ਬਾਰਾਕ ਓਬਾਮਾ ਨੂੰ ਸ਼ਾਂਤੀ ਨੋਬਲ ਪੁਰਸਕਾਰ ਇੱਕ ਝੂਠ ਸੌ ਵਾਰ ਬੋਲਣ ਨਾਲ਼ ਸੱਚ ਨਹੀਂ ਬਣ ਜਾਂਦਾ —ਲਖਵਿੰਦਰ

obama 5

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

 ਅਮਰੀਕੀ ਰਾਸ਼ਟਰਪਤੀ ਬਾਰਾਕ ਓਬਾਮਾ ਨੂੰ ਸ਼ਾਂਤੀ ਨੋਬਲ ਪੁਰਸਕਾਰ ਦਿੱਤਾ ਜਾਣਾ ਇੱਕੀਵੀਂ ਸਦੀ ‘ਚ ਹੁਣ ਤੱਕ ਵਾਪਰੀ ਸ਼ਾਇਦ ਸਭ ਤੋਂ ਹਾਸੋਹੀਣੀ ਗੱਲ ਹੈ। ਉਂਝ ਤਾਂ ਥੋੜੀ ਜਿਹੀ ਵੀ ਸੂਝ ਰੱਖਣ ਵਾਲ਼ਾ ਹਰ ਵਿਅਕਤੀ ਇਹ ਜਾਣਦਾ ਹੈ ਕਿ ਨੋਬਲ ਪੁਰਸਕਾਰ ਸਾਮਰਾਜਵਾਦ ਦੇ ਹਿੱਤਾਂ ‘ਚ ਹੁੰਦੀਆਂ ਗਿਣਤੀਆਂ ਮਿਣਤੀਆਂ ਅਨੁਸਾਰ ਹੀ ਦਿੱਤਾ ਜਾਂਦਾ ਹੈ ਪਰ ਇਹ ਉਮੀਦ ਘੱਟ ਹੀ ਸੀ ਕਿ ਨੋਬਲ ਪੁਰਸਕਾਰ ਦੇ ਮਾਮਲੇ ਵਿੱਚ ਝੂਠ ਏਨਾ ਖੁੱਲ ਕੇ ਬੋਲਿਆ ਜਾਵੇਗਾ।

ਅਮਰੀਕੀ ਸਾਮਰਾਜਵਾਦ ਨੇ ਓਬਾਮਾ ਦਾ ”ਸ਼ਾਂਤੀ ਪ੍ਰੇਮੀ” ਚਿਹਰਾ ਉਭਾਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਹੈ। ਕੌਮਾਂਤਰੀ ਪੂੰਜੀਵਾਦੀ ਇਲੈਕਟ੍ਰਾਨਿਕ ਅਤੇ ਪ੍ਰਿੰਟ ਮੀਡੀਆ ਨੇ ਇਹਨਾਂ ਚਿਕਨੀਆਂ-ਚੋਪੜੀਆਂ ਗੱਲਾਂ ਨੂੰ ਪੂਰੀ ਦੁਨੀਆ ਵਿੱਚ ਪ੍ਰਚਾਰਿਆ। ਓਬਾਮਾ ਦੀਆਂ ਭਰਮਾਉ ਗੱਲਾਂ ਤੋਂ ਸਧਾਰਨ ਵਿਅਕਤੀ ਨੂੰ ਇਵੇਂ ਲੱਗਦਾ ਹੈ ਜਿਵੇਂ ਉਹ ਦੁਨੀਆ ਵਿੱਚ ਸ਼ਾਂਤੀ ਲਈ ਪੂਰਾ ਜ਼ੋਰ ਲਾਵੇਗਾ। ਓਬਾਮਾ ਨੂੰ ਸ਼ਾਂਤੀ ਦਾ ਨੋਬਲ ਪੁਰਸਕਾਰ ਦਿੱਤਾ ਜਾਣਾ ਵੀ ਅਮਰੀਕਾ ਦੀਆਂ ਉਸਨੂੰ ‘ਸ਼ਾਂਤੀ ਪ੍ਰੇਮੀ’ ਸਿੱਧ ਕਰਨ ਦੀਆਂ ਕੋਸ਼ਿਸ਼ਾਂ ਦਾ ਹੀ ਹਿੱਸਾ ਹੈ। ਓਬਾਮਾ ਦੇ ”ਸ਼ਾਂਤੀ ਪ੍ਰੇਮੀ” ਚਿਹਰੇ ਪਿੱਛੇ ਅਮਰੀਕੀ ਸਾਮਰਾਜਵਾਦ ਆਪਣੇ ਖੂੰਖਾਰ ਚਿਹਰੇ ਨੂੰ ਢਕਣ ਦੀ ਕੋਸ਼ਿਸ਼ ਕਰ ਰਿਹਾ ਹੈ। ਦੁਨੀਆ ਪੱਧਰ ‘ਤੇ ਖਾਸ ਕਰ ਤੀਜੀ ਦੁਨੀਆ ਦੇ ਦੇਸ਼ਾਂ ‘ਚ ਅਮਰੀਕਾ ਨੇ ”ਦਹਿਸ਼ਤਗਰਦੀ ਵਿਰੁੱਧ ਜੰਗ” ਦੇ ਨਾਂ ਹੇਠ ਜੋ ਕਹਿਰ ਮਚਾਇਆ ਹੈ ਉਸ ਵਜੋਂ ਉਸਨੇ ਬਹੁਤ ਬਦਨਾਮੀ ਖੱਟੀ ਹੈ ਅਤੇ ਸਾਰੀ ਦੁਨੀਆ ਵਿੱਚ ਹੀ ਉਸ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਮਰੀਕੀ ਸਾਮਰਾਜਵਾਦ ਨੂੰ ਸ਼ਾਂਤੀ ਦਾ ਦੂਤ ਵਿਖਾਉਣ ਲਈ ਓਬਾਮਾ ਨੂੰ ਅਜਿਹੇ ਹੀ ਮਖੌਟੇ ਦੀ ਲੋੜ ਸੀ। ਪਰ ਇਹ ਵੀ ਸੱਚ ਹੈ ਕਿ ਇੱਕ ਝੂਠ ਸੋ ਵਾਰ ਬੋਲਣ ਨਾਲ਼ ਸੱਚ ਨਹੀਂ ਬਣ ਜਾਂਦਾ।

ਬਾਰਾਕ ਓਬਾਮਾ ਨੂੰ ਨੋਬਲ ਪੁਰਸਕਾਰ ਲਈ ਚੁਨਣ ਵਾਲੀ ਨਾਰਵੇਨਿਅਨ ਨੋਬਲ ਪੁਰਸਕਾਰ ਕਮੇਟੀ ਦਾ ਕਹਿਣਾ ਹੈ ਕਿ ‘ਓਬਾਮਾ ਨੂੰ ਇਹ ਪੁਰਸਕਾਰ ਬਹੁਤ ਹੀ ਗੰਭੀਰ ਕੌਮਾਂਤਰੀ ਝਗੜਿਆਂ ਨੂੰ ਨਜਿੱਠਣ ਲਈ ਗੱਲਬਾਤ ਅਤੇ ਸੁਲ੍ਹਾ-ਸਫਾਈ ਦੇ ਢੰਗ ਤਰੀਕੇ ਹੀ ਅਪਣਾਉਣ ਅਤੇ ਉਸ ਦੀਆਂ ‘ਕੌਮਾਂਤਰੀ ਕੂਟਨੀਤੀ ਅਤੇ ਲੋਕਾਂ ‘ਚ ਆਪਸੀ ਮਿਲਵਰਤਨ ਨੂੰ ਮਜ਼ਬੂਤ ਕਰਨ ਦੀਆਂ ਅਸਧਾਰਨ ਕੋਸ਼ਿਸ਼ਾਂ’ ਵਜੋਂ ਦਿੱਤਾ ਗਿਆ ਹੈ। ਪਰ ਕੀ ਬਾਰਾਕ ਓਬਾਮਾ ਇਹਨਾਂ ਮਾਪਦੰਡਾਂ ‘ਤੇ ਖਰ੍ਹਾ ਉੱਤਰਦਾ ਹੈ? ਕੀ ਉਹ ਕਿਸੇ ਵੀ ਸ਼ਾਂਤੀ ਪੁਰਸਕਾਰ ਲਈ ਹੱਕਦਾਰ ਹੈ? ਆਓ, ਓਬਾਮਾ ਦੀ ਸੋਚਣੀ ਅਤੇ ਉਸਦੇ ਕਾਰਜਕਾਲ ਵਿੱਚ ਅਮਰੀਕਾ ਦੁਆਰਾ ਲਾਗੂ ਕੀਤੀ ਗਈ ਵਿਦੇਸ਼ ਨੀਤੀ ‘ਤੇ ਕੁਝ ਨਜ਼ਰ ਮਾਰੀਏ।  

ਬਾਰਾਕ ਓਬਾਮਾ ਅਤੇ ਅਫਗਾਨਿਸਤਾਨ ਜੰਗ

1 ਦਸੰਬਰ 2009 ਨੂੰ ਮਿਲਟਰੀ ਅਕੈਡਮੀ, ਵੈਸਟ ਪੁਆਇੰਟ, ਅਮਰੀਕਾ ਵਿਖੇ ਦਿੱਤੇ ਆਪਣੇ ਭਾਸ਼ਣ ਵਿੱਚ ਓਬਾਮਾ ਨੇ ਅਫਗਾਨਿਸਤਾਨ ਵਿੱਚ 30,000 ਹੋਰ ਫੌਜੀ ਭੇਜਣ ਦਾ ਐਲਾਨ ਕੀਤਾ। ਉਸਨੇ ਇਹ ਵੀ ਕਿਹਾ ਕਿ ਅਫਗਾਨਿਸਤਾਨ ਵਿੱਚ 10,000 ਹੋਰ ਨਾਟੋ ਫੌਜੀ ਵੀ ਭੇਜੇ ਜਾਣਗੇ। ਆਪਣੇ ਇਹਨਾਂ ਕਦਮਾਂ ਨੂੰ ਜਾਇਜ਼ ਸਿੱਧ ਕਰਨ ਲਈ ਓਬਾਮਾ ਨੇ ਆਪਣੇ ਇਸ ਭਾਸ਼ਣ ਵਿੱਚ ਝੂਠਾਂ ਦੀ ਝੜੀ ਲਾ ਦਿੱਤੀ।

ਅਮਰੀਕਾ ਨੇ ਅਫਗਾਨਿਸਤਾਨ ‘ਤੇ ਹਮਲਾ ਕਿਉਂ ਕੀਤਾ? ਓਬਾਮਾ ਦਾ ਕਹਿਣਾ ਹੈ ਕਿ 11 ਸਤੰਬਰ 2001 ਨੂੰ ਅਲਕਾਇਦਾ ਦੇ 19 ਦਹਿਸ਼ਤਗਰਦਾਂ ਦੁਆਰਾ ਅਮਰੀਕਾ ਦੇ 4 ਹਵਾਈ ਜਹਾਜ ਅਗਵਾ ਕਰਕੇ ਉਸਦੇ ਵੱਡੇ ਫੌਜੀ ਅਤੇ ਆਰਥਿਕ ਕੇਂਦਰਾਂ ਉੱਤੇ ਹਮਲੇ ਵਿੱਚ 3000 ਤੋਂ ਵੀ ਵੱਧ ਲੋਕ ਮਾਰੇ ਗਏ। ਇਸ ਤਰ੍ਹਾਂ ਅਲਕਾਇਦਾ ਦੀ ਹੋਂਦ ਦੁਨੀਆ ਲਈ ਇੱਕ ਬਹੁਤ ਵੱਡਾ ਖਤਰਾ ਬਣ ਗਈ ਸੀ। ਅਲਕਾਇਦਾ ਦੀਆਂ ਸਰਗਰਮੀਆਂ ਦਾ ਅਧਾਰ ਬਿੰਦੂ ਅਫਗਾਨਿਸਤਾਨ ਸੀ। ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਅਲਕਾਇਦਾ ਦੀ ਹਰ ਤਰ੍ਹਾਂ ਦੀ ਮਦਦ ਕਰ ਰਹੀ ਸੀ। ਓਬਾਮਾ ਅਨੁਸਾਰ ਅਮਰੀਕਾ ਨੇ ਤਾਲਿਬਾਨ ਤੋਂ ਅਲਕਾਇਦਾ ਮੁਖੀ ਬਿਨ ਲਾਦੇਨ ਉਸਨੂੰ ਸੌਂਪਣ ਲਈ ਕਿਹਾ ਸੀ। ਤਾਲਿਬਾਨ ਵੱਲੋਂ ਅਜਿਹਾ ਕਰਨ ਤੋਂ ਨਾਂਹ ਹੋਣ ਤੋਂ ਬਾਅਦ ਬਿਨ ਲਾਦੇਨ ਨੂੰ ਜਿੰਦਾ ਜਾਂ ਮੁਰਦਾ ਗ੍ਰਿਫਤਾਰ ਕਰਨ ਲਈ ਅਮਰੀਕਾ ਨੂੰ ਅਫਗਾਨਿਸਤਾਨ ਉੱਤੇ ਹਮਲਾ ਕਰਨਾ ਪਿਆ।

ਬਾਰਾਕ ਓਬਾਮਾ ਨੇ ਆਪਣੇ ਉਪਰੋਕਤ ਭਾਸ਼ਣ ਵਿੱਚ ਤਾਲਿਬਾਨ ਅਤੇ ਅਲਕਾਇਦਾ ਦੇ ਉਭਾਰ ਦੇ ਕਾਰਨਾਂ ਉੱਤੇ ਵੀ ‘ਚਾਨਣਾ’ ਪਾਇਆ। ਉਸਦਾ ਕਹਿਣਾ ਹੈ ਕਿ ਸੋਵੀਅਤ ਯੂਨੀਅਨ ਦੁਆਰਾ ਅਫਗਾਨਿਸਤਾਨ ਉੱਤੇ ਕੀਤੇ ਗਏ ਹਮਲੇ ਅਤੇ ਸਾਲਾਂ ਬੱਧੀ ਰਹੇ ਕਬਜ਼ੇ ਨੇ ਹੀ ਅਫਗਾਨਿਸਤਾਨ ਵਿੱਚ ਇਸਲਾਮਿਕ ਕੱਟੜਪੰਥੀ ਦੀ ਜ਼ਮੀਨ ਤਿਆਰ ਕੀਤੀ ਜਿਸ ਵਿੱਚੋਂ ਤਾਲਿਬਾਨ ਅਤੇ ਅਲਕਾਇਦਾ ਨੇ ਜਨਮ ਲਿਆ। ਇਸ ਤਰ੍ਹਾਂ ਓਬਾਮਾ ਇਹ ਕਹਿਣਾ ਚਾਹੁੰਦਾ ਹੈ ਕਿ ਕੌਮਾਂਤਰੀ ਪਿਛਾਂਹਖਿੱਚੂ ਇਸਲਾਮਿਕ ਮੂਲਵਾਦੀ ਲਹਿਰ ਦੇ ਪੈਦਾ ਹੋਣ ਅਤੇ ਵੱਧਣ-ਫੁੱਲਣ ਨਾਲ ਅਮਰੀਕਾ ਦਾ ਕੋਈ ਲੈਣਾ ਦੇਣਾ ਨਹੀਂ ਹੈ। ਓਬਾਮਾ ਸਾਰਾ ਠੀਕਰਾ ਸੋਵੀਅਤ ਯੂਨੀਅਨ ਦੇ ਸਿਰ ਹੀ ਭੰਨਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਆਓ ਹਕੀਕਤ ‘ਤੇ ਨਜ਼ਰ ਮਾਰੀਏ।

ਸੋਵੀਅਤ ਸਾਮਰਾਜਵਾਦੀਆਂ ਨੂੰ ਅਫਗਾਨਿਸਤਾਨ ਉੱਤੇ ਹਮਲੇ ਲਈ ਉਕਸਾਉਣ ਵਿੱਚ ਅਮਰੀਕਾ ਨੇ ਬਹੁਤ ਵੱਡੀ ਭੂਮਿਕਾ ਨਿਭਾਈ ਸੀ। ਜੁਲਾਈ 1979 ਤੋਂ ਹੀ, ਅਫਗਾਨਿਸਤਾਨ ਉੱਤੇ ਸੋਵੀਅਤ ਹਮਲੇ ਤੋਂ ਕੁਝ ਹੀ ਮਹੀਨੇ ਪਹਿਲਾਂ ਤੋਂ, ਅਮਰੀਕਾ ਨੇ ਅਫਗਾਨਿਸਤਾਨ ਦੀ ਸੋਵੀਅਤ ਪੱਖੀ ਸਰਕਾਰ ਨੂੰ ਡਾਵਾਂਡੋਲ ਕਰਨ ਲਈ ਇੱਕ ਗੁਪਤ ਮੁਹਿੰਮ ਦੀ ਸ਼ੁਰੂਆਤ ਕੀਤੀ। ਆਪਣੀ ਇਸ ਮੁਹਿੰਮ ਦੌਰਾਨ ਅਮਰੀਕਾ ਨੇ ਅਫਗਾਨਿਸਤਾਨ ਦੀਆਂ ਸਰਕਾਰ ਵਿਰੋਧੀ ਪਿਛਾਂਹਖਿੱਚੂ ਇਸਲਾਮਿਕ ਮੂਲਵਾਦੀ ਤਾਕਤਾਂ ਨੂੰ ਧਨ ਅਤੇ ਹਥਿਆਰਾਂ ਪੱਖੋਂ ਭਰਪੂਰ ਮਦਦ ਪਹੁੰਚਾਣੀ ਸ਼ੁਰੂ ਕਰ ਦਿੱਤੀ। ਅਮਰੀਕਾ ਚਾਹੁੰਦਾ ਸੀ ਕਿ ਸੋਵੀਅਤ ਯੂਨੀਅਨ ਅਫਗਾਨਿਸਤਾਨ ਉੱਤੇ ਫੌਜੀ ਹਮਲੇ ਲਈ ਮਜ਼ਬੂਰ ਹੋਵੇ। ਅਜਿਹਾ ਕਰਕੇ ਉਹ ਆਪਣੀ ਇਸ ਸਭ ਤੋਂ ਵੱਡੀ ਵਿਰੋਧੀ ਤਾਕਤ ਨੂੰ ਜੰਗ ਵਿੱਚ ਉਲਝਾ ਕੇ ਕਮਜ਼ੋਰ ਕਰਨਾ ਚਾਹੁੰਦਾ ਸੀ। ਜਦੋਂ ਸੋਵੀਅਤ ਯੂਨੀਅਨ ਨੇ ਅਫਗਾਨਿਸਤਾਨ ਉੱਤੇ ਹਮਲਾ ਕਰ ਦਿੱਤਾ ਤਾਂ ਅਮਰੀਕੀ ਰਾਸ਼ਟਰਪਤੀ ਜਿਮੀ ਕਾਰਟਰ ਨੂੰ ਉਸਦੇ ਕੌਮੀ ਸੁਰੱਖਿਆ ਸਲਾਹਕਾਰ ਜ਼ਬੀਨਿਉ ਬਰੇਜ਼ਿੰਸਕੀ (Zbigniew Brezinski) ਨੇ ਲਿਖਿਆ— ”ਹੁਣ ਸਾਡੇ ਕੋਲ ਇਹ ਮੌਕਾ ਹੈ ਕਿ ਅਸੀਂ ਸੋਵੀਅਤ ਯੂਨੀਅਨ ਨੂੰ ਇੱਕ ਵੀਅਤਨਾਮ ਜੰਗ ਵਿੱਚ ਫਸਾਈਏ।”

ਅਫਗਾਨਿਸਤਾਨ ਉੱਤੇ ਸੋਵੀਅਤ ਹਮਲੇ ਤੋਂ ਬਾਅਦ ਅਮਰੀਕਾ ਪਾਕਿਸਤਾਨ ਅਤੇ ਸਾਉਦੀ ਅਰਬ ਨਾਲ਼ ਮਿਲ ਕੇ 80ਵਿਆਂ ਦੇ ਪੂਰੇ ਦਹਾਕੇ ਦੌਰਾਨ ਚੱਲੀ ਇਸ ਜੰਗ ਨੂੰ ਲੰਮੀ ਤੋਂ ਲੰਮੀ, ਜਿਆਦਾ ਤੋਂ ਜਿਆਦਾ ਹਿੰਸਕ ਅਤੇ ਤਬਾਹਕੁੰਨ ਬਣਾਉਣ ਵਿੱਚ ਲੱਗਿਆ ਰਿਹਾ। ਮੁਜਾਹੀਦੀਨਾਂ (ਇਸਲਾਮ ਦੀ ਜੰਗੀ) ਨੂੰ ਜੱਥੇਬੰਦ ਹੋਣ ਵਿੱਚ ਹਰ ਮਦਦ ਦਿੱਤੀ ਗਈ। ਅਮਰੀਕੀ ਸਰਕਾਰ ਨੇ ਜੰਗ ਦੇ ਇਸ ਪੂਰੇ ਸਮੇਂ ਦੌਰਾਨ 3 ਬਿਲੀਅਨ ਡਾਲਰ ਤੋਂ ਵੀ ਵੱਧ ਦੇ ਹਥਿਆਰ ਅਤੇ ਧਨ ਰਾਹੀਂ ਇਹਨਾਂ ਇਸਲਾਮਿਕ ਕੱਟੜਪੰਥੀਆਂ ਨੂੰ ਮਜ਼ਬੂਤ ਕੀਤਾ। ਸੋਵੀਅਤ ਹਮਲਾਵਰਾਂ ਖਿਲਾਫ ਹੋਰ ਵੀ ਅਫਗਾਨ ਲੋਕ ਲੜ ਰਹੇ ਸਨ ਪਰ ਅਮਰੀਕਾ ਅਤੇ ਉਸਦੇ ਸਹਿਯੋਗੀਆਂ ਨੇ ਜਾਣ ਬੁੱਝ ਕੇ ਇਸਲਾਮਿਕ ਮੂਲਵਾਦੀ ਖਾੜਕੂਆਂ ਦੀ ਹੀ ਮਦਦ ਕੀਤੀ। ਇਸ ਤਰ੍ਹਾਂ ਉਸਨੇ ਸੰਸਾਰ ਪੱਧਰ ਦੀ ਪਿਛਾਂਹਖਿੱਚੂ ਇਸਲਾਮਿਕ ਮੂਲਵਾਦੀ ਲਹਿਰ ਭੜਕਾਉਣ ਵਿੱਚ ਵੱਡੀ ਭੂਮਿਕਾ ਅਦਾ ਕੀਤੀ।

80ਵਿਆਂ ਦੌਰਾਨ ਸੋਵੀਅਤ ਸਾਮਰਾਜਵਾਦ ਅਤੇ ਅਮਰੀਕੀ ਸਾਮਰਾਜਵਾਦ ਦੋਵਾਂ ਖਿਲਾਫ ਲੜਨ ਵਾਲੀ ਲਹਿਰ ਵੀ ਅਫਗਾਨਿਸਤਾਨ ਵਿੱਚ ਮੌਜੂਦ ਸੀ। ਬਿਲਕੁਲ ਹੀ ਵੱਖਰੀ ਤਰ੍ਹਾਂ ਦੇ ਭਵਿੱਖ ਲਈ ਜੂਝ ਰਹੀ ਇਸ ਲਹਿਰ ਦੀ ਅਗਵਾਈ ਮਾਓਵਾਦੀ ਇਨਕਲਾਬੀ ਕਰ ਰਹੇ ਸਨ। ਉਹ ਅਫਗਾਨਿਸਤਾਨ ਨੂੰ ਹਰ ਤਰ੍ਹਾਂ ਦੇ ਸਾਮਰਾਮਵਾਦੀ ਦਾਬੇ, ਪੂੰਜੀਵਾਦੀ ਲੁੱਟ-ਖਸੁੱਟ ਅਤੇ ਅਫਗਾਨ ਲੋਕਾਂ, ਖਾਸਕਰ ਔਰਤਾਂ ਨੂੰ ਜੰਜੀਰਾਂ ਵਿੱਚ ਜਕੜੀ ਰੱਖਣ ਵਾਲੇ ਪਿਛਾਂਹਖਿੱਚੂ, ਰਿਵਾਇਤੀ ਜਗੀਰੂ ਸਮਾਜਿਕ ਸੰਬੰਧਾਂ ਅਤੇ ਸਭਿਆਚਾਰ ਤੋਂ ਮੁਕਤ ਕਰਵਾਉਣਾ ਚਾਹੁੰਦੇ ਸਨ। ਇਸ ਇਨਕਲਾਬੀ ਲਹਿਰ ਨੂੰ ਸਾਰੀਆਂ ਹੀ ਉਲਟ-ਇਨਕਲਾਬੀ ਤਾਕਤਾਂ—ਅਮਰੀਕੀ ਸਾਮਰਾਜਵਾਦੀਆਂ, ਸੋਵੀਅਤ ਸਾਮਰਾਜਵਾਦੀਆਂ, ਇਸਲਾਮਿਕ ਮੁਜਾਹੀਦੀਨਾਂ ਅਤੇ ਅਮਰੀਕੀ ਹੱਥ-ਠੋਕੇ ਜੰਗੀ ਸਰਦਾਰਾਂ- ਦੁਆਰਾ ਬੇਕਿਰਕੀ ਅਤੇ ਨਿਰਦਈ ਢੰਗ ਨਾਲ਼ ਕੁਚਲਿਆ ਗਿਆ। 

ਇਸ ਜੰਗ ਵਿੱਚ ਅਫਗਾਨਿਸਤਾਨ ਦੇ ਲੋਕਾਂ ਦਾ ਬਹੁਤ ਵੱਡਾ ਘਾਣ ਹੋਇਆ। 1 ਮਿਲੀਅਨ ਤੋਂ ਵੀ ਵੱਧ ਅਫਗਾਨੀ ਲੋਕ ਮਾਰੇ ਗਏ। ਕੁੱਲ ਅਫਗਾਨ ਅਬਾਦੀ ਦਾ ਤੀਜਾ ਹਿੱਸਾ-7 ਮਿਲੀਅਨ ਤੋਂ ਵੀ ਵੱਧ ਲੋਕ— ਉਜਾੜੇ ਦਾ ਸ਼ਿਕਾਰ ਹੋ ਕੇ ਰਫਿਊਜੀ ਕੈਂਪਾਂ ਵਿੱਚ ਰਹਿਣ ਲਈ ਮਜਬੂਰ ਹੋਏ। ਅਫਗਾਨ ਲੋਕਾਂ ਦੇ ਹੋਏ ਇਸ ਘਾਣ ਵਿੱਚ ਅਮਰੀਕੀ ਸਾਮਰਾਜਵਾਦ ਸੋਵੀਅਤ ਸਾਮਰਾਜਵਾਦ ਜਿੰਨਾ ਹੀ ਕਸੂਰਵਾਰ ਹੈ। ਦੁਨੀਆ ਉੱਤੇ ਸਾਮਰਾਜਵਾਦੀ ਦਾਬਾ ਜਮਾਉਣ ਦੀ ਲੜਾਈ ਵਿੱਚ ਬੇਕਸੂਰ ਅਫ਼ਗਾਨ ਲੋਕਾਂ ਦਾ ਖੂਨ ਵਹਾਇਆ ਗਿਆ।

ਇਸ ਜੰਗ ਵਿੱਚ ਸੋਵੀਅਤ ਯੂਨੀਅਨ ਦੀ ਬੁਰੀ ਤਰ੍ਹਾਂ ਹਾਰ ਹੋਈ। ਆਪਣੇ 15,000 ਫੌਜੀਆਂ ਨੂੰ ਮਰਵਾਉਣ ਤੋਂ ਬਾਅਦ 1989 ਵਿੱਚ ਸੋਵੀਅਤ ਯੂਨੀਅਨ ਨੇ ਅਫਗਾਨਿਸਤਾਨ ‘ਚੋਂ ਆਪਣੀ ਫੌਜ ਵਾਪਸ ਬੁਲਾ ਲਈ। 2 ਸਾਲ ਬਾਅਦ ਸੋਵੀਅਤ ਯੂਨੀਅਨ ਟੁੱਟ ਗਿਆ। ਅਫਗਾਨਿਸਤਾਨ ਵਿੱਚ ਹੋਈ ਹਾਰ ਵੀ ਉਸਦੇ ਟੁੱਟਣ ਦੇ ਫੌਰੀ ਕਾਰਨਾਂ ਵਿੱਚ ਇੱਕ ਸੀ। 1998 ਵਿੱਚ ਫਰਾਂਸਿਸੀ ਅਖਬਾਰ Le Nauvel Observaleur ਨਾਲ਼ ਹੋਈ ਬਰੇਜ਼ਿੰਸਕੀ ਦੀ ਗੱਲਬਾਤ ਇੱਥੇ ਜਿਕਰਯੋਗ ਹੈ। ਅਖਬਾਰ ਨੇ ਬਰੇਜ਼ਿੰਸਕੀ ਨੂੰ ਪੁੱਛਿਆ ਕਿ ਕੀ ਉਹਨਾਂ ਨੂੰ ਅਫਗਾਨਿਸਤਾਨ ‘ਤੇ ਸੋਵੀਅਤ ਹਮਲਾ ਉਕਸਾਉਣ ਅਤੇ ਇਸਲਾਮਿਕ ਕੱਟੜਪੰਥੀਆਂ ਨੂੰ ਮਦਦ ਦੇਣ ਅਤੇ ਭਵਿੱਖ ਦੇ ਦਹਿਸ਼ਤਗਰਦਾਂ ਨੂੰ ਹਥਿਆਰ ਅਤੇ ਸਲ੍ਹਾ-ਮਸ਼ਵਰਾ ਦੇਣ ਦਾ ਪਛਤਾਵਾ ਹੈ? ਬਰੇਜ਼ਿੰਸਕੀ ਨੇ ਕਿਹਾ-”ਕਿਸ ਗੱਲ ਦਾ ਪਛਤਾਵਾ?…ਸੰਸਾਰ ਦੇ ਇਤਿਹਾਸ ਲਈ ਕਿਹੜੀ ਗੱਲ ਸਭ ਤੋਂ ਵੱਧ ਮਹੱਤਵਪੂਰਨ ਹੈ? ਤਾਲਿਬਾਨ ਜਾਂ ਸੋਵੀਅਤ ਸਾਮਰਾਜ ਦਾ ਟੁੱਟਣਾ? ਕੁੱਝ ਭੜਕੇ ਹੋਏ ਮੁਸਲਿਮ ਜਾਂ ਯੂਰਪ ਦੀ ਅਜ਼ਾਦੀ ਅਤੇ ਠੰਡੀ ਜੰਗ ਦਾ ਅੰਤ?”

ਇਤਿਹਾਸ ‘ਤੇ ਨਜ਼ਰ ਮਾਰਦੇ ਹੋਏ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਅਮਰੀਕਾ 11 ਸਤੰਬਰ 2001 ਨੂੰ ਦਹਿਸ਼ਤਗਰਦ ਹਮਲੇ ਦਾ ਮੁਫਤ ਵਿੱਚ ਹੀ ਸ਼ਿਕਾਰ ਨਹੀਂ ਹੋਇਆ। ਉਹ ਖੁਦ ਆਪਣੇ ਦੁਆਰਾ ਹੀ ਭੜਕਾਈ ਗਈ ਅੱਗ ਵਿੱਚ ਝੁਲਸਿਆ ਸੀ।

ਅਕਤੂਬਰ 2001 ਵਿੱਚ ਅਫਗਾਨਿਸਤਾਨ ‘ਤੇ ਕੀਤੇ ਹਮਲੇ ਪਿੱਛੇ ਬੁਸ਼ ਪ੍ਰਸ਼ਾਸ਼ਨ ਦੇ ਬਹੁਤ ਸਾਰੇ ਨੀਚ ਮੰਤਵ ਸਨ ਜਿਨ੍ਹਾਂ ‘ਤੇ ਹੁਣ ਓਬਾਮਾ ਪਰਦਾ ਪਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। 

ਅਮਰੀਕਾ ਅਫਗਾਨਿਸਤਾਨ ਉੱਤੇ ਤੁਰੰਤ ਅਤੇ ਵੱਡੇ ਹਮਲੇ ਰਾਹੀਂ ਕਬਜ਼ੇ ਨਾਲ਼ ਦੁਨੀਆ ਨੂੰ ਇਹ ਵਿਖਾਉਣਾ ਚਾਹੁੰਦਾ ਸੀ ਕਿ 11 ਸਤੰਬਰ ਦੇ ਹਮਲੇ ਨਾਲ਼ ਉਹ ਲੜਖੜਾ ਨਹੀਂ ਗਿਆ। ਉਹ ਦੁਨੀਆ ਨੂੰ ਇਹ ਚੇਤਾਵਨੀ ਦੇਣਾ ਚਾਹੁੰਦਾ ਸੀ ਕਿ ਉਹ ਹਾਲੇ ਵੀ ਉਸਨੂੰ ਅੱਖਾਂ ਵਿਖਾਉਣ ਵਾਲ਼ੀ ਹਰ ਇੱਕ ਉਭਰਦੀ ਤਾਕਤ ਨੂੰ ਕੁਚਲਣ ਦੀ ਇੱਛਾ ਅਤੇ ਤਾਕਤ ਰੱਖਦਾ ਹੈ। ਦੁਨੀਆ ਉੱਤੇ ਆਪਣਾ ਡਰ ਅਤੇ ਦਾਬਾ ਕਾਇਮ ਰੱਖਣ ਲਈ ਉਸ ਵਾਸਤੇ ਇਹ ਜ਼ਰੂਰੀ ਸੀ।

ਦੂਜਾ, ਅਮਰੀਕਾ ਤਾਲਿਬਾਨੀ ਸੱਤਾ ਦਾ ਤੁਰੰਤ ਤਖਤਾਪਲਟ ਕਰਕੇ ਨਿਰੀ ਅਮਰੀਕਾ ਪੱਖੀ ਇੱਕ ਕਠਪੁਤਲੀ ਸੱਤਾ ਕਾਇਮ ਕਰਨਾ ਚਾਹੁੰਦਾ ਸੀ। ਅਮਰੀਕਾ ਲੰਮੇ ਸਮੇਂ ਤੋਂ ਮੱਧ ਏਸ਼ੀਆ ਦੇ ਸਰੋਤ ਸੰਸਾਧਨਾਂ ਤੱਕ ਆਪਣੀ ਪਹੁੰਚ ਬਣਾਉਣ ਅਤੇ ਕੰਟਰੋਲ ਸਥਾਪਿਤ ਕਰਨ ਖਾਤਰ ਇਸ ਖੇਤਰ ਵਿੱਚ ਆਪਣਾ ਫੌਜੀ ਕੰਟਰੋਲ ਸਥਾਪਿਤ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਲੱਗਿਆ ਹੋਇਆ ਸੀ। ਇਸ ਸਬੰਧ ਵਿੱਚ ਅਫਗਾਨਿਸਤਾਨ ਉੱਤੇ ਕਬਜ਼ਾ ਇੱਕ ਵੱਡੀ ਮਹੱਤਤਾ ਰੱਖਦਾ ਸੀ। 1990ਵਿਆਂ ਵਿੱਚ ਅਮਰੀਕਾ ਅਫਗਾਨਿਸਤਾਨ ਵਿੱਚੋਂ ਇੱਕ ਪਾਈਪਲਾਈਨ ਕੱਢਣਾ ਚਾਹੁੰਦਾ ਸੀ। ਉਹ ਨਹੀਂ ਸੀ ਚਾਹੁੰਦਾ ਕਿ ਉਸਨੂੰ ਇਹ ਪਾਈਪਲਾਈਨ ਰੂਸ ਜਾਂ ਚੀਨ ਵਿੱਚੋਂ ਲੰਘਾਉਣੀ ਪਏ। ਅਮਰੀਕਾ ਦੀ ਇੱਕ ਵੱਡੀ ਤੇਲ ਕੰਪਨੀ ਯੂ. ਐਨ. ਓ. ਸੀ. ਏ. ਐਲ. ਇਸ ਪ੍ਰੋਜੈਕਟ ਦੀ ਮੁੱਖ ਠੇਕੇਦਾਰ ਸੀ। ਇਸ ਕੰਪਨੀ ਦੇ ਸਲਾਹਕਾਰਾਂ ਵਿੱਚੋਂ ਇੱਕ ਹਾਮਿਦ ਕਰਜਈ ਸੀ ਜੋ ਬਾਅਦ ਵਿੱਚ ਅਮਰੀਕਾ ਦੁਆਰਾ ਅਫਗਾਨਿਸਤਾਨ ਦਾ ਰਾਸ਼ਟਰਪਤੀ ਥੋਪਿਆ ਗਿਆ। 

ਬਿਨ ਲਾਦੇਨ ਨੂੰ ਗ੍ਰਿਫਤਾਰ ਕਰਨਾ ਜਾਂ ਮਾਰ ਦੇਣਾ ਅਫਗਾਨਿਸਤਾਨ ਉੱਤੇ ਅਮਰੀਕੀ ਹਮਲੇ ਦਾ ਕਦੇ ਵੀ ਕੇਂਦਰੀ ਮੰਤਵ ਨਹੀਂ ਰਿਹਾ ਜਿਵੇਂ ਕਿ ਓਬਾਮਾ ਕਹਿ ਰਿਹਾ ਹੈ। ਗਾਰਡੀਅਨ ਯੂ.ਕੇ. (14 ਅਕਤੂਬਰ 2001) ਅਨੁਸਾਰ ਅਫਗਾਨਿਸਤਾਨ ਉੱਤੇ ਬੰਬਾਰੀ ਰੋਕ ਦੇਣ ਦੀ ਸੂਰਤ ਵਿੱਚ ਬਿਨ ਲਾਦੇਨ ਅਮਰੀਕਾ ਨੂੰ ਸੌਂਪਣ ਉੱਤੇ ਵਿਚਾਰ ਕਰਨ ਦੇ ਤਾਲਿਬਾਨ ਸਰਕਾਰ ਦੁਆਰਾ ਅਮਰੀਕਾ ਨੂੰ ਦਿੱਤੇ ਸੱਦੇ ਨੂੰ ਰਾਸ਼ਟਰਪਤੀ ਜਾਰਜ ਬੁਸ਼ ਨੇ ਨਾਮਨਜ਼ੂਰ ਕਰ ਦਿੱਤਾ ਸੀ।

ਅਮਰੀਕਾ ਦੀ ਅਫਗਾਨਿਸਤਾਨ ਜੰਗ ਦੇ ਨਤੀਜੇ

1 ਦਸੰਬਰ ਦੇ ਆਪਣੇ ਉਪਰੋਕਤ ਭਾਸ਼ਣ ਵਿੱਚ ਬਾਰਾਕ ਓਬਾਮਾ ਅਫਗਾਨਿਸਤਾਨ ਜੰਗ ਦੇ ਕਈ ਹਾਂ ਪੱਖੀ ਨਤੀਜੇ ਗਿਣਾਉਂਦਾ ਹੈ। ਉਸਦਾ ਕਹਿਣਾ ਹੈ ਕਿ ਅਲਕਾਇਦਾ ਨੂੰ ਖਿੰਡਾ ਦਿੱਤਾ ਗਿਆ ਹੈ। ਉਸਦੇ ਬਹੁਤ ਸਾਰੇ ਸੰਚਾਲਕ ਮਾਰੇ ਜਾ ਚੁੱਕੇ ਹਨ। ਤਾਲਿਬਾਨ ਨੂੰ ਸੱਤਾ ਤੋਂ ਹਟਾਇਆ ਜਾ ਚੁੱਕਾ ਹੈ। ਹੱਦ ਤਾਂ ਉਦੋਂ ਹੋ ਜਾਂਦੀ ਹੈ ਜਦੋਂ ਓਬਾਮਾ ਇਹ ਕਹਿਦਾ ਹੈ ਕਿ ਉਹ ਥਾਂ (ਅਫਗਾਨਿਸਤਾਨ) ਜਿੱਥੇ ਦਹਾਕਿਆਂ ਬੱਧੀ ਡਰ-ਸਹਿਮ ਦਾ ਮਾਹੌਲ ਰਿਹਾ ਹੈ ਹੁਣ ਉੱਥੇ ਉਮੀਦ ਦੀ ਕਿਰਨ ਨਜ਼ਰ ਆ ਰਹੀ ਹੈ! ਕਰਜਈ ਸੱਤਾ ਦਾ ਹੋਂਦ ਵਿੱਚ ਆਉਣਾ ਉਸ ਦੀਆਂ ਨਜ਼ਰਾਂ ਵਿੱਚ ਅਫਗਾਨਿਸਤਾਨ ‘ਚ ਹੋਇਆ ਬਹੁਤ ਵੱਡਾ ਹਾਂ-ਪੱਖੀ ਵਿਕਾਸ ਹੈ ਜਿਸ ਸਦਕਾ ਇਸ ਦੇਸ਼ ‘ਚ ਨਿਰਣਾਇਕ ਸ਼ਾਂਤੀ ਬਹਾਲ ਕਰਨ ਵਿੱਚ ਮਦਦ ਮਿਲੇਗੀ।

ਪਹਿਲੀ ਗੱਲ, ਜਿਹੜੀ ਕਰਜਈ ਸੱਤਾ ਅਫਗਾਨਿਸਤਾਨ ਦੇ ਲੋਕਾਂ ‘ਤੇ ਅਮਰੀਕਾ ਦੁਆਰਾ ਥੋਪੀ ਗਈ ਹੈ ਉਸ ਦਾ ਤਾਲਿਬਾਨੀ ਸੱਤਾ ਨਾਲੋਂ ਜ਼ਰਾ ਵੀ ਫਰਕ ਨਹੀਂ। ਕਰਜਈ ਸੱਤਾ ਅਮਰੀਕਾ ਦੇ ਪਿੱਛਲੱਗੂਆਂ, ਜੰਗੀ ਸਰਦਾਰਾਂ, ਡਰੱਗ ਡੀਲਰਾਂ ਅਤੇ ਜੰਗੀ ਅਪਰਾਧੀਆਂ ਦੀ ਸੱਤਾ ਹੈ। ਇਹ ਓਨੀ ਹੀ ਨਫਰਤਯੋਗ ਹੈ ਜਿੰਨੀ ਤਾਲਿਬਾਨ ਸੱਤਾ ਸੀ। ਉਦਾਹਰਣ ਦੇ ਤੌਰ ‘ਤੇ ਕਰਜਈ ਸੱਤਾ ਵਿੱਚ ਅਫਗਾਨ ਨੈਸ਼ਨਲ ਆਰਮੀ ਦੇ ਕਮਾਂਡਰ ਇਨ ਚੀਫ ਦੇ ਸਟਾਫ ਦਾ ਮੁਖੀ ਰਹਿ ਚੁੱਕਿਆ ਜਨਰਲ ਅਬਦੁੱਲ ਦੋਸਤਮ ਉਹ ਵਿਅਕਤੀ ਹੈ ਜੋ 2001 ਵਿੱਚ ਹੋਈ ਦਸਤ-ਏ-ਲਿਲੀ ਨਸਲਕੁਸ਼ੀ ਲਈ ਜਿੰਮੇਵਾਰ ਹੈ। ਦੋ ਹਜ਼ਾਰ ਜੰਗੀ ਕੈਦੀਆਂ ਨੂੰ ਸਮੂਹਿਕ ਤੌਰ ‘ਤੇ ਦਮ ਘੋਟ ਕੇ ਕਤਲ ਕਰ ਕੇ ਮਾਰੂਥਲ ਵਿੱਚ ਦਫਨਾ ਦਿੱਤਾ ਗਿਆ ਸੀ। ਕਰਜਈ ਸਰਕਾਰ ਓਨੀ ਹੀ ਔਰਤ ਵਿਰੋਧੀ ਹੈ ਜਿੰਨੇ ਕਿ ਤਾਲਿਬਾਨ। ਹੋਰਨਾਂ ਬਹੁਤ ਸਾਰੇ ਔਰਤ ਵਿਰੋਧੀ ਕਾਨੂੰਨਾਂ ਅਤੇ ਨੀਤੀਆਂ ਸਮੇਤ ਕਰਜਈ ਸਰਕਾਰ ਨੇ ਫਰਵਰੀ 2009 ਵਿੱਚ ਇੱਕ ਕਾਨੂੰਨ ਪਾਸ ਕੀਤਾ ਜਿਸ ਨਾਲ਼ ਵਿਆਹੁਤਾ ਸਬੰਧਾਂ ਵਿੱਚ ਬਲਾਤਕਾਰ ਨੂੰ ਕਾਨੂੰਨੀ ਰੂਪ ਦੇ ਦਿੱਤਾ ਗਿਆ ਹੈ। ਇਸ ਕਾਨੂੰਨ ਦੁਆਰਾ  ਔਰਤਾਂ ‘ਤੇ ਆਪਣੇ ਪਤੀ ਨੂੰ ਸੰਭੋਗ ਕਰਨ ਤੋਂ ਨਾਂਹ ਕਰਨ ਤੋਂ ਪਾਬੰਦੀ ਲਾ ਦਿੱਤੀ ਗਈ ਹੈ। ਇਹ ਕਾਨੂੰਨ ਅਫਗਾਨਿਸਤਾਨ ਦੀ ਸ਼ਿਆ ਅਬਾਦੀ, ਜੋ ਕਿ ਅਫਗਾਨਿਸਤਾਨ ਦੀ ਆਬਾਦੀ ਦਾ 10-15 ਪ੍ਰਤੀਸ਼ਤ ਬਣਦੀ ਹੈ, ‘ਤੇ ਲਾਗੂ ਕੀਤਾ ਗਿਆ ਹੈ। ਇਹ ਕਾਨੂੰਨ ਔਰਤਾਂ ਨੂੰ ਆਪਣੇ ਪਤੀ ਦੀ ਇਜ਼ਾਜਤ ਤੋਂ ਬਿਨਾਂ ਨੌਕਰੀ ਕਰਨ, ਸਕੂਲ ਜਾਣ, ਸਿਹਤ ਸੁਵਿਧਾਵਾਂ ਸਮੇਤ ਹੋਰ ਸੇਵਾਵਾਂ ਪ੍ਰਾਪਤ ਕਰਨ ਅਤੇ ਇੱਥੋਂ ਤੱਕ ਕਿ ਘਰੋਂ ਬਾਹਰ ਨਿਕਲਣ ‘ਤੇ ਵੀ ਪਾਬੰਦੀ ਲਾ ਦਿੰਦਾ ਹੈ। ਇਸ ਤਰ੍ਹਾਂ ਤਾਲਿਬਾਨ ਸੱਤਾ ਦੇ ਤਖਤਾਪਲਟ ਅਤੇ ਕਰਜਈ ਸੱਤਾ ਕਾਇਮ ਹੋਣ ਨਾਲ਼ ਅਫਗਾਨਿਸਤਾਨ ਦੇ ਆਮ ਲੋਕਾਂ ਦੀ ਹਾਲਤ ਵਿੱਚ ਕੋਈ ਫ਼ਰਕ ਨਹੀਂ ਪਿਆ। ਉਹ ਹੁਣ ਵੀ ਭਿਆਨਕ ਲੁੱਟ-ਖਸੁੱਟ ਅਤੇ ਅਨਿਆਂ ਦਾ ਸ਼ਿਕਾਰ ਹਨ। ਕਰਜਈ ਸੱਤਾ ਨੇ ਵਿਦੇਸ਼ੀ ਦਾਬੇ, ਪੂੰਜੀਵਾਦੀ ਅਤੇ ਜਗੀਰੂ ਲੁੱਟ-ਖਸੁੱਟ, ਧਾਰਮਿਕ ਮੂਲਵਾਦ ਅਤੇ ਪਿੱਤਰਸੱਤਾ ਨੂੰ ਹੋਰ ਪਕੇਰਾ ਹੀ ਕੀਤਾ ਹੈ। 

ਅਗਲੀ ਗੱਲ, ਓਬਾਮਾ ਭਾਵੇਂ ਇਹ ਗੱਲ ਮੰਨਣ ਨੂੰ ਭੋਰਾ ਵੀ ਤਿਆਰ ਨਾ ਹੋਵੇ ਪਰ ਅਸਲ ਵਿੱਚ ਅਮਰੀਕਾ ਅਫਗਾਨਿਸਤਾਨ ਜੰਗ ਹਾਰ ਚੁੱਕਾ ਹੈ। ਅਫਗਾਨਿਸਤਾਨ ਦੇ ਲੋਕ ਜਿੰਨੀ ਵੱਡੀ ਪੱਧਰ ‘ਤੇ ਟਾਕਰਾ ਕਰ ਰਹੇ ਹਨ ਉਸਤੋਂ ਇਹ ਤਾਂ ਤੈਅ ਹੋ ਹੀ ਚੁੱਕਾ ਹੈ ਕਿ ਦੇਰ-ਸਵੇਰ ਸਾਮਰਾਜਵਾਦੀ ਫੌਜੀਆਂ ਨੂੰ ਅਫਗਾਨਿਸਤਾਨ ਛੱਡਣਾ ਹੀ ਪੈਣਾ ਹੈ। ਅਫਗਾਨਿਸਤਾਨ ਜੰਗ ਅਮਰੀਕਾ ਲਈ ਇੱਕ ਹੋਰ ਵੀਅਤਨਾਮ ਜੰਗ ਬਣ ਚੁੱਕੀ ਹੈ। ਅਮਰੀਕਾ ਨੂੰ ਅਫਗਾਨਿਸਤਾਨ ਵਿੱਚ ਨਾ ਤਾਂ ਟਿਕਣ ਦਾ ਹੀ ਕੋਈ ਠਿਕਾਣਾ ਲੱਭ ਰਿਹਾ ਹੈ ਅਤੇ ਨਾ ਹੀ ਭੱਜਣ ਦਾ ਰਾਹ।

ਅਮਰੀਕਾ ਵਿੱਚ ਅਫਗਾਨਿਸਤਾਨ ਜੰਗ ਦਾ ਵਿਰੋਧ ਲਗਾਤਾਰ ਵੱਧਦਾ ਜਾ ਰਿਹਾ ਹੈ। ਉਸਦੀ ਆਪਣੀ ਡੈਮੋਕ੍ਰੋਟਿਕ ਪਾਰਟੀ ਵਿੱਚ ਇਸ ਜੰਗ ਦੇ ਵਿਰੋਧ ਵਿੱਚ ਅਵਾਜਾਂ ਉੱਠ ਰਹੀਆਂ ਹਨ ਕਿਉਂਕਿ ਜੰਗ ਜਿੱਤਣ ਦੇ ਕਿਤੇ ਕੋਈ ਆਸਾਰ ਨਜ਼ਰ ਨਹੀਂ ਆ ਰਹੇ। ਅਸਲ ਵਿੱਚ ਖੁਦ ਓਬਾਮਾ ਨੂੰ ਇਹ ਜੰਗ ਜਿੱਤ ਸਕਣ ‘ਤੇ ਭਰੋਸਾ ਨਹੀਂ ਹੈ। ਓਬਾਮਾ ਭਾਂਵੇ 40,000 ਹੋਰ ਅਮਰੀਕੀ ਅਤੇ ਨਾਟੋ ਫੌਜੀ ਅਫਗਾਨਿਸਤਾਨ ਭੇਜਣ ਦਾ ਐਲਾਨ ਕਰ ਚੁੱਕਾ ਹੈ ਪਰ ਉਸਦੀ ਜੰਗ ਜਿੱਤਣ ਪ੍ਰਤੀ  ਗੈਰਭਰੋਸਗੀ ਸਾਫ ਨਜ਼ਰ ਆ ਰਹੀ ਹੈ। ਓਬਾਮਾ ਨਿਰਣਾਇਕ ਜਿੱਤ ਜਿਹੇ ਸ਼ਬਦ ਇਸਤੇਮਾਲ ਕਰਨ ਤੋਂ ਬਚ ਰਿਹਾ ਹੈ। ਉਹ ਤਾਲਿਬਾਨ ਦੀ ਸਮਰੱਥਾ ਇਸ ਕਦਰ ਘਟਾਉਣ ਦੀ ਗੱਲ ਹੀ ਕਰ ਰਿਹਾ ਹੈ ਕਿ ਅਫਗਾਨਿਸਤਾਨ ਦੇ ਲੋਕ ਖੁਦ ਆਪਣੇ ਦੇਸ਼ ਦੀ ਰੱਖਿਆ ਕਰ ਸਕਣ ਦੀ ਜਿੰਮੇਵਾਰੀ ਸੰਭਾਲ ਸਕਣ। ਮਈ 2009 ਵਿੱਚ ਓਬਾਮਾ ਨੇ ਜਨਰਲ ਸਟੇਨਲੇਅ ਏ. ਮੈਕ੍ਰੀਸਟਲ ਨੂੰ ਅਫਗਾਨਿਸਤਾਨ ਜੰਗ ਜਿੱਤਣ ਦੀ ਯੋਜਨਾ ਬਣਾਉਣ ਦੀ ਜਿੰਮੇਵਾਰੀ ਸੌਂਪੀ ਸੀ। ਸਤੰਬਰ ਵਿੱਚ ਜਨਰਲ ਮੈਕ੍ਰੀਸਟਲ ਨੇ 44,000 ਹੋਰ ਫੌਜੀ ਅਫਗਾਨਿਸਤਾਨ ਵਿੱਚ ਭੇਜਣ ਦੀ ਯੋਜਨਾ ਪੇਸ਼ ਕੀਤੀ। ਓਬਾਮਾ ਇਸ ਯੋਜਨਾ ਨਾਲ਼ ਅਸਹਿਮਤ ਸੀ ਕਿਉਂਕਿ ਇਸ ਨਾਲ਼ ਵੀ ਉਸ ਨੂੰ ਕਾਮਯਾਬੀ ਮਿਲਣ ਦੀ ਆਸ ਨਹੀਂ ਸੀ। ਹੋਰ ਕੋਈ ਰਾਹ ਨਜ਼ਰ ਨਾ ਆਉਂਦਾ ਵੇਖ ਕੇ ਆਖਿਰ ਉਸਨੂੰ ਹੋਰ ਫੌਜੀ ਭੇਜਣ ਦਾ ਐਲਾਨ ਕਰਨਾ ਹੀ ਪਿਆ। ਇਹ ਸਭ ਕੁਝ ਓਬਾਮਾ ਦੀ ਜੰਗ ਜਿੱਤਣ ਪ੍ਰਤੀ ਗੈਰਭਰੋਸਗੀ ਨੂੰ ਹੀ ਜ਼ਾਹਿਰ ਕਰਦਾ ਹੈ। 
ਤਾਲਿਬਾਨ ਦੀ ਅਗਵਾਈ ਵਿੱਚ ਹੀ ਸਹੀ ਅਫਗਾਨ ਲੋਕਾਂ ਨੇ ਆਪਣੇ ਦੇਸ਼ ਉੱਤੇ ਵਿਦੇਸ਼ੀ ਕਬਜੇ ਵਿਰੁੱਧ ਮੂੰਹ ਤੋੜਵਾਂ ਜਵਾਬ ਦਿੱਤਾ ਹੈ। ਅਫਗਾਨਿਸਤਾਨ ਵਿੱਚ ਵਿਦੇਸ਼ੀ ਫੌਜਾਂ ਦੀ ਇਹ ਕਸੂਤੀ ਹਾਲਤ ਬਣਨੀ ਲਾਜ਼ਮੀ ਸੀ। ਪਰ ਓਬਾਮਾ ਇਸ ਸਬੰਧੀ ਵੀ ਊਟਪਟਾਂਗ ਤਰਕ ਦੇ ਰਿਹਾ ਹੈ।

ਆਪਣੇ ਭਾਸ਼ਣ ਵਿੱਚ ਓਬਾਮਾ ਦਾਅਵਾ ਕਰਦਾ ਹੈ ਕਿ ਚੰਗੀ ਸ਼ੁਰੂਆਤ ਕਰਨ ਤੋਂ ਬਆਦ ਦੋ ਕਾਰਨਾਂ ਵਜੋਂ ਅਮਰੀਕਾ ਲਈ ਹਾਲਤਾਂ ਖਰਾਬ ਹੋਣ ਲੱਗੀਆਂ। ਉਸਨੇ ਪਹਿਲਾ ਕਾਰਨ ਇਹ ਗਿਣਾਇਆ—”2003 ਦੀ ਸ਼ੁਰੂਆਤ ਵਿੱਚ, ਇਰਾਕ ਵਿੱਚ ਦੂਜੀ ਜੰਗ ਛੇੜਨ ਦਾ ਫੈਸਲਾ ਕੀਤਾ ਗਿਆ…ਅਗਲੇ ਛੇ ਵਰ੍ਹਿਆਂ ਲਈ, ਇਰਾਕ ਜੰਗ ਨੇ ਸਾਡੇ ਫੌਜੀਆਂ, ਸਾਡੇ ਸਰੋਤ-ਸੰਸਾਧਨਾਂ, ਸਾਡੀ ਕੁਟਨੀਤੀ ਅਤੇ ਸਾਡੇ ਧਿਆਨ ਦਾ ਵੱਡਾ ਹਿੱਸਾ ਲੈ ਲਿਆ।..” ਦੂਜਾ ਕਾਰਨ ਓਬਾਮਾ ਇਹ ਦੱਸਦਾ ਹੈ ਕਿ ਕਰਜਈ ਸਰਕਾਰ ਵਿੱਚ ਭ੍ਰਿਸ਼ਟਾਚਾਰ ਬੇਹੱਦ ਵੱਧ ਗਿਆ ਸੀ ਅਤੇ ਉਹ ਡਰੱਗ ਵਪਾਰ, ਪਿਛੜੇ ਅਰਥਚਾਰੇ ਅਤੇ ਘੱਟ ਫੌਜੀ ਤਾਕਤ ਦੀ ਮਾਰੀ ਹੋਈ ਸੀ। ਤਾਲਿਬਾਨ ਅਤੇ ਅਲਕਾਇਦਾ ਦੇ ਪਾਕਿਸਤਾਨ ਵਿੱਚ ਸੁਰੱਖਿਅਤ ਠਿਕਾਣਾ ਪ੍ਰਾਪਤ ਕਰ ਲੈਣ ਨੂੰ ਵੀ ਓਬਾਮਾ ਤਾਲਿਬਾਨ ਦੇ ਮੁੜ-ਉਭਾਰ ਦਾ ਕਾਰਨ ਦੱਸਦਾ ਹੈ।

ਇਹਨਾਂ ਕਾਰਨਾਂ ਦੀ ਕੁੱਝ ਹੱਦ ਤੱਕ ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਮੁੜ ਉਭਰਨ ਪਿੱਛੇ ਭੂਮਿਕਾ ਨਿਭਾਉਂਦੇ ਤਾਂ ਹਨ ਪਰ ਇਹ ਮੁੱਖ ਕਾਰਨ ਨਹੀਂ ਹਨ। ਪਹਿਲਾ ਕਾਰਨ ਹੈ, ਅਮਰੀਕੀ ਕਬਜੇ ਦਾ ਹੱਦ ਦਰਜੇ ਦਾ ਅਤਿਆਚਾਰੀ ਚਰਿੱਤਰ। ਓਬਾਮਾ ਦੁਆਰਾ ਹੀਰੋ ਬਣਾ ਕੇ ਪੇਸ਼ ਕੀਤੇ ਜਾ ਰਹੇ ਅਮਰੀਕੀ ਫੌਜੀਆਂ ਨੇ ਅਫਗਾਨਿਸਤਾਨ ਦੇ ਲੋਕਾਂ ‘ਤੇ ਲੱਖਾਂ ਜੁਲਮ ਢਾਹੇ ਹਨ। ਘਰ-ਘਰ ਛਾਪਿਆਂ ਦੌਰਾਨ ਲੋਕਾਂ ਨੂੰ ਪ੍ਰੇਸ਼ਾਨ ਕਰਨ ਤੋਂ ਲੈ ਕੇ ਵਿਆਹ ਸਮਾਗਮਾਂ ‘ਤੇ ਬੰਬਾਰੀ, ਆਮ ਨਾਗਰਿਕਾਂ ਦੀਆਂ ਹੱਤਿਆਵਾਂ, ਤਹਿਖਾਨਿਆਂ ਵਿੱਚ ਲੋਕਾਂ ਨੂੰ ਬੰਦ ਕਰਕੇ ਤਸੀਹੇ ਦੇਣ ਦੀਆਂ ਅਣਗਿਣਤ ਉਦਾਹਰਨਾ ਹਨ। 

ਇੱਕ ਉਦਾਹਰਣ ਦੇ ਤੌਰ ‘ਤੇ 22 ਅਗਸਤ 2008 ਨੂੰ, ਪੱਛਮੀ ਅਫਗਾਨਿਸਤਾਨ ਦੇ ਇੱਕ ਪਿੰਡ ਅਜ਼ੀਜ਼ਾਬਾਦ ‘ਚ ਰਾਤ ਵੇਲੇ ਸੋਂ ਰਹੇ ਲੋਕਾਂ ‘ਤੇ ਅਮਰੀਕੀ ਫੌਜੀਆਂ ਨੇ ਪਹਿਲਾਂ ਬੰਦੂਕਾਂ ਨਾਲ਼ ਅਤੇ ਫੇਰ ਹਵਾਈ ਹਮਲਾ ਕੀਤਾ। ਸੰਯੁਕਤ ਰਾਸ਼ਟਰ ਦੁਆਰਾ ਹੀ ਜਾਰੀ ਇੱਕ ਰਿਪੋਰਟ ਅਨੁਸਾਰ ਇਸ ਹਮਲੇ ਵਿੱਚ ਕੁੱਲ 90 ਲੋਕ ਮਾਰੇ ਗਏ, ਜਿਨ੍ਹਾਂ ਵਿੱਚ 60 ਬੱਚੇ ਅਤੇ 15 ਔਰਤਾਂ ਸ਼ਾਮਲ ਸਨ। ਅਜਿਹੀਆਂ ਅਣਗਿਣਤ ਜ਼ਾਲਮਾਨਾ ਕਾਰਵਾਈਆਂ ਦੌਰਾਨ ਮਾਰੇ ਗਏ ਅਤੇ ਜ਼ਖ਼ਮੀ ਹੋਏ ਬੇਕਸੂਰ ਅਫਗਾਨ ਲੋਕਾਂ ਦੀ ਅਸਲ ਗਿਣਤੀ ਦਾ ਪਤਾ ਲਗਾਉਣਾ ਬਹੁਤ ਔਖਾ ਹੈ ਕਿਉਂਕਿ ਅਮਰੀਕੀ ਫੌਜ ਇਹ ਅੰਕੜੇ ਜੱਗਜਾਹਿਰ ਨਹੀਂ ਹੋਣ ਦਿੰਦੀ। ਪਰ ਕੁੱਝ ਅੰਕੜੇ ਸਾਹਮਣੇ ਆਏ ਹਨ ਜਿਨ੍ਹਾਂ ਤੋਂ ਵਿਦੇਸ਼ੀ ਫੌਜਾਂ ਹੱਥੋਂ ਅਫਗਾਨ ਲੋਕਾਂ ਦੇ ਹੋਏ ਘਾਣ ਦਾ ਕੁੱਝ ਅੰਦਾਜਾ ਲਾਇਆ ਜਾ ਸਕਦਾ ਹੈ। ਪ੍ਰੋ. ਮਾਰਟ ਹੇਰੋਲਡ ਮੁਤਾਬਿਕ ਜੰਗ ਦੇ ਪਹਿਲੇ 6 ਮਹੀਨਿਆਂ ਦੌਰਾਨ ਅਮਰੀਕੀ ਫੌਜ ਦਾ ਸ਼ਿਕਾਰ ਬਣਨ ਵਾਲੇ ਕੁੱਲ ਅਫਗਾਨ ਲੋਕਾਂ ਦੀ ਗਿਣਤੀ 3000 ਤੋਂ 3400 ਤੱਕ ਹੋਵੇਗੀ। ਜਿਆਦਾਤਰ ਲੋਕ ਬੰਬਾਰੀ ਦਾ ਸ਼ਿਕਾਰ ਹੋ ਕੇ ਮਰੇ।

ਗਾਰਡੀਅਨ ਯੂ.ਕੇ. (19.11.09) ਮੁਤਾਬਿਕ ਜਨਵਰੀ 2006 ਤੋਂ ਅਕਤੂਬਰ 2009 ਤੱਕ ਵਿਦੇਸ਼ੀ ਫੌਜਾਂ ਅਤੇ ਤਾਲਿਬਾਨ ਹੱਥੋਂ 6,584 ਬੇਕਸੂਰ ਅਫਗਾਨ ਨਾਗਰਿਕ ਮਾਰੇ ਗਏ। ਔਰਤਾਂ ਹੱਕਾਂ ਲਈ ਸਰਗਰਮ ਅਤੇ ਅਫਗਾਨਿਸਤਾਨੀ ਸੰਸਦ ਦੀ ਸਾਬਕਾ ਮੈਂਬਰ ਮਾਲਾਲਾਈ ਜੋਇਆ ਅਨੁਸਾਰ ਇਸ ਜੰਗ ਵਿੱਚ ਹੁਣ ਤੱਕ 8,000 ਸਧਾਰਨ ਅਫਗਾਨ ਮਾਰੇ ਜਾ ਚੁੱਕੇ ਹਨ। 

ਵਿਦੇਸ਼ੀ ਫੌਜਾਂ ਦੁਆਰਾ ਅਫਗਾਨ ਲੋਕਾਂ ‘ਤੇ ਹੋਏ ਅਤਿਆਚਾਰਾਂ ਨੇ ਤਾਲਿਬਾਨ ਨੂੰ ਮਜ਼ਬੂਤੀ ਪ੍ਰਦਾਨ ਕੀਤੀ। ਉਸਨੇ ਲੋਕਾਂ ਦੀ ਕੌਮੀ ਅਤੇ ਇਸਲਾਮਿਕ ਦੋਵੇਂ ਤਰ੍ਹਾਂ ਦੀਆਂ ਭਾਵਨਾਵਾਂ ਦਾ ਇਸਤੇਮਾਲ ਕਰਦੇ ਹੋਏ ਅਫਗਾਨਾਂ ਨੂੰ ਵਿਦੇਸ਼ੀ ਕਬਜੇ ਖਿਲਾਫ ਜੱਥੇਬੰਦ ਕੀਤਾ। 

ਅਮਰੀਕੀ ਕਬਜੇ ਦਾ ਸਮਰਥਨ ਕਰ ਰਹੇ ਅਤੇ ਸੱਤਾ ਦਾ ਸੁੱਖ ਭੋਗ ਰਹੇ ਜੰਗੀ ਸਰਦਾਰਾਂ, ਜਗੀਰਦਾਰਾਂ, ਕਬੀਲਿਆਂ ਦੇ ਮੁਖੀਆਂ, ਅਮਰੀਕੀ ਪਿਛਲੱਗੂਆਂ ਦੁਆਰਾ ਅਫਗਾਨ ਲੋਕਾਂ ਦੀ ਬੇਰਹਿਮ ਲੁੱਟ ਕੀਤੀ ਜਾਂਦੀ ਹੈ। ਇਸ ਵਜੋਂ ਅਫਗਾਨ ਆਮ ਲੋਕ ਉਹਨਾਂ ਨੂੰ ਬੇਹੱਦ ਨਫਰਤ ਕਰਦੇ ਹਨ।  ਅਮਰੀਕਾ ਦੁਆਰਾ ਅਫਗਾਨਿਸਤਾਨ ਦੇ ਲੋਕਾਂ ਤੇ ਥੋਪੀ ਇਸ ਸੱਤਾ ਖਿਲਾਫ ਲੋਕਾਂ ਦਾ ਉਠ ਖੜ੍ਹਾ ਹੋਣਾ ਲਾਜ਼ਮੀ ਸੀ। 

2005 ਤੱਕ, ਤਾਲਿਬਾਨ ਦੇ ਮੁੜ-ਉਭਾਰ ਤੱਕ, ਅਮਰੀਕਾ ਅਤੇ ਉਸ ਦੀ ਕਠਪੁਤਲੀ ਕੋਲ ਏਨਾ ਸਮਾਂ ਸੀ ਜਿਸ ਵਿੱਚ ਉਹ ਅਫਗਾਨ ਲੋਕਾਂ ਨੂੰ ਇਹ ਵਿਖਾ ਸਕਦੇ ਸਨ ਕਿ ਉਹ ਉਹਨਾਂ ਦੀ ਹਾਲਤ ਵਿੱਚ ਸੁਧਾਰ ਕਰ ਸਕਦੇ ਹਨ। ਪਰ ਅਜਿਹਾ ਨਹੀਂ ਹੋਇਆ। ਅਜਿਹਾ ਇਸ ਲਈ ਨਹੀਂ ਹੋਇਆ ਕਿਉਂ ਕਿ ਅਮਰੀਕੀ ਹਮਲੇ ਦਾ ਮੰਤਵ ਅਫਗਾਨ ਲੋਕਾਂ ਨੂੰ ਅਜ਼ਾਦ ਕਰਾਉਣਾ ਅਤੇ ਉਹਨਾਂ ਦੇ ਦੇਸ਼ ਦਾ ਵਿਕਾਸ ਕਰਨਾ ਕਦੇ ਵੀ ਨਹੀਂ ਸੀ। ਉਸਦਾ ਮੰਤਵ ਤਾਂ ਸੀ ਅਲਕਾਇਦਾ ਨੂੰ ਹਰਾਉਣਾ, ਅਫਗਾਨਿਸਤਾਨ ਵਿੱਚ ਅਮਰੀਕਾ ਪੱਖੀ ਕਠਪੁਤਲੀ ਸੱਤਾ ਕਾਇਮ ਕਰਨੀ ਜੋ ਅਮਰੀਕਾ ਦੇ ਉਸ ਖੇਤਰ ਨਾਲ਼ ਸਬੰਧਿਤ ਸਾਮਰਾਜੀ ਮਨਸੂਬਿਆਂ ਨੂੰ ਪੂਰਾ ਕਰ ਸਕਣ ਵਿੱਚ ਕੰਮ ਆਵੇ।

ਅਮਰੀਕਨ ਸਾਮਰਾਜਵਾਦ ਇਹ ਭੁੱਲ ਗਿਆ ਸੀ ਕਿ ਜਿੱਥੇ ਜ਼ੁਲਮ ਹੈ ਉੱਥੇ ਟਾਕਰਾ ਵੀ ਹੁੰਦਾ ਹੈ। ਅਫਗਾਨਿਸਤਾਨ ਦੇ ਲੋਕ ਚੁੱਪਚਾਪ ਅਮਰੀਕੀ ਜ਼ੁਲਮਾਂ ਨੂੰ ਸਹਾਰ ਨਹੀਂ ਸਕਦੇ ਸਨ। ਉਹਨਾਂ ਨੇ ਟਾਕਰਾ ਕਰਨਾ ਹੀ ਸੀ ਅਤੇ ਵਿਦੇਸ਼ੀ ਕਬਜੇ ਤੇ ਕਠਪੁਤਲੀ ਸਰਕਾਰ ਖਿਲਾਫ ਜੋ ਵੀ ਲੜਦਾ, ਲੋਕਾਂ ਨੇ ਉਸਦਾ ਡਟਵਾਂ ਸਾਥ ਦੇਣਾ ਹੀ ਸੀ। ਤਾਲਿਬਾਨ ਆਪਣੇ ਇਸਲਾਮਿਕ ਮੂਲਵਾਦੀ ਚਰਿੱਤਰ ਦੇ ਬਾਵਜੂਦ ਵਿਦੇਸ਼ੀ ਕਬਜੇ ਵਿਰੁੱਧ ਜੁਝਾਰੂ ਜੰਗ ਲੜ ਰਿਹਾ ਸੀ। ਸੋ, ਤਾਲਿਬਾਨ ਨੇ ਮੁੜ ਤਾਕਤ ਹਾਸਿਲ ਕਰਨੀ ਹੀ ਸੀ। 

ਸਭ ਤੋਂ ਮਹੱਤਵਪੂਰਨ ਗੱਲ, ਪਿਛਲੀ ਸਦੀ ਦੇ ਸ਼ੁਰੂ ਵਿੱਚ ਅਫਗਾਨਿਸਤਾਨ ਕਦੇ ਵੀ ਗੁਲਾਮ ਨਹੀਂ ਰਿਹਾ। ਬਸਤੀਵਾਦ ਵਿਰੋਧੀ ਜਬਰਦਸਤ ਲੋਕ ਉਭਾਰ ਨੇ ਸਾਮਰਾਜਵਾਦੀਆਂ ਨੂੰ ਮਜ਼ਬੂਰ ਕੀਤਾ ਕਿ ਉਹ ਗਰੀਬ ਮੁਲਕਾਂ ਨੂੰ ਲੁੱਟਣ ਲਈ ਬਸਤੀਵਾਦੀ ਢੰਗ ਨੂੰ ਬਦਲਣ। ਦੂਜੀ ਸੰਸਾਰ ਜੰਗ ਤੋਂ ਬਾਅਦ, ਤੀਜੀ ਦੁਨੀਆ ਦੇ ਦੇਸ਼ਾਂ ‘ਚ ਅਬਸਤੀਕਰਨ ਦੀ ਪ੍ਰਕਿਰਿਆ ਚੱਲੀ। ਅੱਜ ਦੀ ਦੁਨੀਆ ਵਿੱਚ ਜਿੱਥੇ ਸਮਾਜਵਾਦੀ ਅਤੇ ਕੌਮੀ ਮੁਕਤੀ ਲਹਿਰਾਂ ਲੋਕਾਂ ਦੀ ਚੇਤਨਾ ਨੂੰ ਇਸ ਕਦਰ ਉੱਨਤ ਕਰ ਦਿੱਤਾ ਹੈ ਕਿ ਹੁਣ ਕਿਸੇ ਦੇਸ਼ ਨੂੰ ਬਸਤੀ ਬਣਾ ਸਕਣਾ ਸਾਮਰਾਜਵਾਦੀਆਂ ਲਈ ਲਗਭਗ ਅਸੰਭਵ ਹੈ। ਇਸ ਲਈ ਅਮਰੀਕਾ ਵਾਸਤੇ ਅਫਗਾਨਿਸਤਾਨ ਉੱਤੇ ਕਬਜਾ ਬਣਾਈ ਰੱਖਣਾ ਸੰਭਵ ਨਹੀਂ ਹੈ। ਉਸਦੀ ਹਾਰ ਲਾਜ਼ਮੀ ਹੈ।

ਕੁੱਲ ਮਿਲਾ ਕੇ ਓਬਾਮਾ ਪ੍ਰਸ਼ਾਸ਼ਨ ਪਹਿਲਿਆਂ ਨਾਲੋਂ ਕੁੱਝ ਵੀ ਵੱਖਰਾ ਨਹੀਂ

 ਅਫਗਾਨਿਸਤਾਨ ਵਿੱਚ ਹੋਰ ਫੌਜੀ ਭੇਜਣ ਦਾ ਐਲਾਨ ਕਰ ਚੁੱਕੇ ਓਬਾਮਾ ਬਾਰੇ ਇਹ ਗੱਲ ਤਾਂ ਸਪੱਸ਼ਟ ਹੋ ਹੀ ਚੁੱਕੀ ਹੈ ਕਿ ਉਹ ਕੌਮਾਂਤਰੀ ਮਸਲਿਆਂ ਨੂੰ ਹੱਲ ਕਰਨ ਲਈ ਗੱਲਬਾਤ ਅਤੇ ਸੁਲ੍ਹਾ-ਸਫਾਈ ਦੇ ਤਰੀਕਿਆਂ ਦਾ ਉਪਾਸਕ ਨਹੀਂ ਹੈ। ਉਹ ਆਪਣੇ ਤੋਂ ਪਹਿਲੇ ਸ਼ਾਸ਼ਕਾਂ ਵਾਂਗ ਹੀ ਜੰਗ ਦਾ ਸਮਰਥਕ ਹੈ। ਸ਼ਾਂਤੀ ਨੋਬਲ ਪੁਰਸਕਾਰ ਹਾਸਿਲ ਕਰਨ ਤੋਂ ਬਾਅਦ ਦਿੱਤੇ ਆਪਣੇ ਭਾਸ਼ਣ ਵਿੱਚ ਓਬਾਮਾ ਨੇ ਕਿਹਾ ਸੀ —”ਸ਼ਾਂਤੀ ਲਈ ਜੰਗ ਜਾਇਜ਼ ਹੈ।” ਸ਼ਾਇਦ ਸ਼ਾਂਤੀ ਤੋਂ ਉਸ ਦਾ ਭਾਵ ਦੁਨੀਆ ਦੁਆਰਾ ਚੁੱਪਚਾਪ ਉਸ ਦੀ ਗੁਲਾਮੀ ਕਬੂਲ ਕਰਨ ਤੋਂ ਹੋ ਅਤੇ ਜੇ ਅਜਿਹਾ ਨਹੀਂ ਹੁੰਦਾ ਤਾਂ ਜੰਗ ਤੋਂ ਉਹ ਭੋਰਾ ਵੀ ਗੁਰੇਜ਼ ਨਹੀਂ ਕਰੇਗਾ। ਓਬਾਮਾ ਦੀ ਇਹੋ ਅਸਲਿਅਤ ਹੈ।

1 ਦਸੰਬਰ ਨੂੰ ਵੈਸਟ ਪੁਆਂਇੰਟ ਵਿੱਚ ਦਿੱਤੇ ਭਾਸ਼ਣ ਵਿੱਚ ਹੀ ਓਬਾਮਾ ਨੇ ਇਰਾਕ ਜੰਗ ਦੀ ਵੀ ਚਰਚਾ ਕੀਤੀ। ਉਸਨੇ ਇਰਾਕ ਜੰਗ ਨੂੰ ਆਪਣੀ ਸਫਲਤਾ ਦੱਸਿਆ ਅਤੇ ਕਿਹਾ ਕਿ ਇਹ ਕੰਮ ਬਹੁਤ ਵਧੀਆ ਢੰਗ ਨਾਲ਼ ਸਿਰੇ ਚੜ੍ਹਿਆ। ਉਸਨੇ ਕਿਹਾ—”ਅੱਜ, ਅਸਧਾਰਨ ਕੀਮਤ ਅਦਾ ਕਰਨ ਤੋਂ ਬਾਅਦ, ਅਸੀਂ ਇਰਾਕ ਜੰਗ ਦਾ ਇੱਕ ਜਿੰਮੇਵਾਰ ਅੰਤ ਕਰ ਰਹੇ ਹਾਂ…ਅਸੀਂ ਇਰਾਕੀਆਂ ਨੂੰ ਉਹਨਾਂ ਦੇ ਭਵਿੱਖ ਦੀ ਉਸਾਰੀ ਕਰਨ ਦਾ ਮੌਕਾ ਦੇ ਰਹੇ ਹਾਂ ਅਤੇ ਅਸੀਂ ਸਫਲਤਾਪੂਰਵਕ ਇਰਾਕ ਨੂੰ ਉਸਦੇ ਲੋਕਾਂ ਹੱਥ ਸੌਂਪ ਰਹੇ ਹਾਂ।” 

ਆਓ ਨਜ਼ਰ ਮਾਰੀਏ ਕਿ ਓਬਾਮਾ ਕਿਸ ਚੀਜ਼ ਨੂੰ ”ਸਫਲਤਾ” ਕਹਿ ਰਿਹਾ ਹੈ। ਨਿਰੇ ਝੂਠ ‘ਤੇ ਟਿਕੀ ਹੋਈ ਇਰਾਕ ਜੰਗ ਵਿੱਚ 50 ਲੱਖ ਤੋਂ ਲੈ ਕੇ ਇੱਕ ਕਰੋੜ ਇਰਾਕੀਆਂ ਨੂੰ ਆਪਣੀ ਜਾਨ ਗਵਾਉਣੀ ਪਈ। 40 ਲੱਖ ਲੋਕਾਂ ਨੂੰ ਘਰੋਂ ਬੇਘਰ ਹੋਣਾ ਪਿਆ। ਅਮਰੀਕੀ ਕਬਜੇ ਅਤੇ ਅਮਰੀਕੀ ਸ਼ੈਅ ਪ੍ਰਾਪਤ ਪਿਛਾਂਹਖਿੱਚੂ ਸ਼ਿਆ ਤਾਕਤਾਂ ਜਿਨ੍ਹਾਂ ਦੀ ਪਿੱਠ ‘ਤੇ ਅਮਰੀਕਾ ਖੜ੍ਹਾ ਸੀ, ਦੁਆਰਾ ਨਸਲੀ ਸਫਾਏ ਵਜੋਂ ਇਰਾਕ ਦੀ ਕੁੱਲ ਅਬਾਦੀ ਦਾ 20 ਪ੍ਰਤੀਸ਼ਤ ਹਿੱਸਾ ਬਣਨ ਵਾਲੀ ਸੁੰਨੀ ਅਬਾਦੀ ਦਾ ਦਸਵਾਂ ਹਿੱਸਾ ਸਾਫ ਕਰ ਦਿੱਤਾ ਗਿਆ ਹੈ। ਅਮਰੀਕਾ ਨੇ ਇਰਾਕੀ ਲੋਕਾਂ ਉੱਤੇ ਪਿਛਾਂਹਖਿੱਚੂ, ਅਮਰੀਕਾ ਪੱਖੀ ਖੁਰਸ਼ਿਦ ਜੰਗੀ ਸਰਦਾਰਾਂ ਅਤੇ ਪਿਛਾਂਹਖਿੱਚੂ ਸ਼ਿਆਵਾਦੀ ਧਾਰਮਿਕ ਪਾਰਟੀਆਂ ਦੇ ਗਠਜੋੜ ਦੀ ਸੱਤਾ ਥੋਪ ਦਿੱਤੀ ਹੈ। ਇਰਾਕੀ ਮਿਲਟਰੀ ਅਤੇ ਪੁਲੀਸ ‘ਚ ਕੱਟੜ ਕਾਤਲ ਟੋਲੇ ਭਾਰੂ ਹਨ। ਧਾਰਮਿਕ ਮੂਲਵਾਦ ਨੇ ਬੇਹੱਦ ਮਜ਼ਬੂਤੀ ਹਾਸਿਲ ਕੀਤੀ ਹੈ। ਇਰਾਕ ਵਿੱਚ ਇਸ ਸਮੇਂ ਚਾਰੇ ਪਾਸੇ ਹਿੰਸਾ ਦਾ ਮਾਹੌਲ ਹੈ। ਅਕਸਰ ਹੀ ਹੁੰਦੇ ਰਹਿੰਦੇ ਬੰਬ ਧਮਾਕਿਆਂ ਵਿੱਚ ਆਮ ਇਰਾਕੀ ਲੋਕ ਵੱਡੀ ਗਿਣਤੀ ਵਿੱਚ ਮਾਰੇ ਜਾ ਰਹੇ ਹਨ। ਔਰਤਾਂ ਦੀ ਹਾਲਤ ਹੋਰ ਵੀ ਨਿਘਰੀ ਹੈ। ਜ਼ਬਰੀ ਨਕਾਬ ਪਹਿਨਣ ਅਤੇ ਕਾਨੂੰਨੀ ਭੇਦਭਾਵ ਸਮੇਤ ਔਰਤਾਂ ਸਦਾਮ ਹੁਸੈਨ ਦੇ ਸਮੇਂ ਨਾਲੋਂ ਵੀ ਕਿਤੇ ਜਿਆਦਾ ਗੁਲਾਮੀ ਅਤੇ ਮਾੜੇ ਵਰਤਾਓ ਦਾ ਸ਼ਿਕਾਰ ਹਨ। ਇਰਾਕ ਅੰਦਰ ਨਸਲੀ ਅਤੇ ਧਾਰਮਿਕ ਝਗੜੇ ਕਿਸੇ ਵੀ ਪੱਖੋਂ ਘੱਟ ਨਹੀਂ ਹੋਏ-ਸਗੋਂ ਗੰਭੀਰ ਵਿਸਫੋਟਕ ਸਥਿਤੀ ਵਿੱਚ ਮੌਜੂਦ ਹਨ। ਪਰ ਇਰਾਕ ਵਿੱਚ ਵੀ ਅਮਰੀਕੀ ਫੌਜਾਂ ਦਾ ਇਰਾਕੀ ਲੋਕਾਂ ਨੇ ਡੱਟ ਕੇ ਟਾਕਰਾ ਕੀਤਾ ਹੈ। ਇਰਾਕ ਜੰਗ ਵੀ ਅਮਰੀਕਾ ਕਿਸੇ ਵੀ ਹਾਲਤ ਵਿੱਚ ਜਿੱਤਣ ਦੀ ਸਥਿਤੀ ਵਿੱਚ ਨਹੀਂ ਹੈ ਭਾਵੇ ਉਹ ਇਹ ਗੱਲ ਮੰਨਣ ਲਈ ਭੋਰਾ ਵੀ ਤਿਆਰ ਨਹੀਂ।

 ਇਰਾਕ ਜੰਗ ਦੀ ਚਰਚਾ ਕਰਦੇ ਹੋਏ ਓਬਾਮਾ ਨੇ ਆਪਣੇ ਭਾਸ਼ਣ ਵਿੱਚ ਇਰਾਕੀ ਲੋਕਾਂ ਦੀ ਹੋਈ ਇਸ ਤਬਾਹੀ ਬਾਰੇ ਇੱਕ ਸ਼ਬਦ ਵੀ ਨਹੀਂ ਕਿਹਾ। ਆਪਣੇ ਭਾਸ਼ਣ ਵਿੱਚ ਓਬਾਮਾ ਮਾਰੇ ਗਏ ਅਮਰੀਕੀਆਂ ਦਾ ਹੀ ਰੋਣਾ ਰੋਂਦਾ ਰਿਹਾ ਪਰ ਅਫਗਾਨਿਸਤਾਨ, ਇਰਾਕ, ਪਾਕਿਸਤਾਨ ਜਾਂ ਹੋਰਨਾਂ ਦੇਸ਼ਾਂ ਵਿੱਚ ਅਮਰੀਕੀ ਫੌਜਾਂ ਦੀ ਦਹਿਸ਼ਤਗਰਦੀ ਦਾ ਸ਼ਿਕਾਰ ਹੋਏ ਲੋਕਾਂ ਦਾ ਕਿਤੇ ਵੀ ਜ਼ਿਕਰ ਨਹੀਂ ਸੀ। ਅਮਰੀਕੀ ਫੌਜਾਂ ਦੀ ਦਹਿਸ਼ਤਗਰਦੀ ਦੁਆਰਾ ਹੋਈ ਤਬਾਹੀ ਬੇਹੱਦ ਦਿਲਕੰਬਾਊ ਹੈ। 9/11 ਦੇ ਹਮਲੇ ਦਾ ਸ਼ਿਕਾਰ ਹੋਏ ਹਰ ਇੱਕ ਅਮਰੀਕੀ ਬਦਲੇ ਹੁਣ ਤੱਕ 200-300 ਲੋਕਾਂ ਨੂੰ ਸ਼ਿਕਾਰ ਬਣਾਇਆ ਜਾ ਚੁੱਕਾ ਹੈ।

ਓਬਾਮਾ ਕਾਰਜਕਾਲ ਦੇ 10 ਮਹੀਨਿਆਂ ਵਿੱਚ ਅਮਰੀਕਾ ਦੀ ਵਿਦੇਸ਼ ਨੀਤੀ ਵਿੱਚ ਕੋਈ ਬੁਨਿਆਦੀ ਫਰਕ ਦੇਖਣ ਵਿੱਚ ਨਹੀਂ ਆਇਆ। ਅਫ਼ਗਾਨਿਸਤਾਨ ਬਾਰੇ ਅਸੀਂ ਵਿਸਥਾਰ ‘ਚ ਗੱਲ ਕਰ ਚੁੱਕੇ ਹਾਂ। ਇਰਾਕ ਦੇ ਸ਼ਹਿਰਾਂ ਵਿੱਚੋਂ ਅਮਰੀਕੀ ਫੌਜੀ ਬਾਹਰ ਕੱਢ ਲਏ ਗਏ ਹਨ, ਪਰ ਉਹ ਸ਼ਹਿਰਾਂ ਦੀਆਂ ਹੱਦਾਂ ‘ਤੇ ਹੀ ਬੈਠੇ ਹਨ ਅਤੇ ਕਦੇ ਵੀ ਦੁਬਾਰਾ ਘੁਸਪੈਠ ਕਰ ਸਕਦੇ ਹਨ। ਅਮਰੀਕੀ ਟਾਈਮ ਟੇਬਲ ਅਨੁਸਾਰ ਵੀ ਘੱਟੋ-ਘੱਟ ਦੋ ਸਾਲ ਤੱਕ ਤਾਂ ਅਮਰੀਕੀ ਫੌਜ ਨੂੰ ਇਰਾਕ ਚੋਂ ਵਾਪਸ ਨਹੀਂ ਬੁਲਾਇਆ ਜਾ ਸਕਦਾ।

ਇਰਾਨ ਦੇ ਮਾਮਲੇ ਵਿੱਚ ਵੀ ਓਬਾਮਾ ਕਾਰਜਕਾਲ ਵਿੱਚ ਅਮਰੀਕਾ ਦੀ ਵਿਦੇਸ਼ ਨੀਤੀ ਪਹਿਲਾਂ ਨਾਲੋਂ ਵੱਖਰੀ ਨਹੀਂ ਹੈ। ਉਹ ਇਰਾਨ ਦਾ ਪ੍ਰਮਾਣੂ ਪ੍ਰੋਗਰਾਮ ਰੱਦ ਕਰਾਉਣ ਦੀ ਆਪਣੀ ਕੋਸ਼ਿਸ਼ ਤੋਂ ਪਿੱਛੇ ਨਹੀਂ ਹਟਿਆ। ਇਰਾਨ ਦਾ ਸਪੱਸ਼ਟ ਸਟੈਂਡ ਹੈ ਕਿ ਉਹ ਪੱਛਮ ਅੱਗੇ ਗੋਡੇ ਨਹੀਂ ਟੇਕੇਗਾ ਅਤੇ ਕਿਸੇ ਵੀ ਹਾਲਤ ਵਿੱਚ ਆਪਣਾ ਪ੍ਰਮਾਣੂ ਪ੍ਰੋਗਰਾਮ ਨਹੀਂ ਰੋਕੇਗਾ। ਭਾਵੇ ਓਬਾਮਾ ਇਰਾਨ ਮਸਲੇ ਨੂੰ ਗੱਲਬਾਤ ਰਾਹੀਂ ਹੱਲ ਕਰਨ ਦੀ ਗੱਲ ਕਰ ਰਿਹਾ ਹੈ ਪਰ ਇਹ ਅਸੰਭਵ ਹੈ। ਅਮਰੀਕਾ ਦੇ ਇਰਾਨ ਨਾਲ਼ ਸ਼ਾਂਤੀਪੂਰਨ ਸਬੰਧ ਦੂਰ-ਦੂਰ ਤੱਕ ਕਿਤੇ ਨਜ਼ਰ ਨਹੀਂ ਆ ਰਹੇ।

ਫਲਸਤੀਨ ‘ਤੇ ਨਜਾਇਜ਼ ਕਬਜੇ ਅਤੇ ਬੇਕਸੂਰ ਫਲਸਤੀਨੀ ਲੋਕਾਂ ਦੇ ਕੀਤੇ ਜਾ ਰਹੇ ਘਾਣ ਵਿੱਚ ਅਮਰੀਕਾ ਅਜੇ ਵੀ ਇਜ਼ਰਾਈਲ ਦੀ ਪਿੱਠ ਪਿੱਛੇ ਖੜ੍ਹਾ ਹੈ। ਭਾਵੇਂ ਕਿ ਪਹਿਲਾਂ ਓਬਾਮਾ ਨੇ ਇਜ਼ਰਾਈਲ ਨੂੰ ਕਬਜੇ ਹੋਰ ਅੱਗੇ ਵਧਾਉਣ ‘ਤੇ ਪੂਰੀ ਤਰ੍ਹਾਂ ਰੋਕ ਲਗਾਉਣ ਲਈ ਕਿਹਾ ਸੀ ਪਰ ਸਤੰਬਰ ਵਿੱਚ ਇਜ਼ਰਾਈਲੀ ਪ੍ਰਧਾਨ ਮੰਤਰੀ ਬੇਂਜਾਮਿਨ ਨੇਂਤਾਂਯਾਹੂ ਨਾਲ਼ ਹੋਈ ਮੀਟਿੰਗ ਵਿੱਚ ਉਹ ਆਪਣੀ ਇਸ ਮੰਗ ਤੋਂ ਪੂਰੀ ਤਰ੍ਹਾਂ ਪਿੱਛੇ ਹਟ ਗਿਆ ਅਤੇ ਕਬਜੇ ਦੀ ਕਾਰਵਾਈ ‘ਤੇ ਸੰਭਵ ਵਕਤੀ ਰੋਕ ਲਾਉਣ ਦੀ ਸੰਭਾਵਨਾ ‘ਤੇ, ਨਾ ਕਿ ਇਸ ਕਾਰਵਾਈ ‘ਤੇ ਪੂਰੀ ਤਰ੍ਹਾਂ ਰੋਕ ਲਾਉਣ ‘ਤੇ, ਵਿਚਾਰ ਕੀਤਾ। 

ਸਪੱਸ਼ਟ ਹੈ ਕਿ ਬਾਰਾਕ ਓਬਾਮਾ ਦੇ ਰਾਸ਼ਟਰਪਤੀ ਬਣਨ ਨਾਲ਼ ਅਮਰੀਕਾ ਦੇ ਹਮਲਾਵਰ ਰੁੱਖ ਵਿੱਚ ਕੋਈ ਬੁਨਿਆਦੀ ਬਦਲਾਅ ਨਹੀਂ ਆਇਆ। ਓਬਾਮਾ ਦੀ ਸੋਚਣੀ ਅਮਰੀਕਨ ਸਾਮਰਾਜਵਾਦ ਦੇ ਹਿੱਤਾਂ ਦੇ ਬਿਲਕੁਲ ਵੀ ਖਿਲਾਫ਼ ਨਹੀਂ ਜਾਂਦੀ। ਵੈਸੇ ਕਿਸੇ ਵਿਅਕਤੀ ਦੇ ਨਿੱਜੀ ਚਰਿੱਤਰ ਨਾਲ਼ ਢਾਂਚੇ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਵਿਅਕਤੀ ਬਦਲੇ ਜਾਣ ਨਾਲ਼ ਢਾਂਚੇ ਨਹੀਂ ਬਦਲ ਜਾਂਦੇ ਅਤੇ ਰਹੀ ਗੱਲ ਬਾਰਾਕ ਓਬਾਮਾ ਦੇ ਰਾਸ਼ਟਰਪਤੀ ਬਣਨ ਦੀ ਇਸ ਮਾਮਲੇ ਵਿੱਚ ਤਾਂ ਓਬਾਮਾ ਰੂਪ ਪੱਖੋਂ ਹੀ ਪਹਿਲਿਆਂ ਨਾਲ਼ੋਂ ਕੁੱਝ ਵੱਖ ਨਜ਼ਰ ਆ ਰਿਹਾ ਸੀ। ਉਸਦੀ ਸੋਚਣੀ ਦਾ ਅਸਲ ਤੱਤ ਅਸੀਂ ਉਪਰੋਕਤ ਚਰਚਾ ਵਿੱਚ ਵੇਖ ਹੀ ਚੁੱਕੇ ਹਾਂ। ਬਾਰਾਕ ਓਬਾਮਾ ਦੇ ਰਾਸ਼ਟਰਪਤੀ ਬਣਨ ਨਾਲ਼ ਅਮਰੀਕੀ ਵਿਦੇਸ਼ ਨੀਤੀ ਵਿੱਚ ਬਦਲਾਅ ਆਉਣ ਦਾ ਜਿਹੜਾ ਭਰਮ ਸਿਰਜਿਆ ਗਿਆ ਸੀ ਉਸਤੋਂ ਓਬਾਮਾ ਪ੍ਰਸ਼ਾਸਨ ਦੇ ਕਾਰਜਕਾਲ ਦੇ 10 ਮਹੀਨਿਆਂ ਦੌਰਾਨ ਕਾਫੀ ਹੱਦ ਤੱਕ ਪਰਦਾ ਹੱਟ ਚੁੱਕਾ ਹੈ। ਅਸਲ ਵਿੱਚ ਅਮਰੀਕਾ ਸੰਸਾਰ ਪੱਧਰ ‘ਤੇ ਜਿਸ ਕਸੂਤੀ ਹਾਲਤ ਵਿੱਚ ਫਸਿਆ ਹੋਇਆ ਹੈ ਉਸ ਦਾ ਸਾਹਮਣਾ ਉਹ ਸ਼ਾਂਤੀਪੂਰਨ ਢੰਗ ਨਾਲ਼ ਕਰ ਹੀ ਨਹੀਂ ਸਕਦਾ। ਅਮਰੀਕਨ ਸਾਮਰਾਜਵਾਦ ਦੇ ਅੰਦਰੂਨੀ ਸੰਕਟ ਏਨੇ ਗੰਭੀਰ ਹਨ ਕਿ ਉਸਦਾ ਅਸਲ ਖੂੰਖਾਰ ਚਿਹਰਾ ਲੁਕਿਆ ਰਹਿ ਹੀ ਨਹੀਂ ਸਕਦਾ। ਉਸਨੂੰ ਆਪਣੇ ਸੰਕਟਾਂ ‘ਚੋਂ ਨਿਕਲਣ ਦਾ ਇੱਕੋ ਹੀ ਸੰਭਵ ਹੱਲ ਦਿਖਾਈ ਦਿੰਦਾ ਹੈ—ਜੰਗ! ਅਤੇ ਜੰਗ ਉਸਨੂੰ ਹੋਰ ਕਸੂਤੀ ਸਥਿਤੀ ਵਿੱਚ ਫਸਾ ਦਿੰਦੀ ਹੈ। ਅਫਗਾਨਿਸਤਾਨ ਅਤੇ ਇਰਾਕ ਵਿੱਚ ਅਮਰੀਕਾ ਦੀ ਕਸੂਤੀ ਹਾਲਤ ਸਾਫ ਵੇਖੀ ਜਾ ਸਕਦੀ ਹੈ। ਜਿਵੇਂ ਜਿਵੇਂ ਉਹ ਹੋਰ ਫਸਦਾ ਜਾ ਰਿਹਾ ਹੈ ਓਵੇਂ ਓਵੇਂ ਉਹ ਹੋਰ ਖੂੰਖਾਰ ਹੁੰਦਾ ਜਾ ਰਿਹਾ ਹੈ ਅਤੇ ਇਹੋ ਚੀਜ਼ ਉਸਦੀ ਕਬਰ ਪੁੱਟਣ ਵਿੱਚ ਲੱਗੇ ਹੋਏ ਲੋਕਾਂ ਦੀਆਂ ਕਤਾਰਾਂ ਵਿੱਚ ਹੋਰ ਵਧੇਰੇ ਤੋ ਵਧੇਰੇ ਲੋਕਾਂ ਨੂੰ ਸ਼ਾਮਿਲ ਕਰਦੀ ਜਾ ਰਹੀ ਹੈ।

 

“ਪ੍ਰਤੀਬੱਧ”, ਅੰਕ 12, ਜਨਵਰੀ-ਮਾਰਚ 2010 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s