ਨਕਸਲਬਾੜੀ ਅਤੇ ਬਾਅਦ ਦੇ ਦਹਾਕੇ : ਇੱਕ ਪਿਛਲਝਾਤ •ਦੀਪਾਇਨ ਬੋਸ

3

ਪੀ.ਡੀ.ਐਫ਼ ਡਾਊਨਲੋਡ ਕਰੋ

(ਦੂਜੀ ਕਿਸ਼ਤ)
(ਲੜੀ ਜੋੜਨ ਲਈ ਦੇਖੋ ‘ਪ੍ਰਤੀਬੱਧ’ ਬੁਲੇਟਿਨ – 23)

ਸ਼੍ਰੀਕਾਕੁਲਮ ਵਿੱਚ ”ਖੱਬੀ” ਮਾਰਕੇਬਾਜ਼ ਲੀਹ ਦੀ ਅਸਫ਼ਲਤਾ

ਲੇਖ ਵਿੱਚ ਪਹਿਲਾਂ ਇਸ ਗੱਲ ਦੀ ਚਰਚਾ ਕੀਤੀ ਜਾ ਚੁੱਕੀ ਹੈ ਕਿ ਮਈ 1970 ਵਿੱਚ ਹੋਈ ਪਾਰਟੀ ਕਾਂਗਰਸ ਤੋਂ ਪਹਿਲਾਂ ਹੀ ਸ਼੍ਰੀਕਾਕੁਲਮ ਵਿੱਚ ਪੁਲਿਸ ਅਤੇ ਅਰਧ-ਸੁਰੱਖਿਆ ਦਸਤਿਆਂ ਦੁਆਰਾ ਘੇਰਾਬੰਦੀ ਅਤੇ ਜ਼ਬਰ ਦੀ ਲਗਾਤਾਰ ਮੁਹਿੰਮ ਅਤੇ ਕਈ ਸਿਰਕੱਢ ਜਥੇਬੰਦਕਾਂ ਦੇ ਹਕੀਕੀ ਜਾਂ ਫ਼ਰਜ਼ੀ ਮੁਕਾਬਲਿਆਂ ਵਿੱਚ ਕਤਲ ਤੋਂ ਬਾਅਦ ”ਖੱਬੀ” ਮਾਅਰਕੇਬਾਜ਼ ਲੀਹ (ਸਫਾਏ ਦੀ ਲੀਹ) ‘ਤੇ ਚੱਲ ਰਿਹਾ ਛਾਪਾਮਾਰ ਘੋਲ਼ ਗੰਭੀਰ ਸੰਕਟ ਅਤੇ ਖੜੋਤ ਦਾ ਸ਼ਿਕਾਰ ਹੋ ਚੁੱਕਿਆ ਸੀ। ਫਿਰ ਵੀ, ਵਿਸ਼ੇਸ਼ ਕਰਕੇ ਉੱਦਾਨਮ ਅਤੇ ਏਜੰਸੀ ਖੇਤਰ ਵਿੱਚ, ਲਹਿਰ ਹਾਲੇ ਵੀ ਜਾਰੀ ਸੀ। ਕਾਂਗਰਸ ਦੇ ਫੌਰਨ ਬਾਅਦ, 10 ਜੁਲਾਈ 1970 ਨੂੰ ਕੇਂਦਰੀ ਕਮੇਟੀ ਦੇ ਦੋ ਮੈਂਬਰਾਂ ਵੇਂਪਟਾਟੱਪੂ ਸੱਤਿਆਨਰੈਣ ਅਤੇ ਆਦਿਭਾਟਲਾ ਕੈਲਾਸ਼ਮ ਅਤੇ 30 ਜੁਲਾਈ ਨੂੰ ਮਲਿੱਕਾਅਰਜੁਣ, ਅੱਪਾਲਾਸੁਆਮੀ ਅਤੇ ਮੱਲੇਸ਼ਵਰ ਰਾਓ ਜਿਹੇ ਸਿਰਕੱਢ ਜਥੇਬੰਦਕ ਫ਼ਰਜ਼ੀ ਮੁਕਾਲਿਆਂ ਵਿੱਚ ਸ਼ਹੀਦ ਹੋ ਗਏ। ਕੇਂਦਰੀ ਕਮੇਟੀ ਦੇ ਆਂਧਰਾ ਦੇ ਬਚੇ ਹੋਏ ਦੋ ਮੈਂਬਰ ਅਪਾਲਾ ਸੂਰੀ ਅਤੇ ਨਾਗਭੂਸ਼ਣ ਪਟਨਾਇਕ ਉਸ ਵੇਲੇ ਚਾਰੂ ਮਜ਼ੂਮਦਾਰ ਨੂੰ ਮਿਲ਼ਣ ਕਲਕੱਤੇ ਗਏ ਹੋਏ ਸਨ ਅਤੇ ਇਨ੍ਹਾਂ ਸ਼ਹੀਦੀਆਂ ਦੀ ਜਾਣਕਾਰੀ ਉਨ੍ਹਾਂ ਨੂੰ ਰੇਡੀਓ ਤੋਂ ਉੱਥੇ ਮਿਲ਼ੀ। ਇਸ ਤੋਂ ਬਾਅਦ  ਉਹ ਦੋਵੇਂ ਵੀ ਗ੍ਰਿਫ਼ਤਾਰ ਕਰ ਲਏ ਗਏ।

ਇੱਥੇ ਇਹ ਜ਼ਿਕਰ ਜ਼ਰੂਰੀ ਹੈ ਕਿ ਸ਼੍ਰੀਕਾਕੁਲਮ ਨਾਲ਼ ਲਗਦੇ ਉਡੀਸ਼ਾ ਦੇ ਕੋਰਾਪੁਟ ਜ਼ਿਲੇ ਵਿੱਚ ਵੀ 1969 ਵਿੱਚ ਚਾਰੂ ਮਜੂਮਦਾਰ ਦੀ ਲੀਹ ‘ਤੇ ਕੰਮਾਂ ਦੀ ਸ਼ੁਰੂਆਤ ਨਾਗਭੂਸ਼ਨ ਪਟਨਾਇਕ ਅਤੇ ਭੁਵਨਮੋਹਨ ਪਟਕਾਇਕ ਨੇ ਕੀਤੀ ਸੀ। ਕੁਝ ਸਮੇਂ ਬਾਅਦ ਦੋਵੇਂ ਗ੍ਰਿਫ਼ਤਾਰ ਹੋ ਗਏ, ਪਰ 8 ਅਕਤੂਬਰ, 1969 ਨੂੰ ਜੇਲ ਤੋੜਕੇ ਭੱਜ ਨਿੱਕਲ਼ਣ ਤੋਂ ਬਾਅਦ ਨਾਗਭੂਸ਼ਨ ਪਟਨਾਇਕ ਨੇ ਕੋਰਾਪੁਟ ਅਤੇ ਸ਼੍ਰੀਕਾਕੁਲਮ ਵਿੱਚ ਸਫ਼ਾਏ ਦੀ ਮੁਹਿੰਮ ਨੂੰ ਨਵਾਂ ਸੰਵੇਗ ਦਿੱਤਾ ਅਤੇ ਪਾਰਟੀ ਕਾਂਗਰਸ ਤੋਂ ਬਾਅਦ ਉਨ੍ਹਾਂ ਨੂੰ ਕੇਂਦਰੀ ਲੀਡਰਸ਼ਿੱਪ ਵੱਲੋਂ ਸ਼੍ਰੀਕਾਕੁਲਮ ਤੋਂ ਇਲਾਵਾ ਉਡੀਸ਼ਾ ਦੇ ਕੋਰਾਪੁਟ ਅਤੇ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟੱਨਮ ਅਤੇ ਗੰਜਮ ਦੇ ਇਲਾਕੇ ਵਿੱਚ ਲਹਿਰ ਚਲਾਉਣ ਦੀ ਜ਼ਿੰਮੇਵਾਰੀ ਮਿਲ਼ੀ। ਵੇਂਪਟਾਅਪੂ ਅਤੇ ਆਦਿਭਾਟਲਾ ਦੇ ਕਤਲ ਅਤੇ ਨਾਗਭੂਸ਼ਣ ਪਟਨਾਇਕ ਅਤੇ ਅਪਾਲਾ ਸੂਰੀ ਦੀ ਗ੍ਰਿਫ਼ਤਾਰੀ ਤੋਂ ਬਾਅਦ (ਇਹ ਚਾਰੋਂ ਕੇਂਦਰੀ ਕਮੇਟੀ ਦੇ ਮੈਂਬਰ ਸਨ) ਲਗਾਤਾਰ ਪੁਲਿਸ ਦੀ ਘੇਰਾਬੰਦੀ ਦਾ ਸਾਹਮਣਾ ਕਰ ਰਹੇ ਸ਼੍ਰੀਕਾਕੁਲਮ ਦੇ ਇਲਾਵਾ ਕੋਰਾਪੁਟ, ਗੰਜਮ ਅਤੇ ਵਿਸ਼ਾਖਾਪੱਟਨਮ ਦੇ ਇਲਾਕੇ ਵਿੱਚ ਵੀ ਪਾਰਟੀ ਦਾ ਕੰਮ ਖੜੋਤ ਦਾ ਸ਼ਿਕਾਰ ਹੋ ਕੇ ਖਿੰਡਣ ਲੱਗਾ। ਸ਼੍ਰੀਕਾਕੁਲਮ ਵਿੱਚ ਇਕੱਲੇ ਪੈਲਾ ਵਾਸੂਦੇਵ ਰਾਓ ਹੀ ਅਜਿਹੇ ਮਹੱਤਵਪੂਰਨ ਆਗੂ ਸਨ ਜੋ ਪੁਲਿਸ ਦੀ ਪਕੜ ਵਿੱਚ ਨਹੀਂ ਆ ਸਕੇ ਸਨ।

ਇਸ ਨਾਜ਼ੁਕ ਮੋੜ ‘ਤੇ ਵੀ ਚਾਰੂ ਮਜੂਮਦਾਰ ਨੇ ਸਫਾਏ ਦੀ ਲਾਈਨ ‘ਤੇ ਮੁੜ-ਵਿਚਾਰ ਦੀ ਕੋਈ ਲੋੜ ਨਹੀਂ ਸਮਝੀ, ਸਗੋਂ ਉਸੇ ਲਾਈਨ ਨੂੰ ਅੱਗੇ ਵਧਾਉਂਦੇ ਹੋਏ ਉਨ੍ਹਾਂ ਨੇ ਸ਼੍ਰੀਕਾਕੁਲਮ ਦੇ ਬਚੇ ਹੋਏ ਕਾਮਰੇਡਾਂ ਤੋਂ ਅਗਵਾਈ ਆਪਣੇ ਹੱਥ ਵਿੱਚ ਲੈਣ ਦਾ ਸੱਦਾ ਦਿੰਦੇ ਹੋਏ ਇਹ ਦਿਸ਼ਾ-ਨਿਰਦੇਸ਼ ਦਿੱਤਾ ਕਿ ਜਮਾਤੀ ਦੁਸ਼ਮਣਾਂ ਅਤੇ ਪੁਲਿਸ ਦਾ ਸਫ਼ਾਇਆ ਕਰਦੇ ਹੋਏ ਉਨ੍ਹਾਂ ਤੋਂ ਬੰਦੂਕਾਂ ਖੋਹਦੇ ਹੋਏ ਪੂਰੇ ਸ਼੍ਰੀਕਾਕੁਲਮ ਵਿਚ ਲੋਕ-ਮੁਕਤੀ ਫੌਜ ਜਥੇਬੰਦ ਕਰਨ ਦੇ ਮਕਸਦ ਨਾਲ਼ ਹਰੇਕ ਦਸਤੇ ਨੂੰ ਇਹ ਹੱਕ ਹੈ ਕਿ ਉਹ ਆਪਣੀ ਯੋਜਨਾ ਖੁਦ ਬਣਾਏ। ਭਾਵੇਂ ਬਚੇ ਹੋਏ ਸਾਥੀਆਂ ‘ਚੋਂ ਕੁਝ ਕੁ ਨੇ ਅਜਿਹੀਆਂ ਕੋਸ਼ਿਸ਼ਾਂ ਵੀ ਕੀਤੀਆਂ, ਪਰ ਉਹ ਅਸਫ਼ਲ ਰਹੇ। ਇਸ ਤੋਂ ਬਾਅਦ ਸਥਾਨਕ ਜਥੇਬੰਦਕਾਂ ਦਾ ਇਕ ਹਿੱਸਾ ਇਸ ਨਤੀਜੇ ‘ਤੇ  ਪਹੁੰਚਿਆ ਕਿ ਜਮਾਤੀ ਦੁਸ਼ਮਣਾਂ ਦੇ ਸਫਾਏ ‘ਤੇ ਇੱਕਪਾਸੜ ਢੰਗ ਨਾਲ਼ ਜ਼ੋਰ ਦੇਣਾ ਅਤੇ ਘੋਲ਼ ਦੇ ਹੋਰਨਾਂ ਰੂਪਾਂ ਦੀ ਅਣਦੇਖੀ ਕਰਨਾ ਗ਼ਲਤ ਸੀ (ਭਾਵੇਂ ਉਨ੍ਹਾਂ ਨੇ ਇਸ ਨੂੰ ਇੱਕ ਦਾਅਪੇਚਕ ਗ਼ਲਤੀ ਹੀ ਮੰਨਿਆ)। ਅਜਿਹੇ ਲੋਕਾਂ ਨੇ ਅੰਸ਼ਕ ਅਤੇ ਆਰਥਿਕ ਮੰਗਾਂ ਨੂੰ ਲੈ ਕੇ ਘੋਲ਼ ਦੇ ਹੋਰਨਾਂ ਰੂਪਾਂ ਨੂੰ ਅਪਣਾ ਕੇ ਗ਼ਲਤੀਆਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਰਾਜਸੱਤ੍ਹਾ ਦੇ ਜ਼ਬਰ, ਦਹਿਸ਼ਤ ਅਤੇ ਲੋਕਾਂ ਨਾਲ਼ੋ ਨਿਖੇੜੇ ਦੇ ਮਾਹੌਲ ਵਿੱਚ ਉਨ੍ਹਾਂ ਨੂੰ ਕੋਈ ਖਾਸ ਸਫ਼ਲਤਾ ਨਹੀਂ ਮਿਲ਼ੀ। ਇੱਕ ਦੂਜਾ ਹਿੱਸਾ ਅਜਿਹਾ ਵੀ ਸੀ ਜੋ ਹਥਿਆਰਬੰਦ ਘੋਲ਼ ਨੂੰ ਪੂਰੀ ਤਰ੍ਹਾਂ ਛੱਡਕੇ ਆਰਥਿਕ ਘੋਲ਼ਾਂ ਤੋਂ ਸ਼ੁਰੂਆਤ ਕਰਦੇ ਹੋਏ ਲੋਕਾਂ ਨੂੰ ਜਥੇਬੰਦ ਕਰਨ ‘ਤੇ ਜ਼ੋਰ ਦੇ ਰਿਹਾ ਸੀ। ਇਕ ਤੀਜਾ ਹਿੱਸਾ ਉਨ੍ਹਾਂ ਕਾਮਰੇਡਾਂ ਦਾ ਸੀ ਜੋ ਇਨ੍ਹਾਂ ਨਿਚੋੜਾਂ ਨਾਲ਼ ਸਹਿਮਤ ਨਹੀਂ ਸਨ। ਉਹ ਕੇਂਦਰੀ ਲੀਡਰਸ਼ਿੱਪ ਦੀ ਨੀਤੀ ਅਤੇ ਦਾਅਪੇਚਾਂ ਨੂੰ ਇੰਨ-ਬਿੰਨ ਲਾਗੂ ਕਰਨ ਦੇ ਪੱਖ ਵਿੱਚ ਸਨ ਅਤੇ ਇਹ ਮੰਨਦੇ ਸਨ ਕਿ ਸਫ਼ਾਂ ਵਿੱਚ ਹਾਲੇ ਵੀ ਸੋਧਵਾਦ ਦਾ ਪ੍ਰਭਾਵ ਹੀ ਲਹਿਰ ਦੇ ਪਿੱਛੇ ਜਾਣ ਦਾ ਮੁੱਖ ਕਾਰਨ ਰਿਹਾ ਹੈ। ਇਸੇ ਤੀਸਰੇ ਹਿੱਸੇ ਨੇ ਅੱਗੇ ਜਾ ਕੇ ਆਪਣੇ ਨੂੰ ਆਂਧਰਾ ਪ੍ਰਦੇਸ਼ ਸੂਬਾ ਕਮੇਟੀ ਵਜੋਂ ਮੁੜ-ਜਥੇਬੰਦ ਕੀਤਾ। ਖੈਰ, 1970 ਦੇ ਅੰਤ ਤੱਕ ਸ਼੍ਰੀਕਾਕੁਲਮ ਦਾ ਘੋਲ਼ ਖਿੰਡ ਚੁੱਕਿਆ ਸੀ, ਭਾਵੇਂ ਇਧਰ ਉਧਰ ਕੁਝ ਨਿੱਕੇ ਮੋਟੇ ‘ਐਕਸ਼ਨ’ ਉਸ ਤੋਂ ਬਾਅਦ ਵੀ ਹੁੰਦੇ ਰਹੇ। ਚਾਰੂ ਮਜੂਮਦਾਰ ਦੀ ”ਖੱਬੀ” ਮਾਅਰਕੇਬਾਜ਼ ਲੀਹ ਸ਼੍ਰੀਕਾਕੁਲਮ ਵਿੱਚ ਸਭ ਤੋਂ ਤਰਤੀਬਬੱਧ ਅਤੇ ਭਰਵੇਂ ਰੂਪ ਵਿੱਚ, ਸਭ ਤੋਂ ਲੰਮੇ ਸਮੇਂ ਤੱਕ ਲਾਗੂ ਹੋਈ, ਪਰ ਬਾਅਦ ਵਿੱਚ, ਬਹੁਤ ਜ਼ਿਆਦਾ ਨੁਕਸਾਨ ਉਠਾਉਣ ਤੋਂ ਬਾਅਦ ਵਿੱਚ ਵੀ ਉਹ ਪੂਰੀ ਤਰ੍ਹਾਂ ਅਸਫ਼ਲ ਸਿੱਧ ਹੋਈ।

ਕਲਕੱਤਾ ਵਿੱਚ ਵਿਦਿਆਰਥੀ-ਨੌਜੁਆਨ ਬਗ਼ਾਵਤ

”ਖੱਬੀ” ਮਾਰਕੇਬਾਜ਼ੀ ਦਾ ਦੂਜਾ ਸਿਰਕੱਢ ਪ੍ਰਤੀਨਿਧ ਪ੍ਰਗਟਾਵਾ ਪਾਰਟੀ ਕਾਂਗਰਸ ਤੋਂ ਠੀਕ ਪਹਿਲਾਂ ਮਾਰਚ 1970 ਵਿੱਚ ਕਲਕੱਤਾ ਦੇ ਵਿਦਿਆਰਥੀ-ਨੌਜੁਆਨਾਂ ਦੇ ਵਿਆਪਕ ਉਭਾਰ ਵਜੋਂ ਸਾਹਮਣੇ ਆਇਆ ਜੋ ਅਖੌਤੀ ਸੱਭਿਆਚਾਰਕ ਇਨਕਲਾਬ (ਭੰਨਣ-ਜ਼ਲ਼ਾਉਣ-ਖੋਹਣ ਸਮਾਰੋਹ) ਅਤੇ ਸ਼ਹਿਰੀ ਸਫ਼ਾਇਆ ਮੁਹਿੰਮ ਦੇ ਸਿਖਰ ਤੱਕ ਪਹੁੰਚਣ ਤੋਂ ਬਾਅਦ 1971 ਦੇ ਅੱਧ ਤੱਕ, ਰਾਜਸੱਤ੍ਹਾ ਦੇ ਬੇਮਿਸਾਲ ਬਰਬਰ ਜ਼ਬਰ ਤੋਂ ਬਾਅਦ ਖਿੰਡ ਗਈ। ਕਲਕੱਤੇ ਦੀ ਵਿਦਿਆਰਥੀ-ਨੌਜੁਆਨ ਲਹਿਰ ਦੇ ”ਖੱਬੇ” ਮਾਅਰਕੇਬਾਜ਼ ਕੁਰਾਹੇ ਨੇ ਕਮਿਊਨਿਸਟ ਇਨਕਲਾਬੀ ਸਫਾਂ ਵਿੱਚ ਵੱਡੀ ਗਿਣਤੀ ਵਿੱਚ ਇਨਕਲਾਬੀ ਵਿਦਿਆਰਥੀਆਂ-ਨੌਜੁਆਨਾਂ ਦੀ ਭਰਤੀ ਦੀਆਂ ਸੰਭਾਵਨਾਵਾਂ ਦਾ ਗਲ਼ ਘੁੱਟਕੇ ਪਾਰਟੀ-ਉਸਾਰੀ ਦੀ ਪ੍ਰਕਿਰਿਆ ਨੂੰ ਬਹੁਤ ਨੁਕਸਾਨ ਪਹੁੰਚਾਇਆ, ਇਸਦਾ ਅੰਦਾਜ਼ਾ ਲਗਾਉਣ ਲਈ ਉਸ ਉਭਾਰ ਤੋਂ ਪਹਿਲਾਂ ਦੇ ਸਿਆਸੀ ਵਿਕਾਸਕ੍ਰਮ ਦੀ ਸੰਖੇਪ ਚਰਚਾ ਜ਼ਰੂਰੀ ਹੈ।

1960 ਦਾ ਦਹਾਕਾ ਬੰਗਾਲ ਦੇ ਵਿਦਿਆਰਥੀਆਂ-ਨੌਜੁਆਨਾਂ ਦੀ ਚੇਤਨਾ ਦੇ ਤੇਜ਼ ਰੈਡੀਕਲਾਈਜ਼ੇਸ਼ਨ ਦਾ ਦਹਾਕਾ ਸੀ। 1966 ਦੀ ਅਨਾਜ ਲਹਿਰ (ਜਿਸਦਾ ਜ਼ਿਕਰ ਪਹਿਲਾਂ ਕੀਤਾ ਜਾ ਚੁੱਕਿਆ ਹੈ) ਦੌਰਾਨ ਅੰਦੋਲਨਕਾਰੀ ਵਿਦਿਆਰਥੀਆਂ-ਨੌਜੁਆਨਾਂ ਦਾ ਬਹੁਤਾ ਹਿੱਸਾ ਬੁਰਜੂਆ ਢਾਂਚੇ ਦੇ ਨਾਲ਼ ਹੀ ਸੋਧਵਾਦੀ ਲੀਡਰਸ਼ਿੱਪ ਖਿਲਾਫ਼ ਵੀ ਲਾਮਬੰਦ ਹੋ ਚੁੱਕਿਆ ਸੀ। 1967-68 ਵਿੱਚ ਕਲਕੱਤੇ ਦੇ ਵਿਦਿਆਰਥੀਆਂ-ਨੌਜੁਆਨਾਂ ਵਿੱਚ ਨਕਸਲਬਾੜੀ ਕਿਸਾਨ ਉਭਾਰ ਦੇ ਪੱਖ ਵਿੱਚ ਇੱਕ ਵਿਆਪਕ ਲਹਿਰ ਸੀ, ਜਿਸ ਨੂੰ ”ਖੱਬੇ” ਅੱਤਵਾਦ ਦੇ ਪ੍ਰਭਾਵ ਦੇ ਕਾਰਨ ਕਮਿਊਨਿਸਟ ਇਨਕਲਾਬੀ ਲਹਿਰ ਇੱਕ ਸੁਨਿਸ਼ਚਿਤ ਦਿਸ਼ਾ ਨਹੀਂ ਦੇ ਸਕੀ। ਚਾਰੂ ਮਜੂਮਦਾਰ ਨੇ ਮਈ 1968 ਵਿੱਚ ‘ਦੇਸ਼ਵਰਤੀ’ ਵਿੱਚ ਛਪੇ ਆਪਣੇ ਲੇਖ ‘ਨੌਜੁਆਨ ਅਤੇ ਵਿਦਿਆਰਥੀ ਸਮਾਜ ਲਈ’ ਵਿੱਚ ਲਿਖਿਆ, ”ਵਿਦਿਆਰਥੀਆਂ ਅਤੇ ਨੌਜੁਆਨਾਂ ਦੀ ਸਿਆਸੀ ਜਥੇਬੰਦੀ ਲਾਜਮੀ ਰੂਪ ਵਿੱਚ ਰੈੱਡਗਾਰਡ ਜਥੇਬੰਦੀ ਹੀ ਹੋਵੇਗੀ ਅਤੇ ਇਸ ਦਾ ਕੰਮ ਹੋਵੇਗਾ ਚੇਅਰਮੈਨ ਮਾਓ ਦੇ ਹਵਾਲਿਆਂ ਦਾ ਜਿੰਨੇ ਵਿਆਪਕ ਇਲਾਕੇ ਵਿੱਚ ਸੰਭਵ ਹੋਵੇ, ਪ੍ਰਚਾਰ ਕਰਨਾ।” ਇਸ ਤਰ੍ਹਾਂ ਚਾਰੂ ਮਜੂਮਦਾਰ ਨੇ ਵਿਦਿਆਰਥੀਆਂ-ਨੌਜੁਆਨਾਂ ਦੀਆਂ ਵਿਆਪਕ ਮੁੱਦਾ ਅਧਾਰਤ ਲਹਿਰਾਂ ਅਤੇ ਜਨਤਕ ਜਥੇਬੰਦੀਆਂ ਦੀ ਲੋੜ ਨੂੰ ਖਾਰਜ਼ ਕਰਦੇ ਹੋਏ ਉਨ੍ਹਾਂ ਦੇ ਕਾਰਜਾਂ ਨੂੰ ਸਿਰਫ ਵਿਚਾਰਧਾਰਕ ਪ੍ਰਚਾਰ ਤੱਕ ਹੀ ਸੀਮਤ ਕਰ ਦਿੱਤਾ। ਪਰ ਤਾਲਮੇਲ ਕਮੇਟੀ ਦੇ ਪੂਰੇ ਕਾਲ ਦੌਰਾਨ ਕਲੱਕਤੇ ਦੇ ਵਿਦਿਆਰਥੀਆਂ-ਨੌਜੁਆਨਾਂ ਨੇ ਅਨਾਜਾਂ ਦੇ ਭਾਅ ਵਧਾਉਣ ਅਤੇ ਟ੍ਰਾਮ-ਭਾੜਾ ਵਾਧੇ ਜਿਹੇ ਕਈ ਮੁੱਦਿਆਂ ਨੂੰ ਲੈ ਕੇ ਅਤੇ ਆਪਣੀਆਂ ਵੱਖ ਵੱਖ ਮੰਗਾਂ ਨੂੰ ਲੈ ਕੇ ਕਈ ਘੋਲ਼ ਕੀਤੇ। ‘ਪੱਛਮੀਂ ਬੰਗਾਲ ਸਟੇਟ ਸਟੂਡੈਂਟਸ’ ਕੋਆਰਡੀਨੇਸ਼ਨ ਕਮੇਟੀ ਆਫ਼ ਰੈਵੋਲਿਊਸ਼ਨਰੀਜ਼’ ਨੇ ਇਨਕਲਾਬੀ ਵਿਦਿਆਰਥੀ-ਨੌਜੁਆਨ ਘੋਲ਼ ਦਾ ਇੱਕ ਖਰੜਾ ਸਿਆਸੀ ਪ੍ਰੋਗਰਾਮ ਤਿਆਰ ਕਰਕੇ ਉਸ ਨੂੰ ਬੰਗਾਲ ਦੇ ਇਨਕਲਾਬੀ ਵਿਦਿਆਰਥੀ-ਨੌਜੁਆਨ ਕਾਰਕੁਨਾਂ ਵਿੱਚ ਵਿਚਾਰ-ਵਟਾਂਦਰੇ ਲਈ ਵੰਡਿਆ। ਇਹ ਖਰੜਾ ‘ਲਿਬਰੇਸ਼ਨ’ ਦੇ ਅਪ੍ਰੈਲ, 1969 ਦੇ ਅੰਕ ਵਿੱਚ ਪ੍ਰਕਾਸ਼ਤ ਵੀ ਹੋਇਆ। ਚਾਰੂ ਮਜੂਮਦਾਰ ਦੇ ਉਪਰੋਕਤ ਲੇਖ ਦੀ ਆਮ ਦਿਸ਼ਾ ਦੇ ਉਲ਼ਟ ਇਸ ਦਸਤਾਵੇਜ਼ ਵਿੱਚ ਵਿਦਿਆਰਥੀ-ਨੌਜੁਆਨ ਘੋਲ਼ ਦੀ ਇਨਕਲਾਬੀ ਜਨਤਕ ਲੀਹ ਦੀ ਹਮਾਇਤ ਕੀਤੀ ਗਈ ਸੀ ਅਤੇ ਕਿਹਾ ਗਿਆ ਸੀ ਕਿ ਜ਼ਰੱਈ ਇਨਕਲਾਬ ਦੀ ਸਿਆਸਤ ਦੇ ਸਿਰਫ ਪ੍ਰਚਾਰ ਨਾਲ਼ ਵਿਦਿਆਰਥੀਆਂ-ਨੌਜੁਆਨਾਂ ਦੇ ਸਿਰਫ ਉਨੱਤ ਅਤੇ ਸੁਚੇਤ ਤੱਤ ਹੀ ਅੱਗੇ ਆਉਣਗੇ ਅਤੇ ਘੋਲ਼ ਵਿੱਚ ਹਿੱਸਾ ਲੈਣਗੇ, ਇਸ ਲਈ ਲੋੜ ਇਸ ਗੱਲ ਦੀ ਹੈ ਕਿ ਆਮ ਸਿਆਸੀ ਪ੍ਰੋਗਰਾਮ ਦੇ ਅਧਾਰ ‘ਤੇ, ਆਮ ਵਿਦਿਆਰਥੀਆਂ-ਨੌਜੁਆਨਾਂ ਦੇ ਮੁਕਾਬਲੇ ਮੁਕਾਬਲਤਨ ਪਛੜੀ ਚੇਤਨਾ ਵਾਲ਼ੀ ਵਿਆਪਕ ਅਬਾਦੀ ਨੂੰ ਲਾਮਬੰਦ ਅਤੇ ਜਥੇਬੰਦ ਕਰਨ ਲਈ ਉਨ੍ਹਾਂ ਨੂੰ ਪ੍ਰਭਾਵਤ ਕਰਨ ਵਾਲ਼ੇ ਭੋਜਨ, ਸਿੱਖਿਆ, ਬੇਰੋਜ਼ਗਾਰੀ, ਸੱਭਿਆਚਾਰ ਆਦਿ ਨਾਲ਼ ਜੁੜੇ ਮੁੱਦਿਆਂ ਨੂੰ ਵੀ ਉਠਾਇਆ ਜਾਵੇ ਅਤੇ ਇਸ ਦੇ ਲਈ ਵਿਦਿਆਰਥੀਆਂ-ਨੌਜੁਆਨਾਂ ਦੀ ਜਨਤਕ ਸਿਆਸੀ ਜਥੇਬੰਦੀ ਬਨਾਉਣੀ ਜ਼ਰੂਰੀ ਹੋਵੇਗੀ। ਪਰ ਖੱਬੀ ਮਾਰਕੇਬਾਜ਼ੀ ਦਾ ਉੱਪਰੋਂ ਹੇਠਾਂ ਤੱਕ ਪ੍ਰਭਾਵ ਪਾਰਟੀ ਗਠਨ ਵੇਲੇ ਇਸ ਸੋਚ ਨੂੰ ਪਿੱਛੇ ਧੱਕ ਚੁੱਕਿਆ ਸੀ। ਅਗਸਤ, 1969 ਵਿੱਚ ਚਾਰੂ ਮਜੂਮਦਾਰ ਨੇ ‘ਨੌਜੁਆਨਾਂ ਅਤੇ ਵਿਦਿਆਰਥੀਆਂ ਲਈ ਪਾਰਟੀ ਦਾ ਸੱਦਾ’ (‘ਦੇਸ਼ਵਰਤੀ’) ਨਾਮਕ ਟਿੱਪਣੀ ਵਿੱਚ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਵਿਦਿਆਰਥੀਆਂ-ਨੌਜੁਆਨਾਂ ਨੂੰ ਯੂਨੀਅਨਾਂ ਦੀ ਆਰਥਿਕਤਾਵਾਦੀ, ਮੌਕਾਪ੍ਰਸਤ ਅਤੇ ਭ੍ਰਿਸ਼ਟਾਚਾਰੀ ਸਿਆਸਤ ਨੂੰ ਸਿਰੇ ਤੋਂ ਖਾਰਜ਼ ਕਰਕੇ ਮਜ਼ਦੂਰਾਂ ਅਤੇ ਗ਼ਰੀਬ ਤੇ ਬੇਜ਼ਮੀਨੇ ਕਿਸਾਨਾਂ ਨਾਲ਼ ਇੱਕਮਿੱਕ ਹੋਣਾ ਪਵੇਗਾ। ਮੁੜ ਮਾਰਚ 1970 ਵਿੱਚ ‘ਦੇਸ਼ਵਰਤੀ’ ਵਿੱਚ ਪ੍ਰਕਾਸ਼ਤ ਆਪਣੇ ਲੇਖ ‘ਇਨਕਲਾਬੀ ਨੌਜੁਆਨਾਂ ਅਤੇ ਵਿਦਿਆਰਥੀਆਂ ਨਾਲ਼  ਕੁਝ ਗੱਲਾਂ’ ਵਿੱਚ ਚਾਰੂ ਮਜੂਮਦਾਰ ਨੇ ਆਪਣੀ ਲੀਹ ਨੂੰ ਅੱਗੇ ਵਧਾਉਂਦੇ ਹੋਏ ਇਹ ਲਿਖਿਆ ਕਿ ਵਿਦਿਆਰਥੀਆਂ-ਨੌਜੁਆਨਾਂ ਨੂੰ ਸਕੂਲ ਕਾਲਜ ਛੱਡਕੇ ਇਨਕਲਾਬ ਦੇ ਕੰਮ ਵਿੱਚ ਕੁੱਦਣਾ ਪਵੇਗਾ। ਗ਼ਰੀਬ-ਬੇਜ਼ਮੀਨੇ ਕਿਸਾਨਾਂ ਅਤੇ ਮਜ਼ਦੂਰਾਂ ਨਾਲ਼ ਇੱਕਮਿਕ ਹੋਣ ਲਈ ਪਿੰਡਾਂ ਵੱਲ ਜਥੇ ਬਣਾਕੇ ਨਿੱਕਲ਼ਣਾ ਪਵੇਗਾ, ਦਸਤੇ ਬਣਾਕੇ ਉਨ੍ਹਾਂ ਵਿੱਚ ਇਨਕਲਾਬੀ ਪ੍ਰਚਾਰ ਕਰਨਾ ਪਵੇਗਾ, ਪਿੰਡਾਂ ਤੋਂ ਪਰਤਕੇ ਸ਼ਹਿਰਾਂ ਵਿੱਚ ਰੈੱਡ ਗਾਰਡ ਜਥੇਬੰਦੀਆਂ ਬਣਾਉਣੀਆਂ ਪੈਣਗੀਆਂ ਅਤੇ ਇਨ੍ਹਾਂ ਰੈੱਡ ਗਾਰਡੀ ਜਥੇਬੰਦੀਆਂ ਨੂੰ ਮਜ਼ਦੂਰਾਂ ਵਿੱਚ ਸਿਆਸੀ ਪ੍ਰਚਾਰ ਅਤੇ ਇਨਕਲਾਬੀ ਪ੍ਰਚਾਰ ਕਰਨ ਅਤੇ ਨਾਲ਼ ਹੀ ਗੁਰੀਲਾ ਢੰਗ ਨਾਲ਼ ਦਸਤੇ ਬਣਾਕੇ ਹਮਲਾਵਰ ਫਾਸੀਵਾਦੀ ਲਠੈਤ ਫੌਜ ‘ਤੇ ਜੁਆਬੀ ਹਮਲੇ ਕਰਨੇ ਪੈਣਗੇ। ਚਾਰੂ ਦੇ ਇਸ ਸੱਦੇ ਤੋਂ ਬਾਅਦ ਕਲਕੱਤੇ ਤੋਂ ਵੱਡੀ ਗਿਣਤੀ ਵਿੱਚ ਵਿਦਿਆਰਥੀ ਪਿੰਡਾਂ ਵੱਲ ਗਏ ਅਤੇ ਉਥੇ ”ਖੱਬੀ” ਮਾਅਰਕੇਬਾਜ਼ ਲੀਹ ਨੂੰ ਲਾਗੂ ਕਰਨ ਵਿੱਚ ਜੁਟ ਗਏ। ਇਸ ਤਰ੍ਹਾਂ ਪਾਰਟੀ ਕਾਂਗਰਸ ਦੇ ਵੇਲੇ ਤੱਕ ਚਾਰੂ ਲੀਹ ਕਲਕੱਤੇ ਵਿੱਚ ਇੱਕ ਤਾਕਤਵਰ ਇਨਕਲਾਬੀ ਵਿਦਿਆਰਥੀ-ਨੌਜੁਆਨ ਲਹਿਰ ਉੱਠ ਖੜੀ ਹੋਣ ਦੀਆਂ ਸੰਭਾਨਾਵਾਂ ਦਾ ਗਲ਼ ਘੁੱਟ ਚੁੱਕੀ ਸੀ।

ਡੇਬਰਾ ਗੋਪੀਵੱਲਵਪੁਰ ਅਤੇ ਹੋਰਨਾ ਪੇਂਡੂ ਖੇਤਰਾਂ ਵਿੱਚ ਰਾਜਕੀ ਜ਼ਬਰ ਦੇ ਹਨੇਰੇ ਅਤੇ ਦਹਿਸ਼ਤਗਰਦ ਲੀਹ ਦੀ ਅਸਫ਼ਲਤਾ ਨਾਲ਼ ਛੇਤੀਂ ਹੀ ਕਲਕੱਤਿਉਂ ਗਏ ਵਿਦਿਆਰਥੀਆਂ-ਨੌਜੁਆਨਾਂ ਵਿੱਚ ਨਿਰਾਸ਼ਾ ਫੈਲਣ ਲੱਗੀ ਅਤੇ ਉਨ੍ਹਾਂ ‘ਚੋਂ ਜ਼ਿਆਦਾਤਰ ਸ਼ਹਿਰ ਵਾਪਸ ਪਰਤ ਆਏ। ਕਲਕੱਤਾ ਵਿੱਚ ਮਾਰਚ 1970 ਤੋਂ ਸ਼ੁਰੂ ਹੋ ਕੇ ਕਰੀਬ 1971 ਦੇ ਅੱਧ ਤੱਕ ਜਾਰੀ ਰਹਿਣ ਵਾਲ਼ੇ ਅਤੀ-ਖੱਬੇਪੱਖੀ ਵਿਦਿਆਰਥੀ-ਨੌਜੁਆਨ ਉਭਾਰ ਪਿੱਛੇ ਪਿੰਡਾਂ ਤੋਂ ਪਰਤੇ ਨੌਜੁਆਨ ਕਾਰਕੁਨਾਂ ਦੀ ਅਹਿਮ ਭੂਮਿਕਾ ਸੀ। ਸ਼ੁਰੂਆਤ ਅਮਰੀਕੀ ਮਦਦ ਨਾਲ਼ ਚੱਲਣ ਵਾਲ਼ੀਆਂ ਸਿੱਖਿਆ ਸੰਸਥਾਵਾਂ ‘ਤੇ ਹਮਲੇ ਨਾਲ਼ ਹੋਈ। ਫਿਰ ਸਾਰੇ ਸਕੂਲਾਂ ਕਾਲਜਾਂ ‘ਤੇ ਹੱਲਾ ਬੋਲ ਕੇ ਉਥੇ ਲਾਲ ਝੰਡੇ ਲਹਿਰਾਏ ਜਾਣ ਲੱਗੇ। ਇਸਤੋਂ ਬਾਅਦ ਅਖੌਤੀ ਬੰਗਾਲ ਨਵਜਾਗਰਣ ਦੇ ਰਾਮਮੋਹਨ ਰਾਏ, ਈਸ਼ਵਰਚੰਦਰ ਵਿੱਦਿਆਸਾਗਰ ਜਿਹੇ ਬੁਰਜੂਆ ਸੁਧਾਰਕਾਂ; ਗਾਂਧੀ, ਚਿਤਰੰਜਨ ਦਾਸ, ਸੁਭਾਸ਼ ਚੰਦਰ ਬੋਸ ਆਦਿ ਬੁਰਜੂਆ ਆਗੂਆਂ ਅਤੇ ਰਵਿੰਦਰਨਾਥ ਟੈਗੋਰ ਦੀਆਂ ਮੂਰਤੀਆਂ ਤੋੜੀਆਂ ਜਾਣ ਲੱਗੀਆਂ ਅਤੇ ਸੜਕਾਂ ‘ਤੇ ਗਾਂਧੀ ਰਚਨਾਵਲੀ ਦੀ ਹੋਲੀ ਜਲ਼ਾਈ ਜਾਣ ਲੱਗੀ। ਹਨੇਰੇ ਵਰਤਮਾਨ ਤੋਂ ਪੈਦਾ ਹੋਈ ਬੇਚੈਨੀ ਦੀ ਲਹਿਰ ‘ਤੇ ਸੁਆਰ ਇਸ ”ਸੱਭਿਆਚਾਰਕ ਇਨਕਲਾਬ” ਨੇ ਇਤਿਹਾਸ ਅਤੇ ਵਿਰਾਸਤ ਵੱਲ ਇੱਕ ਅਤੀ, ਇਕਹਿਰਾ ਅਤੇ ਗ਼ੈਰ-ਇਤਿਹਾਸਕ ਰਵੱਈਆ ਅਪਣਾਇਆ। ਸ਼ੁਰੂ ਵਿੱਚ ਤਾਂ ਭਾਕਪਾ (ਮ-ਲ) ਲੀਡਰਸ਼ਿੱਪ ਨੇ ਇਸ ਨਵੇਂ ਘਟਨਾ-ਵਿਕਾਸ ਵੱਲ ਉਦਾਸੀਨ ਰਵੱਈਆ ਅਪਣਾਇਆ, ਪਰ ਜਦ ਇਹ ਲਹਿਰ ਪੂਰੇ ਕਲੱਕਤੇ ਵਿੱਚ ਫੈਲ ਗਈ ਤਾਂ ਚਾਰੂ ਮਜੂਮਦਾਰ ਨੇ ਪਿੰਡਾਂ ਵਿੱਚ ਕਿਸਾਨ ਉਭਾਰ ਦਾ ਤਾਰਕਿਕ ਨਤੀਜਾ ਦੱਸਦੇ ਹੋਏ ਇਸ ਦੀ ਜ਼ੋਰਦਾਰ ਹਮਾਇਤ ਕੀਤੀ। ਗਾਂਧੀ ਅਤੇ ਹੋਰਨਾਂ ਬੁਰਜੂਆ ਆਗੂਆਂ ਦੀਆਂ ਮੂਰਤੀਆਂ ਤੋੜੀਆਂ ਜਾਣ ਨੂੰ ”ਮੂਰਤੀ ਭੰਨਣ ਦਾ ਉਤਸਵ” ਗਰਦਾਨਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਵਿਦਿਆਰਥੀਆਂ ਨੇ ਬਸਤੀਵਾਦੀ ਸਿੱਖਿਆ ਢਾਂਚੇ ‘ਤੇ ਹਮਲਾ ਬੋਲ ਦਿੱਤਾ ਹੈ, ਕਿਉਂਕਿ ਉਹ ਸਮਝ ਚੁੱਕੇ ਹਨ ਕਿ ਉਸ ਨੂੰ ਤਬਾਹ ਕੀਤੇ ਬਿਨਾਂ ਅਤੇ ਦਲਾਲ ਸਰਮਾਏਦਾਰ ਜਮਾਤ ਦੁਆਰਾ ਖੜੀਆਂ ਕੀਤੀਆਂ ਗਈਆਂ ਮੂਰਤੀਆਂ ਨੂੰ ਤਬਾਹ ਕੀਤੇ ਬਿਨਾਂ ਇਨਕਲਾਬੀ ਸਿੱਖਿਆ ਢਾਂਚੇ ਅਤੇ ਸੱਭਿਆਚਾਰ ਦੀ ਉਸਾਰੀ ਸੰਭਵ ਨਹੀਂ (ਫ਼ੋਰਜ ਕਲੋਜ਼ਰ ਯੁਨਿਟੀ ਵਿੱਦ ਪੀਜੈਂਟਸ’ ਆਰਮਡ ਸਟਰਗਲ’, 14.07.1970)। ਨਾਲ਼ ਹੀ ਆਪਣੇ ਇਸੇ ਲੇਖ ਵਿੱਚ ਚਾਰੂ ਨੇ ਇਹ ਵੀ ਲਿਖਿਆ ਕਿ ਚੀਨ ਦੇ ਮਹਾਨ ਸੱਭਿਆਚਾਰਕ ਇਨਕਲਾਬ ਦੀ ਤਰ੍ਹਾਂ ਇਸ ਘੋਲ਼ ਦਾ ਨਿਸ਼ਾਨਾ ਪੂਰੇ ਸੱਭਿਆਚਾਰਕ ਉੱਚ-ਉਸਾਰ ਨੂੰ ਤਬਾਹ ਕਰਨਾ ਨਹੀਂ ਹੈ, ਨਾ ਹੀ ਇਹ ਇਸ ਮੰਜ਼ਲ ਵਿੱਚ (ਭਾਵ ਇਨਕਲਾਬ ਦੀ ਜਿੱਤ ਤੋਂ ਪਹਿਲਾਂ) ਸੰਭਵ ਹੈ, ਇਸ ਲਈ ਵਿਦਿਆਰਥੀਆਂ-ਨੌਜੁਆਨਾਂ ਨੂੰ ਇਹ ਧਿਆਨ ਵਿੱਚ ਰੱਖਣਾ ਪਵੇਗਾ ਕਿ ਸਿਰਫ ਮਜ਼ਦੂਰਾਂ ਅਤੇ ਗ਼ਰੀਬ ਤੇ ਬੇਜ਼ਮੀਨੇ ਕਿਸਾਨਾਂ ਨਾਲ਼ ਇਕਮਿਕ ਹੋਕੇ ਹੀ ਉਹ ਆਪਣਾ ਇਨਕਲਾਬੀ ਖਾਸਾ ਬਚਾਈ ਰੱਖ ਸਕਣਗੇ। ਮੂਰਤੀ ਭੰਨਣ ਦੇ ਸੁਆਲ ‘ਤੇ ਹੀ ਚਾਰੂ ਲੀਹ ਨਾਲ਼ ਪੱਛਮੀਂ ਬੰਗਾਲ ਸੂਬਾ ਕਮੇਟੀ ਦੇ ਸੈਕਟਰੀ ਅਤੇ ਉੱਘੇ ਆਗੂ ਸੁਸ਼ੀਤਲ ਰਾਏ ਚੌਧਰੀ ਦੇ ਵੱਖਰੇਵਿਆਂ ਦੀ ਸ਼ੁਰੂਆਤ ਹੋਈ ਅਤੇ ਫਿਰ ਅੱਗੇ ਜਾ ਕੇ ਉਨ੍ਹਾਂ ਨੇ ”ਖੱਬੀ” ਮਾਰਕੇਬਾਜ਼ੀ ਦੀ ਪੂਰੀ ਲੀਹ ਦੀ ਅਲੋਚਨਾ ਪੇਸ਼ ਕੀਤੀ। ਇਸ ਵੱਖਰੇਵੇਂ ਦੀ ਚਰਚਾ ਅਸੀਂ ਅੱਗੇ ਕਰਾਂਗੇ। ਮੂਰਤੀ ਭੰਨਣ ਮੁਹਿੰਮ ਦੀ ਜ਼ੋਰਦਾਰ ਹਮਾਇਤ ਕਰਦੇ ਹੋਏ ਪੋਲਿਟ ਬਿਊਰੋ ਦੇ ਮੈਂਬਰ ਅਤੇ ਪੁਰਾਣੇ ਕਵੀ ਤੇ ਪੱਤਰਕਾਰ ਸਰੋਜ ਦੱਤ, ਚਾਰੂ ਦੀ ਲੀਹ ਦੇ ਨਵੇਂ ਸੱਭਿਆਚਾਰਕ ਸਿਧਾਂਤਕਾਰ ਵਜੋਂ ਸਾਹਮਣੇ ਆਏ। ਉਨ੍ਹਾਂ ਨੇ ਗਾਂਧੀ, ਸੁਭਾਸ਼, ਟੈਗੋਰ, ਈਸ਼ਵਰਚੰਦਰ ਵਿੱਦਿਆਸਾਗਰ, ਤਾਰਾਸ਼ੰਕਰ ਬੈਨਰਜੀ ਆਦਿ ਬਾਰੇ ਧੂੰਆਂਧਾਰ ਅੱਗ ਵਰਾਉਂਦੇ ਲੇਖ ਲਿਖੇ। ਸਰੋਜ ਦੱਤ ਅਨੁਸਾਰ ”ਬੰਗਾਲ ਨਵਜਾਗਰਣ” ਦੇ ਥੰਮ ਬੰਗਾਲੀ ਸੱਭਿਅਕ ਸਮਾਜ ਦੇ ਸਮਾਜ ਸੁਧਾਰਕ ਬਸਤੀਵਾਦੀ ਸਿੱਖਿਆ ਵਿਧੀ ਦੀ ਪੈਦਾਵਾਰ ਸਨ, ਜੋ ਹਾਕਮਾਂ ਅਤੇ ਲੁਟੀਂਦਿਆਂ ਵਿੱਚ ਸੰਵਾਦ ਦੇ ਮਾਧਿਅਮ ਅਤੇ ਹਾਕਮ ਤੰਤਰ ਪੁਰਜੇ ਸਨ। ਬਸਤੀਵਾਦੀ ਸੱਤ੍ਹਾ ਵਿਰੋਧੀ ਲੋਕ ਵਿਰੋਧਾਂ ਦੇ ਉਹ ਵਿਰੋਧੀ ਸਨ ਅਤੇ ਸਿਰਫ ਮੱਧਵਰਗੀ ਘੇਰੇ ਤੱਕ ਸੀਮਤ ਸਮਾਜ-ਸੁਧਾਰ ਦੀਆਂ ਗੱਲਾਂ ਕਰ ਰਹੇ ਸਨ। ਗਾਂਧੀ ਨੂੰ ਉਹ ਬਸਤੀਵਾਦ ਦਾ ਦਲਾਲ ਸਿੱਧ ਕਰਦੇ ਸਨ ਅਤੇ ਸੁਭਾਸ਼ ਬੋਸ ਨੂੰ ਜਪਾਨੀ ਸਾਮਰਾਜ ਦਾ ਕੱਠਪੁਤਲੀ ਇੱਕ ਫਾਸੀਵਾਦੀ ਮੰਨਦੇ ਸਨ। ਅਸਲ ਵਿੱਚ ਭਾਰਤੀ ਸਮਾਜ ਅਤੇ ਭਾਰਤੀ ਸਰਮਾਏਦਾਰ ਜਮਾਤ ਦੇ ਖਾਸੇ ਦੀ (ਦਲਾਲ ਸਰਮਾਏਦਾਰ ਜਮਾਤ ਵਜੋਂ) ਜੋ ਸਮਝ ਭਾਕਪਾ (ਮ-ਲ) ਦਾ ਪ੍ਰੋਗਰਾਮ ਪੇਸ਼ ਕਰਦਾ ਸੀ, ਸਰੋਜ ਦੱਤ ਦੀ ਸੱਭਿਆਚਾਰਕ ਲੀਹ ਉਸੇ ਦਾ ਮਸ਼ੀਨੀ, ਅਤੀ ਵਿਸਥਾਰ ਹੀ ਸੀ। ਇਹੀ ਦੌਰ ਸੀ ਜਦ ਬੰਗਾਲ ਦੇ ਬੁੱਧੀਜੀਵੀਆਂ ਅਤੇ ਸੱਭਿਆਚਾਰਕ ਕਾਮਿਆਂ ਦਾ ਜੋ ਜ਼ਿਕਰਯੋਗ ਹਿੱਸਾ ਕਮਿਊਨਿਸਟ ਇਨਕਲਾਬੀ ਧਾਰਾ ਨਾਲ਼ ਹਮਦਰਦੀ ਰੱਖਦਾ ਸੀ, ਉਹ ਵੀ ਚਾਰੂ ਮਜੂਮਦਾਰ ਦੀ ਸਿਆਸੀ ਲੀਹ ਦੇ ਨਤੀਜਿਆਂ ਅਤੇ ਸਰੋਜ ਦੱਤ ਦੇ ਅਤੀ ਖੱਪੇਪੱਖੀ ਸੱਭਿਆਚਾਰਕ ਚਿੰਤਨ ਨੂੰ ਦੇਖਣ ਤੋਂ ਬਾਅਦ ਟੁੱਟ ਕੇ ਦੂਰ ਹੋ ਗਿਆ।

ਜਿਹਾ ਕਿ ਉੱਪਰ ਦੱਸਿਆ ਜਾ ਚੁੱਕਿਆ ਹੈ, ਸਿੱਖਿਆ ਸੰਸਥਾਵਾਂ ‘ਤੇ ਹਮਲਿਆਂ ਅਤੇ ਮੂਰਤੀ ਭੰਨਣ ਦੀ ਮੁਹਿੰਮ ਆਪ ਮੁਹਾਰੇ ਢੰਗ ਨਾਲ਼ ਸ਼ੁਰੂ ਹੋਈ ਸੀ। ਇਸ ਵਿੱਚ ਵੱਡੇ ਪੱਧਰ ‘ਤੇ ਯੋਗ ਵਿਦਿਆਰਥੀ ਤਾਂ ਸ਼ਾਮਲ ਹੀ ਸਨ, ਬਹੁਤੇ ਲੁੰਪਨ  ਅਨਸਰ ਵੀ ਦਾਖਲ ਹੋ ਗਏ ਸਨ। ਪਾਰਟੀ ਨੇ ਲਹਿਰ ਦੀ ਹਮਾਇਤ ਤਾਂ ਕੀਤੀ, ਪਰ ਅਸਲ ਵਿੱਚ, ਉਸ ‘ਤੇ ਉਸ ਦਾ ਕੰਟਰੋਲ ਨਹੀਂ ਸੀ ਅਤੇ ਉਹ ਉਸ ਦੇ ਪਿੱਛੇ ਘਿਸੜ ਰਹੀ ਸੀ। ਆਪਣੇ ਉਪਰੋਕਤ ਲੇਖ ਵਿੱਚ ਚਾਰੂ ਨੇ ਇਹ ਵੀ ਲਿਖਿਆ ਸੀ ਕਿ ਪੁਲਿਸ ਜ਼ਬਰ ਅੱਗੇ ਗੋਡਿਆਂ ਭਾਰ ਹੋਣ ਦੀ ਥਾਂ ਵਿਦਿਆਰਥੀ-ਨੌਜੁਆਨ ਅਤੇ ਮਜ਼ਦੂਰ ਪੁਲਿਸ ਅਫ਼ਸਰਾਂ ਦਾ ਸਫ਼ਾਇਆ ਕਰ ਰਹੇ ਹਨ। ਅਜਿਹੀਆਂ ਘਟਨਾਵਾਂ ਉਸ ਵੇਲੇ ਤੱਕ ਇੱਕ ਦੁੱਕਾ ਹੋ ਰਹੀਆਂ ਸਨ, ਪਰ ਚਾਰੂ ਦੇ ਇਸ ਲੇਖ ਦੇ ਪ੍ਰਕਾਸ਼ਨ ਤੋਂ ਬਾਅਦ ਪੁਲਿਸ ਮੁਲਾਜ਼ਮਾਂ, ਨੌਕਰਸ਼ਾਹਾਂ, ਵਪਾਰੀਆਂ, ਦਲਾਲਾਂ ਅਤੇ ਭਾੜੇ ਦੇ ਬਦਮਾਸ਼ਾਂ (‘ਮਸਤਾਨਿਆਂ’) ਦੇ ਸਫਾਏ ਦੀ ਮੁਹਿਮ ਤੇਜ਼ ਹੋ ਗਈ। ਜੁਲਾਈ ਵਿੱਚ ਹੀ ਕਲਕੱਤਾ ਜ਼ਿਲਾ ਕਮੇਟੀ ਇਹ ਐਲਾਨ ਕਰ ਚੁੱਕੀ ਸੀ ਕਿ ਪੁਲਿਸ, ਸੀਆਰਪੀ ਦੇ ਲੋਕਾਂ, ਕਾਲ਼ਾ ਬਜ਼ਾਰੀਆਂ ਅਤੇ ਸਰਮਾਏਦਾਰਾਂ ਦਾ ਸਫਾਇਆ ਕਰਕੇ ਬੰਗਾਲ ਅਤੇ ਆਂਧਰਾ ਦੇ ਕਾਮਰੇਡਾਂ ਦੇ ਕਤਲਾਂ ਦਾ ਬਦਲਾ ਲਿਆ ਜਾਵੇਗਾ। ਸਫਾਏ ਦੀ ਇਸ ਧੂੰਆਧਾਰ ਮੁਹਿਮ ਦੌਰਾਨ ਜਾਦਵਪੁਰ ਯੁਨੀਵਰਸਿਟੀ ਦੇ ਉਪ-ਕੁਲਪਤੀ, ਕਲਕੱਤਾ ਹਾਈਕੋਰਟ ਦੇ ਇਕ ਜੱਜ ਅਤੇ ਬੰਗਾਲ ਸਰਕਾਰ ਦੇ ਇੱਕ ਸੈਕਟਰੀ ਜਿਹੇ ਕੁਝ ਮੋਹਤਬਰ ਲੋਕਾਂ ਦੇ ਕਤਲ ਹੋਏ, ਪਰ ਜ਼ਿਆਦਾਤਾਰ ਟ੍ਰੈਫਿਕ ਕਾਂਸਟੇਬਲ, ਕੁਝ ਛੋਟੇ ਵਪਾਰੀ ਅਤੇ ਕਾਰੋਬਾਰੀ ਹੀ ਇਸ ਦੇ ਸ਼ਿਕਾਰ ਬਣੇ। ਫਿਰ ਮਾਕਪਾ ਕਾਰਕੁਨਾਂ ਨਾਲ਼ ਸੜਕਾਂ ‘ਤੇ ਭੇੜ ਦੀ ਸ਼ੁਰੂਆਤ ਹੋਈ ਅਤੇ ਅਗਸਤ 1971 ਤੱਕ 368 ਮਾਕਪਾ ਕਾਰਕੁਨਾਂ ਦੇ ਨਾਲ਼ 1345 ਮ-ਲ ਕਾਰਕੁਨ ਵੀ ਮਾਰੇ ਗਏ। 1971 ਦੀਆਂ ਜਿਮਨੀ ਚੋਣਾਂ ਦੌਰਾਨ ਚੁਣਾਵੀ ਉਮੀਦਵਾਰਾਂ ਦਾ ਵੀ ਸਫਾਇਆ ਹੋਣ ਲੱਗਾ। ਫ਼ਾਰਵਰਡ ਬਲਾਕ ਦੇ ਬਜ਼ੁਰਗ ਆਗੂ ਹੇਮੰਤਕੁਮਾਰ ਬੋਸ ਇੱਕ ਸੋਧਵਾਦੀ ਆਗੂ ਹੋਣ ਦੇ ਬਾਵਜੂਦ ਆਪਣੇ ਸਾਦਾ ਜੀਵਨ ਅਤੇ ਸਰਲ ਸੁਭਾਅ ਕਾਰਨ ਕਾਫ਼ੀ ਲੋਕਪ੍ਰਿਅ ਸਨ। ਉਨ੍ਹਾਂ ਦੇ ਕਤਲ ਨੇ ਬੰਗਾਲ ਵਿੱਚ ਕਾਫ਼ੀ ਨਰਾਜ਼ਗੀ ਪੈਦਾ ਕੀਤੀ ਅਤੇ ਭਾਕਪਾ (ਮ-ਲ) ਦੇ ਨਿਖੇੜੇ ਨੂੰ ਵਧਾਉਣ ਵਿੱਚ ਇੱਕ ਅਹਿਮ ਭੂਮਿਕਾ ਨਿਭਾਈ। ਸਫਾਇਆ ਮੁਹਿਮ ਦੇ ਇਸ ਦੌਰ ਵਿੱਚ ਪੂਰੇ ਬੰਗਾਲ ਵਿੱਚ 700 ਦਸਤੇ ਅਤੇ ਸਿਰਫ਼ ਕਲਕੱਤੇ ਵਿੱਚ 150 ਦਸਤੇ ਸਰਗਰਮ ਸਨ। ਚਾਰੂ ਮਜੂਮਦਾਰ ਦੇ ਹੁਕਮ ਅਨੁਸਾਰ, ਇਹ ਦਸਤੇ ਸਥਾਨਕ ਪਾਰਟੀ ਕਮੇਟੀਆਂ ਤੋਂ ਅਜ਼ਾਦ ਰਹਿ ਕੇ, ਉਨ੍ਹਾਂ ਦੀ ਜਾਣਕਾਰੀ ਦੇ ਬਗ਼ੈਰ ਆਪਣੀਆਂ ਕਾਰਵਾਈਆਂ ਨੂੰ ਨੇਪਰੇ ਚਾੜਦੇ ਸਨ।

ਨਵ-ਜਮਹੂਰੀ ਇਨਕਲਾਬ ਦੇ ਪ੍ਰੋਗਰਾਮ ਦੇ ਅਨੁਸਾਰ ਵੀ ਜੇ ਇਨਕਲਾਬੀ ਜਨਤਕ ਲੀਹ ਅਮਲ ਵਿਚ ਲਿਆਈ ਜਾਂਦੀ ਤਾਂ ਪਿੰਡਾਂ ਵਿਚ ਜਮਾਤੀ ਘੋਲ਼ ਦੇ ਵਿਕਾਸ ਦੇ ਨਾਲ਼ ਸ਼ਹਿਰਾਂ ਵਿਚ ਕੁਝ ਉਭਾਰਾਂ ਦੇ ਬਾਵਜੂਦ ਆਮ ਨੀਤੀ ਉਸ ਦੌਰ ਵਿੱਚ ਮੋੜਵੀਂ-ਹਿਫ਼ਾਜਤ ਹੋਣੀ ਚਾਹੀਦੀ ਸੀ ਅਤੇ ਲੋਕ ਘੋਲ਼ਾਂ ਨੂੰ ਪਾਰਟੀ ਦੀ ਸਖ਼ਤ ਦੇਖਰੇਖ ਵਿੱਚ ਵਿਕਸਤ ਕੀਤਾ ਜਾਣਾ ਚਾਹੀਦਾ ਸੀ। ਪਰ ਆਪਣੀ ਦਹਿਸ਼ਤਗਰਦ ਲੀਹ ਨੂੰ ਸ਼੍ਰੀਕਾਕੁਲਮ ਤੋਂ ਵੀ ਅੱਗੇ ਵਧਾਉਂਦੇ ਹੋਏ ਚਾਰੂ ਮਜੂਮਦਾਰ ਨੇ ਸ਼ਹਿਰਾਂ ਵਿੱਚ ਵੀ ਸਫ਼ਾਏ ਦੀ ਲੀਹ ਨੂੰ ਹਮਲਾਵਰ ਢੰਗ ਨਾਲ਼ ਅੱਗੇ ਵਧਾਇਆ, ਲੋਕ ਘੋਲ਼ਾਂ ਅਤੇ ਲੋਕ ਜਥੇਬੰਦੀਆਂ ਦੀ ਉਸਾਰੀ ਨੂੰ ਸੋਧਵਾਦੀ ਕਾਰਵਾਈ ਦੱਸਦੇ ਹੋਏ ਸਿਰੇ ਤੋਂ ਖ਼ਾਰਜ਼ ਕਰ ਦਿੱਤਾ, ਦਸਤਿਆਂ ਨੂੰ ਪਾਰਟੀ ਕਮੇਟੀਆਂ ਦੀ ਅਗਵਾਈ ਤੋਂ ਅਜ਼ਾਦ ਕਰਕੇ ਉਨ੍ਹਾਂ ਦੀ ਅਰਾਜਕਤਾ ਅਤੇ ਆਪ ਮੁਹਾਰਤਾ ਨੂੰ ਦੱਬਕੇ ਹੱਲਾਸ਼ੇਰੀ ਦਿੱਤੀ ਅਤੇ ਸਿਆਸਤ ਨੂੰ ਪੂਰੀ ਤਰ੍ਹਾਂ ਹਥਿਆਰ ਦੇ ਹੇਠ ਕਰ ਦਿੱਤਾ।

ਕਮਿਊਨਿਸਟ ਇਨਕਲਾਬੀ ਲਹਿਰ ਉੱਤੇ ਰਾਜਕੀ ਜ਼ਬਰ, ਜੋ ਪਹਿਲਾਂ ਤੋਂ ਹੀ ਜਾਰੀ ਸੀ, 1971 ਤੋਂ ਸੰਘਣਾ ਅਤੇ ਵਿਆਪਕ ਹੋ ਗਿਆ। ਸੀਆਰਪੀ ਅਤੇ ਪੁਲਿਸ ਨੂੰ ਦੇਖਦੇ ਹੀ ਗੋਲ਼ੀ ਮਾਰਨ ਦੇ ਹੁਕਮ ਦੇ ਦਿੱਤੇ ਗਏ। ਫ਼ਰਜ਼ੀ ਮੁਕਾਬਲੇ ਨਿੱਤ ਦੀਆਂ ਘਟਨਾਵਾਂ ਬਣ ਗਈਆਂ। ਜੇਲਾਂ ਵਿੱਚ ਮ-ਲ ਕਾਰਕੁਨਾਂ ਨੂੰ ਵਹਿਸ਼ੀ ਤਸੀਹੇ ਦਿੱਤੇ ਜਾਂਦੇ ਸਨ। ਇਕੱਲੇ ਕਲਕੱਤੇ ਵਿਚ 1972 ਦੇ ਅੰਤ ਤੱਕ ਕਰੀਬ 20,000 ਕਮਿਊਨਿਸਟ ਇਨਕਲਾਬੀ ਕਾਰਕੁਨ  (ਜ਼ਿਆਦਾਤਰ ਵਿਦਿਆਰਥੀ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਲੋਕ) ਮਾਰੇ ਜਾ ਚੁੱਕੇ ਸਨ। ਨਕਸਲਬਾੜੀ ਵਿਚ 3000, ਬੰਗਾਲ ਕੇ ਪੇਂਡੂ ਇਲਾਕਿਆਂ ਵਿੱਚ 4000, ਬਿਹਾਰ ਅਤੇ ਅਸਾਮ ਵਿਚ 6000 ਤੋਂ ਜ਼ਿਆਦਾ ਕਾਰਕੁਨਾਂ ਤੋਂ ਇਲਾਵਾ ਆਂਧਰਾ, ਉੱਤਰ ਪ੍ਰਦੇਸ਼, ਪੰਜਾਬ, ਕੇਰਲ ਅਤੇ ਤਾਮਿਲਨਾਡੂ ਵਿੱਚ ਵੀ ਹਜ਼ਾਰਾਂ ਕਾਰਕੁਨਾਂ ਦੇ ਕਤਲ ਕੀਤੇ ਜਾ ਚੁੱਕੇ ਸਨ। ਬੰਗਾਲ ਵਿੱਚ ਫੌਜੀ ਅਪ੍ਰੇਸ਼ਨ ਦਾ ਅੰਦਾਜ਼ਾ ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ ਦੇ ਇਕ ਬਿਆਨ ਤੋਂ ਲਗਾਇਆ ਜਾ ਸਕਦਾ ਹੈ। ਅਰੋੜਾ ਅਨੁਸਾਰ, ਫੌਜ ਦੀਆਂ ਤਿੰਨ ਡਵੀਜ਼ਨਾਂ (ਕਰੀਬ 50 ਹਜ਼ਾਰ ਫੌਜੀ) ਪੱਛਮੀਂ ਬੰਗਾਲ ਗਈਆਂ ਸਨ ਅਤੇ ਚੋਣਾਂ ਬਾਅਦ ਨਕਸਲੀ ਹਿੰਸਾ ਨਾਲ਼ ਸਿੱਝਣ ਲਈ ਫੌਜੀ ਉਥੇ ਹੀ ਰੁਕ ਗਏ ਸਨ। ਤੇਲੰਗਾਨਾ ਘੋਲ਼ ਦੇ ਜ਼ਬਰ ਤੋਂ ਬਾਅਦ ਭਾਰਤੀ ਰਾਜਸੱਤ੍ਹਾ ਨੇ ਕਮਿਊਨਿਸਟ ਲਹਿਰ ਦੇ ਖਿਲਾਫ਼ ਸਭ ਤੋਂ ਵਿਆਪਕ ਅਤੇ ਯੋਜਨਾਬੱਧ ਜ਼ਬਰ ਦੀ ਕਾਰਵਾਈ 1970-72 ਦੌਰਾਨ ਕੀਤੀ ਸੀ, ਭਾਵੇਂ ਇਹ ਕਾਰਵਾਈ ਅੱਗੇ ਐਮਰਜੈਂਸੀ ਦੇ ਦੌਰ ਤੱਕ ਕਿਸੇ ਨਾ ਕਿਸੇ ਰੂਪ ਵਿੱਚ ਜਾਰੀ ਰਹੀ। ਇਸ ਦੌਰ ਦਾ ਵਹਿਸ਼ੀਪਣ ਅੱਜ ਇਤਿਹਾਸ ਦਾ ਇੱਕ ਜਾਣਿਆ ਜਾਂਦਾ ਤੱਥ ਹੈ ਅਤੇ ਇਹ ਸੱਚਾਈ ਵੀ ਅੱਜ ਬਹੁਤ ਸਾਰੇ ਅਧਿਐਨਾਂ ਵਿੱਚ ਸਾਹਮਣੇ ਆ ਚੁੱਕੀ ਹੈ ਕਿ ਕਿਸ ਤਰ੍ਹਾਂ ਕੇਂਦਰੀ ਗ੍ਰਹਿ ਵਿਭਾਗ, ਫੌਜ ਦੇ ਅਧਿਕਾਰੀਆਂ ਅਤੇ ਬੁਰਜੂਆ ਥਿੰਕ ਟੈਂਕਾਂ ਤੋਂ ਇਲਾਵਾ ਵੱਖ ਵੱਖ ਸਾਮਰਾਜੀ ਏਜੰਸੀਆਂ ਦੇ ਮਾਹਰ ਵੀ ਉਸ ਸਮੇਂ ”ਨਕਸਲਵਾਦ” ਨੂੰ ਦਬਾਉਣ ਦੀਆਂ ਯੁੱਧਨੀਤਕ ਨੀਤੀਆਂ ਅਤੇ ਉਸ ਨਾਲ਼ ਸਿੱਝਣ ਦੀਆਂ ਸਮਾਜਕ-ਆਰਥਕ ਨੀਤੀਆਂ ਬਣਾਉਣ ਵਿੱਚ ਲੱਗੇ ਹੋਏ ਸਨ।

ਖੈਰ, ਲਹਿਰ ਦੇ ਠਹਿਰਾਅ-ਖਿੰਡਾਅ ਦਾ ਬੁਨਿਆਦੀ ਕਾਰਨ ਰਾਜਸੱਤ੍ਹਾ ਦਾ ਜਬਰ ਨਹੀਂ ਸਗੋਂ ਇਸ ਦੀ ਆਪਣੀ ਵਿਚਾਰਧਾਰਕ ਲੀਹ (ਖੱਬੀ ਮਾਅਰਕੇਬਾਜ਼ੀ) ਅਤੇ ਭਾਰਤੀ ਪ੍ਰੋਗਰਾਮ ਦੀ ਗ਼ਲਤ ਸਮਝ (ਚੀਨੀ ਇਨਕਾਲਬ ਦੇ ਨਕਸ਼ੇ-ਕਦਮ ‘ਤੇ ਨਵ-ਜਮਹੂਰੀ ਇਨਕਲਾਬ ਦਾ ਪ੍ਰੋਗਰਾਮ) ਸੀ। ਰਾਜਸੱਤ੍ਹਾ ਦਾ ਜਬਰ ਕਿਸੇ ਦੇਸ਼ ਦੇ ਇਨਕਲਾਬੀ ਘੋਲ਼ ਨੂੰ ਕੁਝ ਸਮੇਂ ਲਈ ਪਿੱਛੇ ਧੱਕ ਸਕਦਾ ਹੈ, ਪਰ ਚਾਰ ਦਹਾਕਿਆਂ ਤੋਂ ਵੀ ਜ਼ਿਆਦਾ ਸਮੇਂ ਤੱਕ ਜਾਰੀ ਰਹਿਣ ਵਾਲ਼ੇ ਠਹਿਰਾਅ-ਖਿੰਡਾਅ ਦਾ ਇਹ ਬੁਨਿਆਦੀ ਕਾਰਨ ਨਹੀਂ ਹੋ ਸਕਦਾ। ਨੀਝ ਨਾਲ਼ ਦੇਖਦੇ ਹੋਏ ਇਸ ਗੱਲ ਨੂੰ ਸੌਖਾਲ਼ਿਆਂ ਹੀ ਅਤੇ ਪੂਰੀ ਨਿਸ਼ਚਿਤਤਾ ਨਾਲ਼ ਕਿਹਾ ਜਾ ਸਕਦਾ ਹੈ। ਕਿਸੇ ਵੀ ਇਨਕਲਾਬ ਵਿੱਚ ਸ਼ਹੀਦੀਆਂ-ਕੁਰਬਾਨੀਆਂ ਤਾਂ ਹੁੰਦੀਆਂ ਹੀ ਹਨ, ਪਰ ਚਾਰੂ ਮਜੂਮਦਾਰ ਦੀ ਖੱਬੀ ਮਾਅਰਕੇਬਾਜ਼ੀ ਲਾਈਨ 1970 ਦੇ ਦਹਾਕੇ ਦੇ ਸ਼ੁਰੂਆਤੀ ਸਾਲਾਂ ਦੌਰਾਨ ਅਣਗਿਣਤ ਬੇਲੋੜੀਆਂ ਸ਼ਹੀਦੀਆਂ-ਕੁਰਬਾਨੀਆਂ ਲਈ ਜ਼ਿੰਮੇਵਾਰ ਸੀ, ਇਹ ਤੈਅ ਹੈ। ਦੁਸ਼ਮਣ ਦੀ ਤਾਕਤ ਦਾ ਸਹੀ ਅੰਦਾਜ਼ਾ ਨਾ ਲਗਾਉਣਾ ਜਾਂ ਉਸ ਨੂੰ ਘਟਾ ਕੇ ਦੇਖਣਾ, ਹਠਧਰਮੀ ਰਵੱਈਆ, ਉਤਾਵਲਾਪਣ, ਲੋਕਾਂ ਦੀ ਥਾਂ ਵੀਰ ਨਾਇਕਾਂ ਅਤੇ ਸਿਆਸਤ ਦੀ ਥਾਂ ਹਥਿਆਰ ‘ਤੇ ਭਰੋਸਾ ਕਰਨਾ – ਇਹ ਖੱਬੀ ਮਾਅਰਕੇਬਾਜ਼ੀ ਦੇ ਬੁਨਿਆਦੀ ਗੁਣ ਹੁੰਦੇ ਹਨ ਅਤੇ ਚਾਰੂ ਮਜੂਮਦਾਰ (ਅਤੇ ਲੀਡਰਸ਼ਿੱਪ ਵਿੱਚ ਮੌਜੂਦ ਉਨ੍ਹਾਂ ਦੇ ਹਮਾਇਤੀ) ਵੀ ਇਨ੍ਹਾਂ ਗੁਣਾਂ ਨਾਲ਼ ਲੈਸ ਸਨ। ਅੱਗੇ ਅਸੀਂ ਦੇਖਾਂਗੇ ਕਿ ਅਤੀ ਖੱਬੇਪੱਖੀ ਲੀਹ ਨੂੰ ਲਾਗੂ ਕਰਨ ਵਾਲ਼ੀ ਲੀਡਰਸ਼ਿੱਪ ਦੀ ਜਥੇਬੰਦਕ ਲੀਹ ਵੀ ਕਿਸ ਤਰ੍ਹਾਂ ਵਿਚਾਰਧਾਰਕ ਲੀਹ ਦੇ ਹੀ ਅਨੁਸਾਰ ਨੌਕਰਸ਼ਾਹੀ, ਵਿਅਕਤੀਵਾਦ, ਧੜੇਬੰਦੀ ਅਤੇ ਧੋਖੇ-ਕਰਨ ਦੀ ਕਾਰਜਸ਼ੈਲੀ ਨੂੰ ਲਾਗੂ ਕਰਦੀ ਸੀ (ਇਸ ਦੀਆਂ ਉਦਾਹਰਨਾਂ ਏਆਈਸੀਸੀਆਰ ਦੌਰ ਵਿੱਚ ਵੀ ਦੇਖੀਆਂ ਜਾ ਚੁੱਕੀਆਂ ਹਨ), ਜਿਨ੍ਹਾਂ ਕਾਰਨ ਜਥੇਬੰਦੀ ਵਿੱਚ ਵਾਰ-ਵਾਰ ਬਹਿਸ ਅਤੇ ਸਿਹਤਮੰਦ ਲੇਖੇ-ਜੋਖੇ ਦਾ ਗਲ਼ ਘੁੱਟਿਆ ਗਿਆ ਅਤੇ ਉਸ ਨੂੰ ਫੈਸਲਾਕੁੰਨ ਤੌਰ ‘ਤੇ ਖਿੰਡਾਅ ਦੇ ਰਾਹ ‘ਤੇ ਧੱਕ ਦਿੱਤਾ ਗਿਆ।

ਖੈਰ, ਫ਼ਿਲਹਾਲ ਅਸੀਂ 1971 ਦੇ ਇਤਿਹਾਸਕ ਸਾਲ ਦੇ ਮਗਰਲੇ ਅੱਧ ਦੇ ਕਲਕੱਤੇ ਵੱਲ ਵਾਪਸ ਪਰਤਦੇ ਹਾਂ। 29 ਜੂਨ, 1971 ਨੂੰ ਪੱਛਮੀ ਬੰਗਾਲ ਵਿੱਚ ਰਾਸ਼ਟਰਪਤੀ ਰਾਜ ਦਾ ਐਲਾਨ ਹੋਇਆ। ਕੇਂਦਰੀ ਮੰਤਰੀ ਸਿਧਾਰਥ ਸ਼ੰਕਰ ਰਾਏ ਨੂੰ ਰਾਜ ਵਿੱਚ ਰਾਸ਼ਟਰਪਤੀ ਰਾਜ ‘ਤੇ ਅਮਲ ਦੀ ਜ਼ਿੰਮੇਵਾਰੀ ਸੌਂਪੀ ਗਈ। ਜੁਲਾਈ ਤੋਂ ਨਵੰਬਰ ਤੱਕ ਦਾ ਸਮਾਂ ਪੂਰੇ ਰਾਜ ਵਿੱਚ ਅਤੇ ਖਾਸ ਕਰਕੇ ਕਲਕੱਤੇ ਵਿੱਚ ਫ਼ਰਜੀ ਮੁਕਾਬਲਿਆਂ, ਗ੍ਰਿਫ਼ਤਾਰੀਆਂ ਅਤੇ ਜੇਲਾਂ ਵਿੱਚ ਤਸੀਹਿਆਂ ਦਾ ਸਭ ਤੋਂ ਵਹਿਸ਼ੀ ਦੌਰ ਸੀ। ਇਸੇ ਦੌਰਾਨ, 4-5 ਅਗਸਤ ਦੀ ਅੱਧੀ ਰਾਤ ਨੂੰ ਪੁਲਿਸ ਨੇ ਸਰੋਜ ਦੱਤ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਗੋਲ਼ੀ ਮਾਰਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ। ਰੋਮਾਨੀ ਇਨਕਲਾਬੀ ਜੋਸ਼ ਅਤੇ ਕੁਰਬਾਨੀ ਦੇ ਜਜ਼ਬੇ ਨਾਲ਼ ਭਰੇ ਕਲਕੱਤੇ ਦੇ ਵਿਦਿਆਰਥੀਆਂ-ਨੌਜੁਆਨਾਂ ਨੇ ਅਸਧਾਰਨ ਹੌਂਸਲਾ ਦਿਖਾਇਆ। ਜੇਲ੍ਹਾਂ ਵਿੱਚ ਵੀ ਘੋਲ਼ ਦੀਆਂ ਅਤੇ ਜੇਲ੍ਹ ਤੋੜਨ ਦੀਆਂ ਕਈ ਘਟਨਾਵਾਂ ਹੋਈਆਂ। ਪਰ ਅੰਤ ਵਿੱਚ ਰਾਜਸੱਤ੍ਹਾ ਦੇ ਉੱਨਤ ਹਥਿਆਰਬੰਦ ਦਸਤਿਆਂ ਅਤੇ ਬੇਲਗਾਮ ਜਬਰ-ਤੰਤਰ ਨੇ ਜੇਤੂ ਹੋਣਾ ਹੀ ਸੀ। ਨਵੰਬਰ 1971 ਤੱਕ ਕਲਕੱਤੇ ਦਾ ਵਿਦਿਆਰਥੀ-ਨੌਜੁਆਨ ਉਭਾਰ ਕੁਚਲਿਆ ਜਾ ਚੁੱਕਿਆ ਸੀ।

ਵਿਦਿਆਰਥੀਆਂ-ਨੌਜੁਆਨਾਂ ਦੀ ਇਸ ਅਨੰਤ ਇਨਕਲਾਬੀ ਊਰਜਾ ਦੇ ਖਰਚੇ ਅਤੇ ਉਭਾਰ ਦੀ ਅਸਫ਼ਲਤਾ ਦਾ ਬੁਨਿਆਦੀ ਕਾਰਨ ਚਾਰੂ ਮਜੂਮਦਾਰ ਦੀ ”ਖੱਬੀ” ਮਾਰਕੇਬਾਜ਼ ਲੀਹ ਸੀ। ‘ਵੈਸਟ ਬੰਗਾਲ ਸਟੇਟ ਸਟੂਡੈਂਟਸ’ ਕੋਆਰਡੀਨੇਸ਼ਨ ਕਮੇਟੀ ਆਫ਼ ਕਮਿਊਨਿਸਟ ਰੈਵੋਲੂਸ਼ਨਰੀਜ਼’ ਦੁਆਰਾ ਪੇਸ਼ ਖਰੜੇ ਦੇ ਸਿਆਸੀ ਪ੍ਰੋਗਰਾਮ ਵਿੱਚ ਮੌਜੂਦ ਜਨਤਕ  ਲੀਹ ਦਾ 1970 ਦੇ ਸ਼ੁਰੂ ਵਿੱਚ ਹੀ ਤਿਆਗ ਕੀਤਾ ਜਾ ਚੁੱਕਿਆ ਸੀ। ਨਵ-ਜਮਹੂਰੀ ਇਨਕਲਾਬ ਦਾ ਮਾਓ ਦਾ ਸੰਕਲਪ ਲੰਮੇ ਦੌਰ ਦੇ ਇਨਕਲਾਬੀ ਘੋਲ਼, ਪਿੰਡਾਂ ਵਿੱਚ ਜ਼ਮੀਨ ਲਈ ਘੋਲ਼ ‘ਤੇ ਮੁੱਖ ਜ਼ੋਰ ਅਤੇ ਪਿੰਡਾਂ ਦੁਆਰਾ ਸ਼ਹਿਰਾਂ ਨੂੰ ਘੇਰਨ ‘ਤੇ ਜ਼ੋਰ ਦਿੰਦਾ ਸੀ, ਪਰ ਚਾਰੂ ਮਜੂਮਦਾਰ ਦੀ ਪੂਰਨ ਹਮਾਇਤ ਨਾਲ਼ ਕਲਕੱਤੇ ਵਿੱਚ ਸ਼ਹਿਰੀ ਛਾਪਾਮਾਰ ਯੁੱਧ ਦੇ ਨਾਂ ‘ਤੇ ਦਸਤਿਆਂ ਦੀ ਕਾਰਵਾਈ ਅਤੇ ”ਸੱਭਿਆਚਾਰਕ ਇਨਕਲਾਬ” ਦੇ ਅਤੀਵਧਾਉਪੰਥੀ ਏਜੰਡੇ ਨੂੰ ਲਾਗੂ ਕੀਤਾ ਗਿਆ। 1975 ਤੱਕ ਕਲਕੱਤੇ ਦੀ ਮੁਕਤੀ ਦਾ ਹਵਾਈ ਸੁਪਨਾ ਨੌਜੁਆਨਾਂ ਦੇ ਦਿਲ-ਦਿਮਾਗ਼ ‘ਤੇ 1970-71 ਵਿੱਚ ਭਾਰੂ ਸੀ। ਇਸ ਦੇ ਖਿਲਾਫ਼ ਸੁਸ਼ੀਤਲ ਰਾਏ ਚੌਧਰੀ ਤੋਂ ਇਲਾਵਾ ਸੁਨੀਤੀ ਕੁਮਾਰ ਘੋਸ਼ ਨੇ ਵੀ ਅਵਾਜ਼ ਉਠਾਈ ਸੀ, ਪਰ ਚਾਰੂ ਮਜੁਮਦਾਰ, ਸੋਰੇਨ ਵਸੂ ਅਤੇ ਕਲਕੱਤਾ ਜ਼ਿਲਾ ਕਮੇਟੀ ਨੇ ਇਨ੍ਹਾਂ ਇਤਰਾਜਾਂ ਨੂੰ ਸਿਰੇ ਤੋਂ ਖ਼ਾਰਜ਼ ਕਰ ਦਿੱਤਾ। ਇਹੀ ਨਹੀਂ ਦਸਤਿਆਂ ਦੀਆਂ ਕਾਰਵਾਈਆਂ ਨੂੰ ਜਥੇਬੰਦ ਕਰਨ ਦੀ ਨਾ ਤਾਂ ਕੋਈ ਸਪੱਸ਼ਟ ਨੀਤੀ ਸੀ, ਨਾ ਹੀ ਕੋਈ ਸੁਚਾਰੂ ਪਾਰਟੀ-ਢਾਂਚਾ ਸੀ। ਨੌਜੁਆਨ ਕਾਰਕੁਨਾਂ ਦੀ ਵਿਚਾਰਧਾਰਕ-ਸਿਆਸੀ ਸਿੱਖਿਆ ਦਾ ਕੋਈ ਪ੍ਰਬੰਧ ਨਹੀਂ ਸੀ। ਉਲ਼ਟਾ ਜੇ ਕੋਈ ਮਾਰਕਸਵਾਦੀ ਕਲਾਸਿਕ ਦਾ ਅਧਿਐਨ ਕਰਦਾ ਸੀ ਤਾਂ ਕਿਤਾਬ ਪੂਜਾ ਦੀ ਪ੍ਰਵਿਰਤੀ ਦਾ ”ਸ਼ਿਕਾਰ” ਹੋਣ ਲਈ ਅਲੋਚਨਾ ਅਤੇ ਮਜ਼ਾਕ ਦਾ ਪਾਤਰ ਬਣਦਾ ਸੀ। ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਅਤੇ ਪੱਛਮੀਂ ਬੰਗਾਲ ਵਿੱਚ, ਜਿਸ ਹੱਦ ਤੱਕ ਅਤੇ ਜਿਨ੍ਹਾਂ ਰੂਪਾਂ ਵਿੱਚ ਵੀ ਇਨਕਲਾਬੀ ਕਿਸਾਨ ਘੋਲ਼ ਚੱਲ ਰਹੇ ਸਨ, ਉਨ੍ਹਾਂ ਨਾਲ਼ ਵਿਦਿਆਰਥੀਆਂ-ਨੌਜੁਆਨਾਂ ਦੇ ਘੋਲ਼ ਦਾ ਕੋਈ ਨਾਤਾ ਜਾਂ ਤਾਲਮੇਲ਼ ਨਹੀਂ ਸੀ। ਕਲਕੱਤੇ ਦੀ ਵਿਦਿਆਰਥੀ-ਨੌਜੁਆਨ ਲਹਿਰ ਜਦ ਕੁਚਲੀ ਜਾ ਚੁੱਕੀ ਸੀ, ਉਸ ਤੋਂ ਬਾਅਦ ਚਾਰੂ ਮਜੂਮਦਾਰ ਨੇ ‘ਲਿਬਰੇਸ਼ਨ’ (ਜੁਲਾਈ 1971-ਜਨਵਰੀ 1972) ਵਿੱਚ ਲਿਖਿਆ : ”ਅਸੀਂ ਕਲਕੱਤੇ ਅਤੇ ਵੱਖ ਵੱਖ ਸ਼ਹਿਰਾਂ ‘ਤੇ ਹਾਲੇ ਕਬਜ਼ਾ ਨਹੀਂ ਕਰ ਸਕਦੇ ਅਤੇ ਇਹ ਸੰਭਵ ਵੀ ਨਹੀਂ ਹੈ। ਇਸ ਲਈ, ਸ਼ਹਿਰੀ ਇਲਾਕਿਆਂ ਦੇ ਪਾਰਟੀ ਮੈਂਬਰ ਸੱਤ੍ਹਾ ਕਬਜਾ ਕਰਨ ਦੇ ਘੋਲ਼ ਵਿੱਚ ਸਿੱਧੇ ਸ਼ਮੂਲੀਅਤ ਨਹੀਂ ਕਰ ਸਕਦੇ” (‘ਏ ਨੋਟ ਆਨ ਪਾਰਟੀਜ਼ ਵਰਕ ਇਨ ਅਰਬਨ ਏਰੀਆਜ਼’) ਸਾਫ਼ ਹੈ ਕਿ ਬਿਨਾਂ ਕਿਸੇ ਅਲੋਚਨਾਤਮਕ ਲੇਖੇ-ਜੋਖੇ ਦੇ ਚਾਰੂ ਮਜੂਮਦਾਰ ਆਪਣੀ ਪਹਿਲਾਂ ਦੀ ਪੁਜ਼ੀਸ਼ਨ ਤੋਂ ਮੁੜ ਰਹੇ ਸਨ ਅਤੇ ਵਿਦਿਆਰਥੀ-ਨੌਜੁਆਨ ਉਭਾਰ ਦੀ ਅਸਫ਼ਲਤਾ ਦੀ ਜ਼ਿੰਮੇਵਾਰੀ ਤੋਂ ਟਾਲ਼ਾ ਵੱਟ ਰਹੇ ਸਨ। ਇਸ ਨੂੰ ਮੌਕਾਪ੍ਰਸਤੀ ਕਿਹਾ ਜਾਵੇ ਤਾਂ ਇਹ ਅੱਤਕਥਨੀ ਨਹੀਂ ਹੋਵੇਗੀ।

ਉਂਝ ਤਾਂ 1971 ਦੇ ਅੰਤ ਤੱਕ, ”ਖੱਬੀ” ਮਾਅਰਕੇਬਾਜ਼ ਲਾਈਨ ਦੇਸ਼ ਵਿੱਚ ਜਿੱਥੇ ਕਿਤੇ ਵੀ ਜਥੇਬੰਦ ਜਾਂ ਇਕਾ-ਦੁੱਕਾ ਐਕਸ਼ਨ ਵਜੋਂ ਲਾਗੂ ਕਰਨ ਦੀ ਕੋਸ਼ਿਸ਼ ਹੋਈ, ਉਹ ਅਸਫ਼ਲ ਹੋ ਗਈ। ਪਰ ਸ਼੍ਰੀਕਾਕੁਲਮ ਤੋਂ ਬਾਅਦ ਕਲਕੱਤੇ ਦੇ ਵਿਦਿਆਰਥੀ-ਨੌਜੁਆਨ ਉਭਾਰ ਦੌਰਾਨ ਇਸ ਦੀ ਅਸਫ਼ਲਤਾ ਸਭ ਤੋਂ ਸਪੱਸ਼ਟ ਅਤੇ ਘਾਤਕ ਰੂਪ ਵਿੱਚ ਸਾਹਮਣੇ ਆਈ। ਇਹ ਚਾਰੂ ਮਜੂਮਦਾਰ ਦੀ ਲੀਹ ਸੀ, ਜਿਸ ਦੇ ਕਾਰਨ ਹਜ਼ਾਰਾਂ ਵਿਦਿਆਰਥੀਆਂ-ਨੌਜੁਆਨਾਂ ਦੀਆਂ ਕੁਰਬਾਨੀਆਂ ਵਿਅਰਥ ਹੋ ਗਈਆਂ, ਅਸੀਮਤ ਸੰਭਾਵਨਾਵਾਂ ਨਾਲ਼ ਲੈਸ ਨੌਜੁਆਨ ਊਰਜਾ ਬੇਕਾਰ ਚਲੀ ਗਈ ਅਤੇ ਰਾਜਕੀ ਜਬਰ-ਤੰਤਰ ਨੇ ਉਸ ਨੂੰ ਖ਼ੂਨ ਦੀ ਦਲਦਲ ਵਿੱਚ ਡੋਬ ਦਿੱਤਾ।

ਸ਼ਹਿਰੀ ਮਜ਼ਦੂਰ ਜਮਾਤ ‘ਤੇ ਕਮਿਊਨਿਸਟ ਇਨਕਲਾਬੀ ਲਹਿਰ ਦਾ ਪ੍ਰਭਾਵ

1967 ਤੋਂ ਲੈ ਕੇ 1971 ਤੱਕ ਪੂਰੇ ਭਾਰਤ ਅਤੇ ਖਾਸ ਕਰਕੇ ਬੰਗਾਲ-ਬਿਹਾਰ ਦੇ ਸਨਅਤੀ ਮਜ਼ਦੂਰਾਂ ਵਿੱਚ ਇਨਕਲਾਬੀ ਉਭਾਰ ਦੀਆਂ ਲਹਿਰਾਂ ਵਾਰ-ਵਾਰ ਤਿੱਖਾ ਰੂਪ ਧਾਰਨ ਕਰਦੀਆਂ ਰਹੀਆਂ। ਨਾ ਸਿਰਫ਼ ਭਾਕਪਾ, ਸਗੋਂ ਨਵੀਂ ਜਥੇਬੰਦ ਮਾਕਪਾ ਦੇ ਸੋਧਵਾਦੀਆਂ ਦੇ ਵੀ ਵਾਰ-ਵਾਰ ਨੰਗੇ-ਬੇਸ਼ਰਮ ਧੋਖਿਆਂ ਨੇ ਮਜ਼ਦੂਰਾਂ ਦੇ ਵੱਡੇ ਹਿੱਸੇ ਸਾਹਮਣੇ ਇਸ ਸੱਚਾਈ ਨੂੰ ਸਪੱਸ਼ਟ ਕਰ ਦਿੱਤਾ ਸੀ ਕਿ ਆਪਣੀਆਂ ਸਾਰੀਆਂ ਭਰਮਾਉ ਅਤੇ ਗਰਮਾਗਰਮ ਜੁਮਲੇਬਾਜ਼ੀਆਂ ਦੇ ਬਾਵਜੂਦ ਮਾਕਪਾ ਵੀ ਅਸਲ ਵਿੱਚ ਸੰਸਦੀ ਖੱਬੇਪੱਖੀਆਂ ਦਾ ਇੱਕ ਨਵਾਂ ਗ਼ੱਦਾਰ ਗਿਰੋਹ ਹੀ ਹੈ। ਅਜਿਹੇ ਮੌਕੇ ਮਜ਼ਦੂਰਾਂ ਨੂੰ ਇਕ ਇਨਕਲਾਬੀ ਲੀਹ ‘ਤੇ ਲਾਮਬੰਦੀ ਲਈ ਹਲਾਤ ਬਹੁਤ ਹੀ ਸਾਜ਼ਗਾਰ ਸਨ, ਅਤੇ ਉਨ੍ਹਾਂ ਦੀ ਵੱਡੀ ਗਿਣਤੀ ਖੁਦ ਕਮਿਊਨਿਟ ਇਨਕਲਾਬੀ ਲਹਿਰ ਵਲ ਖਿੱਚੀ ਜਾ ਰਹੀ ਸੀ, ਪਰ ”ਖੱਬੀ” ਮਾਅਰਕੇਬਾਜ਼ ਲੀਹ ਦੇ ਉੱਪਰੋਂ ਹੇਠਾਂ ਤੱਕ ਪ੍ਰਭਾਵ ਨੇ ਇਸ ਸੁਨਿਹਰੇ ਇਤਿਹਾਸਕ ਮੌਕੇ ਨੂੰ ਸੋਖਾਲ਼ਿਆਂ ਹੀ ਗੁਆ ਦਿੱਤਾ। ਮਜ਼ਦੂਰ ਘੋਲ਼ ਆਪ-ਮੁਹਾਰੀਆਂ ਹੜਤਾਲਾਂ ਅਤੇ ਭਗੋਲਿਕ ਤੌਰ ‘ਤੇ ਸੀਮਤ ਘੇਰੇ ਵਾਲ਼ੀਆਂ ਥੋੜਚਿਰੀਆਂ ਬਗ਼ਾਵਤਾਂ ਬਾਅਦ ਖਿੰਡ ਗਏ। ”ਖੱਬੀ” ਮਾਅਰਕੇਬਾਜ਼ੀ ਦੇ ਤਬਾਹਕੁੰਨ ਨਤੀਜਿਆਂ ਨੇ ਬੁਰਜੂਆ ਅਤੇ ਸੋਧਵਾਦੀ ਪਾਰਟੀਆਂ ਦੀਆਂ ਟਰੇਡ ਯੂਨੀਅਨਾਂ ਨੂੰ ਇਹ ਮੌਕਾ ਦੇ ਦਿੱਤਾ ਕਿ ਉਹ ਸਨਅਤੀ ਮਜ਼ਦੂਰਾਂ ‘ਤੇ ਆਪਣਾ ਉੱਖੜਦਾ ਪ੍ਰਭਾਵ ਮੁੜ ਤੋਂ ਸਥਾਪਤ ਕਰ ਲੈਣ। ਕਮਿਊਨਿਸਟ ਇਨਕਲਾਬੀ ਲਹਿਰ ਬਾਰੇ ਜੋ ਵੀ ਇਤਿਹਾਸ ਲਿਖਿਆ ਗਿਆ ਹੈ, ਉਸ ਵਿੱਚ ਮਜ਼ਦੂਰ ਲਹਿਰ ਦੇ ਪ੍ਰਭਾਵ ਦੀ ਚਰਚਾ ਬਹੁਤ ਘੱਟ ਦੇਖਣ ਨੂੰ ਮਿਲ਼ਦੀ ਹੈ। ਨਕਸਲਬਾੜੀ ਕਿਸਾਨ ਉਭਾਰ ਤੋਂ ਲੈ ਕੇ 1971 ਤੱਕ ਦੇ ਦੌਰ ਦੇ ਸਨਅਤੀ ਮਜ਼ਦੂਰਾਂ ਦੀਆਂ ਜੁਝਾਰੂ ਲਹਿਰਾਂ ਦੇ ਉਭਾਰ ਅਤੇ ਖਿੰਡਣ ਦਾ ਸਿਲਸਿਲਾ ਇਤਿਹਾਸ ਦਾ ਅਣਗੌਲ਼ਿਆ ਅਤੇ ਵਿੱਸਰਿਆ ਅਧਿਆਏ ਹੈ। ਇਥੇ ਅਸੀਂ ਉਸ ਦੌਰ ਦੀਆਂ ਕੁਝ ਮਹੱਤਵਪੂਰਨ ਘਟਨਾਵਾਂ ਦੀ ਸਿਲਸਿਲੇਵਾਰ ਸੰਖੇਪ ਚਰਚਾ ਕਰਾਂਗੇ, ਤਾਂ ਕਿ ਇਹ ਸਮਝਿਆ ਜਾ ਸਕੇ ਕਿ ਚਾਰੂ ਮਜੂਮਦਾਰ ਦੀ ”ਖੱਬੀ” ਸੰਕੀਰਣਵਾਦੀ ਲੀਹ ਨੇ ਭਾਰਤ ਦੀ ਮਜ਼ਦੂਰ ਲਹਿਰ ਨੂੰ ਕਿੰਨਾ ਨੁਕਸਾਨ ਪਹੁੰਚਾਇਆ ਅਤੇ ਕਿਸ ਤਰ੍ਹਾਂ ਉਸ ਦੀਆਂ ਇਨਕਲਾਬੀ ਸੰਭਾਵਨਾਵਾਂ ਦਾ ਗਲ਼ ਘੁੱਟ ਕੇ ਟ੍ਰੇਡਯੂਨੀਅਨ ਲਹਿਰ ‘ਤੇ ਸੋਧਵਾਦੀਆਂ ਦੇ ਇੱਕਛਤਰ ਗ਼ਲ਼ਬੇ ਦਾ ਰਾਹ ਸਾਫ਼ ਕਰ ਦਿੱਤਾ।

19 ਸੰਤਬਰ, 1968 ਨੂੰ ਡਾਕ-ਤਾਰ ਅਤੇ ਰੇਲਵੇ ਸਮੇਤ ਪੂਰੇ ਦੇਸ਼ ਦੇ ਚਾਲੀ ਲੱਖ ਕੇਂਦਰੀ ਮੁਲਾਜ਼ਮ ਹੜਤਾਲ ‘ਤੇ ਚਲੇ ਗਏ। ਕੇਂਦਰ ਅਤੇ ਰਾਜਾਂ ਦੀਆਂ ਸਰਕਾਰਾਂ ਨੇ ਹੜਤਾਲ ਨੂੰ ਕੁਚਲਣ ਲਈ ਨਿਰੰਕੁਸ਼ ਜ਼ਬਰ ਵਾਲ਼ਾ ਰਵੱਈਆ ਅਪਣਾਇਆ। ਦਸ ਹਜ਼ਾਰ ਤੋਂ ਵੀ ਜ਼ਿਆਦਾ ਮੁਲਾਜ਼ਮ ਅਤੇ ਮਜ਼ਦੂਰ ਬਰਖ਼ਾਸਤ ਜਾਂ ਮੁਅੱਤਲ ਕਰ ਦਿੱਤੇ ਗਏ, ਏਨੇ ਹੀ ਲੋਕਾਂ ਨੂੰ ਜੇਲਾਂ ਵਿੱਚ ਤੁੰਨ ਦਿੱਤਾ ਗਿਆ ਅਤੇ ਦਸ ਮਜ਼ਦੂਰ ਪੁਲਿਸ ਦੀਆਂ ਗੋਲ਼ੀਆਂ ਦੇ ਸ਼ਿਕਾਰ ਹੋਏ। ਸੋਧਵਾਦੀ ਆਗੂਆਂ ਨੇ ਹੜਤਾਲ ਦੌਰਾਨ ਭੰਨਤੋੜ, ਅੰਦਰੋ ਹਮਲੇ ਅਤੇ ਆਤਮ-ਸਮਰਪਣ ਦਾ ਜੋ ਰਵੱਈਆ ਅਪਣਾਇਆ, ਉਸ ਨਾਲ਼ ਕਾਫ਼ੀ ਨੁਕਸਾਨ ਪਹੁੰਚਿਆ ਪਰ ਇਸ ਦਾ ਦੂਸਰਾ ਨਤੀਜਾ ਇਹ ਨਿੱਕਲ਼ਿਆ ਕਿ ਮਜ਼ਦੂਰ ਅਬਾਦੀ ਵਿੱਚ ਮਾਕਪਾ ਦੇ ਨਵੇਂ ਸੋਧਵਾਦੀਆਂ ਦਾ ਮਖੌਟਾ ਵੀ ਕਾਫ਼ੀ ਹੱਦ ਤੱਕ ਉੱਤਰ ਗਿਆ। ਪੱਛਮੀ ਬੰਗਾਲ ਦੇ ਸੋਧਵਾਦੀਆਂ ਦੇ ਵਿਸ਼ਵਾਸਘਾਤ ਕਾਰਨ ਹੜਤਾਲ ‘ਤੇ ਜ਼ਬਰਦਸਤ ਉਲ਼ਟਾ ਪ੍ਰਭਾਵ ਪਿਆ। ਹੜਤਾਲ ਨੂੰ ਕੁਚਲ਼ਣ ਲਈ ਕੇਂਦਰ ਸਰਕਾਰ ਦੁਆਰਾ ਲਾਗੂ ਕਾਲ਼ੇ ਆਰਡੀਨੈਂਸਾਂ ਦੀ ਕੇਰਲ ਦੀ ਸਾਂਝੇ ਮੋਰਚੇ ਦੀ ਸਰਕਾਰ ਦੇ ”ਮਾਰਕਸਵਾਦੀ” ਮੁੱਖ ਮੰਤਰੀ ਨੰਬੂਦਰੀਪਾਦ ਨੇ ਕਥਨੀ ਵਿੱਚ ਤਾਂ ਅਲੋਚਨਾ ਕੀਤੀ, ਪਰ ਕਰਨੀ ਵਿੱਚ ਆਰਡੀਨੈਂਸਾਂ ਨੂੰ ਲਾਗੂ ਕਰਕੇ ਹੋਏ ਉਨ੍ਹਾਂ ਦੀ ਸਰਕਾਰ ਨੇ ਹੜਤਾਲ਼ੀਆਂ ‘ਤੇ 207 ਮੁਕੱਦਮੇ ਦਰਜ ਕੀਤੇ, 233 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਵੱਡੇ ਪੱਧਰ ‘ਤੇ ਉਨ੍ਹਾਂ ‘ਤੇ ਤਾਕਤ ਦੀ ਵਰਤੋਂ ਵੀ ਕੀਤੀ। ਕੇਂਦਰੀ ਮੁਲਾਜ਼ਮਾਂ ਦੀ ਇਸ ਹੜਤਾਲ ਤੋਂ ਪਹਿਲਾਂ 26 ਜੁਲਾਈ 1968 ਨੂੰ ਕੇਰਲ ਸੈਕਟਰੀਏਟ ਦੇ 700 ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਜਦ ਸਮੂਹਿਕ ਅਚਨਚੇਤੀ ਛੁੱਟੀ ਲਈ ਤਾਂ ਨੰਬੂਦਰੀਪਾਦ ਦੀ ਸਰਕਾਰ ਨੇ ਉਨ੍ਹਾਂ ਨੂੰ ਕੁਚਲ਼ਣ ਲਈ ਨਾ ਸਿਰਫ਼ ਹਥਿਆਰਬੰਦ ਪੁਲਿਸ ਦਾ ਸਹਾਰਾ ਲਿਆ, ਸਗੋਂ ਉਨ੍ਹਾਂ ਦੀ ਤਨਖ਼ਾਹ ਕਟੌਤੀ ਅਤੇ ‘ਸਰਵਿਸ ਬ੍ਰੇਕ’ ਦਾ ਨਿਰਦੇਸ਼ ਜਾਰੀ ਕਰ ਦਿੱਤਾ। ਇਸ ਤੋਂ ਵੀ ਪਹਿਲਾਂ, ਮਾਰਚ ਦੇ ਅੰਤ ਅਤੇ ਅਪ੍ਰੈਲ ਦੇ ਸ਼ੁਰੂ ਵਿੱਚ ਕਾਲ਼ੀਕਟ ਵਿੱਚ ਮਾਵੁਟ ਸਥਿਤ ਬਿੜਲਾ ਦੇ ਗਵਾਲੀਅਰ ਰੇਆਨ ਮਿੱਲ ਦੇ ਮਜ਼ਦੂਰਾਂ ਨੇ ਜਦ ਹੜਤਾਲ ਕੀਤੀ ਸੀ ਤਾਂ ਸਰਕਾਰ ਨੇ ਪੁਲਿਸ ਭੇਜ ਕੇ ਉਨ੍ਹਾਂ ਨੂੰ ਖੌਫ਼ਜਦਾ ਕਰਨ ਅਤੇ ਮਾਲਕਾਂ ਦੇ ਪੱਖ ਵਿੱਚ ਸਮਝੌਤੇ ਲਈ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਸੀ।

19 ਸਤੰਬਰ 1968 ਦੀ ਪ੍ਰਤੀਕਾਤਮਕ ਹੜਤਾਲ ਤੋਂ ਬਾਅਦ ਕੇਂਦਰੀ ਮੁਲਾਜ਼ਮਾਂ, ਮਜ਼ਦੂਰਾਂ ਅਤੇ ਡਾਕ-ਤਾਰ ਵਿਭਾਗ ਦੇ ਮੁਲਾਜ਼ਮਾਂ ਨੇ ਜਦ ‘ਨਿਯਮ ਅਨੁਸਾਰ ਕੰਮ ਕਰਨ’ ਦੀ ਯੁੱਧਨੀਤੀ ਅਪਣਾਕੇ ਆਪਣਾ ਘੋਲ਼ ਜਾਰੀ ਰੱਖਿਆ ਤਾਂ ਸੋਧਵਾਦੀ ਪਾਰਟੀਆਂ ਦੇ ਟਰੇਡ ਯੂਨੀਅਨ ਆਗੂ ਕੇਂਦਰ ਸਰਕਾਰ ਦੀ ਮਦਦ ਲਈ ਅੱਗੇ ਆਏ। ਹਰ ਸੰਭਵ ਤਰੀਕੇ ਨਾਲ਼ ਦਬਾਅ ਅਤੇ ਡਰਾ-ਧਮਕਾ ਕੇ ਆਸਰੇ ਉਨ੍ਹਾਂ ਨੇ ਮਜ਼ਦੂਰਾਂ-ਮੁਲਾਜ਼ਮਾਂ ਨੂੰ ਪੈਰ ਪਿੱਛੇ ਖਿੱਚਣ ਲਈ ਮਜ਼ਬੂਰ ਕੀਤਾ। 1967 ਵਿੱਚ ਨਕਸਲਬਾੜੀ ਕਿਸਾਨ ਉਭਾਰ ਨੂੰ ਕੁਚਲ਼ਣ ਵਿੱਚ ਪੂਰੀ ਤਾਕਤ ਝੋਕ ਦੇਣ ਵਾਲ਼ੀ ਪੱਛਮੀਂ ਬੰਗਾਲ ਦੀ ਸਾਂਝੇ ਮੋਰਚੇ ਦੀ ਸਰਕਾਰ ਨੇ ਮਜ਼ਦੂਰਾਂ ਸਬੰਧੀ ਵੀ ਖੁੱਲਾ ਜ਼ਬਰਕਾਰੀ ਰਵੱਈਆ ਅਪਣਾਇਆ। ਇਸ ਨਾਲ਼ ਬਹੁਗਿਣਤੀ ਮਜ਼ਦੂਰ ਅਬਾਦੀ ਸਾਹਮਣੇ ਉਨ੍ਹਾਂ ਦਾ ਖਾਸਾ ਨੰਗਾ ਹੁੰਦਾ ਗਿਆ। ਮਾਕਪਾ ਅਤੇ ਭਾਕਪਾ ਦੇ ਸੋਧਵਾਦੀਆਂ ਨੂੰ ਟਿੱਚ ਜਾਣਦਿਆਂ ਮਜ਼ਦੂਰ ਲਗਾਤਾਰ ਆਪਣੀ ਪਹਿਲਕਦਮੀ ‘ਤੇ ਜੁਝਾਰੂ ਲਹਿਰ ਜਥੇਬੰਦ ਕਰਨ ਲੱਗੇ ਅਤੇ ਮਹੱਤਵਪੂਰਨ ਗੱਲ ਇਹੀ ਸੀ ਕਿ 1970 ਦੇ ਅੰਤ ਤੱਕ ਜ਼ਿਆਦਾਤਰ ਲਹਿਰਾਂ ਵਿੱਚ ਉਨ੍ਹਾਂ ਨੇ ਜਿੱਤ ਹਾਸਲ ਕੀਤੀ। ਪੱਛਮੀਂ ਬੰਗਾਲ ਦੀ ਸਾਂਝੇ ਮੋਰਚੇ ਦੀ ਜਿਸ ਸਰਕਾਰ ਵਿੱਚ ਭਾਕਪਾ ਅਤੇ ਮਾਕਪਾ ਦੋਵੇਂ ਹੀ ਸ਼ਾਮਲ ਸਨ, ਉਸਦੀ ਹਕੂਮਤ ਦੌਰਾਨ, ਮਾਰਚ ਤੋਂ ਸਤੰਬਰ 1967 ਵਿੱਚ ਰਾਜ ਵਿੱਚ ਕੁੱਲ 1,20,000 ਮਜ਼ਦੂਰਾਂ ਦੀ ਛਾਂਟੀ ਹੋਈ (‘ਯੁੱਗਾਂਤਰ’, 19 ਨਵੰਬਰ, 1967)। ਉਪ-ਮੁੱਖਮੰਤਰੀ ਜੋਤੀ ਬਸੂ ਨੇ ਬੇਸ਼ਰਮੀ ਨਾਲ਼ ਇਹ ਬਿਆਨ ਦਿੱਤਾ ਕਿ ਉਹ ਹੜਤਾਲ ਅਤੇ ਤਾਲਾਬੰਦੀ ਨਹੀਂ, ਸਗੋਂ ਜਾਇਜ਼ ਸਮਝੌਤਾ ਚਾਹੁੰਦੇ ਹਨ (‘ਸਟੇਟਸਮੈਨ’, 6 ਅਕਤੂਬਰ, 1967)। ਸੋਧਵਾਦੀਆਂ ਦੇ ਇਨ੍ਹਾਂ ਕੁਕਰਮਾਂ ਕਾਰਨ ਮਜ਼ਦੂਰਾਂ ਦੀ ਵੱਡੀ ਅਬਾਦੀ ਆਪਣੇ ਆਪ ਉਨ੍ਹਾਂ ਤੋਂ ਦੂਰ ਹੁੰਦੀ ਜਾ ਰਹੀ ਸੀ। ਉੱਨਤ ਚੇਤਨਾ ਵਾਲ਼ੇ ਮਜ਼ਦੂਰ ਕਮਿਊਨਿਸਟ ਇਨਕਲਾਬੀ ਧਾਰਾ ਵਲ ਤੇਜ਼ੀ ਨਾਲ਼ ਖਿੱਚੇ ਜਾ ਰਹੇ ਸਨ, ਪਰ 1968 ਦੇ ਮਗਰਲੇ ਅੱਧ ਤੱਕ ਏਆਈਸੀਸੀਆਰ ਵਿੱਚ ”ਖੱਬੀ” ਮਾਅਰਕੇਬਾਜ਼ੀ ਲੀਹ ਹਾਵੀ ਹੋ ਚੁੱਕੀ ਸੀ ਜੋ ਟਰੇਡ ਯੂਨੀਅਨ ਕੰਮਾਂ ਨੂੰ ਹੀ ਸੋਧਵਾਦ ਮੰਨਦੀ ਸੀ ਅਤੇ ਹਰ ਤਰ੍ਹਾਂ ਦੀ ਲੋਕ-ਕਾਰਵਾਈ ਦੇ ਖਿਲਾਫ਼ ਸੀ। ਨਤੀਜਾ ਇਹ ਹੋਇਆ ਕਿ ਸਮਾਂ ਰਹਿੰਦੇ ਇੱਕ ਬਹੁਤ ਹੀ ਜ਼ਿਆਦਾ ਸਾਜ਼ਗਾਰ ਹਾਲਤ ਦਾ ਵੀ ਫਾਇਦਾ ਨਹੀਂ ਉਠਾਇਆ ਜਾ ਸਕਿਆ ਅਤੇ ਇਕ ਇਤਿਹਾਸਕ ਮੌਕਾ ਹੱਥੋਂ ਨਿੱਕਲ਼ ਗਿਆ। ਉਸ ਵੇਲੇ ਦੇ ਪੂਰੇ ਦ੍ਰਿਸ਼ ਅਤੇ ਮਜ਼ਦੂਰ ਲਹਿਰ ਦੇ ਮੂਡ-ਮਿਜਾਜ਼ ਨੂੰ ਸਮਝਣ ਲਈ ਸਿਰਫ਼ ਕੁਝ ਹੋਰ ਘਟਨਾਵਾਂ ਦਾ ਜ਼ਿਕਰ ਕਾਫ਼ੀ ਹੋਵੇਗਾ।

ਫਰਵਰੀ, 1970 ਵਿੱਚ ਦੱਖਣ-ਪੂਰਬੀ ਰੇਲਵੇ ਵਿੱਚ ਅਚਾਨਕ ਹੜਤਾਲਾਂ ਅਤੇ ਭੰਨਤੋੜ ਦੀਆਂ ਕਈ ਘਟਨਾਵਾਂ ਵਾਪਰੀਆਂ। ਇਨ੍ਹਾਂ ਘਟਨਾਵਾਂ ਵਿੱਚ ਜਥੇਬੰਦਕ ਰੂਪ ਵਿੱਚ ਭਾਕਪਾ (ਮ-ਲ) ਦੀ ਕੋਈ ਭੂਮਿਕਾ ਨਹੀਂ ਸੀ, ਫਿਰ ਵੀ ‘ਸਟੇਟਸਮੈਨ’ ਨੇ ਆਪਣੀ ਇਕ ਰਿਪੋਰਟ ਵਿੱਚ ਇਹ ਸ਼ੱਕ ਜਾਹਰ ਕੀਤਾ ਸੀ ਕਿ ਦੱਖਣ-ਪੂਰਬੀ ਰੇਲਵੇ ਦੇ ਮੁਲਾਜ਼ਮਾਂ ਵਿੱਚ ਕੁਝ ”ਅੱਤਵਾਦੀ ਤੱਤਾਂ” ਦਾ ਪ੍ਰਭਾਵ ਵਧ ਗਿਆ ਹੈ ਜੋ ਖਾਸ ਕਰਕੇ ਰਾਂਚੀ-ਜਮਸ਼ੇਦਪੁਰ ਬੈਲਟ ਵਿੱਚ ਰੇਲ ਸੰਚਾਲਨ ਨੂੰ ਰੋਕ ਦੇਣਾ ਚਾਹੁੰਦੇ ਹਨ। ਇਨ੍ਹਾਂ ਰੇਲ ਮਜ਼ਦੂਰਾਂ ਦੀ ਜਥੇਬੰਦਕ ਤਾਕਤ ਦੇਸ਼ ਦੇ ਅਰਥਚਾਰੇ ਨੂੰ ਤਹਿਸ ਨਹਿਸ ਕਰਨ ਵਿੱਚ ਕਿੰਨੀ ਪ੍ਰਭਾਵਸ਼ਾਲੀ ਹੋ ਸਕਦੀ ਸੀ, ਇਸ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਉਸ ਵੇਲ਼ੇ ਪੂਰਬੀ ਅਤੇ ਦੱਖਣ-ਪੂਰਬੀ ਰੇਲਵੇ ਰਾਹੀਂ ਹੀ ਦੇਸ਼ ਦਾ 60 ਫੀਸਦੀ ਮਾਲ ਢੋਇਆ ਜਾਂਦਾ ਸੀ ਅਤੇ ਕਲੱਕਤਾ, ਦੁਰਗਾਪੁਰ, ਆਸਨਸੋਲ, ਜਮਸ਼ੇਦਪੁਰ ਆਦਿ ਸਿਰਕੱਢ ਸਨਅਤੀ ਕੇਂਦਰਾਂ ਨੂੰ ਇਹੀ ਦੋਵੇਂ ਰੇਲਵੇ ਜੋੜਦੀਆਂ ਸਨ।

ਜੁਲਾਈ, 1970 ਵਿੱਚ ਉੱਤਰ-ਪੂਰਬੀ ਸੀਮਾਂਤ ਰੇਲਵੇ ਦੇ ਮਜ਼ਦੂਰ ਅਤੇ ਮੁਲਾਜ਼ਮ ਅਚਾਨਕ ਹੜਤਾਲ਼ ‘ਤੇ ਚਲੇ ਗਏ। ਉਹ ਸਿਲੀਗੁੜੀ ਪੁਲਿਸ ਸਟੇਸ਼ਨ ਦੇ ਇੱਚਾਰਜ ਦੇ ਕਤਲ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਲੋਕਾਂ ਦੀ ਰਿਹਾਈ ਦੀ ਮੰਗ ਕਰ ਰਹੇ ਸਨ। ਸਿਲੀਗੁੜੀ ਰੇਲਵੇ ਜੰਕਸ਼ਨ ਤੋਂ ਸ਼ੁਰੂ ਹੋਈ ਇਹ ਹੜਤਾਲ ਛੇਤੀਂ ਹੀ ਦੂਜੇ ਇਲਾਕਿਆਂ ਵਿੱਚ ਵੀ ਫੈਲ ਗਈ ਅਤੇ ਉੱਤਰ-ਪੂਰਬੀ ਭਾਰਤ  ਦਾ ਪੂਰਾ ਰੇਲ-ਢਾਂਚਾ ਠੱਪ ਹੋ ਗਿਆ। ਰੇਲ ਮੰਤਰੀ ਨੰਦਾ ਦੁਆਰਾ ਫੌਜ ਲਗਾਉਣ ਦੀ ਧਮਕੀ, ਸੀਮਾ ਸੁਰੱਖਿਆ ਬਲ ਅਤੇ ਈਸਟਰਨ ਫ਼੍ਰੰਟੀਅਰ ਰਾਇਫ਼ਲਸ ਦੀ ਮਦਦ ਨਾਲ਼ ਰੇਲਾਂ  ਚਲਾਉਣ ਦੀਆਂ ਕੋਸ਼ਿਸ਼ਾਂ ਅਤੇ ਭਾਕਪਾ-ਮਾਕਪਾ ਦੇ ਟ੍ਰੇਡ ਯੂਨੀਅਨ ਗੱਦੀਨਸ਼ੀਨਾਂ ਦੀਆਂ ਜੀ-ਤੋੜ ਕੋਸ਼ਿਸ਼ਾਂ ਦੇ ਬਾਵਜੂਦ ਹੜਤਾਲ ਜਾਰੀ ਰਹੀ। ਡਾਕ-ਤਾਰ ਵਿਭਾਗ ਅਤੇ ਰਾਜ ਬਿਜਲੀ ਬੋਰਡ ਦੇ ਮੁਲਾਜ਼ਮਾਂ ਅਤੇ ਸਿਲੀਗੁੜੀ ਦੇ ਵਿਦਿਆਰਥੀਆਂ ਨੇ ਹੜਤਾਲ ਨਾਲ਼ ਪੂਰੀ ਇਕਜੁੱਟਤਾ ਦਿਖਾਈ। ‘ਸਟੇਟਸਮੈਨ’ ਅਖ਼ਬਾਰ ਨੇ 2 ਅਗਸਤ ਦੇ ਆਪਣੇ ਸੰਪਾਦਕੀ ਵਿੱਚ ਇਹ ਖਦਸ਼ਾ ਜਾਹਿਰ ਕੀਤਾ ਕਿ ਹੜਤਾਲ ਦੀ ਅਗਵਾਈ ਲਗਦਾ ਹੈ ”ਭੂਮੀਗਤ ਦਹਿਸ਼ਤਗਰਦ” ਕਰ ਰਹੇ ਹਨ। ਅੰਤ ਵਿੱਚ, ਗਿਆਰਾਂ ਦਿਨਾਂ ਤੱਕ ਚੱਲੀ ਇਹ ਹੜਤਾਲ ਵੀ ਤਦ ਹੀ ਖ਼ਤਮ ਹੋਈ, ਜਦ ਸਰਕਾਰ ਨੇ ਗੋਡੇ ਟੇਕਦੇ ਹੋਏ ਹੜਤਾਲੀ ਮਜ਼ਦੂਰਾਂ ਦੀਆਂ ਮੰਗਾਂ ਮੰਨ ਲਈਆਂ।

ਜੁਲਾਈ, 1970 ਵਿੱਚ ਹੀ ਦੱਖਣ-ਪੂਰਬੀ ਰੇਲਵੇ ਵਿੱਚ ਵੀ ਇਕ ਵੱਡੀ ਹੜਤਾਲ ਹੋਈ। 26 ਜੁਲਾਈ ਨੂੰ ਆਦਰਾ ਰੇਲਵੇ ਸਟੇਸ਼ਨ ‘ਤੇ ਪੁਲਿਸ ਦੁਆਰਾ ਕੁਝ ਰੇਲ ਮਜ਼ਦੂਰਾਂ ਦੀ ਕੁੱਟਮਾਰ ਦੇ ਵਿਰੋਧ ਵਿੱਚ ਅਚਾਨਕ ਹੜਤਾਲ ਦੀ ਸ਼ੁਰੂਆਤ ਹੋਈ। ਆਦਰਾ ਡਿਵੀਜ਼ਨ ਤੋਂ ਸ਼ੁਰੂ ਹੋਈ ਇਸ ਹੜਤਾਲ ਵਿੱਚ ਚੱਕਰਧਰਪੁਰ ਅਤੇ ਖੜਗਪੁਰ ਡਿਵੀਜ਼ਨਾਂ ਦੇ ਰੇਲ ਮਜ਼ਦੂਰ ਵੀ ਸ਼ਾਮਲ ਹੋ ਗਏ ਅਤੇ ਭਾਰਤ ਦੇ ਸਮੁੱਚੇ ਦੱਖਣ-ਪੂਰਬੀ ਹਿੱਸੇ ਦਾ ਰੇਲ ਸੰਚਾਲਨ ਤਹਿਸ ਨਹਿਸ ਹੋ ਗਿਆ। ਸਰਕਾਰ ਦੇ ਝੁਕਣ ਤੋਂ ਬਾਅਦ ਹੀ ਰੇਲ ਮਜ਼ਦੂਰ ਕੰਮ ਤੇ ਵਾਪਸ ਪਰਤੇ। ਮੁੜ 1 ਅਗਸਤ, 1970 ਨੂੰ ਭਿਲਾਈ ਮਾਰਸ਼ਲਿੰਗ ਯਾਰਡ ਦੇ ਕੁਝ ਮਜ਼ਦੂਰਾਂ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਦੱਖਣ-ਪੂਰਬੀ ਰੇਲਵੇ ਦੇ ਬਿਲਾਸਪੁਰ ਡਿਵੀਜ਼ਨ ਦੇ ਮਜ਼ਦੂਰਾਂ ਨੇ ਹੜਤਾਲ ਕਰ ਦਿੱਤੀ। 6-7 ਅਗਸਤ ਨੂੰ ਚੱਕਰਧਰਪੁਰ, ਆਦਰਾ, ਖ੍ਰਦਾ ਰੋਡ ਅਤੇ ਖੜਗਪੁਰ ਡਿਵੀਜਨ ਦੇ ਰੇਲ ਮਜ਼ਦੂਰ ਵੀ ਹੜਤਾਲ ਵਿੱਚ ਸ਼ਾਮਲ ਹੋ ਗਏ। ਇਹ ਹੜਤਾਲ ਵੀ ਤਦ ਹੀ ਖ਼ਤਮ ਹੋਈ ਜਦ ਸਰਕਾਰ ਨੇ ਗ੍ਰਿਫ਼ਤਾਰ ਮਜ਼ਦੂਰਾਂ ਨੂੰ ਰਿਹਾਅ ਕਰਨ ਦੀ ਮੰਗ ਮੰਨ ਲਈ।

ਮਜ਼ਦੂਰਾਂ ਦੀਆਂ ਇਹ ਸਾਰੀਆਂ ਹੜਤਾਲਾਂ ਆਰਥਿਕ ਮੰਗਾਂ ਨੂੰ ਲੈ ਕੇ ਨਹੀਂ ਸਨ, ਸਗੋ ਸਿਆਸੀ ਖਾਸੇ ਦੀਆਂ ਸਨ। ਇਹ ਸਾਰੀਆਂ ਹੜਤਾਲਾਂ ਸਥਾਪਤ ਯੂਨੀਅਨਾਂ ਦੀ ਅਗਵਾਈ (ਜੋ ਬੁਰਜੂਆ ਅਤੇ ਸੋਧਵਾਦੀ ਪਾਰਟੀਆਂ ਨਾਲ਼ ਸਬੰਧਤ ਸਨ) ਦੇ ਖਿਲਾਫ਼ ਬਗ਼ਾਵਤ ਕਰਕੇ ਹੋਈਆਂ ਸਨ। ਇਸ ਦੇ ਜੁਆਬ ਵਿੱਚ ਟ੍ਰੇਡ ਯੂਨੀਅਨਾਂ ਦੇ ਸੋਧਵਾਦੀ ਆਗੂਆਂ ਨੇ ਬੌਖਲਾਹਟ ਵਿੱਚ ਜੋ ਕਦਮ ਉਠਾਏ, ਉਨ੍ਹਾਂ ਨਾਲ਼ ਮਜ਼ਦੂਰਾਂ ਦੀਆਂ ਨਿਗਾਹਾਂ ਸਾਹਮਣੇ ਉਨ੍ਹਾਂ ਦਾ ਖਾਸਾ ਹੋਰ ਜ਼ਿਆਦਾ ਨੰਗਾ ਹੋਇਆ। ਭਾਕਪਾ ਦੇ ਟ੍ਰੇਡ ਯੂਨੀਅਨ ਆਗੂ ਇੰਦਰਜੀਤ ਗੁਪਤ ਨੇ ਮਜ਼ਦੂਰਾਂ ਦੀਆਂ ਅਚਾਨਕ ਹੜਤਾਲਾਂ ਦੀ ਬੇਸ਼ਰਮ ਅਲੋਚਨਾ ਕਰਦੇ ਹੋਏ ਸਰਕਾਰ ਨੂੰ ਇਹ ਲਿਖਤੀ ਅੰਡਰਟੇਕਿੰਗ ਦਿੱਤੀ ਕਿ ਉਹ ਭਵਿੱਖ ਵਿੱਚ ਮਜ਼ਦੂਰਾਂ ਦੀ ‘ਵਾਈਲ਼ਡਕੈਟ ਸਟ੍ਰਾਈਕਸ’ ਨੂੰ ਰੋਕਣ ਦੀ ਹਰ ਸੰਭਵ ਕੋਸ਼ਿਸ਼ ਕਰਨਗੇ। ਜੋਤੀ ਬਸੂ ਨੇ ਇਹ ਬਿਆਨ ਦਿੱਤਾ ਕਿ ਉਹ ਹੜਤਾਲ ਨਹੀਂ ਸਗੋਂ ਖੁਸ਼ਗਵਾਰ ਸਮਝੌਤੇ ਦੇ ਪੱਖ ਵਿੱਚ ਹਨ। ਕਲਕੱਤੇ ਦੇ ਸਨਅਤੀ ਮਜ਼ਦੂਰਾਂ ਵਿੱਚ ਸੋਧਵਾਦੀਆਂ ਦੇ ਖਿਲਾਫ਼ ਨਫ਼ਰਤ ਅਤੇ ਗੁੱਸੇ ਦੀ ਕਾਂਗ ਤਾਂ ਹੋਰ ਜ਼ਿਆਦਾ ਪ੍ਰਚੰਡ ਸੀ। ਮਜ਼ਦੂਰ ਆਪ-ਮੁਹਾਰੇ ਢੰਗ ਨਾਲ਼ ਭਾਕਪਾ (ਮ-ਲ), ਕਮਿਊਨਿਸਟ ਇਨਕਲਾਬੀ ਲਹਿਰ ਅਤੇ ਕਿਸਾਨ ਘੋਲ਼ਾਂ ਨਾਲ਼ ਇਕਜੁੱਟਤਾ ਜਾਹਰ ਕਰ ਰਹੇ ਸਨ। ਲੋੜ ਬੱਸ ਇਸ ਗੱਲ ਦੀ ਸੀ ਕਿ ਉਨ੍ਹਾਂ ਨੂੰ ਇੱਕ ਸੁਨਿਸ਼ਚਿਤ ਇਨਕਲਾਬੀ ਜਨਤਕ ਲੀਹ ਦੇ ਅਧਾਰ ‘ਤੇ ਜਥੇਬੰਦ ਕੀਤਾ ਜਾਂਦਾ ਅਤੇ ਠੋਸ ਕਾਰਜ ਦੱਸਿਆ ਜਾਂਦਾ, ਜੋ ਨਾ ਹੋ ਸਕਿਆ। 1970 ਵਿਚ ਉੱਤਰੀ ਕਲਕੱਤਾ ਸਥਿਤ ਰਾਜ ਸਰਕਾਰ ਦੇ ਅਦਾਰੇ ਸੈਂਟਰਲ ਡੇਅਰੀ ਵਿੱਚ ਵੀ ਇੱਕ ਮਹੱਤਵਪੂਰਨ ਹੜਤਾਲ ਹੋਈ। ਉਕਤ ਡੇਅਰੀ ਦੇ ਇਕ ਮਜ਼ਦੂਰ ‘ਤੇ ਕਲਕੱਤਿਉਂ ਬਾਹਰ ਜਾਂਦੇ ਸਮੇਂ ਮਾਕਪਾ ਦੇ ਗੁੰਡਿਆਂ ਨੇ ਘਾਤਕ ਹਮਲਾ ਕੀਤਾ ਅਤੇ ਬੁਰੀ ਤਰ੍ਹਾਂ ਜਖ਼ਮੀ ਕਰਨ ਤੋਂ ਬਾਅਦ ਉਸ ਨੂੰ ਪੁਲਿਸ ਨੂੰ ਸੌਂਪ ਦਿੱਤਾ। ਇਹ ਖ਼ਬਰ ਮਿਲ਼ਦੇ ਹੀ ਡੇਅਰੀ ਦੇ ਸਾਰੇ ਮਜ਼ਦੂਰ ਹੜਤਾਲ ‘ਤੇ ਚਲੇ ਗਏ। ਹੜਤਾਲ ਤਦ ਹੀ ਖ਼ਤਮ ਹੋਈ ਜਦ ਡੇਅਰੀ ਦੇ ਪ੍ਰਬੰਧਕ ਗ੍ਰਿਫ਼ਤਾਰ ਮਜ਼ਦੂਰ ਨੂੰ ਰਿਹਾਅ ਕਰਾਕੇ ਉਸ ਦੇ ਸਾਥੀਆਂ ਵਿੱਚ ਲਿਆਏ। 1970 ਤੋਂ ਲੈ ਕੇ 1971 ਦੇ ਪਹਿਲੇ ਅੱਧ ਤੱਕ ਕਲਕੱਤੇ ਅਤੇ ਆਲ਼ੇ ਦੁਆਲ਼ੇ ਦੇ ਸਨਅਤੀ ਇਲਾਕਿਆਂ ਵਿੱਚ, ਕੇਜੀ ਡਾਕਸ ਤੋਂ ਲੈ ਕੇ ਸਟ੍ਰੈਡ ਰੋਡ ਤੱਕ ਪੂਰੇ ਕੋਰਟ ਏਰੀਆ ਵਿੱਚ, ਤਾਰਾਤਲਾ-ਹਾਈਟ ਰੋਡ ਦੇ ਖੇਤਰ ਵਿੱਚ ਅਤੇ ਕਲਕੱਤਾ ਟ੍ਰਾਮ ਵੇ ਕੰਪਨੀ, ਗਡ੍ਰੇਨ ਰੀਚ ਵਰਕਸ (ਭਾਰਤ ਸਰਕਾਰ ਦਾ ਸੁਰੱਖਿਆ ਪੈਦਾਵਾਰ ਕਾਰਖ਼ਾਨਾ) ਅਤੇ ਕਾਸ਼ੀਪੁਰ ਗੰਨ ਐਂਡ ਸ਼ੈੱਲ ਫੈਕਟਰੀ (ਕੇਂਦਰ ਸਰਕਾਰ ਦਾ ਅਦਾਰਾ) ਦੇ ਹੈਡਕੁਆਟਰਾਂ ‘ਤੇ – ਚਾਰੇ ਪਾਸੇ ਲਾਲ ਝੰਡੇ ਝੁੱਲਦੇ ਦੇਖੇ ਜਾ ਸਕਦੇ ਸਨ। ਪੁਲਿਸ ਜੇ ਉਨ੍ਹਾਂ ਨੂੰ ਉਤਾਰਦੀ ਵੀ ਸੀ ਤਾਂ ਮਜ਼ਦੂਰ ਉਨ੍ਹਾਂ ਨੂੰ ਫਿਰ ਲਗਾ ਦਿੰਦੇ ਸਨ। ਪਾਰਟੀ ਅਗਵਾਈ ਦੇ ਕਿਸੇ ਹੁਕਮ ਦੀ ਉਡੀਕ ਕੀਤੇ ਬਿਨਾਂ ਮਜ਼ਦੂਰ ਸਥਾਨਕ ਭਾਕਪਾ (ਮ-ਲ) ਕਾਰਕੁਨਾਂ ਦੀ ਅਗਵਾਈ ਵਿੱਚ ਇਸ ਕੰਮ ਨੂੰ ਨੇਪਰੇ ਚਾੜ ਰਹੇ ਸਨ। ਸੋਧਵਾਦੀ ਪਾਰਟੀਆਂ ਦੇ ਟ੍ਰੇਡ ਯੂਨੀਅਨ ਦਫ਼ਤਰ ਉਜਾੜ ਪਏ ਰਹਿੰਦੇ ਸਨ। ਪੁਲਿਸ ਉਨ੍ਹਾਂ ਦੀ ਚੌਕੀਦਾਰੀ ਕਰਦੀ ਰਹਿੰਦੀ ਸੀ। ਮਾਕਪਾ ਦੇ ਗੁੰਡੇ ਪੁਲਿਸ ਦੀ ਮਦਦ ਨਾਲ਼ ਬਾਗ਼ੀ ਮਜ਼ਦੂਰਾਂ ਅਤੇ ਭਾਕਪਾ (ਮ-ਲ) ਦੇ ਕਾਰਕੁਨਾਂ ‘ਤੇ ਅਕਸਰ ਹਮਲੇ ਕਰਦੇ ਸਨ ਅਤੇ ਮਜ਼ਦੂਰ ਮ-ਲ ਸਫ਼ਾਂ ਦੁਆਰਾ ਉਨ੍ਹਾਂ ਦਾ ਪੁਰਜ਼ੋਰ ਵਿਰੋਧ ਅਤੇ ਜੁਆਬੀ ਕਾਰਵਾਈਆਂ ਵੀ ਹੁੰਦੀਆਂ ਰਹਿੰਦੀਆਂ ਸਨ। ਕਲੱਕਤੇ ਦੀ ਵਿਦਿਆਰਥੀ-ਨੌਜੁਆਨ ਲਹਿਰ ਵਿੱਚ ਸ਼ਹਿਰੀ ਛਾਪਾਮਾਰ ਯੁੱਧ ਦੇ ਨਾਂ ‘ਤੇ ਸਫਾਏ ਅਤੇ ਹਥਿਆਰ ਖੋਹਣ ਦੀ ਲੀਹ ਦੇ ਪੂਰੀ ਤਰ੍ਹਾਂ ਹਾਵੀ ਹੋ ਜਾਣ ਅਤੇ ਰਾਜਸੱਤ੍ਹਾ ਦੇ ਜ਼ਬਰ ਦੀ ਵਹਿਸ਼ਤ ਸਿਖ਼ਰ ‘ਤੇ ਪਹੁੰਚ ਜਾਣ ਤੋਂ ਪਹਿਲਾਂ, ਜਦ ਸੜਕਾਂ ‘ਤੇ ਲੋਕ-ਉਭਾਰ ਜਿਹਾ ਮਾਹੌਲ ਸੀ ਤਦ ਮਜ਼ਦੂਰਾਂ ਅਤੇ ਨਿੱਕ-ਬੁਰਜੂਆ ਨੌਜੁਆਨਾਂ ਵਿੱਚ ਜੁਝਾਰੂ ਇਕਜੁੱਟਤਾ ਦੀਆਂ ਮਿਸਾਲਾਂ ਆਏ ਦਿਨ ਦੇਖਣ ਨੂੰ ਮਿਲ਼ਦੀਆਂ ਸਨ। ਉੱਤਰੀ ਕਲਕੱਤਾ ਸਥਿਤ ਕਾਸ਼ੀਪੁਰ ਦੇ ਐਸਪੀ ਇੰਜਨੀਅਰਿੰਗ ਕੰਪਨੀ ਵਿੱਚ  ਲੰਮੇ ਸਮੇਂ ਤੋਂ ਤਾਲਬੰਦੀ ਸੀ। 9 ਅਗਸਤ, 1970 ਨੂੰ ਮਾਲਕਾਂ ਨੇ ਪੁਲਿਸ ਨਾਲ ਗੰਢ-ਤੁੱਪ ਕਰਕੇ ਜਦ ਕਾਰਖ਼ਾਨੇ ‘ਚੋਂ ਮਸ਼ੀਨਾਂ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਭਾਕਪਾ (ਮ-ਲ) ਕਾਰਕੁਨਾਂ ਦੀ ਅਗਵਾਈ ਵਿੱਚ ਆਲ਼ੇ ਦੁਆਲ਼ੇ ਦੀਆਂ ਝੁੱਗੀਆਂ ਵਿੱਚ ਰਹਿਣ ਵਾਲ਼ੇ ਮਜ਼ਦੂਰਾਂ ਦੇ ਨਾਲ਼ ਹੀ ਵਿਦਿਆਰਥੀਆਂ ਦੀ ਵੱਡੀ ਗਿਣਤੀ ਮੈਦਾਨ ਵਿੱਚ ਆ ਡਟੀ। ਪੁਲਿਸ ਦੁਆਰਾ ਕਈ ਰਾਉਂਡ ਗੋਲ਼ੀ ਚਲਾਉਣ ਤੋਂ ਬਾਅਦ ਵੀ ਮਜ਼ਦੂਰ ਅਤੇ ਵਿਦਿਆਰਥੀ-ਨੌਜੁਆਨ ਪਿੱਛੇ ਨਹੀਂ ਹਟੇ ਅਤੇ ਮਾਲਕਾਂ ਦੀਆਂ ਆਸਾਂ ਨੂੰ ਬੂਰ ਨਾ ਪੈ ਸਕਿਆ। ਅਗਸਤ, 1970 ਦੀ ਸ਼ੁਰੂਆਤ ਵਿੱਚ ਜਦ ਸਮੀਰ ਭੱਟਾਚਾਰੀਆ ਨਾਮੀ ਯੁਵਾ ਕਮਿਊਨਿਸਟ ਇਨਕਲਾਬੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਅਤੇ ਹਵਾਲਾਤ ਵਿੱਚ ਤਸੀਹੇ ਦੇ ਕੇ ਮਾਰ ਦਿੱਤਾ ਤਾਂ ਤਿੰਨ ਦਿਨਾਂ ਤੱਕ ਪੂਰੇ ਕਲਕੱਤੇ ਦੇ ਜਨਜੀਵਨ ਨੂੰ ਠੱਪ ਕਰ ਦੇਣ ਅਤੇ ਸੜਕਾਂ ‘ਤੇ ਦਲੇਰਾਨਾ ਢੰਗ ਨਾਲ਼ ਪੁਲਿਸ ਅਤੇ ਅਰਧ-ਸੈਨਿਕ ਦਸਤਿਆਂ ਦਾ ਵੀਰਤਾ ਨਾਲ਼ ਸਾਹਮਣਾ ਕਰਨ ਵਿੱਚ ਵਿਦਿਆਰਥੀਆਂ-ਨੌਜੁਆਨਾਂ ਨਾਲ਼ ਮੋਢੇ ਨਾਲ਼ ਮੋਢਾ ਜੋੜਕੇ ਮਜ਼ਦੂਰਾਂ ਦੀ ਬਹੁਤ ਵੱਡੀ ਗਿਣਤੀ ਡਟੀ ਰਹੀ।

1970-71 ਦੌਰਾਨ ਪੱਛਮੀਂ ਬੰਗਾਲ ਅਤੇ ਬਿਹਾਰ ਦੇ ਰਾਜ ਬਿਜਲੀ ਬੋਰਡਾਂ ਅਤੇ ਦਮੋਦਰ ਘਾਟੀ ਨਿਗਮ ਵਿਚ ਲਗਾਤਾਰ ਕਈ ਹੜਤਾਲਾਂ ਹੋਈਆਂ। ਇਨ੍ਹਾਂ ‘ਚੋਂ ਚਾਰ ਵੱਡੇ ਪੱਧਰ ਦੀਆਂ ਹੜਤਾਲਾਂ ਸਨ, ਜਿਨ੍ਹਾਂ ਵਿੱਚ ਵੱਡੇ ਪੱਧਰ ‘ਤੇ ਭੰਨਤੋੜ ਹੋਈ ਅਤੇ ਪਲਾਂਟ ਅਤੇ ਮਸ਼ੀਨਰੀ ਦੇ ਢਾਂਚੇ ਨੂੰ ਨੁਕਸਾਨ ਪਹੁੰਚਾਇਆ ਗਿਆ। ਪੁਲਿਸ ਨੂੰ ਸ਼ੱਕ ਸੀ ਕਿ ਇਨ੍ਹਾਂ ਹੜਤਾਲਾਂ ਦੇ ਪਿੱਛੇ ”ਨਕਸਲਵਾਦੀ” ਸਰਗਰਮ ਹਨ, ਜਦ ਕਿ ਸੱਚਾਈ ਇਹ ਸੀ ਕਿ ਇਨ੍ਹਾਂ ਵਿੱਚ ਭਾਕਪਾ (ਮ-ਲ) ਅਗਵਾਈ ਦੀ ਕੋਈ ਭੂਮਿਕਾ ਨਹੀਂ ਸੀ। 20 ਜੂਨ, 1970 ਨੂੰ ਦੁਰਗਾਪੁਰ ਸਥਿਤ ਹਿੰਦੁਸਤਾਨ ਸਟੀਲ ਪਲਾਂਟ ਦੇ ਇਕ ਠੇਕੇਦਾਰ ਨੇ ਜਦ ਪੰਜ ਮਜ਼ਦੂਰਾਂ ਦੀ ਛਾਂਟੀ ਕਰ ਦਿੱਤੀ ਤਾਂ ਫੌਰਨ ਠੇਕੇਦਾਰ ਦੇ ਸਾਰੇ ਮਜ਼ਦੂਰਾਂ ਨੇ ਮੈਨੇਜਰ ਅਤੇ ਇੱਕ ਹੋਰ ਅਧਿਕਾਰੀ ਦਾ ਘਿਰਾਓ ਕਰ ਦਿੱਤਾ। ਮਾਕਪਾ ਅਤੇ ਐਸਯੂਸੀਆਈ ਦੇ ਲੋਕਾਂ ਨੇ ਘਿਰਾਓ ਖ਼ਤਮ ਕਰਾਉਣ ਦੀਆਂ ਜੀ ਤੋੜ ਕੋਸ਼ਿਸ਼ਾਂ ਕੀਤੀਆਂ, ਪਰ ਮਜ਼ਦੂਰਾਂ ਨੇ ਉਨ੍ਹਾਂ ਨੂੰ ਭਜਾ ਦਿੱਤਾ। ਫਿਰ ਉਹ ਪੁਲਿਸ ਨੂੰ ਲੈ ਕੇ ਆਏ, ਪਰ ਪੁਲਿਸ ਵੀ ਅਸਫ਼ਲ ਰਹੀ। ਅੰਤ ਵਿੱਚ ਈਸਟਰਨ ਫ਼ਰੰਟੀਅਰ ਰਾਈਫ਼ਲਜ ਦੇ ਜੁਆਨ ਤਿੰਨ ਟਰੱਕ ਭਰਕੇ ਆਏ ਅਤੇ ਉਨ੍ਹਾਂ ਨੇ ਦੋਵਾਂ ਅਧਿਕਾਰੀਆਂ ਨੂੰ ਘਿਰਾਓ ‘ਚੋਂ ਬਾਹਰ ਕੱਢਿਆ। ਮਜ਼ਦੂਰਾਂ ਦੀ ਲਹਿਰ ਫਿਰ ਵੀ ਜਾਰੀ ਰਹੀ। ਆਖ਼ਰਕਾਰ, ਪ੍ਰਬੰਧਕਾਂ ਨੂੰ ਬਿਨਾਂ ਸ਼ਰਤ ਸਾਰੇ ਬਰਖ਼ਾਸਤ ਮਜ਼ਦੂਰਾਂ  ਨੂੰ ਕੰਮ ‘ਤੇ ਵਾਪਸ ਰੱਖਣਾ ਪਿਆ।

ਉਪਰੋਕਤ ਤਫ਼ਸੀਲ ਦੇ ਅਧਾਰ ‘ਤੇ 1967 ਤੋਂ 1971 ਦੌਰਾਨ, ਖਾਸ ਕਰਕੇ ਬੰਗਾਲ ਵਿੱਚ ਅਤੇ ਆਮ ਤੌਰ ‘ਤੇ ਕੇਰਲ, ਬਿਹਾਰ ਸਮੇਤ ਭਾਰਤ ਦੇ ਜ਼ਿਆਦਾਤਰ ਸਨਅਤੀ ਖੇਤਰਾਂ ਵਿੱਚ ਮਜ਼ਦੂਰਾਂ ਵਿੱਚ ਫੈਲੀ ਢਾਂਚੇ-ਵਿਰੋਧੀ ਚੇਤਨਾ ਅਤੇ ਸੋਧਵਾਦੀਆਂ ਦੇ ਟ੍ਰੇਡ ਯੂਨੀਅਨਵਾਦ-ਅਰਥਵਾਦ ਦੇ ਖਿਲਾਫ਼ ਬਗ਼ਾਵਤ ਦੀ ਉਨ੍ਹਾਂ ਦੀ ਭਾਵਨਾ ਦਾ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ। 1970 ਤੱਕ ”ਪਿੰਡ ਅਧਾਰਤ ਪਾਰਟੀ” ਦੀ ਅਗਵਾਈ ਵਿੱਚ ਪਿੰਡਾਂ ਵਿੱਚ ਛਾਪਾਮਾਰ ਘੋਲ਼ ਦੇ ਨਾਂ ‘ਤੇ ਸਫਾਇਆ ਮੁਹਿੰਮ ‘ਤੇ ਹੀ ਸਾਰਾ ਜ਼ੋਰ ਦੇਣ ਕਾਰਨ ਏਆਈਸੀਸੀਆਰ ਅਤੇ ਫਿਰ ਭਾਕਪਾ (ਮ-ਲ) ਦੀ ਅਗਵਾਈ ਵਿੱਚ ਭਾਰੂ ਚਾਰੂ ਮਜੂਮਦਾਰ ਦੇ ”ਖੱਬੀ” ਅੱਤਵਾਦੀ ਜੁੰਡੀ  ਨੇ ਸ਼ਹਿਰੀ ਮਜ਼ਦੂਰਾਂ ਦੇ ਘੋਲ਼ਾਂ ‘ਤੇ ਕੋਈ ਧਿਆਨ ਹੀ ਨਹੀਂ ਦਿੱਤਾ। ਜਨਤਕ ਲੀਹ ਦੇ ਹਮਾਇਤੀ ਅਤੇ ਸ਼ਹਿਰੀ ਮਜ਼ਦੂਰਾਂ ਵਿੱਚ ਕੰਮ ਕਰ ਚੁੱਕੇ ਅਸਿਤ ਸੇਨ ਅਤੇ ਪਰਿਮਲ ਦਾਸਗੁਪਤ ਜਿਹੇ ਲੋਕ ਤਾਂ ਪਾਰਟੀ ਕਾਂਗਰਸ ਤੋਂ ਪਹਿਲਾਂ ਦੀ ਬਾਹਰ ਕੱਢੇ ਜਾ ਚੁੱਕੇ ਸਨ ਅਤੇ ਹਰ ਤਰ੍ਹਾਂ ਦੀ ਲੋਕ ਜਥੇਬੰਦੀ ਬਨਾਉਣ, ਲੋਕ ਲਹਿਰਾਂ ਖੜ੍ਹੀਆਂ ਕਰਨ ਅਤੇ ਖੁੱਲੇ ਆਰਥਿਕ-ਸਿਆਸੀ ਘੋਲ਼ਾਂ ਨੂੰ ਸੋਧਵਾਦ ਗ਼ਰਦਾਨਿਆ ਜਾ ਚੁੱਕਿਆ ਸੀ। ਕਾਂਗਰਸ ਤੋਂ ਠੀਕ ਪਹਿਲਾਂ, ਮਾਰਚ 1970 ਵਿੱਚ ਮਜ਼ਦੂਰ ਜਮਾਤ ਦੇ ਨਾਂ ਆਪਣੇ ਸੰਦੇਸ਼ ਵਿੱਚ ਚਾਰੂ ਮਜੂਮਦਾਰ ਨੇ ਉਸ ਦਾ ਇੱਕੋ-ਇੱਕ ਕਾਰਜ ਇਹ ਦੱਸਿਆ ਕਿ ਉਸ ਨੂੰ ਇਨਕਲਾਬ ਦੇ ਹਿਰਾਵਲ ਵਜੋਂ ਅੱਗੇ ਆ ਕੇ ਪਿੰਡਾਂ ਵਿੱਚ ਹਥਿਆਰਬੰਦ ਕਿਸਾਨ ਘੋਲ਼ ਨੂੰ ਅਗਵਾਈ ਦੇਣੀ ਚਾਹੀਦੀ ਹੈ ਅਤੇ ਭਾਕਪਾ (ਮ-ਲ) ਦੇ ਆਲ਼ੇ-ਦੁਆਲ਼ੇ ਲਾਮਬੰਦ ਹੋਣਾ ਚਾਹੀਦਾ ਹੈ। ਜ਼ਹਿਰ ਹੈ ਕਿ ਸਾਰੇ ਮਜ਼ਦੂਰ ਪਿੰਡਾਂ ਵਿੱਚ ਹਥਿਆਰਬੰਦ ਘੋਲ਼ ਵਿੱਚ ਸ਼ਾਮਲ ਹੋਣ ਨਹੀਂ ਜਾ ਸਕਦੇ ਸਨ। ਇਸ ਤਰ੍ਹਾਂ, ਚਾਰੂ ਦੇ ਹਿਸਾਬ ਨਾਲ਼, ਬਹੁਗਿਣਤੀ ਸਨਅਤੀ ਮਜ਼ਦੂਰਾਂ ਦੀ ਇਨਕਲਾਬ ਵਿੱਚ ਕੋਈ ਭੂਮਿਕਾ ਹੀ ਨਹੀਂ ਬਣਦੀ ਸੀ। ਇਸੇ ਮਹੀਨੇ ਪ੍ਰਕਾਸ਼ਤ ਸਨਅਤੀ ਪ੍ਰੋਲੇਤਾਰੀ ਵਿੱਚ ਕੰਮ ਕਰਨ ਵਾਲ਼ੇ ਪਾਰਟੀ ਕਾਰਕੁਨਾਂ ਨੂੰ ਸੰਬੋਧਤ ਇੱਕ ਹੋਰ ਲੇਖ ਵਿੱਚ ਚਾਰੂ ਮਜੂਮਦਾਰ ਨੇ ਮਜ਼ਦੂਰਾਂ ਵਿੱਚ ਗੁਪਤ ਪਾਰਟੀ ਜਥੇਬੰਦੀ ਬਣਾਉਣ ‘ਤੇ ਜ਼ੋਰ ਦਿੰਦੇ ਹੋਏ ਲਿਖਿਆ ਕਿ ਪਾਰਟੀ ਦਾ ਕੰਮ ਟ੍ਰੇਡ ਯੂਨੀਅਨਾਂ ਜਥੇਬੰਦ ਕਰਨਾ ਨਹੀਂ ਹੈ, ਪਰ ਮਜ਼ਦੂਰਾਂ ਦੁਆਰਾ ਛੇੜੇ ਗਏ ਹਰ ਘੋਲ਼ ਨੂੰ ਉਸ ਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਹੈ। ਨਾਲ਼ ਹੀ ਉਨ੍ਹਾਂ ਨੇ ਇਹ ਵੀ ਲਿਖਿਆ ਕਿ ਜਥੇਬੰਦ ਸਰਮਾਏਦਾਰ ਜਮਾਤ ਦੇ ਤਾਲਬੰਦੀ ਅਤੇ ਛਾਂਟੀ ਜਿਹੇ ਹਮਲਿਆਂ ਦਾ ਮੁਕਾਬਲਾ ਹੁਣ ਹੜਤਾਲ ਜਿਹੇ ਹਥਿਆਰਾਂ ਨਾਲ਼ ਨਹੀਂ ਕੀਤਾ ਜਾ ਸਕਦਾ, ਘੋਲ਼ ਹੁਣ ਬਿਨਾਂ ਖ਼ੂਨ ਵਹਾਉਣ ਦੇ, ਸ਼ਾਂਤੀਪੂਰਨ ਢੰਗ ਨਾਲ਼ ਵਿਕਸਤ ਨਹੀਂ ਹੋ ਸਕਦਾ ਅਤੇ ਮਜ਼ਦੂਰਾਂ ਨੂੰ ਹੁਣ ਘਿਰਾਓ, ਬੈਰੀਕੇਡ ਘੋਲ਼ਾਂ, ਪੁਲਿਸ ਅਤੇ ਸਰਮਾਏਦਾਰਾਂ ਨਾਲ਼ ਟਕਰਾਅ ਅਤੇ ਜਮਾਤੀ ਦੁਸ਼ਮਣਾਂ ਅਤੇ ਉਨ੍ਹਾਂ ਦੇ ਏਜੰਟਾਂ ਦੇ ਸਫ਼ਾਏ ਰਾਹੀਂ ਆਪਣੇ ਘੋਲ਼ਾਂ ਨੂੰ ਅੱਗੇ ਲਿਜਾਣਾ ਪਵੇਗਾ। ਚਾਰੂ ਨੇ ਵਾਰ-ਵਾਰ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਮਜ਼ਦੂਰਾਂ ਨੂੰ ਆਰਥਕ ਅਤੇ ਰੋਜ਼ਮਰ੍ਹਾ ਦੇ ਘੋਲ਼ਾਂ ਵਿੱਚ ਉਲਝਾਉਣ ਦੀ ਥਾਂ ਉਨ੍ਹਾਂ ਵਿੱਚ ਅਪਮਾਨਜਨਕ ਗ਼ੁਲਾਮੀ ਦੇ ਖਿਲਾਫ਼ ਆਤਮ-ਸਨਮਾਨ ਦੀ ਭਾਵਨਾ ਜਗਾਉਣੀ ਚਾਹੀਦੀ ਹੈ। ਅਜਿਹਾ ਹੋ ਜਾਣ ‘ਤੇ ਉਹ ਦਲੇਰ, ਜੁਝਾਰੂ ਇਨਕਲਾਬੀ ਬਣ ਜਾਣਗੇ। 1970 ਦੀਆਂ ਰੇਲ ਹੜਤਾਲਾਂ ਦੇ ਕਾਫ਼ੀ ਸਮੇਂ ਬਾਅਦ ਚਾਰੂ ਮਜੂਮਦਾਰ ਨੇ ਉਨ੍ਹਾਂ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਇਹ ਮਜ਼ਦੂਰ ਜਮਾਤ ‘ਤੇ ਨੌਜੁਆਨ ਉਭਾਰ ਦਾ ਪ੍ਰਭਾਵ ਹੈ ਅਤੇ ਇਹ ਹੜਤਾਲਾਂ ਮਜ਼ਦੂਰ ਲਹਿਰ ਦੇ ਨਵੇਂ ਯੁੱਧ ਦੀ ਸ਼ੁਰੂਆਤ ਕਰਦੀਆਂ ਹਨ, ਕਿਉਂਕਿ ਇਨ੍ਹਾਂ ਵਿੱਚ ਮਜ਼ਦੂਰ ਜਮਾਤ ਕਿਸੇ ਆਰਥਕ ਮੰਗ ਲਈ ਨਹੀਂ ਸਗੋਂ ਆਤਮ-ਸਨਮਾਨ ਲਈ ਲੜ ਰਹੀ ਸੀ।

1970-71 ਦੌਰਾਨ, ਚਾਰੂ ਮਜੂਮਦਾਰ ਦੇ ਸੱਦੇ ‘ਤੇ ਅਮਲ ਕਰਦੇ ਹੋਏ ਦੁਰਗਾਪੁਰ ਅਤੇ ਆਸਨਸੋਲ ਦੇ ਕੁਝ ਸਨਅਤੀ ਮਜਦੂਰਾਂ ਨੇ ਛਾਪਾਮਾਰ ਦਸਤੇ ਬਣਾਕੇ ਹਥਿਆਰ ਖੋਹਣ, ਸਫ਼ਾਇਆ ਕਰਨ ਅਤੇ ਫ਼ੈਕਟਰੀਆਂ ‘ਤੇ ਲਾਲ ਝੰਡਾ ਲਗਾਉਣ ਜਿਹੀਆਂ ਕੁਝ ਕਾਰਵਾਈਆਂ ਨੂੰ ਨੇਪਰੇ ਵੀ ਚਾੜ੍ਹਿਆ ਸੀ, ਪਰ ਇਹ ਕਾਰਵਾਈਆਂ ਵਿਆਪਕ ਮਜ਼ਦੂਰ ਜਮਾਤ ਨੂੰ ਚੇਤੰਨ ਜਾਂ ਪ੍ਰਭਾਵਤ ਕਰਨ ਵਿੱਚ ਅਸਫ਼ਲ ਰਹੀਆਂ ਅਤੇ ਅਜਿਹੇ ਦਸਤੇ ਛੇਤੀਂ ਹੀ ਖਿੰਡ ਗਏ। 1970 ਦੇ ਅੰਤ ਵਿੱਚ ਕਲਕੱਤੇ ਦੇ ਵਿਦਿਆਰਥੀ-ਨੌਜੁਆਨ ਉਭਾਰ ਦੀਆਂ ਸੀਮਤਾਈਆਂ ਨੂੰ ਮਹਿਸੂਸ ਕਰਦੇ ਹੋਏ ਚਾਰੂ ਮਜੂਮਦਾਰ ਨੇ ਇੱਕ ਕਾਮਰੇਡ ਨੂੰ ਸੰਬੋਧਤ ਇੱਕ ਚਿੱਠੀ ਵਿੱਚ ਲਿਖਿਆ ਸੀ ਕਿ ਇਹ ਸੋਚਣਾ ਸਹੀ ਨਹੀਂ ਹੋਵੇਗਾ ਕਿ ਨਿੱਕ-ਬੁਰਜੂਆ ਜਮਾਤ ਕਦੀ ਡਰੇਗੀ ਨਹੀਂ। ਛੇਤੀਂ ਹੀ ਉਹ ਸਮਾਂ ਆਵੇਗਾ ਜਦ ਸਿਰਫ਼ ਮਜ਼ਦੂਰ ਜਮਾਤ ਹੀ ਸਾਡੀ ਹਿਫ਼ਾਜ਼ਤ ਕਰ ਸਕੇਗੀ। ਉਨ੍ਹਾਂ ਨੇ ਇਹ ਵੀ ਲਿਖਿਆ ਕਿ ਸਿਰਫ਼ ‘ਐਕਸ਼ਨਸ’ ਸਿਆਸੀ ਚੇਤਨਾ ਦੇ ਪੱਧਰ ਨੂੰ ਆਪਣੇ ਆਪ ਉੁੱਪਰ ਨਹੀਂ ਉਠਾ ਸਕਦੇ ਅਤੇ ਸਾਨੂੰ ਸ਼ਹਿਰੀ ਮਜ਼ਦੂਰਾਂ ਅਤੇ ਗ਼ਰੀਬਾਂ ਵਿੱਚ ਪਾਰਟੀ ਇਕਾਈਆਂ ਦੀ ਉਸਾਰੀ ਨੂੰ ਇੱਕ ਮਹੱਤਵਪੂਰਨ ਕਾਰਜ ਵਜੋਂ ਹੱਥ ਵਿੱਚ ਲੈਣਾ ਪਵੇਗਾ। ਗ਼ੌਰ ਕਰਨ ਵਾਲ਼ੀ ਗੱਲ ਹੈ ਕਿ ਇੱਥੇ ਵੀ ਚਾਰੂ ਮਜ਼ਦੂਰਾਂ ਵਿੱਚ ਸਿਰਫ਼ ਪਾਰਟੀ ਉਸਾਰੀ ‘ਤੇ ਜ਼ੋਰ ਦੇ ਰਹੇ ਸਨ, ਲੋਕ ਕਾਰਵਾਈਆਂ ਅਤੇ ਟ੍ਰੇਡ ਯੂਨੀਅਨ ਕਾਰਜਾਂ ਨੂੰ ਜਥੇਬੰਦ ਕਰਨ ਦਾ ਉਨ੍ਹਾਂ ਨੇ ਕੋਈ ਜ਼ਿਕਰ ਤੱਕ ਨਹੀਂ ਕੀਤਾ। 1971 ਦੇ ਅੰਤ ਤੱਕ ਕਲਕੱਤੇ ਦਾ ਵਿਦਿਆਰਥੀ-ਨੌਜੁਆਨ ਉਭਾਰ ਖਿੰਡ ਚੁੱਕਿਆ ਸੀ ਅਤੇ ਮਜ਼ਦੂਰ ਲਹਿਰ ਦੀ ਕਾਂਗ ਵੀ ਨਿਵਾਣ ‘ਤੇ ਸੀ ਅਤੇ ਚਾਰੂ ਮਜੂਮਦਾਰ ਵੀ ਇਹ ਪ੍ਰਵਾਨ ਕਰ ਚੁੱਕੇ ਸਨ ਕਿ ਫ਼ਿਲਹਾਲ ਕਲਕੱਤੇ ਜਾਂ ਕਿਸੇ ਵੀ ਦੂਜੇ ਸ਼ਹਿਰ ‘ਤੇ ਕਬਜ਼ਾ ਕਰ ਸਕਣਾ ਸੰਭਵ ਨਹੀਂ ਹੈ। ਉਸ ਵੇਲੇ ਇਕ ਬਾਰ ਫਿਰ ਚਾਰੂ ਮਜੂਮਦਾਰ ਨੇ ‘ਸ਼ਹਿਰੀ  ਇਲਾਕਿਆਂ ਵਿੱਚ ਪਾਰਟੀ ਦੇ ਕੰਮ ਬਾਰੇ’ (18 ਨਵੰਬਰ 1971) ਸਿਰਲੇਖ ਵਾਲ਼ੀ ਆਪਣੀ ਟਿੱਪਣੀ ਵਿੱਚ ਮਜ਼ਦੂਰ ਜਮਾਤ ਅੰਦਰ ਜ਼ਿਆਦਾ ਤੋਂ ਜ਼ਿਆਦਾ ਇਕਾਈਆਂ ਬਣਾਉਣ, ਉਸ ਦੀ ਸਿਆਸੀ ਚੇਤਨਾ ਵਧਾਉਣ ਅਤੇ ਉਸ ਵਿੱਚ  ਪਾਰਟੀ ਜਥੇਬੰਦਕ ਤਿਆਰ ਕਰਨ ‘ਤੇ ਜ਼ੋਰ ਦਿੰਦੇ ਹੋਏ ਲਿਖਿਆ ਸੀ : ”ਮਜ਼ਦੂਰ ਜਮਾਤ ਲਗਾਤਾਰ ਛੋਟੇ-ਵੱਡੇ ਅਨੇਕਾਂ ਘੋਲ਼ ਕਰ ਰਹੀ ਹੈ। ਸਾਡੀ ਸਿਆਸੀ ਸਿੱਖਿਆ ਉਨ੍ਹਾਂ ਦੇ ਘੋਲ਼ ਦੀ ਮਦਦ ਕਰੇਗੀ ਅਤੇ ਮਜ਼ਦੂਰਾਂ ਦੇ ਵਿਆਪਕ ਹਿੱਸੇ ਨੂੰ ਸਾਡੀ ਸਿਆਸਤ ਵੱਲ ਖਿੱਚ ਲਿਆਵੇਗੀ। ਜਮਾਤ ਚੇਤੰਨ ਮਜ਼ਦੂਰ ਤਦ ਸਵੈ-ਇੱਛਾ ਨਾਲ਼ ਪੇਂਡੂ ਇਲਾਕਿਆਂ ਵਿੱਚ ਜਾ ਕੇ ਕਿਸਾਨਾਂ ਦੇ ਹਥਿਆਰਬੰਦ ਘੋਲ਼ ਵਿੱਚ ਹਿੱਸਾ ਲੈਣਗੇ। ਇਸੇ ਤਰ੍ਹਾਂ ਮਜ਼ਦੂਰ-ਕਿਸਾਨਾਂ ਦੀ ਮਜ਼ਬੂਤ ਏਕਤਾ ਸਥਾਪਤ ਹੋਵੇਗੀ।” ਗ਼ੌਰ ਕਰਨ ਵਾਲ਼ੀ ਗੱਲ ਹੈ ਕਿ ਇਥੇ ਵੀ ਚਾਰੂ ਮਜੂਮਦਾਰ ਦੀ ਸੋਚ ਵਿੱਚ ਮਜ਼ਦੂਰ ਜਮਾਤ ਦੀਆਂ ਆਪਣੀਆਂ ਜਮਾਤੀ (ਆਰਥਕ ਅਤੇ ਸਿਆਸੀ) ਮੰਗਾਂ ‘ਤੇ ਲੋਕ-ਲਹਿਰ ਜਥੇਬੰਦ ਕਰਨ ਅਤੇ ਟ੍ਰੇਡ ਯੂਨੀਅਨ ਕਾਰਜਾਂ ਵਿੱਚ ਪਾਰਟੀ ਦੀ ਆਗੂ ਭੂਮਿਕਾ ਦੀ ਕੋਈ ਥਾਂ ਨਹੀਂ ਹੈ। ਮਜ਼ਦੂਰਾਂ ਦੇ ਘੋਲ਼ਾਂ ਵਿੱਚ ਮਦਦ ਕਰਨ ਤੋਂ ਇਲਾਵਾ ਸਿਆਸੀ ਸਿੱਖਿਆ ਦਾ ਇਕੋ ਇੱਕ ਮਕਸਦ ਉਹ ਮਜ਼ਦੂਰਾਂ ਨੂੰ ਇਨਕਲਾਬੀ ਸਿਆਸਤ ਦੇ ਪ੍ਰਭਾਵ ਵਿੱਚ ਲਿਆਉਣਾ ਮੰਨਦੇ ਸਨ, ਤਾਂ ਕਿ ਮਜ਼ਦੂਰ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਦੇ ਹਥਿਆਰਬੰਦ ਘੋਲ਼ ਵਿੱਚ ਸ਼ਮੂਲੀਅਤ ਕਰ ਸਕਣ। ਸਾਫ਼ ਹੈ ਕਿ ਇਹ ਨਜ਼ਰੀਆ ਮਜ਼ਦੂਰ ਲਹਿਰ ਵਿੱਚ ਪਾਰਟੀ ਦੀ ਭੂਮਿਕਾ ਦੀ ਲੈਨਿਨਵਾਦੀ ਸਮਝ ਦੇ ਪੂਰੀ ਤਰ੍ਹਾਂ ਉਲ਼ਟ ਸੀ। ਇਹ ਨਜ਼ਰੀਆ ਨਰੋਦਵਾਦੀ ਦਹਿਸ਼ਤਗਰਦ ਨਜ਼ਰੀਏ ਨਾਲ਼ ਕਾਫ਼ੀ ਹੱਦ ਤੱਕ ਮੇਲ਼ ਖਾਂਦਾ ਸੀ।

1967-71 ਦੌਰਾਨ ਭਾਰਤੀ ਬੁਰਜੂਆ ਢਾਂਚੇ ਅਤੇ ਸੋਧਵਾਦੀਆਂ ਦੀ ਨਫ਼ਰਤ ਯੋਗ ਆਰਥਿਕਤਾਵਾਦੀ-ਟ੍ਰੇਡ ਯੂਨੀਅਨਵਾਦੀ ਸਿਆਸਤ ਦੇ ਖਿਲਾਫ਼ ਭਾਰਤੀ ਮਜ਼ੂਦਰ ਜਮਾਤ ਦੇ ਸਮੂਹਿਕ ਮਨੁੱਖਤਾ ਵਿੱਚ ਬਗ਼ਾਵਤ ਦੀ ਜੋ ਪਰਲੋਕਾਰੀ ਭਾਵਨਾ ਅੰਗੜਾਈ ਲੈ ਰਹੀ ਸੀ ਅਤੇ ਆਪ-ਮੁਹਾਰੇ ਤਿੱਖੇ ਘੋਲ਼ਾਂ ਦੇ ਰੂਪ ਵਿੱਚ ਫੁੱਟ ਕੇ ਸਾਹਮਣੇ ਆ ਰਹੀ ਸੀ, ਉਸ ਨੂੰ ਭਾਰਤ ਦੀ ਇਨਕਲਾਬੀ ਲਹਿਰ ਜੇ ਆਪਣੇ ਪ੍ਰਭਾਵ ਵਿੱਚ ਨਾ ਲੈ ਸਕੀ ਅਤੇ ਇਕ ਇਤਿਹਾਸਕ ਮੌਕੇ ਦਾ ਫ਼ਾਇਦਾ ਉਠਾਉਣ ਤੋਂ ਉੱਕ ਗਈ ਤਾਂ ਇਸ ਦਾ ਬੁਨਿਆਦੀ ਕਾਰਨ ”ਖੱਬਾ” ਮਾਅਰਕੇਬਾਜ਼ ਕੁਰਾਹਾ ਸੀ, ਜਿਸਦੇ ਸੂਤਰਧਾਰ ਅਤੇ ਆਗੂ ਚਾਰੂ ਮਜੂਮਦਾਰ ਸਨ।

“ਪਰ੍ਤੀਬੱਧ”, ਅੰਕ 26, ਜਨਵਰੀ 2016 ਵਿਚ ਪਰ੍ਕਾਸ਼ਿ

ਇਸ਼ਤਿਹਾਰ