ਪਛਾਣ ਦੀ ਸਿਆਸਤ: ਇੱਕ ਮਾਰਕਸਵਾਦੀ ਨਜ਼ਰੀਆ •ਕਾਤਿਆਇਨੀ

ਪੀ.ਡੀ.ਐਫ਼ ਡਾਊਨਲੋਡ ਕਰੋ

ਪਛਾਣ ਦੀ ਸਿਆਸਤ ਦਾ ਰੌਲ਼ਾ ਅੱਜ ਆਲਮੀ ਪੱਧਰ ਦੇ ਥਾਂ-ਥਾਂ ‘ਤੇ ਪੈ ਰਿਹਾ ਹੈ। ਕੁਝ ਲੋਕ ਇਸਨੂੰ ਮਾਰਕਸਵਾਦ ਦਾ ਬਦਲ ਕਹਿ ਰਹੇ ਹਨ; ਕੁਝ ਇਸਦੀ ਨਰਮ, ਦੋਸਤਾਨਾ ਅਲੋਚਨਾ ਕਰਦੇ ਹੋਏ, ਇਸਨੂੰ ਮਾਰਕਸਵਾਦ ਦੀ ਅਸਫ਼ਲਤਾ (ਜਾਂ ਮਾਰਕਸਵਾਦੀਆਂ ਦੀ ਅਸਫ਼ਲਤਾ) ਦੇ ਕਾਰਨ ਪੈਦਾ ਹੋਏ ਸਿਆਸੀ ਖਲਾਅ ‘ਚੋਂ ਉਪਜੀ ਇੱਕ ਨਵੀਂ ਰੈਡੀਕਲ ਵਿਚਾਰਧਾਰਾ ਕਹਿ ਰਹੇ ਹਨ ਅਤੇ ਕੁਝ ਇਸ ਨਾਲ਼ ਮਾਰਕਸਵਾਦ ਦਾ ਮਿਲਾਪ ਕਰਾ ਕੇ ਦੋਗਲੀ ਪ੍ਰਜਾਤੀ ਦੀ ਨਵ-ਖੱਬੇਪੱਖੀ ਸਿਧਾਂਤਕੀ ਘੜਣ ਲਈ ਨਵਾਂ ਗਿਆਨ ਮੀਮਾਂਸਾ ਰਚਣ ਦਾ ਦ੍ਰਾਵਿੜ ਪ੍ਰਾਣਾਯਾਮ ਕਰ ਰਹੇ ਹਨ।

ਪਛਾਣ ਦੀ ਸਿਆਸਤ ਆਪਣੇ ਜਨਮ ਸਮੇਂ ਤੋਂ ਹੀ ਜਮਾਤੀ ਸਿਆਸਤ ਦੇ ਵਿਰੋਧ ਦੀ ਜਮੀਨ ‘ਤੇ ਵਿਕਸਿਤ ਹੋਈ ਹੈ। ਇਹ ਇਤਿਹਾਸਕ ਵਿਕਾਸ ਦੇ ਦਵੰਦਵਾਦੀ ਪਦਾਰਥਵਾਦੀ ਸੰਕਲਪ ਨੂੰ ਅਤੇ ਜਮਾਤੀ ਘੋਲ਼ ਦੀ ਬੁਨਿਆਦੀ ਗਤੀ ਨੂੰ ਮੁੱਢੋਂ ਹੀ ਖਾਰਜ ਕਰਦੀ ਹੈ ਅਤੇ ਵੱਖ-ਵੱਖ ਪਛਾਣਾਂ ਦੇ ਖੁਦਮੁਖਤਿਆਰ, ਖਿੰਡੇ ਹੋਏ ਘੋਲਾਂ ‘ਤੇ ਜ਼ੋਰ ਦਿੰਦੀ ਹੈ। ਹਰ ਗੱਲ ‘ਤੇ “ਸਵੈ-ਨਿੰਦਿਆ” ਅਤੇ ਕਮਿਊਨਿਸਟ ਲਹਿਰ ਦੀਆਂ ਅਸਫ਼ਲਤਾਵਾਂ ਨੂੰ ਜ਼ਿੰਮੇਵਾਰ ਠਹਿਰਾਉਣ ਨੂੰ ਕਾਹਲ਼ੇ ਕੁੱਝ ਮਾਰਕਸਵਾਦੀ ਬੁੱਧੀਜੀਵੀ ਪਛਾਣ ਦੀ ਸਿਆਸਤ ਦੀ ਉੱਤਰ-ਆਧੁਨਿਕਤਾਵਾਦੀ ਅਤੇ ਉੱਤਰ-ਮਾਰਕਸਵਾਦੀ ਸਿਧਾਂਤਕੀ ਦਾ ਵਿਸ਼ਲੇਸ਼ਣ ਕਰਨ ਦੀ ਬਜਾਏ ਇਸਨੂੰ ਮਾਰਕਸਵਾਦ ਦੀ ਅਸਫ਼ਲਤਾ ਦੀ ਪੈਦਾਵਾਰ ਦੱਸਦੇ ਹਨ ਅਤੇ ਇਸ ਤੋਂ ਕੁੱਝ ਸਿੱਖ ਕੇ ਮਾਰਕਸਵਾਦ ਨੂੰ “ਅਮੀਰ” ਕਰਨ ਲਈ ਬੇਚੈਨ ਜਾਪਦੇ ਹਨ।

ਪਛਾਣ ਦੀ ਸਿਆਸਤ ਦੀ ਸਿਧਾਂਤਕੀ ਦੇ ਉਗਮਣ ਤੇ ਵਿਕਾਸ ਦੀ ਚਰਚਾ ਤੋਂ ਪਹਿਲਾਂ ਹੀ ਇਹ ਸਪੱਸ਼ਟ ਕਰ ਦੇਣਾ ਲਾਜ਼ਮੀ ਹੈ ਕਿ ਪਛਾਣ ਦੀ ਸਿਆਸਤ ਦੇ ਵਿਰੋਧ ਦਾ ਮਤਲਬ ਉਹਨਾਂ ਪਛਾਣ ਸਮੂਹਾਂ ਦਾ ਵਿਰੋਧ ਕਰਨਾ ਕਦੇ ਵੀ ਨਹੀਂ ਹੈ, ਜਿਹਨਾਂ ਦਾ ਪੱਖ ਲੈਣ ਦਾ ਦਾਅਵਾ ਪਛਾਣ ਦੀ ਸਿਆਸਤ ਕਰਦੀ ਹੈ।

ਅੱਜ ਦੇ ਸਰਮਾਏਦਾਰਾ ਸਮਾਜ ਵਿੱਚ ਬਹੁਤੀਆਂ ਪਛਾਣਾਂ ਅਜਿਹੀਆਂ ਹਨ, ਜੋ ਸਰਮਾਏਦਾਰੀ ਨੇ ਪੈਦਾ ਕੀਤੀਆਂ ਹਨ, ਕੁਝ ਅਜਿਹੀਆਂ ਪਛਾਣਾਂ ਹਨ, ਜੋ ਅਤੀਤ ਦੀ ਰਹਿੰਦ-ਖੂੰਹਦ ਹਨ, ਕੁੱਝ ਪਛਾਣਾਂ ਅਜਿਹੀਆਂ ਹਨ ਜੋ ਅਤੀਤ ਦੀ ਦੇਣ ਹਨ, ਪਰ ਸਰਮਾਏਦਾਰੀ ਨੇ ਉਹਨਾਂ ਨੂੰ ਉਤਸਾਦਿਤ (Sublate) ਅਤੇ ਛਾਂਗ-ਤਰਾਸ਼ ਕੇ ਜਿਉਂਦਾ ਰੱਖਿਆ ਹੈ, ਕੁਝ ਕਲਪਿਤ ਪਛਾਣਾਂ ਹਨ ਜੋ ਮਿੱਥਿਆ-ਚੇਤਨਾ ਹੈ। ਪਛਾਣਾਂ ਅਜਿਹੇ ਕੁਦਰਤੀ ਵਰਗ ਨਹੀਂ ਹਨ, ਜਿਹਨਾਂ ਵਿੱਚ ਮਨੁੱਖ ਪੈਦਾ ਹੋਏ ਹੋਣ। ਪਛਾਣਾਂ ਸਮਾਜਿਕ ਉਸਾਰੀਆਂ ਹਨ ਜੋ ਕਿਰਤ-ਵੰਡ ਤੋਂ ਉਤਪੰਨ ਪੇਸ਼ਿਆਂ (ਅਤੇ ਉਹਨਾਂ ਨਾਲ਼ ਜੁੜੀਆਂ ਖ਼ਾਸ ਕਿਸਮ ਦੀਆਂ ਬੇਗਾਨਗੀਆਂ) ਦੇ ਸਮਤੋਲ ਹਨ। ਜਿਵੇਂ ਕਿ ਮਾਰਕਸ ਨੇ ‘ਜਰਮਨ ਵਿਚਾਰਧਾਰਾ’ ਵਿੱਚ ਲਿਖਿਆ ਹੈ: “ਜਿਵੇਂ ਹੀ ਕਿਰਤ ਵੰਡ ਹੋਂਦ ਵਿੱਚ ਆਉਂਦੀ ਹੈ; ਹਰ ਬੰਦੇ ਦੀਆਂ ਸਰਗਰਮੀਆਂ ਦਾ ਇੱਕ ਵਿਸ਼ੇਸ਼, ਵੱਖਰਾ ਘੇਰਾ ਬਣ ਜਾਂਦਾ ਹੈ ਜੋ ਉਸ ‘ਤੇ ਥੋਪ ਦਿੱਤਾ ਜਾਂਦਾ ਹੈ ਅਤੇ ਜਿਸ ਤੋਂ ਉਹ ਭੱਜ ਨਹੀਂ ਸਕਦਾ।” ਪਛਾਣ ਵੀ ਪੇਸ਼ੇ ਵਾਂਗ ਹੀ ਇੱਕ ਫਾਹਾ ਹੈ, ਜੋ ਮਨੁੱਖੀ ਸੰਭਾਵਨਾਵਾਂ ਦਾ ਗਲ਼ ਘੁੱਟਦਾ ਹੈ ਅਤੇ ਮਜ਼ਦੂਰਾਂ ਨੂੰ ਪੂਰੀ ਤਰ੍ਹਾਂ ਵਿਕਾਸਸ਼ੀਲ ਮਨੁੱਖਾਂ ਦੇ ਰੂਪ ‘ਚ ਸਮਾਜਿਕ ਕਿਰਿਆ ਵਪਾਰ ਦੀ ਸਮੁੱਚਤਾ ਵਿੱਚ ਸਵੈ-ਇੱਛਤ ਤੇ ਅਜ਼ਾਦ ਸ਼ਮੂਲੀਅਤ ਤੋਂ ਰੋਕਦਾ ਹੈ।

ਸਪੱਸ਼ਟ ਹੈ ਕਿ ਪਛਾਣ ਦੇ ਨਾਂ ‘ਤੇ ਅਸੀਂ ਇੱਥੇ ਬੰਦਿਆਂ ਦੀਆਂ ਕੁਦਰਤੀ ਤੇ ਸੱਭਿਆਚਾਰਕ ਵਿਸ਼ੇਸ਼ਤਾਵਾਂ ਅਤੇ ਵੱਖਰਤਾਵਾਂ ਦੀ ਗੱਲ ਨਹੀਂ ਕਰ ਰਹੇ ਹਾਂ। ਇੱਕ ਲੁੱਟ-ਰਹਿਤ, ਬਰਾਬਰੀ ਅਧਾਰਤ ਸਮਾਜ ਇਹਨਾਂ ਨਿੱਜੀ ਵਿਸ਼ੇਸ਼ਤਾਵਾਂ ਨੂੰ ਤਾਂ ਵੱਧ ਤੋਂ ਵੱਧ ਅਜ਼ਾਦ ਬੇਰੋਕ ਵਿਕਾਸ ਦਾ ਅਧਾਰ ਮੁਹੱਇਆ ਕਰਵਾਏਗਾ। ਇੱਥੇ ਉਹਨਾਂ ਪਛਾਣ ਸਮੂਹਾਂ ਦੀ ਗੱਲ ਹੋ ਰਹੀ ਹੈ, ਜੋ ਕਿਸੇ ਨਾ ਕਿਸੇ ਰੂਪ ਵਿੱਚ ਜ਼ਬਰ ਅਤੇ ਅਲਹਿਦਗੀ ਦੇ ਸ਼ਿਕਾਰ ਹਨ।

ਇਹਨਾਂ ਪਸਿੱਤੇ ਪਛਾਣ ਸਮੂਹਾਂ ਦੀ ਅਸਲੀਅਤ ਨੂੰ ਮਾਰਕਸਵਾਦ ਪ੍ਰਵਾਨ ਕਰਦਾ ਹੈ, ਪਰ ਇਸ ਅਸਲੀਅਤ ਦੀ ਜੜ੍ਹ ਉਹ ਪੈਦਾਵਾਰੀ-ਸਬੰਧਾਂ ਅਤੇ ਜਮਾਤੀ ਸਮਾਜ ਦੇ ਵਿਕਾਸ ਦੀ ਪੂਰੀ ਪ੍ਰਕ੍ਰਿਆ ਵਿੱਚ ਅਤੇ ਖ਼ਾਸ ਕਰਕੇ ਸਰਮਾਏਦਾਰਾ ਸਮਾਜਿਕ-ਆਰਥਿਕ ਬਣਤਰ ਦੀ ਗਤੀ ਵਿੱਚ ਦੇਖਦਾ ਹੈ। ਉਹ ਪਛਾਣ ਅਧਾਰਿਤ ਜ਼ਬਰ ਵਿਰੋਧੀ ਘੋਲ਼ਾਂ ਨੂੰ ਜਮਾਤੀ ਘੋਲ਼ ਦੀ ਕੁੰਜੀਵਤ ਕੜੀ ਨਾਲ਼ ਜੋੜ ਕੇ ਦੇਖਦਾ ਹੈ ਅਤੇ ਪਸਿੱਤੀਆਂ ਪਛਾਣਾਂ ਦੇ ਫੈਸਲਾਕੁੰਨ ਬੀਜ਼ਨਾਸ਼ ਲਈ ਸਰਮਾਏਦਾਰੀ ਦੀ ਫੈਸਲਾਕੁਨ ਹਾਰ ਨੂੰ ਲਾਜ਼ਮੀ ਦੱਸਦਾ ਹੈ। ਪਛਾਣ ਦੀ ਸਿਆਸਤ ਪਛਾਣ ਸਮੂਹਾਂ ਦੀ ਮੁਕਤੀ ਅਤੇ ਖ਼ਾਤਮੇ ਦੇ ਉਦੇਸ਼ ਨੂੰ ਮੁਹਰੇ ਰੱਖ ਕੇ ਕੋਈ ਅਮਲੀ ਪ੍ਰੋਗਰਾਮ ਨਹੀਂ ਪੇਸ਼ ਕਰਦੀ, ਸਗੋਂ ਪਛਾਣ ਸਮੂਹਾਂ ਦੀ ਵਿਸ਼ੇਸ਼ਤਾ ‘ਤੇ ਜ਼ੋਰ ਦੇਣਾ ਉਸਦਾ ਸ਼ੁਰੂਆਤੀ ਨੁਕਤਾ ਹੁੰਦਾ ਹੈ ਅਤੇ ਅਲਹਿਦਗੀ ਗ੍ਰਸਤ ਪਛਾਣਾਂ ਦੇ ਖ਼ਾਤਮੇ ਦੀ ਬਜਾਏ ਇਹ ਹੋਰ “ਵਿਸ਼ੇਸ਼ ਅਧਿਕਾਰ-ਸੰਪੰਨ” ਸਮੂਹਾਂ ਨਾਲ਼ ਉਹਨਾਂ ਦੀ ਬਰਾਬਰੀ ਨੂੰ ਆਪਣਾ ਉਦੇਸ਼ ਬਣਾਉਂਦੀ ਹੈ। ਇਸ ਤਰ੍ਹਾਂ ਉਹ ਪਛਾਣਾਂ ਨੂੰ ਅਬਦਲ ਤੱਤਾਂ ਦੇ ਰੂਪ ਵਿੱਚ ਦੇਖਦੀ ਹੈ ਅਤੇ ਇਸਦਾ ਗ਼ੈਰ-ਦਵੰਦਵਾਦੀ ਤਰੀਕਾਕਾਰ ਇਹਨਾਂ ਵਰਗਾਂ ਨੂੰ ਕੇਵਲ ‘ਰੀਫਾਈ’ (Reify) ਕਰਨ ਦਾ ਹੀ ਕੰਮ ਕਰਦਾ ਹੈ। ਪਛਾਣ ਸਮੂਹਾਂ ਦੇ ਮੈਂਬਰਾਂ ਨੂੰ ਉਹਨਾਂ ਵਰਗਾਂ ਤੋਂ ਅਜ਼ਾਦ ਕਰਾਉਣ ਦੀ ਬਜਾਏ ਪਛਾਣ ਦੀ ਸਿਆਸਤ ਉਕਤ ਵਰਗਾਂ ਨੂੰ ਹੀ ਪਥਰਾਟ ਬਣਾ ਧਰਦੀ ਹੈ। ਅਸਲ ਮਨੁੱਖੀ ਮੁਕਤੀ ਦਾ ਮਤਲਬ ਹੈ ਪਛਾਣ ਦੀ ਇਕਾਂਗੀਕਤਾ ਤੋਂ (ਇੱਕ ਮਜ਼ਦੂਰ, ਇੱਕ ਦਲਿਤ, ਇੱਕ ਔਰਤ ਜਾਂ ਭਾਵੇਂ ਜੋ ਵੀ ਹੋਵੇ) ਮੁਕਤੀ। ਇਸ ਵਿੱਚ ਅਸਫ਼ਲ ਪਛਾਣ ਦੀ ਸਿਆਸਤ ਆਮ ਤੌਰ ‘ਤੇ ਉਸ ਭਾਸ਼ਾ-ਸ਼ਾਸਤਰੀ ਮੁਕਤੀ ਤੋਂ ਹੀ ਸੰਤੁਸ਼ਟ ਹੋ ਜਾਂਦੀ ਹੈ, ਜੋ ਪਛਾਣਾਂ ਦੀਆਂ ਰੱਖਾਂ ਦੇ ਚੌਂਕੀਦਾਰਾਂ ਦੁਆਰਾ ਪੇਸ਼ ਕੀਤੀ ਜਾਂਦੀ ਹੈ।

ਪਛਾਣ ਦੀ ਸਿਆਸਤ ਆਪਣੀ ਹਰ ਅਲੋਚਨਾ ਦੀ ਅਲੋਚਨਾ ਇਹ ਪੁੱਛ ਕੇ ਕਰਦੀ ਹੈ ਕਿ ਅਲੋਚਕ ਦੀ ਪਛਾਣ ਕੀ ਹੈ! ਯਾਨੀ ਅਲੋਚਨਾਤਮਕ ਗੱਲਬਾਤ ਦਾ ਸਾਰਤੱਤ ਖੁਦ ਇੱਕ ਪਛਾਣ ਹੋ ਜਾਂਦਾ ਹੈ। ਉਸ ਗੱਲਬਾਤ ਦਾ ਫਿਰ ਕੋਈ ਮਤਲਬ ਹੀ ਨਹੀਂ ਰਹਿ ਜਾਂਦਾ। ਪਛਾਣ ਹੀ ਕਿਸੇ ਗੱਲਬਾਤ ਦਾ ਕਾਰਣ-ਕਾਰਜ-ਮੂਲਕ ਕਾਰਕ ਬਣ ਜਾਂਦੀ ਹੈ। ਇਹ ਇੱਕ ਸੁਰੱਖਿਆਤਮਕ ਤਰਕ ਹੈ ਕਿ ਜਿਸਦੀ ਅਲੋਚਨਾ ਕੀਤੀ ਜਾ ਰਹੀ ਹੋਵੇ, ਉਹ ਤਰਕ ਨੂੰ ਦਰਕਿਨਾਰ ਕਰਕੇ ਪਹਿਲਾਂ ਇਹ ਪੁੱਛਦਾ ਹੈ ਕਿ ਤੁਹਾਡੀ ਪਛਾਣ ਕੀ ਹੈ! ਇਹ ਇੱਕ ਗੋਲ਼-ਗੋਲ਼ ਚੱਕਰ ਹੈ।

ਕੋਈ ਸ਼ਹਿਰੀ ਨਿੱਜੀ ਪੱਧਰ ‘ਤੇ (ਜਾਤ, ਜੈਂਡਰ, ਨਸਲ ਜਾਂ ਕੌਮੀਅਤ ਵਿਸ਼ੇਸ਼ ਦਾ ਮੈਂਬਰ ਹੋਣ ਦੇ ਨਾਤੇ) ਸੰਸਥਾਬੱਧ ਵਿਤਕਰੇ ਜਾਂ ਸਮਾਜਿਕ ਅੰਤਰਕ੍ਰਿਆ ਦੌਰਾਨ ਜ਼ਬਰ ਮਹਿਸੂਸ ਕਰ ਸਕਦਾ ਹੈ, ਪਰ ਨਿੱਜੀ ਤਜ਼ਰਬਾ ਸਿਆਸਤ ਦੇ ਘੇਰੇ ਤੋਂ ਬਿਲਕੁਲ ਵੱਖਰੀ ਚੀਜ਼ ਹੁੰਦਾ ਹੈ। ਸਿਆਸਤ ਵਿੱਚ ਸਮੁੱਚਤਾ ‘ਚ ਸਮਾਜ ਨੂੰ ਪ੍ਰਭਾਵਿਤ ਕਰਨ ਵਾਲ਼ੀਆਂ ਯੁੱਧਨੀਤੀਆਂ ਸਮੋਈਆਂ ਹੁੰਦੀਆਂ ਹਨ। ਨਿੱਜੀ ਪਛਾਣ ਜਦ ਜੀਵਨ-ਤਜ਼ਰਬੇ ਦੇ ਘੇਰੇ ‘ਚੋਂ ਬਾਹਰ ਆ ਕੇ ਜ਼ਬਰ ਦੇ ਖ਼ਿਲਾਫ਼ ਯੁੱਧਨੀਤੀ ਬਣ ਜਾਂਦੀ ਹੈ ਤਾਂ ਇਹ ਸਿਆਸਤ ਦੀ ਸ਼ਕਲ ਲੈ ਲੈਂਦੀ ਹੈ। ਸਿਆਸਤ ਹਮੇਸ਼ਾ ਸਿਧਾਂਤ ‘ਤੇ ਅਧਾਰਿਤ ਹੁੰਦੀ ਹੈ। ਪਛਾਣ ਦੇ ਵਿਸ਼ੇਸ਼ ਸੰਦਰਭ ਵਿੱਚ ਇਹ ਪਛਾਣ ਅਧਾਰਿਤ ਜ਼ਬਰ ਦੇ ਬੁਨਿਆਦੀ ਕਾਰਣ ਦੇ ਵਿਸ਼ਲੇਸ਼ਣ ‘ਤੇ ਅਧਾਰਿਤ ਹੋਣੀ ਚਾਹੀਦੀ ਹੈ। ਯਾਨੀ ਜ਼ਬਰ ਖ਼ਿਲਾਫ਼ ਸਮਾਜਿਕ ਲਹਿਰਾਂ ਦੀ ਸਿਆਸਤ ਜ਼ਬਰ ਦੇ ਕਾਰਣਾਂ ਦੇ ਵਿਸ਼ਲੇਸ਼ਣ ‘ਤੇ ਹੀ ਅਧਾਰਿਤ ਹੋ ਸਕਦੀ ਹੈ। ਪਛਾਣ ਦੀ ਸਿਆਸਤ ਦੀ ਕੇਂਦਰੀ ਤਜਵੀਜ਼ ਇਹ ਹੈ ਕਿ ਜ਼ਬਰ ਦੇ ਖ਼ਾਸ ਰੂਪ ਨੂੰ ਨਿੱਜੀ ਪੱਧਰ ‘ਤੇ ਮਹਿਸੂਸ ਕਰਨ ਵਾਲ਼ੇ ਹੀ ਉਸਦਾ ਵਿਰੋਧ ਕਰ ਸਕਦੇ ਹਨ। ਹਰ ‘ਅਨਿਆਂ’ ਸਮੱਸਿਆ ਦਾ ਅੰਗ ਹੈ, ਉਹ ਇਸਦੇ ਹੱਲ ਦਾ ਅੰਗ ਹੋ ਹੀ ਨਹੀਂ ਸਕਦਾ। ਯਾਨੀ ਹਰ ਮਰਦ ਔਰਤ ‘ਤੇ ਹੁੰਦੇ ਜ਼ਬਰ ਦਾ ਲਾਹਾ ਲੈਂਦਾ ਹੈ, ਹਰ ਕੁਲੀਨ ਦਲਿਤ ‘ਤੇ ਹੁੰਦੇ ਜ਼ਬਰ ਦਾ ਲਾਹਾ ਲੈਂਦਾ ਹੈ, ਹਰ ਗੋਰਾ ਕਾਲ਼ੇ ‘ਤੇ ਹੁੰਦੇ ਜ਼ਬਰ ਦਾ ਲਾਹਾ ਲੈਂਦਾ ਹੈ ਅਤੇ ਜ਼ਾਬਰ ਕੌਮ ਦਾ ਹਰ ਮੈਂਬਰ ਪਸਿੱਤੀ ਕੌਮ ਦੇ ਹਰ ਮੈਂਬਰ ‘ਤੇ ਹੁੰਦੇ ਜ਼ਬਰ ਦਾ ਲਾਹਾ ਲੈਂਦਾ ਹੈ। ਜੈਂਡਰ ਦੇ ਸੰਦਰਭ ਵਿੱਚ, ਪਛਾਣ ਦੀ ਸਿਆਸਤ ਔਰਤ ‘ਤੇ ਹੁੰਦੇ ਜ਼ਬਰ ਦੀਆਂ ਜੜ੍ਹਾਂ ਸਰਮਾਏਦਾਰਾ ਸੱਤਾ ਅਤੇ ਸਮਾਜ ਦੀ ਬਣਤਰ ਵਿੱਚ ਨਹੀਂ, ਸਗੋਂ ਮਰਦ ਸੱਤ੍ਹਾ ਦੀ ਮਾਲਕੀ ਵਾਲ਼ੀ ਬਣਤਰ ਵਿੱਚ ਦੇਖਦੀਆਂ ਹਨ। ਜਾਤ ਦੇ ਸੰਦਰਭ ਵਿੱਚ, ਪਛਾਣ ਦੀ ਸਿਆਸਤ ਦਲਿਤ ‘ਤੇ ਹੁੰਦੇ ਜ਼ਬਰ ਦੀਆਂ ਜੜ੍ਹਾਂ ਸਰਮਾਏਦਾਰਾ ਸੱਤ੍ਹਾ ਅਤੇ ਸਮਾਜ ਦੀ ਬਣਤਰ ਵਿੱਚ ਨਹੀਂ ਸਗੋਂ ਬ੍ਰਾਹਮਣਵਾਦੀ ਸਿਆਸਤ ਵਿੱਚ ਲੱਭਦੀਆਂ ਹਨ। ਸਪੱਸ਼ਟ ਹੈ ਕਿ ਹਰੇਕ ਦਲਿਤ, ਹਰੇਕ ਔਰਤ ਜਾਂ ਅਮਰੀਕਾ ਦਾ ਹਰ ਕਾਲ਼ਾ ਸ਼ਹਿਰੀ ਪਸਿੱਤਿਆ ਨਹੀਂ ਹੈ। ਉਦਿਤ ਰਾਜ, ਮਾਇਆਵਤੀ, ਸੋਨੀਆ ਗਾਂਧੀ ਜਾਂ ਬਰਾਕ ਉਬਾਮਾ ਪਸਿੱਤੇ ਹਨ। ਦੂਜੇ ਪਾਸੇ ਹਰ ਮਜ਼ਦੂਰ ਲੁੱਟੀਂਦਾ ਹੈ, ਭਾਵੇਂ ਉਹ ਇਸਨੂੰ ਜਾਣੇ ਜਾਂ ਨਾ ਜਾਣੇ, ਉਸਦੀ ਕਿਰਤ ਸ਼ਕਤੀ ‘ਚੋਂ ਵਾਫਰ ਨਿਚੋੜਣਾ ਇੱਕ ਬਾਹਰਮੁਖੀ ਯਥਾਰਥ ਹੈ। ਪਛਾਣ ਦੀ ਸਿਆਸਤ ਦੀ ਸਿਧਾਂਤਕੀ ‘ਚੋਂ ਸਮਾਜਿਕ ਜਮਾਤਾਂ ਦਾ ਤੱਤ ਪੂਰੀ ਤਰ੍ਹਾਂ ਗ਼ੈਰ-ਹਾਜ਼ਰ ਰਹਿੰਦਾ ਹੈ। ਮਾਰਕਸਵਾਦੀ ਸਿਆਸੀ ਆਰਥਿਕਤਾ ਦਾ ਤਰਕ ਇਹ ਸਿੱਧ ਕਰਦਾ ਹੈ ਕਿ ਕਿਰਤ ਸ਼ਕਤੀ ਦੀ ਲੁੱਟ ਅਤੇ ਸਰਮਾਇਆ ਸੰਗ੍ਰਹਿ ਦੀ ਲਗਾਤਾਰ ਜਾਰੀ ਪ੍ਰਕ੍ਰਿਆ, ਜੋ ਸਰਮਾਏਦਾਰੀ ਦੀ ਬੁਨਿਆਦੀ ਚਾਲਕ ਤਾਕਤ ਹੈ, ਲਾਜ਼ਮੀ ਹੀ ਜਮਾਤੀ ਗ਼ੈਰ-ਬਰਾਬਰੀ ਨੂੰ ਜਨਮ ਦਿੰਦੀ ਹੈ। ਪਛਾਣ ਦੀ ਸਿਆਸਤ ਇਸਦੀ ਅਣਦੇਖੀ ਕਰਦੀ ਹੈ ਅਤੇ ਇਸਨੂੰ ਦਰਸਾਉਣ ਵਾਲ਼ਿਆਂ ‘ਤੇ “ਜਮਾਤਵਾਦ” ਜਾਂ “ਜਮਾਤੀ-ਘਟਾਉਵਾਦ” ਦਾ ਠੱਪਾ ਲਾ ਦਿੰਦੀ ਹੈ।

ਦੂਜੇ ਪਾਸੇ, ਮਾਰਕਸਵਾਦ ਸਾਰੇ ਪਛਾਣ-ਅਧਾਰਿਤ ਜ਼ਬਰਾਂ ਦੀਆਂ ਜੜ੍ਹਾਂ ਜਮਾਤੀ ਸਮਾਜ ਦੇ ਇਤਿਹਾਸ ਅਤੇ ਵਰਤਮਾਨ ਸਰਮਾਏਦਾਰੀ ਵਿੱਚ ਸਮੋਈਆਂ ਹੋਣ ਦੀ ਨਿਸ਼ਾਨਦੇਹੀ ਕਰਦਾ ਹੈ ਅਤੇ ਇਹਨਾਂ ਸਾਰੇ ਜ਼ਬਰ-ਵਿਰੋਧੀ ਘੋਲ਼ਾਂ ਨੂੰ ਸਰਮਾਏਦਾਰੀ-ਵਿਰੋਧੀ ਕੇਂਦਰੀ ਜਮਾਤੀ ਘੋਲ਼ ਨਾਲ਼ ਜੋੜਣ ਦੀਆਂ ਵੱਖ-ਵੱਖ ਨਿਸ਼ਚਿਤ ਯੁੱਧਨੀਤੀਆਂ ਤੈਅ ਕਰਦਾ ਹੈ। ਨਾਲ਼ ਹੀ ਉਹ ਇਹ ਵੀ ਸਿੱਧ ਕਰਦਾ ਹੈ ਕਿ ਪਛਾਣ-ਅਧਾਰਿਤ ਸਾਰੇ ਜ਼ਬਰ ਉਦੋਂ ਹੀ ਜੜ੍ਹੋਂ ਪੁੱਟੇ ਜਾ ਸਕਦੇ ਹਨ, ਜਦ ਸਰਮਾਏਦਾਰਾ ਪ੍ਰਬੰਧ ਤਬਾਹ ਕਰ ਦਿੱਤਾ ਜਾਵੇ।

ਪਛਾਣ ਦੀ ਸਿਆਸਤ ਆਪਣੇ ਕਿਸੇ ਵੀ ਰੂਪ ਵਿੱਚ ਸਮੂਹਿਕ ਲੋਕ-ਚੇਤਨਾ ਦੀ ਤਬਦੀਲੀਵਾਦੀ ਸੰਭਾਵਨਾ-ਸੰਪੰਨਤਾ ਨੂੰ ਪ੍ਰਵਾਨ ਨਹੀਂ ਕਰਦੀ ਅਤੇ ਅਕਸਰ ਆਪਣੇ ਆਪ ਨੂੰ ਪ੍ਰਤੀਕਵਾਦ ਦੀ ਸਿਆਸਤ ਅਤੇ ਸਰਮਾਏਦਾਰਾ ਪ੍ਰਬੰਧ ਦੇ ਘੇਰੇ ਅੰਦਰ ਖਿੰਡੀਆਂ ਸਮਾਜਿਕ ਲਹਿਰਾਂ ਦਾ ਦਬਾਅ ਬਣਾਕੇ ਕੁਝ ਰਾਹਤਾਂ-ਰਿਆਇਤਾਂ ਹਾਸਲ ਕਰਨ ਦਾ ਯਤਨ ਕਰਦੀ ਹੈ। 1960 ਦੇ ਪਿਛਲੇ ਅੱਧ ਅਤੇ ’70 ਦੇ ਦਹਾਕੇ ਦੇ ਸ਼ੁਰੂਆਤੀ ਅੱਧ ‘ਚ ਅਮਰੀਕਾ ਅਤੇ ਯੂਰੋਪ ਵਿੱਚ ਸ਼ਹਿਰੀ ਹੱਕੀ ਲਹਿਰ ਅਤੇ ਵਿਦਿਆਰਥੀ ਲਹਿਰ ਨੇ ਰੈਡੀਕਲ ਬੁਰਜੂਆ ਨਾਰੀਵਾਦੀ ਲਹਿਰ ਅਤੇ ਕਾਲ਼ਿਆਂ ਦੀ ਲਹਿਰ ਲਈ ਉਤਪ੍ਰੇਰਕ ਦਾ ਕੰਮ ਕੀਤਾ ਅਤੇ ਉਹਨਾਂ ਦਾ ਵੀ ਮੁੱਖ ਉਤਪ੍ਰੇਰਕ ਉੱਤਰ ਵੀਅਤਨਾਮ ਦੇ ਲੋਕਾਂ ਦਾ ਹਥਿਆਰਬੰਦ ਘੋਲ਼ ਸੀ। ਉਦੋਂ ਕਾਲਿਆਂ ਦੀਆਂ ਲਹਿਰਾਂ ਵਿੱਚ ਵੱਡੇ ਪੱਧਰ ‘ਤੇ ਗੋਰੇ ਵੀ ਸ਼ਾਮਲ ਸਨ ਅਤੇ ਔਰਤਾਂ ਦੀਆਂ ਲਹਿਰਾਂ ਨੂੰ ਵਿਸ਼ਾਲ ਪੱਧਰ ‘ਤੇ ਮਰਦਾਂ ਦੀ ਵੀ ਸਰਗਰਮ ਹਮਾਇਤ ਹਾਸਲ ਸੀ। ਇਹਨਾਂ ਵੱਖ-ਵੱਖ ਪਛਾਣ ਭਾਈਚਾਰਿਆਂ ਦੇ ਘੋਲ਼ਾਂ ਨੂੰ ਜਮਾਤੀ ਘੋਲ਼ ਨਾਲ਼ ਜੋੜਣ ਦੀ ਵੀ ਪ੍ਰਵ੍ਰਿਤੀ ਮੌਜੂਦ ਸੀ, ਜਿਸਦੀਆਂ ਨੁਮਾਇੰਦਾ ਉਦਾਹਰਣਾਂ ਦੇ ਤੌਰ ‘ਤੇ ਮੈਲਕਮ ਐਕਸ ਅਤੇ ਬਲੈਕ ਪੈਂਥਰਜ਼ ਦਾ ਨਾਂ ਲਿਆ ਜਾ ਸਕਦਾ ਹੈ। ਉਸ ਦੌਰ ਵਿੱਚ ਪਛਾਣ ਦੀ ਸਿਆਸਤ ਦੀ ਕਿਤੇ ਕੋਈ ਹੋਂਦ ਨਹੀਂ ਸੀ। ਕੋਈ ਨਹੀਂ ਮੰਨਦਾ ਸੀ ਕਿ ਕਿਸੇ ਖ਼ਾਸ ਤਰ੍ਹਾਂ ਦੇ ਜ਼ਬਰ ਦਾ ਵਿਰੋਧ ਨਿੱਜੀ ਤੌਰ ‘ਤੇ ਉਸਨੂੰ ਮਹਿਸੂਸ ਕਰਨ ਵਾਲ਼ਿਆਂ ਦਾ ਭਾਈਚਾਰਾ ਹੀ ਕਰ ਸਕਦਾ ਹੈ। ਪਰ ਇਹਨਾਂ ਸਾਰੇ ਸਮਾਜਿਕ ਉਭਾਰਾਂ ਦੀ ਖਾਸੀਅਤ ਇਹ ਸੀ ਕਿ ਸਾਮਰਾਜਵਾਦ ਵਿਰੋਧੀ ਸੰਸਾਰ-ਵਿਆਪੀ ਘੋਲ਼ਾਂ ਦੇ ਪ੍ਰਭਾਵ ਵਿੱਚ ‘ਦੈਂਤਾਂ ਦੇ ਕਿਲ੍ਹੇ’ ਵਿੱਚ ਹੋਏ ਇਹਨਾਂ ਲੋਕ-ਵਿਸਫੋਟਾਂ ਦੀ ਨਾ ਤਾਂ ਕੋਈ ਨਿਸ਼ਚਿਤ ਵਿਚਾਰਧਾਰਕ ਅਗਵਾਈ ਸੀ, ਨਾ ਢਾਂਚਾ ਵਿਰੋਧ ਦਾ ਕੋਈ ਨਿਸ਼ਚਿਤ ਪ੍ਰੋਗਰਾਮ ਅਤੇ ਬਦਲ ਦੀ ਠੋਸ ਰੂਪਰੇਖਾ ਸੀ। ਮੁੱਖ ਤੌਰ ‘ਤੇ ਮੱਧਵਰਗ ਇਹਨਾਂ ਉਭਾਰਾਂ ਦਾ ਸਰਗਰਮ ਹਿੱਸੇਦਾਰ ਸੀ। ਕਿਰਤੀਆਂ ਦੀ ਜਥੇਬੰਦ ਤਾਕਤ ਇਹਨਾਂ ਵਿੱਚ ਆਮ ਤੌਰ ‘ਤੇ ਸਰਗਰਮ ਨਹੀਂ ਸੀ ਅਤੇ ਜੇਕਰ ਕੁਝ ਕਾਲ਼ੇ ਅਤੇ ਔਰਤ ਕਿਰਤੀ ਇਹਨਾਂ ਵਿੱਚ ਸ਼ਾਮਲ ਵੀ ਸਨ ਤਾਂ ਬਤੌਰ ਕਿਰਤੀ ਉਹਨਾਂ ਦੇ ਮੁੱਦੇ ਨਦਾਰਦ ਸਨ। ਨਤੀਜੇ ਵਜੋਂ ਇਹਨਾਂ ਸਾਰੇ ਉੱਭਾਰਾਂ ਨੂੰ ਸਮਾਂ ਲੰਘਣ ‘ਤੇ ਸਰਮਾਏ ਨੇ ਸੋਖ ਲਿਆ। 1970 ਦੇ ਦਹਾਕੇ ਦਾ ਪਿਛਲਾ ਅੱਧ, ਪੂਰੇ ਸੰਸਾਰ ਵਿੱਚ ਅਤੇ ਖ਼ਾਸ ਕਰਕੇ ਪੱਛਮ ਵਿੱਚ ਮਜ਼ਦੂਰ ਘੋਲ਼ਾਂ ਦੇ ਉਤਾਰ ਅਤੇ ਸਰਮਾਏ ਦੇ ਵੱਸ ਆਉਣ ਦਾ ਦੌਰ ਸੀ। ਚੀਨ ਵਿੱਚ ਵੀ ਸੱਭਿਆਚਾਰਕ ਇਨਕਲਾਬ ਦੀ ਧਾਰਾ ਉਲਟਾਈ ਜਾ ਚੁੱਕੀ ਸੀ ਅਤੇ “ਬਜਾਰ ਸਮਾਜਵਾਦ” ਦੀ ਪਿੱਠਭੂਮੀ  ਤਿਆਰ ਹੋ ਚੁੱਕੀ ਸੀ। ਠੀਕ ਇਸੇ ਸਮੇਂ ਪੱਛਮੀ ਅਕਾਦਮਿਕ ਜਗਤ ਵਿੱਚ ਜਮਾਤੀ ਘੋਲ਼ ਦੀ ਸਿਧਾਂਤਕੀ ਦੀ ਥਾਂ “ਸਿਧਾਂਤਕ ਪੈਦਾਵਾਰ” ਨੇ ਲੈ ਲਈ। ਨਵ-ਖੱਬੇਪੱਖੀ ਅਤੇ ਨਵ-ਉਦਾਰਵਾਦੀ ਸਿਆਸੀ ਐਕਟੀਵਿਜ਼ਮ ਦੀਆਂ ਅਨੇਕਾਂ ਕਿਸਮਾਂ ਤੇਜ਼ੀ ਨਾਲ਼ ਵਧੀਆਂ-ਫੁੱਲੀਆਂ। ਇਸ ਅਜ਼ਾਦ ਕਲੋਲ ਵਿੱਚ ਮਜ਼ਦੂਰ ਜਮਾਤ ਦੀ ਸਿਆਸਤ ਗਾਇਬ ਸੀ। ਸਾਰੇ ਬਹਿਸ-ਮੁਬਾਹਸੇ ਭਾਸ਼ਾ, ਜੈਂਡਰ, ਕੌਮੀਅਤ ਆਦਿ ਪਛਾਣਾਂ ਦੇ “ਕੈਦਖ਼ਾਨਿਆਂ” ਤੱਕ ਸੀਮਿਤ ਸਨ, ਜਿਵੇਂ ਕਿ ਫਰੈਡਰਿਕ ਜੇਮਨਸਨ ਨੇ ਉੱਤਰ-ਸੰਰਚਨਾਵਾਦੀ ‘ਕੰਟੇਨਮੈਂਟਸ’ ਦੇ ਵਰਗਾਂ ਨੂੰ ਨਾਂ ਦਿੱਤਾ ਹੈ। ਇਹ ਪਛਾਣ ਦੀ ਸਿਆਸਤ ਦਾ ਜਨਮਕਾਲ ਸੀ। ਹਾਲੇ ਇਸਦੀ ਪੂਰੀ ਸਿਧਾਂਤਕੀ ਇੱਕ ਨਿਸ਼ਚਿਤ ਰੂਪਾਕਾਰ ਵਿੱਚ ਢਲ਼ੀ ਨਹੀਂ ਸੀ, ਪਰ ਪਛਾਣ ਦੀ ਸਿਆਸਤ ਉੱਤਰ-ਆਧੁਨਿਕ ਸਿਆਸੀ ‘ਐਂਗੇਜਮੈਂਟਸ’ ਦੀਆਂ ਸੀਮਾਵਾਂ ਨੂੰ ਇਸੇ ਦੌਰ ਵਿੱਚ ਸਪੱਸ਼ਟ ਦਰਸਾਉਣ ਲੱਗੀ ਸੀ।

1970ਵੇਂ ਦਹਾਕੇ ਦੇ ਪਿਛਲੇ ਅੱਧ ਵਿੱਚ ‘ਕੋਮਬਾਹੀ ਰਿਵਰ ਕਲੈਕਟਿਵ’ ਦੇ ਐਲਾਨਨਾਮੇ ਵਿੱਚ ਔਰਤਾਂ ਦੀ ਵੱਖਰੀ ਪਛਾਣ ਦੇ ਅਧਾਰ ‘ਤੇ ਇੱਕ ਨਵੀਂ ਰੈਡੀਕਲ ਸਿਆਸਤ ਖੜ੍ਹੀ ਕਰਨ ‘ਤੇ ਜ਼ੋਰ ਦਿੱਤਾ ਗਿਆ ਸੀ, ਪਰ ਇਸਦੀ ਸਿਧਾਂਤਕੀ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਸੀ। ਪਛਾਣ ਦੀ ਸਿਆਸਤ ਦੀ ਸਿਧਾਂਤਕੀ ਸਭ ਤੋਂ ਪਹਿਲਾਂ ‘ਅੰਤਰਤਬਕਾਤੀ ਸਿਧਾਂਤ’ (intersectionality theory) ਦੇ ਰੂਪ ਵਿੱਚ ਸਾਹਮਣੇ ਆਈ ਜੋ ਉੱਤਰ-ਆਧੁਨਿਕਤਾਵਾਦ ਤੋਂ ਪ੍ਰਭਾਵਿਤ ਨਾਰੀਵਾਦ ਦੀ ਪਿਛਲੀ ਧਾਰਾ ਦੇ ਨਾਲ਼-ਨਾਲ਼ ’70ਵਿਆਂ ਦੇ ਅੰਤ ਅਤੇ ’80ਵੀਆਂ ਦੇ ਮੁੱਢਲੇ ਸਾਲਾਂ ਵਿੱਚ ਹੋਂਦ ਵਿੱਚ ਆਇਆ। ਇਸ ਸਿਧਾਂਤ ਦੇ ਅਨੁਸਾਰ, ਸੱਤ੍ਹਾ ਵੱਖ-ਵੱਖ ਪਛਾਣਾਂ ਨੂੰ ਨਸਲ, ਜੈਂਡਰ, ਸੈਕਸੁਐਲਿਟੀ ਜਾਂ ਸੈਕਸੂਅਲ ਪ੍ਰਿਫਰੈਂਸੇਜ਼ ਵਰਗੀਆਂ ਅਲੱਗ-ਅਲੱਗ ਧੁਰੀਆਂ ‘ਤੇ ਕੱਟਦੀ ਜਾਂ ਅੰਤਰਵਰਗੀਕ੍ਰਿਤ ਕਰਦੀ ਹੈ। ਵੱਖ-ਵੱਖ ਮਾਤਹਿਤ ਭਾਈਚਾਰਿਆਂ ਨੂੰ ਸੱਤ੍ਹਾ ਵੱਖ-ਵੱਖ ਤਰੀਕਿਆਂ ਨਾਲ਼ ਟਿੱਢੇ-ਤਿਰਛੇ ਕੱਟਦੀ ਹੈ। ਇਹ ਸਿਧਾਂਤ ਉਸ ਸੱਤ੍ਹਾ ਦੇ ‘ਅਰਟੀਕੁਲੇਸ਼ਨ’ ਨੂੰ ‘ਲੋਕੇਟ’ ਕਰਨਾ ਆਪਣਾ ਉਦੇਸ਼ ਦੱਸਦਾ ਹੈ, ਪਰ ਕੋਈ ਨਿਸ਼ਚਿਤ ਢੰਗ ਪੇਸ਼ ਕਰਨ ਦੀ ਬਜਾਏ ਪਿੱਤਰਸੱਤਾ, ਨਸਲ, ਸਰਮਾਏਦਾਰੀ ਆਦਿ ਦਾਬੇ ਦੇ ਸਾਰੇ ਰੂਪਾਂ ਦੀ ਰੈਡੀਕਲ ਅਲੋਚਨਾ ਦੀ ਓਟ ਵਿੱਚ ਜੈਂਡਰ, ਸੈਕਸ, ਨਸਲ, ਵਰਗ ਆਦਿ ਪ੍ਰਾਵਰਗਾਂ ਨੂੰ ਖੁਦਮੁਖਤਿਆਰ, ਸਮਅੰਗ ਸੰਪੂਰਣ ਦੇ ਰੂਪ ਵਿੱਚ ਗੁੰਝਲਦਾਰ ਬਣਾ ਦਿੰਦਾ ਹੈ ਅਤੇ ਇੱਕ ਕਿਸਮ ਦੀ ਮਾਤਹਿਤੀ ਨੂੰ ਸਪੱਸ਼ਟ ਤੈਅ ਕਰਨ ਦੀ ਬਜਾਏ ਉਲ਼ਝਾ ਦਿੰਦਾ ਹੈ।

ਪਛਾਣ ਦੀ ਸਿਆਸਤ ਨੂੰ ਯੋਜਨਾਬੱਧ ਸਿਧਾਂਤਕ ਅਧਾਰ ਉੱਤਰ-ਆਧੁਨਿਕਵਾਦ ਨੇ ਦਿੱਤਾ। ਲਿਉਤਾਰ ਨੇ 1970 ਦੇ ਦਹਾਕੇ ਦੇ ਪਿਛਲੇ ਅੱਧ ਅਤੇ 1980 ਦੇ ਦਹਾਕੇ ਪਹਿਲੇ ਅੱਧ ਵਿੱਚ ਫਿਲਾਸਫੀ ਦੇ ਖੇਤਰ ਵਿੱਚ ਉੱਤਰ-ਆਧੁਨਿਕਵਾਦ ਦੇ ਏਜੰਡੇ ਦੀ ਸ਼ੂਰੂਆਤ ਕੀਤੀ ਸੀ, ਜਿਸ ਵਿੱਚ ਅੱਗੇ ਜਾ ਕੇ ਸਾਰੀਆਂ ‘ਉੱਤਰ’ ਵਿਚਾਰ ਪਰਪਾਟੀਆਂ ਜੁੜਦੀਆਂ ਗਈਆਂ, ਭਾਵੇਂ ਕਿ ਬੁਨਿਆਦੀ ਤੌਰ ‘ਤੇ ਉਹ ਸਾਰੀਆਂ ਉੱਤਰ-ਆਧੁਨਿਕਤਾਵਾਦੀ ਚਿੰਤਨ ਦੇ ਹੀ ਵੱਖ-ਵੱਖ ਪਹਿਲੂ ਅਤੇ ਵਿਸਥਾਰ ਹਨ। ਉੱਤਰ-ਆਧੁਨਿਕ ਏਜੰਡੇ ਅਨੁਸਾਰ, ਪ੍ਰਬੋਧਨਕਾਲੀ ਆਦਰਸ਼ ਅਤੇ ਆਧੁਨਿਕਤਾ ਤੇ ਤਰਕਣਾ ਦੀਆਂ ਸਾਰੀਆਂ ਕਦਰਾਂ ਅਸਲ ਵਿੱਚ ਪੱਛਮ ਦੀਆਂ ਗਲਬਾਕਾਰੀ ਸ਼ਾਜਿਸ਼ਾਂ ਦੇ ਸੰਦ ਹਨ। ਇਸਦੇ ਅਨੁਸਾਰ, ਇਨਕਲਾਬਾਂ ਦੇ ਮਹਾਂਬਿਰਤਾਂਤ (meta-narratives) ਖ਼ਤਮ ਹੋ ਚੁੱਕੇ ਹਨ ਅਤੇ ਉਹਨਾਂ ਦਾ ਦੌਰ ਲੰਘ ਚੁੱਕਿਆ ਹੈ। ਇਹ ਸਿਧਾਂਤ ਹਰ ਤਰ੍ਹਾਂ ਦੇ ਸਰਬਵਿਆਪੀਕਰਨ, ਸਧਾਰਣੀਕਰਨ, ਸਮਅੰਗੀਕਰਨ (ਹੋਮੋਜੇਨਾਇਜੇਸ਼ਨ) ਅਤੇ ਮਿਆਰੀਕਰਨ ਨੂੰ ਗਲਬਾਵਾਦੀ ਅਤੇ ਜ਼ਾਬਰ ਮੰਨਦਾ ਹੈ। ਪੱਛਮੀ ਬਸਤੀਵਾਦੀ ਬਹਿਸ-ਮੁਬਾਹਸੇ ਨੂੰ ਇਹ ਪ੍ਰਬੋਧਨ ਦੇ ਸਿਧਾਂਤਾਂ ਦਾ ਹੀ ਵਿਸਥਾਰ ਮੰਨਦਾ ਹੈ ਅਤੇ ਉਸਦੇ ਬਰਕਸ ਦੇਸੀ ਭਾਈਚਾਰੇ, ਪਛਾਣ, ਭਾਸ਼ਾ, ਸੱਭਿਆਚਾਰ ਅਤੇ ਪੂਰਵ-ਆਧੁਨਿਕ ਕਦਰਾਂ-ਸੰਸਥਾਵਾਂ ਦਾ ਗੁਣਗਾਣ ਕਰਦਾ ਹੈ। ਇੱਕ ਪਾਸੇ ਤਾਂ ਉੱਤਰ-ਆਧੁਨਿਕਤਾਵਾਦ ਹਰ ਤਰ੍ਹਾਂ ਦੇ ਤਾਤਵੀਕਰਨ (Essencialisation) ਦਾ ਵਿਰੋਧ ਕਰਦਾ ਹੈ, ਦੂਜੇ ਪਾਸੇ ਉਹ ਖੁਦ ਸਾਰੇ ਦੇਸੀ, ਪੂਰਬੀ, ਅਤੇ ਪੂਰਬ-ਆਧੁਨਿਕ ਪਛਾਣਾਂ ਦਾ ਸਕਾਰਾਤਮਕ ਨਿਰਪੇਖੀਕਰਨ (positive absolutisation) ਕਰਦਾ ਹੈ। ਸਾਰੀਆਂ ਉੱਤਰ ਵਿਚਾਰ ਪਰਪਾਟੀਆਂ ‘ਸੱਤ੍ਹਾ’ ਦਾ ਇੱਕ ਜਮਾਤਾਂ ਤੋਂ ਉੱਪਰ ਸੰਕਲਪ ਪੇਸ਼ ਕਰਦੀਆਂ ਹਨ। ਮਿਸ਼ੇਲ ਫੂਕੋ ਦੇ ਅਨੁਸਾਰ ਸੱਤ੍ਹਾ ਰੋਮ-ਰੋਮ ਵਿੱਚ ਸਮੋਈ ਹੁੰਦੀ ਹੈ, ਦੈਨਿਕ ਜੀਵਨ ਦੇ ਅੰਗ-ਅੰਗ ਵਿੱਚ ਸ਼ਾਮਲ ਹੁੰਦੀ ਹੈ, ਵਿਕੇਂਦਰਿਤ ਹੁੰਦੀ ਹੈ ਅਤੇ ਲੋਕਾਂ ਦੁਆਰਾ ਆਤਮਸਾਤ (internalize) ਕਰ ਲਈ ਜਾਂਦੀ ਹੈ। ਅੰਤ ਇਸ ਦਾ ਟਾਕਰਾ ਨਹੀ ਕੀਤਾ ਜਾ ਸਕਦਾ। ਸਮਾਜਿਕ ਕਾਇਆਪਲਟੀ ਦੇ ਉਦੇਸ਼ ਤੋਂ ਪ੍ਰੇਰਿਤ ਹਰ ਸਮੂਹਿਕ ਟਕਰਾਅ ‘ਸੱਤ੍ਹਾ ਦੇ ਨਵੇਂ ਰੂਪ’ ਪੈਦਾ ਕਰ ਦਿੰਦਾ ਹੈ, ਅੰਤ ਜ਼ਬਰ ਦੇ ਸਮੂਹਿਕ ਜਥੇਬੰਦ ਟਕਰਾਅ ਦਾ ਹਰ ਯਤਨ ਫਜ਼ੂਲ ਹੈ।

ਇਸ ਉੱਤਰ-ਆਧੁਨਿਕ ਬਹਿਸ-ਮੁਬਾਹਿਸੇ ਤੋਂ ਦੋ ਨਤੀਜੇ ਨਿੱਕਲ਼ਦੇ ਹਨ। ਇੱਕ ਨਤੀਜਾ ਜੋ ਫੂਕੋ ਕੱਢਦਾ ਹੈ, ਉਹ ਇਹ ਹੈ ਕਿ ਕਿਉਂਕਿ ਸੱਤ੍ਹਾ ਅਤੇ ਜਬਰ ਦੀ ਜੜ੍ਹ ਵਿੱਚ ਹੀ ‘ਮਾਪਦੰਡ’ ਅਤੇ ‘ਸੰਸਾਰਵਿਆਪੀ’ ਸੰਕਲਪ ਹੁੰਦਾ ਹੈ, ਅੰਤ ਨਿੱਜੀ ਜ਼ਿੰਦਗੀ ਵਿੱਚ ਜੈਂਡਰ, ਜਾਤ, ਨਸਲ, ਸੈਕਸੁਅਲ ‘ਪ੍ਰੈਫਰੈਂਸ’ ਆਦਿ ਸਬੰਧੀ ਹਰ ‘ਨਾਰਮ’ ਅਤੇ ‘ਯੂਨੀਵਰਸਲ’ ਦੇ ਖ਼ਿਲਾਫ ਵਿਦਰੋਹ ਹੀ ਇੱਕੋ-ਇੱਕ ਰਾਹ ਹੈ ਅਤੇ ਇਹ ਵਿਦਰੋਹ ਸਾਧਨ ਨਹੀਂ, ਸਗੋਂ ਉਦੇਸ਼ ਹੈ। ਇਸੇ ਵਿਚਾਰ ਨੂੰ ਫੂਕੋ ਦੀ ਹੋਰ ਚੇਲੀ ਜੁਡਿਥ ਬਟਲਰ ਅਤੇ ਹੋਰ ਨੇ ਸੈਕਸੂਐਲਟੀ ਦੇ ਖੇਤਰ ਵਿੱਚ ‘ਕਵਿਅਰ ਥਿਊਰੀ’ ਦੇ ਰੂਪ ਵਿੱਚ ਵਿਕਸਿਤ ਕੀਤਾ ਹੈ, ਜਿਸਦੇ ਅਧਾਰ ‘ਤੇ ਇਹਨਾਂ ਦਿਨਾਂ ‘ਚ ਬਹੁਤੇ ਐਨਜੀਓ ਬਦਲਵੀਂ ਲਿੰਗੀ ਪਛਾਣ ਅਤੇ ਐਲਜੀਬੀਟੀ ਭਾਈਚਾਰੇ ਦੇ ਹੱਕਾਂ ਲਈ ਕੰਮ ਕਰ ਰਹੇ ਹਨ।

ਕੁਝ ਹੋਰ ਉੱਤਰ-ਆਧੁਨਿਕਤਾਵਾਦੀ ਚਿੰਤਕ ਸਮੱਸਿਆ ਦਾ ਹੱਲ ਫੂਕੋ ਤੋਂ ਕੁਝ ਵੱਖ ਸੁਝਾਉਂਦੇ ਹਨ। ਉਹਨਾਂ ਅਨੁਸਾਰ, ਕਿਉਂਕਿ ‘ਮੈਟਾਨੈਰੇਟਿਵਸ’ ਬੇਭਰੋਸਗੀ ਵਾਲ਼ੇ ਹਨ ਅਤੇ ਕੇਵਲ ਸਰਮਾਏਦਾਰੀ, ਸਾਮਰਾਜਵਾਦ, ਬਸਤੀਵਾਦ ਹੀ ਨਹੀਂ ਸਗੋਂ ਕੌਮਵਾਦ, ਸਮਾਜਵਾਦ ਆਦਿ ਵੀ ਆਧੁਨਿਕਤਾ ਦੇ ਸ਼ਾਜਿਸ਼ੀ ਗਲਬਾਵਾਦੀ ਪ੍ਰੋਜੈਕਟ ਦੇ ਹੀ ਅੰਗ ਹਨ, ਅੰਤ ਇਹਨਾਂ ਦੇ ਪੈਂਤੜੇ ‘ਤੇ ਖੜੇ ਹੋ ਕੇ ਦਾਬੇ ਅਤੇ ਸੱਤ੍ਹਾ ਦਾ ਟਾਕਰਾ ਨਹੀਂ ਕੀਤਾ ਜਾ ਸਕਦਾ। ਇਸਦੇ ਲਈ ਸਾਨੂੰ ਉਹ ਬਣਤਰਾਂ ਲੱਭਣੀਆਂ ਹੋਣਗੀਆਂ, ਜੋ ਪੂਰਬ-ਆਧੁਨਿਕ ਹੋਣ, ਸੱਤ੍ਹਾ ਅਤੇ ਹੋਰ ਪੱਛਮੀ ਪ੍ਰਭਾਵਾਂ ਤੋਂ ਅਛੋਹੀਆਂ ਹੋਣ, ਇਹ ਬਣਤਰਾਂ ਹਨ ਸਾਰੀਆਂ ਪੂਰਬ-ਆਧੁਨਿਕ ਪਛਾਣਾਂ ਅਤੇ ਅਜਿਹੀਆਂ “ਮੁੱਢ-ਕਦੀਮੀ” ਪਛਾਣਾਂ ਜੋ ਕਿਸੇ ਸਮਾਜਿਕ-ਆਰਥਿਕ ਅੰਤਰਕਿਰਿਆ ਦੇ ਦੌਰਾਨ ਪੈਦਾ ਨਹੀਂ ਹੁੰਦੀਆਂ, ਸਗੋਂ “ਸੁਭਾਵਿਕ ਰੂਪ ਵਿੱਚ ਮਿਲ਼ੀਆਂ” ਹੁੰਦੀਆਂ ਹਨ, ਜਿਵੇਂ, ਆਦਿਵਾਸੀ, ਦਲਿਤ, ਕਾਲ਼ੇ, ਔਰਤ ਆਦਿ। ਉੱਤਰ-ਆਧੁਨਿਕਤਾਵਾਦ ਅਸਲ ਵਿੱਚ ਪ੍ਰਬੋਧਨਕਾਲੀ ਆਦਰਸ਼ਾਂ ਅਤੇ ‘ਆਧੁਨਿਕਤਾਵਾਦੀ ਮਹਾਂਬਿਰਤਾਂਤੀ ਪ੍ਰੋਜੈਕਟ’ ‘ਤੇ ਹਮਲੇ ਦੀ ਓਟ ‘ਚ ਮਾਰਕਸਵਾਦ ਅਤੇ ਮਜ਼ਦੂਰ ਜਮਾਤ ਦੀ ਮੁਕਤੀ ਦੇ ਪ੍ਰੋਜੈਕਟ ਨੂੰ ਆਪਣਾ ਨਿਸ਼ਾਨਾ ਬਣਾਉਂਦਾ ਹੈ। ਕਿਉਂਕਿ ਮਾਰਕਸਵਾਦ ਵੀ ਪੱਛਮ ਦੀ ਹਰ “ਵਿਚਾਰਧਾਰਕ ਸ਼ਾਜਿਸ਼” ਦੇ ਵਾਂਗ ਹੀ ਸਮੂਹੀਕਰਨ, ਸਧਾਰਨੀਕਰਨ ਅਤੇ ਮਿਆਰੀਕਰਨ ਕਰਦਾ ਹੈ, ਅੰਤ ਜਮਾਤੀ ਘੋਲ਼ ਅਤੇ ਸਮਾਜਵਾਦ ਆਦਿ ਬਾਰੇ ਵੀ ਸੋਚਣਾ ਫਜ਼ੂਲ ਹੈ। ਸਾਨੂੰ ਛੋਟੇ-ਛੋਟੇ ਟੁਕੜਿਆਂ ਨੂੰ, ਯਾਨੀ ਭਾਈਚਾਰੇ, ਜਾਤ, ਘਰੇਲੂ ਔਰਤ ਸੰਸਾਰ, ਆਦਿਵਾਸੀ, ਨਿੱਕ ਪੱਧਰੀ ਨਿੱਜੀ ਪੈਦਾਵਾਰ ਵਿੱਚ ਲੱਗੇ ਲੋਕਾਂ ਆਦਿ ਨੂੰ ਬਚਾਉਣਾ ਹੈ। ਇਹ ਸਾਰੇ ਪੱਛਮੀ ਪ੍ਰਬੋਧਨ ਦੀਆਂ ਸੱਤ੍ਹਾ ਬਣਤਰਾਂ ਤੋਂ ਅਛੋਹ ਖੁਦਮੁਖਤਿਆਰ ‘ਸਪੇਸ’ ਹਨ। ਅੰਤ ਸਾਡਾ ਸਮਾਂ ਛੋਟੇ-ਛੋਟੇ, ਖਿੰਡੇ, ਹਾਸ਼ੀਆਗਤ ਪਛਾਣਾਂ ਦੇ ਘੋਲ਼ ਦਾ ਸਮਾਂ ਹੈ ਜਿਵੇਂ ਜਾਤ ਦੇ ਘੋਲ਼ਾਂ ਦਾ, ਔਰਤਾਂ ਦੇ ਘੋਲ਼ਾਂ ਦਾ, ਆਦਿਵਾਸੀਆਂ ਦੇ ਘੋਲ਼ਾਂ ਦਾ, ਵਾਤਾਵਰਣ ਤੇ ਪੁਰਾਤਨ ਜੀਵਨ ਸ਼ੈਲੀਆਂ ਨੂੰ ਬਚਾਉਣ ਦੇ ਬੁਨਿਆਦੀ ਦੇਸੀ ਭਾਈਚਾਰਿਆਂ ਦੇ ਘੋਲ਼ਾਂ ਦਾ। ਇਸ ਪ੍ਰਬੰਧ ਦੇ ਅੰਦਰ ਇਹਨਾਂ ਹਾਸ਼ੀਆਗਤ ਪਛਾਣਾਂ ਲਈ ਖੁਦਮੁਖਤਿਆਰ ‘ਸਪੇਸ’ ਬਣਾਉਣਾ ਹੈ, ਕਿਉਂਕਿ ਸੱਤ੍ਹਾ ਦਾ ਟਾਕਰਾ ਨਹੀਂ ਕੀਤਾ ਜਾ ਸਕਦਾ।

ਪਛਾਣ ਦੀ ਸਿਆਸਤ ਦੀ ਸਿਧਾਂਤਕੀ ਉਦੋਂ ਆਪਣੇ ਰੰਗ-ਰੂਪ ਵਿੱਚ ਨਿੱਖਰਕੇ ਅਤੇ ਵਿਕਸਿਤ ਹੋ ਕੇ ਸਾਹਮਣੇ ਆਈ, ਜਦ ਖੁਦ ਨੂੰ ਉੱਤਰ-ਮਾਰਕਸਾਵਦੀ ਕਹਿਣ ਵਾਲ਼ੇ ਵਿਚਾਰਕ-ਜੋੜੇ ਅਰਨੈਸਟੋ ਲਾਕਲਾਊ ਅਤੇ ਚੈਂਟੇਲ ਮਾਊਫ਼ ਦੀ ਚਰਚਿਤ ਕਿਤਾਬ ‘ਹੈਜੇਮਨੀ ਐਂਡ ਸੋਸ਼ਲਿਸਟ ਸਟ੍ਰੈਟੇਜੀ: ਟੂਵਰਡਜ਼ ਏ ਰੈਡੀਕਲ ਡੈਮੋਕ੍ਰੈਟਿਕ ਪਾਲਿਟਿਕਸ’ 1985 ਵਿੱਚ ਪ੍ਰਕਾਸ਼ਿਤ ਹੋਈ। ਲਾਕਲਾਊ ਅਤੇ ਮਾਊਫ਼ 1980 ਵਿੱਚ ਪੱਛਮੀ ਅਕਾਦਮਿਕ ਖੇਤਰ ਦੀ ਉੱਤਰ-ਆਧੁਨਿਕ ਸ਼ਾਖਾ ਤੋਂ ਹੀ ਉੱਭਰੇ ਸਨ। ਉਹਨਾਂ ਦਾ ਦਾਅਵਾ ਸੀ ਕਿ ਉਹਨਾਂ ਦਾ ਸਿਧਾਂਤ ਮਾਰਕਸਵਾਦ ਤੋਂ ਇੱਕ ਕਦਮ ਅੱਗੇ ਹੈ, ਪਰ ਉਹ ਅਸਲ ਵਿੱਚ ਮਾਰਕਸਵਾਦ ਦਾ ਜਵਾਬੀ ਪੱਖ ਨਾ ਹੋ ਕੇ ਬਹੁਤ ਹੀ ਸਤਹੀ ਕਿਸਮ ਦਾ ਵਿਰੋਧੀ ਪੱਖ ਸੀ। ਆਪਣੇ ਸਿਧਾਂਤ ਸਮੁੱਚ ਨਾਲ਼ ਉਹਨਾਂ ਨੇ ਇਹ ਸਿੱਧ ਕਰਨ ਦਾ ਯਤਨ ਕੀਤਾ ਕਿ ਸਮਾਜ ਇੱਕ ਬੱਝਵਾਂ, ਏਕਤਾਬੱਧ ਸਮਾਜਿਕ-ਆਰਥਿਕ ਪ੍ਰਬੰਧ ਨਾ ਹੋ ਕੇ ਅੰਤਰਮੁਖੀ (subjective) ਸਬੰਧਾਂ ਦਾ ਇੱਕ ਘੇਰਾ ਹੈ। ਮਜ਼ਦੂਰ ਜਮਾਤ ਦੀ ਇਨਕਲਾਬੀ ਸੰਭਾਵਨਾ-ਸੰਪੰਨਤਾ ਬਾਰੇ ਉਹ ਮਾਰਕਸ ਦੀ ਧਾਰਨਾ ਨੂੰ ਗ਼ਲਤ ਮੰਨਦੇ ਸਨ ਅਤੇ ਵੀਹਵੀਂ ਸਦੀ ਦੇ ਮਜ਼ਦੂਰ ਇਨਕਲਾਬਾਂ ਦੀ ਅਸਫ਼ਲਤਾ ਨੂੰ ਆਪਣੇ ਅੰਤ ਦਾ ਨਤੀਜਾ ਦੱਸਦੇ ਸਨ।

ਲਾਕਲਾਊ ਅਤੇ ਮਾਊਫ਼ ਦੇ ਸਿਧਾਂਤ ਦੇ ਦੋ ਮੁੱਖ ਸੋਮੇ ਸਨ। ਪਹਿਲਾ, ਮਾਰਕਸ ਦੇ ਅਨੁਸਾਰ, ਜ਼ਬਰ ਤੇ ਲੁੱਟ ਬਾਹਰਮੁਖੀ ਯਥਾਰਥ ਹਨ, ਜਦਕਿ ਚੇਤਨਾ ਮਨੋਗਤ ਤੇ ਲਗਾਤਾਰ ਬਦਲਣਸ਼ੀਲ ਕਾਰਕ ਹੈ, ਪਰ ਉੱਤਰ-ਮਾਰਕਸਵਾਦ ਦੇ ਅਨੁਸਾਰ, ਜ਼ਬਰ ਖੁਦ ਪੂਰੀ ਤਰ੍ਹਾਂ ਨਾਲ਼ ਮਨੋਗਤ ਚੀਜ਼ ਹੈ। ਇਹ ਇੱਕ ‘ਸਿਮੈਟਿਕ’ (sematic) ਨਹੀਂ, ਸਗੋਂ ਬੁਨਿਆਦੀ ਫ਼ਰਕ ਹੈ। ਯਾਨੀ ਜੋ ਵੀ ਆਪਣੇ ਆਪ ਨੂੰ ਪਸਿੱਤਿਆ ਮਹਿਸੂਸ ਕਰਦਾ ਹੈ, ਉਹ ਪਸਿੱਤਿਆ ਹੈ। ਦੂਜੇ ਪਾਸੇ, ਗ਼ੁਲਾਮੀ ਅਤੇ ਭੂ-ਗ਼ੁਲਾਮੀ ਵੀ ਜ਼ਬਰ ਦੇ ਸਬੰਧ ਨਹੀਂ ਹਨ, ਜਦ ਤੱਕ ਕਿ ਗ਼ੁਲਾਮ ਅਤੇ ਭੂ-ਗ਼ੁਲਾਮ ਖੁਦ ਜ਼ਬਰ ਨੂੰ ‘ਆਰਟੀਕੁਲੇਟ’ ਨਹੀਂ ਕਰਦੇ। ਦੂਜਾ, ਲਾਕਲਾਉ ਅਤੇ ਮਾਊਫ ਦੇ ਅਨੁਸਾਰ, ਸਮਾਜ ਖੁਦਮੁਖਤਿਆਰ, ‘ਫ੍ਰੀ-ਫਲੋਟਿੰਗ’ ਵਿਰੋਧਤਾਈਆਂ ਅਤੇ ਜ਼ਬਰਾਂ ਦਾ ਕੁੱਲ ਜੋੜ ਹੈ। ਸਾਰਿਆਂ ਦੇ ਘੋਲ਼ ਦਾ ਆਪਣਾ ਅਜ਼ਾਦ ਘੇਰਾ ਹੈ, ਕੋਈ ਇੱਕ ਦੂਜੇ ਤੋਂ ਮਹੱਤਵਪੂਰਣ ਨਹੀਂ ਹੈ। ਪਰ ਇਸ ਘੋਰ ਅਮੂਰਤਨ ਤੋਂ ਅਸਲੀਅਤ ਦੇ ਸੰਸਾਰ ਵਿੱਚ ਆਉਂਦੇ ਹੀ, ਅਸੀਂ ਦੇਖਦੇ ਹਾਂ ਕਿ ਜ਼ਬਰ ਦੇ ਵੰਨ-ਸੁਵੰਨੇ ਰੂਪ ਹਮੇਸ਼ਾ ਆਪਸੀ ਕਲਾਵੇ (overlap) ਵਿੱਚ ਹੁੰਦੇ ਹਨ। ਉੱਤਰ-ਮਾਰਕਸਵਾਦ ਦੇ ਅਨੁਸਾਰ, ਸਮਾਜ ਵਿੱਚ ਜੋ ਜ਼ਬਰ-ਵਿਸ਼ੇਸ਼ ਦੇ ਸ਼ਿਕਾਰ ਹਨ ਅਤੇ ਜੋ ਨਹੀਂ ਹਨ, ਉਹਨਾਂ ਵਿਚਾਲੇ ਹੀ ਬਟਵਾਰਾ ਹੁੰਦਾ ਹੈ ਅਤੇ ਹਰ ਜ਼ਬਰ ਦੇ ਹਿਸਾਬ ਨਾਲ਼ ਅਜਿਹੇ ਵੱਖ-ਵੱਖ ਕਈ ਬਟਵਾਰੇ ਖੁਦਮੁਖਤਿਆਰ, ਅਸਬੰਧਿਤ ਰੂਪ ਵਿੱਚ ਹਮੇਸ਼ਾ ਹਾਜ਼ਰ ਰਹਿੰਦੇ ਹਨ।

ਇਸ ਬਹੁਤ ਹੀ ਅਮੂਰਤ, ਅਟਕਲਪੱਚੂ, ਘੋਰ-ਨਿਰਾਸ਼ਾਵਾਦੀ, ਤਬਦੀਲੀ-ਵਿਰੋਧੀ ਸਿਧਾਂਤ ਤੋਂ ਇੱਕੋ-ਇੱਕ ਯੁੱਧਨੀਤੀ ਇਹ ਨਿੱਕਲ ਕੇ ਆਉਂਦੀ ਹੈ ਕਿ ਪਸਿੱਤੇ ਲੋਕਾਂ ਦੇ ਵੱਖ-ਵੱਖ ਸਮੂਹ ਆਪਣੇ ਵੱਖ-ਵੱਖ ਦੁਸ਼ਮਣਾਂ ਦੇ ਵਿਰੁੱਧ ਵੱਖਰੇ-ਵੱਖਰੇ ਘੋਲ਼ ਚਲਾਉਣ। ਇਸ ਸਿਧਾਂਤਕੀ ਦੀ ਦੂਜੀ ਸਮੱਸਿਆ “ਖੁਦਮੁਖਤਿਆਰੀ” ਦਾ ਸੰਕਲਪ ਹੈ। ਰਾਜ ਅਤੇ ਸਰਕਾਰ ਦੇ ਜਮਾਤੀ ਕਿਰਦਾਰ ਦੀ ਮਾਰਕਸਵਾਦੀ ਧਾਰਣਾ ਦੇ ਉਲਟ ਲਾਕਲਾਊ ਅਤੇ ਮਾਊਫ਼ ਮੰਨਦੇ ਹਨ ਕਿ ਰਾਜ ਨਿਰਲੇਪ ਅਤੇ ਖੁਦਮੁਖਤਿਆਰ ਹੁੰਦਾ ਹੈ। ਇੱਥੋਂ ਤੱਕ ਕਿ ਸਰਕਾਰ ਦੀਆਂ ਵੱਖ-ਵੱਖ ਸ਼ਾਖਾਵਾਂ ਵੀ ਇੱਕ ਦੂਜੇ ਤੋਂ ਅਜ਼ਾਦ ਅਤੇ ਖੁਦਮੁਖਤਿਆਰ ਹੁੰਦੀਆਂ ਹਨ। ਵਿਧਾਨਪਾਲਿਕਾ, ਕਾਰਜਪਾਲਿਕਾ; ਕਾਰਜਪਾਲਿਕਾ ਵਿੱਚ ਨੌਕਰਸ਼ਾਹੀ ਅਤੇ ਸਰਕਾਰ- ਇਹ ਸਭ ਇੱਕ ਦੂਜੇ ਤੋਂ ਅਜ਼ਾਦ ਤੇ ਖੁਦਮੁਖਤਿਆਰ ਹੁੰਦੇ ਹਨ। ਅੰਤ ਸਾਰੇ ਪਸਿੱਤਿਆਂ (ਜਿਹਨਾਂ ਦੇ ਘੋਲ਼ ਅਜ਼ਾਦ ਤੇ ਖੁਦਮੁਖਤਿਆਰ ਹਨ) ਦੇ ਸਾਂਝੇ ਘੋਲ਼ ਨੂੰ, ਜਾਂ ਵੱਖ-ਵੱਖ ਘੋਲ਼ਾਂ ਨੂੰ, ਰਾਜ ਜਾਂ ਹੋਰ ਸੰਸਥਾਵਾਂ ਦੇ ਵਿਰੁੱਧ ਕੇਂਦਰਿਤ ਕੀਤਾ ਹੀ ਨਹੀਂ ਜਾ ਸਕਦਾ। ਨਾਲ਼ ਹੀ, ਇਹ ਵੀ ਘੋਲ਼ ਲਈ ਲਾਜ਼ਮੀ ਨਹੀਂ ਕਿ ਕੋਈ ਵੱਡਾ ਸਮੂਹ ਹੋਵੇ, ਜ਼ਬਰ ਮਹਿਸੂਸ ਕਰਨ ਵਾਲ਼ਾ ਇੱਕ ਬੰਦਾ ਵੀ ਘੋਲ਼ ਕਰ ਸਕਦਾ ਹੈ। ਇਹ ਵੀ ਲਾਜ਼ਮੀ ਨਹੀਂ ਕਿ ਇਹ ਘੋਲ਼ ਪਸਿੱਤੀ ਬਹੁ-ਗਿਣਤੀ ਅਤੇ ਜ਼ਾਬਰ ਘੱਟ-ਗਿਣਤੀ ਵਿਚਾਲੇ ਹੋਵੇ। ਇਸਦੇ ਉਲਟ ਵੀ ਹੋ ਸਕਦਾ ਹੈ। ਥੋੜ੍ਹੇ ਜਿਹੇ “ਸਿਆਣੇ ਲੋਕ” ਵੀ ਜ਼ਬਰ ਵਿਰੁੱਧ ਘੋਲ਼ ਲਈ ਬਹੁਤ ਹਨ।

ਪਛਾਣ ਦੀ ਸਿਆਸਤ ਅੰਤਰ-ਤਬਕਾਤੀ ਸਿਧਾਂਤ (Intersactionality “heory), ਉੱਤਰ-ਆਧੁਨਿਕਤਾਵਾਦ ਅਤੇ ਉੱਤਰ-ਮਾਰਕਸਵਾਦ ਤੋਂ ਵਿਚਾਰਕ ਤਰਕਾਂ ਦੀ ਖੁਰਾਕ ਲੈ ਕੇ ਵਿਕਸਿਤ ਹੋਈ ਅਤੇ ਨਵ-ਉਦਾਰਵਾਦ ਦੇ ਦੌਰ ਵਿੱਚ ਸਾਮਰਾਜਵਾਦੀ-ਸਰਮਾਏਦਾਰੀ ਅਤਿ-ਲੁੱਟ ਦਾ ਸਭ ਤੋਂ ਵੱਧ ਬੋਝ ਝੱਲ ਰਹੇ ਏਸ਼ੀਆ, ਅਫ਼ਰੀਕਾ, ਲਤੀਨੀ ਅਮਰੀਕਾ ਦੇ ਦੇਸ਼ਾਂ ਵਿੱਚ ਐਨਜੀਓ ਸੈਕਟਰ ਅਤੇ ਅਖੌਤੀ ‘ਨਿਊ ਸੋਸ਼ਲ ਮੂਵਮੈਂਟਸ’ ਰਾਹੀਂ ਲੋਕਾਂ ਦੀ ਬਣਦੀ ਇੱਕਜੁੱਟਤਾ ਨੂੰ ਤੋੜਣ ਅਤੇ ਲੋਕ-ਘੋਲ਼ਾਂ ਨੂੰ ਭਰਮਾਉਣ ਤੇ ਖਿੰਡਾਉਣ ਵਿੱਚ ਇਸਨੇ ਮਹੱਤਵਪੂਰਨ ਭੂਮਿਕਾ ਨਿਭਾਈ। ਉੱਤਰ-ਆਧੁਨਿਕਤਾਵਾਦੀ ਅਤੇ ਉੱਤਰ-ਮਾਰਕਸਵਾਦੀ ਜਿਹਨਾਂ ਟੁਕੜਿਆਂ ਦੀ ਅਤੇ ਖੁਦਮੁਖਤਿਆਰ ‘ਸਪੇਸਜ਼’ ਦੀ ਗੱਲ ਕਰਦੇ ਹਨ, ਪਛਾਣ ਦੀ ਸਿਆਸਤ ਉਹਨਾਂ ਨੂੰ ਹੀ ਪਛਾਣ ਦੇ ਧਰਾਤਲ ‘ਤੇ ਲਾਗੂ ਕਰਦੀ ਹੈ ਅਤੇ ‘ਟੁਕੜਿਆਂ ਦਾ ਜਸ਼ਨ’ ਮਣਾਉਂਦੇ ਹੋਏ ਲੋਕਾਂ ਦੀ ਜਮਾਤੀ ਚੇਤਨਾ ਨੂੰ ਖੁੰਢਾ ਕਰਨ ਦਾ ਕੰਮ ਕਰਦੀ ਹੈ। ਸਾਮਰਾਜਵਾਦ ਤੇ ਵਿੱਤੀ ਪੋਸ਼ਣ ਨਾਲ਼ ਚੱਲਣ ਵਾਲ਼ਾ ਐਨਜੀਓ ਸੈਕਟਰ, ਸ਼ਹਿਰੀ ਸਮਾਜ (civil society) ਦੇ ਨਵੇਂ ਸੰਕਲਪ (ਮਾਰਕਸ ਅਤੇ ਗ੍ਰਾਮਸ਼ੀ ਦੀ ਸੋਚ ਤੋਂ ਬਿਲਕੁਲ ਵੱਖ) ‘ਤੇ ਅਧਾਰਿਤ ‘ਨਿਊ ਸੋਸ਼ਲ ਮੂਵਮੈਂਟਸ’ ਅਤੇ ‘ਵਰਲਡ ਸੋਸ਼ਲ ਫੋਰਮ’ ਵਰਗੇ ਕੌਮਾਂਤਰੀ ਮੰਚ ‘ਸੇਫਟੀਵਾਲਵ’ ਅਤੇ ‘ਸ਼ਾਕ ਅਬਜ਼ਾਰਬਰ’ ਮੈਕਾਨਿਜ਼ਮ ਦੇ ਰੂਪ ਵਿੱਚ ਕੰਮ ਕਰਦੇ ਹੋਏ ਲੋਕ-ਰੋਹ ਨੂੰ ਕੰਟਰੌਲ ਕਰਨ ਦੇ ਨਾਲ਼ ਹੀ ਲੋਕਾਂ ਦੇ ਵੱਖ-ਵੱਖ ਵਰਗਾਂ ਅਤੇ ਤਬਕਿਆਂ ਦੀ ਇੱਕਜੁੱਟਤਾ ਦੀਆਂ ਬਣਦੀਆਂ ਸੰਭਾਵਨਾਵਾਂ ਨੂੰ ਪਛਾਣ ਦੀ ਸਿਆਸਤ ਦੀ ਹਵਾ ਦੇ ਕੇ ਖ਼ਤਮ ਕਰਨ ਅਤੇ ਖਿੰਡਾਉਣ ਦਾ ਕੰਮ ਕਰਦੇ ਰਹਿੰਦੇ ਹਨ।

ਅਸਲ ਵਿੱਚ ਲੋੜ ਸਾਨੂੰ ਅਜਿਹੇ ਮਾਰਕਸਵਾਦੀਆਂ ਦੇ ਅਸਲੀ ਕਿਰਦਾਰ ਨੂੰ ਸਮਝਣ ਦੀ ਹੈ, ਜੋ ਪਛਾਣ ਦੀ ਸਿਆਸਤ ਦੀ ਸਿਧਾਂਤਕੀ ਤੇ ਅਭਿਆਸ-ਸ਼ਾਸਤਰ ਦਾ ਵਿਸ਼ਲੇਸ਼ਣ ਤੇ ਅਲੋਚਨਾ ਤਾਂ ਬਿਲਕੁਲ ਨਹੀਂ ਕਰਦੇ ਅਤੇ ਇਹ ਸਿੱਧ ਕਰਨ ਦਾ ਯਤਨ ਕਰਦੇ ਹਨ ਕਿ ਜਾਤ ਤੇ ਜੈਂਡਰ ਵਰਗੀਆਂ ਪਛਾਣਾਂ ਨੂੰ ਠੀਕ ਢੰਗ ਨਾਲ਼ ਨਾ ਦੇਖ ਸਕਣ ਦੇ ਕਾਰਣ ਹੀ ਭਾਰਤ ਦੀ ਕਮਿਊਨਿਸਟ ਲਹਿਰ ਅਸਫਲ ਹੋਈ ਅਤੇ ਕਿਉਂਕਿ ਉਹ ਜਾਤ ਤੇ ਜੈਂਡਰ ਦੇ ਸਵਾਲ ਨੂੰ ਠੀਕ ਢੰਗ ਨਾਲ਼ ਚੁੱਕ ਕੇ ਉਹਨਾਂ ਨੂੰ ਜਮਾਤੀ ਘੋਲ਼ ਦਾ ਅੰਗ ਨਹੀਂ ਬਣਾ ਸਕੀ, ਇਸ ਲਈ ਇਸ ਤੋਂ ਪੈਦਾ ਹੋਏ ਖਲਾਅ ਨੂੰ ਪਛਾਣ ਦੀ ਸਿਆਸਤ ਨੇ ਭਰਨ ਦਾ ਕੰਮ ਕੀਤਾ। ਇਹ ਖੱਬੀਖਾਨ ਬੁੱਧੀ-ਬਹਾਦਰ ਜਾਂ ਤਾਂ ਇਹ ਦੱਸਦੇ ਹੀ ਨਹੀਂ ਕਿ ਪਛਾਣ ਦੀ ਸਿਆਸਤ ਦੀ ਸਿਧਾਂਤਕੀ ਧੁਰ-ਪਿਛਾਖੜੀ ਹੈ, ਹੇਗੇਲ ਦੀ ਭੱਦੀ ਸਾਂਗ ਅਤੇ ਨੀਤਸ਼ੇ ਦੇ ਦਰਸ਼ਨ ਦੀ ਨਵੀਂ ਜਿਲਦ ਵਿੱਚ ਪੇਸ਼ਕਾਰੀ ਹੈ, ਜਾਂ ਫਿਰ ਉਸਦੇ ਸਕਾਰਾਤਮਕ ਪੱਖਾਂ ਨੂੰ ਰੇਖਾਂਕਿਤ ਕਰਦੇ ਹਨ। ਭਾਰਤ ਦੀ ਕਮਿਊਨਿਸਟ ਲਹਿਰ ਦੀ ਅਸਫ਼ਲਤਾ ਦਾ ਕਾਰਣ ਮੁੱਖ ਤੌਰ ‘ਤੇ ਉਸਦੀ ਵਿਚਾਰਧਾਰਕ ਕਮਜ਼ੋਰੀ ਸੀ, ਜਿਸ ਕਾਰਨ ਉਹ ਭਾਰਤੀ ਇਨਕਲਾਬ ਦੀ ਸਟੀਕ ਯੁੱਧਨੀਤੀ ਅਤੇ ਆਮ ਦਾਅਪੇਚ ਨਹੀਂ ਤੈਅ ਕਰ ਸਕੀ ਅਤੇ ਜਾਤ ਤੇ ਜੈਂਡਰ ਦੇ ਸਵਾਲਾਂ ‘ਤੇ ਠੀਕ ਵਿਗਿਆਨਕ ਪੋਜ਼ੀਸ਼ਨ ਨਹੀਂ ਲੈ ਸਕੀ। ਪਰ ਇਸ ਤੱਥ ਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ ਕਿ ਅਮਲੀ ਪੱਧਰ ‘ਤੇ ਖੁਰਸ਼ਚੇਵੀ ਸੋਧਵਾਦ ਨੂੰ ਅਪਣਾਉਣ ਤੋਂ ਪਹਿਲਾਂ, ਕਮਿਊਨਿਸਟ ਪਾਰਟੀ ਨੇ ਦਲਿਤਾਂ ਦੇ ਸਮਾਜਿਕ ਜ਼ਬਰ ਦੇ ਸਵਾਲ ਨੂੰ ਵੀ ਜ਼ੋਰ-ਸ਼ੋਰ ਨਾਲ਼ ਚੁੱਕਿਆ ਸੀ ਅਤੇ ਉਸਦਾ ਮੁੱਖ ਅਧਾਰ ਵੀ ਦਲਿਤ ਵਸੋਂ ਵਿੱਚ ਹੀ ਸੀ। ਨਕਸਲਬਾੜੀ ਉਭਾਰ ਤੋਂ ਪੈਦਾ ਹੋਈ ਕਮਿਊਨਿਸਟ ਇਨਕਲਾਬੀ ਧਾਰਾ ਦਾ ਮੁੱਖ ਅਧਾਰ ਵੀ ਦਲਿਤਾਂ ਵਿੱਚ ਹੀ ਸੀ। ਉੱਤਰ-ਭਾਰਤ ਦੀ ਹਿੰਦੀ ਪੱਟੀ ਵਿੱਚ ਭੂ-ਮਾਲਕ ਅਤੇ ਕੁਲਕ ਹਿਕਾਰਤ ਨਾਲ਼ ਕਮਿਊਨਿਸਟ ਪਾਰਟੀ ਨੂੰ “ਚਮਾਰਾਂ ਦੀ ਪਾਰਟੀ” ਕਿਹਾ ਕਰਦੇ ਸਨ। ਅੰਬੇਡਕਰ ਦੀ ਦਲਿਤ ਮਸੀਹਾ ਦੀ ਸਰਬ ਭਾਰਤੀ ਤਸਵੀਰ ਅਸਲ ਵਿੱਚ ਉਦੋਂ ਜਾ ਕੇ ਬਣੀ, ਜਦ ਭਾਰਤ ਦੀ ਕਮਿਊਨਿਸਟ ਲਹਿਰ ਸੰਸਦਵਾਦ ਦਾ ਸ਼ਿਕਾਰ ਹੋ ਗਈ। ਉੱਪਰ ਜਿਹਨਾਂ ਖੱਬੀਖਾਨ ਖੱਬੇਪੱਖੀ ਬੁੱਧੀ-ਬਹਾਦਰਾਂ ਦੀ ਚਰਚਾ ਕੀਤੀ ਗਈ ਹੈ, ਉਹ ਵੱਖ-ਵੱਖ ਪਛਾਣਾਂ ਦਾ ਮਾਰਕਸਵਾਦੀ ਵਿਸ਼ਲੇਸ਼ਣ ਕਰਨ ਦੀ ਬਜਾਏ ਅਨੇਕ ਤਰੀਕਿਆਂ ਨਾਲ਼ ਪਛਾਣ ਦੀ ਸਿਆਸਤ ਤੋਂ ਮਾਰਕਸਵਾਦੀਆਂ ਨੂੰ ਸਿੱਖਣ ਦੀ ਸਲਾਹ ਦਿੰਦੇ ਹਨ ਅਤੇ ਆਪਣੇ ਸਿਧਾਂਤਕ ਵਿਸ਼ਲੇਸ਼ਣ ਵਿੱਚ ਮਾਰਕਸਵਾਦ ਅਤੇ ਪਛਾਣ ਦੀ ਸਿਆਸਤ ਦਾ ਮੇਲ਼ ਵੀ ਕਰਾਉਂਦੇ ਹਨ। ਨਤੀਜੇ ਵਜੋਂ ਇੱਕ ਅਨੋਖੀ ਦੋਗਲੀ ਸਿਧਾਂਤਕੀ ਸਾਹਮਣੇ ਆਉਂਦੀ ਹੈ, ਜਿਸਦੇ ਨੈਣ-ਨਕਸ਼ ਤਾਂ ਮਾਰਕਸਵਾਦ ਨਾਲ਼ ਮਿਲ਼ਦੇ ਹਨ, ਪਰ ਕਰਨੀ-ਧਰਨੀ ਪਛਾਣ ਦੀ ਸਿਆਸਤ ਅਤੇ ‘ਨਿਊ ਸੋਸ਼ਲ ਮੂਵਮੈਂਟਸ’ ਵਰਗੀ ਹੁੰਦੀ ਹੈ। ਧਿਆਨ ਦੇਣ ਯੋਗ ਹੈ ਕਿ ਇਹੀ ਉਹ ਲੋਕ ਹਨ ਜੋ ਜਾਤ ਦੇ ਸਵਾਲ ਦੀ ਅਣਦੇਖੀ ਜਾਂ ਗ਼ਲਤ ਸਮਝ ਲਈ ਕਮਿਊਨਿਸਟ ਲਹਿਰ ਨੂੰ ਪਾਣੀ ਪੀ-ਪੀ ਭੰਡਦੇ ਹਨ, ਪਰ ‘ਮਾਣਯੋਗ ਬਾਬਾ ਸਾਹਿਬ’ ਦੇ ਪ੍ਰਤੀ ਸ਼ਰਧਾਭਾਵੀ ਹੁੰਦੇ ਹੋਏ ਉਹਦੀ ਦਾਰਸ਼ਨਿਕ ਪੋਜ਼ੀਸ਼ਨ, ਸਿਆਸਤ, ਅਰਥਨੀਤੀ, ਇਤਿਹਾਸ-ਨਜ਼ਰੀਏ ਅਤੇ ਦਲਿਤ ਮੁਕਤੀ ਦੇ ਪ੍ਰੋਜੈਕਟ ਦਾ ਕੋਈ ਵਿਸ਼ਲੇਸ਼ਣ ਨਹੀਂ ਕਰਦੇ ਅਤੇ ਇਹਨਾਂ ਦੀ ਅਲੋਚਨਾ ‘ਤੇ ਨੱਕ ਚੜਾਉਂਦੇ ਹਨ। ਉਹ ਇਹ ਨਹੀਂ ਦੱਸਦੇ ਕਿ ਅੰਬੇਡਕਰ ਦੀ ਦਲਿਤ ਮੁਕਤੀ ਦੇ ਪ੍ਰੋਜੈਕਟ ਨੇ ਹੀ ਦਲਿਤਾਂ ਨੂੰ ਕੀ ਦਿੱਤਾ! ਅਜਿਹੇ ਕਮਿਊਨਿਸਟਾਂ ‘ਤੇ ਤਾਂ ਅਲੱਗ ਤੋਂ ਵਿਸਥਾਰ ਨਾਲ਼ ਲਿਖਣ ਦੀ ਲੋੜ ਹੈ, ਜੋ ਅਸੀਂ ਅੱਗੇ ਹੋਰ ਲੇਖ ਵਿੱਚ ਕਰਾਂਗੇ। ਫਿਲਹਾਲ, ਪਛਾਣ ਦੀ ਸਿਆਸਤ ਦੀ ਚਰਚਾ ‘ਤੇ ਵਾਪਸ ਮੁੜੀਏ।

ਪਛਾਣ ਦੀ ਸਿਆਸਤ ਦੇ ਵਿਚਾਰਕ ਸਾਰਤੱਤ ਦੀ ਚਰਚਾ ਦੇ ਬਾਅਦ ਅਸੀਂ ਅਸਾਨੀ ਨਾਲ਼ ਇਹ ਸਮਝ ਸਕਦੇ ਹਾਂ ਕਿ ਵਰਤਮਾਨ ਦੌਰ ਵਿੱਚ ਕੇਵਲ ਦਲਿਤਵਾਦੀ ਸਿਆਸਤ ਹੀ ਨਹੀਂ ਸਗੋਂ ਹਰ ਤਰ੍ਹਾਂ ਦੀ ਜਾਤ ਅਧਾਰਿਤ ਸਿਆਸਤ ਪਛਾਣ ਦੀ ਸਿਆਸਤ ਦੇ ਹੀ ਰੂਪ ਹਨ। ਦਲਿਤਵਾਦੀ ਸਿਆਸਤ ਅਤੇ ਉੱਚ ਤੇ ਮੱਧ ਜਾਤਾਂ ਦੀ ਸਿਆਸਤ ਜਾਤੀ ਪਛਾਣ ‘ਤੇ ਅਧਾਰਿਤ ਇਹ ਦੋਵੇਂ ਸਿਆਸਤਾਂ ਇੱਕ ਦੂਜੇ ਦੀ ‘ਇਨਵਰਟਡ ਮਿਰਰ ਇਮੇਜ਼’ ਦੇ ਬਰਾਬਰ ਹਨ। ਇਹ ਅਜਿਹੇ ਨਕਲੀ ਬਦਲਾਂ ਦੇ ਇੱਕ ਜੋੜੇ ਵਰਗਾ ਹੈ, ਜੋ ਅਸਲ ਵਿੱਚ ਇੱਕ ਦੂਜੇ ਦੇ ਬਦਲ ਹੈ ਹੀ ਨਹੀਂ। ਗਾਇਲਸ ਦੇਲਿਯੂਜ਼ ਨੇ ਅਜਿਹੀ ਦੀ ਚੀਜ਼ ਨੂੰ ‘ਡਿਸਜੰਕਟਿਵ ਸਿੰਥੇਸਿਸ’ ਦਾ ਨਾਂ ਦਿੱਤਾ ਸੀ, ਯਾਨੀ ਉਲਟਾਂ ਦਾ ਅਜਿਹਾ ਸਮੁੱਚ ਜਿਸ ਵਿੱਚ ਉਲਟਾਂ ਦੇ ਰੂਪ ਵਿੱਚ ਪੇਸ਼ ਕੀਤੇ ਜਾਣ ਵਾਲ਼ੇ ਤੱਤ ਅਸਲ ਵਿੱਚ ਉਲਟ ਨਾ ਹੋਣ। ਆਪਸ ਵਿਰੁੱਧੀ ਜਾਤੀ-ਪਛਾਣ ਦੀ ਸਿਆਸਤ ਕਰਨ ਵਾਲ਼ੀਆਂ ਧਾਰਾਵਾਂ ਵਿੱਚ ਇੱਕ ਗੱਲ ਬਰਾਬਰ ਹੈ ਕਿ ਇਹ ਸਾਰੀਆਂ ਆਪਣੀ-ਆਪਣੀ ਜਾਤੀਗਤ ਪਛਾਣ ਦੇ ਨਾਲ਼ ਸਿਆਸਤ ਦੀ ‘ਓਵਰ ਆਈਡੈਂਟੀਫੀਕੇਸ਼ਨ’ ਕਰਦੀਆਂ ਹਨ। ਇੱਥੇ ਧੁਰ ਦਲਿਤ ਵਿਰੋਧੀ ਉੱਚ ਜਾਤਾਂ ਅਤੇ ਮੱਧ ਜਾਤਾਂ ਦੀ ਜਾਤੀ ਸਿਆਸਤ ਦੇ ਖੁੱਲ੍ਹੇ ਪਿਛਾਖੜੀ ਅਤੇ ਬਰਬਰ ਕਿਰਦਾਰ ‘ਤੇ ਜ਼ਿਆਦਾ ਚਰਚਾ ਦੀ ਲੋੜ ਨਹੀਂ ਹੈ। ਬਸਪਾ ਅਤੇ ਰਿਪਬਲਿਕਨ ਪਾਰਟੀ ਵਰਗੀਆਂ ਉਹਨਾਂ ਸਰਮਾਏਦਾਰਾ ਵੋਟ-ਬਟੋਰੂ ਪਾਰਟੀਆਂ ਦੀ ਚਰਚਾ ਦੀ ਵੀ ਲੋੜ ਨਹੀਂ ਹੈ, ਜੋ ਦਲਿਤਾਂ ਦੀ ਨੁਮਾਇੰਦਗੀ ਦਾ ਦਾਅਵਾ ਕਰਦੇ ਹੋਏ ਉਹਨਾਂ ਦੀ ਕੇਵਲ ਵੋਟ ਬੈਂਕ ਦੇ ਰੂਪ ਵਿੱਚ ਵਰਤੋਂ ਕਰਦੀਆਂ ਹਨ, ਬੁਰਜੂਆ ਵੋਟ-ਬਟੋਰੂ ਮੌਕਾਪ੍ਰਸਤੀ ਦੇ ਨਿੱਤ ਨਵੇਂ ਘਟੀਆ ਕੀਰਤੀਮਾਨ ਸਥਾਪਿਤ ਕਰਦੀਆਂ ਰਹਿੰਦੀਆਂ ਹਨ ਅਤੇ ਸਰਮਾਏ ਦੀ ਸੇਵਾ ਕਰਨ ਵਿੱਚ ਕਿਸੇ ਤੋਂ ਵੀ ਪਿੱਛੇ ਨਹੀਂ ਰਹਿਣਾ ਚਾਹੁੰਦੀਆਂ। ਅਸੀਂ ਇੱਥੇ ਗ਼ੈਰ-ਚੋਣਾਵੀ, ਪਛਾਣ ‘ਤੇ ਅਧਾਰਿਤ ਦਲਿਤ ਸਿਆਸਤ ਕਰਨ ਵਾਲ਼ੀਆਂ ਜਥੇਬੰਦੀਆਂ ਦੀ ਗੱਲ ਕਰ ਰਹੇ ਹਾਂ। ਅਸਲ ਵਿੱਚ ਇਹਨਾਂ ਦੀ ਸਿਆਸਤ ਵੀ ਖੋਖਲੇ ਪ੍ਰਤੀਕਵਾਦ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਹੈ। ਅੰਬੇਡਕਰ ਦੇ ਵਿਚਾਰਾਂ ‘ਤੇ ਤੁਸੀਂ ਇਹਨਾਂ ਨਾਲ਼ ਕੋਈ ਅਲੋਚਨਾਤਮਕ ਗੱਲ ਨਹੀਂ ਕਰ ਸਕਦੇ। ਹੋਰਾਂ ਜਾਤਾਂ ਦੇ ਬੁਰਜੂਆ ਨਾਇਕਾਂ ਦੀਆਂ ਮੂਰਤੀਆਂ ਦੇ ਬਰਕਸ ਇਹ ਜਥੇਬੰਦੀਆਂ ਵੀ ਅੰਬੇਡਕਰ ਦੀ ਮਸੀਹਾਈ ਤਸਵੀਰਕਸ਼ੀ ਕਰਦੀਆਂ ਹਨ ਅਤੇ ਦਲਿਤਾਂ ਦੇ ਮਸਲੇ ਨੂੰ ਵੱਖ-ਵੱਖ ਅਯੋਜਨਾਂ ਅਤੇ ਲੇਖਣ ਵਿੱਚ ਬਸ ਰਸਮੀ ਤੌਰ ‘ਤੇ ਉਠਾਉਂਦੀਆਂ ਰਹਿੰਦੀਆਂ ਹਨ। ਬਥਾਨੀਟੋਲਾ ਤੋਂ ਮਿਰਚਪੁਰ ਤੱਕ-ਦਲਿਤ ਜ਼ਬਰ ਦੀਆਂ ਬਰਬਰ ਘਟਨਾਵਾਂ ਦੇ ਵਿਰੁੱਧ ਵੀ ਇਹ ਪੂਰਾ ਦੇਸ਼ ਤਾਂ ਦੂਰ, ਉਸਦੇ ਕਿਸੇ ਇੱਕ ਹਿੱਸੇ ਤੱਕ ਦੇ ਦਲਿਤਾਂ ਨੂੰ ਲਹਿਰ ਦੀਆਂ ਕਾਰਵਾਈਆਂ ਵਿੱਚ ਸੜਕਾਂ ‘ਤੇ ਨਹੀਂ ਆਉਂਦੀਆਂ। ਇਹ ਜਥੇਬੰਦੀਆਂ ਦਲਿਤ ਪਛਾਣ ਦੇ ਖ਼ਾਤਮੇ (ਜਾਤ ਦੇ ਨਾਸ਼) ਦਾ ਕੋਈ ਠੋਸ ਪ੍ਰੋਗਰਾਮ ਦੇਣ ਦੀ ਬਜਾਏ ਉਸ ਪਛਾਣ ਨੂੰ ਹੋਰ ਪੁਖਤਾ ਕਰਨ ਤੇ ਜਾਤੀਗਤ ਵੰਡ ਦੀਆਂ ਲਕੀਰਾਂ ਨੂੰ ਮਜ਼ਬੂਤ ਕਰਨ ਦਾ ਹੀ ਕੰਮ ਕਰਦੀਆਂ ਹਨ। ਇਹਨਾਂ ਕੋਲ਼ ਇਸ ਸਵਾਲ ਦਾ ਕੋਈ ਠੋਸ ਜਵਾਬ ਨਹੀਂ ਹੈ ਕਿ ਕੁੱਲ਼ ਵਸੋਂ ਵਿੱਚ ਘੱਟ-ਗਿਣਤੀ ਦਲਿਤ ਕੇਵਲ ਖੁਦ ਹੀ ਆਪਣੇ ਜ਼ਬਰ ਵਿਰੁੱਧ ਘੋਲ਼ ਦਾ ਖੁਦਮੁਖਤਿਆਰ ਸਪੇਸ ਰਚਦੇ ਹੋਏ ਆਪਣਾ ਉਦੇਸ਼ ਕਿਵੇਂ ਪ੍ਰਾਪਤ ਕਰ ਸਕਦੇ ਹਨ? ਅਸਲ ਵਿੱਚ ਪਛਾਣ ਦੀ ਸਿਆਸਤ ਕਰਨ ਵਾਲ਼ੀਆਂ ਦਲਿਤ ਜਥੇਬੰਦੀਆਂ ਉਹਨਾਂ ਹੀ ਜਮਾਤੀ ਸਬੰਧਾਂ ਤੇ ਉਸੇ ਸਮਾਜਿਕ ਢਾਂਚੇ ਦੀ ਰੱਖਿਆ ਕਰਦੀਆਂ ਹਨ, ਜੋ ਜਾਤੀਗਤ ਜ਼ਬਰ ਦੀਆਂ ਸਥਿਤੀਆਂ ਤਿਆਰ ਕਰਦੇ ਹਨ। ਜਿਵੇਂ ਕਿ ਅਸੀਂ ਸ਼ੁਰੂ ਵਿੱਚ ਚਰਚਾ ਕਰ ਚੁੱਕੇ ਹਾਂ ਕਿ ਪਛਾਣ ਦੀ ਸਿਆਸਤ ਕਿਸੇ ਜਥੇਬੰਦੀ ਦੇ ਸਿਆਸੀ ਕਿਰਦਾਰ ਦਾ ਮੁਲਾਂਕਣ ਇਸ ਗੱਲ ਨਾਲ਼ ਕਰਦੀ ਹੈ ਕਿ ਉਸ ਜਥੇਬੰਦੀ ਦੇ ਮੈਂਬਰਾਂ ਦੀ ਪਛਾਣ ਕੀ ਹੈ! ਇਸਦੇ ਉਲਟ ਮਾਰਕਸਵਾਦ ਕਿਸੇ ਜਥੇਬੰਦੀ ਦੇ ਸਿਆਸੀ ਕਿਰਦਾਰ ਦਾ ਫੈਸਲਾ ਉਸਦੀ ਰਾਹ-ਦਸੇਰੀ ਵਿਚਾਰਧਾਰਾ, ਸਿਆਸੀ ਲੀਹ ਅਤੇ ਉਸਦੇ ਅਭਿਆਸ ਤੋਂ ਕਰਦਾ ਹੈ। ਕਈ ਵਾਰ ਕਈ ਦਲਿਤਵਾਦੀ ਸਿਆਸਤਦਾਨ ਪੁੱਛਦੇ ਹਨ ਕਿ ਫਲਾਂਨੀ ਕਮਿਊਨਿਸਟ ਜਥੇਬੰਦੀ ਦੀ ਕੇਂਦਰੀ ਕਮੇਟੀ ਵਿੱਚ ਕਿੰਨੇ ਦਲਿਤ ਹਨ? ਇਸੇ ਪੈਂਤੜੇ ਤੋਂ ਸਾਰੀਆਂ ਦਲਿਤ ਜਥੇਬੰਦੀਆਂ ਤੋਂ ਇਹ ਕਿਉਂ ਨਹੀਂ ਪੁੱਛਿਆ ਜਾ ਸਕਦਾ ਕਿ ਉਹਨਾਂ ਦੇ ਆਗੂ ਅਦਾਰੇ ਵਿੱਚ ਕਿੰਨੇ ਮਜ਼ਦੂਰ ਹਨ? ਅਸਲ ਵਿੱਚ ਪਛਾਣ ਦੀ ਸਿਆਸਤ ਦੇ ਪੈਂਤੜੇ ਤੋਂ ਉਠਾਇਆ ਗਿਆ ਇਹ ਸਵਾਲ ਹੀ ਗ਼ਲਤ ਹੈ। ਅਜਿਹਾ ਦਲਿਤਵਾਦੀ ਤਰਕ ਉਸ ਬ੍ਰਾਹਮਣਵਾਦੀ ਤਰਕ ਦਾ ਹੀ ‘ਇਨਵਰਟੇਡ ਮਿਰਰ ਇਮੇਜ’ ਹੈ, ਜੋ ਜਨਮ ਤੇ ਪਰਿਵਾਰਕ ਪਿੱਠਭੂਮੀ ਤੋਂ ਹੀ ਸਭ ਕੁਝ ਤੈਅ ਕਰਦਾ ਹੈ। ਸਵਾਲ ਇਹ ਹੈ ਕਿ ਜੇਕਰ ਇੱਕ ਗ਼ੈਰ-ਦਲਿਤ ਮਜ਼ਦੂਰ ਦਲਿਤ ਮਜ਼ਦੂਰ ਦੇ ਹਿੱਤ ਦਾ ਪੱਖੀ ਨਹੀਂ ਹੋ ਸਕਦਾ ਤਾਂ, ਇੱਕ ਦਲਿਤ ਬੁੱਧੀਜੀਵੀ ਦਲਿਤ ਮਜ਼ਦੂਰ ਦੇ ਹਿੱਤ ਦਾ ਪੱਖੀ ਹੋ ਸਕਦਾ ਹੈ, ਇਹ ਕਿਸ ਅਧਾਰ ‘ਤੇ ਮੰਨ ਲਿਆ ਜਾਵੇ?

ਸਪੱਸ਼ਟ ਹੈ ਕਿ ਜੋ ਪਛਾਣ ਸਭ ਤੋਂ ਵੱਧ ਬੁਨਿਆਦੀ ਹੈ ਅਤੇ ਜਿਸ ਅਧਾਰ ‘ਤੇ ਵਿਸ਼ਾਲ ਸੰਭਵ ਲੋਕ-ਲਾਮਬੰਦੀ ਸੰਭਵ ਹੈ, ਬੁਨਿਆਦੀ ਤਬਦੀਲੀ ਦਾ ਕੋਈ ਪ੍ਰੋਜੈਕਟ ਉਸੇ ਪਛਾਣ ਦੇ ਅਧਾਰ ‘ਤੇ ਬਣ ਸਕਦਾ ਹੈ। ਉਸ ਬੁਨਿਆਦੀ ਤਬਦੀਲੀ ਦੀ ਮੂਲ ਗਤੀ ਨਾਲ਼ ਹੋਰ ਬਦਲਾਵਾਂ ਦੀਆਂ ਸਹਾਇਕ ਗਤੀਆਂ ਮੌਜੂਦ ਰਹਿੰਦੀਆਂ ਹਨ। ਕਿਉਂਕਿ ਪੈਦਾਵਾਰੀ ਸਰਗਰਮੀ ਹੀ ਬੁਨਿਆਦੀ ਮਨੁੱਖੀ ਸਰਗਰਮੀ ਹੈ। ਅੰਤ ਪੈਦਾਵਾਰੀ ਸਬੰਧਾਂ ਦਾ ਕੁੱਲ ਜੋੜ ਹੀ ਸਮਾਜ ਦਾ ਬੁਨਿਆਦੀ ਅਧਾਰ ਹੋ ਸਕਦਾ ਹੈ ਅਤੇ ਉਸ ਤੋਂ ਹੋਂਦ ਵਿੱਚ ਆਉਣ ਵਾਲ਼ੀਆਂ ਜਮਾਤਾਂ ਹੀ ਬੁਨਿਆਦੀ ਪ੍ਰਾਵਰਗ ਹੋ ਸਕਦੀਆਂ ਹਨ। ਹੋਰਨਾਂ ਸਮਾਜਿਕ ਪ੍ਰਾਵਰਗਾਂ ਦੀ ਜੜ੍ਹ ਵਿੱਚ ਇਹ ਜਮਾਤੀ ਵਖਰੇਵਾਂ ਕਿਸੇ ਨਾ ਕਿਸੇ ਰੂਪ ਵਿੱਚ ਮੌਜੂਦ ਰਹਿੰਦਾ ਹੈ। ਅੰਤ ਮਨੁੱਖ ਦੀਆਂ ਸਾਰੀਆਂ ਪਛਾਣਾਂ ਵਿੱਚੋਂ ਜਮਾਤੀ ਪਛਾਣ ਹੀ ਉਹ ‘ਓਵਰਰਾਇਡਿੰਗ’ ਪਛਾਣ ਹੈ ਜੋ ਹੋਰ ਪਛਾਣਾਂ ਨੂੰ ਕਲਾਵੇ (overlap-ਅਨੁ) ‘ਚ ਲੈ ਲੈਂਦੀ ਹੈ। ਸਰਮਾਏਦਾਰੀ ਹੋਰ ਸਾਰੀਆਂ ਪਛਾਣਾਂ ਨੂੰ ਆਪਣੇ ਢੰਗ ਨਾਲ਼ ‘ਆਰਟੀਕੁਲੇਟ’ ਕਰਕੇ ਉਹਨਾਂ ਦੇ ਘੋਲ਼ਾਂ ਨੂੰ ‘ਸੇਫਟੀਵਾਲਵ’ ਅਤੇ ‘ਧੋਖੇ ਦੇ ਪਰਦੇ’ ਵਾਂਗ ਵਰਤਦੀ ਹੈ, ਜਦ ਕਿ ਮਜ਼ਦੂਰ ਜਮਾਤ ਦਾ ਹਰਾਵਲ ਇਹਨਾਂ ਨੂੰ ਆਪਣੇ ਢੰਗ ਨਾਲ਼ ‘ਆਰਟੀਕੁਲੇਟ’ ਕਰਕੇ ਲੋਕ-ਭਾਈਚਾਰੇ ਦੇ ਬੁਨਿਆਦੀ ਮੁਕਤੀ ਘੋਲ਼ (ਜਮਾਤੀ ਘੋਲ਼) ਨਾਲ਼ ਜੋੜ ਦਿੰਦਾ ਹੈ।

ਹੋਰ ਸਟੀਕ ਵਿਗਿਆਨਕ ਢੰਗ ਨਾਲ਼ ਦੇਖੀਏ ਤਾਂ ਜਮਾਤ ਕੇਵਲ ਇੱਕ ਪਛਾਣ ਹੀ ਨਹੀਂ ਹੈ। ਪਛਾਣ ਉਹ ਚੀਜ਼ ਹੈ, ਜਿਸ ਰੂਪ ਵਿੱਚ ਕੋਈ ਬੰਦਾ ਆਪਣੇ ਆਪ ਨੂੰ ਦੇਖਦਾ ਜਾਂ ਹੋਰ ਉਸਨੂੰ ਦੇਖਦੇ ਹਨ। ਯਾਨੀ ਪਛਾਣ, ਬੋਧ (perception) ਦੇ ਧਰਾਤਲ ਦੀ ਚੀਜ਼ ਹੈ ਨਾ ਕਿ ਸੰਕਲਪ (concept) ਦੇ ਧਰਾਤਲ ਦੀ। ਭਾਵ ਇੱਥੇ ਪ੍ਰਤੀਤੀ ਦੀ ਜਾਂ ਮਨੋਗਤ ਪੱਖ ਦੀ ਪ੍ਰਧਾਨਤਾ ਹੈ। ਦੂਜੇ ਪਾਸੇ, ਜਮਾਤ ਸਮਾਜਿਕ ਹੱਕ ਦੀ ਬੁਨਿਆਦ ਹੈ। ਇਹ ਬਾਹਰਮੁਖੀ ਯਥਾਰਥ ਹੈ। ਕੋਈ ਬੰਦਾ ਖੁਦ ਨੂੰ, ਜਾਂ ਹੋਰ ਉਸਨੂੰ ਜਮਾਤ ਵਿਸ਼ੇਸ਼ ਦੇ ਰੂਪ ਵਿੱਚ ਦੇਖਣ ਜਾਂ ਨਾ, ਇਹ ਬਾਹਰਮੁਖੀ ਯਥਾਰਥ ਹੈ। ਜਦ ਤੱਕ ਇੱਕ ਬੰਦਾ ਆਪਣਾ ਵਿਸ਼ੇਸ਼ ਜਮਾਤੀ ਆਚਰਣ ਕਰਦੇ ਹੋਏ ਵੀ ਜਮਾਤੀ ਚੇਤਨਾ ਨਾਲ਼ ਲੈਸ ਨਹੀਂ ਹੁੰਦਾ, ਉਦੋਂ ਤੱਕ ਉਹ ‘ਕਲਾਸ ਇਨ ਇਟਸੈਲਫ’ ਹੁੰਦਾ ਹੈ। ਜਮਾਤੀ ਚੇਤਨਾ ਨਾਲ਼ ਲੈਸ ਹੋਣ ਦੇ ਬਾਅਦ ਉਹ ‘ਕਲਾਸ ਫਾਰ ਇਟਸੈਲਫ’ ਹੋ ਜਾਂਦਾ ਹੈ।

ਜਾਤ ਦੇ ਹੀ ਵਾਂਗ ਅਸੀਂ ਜੈਂਡਰ ਦੀ ਪਛਾਣ ਦਾ ਵੀ ਵਿਸ਼ਲੇਸ਼ਣ ਕਰ ਸਕਦੇ ਹਾਂ। ਪਰ ਉਸਦੀ ਕੋਈ ਲੋੜ ਨਹੀਂ, ਕਿਉਂਕਿ ਸਾਡੇ ਬੁਨਿਆਦੀ ਤਰਕ ਉੱਪਰ ਸਾਹਮਣੇ ਆ ਚੁੱਕੇ ਹਨ।

ਪਛਾਣ ਦੀ ਸਿਆਸਤ ਦਾ “ਮਾਰਕਸਵਾਦੀ” ਹਸਤਗਤਕਰਨ (ਐਪ੍ਰੋਪ੍ਰੀਏਸ਼ਨ):
ਇੱਕ ਮਾਰਕਸਵਾਦੀ ਅਲੋਚਨਾ

ਵਰਤਮਾਨ ਸਦੀ ਦੇ ਪਹਿਲੇ ਦਹਾਕੇ ਵਿੱਚ ਸਾਰੀਆਂ ‘ਉੱਤਰ’-ਵਿਚਾਰ ਪਰਪਾਟੀਆਂ ਦੀਆਂ ਸ਼ੇਅਰ-ਕੀਮਤਾਂ ਪੱਛਮੀ ਅਕਾਦਮਿਕ ਸੱਟਾ ਮੰਡੀ ਵਿੱਚ ਡਿੱਗਣ ਲੱਗੀਆਂ ਸਨ। ਇਸਦਾ ਬੁਨਿਆਦੀ ਕਾਰਣ ਇਹ ਸੀ ਕਿ ਸਰਮਾਏਦਾਰਾ ਸੰਸਾਰ ਦੇ ਮੌਜੂਦਾ ਅਸਾਧ ਢਾਂਚਾਗਤ ਸੰਕਟ ਦੇ ਵਿਸਫੋਟਾਂ ਅਤੇ ਉਸਦੇ ਦਬਾਅ ਕਾਰਣ ਪੂਰਬ ਤੋਂ ਪੱਛਮ ਅਤੇ ਉੱਤਰ ਤੋਂ ਦੱਖਣ ਤੱਕ ਫੁੱਟ ਪੈਣ ਵਾਲ਼ੇ ਆਪ-ਮੁਹਾਰੇ ਮਜ਼ਦੂਰ ਘੋਲ਼ਾਂ ਅਤੇ ਲੋਕ-ਉਭਾਰਾਂ ਦੇ ਅਰੁੱਕ ਸਿਲਸਿਲੇ ਨੇ ਮਜ਼ਦੂਰ ਘੋਲ਼ਾਂ ਅਤੇ ਸਮਾਜਵਾਦ ਦੇ ਸੁਪਨਿਆਂ ਦੇ ਫੈਸਲਾਕੁੰਨ ਖ਼ਾਤਮੇ ਦੀ ਕਿਆਸ-ਅਰਾਂਈ ਨੂੰ ਝੂਠਾ ਸਿੱਧ ਕਰ ਦਿੱਤਾ ਸੀ ਅਤੇ ਉਦਾਰ ਬੁਰਜੂਆ ਜਮਹੂਰੀਅਤ ਦੇ ਆਦਰਸ਼ੀਕਰਨ ਦੇ ਯਤਨਾਂ ਨੂੰ ਤਬਾਹ ਕਰ ਦਿੱਤਾ ਸੀ। ਅਰਬ ਸੰਸਾਰ ਅਤੇ ਲਾਤੀਨੀ ਅਮਰੀਕਾ ਦੀਆਂ ਘਟਨਾਵਾਂ ਨੇ ਸਿੱਧ ਕਰ ਦਿੱਤਾ ਸੀ ਕਿ ਸੰਸਾਰ ਸਰਮਾਏਦਾਰੀ ਦੀ ਬਣਤਰ ਅਤੇ ਕਾਰਜ ਪ੍ਰਣਾਲੀ ਵਿੱਚ ਮਹੱਤਵਪੂਰਨ ਬਦਲਾਵਾਂ ਦੇ ਬਾਵਜੂਦ, ਨਾ ਤਾਂ ਸਾਮਰਾਜਵਾਦ ਦੇ ਲੋਟੂ ਅਤੇ ਜੰਗ ਦੇ ਤਿਹਾਏ ਸੁਭਾਅ ਵਿੱਚ ਕੋਈ ਬੁਨਿਆਦੀ ਤਬਦੀਲੀ ਆਈ ਹੈ, ਨਾ ਹੀ ਮਜ਼ਦੂਰ ਇਨਕਲਾਬਾਂ ਦੇ ਪਹਿਲੇ ਗੇੜ ਦੀ ਹਾਰ ਨੇ ਮਜ਼ਦੂਰ ਜਮਾਤ ਅਤੇ ਕਿਰਤੀ ਲੋਕਾਂ ਨੂੰ ਸਰਮਾਏ ਦੇ ਖ਼ਿਲਾਫ਼ ਵਿਦਰੋਹ ਦੇ ਰਾਹ ਤੋਂ ਸਦਾ ਲਈ ਬੇਮੁੱਖ ਕੀਤਾ ਹੈ।

ਇਸ ਬਦਲੇ ਹੋਏ ਸੰਸਾਰ-ਘਟਨਾਕ੍ਰਮ ਵਿੱਚ ਅਕਾਦਮਿਕ ਸੰਸਾਰ ‘ਚ ‘ਮਾਰਕਸ ਦੀ ਵਾਪਸੀ’ (ਜਾਂ ‘ਮਾਰਕਸਵਾਦ ਦੀ ਵਾਪਸੀ’) ਹੋਣੀ ਹੀ ਸੀ। ਸਪੱਸ਼ਟ ਹੈ ਕਿ ਇਹ ਅਸਲੀ, ਇਨਕਲਾਬੀ ਮਾਰਕਸਵਾਦ ਦੀ ਵਾਪਸੀ ਨਹੀਂ ਸੀ। ਇਹ ਵੱਖ-ਵੱਖ ਰੂਪਾਂ ਵਾਲ਼ਾ ਅਕਰਮੀ ਅਕਾਦਮਿਕ ਖੱਬੇਪੱਖੀ ਖੇਮਾ ਸੀ ਜੋ ਮਾਰਕਸਵਾਦ-ਲੈਨਿਨਵਾਦ ਦੇ ਬੁਨਿਆਦੀ ਸਾਰਤੱਤ ਨੂੰ ਕਈ ਤਰ੍ਹਾਂ ਵਿਗਾੜਦਾ ਸੀ। ਇਸ ਅਕਾਦਮਿਕ ਖੱਬੇਪੱਖ ਦੀਆਂ ਅਨੇਕ ਧਾਰਾਵਾਂ-ਪ੍ਰਵ੍ਰਿਤੀਆਂ ਵਾਲ਼ੇ ਪ੍ਰਵਾਹ ਵਿੱਚ ਪਾਲ ਸਵੀਜੀ ਦੇ ‘ਮੰਥਲੀ ਰਿਵਿਊ’ ਸਕੂਲ, ਪੈਰੀ ਐਂਡਰਸਨ ਦੇ ‘ਨਿਊ ਲੈਫਟ ਰਿਵਿਊ’ ਸਕੂਲ ਵਰਗੀਆਂ ਪੁਰਾਣੀਆਂ ਧਾਰਾਵਾਂ ਦੇ ਮੁੜ ਨਵਾਂ ਹੋ ਕੇ ਨਵੇਂ ਸਿਰੇ ਤੋਂ ਹਰਮਨ ਪਿਆਰਾ ਹੋਣ ਦੇ ਨਾਲ਼ ਹੀ ਲਾਕਾਂ ਦੇ ਮਨੋਵਿਸ਼ਲੇਸ਼ਣ ਨਾਲ਼ ਮਾਰਕਸ ਤੇ ਲੈਨਿਨ ਦਾ ਸੰਸਲੇਸ਼ਣ ਕਰਨ ਵਾਲ਼ੇ ਜਿਜ਼ੇਕ ਵੀ ਸਨ, ਨਵੇਂ ਸਿਰੇ ਤੋਂ ‘ਦਿ ਕਮਿਊਨਿਸਟ ਹਾਇਪੋਥੀਸਿਸ’ ਪੇਸ਼ ਕਰਨ ਵਾਲ਼ੇ ਐਲੇਨ ਬੈਦਿਯੂ ਵੀ ਸਨ, ਇੱਕੀਵੀਂ ਸਦੀ ਦੇ ਸਮਾਜਵਾਦ ਦੀ ਨਵੀਂ ਪਰਿਕਲਪਨਾ ਪੇਸ਼ ਕਰਨ ਵਾਲ਼ੇ ਲੁਕਾਚ ਦੇ ਪਹਿਲੇ ਚੇਲੇ ਇਸਤਵਾਨ ਮੇਸਜ਼ਾਰੋਸ ਵੀ ਸਨ, ਬੋਲੀਵਾਰੀਅਨ ਇਨਕਲਾਬ ਨੂੰ ਇੱਕੀਵੀਂ ਸਦੀ ਦੇ ਇਨਕਲਾਬ ਦਾ ਰਾਹ ਅਤੇ ਮਾਡਲ ਦੱਸਣ ਵਾਲ਼ੇ ਲਿਬੋਵਿਤਜ਼ ਅਤੇ ਮਾਰਤਾ ਹਾਰਨੇਕਰ ਵਰਗੇ ਲੋਕ ਵੀ ਸਨ ਅਤੇ ਹੋਰ ਦਰਜਨਾਂ ਛੋਟੇ-ਮੋਟੇ “ਮੌਲਿਕ” ਖੱਬੇਪਖੀ ਚਿੰਤਕ ਸਨ। ਇਹਨਾਂ ਸਾਰੇ ਨਵ-ਖੱਬੇਪੱਖੀਆਂ ਦੀਆਂ ਪੱਧਤੀਆਂ ਅਤੇ ਪ੍ਰਸਥਾਪਨਾਵਾਂ ਭਿੰਨ ਸਨ, ਪਰ ਇਹਨਾਂ ਵਿੱਚ ਇੱਕ ਗੱਲ ਸਾਂਝੀ ਸੀ। ਕਿਸੇ ਨਾ ਕਿਸੇ ਰੂਪ ਵਿੱਚ ਇਹ ਸਾਰੇ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਅਤੇ ਮਜ਼ਦੂਰ ਜਮਾਤ ਦੀ ਹਰਾਵਲ ਪਾਰਟੀ ਦੇ ਲੈਨਿਨਵਾਦੀ ਸੰਕਲਪਾਂ ਨੂੰ ਖਾਰਜ ਕਰਦੀਆਂ ਸਨ ਅਤੇ ਵੀਹਵੀਂ ਸਦੀ ਦੇ ਸਮਾਜਵਾਦੀ ਪ੍ਰਯੋਗਾਂ ਦੇ ਪ੍ਰਤੀ ਨਿਖੇਧਵਾਦੀ ਗ਼ੈਰ-ਇਤਿਹਾਸਕ ਨਜ਼ਰੀਆ ਅਪਣਾਉਂਦੀਆਂ ਸਨ।

ਸਮੱਸਿਆ ਇਹ ਸੀ ਕਿ ਕਮਿਊਨਿਸਟ ਇੰਟਰਨੈਸ਼ਨਲ ਦੇ ਸੂਤਰੀਕਰਨ ਅਤੇ ਚੀਨੀ ਕਮਿਊਨਿਸਟ ਪਾਰਟੀ ਦੁਆਰਾ ਪੇਸ਼ ‘1963 ਦੇ ਆਮ ਲੀਹ ਦੇ ਦਸਤਾਵੇਜ਼’ ਦੇ ਫ੍ਰੇਮਵਰਕ ਵਿੱਚ ਹੀ ਅੱਜ ਦੇ ਸੰਸਾਰ ਨੂੰ ਦੇਖਣ ਅਤੇ ਵਿਖਿਆਉਣ ਦੀ ਕਠਮੁੱਲੀ ਬੇਕਾਰ ਜ਼ਿੱਦ ਕਰਕੇ ਸੰਸਾਰ ਦੀਆਂ ਮਾਰਕਸਵਾਦੀ-ਲੈਨਿਨਵਾਦੀ ਪਾਰਟੀਆਂ ਹਾਲੇ ਵੀ ਠਹਿਰਾਅ ਅਤੇ ਖਿੰਡਾਅ ਤੋਂ ਉੱਭਰ ਨਹੀਂ ਰਹੀਆਂ ਸਨ। ਇਸ ਸਥਿਤੀ ਤੋਂ ਛੁਟਕਾਰਾ ਪਾਉਣ ਦੇ ਕੱਚਘਰੜ ਅਤੇ ਤੱਤਫੜੱਤੇ ਯਤਨ ਵਿੱਚ ਕਈ ਦੇਸ਼ਾਂ ਦੀਆਂ ਮਾਉਵਾਦੀ ਜਥੇਬੰਦੀਆਂ ਨਵ-ਖੱਬੇਪੱਖੀ ‘ਮੁਕਤ ਚਿੰਤਨ’ ਦੇ ਪ੍ਰਭਾਵ ਵਿੱਚ ਆ ਰਹੀਆਂ ਸਨ। ਮਾਰਕਸਵਾਦ ਨੂੰ ਮਾਉ ਤੋਂ ਅੱਗੇ ਵਿਕਸਿਤ ਕਰਨ ਦੇ ਨਾਂ ‘ਤੇ ਆਰ.ਸੀ.ਪੀ., ਯੂਐਸਏ ਦੇ ਚੇਅਰਮੈਨ ਬਾਬ ਅਵਾਕਿਅਨ ਨੇ ‘ਨਿਊ ਸਿੰਥੇਸਿਸ’ ਪੇਸ਼ ਕੀਤਾ ਜੋ ਮਾਰਕਸਵਾਦ ਦੀਆਂ ਕਈ ਬੁਨਿਆਦੀ ਦਾਰਸ਼ਨਿਕ ਪੋਜ਼ੀਸ਼ਨਾਂ ਦਾ ਹੀ ਵਿਗਾੜ ਸੀ ਅਤੇ ਮੈਕਸੀਕੋ, ਸ਼੍ਰੀਲੰਕਾ ਸਹਿਤ ਕਈ ਦੇਸ਼ਾਂ ਦੇ ਮਾਉਵਾਦੀ ਗਰੁੱਪਾਂ-ਜਥੇਬੰਦੀਆਂ ਨੇ ਇਸ ਨਵੇਂ ਥੀਸਿਸ ਨੂੰ ਪ੍ਰਵਾਨ ਵੀ ਕਰ ਲਿਆ। ਨੇਪਾਲ ਦੀ ਏਕੀਕ੍ਰਿਤ ਕਮਿਊਨਿਸਟ ਪਾਰਟੀ (ਮਾਉਵਾਦੀ) ਨੇ ਬਹੁਦਲੀ ਸੰਸਦੀ ਜਮਹੂਰੀਅਤ ਦੇ ਰੂਪ ਵਿੱਚ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਸਬੰਧੀ ਰਾਜਸੱਤ੍ਹਾ ਦਾ ਨਵਾਂ ਸੰਕਲਪ ਪੇਸ਼ ਕੀਤਾ, ਜੋ ਰਾਜ ਅਤੇ ਇਨਕਲਾਬ ਸਬੰਧੀ ਲੈਨਿਨ ਦੇ ਬੁਨਿਆਦੀ ਸੰਕਲਪ ਤੋਂ ਇੱਕ ਭਟਕਾਅ ਸੀ। ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਕਠਮੁੱਲੇਵਾਦ ਕਾਰਨ ਜਿੱਥੇ ਕੁਝ ਮਾਉਵਾਦੀ ਜਥੇਬੰਦੀਆਂ ਲੰਬੇ ਸਮੇਂ ਤੋਂ ਖੜੋਤ ਝੱਲਕੇ ਖਿੰਡਾਅ ਅਤੇ ਖ਼ਾਤਮੇ ਦੇ ਰਾਹ ‘ਤੇ ਸਨ, ਉੱਥੇ ਕੁਝ ਵੰਨ-ਸੁਵੰਨੇ ਰੂਪਾਂ ਵਿੱਚ ਖੱਬੇਪੱਖੀ ਅਤੇ ਅਕਾਦਮਿਕ ‘ਮੁਕਤ ਚਿੰਤਨ’ ਤੋਂ ਸਿੱਧੇ-ਅਸਿੱਧੇ ਪ੍ਰਭਾਵਿਤ ਹੋ ਰਹੇ ਸਨ।

ਇਹੀ ਘਟਨਾਕ੍ਰਮ ਪਿਛਲੇ ਲਗਪਗ ਦੋ ਦਹਾਕਿਆਂ ਤੋਂ ਬਣਿਆ ਹੋਇਆ ਹੈ। ਜਮਾਤੀ ਘੋਲ਼ ਨੂੰ ਇੱਕ ਕੇਂਦਰੀਕ੍ਰਿਤ ਕੜੀ ਦੇ ਰੂਪ ਵਿੱਚ ਦੇਖਣ ਦੀ ਬਜਾਏ ਜਾਤ, ਜੈਂਡਰ, ਕੌਮੀਅਤ, ਮੂਲ-ਵਾਸੀ/ਮੁੱਢ-ਕਦੀਮੀ ਵਸਨੀਕ ਆਦਿ ਪਛਾਣਾਂ ਦੇ ਖਿੰਡੇ ਘੋਲ਼ਾਂ ਨੂੰ ਜਮਾਤੀ ਘੋਲ਼ ਨਾਲ਼ ਜੋੜ ਕੇ ਲੋਕ ਮੁਕਤੀ ਦਾ ਅਮੂਰਤ-ਅਸਪੱਸ਼ਟ ਪ੍ਰੋਜੈਕਟ ਪੇਸ਼ ਕਰਨ ਦੀ ਇੱਕ ਪ੍ਰਵ੍ਰਿਤੀ ਮਾਰਕਸਵਾਦੀ ਅਕਾਦਮਿਸ਼ਨਾਂ ਵਿੱਚ ਹੀ ਨਹੀਂ, ਸਗੋਂ ਕਮਿਊਨਿਸਟ ਇਨਕਲਾਬੀ ਲਹਿਰ ਵਿੱਚ ਵੀ ਪੈਦਾ ਹੋਈ ਹੈ। ਭਾਰਤ ਦੀਆਂ ਜ਼ਿਆਦਾਤਰ ਕਮਿਊਨਿਸਟ ਇਨਕਲਾਬੀ ਜਥੇਬੰਦੀਆਂ ਵੱਧ ਤੋਂ ਵੱਧ ਦਲਿਤ ਕਿਰਤੀ ਵਸੋਂ ਨੂੰ ਆਪਣੇ ਪੱਖ ‘ਚ ਕਰਨ ਲਈ ਜਾਤ ਦੇ ਸਵਾਲ ਦੇ ਜਮਾਤੀ ਸਾਰਤੱਤ ਅਤੇ ਇਤਿਹਾਸਕ ਵਿਕਾਸ-ਪ੍ਰਕ੍ਰਿਆ ਦੀ ਮਾਰਕਸਵਾਦੀ ਸਮਝ ਦੇ ਅਧਾਰ ‘ਤੇ ਦਲਿਤ ਕਿਰਤੀਆਂ ਦੀ ਕਿਰਤੀਆਂ ਦੀਆਂ ਹੋਰ ਜਾਤਾਂ ਨਾਲ਼ ਜਮਾਤੀ ਏਕਤਾ ਬਣਾਉਣ ਦੀ ਸਹੀ ਯੁੱਧਨੀਤੀ ਪੇਸ਼ ਕਰਨ, ਜਾਤੀ ਵੰਡ ਦੇ ਬੀਜਨਾਸ਼ ਲਈ ਇੱਕ ਯਥਾਰਥਵਾਦੀ ਦੂਰਰਸੀ ਪ੍ਰੋਗਰਾਮ ਪੇਸ਼ ਕਰਨ ਅਤੇ ਆਮ ਲੋਕਾਂ ਵਿੱਚ ਜਾਤੀ ਵੰਡ-ਵਿਰੋਧੀ ਲਗਾਤਾਰ ਸੱਭਿਆਚਾਰਕ-ਸਮਾਜਿਕ ਮੁਹਿੰਮ ਦਾ ਠੋਸ ਸਰੂਪ ਪੇਸ਼ ਕਰਨ ਦੀ ਬਜਾਏ ਦਲਿਤਵਾਦੀ ਸਿਆਸਤ ਦੇ ਹਰ ਨਵੇਂ, ਜੁਝਾਰੂ ਦਿਸਣ ਵਾਲ਼ੇ (ਜੋ ਵੇਲ਼ਾ ਵਿਹਾ ਕੇ ਜਾਂ ਤਾਂ ਸੰਸਦੀ ਸਿਆਸਤ ਵਿੱਚ ਸਮੋ ਜਾਂਦੇ ਹਨ ਜਾਂ ਫਿਰ ਐਨ.ਜੀ.ਓ. ਮਾਰਕਾ ਅਖੌਤੀ ‘ਨਿਊ ਸੋਸ਼ਲ ਮੂਵਮੈਂਟ’ ਬਣ ਜਾਂਦੇ ਹਨ) ਉਭਾਰ ਦਾ ਵੱਧ-ਚੜ੍ਹ ਕੇ ਸਵਾਗਤ ਕਰਦੇ ਹਨ, ਜਮਾਤੀ ਵਿਭੇਦੀਕਰਨ ਕਰਨ ਦੀ ਬਜਾਏ ਅਤੇ ਦਲਿਤ ਮੱਧਵਰਗ ਦੀ ਘੋਰ ਸੱਤਾਪ੍ਰਸਤ ਭੂਮਿਕਾ ਦੀ ਪੜਤਾਲ ਕੀਤੇ ਬਿਨਾਂ, ਪੂਰੀ ਦਲਿਤ ਵਸੋਂ ਨੂੰ ਇੱਕ ਸਮਅੰਗੀ ਸਮਾਜਿਕ ਭਾਈਚਾਰੇ ਦੇ ਰੂਪ ਵਿੱਚ ਦੇਖਦੇ ਹਨ ਅਤੇ ਦਲਿਤ ਵਸੋਂ ਦਾ ਦਿਲ ਜਿੱਤਣ ਲਈ ਅੰਬੇਡਕਰ ਨਾਲ਼ ਕੋਈ ਅਲੋਚਨਾਤਮਕ ਸਬੰਧ ਬਣਾਏ ਬਿਨਾਂ; ਉਹਨਾਂ ਦੇ ਸੰਸਾਰ ਨਜ਼ਰੀਏ, ਇਤਿਹਾਸਬੋਧ (ਖਾਸ ਕਰਕੇ ਜਾਤਾਂ ਦੇ ਪੈਦਾ ਅਤੇ ਬੁੱਧ ਧਰਮ ਬਾਰੇ ਉਹਨਾਂ ਦੇ ਵਿਚਾਰ), ਉਹਨਾਂ ਦੀ ਅਰਥਨੀਤੀ (ਮੋਟੇ ਤੌਰ ‘ਤੇ ਜੋ ਨਹਿਰੂ ਤੋਂ ਵੱਖ ਨਹੀਂ ਸੀ), ਉਹਨਾਂ ਦਾ ਸਿਆਸੀ ਨਜ਼ਰੀਆ (ਜਾਨ ਡੇਵੀ ਦੇ ਵਿਵਹਾਰਵਾਦ ਦਾ ਭਾਰਤੀ ਐਡੀਸ਼ਨ), ਉਹਨਾਂ ਦੀਆਂ ਵੱਖ-ਵੱਖ ਸਿਆਸੀ ਪੋਜ਼ੀਸ਼ਨਾਂ, ਭਾਰਤ ਦੇ ਬੁਰਜੂਆ ਜਮਹੂਰੀ ਸੰਵਿਧਾਨ ਦੀ ਉਸਾਰੀ ਵਿੱਚ ਉਹਨਾਂ ਦੀ ਭੂਮਿਕਾ ਅਤੇ ਜਾਤ ਦੇ ਬੀਜਨਾਸ਼ ਤੇ ਦਲਿਤ ਮੁਕਤੀ ਦੇ ਉਹਨਾਂ ਦੁਆਰਾ ਪੇਸ਼ ਪ੍ਰੋਜੈਕਟਾਂ ਦਾ ਵਿਸ਼ਲੇਸ਼ਣ ਕੀਤੇ ਬਿਨਾਂ, ਢੋਲਕੀਆਂ-ਛੈਣੇ ਲੈ ਕੇ ਬਾਬਾ ਸਾਹਿਬ ਦਾ ਕੀਰਤਨ ਕਰਦੇ ਹੋਏ ਯਾਨੀ ਇਹ ਦਿਖਾਉਣ ਲੱਗ ਜਾਂਦੇ ਹਨ ਕਿ ਅਸੀਂ ਕਿਸੇ ਦਲਿਤਵਾਦੀ ਤੋਂ ਘੱਟ ਦਲਿਤਵਾਦੀ ਨਹੀਂ ਹਾਂ। ਸਸਤਾ ਲੋਕ-ਲੁਭਾਊਪੁਣਾ ਵਿਗਿਆਨ ਦਾ ਨਿਖੇਧ ਹੁੰਦਾ ਹੈ ਅਤੇ ਅਸਲ ਵਿੱਚ ਹਾਰਬੋਧ ਦਾ ਹੀ ਇੱਕ ਪ੍ਰਗਟਾਵਾ ਹੁੰਦਾ ਹੈ। ਸਵਾਲ ਇਹ ਨਹੀਂ ਕਿ ਅੰਬੇਡਕਰ ਦਲਿਤ ਮੁਕਤੀ ਦੇ ਉਦੇਸ਼ ਪ੍ਰਤੀ ਕਿੰਨੇ ਸਮਰਪਿਤ ਸਨ! ਸਵਾਲ ਇਹ ਹੈ ਕਿ ਅੰਬੇਡਕਰ ਦੇ ਸੁਝਾਏ ਰਾਹ ਰਾਹੀਂ ਜਾਤ ਦਾ ਨਾਸ਼ ਸੰਭਵ ਹੈ ਕਿ ਨਹੀਂ। ਜੋ ਇਹ ਕਹਿੰਦੇ ਹਨ ਕਿ ਮਾਰਕਸ ਨੂੰ ਅੰਬੇਡਕਰਵਾਦ ਤੋਂ ਕੁਝ ਚੀਜ਼ਾਂ ਲੈਣੀਆਂ ਅਤੇ ਸਿੱਖਣੀਆਂ ਚਾਹੀਦੀਆਂ ਹਨ, ਉਹਨਾਂ ਨੂੰ ਅਮੂਰਤ ਮਹਿਮਾ-ਵਖਿਆਨ ਰਚਨ ਦੀ ਥਾਂ ਇਹ ਤਾਂ ਦੱਸਣਾ ਚਾਹੀਦਾ ਹੈ ਕਿ ਕੀ ਲੈਣਾ ਚਾਹੀਦਾ ਅਤੇ ਕੀ ਸਿੱਖਣਾ ਚਾਹੀਦਾ! ਵਿਗਿਆਨ ਲੋਕਾਂ ਦੀਆਂ ਭਾਵਨਾਵਾਂ ਨਾਲ਼ ਨਤੀਜੇ ਨਹੀਂ ਕੱਢਦਾ, ਇਹ ਠੋਸ ਤੱਥਾਂ ਨਾਲ਼ ਸਿੱਟਾ ਕੱਢਦਾ ਹੈ ਅਤੇ ਫਿਰ ਉਸ ਸਿੱਟੇ ਨੂੰ ਪ੍ਰਵਾਨਿਤ ਬਣਾਉਣ ਲਈ ਇਨਕਲਾਬੀ ਜਮਾਤਾਂ ਪ੍ਰੋਪੇਗੰਡਾ ਅਤੇ ਐਜੀਟੇਸ਼ਨ ਦਾ ਕੰਮ ਕਰਦੀਆਂ ਹਨ ਅਤੇ ਲੋਕ-ਪ੍ਰਵਾਨਿਤ ਰੂੜ੍ਹੀਆਂ-ਤੁਅੱਸਬਾਂ-ਭਾਵਨਾਵਾਂ ਦੇ ਗਲਬੇ ਨੂੰ ਖ਼ਤਮ ਕਰਦੀਆਂ ਹਨ। ਇੱਕ ਸੱਚਾ ਮਾਰਕਸਵਾਦੀ ਲੋਕਾਂ ਦਾ ਕੇਵਲ ਦਿਲ ਜਿੱਤਣ ਲਈ ਫਜ਼ੂਲ ਪ੍ਰਤੀਕ-ਪੂਜਾ ਵਿੱਚ ਨਾ ਤਾਂ ਵਿਸ਼ਵਾਸ ਕਰਦਾ ਹੈ ਅਤੇ ਨਾ ਹੀ ਉਸਨੂੰ ਹੱਲਾਸ਼ੇਰੀ ਦਿੰਦਾ ਹੈ। ਮੌਜੂਦਾ ਸਮੇਂ ‘ਚ ਜੋ ਦਲਿਤਵਾਦੀ ਸਿਆਸਤ ਹੋ ਰਹੀ ਹੈ ਅਤੇ ਉੱਪਰਲੀਆਂ ਜਾਤਾਂ ਦੀਆਂ ਜੋ ਪਛਾਣ-ਅਧਾਰਿਤ ਸਿਆਸਤਾਂ ਹੋ ਰਹੀਆਂ ਹਨ ਇਹ ਦੋਵੇਂ ਹੀ ਆਪਣੀ-ਆਪਣੀ ਜਾਤੀਗਤ ਪਛਾਣ ਦੇ ਨਾਲ਼ ਸਿਆਸਤ ਦੀ ‘ਓਵਰ ਅਡੈਂਟੀਫਿਕੇਸ਼ਨ’ ਕਰਦੀਆਂ ਹਨ, ਦੋਵੇਂ ਇੱਕ-ਦੂਜੇ ਦੀ ‘ਇਨਵਰਟਿਡ ਮਿਰਰ ਇਮੇਜ਼’ ਵਰਗੀਆਂ ਹਨ, ਇੱਕ ਦੂਜੇ ਦਾ ਵਿਰੋਧ ਕਰਦੇ ਹੋਏ ਵੀ ਅਸਲ ਵਿੱਚ, ਇਹ ਆਪਸ ਵਿੱਚ ਵਿਰੋਧੀ ਨਹੀਂ, ਸਗੋਂ ਇਹਨਾਂ ਦਾ ਇੱਕ ਤਰ੍ਹਾਂ ਦਾ ‘ਡਿਸਜੰਕਿਟਵ ਸਿੰਥੇਸਿਸ’ ਬਣਦਾ ਹੈ। ਦਵੰਦਾਤਮਕ ਪਦਾਰਥਵਾਦੀ ਵਿਸ਼ਲੇਸ਼ਣ-ਪੱਧਤੀ ਦੀ ਅਣਹੋਂਦ ਵਿੱਚ ਜ਼ਿਆਦਾਤਰ ਮਾਰਕਸਵਾਦੀ ਬੁੱਧੀਜੀਵੀ ਅਤੇ ਕਮਿਊਨਿਸਟ ਇਨਕਲਾਬੀ ਜਥੇਬੰਦੀਆਂ ਬਹੁਤ ਹੀ ਸਸਤੇ-ਭੱਦੇ ਲੋਕ-ਲੁਭਾਊਵਾਦੀ ਮਲ਼ਕੁੰਡ ਵਿੱਚ ਧਸ ਕੇ ਪਛਾਣ-ਅਧਾਰਿਤ ਦਲਿਤਵਾਦੀ ਸਿਆਸਤ ਦਾ ਪਰਚਮ ਲਾਲ ਝੰਡੇ ਦੇ ਨਾਲ਼-ਨਾਲ਼ ਚੁੱਕੀ ਫਿਰਦੇ ਹਨ। ਉਹ ਬਹੁਤ ਹੀ ਚਲਾਊ ਢੰਗ ਨਾਲ਼ ਜਾਤ ਦੇ ਸਵਾਲ ਦੀ ਅਣਦੇਖੀ ਕਰਨ ਲਈ ਭਾਰਤੀ ਕਮਿਊਨਿਸਟ ਲਹਿਰ ਨੂੰ ਕੋਸਦੇ ਹਨ, ਫਿਰ ਸਾਰੇ ਮਾਰਕਸਵਾਦੀਆਂ ‘ਤੇ ਜਮਾਤੀ-ਘਟਾਓਵਾਦ ਦਾ ਦੋਸ਼ ਮੜ੍ਹਦੇ ਹਨ, ਫਿਰ ਜਾਤ ਦੇ ਸਵਾਲ ਦਾ ਜਮਾਤੀ-ਵਿਸ਼ਲੇਸ਼ਣ ਕਰਨ ਦੀ ਬਜਾਏ ਜਮਾਤੀ-ਵਿਸ਼ਲੇਸ਼ਣ ਦੇ ਸੰਦ ਨੂੰ ਹੀ ਕੂੜੇਦਾਨ ਵਿੱਚ ਸੁੱਟ ਆਉਂਦੇ ਹਨ ਅਤੇ ਪਛਾਣ ਦੀ ਸਿਆਸਤ ਦੇ ਸੰਦਾਂ ਨੂੰ ਮਾਰਕਸਾਵਦੀ ‘ਟੂਲ ਬਾਕਸ’ ਵਿੱਚ ਪਾ ਕੇ ਲਿਆਉਂਦੇ ਹਨ ਅਤੇ ‘ਰੋਡ ਸਾਇਡ ਮਕੈਨਿਕ’ ਦਾ ਸਾਇਨ ਬੋਰਡ ਖੜ੍ਹਾ ਕਰਕੇ ਬੈਠ ਜਾਂਦੇ ਹਨ। ਅਜਿਹੇ ਅਖੌਤੀ ਮਾਰਕਸਵਾਦੀ ਜਾਤ ਦੇ ਸਵਾਲ ਨੂੰ ਹੱਲ ਕਰ ਸਕਣ ਜਾਂ ਸੰਬੋਧਿਤ ਕਰ ਸਕਣ ਵਿੱਚ ਭਾਰਤੀ ਕਮਿਊਨਿਸਟ ਲਹਿਰ ਦੀ ਅਸਫਲਤਾ ਦੇ ਲਈ ਉਸਨੂੰ ਰੱਜਕੇ ਫਟਕਾਰਦੇ ਹਨ, ਫਿਰ ਅੰਬੇਡਕਰ ਦੀ ਅਣਅਲੋਚਨਾਤਮਕ ਸ਼ਲਾਘਾ ਵਿੱਚ ਲੀਨ ਹੋ ਕੇ ਇਸ ਗੱਲ ਨੂੰ ਦਰਸਾਉਣਾ ਵੀ ਭੁੱਲ ਜਾਂਦੇ ਹਨ ਕਿ ਅੰਬੇਡਕਰ ਦੁਆਰਾ ਪੇਸ਼ ਪ੍ਰੋਜੈਕਟ ਕਿੰਨੇ ਕੁ ਸਫਲ ਹੋਏ? ਉਹ ਕਮਿਊਨਿਸਟਾਂ ‘ਤੇ ਅੰਬੇਡਕਰ ਪ੍ਰਤੀ ਸੰਕੀਰਣਤਾਵਾਦੀ ਬੇਗਾਨਗੀ ਦਾ ਰਵੱਈਆ ਅਪਣਾਉਣ ਦਾ ਦੋਸ਼ ਲਾਉਂਦੇ ਹਨ, ਪਰ ਇਸ ਗੱਲ ਦਾ ਜ਼ਿਕਰ ਕਰਨ ਤੋਂ ਬਚਦੇ ਹਨ ਕਿ ਕਮਿਊਨਿਜ਼ਮ ਨੂੰ ‘ਸੂਰਾਂ ਦਾ ਫਲਸਫਾ’ ਮੰਨਣ ਵਾਲ਼ੇ ਅੰਬੇਡਕਰ ਨੇ ਮਾਰਕਸਵਾਦ ਬਾਰੇ ਕਿੰਨੀਆਂ ਭੱਦੀਆਂ ਸਥੂਲ ਅਗਿਆਨਤਾ ਭਰੀਆਂ ਗੱਲਾਂ ਲਿਖੀਆਂ ਹਨ ਅਤੇ ਜਮਾਤੀ ਘੋਲ਼, ਮਜ਼ਦੂਰ ਇਨਕਲਾਬ, ਮਜ਼ਦੂਰ ਜਮਾਤ ਦੀ ਤਾਨਾਸ਼ਾਹੀ, ਬਰੂਜੂਆ ਜਮਹੂਰੀਅਤ ਆਦਿ ਬਾਰੇ ਉਹਨਾਂ ਦੇ ਵਿਚਾਰ ਕੀ ਸਨ! ਅਜਿਹੀਆਂ ਵੀ ਬਹੁਤੀਆਂ ਕਮਿਊਨਿਸਟ ਇਨਕਲਾਬੀ ਜਥੇਬੰਦੀਆਂ ਹਨ ਜੋ ਸਾਮਰਾਜਵਾਦ, ਜਗੀਰਦਾਰੀ, ਸਰਮਾਏਦਾਰੀ ਦੇ ਨਾਲ਼ ਬ੍ਰਾਹਮਣਵਾਦ ਦੇ ਵਿਰੁੱਧ ਇਨਕਲਾਬ ਦਾ ਨਾਅਰਾ ਇਉਂ ਦਿੰਦੀਆਂ ਹਨ, ਜਿਵੇਂ ਸਾਮਰਾਜਵਾਦ, ਜਗੀਰਦਾਰੀ, ਸਰਮਾਏਦਾਰੀ ਦੇ ਵਾਂਗ ਬ੍ਰਾਹਮਣਵਾਦ ਵੀ ਇੱਕ ਸਮਾਜਿਕ-ਆਰਥਿਕ ਬਣਤਰ ਹੋਵੇ! ਇਸ ਦਵਾਲ਼ੀਆ ਚਿੰਤਨ ਦਾ ਭਲਾਂ ਕੀ ਕੀਤਾ ਜਾਵੇ!

ਜਾਤ ਦੇ ਸਵਾਲ ਦੀ ਮਾਰਕਸਵਾਦੀ ਵਿਆਖਿਆ ਕਰਦੇ ਹੋਏ ਸੱਤਿਆਸ਼ੋਧਕ ਕਮਿਊਨਿਸਟ ਪਾਰਟੀ ਦੇ ਸ਼ਰਦ ਪਾਟਿਲ, ‘ਕਾਸਟ ਐਂਡ ਕਲਾਸ ਡਾਇਨਾਮਿਕਸ ਰੈਡੀਕਲ ਅੰਬੇਡਕਰਾਇਟ ਪ੍ਰੈਕਟਿਸ’ ਦੇ ਲੇਖਕ ਥਾਮਸ ਮੈਥਿਊ ਅਤੇ ਭਾਕਪਾ-ਮਾ.ਲੇ. (ਲਿਬਰੇਸ਼ਨ) ਦੇ ਸਾਬਕਾ  ਸੈਕਟਰੀ ਵਿਨੋਦ ਮਿਸ਼ਰ (‘ਲਿਬਰੇਸ਼ਨ’ ਦੇ ਅਪ੍ਰੈਲ, 1994 ਅੰਕ ਅਤੇ ਜਨਵਰੀ 1995 ਅੰਕ ਵਿੱਚ) ਨੇ, ਅਧਾਰ ਤੇ ਉੱਚ-ਉਸਾਰ ਅਤੇ ਜਮਾਤ ਬਾਰੇ ਜੋ ਭੱਦੀਆਂ ਅਤੇ ਕਰੂਪ ਮਾਰਕਸਵਾਦੀ ਪ੍ਰਸਥਾਪਨਾਵਾਂ ਦਿੱਤੀਆਂ ਹਨ, ਆਨੰਦ ਤੇਲਤੁੰਬੜੇ ਨੇ ਜਿਸ ਤਰ੍ਹਾਂ ਅੰਬੇਡਕਰ ਨੂੰ ਮਾਰਕਸਵਾਦ ਦੇ ਨਾਲ਼ ਰਲਾਉਣ ਦਾ ਦ੍ਰਾਵਿੜ ਪ੍ਰਾਣਾਯਾਮ ਕੀਤਾ ਹੈ ਅਤੇ ਗੇਲ ਅੋਮਵੇਤ ਜਿਸ ਤਰ੍ਹਾਂ ਮਾਰਕਸਵਾਦ ਤੋਂ ਹੀ ਵਿਦਾ ਹੋ ਗਈ ਇਹਨਾਂ ਦਾ ਵਿਸ਼ਲੇਸ਼ਣ ਇੱਕ ਵੱਖਰੇ ਲੇਖ ਦਾ ਵਿਸ਼ਾ ਹੈ। ਇੱਥੇ ਅਸੀਂ ਉਹਨਾਂ ਮਾਰਕਸਵਾਦੀ ਧਾਰਾਵਾਂ-ਪ੍ਰਵ੍ਰਿਤੀਆਂ ‘ਤੇ ਕੇਂਦਰਿਤ ਹਾਂ, ਜੋ ਪਛਾਣ ਦੀ ਸਿਆਸਤ ਨੂੰ ਮਾਰਕਸਵਾਦੀ ਬਹਿਸ-ਮੁਬਾਹਿਸੇ ਦੇ ਘੇਰੇ ਵਿੱਚ ਘੁਸਾਉਣ ਦੇ ਯਤਨ ਵਿੱਚ ਮਾਰਕਸਵਾਦ ਨੂੰ ਵਿਗਾੜਣ ਲੱਗਦੀਆਂ ਹਨ।

ਪਛਾਣ ਦੀ ਸਿਆਸਤ ਦੇ “ਮਾਰਕਸਵਾਦੀ” ਹਸਤਗਤਕਰਨ (ਐਪ੍ਰੋਪ੍ਰੀਏਸ਼ਨ) ਦੀ ਸਭ ਤੋਂ ਵੱਧ ਹੁਨਰਮੰਦ ਤੇ ਤਾਰਕਿਕ ਕੋਸ਼ਿਸ਼ ਮਾਰਕਸਵਾਦੀ-ਲੈਨਿਨਵਾਦੀ ਲਹਿਰ ‘ਚੋਂ ਨਿੱਕਲ਼ੀ ਇੱਕ ਧਾਰਾ ਨੇ ਪਿਛਲੇ ਕੁਝ ਸਾਲਾਂ ‘ਚ ਹੀ ਕੀਤੀ ਹੈ, ਜਿਸਨੂੰ ‘ਨਿਊ ਸੋਸ਼ਲਿਸਟ ਇੰਸ਼ੀਏਟਿਵ’ ਨਾਂ ਨਾਲ਼ ਜਾਣਿਆ ਜਾਂਦਾ ਹੈ। ਇਸ ਯਤਨ ਦਾ ਰਵਾਨਗੀ ਬਿੰਦੂ ਸਾਨੂੰ ਇਸ ਧਾਰਾ ਦੇ ਦੋ ਨੁਮਾਇੰਦਿਆਂ ਸਾਥੀ ਸੁਭਾਸ਼ ਗਤਾੜੇ ਅਤੇ ਸਾਥੀ ਉਮਾਂਸ਼ੰਕਰ ਦੁਆਰਾ ਦਲਿਤ ਸਵਾਲ ‘ਤੇ ਚੰਡੀਗੜ੍ਹ ਵਿੱਚ ਅਯੋਜਿਤ ‘ਸਾਂਝੀ ਸੱਭਿਆਚਾਰਕ ਮੁਹਿੰਮ’ ਦੇ ਸੈਮੀਨਾਰ (10-12 ਨਵੰਬਰ, 2000) ਵਿੱਚ ਪੜ੍ਹੇ ਗਏ ਪੇਪਰ ਵਿੱਚ (ਬਾਅਦ ਵਿੱਚ ‘ਸੰਧਾਨ’-1, ਅਪ੍ਰੈਲ-ਜੂਨ, 2001 ਵਿੱਚ ਪ੍ਰਕਾਸ਼ਿਤ) ਦੇਖਣ ਨੂੰ ਮਿਲ਼ਦਾ ਹੈ। ਦੋਵੇਂ ਸਾਥੀਆਂ ਦੀ ਬੁਨਿਆਦੀ ਪ੍ਰਸਥਾਪਨਾ ਇਹ ਹੈ ਕਿ ਭਾਰਤ ਦੀ ਕਮਿਊਨਿਸਟ ਲਹਿਰ ਮਸ਼ੀਨੀ ਪਦਾਰਥਵਾਦੀ, ਜਮਾਤੀ ਘੋਲ਼ ਦੀ ਅਰਥਵਾਦੀ ਸਮਝ, ਜਮਾਤੀ ਘਟਾਉਵਾਦ (ਕਲਾਸ ਰਿਡਕਸ਼ਨਿਜ਼ਮ) ਅਤੇ ਖ਼ਾਸ ਕਰਕੇ ਆਰਥਿਕ ਅਧਾਰ ਅਤੇ ਉੱਚ-ਉਸਾਰ ਦੀ ਮਸ਼ੀਨੀ ਸਮਝ ਦੇ ਕਾਰਣ ਜਾਤ ਦੇ ਸਵਾਲ ਨੂੰ ਸਹੀ ਸੰਦਰਭ ਵਿੱਚ ਸਮਝ ਨਹੀਂ ਸਕੀ। ਪਰ ਅੱਗੇ ਚੱਲ ਕੇ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਦੋਵੇਂ ਸਾਥੀ ਜਮਾਤੀ ਘੋਲ਼ ਦੀ ਅਰਥਵਾਦੀ ਸਮਝ ਦੇ ਨਾਂ ‘ਤੇ ਅਸਲ ਵਿੱਚ ਘੋਲ਼ ਦੀ ਕੁੰਜੀਵਤ ਕੜੀ ਨੂੰ ਅਤੇ ਅਧਾਰ-ਉੱਚ ਉਸਾਰ ਦੀ ਮਸ਼ੀਨੀ ਸਮਝ ਦੇ ਨਾਂ ‘ਤੇ ਅਸਲ ਵਿੱਚ ਇਸ ਸੰਕਲਪ ਨੂੰ ਹੀ ਖਾਰਜ਼ ਕਰ ਦੇਣਾ ਚਾਹੁੰਦੇ ਹਨ।

ਇਸ ਗੱਲ ਨੂੰ ਸਪੱਸ਼ਟ ਕਰਨ ਲਈ ਅਸੀਂ ਸਾਥੀ ਸੁਭਾਸ਼ ਗਤਾੜੇ ਅਤੇ ਉਮਾਂਸ਼ੰਕਰ ਦੀ ਤਰਕ-ਪ੍ਰਣਾਲੀ ਨੂੰ ਪਹਿਲਾਂ ਦੇਖੀਏ। ਉਸਦੇ ਅਨੁਸਾਰ, ਹਰ ਚੀਜ਼ ਦਾ ਇੱਕ ਵਰਤਾਰਾਮਈ (ਫਿਨਾਮੇਨਲ) ਧਰਾਤਲ ਹੁੰਦਾ ਹੈ ਅਤੇ ਇੱਕ ਅੰਤਰਿਕ ਬਣਤਰੀ (ਸਟਰੱਕਚਰਲ) ਧਰਾਤਲ ਹੁੰਦਾ ਹੈ। ਇੰਦਰੀਆਈ ਬੋਧ (ਸੈਂਸ ਪ੍ਰਸੈਪਸ਼ਨ) ਤੋਂ ਅਸੀਂ ਬਣਤਰੀ ਧਰਾਤਲ ‘ਤੇ ਸਿੱਧੇ ਨਹੀਂ ਪਹੁੰਚ ਸਕਦੇ, ਇਸਦੇ ਲਈ ਅਮੂਰਤਨ (ਐਬਸਟ੍ਰੈਕਸ਼ਨ) ਦੀ ਪ੍ਰਕ੍ਰਿਆ ‘ਚੋਂ ਲੰਘਣਾ ਪੈਂਦਾ ਹੈ। ਫਿਰ ਉਹ ਦੱਸਦੇ ਹਨ ਕਿ ਪੈਦਾਵਾਰੀ-ਪ੍ਰਣਾਲੀ ਇੱਕ ਅੰਤਰਿਕ ਸਮਾਜਿਕ ਬਣਤਰ ਹੈ ਅਤੇ ਉਸ ਨਾਲ਼ ਬਣਤਰੀ ਪੱਧਰ ‘ਤੇ ਸਬੰਧਿਤ ਹੋਣ ਦੇ ਕਰਕੇ ਜਮਾਤ ਵੀ ਇੱਕ ਬਣਤਰੀ ਸੰਕਲਪ ਹੈ। ਸਮਾਜਿਕ ਬਣਤਰ ਜਿੰਨੀ ਗੁੰਝਲ਼ਦਾਰ ਹੁੰਦੀ ਹੈ, ਉਸਦਾ ਬਣਤਰੀ ਪੱਧਰ ਓਨਾ ਹੀ ਡੂੰਘਾ ਲੁਕਿਆ ਹੁੰਦਾ ਹੈ ਅਤੇ ਵਰਤਾਰਾਮਈ ਸਤਹਿ ਤੱਕ ਪਹੁੰਚਦੇ-ਪਹੁੰਚਦੇ ਉਸਦਾ ਪ੍ਰਭਾਵ ਓਨੇ ਹੀ ਵੱਧ ਗੁੰਝਲ਼ਦਾਰ ਤੇ ਵੰਨ-ਸੁਵੰਨੇ ਗੁਣਾਂ ਨੂੰ ਜਨਮ ਦਿੰਦਾ ਹੈ। ਉਹਨਾਂ ਦਾ ਅੰਤਿਮ ਸਿੱਟਾ ਇਹ ਹੈ ਕਿ ਵਰਤਮਾਨ ਸਰਮਾਏਦਾਰਾ ਪੈਦਾਵਾਰੀ-ਪ੍ਰਣਾਲੀ ਦੀ ਗੁੰਝਲ਼ਦਾਰ ਬਣਾਵਟ ਵਿੱਚ “ਬਣਤਰੀ ਪੱਧਰ ਦਾ ਜਮਾਤੀ ਘੋਲ਼ ਸਿੱਧਾ ਅਤੇ ਵੱਖਰਾ ਪ੍ਰਗਟ ਨਹੀਂ ਹੋਵੇਗਾ। ਉਹ ਆਮ ਤੌਰ ‘ਤੇ ਸਮਾਜਿਕ ਘੋਲ਼ ਦੇ ਉਲ਼ਝੇ ਅਤੇ ਵੰਨ-ਸੁਵੰਨੇ ਰੂਪਾਂ ਵਿੱਚ ਹੀ ਸਾਹਮਣੇ ਆਵੇਗਾ।” ਉਦੇਸ਼ ਸਪੱਸ਼ਟ ਹੈ। ਇਹਨਾਂ ਦੀ ਪ੍ਰਸਥਾਪਨਾ ਇਹ ਹੈ ਕਿ ਜਮਾਤੀ ਘੋਲ਼ ਹੁਣ ਆਮ ਤੌਰ ‘ਤੇ ਜਾਤ, ਨਸਲ, ਜੈਂਡਰ, ਵਾਤਾਵਰਣ ਆਦਿ ਨਾਲ਼ ਜੁੜੀਆਂ ਸਮਾਜਿਕ ਲਹਿਰਾਂ ਦੇ ਰੂਪ ਵਿੱਚ ਸਾਮਹਣੇ ਆਵੇਗਾ।

ਪਹਿਲੀ ਗੱਲ ਤਾਂ ਇਹ ਕਿ ਅੱਜ ਦੇ ਸੰਸਾਰ ਦੇ ਜਿਉਂਦੇ-ਜਾਗਦੇ ਸੱਚ ਇਸ ਨਵੇਂ ਗਿਆਨ-ਮੀਮਾਸਾਂ ਦੀਆਂ ਯੱਭਲ਼ੀਆਂ ਨੂੰ ਸਿਰੇ ਤੋਂ ਖਾਰਜ ਕਰ ਰਹੇ ਹਨ। ਭਾਰਤ ਵਿੱਚ ਅਤੇ ਪੂਰੇ ਸੰਸਾਰ ਵਿੱਚ ਮਜ਼ਦੂਰ ਜਮਾਤ ਆਪਣੀਆਂ ਜਮਾਤੀ ਆਰਥਿਕ-ਸਿਆਸੀ ਮੰਗਾਂ ਨੂੰ ਲੈ ਕੇ ਆਪ-ਮੁਹਾਰੇ ਅਤੇ ਜਥੇਬੰਦ ਲਹਿਰਾਂ ਵਿੱਚ ਲਗਾਤਾਰ ਜੂਝ ਰਹੀ ਹੈ। ਅੱਜ ਦੇ ਸੰਸਾਰ ਦੀ ਇਹ ਸਭ ਤੋਂ ਮੁੱਖ ਪ੍ਰਵ੍ਰਿਤੀ ਹੈ। ਦੂਜੇ ਪਾਸੇ ਜਾਤ, ਜੈਂਡਰ, ਵਾਤਾਵਰਣ ਆਦਿ ਦੇ ਸਵਾਲ ‘ਤੇ ਉਹ ਖਿੰਡੀਆਂ ਹੋਈਆਂ ਅਖੌਤੀ ‘ਨਿਊ ਸੋਸ਼ਲ ਮੂਵਮੈਂਟਸ’ ਹਨ, ਜਿਹਨਾਂ ਦੇ ਸੂਤਰਧਾਰ ਸਾਰੀਆਂ ਐਨ.ਜੀ.ਓ., ਪਛਾਣ ਦੀ ਸਿਆਸਤ ਦੇ ਪੈਰੋਕਾਰ ਅਤੇ ਅਖੌਤੀ ‘ਸਿਵਲ ਸੋਸਾਇਟੀ’ ਨਾਲ਼ ਜੁੜੇ ਲੋਕ ਹਨ। ਲੋਕ-ਸ਼ਮੂਲੀਅਤ ਅਤੇ ਸਰਮਾਏਦਾਰਾ ਪ੍ਰਬੰਧ ਦੇ ਮੁਹਰੇ ਸੰਕਟ ਪੈਦਾ ਕਰਨ ਦੇ ਮਾਮਲੇ ਵਿੱਚ, ਦੂਜੀ ਪ੍ਰਵ੍ਰਿਤੀ ਪਹਿਲੀ ਦੇ ਮੁਕਾਬਲੇ ਕਿਤੇ ਨਹੀਂ ਟਿਕਦੀ। ਜਾਤੀਗਤ ਜ਼ਬਰ ਦੇ ਆਪ-ਮੁਹਾਰੇ ਟਕਰਾ ਵੀ ਹੁੰਦੇ ਹਨ, ਪਰ ਛੇਤੀ ਹੀ ਉਹ ਜਾਂ ਤਾਂ ਖ਼ਤਮ ਹੋ ਜਾਂਦੇ ਹਨ ਜਾਂ ਕਿਸੇ ਨਾ ਕਿਸੇ ਐਨ.ਜੀ.ਓ. ਸੁਧਾਰਵਾਦ ਜਾਂ ਦਲਿਤਵਾਦੀ ਸੰਸਦੀ ਸਿਆਸਤ ਦੀ ਦਲਦਲ ਵਿੱਚ ਜਾ ਧਸਦੇ ਹਨ। ਕੇਵਲ ਇਹੀ ਨਹੀਂ, ਮਾਲਕ ਕਿਸਾਨ ਜੇਕਰ ਲਾਗਤ ਮੁੱਲ-ਲਾਭਕਾਰੀ ਮੁੱਲ ਦੀਆਂ ਆਪਣੀਆਂ ਜਮਾਤੀ ਮੰਗਾਂ ਨੂੰ ਲੈ ਕੇ ਲੜ ਰਹੇ ਹਨ ਤਾਂ ਇਹ ਵੀ ਘੋਲ਼ ਦਾ ਇੱਕ ਸਿੱਧਾ ਰੂਪ ਹੀ ਹੈ, ਨਾ ਕਿ ਕੋਈ ਸਮਾਜਿਕ ਲਹਿਰ। ਪਿਛਲੇ ਸਾਲਾਂ ਵਿੱਚ ਮੱਧ-ਪੂਰਬ ਦੇਸ਼ਾਂ ਅਤੇ ਸੰਸਾਰ ਦੇ ਕਈ ਦੇਸ਼ਾਂ ਵਿੱਚ ਹੋਏ ਲੋਕ-ਉਭਾਰ ਲੋਕਾਂ ਦੀਆਂ ਵੱਖ-ਵੱਖ ਜਮਾਤਾਂ ਅਤੇ ਹਾਕਮ ਜਮਾਤਾਂ ਵਿਚਲੇ ਸਿੱਧੇ ਜਮਾਤੀ ਘੋਲ਼ ਹੀ ਸਨ। ਸੀਰੀਆ ਅਤੇ ਯੂਕਰੇਨ ਵਿੱਚ ਜਾਰੀ ਖਾਨਾਜੰਗੀ ਵੀ ਸਿੱਧਾ ਜਮਾਤੀ ਘੋਲ਼ ਹੀ ਹੈ। ਸੁਭਾਸ਼ ਅਤੇ ਉਮਾਂਸ਼ੰਕਰ ਦੀ ਪ੍ਰਸਥਾਪਨਾ ਨੂੰ ਸੰਸਾਰ ਦੀਆਂ ਜਿਉਂਦੀਆਂ-ਮਘਦੀਆਂ ਸੱਚਾਈਆਂ ਹੀ ਇੱਕ ਦਮ ਥੋਥਾ-ਬੋਦਾ ਸਿੱਧ ਕਰ ਦਿੰਦੀਆਂ ਹਨ।

ਹੁਣ ਥੋੜ੍ਹਾ ਅਸੀਂ ਉਹਨਾਂ ਦੀ ਨਵੀਂ ਗਿਆਨ-ਮੀਮਾਂਸਾ ਦੀ ਪੜਤਾਲ ਕਰੀਏ। ਹਰ ਮਾਰਕਸਵਾਦੀ ਜਾਣਦਾ ਹੈ ਕਿ ਹਰ ਚੀਜ਼ ਦਾ ਇੱਕ ਵਰਤਾਰਾਮਈ ਧਰਾਤਲ ਹੁੰਦਾ ਹੈ, ਪ੍ਰਤੀਤੀ ਦਾ ਧਰਾਤਲ ਹੁੰਦਾ ਹੈ, ਇੰਦਰੀਆਈ ਬੋਧ ਰਾਹੀਂ ਅਸੀਂ ਉਸਨੂੰ ਜਾਣਦੇ ਹਾਂ ਅਤੇ ਬੋਧ ਜਾਂ ਇੰਦਰੀਬੋਧ ਗਿਆਨ ਦਾ ਧਰਾਤਲ ਹੁੰਦਾ ਹੈ। ਦੂਜਾ ਧਰਾਤਲ ਬਣਤਰ ਜਾਂ ਸਾਰਤੱਤ (ਇਸੈਂਸ) ਦਾ ਧਰਾਤਲ ਹੁੰਦਾ ਹੈ, ਜਿੱਥੋਂ ਤੱਕ ਅਸੀਂ ਅਮੂਰਤਨ ਦੀ ਕ੍ਰਿਆ ‘ਚੋਂ ਲੰਘ ਕੇ ਪਹੁੰਚਦੇ ਹਾਂ, ਉਹ ਧਾਰਣਾ (ਕੰਸੈਪਸ਼ਨ) ਜਾਂ ਬੁੱਧੀਸੰਗਤ ਗਿਆਨ (ਕੰਸੈਪਚੂਅਲ ਨਾਲੇਜ) ਦਾ ਧਰਾਤਲ ਹੁੰਦਾ ਹੈ। ਇਹ ਕਹਿਣਾ ਇੱਕਦਮ ਗ਼ਲਤ ਹੈ ਕਿ ਜਮਾਤੀ ਘੋਲ਼ ਦਾ ਇੱਕ ਬਣਤਰੀ ਸੰਕਲਪ ਹੈ ਅਤੇ ਵਰਤਾਰਾਮਈ ਧਰਾਤਲ ‘ਤੇ ਅੱਜ ਉਸਦਾ ਪ੍ਰਗਟਾਅ ਸਮਾਜਿਕ ਲਹਿਰਾਂ ਦੇ ਰੂਪ ਵਿੱਚ ਹੀ ਹੋ ਸਕਦਾ ਹੈ। ਪੈਦਾਵਾਰੀ ਪ੍ਰਣਾਲੀ ਦਾ ਇੱਕ ਵਰਤਾਰਾਮਈ ਧਰਾਤਲ (ਬੋਧ ਦਾ ਪੱਧਰ) ਹੈ ਅਤੇ ਦੂਜਾ ਬਣਤਰੀ ਧਰਾਤਲ (ਧਾਰਣਾ ਦਾ ਪੱਧਰ)। ਜਮਾਤ ਦਾ ਇੱਕ ਵਰਤਾਰਾਮਈ ਧਰਾਤਲ ਹੈ, ਦੂਜਾ ਬਣਤਰੀ ਧਰਾਤਲ। ਜਾਤ ਦਾ ਇੱਕ ਵਰਤਾਰਾਮਈ ਧਰਾਤਲ ਹੈ, ਦੂਜਾ ਬਣਤਰੀ ਧਰਾਤਲ। ਉਦਾਹਰਣ ਵਜੋਂ, ਜੇਕਰ ਕੋਈ ਮਜ਼ਦੂਰ ਕਹਿੰਦਾ ਹੈ ਕਿ ਅਸੀਂ ਮਜ਼ਦੂਰ  ਇੱਕਜੁੱਟ ਹੋ ਕੇ ਆਪਣੇ ਹੱਕਾਂ ਲਈ ਲੜ ਰਹੇ ਹਾਂ ਤਾਂ ਜਮਾਤ ਬਾਰੇ ਉਸਦੀ ਸੋਚ ਵਰਤਾਰਾਮਈ ਧਰਾਤਲ ‘ਤੇ ਹੁੰਦੀ ਹੈ। ਪਰ ਜੇਕਰ ਉਹ ਸਰਮਾਏਦਾਰਾ ਪੈਦਾਵਾਰੀ ਪ੍ਰਣਾਲੀ, ਰਾਜਸੱਤਾ ਅਤੇ ਇਤਿਹਾਸ ਦੀ ਸਮਝ ਦੇ ਅਧਾਰ ‘ਤੇ ਮਜ਼ਦੂਰ ਜਮਾਤ ਨੂੰ ਪਰਿਭਾਸ਼ਿਤ ਕਰਦਾ ਹੈ ਅਤੇ ਉਸਦੀ ਇਤਿਹਾਸਕ ਭੂਮਿਕਾ ਦੀ ਗੱਲ ਕਰਦਾ ਹੈ, ਤਾਂ ਜਮਾਤ ਬਾਰੇ ਉਸਦੀ ਸੋਚ ਬਣਤਰੀ ਧਰਾਤਲ ਦੀ ਹੁੰਦੀ ਹੈ। ਮਾਰਕਸਵਾਦੀ ਗਿਆਨ-ਮੀਮਾਂਸਾ ਦੀ ਜੋ ਨਵੀਂ ਵਿਆਖਿਆ ਸੁਭਾਸ਼-ਉਮਾਂਸ਼ੰਕਰ ਨੇ ਕੀਤੀ ਹੈ, ਉਸਦਾ ਕੁੱਲ ਉਦੇਸ਼ ਇਹ ਸਿੱਧ ਕਰਨਾ ਹੈ ਕਿ ਜਮਾਤੀ ਘੋਲ਼ ਹੁਣ ਕੇਵਲ ਸਮਾਜਿਕ ਲਹਿਰਾਂ ਦੇ ਰੂਪ ਵਿੱਚ ਹੀ ਸਾਹਮਣੇ ਆਵੇਗਾ।

ਅਸਲ ਵਿੱਚ ਦੋਵੇਂ ਸਾਥੀਆਂ ਨੇ ‘ਵਰਤਾਰਾ-ਬਣਤਰ ਜੁੱਟ’ ਨੂੰ ਬਹੁਤ ਹੀ ਅਤਾਰਕਿਕ ਢੰਗ ਨਾਲ਼ ‘ਅਧਾਰ-ਉੱਚ ਉਸਾਰ ਜੁੱਟ’ ਦੇ ਬਰਕਸ ਖੜ੍ਹਾ ਕਰ ਦਿੱਤਾ ਹੈ। ਅਧਾਰ-ਉੱਚ ਉਸਾਰ ਦੀ ’ਮਸ਼ੀਨੀ ਸਮਝ’ ਦਾ ਮਜ਼ਾਕ ਉਡਾਉਂਦੇ ਹੋਏ ਉਹ ਕਹਿੰਦੇ ਹਨ, “ਕੁਝ ਲੋਕ ਸੋਚਦੇ ਹਨ ਕਿ ਆਰਥਿਕ ਅਧਾਰ ਇੱਕ ਤਰ੍ਹਾਂ ਦੀ ਨੀਂਹ ਹੈ ਜਿਸ ‘ਤੇ ਉੱਚ-ਉਸਾਰ ਦੀ ਅਟਾਰੀ ਖੜ੍ਹੀ ਹੁੰਦੀ ਹੈ। ਇਹ ਸਭ ਗ਼ਲਤ ਸਮਝ ‘ਤੇ ਅਧਾਰਤ ਸ਼ਬਦਾਂ ਦੀ ਖੇਡ ਹੈ। ਸਮਾਜ ਨੂੰ ਪੁੱਟਣ ਨਾਲ਼ ਅੰਦਰ ਪੈਦਾਵਾਰੀ ਪ੍ਰਣਾਲੀ ਨਹੀਂ ਦਿਸਣ ਲੱਗੀ ਜਾਂ ਉੱਚ-ਉਸਾਰ ਤੋੜ ਕੇ ਠੋਸ ਅਧਾਰ ਨੂੰ ਪ੍ਰਤੱਖ ਨਹੀਂ ਕੀਤਾ ਜਾ ਸਕਦਾ।” ਗੱਲ ਤਾਂ ਠੀਕ ਹੈ! ਸਮਾਜ ਨੂੰ ਖੋਦ ਕੇ ਅਧਾਰ ਤੱਕ ਪਹੁੰਚਣ ਲਈ ਕੋਈ ਗੈਂਤੀ-ਸੱਬਲ ਤਾਂ ਮਾਰਕਸਾਵਦ ਨੇ ਦਿੱਤੀ ਨਹੀਂ! ਪਰ ਮਾਰਕਸਵਾਦ ਦੇ ਇਸ ਪ੍ਰਸਿੱਧ ਰੂਪਕ ਦਾ ਇਹ ਮਤਲਬ ਹੀ ਨਹੀਂ ਹੈ ਕਿ ਅਧਾਰ ਨੂੰ ਜਾਣਨ ਲਈ ਉੱਚ-ਉਸਾਰ ਨੂੰ ਪੁੱਟ ਕੇ ਉਸ ਤੱਕ ਪਹੁੰਚਿਆ ਜਾਵੇ। ਮਾਰਕਸਵਾਦੀ ਪੈਦਾਵਾਰੀ ਪ੍ਰਣਾਲ਼ੀ ਦਾ ਅਧਿਐਨ ਆਰਥਿਕ ਤੱਥਾਂ ਦਾ ਅਧਿਐਨ-ਵਿਸ਼ਲੇਸ਼ਣ ਕਰਕੇ ਵਰਤਾਰਾਮਈ ਧਰਾਤਲ ਤੋਂ ਬਣਤਰੀ ਧਰਾਤਲ ਤੱਕ ਪਹੁੰਚਣ ਦੀ ਵਿਧੀ ਦੁਆਰਾ ਕਰਦਾ ਹੈ। ਪੈਦਾਵਾਰੀ ਪ੍ਰਣਾਲੀ ਦੇ ਅਧਿਐਨ ਦਾ ਅਰਥ ਹੈ, ਮੌਜੂਦਾ ਪੈਦਾਵਾਰੀ ਸਬੰਧਾਂ ਅਤੇ ਪੈਦਾਵਾਰੀ ਤਾਕਤਾਂ ਦੇ ਵਿਕਾਸ ਦਾ ਅਧਿਐਨ ਅਤੇ ਉਹਨਾਂ ਦੋਵਾਂ ਵਿਚਲੀਆਂ ਵਿਰੋਧਤਾਈਆਂ ਦਾ ਅਧਿਐਨ। ਫਿਰ ਇਸ ਤਰ੍ਹਾਂ ਉੱਚ-ਉਸਾਰ ਦਾ ਅਧਿਐਨ ਕਰਕੇ ਅਧਾਰ ਸਬੰਧੀ ਸਿੱਟਿਆਂ ਨੂੰ ਪੁਸ਼ਟ ਕੀਤਾ ਜਾਂਦਾ ਹੈ ਅਤੇ ਫਿਰ ਅਧਾਰ ਤੇ ਉੱਚ-ਉਸਾਰ ਵਿਚਲੀਆਂ ਵਿਰੋਧਤਾਈਆਂ ਦਾ ਅਧਿਐਨ ਕੀਤਾ ਜਾਂਦਾ ਹੈ। ਆਰਥਿਕ ਅਧਾਰ ਦੀ ਨੀਂਹ ‘ਤੇ ਉੱਚ-ਉਸਾਰ ਦੀ ਅਟਾਰੀ ਖੜ੍ਹੀ ਹੋਣ ਦੀ ਗੱਲ ਜੇਕਰ “ਸ਼ਬਦਾਂ ਦਾ ਖੇਡ” ਹੈ ਤਾਂ ਇਹ ਖੇਡ ਮਾਰਕਸ ਤੋਂ ਲੈ ਕੇ ਮਾਓ ਤੱਕ ਸਭ ਨੇ ਖੇਡਿਆ। ਜਿਵੇਂ ਕਿ ਲੈਨਿਨ ਨੇ ਕਿਹਾ ਸੀ, ਹਰ ਰੂਪਕ ਦੀ ਹੂ-ਬ-ਹੂ ਪੇਸ਼ਕਾਰੀ ਅਧੂਰੀ ਜਾਂ ਲੰਗੜੀ ਹੁੰਦੀ ਹੈ। ਰੂਪਕ ਨੂੰ ਆਭਿਧਾ ਵਿੱਚ ਲੈਣਾ ਇੱਕ ਮੂਰਖਤਾ ਹੈ। ਇਸ ਰੂਪਕ ਦੇ ਰਾਹੀਂ ਮਾਰਕਸ ਨੇ ਜੋ ਕਹਿਣਾ ਚਾਹਿਆ, ਉਹ ‘ਸਿਆਸੀ ਆਰਥਿਕਤਾ ਦੀ ਆਲੋਚਨਾ ਵਿੱਚ ਯੋਗਦਾਨ’ ਦੀ ਪ੍ਰਸਥਾਵਨਾ ਤੋਂ ਆਪੇ ਹੀ ਸਪੱਸ਼ਟ ਹੈ।

ਸੁਭਾਸ਼-ਉਮਾਂਸ਼ੰਕਰ ਦੇ ਥੀਸਿਸ ਵਿੱਚ ਇੱਕ ਗੰਭੀਰ ਵਿਗਿਆਨਕ ਘਾਟ ਇਹ ਵੀ ਹੈ ਕਿ ਇਹ ਬੁਨਿਆਦ ਪੈਦਾਵਾਰੀ-ਪ੍ਰਣਾਲੀ ਨੂੰ ਬਣਾਉਂਦੀ ਹੈ, ਨਾ ਕਿ ਪੈਦਾਵਾਰੀ ਸਬੰਧਾਂ ਦੇ ਕੁੱਲ ਜੋੜ ਨੂੰ। ਅਜਿਹਾ ਮੰਨਣ ਦਾ ਮਤਲਬ ਹੈ ਪੈਦਾਵਾਰੀ ਸਬੰਧਾਂ ਦੇ ਕੁੱਲ ਜੋੜ ਅਤੇ ਪੈਦਾਵਾਰੀ ਤਾਕਤਾਂ ਵਿਚਲੀ ਉਸ ਵਿਰੋਧਤਾਈ ਨੂੰ ਗੋਲ ਕਰ ਜਾਣਾ, ਜਿਸਦਾ ਪ੍ਰਗਟਾਅ ਸਮਾਜਿਕ ਜਮਾਤੀ ਘੋਲ਼ ਦੇ ਰੂਪ ਵਿੱਚ ਹੁੰਦਾ ਹੈ। ਦੂਜੇ ਢੰਗ ਨਾਲ਼ ਇਹ ਜਮਾਤੀ ਘੋਲ਼ ਦਾ ਹੀ ਨਿਖੇਧ ਹੈ। ਇਸ ਸਾਰੇ ਦ੍ਰਾਵਿੜ ਪ੍ਰਣਾਯਾਮ ਦਾ ਮਤਲਬ ਇਹ ਸਿੱਧ ਕਰਨਾ ਹੈ ਕਿ ਜਮਾਤੀ ਘੋਲ਼ ਦਾ ਪ੍ਰਗਟਾਅ ਹੁਣ ਪਛਾਣ-ਅਧਾਰਿਤ ਸਮਾਜਿਕ ਘੋਲ਼ਾਂ ਦੇ ਰੂਪ ਵਿੱਚ ਹੀ ਹੋਣਾ ਸੰਭਵ ਹੈ। ਉਹਨਾਂ ਨੇ ਕਮਿਊਨਿਸਟਾਂ ‘ਤੇ ਇਸ ਦੋਸ਼ ਨੂੰ ਸਹੀ ਸਿੱਧ ਕਰਨਾ ਹੈ ਕਿ ਉਹ ਹੜਤਾਲਾਂ ਅਤੇ ਜਮੀਨ ਦੇ ਘੋਲ਼ ਨੂੰ ਤਾਂ ਜਮਾਤੀ ਘੋਲ਼ ਮੰਨਦੇ ਹਨ, ਪਰ ਦਲਿਤਾਂ ਦੇ ਜਾਤੀਗਤ ਦਾਬੇ ਵਿਰੋਧੀ ਘੋਲ਼ ਜਾਂ ਔਰਤ ਮੁਕਤੀ ਘੋਲ਼ ਨੂੰ ਜਮਾਤੀ ਘੋਲ਼ ਤੋਂ ਵੱਖਰਾ ਮੰਨ ਲੈਂਦੇ ਹਨ ਅਤੇ ਕੇਵਲ ਫਰਜ਼ ਪੂਰਤੀ ਲਈ ਉਸ ਵਿੱਚ ਸ਼ਿਰਕਤ ਕਰਦੇ ਹਨ। ਪਰ ਔਸਤ ਸਮਝ ਵਾਲ਼ਾ ਕਮਿਊਨਿਸਟ ਵੀ ਅਜਿਹਾ ਨਹੀਂ ਸੋਚਦਾ। ਮਾਰਕਸਵਾਦ ਦੀ ਇਹ ਆਮ ਸਮਝ ਹੈ ਕਿ ਹਰ ਸਮਾਜਿਕ ਲਹਿਰ ਦਾ ਇੱਕ ਜਮਾਤੀ ਸਾਰਤੱਤ ਹੁੰਦਾ ਹੈ, ਉਹ ਜਮਾਤੀ ਘੋਲ਼ ਦਾ ਹੀ ਇੱਕ ਅਸਿੱਧਾ ਜਾਂ ਵਿਗੜਿਆ ਰੂਪ ਹੁੰਦਾ ਹੈ, ਜੋ ਸਮਾਜ ਵਿਸ਼ੇਸ਼ ਦੀਆਂ ਸਮਾਜਿਕ ਵਿਰੋਧਤਾਈਆਂ ਤੋਂ ਪੈਦਾ ਹੁੰਦਾ ਹੈ। ਕਮਿਊਨਿਸਟ ਹਰ ਸਮਾਜਿਕ ਲਹਿਰ ਵਿੱਚ ਮਜ਼ਦੂਰ ਜਮਾਤ ਦਾ ਗਲਬਾ ਸਥਾਪਿਤ ਕਰਨ ਲਈ ਬੁਰਜੂਆ ਤਾਕਤਾਂ ਦੇ ਨਾਲ਼ ਮੁਕਾਬਲਾ ਕਰਦੇ ਹਨ ਅਤੇ ਉਸ ਘੋਲ਼ ਵਿੱਚ ਸ਼ਮੂਲੀਅਤ ਰਾਹੀਂ ਉਕਤ ਵਿਰੋਧਤਾਈਆਂ ਨੂੰ ਮੁੱਖ ਵਿਰੋਧਤਾਈ ਅਧੀਨ, ਸਹਾਇਕ ਭੂਮਿਕਾ ਵਿੱਚ ਲਿਆਉਣ ਦਾ ਯਤਨ ਕਰਦੇ ਹਨ, ਕਿਉਂਕਿ ਅੰਤਿਮ ਤੌਰ ‘ਤੇ, ਇਹ ਵਿਰੋਧਤਾਈ ਬੁਨਿਆਦੀ ਵਿਰੋਧਤਾਈ ਦੇ ਹੱਲ ਹੋਣ ਤੋਂ ਬਾਅਦ ਹੀ ਹੱਲ ਹੋ ਸਕਦੀ ਹੈ।

‘ਨਿਊ ਸੋਸ਼ਲਿਸਟ ਇਨੀਸ਼ੀਏਟਿਵ’ ਦੇ ਐਲਾਨਨਾਮੇ (‘ਕਿਰਤੀਆਂ ਦੇ ਲਈ ਸੰਸਾਰ! ਸੰਸਾਰ ਦੇ ਲਈ ਭਵਿੱਖ’, ਮਾਰਚ, 2013) ਵਿੱਚ ਸੁਭਾਸ਼-ਉਮਾਂਸ਼ੰਕਰ ਦੇ ਥੀਸਿਸ ਦੀਆਂ ਯੱਭਲ਼ੀਆਂ ਤੱਕ ਪਹੁੰਚਣ ਲਈ ਪਛਾਣ ਦੀ ਸਿਆਸਤ ਦੀ ਵਿਚਾਰਕੀ ਤੋਂ ਸ਼ਬਦਾਵਲੀ ਉਧਾਰ ਲੈ ਕੇ ਅਤੇ ਉਸਨੂੰ ਜਮਾਤ ਦੀ ਸਿਆਸਤ ਨਾਲ਼ ਮਿਲਾ ਕੇ ਇੱਕ ਨਵੀਂ ਤਰਕ ਪ੍ਰਣਾਲੀ ਘੜੀ ਗਈ ਹੈ ਅਤੇ ਪਛਾਣ ਦੀ ਸਿਆਸਤ ਦਾ ਇੱਕ ਨਵਾਂ ‘ਮਾਰਕਸਵਾਦੀ’ ਐਡੀਸ਼ਨ ਪੇਸ਼ ਕੀਤਾ ਗਿਆ ਹੈ। ਇਸ ਤਰਕ ਪ੍ਰਣਾਲੀ ਦੀਆਂ ਵਿਰੋਧਤਾਈਆਂ ਅਤੇ ਮਾਰਕਸਵਾਦ ਤੋਂ ਇਹਨਾਂ ਦੇ ਭਟਕਾਵਾਂ ਨੂੰ ਸਮਝਣ ਲਈ ਐਲਾਨਨਾਮੇ ਦੇ ਪ੍ਰਸੰਗਿਕ ਅੰਸ਼ ਨੂੰ ਪਹਿਲਾਂ ਹੂ-ਬ-ਹੂ ਪੇਸ਼ ਕਰ ਦੇਣਾ ਸਾਡੀ ਮਜ਼ਬੂਰੀ ਹੈ। ਐਲਾਨਨਾਮਾ ਕਹਿੰਦਾ ਹੈ :

“ਕੋਈ ਬੰਦਾ ਮਜ਼ਦੂਰ ਹੈ, ਇਹ ਕਹਿਣ ਨਾਲ਼ ਉਸ ਬੰਦੇ ਦਾ ਪੂਰਾ ਵੇਰਵਾ ਨਹੀਂ ਮਿਲ਼ਦਾ, ਜੋ ਕਿ ਮਜ਼ਦੂਰ ਹੈ ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਸਰਮਾਏਦਾਰ ਨੂੰ ਕੇਵਲ ਸਰਮਾਏਦਾਰ ਕਹਿ ਦੇਣ ਨਾਲ਼ ਉਸਦਾ ਪੂਰਾ ਯਥਾਰਥ ਉਜਾਗਰ ਨਹੀਂ ਹੋ ਜਾਂਦਾ। ਇਤਿਹਾਸ ਦੇ ਹੁਣ ਤੱਕ ਦੇ ਸਾਰੇ ਸਮਾਜ ਜਮਾਤੀ ਸਮਾਜ ਰਹੇ ਹਨ, ਪਰ ਹਾਲੇ ਤੱਕ ਅਜਿਹਾ ਕੋਈ ਸਮਾਜ ਨਹੀਂ ਹੋਇਆ ਜੋ ਸਪੱਸ਼ਟ ਰੂਪ ਨਾਲ਼ ਖਾਲਸ ਜਮਾਤੀ ਲੀਹਾਂ’ਤੇ ਵੰਡਿਆ ਹੋਇਆ ਹੋਵੇ। ਇੱਕ ਸਮਾਜਿਕ ਇਕਾਈ ਦੇ ਰੂਪ ਵਿੱਚ ਹਰੇਕ ਬੰਦਾ ਕਈ ਧੁਰੀਆਂ ‘ਤੇ ਖੜ੍ਹਾ ਹੁੰਦਾ ਹੈ ਜੋ ਉਸਦੇ ਸਮਾਜਿਕ ਯਥਾਰਥ ਦੇ ਸਾਰੇ ਪੱਖਾ ਦੀ ਜਾਣਕਾਰੀ ਦਿੰਦੀਆਂ ਹਨ। ਸਮਾਜਿਕ ਜੀਵ ਦੇ ਰੂਪ ਵਿੱਚ ਹਰੇਕ ਬੰਦਾ ਕਈ ਪਛਾਣਾਂ ਲੈ ਕੇ ਚੱਲਦਾ ਹੈ।

“ਜੋ ਗੱਲਾਂ ਸਮਾਜਿਕ ਪਛਾਣ ਦੇ ਰੂਪ ਵਿੱਚ ਸਾਮਹਣੇ ਆਉਂਦੀਆਂ ਹਨ, ਉਹ ਨਿਸ਼ਚਿਤ ਸਮਾਜਿਕ ਸਬੰਧਾਂ ਨਾਲ਼ ਰਚੀਆਂ ਅਤੇ ਮੁੜ ਰਚੀਆਂ ਜਾਂਦੀਆਂ ਹਨ। ਸਮਾਜਿਕ ਪਛਾਣਾਂ ਦਾ ਹਮੇਸ਼ਾ ਹੀ ਪਦਾਰਥਕ ਅਧਾਰ ਹੁੰਦਾ ਹੈ। ਇੱਥੋਂ ਤੱਕ ਕਿ ਜਦ ਇਹ ਪਛਾਣਾਂ ਮੁੱਖ ਰੂਪ ਨਾਲ਼ ਸਮਾਜਿਕ ਅਤੇ ਸੱਭਿਆਚਾਰਕ ਕਲਪਨਾ ਵਿੱਚ ਪੈਦਾ ਹੁੰਦੀਆਂ ਦਿਖਾਈ ਦਿੰਦੀਆਂ ਹਨ ਜਾਂ ਖੁਦ ਨੂੰ ਕੇਵਲ ਉੱਚ-ਉਸਾਰ ਦੇ ਪਹਿਲੂਆਂ ਦੇ ਰੂਪ ਵਿੱਚ ਪੇਸ਼ ਕਰਦੀਆਂ ਹਨ ਤਦ ਵੀ ਉਹਨਾਂ ਦੀਆਂ ਜੜ੍ਹਾਂ ਠੋਸ ਸਮਾਜਿਕ ਯਥਾਰਥ ‘ਚੋਂ ਹੀ ਨਿੱਕਲ਼ਦੀਆਂ ਹਨ। ਇਹਨਾਂ ਠੋਸ ਬੁਨਿਆਦਾਂ ‘ਚੋਂ ਧੁੰਧਲੇ-ਧੁੰਧਲੇ ਰੂਪ ਵਿੱਚ ਨਿੱਕਲ਼ਦੇ ਹੋਏ ਉਹ ਉਹਨਾਂ ਠੋਸ ਬੁਨਿਆਦਾਂ ਨੂੰ ਘੜਣ ਵਿੱਚ ਵੀ ਯੋਗਦਾਨ ਪਾਉਂਦੀਆਂ ਜਾਂਦੀਆਂ ਹਨ। ਨਾ ਕੇਵਲ ਉਹ ਅਨੇਕ ਤਰ੍ਹਾਂ ਦੀਆਂ ਪਛਾਣਾਂ, ਜ਼ਬਰਾਂ, ਵਿਤਕਰਿਆਂ ਅਤੇ ਬੇਦਖਲੀਆਂ ਦੀ ਵੱਡੀ ਲੜੀ ਲਈ ਅਧਾਰ ਤਿਆਰ ਕਰਦੀਆਂ ਹਨ, ਸਗੋਂ ਉਹ ਪੈਦਾਵਾਰ ਦੀਆਂ ਪੱਧਤੀਆਂ ਵਿੱਚ ਪ੍ਰਗਟ ਹੁੰਦੀਆਂ ਹਨ ਅਤੇ ਲੁੱਟ ਦੇ ਪ੍ਰਬੰਧ ਨੂੰ ਵੀ ਪੁਖਤਾ ਕਰਦੀਆਂ ਹਨ।

“ਦੂਜੇ ਪਾਸੇ, ਉਹਨਾਂ ਤੋਂ ਜੋ ਸਮਾਜਿਕ ਸਬੰਧ ਅਤੇ ਪਛਾਣਾਂ ਘੜੀਆਂ ਜਾਂਦੀਆਂ ਹਨ, ਉਹ ਇਤਿਹਾਸਕ ਇਕਾਈਆਂ ਹੁੰਦੀਆਂ ਹਨ। ਇੱਥੋਂ ਤੱਕ ਕਿ ਜੋ ਸਮਾਜਿਕ ਸਬੰਧ ਤੇ ਪਛਾਣਾਂ ਯੁੱਗਾਂ ਅਤੇ ਦਹਿ-ਸਦੀਆਂ ਤੱਕ ਹੋਰ ਅਨੇਕ ਪ੍ਰਕਾਰ ਦੀਆਂ ਪੈਦਾਵਾਰੀ ਪੱਧਤੀਆਂ ਵਿੱਚ ਕਾਇਮ ਰਹਿੰਦੀਆਂ ਹਨ, ਉਹ ਵੀ ਸਦੀਵੀ ਅਤੇ ਅਬਦਲ ਨਹੀਂ ਹੁੰਦੀਆਂ। ਉਹ ਸਮੁੱਚੀ ਸਮਾਜਿਕ ਗਤੀ ਵਿੱਚ ਉਲ਼ਝੀਆਂ ਰਹਿੰਦੀਆਂ ਹਨ, ਇਸ ਲਈ ਇਸ ਤੋਂ ਬਿਨਾਂ ਉਹਨਾਂ ਦੀ ਹੋਰ ਕੋਈ ਨੀਅਤ ਨਹੀਂ ਹੁੰਦੀ। ਪਰ ਹਾਂ, ਇਤਿਹਾਸ ਦੀ ਲੜੀ ਵਿੱਚ ਉਹਨਾਂ ਦੇ ਅਰਥ ਤੇ ਭੂਮਿਕਾਵਾਂ ਲਾਜ਼ਮੀ ਬਦਲਦੀਆਂ ਰਹਿੰਦੀਆਂ ਹਨ। ਪੁਰਾਣੇ ਸਬੰਧਾਂ ਅਤੇ ਪਛਾਣਾਂ ਵਿੱਚੋਂ ਬਹੁਤ ਸਾਰੀਆਂ ਆਪਣੀ ਹੋਂਦ ਗਵਾ ਦਿੰਦੀਆਂ ਹਨ, ਬਹੁਤ ਸਾਰੀਆਂ ਨਵੀਂਆਂ ਪੈਦਾ ਹੋ ਜਾਂਦੀਆਂ ਹਨ ਅਤੇ ਸਮਾਜਿਕ ਯਥਾਰਥ ਦਾ ਹਿੱਸਾ ਬਣ ਜਾਂਦੀਆਂ ਹਨ।

“ਖ਼ਾਸ ਸਮਾਜਿਕ ਸਬੰਧਾਂ ਤੋਂ ਪੈਦਾ ਹੋਣ ਵਾਲ਼ੀਆਂ ਸਮਾਜਿਕ ਪਛਾਣਾਂ ਉਹਨਾਂ ਹੀ ਸਮਾਜਿਕ ਸਬੰਧਾਂ ਦੀ ਹੋਂਦ ਅਤੇ ਸੰਚਾਲਨ ਦਾ ਰੂਪ ਹੁੰਦੀਆਂ ਹਨ। ਪਛਾਣਾਂ ਕੇਵਲ ਇਸ ਗੱਲ ਤੋਂ ਤੈਅ ਨਹੀਂ ਹੁੰਦੀਆਂ ਕਿ ਉਹਨਾਂ ਪਛਾਣਾਂ ਦੇ ਧਾਰਕ ਖੁਦ ਨੂੰ ਕਿਵੇਂ ਦੇਖਦੇ ਹਨ। ਉਹ ਇਸ ਗੱਲ ਤੋਂ ਵੀ ਤੈਅ ਹੁੰਦੀਆਂ ਕਿ ਦੂਜੇ ਲੋਕ ਉਹਨਾਂ ਨੂੰ ਕਿਵੇਂ ਦੇਖਦੇ ਅਤੇ ਪਛਾਣਦੇ ਹਨ। ਪਛਾਣ ਤੇ ਮਾਨਤਾ, ਇਹ ਦੋਵੇਂ ਅਧਾਰ ਰੂਪ ਨਾਲ਼ ਆਪਸ ਵਿੱਚ ਗੁੰਦੇ ਰਹਿੰਦੇ ਹਨ ਅਤੇ ਉਹਨਾਂ ਨੂੰ ਠੀਕ ਤਰ੍ਹਾਂ ਨਾਲ਼ ਪਛਾਣ ਨਾ ਸਕਣਾ, ਬਹੁਤ ਸਾਰੇ ਸਮਾਜਿਕ ਅਨਿਆਂ ਤੇ ਜ਼ਬਰਾਂ ਦੀ ਜੜ੍ਹ ਹੁੰਦਾ ਹੈ।

“ਜੈਂਡਰ, ਜਾਤ, ਨਸਲ, ਕਬਾਇਲੀ, ਕੌਮੀਅਤ ਅਤੇ ਧਾਰਮਿਕ ਪਛਾਣ ਉਹਨਾਂ ਸਮਾਜਿਕ ਸਬੰਧਾਂ ਦੇ ਅਹਿਮ ਉਦਾਹਰਣ ਹਨ ਜੋ ਜਮਾਤੀ ਸਬੰਧਾਂ ਦੀ ਧੁਰੀ ਨੂੰ ਅਨੇਕ ਤਰ੍ਹਾਂ ਕੱਟਦੇ ਹਨ ਅਤੇ ਉਹਨਾਂ ਦੇ ਨਾਲ਼ ਹੀ ਸਮਾਜਿਕ ਯਥਾਰਥ ਨੂੰ ਘੜਦੇ ਹਨ। ਇਹ ਸਬੰਧ ਗ਼ੈਰ-ਬਰਾਬਰੀਆਂ, ਜ਼ਬਰਾਂ, ਲੁੱਟਾਂ, ਭੇਦਭਾਵਾਂ ਅਤੇ ਬੇਦਖਲੀਆਂ ਦਾ ਅਧਾਰ ਬਣਦੇ ਹਨ। ਬਰਾਬਰੀ, ਨਿਆਂ, ਜ਼ਬਰ ਅਤੇ ਲੁੱਟ ਤੋਂ ਮੁਕਤੀ ਅਜਿਹੇ ਸਾਰੇ ਲੋਕਾਂ ਦੀ ਬੁਨਿਆਦੀ ਲੋੜ ਅਤੇ ਡੂੰਘਾ ਇੱਛਤ ਲੱਛਣ ਹੁੰਦਾ ਹੈ, ਜੋ ਇਹਨਾਂ ਸਮਾਜਿਕ ਪਛਾਣਾਂ ਦੇ ਕਾਰਣ ਦੁੱਖ ਝੱਲ ਰਹੇ ਹਨ। ਇਤਿਹਾਸ ਦੇ ਸਾਰੇ ਪੜਾਵਾਂ ਅਤੇ ਯੁੱਗਾਂ ਵਿੱਚ ਇਹ ਭਖਦਾ ਸਵਾਲ ਰਹੇ ਹਨ ਅਤੇ ਜਦ ਤੱਕ ਇਹ ਅਣਇੱਛਤ ਵਰਤਾਰੇ ਮਨੁੱਖੀ ਸੱਭਿਅਤਾ ਨੂੰ ਦੁਖੀ ਕਰਦੇ ਰਹਿਣਗ,ੇ ਤਦ ਤੱਕ ਇਹ ਮੁੱਦੇ ਓਨੇ ਹੀ ਮਹਤੱਵਪੂਰਨ ਰਹਿਣਗੇ।

“ਪਛਾਣ ਅਧਾਰਿਤ ਗ਼ੈਰ-ਬਰਾਬਰੀਆਂ, ਜ਼ਬਰ ਅਤੇ ਲੁੱਟ ਅੱਜ ਵੀ ਪੂਰਵ-ਆਧੁਨਿਕ ਸਮਾਜਾਂ ਵਿੱਚ ਸਮਾਜਿਕ ਪ੍ਰਬੰਧ ਦਾ ਅਟੁੱਟ ਅੰਗ ਬਣੇ ਹੋਏ ਹਨ। ਉਹਨਾਂ ਨੂੰ ਹਮੇਸ਼ਾ ਸਮਾਜਿਕ ਵਾਜ਼ਬੀਅਤ ਅਤੇ ਦੈਵੀ ਪ੍ਰਵਾਨਗੀ ਮਿਲ਼ਦੀ ਰਹਿੰਦੀ ਹੈ। ਪਰ ਆਧੁਨਿਕ ਸਮਾਜਾਂ ਨੇ ਮਨੁੱਖੀ ਬਰਾਬਰੀ ਦੇ ਸਵਾਲ ਨੂੰ ਸਪੱਸ਼ਟ ਰੂਪ ਨਾਲ਼ ਸਮਾਜਿਕ ਕਾਰਜ-ਸੂਚੀ ‘ਤੇ ਲੈ ਆਂਦਾ ਸੀ। ਗ਼ੈਰ-ਬਰਾਬਰੀਆਂ ਨੂੰ ਹੁਲਾਰਾ ਦੇਣ ਵਾਲ਼ੀਆਂ ਸਮਾਜਿਕ ਅਤੇ ਦੈਵੀ ਮਾਨਤਾਵਾਂ ਨੂੰ ਚੁਨੌਤੀ ਦਿੱਤੀ ਗਈ ਅਤੇ ਉਹਨਾਂ ਨੂੰ ਵਿਚਾਰਕ ਧਰਾਤਲ ‘ਤੇ ਹਰਾਇਆ ਗਿਆ। ਪਰ ਆਧੁਨਿਕ ਸਮਾਜ ਵੀ ਜ਼ਿਆਦਾਤਰ ਮਾਮਲਿਆਂ ਵਿੱਚ ਥੋੜ੍ਹੀ-ਬਹੁਤ ਰਸਮੀ ਬਰਾਬਰੀ ਦੀ ਠੋਸ ਬਰਾਬਰੀ ਵਿੱਚ ਕਾਇਆਪਲਟੀ ਕਰਨ ਵਿੱਚ ਅਸਫ਼ਲ ਰਹੇ ਹਨ। ਜੈਂਡਰ, ਜਾਤ, ਧਰਮ, ਨਸਲ ਆਦਿ ‘ਤੇ ਅਧਾਰਿਤ ਗ਼ੈਰ-ਬਰਾਬਰੀਆਂ ਅੱਜ ਵੀ ਨਾ ਕੇਵਲ ਜ਼ਿਆਦਾਤਰ ਸਮਾਜਾਂ ਵਿੱਚ ਕਾਇਮ ਹਨ ਸਗੋਂ ਆਮ ਤੌਰ ‘ਤੇ ਉਹਨਾਂ ਨੂੰ ਨਵਾਂ ਬਲ ਅਤੇ ਨਵੀਂ ਊਰਜਾ ਮਿਲ਼ੀ ਹੈ।

“ਇਸ ਅਸਫ਼ਲਤਾ ਦੇ ਬਹੁਤ ਸਾਰੇ ਕਾਰਣ ਰਹੇ ਹਨ। ਪਹਿਲੀ ਗੱਲ, ਇਹ ਇਸ ਗੱਲ ਦਾ ਸੂਚਕ ਹੈ ਕਿ ਪਛਾਣ ਅਧਾਰਿਤ ਸਮਾਜਿਕ ਗ਼ੈਰ-ਬਰਾਬਰੀਆਂ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ ਅਤੇ ਉਹ ਬੇਹੱਦ ਗਤੀਸ਼ੀਲ ਹੁੰਦੀਆਂ ਹਨ। ਨਾ-ਕੇਵਲ ਉਹ ਪੁਰਾਣੀਆਂ ਜੜ੍ਹਾਂ ਤੋਂ ਹੀ ਖੁਰਾਕ ਲੈਂਦੀਆਂ ਹਨ, ਸਗੋਂ ਉਹ ਨਵੀਂਆਂ ਹਾਲਤਾਂ ਵਿੱਚ ਨਵੀਂਆਂ ਜੜ੍ਹਾਂ ਵੀ ਜਮਾਂ ਲੈਂਦੀਆਂ ਹਨ। ਦੂਜੀ ਗੱਲ, ਆਧੁਨਿਕਤਾ ਸਰਮਾਏਦਾਰੀ ਦੇ ਤਹਿਤ ਹੋਂਦ ਵਿੱਚ ਆਈ ਤੇ ਫੈਲੀ ਹੈ। ਦੂਜੇ ਪਾਸੇ ਸਰਮਾਏਦਾਰੀ ਵੀ ਪੂਰਵ-ਆਧੁਨਿਕ ਸਬੰਧਾਂ ਦੇ ਉਹਨਾਂ ਅੰਸ਼ਾਂ ਨੂੰ ਆਪਣੀ ਸਮਾਜਿਕ ਬਣਤਰ ਵਿੱਚ ਰਲਾਉਣ ਦਾ ਕੋਈ ਮੌਕਾ ਨਹੀਂ ਛੱਡਦੀ, ਜੋ ਉਹਦੇ ਹਿੱਤਾਂ ਦੀ ਪੂਰਤੀ ਕਰ ਸਕਦੇ ਹਨ। ਉਹ ਵੇਲਾ ਹੁਣ ਲੱਦ ਚੁੱਕਿਆ ਹੈ, ਜਦ ਸਰਮਾਏਦਾਰੀ ਨੇ ‘ਅਜ਼ਾਦੀ, ਬਰਾਬਰੀ ਅਤੇ ਭਾਈਚਾਰੇ’ ਵਰਗੇ ਨਾਅਰੇ ਦਿੱਤੇ ਸਨ। ਪੁਰਾਣੇ ਪ੍ਰਬੰਧਾਂ ਨੂੰ ਹਰਾ ਕੇ ਸਰਮਾਏਦਾਰੀ ਉਹਨਾਂ ਹੀ ਹਾਰੇ ਪ੍ਰਬੰਧਾਂ ਦੀ ਰਹਿੰਦ-ਖੂੰਹਦ ‘ਤੇ ਅਰਾਮ ਨਾਲ਼ ਵਧ-ਫੁੱਲ ਰਹੀ ਹੈ। ਤੀਜੀ ਗੱਲ ਸਮਾਜਿਕ ਸਬੰਧਾਂ ਦੀਆਂ ਅਨੇਕਾਂ ਧੁਰੀਆਂ ਇੱਕ-ਦੂਜੇ ਨੂੰ ਕੱਟਦੀਆਂ ਹਨ। ਹਾਰ ਹਾਲਤ ਵਿੱਚ ਇੱਕ ਖ਼ਾਸ ਧੁਰੀ ਦੇ ਉਸ ਪਾਰ ਖੜ੍ਹੇ ਜ਼ਾਬਰਾਂ ਤੇ ਲੋਟੂਆਂ ਨੂੰ ਇਸ ‘ਤੇ ਖੜ੍ਹੇ ਪਸਿੱਤਿਆਂ ਤੇ ਲੁੱਟੀਂਦਿਆਂ ਤੋਂ ਵੱਖ ਪਛਾਣਿਆ ਜਾ ਸਕਦਾ ਹੈ, ਪਰ ਕੁੱਲ ਮਿਲਾ ਕੇ ਅਜਿਹੀ ਕੋਈ ਇਕੱਲੀ ਵੰਡ ਰੇਖਾ ਨਹੀਂ ਹੈ ਜੋ ਪਸਿੱਤਿਆਂ ਤੇ ਲੁੱਟੀਂਦਿਆਂ ਨੂੰ ਦੋ ਸਮੂਹਾਂ ਵਿੱਚ ਇਕੱਠੇ ਕਰ ਦੇਵੇ ਅਤੇ ਕੋਈ ਅਜਿਹੀ ‘ਕੱਲੀ ਪਛਾਣ ਨਹੀਂ ਹੈ ਜੋ ਸਾਰੇ ਜ਼ਾਬਰਾਂ ਅਤੇ ਸਾਰੇ ਲੋਟੂਆਂ ‘ਤੇ ਚਿਪਕਾਈ ਜਾ ਸਕੇ। ਇਹਨਾਂ ਸਾਰੀਆਂ ਗੱਲਾਂ ਨੂੰ ਇਕੱਠੇ ਰੱਖ ਕੇ ਦੇਖਣ ‘ਤੇ ਸਾਰੇ ਤਰ੍ਹਾਂ ਦੇ ਜ਼ਬਰਾਂ ਤੇ ਲੁੱਟਾਂ ਦੇ ਵਿਰੁੱਧ ਚੱਲਣ ਵਾਲ਼ਾ ਘੋਲ਼ ਇੰਨਾ ਜ਼ਿਆਦਾ ਗੁੰਝਲ਼ਦਾਰ ਦਿਸਣ ਲੱਗਦਾ ਹੈ।

“ਸਾਰੇ ਸਮਾਜਿਕ ਸਬੰਧਾਂ ਅਤੇ ਉਹਨਾਂ ਤੋਂ ਪੈਦਾ ਹੋਣ ਵਾਲ਼ੀਆਂ ਸਾਰੀਆਂ ਪਛਾਣਾਂ ਦੀ ਲਾਜ਼ਮੀ ਤੌਰ ‘ਤੇ ਆਰਥਿਕ, ਸਿਆਸੀ ਜਾਂ ਜਮਾਤੀ ਜੜ੍ਹਾਂ ਵਿੱਚ ਨਿਸ਼ਾਨਦੇਹੀ ਨਹੀਂ ਕੀਤੀ ਜਾ ਸਕਦੀ। ਇਸ ਲਈ, ਅਸੀਂ ਇਹ ਆਸ ਨਹੀਂ ਕਰ ਸਕਦੇ ਕਿ ਜਮਾਤੀ ਵਿਰੋਧਤਾਈਆਂ ਦਾ ਹੱਲ ਆਪਣੇ-ਆਪ ਅੰਤ ਸਾਰੀਆਂ ਵਿਰੋਧਤਾਈਆਂ ਦਾ ਹੱਲ ਕਰ ਦੇਵੇਗਾ। ਹੋਰ ਸਮਾਜਿਕ ਵਿਰੋਧਤਾਈਆਂ ਦੇ ਮੁੱਦਿਆਂ ਨੂੰ ਉਹਨਾਂ ਤਾਈਂ ਸੰਬੋਧਿਤ ਕਰਨਾ ਹੋਵੇਗਾ। ਜਮਾਤੀ ਵਿਰੋਧਤਾਈਆਂ ਦਾ ਇਤਿਹਾਸਕ ਰੂਪ ਨਾਲ਼ ਅਗਾਂਹਵਧੂ ਹੱਲ ਦੂਜੀਆਂ ਸਮਾਜਿਕ ਵਿਰੋਧਤਾਈਆਂ ਦੇ ਮੁਕਤੀਦਾਈ ਹੱਲ ਨੂੰ ਅਸਾਨ ਤਾਂ ਕਰ ਸਕਦਾ ਹ,ੈ ਪਰ ਉਹ ਆਪਣੇ ਆਪ ਅਜਿਹੇ ਕਿਸੇ ਹੱਲ ਨੂੰ ਜਨਮ ਨਹੀਂ ਦੇ ਸਕਦਾ। ਅਸਲ ਵਿੱਚ, ਜਮਾਤੀ ਵਿਰੋਧਤਾਈਆਂ ਦੇ ਇਤਿਹਾਸਕ ਰੂਪ ਨਾਲ਼ ਅਗਾਂਹਵਧੂ ਹੱਲ ਲਈ ਲਾਜ਼ਮੀ ਹੀ ਉਹਨਾਂ ਲੋਕਾਂ ਵਿਚਾਲੇ ਜਮਾਤੀ ਏਕਤਾ ਦੀ ਲੋੜ ਪਵੇਗੀ ਹੀ ਜੋ ਪਸਿੱਤੀ ਜਮਾਤ ਹਨ, ਪਰ ਅਨੇਕ ਸਮਾਜਿਕ ਪਛਾਣਾਂ ਵਿੱਚ ਵੰਡੇ ਹੋਏ ਹਨ। ਅਜਿਹੀ ਏਕਤਾ ਦੀ ਆਸ ਕੇਵਲ ਉਦੋਂ ਹੀ ਕੀਤੀ ਜਾ ਸਕਦੀ ਹੈ, ਜਦ ਪਛਾਣ ਅਧਾਰਿਤ ਸਮਾਜਿਕ ਵਿਰੋਧਤਾਈਆਂ ਦੇ ਮੁਕਤੀਦਾਈ ਹੱਲ ਵੱਲ ਲਗਾਤਾਰ ਵਿਕਾਸ ਹੁੰਦਾ ਰਹੇ।

“ਇਸਦੇ ਨਾਲ਼ ਹੀ ਇਹ ਵੀ ਤੈਅ ਹੈ ਕਿ ਅਜਿਹੀਆਂ ਸਮਾਜਿਕ ਵਿਰੋਧਤਾਈਆਂ ਦੇ ਇੱਕ ਮੁਕਤੀਦਾਈ ਹੱਲ ਲਈ ਯਤਨਸ਼ੀਲ ਕੋਈ ਵੀ ਲਹਿਰ ਖੁਦ ਨੂੰ ਜਮਾਤੀ ਸਵਾਲ ਤੋਂ ਅਣਛੋਇਆ ਨਹੀਂ ਰੱਖ ਸਕਦੀ। ਜੇਕਰ ਮਜ਼ਦੂਰ ਹੋਣਾ ਕਿਸੇ ਮਜ਼ਦੂਰ ਲਈ ਪੂਰਾ ਵੇਰਵਾ ਨਹੀਂ ਹੈ ਤਾਂ ਇੱਕ ਔਰਤ ਹੋਣਾ ਵੀ ਇੱਕ ਔਰਤ ਦੀ ਪੂਰੀ ਪਛਾਣ ਨਹੀਂ ਹੈ। ਇਹ ਸਥਿਤੀ ਕਿਸੇ ਦਲਿਤ ਜਾਂ ਸਮਾਜਿਕ ਰੂਪ ਨਾਲ਼ ਪਸਿੱਤੇ ਕਿਸੇ ਵੀ ਸਮੂਹ ਜਾਂ ਭਾਈਚਾਰੇ ਦੀ ਬਣਦੀ ਹੈ। ਇੱਕ ਜਮਾਤੀ ਸਮਾਜ ਵਿੱਚ ਜਿਉਣ ਦੇ ਵਜੂਦ ਸਮੋਏ ਅਰਥਾਂ ਤੋਂ ਕੋਈ ਅਛੋਹ ਨਹੀਂ ਰਹਿ ਸਕਦਾ। ਕੋਈ ਵੀ ਜਮਾਤੀ ਲੁੱਟ ਤੋਂ ਮੁਕਤ ਭਵਿੱਖ ਦੀ ਕਲਪਨਾ ਅਤੇ ਉਸਾਰੀ ਦੇ ਕਾਰਜ ਨੂੰ ਤਿਲਾਂਜਲੀ ਨਹੀਂ ਦੇ ਸਕਦਾ। ਇਸ ਲਈ, ਕੋਈ ਵੀ ਜਮਾਤੀ ਵਿਰੋਧਤਾਈਆਂ ਦੇ ਇਤਿਹਾਸਕ ਰੂਪ ਨਾਲ਼ ਅਗਾਂਹਵਧੂ ਹੱਲ ਦੇ ਘੋਲ਼ ਦੇ ਕਾਰਜ ਦੀ ਅਣਦੇਖੀ ਨਹੀਂ ਕਰ ਸਕਦਾ।” (ਐਲਾਨਨਾਮਾ, ਪੰਨਾ, 15-18)

ਐਲਾਨਨਾਮਾ ਬੰਦੇ ਦੀ ਜਮਾਤੀ ਬਾਹਰਮੁਖੀ ਹਾਲਤ ਨੂੰ ਉਸਦੀਆਂ ਹੋਰ ਸਾਰੀਆਂ ਸਮਾਜਿਕ ਪਛਾਣਾਂ ਦੇ ਮੂਹਰੇ ਖੜ੍ਹਾ ਕਰ ਦਿੰਦਾ ਹੈ, ਜਦ ਉਹ ਕਹਿੰਦਾ ਹੈ, “ਇੱਕ ਸਮਾਜਿਕ ਇਕਾਈ ਦੇ ਰੂਪ ਵਿੱਚ ਹਰੇਕ ਬੰਦਾ ਕਈ ਧੁਰੀਆ ‘ਤੇ ਖੜ੍ਹਾ ਹੈ।” ਯਾਨੀ ਧੁਰੀਆਂ ਕਈ ਹਨ ਅਤੇ ਉਹਨਾਂ ਵਿੱਚੋਂ ਹੀ ਜਮਾਤ ਵੀ ਇੱਕ ਧੁਰੀ ਹੈ। ਫਿਰ ਅੱਗੇ, ਪੇਸ਼ ਅੰਸ਼ ਦੇ ਚੌਥੇ ਪੈਰੇ ਵਿੱਚ, “ਜੈਂਡਰ, ਜਾਤ, ਨਸਲ, ਕਬੀਲਾਈ, ਕੌਮੀਅਤ ਅਤੇ ਧਾਰਮਿਕ ਪਛਾਣ ਉਹਨਾਂ ਸਮਾਜਿਕ ਸਬੰਧਾਂ ਦੇ ਅਹਿਮ ਉਦਾਹਰਣ ਹਨ, ਜੋ ਜਮਾਤੀ ਸਬੰਧ ਦੀ ਧੁਰੀ ਨੂੰ ਅਨੇਕ ਤਰ੍ਹਾਂ ਕੱਟਦੇ ਹਨ ਅਤੇ ਉਸਦੇ ਨਾਲ਼ ਹੀ ਸਮਾਜਿਕ ਯਥਾਰਥ ਨੂੰ ਘੜਦੇ ਹਨ।” ਯਾਨੀ ਇਹਨਾਂ ਰੇਖਾਵਾਂ ਦੀ ਅਜ਼ਾਦ ਸੱਤ੍ਹਾ ਹੈ, ਜੋ ਜਮਾਤੀ ਘੋਲ਼ ਦੀ ਧੁਰੀ ਨੂੰ ਕੱਟਦੀ ਹੈ। ਮਾਰਕਸਵਾਦੀ ਵਿਸ਼ਲੇਸ਼ਣ ਤੋਂ ਵੱਖਰੀ ਵਿਚਾਰ-ਚਰਚਾ ਦੀ ਇਹ ਇੱਕ ਬਦਲਵੀਂ ਭਾਸ਼ਾ, ਜੋ ਕਾਫ਼ੀ ਹੱਦ ਤੱਕ ‘ਅੰਤਰਤਬਕਾਤੀ ਸਿਧਾਂਤ’ (ਇੰਟਰਸੈਕਸ਼ਨੈਲਿਟੀ ਥਿਊਰੀ) ਤੋਂ ਸ਼ਬਦਾਵਲੀ ਉਧਾਰ ਲੈ ਕੇ ਘੜੀ ਗਈ ਹੈ, ਆਪਣੇ ਆਪ ਵਿੱਚ ਬਹੁਤ ਭਰਮਾਊ ਹੈ। ਪਰ ਇਸਦਾ ਮਤਲਬ ਸਪੱਸ਼ਟ ਹੈ। ਇਹ ਜਮਾਤ ਨੂੰ ਵੀ ਕੇਵਲ ਇੱਕ ਪਛਾਣ ਬਣਾ ਕੇ ਉਸਨੂੰ ਹੋਰਨਾਂ ਸਾਰੀਆਂ ਪਛਾਣਾਂ ਦੇ ਸਾਹਮਣੇ ਲਿਆ ਖੜ੍ਹਾ ਕਰਦੀ ਹੈ ਅਤੇ ਜਮਾਤ ਸਹਿਤ ਸਾਰੀਆਂ ਸਮਾਜਿਕ ਪਛਾਣਾਂ ਨੂੰ ਸਮਾਜਿਕ ਸਬੰਧਾਂ ਦੀ ਹੋਂਦ ਅਤੇ ਸੰਚਾਲਣ ਦਾ ਰੂਪ ਦੱਸਦੀ ਹੈ। ਇਸਦਾ ਮਤਲਬ ਹੈ, ਮੁੱਖ ਸਮਾਜਿਕ ਵਿਰੋਧਤਾਈਆਂ ਦੇ ਨੇੜੇ-ਤੇੜੇ ਲੋਕ ਭਾਈਚਾਰੇ ਦੇ ਜਮਾਤੀ ਘੋਲ਼ ਨੂੰ ਜਥੇਬੰਦ ਕਰਨ ਅਤੇ ਹੋਰਨਾਂ ਵਿਰੋਧਾਈਆਂ ਨੂੰ ਉਸਦੇ ਮਾਤਹਿਤ ਹੱਲ ਕਰਨ ਦੀ ਬਜਾਏ, ਸਾਰੀਆਂ ਵਿਰੋਧਾਈਆਂ ਨੂੰ ਇੱਕ-ਦੂਜੇ ਦੇ ਆਹਮਣੇ-ਸਾਹਮਣੇ ਕਰ ਦੇਣਾ ਅਤੇ ਸਮਾਜਿਕ ਘੋਲ਼ਾਂ ਨੂੰ ਇੱਕ ਕੇਂਦਰੀ-ਕੁੰਜੀਵਤ ਕੜੀ ਨਾਲ਼ ਜੋੜਣ ਦੀ ਬਜਾਏ ਉਹਨਾਂ ਨੂੰ ਪਛਾਣਾਂ ਦੇ ਘੋਲ਼ ਦੇ ਰੂਪ ਵਿੱਚ ਖਿੰਡਾ ਦੇਣਾ। ਇਹ ਉਦੇਸ਼ ਤਦ ਸਪੱਸ਼ਟ ਹੋ ਜਾਂਦਾ ਹ,ੈ ਜਦ ਐਲਾਨਨਾਮਾ ਪੇਸ਼ ਅੰਸ਼ ਦੇ ਸੱਤਵੇਂ ਪੈਰੇ ਵਿੱਚ ਕਹਿੰਦਾ ਹੈ ਕਿ “ਹੋਰ ਸਮਾਜਿਕ ਵਿਰੋਧਾਤਾਈਆਂ ਦੇ ਮੁੱਦੇ ਨੂੰ ਉਹਨਾਂ ਤਾਈਂ ਸੰਬੋਧਿਤ ਕਰਨਾ ਹੋਵੇਗਾ।” ਇਹ ਠੀਕ ਹੈ ਕਿ ਜਮਾਤੀ ਵਿਰੋਧਤਾਈਆਂ ਦਾ ਹੱਲ ਆਪਣੇ-ਆਪ ਅੰਤ ਸਾਰੀਆਂ ਵਿਰੋਧਾਈਆਂ ਦਾ ਹੱਲ ਨਹੀਂ ਕਰ ਦੇਵੇਗਾ। ਮਾਰਕਸਵਾਦ ਅਜਿਹਾ ਕਦੇ ਨਹੀਂ ਕਹਿੰਦਾ। ਮਾਰਕਸਵਾਦ ਕਹਿੰਦਾ ਹੈ ਕਿ ਬੁਨਿਆਦੀ ਜਮਾਤੀ ਵਿਰੋਧਾਤਾਈ ਦੇ ਹੱਲ ਲਈ ਹੋਰ ਸਾਰੀਆਂ ਵਿਰੋਧਤਾਈਆਂ ਦੇ ਹੱਲ ਦੇ ਘੋਲ਼ ਨੂੰ ਬੁਨਿਆਦੀ ਜਮਾਤੀ ਵਿਰੋਧਤਾਈ ਦੇ ਹੱਲ ਦੇ ਘੋਲ਼ ਦੇ ਨਾਲ਼-ਨਾਲ਼, ਉਸਦੇ ਮਾਤਹਿਤ ਰੱਖਦੇ ਹੋਏ ਲਗਾਤਾਰ ਚਲਾਉਣਾ ਹੁੰਦਾ ਹੈ ਅਤੇ ਅੰਤ ‘ਚ ਹੋਰ ਸਾਰੀਆਂ ਸਮਾਜਿਕ ਵਿਰੋਧਤਾਈਆਂ ਦਾ ਅੰਤਿਮ, ਮੁਕਤੀਦਾਈ ਹੱਲ ਉਦੋਂ ਹੀ ਸੰਭਵ ਹੈ ਜਦ ਬੁਨਿਆਦੀ ਜਮਾਤੀ ਵਿਰੋਧਤਾਈ ਦਾ ਮੁੱਖ ਤੌਰ ‘ਤੇ ਹੱਲ ਤੈਅ ਹੋ ਜਾਵੇ। ਇੱਥੇ ਇਹ ਵੀ ਧਿਆਣ ਰੱਖਣਾ ਹੋਵੇਗਾ ਕਿ ਜਿਹਨਾਂ ਨੂੰ ‘ਹੋਰ ਸਮਾਜਿਕ ਵਿਰੋਧਤਾਈਆਂ’ ਕਿਹਾ ਜਾ ਰਿਹਾ ਹੈ, ਉਹ ਵੀ ਆਪਣੇ ਬੁਨਿਆਦੀ ਸੁਭਾਅ ਤੋਂ ਅਧਾਰ ਅਤੇ ਉੱਚ-ਉਸਾਰ ਦੇ ਪੱਧਰ ‘ਤੇ ਸਰਗਰਮ ਜਮਾਤੀ ਵਿਰੋਧਤਾਈਆਂ ਦਾ ਹੀ ਸਿੱਧਾ ਅਤੇ ਵਿਗੜਿਆ ਪ੍ਰਗਟਾਅ ਹੁੰਦੇ ਹਨ ਕਿਉਂਕਿ ਹਰ ਸਮਾਜਿਕ ਪਛਾਣ, ਭਾਵੇਂ ਉਹ ਅਤੀਤ ਦੀ ਰਹਿੰਦ-ਖੂੰਹਦ ਹੋਵੇ ਜਾਂ ਕਲਪਿਤ ਪਛਾਣ ਹੋਵੇ, ਹਰ ਹਾਲ ਵਿੱਚ ਉਹ ਮੌਜੂਦ ਜਮਾਤੀ ਸਮਾਜਿਕ ਬਣਤਰ ਦੁਆਰਾ ਸਹਿਯੋਜਿਤ (ਕੋਆਪਟ) ਜਾਂ ਉਤਸਾਦਿਤ (ਸਬਲੇਟ) ਕਰ ਲਈ ਗਈ ਹੁੰਦੀ ਹੈ।

ਸਾਨੂੰ ਜਮਾਤ ਅਤੇ ਸਮਾਜਿਕ ਪਛਾਣਾਂ ਦੇ ਬੁਨਿਆਦੀ ਭੇਦ ਨੂੰ ਸਮਝਣਾ ਹੋਵੇਗਾ। ਜੈਂਡਰ, ਨਸਲ, ਜਾਤ, ਮਨੁੱਖ ਜਾਤੀ ਆਦਿ ਪਛਾਣਾਂ ਸਾਨੂੰ ਪ੍ਰਾਪਤ ਹੁੰਦੀਆਂ ਹਨ, ਉਹਨਾਂ ਦਾ ਸੁਭਾਅ ਸਥਿਰ ਹੁੰਦਾ ਹੈ। ਉਹਨਾਂ ਵਿੱਚ ਗਤੀਸ਼ੀਲਤਾ ਕੇਵਲ ਇਹਨਾਂ ਅਰਥਾਂ ਵਿੱਚ ਹੁੰਦੀ ਹੈ ਕਿ ਕਿਸੇ ਨਵੇਂ ਸਮਾਜਿਕ ਪ੍ਰਬੰਧ ਦੁਆਰਾ ਸਹਿਯੋਜਿਤ ਅਤੇ ਉਤਸਾਦਿਤ ਕਰ ਲਏ ਜਾਣ ਤੋਂ ਬਾਅਦ ਪਛਾਣ ਅਧਾਰਿਤ ਗ਼ੈਰ-ਬਰਾਬਰੀਆਂ ਅਤੇ ਜ਼ਬਰ, ਲੁੱਟ-ਜ਼ਬਰ ਦੀ ਨਵੀਂ ਪ੍ਰਣਾਲੀ ਦੇ ਅਨੁਸਾਰ ਢਲ਼ ਜਾਂਦੇ ਹਨ। ਜਿਵੇਂ, ਸੱਤ੍ਹਾ ‘ਚ ਆਉਣ ਤੋਂ ਬਾਅਦ ਸਰਮਾਏਦਾਰੀ ਨੇ ਆਧੁਨਿਕ ਕਦਰਾਂ ਨੂੰ ਜਨਮ ਦੇਣ ਦੇ ਨਾਲ਼ ਹੀ, ਲੋਕ-ਭਾਈਚਾਰੇ ਦੀ ਜਮਾਤੀ ਏਕਤਾ ਨੂੰ ਖਿੰਡਾਉਣ ਅਤੇ ਉਸਦੀ ਜਮਾਤੀ ਚੇਤਨਾ ਨੂੰ ਖੁੰਢਾ ਕਰਨ ਲਈ ਬਹੁਤ ਸਾਰੀਆਂ ਪੂਰਬ-ਆਧੁਨਿਕ ਕਦਰਾਂ-ਮਾਨਤਾਵਾਂ-ਸੰਸਥਾਵਾਂ ਨੂੰ ਵੀ ਮੁੜ-ਸੰਸਕਾਰਿਤ ਕਰਕੇ ਸਹਿਯੋਜਿਤ ਕਰ ਲਿਆ।

ਅੰਤ ਕਿਹਾ ਜਾ ਸਕਦਾ ਹੈ ਕਿ ਬਾਹਰਮੁਖੀ ਤੌਰ ‘ਤੇ, ਜਮਾਤੀ ਵੰਡ ਉਹ ਇਕੱਲੀ ਵੰਡ-ਰੇਖਾ ਹੈ ਜੋ ਸਾਰੇ ਜ਼ਾਬਰ-ਲੋਟੂ ਅਤੇ ਸਾਰੇ ਪਸਿੱਤੇ-ਲੁੱਟੀਂਦਿਆਂ ਨੂੰ ਦੋ ਆਪਸ ਵਿੱਚ ਵਿਰੋਧੀ ਸਮੂਹਾਂ ਵਿੱਚ ਸਮੂਹਬੱਧ ਕਰਦੀ ਹੈ, ਪਰ ਹਾਕਮ ਜਮਾਤ ਦੇ ਵਿਚਾਰਾਂ ਅਤੇ ਸੱਭਿਆਚਾਰ ਦੇ ਮਿੱਥਿਆ ਪ੍ਰਭਾਵਾਂ, ਲੋਕਾਂ ਦੇ ਸਾਰੇ ਵਰਗਾਂ ਵਿਚਲੀਆਂ ਵਿਰੋਧਤਾਈਆਂ ਨੂੰ ਉਕਸਾਉਣ-ਵਧਾਉਣ ਦੇ ਯਤਨਾਂ ਅਤੇ ਅਤੀਤ ਦੀਆਂ ਕਦਰਾਂ-ਮਾਨਤਾਵਾਂ-ਸੰਸਥਾਵਾਂ ਦੇ ਸਹਨਿਯੋਜਨ ਤੇ ਉਤਸਾਦਨ ਦੇ ਕਾਰਣ, ਮਨੋਗਤ ਤੌਰ ‘ਤੇ, ਬੁਨਿਆਦੀ ਵੰਡ ਰੇਖਾ ਤਦ ਤੱਕ ਸਪੱਸ਼ਟ ਨਹੀਂ ਹੁੰਦੀ, ਜਦ ਤੱਕ ਢਾਂਚੇ ਦਾ ਇਨਕਲਾਬੀ ਸੰਕਟ ਡੂੰਘਾ ਨਾ ਹੋਵੇ ਜਾਵੇ ਅਤੇ ਇਨਕਲਾਬੀ ਅੰਤਰਮੁਖੀ ਤਾਕਤਾਂ ਬਿਹਤਰ ਜਥੇਬੰਦ ਯਤਨਾਂ ਦੁਆਰਾ ਲੋਕਾਂ ਦੇ ਸਾਰੇ ਵਰਗਾਂ ਨੂੰ ਬੁਨਿਆਦੀ ਜਮਾਤੀ ਵਿਰੋਧਤਾਈ ਦੀ ਚੇਤਨਾ ਦੇਣ ਵਿੱਚ ਸਫ਼ਲ ਨਾ ਹੋ ਜਾਣ।

ਹੋਰ ਸਮਾਜਿਕ ਪਛਾਣਾਂ ਤੋਂ ਵੱਖ, ਜਮਾਤ ਸਾਨੂੰ ਜਨਮ, ਕੁਦਰਤ ਜਾਂ ਆਲ਼ੇ-ਦੁਆਲ਼ੇ ਦੁਆਰਾ ਦਿੱਤੀ ਨਹੀਂ ਜਾਂਦੀ। ਆਪਣੀ ਹੋਂਦ ਲਈ ਜਰੂਰੀ ਬੁਨਿਆਦੀ ਸਰਗਰਮੀ ਪੈਦਾਵਾਰ ਦੀ ਪ੍ਰਕ੍ਰਿਆ ਨੂੰ ਅੰਜ਼ਾਮ ਦੇਣ ਲਈ ਲੋਕ ਨਿਸ਼ਚਿਤ ਪੈਦਾਵਾਰੀ ਸਬੰਧਾਂ ਵਿੱਚ ਬੱਝਦੇ ਹਨ ਅਤੇ ਇਸ ਤਰ੍ਹਾਂ ਜਮਾਤਾਂ ਹੋਂਦ ਵਿੱਚ ਆਉਂਦੀਆਂ ਹਨ। ਇਸ ਲਈ ਜਮਾਤ ਕੇਵਲ ਇੱਕ ਸਮਾਜਿਕ ਪਛਾਣ ਨਹੀਂ, ਸਗੋਂ ਇੱਕ ਖ਼ਾਸ ਸਮਾਜਿਕ-ਆਰਥਿਕ ਬਣਤਰ ਵਿੱਚ ਕਾਇਮ ਸਮਾਜਿਕ ਸਬੰਧਾਂ ਦਾ ਰੂਪ ਹੁੰਦੀ ਹੈ ਅਤੇ ਹੋਰ ਹਰ ਸਮਾਜਿਕ ਪਛਾਣ ਇਹਨਾਂ ਸਮਾਜਿਕ ਸਬੰਧਾਂ ਤੋਂ ਅਨੁਕੂਲਿਤ ਹੁੰਦੀ ਹੈ ਅਤੇ ਕਲਾਵੇ ‘ਚ ਹੁੰਦੀ ਹੈ। ਸਮਾਜਿਕ ਸਬੰਧਾਂ ਦੀ ਹੋਂਦ ਅਤੇ ਸੰਚਾਲਨ ਦਾ ਬੁਨਿਆਦੀ ਕਾਰਕ ਤੱਤ ਜਮਾਤ ਹੁੰਦੀ ਹੈ ਅਤੇ ਸਮਾਜਿਕ ਪਛਾਣਾਂ ਖ਼ਾਸ ਹਾਲਤਾਂ ਵਿੱਚ ਕੇਵਲ ਉਹਦੀ ਹੋਂਦ ਅਤੇ ਸੰਚਾਲਨ ਦੇ ਮਾਧਿਅਮ ਜਾਂ ਚਿੰਨ੍ਹ ਦੀ ਭੂਮਿਕਾ ਨਿਭਾਉਂਦੀਆਂ ਹਨ। ਕਿਸੇ ਇੱਕ ਪਛਾਣ ਦੇ ਘੇਰੇ ਅੰਦਰ ਅੰਤਰ-ਸਬੰਧ ਜਾਂ ਤਾਂ ਕੇਵਲ ਜਮਾਤੀ ਸਬੰਧਾਂ ਦੇ ਅਸਿੱਧੇ, ਵਿਗੜੇ ਰੂਪ ਹੁੰਦੇ ਹਨ ਜਾਂ ਫਿਰ ਉਹਨਾਂ ਦੀ ਹੋਂਦ ਜਾਂ ਸੰਚਾਲਨ ਪਿੱਛੇ ਸਮਾਜ-ਵਿਸ਼ੇਸ਼ ਦੇ ਜਮਾਤੀ ਸਬੰਧਾਂ ਦੀ ਬੁਨਿਆਦੀ ਗਤੀ ਸਰਗਰਮ ਹੁੰਦੀ ਹੈ।

ਮਾਰਕਸਵਾਦ ਦੱਸਦਾ ਹੈ ਕਿ ਸਾਰੀਆਂ ਸਮਾਜਿਕ ਪਛਾਣਾਂ ਵਿੱਚੋਂ ਕੁਝ ਇਸ ਲਈ ਮੌਜੂਦ ਹਨ, ਕਿਉਂਕਿ ਪਿਛਲੀ ਸਮਾਜਿਕ ਬਣਤਰ ਦੇ ਕੁਝ-ਇੱਕ ਤੱਤ-ਸੋਮਿਆਂ ਨੂੰ ਵਰਤਮਾਨ ਸਮਾਜਿਕ ਬਣਤਰ ਨੇ ਸਹਿਯੋਜਿਤ ਅਤੇ ਉਤਸਾਦਿਤ ਕਰ ਲਿਆ ਹੈ। ਕੁਝ ਅਤੀਤ ਦੇ ਬੋਝ ਹਨ, ਜਿਹਨਾਂ ਨੂੰ ਜਮਾਤੀ ਧਰੁਵੀਕਰਨ ਰੋਕਣ ਲਈ ਸਚੇਤਨ ਤੌਰ ‘ਤੇ ਬਣਾਈ ਰੱਖਿਆ ਗਿਆ ਹੈ। ਕੁਝ ਰਹਿੰਦ-ਖੂੰਹਦ, ਉੱਚ-ਉਸਾਰ ਦੇ ਪੱਧਰ ‘ਤੇ ਹੈ ਅਤੇ ਕੁਝ ਦੀਆਂ ਜੜ੍ਹਾਂ ਨਵੇਂ ਪੈਦਾਵਾਰੀ ਸਬੰਧਾਂ ਦੇ ਬੁਨਿਆਦੀ ਅਧਾਰ ਵੀ ਹਨ। ਕੁਝ ਕਲਪਿਤ ਜਾਂ ਘੜੀਆਂ ਗਈਆਂ ਪਛਾਣਾਂ ਹਨ। ਕੁਝ ਪੂਰੇ ਜਮਾਤੀ ਸਮਾਜ ਦੌਰਾਨ, ਆਪਣਾ ਸੁਭਾਅ ਬਦਲ-ਬਦਲ ਕੇ ਬਣੀਆਂ ਰਹਿਣ ਵਾਲ਼ੀਆਂ ਵਿਰੋਧਤਾਈਆਂ ਦਾ ਪ੍ਰਗਟਾਅ ਹਨ (ਜਿਵੇਂ ਜੈਂਡਰ ਦਾ ਸਵਾਲ)। ਪਛਾਣਾਂ ਦੇ ਜੋ ਵੀ ਘੋਲ਼ ਹਨ, ਉਹ ਕੇਵਲ ਸਰਮਾਏਦਾਰਾ ਸਮਾਜ ਦੇ ਬਹੁ-ਪੱਧਰੀ ਵੰਨ-ਸੁਵੰਨੀਆਂ ਵਿਰੋਧਤਾਈਆਂ ਦੇ ਤਹਿਤ ਹੀ ਆਉਂਦੇ ਹਨ, ਜਿਹਨਾਂ ਸਾਰਿਆਂ ਦੀ ਕੁੰਜੀਵਤ ਕੜੀ ਸਰਮਾਏ ਅਤੇ ਕਿਰਤ ਵਿਚਲੀ ਬੁਨਿਆਦੀ ਵਿਰੋਧਤਾਈ ਹੈ। ਕਿਉਂਕਿ ਪੈਦਾਵਾਰੀ ਸਰਗਰਮੀ ਹੀ ਬੁਨਿਆਦੀ ਮਨੁੱਖੀ ਸਰਗਰਮੀ ਹੈ, ਅੰਤ ਪੈਦਾਵਾਰੀ ਸਬੰਧਾਂ ਦਾ ਕੁੱਲ ਜੋੜ ਹੀ ਸਮਾਜ ਦਾ ਬੁਨਿਆਦੀ ਅਧਾਰ ਹੋ ਸਕਦਾ ਹੈ ਅਤੇ ਉਸ ਤੋਂ ਬਣਨ ਵਾਲ਼ੀਆਂ ਜਮਾਤਾਂ ਹੀ ਬੁਨਿਆਦੀ ਪ੍ਰਵਰਗ ਹੋ ਸਕਦੀਆਂ ਹਨ ਅਤੇ ਹੋਰ ਸਾਰੇ ਸਮਾਜਿਕ ਪ੍ਰਵਰਗਾਂ ਦੀ ਜੜ੍ਹ ਵਿੱਚ ਜਮਾਤੀ ਫ਼ਰਕ ਕਿਸੇ ਨਾ ਕਿਸੇ ਰੂਪ ਵਿੱਚ ਮੌਜੂਦ ਰਹਿੰਦਾ ਹੈ। ਜਮਾਤ ਕੇਵਲ ਇੱਕ ਸਮਾਜਿਕ ਪਛਾਣ ਮਾਤਰ ਨਹੀਂ ਹੈ, ਸਗੋਂ ਸਮਾਜਿਕ-ਆਰਥਿਕ ਸਬੰਧ ਦਾ ਬੁਨਿਆਦੀ ਪ੍ਰਗਟਾਅ ਤੇ ਬੁਨਿਆਦੀ ਰੂਪ ਹੈ। ਅਤੇ ਇਸ ਲਈ, ਸਮਾਜਿਕ ਪਛਾਣ ਦੇ ਰੂਪ ਵਿੱਚ ਜਮਾਤੀ-ਪਛਾਣ ਹੀ ‘ਓਵਰਰਾਈਡਿੰਗ’ ਪਛਾਣ ਹੈ। ਇਹੀ ਉਹ ਸਰਬਵਿਆਪੀ ਪਛਾਣ ਹੈ, ਜੋ ਸਾਰੀਆਂ ਪਛਾਣਾਂ ਨੂੰ ਕਲਾਵੇ ‘ਚ ਲੈ ਲੈਂਦੀ ਹੈ। ਜਮਾਤੀ ਪਛਾਣ ਨੂੰ ਕੇਂਦਰੀ ਤੇ ਕੁੰਜੀਵਤ ਮੰਨਣ ਦਾ ਮਤਲਬ ਹੋਰ ਪਛਾਣਾਂ ਨੂੰ ਛੱਡ ਦੇਣਾ ਨਹੀਂ ਹੈ, ਸਗੋਂ ਕੌਮੀਅਤ, ਜਾਤ, ਜੈਂਡਰ ਆਦਿ ਨਾਲ਼ ਜੁੜੇ ਸਾਰੇ ਤਰਕਸੰਗਤ ਸਵਾਲਾਂ ‘ਤੇ ਘੋਲ਼ ਚਲਾਉਂਦੇ ਹੋਏ, ਆਮ ਲੋਕਾਂ ਨੂੰ ਉਸ ਬੁਨਿਆਦੀ ਘੋਲ਼ ਨਾਲ਼ ਜੋੜ ਦੇਣਾ ਹੁੰਦਾ ਹ,ੈ ਜਿਸਦਾ ਉਦੇਸ਼ ਹਾਕਮ ਜਮਾਤਾਂ ਦੀ ਰਾਜਸੱਤ੍ਹਾ ਦੇ ਨਾਸ਼ ਦੀ ਦਿਸ਼ਾ ਵਿੱਚ ਸੇਧਤ ਹੁੰਦਾ ਹੈ।

ਸਰਮਾਏਦਾਰੀ ਸਾਰੀਆਂ ਪਛਾਣਾਂ ਦੇ ਸਵਾਲਾਂ ਨੂੰ ਆਪਣੇ ਢੰਗ ਨਾਲ਼ ਤੰਤੂਬੱਧ (ਆਰਟੀਕੁਲੇਟ) ਕਰਕੇ ਉਹਨਾਂ ਦੇ ਖਿੰਡੇ-ਪੁੰਡੇ ਘੋਲ਼ਾਂ ਨੂੰ ‘ਸੇਫਟੀ ਵਾਲਵ’, ਧੋਖੇ ਅਤੇ ਜਮਾਤੀ-ਧਰੁਵੀਕਰਨ ਘੱਟ ਕਰਨ ਦੇ ਯਤਨ ਕਰਨ ਦੇ ਰੂਪ ਵਿੱਚ ਵਰਤਦੀ ਹੈ। ਕਮਿਊਨਿਸਟ ਇਹਨਾਂ ਦੇ ਜਮਾਤੀ-ਤੱਤ ਨੂੰ ਸਮਝਕੇ ਇਹਨਾਂ ਨੂੰ ਵਿਆਪਕ ਇਨਕਲਾਬੀ ਘੋਲ਼ ਦੇ ਮਾਤਹਿਤ ਬਣਾਉਂਦਾ ਹੈ।

ਅੱਜ ਵੰਨ-ਸੁਵੰਨੇ ਰੂਪਾਂ ਵਿੱਚ ਜੋ ਲੋਕ ਮਾਰਕਸਵਾਦ ਦੀ ਅਥਾਰਟੀ ਨੂੰ ਮੰਨਣ ਦੇ ਦਾਅਵੇ ਦੇ ਬਾਵਜੂਦ, ਜਮਾਤੀ-ਵਿਸ਼ਲੇਸ਼ਣ, ਜਮਾਤੀ-ਘੋਲ਼, ਪਾਰਟੀ, ਰਾਜ ਅਤੇ ਇਨਕਲਾਬ ਦੇ ਸਵਾਲ ‘ਤੇ ਬੁਨਿਆਦੀ ਮਾਰਕਸਵਾਦੀ ਪ੍ਰਸਥਾਪਨਾਵਾਂ ਤੋਂ ਭਟਕਣ ਲਈ ਉੱਤਰ-ਆਧੁਨਿਕ ਵਿਚਾਰ-ਚਰਚਾ (ਜਿਹਨਾਂ ਵਿੱਚ ਪਛਾਣ ਦੀ ਸਿਆਸਤ ਵੀ ਇੱਕ ਹੈ) ਦੀ ਸ਼ਬਦਾਵਲੀ ਅਤੇ ਤਰਕ-ਪ੍ਰਣਾਲੀ ਦੀ ਵਰਤੋਂ ਕਰ ਰਹੇ ਹਨ, ਜੋ ਲੋਕ ਵੀ ਜਮਾਤ ਨੂੰ ਕੇਵਲ ਇੱਕ ਸਮਾਜਿਕ ਪਛਾਣ ਬਣਾਉਂਦੇ ਹੋਏ, ਇਸਨੂੰ ਹੋਰ ਸਮਾਜਿਕ ਪਛਾਣਾਂ ਦੇ ਮੁਹਰੇ ਜਾਂ ਸਮਤੁਲ ਬਣਾ ਰਹੇ ਹਨ ਅਤੇ ਪਛਾਣ ਨਾਲ਼ ਜੁੜੇ ਸਾਰੇ ਸਵਾਲਾਂ ਨੂੰ ਖੁਦਮੁਖਤਿਆਰ ਬਣਾ ਕੇ ਉਹਨਾਂ ਨੂੰ ਉਹਨਾਂ ਤਾਈਂ ਸੰਬੋਧਿਤ ਕਰਨ ਦੀ ਗੱਲ ਕਰ ਰਹੇ ਹਨ, ਉਹ ਪਛਾਣ ਦੀ ਸਿਆਸਤ ਦੇ ‘ਮਾਰਕਸਵਾਦੀ’ ਹਸਤਗਤਕਰਨ ਦਾ ਯਤਨ ਕਰ ਰਹੇ ਹਨ। ਪਛਾਣ ਦੀ ਸਿਆਸਤ ਦੇ ‘ਮਾਰਕਸਵਾਦੀ’ ਐਡੀਸ਼ਨ ਦਾ ਬੁਨਿਆਦੀ ਉਦੇਸ਼ ਵੀ ਉਹੀ ਹੈ (ਅਤੇ ਇਹ ਪੇਸ਼ਕਾਰਾਂ ਦੀ ਇੱਛਾ ਤੋਂ ਅਜ਼ਾਦ ਹੈ), ਜੋ ਪਛਾਣ ਦੀ ਸਿਆਸਤ ਦੇ ਬੁਨਿਆਦੀ ਰੂਪ ਦਾ ਹੈ।

ਪਛਾਣ ਦੇ ਮੁੱਦਿਆਂ ਨੂੰ
ਮਾਰਕਸਵਾਦ ਕਿਵੇਂ ਸੰਬੋਧਿਤ ਹੁੰਦਾ ਹੈ

ਪਛਾਣ ਦੀ ਸਿਆਸਤ (‘ਆਈਡੈਂਟਟੀ ਪੋਲਿਟਿਕਸ’) ਕੌਮੀ ਪਛਾਣ ਦੇ ਸਵਾਲ ਨੂੰ ਕੇਵਲ ਇੱਕ ਸੱਭਿਆਚਾਰਕ ਪਛਾਣ ਵਜੋਂ ਦੇਖਦੀ ਹੈ ਅਤੇ ਕੌਮੀ ਦਾਬੇ ਦੇ ਸਵਾਲ ਨੂੰ ਸੱਭਿਆਚਾਰਕ ਪਛਾਣ ਦੇ ਸੰਕਟ ਦੇ ਤੱਕ ਘਟਾ (ਰਿਡਿਊਸ) ਦਿੰਦੀ ਹੈ। ਉਹ ਕੌਮਾਂ ਅਤੇ ਕੌਮੀਅਤਾਂ ਦੇ ਜ਼ਬਰ ਦੀ ਇਤਿਹਾਸਕ ਪਿੱਠਭੂਮੀ ਦੀ ਅਣਦੇਖੀ ਕਰਦੀ ਹੈ, ਇਹਨਾਂ ਨੂੰ ਸਰਮਾਏਦਾਰਾ ਯੁੱਗ ਦਾ ਵਰਤਾਰਾ ਸਮਝਣ ਦਾ ਯਤਨ ਨਹੀਂ ਕਰਦੀ ਅਤੇ ਸਭ ਤੋਂ ਮੁੱਢਲੀ ਗੱਲ ਇਹ ਕਿ ਇਹ ਕੌਮੀ ਸਵਾਲ ਦੇ ਜਮਾਤੀ ਸਾਰਤੱਤ ਦੀ ਪੜਤਾਲ ਹੀ ਨਹੀਂ ਕਰਦੀ। ਅਮਲੀ ਤੌਰ ‘ਤੇ ਇਸਦਾ ਸਿੱਟਾ ਇਹ ਨਿਕਲਦਾ ਹੈ ਕਿ ਅੱਜ ਦੇ ਸੰਸਾਰ ਵਿੱਚ ਸਾਰੇ ਬਹੁਕੌਮੀ ਦੇਸ਼ਾਂ ਵਿੱਚ ਕੌਮਾਂ-ਕੌਮੀਅਤਾਂ ਦੇ ਜ਼ਬਰ ਦੇ ਸਵਾਲ ਨੂੰ ਪਛਾਣ- ਸਿਆਸਤ-ਪ੍ਰੇਰਿਤ ਐਨਜੀਓ-ਪੰਥੀ ਲਹਿਰ-ਤਿਉਹਾਰਵਾਦੀ ਲੋਕ ਕੇਵਲ ਇੱਕ ਕਿਸਮ ਦੇ ਸੱਭਿਆਚਾਰਕ ਜ਼ਬਰ, ਸੱਭਿਆਚਾਰਕ ਪਛਾਣ ਦੇ ਸੰਕਟ, ਜਾਂ ਫਿਰ ਖਿੱਤਾ ਵਿਸ਼ੇਸ਼ ਦੇ ਲੋਕਾਂ ਪ੍ਰਤੀ ਕੇਂਦਰੀ ਸੱਤਾ ਦੇ ਅਣਗਹਿਲੀ ਭਰੇ ਰਵੱਈਏ ਦੀ ਸਮੱਸਿਆ ਦੇ ਰੂਪ ਵਿੱਚ ਦੇਖਦੇ ਹਨ। ਇਸ ਤਰ੍ਹਾਂ ਪੂਰੇ ਸਵਾਲ ਨੂੰ ਪਛਾਣ-ਸਿਆਸਤ ਬਰੁਜੂਆ ਢਾਂਚੇ ਦੀ ਚਾਰਦੀਵਾਰੀ ਦੇ ਅੰਦਰ ਸੁਧਾਰਵਾਦੀ ਲਹਿਰਾਂ ਦੇ ਵਰੋਲ਼ੇ ਵਿੱਚ ਉਲ਼ਝਾ ਦਿੰਦੀ ਹੈ ਅਤੇ ਕੌਮਾਂ-ਕੌਮੀਅਤਾਂ ਦੇ (ਅਲੱਗ ਹੋਣ ਸਹਿਤ ਸਵੈ-ਫੈਸਲੇ ਦੇ ਹੱਕ) ਸਵਾਲ ਨੂੰ ਸ਼ਾਜਿਸ਼ੀ ਢੰਗ ਨਾਲ਼ ਹਾਸ਼ੀਏ ‘ਤੇ ਧੱਕ ਦਿੰਦੀ ਹੈ। ਮਜ਼ਦੂਰ ਜਮਾਤ ਦੇ ਇਨਕਲਾਬੀ ਘੋਲ਼ ਦੇ ਨਾਲ਼ ਕੌਮਾਂ-ਕੌਮੀਅਤਾਂ ਦੇ ਘੋਲ਼ ਦੇ ਗੁੰਝਲਦਾਰ ਅੰਤਰ-ਸਬੰਧਾਂ ਦੀ ਪੜਤਾਲ ਵਿੱਚ ਉਲ਼ਝਣ ਦੀ ਉਸਨੂੰ ਕੋਈ ਲੋੜ ਨਹੀਂ ਹੁੰਦੀ, ਕਿਉਂਕਿ ਜਮਾਤੀ ਘੋਲ਼ ਦੀ ਸਿਆਸਤ ਨੂੰ ਉਹ ਰੈਡੀਕਲ ਤਬਦੀਲੀ ਦਾ ਕੇਂਦਰੀ ਕਾਰਕ ਨਹੀਂ ਮੰਨਦੀ।

ਪਛਾਣ ਦੀ ਸਿਆਸਤ ਦੇ ਉਲਟ, ਮਾਰਕਸਵਾਦ ਜਮਾਤੀ ਸਮਾਜ ਦੀ ਇੱਕ ਵਿਸ਼ੇਸ਼ ਹਾਲਤ ਵਿੱਚ ਪੈਦਾ ਹੋਏ ਵਰਤਾਰਿਆਂ ਦੇ ਰੂਪ ਵਿੱਚ, ਸਰਮਾਏਦਾਰਾ ਵਰਤਾਰਿਆਂ ਦੇ ਰੂਪ ਵਿੱਚ, ਕੌਮ, ਕੌਮੀ ਪਛਾਣ ਅਤੇ ਕੌਮਵਾਦ ਦਾ ਇਤਿਹਾਸਕ ਵਿਸ਼ਲੇਸ਼ਣ ਕਰਦਾ ਹੈ ਅਤੇ ਮਜ਼ਦੂਰ ਜਮਾਤ ਦੇ ਇਨਕਲਾਬ ਦੇ ਸਵਾਲ ਨਾਲ਼ ਕੌਮੀ ਮੁਕਤੀ ਦੇ ਸਵਾਲ ਦੀ ਏਕਤਾ ਅਤੇ ਵਿਰੋਧਤਾਈ ਦੇ ਪੱਖਾਂ ਦੀ ਠੋਸ ਤੱਥਾਂ ਦੇ ਚਾਨਣੇ ਵਿੱਚ ਜਾਂਚ-ਪੜਤਾਲ ਕਰਦਾ ਹੈ।

ਮਾਰਕਸਵਾਦ ਅਨੁਸਾਰ, ਕੌਮ ਜਾਂ ਕੌਮਵਾਦ ਸਰਮਾਏਦਾਰਾ ਵਰਤਾਰੇ ਹਨ। ਇਹ ਵਿਕਾਸਮਾਨ ਸੱਨਅਤਾਂ ਅਤੇ ਲਗਾਤਾਰ ਫੈਲ ਰਹੀ ਜਿਣਸ-ਪੈਦਾਵਾਰ ਦੀ ਲੋੜ ਸੀ ਕਿ ਕੁਦਰਤੀ ਅਰਥਚਾਰੇ ਨਾਲ਼ ਜੁੜੀਆਂ ਘਰੇਲੂ ਮੰਡੀਆਂ ਦੀ ਥਾਂ ਅਜਿਹੀ ਵੱਡੀ ਕੌਮੀ ਮੰਡੀ ਲਵੇ ਜੋ ਸਮਰੂਪੀ ਵਸੋਂ ਅਤੇ ਉਸਦੀਆਂ ਸਾਂਝੀਆਂ ਮੰਡੀਆਂ ਦੀਆਂ ਮੰਗਾਂ ‘ਤੇ ਅਧਾਰਿਤ ਹੋਵੇ। ਇਹ ਵਰਤਾਰਾ ਸਭ ਤੋਂ ਪਹਿਲਾਂ ਪੱਛਮੀ ਯੂਰੋਪ ਵਿੱਚ ਹੋਂਦ ਵਿੱਚ ਆਇਆ, ਜਿੱਥੇ ਜ਼ਿਆਦਾਤਰ ਕੌਮੀ ਰਾਜ ਹੋਂਦ ਵਿੱਚ ਆਏ। ਰੂਸੀ ਸਾਮਰਾਜ ਅਤੇ ਪੂਰਬੀ ਯੂਰੋਪ ਵਿੱਚ, ਜਿੱਥੇ ਕਈ ਕੌਮੀਅਤਾਂ ਇਸ ਜਾਂ ਉਸ ਸਾਮਰਾਜ ਦੇ ਮਾਤਹਿਤ ਹੋਇਆ ਕਰਦੀਆਂ ਸਨ, ਉੱਥੇ ਬਹੁ-ਕੌਮੀ ਰਾਜ ਹੋਂਦ ਵਿੱਚ ਆਏ। ਅੱਗੇ ਚੱਲ ਕੇ ਏਸ਼ੀਆ ਦੇ ਕਈ ਉੱਤਰ-ਬਸਤੀਵਾਦੀ ਸਮਾਜਾਂ ਵਿੱਚ ਵੀ (ਅਤੇ ਅਫ਼ਰੀਕਾ ਦੇ ਕੁਝ ਦੇਸ਼ਾਂ ਵਿੱਚ ਵੀ) ਬਹੁਕੌਮੀ ਰਾਜ ਹੋਂਦ ਵਿੱਚ ਆਏ। ਇੱਥੇ ਹੀ ਕੌਮਾਂ ਤੇ ਕੌਮੀਅਤਾਂ ਦੇ ਫ਼ਰਕ ਨੂੰ ਵੀ ਸਮਝ ਲੈਣਾ ਲਾਜ਼ਮੀ ਹੈ। ਪੂਰਵ-ਸਰਮਾਏਦਾਰਾ ਪ੍ਰਬੰਧਾਂ ਵਿੱਚ ਇੱਕ ਨਸਲੀ ਜਾਂ ਕਬਾਇਲੀ ਵਰਤਾਰੇ ਦੇ ਰੂਪ ਵਿੱਚ ਕੌਮੀਅਤ ਮੌਜੂਦ ਸੀ, ਜਿਸਦੀਆਂ ਪੰਜ ਬੁਨਿਆਦੀ ਵਿਸ਼ੇਸ਼ਤਾਵਾਂ ਸਨ: ਇੱਕ ਸਥਿਰ, ਨਿਰੰਤਰਤਾਪੂਰਨ ਭਾਈਚਾਰਾ, ਇੱਕ ਵਿਸ਼ੇਸ਼ ਭੂ-ਭਾਗ, ਆਰਥਿਕ ਸਹਿਚਾਰ, ਇੱਕ ਸਾਂਝੀ ਭਾਸ਼ਾ ਅਤੇ ਇੱਕ ਸਮੂਹਿਕ ਕਿਰਦਾਰ। ਇੱਕ ਵਿਸ਼ੇਸ਼ ਯੁੱਗ ਦੀਆਂ ਵਿਸ਼ੇਸ਼ ਇਤਿਹਾਸਕ ਹਾਲਤਾਂ ਵਿੱਚ, ਯਾਨੀ ਸਰਮਾਏਦਾਰਾ ਪੈਦਾਵਾਰੀ-ਸਬੰਧਾਂ ਦੇ ਪ੍ਰਭਾਵੀ ਹੋਣ ਅਤੇ ਜਗੀਰਦਾਰੀ ਵਿਰੁੱਧ ਉੱਭਰ ਰਹੀ ਸਰਮਾਏਦਾਰ ਜਮਾਤ ਦੇ ਘੋਲ਼ਾਂ ਦੌਰਾਨ, ਇਸਨੇ (ਕੌਮੀਅਤ ਨੇ) ‘ਕੌਮ’ ਦਾ ਸਕਾਰਾਤਮਕ ਸਿਆਸੀ ਰੂਪ ਗ੍ਰਹਿਣ ਕੀਤਾ। ਅੱਜ ਵੀ ਪੱਛੜੇ ਸਰਮਾਏਦਾਰਾ, ਬਹੁਕੌਮੀ ਦੇਸ਼ਾਂ ਵਿੱਚ, ਧੀਮੇ, ਅਸਾਵੇਂ ਸਰਮਾਏਦਾਰਾ ਵਿਕਾਸ ਦੇ ਸੁਭਾਵਿਕ ਨਤੀਜੇ ਕਰਕੇ, ਅਜਿਹੀਆਂ ਕੌਮੀਅਤਾਂ, ਨਸਲੀ ਕੌਮੀਅਤਾਂ ਅਤੇ ਉਪ-ਕੌਮੀਅਤਾਂ ਮੌਜੂਦ ਹਨ, ਜੋ ਸਿਆਸਤ ਅਤੇ ਆਰਥਿਕਤਾ ਦੀ ਮੁੱਖ ਧਾਰਾ ਤੋਂ ਬਾਹਰ ਹਾਸ਼ੀਏ ‘ਤੇ ਧੱਕ ਦਿੱਤੀਆਂ ਗਈਆਂ ਹਨ। ਅਸੀਂ ਭਾਰਤ ਦੀ ਉਦਾਹਰਣ ਲੈ ਸਕਦੇ ਹਾਂ ਜਿੱਥੇ ਤਾਮਿਲ, ਤੇਲਗੂ, ਕੰਨੜ, ਮਲਿਆਲੀ, ਬੰਗਾਲੀ, ਪੰਜਾਬੀ ਆਦਿ ਕਈ ਕੌਮਾਂ ਮੌਜੂਦ ਹਨ, ਇੱਕ ਵਿਸ਼ਾਲ ਹਿੰਦੀ ਸੂਬਾ ਹੈ ਜੋ ਇੱਕ ਸਮਅੰਗੀ ਕੌਮ ਹੋ ਕੇ ਕਈ ਸੰਘਣੇ ਸਹਿਚਾਰ ਅਤੇ ਭਾਸ਼ਾ-ਪਰਿਵਾਰੀ ਨੇੜਤਾ ਵਾਲ਼ੀਆਂ ਕੌਮੀਅਤਾਂ (ਭੋਜਪੁਰੀ, ਅਵਧੀ, ਹਰਿਆਣਵੀ, ਬ੍ਰਜ, ਬੱਜਿਕਾ, ਅੰਗਿਕਾ, ਖੜੀ ਬੋਲੀ, ਛੱਤੀਸਗੜ੍ਹੀ ਆਦਿ) ਦਾ ਅਜੀਬ ਸਮੁੱਚ ਹੈ ਅਤੇ ਇਹਨਾਂ ਸਭਨਾਂ ਨਾਲ਼, ਨਗਾ, ਕੁਕੀ, ਬੋੜੋ, ਮਣੀਪੁਰੀ ਆਦਿ-ਆਦਿ ਅਨੇਕ ਕੌਮੀਅਤਾਂ, ਨਸਲੀ ਕੌਮੀਅਤਾਂ ਅਤੇ ਉਪ-ਕੌਮੀਅਤਾਂ ਮੌਜੂਦ ਹਨ।

ਕਲਾਸਕੀ ਸਰਮਾਏਦਾਰਾ ਜਮਹੂਰੀ ਇਨਕਲਾਬਾਂ ਦੇ ਦੌਰਾਨ ਰੱਬ ਦੇ ਨੁਮਾਇੰਦਾ ਰਾਜਾ ਦੇ ਪ੍ਰਤੀ ਨਿਹਚੇ ਦੀ ਬਜਾਏ ਪੂਰੇ ਲੋਕ-ਸਮੂਹ ਦੀ ਕੌਮ ਪ੍ਰਤੀ ਨਿਹਚੇ, ਕੌਮੀ ਭਾਵਨਾ, ਕੌਮ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਸੱਤ੍ਹਾ ਆਦਿ ਦੇ ਨਾਅਰੇ ਦਿੰਦੇ ਸਮੇਂ ਕੌਮਵਾਦ ਦੀ ਨਿਸ਼ਚਿਤ ਹੀ ਇਤਿਹਾਸਕ ਤੌਰ ‘ਤੇ ਅਗਾਂਹਵਧੂ ਭੂਮਿਕਾ ਸੀ। ਪਰ ਯੂਰੋਪ-ਅਮਰੀਕਾ ਵਿੱਚ ਸਰਮਾਏਦਾਰੀ ਦੀ ਫੈਸਲਾਕੁੰਨ ਜਿੱਤ ਹੁੰਦੇ ਹੀ ਕੌਮੀ-ਰਾਜ ਆਪਣੀਆਂ ਮੰਡੀਆਂ ਦੇ ਵਿਸਥਾਰ ਅਤੇ ਬਸਤੀਆਂ ਦੀ ਲੁੱਟ-ਖੋਹ ਲਈ ਇੱਕ-ਦੂਜੇ ਨਾਲ਼ ਲੜਨ ਲੱਗੇ ਅਤੇ ਸਰਮਾਏਦਾਰ ਕੌਮਵਾਦ ਦੀ ਭਾਵਨਾ ਦੀ ਵਰਤੋਂ ਇੱਕ ਕੌਮ ਦੇ ਲੋਕਾਂ ਨੂੰ ਦੂਜੀ ਕੌਮ ਦੇ ਲੋਕਾਂ ਵਿਰੁੱਧ ਜੰਗ ਲਈ ਕਰਨ ਲੱਗੇ। ਸੰਸਾਰ ਦੇ ਸਰਮਾਏਦਾਰਾ ਭੂ-ਭਾਗ ਵਿੱਚ ਕੌਮਵਾਦ ਦੀ ਇਤਿਹਾਸਕ ਭੂਮਿਕਾ ਖ਼ਤਮ ਹੋਣ ਲੱਗੀ, ਭਾਵੇਂ ਕਿ ਉਸ ਸਮੇਂ ਵੀ ਯੂਰੋਪ ਵਿੱਚ ਕਈ ਪਸਿੱਤੀਆਂ ਜਾਂ ਅਧੀਨ ਕੌਮਾਂ ਕਿਸੇ ਵੱਡੀ ਕੌਮ ਵਿਰੁੱਧ ਮੁਕਤੀ ਲਈ ਲੜ ਰਹੀਆਂ ਸਨ। ਅਜਿਹੇ ਘੋਲ਼ ਲੋਕਾਂ ਦੇ ਕੌਮੀ ਮੁਕਤੀ ਘੋਲ਼ ਦੇ ਰੂਪ ਵਿੱਚ ਸਕਾਰਾਤਮਕ ਖਾਸਾ ਰੱਖਦੇ ਸਨ, ਦੂਜੇ ਪਾਸੇ ਅਜਿਹੇ ਘੋਲਾਂ ਦਾ ਜਾਂ ਤਾਂ ਕੋਈ ਭਵਿੱਖ ਨਹੀਂ ਸੀ ਜਾਂ ਫਿਰ ਬਾਹਰਮੁਖੀ ਤੌਰ ‘ਤੇ ਉਹਨਾਂ ਦਾ ਪੱਖ ਪੂਰੇ ਯੂਰੋਪੀ ਸਿਆਸੀ ਰੰਗਮੰਚ ‘ਤੇ ਇਤਿਹਾਸ ਦੀਆਂ ਪਿਛਾਖੜੀ ਤਾਕਤਾਂ ਦੇ ਨਾਲ਼ ਬਣਿਆ ਰਿਹਾ ਸੀ ਅਤੇ ਵਿਸ਼ਾਲ ਅਰਥ-ਸੰਦਰਭਾਂ ‘ਚ ਇਤਿਹਾਸਕ ਵਿਕਾਸ ਵਿੱਚ ਉਹਨਾਂ ਦੀ ਅੜਿੱਕਾਡਾਹੂ ਭੂਮਿਕਾ ਬਣ ਰਹੀ ਸੀ।    

ਇਹਨਾਂ ਹੀ ਗੁੰਝਲ਼ਦਾਰ ਤਬਦੀਲੀਗ੍ਰਸਤ ਹਾਲਤਾਂ ਅਤੇ ਜਮਾਤੀ ਤਾਕਤਾਂ ਦੇ ਬਹੁ-ਪੱਧਰੀ ਟਕਰਾਅ ਦੇ ਸੰਦਰਭ ਵਿੱਚ ਮਾਰਕਸ-ਏਂਗਲਜ਼ ਨੇ ਕੌਮ, ਕੌਮੀਅਤ ਅਤੇ ਕੌਮੀ ਮੁਕਤੀ ਦੇ ਸਵਾਲ ‘ਤੇ ਕਿਤੇ ਨਾ ਕਿਤੇ ਆਪਣੇ ਵਿਚਾਰ ਪੇਸ਼ ਕੀਤੇ ਸਨ, ਪਰ ਇਹ ਸਵਾਲ ਆਮ ਸੂਤਰੀਕਰਨ ਅਤੇ ਮਜ਼ਦੂਰ ਜਮਾਤ ਦੇ ਤੱਤ-ਸਬੰਧੀ ਫਰਜ਼ਾਂ ਦੀ ਪੇਸ਼ਕਾਰੀ ਦੀ ਨਜ਼ਰ ਤੋਂ ਕਦੇ ਉਹਨਾਂ ਦੇ ਏਜੰਡੇ ‘ਤੇ ਨਹੀਂ ਰਿਹਾ। ਕੌਮੀ ਸਵਾਲ ‘ਤੇ ਮਾਰਕਸਵਾਦੀ ਪੋਜੀਸ਼ਨ ਦੀ ਹੂ-ਬ-ਹੂ ਪੇਸ਼ਕਾਰੀ ਦੀ ਜ਼ਿੰਮੇਵਾਰੀ ਉਹਨਾਂ ਦੀ ਮਗਰਲੀ ਪੀੜ੍ਹੀ ਨ,ੇ ਬਾਲਸ਼ਵਿਕਾਂ ਦੀ ਪੀੜ੍ਹੀ ਨੇ ਨਿਭਾਈ, ਜਿਸ ਵਿੱਚ ਲੈਨਿਨ ਅਤੇ ਸਤਾਲਿਨ ਦੀ ਆਗੂ ਭੂਮਿਕਾ ਸੀ। ਇਸ ਸਵਾਲ ‘ਤੇ ਸਭ ਤੋਂ ਵੱਧ ਬੁਨਿਆਦੀ ਕਲਾਸਕੀ ਕਿਰਤ ਦੇ ਰੂਪ ਵਿੱਚ ਸਤਾਲਿਨ ਦੀ ਕਿਤਾਬ ‘ਮਾਰਕਸਵਾਦ ਅਤੇ ਕੌਮੀ ਸਵਾਲ’ (1913) ਅੱਜ ਵੀ ਬਿਨਾਂ ਕਿਸੇ ਵਿਵਾਦ ਤੋਂ ਮਾਨਤਾ ਪ੍ਰਾਪਤ ਹੈ। ਭਾਵੇਂ ਕਿ ਸਤਾਲਿਨ ਦੀ ਕਿਤਾਬ ਤੋਂ ਪਹਿਲਾਂ ਕੌਮੀ ਸਵਾਲ ‘ਤੇ ਮਾਰਕਸਵਾਦੀ ਪੋਜੀਸ਼ਨ ਨੂੰ ਸੂਤਰਬੱਧ ਕਰਨ ਦਾ ਇੱਕ ਮਹੱਤਵਪੂਰਨ ਯਤਨ ‘ਆਸਟ੍ਰੋ-ਮਾਰਕਸਿਜ਼ਮ’ ਦੀ ਧਾਰਾ ਦੇ ਮੂਹਰੈਲ ਨੁਮਾਇੰਦੇ ਓਟੋ ਬਾਉਏਰ ਨੇ ਵੀ 1907 ਵਿੱਚ ਆਪਣੀ ਪ੍ਰਸਿੱਧ ਕਿਤਾਬ ‘Die Nationalitatenfrage und die Sozialdemakratie’ ਵਿੱਚ ਕੀਤਾ ਸੀ। ਬਾਉਏਰ ਨੇ ਕੌਮੀ ਸਵਾਲ ਦੇ ਬੁਰਜੂਆ ਕਿਰਦਾਰ ਦੀ ਕਾਫੀ ਹੱਦ ਤੱਕ ਠੀਕ ਪੜਤਾਲ ਕੀਤੀ ਸੀ, ਪਰ ਉਹ ਅਤੇ ਉਹਦੇ ਸਮਾਜਵਾਦੀ ਸੰਗੀ ਆਸਟ੍ਰੋ-ਹੰਗਰੀ ਸਾਮਰਾਜ ਦੀ ਦੋਹਰੀ ਰਾਜ:ਪ੍ਰਣਾਲੀ ਵਿੱਚ ਕਾਇਆਪਲਟ ਹੈਬਸਬਰਗ ਸਾਮਰਾਜ ਦੀਆਂ ਸਾਰੀਆਂ ਹੋਰ ਕੌਮੀਅਤਾਂ ਦੇ ਜ਼ਬਰ ਦੀ ਸਮੱਸਿਆ ਦਾ ਹੱਲ ਉਹਨਾਂ ਕੌਮੀਅਤਾਂ ਦੀ ਸੰਪੂਰਣ ਸੱਭਿਆਚਾਰਕ ਖੁਦਮੁਖਤਿਆਰੀ ਦੀ ਪ੍ਰਵਾਨਗੀ ਦੇ ਰੂਪ ਵਿੱਚ ਪੇਸ਼ ਕਰਦੇ ਸਨ, ਜਦ ਕਿ ਸਤਾਲਿਨ ਨੇ ਸਮਾਜਵਾਦੀ ਅਤੇ ਟ੍ਰੇਡ ਯੂਨੀਅਨ ਲਹਿਰ ਵਿੱਚ ਵੱਖ-ਵੱਖ ਕੌਮੀ ਗੁੱਟਾਂ ਦੇ ਟਕਰਾਅ ਅਤੇ ਨਤੀਜਨ ਖਿੰਡਾਅ ਨੂੰ ਰੋਕਣ ਦੇ ਨੁਕਤੇ ਤੋਂ ਇਸਨੂੰ ਬਹੁਤ ਹੀ ਬੇਲੋੜਾ ਦੱਸਿਆ। ਇਸ ਸਵਾਲ ‘ਤੇ ਲੈਨਿਨ ਅਤੇ ਸਤਾਲਿਨ ਦੇ ਸੂਤਰੀਕਰਨਾਂ ਦੀ ਚਰਚਾ ਅੱਗੇ ਅਸੀਂ ਸੰਭਵ ਥਾਂ ‘ਤੇ ਕਰਾਂਗੇ। ਫਿਲਹਾਲ ਅਸੀਂ ਮਾਰਕਸ ਅਤੇ ਏਂਗਲਜ਼ ਦੇ ਇਤਿਹਾਸਕ ਕਾਲ ‘ਚ ਵਾਪਸ ਪਰਤਦੇ ਹਾਂ।

ਉੱਨੀਂਵੀਂ ਸਦੀ ਦੇ ਅੱਧ ਵਿੱਚ, ਆਪਣੇ ਚਿੰਤਨ-ਵਿਕਾਸ ਦੇ ਮੁੱਢਲੇ ਦੌਰ ਵਿੱਚ, ਮਾਰਕਸ ਅਤੇ ਏਂਗਲਜ਼ ਸੋਚਦੇ ਸਨ ਕਿ ਤੀਖਣ ਸਨਅਤੀ ਵਿਕਾਸ ਦੇ ਨਾਲ਼ ਵੇਲਸ਼ ਅਤੇ ਛੋਟੀਆਂ-ਛੋਟੀਆਂ ਸਲਾਵ ਜਾਤਾਂ ਵਰਗੀਆਂ ਬਹੁਤੀਆਂ ਕੌਮੀਅਤਾਂ ਲੁਪਤ ਹੋ ਜਾਣਗੀਆਂ ਅਤੇ ਅੱਗੇ ਚੱਲ ਕੇ ਸਮੁੱਚਾ ਸਰਮਾਏਦਾਰਾ ਯੂਰੋਪ ਇੱਕ ਆਰਥਿਕ ਸਮੁੱਚ ਵਿੱਚ ਕਾਇਆਪਲਟ ਹੋ ਜਾਵੇਗਾ, ਜਿਸ ਵਿੱਚ ਬੁਰਜੂਆ ਜਮਾਤ ਦੇ ਗੁੱਟਾਂ-ਧੜਿਆਂ ਦੇ ਤਾਂ ਆਪਣੇ ਵੱਖ-ਵੱਖ ਹਿੱਤ ਹੋਣਗੇ, ਪਰ ਮਜ਼ਦੂਰ ਜਮਾਤ ਅੰਦਰੋਂ ਕੌਮੀ ਬੋਧ ਖ਼ਤਮ ਹੋ ਜਾਵੇਗਾ (‘ਜਰਮਨ ਵਿਚਾਰਧਾਰਾ’, ਜਿਲਦ-1, ਭਾਗ-2 ਬ)। 1848-49 ਦੇ ਇਨਕਲਾਬਾਂ ਦੌਰਾਨ ਹੈਬਸਬਰਗ ਸਾਮਰਾਜ ਦੇ ਸਲਾਵ ਲੋਕ ਜਰਮਨ ਭਾਸ਼ੀ ਆਸਟ੍ਰਿਆਈ ਅਤੇ ਮਗਯਾਰ ਲੋਕਾਂ ਵਿਰੁੱਧ ਉੱਠ ਖੜ੍ਹੇ ਹੋਏ ਤਾਂ (ਸਦੀਆਂ ਤੋਂ ਜਰਮਨ ਜ਼ਬਰ ਦੇ ਸ਼ਿਕਾਰ ਚੈਕ ਲੋਕਾਂ ਦੇ ਦਲੇਰਾਨਾ ਘੋਲ਼ ਦੀ ਏਂਗਲਜ਼ ਦੁਆਰਾ ਸ਼ਲਾਘਾ ਦੇ ਬਾਵਜੂਦ) ਮਾਰਕਸ-ਏਂਗਲਜ਼ ਦਾ ਇਹ ਮੰਨਣਾ ਸੀ ਕਿ ਇਹ ਕੌਮੀ ਵਿਦਰੋਹ ਰੂੜ੍ਹੀਵਾਦ ਦੇ ਹੱਥਾਂ ਨੂੰ ਮਜ਼ਬੂਤ ਕਰੇਗਾ। ਇਸ ਪਿੱਛੇ ਇੱਕ ਮੁੱਖ ਕਾਰਣ ਇਹ ਵੀ ਸੀ ਕਿ ਵਿਦਰੋਹ ਦੇ ਕੁੱਝ ਆਗੂਆਂ ਦੇ ਸਰਵਸਲਾਵਵਾਦੀ ਵਿਚਾਰਾਂ ਦਾ ਵਜੂਦ ਸਮੋਇਆ ਭਾਵ ਰੂਸ ਦੀ ਹਮਾਇਤ ਸੀ ਜੋ ਉਲਟ-ਇਨਕਲਾਬ ਦਾ ਇੱਕ ਤਾਕਤਵਰ ਗੜ੍ਹ ਸੀ। ਅੱਗੇ ਜਾਕੇ, 1916 ਵਿੱਚ ਲੈਨਿਨ ਨੇ ਵੀ ਆਪਣੇ ਪ੍ਰਸਿੱਧ ਲੇਖ ‘ਸਮਾਜਵਾਦੀ ਇਨਕਲਾਬ ਅਤੇ ਕੌਮਾਂ ਦੇ ਆਪਾ-ਨਿਰਣੇ ਦਾ ਹੱਕ’ ਵਿੱਚ ਮਾਰਕਸ-ਏਂਗਲਜ਼ ਦੀ ਧਾਰਣਾ ਨੂੰ ਵਾਜਬ ਮੰਨਦੇ ਹੋਏ ਲਿਖਿਆ ਹੈ ਕਿ 1848 ਵਿੱਚ ਸਲਾਵ ਲੋਕਾਂ ਦਾ ਦਾਅਵਾ ਆਪਣੇ ਆਪ ਵਿੱਚ ਭਾਵੇਂ ਕਿੰਨਾ ਵੀ ਜਾਇਜ਼ ਹੋਵੇ, ਵਿਕਾਸ ਦੀਆਂ ਵਿਸ਼ਾਲ ਲੋੜਾਂ ਦੀ ਨਿਗਾਹ ਤੋਂ ਉਹਨਾਂ ਦੀ ਅਧੀਨਤਾ ਵਾਜਬ ਸੀ (ਸੰਪੂਰਣ ਰਚਨਾਵਾਂ, ਅੰਗਰੇਜ਼ੀ, ਜਿਲਦ-22, ਪੰਨਾ-149-50)। ਮਾਰਕਸ-ਏਂਗਲਜ਼ ਮੁਹਰੇ ਦੂਜਾ ਅਮਲੀ ਸਵਾਲ ਪੋਲੈਂਡ ਦਾ ਸੀ। ਪੋਲੈਂਡ ਦੀ ਅਜ਼ਾਦੀ ਲਾਜ਼ਮੀ ਹੀ ਜਾਰਸ਼ਾਹੀ ਨੂੰ ਕਮਜ਼ੋਰ ਕਰਦੀ ਅਤੇ ਜਰਮਨੀ ਅਤੇ ਰੂਸ ਵਿਚਾਲ਼ੇ ਇੱਕ ਅੜਿੱਕਾ ਪੈਦਾ ਕਰ ਦਿੰਦੀ, ਜਿਸ ਨਾਲ਼ ਜਰਮਨੀ ਦਾ ਨਿਰਵਿਘਨ ਵਿਕਾਸ ਸੌਖਾਲ਼ਾ ਹੋ ਜਾਂਦਾ। ਸ਼ੁਰੂ ਵਿੱਚ ਮਾਰਕਸ ਨੂੰ ਚਿੰਤਾ ਸੀ ਕਿ ਕੈਥੋਲਿਕ ਚਰਚ ਨਾਲ਼ ਗਠਜੋੜ ਕਰੀ ਬੈਠੇ ਭੂ-ਗ਼ੁਲਾਮ ਮਾਲਕ ਕੁਲੀਨਾਂ ਦੇ ਗ਼ੈਰ-ਜਿੰਮੇਦਾਰਾਨਾ ਰਵੱਈਏ ਕਾਰਣ ਪੋਲੈਂਡ ਦੀ ਕੌਮੀ ਅਜ਼ਾਦੀ ਟਿਕ ਨਹੀਂ ਸਕੇਗੀ। ‘ਕਮਿਊਨਿਸਟ ਐਲਾਨਨਾਮੇ’ ਦੇ ਅਖ਼ੀਰੀ ਭਾਗ ਵਿੱਚ ਉਸ ਅਗਾਂਹਵਧੂ ਹਿੱਸੇ ਦੀ ਹਮਾਇਤ ਕੀਤੀ ਗਈ ਹੈ, ਜਿਸਦਾ ਮੰਨਣਾ ਸੀ ਕਿ ਕੌਮੀ ਮੁਕਤੀ ਲਈ ਭੂ-ਇਨਕਲਾਬ ਇੱਕ ਲਾਜ਼ਮੀ ਸ਼ਰਤ ਹੈ। ਬਾਅਦ ਵਿੱਚ ਕਾਰਲ ਕਾਉਟਸਕੀ ਨੂੰ ਲਿਖੀ ਇੱਕ ਚਿੱਠੀ (7 ਫਰਵਰੀ, 1882) ਵਿੱਚ ਏਂਗਲਜ਼ ਨੇ ਇਹ ਸਪੱਸ਼ਟ ਵਿਚਾਰ ਰੱਖਿਆ ਸੀ ਕਿ ਕਿਸੇ ਵੀ ਤਰ੍ਹਾਂ ਦੇ ਸਮਾਜਿਕ ਵਿਕਾਸ ਲਈ ਪੌਲੈਂਡ ਦੀ ਕੌਮੀ ਮੁਕਤੀ ਸਭ ਤੋਂ ਪਹਿਲਾਂ ਲਾਜ਼ਮੀ ਹੈ, ਕੋਈ ਵੀ ਕੌਮ ਵਿਦੇਸ਼ੀ ਹਕੂਮਤ ਤੋਂ ਮੁਕਤੀ ਤੋਂ ਪਹਿਲਾਂ ਆਪਣਾ ਕੋਈ ਦੂਜਾ ਉਦੇਸ਼ ਤੈਅ ਨਹੀਂ ਕਰ ਸਕਦੀ ਅਤੇ ਕੌਮਾਂਤਰੀ ਮਜ਼ਦੂਰ ਲਹਿਰ ਦਾ ਵਿਕਾਸ ਕੇਵਲ ਅਜ਼ਾਦ ਲੋਕ-ਭਾਈਚਾਰਿਆਂ ਦੇ ਮਿਲਾਪ ਦੇ ਅਧਾਰ ‘ਤੇ ਹੀ ਸੰਭਵ ਹੋ ਸਕਦਾ ਹੈ। ਪੌਲੈਂਡ ਤੋਂ ਵੀ ਵੱਧ ਮਾਰਕਸ-ਏਂਗਲਜ਼ ਆਇਰਲੈਂਡ ਦੀ ਅਜ਼ਾਦੀ ਨੂੰ ਮਹੱਤਵਪੂਰਣ ਮੰਨਦੇ ਸਨ, ਅਜਿਹਾ ਇਸ ਲਈ ਨਹੀਂ ਕਿ ਉਹ ਆਇਰਸ਼ ਕੌਮਵਾਦ ਜਾਂ ਉਸਦੀ ਅਗਵਾਈ ਦੀ ਅਗਾਂਹਵਧੂ ਭੂਮਿਕਾ ਨੂੰ ਵਿਸ਼ੇਸ਼ ਮਹੱਤਵ ਦਿੰਦੇ ਸਨ, ਸਗੋਂ ਇਸ ਲਈ ਕਿ ਉਹ ਇਸਨੂੰ ਸਮੁੱਚੇ ਬ੍ਰਿਟਿਸ਼ ਟਾਪੂ ਦੇ ਵਿਕਾਸ ਲਈ ਲਾਜ਼ਮੀ ਮੰਨਦੇ ਸਨ।

ਮਾਰਕਸ ਦੀ ਮੁੱਢਲੀ ਧਾਰਣਾ ਦੇ ਉਲਟ “ਸੱਭਿਆ” ਕੌਮ ਇੱਕ ਆਰਥਿਕ ਸਮੁੱਚ ਵਿੱਚ ਕਾਇਆਪਲਟ ਨਹੀਂ ਹੋਈ ਅਤੇ ਕੌਮੀ-ਰਾਜ ਵੱਖ-ਵੱਖ ਦੇਸ਼ਾਂ ਦੇ ਸਰਮਾਏਦਾਰਾਂ ਦੇ ਮੁਕਾਬਲੇ ਉਹਨਾਂ ਦੇ ਹਿੱਤ ਪੂਰਣ ਦੇ ਪ੍ਰਮੁੱਖ ਸਿਆਸੀ ਸੰਦ ਬਣਕੇ ਉੱਭਰੇ। ਯੂਰੋਪ-ਅਮਰੀਕਾ ਵਿੱਚ ਸਰਮਾਏਦਾਰੀ ਯੁੱਗ ਦੀ ਫੈਸਲਾਕੁਨ ਜਿੱਤ ਹੁੰਦੇ ਹੀ ਕੌਮੀ-ਰਾਜ ਆਪਣੀਆਂ ਮੰਡੀਆਂ ਦੇ ਵਿਸਥਾਰ ਅਤੇ ਬਸਤੀਆਂ ਦੀ ਲੁੱਟ-ਖੋਹ ਲਈ ਇੱਕ ਦੂਜੇ ਨਾਲ਼ ਲੜਨ ਲੱਗੇ ਅਤੇ ਸਰਮਾਏਦਾਰ ਕੌਮਵਾਦ ਦੀ ਭਾਵਨਾ ਦੀ ਵਰਤੋਂ, ਇੱਕ ਕੌਮ ਦੇ ਲੋਕਾਂ ਨੂੰ ਦੂਜੀ ਕੌਮ ਦੇ ਲੋਕਾਂ ਵਿਰੁੱਧ ਜੰਗ ‘ਚ ਝੋਕਣ ਲਈ ਕਰਨ ਲੱਗੇ। ਸੰਸਾਰ ਦੇ ਸਰਮਾਏਦਾਰਾ ਭੂ-ਭਾਗ ਵਿੱਚ ਕੌਮਵਾਦ ਦੀ ਇਤਿਹਾਸਕ ਸਕਾਰਾਤਮਕ ਭੂਮਿਕਾ ਮੁੱਖ ਤੌਰ ‘ਤੇ ਖ਼ਤਮ ਹੋ ਗਈ। ਉਸੇ ਸਮੇਂ ਕੌਮੀ ਸਵਾਲ ਦਾ ਇੱਕ ਵਿਸਥਾਰਿਤ ਪੱਖ ਬਸਤੀਆਂ ਦੇ ਸਵਾਲ ਦੇ ਰੂਪ ਵਿੱਚ ਸਾਹਮਣੇ ਆਇਆ। ਮਾਰਕਸ-ਏਂਗਲਜ਼ ਨੇ ਬਸਤੀਆਂ ਬਣੇ ਸਮਾਜਾਂ ‘ਤੇ ਬਸਤੀਵਾਦ ਦੇ ਦੋਹਰੇ ਪ੍ਰਭਾਵ ਨੂੰ ਰੇਖਾਂਕਿਤ ਕੀਤਾ। ਇੱਕ ਪਾਸੇ ਉਹਨਾਂ ਨੇ ਬਸਤੀਆਂ ਦੀ ਲੁੱਟ-ਖੋਹ ਦੀ “ਸੱਭਿਆ” ਬਰਬਰਤਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਿਆ ਕੀਤੀ, ਦੂਜੇ ਪਾਸੇ ਉਹਨਾਂ ਨੇ ਦੱਸਿਆ ਕਿ ਬਸਤੀਵਾਦੀਆਂ ਦੀ ਇੱਛਾ ਤੋਂ ਅਜ਼ਾਦ, ਬਸਤੀਆਂ ਦੀ ਸਮਾਜਿਕ-ਆਰਥਿਕ ਬਣਤਰ ਦੇ ਅੰਦਰੋਂ ਸਰਮਾਏਦਾਰਾ ਵਿਕਾਸ ਦੀ ਇੱਕ ਨਵੀਂ ਗਤੀ ਜਨਮ ਲਵੇਗੀ, ਨਵੀਂਆਂ ਜਮਾਤਾਂ ਪੈਦਾ ਹੋਣਗੀਆਂ, ਬਸਤੀਵਾਦ-ਵਿਰੋਧੀ ਨਵੀਂ ਕੌਮੀ ਚੇਤਨਾ ਰੂਪ ਧਾਰੇਗੀ ਅਤੇ ਬਸਤੀਵਾਦ ਵਿਰੋਧੀ ਮੁਕਤੀ-ਘੋਲ਼ਾਂ ਦੀ ਨਵੀਂ ਭੋਇੰ ਤਿਆਰ ਹੋਵੇਗੀ। ਆਪਣੇ ਮਗਰਲੇ ਦੌਰ ਦੇ ਲੇਖਣ ਵਿੱਚ (ਖ਼ਾਸ ਕਰਕੇ ਭਾਰਤ ਦੀ ਉਦਾਹਰਣ ਨਾਲ਼) ਉਹਨਾਂ ਨੇ ਇਹ ਵਿਚਾਰ ਰੱਖਿਆ ਕਿ ਬਸਤੀਵਾਦੀ ਹਕੂਮਤ ਦੀ ਭੂਮਿਕਾ ਰਚਨਾਤਮਕ ਤੋਂ ਵੱਧ ਤਬਾਹਕੁਨ ਹੈ, ਕਿ ਬਸਤੀਵਾਦੀ ਹਕੂਮਤ ਨੇ ਬਸਤੀਆਂ ਦੇ ਸਮਾਜ-ਵਿਕਾਸ ਦੀ ਸੁਭਾਵਿਕ ਗਤੀ ਨੂੰ ਤਬਾਹ ਕਰ ਦਿੱਤਾ ਹੈ ਅਤੇ ਇਹ ਕਿ, ਬਸਤੀਆਂ ਦੀ ਸਮਾਜਿਕ-ਆਰਥਿਕ ਬਣਤਰ ਅੰਦਰੋਂ ਆਪ-ਮੁਹਾਰੇ ਢੰਗ ਨਾਲ਼ ਪਣਪਣ ਵਾਲ਼ੀ ਸਰਮਾਏਦਾਰੀ ਨੂੰ ਵੀ ਉਹ ਕਈ ਤਰ੍ਹਾਂ ਨਾਲ਼ ਰੋਕਦਾ, ਕੰਟਰੌਲ ਕਰਦਾ ਅਤੇ ਵਿਗਾੜਦਾ ਹੈ। ਮਾਰਕਸ-ਏਂਗਲਜ਼ ਨੇ ਬਸਤੀਆਂ ਦੇ ਟਕਰਾਉ-ਘੋਲ਼ਾਂ ਅਤੇ ਕੌਮੀ ਮੁਕਤੀ-ਘੋਲ਼ਾਂ ਦੀ ਪੁਰਜ਼ੋਰ ਹਮਾਇਤ ਕੀਤੀ ਅਤੇ ਯੂਰੋਪੀ ਮਜ਼ਦੂਰ ਜਮਾਤ ਨੂੰ ਵੀ ਸੱਦਾ ਦਿੱਤਾ ਕਿ ਉਹ ਕੌਮਵਾਦੀ ਸੰਕੀਰਣਤਾਵਾਂ ਤੋਂ ਅਜ਼ਾਦ ਹੋ ਕੇ ਬਸਤੀਆਂ ਦੇ ਮੁਕਤੀ-ਘੋਲ਼ਾਂ ਨੂੰ ਆਪਣੀ ਹਮਾਇਤ ਦੇਣ।

ਸਾਮਰਾਜਵਾਦ ਦੇ ਯੁੱਗ ਵਿੱਚ ਕੱਚੇ ਮਾਲ ਦੀ ਲੁੱਟ ਅਤੇ ਪੈਦਾਵਾਰਾਂ ਦੀ ਮੰਡੀ ਤੇ ਵਿੱਤ ਸਰਮਾਏ ਦੀ ਬਰਾਮਦ ਲਈ ਰਾਖਵੇਂ ਖੇਤਰਾਂ (ਬਸਤੀਆਂ) ਦੀ ਲੁੱਟ-ਖੋਹ ਆਪਣੇ ਸਿਖ਼ਰ ‘ਤੇ ਜਾ ਪਹੁੰਚੀ, ਜਿਸਦਾ ਨਤੀਜਾ ਤਬਾਹਕੁੰਨ ਪਹਿਲੀ ਸੰਸਾਰ ਜੰਗ (1914-1919) ਦੇ ਰੂਪ ਵਿੱਚ ਸਾਹਮਣੇ ਆਇਆ। ਲੈਨਿਨ ਨੇ ਉਸ ਸਮੇਂ ਇਹ ਸੂਤਰੀਕਰਨ ਪੇਸ਼ ਕੀਤਾ ਕਿ ਯੂਰੋਪੀ ਦੇਸ਼ਾਂ ਦੀ ਮਜ਼ਦੂਰ ਜਮਾਤ ਅਤੇ ਆਮ ਕਿਰਤੀਆਂ ਨੂੰ ਮੰਡੀ ਦੀ ਲੁੱਟ-ਖੋਹ ਦੀ ਇਸ ਖ਼ੂਨੀ ਲੜਾਈ ਵਿੱਚ ਆਪਣੇ-ਆਪਣੇ ਦੇਸ਼ਾਂ ਦੀ ਸਰਮਾਏਦਾਰ ਜਮਾਤ ਵੱਲੋਂ ਲੜਦੇ ਹੋਏ ਦੂਜੇ ਦੇਸ਼ਾਂ ਦੇ ਆਪਣੇ ਹੀ ਮਜ਼ਦੂਰ ਭਰਾਵਾਂ ਨੂੰ ਮਾਰਣ ਦਾ ਕੰਮ ਕਦੇ ਵੀ ਨਹੀਂ ਕਰਨਾ ਚਾਹੀਦਾ ਅਤੇ ਸਾਮਰਾਜਵਾਦੀ ਜਦ ਆਪਸੀ ਲੜਾਈ ਵਿੱਚ ਉਲ਼ਝੇ ਹੋਣ, ਤਾਂ ਇਸਦਾ ਲਾਹਾ ਲੈ ਕੇ ਆਮ ਬਗ਼ਾਵਤ ਦੇ ਰਾਹੀਂ ਸਮਾਜਵਾਦੀ ਇਨਕਲਾਬ ਕਰਨ ਦਾ ਯਤਨ ਕਰਨਾ ਚਾਹੀਦਾ ਹੈ। ਯੁੱਧ ਅਤੇ ਇਨਕਲਾਬ ਵਿਸ਼ੇਸ਼ਕ ਇਸੇ ਲੀਹ ‘ਤੇ ਅਮਲ ਕਰਦੇ ਹੋਏ ਰੂਸ ਵਿੱਚ ਬਾਲਸ਼ਵਿਕਾਂ ਨੇ ਅਕਤੂਬਰ ਇਨਕਲਾਬ ਨੂੰ ਸਿਰੇ ਚੜਾਇਆ ਜਦਕਿ ਅੰਨ-ੇਕੌਮਵਾਦ ਦੀ ਲਹਿਰ ਵਿੱਚ ਵਹਿ ਜਾਣ ਵਾਲ਼ੀਆਂ ਯੂਰੋਪੀ ਸਮਾਜਿਕ ਜਮਹੂਰੀ ਪਾਰਟੀਆਂ ਨਿਘਰਕੇ ਹੋ ਕੇ ਸਮਾਂ ਦੇ ਵਕਫੇ ਨਾਲ਼ ਬਰੁਜੂਆ ਸੰਸਦੀ ਪਾਰਟੀਆਂ ਦੀਆਂ ਭਾਈ-ਬੰਧੂ ਬਣ ਗਈਆਂ।

ਸਾਮਰਾਜਵਾਦ ਦੇ ਦੌਰ ਵਿੱਚ ਸੰਸਾਰ ਪੱਧਰ ‘ਤੇ ਸਰਮਾਇਆ ਇਕੱਤਰੀਕਰਨ ਦੀ ਪ੍ਰਕ੍ਰਿਆ ਨੇ ਇੱਕ ਅਜਿਹੇ ਸੰਸਾਰ ਸਰਮਾਏਦਾਰਾ ਪ੍ਰਬੰਧ ਨੂੰ ਜਨਮ ਦਿੱਤਾ ਸੀ, ਜਿਸਦੀ ਕਮਜ਼ੋਰ ਕੜੀ ਉਹ ਪਸਿੱਤੀਆਂ ਕੌਮਾਂ (ਬਸਤੀਆਂ, ਅਰਧਬਸਤੀਆਂ ਅਤੇ ਨਾਮਾਤਰ ਅਜ਼ਾਦੀ ਵਾਲ਼ੇ ਦੇਸ਼, ਜਿਹਨਾਂ ਨੂੰ ਅੱਗੇ ਜਾ ਕੇ ਨਵ-ਬਸਤੀਆਂ ਕਿਹਾ ਜਾਣ ਲੱਗਿਆ) ਸਨ, ਜੋ ਪੂਰਵ-ਸਰਮਾਏਦਾਰਾ ਹਾਲਤ ਵਿੱਚ ਸਨ, ਜਿਹਨਾਂ ਦੀਆਂ ਪੈਦਾਵਾਰੀ ਤਾਕਤਾਂ ਪਿਛੜੀਆਂ ਹੋਈਆਂ ਸਨ ਅਤੇ ਜਿੱਥੇ ਬਸਤੀਵਾਦ ਵਿਰੋਧੀ ਕੌਮੀ ਮੁਕਤੀ-ਜੰਗਾਂ ਜਾਰੀ ਸੀ। ਇਹਨਾਂ ਬਸਤੀਆਂ ਦੀ ਲੁੱਟ ਨਾਲ਼ ਪੱਛਮੀ ਸਾਮਰਾਜਵਾਦੀ ਆਪਣੇ ਦੇਸ਼ ਦੀ ਮਜ਼ਦੂਰ ਜਮਾਤ ਦੇ ਵੱਡੇ ਹਿੱਸੇ ਨੂੰ ਰਿਸ਼ਵਤ ਦੇ ਕੇ ਉਸਦੀ ਜਮਾਤੀ ਚੇਤਨਾ ਨੂੰ ਖੁੰਢਾ ਕਰ ਰਹੇ ਸਨ। ਇਨਕਲਾਬਾਂ ਦੇ ਤੂਫ਼ਾਨ ਦਾ ਕੇਂਦਰ ਪੱਛਮ ਤੋਂ ਰਿਸ਼ਕ ਕੇ ਪੂਰਬ ਵਿੱਚ ਆ ਚੁੱਕਿਆ ਸੀ, ਪਹਿਲਾ ਮਜ਼ਦੂਰ ਇਨਕਲਾਬ ਪੂਰਬ-ਪੱਛਮ ਹੱਦ ‘ਤੇ, ਯਾਨੀ ਰੂਸ ਵਿੱਚ ਹੋ ਚੁੱਕਿਆ ਸੀ ਅਤੇ ਬਸਤੀਆਂ ਵਿੱਚ ਕੌਮੀ ਮੁਕਤੀ-ਘੋਲ਼ਾਂ ਦੇ ਤੂਫ਼ਾਨ ਉੱਠ ਰਹੇ ਸਨ। ਇਹਨਾਂ ਹਾਲਤਾਂ ਵਿੱਚ ਲੈਨਿਨ ਦੀ ਅਗਵਾਈ ਵਿੱਚ ‘ਕਮਿਊਨਿਸਟ ਇੰਟਰਨੈਸ਼ਨਲ’ ਨੇ ਇਹ ਸੂਤਰੀਕਰਨ ਦਿੱਤਾ ਕਿ ਬਸਤੀਆਂ-ਅਰਧਬਸਤੀਆਂ ਅਤੇ ਪਿਛੜੇ ਦੇਸ਼ਾਂ ਵਿੱਚ ਜਾਰੀ ਕੌਮੀ ਜਮਹੂਰੀ ਇਨਕਲਾਬਾਂ ਦੇ ਘੋਲ਼ ਸੰਸਾਰ ਮਜ਼ਦੂਰ ਜਮਾਤ ਦੇ ਇਨਕਲਾਬ ਦੇ ਅਟੁੱਟ ਅੰਗ ਹਨ, ਕਿਉਂਕਿ ਸੰਸਾਰ ਸਰਮਾਏਦਾਰੀ ਦੀਆਂ ਇਹਨਾਂ ਕਮਜ਼ੋਰ ਕੜੀਆਂ ਦੇ ਟੁੱਟਣ ਬਾਅਦ ਸਾਮਰਾਜਵਾਦ ਦੇ ਕੇਂਦਰਾਂ ਵਿੱਚ ਸੰਕਟ ਵੀ ਡੂੰਘਾ ਹੋ ਜਾਵੇਗਾ ਅਤੇ ਜਮਾਤੀ ਘੋਲ਼ ਰੈਡੀਕਲ ਹੋ ਉੱਠੇਗਾ। ਬਸਤੀਆਂ ਦੇ ਕਮਿਊਨਿਸਟਾਂ ਦਾ ਇਹ ਜ਼ਿੰਮੇਵਾਰੀ ਲਾਈ ਗਈ ਕਿ ਉਹ ਦੇਸੀ ਬੁਰਜੂਆ ਜਮਾਤ ਦੇ ਰੈਡੀਕਲ ਸਾਮਰਾਜਵਾਦ ਵਿਰੋਧੀ ਹਿੱਸੇ ਦੇ ਨਾਲ਼ ਯੁੱਧਨੀਤਕ ਏਕਤਾ ਕਾਇਮ ਕਰਕੇ ਕੌਮੀ ਜਮਹੂਰੀ ਇਨਕਲਾਬ ਦੇ ਫ਼ਰਜ਼ ਨੂੰ ਪੂਰਾ ਕਰਨ ਅਤੇ ਕੌਮੀ ਲਹਿਰ ‘ਤੇ ਮਜ਼ਦੂਰ ਜਮਾਤ ਦਾ ਗਲਬਾ ਸਥਾਪਿਤ ਕਰਨ ਦਾ ਲਗਾਤਾਰ ਯਤਨ ਕਰਨ। ਜੇਕਰ ਕੌਮੀ ਜਮਹੂਰੀ ਇਨਕਲਾਬ ਦਾ ਕੰਮ ਮਜ਼ਦੂਰ ਜਮਾਤ ਦੀ ਅਗਵਾਈ ਵਿੱਚ ਪੂਰਾ ਹੋਵੇ ਤਾਂ ਇਨਕਲਾਬ ਨੂੰ ਲਗਾਤਾਰ ਜਾਰੀ ਰੱਖਦੇ ਹੋਏ ਬਿਨਾਂ ਦੇਰੀ ਕੀਤੇ ਸਮਾਜਵਾਦੀ ਇਨਕਲਾਬ ਦੀ ਸ਼ੁਰੂਆਤ ਕਰ ਦੇਣੀ ਹੋਵੇਗੀ। ਜੇਕਰ ਕੌਮੀ ਮੁਕਤੀ ਬੁਰਜੂਆ ਅਗਵਾਈ ਵਿੱਚ ਪ੍ਰਾਪਤ ਹੋਵੇ ਤਾਂ ਉਸ ‘ਤੇ ਭੂਮੀ ਇਨਕਲਾਬ ਦੇ ਜਮਹੂਰੀ ਕਾਰਜ ਨੂੰ ਰੈਡੀਕਲ ਢੰਗ ਨਾਲ਼ ਸਿਰੇ ਲਾਉਣ ਲਈ ਦਬਾਅ ਬਣਾਉਣ ਹੋਵੇਗਾ ਅਤੇ ਸਮਾਜਵਾਦੀ ਇਨਕਲਾਬ ਦੀਆਂ ਤਿਆਰੀਆਂ ਵਿੱਚ ਜੁੱਟ ਜਾਣਾ ਹੋਵੇਗਾ।

ਜਿਵੇਂ ਕਿ ਅਸੀਂ ਪਹਿਲਾਂ ਹੀ ਜ਼ਿਕਰ ਕੀਤਾ ਹੈ, ਬਸਤੀਵਾਦੀ ਸਵਾਲ ਕੌਮੀ ਸਵਾਲ ਦਾ ਇੱਕ ਵਿਸਥਾਰਿਤ ਪੱਖ ਸੀ। ਕੌਮੀ ਸਵਾਲ ਦਾ ਕੇਂਦਰੀ ਸਾਰਤੱਤ ਇਹ ਰਿਹਾ ਹੈ ਕਿ ਬਹੁਕੌਮੀ ਦੇਸ਼ਾਂ ਵਿੱਚ ਵੱਖ-ਵੱਖ ਕੌਮਾਂ-ਕੌਮੀਅਤਾਂ ਦੇ ਬਰਾਬਰੀ ‘ਤੇ ਅਧਾਰਿਤ ਰਿਸ਼ਤੇ ਦਾ ਅਧਾਰ ਕੀ ਹੋਵੇ! ਬਸਤੀਵਾਦੀ ਸੰਦਰਭਾਂ ਵਿੱਚ ਜਾਂ ਸਾਮਰਾਜਵਾਦੀ ਅਧੀਨਤਾ ਦੇ ਸੰਦਰਭ ਵਿੱਚ ਕੌਮੀ ਸਵਾਲ ਦੀ ਸੰਖੇਪ ਚਰਚਾ ਤੋਂ ਬਾਅਦ ਅਸੀਂ ਇਸ ਬੁਨਿਆਦੀ ਸਵਾਲ ‘ਤੇ ਵਾਪਸ ਪਰਤਦੇ ਹਾਂ। ਦੂਜੀ ਸੰਸਾਰ ਜੰਗ ਤੋਂ ਬਾਅਦ ਬਸਤੀਵਾਦ ਤੋਂ ਸਿਆਸੀ ਅਜ਼ਾਦੀ ਪ੍ਰਾਪਤ ਕਰਨ ਵਾਲ਼ੇ ਕਈ ਬਹੁਕੌਮੀ ਦੇਸ਼ ਹੋਂਦ ਵਿੱਚ ਆਏ, ਜਿਹਨਾਂ ਵਿੱਚ ਭਾਰਤ, ਪਾਕਿਸਤਾਨ, ਸ਼੍ਰੀਲੰਕਾ, ਇੰਡੋਨੇਸ਼ੀਆ, ਮਲੇਸ਼ੀਆ ਆਦਿ ਏਸ਼ਿਆਈ ਦੇਸ਼ਾਂ ਦੇ ਨਾਂ ਮੋਹਰੀ ਹਨ। ਪਰ ਉੱਨੀਂਵੀਂ ਸਦੀ ਦੇ ਪਿਛਲੇ ਅੱਧ ਅਤੇ ਵੀਹਵੀਂ ਸਦੀ ਦੇ ਪਹਿਲੇ ਅੱਧ ਵਿੱਚ ਅਜਿਹੇ ਦੇਸ਼ਾਂ ਦੇ ਨੁਮਾਇੰਦਾ ਉਦਾਹਰਣ ਵਜੋਂ ਜ਼ਾਰ ਵੇਲ਼ੇ ਰੂਸੀ ਸਾਮਰਾਜ (1917 ਤੋਂ ਬਾਅਦ ਸੋਵੀਅਤ ਸੰਘ) ਅਤੇ ਪੂਰਬੀ ਯੂਰੋਪ ਦੇ ਦੇਸ਼ਾਂ ਦੇ ਨਾਂ ਲਏ ਜਾ ਸਕਦੇ ਹਨ। ਪੱਛਮੀ ਯੂਰੋਪ ਵਿੱਚ ਇੰਗਲੈਂਡ ਵਿੱਚ ਆਇਰਸ਼ ਸਵਾਲ ਅਤੇ ਸਪੇਨ ਵਿੱਚ ਬਾਸਕ ਸਵਾਲ ਅੱਜ ਵੀ ਕੌਮੀ ਸਵਾਲ ਦੇ ਰੂਪ ਵਿੱਚ ਮੌਜੂਦ ਹਨ ਅਤੇ ਕਿਸੇ ਹੱਦ ਤੱਕ ਇਹ ਸਵਾਲ ਕੈਨੇਡਾ ਵਿੱਚ ਵੀ ਮੌਜੂਦ ਹੈ। ਕੌਮੀ ਸਵਾਲ ਦੇ ਮਾਰਕਸਵਾਦੀ ਹੱਲ ਦਾ ਮੁੱਦਾ ਇੱਕ ਜੀਵੰਤ ਮੁੱਦਾ ਅਮਲੀ ਸਵਾਲ ਦੇ ਰੂਪ ਵਿੱਚ ਰੂਸ ਵਿੱਚ ਬਾਲਸ਼ਵਿਕਾਂ ਦੇ ਮੂਹਰੇ ਹਾਜ਼ਰ ਹੋਇਆ ਅਤੇ ਇਸਦੇ ਹੂ-ਬ-ਹੂ ਸੂਤਰੀਕਰਨ ਦਾ ਯਤਨ ਸਾਨੂੰ ਸਭ ਤੋਂ ਪਹਿਲਾਂ ਸਤਾਲਿਨ ਦੀ ਕਿਰਤ ‘ਮਾਰਕਸਵਾਦ ਅਤੇ ਕੌਮੀ ਸਵਾਲ’ (1913) ਵਿੱਚ ਦੇਖਣ ਨੂੰ ਮਿਲ਼ਦਾ ਹੈ। ਇਸੇ ਸਮਝ ਨੂੰ ਲੈਨਿਨ ਦੀ ਰਚਨਾ ‘ਸਮਾਜਵਾਦੀ ਇਨਕਲਾਬ ਅਤੇ ਕੌਮਾਂ ਦੇ ਆਪਾਂ-ਨਿਰਣੇ ਦਾ ਹੱਕ’ (1916) ਹੋਰ ਵੱਧ ਠੋਸ ਅਤੇ ਸਪੱਸ਼ਟ ਬਣਾਉਂਦੀ ਹੈ।

ਰੂਸ ਵਿੱਚ 1905-07 ਦੇ ਇਨਕਲਾਬ ਦੀ ਅਸਫ਼ਲਤਾ ਤੋਂ ਬਾਅਦ ਅਤੇ ਖਾਸਕਰ ਸਨਅਤਾਂ ਦੇ ਤੀਖਣ ਪ੍ਰਸਾਰ ਦੇ ਨਾਲ਼, ਸਥਾਨਕ ਕੌਮੀ ਭਾਵਨਾਵਾਂ ਦੇ ਫੈਲਾਅ ਦੀ ਇੱਕ ਲਹਿਰ ਜਿਹੀ ਪੈਦਾ ਹੋਈ ਸੀ। ਇਸ ਲਹਿਰ ਨਾਲ਼ ਰੂਸੀ ਮਜ਼ਦੂਰ ਜਮਾਤ ਦੇ ਪ੍ਰਭਾਵਿਤ ਹੋਣ ਦਾ ਵੀ ਖ਼ਤਰਾ ਮੌਜੂਦ ਸੀ ਅਤੇ ਸਮਾਜਵਾਦੀਆਂ ਨੂੰ ਇਸ ਵੰਗਾਰ ਦਾ ਸਾਹਮਣਾ ਕਰਨਾ ਸੀ। ਘੱਟ-ਗਿਣਤੀ ਕੌਮਾਂ-ਕੌਮੀਅਤਾਂ ਦੇ ਕੌਮਵਾਦ ਦਾ ਸਾਹਮਣਾ ਉਦੋਂ ਕੀਤਾ ਜਾ ਸਕਦਾ ਸੀ ਜਦ ਸਮਾਜਵਾਦੀ ਉਹਨਾਂ ਨੂੰ ਆਪਾਂ ਦੇ ਪੂਰਨ ਹੱਕ ਦਾ ਵਾਅਦਾ ਕਰਦੇ। ਸਤਾਲਿਨ ਨੇ ਆਸਟ੍ਰੀਆਈ ਸਮਾਜਵਾਦੀ ਆਗੂਆਂ ਦੇ ਪ੍ਰੋਗਰਾਮ ਦੀ ਵਿਸਥਾਰੀ ਅਲੋਚਨਾ ਕਰਦੇ ਹੋਏ ਇਹ ਪ੍ਰਸਥਾਪਨਾ ਦਿੱਤੀ ਕਿ ਵੱਖ-ਵੱਖ ਕੌਮਾਂ-ਕੌਮੀਅਤਾਂ ਦੇ ਲੋਕਾਂ ਦੀਆਂ ਅਕਾਂਖਿਆਵਾਂ ਨੂੰ ਕੇਵਲ ਪੂਰੀ ਸੱਭਿਆਚਾਰਕ ਖੁਦਮੁਖਤਿਆਰੀ ਦੀ ਪ੍ਰਵਾਨਗੀ ਦੁਆਰਾ ਸੰਤੁਸ਼ਟ ਨਹੀਂ ਕੀਤਾ ਜਾ ਸਕਦਾ, ਕੇਵਲ ਇੰਨੇ ਨਾਲ਼ ਹੀ ਸਮਾਜਵਾਦੀ ਅਤੇ ਟ੍ਰੇਡ ਯੂਨੀਅਨ ਲਹਿਰਾਂ ਨੂੰ ਕੌਮੀ ਅਧਾਰ ‘ਤੇ ਟੁਕੜਿਆਂ ਵਿੱਚ ਟੁੱਟਣ ਤੇ ਉਹਨਾਂ ਟੁਕੜਿਆਂ ਵਿੱਚ ਆਪਸੀ ਟਕਰਾਅ ਨੂੰ ਰੋਕਿਆ ਨਹੀਂ ਜਾ ਸਕਦਾ। ਮਜ਼ਦੂਰ ਲਹਿਰ ਨੂੰ ਬਰਜੂਆ ਕੌਮਵਾਦੀ ਸੰਕ੍ਰੀਰਣਤਾ ਦਾ ਸ਼ਿਕਾਰ ਹੋਣ ਤੋਂ ਰੋਕਣ ਲਈ ਅਤੇ ਉਸਨੂੰ ਇੱਕਜੁਟ ਰੱਖਦੇ ਹੋਏ ਰੂਸ ਵਰਗੇ ਬਹੁਕੌਮੀ ਦੇਸ਼ ਦੀ ਰਾਜਸੱਤ੍ਹਾ ਦੇ ਖ਼ਿਲਾਫ਼ ਇਨਕਲਾਬ ਦੀ ਪ੍ਰਭਾਵੀ ਮੁਹਰੈਲ ਤਾਕਤ ਬਣਨ ਲਈ ਸਾਰੇ ਕੌਮਾਂ-ਕੌਮੀਅਤਾਂ ਦੇ ਲੋਕਾਂ ਨੂੰ (ਵੱਖ ਹੋਣ ਸਹਿਤ) ਆਪਾਂ-ਨਿਰਣੇ ਦਾ ਪੂਰਾ ਹੱਕ ਦੇਣਾ ਪਵੇਗਾ। ਪੋਲੈਂਡ ਦਾ ਸਵਾਲ ਰੂਸ ਅਤੇ ਪੋਲੈਂਡ ਦੇ ਕਮਿਊਨਿਸਟਾਂ ਮੁਹਰੇ ਇੱਕ ਮਹੱਤਵਪੂਰਣ ਸਵਾਲ ਸੀ। ਉੱਥੇ ਭੂ-ਮਾਲਕ ਕੁਲੀਨਾਂ ਦੇ ਮੁੱਢਲੇ ਵਿਦਰੋਹਾਂ ਦੇ ਖ਼ਾਤਮੇ ਤੋਂ ਬਾਅਦ ਉਹਨਾਂ ਦੀ ਥਾਂ ਜਾਰਸ਼ਾਹੀ ਤੋਂ ਅਜ਼ਾਦੀ ਦੀ ਅਕਾਂਖਿਆ ਵਾਲ਼ੀ ਨਵੀਂ ਲੋਕ ਵਿਦਰੋਹੀ ਕੌਮੀ ਲਹਿਰ ਲੈ ਚੁੱਕੀ ਸੀ। ਕੁਝ ਪੋਲਿਸ਼ ਸਮਾਜਵਾਦੀਆਂ (ਜਿਹਨਾਂ ਵਿੱਚ ਰੋਜ਼ਾ ਲੈਕਜ਼ਮਬਰਗ ਮੋਹਰੀ ਸੀ) ਦਾ ਮੰਨਣਾ ਸੀ ਕਿ ਪੋਲਿਸ਼ ਕੌਮਵਾਦ ਦੀ ਹਮਾਇਤ ਇੱਕ ਪਿਛਾਖੜੀ ਪੁਲਾਂਘ ਹੋਵੇਗਾ ਅਤੇ ਪੋਲਿਸ਼ ਤੇ ਰੂਸੀ ਮਜ਼ਦੂਰਾਂ ਦੀ ਏਕਤਾ ਬਣਾਉਣਾ ਮੁੱਖ ਇਨਕਲਾਬੀ ਕਾਰਜ ਹੋਣਾ ਚਾਹੀਦਾ ਹੈ। ਇਸ ਪੋਜੀਸ਼ਨ ਦੇ ਉਲਟ ਲੈਨਿਨ ਦਾ ਮੰਨਣਾ ਸੀ ਕਿ ਪੋਲੈਂਡ ਦੀ ਅਜ਼ਾਦੀ ਦੇ ਹੱਕ ਨੂੰ ਤਸਲੀਮ ਕੀਤੇ ਬਿਨਾਂ ਰੂਸੀ ਤੇ ਪੋਲਿਸ਼ ਕਿਰਤੀਆਂ ਦੀ ਏਕਤਾ ਦਾ ਸਿਹਤਮੰਦ ਅਧਾਰ ਤਿਆਰ ਨਹੀਂ ਹੋ ਸਕਦਾ। 1916 ਵਿੱਚ, ਪਹਿਲੀ ਸੰਸਾਰ ਜੰਗ ਦੌਰਾਨ, ਜਦ ਕੌਮਾਂ-ਕੌਮੀਅਤਾਂ ਦੇ ਆਪਾਂ-ਨਿਰਣੇ ਦੇ ਸਿਧਾਂਤ ਨੂੰ ਜ਼ਿਆਦਾਤਰ ਸਮਾਜਵਾਦੀ ਲਗਪਗ ਪ੍ਰਵਾਨ ਕਰਨ ਲੱਗੇ ਸਨ, ਲੈਨਿਨ ਨੇ ਇਸ ਗੱਲ ਨੂੰ ਜ਼ੋਰ ਦੇ ਕੇ ਦੁਹਰਾਇਆ ਕਿ ਸਮਾਜਵਾਦ ਦਾ ਉਦੇਸ਼ ਸਾਰੀਆਂ ਕੌਮਾਂ ਨੂੰ ਏਕਤਾਬੱਧ ਕਰਨਾ ਅਤੇ ਸਾਰੇ ਭਾਈਚਾਰਿਆਂ ਨੂੰ ਇੱਕ ਪਰਿਵਾਰ ਵਿੱਚ ਜਥੇਬੰਦ ਕਰ ਦੇਣਾ ਹੈ, ਪਰ ਇਹ ਕੰਮ ਜ਼ੋਰ ਨਾਲ਼ ਜਾਂ ਉੱਪਰੋਂ ਨਹੀਂ ਕੀਤਾ ਜਾ ਸਕਦਾ, ਇਸਦੇ ਲਈ ਸਭ ਤੋਂ ਪਹਿਲਾਂ ਜਰੂਰੀ ਇਹ ਹੋਵੇਗਾ ਕਿ ਹਰੇਕ ਨੂੰ ਆਪਣਾ ਖੁਦ ਦਾ ਰਾਹ ਚੁਣਨ ਦਾ ਮੌਕਾ ਦਿੱਤਾ ਜਾਵੇ ਕਿਉਂਕਿ ਬਰਾਬਰੀ ਦੇ ਅਧਾਰ ‘ਤੇ ਅਜ਼ਾਦ ਲੋਕਾਂ ਦੀ ਏਕਤਾ ਹੀ ਅਸਲ ਏਕਤਾ ਹੋ ਸਕਦੀ ਹੈ (ਸਮਾਜਵਾਦੀ ਇਨਕਲਾਬ ਅਤੇ ਕੌਮਾਂ ਦੇ ਆਪਾਂ-ਨਿਰਣੇ ਦਾ ਹੱਕ’, ਸੰਪੂਰਨ ਰਚਨਾਵਾਂ, ਜਿਲਦ-22, ਅੰਗਰੇਜ਼ੀ, ਮਾਸਕੋ, ਪੰਨਾ-146)।

ਇਸੇ ਮਾਨਤਾ ਦੇ ਅਧਾਰ ‘ਤੇ ਅਕਤੂਬਰ, 1917 ਤੋਂ ਬਾਅਦ ਸੋਵੀਅਤ ਗਣਰਾਜਾਂ ਦੇ ਸੰਘ ਦੇ ਰੂਪ ਵਿੱਚ ਸੋਵੀਅਤ ਸੰਘ ਦੀ ਸਥਾਪਨਾ ਹੋਈ ਜੋ ਇੱਕ ਬਹੁਕੌਮੀ ਮਜ਼ਦੂਰ ਜਮਾਤ ਦਾ ਰਾਜ ਸੀ। ਨਾ ਕੇਵਲ ਇੰਨਾ ਹੀ, ਸਗੋਂ ਹਰੇਕ ਨਸਲੀ ਉੱਪ-ਕੌਮੀਅਤ ਅਤੇ ਭਸ਼ਾਈ ਘੱਟ-ਗਿਣਤੀ ਭਾਈਚਾਰਿਆਂ ਤੱਕ ਨੂੰ ਵੀ ਵੰਨ-ਸੁਵੰਨੇ ਗਣਰਾਜਾਂ ਦੇ ਅੰਦਰ ਵੱਖ-ਵੱਖ ਰੂਪਾਂ ਵਿੱਚ ਸਿਆਸੀ-ਸੱਭਿਆਚਾਰਕ ਖੁਦਮੁਖਤਿਆਰੀ ਦੇਣ ਦਾ ਇੱਕ ਗੁੰਝਲ਼ਦਾਰ ਪ੍ਰਬੰਧ ਵੀ ਬਣਾਇਆ ਗਿਆ। ਕੌਮਾਂ-ਕੌਮੀਅਤਾਂ ਦੇ ਸਵੈ-ਉਸਾਰੀ ਦੇ ਹੱਕ ਦੇ ਅਸੂਲ ‘ਤੇ ਬਾਲਸ਼ਵਿਕ ਉਸ ਸਥਿਤੀ ਵਿੱਚ ਵੀ ਅਡਿੱਗ ਰਹੇ ਜਦ ਫਿਨਲੈਂਡ, ਬਾਲਟਿਕ ਸੂਬਾ ਅਤੇ ਪੋਲੈਂਡ ਟੁੱਟ ਕੇ ਵੱਖ ਹੋ ਗਏ ਭਾਵੇਂ ਅਤੀਤ ਦੇ ਟਕਰਾਵਾਂ ਅਤੇ ਤੁਅੱਸਬਾਂ ਦਾ ਇੱਕ ਝਟਕੇ ਨਾਲ਼ ਖ਼ਤਮ ਹੋਣਾ ਸੰਭਵ ਨਹੀਂ ਸੀ। ਸੋਹਲਵੀਂ ਪਾਰਟੀ ਕਾਂਗਰਸ ਵਿੱਚ ਪੇਸ਼ ਆਪਣੀ ਰਿਪੋਰਟ ਵਿੱਚ ਸਤਾਲਿਨ ਨੇ ਦੋ ਸਿਰਿਆਂ ਦੇ ਲੁਕੇ ਕੌਮਵਾਦੀ ਭਟਕਾਵਾਂ (ਇੱਕ ਪਾਸੇ “ਮਹਾਨ” ਰੂਸੀ ਹੰਕਾਰ ਅਤੇ ਦੂਜੇ ਪਾਸੇ ਖੇਤਰੀ ਬੇਗਾਨਾਪਣ) ਦੀ ਚਰਚਾ ਕੀਤੀ ਸੀ। ਪਰ ਸਮਾਜਵਾਦੀ ਸੰਕ੍ਰਮਣ ਦੇ ਪੂਰੇ ਦੌਰ ਵਿੱਚ ਕੌਮਾਂ-ਕੌਮੀਅਤਾਂ ਵਿਚਲੇ ਟਕਰਾਵਾਂ ਦੇ ਲੋਪ ਹੋਣ ਦੀ ਪ੍ਰਕ੍ਰਿਆ ਕੁੱਲ ਮਿਲਾ ਕੇ, ਸੋਵੀਅਤ ਸੰਘ ਵਿੱਚ ਲਗਾਤਾਰ ਅੱਗੇ ਵੱਧਦੀ ਰਹੀ। ਸਤਾਲਿਨ ਦੀ ਮੌਤ ਤੋਂ ਬਾਅਦ, ਖੁਰਸ਼ਚੇਵ ਦੀ ਅਗਵਾਈ ਵਿੱਚ ਸਰਮਾਏਦਾਰਾ ਮੁੜ-ਬਹਾਲੀ ਦੀ ਸ਼ੁਰੂਆਤ ਹੋਈ ਤਾਂ ਖੇਤਰੀ ਗ਼ੈਰ-ਬਰਾਬਰੀ ਦੇ ਵਜੂਦ-ਸਮੋਏ ਸਰਮਾਏਦਾਰਾ ਤਰਕ ਦੀ ਅੰਦਰੂਨੀ ਗਤੀ ਦੇ ਕਾਰਣ ਕੌਮਾਂ-ਕੌਮੀਅਤਾਂ ਦੇ ਟਕਰਾਅ ਅਤੇ ਘੱਟ-ਗਿਣਤੀ ਕੌਮੀਅਤਾਂ ਦੇ ਨਾਲ਼ ਭੇਦ-ਭਾਵ ਵਧਣ ਲੱਗੇ ਅਤੇ 1990 ਦੇ ਦਹਾਕੇ ਵਿੱਚ ਰਾਜਕੀ ਅਜਾਰੇਦਾਰ ਸਰਮਾਏਦਾਰਾ ਤੰਤਰ ਦੀ ਜਦ ਨਿੱਜੀ ਅਜਾਰੇਦਾਰ ਸਰਮਾਏਦਾਰੀ ਤੰਤਰ ਵਿੱਚ ਕਾਇਆਪਲਟੀ ਹੋ ਗਈ ਤਾਂ ਰੂਸੀ ਸਰਮਾਏਦਾਰਾਂ ਦੇ ਨਾਲ਼ ਸਾਰੇ ਕੌਮਾਂ-ਕੌਮੀਅਤਾਂ ਦੇ ਸਰਮਾਏਦਾਰਾਂ ਦੇ ਟਕਰਾ ਤੀਬਰ ਹੋ ਗਏ ਅਤੇ ਦੇਖਦੇ ਹੀ ਦੇਖਦੇ ਸੋਵੀਅਤ ਸੰਘ ਕਈ ਕੌਮਾਂ-ਕੌਮੀਅਤਾਂ ਵਿੱਚ ਟੁੱਟ ਗਿਆ।

ਹੁਣ ਸਾਰੀ ਚਰਚਾ ਨੂੰ ਅਸੀਂ ਸੂਤਰਬੱਧ ਕਰਕੇ ਸਮੇਟ ਸਕਦੇ ਹਾਂ। ਪਹਿਲੀ ਗੱਲ, ਮਾਰਕਸਵਾਦ ਕੌਮੀ ਸਵਾਲ ਨੂੰ ਕੇਵਲ ਸੱਭਿਆਚਾਰਕ ਪਛਾਣ ਦੇ ਸੰਕਟ ਦੇ ਰੂਪ ਵਿੱਚ ਨਹੀਂ ਦੇਖਦਾ ਅਤੇ ਉਸਦਾ ਹੱਲ ਕੇਵਲ ਸੱਭਿਆਚਾਰਕ ਖੁਦਮੁਖਤਿਆਰੀ, ਰਿਜ਼ਰਵੇਸ਼ਨ ਅਤੇ ਕੌਮੀਅਤ-ਵਿਸ਼ੇਸ਼ ਦੀ ਵਸੋਂ ਨੂੰ ਸਰਮਾਏ ਦੇ ਹੱਥੋਂ ਉਜੜਨ ਤੋਂ ਬਚਾਉਣ ਦੇ ਨਾਂ ‘ਤੇ ਵਿਕਾਸ ਦੀ ਇਤਿਹਾਸਕ ਗਤੀ ਤੋਂ ਤੋੜ ਕੇ ਉਸਨੂੰ ਸਮਾਜਿਕ-ਆਰਥਿਕ ਜੀਵਨ ਦੀਆਂ ਪਛੜੀਆਂ ਹਾਲਤਾਂ ਨਾਲ਼ ਬੰਨ੍ਹੀ ਰੱਖਣ ਦੇ ਰੂਪ ਵਿੱਚ ਨਹੀਂ ਦੇਖਦਾ, ਜਿਵੇਂ ਕਿ ਪਛਾਣ ਦੀ ਸਿਆਸਤ ਦੇ ਅਲੰਬੜਦਾਰ ਐਨਜੀਓ-ਪੰਥੀ ਕਰਦੇ ਹਨ। ਮਾਰਕਸਵਾਦ ਕੌਮੀ ਸਵਾਲ ਨੂੰ ਸਰਮਾਏਦਾਰਾ ਵਿਕਾਸ ਦੀ ਗਤੀ ਦੇ ਇੱਕ ਲਾਜ਼ਮੀ ਇਤਿਹਾਸਕ ਪ੍ਰਤੀਫਲ ਦੇ ਰੂਪ ਵਿੱਚ ਦੇਖਦਾ ਹੈ ਅਤੇ ਇਸਦਾ ਹੱਲ ਸਮਾਜਵਾਦ ਦੇ ਸੰਦਰਭ-ਚੌਖਟੇ ਦੇ ਤਹਿਤ ਪੇਸ਼ ਕਰਦਾ ਹੈ। ਮਾਰਕਸਵਾਦ ਕਿਸੇ ਬਹੁਕੌਮੀ ਦੇਸ਼ ਵਿੱਚ ਸਾਰੇ ਕੌਮਾਂ-ਕੌਮੀਅਤਾਂ ਦੇ ਅਪਾਂ-ਨਿਰਣੇ ਦੇ ਹੱਕ ਦੀ ਹਮਾਇਤ ਕਰਦਾ ਹੈ, ਜਿਸ ਵਿੱਚ ਵੱਖ ਹੋਣ ਦਾ ਹੱਕ ਵੀ ਸ਼ਾਮਲ ਹੈ। ਕੇਂਦਰੀ ਬੁਰਜੂਆ ਰਾਜਸੱਤਾ ਦੀ ਤਬਾਹੀ ਦੇ ਬਾਅਦ ਮਾਰਕਸਵਾਦ ਕੌਮਾਂ, ਕੌਮੀਅਤਾਂ, ਉਪ-ਕੌਮੀਅਤਾਂ, ਨਸਲੀ ਕੌਮੀਅਤਾਂ ਦੇ ਲਈ ਸਮਾਜਵਾਦੀ ਗਣਰਾਜਾਂ ਅਤੇ ਖੁਦਮੁਖਤਿਆਰ ਖੇਤਰਾਂ ਦੇ ਗਠਨ ਦਾ ਇੰਤਜ਼ਾਮ ਕਰਦਾ ਹੈ ਅਤੇ ਹਰ ਕੌਮ-ਕੌਮੀਅਤ ਦੇ ਲੋਕ-ਭਾਈਚਾਰੇ ਨੂੰ ਇਸ ਅਜ਼ਾਦ ਫੈਸਲੇ ਦੀ ਆਗਿਆ ਦਿੰਦਾ ਹੈ ਕਿ ਉਹ ਸਮਾਜਵਾਦੀ ਗਣਰਾਜਾਂ ਦੇ ਪ੍ਰਸਤਾਵਿਤ ਸੰਘ ਵਿੱਚ ਸ਼ਾਮਲ ਹੋਣ ਜਾਂ ਨਾ ਹੋਣ। ਇੱਥੇ ਇਸ ਗੱਲ ‘ਤੇ ਸਪੱਸ਼ਟ ਹੋ ਲੈਣਾ ਜਰੂਰੀ ਹੈ ਕਿ ਵੱਖ ਹੋਣਾ ਜੇਕਰ ਵਿਸ਼ਾਲ ਲੋਕ-ਭਾਈਚਾਰੇ ਦੀ ਮੰਗ ਨਾ ਹੋਵੇ ਅਤੇ ਬੁਰਜੂਆ ਜਾਂ ਨਿਮਨ-ਬੁਰਜੂਆ ਅਗਵਾਈ ਵਾਲ਼ੀ ਕਿਸੇ ਵੱਖਵਾਦੀ ਲਹਿਰ ਨੂੰ ਜੇਕਰ ਘੱਟ-ਗਿਣਤੀ ਵਸੋਂ ਦੀ ਹੀ ਹਮਾਇਤ ਪ੍ਰਾਪਤ ਹੋਵੇ ਤਾਂ ਇਸ ਮੰਗ ਨੂੰ ਇਨਕਲਾਬੀ ਮਜ਼ਦੂਰ ਜਮਾਤ ਦੀ ਅਗਵਾਈ ਪ੍ਰਵਾਨ ਨਹੀਂ ਕਰ ਸਕਦੀ, ਅਤੇ ਇਹੀ ਵਾਜਬ ਹੈ। ਦੂਜੀ ਗੱਲ, ਸਾਰੀਆਂ ਕੌਮਾਂ-ਕੌਮੀਅਤਾਂ ਦੇ ਵੱਖ ਹੋਣ ਸਹਿਤ ਸਵੈ-ਫੈਸਲੇ ਦੇ ਹੱਕ ਨੂੰ ਪ੍ਰਵਾਨ ਕਰਨ ਦੀ ਕਮਿਊਨਿਸਟ ਨੀਤੀ ਮਜ਼ਦੂਰ ਜਮਾਤ ਅਤੇ ਕਿਰਤੀ ਲੋਕਾਂ ਦੇ ਸੰਪੂਰਨ ਹਿੱਤਾਂ, ਅਤੇ ਸਮੁੱਚਤਾ ਵਿੱਚ ਜਮਾਤੀ ਘੋਲ਼ ਦੇ ਮਾਤਹਿਤ ਹੁੰਦੀ ਹੈ। ਮੰਨ ਲਉ ਕਿ ਕਿਸੇ ਘੱਟ-ਗਿਣਤੀ ਕੌਮੀਅਤ ਦੇ ਵੱਖ ਹੋਣ ਦੀ ਹਮਾਇਤ ਕੋਈ ਸਾਮਰਾਜਵਾਦੀ ਤਾਕਤ ਇੱਕ ਛੋਟੇ ਅਜ਼ਾਦ ਦੇਸ਼ ਨੂੰ ਮਜ਼ਦੂਰ ਇਨਕਲਾਬ ਜਾਂ ਕਿਸੇ ਸਮਾਜਵਾਦੀ ਦੇਸ਼ ਦੇ ਵਿਰੁੱਧ ਇੱਕ ਜੰਗੀ ਅੱਡਾ ਜਾਂ ਚੈਕਪੋਸਟ ਬਣਾਉਣ ਲਈ ਕਰ ਰਹੀ ਹੈ ਜਾਂ ਖਾਨਾਜੰਗੀ ਜਾਂ ਖੇਤਰੀ ਜੰਗ ਦੀਆਂ ਹਾਲਤਾਂ ਦਾ ਲਾਹਾ ਲੈ ਕੇ ਉਸ ਪੂਰੇ ਭੂ-ਭਾਗ ਦੇ ‘ਬਾਲਕੈਨਾਇਜੇਸ਼ਨ’ ਲਈ ਕਰ ਰਹੀ ਹੈ ਤਾਂ ਮਜ਼ਦੂਰ ਜਮਾਤ ਦੇ ਦੂਰਗਾਮੀ ਹਿੱਤਾਂ ਨੂੰ ਦੇਖਦੇ ਹੋਏ ਮਜ਼ਦੂਰ ਜਮਾਤ ਦੀ ਕੋਈ ਪਾਰਟੀ ਜਾਂ ਰਾਜਸੱਤ੍ਹਾ ਅਜਿਹੀ ਸਥਿਤੀ ਵਿੱਚ ਉਸ ਕੌਮ ਜਾਂ ਕੌਮੀਅਤ-ਵਿਸ਼ੇਸ਼ ਦੇ ਵੱਖ ਹੋਣ ਦੀ ਮੰਗ ਦੀ ਹਮਾਇਤ ਨਹੀਂ ਕਰੇਗੀ।

ਹੁਣ ਅਸੀਂ ਭਾਰਤ ਦੀਆਂ ਠੋਸ ਹਾਲਤਾਂ ਦੇ ਸੰਦਰਭ ਵਿੱਚ ਕੁੱਝ ਗੱਲਾਂ ਕਰ ਲਈਏ। ਵਰਤਮਾਨ ਭਾਰਤੀ ਰਾਜ ਇੱਕ ਬਹੁਕੌਮੀ ਰਾਜ ਹੈ, ਪਰ ਇਸਦੀ ਸਥਾਪਨਾ ਵੰਨ-ਸੁਵੰਨੀਆਂ ਕੌਮਾਂ-ਕੌਮੀਅਤਾਂ ਦੇ ਸਵੈ-ਇੱਛਿਤ ਸੰਘ ਦੇ ਰੂਪ ਵਿੱਚ ਨਹੀਂ ਹੋਈ ਹੈ। ਅਸਲ ਵਿੱਚ ਇਹ ਇੱਕ ਇਕਾਤਮਕ (ਯੁਨਿਟਰੀ) ਰਾਜ ਹੈ, ਜਿਸਦੇ ਉੱਪਰ ਸੰਘਾਤਮਕ (ਫੈਡਰਲ) ਰਾਜ ਦਾ ਮਖੌਟਾ ਚੜ੍ਹਾ ਦਿੱਤਾ ਗਿਆ ਹੈ। ਅਸਲ ਵਿੱਚ ਬਸਤੀਵਾਦੀ ਕਾਲ ਦੌਰਾਨ ਭਾਰਤੀ ਸਮਾਜ ਵਿੱਚ ਸਰਮਾਏਦਾਰਾ ਵਿਕਾਸ (ਜੋ ਭਾਵੇਂ ਕਿ ਸੀਮਿਤ ਅਤੇ ਰੁਕਿਆ ਸੀ ਅਤੇ ਮੁੱਖ ਤੌਰ ‘ਤੇ ਸਨਅਤੀ ਤੇ ਵਿੱਤੀ ਖੇਤਰ ਤੱਕ ਸੀਮਿਤ ਸੀ) ਅਤੇ ਬਸਤੀਵਾਦੀ ਸਮਾਜਿਕ-ਆਰਥਿਕ ਬਣਤਰ ਦੇ ਅੰਦਰੋਂ ਨਵੀਂਆਂ ਸਮਾਜਿਕ ਜਮਾਤਾਂ ਦੇ ਵਿਕਾਸ ਨਾਲ਼ ਇੱਕ ਦੋਹਰੀ ਕੌਮਵਾਦੀ ਚੇਤਨਾ ਵਿਕਸਿਤ ਹੋਈ। ਇੱਕ ਪੱਧਰ ਬ੍ਰਿਟਿਸ਼ ਸਾਮਰਾਜਵਾਦ-ਵਿਰੋਧੀ ਸਰਵਭਾਰਤੀ (ਪੈਨ-ਇੰਡੀਅਨ) ਕੌਮੀ ਭਾਵਨਾ ਦਾ ਸੀ ਅਤੇ ਦੂਜਾ ਉਹਨਾਂ ਖੇਤਰੀ ਕੌਮੀ ਭਾਵਨਾਵਾਂ ਦਾ ਸੀ, ਜੋ ਵੱਖ-ਵੱਖ ਕੌਮੀਅਤਾਂ ਦੇ ਕੌਮ ਦੇ ਰੂਪ ਵਿੱਚ ਵਿਕਸਤਿ ਹੋਣ ਦੇ ਨਾਲ਼ ਵਿਕਸਿਤ ਹੋਈਆਂ। ਜੋ ਕੌਮੀਅਤਾਂ ਕੌਮ ਦੇ ਰੂਪ ਵਿੱਚ ਵਿਕਸਿਤ ਨਾ ਹੋ ਸਕੀਆਂ, ਉਹਨਾਂ ਵਿੱਚ ਵੀ ਆਪਣੀ ਅਜ਼ਾਦ ਕੌਮੀ ਪਛਾਣ ਦੀਆਂ ਅਕਾਂਖਿਆਵਾਂ ਪੈਦਾ ਹੋਈਆਂ। ਬਸਤੀਵਾਦ-ਵਿਰੋਧੀ ਕੌਮੀ ਲਹਿਰ ਵਿੱਚ ਸਾਰੀਆਂ ਕੌਮਾਂ-ਕੌਮੀਅਤਾਂ ਦੇ ਲੋਕ ਅਤੇ ਆਗੂ ਸ਼ਾਮਲ ਸਨ ਅਤੇ ਉਹਨਾਂ ਦੀ ਲਗਪਗ ਸਾਂਝੀ ਸਮਝ ਇਹ ਸੀ ਕਿ ਅਜ਼ਾਦ ਭਾਰਤ ਦਾ ਢਾਂਚਾ ਸੰਘਾਤਮਕ ਹੋਵੇਗਾ, ਜਿਸ ਵਿੱਚ ਸਾਰੇ ਅੰਗਾਂ  ਨੂੰ ਸਵੈ-ਹਕੂਮਤ ਦੇ ਬੁਨਿਆਦੀ ਹੱਕ ਪ੍ਰਾਪਤ ਹੋਣਗੇ। ਇਹੀ ਨਹੀਂ, ਨਾਗਾ ਕੌਮੀਅਤ ਦੇ ਆਗੂਆਂ ਨੇ ਤਾਂ 1927-28 ਵਿੱਚ ਹੀ ਆਪਣੀ ਅਪਾਂ-ਨਿਰਣੇ ਦੇ ਹੱਕ ਦਾ ਮਸਲਾ ਉਠਾਇਆ ਸੀ। ਕਸ਼ਮੀਰੀ ਕੌਮ ਦੇ ਆਗੂਆਂ ਦੀ ਵੀ ਇਹੀ ਮੰਗ ਸੀ। ਅਜ਼ਾਦ ਭਾਰਤ ਦੀ ਸਰਕਾਰ ਨੇ ਉਹਨਾਂ ਨਾਲ਼ ਕਿਵੇਂ ਵਸਾਹਘਾਤ ਕੀਤਾ, ਕਿਸ ਤਰ੍ਹਾਂ ਅਪਾਂ-ਨਿਰਣੇ ਦੇ ਹੱਕ ਦੀ ਥਾਂ ਤਾਕਤ ਦੀ ਵਰਤੋਂ ਦਾ ਸਹਾਰਾ ਲਿਆ ਗਿਆ ਅਤੇ ਕਿਸ ਤਰ੍ਹਾਂ ਇਸ ਬੀਤੀ ਸਦੀ ਦੇ ਪੰਜਵੇਂ ਦਹਾਕੇ ਦੇ ਅੰਤ ਵਿੱਚ ਹੀ ਉੱਤਰ-ਪੂਰਬ ਅਤੇ ਕਸ਼ਮੀਰ ਸਮੱਸਿਆ ਦੀ ਬੁਨਿਆਦ ਟਿਕ ਚੁੱਕੀ ਸੀ, ਇਹ ਇਤਿਹਾਸ ਦੇ ਕੁਝ ਲੁਕਾਏ ਗਏ ਪੰਨੇ ਹਨ, ਜੋ ਅਲੱਗ ਤੋਂ ਚਰਚਾ ਦੀ ਮੰਗ ਕਰਦੇ ਹਨ। ਭਾਰਤ ਦੀ ਅਜਾਰੇਦਾਰ ਸਰਮਾਏਦਾਰ ਜਮਾਤ ਨੇ ਸੱਤ੍ਹਾ ਵਿੱਚ ਆਉਣ ਦੇ ਨਾਲ਼ ਹੀ ਆਪਣੇ ਉਸ ਵਾਅਦੇ ਨੂੰ ਕਿੱਲੀ ‘ਤੇ ਟੰਗ ਦਿੱਤਾ, ਜੋ ਉਸਦੀ ਸਿਆਸੀ ਪਾਰਟੀ ਕਾਂਗਰਸ ਨੇ 1942 ਵਿੱਚ ਇੱਕ ਪ੍ਰਸਤਾਵ ਪਾਸ ਕਰਕੇ ਕੌਮਾਂ ਤੇ ਕੌਮੀਅਤਾਂ ਨੂੰ ਸਵੈ-ਨਿਰਣੇ ਦਾ ਹੱਕ ਦੇਣ ਬਾਰੇ ਕਿਹਾ ਸੀ। ਮਨਮਰਜੀ ਨਾਲ਼ ਇਕਾਤਮਕ ਰਾਜ ਦਾ ਗਠਨ ਕੀਤਾ ਗਿਆ।

ਪੰਜਾਹ ਅਤੇ ਸੱਠ ਦੇ ਦਹਾਕੇ ਵਿੱਚ ਵੱਖ-ਵੱਖ ਖੇਤਰਾਂ ਦੇ ਲੋਕਾਂ ਨੇ ਭਾਸ਼ਾਵਾਰ ਸੂਬਿਆਂ ਦੇ ਗਠਨ, ਲਈ ਜੋ ਜੁਝਾਰੂ ਲਹਿਰ ਚਲਾਈ ਉਹ ਅਸਲ ਵਿੱਚ ਵੱਡੇ ਸਰਮਾਏਦਾਰਾਂ ਦੀ ਕੇਂਦਰੀ ਸੱਤ੍ਹਾ ਦੇ ਵਿਰੁੱਧ ਅਤੇ ਵੱਖ-ਵੱਖ ਕੌਮਾਂ-ਕੌਮੀਅਤਾਂ ਦੇ ਨਾਲ਼ ਉਹਨਾਂ ਦੇ ਵਸਾਹਘਾਤ ਦੇ ਵਿਰੁੱਧ ਵਿਸ਼ਾਲ ਲੋਕ ਰੋਹ ਦਾ ਪ੍ਰਗਟਾਅ ਸਨ। ਭਾਸ਼ਾਵਾਰ ਰਾਜਾਂ ਦਾ ਗਠਨ ਕਰਕੇ ਕੇਂਦਰ ਸਰਕਾਰ ਨੇ ਵੱਖ-ਵੱਖ ਕੌਮਾਂ-ਕੌਮੀਅਤਾਂ ਦੇ ਲੋਕਾਂ ਦੀਆਂ ਅਕਾਂਖਿਆਵਾਂ ਨੂੰ ਇੱਕ ਹੱਦ ਤੱਕ ਸੰਤੁਸ਼ਟ ਕਰਨ ਦਾ ਕੰਮ ਕੀਤਾ, ਪਰ ਇਹ ਵੀ ਲੋਕਾਂ ਦੀਆਂ ਅੱਖੀਂ ਘੱਟਾ ਪਾਉਣ ਦੇ ਤੁਲ ਸੀ ਕਿਉਂਕਿ ਨਵੇਂ ਬਣੇ ਰਾਜਾਂ ਨੂੰ ਆਪਾਂ-ਨਿਰਣੇ ਦਾ ਹੱਕ ਹਾਸਲ ਨਹੀਂ ਸੀ ਅਤੇ ਸਵੈ-ਹਕੂਮਤ ਦੇ ਸੰਵਿਧਾਨਿਕ ਹੱਕ ਦਾ ਵੀ ਰਾਜ ਸਰਕਾਰਾਂ ਕੋਲ ਨਾਮਾਤਰ ਹੱਕ ਸੀ। ਮੂਲ ਗੱਲ ਇਹ ਹੈ ਕਿ ਭਾਰਤ ਦੀ ਵੱਡੀ ਸਰਮਾਏਦਾਰ ਜਮਾਤ ਨੂੰ ਵਿਗੜੇ, ਭੱਦੇ ਅਤੇ ਬਹੁਤ ਹੀ ਧੀਮੀ ਗਤੀ ਦੀ ਸਰਮਾਏਦਾਰੀ ਕਾਇਆਪਲਟੀ ਦੇ ਜਿਸ ਰਾਹ ‘ਤੇ ਚੱਲਣਾ ਸੀ, ਉਸ ਵਿੱਚ ਖੁਦ ਸਾਮਰਾਜਵਾਦ ਦਾ ਜੂਨੀਅਰ ਪਾਰਟਨਰ ਬਣਣ ਦੇ ਨਾਲ਼ ਹੀ ਖੇਤਰੀ ਸਰਮਾਏਦਾਰ ਜਮਾਤ ਅਤੇ ਖੇਤੀ ਖੇਤਰ ਦੀ ਉੱਭਰ ਰਹੀ ਸਰਮਾਏਦਾਰ ਜਮਾਤ ਨੂੰ ਆਪਣਾ ਛੋਟਾ ਪਾਰਟਨਰ ਬਣਾਉਣਾ ਅਤੇ ਸੱਤਾ ਵਿੱਚ ਸ਼ਮੂਲੀਅਤ ਦੇਣਾ ਵੀ ਲਾਜ਼ਮੀ ਸੀ। ਵੱਖ-ਵੱਖ ਕੌਮਾਂ-ਕੌਮੀਅਤਾਂ ਦੇ ਖੇਤਰੀ ਸਰਮਾਏਦਾਰਾਂ ਨੂੰ ਕੇਂਦਰੀ ਬੁਰਜੂਆ ਸੱਤਾ ਦਾ ਛੋਟਾ ਪਾਰਟਨਰ ਅਤੇ ਸਮਾਜਿਕ ਓਟ ਬਣਾਉਣ ਲਈ ਸੱਤਾ ਦਾ ਕੇਂਦਰੀਕਰਨ ਜਿਸ ਹੱਦ ਤੱਕ ਜਰੂਰੀ ਸੀ, ਉਸੇ ਹੱਦ ਤੱਕ ਭਾਸ਼ਾਵਾਰ ਰਾਜਾਂ ਦਾ ਗਠਨ ਕਰਕੇ ਰਾਜ ਸਰਕਾਰਾਂ ਨੂੰ ਹੱਕ ਦਿੱਤੇ ਗਏ। ਅੱਜ ਵੀ ਵੱਖ-ਵੱਖ ਕੌਮਾਂ-ਕੌਮੀਅਤਾਂ ਦੀ ਅਲਹਿਦਾ ਹੋਂਦ, ਉਹਨਾਂ ਵਿਚਲੇ ਜ਼ਬਰੀ ਏਕੀਕਰਨ ਦਾ ਵਿਰੋਧ, ਉਹਨਾਂ ਦੀਆਂ ਆਪਣੀਆਂ ਸੱਭਿਆਚਾਰਕ ਅਕਾਂਖਿਆਵਾਂ ਅਤੇ ਵੱਡੇ ਸਰਮਾਏਦਾਰਾਂ ਦੀ ਕੇਂਦਰੀ ਸੱਤ੍ਹਾ ਦੇ ਨਾਲ਼ ਉਹਨਾਂ ਦੇ ਵਿਰੋਧ ਵੱਖ-ਵੱਖ ਰੂਪਾਂ ਵਿੱਚ ਕਾਇਮ ਹਨ, ਭਾਵੇਂ ਕਿ ਰਾਜ ਸਰਕਾਰਾਂ ਅਤੇ ਦਿੱਲੀ ਦੀ ਸਰਕਾਰ ਦੇ ਬੁਨਿਆਦੀ ਜਮਾਤੀ ਕਿਰਦਾਰ ਵਿੱਚ ਕੋਈ ਫ਼ਰਕ ਨਹੀਂ ਹੈ, ਦੋਵੇਂ ਇੱਕੋ ਜਿੰਨੀਆਂ ਪਿਛਾਖੜੀ ਹਨ।

ਅਸਾਵੇਂ ਵਿਕਾਸ ਦੀ ਗਤੀ ਸਰਮਾਏਦਾਰੀ ਦੀ ਸੁਭਾਵਿਕ ਗਤੀ ਹੁੰਦੀ ਹੈ। ਇਹ ਅਸਾਵੀਂ ਗਤੀ ਭਾਰਤੀ ਰਾਜ ਦੇ ਨਾਲ਼ ਪਿਛੜੇ ਹੋਏ ਕੌਮਾਂ-ਕੌਮੀਅਤਾਂ ਦੀਆਂ ਵਿਰੋਧਤਾਈਆਂ ਨੂੰ ਬਣਾਈ ਰੱਖਦੀ ਹੈ ਅਤੇ ਸਮੇਂ-ਸਮੇਂ ‘ਤੇ ਉਸਨੂੰ ਤਿੱਖਾ ਕਰਦੀ ਰਹਿੰਦੀ ਹੈ। ਸਰਮਾਏਦਾਰਾ ਵਿਕਾਸ ਦੀ ਇੱਕ ਹੀ ਗਤੀ ਦੇ ਦੋ ਸਿੱਟੇ ਅੱਜ ਸਾਡੇ ਸਾਹਮਣੇ ਹਨ। ਇੱਕ ਪਾਸੇ, ਸਰਮਾਏ ਨੇ ਸਮੁੱਚੇ ਭਾਰਤ ਵਿੱਚ ਆਪਣੇ ਸਮਾਜਿਕ ਅਧਾਰ ਪੈਦਾ ਕੀਤੇ ਹਨ, ਸਨਅਤੀਕਰਨ ਅਤੇ ਵਿੱਤੀ ਪ੍ਰਸਾਰ ਨੇ ਪੂਰੇ ਦੇਸ਼ ਦੇ ਲੋਕਾਂ ਨੂੰ ਇੱਕ ਦੂਜੇ ਦੇ ਨਾਲ਼ ਗੂੜ੍ਹੀ ਤਰ੍ਹਾਂ ਜੋੜ ਦਿੱਤਾ ਹੈ, ਲੋਕਾਂ ਦੀ ਗਤੀਸ਼ੀਲਤਾ ਵਧੀ ਹੈ ਅਤੇ ਪੂਰੇ ਦੇਸ਼ ਦੇ ਪੱਧਰ ‘ਤੇ ਧਰੁਵੀਕ੍ਰਿਤ ਜਮਾਤੀ ਘੋਲ਼ ਦੀ ਤਸਵੀਰ ਸਪੱਸ਼ਟ ਹੁੰਦੀ ਜਾ ਰਹੀ ਹੈ। ਦੂਜੇ ਪਾਸੇ ਖੇਤਰੀ ਅਸਾਵੇਂ ਵਿਕਾਸ ਦੇ ਕਰਕੇ ਅਤੇ ਦਿੱਲੀ ਦੀ ਸੱਤ੍ਹਾ ਦੇ ਏਕਾਤਮਕ ਨਿਰੰਕੁਸ਼ ਕਿਰਦਾਰ ਕਰਕੇ ਵੱਖ-ਵੱਖ ਕੌਮਾਂ-ਕੌਮੀਅਤਾਂ ਦੇ ਲੋਕਾਂ ਵਿੱਚ ਡੂੰਘੀ ਬੇਚੈਨੀ ਦੀ ਜ਼ਮੀਨ ਲਗਾਤਾਰ ਮੌਜੂਦ ਰਹੀ ਹੈ। ਸਰਮਾਏ ਦੀ ਪੈਂਠ ਨੇ ਵੱਖ-ਵੱਖ ਕੌਮਾਂ-ਕੌਮੀਅਤਾਂ ਦੇ ਅੰਦਰ ਦੀਆਂ ਕਈ ਉਪ-ਕੌਮੀਅਤਾਂ ਅਤੇ ਨਸਲੀ ਕੌਮੀਅਤਾਂ ਵਿੱਚ ਵੀ ਇੱਕ ਅਜਿਹੀ ਨਿਮਨ ਬਰੁਜੂਆ ਜਮਾਤ ਨੂੰ ਪੈਦਾ ਕੀਤਾ ਹੈ,  ਜੋ ਅਪਣੀ ਕੌਮੀਅਤ ਦੀ ਸ਼ਖ਼ਸ਼ੀਅਤ ਨੂੰ ਅਤੇ ਸੱਭਿਆਚਾਰਕ ਪਛਾਣ ਤੇ ਖੁਦਮੁਖਤਿਆਰੀ ਦੀਆਂ ਅਕਾਂਖਿਆਵਾਂ ਨੂੰ ਸੁਰ ਦੇਣ ਲੱਗੀ ਹੈ। ਜਿਹਨਾਂ ਪਛੜੇ ਖੇਤਰਾਂ ਵਿੱਚ ਖਣਿਜਾਂ ਲਈ ਅਤੇ ਕਾਰਖ਼ਾਨੇ ਲਗਾਉਣ ਲਈ ਸਰਮਾਏਦਾਰ ਮੂਲ ਵਾਸੀਆਂ ਨੂੰ ਉਹਨਾਂ ਦੀ ਥਾਂ-ਜਮੀਨ ਤੋਂ ਬੇਰਹਿਮੀ ਨਾਲ਼ ਉਜਾੜ ਰਹੇ ਹਨ, ਉੱਥੇ ਲਗਪਗ ਜਮਾਤੀ ਘੋਲ਼ ਦੀ ਸਹੀ ਇਨਕਲਾਬੀ ਸਿਆਸਤ ਦਾ ਅਧਾਰ ਕਮਜ਼ੋਰ ਹੈ, ਜਿਸਦੇ ਕਾਰਣ ਅਜਿਹੇ ਖੇਤਰਾਂ ਵਿੱਚ ਕਿਰਤ ਅਤੇ ਸਰਮਾਏ ਵਿਚਲਾ ਘੋਲ਼ ਨਸਲੀ ਪਛਾਣ ਅਤੇ ਸੱਭਿਆਚਾਰਕ ਅਕਾਂਖਿਆਵਾਂ ਦੀ ਸੁਰੱਖਿਆ ਦਾ ਘੋਲ਼ ਬਣਦਾ ਜਾ ਰਿਹਾ ਹੈ। ਜਮਾਤੀ ਘੋਲ਼ ਦੀ ਸਿਆਸਤ ਦੇ ਇਸ ਵਿਗਾੜ ਦਾ ਪੂਰਾ ਫਾਇਦਾ ਪਛਾਣ ਦੀ ਸਿਆਸਤ ਦੇ ਚੌਂਕੀਦਾਰ ਐਨਜੀਓ-ਪੰਥੀ ਨਕਲੀ ਖੱਬੇਪੱਖੀ ਲੈ ਰਹੇ ਹਨ ਅਤੇ ਨਾ ਕੇਵਲ ਫਾਇਦਾ ਉਠਾ ਰਹੇ ਹਨ, ਸਗੋਂ ਇਸ ਪ੍ਰਵ੍ਰਿਤੀ ਨੂੰ ਠੋਕ ਕੇ ਹੁਲਾਰਾ ਦੇ ਰਹੇ ਹਨ।

ਜੰਮੂ-ਕਸ਼ਮੀਰ ਅਤੇ ਉੱਤਰ-ਪੂਰਬ ਦੀਆਂ ਕੌਮਾਂ-ਕੌਮੀਅਤਾਂ ਦੀ ਹਾਲਤ ਬਾਕੀ ਦੇਸ਼ ਤੋਂ ਬਹੁਤ ਵੱਖਰੀ ਹੈ। ਜੰਮੂ-ਕਸ਼ਮੀਰ ਅਤੇ ਉੱਤਰ-ਪੂਰਬ ਨੂੰ ਧੋਖੇ ਅਤੇ ਛਲ ਦੇ ਸਹਾਰੇ, ਜ਼ਬਰੀ ਭਾਰਤੀ ਸਰਮਾਏਦਾਰ ਜਮਾਤ ਨੇ ਭਾਰਤੀ ਸੰਘ ਵਿੱਚ ਸ਼ਾਮਲ ਕੀਤਾ। ਇਹਨਾਂ ਇਲਾਕਿਆਂ ਦੀ ਲਗਾਤਾਰ ਅਣਦੇਖੀ ਕੀਤੀ ਗਈ, ਇੱਥੋਂ ਦੀ ਅਮੁੱਕ ਕੁਦਰਤੀ ਜਾਇਦਾਦ ਦੀ ਬੇਰੋਕ ਲੁੱਟ ਜਾਰੀ ਰਹੀ ਅਤੇ ਨੌਕਰਸ਼ਾਹੀ-ਲੀਡਰਾਸ਼ਾਹੀ ਅਤੇ ਠੇਕੇਦਾਰਾਂ-ਦਲਾਲਾਂ ਦੇ ਭ੍ਰਿਸ਼ਟਾਚਾਰ ਤੋਂ ਲੋਕ ਡਰੇ ਰਹੇ। ਦਹਾਕਿਆਂ ਤੋਂ ਇਹਨਾਂ ਖੇਤਰਾਂ ਵਿੱਚ ‘ਅਫਸਪਾ’ (ਹਥਿਆਰਬੰਦ ਬਲ ਵਿਸ਼ੇਸ਼ ਤਾਕਤ ਐਕਟ) ਦੇ ਤਹਿਤ ਇੱਕ ਕਿਸਮ ਦੀ ਬਰਬਰ ਅੱਤਿਆਚਾਰੀ ਫੌਜੀ ਹਕੂਮਤ ਲਾਗੂ ਹੈ ਅਤੇ ਸ਼ਹਿਰੀ ਹਕੂਮਤ ਦਾ ਅਸਲ ਵਿੱਚ ਕੋਈ ਮਤਲਬ ਨਹੀਂ ਹੈ। ਲੋਕਾਂ ਦੇ ਸੰਵਿਧਾਨਿਕ ਸ਼ਹਿਰੀ ਹੱਕਾਂ ਦਾ ਕੋਈ ਮਤਲਬ ਨਹੀਂ ਹੈ। ਇਸ ਹਾਲਤ ਕਰਕੇ ਇਹਨਾਂ ਖੇਤਰਾਂ ਦੇ ਲੋਕਾਂ ਦੀ ਬੇਗਾਨਗੀ ਲਗਾਤਾਰ ਵਧਦੀ  ਗਈ ਅਤੇ ਲਗਾਤਾਰ ਫ਼ੌਜੀ ਜ਼ਬਰ ਦੇ ਬਾਵਜੂਦ ਕੇਂਦਰੀ ਸੱਤ੍ਹਾ ਲੋਕ-ਵਿਦਰੋਹਾਂ ਅਤੇ ਹਥਿਆਰਬੰਦ ਘੋਲ਼ਾਂ ਨੂੰ ਦਬਾਉਣ ਵਿੱਚ ਅਸਫ਼ਲ ਰਹੀ ਹੈ। ਹਥਿਆਰਬੰਦ ਲਹਿਰ ਦੀ ਇੱਕ ਧਾਰਾ ਦੀ ਬੁਰਜੂਆ-ਨਿਮਨ ਬੁਰਜੂਆ ਅਗਵਾਈ ਜੇਕਰ ਕੇਂਦਰੀ ਸੱਤ੍ਹਾ ਦੇ ਨਾਲ਼ ਸਮਝੌਤਾ ਕਰਕੇ ਬੁਰਜੂਆ ਸਿਆਸਤ ਦੀ ਮੁੱਖ ਧਾਰਾ ਵਿੱਚ ਸ਼ਾਮਲ ਹੁੰਦੀ ਹੈ, ਤਾਂ ਨਵੀਂ ਅਗਵਾਈ ਦੇ ਨਾਲ਼ ਹਥਿਆਬੰਦ ਘੋਲ਼ ਚਲਾਉਣ ਵਾਲ਼ੀਆਂ ਦੂਜੀਆਂ ਜਥੇਬੰਦੀਆਂ ਉਹਦੀ ਥਾਂ ਲੈ ਲੈਂਦੀਆਂ ਹਨ।

ਇੱਕ ਸਹੀ ਕਮਿਊਨਿਸਟ ਇਨਕਲਾਬੀ ਨਜ਼ਰੀਆ ਉੱਤਰ-ਪੂਰਬ ਅਤੇ ਕਸ਼ਮੀਰ ਦੇ ਲੋਕਾਂ ਦੇ ਵੱਖ ਹੋਣ ਸਹਿਤ ਆਪਾਂ-ਨਿਰਣੇ ਦੇ ਹੱਕ ਦੀ ਖੁੱਲ੍ਹੀ ਹਮਾਇਤ ਕਰਦਾ ਹੈ। ਉਹ ਭਾਰਤ ਦੀਆਂ ਸਾਰੀਆਂ ਕੌਮਾਂ-ਕੌਮੀਅਤਾਂ ਦੇ ਆਪਾਂ-ਨਿਰਣੇ ਦੇ ਹੱਕ ਦੀ ਹਮਾਇਤ ਕਰਦਾ ਹੈ ਅਤੇ ਅੰਨੇਕੌਮਵਾਦ ਤੇ ਅੰਦਰੂਨੀ ਬਸਤੀਵਾਦ ਦੇ ਹਰ ਰੂਪ ਦਾ ਖੁੱਲ੍ਹਾ ਵਿਰੋਧ ਕਰਦਾ ਹੈ। ਇੱਕ ਸਹੀ ਕਮਿਊਨਿਸਟ ਇਨਕਲਾਬੀ ਨਜ਼ਰੀਆ ਪਸਿੱਤੇ ਕੌਮਾਂ-ਕੌਮੀਅਤਾਂ ਦੇ ਲੋਕਾਂ ਨੂੰ ਲਗਾਤਾਰ ਪ੍ਰਚਾਰ ਰਾਹੀਂ ਇਹ ਸਮਝਾਉਣ ਦਾ ਯਤਨ ਕਰਦਾ ਹੈ ਕਿ ਕਿਸੇ ਵੀ ਬੁਰਜੂਆ ਜਮਹੂਰੀ ਗਣਰਾਜ ਦੇ ਢਾਂਚੇ ਵਿੱਚ ਅੱਜ ਦੇ ਸੰਸਾਰ ਵਿੱਚ ਅਸਲੀ ਸੰਘਾਤਮਕਤਾ ਜਾਂ ਕੌਮੀ ਸਵਾਲ ਦਾ ਅਸਲੀ ਹੱਲ ਸੰਭਵ ਨਹੀਂ ਰਹਿ ਗਿਆ ਹੈ। ਸਿਰਫ ਸਮਾਜਵਾਦ ਹੀ ਸਾਰੀਆਂ ਕੌਮਾਂ-ਕੌਮੀਅਤਾਂ ਨੂੰ ਵੱਖ ਹੋਣ ਸਹਿਤ ਆਪਾਂ-ਨਿਰਣੇ ਦਾ ਹੱਕ ਦੇ ਸਕਦਾ ਹੈ ਅਤੇ ਸਿਰਫ ਸਮਾਜਵਾਦੀ ਗਣਰਾਜਾਂ ਦਾ ਸੰਘ ਹੀ ਸੱਚੀ ਬਰਾਬਰੀ ‘ਤੇ ਅਧਾਰਿਤ ਇੱਕ ਅਜਿਹਾ ਸੰਘਾਤਮਕ ਢਾਂਚਾ ਹੋ ਸਕਦਾ ਹੈ, ਜਿਸ ਵਿੱਚ ਸਾਰੀਆਂ ਕੌਮਾਂ-ਕੌਮੀਅਤਾਂ ਦੇ ਆਮ ਲੋਕ-ਭਾਈਚਾਰੇ ਨੂੰ ਅਸਲ ਵਿੱਚ ਸਵੈ-ਹਕੂਮਤ ਦਾ ਹੱਕ ਅਤੇ ਆਪਣੀਆਂ ਸੱਭਿਆਚਾਰਕ ਅਕਾਂਖਿਆਵਾਂ ਦੀ ਪੂਰਤੀ ਅਤੇ ਸੱਭਿਆਚਾਰਕ ਪਛਾਣ ਦੀ ਸੁਰੱਖਿਆ ਦੀ ਗਰੰਟੀ ਹਾਸਲ ਹੋ ਸਕਦੀ ਹੈ।

“ਪਰ੍ਤੀਬੱਧ”, ਅੰਕ 25, ਜੂਨ 2015 ਵਿਚ ਪਰ੍ਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s