ਨਾਰੀ ਮੁਕਤੀ ਲਹਿਰ ਅਤੇ ਕੁੱਝ ਬੁਨਿਆਦੀ ਸਵਾਲ -ਕਾਤਿਆਇਨੀ

aorat mukti

(ਪੀ.ਡੀ.ਐਫ਼ ਡਾਊਨਲੋਡ ਕਰੋ)

ਕੌਮਾਂਤਰੀ ਨਾਰੀ ਦਿਵਸ (8ਮਾਰਚ) ‘ਤੇ ਵਿਸ਼ੇਸ਼

ਅਕਾਦਮਿਕ ਦੁਨੀਆਂ ਵਿੱਚ ਪੱਤਰਕਾਰਿਤਾ ਦੇ ਖੇਤਰ ਵਿੱਚ ਅੱਜ ਦਾ ਤਾਜ਼ਾ ਫੈਸ਼ਨ ਹੈ ਔਰਤਾਂ ਦੀ ਹਾਲਤ ਅਤੇ ਔਰਤ-ਲਹਿਰ ‘ਤੇ ਸਰਵੇਖਣਾਤਮਕ ਜਾਂ ਵਿਸ਼ਲੇਸ਼ਣਾਤਮਕ ਕਿਤਾਬਾਂ, ਲੇਖ , ਰਿਪੋਰਟ ਅਤੇ ਖੋਜ ਪੱਤਰ ਲਿਖਣਾ। ਮੰਡੀ ਵਿੱਚ ਅੱਜ ਇਸਦੀ ਬਹੁਤ ਜਿਆਦਾ ਮੰਗ ਹੈ। ਜਿਨ੍ਹਾਂ ਭੜਕੀਲੀਆਂ ਮੈਗਜੀਨਾਂ ਲਈ ਪਹਿਲਾਂ ਔਰਤ ਦੇ ਸਤੰਭ ਦਾ ਮਤਲਬ ਕਢਾਈ-ਬੁਣਾਈ, ਰਸੋਈ ਕਲਾ, ਖੁਦ ਨੂੰ ਸਜਾਉਣ-ਸਵਾਰਨ ਅਤੇ ਪਤੀ ਨੂੰ ਖੁਸ਼ ਰੱਖਣ ਦੀਆਂ ਨਾਯਾਬ ਤਕਨੀਕਾਂ-ਤਰਕੀਬਾਂ ‘ਤੇ ਲੇਖਾਂ ਦਾ ਸੰਜੋਜਨ ਹੀ ਹੋਇਆ ਕਰਦਾ ਸੀ, ਹੁਣ ਉਹਨਾਂ ਰਸਾਲਿਆਂ ਵਿੱਚ ਵੀ ਔਰਤਾਂ ਦੀ ਆਜ਼ਾਦੀ ਅਤੇ ਲਹਿਰ ਜਿਹੇ ਵਿਸ਼ਿਆਂ ‘ਤੇ ਲੇਖ ਛਪਣ ਲੱਗੇ ਹਨ। ਬਹੁਤ ਜਿਆਦਾ ਮਹਿੰਗੀਆਂ ਕਿਤਾਬਾਂ ਛਾਪਣ ਵਾਲ਼ੇ ਕੁਲੀਨ ਪ੍ਰਕਾਸ਼ਕ ‘ਫਲਾਨੇ ਖੇਤਰ’ ਦੇ ‘ਫਲਾਨੇ ਪੇਸ਼ੇ’ ਵਿੱਚ ਲੱਗੀਆਂ ਔਰਤਾਂ ਦੇ ਜੀਵਨ ਅਤੇ ਸਮਾਜਿਕ ਆਰਥਿਕ ਸਥਿਤੀ ਜਾਂ ਪੇਸ਼ਾਗਤ ਸਿਹਤ (Occupational Health) ਜਿਹੇ ਵਿਸ਼ਿਆਂ ‘ਤੇ ਵਧੀਆ ਦਿੱਖ ਵਾਲ਼ੀਆਂ ਅਤੇ ਚੀਕਣੇ ਕਾਗਜ਼ਾਂ ਵਾਲ਼ੀਆਂ ਕਿਤਾਬਾਂ ਹਰ ਸਾਲ ਛਾਪ ਰਹੇ ਹਨ ਤੇ ਬਹੁਤ ਛਾਪ ਰਹੇ ਹਨ। ਇਹ ਸਭ ਕੁੱਝ ਮੰਗ ਅਤੇ ਪੂਰਤੀ ਦੇ ਮੰਡੀ ਦੇ ਨਿਯਮ ਦੇ ਬਿਲਕੁਲ ਅਨੁਰੂਪ ਹੈ।

ਜਿਆਦਾ ਬੌਧਿਕ ਅਤੇ ਖੱਬੇਪੱਖੀ ਘੇਰੇ ਦੀਆਂ ਮੈਗਜ਼ੀਨਾਂ ਵਿੱਚ ਵੀ ਔਰਤਾਂ ਦੀਆਂ ਸਮਾਜਿਕ-ਆਰਥਿਕ-ਰਾਜਨੀਤਕ ਹਾਲਤਾਂ ‘ਤੇ ਅੰਕੜਿਆਂ ਦੀਆਂ ਸਾਰਨੀਆਂ ਅਤੇ ਗ੍ਰਾਫਾਂ ਨਾਲ਼ ਭਰੇ ਹੋਏ ਖੋਜ-ਪੱਤਰਾਂ ਦਾ ਪਿਛਲੇ ਕਈ ਸਾਲਾਂ ਤੋਂ ਹੜ੍ਹ ਆ ਗਿਆ ਹੈ। ਗੋਸ਼ਟੀਆਂ ਵੀ ਕੋਈ ਘੱਟ ਨਹੀਂ ਹੋ ਰਹੀਆਂ ਹਨ। ਸਰਕਾਰਾਂ ਵੀ ਇਨ੍ਹਾਂ ਸਭ ਕੰਮਾਂ ਵਿੱਚ ਪਿੱਛੇ ਨਹੀਂ ਹਨ ਅਤੇ ਸਵੈਸੇਵੀ ਸੰਸਥਾਵਾਂ ਨੇ ਵੀ ‘ਕਰਤੱਵ-ਨਿਰਵਾਹ’ ਵਿੱਚ ਆਪਣੇ ਵੱਲੋਂ ਕਸਰ ਨਹੀਂ ਛੱਡੀ ਹੈ।

ਇਸ ਪੂਰੀ ਸਥਿਤੀ ਨਾਲ਼ ਜੁੜੇ ਹੋਏ ਅਤੇ ਇਸ ਨਾਲ਼ ਪੈਦਾ ਹੋਏ ਕੁੱਝ ਬੁਨਿਆਦੀ ਸਵਾਲ ਸਾਡੇ ਸਾਹਮਣੇ ਹਨ, ਜਿਨ੍ਹਾਂ ‘ਤੇ ਉਹਨਾਂ ਸਾਰੇ ਲੋਕਾਂ ਨੂੰ ਦੇਰ-ਸਵੇਰ ਸੋਚਣਾ ਹੀ ਪਵੇਗਾ ਜੋ ਔਰਤਾਂ ਦੀ ਹਾਲਤ ਅਤੇ ਉਨ੍ਹਾਂ ਦੀ ਆਜ਼ਾਦੀ ਨੂੰ ਲੈ ਕੇ ਇਮਾਨਦਾਰੀ ਨਾਲ਼ ਸਰੋਕਾਰ ਰਖਦੇ ਹਨ ਅਤੇ ਚਿੰਤਤ ਹਨ।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਮਾਜਿਕ ਸਥਿਤੀਆਂ ਵਿੱਚ ਆਈ ਜਿਸ ਬਾਹਰੀ ਤਬਦੀਲੀ ਨੇ ਪੱਤਰਕਾਰਿਤਾ ਅਤੇ ਸਾਹਿਤ ਤੋਂ ਲੈ ਕੇ ਫਿਲਮਾਂ ਤੱਕ ਵਿੱਚ ਔਰਤਾਂ ਦੀ ਸਥਿਤੀ, ਮਨੋਸਥਿਤੀ ਨਾਲ਼ ਜੁੜੇ ਸਵਾਲਾਂ ਨੂੰ ਅਹਿਮ ਬਣਾ ਦੇਣ ਦਾ ਪਦਾਰਥਕ ਅਧਾਰ ਤਿਆਰ ਕੀਤਾ ਹੈ, ਜਿਸਨੇ ਨਾਰੀ ਸ਼ੋਸ਼ਣ ਦੇ ਸਵਾਲ ‘ਤੇ ਪੇਸ਼ ਕੀਤੀ ਜਾ ਰਹੀ ਸਮੱਗਰੀ ਜਾਂ ਪਾਠਕਾਂ-ਸਰੋਤਿਆਂ-ਦਰਸ਼ਕਾਂ ਦਾ ਵਰਗ ਪੈਦਾ ਕੀਤਾ ਹੈ, ਉਹ ਪੂਰੇ ਸਮਾਜ ਵਿੱਚ ਇੱਕ ਨਵੀਂ ਚੇਤਨਾ ਦੇ ਵਿਕਾਸ ਦਾ ਗਵਾਹ ਹੈ। ਵਿਗਿਆਨਕ-ਸਮਾਜਿਕ ਵਿਕਾਸ ਦੇ ਮੌਜੂਦਾ ਪੜਾਅ ਨੇ ਵਰਤਮਾਨ ਸਥਿਤੀ ਨੂੰ ਜਨਮ ਦਿੱਤਾ ਹੈ। ਪਰ ਇਹ ਸਮਾਜ-ਵਿਕਾਸ ਦੀ ਆਪਣੀ ਸਵੈ ਚਾਲਿਤ ਅੰਦਰੂਨੀ ਗਤੀ ਤੋਂ ਉਪਜੀ ਬਾਹਰਮੁਖੀ ਸਥਿਤੀ ਹੈ। ਸਿਰਫ ਇੰਨੇ ਨਾਲ਼ ਕੇਵਲ ਇੱਕ ਕਿਸਮਤਵਾਦੀ ਹੀ ਸੰਤੁਸ਼ਟ ਹੋ ਸਕਦਾ ਹੈ….ਸਾਡੇ ਸਾਹਮਣੇ ਮੂਲ ਸਵਾਲ ਇਹ ਹੈ ਕਿ ਇਸ ਆਧੁਨਿਕ ਜਾਗ੍ਰਿਤ ਚੇਤਨਾ ਨੂੰ ਕਿਸੇ ਗੁਣਾਤਮਕ ਤਬਦੀਲੀ ਦੀ ਦਿਸ਼ਾ ਵੱਲ ਸੇਧਤ ਕਰਨ ਵਾਲ਼ੀਆਂ ਅਤੇ ਉਸਨੂੰ ਗਤੀ ਦੇਣ ਵਾਲ਼ੀਆਂ ਅੰਤਰਮੁਖੀ ਸ਼ਕਤੀਆਂ ਦੀ! ਜਾਂ ਇੰਝ ਕਹੀਏ ਕਿ ਸੁਚੇਤਨ ਯਤਨਾਂ ਦੀ ਸਥਿਤੀ ਅੱਜ ਕੀ ਹੈ?

ਸਾਨੂੰ ਲਗਦਾ ਹੈ ਕਿ ਨਾਰੀ ਸਮੱਸਿਆ ਅਤੇ ਨਾਰੀ ਲਹਿਰ ਨੂੰ ਲੈ ਕੇ ਜਿੰਨੀ ਅੰਕੜੇਬਾਜ਼ੀ, ਬੌਧਿਕ ਮਿਹਨਤ ਅਤੇ ਸਮਾਜ ਸੇਵੀ ਕਿਸਮ ਦੀਆਂ ਸਮਾਜਿਕ ਕਾਰਵਾਈਆਂ ਹੋ ਰਹੀਆਂ ਹਨ, ਉਹ ਮੁੱਖ ਤੌਰ ‘ਤੇ ਤੇ ਮੂਲ ਤੌਰ ‘ਤੇ ਅਕਾਦਮਿਕਤਾਵਾਦੀ, ਅਨੁਭਵਵਾਦੀ ਅਤੇ ਸੁਧਾਰਵਾਦੀ ਕਦਮਤਾਲ ਦੇ ਦਾਇਰੇ ਵਿੱਚ ਹੀ ਕੈਦ ਹਨ। ਕਿਸੇ ਵੀ ਬਦਲਾਅ ਦੇ ਸੁਚੇਤਨ ਯਤਨ ਜਾਂ ਲਹਿਰ ਦੀ ਮੁਢਲੀ ਸ਼ਰਤ ਠੋਸ ਬਾਹਰਮੁਖੀ ਸਥਿਤੀਆਂ ਦਾ ਠੋਸ ਵਿਸ਼ਲੇਸ਼ਣ ਹੁੰਦਾ ਹੈ। ਆਪਣੇ ਸਾਰੇ ਸਰਵੇਖਣਾਂ ਅਤੇ ਅੰਕੜਿਆਂ ਨੂੰ ਜੇ ਅਸੀਂ ਇੱਕ ਸੁਨਿਸ਼ਚਿਤ ਸਿਧਾਂਤਕ ਅਤੇ ਯੁੱਧਨੀਤਕ ਜਾਂ ਪ੍ਰੋਗਰਾਮੈਟਿਕ (Programatic) ਫ੍ਰੇਮਵਰਕ ‘ਚ ਨਹੀਂ ਰਖਦੇ ਤਾਂ ਉਨਾਂ ਦੀ ਕੋਈ ਵੀ ਸਾਰਥਕਤਾ ਨਹੀਂ ਬਣ ਪਾਉਂਦੀ। ਔਰਤ ਲਹਿਰ ਨੂੰ ਅੱਜ ਕਿਸੇ ਇੱਕ ਅਜਿਹੇ ਹੀ ਸਿਧਾਂਤਕ-ਯੁੱਧਨੀਤਕ ਫ੍ਰੇਮਵਰਕ ਦੀ ਲੋੜ ਹੈ, ਜੋ ਦਾਰਸ਼ਨਿਕ-ਵਿਗਿਆਨਕ ਪੱਧਰ ‘ਤੇ ਸਮਾਜ ਵਿਕਾਸ ਦੇ ਸਾਪੇਖਿਕ ਤੋਰ ‘ਤੇ ਸਰਵਵਿਆਪੀ ਨਿਯਮਾਂ ਦੇ ਅਨੁਰੂਪ ਵੀ ਹੋਵੇ ਅਤੇ ਅੱਜ ਦੀਆਂ ਹਾਲਤਾਂ ਦੇ ਵੀ ਅਨੁਰੂਪ ਹੋਵੇ। ਨਾਰੀ-ਮੁਕਤੀ ਜਥੇਬੰਦੀਆਂ ਸਾਹਮਣੇ ਅਸਲ ‘ਚ ਅਜਿਹੇ ਕਿਸੇ ਫ੍ਰੇਮਵਰਕ ਦੀ ਘਾਟ ਦੀ ਸਮੱਸਿਆ ਅੱਜ ਗੰਭੀਰ ਰੂਪ ਵਿੱਚ ਖੜ੍ਹੀ ਹੈ ਅਤੇ ਖੜੋਤ ਦਾ ਬੁਨਿਆਦੀ ਕਾਰਨ ਵੀ ਸ਼ਾਇਦ ਇਹੀ ਹੈ।

ਕੁੱਝ ਔਰਤ ਜਥੇਬੰਦੀਆਂ ਕੋਲ਼ ਜੇ ਕੋਈ ਅਜਿਹਾ ਫ੍ਰੇਮਵਰਕ ਹੈ ਵੀ, ਤਾਂ ਉਹ ਕੁੱਲ ਮਿਲਾ ਕੇ ਸੁਧਾਰਵਾਦੀ ਦਾਇਰੇ ਵਿੱਚੋਂ ਬਾਹਰ ਨਹੀਂ ਜਾਂਦਾ। ਕੁੱਝ ਨੇ ਆਪਣਾ ਫ੍ਰੇਮਵਰਕ ਪੱਛਮ ਦੀਆਂ ਨਾਰੀਵਾਦੀ ਲਹਿਰਾਂ ਦੀ ਕਿਸੇ ਧਾਰਾ ਉਪਧਾਰਾ ਤੋਂ ਉਧਾਰ ਲੈ ਰੱਖਿਆ ਹੈ, ਤਾਂ ਕੁੱਝ ਨੇ ਬੁਨਿਆਦੀ ਸਿਧਾਂਤਕ-ਯੁੱਧਨੀਤਕ ਫ੍ਰੇਮਵਰਕ ਦੇ ਨਾਂ ‘ਤੇ ਕੇਵਲ ਮਾਰਕਸਵਾਦ ਦੇ ਸਮਾਜ-ਵਿਕਾਸ ਦੇ ਨਿਯਮਾਂ ਦੇ ਮਸ਼ੀਨੀ ਅਨੁਵਾਦ ਅਤੇ ਨਾਰੀ-ਮੁਕਤੀ-ਲਹਿਰ ਦੇ ਲਗਭਗ 70-75 ਸਾਲ ਪੁਰਾਣੇ ਮਾਰਕਸਵਾਦੀ ਸੰਕਲਪ ਨੂੰ ਹੀ ਸਮੁੱਚੇ ਅਮਿੱਟ ਸੱਚ ਦੇ ਰੂਪ ਵਿੱਚ ਅਪਣਾ ਰੱਖਿਆ ਹੈ। ਵਿੱਚ-ਵਿੱਚ ਸਹੀ ਸਾਰਥਕ ਸੋਚ ਦੀ ਦਿਸ਼ਾ ਵਿੱਚ ਕੁੱਝ ਤੜਪ ਅਤੇ ਯਤਨ ਦਿਖਾਈ ਦਿੰਦੇ ਹਨ, ਪਰ ਕੁੱਝ ਸੁਗਬੁਗਾਹਟਾਂ ਤੋਂ ਬਾਅਦ ਉਹ ਵੀ ਠੰਡੀ ਨੀਂਦ ਵਿੱਚ ਚਲੇ ਗਏ ਹਨ।

ਸਾਡੀਆਂ ਗੱਲਾਂ ਦਾ ਇਹ ਅਰਥ ਕਦੇ ਵੀ ਨਹੀਂ ਲਿਆ ਜਾਣਾ ਚਾਹੀਦਾ ਕਿ ਅਸੀਂਂ ਦੇਸ਼ ਦੇ ਕੋਨੇ-ਕੋਨੇ ਵਿੱਚ ਕੰਮ ਕਰ ਰਹੀਆਂ ਵੱਖ-ਵੱਖ ਔਰਤ ਜਥੇਬੰਦੀਆਂ ਦੇ ਭਗੀਰਥ-ਯਤਨਾਂ ਨੂੰ ਰੱਦ ਕਰਨ ਦੀ ਬਚਕਾਨਾ ਅਤੇ ਹੰਕਾਰੀ ਕੋਸ਼ਿਸ਼ ਕਰ ਰਹੇ ਹਾਂ। ਅੱਜ ਇਨ੍ਹਾਂ ਸਰਗਰਮੀਆਂ ਦੇ ਸਾਰ-ਸੰਕਲਨ ਨਾਲ਼ ਅਸੀਂ ਕੁੱਝ ਗੱਲਾਂ ਕਹਿਣ ਦੀ ਸਥਿਤੀ ਵਿੱਚ ਪਹੁੰਚੇ ਹਾਂ। ਸਮਾਜਿਕ ਪ੍ਰਯੋਗਾਂ ਦੀ ਲੰਮੀ ਲੜੀ ਦੇ ਨਿਚੋੜ ਤੋਂ ਬਗੈਰ ਇਨ੍ਹਾਂ ਸਮੱਸਿਆਵਾਂ ‘ਤੇ ਗੱਲਬਾਤ ਦੀ ਸਥਿਤੀ ਕਦੇ ਪੈਦਾ ਹੀ ਨਾ ਹੁੰਦੀ ਅਤੇ ਇਹ ਗੱਲਾਂ ‘ਰਾਮਝਰੋਖੇ ਬੈਠਕੇ ਮੁਜਰਾ’ ਦੇਖ ਲੈਣ ਦੇ ਨਜ਼ਰੀਏ ਨਾਲ਼ ਨਹੀਂ ਸਗੋਂ ਲਹਿਰ ਦੀਆਂ ਸਮੱਸਿਆਵਾਂ ਨੂੰ ਮਹਿਸੂਸ ਕਰਨ ਵਾਲ਼ੇ ਇੱਕ ਪ੍ਰਤੱਖ ਹਿੱਸੇਦਾਰ ਦੀ ਹੈਸੀਅਤ ਨਾਲ਼ ਕੀਤੀਆਂ ਜਾ ਰਹੀਆਂ ਹਨ। ਸਾਡਾ ਮਕਸਦ ਇੱਥੇ ਸਮੱਸਿਆਵਾਂ ਦਾ ਇੱਕਤਰਫਾ ਹੱਲ ਪੇਸ਼ ਕਰਨਾ ਵੀ ਨਹੀਂ ਹੈ, ਸਗੋਂ ਵਿਚਾਰ-ਚਰਚਾ ਲਈ ਕੁੱਝ ਮੁੱਦੇ ਪੇਸ਼ ਕਰਨਾ ਹੈ।

ਸੁਧਾਰ ਅਤੇ ਛੋਟੀ ਤੋਂ ਛੋਟੀ ਮੰਗ ਨੂੰ ਲੈ ਕੇ ਕੀਤੇ ਜਾਣ ਵਾਲ਼ੇ ਅਤਿ ਸੀਮਤ ਸੰਘਰਸ਼ ਸਾਰਥਕ ਹੋ ਸਕਦੇ ਹਨ, ਬਸ਼ਰਤੇ ਕਿ ਸਾਨੂੰ ਉਸ ਦੇ ਵਿਕਾਸ ਦੀ ਦਿਸ਼ਾ ਅਤੇ ਉਸਦੀਆਂ ਕੜੀਆਂ ਦਾ ਸਪੱਸ਼ਟ ਗਿਆਨ ਹੋਵੇ। ਜੇ ਔਰਤਾਂ ਦੇ ਯੌਨ-ਦਾਬੇ, ਆਰਥਿਕ ਸ਼ੋਸ਼ਣ, ਪੇਸ਼ਾਗਤ ਸਿਹਤ ਸਬੰਧੀ ਸਮੱਸਿਆਵਾਂ ਜਾਂ ਕਿਸੇ ਵੀ ਤਰਾਂ ਦੇ ਮੁੱਦੇ ਨੂੰ ਲੈ ਕੇ ਅਸੀਂ ਸ਼ੰਘਰਸ਼ ਕਰਦੇ ਹਾਂ ਤਾਂ ਸਾਡੀ ਹਰ ਅਜਿਹੀ ਕਾਰਵਾਈ ਔਰਤਾਂ ਦੀ ਪੂਰਨ ਸਮਾਨਤਾ ਅਤੇ ਪੂਰਨ-ਸ਼ੋਸ਼ਣ ਮੁਕਤੀ ਦੀ ਦਿਸ਼ਾ ਵਿੱਚ ਕਿਸ ਤਰਾਂ ਪ੍ਰੇਰਿਤ ਤੇ ਨਿਰਦੇਸ਼ਿਤ ਹੁੰਦੀ ਹੈ, ਇਹ ਸਾਡੀ ਚਿੰਤਾ ਅਤੇ ਚਿੰਤਨ ਦਾ ਇੱਕ ਬੁਨਿਆਦੀ ਵਿਸ਼ਾ ਹੈ ਅਤੇ ਇਸ ਮੁੱਦੇ ‘ਤੇ ਸਾਡੇ ਇੱੱਥੇ ਜਾਂ ਤਾਂ ਕੋਈ ਸਾਰਥਕ ਬਹਿਸ ਹੋਈ ਹੀ ਨਹੀਂ ਜਾਂ ਹੋਈ ਵੀ ਹੈ ਤਾਂ ਉਹ ਸਾਰੀਆਂ ਬਹਿਸਾਂ ਅਤੇ ਸਮਾਜਿਕ ਪ੍ਰਯੋਗਾਂ ਦੇ ਉਹ ਸਾਰੇ ਮਤਭੇਦਾਂ ਨੂੰ ਹੱਲ ਨਹੀਂ ਕਰ ਸਕੀਆਂ ਹਨ।

ਨਾਰੀ ਅੰਦੋਲਨ ਅਜੋਕੇ ਸੰਸਾਰ ਦਾ, ਜਾਂ ਇੰਝ ਕਹੋ ਕਿ ਸੰਸਾਰ-ਇਤਿਹਾਸ ਦੇ ਪੂੰਜੀਵਾਦੀ ਦੌਰ ਦਾ ਇੱਕ ਵਰਤਾਰਾ ਹੈ। ਜਦੋਂ ਜਮਾਤੀ ਸਮਾਜ ਦਾ ਜਨਮ ਹੋ ਰਿਹਾ ਸੀ ਅਤੇ ਮਨੁੱਖੀ ਸਮਾਜ ਵਿੱਚ ਉਸਦੇ ਅੰਸ਼ਕ ਤੱਤ ਅਤੇ ਮਾਲਕੀ-ਗਲਬੇ ਦੀ ਮਾਨਸਿਕਤਾ ਪੈਦਾ ਹੋ ਰਹੀ ਸੀ, ਉਸੇ ਸਮੇਂ ਪਿੱਤਰ ਸੱਤਾਤਮਕ ਮਰਦ ਪ੍ਰਧਾਨ ਸਮਾਜ ਪੈਦਾ ਹੋ ਚੁੱਕਿਆ ਸੀ ਅਤੇ ਜਿਹਾ ਕਿ ਇਤਿਹਾਸ ਦਾ ਨਿਯਮ ਹੈ, ਉਸਦੇ ਪ੍ਰਤੀਰੋਧ ਦੀ ਚੇਤਨਾ ਵੀ ਪੈਦਾ ਹੋ ਚੁੱਕੀ ਸੀ। ਇਤਿਹਾਸ ਦੇ ਪੂਰੇ ਪੂਰਵ-ਪੂੰਜੀਵਾਦੀ-ਦੌਰ ਵਿੱਚ ਦਾਬੇ ਵਿਰੁੱਧ ਵਿਦਰੋਹ ਦੀ ਨਾਰੀ ਚੇਤਨਾ ਆਪਣੇ ਸਮੇਂ ਦੀਆਂ ਸੀਮਾਵਾਂ ਵਿੱਚ ਬੰਨ੍ਹੀ ਹੋਈ ਸੀ। ਆਦਮ ਯੁੱਗਾਂ ਦੀ ਪੂਰਨ ਅਜ਼ਾਦੀ ਤੇ ਸਮਤਾ ਜਾਂ ਗਲਬੇ ਦੀ ਸਥਿਤੀ ਦੇ ਵਿਸਰਨ ਤੋ ਬਾਅਦ, ਉਸਦੀ ਆਜ਼ਾਦੀ ਜਾਂ ਸ਼ੋਸ਼ਣ-ਦਾਬੇ ਦੇ ਵਿਰੋਧ ਦੀ ਸੋਚਪੂਰਨ ਅਜ਼ਾਦੀ ਜਾਂ ਆਪਣੀ ਅਜ਼ਾਦ ਪਹਿਚਾਣ ਦੀ ਮੁੜਬਹਾਲੀ ਦੀ ਕਮੀ ਨਹੀਂ ਰਹੀ ਸੀ। ਇਹ ਸੰਭਵ ਵੀ ਨਹੀਂ ਸੀ, ਕਿਉਂਕਿ ਪੂੰਜੀਵਾਦ ਦੇ ਜਨਮ ਤੋਂ ਪਹਿਲਾਂ ਇਸ ਚੇਤਨਾ ਦਾ ਬਾਹਰਮੁਖੀ ਅਧਾਰ ਹੀ ਸਮਾਜ ਵਿੱਚ ਮੌਜੂਦ ਨਹੀਂ ਸੀ। ਇਹੀ ਕਾਰਨ ਸੀ ਕਿ ਉਨੀਵੀਂ ਸਦੀ ਤੋਂ ਪਹਿਲਾਂ ਨਾਰੀ ਮੁਕਤੀ ਦੀ ਲੜਾਈ ਪਹਿਲਾਂ ਸਮਾਜਿਕ ਅੰਦੋਲਨਾਤਮਕ ਪੱਧਰ ‘ਤੇ ਨਾਰੀ ਤਬਕੇ ਦੀ ਲੜਾਈ ਦੇ ਰੂਪ ਵਿੱਚ ਕਦੇ ਨਹੀਂ ਲੜੀ ਗਈ ਅਤੇ ਨਾ ਕਦੇ ਇਸਦਾ ਕੋਈ ਦਾਰਸ਼ਨਿਕ-ਵਿਚਾਰਕ ਅਧਾਰ ਮੌਜੂਦ ਸੀ। ਪੂੰਜੀਵਾਦ ਤੋਂ ਪਹਿਲਾਂ ਦੀਆਂ ਸਮਾਜਿਕ ਵਿਵਸਥਾਵਾਂ ਵਿੱਚ ਆਪਣੀ ਮੁਕਤੀ ਦੀ ਲੜਾਈ ਔਰਤ ਨੂੰ ਕੇਵਲ ਜਮਾਤੀ ਅਧਾਰ ‘ਤੇ, ਯਾਣੀ ਇੱਕ ਜਮਾਤ ਦੇ ਮੈਂਬਰ ਦੇ ਰੂਪ ਵਿੱਚ¸ਇੱਕ ਕਿਸਾਨ ਜਾਂ ਇੱਕ ਭੂਦਾਸ ਜਾਂ ਇੱਕ ਦਾਸ ਦੇ ਰੂਪ ਵਿੱਚ ਹੀ ਲੜੀ। ਔਰਤਾਂ ਦੀ ਆਪਣੀ ਅਜ਼ਾਦ ਲੜਾਈ ਦਾ ਬਾਹਰਮੁਖੀ ਅਧਾਰ ਪਹਿਲੀਵਾਰ ਪੂੰਜੀਵਾਦੀ ਯੁੱਗ ਵਿੱਚ ਹੀ ਪੈਦਾ ਹੋਇਆ।

ਜਗੀਰੂ ਸੱਤ੍ਹਾ ਦੀ ਰੱਬੀ ਪ੍ਰਵਾਨਗੀ ਨੂੰ ਰੱਦ ਕਰਦੇ ਹੋਏ ਇਨਕਲਾਬੀ ਪੂੰਜੀਵਾਦ ਨੇ ਪਹਿਲੀ ਵਾਰ ਮਨੁੱਖੀ ਪਹਿਚਾਣ ਦੀ ਗੱਲ ਕੀਤੀ, ਧਰਮ ਕੇਂਦਰਿਤ (“Theocentric) ਸਮਾਜ ਦੀ ਜਗ੍ਹਾ ਮਨੁੱਖ ਕੇਂਦਰਿਤ (Anthropocentric) ਸਮਾਜ ਦੀ ਗੱਲ ਕੀਤੀ। ਮਾਨਵਵਾਦ ਦਾ ਉਭਾਰ ਹੋਇਆ ਅਤੇ ਅਜ਼ਾਦੀ-ਸਮਾਨਤਾ-ਭਾਈਚਾਰਾ ਦੇ ਨਾਅਰੇ ਹੋਂਦ ਵਿੱਚ ਆਏ। ਜਗੀਰਦਾਰੀ ਵਿਰੁੱਧ ਜਮਾਤੀ ਮਹਾਂਜੰਗ ਵਿੱਚ ਹਿੱਸਾ ਲੈਂਦੇ ਸਮੇਂ ਔਰਤਾਂ ਨੇ ਪਹਿਲੀਵਾਰ ਮਨੁੱਖੀ ਪਹਿਚਾਣ ਦੀ ਚੇਤਨਾ ਨੂੰ ਆਤਮਸਾਤ ਕੀਤਾ ਅਤੇ ਉਸਦੀ ਆਪਣੀ ਪਹਿਚਾਣ ਦਾ ਸਵਾਲ ਖੜ੍ਹਾ ਹੋਇਆ। ਜਗੀਰਦਾਰੀ ਦੇ ਗਰਭ ਵਿੱਚ ਪੈਦਾ ਹੋ ਰਹੀ ਪੂੰੰਜੀਵਾਦੀ ਉਤਪਾਦਨ ਪ੍ਰਣਾਲ਼ੀ ਵਿੱਚ ਹੀ ਇਸ ਨਵੀਂ ਚੇਤਨਾ ਦਾ ਅਧਾਰ ਮੌਜੂਦ ਸੀ। ਔਰਤ ਦੀ ਆਪਣੀ ਅਜ਼ਾਦ ਪਹਿਚਾਣ ਦੀ ਸੋਚ ਤਰਕਸ਼ੀਲਤਾ ਦੇ ਯੁੱਗ ਦੇ ਉਭਾਰ ਦਾ ਜ਼ਰੂਰੀ ਪ੍ਰਤੀਫਲ ਸੀ। ਪ੍ਰੋਬਧਨ ਕਾਲ਼ (Age of Enlightenment) ਦੇ ਫਿਲਾਸਫਰਾਂ ਦੇ ਵਿਚਾਰਾਂ ਵਿੱਚ ਇਸ ਚਿੰਤਨ ਦੇ ਭਰੂਣ, ਅਵੈਵੀ ਤੱਤ ਅਤੇ ਵਿਕਾਸ ਦੀ ਦਿਸ਼ਾ ਮੌਜੂਦ ਸੀ। ਫਿਰ ਵੀ ਪੂੰਜੀਵਾਦੀ ਜਮਹੂਰੀ ਇਨਕਲਾਬਾਂ ਦੇ ਯੁੱਗ ਵਿੱਚ ਇਹ ਚੇਤਨਾ ਅਜੇ ਵਿਕਾਸ ਦੇ ਉਸ ਪੜਾਅ ਵਿੱਚ ਨਹੀਂ ਪਹੁੰਚੀ ਸੀ ਕਿ ਜਮਾਤੀ ਅਧਾਰ ‘ਤੇ ਸ਼ੋਸ਼ਣ-ਦਾਬੇ ਤੋਂ ਬਿਨਾਂ ਲਿੰਗਕ ਅਧਾਰ ‘ਤੇ ਸ਼ੋਸ਼ਣ-ਦਾਬੇ ਅਤੇ ਆਪਣੀ ਪਹਿਚਾਣ ਲਈ ਘੋਲ਼ ਦੇ ਉਦੇਸ਼ ਨਾਲ਼ ਔਰਤਾਂ ਆਪਣੀ ਅਜ਼ਾਦ ਲਹਿਰ ਜਥੇਬੰਦ ਕਰਨ ਅਤੇ ਜਥੇਬੰਦੀ ਬਣਾਉਣ। ਇਹ ਜ਼ਰੂਰੀ ਸੀ ਕਿ ਪੂੰਜੀਵਾਦ ਦੇ ਆਰਥਿਕ-ਸਮਾਜਿਕ-ਸਭਿਆਚਾਰਕ ਫਲਸਫੇ ਨੇ ਇਸਦੀ ਪਿੱਠਭੂਮੀ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਸੀ। ਸਮਾਜਿਕ ਤੇ ਘਰੇਲੂ ਕੰਮਾਂ ਤੋਂ ਇਲਾਵਾ ਉਤਪਾਦਕ ਸਰਗਰਮੀਆਂ ਵਿੱਚ ਔਰਤਾਂ ਦੀ ਸ਼ਿਰਕਤ ਤੇਜ਼ੀ ਨਾਲ਼ ਵਧ ਰਹੀ ਸੀ। ਸਿੱਖਿਆ ਦਾ ਵੀ ਤੇਜ਼ੀ ਨਾਲ਼ ਉਹਨਾਂ ਵਿੱਚ ਪ੍ਰਸਾਰ ਹੋ ਰਿਹਾ ਸੀ।

ਉਨੀਵੀਂ ਸਦੀ ਦੇ ਅੱਧ ਤੱਕ ਜਗੀਰਦਾਰੀ ਦੀ ਨਿਰਣਾਇਕ ਹਾਰ ਹੋ ਚੁੱਕੀ ਸੀ ਅਤੇ ਪੂੰਜੀ ਦਾ ਗਲਬਾ ਨਿਰਣਾਇਕ ਤੌਰ ‘ਤੇ ਸਥਾਪਤ ਹੋ ਚੁੱਕਿਆ ਸੀ। ਆਜ਼ਾਦੀ-ਸਮਾਨਤਾ-ਭਾਈਚਾਰਾ ਦਾ ਨਾਹਰਾ ਦੇਣ ਵਾਲ਼ੇ ਪੂੰਜੀਵਾਦ ਦੇ ਸ਼ੁਰੂਆਤੀ ਦੌਰ ਦਾ ਇਤਿਹਾਸ ਲੁੱਟਮਾਰ, ਨੰਗੇ ਸ਼ੋਸ਼ਣ-ਦਾਬੇ, ਬੇਰਹਿਮ ਕਰੂਰਤਾ ਅਤੇ ਉਜ਼ਰਤੀ ਮਜ਼ਦੂਰਾਂ (Wages-Labours) ਦੀ ਹਰ ਤਰਾਂ ਦੀ ਤਬਾਹੀ ਦਾ ਲੜੀਬੱਧ ਲੇਖਾ ਜੋਖਾ ਹੈ। ਆਮ ਅਬਾਦੀ ਦੇ ਵੱਡੇ ਤੋਂ ਵੱਡੇ ਹਿੱਸੇ ਨੂੰ ਮੁਨਾਫਾ ਕਮਾਉਣ ਦੀ ਮਸ਼ੀਨ ਬਣਾ ਦੇਣ ਦੀ ਪ੍ਰਕਿਰਿਆ ਵਿੱਚ ਪੂੰਜੀਵਾਦ ਨੇ ਬਹੁਗਿਣਤੀ ਔਰਤ ਨੂੰ ਵੀ ਸੜਕ ‘ਤੇ ਲਿਆ ਖੜ੍ਹਾ ਕੀਤਾ ਅਤੇ ਪਹਿਲਾਂ ਤੋਂ ਹੀ ਕਾਇਮ ਉਸਦੀ ਕਮਜੋਰ ਸਮਾਜਿਕ ਸਥਿਤੀ ਦਾ ਫਾਇਦਾ ਲੈ ਕੇ ਉਸਨੂੰ ਪ੍ਰਤੱਖ-ਅਪ੍ਰਤੱਖ ਨੀਵੇਂ ਦਰਜੇ ਦੇ ਉਜ਼ਰਤੀ ਗੁਲਾਮ ਦੇ ਰੂਪ ਵਿੱਚ ਤਬਦੀਲ ਕਰ ਦਿੱਤਾ। ਔਰਤਾਂ ਨੂੰ ਪੂੰਜੀਵਾਦੀ ਢਾਂਚੇ ਵਿੱਚ ਸਭ ਤੋਂ ਵੱਧ ਨੀਰਸ ਅਤੇ ਇੱਕ ਖਾਸ ਅਰਥ ਵਿੱਚ ਸਭ ਤੋਂ ਵੱਧ ਔਖੇ ਕੰਮ ਦਿੱਤੇ ਗਏ। ਆਮ ਕਰਕੇ ਉਨ੍ਹਾਂ ਦੇ ਕੰਮ ਦੇ ਘੰਟੇ ਮਰਦ ਮਜ਼ਦੂਰਾਂ ਤੋਂ ਵੀ ਜਿਆਦਾ ਸਨ ਅਤੇ ਮਜ਼ਦੂਰੀ ਉਨ੍ਹਾਂ ਦੇ ਮੁਕਾਬਲੇ ਬਹੁਤ ਘੱਟ ਸੀ। ਪਰ ਵੱਡੇ ਪੈਮਾਨੇ ਦੇ ਪੂੰਜੀਵਾਦੀ ਉਤਪਾਦਨ ਵਿੱਚ ਸਮੂਹ ਦੇ ਰੂਪ ਵਿੱਚ ਸ਼ਮੂਲੀਅਤ ਨੇ ਔਰਤ ਦੀ ਜਮਾਤੀ ਚੇਤਨਾ ਦੇ ਨਾਲ਼ ਹੀ ਸਮੂਹਿਕ ਨਾਰੀ ਚੇਤਨਾ ਦੇ ਧਰਾਤਲ ਨੂੰ ਵੀ ਉੱਨਤ ਬਣਾਇਆ। ਪੂੰਜੀਵਾਦੀ ਵਿਵਸਥਾ ਵਿੱਚ ਮੱਧਵਰਗੀ ਔਰਤਾਂ ਦੀ ਸਥਿਤੀ ਵੀ ਇੱਕ ਆਮ ਮੱਧਵਰਗੀ ਮਰਦ ਨਾਲ਼ੋਂ ਜਿਆਦਾ ਬਦਤਰ ਸੀ ਅਤੇ ਪੂੰਜੀ ਦੇ ਬਜ਼ਾਰ ਵਿੱਚ ਉਸਨੂੰ ਕੇਵਲ ਆਪਣੀ ਬੌਧਿਕ ਯੋਗਤਾ ਹੀ ਨਹੀਂ ਸਗੋਂ ਖੁਦ ਨੂੰ ਇੱਕ ਯੌਨ-ਸਮੱਗਰੀ ਦੇ ਰੂਪ ਵਿੱਚ ਵੀ ਵੇਚਣਾ ਪੈਂਦਾ ਸੀ। ਇਸੇ ਵਰਤਾਰੇ ਨੇ ਅੱਗੇ ਹੋਰ ਜਿਆਦਾ ਵਿਰਾਟ ਸ਼ਕਲ ਅਖਤਿਆਰ ਕਰ ਲਈ ਅਤੇ ਰਿਸੈਪਸ਼ਨਿਸ਼ਟ ਤੋਂ ਲੈ ਕੇ ਮਾਡਲ-ਗਰਲ ਤੱਕ ਔਰਤ, ਪੂੰਜੀ ਅਤੇ ਬਜ਼ਾਰ ਦੇ ਤੰਤਰ ਦਾ ਇੱਕ ਅਟੱਲ ਪੁਰਜਾ ਬਣ ਗਈ। ਪੂੰਜੀਵਾਦੀ ਸਮਾਜ ਦੇ ਸਭ ਤੋਂ ਵੱਧ ਭਿਆਨਕ ਤਸੀਹਿਆਂ-ਅਲਹਿਦਗੀ (Alienation) ਦਾ ਵੀ ਸਭ ਤੋਂ ਵੱਧ ਸ਼ਿਕਾਰ ਔਰਤਾਂ ਹੀ ਬਣੀਆਂ। ਕੁੱਲ ਮਿਲਾਕੇ , ਪੂੰਜੀਵਾਦ ਨੇ ਔਰਤ ਨੂੰ ਨੀਵੇਂ ਦਰਜੇ ਦਾ ਉਜ਼ਰਤੀ ਮਜ਼ਦੂਰ ਹੀ ਨਹੀਂ, ਇੱਕ ਨਿਰਜੀਵ ਜਿਣਸ ਵਿੱਚ ਬਦਲ ਦਿੱਤਾ ਹੈ। ਮਰਦ-ਪ੍ਰਧਾਨ ਤੇ ਯੌਨ-ਸ਼ੋਸ਼ਣ ਦੇ ਜਗੀਰੂ ਰੂਪ ਦਾ ਸਥਾਨ ਪੂੰਜੀਵਾਦੀ ਰੂਪ ਨੇ ਲੈ ਲਿਆ। ਪਰ ਨਾਲ਼ ਹੀ ਔਰਤਾਂ ਵਿੱਚ ਸਮੂਹਿਕਤਾ ਅਤੇ ਜਮਹੂਰੀਅਤ ਦੀ ਜੋ ਨਵੀਂ ਚੇਤਨਾ ਪੈਦਾ ਹੋਈ, ਉਸਨੇ ਮਜ਼ਦੂਰ ਲਹਿਰ ਅਤੇ ਸਮਾਜਿਕ ਲਹਿਰਾਂ ਵਿੱਚ ਔਰਤਾਂ ਦੀ ਸ਼ਮੂਲੀਅਤ ਨੂੰ ਅਭੂਤਪੂਰਵ ਸੀਮਾਵਾਂ ਤੱਕ ਵਧਾ ਦਿੱਤਾ। ਨਾਲ਼ ਹੀ, ਸਭ ਤੋਂ ਵੱਧ ਦੱਬੀ ਕੁਚਲੀ ਹੋਣ ਦੀ ਆਪਣੀ ਸਥਿਤੀ ਵਿਰੁੱਧ ਘੋਲ਼ ਲਈ ਵੱਖਰੇ ਤੌਰ ‘ਤੇ ਜਥੇਬੰਦ ਹੋਣ ਦੀ ਚੇਤਨਾ ਵੀ ਔਰਤਾਂ ਵਿੱਚ ਪੈਦਾ ਹੋਈ। ਆਪਣੇ ਹੀ ਦੁਆਰਾ ਐਲਾਨੇ ਲੋਕਤੰਤਰ ਦੇ ਜਿੰਨ੍ਹਾਂ ਅਧਿਕਾਰਾਂ (ਜਿਵੇਂ ਵੋਟ ਦਾ ਅਧਿਕਾਰ ਆਦਿ) ਤੋਂ ਔਰਤਾਂ ਨੂੰ ਪੂੰਜੀਵਾਦੀ ਵਿਵਸਥਾ ਨੇ ਵਾਂਝੇ ਰੱਖਿਆ ਸੀ, ਉਸਦੇ ਵਿਰੁੱਧ ਔਰਤ ਲਹਿਰ ਦੇ ਸ਼ੁਰੂਆਤੀ ਸੁਰ ਤਿੱਖੇ ਹੋਣ ਲੱਗੇ ਸਨ। ਗੱਲ ਸਿਰਫ ਇੰਨੀ ਹੀ ਹੁੰਦੀ ਤਾਂ ਔਰਤ ਲਹਿਰ ਦੀ ਇੱਕ ਆਜ਼ਾਦ ਲਹਿਰ ਦਾ ਇੱਕ ਅਜ਼ਾਦ-ਆਟੋਨੋਮਸ ਢਾਂਚਾ ਨਹੀਂ ਸੀ ਬਣ ਸਕਦਾ। ਪਰ ਉਨਾਂ ਦੇ ਅਜ਼ਾਦ ਰੂਪ ਨਾਲ਼ ਜਥੇਬੰਦ ਹੋਣ ਦੀ ਲੋੜ ਨੂੰ ਆਪਣੀ ਪਹਿਚਾਣ ਜਾਂ ਅਜ਼ਾਦ ਪਹਿਚਾਣ ਦੇ ਸਵਾਲ ਨੇ ਸਭ ਤੋਂ ਤਿੱਖਾ ਅਤੇ ਜ਼ਰੂਰੀ ਬਣਾ ਦਿੱਤਾ ਸੀ।

ਇਹੀ ਉਹ ਪਿੱਠ ਭੂਮੀ ਸੀ, ਜਿਸ ‘ਤੇ ਯੂਰਪ ਅਮਰੀਕਾ ਵਿੱਚ ਅਠਾਰਵੀਂ ਸਦੀ ਦੇ ਅੰਤ ਅਤੇ ਉਨੀਵੀਂ ਸਦੇ ਵਿੱਚ ਨਾਰੀਵਾਦੀ ਅੰਦੋਲਨ ‘ਫੇਮਿਨਿਸਟ ਅੰਦੋਲਨ’ ਵਿਕਸਿਤ ਹੋਇਆ। ਵੋਟ ਦਾ ਹੱਕ ਅਤੇ ਕੰਮ ਕਰਨ ਦੀਆਂ ਅਨੁਕੂਲ ਅਤੇ ਸਮਾਨ ਹਾਲਤਾਂ ਇਸ ਦੀਆਂ ਸ਼ੁਰੂਆਤੀ ਮੰਗਾਂ ਬਣ ਗਈਆਂ ਅਤੇ ਹੌਲ਼ੀ-ਹੌਲ਼ੀ ਇਸਦਾ ਘੇਰਾ ਵਿਸ਼ਾਲ ਹੁੰਦਾ ਗਿਆ। ਸਮਾਜਿਕ ਜੀਵਨ, ਵਿਆਹ-ਤਲਾਕ ਅਦਿ ਮਾਮਲਿਆਂ ਵਿੱਚ ਮਰਦਾਂ ਨਾਲ਼ ਸਮਾਨਤਾ ਦੀ ਸਥਿਤੀ ਦੀ ਮੰਗ ਜੋਰ ਫੜਨ ਲੱਗੀ। ਯੂਰਪ ਵਿੱਚ ਉਨੀਵੀਂ ਸਦੀ ਦੇ ਇਸ ਨਾਰੀ-ਅੰਦੋਲਨ ਦੀਆਂ ਜੋ ਵੀ ਸੀਮਾਵਾਂ ਸਨ, ਉਹ ਯੁੱਗ ਵਿਸ਼ੇਸ਼ ਦੀ ਦੇਣ ਸਨ।

ਉਸ ਯੁੱਗ ਦੀ ਆਰਥਿਕ-ਸਮਾਜਿਕ ਗਤੀ ਨੇ ਹੀ, ਜ਼ਾਹਿਰਾ ਤੌਰ ‘ਤੇ ਇਸ ਨਾਰੀਵਾਦੀ ਅੰਦੋਲਨ ਨੂੰ ਜਨਮ ਦਿੱਤਾ ਸੀ ਅਤੇ ਉਸੇ ਅਨੁਸਾਰ ਹੀ ਇਸ ਦੀਆਂ ਵੱਖ-ਵੱਖ ਧਾਰਾਵਾਂ ਤੇ ਰੈਡੀਕਲ ਪੂੰਜੀਵਾਦੀ ਵਿਚਾਰਾਂ ਤੋਂ ਲੈ ਕੇ ਯੁਟੋਪੀਆਈ ਸਮਾਜਵਾਦੀ ਤੇ ਹੋਰ ਸੁਧਾਰਵਾਦੀ ਦਾਰਸ਼ਨਿਕ-ਸਮਾਜਿਕ ਵਿਚਾਰਾਂ ਦਾ ਪ੍ਰਭਾਵ ਪਿਆ ਸੀ। ਪਰ ਸਮੁੱਚਤਾ ਵਿੱਚ ਇਨ੍ਹਾਂ ਸਾਰਿਆਂ ਦਾ ਤੱਤ ਪ੍ਰਗਤੀਸ਼ੀਲ ਸੀ ਅਤੇ ਉਹ ਸਮਾਜ ਨੂੰ ਅੱਗੇ ਵੱਲ ਗਤੀ ਦੇ ਰਹੇ ਸਨ। ਨਾਲ਼ ਹੀ ਇਹ ਵੀ ਸਹੀ ਸੀ ਉਸ ਸਮੇਂ ਨਾਰੀ ਲਹਿਰ ਨਾਲ਼ ਨਾਰੀ ਸ਼ੋਸ਼ਣ ਦੇ ਇਤਿਹਾਸ, ਸਮਾਜਿਕ ਆਰਥਿਕ ਅਧਾਰ ਅਤੇ ਇਸਦੇ ਪੂਰਨ ਖਾਤਮੇ ਦੀ ਦਿਸ਼ਾ ਵਿੱਚ ਲੰਬੀ ਇਤਿਹਾਸਕ ਯਾਤਰਾ ਦੀ ਕੋਈ ਸਪੱਸ਼ਟ ਸਮਝ ਨਹੀਂ ਸੀ। ਇਹ ਇੱਕ ਨਿਰਵਿਵਾਦ ਸਚਾਈ ਹੈ ਕਿ ਇਸ ਦਿਸ਼ਾ ਵਿੱਚ ਪਹਿਲਾ ਯਤਨ ਮਾਰਕਸਵਾਦ ਦੁਆਰਾ ਹੀ ਕੀਤਾ ਗਿਆ।

ਮਾਰਕਸ ਅਤੇ ਏਂਗਲਜ਼ ਨੇ ਇਤਿਹਾਸਕ ਪਦਾਰਥਵਾਦ ਦੀ ਪੇਸ਼ਕਾਰੀ ਅਤੇ ਇਸ ਨਜ਼ਰੀਏ ਨਾਲ਼ ਮਨੁੱਖੀ ਸਮਾਜ ਦੇ ਇਤਿਹਾਸ ਦੀ ਵਿਆਖਿਆ ਕਰਦੇ ਹੋਏ ਇਸੇ ਕ੍ਰਮ ਵਿੱਚ ਔਰਤਾਂ ਦੀ ਗੁਲਾਮੀ ਅਤੇ ਸ਼ੋਸ਼ਣ ਦੇ ਇਤਿਹਾਸ ਅਤੇ ਸਰੂਪ ‘ਤੇ ਰੋਸ਼ਨੀ ਪਾਉਣ ਦਾ ਕੰਮ ਉਨੀਵੀਂ ਸਦੀ ਦੇ ਅੱਧ ਵਿੱਚ ਹੀ ਸ਼ੁਰੂ ਕਰ ਦਿੱਤਾ ਸੀ। ਮਾਰਕਸ ਅਤੇ ਏਂਗਲਜ਼ ਨੇ ਮੁੱਖ ਤੌਰ ‘ਤੇ ਜਮਾਤੀ ਘੋਲ਼ ਦੇ ਸੰਪੂਰਨ ਇਤਿਹਾਸ ਦਾ ਸਾਰ-ਸੰਕਲਨ ਕੀਤਾ, ਪੂੰਜੀਵਾਦੀ ਸਮਾਜ ਦੀ ਸਰਬੰਗੀ-ਸਮੇਂ ਅਨੁਸਾਰੀ ਅਲੋਚਨਾ-ਵਿਆਖਿਆ ਪੇਸ਼ ਕੀਤੀ ਅਤੇ ਇਸਦੇ ਭਵਿੱਖ ਦੀ ਦਿਸ਼ਾ ‘ਤੇ ਇਸਦੇ ਵਿਕਾਸ ਦੇ ਤਰਕਸ਼ੀਲ ਨਤੀਜੇ ਯਾਣੀ ਸਮਾਜਵਾਦ ਦੇ ਉਭਾਰ ਦੀ ਭਾਵੀ ਨੀਤੀ ‘ਤੇ ਚਾਨਣਾ ਪਾਇਆ। ਔਰਤਾਂ ਦੇ ਸ਼ੋਸ਼ਣ-ਦਾਬੇ ਦੇ ਇਤਿਹਾਸ ਅਤੇ ਪੂੰਜੀਵਾਦੀ ਸਮਾਜ ਵਿੱਚ ਇਸਦੇ ਸਰੂਪ ਦੀ ਚਰਚਾ ਉਨਾਂ ਨੇ ਇਸੇ ਸੰਦਰਭ ਵਿੱਚ ਤੇ ਇਸੇ ਸਿਲਸਿਲੇ ਵਿੱਚ ਜਗ੍ਹਾ-ਜਗ੍ਹਾ ‘ਤੇ ਕੀਤੀ। ਔਰਤਾਂ ਦੇ ਸਵਾਲ ‘ਤੇ ਉਹਨਾਂ ਨੇ ਅਲੱਗ ਤੋਂ ਨਾ ਤਾਂ ਕੋਈ ਪ੍ਰਬੰਧ ਪੇਸ਼ ਕੀਤਾ ਅਤੇ ਨਾ ਹੀ ਪ੍ਰੋਲੇਤਾਰੀ ਤੇ ਕਿਰਤੀ ਲੋਕਾਂ ਦੀਆਂ ਜਥੇਬੰਦੀਆਂ ਨਾਲ਼ ਔਰਤ ਜਥੇਬੰਦੀਆਂ ਦੀ ਲੋੜ ਬਾਰੇ ਹੀ ਕਿਤੇ ਲਿਖਿਆ। ਉਹਨਾਂ ਨੇ ਨਾਰੀ ਸਵਾਲ ‘ਤੇ ਵਿਆਪਕ ਚਿੰਤਨ ਦੀ ਜਗ੍ਹਾ ਮੁੱਖ ਤੌਰ ‘ਤੇ ਚਿੰਤਨ ਦੇ ਨਜ਼ਰੀਏ ਅਤੇ ਦਿਸ਼ਾ ਦਿੱਤੀ, ਜੋ ਆਪਣੇ ਆਪ ਵਿੱਚ ਬਹੁਤ ਹੀ ਤਰਕਸੰਗਤ ਹੈ। ਪਹਿਲੀ ਵਾਰ ਉਹਨਾਂ ਨੇ ਨਾਰੀ ਸ਼ੋਸ਼ਣ ਨੂੰ ਸਮੁੱਚੇ ਮਨੁੱਖੀ-ਇਤਿਹਾਸ ਅਤੇ ਜਮਾਤੀ-ਸਮਾਜ ਦੇ ਇਤਿਹਾਸ ਵਿੱਚ ਰੱਖ ਕੇ ਪੇਸ਼ ਕੀਤਾ, ਇਸਦੇ ਆਰਥਿਕ ਅਧਾਰਾਂ ਨੂੰ ਦਰਸਾਇਆ, ਪੂਰੇ ਸਮਾਜ ਦੀ ਵਿਕਾਸ ਯਾਤਰਾ ਨਾਲ਼ ਇਸਦੇ ਅੰਤਰਸਬੰਧਾਂ ਦੀ ਤਰਤੀਬਬੱਧ ਵਿਆਖਿਆ ਕੀਤੀ ਅਤੇ ਦੱਸਿਆ ਕਿ ਪੂੰਜੀਵਾਦੀ ਲੋਕਤੰਤਰ ਵਿੱਚ ਔਰਤਾਂ ਕਿਸ ਤਰਾਂ ਦੀਆਂ ਉਜ਼ਰਤੀ ਗੁਲਾਮ ਹਨ, ਕਿਸ ਤਰਾਂ ਕੇਵਲ ਪੂੰਜੀਵਾਦੀ ਯੁੱਗ ਦੇ ਖਾਤਮੇ ਬਾਰੇ ਸੋਚਿਆ ਜਾ ਸਕਦਾ ਹੈ ਅਤੇ ਕੇਵਲ ਕਮਿਉਨਿਸਟ ਸਮਾਜ ਤੱਕ ਦੀ ਲੰਬੀ ਯਾਤਰਾ ਤੈਅ ਕਰਨ ਤੋਂ ਬਾਅਦ ਹੀ ਔਰਤ-ਮਰਦ ਦੀ ਸਭ ਪੱਖੋਂ ਸਮਾਨਤਾ ਦਾ ਸਮਾਜ ਸਥਾਪਤ ਹੋ ਸਕਦਾ ਹੈ। ਪਰ ਇਹ ਸਭ ਕੁੱਝ ਮਾਰਕਸ ਨੇ ਪ੍ਰਸੰਗਵਸ਼ ਤੇ ਸਦੰਰਭਵਸ਼ ਕੀਤਾ ਹੈ। ਉਹਨਾਂ ਨੇ ਪੂਰੇ ਸਮਾਜ ਵਿੱਚ ਅਸਮਾਨਤਾ ਅਤੇ ਸ਼ੋਸ਼ਣ ਵਿਰੁੱਧ ਘੋਲ਼ ਦੇ ਦਾਰਸ਼ਨਿਕ ਅਧਾਰ ਪੇਸ਼ ਕਰਦੇ ਹੋਏ ਇਸੇ ਕ੍ਰਮ ਵਿੱਚ ਨਾਰੀ-ਮੁਕਤੀ ਲਹਿਰ ਦੇ ਸਿਧਾਂਤਕ ਫ੍ਰੇਮਵਰਕ ਦੀ ਮੋਟੇ ਤੌਰ ‘ਤੇ ਕੇਵਲ ਇੱਕ ਰੂਪ ਰੇਖਾ ਪੇਸ਼ ਕੀਤੀ। ਪਰ ਇਤਿਹਾਸ ਹਮੇਸ਼ਾਂ ਇੱਕ ਹੀ ਸਮੇਂ ਵਿੱਚ ਕਈ ਕੰਮਾਂ ਨੂੰ ਸਮੇਂ-ਸਥਾਨ (Space and Time) ਦੀ ਸੀਮਾਂ ਤੋਂ ਉੱਪਰ ਉੱਠ ਕੇ ਪੂਰਾ ਨਹੀਂ ਕਰਦਾ। ਮਾਰਕਸ ਅਤੇ ਏਂਗਲਜ਼ ਦਾ ਮੁੱਖ ਕੰਮ ਫਲਸਫੇ ਅਤੇ ਇਤਿਹਾਸ ਦੇ ਖੇਤਰ ਵਿੱਚ ਵਿਚਾਰਵਾਦੀਆਂ ਅਤੇ ਅਧਿਆਤਮਿਕਤਾਵਾਦੀਆਂ ਵਿਰੁੱਧ ਅਤੇ ਰਾਜਨੀਤਕ ਅਰਥਸ਼ਾਸਤਰ ਦੇ ਖੇਤਰ ‘ਚ ਪੂੰਜੀਵਾਦੀ ਆਰਥਿਕ ਨਿਯਮਾਂ ਵਿਰੁੱਧ ਘੋਲ਼ ਕਰਨਾ ਸੀ ਅਤੇ ਨਾਲ਼ ਹੀ ਆਪਣੇ ਯੁੱਗ ਦੀਆਂ ਸੀਮਾਵਾਂ ਵਿੱਚ ਉਹਨਾਂ ਨੇ ਪਹਿਲੀਵਾਰ ਪ੍ਰੋਲੇਤਾਰੀ ਦੇ ਘੋਲ਼ ਦੀ ਯੁੱਧਨੀਤੀ ਅਤੇ ਆਮ ਦਾਅਪੇਚ ਪੇਸ਼ ਕਰਨੇ ਸਨ ਅਤੇ ਉਹਨਾਂ ਦੀ ਪੂਰੀ ਸ਼ਕਤੀ ਇਸੇ ਮੋਰਚੇ ‘ਤੇ ਲੱਗੀ ਰਹੀ।

ਨਾਰੀਵਾਦੀ ਲਹਿਰਾਂ ਦੀ ਧਾਰਾ ਤੋਂ ਅਲੱਗ, ਮਾਰਕਸ ਅਤੇ ਏਂਗਲਜ਼ ਨੇ ਸ਼ਾਇਦ ਕਿਤੇ ਵੀ ਵੱਖਰੇ ਤੌਰ ‘ਤੇ ਔਰਤਾਂ ਦੀ ਜਥੇਬੰਦੀ ਦੀ ਲੋੜ ‘ਤੇ ਕੋਈ ਜ਼ੋਰ ਨਹੀਂ ਦਿੱਤਾ ਹੈ। ਕਾਰਨ ਸ਼ਾਇਦ ਇਹ ਹੋਵੇ ਕਿ ਪ੍ਰੋਲੇਤਾਰੀ ਦੇ ਜਥੇਬੰਦ ਹੋਣ ਦੇ ਉਸ ਦੌਰ ਵਿੱਚ ਇਸੇ ਮੋਰਚੇ ‘ਤੇ ਆਪਣੀ ਪੂਰੀ ਬੌਧਿਕ-ਪਦਾਰਥਕ ਤਾਕਤ ਲਗਾਉਂਦੇ ਹੋਏ ਮਾਰਕਸਵਾਦ ਦੇ ਮੋਢੀਆਂ ਨੇ ਇੱਧਰ ਧਿਆਨ ਨਾ ਦਿੱਤਾ ਹੋਵੇ, ਜਾਂ ਇਸਦਾ ਉਸ ਹੱਦ ਤੱਕ ਮਹੱਤਵ ਹੀ ਨਾ ਹੋਵੇ ਜਾਂ ਉਨ੍ਹਾਂ ਦੇ ਸੋਚਣ ਵਿਚਾਰਨ ਦੇ ਏਜੰਡੇ ਵਿੱਚ ਪ੍ਰਾਥਮਿਕਤਾ-ਕ੍ਰਮ ਵਿੱਚ ਇਸਦਾ ਸਥਾਨ ਬਹੁਤ ਹੇਠਾਂ ਹੋਵੇ। ਜੋ ਵੀ ਹੋਵੇ, ਇਸ ਬਾਰੇ ਅੱਜ ਪੱਕੇ ਤੌਰ ‘ਤੇ ਕੁੱਝ ਨਹੀਂ ਕਿਹਾ ਜਾ ਸਕਦਾ। ਪਰ, ਇੱਕ ਦੂਜੀ ਦਾਰਸ਼ਨਿਕ ਭੁੱਲ ਜਾਂ ਥਿੜਕਣ ਵਿੱਚ ਵੀ ਇਸਦਾ ਇੱਕ ਨਿਹਿਤ ਕਾਰਨ ਜ਼ਰੂਰ ਦਿਖਾਈ ਦਿੰਦਾ ਹੈ ਕਿ ਉਨੀਵੀਂ ਸਦੀ ਵਿੱਚ ਮਾਰਕਸਵਾਦ ਦੇ ਅਧਾਰ ‘ਤੇ ਨਾਰੀ ਮੁਕਤੀ-ਲਹਿਰ ਜਥੇਬੰਦ ਕਰਨ ਬਾਰੇ ਨਹੀਂ ਸੋਚਿਆ ਗਿਆ। ਮਾਰਕਸ-ਏਂਗਲਜ਼ ਨੇ ਆਪਣੇ ਵਿਰੋਧੀਆਂ ਨਾਲ਼ ਵਿਚਾਰਧਾਰਕ ਘੋਲ਼ ਦੌਰਾਨ ਆਰਥਿਕ ਅਧਾਰ ਭਾਵ ਉਤਪਾਦਨ ਸਬੰਧਾਂ ਦੀ ਬੁਨਿਆਦੀ ਭੂਮਿਕਾ ‘ਤੇ ਲਗਾਤਾਰ ਵਧੇਰੇ ਜੋਰ ਦਿੱਤਾ। ਫਲਸਰੂਪ ਮਾਰਕਸਵਾਦ ਦੇ ਵਿਕਾਸ ਦੀ ਪਰੰਪਰਾ ਵਿੱਚ ਉਤਪਾਦਕ ਸ਼ਕਤੀਆਂ ‘ਤੇ ਵਧੇਰੇ ਜੋਰ ਦੇਣ ਦੀ ਇੱਕ ਹੱਦ ਤੱਕ ਦੀ ਮਸ਼ੀਨੀ ਪਹੁੰਚ ਸ਼ੁਰੂ ਤੋਂ ਹੀ ਮੌਜੂਦ ਰਹੀ ਅਤੇ ਅਧਾਰ ਤੇ ਉੱਚ ਉਸਾਰ ਦੇ ਸਬੰਧਾਂ ਦੀ ਦਵੰਦਵਾਦੀ ਸਮਝ ਕਾਫੀ ਹੱਦ ਤੱਕ ਅਸਪੱਸ਼ਟ ਸੀ। ਇਹ ਇੱਕ ਅਜਿਹੀ ਭੁੱਲ ਸੀ, ਜੋ ਦਾਰਸ਼ਨਿਕ ਵਿਚਾਰਕ ਘੋਲ਼ ਵਿੱਚ ਸਹੀ ਗੱਲ ਨੂੰ ਸਥਾਪਤ ਕਰਨ ਲਈ ਉਸ ‘ਤੇ ਵਧੇਰੇ ਜ਼ੋਰ ਦੇਣ ਨਾਲ਼ ਪੈਦਾ ਹੋਈ ਸੀ ਅਤੇ ਸ਼ਾਇਦ ਇਤਿਹਾਸ ਦੇ ਉਸ ਦੌਰ ਵਿੱਚ ਉਸ ਤੋਂ ਬਚ ਸਕਣਾ ਮੁਸ਼ਕਿਲ ਸੀ। ਬਾਅਦ ਵਿੱਚ ਏਂਗਲਜ਼ ਨੇ ਇਸ ਸਥਿਤੀ ਨੂੰ ਇੱਕ ਹੱਦ ਤੱਕ ਮੰਨਿਆਂ ਵੀ ਸੀ, ਪਰ ਆਰਥਿਕ ਸਬੰਧਾਂ ‘ਤੇ ਜਿਆਦਾ ਅਤੇ ਮਸ਼ੀਨੀ ਢੰਗ ਨਾਲ਼ ਜੋਰ ਦੇਣ ਅਤੇ ਉੱਚ ਉਸਾਰ ਦੇ ਤੱਤਾਂ ਦੇ ਪ੍ਰਭਾਵ, ਉਹਨਾਂ ਦੀ ਸਾਪੇਖਿਕ ਅਜ਼ਾਦ ਗਤੀ ਅਤੇ ਕਿਸੇ-ਕਿਸੇ ਦੌਰ ਵਿੱਚ ਨਿਰਣਾਇਕ ਸਥਿਤੀ ਨੂੰ ਨਾ ਮੰਨਣ ਦੀ ਮਸ਼ੀਨੀ ਸੋਚ ਬਾਅਦ ਦੇ ਦੌਰ ਵਿੱਚ ਵੀ ਬਣੀ ਰਹੀ। ਪਹਿਲੀ ਵਾਰ ਮਾਓ-ਜ਼ੇ-ਤੁੰਗ ਨੇ ਪ੍ਰੋਲੇਤਾਰੀ ਸਭਿਆਚਾਰਕ ਇਨਕਲਾਬ ਦੌਰਾਨ ਇਸਦੀ ਸਪੱਸ਼ਟ ਸਮਝਦਾਰੀ ਪੇਸ਼ ਕੀਤੀ, ਜਿਸਦੀ ਚਰਚਾ ਅਸੀਂ ਅੱਗੇ ਕਰਾਂਗੇ।

ਮਾਰਕਸ ਅਤੇ ਏਂਗਲਜ਼ ਦੇ ਜੀਵਨ ਕਾਲ ਵਿੱਚ ਕਿਉਂਕਿ ਜਿਆਦਾ ਜ਼ੋਰ ਆਰਥਿਕ ਆਧਾਰ ‘ਤੇ ਹੀ ਦਿੱਤਾ ਗਿਆ ਸੀ, ਇਸ ਤਰਾਂ ਜਮਾਤੀ ਘੋਲ਼ ਦੇ ਵਿਚਾਰਧਾਰਾਤਮਕ-ਸੱਭਿਆਚਾਰਕ-ਵਿਭਿੰਨ ਰੂਪਾਂ ਦੀ ਪ੍ਰਵਾਨਗੀ ਦੇ ਬਾਵਜੂਦ ਜ਼ੋਰ ਕੇਵਲ ਪ੍ਰੋਲੇਤਾਰੀ ਦੀ ਅਜਿਹੀ ਜਥੇਬੰਦੀ ਬਣਾਉਣ ‘ਤੇ ਹੀ ਸੀ, ਜੋ ਆਰਥਿਕ-ਰਾਜਨੀਤਕ ਮੰਗਾਂ ਨੂੰ ਲੈ ਕੇ ਘੋਲ਼ ਕਰਨ ਅਤੇ ਉਸ ਘੋਲ਼ ਨੂੰ ਰਾਜਸੱਤ੍ਹਾ-ਉਲਟਾਉਣ ਦੇ ਰਾਜਨੀਤਕ ਘੋਲ਼ ਦਾ ਰੂਪ ਦੇਣ। ਘੋਲ਼ ਦਾ ਇਹੀ ਖੇਤਰ ਨਿਰਣਾਇਕ ਹੁੰਦਾ ਹੈ, ਪਰ ਜੀਵਨ ਦੇ ਹੋਰ ਖੇਤਰਾਂ ਵਿੱਚ ਜਿਵੇਂ ਕਿ ਜਥੇਬੰਦ ਵਿਚਾਰਕ-ਸਭਿਆਚਾਰਕ ਘੋਲ਼ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਪਰ ਉਸ ਸਮੇਂ ਮਜ਼ਦੂਰ ਲਹਿਰ ਵਿੱਚ ਇਸ ਸੰਦਰਭ ਵਿੱਚ ਭਰਮਪੂਰਨ ਧਾਰਨਾ ਕਾਫੀ ਹੱਦ ਤੱਕ ਕਾਇਮ ਸੀ। ਜੇ ਜਮਾਤੀ ਘੋਲ਼ ਦੇ ਉੱਚ ਉਸਾਰ ਦੇ ਪੱਖਾਂ ‘ਤੇ ਪੂਰਾ ਧਿਆਨ ਨਾ ਦਿੱਤਾ ਜਾਵੇ ਤਾਂ ਸਮੁਦਾਇ ਦੇ ਰੂਪ ਵਿੱਚ ਔਰਤ ਦੇ ਮੁਢਲੇ ਘੋਲ਼ ਦਾ ਮਹੱਤਵ ਪਤਾ ਨਹੀਂ ਲੱਗੇਗਾ ਅਤੇ ਇਹੀ ਲੱਗਦਾ ਰਹੇਗਾ ਕਿ ਕੇਵਲ ਪ੍ਰੋਲੇਤਾਰੀ ਦੀਆਂ ਜਥੇਬੰਦੀਆਂ ਵਿੱਚ ਆਪਣੀ ਉਜ਼ਰਤੀ ਮਜ਼ਦੂਰ ਦੀ ਸਥਿਤੀ ਵਿਰੁੱਧ ਲੜਦੀ ਹੋਈ ਅਤੇ ਜਥੇਬੰਦੀ ਦੇ ਅੰਦਰ ਮਰਦ-ਗਲਬੇ ਦੀ ਮਾਨਸਿਕਤਾ ਵਿਰੁੱਧ ਘੋਲ਼ ਕਰਦੀ ਹੋਈ ਔਰਤ ਆਪਣੇ ਉਦੇਸ਼ ਨੂੰ ਪ੍ਰਾਪਤ ਕਰਨ ਦੀ ਲੜਾਈ ਲੜ ਸਕਦੀ ਹੈ। ਉਨੀਵੀਂ ਸਦੀ ਤੋਂ ਲੈ ਕੇ ਵੀਹਵੀਂ ਸਦੀ ਦੇ ਸ਼ੁਰੂ ਤੱਕ ਮਾਰਕਸਵਾਦੀ ਘੇਰੇ ਅੰਦਰ ਇਹੋ ਸਥਿਤੀ ਸੀ। ਨਾਰੀ ਮੁਕਤੀ ਦੀ ਕਿਸਮਤ ਪੂੰਜੀ ਦੇ ਬੰਧਨ ਤੋਂ ਪ੍ਰੋਲੇਤਾਰੀ ਦੀ ਮੁਕਤੀ ਨਾਲ਼ ਅਟੁੱਟ ਰੂਪ ‘ਚ ਜੁੜੇ ਹੋਣ ਦਾ ਮਸ਼ੀਨੀ ਰੂਪ ਨਾਲ਼ ਅਰਥ ਕੱਢਿਆ ਗਿਆ ਅਤੇ ਇੱਕ ਅਰਥਵਾਦੀ ਭਟਕਾਅ ਤੋਂ ਬਚਿਆ ਨਾ ਜਾ ਸਕਿਆ। ਇਹ ਸਮਝਿਆ ਨਾ ਜਾ ਸਕਿਆ ਕਿ ਪੂਰੇ ਜਮਾਤੀ-ਸਮਾਜ ਦੇ ਇਤਿਹਾਸ ਅਤੇ ਬੁਰਜੂਆ ਸਮਾਜ ਦੇ ਨਤੀਜੇ ਦੇ ਤੌਰ ‘ਤੇ ਔਰਤ ਦੀ ਕੇਵਲ ਪਦਾਰਥਕ ਹੀ ਨਹੀਂ ਸਗੋਂ ਆਤਮਿਕ-ਮਾਨਸਿਕ ਗੁਲਾਮੀ ਦੇ ਜੋ ਵੱਖਰੇ ਰੂਪ ਪੈਦਾ ਹੋਏ ਹਨ, ਉਸਦੀ ਪਹਿਚਾਣ ਤੱਕ ਦਾ ਜੋ ਸਵਾਲ ਖੜ੍ਹਾ ਹੋਇਆ ਹੈ ਉਸਨੂੰ ਜਿਸ ਤਰਾਂ ਹਾਕਮ ਜਮਾਤ ਤੋਂ ਬਿਨਾਂ ਸਮਾਜਿਕ ਢਾਂਚੇ ਅੰਦਰ ਪੂਰੇ ਮਰਦ-ਸਮੁਦਾਇ ਦਾ ਆਪਣੀ ਹੀ ਜਮਾਤ ਦੇ ਮਰਦਾਂ ਦੇ ਪਤੀ ਅਤੇ ਪੁੱਤਰ ਤੱਕ ਦੀ ਸੱਤ੍ਹਾ ਦੇ ਸ਼ੋਸ਼ਣ, ਦਮਨ ਅਤੇ ਗਲਬੇ ਤਹਿਤ ਰਹਿਣਾ ਪੈਂਦਾ ਹੈ, ਉਸ ਪੂਰੀ ਸਥਿਤੀ ਵਿਰੁੱਧ ਕਾਰਗਰ ਘੋਲ਼ ਕੇਵਲ ਪ੍ਰੋਲੇਤਾਰੀ ਦੀ ਪਾਰਟੀ ਅਤੇ ਜਨਤਕ ਜਥੇਬੰਦੀ ਬਣਾਕੇ ਨਹੀਂ ਕੀਤਾ ਜਾ ਸਕਦਾ ਅਤੇ ਆਪਣੀ ਅਲੱਗ ਸਥਿਤੀ ਕਾਰਨ ਔਰਤ ਸਮੁਦਾਇ ਦੀਆਂ ਅਲੱਗ ਜਥੇਬੰਦੀਆਂ ਦਾ ਬਣਾਇਆ ਜਾਣਾ ਬਹੁਤ ਜ਼ਰੂਰੀ ਹੈ।

ਕਿਸਾਨਾਂ-ਮਜ਼ਦੂਰਾਂ ਦੀਆਂ ਪ੍ਰਤੱਖ ਜਮਾਤੀ ਜਥੇਬੰਦੀਆਂ ਨਾਲ਼ੋਂ ਵੱਖਰੀਆਂ ਔਰਤ ਜਥੇਬੰਦੀਆਂ ਬਣਾਉਣ ਦੀ ਸੋਚ ਪਹਿਲੀ ਵਾਰ ਲੈਨਿਨ ਦੇ ਸਮੇਂ ਵਿੱਚ ਸੰਸਾਰ ਕਮਿਉਨਿਸਟ ਲਹਿਰ ਦੇ ਅੰਦਰੋਂ ਪੈਦਾ ਹੋਈ। ਨਾਰੀ ਮੁਕਤੀ ਦੇ ਸਵਾਲ ‘ਤੇ ਲੈਨਿਨ ਦੀਆਂ ਕਈ ਮਹੱਤਵਪੂਰਨ ਸਿਧਾਂਤਕ ਦੇਣਾਂ ਸਨ। ਉਹਨਾਂ ਨੇ ਨਾਰੀ ਮੁਕਤੀ ਦੇ ਸਵਾਲ ‘ਤੇ ਮਾਰਕਸਵਾਦ ਤੋਂ ਪ੍ਰੇਰਿਤ ਨਾਰੀ ਅੰਦੋਲਨ ਵਿੱਚ ਮੌਜੂਦ ਕਈ ਅਵਿਗਿਆਨਕ ਧਾਰਨਾਵਾਂ ਅਤੇ ਪਰਾਏ ਰੁਝਾਨਾਂ ਦਾ ਵਿਰੋਧ ਕੀਤਾ। ਅਜ਼ਾਦੀ ਦਾ ਅਰਥ ਅਸਮਾਜਿਕ ਰੋਮਾਂਚ ਅਤੇ ਮਰਦ ਦੀ ਲੁੱਟ ਤੋਂ ਮੁਕਤੀ ਦਾ ਅਰਥ ਲਿੰਗਕ ਮੁਕਤੀ ਨਹੀਂ ਹੁੰਦਾ, ਇਹ ਕਮਿਉਨਿਸਟ ਨੈਤਿਕਤਾ ਅਤੇ ਵਿਗਿਆਨ ਦੇ ਵਿਰੁੱਧ ਹੈ¸ਇਸ ਨੂੰ ਲੈਨਿਨ ਨੇ ਸਪੱਸ਼ਟ ਕੀਤਾ। ਅਨੇਸਾਂ ਆਰਮਾਂ ਦੀ ਚਿੱਠੀ ਦਾ ਉੱਤਰ ਦਿੰਦੇ ਹੋਏ ਅਤੇ ਉਨ੍ਹਾਂ ਦੇ ਪੈਂਫਲੈਟ ‘ਤੇ ਆਪਣੀ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਅਤੇ ਕਲਾਰਾ ਜੇਟਕਿਨ ਨਾਲ਼ ਗੱਲਬਾਤ ਕਰਦੇ ਹੋਏ ਲੈਨਿਨ ਨੇ ਇਨਾਂ ਬੁਨਿਆਦੀ ਸਵਾਲਾਂ ਨੂੰ ਕਮਿਊਨਿਸਟ ਨਜ਼ਰੀਏ ਤੋਂ ਸਪੱਸ਼ਟ ਕੀਤਾ ਸੀ।

ਇਸ ਸਭ ਦੇ ਬਾਵਜੂਦ ਲੈਨਿਨ ਦੇ ਸਮੇਂ ਵਿੱਚ ਅਜ਼ਾਦ ਨਾਰੀ ਲਹਿਰ ਦੀ ਸੋਚ ਬਹੁਤ ਅੱਗੇ ਤੱਕ ਵਿਕਸਿਤ ਨਹੀਂ ਹੋ ਸਕੀ ਸੀ ਅਤੇ ਇਹ ਸਿਰਫ ਕਿਰਤੀ ਔਰਤਾਂ ਦੀ ਜਥੇਬੰਦੀ ਬਣਾਉਣ ਤੱਕ ਸੀਮਤ ਰਹੀ। ਨਾਰੀ ਅੰਦੋਲਨ ਅਮਲ ਵਿੱਚ ਇੱਕ ਵਿਚਾਰਕ-ਸਮਾਜਿਕ ਅੰਦੋਲਨ ਨਾ ਬਣ ਸਕਿਆ। ਕੌਮਾਂਤਰੀ ਕਿਰਤੀ ਔਰਤਾਂ ਦੇ ਸੰਘ ਦੀ ਸਥਾਪਨਾ ਹੋਈ। ਜਿਸਦੀਆਂ ਆਗੂ ਰੋਜਾਲਗਜ਼ਮਬਰਗ, ਕਲਾਰਾ ਜੈਟਕਿਨ ਅਤੇ ਅਲੈਕਜ਼ਾਂਦਰਾ ਕੋਲੋਨਤਾਈ ਆਦਿ ਸਨ। ਅਸਲ ‘ਚ ਇਹ ਕੌਮਾਂਤਰੀ ਕਮਿਉਨਿਸਟ ਲਹਿਰ ਦੀ ਸਿਰ ਫਰੰਟ ਜਥੇਬੰਦੀ ਹੀ ਸੀ। ਬੇਸ਼ੱਕ ਯੂਰਪ ਅਤੇ ਰੂਸ ਦੀਆਂ ਔਰਤਾਂ ਵਿੱਚ ਅਤੇ ਇਸ ਵਿੱਚ ਭੂਮਿਕਾ ਕਮਿਉਨਿਸਟ ਔਰਤ ਆਗੂਆਂ ਦੀ ਹੀ ਸੀ। ਬੇਸ਼ੱਕ ਯੂਰਪ ਅਤੇ ਰੂਸ ਦੀਆਂ ਔਰਤਾਂ ਵਿੱਚ ਇੱਕ ਨਵੀਂ ਚੇਤਨਾ ਲਿਆਉਣ ਵਿੱਚ, ਤਬਦੀਲੀ ਦੇ ਫੌਰੀ ਤੁਫਾਨੀ ਪ੍ਰਵਾਹ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਵਧਾਉਣ ਵਿੱਚ ਅਤੇ ਉਨ੍ਹਾਂ ਵਿੱਚ ਕਮਿਊਨਿਜ਼ਮ ਦਾ ਪ੍ਰਚਾਰ ਕਰਨ ਵਿੱਚ ਕੌਮਾਂਤਰੀ ਕਿਰਤੀ ਨਾਰੀ ਸੰਘ ਦੀ ਇੱਕ ਕਾਰਗਾਰ ਭੂਮਿਕਾ ਸੀ ਪਰ ਇਹ ਜਥੇਬੰਦੀ ਪੂਰੇ ਨਾਰੀ ਅੰਦੋਲਨ ਦਾ ਇੱਕ ਹਿਰਾਵਲ ਅਤੇ ਇੱਕ ਔਰਤ ਜਥੇਬੰਦੀ ਦਾ ਆਦਰਸ਼ ਰੂਪ ਨਹੀਂ ਹੋ ਸਕਦਾ ਸੀ। ਇਸਦਾ ਇੱਕ ਕਾਰਨ ਤਾਂ ਪਾਰਟੀ ਨਾਲ਼ ਇਸਦੇ ਅੰਤਰਸਬੰਧਾਂ ਦਾ ਖਾਸਾ ਸੀ ਅਤੇ ਦੂਜਾ ਕਾਰਨ ਇਸਦਾ ਪ੍ਰਤੱਖ ਜਾਂ ਸੌੜਾ ਜਮਾਤੀ ਖਾਸਾ ਸੀ। ਮੱਧਵਰਗੀ ਔਰਤਾਂÎ ਲਈ ਇਸ ਵਿੱਚ ਆਮ ਕਰਕੇ ਕੋਈ ਸਥਾਨ ਨਹੀਂ ਰੱਖਿਆ ਗਿਆ ਸੀ, ਜਿਵੇਂ ਕਿ ਨਾਮ ਤੋਂ ਹੀ ਸਪੱਸ਼ਟ ਸੀ। ਸਿਧਾਂਤਕ ਵਿਆਖਿਆਵਾਂ ਦੇ ਬਾਵਜੂਦ ਅਮਲੀ ਤੌਰ ‘ਤੇ ਇਹ ਗੱਲ ਅਜੇ ਸਪੱਸ਼ਟ ਨਹੀਂ ਹੋ ਸਕੀ ਕਿ ਜਮਾਤੀ ਢਾਂਚੇ ਨਾਲ਼ ਪੂਰੇ ਨਾਰੀ ਸਮੁਦਾਇ ਦਾ ਘੋਲ਼ ਵੀ ਜਥੇਬੰਦ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਪੂੰਜੀਵਾਦੀ ਢਾਂਚਾ ਔਰਤ ਦਾ ਸ਼ੋਸ਼ਣ ਜਬਰ ਜਮਾਤੀ ਅਧਾਰ ਤੋਂ ਬਿਨਾਂ ਲਿੰਗਕ ਅਧਾਰ ‘ਤੇ ਵੀ ਕਰਦਾ ਹੈ (ਭਾਵੇਂ ਦੋਵੇਂ ਅੰਤਰ ਸਬੰਧਿਤ ਹਨ ਅਤੇ ਵਿਆਪਕ ਅਰਥ ਸਦਰਭਾਂ ਵਿੱਚ ਲਿੰਗਕ-ਸ਼ੋਸ਼ਣ ਦਾ ਖਾਸਾ ਵੀ ਜਮਾਤੀ ਹੀ ਹੁੰਦਾ ਹੈ) ਅਤੇ ਇਸਦੀ ਮਾਰ ਮੱਧਵਰਗੀ ਅਤੇ ਜਿੱਥੋਂ ਤੱਕ ਕਿ ਉੱਚ ਵਰਗਾਂ ਦੀਆਂ ਔਰਤਾਂ ‘ਤੇ ਵੀ ਹੈ। ਨਾਲ਼ ਹੀ ਇਸੇ ਸਮਾਜ ਦੀਆਂ ਕਦਰਾਂ ਤੋਂ ਪ੍ਰਭਾਵਿਤ ਇੱਕ ਮਜ਼ਦੂਰ ਜਾਂ ਮੱਧਵਰਗੀ ਬੁੱਧੀਜੀਵੀ ਵੀ ਔਰਤ ਪ੍ਰਤੀ ਮਰਦ-ਪ੍ਰਧਾਨ ਨਜ਼ਰੀਆ ਰਖਦਾ ਹੈ ਅਤੇ ਕਦਰਾਂ ਦੇ ਧਰਾਤਲ ‘ਤੇ ਅਤੇ ਇੱਕ ਦਾਇਰੇ ਅੰਦਰ ਦਬਾਅ ਦੇ ਪੱਧਰ ‘ਤੇ ਵੀ ਔਰਤਾਂ ਦਾ ਘੋਲ਼ ਪੂਰੀ ਮਰਦ ਸੱਤ੍ਹਾ ਵਿਰੁੱਧ, ਆਪਣੀ ਹੀ ਜਮਾਤ ਦੇ ਮਰਦਾਂ ਵਿਰੁੱਧ ਵੀ ਬਣਦਾ ਹੈ। ਉੱਚ ਜਮਾਤੀ ਔਰਤਾਂ ਆਪਣੀ ਜਮਾਤੀ ਮਾਨਸਿਕਤਾ ਕਾਰਨ ਹੀ ਇਸ ਘੋਲ਼ ਵਿੱਚ ਸ਼ਮਿਲ ਤਾਂ ਨਹੀਂ ਹੋਣਗੀਆਂ। (ਕਿਉਂਕਿ ਆਪਣੇ ਖਾਸੇ ਵਿੱਚ ਇਹ ਘੋਲ਼ ਕੇਵਲ ਪੁਰਸ਼ ਸੱਤ੍ਹਾ ਵਿਰੋਧੀ ਨਹੀਂ ਸਗੋਂ ਪੂਰੇ ਢਾਂਚੇ ਵਿਰੋਧੀ ਹੁੰਦਾ ਹੈ,) ਪਰ ਸਿਧਾਂਤਕ ਤੌਰ ‘ਤੇ ਅਸੀਂ ਉਨ੍ਹਾਂ ਲਈ ਦਰਵਾਜਾ ਨਹੀਂ ਬੰਦ ਕਰ ਸਕਦੇ। ਲੈਨਿਨ ਅਤੇ ਸਟਾਲਿਨ ਦੇ ਸਮੇਂ ਵਿੱਚ ਮਾਰਕਸਵਾਦ ਤੋਂ ਪ੍ਰਭਾਵਿਤ ਔਰਤ ਲਹਿਰ ਦੀਆਂ ਇਹ ਬਾਹਰਮੁਖੀ ਅਤੇ ਅੰਤਰਮੁਖੀ ਸੀਮਾਵਾਂ ਬਣੀਆਂ ਰਹੀਆਂ। ਇਸਦੇ ਕਈ ਕਾਰਨਾਂ ਵਿੱਚੋਂ ਇੱਕ ਇਹ ਵੀ ਸੀ ਕਿ ਉੱਪਰ ਵਰਣਿਤ ਅਤੇ ਉੱਚ ਉਸਾਰ ਦੇ ਅੰਤਰਸਬੰਧਾਂ ਦੀ ਮਸ਼ੀਨੀ ਸਮਝ ਕਿਸੇ ਨਾ ਕਿਸੇ ਰੂਪ ਵਿੱਚ ਇਸ ਪੂਰੇ ਦੌਰ ਵਿੱਚ ਬਣੀ ਰਹੀ। ਨਾਲ਼ ਹੀ ਇੱਕ ਬਾਹਰਮੁਖੀ ਸਥਿਤੀ ਨੂੰ ਧਿਆਨ ਵਿੱਚ ਰੱਖਿਆ ਜਾਣਾ ਚਾਹੀਦਾ ਹੈ ਕਿ ਕੋਈ ਵੀ ਲਹਿਰ ਸਮਾਜ ਦੀ ਚੇਤਨਾ ਉੱਪਰ ਹੀ ਜਥੇਬੰਦ ਹੁੰਦੀ ਹੈ ਅਤੇ ਉਸ ਦੌਰ ਵਿੱਚ, ਇੰਝ ਕਹੋ ਕਿ ਦੂਸਰੀ ਸੰਸਾਰ ਜੰਗ ਤੋਂ ਪਹਿਲਾਂ ਦੇ ਯੁੱਗ ਵਿੱਚ ਨਾਰੀ ਚੇਤਨਾ ਦਾ ਧਰਾਤਲ ਇੰਨਾ ਵਿਕਸਿਤ ਨਹੀਂ ਸੀ ਅਤੇ ਉਸਦੀ ਅਜ਼ਾਦ ਹੋਂਦ ਦਾ ਸਵਾਲ ਉਸ ਰੂਪ ਵਿੱਚ ਨਹੀਂ ਖੜ੍ਹਾ ਹੋਇਆ ਸੀ, ਜਿਵੇਂ ਉਹ ਅੱਜ ਦੀ ਦੁਨੀਆਂ ਵਿੱਚ ਖੜ੍ਹਾ ਹੈ।

ਰੂਸੀ ਇਨਕਲਾਬ ਤੋਂ ਬਾਅਦ ਪਹਿਲੀਵਾਰ ਕੋਈ ਅਜਿਹੀ ਰਾਜਸੱਤ੍ਹਾ ਹੋਂਦ ਵਿੱਚ ਆਈ, ਜਿਸਨੇ ਔਰਤਾਂ ਨੂੰ ਹਰ ਤਰਾਂ ਸਮਾਨ ਅਧਿਕਾਰ ਦਿੱਤੇ। ਸਮਾਨ ਸੁਵਿਧਾਵਾਂ ਤੋਂ ਬਿਨਾਂ ਹਰ ਖੇਤਰ ਵਿੱਚ ਸਮਾਨ ਕੰਮ ਦੇ ਮੌਕੇ, ਕੰਮ ਅਨੁਸਾਰ ਪੂਰੇ ਪੈਸੇ, ਵਿਆਹ ਅਤੇ ਤਲਾਕ ਦੇ ਸੰਦਰਭ ਵਿੱਚ ਬਰਾਬਰ ਅਧਿਕਾਰ, ਵੇਸ਼ਵਾਗਮਨੀ ਜਿਹੇ ਪੇਸ਼ੇ ਲਈ ਮਜ਼ਬੂਰ ਔਰਤਾਂ ਦਾ ਸਮਾਜਿਕ ਮੁੜ-ਵਸੇਬਾਂ-ਆਦਿ ਅਨੇਕਾਂ ਕਦਮ ਚੁੱਕ ਕੇ ਰੂਸ ਦੀ ਸਮਾਜਵਾਦੀ ਸਰਕਾਰ ਨੇ ਇੱਕ ਇਤਿਹਾਸਕ ਕੰਮ ਕੀਤਾ। ਸਮਾਜਵਾਦੀ ਉਸਾਰੀ ਦੇ ਪੂਰੇ ਦੌਰ ਵਿੱਚ, ਜੀਵਨ ਦੇ ਇਸ ਘੇਰੇ ਦੀਆਂ ਪ੍ਰਾਪਤੀਆਂ ਵੀ ਅਭੂਤਪੂਰਵ ਸਨ। ਪੱਛੜੇ ਹੋਏ ਰੂਸੀ ਸਮਾਜ ਵਿੱਚ ਇਨਕਲਾਬ ਤੋਂ ਬਾਅਦ ਦੇ ਕਰੀਬ ਚਾਰ ਦਹਾਕਿਆਂ ਦੌਰਾਨ ਉਤਪਾਦਨ, ਸਮਾਜਿਕ ਸਰਗਰਮੀਆਂ, ਸਮਾਜਿਕ ਮੋਰਚੇ ਅਤੇ ਬੌਧਿਕ ਸਰਗਰਮੀਆਂ ਦੇ ਘੇਰੇ ਵਿੱਚ ਜਿੰਨੀ ਤੇਜ਼ੀ ਨਾਲ਼ ਔਰਤਾਂ ਦੀ ਸ਼ਮੂਲੀਅਤ ਵਧੀ, ਉਹ ਰਫ਼ਤਾਰ ਬੁਰਜੂਆ ਜਮਹੂਰੀ ਇਨਕਲਾਬ ਤੋਂ ਬਾਅਦ ਵਿਕਸਿਤ ਯੂਰਪ ਜਾਂ ਅਮਰੀਕਾ ਵਿੱਚ ਪੂਰੀਆਂ ਦੋ ਸਦੀਆਂ ਦੌਰਾਨ ਕਦੇ ਨਹੀਂ ਰਹੀ ਸੀ। ਕੁੱਝ ਕੁ ਦਹਾਕਿਆਂ ਵਿੱਚ ਹੀ ਸੋਵੀਅਤ ਸਮਾਜ ਵਿੱਚੋਂ ਲਿੰਗਕ-ਅਪਰਾਧਾਂ (ਬਲਾਤਕਾਰ) ਅਤੇ ਸੈਕਸ ਰੋਗਾਂ ਦਾ ਪੂਰੀ ਤਰਾਂ ਖਾਤਮਾ ਹੋ ਗਿਆ ਸੀ। ਖੇਤਾਂ, ਕਾਰਖਾਨਿਆਂ ਵਿੱਚ ਪੈਦਾਵਾਰ ਦੇ ਮੋਰਚੇ ‘ਤੇ ਹੀ ਨਹੀਂ, ਦੂਜੀ ਸੰਸਾਰਜੰਗ ਦੇ ਮੋਰਚੇ ‘ਤੇ ਵੀ ਲੱਖਾਂ ਸੋਵੀਅਤ ਵੀਰਾਂਗਣਾਂ ਨੇ ਜੋ ਹੌਸਲਾ ਦਿਖਾਇਆ, ਉਸਨੇ ਕਾਫੀ ਹੱਦ ਤੱਕ ਇਸ ਸੱਚਾਈ ਨੂੰ ਸਥਾਪਤ ਕਰ ਦਿੱਤਾ ਕਿ ਔਰਤਾਂ ਦੀ ਸੀਮਾਂ ਕੇਵਲ ਇਹੀ ਹੈ ਕਿ ਉਸਨੂੰ ਸਮਾਜ ਵਿੱਚ ਮਰਦਾਂ ਨਾਲ਼ ਬਰਾਬਰੀ ਦੀ ਸਥਿਤੀ, ਮੌਕੇ ਅਤੇ ਮਹੌਲ ਪ੍ਰਾਪਤ ਨਹੀਂ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸੋਵੀਅਤ ਯੂਨੀਅਨ ਵਿੱਚ ਔਰਤਾਂ ਦੀ ਸਮਾਜਿਕ ਸਥਿਤੀ ਅਤੇ ਚੇਤਨਾ ਨੇ ਪੂਰੀ ਦੁਨੀਆਂ ‘ਚ ਹਰ ਤਰਾਂ ਦੀਆਂ ਔਰਤ ਲਹਿਰਾਂ ਨੂੰ ਇੱਕ ਨਵੀਂ ਪ੍ਰੇਰਣਾ ਅਤੇ ਵਿਕਾਸ ਲਈ ਨਵਾਂ ਸੰਵੇਗ ਪ੍ਰਦਾਨ ਕੀਤਾ।

ਪਰ ਇਸਦਾ ਇਹ ਅਰਥ ਕਦੇ ਵੀ ਨਹੀਂ ਕਿ ਸਮਾਜਵਾਦੀ ਸਮਾਜ ਵਿੱਚ ਔਰਤਾਂ ਲਿੰਗਕ-ਸ਼ੋਸ਼ਣ-ਜ਼ਬਰ ਅਤੇ ਆਰਥਿਕ ਸ਼ੋਸ਼ਣ ਤੋਂ ਪੂਰੀ ਤਰਾਂ ਮੁਕਤ ਹੋ ਚੁੱਕੀਆਂ ਹੁੰਦੀਆਂ ਹਨ ਅਤੇ ਪੂਰਨ ਸਮਤਾ ਦੀ ਸਥਿਤੀ ਕਾਇਮ ਹੋ ਗਈ ਹੁੰਦੀ ਹੈ। ਅਜਿਹਾ ਨਾ ਤਾਂ ਕਦੇ ਹੋਇਆ ਸੀ ਨਾ ਹੀ ਅਜਿਹਾ ਹੋਣਾ ਸੰਭਵ ਹੀ ਹੈ। ਇਸ ਮੁੱਦੇ ‘ਤੇ ਸਪੱਸ਼ਟਤਾ ਲਈ ਜ਼ਰੂਰੀ ਹੈ ਕਿ ਪਹਿਲਾਂ ਸਮਾਜਵਾਦ ਦੀ ਸੰਰਚਨਾ ਨੂੰ ਹੀ ਚੰਗੀ ਤਰਾਂ ਸਮਝ ਲਿਆ ਜਾਵੇ ਅਤੇ ਕੁੱਝ ਕਾਲਪਨਿਕ ਤੇ ਭਰਮਪੂਰਨ ਧਾਰਨਾਵਾਂ ਤੋਂ ਮੁਕਤੀ ਪਾ ਲਈ ਜਾਵੇ।

ਸਮਾਜਵਾਦ ਪੂੰਜੀਵਾਦ ਅਤੇ ਜਮਾਤ ਰਹਿਤ ਸਮਾਜ ਵਿਚਲਾ ਇੱਕ ਸੰਗਰਾਂਦੀ ਦੌਰ ਹੈ। ਇਸ ਦੌਰ ਵਿੱਚ ਛੋਟੇ ਪੈਮਾਨੇ ਦਾ ਪੂੰਜੀਵਾਦੀ ਉਤਪਾਦਨ ਲੰਬੇ ਸਮੇਂ ਤੱਕ ਬਣਿਆਂ ਰਹਿੰਦਾ ਹੈ, ਮੰਡੀ ਦੇ ਨਿਯਮ ਕੰਮ ਕਰਦੇ ਰਹਿੰਦੇ ਹਨ, ਜਿਣਸ ਅਰਥਚਾਰਾ ਵੀ ਮੌਜੂਦ ਰਹਿੰਦਾ ਹੈ ਅਤੇ ਇਨਾਂ ਦੇ ਅਧਾਰ ‘ਤੇ ਪੂੰਜੀਵਾਦੀ ਕਦਰਾਂ-ਕੀਮਤਾਂ ਸੱਭਿਆਚਾਰ ਹਰ-ਰੋਜ਼ ਪੈਦਾ ਹੁੰਦਾ ਰਹਿੰਦਾ ਹੈ। ਪੂੰਜੀਵਾਦੀ ਢਾਂਚੇ ਦੇ ਨਿਘਾਰ ਤੋਂ ਬਾਅਦ ਵੀ ਪੁਰਾਣੇ ਸਮਾਜ ਦੀ ਵਿਚਾਰਕ-ਸਮਾਜਿਕ-ਸਭਿਆਚਾਰਕ ਉੱਚ ਉਸਾਰ ਲਗਾਤਾਰ ਮੌਜੂਦ ਰਹਿੰਦਾ ਹੈ ਅਤੇ ਸਮਾਜਵਾਦ ਦੇ ਵਿਰੁੱਧ ਤੇ ਉਸਨੂੰ ਖਤਮ ਕਰ ਦੇਣ ਲਈ ਲਗਾਤਾਰ ਪਦਾਰਥਕ ਸ਼ਕਤੀ ਦਾ ਕੰਮ ਕਰਦਾ ਰਹਿੰਦਾ ਹੈ। ਸਮਾਜਵਾਦ ਤਹਿਤ ਪੁਰਾਣੀਆਂ ਸੱਤ੍ਹਾ ਤੋਂ ਵਾਂਝੀਆਂ ਕੀਤੀਆਂ ਜਮਾਤਾਂ, ਨਵੇਂ ਪੈਦਾ ਹੋਣ ਵਾਲ਼ੇ ਬੁਰਜੂਆ ਤੱਤਾਂ ਅਤੇ ਬਾਹਰੀ ਸਾਮਰਾਜਵਾਦੀ ਤਾਕਤਾਂ ਵਿਰੁੱਧ ਇੱਕ ਅਰੁੱਕ, ਤਿੱਖਾ ਘੋਲ਼ ਇੱਕ ਲੰਬੇ ਸਮੇਂ ਤੱਕ ਚਲਦਾ ਰਹਿੰਦਾ ਹੈ। ਇੰਝ ਕਹੋ ਕਿ ਜਮਾਤੀ ਘੋਲ਼ ਜਾਰੀ ਰਹਿੰਦਾ ਹੈ ਅਤੇ ਲਗਾਤਾਰ ਤਿੱਖਾ ਹੁੰਦਾ ਜਾਂਦਾ ਹੈ। ਪ੍ਰੋਲੇਤਾਰੀ ਦਾ ਰਾਜ ਅਤੇ ਪ੍ਰੋਲੇਤਾਰੀ ਦੀ ਪਾਰਟੀ ਲਗਾਤਾਰ ਪੂੰਜੀਵਾਦੀ ਉਤਪਾਦਨ ਪ੍ਰਣਾਲ਼ੀ ਅਤੇ ਕਦਰਾਂ-ਕੀਮਤਾਂ-ਸੰਸਥਾਵਾਂ ਵਿਰੁੱਧ ਕਾਰਗਰ ਢੰਗ ਨਾਲ਼ ਘੋਲ਼ ਨੂੰ ਜ਼ਾਰੀ ਰੱਖਦੇ ਹੋਏ ਹੀ ਸਮਾਜਵਾਦੀ ਸਮਾਜ ਨੂੰ ਉਸ ਪੜਾਅ ਤੱਕ ਪਹੁੰਚਾ ਸਕਦੀ ਹੈ, ਜਿੱਥੇ ਚੀਜ਼ਾਂ ਦੀ ਮੰਡੀ ਕਦਰ (Market-Velue) ਪੂਰੀ ਤਰਾਂ ਖਤਮ ਹੋ ਜਾਂਦੀ ਹੈ ਅਤੇ ਕੇਵਲ ਵਰਤੋਂ ਕਦਰ (”Use Value) ਦੀ ਹੀ ਹੋਂਦ ਰਹਿ ਜਾਂਦੀ ਹੈ। ਕੇਵਲ ਇਸੇ ਪੜਾਅ ‘ਤੇ ਪਹੁੰਚਕੇ ਸਮਾਜ ਵਿੱਚ ਹਰ ਤਰਾਂ ਦੀ ਅਸਮਾਨਤਾ ਖਤਮ ਹੋ ਸਕਦੀ ਹੈ ਅਤੇ ਔਰਤਾਂ ਵੀ ਉਦੋਂ ਹੀ ਪੂਰਨ ਸਮਾਨਤਾ ਅਤੇ ਅਜ਼ਾਦੀ ਦੀ ਸਥਿਤੀ ਪ੍ਰਾਪਤ ਕਰ ਸਕਦੀਆਂ ਹਨ। ਪਰ ਇਹ ਰਾਹ ਅਨੇਕਾਂ ਉਤਾਰ-ਚੜ੍ਹਾਵਾਂ, ਜਿੱਤਾਂ ਹਾਰਾਂ ਅਤੇ ਮੋੜਾਂ -ਘੋੜਾਂ ਨਾਲ਼ ਭਰਿਆ ਹੋਇਆ ਹੁੰਦਾ ਹੈ ਅਤੇ ਬਹੁਤ ਲੰਬਾ ਹੁੰਦਾਹੈ।

ਰੂਸ ਅਤੇ ਚੀਨ ਦੇ ਸਮਾਜ ਨੇ ਸਮਾਜਵਾਦੀ ਇਨਕਲਾਬ ਅਤੇ ਉਸਾਰੀ ਦੇ ਦੌਰ ਵਿੱਚ ਵਿਕਾਸ ਦੀਆਂ ਅਭੂਤਪੂਰਵ ਲੰਬੀਆਂ ਪੁਲਾਂਘਾਂ ਭਰੀਆਂ ਅਤੇ ਸਮਾਜਿਕ ਨਿਆਂ ਤੇ ਸਮਤਾ ਦੇ ਲਾਮਿਸਾਲ ਰਿਕਾਰਡ ਬਣਾਵੇ ਪਰ ਇਹ ਪੂਰਨ ਬਰਾਬਰੀ ਨਿਆਂ ਨਾਲ਼ ਭਰਪੂਰ ਸਮਾਜ ਨਹੀਂ ਸਨ। ਸਵਿਧਾਨਕ ਪੱਧਰ ‘ਤੇ ਔਰਤ ਨੂੰ ਵੀ ਸਾਰੇ ਅਧਿਕਾਰ ਮਿਲ ਚੁੱਕੇ ਸਨ, ਪਰ ਸਮਾਜਿਕ-ਪਰਿਵਾਰਕ ਪੱਧਰ ‘ਤੇ ਇਹ ਸਥਿਤੀ ਨਹੀਂ ਸੀ। ਅਜਿਹਾ ਸਮਝਣਾ ਸਿਰਫ ਕਾਨੂੰਨੀ ਕਿਤਾਬਾਂ ਦੇ ਅਧਾਰ ‘ਤੇ ਨਤੀਜੇ ਕੱਢਣਾ (Juridical Illusions) ਹੋਵੇਗਾ। ਉਤਪਾਦਨ ਦੇ ਢਾਂਚੇ ‘ਤੇ ਪੂਰਨ ਸਮੂਹਿਕ ਮਾਲਕੀ ਤੋਂ ਬਗੈਰ ਇਹ ਸੰਭਵ ਨਹੀਂ ਸੀ ਅਤੇ ਇਸਦੇ ਲਈ ਉੱਚ ਉਸਾਰ ਦੇ ਧਰਾਤਲ ‘ਤੇ ਲਗਾਤਾਰ ਇਨਕਲਾਬਾਂ ਦੀ ਵੀ ਅਟੱਲ ਜ਼ਰੂਰਤ ਸੀ।

ਸਮਾਜਵਾਦ ਦੀਆਂ ਮਹੱਤਵਪੂਰਨ ਪ੍ਰਾਪਤੀਆਂ ਦੇ ਬਾਵਜੂਦ ਸਟਾਲਿਨ ਸਮੇਂ ਰੂਸ ਵਿੱਚ ਅਜਿਹਾ ਨਹੀਂ ਹੋ ਸਕਿਆ, ਜੋ ਬਾਅਦ ਵਿੱਚ ਸਮਾਜਵਾਦ ਦੀ ਖੜੋਤ ਅਤੇ ਅੰਤ ਨੂੰ ਹਾਰ ਦਾ ਕਾਰਨ ਬਣਿਆਂ। ਸਟਾਲਿਨ ਦੀ ਸਭ ਤੋਂ ਗੰਭੀਰ ਗਲਤੀ ਉਹਨਾਂ ਦੀ ਇੱਕ ਦਾਰਸ਼ਨਿਕ ਭੁੱਲ ਸੀ ਕਿ ਉਹ ਸਮਾਜਵਾਦੀ ਸਮਾਜ ਵਿੱਚ ਜਮਾਤੀ-ਘੋਲ਼ ਦੀ ਹੋਂਦ ਨੂੰ ਅਤੇ ਉਸਦੀ ਲਗਾਤਾਰਤਾ ਨੂੰ ਅਸਲੀ ਰੂਪ ਵਿੱਚ ਪਹਿਚਾਣ ਨਹੀਂ ਸਕੇ। ਇਹ ਕੰਮ ਸਭ ਤੋਂ ਪਹਿਲਾਂ ਮਾਓ-ਜ਼ੇ-ਤੁੰਗ ਨੇ ਕੀਤਾ। ਸੋਵੀਅਤ ਸੰਘ ਵਿੱਚ ਸਮਾਜਵਾਦ ਦੀਆਂ ਪ੍ਰਾਪਤੀਆਂ ਅਤੇ ਹਾਰ ਦੀਆਂ ਸਿੱਖਿਆਵਾਂ ਦਾ ਅਤੇ ਚੀਨ ਵਿੱਚ ਸਮਾਜਵਾਦੀ ਪ੍ਰਯੋਗਾਂ ਦਾ ਨਿਚੋੜ ਕੱਢਦੇ ਹੋਏ ਮਾਓ ਨੇ ਪਹਿਲੀਵਾਰ ਸਮਾਜਵਾਦੀ ਸਮਾਜ ਵਿੱਚ ਜਮਾਤੀ ਘੋਲ਼ ਦੇ ਨਿਯਮਾਂ ਨੂੰ ਸਪੱਸ਼ਟ ਰੂਪ ‘ਚ ਪੇਸ਼ ਕੀਤਾ ਅਤੇ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਤਹਿਤ ਜਮਾਤੀ ਘੋਲ਼ ਨੂੰ ਜਾਰੀ ਰੱਖਣ ਦਾ ਸਿਧਾਂਤ ਅਤੇ ਤਰੀਕਾ ਖੋਜਿਆ। ਪਹਿਲਾਂ ਇਹ ਵਰਨਣ ਕੀਤਾ ਜਾ ਚੁੱਕਾ ਹੈ ਕਿ ਮਾਰਕਸਵਾਦ ਦੇ ਵਿਕਾਸ ਦੀ ਪਰੰਪਰਾ ਨੇ ਉਤਪਾਦਕ ਸ਼ਕਤੀਆਂ ਦੇ ਵਿਕਾਸ ‘ਤੇ ਜਿਆਦਾ ਜੋਰ ਦੇਣ ਦੀ ਮਸ਼ੀਨੀ ਪਹੁੰਚ ਸ਼ੁਰੂ ਤੋਂ ਹੀ ਮੌਜੂਦ ਸੀ। ਅਧਾਰ ਅਤੇ ਉੱਚ ਉਸਾਰ ਦੇ ਦਵੰਦਾਤਮਕ ਸਬੰਧਾਂ ਦੀ ਸਮਝ ਕਾਫੀ ਹੱਦ ਤੱਕ ਅਸਪੱਸ਼ਟ ਸੀ। ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦੀ ਸਿਧਾਂਤਕ ਪਿੱਠਭੂਮੀ ਦੀ ਸਿਰਜਣਾ ਕਰਦੇ ਹੋਏ ਮਾਓ-ਜ਼ੇ-ਤੁੰਗ ਨੇ ਪਹਿਲੀ ਵਾਰ ਇਨਾਂ ਦਾ ਸਪੱਸ਼ਟ ਵਿਸ਼ਲੇਸ਼ਣ ਪੇਸ਼ ਕੀਤਾ ਅਤੇ ਅਧਾਰ ਦੇ ਰੁਪਾਂਤਰਣ ਨੂੰ ਜਾਰੀ ਰੱਖਣ ਲਈ ਅਤੇ ਪੂੰਜੀਵਾਦੀ ਮੁੜ ਬਹਾਲੀ ਦੇ ਸਾਰੇ ਪਦਾਰਥਕ ਅਧਾਰਾਂ ਨੂੰ ਨਸ਼ਟ ਕਰਨ ਲਈ ਉਸਾਰ ਢਾਂਚੇ ਦੇ ਲਗਾਤਾਰ ਇਨਕਲਾਬੀਕਰਨ ਜਾਂ ਉਸਾਰ ਢਾਂਚੇ ਵਿੱਚ ਲਗਾਤਾਰ ਇਨਕਲਾਬ ਦੀ ਧਾਰਨਾ ਪੇਸ਼ ਕੀਤੀ। ਪਹਿਲੀ ਵਾਰ ਇਹ ਸਪੱਸ਼ਟ ਹੋਇਆ ਕਿ ਸਮਾਜਵਾਦੀ ਸੰਗਰਾਂਦੀ ਦੌਰ ਦੌਰਾਨ ਪੂੰਜੀਵਾਦੀ ਪੈਦਾਵਾਰ ਦੇ ਛੋਟੇ ਤੋਂ ਛੋਟੇ ਰੂਪਾਂ ਦੇ ਖਾਤਮੇ ਦੀ ਪ੍ਰਕਿਰਿਆ ਲੰਬੀ ਤਾਂ ਹੈ ਹੀ, ਉਸਦੇ ਨਾਲ਼ ਹੀ ਉਸਦੀ ਪਹਿਲੀ ਪੂਰਵਸ਼ਰਤ ਹੈ ਸਮਾਨੰਤਰ ਪ੍ਰਕਿਰਿਆ ਦੇ ਰੂਪ ਵਿੱਚ ਕਲਾ-ਸਾਹਿਤ-ਸਭਿਆਚਾਰ-ਸਿੱਖਿਆ ਤੇ ਸਮਾਜਿਕ ਕਦਰਾਂ-ਕੀਮਤਾਂ ਸੰਸਥਾਵਾਂ ਦੇ ਹਰੇਕ ਦਾਇਰੇ ਵਿੱਚ ਲਗਾਤਾਰ ਇਨਕਲਾਬਾਂ ਦੀ ਪ੍ਰਕਿਰਿਆ ਨੂੰ ਜਾਰੀ ਰੱਖਣਾ, ਸਗੋਂ ਉਸਨੂੰ ਵਿਸ਼ੇਸ਼ ਮਹੱਤਵ ਦੇਣਾ। ਇਸਤੋਂ ਬਿਨਾਂ ਸਮਾਜ ਵਿੱਚ ਪਾੜਿਆਂ ਤੇ ਜ਼ਬਰ ਦੇ ਵੱਖ-ਵੱਖ ਛੋਟੇ ਤੇ ਸਥੂਲ ਰੂਪਾਂ ਨੂੰ ਕਦੇ ਵੀ ਖਤਮ ਨਹੀਂ ਕੀਤਾ ਜਾ ਸਕਦਾ। ਔਰਤ-ਮਰਦ ਅਸਮਾਨਤਾ, ਔਰਤ ਦੇ ਜ਼ਬਰ ‘ਤੇ ਅਧਾਰਿਤ ਪਰਿਵਾਰਕ ਢਾਂਚਾ ਤੇ ਵਿਆਹ ਸਬੰਧ, ਮਰਦ ਮਾਲਕੀ ਦੀ ਮਾਨਸਿਕਤਾ ਆਦਿ ਅਜਿਹੀਆਂ ਹੀ ਸਮਾਜਿਕ ਸੰਸਥਾਵਾਂ ਅਤੇ ਕਦਰਾਂ ਕੀਮਤਾਂ ਹਨ, ਜਿਨ੍ਹਾਂ ਨੂੰ ਸਮਾਜਵਾਦੀ ਸਮਾਜ ਅੰਦਰ ਲਗਾਤਾਰ ਸੱਭਿਆਚਾਰਕ ਇਨਕਲਾਬਾਂ ਵਿੱਚੋਂ ਗੁਜਰਨ ਤੋਂ ਬਾਅਦ ਹੀ, ਲਗਾਤਾਰ ਜੜੋਂ ਪੁੱਟਿਆ ਜਾ ਸਕਦਾ ਹੈ। ਇਹ ਸੱਚਾਈ ਕੇਵਲ ਸਮਾਜਵਾਦੀ ਸਮਾਜ ‘ਤੇ ਹੀ ਲਾਗੂ ਨਹੀਂ ਹੁੰਦੀ, ਸਗੋਂ ਅੱਜ ਵੀ ਨਾਰੀ ਮੁਕਤੀ ਲਹਿਰ ਦੇ ਮਾਰਕਸਵਾਦੀ ਸਮਰਥਕਾਂ ਅੰਦਰ ਮੌਜੂਦ ਅਨੇਕਾਂ ਮਸ਼ੀਨੀ ਧਾਰਨਾਵਾਂ, ਅਰਥਵਾਦੀ ਭਟਕਾਵਾਂ ਅਤੇ ਭਰਮਾਂ ਤੋਂ ਮੁਕਤੀ ਲਈ ਪ੍ਰੋਲੇਤਾਰੀ ਸਭਿਆਚਾਰਕ ਇਨਕਲਾਬ ਦੇ ਇਸ ਦਾਰਸ਼ਨਿਕ ਤੱਤ ਨੂੰ ਜਾਨਣਾ-ਸਮਝਣਾ ਜ਼ਰੂਰੀ ਹੈ। ਉੱਚ-ਉਸਾਰ ਦੇ ਤੱਤਾਂ ਦੀ ਮਹੱਤਤਾ ਖੋਜਣ ਵਾਲ਼ੇ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦੇ ਫਲਸਫੇ ਦੀ ਸਹੀ ਸਮਝਦਾਰੀ ਦੇ ਅਧਾਰ ‘ਤੇ ਇਨ੍ਹਾਂ ਗੱਲਾਂ ਨੂੰ ਸਮਝਿਆ ਜਾ ਸਕਦਾ ਹੈ ਕਿ (1) ਕੇਵਲ ਪ੍ਰਤੱਖ ਆਰਥਿਕ ਸ਼ੋਸ਼ਣ ਦੇ ਮੁੱਦੇ ‘ਤੇ ਹੀ ਘੋਲ਼ ਜ਼ਰੂਰੀ ਨਹੀਂ ਹੈ, ਉਸਦੇ ਨਾਲ਼-ਨਾਲ਼ ਸਮਾਜਿਕ-ਸਭਿਆਚਾਰਕ-ਹਰ ਪੱਧਰ ‘ਤੇ ਅਸਮਾਨਤਾ, ਦਾਬੇ ਵਿਰੁੱਧ ਘੋਲ਼ ਜ਼ਰੂਰੀ ਹੈ। (2) ਔਰਤ ਜਥੇਬੰਦੀਆਂ ਲਈ ਇਹ ਆਰਥਿਕਤਾ ਤੋਂ ਵੱਖਰੇ ਮੁੱਦੇ ਕਿਉਂ ਵਧੇਰੇ ਅਹਿਮ ਹਨ। (3) ਔਰਤ ਜਥੇਬੰਦੀ ਨੂੰ ਕਿਉਂ ਕਿਸੇ ਕਮਿਉਨਿਸਟ ਪਾਰਟੀ ਦੀ ਫਰੰਟ ਜਥੇਬੰਦੀ ਨਹੀਂ ਹੋਣਾ ਚਾਹੀਦਾ, ਚਾਹੇ ਉਹ ਪਾਰਟੀ ਦੀ ਵਿਚਾਰਧਾਰਾ ਤੇ ਪ੍ਰੋਗਰਾਮ ਨੂੰ ਪ੍ਰਵਾਨ ਕਰਦੀ ਹੋਵੇ, (4) ਆਪਣੇ ਪ੍ਰੱਤਖ ਜਮਾਤੀ ਤੱਤ ਦੇ ਬਾਵਜੂਦ ਕਿਉਂ ਔਰਤ ਜਥੇਬੰਦੀ ਦਾ ਸਰੂਪ ਪ੍ਰੱਤਖ ਜਮਾਤੀ ਜਥੇਬੰਦੀ ਦਾ ਨਹੀਂ ਹੋਣਾ ਚਾਹੀਦਾ। (5) ਔਰਤ ਜਥੇਬੰਦੀ ਦੀ ਆਪਣੀ ਪਹਿਲਕਦਮੀ, ਫੈਸਲਾ ਲੈਣ ਦੀ ਆਪਣੀ ਜ਼ਮਹੂਰੀ ਅਜ਼ਾਦੀ ਅਤੇ ਸਪੇਖਿਕ ਆਟੋਨੌਮੀ ਕਿਉਂ ਜ਼ਰੂਰੀ ਹੈ, (6) ਮਰਦਾਂ ਦੇ ਪ੍ਰਤੱਖ-ਅਪ੍ਰਤੱਖ ਚੌਧਰਪੁਣੇ ਤੋਂ ਸਮਾਜਿਕ ਸਰਗਰਮੀ ਦੇ ਹਰ ਦਾਇਰੇ ਵਿੱਚ ਔਰਤਾਂ ਲਈ ਬਚਣਾ ਕਿੱਨਾ ਔਖਾ ਪਰ ਕਿੱਨਾ ਜ਼ਰੂਰੀ ਹੈ ਅਤੇ ਇਹ ਕਿ, (7) ਔਰਤ ਅੱਜ ਜਿਹਨਾਂ ਮੁੱਦਿਆਂ ‘ਤੇ ਘੋਲ਼ ਲਈ ਤਤਪਰ ਹੈ, ਉਹਨਾਂ ਵਿੱਚ ਉਸਦੀ ਆਪਣੀ ਅਜ਼ਾਦ ਹੋਂਦ ਅਤੇ ਪਹਿਚਾਣ ਦਾ ਸਵਾਲ ਕਿੰਨਾ ਦੁਰੇਡਾ ਤੇ ਇਤਿਹਾਸਕ ਮਹੱਤਵ ਰੱਖਦਾ ਹੈ।

ਪਿਛਲੇ ਲਗਭਗ ਤਿੰਨ ਦਹਾਕਿਆਂ ਦੌਰਾਨ ਰੂਸ ਅਤੇ ਪੂਰਬੀ ਯੂਰਪ ਵਿੱਚ ਅਤੇ ਲਗਭਗ ਇੱਕ ਦਹਾਕੇ ਦੌਰਾਨ ਚੀਨ ਵਿੱਚ ਔਰਤਾਂ ਦੀ ਸਥਿਤੀ ਵਿੱਚ ਤੇਜ਼ੀ ਨਾਲ਼ ਬਦਲਾਅ ਆਏ ਹਨ। ਉਤਪਾਦਨ ਦੇ ਕਈ ਖੇਤਰਾਂ ਅਤੇ ਵੱਖ ਵੱਖ ਸਮਾਜਿਕ ਸਰਗਰਮੀਆਂ ਤੋਂ ਉਨਾਂ ਨੂੰ ਨਵੇਂ ਸਿਰੇ ਤੋਂ ਵਾਂਝਾ ਕੀਤਾ ਗਿਆ ਹੈ। ਲੋਪ ਹੋ ਚੁੱਕੇ ਲਿੰਗਕ ਅਪਰਾਧਾਂ ਅਤੇ ਸੈਕਸ ਰੋਗਾਂ ਨੇ ਦੁਆਰਾ ਪੈਦਾ ਹੋ ਕੇ ਵਾਧੇ ਦੇ ਨਵੇਂ ਰਿਕਾਰਡ ਸਥਾਪਤ ਕੀਤੇ ਹਨ। ਔਰਤਾਂ ਦੇ ਦਾਬੇ ਦੀਆਂ ਘਟਨਾਵਾਂ ਵਿੱਚ ਵਾਧੇ ਨੂੰ ਉੱਥੋਂ ਦੀਆਂ ਸਰਕਾਰਾਂ ਵੀ ਪ੍ਰਵਾਨ ਕਰ ਚੁੱਕੀਆਂ ਹਨ। ਵੇਸ਼ਵਾਗਮਨੀ ਤੇਜ਼ੀ ਨਾਲ਼ ਵਧੀ ਹੈ। ਪੱਛਮੀ ਉਪਭੋਗਤਾ ਸੱਭਿਆਚਾਰ ਦੇ ਪ੍ਰਭਾਵ ਕਾਰਨ ਲਿੰਗਕ ਰੁਮਾਂਚ ਅਤੇ ਵਿਕਾਰਾਂ ਨਾਲ਼ ਭਰੇ ਵਿਚਾਰਾਂ ਦਾ ਪ੍ਰਭਾਵ ਸਿੱਖਿਅਤ ਔਰਤਾਂ ਵਿੱਚ ਵਧਿਆ ਹੈ। ਇਹ ਸਭ ਕੀ ਹੈ? ਪੂਰੀ ਦੁਨੀਆਂ ਵਿੱਚ ਇਹ ਸਵਾਲ ਉੱਠ ਖੜ੍ਹਾ ਹੋਇਆ ਹੈ ਕਿ ਨਾਰੀ ਮੁਕਤੀ ਦੇ ਪੈਰੋਕਾਰ ਮਾਰਕਸਵਾਦੀਆਂ ਦੇ ਆਪਣੇ ਸਮਾਜਕ ਢਾਂਚੇ ਵਿੱਚ ਔਰਤ ਦੀ ਇਹ ਸਥਿਤੀ ਕਿਉਂ ਹੈ? ਕੀ ਨਾਰੀ ਮੁਕਤੀ ਦਾ ਮਾਰਕਸਵਾਦੀ ਸੰਕਲਪ ਇੱਕ ਯੁਟੋਪੀਆ ਹਨ? ਕੀ ਸਮਾਜਵਾਦ ਇਸ ਮੋਰਚੇ ‘ਤੇ ਵੀ ਅਸਫਲ ਹੋ ਗਿਆ ਹੈ?

ਹੁਣ ਅਸੀਂ ਆਪਣੇ ਮੂਲ ਵਿਸ਼ਾ-ਵਸਤੂ ‘ਤੇ ਮੁੜ ਆਉਂਦੇ ਹਾਂ। ਸਮਾਜ ਵਿਕਾਸ ਦੀ ਜਿਸ ਗਤੀ ਨੂੰ ਅਰਥਚਾਰੇ ਦੇ ਖੇਤਰ ਵਿੱਚ ਜਾਨਣਾ-ਸਮਝਣਾ ਜਿਆਦਾ ਮੁਸ਼ਕਿਲ ਲਗਦਾ ਹੈ, ਉਹ ਸਮਾਜਿਕ ਕਦਰਾਂ-ਕੀਮਤਾਂ-ਸੰਸਥਾਵਾਂ ਦੇ ਧਰਾਤਲ ‘ਤੇ ਜਦੋਂ ਸਾਹਮਣੇ ਆਉਂਦੀਆਂ ਹਨ ਤਾਂ ਸਭ ਨੂੰ ਦਿਖਾਈ ਦੇਣ ਲਗਦੀਆਂ ਹਨ।

ਪੂਰਬੀ ਯੂਰਪ ਅਤੇ ਸੋਵੀਅਤ ਯੂਨੀਅਨ ਵਿੱਚ ਕੁਰਾਹੇ ਦੀ ਇਸ ਸ਼ੁਰੂਆਤ ਤੋਂ ਬਾਅਦ ਦੇ ਤਿੰਨ ਦਹਾਕਿਆਂ ਵਿੱਚ ਅਤੇ ਚੀਨ ਵਿੱਚ ਲਗਭਗ ਇੱਕ ਦਹਾਕੇ ਦੇ ਹੀ ਸਫਰ ਵਿੱਚ ਲੋਭ-ਲਾਲਚ-ਲਲਕ, ਅੰਨ੍ਹਾ ਮੁਕਾਬਲਾ, ਅਪਰਾਧ, ਭ੍ਰਿਸ਼ਟਾਚਾਰ, ਲੁੱਟਮਾਰ ਅਤੇ ਅਸਮਾਨਤਾ ਦੀ ਨੈਤਿਕ ਪ੍ਰਵਾਨਗੀ ਨਾਲ਼ ਭਰਪੂਰ ਇੱਕ ਨੰਗਾ ਉੱਪਭੋਗਤਾ ਸੱਭਿਆਚਾਰ ਹੋਂਦ ਵਿੱਚ ਆਇਆ ਹੈ। ਜਾਹਿਰਾ ਤੌਰ ‘ਤੇ ਇਸਦੇ ਸਭ ਤੋਂ ਵੱਧ ਸ਼ਿਕਾਰ ਪ੍ਰਤੱਖ ਉਤਪਾਤਕ ਅਤੇ ਔਰਤਾਂ ਹੋਈਆਂ ਹਨ। ਮਾਰਕਸ ਨੇ ਇੱਕ ਜਗ੍ਹਾ ਲਿਖਿਆ ਹੈ ਕਿ ਕਿਸੇ ਵੀ ਸਮਾਜ ਦੀ ਦਸ਼ਾ-ਦਿਸ਼ਾ ਦੀ ਸਪੱਸ਼ਟ ਜਾਣਕਾਰੀ ਇਸ ਸੱਚਾਈ ਨੂੰ ਜਾਨਣ ਨਾਲ਼ ਹੋ ਜਾਂਦੀ ਹੈ ਕਿ ਉਸ ਸਮਾਜ ਵਿੱਚ ਔਰਤਾਂ ਦੀ ਕੀ ਸਥਿਤੀ ਹੈ। ਇਹਨਾਂ ਸਾਰੇ ਅਖੌਤੀ ਸਮਾਜਵਾਦੀ ਦੇਸ਼ਾਂ ਵਿੱਚ ਇਹਨੀਂ-ਦਿਨੀਂ ਵੇਸ਼ਵਾਗਮਨੀ ਅਤੇ ਕਾਲਗਰਲ ਦਾ ਪੇਸ਼ਾ ਨਵੇਂ ਸਿਰੇ ਤੋਂ ਬਹੁਤ ਤੇਜ਼ੀ ਨਾਲ਼ ਪਣਪਿਆ ਹੈ, ਜੋ ਸਮਾਜਵਾਦ ਦੇ ਦੌਰ ਵਿੱਚ ਸਮਾਪਤ ਹੋ ਚੁੱਕਿਆ ਸੀ। ਖਤਮ ਹੋ ਚੁੱੱਕੇ ਸੈਕਸ ਅਪਰਾਧਾਂ ਦੀ ਸੰਖਿਆ ਵਿੱਚ ਲਗਾਤਾਰ ਵਾਧਾ ਹੋਇਆ ਹੈ। ’56 ਤੋਂ ਪਹਿਲਾਂ ਦੇ ਰੂਸ ਅਤੇ ’76 ਤੋਂ ਪਹਿਲਾਂ ਦੇ ਚੀਨ ਵਿੱਚ ਜਿਨ੍ਹਾਂ ਸੈਕਸ ਰੋਗਾਂ ਦੇ ਪੂਰਨ ਖਾਤਮੇ ਨੂੰ ਪੱਛਮ ਵੀ ਪ੍ਰਵਾਨ ਕਰਦਾ ਸੀ, ਹੁਣ ਉਨਾਂ ਦੇ ਇਲਾਜ ਲਈ ਹਸਪਤਾਲ ਖੋਲ੍ਹੇ ਜਾ ਰਹੇ ਹਨ। ਚੀਨ ਵਿੱਚ ਲੜਕੀਆਂ ਦੀ ਭਰੂਣ ਹੱਤਿਆ ਅਤੇ ਦਹੇਜ ਸਰਕਾਰ ਦੀ ਚਿੰਤਾਂ ਦੇ ਵਿਸ਼ੇ ਬਣਦੇ ਜਾ ਰਹੇ ਹਨ। ਫਿਲਮਾਂ ਅਤੇ ਸਾਹਿਤ ਵਿੱਚ ਨਾਰੀ-ਦਿੱਖ ਦੀ ਸੈਕਸ ਜ਼ਬਰ ਭਰਪੂਰ ਪੇਸ਼ਕਾਰੀ ਮਾਡਲਿੰਗ ਜਿਹੇ ਪੇਸ਼ਿਆਂ ਦੇ ਜ਼ਰੀਏ ਸੈਕਸ ਸ਼ੋਸ਼ਣ, ਨੰਗੇਜਵਾਦ, ਹਰ ਤਰਾਂ ਦੀਆਂ ਨਾਰੀ-ਅਜ਼ਾਦੀ ਵਿਰੋਧੀ ਕਦਰਾਂ ਕੀਮਤਾਂ ਅਤੇ ਮਰਦ ਚੌਧਰ ਦੀ ਮਾਨਸਿਕਤਾ ਤੇਜੀ ਨਾਲ਼ ਵਧ ਫੁੱਲ ਰਹੀ ਹੈ। ਔਰਤ ਨੂੰ ਕਈ ਤਰਾਂ ਦੀਆਂ ਸਮਾਜਿਕ ਅਤੇ ਉਤਪਾਦਨ ਦੀਆਂ ਕਾਰਵਾਈਆਂ ਨਾਲ਼ੋਂ ਕੱਟ ਕੇ ‘ਨਾਰੀ ਸੁਲਭ’ ਕੰਮਾਂ ਅਤੇ ਗ੍ਰਹਿਣੀ ਦੇ ‘ਫਰਜ’ ਨਾਲ਼ ਬੰਨ੍ਹਿਆਂ ਜਾ ਰਿਹਾ ਹੈ। ਅੱਖਾਂ ਖੋਲ੍ਹਣ ਵਾਲ਼ੀ ਇੱਕੋ ਸੱਚਾਈ ਇਹ ਹੈ ਕਿ ”ਮਨੁੱਖੀ ਚਿਹਰੇ ਵਾਲ਼ੇ ਸਮਾਜਵਾਦ” ਦੀ ਗੱਲ ਕਰਨ ਵਾਲ਼ੇ ਗੁਰਬਾਚੋਵ ਦੀ ਹਕੂਮਤ ਨੇ ਦੌ ਸੌ ਤਰਾਂ ਦੇ ਕੰਮਾਂ ਵਿੱਚ ਔਰਤਾਂ ਦੀ ਸ਼ਮੂਲੀਅਤ ‘ਤੇ ਰੋਕ ਲਗਾ ਦਿੱਤੀ ਹੈ ਤਾਂ ਕਿ ਉਹ ਕੰਮ ਤੋਂ ਥੱਕੇ ਪਤੀਆਂ ਦੀ ਦੇਖਭਾਲ਼ ਅਤੇ ਸਮਾਜਵਾਦ ਦੇ ‘ਨੌਨਿਹਾਲਾਂ’ ਦੇ ਪਾਲਣ-ਪੋਸ਼ਣ ‘ਤੇ ਉਚਿਤ ਧਿਆਨ ਦੇ ਸਕਣ।

ਇਹ ਸਭ ਕੁੱਝ ਬਿਲਕੁਲ ਸੁਭਾਵਿਕ ਹੈ। ਅਰਥਚਾਰੇ ਦਾ ਵਿਕਾਸ ਪੂੰਜੀਵਾਦ ਦੀ ਦਿਸ਼ਾ ਵਿੱਚ ਹੋਵੇ ਅਤੇ ਅਸਮਾਨਤਾ ਨਾ ਪੈਦਾ ਹੋਵੇ, ਅਧਾਰ ਦਾ ਪੂੰਜੀਵਾਦੀਕਰਨ ਹੋਵੇ ਉੱਚ ਉਸਾਰ ਦਾ ਵਿਕਾਸ ਸਮਾਜਵਾਦੀ ਦਿਸ਼ਾ ਵਿੱਚ ਹੋਵੇ¸ਇਹ ਅਸੰਭਵ ਹੈ। ਜਿਵੇਂ ਕਿ ਪਹਿਲਾਂ ਵੀ ਵਰਨਣ ਕੀਤਾ ਜਾ ਚੁੱਕਾ ਹੈ, ਸਮਾਜਵਾਦ ਵੀ ਨਾਰੀ ਸਮੱਸਿਆ ਦਾ ਆਖਰੀ ਹੱਲ ਨਹੀਂ, ਸਗੋਂ ਹੱਲ ਦੀ ਸ਼ੁਰੂਆਤ ਹੈ। ਔਰਤ ਦੀ ਅਸਮਾਨਤਾ ਦੀ ਸਥਿਤੀ ਅਤੇ ਉਸਦੇ ਸ਼ੋਸ਼ਣ ਦੇ ਵੱਖ-ਵੱਖ ਰੂਪ ਸਮਾਜਵਾਦੀ ਸੰਗਰਾਂਦੀ ਦੌਰ ‘ਚ ਵੀ ਮੌਜੂਦ ਰਹਿਣਗੇ, ਪਰ ਉਹ ਕ੍ਰਮਵਾਰ ਖੋਰੇ ਅਤੇ ਲੋਪੀਕਰਨ ਦੀ ਦਿਸ਼ਾ ਵਿੱਚ ਹੋਣਗੇ ਅਤੇ ਇਹ ਪ੍ਰਕਿਰਿਆ ਆਪਣੇ ਆਪ ਨਹੀਂ ਹੋਵੇਗੀ, ਉੱਚ ਉਸਾਰ ਵਿੱਚ ਲਗਾਤਾਰ ਇਨਕਲਾਬ ਜ਼ਰੀਏ¸ਲਗਾਤਾਰ ਸੱਭਿਆਚਾਰਕ ਇਨਕਲਾਬ ਜ਼ਰੀਏ ਹੋਵੇਗੀ। ਪੂੰਜੀਵਾਦੀ ਮੁੜਬਹਾਲੀ ਦਾ ਇਹ ਤਰਕਸ਼ੀਲ ਨਤੀਜਾ ਹੈ ਕਿ ਔਰਤ ਫਿਰ ਤੋਂ ਦੋਮ ਦਰਜੇ ਦੀ ਨਾਗਰਿਕ, ਸਭ ਤੋਂ ਹੇਠਲੇ ਦਰਜੇ ਦੀ ਉਜ਼ਰਤੀ ਮਜ਼ਦੂਰ ਅਤੇ ਇੱਕ ਉਪਭੋਗਤਾ-ਸਮੱਗਰੀ ਜਾਂ ਜਿਣਸ ਵਿੱਚ ਬਦਲ ਦਿੱਤੀ ਜਾਵੇ। ਰੂਸ, ਯੂਰਪ ਅਤੇ ਚੀਨ ਵਿੱਚ ਇਹੀ ਹੋਇਆ।

ਨਾਰੀ-ਮੁਕਤੀ ਦੇ ਸਵਾਲ ‘ਤੇ ਮਾਰਕਸਵਾਦ ਦੀ ਪੋਜ਼ੀਸ਼ਨ ਨੂੰ ਸਮਝਣ ਲਈ ਅੱਜ ਦੇ ਅਖੌਤੀ ਸਮਾਜਵਾਦੀ ਸਮਾਜਾਂ ਦੀ ਇਸ ਅਸਲੀਅਤ ਨੂੰ ਚੰਗੀ ਤਰਾਂ ਸਮਝ ਲੈਣਾ ਜ਼ਰੂਰੀ ਹੈ। ਅੱਜ ਰੂਸ, ਪੂਰਬੀ ਯੂਰਪ ਅਤੇ ਚੀਨ ਦੇ ਸਮਾਜ-ਢਾਂਚੇ ਦਾ ਜੋ ਫਲਸਫਾ ਹੈ, ਉਸ ਕੋਲ਼ ਔਰਤ ਮੁਕਤੀ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਹੈ।

ਸਾਡੇ ਕਹਿਣ ਦਾ ਇਹ ਮਤਲਬ ਸ਼ਾਇਦ ਕੋਈ ਨਹੀਂ ਸਮਝੇਗਾ ਕਿ ਮਾਰਕਸਵਾਦ ਦੇ ਸੂਤਰਾਂ ਵਿੱਚ ਨਾਰੀ ਮੁਕਤੀ ਦੇ ਸਵਾਲ ਦਾ ਕੋਈ ਅਬਦਲ ਹੱਲ ਜਾਂ ਅੱਜ ਦੀ ਸਥਿਤੀ ਦਾ ਕੋਈ ਕੀਤਾ ਕਰਾਇਆ ਵਿਸ਼ਲੇਸ਼ਣ ਰੱਖਿਆ ਹੋਇਆ ਹੈ। ਇਹ ਮਾਰਕਸਵਾਦੀ ਵਿਗਿਆਨਕ ਨਜ਼ਰੀਏ ਦੀ ਇੱਕ ਮਸ਼ੀਨੀ ਸਮਝ ਹੈ। ਮਾਰਕਸਵਾਦ ਇੱਕ ਇਨਕਲਾਬੀ ਵਿਗਿਆਨ ਦੇ ਰੂਪ ਵਿੱਚ ਅੱਜ ਵੀ ਇੱਕ ਅਭੂਤਪੂਰਵ ਅਤੇ ਇਤਿਹਾਸਕ ਤੌਰ ‘ਤੇ ਗਤੀਸ਼ੀਲ ਇਨਕਲਾਬੀ ਸ਼ਕਤੀ ਹੈ। ਇਸਦੀ ਪੱਧਤੀ ਦਵੰਦਾਤਮਕ ਹੈ, ਜੋ ਸਾਰੇ ਵਰਤਾਰਿਆਂ ਨੂੰ ਉਸਦੀ ਲਗਾਤਾਰ ਗਤੀਮਾਨਤਾ ਦੀ ਸਥਿਤੀ ਵਿੱਚ ਦੇਖਦੀ ਹੈ ਅਤੇ ਉਸ ਗਤੀ ਦੇ ਅੰਤਰਨਿਹਿਤ ਅਧਾਰ ਦੇ ਤੌਰ ‘ਤੇ ਉਸ ਵਰਤਾਰੇ ਵਿੱਚ ਨਿਹਿਤ ਵਿਰੋਧੀ ਤੱਤਾਂ ਦੇ ਘੋਲ਼ ਦਾ ਅਧਿਐਨ ਕਰਦੀ ਹੈ।

ਇਹ ਗੱਲ ਅੱਜ ਵੀ ਪੂਰੀ ਤਰਾਂ ਸਹੀ ਹੈ ਅਤੇ ਇਤਿਹਾਸ ਅਤੇ ਸਮਾਜ ਦੀ ਹਰ ਸਮੱਸਿਆ ਜਾਂ ਪ੍ਰਤੀਕਿਰਿਆ ਦੀ ਤਰਾਂ ਔਰਤ ‘ਤੇ ਜ਼ਬਰ ਦਾ ਅਧਿਐਨ ਵੀ ਇਸੇ ਪੱਧਤੀ ਨਾਲ਼ ਸਭ ਤੋਂ ਵੱਧ ਤਰਕ ਸੰਗਤ ਢੰਗ ਨਾਲ਼ ਹੁਣ ਤੱਕ ਕੀਤਾ ਗਿਆ ਹੈ ਅਤੇ ਅੱਗੇ ਵੀ ਕੀਤਾ ਜਾ ਸਕਦਾ ਹੈ। ਮਾਰਕਸ ਤੋਂ ਲੈ ਕੇ ਮਾਓ ਤੱਕ ਨਾਰੀ ਸ਼ੋਸ਼ਣ ਦੇ ਸਵਾਲ ‘ਤੇ ਕੀਤੀਆਂ ਗਈਆਂ ਜਿਆਦਾਤਰ ਗੱਲਾਂ ਸਹੀ ਹਨ, ਪਰ ਉਹ ਸੰਪੂਰਣ ਨਹੀਂ ਹਨ, ਹੋ ਵੀ ਨਹੀਂ ਸਕਦੀਆਂ ਉਹ ਕੇਵਲ ਇੱਕ ਦਿਸ਼ਾ ਦਿੰਦੀਆਂ ਹਨ। ਬਾਕੀ ਕੰਮ ਉਹਨਾਂ ਨੇ ਪੂਰਾ ਕਰਨਾ ਹੋਵੇਗਾ। ਜੋ ਅੱਜ ਇਸ ਮੋਰਚੇ ‘ਤੇ ਕੰਮ ਕਰ ਰਹੇ ਹਨ। ਅਜੇ ਤੱਕ ਅਣਸੁਲਝੀਆਂ ਸਮੱਸਿਆਵਾਂ ਦਾ ਹੱਲ ਭਾਲਣ ਦੇ ਨਾਲ਼ ਹੀ ਅੱਜ ਦੇ ਯੁੱਗ ਨੇ ਜੋ ਬਿਲਕੁਲ ਨਵੀਆਂ ਸਮੱਸਿਆਵਾਂ ਪੈਦਾ ਕੀਤੀਆਂ ਹਨ, ਉਨ੍ਹਾਂ ‘ਤੇ ਵੀ ਉਹ ਹੀ ਲੋਕ ਸੋਚਣਗੇ, ਜੋ ਉਨ੍ਹਾਂ ਦੇ ਰੂ-ਬ-ਰੂ ਖੜ੍ਹੇ ਹਨ। ਸੱਠ ਦੇ ਦਹਾਕੇ ਵਿੱਚ ਜੋ ਨਾਰੀਵਾਦੀ ਅੰਦੋਲਨ ਇੱਕ ਵਿਸਫੋਟ ਦੀ ਤਰਾਂ ਪਹਿਲਾਂ ਅਮਰੀਕਾ ਅਤੇ ਫਿਰ ਪੂਰੀ ਪੱਛਮੀ ਦੁਨੀਆਂ ਵਿੱਚ ਫੁੱਟ ਪਿਆ, ਉਹ ਔਰਤਾਂ ਦੇ ਸ਼ੋਸ਼ਣ-ਜ਼ਬਰ ਦੀ ਸਥਿਤੀ ਦੇ ਵਿਰੁੱਧ ਇੱਕ ਅੰਨ੍ਹਾ-ਵਿਦਰੋਹ ਸੀ। ਉਸਦੀਆਂ ਕਈ ਸ਼ਾਖਾਵਾਂ ਅਤੇ ਉਪਸ਼ਾਖਾਵਾਂ ਅੱਗੇ ਚੱਲ ਕੇ ਵਧੀਆਂ ਫੁੱਲੀਆਂ, ਪਰ ਉਨ੍ਹਾਂ ਕੋਲ਼ ਨਾ ਤਾਂ ਨਾਰੀ ਸਮੱਸਿਆ ਦੇ ਸਾਰੇ ਪੱਖਾਂ ਦੀ ਕੋਈ ਇਤਿਹਾਸ ਸੰਗਤ ਤਰਕਭਰਭੂਰ ਵਿਆਖਿਆ ਸੀ ਅਤੇ ਨਾ ਹੀ ਦੂਰਰਸ ਸਮਾਜਿਕ ਘੋਲ਼ ਦੇ ਰੂਪ ਵਿੱਚ ਨਾਰੀ ਮੁਕਤੀ-ਘੋਲ਼ ਨੂੰ ਅੱਗੇ ਲਿਜਾਣ ਦਾ ਕੋਈ ਠੋਸ ਪ੍ਰੋਗਰਾਮ।

ਸੱਠ ਦਾ ਦਹਾਕਾ ਆਧੁਨਿਕ ਇਤਿਹਾਸ ਦੇ ਦੂਜੀ ਸੰਸਾਰ ਜੰਗ ਤੋਂ ਬਾਅਦ ਦੇ ਸਮੇਂ ਦਾ ਇੱਕ ਮਹੱਤਵਪੂਰਨ ਮੋੜ ਨੁਕਤਾ ਸੀ। ਸੰਸਾਰ ਪੂੰਜੀਵਾਦੀ ਢਾਂਚੇ ਦੇ ਚੌਧਰੀ ਪਹਿਲੀਵਾਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਸਨ। ਅਮਰੀਕਾ ਵਿੱਚ ਵੀ ਬੇਰੁਜਗਾਰੀ ਪੈਦਾ ਹੋ ਰਹੀ ਸੀ ਅਤੇ ਨੌਜਵਾਨਾਂ ‘ਚ ਬੇਚੈਨੀ ਤਿੱਖੀ ਹੋ ਰਹੀ ਸੀ। ਪੂਰੀ ਦੁਨੀਆਂ ਵਿੱਚ ਜਾਰੀ ਮੁਕਤੀ-ਯੁੱਧਾਂ ਦੀ ਲਗਾਤਾਰ ਸਫਲਤਾ ਸਾਮਰਾਜਵਾਦ ਲਈ ਇੱਕ ਗੰਭੀਰ ਸੰਕਟ ਨੂੰ ਜਨਮ ਦੇ ਰਹੀ ਸੀ। ਵਿਅਤਨਾਮ ਵਿੱਚ ਅਮਰੀਕੀ ਹਾਰ ਨਿਸ਼ਚਿਤ ਪ੍ਰਤੀਤ ਹੋਣ ਲੱਗੀ ਸੀ। ਇਸੇ ਸਮਾਜਿਕ ਉਥਲ-ਪੁਥਲ ਦੇ ਦੌਰ ਵਿੱਚ ਅਮਰੀਕਾ ਵਿੱਚ ਕਾਲ਼ੇ ਲੋਕਾਂ ਦੀ ਲਹਿਰ ਨਵੀਂ ਸ਼ਕਤੀ ਦੇ ਨਾਲ਼ ਫੁੱਟ ਪਈ ਸੀ। ਨਾਗਰਿਕ ਅਧਿਕਾਰਾਂ ਦੀ ਲਹਿਰ ਵੀ ਦੇਸ਼ ਵਿਆਪੀ ਪੱਧਰ ‘ਤੇ ਪੈਦਾ ਹੋ ਰਹੀ ਸੀ ਅਤੇ ਮੈਕਾਰਥੀਵਾਦ ਤੇ ਠੰਡੀਜੰਗ ਦੌਰਾਨ ਲੋਕਾਂ ਦਾ ਜਮ੍ਹਾ ਹੋਇਆ ਗੁੱਸਾ ਸੜਕਾਂ ‘ਤੇ ਆ ਗਿਆ ਸੀ। 1968 ਵਿੱਚ ਹਿੰਦ ਚੀਨ ਵਿੱਚ ਅਮਰੀਕੀ ਦਖਲਅੰਦਾਜ਼ੀ ਵਿਰੁੱਧ ਵਿਦਿਆਰਥੀ-ਨੌਜਵਾਨਾਂ ਅਤੇ ਫਿਰ ਵਿਆਪਕ ਅਮਰੀਕੀ ਲੋਕਾਂ ਦੀ ਲਹਿਰ ਉੱਠ ਖੜ੍ਹੀ ਹੋਈ ਸੀ ਅਤੇ ਨਾਗਰਿਕ ਅਧਿਕਾਰਾਂ ਦੀ ਲਹਿਰ ਨਾਲ਼ ਜੁੜਕੇ ਪ੍ਰਬੰਧ ਲਈ ਇੱਕ ਸੰਕਟ ਬਣ ਗਿਆ ਸੀ। ਇਸੇ ਸਮੇਂ ਫਰਾਂਸ ਵਿੱਚ ਵਿਦਿਆਰਥੀਆਂ ਦੀ ਲਹਿਰ ਇੱਕ ਪ੍ਰਚੰਡ ਜਵਾਰਭਾਟੇ ਦੀ ਤਰਾਂ ਉੱਠ ਖੜ੍ਹੀ ਹੋਈ ਸੀ ਜਿਸ ਵਿੱਚ ਬਾਅਦ ‘ਚ ਮਜ਼ਦੂਰ ਵੀ ਸ਼ਾਮਿਲ ਹੋ ਗਏ ਅਤੇ ਅੰਤ ਵਿੱਚ ਲੋਹ ਪੁਰਸ਼ ਕਹਾਉਣ ਵਾਲ਼ੇ ਦਗਾਲ਼ ਨੂੰ ਕੌਮੀ ਸਭਾ ਭੰਗ ਕਰਨ ਤੇ ਅਸਤੀਫਾ ਦੇਣ ਲਈ ਮਜ਼ਬੂਰ ਹੋਣਾ ਪਿਆ। ਭਾਵ ਇਹ ਕਿ ਪੂਰੀ ਪੱਛਮੀ ਦੁਨੀਆਂ ਇੱਕ ਸੰਕਟ ਅਤੇ ਉਥਲ-ਪੁਥਲ ਦੇ ਦੌਰ ਚੋਂ ਲੰਘ ਰਹੀ ਸੀ ਲੋਕਾਂ ਦੀ ਵਿਕਸਿਤ ਚੇਤਨਾ ਇੱਕੋ ਪਦਾਰਥਕ ਸ਼ਕਤੀ ਬਣ ਕੇ ਸੜਕਾਂ ‘ਤੇ ਆ ਚੁੱਕੀ ਸੀ। ਪੱਛਮੀ ਨਾਰੀ ਸਮੁਦਾਇ ਵੀ ਇਸ ਉਥਲ-ਪੁਥਲ ਤੋਂ ਅਣਛੋਹਿਆ ਨਹੀਂ ਸੀ, ਉਨ੍ਹਾਂ ਵਿੱਚ ਵਧ ਚੜ੍ਹ ਕੇ ਹਿੱਸਾ ਲੈ ਰਿਹਾ ਸੀ। ਸਗੋਂ ਅਸਲ ਵਿੱਚ ਪੱਛਮੀ ਦੁਨੀਆਂ ਵਿੱਚ ਲੋਕ ਲਹਿਰਾਂ ਵਿੱਚ ਪਹਿਲੀ ਵਾਰ ਇੰਨੀ ਵੱਡੇ ਪੱਧਰ ‘ਤੇ ਔਰਤਾਂ ਹਿੱਸਾ ਲੈ ਰਹੀਆਂ ਸਨ। ਉਤਪਾਦਨ ਤੋਂ ਬਿਨਾਂ ਸਮਾਜਿਕ ਸਰਗਰਮੀ ਦੇ ਦਾਇਰੇ ਵਿੱਚ ਵਧਦੀ ਹੋਈ ਇਸ ਸ਼ਿਰਕਤ ਨੇ ਪੱਛਮ ਦੀਆਂ ਔਰਤਾਂ ਵਿੱਚ ਵਿਸ਼ੇਸ਼ ਕਰਕੇ ਉਨਾਂ ਦੇ ਨੌਜਵਾਨ ਹਿੱਸੇ ਦੀ ਚੇਤਨਾ ਦਾ ਧਰਾਤਲ ਨਵੀਆਂ ਉਚਾਈਆਂ ਤੱਕ ਵਿਕਸਿਤ ਕੀਤਾ ਆਪਣੀ ਦੋਮ ਦਰਜੇ ਦੀ ਨਾਗਰਿਕਤਾ ਅਤੇ ਆਪਣੇ ਨਾਲ਼ ਵਰਤੀ ਜਾਣ ਵਾਲ਼ੀ ਅਸਮਾਨਤਾ ਦੇ ਵੱਖ-ਵੱਖ ਰੂਪਾਂ ਵਿਰੁੱਧ ਔਰਤਾਂ ਦਾ ਪ੍ਰਬਲ ਆਪ-ਮੁਹਾਰਾ ਵਿਦਰੋਹ ਉੱਠ ਖੜ੍ਹਾ ਹੋਇਆ ਅਜਿਹਾ ਉੱਦੋਂ ਹੁੰਦਾ ਹੈ ਕਿ ਜਦੋਂ ਪੂਰੇ ਸਮਾਜ ਦਾ ਸੰਕਟ ਕਿਸੇ ਇੱਕ ਜਾ ਕੁੱਲ ਮੋਰਚਿਆਂ ‘ਤੇ ਫੁਟਦਾ ਹੈ, ਤਾਂ ਵਿਕਸਿਤ ਸਮਾਜਿਕ ਚੇਤਨਾ ਦੇ ਨਾਤੇ ਤਾਂ ਹੋਰ ਮੋਰਚਿਆਂ ਤੇ ਵੀ ਦੱਬੇ ਕੁਚਲੇ ਸਮਾਜਿਕ ਵਰਗ ਅਤੇ ਸਮੁਦਾਇ ਆਪਣੀ ਲੜਾਈ ਛੇੜ ਦਿੰਦੇ ਹਨ।

ਸੱਠ ਦੇ ਦਹਾਕੇ ਦੀ ਪੱਛਮੀ ਨਾਰੀਵਾਦੀ ਲਹਿਰ ਨਾਰੀ ਸ਼ੋਸ਼ਣ ਦੇ ਵਿਰੁੱਧ ਅਤੇ ਸੈਕਸ-ਜਬਰ ਦੇ ਹਰ ਰੂਪ ਦੇ ਵਿਰੁੱਧ ਇੱਕ ਬਗਾਵਤੀ ਉਭਾਰ ਸੀ। ਇਸ ਲਹਿਰ ਦਾ ਕੋਈ ਯੋਜਨਾਬੱਧ ਵਿਚਾਰਕ ਪਿੱਠਭੂਮੀ , ਚੰਗੀ ਤਰਾਂ ਸੋਚੀ ਵਿਚਾਰੀ ਦਿਸ਼ਾ ਅਤੇ ਸੁਨਿਸ਼ਚਿਤ ਪ੍ਰੋਗਰਾਮ ਨਹੀਂ ਸੀ। ਇਹ ਇੱਕ ਬਗਾਵਤ ਸੀ ਜੋ ਪੱਛਮੀ ਉਪਭੋਗਤਾ ਸਭਿਆਚਾਰ ਦੇ ਪ੍ਰਤੀਕਿਰਿਆ ਵਜੋਂ ਪੈਦਾ ਹੋਈ ਸੀ। ਪਰ ਵਿਡੰਬਨਾ ਇਹ ਸੀ ਕਿ ਖੁਦ ਇਸਦਾ ਫਿਲਾਸਫੀਕਲ ਤੱਤ ਵੀ ਉਹੀ ਸੀ ਅਤੇ ਵਿਗੜਿਆ ਸਰਕਾਰੀ ਬੁਰਜੂਆ ਸੱਭਿਆਚਾਰ ਦੇ ਨੈਤਿਕ-ਸਮਾਜਿਕ ਕਦਰਾਂ ਹੀ ਤੱਤ ਰੂਪ ‘ਚ ਅਤੇ ਮੁੱਖ ਰੂਪ ‘ਚ ਇਸਦੀਆਂ ਵੀ ਕਦਰਾਂ ਸਨ। ਇਸ ਅੰਨ੍ਹੇ ਵਿਦਰੋਹ ਨੇ ਸੈਕਸ ਸ਼ੋਸ਼ਣ ਅਤੇ ਸੈਕਸ ਜ਼ਬਰ ‘ਤੇ ਖੜ੍ਹੀਆਂ ਸਮਾਜਿਕ ਸੰਸਥਾਵਾਂ ਦੀ ਥਾਂ ਕਦਰਾਂ-ਸੰਸਥਾਵਾਂ ਦਾ ਕੋਈ ਸਮੁੱਚਾ ਬਦਲਵਾਂ ਪ੍ਰਬੰਧ ਨਹੀਂ ਪੇਸ਼ ਕੀਤਾ ਅਤੇ ਅਰਾਜਕਤਾਵਾਦੀ ਢੰਗ ਨਾਲ਼ ਸਮਾਜਿਕ ਪਰਿਵਾਰਕ ਸੰਸਥਾਵਾਂ ਦੀ ਹੋਂਦ ਨੂੰ ਕਾਫੀ ਹੱਦ ਤੱਕ ਚੁਣੌਤੀ ਦੇ ਦਿੱਤੀ। ਵਿਆਹ, ਪਰਿਵਾਰ, ਇਕਹਿਰੇ ਸੈਕਸ ਸਬੰਧ ਪੂਰੀ ਤਰਾਂ ਨਕਾਰਨ ਦੀ ਹੀ ਚੇਸ਼ਠਾ ਕੀਤੀ ਗਈ। ਲਗਭਗ ਪੂਰੀ ਲੜਾਈ ਨੂੰ ਮਰਦ ਸੱਤ੍ਹਾ ਦੇ ਵਿਰੁੱਧ ਕੇਂਦਰਿਤ ਕੀਤਾ ਗਿਆ ਅਤੇ ਇਸ ਸੱਤ੍ਹਾ ਦੇ ਇਤਿਹਾਸਕ-ਸਮਾਜਿਕ-ਆਰਥਿਕ ਅਧਾਰਾਂ ਨੂੰ ਜਾਨਣ ਸਮਝਣ ਦੀ ਕੋਈ ਵਿਸ਼ੇਸ਼ ਕੋਸ਼ਿਸ਼ ਨਹੀਂ ਕੀਤੀ ਗਈ। ਇਸ ਤਰਾਂ ਕਾਫੀ ਹੱਦ ਤੱਕ ਪੂਰੀ ਲੜਾਈ ਔਰਤ ਬਨਾਮ ਮਰਦ ਦੀ ਹੋ ਕੇ ਰਹਿ ਗਈ। ਜਾਹਿਰਾ ਤੌਰ ‘ਤੇ ਅਜਿਹੀ ਕੋਈ ਲਹਿਰ ਸਮਾਜ ‘ਚ ਲੰਬੇ ਸਮੇਂ ਤੱਕ ਟਿਕੀ ਨਹੀਂ ਰਹਿ ਸਕਦੀ ਅਤੇ ਇਹੋ ਹੋਇਆ। ਪੱਛਮੀ ਨਾਰੀਵਾਦੀ ਲਹਿਰ ਦਾ ਸਮਾਜਿਕ ਵਿਦਰੋਹੀ ਤੱਤ ਹੌਲ਼ੀ-ਹੌਲ਼ੀ ਖੁਰਦਾ ਗਿਆ ਅਤੇ ਇਹ ਬਹੁਤ ਥੋੜ੍ਹੇ ਹਿੱਸੇ ਤੱਕ ਹੀ ਸੁੰਗੜਕੇ ਰਹਿ ਗਈ। ਇਹ ਆਪ ਹੀ ਬੁਰਜੂਆ ਰੁਮਾਂਚਵਾਦ ਦਾ ਇੱਕ ਪ੍ਰਗਟਾਵਾ ਬਣਕੇ ਰਹਿ ਗਈ। ‘ਬ੍ਰਾ-ਬਰਨਰਜ਼’ ਸੋਸਾਇਟੀ ਬਣਾਉਣ ਵਾਲ਼ੀਆਂ ਅਤੇ ‘ਨੋ ਯੂਅਰ ਬਾਡੀ, ਨੋ ਯੂਅਰ ਸੈਲਫ’ ਜਿਹੀਆਂ ਕਿਤਾਬਾਂ ਕੱਢਣ ਵਾਲ਼ੀਆਂ ਔਰਤਾਂ ਅਤੇ ਸੰਸਥਾਵਾਂ ਜਿਵੇਂ ਲਿੰਗ ਭੇਦ ਵਿੱਚ ਹੀ ਸਾਰੀਆਂ ਅਸਮਾਨਤਾਵਾਂ ਦਾ ਕਾਰਨ ਭਾਲ਼ਦੀਆਂ ਅਤੇ ਇਸ ਤਰਾਂ ਪੂਰੀ ਸੱਚਾਈ ਨੂੰ ਹੀ ਸਿਰ ਪਰਨੇ ਖੜ੍ਹਾ ਕਰ ਦਿੰਦੀਆਂ ਸਨ। ਪੱਛਮ ਦੀਆਂ ਜਿਨ੍ਹਾਂ ਨਾਰੀਵਾਦੀ ਵਿਚਾਰਕਾਂ ਨੇ ਸੱਠ ਅਤੇ ਸੱਤਰ ਦੇ ਦਹਾਕੇ ਵਿੱਚ ਕਈ ਕਿਤਾਬਾਂ ਲਿਖੀਆਂ, ਉਨਾਂ ਵਿੱਚੋਂ ਕਿਸੇ ਨੇ ਵਿਸ਼ਲੇਸ਼ਣ ਦਾ ਕੋਈ ਅਜਿਹਾ ਸਮੁੱਚਾ, ਇਤਿਹਾਸ ਸੰਗਤ ਨਮੂਨਾ ਨਹੀਂ ਪੇਸ਼ ਕੀਤਾ ਜੋ ਇਹ ਦਸਦਾ ਹੋਵੇ ਕਿ ਮਨੁੱਖੀ ਸਮਾਜ ਵਿੱਚ ਜੇਕਰ ਸਬੱਬੀ ਨਹੀਂ ਤਾਂ ਕਿਸ ਅੰਦਰੂਨੀ ਗਤੀ ਅਤੇ ਵਿਕਾਸ ਦੀ ਦਿਸ਼ਾ ਕਾਰਨ ਨਾਰੀ ਸ਼ੋਸ਼ਣ-ਜ਼ਬਰ ਦੀ ਸ਼ਿਕਾਰ ਹੋਈ ਅਤੇ ਸੈਕਸ ਸ਼ੋਸ਼ਣ ਤੇ ਸਮਾਜਿਕ ਜ਼ਬਰ ਦਾ ਸਮਾਜਿਕ ਢਾਂਚੇ ਵਿੱਚ ਨਿਹਿਤ ਭੌਤਿਕ ਅਧਾਰ ਕੀ ਹੈ?

ਪਰ ਇਹ ਜ਼ਰੂਰੀ ਹੈ ਕਿ ਔਰਤ ਦੀ ਆਪਣੀ ਅਜ਼ਾਦ ਹੋਂਦ ਦੇ ਸਵਾਲ ਨੂੰ, ਸਮਾਜ ਵਿੱਚ ਉਸਦੀ ਆਪਣੀ ਪਹਿਚਾਣ ਦੇ ਸਵਾਲ ਨੂੰ ਪੱਛਮੀ ਨਾਰੀਵਾਦੀ ਲਹਿਰ ਨੇ ਪੂਰੀ ਚਿੰਤਾ ਅਤੇ ਗੰਭੀਰਤਾ ਨਾਲ਼ ਉਠਾਇਆ ਅਤੇ ਇਤਿਹਾਸ ਦੇ ਏਜੰਡੇ ‘ਤੇ ਇਸਨੂੰ ਅਹਿਮ ਸਥਾਨ ਦਵਾਇਆ। ਭਾਵੇਂ ਉਸਨੇ ਆਪ ਇਸਦਾ ਕਾਲਪਨਿਕ ਤੇ ਅਰਾਜਕਤਾਵਾਦੀ ਹੱਲ ਪੇਸ਼ ਕੀਤਾ ਹੋਵੇ। ਇਹੀ ਨਹੀਂ, ਗਰਭਪਾਤ, ਤਲਾਕ ਆਦਿ ਮਾਮਲਿਆਂ ਨੂੰ ਲੈ ਕੇ ਅਤੇ ਕਾਨੂੰਨੀ ਅਸਮਾਨਤਾ ਦੀ ਰਹਿੰਦ-ਖੂੰਹਦ ਦੇ ਖਾਤਮੇ ਨੂੰ ਲੈ ਕੇ ਨਾਰੀਵਾਦੀ ਜਥੇਬੰਦੀਆਂ ਨੇ ਜੋ ਮੰਗਾਂ ਉਠਾਈਆਂ ਅਤੇ ਲਹਿਰਾਂ ਚਲਾਈਆਂ, ਉਹ ਵੀ ਬਹੁਤ ਮਹੱਤਵਪੂਰਨ ਸਨ। ਨਾਰੀਵਾਦੀ ਲਹਿਰ ਦੇ ਫਲਸਫੇ ਅਤੇ ਇਤਿਹਾਸ-ਨਜ਼ਰੀਏ ਦੀ ਅਵਿਗਿਆਨਕਤਾ ਦੇ ਬਾਵਜੂਦ ਇਸਨੇ ਜੋ ਮੰਗਾਂ ਅਤੇ ਸਮੱਸਿਆਵਾਂ ਚੁੱਕੀਆਂ, ਉਹਨਾਂ ਵਿੱਚੋਂ ਜਿਆਦਾਤਰ ਨੂੰ ਇੱਕ ਸਹੀ ਸਿਧਾਂਤਕ ਫ੍ਰੇਮਵਰਕ ਵਿੱਚ ਰੱਖਕੇ ਇੱਕ ਸਹੀ ਨਾਰੀ-ਮੁਕਤੀ-ਲਹਿਰ ਦੇ ਪ੍ਰੋਗਰਾਮ ਦਾ ਹਿੱਸਾ ਬਣਾਇਆ ਜਾ ਸਕਦਾ ਹੈ।

ਇਸ ਲੇਖ ਵਿੱਚ ਸਾਡਾ ਉਦੇਸ਼ ਭਾਰਤ ਦੀ ਨਾਰੀ-ਲਹਿਰ ਲਈ ਇੱਕ ਸਿਧਾਂਤਕ ਫ੍ਰੇਮਵਰਕ ਪੇਸ਼ ਕਰਨਾ ਨਹੀਂ ਹੈ। ਅਸੀਂ ਇਸ ਫ੍ਰੇਮਵਰਕ ਦੀ ਨਿਰਮਾਣ-ਪ੍ਰਕਿਰਿਆ ਅਤੇ ਇਸਦੇ ਵੱਖ-ਵੱਖ ਦਾਰਸ਼ਨਿਕ-ਵਿਚਾਰਕ-ਰਾਜਨੀਤਕ ਅੰਗਾਂ ਅਤੇ ਇਸ ਵਿਸ਼ਾ ਵਸਤੂ ਦੇ ਵੱਖ-ਵੱਖ ਪੱਖਾਂ ਦੀ ਸਿਰਫ ਚਰਚਾ ਕੀਤੀ ਹੈ। ਇਹਨਾਂ ‘ਤੇ ਅਸਲ ਵਿੱਚ ਇੱਕ ਲੰਬੀ ਬਹਿਸ ਦੀ ਦਰਕਾਰ ਹੈ। ਨਿਸ਼ਚਿਤ ਤੌਰ ‘ਤੇ ਇਸ ਲੇਖ ਵਿੱਚ ਇਨਾਂ ਸਾਰੇ ਮੁੱਦਿਆਂ ‘ਤੇ ਆਪਣੀ ਰਾਏ ਵੀ ਰੱਖ ਦਿੱਤੀ ਹੈ, ਪਰ ਸਾਡਾ ਮੁੱਖ ਮੰਤਵ ਕੇਵਲ ਮੁੱਦਿਆਂ ਨੂੰ ਪੇਸ਼ ਕਰਨਾ ਰਿਹਾ ਹੈ, ਇਸ ਲਈ ਅਸੀਂ ਆਪਣੇ ਵਿਚਾਰਾਂ ਦੇ ਪੱਖ ਵਿੱਚ ਤਰਕ ਅਤੇ ਤੱਥ ਬਹੁਤ ਘੱਟ ਪੇਸ਼ ਕੀਤੇ ਹਨ।

ਇਸ ਪੂਰੀ ਬਹਿਸ ਦਾ ਸਮ-ਅਪ ਕਰਨ ਤੋਂ ਪਹਿਲਾਂ ਅਸੀਂ ਭਾਰਤ ਵਿੱਚ ਨਾਰੀ-ਸ਼ੋਸ਼ਣ ਸਮੱਸਿਆ ਦੀਆਂ ਕੁੱਝ ਵਸ਼ਿਸ਼ਟਤਾਵਾਂ ਦੀ ਵੀ ਚਰਚਾ ਕਰਨਾ ਜ਼ਰੂਰੀ ਸਮਝਦੇ ਹਾਂ। ਪੱਛਮ ਦੇ ਪੂੰਜੀਵਾਦੀ ਸਮਾਜ ਵਿੱਚ ਪੁਨਰਜਾਗਰਣ-ਪ੍ਰਬੋਧਨ-ਇਨਕਲਾਬ (Renaissance-Enlightenment -Revolution) ਦੀ ਇਤਿਹਾਸਕ ਵਿਕਾਸ ਯਾਤਰਾ ਦੇ ਨਤੀਜੇ ਵਜੋਂ ਉੱਥੋਂ ਦੇ ਸਮਾਜ ਵਿੱਚ ਮਰਦ-ਮਾਲਕੀ ਅਤੇ ਗਲਬੇ ਦੇ ਰੂਪ ਸੂਖਮ ਹਨ। ਜਮਹੂਰੀ ਕਦਰਾਂ ਸਮਾਜ ਵਿੱਚ ਇਸ ਹੱਦ ਤੱਕ ਰਚੀਆਂ-ਬਸੀਆਂ ਹਨ ਕਿ ਉੱਥੇ ਉਨ੍ਹਾਂ ਦਾ ਨੰਗਾ ਰੂਪ ਕਾਇਮ ਨਹੀਂ ਰਹਿ ਸਕਦਾ। ਉੱਥੇ ਔਰਤ ਨਾਲ਼ ਲਿੰਗਕ ਅਧਾਰ ‘ਤੇ ਕਾਇਮ ਸਮਾਜਿਕ ਅਸਮਾਨਤਾ ਅਤੇ ਭੇਦਭਾਵ ਮੁੱਖ ਸਵਾਲ ਹਨ। ਸੈਕਸ ਜ਼ਬਰ ਦੇ ਰੂਪ ਅਤਿਅੰਤ ਸੂਖਮ ਹਨ। ਔਰਤ ਦੀ ਪਹਿਚਾਣ ਦਾ ਸਵਾਲ ਪੱਛਮ ਵਿੱਚ ਪ੍ਰਬਲ ਹੈ। ਔਰਤ ਲਹਿਰ ਦਾ ਪ੍ਰਮੁੱਖ ਸੱਭਿਆਚਾਰਕ ਪੱਖ ਉੱਥੇ ਉਪਭੋਗਤਾ ਸੱਭਿਆਚਾਰ ਦੇ ਵਿਗਾੜਾਂ ਅਤੇ ਔਰਤਾਂ ਦੀ ਵਰਤੋਂ ਦੇ ਵਿਰੁੱਧ ਲੋਕ-ਮਾਨਸ ਤਿਆਰ ਕਰਨ ਦਾ ਹੀ ਹੈ।

ਤੀਜੀ ਦੁਨੀਆਂ ਦੇ ਜਿਆਦਾਤਰ ਪੱਛੜੇ ਹੋਏ ਸਮਾਜਾਂ ਵਿੱਚ ਮੂਲ ਰੂਪ ਵਿੱਚ ਪੂੰਜੀ ਦਾ ਗਲਬਾ ਕਾਇਮ ਹੋਣ ਦੇ ਬਾਵਜੂਦ ਔਰਤਾਂ ਦੇ ਸ਼ੋਸ਼ਣ-ਜ਼ਬਰ ਦੇ ਮੱਧ ਯੁੱਗੀ ਨੰਗੇ ਆਟੋਕਰੇਟਿਕ ਰੂਪ ਕਾਇਮ ਹਨ। ਕਿਉਂਕਿ ਇੱਥੋਂ ਦੇ ਪੂੰਜੀਵਾਦੀ ਢਾਂਚੇ ਜਮਹੂਰੀ ਕਦਰਾਂ-ਪਰੰਪਰਾਵਾਂ-ਸੰਸਥਾਵਾਂ ਦੇ ਮਾਮਲੇ ਵਿੱਚ ਪੱਛਮੀ ਢਾਂਚਿਆਂ ਨਾਲ਼ੋਂ ਬਹੁਤ ਪਿੱਛੇ ਹਨ, ਇਸ ਤਰਾਂ ਮੁਨਾਫੇ ਦੇ ਢਾਂਚੇ ਅਤੇ ਉਸ ‘ਤੇ ਅਧਾਰਿਤ ਸਮਾਜ ਦੁਆਰਾ ਔਰਤ ਸਮੁਦਾਇ ਦੇ ਸ਼ੋਸ਼ਣ-ਜਬਰ ਦੇ ਰੂਪ ਅਤੇ ਤੌਰ-ਤਰੀਕੇ ਇੱਥੇ ਜਿਆਦਾ ਨੰਗੇ ਅਤੇ ਨਿਰੰਕੁਸ਼ ਹਨ। ਸਮਾਜ ਵਿਕਾਸ ਦੀ ਧੀਮੀ ਗਤੀ ਅਤੇ ਜਮਹੂਰੀ ਇਨਕਲਾਬਾਂ ਅਤੇ ਉਹਨਾਂ ਤੋਂ ਉਪਜੀਆਂ ਜਮਹੂਰੀ ਕਦਰਾਂ ਦੀ ਘਾਟ ਕਰਕੇ ਸਾਡੇ ਸਮਾਜ ਵਿੱਚ ਕਦਰਾਂ ਕੀਮਤਾਂ ਦਾ ਪੂਰਵ ਪੂੰਜੀਵਾਦੀ ਢਾਂਚਾ ਬਹੁਤ ਹੌਲ਼ੀ ਗਤੀ ਨਾਲ਼ ਖੁਰਦਾ ਹੋਇਆ ਅੱਜ ਵੀ ਕਾਇਮ ਹੈ ਅਤੇ ਭਾਰਤੀ ਪੂੰਜੀਵਾਦ ਨੇ ਇਨ੍ਹਾਂ ਨੂੰ ਅਪਣਾ ਲਿਆ ਹੈ। ਮੰਨੂ ਦੇ ਵਿਧਾਨ ਇੱਥੇ ਅੱਜ ਵੀ ਜਿੰਦਾ ਹਨ। ਸਿੱਖਿਆ ਦੇ ਪ੍ਰਸਾਰ ਦੇ ਬਾਵਜੂਦ ਲਗਭਗ ਸਾਰੀਆਂ ਸਮਾਜਿਕ ਸਰਗਰਮੀਆਂ ਤੋਂ ਬਹੁਗਿਣਤੀ ਔਰਤ ਸਮੁਦਾਇ ਇਸ ਤੋਂ ਕੱਟਿਆ ਹੋਇਆ ਹੈ। ਮਜ਼ਦੂਰ ਅਤੇ ਗਰੀਬ ਕਿਸਾਨ ਔਰਤਾਂ ਉਜ਼ਰਤੀ ਗੁਲਾਮਾਂ ਦੇ ਰੂਪ ਵਿੱਚ ਹੀ ਸਹੀ ਪਰ ਸਮਾਜ ਵਿੱਚ ਜਾਰੀ ਉਤਪਾਦਕ ਸਰਗਰਮੀਆਂ ਵਿੱਚ ਹਿੱਸਾ ਲੈਂਦੀਆਂ ਹਨ। ਪਰ ਮੱਧ ਵਰਗ ਦੀ ਸਿੱਖਿਅਤ ਔਰਤ ਤੱਕ ਦਾ ਬਹੁਤਾ ਹਿੱਸਾ ਚੁੱਲ੍ਹੇ-ਚੌਂਕੇ ਨਾਲ਼ ਪੂਰੀ ਤਰਾਂ ਬੰਨ੍ਹਿਆਂ ਹੋਇਆ ਹੈ ਅਤੇ ਪਤੀ ਦੀ ਸੇਵਾ, ਬੱਚਿਆਂ ਦੇ ਪਾਲਣ-ਪੋਸ਼ਣ ਅਤੇ ਘਰ ਅੰਦਰ ਵਰਤੋਂ ਦੀਆਂ ਚੀਜ਼ਾਂ ਦੇ ਉਤਪਾਦਨ ਤੋਂ ਜਿਆਦਾ ਉਹ ਕੁੱਝ ਨਹੀਂ ਕਰਦੀਆਂ। ਔਰਤਾਂ ਦਾ ਮਰਦਾਂ ਅਤੇ ਪੂਰੇ ਸਮਾਜ ਨਾਲ਼ ਜਿੰਨਾ ਅਣਮਨੁੱਖੀ ਵਖਰੇਵਾਂ (Segregation) ਹਿੰਦੋਸਤਾਨ ਵਿੱਚ ਹੈ, ਉਨਾ ਮੱਧ ਪੂਰਬ ਦੇ ਕੁੱਝ ਦੇਸ਼ਾਂ ਨੂੰ ਛੱਡ ਕੇ ਹੋਰ ਕਿਤੇ ਨਹੀਂ ਹੈ। ਇਸ ਅੱਧੀ ਆਬਾਦੀ ਨੂੰ ਆਰਥਿਕ ਸ਼ੋਸ਼ਣ ਅਤੇ ਲੁੱਟਮਾਰ, ਸੈਕਸ-ਸ਼ੋਸ਼ਣ-ਜ਼ਬਰ, ਮਰਦਾਂ ਦੀ ਗੁਲਾਮੀ, ਕਦਰਾਂ-ਕੀਮਤਾਂ, ਪਰੰਪਰਾਵਾਂ ਦੀ ਦਿਮਾਗੀ ਗੁਲਾਮੀ, ਵਖਰੇਵਾਂ (Segregation) ਅਤੇ ਅਲਹਿਦਗੀ (Alination) ਦੇ ਅਸਹਿ ਦੁੱਖ-ਦਰਦ ਤੋਂ ਬਾਹਰ ਨਿਕਲਣ ਦੀ ਦਿਸ਼ਾ ਵਿੱਚ ਨਿਰਦੇਸ਼ਤ ਹੋ ਕੇ ਭਾਰਤ ਦੀ ਔਰਤ ਲਹਿਰ ਸਾਰਥਕਤਾ ਪ੍ਰਾਪਤ ਕਰ ਸਕਦੀ ਹੈ। ਅੱਜ ਸਿੱਖਿਆ ਅਤੇ ਜਮਹੂਰੀ ਚੇਤਨਾ ਦਾ ਜਿਸ ਹੱਦ ਤੱਕ ਵੀ ਪ੍ਰਚਾਰ ਹੋਇਆ ਹੈ ਉਸਨੇ ਭਾਰਤੀ ਔਰਤ ਦੀ ਚੇਤਨਾ ਦੇ ਧਰਾਤਲ ਨੂੰ ਇਸ ਹੱਦ ਤੱਕ ਵਿਕਸਿਤ ਤਾਂ ਕਰ ਹੀ ਦਿੱਤਾ ਹੈ ਕਿ ਆਤਮਨਿਰਭਰਤਾ ਤੋਂ ਬਿਨਾਂ ਉਹ ਆਪਣੀ ਅਜ਼ਾਦ ਹੋਂਦ ਅਤੇ ਅਜ਼ਾਦ ਸਮਾਜਿਕ ਪਹਿਚਾਣ ਦੀ ਜ਼ਰੂਰਤ ਸ਼ਿੱਦਤ ਨਾਲ਼ ਮਹਿਸੂਸ ਕਰਨ ਲੱਗੀ ਹੈ।

ਸਾਨੂੰ ਭਾਰਤੀ ਸੰਦਰਭਾਂ ਵਿੱਚ ਔਰਤ ਲਹਿਰ ‘ਤੇ ਵਿਚਾਰ ਕਰਦੇ ਸਮੇਂ ਇੱਥੋਂ ਦੀਆਂ ਇਨਾਂ ਵਿਸ਼ੇਸ਼ਤਾਵਾਂ ਨੂੰ ਵੀ ਧਿਆਨ ਵਿੱਚ ਰੱਖਣਾ ਹੋਵੇਗਾ ਅਤੇ ਆਪਣੀ ਨਸਲੀ ਪਰੰਪਰਾ ਅਤੇ ਇਤਿਹਾਸ ਨਾਲ਼ ਜੁੜਕੇ ਸੋਚਣਾ ਹੋਵੇਗਾ। ਮਹਾਂਨਗਰਾਂ ਦੀਆਂ ਔਰਤ ਮੁਕਤੀ ਦੀਆਂ ਅਨੇਕਾਂ ਪੈਰੋਕਾਰਾਂ ਦੇ ਮੁਕਾਬਲੇ ਇਹ ਇਮਾਨਦਾਰ ਯਤਨ ਮਹਾਂਦੇਵੀ ਵਰਮਾਂ ਦੁਆਰਾ ਔਰਤ ਦੇ ਜੀਵਨ ਅਤੇ ਘੋਲ਼ ਬਾਰੇ ਲਿਖੇ ਗਏ ਲੇਖਾਂ ਵਿੱਚ ਜਿਆਦਾ ਦਿਖਾਈ ਦਿੰਦਾ ਹੈ, ਚਾਹੇ ਉਸਦੀਆਂ ਕਈ ਧਾਰਨਾਵਾਂ ਗਲਤ ਅਤੇ ਆਦਰਸ਼ਵਾਦੀ ਹੋਣ, ਚਾਹੇ ਉਹ ਉਨਾਂ ਦੁਆਰਾ ਨਾਰੀ-ਲਹਿਰ ਦਾ ਇੱਕ ਸਮੁੱਚਾ ਪਰਿਪੇਖ ਜਾਂ ਪ੍ਰੋਗਰਾਮ ਪੇਸ਼ ਨਾ ਕੀਤਾ ਗਿਆ ਹੋਵੇ। ਪਰ ਸੋਚਣ ਦੀ ਮੌਲਿਕਤਾ, ਮਿੱਟੀ ਨਾਲ਼ ਜੁੜਨਾ ਅਤੇ ਬੇਹੱਦ ਇਮਾਨਦਾਰ ਸੰਵੇਦਨਾਤਮਕ ਚਿੰਤਾ ਜਿਸ ਹੱਦ ਤੱਕ ਮਹਾਂਦੇਵੀ ਵਰਮਾਂ ਦੀ ਕਿਤਾਬ ‘ਸ਼ਿੰਰਖਲ ਕੀ ਕੜੀਆਂ’ ਵਿੱਚ ਦਿਖਾਈ ਹੈ ਉਨੀ ਹੋਰ ਕਿਤੇ ਦੁਰਲੱਭ ਹੈ।

ਮਿੱਟੀ ਅਤੇ ਆਮ ਲੋਕਾਂ ਨਾਲ਼ ਜੁੜਾਅ ਇੱਕ ਬਹੁਤ ਅਹਿਮ ਗੱਲ ਹੈ। ਨਾਰੀ ਮੁਕਤੀ ਦੀ ਗੱਲ ਤਿੱਖੇ ਢੰਗ ਨਾਲ਼ ਸਾਡੇ ਦੇਸ਼ ਵਿੱਚ ਇਸ ਸਦੀ (20ਵੀਂ ਸਦੀ -ਅਨੁਵਾਦਕ) ਦੇ ਪਹਿਲੇ ਅੱਧ ਵਿੱਚ ਹੀ ਸਿੱਖਿਅਤ ਉੱਚ ਮੱਧਵਰਗ ਦੀਆਂ ਕੁੱਝ ਔਰਤਾਂ ਨੇ ਉਠਾਈ ਸੀ। ਉਨਾਂ ਵਿੱਚ ਨਹਿਰੂ ਪਰਿਵਾਰ ਦੀਆਂ ਵੀ ਕੁੱਝ ਔਰਤਾਂ ਸਨ। ਪਰ ਉਨਾਂ ਦੀ ਸੋਚ ਉਨਾਂ ਦੀਆਂ ਆਪਣੀਆਂ ਜੀਵਨ ਸਥਿਤੀਆਂ ਤੋਂ ਉਪਜੀ ਸੀ ਅਤੇ ਉੱਥੋਂ ਤੱਕ ਸੀਮਤ ਰਹੀ। ਉਹਨਾਂ ਨੇ ਔਰਤਾਂ ਦੇ ਇੱਕ ਖਾਸ ਹਿੱਸੇ ਦੀ ਸਮੱਸਿਆ ਉਠਾਈ। ਪਰ ਉਹ ਆਮ ਭਾਰਤੀ ਔਰਤ ਲਈ ਸਮੇਂ ਨਾਲ਼ੋਂ ਅੱਗੇ ਦੀ ਗੱਲ ਸੀ। ਉਨਾਂ ਦੀਆਂ ਜੀਵਨ ਸਮੱਸਿਆਵਾਂ ਦੇ ਧਰਾਤਲ ਤੱਕ ਸਮਾਜ ਅਤੇ ਨਸਲੀ ਪਰੰਪਰਾਵਾਂ ਨਾਲ਼ ਜੁੜਾਅ ਦੀ ਘਾਟ ਕਾਰਨ ਨਾਰੀ ਮੁਕਤੀ ਦੀਆਂ ਇਹ ਸ਼ੁਰੂਆਤੀ ਭਾਰਤੀ ਬੁਲਾਰਾ ਆਮ ਔਰਤ ਸਮੁਦਾਇ ਤੱਕ ਨਹੀਂ ਪਹੁੰਚ ਸਕੀਆਂ ਅਤੇ ਕਿਸੇ ਤਰਾਂ ਦੀ ਲਹਿਰ ਖੜ੍ਹੀ ਨਹੀਂ ਕਰ ਸਕੀਆਂ, ਦੂਜੇ ਪਾਸੇ, ਆਪਣੇ ਸਾਰੇ ਪੁਰਾਤਨ ਪੰਥੀ ਆਦਰਸ਼ਵਾਦੀ ਅਤੇ ਫਲਸਫੇ ਦੇ ਤੌਰ ‘ਤੇ ਨਾਰੀ ਸਵਾਲ ‘ਤੇ ਪਿਛਾਖੜੀ ਵਿਚਾਰਾਂ ਦੇ ਬਾਵਜੂਦ ਗਾਂਧੀ ਨੇ ਪਰੰਪਰਾ ਅਤੇ ਇਤਿਹਾਸ ਨਾਲ਼ ਜੁੜਨ ਦੀ ਬਦੌਲਤ ਫੌਰੀ ਤੌਰ ‘ਤੇ ਬਾਹਰ ਮੁਖੀ ਤੌਰ ‘ਤੇ ਵਿਆਪਕ ਔਰਤ ਸਮੁਦਾਇ ਦੀ ਚੇਤਨਾ ਨੂੰ ਜਾਗ੍ਰਿਤ ਅਤੇ ਪ੍ਰਭਾਵਿਤ ਕੀਤਾ। ‘ਔਰਤ ਨੂੰ ਸਮਾਜਿਕ ਤੌਰ ‘ਤੇ ਸਰਗਰਮ ਹੋਣਾ ਹੋਵੇਗਾ’ ਅਤੇ ਸਮਾਜ ਦੇ ਘੋਲ਼ਾਂ ਵਿੱਚ ਮਰਦਾਂ ਨਾਲ਼ ਮਿਲ਼ਕੇ ਸ਼ਿਰਕਤ ਕੀਤੇ ਬਗੈਰ ਔਰਤ ਆਪਣੀ ਅਜ਼ਾਦੀ ਦੀ ਲੜਾਈ ਨੂੰ ਪ੍ਰਾਭਾਵੀ ਢੰਗ ਨਾਲ਼ ਨਹੀਂ ਲੜ ਸਕਦੀ¸ਗਾਂਧੀ ਨੇ ਇਸ ਮੂਲ ਗੱਲ ਨੂੰ ਫੜਿਆ। ਗਾਂਧੀ ਦਾ ਔਰਤ ਸਮੁਦਾਇ ਦੀ ਮੁਕਤੀ ਦੇ ਘੋਲ਼ ਨੂੰ ਸਭ ਤੋਂ ਵੱਡੀ ਦੇਣ ਇਹ ਸੀ ਉਹਨਾਂ ਨੇ ਕੌਮੀ ਲਹਿਰ ਦੌਰਾਨ ਲੋਕਾਂ ਦੇ ਹਰ ਵਰਗ ਅਤੇ ਤਬਕੇ ਦੀਆਂ ਸਿੱਖਿਅਤ-ਅਸਿੱਖਿਅਤ ਪੇਂਡੂ-ਸ਼ਹਿਰੀ ਸਾਰੀਆਂ ਔਰਤਾਂ ਨੂੰ ਸੜਕ ‘ਤੇ ਉਤਾਰਿਆ। ਕੌਮੀ ਲਹਿਰ ਦੀ ਗਾਂਧੀਵਾਦੀ ਵਿਚਾਰਧਾਰਾ ਦਾ ਜਮਾਤੀ ਚਰਿੱਤਰ ਚਾਹੇ ਜੋ ਵੀ ਹੋਵੇ ਅਤੇ ਉਸਨੇ ਭਾਰਤ ਵਿੱਚ ਚਾਹੇ ਕਿਸੇ

ਵੀ ਪੂੰਜੀਵਾਦੀ ਸ਼ਾਸ਼ਨ ਨੂੰ ਜਨਮ ਦਿੱਤਾ ਹੋਵੇ, ਔਰਤਾਂ ਵਿੱਚ ਨਵਾਂ ਆਤਮਵਿਸ਼ਵਾਸ਼ ਭਰਨ, ਉਹਨਾਂ ਦੀ ਸਮਾਜਿਕ ਚੇਤਨਾ ਨੂੰ ਜਾਗ੍ਰਿਤ ਕਰਕੇ, ਵਿਕਸਿਤ ਕਰਨ ਅਤੇ ਮੁਕਤੀ ਦੀ ਅਕਾਂਕਸ਼ਾ ਨੂੰ ਅਮਲ ਵਿੱਚ ਬਦਲਣ ਵਿੱਚ ਗਾਂਧੀ ਦੀ ਭੂਮਿਕਾ ਬਹੁਤ ਮਹੱਤਵਪੂਰਨ ਸੀ। ਬਿਨਾਂ ਕੋਈ ਨਾਰੀ-ਅੰਦੋਲਨ ਖੜ੍ਹਾ ਕੀਤੇ ਹੀ ਗਾਂਧੀ ਨੇ ਔਰਤਾਂ ਦੇ ਜਥੇਬੰਦ ਹੋਣ ਦੀ ਇੱਕ ਪੂਰਵ ਸ਼ਰਤ ਨੂੰ ਪੂਰਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਇਹ ਤੱਥ ਸਿੱਧ ਕਰਦਾ ਹੈ ਕਿ ਨਸਲੀ ਪਰੰਪਰਾਵਾਂ ਨਾਲ਼ ਜੁੜਨ, ਆਪਣੇ ਦੇਸ਼ ਦੀਆਂ ਠੋਸ ਹਾਲਤਾਂ ਨਾਲ਼ ਅਤੇ ਜੁੜਾਅ ਲੜਨ ਵਾਲ਼ੇ ਤਬਕੇ ਦੇ ਵਿਸ਼ਾਲ ਹਿੱਸੇ ਨਾਲ਼ ਜੁੜਾਅ ਕਿਸੇ ਵੀ ਸਮਾਜਿਕ ਲਹਿਰ ਦੀ ਲਾਜ਼ਮੀ ਅਤੇ ਬੁਨਿਆਦੀ ਪੂਰਵ ਸ਼ਰਤ ਹੈ। ਇਸ ਤੋਂ ਬਿਨਾਂ ਵਿਕਸਿਤ ਜੀਵਨ¸ਫਲਸਫਾ ਅਤੇ ਇਤਿਹਾਸਕ ਨਜ਼ਰੀਏ ਨਾਲ਼ ਲੈਸ ਹੁੰਦੇ ਹੋਏ ਵੀ ਕੋਈ ਜਥੇਬੰਦੀ ਜਾਂ ਗਰੁੱਪ ਕਿਸੇ ਲਹਿਰ ਦੀ ਸੂਤਰਧਾਰ ਨਹੀਂ ਬਣ ਪਾਉਂਦੀ, ਮੁੱਠੀ ਭਰ ਲੋਕਾਂ ਵਿੱਚ ਸੁੰਗੜਕੇ ਰਹਿ ਜਾਂਦੀ ਹੈ ਅਤੇ ਸਮਾਂ ਪਾ ਕੇ ਖੁਰਦੀ ਖਿੰਡਦੀ ਖਤਮ ਹੋ ਜਾਂਦੀ ਹੈ।

ਭਾਰਤ ਵਿੱਚ ਜਿਆਦਾਤਰ ਔਰਤ ਜਥੇਬੰਦੀਆਂ ਅਜੇ ਵੀ ਮੁੱਖ ਰੂਪ ਵਿੱਚ ਮਹਾਂਨਗਰਾਂ, ਸ਼ਹਿਰਾਂ ਦੀਆਂ ਸਿੱਖਿਅਤ ਮੱਧਵਰਗੀ ਔਰਤਾਂ ਤੱਕ ਹੀ ਸੀਮਤ ਹਨ। ਅਜੇ ਵੀ ਕਿਸਾਨ ਮਜ਼ਦੂਰ ਔਰਤਾਂ ਦੀ ਵਿਸ਼ਾਲ ਅਬਾਦੀ ਤੱਕ ਉਨ੍ਹਾਂ ਦੀ ਕੋਈ ਪਹੁੰਚ ਨਹੀਂ ਬਣ ਸਕੀ ਹੈ। ਇੱਥੋਂ ਤੱਕ ਕਿ ਬੁੱਧੀਜੀਵੀ ਜਮਾਤਾਂ ਤੋਂ ਬਾਹਰ ਆਮ ਮੱਧਵਰਗੀ ਔਰਤਾਂ ਤੱਕ ਵੀ ਉਨਾਂ ਦੀ ਪਹੁੰਚ ਅਜੇ ਨਾ ਮਾਤਰ ਹੀ ਹੈ। ਅੱਵਲ ਤਾਂ ਕੋਈ ਜਥੇਬੰਦੀ ਅਜਿਹਾ ਕੁੱਝ ਸੋਚਦੀ ਹੀ ਨਹੀਂ, ਦੂਸਰਾ ਜੇਕਰ ਕੁੱਝ ਸੋਚਦੀ ਵੀ ਹੈ ਤਾਂ ਇੱਕ ਠੋਸ ਪ੍ਰੋਗਰਾਮਾਂ ਅਤੇ ਸਹੀ ਦਿਸ਼ਾ ਦੀ ਘਾਟ ਕਾਰਨ ਉਨ੍ਹਾਂ ਦੇ ਯਤਨ ਜਾਂ ਤਾਂ ਨਿਹਫਲ ਜਾਂਦੇ ਹਨ ਜਾਂ ਫਿਰ ਸੁਧਾਰਵਾਦੀ ਅਤੇ ਰਸਮੀ ਸਰਗਰਮੀਆਂ ਦੇ ਦਾਇਰੇ ਤੱਕ ਹੀ ਸੀਮਤ ਰਹਿ ਜਾਂਦੇ ਹਨ।

ਇਨਾਂ ਸਾਰੀਆਂ ਗੱਲਾਂ ਅਤੇ ਇਹਨਾਂ ਦੇ ਸਾਰੇ ਪੱਖਾਂ ‘ਤੇ ਵਿਚਾਰ-ਚਰਚਾ ਤੋਂ ਬਾਅਦ ਹੀ ਔਰਤ-ਮੁਕਤੀ ਲਹਿਰ ਦਾ ਇੱਕ ਸਿਧਾਂਤਕ, ਯੁੱਧਨੀਤਕ (Strategic) ਅਤੇ ਪ੍ਰੋਗਰਾਮੈਟਿਕ (Programatic) ਫ੍ਰੇਮਵਰਕ ਤਿਆਰ ਕੀਤਾ ਜਾ ਸਕਦਾ ਹੈ, ਜਿਸ ਵਿੱਚ ਸਾਡੀਆਂ ਸਾਰੀਆਂ ਬੌਧਿਕ ਅਤੇ ਅੰਦੋਲਨਾਤਮਕ ਸਰਗਰਮੀਆਂ ਰੱਖੀਆਂ ਜਾ ਸਕਣਗੀਆਂ ਅਤੇ ਸਾਰਥਕ ਬਣ ਸਕਣਗੀਆਂ।

(ਲੇਖਿਕਾ ਦੀ ਕਿਤਾਬ ‘ਦੁਰਗ ਦੁਆਰ ਪਰ ਦਸਤਕ’ ‘ਚੋਂ)

 

“ਪ੍ਰਤੀਬੱਧ”, ਅੰਕ 05, ਜਨਵਰੀ-ਮਾਰਚ 2007 ਵਿਚ ਪ੍ਰਕਾਸ਼ਿ

ਇਸ਼ਤਿਹਾਰ

One comment on “ਨਾਰੀ ਮੁਕਤੀ ਲਹਿਰ ਅਤੇ ਕੁੱਝ ਬੁਨਿਆਦੀ ਸਵਾਲ -ਕਾਤਿਆਇਨੀ

  1. Dr jiwan jot kaur ਨੇ ਕਿਹਾ:

    women related values in India and some parts of Asia are specific to thought prevalent here,that has not been touched only one line about Manu show its need to counter these values has been undermined.Those struggles in India who fought Manu ideology have not been mentioned even and completly ignored.Marxwad can not give answer to Asian myths and problems related to women and castism which flow from same thought Manuwad

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s