ਪੁਰਾਣੇ ਅਤੇ ਨਵੇਂ ਦਾ ਸੰਘਰਸ਼ —ਅਲੈਕਸਾਂਦਰ ਹਰਜਨ

 

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

 ਜਰਜ਼ਰ ਅਤੇ ਹਾਰ ਚੁੱਕਾ ਤੁਰੰਤ ਹੀ ਕਬਰ ਵਿੱਚ ਨਹੀਂ ਪਹੁੰਚ  ਜਾਂਦਾ। ਆਤਮ-ਰੱਖਿਆ ਦੀ ਸਹਿਜ ਭਾਵਨਾ, ਜਿਹੜੀ ਹਰ ਉਸ ਚੀਜ਼ ਵਿੱਚ ਸਰਗਰਮ ਹੈ ਜਿਸ ਦੀ ਹੋਂਦ ਹੈ, ਵਿਨਾਸ਼ ਦੇ ਕੰਢੇ ਉੱਪਰ ਖੜ੍ਹੀ ਵਸਤੂ ਦੇ ਵੱਧ ਤੋਂ ਵੱਧ ਸਮੇਂ ਤੱਕ ਜਿਉਂਦੇ ਰਹਿਣ ਦੇ ਯਤਨ ਤੋਂ ਪ੍ਰੇਰਿਤ ਵਿਰੋਧ ਦਾ ਆਧਾਰ ਹੈ। ਇਹੋ ਹੈ  ਉਹ ਸਹਿਜ ਭਾਵਨਾ ਜਿਹੜੀ ਹਰ ਉਸ ਚੀਜ਼ ਦੀ ਅੰਤ ਤੱਕ ਰੱਖਿਆ ਕਰਨਾ ਚਾਹੁੰਦੀ ਹੈ, ਜਿਹੜੀ ਕਦੇ ਜਿਊਦੀ ਸੀ। ਸਹਿਜੇ-ਸਹਿਜੇ ਊਰਜਾ ਖਰਚ ਕਰਨ ਦਾ ਸਰਵਵਿਆਪਕ ਨਿਯਮ ਕਿਸੇ ਵੀ ਚੀਜ਼ ਨੂੰ ਉਦੋਂ ਤੱਕ ਕਬਰ ਵਿੱਚ ਨਹੀਂ ਜਾਣ ਦਿੰਦਾ, ਜਦੋਂ ਤੱਕ ਕਿ ਉਹ ਪੂਰੀ ਤਰ੍ਹਾਂ ਸਾਹ ਸੱਤ ਹੀਣ ਨਾ ਹੋ ਜਾਵੇ। ਇਤਿਹਾਸਕ ਜਗਤ ਵਿੱਚ ਰੂੜੀਵਾਦ ਜ਼ਿੰਦਗੀ ਦਾ ਉਨਾਂ ਹੀ ਸੱਚਾ ਤੱਤ ਹੈ, ਜਿੰਨਾ ਕਿ ਨਿਰੰਤਰ ਗਤੀਸ਼ੀਲਤਾ ਅਤੇ ਪਰਿਵਰਤਨ। ਇਹ ਹੋਂਦ ਵਿੱਚ ਆਈ ਹਰ ਵਸਤੂ ਦਾ ਉਸ ਦੇ ਅਧਿਕਾਰਾਂ ਦੀ ਮਾਨਤਾ ਦਾ ਪੂਰੇ ਜ਼ੋਰ ਨਾਲ ਸਮਰਥਨ ਕਰਦਾ ਹੈ। ਇਸ ਦੇ ਉਲਟ ਵਿਕਾਸ  ਦੀ ਭਾਵਨਾ ਜਿਹੜੀ ਵਰਤਮਾਨ ਹੈ ਉਸ ਦੇ ਪ੍ਰਤੀ ਅਸੰਤੋਸ਼ ਫੈਲਾਉਂਦੀ ਹੈ, ਬੁੱਧੀ ਦੇ ਵਿਕਾਸ ਦੀ ਨਵੀਂ ਅਵਸਥਾ ਅਨੁਸਾਰ ਉਹ ਨਵੇਂ ਸਰੂਪ ਦੀ ਖੋਜਬੀਣ ਕਰਦੀ ਹੈ। ਚੀਜ਼ਾਂ ਦੇ ਮੌਜੂਦਾ ਪ੍ਰਬੰਧ ਤੋਂ ਉਨ੍ਹਾਂ ਦਾ ਸਾਹ ਘੁੱਟਦਾ ਹੈ। ਉਸ ਤੋਂ ਮੁਕਤ ਹੋਣ ਦੇ ਲਈ ਉਹ ਛਟਪਟਾਉਂਦੀ ਹੈ, ਦੁੱਖ ਪ੍ਰਗਟ ਕਰਦੀ ਹੈ ਅਤੇ ਇਤਿਹਾਸਕ ਵਿਕਾਸ, ਇਨ੍ਹਾਂ ਦੋਵਾਂ ਤਾਕਤਾਂ ਦੇ ਪ੍ਰਭਾਵ ਅਤੇ ਅਨੁਸ਼ਾਸਨ ਵਿੱਚ ਚਲਦਾ ਹੈ, ਉਨ੍ਹਾਂ ਨੂੰ ਇਕ ਦੂਸਰੇ ਦੇ ਵਿਰੁੱਧ ਕੰਡੇ ਉੱਤੇ ਰੱਖਦਾ ਹੈ। ਇਸ ਤਰ੍ਹਾਂ ਆਪਣੇ ਆਪ ਨੂੰ ਉਹ ਇਕਹਿਰਾ ਹੋਣ ਤੋਂ ਬਚਾਉਂਦਾ ਹੈ। ਯਾਦਾਂ ਅਤੇ ਆਸਾਂ, ਯਥਾਸਥਿਤੀ ਅਤੇ ਵਿਕਾਸ ਇਹ ਇਤਿਹਾਸ ਦੇ ਦੋ ਵਿਰੋਧੀ ਤੱਤ ਹਨ, ਉਸ ਦੀਆਂ ਦੋ ਚੂਲ਼ਾਂ ਹਨ। ਯਥਾਸਥਿਤੀ ਇਸ ਗੱਲ ਦੀ ਅਸਲ ਪ੍ਰਵਾਨਗੀ ਉੱਤੇ ਅਧਾਰਿਤ ਹੈ ਕਿ ਹਰ ਇਕ ਰੂਪ ਜਿਹੜਾ ਉਪਲਬੱਧ ਹੋ ਚੁੱਕਾ ਹੈ ਜ਼ਿੰਦਗੀ ਦਾ ਸੱਚਾ ਪਹਿਰਾਵਾ ਹੈ  ਉਹ ਇਕ ਅਜਿਹਾ ਸੱਚ ਹੈ ਜਿਹਨੂੰ ਉਹਦੀ ਹੋਂਦ ਨੇ ਅਕੱਟ ਰੂਪ ਵਿੱਚ ਸਿੱਧ ਕਰ ਦਿੱਤਾ ਹੈ। ਇਹ ਇਸ ਉਚਿਤ ਭਾਵਨਾ ਉੱਤੇ ਅਧਾਰਿਤ ਹੈ ਕਿ ਹਰ ਇਕ ਇਤਿਹਾਸਕ ਪਲ ਵਿੱਚ ਮਨੁੱੱਖ ਉਸ ਸਾਰੇ ਦਾ ਸਵਾਮੀ ਹੁੰਦਾ ਹੈ ਜਿਹੜਾ ਜੀਵਨ ਪ੍ਰਦਾਨ ਕਰਦਾ ਹੈ ਅਤੇ ਇਸ ਲਈ ਵਰਤਮਾਨ ਅਧਿਕਾਰਾਂ ਦਾ ਭੋਗ ਕਰਨ ਦੇ ਲਈ ਉਸ ਨੂੰ ਭਵਿੱਖ ਦੀ ਉਡੀਕ ਕਰਨ ਦੀ ਜ਼ਰੂਰਤ ਨਹੀਂ। ਪ੍ਰੰਤੂ ਰੂੜੀਵਾਦੀ ਭਾਵਨਾ ਮਨੁੱਖਾਂ ਵਿੱਚ ਬੀਤੇ ਦੀਆਂ ਪਾਲੀਆਂ ਪੋਸੀਆਂ ਅਤੇ ਪਿਆਰੀਆਂ ਯਾਦਾਂ ਨੂੰ ਜਗਾਉਂਦੀ ਹੈ। ਉਨ੍ਹਾਂ ਨੂੰ ਵੱਡੇਰਿਆਂ ਦੇ ਉਸ ਘਰ ਵਿੱਚ ਵਾਪਸ ਮੁੜ ਜਾਣ ਦੇ ਲਈ ਪ੍ਰੇਰਿਤ ਕਰਦੀਆਂ ਹਨ, ਜਿੱਥੇ ਜ਼ਿੰਦਗੀ ਬਿਨਾਂ ਕਿਸੇ ਚਿੰਤਾ ਦੇ ਅਤੇ ਬਸੰਤੀ ਆਭਾ ਨਾਲ ਭਰਪੂਰ ਸੀ। ਉਹ ਭੁੱਲ ਜਾਂਦੀ ਹੈ ਕਿ ਉਹ ਘਰ ਟੁੱਟ ਭੱਜ ਗਿਆ ਹੈ, ਹਨ੍ਹੇਰਾ ਹੋ ਗਿਆ ਹੈ। ਇਹ ਭਾਵਨਾ ਸਵਰਨ ਯੁੱਗ ਤੋਂ ਹੀ ਪ੍ਰੇਰਨਾ ਲੈਂਦੀ ਹੈ। ਹੁਣ ਪੂਰਨਤਾ ਵੀ ਸਵਰਨ ਯੁੱਗ ਦੀਆਂ ਆਸਾਂ ਰੱਖਦੀ ਹੈ, ਅਤੇ ਇਸ ਗੱਲ ਦਾ ਵਿਰੋਧ ਕਰਦੀ ਹੈ ਕਿ ਨਿਸ਼ਚਿਤ ਨੂੰ ਪਰਮ ਪੂਰਨ ਦੀ ਮਾਨਤਾ ਨਾ ਦਿੱਤੀ ਜਾਵੇ। ਉਹ ਭੂਤ ਅਤੇ ਵਰਤਮਾਨ ਦੇ ਸੱਚ ਨੂੰ ਸੰਖੇਪ ਸੱਚ ਮੰਨਦੀ ਹੈ। ਜਿਹੜੇ ਚਿਰਾਂ ਤੋਂ ਹੋਂਦ ਦਾ ਦਾਅਵਾ ਨਹੀਂ ਕਰ ਸਕਦਾ ਅਤੇ ਜਿਹੜਾ ਆਪਣੀ ਨਾਸ਼ਵਾਨਤਾ ਰਾਹੀਂ ਆਪਣੀ ਅਪੂਰਨਤਾ ਨੂੰ ਸਿੱਧ ਕਰਦਾ ਹੈ। ਪੁਰਾਣੇ ਦਿਨਾਂ ਤੋਂ ਇਹ ਭਾਵਨਾ ਵੀ ਪ੍ਰੇਮ ਕਰਦੀ ਹੈ, ਪ੍ਰੰਤੂ ਉਨ੍ਹਾਂ ਨੂੰ ਭਵਿੱਖ ਦੀ ਕਲਪਨਾ ਅਤੇ ਆਪਣੀਆਂ ਸਭ ਤੋਂ ਪਵਿੱਤਰ ਲਾਲਸਾਵਾਂ ਦਾ ਉਦੇਸ਼ ਨਹੀਂ ਬਣਾਉਣਾ ਚਾਹੁੰਦੀ। ਬਹੁਦੇਵਤਿਆਂ ਦੀ ਉਪਾਸ਼ਕ ਦੁਨੀਆਂ, ਸਹਿਜਤਾ ਨਾਲ਼ ਅਤੇ ਆਪਣੀ ਜਾਤੀ ਵਿੱਚ ਪੂਰਨ ਤੌਰ ‘ਤੇ ਬੱਝੀ ਹੋਈ, ਸਦਾ ਯਾਦਾਂ ਦੇ ਲੁਭਾਉਣੇ ਜਾਦੂ ਵਿੱਚ ਡੁੱਬੀ ਰਹੀ। ਪ੍ਰੰਤੂ ਇਸ ਦੇ ਉਲਟ ਈਸਾਈ ਧਰਮ ਨੇ ਆਸਾ ਨੂੰ ਆਪਣਾ ਸਹਾਰਾ ਬਣਾਇਆ। ਜਦੋਂ ਕਿ ਲਾਜ਼ਮੀ ਤੌਰ ‘ਤੇ ਯਾਦ ਉੱਪਰ ਜਿੱਤ ਸਦਾ ਆਸ ਦੀ ਹੁੰਦੀ ਹੈ, ਤਾਂ ਵੀ ਵਧੇਰੇ ਕਰਕੇ ਦੋਹਾਂ ਵਿੱਚ ਤਿੱਖਾ ਅਤੇ ਲੰਮਕਵਾਂ ਸੰਘਰਸ਼ ਹੁੰਦਾ ਹੈ। ਪੁਰਾਣੀ ਦੁਨੀਆਂ ਜ਼ਬਰਦਸਤ ਵਿਰੋਧ ਪ੍ਰਗਟ ਕਰਦੀ ਹੈ, ਜਿਹੜਾ ਕਿ ਸੁਭਾਵਿਕ ਹੈ। ਕੀ ਇਹ ਸੰਭਵ ਹੈ ਕਿ ਜੀਵਨ ਉਨ੍ਹਾਂ ਰੂਪਾਂ ਦੇ ਲੜ ਨਾ ਲੱਗੇ ਜਿਹੜੇ ਉਸਨੇ ਪ੍ਰਾਪਤ ਕੀਤੇ ਹਨ? ਨਵੇਂ ਰੂਪ ਤੋਂ ਅਜੇ ਤੱਕ ਉਹਦੀ ਜਾਣਕਾਰੀ ਹੁੰਦੀ ਨਹੀਂ। ਉਹ ਰੂਪ ਅਜੇ ਛੁੱਪੇ ਹੋਏ ਹੁੰਦੇ ਹਨ। ਕਿਸੇ ਲਈ ਇਹ ਪ੍ਰਵਾਨ ਕਰਨਾ ਕਿ ਉਹਦੇ ਦਿਨ ਹੁਣ ਪੂਰੇ ਹੋ ਚੁੱਕੇ ਹਨ ਆਪਣੀ ਹੋਂਦ ਤੋਂ ਇਨਕਾਰ ਕਰਨਾ ਹੈ, ਜੋ ਲਗਭਗ ਅਸੰਭਵ ਹੈ। ਪੁਰਾਣਾ ਨਿਜ਼ਾਮ ਜਿਸ ਨੇ ਵਿਦਾ ਹੋਣਾ ਹੈ, ਪੂਰੀ ਤਰ੍ਹਾਂ ਵਿਕਸਿਤ, ਅਮਲ ਵਿੱਚ ਲਿਆਂਦਾ ਹੋਇਆ ਅਤੇ ਲੋਕਾਂ ਦੇ ਦਿਲਾਂ ਵਿੱਚ ਗਹਿਰੀਆਂ ਜੜ੍ਹਾਂ ਜਮਾਈ ਬੈਠਾ ਹੁੰਦਾ ਹੈ। ਇਸਦੇ ਉਲਟ ਨਵਾਂ ਅਜੇ ਅਦਿੱਖ ਅਤੇ ਖਲਾਅ ‘ਚ ਹੈ। ਉਸ ਕੋਲ ਨਾ ਰੰਗ ਰੂਪ ਹੈ, ਨਾ ਪਹਿਰਾਵਾ। ਜਦੋਂ ਕਿ ਪੁਰਾਣਾ ਅਮੀਰ ਅਤੇ ਸ਼ਕੀਤਸ਼ਾਲੀ ਹੁੰਦਾ ਹੈ। ਫਿਰ ਨਵੇਂ ਦੀ ਰਚਨਾ ਕਰਨ ਦੇ ਲਈ ਅਜੇ ਮੱਥੇ ਦਾ ਪਸੀਨਾ ਬਹਾਉਣ ਦੀ ਜ਼ਰੂਰਤ ਹੁੰਦੀ ਹੈ, ਜਦੋਂ ਕਿ ਪੁਰਾਣਾ ਪਹਿਲਾਂ ਤੋਂ ਹੀ ਮੌਜੂਦ ਹੁੰਦਾ ਹੈ, ਆਦਤ ਦੀ ਟੇਕ ਲਈ ਦ੍ਰਿੜ੍ਹਤਾ ਨਾਲ ਸਥਿਤ ਹੁੰਦਾ ਹੈ। ਨਵੇਂ ਦੀ ਹਾਲੇ ਖੋਜ ਕਰਨੀ ਹੁੰਦੀ ਹੈ ਉਸ ਲਈ ਆਪਣੇ ਆਪ ਨੂੰ ਸਾਧਣ ਦੀ ਲੋੜ ਹੁੰਦੀ ਹੈ ਉਹ ਆਤਮਤਿਆਗ ਦੀ ਮੰਗ ਕਰਦਾ ਹੈ। ਇਸ ਦੇ ਉਲਟ ਪੁਰਾਣੇ ਨੂੰ ਬਿਨਾਂ ਕਿਸੇ ਜਾਂਚ ਪੜਤਾਲ ਦੇ ਸਵੀਕਾਰ ਕੀਤਾ ਜਾ ਸਕਦਾ ਹੈ ਕਿਉਂਕਿ ਉਹ ਸਾਹਮਣੇ ਮੌਜੂਦ ਹੈ, ਉਹ ਅਜਿਹਾ ਤੱਥ ਹੁੰਦਾ ਹੈ, ਜਿਸ ਦੀ ਪ੍ਰਤੱਖ ਸੱਤਾ ਨੂੰ ਲੋਕ ਮੰਨਦੇ ਹਨ। ਨਵੇਂ ਨੂੰ ਲੋਕ ਸ਼ੱਕ ਦੀ ਨਿਗਾਹ ਨਾਲ ਵੇਖਦੇ ਹਨ, ਉਸ ਦਾ ਰੰਗ-ਰੂਪ ਅਜੇ ਲੜਕਪਣ ਵਿੱਚ ਡੁੱਬਿਆ ਹੁੰਦਾ ਹੈ, ਜਦੋਂ ਕਿ ਪੁਰਾਣੇ ਦੇ ਨੈਣ-ਨਕਸ਼ ਅਤੇ ਝੁਰੜੀਆਂ ਤੋਂ ਉਹ ਐਨੇ ਵਾਕਿਫ ਹੁੰਦੇ ਹਨ, ਕਿ ਉਹ ਉਹਨਾਂ ਨੂੰ ਸਦੀਵੀ ਮਾਲੂਮ ਹੁੰਦਾ ਹੈ। ਯਾਦਾਂ ਦਾ ਮੋਹ ਅਤੇ ਉਹਨਾਂ ਦੀ ਤਾਕਤ ਕਦੇ-ਕਦੇ ਨਵੇਂ ਦੀ ਲਲਕ ਉੱਤੇ ਹਾਵੀ ਹੋ ਜਾਂਦੀ ਹੈ, ਬੀਤੇ ਦਾ ਮੋਹ ਲੋਕਾਂ ਉੱਤੇ ਇਸ ਤਰ੍ਹਾਂ ਛਾ ਜਾਂਦਾ ਹੈ ਕਿ ਕਿਸੇ ਕੀਮਤ ਉੱਤੇ ਵੀ ਉਸ ਨੂੰ ਉਹ ਨਹੀਂ ਛੱਡਦੇ। ਕਾਰਨ ਇਹ ਕਿ ਉਸ ਵਿੱਚ ਉਨ੍ਹਾਂ ਨੂੰ ਆਪਣਾ ਭਵਿੱਖ ਦਿਖਾਈ ਦਿੰਦੀ ਹੈ।

ਧਰਮ ਤੋਂ ਬੇਮੁੱਖ ਜੂਲਿਅਸ ਅਜਿਹੀ ਹੀ ਵਿਭੂਤੀ ਸੀ। ਉਸ ਦੇ ਜੀਵਨ ਕਾਲ ਵਿੱਚ ਪੁਰਾਣੀ ਦੁਨੀਆਂ ਦੇ ਜੀਉਣ-ਮਰਨ ਦਾ ਸਵਾਲ ਆਪਣੀ ਭਿਆਨਕ ਤੀਬਰਤਾ ਨਾਲ ਸਾਹਮਣੇ ਆਇਆ। ਉਸ ਨੂੰ ਟਾਲ ਜਾਣਾ  ਅਸੰਭਵ ਸੀ। ਸਵਾਲ ਦੇ ਤਿੰਨ ਹੱਲ ਵਿਖਾਈ ਦਿੱਤੇ, ਬਹੁ-ਦੇਵਤਾਵਾਦ ਭਾਵ ਪੁਰਾਣੇ ਦਿਨਾਂ ਵਿੱਚ  ਪਰਤ ਜਾਣਾ। ਯਾਦਾਂ ਅਤੇ ਨਿਰਾਸ਼ਾ ਭਾਵ ਅਨਾਸਥਾਵਾਦ, ਨਾ ਭੂਤ ਨਾ ਭਵਿੱਖ, ਸਭ ਤੋਂ ਅੰਤ ਵਿੱਚ ਈਸਾਈ ਧਰਮ ਗ੍ਰਹਿਣ ਅਤੇ ਇਹਦੇ ਨਾਲ ਆਉਣ ਵਾਲੀ ਦੁਨੀਆਂ ਵਿੱਚ ਪ੍ਰਵੇਸ਼-ਮਰੇ ਹੋਇਆਂ ਨੂੰ ਆਪਣੇ ਮੁਰਦੇ ਦਫਨਾਉਣ ਲਈ ਪਿੱਛੇ ਛੱਡ ਦੇਣਾ। ਜੂਲਿਅਸ ਆਪਣੀ ਧੁਨ ਦਾ ਪੱਕਾ ਸੀ, ਹਿੰਮਤ ਅਤੇ ਉਤੇਜਨਾ ਦਾ ਪੁੰਜ।  ਸ਼ੁਰੂ ਵਿੱਚ ਕੋਈ ਵਿਉਹਾਰਿਕ ਕੰਮ ਨਾ ਹੋਣ ਕਰਕੇ, ਉਸ ਨੇ ਆਪਣੇ ਆਪ ਨੂੰ ਯੂਨਾਨੀ ਗਿਆਨ ਵਿੱਚ ਪੂਰੀ ਤਰ੍ਹਾਂ ਲੀਨ ਕਰ ਦਿੱਤਾ। ਫਿਰ ਉਸ ਨੇ ਦੂਰ ਲੁਤੇਤਿਆ ਦੀ ਸ਼ਰਨ  ਲਈ। ਉੱਥੇ ਪਹੁੰਚ ਕੇ ਆਪਣੇ ਯੁੱਗ ਦੇ ਭਖਦੇ ਸਵਾਲਾਂ ਨੂੰ, ਉਸ ਨੇ ਉਠਾਇਆ ਅਤੇ ਅਤੀਤ ਦੇ ਪੱਖ ਵਿੱਚ ਫੈਸਲਾ ਦਿੱਤਾ।

ਜੂਲਿਅਸ ਅਤਿਅੰਤ ਸਦਾਚਾਰੀ ਅਤੇ ਉੱਚੇ ਗੁਣਾਂ ਵਾਲਾ ਆਦਮੀ ਸੀ। ਅਜਿਹਾ ਪ੍ਰਤੀਤ ਹੁੰਦਾ ਸੀ, ਜਿਵੇਂ ਪੁਰਾਣੀ ਦੁਨੀਆਂ, ਪਵਿੱਤਰ ਅਤੇ ਉੱਜਲ ਹੋ ਕੇ, ਉਸ ਵਿੱਚ ਰੌਸ਼ਨ ਹੋ ਉੱਠੀ ਹੈ। ਅਜਿਹਾ ਲਗਦਾ ਸੀ ਜਿਵੇਂ ਸੁੰਦਰ ਅਤੇ ਖਰੀ ਮੌਤ ਪਾਉਣ ਲਈ, ਸੁਚੇਤ ਰੂਪ ਵਿੱਚ ਉਸ ਨੇ ਇਹ ਸੁੰਦਰ ਨਿਖਾਰ ਪ੍ਰਾਪਤ ਕੀਤਾ ਹੋਵੇ। ਉਸ ਦੀ ਦ੍ਰਿੜ੍ਹਤਾ ਵਿੱਚ ਕੋਈ ਕਮੀ ਨਹੀਂ ਸੀ, ਸ਼੍ਰੇਸ਼ਟਤਾ ਦੀ ਸੀਮਾ ਨੂੰ ਉਹ ਛੂੰਹਦਾ ਸੀ, ਤੇਜ ਪ੍ਰਤਿਭਾ ਅਤੇ ਬੁੱਧੀ ਦਾ ਉਹ ਧਨੀ ਸੀ, ਪਰ ਸਭ ਬੇਕਾਰ ਅਤੀਤ ਨੂੰ ਫਿਰ ਤੋਂ ਜਲਾਉਣਾ ਕਦਾਚਿਤ ਅਸੰਭਵ ਸੀ। ਜੂਲਿਅਸ ਵਰਗੀ ਸ਼ਕਤੀ ਦੇ ਹਿਮਾਲਿਆ ਵੀ, ਉਸ ਸਮੇਂ ਜਦੋਂ ਆਪਣੇ ਯੁੱਗ ਦੀ ਗਤੀ ਦੇ ਵਿਰੁੱਧ ਸੰਘਰਸ਼ ਕਰਨਾ ਪੈਂਦਾ ਹੈ, ਰਾਈ ਬਣ ਕੇ ਰਹਿ ਜਾਂਦੇ ਹਨ। ਆਪਾਰ ਸ਼ਕਤੀ ਦਾ ਉਹ ਧਨੀ ਸੀ, ਫਿਰ ਵੀ ਉਹ ਕੋਈ ਪ੍ਰਭਾਵ ਪੈਦਾ ਨਹੀਂ ਕਰ ਸਕਿਆ, ਉਸ ਦੀ ਸ਼ਕਤੀ ਕਾਰਗਰ ਸਿੱਧ ਨਹੀਂ ਹੋ ਸਕੀ। ਇਸ ਤੋਂ ਅਸਾਨੀ ਨਾਲ ਹੀ ਸਮਝ ਵਿੱਚ ਆ ਸਕਦਾ ਹੈ ਕਿ ਅਜੇ ਪੁੰਗਰਦੇ ਹੋਏ ਭਵਿੱਖ ਦੇ ਵਿਰੁੱਧ ਮਰ ਚੁੱਕੇ ਪ੍ਰੰਤੂ ਅਜੇ ਤੱਕ ਨਾ ਦਫ਼ਨਾਏ ਗਏ, ਅਤੀਤ ਦੇ ਯਤਨ ਕਿੰਨੇ ਨਿਹਫਲ ਹੁੰਦੇ ਹਨ……।

ਹਰ ਇਕ ਅਣਕਿਆਸੀ ਤਬਦੀਲੀ ਹਾਰੇ ਹੋਏ ਪੱਖ ਦੇ ਨਿਸ਼ਾਨ ਛੱਡ ਜਾਂਦੀ ਹੈ। ਨਵ ਅਫਲਾਤੂਨਵਾਦੀ ਵੀ ਇਸੇ ਕੋਟੀ ਦੇ ਜੀਵ ਸਨ। ਉਹ ਆਪਣੇ ਇਕ ਅਲੱਗ ਦਾਰਸ਼ਨਿਕ ਸਾਹਿਤਕ ਢੰਗ ਨਾਲ ਅਤੀਤ ਨੂੰ ਫਿਰ ਤੋਂ ਜਿਊਂਦਾ ਕਰਨਾ ਚਾਹੁੰਦੇ ਸਨ। ਉਨ੍ਹਾਂ ਨੇ ਹੋਰ ਸਭਨਾਂ ਤੋਂ ਵੱਧ ਧੋਖਾ ਖਾਧਾ। ਉਹ ਅਤੀਤ ਵਿੱਚ ਆਪਣੇ ਭਵਿੱਖ ਦਾ ਆਦਰਸ਼ ਵੇਖਦੇ ਸਨ, ਪਰ ਅਤੀਤ ਦੇ ਹੀ ਬਾਣੇ ਵਿੱਚ। ਜੇ ਉਸ ਸਮੇਂ ਜਦੋਂ ਕਿ ਨਵ ਅਫਲਾਤੂਨਵਾਦ ਆਪਣੇ ਪੂਰੇ ਉਭਾਰ ਉੱਤੇ ਸੀ ਪਲ ਭਰ ਲਈ ਹੀ ਸਹੀ—ਇੱਕ ਮੁੱਦਤ ਤੋਂ ਦਫ਼ਨ ਹੋਇਆ ਇਹ ਜੀਵਨ ਆਪਣੀ ਕਬਰ ਵਿੱਚੋਂ ਉੱਠਕੇ ਆ ਸਕਦਾ ਤਾਂ ਉਸ ਦੇ ਉਪਾਸ਼ਕ ਵੀ ਉਸ ਨੂੰ ਵੇਖਕੇ ਹੈਰਾਨ ਰਹਿ ਜਾਂਦੇ ਅਤੇ ਉਹ ਇਸ ਲਈ ਨਹੀਂ ਕਿ ਉਹ ਆਪਣੇ ਸਮੇਂ ਵਿੱਚ ਬੁਰਾ ਸੀ, ਸਗੋਂ ਇਸ ਲਈ ਕਿ ਉਸ ਦਾ ਸਮਾਂ ਬੀਤ ਚੁੱਕਾ ਸੀ। ਜਿਵੇਂ ਵੀ ਹੋਵੇ, ਅਤੀਤ ਵਿੱਚ  ਵੱਸਣ ਵਾਲੇ ਲੋਕਾਂ ਨੂੰ ਗਹਿਰੀ  ਵੇਦਨਾ ਦਾ ਸ਼ਿਕਾਰ ਹੋਣਾ ਪੈਂਦਾ ਹੈ। ਆਪਣੇ ਚਾਰੇ ਪਾਸੇ ਦੇ ਵਾਤਾਵਰਣ ਤੋਂ ਉਹ ਉਨ੍ਹੇ ਹੀ ਦੂਰ ਹੁੰਦੇ ਹਨ ਜਿੰਨੇ ਕਿ ਉਹ ਲੋਕ ਜਿਹੜੇ ਸਿਰਫ਼ ਭਵਿੱਖ ਵਿੱਚ ਵਿਚਰਦੇ ਹਨ। ਹਰ ਇਕ ਇਨਕਲਾਬ ਆਪਣੇ ਨਾਲ ਇਸ ਤਰ੍ਹਾਂ ਦੀਆਂ ਵੇਦਨਾਵਾਂ ਨੂੰ ਲੈ ਕੇ ਆਉਂਦਾ ਹੈ , ਜੀਵਨ ਦੇ ਨਵੇਂ ਯੁੱਗ ਤੋਂ ਪਹਿਲਾਂ ਦਾ ਦੌਰ ਬੜਾ ਤ੍ਰਾਸਦਿਕ ਅਤੇ ਅਸਹਿ ਮਾਲੂਮ ਹੁੰਦਾ ਹੈ। ਹਰ ਇਕ ਸਮੱਸਿਆ ਇਕ ਦੁਖਦਾਈ ਕਰਵਟ ਲੈਂਦੀ ਹੈ। ਲੋਕ ਬੇਹੂਦਾ ਹੱਲਾਂ ਵੱਲ, ਜਿਸ ਤੋਂ ਵੀ ਉਨ੍ਹਾਂ ਨੂੰ ਕੁਝ ਤਸੱਲੀ ਮਿਲੇ, ਭੁੱਖਿਆਂ ਦੇ ਵਾਂਗੂੰ ਲਪਕਦੇ ਹਨ, ਇਕ ਪਾਸੇ ਅੰਨ੍ਹਾ ਹਠ, ਦੂਸਰੇ ਪਾਸੇ ਅੰਨ੍ਹੀ ਅਨਾਸਥਾ, ਇਕ ਪਾਸੇ ਬੇ-ਸਿਰ ਪੈਰ ਆਸਾਂ, ਦੂਸਰੇ ਪਾਸੇ ਬੇ-ਸਿਰ ਪੈਰ ਨਿਰਾਸ਼ਾ! ਦੋਵੇਂ ਇਕੋ ਵੇਲੇ ਹੱਥ ਵਿੱਚ ਹੱਥ ਫੜੀ ਵਿਚਰਦੇ ਹਨ। ਤ੍ਰਾਸਦਕ ਉਤਸੁਕਤਾ, ਅਣਕਿਆਸੇ ਦੇ ਵਾਪਰਨ ਦੀ ਬੇਚੈਨ ਉਡੀਕ, ਜਦੋਂ ਕਿ ਸਪੱਸ਼ਟ ਰੂਪ ਵਿੱਚ ਕੁਝ ਵੀ ਨਹੀਂ ਘੱਟ ਰਿਹਾ ਹੁੰਦਾ, ਵਿੱਚ-ਵਿਚਾਲੇ ਦੀਆਂ ਪੀੜ੍ਹੀਆਂ ਦੀ ਕਿਸਮਤ, ਜਿਹੜੀ ਨਾਂ ਇਸ ਦੁਨੀਆਂ ਦੀ ਹੁੰਦੀ ਹੈ ਨਾਂ  ਉਸ ਦੀ, ਹੋਰ ਵੀ ਦੁਖਦਾਈ ਹੁੰਦਾ ਹੈ …ਅਤੀਤ ਦੀ ਬੁਰੀ ਨਜ਼ਰ ਵੀ ਉਨ੍ਹਾਂ ਉੱਤੇ ਸਭ ਤੋਂ ਵਧੇਰੇ ਪੈਂਦੀ ਹੈ ਅਤੇ ਭਵਿੱਖ ਦੇ ਸੁੱਖਾਂ ਤੋਂ ਵੀ ਉਹ ਵਾਂਝੀਆਂ ਹੁੰਦੀਆਂ ਹਨ।…ਪ੍ਰਾਚੀਨ ਸੰਸਾਰ ਨੂੰ ਆਪਣੇ ਜੀਵਨ ਦੀਆਂ ਆਖਰੀ ਘੜੀਆਂ ਵਿੱਚ ਭਰਪੂਰ ਮਾਤਰਾ ਵਿੱਚ ਇਹ ਕੌੜਾ ਪਿਆਲਾ ਪੀਣਾ ਪਿਆ। ਐਨਾ ਨਿਰਦਈ, ਐਨਾ ਹਿੰਸਕ ਪਰਿਵਰਤਨ ਇਤਿਹਾਸ ਨੇ ਪਹਿਲਾਂ ਕਦੇ ਨਹੀਂ ਵੇਖਿਆ ਸੀ। ਸਿਰਫ ਈਸਾਈ ਧਰਮ ਉਸ ਨੂੰ ਬਚਾ ਸਕਦਾ ਸੀ। ਪ੍ਰੰਤੂ ਬਹੁ-ਦੇਵਤਾ ਪੂਜਕ ਦੁਨੀਆਂ ਦੇ ਐਨ ਵਿਰੁੱਧ ਸੀ, ਪੁਰਾਣੇ ਵਿਸ਼ਵਾਸਾਂ ਅਤੇ ਮਾਨਤਾਵਾਂ ਨੂੰ ਐਨੀ ਬੇਰਹਿਮੀ ਨਾਲ ਉਸ ਨੇ ਰੱਦ ਕੀਤਾ ਕਿ ਲੋਕਾਂ ਲਈ ਆਪਣੇ ਅਤੀਤ ਨਾਲੋਂ ਨਾਤਾ ਤੋੜਨਾ ਅਸੰਭਵ ਹੋ ਗਿਆ। ਅੰਜੀਲ ਦੇ ਸ਼ਬਦਾਂ ਵਿੱਚ ਉਹਨੇ  ਨਵਾਂ ਜਨਮ ਲੈਣਾ ਸੀ। ਇਸ ਦੇ ਬਿਨਾਂ ਉਹ ਉਦੋਂ ਤੱਕ ਪ੍ਰਾਪਤ ਸਾਰੀਆਂ ਸੱਚਾਈਆਂ ਅਤੇ ਨਿਯਮਾਂ ਦੇ ਸਾਰ ਤੱਤ ਤੋਂ ਆਪਣੇ ਆਪ ਨੂੰ ਮੁਕਤ ਨਹੀਂ ਕਰ ਸਕਦੇ ਸਨ ਅਤੇ ਅਜਿਹਾ ਕਰਨਾ ਬੇਹੱਦ ਕਠਿਨ ਸੀ। ਵਿਉਹਾਰਿਕ ਬੁੱਧੀ ਜਿੰਨੀਆਂ ਡੂੰਘੀਆਂ ਜੜ੍ਹਾਂ ਜਮਾਂ ਲੈਂਦੀ ਹੈ, ਸਕਾਰਤਮਕ ਕਾਨੂੰਨ ਵਿਧਾਨ ਵੀ ਉਨੀਆਂ ਡੂੰਘੀਆਂ ਜੜ੍ਹਾਂ ਨਹੀਂ ਜਮਾ ਸਕਦਾ। ਪੰ੍ਰਤੂ ਨਵੀਂ ਦੁਨੀਆਂ ਬੀਤੇ ਦੇ ਇਸ ਤੋੜ ਵਿਛੋੜ ਤੋਂ ਪਿੱਛੋਂ ਹੀ ਆਪਣਾ ਸੂਤਰਪਾਤ ਕਰ ਸਕਦੀ ਸੀ। ਨਵ ਅਫਲਾਤੂਨਵਾਦੀ ਸੁਧਾਰਕ ਸਨ। ਉਹ ਪੁਰਾਣੀ ਇਮਾਰਤ ਦੀ ਮੁਰੰਮਤ ਕਰਕੇ ਉਸ ਉੱਪਰ ਸਫੈਦੀ ਕਰਨਾ ਚਾਹੁੰਦੇ ਸਨ। ਅਤੀਤ ਦਾ ਤਿਆਗ ਕੀਤੇ ਬਿਨਾਂ ਹੀ ਉਹ ਨਵੇਂ ਤੋਂ ਲਾਭ ਉਠਾਉਣਾ ਚਾਹੁੰਦੇ ਸਨ ਅਤੇ ਉਹ ਅਸਫਲ  ਹੋਏ। “ਉਹ ਜਿਹੜਾ ਮੇਰੇ ਤੋਂ ਵਧੇਰੇ ਆਪਣੇ ਮਾਂ-ਪਿਓ ਨੂੰ ਚਾਹੁੰਦਾ  ਹੈ, ਮੈਨੂੰ ਨਹੀਂ ਹਾਸਲ ਕਰ ਸਕਦਾ…।”

“ਪ੍ਰਤੀਬੱਧ”, ਅੰਕ 12, ਜਨਵਰੀ-ਮਾਰਚ 2010 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s