ਫ਼ਿਲੀਪੀਂਸ ਵਿੱਚ ਦੁਤੇਰਤੇ ਵਰਤਾਰਾ ਅਤੇ ਇਸ ਦੇ ਅਰਥ

5ਪੀ.ਡੀ.ਐਫ਼ ਡਾਊਨਲੋਡ ਕਰੋ

ਪਿਛਲੇ ਸਾਲ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਸੱਜੇਪੱਖੀ ਲੋਕਵਾਦੀ ਸਿਆਸਤ ਦਾ ਉਭਾਰ ਦੇਖਣ ਵਿੱਚ ਆਇਆ। ਅਮਰੀਕਾ ਵਿੱਚ ਟਰੰਪ ਦਾ ਉਭਾਰ, ਬਰਤਾਨੀਆਂ ਵਿੱਚ ਬਹੁਮੱਤ ਦਾ ਯੂਰੋਪੀ ਸੰਘ ‘ਚੋਂ ਬਾਹਰ ਨਿੱਕਲ਼ਣ ਦੇ ਪੱਖ ਵਿੱਚ ਵੋਟ ਦੇਣਾ, ਫਰਾਂਸ ਵਿੱਚ ਮੈਰੀਨ ਲੀ ਪੇਨ ਦੀ ਵੱਧਦੀ ਲੋਕਪ੍ਰਿਅਤਾ ਅਤੇ ਜਰਮਨੀ ਵਿੱਚ ਧੁਰ-ਸੱਜੇਪੱਖੀ ਪਾਰਟੀ ਏਐੱਫ਼ਡੀ ਦਾ ਉਭਾਰ ਇਸੇ ਦੀ ਵੰਨਗੀ ਸੀ। ਅਜਿਹਾ ਹੀ ਇੱਕ ਵਰਤਾਰਾ ਫ਼ਿਲੀਪੀਂਸ ਵਿੱਚ ਦੇਖਣ ਵਿੱਚ ਆਇਆ ਜਦ ਪਿਛਲੇ ਸਾਲਾ 10 ਮਈ ਨੂੰ ਫ਼ਿਲੀਪੀਂਸ ਦੀ ਰਾਸ਼ਟਰਪਤੀ ਚੋਣ ਵਿੱਚ ਰੋਡ੍ਰਿਗੋ ਦੁਤੇਰਤੇ ਨੇ ਭਾਰੀ ਬੁਹਮੱਤ ਨਾਲ਼ ਜਿੱਤ ਹਾਸਲ ਕੀਤੀ। ਦੁਤੇਰਤੇ ਦੇ ਰਾਸ਼ਟਰਪਤੀ ਬਨਣ ਨਾਲ਼ ਨਾ ਸਿਰਫ਼ ਫ਼ਿਲੀਪੀਂਸ ਦੀਆਂ ਸਿਆਸੀ ਸਮੀਕਰਨਾਂ ਵਿੱਚ ਸਗੋਂ ਸਮੁੱਚੇ ਏਸ਼ੀਆ ਪ੍ਰਸ਼ਾਂਤ ਖੇਤਰ ਵਿੱਚ ਅਮਰੀਕੀ ਸਾਮਰਾਜਵਾਦ ਦੇ ਦਾਅ-ਪੇਚ ਅਤੇ ਦੱਖਣੀ ਚੀਨ ਸਾਗਰ ਦੇ ਇਲਾਕਿਆਂ ਵਿੱਚ ਅਮਰੀਕਾ ਅਤੇ ਚੀਨ ਵਿੱਚ ਚੱਲ ਰਹੇ ਅੰਤਰ-ਸਾਮਰਾਜੀ ਸ਼ਰੀਕਾ-ਭੇੜ ਦੇ ਪੁਰਾਣੇ ਸਮੀਕਰਨਾਂ ਵਿੱਚ ਵੱਡੀਆਂ ਤਬਦੀਲੀਆਂ ਦੇ ਅਸਾਰ ਸਾਫ਼ ਨਜ਼ਰ ਆ ਰਹੇ ਹਨ। ਅਜਿਹੇ ਵਿੱਚ ਦੁਤੇਰਤੇ ਦੇ ਉਭਾਰ ਦੇ ਸਮਾਜਕ-ਆਰਥਿਕ ਕਾਰਨਾਂ ਅਤੇ ਸਾਮਰਾਜ ਸਮੀਕਰਨਾਂ ਵਿੱਚ ਮੌਜੂਦ ਉਨ੍ਹਾਂ ਦੇ ਅਰਥਾਂ ਨੂੰ ਸਮਝਣਾ ਬੇਹੱਦ ਜ਼ਰੂਰੀ ਹੋ ਜਾਂਦਾ ਹੈ।

ਕੋਣ ਹੈ ਰੋਡ੍ਰਿਗੋ ਦੁਤੇਰਤੇ?  

ਪੇਸ਼ੇ ਤੋਂ ਵਕੀਲ ਰੋਡ੍ਰਿਗੋ ਦੁਤੇਰਤੇ ਰਾਸ਼ਟਰਪਤੀ ਬਨਣ ਤੋਂ ਪਹਿਲਾਂ ਫ਼ਿਲੀਪੀਂਸ ਦੇ ਮਿੰਡਾਨਾਓ ਟਾਪੂ ਦੇ ਦੱਖਣ ਵਿੱਚ ਸਥਿਤ ਦਵਾਓ ਸ਼ਹਿਰ ਦੇ ਮੇਅਰ ਅਤੇ ਉਪ-ਮੇਅਰ ਦਾ ਅਹੁਦਾ ਸੰਭਾਲ ਚੁੱਕਿਆ ਸੀ। 1986 ਵਿੱਚ ਫ਼ਰਡੀਨਾਂਡ ਮਾਰਕੋਸ ਦੀ ਤਾਨਾਸ਼ਾਹੀ ਦੇ ਨਿਘਾਰ ਦੇ ਬਾਅਦ ਦੁਤੇਰਤੇ ਨੇ ਆਪਣੇ ਸਿਆਸੀ ਕੈਰੀਅਰ ਦੀ ਸ਼ੁਰੂਆਤ ਦਵਾਓ ਦੇ ਸ਼ਹਿਰ ਤੋਂ ਹੀ ਕੀਤੀ ਸੀ। ਤਦ ਤੋਂ ਲੈ ਕੇ ਹੁਣ ਤੱਕ ਜ਼ਿਆਦਾਤਰ ਸਮੇਂ ਵਿੱਚ ਦਵਾਓ ਸ਼ਹਿਰ ਦੇ ਪ੍ਰਸ਼ਾਸਨ ਦੀ ਕਮਾਨ ਦੁਤੇਰਤੇ ਅਤੇ ਉਸ ਦੇ ਪਰਿਵਾਰ ਦੇ ਹੀ ਹੱਥਾਂ ਵਿੱਚ ਰਹੀ ਹੈ। ਦਵਾਓ ਵਿੱਚ ਆਪਣੇ ਕਾਰਜਕਾਲ ਦੌਰਾਨ ਦੁਤੇਰਤੇ ਆਪਣੇ ਮੌਤ ਦਸਤਿਆਂ ਰਾਹੀਂ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਕਰਨ ਵਾਲ਼ਿਆਂ ਨੂੰ ਬੇਕਿਰਕੀ ਨਾਲ਼ ਮਰਵਾਉਣ ਲਈ ਬਦਨਾਮ ਸੀ। ਰਾਸ਼ਟਰਪਤੀ ਬਣਨ ਤੋਂ ਬਾਅਦ ਉਸ ਨੇ ਇਹ ਮੁਹਿੰਮ ਪੂਰੇ ਫ਼ਿਲੀਪੀਂਸ ਵਿੱਚ ਛੇੜ ਰੱਖੀ ਹੈ ਅਤੇ ਹੁਣ ਤੱਕ ਇਸ ਮੁਹਿੰਮ ਵਿੱਚ 6000 ਤੋਂ ਜ਼ਿਆਦਾ ਲੋਕ ਮਾਰੇ ਜਾ ਚੱਕੇ ਹਨ। ਦੁਤੇਰਤੇ ਨੇ ਇੱਕ ਬੇਬਾਕ, ਫੈਸਲਾਕੁੰਨ ਅਤੇ ਤਾਕਤਵਰ ਆਗੂ ਵਜੋਂ ਆਪਣੀ ਦਿੱਖ ਬਣਾਈ ਹੈ। ਭਾਵੇਂ ਨਸ਼ੀਲੇ ਪਦਾਰਥਾਂ ਦੇ ਖ਼ਿਲਾਫ਼ ਮੁਹਿੰਮ ਵਿੱਚ ਦੁਤੇਰਤੇ ਦੇ ਜ਼ਿਆਦਾਤਰ ਸ਼ਿਕਾਰ ਗ਼ਰੀਬ ਅਤੇ ਕਿਰਤੀ ਪਿਛੋਕੜ ਦੇ ਲੋਕ ਰਹੇ ਹਨ, ਪਰ ਮਜ਼ਬੂਤ ਆਗੂ ਵਜੋਂ ਉਸ ਦੀ ਦਿੱਖ ਨਾਲ਼ ਉਸ ਨੂੰ ਮੱਧਵਰਗ ਅਤੇ ਮਜ਼ਦੂਰ ਜਮਾਤ ਦੇ ਇੱਕ ਹਿੱਸੇ ਦੀ ਜ਼ਬਰਦਸਤ ਹਮਾਇਤ ਵੀ ਹਾਸਲ ਹੈ। ਰਾਸ਼ਟਰਪਤੀ ਬਣਨ ਬਾਅਦ ਅਮਰੀਕਾ ਦੇ ਖ਼ਿਲਾਫ਼ ਆਪਣੇ ਕਈ ਤਿੱਖੇ ਬਿਆਨਾਂ ਅਤੇ ਚੀਨ ਅਤੇ ਰੂਸ ਵੱਲ ਨਰਮ ਰਵੱਈਆ ਅਪਣਾਉਣ ਦੀ ਵਜਾ ਨਾਲ਼ ਵੀ ਉਹ ਅਕਸਰ ਕੌਮਾਂਤਰੀ ਮੀਡੀਆ ਦੀਆਂ ਸੁਰਖ਼ੀਆਂ ਵਿੱਚ ਵੀ ਛਾਇਆ ਰਹਿੰਦਾ ਹੈ। ਮੀਡੀਆ ਰਾਹੀਂ ਸਨਸਨੀਖੇਜ ਬਿਆਨ ਦੇਕੇ ਉਹ ਆਪਣੀ ਹਰਮਨਪਿਆਰਤਾ ਵਧਾਉਣ ਵਿੱਚ ਵੀ ਮਾਹਿਰ ਹੈ। ਕਦੀ ਉਹ ਓਬਾਮਾ ਨੂੰ ਭੱਦੀ ਗਾਲ਼ ਦਿੰਦਾ ਹੈ ਤਾਂ ਕਦੀ ਇਹ ਇਲਜ਼ਾਮ ਲਗਾਉਂਦਾ ਹੈ ਕਿ ਸੀਆਈਏ ਉਸ ਦੀ ਕਤਲ ਕਰਾਉਣ ਦੀ ਯੋਜਨਾ ਬਣਾ ਰਹੀ ਹੈ। ਅਸਲ ਵਿੱਚ ਉਹ ਫ਼ਿਲੀਪੀਂਸ ਦੀ ਬੁਰਜੂਆ ਜਮਾਤ ਦਾ ਹੀ ਨੁਮਾਇੰਦਾ ਹੈ, ਭਾਵੇਂ ਹਰ ਸੱਜੇਪੱਖੀ ਲੋਕਪ੍ਰਿਅਤਾਵਾਦੀ ਦੀ ਹੀ ਤਰ੍ਹਾਂ ਫੌਰੀ ਰੂਪ ਵਿੱਚ ਇੱਕ ਹੱਦ ਤੱਕ ਜਮਾਤ ਤੋਂ ਖ਼ੁਦਮੁਖਤਾਰ ਨਜ਼ਰ ਆਉਂਦਾ ਹੈ।

ਦੁਤੇਰਤੇ ਦੇ ਰਾਸ਼ਟਰਪਤੀ ਬਣਨ ਦੇ ਸਮਾਜਕ-ਆਰਥਿਕ ਕਾਰਨ

ਦੁਤੇਰਤੇ ਜਿਹੇ ਸੱਜੇਪੱਖੀ ਲੋਕਵਾਦੀ ਵਿਅਕਤੀ ਦੇ ਫ਼ਿਲੀਪੀਂਸ ਦਾ ਰਾਸ਼ਟਰਪਤੀ ਬਣਨ ਪਿੱਛਲੇ ਸਮਾਜਕ-ਆਰਥਿਕ ਕਾਰਨਾਂ ਨੂੰ ਜਾਣਨ ਲਈ ਸਾਨੂੰ ਉੱਥੋਂ ਦੇ ਮੌਜੂਦਾ ਇਤਿਹਾਸ ‘ਤੇ ਇੱਕ ਨਜ਼ਰ ਮਾਰਨੀ ਹੋਵੇਗੀ। 1986 ਵਿੱਚ ਲੋਕ-ਲਹਿਰ ਦੇ ਦਬਾਅ ਵਿੱਚ ਮਾਰਕੋਸ ਦੀ ਤਾਨਾਸ਼ਾਹੀ ਦੇ ਨਿਘਾਰ ਦੇ ਬਾਅਦ ਫ਼ਿਲੀਪੀਂਸ ਵਿੱਚ ਬੁਰਜੂਆ ਜਮਹੂਰੀਅਤ ਦੇ ਰਸਮੀਂ ਢਾਂਚੇ ਦੀ ਤਾਂ ਮੁੜ-ਬਹਾਲੀ ਹੋਈ ਪਰ ਉੱਥੋਂ ਦੀ ਸਿਆਸਤ ਅਤੇ ਅਰਥਚਾਰੇ ਵਿੱਚ ਮੁੱਠੀ ਕੁ ਭਰ ਗਲ਼ਬੇ ਵਾਲ਼ੇ ਘਰਾਨਿਆਂ ਦਾ ਦਬਦਬਾ ਬਣਿਆ ਰਿਹਾ। 1990 ਦੇ ਦਹਾਕੇ ਬਾਅਦ ਦੁਨੀਆਂ ਦੇ ਬਹੁਤ ਸਾਰੇ ਹਿੱਸਿਆਂ ਦੀ ਹੀ ਤਰ੍ਹਾਂ ਫ਼ਿਲੀਪੀਂਸ ਵਿੱਚ ਵੀ ਨਵ-ਉਦਾਰਵਾਦੀ ਨੀਤੀਆਂ ਲਾਗੂ ਕੀਤੀਆਂ ਗਈਆਂ, ਜਿਨ੍ਹਾਂ ਦਾ ਨਤੀਜਾ ਫ਼ਿਲੀਪੀਂਸ ਵਿੱਚ ਪਹਿਲਾਂ ਤੋਂ ਮੌਜੂਦ ਆਰਥਿਕ ਨਾ-ਬਰਾਬਰੀ ਦੀ ਖਾਈ ਦੇ ਚੌੜੇ ਹੋਣ ਵਜੋਂ ਦੇਖਣ ਵਿੱਚ ਆਇਆ। ਇੱਕ ਅੰਕੜੇ ਅਨੁਸਾਰ ਸਾਲ 2011 ਵਿੱਚ ਫ਼ਿਲੀਪੀਂਸ ਦੀ ਕੁੱਲ ਘਰੇਲੂ ਪੈਦਾਵਾਰ ਦੇ ਲਗਭਗ ਤਿੰਨ ਚੌਥਾਈ ਹਿੱਸੇ ‘ਤੇ ਉੱਥੋਂ ਦੇ 40 ਸਭ ਤੋਂ ਅਮੀਰ ਘਰਾਣਿਆਂ ਦਾ ਕਬਜ਼ਾ ਸੀ। 1 ਇਨ੍ਹਾਂ ਘਰਾਣਿਆਂ ਦੀ ਮਾਲਕੀ ਫ਼ਿਲੀਪੀਂਸ ਦੀਆਂ ਪ੍ਰਮੁੱਖ ਸਨਅੱਤਾਂ ਅਤੇ ਵਾਹੀ-ਯੋਗ ਜ਼ਮੀਨ ਤੱਕ ਪਸਰੀ ਹੋਈ ਹੈ। ਉੱਥੋਂ ਦੀ ਸਿਆਸਤ ਵਿੱਚ ਵੀ ਇਨ੍ਹਾਂ ਹੀ ਘਰਾਣਿਆਂ ਦਾ ਦਖ਼ਲ ਰਿਹਾ ਹੈ। ਇਨ੍ਹਾਂ ਘਰਾਣਿਆਂ ਦੀਆਂ ਆਪਣੀਆਂ ਨਿੱਜੀ ਫੌਜਾਂ ਹਨ। ਉੱਥੇ ਦੀਆਂ ਚੋਣਾਂ ਵਿੱਚ ਤਾਕਤ ਅਤੇ ਪੈਸੇ ਦੀ ਧੜੱਲੇ ਨਾਲ਼ ਵਰਤੋਂ ਹੁੰਦੀ ਹੈ।

ਪਿਛਲੇ 30 ਸਾਲਾਂ ਵਿੱਚ ਨਵ-ਉਦਾਰਵਾਦੀ ਆਰਥਿਕ ਨੀਤੀਆਂ ਅਤੇ ਸਿਆਸਤ ਵਿੱਚ ਹਾਕਮ ਘਰਾਣਿਆਂ ਦੇ ਗਲ਼ਬੇ ਦੀ ਵਜ੍ਹਾ ਨਾਲ਼ ਫ਼ਿਲੀਪੀਂਸ ਦੀ ਆਮ ਕਿਰਤੀ ਅਬਾਦੀ ਗ਼ਰੀਬੀ ਅਤੇ ਬਦਹਾਲੀ ਭਰਿਆ ਜੀਵਨ ਬਿਤਾਉਣ ਲਈ ਮਜ਼ਬੂਰ ਹੈ। ਇਨ੍ਹਾਂ ਸਾਲਾਂ ਵਿੱਚ ਆਰਥਿਕ ਵਿਕਾਸ ਦੀ ਦਰ ਤਾਂ ਤੇਜ਼ ਰਹੀ ਪਰ ਇਸ ਵਿਕਾਸ ਦਾ ਫਾਇਦਾ ਹਾਕਮ ਘਰਾਣਿਆਂ ਤੱਕ ਹੀ ਸੀਮਤ ਰਿਹਾ। ਜਿੱਥੇ ਮੁੱਠ ਕੁ ਅਮੀਰਾਂ ਦੀ ਵਿਲਾਸਤਾ ਵਿਕਸਤ ਦੇਸ਼ਾਂ ਦੇ ਧਨਾਢਾਂ ਦੀ ਵਿਲਾਸਤਾ ਨੂੰ ਟੱਕਰ ਦਿੰਦੀ ਹੈ ਉੱਥੇ ਆਮ ਲੋਕ ਬਹੁਤ ਮੁਸ਼ਕਲ ਨਾਲ਼ ਆਪਣਾ ਜੀਵਨ ਬਿਤਾ ਸਕਦੇ ਹਨ। ਫ਼ਿਲੀਪੀਂਸ ਦੇ ‘ਸੋਸ਼ਲ ਵੇਦਰ ਸਟੇਸ਼ਨਸ’ ਦੇ ਹੁਣੇ ਦੇ ਸਰਵੇਖਣ ਅਨੁਸਾਰ ਉੱਥੋਂ ਗ਼ਰੀਬ ਪਰਿਵਾਰਾਂ ਦਾ ਅਨੁਪਾਤ 46 ਫੀਸਦੀ ਹੈ ਅਤੇ ਕੁਪੋਸ਼ਣ ਦੇ ਸ਼ਿਕਾਰ ਪਰਿਵਾਰਾਂ ਦਾ ਅਨੁਪਾਤ 13 ਫੀਸਦੀ ਹੈ। 2 ਫ਼ਿਲੀਪੀਂਸ ਦੇ ਮੈਟਰੋ ਸ਼ਹਿਰ ਮਨੀਲਾ ਵਿੱਚ ਦੁਨੀਆਂ ਦੇ ਸੱਭ ਤੋਂ ਜ਼ਿਆਦਾ ਬੇਘਰ ਲੋਕ ਰਹਿੰਦੇ ਹਨ। ਉੱਥੋਂ ਦਾ ਪੂਰਾ ਵਿਕਾਸ ਰਾਜਧਾਨੀ ਮਨੀਲਾ ਦੇ ਕੁਝ ਅਮੀਰ ਇਲਾਕਿਆਂ ਤੱਕ ਹੀ ਮਹਿਦੂਦ ਹੈ। ਮਨੀਲਾ ਦੇ ਵਿਕਸਤ ਇਲਾਕਿਆਂ ਦੀ ਤੁਲਨਾ ਵਿੱਚ ਬਾਕੀ ਫ਼ਿਲੀਪੀਂਸ ਦੇ ਬਹੁਤ ਜ਼ਿਆਦਾ ਪਿਛੜੇਪਨ ਕਾਰਨ ਉੱਥੋਂ ਦੇ ਲੋਕ ਉਨ੍ਹਾਂ ਵਿਕਸਤ ਇਲਾਕਿਆਂ ਨੂੰ ਮਜ਼ਾਕ ਨਾਲ਼ ‘ਇੰਪੀਰੀਅਲ ਮਨੀਲਾ’ ਸੱਦਦੇ ਹਨ। ਇਸ ‘ਇੰਪੀਰੀਅਲ ਮਨੀਲਾ’ ਵਿੱਚ ਹੀ ਲੁਜ਼ੋਨ ਟਾਪੂ ਦਾ ਕੁਲੀਨ ਤਬਕਾ ਵਿਲਾਸਤਾ ਭਰੀ ਜ਼ਿੰਦਗੀ ਬਿਤਾਉਂਦਾ ਹੈ।

ਅੱਤ ਦੀ ਆਰਥਿਕ ਨਾ-ਬਰਾਬਰੀ ਅਤੇ ਭਿਅੰਕਰ ਖੇਤਰੀ ਅਸਾਵੇਂਪਨ ਅਤੇ ਨਾਲ਼ ਹੀ ਵਧਦੇ ਭ੍ਰਿਸ਼ਟਾਚਾਰ, ਭਾਈ-ਭਤੀਜਾਵਾਦ ਅਤੇ ਅਪਰਾਧ ਅਤੇ ਸਮਗਲਿੰਗ ਦੀ ਵਜ੍ਹਾ ਨਾਲ਼ ਫ਼ਿਲੀਪੀਂਸ ਦੇ ਆਮ ਲੋਕਾਂ ਵਿੱਚ ਵੱਡੇ ਹਾਕਮ ਘਰਾਣਿਆਂ ਦੇ ਖ਼ਿਲਾਫ਼ ਗੁੱਸਾ ਲੰਮੇ ਸਮੇਂ ਤੋਂ ਸੁਲਗ ਰਿਹਾ ਸੀ ਜਿਸ ਦਾ ਫਾਇਦਾ ਉਠਾਉਣ ਵਿੱਚ ਦੁਤੇਰਤੇ ਸਫ਼ਲ ਰਿਹਾ। ਭਾਵੇਂ ਦੁਤੇਰਤੇ ਖ਼ੁਦ ਇੱਕ ਅਮੀਰ ਅਤੇ ਸਿਆਸੀ ਪਰਿਵਾਰ ‘ਚੋਂ ਆਉਂਦਾ ਹੈ ਅਤੇ ਉਸ ਨੇ ਵੀ ਮਿੰਡਨਾਓ ਟਾਪੂ ਵਿੱਚ ਪਰਿਵਾਰ ਦੀ ਸਿਆਸਤ ਨੂੰ ਹੀ ਹੱਲਾਸ਼ੇਰੀ ਦਿੱਤੀ, ਪਰ ਆਪਣੀ ਚੋਣ ਮੁਹਿੰਮ ਵਿੱਚ ਉਸ ਨੇ ਖ਼ੁਦ ਨੂੰ ਲੁਜ਼ੋਨ ਟਾਪੂ ਅਤੇ ‘ਇੰਪੀਰੀਅਲ ਮਨੀਲਾ’ ਦੇ ਬਾਹਰ ਦਾ ਪੇਸ਼ ਕਰਕੇ ਲੋਕਾਂ ਨੂੰ ਇਹ ਯਕੀਨ ਦੁਆਇਆ ਕਿ ਉਹ ਕੁਲੀਨ ਘਰਾਣਿਆਂ ਦੀ ਸੱਤਾ ਨੂੰ ਚਣੌਤੀ ਦੇਵੇਗਾ, ਤਬਦੀਲੀ ਲਿਆਏਗਾ ਅਤੇ ਲੂਜ਼ਾਨ ਟਾਪੂ ਅਤੇ ਮਨੀਲਾ ਸ਼ਹਿਰ ਤੋਂ ਇਲਾਵਾ ਵੀ ਫ਼ਿਲੀਪੀਂਸ ਦੇ ਹੋਰਨਾਂ ਇਲਾਕਿਆਂ ਨੂੰ ਵਿਕਸਤ ਕਰੇਗਾ। ਦੁਤੇਰਤੇ ਦੀ ਹਰਮਨਪਿਆਰਤਾ ਅਤੇ ਬੇਬਾਕ ਸ਼ੈਲੀ ਨੇ ਮੱਧਵਰਗ ਦੇ ਵੱਡੇ ਹਿੱਸੇ ਨੂੰ ਉਸ ਵੱਲ ਖਿੱਚਿਆ ਜੋ ਕੁਲੀਨ ਹਾਕਮ ਘਰਾਣਿਆਂ ਦੀ ਵਿਲਾਸਤਾ ਅਤੇ ਭ੍ਰਿਸ਼ਟਾਚਾਰ ਤੋਂ ਤੰਗ ਆ ਚੁੱਕਿਆ ਸੀ। ਇਹ ਉਹ ਹਾਲਤਾਂ ਸਨ ਜਿਨ੍ਹਾਂ ਵਿੱਚ ਦੁਤੇਰਤੇ ਨੂੰ ਕੇਂਦਰੀ ਸੱਤਾ ਤੱਕ ਪਹੁੰਚਿਆ।

ਦੁਤੇਰਤੇ ਦੇ ਹੁਣ ਤੱਕ ਦੇ ਕਾਰਜਕਾਲ ਦਾ ਲੇਖਾ-ਜੋਖਾ ਅਤੇ ਭਵਿੱਖੀ ਸੰਭਾਵਨਾਵਾਂ

ਰੋਡ੍ਰਿਗੋ ਦੁਤੇਰਤੇ ਦੇ ਫ਼ਿਲੀਪੀਂਸ ਦੇ ਰਾਸ਼ਟਰਪਤੀ ਦੇ ਅਹੁਦੇ ਦਾ ਕਾਰਜਕਾਲ ਸੰਭਾਲੇ ਛੇ ਮਹੀਨੇ ਤੋਂ ਜ਼ਿਆਦਾ ਦਾ ਸਮਾਂ ਲੰਘ ਚੁੱਕਿਆ ਹੈ। ਇਸ ਅਰਸੇ ਵਿੱਚ ਉਸ ਦੇ ਸ਼ਾਸਨ ਦੀ ਰੂਪ-ਰੇਖਾ ਸਮਝੀ ਜਾ ਸਕਦੀ ਹੈ। ਭਾਵੇਂ ਉਹ ਖ਼ੁਦ ਨੂੰ ਇੱਕ ”ਖੱਬੇ-ਪੱਖੀ” ਅਤੇ ਫ਼ਿਲੀਪੀਂਸ ਦਾ ਪਹਿਲਾ ”ਸਮਾਜਵਾਦੀ” ਰਾਸ਼ਟਰਪਤੀ ਕਹਿੰਦਾ ਹੈ ਅਤੇ ਉਹ ਫ਼ਿਲੀਪੀਂਸ ਦੀ ਕਮਿਊਨਿਸਟ ਪਾਰਟੀ ਦੇ ਬਾਨੀ ਜਰਨਲ ਸਕੱਤਰ ਹੋਸੇ ਮਾਰੀਆ ਸਿਸੋਂ ਦਾ ਵਿਦਿਆਰਥੀ ਵੀ ਰਹਿ ਚੁੱਕਿਆ ਹੈ, ਪਰ ਉਸ ਦੀ ਕੈਬਨਿਟ ਦੀ ਬਨਾਵਟ ਅਤੇ ਪਿਛਲੇ ਛੇ ਮਹੀਨਿਆਂ ਵਿੱਚ ਉਸ ਦੀਆਂ ਨੀਤੀਆਂ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਖ਼ੁਦ ਦਾ ਖੱਬੇ-ਪੱਖੀ ਕਹਿਣਾ ਉਸ ਲਈ ਮਹਿਜ ਇੱਕ ਜੁਮਲਾ ਹੈ ਜਿਸ ਦੀ ਵਰਤੋਂ ਉਹ ਆਮ ਕਿਰਤੀਆਂ ਦੀ ਹਮਾਇਤ ਹਾਸਲ ਕਰਨ ਲਈ ਕਰਦਾ ਹੈ। ਗੌਰ ਕਰਨ ਵਾਲ਼ੀ ਗੱਲ ਹੈ ਕਿ ਫ਼ਿਲੀਪੀਂਸ ਵਿੱਚ ਸਰਮਾਏਦਾਰੀ ਵਿਕਾਸ ਦੇ ਲੋੜੀਂਦੇ ਸਬੂਤ ਹੋਣ ਦੇ ਬਾਵਜੂਦ ਫ਼ਿਲੀਪੀਂਸ ਦੀ ਕਮਿਊਨਿਸਟ ਪਾਰਟੀ 1963 ਦੀ ਆਮ ਲੀਹ ਨਾਲ਼ ਹਾਲੇ ਤੱਕ ਚਿੰਬੜੀ ਹੋਈ ਹੈ ਅਤੇ ਫ਼ਿਲੀਪੀਂਸ ਨੂੰ ਅਰਧ-ਜਗੀਰੂ ਅਰਧ-ਬਸਤੀਵਾਦੀ ਮੰਨਦੇ ਹੋਏ ਦੁਤੇਰਤੇ ਨੂੰ ਕੌਮੀ ਬੁਰਜੂਆ ਦਾ ਨੁਮਾਇੰਦਾ ਦੱਸ ਕੇ ਉਸ ਨਾਲ਼ ਸਹਿਯੋਗ ਦੀ ਨੀਤੀ ਅਪਣਾ ਰਹੀ ਹੈ। ਦੁਤੇਰਤੇ ਨੇ ਵੀ ਉਨ੍ਹਾਂ ਨੂੰ ਪਸਮਾਉਣ ਲਈ ਆਪਣੇ ਮੰਤਰੀ-ਮੰਡਲ ਵਿੱਚ ਤਿੰਨ ਕੈਬਨਿਟ ਅਹੁਦੇ- ਕਿਰਤ, ਜ਼ਰੱਈ-ਸੁਧਾਰ ਅਤੇ ਸਮਾਜ ਕਲਿਆਣ- ਖੱਬੇਪੱਖੀਆਂ ਨੂੰ ਦਿੱਤੇ ਹਨ ਅਤੇ ਸ਼ਾਂਤੀ ਵਾਰਤਾ ਪ੍ਰਕਿਰਿਆ ਵੀ ਸ਼ੁਰੂ ਕੀਤੀ ਹੈ। ਪਰ ਗ਼ੌਰ ਕਰਨ ਵਾਲ਼ੀ ਗੱਲ ਇਹ ਹੈ ਕਿ ਦੁਤੇਰਤੇ ਨੇ ਪ੍ਰਮੁੱਖ ਆਰਥਿਕ ਮਹਿਕਮੇ ਅੱਤ-ਨਵ-ਉਦਾਰਵਾਦੀਆਂ ਨੂੰ ਦਿੱਤੇ ਹਨ ਅਤੇ ਆਪਣੇ ਹੁਣ ਤੱਕ ਦੇ ਕਾਰਜਕਾਲ ਦੌਰਾਨ ਉਸ ਨੇ ਉਨ੍ਹਾਂ ਨਵ-ਉਦਾਰਵਾਦੀ ਨੀਤੀਆਂ ਨੂੰ ਬਾ-ਦਸਤੂਰ ਜਾਰੀ ਰੱਖਿਆ ਹੈ ਜਿਨ੍ਹਾਂ ਦੀ ਵਜਾ ਨਾਲ਼ ਫ਼ਿਲੀਪੀਂਸ ਦੇ ਆਮ ਲੋਕਾਂ ਦੀ ਜ਼ਿੰਦਗੀ ਨਰਕ ਜਿਹੀ ਬਣ ਗਈ ਹੈ।

ਫ਼ਿਲੀਪੀਂਸ ਦੀ ਕਮਿਊਨਿਸਟ ਪਾਰਟੀ ਇਹ ਉਮੀਦ ਪਾਲ਼ੀ ਬੈਠੀ ਸੀ ਕਿ ਦੁਤੇਰਤੇ ਸਟੀਲ ਜਿਹੀਆਂ ਬੁਨਿਆਦੀ ਸਨਅਤਾਂ ਦਾ ਕੌਮੀਕਰਨ ਕਰਕੇ ਅਤੇ ਛੋਟੀਆਂ ਅਤੇ ਦਰਮਿਆਨੀਆਂ ਸਨਅਤਾਂ ਨੂੰ ਹੱਲਾਸ਼ੇਰੀ ਦੇ ਕੇ ਕੌਮੀ ਸਨਅਤੀਕਰਨ ਦੀ ਦਿਸ਼ਾ ਵਿੱਚ ਕਦਮ ਚੁੱਕੇਗਾ। ਪਰ ਦੁਤੇਰਤੇ ਨੇ ਹੁਣ ਤੱਕ ਦੇ ਆਪਣੇ ਕਾਰਜਕਾਲ ਵਿੱਚ ਇਹ ਸਪਸ਼ਟ ਕਰ ਦਿੱਤਾ ਹੈ ਕਿ ਉਸ ਦਾ ਅਜਿਹਾ ਕੋਈ ਇਰਾਦਾ ਨਹੀਂ ਹੈ ਤੇ ਉਸ ਨੇ ਫ਼ਿਲੀਪੀਂਨੋ ਲੋਕਾਂ ਦੀ ਸਸਤੀ ਕਿਰਤ ਨੂੰ ਨਿਚੋੜਨ ਦੀ ਖੁੱਲੀ ਅਜ਼ਾਦੀ ਦਾ ਲਾਲਚ ਦਿੰਦੇ ਹੋਏ ਵਿਦੇਸ਼ੀ ਨਿਵੇਸ਼ ਖਿੱਚਣ ਦੀਆਂ ਪੁਰਾਣੀ ਸਰਕਾਰ ਦੀਆਂ ਨੀਤੀਆਂ ਨੂੰ ਬਾ-ਦਸਤੂਰ ਜਾਰੀ ਰੱਖਿਆ ਹੈ। ਗੌਰ ਕਰਨ ਵਾਲ਼ੀ ਗੱਲ ਹੈ ਕਿ ਫ਼ਿਲੀਪੀਂਸ ਵੀ ਭਾਰਤ ਦੀ ਹੀ ਤਰ੍ਹਾਂ ਬਿਜ਼ਨਸ ਪ੍ਰੋਸੈਸ ਆਉਟਸੋਰਸਿੰਗ (ਬੀਪੀਓ) ਦਾ ਇੱਕ ਗੜ੍ਹ ਹੈ ਜਿੱਥੇ ਅਮਰੀਕੀ ਅਤੇ ਯੂਰੋਪੀ ਕੰਪਨੀਆਂ ਵੱਡੀ ਪੱਧਰ ‘ਤੇ ਆਪਣੇ ਬਿਜ਼ਨਸ ਦੇ ਇੱਕ ਹਿੱਸੇ (ਉਦਾਹਰਨ ਵਜੋਂ ਕਾਲ ਸੈਂਟਰ, ਟਰਾਂਸਕ੍ਰਿਪਸ਼ਨ ਆਦਿ) ਨੂੰ ਆਉਟਸੋਰਸ ਕਰਦੀਆਂ ਹਨ।

ਦੁਤੇਰਤੇ ਸਰਕਾਰ ਮਜ਼ਦੂਰਾਂ ਦੀ ਮਜ਼ਦੂਰੀ ਵਧਾਉਣ ਅਤੇ ਠੇਕਾ-ਪ੍ਰਥਾ ਖ਼ਤਮ ਕਰਨ ਦੇ ਆਪਣੇ ਵਾਅਦੇ ਤੋਂ ਵੀ ਮੁੱਕਰਦੀ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਰਿਅਲ ਇਸਟੇਟ ਅਤੇ ਐਗਰੀ-ਬਿਜ਼ਨਸ ਕੰਪਨੀਆਂ ਦੇ ਦਬਾਅ ਵਿੱਚ ਸਰਕਾਰ ਵਾਹੀ-ਯੋਗ ਜ਼ਮੀਨ ਦੀ ਕਿਸੇ ਹੋਰ ਵਰਤੋਂ ‘ਤੇ ਰੋਕ ਦੀ ਕਿਸਾਨਾਂ ਦੀ ਮੰਗ ਦੀ ਵੀ ਅਣਦੇਖੀ ਕਰ ਰਹੀ ਹੈ। ਆਲ਼-ਜੰਜ਼ਾਲ (ਇੰਫਰਾਸਟਰਕਚਰ) ਵਿਕਾਸ ਲਈ ਵੀ ਦੁਤੇਰਤੇ ਸਰਕਾਰ ਨੇ ਵੀ ਆਪਣੀਆਂ ਪੂਰਵਜ਼ ਸਰਕਾਰਾਂ ਦੀ ਹੀ ਤਰ੍ਹਾਂ ਪਬਲਿਕ-ਪ੍ਰਾਈਵੇਟ ਪਾਰਟਰਨਸ਼ਿੱਪ ਦਾ ਰਾਹ ਅਪਣਾਕੇ ਸਰਕਾਰੀ ਖ਼ਜ਼ਾਨੇ ‘ਚੋਂ ਸਬਸਿਡੀ ਦੇ ਕੇ ਸਰਮਾਏਦਾਰਾਂ ਦਾ ਮੁਨਾਫ਼ਾ ਵਧਾਉਣ ਦੀ ਨੀਤੀ ਨੂੰ ਜਾਰੀ ਰੱਖਿਆ ਹੈ। ਇਹੀ ਨਹੀਂ ਇਨਕਮ ਟੈਕਸ, ਏਸਟੇਟ ਟੈਕਸ, ਕੈਪੀਟਲ ਗੇਨਜ਼ ਟੈਕਸ, ਟਰਾਂਜੈਕਸ਼ਨ ਟੈਕਸ ਜਿਹੇ ਸਿੱਧੇ ਟੈਕਸਾਂ ਨੂੰ ਘੱਟ ਕਰਨ ਅਤੇ ਵੈਟ ਜਿਹੇ ਅਸਿੱਧੇ ਟੈਕਸ ਨੂੰ ਵਧਾਉਣ ਦੀਆਂ ਜੋ ਨਵ-ਉਦਾਰਵਾਦੀ ਟੈਕਸ ਨੀਤੀਆਂ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਬੁਰਜੂਆ ਹਾਕਮਾਂ ਦੁਆਰਾ ਲਾਗੂ ਕੀਤੀਆਂ ਜਾ ਰਹੀਆਂ ਹਨ ਉਨ੍ਹਾਂ ਨੂੰ ਦੁਤੇਰਤੇ ਸਰਕਾਰ ਵੀ ਲਾਗੂ ਕਰ ਰਹੀ ਹੈ।

ਵਿਦੇਸ਼ ਨੀਤੀ ਦੇ ਮਾਮਲੇ ਵਿੱਚ ਭਾਵੇਂ ਦੁਤੇਰਤੇ ਨੇ ਅਮਰੀਕਾ ਦੇ ਖ਼ਿਲਾਫ਼ ਕੁਝ ਤਿੱਖੇ ਬਿਆਨ ਜ਼ਰੂਰ ਦਿੱਤੇ (ਉਸ ਨੇ ਅਮਰੀਕਾ ਨਾਲ਼ ਫੌਜੀ ਸਮਝੌਤੇ ਨੂੰ ਰੱਦ ਕਰਨ ਅਤੇ ਦੱਖਣੀ ਚੀਨ ਸਾਗਰ ਵਿੱਚ ਅਮਰੀਕਾ ਦੀ ਫੌਜੀ ਚੌਂਕੀ ਹਟਾਉਣ ਤੱਕ ਦੀ ਧਮਕੀ ਦਿੱਤੀ) ਅਤੇ ਚੀਨ ਅਤੇ ਰੂਸ ਦੀ ਦੋਸਤੀ ਦਾ ਹੱਥ ਵੀ ਵਧਾਇਆ, ਪਰ ਸਮਾਂ ਲੰਘਣ ਨਾਲ਼ ਹੀ ਨਾਲ਼ ਇਹ ਸਪਸ਼ਟ ਹੁੰਦਾ ਜਾ ਰਿਹਾ ਹੈ ਕਿ ਦੁਤੇਰਤੇ ਦਾ ਅਮਰੀਕਾ ਨਾਲ਼ੋਂ ਤੋੜ-ਵਿਛੋੜੇ ਦਾ ਕੋਈ ਇਰਾਦਾ ਨਹੀਂ ਹੈ। ਅਸਲ ਵਿੱਚ, ਦੁਤੇਰਤੇ ਦੱਖਣੀ ਚੀਨ ਸਾਗਰ ਵਿੱਚ ਫ਼ਿਲੀਪੀਂਸ ਦੀ ਜਿਉਗ੍ਰਾਫ਼ਿਕ ਪੁਜ਼ੀਸ਼ਨ (ਫ਼ਿਲੀਪੀਂਸ) ਅਤੇ ਅੰਤਰ-ਸਾਮਰਾਜੀ ਸ਼ਰੀਕਾ-ਭੇੜ ਦਾ ਫਾਇਦਾ ਉਠਾ ਕੇ ਫ਼ਿਲੀਪੀਂਸ ਦੇ ਅਰਥਿਕ ਅਤੇ ਦਾਅਪੇਚਕ ਬਦਲਾਂ ਨੂੰ ਪਸਾਰਨ ਦੀ ਫ਼ਿਲੀਪੀਂਸ ਦੀ ਬੁਰਜੂਆ ਜਮਾਤ ਦੀਆਂ ਖਾਹਿਸ਼ਾਂ ਨੂੰ ਪ੍ਰਗਟਾ ਰਿਹਾ ਹੈ। ਜਿੱਥੇ ਇੱਕ ਪਾਸੇ ਉਹ ਚੀਨ ਨਾਲ਼ ਨੇੜਤਾ ਵਧਾ ਰਿਹਾ ਹੈ, ਉੱਥੇ ਦੂਜੇ ਪਾਸੇ ਉਹ ਅਮਰੀਕਾ ਨਾਲ਼ੋਂ ਪੂਰੀ ਤਰ੍ਹਾਂ ਰਿਸ਼ਤਾ ਨਹੀਂ ਤੋੜ ਰਿਹਾ ਹੈ। ਚੀਨ ਆਪਣੀ ਵੱਕਾਰੀ ਯੋਜਨਾ ‘ਵਨ ਬੈਲਟ ਵਨ ਰੋਡ’ ਹੇਠ ਯੂਰੇਸ਼ੀਆ ਅਤੇ ਅਫ਼ਰੀਕਾ ਦੇ 60 ਦੇਸ਼ਾਂ ਨੂੰ ਸੜਕਾਂ, ਤੇਜ਼ ਗਤੀ ਦੀਆਂ ਰੇਲਾਂ, ਫ਼ਾਈਬਰ ਆਪਟਿਕ ਲਾਈਨਾਂ, ਟਰਾਂਸ-ਕੰਟੀਨੈਂਟਲ ਸਬਮਰੀਨ ਆਪਟੀਕਲ ਕੇਬਲ ਪ੍ਰੋਜੈਕਟਾਂ ਅਤੇ ਸੈਟੇਲਾਈਟ ਇੰਫਰਮੇਸ਼ਨ ਪਾਸਵੇਜ਼ ਰਾਹੀਂ ਜੋੜਨਾ ਚਾਹੁੰਦਾ ਹੈ। ਦੁਤੇਰਤੇ ਫ਼ਿਲੀਪੀਂਸ ਦੇ ਵੱਖ-ਵੱਖ ਟਾਪੂਆਂ ਅਤੇ ਸ਼ਹਿਰਾਂ ਨੂੰ ਜੋੜਨ ਲਈ ਇਸ ਯੋਜਨਾ ਹੇਠ ਚੀਨੀ ਨਿਵੇਸ਼ ਫ਼ਿਲੀਪੀਂਸ ਵੱਲ ਖਿੱਚਣਾ ਚਾਹੁੰਦਾ ਹੈ। ਇਸੇ ਮਕਸਦ ਨਾਲ਼ ਉਸ ਨੇ ਪਿੱਛੇ ਜਿਹੇ ਹੀ ਚੀਨ ਦੀ ਯਾਤਰਾ ਵੀ ਕੀਤੀ ਜਿਸ ਦੌਰਾਨ ਉਹ ਫ਼ਿਲੀਪੀਂਸ ਵਿੱਚ 24 ਅਰਬ ਡਾਲਰ ਦਾ ਚੀਨੀ ਨਿਵੇਸ਼ ਖਿੱਚਣ ਵਿੱਚ ਸਫ਼ਲ ਵੀ ਰਿਹਾ। ਚੀਨ ਵੱਲ ਨਰਮ ਰਵੱਈਆ ਅਖ਼ਤਿਆਰ ਕਰਦੇ ਹੋਏ ਦੁਤੇਰਤੇ ਨੇ ਦੱਖਣੀ ਚੀਨ ਸਾਗਰ ਵਿੱਚ ਇੱਕ ਕੌਮਾਂਤਰੀ ਟਿਬਿਊਨਲ ਦੇ ਫ਼ੈਸਲੇ ਨੂੰ ਨਾ ਮੰਨਣ ਦੇ ਚੀਨ ਦੇ ਫ਼ੈਸਲੇ ਦੇ ਖ਼ਿਲਾਫ਼ ਕੋਈ ਅਪੀਲ ਨਾ ਕਰਨ ਦਾ ਫੈਸਲਾ ਲਿਆ। ਗ਼ੌਰ ਕਰਨ ਵਾਲ਼ੀ ਗੱਲ ਹੈ ਕਿ ਕੌਮਾਂਤਰੀ ਟ੍ਰਿਬਿਊਨਲ ਵਿੱਚ ਇਹ ਵਿਵਾਦਤ ਮਾਮਲਾ ਫ਼ਿਲੀਪੀਂਸ ਦੀ ਹੀ ਪੁਰਾਣੀ ਸਰਕਾਰ ਲੈ ਕੇ ਗਈ ਸੀ।

ਭਾਵੇਂ ਫੌਜੀ ਮਾਮਲਿਆਂ ਵਿੱਚ ਪਰ ਨਾਲ਼ ਹੀ ਦੁਤੇਰਤੇ ਅਮਰੀਕਾ ਦੁਆਰਾ ਪ੍ਰਸਤਾਵਿਤ ਟ੍ਰਾਂਸ-ਪੈਸਿਫ਼ਿਕ ਪਾਰਟਨਰਸ਼ਿਪ (ਟੀਪੀਪੀ) ਨਾਮੀ ਮੁਕਤ ਵਪਾਰ ਸਮਝੌਤੇ ਵੱਲ ਵੀ ਦਿਲਚਸਪੀ ਦਿਖਾ ਰਿਹਾ ਹੈ ਜਿਸ ਵਿੱਚ ਚੀਨ ਨੂੰ ਛੱਡ ਕੇ ਏਸ਼ੀਆ-ਪ੍ਰਸ਼ਾਂਤ ਖੇਤਰ ਦੇ ਸਾਰੇ ਦੇਸ਼ ਸ਼ਾਮਲ ਹੋਣਗੇ। ਇਸ ਸਮਝੌਤੇ ਦੀ ਇੱਕ ਪ੍ਰਮੁੱਖ ਸ਼ਰਤ ਇਹ ਹੈ ਕਿ ਇਸ ਵਿੱਚ ਸ਼ਾਮਲ ਸਾਰੇ ਦੇਸ਼ਾਂ ਨੂੰ ਆਪਣੀਆਂ ਸਨਅਤਾਂ ਵਿੱਚ ਪੂਰਨ ਵਿਦੇਸ਼ੀ ਮਾਲਕੀ ਦੀ ਮੰਜ਼ੂਰੀ ਦੇਣੀ ਹੋਵੇਗੀ। ਇਸ ਲਈ ਫ਼ਿਲੀਪੀਂਸ ਦੇ ਸੰਵਿਧਾਨ ਵਿੱਚ ਸੋਧ ਕਰਨੀ ਹੋਵੇਗੀ। ਦੁਤੇਰਤੇ ਨੇ ਹੁਣੇ ਜਿਹੇ ਹੀ ਇਸ ਸੰਵਿਧਾਨ ਸੋਧ ਲਈ ਇੱਕ ਕਮੇਟੀ ਬਣਾਈ ਹੈ। ਅਮਰੀਕਾ ਤੋਂ ਇਲਾਵਾ ਦੁਤੇਰਤੇ ਜਪਾਨ ਨਾਲ਼ ਵੀ ਸਬੰਧ ਕਾਇਮ ਰੱਖਣਾ ਚਾਹੁੰਦਾ ਹੈ। ਏਸੇ ਮਕਸਦ ਨਾਲ਼ ਉਸ ਨੇ ਚੀਨ ਤੋਂ ਬਾਅਦ ਜਪਾਨ ਦੀ ਵੀ ਯਾਤਰਾ ਕੀਤੀ। ਇਹੀ ਨਹੀਂ ਉਸ ਨੇ ਯੂਰੋਪ ਦੇ ਦੇਸ਼ਾਂ ਨਾਲ਼ ਮੁਕਤ ਵਪਾਰ ਸਮਝੌਤਿਆਂ ‘ਤੇ ਵੀ ਦਸਤਖ਼ਤ ਕਰਨ ਦੀ ਵੀ ਪਹਿਲ ਕੀਤੀ ਹੈ।

ਸਪਸ਼ਟ ਹੈ ਕਿ ਦੁਤੇਰਤੇ ਭਾਵੇਂ ਹੀ ਖ਼ੁਦ ਨੂੰ ਜਮਾਤਾਂ ਤੋਂ ਉਪੱਰ ਦੱਸਦਾ ਹੈ ਪਰ ਉਹ ਬੁਰਜੂਆ ਜਮਾਤ ਦੇ ਹਿੱਤਾਂ ਦੀ ਨੁਮਾਇੰਦਗੀ ਕਰ ਰਿਹਾ ਹੈ। ਨਵ-ਉਦਾਰਵਾਦੀ ਨੀਤੀਆਂ ਨੂੰ ਲਾਗੂ ਕਰਨ ਲਈ ਜਿਸ ਨਿਰੰਕੁਸ਼ਤਾ ਦੀ ਲੋੜ ਹੁੰਦੀ ਹੈ ਉਹ ਦੁਤੇਰਤੇ ਵਿੱਚ ਕੁੱਟ-ਕੁੱਟ ਕੇ ਭਰੀ ਹੋਈ ਹੈ। ਉਸ ਦੀਆਂ ਕੋਸ਼ਿਸ਼ਾਂ ਦੇ ਨਤੀਜੇ ਵਜੋਂ ਫ਼ਿਲੀਪੀਂਸ ਵਿੱਚ ਭਾਵੇਂ ਹੀ ਵਿਦੇਸ਼ੀ ਸਰਮਾਏ ਨੂੰ ਹੱਲਾਸ਼ੇਰੀ ਮਿਲ਼ੇਗੀ, ਪਰ ਉਸ ਦਾ ਫ਼ਾਇਦਾ ਉੱਥੋਂ ਦੇ ਅਮੀਰਾਂ ਨੂੰ ਹੀ ਹੋਣ ਵਾਲ਼ਾ ਹੈ ਅਤੇ ਫ਼ਿਲੀਪੀਂਸ ਦੀ ਆਮ ਕਿਰਤੀ ਲੋਕਾਈ ਦੀ ਜ਼ਿੰਦਗੀ ਦੀਆਂ ਔਕੜਾਂ ਕਾਇਮ ਰਹਿਣਗੀਆਂ ਕਿਉਂਕਿ, ਨਵ-ਉਦਾਰਵਾਦੀ ਨੀਤੀਆਂ ਰੁਜ਼ਗਾਰ ਵਿਹੂਣਾ ਵਿਕਾਸ ਹੀ ਦੇ ਸਕਦੀਆਂ ਹਨ, ਜਿਸ ਦੇ ਨਤੀਜੇ ਵਜੋਂ ਨਾ-ਬਰਾਬਰੀ ਦੀ ਖਾਈ ਦਾ ਹੋਰ ਚੌੜਾ ਹੋਣਾ ਜਾਰੀ ਰਹੇਗਾ। ਹਾਂ ਇਹ ਜ਼ਰੂਰ ਹੈ ਕਿ ਫ਼ਿਲੀਪੀਂਸ ਦੇ ਇਤਿਹਾਸ ਵਿੱਚ ਪਹਿਲੀ ਵਾਰ ਅਮਰੀਕੀ ਸਾਮਰਾਜਵਾਦੀਆਂ ‘ਤੇ ਪੂਰਨ ਨਿਰਭਰਤਾ ਦੀ ਥਾਂ ਫ਼ਿਲੀਪੀਂਸ ਦੀ ਜਿਉਗ੍ਰਾਫ਼ੀਕਲ ਸਥਿਤੀ ਦਾ ਫ਼ਾਇਦਾ ਉਠਾ ਕੇ ਉਹ ਅਮਰੀਕਾ ਅਤੇ ਚੀਨ ਦੋਵਾਂ ਨਾਲ਼ ਮੁੱਲ-ਭਾਅ ਕਰਨ ਦੀ ਦਿਸ਼ਾਂ ਵਿੱਚ ਅੱਗੇ ਵਧੇਗਾ। ਦੇਖਣਾ ਇਹ ਹੈ ਕਿ ਅਮਰੀਕਾ ਵਿੱਚ ਟਰੰਪ ਦੇ ਸੱਤਾ ਵਿੱਚ ਆਉਣ ਦਾ ਕੀ ਪ੍ਰਭਾਵ ਪਏਗਾ? ਏਨਾ ਤਾਂ ਤੈਅ ਹੈ ਕਿ ਦੱਖਣੀ ਚੀਨ ਸਾਗਰ ਵਿੱਚ ਅਮਰੀਕੀ ਅਤੇ ਚੀਨੀ ਸਾਮਰਾਜਵਾਦੀਆਂ ਵਿੱਚ ਜਾਰੀ ਮੁਕਾਬਲੇਬਾਜ਼ੀ ਹੋਰ ਤੇਜ਼ ਹੋਵੇਗੀ ਜਿਸ ਨਾਲ਼ ਉੱਥੇ ਤਣਾਅ ਅਤੇ ਅਸਥਿਰਤਾ ਦਾ ਮਹੌਲ ਵੀ ਪੈਦਾ ਹੋਵੇਗਾ ਜਿਸ ਦਾ ਮਾੜਾ ਨਤੀਜਾ ਫ਼ਿਲੀਪੀਂਸ ਦੀ ਆਮ ਅਬਾਦੀ ਨੂੰ ਵੀ ਝੱਲਣਾ ਪਵੇਗਾ।

ਸੰਦਰਭ ਸੂਚੀ

੧. https://business.inquirer.net/110413/philippines-elite-swallow-countrys-new-wealth
੨. http://www.bworldonline.com/content.php?section=TopStory&title=peverty-statistics-at-multi-year-low&id=128159  

“ਪਰ੍ਤੀਬੱਧ”, ਅੰਕ  28, ਅਪੈਰ੍ਲ 2017 ਵਿਚ ਪਰ੍ਕਾਸ਼ਿ

ਇਸ਼ਤਿਹਾਰ