ਪਾਲ ਕਰੁਗਮਾਨ ਦਾ ਦਰਦ • ਸ਼ਿਸ਼ਿਰ

paul karugman

ਪੀ.ਡੀ.ਐਫ਼ ਡਾਊਨਲੋਡ ਕਰੋ

2006 ਦੇ ਅੰਤ ਤੋਂ ਸੰਸਾਰ ਪੂੰਜੀਵਾਦ ਜੋ ਮੰਦੀ ਦੇ ਭੰਵਰ ‘ਚ ਫਸਿਆ, ਤਾਂ ਹੁਣ ਤੱਕ ਉੱਭਰ ਨਹੀਂ ਸਕਿਆ ਹੈ। ਵਿੱਤੀ ਸਰਮਾਏਦਾਰਾਂ, ਜੁਆਰੀਆਂ ਅਤੇ ਸੱਟੇਬਾਜਾਂ ਦੇ ਤੁਰਤ-ਫੁਰਤ ਮੁਨਾਫ਼ਾ ਕਮਾ ਲੈਣ ਦੀ ਹਵਸ ਦਾ ਸ਼ਿਕਾਰ ਇਕ ਵਾਰ ਫਿਰ ਤੋਂ ਦੁਨੀਆਂ ਭਰ ਦੇ ਮਜ਼ਦੂਰ ਅਤੇ ਆਮ ਕਿਰਤੀ ਲੋਕ ਬਣੇ ਹਨ। ਅਸਲ ‘ਚ ਜਿਸਨੂੰ ਮੀਡੀਆ ਨੇ ਵਿੱਤੀ ਸੰਕਟ ਦਾ ਨਾਮ ਦਿੱਤਾ ਸੀ, ਉਹ ਅਸਲੀ ਅਰਥਚਾਰੇ ‘ਚ ਆਇਆ ਸੰਕਟ ਸੀ। ਸਾਮਰਾਜਵਾਦ ਦੇ ਇਸ ਦੌਰ ‘ਚ ਜਦੋਂ ਵਿੱਤੀ ਪੂੰਜੀ ਪੂਰੀ ਤਰ੍ਹਾਂ ਨਿਯੰਤਰਕ ਦੀ ਹਾਲਤ ‘ਚ ਹੈ, ਤਾਂ ਅਸਲੀ ਅਰਥਚਾਰੇ ਵਿੱਚ ਵੀ ਆਉਣ ਵਾਲੇ ਸੰਕਟਾਂ ਦਾ ਪ੍ਰਗਟਾਵਾ ਵੀ ਕੁਝ ਅਜਿਹਾ ਹੀ ਹੋ ਸਕਦਾ ਹੈ। 1870 ‘ਚ ਆਉਣ ਆਏ ਪਹਿਲੇ ਸੰਸਾਰ ਵਿਆਪੀ ਆਰਥਿਕ ਸੰਕਟ ਦੇ ਰੂਪ ‘ਚ ਹੁਣ ਸੰਕਟ ਸਾਹਮਣੇ ਆਵੇਗਾ, ਇਸਦੀ ਉਮੀਦ ਘੱਟ ਹੀ ਹੈ। 2009 ਦੇ ਅੰਤ ਅਤੇ 2010 ਦੇ ਸ਼ੁਰੂਆਤੀ ਮਹੀਨਿਆਂ ‘ਚ ਸੰਕਟ ਦੀ ਮਾਰ ਨਾਲ ਡਗਮਗਾਇਆ ਪੂੰਜੀਵਾਦੀ ਅਰਥਚਾਰਾ ਥੋੜਾ-ਬਹੁਤ ਸੰਭਲਣ ਦੀ ਹਾਲਤ ‘ਚ ਆਉਂਦਾ ਨਜ਼ਰ ਨਹੀਂ ਆ ਰਿਹਾ ਸੀ। ਪਰ ਹੁਣ ਸਾਬਿਤ ਹੋ ਗਿਆ ਹੈ ਕਿ ਇਹ ਮਹਿਜ਼ ਦ੍ਰਿਸ਼ਟੀ ਭਰਮ ਸੀ ਅਤੇ ਇਕ ਮੰਦ ਸੰਕਟ ਲੰਮੇ ਸਮੇਂ ਤੱਕ ਜਾਰੀ ਰਹੇਗਾ, ਜਿਹੜਾ ਵਿੱਚ-ਵਿੱਚ ਮਹਾਂਮੰਦੀ ਦੇ ਟੋਏ ‘ਚ ਵੀ ਡਿੱਗ ਸਕਦਾ ਹੈ। ਇਸ ਲੰਮੇਂ ਸੰਕਟ ਨੇ (ਜਿਹੜਾ ਅਸਲ ‘ਚ 1970 ਦੇ ਦਹਾਕੇ ਤੋਂ ਜਾਰੀ ਹੈ, ਕਿਉਂਕਿ ਪੂੰਜੀਵਾਦ ਨੇ ਉਸ ਮਗਰੋਂ ਇਕ ਵੀ ਵਿਚਾਰਕਰਨਯੋਗ ਤੇਜ਼ੀ ਦਾ ਦੌਰ ਨਹੀਂ ਵੇਖਿਆ ਹੈ ਅਤੇ ਸਮੇਂ-ਸਮੇਂ ‘ਤੇ ਫੁਲਾਏ ਗਏ ਵਿੱਤੀ ਪੂੰਜੀ ਦੇ ਸਾਰੇ ਬੁਲਬੁਲੇ ਫੁੱਟ ਗਏ) ਇਕ ਵਾਰੀ ਫਿਰ ਸਾਬਿਤ ਕੀਤਾ ਹੈ ਕਿ ਪੂੰਜੀਵਾਦ ਇਤਿਹਾਸ ਅਤੇ ਵਿਚਾਰਧਾਰਾ ਦਾ ਅੰਤ ਨਹੀਂ ਹੈ। 

ਪਰ ਇਸ ਪੂਰੀ ਦੁਨੀਆਂ ‘ਚ ਸਭ ਤੋਂ ਵੱਧ ਖਿੱਲੀ ਉੱਡੀ ਹੋਈ ਹੈ ਪੂੰਜੀਵਾਦ ਦੀ ਸੇਵਾ ਕਰਨ ਵਾਲੇ ਸਾਰੇ ਅਰਥਸ਼ਾਸਤਰੀਆਂ ਦੀ। ਅੱਜਕਲ ਸਭ ਤੋਂ ਵੱਧ ਮਸ਼ਹੂਰ ਅਤੇ ਅਰਥਸ਼ਾਸਤਰ ਦਾ ਨੋਬੇਲ ਪੁਰਸਕਾਰ ਹਾਸਲ ਕਰਨ ਵਾਲੇ ਅਰਥਸ਼ਾਸਤਰੀ ਪਾਲ ਕਰੁਗਮਾਨ ਦੀ ਹਾਲਤ ਕਾਫ਼ੀ ਨਿਰਾਸ਼ਾਜਨਕ ਹੈ। ਇਹੀ ਹਾਲਤ ਪੂੰਜੀਵਾਦ ਦੇ ਕਾਲਸਿਕੀ ਹਕੀਮ ਕੀਨਸ ਦੇ ਸਾਰੇ ਚੇਲਿਆਂ ਦੀ ਹੈ। ਇਹਨਾਂ ਚੇਲਿਆਂ ‘ਚ ਭਾਰਤ ਦੇ ਪ੍ਰਭਾਤ ਪਟਨਾਇਕ ਤੋਂ ਲੈ ਕੇ ਜਯਾਤੀ ਘੋਸ਼ ਅਤੇ ਸੀ.ਪੀ. ਚੰਦਰਸ਼ੇਖ਼ਰ  ਸ਼ਾਮਿਲ ਹਨ। ਇਹ ਸਾਰੇ ਕਲਿਆਣਵਾਦੀ ਪੂੰਜੀਵਾਦ ਦੇ ਪੁਜਾਰੀ ਲਗਾਤਾਰ ਆਪਣੇ-ਆਪਣੇ ਦੇਸ਼ ਦੀਆਂ ਸਰਕਾਰਾਂ ਦੇ ਮੋਢੇ ‘ਤੇ ਬਹਿ ਕੇ ਉਹਨਾਂ ਦੇ ਕੰਨ ‘ਚ ਕੀਨਸੀਆਈ ਨੁਸਖਿਆਂ ਦਾ ਜਾਪ ਕਰਦੇ ਰਹਿੰਦੇ ਹਨ। ਪਰ ਸਦਾ ਦੀ ਤਰ੍ਹਾਂ ਕੀਨੀਸੀਆਈ ਨੁਸਖੇ ਮੰਦੀ ਦੀ ਮਾਰ ਖਾਧੇ ਅਤੇ ਲੋਕ ਬੇਚੈਨੀ ਤੋਂ ਡਰੇ ਪੂੰਜੀਵਾਦ ਨੂੰ ਸਿਰਫ਼ ਕੁਝ ਸਮੇਂ ਦੀ ਰਾਹਤ ਦਿੰਦੇ ਹਨ। ਵਜ੍ਹਾ ਇਹ ਹੈ ਕਿ ਕੀਨਸੀਆਈ ਨੁਸਖਿਆਂ ਦਾ ਮਕਸਦ ਪੂੰਜੀਵਾਦ ਦਾ ਬਦਲ ਪੇਸ਼ ਕਰਨਾ ਨਹੀਂ, ਸਗੋਂ ਉਸ ਨੂੰ ਵਿਨਾਸ਼ ਤੋਂ ਬਚਾਉਣਾ ਹੈ। ਪੂੰਜੀਵਾਦੀ ਪ੍ਰਬੰਧ ਅੰਦਰ ਮੁਨਾਫੇ ਦਾ ਤਰਕ ਆਤਮਘਾਤੀ ਤਰੀਕੇ ਨਾਲ ਕੰਮ ਕਰਦਾ ਹੈ ਕਿਉਂਕਿ ਇਹ ਨਿੱਜੀ ਮਾਲਕੀ ਅਤੇ ਮੁਨਾਫ਼ੇ ‘ਤੇ ਅਧਾਰਿਤ ਹੈ। ਮਹਿੰਗਾਈ ਅਤੇ ਬੇਘਰੀ ਦਾ ਵੀ ਇਹੀ ਆਲਮ ਹੈ!  ਕਰੁਗਮਾਨ ਲਗਾਤਾਰ ਅਖ਼ਬਾਰਾਂ ‘ਚ ਕਾਲਮ ‘ਤੇ ਕਾਲਮ ਰੰਗੀ ਜਾ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਅਮਰੀਕਾ ਅਤੇ ਯੂਰਪ ਦੇ ਦੇਸ਼ਾਂ ਨੂੰ ਹੁਣ ਲੰਮੇਂ ਸਮੇਂ ਤੱਕ ਬਜਟ ਘਾਟਾ ਚੁੱਕ ਕੇ ਕਲਿਆਣ ਕਾਰਜਾਂ ‘ਤੇ ਖਰਚ ਨਹੀਂ ਕਰਨਾ ਚਾਹੀਦਾ। ਇਹ ਮੰਦੀ ਹੁਣ ਜਾਣ ਵਾਲੀ ਨਹੀਂ ਹੈ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਅਜਿਹਾ ਨਹੀਂ ਕੀਤਾ ਗਿਆ ਤਾਂ ਉਹੀ ਕਹਾਣੀ ਦੁਹਰਾਈ ਜਾਵੇਗੀ, ਜਿਹੜੀ 1937 ‘ਚ ਹੋਈ ਸੀ। ਉਸ ਸਮੇਂ ਵੀ 1931 ਤੱਕ ਚਲੀ ਮਹਾਂਮੰਦੀ ਮਗਰੋਂ 1937 ‘ਚ ਪਹਿਲੀ ਵਾਰੀ ਅਰਥਚਾਰੇ ‘ਚ ਸੁਧਾਰ ਆਇਆ ਸੀ ਅਤੇ ਸਾਰੇ ਪੂੰਜੀਵਾਦੀ ਲੁੱਚੇ-ਲਫ਼ੰਗੇ ਸ਼ੇਅਰ ਬਜ਼ਾਰਾਂ ਦੇ ਜੁਆਘਰਾਂ ‘ਤੇ ਟੁੱਟ ਪਏ ਸਨ ਅਤੇ ਅਰਥਚਾਰਾ ਬੁਰੀ ਤਰ੍ਹਾਂ ਡਗਮਗਾ ਕੇ ਫਿਰ ਤੋਂ ਅੰਨ੍ਹੇ ਮੂੰਹ ਡਿੱਗ ਪਿਆ ਸੀ। ਕਰੁਗਮਾਨ ਦਾ ਡਰ ਕਾਫ਼ੀ ਹੱਦ ਤੱਕ ਸਹੀ ਵੀ ਸਾਬਿਤ ਹੋ ਰਿਹਾ ਹੈ। ਅਮਰੀਕਾ ਸਮੇਤ ਯੂਰਪ ਦੇ ਸਾਰੇ ਉੱਨਤ ਪੂੰਜੀਵਾਦੀ ਦੇਸ਼ਾਂ ‘ਚ ਬੇਰੁਜ਼ਗਾਰੀ ਅਤੇ ਮਹਿੰਗਾਈ ‘ਤੇ ਕਾਬੂ ਪਾ ਸਕਣਾ ਫਿਲਹਾਲ ਤਾਂ ਬਹੁਤ ਦੂਰ ਨਜ਼ਰ ਆ ਰਿਹਾ ਹੈ। 

ਪਰ ਕਰੁਗਮਾਨ ਵਰਗੇ ਕਲਿਆਣਵਾਦੀ ਪੂੰਜੀਵਾਦੀ ਅਰਥਸ਼ਾਸਤਰੀ ਇਹ ਨਹੀਂ ਸਮਝ ਪਾਉਂਦੇ ਹਨ ਕਿ ਪੂੰਜੀਵਾਦੀ ਪ੍ਰਬੰਧ ‘ਚ ਛੋਟ ਵਜੋਂ ਆਉਣ ਵਾਲੇ ਤੇਜ਼ੀ ਦੇ ਦੌਰਾਂ ਨੂੰ ਛੱਡ ਦਿੱਤਾ ਜਾਵੇ ਤਾਂ ਇਹ ਸੰਭਵ ਨਹੀਂ ਹੁੰਦਾ ਕਿ ਕਲਿਆਣਕਾਰੀ ਪ੍ਰੋਗਰਾਮਾਂ ‘ਤੇ ਖਰਚ ਵਧਾ ਕੇ, ਰੁਜ਼ਗਾਰ ਪੈਦਾ ਕਰਕੇ, ਘਰੇਲੂ ਮੰਗ ਨੂੰ ਹੱਲਸ਼ੇਰੀ ਦੇ ਕੇ, ਅਜਿਹੇ ਹੀ ਹੋਰ ਪ੍ਰੋਗਰਾਮਾਂ ਨੂੰ ਅਪਣਾ ਕੇ ਮੰਦੀ ਨੂੰ ਦੂਰ ਕਰਨਾ ਸੰਭਵ ਨਹੀਂ ਹੁੰਦਾ। ਅਜਿਹਾ ਕਿਉਂ ਹੁੰਦਾ ਹੈ, ਇਸ ‘ਤੇ ਅਸੀਂ ਕਦੇ ਵਿਸਥਾਰ ਤੋਂ ਲਿਖਾਂਗੇ। ਪਰ ਫ਼ਿਲਹਾਲ ਇਕ ਸਰਲ ਜਿਹੇ ਤਰਕ ਨੂੰ ਸਮਝ ਲੈਣਾ ਉਪਯੋਗੀ ਹੋਵੇਗਾ। ਜੇਕਰ ਪੂੰਜੀਵਾਦੀ ਰਾਜ ਬਜਟ ਘਾਟਾ ਚੁੱਕਦੇ ਹੋਏ ਕਲਿਆਣਕਾਰੀ ਪ੍ਰੋਗਰਾਮਾਂ ‘ਤੇ ਖਰਚ ਕਰਦੇ ਹੋਏ ਰੁਜ਼ਗਾਰ ਪੈਦਾ ਕਰਦਾ ਹੈ ਤਾਂ ਇਸ ਨਾਲ ਮਜ਼ਦੂਰ ਜਮਾਤ ਦੀ ਸੌਦੇਬਾਜ਼ੀ ਕਰਨ ਦੀ ਸਮਰਥਾ ਵੱਧਦੀ ਹੈ ਅਤੇ ਉਜਰਤ ਜਾਂ ਤਨਖਾਹ ‘ਚ ਵਾਧਾ ਹੁੰਦਾ ਹੈ। ਇਹ ਨਿੱਜੀ ਸਰਮਾਏਦਾਰਾਂ ਦੇ ਮੁਨਾਫ਼ੇ ਦਾ ਮਾਰਜਨ ਘਟਾਉਂਦਾ ਹੈ। ਪੂੰਜੀਵਾਦੀ ਰਾਜ ਪੂਰੀ ਪੂੰਜੀਪਤੀ ਜਮਾਤ ਦੀ ਇੱਛਾ ਦੇ ਵਿਰੁੱਧ ਅਜਿਹੇ ਪ੍ਰੋਗਰਾਮ ਨਹੀਂ ਚਲਾ ਸਕਦਾ। ਵਜ੍ਹਾ ਸਾਫ਼ ਹੈ — ਪੂੰਜੀਵਾਦੀ ਸਰਕਾਰ ਪੂੰਜੀਪਤੀ ਜਮਾਤ ਦੀ ਮੈਨੇਜਿੰਗ ਕਮੇਟੀ ਹੁੰਦੀ ਹੈ ਅਤੇ ਪੂੰਜੀਵਾਦੀ ਰਾਜ ਪੂੰਜੀਵਾਦੀ ਲੁੱਟ ਦੀ ਮਸ਼ੀਨਰੀ ਨੂੰ ਸੁਚਾਰੂ ਰੂਪ ਨਾਲ ਚਲਾਉਂਦੇ ਰਹਿਣ ਵਾਲੇ ਸੰਦ ਦੀ ਭੂਮਿਕਾ ਨਿਭਾਉਂਦਾ ਹੈ। ਇਹੀ ਵਜ੍ਹਾ ਹੈ ਕਿ ਭਿਅੰਕਰ ਸੰਕਟਾਂ ਦੇ ਦੌਰਾਂ ਨੂੰ ਛੱਡ ਦਿੱਤਾ ਜਾਵੇ ਤਾਂ ਪੂੰਜੀਵਾਦੀ ਰਾਜ ਅਤੇ ਸਰਕਾਰ ਨਿੱਜੀ ਸਰਮਾਏਦਾਰਾਂ ਦੇ ਫਾਇਦੇ ਨੂੰ ਨਿਗਾਹ ‘ਚ ਰੱਖਦੇ ਹੋਏ ਉਦਾਰੀਕਰਨ ਅਤੇ ਨਿੱਜੀਕਰਨ ਦੀਆਂ ਨੀਤੀਆਂ ਨੂੰ ਹੀ ਲਾਗੂ ਕਰਦਾ ਹੈ। ਲੋਕਾਂ ਦੀਆਂ ਤਕਲੀਫ਼ਾਂ ਜਦੋਂ ਤੱਕ ਵਿਸਫੋਟਕ ਹੋਣ ਦੀ ਹੱਦ ਤੱਕ ਨਾ ਵੱਧ ਜਾਣ, ਓਦੋਂ ਤੱਕ ਪੂੰਜੀਵਾਦੀ ਰਾਜ ਦਖਲ ਨਹੀਂ ਦਿੰਦਾ ਹੈ। 

ਪਰ ਜ਼ਾਹਿਰ ਹੈ ਕਰੁਗਮਾਨ ਵਰਗੇ ਪ੍ਰਬੰਧ-ਸੇਵਕ ਇਸ ਸੱਚਾਈ ਨੂੰ ਨਹੀਂ ਸਮਝ ਸਕਦੇ ਜਾਂ ਫਿਰ ਸਮਝ ਕੇ ਵੀ ਨਾ ਸਮਝ ਬਣਦੇ ਹਨ ਅਤੇ ‘ਵਿਵੇਕਵਾਨ ਪੁਰਸ਼ਾਂ’ ਵਾਗੂੰ ਪੂੰਜੀਵਾਦੀ ਪ੍ਰਬੰਧ ਦੇ ਸੰਚਾਲਕਾਂ ਨੂੰ ਭਾਵੀ ਭਿੰਅਕਰ ਵਿਸਫੋਟਾਂ ਬਾਰੇ ਸਚੇਤ ਕਰਦੇ ਰਹਿੰਦੇ ਹਨ। ਅਸਲ ‘ਚ ਪਾਲ ਕਰੁਗਮਾਨ, ਜੋਸੇਫ਼ ਸਟਿਗਲਿਟਜ਼, ਪ੍ਰਭਾਤ ਪਟਨਾਇਕ, ਜਯਾਤੀ ਘੋਸ਼ ਅਤੇ ਸੀ.ਪੀ ਚੰਦਰਸ਼ੇਖ਼ਰ ਵਰਗੇ ਅਰਥਸ਼ਾਸਤਰੀ ਕੀਨੀਸੀਆਈ ਅਰਥਸ਼ਾਸਤਰ ਦੇ ਗੁਰੂਮੰਤਰ ਮੁਨਾਫ਼ੇ ਦੀ ਹਵਸ ‘ਚ ਆਤਮਘਾਤੀ ਅਰਾਜਕ ਗਤੀ ਕਰਦੀ ਪੂੰਜੀਵਾਦੀ ਪ੍ਰਬੰਧ ਦੀ ਗਤੀ ਨੂੰ ਕੁਝ ਨਿਯਮਿਤ ਕਰਨ ‘ਚ ਆਪਣੀ ਸਾਰੀ ਊਰਜਾ ਖਰਚ ਕਰਦੇ ਹਨ। ਅਸਲ ‘ਚ, ਸੱਤਾ ਅਦਾਰਿਆਂ ‘ਚ ਮੋਟੀਆਂ ਤਨਖਾਹਾਂ ਲੈਣ ਵਾਲੇ ਇਹ ਅਰਥਸ਼ਾਸਤਰੀ ਇਸੇ ਸੇਵਾ ਦਾ ਹੀ ਮੇਵਾ ਪਾਉਂਦੇ ਹਨ। ਜਦੋਂ ਇਹਨਾਂ ਦੀ ‘ਵਿਵੇਕਪੂਰਣ’ ਸਲਾਹ ਨਹੀਂ ਮੰਨੀ ਜਾਂਦੀ ਹੈ ਤਾਂ ਇਹ ਕੁਝ ਦੁਖੀ ਅਤੇ ਬੇਚੈਨ ਹੋ ਜਾਂਦੇ ਹਨ। ਪਾਲ ਕਰੁਗਮਾਨ ਅਤੇ ਉਹਨਾਂ ਵਰਗੇ ਸਾਰੇ ਕੀਨਸ ਦੇ ਚੇਲਿਆਂ ਦਾ ਅੱਜ ਇਹੀ ਦਰਦ ਹੈ ਕਿ ਪੂਰੇ ਸੰਸਾਰ ਪੂੰਜੀਵਾਦੀ ਪ੍ਰਬੰਧ ਦੇ ਕਰਤਾ-ਧਰਤਾ ਉਹਨਾਂ ਦੀ ਗੱਲ ਨਹੀ ਸੁਣ ਰਹੇ ਹਨ ਅਤੇ ਪੂੰਜੀਵਾਦ ਨੂੰ ਵਿਨਾਸ਼ ਵੱਲ ਧੱਕ ਰਹੇ ਹਨ। ਪਰ ਇਹ ਅਰਥਸ਼ਾਸਤਰੀ ਇਹ ਨਹੀਂ ਸਮਝਦੇ ਕਿ ਪ੍ਰਬੰਧ ਕੋਲ ਵੀ ਕੋਈ ਬਦਲ ਨਹੀਂ ਹੈ। ਯੋਜਨਾਬੱਧਤਾ ਅਤੇ ਅਰਾਜਕਤਾ ਦਰਮਿਆਨ ਜਾਰੀ ਦਵੰਦ ਇਸ ਪ੍ਰਬੰਧ ਦੇ ਦਾਇਰੇ ਅੰਦਰ ਸਦਾ ਅਰਾਜਕਤਾ ਦੀ ਜਿੱਤ ਦੇ ਨਾਲ ਸਮਾਪਤ ਹੁੰਦਾ ਹੈ। 

“ਪ੍ਰਤੀਬੱਧ”, ਅੰਕ 15,  ਮਈ – 2011 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s