ਪ੍ਰੋ. ਪ੍ਰਭਾਤ ਪਟਨਾਇਕ ਦੇ ਨਾਂ ਇਕ ਖੁੱਲਾ ਖ਼ਤ

prabat patnayak

ਪੀ.ਡੀ.ਐਫ਼ ਡਾਊਨਲੋਡ ਕਰੋ

ਆਦਰਯੋਗ ਪ੍ਰੋ. ਪਟਨਾਇਕ,

ਚੋਟੀ ਦੇ ਭਾਰਤੀ ਅਰਥਸ਼ਾਸ਼ਤਰੀਆਂ ‘ਚ ਤੁਹਾਡੀ ਜਗ੍ਹਾ ਨਿਰਵਿਵਾਦ ਹੈ। ਤੁਹਾਡੀ ਲੇਖਣੀ ਅਤੇ ਰਚਨਾਵਾਂ ਅਨੇਕਾਂ ਗੁੰਝਲਦਾਰ ਆਰਥਿਕ ਵਿਸ਼ਿਆਂ ਨੂੰ ਸਮਝਣ ‘ਚ ਮਦਦ ਕਰਦੀਆਂ ਹਨ। ਸਮਕਾਲੀ ਸੰਸਾਰ ਪੂੰਜੀਵਾਦ ਦੀ ਆਰਥਿਕ ਸਿਹਤ ਬਾਰੇ ਤੁਹਾਡੀ ਅੰਤਰਦ੍ਰਿਸ਼ਟੀ ਸਲਾਹੁਣਯੋਗ ਹੈ। ਜਿੱਥੋਂ ਤੱਕ ਕਿਸੇ ਵੀ ਆਰਥਿਕ ਵਰਤਾਰੇ ਦੇ ਬੁਨਿਆਦੀ ਤੱਤਾਂ ਦੀ ਪਛਾਣ ਦਾ ਸਵਾਲ ਹੈ, ਤੁਹਾਡੀ ਲੇਖਣੀ ਸਿੱਖਿਆਦਾਇਕ ਹੈ। 

ਪਰ ਕਈ ਵਾਰੀ ਅਜਿਹਾ ਲੱਗਦਾ ਹੈ ਕਿ ਤੁਹਾਡੀ ਬੌਧਿਕ ਅੰਤਰਦ੍ਰਿਸ਼ਟੀ ਅਤੇ ਤੁਹਾਡੀ ਸਿਆਸੀ ਪ੍ਰਤੀਬੱਧਤਾ ‘ਚ ਇਕ ਅਸੁਵਿਧਾਜਨਕ ਦਵੰਦ ਚਲਦਾ ਰਹਿੰਦਾ ਹੈ। ਅਜਿਹਾ ਖ਼ਾਸ ਤੌਰ ‘ਤੇ ਉਦੋਂ ਹੁੰਦਾ ਹੈ, ਜਦੋਂ ਤੁਸੀਂ ਸਾਮਰਾਜਵਾਦ ਦੇ ਆਰਥਿਕ ਸੰਕਟ ਬਾਰੇ ਲਿਖਦੇ ਹੋ। ਇਹ ਅਹਿਸਾਸ ਤੁਹਾਡੀ ਲੇਖਣੀ ਪੜ੍ਹਦੇ ਸਮੇਂ ਪਾਠਕ ਨੂੰ ਵੀ ਅਸੁਵਿਧਾ ਦੀ ਹਾਲਤ ‘ਚ ਪਹੁੰਚਾ ਦਿੰਦਾ ਹੈ। ਇਕ ਅਮਰੀਕੀ ਅਰਾਜਕਤਾਵਾਦੀ ਰਾਕ ਬੈਂਡ ਗੰਨਸ ਐਂਡ ਰੋਜ਼ੇਜ਼ ਨੇ ਆਪਣੇ ਇਕ ਗੀਤ ‘ਨਵੰਬਰ ਰੇਨ’ ਦੀ ਸ਼ੁਰੂਆਤ ਇਹਨਾਂ ਸਤਰਾਂ ਨਾਲ ਕੀਤੀ ਹੈ — ‘ਵ੍ਹੇਨ ਆਈ ਲੁਕ ਇੰਟੂ ਯੋਰ ਆਈਜ਼, ਆਈ ਕੇਨ ਸੀ ਏ ਲਵ ਰਿਸਟਰੈਂਡ’ (ਜਦੋਂ ਮੈਂ ਤੇਰੀਆਂ ਅੱਖਾਂ ‘ਚ ਵੇਖਦਾ ਹਾਂ, ਤਾਂ ਮੈਨੂੰ ਇਕ ਰੁਕਿਆ ਹੋਇਆ ਪ੍ਰੇਮ ਨਜ਼ਰ ਆਉਂਦਾ ਹੈ), ਠੀਕ ਉਸੇ ਤਰ੍ਹਾਂ ਮੰਦੀ ਦੇ ਤੁਹਾਡੇ ਵਿਸਲੇਸ਼ਣ ਨੂੰ ਪੜ੍ਹਦੇ ਹੋਏ ਇਹ ਸਤਰਾਂ ਕੁਝ ਇਸ ਤਰ੍ਹਾਂ ਦਿਮਾਗ ‘ਚ ਵੱਜਣ ਲੱਗਦੀਆਂ ਹਨ, ‘ਵ੍ਹੇਨ ਆਈ ਰੀਡ ਯੂ ਆਨ ਰਿਸੇਸ਼ਨ, ਆਈ ਕੈਨ ਸੀ ਏਨ ਇਨਸਾਇਟ ਕੰਸਟਰੈਂਡ'( ਜਦੋਂ ਮੈਂ ਮੰਦੀ ‘ਤੇ ਤੁਹਾਡੀ ਲੇਖਣੀ ਨੂੰ ਪੜ੍ਹਦਾ ਹਾਂ, ਤਾਂ ਮੈਨੂੰ ਇਕ ਰੁਕੀ ਹੋਈ ਅੰਤਰਦ੍ਰਿਸ਼ਟੀ ਨਜ਼ਰ ਆਉਂਦੀ ਹੈ।’

ਕਹਿਣ ਦਾ ਮਤਲਬ ਇਹ ਹੈ ਕਿ ਤੁਹਾਡਾ ਵਿਸ਼ਲੇਸ਼ਣ ਤੁਹਾਨੂੰ ਕਿਸੇ ਹੋਰ ਨਤੀਜੇ ‘ਤੇ ਪਹੁੰਚਾਉਂਦਾ ਹੈ, ਪਰ ਤੁਹਾਡੀ ਸਿਆਸੀ ਪ੍ਰਤੀਬੱਧਤ ਤੁਹਾਨੂੰ ਕੁਝ ਹੋਰ ਨਤੀਜੇ ਕੱਢਣ ਲਈ ਮਜ਼ਬੂਰ ਕਰਦੀ ਹੈ। ਤੁਸੀਂ ਵਿਸ਼ਲੇਸ਼ਣ ‘ਚ ਬੌਧਿਕ ਈਮਾਨਦਾਰੀ ਵਰਤਣ ਦਾ ਯਤਨ ਕਰਦੇ ਨਜ਼ਰ ਆਉਂਦੇ ਹੋ, ਪਰ ਸਾਮਰਾਜਵਾਦੀ ਸੰਕਟ ‘ਤੇ ਲਿਖੇ ਗਏ ਆਪਣੇ ਹਰ ਲੇਖ, ਹਰ ਰਚਨਾ ‘ਚ ਤੁਸੀਂ ਅੰਤ ਆਉਂਦੇ-ਆਉਂਦੇ ਆਪਣੇ ਹੀ ਵਿਸ਼ਲੇਸ਼ਣ ਵਿਰੁੱਧ ਜਾ ਕੇ ਨਤੀਜੇ ਕੱਢਦੇ ਨਜ਼ਰ ਆਉਂਦੇ ਹੋ। ਇਕ ਸ਼੍ਰੇਸ਼ਠ ਬੁੱਧੀਜੀਵੀ ਦੀ ਬੌਧਿਕ ਤੀਖਣਤਾ ਨਾਲ ਇਸ ਕਦਰ ਜ਼ੋਰ-ਜ਼ਬਰਦਸਤੀ ਹੁੰਦੇ ਵੇਖਣਾ ਕਾਫ਼ੀ ਦੁੱਖਦਾਈ ਹੁੰਦਾ ਹੈ। 

ਇਹਨਾਂ ਆਮ ਗੱਲਾਂ ਨੂੰ ਮੈਂ ਇਕ ਠੋਸ ਉਦਾਹਰਣ ਨਾਲ ਸੱਪਸ਼ਟ ਕਰਨ ਦੀ ਇਜ਼ਾਜਤ ਚਾਹਾਂਗਾ। 19 ਨੰਵਬਰ 2010 ਦੇ ‘ਫੰਰਟਲਾਈਨ’ ਦੇ ਅੰਕ ‘ਚ ਤੁਸੀਂ ਇਕ ਗੌਰ ਕਰਨ ਵਾਲਾ ਲੇਖ ਲਿਖਿਆ ਹੈ ਜਿਸਦਾ ਸਿਰਲੇਖ ਹੈ ‘ਡਿਲੇਮਾ ਇਨ ਯੁਰੋਪ’। ਤੁਸੀਂ ਇਸ ਲੇਖ ਦੀ ਸ਼ੁਰੂਆਤ ਯੂਰਪ ਦੇ ਮਜ਼ਦੂਰਾਂ ਅਤੇ ਵਿਦਿਆਰਥੀਆਂ ਦੇ ਵਰਤਮਾਨ ਉਭਾਰ ਦੀ ਤੁਲਨਾ 1968 ‘ਚ ਹੋਏ ਯੂਰਪੀ ਵਿਦਿਆਰਥੀ-ਮਜ਼ਦੂਰ ਅੰਦੋਲਨ ਨਾਲ ਕਰਦੇ ਹੋ ਅਤੇ ਇਸ ਗੱਲ ‘ਤੇ ਅਫਸੋਸ ਜ਼ਾਹਿਰ ਕਰਦੇ ਹੋ ਕਿ ਮੌਜੂਦਾ ਅੰਦੋਲਨ ‘ਚ ਸਿਆਸੀ ਦ੍ਰਿਸ਼ਟੀ ਦੀ ਕਮੀ ਹੈ ਅਤੇ ਇਹ ਪੂਰੀ ਤਰ੍ਹਾਂ ਆਰਥਿਕ ਮੁੱਦਿਆਂ ‘ਤੇ ਕੇਂਦਰਿਤ ਹੈ। ਇਹਨਾਂ ‘ਚ ਸਭ ਤੋਂ ਪ੍ਰਮੁੱਖ ਹੈ ਕਲਿਆਣਕਾਰੀ ਪੂੰਜੀਵਾਦੀ ਰਾਜ ਦੁਆਰਾ ਮਿਲ ਰਹੀਆਂ ਸਹੂਲਤਾਂ ਦੀ ਵਿੱਤੀ ਪੂੰਜੀ ਦੇ ਹਮਲਿਆਂ ਤੋਂ ਰੱਖਿਆ। 1968 ਦਾ ਵਿਦਿਆਰਥੀ-ਮਜ਼ਦੂਰ ਅੰਦੋਲਨ ਆਰਥਿਕ ਮੁੱਦਿਆਂ ‘ਤੇ ਕੇਂਦਰਿਤ ਨਹੀਂ ਸੀ ਅਤੇ ਅਸਲ ‘ਚ ਪ੍ਰਭਾਵੀ ਸਿਆਸੀ ਸੰਰਚਨਾਵਾਂ ‘ਤੇ ਸਵਾਲ ਖੜਾ ਕਰ ਰਿਹਾ ਸੀ। ਤਦ ਉਸਨੂੰ ਡਿ ਗਾਲ ਨੇ ਆਰਥਿਕ ਰਿਆਇਤਾਂ ਦੇ ਕੇ ਤੋੜਿਆ ਸੀ ਅਤੇ ਅੱਜ ਦੇ ਆਰਥਿਕ ਮੁੱਦਿਆਂ ‘ਤੇ ਕੇਂਦਰਿਤ ਅੰਦੋਲਨ ਨੂੰ ਸਾਰਕੋਜੀ ਰਾਜ ਦੀ ਮਸ਼ੀਨਰੀ ਦੀ ਵਰਤੋਂ ਕਰਕੇ ਤੋੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਬਿਲਕੁਲ ਸਹੀ ਗੱਲ ਕਹੀ ਤੁਸੀਂ। ਇਸ ਮਗਰੋਂ ਤੁਸੀਂ ਮੌਜੂਦਾ ਯੂਰਪੀ ਮਜ਼ਦੂਰ ਲਹਿਰ ਦੀ ਇਸ ਕਮੀ ਨੂੰ ਰੇਖਾਂਕਿਤ ਕਰਦੇ ਹੋ ਕਿ ਇਸਦੇ ਕੋਲ ਕੋਈ ਸਿਆਸੀ ਦ੍ਰਿਸ਼ਟੀ ਨਹੀਂ ਹੈ ਅਤੇ ਇਸਦਾ ਕਾਰਨ ਇਹ ਹੈ ਕਿ ਪੂਰੇ ਯੂਰਪੀ ਖੱਬੇ-ਪੱਖ ਕੋਲ ਅੱਜ ਕੋਈ ਬਦਲਵੀਂ ਸਿਆਸਤ ਮੌਜੂਦ ਨਹੀਂ ਹੈ ਅਤੇ ਕੁੱਲ ਮਿਲਾ ਕੇ ਕਲਿਆਣਕਾਰੀ ਰਾਜ ਦੀਆਂ ਨੀਤੀਆਂ ਨੂੰ ਅੱਜ ਲਾਗੂ ਕਰਨਾ ਕਾਫ਼ੀ ਮੁਸ਼ਕਿਲ ਹੈ। ਇਹ ਤਦ ਸਫਲ ਹੋ ਸਕਦੀ ਹੈ ਜਦੋਂ ਇਸਨੂੰ ਪੂਰੇ ਯੂਰਪ ਦੇ ਪੈਮਾਨੇ ‘ਤੇ ਲਾਗੂ ਕੀਤਾ ਜਾਵੇ, ਜਿਸ ਸੰਭਾਵਨਾ ਨੂੰ ਲੇਖ ‘ਚ ਅੱਗੇ ਜਾ ਕੇ ਤੁਸੀਂ ਖਾਰਿਜ ਕਰ ਦਿੰਦੇ ਹੋ, ਜਦੋਂ ਤੁਸੀਂ ਇਹ ਕਹਿੰਦੇ ਹੋ ਕਿ ਪੂਰੇ ਯੂਰੋਜ਼ੋਨ ਲਈ ਕੋਈ ਸਾਮੂਹਿਕ ਸਟੀਮੁਲਸ ਪੈਕੇਜ਼ ਦੇ ਸਕਣਾ ਸੰਭਵ ਨਹੀਂ ਹੈ, ਕਿਉਂ ਕਿ ਸਰਵਯੂਰਪਵਾਦ ਦੀਆਂ ਹੱਦਾਂ ਪ੍ਰਤੱਖ ਅਤੇ ਸੱਪਸ਼ਟ ਹਨ ਅਤੇ ਅਜਿਹਾ ਕੋਈ ਵੀ ਪੈਕੇਜ ਅੱਲਗ-ਅੱਲਗ ਯੂਰਪੀ ਦੇਸ਼ਾਂ ‘ਚ ਪਿਛਾਖੜੀ ਅੰਨ੍ਹੀ ਕੌਮਪ੍ਰਸਤੀ, ਫਾਸੀਵਾਦ ਅਤੇ ਨਸਲਵਾਦ ਨੂੰ ਜਨਮ ਦੇਵੇਗਾ। ਯਾਨੀ, ਤੁਸੀਂ ਕਿਸੇ ਵੀ ਸਮੂਹਿਕ ਯੂਰਪੀ ਸਟੀਮੁਲਸ ਪੈਕੇਜ ਦੀ ਸੰਭਾਵਨਾ ਤੋਂ ਇਨਕਾਰ ਕਰ ਦਿੰਦੇ ਹੋ, ਜਾਂ ਇਸਦੀ ਸੰਭਾਵਨਾ ਨੂੰ ਨਿਗੂਣਾ ਮੰਨਦੇ ਹੋ, ਜਿਹੜੀ ਕਿ ਤਦ ਵਿਵਹਾਰਕ ਹੋ ਸਕਦੀ ਹੈ, ਜਦੋਂ ਇਸ ਪੈਕੇਜ ਦੇ ਲੀਕੇਜ ਪ੍ਰਭਾਵ ਨੂੰ ਰੋਕਣ ਲਈ ਯੂਰਪ ਦੇ ਸਾਰੇ ਕੌਮੀ ਅਰਥਚਾਰੇ ਸੁਰੱਖਿਆਵਾਦ ਦੀ ਸ਼ਰਣ ‘ਚ ਚਲੇ ਜਾਣ। ਅਜਿਹਾ ਹੋ ਸਕਣਾ ਅੱਜ ਦੇ ਭੂਮੰਡਲੀਕਰਨ ਦੇ ਦੌਰ ‘ਚ ਸੰਭਵ ਨਹੀਂ ਹੈ, ਇਹ ਵੀ ਲੇਖ ‘ਚ ਕਿਸੇ ਜਗ੍ਹਾ ਤੁਸੀਂ ਮੰਨਦੇ ਹੋ। ਅਜਿਹੀ ਹਾਲਤ ‘ਚ ਕੁੱਲ ਮਿਲਾ ਕੇ ਤੁਸੀਂ ਸਮੂਹਿਕ ਯੂਰਪੀ ਮੌਦਰਿਕ ਸੁਧਾਰ ਜਾਂ ਸਟੀਮੁਲਸ ਪੈਕੇਜ ਦੀ ਸੰਭਾਵਨਾ ਨੂੰ ਖ਼ਾਰਿਜ ਕਰ ਦਿੰਦੇ ਹੋ। ਪਰ ਪਾਠਕ  ਤਦ ਬਹੁਤ ਦੁਵਿਧਾ ‘ਚ ਪੈ ਜਾਂਦਾ ਹੈ, ਜਦੋਂ ਤੁਸੀਂ ਇਹ ਕਹਿੰਦੇ ਹੋ ਕਿ ਇਸਦੇ ਬਾਵਜੂਦ ਕਿ ਇਹ ਸੰਭਾਵਨਾ ਹੀ ਅਸੰਭਵ ਹੈ, ਅੱਜ ਯੂਰਪੀ ਖੱਬੇਪੱਖ ਨੂੰ ਪੂਰੇ ਯੂਰਪੀ ਸੰਘ ਦੇ ਪੈਮਾਨੇ ‘ਤੇ ਅਜਿਹੇ ਸਮੂਹਿਕ ਜਾਂ ਤਾਲਮੇਲਵੇਂ ਮੌਦਰਿਕ ਸੁਧਾਰ ਜਾਂ ਪੈਕੇਜ ਦੀ ਮੰਗ ਕਰਨੀ ਚਾਹੀਦੀ ਹੈ। ਤੁਸੀਂ ਆਖ਼ਰ ਕਹਿਣਾ ਕੀ ਚਾਹੁੰਦੇ ਹੋ? 

ਇਸਤੋਂ ਇਲਾਵਾ ਤੁਸੀਂ ਵਿੱਤੀ ਪੂੰਜੀ ਦੇ ਗਲਬੇ ‘ਚ ਭੂਮੰਡਲੀਕਰਨ ਦੀਆਂ ਨਵਉਦਾਰਵਾਦੀ ਨੀਤੀਆਂ ਦੇ ਜਾਰੀ ਰੱਖਣ ਨਾਲ ਆਉਣ ਵਾਲੇ ਵਿਨਾਸ਼ ਵੱਲ ਧਿਆਨ ਖਿੱਚਦੇ ਹਨ। ਯਾਣੀ ਕਿ ਜਾਰੀ ਨਵਉਦਾਰਵਾਦ ਕੋਈ ਹੱਲ ਨਹੀਂ ਦੇ ਸਕਦਾ। ਇਸ ‘ਤੇ ਜ਼ਿਆਦਾ ਬਹਿਸ ਦੀ ਕੋਈ ਲੋੜ ਨਹੀਂ ਹੈ। ਇਸ ‘ਤੇ ਮਾਰਕਸੀ ਅਤੇ ਕੀਨਸੀ ਅਰਥਸ਼ਾਸਤਰੀਆਂ ਦੀ ਸਹਿਮਤੀ ਹੈ। ਇਸ ਤਰ੍ਹਾਂ ਤੁਸੀਂ ਪਹਿਲਾਂ ਕਲਿਆਣਕਾਰੀ ਉਪਾਵਾਂ ਦੀ ਵਿਅਰਥਤਾ ਵੱਲ ਧਿਆਨ ਖਿੱਚਦੇ ਹੋ ਅਤੇ ਫਿਰ ਨਵਉਦਾਰਵਾਦ ਦੀ ਬਦਲਹੀਣਤਾ ਨੂੰ ਵੀ ਸੱਪਸ਼ਟ ਰੂਪ ‘ਚ ਨਿਸ਼ਾਨਦੇਹੀ ਕਰਦੇ ਹੋ। ਪਰ ਤੁਸੀਂ ਸਲਾਹ ਕਿਸ ਗੱਲ ਦੀ ਦਿੰਦੇ ਹੋ? ਉਹਨਾਂ ਕੀਨਸੀ ਕਲਿਆਣਕਾਰੀ ਉਪਰਾਲਿਆਂ ਨੂੰ ਅਪਨਾਉਣ ਦੀ ਜਿਨ੍ਹਾਂ ਦੀ ਵਿਅਰਥਤਾ ਦੀ ਤੁਸੀਂ ਖੁਦ ਹੀ ਨਿਸ਼ਾਨਦੇਹੀ ਕਰਦੇ ਹੋ। ਤੁਸੀਂ ਮਾਰਕਸਵਾਦ ਦੇ ਇਕ ਉੱਤਮ ਵਿਦਵਾਨ ਹੋ। ਇਹ ਜਾਣਦੇ ਹੋਏ ਤੁਹਾਡੇ ਦਿਮਾਗ ‘ਚ ਮੌਜੂਦ ਇਸ ਬਦਲਹੀਣਤਾ ਦੀ ਵਾਜਬੀਅਤ ਨਹੀਂ ਸਮਝ ‘ਚ ਆਉਂਦੀ ਹੈ। 

ਵਿਡਬੰਨਾ ਦੀ ਗੱਲ ਹੈ ਕਿ ਲੇਖ ਦੀ ਸ਼ੁਰੂਆਤ ‘ਚ ਤੁਸੀਂ ਜਿਸ ਤਰ੍ਹਾਂ ਯੂਰਪੀ ਖੱਬੇਪੱਖ ਦੀ ਅਲੋਚਨਾ ਕਰਦੇ ਹੋ, ਉਸ ਨਾਲ ਲੱਗਦਾ ਹੈ ਕਿ ਤੁਸੀਂ ਕਿਸੇ ਇਨਕਲਾਬੀ ਨਤੀਜੇ ‘ਤੇ ਪਹੁੰਚਣ ਵਾਲੇ ਹੋ। ਜਿਵੇਂ-ਜਿਵੇਂ ਪਾਠਕ ਲੇਖ ‘ਚ ਅਗਾਂਹ ਵਧਦਾ ਹੈ, ਉਵੇਂ ਉਵੇਂ ਉਹ ਦੁੱਖ ਨਾਲ ਮਿਲੀ ਹੋਈ ਹੈਰਾਨੀ ਨਾਲ ਗ੍ਰਸਤ ਹੁੰਦਾ ਜਾਂਦਾ ਹੈ, ਖਾਸ ਤੌਰ ‘ਤੇ ਉਹ ਪਾਠਕ ਜਿਸ ਨੇ ਤੁਹਾਡੀਆਂ ਹੋਰ ਰਚਨਾਵਾਂ ਨੂੰ ਨਹੀਂ ਪੜ੍ਹਿਆ ਹੈ। ਤੁਸੀਂ ਕਹਿੰਦੇ ਹੋ ਕਿ ਯੂਰਪੀ ਖੱਬੇ-ਪੱਖ ਪੂੰਜੀਵਾਦੀ ਅਰਥਚਾਰੇ ਦਾ ਕੋਈ ਬਦਲ ਸੁਝਾਉਣ ਦੀ ਬਜਾਏ ਕਲਿਆਣਕਾਰੀ ਰਾਜ ਦੀਆਂ ਨੀਤੀਆਂ ਦੀ ਰੱਖਿਆ ‘ਚ ਲੱਗਿਆ ਹੋਇਆ ਹੈ, ਅਤੇ ਉਹ ਵੀ ਭੂਮੰਡਲੀਕਰਨ ਦਾ ਖੰਡਨ ਕੀਤੇ ਬਿਨਾਂ। ਤੁਸੀਂ ਯੂਰਪੀ ਖੱਬੇ-ਪੱਖ ਦੀ ਇਸ ਵਿਰੋਧਤਾਈ ਨੂੰ ਤਾਰਕਿਕ ਵੀ ਦੱਸਦੇ ਹੋ! ਤੁਸੀਂ ਦਲੀਲ ਦਿੰਦੇ ਹੋ ਕਿ ਅੱਜ ਦੇ ਦੌਰ ‘ਚ ਯੂਨਾਨ ਜਾਂ ਇਥੋਂ ਤੱਕ ਕਿ ਫ਼ਰਾਂਸ ਵਰਗਾ ਦੇਸ਼ ਵੀ ਆਪਣੇ ਬੂਤੇ ‘ਤੇ ਆਪਣੀਆਂ ਲੋੜਾਂ ਪੂਰੀਆਂ ਨਹੀਂ ਕਰ ਸਕਦਾ! ਪਹਿਲੀ ਉਦਾਹਰਣ ਨੂੰ ਤਾਂ ਦਿੱਕਤਾਂ ਨਾਲ ਮੰਨਿਆਂ ਜਾ ਸਕਦਾ ਹੈ, ਪਰ ਫ਼ਰਾਂਸ ਦੀ ਉਦਾਹਰਣ ਦੇਣਾ ਕੁਝ ਜਿਆਦਾ ਨਹੀਂ ਹੋ ਗਿਆ? ਫ਼ਰਾਂਸ ਸਨਅਤ, ਖੇਤੀ, ਊਰਜਾ, ਸੇਵਾ ਖੇਤਰ ਅਤੇ ਕਿਰਤ-ਸ਼ਕਤੀ, ਸਾਰੇ ਮਾਮਲਿਆਂ ‘ਚ ਆਤਮ ਨਿਰਭਰ ਹੈ ਅਤੇ ਉਸਦੀ ਆਤਮ ਨਿਰਭਰਤਾ ‘ਤੇ ਤੁਸੀਂ ਬੇਵਜ੍ਹਾ ਸਵਾਲ ਖੜਾ ਕਰ ਰਹੇ ਹੋ। ਇਹ ਗੱਲ ਵੱਖ ਹੈ ਕਿ ਅੱਜ ਫ਼ਰਾਂਸ ‘ਚ ਕੋਈ ਮਜ਼ਦੂਰ ਇਨਕਲਾਬ ਸੰਭਵ ਨਹੀਂ ਹੈ। ਪਰ ਜਦੋਂ ਵੀ ਹੋਵੇਗਾ ਉਹ ਇਕ ਟਿਕਾਉ ਮਜ਼ਦੂਰ ਇਨਕਲਾਬ ਹੋਵੇਗਾ। ਖ਼ੈਰ, ਇਹ ਮੁੱਦਾ ਇੱਥੇ ਮੁੱਖ ਨਹੀਂ ਹੈ। ਤੁਸੀਂ ਯੂਰਪੀ ਖੱਬੇ-ਪੱਖ ਦੀ ਅਲੋਚਨਾ ਵੀ ਕਰਦੇ ਹੋ ਅਤੇ ਫਿਰ ਉਸਦੀਆਂ ਕਮੀਆਂ ਨੂੰ ਨਕਾਰ ਵੀ ਦਿੰਦੇ ਹੋ। ਤੁਸੀਂ ਇਥੇ ਕਹਿਣਾ ਕੀ ਚਾਹ ਰਹੇ ਹੋ, ਇਹ ਸਮਝ ‘ਚ ਨਹੀਂ ਆਉਂਦਾ। 

ਇਸ ਮਗਰੋਂ ਤੁਸੀਂ ਹੋਰ ਵੀ ਵੱਧ ਚਮਤਕਾਰ ਕਰ ਦੇਣ ਵਾਲੀ ਗੱਲ ਕਹਿੰਦੇ ਹੋ! ਤੁਸੀਂ ਇਹ ਵਿਚਾਰ ਪ੍ਰਗਟ ਕਰਦੇ ਹੋ ਕਿ ਯੂਰਪੀ ਖੱਬੇ-ਪੱਖ ਨੂੰ ਅੱਜ ਪੂੰਜੀਵਾਦੀ ਅਰਥਚਾਰੇ ਦੀ ਬੁਨਿਆਦੀ ਸੰਰਚਨਾ ‘ਤੇ ਸਵਾਲ ਖੜਾ ਕਰਨਾ ਚਾਹੀਦਾ ਹੈ ਅਤੇ ਉਸਦਾ ਇਕ ਬਦਲ ਪੇਸ਼ ਕਰਨਾ ਚਾਹੀਦਾ ਹੈ। ਇਸ ‘ਤੇ ਅਸੀਂ ਮਗਰੋਂ ਆਉਂਦੇ ਹਾਂ ਕਿ ”ਬੁਨਿਆਦੀ ਸੰਰਚਨਾ” ਤੋਂ ਤੁਹਾਡਾ ਕੀ ਅਰਥ ਹੈ। ਮਜ਼ੇਦਾਰ ਗੱਲ ਤੁਸੀਂ ਇਸ ਤੋਂ ਮਗਰੋਂ ਕਹਿੰਦੇ ਹੋ। ਤੁਸੀਂ ਕਹਿੰਦੇ ਹੋ ਕਿ ਇਸ ਬਦਲ ਦੀ ਗੱਲ ਕਰਨਾ ਮਜ਼ਦੂਰ ਜਮਾਤ ਦੀ ਟਰਾਂਜ਼ੀਸ਼ਨਲ ਮੰਗ ਹੋਵੇਗੀ! ਤੁਸੀਂ ਜਾਂ ਤਾਂ ਕੋਈ ਨਵਾਂ ਸਿਧਾਂਤ ਦੇ ਰਹੇ ਹੋ, ਜਾਂ ਫਿਰ ਤੁਸੀਂ ਖੁਦ ਵੀ ਗੱਲਾਂ ‘ਚ ਉਲਝ ਗਏ ਹੋ। ਪੂੰਜੀਵਾਦ ਦੇ ਬਦਲ ਦੀ ਮੰਗ ਸਿਰਫ਼ ਅਤੇ ਸਿਰਫ਼ ਸਮਾਜਵਾਦ ਦੀ ਮੰਗ ਹੋ ਸਕਦੀ ਹੈ। ਇਹ ਮੰਗ ਮਜ਼ਦੂਰ ਜਮਾਤ ਦੀ ਟਰਾਂਜ਼ੀਸ਼ਨਲ ਮੰਗ ਨਹੀਂ ਹੈ, ਸਗੋਂ ਉਸਦਾ ਅੰਤਮ ਟੀਚਾ ਅਤੇ ਇਤਿਹਾਸਿਕ ਜਿੰਮੇਦਾਰੀ ਹੈ। ਜੇਕਰ ਸਮਾਜਵਾਦ ਦੀ ਮੰਗ ਟਰਾਂਜ਼ੀਸ਼ਨਲ ਮੰਗ ਹੈ ਤਾਂ ਮਜ਼ਦੂਰ ਜਮਾਤ ਦੀ ਅੰਤਮ ਮੰਗ ਕੀ ਹੈ? 

ਇਹ ਪੂਰਾ ਗੜਬੜ ਝਮੇਲਾ ਸਿਰਫ਼ ਇਕ ਹੀ ਸੂਰਤ ‘ਚ ਅਰਥਪੂਰਣ ਬਣ ਸਕਦਾ ਹੈ। ਉਹ ਸੂਰਤ ਇਹ ਹੋਵੇਗੀ ਕਿ ਤੁਸੀਂ ਪੂੰਜੀਵਾਦ ਦੇ ਬਦਲ ਦੇ ਤੌਰ ‘ਤੇ ਸਮਾਜਵਾਦ ਨੂੰ ਨਹੀਂ ਦੇਖਦੇ ਹੋ। ਤੁਸੀਂ ਜਦੋਂ ਪੂੰਜੀਵਾਦ ਦੀ ਗੱਲ ਕਰਦੇ ਹੋ ਤਾਂ ਤੁਹਾਡਾ ਅਰਥ ਹੁੰਦਾ ਹੈ ਅੱਜ ਦਾ ਪਰਜੀਵੀ ਵਿੱਤੀ ਇਜ਼ਾਰੇਦਾਰੀ ਵਾਲਾ ਜੁਆਰੀ ਪੂੰਜੀਵਾਦ, ਜਿਹੜਾ ਕਿ ਤੁਹਾਡੀ ਨਜ਼ਰ ‘ਚ ਇਕ ‘ਬੁਰਾ ਪੂੰਜੀਵਾਦ’ ਹੈ। ਨਾਲੇ ਜਦੋਂ ਤੁਸੀਂ ਇਸਦੇ ਬਦਲ ਦੀ ਗੱਲ ਕਰਦੇ ਹੋ ਤਾਂ ਤੁਹਾਡਾ ਅਰਥ ਸਮਾਜਵਾਦ ਨਹੀਂ ਹੁੰਦਾ ਹੈ, ਸਗੋਂ ਕੌਮੀ ਸੁਰੱਖਿਆਵਾਦੀ ਕੀਨਸੀਆਈ ਕਲਿਆਣਕਾਰੀ ਰਾਜ ਵਾਲਾ ‘ਅੱਛਾ ਪੂੰਜੀਵਾਦ’ ਹੁੰਦਾ ਹੈ। ਇਹ ਤੁਹਾਡੇ ਲੇਖ ਦੇ ਅੰਤ ਵੱਲ ਜਾਂਦੇ-ਜਾਂਦੇ ਸਪੱਸ਼ਟ ਹੋ ਜਾਂਦਾ ਹੈ। ਤੁਸੀਂ ਮਜ਼ਦੂਰ ਜਮਾਤ ਨੂੰ ਸਮਾਜਵਾਦ ਦੀ ਦ੍ਰਿਸ਼ਟੀ ਦੇਣ ਦੀ ਵਕਾਲਤ ਨਹੀਂ ਕਰਦੇ ਹੋ। ਤੁਸੀਂ ਵਕਾਲਤ ਕਰਦੇ ਹੋ ਕਿ ਇਕ ਕੀਨਸੀਆਈ ਰਾਜ ਵਾਲੇ ਕਲਿਆਣਕਾਰੀ ਪੂੰਜੀਵਾਦ ਦੀ। ਇਹੀ ਵਜ੍ਹਾ ਹੈ ਕਿ ਲੇਖ ‘ਚ ਤੁਸੀਂ ਇਸ ਗੱਲ ‘ਤੇ ਕਾਫ਼ੀ ਦੁਖੀ ਨਜ਼ਰ ਆਉਂਦੇ ਹੋ ਕਿ ਹਾਲ ‘ਚ ਜਿਹੜਾ ਵੀ ਸਟੀਮੁਲਸ ਪੈਕੇਜ ਦੁਨੀਆਂ ਭਰ ਦੇ ਪੂੰਜੀਵਾਦੀ ਰਾਜਾਂ ਨੇ ਦਿੱਤਾ ਉਸ ਦਾ ਮਕਸਦ ਮੰਗ ਵਧਾ ਕੇ ਅਲਪ-ਖਪਤ ਨੂੰ ਖਤਮ ਕਰਨਾ ਨਹੀਂ ਸੀ, ਜਿਹੜਾ ਕਿ ਵਾਧੂ-ਪੈਦਾਵਾਰ ਦੇ ਸੰਕਟ ਤੋਂ ਥੋੜੀ ਰਾਹਤ ਦਿੰਦਾ ਅਤੇ ਸੰਕਟ ਦੀ ਮਾਰ ਨੂੰ ਕੁਝ ਹਲਕਾ ਕਰਦਾ। ਉਸਦਾ ਮਕਸਦ ਸੀ ਵਿੱਤੀ ਇਜ਼ਾਰੇਦਾਰੀਆਂ ਨੂੰ ਸੰਕਟ ਤੋਂ ਉਭਾਰਨਾ, ਉਹਨਾਂ ਨੂੰ ਬਚਾਉਣਾ ਅਸਲ ‘ਚ ਇੱਥੇ ਤੁਸੀਂ ਇਕ ਹਾਬਸਨਿਆਈ ਅਲਪਖਪਤਵਾਦੀ ਅਤੇ ਕਲਾਸਿਕੀ ਖੱਬੇ-ਪੱਖ ਰੁਝਾਨ ਵਾਲੇ ਕੀਨਸਵਾਦੀ ਦੇ ਰੂਪ ‘ਚ ਦਰਸ਼ਨ ਦਿੰਦੇ ਹੋ। ਤੁਸੀਂ ਜੋ ਕੁਝ ਕਹਿ ਰਹੇ ਹੋ, ਉਸ ‘ਚ ਕੁਝ ਵੀ ਮਾਰਕਸਵਾਦੀ ਨਹੀਂ ਹੈ। 

ਤੁਸੀਂ ਅਤੇ ਤੁਹਾਡੇ ਜਿਹੇ ਕੀਨਸੀਆਈ ਖੱਬੇਪੱਖੀ ਅਰਥਸ਼ਾਸਤਰੀ (ਮਿਸਾਲ ਦੇ ਤੌਰ ‘ਤੇ, ਜਯਾਤੀ ਘੋਸ਼, ਸੀ.ਪੀ. ਚੰਦਰਸ਼ੇਖ਼ਰ ਆਦਿ) ਅੱਜ ਇਕ ਹੀ ਕੰਮ ਕਰ ਰਹੇ ਹੋ। ਇਹ ਕੰਮ ਹੈ ਪੂੰਜੀਵਾਦ ਅੰਦਰ ਮੌਜੂਦ ਆਤਮਘਾਤੀ ਪ੍ਰਵਿਰਤੀ ਨੂੰ ਪ੍ਰਤੀ-ਸੰਤੁਲਿਤ ਕਰਨਾ। ਵਿੱਤੀ ਪੂੰਜੀ ਦੇ ਅੱਜ ਦੇ ਦੌਰ ‘ਚ ਸੰਸਾਰ ਪੂੰਜੀਵਾਦ ਪਰਜੀਵਤਾ, ਮਰਨਕੰਡੇ ਹੋਣ, ਖੋਖਲੇਪਨ ਦੀ ਜਿਸ ਅੰਤਮ ਹੱਦ ‘ਤੇ ਪਹੁੰਚ ਗਿਆ ਹੈ, ਉਹ ਅਣਕਿਆਸਾ ਹੈ। ਅੱਜ ਪੂਰਾ ਸੰਸਾਰ ਅਰਥਚਾਰਾ ਇਕ ਭਿਅੰਕਰ ਜਾਨਲੇਵਾ ਸੰਕਟ ਦਾ ਸ਼ਿਕਾਰ ਹੈ ਅਤੇ ਵਿੱਤੀ ਪੂੰਜੀ ਇਕ ਆਦਮਖੋਰ ਦੈਂਤ ਦੀ ਤਰ੍ਹਾਂ ਸੱਟੇਬਾਜ਼ੀ ਦੇ ਬੁਲਬੁਲਿਆਂ ਦੇ ਬੂਤੇ ਤੁਰਤ-ਫੁਰਤ ਮੁਨਾਫ਼ਾ ਕਮਾ ਲੈਣ ਦੀ ਹਵਸ ‘ਚ ਅੰਨੀ ਹੋ ਚੁੱਕੀ ਹੈ ਅਤੇ ਲਗਾਤਾਰ ਆਪਣੇ ਹੀ ਅੰਤ ਵੱਲ ਵੱਧ ਰਹੀ ਹੈ। ਜ਼ਾਹਿਰ ਹੈ ਕਿ ਇਹ ਅੰਤ ਆਪਣੇ ਆਪ ਨਹੀਂ ਹੋ ਜਾਵੇਗਾ ਅਤੇ ਜਦੋਂ ਤੱਕ ਇਨਕਲਾਬੀ ਸ਼ਕਤੀਆਂ ਸਿਆਸੀ, ਵਿਚਾਰਧਾਰਕ ਅਤੇ ਜੱਥੇਬੰਦਕ ਤੌਰ ‘ਤੇ ਖਿੰਡੀਆਂ ਰਹਿਣਗੀਆਂ, ਉਦੋਂ ਤਕ ਅਜਿਹਾ ਨਹੀਂ ਹੋ ਸਕਦਾ, ਪੂੰਜੀਵਾਦ ਜੰਗ ਅਤੇ ਵਿਨਾਸ਼ ਦੇ ਡਰਾਉਣੇ ਦ੍ਰਿਸ਼ ਰਚ-ਰਚ ਕੇ ਮਾਨਵਤਾ ਦੀ ਛਾਤੀ ‘ਤੇ ਮੂੰਗ ਦਲਦਾ ਰਹੇਗਾ। ਪਰ ਅਜਿਹਾ ਵੀ ਅਨੰਤ ਕਾਲ ਤੱਕ ਨਹੀਂ ਚਲ ਸਕਦਾ। ਕਦੀ ਨਾ ਕਦੀ ਇਸ ਜੜ੍ਹਤਾ ਅਤੇ ਖੜ੍ਹੋਤ ਤੋਂ ਕਮਿਉਨਿਸਟ ਇਨਕਲਾਬੀ ਮੁਕਤ ਹੋਣਗੇ ਅਤੇ ਦਿਮਾਗ ਖੋਲ ਕੇ ਇਕ ਨਵੀਂ ਵਿਗਿਆਨਕ ਸਮਝਦਾਰੀ ਵਿਕਸਿਤ ਕਰਦੇ ਹੋਏ ਅਗਾਂਹ ਵਧਣਗੇ। ਇਹ ਕਦੋਂ ਹੋਵੇਗਾ ਇਸਦੀ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ। ਪਰ ਉਨੇ ਹੀ ਦਾਅਵੇ ਨਾਲ ਕਿਹਾ ਜਾ ਸਕਦਾ ਹੈ, ਇਹ ਹੋਵੇਗਾ ਜ਼ਰੂਰ। ਸੰਸਾਰ ਭਰ ‘ਚ ਵੱਖ-ਵੱਖ ਦੇਸ਼ਾਂ ‘ਚ ਲਗਾਤਾਰ ਛੋਟੇ ਹੁੰਦੇ ਜਾ ਰਹੇ ਅੰਤਰਾਲਾਂ ‘ਤੇ ਹੋ ਰਹੇ ਲੋਕ-ਵਿਦਰੋਹ ਇਸੇ ਭਵਿੱਖ ਵੱਲ ਇਸ਼ਾਰਾ ਕਰ ਰਹੇ ਹਨ? ਇਸ ਹਾਲ ‘ਚ ਤੁਹਾਡੇ ਜਿਹੇ ਲੋਕ ਕੀ ਕਰ ਰਹੇ ਹਨ? ਉਹ ਪੂੰਜੀਵਾਦ ਦੇ ਮੋਢੇ ‘ਤੇ ਬਹਿ ਕੇ ਉਸਦੇ ਕੰਨ ‘ਚ ਸੰਜਮ-ਮੰਤਰ ਫ਼ੂਕਣ ਦਾ ਕੰਮ ਕਰ ਰਹੇ ਹਨ! ਉਹ ਪੂੰਜੀਵਾਦ ਦੀ ਆਤਮਘਾਤੀ ਰਫ਼ਤਾਰ ਦੇ ਰਾਹ ‘ਚ ਸਪੀਡ ਬ੍ਰੇਕਰ ਬਣਾਉਣ ਦਾ ਕੰਮ ਕਰ ਰਹੇ ਹਨ ਅਤੇ ਜਗ੍ਹਾ-ਜਗ੍ਹਾ ‘ਸਾਵਧਾਨੀ ਹਟੀ, ਦੁਰਘਟਨਾ ਘਟੀ’ ਦਾ ਬੋਰਡ ਲਗਾ ਰਹੇ ਹਨ! ਤੁਹਾਡੇ ਵਰਗੇ ਲੋਕ ਪੂੰਜੀਵਾਦ ਦੇ ਸਭ ਤੋਂ ਦੂਰਦਰਸ਼ੀ ਪਹਿਰੇਦਾਰ ਅਤੇ ਬੌਧਿਕ ਰੱਖਿਅਕਾਂ ਦੀ ਅੰਤਮ ਕਤਾਰ ਦਾ ਕੰਮ ਕਰ ਰਹੇ ਹਨ। ਇਹ ਬੇਵਜ੍ਹਾ ਹੀ ਨਹੀਂ ਸੀ ਕਿ ਤੁਹਾਨੂੰ ਭੂਮੰਡਲੀਕਰਨ ਦੇ ਮਾਨਵੀ ਚਿਹਰੇ ਦੀ ਗੱਲ ਕਰਨ ਵਾਲੇ ਪੂੰਜੀਵਾਦੀ ਅਰਥਸ਼ਾਸਤਰੀ ਜੋਸੇਫ਼ ਸਟਿਗਲਟਜ਼ ਨਾਲ ਇਕ ਕੌਮਾਂਤਰੀ ਕਮੇਟੀ ‘ਚ ਰੱਖਿਆ ਗਿਆ ਸੀ, ਜਿਸਦਾ ਕੰਮ ਸੀ ਸੰਸਾਰ ਪੂੰਜੀਵਾਦ ਦੇ ਚੌਧਰੀਆਂ ਨੂੰ 2007 ਤੋਂ ਸ਼ੁਰੂ ਹੋਈ ਸੰਸਾਰ ਵਿਆਪੀ ਮੰਦੀ ਤੋਂ ਉਭਰਨ ਦੇ ਉਪਾਅ ਦੱਸਣਾ। ਤੁਹਾਨੂੰ ਸੰਸਾਰ ਪੂੰਜੀਵਾਦ ਦੀ ਰੱਖਿਆ ਲਈ ਸਲਾਹਕਾਰ ਮੰਡਲ ‘ਚ ਸ਼ਾਮਿਲ ਕੀਤਾ ਗਿਆ। ਇਹ ਬੇਵਜ੍ਹਾ ਹੀ ਤਾਂ ਨਹੀਂ ਹੈ ਕਿ ਤੁਸੀਂ ਕੇਰਲ ਦੀ ਸੋਧਵਾਦੀ ਸਰਕਾਰ ਦੇ ਯੋਜਨਾ ਕਮਿਸ਼ਨ ‘ਚ ਸ਼ਾਮਿਲ ਹੋ! 

ਤੁਹਾਡੀ ਸਿਆਸੀ ਪ੍ਰਤੀਬੱਧਤਾ ਤੁਹਾਨੂੰ ਬੌਧਿਕ ਤੌਰ ‘ਤੇ ਵੀ ਈਮਾਨਦਾਰ ਨਹੀਂ ਰਹਿਣ ਦਿੰਦੀ। ਇਹਨਾਂ ਦੋਨਾਂ ਦਰਮਿਆਨ ਦਵੰਦ ਚਲਦਾ ਰਹਿੰਦਾ ਹੈ ਅਤੇ ਅੰਤ ਉਹੀ ਹੁੰਦਾ ਹੈ, ਜਿਵੇਂ ਕਿ ਸਦਾ ਹੁੰਦਾ ਆਇਆ ਹੈ — ਸਿਆਸਤ ਦੀ ਜਿੱਤ ਹੁੰਦੀ ਹੈ, ਅਰਥਸ਼ਾਸਤਰ ਦੀ ਹਾਰ। ਬਿਹਤਰ ਹੋਵੇਗਾ ਕਿ ਆਪਣੇ ਦਿਮਾਗ ਦੇ ਇਸ ਦਵੰਦ ਨੂੰ ਕਿਸੇ ਇਕ ਪਾਰ ਲਗਾ ਦੇਵੋ। ਕਿਉਂਕਿ ਇਹ ਦਵੰਦ ਤੁਹਾਡੀ ਹਰ ਰਚਨਾ ‘ਚ ਪ੍ਰਗਟ ਹੋ ਜਾਂਦਾ ਹੈ ਅਤੇ ਉਸਨੂੰ ‘ਮਾਸਟਰਪੀਸ’ ਬਣਨ ਤੋਂ ਰੋਕ ਦਿੰਦਾ ਹੈ। ਜਾਂ ਤਾਂ ਸਿਆਸਤ ਦੇ ਪੱਖ ‘ਚ ਇਸ ਦਵੰਦ ਦਾ ਹੱਲ ਹੋ ਜਾਵੇ, ਜਾਂ ਫਿਰ ਤੁਹਾਡੀ ਅਰਥਸ਼ਾਸਤਰੀਆਂ ਵਾਲੀ ਬੌਧਿਕ ਈਮਾਨਦਾਰੀ ਦੇ ਹੀ ਪੱਖ ‘ਚ ਇਸਦਾ ਹੱਲ ਹੋ ਜਾਵੇ। ਦੋਹਾਂ ਹੀ ਹਾਲਤਾਂ ‘ਚ ਫਿਰ ਤੁਹਾਡੀ ਲੇਖਣੀ ਮਾਸਟਰਪੀਸ ਬਣਨ ਦੀਆਂ ਪੂਰਵਸ਼ਰਤਾਂ ਪੂਰੀਆਂ ਕਰਨ ਲੱਗੇਗੀ। ਪਹਿਲੀ ਸੂਰਤ ‘ਚ ਇਹ ਸ਼ਾਨਦਾਰ ਕੌਟਸਕੀਪੰਥੀ ਲੇਖਣੀ ਹੋਵੇਗੀ (ਜਿਵੇਂ ਕਿ ਸਾਮਰਾਜਵਾਦ ‘ਤੇ ਤੁਹਾਡਾ ਅਤਿ-ਸਾਮਰਾਜਵਾਦ ਵਾਲਾ ਸਿਧਾਂਤ ਆਇਆ ਸੀ, ਜਿਸਦੀ ਤੁਸੀਂ ਚਰਚਾ ਹੀ ਕਰਨੀ ਬੰਦ ਕਰ ਦਿੱਤੀ ਇਸ ਮਹਾਂਮੰਦੀ ਮਗਰੋਂ!) ਅਤੇ ਦੂਜੀ ਸੂਰਤ ‘ਚ ਇਹ ਇਕ ਚੰਗੀ ਮਾਰਕਸਵਾਦੀ ਆਰਥਿਕ ਲੇਖਣੀ ਬਣੇਗੀ। ਅਜਿਹੀ ਹਾਲਤ ‘ਚ ਸਾਡੇ ਵਰਗੇ ਅਰਥਸ਼ਾਸਤਰ ਦੇ ਵਿਦਿਆਰਥੀ ਤੁਹਾਡੇ ਲੇਖਣੀ ਤੋਂ ਕਨਫਿਊਜ਼ ਹੋਣ ਦੀ ਬਜਾਏ, ਵਧੇਰੇ ਚੰਗੀ ਅੰਤਰਦ੍ਰਿਸ਼ਟੀ ਵਿਕਸਿਤ ਕਰ ਸਕਣ ਦੇ ਯੋਗ ਹੋਣਗੇ। 

     

                                     ਆਦਰ ਸਹਿਤ, 

ਤੁਹਾਡਾ
ਅਭਿਨਵ

“ਪ੍ਰਤੀਬੱਧ”, ਅੰਕ 15,  ਮਈ – 2011 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s