ਫਰਾਂਸ ਚੋਣਾਂ ਨਿਕੋਲਸ ਸਾਰਕੋਜੀ ਦੀ ਜਿੱਤ ਦੇ ਮਾਅਨੇ

nikolas serkozi

(ਪੀ.ਡੀ.ਐਫ਼ ਡਾਊਨਲੋਡ ਕਰੋ)

ਮਈ 2007 ਦੇ ਸ਼ੁਰੂ ਵਿੱਚ ਫਰਾਂਸ ਵਿੱਚ ਹੋਈਆਂ ਚੋਣਾਂ ਵਿੱਚ ਘੋਰ ਸੱਜੇ ਪੱਖੀ ਪਾਰਟੀ ‘ਯੂਨੀਅਨ ਫਾਰ ਏ ਪਾਪੂਲਰ ਮੂਵਮੈਂਟ’ ਦੇ ਉਮੀਦਵਾਰ ਨਿਕੋਲਸ ਸਾਰਕੋਜੀ ਆਪਣੇ ਵਿਰੋਧੀ ਉਮੀਦਵਾਰ ‘ਸਮਾਜਵਾਦੀ ਪਾਰਟੀ’ ਦੀ ਸੋਗੋਲੀਨ ਰਾਇਲ ਨੂੰ ਹਰਾਕੇ ਫਰਾਂਸ ਦੇ 23ਵੇਂ ਰਾਸ਼ਟਰਪਤੀ ਬਣ ਗਏ ਹਨ। ਫਰਾਂਸ ਵਿੱਚ ਹਾਲ ਹੀ ਦੇ ਸਾਲਾਂ ਵਿੱਚ ਇਹ ਸਭ ਤੋਂ ਫਸਵੀਂ ਟੱਕਰ ਮੰਨੀ ਜਾ ਰਹੀ ਹੈ। ਜਿਸ ਵਿੱਚ ਨਿਕੋਲਸ ਸਾਰਕੋਜੀ ਨੂੰ 53.06% ਤੇ ਸੋਗੋਲੀਨ ਰਾਇਲ ਨੂੰ 46.94% ਵੋਟਾਂ ਮਿਲੀਆਂ। 

ਨਿਕੋਲਸ ਸਾਰਕੋਜੀ ਨੇ ਇਹ ਚੋਣ ਘੋਰ-ਸੱਜੇਪੱਖੀ  ਏਜੰਡੇ ‘ਤੇ ਲੜੀ ਹੈ। ਉਸਨੇ ਆਪਣੀ ਜਿੱਤ ਤੋਂ ਬਾਅਦ ਆਰਥਿਕ ਸੁਰੱਖਿਆਵਾਦ, ਅਮੀਰਾਂ ‘ਤੇ ਆਮਦਨ ਕਰ ਘੱਟ ਕਰਨ, ਫਰਾਂਸ ਵਿੱਚ ਪ੍ਰਵਾਸ ਦੇ ਵਿਰੁੱਧ ਸਖ਼ਤ ਕਦਮ ਚੁੱਕਣੇ, ਫਰਾਂਸ ਵਿੱਚ ਜਾਰੀ ਹਫਤੇ ਵਿੱਚ 35 ਘੰਟੇ ਕੰਮ ਦੇ ਨਿਯਮ ਨੂੰ ਖਤਮ ਕਰਕੇ ਮਜ਼ਦੂਰਾਂ ਨੂੰ ਜਿੰਨਾ ਚਾਹੇ ਓਵਰਟਾਇਮ ਕਰ ਸਕਣ ਦੀ ‘ਆਜ਼ਾਦੀ’ ਦੇਣ ਅਤੇ ਟ੍ਰੇਡ ਯੂਨੀਅਨਾਂ ਵਿਰੁੱਧ ਸਖਤ ਕਦਮ ਚੁੱਕਣ ਦੇ ਵਾਅਦੇ ਕੀਤੇ ਹਨ। ਫਰਾਂਸ ਵਿੱਚ ਸੱਜ ਪਿਛਾਖੜ ਦਾ ਇਹ ਉਭਾਰ ਵਰਤਮਾਨ ਯੂਰਪ ਵਿੱਚ ਇੱਕ ਵੱਡੀ ਘਟਨਾ ਹੈ। 

ਸਾਰਕੋਜੀ ਦੀ ਪਾਰਟੀ ‘ਯੂਨੀਅਨ ਫਾਰ ਏ ਪਾਪੂਲਰ ਮੂਵਮੈਂਟ’ ਨੇ ਇਹ ਚੋਣਾਂ ਮੁੱਖ ਤੌਰ ‘ਤੇ ਪ੍ਰਵਾਸੀਆਂ(Immigrants) ਵਿਰੋਧੀ ਭਾਵਨਾਵਾਂ ਨੂੰ ਹਵਾ ਦੇ ਕੇ ਜਿੱਤੀਆਂ ਹਨ। ਇਹੀ ਵਜ੍ਹਾ ਹੈ ਕਿ ਸਾਰਕੋਜੀ ਦੀ ਜਿੱਤ ਨੂੰ ਲੈ ਕੇ ਪ੍ਰਵਾਸੀਆਂ ਵਿੱਚ ਡਰ ਸਹਿਮ ਅਤੇ ਚਿੰਤਾ ਹੈ। ਫਰਾਂਸ ਦੀ ਮਜ਼ਦੂਰ ਜਮਾਤ ਦਾ ਕਾਫੀ ਵੱਡਾ ਹਿੱਸਾ ਪ੍ਰਵਾਸੀਆਂ ਤੋਂ ਬਣਦਾ ਹੈ, ਜੋ ਪੈਰਿਸ, ਲਿਓਨ ਤੇ ਹੋਰ ਵੱਡੇ ਸ਼ਹਿਰਾਂ ਦੇ ਆਲ਼ੇ-ਦੁਆਲ਼ੇ ਵਸੀਆਂ ਗੰਦੀਆਂ ਬਸਤੀਆਂ ਵਿੱਚ ਰਹਿੰਦੇ ਹਨ। ਇਨਾਂ ਪ੍ਰਵਾਸੀਆਂ ਵਿੱਚ ਮੁੱਖ ਤੌਰ ‘ਤੇ ਫਰਾਂਸ ਦੀਆਂ ਸਾਬਕਾ ਉਤਰ ਅਫਰੀਕੀ ਅਰਬ ਬਸਤੀਆਂ ਜਿਵੇਂ ਕਿ ਅਲਜੀਰੀਆ, ਟਿਊਨੀਸ਼ੀਆਂ ਤੇ ਮੋਰਾਕੋ ਆਦਿ ਦੇਸ਼ਾਂ ਤੋਂ ਆਏ ਪ੍ਰਵਾਸੀ ਰਹਿੰਦੇ ਹਨ। ਫ੍ਰਾਂਸੀਸੀ ਮਹਾਂਨਗਰਾਂ ਦੀਆਂ ਗੰਦੀਆਂ ਬਸਤੀਆਂ ਵਿੱਚ ਨਰਕੀ ਜੀਵਨ ਬਿਤਾਉਣ ਲਈ ਮਜ਼ਬੂਰ ਇਹ ਪ੍ਰਵਾਸੀ 1950-60 ਦੇ ਦਹਾਕਿਆਂ ਵਿੱਚ ਵੱਡੇ ਪੈਮਾਨੇ ‘ਤੇ ਫਰਾਂਸ ਵਿੱਚ ਆ ਵਸੇ ਸਨ। ਇਹ ਉਹ ਸਮਾਂ ਸੀ ਜਦੋਂ ਦੂਜੀ ਸੰਸਾਰ ਜੰਗ ਤੋਂ ਬਾਅਦ ਫ੍ਰਾਂਸੀਸੀ ਅਰਥਚਾਰਾ ਪੂਰੀ ਤਰ੍ਹਾਂ ਉਛਾਲ਼ ‘ਤੇ ਸੀ। ਨਵੀਆਂ-ਨਵੀਆਂ ਫੈਕਟਰੀਆਂ ਲੱਗ ਰਹੀਆਂ ਸਨ ਤੇ ਅਰਥਚਾਰੇ ਦੀਆਂ ਹੋਰ ਸ਼ਾਖਾਵਾਂ ਦਾ ਤੇਜੀ ਨਾਲ਼ ਵਿਸਤਾਰ ਹੋ ਰਿਹਾ ਸੀ। ਅਰਥਚਾਰੇ ਵਿੱਚ ਇਸ ਉਛਾਲ਼ ਦੇ ਸਮੇਂ ਤੇ ਇਸਨੂੰ ਬਰਕਰਾਰ ਰੱਖਣ ਲਈ ਵੱਡੇ ਪੈਮਾਨੇ ‘ਤੇ ਸਸਤੀ ਕਿਰਤ ਸ਼ਕਤੀ ਦੀ ਲੋੜ ਸੀ ਅਤੇ ਇਸ ਲੋੜ ਨੂੰ ਪੂਰਾ ਕੀਤਾ ਇਨ੍ਹਾਂ ਉਤਰ-ਅਫਰੀਕੀ ਅਰਬ ਪ੍ਰਵਾਸੀਆਂ ਨੇ। ਫ੍ਰਾਂਸ ਜਿਹੇ ਸਾਮਰਾਜਵਾਦੀ ਦੇਸ਼ਾਂ ਦੀ ਖੁਸ਼ਹਾਲੀ ਅਤੇ ਸ਼ਾਨੋਸ਼ੌਕਤ ਦੇ ਪਿੱਛੇ ਗਰੀਬ ਦੇਸ਼ਾਂ ਤੋਂ ਆਏ ਪ੍ਰਵਾਸੀਆਂ ਦੇ ਪਸੀਨਾ ਬਣ-ਬਣ ਕੇ ਵਹੇ ਖੂਨ ਦਾ ਵੱਡਾ ਹੱਥ ਹੈ, ਜੋ ਆਮ ਤੌਰ ‘ਤੇ ਦਿਖਾਈ ਨਹੀਂ ਦਿੰਦਾ। 

ਦੂਜੀ ਸੰਸਾਰ ਜੰਗ ਵਿੱਚ ਅਰਥਚਾਰੇ ਦੀ ਵੱਡੇ ਪੈਮਾਨੇ ‘ਤੇ ਸਾਮਰਾਜਵਾਦੀਆਂ ਦੁਆਰਾ ਕੀਤੀ ਗਈ ਤਬਾਹੀ ਕਰਕੇ ਇਨ੍ਹਾਂ ਸਾਮਰਾਜਵਾਦੀ ਦੇਸ਼ਾਂ ਵਿੱਚ ਜੋ ਆਰਥਿਕ ਉਛਾਲ(Boom) ਆਇਆ, ਉਹ ਜਿਆਦਾ ਦਿਨਾਂ ਤੱਕ ਨਾ ਚੱਲ ਸਕਿਆ। 1973 ਆਉਂਦੇ-ਆਉਂਦੇ ਸਾਮਰਾਜਵਾਦੀ ਅਰਥਚਾਰਿਆਂ ਦਾ ਇਹ ‘ਸੁਨਹਿਰਾ ਯੁੱਗ’ ਮੱਧਮ ਹੋਣ ਲੱਗਿਆ। 1973 ਤੋਂ ਬਾਅਦ ਇਨਾਂ ਦੇਸ਼ਾਂ ਦਾ ਅਰਥਚਾਰਾ ਮੰਦੀ ਦੀ ਲਪੇਟ ਵਿੱਚ ਆਉਣ ਲੱਗਿਆ। ਫਰਾਂਸ ਵੀ ਇਸ ਪ੍ਰਕਿਰਿਆ ਵਿੱਚ ਪਿੱਛੇ ਨਾ ਰਿਹਾ। 1960 ਤੋਂ ਫ੍ਰਾਂਸ ਵਿੱਚ ਜੋ ‘ਪੂਰਨ ਰੁਜ਼ਗਾਰ’ ਦੀ ਸਥਿਤੀ ਬਣੀ ਹੋਈ ਸੀ 1973 ਤੋਂ ਬਾਅਦ ਇਹ ਸਥਿਤੀ ਆਪਣੇ ਉਲਟ ਵਿੱਚ ਬਦਲ ਗਈ। ਆਰਥਿਕ ਮੰਦੀ ਕਰਕੇ ਇੱਕ ਤੋਂ ਬਾਅਦ ਇੱਕ ਫੈਕਟਰੀਆਂ ਬੰਦ ਹੋਣ ਲੱਗੀਆਂ। ਜਿਸ ਨਾਲ਼ ਬੇਰੁਜ਼ਗਾਰੀ ਨੇ ਭਿਅੰਕਰ ਰੂਪ ਧਾਰਨ ਕਰ ਲਿਆ। ਜਿਸ ਨਾਲ਼ ਫਰਾਂਸ ਵਿੱਚ ਲੋਕ-ਰੋਹ ਫੈਲਣ ਲੱਗਿਆ ਅਤੇ ਜਿਵੇਂ ਕਿ ਪੂਰੀ ਦੁਨੀਆਂ ਦੇ ਲੁਟੇਰੇ ਹਾਕਮ ਕਰਦੇ ਹਨ, ਕਿ ਲੋਕਾਂ ਦਾ ਧਿਆਨ ਅਸਲ ਸਮੱਸਿਆਵਾਂ ਤੋਂ ਹਟਾਕੇ ਉਨਾਂ ਨੂੰ ਆਪਸ ਵਿੱਚ ਹੀ ਵੰਡਦੇ ਲੜਾਉਂਦੇ ਹਨ। ਫ੍ਰਾਂਸ ਦੇ ਲੁਟੇਰੇ ਹਾਕਮਾਂ ਨੇ ਵੀ ਇਹੀ ਹੱਥ ਕੰਡਾ ਅਪਣਾਇਆ। 

ਪ੍ਰਵਾਸੀਆਂ ਵਿਰੁੱਧ ਨਫਰਤ ਭੜਕਾਉਣ ਵਿੱਚ ‘ਯੁਨੀਅਨ ਫਾਰ ਏ ਪਾਪੁਲਰ ਮੂਵਮੈਂਟ’ ਤੇ ਉਸਦੇ ਆਗੂ ਨਿਕੋਲਸ ਸਾਰਕੋਜੀ ਸਭ ਤੋਂ ਅੱਗੇ ਹਨ। ਨਿਕੋਲਸ ਸਾਰਕੋਜੀ ਜਿਹੇ ਆਗੂ ਆਪਣੀ ਜਮਾਤੀ ਪੋਜ਼ੀਸ਼ਨ ਕਰਕੇ ਗਰੀਬਾਂ ਨੂੰ ਬੇਹੱਦ ਨਫ਼ਰਤ ਕਰਦੇ ਹਨ। ਪਿਛਲੀ ਸਰਕਾਰ, ਜਿਸ ਵਿੱਚ ਜੈਕੁਅਸ ਚਿਰਾਕ ਰਾਸ਼ਟਰਪਤੀ ਸਨ ਵਿੱਚ ਨਿਕੋਲਸ ਸਾਰਕੋਜੀ ‘ਗ੍ਰਹਿ ਮੰਤਰੀ’ (Interior minister) ਸਨ। ਉਨਾਂ ਨੇ ਗੰਦੀਆਂ ਬਸਤੀਆਂ ਵਿੱਚ ਰਹਿਣ ਵਾਲ਼ੇ ਗਰੀਬਾਂ, ਜਿਸ ਵਿੱਚ ਜਿਆਦਾਤਰ ਉਤਰੀ ਅਫਰੀਕੀ, ਸਪੇਨਿਸ਼, ਪੁਰਤਗਾਲੀ, ਇਟਲੀ ਤੋਂ ਆਏ ਪ੍ਰਵਾਸੀਆਂ ਸਹਿਤ ਫ੍ਰਾਂਸੀਸੀ ਮੂਲ ਦੇ ਗਰੀਬ ਮਜ਼ਦੂਰ ਪਰਿਵਾਰ ਰਹਿੰਦੇ ਹਨ ਨੂੰ ‘ਕਚਰੇ'(Scum) ਦਾ ਨਾਮ ਦਿੱਤਾ ਸੀ ਅਤੇ ਕਿਹਾ ਸੀ ਕਿ ਇਨਾਂ ਗੰਦੀਆਂ ਬਸਤੀਆਂ ਦੀ ‘ਭੀੜ ਜੇ ਪ੍ਰਦੂਸ਼ਣ ਫੈਲਾਅ ਰਹੀ ਹੈ ਉਸਦੇ ਲਈ ਪਾਣੀ ਦੀ ਇੱਕ ਜ਼ੋਰਦਾਰ ਬੁਸ਼ਾੜ ਦੀ ਜ਼ਰੂਰਤ ਹੈ”। ਉਸ ਦੇ ਇਸ ਨਫ਼ਰਤ ਭਰੇ ਬਿਆਨ ਨੇ ਨਵੰਬਰ-ਦਿਸੰਬਰ 2005 ਵਿੱਚ ਫ੍ਰਾਂਸ ਦੇ ਵੱਡੇ ਸ਼ਹਿਰਾਂ ਮੁੱਖ ਤੌਰ ‘ਤੇ ਪੈਰਿਸ ਵਿੱਚ ਉੱਠੇ ਲੋਕ ਵਿਦਰੋਹ ਨੂੰ ਹੋਰ ਹਵਾ ਦਿੱਤੀ ਸੀ। ਫਰਾਂਸ ਦੀਆਂ ਇਸ ਵਾਰ ਦੀਆਂ ਚੋਣਾਂ ਵਿੱਚ ਕਈ ਥਾਈਂ ਤਿੱਖਾ ਜਮਾਤੀ ਧਰੂਵੀਕਰਨ ਦੇਖਣ ਨੂੰ ਮਿਲਿਆ। ਫ੍ਰਾਂਸੀਸੀ ਅਮੀਰਾਂ ਨੇ ਮੁੱਖ ਤੌਰ ‘ਤੇ ਸਾਰਕੋਜੀ ਨੂੰ ਵੋਟ ਦਿੱਤੀ ਤੇ ਗਰੀਬ ਮੁੱਖ ਤੌਰ ‘ਤੇ ਸਮਾਜਵਾਦੀ ਪਾਰਟੀ ਦੀ ਸੋਗੋਲੀਨ ਰਾਇਲ ਦੇ ਪਿੱਛੇ ਲਾਮਬੰਦ ਹੋਏ। ਜਿਵੇਂ ਕਿ ਰਾਜਧਾਨੀ ਪੈਰਿਸ ਦੀ ਸੁਪਰ ਅਮੀਰ ਏਨਕਲੇਵ ਨੀਉਲੀ-ਸੁਰ-ਸਾਈਨ ਵਿੱਚੋਂ ਨਿਕੋਲਸ ਸਾਰਕੋਜੀ ਨੂੰ 86.8% ਵੋਟਾਂ ਮਿਲੀਆਂ। ਜਦੋਂ ਕਿ ਇੱਥੋਂ ਸਿਰਫ 10 ਮੀਲ ਦੂਰ ਵਸੇ ਗਰੀਬਾਂ ਦੇ ਇਲਾਕੇ ‘ਟਰੇਪਸ’ ਜਿੱਥੇ ਕਿ 70 ਵੱਖ-ਵੱਖ ਕੌਮੀਅਤਾਂ ਦੇ ਲੋਕ ਰਹਿੰਦੇ ਹਨ, ਵਿੱਚੋਂ 70% ਵੋਟਾਂ ਸੋਗੋਲੀਨ ਰਾਇਲ ਨੂੰ ਮਿਲੀਆਂ। ਫਰਾਂਸ ਵਿੱਚ ਰਹਿ ਰਹੇ ਪ੍ਰਵਾਸੀ ਖਾਸ ਕਰਕੇ ਉੱਤਰੀ ਅਰਬ ਅਫਰੀਕੀ ਜਿੱਥੇ ਫ੍ਰਾਂਸੀਸੀ ਹੁਕਮਰਾਨਾ ਦੁਆਰਾ ਭੜਕਾਈ ਜਾ ਰਹੀ ਨਸਲਵਾਦ ਦੀ ਹਨ੍ਹੇਰੀ ਦੀ ਮਾਰ ਝੱਲ ਰਹੇ ਹਨ। ਜਿਸ ਕਰਕੇ ਉਹਨਾਂ ਨੇ ਫਰਾਂਸੀਸੀ ਪੁਲਿਸ ਪ੍ਰਸ਼ਾਸਨ ਤੇ ਨਸਲਵਾਦੀ ਮਾਨਸਿਕਤਾ ਵਾਲ਼ੇ ਫਰਾਂਸੀਸੀ ਮੂਲ ਦੇ ਨਾਗਰਿਕਾਂ (ਇਨਾਂ ਵਿੱਚ ਵੀ ਉੱਚ ਮੱਧ ਵਰਗ ਤੇ ਅਮੀਰ ਤਬਕੇ ਨਾਲ਼ ਸਬੰਧਿਤ) ਦੇ ਹੱਥੋਂ ਕਦਮ-ਕਦਮ ‘ਤੇ ਅਪਮਾਨਿਤ ਹੋਣਾਂ ਪੈਂਦਾ ਹੈ, ਉਥੇ ਫ੍ਰਾਂਸ ਦੇ ਸਾਰੇ ਕਿਰਤੀ, ਭਾਵੇਂ ਉਨਾਂ ਦਾ ਕੌਮੀ ਮੂਲ ਕੋਈ ਵੀ ਹੋਵੇ, ਪਿਛਲੇ ਤਿੰਨ ਦਹਾਕਿਆਂ ਤੋਂ ਫਰਾਂਸੀਸੀ ਹਾਕਮਾਂ ਦੁਆਰਾ ਅਪਣਾਈਆਂ ਜਾ ਰਹੀਆਂ ਨਵ-ਉਦਾਰਵਾਦੀ ਨੀਤੀਆਂ ਦਾ ਕਹਿਰ ਵੀ ਝੱਲ ਰਹੇ ਹਨ। ਉਸ ‘ਨਵ-ਉਦਾਰਵਾਦੀ’ ਏਜੰਡੇ ‘ਤੇ ਘੋਰ ਸੱਜੇ ਪੱਖੀ ‘ਯੂਨੀਅਨ ਫਾਰ ਏ ਪਾਪੂਲਰ ਮੂਵਮੈਂਟ’ ਤੇ ਸਮਾਜਿਕ ਜਮਹੂਰੀ ‘ਸਮਾਜਵਾਦੀ ਪਾਰਟੀ’ ਦੋਵੇਂ ਇੱਕਮਤ ਹਨ। ਇਨ੍ਹਾਂ ਨੀਤੀਆਂ ਦੇ ਤਹਿਤ ਫਰਾਂਸੀਸੀ ਹਾਕਮ ਕਿਰਤੀਆਂ ਤੋਂ ਉਹਨਾਂ ਦੀਆਂ ਸਾਰੀਆਂ ਸਹੂਲਤਾਂ ਖੋਹ ਰਹੇ ਹਨ ਜੋ ਉਹਨੇ ਦਹਾਕਿਆਂ ਲੰਬੇ ਘੋਲ਼ਾਂ ਦੁਆਰਾ ਹਾਸਿਲ ਕੀਤੀਆਂ ਸਨ ਅਤੇ ਇਸ ਨਵਉਦਾਰਵਾਦ ਨੂੰ ਫਰਾਂਸ ਵਿੱਚ ‘ਸਮਾਜਵਾਦੀ’ ਰਾਸ਼ਟਰਪਤੀ ਮਿਤਰਾਂ(Mittenand) ਤੇ ਉਨ੍ਹਾਂ ਦੇ ਪ੍ਰਧਾਨ ਮੰਤਰੀ ਲਾਰੈਂਟ ਫੋਬੀਅਸ ਦੇ ਕਾਰਜਕਾਲ ਵਿੱਚ ਹੀ ਪੂਰੀ ਤਰਾਂ ਸਥਾਪਿਤ ਕੀਤਾ ਗਿਆ ਸੀ। ਦਰਅਸਲ ਇਨਾਂ ਦੋਵੇਂ ਚੁਣਾਵੀ ਪਾਰਟੀਆਂ ਵਿੱਚ ਸ਼ਬਦਜਾਲ ਤੋਂ ਇਲਾਵਾ ਹੋਰ ਕੋਈ ਵੀ ਫਰਕ ਨਹੀਂ ਹੈ, ਦੋਵੇਂ ਹੀ ਫਰਾਂਸੀਸੀ ਬੁਰਜੂਆਜ਼ੀ ਦੀ ਸੇਵਾ ਵਿੱਚ ਪੱਬਾਂ ਭਾਰ ਹਨ। ਇਹ ਦੋਵੇਂ ਹੀ ਪਾਰਟੀਆਂ ਵਾਰੀ-ਵਾਰੀ ਫਰਾਂਸ ਦੀ ਸੱਤ੍ਹਾ ਸੰਭਾਲ਼ਦੀਆਂ ਰਹੀਆਂ ਹਨ ਅਤੇ ਦੋਨਾਂ ਨੇ ਹੀ ਫਰਾਂਸੀਸੀ ਕਿਰਤੀ ਲੋਕਾਈ ਨੂੰ ਤਬਾਹ ਬੇਹਾਲ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਹੈ। 

ਫਰਾਂਸੀਸੀ ਹਾਕਮ ਜਮਾਤ ਦੁਆਰਾ ਅਪਣਾਈਆਂ ਗਈਆਂ ‘ਨਵਉਦਾਰਵਾਦੀ’ ਨੀਤੀਆਂ ਉਸੇ ਵਿਆਪਕ ‘ਨਵਉਦਾਰਵਾਦੀ’ ਏਜੰਡੇ ਦਾ ਹੀ ਇੱਕ ਅੰਗ ਹਨ, ਜਿਸਨੂੰ 1980 ਤੋਂ ਬਾਅਦ ਦੇ ਕੌਮਾਂਤਰੀ ਮੁਦਰਾ ਕੋਸ਼ (I.M.F.) ਤੇ ਵਿਸ਼ਵ ਬੈਂਕ ਦੇ ਨਿਰਦੇਸ਼ਾਂ ਤਹਿਤ ਸਾਰੇ ਵਿਕਸਤ ਪੂੰਜੀਵਾਦੀ/ਸਾਮਰਾਜਵਾਦੀ ਦੇਸ਼ਾਂ ਸਹਿਤ ਕਿਸੇ ਨਾ ਕਿਸੇ ਰੂਪ ਵਿੱਚ ਦੁਨੀਆਂ ਭਰ ਦੇ ਲੁਟੇਰੇ ਹਾਕਮਾਂ ਨੇ ਅਪਣਾਇਆ ਹੈ। ਦੂਜੀ ਸੰਸਾਰ ਜੰਗ ਤੋਂ ਬਾਅਦ ਵਿਕਸਿਤ ਪੱਛਮੀ ਦੇਸ਼ਾਂ ਵਿੱਚ ਸ਼ੁਰੂ ਹੋਏ ਪੂੰਜੀਵਾਦ ਦੇ ‘ਸੁਨਹਿਰੇ ਯੁੱਗ’ ਦੀ ਚਮਕ 70 ਦੇ ਦਹਾਕੇ ਤੱਕ ਆਉਂਦੇ-ਆਉਂਦੇ ਮੱਧਮ ਪੈਣ ਲੱਗੀ। ਵਿਕਸਿਤ ਪੂੰਜੀਵਾਦੀ ਦੇਸ਼ਾਂ ਵਿੱਚ ਆਪਸੀ ਵਪਾਰ ਤੇ ਪੂੰਜੀ ਨਿਵੇਸ਼ ਨਾਲ ਸਾਮਰਾਜਵਾਦੀ ਪੂੰਜੀ ਨੇ ਅਪਾਰ ਮੁਨਾਫੇ ਕਮਾਏ। ਹੁਣ ਇਨਾਂ ਦੇਸ਼ਾਂ ਵਿੱਚ ਪੂੰਜੀ ਨਿਵੇਸ਼ ਦੀਆਂ ਸੰਭਾਵਨਾਵਾਂ ਦੇ ਨਿਸ਼ੇਸ਼(Saturate) ਹੋਣ ਤੋਂ ਬਾਅਦ ਸਸਤੇ ਕੱਚੇ ਮਾਲ ਤੇ ਸਸਤੀ ਕਿਰਤ ਸ਼ਕਤੀ ਨੂੰ ਹੋਰ ਵਧੇਰੇ ਨਿਚੋੜਨ ਲਈ ਸਾਮਰਾਜਵਾਦੀ ਪੂੰਜੀ ਦਾ ਵਹਿਣ ਤੀਜੀ ਦੁਨੀਆਂ ਦੇ ਦੇਸ਼ਾਂ ਵੱਲ ਵਧਣ ਲੱਗਿਆ। 

ਸਾਮਰਾਜਵਾਦੀ ਦੇਸ਼ਾਂ ਦੀ ਵਿਕਸਿਤ ਤਕਨੀਕ ਤੇ ਗਰੀਬ ਦੇਸ਼ਾਂ ਵਿੱਚ ਉਪਲਭਧ ਸਸਤੀ ਕਿਰਤ ਸ਼ਕਤੀ ਤੇ ਸਸਤੇ ਕੱਚੇ ਮਾਲ ਤੋਂ ਤਿਆਰ ਹੋਏ ਮਾਲ ਨੇ ਸੰਸਾਰ ਮੰਡੀ ਵਿੱਚ ਪੂੰਜੀਪਤੀਆਂ/ਬਹੁਕੌਮੀ ਕੰਪਨੀਆਂ ਵਿੱਚ ਮੰਡੀ ਤੇ ਮੁਨਾਫੇ ਲਈ ਮੁਕਾਬਲੇ ਨੂੰ ਤੇਜ਼ ਕੀਤਾ। ਜਿਸਨੇ ਪ੍ਰਤੀਕਿਰਿਆ ਸਵਰੂਪ ਸਾਮਰਾਜਵਾਦੀ ਦੇਸ਼ਾਂ ਦੀ ਹਾਕਮ ਜਮਾਤ ਨੂੰ ‘ਕਲਿਆਣ-ਕਾਰੀ ਰਾਜ’ ਦੀਆਂ ਨੀਤੀਆਂ ਦਾ ਤਿਆਗ ਕਰਨ ਲਈ ਮਜ਼ਬੂਰ ਕੀਤਾ। ਜਾਣੀ ਕਿਰਤੀਆਂ ਤੋਂ ਪੱਕੇ ਰੁਜ਼ਗਾਰ, ਕੰਮ ਦੇ ਸੀਮਤ ਘੰਟੇ, ਪੈਂਨਸ਼ਨ, ਬੇਰੁਜ਼ਗਾਰੀ ਭੱਤਾ, ਸਸਤੀ ਜਾਂ ਮੁਫਤ ਸਿੱਖਿਆ ਤੇ ਸਿਹਤ ਸਹੂਲਤਾਂ ਆਦਿ ਖਤਮ ਕਰਨ, ਕਿਰਤ ਕਨੂੰਨਾਂ ਨੂੰ ਜਿਆਦਾਤਰ ਮਜ਼ਬੂਰ ਵਿਰੋਧੀ ਬਣਾਕੇ ‘ਕਿਰਤ ਮੰਡੀ’ ਨੂੰ ‘ਲਚਕੀਲਾ’ ਬਣਾਉਣਾ। ਜਾਣੀ ਕਿਰਤੀ ਲੋਕਾਂ ਨੇ ਦਹਾਕਿਆਂ ਲੰਬੇ ਘੋਲ਼ਾਂ ਤੇ ਬੇਸ਼ੁਮਾਰ ਕੁਰਬਾਨੀਆਂ ਦੀ ਬਦੌਲਤ ਜੋ ਹੱਕ ਹਾਸਲ ਕੀਤੇ ਸਨ ਉਨਾਂ ਨੂੰ ਖੋਹ ਲੈਣਾ। ਇਹੀ ਹੈ ਦੁਨੀਆਂ ਭਰ ਦੀਆਂ ਹਾਕਮ ਜਮਾਤਾਂ ਦੁਆਰਾ ਅਪਣਾਇਆ ਗਿਆ ਨਵਉਦਾਰਵਾਦੀ ਏਜੰਡਾ ਜਿਸਦਾ ਸ਼੍ਰੀ ਗਣੇਸ਼ 1980 ਵਿੱਚ ਰੀਗਨ-ਥੈਚਰ ਜੋੜੀ ਨੇ ਕੀਤਾ ਸੀ। 

ਫਰਾਂਸ ਦੇ ਹੁਕਮਰਾਨ ਵੀ 1980 ਦੇ ਦਹਾਕੇ ਤੋਂ ਹੀ ਇਸੇ ਰਾਹ ‘ਤੇ ਚੱਲ ਰਹੇ ਹਨ। ਸਸਤੀ ਕਿਰਤ ਸ਼ਕਤੀ ਤੇ ਸਸਤੇ ਕੱਚੇ ਮਾਲ ਦੀ ਭਾਲ਼ ਵਿੱਚ ਫਰਾਂਸੀਸੀ ਪੂੰਜੀ ਵੀ ਗਰੀਬ ਦੇਸ਼ਾਂ ਵੱਲ ਉੱਡ ਰਹੀ ਹੈ। ਫਰਾਂਸੀਸੀ ਪੂੰਜੀਪਤੀਆਂ ਨੇ ਆਪਣੇ ਉਦਯੋਗਾਂ ਦਾ ਕਾਫੀ ਵੱਡਾ ਹਿੱਸਾ ਪੋਲੈਂਡ ਵਿੱਚ ਸਥਾਨਾਂਤਰਿਤ ਕਰ ਦਿੱਤਾ। ਇਸ ਨਾਲ਼ ਫਰਾਂਸ ਵਿੱਚ ਬੇਰੁਜ਼ਗਾਰੀ ਭਿਅੰਕਰ ਰੂਪ ਧਾਰਨ ਕਰ ਗਈ। ਇਸ ਸਮੇਂ ਫਰਾਂਸ ਦੀ 13% ਕਿਰਤ ਸ਼ਕਤੀ ਬੇਰੁਜ਼ਗਾਰ ਹੈ, ਤੇ ਸ਼ਹਿਰੀ ਗੰਦੀਆਂ ਬਸਤੀਆਂ ਵਿੱਚ ਬੇਰੁਜ਼ਗਾਰੀ ਦੀ ਇਹ ਦਰ ਦੁੱਗਣੀ ਯਾਣੀ ਕਿ 26% ਹੈ। ਫਰਾਂਸ ਵਿੱਚ ਇਸ ਸਮੇਂ ਲਗਭਗ 20% ਮਜ਼ਦੂਰ ਸਿਰਫ ਘੱਟੋ ਘੱਟ ਮਜ਼ਦੂਰੀ ‘ਤੇ ਗੁਜ਼ਾਰਾ ਕਰ ਰਹੇ ਹਨ ਤੇ 70 ਲੱਖ ਫਰਾਂਸੀਸੀ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ। ਫਰਾਂਸ ਵਿੱਚੋਂ ਪੂੰਜੀ ਦਾ ਇਹ ਪਲਾਇਨ ਫਰਾਂਸੀਸੀ ਬੁਰਜੂਆਜ਼ੀ ਨੂੰ ਮਜ਼ਬੂਰ ਕਰ ਰਿਹਾ ਹੈ ਕਿ ਉਹ ਫਰਾਂਸ ਅੰਦਰ ‘ਕਿਰਤ ਮੰਡੀ’ ਨੂੰ ‘ਲਚਕੀਲਾ’ ਬਣਾਏ। ਯਾਣੀ ਮਜ਼ਦੂਰਾਂ ਨੂੰ ਦਿੱਤੀਆਂ ਜਾਣ ਵਾਲ਼ੀਆਂ ਤਮਾਮ ਸਹੂਲਤਾਂ ਤੇ ਕਟੌਤੀ ਕਰਕੇ ਕਿਰਤ ਸ਼ਕਤੀ ਨੂੰ ਸਸਤਾ ਬਣਾਏ। 

ਪਰ ਫਰਾਂਸੀਸੀ ਬੁਰਜੂਆਜ਼ੀ ਨੂੰ ਨਵਉਦਾਰਵਾਦ ਦੇ ਰਾਹ ‘ਤੇ ਹਰ ਕਦਮ ‘ਤੇ ਲੋਕਾਂ ਦੇ ਭਿਅੰਕਰ ਪ੍ਰਤੀਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਲੋਕਾਂ ਹੱਥੋਂ ਉਸਨੂੰ ਵਾਰ-ਵਾਰ ਹਾਰ ਝੱਲਣੀ ਪੈ ਰਹੀ ਹੈ। 1995 ਵਿੱਚ ਜਦੋਂ ਤਤਕਾਲੀਨ ਫਰਾਂਸੀਸੀ ਪ੍ਰਧਾਨ ਮੰਤਰੀ ਜੁਪੇ ਫਰਾਂਸੀਸੀ ਸੰਸਦ ਵਿੱਚ ਸਿਹਤ ‘ਸੁਧਾਰਾਂ’ ਦਾ ਬਿਲ ਪੇਸ਼ ਕੀਤਾ ਸੀ, ਜਿਸਦੇ ਤਹਿਤ ਫਰਾਂਸ ਵਿੱਚ ਸਿਹਤ ਸੇਵਾਵਾਂ ਦਾ ਨਿੱਜੀਕਰਨ ਕੀਤਾ ਜਾਣਾ ਸੀ ਤਾਂ ਇਸਦੇ ਵਿਰੋਧ ਵਿੱਚ ਪੂਰਾ ਫਰਾਂਸ ਹੀ ਉੱਠ ਖੜ੍ਹਾ ਹੋਇਆ ਸੀ। ਜਿਸ ਦਿਨ ‘ਜੁਪੇ’ ਨੇ ਸੰਸਦ ਵਿੱਚ ਇਹ ਬਿਲ ਪੇਸ਼ ਕੀਤਾ ਸੀ, ਉਸਦੇ ਅਗਲੇ ਦਿਨ ਲਗਭਗ 20 ਲੱਖ ਟਰਾਂਸਪੋਰਟ ਮਜ਼ਦੂਰਾਂ ਨੇ ਇਸ ਬਿਲ ਦੇ ਵਿਰੋਧ ਵਿੱਚ ਹੜਤਾਲ਼ ਕਰ ਦਿੱਤੀ ਸੀ, ਜਿਸ ਵਿੱਚ ਬਾਅਦ ਵਿੱਚ ਸਮਾਜ ਦੇ ਹੋਰ ਹਿੱਸੇ ਵੀ ਸ਼ਾਮਿਲ ਹੋ ਗਏ ਸਨ। ਲਗਭਗ ਦੋ ਮਹੀਨੇ ਪੂਰਾ ਫਰਾਂਸ ਬੰਦ ਰਿਹਾ ਸੀ ਅਤੇ ਜੂਪੇ ਸਰਕਾਰ ਨੂੰ ਮਜ਼ਬੂਰ ਹੋ ਕੇ ਸਿਹਤ ਸੇਵਾਵਾਂ ਦੇ ਨਿੱਜੀਕਰਨ ਦੀ ਯੋਜਨਾ ਤੋਂ ਪਿੱਛੇ ਹਟਣਾ ਪਿਆ ਸੀ। 

29 ਮਈ, 2005 ਵਿੱਚ ਯੂਰਪੀ ਸੰਵਿਧਾਨ ਲਈ ਫਰਾਂਸ ਵਿੱਚ ਹੋਏ ਜਨਮਤ ਸੰਗ੍ਰਹਿ ‘ਚ ਫਰਾਂਸੀਸੀ ਲੋਕਾਂ ਦੇ ਵੱਡੇ ਹਿੱਸੇ ਨੇ ਯੂਰਪੀ ਸੰਵਿਧਾਨ ਰੱਦ ਕਰ ਦਿੱਤਾ ਸੀ। ਦਰਅਸਲ ਯੂਰਪੀ ਬਹੁਕੌਮੀ ਕੰਪਨੀਆਂ ਦੁਆਰਾ ‘ਯੂਰਪੀ ਸੰਵਿਧਾਨ’ ਦੀ ਸ਼ਹਿ ਵਿੱਚ ਨਵਉਦਾਰਵਾਦੀ ਏਜੰਡੇ ਨੂੰ ਅੱਗੇ ਵਧਾਉਣ ਦੀ ਹੀ ਸਾਜਿਸ਼ ਸੀ। ਫਰਾਂਸ ਵਿੱਚ ਯੂਰਪੀ ਸੰਵਿਧਾਨ ਦੇ ਮੁੱਖ ਵਕੀਲ ਸਨ—ਫਰਾਂਸੀਸੀ ਪੈਟਰੋਲਿਅਮ ਕੰਪਨੀ (ਜਿਸਦਾ ਕਿ 2004 ਵਿੱਚ ਮੁਨਾਫਾ 10.9 ਬਿਲੀਅਨ ਡਾਲਰ ਸੀ), ਐਲ. ਓਰੀਅਲ(L Oreal), ਮਸ਼ੀਨ ਟੂਲ ਕੰਪਨੀ Schinder ਤੇ ਹਥਿਆਰ ਬਣਾਉਣ ਵਾਲ਼ੀ  Dassult ਸਨ। ਪਰ ਫਰਾਂਸ ਦੇ ਕਿਰਤੀ ਲੋਕਾਂ ਨੇ ਧਨਪਤੀਆਂ ਦੀ ਸਾਜਿਸ਼ ਨੂੰ ਨਾਕਾਮ ਕਰ ਦਿੱਤਾ। 

ਤੀਜੀ ਵਾਰ ਫਰਾਂਸੀਸੀ ਹੁਕਮਰਾਨਾਂ ਦੇ ਖਿਲਾਫ ਫਰਾਂਸੀਸੀ ਲੋਕਾਂ ਦਾ ਗੁੱਸਾ ਫੁੱਟਿਆ ਅਕਤੂਬਰ 2005 ਵਿੱਚ। ਇਸ ਵਾਰ ਲੋਕਾਂ ਦੇ ਇਸ ਗੁੱਸੇ ਨੇ ਲੋਕ ਵਿਦਰੋਹ ਦਾ ਰੂਪ ਅਖਤਿਆਰ ਕਰ ਲਿਆ। ਫਰਾਂਸ ਦੇ ਮਹਾਂਨਗਰਾਂ ਦੀਆਂ ਗਰੀਬ ਬਸਤੀਆਂ ਇਸ ਲੋਕ ਵਿਦਰੋਹ ਦਾ ਮੁੱਖ ਕੇਂਦਰ ਬਣੀਆਂ। ਪ੍ਰਵਾਸੀ ਨੌਜਵਾਨਾਂ (ਖਾਸ ਕਰਕੇ ਉੱਤਰੀ ਅਫਰੀਕੀ ਮੂਲ ਦੇ) ਨੇ ਇਸ ਵਿੱਚ ਮੋਹਰੀ ਭੂਮਿਕਾ ਨਿਭਾਈ। ਪੁਲਸ ਦੁਆਰਾ ਪਹਿਚਾਣ ਚੈਕ ਕਰਨ ਤੋਂ ਬਚਦੇ ਦੋ ਨਾਬਾਲਗ ਨੌਜਵਾਨਾਂ ਦੀ ਮੌਤ ਦੇ ਵਿਰੋਧ ਵਿੱਚ ਸ਼ੁਰੂ ਹੋਏ ਇਸ ਵਿਦਰੋਹ ਨੂੰ ਸਾਰਕੋਜੀ ਦੇ ਉੱਪਰ ਜ਼ਿਕਰ ਕੀਤੇ ਗਰੀਬਾਂ ਪ੍ਰਤੀ ਨਫ਼ਰਤ ਭਰੇ ਬਿਆਨਾਂ ਨੇ ਹੋਰ ਹਵਾ ਦਿੱਤੀ। ਇਹ ਦਰਅਸਲ ਗਰੀਬੀ, ਬੇਰੁਜ਼ਗਾਰੀ ਤੇ ਹਰ ਤਰ੍ਹਾਂ ਦਾ ਸ਼ੋਸ਼ਣ-ਦਮਨ ਝੱਲ ਰਹੇ ਦੁਖਿਆਰਿਆਂ ਦੀ ਧਨਪਸ਼ੂਆਂ ਦੇ ਸਵਰਗ ਖਿਲਾਫ ਬਗਾਵਤ ਸੀ, ਦੋ ਮਹੀਨਿਆਂ ਤੱਕ ਜਾਰੀ ਰਹੇ ਇਸ ਲੋਕ ਵਿਦਰੋਹ ਨੇ ਪੂਰੇ ਫਰਾਂਸ ਨੂੰ ਹਿਲਾ ਕੇ ਰੱਖ ਦਿੱਤਾ ਸੀ। 

ਅਪ੍ਰੈਲ 2006 ਵਿੱਚ ਫਰਾਂਸੀਸੀ ਲੋਕਾਂ ਨੇ ‘ਕਿਰਤ ਮੰਡੀ’ ਨੂੰ ‘ਲਚਕੀਲੀ’ ਬਣਾਉਣ ਲਈ ਫਰਾਂਸੀਸੀ ਹੁਕਮਰਾਨਾਂ ਦੁਆਰਾ ਲਿਆਂਦੇ ਜਾ ਰਹੇ ਨਵੇਂ ਕਾਨੂੰਨ ‘ਫਰਸਟ ਹਾਇਰਿੰਗ ਐਕਟ’ (CPE) ਨੂੰ ਨਾਕਾਮ ਕਰ ਦਿੱਤਾ। ਇਹ ਫਰਾਂਸੀਸੀ ਹਾਕਮਾਂ ਦੀ ਫਰਾਂਸੀਸੀ ਕਿਰਤੀ ਲੋਕਾਂ ਖਿਲਾਫ ਇੱਕ ਸਾਜਿਸ਼ ਸੀ, ਜਿਸਦੇ ਤਹਿਤ ਪੱਕੇ ਰੁਜ਼ਗਾਰ ਦੀ ਥਾਂ, ਫਰਾਂਸੀਸੀ ਪੂੰਜੀਪਤੀਆਂ ਨੂੰ ਠੇਕੇ ‘ਤੇ ਮਜ਼ਦੂਰ ਭਰਤੀ ਕਰਨ ਦੀ ਛੋਟ ਦਿੱਤੀ ਜਾਣੀ ਸੀ, ਜਿਸਨੂੰ ਜਦੋਂ ਉਹ ਚਾਹੁਣ ਕੰਮ ਤੋਂ ਹਟਾ ਸਕਦੇ ਹੋਣ। ਇਸ ਕਾਨੂੰਨ ਦੇ ਖਿਲਾਫ ਹੋਏ ਪ੍ਰਦਰਸ਼ਨਾਂ ਵਿੱਚ 5 ਲੱਖ ਤੋਂ ਲੈ ਕੇ 30 ਲੱਖ ਤੱਕ ਲੋਕਾਂ ਨੇ ਹਿੱਸਾ ਲਿਆ। ਇਸ ਵਿੱਚ ਬੇਰੁਜ਼ਗਾਰ ਨੌਜਵਾਨਾਂ ਦੇ ਨਾਲ਼-ਨਾਲ਼ ਵੱਡੀ ਸੰਖਿਆ ਵਿੱਚ ਮਜ਼ਦੂਰ ਵੀ ਸ਼ਾਮਿਲ ਸਨ। ਇਸ ਵਿਆਪਕ ਲੋਕ ਪ੍ਰਤੀਰੋਧ ਕਰਕੇ ਫਰਾਂਸੀਸੀ ਹਾਕਮਾਂ ਨੂੰ ਇੱਕ ਵਾਰ ਮੂੰਹ ਦੀ ਖਾਣੀ ਪਈ। 

ਪੂੰਜੀ ਦੇ ਵਿਸ਼ਵੀਕਰਨ ਦੇ ਮੌਜੂਦਾ ਦੌਰ ਵਿੱਚ ਸੰਸਾਰ ਮੰਡੀ ਵਿੱਚ ਪੂੰਜੀਪਤੀਆਂ ਵਿਚਕਾਰ ਤਿੱਖਾ ਮੁਕਾਬਲਾ, ਫਰਾਂਸੀਸੀ ਹਾਕਮਾਂ ਨੂੰ ਨਵਉਦਾਰਵਾਦ ਦੇ ਰਾਹ ‘ਤੇ ਸਰਪਟ ਦੌੜਨ ਲਈ ਮਜ਼ਬੂਰ ਕਰ ਰਿਹਾ ਹੈ। ਨਿਕੋਲਸ ਸਾਰਕੋਜੀ ਦੀ ਜਿੱਤ ਫਰਾਂਸੀਸੀ ਬੁਰਜੂਆਜ਼ੀ ਦੀ ਇਸ ਮਜ਼ਬੂਰੀ ਦਾ ਪ੍ਰਗਟਾਵਾ ਹੈ। ਉਹ ਇਸ ਰਾਹ ‘ਤੇ ਚੱਲਣਗੇ ਕਿਉਂਕਿ ਉਹਨਾਂ ਕੋਲ਼ ਹੋਰ ਕੋਈ ਰਾਹ ਨਹੀਂ ਹੈ। ਸਾਰਕੋਜੀ ਨੇ ਬੁਰਜੂਆ ਹਕੂਮਤ ਦੀ ਵਾਗਡੋਰ ਇਸ ਲਈ ਸੰਭਾਲੀ ਹੈ ਤਾਂ ਕਿ ਡੰਡੇ ਗੋਲ਼ੀ ਦੇ ਜ਼ੋਰ ‘ਤੇ ਲੋਕਾਂ ‘ਤੇ ਨਵਉਦਾਰਵਾਦੀ ਏਜੰਡਾ ਥੋਪਿਆ ਜਾਵੇ। ਆਉਣ ਵਾਲ਼ੇ ਦਿਨਾਂ ਵਿੱਚ ਫਰਾਂਸੀਸੀ ਕਿਰਤੀਆਂ ‘ਤੇ ਫ੍ਰਾਂਸੀਸੀ ਬੁਰਜੂਆਜ਼ੀ ਦੁਆਰਾ ਹਮਲੇ ਹੋਰ ਤੇਜ਼ ਹੋਣਗੇ। 

ਦੂਜੇ ਪਾਸੇ ਫਰਾਂਸ ਦੇ ਕਿਰਤੀ ਲੋਕਾਂ ਕੋਲ਼ ਵੀ ਹੁਣ ਇੱਕ ਹੀ ਰਾਹ ਬਚਿਆ ਹੈ ਅਤੇ ਉਹ ਹੈ ਫਰਾਂਸੀਸੀ ਹਾਕਮਾਂ ਨਾਲ਼ ਆਰ ਪਾਰ ਦੀ ਲੜਾਈ ਦਾ। ਕਾਰਲ ਮਾਰਕਸ ਨੇ ਕਿਹਾ ਸੀ ਕਿ ਫਰਾਂਸ ਉਹ ਧਰਤੀ ਹੈ ਜਿੱਥੇ ਸਾਰੇ ਜਮਾਤੀ ਘੋਲ਼ ਘੱਟ-ਵੱਧ ਫੈਸਲਾਕੁੰਨ ਹੱਦ ਤੱਕ ਲੜੇ ਗਏ ਹਨ। ਆਉਣ ਵਾਲ਼ੇ ਦਿਨਾਂ ਵਿੱਚ ਫਰਾਂਸ ਦੀ ਧਰਤੀ ‘ਤੇ ਕਾਰਲ ਮਾਰਕਸ ਦੇ ਇਸ ਕਥਨ ਦੀ ਇਕ ਵਾਰ ਫਿਰ ਤਸਦੀਕ ਹੋਵੇਗੀ।

“ਪ੍ਰਤੀਬੱਧ”, ਅੰਕ 07, ਜੁਲਾਈ-ਦਸੰਬਰ 2007 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s