ਨਿਠਾਰੀ ਦੇ ਬਹਾਨੇ ਪੂੰਜੀਵਾਦ ਦੀ ਸੱਭਿਅਤਾ-ਸਮੀਖਿਆ -ਅਰਵਿੰਦ

nithari(ਪੀ.ਡੀ.ਐਫ਼ ਡਾਊਨਲੋਡ ਕਰੋ)

ਨਿਠਾਰੀ ਦੇਸ਼ ਦੇ ਕਿਰਤੀ ਲੋਕਾਂ ਦੀ ਬੇਵਸੀ ਅਤੇ ਉਸਦੇ ਦੁੱਖਾਂ ਭਰੇ ਜੀਵਨ ਦੀ ਇੱਕ ਤਰਾਸਦਿਕ ਗਾਥਾ ਹੀ ਨਹੀਂ ਹੈ। ਇਹ ਕੇਵਲ ਕਿਸੇ ਵਿਲਾਸੀ ਧਨਪਸ਼ੂ ਅਤੇ ਉਸਦੇ ਮਨੋਰੋਗੀ ਨੌਕਰ ਦੀ ਸ਼ਰਮਨਾਕ ਕਰਤੂਤ ਜਾਂ ਪੂੰਜੀਵਾਦੀ ਅਮਾਨਵੀਪਣੇ ਦੀ ਕੋਈ ਆਮ ਤਸਵੀਰ ਵੀ ਨਹੀਂ ਹੈ। ਇਹ ਨੀਰੋ ਯੁੱਗੀ ਰੋਮਨ ਸਾਮਰਾਜ ਦੀ ਇੱਕ ਚਰਮ ਪਤਨਸ਼ੀਲਤਾ ਅਤੇ  ਪੰਮਪਾਈ ਦੀ ਵਿਲਾਸਤਾ ਦੀ ਤਸਵੀਰ ਹੈ। ਕੁਤੁਬਨੁਮਾ ਦੱਸ ਰਿਹਾ ਹੈ ਕਿ ਪੂੰਜੀਵਾਦੀ ਸੱਭਿਅਤਾ ਦਾ ਜ਼ਹਾਜ ਇੱਕ ਅਜਿਹੇ ਭੰਵਰ ਵਿੱਚ ਫਸ ਗਿਆ ਹੈ ਜਿੱਥੇ ਉਸਨੂੰ ਡੁੱਬਣ ਤੋਂ ਕੋਈ ਨਹੀਂ ਬਚਾ ਸਕਦਾ।

ਨੋਏਡਾ ਸੈਕਟਰ-31 ਦੀ ਖੂਨੀ ਕੋਠੀ ਨੰਬਰ-5 ਦਾ ਲੂਕੰਡੇ ਖੜੇ ਕਰ ਦੇਣ ਵਾਲ਼ਾ ਸੱਚ ਜਦੋਂ ਸਾਹਮਣੇ ਆਇਆ ਉਸ ਸਮੇਂ ਸਮੁੱਚੀ ਦੁਨੀਆਂ ਦੇ ਪੂੰਜੀਵਾਦੀ ਕੁਲੀਨ ਸਮਾਜ ‘ਤੇ ਨਵੇਂ ਸਾਲ ਦਾ ਸਰੂਰ ਚੜ੍ਹਿਆ ਹੋਇਆ ਸੀ। ਜਗਮਗਾਉਂਦੇ ਮਾਲਾਂ-ਮਲਟੀ ਪਲੇਕਸਾਂ, ਪੰਜ ਤਾਰਾ ਹੋਟਲਾਂ, ਸ਼ੈਮਪੇਨ ਦੀਆਂ ਫੁਹਾਰਾਂ, ਐਸ਼ ਅਤੇ ਅਨੰਦ ਵਿੱਚ ਡੁੱਬੇ ਸਾਫ-ਸ਼ਫਾਕ ਚੇਹਰਿਆਂ ਵਿੱਚ ਇੱਕ ਕਾਲ਼ਾ ਧੱਬਾ ਉੱਭਰਦਾ ਹੈ ¸ਨਿਠਾਰੀ!  ਮਨੁੱਖੀ ਪਿੰਜਰਾਂ ਦੇ ਢੇਰ, ਚੀਕਦੇ-ਚਿਲਾਉਂਦੇ, ਅੱਖਾਂ ‘ਚੋਂ ਅੰਗਾਰੇ ਵਰਾਉਂਦੇ ਮਰਦਾਂ ਤੇ ਔਰਤਾਂ ‘ਤੇ ਲਾਠੀਆਂ ਵਰਾਉਂਦੀ ਖਾਕੀ ਵਰਦੀ। ਮਨੁੱਖੀ ਦਰਦ , ਬੇਵਸੀ ਅਤੇ ਹੰਝੂਆਂ ਦੇ ਅਥਾਹ ਮਹਾਂਸਾਗਰਾਂ ਵਿੱਚ ਖੜ੍ਹੀਆਂ ਵਹਿਸ਼ਤ ਤੇ ਵਿਲਾਸਤਾ ਦੀਆਂ ਮੀਨਾਰਾਂ¸ ਕੀ  ਇਹ ਰੋਮਨ ਸਾਮਰਾਜ ਦੇ ਪੱਛਮੀ ਅਤੇ ਪੂਰਵੀ ਹਿੱਸਿਆਂ ਦੇ ਅੰਤਰਵਿਰੋਧੀ ਯਥਾਰਥ ਦੀ ਯਾਦ ਨਹੀਂ ਦਵਾਉਂਦਾ ਜਿਸ ਦੀਆਂ ਟਕਰਾਹਟਾਂ ਨਾਲ਼  ਰੋਮਨ ਸੱਭਿਅਤਾ ਦਾ ਨਾਸ਼ ਹੋ ਗਿਆ ਸੀ। ਆਧੁਨਿਕ ਪੂੰਜੀਵਾਦੀ ਸੱਭਿਅਤਾ ਵੀ ਅੱਜ ਪਤਨ ਦੇ ਇਸੇ ਮੁਕਾਮ ‘ਤੇ  ਆ ਖੜ੍ਹੀ ਹੋਈ ਹੈ। 

ਪੂੰਜੀਵਾਦ ਦੀ ਸੰਸਾਰ ਵਿਆਪੀ ਬਰਬਰਤਾ ਅਤੇ ਉਸਦੀ ਅਮਾਨਵੀਅਤਾ ਦੀਆਂ ਆਮ ਤਸਵੀਰਾਂ ਅਸੀਂ ਰੋਜ਼-ਰੋਜ਼ ਦੇਖ ਰਹੇ ਹਾਂ। ਇਰਾਕ, ਅਫਗਾਨਿਸਤਾਨ-ਫਿਲਸਤੀਨ ਤੋਂ ਲੈ ਕੇ ਇਥੋਪੀਆ-ਸੋਮਾਲੀਆ ਤੱਕ ਯੁੱਧ ਨਾਲ਼ ਨਸ਼ਟ ਧਰਤੀ, ਨਸ਼ਟ ਹੁੰਦੀ ਅਥਾਹ ਸਮਾਜਿਕ  ਸੰਪਦਾ ਅਤੇ ਬੇਹਾਲ ਮਨੁੱਖਤਾ, ਭੁੱਖ-ਕੁਪੋਸ਼ਣ-ਬਿਮਾਰੀ-ਬੇਕਾਰੀ ਨਾਲ਼ ਹੋ ਰਹੀਆਂ ਅਣਗਿਣਤ ਮੌਤਾਂ, ਆਪਣੀ ਜਗ੍ਹਾ ਜਮੀਨ, ਰੋਜੀ-ਰੋਟੀ ਤੋਂ ਬੇਦਖਲ ਕੀਤੀ ਜਾ ਰਹੀ ਅਣਗਿਣਤ ਅਬਾਦੀ, ਸਮੂਹਿਕ ਆਤਮ ਹੱਤਿਆਵਾਂ, ਜਿਉਂਦੇ ਰਹਿਣ ਲਈ ਆਪਣਾ ਖੂਨ ਤੇ ਗੁਰਦਾ ਵੇਚਦੇ ਗਰੀਬ-ਮਜਲੂਮ, ਜਿਸਮ ਦਾ ਸੌਦਾ ਕਰਦੀਆਂ ਮਜ਼ਬੂਰ ਔਰਤਾਂ  ਅਤੇ ਬੇਸਹਾਰਾ ਬੁਢਾਪਾ¸ਪੂੰਜੀਵਾਦੀ ਬਰਬਰਤਾ ਦੀਆਂ ਇਹ ਆਮ ਤਸਵੀਰਾਂ ਹਨ। ਅਸੀਂ ਗੁਜਰਾਤ ਵਿੱਚ ਧਰਮਗੂਰੂਆਂ ਦੀਆਂ ਬਰਬਰਤਾਵਾਂ ਵੀ ਦੇਖੀਆਂ ਹਨ। ਦੇਸ਼ੀ-ਵਿਦੇਸ਼ੀ ਪੂੰਜੀ ਦੀ ਹਿਫਾਜਤ ਵਿੱਚ ਉੱਠੀਆਂ ਲਾਠੀਆਂ ਅਤੇ ਵਰ੍ਹਦੀਆਂ ਗੋਲ਼ੀਆਂ ਵੀ ਅਸੀਂ ਕਦੇ ਨਾ ਕਦੇ ਦੇਖਦੇ ਹੀ ਰਹਿੰਦੇ ਹਾਂ। ਪਰ ਨਿਠਾਰੀ ਦਾ ਜੋ ਸੱਚ ਸਾਹਮਣੇ ਆਇਆ ਹੈ ਇਹ ਇਨਾਂ ਸਭ ਤੋਂ ਬਿਲਕੁਲ ਵੱਖਰਾ ਹੈ। ਨਿਠਾਰੀ ਨੇ ਸਾਡੇ ਸਾਹਮਣੇ ਇਹ ਸਚਾਈ ਉਜਾਗਰ ਕੀਤੀ ਹੈ ਕਿ ਪੂੰਜੀਵਾਦ ਦੇ ਇਸ ਨਵੇਂ ਪਤਨਸ਼ੀਲ ਦੌਰ ਵਿੱਚ ਸਾਡੇ ਸਮਾਜ ਵਿੱਚ ਚਰਮ ਵਿਲਾਸਤਾ ਅਤੇ ਚਰਮ ਭੋਗ ਵਿੱਚ ਡੁੱਬਿਆ ਹੋਇਆ ਇੱਕ ਅਜਿਹਾ ਨਵ-ਧਨੀ ਤਬਕਾ ਪੈਦਾ ਹੋ ਚੁੱਕਿਆ ਹੈ ਜੋ ਮਨੁੱਖਤਾ ਦੀਆਂ ਸਾਰੀਆਂ ਸ਼ਰਤਾਂ ਨੂੰ ਖੋ ਚੁੱਕਿਆ ਹੈ। 

ਰਾਜਧਾਨੀ ਦਿੱਲੀ ਤੋਂ ਕੁੱਝ ਕਿਲੋਮੀਟਰ ਦੂਰ ਵਸੀ ਉਦਯੋਗਿਕ ਨਗਰੀ ਨੋਏਡਾ ਵਿੱਚ ਲੰਬੇ ਸਮੇਂ ਤੋਂ ਦਰਜਣਾਂ ਬੱਚੇ ਗਾਇਬ ਹੁੰਦੇ ਰਹੇ, ਇੱਕ ਧਨਪਸ਼ੂ ਦੀ ਕੋਠੀ ਵਿੱਚ ਉਨਾਂ ਨਾਲ਼ ਪਾਸ਼ਵਿਕ ਦੁਰਾਚਾਰ ਕੀਤਾ ਜਾਂਦਾ ਰਿਹਾ, ਉਹਨਾਂ ਦੇ ਅੰਗਾਂ ਨੂੰ ਕੱਟ ਕੇ ਵੇਚਿਆ ਜਾਂਦਾ ਰਿਹਾ , ਮਨੁੱਖੀ ਮਾਸ ਭੁੰਨ ਕੇ ਖਾਧਾ ਜਾਂਦਾ ਰਿਹਾ, ਪਰ ਦੇਸ਼ ਦੀ ਸੰਸਦ ਚੁੱਪ ਰਹੀ, ‘ਖ਼ਬਰਾਂ ਤੋਂ ਅੱਗੇ’ ਰਹਿਣ ਦਾ ਦਮ ਭਰਨ ਵਾਲ਼ੇ ਮੀਡੀਆ ਨੂੰ ਕੰਨੋ-ਕੰਨ ਖ਼ਬਰ ਤੱਕ ਨਹੀਂ ਲੱਗੀ। ਇਸ ਵਿੱਚ ‘ਜਨ-ਗਨ ਮਨ ਦੇ ਅਧਿਨਾਇਕ’ ਦੇਸ਼ ਨੂੰ ਮਹਾਂਸ਼ਕਤੀ ਬਣਾਉਣ ਦਾ ਸਬਜਬਾਗ ਦਿਖਾਉਂਦੇ ਰਹੇ। ਇਹ ਉਨਾਂ ਪ੍ਰਵਾਸੀ ਕਿਰਤੀਆਂ ਦੇ ਬੱਚੇ ਸਨ ਜਿਨਾਂ ਦੇ ਖੂਨ-ਪਸੀਨੇ ਨੂੰ ਇਸ ਉਦਯੋਗ ਨਗਰੀ ਦੀਆਂ ਜੇਲ੍ਹਨੁਮਾ ਚਾਰ ਦੀਵਾਰੀਆਂ ਅੰਦਰ ਸਿੱਕਿਆਂ ‘ਚ ਢਾਲ਼ਿਆ ਜਾਂਦਾ ਹੈ ਜਾਂ ਜੋ ‘ਭੂਰੇ ਸਾਹਬਾਂ’ ਦੀਆਂ ਕੋਠੀਆਂ ਵਿੱਚ ਜਾ ਕੇ ਉਨਾਂ ਦੀ ਸੇਵਾ-ਟਹਿਲ ਕਰਦੇ ਹਨ। ਆਪਣੇ ਬੱਚਿਆਂ ਦੇ ਗੁੰਮ ਹੋਣ ਦੀ ਸ਼ਿਕਾਇਤ ਲੈ ਕੇ ਜਦੋਂ ਉੱਥੋਂ ਦੇ ਪੁਲਿਸ ਥਾਣੇ ਵਿੱਚ ਜਾਂਦੇ ਸਨ ਸ਼ਿਕਾਇਤ ਦਰਜ ਕਰਨਾ ਤਾਂ ਦੂਰ, ਡਰਾ-ਧਮਕਾ ਅਤੇ ਅਪਮਾਨਤ ਕਰਕੇ ਭਜਾ ਦਿੱਤਾ ਜਾਂਦਾ ਹੈ। ਇਹ ਉਹੀ ਨੋਏਡਾ ਹੈ ਜਿੱਥੇ ਕੁੱਝ ਮਹੀਨੇ ਪਹਿਲਾਂ ਇੱਕ ਮਲਟੀਨੈਸ਼ਨਲ ਕੰਪਨੀ ਦੇ ਆਲਾ ਅਫ਼ਸਰ ਦਾ ਬੇਟਾ ਜਦੋਂ ਅਗਵਾਹ ਹੋਇਆ ਸੀ ਤਾਂ ਸਾਰਾ ਪ੍ਰਸ਼ਾਸ਼ਨ ਇੱਕ ਟੰਗ ‘ਤੇ ਖੜ੍ਹਾ ਹੋ ਗਿਆ ਸੀ, ਇਲੈਕਟ੍ਰਾਨਿਕ ਮੀਡੀਆ ਪਲ-ਪਲ ਦੀਆਂ ਖ਼ਬਰਾਂ ਦੇ ਰਿਹਾ ਸੀ ਅਤੇ ਪ੍ਰਦੇਸ਼ ਸਰਕਾਰ ਦਾ ਇੱਕ ਮੰਤਰੀ ਹੌਸਲਾ ਦੇਣ ਉਸ ਅਫਸਰ ਦੇ ਘਰ ਪਹੁੰਚ ਗਿਆ ਸੀ। ਪਰ ਉਹ ਅਭਾਗੇ ਬੱਚੇ ਤਾਂ ਫਟੇਹਾਲ ਕਿਰਤੀਆਂ ਦੇ ਸਨ ਜਿਨਾਂ ਦੀ ਜਾਨ ਦੀ ਕੀਮਤ ਇਨਾਂ ਕੁਲੀਨਾਂ ਲਈ ਕੀੜਿਆਂ-ਮਕੌੜਿਆਂ ਤੋਂ ਜਿਆਦਾ ਨਹੀਂ ਹੈ। ਸਭ ਕੁੱਝ ਜਾਣਦੇ ਹੋਏ ਵੀ ‘ਖਾਕੀ ਵਰਦੀ ਧਾਰੀਆਂ ਦਾ ਸੰਗਠਿਤ ਗਰੋਹ’ ਉਸ ਧਨਪਸ਼ੂ ਦੇ ਕੁਕਰਮਾਂ ਤੋਂ ਅੱਖਾਂ ਬੰਦ ਕਰਨ ਲਈ ਭਾਰੀ ਫਿਰੌਤੀ ਵਸੂਲਦਾ ਰਿਹਾ। ਇਨਾਂ ਹੀ ਨਹੀਂ, ਸੱਤ੍ਹਾ-ਢਾਂਚੇ ਨਾਲ਼ ਜੁੜੇ ਸਫੇਦਪੋਸ਼ ਵੀ ਉਸੇ ਪੁਲਿਸ ਨੂੰ ਚੁੰਗਲ ‘ਚੋਂ ਬਚਾਉਣ ਲਈ ਥਾਣੇ ਵਿੱਚ ਫੋਨ ਦੀਆਂ ਘੰਟੀਆਂ ਖੜਕਾਉਂਦੇ ਰਹੇ। ਨਹੀਂ, ਨਿਠਾਰੀ ਦੀ ਘਟਨਾ ਕੋਈ ਆਮ ਘਟਨਾ ਨਹੀਂ, ਇਹ ਪੂੰਜੀਵਾਦੀ ਸੱਭਿਅਤਾ ਦੀ ਚਰਮ ਪਤਨਸ਼ੀਲਤਾ ਨੂੰ ਉਜਾਗਰ ਕਰਨ ਵਾਲ਼ੀ ਇੱਕ ਪ੍ਰਤੀਕ ਘਟਨਾ ਹੈ। 

ਭਾਵੇਂ ਸੱਚ ਇਹ ਵੀ ਹੈ ਕਿ ਪੂੰਜੀਵਾਦੀ ਸੱਭਿਅਤਾ ਦੀ ਸਮੁੱਚੀ ਯਾਤਰਾ ਹੀ ਇਨਸਾਨੀ ਖੂਨ ਅਤੇ ਹੱਡੀਆਂ ਵਿੱਚੋਂ ਲੰਘਦੀ ਹੋਈ ਇਸ ਮੁਕਾਮ ਤੱਕ ਪਹੁੰਚ ਚੁੱਕੀ ਹੈ। ਸਮਾਜਿਕ ਕਿਰਤ ਤੇ ਕੁਦਰਤੀ ਜਾਇਦਾਦ ਦੀ ਲੁੱਟਮਾਰ , ਬਰਬਰ ਕਤਲੇਆਮ ਅਤੇ ਵੱਖਰੀ ਕਿਸਮ ਦੇ ਸਮਾਜਿਕ ਤੇ ਕੌਮੀ ਅਪਰਾਧਾਂ ਦੇ ਇੱਕ ਤੋਂ ਵਧਕੇ ਇੱਕ ਖੂਨੀ ਅਧਿਆਇ ਤਾਂ ਇਸਨੇ ਆਪਣੀ ਯਾਤਰਾ ਦੀਆਂ ਸ਼ੁਰੂਆਤੀ ਪੜਾਵਾਂ ਵਿੱਚ ਹੀ ਲਿਖ ਦਿੱਤੇ ਸਨ। ਸੰਸਾਰ ਪੂੰਜੀਵਾਦ ਦੇ ਇਸ ਸ਼ੁਰੂਆਤੀ ਦੌਰ ਵਿੱਚ ਯੂਰਪ ਵਿੱਚ ਬੱਚਿਆਂ ਅਤੇ ਔਰਤਾਂ ਦੇ ਸ਼ੋਸ਼ਣ ਦੀ ਲੂੰਕੰਡੇ ਖੜ੍ਹੇ ਕਰ ਦੇਣ ਵਾਲ਼ੀ ਦਾਸਤਾਨ ਕਾਰਲ ਮਾਰਕਸ ਨੇ ‘ਪੂੰਜੀ’ ਦੇ ਪਹਿਲੇ ਖੰਡ ਵਿੱਚ ਲਿੱਪੀਬੱਧ ਕੀਤੀ ਹੈ। ਪਰ ਇਸਦੀ ਚਰਮ ਪਤਨਸ਼ੀਲਤਾ ਦੀਆਂ ਪ੍ਰਤੀਨਿਧੀ ਪ੍ਰਵਿਰਤੀਆਂ 1930 ਦੀ ਮਹਾਂਮੰਦੀ ਤੋਂ ਬਾਅਦ ਫਾਸਿਜਮ ਦੇ ਦੌਰ ਵਿੱਚ ਉੱਭਰਕੇ ਸਾਹਮਣੇ ਆਈਆਂ ਸਨ। ਇਸ ਸਮੇਂ ਪੂੰਜੀਵਾਦ ਆਪਣੇ ਬੁਢਾਪੇ ਦੀ ਹਾਲਤ¸ਸਾਮਰਾਜਵਾਦ ਦੇ ਪੜਾਅ ਵਿੱਚ ਪ੍ਰਵੇਸ਼ ਕਰ ਚੁੱਕਿਆ ਸੀ। ਸਾਮਰਾਜਵਾਦੀ ਲੁਟੇਰਿਆਂ ਨੇ ਦੁਨੀਆਂ ਦੇ ਬਜ਼ਾਰਾਂ ਅਤੇ ਕੱਚੇ ਮਾਲ ਦੇ ਸਰੋਤਾਂ ‘ਤੇ ਕਬਜਾ ਕਰਨ ਦੇ ਕੁੱਤਾ ਭੇੜ ਨੇ ਦੂਜੀ ਸੰਸਾਰ ਜੰਗ ਨੂੰ ਜਨਮ ਦਿੱਤਾ ਜਿਸ ਵਿੱਚ ਕਰੋੜਾਂ ਲੋਕ ਮਾਰੇ ਗਏ ਅਤੇ ਅਪੰਗ ਬਣਾ ਦਿੱਤੇ ਗਏ। ਅਮਰੀਕੀ ਸਾਮਰਾਜਵਾਦੀਆਂ ਨੇ ਹਿਰੋਸ਼ੀਮਾਂ-ਨਾਗਾਸਾਕੀ ‘ਤੇ ਬੰਬ ਸੁੱਟ ਕੇ ਜੋ ਵਿਨਾਸ਼ ਲੀਲਾ ਰਚੀ ਉਸ ਨਾਲ਼ ਮਨੁੱਖਤਾ ਕੰਬ ਉੱਠੀ ਸੀ। ਪਰ ਨਾਜੀ ਬਰਬਰਾਂ ਨੇ ਜੋ ਘਿਨਾਉਣੇ ਕਾਰਨਾਮਿਆਂ ਨੂੰ ਅੰਜਾਮ ਦਿੱਤਾ ਉਹ ਪੂੰਜੀਵਾਦੀ ਸੱਭਿਅਤਾ ਦੀ ਚਰਮ ਪਤਨਸ਼ੀਲਤਾ ਦੀਆਂ ਪ੍ਰਤੀਧਿਨੀ ਘਟਨਾਵਾਂ ਸਨ। ਨਾਜੀ ਤਸੀਹਾ ਕੈਪਾਂ ਵਿੱਚ ਲੱਖਾਂ ਯਹੂਦੀਆਂ ਅਤੇ ਕਮਿਊਨਿਸਟ ਕਾਰਕੁਨਾਂ  ਨੂੰ ਜਿਸ ਤਰਾਂ ਤੜਫਾ-ਤੜਫਾ ਕੇ ਮਾਰਿਆ ਗਿਆ ਉਨਾਂ ਦੀ ਯਾਦ ਵੀ ਰੋਮ-ਰੋਮ ਵਿੱਚ ਸਿਹਰਨ ਪੈਦਾ ਕਰ ਦਿੰਦੀ ਹੈ। ਇਨਾਂ ਕੈਪਾਂ ਵਿੱਚ ਨਾਜੀਆਂ ਨੇ ਮਨੁੱਖਾਂ ਨੂੰ ਤਸੀਹੇ ਦੇਣ ਅਤੇ ਕਤਲ ਕਰਨ ਦੇ ਅਜਿਹੇ ਤਰੀਕੇ ਇਜ਼ਾਦ ਕੀਤੇ ਕਿ ਉਨਾਂ ਦੀ ਚਰਚਾ ਵੀ ਆਤਮਾ ਵਿੱਚ ਕੰਬਣੀ ਪੈਦਾ ਕਰ ਦਿੰਦੀ ਹੈ। ਗੈਸ ਚੈਂਬਰਾਂ ਵਿੱਚ ਜ਼ਹਿਰੀਲੀਆਂ ਗੈਸਾਂ ਨਾਲ਼ ਦਮ ਘੁਟ-ਘੁਟਕੇ ਮਰਦੇ ਲੋਕ, ਉਧੜੀਆਂ ਖੱਲਾਂ ਵਾਲ਼ੇ ਤੇ ਹੱਡੀਆਂ ਦਾ ਢਾਂਚਾ ਬਣ ਚੁੱਕੇ ਲੋਕਾਂ ਦੇ ਹਜੂਮ, ਮਜ਼ਬੂਰ-ਬਲਾਤਕਾਰ ਪੀੜਤ ਔਰਤਾਂ, ਮਾਂ ਦੀ ਇੱਕ ਬੂੰਦ ਦੁੱਧ ਲਈ ਗਿੜਗਿੜਾਉਂਦੇ ਨਵਜੰਮੇ ਬੱਚੇ  ਅਤੇ ਇਨਾਂ ਸਭ ਵਿਚਾਲ਼ੇ ਪਿਸਤੌਲ-ਹੰਟਰ ਲਈ ਘੁੰਮਦੇ ਨਾਜੀ ਅਫਸਰ ਜਿਨਾਂ ਦੇ ਚਿਹਰਿਆਂ ‘ਤੇ ਫਿਕਰ ਦੀ ਇੱਕ ਲਕੀਰ ਵੀ ਨਹੀਂ। ਉਲ਼ਟਾ ਉਹ ਮਾਣ ਨਾਲ਼ ਕਹਿੰਦੇ ਸਨ ਕਿ ਫਿਊਹਰਰ ਦੇ ਹੁਕਮ ‘ਤੇ ਆਰੀਆ ਨਸਲ ਦੇ ਇਸ ‘ਸ਼ੁੱਧੀਕਰਨ ਮੁਹਿਮ’ ਵਿੱਚ ਸ਼ਾਮਿਲ ਹੋਣ ਦਾ ਮਹਾਨ ਮੌਕਾ ਮਿਲਿਆ ਹੈ। 

ਜਰਮਨ ਇਜ਼ਾਰੇਦਾਰ ਪੂੰਜੀ ਦੇ ਰਾਜਤੰਤਰ ਦੀਆਂ ਇਨਾਂ ਬਰਬਰਤਾਵਾਂ ਦੇ ਨਾਲ਼ ਹੀ ਉਸ ਸਮੇਂ ਸਮੁੱਚੇ ਯੂਰਪੀ ਅਤੇ ਅਮਰੀਕੀ ਸਮਾਜ ਨੂੰ ਚਰਮ ਮਨੁੱਖ ਵਿਰੋਧੀ ਪ੍ਰਵਿਰਤੀਆਂ ਨੇ ਆਪਣੀ ਲਪੇਟ ਵਿੱਚ ਲੈ ਲਿਆ ਸੀ। ਫਿਲਾਸਫੀ-ਕਲਾ-ਸਾਹਿਤ-ਸੱਭਿਆਚਾਰ ਦੇ ਖੇਤਰ ਵਿੱਚ ਮਨੁੱਖਤਾ ਦੇ ਸੁਨਹਿਰੇ ਭਵਿੱਖ ਦੀਆਂ ਕਾਮਨਾਵਾਂ ਅਤੇ ਸੁਪਨਿਆਂ ਦੇ ਸਥਾਨ ‘ਤੇ ਮਨੁੱਖਤਾ ਦੇ ਹਨ੍ਹੇਰੇ ਯੁੱਗ ਦੀਆਂ ਵਿਰੋਧਤਾਈਆਂ ਅਤੇ ਚਰਮ ਨਿਰਾਸ਼ਾਵਾਦ ਦਾ ਬੋਲਬਾਲਾ ਸੀ। ਮਨੁੱਖੀ ਉਦਾਤਤਾ ਦੇ ਸਥਾਨ ‘ਤੇ ਮਨੁੱਖੀ ਤੁਸ਼ਤਾਵਾਂ ਦੀ ਮਹਿਮਾ ਗਾਉਂਦੇ  ਹੋਏ ‘ਤੁੱਸ਼ਤਾਵਾਂ ਦੀ ਸੁੰਦਰਤਾ’ ਦੀ ਰਚਨਾ ਹੋਣ ਲੱਗੀ। ਡੂੰਘੇ ਅਵਸਾਦ ਅਤੇ ਇਕੱਲੇਪਨ ਵਿੱਚ ਡੁੱਬੇ ਫਿਲਸਟਾਈਨ ਬੁੱਧੀਜੀਵੀ ਨੇ ਘੋਸ਼ਣਾ ਕਰ ਦਿੱਤੀ ਕਿ ”ਸਾਡਾ ਸਮਾਂ ਵੱਡੇ-ਵੱਡੇ ਕਾਰਜਾਂ ਦਾ ਸਮਾਂ ਨਹੀਂ ਹੈ। ਭਵਿੱਖ ਪ੍ਰਤੀ ਪੂਰਨ ਅਨਾਸਥਾ, ਆਤਮ-ਅਲਹਿਦਗੀ ਦਾ ਸ਼ਿਕਾਰ ਇਹ ਫਿਲਸਟਾਈਨ ਪਾਸ਼ਵਿਕ ਆਨੰਦ ਵਿੱਚ ਡੁੱਬ ਗਿਆ। ਇਸਨੂੰ ਸਿਧਾਂਤ ਦਾ ਜਾਮਾ ਪਹਿਨਾਉਂਦੇ ਹੋਏ ਉਸਨੇ ਐਲਾਨ ਕਰ ਦਿੱਤਾ ਕਿ ”ਮਨੁੱਖ ਨੂੰ ਪਸ਼ੂ ਬਣਕੇ ਸੁੱਖ ਪ੍ਰਾਪਤ ਕਰਨਾ ਚਾਹੀਦਾ ਹੈ।” ”ਨੈਤਿਕ ਨਰਭਕਸ਼ਣ”  ਵਿੱਚ ਓਤਪ੍ਰੋਤ ਇਸ ਫਿਲਸਟਾਈਨ ਦੀ ਆਤਮਿਕ ਕੰਗਾਲੀ ਬਾਰੇ ਗੋਰਕੀ ਨੇ ਲਿਖਿਆ ਸੀ ”ਫਿਲਸਟਾਈਨ ਵੇਲ਼ਾ ਵਹਾ  ਹੋ ਚੁੱਕੀਆਂ ਸੱਚਾਈਆਂ ਦੇ ਕਬਰਸਤਾਨ ਦਾ ਇੱਕ ਰਾਤ ਦਾ ਪਹਿਰੇਦਾਰ ਬਣ ਚੁੱਕਿਆ ਹੈ ਅਤੇ ਜੋ ਆਪ ਹੀ ਇੰਨਾ ਬੇਜਾਨ ਹੈ ਕਿ ਨਾ ਤਾਂ ਆਪਣੇ ਕਾਲ ਦੀ ਸੀਮਾਂ ਲੰਘ ਕੇ ਜੋ ਅਤਿਜੀਵੀ ਦੇ ਰੂਪ ਵਿੱਚ ਬਚਿਆ ਹੋਇਆ ਹੈ, ਉਸ ਵਿੱਚ ਦੁਆਰਾ ਜਾਨ ਪਾ ਸਕਦਾ ਹੈ ਅਤੇ ਨਾ ਕੁੱਝ ਅਜਿਹਾ ਸੁਰਜੀਤ ਕਰ ਸਕਦਾ ਹੈ ਜੋ ਨਵਾਂ ਹੋਵੇ।”

1930 ਦੀ ਮਹਾਂ ਮੰਦੀ ਤੋਂ ਬਾਅਦ ਸ਼ੁਰੂ ਹੋਈ ਅਤੇ ਯੂਰਪ ਅਤੇ ਅਮਰੀਕਾ ਦੇ ਬੌਧਿਕ ਸਮਾਜ ਦੀ ਇਹ ਚਰਿਤਰਿਕ ਨੈਤਿਕ ਅਧੋਗਤੀ ਇੱਥੇ ਰੁਕੀ ਨਹੀਂ ਰਹੀ। ਰੁਕ ਵੀ ਨਹੀਂ ਸਕਦੀ ਸੀ ਕਿਉਂਕਿ ਸੰਸਾਰ ਪੂੰਜੀਵਾਦ ਦੇ ਜਿਨਾਂ ਸੰਕਟਾਂ ਦੇ ਭੌਤਿਕ ਅਧਾਰ ‘ਤੇ ਰਾਜਤੰਤਰ ਅਤੇ ਸਮੁੱਚੇ ਸਮਾਜ ਵਿੱਚ ਬਰਬਰਤਾ ਅਤੇ ਪਤਨਸ਼ੀਲਤਾ ਦੀਆਂ ਇਹ ਪ੍ਰਤੀਨਿਧਿਕ ਪ੍ਰਵਿਰਤੀਆਂ ਪੈਦਾ ਹੋਈਆਂ ਸਨ ਉਹ ਵਿੱਚ ਵਿੱਚ ਦੀ ਫੌਰੀ ਰਾਹਤ ਦੇ ਬਾਵਜੂਦ ਹੋਰ ਜਿਆਦਾ ਗਹਿਰਾਉਂਦਾ ਵਿੱਚ ਚਲਿਆ ਗਿਆ ਹੈ। 

ਦੂਜੀ ਸੰਸਾਰ ਜੰਗ ਤੋਂ ਬਾਅਦ ਢਹਿਢੇਰੀ ਜਪਾਨ ਅਤੇ ਯੂਰਪ ਦੀ ਮੁੜ ਉਸਾਰੀ ਦੇ ਦੌਰ ‘ਚ ਸੰਸਾਰ ਪੂੰਜੀਵਾਦੀ ਅਰਥਚਾਰੇ ਵਿੱਚ ਜੋ ਉਛਾਲ ਦਿਖਾਈ ਦਿੱਤਾ ਸੀ ਉਹ ਬੇਹੱਦ ਥੋੜ੍ਹ ਚਿਰਾ ਸਾਬਤ ਹੋਇਆ। ਅਮਰੀਕੀ ਸਾਮਰਾਜਵਾਦ ਦੀ ਆਈਜੇਨਹਾਵਰ ਦੌਰ ਦੀ ”ਸ਼ਾਨੌ-ਸ਼ੌਕਤ” ਅਤੇ ਕੈਨੇਡੀ ਦੌਰ ਦਾ ”ਉਲਾਸ” ਜਿਆਦਾ ਦਿਨ ਟਿਕਿਆ ਨਾ ਰਹਿ ਸਕਿਆ। ਪਿਛਲੀ ਸਦੀ ਦਾ ਸੱਤਵਾਂ ਦਹਾਕਾ ਖਤਮ ਹੁੰਦੇ-ਹੁੰਦੇ ਸੰਸਾਰ ਪੂੰਜੀਵਾਦ ਦਾ ਸੰਕਟ ਉਨਮਾਦੀ ਰੂਪ ਵਿੱਚ ਵਾਪਸ ਆ ਗਿਆ। ਅਸਾਧ ਰੋਗ ਨਾਲ਼ ਮੌਤ ਦੇ ਦਰਵਾਜੇ ‘ਤੇ ਖੜ੍ਹੇ ਮਰੀਜ਼ ਦੀ ਤਰਾਂ ਸਾਮਰਾਜਵਾਦੀ ਢਾਂਚਾ ਥੋੜ੍ਹਾ ਸੰਭਲਦਾ ਹੈ ਉਸ ਸਮੇਂ ਉਸਤੋਂ ਵੀ ਗਹਿਰੀ ਬਿਮਾਰੀ ਵਿੱਚ ਜਾ ਧਸਦਾ ਹੈ। ਸੰਸਾਰੀਕਰਨ ਦੇ ਮੌਜੂਦਾ ਦੌਰ  ਨੇ ਵੀ ਉਸਨੂੰ ਬੇਹੱਦ ਥੋੜ੍ਹਚਿਰੀ ਰਾਹਤ ਹੀ ਦਿੱਤੀ ਹੈ। ਇਸ ਦੌਰ ਵਿੱਚ ਕੌਮਾਂਤਰੀ ਵਿੱਤੀ ਪੂੰਜੀ ਦੇ ਖਾਸੇ ਅਤੇ ਕਾਰਜਪ੍ਰਣਾਲੀ ਵਿੱਚ ਆਈਆਂ ਕੁੱਝ ਮਹੱਤਵਪੂਰਨ ਤਬਦੀਲੀਆਂ ਦੇ ਬਾਵਜੂਦ ਸਾਮਰਾਜਵਾਦ ਅੱਜ ਪਹਿਲਾਂ ਨਾਲ਼ੋਂ ਵੀ ਜਿਆਦਾ ਕਮਜ਼ੋਰ ਅਤੇ ਪਰਜੀਵੀ ਬਣ ਗਿਆ ਹੈ। ਅੱਜ ਉਸਦੀ ਜੋ ਵੀ ਤਾਕਤ ਦਿਖਾਈ ਦੇ ਰਹੀ ਹੈ ਉਹ ਮੁੱਖ ਤੌਰ ‘ਤੇ ਸੰਸਾਰ ਪੱਧਰ ‘ਤੇ ਇਨਕਲਾਬੀ ਪ੍ਰੋਲੇਤਾਰੀ ਤਾਕਤਾਂ ਦੀ ਕਮਜ਼ੋਰੀ ਕਾਰਨ ਹੈ। ਅਭੂਤਪੂਰਵ ਪਿੱਛਲਮੋੜੇ ਅਤੇ ਪੂੰਜੀਵਾਦੀ ਮੁੜਬਹਾਲੀ ਦੇ ਇਸ ਦੌਰ ਵਿੱਚ ਇਨਕਲਾਬ ਦੀ ਲਹਿਰ ‘ਤੇ ਉਲ਼ਟ ਇਨਕਲਾਬ ਦੀ ਲਹਿਰ ਦੇ ਅਜੇ ਵੀ ਭਾਰੂ ਹੋਣ ਅਤੇ ਇਸ ਮਿਆਦ ਦੇ ਲੰਬਾ ਖਿੱਚਣ ਦਾ ਮੁੱਖ ਕਾਰਨ ਇਹੀ ਹੈ ਕਿ ਮਜ਼ਦੂਰ ਇਨਕਲਾਬ ਦੀਆਂ ਹਿਰਾਵਲ ਤਾਕਤਾਂ ਸੰਸਾਰ ਪੱਧਰ ‘ਤੇ ਪਹਿਲੇ ਗੇੜ ਦੇ ਇਨਕਲਾਬਾਂ ਦੇ ਨਿਚੋੜ ਦਾ ਕੰਮ ਅਜੇ ਵੀ ਪੂਰਾ ਨਹੀਂ ਕਰ ਸਕਦੀਆਂ ਹਨ। ਸੰਸਾਰ ਮਜ਼ਦੂਰ ਇਨਕਲਾਬਾਂ ਦਾ ਨਵਾਂ ਗੇੜ ਉਦੋਂ ਤੱਕ ਸ਼ੁਰੂ ਨਹੀਂ ਹੋ ਸਕਦਾ ਜਦੋਂ ਤੱਕ ਪ੍ਰੋਲੇਤਾਰੀ ਦੇ ਹਿਰਾਵਲ ”ਅਤੀਤ ਸਬੰਧੀ ਆਪਣੇ ਮੂਢ  ਵਿਸ਼ਵਾਸ਼ਾਂ” ਤੋਂ ਛੁਟਕਾਰਾ ਨਹੀਂ ਪਾ ਲੈਂਦੇ। ਜਦੋਂ ਸੰਸਾਰ ਪੱਧਰ ‘ਤੇ ਪ੍ਰੋਲੇਤਾਰੀ ਦੇ ਹਿਰਾਵਲ ਇਹ ਸਮਝ ਲੈਣਗੇ ਕਿ ਜ਼ਰੂਰਤ ”ਇੱਕ ਵਾਰ ਫਿਰ ਇਨਕਲਾਬ ਦੀ ਆਤਮਾ ਨੂੰ ਜਾਗ੍ਰਿਤ ਕਰਨ” ਦੀ ਹੈ, ਨਾ ਕਿ ਉਸਦੀ ਪ੍ਰੇਤਆਤਮਾ ਤੋਂ ਮੋਹਿਤ ਹੋਣ ਦੀ ਤਾਂ ਫਿਰ ਸੰਸਾਰ ਪੂੰਜੀ ਦੇ ਕਿਲਿਆਂ ‘ਤੇ ਫੈਸਲਾਕੁਨ ਹਮਲੇ ਦੀ ਸ਼ੁਰੂਆਤ ਹੋਣ ਵਿੱਚ ਦੇਰ ਨਹੀਂ ਲੱਗੇਗੀ। ਉਦੋਂ ਤੱਕ ਸੰਸਾਰ ਪੂੰਜੀਵਾਦੀ ਢਾਂਚਾ ਸੰਸਾਰੀਕਰਨ ਦੀ ਸੰਜੀਵਨੀ ਬੂਟੀ ਨਾਲ਼ ਜਵਾਨੀ ਮੁੜ ਆਉਣ ਦਾ ਭਰਮ ਪ੍ਰਦਰਸ਼ਿਤ ਕਰਦਾ ਰਹਿ ਸਕਦਾ ਹੈ। ਭਾਵੇਂ ਅਜਿਹਾ ਵੀ ਨਹੀਂ ਹੈ ਕਿ ਸੰਸਾਰ ਵਿੱਤੀ ਪੂੰਜੀ ਦੀ ਇਹ ‘ਜੇਤੂ ਮੁਹਿਮ’ ਇੱਕਦਮ ਅਪ੍ਰਤੀਰੋਧ ਰਹੀ ਹੈ। ਇਨਕਲਾਬੀ ਹਿਰਾਵਲਾਂ ਦੀ ਕਮਜ਼ੋਰ ਸਥਿਤੀ ਦੇ ਬਾਵਜੂਦ ਲੋਕਾਂ ਦੀਆਂ ਲੜਾਈਆਂ ਅਤੇ ਆਪ ਮੁਹਾਰੀਆਂ ਬਗਾਵਤਾਂ ਦਾ ਸਿਲਸਿਲਾ ਇਸ ਦੌਰ ਵਿੱਚ ਵੀ ਜਾਰੀ ਰਿਹਾ ਹੈ। ਇਹ ਐਵੇਂ ਨਹੀਂ ਹੈ ਕਿ 1990 ਦੇ ਦਹਾਕੇ ਵਿੱਚ ਪੱਛਮੀ ਪੂੰਜੀਵਾਦੀ ਦੁਨੀਆਂ ਵਿੱਚ ਸੰਸਾਰ ਪੂੰਜੀਵਾਦ ਦੇ ਨਵਜੀਵਨ ਬਾਰੇ ਜੋ ਉਤਸ਼ਾਹੀ ਕਿਲਕਾਰੀਆਂ ਸੁਣਾਈ ਦੇ ਰਹੀਆਂ ਸਨ ਉਹ ਨਵੀਂ ਸਦੀ ਆਉਂਦੇ-ਆਉਂਦੇ ਗਲ਼ੇ ਦੀ ਘੁਰਘੁਰਾਹਟ ਬਣ ਚੁੱਕੀ ਹੈ। 

ਸੰਸਾਰ ਪੂੰਜੀਵਾਦ-ਸਾਮਾਰਜਵਾਦ ਦੀ ਇਸ ਪਤਣ ਯਾਤਰਾ ਦੀ ਤਰਾਂ ਉਸਦੀ ਵਿਚਾਰ ਯਾਤਰਾ ਵੀ ਚਲਦੀ ਰਹੀ ਹੈ। ਪੱਛਮੀ ਵਿਚਾਰ ਯਾਤਰਾ ਦੀ ਜੋ ਪਤਣਗਾਥਾ ਉੱਨੀਵੀਂ ਸਦੀ ਦੇ ਅੰਤ ਵਿੱਚ ਨੀਤਸ਼ੇ ਨਾਲ਼ ਸ਼ੁਰੂ ਹੋਈ ਸੀ ਉਹ ਵੀਹਵੀਂ ਸਦੀ ਵਿੱਚ ਸਪੇਂਗਲਰ-ਟਾਈਨਬੀ ਤੋਂ ਹੁੰਦੇ ਹੋਏ ‘ਵਿੱਤੀ ਪੂੰਜੀ ਦੀ ਅੰਤਮ ਜਿੱਤ’ ਦੀ ਮਿੱਥ ਵਿੱਚ ਅੱਜ ਫਰਾਂਸਿਸ ਫੂਕੋਯਾਮਾ ਜਿਹਿਆਂ ਤੱਕ ਪਹੁੰਚਕੇ ਨਿਰਵਾਣ ਨੂੰ ਪ੍ਰਾਪਤ ਹੋ ਚੁੱਕੀ ਹੈ। ਹੁਣ ਉਸ ਕੋਲ਼ ਮਨੁੱਖਤਾ ਨੂੰ ਦੇਣ ਲਈ ”ਅੰਤ” ਦੇ ਦਰਸ਼ਨ ਤੋਂ ਬਿਨਾਂ ਹੋਰ ਕੁੱਝ ਨਹੀਂ ਬਚਿਆ ਹੈ। ਦਰਅਸਲ, ਅੱਜ ਸੰਸਾਰ ਪੂੰਜੀਵਾਦ ਨੂੰ ਆਪਣੀ ਅਟੱਲ ਮੌਤ ਦਾ ਪੂਰਵ ਅਨੁਮਾਨ ਹੋ ਗਿਆ ਹੈ ਅਤੇ ਉਹ ਬੌਖਲਾ ਕੇ ਮਨੁੱਖੀ ਸੱਭਿਅਤਾ ਦੇ ਹੀ ਅੰਤ ਦਾ ਐਲਾਨ ਕਰ ਰਿਹਾ ਹੈ। ਇਹ ਹਾਲ ਉਦੋਂ ਹੈ ਜਦੋਂ ਸੰਸਾਰ ਪ੍ਰੋਲੇਤਾਰੀ ਉਸਦੇ ਕਿਲਿਆਂ ‘ਤੇ ਨਿਰਣਾਇਕ ਹਮਲਾ ਬੋਲਣ ਲਈ ਠੀਕ ਤਰਾਂ ਤਿਆਰ ਵੀ ਨਹੀਂ ਹੋ ਸਕਿਆ ਹੈ। ਅੱਗੇ ਕੀ ਹੋਵੇਗਾ ਇਸਦਾ ਸਹਿਜ ਹੀ ਅਨੁਮਾਨ ਲਾਇਆ ਜਾ ਸਕਦਾ ਹੈ। ਕੀ ਸੰਸਾਰੀਕਰਨ ਦੇ ਇਸ ਦੌਰ ਵਿੱਚ ਪੂੰਜੀਵਾਦੀ ਸੱਭਿਅਤਾ ਦਾ ਨਵਾਂ ਫਿਲਿਸਟਾਈਨ ”ਪਸ਼ੂਵਤ ਸਰਲਤਾ” ਪ੍ਰਾਪਤ ਕਰਨ ਦੀ ਖੋਜ ਵਿੱਚ ਬੁਨਿਆਦੀ ਮਨੁੱਖੀ ਸਹਿਜ ਬਿਰਤੀਆਂ ਨੂੰ ਪੂਰੀ ਤਰਾਂ ਗਵਾ ਬੈਠੇਗਾ? 

ਸੰਕੇਤ ਤਾਂ ਕੁੱਝ ਅਜਿਹੇ ਹੀ ਮਿਲ ਰਹੇ ਹਨ। ਪੱਛਮੀ ਪੂੰਜੀਵਾਦੀ ਸਮਾਜਾਂ ਦਾ ਕੁਲੀਨ ਤਬਕਾ ਆਪਣੇ ਐਸ਼ੋਅਰਾਮ ਦਾ ਅਸ਼ਲੀਲ ਪ੍ਰਦਰਸ਼ਨ ਕਰਦਾ ਹੋਇਆ ਅੱਜ ਚਰਮ ਵਿਲਾਸਤਾ ਅਤੇ ਚਰਮ ਭੋਗ ਵਿੱਚ ਡੁੱਬਿਆ ਹੋਇਆ ਹਫ ਰਿਹਾ ਹੈ। ਸਨਕ ਅਤੇ ਉਨਮਾਦ ਭਰੇ ਨਾਚ-ਗਾਣ, ਕਾਰਨੀਵਾਲ ਅਤੇ ਵਚਿੱਤਰ ਖੇਡਾਂ ਦੇ ਆਯੋਜਨਾਂ ਨਾਲ਼ ਹੁਣ ਉਸਨੂੰ ਤ੍ਰਿਪਤੀ ਨਹੀਂ ਮਿਲ ਰਹੀ ਹੈ। ਇਸ ਕੁਲੀਨ ਸਮਾਜ ਵਿੱਚ ਕੁਟੰਬਿਕ ਵਿਭਚਾਰ ਤਾਂ ਪਹਿਲਾਂ ਹੀ ਚਲਨ ਵਿੱਚ ਆ ਚੁੱਕੇ ਸਨ। ਇਨਾਂ ਦਾ ਆਤਮਿਕ ਖੋਖਲਾਪਣ ਹੁਣ ਜੀਵਨ ਦੀ ਉਬ ਅਤੇ ਨੀਰਸਤਾ ਨੂੰ ਦੂਰ ਕਰਨ ਲਈ ਨਵੇਂ ਪਾਸ਼ਵਿਕ ਆਨੰਦ  ਦੀਆਂ ਨਵੀਂਆਂ-ਨਵੀਆਂ ਤਰਕੀਬਾਂ ਨੂੰ ਅਜਮਾਉਣ ਲਈ ਉਕਸਾਉਂਦਾ ਰਹਿੰਦਾ ਹੈ। ਹੁਣ ਇਸਦੀ ਸਾਰੀ ਸਿਰਜਣਾਤਮਕਤਾ ਸਮੂਹਿਕ ਯੌਨ ਕਿਰਿਆਵਾਂ ਦੇ ਨਵੇਂ-ਨਵੇਂ ਰੂਪਾਂ ਨੂੰ ਇਜਾਦ ਕਰਨ ਅਤੇ ਮਨੁੱਖ ਦੀਆਂ ਆਦਮ ਬਿਰਤੀਆਂ ਦੇ ਅਹਿਸਾਸਾਂ ਦੀ ਖੋਜ ਕਰਨ ਵਿੱਚ ਹੀ ਚੁੱਕ ਜਾ ਰਹੀ ਹੈ। ਇਸ ਸਭ ਕਾਸੇ ਤੋਂ ਬਾਅਦ ਨਿਰਾਰਥਕਤਾਬੋਧ ਖਾਣ ਲਗਦਾ ਹੈ ਤਾਂ ਉਸਦੀ ਆਤਮਾ ਪਛਤਾਵੇ ਲਈ ਬੇਚੈਨ ਹੋ ਉਠਦੀ ਹੈ ਅਤੇ ਤਰਾਂ-ਤਰਾਂ ਦੇ ਰਹੱਸਮਈ ਧਾਰਮਿਕ ਪੰਥਾਂ ਅਤੇ ਕਬੀਲਾਈ ਜੀਵਨ ਦੇ ਟੂਣੇ-ਟਾਮਣਿਆਂ ਦੀ ਸ਼ਰਣ ਵਿੱਚ ਜਾ ਪਹੁੰਚਦਾ ਹੈ। 

ਹਾਲੀਵੁੱਡ ਦਾ ਸਿਨੇਮਾ ਅੱਜ ਦੀ ਪੂੰਜੀਵਾਦੀ ਸੱਭਿਅਤਾ ਅਤੇ ਸੱਭਿਆਚਾਰ ਦੀ ਪਤਨਸ਼ੀਲਤਾ ਨੂੰ ਪ੍ਰਤੀਨਿਧਿਕ ਰੂਪ ਵਿੱਚ ਪ੍ਰਗਟ ਕਰ ਰਿਹਾ ਹੈ। ਇੱਕ ਪਾਸੇ ‘ਬੇਸਿਕ ਇੰਸਟਿੰਕਟ’ ਜਿਹੀਆਂ ਫਿਲਮਾਂ ਹਨ ਜੋ ਮਨੁੱਖ ਦੀਆਂ ਆਦਮ ਬਿਰਤੀਆਂ ਅਤੇ ਲਾਲਸਾਵਾਂ ਦਾ ਮੁੜਪ੍ਰਗਟਾਵਾ ਕਰ ਰਹੀਆਂ ਹਨ ਤਾਂ ਦੂਜੇ ਪਾਸੇ ‘ਜੁਰਾਸਿਕ ਪਾਰਕ’ ਜਿਹੀਆਂ ਫਿਲਮਾਂ ਜੋ ਜੁਰਾਸਿਕ ਯੁੱਗ ਦੇ ਹਿੰਸਕ ਵਣ ਜੀਵਾਂ ਨੂੰ ਕੰਪਿਊਟਰ ਜ਼ਰੀਏ ਮੁੜਸੁਰਜੀਤ ਕਰਕੇ ਭਿਆਨਕ ਰਸ ਦੇ ਨਵੇਂ-ਨਵੇਂ ਆਯਾਮਾਂ” ਨੂੰ ਉਦਘਾਟਿਤ ਕਰ ਰਹੀ ਹੈ। ਕੁਦਰਤ ਨਾਲ਼ ਛੇੜਛਾੜ ਨਾ ਕਰਨ ਦੇ ਮਸੀਹੀ ਉਪਦੇਸ਼ ਦਿੰਦੇ ਹੋਏ ਇਹ ਫਿਲਮਾਂ ਉਨਾਂ ਮਨੁੱਖ ਵਿਰੋਧੀ ਸਮਾਜਿਕ ਸ਼ਕਤੀਆਂ ਵੱਲੋਂ ਲੋਕਾਂ ਦਾ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਜੋ ਵਿਗਿਆਨ ਅਤੇ ਤਕਨਾਲੋਜੀ ਨੂੰ ਮਨੁੱਖਤਾ ਦੀ ਬਜਾਏ ਮੁਨਾਫੇ ਦੀ ਸੇਵਾ ਵਿੱਚ ਲਾਈ ਰੱਖਣਾ ਚਾਹੁੰਦੀਆਂ ਹਨ। ਇਨਾਂ ਸਾਰਿਆਂ ਵਿੱਚ ‘ਸੀ’ ਗ੍ਰੇਡ ਵਾਲ਼ੀਆਂ ਫਿਲਮਾਂ ਦਾ ਕਚਰਾ ਵੀ ਭਾਰੀ ਮਾਤਰਾ ਵਿੱਚ ਉਤਪਾਦਿਤ ਕੀਤਾ ਜਾਂਦਾ ਹੈ ਜਿਸਨੂੰ ਥੋਕ ਵਿੱਚ ਤੀਜੀ ਦੁਨੀਆਂ ਦੇ ”ਬੰਦ ਸਮਾਜਾਂ” ਦੇ ਬਜ਼ਾਰਾਂ ਵਿੱਚ ਨਿਰਯਾਤ ਕੀਤਾ ਜਾ ਰਿਹਾ ਹੈ। ਸੱਭਿਆਚਾਰਕ ਪਤਨ ਦੀ ਹਾਲਤ ਅੱਜ ਉੱਥੋਂ ਤੱਕ ਪਹੁੰਚ ਚੁੱਕੀ ਹੈ ਕਿ ਸਿਨੇਮਾ ਅਤੇ ਮਾਡਲਿੰਗ ਦੀ ਦੁਨੀਆਂ ਨਾਲ਼ ਜੁੜੀਆਂ ਅਨੇਕਾਂ ਅਭਿਨੇਤਰੀਆਂ ਨਾਰੀ ਮੁਕਤੀ ਦੀ ਮਿਥਿਆ ਪੂੰਜੀਵਾਦੀ ਚੇਤਨਾ ਵਿੱਚ ਜਿਊਂਦੀਆਂ ਹੋਈਆਂ ਆਪਣੀ ਸਮੁੱਚੀ ਮਨੁੱਖੀ ਗਰਿਮਾ ਨੂੰ ਹੀ ਗੁਆ ਬੈਠੀਆਂ ਹਨ। ਪੂੰਜੀਵਾਦੀ ਸੱਭਿਅਤਾ ਦੀਆਂ ਇਹ ਸਰਾਪੀਆਂ ਇਸਤਰੀਆਂ ”ਪੀਲ਼ੇ ਭੂਤ” ਦੇ ਵੱਸ ਹੋ ਕੇ ਇਸਤਰੀ ਦੇਹ ਅਤੇ ਯੌਨ ਕਿਰਿਆਵਾਂ ਦੇ ਸਰਵਜਨਕ ਪ੍ਰਦਰਸ਼ਨ ਵਿੱਚ ਉੱਥੋਂ ਤੱਕ ਪਹੁੰਚੀਆਂ ਹਨ ਕਿ ਮਨੁੱਖੀ ਨਿੱਜਤਾ ਦੀਆਂ ਸਾਰੀਆਂ ਹੱਦਾਂ ਨਸ਼ਟ ਹੋ ਚੁੱਕੀਆਂ ਹਨ। ਹੁਣ ਸ਼ਾਇਦ ਸੰਸਾਰੀਕਰਨ ਦੇ ਦੌਰ ਦੇ ਫਿਲਿਸਟਾਈਨ ਨੂੰ ਨਿਰਵਾਣ ਪ੍ਰਾਪਤ ਹੋ ਜਾਵੇ। 

ਪੂੰਜੀਵਾਦੀ ਸੱਭਿਅਤਾ ਅਤੇ ਸੱਭਿਆਚਾਰ ਦੀ ਇਹ ਪਤਣ ਗਾਥਾ ਹੁਣ ਪੱਛਮ ਦੀਆਂ ਦੇਹਲੀਆਂ ਤੱਕ ਸੀਮਤ ਨਹੀਂ ਰਹਿ ਗਈ ਹੈ। ਹੁਣ ਇਸਦਾ ਵੀ ਸੰਸਾਰੀਕਰਨ ਹੋ ਗਿਆ ਹੈ। ਇਲੈਕਟ੍ਰਾਨਿਕ ਮਾਧਿਅਮਾਂ ਦੇ ਸੰਸਾਰਵਿਆਪੀ ਸੰਜਾਲ ਨੇ ਪੱਛਮੀ ਪੂੰਜੀਵਾਦੀ ਸੱਭਿਆਚਾਰਕ ਕਚਰੇ ਅਤੇ ਨੈਤਿਕ ਸੜਾਂਦ ਨੂੰ ਸਮੁੱਚੇ ਸੰਸਾਰ ‘ਤੇ ਫੈਲਾਅ ਦਿੱਤਾ ਹੈ। ਭਾਰਤ, ਬ੍ਰਾਜੀਲ, ਮੈਕਸੀਕੋ, ਇੰਡੋਨੇਸ਼ੀਆ, ਮਲੇਸ਼ੀਆ ਜਿਹੇ ਦੇਸ਼ ਜੋ ਆਪਣੇ ਬੁਨਿਆਦੀ-ਆਲ ਜੰਜਾਲ ਢਾਂਚੇ ਅਤੇ ਭਿੰਨਤਾਪੂਰਨ ਅਰਥਚਾਰਿਆਂ ਦੇ ਨਾਤੇ ਸੰਸਾਰ ਪ੍ਰੋਲੇਤਾਰੀ ਇਨਕਲਾਬਾਂ ਦੇ ਨਵੇਂ ਚੱਕਰ ਲਈ ‘ਹਾਟ ਸਪਾਟਸ’ ਬਣ ਗਏ ਹਨ ਉਹੀ ਦੇਸ਼ ਇਸ ਸੱਭਿਆਚਾਰਕ ਪਤਨਸ਼ੀਲਤਾ ਦੇ ਜ਼ਹਿਰੀਲੇ ਰੁੱਖ ਦੇ ਵਧਣ-ਫੁੱਲਣ ਲਈ ਵੀ ਅਨੁਕੂਲ ਜਮੀਨ ਮੁਹੱਈਆ ਕਰਾ ਰਹੇ ਹਨ। ਇਨਾਂ ਦੇਸ਼ਾਂ ਦੀ ਬੁਰਜੂਆਜ਼ੀ  ਨੇ ਸਾਮਰਾਜਵਾਦੀ ਪੂੰਜੀ ਅਤੇ ਉਸਦੇ ਭੌਤਿਕ ਉਤਪਾਦਾਂ ਨਾਲ਼ ਹੀ ਸਾਮਰਾਜਵਾਦੀ ਸੱਭਿਆਚਾਰਕ ਉਤਪਾਦਾਂ ਲਈ ਵੀ ਦਰਵਾਜੇ ਪੂਰੀ ਤਰਾਂ ਖੋਲ੍ਹ ਦਿੱਤੇ ਹਨ। ਸਾਮਰਾਜਵਾਦੀ ਕਚਰਾ ਸਾਹਿਤ ਹੋਵੇ ਜਾਂ ਹਾਲੀਵੁੱਡ ਸਿਨੇਮਾ ਅਤੇ ਟੀ. ਵੀ. ਦੇ ਸੜੇ ਹੋਏ ਸੱਭਿਆਚਾਰਕ ਮਾਲ, ਇਨਾਂ ਸਭ ਦੇ ਸਵਾਗਤ ਲਈ ਭਾਰਤੀ ਪੂੰਜੀਪਤੀ ਜਮਾਤ ਵੀ ਬਾਹਾਂ ਫੈਲਾਈ ਖੜ੍ਹੀ ਹੈ। ਸੰਸਾਰੀਕਰਨ ਦੀਆਂ ਨੀਤੀਆਂ ਦੇ ਤਹਿਤ ਇੱਕ ਪਾਸੇ ਦੇਸ਼ ਵਿੱਚ ਉਜ਼ਰਤੀ ਗੁਲਾਮੀ ਦੇ ਮਹਾਂਸਾਗਰਾਂ ਦਾ ਨਿਰਮਾਣ ਹੋ ਰਿਹਾ ਹੈ ਤਾਂ ਦੂਜੇ ਪਾਸੇ ਪਤਿਤ ਪੂੰਜੀਵਾਦੀ ਸਾਮਰਾਜਵਾਦੀ ਸੱਭਿਆਚਾਰ ਦੇ ਮਾਰੂਥਲਾਂ ਅਤੇ ਬਦਬੂਦਾਰ ਦਲਦਲਾਂ ਦਾ ਪ੍ਰਸਾਰ ਵੀ ਤੇਜੀ ਨਾਲ਼ ਹੋ ਰਿਹਾ ਹੈ। 

ਪੱਛਮੀ ਪੂੰਜੀਵਾਦ ਦੀ ਭੌਤਿਕ-ਆਤਮਿਕ ਸੱਭਿਆਚਾਰ ਦੀ ਚਰਮ ਪਤਨਸ਼ੀਲਤਾ ਦੀ ਜੋ ਤਸਵੀਰ ਉੱਪਰ ਖਿੱਚੀ ਗਈ ਹੈ ਉਸਦਾ ਕੈਨਵਸ ਫੈਲ ਕੇ ਹੁਣ ਭਾਰਤੀ ਸਮਾਜ ਨੂੰ ਵੀ ਆਪਣੇ ਚੁੰਗਲ਼ ਵਿੱਚ ਫਸਾ ਚੁੱਕਾ ਹੈ। ਲੋਭ-ਲਾਲਚ ਅਤੇ ਪਾਸ਼ਵਿਕ ਇੰਦਰੀਭੋਗ, ਅੰਨ੍ਹੇ ਸਵਾਰਥਪੁਣੇ, ਗਲ਼ਾ ਵੱਢ ਭੇੜ, ਬਿਮਾਰ ਅਤੇ ਬੌਣੇ ਕਿਸਮ ਦਾ ਵਿਅਕਤੀਵਾਦ, ਸਮਾਜਿਕ ਸੰਵੇਦਨਹੀਣਤਾ ਅਤੇ ਭਿਆਨਕ ਅਲਹਿਦਗੀ ਦਾ ਸੱਭਿਆਚਾਰ ਅੱਜ ਭਾਰਤੀ ਸਮਾਜ ਦੇ ਸੱਭਿਆਚਾਰਕ ਜੀਵਨ ਵਿੱਚ ਵਿਆਪਤ ਹੋ ਚੁੱਕਾ ਹੈ। ‘ਮਹਾਨ ਭਾਰਤੀ ਮੱਧਵਰਗ’ ਅੱਜ ਪਤਿਤ ਪੂੰਜੀਵਾਦੀ ਸੱਭਿਆਚਾਰਕ ਉਤਪਾਦਾਂ ਦਾ ਸਭ ਤੋਂ ਵੱਡਾ ਅਤੇ ਉਤਸ਼ਾਹੀ ਉਪਭੋਗਤਾ ਬਣ ਗਿਆ ਹੈ। ਇਸਦੇ ਨਾਲ਼ ਹੀ ਜਗੀਰ ਅਤਰਕਸ਼ੀਲਤਾ, ਮੱਧਯੁੱਗੀ ਬਰਬਰਤਾ ਅਤੇ ਜਮਹੂਰੀ ਕਦਰਾਂ ਦੀ ਘੋਰ ਉਲੰਘਣਾ ਦਾ ਸੱਭਿਆਚਾਰ ਵੀ ਕੋੜ੍ਹ ਵਿੱਚ ਖੁਰਕ ਦੀ ਤਰਾਂ ਸਾਡੇ ਸਮਾਜ ਵਿੱਚ ਅਜੇ ਵੀ ਬਣੀ ਹੋਈ ਹੈ। ਇਸੇ ਹਿੰਸਕ ਸੱਭਿਆਚਾਰਕ ਵਾਤਾਵਰਨ ਵਿੱਚ ਬੱਚਿਆਂ ਅਤੇ ਦਲਿਤਾਂ ਦੇ ਖਿਲਾਫ ਹੋਣ ਵਾਲ਼ੇ ਸਮਾਜਿਕ ਅਪਰਾਧਾਂ ਦਾ ਹੜ੍ਹ ਹੀ ਆ ਗਿਆ ਹੈ। 

ਜਿਵੇਂ-ਜਿਵੇਂ ਵਿੱਤੀ ਪੂੰਜੀ ਦੇ ਆਕਟੋਪਸੀ ਪੰਜੇ ਭਾਰਤੀ ਸਮਾਜ ਦੇ ਸਮੁੱਚੇ ਆਰਥਿਕ ਜੀਵਨ ਨੂੰ ਆਪਣੀ ਜਕੜ ਵਿੱਚ ਕਸਦੇ ਜਾ ਰਹੇ ਹਨ ਉਵੇਂ-ਉਵੇਂ ਬੁਰਜੂਆ ਰਾਜਕੀ-ਢਾਂਚੇ ਦਾ ਚਰਿੱਤਰ ਵੀ ਘੋਰ ਲੋਕ ਵਿਰੋਧੀ ਅਤੇ ਨਿਰੰਕੁਸ਼-ਦਮਨਕਾਰੀ ਹੁੰਦਾ ਜਾ ਰਿਹਾ ਹੈ। ਬੁਰਜੂਆ ਰਾਜਨੀਤਕ ਸੱਭਿਆਚਾਰ ਦਾ ਪਤਨ ਅੱਜ ਉਸ ਮੁਕਾਮ ‘ਤੇ ਪਹੁੰਚ ਗਿਆ ਹੈ ਕਿ ਰਾਜਨੀਤਕ ਦਲਾਂ ਅਤੇ ਅਪਰਾਧੀਆਂ ਦੇ ਜਥੇਬੰਦ ਗਿਰੋਹਾਂ ਦਾ ਫਰਕ ਮਿਟਦਾ ਜਾ ਰਿਹਾ ਹੈ। ਘੋਰ ਸੰਵੇਦਨਹੀਣ ਨੌਕਰਸ਼ਾਹੀ ਠੱਗਾਂ-ਲੋਟੂਆਂ ਦਾ ਜਥੇਬੰਦ ਗਿਰੋਹ ਬਣ ਚੁੱਕੀ ਹੈ ਅਤੇ ਰਾਜਕੀ ਢਾਂਚੇ ਦਾ ਹਥਿਆਰਬੰਦ ਦਸਤਾ¸ਪੁਲਿਸ-ਅਰਧਸੈਨਿਕ ਬਲ ਅਤੇ ਫੌਜ ਬੁਰਜੂਆਜ਼ੀ ਦੀ ਹਿਫਾਜਤ ਵਿੱਚ ਆਪਣੇ ਖੂਨੀ ਦੰਦ ਅਤੇ ਸ਼ਿਕਾਰੀ ਪੰਜੇ ਕੱਢਕੇ ਖੁੱਲ੍ਹੇ ਰੂਪ ਵਿੱਚ ਸਾਹਮਣੇ ਆ ਗਿਆ ਹੈ ਅਤੇ ਬੁਰਜੂਆ ਨਿਆਪਾਲਕਾ¸ਬੁਰਜੂਆ ਜਮਹੂਰੀਅਤ ਦੀ ਪਵਿੱਤਰਤਮ ਸੰਸਥਾ ਵੀ ਨਿਰਪੱਖਤਾ ਦੇ ਮੁਖੌਟੇ ਨੂੰ ਹਟਾਕੇ ਨਿਰਲੱਜ਼ਤਾ ਨਾਲ਼ ਦੇਸ਼ੀ-ਵਿਦੇਸ਼ੀ ਪੂੰਜੀ ਦੀ ਹਿਫਾਜਤ ਦੀ ਅਸਲ ਭੂਮਿਕਾ ਵਿੱਚ ਆ ਚੁੱਕੀ ਹੈ। 

ਦੇਸ਼ ਦੇ ਪੂੰਜੀਵਾਦੀ ਰਾਜ-ਢਾਂਚੇ ਅਤੇ ਸਮਾਜ ਦੇ ਇਸੇ ਅਮਨੁੱਖੀ ਮਹੌਲ ਵਿੱਚ ਇੱਕ ਨਵਾਂ ਪੂੰਜੀਵਾਦੀ ਕੁਲੀਨ ਤਬਕਾ ਤੇਜੀ ਨਾਲ਼ ਵਧ ਫੁੱਲ ਰਿਹਾ ਹੈ ਜਿਸਨੂੰ ਨਾ ਤਾਂ ਪੁਲਿਸ-ਕਾਨੂੰਨ-ਨਿਆਂ ਦਾ ਡਰ ਹੈ ਅਤੇ ਨਾ ਹੀ ਕੋਈ ਸਮਾਜਕ ਡਰ। ਇਸ ਲਈ ਮਨੁੱਖੀ ਕਿਰਤ ਦੁਆਰਾ ਉਤਪਾਦਿਤ ਮਾਲ ਹੀ ਨਹੀਂ ਆਪ ਮਨੁੱਖ ਅਤੇ ਸਮੁੱਚੀ ਕੁਦਰਤ ਵੀ ਕੇਵਲ ਇਸਤੇਮਾਲ ਕਰਨ, ਨਿਗਲ਼ਣ ਅਤੇ ਚੱਬਣ ਲਈ ਹੈ। ਸੰਸਾਰੀਕਰਨ ਦੇ ਇਸੇ ਮਨੁੱਖ ਵਿਰੋਧੀ ਸਮਾਜਿਕ-ਸੱਭਿਆਚਾਰਕ ਮਾਨਚਿੱਤਰ ‘ਤੇ ਉੱਭਰਕੇ ਸਾਡੇ ਸਾਹਮਣੇ ਆਉਂਦਾ ਹੈ ਨਿਠਾਰੀ! ਪੂੰਜੀਵਾਦੀ ਸੱਭਿਅਤਾ ਦੀ ਚਰਮ ਪਤਨਸ਼ੀਲਤਾ ਦਾ ਇੱਕ ਪ੍ਰਤੀਕ! ਸਾਫ ਨਜ਼ਰ ਆ ਰਿਹਾ ਹੈ ਕਿ ਪੂੰਜੀਪਤੀ ਵਰਗ ਅੱਜ ਸ਼ਬਦਸ਼ ਮਨੁੱਖਤਾ ਦੀਆਂ ਸ਼ਰਤਾਂ ਨੂੰ ਖੋ ਚੁੱਕਿਆ ਹੈ। ਇਹ ਅਮਨੁੱਖੀ ਜਮਾਤ ਅੱਜ ਵਾਧੂ ਕਦਰ ਨਿਚੋੜਨ ਤੋਂ ਬਚੇ ਹੋਏ ਸਮੇਂ ਵਿੱਚ ਆਪਣੀ ਚਰਮ ਵਿਲਾਸਤਾ ਅਤੇ ਚਰਮਭੋਗ ਦੀ ਲਾਲਸਾ ਨੂੰ ਸ਼ਾਂਤ ਕਰਨ ਲਈ ਮਨੁੱਖਤਾ ਨੂੰ, ਸਾਰੇ ਮਨੁੱਖੀ ਮੁੱਲਾਂ ਨੂੰ ਹੀ ਨਿਚੋੜ ਰਹੀ ਹੈ। ਇਹ ਲੋਕ ਹਰ ਹਾਲ ਵਿੱਚ ਇਨਾਂ ਸਥਿਤੀਆਂ ਨੂੰ ਕਾਇਮ ਰੱਖਣਾ ਚਾਹੁੰਦੇ ਹਨ। ਦੂਜੇ ਪਾਸੇ ਹੈ ਪ੍ਰੋਲੇਤਾਰੀ ਜਮਾਤ । ਬੁਰਜੂਆਜ਼ੀ ਨੇ ਇਸ ਨੂੰ ਵੀ ਨਿਚੋੜਕੇ ਸਾਰੀ ਭੌਤਿਕ ਆਤਮਿਕ ਸੰਪਦਾ ਤੋਂ ਵਾਂਝੇ ਕਰ ਦਿੱਤਾ ਹੈ ਅਤੇ ਇਸ ਤੇਂ ਵੀ ਮਨੁੱਖ ਦੀਆਂ ਸਾਰੀਆਂ ਸ਼ਰਤਾਂ ਖੋਹ ਲਈਆਂ ਹਨ। ਪਰ ਇਹ ਜਮਾਤ ਇਨਾਂ ਸਥਿਤੀਆਂ ਦੇ ਖਿਲਾਫ ਜ਼ਰੂਰ ਹੀ ਬਗਾਵਤ ਕਰੇਗੀ ਕਿਉਂਕਿ ਇਹ ਇਸਦੀ ਹੋਂਦ ਦੀ ਸ਼ਰਤ ਹੈ। 

ਸਾਡੇ ਸਮਾਜ ਵਿੱਚ ਫੈਲੀ ਇਸ ਅਮਨੁੱਖਤਾ ਅਤੇ ਨੈਤਿਕ ਸੜਾਂਦ ਵਿੱਚ ਬੁੱਧੀਜੀਵੀ ਵਰਗ ਕਿੱਥੇ ਹੈ? ਉਹ ਅਜੇ ਵੀ ਹਤਾਸ਼-ਨਿਰਾਸ਼ ਪੂਰੀ ਤਰਾਂ ਬਿਨਾਂ ਇੱਛਾ ਸ਼ਕਤੀ ਹੀਣਤਾ ਵਿੱਚ ਹੀ ਪਿਆ ਹੋਇਆ ਹੈ। ਨਿਠਾਰੀ ਜਿਹੀ ਘਟਨਾ ‘ਤੇ ਵੀ ਉਹ ਬਸ ਬੁੜਬੁੜਾ, ਆਹ ਕਰਾਹ ਕੇ ਰਹਿ ਗਿਆ। ਇਸੇ ਤਰਾਂ, ਗੁਜਰਾਤ ਨਰਸੰਹਾਰ ‘ਤੇ ਵੀ ਉਹ ਮਰਸੀਏ ਗਾ ਕੇ, ਛੱਤ ‘ਤੇ ਖੜ੍ਹੇ ਹੋ ਕੇ ਮਾਨਵਤਾ ਨੂੰ ਬਚਾਉਣ ਦੀ ਖੋਖਲੀ ਚੀਕ ਪੁਕਾਰ ਮਚਾ ਕੇ ਆਪਣੇ ਅਧਿਐਨ ਕਮਰੇ ਵਿੱਚ ਦੁਬਕ ਗਿਆ ਸੀ। ਇਤਿਹਾਸ ਗਵਾਹ ਹੈ ਕਿ ਜਦੋਂ ਬੁੱਧੀਜੀਵੀ ਸੌਂਦੇ ਰਹਿੰਦੇ ਹਨ, ਹਰਕਤਹੀਣ ਪਏ ਰਹਿੰਦੇ ਹਨ ਤਾਂ ਅਲੇਕਜੇਂਡਰੀਆ ਦੀ ਲਾਇਬਰੇਰੀ ਜਲਾਉਣ ਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਇਹ ਸੱਭਿਅਤਾ ਦੇ ਨਿਘਾਰ ਦੇ ਦੌਰ ਦੀਆਂ ਪ੍ਰਤੀਕ ਘਟਨਾਵਾਂ ਹਨ। ਪਰ ਸਾਡਾ ਬੁੱਧੀਜੀਵੀ ਵਰਗ ਅਜੇ ਕੁਤੁਬਨੁਮਾ ਦਾ ਇਸ਼ਾਰਾ ਨਹੀਂ ਪੜ੍ਹ ਪਾ ਰਿਹਾ ਹੈ। ਇੱਕ ਪਾਸੇ ਸਾਡਾ ਉਹ ਨਵ ਫਿਲਿਸਟੀਨ ਹੈ ਜੋ ਇਸਤਰੀ ਦੇਹ ਦੇ ਇਤਿਹਾਸ-ਭੁਗੋਲ ਵਿੱਚ ਭਟਕਦਾ ਹੋਇਆ ‘ਪਸ਼ੁਵਤ ਸਰਲਤਾ’ ਦੇ ਨੇੜੇ ਜਾਣ ਜਾਂ ‘ਛੋਟੀਆਂ ਚੀਜ਼ਾਂ ਦਾ ਖੁਦਾ’ ਭਾਲਣ ਵਿੱਚ ਜੁਟਿਆ ਹੋਇਆ ਹੈ ਅਤੇ ਦੂਜੇ ਪਾਸੇ ਉਹ ਮਾਨਵਤਾਵਾਦੀ-ਉਦਾਰਵਾਦੀ ਹੈ ਜੋ ਇਤਿਹਾਸ ਦਾ ਪਿਛਵਾੜਾ ਦੇਖਣ ਵਿੱਚ ਮਗਨ ਹੈ। ਵਰਤਮਾਨ ਦੀ ਬਰਬਰਤਾ ਦਾ ਵਿਕਲਪ ‘ਭਵਿੱਖ ਦੀ ਕਵਿਤਾ’ ਵਿੱਚ  ਭਾਲਣ ਦੀ ਬਜਾਇ ਉਹ ਅਤੀਤ ਦੀਆਂ ਰਾਗਾਤਮਕ ਯਾਦਾਂ ਦਾ ਸ਼ਰਨਾਗਤ ਹੋ ਚੁੱਕਿਆ ਹੈ। ਓ ਭਲੇਪੁਰਖ! ਜਦੋਂ ਸੱਭਿਆਚਾਰ ਧਰੋਹੀ ਪੂੰਜੀਵਾਦ ਅਲੇਗਜ਼ੇਂਡਰੀਆ ਦੀ ਲਾਇਬਰੇਰੀ ਅਤੇ ਬਾਮਿਯਾਨ ਦੀਆਂ ਮੂਰਤੀਆਂ ਦੀ ਤਰਾਂ ਸਾਡੇ ਦੇਸ਼ ਦੀਆਂ ਸੱਭਿਆਚਾਰਕ ਨਿਧੀਆਂ ਨੂੰ ਵੀ ਨਸ਼ਟ ਕਰਨਾ ਸ਼ੁਰੂ ਕਰ ਦੇਵੇਗਾ ਉਦੋਂ ਜਾਗਣ ਨਾਲ਼ ਕੀ ਹੋਵੇਗਾ? 

• 

ਪੂੰਜੀਵਾਦੀ ਸੱਭਿਅਤਾ ਅਤੇ ਸੱਭਿਆਚਾਰ ਦੇ ਇਸ ਨਿਘਾਰ ਦੇ ਦੌਰ ਵਿੱਚ ਸੰਸਾਰੀਕਰਨ ਦੀ ਪ੍ਰਕਿਰਿਆ ਦੇ ਤਹਿਤ ਪਿਛਲੇ ਡੇਢ ਦਹਾਕੇ ਵਿੱਚ ਸਾਡੇ ਦੇਸ਼ ਵਿੱਚ ਮਹਾਂਨਗਰੀ ਜੀਵਨ ਦਾ ਇੱਕ ਨਵਾਂ ਭੂ-ਸੱਭਿਆਚਾਰਕ ਮਾਨਚਿੱਤਰ ਪੈਦਾ ਹੋਇਆ ਹੈ। ਪਿੰਡਾਂ ਵਿੱਚ ਵਿੱਤੀ ਪੂੰਜੀ ਦੀ ਘੁਸਪੈਠ ਤੇਜ਼ ਹੋਣ ਨਾਲ਼ ਵੱਡੀ ਗਿਣਤੀ ਵਿੱਚ ਗਰੀਬ ਕਿਸਾਨ ਅਬਾਦੀ ਨੂੰ ਆਪਣੀ ਜਗ੍ਹਾ ਜਮੀਨ ਤੋਂ ਉੱਜੜਕੇ ਰੋਜੀ ਰੋਟੀ ਦੀ ਭਾਲ਼ ਵਿੱਚ ਉਦਯੋਗਿਕ ਮਹਾਂਨਗਰਾਂ ਵੱਲ ਭੱਜ ਰਹੀ ਹੈ। ਦਿੱਲੀ ਸਹਿਤ ਇਕੱਲੇ ਰਾਸ਼ਟਰੀ ਰਾਜਧਾਨੀ ਖੇਤਰ ਦੇ ਅੰਦਰ ਆਉਣ ਵਾਲ਼ੇ ਨੋਇਡਾ, ਗਾਜੀਆਵਾਦ-ਸਾਹਿਬਾਬਾਦ, ਗੁੜਗਾਂਵ-ਫਰੀਦਾਵਾਦ ਜਿਹੇ ਉਦਯੋਗਿਕ ਮਹਾਂਨਗਰਾਂ ਵਿੱਚ ਇੱਕ ਕਰੋੜ ਤੋਂ ਜਿਆਦਾ ਮਜ਼ਦੂਰਾਂ ਦੀ ਅਬਾਦੀ ਰਹਿੰਦੀ ਹੈ। ਇਹ ਮਜ਼ਦੂਰ ਜਿਆਦਾਤਰ ਕੈਜੁਅਲ, ਠੇਕਾ ਜਾਂ ਦਿਹਾੜੀ ‘ਤੇ ਲਗਾਤਾਰ 16-18 ਘੰਟੇ ਕੰਮ ਕਰਨ ਤੋਂ ਬਾਅਦ ਵੀ ਬਾਮੁਸ਼ਕਿਲ-ਕੁੱਲ ਇਨਾਂ ਕਮਾ ਸਕਦੇ ਹਨ ਕਿ ਜਿਉਂਦੇ ਰਹਿ ਸਕਣ ਅਤੇ ਮਾਲਿਕ ਦਾ ਮੁਨਾਫਾ ਵਧਾਉਂਦੇ ਰਹਿ ਸਕਣ। ਚਮਕਦੀਆਂ ਸੜਕਾਂ ਅਤੇ ਜਗਮਗਾਉਂਦੀਆਂ ਕੋਠੀਆਂ ਦੀ ਪਿੱਠਭੂਮੀ ਵਿੱਚ ਵਹਿੰਦੀਆਂ ਨਾਲ਼ੀਆਂ, ਗੰਦਗੀ ਦੇ ਅੰਬਾਰ ਅਤੇ ਦੁਰਗੰਧ ਭਰੇ ਵਾਤਾਵਰਣ ਵਿੱਚ ਵਸੀਆਂ ਝੁੱਗੀਆਂ ਅਤੇ ਲਾਜ਼ਾਂ ਵਿੱਚ ਇਹ ਮਜ਼ਦੂਰ ਜੀਵਨ ਦਾ ਇੱਕ-ਇੱਕ ਦਿਨ ਕੱਟ ਰਹੇ ਹਨ। ਮਜ਼ਦੂਰਾਂ ਦੀ ਰਿਹਾਇਸ਼ ਦੀ ਇਹ ਜਗ੍ਹਾ ਮਹਾਂਨਗਰੀ ਖੂਬਸੂਰਤੀ ਵਿੱਚ ਉੱਭਰੇ ਉਹ ‘ਬਦਨੂਮਾ ਦਾਗ’ ਹਨ ਜਿਨਾਂ ਨੂੰ ਦੇਖਕੇ ਮਹਾਂਨਗਰੀ ਕੁਲੀਨ ਹੀ ਨਹੀਂ ਆਮ ਮੱਧਵਰਗੀ ਲੋਕ ਵੀ ਨੱਕ-ਬੁੱਲ੍ਹ ਕੱਢਦੇ ਹਨ। ਮਹਾਂਨਗਰੀ ਕੁਲੀਨਾਂ ਦੀ ਬਿਰਾਦਰੀ ਦੇ ਮਨ ਵਿੱਚ ਇਸ ਕਿਰਤੀ ਅਬਾਦੀ ਦੇ ਪ੍ਰਤੀ ਕਿੰਨੀ ਪ੍ਰਚੰਡ ਨਫਰਤ ਭਰੀ ਹੋਈ ਹੈ ਖੁਸ਼ਵੰਤ ਸਿੰਘ ਦੇ ਇੱਕ ਬਿਆਨ ਤੋਂ ਸਮਝਿਆ ਜਾ ਸਕਦਾ ਹੈ। ਅਜੇ ਤੋਂ ਦਸ ਬਾਰਾਂ ਸਾਲ ਪਹਿਲਾਂ ਇਸ ਬੁੱਢੇ ਵਿਲਾਸੀ-ਪਿਆਕੜ ਬੌਧਿਕ ਲੰਪਟ ਨੇ ਕੁਲੀਨਾਂ ਦੀ ਇੱਕ ਸਭਾ ਵਿੱਚ ਇਨਾਂ ਅਸੱਭਿਅਕ ਦਿਹਾਤੀਆਂ ਤੋਂ ਦਿੱਲੀ ਨੂੰ ਛੁਟਕਾਰਾ ਦਿਵਾਉਣ ਲਈ ਕਿਸੇ ‘ਸੇਲੇਕਿਟਵ ਏਪਿਡੇਮਿਕ’ ਫੈਲਣ ਜਾਂ ਭਾਰਤ-ਪਾਕਿਸਤਾਨ ਦੇ ਵਿੱਚ ਅਜਿਹੇ ਯੁੱਧ ਦੀ ਕਾਮਨਾ ਕੀਤੀ ਸੀ ਜਿਸ ਵਿੱਚ ਇਨਾਂ ਝੁੱਗੀਆਂ ‘ਤੇ ਪ੍ਰਮਾਣੂ ਬੰਬ ਡਿੱਗ ਜਾਵੇ ਅਤੇ ਉਨਾਂ ਦਾ ਨਾਮੋ ਨਿਸ਼ਾਨ ਮਿਟ ਜਾਵੇ। 

ਇਸੇ ਮਹਾਂਨਗਰੀ ਸੰਵੇਦਨਹੀਣਤਾ, ਘੋਰ ਸਮਾਜਿਕ ਅਲਹਿਦਗੀ ਅਤੇ ਚਰਮ ਮਨੁੱਖ ਵਿਰੋਧੀ ਸੱਭਿਆਚਾਰਕ ਮਹੌਲ ਵਿੱਚ ਕਿਰਤੀਆਂ ਦੇ ਸ਼ਰਾਪੇ ਜੀਵਨ ਦਾ ਕਿਰਿਆ ਵਪਾਰ ਵੀ ਜ਼ਾਰੀ ਰਹਿੰਦਾ ਹੈ। ਸੜਕਾਂ ‘ਤੇ ਭੀੜ ਵਿੱਚ ਗੁਆਚੇ ਗੁਮਨਾਮ ਲੋਕ ਅਦਿੱਖ ਪਰਛਾਵਿਆਂ ਦੀ ਤਰਾਂ ਡੋਲਦੇ ਰਹਿੰਦੇ ਹਨ। ਪਹਿਲਾਂ ਕਾਲਿਖ ਅਤੇ ਗ੍ਰੀਜ ਨਾਲ਼ ਲਿੱਬੜੇ ਇਨਾਂ ਦੇ ਚਿਹਰੇ ਮਹਾਂਨਗਰੀ ਕੁਲੀਨਾਂ ਦੇ ਮੂੜ ਮਿਜਾਜ ਨੂੰ ਖਰਾਬ ਕਰ ਦਿੰਦੇ ਹਨ, ਇਸ ਲਈ ਹੁਣ ਉਹਨਾਂ ਨੂੰ ਉਜਾੜਿਆ ਜਾ ਰਿਹਾ ਹੈ, ਦਰ-ਬ-ਦਰ ਕੀਤਾ ਜਾ ਰਿਹਾ, ਮਹਾਂਨਗਰਾਂ ਦੇ ਬਾਹਰੀ ਇਲਾਕਿਆਂ ‘ਚ ਸੁੱਟਿਆ ਜਾ ਰਿਹਾ ਹੈ। ਉਨਾਂ ਨੂੰ ਇਸ ਤਰਾਂ ਖਿੰਡਾਇਆ ਜਾ ਰਿਹਾ ਹੈ ਕਿ ਉਹ ਇਕੱਠੇ ਦਿਖਾਈ ਨਾ ਦੇਣ। ਇਕੱਠੇ ਦਿਖਣ ਨਾਲ਼ ਇਹ ਕੁਲੀਨਾਂ ਦੇ ਮਨ ਵਿੱਚ ਡਰ ਪੈਦਾ ਕਰਦੇ ਹਨ। …..ਇਨਾਂ ਦੇ ਬੱਚੇ ਗਾਇਬ ਹੋ ਰਹੇ ਹਨ, ਇਨਾਂ ਦੇ ਬੱਚਿਆਂ ਦਾ ਮਾਸ ਭੁੰਨ ਕੇ ਖਾਧਾ ਜਾ ਰਿਹਾ ਹੈ। 

ਇਸ ‘ਤੇ ਹੈਰਾਨੀ ਕਿਹੜੀ? ਜਿਸ ਢਾਂਚੇ ਵਿੱਚ ਮੁਨਾਫੇ ਲਈ ਕਿਰਤੀਆਂ ਦੇ ਖੂਨ ਦੀ ਆਖਰੀ ਬੂੰਦ ਤੱਕ ਨਿਚੋੜੀ ਜਾ ਰਹੀ ਹੈ ਉਸ ਵਿੱਚ ਮਨਿੰਦਰ ਜਿਹੇ ਆਦਮਖੋਰਾਂ ਦਾ ਪੈਦਾ ਹੋਣਾ ਕੋਈ ਹੈਰਾਨੀ ਦੀ ਗੱਲ ਨਹੀਂ ਗਰੀਬਾਂ ਵਿੱਚੋਂ ਵੀ ਸੁਰਿੰਦਰ ਜਿਹੇ ਕੁੱਝ ਕੁ ਲੋਕ ਨਿੱਕਲ਼ ਹੀ ਆਉਂਦੇ ਹਨ ਜੋ ਮਨਿੰਦਰਾਂ ਦੀ ਮਨੁੱਖ ਧ੍ਰੋਹੀ ਜਮਾਤ ਦੀ ਸੇਵਾ-ਟਹਲ ਕਰਦੇ ਖੁਦ ਵੀ ਉਨਾਂ ਦੀ ਤਰਾਂ ਮਨੁੱਖਤਾ ਨੂੰ ਚਬਾਉਣ ਲਗਦੇ ਹਨ। ਅੱਜ ਇਹ ਮਨੁੱਖੀ ਭੇਸ ਧਾਰੀ ਬਾਘ ਬੇਝਿਜਕ ਹੋ ਕੇ ਵੱਡੀ ਸੰਖਿਆ ਵਿੱਚ ‘ਕੰਕਰੀਟ ਦੇ ਜੰਗਲਾਂ’ ਵਿੱਚ ਘੁਸ ਰਹੇ ਹਨ। ਇਹ ਐਂਵੇ ਹੀ ਨਹੀਂ ਹੈ ਕਿ ਦੇਸ਼ ਵਿੱਚ ਲਗਭਗ ਪੰਤਾਲੀ ਹਜ਼ਾਰ ਬੱਚੇ ਹਰ ਸਾਲ ਗਾਇਬ ਹੋ ਰਹੇ ਹਨ। ਕੋਈ ਵੀ ਬੁਰਜੂਆ ਮੀਡੀਆ ਜਾਂ ਜਾਂਚ ਏਜੰਸੀ ਇਹ ਭੇਦ ਨਹੀਂ ਖੋਲ੍ਹ ਸਕਦੀ ਕਿ ਪਸ਼ੂਤਾ ਯੌਨ ਸ਼ੋਸ਼ਣ ਅਤੇ ਮਨੁੱਖੀ ਅੰਗਾਂ ਦੀ ਤਸਕਰੀ ਦਾ ਕਿੰਨਾ ਵੱਡਾ ਅੰਤਰਰਾਸ਼ਟਰੀ ਨੈਟਵਰਕ ਸਾਡੇ ਦੇਸ਼ ਵਿੱਚ ਕੰਮ ਕਰ ਰਿਹਾ ਹੈ। ਪਰ ਨਿਠਾਰੀ ਤੋਂ ਇਸਦੇ ਸੰਕੇਤ ਤਾਂ ਮਿਲ ਹੀ ਗਏ ਹਨ ਕਿ ਪੂੰਜੀਪਤੀ-ਨੇਤਾ-ਅਫਸਰ ਸਭ ਖੂਨ-ਮਾਸ ਦੇ ਇਸ ਧੰਦੇ ਵਿੱਚ ਸ਼ਾਮਿਲ ਹਨ। 

ਇਹ ਅਕਾਰਨ ਨਹੀਂ ਹੈ ਕਿ ਸੀ. ਬੀ. ਆਈ. ਤੋਂ ਲੈ ਕੇ ਬੁਰਜੂਆ ਮੀਡੀਆ ਤੱਕ ਦੀ ਸਾਰੀ ਕਵਾਇਦ ਜਦੋਂ ਮਨਿੰਦਰ-ਸੁਰਿੰਦਰ ਨੂੰ ਮਨੋਰੋਗੀ ਸਾਬਿਤ ਕਰਨ ਅਤੇ ਕੁੱਝ ਕੁ ਪੁਲਿਸ ਵਾਲ਼ਿਆਂ ਦੇ ਗਲ਼ ਵਿੱਚ ਫੰਦਾ ਪਾਉਣ ਤੱਕ ਸਿਮਟਕੇ ਰਹਿ ਗਈ ਹੈ। ਇਹ ਵੀ ਬੁਰਜੂਆ ਜਮਹੂਰੀਅਤ ਦੀ ਇੱਕ ਖੇਡ ਹੈ ਕਿ ਢਾਂਚੇ ਨੂੰ ਬਚਾਉਣ ਲਈ ਉਸਦੇ ਕੁੱਝ ਸੜੇ ਹੋਏ ਅੰਗਾਂ ਨੂੰ ਬੇਨਕਾਬ ਕੀਤਾ ਜਾਵੇ। ਅੱਜ ਬੁਰਜੂਆ ਇਲੈਕਟ੍ਰਾਨਿਕ ਮੀਡੀਆ ਇਸ ਖੇਡ ਨੂੰ ਬੜੀ ਹੀ ਕੁਸ਼ਲਤਾ ਨਾਲ਼ ਖੇਡ ਰਿਹਾ ਹੈ।  ਅਪਰੇਸ਼ਨਾਂ ਦੇ ਜ਼ਰੀਏ ਬੁਰਜੂਆ ਰਾਜਨੀਤੀ ਅਤੇ ਅਪਰਾਧ ਦੇ ਰਿਸ਼ਤਿਆਂ ਦੇ ਕੁੱਝ ਕੁ ਸਨਸਨੀਖੇਜ ਭੇਤ ਖੋਲ੍ਹਣ ਅਤੇ  ‘ਲੋਕਹਿੱਤ’ ਦੇ ਮੁੱਦੇ ‘ਤੇ ਕੁੱਝ ਕੁ ਚਰਚਾਵਾਂ ਆਦਿ ਦੇ ਜ਼ਰੀਏ ਇਲੈਕਟ੍ਰਾਨਿਕ ਮੀਡੀਆ ਨੇ ਜੋ ਸਾਖ ਅਰਜਿਤ ਕੀਤੀ ਹੈ ਉਸ ਨਾਲ਼ ਆਮ ਦਰਸ਼ਕ ਇਹ ਨਹੀਂ ਸਮਝ ਸਕਦਾ ਕਿ ਉਸਦੇ ਕੈਮਰੇ ਦੀ ਨਜ਼ਰ ‘ਸੇਲੋਕੇਟਿਵ’ ਹੁੰਦੀ ਹੈ। ਬੁਰਜੂਆ ਮੀਡੀਆ ਦਾ ਵੀ ਬੁਨਿਆਦੀ ਸਰੋਕਾਰ ਮਨੁੱਖ ਨਹੀਂ ਮੁਨਾਫਾ ਹੈ। ‘ਸੇਲੀਬਰਿਟੀਜ਼’ ਦੀ ਜਿੰਦਗੀ ਦੇ ਅਨੋਖੇ-ਅਣਦੇਖੇ ਪੱਖਾਂ ਦੀਆਂ ਬਰੀਕੀਆਂ, ਸਨਸਨੀਖੇਜ ਅਪਰਾਧਿਕ ਵਾਰਦਾਤਾਂ ਅਤੇ ਭੂਤ ਪ੍ਰੇਤ-ਡੈਣ ਦੇ ਕਿੱਸਿਆਂ ਤੋਂ ਕਿੱਥੇ ਫੁਰਸਤ ਕਿ ਇਲੈਕਟ੍ਰਾਨਿਕ ਮੀਡੀਆ ਦਾ ਕੈਮਰਾ ਕਿਰਤੀਆਂ ਦੀ ਜਿੰਦਗੀ ਦੇ ਹਨੇਰੇ ਕੋਨਿਆਂ ਵਿੱਚ ਦੇਖੇ। ਮਨੁੱਖੀ ਸੰਵੇਦਨਾਵਾਂ ਪ੍ਰਤੀ ਇਹ ਕੈਮਰਾ ਤਦ ਹੀ ਸੰਵੇਦਨਸ਼ੀਲ ਨਜ਼ਰ ਆਉਂਦਾ ਹੈ ਜਦੋਂ ਉਸ ਨੂੰ ਸਨਸਨੀਖੇਜ ਵਿਕਾਊ ਮਾਲ ਬਣਾਕੇ ਪੇਸ਼ ਕਰਨ ਦੀ ਗੁੰਜਾਇਸ਼ ਹੋਵੇ।

ਇਸ ਹਾਲਤ ਵਿੱਚ ਦੇਸ਼ ਦੇ ਕਿਰਤੀਆਂ ਦੀ ਬੇਵਸੀ ਦਾ ਕੀ ਆਲਮ ਹੈ ਸਮਝਿਆ ਜਾ ਸਕਦਾ ਹੈ। ਨਿਠਾਰੀ ਇਸਦਾ ਵੀ ਪ੍ਰਤੀਕ ਹੈ। ਮੌਜੂਦਾ ਪੂੰਜੀਵਾਦੀ ਸੱਭਿਅਤਾ ਦੇ ਇਹ ਅ-ਨਾਗਰਿਕ ਹਨ। ਪੂੰਜੀਵਾਦ ਜਮਹੂਰੀਅਤ ਦਾ ਪਾਖੰਡ ਹੁਣ ਲੁਕਿਆ ਨਹੀਂ ਰਹਿ ਸਕਦਾ। ਅੱਜ ਦੇਸ਼ ਦੇ ਬੁਰਜੂਆ ਅਭਿਜਨ ਸਮਾਜ ਦੇ ਨਾਲ਼ ਦੇਸ਼ ਦੇ ਕਿਰਤੀਆਂ ਦਾ ਉਹੀ ਰਿਸ਼ਤਾ ਹੋ ਚੁੱਕਿਆ ਹੈ ਜੋ ਰੋਮ ਦੇ ਅਭਿਜਨ ਸਮਾਜ ਅਤੇ ਦਾਸਾਂ ਵਿੱਚ ਸੀ। ਪਰ ਅਜੋਕਾ ਪ੍ਰੋਲੇਤਾਰੀ-ਪੂੰਜੀਵਾਦੀ ਸੱਭਿਅਤਾ ਦਾ ਇਹ ਆਧੁਨਿਕ ਦਾਸ ਇੰਝ ਹੀ ਬੇਵਸ-ਬੇਦਮ ਪਿਆ ਨਹੀਂ ਰਹੇਗਾ। ਆਦਿਵਿਦੋਹੀ ਸਪਾਰਟਕਸ ਦੀ ਵਿਦਰੋਹੀ ਚੇਤਨਾ ਇਸਦੀ ਸਮਾਜਿਕ ਹੋਂਦ ਦੇ ਨਾਲ਼ ਅੰਗ ਰੂਪ ਵਿੱਚ ਜੁੜੀ ਹੋਈ ਹੈ। ਅੱਜ ਦੇ ਇਹ ਉਜ਼ਰਤੀ ਗੁਲਾਮ ”ਆਪਣੇ ਅਮਾਨਵੀਕਰਨ ਤੋਂ ਜਾਣੂ” ਹਨ, ਇਸ ਲਈ ਉਹ ਇਸ ਅਮਾਨਵੀਕਰਨ ਵਿਰੁੱਧ ਵਿਦਰੋਹ ਕਰਨ ਲਈ ਮਜ਼ਬੂਰ ਹਨ। 

ਇਹ ਆਧੁਨਿਕ ਪ੍ਰੋਲੇਤਾਰੀ ਵਰਗ ਜਦੋਂ ਹੁਣ ਬਚਪਨੇ ਵਿੱਚ ਹੀ ਸੀ ਤਾਂ ਉੱਨੀਵੀਂ ਸਦੀ ਦੇ ਮੱਧ ਵਿੱਚ ਲੰਡਨ ਵਿੱਚ ਪੂੰਜੀਪਤੀਆਂ ਦੀ ਇੱਕ ਸਭਾ ਵਿੱਚ ਇੱਕ ਮਜ਼ਦੂਰ ਉੱਚੀ ਅਵਾਜ਼ ਵਿੱਚ ਗਰਜਿਆ ਸੀ ਕਿ ਜੇ ਜਗੀਰਦਾਰ ਸਾਡੀਆਂ ਹੱਡੀਆਂ ਨੂੰ ਤੋੜਨਗੇ ਤਾਂ ਤੁਸੀਂ ਪੂੰਜੀਪਤੀ ਲੋਕ ਹੋਵੋਗੇ ਜੋ ਉਨਾਂ ਹੱਡੀਆਂ ਦਾ ਪਾਉਡਰ ਬਣਾਕੇ ਬਜ਼ਾਰ ਵਿੱਚ ਵੇਚ ਦੇਵੋਗੇ। ਬਾਲ ਪ੍ਰੋਲੇਤਾਰੀ ਦਾ ਇਹ ਗੁੱਸਾ ਅੱਜ ਕਿਰਤ ਦੇ ਕਠੋਰ ਸਕੂਲ ਅਤੇ ਆਪਣੇ ਇਤਿਹਾਸਕ ਘੋਲ਼ਾਂ ਦੀ ਭੱਠੀ ਵਿੱਚ ਪੱਕ ਗਿਆ ਹੈ। ਇਹ ਗੁੱਸਾ ਉਸਦੇ ਅੰਦਰ ਹੀ ਅੰਦਰ ਖੌਲ਼ ਰਿਹਾ ਹੈ। ਆਉਣ ਵਾਲ਼ੇ ਦਿਨਾਂ ਵਿੱਚ ਇਹ ਲਾਵਾ ਵਿਸ਼ਵਿਅਸ ਜਵਾਲਾਮੁਖੀ ਦੇ ਵਿਸਫੋਟ ਦੀ ਤਰਾਂ ਅੱਜ ਦੇ ਪੰਮਪਾਈ ਦੀ ਵਿਲਾਸਤਾ ਨੂੰ ਸਾੜ ਕੇ ਸੁਆਹ ਵਿੱਚ ਬਦਲ ਦੇਵੇਗਾ। ਇਹ ਆਧੁਨਿਕ ਪ੍ਰੋਲੇਤਾਰੀ ਦਾ ਇਤਿਹਾਸਕ ਮਿਸ਼ਨ ਹੈ। ਮਨੁੱਖੀ ਸੱਭਿਅਤਾ ਦਾ ਨਾਸ਼ ਨਹੀਂ ਹੋਵੇਗਾ। ਮਨੁੱਖਤਾ ਪੂੰਜੀਵਾਦ ਦਾ ਨਾਸ਼ ਕਰਕੇ ਆਪਣੇ ਆਪ ਨੂੰ ਬਚਾਏਗੀ। 

ਸਾਨੂੰ ਪੂਰਾ ਵਿਸ਼ਵਾਸ਼ ਹੈ ਕਿ ਬੁੱਧੀਜੀਵੀ ਵਰਗ ਵਿੱਚ ਵੀ ਅਜਿਹੇ ਲੋਕ ਜ਼ਰੂਰ ਹੀ ਮੌਜੂਦ ਹਨ ਜਿਨਾਂ ਦੇ ਹਿਰਦੇ ਦੀ ਗਰਮੀ ਉਨਾਂ ਦੇ ਮਨੁੱਖੀ ਵਿਵੇਕ ਨੂੰ ਕਦੇ ਵੀ ਸੌਣ ਨਹੀਂ ਦਿੰਦੀ। ਇਹ ਮਨੁੱਖ ਸੱਭਿਅਤਾ ਦੇ ਕੁਤੁਬਨੁਮਾ ਦਾ ਇਸ਼ਾਰਾ ਜ਼ਰੂਰ ਸਮਝਣਗੇ। ਨਿਠਾਰੀ ਦੀ ਨਰਬਲੀ ਉਨਾਂ ਨੂੰ ਸਦਾ ਲਲਕਾਰਦੀ ਰਹੇਗੀ। 

“ਪ੍ਰਤੀਬੱਧ”, ਅੰਕ 06, ਅਪ੍ਰੈਲ-ਜੂਨ 2007 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s