ਪ੍ਰਧਾਨ ਮੰਤਰੀ ਦੇ ਬਿਆਨ ਦੇ ਲੁਕਵੇਂ ਅਰਥ

pm

(ਪੀ.ਡੀ.ਐਫ਼ ਡਾਊਨਲੋਡ ਕਰੋ)

 ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮਨਮੋਹਣ ਸਿੰਘ ਬਾਰੇ ਇਹ ਮਸ਼ਹੂਰ ਹੈ ਕਿ ਉਹ ਅਰਥਸ਼ਾਸਤਰ ਵਧੇਰੇ ਸਮਝਦੇ ਹਨ ਪਰ ਸਿਆਸਤ ਘੱਟ। ਜਾਣੀ ਉਹ ਇੱਕ ਚੰਗੇ ਅਰਥਸ਼ਾਸਤਰੀ ਹਨ ਪਰ ਕੱਚੇ ਸਿਆਸਤਦਾਨ। ਇਸ ਲਈ ਅਕਸਰ ਉਹ ਇਸਤਰ੍ਹਾਂ ਦੇ ਬਿਆਨ ਜਾਰੀ ਕਰਦੇ ਰਹਿੰਦੇ ਹਨ ਜਿਹੜੇ ਕਈ ਵਾਰ ਉਹਨਾਂ ਦੀ ਪਾਰਟੀ, ਕਾਂਗਰਸ ਦੀ ਲੀਡਰਸ਼ਿਪ ਲਈ ਵੀ ਪ੍ਰੇਸ਼ਾਨੀ ਦਾ ਸਬੱਬ ਬਣਦੇ ਹਨ। ਮਸਲਨ ਉਹ ਪੱਛਮ ਬੰਗਾਲ ਦੀ ਮਾਰਕਸੀ ਪਾਰਟੀ ਦੀ ਅਗਵਾਈ ਵਾਲ਼ੀ ਸਰਕਾਰ ‘ਤੇ ਅਕਸਰ ਫਿਦਾ ਰਹਿੰਦੇ ਹਨ। ਇਸ ਦੇ ਆਗੂਆਂ ਜਯੋਤੀ ਬਾਸੂ ਅਤੇ ਬੁੱਧਦੇਵ ਭੱਟਾਚਾਰੀਆ ਦਾ ਕਈ ਵਾਰ ਗੁਣ ਗਾਣ ਕਰ ਜਾਂਦੇ ਹਨ ਕਿਉਂਕਿ ਪ੍ਰਧਾਨ ਮੰਤਰੀ ਮੁਤਾਬਕ ਦੇਸ਼ ਵਿੱਚ ਆਰਥਿਕ ਸੁਧਾਰਾਂ ਦੀਆਂ ਨੀਤੀਆਂ ਜੇਕਰ ਕਿਧਰੇ ਸਭ ਤੋਂ ਵਧੀਆ ਰੂਪ ਵਿੱਚ ਲਾਗੂ ਹੋ ਰਹੀਆਂ ਹਨ ਤਾਂ ਉਹ ਬੰਗਾਲ ਹੀ ਹੈ। ਬੰਗਾਲ ਦੀ ਮਾਰਕਸੀਆਂ ਦੀ ਅਗਵਾਈ ਵਾਲ਼ੀ ਸਰਕਾਰ ਦੀ ਇਹ ਤਾਰੀਫ ਪੱਛਮ ਬੰਗਾਲ ਦੇ ਕਾਂਗਰਸੀਆਂ ਲਈ ਖਾਸਾ ਸਿਰ ਦਰਦ ਬਣ ਜਾਂਦੀ ਹੈ ਕਿਉਂਕਿ ਬੰਗਾਲ ਵਿੱਚ ਮਾਰਕਸੀਆਂ ਦੀ ਮੁੱਖ ‘ਵਿਰੋਧੀ’ ਪਾਰਟੀ ਕਾਂਗਰਸ ਹੀ ਹੈ। ਵੈਸੇ ਮਨਮੋਹਣ ਸਿੰਘ ਸਾਡੇ ਦੇਸ਼ ਦੇ ਹਾਕਮਾਂ ਦੀ, ਕਾਂਗਰਸੀਆਂ ਦੀ ਪ੍ਰਧਾਨ ਮੰਤਰੀ ਵਜੋਂ ਪਹਿਲੀ ਪਸੰਦ ਨਹੀਂ ਹਨ। ਵਰਤਮਾਨ ਕਾਂਗਰਸ ਸਰਕਾਰ ਬਣਨ ਵੇਲੇ ਜਦੋਂ ਸੋਨੀਆ ਗਾਂਧੀ ਦੇ ਵਿਦੇਸ਼ੀ ਹੋਣ ਦੇ ਰੌਲ਼ੇ ਰੱਪੇ ਨੇ ਤੂਲ ਫੜ ਲਿਆ ਤਾਂ ਭਾਜਪਾ ਨੂੰ ਸ਼ਿਕਸਤ ਦੇਣ ਲਈ ਮਜਬੂਰੀ ਵੱਸ ਕਾਂਗਰਸ ਨੇ ਮਨਮੋਹਣ ਸਿੰਘ ਨੂੰ ਅੱਗੇ ਕਰ ਦਿੱਤਾ। ਇਸ ਤਰਾਂ ਉਹ ਮਜਬੂਰੀ ਦੇ ਹੀ ਪ੍ਰਧਾਨ ਮੰਤਰੀ ਹਨ। ਦਰਅਸਲ ਉਹ ਸੋਨੀਆਂ ਗਾਂਧੀ ਦੇ ਹੱਥ ਵਿੱਚ ਫੜੀ ਮੋਹਰ ਹਨ। 

ਸ਼ਰੀਫ ਸਾਊ ਚੇਹਰੇ ਵਾਲ਼ੇ ਸਾਡੇ ਪ੍ਰਧਾਨ ਮੰਤਰੀ ਸੰਸਾਰ ਬੈਂਕ ਦੇ ਮੁਲਾਜ਼ਮ ਵੀ ਰਹੇ ਹਨ। 1991 ਵਿੱਚ ਬਣੀ ਕਾਂਗਰਸ ਸਰਕਾਰ, ਜਿਸ ਵਿੱਚ ਨਰਸਿੰਮਹਾ ਰਾਓ ਪ੍ਰਧਾਨ ਮੰਤਰੀ ਸਨ, ਉਹ ਵਿੱਤ ਮੰਤਰੀ ਬਣੇ। 1991 ਵਿੱਚ ਹੀ ਦੇਸ਼ ਦੇ ਸਰਮਾਏਦਾਰ ਹਾਕਮਾਂ ਵੱਲੋਂ ਅਪਣਾਈ ਨਵੀਂ ਆਰਥਿਕ ਨੀਤੀ ਦੇ ਉਹ ਮੁੱਖ ਘਾੜੇ ਹਨ। ਇਸ ਤਰਾਂ ਸਮਾਰਾਜੀਆਂ ਅਤੇ ਦੇਸ਼ ਦੇ ਲੁਟੇਰੇ ਸਰਮਾਏਦਾਰ ਹਾਕਮਾਂ ਦੇ ਉਹ ਪੁਰਾਣੇ ਤਜ਼ਰਬੇਕਾਰ ਅਤੇ ਪ੍ਰਪੱਕ ਸੇਵਕ ਹਨ। ਉਹ ਦੇਸ਼ੀ-ਵਿਦੇਸ਼ੀ ਲੁਟੇਰਿਆਂ ਦੇ ਸੱਚੇ ਸੇਵਕ ਅਤੇ ਦੇਸ਼ ਦੇ ਕਿਰਤੀ ਲੋਕਾਂ ਦੇ ਸੱਚੇ ਦੁਸ਼ਮਣ ਹਨ। 

15 ਦਸੰਬਰ ਨੂੰ ਨਵੀਂ ਦਿੱਲੀ ਵਿਖੇ ਇੰਸਟੀਚਿਊਟ ਆਫ ਇਕਨਾਮਿਕ ਗਰੋਥ ਦੇ ਗੋਲਡਨ ਜੁਬਲੀ ਜਸ਼ਨਾਂ ਵਿੱਚ ਸ਼ਿਰਕਤ ਕਰਦੇ ਹੋਏ ਆਪਣੇ ਉਦਘਾਟਨੀ ਭਾਸ਼ਣ ਵਿੱਚ ਉਹਨਾਂ ਕਿਹਾ, ”ਸਮਦ੍ਰਿਸ਼ਟੀ (equity) ਦੇ ਨਾਂ ਹੇਠ ਸਬਸਿਡੀਆਂ ਦੇਣ ‘ਤੇ ਅਸੀਂ ਬਹੁਤ ਜ਼ਿਆਦਾ ਧਨ ਖਰਚਦੇ ਹਾਂ, ਨਾ ਤਾਂ ਇਸ ਨਾਲ਼ ਸਮਦ੍ਰਿਸ਼ਟੀ ਅਤੇ ਨਾ ਹੀ ਕੁਸ਼ਲਤਾ ਦਾ ਉਦੇਸ਼ ਹਾਸਲ ਹੁੰਦਾ ਹੈ।”

”ਸਮਦ੍ਰਿਸ਼ਟੀ ਦਾ ਹਮੇਸ਼ਾ ਮਤਲਬ ਸਬਸਿਡੀਆਂ ਦੇਣਾਂ ਹੀ ਨਹੀਂ ਹੁੰਦਾ। ਜੇਕਰ ਅਜਿਹੀਆਂ ਸਬਸਿਡੀਆਂ ਗੀਰਬਾਂ ਤੱਕ ਨਹੀਂ ਪਹੁੰਚਦੀਆਂ ਤਾਂ ਉਹ ਉਦੇਸ਼ ਪੂਰਾ ਨਹੀਂ ਕਰਦੀਆਂ ਜਿਸ ਖਾਤਰ ਉਹ ਹਨ।” ਪ੍ਰਧਾਨ ਮੰਤਰੀ ਨੇ ਅਜਿਹੀਆਂ ਸਬਸਿਡੀਆਂ ਦਾ ਮੁੜ ਨਿਰੀਖਣ ਕਰਨ ਅਤੇ ਨੂੰ ਖਤਮ ਕੀਤੇ ਜਾਣ ਵੱਲ੍ਹ ਇਸ਼ਾਰਾ ਕੀਤਾ। ਪ੍ਰਧਾਨ ਮੰਤਰੀ ਦੁਆਰਾ ਜਿਹਨ੍ਹਾਂ ਸਬਸਿਡੀਆਂ ਵੱਲ੍ਹ ਇਸ਼ਾਰਾ ਹੈ, ਉਹਨਾਂ ਵਿੱਚ ਖਾਧ ਪਦਾਰਥਾਂ ਅਤੇ ਪੈਟਰੋਲੀਅਮ ਪਦਾਰਥਾਂ ਉੱਪਰ ਦਿੱਤੀ ਜਾਣ ਵਾਲ਼ੀ ਸਬਸਿਡੀ ਵੀ ਸ਼ਾਮਿਲ ਹੈ। 

ਮਨਮੋਹਣ ਸਿੰਘ ਦੇ ਉਪਰੋਕਤ ਬਿਆਨ ਵਿੱਚ ਕਈ ਅਰਥ ਸਮੋਏ ਹੋਏ ਹਨ। ਪਹਿਲਾ ਤਾਂ ਇਹ ਕਿ ਗਰੀਬਾਂ ਨੂੰ ਸਰਕਾਰ ਵੱਲੋਂ ਸਬਸਿਡੀਆਂ ਤਾਂ ਦਿੱਤੀਆਂ ਜਾਂਦੀਆਂ ਹਨ, ਜਿਹੜੀਆਂ ਕਿ ਖੁਦ ਮਨਮੋਹਣ ਸਿੰਘ ਅਨੁਸਾਰ ਵਰਤਮਾਨ ਵਿੱਤੀ ਸਾਲ ਵਿੱਚ ਇੱਕ ਲੱਖ ਕਰੋੜ ਤੋਂ ਵੀ ਵਧੇਰੇ ਹਨ, ਪਰ ਉਹ ਗਰੀਬਾਂ ਤੱਕ ਨਹੀਂ ਪਹੁੰਚਦੀਆਂ। ਤਾਂ ਫਿਰ ਇਹ ਲੱਖਾਂ ਕਰੋੜਾਂ ਦੀ ਸਬਸਿਡੀ ਜਾਂਦੀ ਕਿੱਥੇ ਹੈ? ਪ੍ਰਧਾਨ ਮੰਤਰੀ ਸਮੇਤ ਸਭ ਜਾਣਦੇ ਹਨ ਕਿ ਇਸ ਦੇਸ਼ ਦੇ ਭ੍ਰਿਸ਼ਟ ਨੌਕਰਸ਼ਾਹਾਂ, ਸਿਆਸਤਦਾਨਾਂ ਦੀ ਫੌਜ ਹੀ ਗਰੀਬਾਂ ਨੂੰ ਦਿੱਤੀਆਂ ਜਾਣ ਵਾਲ਼ੀਆਂ ਸਬਸਿਡੀਆਂ ਡਕਾਰ ਜਾਂਦੀ ਹੈ। ਇਸ ਤਰਾਂ ਉਹਨਾਂ ਨੇ ਅਸਿੱਧੇ ਰੂਪ ਵਿੱਚ ਪੂਰੇ ਢਾਂਚੇ ਅੰਦਰ ਫੈਲੇ ਚੌਤਰਫਾ ਲਾ-ਇਲਾਜ ਭ੍ਰਿਸ਼ਟਾਚਾਰ ਨੂੰ ਪ੍ਰਵਾਨ ਕਰ ਲਿਆ ਹੈ। 

ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਕਿਉਂਕਿ ਸਬਸਿਡੀਆਂ ਗਰੀਬਾਂ ਤੱਕ ਨਹੀਂ ਪਹੁੰਚਦੀਆਂ, ਇਸ ਲਈ ਉਹਨਾਂ ਨੂੰ ਖਤਮ ਕਰ ਦਿੱਤਾ ਜਾਣਾ ਚਾਹੀਦਾ ਹੈ। ਪਰ ਉਹ ਇਹਨਾਂ ਸਬਸਿਡੀਆਂ ਨੂੰ ਗਰੀਬਾਂ ਤੱਕ ਪਹੁੰਚਾਉਣ ਦਾ ਬੀੜਾ ਕਿਉਂ ਨਹੀਂ ਚੁੱਕਦੇ? ਆਖਰ ਉਹ ਦੇਸ਼ ਦੇ ਪ੍ਰਧਾਨ ਮੰਤਰੀ ਹਨ। ਪਰ ਉਹ ਅਜੇਹਾ ਨਹੀਂ ਕਰਨਗੇ। ਕਿਉਂਕਿ ਉਹ ਜਾਣਦੇ ਹਨ ਕਿ ਵਰਤਮਾਨ ਢਾਂਚੇ ਵਿੱਚ ਅਜਿਹਾ ਸੰਭਵ ਨਹੀਂ। ਇਸ ਤਰਾਂ ਪ੍ਰਧਾਨ ਮੰਤਰੀ ਨੇ ਅਸਿੱਧੇ ਰੂਪ ਵਿੱਚ ਇਹ ਵੀ ਪ੍ਰਵਾਨ ਕਰ ਲਿਆ ਹੈ ਕਿ ਵਰਤਮਾਨ ਪੂੰਜੀਵਾਦੀ ਢਾਂਚੇ ਦੀ ਸਿਆਸਤ ਦੇ ਸਿਖਰ ਤੱਕ ਪਹੁੰਚ ਕੇ ਵੀ ਕੋਈ ਵਿਅਕਤੀ ਦੇਸ਼ ਦੇ ਆਮ ਕਿਰਤੀ ਲੋਕਾਂ ਦੇ ਹਿੱਤ ਵਿੱਚ ਚਾਹ ਕੇ ਕੁੱਝ ਵੀ ਨਹੀਂ ਕਰ ਸਕਦਾ, ਹਾਂ ਇਹ ਗੱਲ ਅਲੱਗ ਹੈ ਕਿ ਮਨਮੋਹਣ ਸਿੰਘ ਅਜਿਹੀ ਕੋਈ ਚਾਹਤ ਨਹੀਂ ਰੱਖਦੇ। 

ਪ੍ਰਧਾਨ ਮੰਤਰੀ ਦੇ ਉਪਰੋਕਤ ਬਿਆਨ ਦਾ ਇੱਕ ਅਰਥ ਇਹ ਵੀ ਹੈ, ਕਿ ਇਸ ਦੇਸ਼ ਦੇ ਵਰਤਮਾਨ ਪੂੰਜੀਵਾਦੀ ਢਾਂਚੇ ਤੋਂ ਦੇਸ਼ ਦੇ ਗਰੀਬ ਕਿਰਤੀ ਲੋਕਾਂ ਨੂੰ ਭਲੇ ਦੀ ਹਰ ਆਸ ਤਿਆਗ ਦੇਣੀ ਚਾਹੀਦੀ ਹੈ। ਅਜਿਹਾ ਹੀ ਇੱਕ ਬਿਆਨ ਅੱਜ ਤੋਂ ਲਗਭਗ 12 ਸਾਲ ਪਹਿਲਾਂ ਵਰਤਮਾਨ ਵਿਤ ਮੰਤਰੀ ਪੀ. ਚਿਦੰਬਰਮ ਜੋ ਉਦੋਂ ਵਣਜ ਮੰਤਰੀ ਸਨ, ਨੇ ਜਾਰੀ ਕੀਤਾ ਸੀ। ਜਿਹੜੀ ਗੱਲ ਮਨਮੋਹਣ ਸਿੰਘ ਨੇ ਗੋਲ਼-ਮਾਲ਼ ਭਾਸ਼ਾ ਵਿੱਚ ਕੀਤੀ ਹੈ, ਉਹ ਗੱਲ ਚਿਦੰਬਰਮ ਨੇ ਸਿੱਧੀ ਸਪਾਟ ਭਾਸ਼ਾ ਵਿੱਚ ਕੀਤੀ ਸੀ। ਉਸਨੇ ਕਿਹਾ ਸੀ, ”ਭਾਰਤ ਦੀ 90 ਕਰੋੜ ਦੀ ਅਬਾਦੀ ਵਿੱਚੋਂ 30 ਕਰੋੜ ਨੂੰ ਤਾਂ ਵਧੀਆ ਕੰਮ, ਵਧੀਆ ਸਕੂਲ ਅਤੇ ਸੁਖ-ਸੰਤੋਸ਼ ਭਰੀ ਜ਼ਿੰਦਗੀ ਹਾਸਿਲ ਹੈ। ਦੂਸਰੇ 30 ਕਰੋੜ ਨੇ ਬਹੁਤ ਸਾਰੀਆਂ ਉਮੀਦਾਂ ਤਾਂ ਪਾਲ਼ ਰੱਖੀਆਂ ਹਨ, ਪਰ ਉਹਨਾਂ ਨੂੰ ਘਟੀਆ ਸਕੂਲ ਹੀ ਹਾਸਲ ਹਨ। ਬਾਕੀ 30 ਕਰੋੜ ਨੂੰ ਨਾ ਤਾਂ ਕੋਈ ਕੰਮ ਹਾਸਲ ਹੈ, ਨਾ ਹੀ ਕੋਈ ਸਕੂਲ। ਉਹਨਾਂ ਨੂੰ ਇਸ ਢਾਂਚੇ ਤੋਂ ਕੋਈ ਉਮੀਦ ਨਹੀਂ ਅਤੇ ਨਾ ਹੀ ਆਰਥਿਕ ਸੁਧਾਰਾਂ ਤੋਂ ਉਹਨਾਂ ਨੂੰ ਕੋਈ ਫਾਇਦਾ ਹੋਣ ਵਾਲ਼ਾ ਹੈ।” (ਦ ਵੀਕ ; 26 ਜਨਵਰੀ 1995, ਪੰਨਾ—36)

ਆਪਣੇ ਉਪਰੋਕਤ ਭਾਸ਼ਨ ਵਿੱਚ ਪ੍ਰਧਾਨ ਮੰਤਰੀ ਨੇ ਆਰਥਿਕ ਸੁਧਾਰਾਂ ਪ੍ਰਤੀ ਆਪਣੀ ਵਚਨਬੱਧਤਾ ਮੁੜ ਦੁਹਰਾਈ ਹੈ। ਉਹਨਾਂ ਆਰਥਿਕ ਸੁਧਾਰਾਂ ਪ੍ਰਤੀ ਜਿਹਨਾਂ ਬਾਰੇ ਚਿਦੰਬਰਮ ਦਾ ਕਹਿਣਾ ਹੈ ਕਿ ਉਹਨਾਂ ਤੋਂ ਆਮ ਗਰੀਬ ਲੋਕਾਂ ਨੂੰ ਕੋਈ ਫਾਇਦਾ ਨਹੀਂ ਹੋਵੇਗਾ। 1991 ਵਿੱਚ ਨਰਸਿਮਹਾ ਰਾਓ-ਮਨਮੋਹਣ ਸਿੰਘ ਜੋੜੀ ਵੱਲੋਂ ਲਿਆਂਦੀ ਨਵੀਂ ਆਰਥਿਕ ਨੀਤੀ ਤਹਿਤ ਆਰਥਿਕ ਸੁਧਾਰਾਂ ਦੇ ਮੁੱਖ ਸੂਤਰਧਾਰ ਮਨਮੋਹਣ ਸਿੰਘ ਹੀ ਸਨ। ਇਹਨਾਂ ਸੁਧਾਰਾਂ ਵਿੱਚ ਮੁੱਖ ਤੌਰ ‘ਤੇ, ਦੇਸ਼ ਦੇ ਪਬਲਿਕ ਸੈਕਟਰ ਨੂੰ ਕੌਡੀਆਂ ਦੇ ਭਾਅ ਦੇਸੀ ਵਿਦੇਸ਼ੀ ਪੂੰਜੀਪਤੀਆਂ ਨੂੰ ਸੌਂਪਣਾ ਵਿਦੇਸ਼ੀ ਪੂੰਜੀ ਦੇ ਦਾਖਲੇ ਨੂੰ ਸਹਿਲ ਬਣਾਉਣ ਲਈ ਭਾਰਤੀ ਅਰਥਚਾਰੇ ਦੇ ਬੂਹੇ ਚੁਪੱਟ ਖੋਲ੍ਹਣਾ, ਕਿਰਤ ਕਨੂੰਨਾਂ ਨੂੰ ਵੱਧ ਤੋਂ ਵੱਧ ਮੋਕਲੇ ਬਣਾਉਣਾ ਭਾਵ ਕਿਰਤ ਕਨੂੰਨਾਂ ਵਿੱਚ ਪੂੰਜੀਪਤੀਆਂ ਪੱਖੀ ਅਜਿਹੇ ਬਦਲਾਅ ਕਰਨਾ ਕਿ ਮਜ਼ਦੂਰਾਂ ਦਾ ਰੁਜ਼ਗਾਰ ਪੂਰੀ ਤਰਾਂ ਮਾਲਕਾਂ ਦੇ ‘ਰਹਿਮੋ-ਕਰਮ ‘ਤੇ ਨਿਰਭਰ ਹੋ ਜਾਵੇ, ਆਦਿ ਮੁੱਖ ਰੂਪ ਵਿੱਚ ਸ਼ਾਮਲ ਸਨ। 1991 ਨੂੰ ਤੋਂ ਨਵੀਂ ਆਰਥਿਕ ਨੀਤੀ ਤੋਂ ਬਾਅਦ ਦੇਸ਼ ਦਾ ਅਰਥਚਾਰਾ-ਸਿਆਸਤ-ਸਮਾਜ ਇਸੇ ਦਿਸ਼ਾ ਵਿੱਚ ਅੱਗੇ ਵਧਿਆ ਹੈ। 

ਨਵੀਂ ਆਰਥਿਕ ਨੀਤੀ ਦੇ ਪਿਛਲੇ ਸੋਲ਼ਾਂ ਸਾਲਾਂ ਵਿੱਚ ਜਿਥੇ ਦੇਸੀ-ਵਿਦੇਸ਼ੀ ਪੂੰਜੀਪਤੀ ਮਾਲਾ-ਮਾਲ ਹੋਏ ਹਨ, ਉਹਨਾਂ ਦੇ ਮੁਨਾਫੇ ਸੈਂਕੜੇ ਨਹੀਂ ਹਜ਼ਾਰਾਂ ਗੁਣਾ ਵਧੇ ਹਨ, ਉੱਥੇ ਦੇਸ਼ ਦੀ 80 ਫੀਸਦੀ ਗਰੀਬ ਕਿਰਤੀ ਅਬਾਦੀ ਦਾ ਜੀਣ ਹੋਰ ਵੀ ਅਸਹਿ ਹੋਇਆ ਹੈ। ਦੇਸ਼ ਵਿੱਚ ਅਮੀਰ ਗਰੀਬ ਦਾ ਪਾੜਾ ਨਵੀਆਂ ਉਚਾਈਆਂ ਛੂਹ ਰਿਹਾ ਹੈ। ਪੂਰਾ ਸਮਾਜ ਦਿਨੋ ਦਿਨ ਵਧੇਰੇ ਦੋ ਧਰੁਵਾਂ ਅਮੀਰ ਅਤੇ ਗਰੀਬ ਦਰਮਿਆਨ ਵੰਡਿਆ ਜਾ ਰਿਹਾ ਹੈ। ਪਿੰਡਾਂ ਵਿੱਚ ਰੁਜ਼ਗਾਰ ਦੇ ਮੌਕੇ ਸੁੰਗੜਨ ਨਾਲ਼ ਵੱਡੀ ਪੱਧਰ ‘ਤੇ ਕਿਰਤੀ ਸ਼ਹਿਰਾਂ ਵੱਲ ਵਹੀਰਾਂ ਘੱਤ ਰਹੇ ਹਨ। ਸ਼ਹਿਰ ਭੁਕਾਨਿਆਂ ਵਾਂਗ ਫੁੱਲਦੇ ਜਾ ਰਹੇ ਹਨ। ਸ਼ਹਿਰਾਂ ਵਿੱਚ ਝੁੱਗੀਆਂ-ਝੌਪੜੀਆਂ ਦੀਆਂ ਬਸਤੀਆਂ ਖੁੰਭਾਂ ਵਾਂਗ ਉੱਗ ਰਹੀਆਂ ਹਨ। 

ਪੂਰੇ ਦੇਸ਼ ਵਿੱਚ ਪੱਕੇ ਰੁਜ਼ਗਾਰ ਦੇ ਮੌਕੇ ਲਗਾਤਾਰ ਸੁੰਗੜਦੇ ਜਾ ਰਹੇ ਹਨ। ਨਵੀਂ ਆਰਥਿਕ ਨੀਤੀ ਤੋਂ ਬਾਅਦ ਜੋ ਰੁਜ਼ਗਾਰ ਦੇ ਮੌਕੇ ਪੈਦਾ ਵੀ ਹੁੰਦੇ ਹਨ, ਉੱਥੇ ਪੱਕੀ ਨੌਕਰੀ ਦੇ ਮੌਕੇ ਬਹੁਤ ਘੱਟ ਹਨ, ਇਥੇ ਕੰਮ ਦੇ ਘੰਟਿਆਂ ਦੀ ਕੋਈ ਸੀਮਾ ਨਹੀਂ ਹੈ ਅਤੇ ਤਨਖਾਹਾਂ ਬੇਹੱਦ ਨੀਵੀਆਂ ਹਨ। ਨਵੀਂ ਆਰਥਿਕ ਨੀਤੀ ਦੀ ਬਦੌਲਤ ਬੇਰੁਜ਼ਗਾਰਾਂ ਦੀ ਗਿਣਤੀ ਵਿੱਚ ਵੱਡੀ ਪੱਧਰ ‘ਤੇ ਵਾਧਾ ਹੋਇਆ ਹੈ। 

ਨਵੀਂ ਆਰਥਿਕ ਨੀਤੀ ਤੋਂ ਬਾਅਦ ਭਾਰਤੀ ਅਰਥਚਾਰਾ ਸੰਸਾਰ ਪੂੰਜੀਵਾਦੀ ਅਰਥਚਾਰੇ ਨਾਲ਼ ਹੋਰ ਵੀ ਵਧੇਰੇ ਨੱਥੀ ਹੋ ਗਿਆ ਹੈ, ਖਾਸ ਕਰਕੇ ਅਮਰੀਕੀ ਅਰਥਚਾਰੇ ਨਾਲ਼। ਅਮਰੀਕੀ ਅਰਥਚਾਰੇ ਵਿੱਚ ਆਉਣ ਵਾਲ਼ੇ ਹਰ ਉਤਰਾਅ-ਚੜਾਅ ਦੇ ਝਟਕੇ ਬੰਬੇ ਸਟਾਕ ਐਕਸਚੇਂਜ ਵਿੱਚ ਤੁਰੰਤ ਹੀ ਪ੍ਰਗਟ ਹੁੰਦੇ ਹਨ। ਪਿਛਲੇ ਕੁੱਝ ਮਹੀਨਿਆਂ ਤੋਂ ਅਮਰੀਕਾ ਵਿੱਚ ਜੋ ਘਟੀਆ ਕੁਆਲਿਟੀ ਦੇ ਕਰਜ਼ਿਆਂ (Sub Prime Lending) ਦਾ ਸੰਕਟ ਚੱਲ ਰਿਹਾ ਹੈ, ਉਸ ਨਾਲ਼ ਜੁੜਕੇ ਬੰਬੇ ਸਟਾਕ ਐਕਸਚੇਂਜ ਵਿੱਚ ਆਏ ਉਤਾਰ-ਚੜ੍ਹਾਵਾਂ ਤੋਂ ਇਸ ਤੱਥ ਨੂੰ ਦੇਖਿਆ ਜਾ ਸਕਦਾ ਹੈ। 

ਸਾਡੇ ਕਹਿਣ ਦਾ ਮਤਲਬ ਇਹ ਨਹੀਂ ਹੈ ਕਿ 1991 ਤੋਂ ਪਹਿਲਾਂ ਭਾਰਤੀ ਅਰਥਚਾਰੇ ਵਿੱਚ ਸਭ ਅੱਛਾ ਸੀ। ਦਰਅਸਲ 1947 ਤੋਂ ਬਾਅਦ ਭਾਰਤ ਜਿਸ ਪੂੰਜੀਵਾਦ ਰਾਹ ‘ਤੇ ਅੱਗੇ ਵਧਿਆ ਉਸੇ ਦਾ ਤਰਕਸ਼ੀਲ ਸਿੱਟਾ 1991 ਦੀ ਨਵੀਂ ਆਰਥਿਕ ਨੀਤੀ ਸੀ। ਖੈਰ ਇਹ ਇੱਕ ਅਲੱਗ ਚਰਚਾ ਦਾ ਵਿਸ਼ਾ ਹੈ। 

ਆਪਣੇ ਉਪਰੋਕਤ ਭਾਸ਼ਣ ਵਿੱਚ ਮਨਮੋਹਣ ਸਿੰਘ ਨੇ ਦੇਸ਼ ਅੰਦਰ ਤਿੱਖੇ ਹੋ ਰਹੇ ਧਰੁਵੀਕਰਨ, ਵਧ ਰਹੀ ਗੈਰ ਬਰਾਬਰੀ, ਖੇਤਰੀ ਅਸੰਤੁਲਨ, ਪਿੰਡਾਂ ਅਤੇ ਸ਼ਹਿਰਾਂ ਵਿੱਚ ਵਧ ਰਹੇ ਪਾੜੇ ‘ਤੇ ਚਿੰਤਾ ਵੀ ਪ੍ਰਗਟਾਈ ਹੈ। ਇੰਸਟੀਟਿਊਟ ਆਫ ਇਕਨਾਮਿਕ ਗਰੋਥ ਦੇ ਗੋਲਡਨ ਜੁਬਲੀ ਜਸ਼ਨਾਂ ਵਿੱਚ ਸ਼ਾਮਲ ਹੋਣ ਆਏ ਦੇ ‘ਉੱਘੇ’ ਅਰਥਸ਼ਾਸਤਰੀਆਂ ਅਤੇ ਵਿਦਵਾਨਾਂ ਨੂੰ ਉਹ ਪੱਛਦੇ ਹਨ, ”ਕੀ ਅਸੀਂ ਤਰੱਕੀ ਵਿੱਚ ਅਸੰਤੁਲਨਾਂ ਅਤੇ ਨਾ-ਬਰਾਬਰੀਆਂ ਦੀਆਂ ਸਮੱਸਿਆਵਾਂ ਦੇ ਵਧੇਰੇ ਤਰਕਸੰਗਤ ਹੱਲ ਲੱਭ ਸਕਦੇ ਹਾਂ?” ਮਨਮੋਹਣ ਸਿੰਘ ਇੰਨੇ ਭੋਲ਼ੇ ਤਾਂ ਨਹੀਂ ਜਾਪਦੇ ਕਿ ਉਹ ਜਾਣਦੇ ਨਾ ਹੋਣ ਕਿ ਦੇਸ਼ ਦੇ ਕਿਰਤੀ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ‘ਤੇ ਪਲਣ ਵਾਲ਼ੀਆਂ ਇਹਨਾਂ ਪਰਜੀਵੀ ਜੋਕਾਂ ਦਾ, ਇਸ ਪੂੰਜੀਵਾਦੀ ਪ੍ਰਬੰਧ ਦੇ ਸੱਚੇ ਸੇਵਕ ਇਹਨਾਂ ਅਰਥਸ਼ਾਸਤਰੀਆਂ ਅਤੇ ਵਿਦਵਾਨਾਂ ਦਾ ਇਹਨਾਂ ਸਮੱਸਿਆਵਾਂ ਨਾਲ਼ ਕੋਈ ਸਰੋਕਾਰ ਨਹੀਂ ਹੈ। ਵੈਸੇ ਵੀ ਦੇਸ਼ ਦਾ ਅਰਥਚਾਰਾ ਜਿਸ ਆਰਥਿਕ ਸੁਧਾਰਾਂ ਦੇ ਰਾਹ ‘ਤੇ ਤੇਜ਼ ਰਫ਼ਤਾਰ ਦੌੜ ਰਿਹਾ ਹੈ, ਜਿਹਨਾਂ ਆਰਥਿਕ ਸੁਧਾਰਾਂ ਦੀ ਬਦੌਲਤ ਉਪਰੋਕਤ ਸਮੱਸਿਆਵਾਂ ਪੈਦਾ ਹੋਈਆਂ ਹਨ, ਉਹਨਾਂ ਆਰਥਿਕ ਸੁਧਾਰਾਂ ਦੇ ਸੂਤਰਧਾਰ ਵੱਲੋਂ ਅਜਿਹਾ ਸਵਾਲ ਪੁੱਛਿਆ ਜਾਣਾ ਜੇ ‘ਭੋਲੇਪਣ’ ਅਤੇ ਮੂਰਖਤਾ ਦੀ ਨਹੀਂ ਤਾਂ, ਚਲਾਕੀ ਦੀ ਇੰਤਹਾ ਹੈ। 

ਮਨਮੋਹਣ ਸਿੰਘ ਜੇਹੇ ਇਸ ਪੂੰਜੀਵਾਦੀ ਲੁਟੇਰੇ ਪ੍ਰਬੰਧ ਦੇ ਵਫਾਦਾਰ ਸੇਵਕ ਇਸ ਪ੍ਰਬੰਧ ਦੀ ਸੇਵਾ ਲਈ ਯੋਜਨਾਵਾਂ-ਨੀਤੀਆਂ ਬਣਾਉਂਦੇ ਹਨ, ਉਹਨਾਂ ਨੀਤੀਆਂ ਉੱਪਰ ਅਮਲ ਦੀ ਬਦੌਲਤ, ਸਮਾਜ ਵਧੇਰੇ ਧਰੁਵੀਕ੍ਰਿਤ ਹੁੰਦਾ ਹੈ, ਅਮੀਰ ਗਰੀਬ ਦਰਮਿਆਨ ਖੱਡ ਹੋਰ ਡੂੰਘੀ ਹੋ ਜਾਂਦੀ ਹੈ। ਪੂੰਜੀਵਾਦੀ ਵਿਕਾਸ ਦੇ ਇਹਨਾਂ ਲਾਜ਼ਮੀ ਉਪ ਉਤਪਾਦਾਂ ਤੋਂ ਇਸ ਪ੍ਰਬੰਧ ਦੇ ਸੇਵਕ ਯੋਜਨਾਕਾਰ, ਨੀਤੀ ਘਾੜੇ ਘਬਰਾਉਂਦੇ ਹਨ, ਚਿੰਤਤ ਹੁੰਦੇ ਹਨ। ਉਹਨਾਂ ਦੇ ਮਨ ਵਿੱਚ ਪ੍ਰਗਟ ਹੋਣ ਵਾਲ਼ਾ ਇਹ ਦਵੰਦ ਦਰਅਸਲ ਪੂੰਜੀਵਾਦੀ ਅਰਥਚਾਰੇ ਦਾ ਦਵੰਦ ਹੈ। ਵਧੇਰੇ ਪੂੰਜੀਵਾਦੀ ਵਿਕਾਸ ਦਾ ਮਤਲਬ ਹੈ ਸਮਾਜ ਦਾ ਦਿਨੋ ਦਿਨ ਵਧੇਰੇ ਧਰੁਵੀਕਰਨ। ਸਮਾਜ ਦਾ ਦਿਨੋਂ ਦਿਨ ਵਧੇਰੇ ਮਾਲਕਾਂ ਅਤੇ ਸੰਪੱਤੀਹੀਣ ਮਜ਼ਦੂਰਾਂ ਵਿੱਚ ਵੰਡੇ ਜਾਣਾ। ਪੂੰਜੀਵਾਦੀ ਵਿਕਾਸ ਦੀ ਬਦੌਲਤ ਹੋਂਦ ਵਿੱਚ ਆਉਣ ਵਾਲ਼ੇ ਇਹ ਸੰਪੱਤੀਹੀਣ ਉਜਰਤੀ ਗੁਲਾਮ (ਆਧੁਨਿਕ ਮਜ਼ਦੂਰ) ਹੀ ਇਸ ਸਮੁੱਚੇ ਢਾਂਚੇ ਦੇ ਕਬਰਪੁੱਟ ਬਣਦੇ ਹਨ। 

 ਪ੍ਰਧਾਨ ਮੰਤਰੀ ਨੇ ਇਸ ਪੂੰਜੀਵਾਦੀ ਪ੍ਰਬੰਧ ਦੇ ਸੇਵਕ ਅਰਥਸ਼ਾਸਤਰੀਆਂ ਅਤੇ ਵਿਦਵਾਨ ਨੂੰ ਜਿਹੜਾ ਸਵਾਲ ਪੁੱਛਿਆ ਹੈ, ਉਸਦਾ ਉੱਤਰ ਨਾਂਹ ਵਿੱਚ ਹੈ। ਇਸ ਪੂੰਜੀਵਾਦੀ ਢਾਂਚੇ ਵਿੱਚ ‘ਅਸੰਤੁਲਨਾਂ’ ਅਤੇ ‘ਗੈਰਬਰਾਬਰੀਆਂ’ ਦੇ ‘ਤਰਕਸੰਗਤ ਹੱਲ’ ਸੰਭਵ ਨਹੀਂ ਹਨ। ਇਹਨਾਂ ਸਭ ਸਮੱਸਿਆਵਾਂ ‘ਤੇ ਤਰਕਸੰਗਤ ਹੱਲ ਇਸ ਪੂੰਜੀਵਾਦੀ ਢਾਂਚੇ ਦੀ ਤਬਾਹੀ ਵਿੱਚ ਹੀ ਨਿਹਿਤ ਹਨ।

“ਪ੍ਰਤੀਬੱਧ”, ਅੰਕ 08, ਜਨਵਰੀ-ਮਾਰਚ 2008 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s