ਜਾਤ, ਜਮਾਤ ਅਤੇ ਪਛਾਣਵਾਦੀ ਸਿਆਸਤ -ਸ਼ਿਵਾਨੀ

caste 3

(ਪੀ.ਡੀ.ਐਫ਼ ਡਾਊਨਲੋਡ ਕਰੋ)

ਜਿਸ ਨੂੰ ਪਛਾਣਵਾਦੀ ਸਿਆਸਤ ਜਾਂ ਪਛਾਣ ਦੀ ਸਿਆਸਤ  ਕਿਹਾ ਜਾਂਦਾ ਹੈ, ਉਸ ਦੀ ਸ਼ੁਰੂਆਤ ਵੱਡੀ ਪੱਧਰ ‘ਤੇ 1980 ਦੇ ਦਹਾਕੇ ਵਿੱਚ ਦੇਖੀ ਜਾ ਸਕਦੀ ਹੈ। ਇਸ ਦੇ ਕੇਂਦਰ ਵਿੱਚ ਜਿਹਾ ਕਿ ਇਸ ਦੇ ਨਾਂ ਤੋਂ ਹੀ ਸਾਫ਼ ਹੈ, ਪਛਾਣ ਦਾ ਸੰਕਲਪ ਹੈ। ਸਮਾਜਸ਼ਾਸਤਰੀ ਜਾਂ ਸਮਾਜਕ ਨਰਸ਼ਾਸਤਰੀ ਅਰਥਾਂ ਵਿੱਚ ‘ਪਛਾਣ’ ਆਚਰਣ ਸਬੰਧੀ ਅਤੇ ਵਿਅਕਤੀਗਤ ਵਿਸ਼ੇਸ਼ਤਾਵਾਂ ਦਾ ਉਹ ਸਮੁੱਚ ਹੈ ਜਿਹੜਾ ਕਿਸੇ ਵੀ ਵਿਅਕਤੀ ਨੂੰ ਇੱਕ ਸਮੂਹ ਦੇ ਮੈਂਬਰ ਵਜੋਂ ਪਛਾਣ ਦਿੰਦਾ ਹੈ। ਇਹ ਪਛਾਣ ਜਾਤ, ਲਿੰਗ, ਧਾਰਮਿਕ ਫਿਰਕੇ, ਨਸਲ ਆਦਿ ਬਾਹਰਮੁਖੀ ਸਮਾਜਕ ਕਿਸਮਾਂ ਦੁਆਰਾ ਤੈਅ ਹੁੰਦੀ ਹੈ ਅਤੇ ਆਮ ਤੌਰ ‘ਤੇ ਸਾਪੇਖਕ ਰੂਪ ਵਿੱਚ ਸਥਿਰ, ਟਿਕੀ ਹੋਈ ਅਤੇ ਸੁਭਾਵਕ ਰੂਪ ਤੋਂ ਪ੍ਰਦਾਨ ਮੰਨੀ ਜਾਂਦੀ ਹੈ। ਪਛਾਣਾਵਾਦੀ ਸਿਆਸਤ ਦਾ ਸ਼ੁਰੂਆਤੀ ਨੁਕਤਾ ਪਛਾਣ ਦੀ ਇਹੀ ਪ੍ਰੀਭਾਸ਼ਾ ਹੈ। ਪਰ ਇਹ ਇੱਕ ਸਮੂਹਕ ਵਰਤਾਰੇ ਵਜੋਂ ਕਿਸੇ ਇੱਕ ਪਛਾਣ ਦੀ ਗੱਲ ਨਹੀਂ ਕਰਦੀ, ਸਗੋਂ ਕਈ ਸਾਰੀਆਂ ਵਿਖੰਡਤ ਪਛਾਣਾਂ ‘ਤੇ ਜ਼ੋਰ ਦਿੰਦੀ ਹੈ। ਪਛਾਣਾਂ ਦਾ ਵਿਖੰਡੀਕਰਣ ਨਾ ਸਿਰਫ਼ ਮਨੁੱਖ ਦੀ ਸ਼ਖਸੀਅਤ ਦੇ ਪੱਧਰ ‘ਤੇ ਹੁੰਦਾ ਹੈ, ਸਗੋਂ ਸੰਪੂਰਣ ਸਮਾਜ ਦੇ ਪੱਧਰ ‘ਤੇ ਵੀ ਕੀਤਾ ਜਾਂਦਾ ਹੈ। ਇੱਕ ਜਮਾਤੀ ਸਮਾਜ ਵਿੱਚ ਕਿਸੇ ਵੀ ਮਨੁੱਖ ਦੀਆਂ ਬਹੁਪੱਧਰੀ ਪਛਾਣਾਂ ਹੁੰਦੀਆਂ ਹਨ। ਹਰ ਮਨੁੱਖ ਦੀ ਕੋਈ ਜਾਤ, ਭਾਸ਼ਾ, ਖੇਤਰ, ਕੌਮੀਅਤ ਦੀ ਪਛਾਣ ਹੁੰਦੀ ਹੈ। ਪਛਾਣਵਾਦੀ ਸਿਆਸਤ ਇਨ੍ਹਾਂ ਸਾਰੀਆਂ ਪਛਾਣਾਂ ਨੂੰ ਉਭਾਰਦੀ ਹੈ ਅਤੇ ਇਨ੍ਹਾਂ ਦਾ ਸਾਰਕਰਨ (ਏਸੈਸ਼ੀਅਲਾਈਜ਼ੇਸ਼ਨ) ਕਰਦੀ ਹੈ। ਇੱਕ ਪਛਾਣ (ਜਿਸ ਨੂੰ ਸ਼ੁੱਧ ਅਰਥਾਂ ਵਿੱਚ ਪਛਾਣ ਕਿਹਾ ਵੀ ਨਹੀਂ ਜਾ ਸਕਦਾ) ਜਿਸ ਦਾ ਇਹ ਸਿਆਸਤ ਜ਼ਿਕਰ ਤੱਕ ਨਹੀਂ ਕਰਦੀ, ਉਹ ਹੈ ਜਮਾਤੀ ਪਛਾਣ। ਜਮਾਤੀ ਪਛਾਣ ਕੁਦਰਤੀ ਰੂਪ, ਨਸਲੀ, ਖੇਤਰੀ, ਜਾਂ ਭਾਸ਼ਾਈ ਰੂਪ ਤੋਂ ਪ੍ਰਦਾਨ ਨਹੀਂ ਹੁੰਦੀ। ਜਮਾਤੀ ਪਛਾਣ ਸਮਾਜ ਦੀ ਬੁਨਿਆਦੀ ਸਰਗਰਮੀ ਭਾਵ ਪੈਦਾਵਾਰੀ ਸਰਗਰਮੀ ਵਿੱਚ ਉਸਰਦੀ ਹੈ, ਜਿਸ ਵਿੱਚ ਲੱਗੇ ਲੋਕ ਆਪਸ ਵਿੱਚ ਆਪਣੀ ਇੱਛਾ ਤੋਂ ਅਜ਼ਾਦ ਕੁਝ ਨਿਸ਼ਚਤ ਸਮਾਜਕ ਸਬੰਧ ਸਥਾਪਤ ਕਰਦੇ ਹਨ। ਪਰ ਪਛਾਣਵਾਦੀ ਸਿਆਸਤ ਇਸ ਪਛਾਣ ‘ਤੇ ਕਦੀ ਜ਼ੋਰ ਨਹੀਂ ਦਿੰਦੀ। ਤੁਹਾਨੂੰ ਅਜਿਹੀਆਂ ਸਵੈਸੇਵੀ ਜਥੇਬੰਦੀਆਂ ਮਿਲ਼ ਜਾਣਗੀਆਂ ਜਿਹੜੀਆਂ ਜੇਂਡਰ, ਜਾਤ, ਖੇਤਰੀ, ਜਾਂ ਭਾਸ਼ਾਈ ਪਛਾਣ ਦੇ ਅਧਾਰ ‘ਤੇ ਬਣੀਆਂ ਹੋਣ। ਪਰ ਤੁਹਾਨੂੰ ਅਜਿਹਾ ਕੋਈ ਐ.ਜੀ.ਓ. ਵਿਰਲੇ ਹੀ ਮਿਲ਼ੇਗਾ ਜਿਹੜਾ ਮਜ਼ਦੂਰ ਐਨ.ਜੀ.ਓ. ਹੋਵੇਗਾ!

ਪੁਰਾਣੀ ਭਾਈਚਾਰਕ ਪਛਾਣ ਨੂੰ ਜ਼ਿਆਦਾ ਰੇਖਾਂਕਤ ਅਤੇ ਜਮਾਤੀ ਪਛਾਣ ਨੂੰ ਨਜ਼ਰਅੰਦਾਜ਼ ਕਰਨ ਪਿੱਛੇ ਦਾ ਮਕਸਦ ਕੀ ਹੈ? ਇਸ ਨੂੰ ਸਮਝਣ ਲਈ ਸਭ ਤੋਂ ਪਹਿਲਾਂ ਪਛਾਣਵਾਦੀ ਸਿਆਸਤ ਦੀ ਉਤਪਤੀ ਦੇ ਸੰਸਾਰ ਵਿਆਪੀ ਪਦਾਰਥਕ ਪਿਛੋਕੜ ਨੂੰ ਸਮਝਣਾ ਜ਼ਰੂਰੀ ਹੈ। ਨਾਲ਼ ਹੀ, ‘ਨਵੀਂ ਸਮਾਜਕ ਲਹਿਰ’, ਸੰਸਾਰ ਸਮਾਜਕ ਮੰਚ ਜਿਹੇ ਮੰਚਾਂ ਅਤੇ ਗ਼ੈਰ ਸਰਕਾਰੀ ਜਥੇਬੰਦੀਆਂ (ਐਨ.ਜੀ.ਓ.) ਦੀ ਉਤਪਤੀ ਦੇ ਵਰਤਾਰੇ ਨੂੰ ਪਛਾਣਵਾਦੀ ਸਿਆਸਤ ਦੇ ਪਰਿਪੇਖ ਵਿੱਚ ਸੰਦਰਭਤ ਕਰਨਾ ਹੋਵੇਗਾ। 

ਪਛਾਣਵਾਦੀ ਸਿਆਸਤ ਦੀ ਉਤਪਤੀ ਦਾ ਪਦਾਰਥਕ ਪਿਛੋਕੜ

1980 ਅਤੇ 1990 ਦੇ ਦਹਾਕੇ ਵਿੱਚ ਸੰਸਾਰੀਕਰਨ ਦੀ ਪ੍ਰਕਿਰਿਆ ਦੀ ਸ਼ੁਰੂਆਤ ਦੇ ਬਾਅਦ ਦੁਨੀਆਂ ਦੇ ਉਨ੍ਹਾਂ ਦੇਸ਼ਾਂ ਵਿੱਚ ਜਿਥੇ ਨਵਉਦਾਰਵਾਦੀ ਨਵੀਂਆਂ ਆਰਥਿਕ ਨੀਤੀਆਂ ਲਾਗੂ ਕੀਤੀਆਂ ਗਈਆਂ, ਉਥੇ ਵੱਡੀ ਪੱਧਰ ‘ਤੇ ਲੋਕ ਉਜੜੇ, ਬੇਰੁਜ਼ਗਾਰੀ ਤੇਜ਼ ਰਫ਼ਤਾਰ ਨਾਲ਼ ਵਧੀ ਅਤੇ ਲੋਕਾਂ ਵਿੱਚ ਬੇਚੈਨੀ ਕਾਫੀ ਤੇਜ਼ੀ ਨਾਲ਼ ਵਧੀ। ਅਜਿਹੀ ਹਾਲਤ ਵਿੱਚ, ਲੋਕਾਂ ਵਿੱਚ ਸੰਸਾਰੀਕਰਣ ਦੀਆਂ ਪ੍ਰਕਿਰਿਆਵਾਂ ਦੇ ਪ੍ਰਭਾਵਾਂ ਤੋਂ ਪਨਪ ਰਹੇ ਭਿਅੰਕਰ ਗੁੱਸੇ ਤੇ ਠੰਡੇ ਪਾਣੀ ਦਾ ਛਿੜਕਾਅ ਕਰਨ ਅਤੇ ਤਿੱਖੀਆਂ ਹੁੰਦੀਆਂ ਜਮਾਤੀ ਵਿਰੋਧਤਾਈਆਂ ਨੂੰ ਧੁੰਦਲਾ ਕਰਨ ਲਈ ਪਛਾਣਵਾਦੀ ਸਿਆਸਤ ਦੇ ਵਿਚਾਰਧਾਰਕ ਸੰਦ ਦੀ ਲੋੜ ਪੈਦਾ ਹੋਈ, ਜਿਹੜੀ ਸਿੱਧੇ ਤੌਰ ‘ਤੇ ਕਾਫੀ ਰੈਡੀਕਲ ਗੱਲਾਂ ਕਰਦੀ ਹੋਵੇ। ਪਛਾਣਵਾਦੀ ਸਿਆਸਤ ਦੇ ”ਕੰਢੇ ‘ਤੇ” ਜਾਂ ”ਹਾਸ਼ੀਏ” ‘ਤੇ ਧੱਕ ਦਿੱਤੀਆਂ ਇੱਜ਼ਤਾਂ ਜਾਂ ਪਛਾਣਾਂ ਦੀ ਗੱਲ ਕਰਕੇ ਜਮਾਤੀ ਪਛਾਣ ਨੂੰ ਅੱਖੋਂ ਪਰੋਖੇ ਕਰਦੀ ਹੈ। ਉਦਾਹਰਣ ਵਜੋਂ, ਫਰਾਂਸਿਸੀ ਸਰਕਾਰ ਦੇ ਪੈਸੇ ਨਾਲ਼ ਕੰਮ ਕਰਨ ਵਾਲ਼ੀ ਐਨ.ਜੀ.ਓ. ਵਰਲ਼ਡ ਮਾਉਂਟੇਂਸ ਪੀਪਲਜ਼ ਐਸੋਸੀਏਸ਼ਨ। ਇਹ ਐਨ.ਜੀ.ਓ. ਦੇਸ਼ ਦੀ ਹੀ ਨਹੀਂ ਸਗੋਂ ਦੁਨੀਆਂ ਭਰ ਦੇ ਪਹਾੜੀ ਖੇਤਰ ਵਿੱਚ ਰਹਿਣ ਵਾਲ਼ੇ ਲੋਕਾਂ ਨੂੰ ਇੱਕਜੁੱਟ ਕਰਨ ਦੀ ਹੋਕਾ ਦਿੰਦੀ ਹੈ! ਇਸ ਦੇ ਅਨੁਸਾਰ ਪਹਾੜੀ ਲੋਕਾਂ ਵਿੱਚ ਗ਼ਰੀਬ ਅਤੇ ਅਮੀਰ ਹੋਣ ਵੀ ਤਾਂ ਉਨ੍ਹਾਂ ਦੇ ਮੁੱਦੇ ਇੱਕ ਹਨ, ਕਿਉਂਕਿ ਉਹ ਪਹਾੜਾਂ ‘ਤੇ ਰਹਿੰਦੇ ਹਨ! ਇਹ ਵੀ ਇੱਕ ਤਰ੍ਹਾਂ ਦੀ ਖੇਤਰੀ ਅਤੇ ਜਾਤੀਵਾਦੀ ਪਛਾਣ ਦੇ ਹੋਕੇ ‘ਤੇ ਅਧਾਰਤ ਸਿਆਸਤ ਹੈ। 

ਇਸ ਤਰ੍ਹਾਂ ਸੰਸਾਰੀਕਰਨ ਦੀ ਵਜ੍ਹਾ ਨਾਲ਼ ਤਿੱਖੀ ਹੋਈ ਜਮਾਤੀ ਵੰਡ ਅਤੇ ਧਰੁਵੀਕਰਣ ਦੇ ਨਤੀਜੇ ਵਜੋਂ ਕਿਸੇ ਜਮਾਤ ਅਧਾਰਤ ਏਕਤਾ ਨੂੰ ਬਨਣ ਤੋਂ ਰੋਕਣ ਵਿੱਚ ਪਛਾਣਵਾਦੀ ਸਿਆਸਤ ਦੀ ਵਰਤੋਂ ਕੀਤੀ ਗਈ। ਪਛਾਣ ਦੀ ਸਿਆਸਤ ਅਸਲ ਵਿੱਚ ਸੰਸਾਰ ਸਰਮਾਏਦਾਰੀ ਦੀ ਅੰਦਰੂਨੀ ਕਾਰਜ ਪ੍ਰਣਾਲੀ ਦੀ ਹੀ ਇੱਕ ਹਿੱਸਾ ਹੈ, ਜਿਹੜੀ ਸੰਸਾਰੀਕਰਣ ਦੀ ਪ੍ਰਕਿਰਿਆ ਦੇ ਲਾਜ਼ਮੀ ਵਿਸਫੋਟਕ ਸਮਾਜਕ ਨਤੀਜਿਆਂ ਨੂੰ ਕੰਟਰੋਲ ਵਿੱਚ ਰੱਖਣ ਲਈ ਇੱਕ ਪ੍ਰਤੀਸੰਤੁਲਨਕਾਰੀ ਤਾਕਤ ਦੇ ਰੂਪ ਵਿੱਚ ਖੁਦ ਸਰਮਾਏਦਾਰੀ ਦੁਆਰਾ ਪਾਲ਼ੀ ਗਈ ਹੈ। ਸਰਮਾਏ ਦਾ ਅਜ਼ਾਦ ਤਰਕ ਜੇ ਬੇਰੋਕ ਗਤੀ ਨਾਲ਼ ਵਿਕਸਤ ਹੋਵੇ, ਤਾਂ ਸਮਾਜਕ ਜਮਾਤੀ ਧਰੁਵੀਕਰਣ ਅਤੇ ਤਿੱਖੀਆਂ ਸਮਾਜਕ ਵਿਰੋਧਤਾਈਆਂ ਦਾ ਵਿਸਫੋਟ ਛੇਤੀ ਹੀ ਸਰਮਾਏਦਾਰੀ ਢਾਂਚੇ ਨੂੰ ਉਸ ਦੀ ਹੋਣੀ ਤੱਕ ਪਹੁੰਚਾ ਦੇਵੇਗਾ। ਇਸ ਨੂੰ ਰੋਕਣ ਲਈ ਪੂਰੀ ਦੁਨੀਆਂ ਵਿੱਚ ਬੁਰਜ਼ੂਆ ਸਿਧਾਂਤਕਾਰ, ਰਾਜਸੱਤ੍ਹਾਵਾਂ, ਕੌਮਾਂਤਰੀ ਸੰਸਥਾਵਾਂ ਤਰ੍ਹਾਂ-ਤਰ੍ਹਾਂ ਦੇ ‘ਸਪੀਡ ਬ੍ਰੇਕਰ’ ਅਤੇ ‘ਸੇਫਟੀ ਵਾਲਵ’ ਬਣਾਉਂਦੀਆਂ ਰਹਿੰਦੀਆਂ ਹਨ, ਢਾਂਚੇ ਦੀ ਹਿਫਾਜ਼ਤ ਲਈ ਦੂਜੀ, ਤੀਜੀ ਸਰੱਖਿਆ ਕਤਾਰ ਖੜ੍ਹੀ ਕਰਦੀ ਰਹਿੰਦੀ ਹੈ, ਅਤੇ ਲੋਕ ਘੋਲ਼ਾਂ ਵਿੱਚ ਤਰ੍ਹਾਂ ਤਰਾਂ ਦੇ ‘ਟ੍ਰੋਜਨ ਹਾਰਸ’ ਵਾੜਦੀਆਂ ਰਹਿੰਦੀਆਂ ਹਨ। ਵਰਲਡ ਸੋਸ਼ਲ ਫੋਰਮ ਜਿਹੇ ਮੰਚ ਇਸੇ ਟ੍ਰੋਜਨ ਹਾਰਸ ਦੀ ਭੂਮਿਕਾ ਨਿਭਾ ਰਹੇ ਹਨ, ਜਿਹੜੇ ਕਿ ਅਖੌਤੀ ‘ਨਵੀਆਂ ਸਮਾਜਕ ਲਹਿਰਾਂ’ ਦੇ  ਸਾਂਝੇ ਮੰਚ ਹੋਣ ਦਾ ਦਾਅਵਾ ਕਰਦੇ ਹਨ। ਇਹ ਨਾਂ ਵੀ ਵਿਲੱਖਣ ਹੈ। ਇਹ ਆਪਣੇ ਸਮਾਜਕ ਹੋਣ ‘ਤੇ ਇਸ ਲਈ ਜ਼ੋਰ ਦਿੰਦੇ ਹਨ, ਕਿਉਂਕਿ ਇਹ ਸਿਆਸੀ ਨਹੀਂ ਹਨ। ਸਿਆਸੀ ਹੋਣ ਦਾ ਅਰਥ ਹੋਵੇਗਾ ਸੱਤ੍ਹਾ ਦੇ ਸੁਆਲ ਨੂੰ ਉਠਾਉਣਾ, ਢਾਂਚੇ ਦੇ ਸੁਆਲ ਨੂੰ ਉਠਾਉਣਾ। ਪਰ ਇਹ ਲਹਿਰਾਂ ਇਸੇ ਸੁਆਲ ਨੂੰ ਨਹੀਂ ਉਠਾਉਣਾ ਚਾਹੁੰਦੀਆਂ ਹਨ। ਅੱਜ ਇਹੀ ਕੰਮ ਅਖੌਤੀ ‘ਨਿਊ ਸੋਸ਼ਲ ਮੂਵਮੈਂਟਸ’ ਅਤੇ ਪਛਾਣਵਾਦੀ ਸਿਆਸਤ ਦਾ ਨਾਅਰਾ ਬੁਲੰਦ ਕਰਨ ਵਾਲ਼ੇ ਸਾਰੇ ਐਨ.ਜੀ.ਓ. ਅਤੇ ਉਨ੍ਹਾਂ ਦੁਆਰਾ ਪ੍ਰਯੋਜਤ ਜਥੇਬੰਦੀਆਂ ਅਤੇ ਲਹਿਰਾਂ ਕਰ ਰਹੀਆਂ ਹਨ। ਸੁਆਲਾਂ ਦੇ ਦਾਇਰੇ ਤੋਂ ਇਹ ਸੱਤ੍ਹਾ ਅਤੇ ਢਾਂਚੇ ਨੂੰ ਗ਼ਾਇਬ ਕਰ ਦਿੰਦੇ ਹਨ। ਸਰਮਾਏਦਾਰੀ ਜਮਾਤ ਕਦੇ ਕਟਿਹਰੇ ਵਿੱਚ ਨਹੀਂ ਖੜ੍ਹੀ ਕੀਤੀ ਜਾਂਦੀ। ਦੁਸ਼ਮਣ ਕੌਣ ਹੈ ਇਹ ਨਹੀਂ ਦੱਸਿਆ ਜਾਂਦਾਂ, ਲੜਨਾ ਕਿਸ ਨਾਲ਼ ਹੈ ਇਹ ਨਹੀਂ ਦਸਿਆ ਦਸਿਆਂ ਜਾਂਦਾ। ਸਰਕਾਰ ‘ਤੇ ਉਂਗਲੀ ਉਠਾਉਣ ਨੂੰ ਗ਼ਲਤ ਦਸਿਆ ਜਾਂਦਾ ਹੈ, ਅਤੇ ਬੁਨਿਆਦੀ (ਰੈਡੀਕਲ) ਜੁਮਲ਼ਿਆਂ ਦੀ ਵਰਤੋਂ ਕਰਦੇ ਹੋਏ ਲੋਕਾਂ ਦੀ ਪਹਿਲਕਦਮੀ, ਹੇਠਾਂ ਤੋਂ ਪਹਿਲਕਦਮੀ ਆਦਿ ਦੀ ਗੱਲ ਕਰਦੇ ਹੋਏ, ਹਰ ਦੁੱਖ, ਤਕਲੀਫ, ਅਤੇ ਦਿੱਕਤ ਨੂੰ ਜ਼ਿੰਮੇਦਾਰੀ ਲੋਕਾਂ ‘ਤੇ ਸੁੱਟ ਦਿੱਤੀ ਜਾਂਦੀ ਹੈ।

ਇਥੇ ਇੱਕ ਮਹੱਤਵਰੂਪਣ ਨੁਕਤੇ ਵੱਲ ਧਿਆਨ ਦਿਵਾਉਣ ਦੀ ਲੋੜ ਹੈ। ਸਰਮਾਏਦਾਰੀ ਢਾਂਚਾ ਇੱਕ ‘ਹੋਮੋਜੇਨਾਇਜ਼ਰ’ ਹੁੰਦਾ ਹੈ, ਅਤੇ ਉਸ ਨੂੰ ਪਛਾਣ ਦੇ ਪੱਧਰ ‘ਤੇ ਇੱਕ ਹੱਦ ਤੱਕ ਇਕਰੂਪਤਾ ਦੀ ਲੋੜ ਪੈਂਦੀ ਹੈ। ਆਰਥਿਕ ਪੱਧਰ ‘ਤੇ ਸਰਮਾਏਦਾਰੀ ਇੱਕ ਸਰਵਵਿਆਪਕਤਾ ਦੀ ਪ੍ਰਕਿਰਿਆ ਨੂੰ ਅੰਜ਼ਾਮ ਦਿੰਦੀ ਹੈ। ਆਰਥਿਕ ਸਰਵਵਿਆਪਕਤਾ ਉੱਚ-ਉਸਾਰ ਵਿੱਚ ਵੀ ਸਰਵਵਿਆਪਕਤਾ ਦਾ ਪ੍ਰਗਟਾਵਾ ਕਰਦੀ ਹੈ। ਇੱਕ ਸਰਵਵਿਆਪਕਤਾ ਸਰਮਾਏਦਾਰੀ ਆਦਮੀ/ਔਰਤ ਦੀ ਪਛਾਣ ਦਾ ਵੀ ਕਰਦੀ ਹੈ ਅਤੇ ਇੱਕ ਮਨੁੱਖ ਵਜੋਂ, ਇੱਕ ਅਜ਼ਾਦ ਵਿਅਕਤੀ ਵਜੋਂ ਵੀ ਕਰਦੀ ਹੈ, ਘੱਟੋ ਘੱਟ ਫੌਰੀ ਤੌਰ ‘ਤੇ ਤਾਂ ਸਥਾਪਤ ਕਰਦੀ ਹੀ ਹੈ। ਸਰਮਾਏਦਾਰੀ ਹੀ ਮਜ਼ਦੂਰ ਜਮਾਤ ਅੰਦਰ ਇੱਕ ਜਮਾਤੀ ਚੇਤਨਾ ਪੈਦਾ ਕਰਦੀ ਹੈ, ਅਤੇ ਇਸ ਰੂਪ ਵਿੱਚ ਜੇ ਹਾਲੇ ਜਮਾਤ ਨੂੰ ਵੀ ਇੱਕ ਖਾਸ ਇਤਿਹਾਸਕ ਅਰਥ ਵਿੱਚ ਪਛਾਣ ਕਹੀਏ ਤਾਂ, ਇੱਕ ਜਮਾਤੀ ਪਛਾਣ ਦੀ ਉਸਾਰੀ ਕਰਦੀ ਹੈ। ਪਰ ਇਹ ਸਰਵਆਪਿਕ ਪਛਾਣ ਸਰਮਾਏਦਾਰੀ ਲਈ ਖ਼ਾਸ ਤੌਰ ‘ਤੇ ਉਸ ਦੇ ਸਭ ਤੋਂ ਜ਼ਿਆਦਾ ਮਰਨ ਕਿਨਾਰੇ ਪਈ ਅਤੇ ਪਰਜੀਵੀ ਦੌਰ ਵਿੱਚ ਖ਼ਤਰਨਾਕ ਸਾਬਤ ਹੋ ਸਕਦੀ ਹੈ, ਕਿਉਂਕਿ ਆਪਣੇ ਆਪ ਹੀ ਇਹ ਜਮਾਤੀ ਧਰੁਵੀਕਰਨ ਵੱਲ ਵਧਦੀ ਹੈ। ਸਰਮਾਏਦਾਰੀ ਸਮਾਜ ਵਿੱਚ ਜਮਾਤੀ ਵੰਡ ਨੂੰ ਪਹਿਲੀ ਵਾਰ ਏਨੇ ਤਿੱਖੇ ਰੂਪ ਵਿੱਚ ਪੈਦਾ ਕਰਦੀ ਹੈ। ਇਸ ਪ੍ਰਕਿਰਿਆ ਵਿੱਚ ਪੈਦਾ ਹੋਣ ਵਾਲ਼ੀ ਇਹ ਜਮਾਤੀ ਚੇਤਨਾ ਹੀ ਸਰਮਾਏਦਾਰੀ ਲਈ ਘਾਤਕ ਹੁੰਦੀ ਹੈ।

ਇਸ ਲਈ ਆਪਣੀਆਂ ਸਾਰੀਆਂ ਅਗਾਂਹਵਧੂ ਸੰਭਾਵਨਾਵਾਂ ਤੋਂ ਖਾਲੀ ਅਤੇ ਮਰਨ ਕਿਨਾਰੇ ਪਈ ਸਰਮਾਏਦਾਰੀ ਨੂੰ ਆਰਥਿਕ ਪੱਧਰ ‘ਤੇ ਸਰਵਵਿਆਪੀਕਰਣ ਦੀ ਲੋੜ ਪੈਂਦੀ ਹੈ, ਪਰ ਉਚ ਉਸਾਰ ਦੇ ਪੱਧਰ ‘ਤੇ ਉਸ ਨੂੰ ਟੋਟੇ ਚਾਹੀਦੇ ਹੁੰਦੇ ਹਨ। ਜਗੀਰਦਾਰੀ ਵਿਰੋਧੀ ਘੋਲ਼ ਵਿੱਚ ਉਸ ਨੇ ਜਿਨ੍ਹਾਂ ਪਛਾਣਾਂ ਦੇ ਖ਼ਿਲਾਫ਼ ਲੜਾਈ ਛੇੜੀ ਸੀ, ਉਨ੍ਹਾਂ ਮ੍ਰਿਤ ਪਛਾਣਾਂ ਨੂੰ ਜੀਵਤ ਕਰਨ ਦੀ ਲੋੜ ਪੈਂਦੀ ਹੈ। ਇਸ ਵਿਆਪਕ ਪਰਿਪੇਖ ਵਿੱਚ ਹੀ ਪਛਾਣਵਾਦੀ ਸਿਆਸਤ ਦੇ ਪਿਛੇ ਦੇ ਸਿਆਸੀ ਏਜੰਡੇ ਨੂੰ ਰੱਖਿਆ ਜਾ ਸਕਦਾ ਹੈ।

ਪਛਾਣਵਾਦੀ ਸਿਆਸਤ ਅਤੇ ਉੱਤਰ-ਆਧੁਨਿਕਤਾਵਾਦ         

ਇਹ ਹੋਰ ਕੁਝ ਨਹੀਂ ਉੱਤਰ-ਆਧੁਨਿਕ ਏਜੰਡਾ ਹੈ। ਉੱਤਰ-ਆਧੁਨਿਕ ਫਲਸਫਾ ਕਹਿੰਦਾ ਹੈ ਕਿ ਮਹਾਂਬਿਰਤਾਂਤਾਂ (ਗਰੈਂਡ ਨੇਰੇਟਿਵਜ਼) ਦਾ ਦੌਰ ਖਤਮ ਹੋ ਚੁਕਿਆ ਹੈ। ਹਰ ਕਿਸਮ ਦਾ ਸਰਵਵਿਆਪੀਕਰਣ, ਸਧਾਰਣੀਕਰਣ, ਸਮਾਂਗੀਕਰਨ (ਹੋਮੋਜੇਨਾਈਜ਼ੇਸ਼ਨ), ਅਤੇ ਮਾਨਕੀਕਰਣ ਜ਼ਾਬਰ ਹੁੰਦਾ ਹੈ। ਪੱਛਮੀਂ ਸਾਮਰਾਜਵਾਦ ਆਧੁਨਿਕਤਾ, ਤਰਕ, ਆਦਿ ਦੇ ਨਾਂ ‘ਤੇ ਪੂਰਵੀ ਸੰਸਾਰ ਨੂੰ ਅਧੀਨ ਬਣਾਉਂਦਾ ਹੈ। ਉੱਤਰ-ਆਧੁਨਿਕਤਾਵਾਦੀ ਫਲਸਫ਼ੇ ਅਨੁਸਾਰ, ਅਸਲ ਵਿੱਚ, ਇਹ ਸਾਰੀਆਂ ਵਿਚਾਰਧਾਰਾਵਾਂ ਪ੍ਰਬੋਧਨ ਨਾਂ ਦੀ ਇੱਕ ਪੱਛਮੀਂ ਸਾਜਿਸ਼ ਦਾ ਹਿੱਸਾ ਹਨ! ਪੱਛਮੀਂ ਬਸਤੀਵਾਦੀ ਚਰਚਾ ਦੇ ਬਰਕਸ ਇਹ ‘ਰਵਾਇਤੀ ਗਿਆਨ’, ‘ਪੂਰਬੀ ਮਸੂਮੀਅਤ’, ਦੇਸੀ ਭਾਈਚਾਰੇ, ਪਛਾਣ, ਭਾਸ਼ਾ, ਸੱਭਿਆਚਾਰ ਆਦਿ ਨੂੰ ਵਡਿਆਉਂਦਾ ਹੈ। ਭਾਵੇਂ, ਉੱਤਰ-ਆਧੁਨਿਕਤਾਵਾਦ ਹਰ ਤਰ੍ਹਾਂ ਦੇ ਸਰਵਵਿਆਪੀਕਰਣ ਦੇ ਖਿਲਾਫ਼ ਹੈ, ਪਰ ਆਧੁਨਿਕਤਾ ਦੇ ਖਿਲਾਫ਼ ਆਪਣੇ ਇਸ ਯੁੱਧ ਵਿੱਚ ਇਹ ਸਾਰੇ ਸਾਡੀਆਂ ਪੂਰਬ ਆਧੁਨਿਕ/ਪੂਰਬੀ ਪਛਾਣਾਂ ਦਾ ਹਾਂ-ਪੱਖੀ ਨਿਰਪੇਖੀਕਰਣ ਕਰਦਾ ਹੈ। ਜਿਹੜਾ ਦੇਸੀ ਹੈ, ਪੂਰਵ ਆਧੁਨਿਕ ਹੈ, ਉਹ ਚੰਗਾ ਹੈ, ਆਧੁਨਿਕਤਾ ਬੇਲੋੜੀ ਹੈ।

ਲਿਓਤਾਰ ਨੇ 1970 ਦੇ ਦਹਾਕੇ ਦੇ ਮਗਰਲੇ ਅੱਧ ਅਤੇ 1980 ਦੇ ਦਹਾਕੇ ਦੇ ਪਹਿਲੇ ਅੱਧ ਵਿੱਚ ਫਲਸਫ਼ੇ ਦੇ ਧਰਾਤਲ ‘ਤੇ ਉੱਤਰ-ਆਧੁਨਿਕਤਾਵਾਦ ਦੇ ਏਜੰਡੇ ਦੀ ਸ਼ੁਰੂਆਤ ਕੀਤੀ ਸੀ। ਅੱਗੇ ਸਭ ‘ਉੱਤਰ’ ਵਿਚਾਰ ਸਾਰਣੀਆਂ ਜੁੜਦੀਆਂ ਚਲੀਆਂ ਗਈਆਂ , ਜਿਵੇਂ ਕਿ ਉੱਤਰ-ਬਸਤੀਵਾਦੀ ਚਿੰਤਨ, ਉੱਤਰ-ਸੰਰਚਨਾਵਾਦ, ਉੱਤਰ-ਮਾਰਕਸਵਾਦ, ਉੱਤਰ-ਨਾਰੀਵਾਦ, ਉੱਤਰ-ਪੂਰਬਵਾਦ, ਆਦਿ। ਬੁਨਿਆਦੀ ਰੂਪ ਵਿੱਚ ਇਹ ਸਾਰੇ ਉੱਤਰ-ਆਧੁਨਿਕ ਚਿੰਤਨ ਦੇ ਹੀ ਵੱਖ ਵੱਖ ਹਿੱਸੇ, ਆਯਾਮ ਜਾਂ ਵਿਸਥਾਰ ਹਨ। ਇਨ੍ਹਾਂ ਸਾਰੀਆਂ ਚਿੰਤਨ ਸਾਰਣੀਆਂ ਦੇ ਕੇਂਦਰ ਵਿੱਚ ‘ਸੱਤ੍ਹਾ’ ਦਾ ਸੰਕਲਪ ਹੈ। ਉੱਤਰ-ਆਧੁਨਿਕ ਚਿੰਤਨ ਦੇ ਇੱਕ ਪ੍ਰਮੁੱਖ ਧੁਰੰਦਰ ਮਿਸ਼ੇਲ ਫੂਕੋ ਅਨੁਸਾਰ ਸੱਤ੍ਹਾ ਪੋਰ ਪੋਰ ਵਿੱਚ ਸਮਾਈ ਹੁੰਦੀ ਹੈ ਅਤੇ ਵਿਕੇਂਦਰੀਕ੍ਰਿਤ ਹੁੰਦੀ ਹੈ। ਇਹ ਨਿੱਤ ਦੇ ਜੀਵਨ ਦੇ ਅੰਗ ਅੰਗ ਵਿੱਚ ਮੌਜੂਦ ਹੁੰਦੀ ਹੈ ਅਤੇ ਲੋਕਾਂ ਦੁਆਰਾ ਇੰਟਰਨਲਾਈਜ਼ ਕਰ ਲਈ ਜਾਂਦੀ ਹੈ। ਇਹ ਟਾਕਰੇ ਤੋਂ ਪਰ੍ਹੇ ਹੈ ਕਿਉਂਕਿ ਕੋਈ ਵੀ ਕਾਰਗਕ ਸਮੂਹੱਕ ਵਿਰੋਧ, ਭਾਵ ਜਿਸ ਵਿੱਚ ਸਮਾਜਕ ਕਾਇਆਪਲ਼ਟੀ ਦੀ ਸੰਭਾਵਨਾ ਸਪੰਨਤਾ ਹੈ, ‘ਸੱਤ੍ਹਾ ਦੇ ਨਵੇਂ ਰੂਪ ਪੈਦਾ ਕਰ ਦਿੰਦਾ ਹੈ। ਇਸ ਲਈ ਕੋਈ ਵੀ ਸਮਾਜਕ ਕਾਇਆਪਲ਼ਟੀ ਲਈ ਸਮੂਹੱਕ ਤੌਰ ‘ਤੇ ਲੜੀ ਜਾਣ ਵਾਲ਼ੀ ਲੜਾਈ, ਅਣਚਾਹੀ ਹੈ। ਕੋਈ ਵੀ ਸਮੂਹਕ ਵਿਰੋਧ ਸੱਤ੍ਹਾ ਦੇ ਨਵੇਂ ਰੂਪਾਂ ਨੂੰ ਜਨਮ ਦੇਵੇਗਾ ਅਤੇ ਇਸ ਲਈ ਜਬਰ ਜਾਂ ਸਮੂਹਿਕ ਵਿਰੋਧ ਬੇਲੋੜਾ ਹੈ। ਸਮੂਹਿਕ ਵਿਰੋਧ ਅੰਤ ਵਿੱਚ ਸੱਤ੍ਹਾ ਨੂੰ ਹੀ ਜਨਮ ਦੇਵੇਗਾ, ਜਬਰ ਨੂੰ ਹੀ ਜਨਮ ਦੇਵੇਗਾ ਤਾਂ ਉਸ ਦੇ ਖਿਲਾਫ਼ ਵਿਰੋਧ ਦੀ ਕੋਈ ਵੀ ਜਹਿਮਤ ਉਠਾਉਣ ਦੀ ਲੋੜ ਕੀ ਹੈ? ਇਸ ਹਾਲਤ ‘ਚ ਤੁਸੀਂ ਸੱਤ੍ਹਾ ਦਾ ਵਿਰੋਧ ਕਿੰਝ ਕਰ ਸਕਦੇ ਹੋ? ਫੂਕੋ ਅਨੁਸਾਰ ਤੁਸੀਂ ਆਪਣੇ ਨਿੱਜੀ ਜੀਵਨ ਵਿੱਚ ਹਰ ਤਰ੍ਹਾਂ ਦੇ ਪੈਮਾਨੇ ਅਤੇ ਸਰਵਵਿਆਪਕਤਾ ਦਾ ਖੰਡਨ ਕਰਦੇ ਹੋਏ ਸੱਤ੍ਹਾ ਅਤੇ ਜਬਰ ਦਾ ਵਿਰੋਧ ਕਰ ਸਕਦੇ ਹੈ। ਸੱਤ੍ਹਾ ਅਤੇ ਜਬਰ ਦੀ ਬੁਨਿਆਦ ਵਿੱਚ ਹੀ ਮਾਣਕੀਕਰਣ, ਸਰਵਵਿਆਪੀਕਰਣ ਅਤੇ ਸਧਾਰਨੀਕਰਣ ਦਾ ਸੰਕਲਪ ਹੁੰਦਾ ਹੈ। ਵਿਅਕਤੀਗਤ ਨਿੱਜੀ ਜੀਵਨ ਵਿੱਚ ਲਿੰਗ ਪਛਾਣ, ਜਾਤੀਗਤ ਪਛਾਣ, ਆਦਿ ਨਾਲ਼ ਸਬੰਧਤ ਹਰ ‘ਨਾਰਮ’ ਅਤੇ ‘ਯੂਨੀਵਰਸਲ’ ਦੇ ਖਿਲਾਫ਼  ਬਗ਼ਾਵਤ ਕਰਨਾ ਹੀ ਇੱਕੋ ਇੱਕ ਰਾਹ ਹੈ। ਇਸੇ ਨੂੰ ਫੂਕੋ ਨੇ ਕਿਵਅਰ ਸਿਧਾਂਤ ਦਾ ਨਾਂ ਦਿੱਤਾ। ਇਹ ਐਂਵੇ ਹੀ ਨਹੀਂ ਹੈ ਕਿ ਦੁਨੀਆਂ ਵਿੱਚ ਬਦਲਵੀਂ ਲਿੰਗਕ ਪਛਾਣ ਨੂੰ ਲੈਕੇ ਸਾਰੀਆਂ ਐਨ.ਜੀ.ਓ. ਕੰਮ ਕਰ ਰਹੇ ਹਨ, ਜਿਹੜੇ ਕਿ ਐਲ.ਜੀ.ਬੀ.ਟੀ. (ਲੇਸਿਬਅਨ-ਗੇ-ਬਾਈਸੇਕਸੂਅਲ-ਟਰਾਂਸਜੇਂਡਰ) ਭਾਈਚਾਰਿਆਂ ਦੇ ਹੱਕਾਂ ਲਈ ਕੰਮ ਕਰ ਰਹੇ ਹਨ। ਸਪਸ਼ਟ ਹੈ ਕਿ ਕਿਸੇ ਵੀ ਤਰ੍ਹਾਂ ਦਾ ਸਮੂਹਿਕ ਵਿਰੋਧ (ਜਮਾਤੀ ਵਿਰੋਧ ਪੜ੍ਹੋ!) ਦੇ ਸੰਕਲਪ ਨੂੰ ਖ਼ਾਰਜ ਕਰਕੇ ਉੱਤਰ-ਆਧੁਨਿਕਾਵਾਦੀ ਤਬਦੀਲੀ ਤੋਂ ਹਰ ਤਰ੍ਹਾਂ ਦੀ ਏਜੰਸੀ ਖੋਹ ਲੈਂਦਾ ਹੈ। 

ਤਾਂ ਹੱਲ ਕਿਸ ਚੀਜ਼ ਵਿੱਚ ਹੈ? ਕੁਝ ਹੋਰ ਉੱਤਰ-ਆਧੁਨਿਕ ਫਲਾਸਫ਼ਰ ਫੂਕੋ ਤੋਂ ਥੋੜ੍ਹਾ ਵੱਖਰਾ ਹੱਲ ਦਸਦੇ ਹਨ। ਉਨ੍ਹਾਂ ਅਨੁਸਾਰ, ਹੱਲ ਉਨ੍ਹਾਂ ਸੰਰਚਨਾਵਾਂ ਵਿੱਚ ਹੈ ਜਿਹੜੀਆਂ ਸੱਤ੍ਹਾ ਦੇ ਪ੍ਰਭਾਵ ਨਾਲ਼ ਦੂਸ਼ਤ ਨਹੀਂ ਹੋਈਆਂ ਹਨ। ਬਸਤੀਵਾਦ ਅਤੇ ਸਾਮਰਾਜਵਾਦ ਸੱਤ੍ਹਾ ਦਾ ਇੱਕ ਹੀ ਰੂਪ ਹੈ। ਉਸ ਦਾ ਵਿਰੋਧ ਬਸਤੀਵਾਦ ਵਿਰੋਧੀ ਘੋਲ਼ ਵਿੱਚ ਕੌਮਵਾਦ ਦੀ ਜ਼ਮੀਨ ਤੋਂ ਕੀਤਾ ਗਿਆ। ਪਰ ਕੌਮਵਾਦ ਵੀ ਇੱਕ ਆਧੁਨਿਕ ਫਲਸਫ਼ਾ ਹੈ, ਜਿਹੜਾ ਪੱਛਮ ਦੀ ਪੈਦਾਵਾਰ ਹੈ। ਇਸ ਲਈ ਇਸ ਵਿੱਚ ਵੀ ਅੰਦਰ ਮੌਜੂਦ ਸੰਰਚਨਾਵਾਂ ਹਨ। ਇਹੀ ਕਾਰਣ ਹੈ ਕਿ ਕੌਮਵਾਦ ਦੀ ਸਫਲ ਲੜਾਈ ਦੇ ਬਾਅਦ ਹੋਂਦ ਵਿੱਚ ਆਈ ਉੱਤਰ-ਬਸਤੀਵਾਦੀ ਰਾਜਸੱਤ੍ਹਾ ਵੀ ਅਸਲ ਵਿੱਚ ਆਧੁਨਿਕ ਰਾਜਸੱਤ੍ਹਾ ਹੈ। ਅੱਜ ਸਾਮਰਾਜਵਾਦ ਦਾ ਵਿਰੋਧ ਆਧੁਨਿਕਤਾਵਾਦੀ ਜ਼ਮੀਨ ਤੋਂ ਨਹੀਂ ਕੀਤਾ ਜਾ ਸਕਦਾ। ਕਿਉਂਕਿ ਆਧੁਨਿਕਤਾ ਸਮਾਰਾਜਵਾਦ ਦੇ ਹੀ ਸੰਸਾਰ ਗਲਬੇ ਦੀ ਸੱਭਿਆਚਾਰਕ ਫਲਸਫ਼ਾਈ ਪਰਿਯੋਜਨਾ ਹੈ ਅਤੇ ਇਸ ਦੀ ਜ਼ਮੀਨ ‘ਤੇ ਖੜ੍ਹੇ ਹੋਕੇ ਗਲਬਾ ਅਤੇ ਸੱਤ੍ਹਾ ਵਿਰੋਧ ਤੋਂ ਉੱਪਰ ਹੈ। ਇਸ ਲਈ ਇਨ੍ਹਾਂ ਚਿੰਤਕਾਂ ਦੇ ਅਨੁਸਾਰ, ਸਾਨੂੰ ਉਹ ਸੰਰਚਨਾਵਾਂ ਲੱਭਣੀਆਂ ਪੈਣਗੀਆਂ ਜਿਹੜੀਆਂ ਪੂਰਵ ਆਧੁਨਿਕ ਹਨ, ਭਾਵ ਸੱਤ੍ਹਾ ਤੋਂ ਅਣਛੂਈਆਂ, ਜਾਂ ਪੱਛਮੀਂ ਪ੍ਰਭਾਵਾਂ ਤੋਂ ਅਣਛੂਈਆਂ ਹਨ! ਅਤੇ ਇਹ ਸੰਰਚਨਾਵਾਂ ਕੀ ਹੋ ਸਕਦੀਆਂ ਹਨ? ਸਾਰੀਆਂ ਪੂਰਵ ਆਧੁਨਿਕ ਪਛਾਣਾਂ, ਸਾਰੀਆਂ ”ਮੁੱਢ ਕਦੀਮੀ” ਪਛਾਣਾਂ (ਇਥੇ ਮੁੱਢ ਕਦੀਮੀ ਸ਼ਬਦ ਦੀ ਵਰਤੋਂ ਪਿਛੜਾ ਹੋਣ ਵਜੋਂ ਨਹੀਂ ਕੀਤੀ ਗਈ ਹੈ, ਸਗੋਂ ਉਨ੍ਹਾਂ ਪਛਾਣਾਂ ਲਈ ਕੀਤੀ ਗਈ ਹੈ ਜਿਹੜੀਆਂ ਸਮਾਜਕ-ਆਰਥਿਕ ਅੰਤਰਕਿਰਿਆ ਜਾਂ ਵਟਾਂਦਰੇ ਦੌਰਾਨ ਨਹੀਂ ਪੈਦਾ ਹੁੰਦੀਆਂ, ਸਗੋਂ ਸੁਭਾਵਕ ਰੂਪ ‘ਚ ਪ੍ਰਦਾਨ ਹੁੰਦੀਆਂ ਹਨ) ਜਿਵੇਂ ਆਦਿਵਾਸੀ, ਦਲਿਤ, ਔਰਤ (ਖ਼ਾਸ ਕਰਕੇ ਘਰ ਦੇ ਅੰਦਰ!) ਆਦਿ। ਇਸ ਤਰ੍ਹਾਂ ਉੱਤਰ-ਆਧੁਨਿਕਤਾਵਾਦੀ ਚਿੰਤਨ ਅਨੁਸਾਰ ਪ੍ਰਬੋਧਨ, ਵਿਗਿਆਨਕ ਇਨਕਲਾਬ, ਤਰਕਸ਼ੀਲਤਾ, ਮਨੁੱਖਤਾਵਾਦ, ਆਦਿ ਪੱਛਮ ਦੇ ਸੰਸਾਰਕ ਗਲਬੇ ਦੀ ਯੋਜਨਾ ਦਾ ਹਿੱਸਾ ਹਨ। ਇਸ ਦੇ ਅਨੁਸਾਰ, ਇਨ੍ਹਾਂ ਸਾਰਿਆਂ ਦਾ ਖੰਡਨ ਜ਼ਰੂਰੀ ਹੈ। ਕਿਉਂਕਿ ਇਹ ਘਟਾਓਵਾਦੀ ਹਨ, ਸਰਵਵਿਆਪਕਤਾਵਾਦੀ ਹਨ,  ਸਜਾਤੀਤਾਕਰਣ ਹਨ ਆਦਿ।

ਇਨ੍ਹਾਂ ਵਿੱਚ ਖ਼ਾਸ ਨਿਸ਼ਾਨਾ ਮਾਰਕਸਵਾਦ ਨੂੰ ਬਣਾਇਆ ਜਾਂਦਾ ਹੈ। ਮਾਰਕਸਵਾਦ ਨੂੰ ਵੀ ‘ਆਧੁਨਿਕਤਾਵਾਦੀ ਮਹਾਂਬਿਰਤਾਂਤਕ ਪਰਿਯੋਜਨਾ’ ਦਾ ਹਿੱਸਾ ਦੱਸਕੇ ਪ੍ਰਬੋਧਨ ਦੇ ਸੰਸਾਰ ਗਲਬੇ ਕਾਇਮ ਕਰਨ ਦੀ ਪੱਛਮ ਦੀ ਸਾਜ਼ਿਸ਼ ਦਾ ਹਿੱਸਾ ਦੱਸਕੇ ਖ਼ਾਰਜ ਕਰ ਦਿੱਤਾ ਜਾਂਦਾ ਹੈ। ਭਾਵੇਂ ਜਿਸ ਨੇ ਵੀ ਮਾਰਕਸਵਾਦ ਦੀਆਂ ਬੁਨਿਆਦੀ ਰਚਨਾਵਾਂ ਦਾ ਵੀ ਅਧਿਐਨ ਕੀਤਾ ਹੈ, ਉਹ ਜਾਣਦਾ ਹੈ ਕਿ ਮਾਰਕਸਵਾਦ ਨੇ ਪ੍ਰਬੋਧਨ ਵੱਲ ਕਦੀ ਵੀ ਗ਼ੈਰ-ਦਵੰਦਵਾਦੀ ਜਾਂ ਗ਼ੈਰ-ਅਲੋਚਨਾਤਮਕ ਪਹੁੰਚ ਨਹੀਂ ਅਪਣਾਈ ਹੈ। ਉਦਾਹਰਣ ਵਜੋਂ, ਮਜ਼ਦੂਰਾਂ ਲਈ ਲਿਖੇ ਗਏ ਇੱਕ ਪੈਫ਼ਲਿਟ ‘ਸਮਾਜਵਾਦ : ਕਾਲਪਨਿਕ ਅਤੇ ਵਿਗਿਆਨਕ’ ਵਿੱਚ ਏਂਗਲਜ਼ ਨੇ ਪ੍ਰਬੋਧਨ ਦੌਰ ਦੇ ਫਲਸਫ਼ੇ ਅਤੇ ਤਰਕਸ਼ੀਲਤਾ ਦੇ ਹਾਂ ਪੱਖੀ ਅਤੇ ਨਾਂਹ ਪੱਖੀ ਦੋਵਾਂ ਵੱਲ ਧਿਆਨ ਖਿੱਚਿਆ ਸੀ। ਪਰ ਪ੍ਰਬੋਧਨ ਦੀ ਪੂਰੀ ਪਰਿਯੋਜਨਾ ਨੂੰ ਕੂੜੇਦਾਨ ਵਿੱਚ ਸੁੱਟਣ ਦੇ ਪਿੱਛੇ ਫੂਕੋ ਅਤੇ ਲਿਓਤਾਰ ਜਿਹੇ ਲੋਕਾਂ ਦਾ ਮਕਸਦ ਆਪਣੇ ਬੁਰਜ਼ੂਆ ਵਡੇਰਿਆਂ ਦੀ ਵਿਰਾਸਤ ਨੂੰ ਕੂੜੇ ਵਿੱਚ ਸੁੱਟਣਾ ਨਹੀਂ ਹੈ, ਜਿੰਨਾ ਉਹ ਮਾਰਕਸਵਾਦ ਤੇ ਹਮਲਾ ਹੈ। ਇਹ ਮਾਰਕਸਵਾਦ ਦੇ ਖਿਲਾਫ਼ ਇੱਕ ਅਸਿੱਧਾ ਯੁੱਧ ਚਲਾਉਣ ਦੇ ਬਰਾਬਰ ਹੈ। ਮਾਰਕਸਵਾਦ ਅਤੇ ਸਮਾਜਕ ਕਾਇਆਪਲ਼ਟੀ ਦੀ ਗੱਲ ਕਰਨ ਵਾਲ਼ੀਆਂ ਸਾਰੀਆਂ ਵਿਚਾਰਧਾਰਾਵਾਂ ਨੂੰ ਪੱਛਮ ਦੀ ਸਾਜ਼ਸ਼ ਗ਼ਰਦਾਨ ਦਿਤਾ ਜਾਂਦਾ ਹੈ ਅਤੇ ਕਿਹਾ ਜਾਂਦਾ ਹੈ ਕਿ ਸਾਨੂੰ ਜਮਾਤ, ਸਮਾਜਵਾਦ ਆਦਿ ਬਾਰੇ ਨਹੀਂ ਸੋਚਣਾ ਚਾਹੀਦਾ। ਅਸੀਂ ਤਾਂ ਛੋਟੇ ਛੋਟੇ ਟੋਟਿਆਂ ਨੂੰ ਬਚਾਉਣਾ ਹੈ, ਭਾਵ ਭਾਈਚਾਰਾ, ਜਾਤ, ਘਰੇਲੂ ਔਰਤ ਸੰਸਾਰ ਆਦਿ ਆਦਿ। ਇਹ ਸਾਰੀਆਂ ਪੱਛਮੀਂ ਪ੍ਰਬੋਧਨ ਦੀਆਂ ਸੱਤ੍ਹਾ ਸੰਰਚਨਾਵਾਂ ਦੇ ਖੁਦਮੁਖ਼ਤਾਰ ‘ਸਪੇਸ’ ਹਨ। ਕਿਉਂਕਿ ‘ਮੇਟਾ-ਨੈਰੇਟਿਵਸ’ ਦਾ ਦੌਰ ਲੰਘ ਗਿਆ ਹੈ – ਇਸ ਲਈ ਜਮਾਤੀ ਘੋਲ਼, ਇਨਕਲਾਬ, ਸਮਾਜਕ ਤਬਦੀਲੀ, ਜਿਹੜੇ ਮਹਾਂ ਬਿਰਤਾਂਤ ਹਨ – ਦਾ ਦੌਰ ਲੰਘ ਗਿਆ ਹੈ। ਇਹ ਉੱਤਰ-ਆਧੁਨਿਕ ਦੌਰ ਹੈ ਅਤੇ ਉੱਤਰ-ਆਧੁਨਿਕ ਦੌਰ ਵਿੱਚ ਲਿਓਤਾਰ ਦੇ ਹੀ ਸ਼ਬਦਾਂ ਵਿੱਚ, ‘ਮੇਟਾਨਰੇਟਿਵ ਭਰੋਸੇਯੋਗ ਨਹੀਂ ਹੁੰਦੇ।’ (‘ਦਿ ਪੋਸਟਮਾਡਰਨ ਕੰਡੀਸ਼ਨ : ਏ ਰਿਪੋਰਟ ਆਨ ਨਾਲੇਜ, 1979)

ਇਸ ਲਈ ਹੁਣ ਛੋਟੇ-ਛੋਟੇ, ਖੰਡਤ, ਹਾਸ਼ੀਆਗਤ ਘੋਲ਼ਾਂ ਦਾ ਸਮਾਂ ਹੈ। ਜਾਤ ਦੇ ਘੋਲ਼ਾਂ ਦਾ, ਔਰਤਾਂ ਦੇ ਘੋਲ਼ਾਂ ਦਾ, ਆਦਿਵਾਸੀਆਂ ਦੇ ਘੋਲ਼ਾਂ ਦਾ, ਵਾਤਾਵਰਣ ਨੂੰ ਬਚਾਉਣ ਦੇ ਘੋਲ਼ਾਂ ਦਾ, ਮੂਲ ਦੇਸੀ ਭਾਈਚਾਰਿਆਂ ਦੇ ਘੋਲ਼ਾਂ ਦਾ, ਆਦਿ। ਇਸੇ ਢਾਂਚੇ ਦੇ ਅੰਦਰ ਰਹਿੰਦੇ ਹੋਏ ਇਨ੍ਹਾਂ ਹਾਸ਼ੀਆਗਤ ਪਛਾਣਾਂ ਲਈ ਖੁਦਮੁਖ਼ਤਾਰ ਸਪੇਸ ਬਣਾਉਣਾ ਹੈ। 

ਕੁਝ ਸਾਲ ਪਹਿਲਾਂ, ”ਉੱਤਰ-ਮਾਰਕਸਵਾਦੀ” ਚਿੰਤਕ ਅਰਨੇਸਟੋ ਲਾਕਲਾਊ ਅਤੇ ਚੈਣਟੇਲ ਮਾਊਫ ਆਪਣੀ ਕਿਤਾਬ ‘ਗਲ਼ਬਾ ਅਤੇ ਸਮਾਜਵਾਦੀ ਯੁੱਧਨੀਤੀ : ਇੱਕ ਰੈਡੀਕਲ ਜਮਹੂਰੀ ਸਿਆਸਤ ਵੱਲ’ ਵਿੱਚ ਇਸ ਉੱਤਰ-ਆਧੁਨਿਕਤਾਵਾਦੀ ਫਲਸਫ਼ੇ ਨੂੰ ਨਵੀਂਆਂ ਉੱਚਾਈਆਂ ‘ਤੇ ਲੈ ਗਏ ਹਨ! ਲਾਕਲਾਊ ਅਤੇ ਮਾਊਫ ਅਨੁਸਾਰ, ਹਰ ਤਰ੍ਹਾਂ ਦਾ ਜਬਰ ਆਤਮਗਤ ਹੁੰਦਾ ਹੈ। ਇਸ ਦਾ ਬਾਹਰਮੁਖੀ ਯਥਾਰਥ ਨਾਲ਼, ਜਬਰ ਦੀਆਂ ਠੋਸ ਅਣਮਨੁੱਖਤਾਵਾਂ ਨਾਲ਼, ਕੋਈ ਲੈਣਾ-ਦੇਣਾ ਨਹੀਂ ਹੁੰਦਾ। ਇਹ ਅਸਲ ਵਿੱਚ: ਲੋਟੂ ਅਤੇ ਜਾਬਰ ਢਾਂਚੇ ਦੇ ਖਿਲਾਫ਼ ਕਿਸੇ ਤਰ੍ਹਾਂ ਦੀ ਵਿਆਪਕ ਸਾਂਝੀ ਲਹਿਰ ਦੀ ਸੰਭਾਵਨਾ ਨੂੰ ਹੀ ਨਕਾਰਨਾ ਹੈ। ਦੂਜੇ ਅਰਥਾਂ ਵਿੱਚ, ਇਥੇ ਵੀ ਸੱਤ੍ਹਾ ਸੰਰਚਨਾਵਾਂ ਦੇ ਟਾਕਰੇ ਤੋਂ ਉੱਪਰ ਹੋਣ ਨੂੰ ਹੀ ਰੇਖਾਂਕਤ ਕੀਤਾ ਜਾ ਰਿਹਾ ਹੈ। 

ਭਾਰਤ ਵਿੱਚ ਉੱਤਰ-ਆਧੁਨਿਕ ਏਜੰਡਾ ਅਤੇ ਸਬਆਲਟਰਨ ਸਟੱਡੀਜ਼

ਭਾਰਤ ਦੀ ਬੌਧਿਕ ਦੁਨੀਆਂ ਵਿੱਚ ਉੱਤਰ-ਆਧੁਨਿਕ ਏਜੰਡੇ ਨੂੰ ਸਭ ਤੋਂ ਪ੍ਰਭਾਵੀ ਢੰਗ ਨਾਲ਼ ਲਾਗੂ ਕਰਨ ਦਾ ਕੰਮ ਸਬਆਲਟਰਨ ਸਟੱਡੀਜ਼ ਦੇ ਇਤਿਹਾਸਕਾਰਾਂ ਨੇ ਕੀਤਾ ਹੈ। ਸ਼ੁਰੂਆਤ ਵਿੱਚ ਮੋਟੇ ਤੌਰ ‘ਤੇ ਮਾਰਸਕਵਾਦੀ ਸ਼ਬਦਾਵਲੀ ਅਤੇ ਮਾਰਕਸਵਾਦੀ ਵਿਸ਼ਲੇਸ਼ਣ ਦੇ ਦਾਇਰੇ ਵਿੱਚ ਰਹਿਣ ਬਾਅਦ ਸਬਆਲਟਰਨ ਸਟੱਡੀਜ਼ ਵਿੱਚ ‘ਭਾਸ਼ਾਈ ਮੋੜ’ ਆਇਆ, ਜਿਹੜਾ ਏਡਵਰਡ ਸਈਦ ਅਤੇ ਮਿਸ਼ੇਲ ਫੂਕੋ ਦਾ ਪ੍ਰਭਾਵ ਸੀ। ਸਬਆਲਟਰਨ ਸਟੱਡੀਜ਼ ਵਿੱਚ ਵੀ ਖ਼ਾਸ ਤੌਰ ‘ਤੇ ਪਾਰਥ ਚੈਟਰਜੀ, ਦੀਪੇਸ਼ ਚੱਕਰਵਰਤੀ, ਗਿਆਨੇਂਦਰ ਪਾਂਡੇ ਅਤੇ ਗਿਆਨ ਪ੍ਰਕਾਸ਼ ਨੇ ਇਸ ਏਜੰਡੇ ਨੂੰ ਬਾਖੂਬੀ ਲਾਗੂ ਕੀਤਾ। ‘ਸਬਆਲਟਰਨ ਸਟੱਡੀਜ਼’ ਲੜੀ ਦੀਆਂ ਕਿਤਾਬਾਂ ਦੇ ਸ਼ੁਰੂਆਤੀ ਲੇਖਾਂ ਵਿੱਚ ਰਣਜੀਤ ਗੁਹਾ ਨੇ ਇਸ ਸੰਪੂਰਣ ਉਪਕ੍ਰਮ ਦਾ ਮਕਸਦ ਇਤਿਹਾਸ ਲੇਖਣ ਵਿੱਚ ‘ਕੁਲੀਨ ਤੁਅੱਸਬ ਨੂੰ ਦਰੁਸਤ ਕਰਨਾ’ ਦੱਸਿਆ। ਭਾਵੇਂ, ਬਾਅਦ ਵਾਲ਼ੀਆਂ ਸਬਆਲਟਰਨ ਸਟੱਡੀਜ਼ ‘ਵਿਉਂਤਪੰਨ ਵਿਸ਼ਰਾਮ’ (ਡੇਰਿਵੇਟਿਵ ਡਿਸਕੋਰਸ), ਦੇਸੀ ਭਾਈਚਾਰੇ ਅਤੇ ‘ਟੋਟੇ’ ਵਿੱਚ ਡੋਲਦਾ ਰਿਹਾ, ਜਿਹੜੀਆਂ ਤਿੰਨੇ ਹੀ ਉੱਤਰ-ਆਧੁਨਿਕ ਚਰਚਾ ਦੀਆਂ ਕਿਸਮਾਂ ਹਨ। ਪਾਰਥ ਚੈਟਰਜੀ ਆਪਣੀ ਕਿਤਾਬ ‘ਨੈਸ਼ਨਲਿਸਟ ਥਾਟ ਇਨ ਏ ਕਲੋਨੀਅਲ ਵਰਲਡ : ਏ ਡੇਰੀਵੇਟਿਵ ਡਿਸਕੋਰਸ’ ਵਿੱਚ ਕਹਿੰਦੇ ਹਨ ਕਿ ਭਾਰਤ ਦੀ ਬੌਧਿਕ ਜਮਾਤ ਬਸਤੀਵਾਦੀ ਸੱਤ੍ਹਾ ਗਿਆਨ ਦੇ ਗਲ਼ਬੇ ਵਿੱਚ ਗਈ ਸੀ ਅਤੇ ਇਸ ਲਈ ਉਹ ਸਿਰਫ ਵਿਉਂਤਪੰਨ ਵਿਮਰਸ਼ ਕਰਨ ਦੇ ਹੀ ਕਾਬਲ ਸੀ। ਇਸ ਤਰ੍ਹਾਂ ਨਾਲ਼ ਕੌਮਵਾਦੀ ਲਹਿਰ ਵਿੱਚ ਮੱਧਵਰਗੀ ਬੌਧਿਕ ਦੁਨੀਆਂ ਪੂਰੀ ਤਰ੍ਹਾਂ ਆਧੁਨਿਕ ਚਿੰਤਨ ਦੀ ਗ੍ਰਿਫ਼ਤ ਵਿੱਚ ਆ ਗਈ ਸੀ। ਉਸ ਦੀ ਕੋਈ ਏਜੰਸੀ ਨਹੀਂ ਸੀ। ਇਸ ਬੌਧਿਕ ਦੁਨੀਆਂ ਤੋਂ ਪਰ੍ਹੇ, ਜਿਸ ਵਿੱਚ ਸੱਤ੍ਹਾ ਦੀਆਂ ਸੰਰਚਨਾਵਾਂ ਵੜ ਕੇ ਉਸ ਨੂੰ ਗੰਧਲਾ ਕਰ ਚੁੱਕੀਆਂ ਹਨ, ਭਾਈਚਾਰਕ ਚੇਤਨਾ ਦੀ ਦੁਨੀਆਂ ਹੈ ਜਿਹੜੀ ਸ਼ੁੱਧ ਹੈ, ਪੁਰਾਣੀ ਹੈ, ਪਵਿੱਤਰ ਹੈ। ਪਾਰਥ ਚੈਟਰਜ਼ੀ ਭਾਰਤ ਦੇ ਸੰਦਰਭ ਵਿੱਚ ਇਸ ਨੂੰ ‘ਕਿਸਾਨ ਚੇਤਨਾ’ ਨਾਲ਼ ਜੋੜਕੇ ਦੇਖਦੇ ਹਨ, ਜਿਹੜੀ ਪੱਛਮੀਂ ਗਲ਼ਬਾਵਾਦੀ ਪ੍ਰਭਾਵ ਤੋਂ ਮੁਕਤ ਹੈ ਇਸ ਦਾ ਪ੍ਰਤੀਕ ਪੁਰਸ਼ ਗਾਂਧੀ ਨੂੰ ਦੱਸਿਆ ਗਿਆ ਹੈ। 

ਇਹ ਇੱਕ ਹੈਰਤਅੰਗੇਜ਼ ਦ੍ਰਿਸ਼ ਪੇਸ਼ਕਾਰੀ ਹੈ। ਗਾਂਧੀ ਇੱਕ ਆਧੁਨਿਕ ਚਿੰਤਕ ਸਨ। ਉਨ੍ਹਾਂ ਦਾ ਮਨੁੱਖਤਾਵਾਦ ਧਾਰਮਿਕ ਅਧਿਆਤਮਕ ਲਬਾਦਾ, ਭਾਸ਼ਾ ਅਤੇ ਮੁਲੰਮੇ ਦੇ ਬਾਵਜੂਦ ਸਾਰ ਰੂਪ ਵਿੱਚ ਇੱਕ ਬੁਰਜ਼ੂਆ ਮਨੁੱਖਤਾਵਾਦ ਸੀ। ਇਸ ਗੱਲ ‘ਤੇ ਪਾਰਥ ਚੈਟਰਜੀ ਧਿਆਨ ਦੇਣਾ ਜ਼ਰੂਰੀ ਨਹੀਂ ਸਮਝਦੇ ਕਿ ਬਸਤੀਵਾਦ ਨੇ ਕਿਸ ਤਰ੍ਹਾਂ ਦੇਸੀ ਸੰਰਚਨਾਵਾਂ ਨੂੰ ਕੋਆਪਟ ਕੀਤਾ ਅਤੇ ਬਸਤੀਵਾਦੀ ਲੁੱਟ ਵਿੱਚ ਉਸ ਦੀ ਵਰਤੋਂ ਕੀਤੀ। ਅਤੇ ਇਹ ਦੇਸੀ ਸੰਰਚਨਾਵਾਂ ਆਪਣੀ ‘ਪੂਰਬੀ ਮਾਸੂਮੀਅਤ’ ਕਰਕੇ ਨਹੀਂ (ਜਿਹਾ ਕਿ ਅਸ਼ੀਸ਼ ਨੰਦੀ ਨੇ ਕਿਹਾ ਹੈ) ਸਗੋਂ ਆਪਣੇ ਸੁਆਰਥਾਂ ਦੇ ਕਾਰਨ ਵਰਤੀਆਂ ਗਈਆਂ।

ਏਡਵਰਡ ਸਈਦ ਅਤੇ ਗਾਇਤਰੀ ਚੱਕਰਵਰਤੀ ਸਿਪਵਾਕ ਦੇ ਸਬਆਲਟਰਨ ਸਟੱਡੀਜ਼ ਦੇ ਪ੍ਰੋਜੈਕਟ ਨਾਲ਼ ਜੁੜਨ ਦੇ ਬਾਅਦ ਟੋਟਿਆਂ ਅਤੇ ਭਾਈਚਾਰਿਆਂ ‘ਤੇ ਜ਼ੋਰ ਹੋਰ ਵਧ ਗਿਆ। ਉੱਤਰ-ਬਸਤੀਵਾਦੀ ਰਾਜਸੱਤ੍ਹਾ ਨੂੰ ਪੱਛਮੀਂ ਸੱਭਿਆਚਾਰਕ ਗਲ਼ਬੇ ਦੇ ਪ੍ਰਬੋਧਨ ਦੀ ਪਰਿਯੋਜਨਾ ਦਾ ਹਿੱਸਾ ਦਸਿਆ ਗਿਆ। ਇਹ ਰਾਜਸੱਤ੍ਹਾ ਕੌਮਵਾਦ ਰਾਹੀਂ ਆਈ ਸੀ, ਜਿਹੜੀ ਬਸਤੀਵਾਦੀ ਚਰਚਾ ਦੇ ਵਿਉਂਤਪੰਨ ਵਿਮਰਸ਼ ਦੇ ਇਲਾਵਾ ਕੁਝ ਨਹੀਂ ਸੀ। ਭਾਈਚਾਰਿਆਂ ਅਤੇ ਸਮਾਜਕ ਟੋਟਿਆਂ ਨੂੰ ਸਮਾਜਕ ਆਰਥਿਕ ਪਰਿਪੇਖ ਅਤੇ ਸੰਦਰਭ ਨਾਲ਼ੋ ਕੱਟ ਕੇ ਵਡਿਆਇਆ ਗਿਆ।

1993 ਵਿੱਚ ਪਾਰਥ ਚੈਟਰਜੀ ਦੀ ਕਿਤਾਬ ‘ਦਿ ਨੇਸ਼ਨ ਐਂਡ ਇਟਸ ਫ੍ਰੈਗਮੈਂਟਸ : ਕਲੋਨੀਅਲ ਐਂਡ ਪੋਸਟ ਕਲੋਨੀਅਲ ਸਟੱਡੀਜ਼’ ਨਾਲ਼ ਹੀ ਸਬਆਲਟਰਨ ਸਟੱਡੀਜ਼ ਆਪਣੇ ਤਰਕਸ਼ੀਲ ਨਿਰਵਾਣ ਨੂੰ ਪ੍ਰਾਪਤ ਹੋ ਗਈ। ਚੈਟਰਜੀ ਕੌਮ ਦੇ ਟੋਟਿਆਂ ਵਜੋਂ ਦਲਿਤਾਂ, ਔਰਤਾਂ, ਆਦਿ ਦੀ ਵੱਖ ਵੱਖ ਚਰਚਾ ਕਰਦੇ ਹਨ। ਉਨ੍ਹਾਂ ਦਾ ਕੋਈ ਆਮ ਏਜੰਡਾ ਨਹੀਂ ਹੋ ਸਕਦਾ ਅਤੇ ਇਹ ਸਾਰੇ ਟੋਟੇ  ਰੀਫਾਈਡ ਹਨ, ਜਿਨ੍ਹਾਂ ਨੂੰ ਕਦੀ ਜੋੜਿਆ ਨਹੀਂ ਜਾ ਸਕਦਾ। ਚੈਟਰਜੀ ਅਨੁਸਾਰ ਕੌਮਵਾਦੀ ਦੌਰ ਵਿੱਚ ਔਰਤਾਂ ਦੀ ਪਹਿਲ ਜਾਂ ਖੁਦਮੁਖ਼ਤਾਰੀ ਦਾ ਪ੍ਰਗਟਾਵਾ ਸਿਰਫ਼ ਘਰ ਅੰਦਰ ਪਾਇਆ ਜਾ ਸਕਦਾ ਹੈ। ਜਾਂ ਫਿਰ ਜ਼ਿਆਦਾ ਤੋਂ ਜ਼ਿਆਦਾ ਸਵੈਜੀਵਨੀਆਂ ਵਿਚ। ਚੈਟਰਜੀ ਉਨ੍ਹਾਂ ਸਾਰੀਆਂ ਸਰਗਰਮੀਆਂ ਅਤੇ ਸਿਆਸੀ ਸੰਘਾਂ ਬਾਰੇ ਪੂਰੀ ਤਰ੍ਹਾਂ ਚੁੱਪ ਹੈ, ਜਿਨ੍ਹਾਂ ਵਿੱਚ ਔਰਤਾਂ ਨੇ 1920 ਦੇ ਦਹਾਕੇ ਵਿੱਚ ਜ਼ੋਰ ਸ਼ੋਰ ਨਾਲ਼ ਹਿੱਸਾ ਲਿਆ ਸੀ। ਫੂਲੇ, ਪੇਰਿਆਰ, ਜਾਂ ਅੰਬੇਡਕਰ ਨਾਲ਼ ਜੁੜੀਆਂ ਜਾਤੀਗਤ ਲਹਿਰਾਂ ਬਾਰੇ ਵੀ ਇਹ ਕਿਤਾਬ ਚੁੱਪ ਹੈ। ਇਸ ਕਿਤਾਬ ਵਿੱਚ ਚੈਟਰਜੀ ਇੱਕ ਨਵਾਂ ਜੋੜਾ ਪੇਸ਼ ਕਰਦੇ ਹਨ – ਪਦਾਰਥਕ /ਆਤਮਕ। ‘ਪਦਾਰਥਕ’ ਉਹ ਹੈ ਜਿਹੜਾ ਬਾਹਰ, ਗ਼ੈਰ ਘਰੇਲੂ, ਅਤੇ ਮਰਦਾਨਗੀ ਭਰਿਆ ਹੈ ਅਤੇ ‘ਆਤਮਕ’ ਉਹ ਹੈ ਜਿਹੜਾ ਅੰਦਰ, ਘਰੇਲੂ ਅਤੇ ਜਨਾਨਾ ਹੈ। ਆਤਮਕ ਦੁਨੀਆਂ ਵਿੱਚ ਬਸਤੀਵਾਦ ‘ਵਿਸ਼ਾ’ ਆਪਣੀ ਖੁਦਮੁਖ਼ਤਿਆਰੀ ਕਾਇਮ ਕਰਦਾ ਸੀ, ਅਤੇ ਪਦਾਰਥਕ ਦੁਨੀਆਂ ਵਿੱਚ ਅੰਗਰੇਜ਼ਾਂ ਦੁਆਰਾ ਕੋਆਪਟ ਕਰ ਲਿਆ ਜਾਂਦਾ ਸੀ; ਜਿਵੇਂ ਜਦ ਕਨੂੰਨ ਦੇ ਅੱਗੇ ਬਰਾਬਰੀ ਦੀ ਗੱਲ ਆਈ ਤਾਂ ਚੈਟਰਜੀ ਇਸ ਨੂੰ ਪੱਛਮੀਂ ਗਲ਼ਬਾਵਾਦੀ ਪਰਿਯੋਜਨਾ ਦੁਆਰਾ ਕੋਆਪਟ ਕਰ ਲਿਆ ਜਾਣਾ ਮੰਨਦੇ ਹਨ। ਸਾਮਰਾਜਵਾਦ ਦਾ ਹਰ ਵਿਰੋਧ ਜਿਹੜਾ ਆਧੁਨਿਕ ਢੰਗ ਨਾਲ਼ ਕੀਤਾ ਗਿਆ, ਧਰਮ ਨਿਰਪੱਖ ਤਰੀਕੇ ਨਾਲ਼ ਕੀਤਾ ਗਿਆ, ਆਰਥਿਕ ਅਲੋਚਨਾ ਨਾਲ਼ ਕੀਤਾ ਗਿਆ, ਉਹ ਅਸਲ ਵਿੱਚ ਸਾਮਰਾਜਵਾਦ ਦੇ ਗਲ਼ਬਾਕਾਰੀ ਪ੍ਰਬੋਧਨ ਪ੍ਰੋਜੈਕਟ ਅੱਗੇ ਹਥਿਆਰ ਸੁੱਟਣਾ ਸੀ। ਭਾਵ, ਜਿਹੜੀਆਂ ਵੀ ਲੜਾਈਆਂ ਕੌਮਵਾਦ ਨੇ ਲੜੀਆਂ, ਉਹ ਸਾਰੀਆਂ ਸਾਮਰਾਜਵਾਦ ਦੁਆਰਾ ਕੋਆਪਸ਼ਨ ਸੀ।

ਆਧੁਨਿਕਤਾ ਦੇ ਇਸ ਵਿਰੋਧ ਵਿੱਚ ਦੀਪੇਸ਼ ਚੱਕਰਵਰਤੀ ਨੇ ਪਾਰਥ ਚੈਟਰਜੀ ਨੂੰ ਵੀ ਪਿਛੇ ਛੱਡ ਦਿੱਤਾ ਹੈ। ‘ਦਿ ਡਿਫਰੇਂਸ ਡੇਫਰਲ ਆਫ਼ ਏ ਕਲੋਨੀਅਲ ਮਾਡਰਨਿਟੀ : ਪਬਲਿਕ ਡਿਬੇਟਸ ਆਨ ਡੋਮੇਸਿਟਸਿਟੀ ਇਨ ਬ੍ਰਿਟਿਸ਼ ਬੰਗਾਲ’ ਨਾਂ ਦੇ ਆਪਣੇ ਲੇਖ ਵਿੱਚ ਚੱਕਰਵਰਤੀ ਨੇ ਕੁਲ  ਅਤੇ ਗ੍ਰਹਿਲੱਛਮੀ ਦੀ ਘਰੇਲੂ ਵਡਿਆਈ ਵਿੱਚ ”ਖ਼ੂਬਸੂਰਤੀ” ਦੀਆਂ ਘਟਣਯੋਗ (ਇਰਰਿਡਿਉਸੀਬਲ) ਕਿਸਮਾਂ ਤਲਾਸ਼ੀਆਂ ਹਨ। ਚੱਕਰਵਰਤੀ ਇਨ੍ਹਾਂ ਨੂੰ ਖਦੁਮੁਖ਼ਤਾਰ, ਗ਼ੈਰ ਬੁਰਜ਼ੂਆ ਅਤੇ ਗ਼ੈਰ ਧਰਮਨਿਰਪੱਖ ਵਿਅਕਤੀਵਾਦ ਦੇ ਆਦਰਸ਼ ਵਜੋਂ ਦੇਖਦੇ ਹਨ। ਇਥੇ ਕਿਸੇ ਨੂੰ ਵੀ ‘ਕਿਓਂ’ ਸੁਆਲ ਪੁੱਛਣ ਦੀ ਲੋੜ ਨਹੀਂ ਹੈ। ਪਿੱਤਰਸੱਤ੍ਹਾਵਾਦੀ ਹਨ ਤਾਂ ਕੀ ਹੋਇਆ, ਇਹ ਸਾਰੀਆਂ ਕਿਸਮਾਂ ਪੂਰਵ ਆਧੁਨਿਕ ਤਾਂ ਹਨ ਹੀ! ਚੱਕਰਵਰਤੀ ਦਾ ਮੰਨਣਾ ਹੈ ਕਿ ਪੂਰਬੀ ਘਰੇਲੂਪਣ ਦੇ ਖੇਤਰ ਵਿੱਚ ਹੀ ਔਰਤ ਦੀ ਤਾਕਤ ਮੌਜੂਦ ਹੈ। ਭਾਵ, ਔਰਤਾਂ ਨੂੰ ਹਿੰਦੂ ਧਰਮ ਅਤੇ ਸੱਭਿਆਾ ਜਿਨ੍ਹਾਂ ਕੰਮਾਂ ਲਈ ਯੋਗ ਮੰਨਦੀ ਹੈ, ਓਸੇ ਵਿੱਚ ਔਰਤਾਂ ਨੂੰ ਆਪਣੀ ਤਾਕਤ ਦਾ ਸ੍ਰੋਤ ਤਲਾਸ਼ ਕੇ ਸਬਰ ਕਰਨਾ ਚਾਹੀਦਾ ਹੈ! ਇਹ ਔਰਤਾਂ ਦੇ ਵਿਰੋਧ ਦਾ ਇੱਕ ਭੱਦੀ ਕਿਸਮ ਦਾ ਪਰਵਰਜ਼ਨ ਨਹੀਂ ਤਾਂ ਹੋਰ ਕੀ ਹੈ?
ਭਾਈਚਾਰਿਆਂ ਦੀ ਖੁਦਮੁਖ਼ਤਿਆਰੀ ਦੀ ਗੱਲ ਤਾਂ ਸਬਆਲਟਰਨ ਇਤਿਹਾਸਕਾਰ ਆਧੁਨਿਕ ਰਾਜ ਦੁਆਰਾ ਭਾਈਚਾਰਕ ਮਾਮਲਿਆਂ ਵਿੱਚ ਦਖ਼ਲ ਦੇ ਖ਼ਾਤਮੇ ਦੇ ਸਿਰੇ ਤੱਕ ਲੈ ਜਾਂਦੇ ਹਨ। ਕੀ ਇਥੇ ਕਿਸੇ ਨੂੰ ਖਾਪ ਪੰਚਾਇਤਾਂ ਦੁਆਰਾ ਵਹਿਸ਼ੀ ਤਾਲਿਬਾਨੀ ਫਰਮਾਨਾਂ ਨੂੰ ਬੇਰੋਕ ਟੋਕ ਅੰਜ਼ਾਮ ਦੇਣ ਦੀ ਗੂੰਜ਼ ਸੁਣਾਈ ਦਿੱਤੀ? ਇਸ ਵਿੱਚ ਹੈਰਾਨੀ ਦੀ ਕੋਈ ਗੱਲ ਨਹੀਂ ਹੈ। ਇਹ ਪੂਰੀ ਚਰਚਾ ਹੀ ਕਦੇ ਫਿਰਕਾਪ੍ਰਸਤ ਫਾਸ਼ੀਵਾਦ ਦੇ ਪੱਖ ਵਿੱਚ ਤਾਂ ਕਦੀ ਨਵ-ਉਦਾਰਵਾਦੀ ਸਰਮਾਏਦਾਰੀ ਦੇ ਖੇਮੇ ਵਿੱਚ ਖੜ੍ਹੀ ਨਜ਼ਰ ਆਉਂਦੀ ਹੈ। ਪੂਰਬੀ ਮਸੂਮੀਅਤ ਦੇ ਦਾਇਰੇ ਵਿੱਚ ਉਹ ਸਭ ਕੁਝ ਆ ਜਾਂਦਾ ਹੈ ਜਿਹੜਾ ਭਾਰਤੀ ਸਮਾਜ ਵਿੱਚ ਰਾਜ ਦੀ ਦਖ਼ਲਅੰਦਾਜ਼ੀ ਤੋਂ ਬਿਨਾਂ ਹੁੰਦਾ ਹੈ। ਉਦਾਹਰਣ ਵਜੋਂ, ਸਤੀ ਪ੍ਰਥਾ, ਖਾਪ ਪੰਚਾਇਤਾਂ ਦੀ ਸੱਭਿਆਰਾਰ ਰੱਖਿਆ, ਔਰਤਾਂ ‘ਤੇ ਜ਼ਬਰ, ਆਦਿ। ਇਨ੍ਹਾਂ ਵਿੱਚ ਤਾਂ ਆਧੁਨਿਕ ਰਾਜ ਦਾ ਕੋਈ ਦਖ਼ਲ ਨਹੀਂ ਹੈ, ਅਤੇ ਅਕਸਰ ਲੋਕਾਂ ਦੇ ਹੀ ਕੁਝ ਹਿੱਸੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਨੂੰ ਆਪਣੀ ਵਡਿਆਈ ਪੂਰਵ ਆਧੁਨਿਕ ਅਤੇ ਪੂਰਬੀ ਚੇਤਨਾ ਵਜੋਂ ਕਰਦੇ ਹਨ। ਪਰ ਓਪਰੋਕਤ ਸਬਆਲਟਰਨ ਇਤਿਹਾਸਕਾਰਾਂ ਲਈ ਇਹ ਸਭ ਜਾਇਜ਼ ਹੈ, ਲੋੜੀਂਦਾ ਹੈ, ਕਿਉਂਕਿ ਇਹ ਸਾਰੇ ਟੋਟਿਆਂ ਵਿੱਚ ਵੰਡੀਆਂ ਜਾਂ ਜਥੇਬੰਦ ਪੂਰਬੀ ਮਸੂਮੀਅਤਾਂ ਦੇ ਕਾਰਨਾਮੇ ਹਨ। 

ਪਛਾਣਵਾਦੀ ਸਿਆਸਤ ਦੇ ਦੋ ਰੂਪ ਅਤੇ ਜਾਤੀਗਤ ਸਿਆਸਤ ਅਤੇ ਪਛਾਣਵਾਦੀ ਸਿਆਸਤ ਦੀ ਓਵਰਲੈਪਿੰਗ

ਪਛਾਣਵਾਦੀ ਸਿਆਸਤ ਇਸੇ ਉੱਤਰ-ਆਧੁਨਿਕਤਾਵਾਦੀ ਵਿਚਾਰਸਾਰਣੀ ਤੋਂ ਆਪਣਾ ਵਿਚਾਰਧਾਰਕ ਬਾਲਣ ਹਾਸਲ ਕਰਦੀ ਹੈ। ਉੱਤਰ-ਆਧੁਨਿਕਤਾਵਾਦ ਜਿਨ੍ਹਾਂ ਟੋਟਿਆਂ ਦੀ ਗੱਲ ਕਰਦਾ ਹੈ, ਪਛਾਣਵਾਦੀ ਸਿਆਸਤ ਉਨ੍ਹਾਂ ਨੂੰ ਪਛਾਣਾਂ ਦੇ ਪੱਧਰ ‘ਤੇ ਲਾਗੂ ਕਰਦੀ ਹੈ। ਪੂਰੇ ਦਾ ਪੂਰਾ ਐਨ.ਜੀ.ਓ. ਸੈਕਟਰ ਵੀ ਇਸੇ ਸੋਚ ਨਾਲ਼ ਜਾ ਕੇ ਜੁੜਦਾ ਹੈ। ਲੋਕਾਂ ਦੇ ਵੱਖ ਵੱਖ ਹਿੱਸਿਆਂ ਨੂੰ ਖੰਡਤ ਪਛਾਣਾਂ ਵਿੱਚ ਵੰਡ ਕੇ ਐਨ.ਜੀ.ਓ. ਸੈਕਟਰ ਸੁਧਾਰਵਾਦ ਰਾਹੀਂ ਲੋਕਾਂ ਦੇ ਘੋਲ਼ਾਂ ਨੂੰ ਭਰਮਾਉਣ ਅਤੇ ਵਿਖੰਡਤ ਕਰਨ ਦਾ ਖ਼ਤਰਨਾਕ ਕੰਮ ਅੰਜ਼ਾਮ ਦੇ ਰਿਹਾ ਹੈ। ਇਹ ਅਸਲ ਵਿੱਚ ਟੋਟਿਆਂ ਦਾ ਜਸ਼ਨ ਮਨਾਉਂਦੇ ਹੋਏ ਲੋਕਾਂ ਦੀ ਜਮਾਤੀ ਚੇਤਨਾ ਨੂੰ ਖੁੰਢਾ ਕਰਨ ਦੀ ਹੀ ਸਾਜਸ਼ ਹੈ। ਸਰਮਾਏਦਾਰੀ ਢਾਂਚੇ ਅੰਦਰ ਐਨ.ਜੀ.ਓ. ਸੈਕਟਰ ‘ਸੇਫਟੀ ਵਾਲਵ’ ਮੈਕੇਨਿਜ਼ਮ ਵਜੋਂ ਕੰਮ ਕਰਦਾ ਹੈ ਅਤੇ ਜਦੇ-ਕਦੇ ਲੋਕਾਂ ਦੇ ਗੁੱਸੇ ਅਤੇ ਅਸੰਤੋਖ ਨੂੰ ਕੰਟਰੋਲ ਕਰਨ ਦੀ ਭੂਮਿਕਾ ਨਿਭਾਉਂਦਾ ਹੈ। ਇਸ ਦੀ ਸਾਜ਼ਸ਼ ਦੀ ਗੰਭੀਰਤਾ ਨੂੰ ਸਾਨੂੰ ਸਮਝਣਾ ਹੋਵੇਗਾ।

ਇੱਕ ਹੋਰ ਪਰਿਪੇਖ ਵਿੱਚ ਵੀ ਪਛਾਣਵਾਦੀ ਸਿਆਸਤ ਦਾ ਪ੍ਰਭਾਵ ਦੇਖਣ ਨੂੰ ਮਿਲ਼ਦਾ ਹੈ। ਪਿਛਲੇ ਕੁਝ ਸਾਲਾਂ ਵਿੱਚ ਫਾਸੀਵਾਦੀ ਬਹੁਗਿਣਤੀਵਾਦੀ ਹਿੰਦੂਤਵ ਸਿਆਸਤ ਦੀ ਚੜ੍ਹਤ ਅਸਲ ਵਿੱਚ ਪਛਾਣ ਦੀ ਹੀ ਸਿਆਸਤ ਦਾ ਇੱਕ ਪ੍ਰਗਟਾਵਾ ਹੈ। ਇਸ ਤਰ੍ਹਾਂ ਦੀ ਕੋਈ ਵੀ ਸੱਜੇਪੱਖੀ ਕੱਟੜਪੰਥੀ ਸਿਆਸਤ ਪਛਾਣ ਦੇ ਇੱਕ ਠਹਿਰੇ ਹੋਏ ਆਦਰਸ਼ ‘ਤੇ ਕਾਇਮ ਹੁੰਦੀ ਹੈ ਅਤੇ ਕਲਪਤ ਅਤੀਤ ਦੁਆਰਾ ਮਿੱਥਕਾਂ ਨੂੰ ਯਥਾਰਥ ਅਤੇ ਸਧਾਰਨ ਬੋਧ ਬਣਾ ਕੇ ਇਸ ਪਛਾਣ ਲਈ ਉਚਿਤਤਾ ਹਾਸਲ ਕਰਦੀ ਹੈ। ਪਛਾਣਵਾਦੀ ਸਿਆਸਤ ਵਿੱਚ ਇਸ ਤਰ੍ਹਾਂ ਦੇ ਸਾਰੇ ਸੱਜੇਪੱਖੀ ਹਥਿਆਈ ਮੌਜੂਦ ਹੈ। ਅੱਜ ਦੇ ਦੌਰ ਵਿੱਚ ਨਾ ਸਿਰਫ ਹਾਸ਼ੀਆਗਤ ਪਛਾਣਾਂ, ਸਗੋਂ ਉਨ੍ਹਾਂ ਤੋਂ ਵੀ ਜ਼ਿਆਦਾ ”ਮੁੱਖਧਾਰਾ” ਦੀਆਂ ਪਛਾਣਾਂ ਪਛਾਣਵਾਦੀ ਸਿਆਸਤ ਦੇ ਸੰਦ ਦੀ ਵਰਤੋਂ ਆਪਣੇ ਸੁਆਰਥਾਂ ਲਈ ਕਰ ਰਹੀਆਂ ਹਨ। ਇਹ ਵੀ ਇੱਕ ਖ਼ਤਰਨਾਕ ਰੁਝਾਨ ਹੈ।

ਪਛਾਣਵਾਦੀ ਸਿਆਸਤ ਦੇ ਇਹ ਦੋਵੇਂ ਹੀ ਰੂਪ ਆਪਣੇ ਆਪਨੂੰ ਇੱਕ ਦੂਜੇ ਦੇ ਵਿਰੋਧੀ ਅਤੇ ਬਦਲ ਵਜੋਂ ਪੇਸ਼ ਕਰਦੇ ਹਨ, ਪਰ ਅਸਲ ਵਿੱਚ ਉਹ ਦੋ ਵੱਖਰੀਆਂ ਵਿਰੋਧੀ ਤਾਕਤਾਂ ਹਨ ਹੀ ਨਹੀਂ! ਉਹ ਬੱਸ ਆਪਣੇ ਆਪ ਨੂੰ ਇਸ ਰੂਪ ਵਿੱਚ ਪੇਸ਼ ਕਰਦੀਆਂ ਹਨ। ਭਾਵ, ਐਨ.ਜੀ.ਓ. ਸਿਆਸਤ ਅਤੇ ਸੱਜੇਪੱਖੀ ਧਾਰਮਿਕ ਕੱਟੜਪੰਥੀ ਅਤੇ ਫਿਰਕਾਪ੍ਰਸਤ ਫਾਸੀਵਾਦੀ ਸਿਆਸਤ ਇੱਕੋ ਹੀ ਸਿੱਕੇ ਦੇ ਦੋ ਪਾਸੇ ਹਨ। ਉਹ ਆਪਣੇ ਆਪ ਨੂੰ ਇੱਕ ਦੂਜੇ ਦੇ ਵਿਰੋਧੀ ਵਜੋਂ ਪੇਸ਼ ਜ਼ਰੂਰ ਕਰਦੇ ਹਨ, ਪਰ ਉਨ੍ਹਾਂ ਦੀ ਵਿਚਾਰਧਾਰਾ ਅਤੇ ਫਲਸਫ਼ੇ ਵਿੱਚ ਇੱਕ ਬੁਨਿਆਦੀ ਏਕਤਾ ਹੈ। ਕਹਿ ਸਕਦੇ ਹਾਂ ਕਿ ਉਹ ਇੱਕ ਨਕਲੀ ਬਦਲਾਂ ਦਾ ਜੋੜ ਪੇਸ਼ ਕਰਦੇ ਹਨ। ਇਸ ਨੂੰ ਗਾਇਲਜ ਦੇਲਊਜ਼ ਨੇ ‘ਡਿਸਜੰਕਟਿਵ ਸਿੰਥਸਿਸ’ ਦਾ ਨਾਂ ਦਿੱਤਾ ਸੀ। ਉਲ਼ਟਾਂ ਦਾ ਇੱਕ ਅਜਿਹਾ ਸਮੁੱਚ ਜਿਸ ਵਿੱਚ ਉਲ਼ਟਾਂ ਵਜੋਂ ਪੇਸ਼ ਕੀਤੇ ਤੱਤ ਅਸਲ ਵਿੱਚ ਉਲ਼ਟ ਨਹੀਂ ਹਨ।

ਪਛਾਣਵਾਦੀ ਸਿਆਸਤ ਦੇ ਕੇਂਦਰੀ ਸਿਧਾਂਤਕ ਵਿਚਾਰਕ ਸੂਤਰਾਂ ਦੀ ਪੜਤਾਲ ਅਤੇ ਇਸ ਦੇ ਫਲਸਫਾਈ ਸਾਰਤੱਤ ਨੂੰ ਜਾਹਰ ਕਰਨ ਦੇ ਬਾਅਦ ਅਸੀਂਂ ਮੋਟੇ ਤੌਰ ‘ਤੇ ਇਸ ਨਤੀਜੇ ‘ਤੇ ਪਹੁੰਚਣ ਦੀ ਹਾਲਤ ਵਿੱਚ ਹਾਂ ਕਿ ਜਾਤ ਅਧਾਰਤ ਸਿਆਸਤ ਮੌਜੂਦਾ ਦੌਰ ਵਿੱਚ ਪਛਾਣਵਾਦੀ ਸਿਆਸਤ ਦਾ ਹੀ ਇੱਕ ਰੂਪ ਹੈ। ਜਾਤ ਦੀ ਪਛਾਣ ‘ਤੇ ਅਧਾਰਤ ਸਿਆਸਤ ਆਪਣੇ ਦੋਵਾਂ ਹੀ ਅਵਤਾਰਾਂ ਵਿੱਚ – ਸਵਰਣ/ਉੱਚ ਜਾਤਾਂ ਦੀ ਜਾਤੀਗਤ ਸਿਆਸਤ ਅਤੇ ਦਲਿਤਵਾਦੀ ਸਿਆਸਤ – ਪਛਾਣਵਾਦੀ ਸਿਆਸਤ ਦਾ ਹੀ ਪ੍ਰਗਟਾਵਾ ਹੈ। ਇਸ ਰੂਪ ਵਿੱਚ ਇਨ੍ਹਾਂ ਨੂੰ ਇੱਕ ਦੂਜੇ ਦੀ ‘ਇਨਵਰਟਿਡ ਮਿਰਰ ਇਮੇਜ’ ਵੀ ਕਿਹਾ ਜਾ ਸਕਦਾ ਹੈ। ਇਥੇ ਵੀ ਅਸੀਂ ਇੱਕ ਤਰ੍ਹਾਂ ਦੇ ‘ਡਿਸਜੈਕਟਿਵ ਸਿੰਥਸਿਸ’ ਨੂੰ, ਇੱਕ ਤਰ੍ਹਾਂ ਦੇ ਨਕਲੀ ਬਦਲਾਂ ਦੇ ਜੋੜੇ ਨੂੰ ਦੇਖ ਸਕਦੇ ਹਾਂ, ਜਿਹੜੇ ਅਸਲ ਵਿੱਚ ਇੱਕ ਦੂਜੇ ਦੇ ਬਦਲ ਹਨ ਹੀ ਨਹੀਂ। ਕਿਉਂਕਿ ਇਨ੍ਹਾਂ ਦੋਵਾਂ ਦਾ ਹੀ ਅਧਾਰ ਆਪਣੇ ਆਪਣੇ ਢੰਗ ਨਾਲ਼ ਜਾਤੀਗਤ ਪਛਾਣ ਨਾਲ਼ ਸਿਆਸਤ ਦੀ ‘ਓਵਰ ਆਈਡੈਂਟੀਫਿਕੇਸ਼ਨ’ ਹੈ। ਇਥੇ ਸਵਰਣ ਜਾਤਾਂ ਦੀਆਂ ਵੱਖ ਵੱਖ ਜਥੇਬੰਦੀਆਂ ਦੁਆਰਾ ਅਮਲ ਵਿੱਚ ਲਿਆਂਦੀ ਜਾ ਰਹੀ ਪਛਾਣਵਾਦੀ ਸਿਆਸਤ ਦੀ ਚਰਚਾ ਗ਼ੈਰਜ਼ਰੂਰੀ ਹੈ। ਉਸ ਦੇ ਪਿਛਾਖੜੀ, ਵਹਿਸ਼ੀ, ਅਤੇ ਅਣਮਨੁੱਖੀ ਖ਼ਾਸੇ ਬਾਰੇ ਖੋਦਣ ਲਈ ਕੁਝ ਵੀ ਨਹੀਂ ਹੈ। ਤੱਤ ਅਤੇ ਰੂਪ ਵਿੱਚ ਜਬਰਦਸਤ ਏਕਤਾ ਹੈ।
ਪਰ ਦਲਿਤਵਾਦੀ ਜਥੇਬੰਦੀਆਂ ਦੁਆਰਾ ਦਲਿਤ ਪਛਾਣ ਦੇ ਆਲ਼ੇ-ਦੁਆਲ਼ੇ ਕੀਤੀ ਜਾਣ ਵਾਲ਼ੀ ਸਿਆਸਤ ਵੀ ਅਸਲ ਵਿੱਚ ਪਛਾਣਵਾਦੀ ਸਿਆਸਤ ਦੇ ਏਜੰਡੇ ਨੂੰ ਹੀ ਪੂਰਾ ਕਰ ਰਹੀ ਹੈ, ਚਾਹੇ ਕੁਝ ਮਾਮਲਿਆਂ ਵਿੱਚ ਇਸਦੇ ਪਿੱਛੇ ਦਲਿਤ ਮੁਕਤੀ ਦੀ ਜਇਜ਼ ਇੱਛਾ ਅਤੇ ਇਰਾਦੇ ਕਿਉਂ ਨਾ ਹੋਣ। ਪਛਾਣ ਅਧਾਰਤ ਕਿਸੇ ਵੀ ਸਿਆਸਤ ਜਾਂ ਜਥੇਬੰਦੀ ਕੋਲ਼ ਸਮਾਜਕ ਮੁਕਤੀ ਦੀ ਕੋਈ ਪਰਿਯੋਜਨਾ ਨਹੀਂ ਹੋ ਸਕਦੀ। ਜਾਤੀਗਤ, ਜੇਂਡਰਗਤ, ਭਾਸ਼ਾਈ ਜਾਂ ਕੌਮਵਾਦੀ ਪਛਾਣ ਦੇ ਅਧਾਰ ‘ਤੇ ਕੋਈ ਅਸਲੀ ਬੁਨਿਆਦੀ ਮੁੱਦਾ ਅਰਥਪੂਰਣ ਰੂਪ ਵਿੱਚ ਨਹੀਂ ਉਠਾਇਆ ਜਾ ਸਕਦਾ। ਇਸ ਲਈ ਦਲਿਤਵਾਦੀ ਜਥੇਬੰਦੀਆਂ ਦੁਆਰਾ ਦਲਿਤ ਪਛਾਣਵਾਦੀ ਸਿਆਸਤ ਰਾਹੀਂਂ ਅਚੇਤ ਤੌਰ ‘ਤੇ ਹੀ ਸਹੀ, ਸਰਮਾਏਦਾਰੀ ਢਾਂਚੇ ਦੀ ਹੀ ਸੇਵਾ ਕੀਤੀ ਜਾਂਦੀ ਹੈ। ਇਹੀ ਪਛਾਣਵਾਦੀ ਸਿਆਸਤ ਦਾ ਜਮਾਤੀ ਖ਼ਾਸਾ ਹੈ, ਜਿਹੜਾ ਯਥਾਸਥਿਤੀਵਾਦ ਅਤੇ ਪਿਛਾਖੜੀ ਹੈ। ਆਪਣੀਆਂ ਸਾਰੀਆਂ ਚੰਗੀਆਂ ਇੱਛਾਵਾਂ ਦੇ ਬਾਵਜੂਦ ਅਜਿਹੀਆਂ ਸਾਰੀਆਂ ਦਲਿਤਵਾਦੀ ਜਥੇਬੰਦੀਆਂ ਦਲਿਤ ਮੁਕਤੀ ਦੀ ਹਕੀਕੀ ਕਾਰਗਰ ਪਰਿਯੋਜਨਾ ਨੂੰ ਅਮਲ ਵਿੱਚ ਨਹੀਂ ਲਿਆ ਪਾ ਰਹੀਆਂ ਹਨ ਅਤੇ ਪਛਾਣਵਾਦੀ ਸਿਆਸਤ ਦੀ ਜ਼ਮੀਨ ‘ਤੇ ਖੜ੍ਹੇ ਹੋ ਕੇ ਉਹ ਕਦੀ ਅਜਿਹੀ ਕੋਈ ਪਰਿਯੋਜਨਾ ਬਣਾ ਵੀ ਨਹੀਂ ਸਕਦੀਆਂ। ਬੇਸ਼ੱਕ ਇਨ੍ਹਾਂ ਜਥੇਬੰਦੀਆਂ ਵਿੱਚ ਬਹੁਤ ਸਾਰੇ ਅਜਿਹੇ ਲੋਕ ਹਨ ਜਿਹੜੀ ਇਮਾਨਦਾਰੀ ਅਤੇ ਜੂਝਾਰੂਪਨ ਨਾਲ਼ ਦਲਿਤ ਮੁਕਤੀ ਦੀ ਪਰਿਯੋਜਨਾ ਬਾਰੇ ਸੋਚਦੇ ਹਨ ਅਤੇ ਸਰਗ਼ਰਮ ਰਹਿੰਦੇ ਹਨ। ਪਰ ਇੱਕ ਸਹੀ ਸਿਆਸਤ ਦੀ ਗ਼ੈਰ ਮੌਜੂਦਗੀ ਵਿੱਚ ਇਹ ਚਿੰਤਨ ਅਤੇ ਸਰਗ਼ਰਮੀ ਅਕਸਰ ਕਿਸੇ ਦਿਸ਼ਾ ਵਿੱਚ ਨਹੀਂ ਜਾਂਦੇ, ਜਾਂ ਅਕਸਰ ਯਥਾਸਥਿਤੀ ਦੀ ਨੁਮਾਇੰਦਗੀ ਕਰਨ ਵਾਲ਼ੀਆਂ ਤਾਕਤਾਂ ਦੀ ਸੇਵਾ ਵਿੱਚ ਲੱਗ ਜਾਂਦੇ ਹਨ। ਕਿਉਂਕਿ ਜਦ ਤੱਕ ਇਹ ਸਪਸ਼ਟ ਨਹੀਂ ਹੋ ਜਾਂਦਾ ਕਿ ਜਾਤੀਗਤ ਜ਼ਬਰ ਅਤੇ ਇਸ ਦੇ ਨਾਲ਼ ਹੀ ਲੁੱਟ-ਦਾਬੇ ਦੇ ਹੋਰਨਾਂ ਸਾਰੇ ਰੂਪਾਂ ਲਈ ਅਸਲ ਵਿੱਚ ਜ਼ਿੰਮੇਵਾਰ ਕੌਣ ਹੈ, ਅਤੇ ਲੜਨਾ ਕਿਸ ਦੇ ਖਿਲਾਫ਼ ਹੈ, ਤਦ ਤੱਕ ਇਨ੍ਹਾਂ ਦੇ ਖਿਲਾਫ਼ ਕੀਤਾ ਜਾਣ ਵਾਲ਼ਾ ਵਿਰੋਧ ‘ਮਿਸਪਲੇਸਡ’ ਹੋਵੇਗਾ। ਇਥੇ ਇਹ ਸਪਸ਼ਟ ਕਰ ਦੇਣਾ ਜ਼ਰੂਰੀ ਹੈ ਕਿ ਜਦ ਅਸੀਂ ਦਲਿਤਵਾਦੀ ਜਥੇਬੰਦੀਆਂ ਦਾ ਜਿਕਰ ਕਰ ਰਹੇ ਹਾਂ, ਤਦ ਸਾਡਾ ਭਾਵ ਬੁਰਜ਼ੂਆ ਸਿਆਸਤ ਵਿੱਚ ਗਲਤਾਨ ਬਸਪਾ ਮਾਰਕਾ ਉਨ੍ਹਾਂ ਚੁਣਾਵੀ ਸਰਮਾਏਦਾਰੀ ਪਾਰਟੀਆਂ ਤੋਂ ਉੱਕਾ ਹੀ ਨਹੀਂ ਹੈ ਜਿਹੜੀਆਂ ਦਲਿਤਾਂ ਦੀ ਨੁਮਾਇੰਦਗੀ ਕਰਨ ਦਾ ਦਾਅਵਾ ਕਰਦੀਆਂ ਹਨ ਅਤੇ ਉਨ੍ਹਾਂ ਨੂੰ ਸਿਰਫ਼ ਵੋਟ ਬੈਂਕ ਵਜੋਂ ਵਰਤੀਆਂ ਹਨ (ਭਾਵੇਂ ਪਿਛਲੇ ਕੁਝ ਸਾਲ ਪਹਿਲਾਂ ਤੱਕ ਕਈ ਖੱਬੇਪੱਖੀ ਹੋਣ ਦਾ ਦਾਅਵਾ ਕਰਨ ਵਾਲ਼ੇ ਬੁੱਧੀਜੀਵੀ ਵੀ ਮਾਇਆਵਤੀ ਦੇ ਸੱਤ੍ਹਾ ਵਿੱਚ ਪਹੁੰਚਣ ਨੂੰ ਲੈ ਕੇ ਉਤਸ਼ਾਹਤ ਸਨ, ਕਿ ਹੁਣ ਦਲਿਤਾਂ ਦੇ ਕਦਮਾਂ ਦਾ ਖੜਕਾ ਸੱਤ੍ਹਾ ਦੇ ਗਲਿਆਰਿਆਂ ਵਿੱਚ ਸੁਣਾਈ ਦੇ ਰਿਹਾ ਹੈ। ਸ਼ੁਕਰ ਹੈ ਕਿ ਮਾਇਆਵਤੀ ਦੇ ਰਾਜ ਦੌਰਾਨ ਦਲਿਤਾਂ ‘ਤੇ ਹੋਏ ਅਤਿਆਚਾਰਾਂ ਦੇ ਸਾਰੇ ਰਿਕਾਰਡ ਟੁੱਟਣ ਨਾਲ਼ ਇਸ ਤਰ੍ਹਾਂ ਦਾ ਮੂਰਖਤਾ ਭਰਿਆ ਰੌਲ਼ਾ ਹੁਣ ਸ਼ਾਂਤ ਹੋ ਗਿਆ ਹੈ!)। ਇਨ੍ਹਾਂ ਅਰਥਾਂ ਵਿੱਚ ਬਹੁਜਨ ਸਮਾਜ ਪਾਰਟੀ ਦੀ ਗੱਲ ਜਿਨੀ ਘੱਟ ਕੀਤੀ ਜਾਵੇ ਓਨੀ ਹੀ ਬਿਹਤਰ ਹੈ। ਬੁਰਜੂਆ ਚੁਣਾਵੀ ਮੌਕਾਪ੍ਰਸਤੀ ਦੇ ਕਈ ਨਵੇਂ ਰਿਕਾਰਡ ਮਾਇਆਵਤੀ ਦੀ ਅਗਵਾਈ ਵਿੱਚ ਬਸਪਾ ਨੇ ਸਥਾਪਤ ਕੀਤੇ ਹਨ। ਸੱਤ੍ਹਾ ਸੁਖ ਭੋਗਣ ਲਈ ਇਸ ਨੇ ਸਵਰਣਵਾਦੀ ਫਾਸੀਵਾਦੀ ਹਿੰਦੂ ਸੱਜੇਪੱਖੀ ਤਾਕਤਾਂ ਨਾਲ਼ ਚੁਣਾਵੀ ਗੱਠਜੋੜ ਬਣਾਉਣ ਵਿੱਚ ਵੀ ਕੋਈ ਪਰਹੇਜ਼ ਨਹੀਂ ਕੀਤਾ। ਮਾਇਆਵਤੀ ਦੀ ‘ਸੋਸ਼ਲ ਇੰਜਨੀਅਰਿੰਗ’ ਦਾ ਨਤੀਜਾ ਉੱਤਰ ਪ੍ਰਦੇਸ਼ ਵਿੱਚ ਕਿਸੇ ਹੋਰ ਨੂੰ ਨਹੀਂ ਸਗੋਂ ਗ਼ਰੀਬ ਦਲਿਤ ਅਬਾਦੀ ਨੂੰ ਹੀ ਝੱਲਣਾ ਪਿਆ ਹੈ। ਚੁਣਾਵੀ ਪਛਾਣਵਾਦੀ ਦਲਿਤ ਸਿਆਸਤ ਕਰਨ ਵਾਲ਼ਿਆਂ ਵਿੱਚ ਮਾਇਆਵਤੀ ਦੀ ਹਾਲਤ ਕੋਈ ਅਲੋਕਾਰੀ ਜਾਂ ਅਨੋਖੀ ਨਹੀਂ ਹੈ। ਰਾਮਦਾਸ ਆਠਵਲੇ, ਤਾਮਿਲਨਾਡੂ ਵਿੱਚ ਦਲਿਤ ਪੈਂਥਰ ਦੇ ਆਗੂ ਥੋਰ ਥਿਰੂਮਾਵਲਵਨ, ਰਾਮਵਿਲਾਸ ਪਾਸਵਾਨ ਵਰਗਿਆਂ ਦੀ ਹਾਲਤ ਵੀ ਕੋਈ ਵੱਖਰੀ ਨਹੀਂ ਹੈ। ਕਦੀ ਉਹ ਭਾਜਪਾ ਤਾਂ ਕਦੀ ਕਾਂਗਰਸ ਦੀ ਗੋਦ ਵਿੱਚ ਬੈਠੇ ਨਜ਼ਰ ਆਉਂਦੇ ਹਨ।   

ਨਾ ਸਿਰਫ਼ ਇਹ ਚੁਣਾਵੀ ਸਿਆਸੀ ਪਾਰਟੀਆਂ (ਜਿਹੜੀਆਂ ਇਰਾਦਤਨ ਵੀ ਬੇਇਮਾਨ ਹਨ ਅਤੇ ਸਮੁੱਚੇ ਰੂਪ ਵਿੱਚ ਸਰਮਾਏਦਾਰੀ ਦੀ ਸੇਵਾ ਵਿੱਚ ਲਿਪਤ ਹਨ) ਸਗੋਂ ਗ਼ੈਰ ਚੁਣਾਵੀ ਪਛਾਣਵਾਦੀ ਦਲਿਤਵਾਦੀ ਜਥੇਬੰਦੀਆਂ (ਜਿਨ੍ਹਾਂ ਵਿੱਚ ਕਈ ਇਮਾਨਦਾਰੀ ਨਾਲ਼ ਦਲਿਤ ਮੁਕਤੀ ਦੇ ਏਜੰਡੇ ਨੂੰ ਉਠਾਉਂਦੀਆਂ ਹਨ) ਦੀ ਸਿਆਸਤ ਦੇ ਖੋਖਲੇਪਨ ਦੀ ਮਿਸਾਲ ਸਿਰਫ਼ ਇੱਕ ਘਟਨਾ ਨਾਲ਼ ਦਿੱਤੀ ਜਾ ਸਕਦੀ ਹੈ, ਜਿਸ ਤੋਂ ਪਤਾ ਲਗਦਾ ਹੈ ਕਿ ਉਨ੍ਹਾਂ ਦੀ ਸਿਆਸਤ ਵਿੱਚ ਖੋਖਲੇ ਪ੍ਰਤੀਕਵਾਦ ਦੇ ਇਲਾਵਾ ਕੁਝ ਨਹੀਂ ਬਚਿਆ ਹੈ। ਹੁਣੇ ਹੀ ਕੌਮੀ ਪੱਧਰ ‘ਤੇ ਦੋ ਘਟਨਾਵਾਂ ਵਾਪਰੀਆਂ ਜਿਹੜੀਆਂ ਆਮ ਗ਼ਰੀਬ ਦਲਿਤ ਅਬਾਦੀ ਲਈ ਹਕੀਕੀ ਅਤੇ ਪ੍ਰਤੀਕਾਤਮਕ ਮਹੱਤਵ ਰੱਖਦੀਆਂ ਸਨ। ਇੱਕ ਘਟਨਾ ਸੀ ਬਥਾਨੀ ਟੋਲਾ ਵਿੱਚ ਦਲਿਤਾਂ ਦੇ ਕਤਲੇਆਮ ਦੇ ਮੁਲਜ਼ਮ ਧਨੀ ਸਵਰਣਾਂ ਨੂੰ ਅਦਾਲਤ ਦੁਆਰਾ ਬਰੀ ਕੀਤਾ ਜਾਣਾ ਅਤੇ ਅਤੇ ਦੂਜੀ ਘਟਨਾ ਸੀ ਐਨ.ਸੀ.ਈ.ਆਰ.ਟੀ. ਦੀ ਯੋਗੇਂਦਰ ਯਾਦਵ ਅਤੇ ਸੁਹਾਸ ਪਾਲਸ਼ੀਕਰ ਦੁਆਰਾ ਤਿਆਰ ਕਿਤਾਬ ਵਿੱਚ ਨਹਿਰੂ ਅਤੇ ਅੰਬੇਡਕਰ ਦੇ ਕਾਰਟੂਨ ਨੂੰ ਰੱਖਣਾ। ਇਹ ਦੋਵੇਂ ਘਟਨਾਵਾਂ ਕੁਝ ਦਿਨ੍ਹਾਂ ਦੇ ਫਰਕ ਨਾਲ਼ ਵਾਪਰੀਆਂ। ਪਰ ਬਥਾਨੀ ਟੋਲਾ ਕਤਲੇਆਮ ਦੇ ਮੁਲਜ਼ਮਾਂ ਦੇ ਛੁੱਟਣ ‘ਤੇ ਕਈ ਦਲਿਤ ਜਥੇਬੰਦੀਆਂ ਬਿਆਨ ਤੱਕ ਦੇਣਾ ਭੁੱਲ ਗਈਆਂ, ਜਦ ਕਿ ਕਾਰਟੂਨ ਵਿਵਾਦ ‘ਤੇ ਉਨ੍ਹਾਂ ਨੇ ਖ਼ੂਬ ਰੌਲ਼ਾ ਪਾਇਆ। ਕੁਝ ਲੋਕਾਂ ਨੇ ਤਾਂ ਸੁਹਾਸ ਪਾਲਸ਼ੀਕਰ ਦੇ ਦਫ਼ਤਰ ‘ਤੇ ਹਮਲਾ ਤੱਕ ਕੀਤਾ। ਇਹ ਇੱਕ ਵੱਖਰੀ ਚਰਚਾ ਦਾ ਵਿਸ਼ਾ ਹੈ ਕਿ ਅੰਬੇਡਕਰ ਅਤੇ ਨਹਿਰੂ ਦੇ ਉਸ ਕਾਰਟੂਨ ਵਿੱਚ ਕੀ ਸਹੀ ਅਤੇ ਕੀ ਗ਼ਲਤ ਸੀ ਇਹ ਵੀ ਇੱਕ ਵਿਸਥਾਰਤ ਚਰਚਾ ਦਾ ਵਿਸ਼ਾ ਹੋ ਸਕਦਾ ਹੈ ਕਿ ਅੰਬੇਡਕਰ ਦੀ ਅਲੋਚਨਾ ਕੀਤੀ ਜਾ ਸਕਦੀ ਹੈ, ਜਾਂ ਉਨ੍ਹਾਂ ਨੂੰ ਅਲੋਚਨਾ ਤੋਂ ਪਰੇ ਗ਼ਰਦਾਨ ਦਿੱਤਾ ਜਾਣਾ ਚਾਹੀਦਾ ਹੈ, ਤਾਂ ਕਿ ”ਕੌਮ” ਦੇ ”ਸਵਰਣ ਅਪਰਾਧਬੋਧ” ਨੂੰ ਖਤਮ ਕੀਤਾ ਜਾ ਸਕੇ; ਇਸ ‘ਤੇ ਵੀ ਚਰਚਾ ਹੋ ਸਕਦੀ ਹੈ ਕਿ ਸੁਹਾਸ ਪਾਲਸ਼ੀਕਰ ਦੇ ਦਫ਼ਤਰ ਵਿੱਚ ਜੋ ਕੀਤਾ ਗਿਆ ਅਤੇ ਹਿੰਦੂਤਵਵਾਦੀ ਐੱਮ. ਐੱਫ. ਹੁਸੈਨ ਦੀਆਂ ਪੇਂਟਿੰਗ ਪ੍ਰਦਰਸ਼ਨੀਆਂ ਨਾਲ਼ ਜੋ ਕਰਦੇ ਸਨ, ਜਾਂ ਉਨ੍ਹਾਂ ਨੇ ਭੰਡਾਰਕਰ ਸ਼ੋਧ ਸੰਸਥਾਨ ਵਿੱਚ ਜੋ ਕੀਤਾ ਸੀ, ਉਸ ਵਿੱਚ ਕੋਈ ਫਰਕ ਹੈ ਜਾਂ ਨਹੀਂ ਅਤੇ ਅੰਤ ਵਿੱਚ ਇਸ ਗੱਲ ‘ਤੇ ਵੀ ਚਰਚਾ ਹੋ ਸਕਦੀ ਹੈ , ਕਿ ਤਰ੍ਹਾਂ ਤਰ੍ਹਾਂ ਦੇ ਬੁੱਤਾਂ ਨਾਲ਼ ਭਰੇ ਇਸ ਦੇਸ਼ ਵਿੱਚ ਹੋਰ ਨਵੇਂ ਬੁੱਤਾਂ ਦੀ ਲੋੜ ਹੈ ਜਾਂ ਨਹੀਂ। ਪਰ ਹਾਲੇ ਅਸੀਂ ਇਨ੍ਹਾਂ ਚਰਚਾਵਾਂ ਵਿੱਚ ਨਹੀਂ ਜਾਵਾਂਗੇ ਅਤੇ ਸਿਰਫ਼ ਇਸ਼ਾਰਿਆਂ ਵਿੱਚ ਏਨਾ ਜ਼ਰੂਰ ਕਹਿਣਾ ਚਾਹਾਂਗੇ ਕਿ ਬਥਾਨੀ ਟੋਲਾ ਦੇ ਕਾਤਲਾਂ ਨੂੰ ਬਰੀ ਕੀਤੇ ਜਾਣ ‘ਤੇ ਦਲਿਤ ਜਥੇਬੰਦੀਆਂ ਦੁਆਰਾ ਉਹ ਰੌਲ਼ਾ ਨਹੀਂ ਪਾਇਆ ਗਿਆ ਜਿਹੜਾ ਕਿ ਅੰਬੇਡਕਰ ਅਤੇ ਨਹਿਰੂ ਦੇ ਕਾਰਟੂਨ ‘ਤੇ ਪਾਇਆ ਗਿਆ। ਕੀ ਇਹ ਸਮੁੱਚੀ ਪਛਾਣਵਾਦੀ ਦਲਿਤਵਾਦੀ ਸਿਆਸਤ ਦੇ ਖੋਖਲੇ ਪ੍ਰਤੀਕਵਾਦ ਨੂੰ ਨਹੀਂ ਦਰਸਾਉਂਦਾ ਹੈ?

ਸਾਰੀਆਂ ਸਰਮਾਏਦਾਰ ਤਾਕਤਾਂ ਦੀ ਤਰ੍ਹਾਂ ਹੀ ਚੁਣਾਵੀ ਦਲਿਤਵਾਦੀ ਪਛਾਣਵਾਦੀ ਸਿਆਸਤ ਕਰਨ ਵਾਲ਼ੀਆਂ ਪਾਰਟੀਆਂ ਉਨ੍ਹਾਂ ਜਮਾਤੀ ਸਬੰਧਾਂ ਦੀ ਹਿਫ਼ਾਜਤ ਕਰਦੀਆਂ ਹਨ ਜਿਹੜੇ ਜਾਤੀਗਤ ਜਬਰ ਦੀਆਂ ਹਾਲਤਾਂ ਤਿਆਰ ਕਰਦੇ ਹਨ ਅਤੇ ਸਾਰੀਆਂ ਜਾਤ ਅਧਾਰਤ ਪਾਰਟੀਆਂ ਜਮਾਤੀ ਏਕਾ ਬਣਨੋਂ ਰੋਕਦੀਆਂ ਹਨ ਅਤੇ ਜਾਤੀਗਤ ਵੰਡ ਰੇਖਾਵਾਂ ਨੂੰ ਮਜ਼ਬੂਤ ਕਰਨ ਦਾ ਹੀ ਕੰਮ ਕਰਦੀਆਂ ਹਨ ਅਤੇ ਗ਼ੈਰ ਚੁਣਾਵੀ ਦਲਿਤ ਸਿਆਸਤ ਵੀ ਅਸਲ ਵਿੱਚ ਬਾਹਰਮੁਖੀ ਤੌਰ ‘ਤੇ ਇਹ ਕੰਮ ਕਰਦੀ ਹੈ। ਕਿਸੇ ਵੀ ਜਥੇਬੰਦੀ ਦੇ ਸਿਆਸੀ ਖ਼ਾਸੇ ਦਾ ਫੈਸਲਾ ਇਸ ਗੱਲ ਤੋਂ ਨਹੀਂ ਹੁੰਦਾ, ਉਸ ਦੇ ਮੈਂਬਰਾਂ ਦੀ ਸਮਾਜਕ ਆਰਥਿਕ ਬੁਨਿਆਦ ਕੀ ਹੈ। ਭਾਵ ਕਿ ਕੋਈ ਵੀ ਦਲਿਤ ਜਥੇਬੰਦੀ ਇਸ ਲਈ ਦਲਿਤਾਂ ਦੀ ਮੁਕਤੀ ਦੀ ਸਹੀ ਸਿਆਸਤ ਦੀ ਨੁਮਾਇੰਦਗੀ ਨਹੀਂ ਕਰਦੀ ਮੰਨੀ ਜਾ ਸਕਦੀ ਕਿ ਉਸ ਦੇ ਮੈਂਬਰਾਂ ਦੀ ਬਹੁਗਿਣਤੀ ਦਲਿਤ ਹੈ। ਇਸੇ ਜ਼ਮੀਨ ‘ਤੇ ਖੜ੍ਹੇ ਹੋ ਕੇ ਕਈ ਦਲਿਤ ਚਿੰਤਕ ਅਕਸਰ ਇਹ ਪੁੱਛਦੇ ਹਨ ਕਿ ਫਲਾਨੀ ਜਥੇਬੰਦੀ ਦੇ ਆਗੂਆਂ ਵਿੱਚ ਕਿੰਨੇ ਦਲਿਤ ਹਨ। ਉਦਾਹਰਣ ਵਜੋਂ ਕਈ ਵਾਰ ਇਹ ਸੁਆਲ ਦਲਿਤ ਚਿੰਤਕਾਂ ਦੁਆਰਾ ਕਮਿਊਨਿਸਟ ਪਾਰਟੀ ਦੇ ਲੋਕਾਂ ਤੋਂ ਪੁਛਿਆ ਜਾਂਦਾ ਹੈ ਕਿ ਉਨ੍ਹਾਂ ਦੀ ਕੇਂਦਰੀ ਕਮੇਟੀ ਵਿੱਚ ਕਿੰਨੇ ਦਲਿਤ ਹਨ। ਪਰ ਕੀ ਬਿਲਕੁਲ ਇਸੇ ਤਰਕ ਨਾਲ਼ ਅੱਜ ਮੌਜੂਦ ਸਾਰੀਆਂ ਦਲਿਤ ਜਥੇਬੰਦੀਆਂ ਤੋਂ ਕੀ ਕੋਈ ਇਹ ਸੁਆਲ ਨਹੀਂ ਪੁਛ ਸਕਦਾ ਹੈ ਕਿ ਉਨ੍ਹਾਂ ਦੀ ਆਗੂ ਟੀਮ ਵਿੱਚ ਕਿੰਨੇ ਮਜ਼ਦੂਰ ਹਨ? ਸਾਡਾ ਮੰਨਣਾ ਹੈ ਕਿ ਇਹ ਦੋਵੇਂ ਸੁਆਲ ਗ਼ਲਤ ਹਨ, ਅਤੇ ਪਛਾਣਵਾਦੀ ਸੋਚ ਦੀ ਜ਼ਮੀਨ ‘ਤੇ ਖੜ੍ਹੇ ਹੋ ਕੇ ਉਠਾਏ ਗਏ ਹਨ। ਅਸੀਂ ਕਿਸੇ ਵੀ ਜਥੇਬੰਦੀ ਦੀ ਸਿਆਸੀ ਵਿਚਾਰਧਾਰਾ ਦਾ ਫੈਸਲਾ ਉਸ ਦੀ ਅਗਵਾਈ ਵਿੱਚ ਮੌਜੂਦ ਲੋਕਾਂ ਦੇ ਪਰਿਵਾਰ ਅਤੇ ਜਨਮ ਤੋਂ ਨਹੀਂ ਕਰ ਸਕਦੇ। ਕੀ ਇਹ ਵੀ ਇੱਕ ਤਰ੍ਹਾਂ ਦਾ ਬ੍ਰਾਹਮਣਵਾਦੀ ਤਰਕ ਨਹੀਂ ਬਣ ਜਾਂਦਾ ਹੈ? ਸਿਆਸੀ ਵਿਚਾਰਧਾਰਾ ਦੇ ਖ਼ਾਸੇ ਦਾ ਫੈਸਲਾ ਇਸ ਗੱਲ ਨਾਲ਼ ਹੁੰਦਾ ਹੈ ਕਿ ਉਹ ਵਿਚਾਰਧਾਰਾ ਕਿਸ ਜਮਾਤ ਦੀ ਸੇਵਾ ਕਰ ਰਹੀ ਹੈ, ਇਸ ਗੱਲ ਨਾਲ਼ ਨਹੀਂ ਕਿ ਉਸ ਦੇ ਵਾਹਕ ਕਿਸ ਪਰਿਵਾਰ ਵਿੱਚ ਪੈਦਾ ਹੋਏ। ਪਛਾਣਵਾਦੀ ਸਿਆਸਤ ਦਾ ਤਰਕ ਇੱਕ ਚੱਕਰੀ ਤਰਕ ਹੈ, ਜਿਹੜਾ ਥੋੜੇ ਚਿਰ ਵਿੱਚ ਤੁਹਾਨੂੰ ਉਥੇ ਲਿਆ ਕੇ ਛੱਡ ਦਿੰਦਾ ਹੈ, ਜਿਥੋਂ ਤੁਸੀਂ ਸ਼ੁਰੂਆਤ ਕੀਤੀ ਸੀ। ਇਹ ਇੱਕ ਤਰ੍ਹਾਂ ਨਾਲ਼ ਆਪਣੇ ਅੰਦਰ ਹੀ ਹਾਰ ਦਾ ਤਰਕ ਲੁਕਾਏ ਹੁੰਦਾ ਹੈ। ਸਵਰਣਵਾਦ ‘ਤੇ ਸੱਟ ਦਾ ਸਹੀ ਤਰੀਕਾ ਜਾਤੀ ਵਿਤਕਰੇ ਨੂੰ ਹੀ ਸਦਾ ਲਈ ਮਿਟਾਕੇ ਹੋਣਾ ਚਾਹੀਦਾ ਹੈ। ਸਵਰਣਵਾਦ ‘ਤੇ ਸੱਟ ਲਈ ਦਲਿਤ ਪਛਾਣ ਤੇ ਪਛਾਣਵਾਦੀ ਸਿਆਸਤ ਦੇ ਤਰਕ ‘ਤੇ ਜ਼ੋਰ ਦੇਣਾ ਇਸ ਉਦੇਸ਼ ਵਿੱਚ ਕਿਸ ਤਰ੍ਹਾਂ ਮਦਦ ਕਰ ਸਕਦਾ ਹੈ? ਸਾਫ਼ ਹੈ ਕਿ ਸਵਰਣਾਂ ਦੇ ਜਾਤੀਵਾਦ ਦਾ ਮੁਕਾਬਲਾ ਕਿਸੇ ਵੀ ਸੂਰਤ ਵਿੱਚ ਪਛਾਣਵਾਦੀ ਦਲਿਤ ਸਿਆਸਤ ਦੀ ਜ਼ਮੀਨ ‘ਤੇ ਖੜ੍ਹੇ ਹੋ ਕੇ ਨਹੀਂ ਕੀਤਾ ਜਾ ਸਕਦਾ।

ਤਾਂ ਅਜਿਹੀ ਹਾਲਤ ਵਿੱਚ ਕੀਤਾ ਕੀ ਜਾਣਾ ਚਾਹੀਦਾ ਹੈ? ਅਸੀਂ ਇੱਕ ਵਾਰ ਫਿਰ ਕਹਾਂਗੇ ਕਿ ਜਿਹੜੀ ਪਛਾਣ ਵਿਆਪਕਤਮ ਸੰਭਵ ਲੋਕ ਲਾਮਬੰਦੀ ਕਰ ਸਕਦੀ ਹੈ, ਉਸ ਦੇ ਆਲ਼ੇ ਦੁਆਲ਼ੇ ਹੀ ਵਿਆਪਕ ਗ਼ਰੀਬ ਆਬਾਦੀ ਨੂੰ ਲਾਮਬੰਦ ਕਰਨਾ ਹੋਵੇਗਾ ਅਤੇ ਅਜਿਹੀ ਹੀ ਇੱਕ ਪਛਾਣ ਹੈ -ਜਮਾਤੀ ਪਛਾਣ, ਜਿਹੜੀ ਸ਼ੁੱਧ  ਅਰਥਾਂ ਵਿੱਚ ਪਛਾਣ ਹੈ ਵੀ ਨਹੀਂ। ਜਮਾਤ ਦਾ ਸੰਕਲਪ ਇੱਕ ਸਮਾਜਕ ਸਬੰਧ ਨੂੰ ਪ੍ਰਗਟਾਉਂਦਾ ਹੈ। ਲੈਨਿਨ ਅਨੁਸਾਰ, ”ਜਮਾਤ ਲੋਕਾਂ ਦੇ ਵੱਡੇ ਵੱਡੇ ਸਮੂਹਾਂ ਨੂੰ ਕਹਿੰਦੇ ਹਨ, ਜਿਹੜੇ ਸਮਾਜਕ ਪੈਦਾਵਾਰ ਦੇ ਇਤਿਹਾਸ ਦੁਆਰਾ ਤੈਅ ਢੰਗ ਵਿੱਚ ਆਪਣੇ ਸਥਾਨ ਦੇ ਨਜ਼ਰੀਏ ਤੋਂ, ਪੈਦਾਵਾਰ ਦੇ ਸਾਧਨਾਂ ਨਾਲ਼ ਆਪਣੇ ਸਬੰਧਾਂ ਦੇ ਨਜ਼ਰੀਏ ਤੋਂ, ਅਤੇ (ਜ਼ਿਆਦਾਤਰ ਮਾਮਲਿਆਂ ਵਿੱਚ, ਕਨੂੰਨਾਂ ਵਿੱਚ ਤੈਅ ਅਤੇ ਪੇਸ਼) ਕਿਰਤ ਦੀ ਸਮਾਜਕ ਜਥੇਬੰਦੀ ਵਿੱਚ ਆਪਣੀ ਭੂਮਿਕਾ ਦੇ ਨਜ਼ਰੀਏ ਤੋਂ  ਅਤੇ ਨਤੀਜ਼ੇ ਵਜੋਂ ਸਮਾਜਕ ਦੌਲਤ ਦੇ ਆਪਣੇ ਹਿੱਸੇ ਦੀ ਪ੍ਰਾਪਤੀ ਦੇ ਢੰਗ ਅਤੇ ਅਕਾਰ ਦੇ ਨਜ਼ਰੀਏ ਤੋਂ ਇੱਕ ਦੂਜੇ ਤੋਂ ਵੱਖਰੇ ਹੁੰਦੇ ਹਨ। ਜਮਾਤਾਂ ਲੋਕਾਂ ਦੇ ਉਹ ਸਮੂਹ ਹਨ, ਜਿਨ੍ਹਾਂ ਚੋਂ ਇੱਕ ਸਮੂਹ ਸਮਾਜਕ ਅਰਥਚਾਰੇ ਦੀ ਨਿਸ਼ਚਤ ਵਿਧੀ ਵਿੱਚ ਆਪਣੀ ਥਾਂ ਦੀ ਬਦੌਲਤ ਦੂਜੇ ਸਮੂਹ ਦੀ ਕਿਰਤ ਨੂੰ ਹੜੱਪ ਸਕਦਾ ਹੈ।” ਜਮਾਤ ਇੱਕ ਸਾਪੇਖਕ ਸੰਕਲਪ ਹੈ, ਜਿਹਾ ਇਸ ਪ੍ਰੀਭਾਸ਼ਾ ਤੋਂ ਸਪਸ਼ਟ ਹੈ। ਜਮਾਤ ਸਿਰਫ਼ ਇੱਕ ਅਰਥਿਕ ਵਰਤਾਰਾ ਨਹੀਂ ਹੈ, ਸਗੋਂ ਸੱਭਿਆਚਾਰ, ਸਾਹਿਤ, ਸਮਾਜ ਵਿੱਚ ਇਸ ਦਾ ਅਨੇਕ ਰੂਪਾਂ ਵਿੱਚ ਪ੍ਰਗਟਾਵਾ ਹੁੰਦਾ ਹੈ। ਮਾਰਕਸਵਾਦ ਤੇ ਜਮਾਤੀ ਘਟਾਓਵਾਦ ਅਤੇ ਆਰਥਿਕ ਨਿਰਧਾਰਣਵਾਦ ਦਾ ਇਲਜ਼ਾਮ ਤੱਥਾਂ ਨਾਲ਼ ਬਦਸਲੂਕੀ ਹੈ। ਏਂਗਲਜ਼ ਨੇ ਇੱਕ ਥਾਂ ਸਪਸ਼ਟ ਕੀਤਾ ਹੈ, ”ਇਤਿਹਾਸ ਦੇ ਪਦਾਰਥਵਾਦੀ ਨਜ਼ਰੀਏ ਅਨੁਸਾਰ, ਇਤਿਹਾਸ ਵਿੱਚ ਅੰਤਮ ਮੌਕੇ ਤੇ ਜਿਹੜੀ ਚੀਜ਼ ਫੈਸਲਾਕੁਨ ਹੁੰਦੀ ਹੈ, ਉਹ ਹੈ ਅਸਲੀ ਜੀਵਨ ਦੀ ਪੈਦਾਵਾਰ ਅਤੇ ਮੁੜ ਪੈਦਾਵਾਰ। ਇਸ ਤੋਂ ਜ਼ਿਆਦਾ ਨਾ ਤਾਂ ਮਾਰਕਸ ਨੇ ਕਿਤੇ ਕਿਹਾ ਹੈ ਅਤੇ ਨਾ ਹੀ ਮੈਂ। ਪਰ ਜਦ ਕੋਈ ਇਸ ਨੂੰ ਵਿਗਾੜਕੇ ਇਸ ਤਰ੍ਹਾਂ ਪੜ੍ਹਦਾ ਹੈ ਕਿ ਆਰਥਿਕ ਕਾਰਕ ਹੀ ਇੱਕ-ਇੱਕ ਤੱਤ ਹੈ, ਤਾਂ ਉਹ ਇਸ ਕਥਨ ਨੂੰ ਇੱਕ ਅਰਥਹੀਣ, ਅਮੂਰਤ, ਬੇਕਾਰ ਜੁਮਲੇ ਵਿੱਚ ਬਦਲ ਦਿੰਦਾ ਹੈ। ਅਰਥਿਕ ਹਾਲਤ ਅਧਾਰ ਹੈ, ਪਰ ਉਸ ਦੇ ਨਤੀਜ਼ਿਆਂ ਤੇ ਵੱਖ ਵੱਖ ਤੱਤ, ਸੰਵਿਧਾਨ-ਕਨੂੰਨੀ ਰੂਪ, ਅਤੇ ਨਾਲ਼ ਹੀ ਹਿੱਸੇਦਾਰਾਂ ਦੇ ਦਿਮਾਗਾਂ ਵਿੱਚ ਇਨ੍ਹਾਂ ਸਾਰੀਆਂ ਪ੍ਰਤੀਕਿਰਿਆਵਾਂ ਵਿੱਚ ਅਸਲੀ ਘੋਲ਼, ਸਿਆਸੀ, ਕਨੂੰਨੀ, ਫਲਸਫਾਈ, ਧਾਰਮਿਕ ਵਿਚਾਰ – ਇਹ ਸਾਰੇ ਇਤਿਹਾਸਕ ਘੋਲ਼ਾਂ ਦੇ ਵਿਕਾਸ ‘ਤੇ ਪ੍ਰਭਾਵ ਪਾਉਂਦੇ ਹਨ, ਅਤੇ ਕੁਝ ਮੌਕਿਆਂ ਤੇ ਉਨ੍ਹਾਂ ਦੇ ਰੂਪਾਂ ਨੂੰ ਤੈਅ ਵੀ ਕਰਦੇ ਹਨ।”

ਜਮਾਤੀ ”ਪਛਾਣ” ਇੱਕ ਆਧੁਨਿਕ ”ਪਛਾਣ” ਹੈ, ਜਿਹੜੀ ਸਾਰੀਆਂ ਪੁਰਾਣੀਆਂ ਪਛਾਣਾਂ ਨੂੰ ਅੰਦਰੂਨੀ ਤੌਰ ‘ਤੇ ਵੰਡਦੀ ਹੈ। ਇਹ ਪਛਾਣ ਹੀ ਇੱਕ ਅਗਾਂਹਵਧੂ ਇਨਕਲਾਬੀ ਲੋਕ ਲਾਮਬੰਦੀ ਕਰ ਸਕਦੀ ਹੈ। ਇਸ ਅਰਥ ਵਿੱਚ ਜਮਾਤੀ ਪਛਾਣ ਇੱਕ ‘ਓਵਰਰਾਈਡਿੰਗ” ਪਛਾਣ ਹੈ, ਜਿਹੜੀ ਹੋਰਨਾਂ ਸਾਰੀਆਂ ਪਛਾਣਾਂ ਨੂੰ ਵੰਡਦੇ ਹੋਏ ਹੋਂਦ ਵਿੱਚ ਹੈ। ਭਾਵੇਂ ਕੋਈ ਵੀ ਕੌਮ ਹੋਵੇ, ਕੋਈ ਵੀ ਜਾਤ ਹੋਵੇ, ਕੋਈ ਵੀ ਭਾਸ਼ਾ ਹੋਵੇ, ਕੋਈ ਵੀ ਖੇਤਰ ਹੋਵੇ, ਇਸ ਦੇ ਲੋਕ ਜਮਾਤਾਂ ਵਿੱਚ ਵੰਡੇ ਹੋਏ ਹਨ, ਅਤੇ ਉਨ੍ਹਾਂ ਵਿੱਚ ਇੱਕ ਤਿੱਖਾ ਧਰੁਵੀਕਰਣ ਹੋ ਚੁੱਕਿਆ ਹੈ। ਇਥੇ ਇਹ ਸਪਸ਼ਟ ਕਰ ਦੇਣਾ ਜ਼ਰੂਰੀ ਹੈ ਕਿ ਜਮਾਤੀ ਪਛਾਣ ਨੂੰ ਉਭਾਰਨ ਦਾ ਅਰਥ ਹੋਰਨਾਂ ਪਛਾਣਾਂ ਦੀਆਂ ਵਿਸ਼ੇਸ਼ਤਾਵਾਂ ਨੂੰ ਕੁਚਲ ਦੇਣਾ ਜਾਂ ਤਬਾਹ ਕਰ ਦੇਣਾ ਨਹੀਂ ਹੈ। ਜਮਾਤੀ ਪਛਾਣ ਨੂੰ ਮਜ਼ਬੂਤ ਕਰਨ ਦਾ ਅਰਥ ਜਮਾਤੀ ਚੇਤਨਾ ਨੂੰ ਉੱਨਤ ਕਰਨਾ ਹੈ ਅਤੇ ਇਸ ਦਾ ਮਕਸਦ ਜਮਾਤੀ ਪਛਾਣ ਦੇ ਆਲ਼ੇ ਦੁਆਲ਼ੇ ਵਿਆਪਕ ਲੋਕ ਲਾਮਬੰਦੀ ਕਰਨਾ ਹੈ ਚਾਹੇ, ਜਾਤ, ਧਰਮ, ਖੇਤਰ, ਭਾਸ਼ਾ, ਕੌਮੀਅਤ ਆਦਿ ਕੁਝ ਵੀ ਹੋਵੇ। ਵਿਆਪਕ ਲੋਕ ਮੁਕਤੀ ਦੀ ਪਰਿਯੋਜਨਾ ਦਾ ਰਾਹ ਵੀ ਇਹੀ ਹੋ ਸਕਦਾ ਹੈ। ਜਾਤੀਗਤ, ਕੌਮੀ, ਜੇਂਡਰਗਤ ਜਬਰ ਕਰਨ ਵਾਲ਼ੀਆਂ ਤਾਕਤਾਂ ਦੀ ਜਿਵੇਂ ਹੀ ਅਸੀਂ ਪਛਾਣ ਕਰਦੇ ਹਾਂ, ਉਵੇਂ ਹੀ ਅਸੀਂ ਦੇਖਦੇ ਹਾਂ ਕਿ ਦਲਿਤ ਮੁਕਤੀ ਹਾਸਲ ਕਰਨ, ਕੌਮੀ ਜਬਰ ਨੂੰ ਖ਼ਤਮ ਕਰਨ, ਔਰਤ ਜਬਰ ਅਤੇ ਗ਼ੈਰ ਬਰਾਬਰੀ ਨੂੰ ਖ਼ਤਮ ਕਰਨ ਦੀ ਪਰਿਯੋਜਨਾ ਵਿੱਚ ਸਾਡੀ ਸਾਂਝੀ ਦੁਸ਼ਮਣ ਸਰਮਾਏਦਾਰੀ ਅਤੇ ਸਰਮਾਏਦਾਰ ਜਮਾਤ ਹੀ ਹੈ। ਸਮੁੱਚੇ ਸਮਾਜਕ ਆਰਥਿਕ ਢਾਂਚੇ ਵਿੱਚ ਬੁਨਿਆਦੀ ਤਬਦੀਲੀਆਂ, ਹਰ ਤਰ੍ਹਾਂ ਦੀ ਗ਼ੈਰ ਬਰਾਬਰੀ ਦੇ ਖ਼ਾਤਮੇ ਅਤੇ ਇੱਕ ਬਰਾਬਰੀ ਵਾਲ਼ੇ ਸਮਾਜ ਦੀ ਸਥਾਪਨਾ ਦੀ ਪਰਿਯੋਜਨਾ ਦੇ ਮੁਕਾਮ ‘ਤੇ ਪਹੁੰਚਾਉਣ ਦੇ ਨਾਲ਼ ਹੀ ਜਾਤ ਦਾ ਖ਼ਾਤਮਾ ਹੋ ਸਕਦਾ ਹੈ। ਨਿਸ਼ਚਤ ਤੌਰ ‘ਤੇ ਇਸ ਦਾ ਅਰਥ ਇਹ ਨਹੀਂ ਹੈ ਕਿ ਅਜਿਹਾ ਇਨਕਲਾਬ ਅਤੇ ਅਜਿਹੇ ਸਮਾਜ ਦੀ ਰਚਨਾ ਤੱਕ ਜਾਤੀਵਾਦ ਅਤੇ ਜਾਤੀਗਤ ਮਾਨਸਿਕਤਾ ਦੇ ਖਿਲਾਫ਼ ਘੋਲ਼ ਨੂੰ ਟਾਲਣ ਦੀ ਕੋਈ ਤਜਵੀਜ਼ ਅਸੀਂ ਰੱਖ ਰਹੇ ਹਾਂ। ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਜਾਤੀਗਤ ਮਾਨਸਿਕਤਾ ਅਤੇ ਜਾਤੀਵਾਦ ਦੇ ਖ਼ਿਲਾਫ਼ ਲਗਾਤਾਰ ਪ੍ਰਚਾਰ ਤੋਂ ਬਿਨਾਂ ਪ੍ਰੋਲੇਤਾਰੀ ਜਮਾਤ ਨੂੰ ਵੀ ਇੱਕ ਜਮਾਤ ਵਜੋਂ ਇੱਕਜੁੱਟ ਨਹੀਂ ਕੀਤਾ ਜਾ ਸਕਦਾ। ਅਸਲ ਵਿੱਚ, ਜਮਾਤੀ ਚੇਤਨਾ ਨੂੰ ਪੈਦਾ ਕਰਨ ਦਾ ਕੰਮ ਜ਼ਰੂਰੀ ਅਤੇ ਲਾਜ਼ਮੀ ਰੂਪ ਨਾਲ਼ ਅੱਜ ਤੋਂ ਹੀ, ਪੂਰੀ ਤਾਕਤ ਨਾਲ਼ ਜਾਤ ਅਤੇ ਜਾਤੀਵਾਦ ਦੇ ਖਿਲਾਫ਼ ਘੋਲ਼ ਨਾਲ਼ ਜੁੜਿਆ ਹੋਇਆ ਹੈ। ਇਸਦੇ ਬਿਨਾਂ ਕਿਸੇ ਵੀ ਰੂਪ ਵਿੱਚ ਪ੍ਰੋਲੇਤਾਰੀ ਜਮਾਤ ਸਰਮਾਏਦਾਰੀ ਦੇ ਖ਼ਿਲਾਫ਼ ਇੱਕ ਜਮਾਤ ਵਜੋਂ ਜਾਗ੍ਰਿਤ, ਲਾਮਬੰਦ ਅਤੇ ਜਥੇਬੰਦ ਨਹੀਂ ਹੋ ਸਕਦੀ। ਪਰ ਜਾਤ ਦੇ ਇਸ ਮਹੱਤਵਪੂਰਣ ਸੁਆਲ ਨੂੰ ਇੱਕ ਵੱਖਰੇ ਹਿੱਸੇ ਵਜੋਂ ਨਿਖੇੜ ਕੇ ਹੱਲ ਕਰਨ ਦੀਆਂ ਸਾਰੀਆਂ ਕੋਸ਼ਿਸ਼ਾਂ ਪਛਾਣਵਾਦੀ ਸਿਆਸਤ ਵੱਲ ਲੈ ਜਾਣਗੀਆਂ, ਅਤੇ ਦੇਸ਼ ਦੇ ਉਨ੍ਹਾਂ ਕਿਰਤੀਆਂ ਨੂੰ ਟੁਕੜਿਆਂ ਟੁਕੜਿਆਂ ਵਿੱਚ ਵੰਡਣ ਵਿੱਚ ਕਿਸੇ ਵੀ ਰੂਪ ਵਿੱਚ ਸਰਮਾਏਦਾਰੀ ਸਵਰਣਵਾਦੀ ਵਿਚਾਰਧਾਰਾ ਤੋਂ ਘੱਟ ਭੂਮਿਕਾ ਨਹੀਂ ਨਿਭਾਉਣਗੀਆਂ। ਇਸ ਲਈ ਜਾਤ ਦੇ ਸੁਆਲ ਦੇ ਹੱਲ ਲਈ ਇੱਕ ਇਨਕਲਾਬੀ ਨਜ਼ਰੀਏ ਦੀ ਲੋੜ ਹੈ, ਨਾ ਕਿ ਟੋਟਿਆਂ ਦਾ ਜਸ਼ਨ ਮਨਾਉਣ ਵਾਲ਼ੀ ਪਛਾਣਵਾਦੀ ਸਿਆਸਤ ਦੀ।

“ਪ੍ਰਤੀਬੱਧ”, ਅੰਕ 20, ਸਤੰਬਰ 2013 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s