ਕਾ. ਲਕਸ਼ਮਣ ਪੰਤ ਦੇ ਲੇਖ ‘ਤੇ ਟਿੱਪਣੀ ਨੇ. ਕ. ਪਾ. (ਮਾ.) ਕਿੱਧਰ ਨੂੰ? ਨੇਪਾਲੀ ਇਨਕਲਾਬ ਕਿੱਧਰ ਨੂੰ? —ਅਲੋਕ ਰੰਜਨ

nepali

(ਪੀ.ਡੀ.ਐਫ਼ ਡਾਊਨਲੋਡ ਕਰੋ)

(ਨੇ. ਕ. ਪਾ. (ਮਾ.) ਦੇ ਵਿਦੇਸ਼ ਬਿਊਰੋ ਦੇ ਮੈਂਬਰ ਲਕਸ਼ਮਣ ਪੰਤ ਦੇ ਲੇਖ ਦੇ ਮੁਲਾਂਕਣ ਨਾਲ਼ ਗੰਭੀਰ ਮਤਭੇਦ ਰੱਖਦਾ ਹੋਇਆ ਅਲੋਕ ਰੰਜਨ ਦਾ ਲੇਖ ਵੀ ਅਸੀਂ ਪ੍ਰਕਾਸ਼ਿਤ ਕਰ ਰਹੇ ਹਾਂ। ਪਾਠਕਾਂ ਨੂੰ ਯਾਦ ਕਰਾ ਦੇਈਏ ਕਿ ਪ੍ਰਤੀਬੱਧ ਦੇ ਜੁਲਾਈ-ਸਤੰਬਰ 2008 ਅੰਕ ਵਿੱਚ ਅਸੀਂ ਨੇਪਾਲ ਦੀ ਕਮਿਊਨਿਸਟ ਲਹਿਰ ਦੇ ਇਤਿਹਾਸ ਦੇ ਮੁਲਾਂਕਣ ਅਤੇ ਨੇਪਾਲੀ ਇਨਕਲਾਬ ਦੀਆਂ ਸੰਭਾਵਨਾਵਾਂ-ਸਮੱਸਿਆਵਾਂ ‘ਤੇ ਕੇਂਦਰਿਤ ਲੇਖ ਛਾਪਿਆ ਸੀ। ਇਸ ਲੇਖ ਨੂੰ ਉਸੇ ਦੀ ਲਗਾਤਾਰਤਾ ਵਿੱਚ ਅਤੇ ਉਸੇ ਪਰਿਪੇਖ ਵਿੱਚ ਰੱਖ ਕੇ ਪੜ੍ਹਿਆ ਜਾਣਾ ਚਾਹੀਦਾ ਹੈ। ਨੇਪਾਲੀ ਇਨਕਲਾਬ ਦਾ ਸਵਾਲ ਪੂਰੀ ਦੁਨੀਆਂ ਦੇ ਕਮਿਊਨਿਸਟ ਇਨਕਲਾਬੀਆਂ ਦੇ ਸਰੋਕਾਰ ਅਤੇ ਚਿੰਤਾ ਨਾਲ਼ ਜੁੜਿਆ ਹੈ। ਉੱਥੇ ਹੋਣ ਵਾਲ਼ੇ ਹਰ ਘਟਨਾ ਵਿਕਾਸ ਦਾ ਬਾਰੀਕੀ ਨਾਲ਼ ਅਧਿਐਨ-ਵਿਸ਼ਲੇਸ਼ਣ ਇਨਕਲਾਬ ਦੀ ਸਿਧਾਂਤਕ-ਅਮਲੀ ਸਮੱਸਿਆਵਾਂ ਨੂੰ ਸਮਝਣ ਲਈ ਜ਼ਰੂਰੀ ਹੈ। ਇਸ ਨਜ਼ਰੀਏ ਤੋਂ ਅਸੀਂ ਸਮਝਦੇ ਹਾਂ ਕਿ ਇਨ੍ਹਾਂ ਲੇਖਾਂ ਦੇ ਪ੍ਰਕਾਸ਼ਨ ਨਾਲ਼ ਇੱਕ ਸਾਰਥਕ ਬਹਿਸ ਦੀ ਸ਼ੁਰੂਆਤ ਹੋ ਸਕੇਗੀ। ਅਸੀਂ ਨੇਪਾਲ ਅਤੇ ਭਾਰਤ ਦੇ ਕਮਿਊਨਿਸਟ ਇਨਕਲਾਬੀਆਂ ਨਾਲ਼ ਅਤੇ ਖੱਬੇ ਬੁੱਧੀਜੀਵੀਆਂ ਨਾਲ਼ ਬਹਿਸ ਵਿੱਚ ਸ਼ਮੂਲੀਅਤ ਦੀ ਬੇਨਤੀ ਕਰਦੇ ਹਾਂ। —ਸੰਪਾਦਕ)

ਕਾ. ਲਕਸ਼ਮਣ ਪੰਤ ਨੇਪਾਲ ਦੀ ਕਮਿਊਨਿਸਟ ਪਾਰਟੀ (ਮਾਓਵਾਦੀ) ਦੇ ਵਿਦੇਸ਼ ਬਿਊਰੋ ਦ ੇਮੈਂਬਰ ਹਨ। ਉਹਨਾਂ ਦੇ ‘ਕੋਇਰਾਲਾ ਵੰਸ਼ ਦਾ ਪਤਣ’ ਵਿੱਚ ਨਿਹਿਤ ਵਿਚਾਰਧਾਰਕ-ਰਾਜਨੀਤਿਕ ਪੋਜੀਸ਼ਨਾਂ, ਜੇਕਰ ਮੋਟੇ ਤੌਰ ‘ਤੇ ਵੀ ਪਾਰਟੀ ਦੀਆਂ ਪੋਜੀਸ਼ਨਾਂ ਹਨ, ਤਦ ਤਾਂ ਇਹ ਵਾਕਈ ਸਾਡੇ ਲਈ ਚਿੰਤਾ ਅਤੇ ਪਰੇਸ਼ਾਨੀ ਦਾ ਸਬੱਬ ਹਨ। ਲੇਖ ਦੀਆਂ ਮੂਲ ਪੋਜੀਸ਼ਨਾਂ ਨਵੀਂਆਂ ਹਾਲਤਾਂ ਵਿੱਚ ਨੇਪਾਲ ਦੇ ਜਮਾਤੀ-ਘੋਲ਼ ਦੇ ਅਨੁਭਵਾਂ ਦੇ ਸਿਧਾਂਤਕ ਨਿਚੋੜ ਦੇ ਨਾਮ ‘ਤੇ ਰਾਜ ਅਤੇ ਇਨਕਲਾਬ ਸਬੰਧੀ ਬੁਨਿਆਦੀ ਲੈਨਿਨਵਾਦੀ ਧਾਰਨਾਵਾਂ ਦਾ ਨਿਖੇਧ ਕਰਦੀਆਂ ਹਨ ਅਤੇ ਸੋਧਵਾਦੀ ਕੁਰਾਹੇ ਦੇ ਸਪੱਸ਼ਟ ਸੰਕੇਤ ਦਿੰਦੀਆਂ ਹਨ। ਇਨ੍ਹਾਂ ਵਿਚਾਰਧਾਰਕ ਭਰਮਾਂ-ਗਲਤੀਆਂ-ਭਟਕਾਵਾਂ ਨੂੰ ਜੇਕਰ ਸਮਾਂ ਰਹਿੰਦੇ ਠੀਕ ਨਹੀਂ ਕੀਤਾ ਗਿਆ ਤਾਂ ਨੇਪਾਲੀ ਇਨਕਲਾਬ ਦੀ ਅਗਲੇਰੀ ਵਿਕਾਸ-ਪ੍ਰਕਿਰਿਆ ‘ਤੇ ਜ਼ਰੂਰ ਹੀ ਇਨ੍ਹਾਂ ਦਾ ਗੰਭੀਰ ਪ੍ਰਤੀਕੂਲ ਅਸਰ ਪਵੇਗਾ। 

ਕੁੱਝ ਛੋਟ ਦਿੰਦੇ ਹੋਏ ਇਹ ਸੋਚਿਆ ਜਾ ਸਕਦਾ ਹੈ ਕਿ ਕਾ. ਲਕਸ਼ਮਣ ਪੰਤ ਦੀ ਪੋਜ਼ੀਸ਼ਨ ਨੇ. ਕ.ਪਾ. (ਮਾ.) ਦੀ ਵਾਜਿਬ ਪੋਜੀਸ਼ਨ ਨਾ ਹੋ ਕੇ, ਉਨ੍ਹਾਂ ਦੀ ਨਿੱਜੀ ਰਾਏ ਹੈ ਜਾਂ ਪਾਰਟੀ ਵਿੱਚ ਮੌਜੂਦ ਸਾਰੇ ਵਿਚਾਰਾਂ ਵਿੱਚੋਂ ਇੱਕ ਵਿਚਾਰ ਹੈ। ਪਰ ਫਿਰ ਵੀ ਕਈ ਗੰਭੀਰ ਸਵਾਲ ਉੱਠਦੇ ਹਨ। ਕਿਤੇ ਅਜਿਹਾ ਤਾਂ ਨਹੀਂ ਕਿ ਨੇ.ਕ.ਪਾ.(ਮਾ.) ਦੀ ਪਾਰਟੀ-ਲੀਡਰਸ਼ਿਪ ਦਾਅਪੇਚ (ਟੈਕਿਟਸ) ਦੇ ਨਾਮ ‘ਤੇ ਜਿਸ ਤਰ੍ਹਾਂ ਅਤੇ ਜਿੰਨੀ ਤੇਜ਼ੀ ਨਾਲ਼ (ਅਤੇ ਆਮ ਕਰਕੇ ਪਹਿਲੀ ਪੋਜੀਸ਼ਨ ਅਤੇ ਉਸ ਵਿੱਚ ਬਦਲਾਵ ਦੇ ਕਾਰਨਾਂ ਦੀ ਕੋਈ ਚਰਚਾ ਵਿਆਖਿਆ ਕੀਤੇ ਬਿਨਾਂ) ਆਪਣੀਆਂ ਰਾਜਨੀਤਿਕ ਪੋਜੀਸ਼ਨਾਂ ਬਦਲਦੀ ਰਹਿੰਦੀ ਹੈ ਅਤੇ ਜਿਸ ਤਰ੍ਹਾਂ ਉਹ ਯੁੱਧਨੀਤੀ ਅਤੇ ਇੱਥੋਂ ਤੱਕ ਕਿ ਬੁਨਿਆਦੀ ਅਸੂਲੀ ਘੇਰੇ ਦੇ ਸਵਾਲਾਂ ਨੂੰ ਵੀ ਦਾਅਪੇਚ ਦਾ ਸਵਾਲ ਬਣਾ ਦਿੰਦੀ ਹੈ, ਉਸ ਨਾਲ਼ ਸਫ਼ਾਂ ਅਤੇ ਦਰਮਿਆਨੀ ਲੀਡਰਸ਼ਿਪ ਦੇ ਪੱਧਰ ਤੱਕ ਵਿਚਾਰਧਾਰਕ ਭਰਮ ਫੈਲ ਰਿਹਾ ਹੋਵੇ, ਲਾਈਨ ਅਤੇ ਪੋਜੀਸ਼ਨ ਬਾਰੇ ਚੀਜ਼ਾਂ ਸਪੱਸ਼ਟ ਨਾ ਹੋ ਰਹੀਆਂ ਹਨ ਅਤੇ ਪਾਰਟੀ ਦੇ ਅੰਦਰ ਸੋਧਵਾਦੀ ਕੁਰਾਹੇ ਦਾ ਪੂਰਵ ਅਧਾਰ ਤਿਆਰ ਹੋ ਰਿਹਾ ਹੋਵੇ? ਦੂਸਰੀ ਗੱਲ, ਇਹ ਸਹੀ ਹੈ ਕਿ ਕੋਈ ਪਾਰਟੀ ਇਕਹਿਰੀ ਨਹੀਂ ਹੁੰਦੀ ਅਤੇ ਉਸ ਵਿੱਚ ਕਈ ਵਿਚਾਰ ਲਗਾਤਾਰ-ਮੌਜੂਦ ਰਹਿੰਦੇ ਹਨ, ਪਰ ਉਸ ਵਿੱਚ ਕੀ ਇਨਕਲਾਬੀ ਅਤੇ ਸੋਧਵਾਦੀ ਵਿਚਾਰਾਂ ਦੀ ਸ਼ਾਂਤੀਪੂਰਨ ਸਹਿਹੋਂਦ ਲੰਬੇ ਸਮੇਂ ਤੱਕ ਸੰਭਵ ਹੋਵੇਗੀ ਅਤੇ ਜੇਕਰ ਅਜਿਹਾ ਹੋਵੇਗਾ ਤਾਂ ਕੀ ਇਹ ਸਮਾਂ ਪਾ ਕੇ ਪਾਰਟੀ ਦੇ ਖਾਸੇ ਨੂੰ ਪ੍ਰਭਾਵਿਤ ਨਹੀਂ ਕਰੇਗਾ? ਤੀਜੀ ਗੱਲ, ਕਾ. ਲਕਸ਼ਮਣ ਪੰਤ ਦੇ ਇਸ ਲੇਖ ਵਿੱਚ ਪੇਸ਼ ਵਿਚਾਰ ਜੇਕਰ ਨਿੱਜੀ ਹਨ, ਜਾਂ ਪਾਰਟੀ ਵਿੱਚ ਮੌਜੂਦ ਕਿਸੇ ਧੜੇ ਦੇ ਵਿਚਾਰ ਹਨ, ਤਾਂ ਵੀ ਪਾਰਟੀ ਅੰਦਰਲਾ ਜਮਹੂਰੀਅਤ ਦਾ ਕੋਈ ਵੀ ਰੂਪ ਕੀ ਇਸ ਗੱਲ ਦੀ ਇਜਾਜ਼ਤ ਦਿੰਦਾ ਹੈ ਕਿ ਕਿਸੇ ਇਨਕਲਾਬੀ ਕਮਿਊਨਿਸਟ ਪਾਰਟੀ ਦੇ ਵਿਦੇਸ਼ ਬਿਊਰੋ ਦਾ ਮੈਂਬਰ ਅਜਿਹੇ ਵਿਚਾਰਾਂ ਨੂੰ (ਚਾਹੇ ਨਿੱਜੀ ਲੇਖ ਦੇ ਤੌਰ ‘ਤੇ ਹੀ ਸਹੀ) ਪਾਰਟੀ ਅੰਦਰਲੇ ਮੰਚ ਦੀਆਂ ਬਹਿਸਾਂ ਦੀ ਬਜਾਇ ਬਾਹਰ ਪ੍ਰਕਾਸ਼ਿਤ ਕਰੇ? ਇਸ ਨਾਲ਼ ਕੀ ਕੌਮਾਂਤਰੀ ਕਮਿਊਨਿਸਟ ਲਹਿਰ ਦੀਆਂ ਸਫ਼ਾ ਵਿੱਚ ਵੱਡਾ ਘਚੋਲ਼ਾ ਨਹੀਂ ਫੈਲੇਗਾ? 

ਖ਼ੈਰ, ਹੁਣ ਅਸੀਂ ਸੰਖੇਪ ਵਿੱਚ ਉਨ੍ਹਾਂ ਮੁੱਦਿਆਂ ਦੀ ਚਰਚਾ ਕਰਾਂਗੇ, ਜਿਨ੍ਹਾਂ ‘ਤੇ ਕਾ. ਲਕਸ਼ਮਣ ਪੰਤ ਦੇ ਲੇਖ ਨਾਲ਼ ਸਾਡੀ ਗੰਭੀਰ ਅਸਹਿਮਤੀ ਹੈ। 

ਕਾ. ਲਕਸ਼ਮਣ ਪੰਤ ਦਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਅਹੁੱਦੇ ‘ਤੇ ਕਾ. ਪ੍ਰਚੰਡ ਦੀ ਜਿੱਤ ਨੇਪਾਲ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੈ। ਇੱਕ ਸੋ ਸੱਠ ਸਾਲਾਂ ਦੇ ਸੰਸਾਰ ਕਮਿਊਨਿਸਟ ਲਹਿਰ ਦੇ ਇਤਿਹਾਸ ਵਿੱਚ ਪਹਿਲੀ ਵਾਰ ਇਹ ਹੋਇਆ ਹੈ ਕਿ ਮਜ਼ਦੂਰ ਜਮਾਤ ਦੀ ਇੱਕ ਵੱਖਰੀ ਫ਼ੌਜ ਆਪਣੀ ਕਮਾਨ ਵਿੱਚ ਰੱਖਣ ਵਾਲ਼ੀ ਪਾਰਟੀ ਨੇ ਖੁੱਲ੍ਹੇ ਅਤੇ ਗੁਪਤ, ਬੁਲੇਟ ਅਤੇ ਬੈਲਟ, ਲੋਕ ਯੁੱਧ ਅਤੇ ਲੋਕ ਲਹਿਰਾਂ—ਇਨ੍ਹਾਂ ਦੋਵਾਂ ਤਰ੍ਹਾਂ ਦੇ ਤਰੀਕਿਆਂ ਦੀ ਵਰਤੋਂ ਕਰਦੇ ਹੋਏ ਸਰਕਾਰ ਬਣਾਉਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਨੇਪਾਲ ਦੀ ਨਵੀਂ ਮਾਓਵਾਦੀ ਸਰਕਾਰ ਮਜ਼ਦੂਰ ਜਮਾਤ ਅਤੇ ਬੁਰਜੂਆਜ਼ੀ ਦੀ ਸਾਂਝੀ ਤਾਨਾਸ਼ਾਹੀ ਮਾਰਕਸਵਾਦੀ ਵਿਗਿਆਨ ਲਈ ਵੀ ਇੱਕ ਨਵੀਂ ਚੀਜ਼ ਹੈ। 

ਕਾ. ਲਕਸ਼ਮਣ ਪੰਤ ਦੇ ਲੇਖ ਦਾ ਸਭ ਤੋਂ ਵੱਡਾ ਭਰਮ ਇਹ ਹੈ ਕਿ ਉਨ੍ਹਾਂ ਨੇ ਸਰਕਾਰ ਨੂੰ ਹੀ ਰਾਜਸੱਤ੍ਹਾ ਸਮਝ ਲਿਆ ਹੈ। ਰਾਜਸੱਤ੍ਹਾ ਕਿਸੇ ਇੱਕ ਜਮਾਤ ਰਾਹੀਂ (ਇਕੱਲੇ ਜਾਂ ਸਹਿਯੋਗੀ ਜਮਾਤਾਂ ਨਾਲ਼ ਮਿਲ਼ਦੇ) ਵਿਰੋਧੀ ਜਮਾਤਾਂ ‘ਤੇ ਬਲਪੂਰਵਕ ਹਕੂਮਤ ਦੀ ਕੇਂਦਰੀ ਮਸ਼ੀਨਰੀ ਹੁੰਦੀ ਹੈ, ਇਸੇ ਰਾਹੀਂ ਹਾਕਮ ਜਮਾਤ ਮੁੱਖ ਰੂਪ ਵਿੱਚ ਆਪਣੇ ਜਮਾਤੀ-ਹਿੱਤਾਂ ਦੇ ਪੋਸ਼ਕ ਸਮਾਜਿਕ-ਆਰਥਿਕ ਸੰਰਚਨਾ ਨੂੰ ਬਣਾਈ ਰੱਖਦੀ ਹੈ ਅਤੇ ਇਸਦਾ ਮੁੱਖ ਅੰਗ ਸੈਨਿਕ-ਅਰਧ ਸੈਨਿਕ ਬਲ ਅਤੇ ਵਿਰਾਟ ਨੌਕਰਸ਼ਾਹੀ ਢਾਂਚਾ ਹੁੰਦਾ ਹੈ। ਸਰਕਾਰ ਜਾਂ ਮੰਤਰੀ ਮੰਡਲ (ਕਾਰਜ ਪਾਲਿਕਾ) ਉਸਦਾ ਇੱਕ ਗੌਣ ਅੰਗ ਹੁੰਦਾ ਹੈ। ਸਰਕਾਰ ਦੀ ਭੂਮਿਕਾ ਹਾਕਮ ਜਮਾਤ ਦੀ ‘ਮੈਨੇਜਿੰਗ ਕਮੇਟੀ’ ਦੀ ਹੁੰਦੀ ਹੈ। ਨੇਪਾਲੀ ਇਨਕਲਾਬ ਦੀਆਂ ”ਸੰਸਾਰ ਇਤਿਹਾਸਿਕ ਪ੍ਰਾਪਤੀਆਂ” ਦੀ ਬੇਚੈਨੀ ਨਾਲ਼ ਤਲਾਸ਼ ਕਰਦੇ ਹੋਏ ਕਾ. ਲਕਸ਼ਮਣ ਪੰਤ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਇੱਕਦਮ ਭੁਲਾ ਦਿੰਦੇ ਹਨ। 

ਇਹ ਮੰਨਣਾ ਇੱਕਦਮ ਹਵਾਈ ਗੱਲ ਹੋਵੇਗੀ ਕਿ ਨੇਪਾਲ ਵਿੱਚ ਹਾਕਮ ਜਮਾਤਾਂ ਦੀ ਪੁਰਾਣੀ ਰਾਜ-ਮਸ਼ੀਨਰੀ ਨੂੰ ਤਬਾਹ ਕਰਕੇ ਇੱਕ ਨਵੀਂ ਰਾਜ-ਮਸ਼ੀਨਰੀ ਸਥਾਪਿਤ ਹੋ ਚੁੱਕੀ ਹੈ। ਨੇਪਾਲ ਵਿੱਚ ਅਜੇ ਹੋਇਆ ਸਿਰਫ਼ ਇਹ ਹੈ ਕਿ ਕੋਇਰਾਲਾ ਸਰਕਾਰ ਦੀ ਜਗ੍ਹਾ ‘ਤੇ ਮਾਓਵਾਦੀ ਲੀਡਰਸ਼ਿਪ ਵਿੱਚ ਇੱਕ ਨਵੀਂ, ਮਿਲ਼ੀ-ਜੁਲ਼ੀ ਸਰਕਾਰ ਹੋਂਦ ਵਿੱਚ ਆਈ ਹੈ। ਨੌਕਰਸ਼ਾਹੀ-ਮਸ਼ੀਨਰੀ ਦਾ ਢਾਂਚਾ ਅਜੇ ਲੱਗਭਗ ਜਿਉਂ ਦਾ ਤਿਉਂ ਹੀ, ਬਰਕਰਾਰ ਹੈ। ਫ਼ੌਜਾਂ ਦਾ ਏਕੀਕਰਨ ਅਜੇ ਨਹੀਂ ਹੋਇਆ ਹੈ, ਅਤੇ ਸਵਾਲ ਇਹ ਵੀ ਹੈ ਕਿ ਕੀ ਏਕੀਕਰਨ ਦੇ ਬਾਅਦ ਹੋਂਦ ਵਿੱਚ ਆਉਣ ਵਾਲ਼ੀ ਫ਼ੌਜ ਇੱਕ ਲੋਕ-ਫ਼ੌਜ ਹੋਵੇਗੀ? ਜਿਵੇਂ ਦੀ ਸੱਤ੍ਹਾ-ਸੰਰਚਨਾ ਅਤੇ ਜਿਵੇਂ ਦਾ ਸੰਵਿਧਾਨਿਕ ਢਾਂਚਾ ਹੋਵੇਗਾ ਅਤੇ ਜਿਵੇਂ ਦੀ ਫ਼ੌਜ ਦੀ ਢਾਂਚਾਗਤ ਸੰਰਚਨਾ ਹੋਵੇਗੀ, ਏਕੀਕਰਨ ਬਾਅਦ ਫ਼ੌਜ ਦਾ ਜਮਾਤੀ-ਕਿਰਦਾਰ ਵੀ ਸਮੇਂ ਨਾਲ਼ ਉਵੇਂ ਦਾ ਹੀ ਬਣ ਜਾਵੇਗਾ (ਭਾਵੇਂ ਹੀ ਬੁਰਜੂਆ ਫ਼ੌਜ ਦੇ ਸਾਰੇ ਆਮ ਜਵਾਨ ਵੀ ਕਿਸਾਨਾਂ ਦੇ ਪੁੱਤਰ ਹੀ ਕਿਉਂ ਨਾ ਹੋਣ)। ਇੱਕ ਇਨਕਲਾਬੀ ਫ਼ੌਜ ਵੀ ਬੁਰਜੂਆ ਫ਼ੌਜ ਵਿੱਚ ਰੁਪਾਂਤਰਿਤ ਹੋ ਜਾਂਦੀ ਹੈ। ਇਹ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਸੱਤ੍ਹਾ ‘ਤੇ ਕਾਬਜ਼ ਪਾਰਟੀ ਕੀ ਨੀਤੀਆਂ ਅਪਣਾਉਂਦੀ ਹੈ! ਵੈਸੇ ਇਹ ਗੱਲ ਵੀ ਭੁਲਾਈ ਨਹੀਂ ਜਾ ਸਕਦੀ ਕਿ ਏਕੀਕ੍ਰਿਤ ਫ਼ੌਜ ਵਿੱਚ ਵੀ ਲੋਕ-ਫ਼ੌਜ ਦਾ ਅਨੁਪਾਤਿਕ ਹਿੱਸਾ ਕਾਫ਼ੀ ਛੋਟਾ ਹੋਵੇਗਾ ਅਤੇ ਉਸਦੀ ਫ਼ੌਜੀ ਤਾਕਤ ਦਾ ਅਨੁਪਾਤ ਵੀ ਸਾਪੇਖਕ ਛੋਟਾ ਹੋਵੇਗਾ। ਸਾਰਾ ਦਾਰੋਮਦਾਰ ਇਸ ਗੱਲ ‘ਤੇ ਹੈ ਕਿ ਸਾਂਝੀ ਸਰਕਾਰ (ਜਿਸਨੂੰ ਕਾ. ਲਕਸ਼ਮਣ ਪੰਤ ”ਪਰਸਪਰ ਦੁਸ਼ਮਣ ਜਮਾਤਾਂ ਦੀ ਸਾਂਝੀ ਤਾਨਾਸ਼ਾਹੀ” ਸਮਝਦੇ ਹਨ) ਦੇ ਤਹਿਤ, ਵਿਧਾਨਿਕ-ਸੰਵਿਧਾਨਿਕ ਢਾਂਚੇ ਦੇ ਬਾਹਰ, ਪਾਰਟੀ ਦੇ ਰਾਜਨੀਤਿਕ ਗਲਬੇ ਦੇ ਤਹਿਤ ਸਮਾਨੰਤਰ ਲੋਕ ਸੱਤ੍ਹਾ ਕਿਸ ਰੂਪ ਵਿੱਚ ਉੱਭਰਦੀ, ਕਾਇਮ ਰਹਿੰਦੀ ਹੈ ਅਤੇ ਮਜ਼ਬੂਤ ਬਣਦੀ ਹੈ ਅਤੇ ਸ਼ਾਸਕੀ ਫ਼ੌਜੀ ਢਾਂਚੇ ਦੇ ਬਾਹਰ ਪਾਰਟੀ ਲੋਕਾਂ ਦੀ ਹਥਿਆਰਬੰਦ ਤਾਕਤ ਨੂੰ ਜੱਥੇਬੰਦ-ਪੱਕੇ ਪੈਰੀਂ ਕਰਨ ‘ਚ ਕਾਮਯਾਬ ਹੁੰਦੀ ਹੈ ਜਾਂ ਨਹੀਂ! ਤਬਦੀਲੀ ਰਾਜਸੱਤ੍ਹਾ ਦੀ ਨਹੀਂ ਹੋਈ ਹੈ, ਸਿਰਫ਼ ਸਰਕਾਰ ਦੀ ਹੋਈ ਹੈ ਅਤੇ ਉਸ ਨੂੰ ਇੱਕ ਮਾਓਵਾਦੀ ਸਰਕਾਰ ਕਹਿਣਾ ਗਲਤ ਹੋਵੇਗਾ (ਜਿਵੇਂਕਿ ਕਾ. ਲਕਸ਼ਮਣ ਕਹਿੰਦੇ ਹਨ)। ਇਹ ਇੱਕ ਮਿਲ਼ੀ-ਜੁਲ਼ੀ ਸਰਕਾਰ ਹੈ, ਜਿਸ ਵਿੱਚ ਮਾਓਵਾਦੀਆਂ ਦਾ ਬਹੁਮਤ ਹੈ ਕਿਉਂਕਿ ਉਹ ਸੰਸਦ (ਸੰਵਿਧਾਨ ਸਭਾ) ਦੀ ਸਭ ਤੋਂ ਵੱਡੀ ਪਾਰਟੀ ਹੈ (ਪਰ ਇਕੱਲੇ ਜਾਂ ਇਨਕਲਾਬੀ ਖੱਬੇ ਪੱਖ ਨੂੰ ਮਿਲ਼ਾ ਕੇ ਵੀ ਬਹੁਮਤ ਤੋਂ ਕਾਫ਼ੀ ਦੂਰ ਹੈ)। ਮਾਓਵਾਦੀ ਜ਼ਿਆਦਾ ਤੋਂ ਜ਼ਿਆਦਾ ਇਹ ਕਰ ਸਕਦੇ ਹਨ ਕਿ ਕੋਈ ਉਲਟ-ਇਨਕਲਾਬੀ ਘਰੇਲੂ ਨੀਤੀ, ਭੂਮੀ ਨੀਤੀ, ਉਦਯੋਗ ਨੀਤੀ ਜਾਂ ਸਮਾਜਿਕ ਨੀਤੀ ਨਾ ਬਣਨ ਦੇਣ ਅਤੇ ਸੰਵਿਧਾਨ ਸਭਾ ਦੇ ਰੂਪ ਵਿੱਚ ਕੰਮ ਕਰਨ ਵਾਲ਼ੀ ਵਰਤਮਾਨ ਸੰਸਦ ਵਿੱਚ ਹੋਰ ਬੁਰਜੂਆ ਅਤੇ ਸੋਧਵਾਦੀ ਪਾਰਟੀਆਂ ਦੀਆਂ ਯਥਾ-ਸਥਿਤੀਵਾਦੀ ਬੁਰਜੂਆ ਜਮਹੂਰੀ ਨੀਤੀਆਂ ਨੂੰ ਸੰਵਿਧਾਨ ਵਿੱਚ ਲਿਪੀ-ਬੱਧ ਨਾ ਹੋਣ ਦੇਣ। ਪਰ ਬੁਰਜੂਆ ਅਤੇ ਸੋਧਵਾਦੀ ਵੀ (ਸਰਕਾਰ ਵਿੱਚ ਸ਼ਾਮਿਲ ਨੇ.ਕ.ਪਾ. (ਏਮਾਲੇ) ਅਤੇ ਮਧੇਸੀ ਲੋਕ ਅਧਿਕਾਰ ਫੋਰਮ ਵੀ ਇਨ੍ਹਾਂ ਵਿੱਚ ਸ਼ਾਮਿਲ ਹਨ) ਇੱਕ ਰੈਡੀਕਲ ਇਨਕਲਾਬੀ ਜਮਹੂਰੀ ਭੂਮੀ ਸੁਧਾਰ ਨੀਤੀ, ਉਦਯੋਗ ਅਤੇ ਵਿਤ ਨੀਤੀ, ਸਿੱਖਿਆ-ਸਿਹਤ ਸਬੰਧੀ ਨੀਤੀ, ਵਿਦੇਸ਼ ਨੀਤੀ ਜਾਂ ਸੱਤ੍ਹਾ ਸੰਰਚਨਾ ਦੇ ਸੱਚੇ ਜਮਹੂਰੀਕਰਨ ਦੀ ਨੀਤੀ ਨੂੰ ਲਾਗੂ ਹੋਣ ਤੋਂ ਰੋਕਣ ਲਈ ਅਤੇ ਨਵੇਂ ਸੰਵਿਧਾਨ ਵਿੱਚ ਲਿਪੀਬੱਧ ਹੋਣ ਤੋਂ ਰੋਕਣ ਲਈ, ਇੱਕਜੁੱਟ ਹੋ ਜਾਣਗੇ। ਇਸ ਬਾਰੇ ਕੋਈ ਵੀ ਭਰਮ ਘਾਤਕ ਹੋਵੇਗਾ। ਅਜਿਹੀ ਹਾਲਤ ਵਿੱਚ, ਜਿਵੇਂ ਕਿ ਅਸੀਂ ਪਹਿਲਾਂ ਤੋਂ ਕਹਿੰਦੇ ਆਏ ਹਾਂ, ਮਾਓਵਾਦੀਆਂ ਸਮੇਤ ਸਾਰੀ ਇਨਕਲਾਬੀ ਖੱਬੀ ਲਹਿਰ, ਜ਼ਿਆਦਾ ਤੋਂ ਜ਼ਿਆਦਾ, ਲੋਕ ਮੁਖੀ ਬੁਰਜੂਆ ਜਮਹੂਰੀ ਸੰਵਿਧਾਨ ਬਣਾਉਣ ਲਈ ਹੀ ਘੋਲ਼ ਕਰ ਸਕਦੀ ਹੈ, ਇੱਕ ਨਵਜਮਹੂਰੀ ਸੰਵਿਧਾਨ ਬਿਲਕੁੱਲ ਨਹੀਂ ਹਾਸਲ ਕਰ ਸਕਦੀ। ਹਕੂਮਤ ਚਲਾਉਂਦੇ ਹੋਏ, ਉਹ ਲੋਕਹਿੱਤ ਦੀਆਂ ਨੀਤੀਆਂ ਨੂੰ ਲਾਗੂ ਕਰਨ ਦੀ ਹਰ ਕੋਸ਼ਿਸ਼ ਕਰਦੇ ਹੋਏ, ਇਸਦਾ ਵਿਰੋਧ ਕਰਨ ਵਾਲ਼ਿਆਂ ਦਾ ਲੋਕਾਂ ਦੀ ਨਜ਼ਰਾਂ ਵਿੱਚ ਪਰਦਾਫਾਸ਼ ਕਰ ਸਕਦੀ ਹੈ ਅਤੇ ਆਪਣਾ ਲੋਕ-ਅਧਾਰ ਵਿਸਤਾਰ ਸਕਦੀ ਹੈ। ਇਸਤੋਂ ਜ਼ਿਆਦਾ ਕੁੱਝ ਸੰਭਵ ਹੋ ਹੀ ਨਹੀਂ ਸਕਦਾ। ਮਾਓਵਾਦੀ ਸੰਸਦੀ ਜਮਹੂਰੀਅਤ ਦੇ ਚੱਕਰਵਿਊ ਵਿੱਚ ਫਸੇ ਬਿਨਾਂ, ਜੇਕਰ ਸਿਧਾਂਤਾਂ ‘ਤੇ ਦ੍ਰਿੜ ਰਹਿੰਦੇ ਹੋਏ ਘੋਲ਼ ਚਲਾਉਣ, ਤਾਂ ਕਈ ਸੰਭਾਵਨਾਵਾਂ ਹੋ ਸਕਦੀਆਂ ਹਨ। ਮੁਮਕਿਨ ਹੈ ਕਿ ਕੋਈ ਵੀ ਲੋਕਮੁਖੀ ਕਦਮ ਚੁੱਕਣਾ ਸੰਭਵ ਨਾ ਹੋ ਸਕਣ ਦੀ ਹਾਲਤ ਵਿੱਚ ਮਾਓਵਾਦੀਆਂ ਨੂੰ ਵਿੱਚੋਂ ਹੀ ਸਰਕਾਰ ਅਤੇ ਸੰਸਦ ਨੂੰ ਛੱਡ ਕੇ ਬਾਹਰ ਆ ਜਾਣਾ ਪਵੇ ਅਤੇ ਲੋਕਯੁੱਧ ਦੇ ਰਸਤੇ ‘ਤੇ ਫਿਰ ਤੋਂ ਅੱਗੇ ਵੱਧਣਾ ਪਵੇ (ਜੋ ਕਿ ਨੇਪਾਲ ਦੀਆਂ ਹਾਲਤਾਂ ਵਿੱਚ ਨਿਸ਼ਚਿਤ ਹੀ ਬਿਖੜਾ ਅਤੇ ਲੰਬਾ ਰਸਤਾ ਹੋਵੇਗਾ ਅਤੇ ਉਸਦੀ ਸਫਲਤਾ ਕਾਫ਼ੀ ਹੱਦ ਤੱਕ ਭਾਰਤੀ ਉਪ ਮਹਾਂਦੀਪ ਦੀ ਅਤੇ ਚੀਨ ਦੇ ਅੰਦਰੂਨੀ ਹਾਲਤਾਂ ‘ਤੇ ਨਿਰਭਰ ਕਰੇਗੀ)। ਇਹ ਵੀ ਸੰਭਵ ਹੈ ਕਿ ਇੱਕ ਮੁਕਾਬਲਤਨ ਵਧੇਰੇ ਜਮਹੂਰੀ ਬੁਰਜੂਆ ਸੰਘਾਤਮਕ ਗਣਤੰਤਰ ਮੁਹੱਈਆ ਕਰਾਉਣ ਵਾਲ਼ਾ ਸੰਵਿਧਾਨ ਦੋ ਸਾਲਾਂ ਅੰਦਰ ਹੋਂਦ ਵਿੱਚ ਆ ਜਾਵੇ, ਇਸ ਦੌਰਾਨ ਪ੍ਰਗਤੀਸ਼ੀਲ ਨੀਤੀਆਂ ਦੇ ਅਮਲ ਵਿੱਚ ਰੁਕਾਵਟ ਪਾਰਟੀਆਂ ਵਿਰੁੱਧ ਲੋਕਾਂ ਵਿੱਚ ਵਿਆਪਕ ਪ੍ਰਚਾਰ ਕਰਕੇ ਮਾਓਵਾਦੀ ਆਪਣਾ ਅਧਾਰ ਮਜ਼ਬੂਤ ਕਰਨ ਅਤੇ ਨਵੇਂ ਸੰਵਿਧਾਨ ਦੇ ਤਹਿਤ ਹੋਣ ਵਾਲ਼ੀਆਂ ਚੋਣਾਂ ਵਿੱਚ ਸਪੱਸ਼ਟ ਰੂਪ ਵਿੱਚ ਭਾਰੀ ਬਹੁਮਤ ਹਾਸਲ ਕਰਨ। ਇਸ ਹਾਲਤ ਵਿੱਚ ਉਹ ਰੈਡੀਕਲ ਭੂਮੀ-ਸੁਧਾਰਾਂ ਅਤੇ ਹੋਰ ਸਮਾਜਿਕ-ਆਰਥਿਕ ਨੀਤੀਆਂ ਨੂੰ ਲਾਗੂ ਕਰਨ, ਸੰਵਿਧਾਨ-ਸੋਧ ਰਾਹੀਂ ਵਧੇਰੇ ਜਮਹੂਰੀ ਸੰਵਿਧਾਨਿਕ ਢਾਂਚਾ ਸਥਾਪਿਤ ਕਰਨ ਅਤੇ ਜਮਹੂਰੀ ਇਨਕਲਾਬ ਦੇ ਪ੍ਰੋਗਰਾਮ ਨੂੰ ਅੱਗੇ ਵਧਾਉਣ। ਇਸ ਹਾਲਤ ਵਿੱਚ ਵੀ ਉਲਟ-ਇਨਕਲਾਬੀ ਤਾਕਤਾਂ ਸਮਾਜਿਕ ਉਲਟ ਇਨਕਲਾਬ ਦੀ ਕੋਸ਼ਿਸ਼ ਕਰਨਗੀਆਂ ਅਤੇ ਅੰਤ ਨੂੰ ਫ਼ੈਸਲਾ ਸੰਸਦ ਤੋਂ ਬਾਹਰ ਸੜਕਾਂ ‘ਤੇ ਹੋਵੇਗਾ। ਉਦੋਂ ਸਾਰਾ ਦਾਰੋਮਦਾਰ ਇਸ ਗੱਲ ‘ਤੇ ਹੋਵੇਗਾ ਕਿ ਖ਼ੁਦ ਸਰਕਾਰ ਵਿੱਚ ਹੁੰਦੇ ਹੋਏ ਵੀ ਮਾਓਵਾਦੀਆਂ ਨੇ ਬਦਲਵੀਂ ਸਮਾਨੰਤਰ ਲੋਕਸੱਤ੍ਹਾ ਦੇ ਵੱਖ-ਵੱਖ ‘ਆਰਗਨਜ਼’ ਵਿਕਸਿਤ ਕੀਤੇ ਹਨ ਜਾਂ ਨਹੀਂ, ਕੇਂਦਰੀਕ੍ਰਿਤ ਸ਼ਾਸਕੀ ਫ਼ੌਜੀ ਢਾਂਚੇ ਦਾ ਕਿਸ ਹੱਦ ਤਕ ਜਮਹੂਰੀਕਰਨ ਕੀਤਾ ਹੈ, ਕਿਸ ਹੱਦ ਤੱਕ ਉਸ ਵਿੱਚ ਰਾਜਨੀਤਿਕ ਕੰਮ ਕੀਤਾ ਅਤੇ ਕਿਸ ਹੱਦ ਤੱਕ ਉਸ ਰਸਮੀ ਢਾਂਚੇ ਦੇ ਬਾਹਰ ਹਥਿਆਰਬੰਦ ਲੋਕਾਂ ਦੇ ਰੂਪ ਵਿੱਚ ਇਨਕਲਾਬ ਦੀ ਫ਼ੌਜੀ ਤਾਕਤ ਮੌਜੂਦ ਹੈ!

ਮਤਲਬ ਇਹ ਕਿ ਕਿਸੇ ਵੀ ਸੂਰਤ ਵਿੱਚ ਇੱਕ ਬੁਰਜੂਆ ਸੰਸਦੀ ਜਮਹੂਰੀ ਪ੍ਰਬੰਧ ਮਜ਼ਦੂਰ ਰਾਜਸੱਤ੍ਹਾ ਦਾ ‘ਆਰਗਨ’ ਨਹੀਂ ਹੋ ਸਕਦਾ, ਜਾਂ ਉਸਨੂੰ ਸ਼ਾਂਤੀਪੂਰਨ ਰੁਪਾਂਤਰਣ ਰਾਹੀਂ ਅਜਿਹਾ ਨਹੀਂ ਬਣਾਇਆ ਜਾ ਸਕਦਾ। ਇੱਕ ਪ੍ਰੋਲੇਤਾਰੀ ਜਾਂ ਨਵਜਮਹੂਰੀ ਢਾਂਚੇ ਵਿੱਚ ਕਾਰਜਕਾਰੀ ਅਤੇ ਵਿਧਾਨਕ ਤਾਕਤਾਂ ਮਿਲ਼ੀਆਂ ਹੋਈਆਂ ਹੀ ਹੋ ਸਕਦੀਆਂ ਹਨ, ਇੱਕ ”ਕਾਰਜਸ਼ੀਲ” ਵਿਧਾਨ ਪਾਲਿਕਾ ਹੀ ਹੋ ਸਕਦੀ ਹੈ। ਇਸ ਪ੍ਰਣਾਲੀ ਤੱਕ ਪਹੁੰਚਣ ਦਾ ਰਸਤਾ ਜੇਕਰ ”ਸੰਵਿਧਾਨਿਕ ਸੁਧਾਰਾਂ” ਦਾ ਰਸਤਾ ਹੋਵੇਗਾ ਵੀ ਤਾਂ ਉਸਦੇ ਪਿੱਛੇ ਜ਼ਰੂਰੀ ਤੌਰ ‘ਤੇ ਸਮਾਜਿਕ ਜਮਾਤੀ ਘੋਲ਼ ਵਿੱਚ ਲੋਕਾਂ ਦੀ ਹਥਿਆਰਬੰਦ ਤਾਕਤ ਦੀ ਫੈਸਲਾਕੁਨ ਜਿੱਤ ਜਾਂ ਸ੍ਰੇਸ਼ਠਤਾ ਦੀ ਦਬਾਅ ਕੰਮ ਕਰਦਾ ਰਹੇਗਾ। ਇਸ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਹੋ ਸਕਦਾ। ਇਸ ਲਈ, ਅਸੀਂ ਪਹਿਲਾਂ ਵੀ ਕਹਿੰਦੇ ਰਹੇ ਹਾਂ ਕਿ ਰਾਜਤੰਤਰ ਦਾ ਅੰਤ ਅਤੇ ਗਣਤੰਤਰ ਦਾ ਐਲਾਨ ਨੇਪਾਲ ਦੇ ਜਾਰੀ ਕੌਮੀ ਜਮਹੂਰੀ ਇਨਕਲਾਬ ਦੀ ਇੱਕ ਮਹੱਤਵਪੂਰਨ ਜਿੱਤ ਅਤੇ ਪੜਾਅ ਹੈ, ਪਰ ਇਸ ਇਨਕਲਾਬ ਦਾ ਕੋਈ ਵੀ ਕੰਮ ਅਜੇ ਮੂਲ ਰੂਪ ਵਿੱਚ ਅਤੇ ਮੁੱਖ ਰੂਪ ਵਿੱਚ ਪੂਰਾ ਨਹੀਂ ਹੋਇਆ ਹੈ। ਸੰਵਿਧਾਨ ਸਭਾ ਦੇ ਰੂਪ ਵਿੱਚ ਜਮਾਤੀ-ਘੋਲ਼ ਦਾ ਇੱਕ ਨਵਾਂ ਘੇਰਾ ਅਤੇ ਮੰਚ ਸਾਹਮਣੇ ਆਇਆ ਹੈ। ਇਸ ਦੌਰਾਨ ਸੰਵਿਧਾਨ ਸਭਾ ਜਾਂ ਸੰਸਦ ਅੰਦਰ ਅਤੇ ਮਿਲ਼ੀ-ਜੁਲ਼ੀ ਸਰਕਾਰ ਅੰਦਰ, ਨੀਤੀਆਂ-ਵਿਧਾਨਾਂ ਨੂੰ ਲੈ ਕੇ ਜਾਰੀ ਘੋਲ਼ ਜਮਾਤੀ-ਘੋਲ਼ ਦਾ ਇੱਕ ਰੂਪ ਹੋਵੇਗਾ ਪਰ ਫੈਸਲਾ ਅਜੇ ਵੀ ਸੰਸਦ ਦੇ ਬਾਹਰ ਜਾਰੀ ਜਮਾਤੀ-ਘੋਲ਼ ਵਿੱਚ ਹੀ ਹੋਣਾ ਹੈ। 

ਨੇਪਾਲ ਦੇ ਜਮਹੂਰੀ ਇਨਕਲਾਬ ਦੇ ਸਾਮਰਾਜਵਾਦ ਵਿਰੋਧੀ ਅਤੇ ਜਗੀਰਦਾਰੀ-ਵਿਰੋਧੀ ਕੰਮ ਅਜੇ ਵੀ ਪੂਰੇ ਨਹੀਂ ਹੋਏ ਹਨ। ਇਸ ਜਾਰੀ ਇਨਕਲਾਬ ਦੀ ਇੱਕ ਇਤਿਹਾਸਿਕ ਪ੍ਰਾਪਤੀ ਜੇਕਰ ਕੋਈ ਹੈ ਤਾਂ ਉਹ ਹੈ ਰਾਜਤੰਤਰ ਦੀ ਸਮਾਪਤੀ, ਨਾ ਕਿ ਕਾ. ਪ੍ਰਚੰਡ ਦਾ ਪ੍ਰਧਾਨ ਮੰਤਰੀ ਬਣਨਾ, ਜਿਵੇਂ ਕਿ ਕਾ. ਲਕਸ਼ਮਣ ਪੰਤ ਮੰਨਦੇ ਹਨ। ਕਾ. ਲਕਸ਼ਮਣ ਪੰਤ (ਲੇਖ ਦੇ ਅੰਤ ਵਿੱਚ) ਇਹ ਵੀ ਕਹਿੰਦੇ ਹਨ ਕਿ ਸਰਕਾਰ ਵਿੱਚ ਸ਼ਾਮਿਲ ਹੋਣਾ ਸਿਧਾਂਤਕ ਨਹੀਂ ਸਗੋਂ ਇੱਕ ‘ਟੈਕਿਟਕਲ’ ਸਵਾਲ ਹੈ, ਇਸਦਾ ਇਨਕਲਾਬ ਨੂੰ ਅੱਗੇ ਵਧਾਉਣ ਵਿੱਚ ਇਸਤੇਮਾਲ ਕੀਤਾ ਜਾ ਸਕਦਾ ਹੈ (ਜਾਂ ਨਹੀਂ ਕੀਤਾ ਜਾ ਸਕਦਾ)। ਦੂਸਰੇ ਪਾਸੇ, ਲੇਖ ਦੇ ਸ਼ੁਰੂ ਵਿੱਚ ਹੀ ਇਸਨੂੰ ਉਹ ਇੱਕ ਇਤਿਹਾਸਿਕ ਜਿੱਤ ਅਤੇ ਨੇਪਾਲ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਐਲਾਨ ਦਿੰਦੇ ਹਨ। ਸਰਕਾਰ ਵਿੱਚ ਸ਼ਾਮਿਲ ਹੋਣਾ ਸਿਰਫ਼ ਇੱਕ ‘ਟੈਕਿਟਕਸ’ ਹੈ, ਇਸਦਾ ਇਨਕਲਾਬ ਨੂੰ ਅੱਗੇ ਵਧਾਉਣ ਲਈ ਵਰਤਿਆ ਜਾ ਸਕਦਾ ਹੈ, ਇਹ ਆਪਣੇ ਆਪ ਵਿੱਚ ਕੋਈ ਇਤਿਹਾਸਿਕ ਜਿੱਤ ਨਹੀਂ ਹੈ ਅਤੇ ਕਾ. ਪ੍ਰਚੰਡ ਦਾ ਪ੍ਰਧਾਨਮੰਤਰੀ ਬਣਨਾ ਜੇਕਰ ਇਤਿਹਾਸਿਕ ਜਿੱਤ ਹੈ ਤਾਂ ਰਾਸ਼ਟਰਪਤੀ ਅਹੁੱਦੇ ‘ਤੇ ਮਾਓਵਾਦੀ ਉਮੀਦਵਾਰ ਦੀ ਹਾਰ ਇਸੇ ਤਰਕ ਤੋਂ ਇਤਿਹਾਸਕ ਹਾਰ ਵੀ ਮੰਨੀ ਜਾਣੀ ਚਾਹੀਦੀ ਹੈ, ਪਰ ਕਾ. ਲਕਸ਼ਮਣ ਪੰਤ ਅਜਿਹਾ ਨਹੀਂ ਮੰਨਦੇ। ਨੇ.ਕ.ਪਾ. (ਏਮਾਲੇ) ਅਤੇ ਮਧੇਸੀ ਦਲ ਕੇਵਲ ਮੋਲ-ਤੋਲ ਅਤੇ ਜੋੜ-ਤੋੜ ਲਈ ਸਰਕਾਰ ਵਿੱਚ ਸ਼ਾਮਿਲ ਹੋਏ ਹਨ। ਇਸ ‘ਟੈਕਿਟਕਲ’ ਗੱਠਜੋੜ ਦੇ ਇਨ੍ਹਾਂ ਅੰਗਾਂ ਨੂੰ ਨੇਪਾਲੀ ਕਾਂਗਰਸ ਨਾਲ਼ੋਂ ਰੱਤੀ ਭਰ ਵੀ ਘੱਟ ਉਲਟ-ਇਨਕਲਾਬੀ ਨਹੀਂ ਮੰਨਿਆ ਜਾ ਸਕਦਾ। ਇੱਕ ‘ਟੈਕਿਟਕਸ’ਦੇ ਤਹਿਤ ਇਸ ਸਰਕਾਰ ਵਿੱਚ ਸ਼ਾਮਿਲ ਹੋਣਾ ਤਾਂ ਠੀਕ ਹੈ, ਪਰ ਇਸਨੂੰ ਇਤਿਹਾਸਿਕ ਜਿੱਤ ਦੱਸਣਾ ਵਿਚਾਰਧਾਰਕ ਭਟਕਾਅ ਹੈ ਜੋ ਲੋਕਾਂ ਵਿੱਚ ਭਰਮ ਪੈਦਾ ਕਰਕੇ ਇਨਕਲਾਬੀ ਸਿੱਖਿਆ, ਪ੍ਰਚਾਰ ਅਤੇ ਤਿਆਰੀ ਦੀ ਪ੍ਰਕਿਰਿਆ ਨੂੰ ਭਾਰੀ ਨੁਕਸਾਨ ਪਹੁੰਚਾਏਗਾ। 

ਮਿਲ਼ੀਜੁਲ਼ੀ ਸਰਕਾਰ ਇੱਕ ਆਰਜ਼ੀ (ਪ੍ਰਾਵਿਜ਼ਨਲ) ਸਰਕਾਰ ਹੈ, ਇਸਨੂੰ ”ਦੋ ਪਰਸਪਰ ਦੁਸ਼ਮਣ ਜਮਾਤਾਂ ਦੀ ਸੰਯੁਕਤ ਤਾਨਾਸ਼ਾਹੀ” ਦੱਸਣਾ ਨਵੇਂ ਵਾਧੇ ਦੇ ਨਾਮ ‘ਤੇ ਮਾਰਕਸਵਾਦ ਦੀ ਲੱਤ ਤੋੜਨ ਬਰਾਬਰ ਹੈ। ਜਮਾਤੀ-ਤਾਨਾਸ਼ਾਹੀ ਜਮਾਤੀ-ਹਕੂਮਤ ਦਾ ਰੂਪ ਹੈ, ਇਹ ਸਰਕਾਰ ਦਾ ਰੂਪ ਨਹੀਂ ਹੈ। ਇੱਕ ਜਮਾਤ ਆਪਣੇ ਦੁਸ਼ਮਣਾਂ ‘ਤੇ ਤਾਨਾਸ਼ਾਹੀ ਲਾਗੂ ਕਰਦੀ ਹੈ। ਜਮਾਤੀ ਤਾਨਾਸ਼ਾਹੀ ਜਮਾਤੀ-ਘੋਲ਼ ਦਾ ਹੀ ਇੱਕ ਰੂਪ ਅਤੇ ਵਿਸਤਾਰ ਹੈ। ਜੇਕਰ ਪਰਸਪਰ ਦੁਸ਼ਮਣ ਜਮਾਤਾਂ ਨੇਪਾਲ ਵਿੱਚ ਮਿਲ ਕੇ ਤਾਨਾਸ਼ਾਹੀ ਚਲਾ ਰਹੀਆਂ ਹਨ ਤਾਂ ਇਹ ਤਾਨਾਸ਼ਾਹੀ ਉਨ੍ਹਾਂ ਨੇ ਕਾਇਮ ਕਿਨ੍ਹਾਂ ਜਮਾਤਾਂ ‘ਤੇ ਕੀਤੀ ਹੈ? ਮਿਲ਼ੀ ਜੁਲ਼ੀ ਸਰਕਾਰ ਚਲਾਉਣਾ ਸਿਰਫ਼ ਇੱਕ ਦਾਅਪੇਚ ਹੈ, ਘੋਲ਼ ਦਾ ਇੱਕ ਮੰਚ ਅਤੇ ਰੂਪ ਹੈ, ਇਸਨੂੰ ਰੈਡੀਕਲ ਰਾਜਸੱਤ੍ਹਾ-ਪਰਿਵਰਤਨ ਅਜੇ ਬਿਲਕੁੱਲ ਨਹੀਂ ਮੰਨਿਆ ਜਾ ਸਕਦਾ। ਇਹ ਪ੍ਰਕਿਰਿਆ ਅਜੇ ਜਾਰੀ ਹੈ। 

ਹੋ ਸਕਦਾ ਹੈ ਕਿ ਇਹ ਹਾਸੋਹੀਣੀ ਥੀਸਿਸ ਨੇ.ਕ.ਪਾ. (ਮਾ.) ਦੀ ਲੀਡਰਸ਼ਿਪ ਦੀ ਨਾ ਹੋਵੇ, ਪਰ ਇਸ ਲਈ ਉਸਦੀ ਹੀ ਇੱਕ ਸਥਾਪਨਾ ਜ਼ਿੰਮੇਵਾਰ ਹੈ, ਬਹੁ-ਪਾਰਟੀ ਸੰਸਦੀ ਜਮਹੂਰੀ ਪ੍ਰਣਾਲੀ ਨੂੰ ਘੋਲ਼ ਦੌਰਾਨ ‘ਟੈਕਿਟਕਲ’ ਵਰਤੋਂ ਦੀ ਇੱਕ ਚੀਜ਼ ਮੰਨਣ ਦੀ ਬਜਾਇ ਜਦੋਂ ਮਜ਼ਦੂਰ ਜਮਾਤੀ ਜਮਹੂਰੀਅਤ ਦਾ ‘ਆਰਗਨ’ ਐਲਾਨ ਦਿੱਤਾ ਜਾਵੇਗਾ, ਤਾਂ ਇਹ ਸੋਧਵਾਦੀ ਥੀਸਸ ਹੋਰ ਕਈ ਭੱਦੇ-ਵਿਗੜ, ਹਾਸੋਹੀਣੇ, ਸੋਧਵਾਦੀ ਥੀਸਸਾਂ ਨੂੰ ਜਨਮ ਦੇਵੇਗੀ। ਨੇ.ਕ.ਪਾ. (ਮਾ.) ਸੰਸਦ ਅਤੇ ਬੀਤੀਆਂ ਚੋਣਾਂ ਵਿੱਚ ਅਤੇ ਸਰਕਾਰ ਵਿੱਚ ਸ਼ਮੂਲੀਅਤ ਨੂੰ ਇੱਕ ਪਾਸੇ ਤਾਂ ਇੱਕ ‘ਟੈਕਿਟਕਲ’ ਕਾਰਵਾਈ ਮੰਨਦੀ ਹੈ, ਫਿਰ ਇਸੇ ਸੁਰ ਵਿੱਚ ਬਹੁ-ਪਾਰਟੀ ਜਮਹੂਰੀਅਤ ਨੂੰ ਮਜ਼ਦੂਰ ਜਮਾਤੀ ਹਕੂਮਤ ਦਾ ਔਜ਼ਾਰ ਵੀ ਐਲਾਨ ਦਿੰਦੀ ਹੈ। ਤਦ ਫਿਰ ਇਸ ਵਿੱਚ ਭਲਾ ਕੀ ਹੈਰਾਨੀ ਕਿ ਲਕਸ਼ਮਣ ਪੰਤ ਦੋ ਕਦਮ ਹੋਰ ਅੱਗੇ ਵੱਧ ਕੇ ਮਿਲੀਜੁਲ਼ੀ ਸਰਕਾਰ ਨੂੰ ਪਰਸਪਰ-ਵਿਰੋਧੀ ਜਮਾਤਾਂ ਦੀ ਸਾਂਝੀ ਤਾਨਾਸ਼ਾਹੀ ਅਤੇ ਸਰਕਾਰ ਅਤੇ ਰਾਜਸੱਤ੍ਹਾ ਨੂੰ ਸਮਾਨਾਰਥੀ ਐਲਾਨ ਦਿੰਦੇ ਹਨ। ਇੱਕ ਪਾਸੇ ਸਰਕਾਰ ਚਲਾਉਣ ਨੂੰ ਉਹ ‘ਟੈਕਿਟਕਸ’ ਦੱਸਦੇ ਹਨ ਤਾਂ ਦੂਸਰੇ ਪਾਸੇ ਮਾਓਵਾਦੀਆਂ ਦੀ ਲੀਡਰਸ਼ਿਪ ਵਿੱਚ ਸਰਕਾਰ ਬਣਾਉਣ ਨੂੰ ਯੁੱਗ-ਪਲਟਾਊ ਵੀ ਐਲਾਨ ਦਿੰਦੇ ਹਨ। 

ਕਾ. ਲਕਸ਼ਮਣ ਪੰਤ ਦੁਆਰਾ ਕੀਤਾ ਜਾਣ ਵਾਲ਼ਾ ਪਾਰਟੀਆਂ ਦਾ ਜਮਾਤੀ-ਵਿਸ਼ਲੇਸ਼ਣ ਵੀ ਅਤਿਅੰਤ ਭਰਮਪੂਰਨ ਹੈ। ਕਾ. ਪ੍ਰਚੰਡ ਦੇ ਪ੍ਰਧਾਨਮੰਤਰੀ ਬਣਨ ਨੂੰ ਉਹ ਇਸ ਲਈ ਵੀ ਇਤਿਹਾਸਿਕ ਮੰਨਦੇ ਹਨ ਕਿ ਉਹ 50 ਸਾਲਾਂ ਪੁਰਾਣੇ ਕੋਇਰਾਲਾ ਵੰਸ਼ ਅਤੇ ‘ਕਾਂਗਰਸਕ੍ਰੇਸੀ’ ਦਾ ਪਤਣ ਹੈ ਜੋ ਸਾਮਰਾਜਵਾਦ, ਜਗੀਰਦਾਰੀ ਅਤੇ ਵਿਸਤਾਰਵਾਦ ਦਾ ਮੁੱਖ ਨੁਮਾਇੰਦਾ ਅਤੇ ਮੂਰਤ ਰੂਪ ਰਿਹਾ ਹੈ ਅਤੇ ਰਾਜਤੰਤਰ ਦਾ ਮੁੱਖ ਸਹਾਰਾ ਰਿਹਾ ਹੈ। ਇਹ ਮੁਲਾਂਕਣ ਸਿਰੇ ਤੋਂ ਗਲਤ ਹੈ ਅਤੇ ਨੇ.ਕ.ਪਾ. ਦੇ ਮੁੱਖ ਧੜਿਆਂ ਦੇ ਪੁਰਾਣੇ ਮੁਲਾਂਕਣਾਂ ਨਾਲ਼ ਵੀ ਬਿਲਕੁੱਲ ਮੇਲ਼ ਨਹੀਂ ਖਾਂਦਾ। ਅੱਜ ਤੋਂ ਪੰਜਾਹ ਜਾਂ ਚਾਲ਼ੀ ਜਾਂ ਤੀਹ ਸਾਲ ਪਹਿਲਾਂ ਨੇਪਾਲੀ ਕਾਂਗਰਸ ਨੂੰ ਜਗੀਰਦਾਰਾਂ ਜਾਂ ਦਲਾਲ ਪੂੰਜੀਪਤੀਆਂ ਦੀ ਨੁਮਾਇੰਦਗੀ ਰਾਜਾ ਅਤੇ ਰਾਜਾ ਤੰਤਰਵਾਦੀ ਪਾਰਟੀਆਂ ਕਰ ਰਹੀਆਂ ਸਨ। ਉਦੋਂ ਨੇਪਾਲੀ ਕਾਂਗਰਸ ਦੇ ਕਿਰਦਾਰ ਦਾ ਕੌਮੀ ਪੱਖ ਪ੍ਰਧਾਨ ਸੀ (ਭਾਵੇਂ ਗੌਣ ਰੂਪ ਵਿੱਚ ਉਲ਼ਟ-ਇਨਕਲਾਬੀ ਅਤੇ ਆਤਮ-ਸਮਰਪਣਵਾਦੀ  ਪੱਖ ਵੀ ਉਸ ਵਿੱਚ ਮੌਜੂਦ ਸੀ)। ਕਾ. ਪੁਸ਼ਪਲਾਲ ਦੁਆਰਾ ਰਾਜਸ਼ਾਹੀ ਵਿਰੁੱਧ ਨੇਪਾਲੀ ਕਾਂਗਰਸ ਨਾਲ਼ ਸਾਂਝੇ ਮੋਰਚੇ ਦੀ ਲਾਈਨ ਬਿਲਕੁੱਲ ਸਹੀ ਸੀ (ਇਹ ਮਾਓਵਾਦੀ ਪਾਰਟੀ ਵੀ ਮੰਨਦੀ ਹੈ)। ਗਲਤੀ ਇਹ ਸੀ ਕਿ ਉਨ੍ਹਾਂ ਦੀ ਲੀਡਰਸ਼ਿਪ ਵਿੱਚ ਪਾਰਟੀ ਆਪਣੀ ਅਜ਼ਾਦ ਪਹਿਲਕਦਮੀ ਗੁਆ ਕੇ ਨੇਪਾਲੀ ਕਾਂਗਰਸ ਦੀ ਪਿੱਛਲੱਗੂ ਹੋ ਗਈ। ਨੇਪਾਲੀ ਕਾਂਗਰਸ ਮੁੱਖ ਰੂਪ ਵਿੱਚ ਨੇਪਾਲ ਦੀ ਕੌਮੀ ਅਤੇ ਨਿੱਕੀ ਬੁਰਜੂਆਜ਼ੀ ਦੀ ਨੁਮਾਇੰਦਗੀ ਕਰਦੀ ਸੀ, 1990 ਤੋਂ ਬਾਅਦ ਸੱਤ੍ਹਾ ‘ਤੇ ਕਾਬਜ਼ ਹੋਣ ‘ਤੇ ਅਤੇ ਇਨਕਲਾਬੀ ਖੱਬੀ ਲਹਿਰ ਦੇ ਅੱਗੇ ਵੱਧਣ ਨਾਲ਼ ਹੀ ਨੇਪਾਲੀ ਕਾਂਗਰਸ ਅਤੇ ਉਸ ਨਾਲ਼ ਜੁੜੀ ਨੇਪਾਲੀ ਕੌਮੀ ਬੁਰਜੂਆਜ਼ੀ ਦੇ ਕਿਰਦਾਰ ਦਾ ਉਲਟ ਇਨਕਲਾਬੀ ਪੱਖ ਪ੍ਰਧਾਨ ਹੁੰਦਾ ਚਲਾ ਗਿਆ। ਰਾਜਾ ਅਤੇ ਰਾਜਤੰਤਰਵਾਦੀ ਪਾਰਟੀਆਂ ਦਾ ਪਤਣ ਤੈਅ ਹੋਣ ਦੇ ਨਾਲ਼ ਹੀ ਸਾਮਰਾਜਵਾਦੀ ਅਤੇ ਵਿਸਤਾਰਵਾਦੀ ਤਾਕਤਾਂ ਅਤੇ ਦਲਾਲ ਬੁਰਜੂਆਜ਼ੀ ਅਤੇ ਜਗੀਰਦਾਰਾਂ ਵਰਗੀਆਂ ਮਰਨਾਊ ਦੇਸੀ ਉਲਟ-ਇਨਕਲਾਬੀ ਜਮਾਤਾਂ ਵੀ ਆਪਣਾ ਦਾਅ ਨੇਪਾਲੀ ਕਾਂਗਰਸ ‘ਤੇ ਲਗਾਉਣ ਨੂੰ ਮਜ਼ਬੂਰ ਹੋ ਗਈਆਂ। ਪਰ ਇਸਦੇ ਨਾਲ਼ ਹੀ ਨੇ.ਕ.ਪਾ. (ਏਮਾਲੇ), ਮਧੇਸੀ ਪਾਰਟੀ ਅਤੇ ਹੋਰ ਬੁਰਜੂਆ ਪਾਰਟੀਆਂ ਵੀ ਅੱਜ ਮੁੱਖ ਰੂਪ ਵਿੱਚ ਉਲਟ-ਇਨਕਲਾਬੀਆਂ ਦੀ ਹੀ ਸੇਵਾ ਕਰ ਰਹੀਆਂ ਹਨ। ਹਾਂ, ਇਸਦੇ ਅੰਦਰ ਰੈਡੀਕਲ ਕੌਮੀ ਅਤੇ ਜਮਹੂਰੀ ਤੱਤਾਂ ਦੇ ਧੜੇ ਜ਼ਰੂਰ ਮੌਜੂਦ ਹਨ। 
ਕਾ. ਲਕਸ਼ਮਣ ਪੰਤ ਸਿਰਫ਼ ਰਾਜਤੰਤਰ ਦੀ ਖ਼ਾਤਮੇ ਨਾਲ਼ ਹੀ ਜਗੀਰਦਾਰੀ ਨਾਲ਼ ਮੁੱਖ ਵਿਰੋਧਤਾਈ ਨੂੰ ਗੌਣ ਮੰਨ ਲੈਂਦੇ ਹਨ ਅਤੇ ਦੱਸਦੇ ਹਨ ਕਿ ਮੁੱਖ ਵਿਰੋਧਤਾਈ ਹੁਣ ਸਾਮਰਾਜਵਾਦ ਅਤੇ ਵਿਸਤਾਰਵਾਦ ਦੇ ਨਾਲ਼ ਹੋ ਗਈ ਹੈ। ਇਹ ਥੀਸਿਸ ਵੀ ਮਾਰਕਸਵਾਦੀ ਪਹੁੰਚ-ਪੱਧਤੀ ਦੇ ਪੂਰਣ ਨਿਖੇਧ ‘ਤੇ ਅਧਾਰਿਤ ਹੈ। ਰਾਜਤੰਤਰ ਦੇ ਖ਼ਾਤਮੇ ਅਤੇ ਜਮਹੂਰੀ ਸੰਘਾਤਮਕ ਗਣਰਾਜ ਦੇ ਰਸਮੀ ਐਲਾਨ ਦੇ ਬਾਵਜੂਦ, ਅਜੇ ਨੇਪਾਲ ਵਿੱਚ ਰੈਡੀਕਲ ਭੂਮੀ-ਸੁਧਾਰ ਦਾ ਇੱਕ ਵੀ ਕਦਮ ਨਹੀਂ ਚੁੱਕਿਆ ਗਿਆ ਹੈ, ਰਾਜ ਅਤੇ ਸਮਾਜ ਦੀ ਮੁੜ-ਉਸਾਰੀ ਦਾ ਸਵਾਲ ਵੀ ਅਜੇ ਸਿਰਫ਼ ਏਜੰਡੇ ‘ਤੇ ਹਾਜ਼ਰ ਹੀ ਹੋਇਆ ਹੈ (ਅਤੇ ਇਹ ਵੀ ਤੈਅ ਹੈ ਕਿ ਮੌਜੂਦਾ ਅੰਤਰਿਮ ਢਾਂਚੇ ਵਿੱਚ ਜੇਕਰ ਇਹ ਕੰਮ ਹੋਵੇਗਾ ਵੀ ਤਾਂ ਅੰਸ਼ਿਕ ਜਾਂ ਬੇਹੱਦ ਛੋਟੇ ਰੂਪ ਵਿੱਚ ਹੀ ਹੋਵੇਗਾ)। ਇਸ ਤਰਾਂ, ਸਿਰਫ਼ ਰਾਜੇ ਹਕੂਮਤ ਦੇ ਖ਼ਾਤਮੇ ਨਾਲ਼ ਹੀ ਜਗੀਰਦਾਰੀ-ਵਿਰੋਧੀ ਮੁੱਖ ਵਿਰੋਧਤਾਈ ਨੂੰ ਗੌਣ ਬਣਾ ਦੇਣਾ ਇੱਕ ਰੂਪਵਾਦੀ, ਉੱਚ ਉਸਾਰਵਾਦੀ ਪਹੁੰਚ-ਪੱਧਤੀ ਦੇ ਇਲਾਵਾ ਕੁੱਝ ਵੀ ਨਹੀਂ ਹੈ। ਇਸੇ ਰੂਪਵਾਦੀ ਪਹੁੰਚ ਤੋਂ ਕਾ. ਲਕਸ਼ਮਣ ਪੰਤ ਗਿਰਿਜਾ ਪ੍ਰਸਾਦ ਕੋਇਰਾਲਾ ਦੀ ਸਰਕਾਰ ਦੇ ਪਤਣ ਨੂੰ ਸਾਮਰਾਜਵਾਦ ਅਤੇ ਵਿਸਤਾਰਵਾਦ ਵਿਰੁੱਧ ਨੇਪਾਲੀ ਲੋਕਾਂ ਦੇ ਘੋਲ਼ ਦੀ ਇੱਕ ਮਹੱਤਵਪੂਰਨ ਜਿੱਤ ਵੀ ਮੰਨਦੇ ਹਨ। ਭਾਵ ਕੁੱਲ ਮਿਲ਼ਾਕੇ, ਉਨ੍ਹਾਂ ਅਨੁਸਾਰ ਜਗੀਰਦਾਰੀ ਅਤੇ ਸਾਮਰਾਜਵਾਦ ਦੋਵਾਂ ਵਿਰੁੱਧ ਮਹੱਤਵਪੂਰਣ ਇਤਿਹਾਸਿਕ ਜਿੱਤਾਂ ਹਾਸਲ ਹੋ ਚੁੱਕੀਆਂ ਹਨ। ਇਹ ਸਥਾਪਨਾ ਲੋਕਾਂ ਦਰਮਿਆਨ ਬੁਰਜੂਆ ਸੁਧਾਰਵਾਦੀ ਭਰਮ ਅਤੇ ਝੂਠੀ ਉਮੀਦ ਨੂੰ ਮਜ਼ਬੂਤ ਬਣਾ ਕੇ ਨੇਪਾਲ ਵਿੱਚ ਜਾਰੀ ਇਨਕਲਾਬ ਦੇ ਅਗਲੇਰੇ ਵਿਕਾਸ ‘ਤੇ ਉਲਟ ਅਸਰ ਹੀ ਪਾਵੇਗੀ।

ਧਿਆਨ ਦੇਣ ਯੋਗ ਇਹ ਵੀ ਹੈ ਕਿ ਅਜੇ ਤੱਕ ਕਿਸੇ ਦੇਸ਼ ਦੇ ਬਸਤੀ, ਨਵ-ਬਸਤੀ ਹੋਣ ਜਾਂ ਉਸ ‘ਤੇ ਹਮਲੇ ਦੀ ਹਾਲਤ ਵਿੱਚ ਹੀ ਸਾਮਰਾਜਵਾਦ-ਵਿਸਤਾਰਵਾਦ ਵਿਰੁੱਧ ਮੁੱਖ ਵਿਰੋਧਤਾਈ ਦੀ ਸਥਾਪਨਾ ਦਿੱਤੀ ਜਾਂਦੀ ਰਹੀ ਹੈ। ਨੇਪਾਲ ਨਾ ਤਾਂ ਬਸਤੀ ਹੈ, ਨਾ ਹੀ ਨਵ-ਬਸਤੀ ਅਤੇ ਨਾ ਹੀ ਉਸ ‘ਤੇ ਕਿਸੇ ਸਾਮਰਾਜਵਾਦੀ ਜਾਂ ਵਿਸਤਾਰਵਾਦੀ ਦੇਸ਼ ਨੇ ਸਿੱਧਾ ਹਮਲਾ ਹੀ ਕੀਤਾ ਹੈ। ਸਾਮਰਾਜਵਾਦ ਉੱਥੇ ਦੇਸੀ ਉਲਟ ਇਨਕਲਾਬੀ ਜਮਾਤਾਂ ਅਤੇ ਉਨ੍ਹਾਂ ਦੀਆਂ ਪਾਰਟੀਆਂ ਜ਼ਰੀਏ ਹੀ ਸਰਗਰਮ ਹੈ। ਅਜਿਹੇ ਵਿੱਚ ਸਾਮਰਾਜਵਾਦ ਵਿਰੁੱਧ ਲੋਕਾਂ ਦੀ ਸਿੱਧੀ ਲਾਮਬੰਦੀ ਦੇ ਬਜਾਇ ਅਜੇ ਵੀ ਜਮਹੂਰੀ ਕੰਮਾਂ ਨੂੰ ਪੂਰਾ ਕਰਨ ਲਈ (ਇੱਕ ਜਮਹੂਰੀ ਸੰਵਿਧਾਨ, ਜਮਹੂਰੀ ਕਾਨੂੰਨ ਪ੍ਰਬੰਧ, ਇਨਕਲਾਬੀ ਭੂਮੀ ਸੁਧਾਰ ਆਦਿ ਲਈ) ਲੋਕਾਂ ਨੂੰ ਲਾਮਬੰਧ ਕਰਨਾ ਹੀ ਉੱਥੇ ਇਨਕਲਾਬੀ ਸ਼ਕਤੀਆਂ ਦਾ ਮੁੱਖ ਕੰਮ ਹੈ। 

ਨੇਪਾਲ ਵਿੱਚ ਗਣਤੰਤਰ ਦਾ ਅਜੇ ਸਿਰਫ ਰਸਮੀ ਐਲਾਨ ਹੋਇਆ ਹੈ। ਜਦੋਂ ਤੱਕ, ਘੱਟ ਤੋਂ ਘੱਟ ਇੱਕ ਰੈਡੀਕਲ ਬੁਰਜੂਆ ਅਰਥਾਂ ਵਿੱਚ ਵੀ ਇੱਕ ਸੰਘਾਤਮਕ ਜਮਹੂਰੀ ਗਣਰਾਜ ਸਥਾਪਿਤ ਨਹੀਂ ਹੋ ਜਾਂਦਾ, ਭਾਵ ਅਜਿਹਾ ਪ੍ਰਬੰਧ ਕਰਨ ਵਾਲ਼ੇ ਸੰਵਿਧਾਨ ਦੇ ਤਹਿਤ ਨਵੀਂ ਸਰਕਾਰ ਕੰਮ ਨਹੀਂ ਕਰਨ ਲੱਗਦੀ ਅਤੇ ਜਦੋਂ ਤੱਕ ਰੈਡੀਕਲ ਬੁਰਜੂਆ ਹੱਦਾਂ ਤੱਕ ਵੀ ਭੂਮੀ ਸੁਧਾਰ ਨਹੀਂ ਹੋ ਜਾਂਦੇ, ਉਦੋਂ ਤੱਕ ਉੱਥੇ ਇਨਕਲਾਬ ਦੇ ਜਮਹੂਰੀ ਕਾਰਜ ਹੀ ਪ੍ਰਧਾਨ ਰਹਿਣਗੇ। ਹਾਂ, ਇਸੇ ਦਰਮਿਆਨ ਜੇਕਰ ਕਿਸੇ ਰੂਪ ਵਿੱਚ ਪ੍ਰਤੱਖ ਸਾਮਰਾਜਵਾਦੀ ਦਖਲਅੰਦਾਜ਼ੀ ਹੋ ਜਾਵੇ ਤਾਂ ਮੁੱਖ ਵਿਰੋਧਤਾਈ ਜ਼ਰੂਰ ਬਦਲ ਜਾਵੇਗੀ। ਜ਼ਿਆਦਾ ਸੰਭਾਵਨਾ ਇਸੇ ਗੱਲ ਦੀ ਹੈ ਕਿ ਜੇਕਰ ਨੇਪਾਲ ਦੀਆਂ ਖੱਬੀਆਂ ਇਨਕਲਾਬੀ ਤਾਕਤਾਂ ਉੱਥੇ ਜ਼ਰੱਈ-ਇਨਕਲਾਬ ਦੇ ਕਾਰਜਾਂ ਨੂੰ ਰੈਡੀਕਲ ਤਰੀਕੇ ਨਾਲ਼ ਪੂਰਾ ਨਹੀਂ ਕਰ ਪਾਉਂਦੀ ਹੈ ਅਤੇ ਵਿਚਾਰਧਾਰਕ ਕਾਰਨਾਂ ਕਰਕੇ ਇਨਕਲਾਬ ਦੀ ਵਿਕਾਸ ਪ੍ਰਕਿਰਿਆ ‘ਤੇ ਜੇਕਰ ਕੋਈ ਉਲਟ ਅਸਰ ਪੈਂਦਾ ਹੈ ਤਾਂ ਉੱਥੋਂ ਦੀ ਸੱਤ੍ਹਾ ‘ਤੇ ਕਾਬਜ਼ ਬੁਰਜੂਆਜ਼ੀ (ਜ਼ਿਆਦਾ ਸਟੀਕ ਸ਼ਬਦਾਂ ਵਿੱਚ, ਕੌਮੀ ਬੁਰਜੂਆਜ਼ੀ ਦਾ ਉਲਟ ਇਨਕਲਾਬੀ ਹਿੱਸਾ) ਇੱਕ ਗ਼ੈਰ-ਇਨਕਲਾਬੀ ਕ੍ਰਮਵਾਰ ਪ੍ਰਕਿਰਿਆ ਨਾਲ਼ (ਜੁੰਕਰ ਟਾਈਪ-ਰੁਪਾਂਤਰਣ ਨਾਲ਼) ਬੁਰਜੂਆ ਭੂਮੀ ਸੁਧਾਰਾਂ ਨੂੰ ਲਾਗੂ ਕਰਨ ਦਾ ਲੰਬਾ ਰਸਤਾ ਅਪਣਾਏਗਾ (ਅੱਜ ਦਾ ਸਾਮਰਾਜਵਾਦ ਵੀ ਇਸ ਵਿੱਚ ਸਹਿਯੋਗੀ ਭੂਮਿਕਾ ਨਿਭਾਏਗਾ) ਅਤੇ ਹੋਲ਼ੀ-ਹੋਲ਼ੀ ਸਮਾਜ ਦੇ ਪੂੰਜੀਵਾਦੀਕਰਨ ਦੇ ਨਾਲ਼ ਹੀ, ਕਿਰਤ ਅਤੇ ਪੂੰਜੀ ਦਰਮਿਆਨ ਦੀ ਵਿਰੋਧਤਾਈ ਉੱਥੇ ਪ੍ਰਧਾਨ ਬਣਦੀ ਚਲੀ ਜਾਵੇਗੀ। ਖ਼ੈਰ, ਇਹ ਮੁਲਾਂਕਣ ਅਲੱਗ ਤੋਂ ਵਿਸਤਾਰੀ ਚਰਚਾ ਦੀ ਮੰਗ ਕਰਦਾ ਹੈ। 

ਇੱਥੇ ਅਸੀਂ ਕਾ. ਲਕਸ਼ਮਣ ਪੰਤ ਦੇ ਲੇਖ ਵਿੱਚ ਵਿਸ਼ਲੇਸ਼ਣ ਦੀ ਰੂਪਵਾਦੀ ਪੱਧਤੀ ਅਤੇ ਇਸ ਵਿੱਚ ਨਿਹਿਤ ਸੋਧਵਾਦੀ ਅਤੇ ਸੰਸਦੀ ਭਟਕਾਵਾਂ ਨੂੰ ਟਿੱਕਣਾ ਚਾਹੁੰਦੇ ਹਾਂ। ਇਸਤੋਂ ਪਹਿਲਾਂ ‘ਪ੍ਰਤੀਬੱਧ’ ਵਿੱਚ ਪ੍ਰਕਾਸ਼ਿਤ ਲੰਬੇ ਲੇਖ ਵਿੱਚ ਅਸੀਂ ਨੇ.ਕ.ਪਾ. (ਮਾ.) ਦੀ ਲੀਡਰਸ਼ਿਪ ਦੀਆਂ ਵਿਚਾਰਧਾਰਕ ਥਿੜਕਣਾਂ ਨਾਲ਼ ਜੁੜੀਆਂ ਸਮੱਸਿਆਵਾਂ ਦੀ ਚਰਚਾ ਕਰ ਚੁੱਕੇ ਹਾਂ। ਕਾ. ਲਕਸ਼ਮਣ ਪੰਤ ਦੇ ਨਜ਼ਰੀਏ ਨੂੰ ਜੇਕਰ ਪੂਰੀ ਪਾਰਟੀ ਲੀਡਰਸ਼ਿਪ ਦਾ ਨਜ਼ਰੀਆ ਨਾ ਵੀ ਮੰਨਿਆ ਜਾਵੇ ਤਾਂ ਵੀ ਇਹ ਵਿਸ਼ਵਾਸਪੂਰਵਕ ਕਿਹਾ ਜਾ ਸਕਦਾ ਹੈ ਕਿ ਇਸ ਭਟਕਾਅ ਦਾ ਮੂਲ ਸੋਮਾ ਪਾਰਟੀ ਲੀਡਰਸ਼ਿਪ ਦੇ ਵਿਚਾਰਧਾਰਕ ਭਰਮਾਂ ਅਤੇ ਥਿੜਕਣਾ ਵਿੱਚ ਹੀ ਮੌਜੂਦ ਹੈ। 

ਅਸੀਂ ਇਸ ਮੁੱਦੇ ‘ਤੇ ਨੇਪਾਲ ਦੇ ਸਾਥੀਆਂ ਨਾਲ਼ ਵਿਚਾਰ ਕਰਨ ਅਤੇ ਖੁੱਲ੍ਹ ਕੇ ਬਹਿਸ ਕਰਨ ਦੇ ਹਾਮੀ ਹਾਂ। ਪੂਰੀ ਦੁਨੀਆਂ ਦੇ ਸੱਚੇ ਕਮਿਊਨਿਸਟ ਨੇਪਾਲੀ ਇਨਕਲਾਬ ਨੂੰ ਅੱਗੇ ਵੱਧਦੇ ਦੇਖਣਾ ਚਾਹੁੰਦੇ ਹਨ। ਇਸ ਲਈ ਨੇਪਾਲ ਦੀ ਖੱਬੀ ਇਨਕਲਾਬੀ ਲਹਿਰ ਅੰਦਰ ਵਿਚਾਰਧਾਰਕ ਭਟਕਾਵਾਂ ਅਤੇ ਉਨ੍ਹਾਂ ਵਿਰੁੱਧ ਘੋਲ਼ ਪ੍ਰਤੀ ਸਾਡੀ ਚਿੰਤਾ ਅਤੇ ਸਾਡੇ ਸਰੋਕਾਰ ਸੁਭਾਵਿਕ ਹਨ। 

“ਪ੍ਰਤੀਬੱਧ”, ਅੰਕ 11,ਅਕਤੂਬਰ-ਦਸੰਬਰ 2008 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s