਘਣ ਸਮੇਂ ਕਾਰ ਹੌਲ਼ੀ ਕਰ ਲੈਂਦੇ ਹਨ ਤਾਂ ਕਿ ਮਨੁੱਖਾਂ ਦੇ ਇੱਕ ਵੱਡੇ ਕਾਲ਼ੇ ਇਕੱਠ ਨੂੰ ਜਿਸ ਵਿੱਚ ਅਨਗਿਣਤ ਲਾਲ ਝੰਡਿਆਂ ਦੇ ਧੱਬੇ ਹਨ ਜਿਹੜੇ ਦੁਮੇਲ ਤੱਕ ਜਾ ਰਹਿੰਦੇ ਹਨ, ਦੇਖ ਕੇ ਦੰਦਾਂ ਹੇਠ ਉਂਗਲਾਂ ਦੱਬ ਸਕਣ।

ਸਵੇਰ ਦੀ ਹਲਕੀ ਰੌਸ਼ਨੀ ਵਿੱਚ ਤਸਵੀਰ ਹੋਰ ਵੀ ਅਚੰਭਾਜਨਕ ਹੁੰਦੀ ਹੈ, ਅਤੇ ਕੋਈ ਇਸਨੂੰ ਚੀਨੀ ਯਥਾਰਥ ਦਾ ਵਿਦੇਸ਼ੀਆਂ ਸਾਹਮਣੇ ਪੇਸ਼ ਕੀਤਾ ਜਾਣ ਪ੍ਰਤੀਕ ਰੂਪ ਕਹਿ ਸਕਦਾ ਹੈ।

ਅਧਿਕਾਰੀਆਂ ਅਨੁਸਾਰ, ਵੇਨ ਯੂ ਵਿਕਾਸ ਯੋਜਨਾ ਉੱਤਰ-ਪੂਰਬੀ ਚੀਨ ਵਿੱਚ ਪੂਰੇ ਹਾਈ ਦਰਿਆ ਲਈ ਤਿਆਰ ਕੀਤੀ ਗਈ ਯੋਜਨਾ ਦਾ ਇੱਕ ਹਿੱਸਾ ਹੀ ਹੈ। ਹਾਈ ਦਰਿਆ ‘ਚ ਹੜ੍ਹਾਂ ਤੇ ਸੋਕਿਆਂ ਦਾ ਇੱਕ ਲੰਮਾ ਇਤਿਹਾਸ ਹੈ।

ਚੀਨੀ ਪ੍ਰੈੱਸ ਅਨੁਸਾਰ, ਹਜ਼ਾਰਾਂ-ਲੱਖਾਂ ਕਿਸਾਨਾਂ ਨੇ 1963 ਵਿੱਚ ਚੇਅਰਮੈਨ ਮਾਓ ਦੇ ਹਾਈ ਦਰਿਆ ਨੂੰ ‘ਕਾਬੂ’ ਕਰਨ ਦੇ ਸੱਦੇ ਨੂੰ ਪ੍ਰਵਾਨ ਕੀਤਾ। ਤਦ ਤੋਂ ਲੈ ਕੇ ਹੁਣ ਤੱਕ, ਧਰਤੀ ਦੁਆਲੇ 37 ਚੱਕਰ ਲਾ ਸਕਣ ਜਿੰਨੇ ਲੰਮੇ ਇੱਕ ਤਿੰਨ ਫੁੱਟ ਉੱਚੇ ਤੇ ਤਿੰਨ ਫੁੱਟ ਚੌੜੇ ਬੰਨ੍ਹ ਨੂੰ ਖੜਾ ਕਰਨ ਲਈ ਮਿੱਟੀ ਪੁੱਟੀ ਜਾ ਚੁੱਕੀ ਹੈ।

ਹਾਈ ਦਰਿਆ ਦੀਆਂ 19 ਸਹਾਇਕ ਨਦੀਆਂ ਦੇ ਨਾਲ ਨਿਕਾਸੀ ਖਾਲੀਆਂ ਤੇ 900 ਮੀਲ ਲੰਬੇ ਬੰਨ੍ਹਾਂ ਦੀ ਉਸਾਰੀ ਸਦਕਾ ਦਰਿਆ ਦੇ ਮੁੱਖ ਮੁਹਾਣ ਦੀ ਥਾਂ, ਤਸੀਏਂਤਸੀਨ ਵਿੱਚ ਪਾਣੀ ਦਾ ਵਹਾਅ 1,000 ਘਣ ਗਜ਼ ਤੋਂ ਵਧ ਕੇ 13,000 ਘਣ ਗਜ਼ ਹੋ ਗਿਆ ਹੈ। ਇਸ ਨਾਲ 8,250,000 ਏਕੜ ਖੇਤੀਯੋਗ ਜ਼ਮੀਨ ਦਾ ਹੜ੍ਹਾਂ ਦੇ ਖਤਰੇ ਤੋਂ ਪਿੱਛਾ ਛੁੱਟ ਗਿਆ ਹੈ।

ਅਕਤੂਬਰ ਦੇ ਅੰਤ ਵਿੱਚ ਅਧਿਕਾਰੀਆਂ ਨੇ ਹਾਈ ਦਰਿਆ ਦੀ ਇੱਕ ਸਹਾਇਕ ਨਦੀ ਵੇਨ ਯੂ ਦੇ 34 ਮੀਲ ਲੰਮੇ ਕੰਢੇ ਦੇ ਨਾਲ-ਨਾਲ ਕੰਮ ਕਰਨ ਲਈ ਹੋਪਈ ਸੂਬੇ ਦੇ ਕਿਸਾਨਾਂ, ਫੌਜੀਆਂ, ਮਿਲਸ਼ੀਆ ਤੇ ਪੀਕਿੰਗ ਦੇ ਸ਼ਹਿਰੀਆਂ ਨੂੰ ਲਾਮਬੰਦ ਕੀਤਾ। ਕੰਮ ਨੂੰ ਨੇਪਰੇ ਚੜਨ ਲਈ ਚਾਰ ਮਹੀਨੇ ਦਾ ਸਮਾਂ ਲੱਗਣਾ ਸੀ, ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਪੰਜਾਂ ‘ਚੋਂ ਚਾਰ ਹਿੱਸੇ ਕੰਮ ਹੋ ਚੁੱਕਾ ਹੈ।

ਹੁਣੇ ਹੁਣੇ, ਮੈਂ ਕੰਮ ਦੀਆਂ ਥਾਵਾਂ ‘ਚੋਂ ਦੋ ਜਗ੍ਹਾ ਜਾ ਕੇ ਆਇਆ ਹਾਂ। ਉੱਥੇ ਮਸ਼ੀਨਰੀ ਦੀ ਕੋਈ ਆਵਾਜ਼ ਨਹੀਂ ਹੈ, ਸਿਰਫ ਗੈਂਤੀਆਂ ਚਲਾਉਂਦੇ ਆਦਮੀਆਂ ਦੇ ਭਾਰੇ-ਭਾਰੇ ਸਾਹ, ਘੋੜਿਆਂ ਦੇ ਹਿਣਕਣ ਦੀ ਆਵਾਜ, ਰੇਹੜੀਆਂ ਚਲਾਉਣ ਵਾਲ਼ਿਆਂ ਦੀਆਂ ਉੱਚੀਆਂ ਆਵਾਜ਼ਾਂ, ਮਜਦੂਰਾਂ ਵੱਲੋਂ ਲਗਾਤਾਰ ਲਗਾਏ ਜਾਂਦੇ ਨਾਹਰੇ, ਅਤੇ ਲਾਊਡਸਪੀਕਰਾਂ ਤੋਂ ਚੱਲਦਾ ਇਨਕਲਾਬੀ ਸੰਗੀਤ ਹੀ ਸੁਣਾਈ ਦਿੰਦਾ ਹੈ।

ਦਰਿਆ ਦੇ ਤਲ ਨੂੰ ਪੁੱਟਣ ਲਈ ਲਾਜ਼ਮੀ ਹੈ ਕਿ ਜੰਮੀ ਹੋਈ ਬਰਫ ਨੂੰ ਖੋਦਿਆ ਜਾਵੇ। ਪਰ ਫਿਰ ਵੀ ਮੈਂ ਇੱਕ ਸੱਠ ਸਾਲ ਦੇ ਆਦਮੀ ਨੂੰ ਕੰਮ ‘ਚ ਲੱਗੇ ਦੇਖਿਆ ਜੋ ਲੱਕ ਤੱਕ ਨੰਗਾ ਸੀ ਤਾਂ ਕਿ ਗੈਂਤੀ ਨੂੰ ਵਧੇਰੇ ਅਸਰਦਾਰ ਤਰੀਕੇ ਨਾਲ ਵਰਤ ਸਕੇ।

ਦਿਨ ਤੇ ਰਾਤ, ਅੱਠ-ਅੱਠ ਘੰਟਿਆਂ ਦੀਆਂ ਸ਼ਿਫਟਾਂ ਵਿੱਚ, ਤੇ ਕਈ ਵਾਰੀ ਜਮਾਓ-ਦਰਜੇ ਤੋਂ ਹੇਠਲੇ ਤਾਪਮਾਨ ‘ਤੇ ਕੰਮ ਕਰਦੇ ਹੋਏ, ਟੀਮਾਂ ਦਰਿਆ ਨੂੰ ਡੂੰਘਾ ਕਰਦੀਆਂ, ਬੰਨ੍ਹ ਬਣਾਉਂਦੀਆਂ ਅਤੇ ਕਈ ਸਹਾਇਕ ਨਦੀਆਂ ਨੂੰ ਖਤਮ ਕਰਦੀਆਂ ਜਾ ਰਹੀਆਂ ਹਨ ਤਾਂ ਕਿ ਦਰਿਆ ਨੂੰ ਇੱਕ ਨਵਾਂ ਤਲ ਮਿਲ ਸਕੇ।

ਚੇਅਰਮੈਨ ਮਾਓ ਦੇ ਸੱਦੇ ਨੂੰ ਪ੍ਰਵਾਨ ਚੜਾਉਣ ਲਈ ਮਜਦੂਰਾਂ ਵਾਸਤੇ ਹਰ ਢੰਗ-ਤਰੀਕਾ ਵਾਜਬ ਹੈ। ਉਹ ਕਿਸੇ ਰੁੱਖ ਦੇ ਤਣੇ ਨੂੰ ਸਿਰਫ ਆਪਣੇ ਜ਼ੋਰ ਦੇ ਸਿਰ ‘ਤੇ ਪੁੱਟ ਸੁੱਟਦੇ ਹਨ।

ਉਹ ਢਾਰਿਆਂ ਵਿੱਚ ਜਾਂ ਬਹੁਤ ਸਾਰੇ ਟੈਂਟਾਂ ਵਿੱਚ ਰਹਿੰਦੇ ਹਨ ਜਿਹਨਾਂ ਦੁਆਲੇ ਬਰਫਾਨੀ ਹਵਾਵਾਂ ਤੋਂ ਬਚਾਅ ਲਈ ਮਿੱਟੀ ਤੇ ਕੱਖਾਂ-ਕਾਨਿਆਂ ਦੀਆਂ ਛੋਟੀਆਂ ਕੰਧਾਂ ਕੱਢੀਆਂ ਗਈਆਂ ਹਨ। ਕੰਮ ਦੀ ਥਾਂ ‘ਤੇ ਖਾਣਾ ਵੱਡੇ-ਵੱਡੇ ਗਰਮ ਬਰਤਨਾਂ ‘ਚ ਲਿਆਂਦਾ ਜਾਂਦਾ ਹੈ।” (ਦ ਟਾਈਮਜ਼, 1970-12-10)

ਜਿਵੇਂ ਕਿ ਮਾਰਕਸ ਨੇ ਕਿਹਾ ਸੀ, ‘ਜਦੋਂ ਲੋਕ ਸਿਧਾਂਤ ਨੂੰ ਅਪਣਾਅ ਲੈਂਦੇ ਹਨ ਤਾਂ ਇਹ ਇੱਕ ਭੌਤਿਕ ਤਾਕਤ ਬਣ ਜਾਂਦਾ ਹੈ।’ (ਮਾਰਕਸ-ਏਂਗਲਜ, ਧਰਮ ਬਾਰੇ, ਸਫਾ 50)

ਚੇਅਰਮੈਨ ਮਾਓ ਦੀ ਇੱਕ ਹੋਰ ਟੂਕ ਨਾਲ ਮੈਨੂੰ ਸਮਾਪਤ ਕਰਨ ਦੀ ਆਗਿਆ ਦਿਓ:

“ਲੋਕ ਹੀ ਅਸਲੀ ਨਾਇਕ ਹਨ, ਜਦਕਿ ਅਸੀਂ ਅਕਸਰ ਬਚਕਾਨੇ ਤੇ ਅਗਿਆਨੀ ਹੁੰਦੇ ਹਾਂ, ਅਤੇ ਇਸ ਗੱਲ ਦੀ ਸਮਝ ਹੋਣ ਤੋਂ ਬਿਨਾਂ ਸਭ ਤੋਂ ਮੁੱਢਲਾ ਗਿਆਨ ਹਾਸਿਲ ਕਰਨਾ ਵੀ ਅਸੰਭਵ ਹੈ।” (ਮਾਓ ਜ਼ੇ-ਤੁੰਗ ਚੋਣਵੀਆਂ ਲਿਖਤਾਂ, ਸੈਂਚੀ 3, ਸਫਾ 12)

“ਪ੍ਰਤੀਬੱਧ”, ਅੰਕ 19,  ਜੂਨ 2013 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s