ਨਕਸਲਬਾੜੀ ਅਤੇ ਬਾਅਦ ਦੇ ਚਾਰ ਦਹਾਕੇ : ਇੱਕ ਪਿੱਛਲਝਾਤ -ਦੀਪਾਯਨ ਬੋਸ

3

(ਇਹ ਲੇਖ ਪਹਿਲਾਂ ‘ਪ੍ਰਤੀਬੱਧ’ ਬੁਲੇਟਿਨ-9 (ਅਪ੍ਰੈਲ-ਜੂਨ 2008) ਵਿੱਚ ਛਪ ਚੁੱਕਾ ਹੈ। ਪਾਠਕਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਇਹ ਲੇਖ ਦੁਬਾਰਾ ਪ੍ਰਕਾਸ਼ਿਤ ਕਰ ਰਹੇ ਹਾਂ। -ਸੰਪਾਦਕ)

ਕੁੱਝ ਚੀਜ਼ਾਂ ਧੱਕ ਦਿੱਤੀਆਂ ਗਈਆਂ ਹਨ
ਹਨ੍ਹੇਰੇ ਵਿੱਚ
ਉਹਨਾਂ ਨੂੰ ਬਾਹਰ ਲੈ ਆਣਾ ਹੈ,
ਜੜ੍ਹਾਂ ਤੱਕ ਜਾਣਾ ਹੈ
ਅਤੇ ਉੱਥੋਂ ਉੱਪਰ ਉੱਠਣਾ ਹੈ
ਡਾਲੀਆਂ ਨੂੰ ਫੈਲਾਉਂਦੇ ਹੋਏ
ਅਕਾਸ਼ ਵੱਲ।
ਸਦੀ ਦੇ ਇਸ ਕੋਨੇ ਤੋਂ
ਉਠਾਉਣੀ ਹੈ ਫਿਰ ਅਵਾਜ਼
‘ਮੁਕਤੀ’ ਸ਼ਬਦ ਨੂੰ
ਇੱਕ ਘਸਿਆ ਹੋਇਆ ਸਿੱਕਾ ਹੋਣ ਤੋਂ
ਬਚਾਉਣਾ ਹੈ।
ਲੋਕਾਂ ਦੀ ਲੁਕੀ-ਅਗਿਆਤ ਪ੍ਰਤਿਭਾ ਤੱਕ ਜਾਣਾ ਹੈ
ਜੋ ਜੜ੍ਹ-ਨਿਰਜੀਵ ਚੀਜ਼ਾਂ ਨੂੰ
ਸਰਗ਼ਰਮ ਜੀਵਨ ਵਿੱਚ ਰੁਪਾਂਤਰਿਤ ਕਰੇਗੀ
ਇੱਕ ਵਾਰ ਫਿਰ।
ਜੀਵਨ ਤੋਂ ਅਪਹਰਤ ਚੀਜ਼ਾਂ ਦੀ
ਬਰਾਮਦਗੀ ਹੋਵੇਗੀ ਇੱਕ ਨਾ ਇੱਕ ਦਿਨ।
ਅਕਾਸ਼ ਨੂੰ ਪ੍ਰਾਪਤ ਹੋਵੇਗਾ
ਉਸਦਾ ਨੀਲਾਪਣ,
ਰੁੱਖਾਂ ਨੂੰ ਉਹਨਾਂ ਦਾ ਹਰਾਪਣ,
ਗਲੇਸ਼ੀਅਰ ਨੂੰ ਉਸਦੀ ਚਮਕ
ਅਤੇ ਸੂਰਜ ਉਦੈ ਨੂੰ ਉਸਦੀ ਲਾਲੀ
ਤੇਰੇ ਖੂਨ ਤੋਂ…….
 (ਸ਼ਸ਼ੀ ਪਰ੍ਕਾਸ਼)

ਇਤਿਹਾਸ ਦੀਆਂ ਕੁਝ ਇੱਕ ਹਾਰੀਆਂ ਗਈਆਂ ਲੜਾਈਆਂ ਅਜਿਹੀਆਂ ਵੀ ਹਨ ਜਿਹਨਾਂ ਨੇ ਦੇਸ਼-ਵਿਦੇਸ਼ ਦੇ ਜੀਵਨ ਅਤੇ ਭਵਿੱਖ ਦੀ ਦਿਸ਼ਾ ਨੂੰ ਜਿੱਤੀਆਂ ਗਈਆਂ ਲੜਾਈਆਂ ਦੀ ਤੁਲਨਾ ਵਿੱਚ ਘੱਟ ਨਹੀਂ, ਸਗੋਂ ਕਦੇ-ਕਦੇ ਤਾਂ ਕੁਝ ਜ਼ਿਆਦਾ ਹੀ ਪ੍ਰਭਾਵਿਤ ਕੀਤਾ। ਅਜਿਹੀਆਂ ਥੋੜ੍ਹ-ਚਿਰੀਆਂ ਘਟਨਾਵਾਂ ਧੂਮਕੇਤੂ ਵਾਂਗ ਦੁਮੇਲ ‘ਤੇ ਪ੍ਰਗਟ ਹੋਈਆਂ ਅਤੇ ਅਲੋਪ ਹੋ ਗਈਆਂ, ਪਰ ਲੋਕ-ਯਾਦਾਂ ਵਿੱਚ ਆਪਣੀ ਅਮਿੱਟ ਜਗ੍ਹਾ ਸੁਰੱਖਿਅਤ ਕਰ ਗਈਆਂ ਅਤੇ ਆਉਣ ਵਾਲ਼ੀਆਂ ਪੀੜੀਆਂ ਨੂੰ ਲੰਮੇ ਸਮੇਂ ਤੱਕ, ਇਤਿਹਾਸ-ਉਸਾਰੀ ਲਈ ਅੱਗੇ ਕਦਮ ਵਧਾਉਣ ਲਈ ਪ੍ਰੇਰਿਤ ਕਰਦੀਆਂ ਰਹੀਆਂ। 1967 ਦਾ ਨਕਸਲਬਾੜੀ ਕਿਸਾਨ-ਉਭਾਰ ਭਾਰਤੀ ਇਤਿਹਾਸ ਦੇ ਅਜ਼ਾਦੀ ਤੋਂ ਬਾਅਦ ਦੇ ਦੌਰ ਦੀ ਇੱਕ ਅਜਿਹੀ ਹੀ ਮਹਾਨ ਇਤਿਹਾਸਕ ਘਟਨਾ ਸੀ।

ਨਕਸਲਬਾੜੀ ਦਾ ਇਨਕਲਾਬੀ ਲੋਕ-ਉਭਾਰ ਇੱਕ ਇਤਿਹਾਸਕ ਧਮਾਕੇ ਵਾਂਗ ਵਾਪਰਿਆ ਜਿਸਨੇ ਭਾਰਤੀ ਹਾਕਮ ਜਮਾਤ ਦੇ ਪਿਛਾਖੜੀ ਕਿਰਦਾਰ ਅਤੇ ਨੀਤੀਆਂ ਨੂੰ ਇੱਕ ਝਟਕੇ ਨਾਲ਼ ਨੰਗਾ ਕਰਨ ਦੇ ਨਾਲ਼ ਹੀ ਭਾਰਤ ਦੀ ਕਮਿਊਨਿਸਟ ਪਾਰਟੀ ਅਤੇ ਭਾਰਤ ਦੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਸਮੇਤ ਸੋਧਵਾਦ ਅਤੇ ਸੰਸਦਮਾਰਗੀ ਖੱਬੇਪੱਖ ਦੇ ਵਿਸ਼ਵਾਸ਼ਘਾਤੀ ਲੋਕ-ਵਿਰੋਧੀ ਕਿਰਦਾਰ ਨੂੰ ਨੰਗਾ ਕਰਦੇ ਹੋਏ ਭਾਰਤ ਦੇ ਕਿਰਤੀ ਲੋਕਾਂ ਨੂੰ ਇਹ ਸੁਨੇਹਾ ਦਿੱਤਾ ਕਿ ਮਜ਼ਦੂਰ ਇਨਕਲਾਬ ਦੇ ਹਿਰਾਵਲ ਦਸਤੇ ਦੀ ਉਸਾਰੀ ਅਤੇ ਗਠਨ ਦੇ ਕੰਮ ਨੂੰ ਨਵੇਂ ਸਿਰਿਓਂ ਹੱਥ ਵਿੱਚ ਲੈਣਾ ਹੋਵੇਗਾ। ਨਕਸਲਬਾੜੀ ਦੇ ਫ਼ੌਰਨ ਬਾਅਦ, ਮਜ਼ਦੂਰ ਜਮਾਤ ਦੀ ਇੱਕ ਕੁੱਲ ਭਾਰਤ ਪਾਰਟੀ ਦੇ ਗਠਨ ਦੀ ਦਿਸ਼ਾ ਵਿੱਚ ਤੂਫ਼ਾਨੀ ਸਰਗਰਮੀਆਂ ਨਾਲ਼ ਇੱਕ ਨਵੀਂ ਸ਼ੁਰੂਆਤ ਹੋਈ, ਪਰ ਜਲਦੀ ਹੀ ਇਹ ਨਵੀਂ ਸ਼ੁਰੂਆਤ ”ਖੱਬੇਪੱਖੀ” ਦਹਿਸ਼ਤਗਰਦੀ ਦੀ ਘੁੰਮਣ-ਘੇਰੀ ਵਿੱਚ ਜਾ ਫਸੀ। ਸਾਰੇ ਐਲਾਨਾਂ ਅਤੇ ਦਾਅਵਿਆਂ ਦੇ ਬਾਵਜੂਦ, ਕੌੜਾ ਇਤਿਹਾਸਕ ਤੱਥ ਇਹ ਹੈ ਕਿ ਦੇਸ਼ ਪੱਧਰ ‘ਤੇ ਮਜ਼ਦੂਰ ਜਮਾਤ ਦੀ ਇੱਕ ਏਕੀਕ੍ਰਿਤ ਇਨਕਲਾਬੀ ਪਾਰਟੀ ਨਕਸਲਬਾੜੀ ਤੋਂ ਬਾਅਦ ਦੇ ਯਤਨਾਂ ਦੇ ਸਿੱਟੇ ਵੱਜੋਂ ਹੋਂਦ ਵਿੱਚ ਆ ਹੀ ਨਹੀਂ ਸਕੀ। 1969 ਵਿੱਚ ਜਿਹੜੀ ਭਾਰਤ ਦੀ ਕਮਿਊਨਿਸਟ ਪਾਰਟੀ (ਮਾ-ਲੇ) ਦਾ ਐਲਾਨ ਹੋਇਆ, ਉਹ ਪਿਛਲੇ ਸੈਂਤੀ ਸਾਲਾਂ ਤੋਂ ਕਈ ਗਰੁੱਪਾਂ ਅਤੇ ਜੱਥੇਬੰਦੀਆਂ ਵਿੱਚ ਵੰਡੀ ਹੋਈ, ਏਕਤਾ ਅਤੇ ਫੁੱਟ ਦੇ ਅਰੁੱਕ ਸਿਲਸਿਲੇ ‘ਚੋਂ ਗੁਜ਼ਰਦੀ ਰਹੀ ਹੈ। ਨਕਸਲਬਾੜੀ ਦੀ ਮੂਲ ਪ੍ਰੇਰਣਾ ਨਾਲ਼ ਬਣੀਆਂ ਜੋ ਕਮਿਊਨਿਸਟ ਇਨਕਲਾਬੀ ਜੱਥੇਬੰਦੀਆਂ ਭਾਕਪਾ (ਮਾ-ਲੇ) ਵਿੱਚ ਸ਼ਾਮਿਲ ਨਹੀਂ ਹੋਈਆਂ ਸਨ, ਉਹਨਾਂ ਦੀ ਵੀ ਇਹੀ ਹਾਲਤ ਰਹੀ ਹੈ। ਇਹਨਾਂ ਸਾਰੀਆਂ ਕਮਿਊਨਿਸਟ ਇਨਕਲਾਬੀ ਜਥੇਬੰਦੀਆਂ ਦੇ ਜਿਸ ਸਮੂਹ ਨੂੰ ਕਮਿਊਨਿਸਟ ਇਨਕਲਾਬੀ ਕੈਂਪ ਕਿਹਾ ਜਾਂਦਾ ਰਿਹਾ ਹੈ, ਉਹਨਾਂ ਵਿੱਚੋਂ ਕੁੱਝ ਅੱਜ ਵੀ ”ਖੱਬੀ” ਮਾਅਰਕੇਬਾਜ਼ੀ ਦੀ ਨਿੱਕ-ਬੁਰਜੂਆ ਲੀਹ ਦੇ ਸੋਧੇ ਅਤੇ ਵਧੇ ਹੋਏ ਐਡੀਸ਼ਨ ਨੂੰ ਅਮਲ ਵਿੱਚ ਲਿਆ ਰਹੇ ਹਨ, ਕੁੱਝ ਸੱਜੇ ਕੁਰਾਹੇ ਪੈਣ ਦੀ ਪ੍ਰਕਿਰਿਆ ਵਿੱਚ ਹਨ, ਤਾਂ ਕੁੱਝ ਸਿੱਧੇ ਸੰਸਦਮਾਰਗੀ ਖੱਬੇਪੱਖੀਆਂ ਦੀਆਂ ਸਫ਼ਾਂ ਵਿੱਚ ਜਾ ਬੈਠੇ ਹਨ, ਕਈਆਂ ਦੀ ਹੋਂਦ ਸਿਰਫ਼ ਨਾਮ ਦੀ ਹੀ ਬਚੀ ਹੋਈ ਹੈ ਤਾਂ ਕਈਆਂ ਦਾ ਬਕਾਇਦਾ ਭੋਗ ਪੈ ਚੁੱਕਾ ਹੈ ਅਤੇ ਕਈ ਅਜਿਹੇ ਵੀ ਹਨ ਜੋ ਨਵ ਖੱਬੇਪੱਖੀ ”ਮੁਕਤ ਚਿੰਤਨ” ਦਾ ਰਾਹ ਫੜ ਕੇ ਅਧਿਐਨ ਕਮਰਿਆਂ ਵਿੱਚ ਮੁਕਤੀ ਦੇ ਨਵੇਂ ਸੂਤਰ ਖੋਜ ਰਹੇ ਹਨ। ਇਸ ਦੁਖਦਾਈ ਹਾਲਤ ਦੇ ਕਾਰਨਾਂ ਦੀ ਜਾਂਚ ਜਰੂਰੀ ਹੈ ਅਤੇ ਅੱਗੇ ਅਸੀਂ ਅਜਿਹਾ ਕਰਨ ਦੀ ਇੱਕ ਕੋਸ਼ਿਸ਼ ਵੀ ਕਰਾਂਗੇ, ਪਰ ਇੰਨਾ ਤੈਅ ਹੈ ਕਿ ਨਕਸਲਬਾੜੀ ਵਿੱਚ 1967 ਵਿੱਚ ਵਾਪਰੀ ਘਟਨਾ ਭਾਰਤੀ ਇਤਿਹਾਸ ਦਾ ਇੱਕ ਮੋੜ-ਨੁਕਤਾ ਅਤੇ ਭਾਰਤੀ ਖੱਬੇ-ਪੱਖ ਦੇ ਇਤਿਹਾਸ ਦਾ ਇੱਕ ਸੰਦਰਭ ਨੁਕਤਾ ਸੀ। ਇਸ ਘਟਨਾ ਨੇ ਅਤੇ ਇੱਥੋਂ ਸ਼ੁਰੂ ਹੋਈ ਮਾਰਕਸਵਾਦੀ-ਲੈਨਿਨਵਾਦੀ ਸਿਆਸੀ ਧਾਰਾ ਨੇ ਪੂਰੇ ਭਾਰਤੀ ਸਿਆਸੀ ਦ੍ਰਿਸ਼ ਨੂੰ, ਸਮਾਜਿਕ ਤਾਣੇ-ਬਾਣੇ ਨੂੰ ਅਤੇ ਸੱਭਿਆਚਾਰ-ਸਾਹਿਤ ਨੂੰ ਡੂੰਘਾਈ ਨਾਲ਼ ਪ੍ਰਭਾਵਿਤ ਕੀਤਾ। ਭਾਰਤੀ ਸਮਾਜ ਅਤੇ ਸਿਆਸਤ ਦਾ ਸਰੂਪ ਉਸ ਤਰ੍ਹਾਂ ਦਾ ਬਿਲਕੁੱਲ ਨਹੀਂ ਰਹਿ ਗਿਆ ਜਿਵੇਂ ਦਾ ਕਿ ਉਹ ਪਹਿਲਾਂ ਸੀ। ਬੁਰਜੂਆ ਮੀਡੀਆ ਨੇ ਇਨਕਲਾਬੀ ਖੱਬੇ-ਪੱਖ ਲਈ ਇੱਕ ਨਵਾਂ ਸ਼ਬਦ ਲੱਭਿਆ—ਨਕਸਲਵਾਦ, ਅਤੇ ਪੱਛਮ ਬੰਗਾਲ ਦੇ ਦਾਰਜੀਲਿੰਗ ਜਿਲ੍ਹੇ ਦੇ ਉਸ ਦੁਰੇਡੇ ਪੇਂਡੂ ਖਿੱਤੇ ਨੇ ਇਤਿਹਾਸ ਵਿੱਚ ਆਪਣੀ ਜਗ੍ਹਾ ਸੁਰੱਖਿਅਤ ਕਰਾ ਲਈ। ਅੱਜ ਆਪਣੇ ਢੰਗ ਨਾਲ਼, ਬੁਰਜੂਆ ਸਿਆਸਤਦਾਨ ਅਤੇ ਬੁਰਜੂਆ ਢਾਂਚੇ ਦੇ ਸਿਧਾਂਤਕਾਰ-ਸਲਾਹਕਾਰ ਵੀ ਪ੍ਰਵਾਨ ਕਰਦੇ ਹਨ ਕਿ ”ਨਕਸਲਵਾਦ ਦੀ ਸਮੱਸਿਆ” ਅਮਨ-ਕਾਨੂੰਨ ਦੀ ਹੀ ਨਹੀਂ ਸਗੋਂ ਸਮਾਜਿਕ-ਆਰਥਿਕ ਹੈ ਅਤੇ ਇਸਦਾ ਹੱਲ ਵੀ ਸਮਾਜਕ-ਆਰਥਿਕ ਹੀ ਹੋ ਸਕਦਾ ਹੈ।…

ਪੂਰਾ ਪਡ਼ਨ ਲਈ ਪੀ.ਡੀ.ਐਫ਼ ਡਾਊਨਲੋਡ ਕਰੋ

“ਪਰ੍ਤੀਬੱਧ”, ਅੰਕ 23, ਸਤੰਬਰ 2014 ਵਿਚ ਪਰ੍ਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s