ਪਾਰਟੀ -ਜਾਰਜ ਥਾਮਸਨ

party(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

 (ਕਮਿਊਨਿਸਟ ਮਜ਼ਦੂਰ ਜਮਾਤ ਦੇ ਫੌਰੀ ਨਿਸ਼ਾਨਿਆਂ ਦੀ ਪ੍ਰਾਪਤੀ ਲਈ, ਵਕਤੀ ਹਿਤਾਂ ਨੂੰ ਪੂਰਿਆਂ ਕਰਵਾਉਣ ਲਈ ਸੰਘਰਸ਼ ਕਰਦੇ ਹਨ; ਪਰ ਵਰਤਮਾਨ ਲਹਿਰ ਦੇ ਨਾਲ ਹੀ ਉਹ ਲਹਿਰ ਦੇ ਭਵਿੱਖ ਦੀ ਪ੍ਰਤੀਨਿਧਤਾ ਵੀ ਕਰਦੇ ਹਨ ਤੇ ਉਸਦਾ ਖਿਆਲ ਰੱਖਦੇ ਹਨ। -ਕਮਿਊਨਿਸਟ ਮੈਨੀਫੈਸਟੋ)

1. ਪੈਰਿਸ ਕਮਿਊਨ ਦੇ ਸਬਕ

18 ਮਾਰਚ, 1871 ਨੂੰ ਜਦੋਂ ਫਰਾਂਸਿਸੀ ਬੁਰਜੂਆਜ਼ੀ ਨੇ ਪ੍ਰਸ਼ੀਅਨ ਧਾੜਵੀਆਂ ਖਿਲਾਫ਼ ਮਜ਼ਦੂਰ ਜਮਾਤ ਦੀ ਹਮਾਇਤ ਲੈ ਕੇ ਲੜਨ ਦੀ ਥਾਂ ਗੋਡੇ ਟੇਕ ਦਿੱਤੇ ਤਾਂ ਪੈਰਿਸ ਦੇ ਮਜ਼ਦੂਰਾਂ ਨੇ ਬਗਾਵਤ ਕਰ ਦਿੱਤੀ ਅਤੇ ਸੱਤ੍ਹਾ ‘ਤੇ ਕਬਜ਼ਾ ਕਰ ਲਿਆ। ਬੁਰਜੂਆ ਪਾਰਲੀਮੈਂਟ ਦੀ ਥਾਂ ਉਹਨਾਂ ਨੇ ਕਮਿਊਨ ਦੀ ਸਥਾਪਨਾ ਕੀਤੀ ਜਿਸ ਕੋਲ ਕਾਰਜਕਾਰੀ ਤੇ ਵਿਧਾਨਿਕ ਦੋਵੇਂ ਤਾਕਤਾਂ ਸਨ। ਇਸਦੇ ਮੈਂਬਰ ਸਭ ਨੂੰ ਵੋਟ ਦੇ ਹੱਕ ਦੇ ਆਧਾਰ ‘ਤੇ ਚੁਣੇ ਜਾਂਦੇ ਸਨ ਜਿਹਨਾਂ ਨੂੰ ਕਿਸੇ ਵੀ ਸਮੇਂ ਵਾਪਸ ਬੁਲਾਇਆ ਜਾ ਸਕਦਾ ਸੀ। ਸਥਾਈ ਫੌਜ਼ ਖਤਮ ਕਰ ਦਿੱਤੀ ਗਈ ਤੇ ਉਸਦੀ ਥਾਂ ਲੋਕਾਂ ਨੂੰ ਹਥਿਆਰਬੰਦ ਕੀਤਾ ਗਿਆ; ਪੁਲਿਸ ਲੋਕਾਂ ਦੇ ਸਿੱਧੇ ਕੰਟਰੋਲ ਹੇਠ ਲਿਆਂਦੀ ਗਈ; ਜੱਜਾਂ ਤੇ ਹੋਰ ਜਨਤਕ ਅਧਿਕਾਰੀਆਂ ਦੀ ਨਿਯੁਕਤੀ ਮਜਦੂਰਾਂ ਦੁਆਰਾ ਕੀਤੀ ਗਈ ਤੇ ਇੱਕ ਮਜ਼ਦੂਰ ਜਿੰਨੀ ਤਨਖਾਹ ਤੈਅ ਕੀਤੀ ਗਈ। ਇਹ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਸੀ ਕਿ ਪ੍ਰੋਲੇਤਾਰੀ ਨੇ ਬੁਰਜੂਆਜ਼ੀ ਦਾ ਤਖਤਾ ਪਲਟ ਦਿੱਤਾ ਅਤੇ ਆਪਣੀ ਸੱਤਾ ਸਥਾਪਤ ਕੀਤੀ; ਅਤੇ ਭਾਵੇਂ ਕਮਿਊਨਾਰਡ ਮਾਰਕਸਵਾਦੀ ਨਹੀਂ ਸਨ, ਫਿਰ ਵੀ ਨਵੀਂ ਰਾਜਸੱਤ੍ਹਾ ਨੇ ਉਹਨਾਂ ਦੇ ਹੱਥਾਂ ਵਿੱਚ ਪ੍ਰੋਲੇਤਾਰੀ ਤਾਨਾਸ਼ਾਹੀ ਦਾ ਉਹੀ ਰੂਪ ਧਾਰਨ ਕੀਤਾ ਜਿਸ ਦੀ ਕਲਪਨਾ ਮਾਰਕਸ ਤੇ ਏਂਗਲਜ਼ ਨੇ ਕੀਤੀ ਸੀ। ਬਾਅਦ ਵਿੱਚ ਏਂਗਲਜ਼ ਨੇ ਲਿਖਿਆ:

”ਤਾਂ ਫਿਰ ਭੱਦਰ-ਪੁਰਸ਼ੋ; ਕਿ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਇਹ ਤਾਨਾਸ਼ਾਹੀ ਕਿਸ ਤਰ੍ਹਾਂ ਦੀ ਹੋਵੇਗੀ? ਪੈਰਿਸ ਕਮਿਊਨ ਵੱਲ ਦੇਖੋ। ਇਹ ਸੀ ਪ੍ਰੋਲੇਤਾਰੀ ਦੀ ਤਾਨਾਸ਼ਾਹੀ।” (ਮਾਰਕਸ-ਏਂਗਲਜ਼ ਚੋਣਵੀਆਂ ਰਚਨਾਵਾਂ ਸੈਂਚੀ 2, ਪੰਨਾ 189)

ਕਮਿਊਨ ਕੁਝ ਹਫਤਿਆਂ ਤੱਕ ਹੀ ਕਾਇਮ ਰਹਿ ਸਕਿਆ। ਉੱਥੇ ਕੋਈ ਮਜ਼ਦੂਰ ਜਮਾਤੀ ਪਾਰਟੀ ਨਹੀਂ ਸੀ, ਟਰੇਡ-ਯੂਨੀਅਨ ਲਹਿਰ ਹਾਲੇ ਮੁੱਢਲੇ ਪੜਾਅ ‘ਚ ਸੀ, ਅਤੇ ਤਜ਼ਰਬਾ ਨਾ ਹੋਣ ਕਰਕੇ ਆਗੂਆਂ ਨੇ ਵੀ ਕੁਝ ਗੰਭੀਰ ਗਲਤੀਆਂ ਕੀਤੀਆਂ। ਉਹਨਾਂ ਨੇ ਦੁਸ਼ਮਣ ਨੂੰ ਕੁਝ ਜ਼ਿਆਦਾ ਹੀ ਛੋਟ ਦਿੱਤੀ ਅਤੇ ਉਹ ਮਜ਼ਦੂਰਾਂ-ਕਿਸਾਨਾਂ ਦਾ ਸਾਂਝਾ ਮੋਰਚਾ ਉਸਾਰਨ ਵਿੱਚ ਅਸਫ਼ਲ ਰਹੇ। ਇਸ ਸਭ ਤੋਂ ਇਲਾਵਾ ਸ਼ਹਿਰ ਨੂੰ ਘੇਰਾ ਪਾ ਕੇ ਬੈਠੀਆਂ ਫੌਜਾਂ ਨਾਲ ਹਥਿਆਰਬੰਦ ਘੋਲ ‘ਚ ਰੁੱਝੇ ਹੋਣ ਕਰਕੇ ਉਹਨਾਂ ਕੋਲ ਸਮਾਜਵਾਦੀ ਉਸਾਰੀ ਲਈ ਕੋਈ ਸਮਾਂ ਵੀ ਨਹੀਂ ਸੀ (ਲੈਨਿਨ ਸਮੁੱਚੀਆਂ ਰਚਨਾਵਾਂ ਸੈਂਚੀ 17, ਪੰਨਾ 141)। ਮਈ ਦੇ ਅਖੀਰ ਵਿੱਚ ਕਮਿਊਨ ਨੂੰ ਉਲਟਾਅ ਦਿੱਤਾ ਗਿਆ ਅਤੇ ਮਜ਼ਦੂਰ ਮਰਦ, ਔਰਤਾਂ ਤੇ ਬੱਚਿਆਂ ਦਾ ਉਸੇ ਬੁਰਜੂਆਜ਼ੀ ਦੇ ਬੰਦੂਕਧਾਰੀਆਂ ਨੇ ਵੱਡੇ ਪੱਧਰ ‘ਤੇ ਕਤਲੇਆਮ ਕੀਤਾ ਜਿਸਨੇ ਸਿਰਫ਼ ਅੱਸੀ ਸਾਲ ਪਹਿਲਾਂ ਹੀ ਅਜ਼ਾਦੀ, ਬਰਾਬਰੀ ਤੇ ਭਾਈਚਾਰੇ ਦੇ ਨਾਅਰੇ ਹੇਠ ਜਗੀਰੂ ਰਾਜਸ਼ਾਹੀ ਦਾ ਤਖਤਾ ਪਲਟਿਆ ਸੀ।

ਪਰ ਫਿਰ ਵੀ ਇਤਿਹਾਸਿਕ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਇਹ ਅਸਫ਼ਲਤਾ ਨਹੀਂ ਸੀ। ਇਸ ਬਾਰੇ ਮਾਰਕਸ ਦੇ ਕੱਢੇ ਸਿੱਟੇ ਦੀ ਚਰਚਾ ਕਰਦੇ ਹੋਏ ਲੈਨਿਨ ਨੇ ਲਿਖਿਆ:

ਸਤੰਬਰ, 1870 ਵਿੱਚ ਮਾਰਕਸ ਨੇ ਹਥਿਆਰਬੰਦ ਆਮ ਬਗਾਵਤ ਨੂੰ ਨਿਰਾਸ਼ਾ ‘ਚ ਚੁੱਕਿਆ ਗਲਤ ਕਦਮ ਕਿਹਾ ਸੀ; ਪਰ ਅਪ੍ਰੈਲ, 1871 ਵਿੱਚ ਜਦੋਂ ਉਹਨਾਂ ਨੇ ਜਦੋਂ ਲੋਕਾਂ ਦੀ ਵਿਆਪਕ ਲਹਿਰ ਨੂੰ ਤੱਕਿਆ ਤਾਂ ਉਹਨਾਂ ਨੇ ਇਸਨੂੰ ਇਤਿਹਾਸਿਕ ਇਨਕਲਾਬੀ ਲਹਿਰ ‘ਚ ਇੱਕ ਮਹੱਤਵਪੂਰਨ ਕਦਮ ਦਰਸਾਉਂਦੀਆਂ ਮਹਾਨ ਘਟਨਾਵਾਂ ਦੇ ਇੱਕ ਪ੍ਰਗਟਾਵੇ ਦੇ ਤੌਰ ‘ਤੇ ਗਹਿਰੀ ਰੁਚੀ ਨਾਲ ਦੇਖਿਆ।” (ਲੈਨਿਨ ਸਮੁੱਚੀਆਂ ਲਿਖਤਾਂ, ਸੈਂਚੀ 12, ਪੰਨਾ 109)

ਇਹ ਨਾ ਸਿਰਫ਼ ਪਹਿਲੀ ਪ੍ਰੋਲੇਤਾਰੀ ਤਾਨਾਸ਼ਾਹੀ ਸੀ, ਸਗੋਂ ਇਸਦੀ ਜਥੇਬੰਦਕ ਇਕਾਈ, ਕਮਿਊਨ, ਮਜ਼ਦੂਰ ਪ੍ਰਤੀਨਿਧੀਆਂ ਦੀਆਂ ਸੋਵੀਅਤਾਂ ਦਾ ਆਰੰਭਿਕ ਰੂਪ ਵੀ ਸੀ ਜਿਹੜੀਆਂ ਰੂਸ ਵਿਚ ਪਹਿਲਾਂ 1905 ਤੇ ਫਿਰ 1917 ਵਿੱਚ ਪ੍ਰਗਟ ਹੋਈਆਂ:

”ਕੇਵਲ ਰਾਜ ਦਾ ਸੋਵੀਅਤ ਢਾਂਚਾ ਹੀ ਉਸ ਪੁਰਾਣੀ ਬੁਰਜੂਆ ਅਫਸਰਸ਼ਾਹੀ ਤੇ ਅਦਾਲਤੀ ਮਸ਼ੀਨਰੀ ਨੂੰ ਫੌਰੀ ਤੌਰ ‘ਤੇ ਭੰਨ ਕੇ ਪੂਰੀ ਤਰਾਂ ਤਬਾਹ ਕਰ ਸਕੇਗਾ ਜਿਸ ਨੂੰ ਸਭ ਤੋਂ ਵਧ ਜਮਹੂਰੀ ਗਣਤੰਤਰ ਵਿੱਚ ਵੀ ਲਾਜ਼ਮੀ ਤੌਰ ‘ਤੇ ਬਣਾਈ ਰੱਖਿਆ ਜਾਂਦਾ ਹੈ ਅਤੇ ਜਿਹੜੀ ਅਸਲ ਵਿੱਚ ਮਜ਼ਦੂਰਾਂ ਤੇ ਮਿਹਨਤਕਸ਼ ਲੋਕਾਂ ਲਈ ਜਮਹੂਰੀਅਤ ਬਹਾਲ ਕਰਨ ਦੇ ਰਸਤੇ ‘ਚ ਸਭ ਤੋਂ ਵੱਡੀ ਰੁਕਾਵਟ ਹੈ। ਪੈਰਿਸ ਕਮਿਊਨ ਨੇ ਇਸ ਰਸਤੇ ‘ਤੇ ਸਭ ਤੋਂ ਪਹਿਲਾ ਯੁੱਗ-ਪਲਟਾਊ ਕਦਮ ਪੁੱਟਿਆ। ਸੋਵੀਅਤ ਢਾਂਚਾ ਇਸੇ ਕੜੀ ਦਾ ਦੂਜਾ ਕਦਮ ਸੀ।” (ਲੈਨਿਨ ਸਮੁੱਚੀਆਂ ਲਿਖਤਾਂ, ਸੈਂਚੀ 28, ਪੰਨਾ 466)

1871 ਦੇ ਤਜ਼ਰਬੇ ਤੋਂ ਸਿੱਖੇ ਸਬਕਾਂ ਨੂੰ ਲੈਨਿਨ ਨੇ ਉਸ ਇਨਕਲਾਬੀ ਪਾਰਟੀ ਦੇ ਰੂਪ ‘ਚ ਢਾਲਿਆ ਜਿਸ ਦੀ ਉਹਨਾਂ ਨੇ ਸਥਾਪਨਾ ਤੇ ਅਗਵਾਈ ਕੀਤੀ; ਅਤੇ ਇਹਨਾਂ ਸਾਰੇ ਸਬਕਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਸੀ — ਇੱਕ ਇਹੋ ਜਿਹੀ ਪਾਰਟੀ ਦੀ ਲੋੜ ਜਿਹੜੀ ਇਨਕਲਾਬੀ ਸਿਧਾਂਤ ਨਾਲ ਲੈੱਸ ਹੋਵੇ, ਜਮਹੂਰੀਅਤ ਤੇ ਅਨੁਸਾਸ਼ਨ ਰਾਹੀਂ ਅੰਦਰੋਂ ਇੱਕਮੁਠ ਹੋਵੇ ਅਤੇ ਲੋਕਾਂ ਨਾਲ ਨੇੜਿਓਂ ਜੁੜੀ ਹੋਵੇ।

2. ਇੱਕ ਨਵੀਂ ਕਿਸਮ ਦੀ ਪਾਰਟੀ

ਇੱਕ ਪ੍ਰੋਲੇਤਾਰੀ ਪਾਰਟੀ ਖੜੀ ਕਰਨ ਦੇ ਵਿਚਾਰਧਾਰਕ ਸਿਧਾਂਤਾਂ ਨੂੰ ਲੈਨਿਨ ਨੇ 1905 ਦੇ ਇਨਕਲਾਬ ਦੀ ਸ਼ੁਰੂਆਤ ਤੋਂ ਲੈ ਕੇ ਅਕਤੂਬਰ ਇਨਕਲਾਬ ਤੱਕ ਦੇ ਅਰਸੇ ਦੌਰਾਨ ਵਿਕਸਿਤ ਕੀਤਾ। ਇਸ ਅਰਸੇ ਦੇ ਬਹੁਤੇਰੇ ਹਿੱਸੇ ਦੌਰਾਨ ਸਿਰਫ਼ ਕੁਝ ਕੁ ਵਕਫਿਆਂ ਨੂੰ ਛੱਡ ਕੇ ਪਾਰਟੀ ‘ਤੇ ਪਾਬੰਦੀ ਰਹੀ ਅਤੇ ਇਹ ਹਮੇਸ਼ਾ ਹੀ ਜ਼ਾਰਸ਼ਾਹੀ ਪੁਲਿਸ ਦੇ ਦਮਨ ਦਾ ਸ਼ਿਕਾਰ ਰਹੀ। ਇਹਨਾਂ ਹਾਲਤਾਂ ਵਿੱਚ ਇਹ ਜ਼ਰੂਰੀ ਸੀ ਕਿ ਅਗਵਾਈ ਕਸਬੀ ਇਨਕਲਾਬੀਆਂ ਦੇ ਇੱਕ ਮਜਬੂਤ ਕੇਂਦਰੀ ਗਰੁੱਪ ਕੋਲ ਹੋਵੇ:

”ਮੈਂ ਇਹ ਜ਼ੋਰ ਦੇ ਕੇ ਕਹਿੰਦਾ ਹਾਂ: (1) ਕਿ ਲਗਾਤਾਰਤਾ ਬਣਾਈ ਰੱਖਣ ਵਾਲੀ ਨੇਤਾਵਾਂ ਦੀ ਇੱਕ ਸਥਿਰ ਜਥੇਬੰਦੀ ਤੋਂ ਬਿਨਾਂ ਕੋਈ ਵੀ ਇਨਕਲਾਬੀ ਲਹਿਰ ਟਿਕ ਨਹੀਂ ਸਕਦੀ; (2) ਕਿ ਲਹਿਰ ਦੀ ਬੁਨਿਆਦ ਬਣਾਉਣ ਵਾਲਾ ਤੇ ਇਸ ਵਿੱਚ ਹਿੱਸਾ ਲੈਣ ਵਾਲਾ ਆਮ ਜਨਸਮੂਹ ਜਿੰਨਾ ਵਧੇਰੇ ਵਿਸ਼ਾਲ ਹੋਵੇਗਾ, ਅਜਿਹੀ ਜਥੇਬੰਦੀ ਦੀ ਓਨੀ ਹੀ ਵਧੇਰੇ ਲੋੜ ਹੋਵੇਗੀ ਅਤੇ ਇਹ ਓਨੀ ਹੀ ਵਧੇਰੇ ਮਜਬੂਤ ਵੀ ਹੋਣੀ ਚਾਹੀਦੀ ਹੈ… (3) ਕਿ ਜਥੇਬੰਦੀ ਮੁੱਖ ਤੌਰ ‘ਤੇ ਕਸਬੀ ਇਨਕਲਾਬੀ ਲੋਕਾਂ ਦੀ ਬਣੀ ਹੋਣੀ ਚਾਹੀਦੀ ਹੈ; (4) ਕਿ ਇੱਕ ਨਿਰੰਕੁਸ਼ ਰਾਜ ਵਿੱਚ ਅਸੀਂ ਅਜਿਹੀ ਜਥੇਬੰਦੀ ਦੀ ਮੈਂਬਰਸ਼ਿਪ ਨੂੰ ਜਿੰਨਾ ਵਧੇਰੇ ਸਿਆਸੀ ਪੁਲਿਸ ਨੂੰ ਟੱਕਰ ਦੇਣ ਦੀ ਕਲਾ ‘ਚ ਮਾਹਿਰ ਕਸਬੀ ਇਨਕਲਾਬੀਆਂ ਤੱਕ ਸੀਮਿਤ ਰੱਖਾਂਗੇ, ਅਜਿਹੀ ਜਥੇਬੰਦੀ ਨੂੰ ਉਖਾੜ ਸਕਣਾ ਓਨਾ ਹੀ ਵਧੇਰੇ ਔਖਾ ਹੋਏਗਾ ਅਤੇ (5) ਕਿ ਮਜ਼ਦੂਰ ਜਮਾਤ ਤੇ ਹੋਰ ਸਮਾਜਿਕ ਜਮਾਤਾਂ ‘ਚੋਂ ਮੈਂਬਰਾਂ ਦੀ ਜ਼ਿਆਦਾ ਗਿਣਤੀ ਅਜਿਹੇ ਲੋਕਾਂ ਦੀ ਹੋਣੀ ਚਾਹੀਦੀ ਹੈ ਜਿਹੜੇ ਲਹਿਰ ਵਿੱਚ ਸ਼ਾਮਿਲ ਹੋ ਸਕਣ ਦੇ ਯੋਗ ਹੋਣ ਤੇ ਇਸ ਵਿੱਚ ਸਰਗਰਮੀ ਨਾਲ ਕੰਮ ਕਰ ਸਕਦੇ ਹੋਣ।” (ਲੈਨਿਨ ਸਮੁੱਚੀਆਂ ਲਿਖਤਾਂ, ਸੈਂਚੀ 5, ਪੰਨਾ 464)

ਲੀਡਰਸ਼ਿਪ ਦੇ ਬਹੁਤ ਜ਼ਿਆਦਾ ਕੇਂਦਰੀਕ੍ਰਿਤ ਹੋਣ ਦੀ ਲੋੜ ਹੇਠ ਦਿੱਤੇ ਤਜ਼ਰਬੇ ਕਾਰਨ ਪੈਦਾ ਹੋਈ:

ਕਾਨੂੰਨੀ ਤੇ ਗੈਰ-ਕਾਨੂੰਨੀ ਕੰਮਾਂ ਵਿਚਕਾਰ ਲਗਾਤਾਰ ਤੇਜ਼ ਅਦਲਾ-ਬਦਲੀ ਨੇ ਕਈ ਵਾਰ ਇੰਨੇ ਜ਼ਿਆਦਾ ਖਤਰਨਾਕ ਨਤੀਜੇ ਦਿਖਾਏ ਕਿ ਆਗੂਆਂ ਲਈ ਰੂਪੋਸ਼ ਰਹਿਣਾ ਤੇ ਉਹਨਾਂ ਬਾਰੇ ਅਤਿਅੰਤ ਗੁਪਤਤਾ ਬਣਾਈ ਰੱਖਣਾ ਜ਼ਰੂਰੀ ਹੋ ਗਿਆ ਸੀ। ਇਹਨਾਂ ਹੀ ਖਤਰਨਾਕ ਨਤੀਜਿਆਂ ‘ਚੋਂ ਸਭ ਤੋਂ ਭਿਆਨਕ 1912 ਵਿੱਚ ਮਲਿਨੋਵਸਕੀ ਨਾਂ ਦੇ ਸਾਬੋਤਾਜ ਕਰਨ ਵਾਲੇ ਜਾਸੂਸ ਦਾ ਬਾਲਸ਼ਵਿਕ ਕੇਂਦਰੀ ਕਮੇਟੀ ਵਿੱਚ ਪਹੁੰਚ ਜਾਣਾ ਸੀ। ਉਸੇ ਨੇ ਅਨੇਕਾਂ ਵਾਰ ਸਭ ਤੋਂ ਚੰਗੇ ਤੇ ਵਫਾਦਾਰ ਸਾਥੀਆਂ ਨਾਲ ਧੋਖਾ ਕੀਤਾ, ਉਹਨਾਂ ਦੇ ਸਜ਼ਾਵਾਂ ਦੀ ਗੁਲਾਮੀ ਝੱਲਣ ਦਾ ਅਤੇ ਉਹਨਾਂ ਵਿਚੋਂ ਕਈਆਂ ਦੀ ਮੌਤ ਦਾ ਕਾਰਨ ਬਣਿਆ।” (ਲੈਨਿਨ ਸਮੁੱਚੀਆਂ ਲਿਖਤਾਂ, ਸੈਂਚੀ 31, ਪੰਨਾ 45)

ਉਸੇ ਸਮੇਂ ਹੀ ਪਾਰਟੀ ਮੈਂਬਰਾਂ ਦੇ ਇੱਕਮੁੱਠ ਤੇ ਅਸਰਦਾਰ ਢੰਗ ਨਾਲ ਕੰਮ ਕਰਨ ਲਈ ਇਹ ਵੀ ਜ਼ਰੂਰੀ ਸੀ ਕਿ ਉਹ ਵਿਸਤ੍ਰਿਤ ਤੇ ਖੁੱਲੀ ਬਹਿਸ ਤੋਂ ਬਾਅਦ ਲਏ ਗਏ ਸਾਂਝੇ ਫੈਸਲਿਆਂ ਦੇ ਆਧਾਰ ‘ਤੇ ਕੰਮ ਕਰਨ। ਕੰਮਾਂ ਵਿੱਚ ਏਕਤਾ ਦਾ ਇਹ ਅਸੂਲ ਆਲੋਚਨਾ ਦੀ ਅਜ਼ਾਦੀ ਨਾਲ ਜੁੜ ਕੇ ਜਮਹੂਰੀ ਕੇਂਦਰਵਾਦ ਦੀ ਬੁਨਿਆਦ ਤਿਆਰ ਕਰਦਾ ਹੈ।

ਜਦੋਂ 1917 ਵਿੱਚ ਪਾਰਟੀ ਕਾਨੂੰਨੀ ਰੂਪ ‘ਚ ਕੰਮ ਕਰਨ ਲੱਗੀ ਤਾਂ ਉਸ ਵੇਲੇ ਪਾਰਟੀ ਕੋਲ ਮਾਹਿਰ ਇਨਕਲਾਬੀਆਂ ਦੀ ਇੱਕ ਕੋਰ ਮੌਜੂਦ ਸੀ, ਪਰ ਇਸੇ ਸਮੇਂ ਵੱਡੀ ਗਿਣਤੀ ਵਿੱਚ ਨਵੇਂ ਮੈਂਬਰਾਂ ਦੀ ਭਰਤੀ ਹੋਈ ਜਿਹੜੇ ਪਾਰਟੀ ਅਨੁਸਾਸ਼ਨ ਦੀ ਜਰੂਰਤ ਵੱਲ ਧਿਆਨ ਨਹੀਂ ਦਿੰਦੇ ਸਨ। ਇਹਨਾਂ ਵਿਚੋਂ ਹੀ ਇੱਕ ਟ੍ਰਾਟਸਕੀ ਸੀ ਜੋ ਜੁਲਾਈ, 1917 ਵਿੱਚ ਹੀ ਪਾਰਟੀ ‘ਚ ਸ਼ਾਮਿਲ ਹੋਇਆ ਸੀ। ਲੈਨਿਨ ਦੇ ਸਿਧਾਂਤਾਂ ਨੂੰ ਸਤਾਲਿਨ ਨੇ ਕਾਇਮ ਰੱਖਿਆ ਤੇ ਉਹ ਤਿੱਖੇ ਵਿਰੋਧ ਦੇ ਬਾਵਜੂਦ ਸਮੂਹਿਕ ਅਗਵਾਈ ਨੂੰ ਬਣਾਈ ਰੱਖਣ ‘ਚ ਕਾਮਯਾਬ ਰਹੇ, ਪ੍ਰੰਤੂ ਸਾਲਾਂਬੱਧੀ ਕੀਤੀਆਂ ਗਈਆਂ ਲਗਾਤਾਰ ਕੋਸ਼ਿਸ਼ਾਂ (ਸਤਾਲਿਨ ਸਮੁੱਚੀਆਂ ਲਿਖਤਾਂ ਸੈਂਚੀ 6, ਪੰਨਾ 238; ਸੈਂਚੀ 7, ਪੰਨਾ 20, 31, 161; ਸੈਂਚੀ 10, ਪੰਨਾ 328; ਸੈਂਚੀ 11, ਪੰਨਾ 75, 137; ਸੈਂਚੀ 12, ਪੰਨਾ 322) ਕਰਦੇ ਹੋਏ ਵੀ ਉਹ ਨੌਕਰਸ਼ਾਹੀ ਦਾ ਵਾਧਾ ਰੋਕ ਨਾ ਸਕੇ ਅਤੇ ਖੁਦ ਨੂੰ ਵੀ ਪ੍ਰਸ਼ਾਸਕੀ ਤੌਰ-ਤਰੀਕਿਆਂ ‘ਤੇ ਵਧੇਰੇ ਨਿਰਭਰ ਬਣਾ ਲਿਆ ਜਿਸ ਦੇ ਸਿੱਟੇ ਵਜੋਂ ਪਾਰਟੀ ਅਤੇ ਆਮ ਲੋਕਾਂ ਵਿਚਲੇ ਰਿਸ਼ਤੇ ਕਮਜ਼ੋਰ ਪੈ ਗਏ।

ਉਧਰ ਚੀਨ ਵਿੱਚ ਮਾਓ ਜ਼ੇ-ਤੁੰਗ ਲੈਨਿਨ ਦੇ ਸਿਧਾਂਤਾਂ ਨੂੰ ਲਾਗੂ ਕਰ ਰਹੇ ਸਨ। ਉੱਥੇ ਵੀ ਪਾਰਟੀ ਨੂੰ ਬਰਬਰ ਅੱਤਿਆਚਾਰ ਦਾ ਸਾਹਮਣਾ ਕਰਨਾ ਪਿਆ (ਮਾਓ ਜ਼ੇ-ਤੁੰਗ ਚੋਣਵੀਆਂ ਰਚਨਾਵਾਂ ਸੈਂਚੀ 2, ਪੰਨਾ 376); ਪਰ ਦੇਸ਼ ਦੀ ਵਿਸ਼ਾਲਤਾ ਕਰਕੇ ਕਿਸਾਨ ਜੰਗ ਦੇ ਸਮੇਂ ਨੁਕਸਾਨ-ਪੂਰਤੀ ਸੰਭਵ ਹੋ ਸਕੀ ਅਤੇ ਕਮਿਊਨਿਸਟ ‘ਮੁਕਤ ਖਿੱਤੇ’ ਸਥਾਪਤ ਕਰਨ ‘ਚ ਕਾਮਯਾਬ ਰਹੇ ਜਿਹਨਾਂ ਵਿੱਚੋਂ ਕੁਝ ਵਿੱਚ ਤਾਂ ਉਹ 1949 ਤੋਂ ਕਈ ਸਾਲ ਪਹਿਲਾਂ ਹੀ ਪ੍ਰਬੰਧਕੀ ਕੰਮ ਚਲਾ ਰਹੇ ਸਨ। ਇਸ ਤਰਾਂ ਉਹਨਾਂ ਕੋਲ ਤਜ਼ਰਬੇ ਦਾ ਵੱਡਾ ਭੰਡਾਰ ਜਮ੍ਹਾ ਹੋ ਗਿਆ ਜਿਸਨੂੰ ਉਹ ਬਾਲਸ਼ਵਿਕ ਪਾਰਟੀ ਦੇ ਇਤਿਹਾਸ ਦੇ ਡੂੰਘੇ ਅਧਿਐਨ ਨਾਲ ਜੋੜ ਕੇ ਜਮਹੂਰੀ ਕੇਂਦਰਵਾਦ ਦੇ ਸਿਧਾਂਤ ਤੇ ਅਭਿਆਸ ਨੂੰ ਹੋਰ ਉੱਚੇ ਧਰਾਤਲ ‘ਤੇ ਲਿਜਾਣ ‘ਚ ਸਫ਼ਲ ਰਹੇ।

ਲੈਨਿਨ ਦੁਆਰਾ ਦਿੱਤੇ ਤੇ ਮਾਓ ਜ਼ੇ-ਤੁੰਗ ਦੁਆਰਾ ਵਿਕਸਿਤ ‘ਇੱਕ ਨਵੀਂ ਕਿਸਮ ਦੀ ਪਾਰਟੀ’ ਦੇ ਸਿਧਾਂਤ ਨੂੰ ਤਿੰਨ ਨੁਕਤਿਆਂ ਹੇਠ ਸਮਝਿਆ ਜਾ ਸਕਦਾ ਹੈ: ਹਰਾਵਲ ਪਾਰਟੀ; ਜਮਹੂਰੀ ਕੇਂਦਰਵਾਦ; ਅਤੇ ਜਨਤਕ ਲੀਹ।

3. ਹਰਾਵਲ ਪਾਰਟੀ

ਪ੍ਰੋਲੇਤਾਰੀ ਜਿਵੇਂ ਹੀ ਇਤਿਹਾਸ ਵਿੱਚ ਆਪਣੀ ਭੂਮਿਕਾ ਬਾਰੇ ਸਚੇਤ ਹੁੰਦਾ ਹੈ, ਉਹ ਖੁਦ ਨੂੰ ਦੂਜੀਆਂ ਲੁੱਟੀਆਂ ਜਾ ਰਹੀਆਂ ਜਮਾਤਾਂ ਖਾਸ ਕਰਕੇ ਨਿੱਕ-ਬੁਰਜੂਆ ਦੇ ਹਰਾਵਲ ਦੇ ਰੂਪ ‘ਚ ਜਥੇਬੰਦ ਕਰਦਾ ਹੈ, ਉਹਨਾਂ ਨੂੰ ਅਗਵਾਈ ਦਿੰਦਾ ਹੈ, ਉਹਨਾਂ ਦੀ ਹਮਾਇਤ ਹਾਸਿਲ ਕਰਦਾ ਹੈ, ਅਤੇ ਨਾਲ ਹੀ ਜਿਹੜਾ ਢੁਲਮੁਲਪਣ ਤੇ ਭਟਕਾਅ ਉਹ ਆਪਣੇ ਨਾਲ ਲਹਿਰ ਵਿੱਚ ਲੈ ਕੇ ਆਉਂਦੇ ਹਨ, ਉਸ ਖਿਲਾਫ਼ ਲੜਦਾ ਹੈ। ਅਜਿਹਾ ਉਹ ਤਾਂ ਹੀ ਕਰ ਸਕਦਾ ਹੈ ਜੇ ਉਹ ਖੁਦ ਨੂੰ ਇੱਕ ਅਜ਼ਾਦ ਪ੍ਰੋਲੇਤਾਰੀ ਪਾਰਟੀ ਦੀ ਅਗਵਾਈ ਥੱਲੇ ਜਥੇਬੰਦ ਕਰੇ:

”ਸੱਤਾ ਹਾਸਿਲ ਕਰਨ ਲਈ ਆਪਣੇ ਸੰਘਰਸ਼ ਦੌਰਾਨ ਜਥੇਬੰਦੀ ਤੋਂ ਬਿਨਾਂ ਪ੍ਰੋਲੇਤਾਰੀ ਕੋਲ ਹੋਰ ਕੋਈ ਹਥਿਆਰ ਨਹੀਂ ਹੈ। ਬੁਰਜੂਆ ਸੰਸਾਰ ਅੰਦਰ ਅਰਾਜਕ ਮੁਕਾਬਲੇ ਦੇ ਨਿਯਮ ਕਾਰਨ, ਸਰਮਾਏ ਦੀ ਗੁਲਾਮੀ ‘ਚ ਬਦਹਾਲ ਹੋਣ ਕਾਰਨ, ਲਗਾਤਾਰ ਪੂਰੀ ਤਰਾਂ ਕੰਗਾਲੀ, ਬਰਬਰਤਾ ਤੇ ਅਧੋਗਤੀ ਦੀਆਂ ਨਿਮਾਣਾਂ ਵੱਲ ਧੱਕੇ ਜਾਣ ਕਾਰਨ ਅਲੱਗ-ਥਲੱਗ ਹੋਇਆ ਪ੍ਰੋਲੇਤਾਰੀ ਸਿਰਫ਼ ਤਾਂ ਹੀ ਇੱਕ ਅਜਿੱਤ ਤਾਕਤ ਬਣ ਸਕਦਾ ਹੈ, ਤੇ ਲਾਜ਼ਮੀ ਹੀ ਬਣੇਗਾ ਵੀ, ਜੇ ਉਸਦੀ ਮਾਰਕਸਵਾਦੀ ਸਿਧਾਂਤਾਂ ‘ਤੇ ਆਧਾਰਿਤ ਵਿਚਾਰਧਾਰਕ ਏਕਤਾ ਜਥੇਬੰਦੀ ਦੇ ਰੂਪ ‘ਚ ਭੌਤਿਕ ਏਕਤਾ ਦੁਆਰਾ ਪੱਕੀ ਹੋ ਜਾਂਦੀ ਹੈ, ਜੋ ਕਰੋੜਾਂ ਲੁੱਟੇ ਜਾ ਰਹੇ ਲੋਕਾਂ ਨੂੰ ਮਜ਼ਦੂਰ ਜਮਾਤ ਦੀ ਫੌਜ ਵਿੱਚ ਬਦਲ ਦਿੰਦੀ ਹੈ।” (ਲੈਨਿਨ ਸਮੁੱਚੀਆਂ ਲਿਖਤਾਂ, ਸੈਂਚੀ 7, ਪੰਨਾ 415)

”ਇੱਕ ਸਮਾਜਿਕ-ਜਮਹੂਰੀ (ਕਮਿਊਨਿਸਟ – ਅਨੁ) ਨੂੰ ਇੱਕ ਪਲ ਲਈ ਵੀ ਇਹ ਨਹੀਂ ਭੁੱਲਣਾ ਚਾਹੀਦਾ ਕਿ ਪ੍ਰੋਲੇਤਾਰੀ ਨੂੰ ਅਟੱਲ ਤੌਰ ‘ਤੇ ਸਭ ਤੋਂ ਵੱਧ ਜਮਹੂਰੀ ਤੇ ਲੋਕਰਾਜੀ ਬੁਰਜੂਆਜ਼ੀ ਅਤੇ ਨਿੱਕ-ਬੁਰਜੂਆਜ਼ੀ ਖਿਲਾਫ਼ ਵੀ ਸਮਾਜਵਾਦ ਲਈ ਜਮਾਤੀ ਘੋਲ਼ ਲੜਨਾ ਹੀ ਪਵੇਗਾ। ਇਸ ਵਿੱਚ ਕਿਸੇ ਕਿਸਮ ਦਾ ਕੋਈ ਸ਼ੱਕ ਨਹੀਂ ਹੈ। ਇਸ ਲਈ ਬਿਨਾਂ ਸ਼ਰਤ ਸਮਾਜਿਕ-ਜਮਹੂਰੀਅਤ ਦੀ ਇੱਕ ਅਲੱਗ, ਅਜ਼ਾਦ ਤੇ ਸਹੀ ਅਰਥਾਂ ‘ਚ ਜਮਾਤੀ ਪਾਰਟੀ ਦੀ ਲੋੜ ਹੈ।” (ਲੈਨਿਨ ਸਮੁੱਚੀਆਂ ਲਿਖਤਾਂ, ਸੈਂਚੀ 9, ਪੰਨਾ 85)

”ਪਾਰਟੀ ਜਮਾਤ ਦਾ ਸਿਆਸੀ ਤੌਰ ‘ਤੇ ਚੇਤੰਨ ਅਤੇ ਵੱਧ ਵਿਕਸਿਤ ਹਿੱਸਾ ਹੁੰਦਾ ਹੈ। ਇਹ ਇਸਦਾ ਹਰਾਵਲ (ਆਗੂ ਦਸਤਾ) ਹੁੰਦੀ ਹੈ। ਹਰਾਵਲ ਦੀ ਤਾਕਤ ਇਸਦੀ ਗਿਣਤੀ ਦੇ ਮੁਕਾਬਲੇ ਕਈ ਸੈਂਕੜੇ ਗੁਣਾ ਤੋਂ ਵੀ ਜ਼ਿਆਦਾ ਹੁੰਦੀ ਹੈ।” (ਲੈਨਿਨ ਸਮੁੱਚੀਆਂ ਲਿਖਤਾ, ਸੈਂਚੀ 19, ਪੰਨਾ 406)

”ਕਮਿਊਨਿਸਟਾਂ ਦੀਆਂ ਸਭ ਤੋਂ ਵੱਡੀਆਂ ਤੇ ਭਿਆਨਕ ਗਲਤੀਆਂ ਵਿੱਚੋਂ ਇੱਕ (ਜੋ ਆਮ ਤੌਰ ਹੀ ਉਹ ਇਨਕਲਾਬੀ ਕਰਦੇ ਹਨ ਜਿਹਨਾਂ ਨੇ ਸਫ਼ਲਤਾ ਨਾਲ ਇਨਕਲਾਬ ਦੀ ਸ਼ੁਰੂਆਤ ਵੀ ਕੀਤੀ ਹੈ) ਇਹ ਵਿਚਾਰ ਹੈ ਕਿ ਇਨਕਲਾਬ ਸਿਰਫ਼ ਇਨਕਲਾਬੀਆਂ ਦੁਆਰਾ ਲਿਆਂਦਾ ਜਾਂਦਾ ਹੈ। ਪਰ ਇਸਦੇ ਉਲਟ ਜੇ ਉਨ੍ਹਾਂ ਨੇ ਸਫ਼ਲ ਹੋਣਾ ਹੈ ਤਾਂ ਸਾਰੇ ਗੰਭੀਰ ਇਨਕਲਾਬੀ ਕੰਮ ਲਈ ਇਸ ਵਿਚਾਰ ਨੂੰ ਸਮਝਣਾ ਤੇ ਅਮਲ ‘ਚ ਲਾਗੂ ਕਰਨਾ ਬਹੁਤ ਜ਼ਰੂਰੀ ਹੈ ਕਿ ਸਹੀ ਅਰਥਾਂ ‘ਚ ਦੇਖਿਆਂ ਇਨਕਲਾਬੀ ਸਿਰਫ਼ ਤਾਕਤਵਰ ਤੇ ਜਾਗਰੂਕ ਜਮਾਤ ਦੇ ਹਰਾਵਲ ਦੀ ਭੂਮਿਕਾ ਹੀ ਨਿਭਾਉਂਦੇ ਹਨ। ਇੱਕ ਹਰਾਵਲ ਹਰਾਵਲ ਦੇ ਰੂਪ ‘ਚ ਆਪਣਾ ਕੰਮ ਉਦੋਂ ਹੀ ਨੇਪਰੇ ਚਾੜ ਸਕਦਾ ਹੈ ਜਦੋਂ ਉਹ ਲੋਕਾਂ ਤੋਂ ਨਿੱਖੜ ਜਾਣ ਤੋਂ ਬਚ ਸਕਦਾ ਹੋਵੇ ਤੇ ਸਚਮੁੱਚ ਪੂਰੀ ਲੋਕਾਈ ਨੂੰ ਅਗਵਾਈ ਦੇ ਕੇ ਅੱਗੇ ਲਿਜਾਣ ਦੇ ਯੋਗ ਹੋਵੇ।” (ਲੈਨਿਨ ਸਮੁੱਚੀਆਂ ਲਿਖਤਾਂ, ਸੈਂਚੀ 33, ਪੰਨਾ 227)

ਹਰਾਵਲ ਦੇ ਰੂਪ ‘ਚ ਆਪਣੇ ਕਾਰਜ ਨੂੰ ਪੂਰਾ ਕਰਨ ਲਈ ਪਾਰਟੀ ਨੂੰ ਪ੍ਰੋਲੇਤਾਰੀ ਤੇ ਨਿੱਕ-ਬੁਰਜੂਆ ਦੇ ਕਈ ਤਬਕਿਆਂ ਵਿਚਾਲੇ ਸੰਬੰਧਾਂ ਅਤੇ ਖੁਦ ਪ੍ਰੋਲੇਤਾਰੀ ਦੇ ਵੱਖ-ਵੱਖ ਹਿੱਸਿਆਂ ਵਿਚਲੇ ਸੰਬੰਧਾਂ ਨੂੰ ਸਹੀ ਤਰੀਕੇ ਨਾਲ ਸੰਭਾਲਣਾ ਸਿਖਣਾ ਪੈਣਾ ਹੈ:

”ਸਰਮਾਏਦਾਰੀ ਸਰਮਾਏਦਾਰੀ ਨਾ ਹੁੰਦੀ ਜੇ ‘ਸ਼ੁੱਧ’ ਪ੍ਰੋਲੇਤਾਰੀ ਚਾਰੇ ਪਾਸਿਆਂ ਤੋਂ ਪ੍ਰੋਲੇਤਾਰੀ ਤੇ ਅਰਧ-ਪ੍ਰੋਲੇਤਾਰੀ (ਜੋ ਕੁਝ ਹੱਦ ਤੱਕ ਆਪਣੀ ਰੋਜ਼ੀ-ਰੋਟੀ ਕਿਰਤ-ਸ਼ਕਤੀ ਵੇਚ ਕੇ ਹਾਸਿਲ ਕਰਦਾ ਹੈ) ਵਿਚਕਾਰਲੇ ਲੋਕਾਂ ਨਾਲ, ਅਰਧ-ਪ੍ਰੋਲੇਤਾਰੀਆਂ ਤੇ ਛੋਟੇ ਕਿਸਾਨਾਂ (ਛੋਟੇ ਕਾਰੀਗਰਾਂ, ਦਸਤਕਾਰਾਂ ਤੇ ਆਮ ਤੌਰ ‘ਤੇ ਛੋਟੇ ਮਾਲਿਕਾਂ) ਵਿਚਕਾਰਲੇ ਲੋਕਾਂ ਨਾਲ, ਛੋਟੇ ਕਿਸਾਨਾਂ ਤੇ ਦਰਮਿਆਨੇ ਕਿਸਾਨਾਂ ਵਿਚਕਾਰਲੇ ਲੋਕਾਂ ਨਾਲ ਤੇ ਹੋਰ ਅਨੇਕ ਕਿਸਮ ਦੇ ਰੰਗ-ਬਰੰਗੇ ਸਮਾਜਿਕ ਤਬਕਿਆਂ ਵਿੱਚ ਘਿਰਿਆ ਨਾ ਹੁੰਦਾ, ਅਤੇ ਖੁਦ ਪ੍ਰੋਲੇਤਾਰੀ ਵਧ ਜਾਂ ਘੱਟ ਵਿਕਸਿਤ ਪਰਤਾਂ ‘ਚ ਵੰਡਿਆ ਨਾ ਹੋਵੇ, ਜੇ ਇਹ ਇਲਾਕਾਈ, ਕਿੱਤਿਆਂ ਤੇ ਕਦੇ ਕਦੇ ਧਰਮਾਂ ਆਦਿ ਦੇ ਆਧਾਰ ‘ਤੇ ਵੰਡਿਆ ਨਾ ਹੋਵੇ। ਇਸ ਸਭ ਕੁਝ ਦਾ ਨਤੀਜਾ ਇਹ ਨਿਕਲਦਾ ਹੈ ਕਿ ਕਮਿਊਨਿਸਟ ਪਾਰਟੀ, ਇਸਦੇ ਹਰਾਵਲ ਦਸਤੇ, ਇਹਦੇ ਜਮਾਤੀ ਚੇਤੰਨ ਹਿੱਸੇ ਲਈ ਇਹ ਉਕਾ ਹੀ ਲਾਜ਼ਮੀ ਹੈ ਕਿ ਉਹ ਦਾਅ-ਪੇਚਾਂ ਵਿੱਚ ਤਬਦੀਲੀ ਦਾ, ਪ੍ਰੋਲੇਤਾਰੀ ਦੀਆਂ ਵੱਖ-ਵੱਖ ਟੋਲੀਆਂ, ਕਿਰਤੀਆਂ ਤੇ ਛੋਟੇ ਮਾਲਕਾਂ ਦੀਆਂ ਵੱਖ-ਵੱਖ ਪਾਰਟੀਆਂ ਨਾਲ ਸੁਲਹ-ਸਫਾਈ ਤੇ ਸਮਝੌਤਿਆਂ ਦਾ ਸਹਾਰਾ ਲਵੇ। ਅਸਲ ਸਵਾਲ ਇਹ ਸਮਝਣ ਦਾ ਹੈ ਕਿ ਇਹਨਾਂ ਦਾਅ-ਪੇਚਾਂ ਨੂੰ ਲਾਗੂ ਕਿਸ ਤਰ੍ਹਾਂ ਕੀਤਾ ਜਾਵੇ ਕਿ ਜਿਸ ਨਾਲ ਪ੍ਰੋਲੇਤਾਰੀ ਦੀ ਜਮਾਤੀ-ਚੇਤਨਾ, ਇਨਕਲਾਬੀ ਭਾਵਨਾ ਅਤੇ ਲੜਨ ਤੇ ਜਿੱਤਣ ਦੀ ਯੋਗਤਾ ਆਮ ਪੱਧਰ ਨਾਲੋਂ ਨੀਵੀਂ ਹੋਣ ਦੀ ਥਾਂ ਹੋਰ ਉੱਚੀ ਹੋ ਜਾਵੇ।” (ਲੈਨਿਨ ਸਮੁੱਚੀਆਂ ਲਿਖਤਾਂ ਸੈਂਚੀ 31, ਪੰਨਾ 74)

ਚੀਨੀ ਪਾਰਟੀ ਵੀ ਨਿੱਕੀ ਬੁਰਜੂਆਜ਼ੀ ਨਾਲ ਸਾਂਝਾ ਮੋਰਚਾ ਕਾਇਮ ਕਰਦੇ ਸਮੇਂ ਇਹੋ ਜਿਹੀਆਂ ਹੀ ਸਮੱਸਿਆਵਾਂ ਨਾਲ ਦੋ-ਚਾਰ ਹੋ ਰਹੀ ਸੀ:

ਪਾਰਟੀ ਤੋਂ ਬਾਹਰਲੇ ਨਿੱਕ-ਬੁਰਜੂਆ ਲੋਕਸਮੂਹਾਂ ‘ਚ ਕਿਸਾਨੀ ਤੋਂ ਇਲਾਵਾ ਜੋ ਚੀਨੀ ਬੁਰਜੂਆ-ਜਮਹੂਰੀ ਇਨਕਲਾਬ ਦੀ ਮੁੱਖ ਤਾਕਤ ਸੀ, ਮੌਜੂਦਾ ਪੜਾਅ ਵਿੱਚ ਸ਼ਹਿਰੀ ਨਿੱਕ-ਬੁਰਜੂਆਜੀ ਵੀ ਇਨਕਲਾਬ ਦੀਆਂ ਚਾਲਕ ਤਾਕਤਾਂ ‘ਚੋਂ ਇੱਕ ਹੈ ਕਿਉਂਕਿ ਇਸਦੇ ਮੈਂਬਰਾਂ ‘ਚੋਂ ਬਹੁਤੇ ਹਰ ਤਰ੍ਹਾਂ ਦੇ ਦਾਬੇ ਦਾ ਸ਼ਿਕਾਰ ਹਨ, ਲਗਾਤਾਰ ਤੇ ਤੇਜ਼ੀ ਨਾਲ ਗਰੀਬੀ, ਦੀਵਾਲੀਆਪਣ ਤੇ ਬੇਰੁਜ਼ਗਾਰੀ ਵੱਲ ਧੱਕੇ ਜਾ ਰਹੇ ਹਨ, ਅਤੇ ਇਹਨਾਂ ਨੂੰ ਆਰਥਕ ਤੇ ਸਿਆਸੀ ਅਜ਼ਾਦੀ ਦੀ ਤੁਰੰਤ ਜ਼ਰੂਰਤ ਹੈ। ਪਰ ਇੱਕ ਸੰਕ੍ਰਮਣਸ਼ੀਲ ਜਮਾਤ ਹੋਣ ਕਰਕੇ ਇਸਦਾ ਦੋਹਰਾ ਖਾਸਾ ਹੈ। ਜਿੱਥੋਂ ਤੱਕ ਇਸਦੇ ਚੰਗੇ ਤੇ ਇਨਕਲਾਬੀ ਪੱਖ ਦਾ ਸਵਾਲ ਹੈ, ਇਸ ਜਮਾਤ ਦਾ ਵੱਡਾ ਹਿੱਸਾ ਪ੍ਰੋਲੇਤਾਰੀ ਦੇ ਸਿਆਸੀ ਤੇ ਜਥੇਬੰਦਕ ਪ੍ਰਭਾਵ ਨੂੰ ਕਬੂਲਦਾ ਹੈ, ਫਿਲਹਾਲ ਉਹ ਜਮਹੂਰੀ ਇਨਕਲਾਬ ਦੀ ਮੰਗ ਕਰਦਾ ਹੈ ਤੇ ਇਸ ਲਈ ਇੱਕਮੁਠ ਹੋਣ ਤੇ ਲੜਨ ਦੇ ਯੋਗ ਹੈ, ਅਤੇ ਭਵਿੱਖ ‘ਚ ਇਹ ਪ੍ਰੋਲੇਤਾਰੀ ਨਾਲ ਮਿਲ ਸਮਾਜਵਾਦ ਦਾ ਰਸਤਾ ਵੀ ਫੜ ਸਕਦਾ ਹੈ; ਪਰ ਇਸਦਾ ਬੁਰਾ ਤੇ ਪਛੜਿਆ ਪੱਖ ਇਹ ਹੈ ਕਿ ਨਾ ਸਿਰਫ਼ ਇਸ ਜਮਾਤ ਦੀਆਂ ਬਹੁਤ ਸਾਰੀਆਂ ਕਮਜ਼ੋਰੀਆਂ ਹਨ ਜੋ ਇਸ ਨੂੰ ਪ੍ਰੋਲੇਤਾਰੀ ਤੋਂ ਵਖਰਿਉਂਦੀਆਂ ਹਨ, ਇਹ ਜਮਾਤ ਜਦੋਂ ਪ੍ਰੋਲੇਤਾਰੀ ਅਗਵਾਈ ਖੋ ਬਹਿੰਦੀ ਹੈ ਤਾਂ ਇਹ ਢੁਲਮੁਲ ਹੋ ਜਾਂਦੀ ਹੈ ਤੇ ਉਦਾਰਵਾਦੀ ਬੁਰਜੂਆਜੀ ਦੇ ਅਸਰ ਹੇਠ ਆ ਜਾਂਦੀ ਹੈ ਤੇ ਉਸਦੀ ਕੈਦੀ ਬਣ ਜਾਂਦੀ ਹੈ। ਇਸ ਲਈ ਮੌਜੂਦਾ ਪੜਾਅ ਦੌਰਾਨ ਪ੍ਰੋਲੇਤਾਰੀ ਤੇ ਇਸਦੇ ਹਰਾਵਲ ਦਸਤੇ, ਚੀਨ ਦੀ ਕਮਿਊਨਿਸਟ ਪਾਰਟੀ ਨੂੰ ਖੁਦ ਨੂੰ ਪਾਰਟੀ ਤੋਂ ਬਾਹਰਲੇ ਨਿੱਕ-ਬੁਰਜੂਆ ਲੋਕ-ਸਮੂਹਾਂ ਨਾਲ ਮਜ਼ਬੂਤ ਤੇ ਚੌੜੇਰੀ ਏਕਤਾ ਦੀ ਬੁਨਿਆਦ ‘ਤੇ ਟਿਕਾਉਣਾ ਚਾਹੀਦਾ ਹੈ, ਅਤੇ ਇੱਕ ਪਾਸੇ ਉਹਨਾਂ ਨਾਲ ਰਾਬਤਾ ਬਣਾਉਂਦੇ ਸਮੇਂ ਰਿਆਇਤ ਦੇਕੇ ਚੱਲਣਾ ਚਾਹੀਦਾ ਹੈ ਤੇ ਜਿਸ ਹੱਦ ਤੱਕ ਦੁਸ਼ਮਣ ਖਿਲਾਫ਼ ਸੰਘਰਸ਼ ਜਾਂ ਇਸ ਨਾਲ ਸਾਡੇ ਸਾਂਝੇ ਸਮਾਜਿਕ ਜੀਵਨ ‘ਚ ਕੋਈ ਅੜਿੱਕਾ ਖੜਾ ਨਹੀਂ ਹੁੰਦਾ, ਉਸ ਹੱਦ ਤੱਕ ਇਸਦੇ ਉਦਾਰ ਖਿਆਲਾਂ ਤੇ ਕੰਮ ਕਰਨ ਦੇ ਤੌਰ-ਤਰੀਕੇ ਨੂੰ ਝੱਲਣਾ ਚਾਹੀਦਾ ਹੈ ਅਤੇ ਨਾਲ ਹੀ ਦੂਜੇ ਪਾਸੇ ਸਾਡੇ ਉਸ ਨਾਲ ਸਾਂਝੇ ਮੋਰਚੇ ਨੂੰ ਮਜ਼ਬੂਤ ਕਰਨ ਲਈ ਉਹਨਾਂ ਨੂੰ ਸਿੱਖਿਅਤ ਕਰਨਾ ਚਾਹੀਦਾ ਹੈ।” (ਮਾਓ ਜ਼ੇ-ਤੁੰਗ ਚੋਣਵੀਆਂ ਲਿਖਤਾਂ, ਸੈਂਚੀ 3, ਸਫਾ 214)  

4. ਜਮਹੂਰੀ ਕੇਂਦਰਵਾਦ

ਪਾਰਟੀ ਅਨੁਸਾਸ਼ਨ ਕੇਂਦਰੀਕ੍ਰਿਤ ਅਗਵਾਈ ਹੇਠ ਜਮਹੂਰੀਅਤ ਉੱਤੇ ਟਿਕਿਆ ਹੁੰਦਾ ਹੈ। ਇਸ ਤਰੀਕੇ ਨਾਲ ਬਹਿਸ ਅਤੇ ਅਲੋਚਨਾ ਦੀ ਅਜ਼ਾਦੀ ਅਮਲ ‘ਚ ਏਕੇ ਨਾਲ ਜੁੜੀ ਹੁੰਦੀ ਹੈ। ਹੇਠਲੀਆਂ ਇਕਾਈਆਂ ਉੱਪਰਲੀਆਂ ਨੂੰ ਚੁਣਦੀਆਂ ਹਨ ਤੇ ਉਹਨਾਂ ਦੇ ਕੰਟਰੋਲ ਹੇਠਾਂ ਹੁੰਦੀਆਂ ਹਨ। ਬਹੁਗਿਣਤੀ ਦੇ ਫੈਸਲੇ ਸਭ ‘ਤੇ ਲਾਗੂ ਹੁੰਦੇ ਹਨ। ਇਹ ਸਿਧਾਂਤ ਹਰੇਕ ਜਮਾਤੀ-ਚੇਤੰਨ ਮਜ਼ਦੂਰ ਦੇ ਟਰੇਡ ਯੂਨੀਅਨ ਤਜ਼ਰਬੇ ਨਾਲ ਮੇਲ ਖਾਂਦੇ ਹਨ:

”ਅਸੀਂ ਪਹਿਲਾਂ ਹੀ ਇੱਕ ਤੋਂ ਵੱਧ ਵਾਰ ਪਾਰਟੀ ਅਨੁਸਾਸ਼ਨ ਅਤੇ ਕਿਸ ਤਰ੍ਹਾਂ ਇਹ ਸੰਕਲਪ ਮਜ਼ਦੂਰ ਜਮਾਤੀ ਪਾਰਟੀ ਦੇ ਸੰਦਰਭ ‘ਚ ਸਮਝਿਆ ਜਾਣਾ ਚਾਹੀਦਾ ਹੈ, ਬਾਰੇ ਆਪਣੇ ਸਿਧਾਂਤਕ ਅਸੂਲਾਂ ਨੂੰ ਵਿਸਥਾਰ ਸਹਿਤ ਦਰਜ ਕਰਵਾ ਚੁੱਕੇ ਹਾਂ। ਅਸੀਂ ਇਸਨੂੰ ਅਮਲ ‘ਚ ਏਕਾ, ਬਹਿਸ ਤੇ ਅਲੋਚਨਾ ਦੀ ਅਜ਼ਾਦੀ ਦੇ ਤੌਰ ‘ਤੇ ਪਰਿਭਾਸ਼ਤ ਕੀਤਾ ਹੈ। ਇੱਕ ਅਗਾਂਹਵਧੂ ਜਮਾਤ ਦੀ ਜਮਹੂਰੀ ਪਾਰਟੀ ਦਾ ਅਨੁਸਾਸ਼ਨ ਅਜਿਹਾ ਹੀ ਹੋ ਸਕਦਾ ਹੈ। ਮਜ਼ਦੂਰ ਜਮਾਤ ਦੀ ਤਾਕਤ ਜਥੇਬੰਦੀ ‘ਚ ਹੈ। ਜਿੰਨਾ ਚਿਰ ਸਮੂਹ ਜਥੇਬੰਦ ਨਹੀਂ, ਓਨਾ ਚਿਰ ਪ੍ਰੋਲੇਤਾਰੀ ਕੁਝ ਵੀ ਨਹੀਂ। ਜਥੇਬੰਦ ਹੈ ਤਾਂ ਇਹ ਸਭ ਕੁਝ ਹੈ। ਜਥੇਬੰਦ ਹੋਣ ਦਾ ਮਤਲਬ ਅਮਲ ਦੀ ਏਕਤਾ, ਅਸਲ ਸਰਗਰਮੀਆਂ ਦੀ ਏਕਤਾ ਹੈ… । ਇਸ ਲਈ ਪ੍ਰੋਲੇਤਾਰੀ ਬਹਿਸ ਤੇ ਅਲੋਚਨਾ ਦੀ ਅਜ਼ਾਦੀ ਤੋਂ ਬਿਨਾਂ ਅਮਲ ਦੀ ਏਕਤਾ ਨੂੰ ਮਾਨਤਾ ਨਹੀਂ ਦਿੰਦਾ।” (ਲੈਨਿਨ ਸਮੁੱਚੀਆਂ ਲਿਖਤਾਂ, ਸੈਂਚੀ 11, ਸਫਾ 320)

”ਕੀ ਇਹ ਸਮਝਣਾ ਕੋਈ ਔਖਾ ਕੰਮ ਹੈ ਕਿ ਕੇਂਦਰ ਦੇ ਹੜਤਾਲ ਬਾਰੇ ਫੈਸਲਾ ਕਰਨ ਤੋਂ ਪਹਿਲਾਂ ਇਸਦੇ ਹੱਕ ਜਾਂ ਵਿਰੋਧ ‘ਚ ਐਜੀਟੇਸ਼ਨ ਕੀਤੀ ਜਾ ਸਕਦੀ ਹੈ ਪਰ ਇੱਕ ਵਾਰ ਹੜਤਾਲ ਕਰਨ ਦੇ ਹੱਕ ‘ਚ ਕੇਂਦਰ ਦੁਆਰਾ ਫੈਸਲਾ (ਨਾਲ ਹੀ ਇਸਨੂੰ ਦੁਸ਼ਮਣ ਤੋਂ ਗੁਪਤ ਰੱਖਣ ਦਾ ਫੈਸਲਾ) ਲੈ ਲੈਣ ਤੋਂ ਬਾਅਦ ਹੜਤਾਲ ਦਾ ਵਿਰੋਧ ਕਰਨਾ ਹੜਤਾਲ-ਤੋੜਨਾ ਕਿਹਾ ਜਾਵੇਗਾ? ਕੋਈ ਵੀ ਮਜ਼ਦੂਰ ਇਸਨੂੰ ਅਸਾਨੀ ਨਾਲ ਸਮਝ ਜਾਵੇਗਾ।” (ਲੈਨਿਨ ਸਮੁੱਚੀਆਂ ਲਿਖਤਾਂ, ਸੈਂਚੀ 26, ਸਫਾ 224)

ਜਦੋਂ ਪਾਰਟੀ ਗੈਰ-ਕਾਨੂੰਨੀ ਰੂਪ ‘ਚ ਕੰਮ ਕਰਦੀ ਹੈ ਤਾਂ ਲਾਜ਼ਮੀ ਹੀ ਬਹਿਸ ਅਤੇ ਅਲੋਚਨਾ ਦਾ ਦਾਇਰਾ ਸੁੰਗੜ ਜਾਂਦਾ ਹੈ, ਪਰ ਨਾਲ ਹੀ ਲੀਡਰਸ਼ਿਪ ‘ਚ ਭਰੋਸੇ ਤੋਂ ਬਿਨਾਂ ਵੀ ਕੋਈ ਅਨੁਸਾਸ਼ਨ ਨਹੀਂ ਹੋ ਸਕਦਾ। ਤੀਜੀ (ਕਮਿਊਨਿਸਟ) ਇੰਟਰਨੈਸ਼ਨਲ ਜੋ ਕਿ 1920 ‘ਚ ਕਾਇਮ ਹੋਈ, ਵਿੱਚ ਸ਼ਮੂਲੀਅਤ ਕਰਨ ਲਈ ਸ਼ਰਤਾਂ ਵਿੱਚ ਇਹ ਵੀ ਸ਼ਾਮਿਲ ਸੀ:

”ਕਮਿਊਨਿਸਟ ਇੰਟਰਨੈਸ਼ਨਲ ਨਾਲ ਜੁੜੀਆਂ ਪਾਰਟੀਆਂ ਜਮਹੂਰੀ ਕੇਂਦਰਵਾਦ ਦੇ ਸਿਧਾਂਤ ਦੇ ਅਧਾਰ ‘ਤੇ ਜਥੇਬੰਦ ਹੋਈਆਂ ਹੋਣੀਆਂ ਚਾਹੀਦੀਆਂ ਹੈ। ਤਿੱਖੀ ਘਰੇਲੂ ਜੰਗ ਦੇ ਮੌਜੂਦਾ ਦੌਰ ‘ਚ ਕਮਿਊਨਿਸਟ ਪਾਰਟੀਆਂ ਤਾਂ ਹੀ ਆਪਣੇ ਫਰਜ਼ਾਂ ਨੂੰ ਨਿਭਾ ਸਕਣਗੀਆਂ ਜੇ ਉਹ ਕੇਂਦਰੀਕ੍ਰਿਤ ਤਰੀਕੇ ਨਾਲ ਜਥੇਬੰਦ ਹਨ, ਫੌਜ਼ ਨਾਲ ਮਿਲਦੇ-ਜੁਲਦੇ ਲੋਹ-ਅਨੁਸਾਸ਼ਨ ‘ਚ ਢਲੀਆਂ ਹੋਈਆਂ ਹਨ ਅਤੇ ਉਹਨਾਂ ਕੋਲ ਮਜ਼ਬੂਤ ਤੇ ਤਾਕਤਵਰ ਪਾਰਟੀ ਕੇਂਦਰ ਹਨ ਜਿਹਨਾਂ ਕੋਲ ਵਿਸ਼ਾਲ ਤਾਕਤਾਂ ਤੇ ਮੈਬਰਾਂ ਦਾ ਇਕਮਤ ਵਿਸ਼ਵਾਸ਼ ਹੈ।” (ਲੈਨਿਨ ਸਮੁੱਚੀਆਂ ਲਿਖਤਾਂ, ਸੈਂਚੀ 31, ਸਫਾ 210)

ਇਸ ਬੁਨਿਆਦ ‘ਤੇ ਟਿਕੀ ਬਾਲਸ਼ਵਿਕ ਪਾਰਟੀ ਖੜੀ ਕਰਨ ਦੇ ਲੰਮੇ ਪੰਧ ‘ਚ ਲੈਨਿਨ ਨੂੰ ਅਨੁਸਾਸ਼ਨ ਪ੍ਰਤੀ ਮੇਨਸ਼ਵਿਕ ਬੁੱਧੀਜੀਵੀਆਂ ‘ਚ ਪਾਏ ਜਾਂਦੇ ਅਰਾਜਕਤਾਵਾਦੀ ਨਜ਼ਰੀਏ ਖਿਲਾਫ਼ ਲੜਨਾ ਪਿਆ। ਇਹਨਾਂ ਵਿੱਚੋਂ ਹੀ ਇੱਕ ਨੇ ਸ਼ਿਕਾਇਤ ਕੀਤੀ ਕਿ ਉਹ (ਲੈਨਿਨ – ਅਨੁ) ਪਾਰਟੀ ਨੂੰ ਇੱਦਾਂ ਸਮਝਦਾ ਹੈ ਜਿਵੇਂ ਇਹ ਇੱਕ ਵੱਡੀ ਫੈਕਟਰੀ ਹੋਵੇ, ਲੈਨਿਨ ਨੇ ਜਵਾਬ ਦਿੱਤਾ:

”ਉਸਦਾ ਇਹ ਖਤਰਨਾਕ ਸ਼ਬਦ ਇਕਦਮ ਉਸ ਬੁਰਜੂਆ ਬੁੱਧੀਜੀਵੀ ਜਿਹੜਾ ਪ੍ਰੋਲੇਤਾਰੀ ਜਥੇਬੰਦੀ ਦੇ ਨਾ ਤਾਂ ਅਭਿਆਸ ਨੂੰ ਤੇ ਨਾ ਹੀ ਸਿਧਾਂਤ ਨੂੰ ਸਮਝਦਾ ਹੈ, ਦੀ ਮਾਨਸਿਕਤਾ ਦਾ ਪ੍ਰਗਟਾਵਾ ਕਰ ਦਿੰਦਾ ਹੈ। ਫੈਕਟਰੀ ਜਿਹੜੀ ਕਈਆਂ ਨੂੰ ਭੂਤ-ਪ੍ਰੇਤ ਲੱਗਦੀ ਹੈ, ਸਰਮਾਏਦਾਰਾ ਸਹਿਕਾਰ ਦੀ ਉਚਤਮ ਅਵਸਥਾ ਨੂੰ ਦਰਸਾਉਂਦੀ ਹੈ ਜਿਸਨੇ ਪ੍ਰੋਲੇਤਾਰੀ ਨੂੰ ਇਕੱਠਿਆਂ ਤੇ ਅਨੁਸਾਸ਼ਤ ਕੀਤਾ ਹੈ, ਇਸਨੂੰ ਜਥੇਬੰਦ ਹੋਣਾ ਸਿਖਾਇਆ ਹੈ, ਅਤੇ ਇਸਨੂੰ ਕਿਰਤੀ ਤੇ ਲੁੱਟੀ ਜਾ ਰਹੀ ਅਬਾਦੀ ਦੇ ਦੂਸਰੇ ਹਿੱਸਿਆਂ ਦੇ ਮੂਹਰੇ ਲਿਆ ਖੜਾ ਕੀਤਾ ਹੈ। ਅਤੇ ਮਾਰਕਸਵਾਦ ਜਿਹੜਾ ਸਰਮਾਏਦਾਰੀ ਦੁਆਰਾ ਢਾਲੇ ਮਜ਼ਦੂਰ ਦੀ ਵਿਚਾਰਧਾਰਾ ਹੈ, ਢੁਲਮੁਲ ਬੁੱਧੀਜੀਵੀਆਂ ਨੂੰ ਫੈਕਟਰੀ ਨੂੰ ਇੱਕ ਲੁੱਟ ਦੇ ਸਾਧਨ ਦੇ ਰੂਪ ‘ਚ (ਭੁੱਖਮਰੀ ਦੇ ਡਰ ਕਾਰਨ ਪੈਦਾ ਹੋਇਆ ਅਨੁਸਾਸ਼ਨ) ਅਤੇ ਫੈਕਟਰੀ ਨੂੰ ਇੱਕ ਜਥੇਬੰਦੀ ਪੈਦਾ ਕਰਨ ਦੇ ਸਾਧਨ ਵਜੋਂ (ਪੈਦਾਵਾਰ ਦੀਆਂ ਵਿਕਸਤ ਤਕਨੀਕੀ ਹਾਲਤਾਂ ਦੁਆਰਾ ਏਕਤਾਬੱਧ ਕੀਤੀ ਸਮੂਹਕ ਕਿਰਤ ‘ਚੋਂ ਉਪਜਿਆ ਅਨੁਸਾਸ਼ਨ) ਫ਼ਰਕ ਕਰਕੇ ਦੇਖਣ ਲਈ ਸਿੱਖਿਅਤ ਕਰਦਾ ਹੈ। ਅਨੁਸਾਸ਼ਨ ਤੇ ਜਥੇਬੰਦੀ ਜੋ ਬੁਰਜੂਆ ਬੁੱਧੀਜੀਵੀ ਲਈ ਇੰਨਾ ਔਖਿਆਈ ਭਰਿਆ ਹੈ, ਇਸ ਫੈਕਟਰੀ “ਸਕੂਲ” ਦੀ ਬਦੌਲਤ ਪ੍ਰੋਲੇਤਾਰੀ ਦੁਆਰਾ ਅਸਾਨੀ ਨਾਲ ਅਪਣਾ ਲਿਆ ਜਾਂਦਾ ਹੈ।” (ਲੈਨਿਨ ਸਮੁੱਚੀਆਂ ਲਿਖਤਾਂ, ਸੈਂਚੀ 7, ਸਫਾ 391)

”ਇਹ ਉਹ ਥਾਂ ਹੈ ਜਿੱਥੇ “ਫੈਕਟਰੀ ਨਾਂ ਦੇ ਇਸ ਸਕੂਲ ‘ਚੋਂ ਲੰਘਿਆ ਪ੍ਰੋਲੇਤਾਰੀ ਅਰਾਜਕ ਵਿਅਕਤੀਵਾਦ ਨੂੰ ਪਾਠ ਪੜ੍ਹਾ ਸਕਦਾ ਹੈ ਅਤੇ ਉਸਨੂੰ ਅਜਿਹਾ ਕਰਨਾ ਚਾਹੀਦਾ ਹੈ। ਜਮਾਤੀ-ਚੇਤੰਨ ਮਜ਼ਦੂਰ ਆਪਣੇ ਬਚਪਨੇ ਦੇ ਪੜਾਅ ਨੂੰ ਲੰਘ ਆਇਆ ਹੈ ਜਦੋਂ ਉਹ ਬੁੱਧੀਜੀਵੀ ਖਿਲਾਫ਼ ਸੰਘਰਸ਼ ਕਰਨ ਤੋਂ ਝਿਜਕਦਾ ਸੀ। ਜਮਾਤੀ-ਚੇਤੰਨ ਮਜ਼ਦੂਰ ਸਮਾਜਕ-ਜਮਹੂਰੀ ਬੁੱਧੀਜੀਵੀਆਂ ਦੇ ਗਿਆਨ ਦੇ ਅਮੀਰ ਭੰਡਾਰ ਤੇ ਵਿਸ਼ਾਲ ਸਿਆਸੀ ਨਜ਼ਰੀਏ ਦੀ ਪ੍ਰਸ਼ੰਸਾ ਕਰਦਾ ਹੈ। ਪਰੰਤੂ, ਜਿਵੇਂ ਹੀ ਅਸੀਂ ਖਰੀ ਪਾਰਟੀ ਦੀ ਉਸਾਰੀ ‘ਚ ਅੱਗੇ ਵਧਦੇ ਹਾਂ ਤਾਂ ਜਮਾਤੀ-ਚੇਤੰਨ ਮਜ਼ਦੂਰ ਨੂੰ ਪ੍ਰੋਲੇਤਾਰੀ ਫੌਜ਼ ਦੇ ਸਿਪਾਹੀ ਦੀ ਮਾਨਸਿਕਤਾ ਤੋਂ ਬੁਰਜੂਆ ਬੁੱਧੀਜੀਵੀ ਜਿਹੜਾ ਅਰਾਜਕਤਾਵਾਦੀ ਨਾਹਰੇ ਮਾਰਦਾ ਰਹਿੰਦਾ ਹੈ, ਦੀ ਮਾਨਸਿਕਤਾ ਨੂੰ ਵਖਰਿਆਉਣਾ ਆਉਣਾ ਚਾਹੀਦਾ ਹੈ; ਉਸਨੂੰ ਇਸ ਗੱਲ ‘ਤੇ ਜ਼ੋਰ ਦੇਣਾ ਸਿੱਖਣਾ ਚਾਹੀਦਾ ਹੈ ਕਿ ਪਾਰਟੀ ਮੈਂਬਰ ਦੇ ਫਰਜ਼ ਨਾ ਸਿਰਫ਼ ਸਫ਼ਾਂ ਵੱਲੋਂ ਹੀ ਅਦਾ ਕੀਤੇ ਜਾਣੇ ਚਾਹੀਦੇ ਹਨ ਸਗੋਂ ”ਉੱਪਰ ਬੈਠੇ ਲੋਕਾਂ” ਨੂੰ ਵੀ ਅਜਿਹਾ ਕਰਨਾ ਚਾਹੀਦਾ ਹੈ।” (ਲੈਨਿਨ ਸਮੁੱਚੀਆਂ ਲਿਖਤਾਂ, ਸੈਂਚੀ 7, ਸਫਾ 394)

ਚੀਨੀ ਪਾਰਟੀ ਦੀ ਉਸਾਰੀ ਦੀਆਂ ਹਾਲਤਾਂ ਵੱਖਰੀਆਂ ਸਨ ਤੇ ਮੁਕਾਬਲਤਨ ਘੱਟ ਔਖਿਆਈ ਭਰੀਆਂ ਸਨ ਕਿਉਂਕਿ ਬਾਲਸ਼ਵਿਕਾਂ ਨੇ ਰਸਤਾ ਦਿਖਾ ਦਿੱਤਾ ਸੀ; ਪਰ ਵਿਚਾਰ ਅਧੀਨ ਸਿਧਾਂਤ ਉਹੀ ਸਨ:

”ਜੇ ਅਸੀਂ ਪਾਰਟੀ ਨੂੰ ਮਜ਼ਬੂਤ ਬਣਾਉਣਾ ਹੈ ਤਾਂ ਸਾਰੇ ਮੈਂਬਰਾਂ ਦੀ ਪਹਿਲਕਦਮੀ ਨੂੰ ਜਗਾਉਣ ਲਈ ਸਾਨੂੰ ਲਾਜ਼ਮੀ ਹੀ ਜਮਹੂਰੀ ਕੇਂਦਰਵਾਦ ਨੂੰ ਲਾਗੂ ਕਰਨਾ ਹੋਵੇਗਾ। ਪਿਛਾਖੜ ਅਤੇ ਘਰੇਲੂ ਜੰਗ ਦੇ ਸਮੇਂ ਕੇਂਦਰਵਾਦ ਵੱਧ ਭਾਰੂ ਸੀ। ਨਵੇਂ ਦੌਰ ‘ਚ, ਕੇਂਦਰਵਾਦ ਨੂੰ ਜਮਹੂਰੀਅਤ ਨਾਲ ਜੋੜਨਾ ਜ਼ਰੂਰੀ ਹੈ। ਆਉ ਅਸੀਂ ਜਮਹੂਰੀਅਤ ਲਾਗੂ ਕਰੀਏ ਅਤੇ ਪੂਰੀ ਪਾਰਟੀ ਅੰਦਰ ਪਹਿਲਕਦਮੀ ਲਈ ਜਗ੍ਹਾ ਬਣਾਈਏ, ਅਤੇ ਵੱਡੀ ਗਿਣਤੀ ‘ਚ ਨਵੇਂ ਕਾਡਰ ਸਿੱਖਿਅਤ ਕਰੀਏ, ਵੱਖਵਾਦੀ ਰੁਚੀਆਂ ਦੀ ਰਹਿੰਦ-ਖੂੰਹਦ ਦਾ ਸਫਾਇਆ ਕਰੀਏ ਅਤੇ ਪੂਰੀ ਪਾਰਟੀ ਨੂੰ ਸਟੀਲ ਵਾਂਗ ਇੱਕਮੁੱਠ ਕਰੀਏ।” (ਮਾਓ ਜ਼ੇ-ਤੁੰਗ ਚੋਣਵੀਆਂ ਲਿਖਤਾਂ, ਸੈਂਚੀ 1, ਸਫਾ 292)

”ਇਹਨਾਂ ਕਾਰਨਾਂ ਕਰਕੇ, ਪਾਰਟੀ ਵਿੱਚ ਮੈਂਬਰਾਂ ਦੀ ਜਮਹੂਰੀਅਤ ਸੰਬੰਧੀ ਸਿੱਖਿਆ ਹੋਣੀ ਚਾਹੀਦੀ ਹੈ ਤਾਂ ਕਿ ਪਾਰਟੀ ਮੈਂਬਰ ਜਮਹੂਰੀ ਜੀਵਨ-ਢੰਗ ਦਾ ਮਤਲਬ ਸਮਝ ਸਕਣ, ਜਮਹੂਰੀਅਤ ਤੇ ਕੇਂਦਰਵਾਦ ਦੇ ਰਿਸ਼ਤੇ ਦਾ ਮਤਲਬ, ਅਤੇ ਜਮਹੂਰੀ ਕੇਂਦਰਵਾਦ ਨੂੰ ਅਭਿਆਸ ‘ਚ ਉਤਾਰਨ ਦਾ ਤਰੀਕਾ ਸਮਝ ਸਕਣ। ਸਿਰਫ਼ ਇਸੇ ਢੰਗ ਨਾਲ ਹੀ ਅਸੀਂ ਪਾਰਟੀ ਅੰਦਰ ਜਮਹੂਰੀਅਤ ਨੂੰ ਉਤਸ਼ਾਹਤ ਕਰ ਸਕਦੇ ਹਾਂ ਅਤੇ ਨਾਲ ਹੀ ਅਤੀ-ਜਮਹੂਰੀਅਤ ਤੇ ਖੁੱਲੀ ਖੇਡ ਜੋ ਅਨੁਸਾਸ਼ਨ ਨੂੰ ਤਬਾਹ ਕਰ ਦਿੰਦੀ ਹੈ, ਤੋਂ ਬਚ ਸਕਦੇ ਹਾਂ।” (ਮਾਓ ਜ਼ੇ-ਤੁੰਗ ਚੋਣਵੀਆਂ ਲਿਖਤਾਂ, ਸੈਂਚੀ 2, ਸਫਾ 205)

ਚੀਨੀ ਪਾਰਟੀ ਨੇ ਨਾ ਸਿਰਫ਼ ਕਿਸਾਨੀ ਵਿੱਚੋਂ ਹੀ ਸਗੋਂ ਸ਼ਹਿਰੀ ਨਿੱਕ-ਬੁਰਜੂਆ ਤੇ ਖਾਸ ਕਰਕੇ ਬੁੱਧੀਜੀਵੀਆਂ ‘ਚੋਂ ਵੱਡੀ ਗਿਣਤੀ ‘ਚ ਰੰਗਰੂਟ ਭਰਤੀ ਕੀਤੇ; ਪਰੰਤੂ ਇਹ ਲੈਨਿਨ ਦੁਆਰਾ ਸਥਾਪਤ ਸਿਧਾਂਤਾਂ ‘ਤੇ ਅਧਾਰਤ ਵਿਚਾਰਧਾਰਕ ਮੁੜ-ਢਲਾਈ ਦੀ ਪ੍ਰਕਿਰਿਆ ‘ਚੋਂ ਲੰਘ ਕੇ ਹੀ ਚੰਗੇ ਪਾਰਟੀ ਮੈਂਬਰ ਬਣੇ:

”ਪਰ ਨਿੱਕ-ਬੁਰਜੂਆ ‘ਚੋਂ ਆਉਣ ਵਾਲੇ ਲੋਕਾਂ ਦਾ ਮਾਮਲਾ ਇਕਦਮ ਵੱਖਰਾ ਹੈ ਜਿਹਨਾਂ ਨੇ ਆਪਣੀ ਇੱਛਾ ਨਾਲ ਪਹਿਲਾਂ ਵਾਲੀ ਜਮਾਤੀ ਪੋਜ਼ੀਸ਼ਨ ਛੱਡ ਦਿੱਤੀ ਅਤੇ ਪ੍ਰੋਲੇਤਾਰੀ ਦੀ ਪਾਰਟੀ ‘ਚ ਸ਼ਾਮਲ ਹੋ ਗਏ। ਪਾਰਟੀ ਨੂੰ ਇਹਨਾਂ ਪ੍ਰਤੀ ਜਿਹੜੀ ਨੀਤੀ ਅਪਨਾਉਣੀ ਚਾਹੀਦੀ ਹੈ ਉਹ ਪਾਰਟੀ ਤੋਂ ਬਾਹਰਲੇ ਨਿੱਕ-ਬੁਰਜੂਆ ਲੋਕ-ਸਮੂਹਾਂ ਪ੍ਰਤੀ ਪਾਰਟੀ ਨੀਤੀ ਤੋਂ ਸਿਧਾਂਤਕ ਰੂਪ ‘ਚ ਭਿੰਨ ਹੈ। ਕਿਉਂਕਿ ਇਹ ਲੋਕ ਅਰੰਭ ਤੋਂ ਹੀ ਪ੍ਰੋਲੇਤਾਰੀ ਦੇ ਨੇੜੇ ਸਨ ਤੇ ਉਸਦੀ ਪਾਰਟੀ ‘ਚ ਆਪਣੀ ਇੱਛਾ ਨਾਲ ਰਲੇ ਸਨ, ਉਹ ਪਾਰਟੀ ਅੰਦਰ ਮਾਰਕਸਵਾਦੀ-ਲੈਨਿਨਵਾਦੀ ਸਿੱਖਿਆ ਅਤੇ ਇਨਕਲਾਬੀ ਲੋਕ ਘੋਲ਼ਾਂ ‘ਚ ਤਪ ਕੇ ਹੌਲ਼ੀ-ਹੌਲ਼ੀ ਆਪਣੀ ਵਿਚਾਰਧਾਰਾ ‘ਚ ਪ੍ਰੋਲੇਤਾਰੀ ਬਣ ਸਕਦੇ ਹਨ, ਅਤੇ ਪ੍ਰੋਲੇਤਾਰੀ ਤਾਕਤਾਂ ਦੀ ਵੱਡੀ ਸੇਵਾ ਕਰ ਸਕਦੇ ਹਨ…। ਪਰੰਤੂ ਇਹ ਗੱਲ ਧਿਆਨ ‘ਚ ਰੱਖਣੀ ਚਾਹੀਦੀ ਹੈ ਕਿ ਜਿਹੜੇ ਨਿੱਕ-ਬੁਰਜੂਆ ਦਾ ਅਜੇ ਪ੍ਰੋਲੇਤਾਰੀਕਰਨ ਨਹੀਂ ਹੋਇਆ ਉਸਦਾ ਇਨਕਲਾਬੀ ਖਾਸਾ ਪ੍ਰੋਲੇਤਾਰੀ ਦੇ ਇਨਕਲਾਬੀ ਖਾਸੇ ਤੋਂ ਤੱਤ ਰੂਪ ‘ਚ ਵੱਖਰਾ ਹੁੰਦਾ ਹੈ, ਅਤੇ ਇਹ ਵਖਰੇਵਾਂ ਵਿਰੋਧ ‘ਚ ਵਿਕਸਤ ਹੋ ਸਕਦਾ ਹੈ….. ਜੇ ਪ੍ਰੋਲੇਤਾਰੀ ਦੇ ਵਿਕਸਤ ਤੱਤ ਮਾਰਕਸਵਾਦੀ-ਲੈਨਿਨਵਾਦੀ ਵਿਚਾਰਧਾਰਾ ਅਤੇ ਨਿੱਕ-ਬੁਰਜੂਆਜੀ ‘ਚੋਂ ਆਉਣ ਵਾਲੇ ਇਹਨਾਂ ਮੈਂਬਰਾਂ ਦੀ ਅਰੰਭਕ ਵਿਚਾਰਧਾਰਾ ‘ਚ ਦ੍ਰਿੜ੍ਹ ਤੇ ਸਪੱਸ਼ਟ ਨਿਖੇੜਾ ਨਹੀਂ ਕਰਦੇ, ਅਤੇ ਗੰਭੀਰ ਪਰ ਸਹੀ ਤੇ ਧੀਰਜਵਾਨ ਢੰਗ ਨਾਲ ਉਹਨਾਂ ਨੂੰ ਸਿੱਖਿਅਤ ਤੇ ਉਹਨਾਂ ਨਾਲ ਸੰਘਰਸ਼ ਨਹੀਂ ਕਰਦੇ ਤਾਂ ਉਹਨਾਂ ਦੀ ਨਿੱਕ-ਬੁਰਜੂਆ ਵਿਚਾਰਧਾਰਾ ਨੂੰ ਬਦਲ ਸਕਣਾ ਅਸੰਭਵ ਹੋ ਜਾਵੇਗਾ, ਅਤੇ ਇਸ ਤੋਂ ਵੱਧ, ਇਹ ਮੈਂਬਰ ਅੱਗੇ ਚੱਲ ਕੇ ਪ੍ਰੋਲੇਤਾਰੀ ਦੇ ਹਰਾਵਲ ਨੂੰ ਆਪਣੇ ਨਜ਼ਰੀਏ ਅਨੁਸਾਰ ਢਾਲਣ ਦੀ ਅਤੇ ਪਾਰਟੀ ਅਗਵਾਈ ਹਥਿਆਉਣ ਦੀ ਕੋਸ਼ਿਸ਼ ਕਰਨਗੇ, ਇਸ ਤਰ੍ਹਾਂ ਪਾਰਟੀ ਤੇ ਲੋਕਾਂ ਦੇ ਉਦੇਸ਼ ਨੂੰ ਹਾਨੀ ਪਹੁੰਚਾਉਣਗੇ।” (ਮਾਓ ਜ਼ੇ-ਤੁੰਗ ਚੋਣਵੀਆਂ ਲਿਖਤਾਂ, ਸੈਂਚੀ 2, ਸਫਾ 238)

”ਚੀਨੀ ਜਮਹੂਰੀ ਇਨਕਲਾਬੀ ਲਹਿਰ ਵਿੱਚ ਇਹ ਬੁੱਧੀਜੀਵੀ ਸਨ ਜੋ ਸਭ ਤੋਂ ਪਹਿਲਾਂ ਜਾਗ੍ਰਿਤ ਹੋਏ…. ਪਰ ਬੁੱਧੀਜੀਵੀ ਕੁਝ ਨਹੀਂ ਕਰ ਸਕਣਗੇ ਜੇ ਉਹ ਆਪਣੇ ਆਪ ਨੂੰ ਮਜ਼ਦੂਰਾਂ ਤੇ ਕਿਸਾਨਾਂ ਨਾਲ ਨਹੀਂ ਜੋੜਦੇ। ਨਿਚੋੜ ਦੇ ਤੌਰ ‘ਤੇ, ਇਨਕਲਾਬੀ ਬੁੱਧੀਜੀਵੀ ਅਤੇ ਗੈਰ-ਇਨਕਲਾਬੀ ਬੁੱਧੀਜੀਵੀ ਜਾਂ ਉਲਟ-ਇਨਕਲਾਬੀ ਬੁੱਧੀਜੀਵੀ ‘ਚ ਨਿਖੇੜੇ ਦੀ ਲੀਹ ਇਸ ਤੋਂ ਤੈਅ ਹੁੰਦੀ ਹੈ ਕਿ ਉਹ ਆਪਣੇ ਆਪ ਨੂੰ ਮਜ਼ਦੂਰਾਂ ਕਿਸਾਨਾਂ ‘ਚ ਰਲ਼ਾ ਲੈਣ ਦਾ ਇੱਛੁਕ ਹੈ ਜਾਂ ਨਹੀਂ ਅਤੇ ਕੀ ਉਹ ਅਸਲ ਵਿੱਚ ਅਜਿਹਾ ਕਰਦਾ ਹੈ।” (ਮਾਓ ਜ਼ੇ-ਤੁੰਗ ਚੋਣਵੀਆਂ ਲਿਖਤਾਂ, ਸੈਂਚੀ 2, ਸਫਾ 238)

ਅੰਤ ਵਿੱਚ, ਜਮਹੂਰੀ ਕੇਂਦਰਵਾਦ ਨਾ ਸਿਰਫ਼ ਪ੍ਰੋਲੇਤਾਰੀ ਪਾਰਟੀ ਦਾ ਸਗੋਂ ਨਵੇਂ ਪ੍ਰੋਲੇਤਾਰੀ ਰਾਜ ਦਾ ਵੀ ਜਥੇਬੰਦਕ ਸਿਧਾਂਤ ਹੈ ਜਿਹੜਾ ਰੂਸ ‘ਚ ਸੋਵੀਅਤਾਂ ਦੀ ਬੁਨਿਆਦ ‘ਤੇ ਅਤੇ ਚੀਨ ਵਿੱਚ ਲੋਕ-ਕਾਂਗਰਸਾਂ ਦੀ ਬੁਨਿਆਦ ‘ਤੇ ਟਿਕਿਆ ਹੋਇਆ ਹੈ:

”ਜੇ ਪ੍ਰੋਲੇਤਾਰੀ ਤੇ ਗਰੀਬ ਕਿਸਾਨ ਰਾਜਸੱਤ੍ਹਾ ਨੂੰ ਆਪਣੇ ਹੱਥਾਂ ‘ਚ ਲੈ ਲੈਂਦੇ ਹਨ, ਖੁਦ ਨੂੰ ਅਜ਼ਾਦੀ ਨਾਲ ਕਮਿਊਨਾਂ ‘ਚ ਜਥੇਬੰਦ ਕਰ ਲੈਂਦੇ ਹਨ, ਅਤੇ ਸਾਰੇ ਕਮਿਊਨਾਂ ਦੀ ਕਾਰਵਾਈ ਨੂੰ ਸਰਮਾਏ ‘ਤੇ ਹਮਲਾ ਬੋਲਣ, ਸਰਮਾਏਦਾਰਾਂ ਦੇ ਵਿਰੋਧ ਨੂੰ ਕੁਚਲਣ ਅਤੇ ਰੇਲਵੇ, ਫੈਕਟਰੀਆਂ, ਜ਼ਮੀਨ ਤੇ ਹੋਰ ਸਭ ਕੁਝ ਨੂੰ ਸਾਰੇ  ਦੇਸ਼ ਤੇ ਸਾਰੇ ਸਮਾਜ ਨੂੰ ਸਪੁਰਦ ਕਰਨ ਲਈ ਏਕਤਾਬੱਧ  ਕਰ ਲੈਂਦੇ ਹਨ, ਤਾਂ ਕੀ ਇਹ ਕੇਂਦਰਵਾਦ ਨਹੀਂ ਹੋਵੇਗਾ? ਕੀ ਇਹ ਸਭ ਤੋਂ ਵਧੀਆ ਜਮਹੂਰੀ ਕੇਂਦਰਵਾਦ ਅਤੇ ਹੋਰ ਜ਼ਿਆਦਾ ਪ੍ਰੋਲੇਤਾਰੀ ਕੇਂਦਰਵਾਦ ਨਹੀਂ ਹੋਵੇਗਾ?” (ਲੈਨਿਨ ਸਮੁੱਚੀਆਂ ਲਿਖਤਾਂ, ਸੈਂਚੀ 25, ਸਫਾ 429)

”ਨਵੇਂ ਜਮਹੂਰੀ ਰਾਜ ਦਾ ਜਥੇਬੰਦਕ ਸਿਧਾਂਤ ਜਮਹੂਰੀ ਕੇਂਦਰਵਾਦ ਹੋਣਾ ਚਾਹੀਦਾ ਹੈ ਜਿਸ ਵਿੱਚ ਲੋਕਾਂ ਦੀਆਂ ਕਾਂਗਰਸਾਂ ਮੁੱਖ ਨੀਤੀਆਂ ਤੈਅ ਕਰਨਗੀਆਂ ਅਤੇ ਵੱਖ-ਵੱਖ ਸਤਰਾਂ ‘ਤੇ ਸਰਕਾਰਾਂ ਦੀ ਚੋਣ ਕਰਨਗੀਆਂ। ਇਹ ਇੱਕੋ ਸਮੇਂ ਜਮਹੂਰੀ ਤੇ ਕੇਂਦਰੀਕ੍ਰਿਤ ਹੈ ਭਾਵ ਕਿ ਜਮਹੂਰੀਅਤ ‘ਤੇ ਅਧਾਰਤ ਕੇਂਦਰੀਕਰਨ ਅਤੇ ਕੇਂਦਰੀਕ੍ਰਿਤ ਅਗਵਾਈ ਥੱਲੇ ਜਮਹੂਰੀਅਤ। ਇਹ ਇੱਕੋ ਇੱਕ ਢਾਂਚਾ ਹੈ ਜਿਹੜਾ ਲੋਕਾਂ ਦੀਆਂ ਕਾਂਗਰਸਾਂ ਨੂੰ ਸਾਰੀ ਤਾਕਤ ਸੌਂਪ ਕੇ ਜਮਹੂਰੀਅਤ ਨੂੰ ਪੂਰਨ ਪ੍ਰਗਟਾਵਾ ਦਿੰਦਾ ਹੈ, ਅਤੇ ਨਾਲ ਹੀ ਕੇਂਦਰੀਕ੍ਰਿਤ ਸੰਚਾਲਨ ਦੀ ਗਰੰਟੀ ਦਿੰਦਾ ਹੈ ਜਿਸ ਨਾਲ ਸਰਕਾਰ ਦੇ ਹਰ ਸਤਰ ‘ਤੇ ਲੋਕਾਂ ਦੀਆਂ ਕਾਂਗਰਸਾਂ ਦੁਆਰਾ ਸੰਬੰਧਤ ਸਤਰ ਨੂੰ ਸੌਂਪੇ ਗਏ ਕੰਮਾਂ ਦੀ ਕੇਂਦਰੀਕ੍ਰਿਤ ਦੇਖਰੇਖ ਹੁੰਦੀ ਹੈ ਅਤੇ ਲੋਕਾਂ ਦੇ ਜਮਹੂਰੀ ਜੀਵਨ-ਢੰਗ ਲਈ ਜੋ ਵੀ ਜ਼ਰੂਰੀ ਹੈ, ਦੀ ਰੱਖਿਆ ਹੁੰਦੀ ਹੈ।” (ਮਾਓ ਜ਼ੇ-ਤੁੰਗ ਚੋਣਵੀਆਂ ਲਿਖਤਾਂ, ਸੈਂਚੀ 3, ਸਫਾ 280, ਹੋਰ ਦੇਖੋ- ਸੈਂਚੀ 2 ਸਫਾ 57, ਸਫਾ 352; ਮਾਓ ਜ਼ੇ-ਤੁੰਗ ਦੇ ਚਾਰ ਫਲਸਫਾਨਾ ਲੇਖ, ਸਫਾ 86)

5. ਲੋਕਾਂ ਤੋਂ, ਲੋਕਾਂ ਨੂੰ

ਚੀਨ ‘ਚ ਵਿਕਸਤ ਕੀਤੇ ਗਏ ਪਾਰਟੀ ਕੰਮ ਦੇ ਬੁਨਿਆਦੀ ਸੂਤਰਾਂ ‘ਚੋਂ ਇੱਕ ਨੂੰ ‘ਜਨਤਕ ਲੀਹ’ ਦੇ ਤੌਰ ‘ਤੇ ਜਾਣਿਆ ਜਾਂਦਾ ਹੈ, ਭਾਵ ਕਿ ਪਾਰਟੀ ਤੇ ਲੋਕ ਸਮੂਹਾਂ ਵਿਚਾਲੇ ਵਿਉਂਤਬੱਧ ਢੰਗ ਨਾਲ ਹਰ ਸੰਭਵ ਹੱਦ ਤੱਕ ਕਰੀਬੀ ਰਿਸ਼ਤੇ ਕਾਇਮ ਕਰਨਾ। ਚੀਨੀ ਪਾਰਟੀ ਦੁਆਰਾ ਰੂਸੀ ਇਨਕਲਾਬ ਤੋਂ ਸਿੱਖੇ ਬਹੁਤ ਸਾਰੇ ਸਬਕਾਂ ‘ਚੋਂ ਇੱਕ ਸਬਕ ਇਹ ਸੀ:

”ਜਮਾਤੀ ਘੋਲ਼ ਜਿੰਨਾ ਵਧੇਰੇ ਤਿੱਖਾ ਹੁੰਦਾ ਜਾਂਦਾ ਹੈ, ਪ੍ਰੋਲੇਤਾਰੀ ਲਈ ਵਿਸ਼ਾਲ ਲੋਕ ਸਮੂਹਾਂ ਉੱਤੇ ਵਧੇਰੇ ਦ੍ਰਿੜ੍ਹਤਾ ਤੇ ਮਜ਼ਬੂਤੀ ਨਾਲ ਨਿਰਭਰ ਹੋਣਾ ਅਤੇ ਉਲਟ ਇਨਕਲਾਬ ਨੂੰ ਹਰਾਉਣ ਲਈ ਉਹਨਾਂ ਦੇ ਇਨਕਲਾਬੀ ਉਤਸ਼ਾਹ ਨੂੰ ਪੂਰੀ ਤਾਕਤ ਨਾਲ ਕੰਮ ‘ਚ ਲਿਆਉਣਾ ਓਨਾ ਹੀ ਜ਼ਿਆਦਾ ਜ਼ਰੂਰੀ ਹੁੰਦਾ ਜਾਂਦਾ ਹੈ। ਸੋਵੀਅਤ ਯੂਨੀਅਨ ਵਿੱਚ ਅਕਤੂਬਰ ਇਨਕਲਾਬ ਤੇ ਬਾਅਦ ਦੀ ਘਰੇਲੂ ਜੰਗ ਦੌਰਾਨ ਜਾਨ-ਹੂਲਵੇਂ ਤੇ ਤਿੱਖੇ ਜਨਤਕ ਘੋਲ਼ਾਂ ਦੇ ਤਜ਼ਰਬੇ ਨੇ ਇਸ ਸੱਚ ਨੂੰ ਪੂਰੀ ਤਰ੍ਹਾਂ ਸਿੱਧ ਕਰ ਦਿੱਤਾ। ਉਸ ਦੌਰ ਦਾ ਸੋਵੀਅਤ ਤਜਰਬਾ ਹੀ ਹੈ ਜਿਸ ਤੋਂ ਸਾਡੀ ਪਾਰਟੀ ਨੇ ‘ਜਨਤਕ ਲੀਹ’ ਨੂੰ ਗ੍ਰਹਿਣ ਕੀਤਾ ਹੈ ਤੇ ਜਿਸ ਬਾਰੇ ਅਸੀਂ ਅੱਜ ਇੰਨੀ ਜ਼ਿਆਦਾ ਗੱਲ ਕਰਦੇ ਹਾਂ।” (ਪ੍ਰੋਲੇਤਾਰੀ ਤਾਨਾਸ਼ਾਹੀ ਦੇ ਇਤਿਹਾਸਕ ਤਜ਼ਰਬੇ ਬਾਰੇ ਕੁਝ ਹੋਰ, ਸਫਾ 20)

ਜੇ ਪਾਰਟੀ ਨੇ ਲੋਕਾਂ ਨੂੰ ਅਗਵਾਈ ਦੇਣੀ ਹੈ ਤਾਂ ਇਸਨੂੰ ਉਹਨਾਂ ਦੇ ਹਿਤਾਂ ਲਈ ਲੜਨਾ ਚਾਹੀਦਾ ਹੈ। ਇਸ ਨੂੰ ਲਾਜ਼ਮੀ ਹੀ ਸੇਵਾ ਕਰਨੀ ਪਵੇਗੀ ਜੇ ਇਸਨੇ ਅਗਵਾਈ ਕਰਨੀ ਹੈ। ਇਸ ਲਈ ਉਸਨੂੰ ਲਾਜ਼ਮੀ ਹੀ ਉਹਨਾਂ ਨਾਲ (ਲੋਕਾਂ ਨਾਲ – ਅਨੁ) ਕਰੀਬੀ ਰਿਸ਼ਤੇ ਸਥਾਪਤ ਕਰਨੇ ਪੈਣਗੇ। ਸਿਰਫ਼ ਇਸੇ ਢੰਗ ਨਾਲ ਹੀ ਉਹ ਉਹਨਾਂ ਦੀਆਂ ਸਰਗਰਮੀਆਂ ਨੂੰ ਅਗਵਾਈ ਦੇ ਸਕੇਗੀ ਅਤੇ ਆਪਣੀਆਂ ਗਲਤੀਆਂ ਨੂੰ ਠੀਕ ਕਰ ਸਕੇਗੀ:

”ਲੋਕਾਂ ਦੀ ਸੇਵਾ ਕਰਨ ਲਈ ਅਤੇ ਉਹਨਾਂ ਦੇ ਹਿਤਾਂ ਨੂੰ ਪ੍ਰਗਟਾਅ ਦੇਣ ਲਈ ਮੁਹਰੈਲ ਦਸਤੇ ਭਾਵ ਜਥੇਬੰਦੀ ਨੂੰ ਲਾਜ਼ਮੀ ਤੌਰ ‘ਤੇ ਲੋਕਾਂ ‘ਚ ਆਪਣੀਆਂ ਸਾਰੀਆਂ ਸਰਗਰਮੀਆਂ ਉਹਨਾਂ ਦੇ ਹਿਤਾਂ ਨੂੰ ਸਹੀ ਢੰਗ ਨਾਲ ਸਮਝਦੇ ਹੋਏ ਚਲਾਉਣੀਆਂ ਚਾਹੀਦੀਆਂ ਹਨ, ਉਹਨਾਂ ‘ਚੋਂ ਸਭ ਤੋਂ ਬਿਹਤਰ ਤੱਤਾਂ ਦੀ ਬਿਨਾਂ ਛੋਟ ਦੇ ਭਰਤੀ ਕਰਨੀ ਚਾਹੀਦੀ ਹੈ, ਹਰ ਕਦਮ ‘ਤੇ ਸਾਵਧਾਨੀ ਨਾਲ ਤੇ ਅੰਤਰਮੁਖਤਾ ਨੂੰ ਪਾਸੇ ਰੱਖਕੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕੀ ਲੋਕ ਸਮੂਹਾਂ ਨਾਲ ਕਰੀਬੀ ਰਿਸ਼ਤੇ ਬਣੇ ਹੋਏ ਹਨ ਤੇ ਕੀ ਇਹ ਰਿਸ਼ਤੇ ਸਜੀਵ ਰਿਸ਼ਤੇ ਹਨ। ਇਸ ਤਰੀਕੇ ਨਾਲ, ਤੇ ਸਿਰਫ਼ ਇਸ ਤਰੀਕੇ ਨਾਲ ਹੀ, ਮੁਹਰੈਲ ਦਸਤਾ ਲੋਕਾਂ ਨੂੰ ਸਿੱਖਿਅਤ ਤੇ ਪ੍ਰਬੁੱਧ ਕਰ ਸਕਦਾ ਹੈ, ਉਹਨਾਂ ਦੇ ਹਿਤਾਂ ਨੂੰ ਪ੍ਰਗਟਾਅ ਸਕਦਾ ਹੈ, ਉਹਨਾਂ ਨੂੰ ਜਥੇਬੰਦੀ ਦੀ ਸਿਖਲਾਈ ਦੇ ਸਕਦਾ ਹੈ ਅਤੇ ਉਹਨਾਂ ਦੀਆਂ ਸਾਰੀਆਂ ਸਰਗਰਮੀਆਂ ਨੂੰ ਚੇਤੰਨ ਜਮਾਤੀ ਸਿਆਸਤ ਦੀ ਦਿਸ਼ਾ ‘ਚ ਅੱਗੇ ਵਧਾ ਸਕਦਾ ਹੈ। (ਲੈਨਿਨ ਸਮੁੱਚੀਆਂ ਲਿਖਤਾਂ, ਸੈਂਚੀ 19, ਸਫਾ 409)

”ਕਿਸੇ ਸਿਆਸੀ ਪਾਰਟੀ ਦਾ ਆਪਣੀਆਂ ਗਲਤੀਆਂ ਪ੍ਰਤੀ ਅਪਣਾਇਆ ਰੁਖ਼ ਉਸ ਪਾਰਟੀ ਦੇ ਪੱਕੇ ਇਰਾਦੇ ਅਤੇ ਉਹ ਆਪਣੀ ਜਮਾਤ ਤੇ ਲੋਕਾਂ ਪ੍ਰਤੀ ਆਪਣੇ ਫਰਜ਼ਾਂ ਦੀ ਪੂਰਤੀ ਕਿੰਨੀ ਗੰਭੀਰਤਾ ਨਾਲ ਕਰਦੀ ਹੈ, ਨੂੰ ਜਾਣਨ ਦਾ ਸਭ ਤੋਂ ਅਹਿਮ ਤੇ ਯਕੀਨਦਾਹੀ ਭਰਿਆ ਢੰਗ ਹੈ। ਗਲਤੀ ਨੂੰ ਸਾਫ਼ਗੋਈ ਨਾਲ ਮੰਨ ਲੈਣਾ, ਉਸਨੂੰ ਪੈਦਾ ਕਰਨ ਵਾਲੀਆਂ ਹਾਲਤਾਂ ਦਾ ਵਿਸ਼ਲੇਸ਼ਣ ਕਰਨਾ ਤੇ ਭੁੱਲ-ਸੁਧਾਰਨ ਲਈ ਤਰੀਕੇ ਵਿਕਸਤ ਕਰਨੇ – ਇਹ ਇੱਕ ਗੰਭੀਰ ਪਾਰਟੀ ਦੀਆਂ ਖਾਸੀਅਤਾਂ ਹਨ; ਇਹ ਉਹ ਢੰਗ ਹੈ ਜਿਸ ਨਾਲ ਇਸਨੂੰ ਆਪਣੇ ਕੰਮ ਕਰਨੇ ਚਾਹੀਦੇ ਹਨ; ਇਹ ਉਹ ਤੌਰ-ਤਰੀਕਾ ਹੈ ਜਿਸ ਨਾਲ ਉਹ ਆਪਣੀ ਜਮਾਤ ਤੇ ਲੋਕਾਂ ਨੂੰ ਪੜ੍ਹਾਉਂਦੀ ਤੇ ਸਿੱਖਿਅਤ ਕਰਦੀ ਹੈ।” (ਲੈਨਿਨ ਸਮੁੱਚੀਆਂ ਲਿਖਤਾਂ, ਸੈਂਚੀ 31, ਸਫਾ 57)

‘ਜਨਤਕ ਲੀਹ’ ਦਾ ਇਹ ਸਿਧਾਂਤ ਚੀਨੀ ਪਾਰਟੀ ਅੰਦਰ ਸਾਰੇ ਕੰਮਾਂ ਦਾ ਅਰੰਭ ਬਿੰਦੂ ਮੰਨਿਆ ਜਾਂਦਾ ਹੈ:

”ਲੋਕਾਂ ਲਈ ਕੀਤਾ ਜਾ ਰਿਹਾ ਹਰ ਕੰਮ ਉਹਨਾਂ ਦੀਆਂ ਜ਼ਰੂਰਤਾਂ ਤੋਂ ਸ਼ੁਰੂ ਹੋਣਾ ਚਾਹੀਦਾ ਹੈ ਨਾ ਕਿ ਕਿਸੇ ਵਿਅਕਤੀ ਦੀਆਂ ਇੱਛਾਵਾਂ ਤੋਂ ਜੋ ਭਾਵੇਂ ਕਿੰਨੀਆਂ ਵੀ ਚੰਗੀਆਂ ਕਿਉਂ ਨਾ ਹੋਣ। ਇਹ ਅਕਸਰ ਹੁੰਦਾ ਹੈ ਕਿ ਲੋਕ ਬਾਹਰਮੁਖੀ ਤੌਰ ‘ਤੇ ਬਦਲਾਅ ਚਾਹੁੰਦੇ ਹੁੰਦੇ ਹਨ ਪਰ ਉਹ ਅੰਦਰੂਨੀ ਤੌਰ ‘ਤੇ ਇਸਦੀ ਜ਼ਰੂਰਤ ਬਾਰੇ ਚੇਤੰਨ ਨਹੀਂ ਹੋਏ ਹੁੰਦੇ, ਅਜੇ ਬਦਲਾਅ ਲੈ ਕੇ ਆਉਣ ਲਈ ਇੱਛੁਕ ਜਾਂ ਦ੍ਰਿੜ੍ਹ ਨਹੀਂ ਹੋਏ ਹੁੰਦੇ। ਇਹਨਾਂ ਹਾਲਤਾਂ ‘ਚ ਸਾਨੂੰ ਧੀਰਜਵਾਨ ਰਹਿ ਕੇ ਇੰਤਜ਼ਾਰ ਕਰਨਾ ਚਾਹੀਦਾ ਹੈ। ਸਾਨੂੰ ਓਨਾ ਚਿਰ ਬਦਲਾਅ ਨਹੀਂ ਲਿਆਉਣਾ ਚਾਹੀਦਾ ਜਿੰਨਾ ਚਿਰ ਤੱਕ ਸਾਡੇ ਕੰਮ ਰਾਹੀਂ ਬਹੁਗਿਣਤੀ ਲੋਕ ਇਸਦੀ ਜ਼ਰੂਰਤ ਬਾਰੇ ਚੇਤੰਨ ਨਹੀਂ ਹੋ ਜਾਂਦੇ ਅਤੇ ਇਸਨੂੰ ਲੈ ਕੇ ਆਉਣ ਲਈ ਇੱਛੁਕ ਤੇ ਦ੍ਰਿੜ੍ਹ ਨਹੀਂ ਹੋ ਜਾਂਦੇ। ਨਹੀਂ ਤਾਂ ਅਸੀਂ ਲੋਕਾਂ ਤੋਂ ਅਲੱਗ-ਥਲੱਗ ਪੈ ਜਾਵਾਂਗੇ।” (ਮਾਓ ਜ਼ੇ-ਤੁੰਗ ਚੋਣਵੀਆਂ ਲਿਖਤਾਂ, ਸੈਂਚੀ 3, ਸਫਾ 236)

”ਸਾਡਾ ਰਵਾਨਗੀ ਬਿੰਦੂ ਪੂਰੀ ਤਨਦੇਹੀ ਨਾਲ ਲੋਕਾਂ ਦੀ ਸੇਵਾ ਕਰਨਾ ਤੇ ਕਦੇ ਵੀ ਇੱਕ ਪਲ ਲਈ ਵੀ ਖੁਦ ਨੂੰ ਲੋਕਾਂ ਤੋਂ ਦੂਰ ਨਾ ਕਰਨਾ ਹੈ, ਹਰ ਮਾਮਲੇ ‘ਚ ਲੋਕਾਂ ਦੇ ਹਿਤਾਂ ਨੂੰ ਅੱਗੇ ਰੱਖ ਕੇ ਚੱਲਣਾ ਹੈ ਨਾ ਕਿ ਕਿਸੇ ਵਿਅਕਤੀ ਜਾਂ ਗਰੁੱਪ ਦੇ ਹਿਤਾਂ ਨੂੰ ਅੱਗੇ ਰੱਖ ਕੇ, ਅਤੇ ਲੋਕਾਂ ਪ੍ਰਤੀ ਸਾਡੀ ਜ਼ਿੰਮੇਵਾਰੀ ਤੇ ਪਾਰਟੀ ਦੇ ਮੋਹਰੀ ਅੰਗਾਂ ਪ੍ਰਤੀ ਸਾਡੀ ਜ਼ਿੰਮੇਵਾਰੀ ਦੀ ਇਕਰੂਪਤਾ ਨੂੰ ਸਮਝਣਾ ਹੈ। ਕਮਿਊਨਿਸਟਾਂ ਨੂੰ ਹਰ ਸਮੇਂ ਸੱਚ ਦੇ ਪੱਖ ‘ਚ ਖੜਨ ਲਈ ਤਿਆਰ ਰਹਿਣਾ ਚਾਹੀਦਾ ਹੈ ਕਿਉਂਕਿ ਸੱਚ ਲੋਕਾਂ ਦੇ ਹਿਤ ‘ਚ ਹੁੰਦਾ ਹੈ; ਕਮਿਊਨਿਸਟਾਂ ਨੂੰ ਹਰ ਸਮੇਂ ਆਪਣੀਆਂ ਗਲਤੀਆਂ ਨੂੰ ਠੀਕ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ ਕਿਉਂਕਿ ਗਲਤੀਆਂ ਹਮੇਸ਼ਾਂ ਲੋਕਾਂ ਦੇ ਹਿਤਾਂ ਦੇ ਉਲਟ ਹੁੰਦੀਆਂ ਹਨ। ਸਾਡਾ 24 ਸਾਲ ਦਾ ਤਜ਼ਰਬਾ ਸਾਨੂੰ ਦੱਸਦਾ ਹੈ ਕਿ ਸਹੀ ਕਾਰਜ, ਨੀਤੀ ਤੇ ਕੰਮ-ਢੰਗ ਹਮੇਸ਼ਾਂ ਉਸ ਸਮੇਂ-ਸਥਾਨ ‘ਚ ਲੋਕਾਂ ਦੀਆਂ ਮੰਗਾਂ ਨਾਲ ਮੇਲ ਖਾਂਦੇ ਹਨ ਅਤੇ ਲਾਜ਼ਮੀ ਹੀ ਲੋਕਾਂ ਨਾਲ ਰਿਸ਼ਤਿਆਂ ਨੂੰ ਮਜ਼ਬੂਤ ਕਰਦੇ ਹਨ, ਅਤੇ ਗਲਤ ਕਾਰਜ, ਨੀਤੀ ਤੇ ਕੰਮ-ਢੰਗ ਹਮੇਸ਼ਾਂ ਹੀ ਉਸ ਸਮੇਂ-ਸਥਾਨ ‘ਚ ਲੋਕਾਂ ਦੀਆਂ ਮੰਗਾਂ ਨਾਲ ਮੇਲ ਨਹੀਂ ਖਾਂਦੇ ਤੇ ਸਾਨੂੰ ਲੋਕਾਂ ਤੋਂ ਬੇਗਾਨੇ ਕਰ ਦਿੰਦੇ ਹਨ।” (ਮਾਓ ਜ਼ੇ-ਤੁੰਗ ਚੋਣਵੀਆਂ ਲਿਖਤਾਂ, ਸੈਂਚੀ 3, ਸਫਾ 315)

”ਅਸੀਂ ਕਮਿਊਨਿਸਟ ਬੀਜਾਂ ਦੀ ਤਰ੍ਹਾਂ ਹਾਂ ਤੇ ਲੋਕ ਮਿੱਟੀ ਵਾਂਗ। ਅਸੀਂ ਜਿੱਥੇ ਵੀ ਜਾਈਏ, ਸਾਨੂੰ ਲੋਕਾਂ ਨਾਲ ਏਕਤਾ ਕਾਇਮ ਕਰਨੀ ਚਾਹੀਦੀ ਹੈ, ਜੜ੍ਹਾਂ ਲਾਉਣੀਆਂ ਚਾਹੀਦੀਆਂ ਹਨ ਅਤੇ ਉਹਨਾਂ ਵਿਚਕਾਰ ਵਧਣਾ-ਫੁਲਣਾ ਚਾਹੀਦਾ ਹੈ। ਸਾਡੇ ਸਾਥੀ ਜਿੱਥੇ ਵੀ ਜਾਣ, ਉਹਨਾਂ ਨੂੰ ਲਾਜ਼ਮੀ ਹੀ ਲੋਕਾਂ ਨਾਲ ਚੰਗੇ ਸੰਬੰਧ ਬਣਾਉਣੇ ਚਾਹੀਦੇ ਹਨ, ਉਹਨਾਂ ਬਾਰੇ ਫਿਕਰਮੰਦ ਰਹਿਣਾ ਚਾਹੀਦਾ ਹੈ ਅਤੇ ਆਪਣੀਆਂ ਔਕੜਾਂ ‘ਤੇ ਕਾਬੂ ਪਾਉਣ ‘ਚ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ। ਸਾਨੂੰ ਲੋਕਾਂ ਨਾਲ ਇੱਕਜੁੱਟ ਹੋਣਾ ਹੀ ਚਾਹੀਦਾ ਹੈ, ਜਿੰਨੇ ਜ਼ਿਆਦਾ ਲੋਕਾਂ ਨਾਲ ਅਸੀਂ ਇੱਕਜੁੱਟ ਹੋਵਾਂਗਾ ਓਨਾ ਹੀ ਚੰਗਾ ਹੋਵੇਗਾ। ਸਾਨੂੰ ਲੋਕਾਂ ਦੀ ਲਾਮਬੰਦੀ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ, ਲੋਕਾਂ ਦੀਆਂ ਤਾਕਤਾਂ ਨੂੰ ਵਿਸਤਾਰਨਾ ਚਾਹੀਦਾ ਹੈ, ਅਤੇ ਸਾਡੀ ਪਾਰਟੀ ਦੀ ਅਗਵਾਈ ਹੇਠ ਹਮਲਾਵਰ ਨੂੰ ਹਰਾਉਣਾ ਚਾਹੀਦਾ ਹੈ ਤੇ ਇੱਕ ਨਵਾਂ ਚੀਨ ਉਸਾਰਨਾ ਚਾਹੀਦਾ ਹੈ।” (ਮਾਓ ਜ਼ੇ-ਤੁੰਗ ਚੋਣਵੀਆਂ ਲਿਖਤਾਂ, ਸੈਂਚੀ 4, ਸਫਾ 58)

”ਸਾਨੂੰ ਕੁਝ ਕਾਡਰਾਂ ਤੇ ਪਾਰਟੀ ਮੈਂਬਰਾਂ ਜਿੰਨਾਂ ਨੇ ਗੰਭੀਰ ਗਲਤੀਆਂ ਕੀਤੀਆਂ ਹਨ, ਅਤੇ ਮਜ਼ਦੂਰਾਂ ਤੇ ਕਿਸਾਨਾਂ ਦੇ ਸਮੂਹਾਂ ‘ਚ ਮੌਜੂਦ ਕੁਝ ਭੈੜੇ ਤੱਤਾਂ ਦੀ ਅਲੋਚਨਾ ਕਰਨੀ ਚਾਹੀਦੀ ਹੈ ਤੇ ਉਹਨਾਂ ਖਿਲਾਫ਼ ਸੰਘਰਸ਼ ਕਰਨਾ ਚਾਹੀਦਾ ਹੈ। ਅਜਿਹੀ ਆਲੋਚਨਾ ਤੇ ਸੰਘਰਸ਼ ਦੌਰਾਨ ਸਾਨੂੰ ਲੋਕਾਂ ਨੂੰ ਸਹੀ ਤਰੀਕਿਆਂ ਤੇ ਰੂਪਾਂ ਦੀ ਵਰਤੋਂ ਕਰਨ ਲਈ ਪ੍ਰੇਰਨਾ ਚਾਹੀਦਾ ਹੈ ਅਤੇ ਗਲਤ ਕਾਰਵਾਈਆਂ ਤੋਂ ਬਚਣਾ ਚਾਹੀਦਾ ਹੈ। ਇਹ ਮਸਲੇ ਦਾ ਇੱਕ ਪੱਖ ਹੈ। ਦੂਜਾ ਪੱਖ ਇਹ ਹੈ ਕਿ ਅਜਿਹੇ ਕਾਡਰਾਂ, ਪਾਰਟੀ ਮੈਂਬਰਾਂ ਤੇ ਭੈੜੇ ਤੱਤਾਂ ਨੂੰ ਇਸ ਲਈ ਵਚਨਬੱਧ ਕਰਾਉਣਾ ਚਾਹੀਦਾ ਹੈ ਕਿ ਉਹ ਲੋਕਾਂ ਖਿਲਾਫ਼ ਜਵਾਬੀ ਹਮਲਾ ਨਾ ਕਰਨ। ਇਹ ਐਲਾਨ ਕਰ ਦਿੱਤਾ ਜਾਣਾ ਚੀਦਾ ਹੈ ਕਿ ਲੋਕਾਂ ਕੋਲ਼ ਨਾ ਸਿਰਫ਼ ਇਹਨਾਂ ਤੱਤਾਂ ਦੀ ਅਜ਼ਾਦ ਅਲੋਚਨਾ ਕਰਨ ਦਾ ਹੱਕ ਹੈ, ਸਗੋਂ ਉਹਨਾਂ ਨੂੰ ਜ਼ਰੂਰਤ ਪੈਣ ‘ਤੇ ਉਹਨਾਂ ਦੇ ਅਹੁਦਿਆਂ ਤੋਂ ਬਰਖਾਸਤ ਕਰਨ, ਜਾਂ ਉਹਨਾਂ ਦੀ ਬਰਖਾਸਤਗੀ ਦਾ ਪ੍ਰਸਤਾਵ ਰੱਖਣ ਜਾਂ ਉਹਨਾਂ ਨੂੰ ਪਾਰਟੀ ‘ਚੋਂ ਕੱਢਣ ਦੀ ਤਜ਼ਵੀਜ਼ ਰੱਖਣ ਦਾ ਹੱਕ ਵੀ ਹੈ ਅਤੇ ਇੱਥੋਂ ਤੱਕ ਕਿ ਸਭ ਤੋਂ ਭੈੜੇ ਤੱਤਾਂ ਨੂੰ ਮੁਕੱਦਮੇ ਤੇ ਸਜ਼ਾ ਲਈ ਲੋਕ ਅਦਾਲਤਾਂ ਦੇ ਸਪੁਰਦ ਕਰਨ ਦਾ ਹੱਕ ਵੀ ਹੈ।” (ਮਾਓ ਜ਼ੇ-ਤੁੰਗ ਚੋਣਵੀਆਂ ਲਿਖਤਾਂ, ਸੈਂਚੀ 4, ਸਫਾ 186)

ਪਾਰਟੀ ਤੇ ਲੋਕਾਂ ਦਾ ਰਿਸ਼ਤਾ ਪਾਰਟੀ ਲੀਡਰਸ਼ਿਪ ਤੇ ਸਫ਼ਾਂ ਦੇ ਰਿਸ਼ਤੇ ਦੀ ਤਰ੍ਹਾਂ ਹੀ ਵਿਰੋਧੀਆਂ ਦਾ ਏਕਾ ਹੈ ਜਿਸ ਵਿੱਚ ਹਰੇਕ ਇੱਕ ਦੂਜੇ ‘ਤੇ ਪ੍ਰਭਾਵ ਪਾਉਂਦਾ ਹੈ:

ਜਿਵੇਂ ਕਿ ਕਾਮਰੇਡ ਮਾਓ ਜ਼ੇ-ਤੁੰਗ ਨੇ ਕਿਹਾ ਹੈ, ਸਹੀ ਸਿਆਸੀ ਲਾਈਨ ‘ਲੋਕਾਂ ਤੋਂ, ਲੋਕਾਂ ਨੂੰ’ ਹੋਣੀ ਚਾਹੀਦੀ ਹੈ। ਇਹ ਯਕੀਨੀ ਬਣਾਉਣ ਲਈ ਕਿ ਲਾਈਨ ਸਚਮੁੱਚ ਲੋਕਾਂ ਤੋਂ ਆਉਂਦੀ ਹੈ ਤੇ ਖਾਸ ਤੌਰ ‘ਤੇ ਲੋਕਾਂ ਕੋਲ ਵਾਪਸ ਚਲੀ ਜਾਂਦੀ ਹੈ, ਨਾ ਸਿਰਫ਼ ਪਾਰਟੀ ਤੇ ਪਾਰਟੀ ਤੋਂ ਬਾਹਰਲੇ ਲੋਕਾਂ ਵਿਚਕਾਰ (ਭਾਵ ਜਮਾਤ ਅਤੇ ਲੋਕਾਂ ਵਿਚਕਾਰ) ਸਗੋਂ ਇਸ ਤੋਂ ਉੱਤੇ ਪਾਰਟੀ ਦੇ ਅਗਵਾਈ ਕਰਨ ਵਾਲੇ ਕੇਂਦਰਾਂ ਤੇ ਪਾਰਟੀ ਅੰਦਰਲੇ ਲੋਕਾਂ ਵਿਚਕਾਰ (ਕਾਡਰਾਂ ਤੇ ਸਫ਼ਾਂ ਵਿਚਕਾਰ) ਵੀ ਕਰੀਬੀ ਸਾਂਝ ਹੋਣੀ ਚਾਹੀਦੀ ਹੈ; ਦੂਜੇ ਸ਼ਬਦਾਂ ਵਿੱਚ, ਸਹੀ ਜਥੇਬੰਦਕ ਲਾਈਨ ਲਾਜ਼ਮੀ ਹੋਣੀ ਚਾਹੀਦੀ ਹੈ। (ਮਾਓ ਜ਼ੇ-ਤੁੰਗ ਚੋਣਵੀਆਂ ਲਿਖਤਾਂ, ਸੈਂਚੀ 3, ਸਫਾ 208)

ਅੱਗੇ, ਪਾਰਟੀ ਤੇ ਲੋਕਾਂ ਵਿਚਕਾਰ ਇਹ ਦੋਹਰਾ ਸੰਬੰਧ ਗਿਆਨ ਦੇ ਮਾਰਕਸਵਾਦੀ ਸਿਧਾਂਤ ਵਿਚਲੇ ਸਿਧਾਂਤ ਤੇ ਅਭਿਆਸ ਦੇ ਦਵੰਦਾਤਮਕ ਰਿਸ਼ਤੇ ਨਾਲ ਮੇਲ ਖਾਂਦਾ ਹੈ:

ਸਾਡੀ ਪਾਰਟੀ ਦੇ ਸਾਰੇ ਅਮਲੀ ਕੰਮਾਂ ‘ਚ ਸਾਰੀ ਸਹੀ ਅਗਵਾਈ ਲਾਜ਼ਮੀ ਤੌਰ ‘ਤੇ ‘ਲੋਕਾਂ ਤੋਂ, ਲੋਕਾਂ ਨੂੰ’ ਹੁੰਦੀ ਹੈ। ਇਸਦਾ ਮਤਲਬ ਹੈ: ਲੋਕਾਂ ਤੋਂ ਵਿਚਾਰ ਗ੍ਰਹਿਣ ਕਰੋ (ਖਿਲਰੇ ਹੋਏ ਅਤੇ ਅਣਵਿਉਂਤੇ ਵਿਚਾਰ) ਅਤੇ ਉਹਨਾਂ ਨੂੰ ਇੱਕ ਥਾਂ ਇਕੱਠੇ ਕਰੋ (ਅਧਿਐਨ ਰਾਹੀਂ ਉਹਨਾਂ ਨੂੰ ਇਕੱਠੇ ਤੇ ਸੂਤਰਬੱਧ ਕਰੋ), ਉਸ ਤੋਂ ਬਾਅਦ ਲੋਕਾਂ ਕੋਲ਼ ਵਾਪਸ ਜਾਉ ਅਤੇ ਇਹਨਾਂ ਵਿਚਾਰਾਂ ਦਾ ਓਨਾ ਪ੍ਰਚਾਰ ਤੇ ਵਿਆਖਿਆ ਕਰੋ ਜਿੰਨਾ ਚਿਰ ਕਿ ਲੋਕ ਇਹਨਾਂ ਨੂੰ ਆਪਣੇ ਵਿਚਾਰ ਨਾ ਸਮਝਣ ਲੱਗ ਪੈਣ, ਉਹਨਾਂ ‘ਤੇ ਡਟ ਕੇ ਪਹਿਰਾ ਦਿਉ ਤੇ ਅਮਲੀ ਕਾਰਵਾਈ ‘ਚ ਬਦਲੋ, ਅਤੇ ਅਜਿਹੀ ਕਾਰਵਾਈ ‘ਚ ਇਹਨਾਂ ਵਿਚਾਰਾਂ ਦੇ ਸਹੀ ਹੋਣ ਦੀ ਪਰਖ ਕਰੋ। ਇੱਕ ਵਾਰ ਫਿਰ ਲੋਕਾਂ ਤੋਂ ਵਿਚਾਰ ਇਕੱਠੇ ਕਰੋ ਤੇ ਫਿਰ ਲੋਕਾਂ ਕੋਲ ਜਾਉ, ਤਾਂ ਕਿ ਵਿਚਾਰਾਂ ‘ਚ ਨਿਰੰਤਰਤਾ ਬਣੇ ਤੇ ਅੱਗੇ ਵਧਣ। ਅਤੇ ਇਸ ਤਰ੍ਹਾਂ ਇੱਕ ਅੰਤਰਹਿਤ ਕੁੰਡਲਦਾਰ ਤਰੀਕੇ ਨਾਲ ਵਿਕਸਤ ਹੁੰਦੇ ਹੋਏ, ਵਿਚਾਰ ਜ਼ਿਆਦਾ ਤੋਂ ਜ਼ਿਆਦਾ ਸਹੀ, ਜ਼ਿਆਦਾ ਜੀਵੰਤ ਅਤੇ ਹਰ ਵਾਰ ਜ਼ਿਆਦਾ ਅਮੀਰ ਹੁੰਦੇ ਜਾਂਦੇ ਹਨ। ਇਹੀ ਗਿਆਨ ਦਾ ਮਾਰਕਸਵਾਦੀ ਸਿਧਾਂਤ ਹੈ। (ਮਾਓ ਜ਼ੇ-ਤੁੰਗ ਚੋਣਵੀਆਂ ਲਿਖਤਾਂ, ਸੈਂਚੀ 3, ਸਫਾ 119)

”ਸਜੀਵ ਇੰਦਰਿਆਵੀ ਬੋਧ ਤੋਂ ਅਮੂਰਤ ਸੋਚ, ਅਤੇ ਇਸ ਤੋਂ ਅਭਿਆਸ ਵਿੱਚ – ਇਹ ਹੈ ਸੱਚ ਨੂੰ ਸਮਝਣ, ਬਾਹਰਮੁਖੀ ਯਥਾਰਥ ਨੂੰ ਸਮਝਣ ਦਾ ਦਵੰਦਾਤਮਕ ਰਾਹ।” (ਲੈਨਿਨ ਸਮੁੱਚੀਆਂ ਲਿਖਤਾਂ, ਸੈਂਚੀ 38, ਸਫਾ 171)

ਇਸ ਲਈ, ਸਮਾਜਵਾਦ ਦੀ ਉਸਾਰੀ ਦੌਰਾਨ ਸਮਾਜ ਦਾ ਵਿਕਾਸ ਲੋਕਾਂ ਦੇ ਸਮੂਹਾਂ ਦੁਆਰਾ ਪ੍ਰੋਲੇਤਾਰੀ ਤੇ ਉਸਦੀ ਪਾਰਟੀ ਦੀ ਅਗਵਾਈ ਥੱਲੇ ਚਲਾਈ ਜਾਣ ਵਾਲੀ ਇੱਕ ਚੇਤੰਨ ਪ੍ਰਕਿਰਿਆ ਬਣ ਜਾਂਦਾ ਹੈ:  

ਸਮਾਜ ਦੇ ਵਿਕਾਸ ਦੇ ਮੌਜੂਦਾ ਅਰਸੇ ‘ਚ, ਦੁਨੀਆਂ ਨੂੰ ਸਹੀ ਤਰੀਕੇ ਨਾਲ ਸਮਝਣ ਤੇ ਬਦਲਣ ਦੀ ਜ਼ਿੰਮੇਵਾਰੀ ਇਤਿਹਾਸ ਨੇ ਪ੍ਰੋਲੇਤਾਰੀ ਤੇ ਉਸਦੀ ਪਾਰਟੀ ਦੇ ਮੋਢਿਆਂ ‘ਤੇ ਪਾਈ ਹੈ। ਇਹ ਪ੍ਰਕਿਰਿਆ ਭਾਵ ਦੁਨੀਆਂ ਨੂੰ ਬਦਲਣ ਦਾ ਅਮਲ ਜੋ ਵਿਗਿਆਨਕ ਗਿਆਨ ਦੁਆਰਾ ਨਿਰਧਾਰਤ ਹੁੰਦਾ ਹੈ, ਪਹਿਲਾਂ ਹੀ ਸੰਸਾਰ ਵਿੱਚ ਇੱਕ ਇਤਿਹਾਸਕ ਪੜਾਅ ‘ਤੇ ਪਹੁੰਚ ਚੁੱਕਾ ਹੈ ਅਤੇ ਚੀਨ ਵਿੱਚ, ਮਨੁੱਖੀ ਇਤਿਹਾਸ ਦੀ ਇੱਕ ਅਸਲੋਂ ਨਵੀਂ ਲਹਿਰ, ਇੱਕ ਅਜਿਹੀ ਲਹਿਰ ਜੋ ਦੁਨੀਆਂ ‘ਚੋਂ ਹਨੇਰੇ ਨੂੰ ਮੂਲੋਂ ਖਤਮ ਕਰਨ ਤੇ ਦੁਨੀਆਂ ਨੂੰ ਇੱਕ ਰੌਸ਼ਨੀ ਭਰੀ ਦੁਨੀਆਂ, ਜਿਹੋ ਜਿਹੀ ਪਹਿਲਾਂ ਕਦੇ ਨਹੀਂ ਸੀ, ‘ਚ ਬਦਲਣ ਦੀ ਲਹਿਰ ਉੱਠ ਖੜੀ ਹੋਈ ਹੈ। ਦੁਨੀਆਂ ਨੂੰ ਬਦਲਣ ਦੇ ਪ੍ਰੋਲੇਤਾਰੀ ਤੇ ਹੋਰ ਇਨਕਲਾਬੀ ਲੋਕਾਂ ਦੇ ਸੰਘਰਸ਼ ਵਿੱਚ ਹੇਠ ਲਿਖੇ ਕਾਰਜ ਪੂਰੇ ਕਰਨੇ ਸ਼ਾਮਿਲ ਹਨ: ਬਾਹਰਮੁਖੀ ਸੰਸਾਰ ਨੂੰ ਤੇ ਉਸੇ ਸਮੇਂ ਹੀ ਆਪਣੇ ਅੰਦਰੂਨੀ ਸੰਸਾਰ ਨੂੰ ਵੀ ਬਦਲਣਾ – ਆਪਣੀ ਸਮਝਣ ਦੀ ਯੋਗਤਾ ਨੂੰ ਬਦਲਣਾ ਅਤੇ ਅੰਤਰਮੁਖੀ ਤੇ ਬਾਹਰਮੁਖੀ ਸੰਸਾਰ ਦੇ ਰਿਸ਼ਤਿਆਂ ਨੂੰ ਬਦਲਣਾ… ਅਤੇ ਬਾਹਰਮੁਖੀ ਸੰਸਾਰ ਜਿਸਨੂੰ ਬਦਲਿਆ ਜਾਣਾ ਹੈ, ਉਸ ਵਿੱਚ ਬਦਲਾਅ ਦਾ ਵਿਰੋਧ ਕਰਨ ਵਾਲੇ ਵੀ ਸ਼ਾਮਲ ਹਨ ਜਿਹਨਾਂ ਨੂੰ ਇਸ ਤੋਂ ਪਹਿਲਾਂ ਕਿ ਉਹ ਸਵੈਇੱਛਤ ਤੇ ਸਚੇਤਨ ਬਦਲਾਅ ਦੇ ਪੜਾਅ ‘ਚ ਦਾਖਲ ਹੋਣ, ਉਹਨਾਂ ਨੂੰ ਬਦਲਣ ਲਈ ਜਬਰਨ ਬਦਲਾਅ ਦੇ ਪੜਾਅ ‘ਚੋਂ ਲੰਘਣਾ ਪਵੇਗਾ। ਸੰਸਾਰ ਕਮਿਊਨਿਜ਼ਮ ਦਾ ਯੁੱਗ ਉਸ ਸਮੇਂ ਆਵੇਗਾ ਜਦੋਂ ਦੁਨੀਆਂ ਦੀ ਸਾਰੀ ਮਨੁੱਖਤਾ ਸਵੈਇੱਛਾ ਤੇ ਸਚੇਤਨ ਤਰੀਕੇ ਨਾਲ ਆਪਣੇ ਆਪ ਨੂੰ ਤੇ ਸੰਸਾਰ ਨੂੰ ਬਦਲੇਗੀ। (ਮਾਓ ਜ਼ੇ-ਤੁੰਗ ਚੋਣਵੀਆਂ ਲਿਖਤਾਂ, ਸੈਂਚੀ 1, ਸਫਾ 308)

ਇਸ ਤਰ੍ਹਾਂ, ਪਾਰਟੀ ਲੀਡਰਸ਼ਿਪ ਤੇ ਸਫਾਂ, ਪਾਰਟੀ ਤੇ ਪ੍ਰੋਲੇਤਾਰੀ, ਪ੍ਰੋਲੇਤਾਰੀ ਤੇ ਬਾਕੀ ਲੋਕ, ਅਤੇ ਲੋਕ ਤੇ ਪਿਛਾਖੜੀ – ਇਹ ਸਮਾਜਵਾਦੀ ਸਮਾਜ ਦੀਆਂ ਬੁਨਿਆਦਾਂ ‘ਚ ਪਈਆਂ ਚਾਰ ਮੁੱਖ ਵਿਰੋਧਤਾਈਆਂ ਹਨ ਜਿਹਨਾਂ ‘ਚੋਂ ਹਰੇਕ ਇੱਕ ਵਧੇਰੇ ਵਿਸ਼ਾਲ ਵਿਰੋਧਤਾਈ ਦੇ ਪ੍ਰਧਾਨ ਪੱਖ ਵਜੋਂ ਹਿੱਸਾ ਬਣਦੀ ਹੈ। ਇਹਨਾਂ ‘ਚੋਂ ਪਹਿਲੀਆਂ ਤਿੰਨ ਖਾਸੇ ਵਜੋਂ ਗੈਰ-ਦੁਸ਼ਮਣਾਨਾ ਹਨ, ਪਰ ਜੇ ਇਹਨਾਂ ਨੂੰ ਸਹੀ ਤਰੀਕੇ ਨਾਲ ਨਜਿੱਠਿਆ ਨਹੀਂ ਜਾਂਦਾ ਤਾਂ ਦੁਸ਼ਮਣਾਨਾ ਵੀ ਬਣ ਸਕਦੀਆਂ ਹਨ; ਚੌਥੀ ਆਪਣੇ ਖਾਸੇ ਵਿੱਚ ਦੁਸ਼ਮਣਾਨਾ ਹੈ ਪਰ ਜੇ ਸਹੀ ਢੰਗ ਨਾਲ ਚੱਲਿਆ ਜਾਵੇ ਤਾਂ ਅੱਗੇ ਜਾਕੇ ਗੈਰ-ਦੁਸ਼ਮਣਾਨਾ ਬਣ ਜਾਏਗੀ; ਅਤੇ ਫਿਰ ਜਦੋਂ ਕਮਿਊਨਿਜ਼ਮ ‘ਚ ਤਬਦੀਲੀ ਪੂਰੀ ਹੋ ਗਈ ਤਾਂ ਰਾਜਸੱਤ੍ਹਾ ਦੇ ਸਾਰੇ ਰੂਪ ਜਿਵੇਂ ਜਮਹੂਰੀਅਤ, ਤਾਨਾਸ਼ਾਹੀ ਅਤੇ ਖੁਦ ਪਾਰਟੀ ਲੋਪ ਹੋ ਜਾਣਗੇ:

”ਜਦੋਂ ਜਮਾਤਾਂ ਲੋਪ ਹੋ ਜਾਣਗੀਆਂ, ਤਾਂ ਜਮਾਤੀ ਸੰਘਰਸ਼ ਦੇ ਸਾਰੇ ਸੰਦ -ਪਾਰਟੀਆਂ ਤੇ ਰਾਜ ਮਸ਼ੀਨਰੀ- ਆਪਣਾ ਮਹੱਤਵ ਖੋ ਬਹਿਣਗੀਆਂ, ਲੋੜ ਵਿਹੂਣੀਆਂ ਹੋ ਜਾਣਗੀਆਂ, ਇਸ ਲਈ ਹੌਲ਼ੀ-ਹੌਲ਼ੀ ਲੋਪ ਹੋ ਜਾਣਗੀਆਂ ਤੇ ਆਪਣੀ ਇਤਿਹਾਸਕ ਭੂਮਿਕਾ ਨਿਭਾ ਚੁੱਕੀਆਂ ਹੋਣਗੀਆਂ; ਅਤੇ ਮਨੁੱਖੀ ਸਮਾਜ ਇੱਕ ਉੱਚੀ ਮੰਜ਼ਿਲ ਵੱਲ ਵਧੇਗਾ…

ਪੂਰੀ ਦੁਨੀਆਂ ਦੇ ਕਮਿਊਨਿਸਟ ਬੁਰਜੂਆਜ਼ੀ ਤੋਂ ਸਿਆਣੇ ਹਨ, ਉਹ ਚੀਜ਼ਾਂ ਦੀ ਹੋਂਦ ਤੇ ਵਿਕਾਸ ਦੇ ਨਿਯਮਾਂ ਨੂੰ ਸਮਝਦੇ ਹਨ, ਉਹ ਦਵੰਦਾਤਮਕਤਾ ਨੂੰ ਸਮਝਦੇ ਹਨ ਅਤੇ ਭਵਿੱਖ ‘ਚ ਦੇਖ ਸਕਦੇ ਹਨ। ਬੁਰਜੂਆਜ਼ੀ ਇਸ ਸੱਚ ਦਾ ਸਾਹਮਣਾ ਨਹੀਂ ਕਰਨਾ ਚਾਹੁੰਦੀ ਕਿਉਂਕਿ ਉਹ ਨਹੀਂ ਚਾਹੁੰਦੀ ਉਸਦਾ ਤਖਤਾ ਪਲਟ ਹੋ ਜਾਵੇ…. ਪਰ ਮਜ਼ਦੂਰ ਜਮਾਤ, ਕਿਰਤੀ ਲੋਕਾਂ ਤੇ ਕਮਿਊਨਿਸਟ ਪਾਰਟੀ ਅੱਗੇ ਸਵਾਲ ਤਖਤਾ ਪਲਟੇ ਜਾਣ ਦਾ ਨਹੀਂ ਹੈ, ਸਗੋਂ ਅਜਿਹੀਆਂ ਹਾਲਤਾਂ ਪੈਦਾ ਲਈ ਸਖ਼ਤ ਮਿਹਨਤ ਕਰਨ ਦਾ ਹੈ ਜਿਹਨਾਂ ਵਿੱਚ ਜਮਾਤਾਂ, ਰਾਜਸੱਤ੍ਹਾ ਤੇ ਸਿਆਸੀ ਪਾਰਟੀਆਂ ਆਪਣੀ ਕੁਦਰਤੀ ਮੌਤ ਮਰ ਜਾਣਗੀਆਂ ਤੇ ਮਨੁੱਖਤਾ ਇੱਕ ਮਹਾਨ ਭਾਈਚਾਰੇ ਦੇ ਯੁੱਗ ‘ਚ ਦਾਖਲ ਹੋਵੇਗੀ।” (ਮਾਓ ਜ਼ੇ-ਤੁੰਗ ਚੋਣਵੀਆਂ ਲਿਖਤਾਂ, ਸੈਂਚੀ 4, ਸਫਾ 411) 

“ਪ੍ਰਤੀਬੱਧ”, ਅੰਕ 17, ਨਵੰਬਰ 2012 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s