ਪਛਾਣ ਦੀ ਸਿਆਸਤ ‘ਤੇ 10 ਸੂਤਰ-ਵਾਕ

1

ਪੀ.ਡੀ.ਐਫ਼ ਡਾਊਨਲੋਡ ਕਰੋ

ਸੂਤਰ-ਵਾਕਾਂ ਵਿੱਚ ਦਿੱਤੇ ਗਏ ਵਿਚਾਰ ਹੋਰ ਵਿਸਥਾਰ ਦੀ ਮੰਗ ਕਰਦੇ ਹਨ। ਸੰਸਾਰ ਸਰਮਾਏਦਾਰੀ ਦੇ ਕੇਂਦਰਾਂ ਵਿੱਚ ਰਹਿਣ ਵਾਲ਼ੇ ਸਾਡੇ ਵਿੱਚੋਂ ਅਜਿਹੇ ਲੋਕ ਜੋ ਆਪਣੇ ਆਪ ਨੂੰ “ਮਾਰਕਸਵਾਦੀ” ਅਤੇ “ਇਤਿਹਾਸਕ ਪਦਾਰਥਵਾਦੀ” ਕਹਿੰਦੇ ਹਨ, ਉਹ ਥੋੜ੍ਹਾ-ਬਹੁਤ ਸਿਧਾਂਤ ਦੇ ਇੱਕ ਇਤਿਹਾਸਕ ਮੋੜ-ਨੁਕਤੇ ‘ਤੇ ਖੜ੍ਹੇ ਹਨ। ਇਹ ਲਾਜ਼ਮੀ ਹੀ ਚੰਗੀ ਗੱਲ ਨਹੀਂ ਹੈ…

1) ਜ਼ਬਰ ਨੂੰ ਪਦਾਰਥਕ ਅਧਾਰ ਤੋਂ ਬਿਨਾਂ ਪਛਾਣ ਦੇ ਅਧਾਰ ‘ਤੇ ਪਰਿਭਾਸ਼ਿਤ ਕਰਨ ਨਾਲ਼ ਜ਼ਬਰ ਦਾ ਇੱਕ ਅਜਿਹਾ ਸੰਕਲਪ ਉੱਭਰਦਾ ਹੈ ਜਿਸ ਵਿੱਚ ਕਿਸੇ ਵੀ ਇਨਕਲਾਬੀ ਪ੍ਰੈਕਟਿਸ (ਅਭਿਆਸ) ਦਾ ਅਧਾਰ ਨਹੀਂ ਹੁੰਦਾ। ਇੱਕ ਅਜਿਹਾ ਸਿਧਾਂਤ ਏਕਤਾ ਕਾਇਮ ਕਰਨ ਦੇ ਅਯੋਗ ਹੈ ਜੋ ਸਮਾਜ ਨੂੰ ਪਛਾਣਾਂ ਦੇ ਵੰਨ-ਸੁਵੰਨੇ ਰੂਪਾਂ ਵਿੱਚ ਵੰਡ ਕੇ ਇਹਨਾਂ ਤੁੱਛ ਰੂਪਾਂ ਨੂੰ ਉਸ ਵਿਸ਼ਾਲ ਅਧਾਰ ਤੋਂ ਪਰ੍ਹਾਂ ਹਟਾਕੇ ਦੇਖਦਾ ਹੈ ਜੋ ਅਸਲ ਵਿੱਚ ਹਾਸਲ ਪੈਦਾਵਾਰੀ ਪ੍ਰਣਾਲ਼ੀ ਨੂੰ ਹਾਕਮ ਜਮਾਤ ਅਤੇ ਪਸਿੱਤੀਆਂ ਜਮਾਤਾਂ ਵਿੱਚ ਵੰਡਦਾ ਹੈ। ਭਾਵੇਂ ਕਿ ਕੁਝ ਅਕਾਦਮਿਕ ਖੇਮਿਆਂ ਵਿੱਚ ਇਹ ਦਾਅਵਾ ਕਰਨਾ ਚਲਣ ਤੋਂ ਬਾਹਰ ਹੋ ਸਕਦਾ ਹੈ ਪਰ ਹਾਲੇ ਵੀ ਇਨਕਲਾਬੀ ਏਕਤਾ ਦਾ ਇੱਕੋ-ਇੱਕ ਅਧਾਰ ਸਮਾਜਿਕ ਜਮਾਤਾਂ ਹੀ ਹਨ ਕਿਉਂਕਿ ਹਾਸਲ ਪੈਦਾਵਾਰੀ ਪ੍ਰਣਾਲ਼ੀ ਅਤੇ ਇਤਿਹਾਸ ਦੀ ਗਤੀ ਅੰਤਮ ਵਿਸ਼ਲੇਸ਼ਣ ਵਿੱਚ ਜਮਾਤੀ ਘੋਲ਼ ਦੁਆਰਾ ਤੈਅ ਹੁੰਦੀ ਹੈ।

2) ਜਿੱਥੇ ਇੱਕ ਪਾਸੇ ਨਕਲੀ ਮਾਰਕਸਵਾਦ ਦੇ ਜਮਾਤੀ-ਸਾਰਕਰਨ ਨੂੰ ਖ਼ਾਰਜ ਕਰਨਾ ਠੀਕ ਹੈ, ਜੋ ਖੁਦ ਆਪਣੇ ਵਰਗੀ ਪਛਾਣ ਦੀ ਸਿਆਸਤ ਨੂੰ ਜਨਮ ਦਿੰਦਾ ਹੈ (ਜਿੱਥੇ ਮਜ਼ਦੂਰ ਜਮਾਤ ਨੂੰ ਸੁਤੇਸਿੱਧ ਹੀ ਅਤੇ ਗ਼ਲਤ ਢੰਗ ਨਾਲ਼ ਗੋਰੇ, ਵੱਖਰੇ-ਲਿੰਗੀ, ਸੁਯੋਗ, ਸਧਾਰਨ ਲਿੰਗੀ ਪਛਾਣਾਂ ਦੇ ਅਨੁਸਾਰ ਪਰਿਭਾਸ਼ਿਤ ਕਰ ਦਿੱਤਾ ਜਾਂਦਾ ਹੈ), ਉੱਥੇ ਇਸ ਨੂੰ ਉੱਤਰ-ਆਧੁਨਿਕਤਾਵਾਦ ਦੀ ਵੱਖਰੀ ਤਰ੍ਹਾਂ ਦੀ ਸਿਆਸਤ ( ਜੋ ਠੋਸ ਰੂਪ ਵਿੱਚ ਕਿਹਾ ਜਾਵੇ ਤਾਂ ਪਛਾਣ ਦੀ ਸਿਆਸਤ ਹੀ ਹੁੰਦੀ ਹੈ) ਨਾਲ਼ ਪ੍ਰਤੀਸਥਾਪਿਤ ਕਰਨਾ ਵੀ ਗ਼ਲਤ ਹੈ। ਇਹ ਦਲੀਲ ਕਿ ਮਜ਼ਦੂਰ ਜਮਾਤ ਦੀ ਬਣਤਰ ਜ਼ਬਰ ਦੇ ਇਹਨਾਂ ਹੀ ਨੁਕਤਿਆਂ ਨਾਲ਼ ਪਰਿਭਾਸ਼ਿਤ ਹੁੰਦੀ ਹੈ, ਕੇਵਲ ਇਹਨਾਂ ਨੁਕਤਿਆਂ ਦੀ ਗੱਲ ਕਰਨ ਵਾਲ਼ੀ ਅਜਿਹੀ ਸਿਆਸਤ ਨੂੰ ਗਲ਼ ਲਾਉਣ ਦੇ ਬਰਾਬਰ ਨਹੀਂ ਹੈ ਜੋ ਸਮਾਜਿਕ ਜਮਾਤ ਦੇ ਪਦਾਰਥਕ ਅਧਾਰ ਤੋਂ ਵਿਹੂਣੀ ਹੋਵੇ ਅਤੇ ਜੋ ਜਮਾਤੀ ਕੁਸ਼ੀ ਦੇ ਪਦਾਰਥਕ ਤੱਥ ਦੀ ਬਜਾਏ ਅਮੂਰਤ ਅਤੇ ਅਬੁੱਝ ਢੰਗ ਨਾਲ਼ ਪ੍ਰਗਟਾਈ ਗਈ ਹੋਵੇ। ਜਮਾਤ ਭਾਵੇਂ ਜ਼ਬਰ ਦੇ ਇਹਨਾਂ ਪਲਾਂ ਦੁਆਰਾ ਤੈਅ ਹੁੰਦੀ ਹੋਵੇ, ਪਰ ਨਾਲ਼ ਹੀ ਨਾਲ਼ ਇਹ ਜ਼ਬਰ ਦੇ ਇਹਨਾਂ ਪਲਾਂ ਨੂੰ ਤੈਅ ਵੀ ਕਰਦੀ ਹੈ। ਬਾਅਦ ਵਿੱਚ ਸਾਨੂੰ ਅੰਤਿਮ ਵਿਸ਼ਲੇਸ਼ਣ ਵਿੱਚ ਸਮਾਜਿਕ/ਆਰਥਿਕ ਜਮਾਤ ਨੂੰ ਹੀ ਇਨਕਲਾਬੀ ਘੋਲ਼ ਦੇ ਅਧਾਰ ਦੇ ਰੂਪ ਵਿੱਚ ਪ੍ਰਵਾਨ ਕਰਨਾ ਹੋਵੇਗਾ।

3) ਕਾਟ (ਇੰਟਰਸੈਕਟ) ਦਾ ਸਿਧਾਂਤ, ਇਹ ਸ਼ਬਦ ਜੋ ਪਛਾਣਵਾਦੀ ਪਹੁੰਚ ਪ੍ਰਤੀ ਪ੍ਰਤੀਬੱਧ ਲੋਕਾਂ ਦੁਆਰਾ ਬਹੁਤ ਉਛਾਲ਼ਿਆ ਜਾਂਦਾ ਹੈ, ਅਸਲ ਵਿੱਚ ਘਸਿਆ-ਪਿਟਿਆ ਹੈ। ਇਹ ਬਿਲਕੁਲ ਠੀਕ ਹੈ ਕਿ ਜਮਾਤ, ਨਸਲ, ਲਿੰਗ, ਜੈਂਡਰ, ਕੌਮੀਅਤਾ ਆਦਿ ਇੱਕ ਦੂਜੇ ਨੂੰ ਕੱਟਦੇ ਹਨ, ਪਰ ਇਸ ਤੱਥ ਨੂੰ ਪ੍ਰਵਾਨ ਕਰਨਾ ਬਿਲਕੁਲ ਅਜਿਹਾ ਹੀ ਹੈ ਜਿਹੋ-ਜਿਹਾ ਕਿ ਇਸ ਤੱਥ ਨੂੰ ਪ੍ਰਵਾਨ ਕਰਨਾ ਕਿ ਜਦ ਮੀਂਹ ਪੈਣ ਵਾਲ਼ਾ ਹੁੰਦਾ ਹੈ ਤਾਂ ਅਸਮਾਨ ਧੁੰਧਲਾ ਹੋ ਜਾਂਦਾ ਹੈ। ਉੱਤਰ-ਆਧੁਨਿਕਤਾਵਾਦ ਦੇ ਘਾੜਿਆਂ ਅਤੇ ਪਛਾਣਵਾਦੀ ਪਹੁੰਚ ਅਪਣਾਉਣ ਵਾਲ਼ਿਆਂ ਦੁਆਰਾ ਪੇਸ਼ ਕੀਤਾ ਕਾਟ ਦਾ ਸਿਧਾਂਤ ਇਸ ਜੱਗ-ਜਾਹਰ ਤੱਥ ਤੋਂ ਵੱਧ ਸਾਨੂੰ ਹੋਰ ਕੁਝ ਨਹੀਂ ਦੱਸਦਾ ਕਿ ਵੰਨ-ਸੁਵੰਨੇ ਜ਼ਬਰ ਇੱਕ ਦੂਜੇ ਨੂੰ ਕੱਟਦੇ (ਇੰਟਰਸੈਕਟ) ਹਨ ਅਤੇ ਕਲਾਵੇ ‘ਚ ਲੈਂਦੇ (ਓਵਰਲੈਪ) ਹਨ; ਉਹ ਆਮ ਤੌਰ ‘ਤੇ ਇਸਦੀ ਵਿਆਖਿਆ ਨਹੀਂ ਕਰ ਸਕਦੇ ਕਿ ਉਹ ਕਿਉਂ ਅਤੇ ਕਿਵੇਂ ਇੱਕ ਦੂਜੇ ਨੂੰ ਕਲਾਵੇ ‘ਚ ਲੈਂਦੇ ਹਨ ਅਤੇ ਇਸ ਤੋਂ ਵੀ ਜ਼ਿਆਦਾ ਮਹੱਤਵਪੂਰਨ ਇਹ ਹੈ ਕਿ ਉਹ ਇਨਕਲਾਬੀ ਏਕਤਾ ਦੀ ਪ੍ਰੈਕਟਿਸ ਬਾਰੇ ਦੱਸਣ ਵਿੱਚ ਅਸਫ਼ਲ ਹਨ। ਇੱਥੇ ਕਾਟ ਦੇ ਵਾਕਾਂ ਦਾ ਅਰਥ ਇੱਕ-ਦੂਜੇ ਨੂੰ ਆਨੇ-ਬਹਾਨੇ ਕੱਟਣ ਵਾਲ਼ੇ ਟੇਢੇ-ਮੇਢੇ ਰਾਹਾਂ ਨੂੰ ਪ੍ਰਵਾਨਾਣਾ ਹੀ ਹੈ ਨਾ ਕਿ ਕਾਟ ਦਾ ਕੋਈ ਸਟੀਕ ਗਿਆਨ-ਸ਼ਾਸਤਰ ਪੇਸ਼ ਕਰਨਾ ਹੈ।

4) ਇਨਕਲਾਬੀ ਕਮਿਊਨਿਸਟ ਬਹੁਤ ਲੰਬੇ ਸਮੇਂ ਤੋਂ ਇਹ ਕਹਿੰਦੇ ਆਏ ਹਨ ਕਿ ਜਮਾਤਾਂ ਦੇ ਪਲ ਵਿੱਚ ਜੋ ਇੱਕ ਵੱਖਰਾ ਪਛਾਣਵਾਦੀ ਰਾਹ ਹੋਣ ਦੀ ਬਜਾਏ ਅੰਤਿਮ ਮੰਜ਼ਿਲ ਹੁੰਦਾ ਹੈ, ਵੱਖ-ਵੱਖ ਕਿਸਮ ਦੇ ਜ਼ਬਰ ਕਾਟ ਕਰਦੇ ਹਨ। ਅਜਿਹਾ ਦਿਖਾ ਕੇ ਕਿ ਸਮਾਜਿਕ ਜਮਾਤ ਕੇਵਲ ਕਾਟ ਦਾ ਇੱਕ ਪਲ ਭਰ ਹੁੰਦੀ ਹੈ ਨਾ ਕਿ ਇੱਕ ਅਜਿਹਾ ਪਦਾਰਥਕ ਅਧਾਰ ਜੋ ਕਾਟ ਦਾ ਅਰਥ ਸਪੱਸ਼ਟ ਕਰਦਾ ਹੋਵੇ। ਪਛਾਣਵਾਦੀ ਸਿਆਸਤ ਸਰਮਾਏਦਾਰੀ ਨਾਲ਼ ਵਿਗਿਆਨਕ ਢੰਗ ਨਾਲ਼ ਮੁਕਾਬਲਾ ਨਹੀਂ ਕਰ ਸਕਦੀ। ਇਸ ਤੋਂ ਬਿਨਾਂ ਇਹ ਜ਼ਿਆਦਾ ਤੋਂ ਜ਼ਿਆਦਾ ਨਸੀਹਤਬਾਜ਼ੀ ਕਰ ਸਕਦੀ ਹੈ।

5) ਅਜਿਹੇ ਲੋਕ ਜੋ ਪਛਾਣ ਦੀ ਸਿਆਸਤ ਦੀਆਂ ਅਮਲੀ ਸਰਗਰਮੀਆਂ ਜ਼ਬਰ-ਵਿਰੋਧੀ ਸਿੱਖਿਆ, “ਸੇਫ ਸਪੇਸਜ਼”, ਵਿਸ਼ੇਸ਼ ਅਧਿਕਾਰ (Previlege) ਦੇ ਦੁਰਲੱਭ ਸਿਧਾਂਤ, ਅਮੂਰਤ ਲਹਿਰਵਾਦ ਦੀ ਵਕਾਲਤ ਕਰਦੇ ਹਨ, ਉਹ ਆਮ ਤੌਰ ‘ਤੇ ਨਿੱਕ-ਬੁਰਜੂਆ ਅਕਾਦਮੀਸ਼ੀਅਨ ਹੁੰਦੇ ਹਨ। ਵਿਡੰਬਨਾ ਇਹ ਹੈ ਕਿ ਇਹਨਾਂ ਵਿੱਚੋਂ ਕੁਝ ਲੋਕ ਵਿਚਾਰਕ ਤੌਰ ‘ਤੇ ਬੌਧਿਕ ਵਿਸ਼ੇਸ਼-ਅਧਿਕਾਰ ਨਾਲ਼ ਸੰਪੰਨ ਹੁੰਦੇ ਹਨ (ਧਿਆਨ ਯੋਗ ਹੈ ਕਿ ਇਸ ਸਿਆਸਤ ਪਿਛਲੇ ਉੱਤਰ-ਆਧੁਨਿਕ ਸਿਧਾਂਤ ਦੀ ਪਹੁੰਚ ਮੌਜੂਦਾ ਸਮੇਂ ਵਿੱਚ ਵਿਦਿਆਰਥੀਆਂ ਅਤੇ ਬੁੱਧੀਜੀਵੀਆਂ ਤੱਕ ਸੀਮਿਤ ਹੈ), ਜਦ ਉਹ ਵਿਸ਼ੇਸ਼-ਅਧਿਕਾਰ, ਜ਼ਬਰ, ਅੰਤਰ-ਖੇਤਰੀਅਤਾ ਆਦਿ ‘ਤੇ ਗੱਲ ਕਰ ਰਹੇ ਹੁੰਦੇ ਹਨ ਤਾਂ ਉਹ ਇਹ ਨਹੀਂ ਸਮਝ ਸਕਦੇ ਕਿ ਉਹਨਾਂ ਦੀ ਸਮਾਜਿਕ ਜਮਾਤ ਦੁਆਰਾ ਪੈਦਾ ਵਿਸ਼ੇਸ਼ ਅਧਿਕਾਰ, ਵਿਸ਼ੇਸ਼ ਅਧਿਕਾਰ ਦਾ ਇੱਕ ਮੁਢਲਾ ਪਲ ਹੈ ਜਾਂ ਇਹ ਵੀ ਨਹੀਂ ਸਮਝਦੇ ਕਿ ਉਹ ਆਰਥਿਕ ਤੌਰ ‘ਤੇ ਸਰਦੇ-ਪੁੱਜਦੇ ਹਨ। ਨਤੀਜਾ ਜ਼ਬਰ ਦਾ ਪਦਾਰਥਕ ਵਿਸ਼ਲੇਸ਼ਣ ਪੇਸ਼ ਕਰ ਸਕਣ ਵਿੱਚ ਅਸਫ਼ਲਤਾ : ਸਰਮਾਏਦਾਰੀ ਵਿੱਚ ਸਭ ਤੋਂ ਵੱਧ “ਵਿਸ਼ੇਸ਼ ਅਧਿਕਾਰ” ਉਹਨਾਂ ਨੂੰ ਮਿਲ਼ਦਾ ਹੈ ਜਿਹਨਾਂ ਕੋਲ਼ ਸਭ ਤੋਂ ਵੱਧ ਖੁਦਮੁਖਤਿਆਰੀ ਹੁੰਦੀ ਹੈ ਯਾਨੀ ਬੁਰਜੂਆ ਜਮਾਤ, ਅਜਿਹੇ ਲੋਕ ਜੋ ਪਛਾਣਵਾਦੀ ਸਿਆਸਤ ਦੁਆਰਾ ਪ੍ਰਦਾਨ ਕੀਤੇ ਗਏ ਮੌਕਿਆਂ ਦਾ ਆਨੰਦ ਮਾਨਣ ਦੀ ਬੌਧਿਕ ਖੁਦਮੁਖਤਿਆਰੀ ਰੱਖਦੇ ਹਨ, ਉਹ ਵੀ, ਭਾਵੇਂ ਉਹਨਾਂ ਦੀ ਵਿਸ਼ੇਸ਼ ਪਛਾਣ ਚਾਹੇ ਕੋਈ ਵੀ ਹੋਵੇ (ਜ਼ਬਰ ਦੀ ਹੋਵੇ ਜਾਂ ਹੋਰ), ਵਿਚਾਰਨਯੋਗ ਰੂਪ ਨਾਲ਼ ਖੁਦ ਵਿਸ਼ੇਸ਼ ਅਧਿਕਾਰ-ਸੰਪੰਨ ਹੁੰਦੇ ਹਨ ਜਿਸਦੀ ਗ਼ੈਰ-ਹਾਜਰੀ ਦੀ ਉਹ ਕਲਪਨਾ ਕਰਦੇ ਹਨ। ਇਸਦਾ ਇਹ ਅਰਥ ਨਹੀਂ ਹੈ ਕਿ ਇਹ ਸਾਰੇ ਚਲਨ ਇਤਿਹਾਸ ਦੇ ਕਿਸੇ ਕਾਲਖੰਡ ਵਿੱਚ ਲਾਜ਼ਮੀ ਨਾ ਰਹੇ ਹੋਣ, ਜਾਂ ਘੱਟੋ-ਘੱਟ ਨਕਲੀ ਮਾਰਕਸਵਾਦ ਦੇ ਜਮਾਤੀ ਸਾਰਕਰਨ ਦਾ ਤਾਰਕਿਕ ਸਿੱਟਾ ਨਾ ਰਹੇ ਹੋਣ, ਕਹਿਣ ਦਾ ਭਾਵ ਹੈ ਕਿ ਉਹ ਨਵ-ਸੁਧਾਰਵਾਦ ਪੈਦਾ ਕਰਨ ਵਾਲ਼ੇ ਇੱਕ ਨਿੱਕ-ਬੁਰਜੂਆ ਐਕਟੀਵਿਜ਼ਮ ਤੋਂ ਵੱਧ ਕੁਝ ਨਹੀਂ ਹੈ।

6) ਭਾਵੇਂ ਕਿ ਜਮਾਤੀ ਸਾਰਕਰਨ ਤੋਂ ਬਚਦੇ ਹੋਏ ਪਛਾਣਵਾਦੀ ਸਿਆਸਤ ਦਾ ਖੰਡਨ ਕਰਨ ਦੇ ਕਈ ਮਾਰਕਸਵਾਦੀ ਯਤਨ ਹੋਏ ਹਨ, ਪਰ ਉਹਨਾਂ ਵਿੱਚੋਂ ਜ਼ਿਆਦਾਤਰ ਅੰਤ ਨੂੰ ਪਛਾਣਵਾਦੀ ਸਿਆਸਤ ਦੇ ਸਾਰਤੱਤ ਨੂੰ ਹੀ ਮੂਰਤ ਰੂਪ ਦਿੰਦੇ ਹੋਏ ਨਜ਼ਰ ਆਉਂਦੇ ਹਨ। (ਇਸਦਾ ਨਤੀਜਾ ਮਜ਼ਦੂਰ ਨਾਰੀਵਾਦ ਦੇ ਗ਼ਲਤ ਢੰਗ ਨਾਲ਼ ਹਸਤਗਤੀਕਰਨ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ ਜਦ “ਵਿਸ਼ੇਸ਼ ਅਧਿਕਾਰ” ਦੀ ਉਸੇ ਪਛਾਣਵਾਦੀ ਧਾਰਨਾ ਨੂੰ ਅਧਾਰ ਬਣਾਇਆ ਜਾਂਦਾ ਹੈ ਅਤੇ ਅਨੁਰਾਧਾ ਗਾਂਧੀ ਵਰਗੀ ਇਨਕਲਾਬੀ ਸਿਧਾਂਤਕਾਰ ਨੂੰ ਬੁਰਜੂਆ ਨਾਰੀਵਾਦੀ ਹਸਤਗਤ ਕਰਕੇ ਲੁੱਟ ਨੂੰ ਜ਼ਬਰ ਦੇ ਵਿਚਾਰਵਾਦੀ ਸੰਕਲਪ ਨਾਲ਼ ਪ੍ਰਤਿਸਥਾਪਤ ਕਰ ਦਿੰਦੇ ਹਨ) ਆਮ ਤੌਰ ‘ਤੇ ਅਜਿਹਾ ਹੁੰਦਾ ਹੈ ਕਿ ਪਛਾਣਵਾਦੀ ਸਿਆਸਤ ਤੋਂ ਸਬਕ ਲੈ ਕੇ ਜਮਾਤੀ ਸਾਰਕਰਨ ਨੂੰ ਲੰਘਣ ਦੇ ਯਤਨ ਵਿੱਚ ਸਾਡੇ ਵਿੱਚੋਂ ਕੁਝ ਲੋਕ ਜਮਾਤੀ ਸਾਰਕਰਨ ਦੀਆਂ ਘਾਟਾਂ ਨੂੰ ਦੂਰ ਕਰਨ ਦੀ ਪ੍ਰਕ੍ਰਿਆ ਵਿੱਚ ਪਛਾਣਵਾਦੀ ਸਿਆਸਤ ਦੇ ਖੇਮੇ ਵਿੱਚ ਚਲੇ ਜਾਣ ਦੀ ਗ਼ਲਤੀ ਕਰ ਬੈਠਦੇ ਹਨ। ਨਕਲੀ ਮਾਰਕਸਵਾਦ ਦੇ ਇਤਿਹਾਸ ਦੇ ਪਰਿਪੇਖ ਵਿੱਚ ਇਸ ਗ਼ਲਤੀ ਨੂੰ ਸਮਝਿਆ ਜਾ ਸਕਦਾ ਹੈ, ਪਰ ਫਿਰ ਵੀ ਇਹ ਹੈ ਤਾਂ ਗ਼ਲਤੀ ਹੀ, ਕਿਉਂਕਿ ਜੇਕਰ ਅਸੀਂ ਆਪਣੇ ਆਪ ਨੂੰ ਮਾਰਕਸਵਾਦੀ ਕਹਿੰਦੇ ਹਾਂ ਤਾਂ ਸਾਨੂੰ ਉਸ ਇਤਿਹਾਸ ਦੇ ਕੂੜਾਦਾਨ ਵਿੱਚ ਸੁੱਟ ਦਿੱਤੇ ਗਏ ਨਕਲੀ ਮਾਰਕਸਵਾਦ ਨੂੰ ਸੌਖੇ ਅਤੇ ਵਿਚਾਰਵਾਦੀ ਢੰਗ ਨਾਲ਼ ਖੰਡਨ ਕਰਨ ਤੋਂ ਕਿਤੇ ਜ਼ਿਆਦਾ ਅਤੇ ਉਸ ਤੋਂ ਵੀ ਪਰ੍ਹਾਂ ਕੁਝ ਪੇਸ਼ ਕਰਨਾ ਪਵੇਗਾ।

7) ਪਛਾਣ ਦੀ ਸਿਆਸਤ ਦੀ ਵਿਰਾਸਤ ਨੇ ਇੱਕ ਅਜਿਹੇ ਦਿੱਕਤ-ਤਲਬ ਭਾਸ਼ਾਈ ਆਦਰਸ਼ਵਾਦ ਨੂੰ ਜਨਮ ਦਿੱਤਾ ਹੈ ਜਿਸ ਵਿੱਚ ਅਸੀ ਜ਼ਬਰ ਦੇ ਪਦਾਰਥਕ ਅਧਾਰਾਂ ਦੇ ਬਜਾਏ ਸਟੀਕ ਸ਼ਬਦਾਂ ਅਤੇ ਮੁਹਾਵਰਿਆਂ ‘ਤੇ ਵੱਧ ਜ਼ੋਰ ਦਿੰਦੇ ਹਾਂ। ਅਜਿਹੇ ਮੌਕਿਆਂ ‘ਤੇ ਵੀ ਜਦ ਸਾਨੂੰ ਲੱਗਦਾ ਹੈ ਕਿ ਅਸੀਂ ਅਸਲ ਸੰਸਾਰ ਦੇ ਜ਼ਬਰ ਨਾਲ਼ ਜੂਝ ਰਹੇ ਹਾਂ, ਅਸੀਂ ਅਸਲ ਵਿੱਚ ਪ੍ਰਤੀਤੀਗਤ ਪੱਧਰ ‘ਤੇ ਉਲ਼ਝੇ ਰਹਿੰਦੇ ਹਾਂ। ਅਕਸਰ ਅਸੀਂ ਇਹ ਨਹੀਂ ਸਮਝ ਸਕਦੇ ਕਿ ਅਜਿਹੇ ਲੋਕ ਜਿਹਨਾਂ ਨੂੰ ਸਟੀਕ ਸ਼ਬਦਾਵਲ਼ੀ ਅਤੇ ਮੁਹਾਵਰਿਆਂ ਨੂੰ ਸਮਝਣ ਲਾਇਕ ਵਿਸ਼ੇਸ਼ ਅਧਿਕਾਰ ਸੰਪੰਨ ਸਿੱਖਿਆ ਪ੍ਰਾਪਤ ਨਹੀਂ ਹੁੰਦੀ, ਉਹ ਲਾਜ਼ਮੀ ਹੀ ਦਕਿਆਨੂਸ ਹੋਣ, ਅਜਿਹਾ ਲਾਜ਼ਮੀ ਨਹੀਂ ਹੈ, ਇਹ ਠੀਕ ਉਸੇ ਤਰ੍ਹਾਂ ਹੈ ਜਿਸ ਤਰ੍ਹਾਂ ਅਸੀਂ ਇਹ ਨਹੀਂ ਸਮਝ ਸਕਦੇ ਕਿ ਅਜਿਹੇ ਲੋਕ ਜੋ ਪੂਰਨ ਸਿੱਖਿਅਤ ਹਨ ਅਤੇ ਜੋ ਸਟੀਕ ਭਾਸ਼ਾ ਰਾਹੀਂ ਆਪਣੀ ਦਕਿਆਨੂਸੀ ਲੁਕਾਉਂਦੇ ਹਨ ਉਹ ਅਮਲ ਵਿੱਚ ਸਾਡੇ ਵੈਰੀ ਹਨ। ਇਹ ਭਾਸ਼ਾਈ ਆਦਰਸ਼ਵਾਦ ਸਵੈ-ਸਤਵਾਦ (Self-Righteousness) ਦੀ ਕਸਰਤ ਤੋਂ ਵੱਧ ਕੁਝ ਨਹੀਂ ਰਹਿ ਜਾਂਦਾ ਜਦ ਇਹ ਭੌਤਿਕ ਹਾਲਤਾਂ ਨੂੰ ਬਦਲਣ ਦੇ ਅਧਾਰ ‘ਤੇ ਲੋਕ ਸਿੱਖਿਆ ਦੀ ਇੱਕ ਪ੍ਰੈਕਟਿਸ ਬਾਰੇ ਚਿੰਤਨ ਕਰਨ ਦੀ ਬਜਾਏ ਜ਼ਬਰ-ਵਿਰੋਧੀ ਸਿੱਖਿਆ, ਵਿਸ਼ੇਸ਼ ਅਧਿਕਾਰ ਦੇ ਪ੍ਰਮਾਣਵੀ ਸੰਕਲਪ ਅਤੇ ਸਟੀਕਤਾ ਜਿਹੇ ਬੋਲਾਂ ‘ਤੇ ਜ਼ੋਰ ਦਿੰਦਾ ਹੈ। ਜਦ ਇਹ ਮੰਗ ਕਰਦਾ ਹੈ ਕਿ ਅਸੀਂ ਹਰੇਕ ਸ਼ਬਦ ਅਤੇ ਮੁਹਾਵਰੇ ਨੂੰ ਜਾਂਚਣ-ਪਰਖਣ ਵਿੱਚ ਆਪਣਾ ਸਮਾਂ ਗੁਜ਼ਾਰੀਏ ਬਜਾਏ ਇਸਦੇ ਕਿ ਅਸੀਂ ਉਹਨਾਂ ਪਦਾਰਥਕ ਸਥਿਤੀਆਂ ਬਾਰੇ ਸੋਚੀਏ ਜਿਹਨਾਂ ‘ਤੇ ਇਹ ਭਾਸ਼ਾ ਨਿਰਭਰ ਕਰਦੀ ਹੈ, ਤਾਂ ਇਹ ਬਕਵਾਸ ਹੋਰ ਜਾਣਬੁੱਝ ਕੇ ਨਾਸਮਝ ਬਣਨ ਵਰਗੀ ਲਗਦੀ ਹੈ; ਨਸੀਹਤਬਾਜ਼ੀ ਆਪਣੀ ਚੋਟੀ ‘ਤੇ ਹੈ।

8) ਮੌਜੂਦਾ ਦੌਰ ਵਿੱਚ ਅਜਿਹੇ ਕਈ ਮਾਰਕਸਵਾਦੀ ਹਨ ਜੋ ਸਿਧਾਂਤ ਨੂੰ ਅਮਲ ਵਿੱਚ ਲਾਗੂ ਕਰਨ ਦੀ ਪ੍ਰਕ੍ਰਿਆ (ਪ੍ਰੈਕਸਿਸ) ਵਿੱਚ ਸ਼ਾਮਲ ਹੋਣ ਵਿੱਚ ਆਪਣੀ ਅਯੋਗਤਾ ਨੂੰ ਤਰਕਸੰਗਤ ਠਹਿਰਾਉਣ ਲਈ ਪਛਾਣਵਾਦੀ ਸਿਆਸਤ ਦੀ ਸ਼ਰਣ ਵਿੱਚ ਚਲੇ ਜਾਂਦੇ ਹਨ। ਇਹ ਕੋਈ ਸੰਯੋਗ ਨਹੀਂ ਹੈ ਕਿ ਅਜਿਹੇ ਲੋਕ ਜੋ ਆਪਣੇ ਆਪ ਨੂੰ ਮਜਦੂਰ ਜਮਾਤ ਨਾਲ਼ ਜੋੜਣ ਦੀ ਪ੍ਰਕ੍ਰਿਆ ਵਿੱਚ ਸਭ ਤੋਂ ਨਲਾਇਕ ਹੁੰਦੇ ਹਨ ਅਤੇ ਉਸ ਜਮਾਤ ਨਾਲ਼ ਜੁੜਨ ਵਿੱਚ ਸ਼ਰਮ ਮਹਿਸੂਸ ਕਰਦੇ ਹਨ, ਉਹੀ ਲੋਕ ਹਨ ਜੋ ਪਛਾਣਵਾਦੀ ਸਿਆਸਤ ਦੇ ਹੁਕਮਾਂ ਨੂੰ ਸਭ ਤੋਂ ਸਖ਼ਤੀ ਨਾਲ਼ ਮੰਨਦੇ ਹਨ। ਅਸਲ ਵਿੱਚ ਪਛਾਣ ਦੀ ਸਿਆਸਤ ਦਾ ਸਿਧਾਂਤਕ ਤਾਰਾਮੰਡਲ ਅਕਸਰ ਗ਼ੈਰ-ਸਰਗਰਮ ਮਾਰਕਸਵਾਦੀਆਂ ਨੂੰ ਬੈਠੇ ਰਹਿਣ ਦਾ ਇੱਕ ਬਹਾਨਾ ਦਿੰਦਾ ਹੈ। ਜੇਕਰ ਲੋਕ ਗ਼ਲਤ ਸ਼ਬਦਾਂ ਦੀ ਵਰਤੋਂ ਕਰਦੇ ਹਨ ਤਾਂ ਉਸਨਾਂ ਨਾਲ਼ ਕੋਈ ਰਿਸ਼ਤਾ ਨਹੀਂ ਰੱਖਣਾ ਚਾਹੀਦਾ; ਜੇਕਰ ਠੋਸ ਸੱਚਾਈ ਨੂੰ ਅਸਾਨ ਜਿਹੀ ਸੁਰੱਖਿਅਤ ਥਾਂ ਵਿੱਚ ਨਹੀਂ ਤਬਦੀਲ ਕੀਤਾ ਜਾ ਸਕਦਾ ਹੈ ਤਾਂ ਉਸਦੇ ਨਾਲ਼ ਕੋਈ ਸਬੰਧ ਨਹੀਂ ਰੱਖਣਾ ਚਾਹੀਦਾ।

9) ਸਾਨੂੰ ਇਹ ਸਵਾਲ ਪੁੱਛਣਾ ਚਾਹੀਦਾ ਹੈ ਕਿ ਅਜਿਹਾ ਕਿਉਂ ਹੈ ਕਿ ਪਛਾਣ ਦੀ ਸਿਆਸਤ ਦੁਆਰਾ ਪੈਦਾ ਕੀਤੇ ਗਏ ਇਨਕਲਾਬੀ ਪ੍ਰੈਕਟਿਸ ਦੀ ਕਮੀ ਕੇਵਲ ਸੰਸਾਰ ਸਰਮਾਏਦਾਰੀ ਦੇ ਕੇਂਦਰਾਂ ਵਿੱਚ ਰਹਿਣ ਵਾਲ਼ੇ ਅੱਤਵਾਦੀਆਂ ਦੇ ਲਈ ਹੀ ਮਹੱਤਵਪੂਰਨ ਹੈ। ਅਜਿਹਾ ਕਿਉਂ ਹੈ ਕਿ ਇਹ ਸਿਆਸਤ ਸੰਸਾਰ ਦੀ ਪਰਿਧੀ ਦੀਆਂ ਇਨਕਾਲਾਬੀ ਲਹਿਰਾਂ (ਅਜਿਹੀਆਂ ਲਹਿਰਾਂ ਜੋ ਉਹਨਾਂ ਬੁੱਧੀਜੀਵੀਆਂ ਤੋਂ ਤੰਗ ਆ ਚੁੱਕੀਆਂ ਹਨ ਜੋ ਸਬਾਲਟਰਨ ਦੀ ਖੁਦ ਬਾਰੇ ਬੋਲਣ ਦੀ ਯੋਗਤਾ ਦਾ ਸਿਧਾਂਤੀਕਰਨ ਕਰਦੇ ਸਮੇਂ ਇਹ ਤੈਅ ਕਰਨ ਦਾ ਯਤਨ ਕਰਦੇ ਹਨ ਕਿ ਸਬਾਲਟਰਨ ਕਿਸ ਢੰਗ ਨਾਲ਼ ਬੋਲੇ ਕਿ ਉਸਨੂੰ ਸਬਾਲਟਰਨ ਕਿਹਾ ਜਾਵੇ) ਦੁਆਰਾ ਨਿੱਕ-ਬੁਰਜੂਆ ਪ੍ਰਵਿਰਤੀ ਦੇ ਤੌਰ ‘ਤੇ ਦੇਖੀ ਜਾਂਦੀ ਹੈ। ਜਦ ਅਸੀਂ ਇਹ ਸਵਾਲ ਉਠਾਉਂਦੇ ਹਾਂ ਕਿ ਸਾਨੂੰ ਮਜ਼ਬੂਰ ਹੋ ਕੇ ਇਹ ਮੰਨਣਾ ਹੁੰਦਾ ਹੈ ਕਿ ਪਛਾਣਵਾਦੀ ਸਿਆਸਤ ਕਿਰਤ ਕੁਲੀਨਤਾ ਨਾਮੀ ਇੱਕ ਅੱਤਵਾਦੀ ਨਿੱਕ-ਬੁਰਜੂਆ ਪ੍ਰਵਿਰਤੀ ਨਾਲ਼ ਜੁੜੀ ਹੈ, ਜਾਂ ਫਿਰ ਘੱਟੋ ਘੱਟ ਇੱਕ ਵਿਸ਼ੇਸ਼ ਅਧਿਕਾਰ ਪ੍ਰਾਪਤ ਪ੍ਰਵਾਸੀ ਕਿਰਤੀਆਂ ਦੇ ਸਮੂਹਾਂ ਨਾਲ਼ ਜੁੜੀ ਹੁੰਦੀ ਹੈ ਅਤੇ ਅਸੀਂ ਇਸ ਸੱਚਾਈ ਨਾਲ਼ ਵੀ ਰੂ-ਬ-ਰੂ ਹੁੰਦੇ ਹਾਂ ਕਿ ਇਸ ਸਮੂਹ ਦੁਆਰਾ ਵਿਸ਼ੇਸ਼ ਅਧਿਕਾਰ ਦਾ ਸਿਧਾਂਤੀਕਰਨ ਕਰਨਾ ਅਸਲ ਵਿੱਚ ਆਪਣੇ ਖੁਦ ਦੇ ਵਿਸ਼ੇਸ਼ ਅਧਿਕਾਰ ਨੂੰ ਲੁਕਾਉਣ ਦਾ ਇੱਕ ਢੰਗ ਹੈ।

10) ਇਹ ਤੱਥ ਕਿ ਪਛਾਣਵਾਦੀ ਸਿਆਸਤ ਅਤੇ ਉੱਤਰ-ਆਧੁਨਿਕਤਾਵਾਦੀ ਸਿਧਾਂਤ ਵਿੱਚ ਇਸਦਾ ਸਿਧਾਂਤਕ ਅਧਾਰ ਕੇਵਲ ਸਰਮਾਏਦਾਰੀ ਦੇ ਕੇਦਰਾਂ ਵਿੱਚ ਪ੍ਰਭਾਵੀ ਹੈ, ਕੇਵਲ ਇੱਕ ਸੰਯੋਗ ਨਹੀਂ ਹੈ। ਅਜਿਹਾ ਕਹਿਣ ਦਾ ਅਰਥ ਇਹ ਹਰਗਿਜ਼ ਨਹੀਂ ਕਿ ਇਸ ਅੰਤ ਵਿੱਚ ਨਿੱਕ-ਬੁਰਜੂਆ ਅਭਿਆਸ ਦੁਆਰਾ ਦਿੱਤੀ ਗਈ ਅੰਤਰਦ੍ਰਿਸ਼ਟੀ ਬੇਕਾਰ ਹੈ ਜਾਂ ਗ਼ੈਰ ਲਾਜ਼ਮੀ ਹੈ (ਅਸਲ ਵਿੱਚ ਜਿਸ ਨਕਲੀ ਮਾਰਕਸਵਾਦ ਨੂੰ ਇਸਨੇ ਠੀਕ ਕਰਨ ਦਾ ਯਤਨ ਕੀਤਾ ਉਹ ਨਿੱਕ-ਬੁਰਜੂਆ ਹੀ ਸੀ), ਸਗੋਂ ਬਸ ਇਹ ਹੈ ਕਿ ਇਹ ਅੰਤਰਦ੍ਰਿਸ਼ਟੀਆਂ ਆਪਣੇ ਨਿੱਕ-ਬਰਜੂਆ ਆਦਰਸ਼ਵਾਦ ਅਤੇ ਯਥਾਰਥ ਦੇ ਪਦਾਰਥਕ ਅਧਾਰ ਯਾਨੀ ਸਮਾਜਿਕ ਜਮਾਤ ਦਾ ਵਿਸ਼ਲੇਸ਼ਣ ਕਰਨ ਵਿੱਚ ਆਪਣੀ ਅਯੋਗਤਾ ਦੁਆਰਾ ਸੀਮਿਤ ਹੁੰਦੀਆਂ ਹਨ। ਸਮਾਜਿਕ ਜਮਾਤ ਹੀ ਉਹ ਸੰਕਲਪ ਹੈ ਜਿਸਨੂੰ ਸਮਾਰਾਜਵਾਦ ਦੇ ਸਹੂਲਤ ਸੰਪੰਨ ਕੇਂਦਰਾਂ ਵਿੱਚ ਧੁੰਦਲ਼ਾ ਕੀਤਾ ਜਾ ਸਕਦਾ ਹੈ।

“ਪਰ੍ਤੀਬੱਧ”, ਅੰਕ 24, ਜਨਵਰੀ 2015 ਵਿਚ ਪਰ੍ਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s