ਨਵੀਆਂ ਸੱਚਾਈਆਂ ਨੂੰ ਵੱਢ-ਟੁੱਕ ਕੇ ਪੁਰਾਣੇ ਚੌਖਟੇ ‘ਚ ਫਿੱਟ ਕਰਨ ਦੀਆਂ ਅਸਫਲ ਕੋਸ਼ਿਸ਼ਾਂ ‘ਚ ਰੁੱਝਾ ‘ਇਨਕਲਾਬੀ ਸਾਡਾ ਰਾਹ’ •ਸੁਖਵਿੰਦਰ

3

ਪੀ.ਡੀ.ਐਫ਼ ਇਥੋਂਂ ਡਾਊਨਲੋਡ ਕਰੋ

“ਅਸੀਂ ਇਨਕਲਾਬੀ ਸਫਾਂ ਅੰਦਰ ਕੱਟੜਪੰਥੀਆਂ ਦਾ ਵਿਰੋਧ ਕਰਦੇ ਹਾਂ ਜਿਹਨਾਂ ਦੀ ਸੋਚ ਬਦਲ ਰਹੀਆਂ ਬਾਹਰਮੁਖੀ ਹਾਲਤਾਂ ਅਨੁਸਾਰ ਪੇਸ਼ਕਦਮੀ ਕਰਨ ‘ਚ ਫੇਲ ਹੋ ਜਾਂਦੀ ਹੈ ਅਤੇ ਇਸ ਨੇ ਇਤਿਹਾਸਕ ਤੌਰ ‘ਤੇ ਆਪਣੇ-ਆਪ ਨੂੰ ਸੱਜੀ ਮੌਕਾਪ੍ਰਸਤੀ ਦੇ ਰੂਪ ਵਿੱਚ ਪ੍ਰਗਟ ਕੀਤਾ ਹੈ। ਇਹ ਲੋਕ ਇਸ ਗੱਲ ਨੂੰ ਸਮਝਣ ‘ਚ ਅਸਫਲ ਰਹਿੰਦੇ ਹਨ ਕਿ ਵਿਰੋਧੀ ਪੱਖਾਂ ਦੇ ਘੋਲ ਨੇ ਬਾਹਰਮੁਖੀ ਪ੍ਰਕ੍ਰਿਆ ਨੂੰ ਪਹਿਲਾਂ ਹੀ ਧੱਕ ਕੇ ਅੱਗੇ ਤੋਰ ਦਿੱਤਾ ਹੈ ਜਦੋਂ ਕਿ ਉਹਨਾਂ ਦਾ ਗਿਆਨ ਪੁਰਾਣੇ ਪੜਾਅ ‘ਤੇ ਰੁਕਿਆ ਖੜ੍ਹਾ ਹੈ। ਸਾਰੇ ਕੱਟੜਪੰਥੀਆਂ ਦੀ ਸੋਚ ਦਾ ਇਹ ਲੱਛਣ ਹੈ। ਇਹਨਾਂ ਦੀ ਸੋਚ ਸਮਾਜਿਕ ਅਭਿਆਸ ਨਾਲੋਂ ਟੁੱਟੀ ਹੁੰਦੀ ਹੈ। ਇਹ ਸਮਾਜ ਦੇ ਰੱਥ ਦੀ ਅਗਵਾਈ ਕਰਨ ਲਈ ਮੂਹਰੇ ਲੱਗ ਕੇ ਨਹੀਂ ਤੁਰ ਸਕਦੇ। ਇਹ ਪਿੱਛੇ ਪੈਰ ਘੜੀਸਦੇ ਹੀ ਤੁਰਦੇ ਹਨ ਅਤੇ ਬੁੜ੍ਹ-ਬੁੜ੍ਹ ਕਰਦੇ ਰਹਿੰਦੇ ਹਨ ਕਿ ਰੱਬ ਬਹੁਤ ਤੇਜ ਜਾਂਦਾ ਹੈ ਅਤੇ ਇਸ ਨੂੰ ਪਿੱਛੇ ਖਿੱਚਣ ਦੀ ਜਾਂ ਉਲਟੀ ਦਿਸ਼ਾ ‘ਚ ਭਮਾਉਣ ਦੀ ਕੋਸ਼ਿਸ਼ ਕਰਦੇ ਹਨ।” – ਮਾਓ-ਜ਼ੇ ਤੁੰਗ-ਅਭਿਆਸ ਬਾਰੇ

ਗਤੀ ਕੁਦਰਤ ਦਾ ਨਿਯਮ ਹੈ ਅਤੇ ਇਸ ਦੇ ਵਿਸਥਾਰ ਸਮਾਜ ਦੀ ਵੀ। ਇਹ ਕੁਦਰਤ ਦਾ ਇੱਕ ਬਾਹਰਮੁਖੀ ਨਿਯਮ ਹੈ। ਮਨੁੱਖੀ ਗਿਆਨ ਪਲ-ਪਲ ਬਦਲਦੀ ਇਸ ਬਾਹਰਮੁਖੀ ਹਕੀਕਤ ਦੇ ਮਗਰ-ਮਗਰ ਚੱਲਦਾ ਹੈ। ਕਦੇ ਵੀ ਮਨੁੱਖੀ ਗਿਆਨ ਗਤੀਮਾਨ ਬਾਰਹਰਮੁਖੀ ਹਕੀਕਤ ਨੂੰ 100 ਫੀਸਦੀ ਪ੍ਰਤੀਬਿੰਬਤ ਨਹੀਂ ਕਰ ਪਾਉਂਦਾ ਕਿਉਂਕਿ ਜਦੋਂ ਤੱਕ ਮਨੁੱਖ ਬਾਹਰਮੁਖੀ ਹਕੀਕਤ ਨੂੰ ਸਮਝ ਕੇ ਉਸਦੀ ਵਿਆਖਿਆ ਕਰਦਾ ਹੈ ਉਦੋਂ ਤੱਕ ਬਾਹਰਮੁਖੀ ਹਕੀਕਤ ਹੋਰ ਤਬਦੀਲ ਹੋ ਚੁੱਕੀ ਹੁੰਦੀ ਹੈ। ਇਸ ਲਈ ਕਿਸੇ ਵੀ ਪੜਾਅ ਤੇ ਮਨੁੱਖੀ ਗਿਆਨ ਇਸ ਗਤੀਮਾਨ ਹਕੀਕਤ ਦੇ ਵੱਧ ਤੋਂ ਵੱਧ ਨੇੜੇ ਹੀ ਹੋ ਸਕਦਾ ਹੈ ਉਹ ਗਤੀ ਦੀ ਦਿਸ਼ਾ ਨੂੰ ਹੀ ਸਮਝ ਸਕਦਾ ਹੈ। ਜੋ ਵਿਅਕਤੀ, ਜਥੇਬੰਦੀਆਂ ਇਸ ਗਤੀਮਾਨ ਬਾਹਰਮੁਖੀ ਹਕੀਕਤ ਦੇ ਕਦਮ ਨਾਲ਼ ਕਦਮ ਮਿਲ਼ਾ ਕੇ ਨਹੀਂ ਚੱਲ ਪਾਉਂਦੀਆਂ, ਉਹ ਪੱਛੜ ਜਾਂਦੀਆਂ ਹਨ, ਇਸ ਪਛੜੇਵੇਂ ‘ਚੋਂ ਉਹ ਬਾਹਰਮੁਖੀ ਹਕੀਕਤ ਦੀ ਗਲਤ ਵਿਆਖਿਆ ਕਰਦੀਆਂ ਹਨ। ਉਸ ‘ਚੋਂ ਗਲਤ ਕਾਰਜ ਕੱਢਦੀਆਂ ਹਨ। ਅਕਸਰ ਜਦੋਂ ਬਾਹਰਮੁਖੀ ਹਕੀਕਤ ਉਹਨਾਂ ਦੀਆਂ ਕਲਪਨਾਵਾਂ, ਕੱਟੜਪੰਥੀਂ ਚੌਖਟਿਆਂ ਨਾਲ਼ ਮੇਲ਼ ਨਹੀਂ ਖਾਂਦੀਆਂ ਤਾਂ ਉਹ ਇਸਨੂੰ ਵੱਢ ਟੁੱਕ ਕੇ ਆਪਣੇ ਚੌਖਟੇ ‘ਚ ਫਿੱਟ ਕਰਨ ਦੀ ਕੋਸ਼ਿਸ਼ ‘ਚ ਰੁੱਝੀਆਂ ਰਹਿੰਦੀਆਂ ਹਨ। ‘ਮਾਸਿਕ ਇਨਕਲਾਬੀ ਸਾਡਾ ਰਾਹ’ ਪਿਛਲੇ ਕਈ ਦਹਾਕਿਆਂ ਤੋਂ ਇਹੋ ਕੋਸ਼ਿਸ਼ ਕਰ ਰਿਹਾ ਹੈ, ਇਹਨਾਂ ਕੋਸ਼ਿਸ਼ਾਂ ‘ਚ ਇਸ ਦਾ ਭੰਬਲਭੂਸਾ (Confusion) ਦਿਨੋਂ-ਦਿਨ ਵਧਦਾ ਹੀ ਜਾ ਰਿਹਾ ਹੈ।

ਇਸ ਸੰਦਰਭ ‘ਚ ‘ਇਨਕਲਾਬੀ ਸਾਡਾ ਰਾਹ’ ਦੇ ਜਨਵਰੀ 2016 ਅੰਕ ਵਿੱਚ ਛਪਿਆ ਲੇਖ ‘ਪੰਜਾਬ ਵਿੱਚ ਜ਼ਮੀਨ ਦੇ ਮੁੱਦੇ ‘ਤੇ ਸੰਘਰਸ਼’ ਅਤੇ ਮਈ 2016 ਅੰਕ ‘ਚ ਛਪਿਆ ਲੇਖ ‘ਪੇਂਡੂ/ਖੇਤ ਮਜ਼ਦੂਰ ਅੰਦੋਲਨ ਦੀ ਦਸ਼ਾ ਅਤੇ ਦਿਸ਼ਾ ਬਾਰੇ ਕੁਝ ਨੁਕਤੇ’ ਕਾਬਿਲੇ ਗੌਰ ਹਨ। ਇੱਥੇ ਅਸੀਂ ਇਹਨਾਂ ਲੇਖਾਂ ‘ਚ ਪ੍ਰਗਟ ਹੋਈਆਂ ਕੁਝ ਗਲਤ/ਇਤਰਾਜ਼ਯੋਗ ਪੋਜ਼ੀਸ਼ਨ ਦੀ ਸੰਖੇਪ ਚੀਰ ਫਾੜ ਕਰਾਂਗੇ ਅਤੇ ਸੰਖੇਪ ‘ਚ ਹੀ ਇਹਨਾਂ ਮੁੱਦਿਆਂ ਤੇ ਅਸੀਂ ਆਪਣਾ ਪੱਖ ਰੱਖਾਂਗੇ (ਕਿਉਂਕਿ ਪਹਿਲਾਂ ਅਸੀਂ ਵਿਸਥਾਰ ‘ਚ ਇਹਨਾਂ ਸਭ ਸਵਾਲਾ ‘ਤੇ ਆਪਣਾ ਪੱਖ ਸਪੱਸ਼ਟ ਕਰ ਚੁੱਕੇ ਹਾਂ।) (ਦੇਖੋ ਸੰਦਰਭ ਸੂਚੀ)

ਇਨਕਲਾਬੀ ਸਾਡਾ ਰਾਹ ਦਾ ਮੰਨਣਾ ਹੈ ਕਿ ਭਾਰਤ ਇੱਕ ਅਰਧ ਜਗੀਰੂ-ਅਰਧ ਬਸਤੀਵਾਦੀ ਦੇਸ਼ ਹੈ। ਉਹ ਇੱਥੇ ਹੋਏ ਸਰਮਾਏਦਾਰਾ ਵਿਕਾਸ ਤੋਂ ਮੂਲੋਂ ਹੀ ਇਨਕਾਰੀ ਹੈ। ਪਰ ਦੇਸ਼ ਦੀਆਂ ਜ਼ਮੀਨੀ ਹਕੀਕਤਾਂ ਉਸ ਦੇ ਇਸ ਕਾਲਪਣਿਕ ਚੌਖਟੇ ਨਾਲ਼ ਟਕਰਾਉਂਦੀਆਂ ਹਨ। ਫਿਰ ਉਹ ਇਹਨਾਂ ਨਵੀਆਂ ਹਕੀਕਤਾ ਦੀ ਛਾਂਗ-ਛਗਾਂਈ , ਮਨਭਾਉਂਦੀ ਵਿਆਖਿਆ ਦਾ ਕੰਮ ਸ਼ੁਰੂ ਕਰਦਾ ਹੈ।

ਪੰਜਾਬ ਦੇ ਸੰਦਰਭ ‘ਚ ਇਨਕਲਾਬੀ ਸਾਡਾ ਰਾਹ ਲਿਖਦਾ ਹੈ “ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ, ਜਿੱਥੇ ਹਰੇ ਇਨਕਲਾਬ ਦੇ ਨਾਂ ਹੇਠ ਖੇਤੀ ਦਾ ਸਾਮਰਾਜੀ ਮਾਡਲ ਲਾਗੂ ਕੀਤਾ ਗਿਆ। ਇਸ ਵਰਤਾਰੇ ਨੇ ਨਾ ਸਿਰਫ ਪੈਦਾਵਾਰ ਨੂੰ ਹੀ ਸਗੋਂ ਖੇਤੀ ਢਾਂਚੇ ਉੱਪਰ ਵੀ ਗਹਿਰੇ ਪ੍ਰਭਾਵ ਪਾਏ ਹਨ। ਇਸ ਗੱਲ ਨੇ ਪੰਜਾਬ ਦੀ ਖੇਤੀ ਦੇ ਪੈਦਾਵਾਰੀ ਢੰਗ ਤਰੀਕਿਆਂ ਬਾਰੇ ਤਿੱਖੇ ਵਾਦ-ਵਿਵਾਦ ਨੂੰ ਜਨਮ ਦਿੱਤਾ। ਇੱਕ ਆਮ ਪ੍ਰਭਾਵ ਇਹ ਹੈ ਕਿ ਪੰਜਾਬ ਦੀ ਖੇਤੀ ਪੈਦਾਵਾਰ ਦੀ ਵਿਧੀ ਸਰਮਾਏਦਾਰਾ ਵਿੱਚ ਬਦਲ ਚੁੱਕੀ ਹੈ। ਸਿੱਟੇ ਵਜੋਂ ਇੱਕ ਆਮ ਧਾਰਨਾ ਬਣ ਚੁੱਕੀ ਹੈ ਕਿ ਪੰਜਾਬ ‘ਚ ਜ਼ਮੀਨ ਦਾ ਸਵਾਲ ਹੱਲ ਹੋ ਚੁੱਕਾ ਹੈ, ਜ਼ਮੀਨ ਦੀ ਹਲ਼ਵਾਹਕ ਨੂੰ ਵੰਡ ਹੋ ਚੁੱਕੀ ਹੈ।” (ਇਨਕਲਾਬੀ ਸਾਡਾ ਰਾਹ, ਜਨਵਰੀ 2016 ਪੰਨਾ 5)”।

ਇਨਕਲਾਬੀ ਸਾਡਾ ਰਾਹ ਵੱਲੋਂ ਮਸਲੇ ਦੀ ਇਸ ਪੇਸ਼ਕਾਰੀ ‘ਤੇ ਕਈ ਸਵਾਲ ਉੱਠਦੇ ਹਨ। ਉਸਦਾ ਕਹਿਣਾ ਹੈ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਸੀ ਜਿੱਥੇ ਹਰੇ ਇਨਕਲਾਬ ਦੇ ਨਾਂ ਤੇ ਖੇਤੀ ਦਾ ਸਾਮਰਾਜੀ ਮਾਡਲ ਲਾਗੂ ਕੀਤਾ ਗਿਆ। ‘ਇਨਿਕਲਾਬੀ ਸਾਡਾ ਰਾਹ’ ਨੂੰ ਦੱਸਣਾ ਚਾਹੀਦਾ ਹੈ ਕਿ ‘ਸਾਮਰਾਜੀ ਮਾਡਲ’ ਕੀ ਹੁੰਦਾ ਹੈ? ਕੀ ਇਹ ਸਰਮਾਏਦਾਰਾ ਮਾਡਲ ਹੀ ਨਹੀਂ ਹੁੰਦਾ।

ਕੀ ਖੇਤੀ ਪੈਦਾਵਾਰ ਦੇ ਸਰਮਾਏਦਾਰ ਵਿਧੀ ‘ਚ ਬਦਲਣ (ਸਹੀ ਸਟੀਕ ਭਾਸ਼ਾ ‘ਚ ਕਹਿਣਾ ਹੋਵੇ ਤਾਂ ਖੇਤੀ ‘ਚ ਸਰਮਾਏਦਾਰਾ ਪੈਦਾਵਾਰੀ ਸਬੰਧਾ ਦੇ ਵਿਕਾਸ ਲਈ) ਨਾਲ਼ ਜ਼ਮੀਨੀ ਸਵਾਲ ਹੱਲ ਹੋ ਜਾਂਦਾ ਹੈ? ਕੀ ਜੇਕਰ ਖੇਤੀ ‘ਚ ਸਰਮਾਏਦਾਰਾ ਪੈਦਾਵਾਰੀ ਸਬੰਧ ਵਿਕਸਿਤ ਹੋ ਜਾਣ ਅਤੇ ਇਨਕਲਾਬ ਦਾ ਪੜਾਅ ਸਮਾਜਵਾਦੀ ਹੋਵੇ ਤਾਂ ਕੀ ਸਮਾਜਵਾਦੀ ਇਨਕਲਾਬ ਦਾ ਕੋਈ ਜ਼ਰਈ ਪ੍ਰੋਗਰਾਮ ਨਹੀਂ ਹੋਵੇਗਾ? ਖੇਤੀ ‘ਚ ਸਰਮਾਏਦਾਰਾ ਪੈਦਾਵਾਰੀ ਸਬੰਧਾਂ ਦੇ ਭਾਰੂ ਹੋਣ ਤੇ ਵੀ ਤਾਂ ਜ਼ਮੀਨੀ ਸਵਾਲ ਬਰਕਰਾਰ ਰਹਿੰਦਾ ਹੈ। ਜਿਸਨੂੰ ਸਮਾਜਵਾਦੀ ਇਨਕਲਾਬ, ਨਵ-ਜ਼ਮਹੂਰੀ ਇਨਕਲਾਬ ਤੋਂ ਵੱਖਰੇ ਢੰਗ ਨਾਲ਼ ਹੱਲ ਕਰਦਾ ਹੈ। ਕੀ ਜੇਕਰ ਹਲਵਾਹਕ ਨੂੰ ਜ਼ਮੀਨ ਦੀ ਵੰਡ ਨਾ ਹੋਵੇ ਤਾਂ ਖੇਤੀ ਵਿੱਚ ਜਗੀਰੂ ਸਬੰਧ ਹੀ ਬਰਕਰਾਰ ਰਹਿਣਗੇ ? ਕੀ ਹਲਵਾਹਕ ਨੂੰ ਜ਼ਮੀਨ ਵੰਡੇ ਬਗੈਰ ਖੇਤੀ ‘ਚ ਸਰਮਾਏਦਾਰਾ ਵਿਕਾਸ ਨਹੀਂ ਹੋ ਸਕਦਾ? ਲੈਨਿਨ ਅਨੁਸਾਰ ਜਗੀਰਦਾਰੀ ਤੋਂ ਸਰਮਾਏਦਾਰੀ ਵੱਲ ਵਿਕਾਸ ਦੇ ਦੋ ਮਾਰਗ ਹਨ। ਇੱਕ ਨੂੰ ਉਹਨਾਂ ਅਮਰੀਕੀ ਰਾਹ ਕਿਹਾ ਦੂਸਰੇ ਨੂੰ ਪ੍ਰਸ਼ੀਆਈ ਜਾਂ ਜੁੰਕਰ ਰਾਹ। ਅਮਰੀਕੀ ਰਾਹ ਇਨਕਲਾਬੀ ਤਰੀਕੇ ਰਾਹੀਂ ਜਗੀਰੂ ਸਬੰਧਾਂ ਦੇ ਖਾਤਮੇ ਦਾ ਰਾਹ ਹੈ, ਜਿੱਥੇ ਇਸ ਤਰੀਕੇ ਨਾਲ਼ ਜਗੀਰਦਾਰੀ ਦਾ ਖਾਤਮਾਂ ਹੁੰਦਾ ਹੈ ਉੱਥੇ ‘ਹਲਵਾਹਕ’ ਜਾਂ ਮੁਜ਼ਾਰਿਆਂ ਨੂੰ ਜਮੀਨ ਵੰਡੀ ਜਾਂਦੀ ਹੈ। ਪ੍ਰਸ਼ੀਆਈ ਜਾਂ ਜੁੰਕਰ ਰਾਹ ਧੀਮੇ ਸੁਧਾਰਾਂ ਰਾਹੀਂ ਜਗੀਰਦਾਰੀ ਤੋਂ ਸਰਮਾਏਦਾਰੀ ਖੱਲ਼ ਰੁਪਾਂਤਰਣ ਦਾ ਮਾਰਗ ਹੈ। ਇਸ ਮਾਰਗ ਜ਼ਰੀਏ ਜਗੀਰੂ ਭੂਮੀਪਤੀਆਂ ਨੂੰ ਸਰਮਾਏਦਾਰ ਭੂਮੀਪਤੀਆਂ ‘ਚੋਂ ਤਬਦੀਲ ਕੀਤਾ ਜਾਂਦਾ ਹੈ। ਮੁਜ਼ਾਰਿਆਂ ਨੂੰ ਜ਼ਮੀਨ ਨਹੀਂ ਮਿਲ਼ਦੀ ਤੇ ਉਹ ਉਜ਼ਰਤੀ ਮਜ਼ਦੂਰਾਂ ‘ਚ ਤਬਦੀਲ ਹੋ ਜਾਂਦੇ ਹਨ। ਸੰਸਾਰ ਦੇ ਜ਼ਿਆਦਾਤਰ ਦੇਸ਼ਾਂ ‘ਚ ਜਗੀਰਦਾਰੀ ਤੋਂ ਸਰਮਾਏਦਾਰੀ ਵੱਲ ਰੁਪਾਂਤਰਣ ਇਸ ਮਗਰਲੇ ਰਾਹ ਜਾਣੀ ਪ੍ਰਸ਼ੀਆਈ ਜਾਂ ਜੁੰਕਰ ਰਾਹ ਰਾਹੀਂ ਹੋਇਆ ਹੈ। ਇਸ ਲਈ ਜ਼ਮੀਨ ਦੀ ਹਲ਼ਵਾਹਕ ਨੂੰ ਵੰਡ ਹੋਣਾ ਜ਼ਗੀਰਦਾਰੀ ਦੇ ਖਾਤਮੇ ਅਤੇ ਸਰਮਾਏਦਾਰੀ ਦੇ ਵਿਕਾਸ ਲਈ ਜ਼ਰੂਰੀ ਨਹੀਂ ਹੈ।

ਇਸ ਤੋਂ ਅੱਗੇ ‘ਇਨਕਲਾਬੀ ਸਾਡਾ ਰਾਹ’ ਨੇ ਆਪਣੇ ਉਪਰੋਕਤ ਲੇਖ ‘ਚ ਪੰਜਾਬ ‘ਚ ਹੋਏ ਜ਼ਮੀਨੀ ਸੰਘਰਸ਼ਾਂ ਦੇ ਇਤਿਹਾਸ ਦਾ ਵੇਰਵਾ ਦਿੱਤਾ ਹੈ। ਸ਼ਾਇਦ ਉਸ ਨੂੰ ਭਰਮ ਹੈ ਕਿ ਹੁਣ ਫਿਰ ਉਹੋ ਇਤਿਹਾਸ ਦੁਹਰਾਇਆ ਜਾ ਸਕਦਾ ਹੈ। ਇੱਥੇ ਇੱਕ ਹੋਰ ਭਰਮ ਦਾ ਨਿਵਾਰਣ ਵੀ ਕਰ ਦਈਏ। ਉਹ ਇਹ ਕਿ ਸਿਰਫ ਜਗੀਰਦਾਰੀ ‘ਚ ਹੀ ਜ਼ਮੀਨੀ ਘੋਲ਼ ਹੋ ਸਕਦੇ ਹਨ ਸਰਮਾਏਦਾਰੀ ਪ੍ਰਬੰਧ ਅਧੀਨ ਨਹੀਂ। (ਜਿਵੇਂ ਕਿ ‘ਇਨਕਲਾਬੀ ਸਾਡਾ ਰਾਹ’ ਕੁਝ ਜ਼ਮੀਨੀ ਘੋਲ਼ਾਂ ਦੀਆਂ ਉਦਾਹਰਣਾਂ ਦੇਕੇ ਸਾਬਤ ਕਰਨਾ ਚਹੁੰਦਾ ਹੈ) ਸਾਡਾ ਕਹਿਣਾ ਹੈ ਕਿ ਅਜੇਹਾ ਨਹੀਂ ਹੈ। ਜ਼ਮੀਨ ਜਾਇਦਾਦ ਲਈ ਘੋਲ਼ ਸਰਮਾਏਦਾਰੀ ਤਹਿਤ ਵੀ ਹੋ ਸਕਦੇ ਹਨ। ਬਸ ਇਹਨਾਂ ਦਾ ਖਾਸਾ ਬਦਲ ਜਾਵੇਗਾ ਜਗੀਰਦਾਰੀ ਅਧੀਨ ਜ਼ਮੀਨਾਂ ਦੀ ਵੰਡ ਦੇ ਸੰਘਰਸ਼ ਦਾ ਖਾਸਾ ਜਿੱਥੇ ਅਗਾਂਹਵਧੂ, ਸਮਾਜ ਨੂੰ ਅੱਗੇ ਲਿਜਾਣ ਵਾਲ਼ਾ ਹੁੰਦਾ ਹੈ। ਉੱਥੇ ਹੀ ਸਰਮਾਏਦਾਰੀ ਅਧੀਨ ਅਜੇਹੇ ਘੋਲ਼ਾਂ ਦਾ ਖਾਸਾ ਪਿਛਾਂਹਖਿੱਚੂ ਹੁੰਦਾ ਹੈ।

‘ਇਨਕਲਾਬੀ ਸਾਡਾ ਰਾਹ’ ਆਪਣੇ ਇਸ ਲੇਖ ‘ਚ ਪੰਜਾਬ ਦੀ ਖੇਤੀ ‘ਚ ਹੋਏ ਸਰਮਾਏਦਾਰਾ ਵਿਕਾਸ ਤੋਂ ਇਨਕਾਰੀ ਹੋਣ ਲਈ ਤਰ੍ਹਾਂ-ਤਰ੍ਹਾਂ ਦੀਆਂ ਗੋਲ਼-ਮੋਲ਼ ਗੱਲਾਂ ਕਰਦਾ ਹੈ, ਜੋ ਕਿ ਕਿਸੇ ਵੀ ਮਾਰਕਸਵਾਦੀ ਨੂੰ ਸ਼ੋਭਾ ਨਹੀਂ ਦਿੰਦੀਆਂ।

ਪੰਜਾਬ ਦੀਆਂ ਕਿਸਾਨ ਲਹਿਰਾਂ ਦੇ ਇਤਿਹਾਸ ‘ਚ ਪੈਪਸੂ ਮੁਜ਼ਾਹਰਾ ਲਹਿਰ ਦਾ ਜ਼ਿਕਰ ਕਰਦਿਆਂ ਉਹ ਲਿਖਦਾ ਹੈ ਕਿ “ਇਸ ਲਹਿਰ ਨੇ ਪੈਪਸੂ ‘ਚ ਜਗੀਰਦਾਰਾਂ ਦੀ ਕਮਰ ਤੋੜ ਦਿੱਤੀ,” ਹੁਣ ਜੇ ਅੱਧੀ ਸਦੀ ਤੋਂ ਜ਼ਿਆਦਾ ਸਮਾਂ ਪਹਿਲਾਂ ਇੱਥੇ ਜਗੀਰਦਾਰੀ ਦਾ ਲੱਕ ਤੋੜ ਦਿੱਤਾ ਗਿਆ ਸੀ ਤਾਂ ਹੁਣ ਤੁਸੀਂ ਕੀ ਤੋੜੋਗੇ? ਅੱਗੇ ਉਹ ਲਿਖਦਾ ਹੈ, “ਇਹਨਾਂ ਸਾਰੀਆਂ ਲਹਿਰਾਂ ਨੇ ਜਗੀਰਦਾਰੀ ਨੂੰ ਵੱਡੀ ਪੱਧਰ ‘ਤੇ ਸੱਟ ਮਾਰੀ ਅਤੇ ਜ਼ਰੱਈ ਸਬੰਧਾਂ ਨੂੰ ਬਦਲ ਦਿੱਤਾ।” ਪਰ ਉਹ ਇਹ ਨਹੀਂ ਦੱਸਦਾ ਕਿ ਬਦਲਣ ਤੋਂ ਬਾਅਦ ਇਹ ਸਬੰਧ ਕੀ ਬਣ ਗਏ? ਮਾਰਕਸਵਾਦ ਦਾ ਇੱਕ ਸਧਾਰਨ ਪਾਠਕ ਵੀ ਜਾਣਦਾ ਹੈ ਕਿ ਜਗੀਰੂ ਜ਼ਰਈ ਸਬੰਧ ਬਦਲ ਕੇ ਸਰਮਾਏਦਾਰਾ ਜ਼ਰਈ ਸਬੰਧ ਹੀ ਬਣਦੇ ਹਨ।

ਪਰ ਇਨਕਲਾਬੀ ਸਾਡਾ ਰਾਹ ਇਸ ਹਕੀਕਤ ਤੋਂ ਇਨਕਾਰੀ ਹੋਣ ਲਈ ਇੱਕ ਤਰਕ ਘੜਦਾ ਹੈ। ਉਸਦਾ ਕਹਿਣਾ ਹੈ “ਬਹੁਤ ਸਾਰੇ ਮਾਰਕਸਵਾਦੀ ਸਮਝਦੇ ਹਨ ਕਿ ਅਰਧ ਜਗੀਰੂ ਦੀ ਹੋਂਦ ਉਦੋਂ ਹੀ ਹੈ ਜਦੋਂ ਭੂਮੀਪਤੀ-ਮੁਜਾਰਾ ਸਬੰਧਾਂ ਦੀ ਹੋਂਦ ਹੋਵੇ। ਪ੍ਰੰਤੂ ਇਹ ਸਮਝਣੋਂ ਅਸਫਲ ਹਨ ਕਿ ਇਹ ਜਗੀਰੂ ਪ੍ਰਬੰਧ ਦਾ ਪੈਦਾਵਾਰੀ ਸਬੰਧ ਹੈ ਅਤੇ ਅਰਧ ਜਗੀਰੂ ਢਾਂਚੇ ਵਿੱਚ ਇਹ ਸਬੰਧ ਬਹੁਤ ਭਿੰਨਤਾ ਪੱਧਰਾਂ ਅਤੇ ਜ਼ਮੀਨ ਦਾ ਸਵਾਲ ਬੜੇ ਵੱਖਰੇ ਤੇ ਓਹਲੇ/ਲੁਕਵੇਂ ਰੂਪਾਂ ‘ਚ ਮੌਜੂਦ ਹੁੰਦਾ ਹੈ। ਇਸ ਲਈ ਪੰਜਾਬ ਵਿੱਚ ਜ਼ਮੀਨ ਦੇ ਸਵਾਲ ‘ਤੇ ਵਿਚਾਰ ਕਰਨ ਲਈ ਸਾਨੂੰ ਡੂੰਘਾਈ ‘ਚ ਜਾਕੇ ਸਥਿਤੀ ਨੂੰ ਸਮਝਣ ਦੇ ਯਤਨ ਕਰਨੇ ਪੈਣਗੇ।” (ਸ਼ਬਦਾਂ ਤੇ ਜ਼ੋਰ ਸਾਡਾ)। ‘ਇਨਕਲਾਬੀ ਸਾਡਾ ਰਾਹ’ ਅਰਧ ਜਗੀਰੂ ਜ਼ਰਈ ਸਬੰਧਾਂ ਨੂੰ ਪ੍ਰੀਭਾਸ਼ਤ ਕਰਨ ਤੋਂ ਸਪੱਸ਼ਟ ਰੂਪ ‘ਚ ਬਚਦਾ ਹੈ। ਉਹ ਆਪਣੇ ਦਰਸ਼ਨ ਦੀ ਗਰੀਬੀ ਨੂੰ “ਬਹੁਤ ਭਿੰਨਤਾ/ਪੱਧਰਾਂ ਬੜੇ ਵੱਖਰੇ ਤੇ ਓਹਲੇ/ਲੁਕਵੇਂ” ਦੀ ਚਲਾਕੀ ਭਰਪੂਰ ਸ਼ਬਦਾਵਲੀ ਓਹਲੇ ਢੱਕਣ ਦੀ ਕੋਸ਼ਿਸ਼ ਕਰਦਾ ਹੈ।

ਜਦਕਿ ਅਰਧ-ਜਗੀਰੂ ਸਬੰਧਾਂ ਜੇਹੀ ਅਜੇਹੀ ਕੋਈ ਚੀਜ਼ ਨਹੀਂ ਹੁੰਦੀ ਜੋ ਜਗੀਰੂ ਸਬੰਧਾਂ ਤੋਂ ਭਿੰਨ ਹੋਣ। ਅਰਧ ਜਗੀਰੂ ਤੋਂ ਭਾਵ ਹੁੰਦਾ ਹੈ ਕਿ ਦੇਸ਼ ਦੇ ਕਿਸੇ ਇੱਕ ਖਿੱਤੇ ‘ਚ ਜਾਂ ਸ਼ਹਿਰ ‘ਚ ਸਰਮਾਏਦਾਰੀ ਰਿਸ਼ਤੇ ਭਾਵੇਂ ਵਿਕਸਿਤ ਹੋਣ ਪਰ ਇਹ ਅਜੇ ਮੁੱਖ ਵਰਤਾਰਾ ਨਹੀਂ ਬਣੇ ਹੁੰਦੇ। ਦੇਸ਼ ਦੇ ਖੇਤੀ ਖੇਤਰ ‘ਚ ਅਜੇ ਵੀ ਜਗੀਰੂ ਸਬੰਧ ਭਾਰੂ ਹੁੰਦੇ ਹਨ। ਜਿਵੇਂ ਕਿ ਚੀਨ ਵਿੱਚ ਸੀ ਅਤੇ ਅਜਿਹੇ ਦੇਸ਼ ਵਿੱਚ ਜ਼ਰਈ ਇਨਕਲਾਬ ਨੂੰ ਨੇਪਰੇ ਚਾੜਨ ਦਾ ਕੇਂਦਰੀ ਨਾਹਰਾ ‘ਜ਼ਮੀਨ ਹਲ਼ਵਾਹਕ ਦੀ’ ਹੁੰਦਾ ਹੈ। ਇਨਕਲਾਬੀ ਸਾਡਾ ਰਾਹ ਮੁਤਾਬਕ ਜੇਕਰ ਪੰਜਾਬ ‘ਚ ਅਜੇਹੀ ਸਥਿਤੀ ਹੈ ਤਾਂ ਉਹ ਇਹ ਨਾਹਰਾ ਕਿਉਂ ਨਹੀਂ ਦਿੰਦਾ?

‘ਇਨਕਲਾਬੀ ਸਾਡਾ ਰਾਹ’ ਦਾ ਕਹਿਣਾ ਹੈ “ਇੱਕ ਅਰਧ ਬਸਤੀ ਦੇਸ਼ ਵਿੱਚ ਵਿਕਾਸ ਨੂੰ, ਸਾਮਰਾਜ ਜਿਸਨੇ ਖੇਤੀ ਖੇਤਰ ਨੂੰ ਪੈਦਾਵਾਰੀ ਸ਼ਕਤੀਆਂ ਦੇ ਵਿਕਾਸ ਅਤੇ ਪੈਦਾਵਾਰੀ ਨੂੰ ਬਦਲਣ ਖਾਤਰ ਨਹੀਂਂ ਸਗੋਂ ਆਪਣੀਆਂ ਜ਼ਰੂਰਤਾਂ” ਖਾਤਿਰ ਬਦਲਿਆ, ਤੋਂ ਅਲੱਗ ਕਰਕੇ ਨਹੀਂ ਸਮਝਿਆ ਜਾ ਸਕਦਾ।” ਇੱਥੇ ‘ਇਨਕਲਾਬੀ ਸਾਡਾ ਰਾਹ ‘ ਪੰਜਾਬ ਸਮੇਤ ਪੂਰੇ ਭਾਰਤ ਦੇ ਜ਼ਰਈ ਖੇਤਰ ਵਿੱਚ ਹੋਈਆਂ ਤਬਦੀਲੀਆਂ ‘ਚ ਭਾਰਤ ਦੀਆਂ ਹਾਕਮ ਜਮਾਤਾਂ ਦੀ ਭੂਮਿਕਾ ਨੂੰ ਪੂਰੀ ਤਰ੍ਹਾਂ ਖਾਰਿਜ ਕਰ ਦਿੰਦਾ ਹੈ। ਉਸ ਮੁਤਾਬਕ ਸਭ ਕੁਝ ਸਾਮਰਾਜ ਹੀ ਕਰ ਰਿਹਾ ਹੈ। ਖੈਰ ਇਹ ਇੱਕ ਵੱਖਰੀ ਬਹਿਸ ਦਾ ਵਿਸ਼ਾ ਹੈ।

ਸੰਸਾਰ ਭਰ ‘ਚ ਜਿੱਥੇ ਕਿਤੇ ਵੀ ਸਰਮਾਏਦਾਰੀ ਜਾਂ ਕੋਈ ਹੋਰ ਹਾਕਮ ਜਮਾਤ ਸੱਤਾ ‘ਚ ਆਈ ਹੈ ਉਹ ਆਪਣੀਆਂ ਜ਼ਰੂਰਤਾਂ ਖਾਤਰ ਹੀ ਬਦਲਾਅ ਲਿਆਉਂਦੀ ਹੈ। ਬਦਲਾਅ ਨੂੰ ਹਾਕਮ ਜਮਾਤ ਦੀ ਜ਼ਰੂਰਤਾਂ ਤੋਂ ਵੱਖ ਕਿਵੇਂ ਕੀਤਾ ਜਾ ਸਕਦਾ ਹੈ? ਦੂਜਾ ਸਵਾਲ ਇਹ ਵੀ ਹੈ ਭਾਵੇਂ ‘ਸਾਮਰਾਜ ਨੇ ਆਪਣੀਆਂ ਜ਼ਰੂਰਤਾਂ ਖਾਤਿਰ ਹੀ ਬਦਲਾਅ ਲਿਆਂਦਾ’ ਪਰ ਉਹ ਬਦਲਾਅ ਹੈ ਕੀ? ਕੀ ਇਸ ਨਾਲ਼ ਇੱਥੇ ਪੈਦਾਵਾਰੀ ਸਬੰਧ ਬਦਲੇ ਜਾਂ ਨਹੀਂ? ਇਸ ਦਾ ਇਨਕਲਾਬੀ ਸਾਡਾ ਰਾਹ ਕੋਈ ਸਾਫ ਸਪੱਸ਼ਟ ਜਵਾਬ ਨਹੀਂ ਦਿੰਦਾ।

‘ਇੱਥੇ ‘ਇਨਕਲਾਬੀ ਸਾਡਾ ਰਾਹ’ ਦਾ ਕਹਿਣਾ ਹੈ “ਪੰਜਾਬ ਅੰਦਰ, ਭਾਵੇਂ, ਪ੍ਰਤੀਦਿਨ ਦਿਹਾੜੀ ਦਾ ਵਰਤਾਰਾ ਵੀ ਹੈ, ਪਰ ਇਸਦੇ ਨਾਲ਼ ਹੀ ਨਰੜੀ ਕਿਰਤ ਦੀ ਹੋਂਦ ਵੀ ਸਾਂਝੀ ਅਤੇ ਸੀਰੀ ਦੇ ਰੂਪ ‘ਚ ਮੌਜੂਦ ਹੈ। ਪ੍ਰਵਾਸੀ ਮਜ਼ਦੂਰ ਜੋ ਕਿ ਠੇਕੇ ਦੇ ਅਧਾਰ ‘ਤੇ ਨੌਕਰ ਰੱਖੇ ਜਾਂਦੇ ਹਨ ਆਮ ਤੌਰ ‘ਤੇ ਪੂਰੇ 24 ਘੰਟਿਆਂ ਅਤੇ ਸਾਰੇ ਸ਼ਾਮਲ ਲਈ ਜਕੜੇ ਹੋਏ ਮਜ਼ਦੂਰ ਹੁੰਦੇ ਹਨ। ਸ਼ਾਹੂਕਾਰਾ ਅਤੇ ਜਾਤ-ਪਾਤ ਪੂਰਵ ਪੂੰਜੀਵਾਦੀ ਪ੍ਰਬੰਧ ਦੇ ਹੋਰ ਪ੍ਰਗਟਾਵੇ ਹਨ।”

ਇੱਥੇ ‘ਇਨਕਲਾਬੀ ਸਾਡਾ ਰਾਹ’ ਪੰਜਾਬ ਦੀ ਖੇਤੀ ਅਤੇ ਪੇਂਡੂ ਖੇਤਰ ‘ਚ ਪ੍ਰਚੱਲਤ ਭਾਰੂ ਵਰਤਾਰੇ ਉਜ਼ਰਤੀ ਮਜ਼ਦੂਰੀ ਦਾ ਕੋਈ ਜ਼ਿਕਰ ਨਹੀਂ ਕਰਦਾ। ਉਹ ਬੜੀ ਚਲਾਕੀ ਨਾਲ਼ ਪ੍ਰਤੀਦਿਨ ਦਿਹਾੜੀ ਦਾ ਜ਼ਿਕਰ ਕਰਦਾ ਹੈ, ਜਿਵੇਂ ਪ੍ਰਤੀਦਿਨ ਦਿਹਾੜੀ ਹੀ ਉਜ਼ਰਤੀ ਮਜ਼ਦੂਰੀ ਦਾ ਇੱਕੋ-ਇੱਕ ਰੂਪ ਹੋਵੇ। ਸੱਨਅਤ ਵਿੱਚ ਮਜ਼ਦੂਰਾਂ ਨੂੰ ਮਹੀਨੇ ਬਾਅਦ ਤਨਖਾਹ ਮਿਲ਼ਦੀ ਹੈ, ਇਸਦਾ ਮਤਲਬ ਇਹ ਨਹੀਂ ਕਿ ਉਹ ‘ਨਰੜੇ’, ‘ਜਕੜੇ’ ਮਜ਼ਦੂਰ ਹਨ। ਭਾਵੇਂ ਹਾਲੇ ਵੀ ਪੰਜਾਬ ਦੀ ਖੇਤੀ ‘ਚ ਸਾਂਝੀ-ਸੀਰੀ ਮਿਲਦੇ ਹਨ। ਪਰ ਇਹ ਪੰਜਾਬ ਦੇ ਖੇਤੀ ਅਰਥਚਾਰੇ ਦਾ ਭਾਰੂ ਪੱਖ ਨਹੀਂ ਹਨ। ਮੁੱਖ ਵਰਤਾਰਾ ਉਜ਼ਰਤੀ ਮਜ਼ਦੂਰਾਂ ਦਾ ਹੈ। ਪੰਜਾਬ ਦੇ ਪੇਂਡੂ ਮਜ਼ਦੂਰਾਂ ਦੀ ਵੱਡੀ ਬਹੁ ਗਿਣਤੀ ਉਜ਼ਰਤੀ ਮਜ਼ਦੂਰਾਂ ਦੀ ਹੈ ਭਾਵੇਂ ਉਹ ਆਰਥਿਕਤਾ ਦੇ ਕਿਸੇ ਵੀ ਖੇਤਰ ‘ਚ ਕੰਮ ਕਰਦੇ ਹੋਣ।

‘ਨਰੜੇ’, ‘ਜਕੜੇ’ ਮਜ਼ਦੂਰਾਂ ਤੋਂ ਇਲਾਵਾ ਸ਼ਾਹੂਕਾਰਾ ਅਤੇ ਜਾਤ-ਪਾਤ ‘ਇਨਕਲਾਬੀ ਸਾਡਾ ਰਾਹ’ ਲਈ ‘ਪੂਰਵ ਪੂੰਜੀਵਾਦੀ ਪ੍ਰਬੰਧ ਦੇ ਹੋਰ ਪ੍ਰਗਟਾਵੇ ਹਨ।’ ਇੱਥੇ ਵੀ ‘ਇਨਕਲਾਬੀ ਸਾਡਾ ਰਾਹ’ ਇਹ ਨਹੀਂ ਦੱਸਦਾ ਕਿ ਇਹ ਸਰਮਾਏਦਾਰੀ ਤੋਂ ਪਹਿਲਾਂ ਕਿਹੜੇ ਪ੍ਰਬੰਧ ਦੇ ਪ੍ਰਗਟਾਵੇ ਹਨ।

ਭਾਰਤ ਵਿੱਚ ਇਸ ਸਮੇਂ ਜੋ ਜਾਤ-ਪਾਤ ਦੀ ਮੌਜ਼ੂਦਗੀ ਹੈ ਉਹ ਸਰਮਾਏਦਾਰਾ ਜਾਤਪਾਤ ਹੈ। ਭਾਰਤ ਵਿੱਚ ਹੋਏ ਸਰਮਾਏਦਰਾਰਾ ਵਿਕਾਸ ਨੇ ਜਾਤ ਅਧਾਰਤ ਦਰਜੇਬੰਦੀ (Hierarchy) ਨੂੰ ਖਤਮ ਕੀਤਾ ਹੈ। ਜਾਤ ਅਧਾਰ ਕਿਰਤ ਵੰਡ ਵੱਡੀ ਪੱਧਰ ‘ਤੇ ਖਤਮ ਹੋਈ ਹੈ ਭਾਵੇਂ ਇਸਦੀ ਰਹਿੰਦ-ਖੂੰਹਦ ਅਜੇ ਵੀ ਬਚੀ ਹੋਈ ਹੈ। ਜਾਤ-ਪਾਤ ਦੀ ਜੋ ਵਿਸ਼ੇਸ਼ਤਾ ਅਜੇ ਵੱਡੇ ਪੱਧਰ ‘ਤੇ ਕਾਇਮ ਹੈ ਉਹ ਹੈ ਜਾਤ-ਪਾਤ ਅੰਦਰ ਵਿਆਹ। ਜਾਤ ਦੀ ਇਹ ਵਿਸ਼ੇਸ਼ਤਾ ਵੀ ਇਸ ਲਈ ਬਚੀ ਹੋਈ ਹੈ ਕਿਉਂਕਿ ਇਹ ਕਿਸੇ ਵੀ ਤਰ੍ਹਾਂ ਸਰਮਾਏਦਰਾਰਾ ਵਿਕਾਸ ਦੇ ਵਿਰੋਧ ਵਿੱਚ ਨਹੀਂ ਜਾਂਦੀ, ਸਗੋਂ ਇਸ ਲਈ ਸਹਾਇਕ ਹੁੰਦੀ ਹੈ। ਸਾਡੇ ਦੇਸ਼ ਵਿੱਚ ਸਰਮਾਏਦਾਰੀ  ਨੇ ਜਾਤ-ਪਾਤ ਨੂੰ ਆਪਣੇ ਮੁਤਾਬਕ ਢਾਲ਼ ਕੇ ਆਪਣਾ ਲਿਆ ਹੈ। ਇਹ ਕਹਿਣਾ ਕਿ ਜਾਤ-ਪਾਤ  ਪੂਰਵ ਸਰਮਾਏਦਾਰਾ ਪ੍ਰਬੰਧ ਦਾ ਪ੍ਰਗਟਾਵਾ ਹੈ, ਭਾਰਤ ਵਿੱਚ ਜਾਤ-ਪਾਤ ਬਾਰੇ ਮੁਕੰਮਲ ਅਗਿਆਨਤਾ ਦੀ ਨੁਮਾਇਸ਼ ਹੈ।

ਜਿੱਥੋਂ ਤੱਕ ਸ਼ਾਹੂਕਾਰੇ ਦਾ ਸਵਾਲ ਹੈ, ਇਹ ਪੰਜਾਬ ਦੀ ਖੇਤੀ ਆਰਥਿਕਤਾ ਦਾ ਮੁੱਖ ਪੱਖ ਨਹੀਂ ਹੈ। ਪੰਜਾਬ ਵਿੱਚ ਕਿਸਾਨਾਂ ਵੱਲੋਂ ਲਏ ਜਾਂਦੇ  ਕਰਜ਼ੇ ‘ਚ ਸੰਸਥਾਗਤ ਕਰਜ਼ਾ ਮੁੱਖ ਹੈ ਸ਼ਾਹੂਕਾਰਾਂ ਤੋਂ ਲਿਆ ਜਾਣ ਵਾਲ਼ਾ ਕਰਜ਼ਾ ਗੌਣ ਹੈ। ‘ਤੇ ਸ਼ਾਹੂਕਾਰਾ ਕਰਜ਼ੇ ਦਾ ਕਿਸਾਨਾਂ ਵੱਲੋਂ ਲਏ ਜਾਂਦੇ ਕੁੱਝ ਕਰਜ਼ੇ ‘ਚ ਹਿੱਸਾ ਲਗਾਤਾਰ ਘਟ ਰਿਹਾ ਹੈ। ਪੰਜਾਬੀ ਯੂਨੀਵਰਸਿਟੀ ਦੇ ਇੱਕ ਸਰਵੇਖਣ ਮੁਤਾਬਕ ਪੰਜਾਬ ‘ਚ ਇਸ ਸਮੇਂ ਕਿਸਾਨਾਂ ‘ਤੇ ਜੋ ਕੁੱਲ ਕਰਜਾ ਹੈ ਉਸ ‘ਚ ਸੰਸਥਾਗਤ ਕਰਜੇ ਦਾ ਹਿੱਸਾ 84 ਫੀਸਦੀ ਹੈ।  ਬਾਕੀ ਅੱਜ ਪੰਜਾਬ ‘ਚ ਜੋ ਸ਼ਾਹੂਕਾਰ ਕਰਜ਼ ਹੈ ਇਸ ਦੀ ਕਿਸੇ ਵੀ ਤਰ੍ਹਾਂ ਜਗੀਰੂ ਦੌਰ ਤੇ ਕਰਜ਼ਾ ਨਾਲ਼ ਤੁਲਨਾ ਨਹੀਂ ਕੀਤੀ ਜਾ ਸਕਦੀ। ਅੱਜ ਕਿਸਾਨ ਮੁੱਖ ਰੂਪ ‘ਚ ਕਰਜ਼ਾ ਪੈਦਾਵਾਰੀ ਸਰਗਰਮੀਆਂ ਵਾਸਤੇ ਲੈਂਦੇ ਹਨ। ‘ਤੇ ਧਨੀ ਕਿਸਾਨ ਅੱਜ ਨਵੇਂ ਸ਼ਾਹੂਕਾਰਾਂ ਦੇ ਰੂਪ ‘ਚ ਉੱਭਰੇ ਹਨ।

‘ਇਨਕਲਾਬੀ ਸਾਡਾ ਰਾਹ’ ਦੇ ਇਸ ਲੇਖ ਦਾ ਲੇਖਕ ਮਾਰਕਸਵਾਦੀ ਸਿਆਸੀ ਆਰਥਿਕਤਾ ਦੀ ਆਵਦੀ ਨਾਸਮਝੀ ਨੂੰ ਉਦੋਂ ਸਿਖਰ ‘ਤੇ ਪਹੁੰਚਾ ਦਿੰਦਾ ਹੈ, ਜਦੋਂ ਉਹ ਕਹਿੰਦਾ ਹੈ, “ਸਰਮਾਏਦਾਰਾ ਤਬਦੀਲੀ ਸਭ ਤੋਂ ਬੁਨਿਆਦੀ ਚੀਜ਼ ਸਿਰਫ ਮਸ਼ੀਨਰੀ ਦੀ ਵਰਤੋਂ ਨਹੀਂ ਸਗੋਂ ਮਜ਼ਦੂਰ ਦਾ ਆਪਣੇ-ਆਪ ਵਿੱਚ ਜਿਣਸ ਬਣ ਜਾਣਾ ਹੈ।” (ਜ਼ੋਰ ਸਾਡਾ) ‘ਇਨਕਲਾਬੀ ਸਾਡਾ ਰਾਹ’ ਦੇ ਇਸ ਲੇਖਕ ਨੂੰ ਦੱਸ ਦੇਈਏ ਕਿ ਸਰਮਾਏਦਾਰੀ ‘ਚ ਮਜ਼ਦੂਰ ਜਿਣਸ ਨਹੀਂ ਬਣਦਾ ਸਗੋਂ ਉਸਦੀ ਕਿਰਤ ਸ਼ਕਤੀ ਜਿਣਸ ਬਣਦੀ ਹੈ।

ਲੇਖ ਵਿੱਚ ਕੁਝ ਜਮੀਨ ਲਈ ਸੰਘਰਸ਼ਾਂ ਦਾ ਵੀ ਜ਼ਿਕਰ ਆਉਂਦਾ ਹੈ। ਇਹਨਾਂ ਬਾਰੇ ਅਸੀਂ ਪਹਿਲਾਂ ਹੀ ਲਿਖ ਚੁੱਕੇ ਹਾਂ ਕਿ ਇਹ ਸੰਘਰਸ਼ ਕਿਵੇਂ ਗਲਤ ਅਤੇ ਪੇਂਡੂ ਗਰੀਬਾਂ ਦੇ ਵਿਰੋਧ ‘ਚ ਹਨ। (ਦੇਖੋ ਸੰਦਰਭ ਸੂਚੀ) ਇੱਥੇ ਅਸੀਂ ਸਿਰਫ ‘ਇਨਕਲਾਬੀ ਸਾਡਾ ਰਾਹ’ ਦੇ ਕੁਝ ਆਪਾ ਵਿਰੋਧ ‘ਤੇ ਚਰਚਾ ਕਰਾਂਗੇ। ‘ਇਨਕਲਾਬੀ ਸਾਡਾ ਰਾਹ’ ਲਿਖਦਾ ਹੈ, “ਲਹਿਰ ਦੇ ਵਿਕਸਤ ਹੋਣ ‘ਤੇ ਭੂਮੀਪਤੀਆਂ ਅਤੇ ਧਨੀ ਕਿਸਾਨਾਂ ਦੀਆਂ ਜ਼ਮੀਨਾਂ ਕਬਜ਼ਾਉਣ ਵੱਲ ਅੱਗੇ ਵਧਾਂਗੇ।” ਇੱਥੇ ਅਸੀਂ ਕੁਝ ਸਵਾਲ ਪੁੱਛਣੇ ਚਾਹਾਂਗੇ। ਭੂਮੀਪਤੀਆਂ ਅਤੇ ਧਨੀ ਕਿਸਾਨਾਂ ਵਿੱਚ ਫਰਕ ਹੈ? ਕੀ ਨਵ-ਜ਼ਮਹੂਰੀ ਇਨਕਲਾਬ ਦੇ ਪੜਾਅ ‘ਚ ਧਨੀ ਕਿਸਾਨ ਮਿੱਤਰ ਜਮਾਤਾਂ ਵਿੱਚ ਸ਼ਾਮਿਲ ਨਹੀਂ ਹੁੰਦਾ? ਜੇਕਰ ਤੁਸੀ ਧਨੀ ਕਿਸਾਨਾਂ ਨੂੰ ਮਿੱਤਰ ਜਮਾਤ ਮੰਨਦੇ ਹੋ ਤਾਂ ਉਸਦੀਆਂ ਜ਼ਮੀਨਾਂ ਖੋਹਣ ਦਾ ਕਾਰਜ਼ ਕਿਉਂ ਮਿੱਥਦੇ ਹੋ? ਜੇਕਰ ਦੁਸ਼ਮਣ ਮੰਨਦੇ ਹੋ ਤਾਂ ਪੰਜਾਬ ਦੀ ਖੇਤੀ ਨੂੰ ਸਮਾਏਦਾਰਾ ਖੇਤੀ ਕਿਉਂ ਨਹੀਂ ਮੰਨਦੇ?

ਲੇਖ ਦੇ ਅੰਤ ਵਿੱਚ ‘ਇਨਕਲਾਬੀ ਸਾਡਾ ਰਾਹ’ ਕਹਿੰਦਾ ਹੈ ਕਿ ਭਾਵੇਂ ਜ਼ਮੀਨ ਦਾ ਮੁੱਦਾ ਨਵ-ਜਮਹੂਰੀ ਇਨਕਲਾਬ ਦਾ ਬੁਨਿਆਦੀ ਮੁੱਦਾ ਹੈ ਇਸ ਤੋਂ ਬਿਨਾਂ ਹੋਰ ਵੀ ਮੁੱਦੇ ਹਨ। ਇਹਨਾਂ ਹੋਰ ਮੁੱਦਿਆਂ ‘ਚ ਉਹ ਖੇਤੀ ਲਾਗਤਾਂ ਘਟਾਉਣਾ (ਜਾਣੀ ਸਬਸਿਡੀਆਂ) ਅਤੇ ਖੇਤੀ ਜਿਣਸਾਂ ਦੇ ਲਾਹੇਵੰਦ ਭਾਵਾਂ ਨੂੰ ਵੀ ਸ਼ਾਮਿਲ ਕਰਦਾ ਹੈ। ਪਰ ਇਹ ਦੋਵੇਂ ਮੰਗਾਂ ਤਾਂ ‘ਭੂਮੀਪਤੀਆਂ ਅਤੇ ਧਨੀ ਕਿਸਾਨਾਂ’ ਦੀਆਂ ਹਨ। ਇਹ ਮੰਗਾਂ ਮੰਨੇ ਜਾਣ ਤੇ ਇਹਨਾਂ ਦੇ ਹੀ ਮੁਨਾਫੇ ਵਧਦੇ ਹਨ। ਇੱਕ ਪਾਸੇ ਤਾਂ ‘ਇਨਕਲਾਬੀ ਸਾਡਾ ਰਾਹ’ ਭੂਮੀਪਤੀਆਂ ਅਤੇ ਧਨੀ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਦੀ ਗੱਲ ਕਰਦਾ ਹੈ ਅਤੇ ਦੂਜੇ ਪਾਸੇ ਉਹਨਾਂ ਦੇ ਮੁਨਾਫੇ ਵਧਾਉਣ ਦੀ। ‘ਇਨਕਲਾਬੀ ਸਾਡਾ ਰਾਹ’ ਦੇ ਸਾਥੀਆਂ ਨੂੰ ਅਜਿਹੇ ਆਪਾ ਵਿਰੋਧ ਹੱਲ ਕਰਨੇ ਚਾਹੀਦੇ ਹਨ। ਇਹ ਤਾਂ ਹੀ ਹੋ ਸਕਦਾ ਹੈ ਜਦੋਂ ਇਹ ਜ਼ਮੀਨੀ ਹਕੀਕਤਾਂ ਨੂੰ ਵੱਢ-ਟੁੱਕ ਦੇ ਪੁਰਾਣੇ ਵੇਲਾ ਵਿਹਾਅ ਚੁੱਕੇ ਚੌਖਟਿਆਂ ‘ਚ ਫਿੱਟ ਕਰਨਾ ਬੰਦ ਕਰੇ। ਜਦੋਂ ਹਕੀਕਤਾਂ ਚੌਖਟਿਆਂ ਨਾਲ਼ ਮੇਲ਼ ਨਾ ਖਾਣ ਤਾਂ ਚੌਖਟੇ ਬਦਲ ਲੈਣਾ ਕੋਈ ਸੰਗ ਸ਼ਰਮ ਦੀ ਗੱਲ ਨਹੀਂ ਹੁੰਦੀ। ਸਗੋਂ ਵਿਗਿਆਨਕ ਸਾਹਸ ਦਾ ਪ੍ਰਤੀਕ ਹੁੰਦੀ ਹੈ।

ਹੁਣ ‘ਇਨਕਲਾਬੀ ਸਾਡਾ ਰਾਹ’ ਦੇ ਮਈ 2016 ਅੰਕ ਵਿੱਚ ਛਪੇ ਲੇਖ “ਪੇਂਡੂ/ਖੇਤ ਮਜ਼ਦੂਰ ਲਹਿਰ ਦੀ ਦਸ਼ਾ ਤੇ ਦਿਸ਼ਾ ਬਾਰੇ ਕੁਝ ਨੁਕਤੇ।”      

ਇਸ ਲੇਖ ਵਿੱਚ ਪੇਂਡੂ/ਖੇਤ ਮਜ਼ਦੂਰ ਲਹਿਰ ਦੀ ਦਸ਼ਾ ਦਾ ਚਿਤਰਣ ਅਧੂਰਾ ਅਤੇ ਗਲਤ ਹੈ। ਦਸ਼ਾ ‘ਚੋਂ ਹੀ ਦਿਸ਼ਾ ਨਿੱਕਲਦੀ ਹੈ। ਹੁਣ ਜੇ ਦਸ਼ਾ ਦਾ ਵਰਨਣ ਗਲਤ ਹੋਵੇ ਤਾਂ ਦਿਸ਼ਾ ਤਾਂ ਗਲਤ ਹੋਣੀ ਹੀ ਹੈ।

ਇਸ ਲੇਖ ਵਿੱਚ ਪੰਜਾਬ ਵਿੱਚਲੀ ਸਮਾਜੀ ਆਰਥਿਕ ਸੰਰਚਨਾ ਦੇ ਸਵਾਲ ਨੂੰ ਛੋਹਿਆ ਹੀ ਨਹੀਂ ਗਿਆ। ਇਹ ਦੱਸਿਆ ਹੀ ਨਹੀਂ ਗਿਆ ਕਿ ਇੱਥੇ ਪੈਦਾਵਾਰੀ ਸਬੰਧਾਂ ਦਾ ਖਾਸਾ ਕੀ ਹੈ?

ਕਿਸੇ ਵੀ ਸਮਾਜ ਵਿੱਚ ਵੱਖ-ਵੱਖ ਜਮਾਤਾਂ/ ਤਬਕਿਆਂ ਦੀ ਲਾਮਬੰਦੀ, ਉਹਨਾਂ ਦੇ ਸੰਘਰਸ਼ਾਂ ਦੀਆਂ ਠੋਸ ਮੰਗਾਂ, ਮੁੱਖ ਤੌਰ ‘ਤੇ ਪੈਦਾਵਾਰੀ ਸਬੰਧਾਂ ਦੇ ਖਾਸੇ ਤੋਂ ਹੀ ਤੈਅ ਹੁੰਦੀਆਂ ਹਨ। ਸਮਾਜੀ ਆਰਥਿਕ ਸੰਰਚਨਾ ਦੇ ਵਿਸ਼ਲੇਸ਼ਣ ਤੋਂ ਹੀ ਦੋਸਤਾਂ ਦੁਸ਼ਮਣਾ ਦਾ ਨਿਰਣਾ ਹੁੰਦਾ ਹੈ। ਬੇਸ਼ੱਕ ਪੰਜਾਬ ਕੋਈ ਵੱਖਰਾ ਦੇਸ਼ ਨਹੀਂ ਹੈ, ਇਹ ਭਾਰਤ ਦਾ ਹੀ ਅੰਗ ਹੈ। ਅਤੇ ਇਹ ਦੇਸ਼ ਸੰਸਾਰ ਸਾਮਰਾਜੀ ਪ੍ਰਬੰਧ ਦਾ ਅੰਗ ਹੈ। ਇਸ ਲਈ ਭਾਰਤ ਅਤੇ (ਪੰਜਾਬ, ਜੇਕਰ ਇੱਥੇ ਵੱਖ ਦੇਸ਼ ਨਾਲ਼ੋਂ ਕੋਈ ਭਿੰਨਤਾਵਾਂ ਮੌਜੂਦ ਹਨ) ਦੀ ਸਮਾਜੀ ਆਰਥਿਕ ਸੰਰਚਨਾ ਦੀ ਸਮਝ ਤੋਂ ਬਗੈਰ ਪੇਂਡੂ ਖੇਤ ਮਜ਼ਦੂਰ ਲਹਿਰ ਦੀ ਦਸ਼ਾ ਅਤੇ ਦਿਸ਼ਾ ਤੈਅ ਨਹੀਂ ਹੋ ਸਕਦੀ।  

ਇਸ ਲੇਖ ਦੇ ਸ਼ੁਰੂ ‘ਚ ਲੇਖਕ ਇੱਕ ਗਲਤ ਦਾਵਾ ਕਰਦਾ ਹੈ। ਉਹ ਕਹਿੰੰਦਾ ਹੈ “ਪੰਜਾਬ ਦੀ ਆਰਥਿਕਤਾ ਮੁੱਖ ਤੌਰ ‘ਤੇ ਜ਼ਰਈ ਆਰਥਿਕਤਾ ਹੈ।” ਅੱਗੇ ਉਸ ਦਾ ਕਹਿਣਾ ਹੈ, “ਸੰਨ 2011 ਦੀ ਜਨਗਣਨਾ ਦੇ ਅੰਕੜਿਆਂ ਅਨੁਸਾਰ ਖੇਤੀ ਖੇਤਰ ਵਿੱਚ ਲੱਗੇ ਕੁੱਲ ਕਿਰਤਆਂ ਵਿੱਚੋਂ 43% ਖੇਤ ਮਜ਼ਦੂਰ ਹਨ। …” ਭਾਵੇਂ ਖੇਤੀ ਵਿੱਚ ਮਸ਼ੀਨਰੀ ਦੇ ਆਉਣ ਨਾਲ਼ ਖੇਤੀ ਖੇਤਰ ਵਿੱਚ ਕੰਮ ਦੇ ਮੌਕੇ ਕਾਫੀ ਘਟ ਗਏ ਹਨ ਪਰ ਫਿਰ ਵੀ ਕੁੱਲ ਕਿਰਤੀਆਂ ਵਿੱਚ 43% ਹਿੱਸਾ ਕਾਫੀ ਵੱਡਾ ਹੈ।”

‘ਇਨਕਲਾਬੀ ਸਾਡਾ ਰਾਹ’ ਦਾ ਇਹ ਅੰਕੜਾ ਤਾਂ ਲਗਭਗ ਸਹੀ ਹੈ। ਪਰ ਇਸ ਵਿੱਚ ਇੱਕ ਚਲਾਕੀ ਹੈ। ਇਹ ਅੰਕੜਾ ਉਸਨੇ ਖੇਤੀ ਖੇਤਰ ‘ਚ ਲੱਗੇ ਕੁੱਲ ਕਿਰਤੀਆਂ ਦੇ ਪ੍ਰਤੀਸ਼ਤ ਵਜੋਂ ਦਿੱਤਾ ਹੈ। ਜਿਸ ਤੋਂ ਇਹ ਸੰਖਿਆ ਕਾਫੀ ਵੱਡੀ ਲੱਗਦੀ ਹੈ। ਪਰ ਉਹ ਇਸ ਗੱਲ ‘ਤੇ ਚੁੱਪ ਵੱਟੀ ਰੱਖਦਾ ਹੈ ਕਿ ਪੰਜਾਬ ਦੀ ਕੁੱਲ ਕਾਮਾ ਵਸੋਂ ‘ਚ ਖੇਤ ਮਜ਼ਦੂਰਾਂ ਦਾ ਪ੍ਰਤੀਸ਼ਤ ਕਿੰਨਾ ਹੈ? ਕਿਉਂਕਿ ਜੇਕਰ ਉਹ ਅਜਿਹਾ ਕਰੇਗਾ ਤਾਂ ਪੰਜਾਬ ਦੀ ਆਰਥਿਕਤਾ ਦੇ ਜ਼ਰਈ ਆਰਥਿਕਤਾ ਹੋਣ ਦੀ ਜੋ ਮਿੱਥ ਉਸ ਨੇ ਘੜੀ ਹੈ, ਉਹ ਕਾਫੂਰ ਹੋ ਜਾਵੇਗੀ।

ਆਓ ਦੇਖਦੇ ਹਾਂ ਕਿ ਅਸਲੀਅਤ ਕੀ ਹੈ? 2011 ਦੀ ਜਨਗਣਨਾ ਮੁਤਾਬਕ ਪੰਜਾਬ ਵਿੱਚ ਕੁੱਲ 99 ਲੱਖ ਕਾਮੇ ਸਨ । ਇਹਨਾਂ ਵਿੱਚ 19.3 ਲੱਖ ਕਿਸਾਨ (Cultivators) ਅਤੇ 15.9 ਲੱਖ ਖੇਤ ਮਜ਼ਦੂਰ ਸਨ। ਇਹਨਾਂ ਕੁੱਲ ਕਾਮਿਆਂ ‘ਚੋਂ 59.9 ਲੱਖ ਕਾਮੇ ਖੇਤੀ ਖੇਤਰ ‘ਚੋਂ ਬਾਹਰ ਕੰਮ ਕਰਦੇ ਸਨ ਜੋ ਕਿ ਕੁੱਲ ਕਾਮਿਆਂ ਦਾ 60.5 ਫੀਸਦੀ ਬਣਦਾ ਹੈ। ਇਸ ਮਾਮਲੇ ਵਿੱਚ ਪੰਜਾਬ ਕੇਰਲ (80.5 ਫੀਸਦੀ) ਤੋਂ ਬਾਅਦ ਭਾਰਤ ਵਿੱਚ ਦੂਸਰੇ ਨੰਬਰ ‘ਤੇ ਹੈ। ਇਹਨਾਂ ਕੁੱਲ ਕਾਮਿਆਂ ‘ਚੋਂ 35.2 ਲੱਖ ਕਾਮੇ (ਕਿਸਾਨ ਅਤੇ ਮਜ਼ਦੂਰ)  ਖੇਤੀ ਖੇਤਰ ‘ਚ ਸਨ। ਜੋ ਕੁੱਲ ਕਾਮਿਆਂ ਦਾ 35.5 ਫੀਸਦੀ ਬਣਦੇ ਹਨ। ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਵੱਖ-ਵੱਖ ਕਰਕੇ ਦੇਖੀਏ ਤਾਂ ਪੰਜਾਬ ਦੇ ਕੁੱਲ ਕਾਮਿਆਂ ‘ਚ ਕਿਸਾਨ 19.49 ਫੀਸਦੀ ਅਤੇ ਖੇਤ ਮਜ਼ਦੂਰ 16 ਫੀਸਦੀ ਬਣਦੇ ਹਨ। 2013-14 ‘ਚ ਪੰਜਾਬ ਦੀ ਘਰੇਲੂ ਪੈਦਾਵਾਰ ਖੇਤੀ ਅਤੇ ਸਹਾਇਕ ਧੰਦਿਆਂ ਦਾ ਹਿੱਸਾ 28.13 ਫੀਸਦੀ ਸੀ। ਹੁਣ ਜਿੱਥੇ 60.5 ਫੀਸਦੀ ਕਾਮੇ ਖੇਤੀ ਖੇਤਰ ਤੋਂ ਬਾਹਰ ਸੱਨਅਤ ਅਤੇ ਸੇਵਾ ਖੇਤਰ ‘ਚ ਕੰਮ ਕਰਦੇ ਹੋਣ ਜਿਸਦੀ ਕੁੱਲ ਘਰੇਲੂ ਪੈਦਾਵਾਰ ਦਾ 70 ਫੀਸਦੀ ਤੋਂ ਵਧੇਰੇ ਹਿੱਸਾ ਸੱਨਅਤ ਅਤੇ ਸੇਵਾ ਖੇਤਰ ਤੋਂ ਆਉਂਦਾ ਹੋਵੇ ਕੀ ਉਸਨੂੰ ਜ਼ਰਈ ਆਰਥਿਕਤਾ ਕਿਹਾ ਜਾ ਸਕਦਾ ਹੈ? ‘ਇਨਕਲਾਬੀ ਸਾਡਾ ਰਾਹ’ ਦਾ ਅਜਿਹਾ ਦਾਅਵਾ ਪੂਰੀ ਤਰ੍ਹਾਂ ਮਨਘੜ੍ਹਤ ਹੈ।

‘ਇਨਕਲਾਬੀ ਸਾਡਾ ਰਾਹ’ ਦਾ ਕਹਿਣਾ ਹੈ ਕਿ, “ਖੇਤ ਮਜ਼ਦੂਰ ਮੁੱਖ ਰੂਪ ‘ਚ ਦਲਿਤ ਜਾਤੀਆਂ ਨਾਲ਼ ਸੰਬੰਧਤ ਹਨ।” ਇਨਕਲਾਬੀ ਸਾਡਾ ਰਾਹ ਦੇ ਇਹ ਦਾਅਵੇ ‘ਚ ਅੰਸ਼ਕ ਸੱਚਾਈ ਹੀ ਹੈ। ਹਕੀਕਤ ਇਹ ਹੈ ਕਿ ਪੰਜਾਬ ਦੇ ਪਿੰਡਾਂ ਦੇ ਮਜ਼ਦੂਰ (ਦਲਿਤ ਅਤੇ ਗੈਰ ਦਲਿਤ ਜਾਤਾਂ ਨਾਲ਼ ਸਬੰਧਤ) ਖੇਤੀ ‘ਚ ਕੰਮ ਨਾਲ਼ੋਂ ਖੇਤੀ ਤੋਂ ਬਾਹਰ ਕੰਮ ਕਰਨ ਨੂੰ ਤਰਜ਼ੀਹ ਦਿੰਦੇ ਹਨ। ਜਦ ਕਿ ਖੇਤੀ ‘ਚ ਵੱਡੀ ਪੱਧਰ ‘ਤੇ ਪ੍ਰਵਾਸੀ ਮਜ਼ਦੂਰ ਕੰਮ ਕਰਦੇ ਹਨ। ਅਰਥਸ਼ਾਸਤਰੀ ਪ੍ਰੋ.ਰਣਜੀਤ ਸਿੰਘ ਘੁੰਮਣ ਮੁਤਾਬਕ ਪੰਜਾਬ ਦੀ ਖੇਤੀ ‘ਚ ਲੱਗੀ ਕੁੱਲ ਕਿਰਤ ਸ਼ਕਤੀ ‘ਚ 23 ਫੀਸਦੀ ਪ੍ਰਵਾਸੀ ਮਜ਼ਦੂਰ ਹਨ।
(ਦੇਖੋ, ਦ ਟ੍ਰਿਬਿਊਨ, 21 ਮਈ 2016)

ਪੰਜਾਬ ਦੀ ਖੇਤੀ ਵਿੱਚ ਲੱਗੇ ਪ੍ਰਵਾਸੀ ਮਜ਼ਦੂਰਾਂ ਦੀ ਸੰਖਿਆਂ , ਲਗਭਗ ਸਥਾਨਕ ਮਜ਼ਦੂਰਾਂ ਦੇ ਬਰਾਬਰ ਹੀ ਬਣਦੀ ਹੈ। ਤੇ ਪ੍ਰਵਾਸੀ ਮਜ਼ਦੂਰ ਆਮ ਤੌਰ ‘ਤੇ ਦਲਿਤ ਜਾਤਾਂ ਨਾਲ਼ ਸਬੰਧਤ ਨਹੀਂ ਹੁੰਦੇ। ਇੱਕ ਮੁੱਖ ਰੂਪ ‘ਚ ਉੱਤਰ-ਪ੍ਰਦੇਸ਼ ਅਤੇ ਬਿਹਾਰ ਦੀਆਂ ਦਰਮਿਆਨੀਆਂ ਜਾਤਾਂ (ਯਾਦਵ, ਕੋਇਰੀ, ਕੁਰਮੀ ਆਦਿ) ਨਾਲ਼ ਸਬੰਧਤ ਹੁੰਦੇ ਹਨ।

‘ਇਨਕਲਾਬੀ ਸਾਡਾ ਰਾਹ’ ਦਾ ਕਹਿਣਾ ਹੈ, “ਪਿੰਡਾਂ ਦੇ ਮਜ਼ਦੂਰਾਂ ਦਾ ਕਾਫੀ ਹਿੱਸਾ ਹੈ ਜਿਸਨੂੰ ਖੇਤੀ ਵਿੱਚ ਕੰਮ ਉਪਲਬਧ ਨਹਂ। ਪਰ ਸੱਨਅਤ ਦਾ ਵਿਕਾਸ ਨਾ ਹੋਣ ਕਰਕੇ ਕਾਮੇ ਸੱਨਅਤ ਵਿੱਚ ਨਹੀਂ ਜਾ ਸਕਦੇ ਅਤੇ ਨਾ ਹੀ ਜਾ ਰਿਹੇ ਹਨ।” ‘ਇਨਕਲਾਬੀ ਸਾਡਾ ਰਾਹ’ ਦਾ ਕਹਿਣਾ ਕਿ ਪੰਜਾਬ ‘ਚ ਸੱਨਅਤ ਦਾ ਵਿਕਾਸ ਨਹੀਂ ਹੋਇਆ ਅਤੇ ਮਜ਼ਦੂਰ (ਇੱਥੇ ਉਸ ਦਾ ਭਾਵ ਸਥਾਨਕ ਮਜ਼ਦੂਰਾਂ ਤੋਂ ਹੈ) ਸੱਨਅਤ ਵੱਲ ਨਹੀਂ ਜਾ ਰਹੇ, ਪੰਜਾਬ ਦੀਆਂ ਜ਼ਮੀਨੀ ਹਕੀਕਤਾਂ ਤੋਂ ਕੋਹਾਂ ਦੂਰ ਦੀ ਗੱਲ ਹੈ। ਇਸ ‘ਤੇ ਤਾਂ ਬਹਿਸ ਹੋ ਸਕਦੀ ਹੈ ਕਿ ਇੱਥੇ ਕਿੰਨਾ ਸੱਨਅਤੀ ਵਿਕਾਸ ਹੋਇਆ ਹੈ ਪਰ ਇਹ ਕਹਿਣਾ ਕਿ ਇੱਥੇ ਸੱਨਅਤੀ ਵਿਕਾਸ ਹੋਇਆ ਹੀ ਨਹੀਂ, ਬਿਲਕੁਲ ਵੀ ਪ੍ਰਵਾਨਤ ਯੋਗ ਨਹੀਂ ਹੈ। ਕੌਮੀ ਰਾਜਧਾਨੀ ਖੇਤਰ ਤੋਂ ਬਾਅਦ ਲੁਧਿਆਣਾ ਉੱਤਰ ਭਾਰਤ ਦਾ ਸਭ ਤੋਂ ਵੱਡਾ ਸੱਨਅਤੀ ਕੇਂਦਰ ਹੈ। ਲੁਧਿਆਣਾ ਦੇ ਆਸ-ਪਾਸ ਲਗਾਤਾਰ ਭਾਰੀ ਸੱਨਅਤ ਲੱਗ ਰਹੀ ਹੈ, ਪੰਜਾਬ ‘ਚ ਹੋਰਾਂ ਥਾਵਾਂ ‘ਤੇ ਵੀ ਭਾਰੀ ਸੱਨਅਤ ਲੱਗੀ ਹੈ ਅਤੇ ਲੱਗ ਰਹੀ ਹੈ। ਇੱਥੇ ਪ੍ਰਵਾਸੀ ਮਜ਼ਦੂਰਾਂ ਦੇ ਨਾਲ਼ ਸਥਾਨਕ ਮਜ਼ਦੂਰ ਵੀ ਵੱਡੀ ਸੰਖਿਆ ‘ਚ ਕੰਮ ਕਰ ਰਹੇ ਹਨ।

ਪੰਜਾਬ ਦੇ 60.5 ਫੀਸਦੀ ਕਾਮੇ ਖੇਤੀ ਖੇਤਰ ਤੋਂ ਬਾਹਰ ਹਨ। ਭਾਵੇਂ ਇਹ ਸਾਰੇ ਸੱਨਅਤ ‘ਚ ਕੰਮ ਨਹੀਂ ਕਰ ਰਹੇ (ਅਤੇ ਨਾ ਹੀ ਅਜਿਹਾ ਮੁਮਕਿਨ ਹੈ।) ਪਰ ਇਹ ਸੱਨਅਤੀ ਵਿਕਾਸ ਬਿਨਾਂ ਕਿਸੇ ਵੀ ਤਰ੍ਹਾਂ ਸੰਭਵ ਨਹੀਂ ਹੋ ਸਕਦਾ।

ਇਸ ਲੇਖ ਵਿੱਚ ਇਨਕਲਾਬੀ ਸਾਡਾ ਰਾਹ ਨੇ ਜਾਤ-ਪਾਤ, ਅੰਬੇਦਕਰ ਬਾਰੇ ਵੀ ਕੁਝ ਵਿਚਾਰ ਦਿੱਤੇ ਹਨ। ਜਿਨ੍ਹਾਂ ਵਿੱਚ ਕਈ ਗਲਤੀਆਂ ਹਨ। ਭਾਰਤ ਵਿੱਚ ਜਾਤ-ਪਾਤ ਦੇ ਜਨਮ, ਇਸਦੇ ਇਤਿਹਾਸ, ਅੱਜ ਦੇ ਸਰਮਾਏਦਾਰੀ ਸਮਾਜ ਵਿੱਚ ਇਸ ਦੀ ਮੌਜੂਦਗੀ, ਜਾਤ-ਪਾਤ ਅਤੇ ਇਸਦੇ ਖਾਤਮੇ ਬਾਰੇ ਅੰਬੇਦਕਰ, ਫੂਲੇ ਅਤੇ ਪੇਰੀਆਰ ਦੇ ਵਿਚਾਰਾਂ,ਇਸ ਸਵਾਲ ‘ਤੇ ਮੌਜੂਦ ਤਰ੍ਹਾਂ-ਤਰ੍ਹਾਂ ਦੇ ਵਿਚਾਰਧਾਰਕ ਭਟਕਾਵਾਂ ਬਾਰੇ ਅਸੀਂ ਕਾਫੀ ਵਿਸਥਾਰ ‘ਚ ਪਹਿਲਾਂ ਹੀ ਕਾਫੀ ਲਿਖ ਚੁੱਕੇ ਹਾਂ (ਦੇਖੋ ਸੰਦਰਭ ਸੂਚੀ)। ਇੱਥੇ ਅਸੀਂ ਇਹਨਾਂ ਨੂੰ ਦੁਹਰਾਵਾਂਗੇ ਨਹੀਂ। ਇੱਥੇ ਸਿਰਫ ਅਸੀਂ ਇਸ ਮਸਲੇ ਤੇ ਇਨਕਲਾਬੀ ਸਾਡਾ ਰਾਹ ਦੇ ਵਿਚਾਰਧਾਰਕ- ਸਿਆਸੀ ਭਟਕਾਵਾਂ ‘ਤੇ ਹੀ ਕੇਂਦਰਤ ਰਹਾਂਗੇ।

ਇਨਕਲਾਬੀ ਸਾਡਾ ਰਾਹ ਅੰਬੇਦਕਰ ਦੇ ਹਵਾਲੇ ਨਾਲ਼ ਕਹਿੰਦਾ ਹੈ, “ਡਾ.ਅੰਬੇਦਕਰ ਨੇ ਕਿਹਾ ਸੀ ਕਿ ਜਾਤਪਾਤ ਕਿਰਤ ਦੀ ਸਮਾਜਿਕ ਵੰਡ ਨਹੀਂ ਸਗੋਂ ਕਿਰਤੀਆਂ ਦੀ ਵੰਡ ਹੈ।”

ਇੱਥੇ ਹਵਾਲਾ ਗਲਤ ਰੂਪ ‘ਚ ਦਿੱਤਾ ਗਿਆ ਹੈ। ਡਾ. ਅੰਬੇਦਕਰ ਨੇ ਇਹ ਨਹੀਂ ਕਿਹਾ ਸੀ ਕਿ ਜਾਤ-ਪਾਤ ਕਿਰਤ ਦੀ ਸਮਾਜਿਕ ਵੰਡ ਨਹੀਂ ਹੈ। ਉਹਨਾਂ ਇਹ ਕਿਹਾ ਸੀ ਕਿ ਇਹ ਸਿਰਫ ਕਿਰਤ ਦੀ ਵੰਡ ਨਹੀਂ ਸਗੋਂ ਕਿਰਤੀਆਂ ਦੀ ਵੀ ਵੰਡ ਹੈ। (ਦੇਖੋ ਅੰਬੇਦਕਰ ਸੰਪੂਰਨ ਲਿਖਤਾਂ ਭਾਗ(1) ਅੰਗਰੇਜ਼ੀ) ਦੂਜੀ ਗੱਲ ਇਹ ਕਿ ਇਹ ਇੱਕ ਸਧਾਰਨ ਜੇਹੀ ਗੱਲ ਹੈ, ਕੋਈ ਏਡਾ ਮਹਾਨ ਸਿਧਾਂਤ ਨਹੀਂ ਕਿ ਇਸਦਾ ਹਵਾਲਾ ਦਿੱਤਾ ਜਾਵੇ। ਇਹ ਕੋਈ ਅੰਬੇਦਕਰ ਦੀ ਮੌਲਿਕ ਖੋਜ ਵੀ ਨਹੀਂ ਹੈ। ਜਾਤ ਇੱਕ ਕਿਰਤ ਵੰਡ ਹੈ ਅਤੇ ਹਰ ਕਿਰਤ ਕਿਰਤੀਆਂ ਦੀ ਵੰਡ ਹੁੰਦੀ ਹੈ।

ਅੱਗੇ ਉਹ ਕਹਿੰਦਾ ਹੈ, “ਪਰ ਕਮਿਊਨਿਸਟਾਂ” ਦੀ ਜਾਤ-ਪਾਤ ਦੇ ਸਵਾਲ ‘ਤੇ ਸਮਝ ਦਰੁੱਸਤ ਨਹੀਂ ਰਹੀ। ਉਹ ਸਮਝਦੇ ਰਹੇ ਕਿ ਜਾਤ-ਪਾਤ ਅਧਾਰ ਦਾ ਨਹੀਂ ਸਗੋਂ ਉੱਚ-ਉਸਾਰ ਦਾ ਵਰਤਾਰਾ ਹੈ। ਇਸ ਕਰਕੇ ਇਸਦੇ ਹੱਲ ਲਈ ਪਹਿਲਾਂ ਇਨਕਲਾਬ ਕਰਨਾ ਜ਼ਰੂਰੀ ਹੈ। ਜਾਤ-ਪਾਤ ਦਾ ਖਾਤਮਾ ਸੱਭਿਆਚਾਰਕ ਇਨਕਲਾਬ ਸਮੇਂ ਹੋਵੇਗਾ।”

ਸਾਡੀ ਦੇਸ਼ ਦੀ ਕਮਿਊਨਿਸਟ ਲਹਿਰ ਅਨੇਕਾਂ ਜਥੇਬੰਦੀਆਂ ‘ਚ ਵੰਡੀ ਹੋਈ ਹੈ। ਇੱਥੇ ਕਮਿਊਨਿਸਟ ਨਾਮ ਦਾ ਇਸਤੇਮਾਲ ਕਰਦੀਆਂ ਸੋਧਵਾਦੀ ਪਾਰਟੀਆਂ ਵੀ ਕਈ ਹਨ। ਜਾਤ-ਪਾਤ ਦੇ ਸਵਾਲ ‘ਤੇ ਸਭ ਦੀਆਂ ਪੋਜ਼ੀਸ਼ਨਾ ਵੱਖੋ-ਵੱਖ ਹਨ। ਇਸ ਹਕੀਕਤ ਦੇ ਬਾਵਜੂਦ ‘ਇਨਕਲਾਬੀ ਸਾਡਾ ਰਾਹ’ ਇਹ ਦੱਸਣ ਦੀ ਖੇਚਲ ਨਹੀਂ ਕਰਦਾ ਕਿ ਉਹ ਕਿਹੜੇ ਕਮਿਊਨਿਸਟਾਂ ਦੀ ਗੱਲ ਕਰ ਰਿਹਾ ਹੈ? ਇਹ ਇੱਕ ਬੇਹੱਦ ਸਧਾਰਨੀਕ੍ਰਿਤ ਇਲਜ਼ਾਮ ਹੈ। ਕਿਉਂਕਿ ਜਾਤ-ਪਾਤ ਬਾਰੇ ਜਿਸ ਸਮਝ ਦੀ ‘ਇਨਕਲਾਬੀ ਸਾਡਾ ਰਾਹ’ ਨੇ ਚਰਚਾ ਕੀਤੀ ਹੈ, ਕਈ ਕਮਿਊਨਿਸਟ ਜਥੇਬੰਦੀਆਂ ਅਜੇਹੀ ਗਲਤ ਸਮਝ ਦੀਆਂ ਧਾਰਨੀ ਨਹੀਂ ਹਨ।

ਅੱਗੇ ਉਸਦਾ ਕਹਿਣਾ ਹੈ “ਜਾਤ-ਪਾਤ ਅਧਾਰ ਵਿੱਚ ਵੀ ਹੈ ਅਤੇ ਉੱਚ-ਉਸਾਰ ਵਿੱਚ ਵੀ। ਅਧਾਰ ਵਿੱਚ ਇਸ ਕਰਕੇ ਕਿ ਜਾਤਾਂ ਮੋਟੇ ਰੂਪ ‘ਚ ਜਮਾਤਾਂ ਵੀ ਹਨ। ਉਦਾਹਰਣ ਵਜੋਂ ਪੰਜਾਬ ਵਿੱਚ ਪੇਂਡੂ ਮਜ਼ਦੂਰ ਆਮ ਤੌਰ ਤੇ ਦਲਿਤ ਹਨ ਅਤੇ ਮਾਲਕ ਕਿਸਾਨੀ ਆਮ ਤੌਰ ‘ਤੇ ਜੱਟ ਹੈ।” ਜਾਤ-ਪਾਤ ਅਧਾਰ ਵਿੱਚ ਵੀ ਹੈ ਅਤੇ ਉੱਚ-ਉਸਾਰ ਵਿੱਚ ਵੀ ਇਹ ਤਾਂ ਸਹੀ ਹੈ। ਪਰ ਇਸਨੂੰ ਸਹੀ ਸਿੱਧ ਕਰਨ ਲਈ ‘ਇਨਕਲਾਬੀ ਸਾਡਾ ਰਾਹਾਂ ਜੋ ਉਦਾਹਰਨ ਦਿੰਦਾ ਹੈ ਉਸ ਨਾਲ਼ ਸਹਿਮਤ ਨਹੀਂ ਹੋਇਆ ਜਾ ਸਕਦਾ। ਉਸਦਾ ਕਹਿਣਾ ਹੈ ਕਿ ‘ਜਾਤਾਂ ਮੋਟੇ ਰੂਪ ਵਿੱਚ ਜਮਾਤਾਂ ਵੀ ਹਨ।’ ਭਾਰਤ ਦੇ ਇਤਿਹਾਸ ਵਿੱਚ ਕਿਸੇ ਸਮੇਂ ਇਹ ਸੋਚ ਸੀ ਪਰ ਅੱਜ ਨਹੀਂ। ਪੰਜਾਬ ਵਿੱਚ ਪੇਂਡੂ ਮਜ਼ਦੂਰਾਂ ਵਿੱਚ ਦਲਿਤ ਤੋਂ ਇਲਾਵਾ ਹੋਰ ਜਾਤਾਂ ਦੇ ਮਜ਼ਦੂਰ ਵੀ ਸ਼ਾਮਲ ਹਨ। ਗਰੀਬ ਕਿਸਾਨ, ਜੋ ਕਿ ਖੇਤੀ ‘ਚ ਸਰਮਾਏਦਾਰੀ ਦੇ ਵਿਕਾਸ ਦੀ ਬਦੌਲਤ ਮਜ਼ਦੂਰ ਜਾਂ ਅਰਧ ਮਜ਼ਦੂਰ ਬਣ ਚੁੱਕੇ ਹਨ, ਵੀ ਪੇਂਡੂ ਮਜ਼ਦੂਰਾਂ ‘ਚ ਅੱਛੀ ਖਾਸੀ ਗਿਣਤੀ ‘ਚ ਹਨ। ਦੂਜਾ ਜਿਵੇਂ ਕਿ ਉੱਪਰ ਜ਼ਿਕਰ ਆਇਆ ਹੈ ਪੰਜਾਬ ਦੇ ਖੇਤ ਮਜ਼ਦੂਰਾਂ ‘ਚ ਲਗਭਗ ਸਥਾਨਕ ਮਜ਼ਦੂਰਾਂ ਜਿੰਨੇ ਹੀ ਪ੍ਰਵਾਸੀ ਮਜ਼ਦੂਰ ਹਨ, ਜੋ ਕਿ ਸਿਰਫ ਦਲਿਤ ਜਾਤਾਂ ਨਾਲ਼ ਹੀ ਸਬੰਧਤ ਨਹੀਂ ਹਨ। ਦੂਜੇ ਪਾਸੇ ਪੰਜਾਬ ਦੇ ਕਿਸਾਨਾਂ ਵਿੱਚ ਜੱਟਾਂ ਤੋਂ ਇਲਾਵਾ ਹੋਰ ਜਾਤਾਂ ਦੇ ਕਿਸਾਨ ਵੀ ਹਨ।

ਅੱਗੇ ਇਨਕਲਾਬੀ ਸਾਡਾ ਰਾਹ ਕਹਿੰਦਾ ਹੈ , “ਜਾਤ-ਪਾਤੀ ਵਿਤਕਰੇ, ਧੱਕੇ ਅਤੇ ਦਮਨ ਵਿਰੁੱਧ ਲੜੇ ਬਿਨਾਂ ਇਨਕਲਾਬ ਨਹੀਂ ਹੋਣ ਲੱਗਾ। ਇਹ ਵੀ ਸਮਝਣਾ ਚਾਹੀਦਾ ਹੈ ਕਿ ਜਾਤ-ਪਾਤ ਸਿਰਫ ਅਧਾਰ ਵਿੱਚ ਹੀ ਨਹੀਂ ਸਗੋਂ ਉੱਚ-ਉਸਾਰ ਵਿੱਚ ਵੀ ਹੈ। ਇਸ ਲਈ ਇਨਕਲਾਬ ਆਉਣ ਨਾਲ਼ ਵੀ ਜਾਤ-ਪਾਤ ਆਪਣੇ-ਆਪ ਖਤਮ ਨਹੀਂ ਹੋ ਜਾਵੇਗੀ ਇਨਕਲਾਬ ਤੋਂ ਬਾਅਦ ਵੀ ਸੱਭਿਆਚਾਰਕ ਇਨਕਲਾਬ ਦੌਰਾਨ ਵੀ ਇਸ ਵਿਰੁੱਧ ਲੜਨਾ ਹੋਵੇਗਾ।”

ਇਨਕਲਾਬੀ ਸਾਡਾ ਰਾਹ ਸੱਭਿਆਚਾਰਕ ਇਨਕਲਾਬ ਨੂੰ, ਇਨਕਲਾਬ ਤੋਂ ਬਾਅਦ ਹੋਣ ਵਾਲ਼ੀ ਸ਼ੈ ਸਮਝਦਾ ਹੈ। ਉਸਦਾ ਅਜਿਹਾ ਸੋਚਣਾ ਕੁੱਝ ਹੱਦ ਤੱਕ ਦਰੁੱਸਤ ਹੈ। ਸੱਭਿਆਚਾਰਕ ਇਨਕਲਾਬ ਦੀਆਂ ਅਨੇਕਾਂ ਚੀਜਾਂ ਸਾਨੂੰ ਅੱਜ ਤੋਂ ਹੀ ਪਾਰਟੀ ਜੀਵਨ ਵਿੱਚ ਲਾਗੂ ਕਰਨੀਆਂ ਹੋਣਗੀਆਂ ਅਤੇ ਲੋਕਾਂ ‘ਚ ਵੀ ਜਾਤ-ਪਾਤੀ, ਧਾਰਮਿਕ, ਨਾਰੀ ਵਿਰੋਧੀ ਵਿਚਾਰਾਂ ਸੰਸਕਾਰਾਂ, ਤੁਅੱਸਬਾਂ ਵਿਰੁੱਧ ਲੜਨਾ ਹੋਵੇਗਾ। ਜੇਕਰ ਇਸ ਗੱਲ ਨੂੰ ਛੱਡ ਦੇਈਏ ਤਾਂ ‘ਇਨਕਲਾਬੀ ਸਾਡਾ ਰਾਹ’ ਦਾ ਉਪਰੋਕਤ ਬਿਆਨ ਕਾਫੀ ਹੱਦ ਤੱਕ ਦਰੁਸਤ ਹੈ। ਪਰ ਇਸ ਦੇ ਨਾਲ਼ ਉਹ ਬੜੀ ਚਲਾਕੀ ਨਾਲ਼ ਇਹ ਗੱਲ ਵੀ ਜੋੜ ਦਿੰਦਾ ਹੈ “ਪਰ ਦਲਿਤ ਪਛਾਣ ਚਿੰਨ (Icon) ਨੂੰ ਮਾਨਤਾ ਦੇਣ ਨਾਲ਼ ਜਿਹਨਾਂ ਕਮਿਊਨਿਸਟਾਂ ਦੇ ਢਿੱਡੀ ਪੀੜਾਂ ਪੈ ਜਾਂਦੀਆਂ ਹਨ ਉਹ ਜਾਤ-ਪਾਤ ਦੇ ਸਵਾਲ ਨੂੰ ਕਦੀ ਨਹੀਂ ਸਮਝਣ ਲੱਗੇ।”

ਇੱਥੇ ‘ਇਨਕਲਾਬੀ ਸਾਡਾ ਰਾਹ’  ਦਾ ਇਸ਼ਾਰਾ ਅੰਬੇਦਕਰ ਵੱਲ ਹੈ। ਭਾਕਪਾ(ਮ.ਲ) ਨਿਊ ਡੈਮੋਕਰੇਸੀ ਨਾਂ ਦੀ ਪਾਰਟੀ ਨੇ ਪਿਛਲੇ ਦਿਨੀਂ ਅੰਬੇਦਕਰ ਦਾ 125 ਵਾਂ ਜਨਮ ਦਿਨ ਮਨਾਇਆ ਸੀ। ਇਸਦੀ ਰਿਪੋਰਟ ਵੀ ‘ਇਨਕਲਾਬੀ ਸਾਡਾ ਰਾਹ’ ਦੇ ਇਸੇ ਅੰਕ ‘ਚ ਛਪੀ ਹੈ।

ਸਾਡਾ ਮੰਨਣਾ ਹੈ ਕਿ ਅੰਬੇਦਕਰ ਨੂੰ ਮਾਨਤਾ ਦੇਣਾ, ਕਿਸ ਰੂਪ ‘ਚ ਮਾਨਤਾ ਦੇਣਾ ਆਦਿ ਦਾ ਸਵਾਲ ਅੰਬੇਦਕਰ ਦੀ ਵਿਚਾਰਧਾਰਾ, ਸਿਆਸਤ ਅਤੇ ਉਸਦੇ ਸਮੁੱਚੇ ਸਿਆਸੀ ਅਭਿਆਸ ਦੇ ਬਾਹਰਮੁਖੀ, ਇਤਿਹਾਸ ਸੰਗਤ ਵਿਸ਼ਲੇਸ਼ਣ-ਮੁਲੰਕਣ ਨਾਲ਼ ਜੁੜਿਆ ਹੋਇਆ ਹੈ। (ਇਸ ਬਾਰੇ ਸਾਡੇ ਵਿਚਾਰ ਵਿਸਥਾਰ ‘ਚ ਜਾਨਣ ਲਈ ਵੇਖੋ ਸੰਦਰਭ ਸੂਚੀ)। ਪਰ ‘ਇਨਕਲਾਬੀ ਸਾਡਾ ਰਾਹ’ ਇਸ ਮੁਸ਼ੱਕਤ ਭਰੇ ਕੰਮ ਤੋਂ ਬਚਦਾ ਹੈ। ਕਿਉਂਕਿ ਲੋਕਵਾਦ (Populism) ‘ਇਨਕਲਾਬੀ ਸਾਡਾ ਰਾਹ’ ਦੀ ਸੋਚ ਅਤੇ ਸਿਆਸੀ ਅਮਲ ਦਾ ਅੰਗ ਹੈ, ਇਸੇ ‘ਚੋਂ ਇਹ ਅੰਬੇਦਕਰ ਪ੍ਰਤੀ ਲੋਕਵਾਦੀ ਪਹੁੰਚ ਅਖਤਿਆਰ ਕਰਦਾ ਹੈ ਤਾਂ ਕਿ ਦਲਿਤ ਨੂੰ ਪੁਚਕਾਰਿਆ ਜਾ ਸਕੇ। ਉਹ ਇਹ ਭੁੱਲ ਜਾਂਦਾ ਹੈ ਕਿ ਕਮਿਊਨਿਸਟ ਕਿਸੇ ਵੀ ਜਮਾਤ/ਤਬਕੇ ਨੂੰ ਪੂਰਾ ਧੀਰਜ ਨਾਲ਼ ਉਹਨਾਂ ਦੇ ਵਿਚਾਰਕ ਤੁਅੱਸਬਾਂ ਵਿਰੁੱਧ ਸੰਘਰਸ਼ ਕਰਕੇ, ਉਹਨਾਂ ਦੀ ਜ਼ਿੰਦਗੀ ਦੇ  ਬੁਨਿਆਦੀ ਮਸਲਿਆਂ ‘ਤੇ ਸੰਘਰਸ਼ ਜਥੇਬੰਦ ਕਰਕੇ ਹੀ ਉਹਨਾਂ ਨੂੰ ਆਪਣੇ ਵੱਲ ਜਿੱਤ ਸਕਦੇ ਹਨ ਨਾ ਕਿ ਉਹਨਾਂ ਨੂੰ ਪੁਚਕਾਰਕੇ।

ਅੰਬੇਦਕਰ ਦਾ ਜਨਮ ਦਿਨ ਮਨਾਉਣ ਤੋਂ ਪਹਿਲਾਂ ਕਿਸੇ ਵੀ ਪਾਰਟੀ ਨੂੰ ਪਹਿਲਾਂ ਉਸ ਬਾਰੇ ਆਪਣਾ ਸਮੁੱਚਾ ਮੁਲੰਕਣ ਪੇਸ਼ ਕਰਨਾ ਚਾਹੀਦਾ ਹੈ। ਸਾਡਾ ਇਹ ਮੰਨਣਾ ਹੈ ਕਿ ਭਾਰਤ ਦੇ ਜਾਤ-ਪਾਤ ਦੇ ਸਬੰਧ ਵਿੱਚ ਅੰਬੇਦਕਰ ਦੀ ਭੂਮਿਕਾ ਏਨੀਂ ਵੱਡੀ ਨਹੀਂ ਸੀ ਕਿ ਕਮਿਊਨਿਸਟ ਉਸਦਾ ਜਨਮ ਦਿਨ ਮਨਾਉਂਣ ਲੱਗ ਜਾਣ। ਇਸ ਬਾਰੇ ‘ਇਨਕਲਾਬੀ ਸਾਡਾ ਰਾਹ’ ਵਿਸਥਾਰ ‘ਚ ਆਪਣੀ ਸਮਝ ਦਾ ਖੁਲਾਸਾ ਕਰੇਗਾ ਤਾਂ ਅਸੀਂ ਇਸ ‘ਤੇ ਬਹਿਸ ਅੱਗੇ ਵਧਾਉਂਣ ਲਈ ਤਿਆਰ ਹਾਂ।

ਇਸ ਲੇਖ ਵਿੱਚ ਇਨਕਲਾਬੀ ਸਾਡਾ ਰਾਹ ਨੇ ਇੱਕ ਨਵਾਂ ਕਾਰਜ ਕੱਢਿਆ ਹੈ, ਉਹ ਹੈ ਦਲਿਤਾਂ ਦੇ ਸਵੈਮਾਣ ਦੀ ਲੜਾਈ ਲੜਨਾ। ਉਸਦਾ ਕਹਿਣਾ ਹੈ ਕਿ, “ਸਮਾਜਿਕ ਸਵੈਮਾਣ ਜੇਕਰ ਜ਼ਿਆਦਾ ਨਹੀਂ ਤਾਂ ਘੱਟੋ-ਘੱਟ ਆਰਥਿਕ ਮੁੱਦਿਆਂ ਜਿੰਨਾਂ ਹੀ ਮਹੱਤਵਪੂਰਨ ਅਤੇ ਚੁਭਵਾਂ ਹੈ।”… ਸਵੈਮਾਣ ਦੇ ਮੁੱਦੇ ‘ਤੇ ਲੜਾਈ ਨੂੰ ਨਾ ਸਮਝਣਾ , ਸਾਨੂੰ ਕਿਸੇ ਤਣ ਪੱਤਣ ਨਹੀਂ ਲਾ ਸਕਦਾ। ਇੱਥੇ ‘ਇਨਕਲਾਬੀ ਸਾਡਾ ਰਾਹ’ ਨੇ ਸਪੱਸ਼ਟ ਨਹੀਂ ਕੀਤਾ ਕਿ ਸਮੈਮਾਣ ਦੀ ਇਸ ਲੜਾਈ ਦੇ ਠੋਸ ਮੰਗਾਂ ਮਸਲੇ ਕੀ ਹੋਣਗੇ? ਇਸ ਲੜਾਈ ਦਾ ਚੋਟ ਨਿਸ਼ਾਨਾ ਕੌਣ ਹੋਣਗੇ? ਕੀ ਜੱਟ ਹੋਣਗੇ? ਪਰ ਜੱਟਾਂ ਦੀ ਬਹੁਗਿਣਤੀ ਤਾਂ ਗਰੀਬਾਂ ਦੀ ਹੈ। ਦੂਜੇ ਪਾਸੇ ਦਲਿਤ ਵੀ ਇੱਕ ਜਾਤ ਨਹੀਂ ਹਨ। ਜਿਹਨਾਂ ਨੂੰ ਦਲਿਤ ਕਿਹਾ ਜਾਂਦਾ ਹੈ, ਉਹ ਅੱਗੇ ਕਈ ਜਾਤਾਂ ‘ਚ ਵੰਡੇ ਹੋਏ ਹਨ। ਇਹਨਾਂ ‘ਚੋਂ ਹਰ ਜਾਤ ਦੂਸਰੀ ਜਾਤ, ਆਪਦੇ ਤੋਂ “ਨੀਵੀਂ” ਜਾਤ ਪ੍ਰਤੀ ਹਿਕਾਰਤ ਦਾ ਰੱਵਈਆ ਰੱਖਦੀ ਹੈ, ਉਹਨਾਂ ਦੇ ਸਵੈਮਾਣ ‘ਤੇ ਚੋਟ ਕਰਦੀ ਹੈ। ਇਹਨਾਂ ਅੰਦਰ ਵੀ ਅੰਤਰ ਜਾਤੀ ਵਿਆਹ ਵਰਜਿਤ ਹਨ। ਪੰਜਾਬ ਦੇ ਦਲਿਤ ਪ੍ਰਵਾਸੀ ਮਜ਼ਦੂਰਾਂ (ਜਿਹਨਾਂ ਵਿੱਚ ਉੱਚ ਜਾਤਾਂ ਅਤੇ ਵੱਡੀ ਗਿਣਤੀ ਦਰਮਿਆਨੀਆਂ ਜਾਤਾਂ ਦੇ ਮਜ਼ਦੂਰਾਂ ਦੀ ਹੁੰਦੀ ਹੈ ) ਪ੍ਰਤੀ ਹਿਕਾਰਤ ਅਤੇ ਨਫਰਤ ਦਾ ਰੱਵਈਆ ਅਪਣਾਉਂਦੇ ਹਨ। ਉਹਨਾਂ ਦੇ ਸਵੈਮਾਣ ‘ਤੇ ਚੋਟ ਕਰਦੇ ਹਨ। ਅਜਿਹੇ ਮਹੌਲ ‘ਚ ਸਵੈਮਾਣ ਦੀ ਲੜਾਈ ਕੌਣ ਕਿਸ ਵਿਰੁੱਧ ਲੜੇਗਾ, ਇਹ ਅਸੀਂ ‘ਇਨਕਲਾਬੀ ਸਾਡਾ ਰਾਹ’ ਤੋਂ ਜਾਣਾ ਚਾਹਾਂਗੇ।

ਸਾਨੂੰ ‘ਇਲਕਲਾਬੀ ਸਾਡਾ ਰਾਹ’ ਜਵਾਬ ਦੀ ਉਡੀਕ ਰਹੇਗੀ। ਸਾਡਾ ਪੁਰਾਣਾ ਤਜ਼ਰਬਾ ਤਾਂ ਇਹੋ ਹੈ ਕਿ ‘ਇਨਕਲਾਬੀ ਸਾਡਾ ਰਾਹ’ ਆਪਣੀ ਸਮਝ ‘ਤੇ ਉੱਠਣ ਵਾਲੇ ਸਵਾਲਾਂ ਦਾ ਕਦੇ ਜਵਾਬ ਨਹੀਂ ਦਿੰਦਾ। ਪਰ ਤਾਂ ਵੀ ਸਾਨੂੰ ਇਹਨਾਂ ਸਵਾਲਾਂ ‘ਤੇ ‘ਇਨਕਲਾਬੀ ਸਾਡਾ ਰਾਹ’ ਦਾ ਪੱਖ ਜਾਨਣ ਤਾਂਘ ਰਹੇਗੀ।

ਸੰਦਰਭ ਸੂਚੀ    

(1) ਭਾਰਤੀ ਖੇਤੀ ਵਿੱਚ ਪੂੰਜੀਵਾਦੀ ਵਿਕਾਸ (1990 ਤੋਂ ਬਾਅਦ ਵਾਪਰਈਆਂ ਤਬਦੀਲੀਆਂ ਦਾ ਵੇਰਵਾ)
(2) ਮਾਰਕਸਵਾਦ ਅਤੇ ਜਾਤ ਦਾ ਸਵਾਲ- ਸ਼ਹੀਦ ਭਗਤ ਸਿੰਘ ਯਾਦਗਾਰੀ ਪ੍ਰਕਾਸ਼ਨ, ਲੁਧਿਆਣਾ
(3) ਜਾਤ ਦਾ ਦਾ ਸਵਾਲ ਅਤੇ ਉਸਦਾ ਹੱਲ ਇੱਕ ਮਾਰਕਸਵਾਦੀ ਨਜ਼ਰੀਆ , ਪ੍ਰਤੀਬੱਧ 19, ਸਾਲ 2013
(4) ਭਾਰਤ ਦੇ ਇਤਿਹਾਸ ਵਿੱਚ ਜਾਤ ਪਾਤ- ਪ੍ਰੋ.ਇਰਫਾਨ ਹਬੀਬ
(5) ਅੰਬੇਦਕਰ ਅਤੇ ਦਲਿਤ ਮੁਕਤੀ- ਪ੍ਰਤੀਬੱਧ 20, ਸਾਲ 2013
(6) ਭਾਰਤ ਵਿੱਚ ਸਰਮਾਏਦਾਰਾ ਖੇਤੀ ਦਾ ਵਿਕਾਸ ਅਤੇ ਅਰਧ-ਜਗੀਰੂ ਸਿਧਾਂਤ ਦੇ ਤਰਕਦੋਸ਼ ਦੀਆਂ ਬੌਧਿਕ ਬੁਨਿਆਦਾਂ- ਪ੍ਰਤੀਬੱਧ 17, ਸਾਲ 2012
(7) ਅਰਧ ਜਗੀਰੂ ਸਬੰਧਾਂ ਦੀ ਮੁੜ ਤਸਦੀਕ (ਪੰਜਾਬ ਅੰਦਰ ਬਦਲ ਰਹੇ ਜ਼ਰੱਈ ਰਿਸ਼ਤਿਆਂ ਦੀ ਸਮਝ” ਉੱਤੇ ਟਿੱਪਣੀ )- ਪ੍ਰਤੀਬੱਧ 18, ਸਾਲ 2013
(8) ਮਜ਼ਦੂਰਾਂ ਦੀ ਮੁਕਤੀ ਅਤੇ ਜ਼ਮੀਨਾਂ ਦੇ ਸੰਘਰਸ਼ (ਗੁਰਮੁਖ ਮਾਨ ਦੇ ਲੇਖ ‘ਇਨਕਲਾਬੀ ਲਹਿਰ ਦੀ ਖੜੌਤ ਤੇ ਜ਼ਮੀਨੀ ਸੰਘਰਸ਼ ਦਾ ਸਵਾਲ ‘ਤੇ ਟਿੱਪਣੀ’)- ਪ੍ਰਤੀਬੱਧ 20, ਸਾਲ 2014    

“ਪਰ੍ਤੀਬੱਧ”, ਅੰਕ 27, ਅਗਸਤ 2016 ਵਿਚ ਪਰ੍ਕਾਸ਼ਿ

ਇਸ਼ਤਿਹਾਰ