ਨਾਨਕਧਾਰਾ ਦੀਆਂ ਇਤਿਹਾਸਕ ਕਦਰਾਂ ਕੀਮਤਾਂ •ਗੁਰਚਰਨ ਸਿੰਘ ਸਹਿੰਸਰਾ

 

ਪੀ.ਡੀ.ਐਫ਼ ਡਾਊਨਲੋਡ ਕਰੋ

[‘ਪ੍ਰਤੀਬੱਧ’ ਦੇ ਪਿਛਲੇ ਅੰਕ ਤੋਂ ਅਸੀਂ ਪੰਜਾਬੀ ਸਾਹਿਤ ਅਤੇ ਪੰਜਾਬ ਦੇ ਇਤਿਹਾਸ ਬਾਰੇ ਗੁਰਚਰਨ ਸਿੰਘ ਸਹਿੰਸਰਾ ਦੇ ਲਿਖੇ ਦੁਰਲੱਭ ਲੇਖਾਂ ਦਾ ਲੜੀਵਾਰ ਪ੍ਰਕਾਸ਼ਨ ਸ਼ੁਰੂ ਕੀਤਾ ਹੈ। ਸਹਿੰਸਰਾ ਨੇ ਪੰਜਾਬੀ ਸਾਹਿਤ ਅਤੇ ਪੰਜਾਬ ਦੇ ਇਤਿਹਾਸ ਨੂੰ ਇਤਿਹਾਸਕ ਪਦਾਰਥਵਾਦੀ ਨਜ਼ਰੀਏ ਤੋਂ ਵਾਚਣ ਦੀ ਕੋਸ਼ਿਸ਼ ਕੀਤੀ ਹੈ। ਪੰਜਾਬੀ ਸਾਹਿਤ ਅਲੋਚਨਾ ਅਤੇ ਇਤਿਹਾਸਕਾਰੀ ਦੇ ਖੇਤਰ ਵਿੱਚ ਅਜਿਹੇ ਯਤਨ ਬਹੁਤ ਘੱਟ ਹੋਏ ਹਨ। ਅਸੀਂ ਉਪਰੋਕਤ ਖੇਤਰਾਂ ‘ਚ ਮਾਰਕਸਵਾਦੀ ਵਿਦਵਾਨਾਂ ਦੁਆਰਾ ਕੀਤੇ ਕੰਮ ਤੋਂ ਪਾਠਕਾਂ ਨੂੰ ਜਾਣੂ ਕਰਾਉਣ ਦੇ ਮਕਸਦ ਨਾਲ਼ ਸਹਿੰਸਰਾ ਦੇ ਲੇਖਾਂ ਨੂੰ ਪ੍ਰਕਾਸ਼ਿਤ ਕਰ ਰਹੇ ਹਾਂ। ਇਸ ਅੰਕ ਵਿੱਚ ਉਹਨਾਂ ਦੇ ਤਿੰਨ ਲੇਖ ਦਿੱਤੇ ਜਾ ਰਹੇ ਹਨ। ਉਹਨਾਂ ਦੇ ਸਾਰੇ ਵਿਚਾਰਾਂ ਨਾਲ਼ ਸਾਡੀ ਸਹਿਮਤੀ ਜ਼ਰੂਰੀ ਨਹੀਂ ਹੈ। – ਸੰਪਾਦਕ]

ਪੰਜਾਬ ਦੇ ਇਤਿਹਾਸ ਨੂੰ ਫ਼ਖਰ ਹੈ, ਕਿ ਉਸ ਦੇ ਇੱਕ ਮਹਾਨ ਵਿਚਾਰਵਾਨ ਬਜ਼ੁਰਗ (ਬਾਬਾ ਨਾਨਕ) ਨੂੰ ਉਹਨਾਂ ਇਤਿਹਾਸਕ ਹਸਤੀਆਂ ਦੀ ਪੰਗਤ ਵਿੱਚ ਵਿਸ਼ੇਸ਼ ਪਦਵੀ ਪ੍ਰਾਪਤ ਹੈ, ਜਿਨ੍ਹਾਂ ਦੀ ਵਿਚਾਰਧਾਰਾ ਦੁਨੀਆਂ ਦੇ ਕਿਸੇ ਨਾ ਕਿਸੇ ਤਖਤੇ ਉੱਤੇ ਰਾਜਸੀ ਤੇ ਸਮਾਜੀ ਤਬਦੀਲੀਆਂ ਲਿਆਉਣ ਦਾ ਕਾਰਨ ਬਣੀ। ਉਸਨੇ ਪੰਦਰ੍ਹਵੀਂ ਸੋਲ੍ਹਵੀਂ ਸਦੀ ਵਿੱਚ ਉੱਭਰ ਤੁਰੀ ਵਿਦਰੋਹੀ ਵਿਚਾਰਧਾਰਾ ਅਨੁਕੂਲ ਹਿੰਦੂਸਤਾਨੀ ਹਾਲਤਾਂ ਨਾਲ਼ ਢੁੱਕਵੇਂ ਅਜਿਹੇ ਵਿਚਾਰ ਪੇਸ਼ ਕੀਤੇ, ਜੋ ਪੰਜਾਬ ਅੰਦਰ ਪੰਜਾਬੀ ਕੌਮ ਦੀ ਸਾਖਤ ਦਾ ਪਹਿਲ ਪ੍ਰਿਥਮੀ ਰਾਹ ਨਿਸ਼ਾਨ ਗਏ।

ਪਰ ਅਫਸੋਸ ਹੈ ਕਿ ਭੋਲ਼ੀ ਤੇ ਨਿਆਣੀ ਸਿੱਖ ਸ਼ਰਧਾ ਤੇ ਅੰਧ ਵਿਸ਼ਵਾਸ਼ੀ ਨੇ ਨਾਨਕਧਾਰਾ ਦਾ ਇਹ ਇਤਿਹਾਸਕ ਮਹਾਨਤਾ ਵਾਲ਼ਾ ਪਾਸਾ ਖੋਲ੍ਹ ਕੇ ਜਨਤਾ ਸਾਹਮਣੇ ਨਹੀਂ ਆਉਣ ਦਿੱਤਾ। ਅੱਜ ਤੋਂ ਪਹਿਲੀ ਸਦੀ ਦੇ ਸਿੱਖ ਲਿਖਾਰੀਆਂ, ਇਹਨਾਂ ਦੀ ਵੇਖਾ ਵੇਖੀ (ਸਵਾਏ ਦੁੰਹ-ਚਹੁੰ ਦੇ), ਸਭ ਇਤਿਹਾਸਕਾਰਾਂ ਤੇ ਮਜ਼ਹਬੀ ਅਬੇ-ਤਬੇ ਤੋਂ ਡਰਦੇ, ਅੱਜ ਦੇ ਵਿਖਿਆਨੀਆਂ ਨੇ ਵੀ ਉਨ੍ਹਾਂ ਪੁਰਾਤਣੀਆਂ ਦੀ ਮੱਖੀ ‘ਤੇ ਮੱਖੀ ਮਾਰੀ ਹੈ, ਜਿਨ੍ਹਾਂ ਓਸ ਦੇ ਵਿਚਾਰਾਂ ਦੀਆਂ ਸੰਸਾਰ ਨੂੰ ਲਾਭਦਾਇੱਕ ਸਾਬਤ ਹੋਈਆਂ ਪਦਾਰਥਕ ਕੀਮਤਾਂ ਨੂੰ ਨਹੀਂ ਦੇਖਿਆ ਤੇ ਓਸ ਨੂੰ ਧਰਮੀ ਸੰਸਾਰ ਦੀਆਂ ਪੁਰਾਤਨ ਹਸਤੀਆਂ ਨਾਲ਼ ਮੇਚਣ ਲਈ ਨਾਮ ਦਾਨ ਦੇਣ ਵਾਲ਼ਾ ਕਰਾਮਾਤੀ ਅਵਤਾਰ ਹੀ ਪੇਸ਼ ਕੀਤਾ ਹੈ। ਸਿੱਟਾ ਇਹ ਨਿੱਕਲ਼ਿਆ ਹੈ ਕਿ ਉਹ ਸਰਬ ਪੰਜਾਬ ਦਾ ਆਗੂ ਮੰਨੇ ਜਾਣ ਦੀ ਥਾਂ ਕੇਵਲ ਸਿੱਖਾਂ ਦਾ ਧਾਰਮਿਕ ਆਗੂ ਬਣੇ ਰਹਿਣ ਤੱਕ ਹੀ ਸੀਮਤ ਰਹਿ ਗਿਆ ਤੇ ਉਸ ਦੀਆਂ ਪੰਜਾਬ ਨੂੰ ਨਵੀਆਂ ਲੀਹਾਂ ਤੇ ਢਾਲਣ ਦੀਆਂ ਸਿਫ਼ਤਾਂ ਲੁਕੀਆਂ ਰਹੀਆਂ।

ਅੱਜ ਸਾਇੰਸ ਦੇ ਜ਼ਮਾਨੇ ਵਿੱਚ ਕਿਸੇ ਮਹਾਂਪੁਰਸ਼ ਨੂੰ ਨਿਰੰਕਾਰੀ ਤੇ ਅਵਤਾਰੀ ਹਸਤੀ ਮਿੱਥ ਲੈਣ ਨਾਲ਼ ਉਸਦੇ ਵਿਚਾਰਾਂ ਤੋਂ ਪੈਦਾ ਹੋਈਆਂ ਉਹ ਸਾਰੀਆਂ ਪਦਾਰਥਕ ਕੀਮਤਾਂ ਢੱਕੀਆਂ ਜਾਂਦੀਆਂ ਹਨ, ਜੋ ਸਮਾਜ ਵਿੱਚ ਦੂਰ ਪਹੁੰਚ ਤਬਦੀਲੀਆਂ ਲਿਆਉਣ ਦਾ ਕਾਰਨ ਬਣਦੀਆਂ ਹਨ। ਕਿਸੇ ਵਿਸ਼ੇਸ਼ ਹਸਤੀ ਦੀ (ਭਾਵੇਂ ਉਹ ਕਿਡੀ ਵੱਡੀ ਪੀਰ ਪੈਗੰਬਰ ਜਾਂ ਗੁਰ ਅਵਤਾਰ ਮੰਨੀ ਜਾਂਦੀ ਹੋਵੇ) ਇਤਿਹਾਸਕ ਦੇਣ ਦੀ ਤਦੇ ਕੀਮਤ ਪੈਂਦੀ ਹੈ, ਜੇ ਓਸ ਨੂੰ ਪਦਾਰਥਕ ਦ੍ਰਿਸ਼ਟੀ ਨਾਲ਼ ਵੇਖਿਆ ਤੇ ਇਤਿਹਾਸਕ ਵਿਕਾਸ ਦੇ ਓਸ ਤੋਂ ਪਹਿਲੇ, ਸਮਕਾਲੀ ਤੇ ਉਪਰੰਤਲੇ ਪੌੜਾਂ ‘ਤੇ ਖਲਿਹਾਰ ਕੇ ਸੰਬਾਦਕੀ (ਡਾਇਲੈਕਟਿਕੀ ਰੀਤ ਨਾਲ਼ ਜਾਚਿਆ ਜਾਏ ਤੇ ਉਸ ਦੇ ਵਿਚਾਰਾਂ ਦੇ ਇਤਿਹਾਸ ਅੰਦਰ ਕੀਤੇ ਗਏ ਅਮਲਾਂ ਤੋਂ ਨਿੱਕਲ਼ੇ ਆਰਥਕ ਤੇ ਸਮਾਜਕ ਤੇ ਰਾਜਸਕ ਨਤੀਜੇ ਸਾਹਮਣੇ ਰੱਖੇ ਜਾਣ।

ਏਸ ਲਈ ਨਾਨਕ ਦੀਆਂ ਇਤਿਹਾਸਕ ਕਦਰਾਂ ਕੀਮਤਾਂ ਜਾਨਣ ਲਈ ਜ਼ਰੂਰੀ ਹੈ ਕਿ ਓਸ ਨੂੰ ਨਿਰੰਕਾਰੀ ਅਵਤਾਰ ਕਹੀ ਜਾਣ ਦੀ ਬਜਾਏ ਮਨੁੱਖੀ ਜੀਵਨ ਦੀ ਇੱਕ ਵਿਦਵਾਨ, ਵਿਚਾਰਵਾਨ, ਕਰਨੀ ਤੇ ਕਣੀ ਵਾਲ਼ੀ ਮਹਾਨ ਉੱਤਮ ਹਸਤੀ ਮਿਥਿਆ, ਮੰਨਿਆ ਤੇ ਜਾਣਿਆ ਜਾਏ।

ਏਸ ਮਨੁੱਖੀ ਸਿਫਤ ਦੀ ਪੁਸ਼ਟੀ ਖੁਦ ਨਾਨਕ ਬਾਣੀ ਵਿੱਚੋਂ ਹੁੰਦੀ ਹੈ। ਓਸ ਨੇ ਆਪਣੀ ਬਾਣੀ ਵਿੱਚ ਕਿਧਰੇ ਵੀ ਨਹੀਂ ਲਿਖਿਆ ਕਿ ਉਹ ਕਹੇ ਜਾਂਦੇ ਹਿੰਦੂ ਅਵਤਾਰਾਂ ਵਾਂਗ ਮਨੁੱਖੀ ਜਾਮੇ ਵਿੱਚ ਪਰਮਾਤਮਾ ਦੀ ਮੂਰਤੀ ਸਨ ਜਾਂ ਮੁਸਲਿਮ ਤੇ ਈਸਾਈ ਨਬੀਆਂ ਵਾਂਗ ਕਿਸੇ ਖੁਦਾ ਦਾ ਹੁਕਮ ਲੈ ਕੇ ਜਾਂ ਉਸ ਦਾ ਬੇਟਾ ਬਣ ਕੇ ਆਏ ਸਨ। ਓਸ ਨੇ ਹਿੰਦੂ ਮੁਸਲਿਮ ਧਰਮਾਂ ਵੱਲੋਂ ਆਪੋ-ਆਪਣੀਆਂ ਮੰਨਤਾਂ ਜਾਂ ਨਿਸ਼ਚਿਆਂ ਦੇ ਅਵਤਾਰ ਜਾਂ ਨਬੀ ਹੋਣ ਦੇ ਪਾਏ ਭਰਮਾਂ ਦੀ ਪੈਰਵੀ ਨਹੀਂ ਕੀਤੇ ਜੋ ਪੁਰਸ਼ ਆਪਣੇ ਇਸ਼ਟ ਨੂੰ ”ਅਜੂਨੀ ਮਿਥਦਾ ਹੈ, ਉਹ ਓਸ ਦਾ ਅਵਤਾਰ ਕਿਸ ਤਰ੍ਹਾਂ ਹੋ ਸਕਦਾ ਹੈ। ਭਾਵ ”ਏਕੰਕਾਰ” ਬੰਦੇ ਦੀ ਜੂਨ ਵਿੱਚ ਕਿਵੇਂ ਆ ਸਕਦਾ ਹੈ। ਉਸ ਨੇ ਆਪਣੇ ਆਪ ਨੂੰ ਇੱਕ ਮਨੁੱਖ ਦੇ ਤੌਰ੍ਹ ‘ਤੇ ਹੀ ਪੇਸ਼ ਕੀਤਾ ਹੈ, ਦੇਵਤੇ ਜਾਂ ਅਵਤਾਰ ਦੇ ਰੂਪ ਦੇ ਵਿੱਚ ਨਹੀਂ। ਉਹ ਏਸ ਦੀ ਆਪ ਪੁਸ਼ਟੀ ਕਰਦਾ ਹੈ

-ਕੋਈ ਆਖੈ ਆਦਮੀ ਨਾਨਕ ਵੇਚਾਰਾ ।।
-ਮਾਂ ਲਾਲੀ ਪਿਉ ਲਾਲਾ ਮੇਰਾ
ਹਉ ਲਾਲੇ ਕਾ ਜਾਇਆ ।।  (ਮਾਰੂ-੯੯੧)*
-ਜੋ ਤਿਸ ਭਾਵੈ ਸੋ ਥੀਅੈ ਨਾਨਕ ਕਿਆ ਮਾਨੁਖ ।।

  ਆਸਾ-੪੧੭)
-ਕਰੇ ਕਰਾਏ ਸਭ ਕਿਛੁ ਜਾਣੈ
ਨਾਨਕ ਸਾਇਰ ਇਵ ਕਹਿਆ ।।   (ਆਸਾ-੪੩੪)
-ਸਗ ਨਾਨਕ ਦੀਬਾਨ ਮਸਤਾਨਾ ਨਿਤ ਚੜੈ ਸਵਾਇਆ

    (ਮਲਾਰ-੧੨੯੧)
-ਨਾਨਕ ਸਾਇਰੁ ਏਵ ਕਹਤੁ ਹੈ ।। (ਧਨਾਸਰੀ-੬੬੦)
-ਹਮ ਆਦਮੀ ਹਾਂ ਇੱਕ ਦਮੀ ।।  (ਧਨਾਸਰੀ-੬੬੦)

(* ਕਮਾਨੀਆਂ ਵਿੱਚ 1430 ਪੰਨੇ ਵਾਲ਼ੀ ਆਦਿ ਗ੍ਰੰਥ ਦੀ ਬੀੜ ਤੇ ਪੰਨਾ ਨੰਬਰ ਹੋਣਗੇ ਤੇ ਦਿੱਤੀਆਂ ਉਦਾਹਰਣਾਂ ਸਭ ਨਾਨਕ ਬਾਣੀ ਹਨ, ਭਾਵ ਮਹਲਾ 1।)

ਸੋ ਨਾਨਕ ਦੇ ਉਚਾਰ (ਬਾਣੀ) ਤੇ ਅਮਲ ਇੱਕ ਅਤਿ ਸੋਝੀਵਾਨ ਸਿਆਣੀ ਪੰਜਾਬੀ ਮਨੁੱਖਤਾ ਦੇ ਵਿਚਾਰ ਤੇ ਅਮਲ ਹਨ ਤੇ ਇਹਨਾਂ ਨੂੰ ਮਨੁੱਖੀ ਅਕਲ ਦੀ ਰਚਨਾ ਦਾ ਕਮਾਲ ਸਮਝਿਆ, ਵਖਾਣਿਆ, ਵਿਆਖਿਆ ਤੇ ਮੰਨਿਆ ਜਾਣਾ ਚਾਹੀਦਾ ਹੈ ਤਾਂ ਹੀ ਓਸ ਮਹਾਨ ਬਜ਼ੁਰਗ ਦੀ ਸੱਚੋ-ਸੱਚ ਇਤਿਹਾਸਕ ਕੀਮਤ ਗਿਣੀ ਜਾ ਸਕੇਗੀ।

ਓਸ ਮਹਾਨ ਹਸਤੀ ਦਾ ਸੰਸਾਰੀ ਜੀਵਨ ਤੇ ਲੋਕ ਵਿਹਾਰ ਵੀ ਇਹੋ ਦੱਸਦਾ ਹੈ ਕਿ ਓਸ ਦੇ ਅਧਿਆਤਮਕ ਵਿਚਾਰ ਤੇ ਉਚਾਰ ਆਪਣੇ ਵੇਲ਼ੇ ਦੇ ਪਦਾਰਥਕ ਸੰਸਾਰੀ (ਕੁਦਰਤੀ, ਸਮਾਜੀ ਤੇ ਸਿਆਸੀ) ਵਰਤਾਰਿਆ, ਵਿਆਪਕਤਾਵਾਂ ਤੇ ਕਾਰਿਆਂ ਉੱਤੇ ਅਧਾਰਤ ਹਨ। ਓਸ ਨੇ ਆਪਣੀ ਬਾਣੀ ਕਿਤੇ ਗੁਫਾ ਵਿੱਚ ਨਿਰਲੇਪ ਬੈਠ ਕੇ, ਜਾਂ ਕਿਸੇ ਮੱਠ ਵਿੱਚ ਅਟੰਕ ਡੇਰਾ ਲਾ ਕੇ, ਜਾਂ ਜੰਗਲਵਾਸ ਵਿੱਚ ਕੁਟੀਆ ਪਾ ਕੇ ਨਹੀਂ ਉਚਰੀ, ਸਗੋਂ ਸਭ ਪ੍ਰਕਾਰ ਦੇ ਸੰਸਾਰੀ ਕਰਮਕਾਡਾਂ ਵਿੱਚ ਵਿਚਰਦਿਆਂ ਤੇ ਹਿੰਦੂ ਮੁਸਲਿਮ ਵਿਦਵਾਨਾਂ ਤੇ ਖੱਬੀਖਾਨਾਂ ਨਾਲ਼ ਵਾਰਤਾਲਾਪਾਂ ਤੇ ਗੋਸ਼ਟੀਆਂ ਕਰ ਕਰ ਪ੍ਰਾਪਤ ਕੀਤੇ ਸੰਸਾਰੀ ਤਜਰਬੇ ਦੀ ਬਿਨਾ ਦੇ ਰਚੀ ਹੈ।

ਏਸ ਲਈ ਉਸ ਦੀ ਵਿਚਾਰਧਾਰਾ ਸੰਸਾਰ ਭਰ ਨੂੰ ਗਾਹ ਕੇ ਪ੍ਰਾਪਤ ਕੀਤੇ ਤਜ਼ਰਬਿਆਂ ਨੂੰ ਮਨ ਵਿੱਚ ਵਸਾ ਕੇ ਉਪਜੇ ਖਿਆਲਾਂ ‘ਤੇ ਆਧਾਰਤ ਹੈ। ਇਹ ਮਨ ਪਦਾਰਥ (ਸਰੀਰ) ਤੋਂ ਪੈਦਾ ਹੁੰਦਾ ਹੈ, ਜੋ ਸੰਸਾਰੀ ਜੀਵ ਜੰਤੂ ਦੀ ਸਭ ਤੋਂ ਉੱਚੀ ਰਚਨਾਤਮਕ ਸ਼ਕਤੀ ਹੈ। ਉਸ ਨੇ ਆਪਣੀ ਵਿਚਾਰਧਾਰਾ ਦੀ ਉੱਤਪਤੀ ਦੀ ਵਿਆਖਿਆ ਐਨ ਏਸੇ ਤਰ੍ਹਾਂ ਕੀਤੀ ਹੈ।

-ਇਹੁ ਮਨੁ ਕਰਮਾ ਇਹੁ ਮਨੁ ਧਰਮਾ।।
ਇਹੁ ਮਨੁ ਪੰਚ ਤਤੁ ਤੇ ਜਨਮਾ।। (ਆਸਾ-੪੧੫)

ਭਾਵ ਮਨ ਖੁਦ ਪਦਾਰਥਕ ਸ਼ਕਤੀ ਹੈ, ਜੋ ਕਰਮ ਕਰਦੀ ਹੈ ਤੇ ਧਰਮ ਪਾਲ਼ਦੀ ਹੈ। ਜਿਸ ਦਾ ਅਰਥ ਹੈ ਕਿ ਮਨ ਪੰਜਾਂ ਤੱਤਾਂ ਤੋਂ ਜੰਮਿਆਂ ਹੈ, ਕਰਮ ਕਰਦਾ ਹੈ, ਭਾਵ ਸਰੀਰ ਨੂੰ ਕੰਮਾਂ-ਕਾਰਾਂ ਵਿੱਚ ਲਾਉਂਦਾ ਹੈ ਤੇ ਇਹ ਕੰਮ ਕਾਰ (ਕਰਮ) ਮਨ ਨੂੰ ਧਰਮ ਦੇ ਰਾਹ ਭਾਵ (ਸਿੱਧੇ ਤੇ ਸੱਚੇ ਸੰਸਾਰੀ) ਰਸਤੇ ਪਾਉਂਦੇ ਹਨ। ਜਿਹੜਾ ਸੰਸਾਰੀ ਬੰਦਾ ਹੀ ਨਹੀਂ, ਓਸ ਨੇ ਧਰਮ ਕੀ ਰੱਖਣਾ ਤੇ ਕਮਾਉਣਾ ਹੋਇਆ? ਸੋ ਨਾਨਕਧਾਰਾ ਮਨੁੱਖੀ ਕਿਰਤ ਹੈ, ਨਿਰੰਕਾਰੀ ਨਹੀਂ, ਜੋ ਆਪਣੇ ਵੇਲ਼ਿਆਂ ਦੇ ਇੱਕ ਪੰਜਾਬੀ ਪਰਮ ਮਨੁੱਖ ਨੇ ਸੰਸਾਰ ਨੂੰ ਅੱਖੀਂ ਵੇਖ ਕੇ, ਹਿੰਦੁਸਤਾਨ ‘ਤੇ ਛਾਏ ਹੋਏ ਦੋ ਮਹਾਨ ਧਰਮਾਂ-ਹਿੰਦੂ ਤੇ ਮੁਸਲਮਾਨ ਨੂੰ ਜੋਖ ਤੋਲ ਕੇ ਰਚੀ ਹੈ।

ਸਮੇਂ ਦੀ ਪੈਦਾਵਾਰ ਤੇ ਏਸ ਦੇ ਵਟਾਂਦਰੇ ਦੇ ਰਿਸ਼ਤੇ ਤੇ ਇਨ੍ਹਾਂ ਉੱਤੇ ਅਧਾਰਤ ਉਸਰੇ ਹੋਏ ਸਮਾਜੀ, ਮਜ਼ਹਬੀ, ਸਿਆਸੀ, ਕਨੂੰਨੀ, ਸਾਹਿਤਕ ਤੇ ਵਿਚਾਰਧਾਰਕ ਉਸਾਰਾਂ ਦੇ ਇਤਿਹਾਸ ਨੂੰ ਵੇਖਿਆ ਜਾਚਿਆ ਜਾਏ ਤਾਂ ਹੀ ਉਹਨਾਂ ਦੇ ਚੰਗੇ ਮੰਦੇ ਸਹਾਰਵੇਂ ਜਾਂ ਕੌੜੇ, ਕਬੂਲ ਜਾਂ ਰੱਦ ਅਤੇ ਅਗਾਂਹਵਧੂ ਜਾਂ ਪਿਛਾਂ-ਰਖੂ ਹੋਣ ਦਾ ਪਤਾ ਲੱਗਦਾ ਹੈ, ਏਸ ਲਈ ਨਾਨਕ ਬਾਣੀ ਦਾ ਨਿਰਣਾ ਕਰਨ ਲਈ, ਪਹਿਲਾਂ ਤਾਂ, ਨਾਨਕ ਤੋਂ ਪਹਿਲੀਆਂ ਸਮਕਾਲੀ ਤੇ ਉਪਰੰਤਲੀਆਂ ਪਦਾਰਥਕ ਹਾਲਤਾਂ ਤੇ ਇਹਨਾਂ ਹਾਲਤਾਂ ਦੇ ਸੁਧਾਰਕਾਂ ਦੇ ਵਿਚਾਰਾਂ ਤੇ ਦੂਸਰੇ ਨਾਨਕ ਬਾਣੀ ਦੀ ਮਨਾਉਤ ਤੋਂ ਰਚੇ ਗਏ ਇਤਿਹਾਸ ਦੀ ਘੋਖ ਲਾਜ਼ਮੀ ਹੋ ਜਾਂਦੀ ਹੈ।

ਜਗਤ ਇਤਿਹਾਸ ‘ਤੇ ਨਿਗਾਹ ਮਾਰਿਆ ਪਤਾ ਲਗਦਾ ਹੈ, ਕਿ ਗੁਰੂ ਨਾਨਕ ਇਤਿਹਾਸ ਮੱਧਕਾਲ ਅੰਦਰ ਲੱਗ ਚੁੱਕੀ ਉਸ ਨਵੀਂ ਜਾਗ ਦੀ ਹੀ ਹਿੰਦੀ ਸਾਖ ਹੈ, ਜੋ ਯੂਰਪ ਏਸ਼ੀਆ ਦੇ (ਪੂਰਬੀ ਏਸ਼ੀਆ ਦੇ ਇਤਿਹਾਸ ਦੀ ਜਾਣਕਾਰੀ ਨਹੀਂ ਹੋ ਸਕੀ-ਸਹਿੰਸਰਾ) ਵਿਕਰਾਲ ਈਸਾਈ, ਮੁਸਲਿਮ ਤੇ ਹਿੰਦੂ ਧਰਮ ਸਮਾਜਾਂ ਦੇ ਪੇਟ ਵਿੱਚ ਉੱਠੀ ਤੇ ਪੰਦਰਵੀਂ ਸਦੀ ਦੇ ਪਿਛਲੇ ਅੱਧ ਵਿੱਚ ਬਕਾਇਦਾ ਵਿਦਰੋਹ ਬਣ ਤੁਰੀ।

ਇਹ ਉਸ ਨਵੇਂ ਅੰਸ਼ ਦੀ ਕਾਰ ਸੀ, ਜੋ ਮੱਧ ਸਮੇਂ ਦੇ ਫਿਊਡਲ ਸ਼ਾਹੀ ਹੇਠਲੀ ਜਾਂ ਅਜ਼ਾਦ ਕਬੀਲਿਆਂ ਦੀ ਜ਼ਮੀਨੀ ਪੈਦਾਵਾਰ ਤੋਂ ਬੇਦਖਲ ਕਰ ਦਿੱਤਾ ਗਿਆ ਸੀ ਤੇ ਸੌਦਾ ਸੂਤ ਵੇਚ-ਵੱਟਣ ਦਾ ਨਵਾਂ ਧੰਦਾ ਲੈ ਤੁਰਿਆ ਸੀ। ਇਹ ਕਿੱਤਾ ਮਿਹਨਤ ਦੀ ਉਹ ਵੰਡ ਸੀ, ਜਿਸ ਨੇ ਐਸੀ ਜਮਾਤ ਉਤਪੰਨ ਕਰ ਦਿੱਤੀ, ਜਿਸ ਦਾ ਪੈਦਾਵਾਰ ਨਾਲ਼ ਕੋਈ ਸਿੱਧਾ ਵਾਸਤਾ ਨਹੀਂ। ਉਹ ਸੀ ਵਪਾਰੀ, ਜਿਸ ਨੂੰ ਬੁਰਜੂਆਜੀ ਆਖਿਆ ਜਾਂਦਾ ਹੈ। ਏਸ ਅਜ਼ਾਦ ਧੰਦੇ ਨੂੰ ਆਪਣੇ ਸਮੇਂ ਦੇ ਸਮਾਜ ਦੇ ਬੜੇ ਅੜਿੱਕੇ ਲੱਗੇ। ਉਸ ਦੇ ਸੌਦੇ ਦੇ ਦਸੌਰ ਜਾਣ ‘ਤੇ ਆਉਣ ਦੇ ਰਾਹ ਵਿੱਚ ਦੇਸ਼ ਦੇ ਨੋਬਲਾਂ (ਸਾਊਆਂ) ਦੇ ਇਲਾਕੇ, ਫਿਊਡਲਾਂ ਦੇ ਨਿੱਕੇ ਨਿੱਕੇ ਰਜਵਾੜੇ, ਬਰਾਦਰੀ ਕਬੀਲਿਆਂ ਦੀਆਂ ਛੋਟੀਆਂ ਛੋਟੀਆਂ ਹੰਗਾਂ ਰੁਕਾਵਟਾਂ ਬਣ ਗਈਆਂ। ਉਸਦਾ ਸੌਦਾ ਫਿਊਡਲਾਂ ਬੁੱਕਲ ਵਿੱਚ ਜਾਂ ਕਬੀਲਿਆਂ ਦੀਆਂ ਹੱਦਾਂ ਵਿੱਚ ਦੀ ਸੁਖੀ-ਸਾਂਦੀ ਨਹੀਂ ਸੀ ਲੰਘ ਸਕਦਾ, ਲੁੱਟੇ ਪੁੱਟੇ ਜਾਣ ਤੇ ਥਾਂ ਪਰ ਥਾਂ ਟੈਕਸਾਂ ਦੀ ਭਰਮਾਰ ਮਾਰੂ ਬਣ ਜਾਂਦੀ ਸੀ ਤੇ ਫੇਰ ਇਹਨਾਂ ਸਮਾਜੀ ਤੇ ਸਿਆਸੀ ਰਿਸ਼ਤਿਆਂ ‘ਤੇ ਅਧਾਰਤ ਵਸੋਂ ਦੀ ਜਮਾਤ-ਬੰਦੀ ਤੇ ਏਸ ਤੋਂ ਪੈਦਾ ਹੋਇਆ ਅਧਿਆਤਮਕ ਉਸਾਰ ਏਸ ਦੇ ਪੈਰਾਂ ਦੀਆਂ ਬੇੜੀਆਂ ਸਨ। ਏਸ ਲਈ ਸਿਆਸੀ ਤੌਰ੍ਹ ‘ਤੇ ਇਹ ਇਲਾਕਾ ਬੰਦੀਆਂ ਤੇ ਰਿਆਸਤਾਂ ਤੋੜ ਕੇ ਇੱਕੋ ਵੱਡੀ ਰਿਆਸਤ ਬਣਾਉਣਾ ਤੇ ਏਸ ਉੱਤੇ ਕਿਸੇ ਹਾਕਮ ਦੀ ਬਾਦਸ਼ਾਹੀ (ਮੋਨਾਰਕੀ) ਥਾਪਣਾ ਅਧਿਆਤਮਿਕ ਤੌਰ੍ਹ ‘ਤੇ ਇਹਨਾਂ ਦੇ ਪੂਜਾਂ ਉੱਤੇ ਕਿਸੇ ਧਾਰਮਕ ਆਗੂ ਦੀ ਮਨਾਉਤ ਕਰਵਾਉਣਾ ਉਸਦੇ ਵਿਕਾਸੀ ਹਿਤਾਂ ਦੀ ਜੀਵਨ ਪਹੁੰਚ ਸੀ। ਏਸ ਡਾਇਲੈਕਟਿਕੀ ਅੜਚਨ ਨੇ, ਰੋਮ ਦੇ ਪੋਪ, ਬਗਦਾਦ ਦੇ ਖਲੀਫੇ ਤੇ ਹਿੰਦ ਦੇ ਬ੍ਰਾਹਮਣ ਵਿਰੁੱਧ, ਜੋ ਉੱਤੇ ਦੱਸੀਆਂ ਰੁਕਾਵਟਾਂ ਪਾ ਰਹੀਆਂ ਤਾਕਤਾਂ ਦੇ ਸਿਰਤਾਜ ਸਨ, ਵਿਰੁੱਧ ਸਪਿਰਟ ਪੈਦਾ ਕਰ ਦਿੱਤੀ। ਇਹ ਵਿਰੁੱਧ ਯੂਰਪ ਵਿੱਚ ਰੀਨਾਏਸੇਂਸ ਤੇ ਰੀਫਾਰਮੇਸ਼ਨ (ਕਾਇਆ ਕਲਪ ਤੇ ਸੁਧਾਰਤਾ) ਇਸਲਾਮੀ ਦੁਨੀਆਂ ਵਿੱਚ ਸੂਫੀਅਤ ਤੇ ਹਿੰਦੂ ਜਗਤ ਵਿੱਚ ਭਗਤੀ ਅਖਵਾਇਆ।

ਇਹ ਬੁਰਜੂਆ ਜਾਗ ਦੇਸੀ ਭਾਵ ਕੌਮੀ ਸਪਿਰਟ ਬਣਕੇ ਕੌਮ ਅਜ਼ਾਦੀ ਦੇ ਅਨੁਭਵਾਂ ਵਿੱਚ ਫੁੱਟ ਪਈ ਤੇ ਏਸ ਨੇ ਇਬਰਾਨੀ, ਅਰਬੀ ਤੇ ਸੰਸਕ੍ਰਿਤ ਤੋਂ ਮੁੱਖ ਮੋੜ ਕੇ ਆਪੋ ਆਪਣੇ ਦੇਸਾਂ ਦੀਆਂ ਜ਼ਬਾਨਾਂ ਵਿੱਚ ਆਪਣੀ ਧਾਰਮਕਤਾ ਨੂੰ ਧਿਆਉਣਾ ਤੇ ਧਾਰਮਕ ਸਾਹਿਤ ਰਚਨਾ ਆਰੰਭ ਦਿੱਤੀ। ਇਹ ਲਹਿਰਾਂ ਭਾਵੇਂ ਮਜ਼ਹਬੀ ਸਨ, ਪਰ ਫਿਊਡਲ ਸ਼ਾਹੀ ਵਿਰੁੱਧ ਬੁਰਜੂਆ ਜਮਾਤੀ ਸੰਗਰਾਮ ਦੀ ਪਹਿਲ ਪਨੀਰੀ ਸਨ, ਜੋ ਹਰ ਦੇਸ਼ ਦੇ ਹਲਾਤ ਅਨੁਸਾਰ ਛੇਤੀ ਜਾਂ ਦੇਰ ਨਾਲ਼ ਰੋਮ ਦੇ ਪੋਪ, ਬਗਦਾਦ ਦੇ ਖਲੀਫਾ ਤੇ ਹਿੰਦ ਦੇ ਬ੍ਰਾਹਮਣ ਵਿਰੁੱਧ ਬਗਾਵਤ ਹੋ ਤੁਰੀਆਂ।

”ਰੀਫਾਰਮੇਸ਼ਨ (ਸੁਧਾਰਤਾ) ਦਾ ਆਮ ਰੁਖ ਕੌਮੀ ਅਜ਼ਾਦੀ ਖਿਆਲਾਂ ਵੱਲ ਸੀ।” (ਰੈਵਰੈਂਡ ਐਰ. ਜੇ. ਚੇਟਰ, ਯੂਰਪੀਨ ਹਿਸਟਰੀ, ਤੀਸਰੀ ਸੈਂਚੀ, ਸਫਾ ੧੮੧)
ਏਸ ਜਗਤ-ਲਹਿਰ ਦੀ ਬਿਆਈ ਇਸਲਾਮ ਅੰਦਰ ਤਾਂ ਬਹੁਤ ਪਹਿਲਾਂ ਤੋਂ ਸ਼ੁਰੂ ਹੋ ਚੁੱਕੀ ਸੀ, ਪਰ ਏਸ ਦਾ ਇਸਲਾਮੋਂ ਬਾਹਰਲਾ ਯੂਰਪ ਤੇ ਹਿੰਦੁਸਤਾਨ ਵਿਚਲਾ ਫੁੱਟਣ ਸਮਾਂ ਪੰਦਰ੍ਹਵੀਂ ਸਦੀ ਦਾ ਪਿਛਲਾ ਅੱਧ ਤੇ ਏਸਦੇ ਆਗੂ ਏਸੇ ਸਮੇਂ ਦੇ ਹਾਣੀ ਹਨ।

ਜਰਮਨੀ- ਲੂਥਰ 1483-1549
ਫਰਾਂਸ- ਕਾਲਵਿਨ 1507-1564
ਇਟਲੀ- ਮੈਕਿਆਵਲੀ 1484-1539
ਹਿੰਦੁਸਤਾਨ- ਨਾਨਕ 1469-1539

ਸੋ ਨਾਨਕ ਜਾਂ ਗੁਰੂ ਲਹਿਰ ਨਿਰੀ ਪੰਜਾਬੀ ਨਹੀਂ, ਸਗੋਂ ਮੱਧਕਾਲ ਦੀ ਧਰਮਸ਼ਾਹੀ (ਥੀਉਕਰੇਸੀ) ਦੀ ਕੱਟੜਤਾ ਤੇ ਧੱਕੜਸ਼ਾਹੀ ਵਿਰੁੱਧ ਉੱਠ ਖੜ੍ਹੀ ਹੋਈ ਜਗਤ ਬੁਰਜੂਆ ਇਨਕਲਾਬੀ ਜਾਗ ਦੀ ਆੜੀ ਸੀ, ਜੋ ਨਵੀਆਂ ਪੈਦਾਵਾਰੀ ਤਾਕਤਾਂ ਦਾ ਪੁਰਾਣੀਆਂ ਵਿਰੁੱਧ ਸਕਾਟਲੈਂਡ ਤੋਂ ਲੈ ਕੇ ਹਿੰਦੁਸਤਾਨ ਤੱਕ ਸੰਗਰਾਮ ਬਣ ਤੁਰੀ।

ਇਹ ਲਹਿਰਾਂ ਪੰਦਰ੍ਹਵੀਂ ਸਦੀ ਦੇ ਪਿਛਲੇ ਅੱਧ ਵਿੱਚ ਉੱਭਰੀਆਂ, ਜਦੋਂ ਕਿਸੇ ਨਾ ਕਿਸੇ ਸ਼ਾਹੀ ਘਰਾਣੇ ਨੇ ਕਸਬਿਆਂ ਦੇ ਬਰਗਰਾਂ-ਸ਼ਹਿਰਦਾਰਾਂ (ਯੂਰਪੀ ਬੁਰਜੁਆਜ਼ੀ ਦੀ ਪਹਿਲ ਪਨੀਰੀ) ਦੀ ਸਹਾਇਤਾ ਨਾਲ਼ ਇੱਕ ਪਾਸੇ ਦੇਸ਼ ਤੇ ਛਾਏ ਹੋਏ ਨਿੱਕੇ ਨਿੱਕੇ ਫਿਊਡਲ ਸਾਊਆਂ ਦੀ ਤਾਕਤ ਤੋੜਨੀ ਤੇ ਕੌਮੀਅਤ ਦੀ ਬਿਨ੍ਹਾ ਉੱਤੇ ਆਪਣੇ ਦੇਸ਼ਾਂ ਵਿੱਚ ਪੋਪ ਸ਼ਾਹੀ ਤੋਂ ਬਗਾਵਤ ਕਰਕੇ ਮਨਾਰਕੀਆਂ (ਸ਼ਹਿਨਸ਼ਾਹੀਆਂ) ਸਥਾਪਤ ਕਰਨੀਆਂ ਆਰੰਭ ਦਿੱਤੀਆਂ। ਏਸ ਲਹਿਰ ਵਿੱਚੋਂ ਹੀ ਯੂਰਪੀ ਕੌਮਾਂ ਤੇ ਅੱਜ ਦੇ ਬੁਰਜੂਆ ਸਮਾਜ ਦਾ ਵਿਕਾਸ ਹੋਇਆ।

ਪੰਜਾਬ ਵਿੱਚ ਵੀ ਇਹੋ ਕੁਝ ਹੋਇਆ। ਏਥੋਂ ਦੀ ਬੁਰਜੂਆਜ਼ੀ ਨੇ ਵੀ ਜਾਇਦਾਦ ਦੀਆਂ ਮਾਲਕ ਜੱਟ (ਕਿਸਾਨ) ਬਰਾਦਰੀਆਂ ਹਿੰਦੂ ਧਰਮ ਤੋਂ ਅਮੋੜ ਕਰਕੇ ਮੁਗਲ ਡਿਕਟੇਟਰਸ਼ਿਪ ਵਿਰੁੱਧ ਲਾਮਬੰਦ ਕੀਤਾ ਤੇ ਪੰਜਾਬ ਦੀ ਆਪਣੀ (ਕੌਮੀ) ਸ਼ਹਿਨਸ਼ਾਹੀ ਕਾਇਮ ਕਰਵਾ ਦਿੱਤੀ। ਏਸ ਜਗਤ ਬੁਰਜੂਆ ਜਾਗੇ ਦੀਆਂ ਯੂਰਪੀ ਤੇ ਏਸ਼ੀਆਈ ਪੈਦਾਵਾਰੀ ਹਾਲਤਾਂ ਤੇ ਸਮਾਂ ਜੁਦਾ ਜੁਦਾ ਸਨ। ਏਸ਼ੀਆ ਵਿੱਚ ਯੂਰਪੀ ਢੰਗ ਦੀ ਫਿਊਡਲਸ਼ਾਹੀ ਨਹੀਂ ਸੀ। ਤੁਰਕ, ਮੁਗਲ, ਪਠਾਨ ਇਸਲਾਮੀ ਸੁਲਤਾਨੀਆਂ ਤੇ ਸ਼ਹਿਨਸ਼ਾਹੀਆਂ ਤੇ ਉੱਤੋਂ ਦੀ ਬਗਦਾਦੀ ਖਲੀਫੇ ਦੀ ਧਰਮੀ ਸ਼ਹਿਨਸ਼ਾਹੀ ਸੀ। ਹਰ ਇਸਲਾਮੀ ਦੇਸ਼ ਅੰਦਰ ਅਰਬ, ਤੁਰਕ, ਮੁਗਲ ਤੇ ਪਠਾਣ ਸੂਬੇਦਾਰ ਹਾਕਮ ਜਮਾਤ ਤੇ ”ਜ਼ਮੀਨ ਦੀ ਸਾਂਝੀ ਮਾਲਕੀ ਵਾਲ਼ੇ” ਜੁਦਾ ਜੁਦਾ ਕਬੀਲਿਆਂ ਜਾਂ ਬਰਾਦਰੀਆਂ ਦੀਆਂ ਛੋਟੀਆਂ ਛੋਟੀਆਂ ਇਕਾਈਆਂ ਰਈਅਤ ਸਨ। ”ਪੂਰਬ, ਅਥਾਤ ਤੁਰਕੀ, ਈਰਾਨ ਤੇ ਹਿੰਦੁਸਤਾਨ ਵਿੱਚ ਜ਼ਮੀਨ ਸਾਂਝ-ਭਿਆਲ਼ੀ ਦੀ ਜਾਇਦਾਦ ਸੀ।” (ਔਰੰਗਜ਼ੇਬ ਦੇ ਦਰਬਾਰ ਵਿੱਚ ਰਹਿ ਚੁਕੇ ਡਾਕਟਰ ਬਰਨੀਅਰ ਦਾ ਸਫਰਨਾਮਾ, ਜਿਸ ਨੂੰ ਮਾਰਕਸ ਨੇ ਔਨ ਰਿਲੀਜਨ, ਫਾਰਨ ਲੈਗੂਏਜਜ਼ ਪਬਲਿਸ਼ਿੰਗ ਹਾਊਸ, ਮਾਸਕੋ, 1951 ਸਫਾ 101 ‘ਤੇ ਪੇਸ਼ ਕੀਤਾ। ਸੀ. ਐਲ. ਟੱਪਰ, ਪੰਜਾਬ ਕਸਟੋਮਰੀ ਲਾਜ਼ ਦੂਸਰੀ ਸੈਂਚੀ, ਸਫਾ 12 ਐੱਸ. ਐੱਸ. ਥੌਰਬੌਰਨ, ਪੰਜਾਬ ਇਨ ਪੀਸ ਐਂਡ ਵਾਰ , 1904 ਸਫਾ 229.)

ਏਸ਼ੀਆ ਵਿੱਚ ਕੌਮੀ ਸ਼ਹਿਨਸ਼ਾਹੀਆਂ ਦਾ ਆਰੰਭ ਯੂਰਪ ਨਾਲ਼ੋਂ ਕਈ ਸਦੀਆਂ ਪਹਿਲਾਂ ਹੋਇਆ। ਸਭ ਤੋਂ ਪਹਿਲਾਂ ਈਰਾਨ ਵਿੱਚ, ਜਿੱਥੇ ਹੋਸ਼ੰਨਧਰਮ ਵਿੱਚ ਤੇ ਜ਼ਰਤੁਸ਼ਤ ਦੇ ਧਰਮ ਵਿੱਚ ਵੀ ਹਿੰਦੁਸਤਾਨ ਵਰਗੀ ਵਰਣ ਵੰਡ ਸੀ। ਧਰਮੀ, ਫੌਜੀ ਵਪਾਰੀ ਤੇ ਸੇਵਾਦਾਰ (ਮੁਹੰਮਦ ਲਤੀਫ, ਹਿਸਟਰੀ ਆਫ ਪੰਜਾਬ, ਯੂਰੇਸ਼ੀਆ ਪਬਲਿਸ਼ਰਜ਼, ਨਵੀਂ ਦਿੱਲੀ, 1964, ਸਫਾ 24) ਭਾਵ ਬੁਰਜੂਆਜ਼ੀ ਵੀ ਸੀ, ਜੋ ਖਾਨਾਬਦੋਸ਼ ਕਬੀਲਿਆਂ ਨੂੰ ਇੱਕ ਕੇ ਵਾਹੀ ਕਰਨ ਤੇ ਨਗਰਾਂ ਵਿੱਚ ਵਸਣ ਵਾਸਤੇ ਆਖਦੀ ਰਹੀ। ਸਾਸੀਅਨ ਖਾਨਦਾਨ ਦੀ ਜ਼ਰਤੁਸ਼ਤੀ ਧਰਮੀ ਸ਼ਹਿਨਸ਼ਾਹੀ 211 ਤੋਂ 640 ਈਸਵੀ ਤੱਕ ਈਰਾਨ ‘ਤੇ ਰਾਜ ਕਰਦੀ ਰਹੀ। (ਐਨਸਾਈਕਲੋਪੀਡੀਆ ਆਫ ਰਿਲੀਜਨ ਐਂਡ ਈਥੈਕਸ, ਜੇਮ ਹੇਸਟਿੰਗ, ਬਾਰ੍ਹਵੀਂ ਸੈਂਚੀ, ਸਫਾ 640)।

ਦੂਸਰੇ, ਮੁਹੰਮਦ ਦੇ ਸਮੇਂ (ਸੱਤਵੀਂ ਸਦੀ ਦੇ ਚੜ੍ਹਾਅ ਤੱਕ) ਅਰਬ ਵੀ ਕਬੀਲਿਆਂ ਦਾ ਦੇਸ਼ ਸੀ। ਜਿੱਥੇ ਅਰਬੀ ਸ਼ਹਿਰਾਂ ਵਿੱਚ ਵਪਾਰੀਆਂ ਦੀ ਜਮਾਤ ਪੈਦਾ ਹੋ ਚੁੱਕੀ ਸੀ, ਜੋ ਅਰਬ ਸਮੁੰਦਰੀ ਘਾਟਾਂ ਤੇ ਆਏ ਹਿੰਦੀ ਸੌਦੇ ਸੂਤ ਰੋਮ ਸਾਗਰ ਦੇ ਘਾਟਾਂ ‘ਤੇ ਲਿਜਾਕੇ ਵੇਚਦੀ ਸੀ। ਕੁਰੇਸ਼ ਸ਼ਬਦ ਦਾ ਅਰਥ ਹੀ ਵਪਾਰੀ ਹੈ ਮੁਹੰਮਦ ਦਾ ਘਰਾਣਾ ਵੀ ਕੁਰੇਸ਼ੀ ਸੀ। ਖੁਦ ਮੁਹੰਮਦ ਇੱਕ ਮਾਲਦਾਰ ਵਪਾਰੀ ਵਿਧਵਾ ਖਦੀਜਾ ਦਾ ਪਹਿਲਾ ਮਾਲਬਰਦਾਰ ਨੌਕਰ ਸੀ, ਫੇਰ ਉਹ ਉਸ ਨਾਲ਼ ਨਕਾਹਿਆ ਗਿਆ (ਉਲਾਮ ਮਹੀਉਲਦੀਨ ਖੱਯਾਤ ਮਿਸਰੀ, ਤਾਰੀਖੇ ਇਸਲਾਮ, ਸਦੀਕੀ ਬੁੱਕ ਡਿਪੂ ਲਖਨਊ, ਪਹਿਲੀ ਸੈਂਚੀ, ਉਰਦੂ ਤਰਜਮਾ, ਸਫਾ 8 ਤੇ 12)। ਨਕਾਹ ਤੋਂ ਕਈ ਸਾਲ ਬਾਅਦ ਭਾਵ ਕਬੀਲਿਆ ਦੀਆਂ ਹੱਦਾਂ ਵਿੱਚ ਦੀ ਕਈ ਵਪਾਰੀ ਫੇਰੇ ਲਾਉਣ ਉਪਰੰਤ ਉਸ ਇਸਲਾਮ ਧਰਮ ਦਾ ਐਲਾਨ ਕੀਤਾ। ਇਸਲਾਮ ਨੇ ਪਹਿਲਾਂ ਯਹੂਦੀਆਂ ਤੋਂ ਮੱਕਾ ਖੋਹਿਆ, ਫੇਰ ਸ਼ਾਮ ਤੇ ਇਰਾਕ ਫਤਹਿ ਕੀਤਾ। ਉਪਰੰਤ ਈਰਾਨ ਦੀ ਸਦੀਆਂ ਬੱਧੀ ਲੱਗੀ ਆਉਂਦੀ ਸਾਸੀਅਨ ਸ਼ਹਿਨਸ਼ਾਹੀ ਢਾਹ ਮਾਰੀ ਤੇ ਛੇਤੀ ਹੀ ਸਪੇਨ ਤੋਂ ਲੈ ਕੇ ਰੋਮ ਸਾਗਰ ਦੇ ਦੱਖਣੀ ਕੰਢੇ ਤੇ ਹਿੰਦੁਸਤਾਨ ਦੀਆਂ ਹੱਦਾਂ ਤੱਕ ਏਸ਼ੀਆ ਅੰਦਰ ਆਪਣੇ ਸਮੇਂ ਤੱਕ ਦੀ ਸਭ ਤੋਂ ਵੱਡੀ ਧਰਮੀ ਸ਼ਹਿਨਸ਼ਾਹੀ ਸਥਾਪਤ ਕਰ ਲਈ।

ਇਸਲਾਮੀ ਰਾਜ ਦਾ ਸਮਾਂ ਬਗਦਾਦੀ ਖਿਲਾਫਤ ਦੇ ਅਧੀਨ ਖੋਹਾਂ-ਖਿੰਜਾਂ, ਲੁੱਟਾਂ ਮਾਰਾਂ, ਚੜ੍ਹਾਈਆਂ ਜਿੱਤਾਂ ਹਾਰਾਂ ਤੇ ਜੰਗੋਜੱਦਲ ਦੀਆਂ ਹਕੂਮਤਾਂ ਦਾ ਸਮਾਂ ਸੀ, ਉਹਨਾਂ ਦਾ ਕੰਮ ਸੂਬੇਦਾਰਾਂ ਜਾਂ ਸੁਲਤਾਨਾਂ ਨਾਲ ਬੱਧੇ ਟਕੇ ਵਸੂਲਣਾ ਹੀ ਸੀ ਤੇ ਇਹ ਸੁਲਤਾਨ ਅਗਾਂਹ ਵਾਹੀਕਾਰ ਜਾਂ ਡੰਗਰਪਾਲ ਕਬੀਲੇ ਬਰਾਦਰੀਆਂ ਦੇ ਮੁਖੀਆਂ ਤੋਂ ਆਪਣੇ ਕਰਿੰਦਿਆਂ ਰਾਹੀਂ ਫਸਲ ਜਾਂ ਡੰਗਰ ਵੰਡਾਈ ਕਰਵਾ ਲੈਂਦੇ ਸਨ। ਇਸਲਾਮ ਨੇ ਕਬੀਲੇ ਬਰਾਦਰੀਆਂ ਦੇ ਅੰਦਰਲੇ ਰਸਮਾਂ-ਰਿਵਾਜ਼ਾਂ ਜਾਂ ਪੈਦਾਵਾਰੀ ਢੰਗ ਵਿੱਚ ਕਦੇ ਕੋਈ ਦਖਲ ਨਹੀਂ ਦਿੱਤਾ, ਭਾਵੇਂ ਉਹ ਮੁਸਲਮਾਨ ਕਰ ਲਏ ਗਏ ਸਨ ਜਾਂ ਨਹੀਂ।

ਨਾਨਕ ਵੇਲ਼ੇ ਪੰਦਰ੍ਹਵੀਂ ਸਦੀ ਵਿੱਚ ਪੰਜਾਬ ਉੱਤੇ ਪਠਾਣ ਮੁਗਲ ਇਸਲਾਮੀ ਸ਼ਹਿਨਸ਼ਾਹੀਆਂ ਆਪਣੀ ਕੌਮ ਦੇ ਸੂਬੇਦਾਰਾਂ ਰਾਹੀਂ ਰਾਜ ਕਮਾ ਰਹੀਆਂ ਸਨ ਤੇ ਕਈਆਂ ਸਦੀਆਂ ਤੋਂ ਚੱਲੀਆਂ ਆ ਰਹੀਆਂ, ਵਾਹੀਕਾਰ ਬਰਾਦਰੀਆਂ ਦੀਆਂ, ਪੇਂਡੂ ਇਕਾਈਆਂ ਵਿੱਚ ਵੰਡਿਆ ਹੋਇਆ ਸਮਾਜ ਉਹਨਾਂ ਦੀ ਰਈਅਤ ਸੀ। ਜਿਨ੍ਹਾਂ ਵਿੱਚ ਜੱਟ ਬਹੁਤੀਆਂ ਸਨ)। (ਕਨਿੰਘਮ, ਸਫੇ 4,7,299, ਡਾ. ਜੇ. ਐਸ. ਗਰੇਵਾਲ ਨਾਨਕ ਇਨ ਹਿਸਟਰੀ ਸਫਾ 53-54)

ਸਮਾਜੀ ਸਾਇੰਸ ਨੇ ਸਿੱਧ ਕਰ ਦਿੱਤਾ ਹੈ ਕਿ ਹਰ ਪ੍ਰਕਾਰ ਦੇ ਵਿਚਾਰਾਂ ਤੇ ਉਚਾਰਾਂ ਦਾ ਸੋਮਾ, ਭਾਵੇਂ ਉਹ ਕਿੰਨੇ ਅਧਿਆਤਮਿਕ ਹੋਣ, ਵੇਲ਼ੇ ਦੀ ਪੈਦਾਵਾਰ ਤੇ ਏਸ ਵੱਟ ਵਟਾਂਦਰੇ ਦੀਆਂ ਪਦਾਰਥਕ ਹਾਲਤਾਂ ਹੀ ਹੁੰਦੀਆਂ ਹਨ। ਉਹਨਾਂ ਨੂੰ ਸਮਝਣ ਤੇ ਸੁਲ਼ਝਾਉਣ ਲਈ ਉਚਾਰ ਫੁਰਦੇ ਤੇ ਵਿਚਾਰ ਬਣਦੇ ਹਨ, ਪਰ ਹੋਈ ਉਚਾਰ ਇਤਿਹਾਸ ਅੰਦਰ ਆਪਣਾ ਥਾਂ ਬਣਾ ਸਕਦੇ ਹਨ, ਜੋ ਇਹਨਾਂ ਹਾਲਤਾਂ ਨੂੰ ਸੁਧਾਰਨ ਜਾਂ ਬਦਲਣ ਦਾ ਕਾਰਨ ਬਣਦੇ ਹਨ। ਵਿਚਾਰਧਾਰਾ ਭਾਵੇਂ ਅਧਿਆਤਮਕ ਹੋਵੇ ਤੇ ਭਾਵੇਂ ਸੰਸਾਰੀ ਆਪਣੇ ਜੁਗ ਦਾ ਸਿਆਸੀ ਦਰਸ਼ਨ ਹੁੰਦੀ ਹੈ। ਸੋ ਨਾਨਕਧਾਰਾ ਦਾ ਅਧਾਰ ਲੱਭਣ ਲਈ ਤੇ ਸਫਲਤਾ ਦੇ ਕਾਰਨ ਜਾਚਣ ਲਈ, ਓਸ ਵੇਲ਼ੇ ਦੀਆਂ ਪੰਜਾਬ ਅੰਦਰਲੀਆਂ ਪਦਾਰਥਕ (ਸਮਾਜੀ, ਸਿਆਸੀ, ਆਰਥਕ ਤੇ ਲੋਕਚਾਰਕ) ਹਾਲਤਾਂ ਦੀ ਇਤਿਹਾਸਕ ਘੋਖ ਕਰਨੀ ਅਤਿ ਜ਼ਰੂਰੀ ਹੈ।

ਉੱਤਰੀ ਹਿੰਦੁਸਤਾਨ ਤੇ ਖਾਸ ਕਰ ਪੰਜਾਬ ਅੰਦਰ ਖਲਕਤ ਹਿੰਦੂ ਜਾਂ ਮੁਸਲਮਾਨ ਧਰਮਾਂ ਵਿੱਚ ਬੱਝੀ ਹੋਈ ਸੀ। ਏਸ ਹਾਲਤ ਦੇ ਅਧਿਆਤਮਕ ਤੇ ਪਦਾਰਥਕ ਖਾਸੇ ਦੀ ਸੰਬਾਦਕੀ ਛਾਣ-ਬੀਣ ਕੀਤਿਆਂ ਹੀ ਨਾਨਕ ਦੀਆਂ ਕਹਿਣੀਆਂ ਤੇ ਕਰਨੀਆਂ ਦੀ ਮਹਾਨਤਾ ਉੱਤੇ ਚਾਨਣ ਪੈ ਸਕਦਾ ਹੈ ਤੇ ਓਸ ਨੂੰ ਓਸ ਤੋਂ ਪਹਿਲਾਂ ਧਰਮਾਂ ਦੇ ਬਾਨੀਆਂ ਤੇ ਪ੍ਰਧਾਨ ਹੋਈ ਉੱਤਮਤਾ ਸਮਝੀ ਜਾ ਸਕਦੀ ਹੈ।

(ਓ) ਜੇ ਅਸੀਂ ਡੂੰਘਾ ਨਾ ਜਾਈਏ ਤਾਂ ਵੀ ਅਨੇਕਾਂ ਸਦੀਆਂ ਤੋਂ ਚੱਲੇ ਆ ਰਹੇ ਜਾਤ ਪਾਤ ਦੀ ਊਚ ਨੀਚ ਉੱਤੇ ਆਧਾਰਤ ਚਾਰ ਵਰਣਾਂ ਵਿੱਚ ਵੰਡੇ ਹੋਏ ਹਿੰਦੁਸਤਾਨ ਅੰਦਰ ਪੈਦਾਵਾਰੀ ਵਸੀਲਿਆਂ ਦੀ ਮਲਕੀਅਤ ਤੇ ਏਸ ਦੇ ਨਤੀਜੇ ਵਜੋਂ ਜਮਾਤੀ ਰਾਜ ਸੱਤਾ ਭਾਵੇਂ ਸ਼ੱਤਰੀਆਂ ਦੀ ਹਾਕਮ ਜਮਾਤ ਪਾਸ ਹੀ ਸੀ, ਪਰ ਰਾਜ ਕਾਜ ਤੇ ਸਮਾਜੀ ਕਰਮਕਾਂਡਾਂ ਵਿੱਚ ਬ੍ਰਾਹਮਣ ਦੀ ਚੌਧਰ ਤੇ ਧੌਂਸ ਚਲਦੀ ਸੀ। ਏਸ ਲਿਹਾਜ਼ ਨਾਲ਼ ਬ੍ਰਾਹਮਣ ਸਭ ਤੋਂ ਉੱਚੇ ਵਰਣ ਬਣੇ ਬੈਠੇ ਸਨ। ਜੁਗਾਂ ਜੁਗਾਂਤਰਾਂ ਤੋਂ ਚੱਲਿਆ ਆ ਰਿਹਾ ਇਹ ਵਰਣ ਆਸ਼ਰਮ ਵਾਲ਼ਾ ਹਿੰਦੂ ਸਮਾਜ, ਜਿੱਥੇ ਸਮਾਜੀ ਇਕਾਈਆਂ ਉੱਤੇ ਇਕੱਲੇ ਬ੍ਰਾਹਮਣਾਂ ਦੀਆਂ ਚੌਧਰਾਂ ਹੇਠ ਦੱਬਿਆ ਅਤੇ ਅਧਿਆਤਮਕ ਤੌਰ੍ਹ ‘ਤੇ ਅਨੇਕਾਂ ਪੂਜਾਂ (ਦੇਵੀ ਦੇਵਤਿਆਂ ਤੇ ਅਵਤਾਰਾਂ ਦੀਆਂ ਮਨਾਉਤਾਂ) ਮਗਰ ਲਗਾ ਹੋਇਆ ਸੀ, ਉੱਥੇ ਸਿਆਸੀ ਤੌਰ੍ਹ ਤੇ ਆਪਸ ਵਿੱਚ ਖਹਿਬੜ ਰਹੇ ਅਨੇਕਾਂ ਨਿੱਕੇ ਨਿੱਕੇ ਰਾਜਾਂ ਵਿੱਚ ਖਿੰਡਰਿਆ ਪਿਆ ਸੀ। ਏਸ ਵਿੱਚ ਨਾ ਕਿਸੇ ਇਸ਼ਟ ਦੀ ਅਧਿਆਤਮਕ ਇੱਕਤਾ ਆਈ ਤੇ ਨਾ ਸਾਰੇ ਹਿੰਦੁਸਤਾਨ ਅੰਦਰ ਇੱਕ ਚੱਕ੍ਰਵਰਤੀ ਮਹਾਰਾਜ ਹੋ ਸਕਿਆ। ਏਸ ਕਰਕੇ ਹਿੰਦੂ ਸਮਾਜ ਦੀਆਂ ਇਹਨਾਂ ਨਿੱਕੀਆਂ ਇਕਾਈਆਂ ਉੱਤੇ ਬ੍ਰਾਹਮਣਾਂ ਦੀ ਚੜ੍ਹ ਮੱਚੀ ਰਹੀ, ਭਾਵ ਬ੍ਰਾਹਮਣ ਦਾ ਧਰਮੀਰਾਜ ਚੱਲਦਾ ਰਿਹਾ, ਜਿਸ ਦੇ ਫਲਸਰੂਪ ਕੋਈ ਹਿੰਦੀ ਕੌਮੀ ਭਾਵਨਾ ਨਾ ਉਪਜ ਸਕੀ ਤੇ ਨਾ ਹਿੰਦੁਸਤਾਨ ਇੱਕ ਦੇਸ਼ ਤੇ ਇੱਕ ਕੌਮ ਬਣ ਸਕਿਆ ਤੇ ਛੋਟੇ ਛੋਟੇ ਰਾਜਿਆਂ ਤੇ ਬ੍ਰਾਹਮਣਾਂ ਦੇ ਆਪਸ ਵਿੱਚ ਇੱਟ-ਖੜਿੱਕੇ ਤੇ ਖੋਹਾ-ਮਾਈ ਦਾ ਅਖਾੜਾ ਬਣਿਆ ਰਿਹਾ।

(ਅ) ਇਸਲਾਮ ਬਾਦਸ਼ਾਹੀਆਂ ਹੇਠ ਕਬੀਲੇਦਾਰ ਰਜਵਾੜਿਆਂ (ਨਵਾਬਾਂ ਤੇ ਸੁਲਤਾਨਾਂ) ਦਾ ਧਾਰਮਕ ਸਮਾਜ ਸੀ, ਜਿਸ ਵਿੱਚ ਕਬੀਲੇ ਦਾ ਮੁਖੀ, ਭਾਵੇਂ ਆਪ ਕਿਸੇ ਉਤਲੇ ਹਾਕਮ ਦੇ ਹੀ ਅਧੀਨ ਹੋਵੇ, ਆਪਣੀ ਹੱਦ ਦੇ ਪੈਦਾਵਾਰੀ ਵਸੀਲਿਆਂ ਤੇ ਸ਼ਕਤੀਆਂ ਦਾ ਮਾਲਕ ਹੋਣ ਦੀ ਹੈਸੀਅਤ ਵਿੱਚ ਆਪਣੇ ਕਬੀਲੇ ਦਾ ਹਾਕਮ ਸੀ ਤੇ ਓਸ ਦੇ ਕਬੀਲੇ ਦੇ ਲੋਕ ਓਸ ਦੀ ਰਈਅਤ। ਏਥੇ ਹੇਠਲੇ ਮੁਖੀ ਤੋਂ ਲੈ ਕੇ ਧੁਰ ਉਤਲੇ ਸ਼ਾਹ ਬਾਦਸ਼ਾਹ ਤੱਕ ਇਸਲਾਮੀ ਧਰਮ ਮਰਯਾਦਾ ਤੇ ਰਾਜਸੱਤ੍ਹਾ ਦਾ ਕਰਮਚਾਰੀ ਕਾਜ਼ੀ ਸੀ, ਪਰ ਉਹ ਬ੍ਰਾਹਮਣ ਵਾਂਗ ਹਾਕਮ ਉੱਤੇ ਭਾਰੂ ਨਹੀਂ ਸੀ, ਸਗੋਂ ਉਸਦੇ ਮਾਤਹਿੱਤ ਇੱਕ ਰਾਜਸੀ ਤੇ ਧਾਰਮਿਕ ਪੁਰਜ਼ਾ ਸੀ।

ਪਰ ਇਸਲਾਮ ਵਿੱਚ ਇਸ਼ਟ ਦੀ ਇਕਨੇਰਤਾ ਸੀ, ਜਿਸ ਕਰਕੇ ਭਿੰਨ ਭਿੰਨ ਦੇਸ਼ਾਂ ਅੰਦਰ ਰਾਜ ਸੱਤ੍ਹਾ ਬਾਦਸ਼ਾਹਾਂ ਜਾਂ ਸੁਲਤਾਨਾਂ ਦੇ ਰੂਪ ਵਿੱਚ ਰਾਜਸੀ ਕੇਂਦਰਤਾ ਪ੍ਰਾਪਤ ਕਰੀ ਰੱਖਦੀ ਸੀ। ਸਭ ਮੁਸਲਿਮ ਲੋਕ, ਭਾਵੇਂ ਕਿੰਨਿਆਂ ਹੀ ਫਿਰਕਿਆਂ ਵਿੱਚ ਵੰਡੇ ਗਏ ਸਨ, ਇੱਕੋ ਰੱਬ ਨੂੰ ਅਧਿਆਤਮਕ ਇਸ਼ ਤੇ ਮੁਹੰਮਦ ਨੂੰ ਓਸਦਾ ਪੈਗੰਬਰ (ਸਨੇਹਚੀ) ਮੰਨਦੇ ਸਨ ਤੇ ਓਸ ਤੋਂ ਬਾਅਦ ਬਗਦਾਦ ਦੇ ਵਕਤੀ ਖਲੀਫੇ ਨੂੰ ਪੱਛਮ ਤੋਂ ਲੈ ਕੇ ਪੂਰਬ ਤੱਕ ਦੁਨੀਆਂ ਦੇ ਸਭ ਇਸਲਾਮੀ ਰਾਜ, ਰਜਵਾੜੇ ਤੇ ਬਾਦਸ਼ਾਹ (ਭਾਵੇਂ ਰਸਮੀ ਤੌਰ ‘ਤੇ ਹੀ ਸਹੀ) ਮੁਸਲਿਮ ਰਾਜਸੱਤ੍ਹਾ ਦੀ ਸਰਬੋਤਮ ਹਸਤੀ (ਖਲੀਫਾ) ਗਿਣਦੇ ਸਨ ਤੇ ਜੁੰਮੇਂ ਦੀ ਨਮਾਜ਼ ਤੇ ਤਖਤ-ਨਸ਼ੀਨੀ ਵੇਲ਼ੇ ਉਸ ਦਾ ਖੁਤਬਾ ਪੜ੍ਹਿਆ ਜਾਂਦਾ ਸੀ ਤੇ ਹੈ।

ਇਸਲਾਮ ਜਾਇਦਾਦ ਦੀ ਮਾਲਕੀ ਦੇ ਵਿਤਕਰਿਆਂ ਦੀ ਬਿਨਾ ‘ਤੇ ਤਾਂ ਕਈਆਂ ਸਮਾਜੀ ਰਾਜਸੀ ਜਮਾਤਾਂ ਵਿੱਚ ਵੰਡਿਆਂ ਹੋਇਆ ਸੀ, ਪਰ ਹਿੰਦੂਆਂ ਵਾਂਗ ਜਨਮ ਦੀ ਬਿਨਾ ‘ਤੇ ਕੀਤੀ ਹੋਈ ਜਾਤ-ਪਾਤ ਦੀ ਵਰਣ ਵੰਡ ਨਹੀਂ ਸੀ ਮੰਨਦਾ ਤੇ ਸਭ ਮੁਸਲਮਾਨਾਂ ਦੀ ਸੱਭਿਆਚਾਰਕ ਤੇ ਧਾਰਮਿਕ ਬਰਾਬਰੀ ਦਾ ਦਮ ਭਰਦਾ ਸੀ। ਓਸ ਵਿੱਚ ਨੀਚ ਜਾਤ ਦਾ ਬੰਦਾ (ਗੁਲਾਮ) ਵੀ ਤਲਵਾਰ ਦੇ ਜ਼ੋਰ ਨਾਲ਼ ਹਾਕਮ ਬਣ ਸਕਦਾ ਸੀ। ਏਸ ਦੀ ਏਸੇ ਖੂਬੀ ਨੇ ਦਬੀਆਂ ਹੋਈਆਂ ਹਿੰਦੂ ਕਾਰੀਗਰ ਜਮਾਤਾਂ ਦੇ ਲੋਕਾਂ ਨੂੰ ਇਸਲਾਮ ਦੀ ਕਬੂਲੀਅਤ ਲਈ ਭਰਮਾ ਲਿਆ।

(ਓ) ਹਿੰਦੁਸਤਾਨ ਵਿੱਚ ਦੋ ਤਰ੍ਹਾਂ ਦੀਆਂ ਬਾਹਰੋਂ ਆਉਣੀਆਂ ਹੋਈਆਂ ਇੱਕ ਵਸੇਬੇ ਦੀ ਤੇ ਦੂਸਰੀ ਲੁੱਟਮਾਰ ਤੇ ਰਾਜ ਕਰਨ ਦੀ। ਜੱਟਾਂ ਦੀਆਂ ਵਸੇਬੇ ਦੀਆਂ ਤੇ ਤੁਰਕ ਪਠਾਣਾਂ ਦੀਆਂ ਲੁੱਟਮਾਰ ਤੇ ਰਾਜ ਕਰਨ ਦੀਆਂ।

ਇਸਲਾਮ ਦੇ ਹਿੰਦੁਸਤਾਨ ਆਉਣ ਤੋਂ ਕੋਈ ਹਜ਼ਾਰ ਸਾਲ ਪਹਿਲਾਂ ਤੇ ਅੱਜ ਤੋਂ ਦੋ ਹਜ਼ਾਰ ਤੋਂ ਉੱਤੇ ਦਾ ਸਮਾਂ ਹੋਇਆ, ਜਦੋਂ ਸਾਂਝੇ ਖਾਤਿਆਂ ਦੀ ਵਾਹੀ (ਜ਼ਿਮੀਂਦਾਰ) ਕਰਨ ਤੇ ਗੋਤ ਬਰਾਦਰੀਆਂ ਵਿੱਚ ਰਹਿਣ ਵਾਲ਼ੇ ਜੱਟ ਕਬੀਲੇ ਪੱਛਮ ਉੱਤਰ ਵੱਲੋਂ ਪੋਠੋਹਾਰ ਉੱਤਰ ਕੇ ਪੰਜਾਬ ਅੰਦਰ ਪਿੰਡ ਪਿੰਡ ਦੀਆਂ ਇਕਾਈਆਂ ਵਿੱਚ ਆ ਵਸੇ। ਉਹਨਾਂ ਏਥੋਂ ਦੀ ਭੋਂ ਦੇ ਮਾਲਕ ਸ਼ੱਤਰੀਆਂ ਨੂੰ, ਜੋ ਆਰੀਆ ਕਬੀਲਿਆਂ ਦੇ ਮੁਖੀਆਂ ਦੀ ਔਲਾਦ ਹੋਣ ਕਰਕੇ ਰਾਜਪੂਤ ਅਖਵਾਉਣ ਲੱਗ ਪਏ ਸਨ, ਭੌਂ ਭਾਂਡਾ ਖੋਹ ਕੇ ਸ਼ਿਵਾਲਕ ਦੇ ਪਹਾੜਾਂ, ਯੂ.ਪੀ. ਦੇ ਦੁਆਬਿਆਂ ਤੇ ਰਾਜਸਥਾਨ ਦੇ ਮਾਰੂਥਲਾਂ ਵੱਲ ਧੱਕ ਦਿੱਤਾ ਤੇ ਪੈਦਾਵਾਰੀ ਵਸੀਲਿਆਂ ਦੀ ਮਾਲਕੀ ਦੇ ਨਤੀਜੇ ਵਜੋਂ ਹਾਕਮ ਜਮਾਤ ਵਾਲ਼ਾ ਥਾਂ ਆਪ ਸਾਂਭ ਲਿਆ। ਪਰ ਹੇਠਲੇ ਕੰਮੀ ਵਰਣ ਓਵੇਂ ਕਿਵੇਂ ਜ਼ਮੀਨ ਦੀ ਮਾਲਕੀ ਵਾਂਗ ਬਰਾਦਰੀ ਦੀ ਸਮੁੱਚੀ ਗੁਲਾਮੀ ਤੇ ਸੇਵਾਦਾਰੀ ਵਿੱਚ ਰੱਖ ਲਏ। ਬ੍ਰਾਹਮਣ ਝੱਲ ਤਾਂ ਲਿਆ ਗਿਆ, ਪਰ ਉਸ ਦੀ ਸਰਬੁਤਮਤਾ ਨਾ ਮੰਨੀ ਤੇ ਓਸ ਤੋਂ ਦਿਨ ਦਿਹਾਰਾਂ ਉੱਤੇ ਧਰਮ ਕਾਂਡ ਤੇ ਪ੍ਰਾਹੁਣਾਚਾਰੀ ਵੇਲ਼ੇ ਸੇਵਾਦਾਰੀ ਦੇ ਕੰਮ ਲਏ ਜਾਣ ਲੱਗੇ। ਪੈਦਾਵਾਰੀ ਵਸੀਲਿਆਂ ਦੀ ਮਾਲਕੀ ਤੋਂ ਹੀਣ ਹੋ ਕੇ, ਜੋ ਸ਼ੱਤਰੀ (ਖਤਰੀ) ਪੰਜਾਬ ਵਿੱਚ ਬਾਕੀ ਰਹਿ ਗਏ, ਉਹ ਜੱਟ ਬਰਾਦਰੀਆਂ ਦੀਆਂ ਪਟਵਾਰਾਂ, ਲਿਖਣ ਪੜ੍ਹਨ ਦੀਆਂ ਸੇਵਾਦਾਰੀਆਂ ਤੇ ਵਣਜ ਵਪਾਰ ਦੇ ਕੰਮ ਕਰਨ ਲਗ ਪਏ। ਇਹਨਾਂ ਬਰਾਦਰੀ ਪਿੰਡਾਂ ਦੀ ਚੌਧਰ ਬਰਾਦਰੀ ਦੇ ਆਪਣੇ ਪੰਚਾਂ ਪਾਸ ਹੀ ਰਹੀ।

ਇਹਨਾਂ ਬਰਾਦਰੀਆਂ ਦੇ ਆਪੋ-ਆਪਣੇ ਬਰਾਦਰੀ ਜਠੇਰੇ ਇਹਨਾਂ ਦੇ ਇਸ਼ਟ ਤੇ ਪਿੰੰਡਾਂ ਦੇ ਚੌਧਰੀ ਰਾਜਸੀ ਆਗੂ ਸਨ। ਭਾਵ, ਇਹ ਬਰਾਦਰੀਆਂ ਆਪੋ-ਆਪਣਾ ਅਧਿਆਤਮਕ ਇਸ਼ਟ ਤੇ ਆਪੋ ਆਪਣਾ ਪੇਂਡੂ ਚੌਧਰੀ ਰੱਖਦੀਆਂ ਸਨ। ਜੇ ਕੋਈ ਓਪਰਾ ਰਾਜਾ (ਪਹਿਲਾਂ ਰਾਜਪੂਤ ਤੇ ਫੇਰ ਮੁਸਲਮਾਨ) ਸਿਰ ‘ਤੇ ਆ ਵੱਜਾ ਤਾਂ ਫਸਲ ਵੰਡਾਈ ਦੇ ਛੱਡਣੀ, ਨਹੀਂ ਤੇ ਹਰੀ ਹਰ ਖੈਰ ਅੱਲਾ। ਨਾਨਕ ਦੇ ਇਤਿਹਾਸ ਵਿੱਚ ਪੈਰ ਧਰਨ ਤੱਕ ਏਸ ਠੇਠ ਪੰਜਾਬੀ ਸਮਾਜ ਅੰਦਰ ਨਾ ਕਿਸੇ ਆਪਣੇ ਸਰਬੁਤਮ ਅਧਿਆਤਮਕ ਇਸ਼ਟ ਦੀ ਇਕਲੇਰਤਾ ਉਤਪੰਨ ਹੋਈ ਤੇ ਨਾ ਕੋਈ ਆਪਣਾ ਚੌਧਰੀ ਰਾਜ ਪਦਵੀ ਪ੍ਰਾਪਤ ਕਰ ਸਕਿਆ। ਜਿਸ ਕਰਕੇ ਇਹ ਸਮਾਜ ਖੁਦ ਆਪਣੀਆਂ ਜਗੀਰਦਾਰ ਸਰਦਾਰੀਆਂ ਤੇ ਬਾਦਸ਼ਾਹੀਆਂ ਤੋਂ, ਨਾਨਕ ਤੋਂ ਦੋ ਸੌ ਸਾਲ ਬਾਅਦ ਤੱਕ ਵੀ, ਕੋਰਾ ਰਿਹਾ।

”ਹਿੰਦੁਸਤਾਨ ਦੇ ਭੂਤ ਦਾ ਸਿਆਸੀ ਦਰਿਸ਼ ਭਾਵੇਂ ਕਿੰਨਾ ਬਦਲਿਆ ਹੋਇਆ ਜਾਪੇ, ਇਸ ਦੀਆਂ ਸਮਾਜੀ ਹਾਲਤਾਂ ਉਨ੍ਹੀਵੀਂ ਸਦੀ ਦੇ ਪਹਿਲੇ ਦਸੇ ਤੱਕ (ਅੰਗਰੇਜ਼ ਦੇ ਛਾ ਜਾਣ ਤੱਕ-ਸਹਿੰਸਰਾ) ਸਦੀਆਂ ਪੁਰਾਣੇ ਸਮੇਂ ਤੋਂ ਅਨਬਦਲ ਰਹੀਆਂ ਹਨ (ਕਾਰਲ ਮਾਰਕਸ, ਔਨ ਬਰਿਟੇਨ, ਮਾਸਕੋ, 1953, ਸਫਾ 380)

”ਰਾਜਸੀ ਅਕਾਸ਼ ਦੇ ਹਨੇਰੇ ਝੱਖੜ ਸਮਾਜ ਦੇ ਆਰਥਕ ਅੰਸ਼ਾਂ ਦੀ ਘਾੜਤ ਬਦਲ ਨਹੀਂ ਸਕੇ” (ਕਾਰਲ ਮਾਰਕਸ, ਕੈਪੀਟਲ, ਪਹਿਲੀ ਸੈਂਚੀ, ਮਾਸਕੋ 1951, ਸਡਾ 68)

ਪੰਜਾਬੀ ਪਿੰਡਾਂ ਦੀ ਸਦੀਆਂ ਤੋਂ ਚਲੀ ਆ ਰਹੀ ਏਸ ਅਨਬਦਲ ਹਾਲਤ ਦਾ ਕਾਰਨ ਕਾਰਲ ਮਾਰਕਸ ਤੋਂ ਇਲਾਵਾ ਟਰੈਵੈਸਕੀਸ ਨੇ ਵੀ ਦੱਸਿਆ ਹੈ।

”ਪਿੰਡਾਂ ਦੀ ਬਰਾਦਰੀ ਦਾ ਬਾਹਰਲੀ ਦੁਨੀਆਂ ਨਾਲ਼ ਮੇਲ-ਮਿਲਾਪ ਬਹੁਤ ਹੀ ਘੱਟ ਸੀ। ਏਸ ਲਈ ਕਿਸੇ ਬਾਹਰਲੇ ਆਸਰੇ ਤੋਂ ਬਗੈਰ ਵਸੋਂ ਦੀ ਲੋੜ ਦੇ ਪੂਰੇ ਪੂਰੇ ਕਿੱਤੇ ਤੇ ਵਿਹਾਰ ਪਿੰਡ ਵਿੱਚ ਮੌਜੂਦ ਹੀ ਸਨ, ਜਿਸ ਕਰਕੇ ਉਸਦੇ ਭਾਈਚਾਰੇ ਦੇ ਜੀਵਨ ਨੂੰ ਕਿਸੇ ਬਾਹਰਲੇ ਜੀ ਦੀ ਸਹਾਇਤਾ ਦੀ ਲੋੜ ਨਹੀਂ ਪਈ। ਪਿੰਡ ਵਿੱਚ ਤੇ ਗੋਤ ਅੰਦਰ ਵੀ ਵੇਚ ਵੱਟ ਬਹੁਤ ਥੋੜੀ ਜਾਂ ਹੈ ਹੀ ਨਹੀਂ ਸੀ।” (ਲੈਂਡ ਆਫ਼ ਫਾਈਵ ਰਿਵਰਜ਼, ਸਫਾ 20,79,136-165)

ਪਹਿਲਾਂ ਕਿਤੇ ਰਾਜਪੂਤ ਤੇ ਫੇਰ ਪਠਾਣਾਂ ਤੇ ਮੁਗਲਾਂ ਦੀਆਂ ਫਿਊਡਲ ਸ਼ਾਹੀਆਂ ਨੇ ਇਹਨਾਂ ਬਰਾਦਰੀਆਂ ਤੋਂ ਫਸਲ ਵੰਡਾਈ ਕਰ ਲੈਣ ਤੱਕ ਹੀ ਗਰਜ਼ ਰੱਖੀ ਤੇ ਉਹਨਾਂ ਦੇ ਸਮਾਜੀ ਤੇ ਸਿਆਸੀ ਜੀਵਨ ਵਿੱਚ ਦਖਲ ਨਹੀਂ ਦਿੱਤਾ।

ਇਹਨਾਂ ਬਰਾਦਰੀਆਂ ਨੂੰ ਹਿੰਦੂ ਵਰਣ ਵੰਡ ਕਬੂਲ ਤੇ ਬ੍ਰਾਹਮਣ ਦਾ ਧਰਮ ਦਖਲ ਪ੍ਰਵਾਨ ਕਰ ਲੈਣ ਨਾਲ਼, ਸਮਾਂ ਪਾ ਕੇ ਧਾਰਮਕ ਪਾਣ ਚੜ੍ਹ ਗਈ ਤੇ ਇਹ ਲੋਕ ਆਪਣੇ ਬਰਾਦਰੀ ਜਠੇਰਿਆਂ ਦੇ ਨਾਲ਼ ਨਾਲ਼ ਕਈ ਹਿੰਦੂ ਪੂਜਾਂ ਨੂੰ ਮੰਨਣ ਤੇ ਧਾਰਮਕ ਭਰਮਾਂ ਵਾਲ਼ੀਆਂ ਹੋਰ ਹਿੰਦੂ ਰੀਤਾਂ ਕਰਨ ਕਰਾਉਣ ਲੱਗ ਪਏ। ਪਰ ਏਸਦੇ ਬਾਵਜੂਦ ਇਹਨਾਂ ਆਪਣੀ  ਮਾਲਕ ਪ੍ਰਧਾਨਤਾ ਕਾਇਮ ਰੱਖੀ ਤੇ ਸੰਸਾਰੀ ਕਰਮਕਾਂਡਾਂ ਵਿੱਚ ਬ੍ਰਾਹਮਣ ਦੀ ਲੱਤ ਨਾ ਅੜਨ ਦਿੱਤੀ।

ਇਹਨਾਂ ਲੋਕਾਂ ਨੂੰ ਜਗੀਰਦਾਰ ਸਰਦਾਰੀਆਂ ਵਾਲ਼ੀ ਮਹਾਰਾਜਤਾ ਦੀ ਅਗਲੀ ਇਤਿਹਾਸਕ ਪੌੜੀ ਚੜ੍ਹਨ ਦੀ ਲੋੜ ਸੀ। ਭਾਵ ਫਿਊਡਲ ਸ਼ਾਹੀ ਦੇ ਦੌਰ ਵਿੱਚ ਜਾਣ ਦੀ ਘਾਟ ਸੀ।

(ਸ) ਹਿੰਦੂ ਹਾਕਮ ਜਮਾਤ ਤੁਰਕ ਪਠਾਨ ਇਸਲਾਮੀ ਹਮਲਿਆਂ ਅੱਗੇ ਨਕੰਮੀ ਤੇ ਨਪੁੰਨਸਕ ਸਾਬਤ ਹੋਈ ਤੇ ਉਹਨਾਂ ਦੀ ਰਾਜਸੱਤ੍ਹਾ ਤੋਂ ਹਾਰ ਖਾ ਕੇ ”ਲੇਖ ਨ ਮਿਟਹੀ ਹੇ ਸਖੀ ਜੋ ਲਿਖਿਆ ਕਰਤਾਰ” ਕਹਿਕੇ ਆਪਣਾ ਰਾਜਸੀ ਸਾਹ-ਸੱਤ ਤਾਂ ਛੱਡ ਬੈਠੀਆਂ, ਪਰ ਇਸਲਾਮ ਨਾਲ਼ ਸਮਾਜੀ ਵਾਸਤਾ ਰੱਖਣ ਤੋਂ ਸੰਕੋਚ ਕਰਦੀਆਂ ਰਹੀਆਂ ਤੇ ਭਿੱਟ ਦੇ ਰੂਪ ਵਿੱਚ ਓਸ ਨਾਲ਼ ਸਮਾਜੀ ਤੇ ਧਾਰਮਿਕ ਨਾ ਮਿਲਵਰਤਨ ਕੀਤੀ ਰੱਖੀ। ਓਸ ਨੂੰ ਮਲੇਛ ਮਲੇਛ ਆਖ ਕੇ ਆਪਣੇ ਵਰਣਾਂ ਦੀਆਂ ਨੀਚ ਜਾਤੀਆਂ ਵਾਂਗ ਅਛੂਤ ਸਮਝਣਾ ਸ਼ੁਰੂ ਕਰ ਦਿੱਤਾ। ਏਸ ਨਾਲ਼ ਇਸਲਾਮ ਦੇ ਹਿੰਦੁਸਤਾਨ ਅੰਦਰ ਸਮਾਜੀ ਪੈਰ ਲੱਗਣੇ ਦੁੱਭਰ ਹੋ ਗਏ।

ਇਸਲਾਮ ਦੀ ਏਸ ਮੁਸ਼ਕਿਲ ਨੂੰ ਦੂਰ ਕਰਨ ਦਾ ਕੰਮ ਪਠਾਣੀ ਹਮਲਿਆਂ ਨਾਲ਼ ਆਏ ਤੇ ਫੇਰ ਏਥੋਂ ਹੀ ਬਣ ਤੁਰੇ ਸੂਫੀ ਪੀਰਾਂ ਤੇ ਫਕੀਰਾਂ ਨੇ ਸਾਰਿਆ। ਉਹਨਾਂ ਨੇ ਪੋਠੋਹਾਰ ਦੇ ਆਵਾਣਾਂ, ਪਹਾੜਾਂ ਤੇ ਗੁੱਜਰਾਂ, ਲਹਿੰਦੇ ਦੇਸ ਦੇ ਜੱਟ ਕਬੀਲਿਆਂ ਤੇ ਪੰਜਾਬ ਦੇ ਬਹੁਤ ਸਾਰੇ ਕੰਮੀ ਲੋਕਾਂ ਤੇ ਸ਼ਹਿਰੀ ਕਿਰਤੀਆਂ ਨੂੰ ਮੁਸਲਮਾਨ ਬਣਾ ਲਿਆ। ਏਸ ਤਰ੍ਹਾਂ ਇਸਲਾਮ ਨੇ ਹਿੰਦੂ ਮੁਕਾਬਲੇ ਉੱਤੇ ਆਪਣੀ ਧਰਮੀ ਲੋਕ ਧਿਰ ਬਣਾ ਲਈ, ਜੋ ਦਿਨੋਂ-ਦਿਨ ਵਧਦੀ ਗਈ ਤੇ ਓਸ ਨੇ ਆਪਣੇ ਪੰਜ ਸੌ ਸਾਲਾਂ ਰਾਜ ਵਿੱਚ ਹਿੰਦੁਸਤਾਨ ਅੰਦਰ ਦੂਰ ਦੂਰ ਤੱਕ ਆਪਣੇ ਸਮਾਜੀ ਪੈਰ ਪਸਾਰ ਲਏ।

ਪਰ ਸੂਫੀ ਪੀਰਾਂ ਫਕੀਰਾਂ ਨੇ ਸ਼ਰਹ (ਅਰਬੀ ਸੱਭਿਅਤਾ ਉਤੇ ਅਧਾਰਤ ਧਰਮ ਤੇ ਰਾਜ ਮਰਿਆਦਾ) ਦੀ ਉਹ ਕੱਟੜਤਾ ਨਾ ਰਹਿਣ ਦਿੱਤੀ, ਜੋ ਇਸਲਾਮ ਆਪਣੇ ਨਾਲ਼ ਲੈ ਕੇ ਹਿੰਦੁਸਤਾਨ ਆਇਆ ਸੀ। ਉਹਨਾਂ ਨੇ ਸ਼ਰਹ ਨੂੰ ਹਿੰਦੁਸਤਾਨੀ ਹਾਲਤਾਂ ਨਾਲ਼ ਕਾਫੀ ਹਦ ਤੱਕ ਰਾਸ ਕਰ ਲਿਆ, ਜਿਸ ਨਾਲ਼ ਇਸਲਾਮ ਤਲਵਾਰ ਦੀ ਧੌਂਸ ਤੋਂ ਬਿਨਾਂ ਵੀ ਆਪਣਾ ਪਸਾਰ ਕਰ ਗਿਆ ਤੇ ਪਠਾਣ ਹਾਕਮੀ ਟਕੇ ਭਰਦੇ ਰਹਿਣ ਵਾਲ਼ੇ ਹਿੰਦੂ ਰਾਜਿਆਂ ਨੂੰ ਆਪਣੀ ਆਗਿਆਕਾਰੀ ਵਿੱਚ ਸ਼ਾਮਲ ਕਰਨ ਲੱਗ ਪਈ। ਓਸ ਨੇ ਹਿੰਦੂ ਪੜ੍ਹਿਆਂ ਲਿਖਿਆਂ ਤੋਂ ਰਾਜ ਕਾਜ ਦੇ ਮਾਤਹਿਤੀ ਤੇ ਲੇਖੇ ਜੋਖੇ ਦੇ ਮੁਨੀਮੀ ਕੰਮ ਲੈਣੇ ਆਰੰਭ ਕਰ ਦਿੱਤੇ। ਏਸ ਨਰਮਾਈ ਨਾਲ਼ ਹਿੰਦੂ ਮਾਲਕ ਤੇ ਹਾਕਮ ਜਮਾਤਾਂ ਨੇ ਇਸਲਾਮੀ ਪਠਾਣਾਂ ਦੀ ਅਟੱਲ ਪਰੱਭਤਾ ਨੂੰ ਮੰਨ ਕੇ ਓਸ ਦੀ ਚਾਕਰੀ ਕਰਨੀ ਆਰੰਭ ਦਿੱਤੀ। ਏਸ ਤਰ੍ਹਾਂ ਮੁਸਲਿਮ ਤੇ ਹਿੰਦੂ ਹਾਕਮ ਜਮਾਤਾਂ ਨੇ ਆਪਸੀ ਜਮਾਤੀ ਰਸਰਸਾਈ ਕਰ ਲਈ।

(ਹ) ਇਸਲਾਮ ਦੀ ਹਿੰਦੂਸੱਤਾ (ਹਿੰਦੂ ਹਾਕਮ ਜਮਾਤ) ਉੱਤੇ ਮਾਰ ਲਈ ਹੋਈ ਅਜਿਤ ਪਲਾਕੀ ਨੇ ਹਿੰਦੁਸਤਾਨ ਦੇ ਕਿਰਤੀ ਵਰਣਾਂ ਅੰਦਰੋਂ ਜੁਗਾਂ ਤੋਂ ਧਸਾਈ ਤੁਰੀ ਆ ਰਹੀ ਉੱਚ ਵਰਣਾਂ ਦੀ ‘ਪ੍ਰਮੇਸ਼ਵਰੀ ਅਜਿੱਤਤਾ’ ਦਾ ਭਰਮ-ਭਉ ਤੋੜ ਦਿੱਤਾ। ਇਸਲਾਮੀ ਸਮਾਜ ਦੀ ਵਰਨਾਂ ਤੋਂ ਬਿਨਾਂ ਚਾਲੂ ਹੋ ਗਈ ਹੋਈ ਨਵੀਂ ਤੇ ਅਟੱਲ ਤੇ ਵਿਜਈ ਤੌਰ ‘ਤੇ ਪਰਭਾਵ ਤੇ ਹਿੰਦੂ ਮਾਲਕ ਜਮਾਤਾਂ ਦੀ ਇਸਲਾਮੀ ”ਮਲੇਛ” ਨਾਲ਼ ਕਰ ਲਈ ਹੋਈ ਰਸਰਸਾਈ ਨੇ ਇਹਨਾਂ ਦੱਬੇ ਹੋਏ ਵਰਣਾਂ ਅੰਤਰ ਵਰਨ ਵੰਡ ਦੀ ਹੀਣਤਾ ਦਾ ਅਹਿਸਾਸ ਤੇ ਬ੍ਰਾਹਮਣ ਤੋਂ ਧਾਰਮਕ ਖਹਿੜਾ ਛੁਡਾਉਣ ਦੇ ਭਾਵ ਪੈਦਾ ਕਰ ਦਿੱਤੇ ਤੇ ਇਹਨਾਂ ਵਿੱਚੋਂ ਕਈ ਸੋਚਵਾਨ ਬੰਦਿਆਂ ਨੇ ਕਰਿਸ਼, ਰਾਮ, ਸ਼ਿਵ, ਵਿਸ਼ਨੂੰ, ਦੁਰਗਾ ਤੇ ਕਾਲੀ ਆਦਿ ਪੂਜਾਂ ਵਿੱਚੋਂ ਕਿਸੇ ਇੱਕ ਨੂੰ ਮੁਸਲਮਾਨਾਂ ਵਾਂਗ ਆਪਣਾ ਇਕਲੇਰਾ ਇਸ਼ਟ ਮਿਥ ਕੇ ਓਸੇ ਨੂੰ ਸੰਸਕਿਰਤ ਦੀ ਥਾਂ ਆਪੋ ਆਪਣੀ ਹੰਗ ਦੀਆਂ ਜ਼ਬਾਨਾਂ ਵਿੱਚ ਗਾਉਣਾ ਤੇ ਧਿਆਉਣਾ ਸ਼ੁਰੂ ਕਰ ਲਿਆ। ਇਹ ਭਗਤੀ ਲਹਿਰ ਅਖਵਾਈ। ਸਮਾਂ ਪਾ ਕੇ ਇਹ ਸਾਰੇ ਹਿੰਦੁਸਤਾਨ ਦਾ ਵਰਤਾਰਾ ਹੋ ਗਈ, ਜੋ ਬ੍ਰਾਹਮਣ ਦੀ ਰਾਜ ਪ੍ਰਮੁੱਖਤਾ ਵਿਰੁੱਧ ਕਿਰਤੀ ਵਰਨਾਂ ਤੇ ਸੰਸਕਿਰਤ ਦੇ ਛੱਪੇ ਵਿਰੁੱਧ ਇਲਾਕਾਈ ਲੋਕ ਜ਼ਬਾਨਾਂ ਦੀ ਬਗਾਵਤ ਦਾ ਪਰਿਥਮੀ ਉਭਾਰ ਸੀ। (ਏਸ ਲਹਿਰ ਦਾ ਇਹ ਅਧਿਆਤਮਕ ਕਦਮ ਦਰਅਸਲ ਹਿੰਦੀ ਸਮਾਜ ਨੂੰ ਦੱਬੀ ਬੈਠੀਆਂ ਹਿੰਦੂ ਤੇ ਮੁਸਲਮ ਹਾਕਮ ਜਮਾਤਾਂ ਵਿਰੁੱਧ ਇੱਕ ਤਰ੍ਹਾਂ ਦਾ ਪਦਾਰਥਕ (ਸਿਆਸੀ) ਉੱਦਮ ਸੀ।)

ਹਿੰਦੁਸਤਾਨ ਅੰਦਰ ਭਗਤੀ ਲਹਿਰ ਦੇ ਪੁੰਗਾਰ ਤੇ ਪੰਜਾਬ ਦੀਆਂ ਉੱਤੇ ਦੱਸੀਆਂ (ਪਦਾਰਥਕ ਤੇ ਅਧਿਆਤਮਕ) ਇਤਿਹਾਸਕ ਹਾਲਤਾਂ ਅੰਦਰ ਨਾਨਕ ਨੇ ਇਤਿਹਾਸ ਵਿੱਚ ਪਰਵੇਸ਼ ਕੀਤਾ। ਇਹੋ ਜਿਹੀਆਂ ਭੇਡੂ, ਪੇਚਦਾਰ ਤੇ ਅਸਪੱਸ਼ਟ ਹਾਲਤਾਂ ਨਾਨਕ ਤੋਂ ਪਹਿਲਾਂ ਕਿਸੇ ਵੀ ਹੋਰ ਧਰਮ ਦੇ ਕਹੇ ਜਾਂਦੇ ਬਾਨੀ ਨੂੰ ਪੇਸ਼ ਨਹੀਂ ਆਈਆਂ। ਨਾ ਰਾਮ, ਨਾ ਕਰਿਸ਼ਨ, ਨਾ ਪਾਂਡਵਾਂ, ਨਾ ਬੁੱਧ, ਨਾ ਈਸਾ ਤੇ ਨਾ ਮੁਹੰਮਦ ਨੂੰ। ਇਹਨਾਂ ਪੰਦਰ੍ਹਵੀਂ ਸਦੀ ਦੁਹਾਂ ਵਿਰੋਧੀ ਧਰਮਾਂ ਤੇ ਸਿਆਸਤਾਂ ਦੇ ਭੇੜਾਂ ਦੇ ਨਿੱਤ ਦਿਹਾੜੀ ਦੇ ਖੌਰੂ ਤੋਂ ਜਾਨ ਛੁਡਾ ਕੇ ਮਾਲਕ ਜੱਟ ਬਰਾਦਰੀ ਆਂਦੀ ਪ੍ਰਧਾਨਤਾ ਵਾਲ਼ੇ ਸਮਾਜ ਦੇ ਇਤਿਹਾਸ ਨੂੰ ਉੱਨਤੀ ਦੇ ਅਗਲੇ ਜੁਗ ਵੱਲ ਲੈ ਜਾਣਾ, ਪੰਜਾਬੀ ਲੋਕਾਂ ਦਾ ਇੱਕ ਮਹਾਨ ਇਤਿਹਾਸਕ ਕਾਰਜ ਸੀ, ਜੋ ਸਦੀਆਂ ਤੋਂ ਅਨਪੂਰਿਆ ਪਿਆ ਸੀ। ਏਸ ਕਾਰਜ ਨੂੰ ਪਛਾਨਣ ਤੇ ਏਸ ਨੂੰ ਸਿੱਧੀ ਵਾਲ਼ੇ ਰਸਤੇ ਪਾਉਣ ਦਾ ਸਿਹਰਾ ਨਾਨਕ ਦੇ ਸਿਰ ਬੱਝਾ।

ਓਸ ਸਮੇਂ ਬਰਾਦਰੀਆਂ ਕਬੀਲੇ ਅਜ਼ਾਦ ਸਨ। ਹੁਣ ਏਥੇ ਸਿਆਸੀ ਤੇ ਧਾਰਮਕ ਤੌਰ ‘ਤੇ ਮੁਸਲਿਮ ਹਕੂਮਤ/ਹਿੰਦੂ ਸਮਾਜ ਦੇ ਪੁੜਾਂ ਵਿੱਚ ਆਏ ਹੋਏ ਸਨ। ਏਸ ਲਈ ਹਿੰਦੂ ਧਰਮ ਤੋਂ ਅੱਡ ਹੋ ਕੇ ਮੁਗਲ ਗੁਲਾਮੀ ਤੋਂ ਛੁਟਕਾਰਾ ਪਾ ਕੇ ਹੀ ਬਰਾਦਰੀਆਂ ਆਪਣੇ ਵਿਕਾਸ ਦੀ ਮੰਜ਼ਿਲੇ ਤੁਰ ਆਪਣੀ ਕੌਮੀ (ਪੰਜਾਬੀ) ਇਕਰਾਜਤਾ ਸਥਾਪਤ ਕਰ ਸਕਦੀਆਂ ਸਨ। ਜਗਤ ਇਤਿਹਾਸ ਦੱਸਦਾ ਹੈ ਕਿ ਕਿਸਾਨ ਆਪਣੇ ਆਪ ਕਦੇ ਨਹੀਂ ਉੱਠਿਆ। ਉਸਦੀ ਨਿੱਜੀ ਪੈਦਾਵਾਰ ਉਸ ਨੂੰ ਦੂਸਰਿਆਂ ਤੋਂ ਅੱਡਰਾ ਰੱਖਦੀ ਹੈ ਤੇ ਇੱਕਮੁੱਠ ਹੋਣ ਨਹੀਂ ਦਿੰਦੀ। ਏਸ ਲਈ ਇਹ ਵਿਕਾਸ ਕਬੀਲੇ ਖੁਦ ਨਹੀਂ ਕਰ ਸਕਦੇ, ਭਾਵੇਂ ਉਹਨਾਂ ਕਿੰਨੀਆਂ ਹੀ ਬਗਾਵਤਾਂ ਕੀਤੀਆਂ ਹੋਣ। ਪੰਜਾਬ ਵਿੱਚ ਵੀ ਏਸੇ ਤਰ੍ਹਾਂ ਹੋਇਆ ਮੁਹੰਮਦ ਲਤੀਫ ਲਿਖਦਾ ਹੈ :

”ਪੰਜਾਬ ਦੀ ਗਖੜ ਬਰਾਦਰੀ ਨੇ ਮੁਹੰਮਦ ਗੌਰੀ ਵਿਰੁੱਧ 23ਵੀਂ ਸਦੀ ਚੜ੍ਹਦਿਆਂ ਬਗਾਵਤ ਕੀਤੀ (ਸਫਾ 94), 1247 ਵਿੱਚ ਫੇਰ ਝੰਡਾ ਚੁੱਕਿਆ (99), ਮਲਕ ਹੈਦਰ ਖਾਂ ਦੀ ਸਰਦਾਰੀ ਹੇਠ 1341 ਵਿੱਚ ਤੁਗਲਕਾਂ ਵਿਰੁੱਧ ਉੱਠ ਖੜੇ ਹੋਏ (109), 1394 ਵਿੱਚ ਸ਼ੇਖੇ ਗੱਖੜ ਨੇ ਬਰਾਦਰੀ ਫੌਜ ਲੈ ਕੇ ਵਿਦਰੋਹ ਲੜਿਆ (112), ਫੇਰ ਸ਼ੇਖੇ ਦੇ ਪਰਾ ਜੱਸ (ਜਸਰਤ) ਨੇ 1421 ਤੋਂ 1427 ਤੱਕ ਜਿੱਤਦੇ ਹਾਰਦੇ ਲਾਹੌਰ ਸਣੇ ਕੇਂਦਰੀ ਪੰੰਜਾਬ ਤੇ ਕਬਜ਼ਾ ਕਰੀ ਰੱਖਿਆ ਤੇ ਛੇ ਸਾਲ ਫਿਊਡਲ ਸ਼ਾਹ ਬਣਿਆ ਰਿਹਾ।” (117-119) ਇਹ ਪੰਜਾਬ ਦੀ ਧਰਤੀ ਉੱਤੇ ਪੰਜਾਬ ਦਾ ਪਹਿਲਾ ਰਾਜ ਸੀ, ਜੋ ਬਚਪਨ ਵਿੱਚ ਹੀ ਮਰ ਗਿਆ। 1562 ਵਿੱਚ ਆਦਮ ਗੱਖੜ ਨੇ ਅਕਬਰ ਵਿਰੁੱਧ ਬਗਾਵਤ ਕੀਤੀ (138)।  ਮੁਹੰਮਦ ਕਾਸਮ ਫਰਿਸ਼ਤਾ ਵੀ ਏਸਦੀ ਤਸਦੀਕ ਕਰਦਾ ਹੈ (ਜਹੁਨ ਬਰਿਗਜ਼, ਅੰਗਰੇਜ਼ੀ ਤਰਜਮਾ ਸਫਾ 213)।

ਫੇਰ ਇਹ ਕਰਦਾ ਕੌਣ? ਹਿੰਦੂ ਹਾਕਮ ਜਮਾਤ ਏਸ ਕੰਮ ਲਈ ਨਪੁੰਨਸਕ ਹੋ ਚੁੱਕੀ ਸੀ। (ਡਾ. ਗੋਲਕਚੰਦ ਨਾਰੰਗ, ਟਰਾਂਸਫਾਰਮੇਸ਼ਨ ਆਫ ਸਿਖਿਜ਼ਮ, ਸਫਾ 19) ਜੁਗਾਂ ਜੁਗਾਂਤਰਾਂ ਤੋਂ ”ਵਰਣ ਆਸ਼ਰਮ ਵਿੱਚ ਬੱਝਾ ਹੋਇਆ ਹਿੰਦੂ ਸਮਾਜ ਗੰਢੋਂ ਹੀ ਨਹੀਂ ਸੀ। (ਟਰੈਵੈਸਕੀਸ, ਸਫੇ 55-57) ਅਧਿਆਤਮਕ ਤੌਰ ‘ਤੇ ਬ੍ਰਾਹਮਣਾਂ ਦੀ ਚੌਧਰ ਹੇਠ ਦੱਬਿਆ ਮਜ਼ਹਬੀ ਤੌਰ ‘ਤੇ ਅਨੇਕਾਂ ਪੂਜਾ (ਦੇਵੀ ਦੇਵਤਿਆਂ ਤੇ ਅਵਤਾਰਾਂ ਦੀਆਂ ਮਨਾਉਤਾਂ) ਦਾ ਪੂਜਕ ਤੇ ਸਿਆਸੀ ਤੌਰ ‘ਤੇ ਆਪਸ ਵਿੱਚ ਖਹਿਬੜ ਤੇ ਲੜ ਮਰ ਰਹੇ ਬੇਅੰਤ ਨਿੱਕੇ ਨਿੱਕੇ ਰਜਵਾੜਿਆਂ (ਫਿਊਡਲ ਰਿਆਸਤਾਂ) ਵਿੱਚ ਖੱਖੜੀ ਹੋਇਆ ਪਿਆ ਸੀ। ਜਿਸ ਕਾਰਨ ਹਿੰਦੂ ਸਮਾਜ ਵਿੱਚ ਕੋਈ ਸਰਬ ਏਕੇ ਦੀ ਭਾਵਨਾ ਅਰਥਾਤ ”ਕੌਮੀ ਸੋਝੀ” ਨਾ ਉਪਜ ਸਕੀ। (ਡਾ. ਨਾਰੰਗ, ਸਫਾ 80) ਏਸੇ ਕਰਕੇ ਉਹ ਬਾਹਰਲੇ ਹਮਲਾਵਰਾਂ ਅੱਗੇ ਦਮ ਨਹੀਂ ਮਾਰਦਾ ਰਿਹਾ। ਪੰਜਾਬ ਵਿੱਚ ਤਾਂ ਏਸ ਦੀ ਸਿਆਸੀ ਚੌਧਰ ਇਸਲਾਮੀ ਰਾਜ ਨੇ ਚਿਰੌਕਣੀ ਖੋਹ ਲਈ ਹੋਈ ਸੀ।

ਕਬੀਲੇ ਦੇ ਸਰਦਾਰਾਂ ਦੇ ਵੱਡੀਆਂ ਵੱਡੀਆਂ ਸ਼ਹਿਨਸ਼ਾਈਆਂ ਵਿਰੁੱਧ ਹਥਿਆਰੀ ਬਗਾਵਤ ਕਰਕੇ ਫਿਊਡਲ ਬਾਦਸ਼ਾਹ ਬਣ ਜਾਣ ਦਾ ਵੇਲ਼ਾ ਵਿਹਾ ਗਿਆ ਸੀ। ਹੁਣ ਤਾਂ ਕਿਸੇ ਅਧਿਆਤਮਕ ਆਗੂ ਵੱਲੋਂ ਕਬੀਲਿਆਂ ਅੰਦਰ ਕੌਮੀ ਭਾਵਨਾ ਪੈਦਾ ਕਰਕੇ ਹੀ ਇਹਨਾਂ ਸ਼ਹਿਨਸ਼ਾਈਆਂ ਨੂੰ ਉਲਟਾਇਆ ਤੇ ਕੌਮੀ ਰਾਜਸੱਤ੍ਹਾ ਸਥਾਪਤ ਕੀਤੀ ਜਾ ਸਕਦੀ ਸੀ। ਹਿੰਦੁਸਤਾਨ ਅੰਦਰ ਕੌਮੀ ਭਾਵਨਾ ਦਾ ਵਿਚਾਰ ਨਾਨਕ ਬਾਣੀ ਨੇ ਪੇਸ਼ ਕੀਤਾ ਤੇ ਪੁਸ਼ਤ ਦਰ ਪੁਸ਼ਤ ਚਲਾ ਕੇ ਸਫਲ ਬਣਾਇਆ।

ਨਾਨਕਧਾਰਾ ਦੀ ਮੰਨਤਾ ਦੇ ਨਿੱਕਲੇ ਪਦਾਰਥਵਾਦੀ ਸਿੱਟੇ ਵੇਖਣ ਲਈ ਸੰਬਾਦਕੀ ਕਨੂੰਨ ਦਾ ਇਤਿਹਾਸਕ ਵਰਤਾਰਾ ਵਾਚਣਾ ਬਹੁਤ ਜਰੂਰੀ ਹੈ, ਜੋ ਸਮਾਜ ਦੇ ਵਿਕਾਸ ਦਾ ਮੂਲ ਸੂਤਰ ਹੈ।

ਕੌਮ ਤੇ ਏਸ ਦੇ ਇਕਸੇ ਸਰਦਾਰ ਦੀ ਭਾਵਨਾ ਉਪਜਨ ਲਈ ਪਹਿਲ ਪਰਿਥਮ ਦੇ ਸਾਂਝ ਭਿਆਲੀ ਦੀ ਪੈਦਾਵਾਰ ਵਾਲ਼ੇ ਗੁਲਾਮੀ ਵਿੱਚ ਗਰੱਸਤ ਕਬੀਲਦਾਰ ਜੁਗ ਤੋਂ ਜਾਗੀਰਦਾਰ ਸਰਦਾਰੀਆਂ ਤੇ ਫੇਰ ਉਤਾਂਹ ਪੁਰਖੀ ਮਹਾਰਾਜਤਾ ਦਾ ਜੁਗ ਆਉਣਾ ਲਾਜ਼ਮੀ ਹੈ। ਸਰਮਾਏਦਾਰਾ  ਯੁੱਗ ਆਉਣ ਤੋਂ ਪਹਿਲਾਂ ਇਹ ਇਤਿਹਾਸ ਦੀ ਲਾਜ਼ਮੀ ਸ਼ਰਤ ਰਹੀ ਹੈ। ਕਬੀਲਿਆਂ ਤੋਂ ਜਗੀਰਦਾਰ ਪਲਟੇ ਦੀ ਤੋਰ ਜਦ ਤੁਰਦੀ ਹੈ, ਜਦ ਕਬੀਲਿਆਂ ਅੰਦਰ ਵਾਹੀ ਦੀ ਪੈਦਾਵਾਰ ਤੋਂ ਹਟ ਕੇ (ਅਜ਼ਾਦ ਹੋ ਕੇ) ਦਸਤਕਾਰੀ ਤੇ ਵਪਾਰ ਦੇ ਕਿੱਤੇ ਤੁਰ ਪੈਂਦੇ ਹਨ ਤੇ ਵਾਹੀ ਅਤੇ ਦਸਤਕਾਰੀ ਦੀ ਪੈਦਾਵਾਰ ਵਿੱਚ ਇੱਕ ਦੂਜੇ ਨਾਲ਼ ਵਸਤਾਂ ਦੀ ਵਟ-ਵਟਾਈ ਆਰੰਭ ਹੋ ਜਾਂਦੀ ਹੈ। ਇਤਿਹਾਸ ਸਾਖੀ ਹੈ ਕਿ ਦੁਨੀਆਂ ਦੇ ਹਰ ਤਖਤੇ ਉੱਤੇ ਜਗੀਰਦਾਰ ਜੁਗ ਵੱਲ ਵਧਣ ਦੀ ਚੇਸ਼ਟਾ ਤੇ ਪਹਿਲ, ਜਿੱਥੇ ਕਿਤੇ ਵੀ ਹੋਈ ਹੈ, ਪੈਦਾਵਾਰ ਦੀ ਏਸ ਨਵੀਂ ਕਿਰਤ ਦੇ ਅੰਸ਼ਾਂ ਨੇ ਹੀ ਕੀਤੀ। ਜਿਨ੍ਹਾਂ ਨੂੰ ਮਾਰਕਸ ਨੇ ਅੱਜ ਦੀ ਬੁਰਜੂਆਜੀ ਦਾ ਪਹਿਲ ਪਰਿਥਮੀ ਬਿਆੜ ਆਖਿਆ ਹੈ। ਉਹ ਜਮੀਨ ਦੀ ਮਾਲਕੀ ਤੇ ਓਸ ਤੋਂ ਹੋ ਰਹੀ ਪੈਦਾਵਾਰ ਤੋਂ ਤਾਂ ਬੇਸ਼ੱਕ ਨਿਆਰੇ ਸਨ, ਪਰ ਨਾਬਰ ਨਹੀਂ। ਉਹਨਾਂ ਦਾ ਵਣਜ ਵਿਹਾਰ ਤੇ ਦਸਤਕਾਰੀ (ਹੱਥ ਕਿਰਤ) ਜ਼ਮੀਨੀ ਪੈਦਾਵਾਰ ਵਿੱਚ ਬੱਝੇ ਹੋਏ ਲੋਕਾਂ ਨਾਲ਼ ਹੀ ਸਬੰਧਤ ਸੀ। ਏਸ ਲਈ ਉਹਨਾਂ ਦੀ ਪੈਦਾਵਾਰ ਦੀ ਪ੍ਰਕਾਰ ਵੀ ਜ਼ਮੀਨੀ ਪੈਦਾਵਾਰ ਦੇ ਤਰੀਕਾਕਾਰ ਦੀ ਅੰਗੀਕਾਰ ਤੇ ਮੁਥਾਜ ਸੀ। ਉਹਨਾਂ ਨੂੰ ਆਪਣੇ ਵਣਜ ਵਪਾਰ ਦੇ ਮਾਲ ਨੂੰ ਦਸਉਰ ਲਿਜਾਣ ਲਈ ਅਨੇਕ ਪ੍ਰਕਾਰ ਦੇ ਨਿੱਕੇ ਨਿੱਕੇ ਕਬੀਲਿਆਂ ਦੇ ਸਰਦਾਰਾਂ ਦੀ ਹੱਦੇ ਵਿੱਚ ਦੀ ਲੰਘਾਉਣਾ ਪੈਂਦਾ, ਜਿਸਦਾ ਹਰ ਸਰਦਾਰ ਨੂੰ ਮਸੂਲ ਦੇਣਾ ਹੁੰਦਾ ਸੀ। ਇਹ ਮਸੂਲਾਂ ਦੀ ਬਹੁਤਾਤ ਦਸਉਰ ਜਾਂਦੇ-ਆਂਦੇ ਮਾਲ ਨੂੰ ਬਹੁਤ ਮਹਿੰਗਾ ਕਰ ਦਿੰਦੀ ਸੀ। ਜਿਸ ਦਾ ਮੰਡੀ ਵਿੱਚ ਵਿਕਣਾ ਰਹਿ ਜਾਂਦਾ ਸੀ। ਏਸ ਜਮਾਤ ਦੇ ਅੰਸ਼ਾਂ ਨੂੰ ਹੀ ਏਸ ਹੰਨੇ-ਹੰਨੇ ਸਰਦਾਰੀ ਉੱਤੇ ਗੁੱਸਾ ਆਉਂਦਾ ਤੇ ਇਹਨਾਂ ਨੂੰ ਕਿਸੇ ਵੱਡੇ ਰਾਜ ਵਿੱਚ ਪਰਤਣ ਦੇ ਵਿਚਾਰ ਉਠਦੇ ਤਾਂ ਜੋ ਉਹ ਇੱਕੇ ਥਾਂ ਮਸੂਲ ਭਰ ਸਕਣ ਤੇ ਉਹਨਾਂ ਦੇ ਮਾਲ ਦੀ ਕਿਸੇ ਸਵਾਮੀ ਹੱਥੋਂ ਰੱਖ ਹੋ ਸਕੇ। ਏਸ ਲਈ ਉਹ, ਏਸ ਨਵੀਂ ਪ੍ਰਕਾਰ ਦੀ ਪੈਦਾਵਾਰ ਦੇ ਮੋਢੀਆਂ ਦੇ ਸੋਚਵਾਨ ਪੁਰਸ਼ ਹੀ ਸਨ, ਜਿਨ੍ਹਾਂ ਨੇ ਕਬੀਲਿਆਂ ਦੇ ਲੋਕਾਂ ਦੇ ਵਿਚਾਰਾਂ ਨੂੰ ਆਪਣੇ ਮਗਰ ਲਾਉਣ ਲਈ ਅੱਡੋ ਅੱਡ ਕਬੀਲਿਆਂ ਦੇ ਨਿੱਕੇ-ਨਿੱਕੇ ਪੂਜਾਂ ਦੀ ਥਾਂ ਜਾਂ ਉੱਤੋਂ ਦੀ ਇੱਕ ਪ੍ਰਮੁੱਖ ਪੂਜ ਦੀ ਪਿਰਤ ਚਲਾਈ। ਏਸ ਨੂੰ ਉਹਨਾਂ ਨੇ ਨਵੇਂ ਧਰਮ ਦਾ ਨਾਉਂ ਦਿੱਤਾ। ਕਬੀਲਿਆਂ ਦੇ ਆਪੋ ਆਪਣੇ ਪੂਜਾਂ ਨਾਲ਼ੋਂ ਓਸ ਕਿਸੇ ਸਰਵੋਤਮ ਪੂਜ ਨੂੰ ਮੰਨਣ ਦੇ ਉਪਦੇਸ਼ ਦਿੱਤੇ ਤੇ ਫੇਰ ਮਗਰੋਂ ਏਸ ਇਸ਼ਟ ਦੇ ਨਾਂ ‘ਤੇ ਤਲਵਾਰਾਂ ਚੁੱਕ ਕੇ ਰਾਜਸੱਤ੍ਹਾ ਧਾਰਨ ਕਰ ਲਈ। ਉਪਰੰਤ ਆਪ ਜਾਂ ਉਹਨਾਂ ਦੇ ਨਾਮਲੇਵਾ ਕਬੀਲਿਆਂ ਦੇ ਸਰਦਾਰਾਂ ਦੇ ਉੱਤੋਂ ਦੀ ਹੋ ਕੇ ਕੌਮ ਦੀ ਸਮੁੱਚੀ ਰਾਜਸੱਤਾ ਦੇ ਸਾਂਈ ਬਣ ਗਏ। ਫੇਰ ਆਸੇ ਪਾਸੇ ਦੇ ਦੇਸ਼ਾਂ ਨੂੰ ਫੌਜਾਂ ਦੇ ਜ਼ੋਰ ਫਤਹਿ ਕਰਕੇ ਉਹ ਆਪਣੀ ਧਰਮਸੱਤਾ ਨੂੰ ਖੁੱਲੀ ਡੁੱਲ੍ਹੀ ਰਾਜ ਸ਼ਕਤੀ ਬਣਾ ਦਿੰਦੇ ਰਹੇ। ਜਿਸ ਦੀ ਵਿਆਪਕਤਾ ਨਾਲ਼ ਆਪਣੇ ਮਾਤਹਿਤ ਕਰ ਲਏ ਗਏ ਕਬੀਲਿਆਂ ਦੇ ਮੁਖੀਆਂ ਤੇ ਗੁਲਾਮਦਾਰਾਂ ਨੂੰ ਜਾਗੀਰਦਾਰੀ ਸਰਦਾਰੀਆਂ ਦੇਈ ਜਾਣ ਦਾ ਸਿਸਟਮ ਤੁਰ ਪੈਂਦਾ ਤੇ ਅਗਾਂਹ ਫੌਜੀ ਬਲ ਦੇ ਜ਼ੋਰ ਸ਼ਹਿਨਸ਼ਾਹੀਆਂ (ਮਹਾਰਾਜਤਾਵਾਂ) ਬਣ ਜਾਂਦਾ ਰਿਹਾ। ਹਿੰਦੂ, ਇਸਾਈਆਂ, ਬੁੱਧ, ਮੁਸਲਮਾਨਾਂ, ਯੂਰਪ ਦੀਆਂ ਬਾਦਸ਼ਾਹੀਆਂ ਤੇ ਪੰਜਾਬ ਦਾ ਸਿੱਖ ਰਾਜ ਏਸ ਇਤਿਹਾਸਕ ਪਦਾਰਥਕਵਾਦੀ ਵਿਆਪਕਤਾ (ਸੱਚ) ਦੀ ਗਵਾਹੀ ਦਿੰਦੇ ਹਨ।

ਹਿੰਦੁਸਤਾਨ ਅੰਦਰ, ਏਸ਼ੀਆ ਦੇ ਕਈ ਹੋਰਨਾਂ ਦੇਸਾਂ ਵਾਂਗ ਜਗੀਰਦਾਰੀ ਮਹਾਰਾਜਤਾਵਾਂ ਦੇ ਪਤਾ ਨਹੀਂ ਕਿੰਨੇ ਦੌਰ ਆਏ ਤੇ ਗਏੇ। ਪਰ ਦਸਤਕਾਰੀ ਦੇ ਸਨਅਤ ਵਿੱਚ ਨਾ ਉੱਨਤ ਕਰ ਸਕਣ ਕਾਰਨ ਹਿੰਦੀ ਸਮਾਜ ਅਗਾਂਹ ਸਰਮਾਇਆਦਾਰ ਦੌਰ ਵੱਲ ਨਾ ਵਧ ਸਕਿਆ। ਇਹ ਮਹਾਰਾਜਤਾਵਾਂ ਸਮੇਂ ਸਮੇਂ ਹੰਢ-ਵਰਤ ਕੇ ਢਹਿ-ਢੇਰੀ ਹੋ ਜਾਂਦੀਆਂ ਰਹੀਆਂ। ਇਹ ਮਹਾਰਾਜਤਾਵਾਂ, ਸਰਮਾਇਆਦਾਰ ਅੰਸ਼ ਦੀ ਘਾਟ ਕਰਕੇ, ਹਿੰਦੂ ਵਰਣਵੰਡ ਤੇ ਕਬਾਇਲੀ ਇਕਾਈਆਂ ਦੇ ਸਮਾਜ ਨੂੰ ਨਾ ਤੋੜ ਸਕੀਆਂ, ਜੋ ਕੰਮ ਸਨਅਤੀ ਬੁਰਜੁਆਜੀ ਦਾ ਸਰਮਾਇਆਦਾਰ ਜੁਗ ਹੀ ਕਰ ਸਕਦਾ ਹੈ। ਏਸ ਜੁਗਾਂ ਲੰਮੀ ਇਤਿਹਾਸਕ ਖੜੋਤ ਕਾਰਨ ਹਿੰਦੂ ਸਮਾਜ ਆਪਸ ਵਿੱਚ ਖਹਿਬੜ ਰਹੇ ਕਬੀਲਿਆਂ, ਭਿੜ ਰਹੇ ਰਜਵਾੜਿਆਂ ਤੇ ਲੜ ਮਰ ਰਹੇ ਮਹਾਰਾਜਿਆਂ ਦਾ ਹੀ ਖਲ਼ਜਗਣ ਬਣਿਆ ਰਿਹਾ। ਜਿਸ ਕਰਕੇ ਏਸ ਵਿੱਚ ਕੋਈ ਕੌਮੀ ਭਾਵਨਾ ਉਤਪੰਨ ਨਾ ਹੋ ਸਕੀ। ਏਸ ਤਰ੍ਹਾਂ ਦੇ ਖਲ਼ਜਗਣਾਂ ਭਰੇ ਇਤਿਹਾਸ ਦੀ ਜੁਗਾਂ ਬੱਧੀ ਲੰਮਾਈ ਨੇ ਹਿੰਦੂ ਸਮਾਜ ਨੂੰ ਅਧਿਆਤਮਕ ਤੌਰ ‘ਤੇ ਅਨੇਕਤਾ ਵਿੱਚ ਖਿੰਡਾਰ, ਧਾਰਮਕ ਤੌਰ ‘ਤੇ ਬ੍ਰਾਹਮਣ ਦੇ ਵੱਸ ਪਾ ਤੇ ਰਾਜਸੀ ਤੌਰ ‘ਤੇ ਨਿੱਕਿਆਂ ਰਜਵਾੜਿਆਂ ਵਿੱਚ ਬਬਰੀਆਂ ਕਰ ਛੱਡਿਆ।

ਮੁਸਲਿਮ ਸਮਾਜ ਸ਼ਹਿਨਸ਼ਾਹੀਆਂ ਦਾ ਤਾਜਾ ਸਮਾਜ ਸੀ। ਬਗ਼ਦਾਦ ਦੀ ਖਿਲਾਫਤ ਦੇ ਕਮਜ਼ੋਰ ਹੋ ਜਾਣ ਦੇ ਬਾਵਜੂਦ ਏਸ ਦੀਆਂ ਭਿੰਨ-ਭਿੰਨ ਦੇਸਾਂ ਵਿੱਚ ਕੌਮੀ ਸ਼ਹਿਨਸ਼ਾਹੀਆਂ ਚੱਲ ਰਹੀਆਂ ਸਨ। ਹਿੰਦੁਸਤਾਨ ਵਿੱਚ ਰਾਜ ਕਰਦਿਆਂ ਇਹਨਾਂ ਨੂੰ ਛੇ ਸੌ ਸਾਲ ਹੋ ਗਏ ਸਨ ਤੇ ਏਸ ਸਮੇਂ ਵਿੱਚ ਲਗਭਗ 9 ਟੱਬਰਾਂ (ਘਰਾਣਿਆਂ) ਨੇ ਮਹਾਰਾਜਗੀਆਂ ਭੋਗੀਆਂ ਸਨ। ਲੋਧੀ ਸੁਲਤਾਨਾਂ ਤੋਂ ਬਾਬਰ ਨੇ 1526 ਵਿੱਚ ਰਾਜ ਖੋਹ ਕੇ ਮੁਗਲ ਸ਼ਹਿਨਸ਼ਾਹੀ ਸਥਾਪਤ ਕਰ ਦਿਤੀ।

ਪੰਜਾਬ ਅੰਦਰ ਤੀਜੀ ਧਿਰ ਮਾਲਕ ਜੱਟ ਜ਼ਿਮੀਦਾਰ ਬਰਾਦਰੀਆਂ ਦੀਆਂ ਪੇਂਡੂ ਇਕਾਈਆਂ ਵਿੱਚ ਵੰਡਿਆਂ ਹੋਇਆ ਅਣਗਿਣਤ ਚੌਧਰਾਂ ਦਾ ਸਮਾਜ ਪ੍ਰਧਾਨ ਸੀ। ਜੋ ਹਿੰਦੂ ਧਰਮਸੱਤਾ ਤੇ ਮੁਸਲਿਮ ਰਾਜਸੱਤਾ ਦੁਹਾਂ ਤੋਂ ਤੰਗ ਸੀ। ਹਿੰਦੂ ਧਰਮਸੱਤਾ ਇਹਨਾਂ ਨੂੰ ਅਨਆਰੀਆ ਹੋਣ ਕਰਕੇ ਨੀਚ ਸਮਝਦੀ ਸੀ, ਭਾਵੇਂ ਦਿੱਤਾ ਇਹਨਾਂ ਦਾ ਹੀ ਖਾਂਦੀ ਸੀ। ਪੰਜਾਬ ਅੰਦਰ ਵਾਹੀਯੋਗ ਜ਼ਮੀਨਾਂ ਦੇ ਅਮੁੱਕ ਵਿਸਥਾਰ ਨੇ ਇਹਨਾਂ ਨੂੰ ਜ਼ਮੀਨਾਂ ਮੱਲਣ ਮਲਾਉਣ ਲਈ ਰਾਜਪੂਤਾਂ ਵਾਂਗ ਆਪਸ ਵਿੱਚ ਲੜ ਲੜ ਕੇ ਮਰਨ ਦਾ ਮੌਕਾ ਨਾ ਦਿੱਤਾ। ਜ਼ਮੀਨ ਦੀ ਤੰਗੀ ਵੇਲ਼ੇ ਬਰਾਦਰੀਆਂ ਦੇ ਕੁਝ ਜੀਅ ਮਖੀਰ ਦੇ ਟੱਬਰਾਂ ਵਾਂਗ ਆਪਣੇ ਕਾਂਧੂ ਨਾਲ਼ ਲੈ ਕੇ ਹੋਰ ਦਰੇ ਵਿਹਲੀ ਜ਼ਮੀਨ ‘ਤੇ ਜਾ ਬੈਠਦੇ ਰਹੇ। ਵਾਹੀ ਦੀ ਪੈਦਾਵਾਰ ਨੇ ਇਹਨਾਂ ਨੂੰ ਆਪੋ ਆਪਣੀ ਥਾਂ ਪਿੰਡਾਂ ਵਿੱਚ ਬਿਠਾਈ ਰੱਖਿਆ ਤੇ ਇਹ ਆਪੋ ਆਪਣੇ ਬਰਾਦਰੀ ਜਠੇਰਿਆਂ ਦੇ ਉਪਾਸ਼ਕ ਤੇ ਪੂਜਕ ਬਣੇ ਰਹੇ। ਹਿੰਦੂ ਵਰਣਵੰਡ ਦੀ ਕਬੂਲੀਅਤ ਨੇ ਵੀ ਇਹਨਾਂ ਅੰਦਰ ਕਿਸੇ ਅਧਿਆਤਮਿਕ ਇਸ਼ਟ ਦੀ ਇਕਲੇਰਤਾ ਨਾ ਆਉਣ ਦਿੱਤੀ ਤੇ ਨਾ ਆਉਣੀ ਸੀ। ਏਸ ਕਰਕੇ, ਏਸ ਦਾ ਜਗੀਰਦਾਰ ਸਰਦਾਰੀਆਂ ‘ਤੇ ਆਧਾਰਤ ਮਹਾਰਾਜਤਾ ਵੱਲ ਵਿਕਾਸ ਕਈ ਸਦੀਆਂ ਰੁਕਿਆ ਰਿਹਾ, ਭਾਵ ਇਹਨਾਂ ਦਾ ਆਪਣਾ ਠੇਠ ਪੰਜਾਬੀ (ਕੌਮੀ) ਰਾਜ ਵਜੂਦ ਵਿੱਚ ਨਾ ਆ ਸਕਿਆ। ਪਰ ਏਸ ਦਾ ਇਹ ਇਹਿਤਾਸਕ ਕਾਰਜ ਕਿਸੇ ਨਾ ਕਿਸੇ ਸਮੇਂ ਪੂਰਾ ਹੋਣਾ ਹੀ ਸੀ। 16ਵੀਂ ਸਦੀ ਦੇ ਚੜ੍ਹਦਿਆਂ ਏਸ ਦੀ ਸੰਭਾਵਨਾ ਲਈ ਲੋੜੀਂਦੀਆਂ ਪਦਾਰਥਕ ਕਰਤਾਰੀ ਤੇ ਸਨਮੁਖੀ ਸ਼ਰਤਾਂ ਪੂਰੀਆਂ ਹੋ ਗਈਆਂ ਸਨ।

ਪੰਜਾਬ ਅੰਦਰ ਹਿੰਦੀ ਵਪਾਰੀ ਤਬਕਾ ਪੈਦਾ ਹੋ ਚੁੱਕਾ ਸੀ ਜੋ ਕਰਨਹਾਰ ਸ਼ਕਤੀ ਬਣਨਯੋਗ ਸੀ।

ਨਗੇਸ਼ਨ ਆਫ ਨਗੇਸ਼ਨ (ਵਿਨਾਸ਼ ਦਾ ਵਿਨਾਸ਼=ਵਿਕਾਸ) ਦੇ ਡਾਇਲੈਕਟੀ ਕਨੂੰਨ ਮਖ਼ਜਬ ਕਬੀਲੇ ਬਰਾਦਰੀਆਂ ਦੇ ਸਮਾਜ ਦਾ ਵਿਨਾਸ਼ ਹੋ ਕੇ ਵਿਕਾਸ ਦੀ ਅਗਲੀ ਮੰਜ਼ਿਲ ਫਿਊਡਲਸ਼ਾਹੀ ਤੇ ਉਸ ਤੋਂ ਉੱਤੇ ਉਸਦੀ ਇੱਕਰਾਜਤਾ (ਸ਼ਹਿਨਸ਼ਾਹੀ) ਹੈ। ਪੰਜਾਬ ਦੀਆਂ ਬਰਾਦਰੀਆਂ ਦੀ ਇਹ ਇਤਿਹਾਸਕ (ਡਾਏਲੈਕਟਕੀ) ਲੋੜ ਅਜੇ ਅਨਪੂਰੀ ਪਈ ਸੀ। ਜਿੱਥੇ ਕੁ ਨਾਨਕ ਵੇਲੇ (ਮੱਧ ਸਮੇਂ) ਜਗਤ ਇਤਿਹਾਸ ਪਹੁੰਚ ਚੁੱਕਾ ਸੀ, ਉੱਥੇ ਦਸਤਕਾਰੀ ਦਾ ਵਿਕਾਸ ਤੇ ਏਸ ਨੂੰ ਭੁਗਤਾਉਣ ਲਈ ਵਪਾਰ ਦਾ ਪਸਾਰ ਹੀ ਇਹ ਜਰੂਰਤ ਮਹਿਸੂਸ ਕਰਵਾਉਂਦਾ ਹੈ। ਇਤਿਹਾਸ ਦੀ ਇਹ ਲੋੜ ਫਿਊਡਲਸ਼ਾਹੀ ਜਾਂ ਬਰਾਦਰੀਆਂ ਦੇ ਸਮਾਜ ਦੀ ਕੁੱਖ ਵਿੱਚੋਂ ਉੱਠੀ ਨਵੀਂ ਵਪਾਰੀਆਂ ਦੀ ਜਮਾਤ, ਬੁਰਜੂਆਜ਼ੀ ਨੇ ਪੂਰੀ ਕਰਨੀ ਸੀ। ਇਤਿਹਾਸਕ ਤੌਰ ‘ਤੇ ਏਸ ਵਿਕਾਸ ਦੀ ਚੇਤਨਾ ਧਰਤੀ ਦੇ ਹਰ ਖੰਡ ਵਿੱਚ ਪਹਿਲੇ ਪਹਿਲ ਵਪਾਰੀ ਲੋਕਾਂ ਵਿੱਚ ਹੀ ਆਈ। ਪੰਜਾਬ ਦੇ ਵਪਾਰੀ ਲੋਕ ਖੱਤਰੀ ਸਨ।

”ਪੰਜਾਬ ਦਾ ਸਮੁੱਚਾ ਤੇ ਅਫਗਾਨਿਸਤਾਨ ਦਾ ਬਹੁਤਾ ਵਪਾਰ ਖੱਤਰੀਆਂ ਦੇ ਹੱਥ ਸੀ ਤੇ ਉਹ ਹੱਦਾਂ ਵੀ ਟੱਪ ਜਾਂਦਾ ਸੀ। ਕਿਸੇ ਵੀ ਪਿੰਡ ਦਾ ਉਹਨਾਂ ਤੋਂ ਬਗੈਰ ਨਹੀਂ ਸੀ ਸਰਦਾ”, (ਡੈਨਜ਼ਿਲ ਇਬਸਨ ਪੰਜਾਬ ਕਾਸਟਸ, 1883, ਸਫਾ 24) ਸੋ ਖੱਤਰੀਆਂ ਦੇ ਏਸ ਵਪਾਰਕ ਪਸਾਰ ਨੇ ਇਤਿਹਾਸ ਦੀ ਉਹ ਸਟੇਜ ਲੈ ਆਂਦੀ, ਜਿੱਥੇ ਉਹਨਾਂ (ਬੁਰਜੁਆਜ਼ੀ) ਨੂੰ ਆਪਣੇ ਵਪਾਰ ਖੇਤਰ (ਦੇਸ਼) ਦੀ ਸਿਆਸਤ ਨੂੰ ਏਸ ਸਮਾਜੀ ਬਦੀ ਅਨੁਕੂਲ ਬਦਲਣ ਦੀ ਇਤਿਹਾਸਕ ਲੋੜ ਲਾਜ਼ਮੀ ਤੌਰ ‘ਤੇ ਉੱਠ ਪੈਂਦੀ ਹੈ।

ਛੇ ਸੌ ਸਾਲਾ ਮੁਸਲਿਮ ਰਾਜ ਦੇ ਪ੍ਰਵਾਹ ਨੇ ਹਿੰਦੁਸਤਾਨ ਅੰਦਰ ਤੇ ਖਾਸ ਕਰ ਪੰਜਾਬ ਅੰਦਰ, ਜੋ ਹਿਦੁਸਤਾਨ ਦਾ ਬਾਹਰਲੇ ਹਮਲਿਆਂ ਲਈ ਦਰਵਾਜ਼ਾ ਆਖਿਆ ਜਾਂਦਾ ਹੈ, ਦਸਤਕਾਰੀ ਦੀ ਪੈਦਾਵਾਰ ਬਹੁਤ ਵਧਾ ਦਿੱਤੀ। ਹਾਕਮ ਸ਼ਾਨੋ-ਸ਼ੌਕਤ, ਭੋਗ-ਵਿਲਾਸ, ਰਹਿਣ-ਸਹਿਣ ਤੇ ਰੰਗ-ਤਮਾਸ਼ਿਆਂ ਦੀਆਂ ਵਸਤਾਂ ਤੇ ਬਸਤਰ, ਫੌਜ ਤੇ ਜੰਗ ਦੀਆਂ ਲੋੜਾਂ ਲਈ ਦਾਰੂ ਸਿੱਕਾ ਤੇ ਹਥਿਆਰ ਪੱਤਾ, ਸਵਾਰੀ, ਭਾਰ-ਬਰਦਾਰੀ ਤੇ ਸ਼ਿਕਾਰ ਦਾ ਸਾਜ਼-ਸਮਾਨ ਤੇ ਕਈ ਹੋਰ ਕਾਰ ਵਿਹਾਰਾਂ ਲਈ ਲੋੜੀਂਦੀਆਂ ਚੀਜ਼ਾਂ ਤੇ ਇਹ ਸਭ ਕੁਝ ਤਿਆਰ ਕਰਨ ਲਈ ਚਾਹੀਦੇ ਸੰਦਾਂ ਦੀ ਪੈਦਾਵਾਰ ਬਹੁਤ ਵਧ ਗਈ। ਜਿਸ ਦੇ ਫਲਸਰੂਪ ਵਣਜ ਵਪਾਰ ਵਿੱਚ ਬੜਾ ਵਾਧਾ ਹੋਇਆ। ਏਸ ਵਪਾਰ ਨੂੰ ਦੋ ਵੱਡੀਆਂ ਅਲਾਮਤਾਂ ਰੁਕਾਵਟ ਪਾ ਰਹੀਆਂ ਸਨ। ਇੱਕ ਤਾਂ ਪਹਿਲਾਂ ਪਠਾਣੀ ਤੇ ਫੇਰ ਮੁਗਲ ਗ਼ੈਰ-ਕੌਮੀ ਰਾਜ ਗੁਲਾਮੀ। ਜੋ ਵਪਾਰੀਆਂ ਦੇ ਮਾਲ ਨੂੰ ਦਸਉਰ ਲਿਜਾਣ ਲਿਆਣ ਦੀ ਰੱਖ ਦੀ ਕੋਈ ਗਰੰਟੀ ਨਹੀਂ ਸੀ ਤੇ ਨਾ ਰਾਹ ਵਿੱਚ ਜਾਂ ਦਸਉਰ ਵਿੱਚ ਲੁੱਟੇ ਪੁੱਟੇ ਜਾਣ ਦੀ ਕਿਸੇ ਸ਼ਿਕਾਇਤ ਦੇ ਸੁਣੇ ਜਾਣ ਦੀ ਆਸ। ਰਾਜ ਦੇ ਹੇਠਾਂ ਮਾਲਕ ਜੱਟ ਬਰਾਦਰੀਆਂ ਪ੍ਰਧਾਨ ਸਨ। ਇਹਨਾਂ ਵਿੱਚੋਂ ਕਈਆਂ ਦੀਆਂ ਹੱਦਾਂ ਲੰਘਣ ਲੱਗਿਆ ਮਸੂਲ ਦੇਣੇ ਪੈਂਦੇ ਸਨ। ਜਾਂ ਕਈ ਥਾਂਈ ਮਾਲ ਦੀ ਖੋਹਾ ਮਾਈ ਹੋ ਜਾਂਦੀ ਸੀ। ਵਪਾਰ ਦੇ ਕਿੱਤੇ ਦਾ ਭਿੰਨ ਪ੍ਰਕਾਰ ਦੀਆਂ ਹਾਲਤਾਂ, ਚਤੁਰਾਈਆਂ ਤੇ ਬੰਦਿਆਂ ਨਾਲ਼ ਵਾਹ ਪੈਂਦਾ ਹੈ, ਜਿਸ ਕਰਕੇ ਇਹ ਜਮਾਤ ਜਨਤਾ ਦੀ ਆਮ ਪੱਧਰ ਨਾਲ਼ੋਂ ਵਧੇਰੇ ਸੂਝਵਾਨ ਹੁੰਦੀ ਹੈ। ਏਸ ਲਈ ਉਹੋ ਜਿਹੇ ਵੇਲ਼ਿਆਂ ਵਿੱਚ ਏਸ ਜਮਾਤ ਦੇ ਅੰਸ਼ਾਂ ਤੋਂ ਹੀ ਉਤਲੀਆਂ ਅਲਾਮਤਾਂ ਤੋਂ ਖਲਾਸੀ ਪਾਉਣ ਦਾ ਕੋਈ ਰਾਹ ਲੱਭਣ ਦੀ ਆਸ ਹੋ ਸਕਦੀ ਹੈ।

ਏਸ ਇਤਿਹਾਸਕ ਕਾਰਜ ਨੂੰ ਨੇਪਰੇ ਚੜ੍ਹਾਉਣ ਲਈ ਸਨਮੁਖੀ ਸ਼ਰਤਾਂ ਪਹਿਲੇ ਹੀ ਮੌਜੂਦ ਸਨ। ਜੱਟ ਬਰਾਦਰੀਆਂ ਨੇ ਆਪਣਾ ਮਹਾਰਾਜਤਾ ਵੱਲ ਵਧਣ ਦਾ ਕਾਰਜ ਪੂਰਾ ਕਰਨਾ ਸੀ, ਜੋ ਮੁਗਲ ਰਾਜ ਤੋਂ ਅਜ਼ਾਦ ਹੋ ਕੇ ਹੀ ਕੀਤਾ ਜਾ ਸਕਦਾ ਸੀ। ਏਸ ਲਈ ਕਿਸੇ ਅਧਿਆਤਮਕ (ਵੇਲ਼ੇ ਦੀਆਂ ਹਾਲਤਾਂ ਅਨੁਸਾਰ) ਆਗੂ ਦੀ ਲੋੜ ਸੀ, ਜੋ ਜਨਤਕ ਪੁਸ਼ਟੀ ਤੇ ਹਮਾਇਤ ਪ੍ਰਾਪਤ ਕਰ ਲਵੇ। ਏਸ ਜਨਤਕ ਪੁਸ਼ਟੀ ਵਾਸਤੇ ਨਵੇਂ ਧਰਮ ਦੀ ਲੋੜ ਸੀ, ਨਖਿੱਧ ਹਿੰਦੂ ਤੇ ਮੁਸਲਿਮ ਧਰਮਾਂ ਤੋਂ ਵੱਖਰਾ ਹੋਵੇ। ਫੇਰ ਜਨਤਕ ਪੁਸ਼ਟੀ ਦੇ ਆਗੂ ਨੂੰ ਸਤਿਗੁਰੂ ਤੇ ਰਾਜਗੁਰੂ (ਪਾਤਸ਼ਾਹ) ਦੀ ਪਦਵੀ ਤੱਕ ਪੁਚਾਉਣਾ, ਰਾਜਸੱਤਾ ਧਾਰਨ ਕਰਕੇ ਜੱਟ ਬਰਾਦਰੀਆਂ ਨੂੰ ਹਿੰਦੂ ਧਰਮੀ ਭਰਮਾਂ ਤੋਂ ਮੁਕਤ ਕਰੇ ਤੇ ਮੁਗਲ ਰਾਜ ਨੂੰ ਉਲੱਦਣ ਲਈ ਓਸ ਨਾਲ਼ ਫੌਜੀ ਟੱਕਰਾਂ ਲੈਣ ਜੋਗਾ ਕਰ ਜਾਏ। ਇਹ ਕਰਤਾਰੀ ਸ਼ਰਤ ਸੀ, ਜੋ ਪੰਜਾਬ ਨੇ ਪੂਰੀ ਕਰਨੀ ਸੀ।

ਇਤਿਹਾਸ ਦੀ ਇਹ ਸ਼ਰਤ ਪੂਰੀ ਕਰਨ ਤੇ ਜੱਟ ਬਰਾਦਰੀਆਂ ਨੂੰ ਏਸ ਦਾ ਅਹਿਸਾਸ ਕਰਵਾਉਣ ਲਈ ਓਸ ਵੇਲ਼ੇ ਦੇ ਹਾਲਾਤ ਅਨੁਸਾਰ ਹਿੰਦੁਸਤਾਨੀ ਰੂਪ ਦਾ ਕੋਈ ਇੱਕੋ ਇੱਕ ਕੇਂਦਰੀ ਇਸ਼ਟ ਤੇ ਓਸ ਇਸ਼ਟ  ਨੂੰ ਮੰਨਵਾਉਣ ਵਾਲ਼ੇ ਪੰਜਾਬ ਦੇ ਆਪਣੇ ਅੰਦਰੋਂ ਹੀ ਉੱਠੇ ਕਿਸੇ ਆਗੂ ਦੀ ਲੋੜ ਸੀ ਜੋ ਸੰਸਕ੍ਰਿਤ ਤੇ ਅਰਬੀ ਦੀ ਥਾਂ ਪੰਜਾਬ ਦੀ ਆਪਣੀ ਜ਼ਬਾਨ ਵਿੱਚ ਗੱਲ ਕਰੇ। ਜਿਸ ਤਰ੍ਹਾਂ ਉੱਤੇ ਦੱਸਿਆ ਜਾ ਚੁੱਕਾ ਹੈ, ਪੰਜਾਬ ਦੇ ਗ਼ੈਰ-ਜ਼ਿਮੀਂਦਾਰ ਅੰਸ਼ਾਂ ਵਿੱਚੋਂ ਹੀ ਕੋਈ ਸੋਚਵਾਨ ਦਾਨਾ ਪੁਰਸ਼ ਇਹ ਲੋੜ ਪ੍ਰਤੀਤ ਕਰ ਸਕਦਾ ਸੀ ਤੇ ਆਪਣੀ ਵਿੱਦਿਆ, ਗਿਆਨ, ਬੁੱਧੀ ਤੇ ਉਪਦੇਸ਼ ਨਾਲ਼ ਬਰਾਦਰੀਆਂ ਦੀ ਜਨਤਾ ਨੂੰ ਏਸ ਰਾਹੇ ਤੋਰਨ ਲਈ ਪ੍ਰੇਰ ਸਕਦਾ ਸੀ। ਪੰਜਾਬ ਵਿੱਚ ਇਹ ਇਤਿਹਾਸਕ ਕਾਰਜ ਸਾਧਨ ਦੀ ਨਾਨਕ ਨੇ ਪਹਿਲ ਕੀਤੀ ਤੇ ਇਹ ਕਾਰਜ ਸਾਧਨਾ ਇਤਿਹਾਸਕ (ਸੰਬਾਦਕੀ) ਪਦਾਰਥਕਵਾਦੀ ਰੀਤ ਤੇ ਨੇਮ ਉੱਤੇ ਪੂਰੀ ਉੱਤਰੀ।

ਕਿਉਂਕਿ ਨਾਨਕ ਵੀ ਜਮਾਤੀ ਤੌਰ ‘ਤੇ ਅੱਜ ਦੀ ਬੁਰਜੁਆਜ਼ੀ ਦੀ ਪੰਜਾਬ ਅੰਦਰ ਪਹਿਲ ਪਰਿਥਮ ਦੀ ਉੱਤੇ ਦੱਸੀ ਪਨੀਰੀ ਵਿੱਚੋਂ ਹੀ ਇੱਕ ਸੋਚਵਾਨ ਸਿਆਣੀ ਹਸਤੀ ਸੀ। ਜਿਸ ਨੇ ਜੱਟ ਬਰਾਦਰੀਆਂ ਦੀ ਪ੍ਰਧਾਨਤਾ ਵਾਲ਼ੇ ਸਮਾਜ ਨੂੰ ਮੁਗਲ ਰਾਜਸੱਤ੍ਹਾ ਤੋਂ ਅਜ਼ਾਦ ਕਰਵਾ ਕੇ ਤੇ ਜਗੀਰਦਾਰ ਸਰਦਾਰੀਆਂ ਦੀ ਪੌੜੀ ਚੜ੍ਹਾ ਕੇ ਕਿਸੇ ਕੌਮ ਵਿੱਚ ਢਾਲਣ ਦੀ ਸਿਆਸਤ ਲਈ ਆਪਣਾ ਫਲਸਫਾ ਰਚਿਆ, ਪ੍ਰਚਾਰਿਆ ਤੇ ਪੁਸ਼ਤੋ-ਪੁਸ਼ਤ ਅਗਾਂਹ ਆਪਣੀ ਕਾਮਯਾਬੀ ਵੱਲ ਤੁਰਿਆ ਰਹਿਣ ਵਾਲ਼ਾ ਬਣਾ ਦਿੱਤਾ। ਜਿਸ ਦੀ ਮਨਾਉਤ ‘ਤੇ ਸਿੱਖਿਆ ਦੇ ਉਪਾਸ਼ਕ ਬਣ ਕੇ ਦੋ ਸਦੀਆਂ ਦੇ ਅੰਦਰ ਹੀ ਅਗਲੇ ਗੁਰੂਆਂ (ਜੋ ਵਪਾਰੀ ਜਮਾਤ ਦੇ ਹੀ ਅੰਸ਼ ਸਨ) ਨੇ ਏਸ ਦੇਸ ਨੂੰ ਧਰਮ ਦਾ ਜਾਮਾ ਪਾ ਕੇ ਰਾਜਸ਼ਕਤੀ ਬਣਾ ਦਿੱਤਾ ਤੇ ਸਿੰਘਾਂ ਨੇ ਨਰੋਲ ਪੰਜਾਬੀ ਰਾਜਸੱਤਾ ਵਿੱਚ ਪਲ਼ਟ ਲਿਆ।

ਸੰਸਾਰੀ ਤੌਰ ‘ਤੇ ਨਾਨਕ ਵੀ ਬੇਦੀ ਖੱਤਰੀ ਸੀ, ਜੋ ਵਪਾਰੀ ਜਾਂ ਨੌਕਰੀ-ਪੇਸ਼ਾ ਲੋਕ ਸਨ। ਉਸ ਦਾ ਪਿਤਾ ਤੇ ਸਹੁਰਾ ਜੱਟਾਂ ਦੀ ਪਟਵਾਰ ਕਰਦੇ ਸਨ। ਓਸ ਨੇ ਖੁਦ ਪਹਿਲਾਂ ਵਪਾਰ ਦਾ ਕੰਮ ਕੀਤਾ, ਜੋ ਉਸ ਦੇ ਬਹੁਤ ਹੀ ਸੋਚਵਾਨ ਮਨ ਨੂੰ ਨਾ ਜਚਿਆ। ਜਵਾਨ ਹੋਇਆ ਤਾਂ ਆਪਣੇ ਰਿਸ਼ਤੇਦਾਰਾਂ ਦੇ ਆਖੇ ਵੇਖੇ ਸੁਲਤਾਨਪੁਰ ਦੇ ਨਵਾਬ ਦੌਲਤ ਖਾਂ ਲੋਧੀ ਦੇ ਮੋਦੀਖਾਨੇ ਦੀ ਨੌਕਰੀ ਕਰਨ ਲੱਗ ਪਿਆ। ਏਸ ਸਮੇਂ ਚ ਉਹ ਵਿਆਹਿਆ ਵੀ ਗਿਆ ਤੇ ਓਸ ਦੇ ਦੋ ਪੁੱਤਰ ਵੀ ਹੋ ਗਏ। ਭਾਵ ਓਸਨੇ ਤਕਰੀਬਨ ਅੱਧੀ ਉਮਰੀ ਸੰਸਾਰੀ ਜੀਵਾਂ ਵਾਂਗ ਬਕਾਇਦਾ ਗ੍ਰਹਿਸਤ ਭੋਗਿਆ।

ਏਸ ਵੇਲ਼ੇ ਤੱਕ ਓਸ ਨੇ ਹਿੰਦੂ ਤੇ ਮੁਸਲਮਾਨ ਧਰਮਾਂ ਦਾ ਬਹੁਤ ਕੁਝ ਦੇਖ-ਭਾਲ਼ ਲਿਆ ਸੀ। ਨਵਾਬੀ (ਰਾਜਸੱਤਾ) ਵੀ  ਵੇਖ ਲਈ, ਸਮਾਜ ਵੀ ਵੇਖ ਲਿਆ। ਹਿੰਦੂ ਤਾਂ ਉਹ ਆਪ ਹੀ ਸੀ। ਪੰਜਾਬ ਦੀ ਸਮਾਜੀ ਤੇ ਸਿਆਸੀ ਦੁਰਦਸ਼ਾ ਬੜੀ ਦੀਰਘ ਦ੍ਰਿਸ਼ਟੀ ਨਾਲ਼ ਵੇਖੀ ਜਾਚੀ। ਪੰਜਾਬ ਅੰਦਰ ਉਹ ਸਾਰੀ ਲੜਾਈ ਭੜਾਈ ਖੁਹਾਮਾਈ, ਲੁੱਟਮਾਰ ਤੇ ਕਤਲਾਮ ਮੱਚੀ ਰਹਿੰਦੀ ਸੀ, ਜੋ ਭੈੜੂ ਜਮਾਤਾਂ ਦੀਆਂ ਸਿਆਸੀ ਤੇ ਰਾਜਸੀ ਹਾਲਤਾਂ ਦਾ ਲਾਜ਼ਮੀ ਸਿੱਟਾ ਹੁੰਦੀ ਹੈ। ਮੁਗਲ ਪਠਾਣ ਹਾਕਮ ਜਮਾਤ ਤੇ ਉਨ੍ਹਾਂ ਦੀ ਚਾਕਰ ਹਿੰਦੂ ਮਾਲਕ ਜਮਾਤ, ਹੇਠਲੇ ਕਿਰਤੀ ਵਰਣਾਂ ਤੇ ਜਮਾਤਾਂ ਦੀ ਆਪਣੀ ਰਈਅਤ ਤੇ ਗੋਲ਼ੀਆਂ ਸਮਝ ਕੇ ਦਬੱਲ-ਛਿੱਲ ਲਹੁੰਦੀਆਂ ਸਨ। ਵਪਾਰੀਆਂ ਦੇ ਜਾਨ-ਮਾਲ ਦੀ ਕੋਈ ਗਰੰਟੀ ਨਹੀਂ ਸੀ, ਕਿਰਤੀ ਤੇ ਗੁਲਾਮ ਜਨਤਾ ਅਤਿਅੰਤ ਦੁਖੀ ਸੀ। ਇੱਕ ਹਨੇਰ ਮੱਚਿਆ ਹੋਇਆ ਸੀ। ਉਨ੍ਹਾਂ ਦੀ ਕੁਰਲਾਹਟ ਸੁਣਨ ਵਾਲ਼ਾ ਕੋਈ ਨਹੀਂ ਸੀ ਤੇ ਨਾ ਉਨ੍ਹਾਂ ਅੰਦਰ ਏਸ ਤੋਂ ਛੁਟਕਾਰਾ ਪਾਉਣ ਦੀ ਕੋਈ ਆਪਣੀ ਸੂਝ ਪੈਦਾ ਹੋਈ ਸੀ। ਨਾਨਕ ਪਹਿਲੀਆਂ ਪੰਜਾਬੀ ਅੱਖਾਂ ਸਨ, ਜਿਨ੍ਹਾਂ ਨੇ ਇਹ ਹਾਲਤਾਂ ਵੇਖੀਆਂ ਤੇ ਪਹਿਲਾ ਪੰਜਾਬੀ ਮਨ ਸੀ ਜਿਸ ਏਸ ਬਾਰੇ ਅਵਾਜ਼ ਉਠਾਈ ਤੇ ਪਹਿਲੀ ਕਲਮ ਸੀ ਜਿਸ ਨੇ ਏਸ ਹਾਲਤ ਨੂੰ ਏਸ ਤਰ੍ਹਾਂ ਦੱਸਿਆ :

-ਹਉ ਭਾਲਿ ਵਿਕੁੰਨੀ ਹੋਈ।। ਆਧੇਰੈ ਰਾਹੁ ਨ ਕੋਈ।।
    (ਵਾਰ ਮਾਝ -੧੪੫)
-ਲਖ ਚੋਰੀਆ ਲਖ ਜਾਰੀਆ ਲਖ ਕੂੜੀਆ ਲਖ ਗਾਲਿ।।
  ਲਖ ਠਗੀਆ ਪਹਿਨਾਮੀਆ ਰਾਤਿ ਦਿਨਸੁ ਜੀਅ ਨਾਲਿ।।
           (ਵਾਰ ਮਾਝ -੧੭੧)
-ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ।।
 ਕੂੜ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ।।
   (ਵਾਰ ਮਾਝ -੧੪੫)
-ਰਾਜੇ ਸੀਂਹ ਮੁਕੱਦਮ ਕੁੱਤੇ।। ਜਾਇ ਜਗਾਇਨ ਬੈਠੇ ਸੁਤੇ।।
   (ਵਾਰ ਮਲਾਰ-੧੨੮੮)
-ਹਰਣਾ ਬਾਜਾਂ ਤੈ ਸਿਕਦਾਰਾਂ ਏਨ੍ਹਾ ਪੜ੍ਹਿਆ ਨਾਉ।।
  ਫਾਂਧੀ ਲਾਗੀ ਜਾਤਿ ਫਹਾਇਨਿ ਅਗੈ ਨਾਹੀ ਥਾਉ।।
   (ਵਾਰ ਮਲਾਰ-੧੨੮੮)

ਏਸ ਹਾਲਤ ‘ਤੇ ਕੀਤੀਆਂ ਸੋਚਾਂ ਤੋਂ ਨਾਨਕ ਨੇ ਪੰਜਾਬ ਦੀ ਜਨਤਾ ਨੂੰ ਏਸ ਦੁਰਦਸ਼ਾ ਵਿੱਚੋਂ ਕੱਢਣ ਦਾ ਬੀੜਾ ਚੁੱਕ ਲਿਆ। ਓਸ ਨੇ ਬ੍ਰਾਹਮਣਾਂ ਤੇ ਕਾਜੀਆਂ ਨਾਲ਼ ਵੀ ਕਈ ਪ੍ਰਕਾਰ ਦੀਆਂ ਗੋਸ਼ਟੀਆਂ ਕੀਤੀਆਂ। ”ਗੱਲੀਂ ਗਿਆਨ” ਵਿੱਚ ਯਕੀਨ ਨਹੀਂ ਕੀਤਾ ਤੇ ਫਿਰ ਤੁਰ ਕੇ ਹਿੰਦੂ ਤੇ ਮੁਸਲਿਮ ਸਮਾਜਾਂ ਨੂੰ ਵੇਖਣ ਤੇ ਜਾਚਣ ਦਾ ਮਨ ਬਣਾਇਆ। ਓਸ ਦੀ ਬਾਣੀ ਵਿੱਚੋਂ ਇਹ ਸਚਿਆਈ ਸਿੰਮਦੀ ਹੈ।

ਜੇਤੀ ਸਿਰਠਿ ਉਪਾਈ ਵੇਖਾ ਵਿਣੁ ਕਰਮਾ ਕਿ ਮਿਲੈ ਲਈ।।

   (ਜਪੁ)
-ਗਿਆਨ ਨ ਗਲੀਈ ਢੂਢੀਐ ਕਥਨਾ ਕਰੜਾ ਸਾਰੁ।।
ਕਰਮਿ ਮਿਲੈ ਤਾ ਪਾਈਐ ਹੋਰ ਹਿਕਮਤਿ ਹੁਕਮੁ ਖੁਆਰੁ।।
   (ਆਸਾ ਦੀ ਵਾਰ ੪੬੫)
-ਪ੍ਰਣਵਤਿ ਨਾਨਕ ਗਿਆਨੀ ਕੈਸਾ ਹੋਇ।।
ਆਪੁ ਪਛਾਣੈ ਬੂਝੇ ਸੋਇ।।  (ਸਿਰੀ ਰਾਗੁ ੨੫)
-ਕਥਤਾ ਥਕਤਾ ਸੁਨਤਾ ਸੋਈ।।
ਆਪੁ ਬੀਚਾਰੇ ਸੁ ਗਿਆਨੀ ਹੋਈ।। (ਗਉੜੀ ੧੫੨)
-ਕੁਦਰਤ ਵੇਦ ਪੁਰਾਣ ਕਤੇਬਾ ਕੁਦਰਤਿ ਸਰਬ ਵੀਚਾਰੁ।।     (ਆਸਾ ਦੀ ਵਾਰ ੪੬੪)

ਓਸ ਨੇ ਆਪਣੇ ਵਿਚਾਰਾਂ ਦੀ ਉਪਜ ਦਾ ਇਹੋ ਤਰੀਕਾਕਾਰ ਪੰਜ ਖੰਡਾਂ ਵਾਲ਼ੀਆਂ ‘ਜਪੁ’ ਦੀਆਂ ਪੌੜੀਆਂ ਵਿੱਚ ਦੱਸਿਆ ਹੈ ਕਿ ਕਿਸ ਤਰ੍ਹਾਂ ਸਮਾਜ ਦਾ ਧਰਮ (ਨੇਕ ਕਰਮ) ਪਾਲਣ ਨਾਲ਼ ਗਿਆਨ ਪੈਦਾ ਹੁੰਦਾ ਹੈ। ਗਿਆਨ ਨਾਲ਼ ਸ਼੍ਰਮ (ਮਿਹਨਤ) ਕੀਤੀ ਜਾਏ ਤਾਂ ਵਿਚਾਰ ਉਤਪੰਨ ਹੁੰਦੇ ਹਨ। ਫਿਰ ਵਿਚਾਰਾਂ ਨੂੰ ਅਮਲ (ਕਰਮ) ਵਿੱਚ ਲਿਆਉਣ ਦਾ ਫਲ ਸੱਚ (ਸਿਧਾਂਤ) ਵਿੱਚ ਪ੍ਰਾਪਤ ਹੁੰਦਾ ਹੈ।

ਸਾਖੀਆਂ ਦੱਸਦੀਆਂ ਹਨ ਕਿ ਆਪਣੀ ਬਾਣੀ ਰਚਨ ਵਾਸਤੇ ”ਵੇਖੈ ਵਿਗਸੈ ਕਰਿ ਵਿਚਾਰੁ।” ਵਾਲ਼ਾ ਲੋੜੀਂਦਾ ਤੱਥ ਪ੍ਰਾਪਤ ਕਰਨ ਲਈ ਉਹ ਨੌਕਰੀ ਤੇ ਟੱਬਰ ਛੱਡ ਕੇ ਮਰਦਾਨੇ ਨੂੰ ਨਾਲ਼ ਲੈ ਕੇ ਸੁਲਤਾਨਪੁਰੋਂ ਨਿੱਕਲ਼ ਤੁਰਿਆ। ਨਾਨਕ ਨੇ ਖੁਦ ਆਖਿਆ ਹੈ :

-ਜਾ ਤੁਧੁ ਭਾਵੈ ਜਾਹਿ ਦਿਸੰਤਰਿ
ਸੁਣਿਗਲਾ ਘਰਿ ਆਵਹਿ।।  (ਮਾਰੂ ੧੪੫)
ਭਾਈ ਗੁਰਦਾਸ ਏਸ ਵਿਦਾਇਗੀ ਨੂੰ ਏਸ ਤਰ੍ਹਾਂ ਦਰਸਾਉਂਦਾ ਹੈ :
-ਕੂੜੁ ਅਮਾਵਸਿ ਵਰਤਿਆ ਹਉ ਭਾਲਣਿ ਚੜ੍ਹਿਆ ਸੰਸਾਰਾ।।      (੧-੨੯)

ਨਾਨਕ ਨੇ ਓਸ ਸੰਸਾਰ ਨੂੰ ਫਿਰ ਤੁਰ ਕੇ ਦੇਖਣ ਵਾਸਤੇ ਹਿੰਦੂਸੱਤਾ ਤੇ ਮੁਸਲਿਮਸੱਤਾ ਦੇ ਕੇਂਦਰਾਂ ਤੇ ਗੜ੍ਹਾਂ ਦੀ ਯਾਤਰਾ ਕੀਤੀ। ਰਮਤੇ ਜੋਗੀਆਂ, ਪਹਾੜੀ-ਗੁਠੇ ਲਗੇ ਸਿੱਧਾਂ, ਹਿੰਦੂ ਮਠਾਂ, ਤੀਰਥਾਂ, ਮੰਦਰਾਂ ਦੇ ਪੁਜਾਰੀ ਪੰਡਤਾਂ ਤੇ ਮਹੰਤਾਂ ਨਾਲ਼ ਵਿਚਾਰ-ਵਟਾਦਰਾਂ ਕਰਨ ਲਈ ਉੱਤਰ ਤੋਂ ਲੈ ਕੇ ਧੁਰ ਦੱਖਣ ਤੱਕ ਤੇ ਪੰਜਾਬੋਂ ਲੈ ਕੇ ਅਸਾਮ ਤੱਕ ਦੇ ਸਾਰੇ ਹਿੰਦੁਸਤਾਨ ਦਾ ਕਈ ਹਜ਼ਾਰਾਂ ਮੀਲ ਦਾ ਪੈਦਲ ਪੰਧ ਤਹਿ ਕੀਤਾ ਤੇ ਮੁਸਲਿਮਸੱਤਾ ਨੂੰ ਵਾਚਣ ਲਈ ਉਹ ਕਸ਼ਮੀਰ, ਅਫ਼ਗਾਨਿਸਤਾਨ, ਈਰਾਨ, ਬਗਦਾਦ ਤੇ ਅਗਾਂਹ ਮੱਕੇ ਤੱਕ ਪਹਾੜਾਂ, ਦਰਿਆਵਾਂ, ਮਾਰੂਥਲਾਂ ਤੇ ਉਜਾੜ ਬੀਆਬਾਨਾਂ ਦੀ ਵਾਟ ਕੱਛ ਕੇ ਮੁਸਲਿਮ ਕੁਤਬਾਂ, ਗੌਂਸਾਂ, ਗ਼ਜ਼ਾਲੀਆਂ, ਸੂਫੀਆਂ, ਪੀਰਾਂ, ਫ਼ਕੀਰਾਂ, ਆਲਿਮਾਂ ਤੇ ਮੱਕੇ ਦੇ ਮਜਾਉਰਾਂ ਨਾਲ਼ ਮੇਲ ਮੁਲਾਕਾਤ ਕਰਨ ਤਿੰਨ ਹਜ਼ਾਰ ਮੀਲ ਹੋਰ ਦੂਰ ਗਿਆ। ਇਹਨਾਂ ਉਦਾਸੀਆਂ (ਪੈਂਡਿਆਂ) ਵਿੱਚ ਓਸ ਦੀ ਕਾਫੀ ਉਮਰ ਲੰਘ ਗਈ ਤੇ ਉਹ ਬੇਅੰਤ ਅਮੋਲਕ ਸੰਸਾਰੀ ਤੇ ਅਧਿਆਤਮਕ ਗਿਆਨ ਲੈ ਕੇ ਘਰ ਪਰਤਿਆ।

ਏਸ ਵੇਖ ਭਾਲ਼ ਦੀਆਂ ਫੇਰੀਆਂ ਤੋਂ ਇੱਕ ਤਾਂ ਓਸ ਨੂੰ ਆਪਣਾ ਇਸ਼ਟ ਮਿਥਣ ਵਿੱਚ ਸੌਖ ਹੋ ਗਿਆ, ਦੂਸਰੇ ਓਸ ਨੇ ਆਪਣੀ ਧਾਰਾ ਦੀ ਡੌਲ ਲੱਭ ਕੇ ਪੱਕੀ ਕਰ ਲਈ। ਤੀਸਰੇ ਆਪਣੇ ਕੰਮ ਦਾ ਪਿੜ ਲੱਭ ਲਿਆ, ਜਿਥੇ ਓਸ ਦੀ ਵਿਚਾਰਧਾਰਾ ਨੇ ਅਸਰ ਕਰਕੇ ਪਦਾਰਥੀ ਅਕਾਰ ਬਨਣਾ ਸੀ। ਉਹ ਪੰਜਾਬ ਵਿੱਚ ਹਿੰਦੂ ਜੱਟ ਬਰਾਦਰੀਆਂ ਦੀ ਪ੍ਰਧਾਨਤਾ ਵਾਲ਼ਾ ਖੰਡ।

ਓਸ ਨੇ ਮੁਸਲਿਮ ਸੂਫੀਆਂ ਵਾਂਗ ਸ਼ਹਿਰਾਂ ਵਿੱਚ ਡੇਰਾ ਨਹੀਂ ਲਾਇਆ। ਜੱਟ ਬਰਾਦਰੀਆਂ ਵਿਚਾਲੇ ਦਰਿਆ ਰਾਵੀ ਕੰਢਾ ਜਾ ਮੱਲਿਆ ਤੇ ਕਰਤਾਰਪੁਰ ਨਾਂ ਰੱਖ ਕੇ ਆਪਣੇ ਮੱਤ ਦਾ ਪਹਿਲਾ ਕੇਂਦਰ ਸਥਾਪਤ ਕੀਤਾ।

-ਫਿਰ ਆਇਆ ਬਾਬਾ ਕਰਤਾਰਪੁਰਿ ਭੇਖ ਉਦਾਸੀ ਸਗਲ ਉਤਾਰਾ।
ਪਹਿਰਿ ਸੰਸਾਰੀ ਕਪੜੇ ਮੰਜੀ ਬੈਠਿ ਕੀਆ ਅਵਤਾਰਾ।
  (੧-੩੮) ਵਾਰਾਂ ਭਾਈ ਗੁਰਦਾਸ।

ਇਤਿਹਾਸਕ ਪਦਾਰਥਵਾਦ ਦੀ ਰੀਤ ਇਹ ਵੀ ਦਸਦੀ ਹੈ ਕਿ ਹਰ ਜੁਗ ਦੀ ਪੈਦਾਵਾਰ ਦੀ ਪ੍ਰਕਾਰ ਤੇ ਏਸ ਦੀਆਂ ਹਾਲਤਾਂ ਨਾਲ ਵਾਰਾ ਖਾ ਰਿਹਾ ਸੰਸਾਰੀ ਅਡੰਬਰ ਤੇ ਏਸ ਦੇ ਵਿਚਾਰ ਭਾਵੇਂ ਸੰਸਾਰੀ ਹੋਣ ਤੇ ਭਾਵੇਂ ਧਰਮੀ, ਕਦੇ ਵੀ ਇੱਕੋ ਵਾਰ ਬਣੇ ਬਣਾਏ ਸੰਪੂਰਨ ਹਾਲਤ ਵਿੱਚ ਨਹੀਂ ਉਪਜੇ। ਇਹ ਪੈਦਾਵਾਰੀ ਹਾਲਤਾਂ ਅੰਤਰ ਸਮੇਂ ਸਮੇਂ ਖੜੀਆਂ ਹੋ ਜਾਂਦੀਆਂ ਰਹੀਆਂ ਖਹਿਆਂ ਤੇ ਅਟਕਾਂ ਨੂੰ ਸੁਲਝਾਉਣ ਦੇ ਚਾਰੇ ਦੀ ਸੋਚ ਤੋਂ ਪੈਦਾ ਹੁੰਦੇ ਰਹੇ ਹਨ ਤੇ ਸਮੇਂ ਤੇ ਥਾਂ ਦੀ ਦੂਰੀ ਦੀ ਅਨੁਕੂਲਤਾ ਦੀਆਂ ਸੰਪਾਦਕੀ ਰੀਤਾਂ ਅਨੁਸਾਰ ਇਹਨਾਂ ਅੰਦਰ ਸੁਧਾਰ ਤੇ ਬਦਲੀਆਂ ਹੋ ਹੋ ਵਿਚਾਰਾਂ ਦੇ ਵਿਕਾਸ ਦਾ ਸਿਲਸਿਲਾ ਤੁਰਿਆ ਆਇਆ, ਰਹਿੰਦਾ ਤੇ ਰਹੇਗਾ। ਬੰਦੇ ਹੱਥੋਂ ਜਾਂ ਦਿਮਾਗ਼ੋਂ ਹੋਈ ਹਰ ਪ੍ਰਕਾਰ ਦੀ ਪਦਾਰਥਕ ਜਾਂ ਅਧਿਆਤਮਕ ਰਚਨਾ ਸਮਾਜੀ ਹਾਲਤਾਂ ਦੇ ਆਪਸੀ ਸੰਜੋਗਾਂ ਤੇ ਵਿਜੋਗਾਂ ‘ਤੇ ਆਧਾਰਤ ਆਸਰਿਆਂ ਦੇ ਸਬੰਧਾਂ ਤੇ ਜੋੜਮੇਲਾਂ ਕਾਰਨ ਉਪਜਦੀ, ਪਲ਼ਦੀ, ਫਲ਼ਦੀ, ਪ੍ਰਵਾਨ ਚੜ੍ਹਦੀ ਤੇ ਪੁਰਾਣੀ ਜਾਂ ਬੁੱਢੀ ਹੋ ਕੇ ਨਕੰਮੀ ਜਾਂ ਮੁਰਦਾ ਹੋ ਜਾਂਦੀ ਹੈ। ਪਰ ”ਨਾਂਹ ਦੀ ਨਾਂਹ” ਵਾਲ਼ੇ ਸੰਬਾਦਕੀ ਕਨੂੰਨ ਅਨੁਸਾਰ ਏਸ ਉਪਜ ਦੇ ਜੀਉਂਦੇ ਜੀ ਹੀ ਏਸ ਦੀ ਕੁੱਖ ਵਿੱਚੋਂ ਨਵੇਂ ਜੁਗ ਦੀ ਬਿੰਦ, ਜਾਗ, ਲਾਗ ਜਾਂ ਪਰਸੇਅ ਤੋਂ ਹੋਰ ਵਧੇਰੇ ਉੱਨਤ ਤੇ ਪਰਸਵੀਂ ਰਚਾ ਹੋ ਕੇ ਏਸ ਦਾ ਥਾਂ ਪੂਰ ਤੁਰਦੀ ਹੈ।

ਮਜ਼ਹਬ ਹਮੇਸ਼ਾ ਪਰੰਪਰਾਗਤ ਹੁੰਦਾ ਹੈ, ਏਸ ਲਈ ਏਸ ਸੰਬਾਦਕੀ ਕਨੂੰਨ ਦੇ ਲਿਹਾਜ਼ ਨਾਲ਼ ਨਾਨਕ ਦੇ ਨਿਰੰਕਾਰ ਤੇ ਗੁਰੂ, ਗੁਰੂ ਤੇ ਸਿੱਖ ਅਤੇ ਗੁਰ-ਗੱਦੀ ਵਾਲ਼ੇ ਵਿਚਾਰ ਵੀ ਆਪਣੇ ਤੋਂ ਪਹਿਲੇ ਵਿਚਾਰਾਂ ਦੀ ਲਾਗ ਦੀ ਹੀ ਉਪਜ ਹਨ।

ਰੱਬ ਦੇ ਇੱਕੋ ਇੱਕ ਅਰਥਾਤ ਇਕਲੇਰੇ ਹੋਣ ਤੇ ਏਸ ਦੇ ਦੇਹਧਾਰੀ ਅਕਾਰ ਦਾ ਵਿਚਾਰ ਹਿੰਦੁਸਤਾਨ ਵਿੱਚ ਇਸਲਾਮ ਨੇ ਲਿਆਂਦਾ, ਜਿਸ ਵਿੱਚੋਂ ਭਗਤੀ ਲਹਿਰ ਨੇ ਰੱਬ ਦੀ ਰੀਸ ਕਰ ਲਈ ਤੇ ਭਗਤਾਂ ਨੇ ਹਿੰਦੂ ਮਿਥਿਹਾਸ ਵਿੱਚੋਂ ਹੀ ਕੋਈ ਨਾ ਕੋਈ ਇਸ਼ਟ ਚੁਣ ਕੇ ਅਰਾਧਣਾ ਤੇ ਗਾਉਣਾ ਸ਼ੁਰੂ ਕਰ ਦਿੱਤਾ। ਪਰ ਹਰ ਪ੍ਰਕਾਰ ਦੇ ਹਿੰਦੂ ਇਸ਼ਟ ਕਿਸੇ ਨ ਕਿਸੇ ਵਰਣ ਵੰਡ ਦੇ ਧਾਰਨੀ ਸਨ। ਏਸ ਲਈ ਜਿਸ ਜਾਤ ਦਾ ਕੋਈ ਭਗਤ ਸੀ, ਓਸ ਦੀ ਮੰਨਤਾ ਓਸੇ ਜਾਤ ਤੱਕ ਸੀਮਿਤ ਰਹਿ ਗਈ। ਉਹ ਸਰਬ ਜਾਤੀ ਮੰਨਤਾ ਨਾ ਬਣ ਸਕੀ। ਦੂਸਰੇ; ਇਹ ਭਗਤ ਆਪਣੇ ਅਧਿਆਤਮਕ ਇਸ਼ਟ ਦਾ ਕੋਈ ਦਿਹਧਾਰੀ ਸੰਸਾਰੀ ਉਤਾਰ (ਗੁਰੂ) ਨਾ ਪੇਸ਼ ਕਰ ਸਕੇ, ਜੋ ਇਹਨਾਂ ਦੇ ਵਿਚਾਰਾਂ ਤੇ ਕੋਈ ਲੋਕ-ਪਿਆਰੀ ਸੰਸਥਾ ਖੜੀ ਕਰ ਲੈਂਦਾ। ਤੀਸਰੇ; ਉਨ੍ਹਾਂ ਸੂਫ਼ੀਆਂ ਵਾਲ਼ੀ ਮੁਰਸ਼ਿਦ ਤੇ ਮੁਰੀਦ ਦੀ ਪਿਰਤ ਵੀ ਨਾ ਪਾਈ, ਜਿਸ ਨੂੰ ਨਾਨਕ ਨੇ ”ਗੁਰੂ ਤੇ ਸਿੱਖ” ਵਿੱਚ ਤੋਰ ਲਿਆ। ਚੌਥੇ; ਉਨ੍ਹਾਂ ਗੱਦੀ ਵੀ ਨਾ ਚਲਾਈ, ਜੋ ਉਨ੍ਹਾਂ ਦੇ ਵਿਚਾਰਾਂ ਨੂੰ ਪੁਸ਼ਤੋ ਪੁਸ਼ਤ ਪ੍ਰਚਾਰੀ ਰੱਖਦੀ, ਪੰਜਵੇਂ; ਉਹਨਾਂ ਪਾਸ ਸਮਾਜਕ ਬਦਲੀਆਂ ਚਾਹੁਣ ਵਾਲ਼ੀ ਜ਼ਰੂਰੀ ਸਮਾਜੀ ਸ਼ਰਤ ਮੌਜੂਦ ਨਹੀਂ ਸੀ, ਭਾਵ ਜਗੀਰਦਾਰ ਸਰਦਾਰੀਆਂ ਨੂੰ ਉਡੀਕ ਰਿਹਾ ਪੰਜਾਬ ਵਰਗਾ ਬਰਾਦਰੀਆਂ ਦਾ ਪਿਛਾਖੜ ਸਮਾਜ।

ਇਹਨਾਂ ਕਚਿਆਈਆਂ ਨੂੰ ਵੇਖਣ ਜਾਚਣ ਤੇ ਇਹਨਾਂ ਦਾ ਇਲਾਜ ਲੱਭਣ ਲਈ ਨਾਨਕ ਪਹਿਲਾਂ ਹਿੰਦੂ ਮਿਥਿਹਾਸ ਵਾਚਣ ਲਈ ਹਿੰਦੂ ਸੰਸਾਰ ਨੂੰ ਵੇਖਣ ਚੜ੍ਹਿਆ। ਉਪਰੰਤ ਆਪ ਦਾ ਇਸ਼ਟ ਡੋਲਣ ਤੇ ਨਿਸ਼ਚਿਤ ਕਰਨ ਲਈ ਓਸ ਨੇ ਇਸਲਾਮੀ ਦੁਨੀਆਂ ਵੇਖਣੀ ਵੀ ਜ਼ਰੂਰੀ ਸਮਝੀ। ਮੁੜ ਉਹ ਇਸਲਾਮੀ ਦੁਨੀਆਂ ਵੇਖ ਕੇ ਆਇਆ। ਓਸ ਨੂੰ ਇਸਲਾਮੀ ਰਾਹ ਤੇ ਪਿਰਤਾਂ ਚੰਗੀਆਂ ਲੱਗੀਆਂ।

-ਮੁਸਲਮਾਨਾ ਸਿਫਤਿ ਸਰੀਅਤਿ ਪੜਿ ਪੜਿ ਕਰਹਿ ਬੀਚਾਰੁ।।
   (ਵਾਰ ਆਸਾ-੪੬੫)

ਏਸ ਲਈ ਓਸ ਨੇ ਇਸਲਾਮੀ ਧਾਰਾ ”ਪੜਿ ਪੜਿ ਬੀਚਾਰ ਕੀਤੀ” ਏਸ ਲੀਹ ਨੂੰ ਪਸੰਦ ਕੀਤਾ ਤੇ ਏਸ ਲੀਹ ਤੇ ਆਪਣਾ ਇਸ਼ਟ ਨਿਸ਼ਚਿਤ ਕਰ ਲਿਆ। ਅਰਬ ਕਬੀਲਿਆਂ ਲਈ ਮੁਹੰਮਦ ਨੇ ਵੀ ਇਹੋ ਰਾਹ ਅਪਨਾਇਆ ਸੀ।

ਓਸ ਨੇ ਭਗਤਾਂ ਦੇ ਮਗਰ ਲੱਗ ਕੇ ਹਿੰਦੂ ਮਿਥਿਹਾਸ ਦੇ ਅਨੇਕਾਂ ਇਸ਼ਟਾਂ ਵਿੱਚੋਂ ਕਿਸੇ ਨੂੰ ਵੀ ਆਪਣੀ ਧਾਰਾ ਦਾ ਇਸ਼ਟ ਨਾ ਬਣਾਇਆ। ਜਿਸ ਦਾ ਕਾਰਨ ਓਸ ਆਪ ਏਸ ਤਰ੍ਹਾਂ ਦੱਸਿਆ ਹੈ।

ਹਿੰਦੂ ਸਾਲਾਹੀ ਸਾਲਾਹਨਿ ਦਰਸਨਿ ਰੂਪਿ ਅਪਾਰ।।
ਤੀਰਥਿ ਨਾਹਵਿ ਅਰਚਾ ਪੂਜਾ ਅਮਰ ਵਾਸੁ ਬਹਕਾਰੁ।।
   (ਵਾਰ ਆਸਾ-੪੯੫)

ਏਸ ਲਈ ਓਸ ਆਪਣੀ ਧਾਰਾ ‘ਹਿੰਦੂ ਅਪਾਰੁ’ ਤੇ ‘ਬਹਕਾਰੁ’ (ਖਿੰਡਰਵੀਆਂ) ਧਰਾਵਾਂ ਤੋਂ ਜੁਦਾ ਉਲੀਕੀ। ਪਰ ਏਸ ਨੂੰ ਰੰਗ ਹਿੰਦੂਆਨਾ ਦਿੱਤਾ ਤੇ ਸਾਰ ਹਿੰਦੂ ਇਸ਼ਟਾਂ ਤੋਂ ਸਰਬੁਤਮ ਤੇ ਸ਼ਕਤੀਮਾਨ ਦੱਸਿਆ ਤਾਂ ਜੋ ਓਸ ਨੂੰ ਸਾਰੇ ਵਰਣਾਂ ਤੇ ਪੂਜਾਂ ਦੇ ਲੋਕ ਸਵੀਕਾਰ ਕਰ ਲੈਣ।

ਸੰਸਾਰੀ ਤੌਰ ‘ਤੇ ਏਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਨਾਨਕਧਾਰਾ, ਮੁਸਲਿਮ ਲਾਗ ਤੇ ਹਿੰਦੂ ਕੁੱਖ ਵਿੱਚੋਂ ਪੈਦਾ ਹੋਈ ਵਿਚਾਰਧਾਰਾ ਹੈ। ਜੋ ਸਮੇਂ ਦੀ ਤੋਰ ‘ਤੇ ਵੇਲੇ ਦੀਆਂ ਹਾਲਤਾਂ ਅਨੁਸਾਰ ਦੋਹਾਂ ਤੋਂ ਵਧੇਰੇ ਉੱਨਤ ਤੇ ਨਿਆਰੀ ਹੋ ਕੇ ਤੀਸਰੀ ਧਾਰਾ ਬਣ ਤੁਰੀ। ਇਹ ਮਗਜ਼ੋਂ ਇਸਲਾਮੀ ਤੇ ਸਰੀਰੋਂ ਹਿੰਦੁਸਤਾਨੀ ਹੈ। ਓਸ ਨੇ ਅਮਲ ਵਿੱਚ ਇਸਲਾਮ ਨੂੰ ਨਹੀਂ ਮੰਨਿਆ ਤੇ ਹਿੰਦੂ ਹੋ ਕੇ ਵੀ ਨਹੀਂ ਤੁਰੀ। ਏਸ ਦੀ ਇਹ ਨਿਆਰਤਾ ਮੂਲ-ਮੰਤਰ ਤੋਂ ਹੀ ਭਲੀਭਾਂਤ ਸਿੱਧ ਹੋ ਜਾਂਦੀ ਹੈ।

ੴ ਸਤਿਨਾਮ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ।।

ਇਹ ਮੂਲ-ਮੰਤਰ ਸਧਾਰਨ ਜੇਹਾ ਜਾਪ ਨਹੀਂ। ਇਹ ਸਾਰੇ ਸਿੱਖ ਇਤਿਹਾਸ ਦਾ ਬੀਜ ਰੂਪੀ ਪਦਾਰਥਕ ਰਕਤ ਹੈ, ਜੋ ਨਾਨਕ ਤੋਂ ਲੈ ਕੇ ਸਿੱਖ ਰਾਜ ਦੇ ਅੰਤ ਤੱਕ ਸਾਰੇ ਵਿਕਾਸੀ ਇਤਿਹਾਸ ਦੀ ਸ਼ਾਹ-ਰਗ ਬਣ ਕੇ ਵਗਦੀ ਰਹੀ। ਨਾਨਕਧਾਰਾ ਦਾ ਇਹ ਪਹਿਲ ਪਰਿਥਮ ਦਾ ਵਾਕ ਹਿੰਦੂਆਂ ਤੇ ਮੁਸਲਮਾਨਾਂ ਦੀਆਂ ਅਧਿਆਤਮਕ ਧਾਰਾ ਤੋਂ ਨਿੱਖੜ ਕੇ ਤੀਸਰੇ ਰਾਹ (ਪੰਥ) ਦੀ ਨਿਸ਼ਾਨਦੇਹੀ ਕਰਦਾ ਹੈ।

ਹਿੰਦੂਆਂ ਨਾਲ਼ੋਂ ਓਸ ਦਾ ਨਿਆਰਾ ੴ, ਕਰਤਾ ਪੁਰਖ, ਅਕਾਲ ਮੂਰਤਿ, ਅਜੂਨੀ, ਸੈਭੰ ਦਿਆਂ ਵਾਕਾਂ ਵਿੱਚ ਹੈ।

”ਕਰਤਾ ਪੁਰਖੁ” ਤੋਂ ਮੁਰਾਦ ਹਿੰਦੂਆਂ ਦੀ ਸਮਾਜ ਰਚਨਾ ਦਾ ਇਹ ਕਥਨ ਮਨਜ਼ੂਰ ਨਹੀਂ, ਕਿ ਬਰਮਾਂ ਨੇ ਪੁਰਖ ਤੇ ਏਸ ਵਰਣ ਰਚੇ ਹਨ। ਇਹ ਜੁਗਾਂ ਤੋਂ ਚੱਲੀ ਆ ਰਹੀ ਵਰਨ ਵੰਡ ਵਾਲ਼ੀ ਹਿੰਦੂ ਨੀਂਹ ਨੂੰ ਮਲੀਆਮੇਟ ਕਰਦਾ ਹੈ। ”ਅਕਾਲ ਪੁਰਖੁ” ਵੀ ਹਿੰਦੂ ਧਰਮ ਇਸ਼ਟਾਂ ਦਾ ਏਸ ਗੱਲ ਦਾ ਖੰਡਨ ਹੈ, ਕਿ ਨਾਨਕਧਾਰਾ ਦਾ ਇਸ਼ਟ (ੴ) ਸਦਾ ਜੀਵਤ ਹੈ। ਜਦ ਕਿ ਹਿੰਦੂ ਧਰਮ ਇਸ਼ਟ ਸਦੀਆਂ ਹੋਈਆਂ ਕਾਲ ਵਸ ਹੋ ਗਏ। ਇਹ ਇਸ਼ਟ ਅਕਾਲ ਹੋਣ ਕਰਕੇ ਮੂਰਤੀਆਂ ਵਿੱਚ ਨਹੀਂ ਢਾਲ਼ਿਆ ਜਾ ਸਕਦਾ। ਭਾਵ ਇਹ ਮੂਰਤੀ ਪੂਜਾ ਦਾ ਖੰਡਣ ਹੈ। ਏਸੇ ਤਰ੍ਹਾਂ ”ਅਜੂਨੀ” ਹਿੰਦੂਆਂ ਦੇ ਅਵਤਾਰਾਂ ਵਾਲ਼ੀ ਕਥਨਾਵਲੀ ਦਾ ਸਰੀਹਣ ਵਿਰੋਧ ਹੈ। ਭਾਵ ਉਹ ਕਿਸੇ ਵੀ ਜੂਨ ਵਿੱਚ ਨਹੀਂ ਆਉਂਦਾ, ਭਾਵੇਂ ਉਹ ਬੰਦੇ (ਅਵਤਾਰ) ਦੀ ਹੋਵੇ। ਭਾਵ ਉਹ ਅਵਤਾਰ ਨਹੀਂ ਧਾਰਦਾ।

”ਨਿਰਭਉ” ਮੁਸਲਮਾਨਾਂ ਦੀ ਬੁਨਿਆਦੀ ਧਰਮਧਾਰਾ ਦਾ ਵਿਰੋਧ ਹੈ, ਜੋ ਉਮਤ (ਮੁਸਲਮਾਨੀ) ਨੂੰ ਸ਼ੈਤਾਨ ਦੇ ਭੈ ਤੇ ਡਰ ਹੇਠ ਰੱਖਦੀ ਹੈ ਤੇ ਫਰਿਸ਼ਤੇ ਉਸ ਦੇ ਮੋਢਿਆਂ ‘ਤੇ ਚੜ੍ਹੇ ਰਹਿੰਦੇ ਹਨ। ਇਸਲਾਮ ਆਪ ਵੀ ਰੱਬ ਦੇ ਨਾਂ ‘ਤੇ ਤਲਵਾਰ ਦਾ ਭਉ ਦੇ ਕੇ ਵਜੂਦ ਵਿੱਚ ਆਇਆ, ਰਾਜ ਸਿੰਘਾਸਨ ‘ਤੇ ਹੋ ਬੈਠਾ ਤੇ ਯੂਰਪ ਤੇ ਏਸ਼ੀਆ ‘ਤੇ ਚੜ੍ਹ ਦੌੜਿਆ। ਨਾਨਕਧਾਰਾ ਨੂੰ ਤਾਂ ਨਾ ਇਸਲਾਮੀ ਰਾਜਸੱਤਾ ਦਾ ਭਉ ਸੀ ਤੇ ਨਾ ਹਿੰਦੂ ਸਮਾਜ ਦਾ ਅਤੇ ਨਾ ਉਹ ਕਿਸੇ ਨੂੰ ਭਉ ਦੇ ਕੇ ਉਪਜੀ ਜਾਂ ਪਸਰੀ। ਸਿੱਖ ਇਤਿਹਾਸ ਏਸ ਹਕੀਕਤ ਦਾ ਗਵਾਹ ਹੈ। ਪਹਿਲਾਂ ਗੁਰਿਆਈ ਤੇ ਫੇਰ ਸਿਖਸੱਤਾ ਭਉ ਜਾਂ ਤਲਵਾਰ ਦੇ ਜ਼ੋਰ ਨਹੀਂ ਵਿਗਸੀ ਤੇ ਇਸਲਾਮੀ ਰਾਜਸੱਤਾ ਤੋਂ ਭੈ ਖਾ ਕੇ ਆਪਣੇ ਸਵਾਰਥ ਤੋਂ ਵੀ ਨਹੀਂ ਟਲੀ।

”ਨਿਰਵੈਰ”, ਕੌਮੀ ਭਾਵਨਾ ਦਾ ਲਖਾਇੱਕ ਹੈ। ਪਹਿਲਾਂ ਮੁਸਲਮਧਾਰਾ ਕਾਫਰਾਂ (ਗ਼ੈਰ ਮੁਸਲਮਾਨਾਂ) ਨਾਲ਼ ਵੈਰ ਕਮਾਉਂਦੀ ਤੇ ਹਿੰਦੂਧਾਰਾ ਮੁਸਲਮਾਨਾਂ ਨਾਲ਼ ਵਟ ਰੱਖਦੀ ਸੀ। ਨਾਨਕਧਾਰਾ ਦਾ ਇਹ ਟਕਸਾਲੀ ਸ਼ਬਦ ਸਿੱਖ ਨੂੰ ਕਿਸੇ ਹਿੰਦੂ ਜਾਂ ਮੁਸਲਮਾਨ ਦਾ ਵੈਰੀ ਨਹੀਂ ਬਣਾਉਂਦਾ। ਉਹ ਹਿੰਦੂ ਤੇ ਮੁਸਲਮਾਨ ਨੂੰ ਸਮ ਬਰਾਬਰ ਰੱਖ ਕੇ ਦੁਹਾਂ ਨੂੰ ਮੇਲਣ ਵਾਲ਼ੇ ਤੀਸਰੇ ਰਾਹ ਦਾ ਸਮਰਥਕ ਹੈ।

-ਰਾਹ ਦੋਵੈ ਇਕੁ ਜਾਣੈ ਸੋਈ ਸਿਝਸੀ।।
   (ਵਾਰ ਮਾਝ-੧੪੨)

ਨਾਨਕਧਾਰਾ ਦੁਹਾਂ ਧਿਰਾਂ ਦੇ ਭੁੱਲੜ ਉਪਾਸ਼ਕਾਂ ਨੂੰ ਆਪੋ ਆਪਣੇ ਇਸ਼ਟਾਂ ਤੇ ਧਰਮਾਂ ਨੂੰ ਸਾਫ-ਦਿਲ ਹੋ ਕੇ ਮੰਨਣ ਦੀਆਂ ਸਲਾਹਾਂ ਦਿੰਦੀ ਹੈ। ਮਾਝ ਦੀ ਵਾਰ ਮੁਸਲਮਾਨਾਂ ਨੂੰ ਤੇ ਬਸੰਤ ਹਿੰਡੋਲ ਹਿੰਦੂਆਂ ਨੂੰ ਆਪਣੇ ਇਸ਼ਟਾਂ ਨੂੰ ਸੱਚੇ ਮਨੋਂ ਮੰਨਣ ਦੇ ਉਪਦੇਸ਼ ਹਨ। ਏਸ ਨਿਰਵੈਰ ਰਹਿਣ ਦੀ ਫਿਲਾਸਫੀ ‘ਤੇ ਅਮਲ ਕਰਦਿਆਂ ਸਾਰੇ ਗੁਰੂਆਂ ਤੇ ਸਿੱਖਸੱਤਾ ਨੇ ਆਪਣੇ ਸਮੇਂ ਹਿੰਦੂ ਮੁਸਲਮਾਨ ਤੇ ਸਿਖਧਾਰਾ ਦੇ ਲੋਕਾਂ ਨੂੰ ਇੱਕੋ ਜਿਹਾ ਰੱਖ ਕੇ ਕੌਮੀ ਵੰਨਗੀ ਦੀ ਸਿੱਖੀ ਸੇਵਕੀ ਤੇ ਰਾਜ ਪ੍ਰਬੰਧ ਚਲਾਇਆ ਤੇ ਏਸ ਵਿੱਚ ਕਿਸੇ ਧਿਰ ਨੂੰ ਦੂਸਰੇ ਤੇ ਉਚੇਚ ਨਹੀਂ ਦਿੱਤੀ। ਦਰਅਸਲ ਏਸੇ ਕੌਮੀ ਭਾਵਨਾ ਤੇ ਅਮਲ ਹਿੰਦੁਸਤਾਨ ਤੇ ਖਾਸ ਕਰ ਪੰਜਾਬ ਨੂੰ ਓਸ ਵੇਲ਼ੇ ਲੋੜ ਸੀ। ਕਿਉਂਕਿ ਏਸ ਦੀ ਪੁੰਗਰ ਭੋਂ ਦੀਆਂ ਜੱਟ ਬਰਾਦਰੀਆਂ ਹਿੰਦੂ ਵੀ ਸਨ ਤੇ ਮੁਸਲਮਾਨ ਵੀ।

ੴ ਗੁਰ ਪ੍ਰਸਾਦਿ ਦਰਅਸਲ ਇੱਕ ਅਤਿ ਵੱਡੀ ਸਮਾਜੀ ਤੇ ਸਿਆਸੀ ਤਬਦੀਲੀ ਲਿਆਉਣ ਦਾ ਸਿਧਾਂਤ ਹੈ।

”ਗੁਰ ਪ੍ਰਸਾਦਿ” ਦਾ ਸ਼ਬਦ ਇੱਕ ਨਿਰੰਤਰ ਫਲਸਫਾ ਹੈ, ਜੋ ਮੁਸਲਿਮ ਤੇ ਹਿੰਦੂ ਦੋਹਾਂ ਤੋਂ ਨਿਆਰਾ ਹੈ। ਦਰਅਸਲ ਇਹੀ ਨਿਆਰਤਾ ਤੀਸਰੇ ਪੰਥ ਦੀ ਸਥਾਪਤੀ ਦਾ ਕਾਰਨ ਬਣੀ। ਰੱਬ ਪਾਸ ਜਾਣ ਲਈ ਮਰੇ ਹੋਏ ਮੁਸਲਮਾਨ ਕਿਆਮਤ ਤੱਕ (ਜਿਸ ਦਾ ਪਤਾ ਨਹੀਂ ਕਦੋਂ ਆਉਣੀ ਹੈ) ਕਬਰਾਂ ਵਿੱਚ ਪਏ ਰਹਿਣਗੇ। ਕਿਆਮਤ ਤੋਂ ਅਗਲੇ ਦਿਨ ਉਠਾ ਕੇ ਉਹਨਾਂ ਦੇ ਅਮਲਾਂ ਦਾ ਹਿਸਾਬ ਕਿਤਾਬ ਹੋਊ ਤੇ ਉਹ ਨੇਕੀ ਤੇ ਬਦੀ ਦੀ ਬਿਨਾ ‘ਤੇ ਬਹਿਸ਼ਤ ਜਾਂ ਦੋਜ਼ਖ ਨੂੰ ਭੇਜ ਦਿੱਤੇ ਜਾਣਗੇ। ਹਿੰਦੂਆਂ ਵਿੱਚ ਪਰਮੇਸ਼ਰ ਤੱਕ ਪਹੁੰਚਣ (ਮੁਕਤੀ) ਦਾ ਨਿੱਜੀ ਚਾਰਾ ਤਾਂ ਹੈ, ਪਰ ਮੁਕਤੀ ਦਿਵਾਉਣ ਵਾਲ਼ਾ ਕੋਈ ਮੁਖੀਆ ਨਹੀਂ। ਨਾਨਕਧਾਰਾ ਰੱਬ ਨੂੰ, ਪਹੁੰਚਣ ਦਾ ਜ਼ੁਮਾ ‘ਗੁਰਪ੍ਰਸਾਦਿ’ ਦੱਸਦੀ ਹੈ। ਭਾਵ ਗੁਰੂ ਰੱਬ ਨੂੰ ਮਿਲਾਉਣ ਦੀ ਸਮਰੱਥਾ ਰੱਖਦਾ ਹੈ ਏਸ ਤਰ੍ਹਾਂ ਗੁਰੂ ਨੂੰ ਰੱਬ ਦਾ ਦਿਹਧਾਰੀ ਉਤਾਰ ਬਣਾ ਕੇ ਜਨਤਾ ਦਾ ਆਗੂ ਬਣਨ ਯੋਗ ਬਣਾ ਦਿੱਤਾ ਗਿਆ ਹੈ।

-ਏਕ ਮਹਿ ਸਰਬ, ਸਰਬ ਮਹਿ ਏਕਾ,
ਏਹ ਸਤਿਗੁਰਿ ਦੇਖਿ ਦਿਖਾਈ।।  (ਰਾਮਕਲੀ-੯੦੭)
-ਗੁਰਪਰਸਾਦੀ ਏਕੋ ਜਾਣੈ।।  (ਧਨਾਸਰੀ-੬੬੨)

ਸੋ ਨਾਨਕਧਾਰਾ ਦੀ ਹਿੰਦੂ ਤੇ ਮੁਸਲਮ ਤੋਂ ਇਹ ਨਿਆਰਤਾ ਤੇ ਸਮਬਰਾਬਰੀ ਹੀ ਉਹ ਇਤਿਹਾਸਕ ਉਜਾਗਰੀ ਤੇ ਭਲ ਹੈ, ਜੋ ਓਸ ਦਾ ਤੇ ਓਸ ਸਿਖਸੱਤਾ ਦਾ ਦੁਨੀਆਂ ਦੇ ਇਤਿਹਾਸ ਵਿੱਚ ਚਮਕੀਲਾ ਥਾਂ ਬਣਾ ਗਈ ਹੈ।

ਦੂਸਰੇ ਏਸ ਮੂਲ ਮੰਤਰ ਵਿੱਚ ੴ ਦੇ ਧਾਰੇ ਗਏ ਇੱਕੋ-ਇੱਕ ਇਸ਼ਟ ਦੀ ਵਡਿਆਈ ਏਸ ਗੱਲ ਵਿੱਚ ਹੈ ਕਿ ਓਸ ਨੇ ਏਸ ਨੂੰ ਆਪਣੇ ਤੋਂ ਪਹਿਲੇ ਪ੍ਰਚੱੱਲਤ ਸਭ ਪ੍ਰਕਾਰ ਦੇ ਨਿੱਕੇ ਮੋਟੇ ਹਿੰਦੂ ਇਸ਼ਟਾਂ ਤੇ ਇਹਨਾਂ ਦੇ ਕਥਤ ਅਵਤਾਰਾਂ ਤੋਂ ਉੱਤਮ ਤੇ ਮੁੱਖ ਦਰਸਾਇਆ, ਪ੍ਰਚਾਰਿਆ, ਸਿੱਧ ਕੀਤਾ ਤੇ ਸਭ ਵਰਣਾਂ ਤੇ ਧਰਮਾਂ ਦੇ ਲੋਕਾਂ ਨੂੰ ਏਸ ਦੇ ਮੰਨਣ, ਧਿਆਉਣ, ਗਾਉਣ, ਸੁਣਨ ਤੇ ਜਪਣ ਲਈ ਪੁਕਾਰਿਆ।

-ਵਡਾ ਸਾਹਿਬ ਊਚਾ ਥਾਉ।।
ਊਚੇ ਉਪਰਿ ਊਚਾ ਨਾਉੇ।।
ਏਵਡੁ ਊਚਾ ਹੋਵੈ ਕੋਇ।।
ਤਿਸ ਊਚੇ ਕਉ ਜਾਣੈ ਸੋਇ।।  (ਜਪੁ)
-ਸੁਣਿਐ ਸੇਖ ਪੀਰ ਪਾਤਿਸਾਹ।। (ਜਪੁ)
-ਸੁਣਿਐ ਸਿਧ ਪੀਰ ਸੁਰਿ ਨਾਥ।। (ਜਪੁ)
-ਈਸਰ ਬ੍ਰਹਮਾ ਦੇਵੀ ਦੇਵਾ।।
ਇੰਦ੍ਰ ਤਪੇ ਮੁਨਿ ਤੇਰੀ ਸੇਵਾ।।  (ਮਾਰੂ-੧੦੩੪)
-ਪੀਰ ਪੈਕਾਮਰ ਸਾਲਕ ਸਾਦਕ ਸੁਹਦੇ ਅਉਰੁ ਸਹੀਦ।।
ਸੇਖ ਮਸਾਇਕ ਕਾਜੀ ਮੁਲਾ ਦਰਿ ਦਰਵੇਸ ਰਸੀਦ।।
ਬਰਕਤਿ ਤਿਨ ਕਉ ਅਗਲੀ ਪੜਦੇ ਰਹਨਿ ਦਰੂਦ।।
    (ਸਿਰੀ ਰਾਗ-੫੩)
-ਏਕੰਕਾਰੁ ਅਵਰੁ ਨਹੀ ਦੂਜਾ।।  (ਰਾਮਕਲੀ-੯੩੦)

ਸਾਰੇ ‘ਜਪੁ’ ਵਿੱਚ ਨਾਨਕਧਾਰਾ ਦੇ ਮੂਲ ਮੰਤਰ ਦੇ ਉਤਲੇ ਫਲਸਫੇ ਦੀ ਵਿਸਥਾਰ ਨਾਲ਼ ਵਿਆਖਿਆ ਕੀਤੀ ਗਈ ਹੈ। ਸੰਸਾਰ ਦੇ ਸਾਰੇ ਜੀਅ, ਦੌਲਤਾਂ, ਕੁਦਰਤੀ ਵਰਤਾਰੇ ਤੇ ਵਿਆਪਕਤਾਵਾਂ, ਧਰਮ ਤੇ ਇਹਨਾਂ ਦੇ ਪੂਜ ਸਭ ਓਸ ਦੇ ਉਪਾਏ ਦਸੇ ਗਏ ਹਨ। ਉਹ ”ਸੈਭੰ” ”ਥਾਪਿਆ ਨ ਜਾਇ ਕੀਤਾ ਨ ਹੋਇ” ਹਿੰਦੂ ਮਿਥਿਹਾਸ ਦੇ ਸਭ ਮੁਹਰੇ, ਤੀਰਥ, ਤਪ, ਦਾਨ ਤੇ ਸਮਾਨਾਂਤਰ ਓਸੇ ਨੂੰ ਗਾਉਂਦੇ, ਸੁਣਦੇ, ਧਿਆਉਂਦੇ ਤੇ ਮੰਨਦੇ ਹਨ। ਮੁਸਲਿਮ ਪੈਰੋਕਾਰ ਤੇ ਪੀਰ ਆਦਿ ਵੀ ਓਸੇ ਦਾ ਵਿਰਦ ਕਰਦੇ ਹਨ। ਸੰਸਾਰ ਵਿੱਚ ਜੋ ਕੁਝ ਹੋ ਚੁੱਕਾ ਹੈ, ਹੋ ਰਿਹਾ ਹੈ ਜਾਂ ਹੋਣ ਵਾਲ਼ਾ ਹੈ, ਸਭ ਓਸ ਦਾ ‘ਹੁਕਮ’ ਹੈ। ਓਸ ਨੂੰ ਹਿੰਦੂ ਤੇ ਮੁਸਲਮਾਨ, ਸਭਨਾਂ ਨੂੰ ਮੰਨਣਾ ਚਾਹੀਦਾ ਹੈ। ਓਸ ਨੂੰ ਸੁਣੇ ਤੇ ਮੰਨੇ ਬਿਨਾਂ ਗਤੀ ਨਹੀਂ ”ਬਿਨੁ ਹਰਿ ਭਜਨ ਛੁਟਕਾਰਾ”।

– ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ।।
-ਮੰਨੈ ਕੀ ਗਤਿ ਕਹੀ ਨ ਜਾਇ।।
-ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ।।  -ਗਾਵੀਐ ਸੁਣੀਐ ਮਨਿ ਰਖੀਐ ਭਾਉ।।
-ਜਿਨਿ ਸੇਵਿਆਂ ਤਿਨਿ ਪਾਇਆ ਮਾਨੁ।।
ਨਾਨਕ ਗਾਵੀਐ ਗੁਣੀ ਨਿਧਾਨੁ।।
-ਸੁਣੀਐ ਪੋਹਿ ਨ ਸਕੈ ਕਾਲ।।
-ਸੁਣਿਐ ਦੂਖ ਪਾਪ ਕਾ ਨਾਸੁ।।
-ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ।।
    (ਸਭੇ ਜਪੁ ਵਿੱਚੋਂ)

ਏਸ ਤਰ੍ਹਾਂ ੴ ਨੂੰ ਮੁਸਲਮਾਨਾਂ ਵਾਂਗ ਇੱਕੋ ਇੱਕ ਸਰਬੁਤਮ ਪੂਜ ਦਰਸਾਇਆ ਗਿਆ ਹੈ ਤੇ ਸਾਰੇ ਹਿੰਦੂ ਇਸ਼ਟਾਂ ਨੂੰ ਮੁਸਲਿਮ ਸੂਫ਼ੀਆਂ ਤੇ ਪਾਤਸ਼ਾਹਾਂ ਨੂੰ ਓਸ ਦਾ ਉਪਾਸ਼ਕ ਤੇ ਗਵੰਤਰੀ ਦੱਸਿਆ ਹੈ।

-ਗੁਣੁ ਏਹੋ ਹੋਰੁ ਨਾਹੀ ਕੋਇ।।
ਨਾ ਕੋ ਹੋਆ ਨਾ ਕੋ ਹੋਇ।।  (ਸੋਦਰ-੯)
-ਹਉ ਹਰਿ ਬਿਨੁ ਅਵਰੁ ਨਾ ਜਾਨਾ।।  (ਮਾਰੂ-੯੯੧)
-ਸੁਣਿਐ ਸੇਖ ਪੀਰ ਪਾਤਿਸ਼ਾਹ।। (ਜਪੁ)
-ਗਾਵਹਿ ਈਸਰੁ ਬਰਮਾ ਦੇਵੀ ਸੋਹਨਿ ਸਦਾ ਸਵਾਰੇ।।
ਗਾਵਹਿ ਇੰਦ ਇਦਾਸਣਿ ਬੈਠੇ ਦੇਵਤਿਆਂ ਦਰਿ ਨਾਲੇ।।      (ਜਪੁ)

ਨਾਨਕਧਾਰਾ ੴ ਦੇ ਇਸ਼ਟ ‘ਨਿਰੰਕਾਰ’ ਦੱਸਦੀ ਹੈ। ਹਿੰਦੂਆਂ ਨੇ ਆਪਣੇ ਜੁੱਗਾਂ ਪੁਰਾਣੇ ਕਾਲ ਵੱਸ ਹੋ ਗਏ ਇਸ਼ਟਾਂ ਨੂੰ ਲੋਕਾਂ ਨੂੰ ਦਰਸਾਈ ਰੱਖਣ ਲਈ ਪੱਥਰਾਂ ਤੇ ਤਾਂਬੇ ਦੀਆਂ ਮੂਰਤਾਂ ਵਿੱਚ ਢਾਲ਼ ਕੇ ਮੰਦਰਾਂ ਵਿੱਚ ਰੱਖ ਲਿਆ ਤੇ ਬ੍ਰਾਹਮਣਾਂ ਨੇ ਇਹਨਾਂ ਦਾ ਖੱਟਿਆ ਖਾਣ ਲਈ ”ਭਗਵਾਨ ਦੇ ਦਰਸ਼ਨਾਂ” ਲਈ ਕਥਾਵਾਂ ਸੁਨਾਉਣ ਦਾ ਕਿੱਤਾ ਫੜ ਲਿਆ। ਮੁਸਲਿਮ ਸੂਫ਼ੀ ਆਪਣੇ ਸਰੀਰ ਨੂੰ ਕਸ਼ਟਾਂ ਵਿੱਚ ਪਾ ਪਾ ਤੇ ਅਨੇਕ ਪ੍ਰਕਾਰ ਦੇ ਤਸੀਹੇ ਦੇ ਦੇ ਰੱਬ ਨੂੰ ਪਾਉਣ ਦਾ ਢਕੌਂਜ ਰਚੀ ਫਿਰਦੇ ਸਨ ਤੇ ਹਨ। ਨਾਨਕਧਾਰਾ ਨੇ ਇਹਨਾਂ ”ਦਰਸ਼ਨਾਂ ਤੇ ਮਿਲਣੀਆਂ” ਦਾ ਭਰਮ ਤੋੜਨ ਲਈ ਆਪ ਇਸ਼ਟ ਨੂੰ ਨਿਰਅਕਾਰ ਭਾਵ ਅਨਸਰੀਰੀ ਤੇ ਅਪਹੁੰਚ ਦੱਸਿਆ।

-ਤਨ ਬਸੰਤਦਰ ਹੋਮੀਐ ਇੱਕ ਰਤੀ ਤੇਲਿ ਕਟਾਇ।।
ਤਨੁ ਮਨੁ ਸਮਧਾ ਜੇਕਰੀ ਅਨਦਿਨੁ ਅਗਨਿ ਜਲਾਇ।।
ਹਰਿਨਾਮੈ ਤੁਲਿ ਨ ਪੁਜਈ ਜੇ ਲਖ ਕੋਈ ਕਰਮ ਕਮਾਇ।।
ਅਰਧ ਸਰੀਰੁ ਕਟਾਈਐ ਸਿਰਿ ਕਰਵਤੁ ਧਰਾਇ।।
ਤਨੁ ਹੈਮੰਚਲਿ ਗਾਲੀਐ ਭੀ ਮਨ ਤੇ ਰੋਗੁ ਨ ਜਾਇ।।
ਹਰਿਨਾਮੈ ਤੁਲਿ ਨ ਪੁਜਈ ਸਭ ਡਿਠੀ ਠੋਕਿ ਵਜਾਇ।।
   (ਸਿਰੀ ਰਾਗ-੬੨)

ਹੋਰ ਨਾਨਕਧਾਰਾ ਆਪਣੇ ਇਸ਼ਟ ਨੂੰ ਮੁਸਲਮਾਨਾਂ ਦੇ ਕਾਅਬੇ ਵਾਂਗ ਇੱਕੇ ਥਾਂ ਤੇ ਲੋਹੇ ਜੜ੍ਹ ਨਹੀਂ ਕਰਦੀ ਤਾਂ ਜੋ ਕੋਈ ਜਣਾ ਓਸ ਨੂੰ ਮੱਲ ਕੇ ਨਿੱਜੀ ਲਾਭਾਂ ਲਈ ਵਰਤਣ ਨਾ ਲਗ ਜਾਏ। ਜਿਸ ਤਰ੍ਹਾਂ ਕਰਾਮਤਾ ਨੇ ਕੀਤਾ ਸੀ।

-ਤੂੰ ਸਭਨੀ ਥਾਈ ਜਿਥੈ ਹਉ ਜਾਈ
ਸਾਚਾ ਸਿਰਜਣਹਾਰੁ ਜੀਉ।। (ਰਾਗ ਆਸਾ-੪੩੮)
-ਮੁਕਾਮੁ ਤਿਸਨੋ ਆਖੀਐ ਜਿਸੁ ਸਿਸਿ ਨ ਹੋਵੀ ਲੇਖੁ।।
ਅਸਮਾਨੁ ਧਰਤੀ ਚਲਸੀ ਮੁਕਾਮੁ ਓਹੀ ਏਕੁ।।
    (ਸਿਰੀ ਰਾਗ-੬੪)

ਸਭ ਧਰਮਾਂ ਦੇ ਪ੍ਰਚੱਲਤ ਆਗੂਆਂ ਨੂੰ ਓਸ ਇੱਕ ਦੀ ਮੰਨਤਾ ਕਰਨ ਲਈ ਕਿਹਾ ਹੈ।

-ਕਲਿ ਪਰਵਾਣੁ ਕਤੇਬ ਕੁਰਾਣੁ।।
ਪੋਥੀ ਪੰਡਿਤ ਰਹੇ ਪੁਰਾਣ।।
ਨਾਨਕ ਨਾਉ ਭਇਆ ਰਹਿਮਾਣੁ।।
ਕਰਿ ਕਰਤਾ ਤੂ ਏਕੋ ਜਾਣੂ।।  (ਰਾਮਕਲੀ -੯੦੩)
-ਨਾ ਕੋ ਮੁਲਾ ਨਾ ਕੋ ਕਾਜੀ।।
ਨਾ ਕੋ ਸੇਖ ਮਸਾਇਕੁ ਹਾਜੀ।।
-ਭਾਉ ਨ ਭਗਤੀ ਨਾ ਸਿਵ ਸ਼ਕਤੀ।।
ਸਾਜਨ ਮੀਤੁ ਬਿੰਦੁ ਨਹੀ ਰਕਤੀ।।
-ਬੇਦ ਕਤੇਬ ਨ ਸਿੰਮ੍ਰਿਤ ਸਾਸਤ।।
ਪਾਠ ਪੁਰਾਣ ਉਦੈ ਨਹੀਂ ਆਸਤ।। (ਮਾਰੂ-੧੦੩੬)
-ਕਾਜੀ ਮੁਲਾਂ ਹੋਵਹਿ ਸੇਖ।। ਜੋਗੀ ਜੰਗਮ ਭਗਵੇ ਭੇਖ।।
ਕੋ ਗਿਰਹੀ ਕਰਮਾਂ ਕੀ ਸੰਧਿ।।
ਬਿਨ ਬੂਝੇ ਸਭ ਖੜੀਅਸਿ ਬੰਧਿ।। (ਬਸੰਤ-੧੧੬੯)

ਗੱਲ ਕੀ ਨਾਨਕਧਾਰਾ ੴ ਵਾਲ਼ੇ ਨਿਰੰਕਾਰੀ ਇਸ਼ਟ ਦੀ ਸਰਬ ਉੱਤਮਤਾ, ਸਰਬਮਾਨਤਾ ਤੇ ਸਰਬ ਪਰੱਭਤਾ ਪ੍ਰਚਾਰਦੀ, ਵਿਆਖਦੀ ਤੇ ਦਰਿਸ਼ਟਾਂਤਦੀ ਹੈ। ਬਾਣੀ ਦਾ ਹਰ ਸ਼ਬਦ ਪਉੜੀ, ਸਲੋਕ, ਅਸ਼ਟਪਦੀ, ਪੰਚਪਦਾ, ਚੌਪਦਾ, ਦੁਪਦਾ ੴ ਦੇ ਨਿਰੰਕਾਰ, ਨਿਰਭਉ, ਨਿਰਵੈਰ, ਨਿਰਮੋਹ, ਨਿਰਲੇਪ, ਅਲਖ, ਅਗੰਮ, ਅਥਾਹ, ਅਭਿਜ, ਅਕਥ, ਅਪਾਰ, ਅਨੰਤ, ਅਮੁਲ, ਅਦਿਖ, ਅਟੱਲ, ਅਥਾਪ, ਅਗਣਤ, ਅਨਾਦਿ, ਅਨੀਲ, ਅਨਾਹਤਿ, ਅਕਾਲ, ਪਵਿੱਤਰ, ਸਰਬਕਲਾ ਸਮਰਥ, ਕਰੀਮ, ਰਹੀਮ, ਰਹਿਮਾਣ ਤੇ ਹਮੇਸ਼ਾ ਸੱਚ ਹੋਣ, ਸੰਸਾਰ ਦੇ ਸਾਰੇ ਪਸਾਰ ਦਾ ਕਰਤਾ ਤੇ ਕੁਦਰਤੀ ਪ੍ਰਾਪਤੀਆ ਦਾ ਦਾਤਾ ਮੰਨਣ ਮਨਾਉਣ ਤੇ ਜ਼ੋਰ ਦਿੰਦੇ ਹਨ ‘ਤੇ ਓਸ ਦੇ ਇਹ ਗੁਣ ਜਤਾਉਣ ਲਈ ਓਸੇ ਇੱਕ ਨੂੰ ਇਸਲਾਮੀ ਤੇ ਹਿੰਦੂ ਧਰਮ ਇਸ਼ਟਾਂ ਦੇ ਨਾਵਾਂ ਨਾਲ਼ ਸੰਬੋਧਨ ਕੀਤਾ ਹੈ।

-ਤੇਰੇ ਨਾਮ ਅਨੇਕਾ ਰੂਪ ਅਨੰਤਾ
ਕਹਣੁ ਨ ਜਾਹੀ ਤੇਰੇ ਗੁਣ ਕੇਤੇ।। (ਆਸਾ-੩੫੮)

-ਤੂ ਆਪੇ ਰਸਨਾ ਆਪੇ ਬਸਨਾ ਅਵਰੁ ਨ ਦੂਜਾ ਕਹਉ ਮਾਈ।।
ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ ਏਕੋ ਹੈ।।
  (ਆਸਾ, ਚਉਪਦੇ-੩੫੦-੪੨੦)

-ਅਲਾਹੁ ਅਲਖੁ ਅਗੰਮ ਕਾਦਰੁ ਕਰਣਹਾਰੁ ਕਰੀਮ ।।
ਸਭ ਦੁਨੀ ਆਵਣ ਜਾਵਣੀ ਮੁਕਾਮੁ ਏਕੁ ਰਹੀਮੁ ।।
   (ਸਿਰੀ ਰਾਗ-੬੪)

-ਲਖ ਲਸਕਰ ਲਖ ਵਾਜੇ ਨੇਜੇ ਲਖ ਉਠਿ ਕਰਹਿ ਸਲਾਮੁ।।
ਲਖਾ ਉਪਰਿ ਫੁਰਮਾਇਸਿ ਤੇਰੀ ਲਖ ਉਠਿ ਰਾਖਹਿ ਮਾਨੁ।।     (ਆਸਾ-੩੫੮)

-ਨਾਉ ਤੇਰਾ ਨਿਰੰਕਾਰੁ ਹੈ ਨਾਇ ਲਇਐ ਨਰਕਿ ਨ ਜਾਈਐ।।     (ਆਸਾ ਦੀ ਵਾਰ-੪੬੫)

ਇਹੋ ਜਿਹੇ ਅਪਹੁੰਚ ਇਸ਼ਟ ਦੀ ਮਨਾਉਤ ਲਈ ਜ਼ਰੂਰੀ ਹੈ ਕਿ ਮੁਸਲਮਾਨਾਂ ਵਾਂਗ ਏਸ ਦਾ ਕੋਈ ਸੰਸਾਰੀ ਵਸੀਲਾ ਹੋਵੇ ਅਤੇ ਉਹ ਮੂਲ ਮੰਤਰ ਦੇ ਸ਼ਬਦ ”ਗੁਰ ਪ੍ਰਸਾਦਿ” ਵਿੱਚ ਦਸ ਦਿੱਤਾ ਗਿਆ ਹੈ, ਕਿ ਕੌਣ ਹੋਵੇ।

ਨਾਨਕ ਦੇ ੴ ਤੱਕ ਰਸਾਈ ”ਗੁਰ ਪਰਸਾਦੀ” ਹੈ। ਭਾਵ ਨਾਨਕਧਾਰਾ ਨੇ ਅਧਿਆਤਮਕਤਾ ਦੇ ਜਾਮੇ ਹੇਠ ”ਗੁਰੂ” ਦੇ ਸਰੀਰ ਵਿੱਚ ਪਦਾਰਥਕਤਾ ਲਕੋਈ ਹੋਈ ਹੈ। ਏਸੇ ਲਈ ਨਾਨਕ ਬਾਣੀ ਵਿੱਚ ਜਿੰਨਾ ਜ਼ੋਰ ੴ ਦੀ ਮਨਾਉਤ ਬਾਰੇ ਹਿੰਦੂ ਇਸ਼ਟਾਂ ਦੀਆਂ ਮਨਾਉਤਾਂ ਤੋਂ ਉੱਪਰ ਦੀ ਥਾਪਣ ‘ਤੇ ਲਾਇਆ ਗਿਆ ਹੈ, ਓਸ ਤੋਂ ਵੱਧ ਓਸ ਦੇ ਦਿਹਧਾਰੀ ਉਤਾਰ (ਪਦਾਰਥਕ), ਗੁਰੂ ਦੀ ਅਧਿਆਤਮਕ ਸਿਆਸੀ ਤੇ ਸਮਾਜੀ ਲੋੜ ਦੀ ਵਡੱਤਣ, ਸ਼ੋਭਾ, ਜੱਸ, ਵਿਸ਼ੇਸ਼ਤਾ, ਮਹਿਮਾ, ਸੇਵ ਤੇ ਮਾਨਤਾ ਦਰਸਾਉਣ ਲਈ ਲਾਇਆ ਹੈ। ਗੁਰੂ (ਪਦਾਰਥਕ ਸੰਚਾਲਤਾ) ਦੀ ਸੰਸਥਾ ਨੂੰ ੴ ਦੀ ਅਧਿਆਤਮਕਤਾ ਨਾਲ਼ ਏਸ ਤਰ੍ਹਾਂ ਘਿਉ ਖਿਚੜੀ ਕਰ ਦਿੱਤਾ ਹੈ। ਕਿ ਹਰ ਦੋ ”ਏਕ ਜੋਤਿ ਦੋਇ ਮੂਰਤੀ” ਹੋ ਕੇ ਸਤਿਨਾਮ ਨੂੰ ਮੰਨਣਾ ਹੋ ਜਾਂਦਾ ਹੈ। ਨਾਨਕਧਾਰਾ ਦਾ ਇਹ ਅਧਿਆਤਮਕ ਤੇ ਪਦਾਰਥਕ ਮੇਲ ਇੱਕ ਮਹਾਨ ਮਾਨਸਕ ਦਾਨਾਈ ਤੇ ਸਿਆਣਪ ਹੈ।

ਸ੍ਰੀ ਰਾਗ, ਆਸਾ ਮਾਝ ਕੀ ਵਾਰ ਤੇ ਗਉੜੀ ਦੀਆਂ ਅਸਟਪਦੀਆਂ ਬਾਹਲਾ ਏਸੇ ਦੇ ਪਰਥਾਏ ਹਨ :

-ਸਤਿਗੁਰੂ ਸੇਵਿ ਦੇਖਹੁ ਪ੍ਰਭੁ ਨੈਨੀ।। (ਆਸਾ-੪੧੯)
-ਗੁਰਪਰਸਾਦੀ ਹਰਿ ਰਸੁ ਪਾਇਆ
ਨਾਮ ਪਦਾਰਥੁ ਨਉ ਨਿਧਿ ਪਾਈ।। (ਆਸਾ-੩੫੩)
-ਸੁਖੁ ਮਾਨੈ ਭੇਟੈ ਗੁਰਪੀਰੁ ।।
ਏਕੋ ਸਾਹਿਬੁ ਏਕੁ ਵਜੀਰੁ।।  (ਆਸਾ-੪੧੩)
-ਸਤਿਗੁਰ ਬਚਨੀ ਏਕੋ ਜਾਤਾ।। (ਆਸਾ-੪੧੫)
-ਨਾਨਕ ਗੁਰ ਸਮਾਨਿ ਤੀਰਥੁ  (ਆਸਾ-੪੨੭)
-ਤਿਨ ਜਮੁ ਨੇੜਿ ਨ ਆਵੈ।
ਗੁਰ ਸ਼ਬਦੁ ਕਮਾਵੈ
ਕਬਹੁ ਨ ਆਵਹਿ ਹਾਰਿ ਜੀਉ।। (ਆਸਾ-੪੩੮)
-ਬਾਝੁ ਗੁਰੂ ਡੁਬਾ ਸੰਸਾਰੁ।।  (ਮਾਰੂ-੧੩੮)
-ਹੋਰੁ ਕਿਤੈ ਭਗਤਿ ਨ ਹੋਵਈ
ਬਿਨੁ ਸਤਿਗੁਰ ਕੇ ਉਪਦੇਸ।।  (ਸਿਰੀ ਰਾਗੁ-੫੫)
-ਸਤਿਗੁਰ ਕੈ ਜਨਮੈ ਗਵਨੁ ਮਿਟਾਇਆ।।       (ਰਾਮਕਲੀ-੯੪੦)
-ਗੁਰ ਦਾਤਾ ਮੇਲੇ ਤਾ ਮਤਿ ਹੋਵੈ
ਨਿਗੁਰੇ ਮਤਿ ਨ ਕਾਈ।।  (ਸੋਰਠ-੬੩੫)
-ਬਿਨੁ ਗੁਰ ਭਰਮੈ ਆਵੈ ਜਾਇ।।
ਬਿਨ ਗੁਰ ਘਾਲ ਨ ਪਵਈ ਥਾਇ।।
ਬਿਨੁ ਗੁਰ ਤ੍ਰਿਪਤਿ ਨਹੀ ਬਿਖੁ ਖਾਇ।।
ਬਿਨੁ ਗੁਰ ਬਿਸੀਅਰੁ ਡਸੈ ਮਰਿ ਵਾਟ।।
ਨਾਨਕ ਗੁਰ ਬਿਨੁ ਘਾਟੇ ਘਾਟ।।

ਇਹ ਕੁਝ ਉੱਤਲੀਆਂ ਦਰਿਸ਼ਟਾਂਤੀ ਤੁਕਾਂ ਹਨ, ਜੋ ਗੁਰੂ ਦੀ ਉਸਤਤ, ਮਹਾਨਤਾ, ਵਿਸ਼ੇਸ਼ਤਾ, ਉੱਤਮਤਾ, ਸ਼ੋਭਾ, ਮਹਿਮਾਂ, ਮਾਨਤਾ ਤੇ ਪਦਾਰਥਕ ਜਰੂਰਤ ਦੀ ਚਿੱਤਰੀ ਹੋਈ ਤਸਵੀਰ ਹਨ। ਸੋ ਨਾਨਕਧਾਰਾ ਦਾ ਮੂਲ ਵਿਸ਼ਾ ਸਤਿਨਾਮ ਤੇ ਸਤਿਗੁਰੂ ਨੂੰ ਇੱਕ ਕਰ ਜਾਣਨਾ, ਮੰਨਣਾ, ਮਨਾਉਣਾ ਤੇ ਧਿਆਉਣਾ ਤੇ ਗੁਰ ਨੂੰ ੴ ਦੇ ਸਮ ਬਰਾਬਰ ਦਰਸਾਉਣਾ ਹੈ। ਇਹੀ ਮੂਲ ਤੱਤ ਸਿੱਖ ਇਤਿਹਾਸ ਦੀ ਮਹਾਨ ਚਾਲਕ ਸ਼ਕਤੀ (ਸ਼ਾਹ ਰਗ) ਰਹੀ ਹੈ। ਬਾਕੀ ਬਾਣੀ ਤਾਂ ਸਭ ਸਿੱਖ ਮਤ ਦਾ ਉਪਦੇਸ਼ ਹੀ ਹੈ, ਜੋ ਸਮਾਜ ਨੂੰ ਜਰਾ ਜਿੰਨਾ ਵੀ ਵੇਖਣ ਚਾਖਣ ਤੇ ਸੁਧਾਰਣ ਵਾਲ਼ੇ ਹਰ ਸਮਾਜ ਸੇਵਕ ਤੋਂ ਆਸ ਕੀਤੀ ਜਾ ਸਕਦੀ ਹੈ।

ਨਾਨਕ ਦੀ ਇਹ ਦੇਹਧਾਰੀ ਉਤਾਰ (ਗੁਰੂ) ਵਾਲ਼ੀ ਧਾਰਨਾ, ਭਾਵੇਂ ਇਸਲਾਮੀ ਪੈਗੰਬਰ ਦੀ ਰੀਸ ਹੈ। ਪਰ ਏਸ ਦੀ ਪੇਸ਼ਕਾਰੀ ਹਿੰਦੂਆਨਾ ਹੈ। ਇੱਕ ਤਾਂ ਏਸ ਕਰਕੇ, ਕਿ ਏਸ ਧਾਰਨਾ ਨੂੰ ਹਿੰਦੂ ਰੰਗਤ ਵਿੱਚ ਰੰਗੇ ਹੋਏ ਗੈਰ-ਮੁਸਲਿਮ ਬਰਾਦਰੀਆਂ ਦੀਆਂ ਇਕਾਈਆਂ ਵਾਲ਼ੇ ਸਮਾਜ ‘ਤੇ ਲਾਗੂ ਕੀਤਾ ਜਾਣਾ ਸੀ। ਦੂਸਰੇ; ਮੁਹੰਮਦ ਦੇ ਜਾਮੇ ਵਿੱਚ ਇਸਲਾਮੀ ਦੇਹਧਾਰੀ ਉਤਾਰ ਦੁਨੀਆਂ ਨੂੰ ਦੱਸਦਾ ਸੀ ਕਿ ”ਉਹ ਸਭ ਕੁਝ ਰੱਬ ਦੇ ਆ ਰਹੇ ਹੁਕਮਾਂ (ਵਹੀਆਂ) ਅਨੁਸਾਰ ਕਰਦਾ ਹੈ।” ਨਾਨਕ ਦਾ ਗੁਰੂ, ਉਪਦੇਸ਼ ਦੇ ਜ਼ੋਰ ਪ੍ਰੇਰਨਾ ਕਰਕੇ ਆਪਣਾ ਇਸ਼ਟ ਮਨਾਉਣ ਦੇ ਰਾਹ ਪਿਆ। ਇਸਲਾਮੀ ਤਰੀਕਾ ਡਿਕਟੇਟਰੀ ਦੇ ਰਾਹ ਤੁਰਿਆ ਸੀ। ਕਿਉਂਕਿ ਮੁਹੰਮਦ ਨੇ ਅਰਬ ਕਬੀਲਿਆਂ ਨੂੰ ਉਪਦੇਸ਼ਾਂ ਨਾਲ਼ ਪ੍ਰੇਰਨਾ ਦੀ ਥਾਂ ਤਲਵਾਰ, ”ਈਮਾਨ ਲਿਆਉ ਜਾਂ ਲੜੋ” ਦੀ ਵੰਗਾਰ ਦੇ ਜ਼ੋਰ ‘ਤੇ ਇਸਲਾਮ ਮਨਵਾਇਆ, ਪਰ ਨਾਨਕਧਾਰਾ ਦਾ ਦੇਹਧਾਰੀ ਉਤਾਰ (ਗੁਰੂ) ਓਸ ਦੇ ਮੰਤਵ ਨੂੰ ਲੋਕਾਂ ਵਿੱਚ ਲਿਜਾਣ ਲਈ, ਉਹਨਾਂ ਤੋਂ ਏਸ ਦੀ ਮਨਾਉਤ ਕਰਵਾਉਣ ਤੇ ਓਸ ਵੇਲ਼ੇ ਦੀ ਦੁਰਦਸ਼ਾ ਤੋਂ ਮੁਕਤੀ ਦਵਾਉਣ ਦਾ ‘ਰਾਹ ਦੱਸਣ ਵਾਲ਼ਾ ਸਾਧਨ’ ਬਣਿਆ, ਜਿਸ ਕਰਕੇ ਨਾਨਕਧਾਰਾ ਗੁਰੂ ਦੀ ਸੇਵਾ ਵਿੱਚ ਸੰਗਤ ਬਣਾਉਣ (ਨਵਾਂ ਧਰਮ ਤੋਰਨ ਦਾ ਬੀਜ ਬੀਜਣ) ਦੇ ਰਾਹ ਤੁਰਦੀ ਹੈ, ਤਲਵਾਰ ਦੇ ਜ਼ੋਰ ਲੋਕਾਂ ਨੂੰ ਆਪਣਾ ਇਸ਼ਟ (ਗੁਰੂ) ਮੰਨਵਾਉਣ ਦੇ ਰਾਹ ਨਹੀਂ। ਅਗਾਂਹ ਵੀ ਨਾਨਕਧਾਰਾ ਦੇ ਅਸਰ ਨੇ ਆਪਣਾ ਧਰਮ ਫੈਲਾਉਣ ਲਈ ਜਰਵਾਣਾਂ ਰਾਹ ਨਹੀਂ ਫੜਿਆ ਤੇ ਏਸ ਦੀ ਥਾਂ ਹਾਕਮਾਂ ਵਿਰੁੱਧ (ਸਿੱਖ ਬਨਾਉਣ ਲਈ ਨਹੀਂ, ਪੰਜਾਬ ਨੂੰ ਅਜ਼ਾਦ ਕਰਵਾਉਣ ਲਈ) ਬਵਾਗਤ ਦਾ ਰਸਤਾ ਲਿਆ। ਓਸ ਨੇ ਫਰੀਦ ਵਾਂਗ ਕਿਤੇ ਵੀ ਨਹੀਂ ਧਮਕਕਾਇਆ, ਜੋ ਇਸਲਾਮ ਦਾ ਖਾਸਾ ਹੈ।

-ਜੋ ਸਿਰ ਸਾਂਈ ਨਾ ਨਿਵੈ ਸੋ ਸਿਰੁ ਕਪਿ ਉਤਾਰਿ।।੭੧।।
   (ਸਲੋਕ ਫ਼ਰੀਦ-੧੩੮੧)

ਏਸ ਦੀ ਥਾਂ ਆਪਣੇ ਮੰਤਵ ਦੀ ਪੂਰਤੀ ਲਈ ਮੰਨੇ, ਸੰਗਤ, ਸੱਜਣਾਂ, ਗੁਰਸੇਵਾ ਤੇ ਆਗਿਆਕਾਰੀ ਦੇ ਹਰ ਪ੍ਰਕਾਰ ਦੇ ਦਿਸ਼ਟਾਂਤ ਪੇਸ਼ ਕੀਤੇ ਗਏ ਹਨ।

-ਸਤਿਗੁਰ ਕਉ ਬਲਿ ਜਾਈਐ। ਜਿਤੁ ਮਿਲੀਐ ਪਰਮ ਗਤਿ ਪਾਈਐ।।
ਸੁਰਿਨਰ ਮੁਨਿਜਨ ਲੋਚਦੇ ਸੋ ਸਤਿਗੁਰ ਦੀਆਂ ਬੁਝਾਇ ਜੀਉ।।
ਸਭ ਸੰਗਤ ਕੈਸੀ ਜਾਣੀਐ।। ਜਿਥੇ ਏਕੋ ਨਾਮ ਵਖਾਣੀਐ।।
ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆਂ ਬੁਝਾਇ ਜੀਉ।।
   (ਸਿਰੀ ਰਾਗ-੭੧, ੭੨)

ਏਸ ਤਰ੍ਹਾਂ ਨਾਨਕਧਾਰਾ ਉਪਦੇਸ਼ੀ ਤਰ੍ਹਾਂ ਦੀ ਹੈ, ਹੁਕਮੀ ਧੌਂਸ ਨਹੀਂ, ਜੋ ਇਸਲਾਮੀ ਤਰੀਕਾ ਸੀ।

-ਹਮ ਘਰਿ ਸਾਜਨ ਆਏ।। ਸਾਚੈ ਮੇਲਿ ਮਿਲਾਏ।।
ਪੰਚ ਮਿਲੇ ਸੁਖੁ ਪਾਇਆ।।  (ਸੂਹੀ-੭੬੪)
ਸੰਗਤ ਸਜਣਾਂ ਨਾਲ ਹੁੰਦੀ ਹੈ, ਜੋ ਸਚੇ ਤੇ ਪਕੇ ਹੋਣ :
-ਸਾਜਨ ਹੋਵਨਿ ਆਪਣੇ ਕਿਉ ਪਰ ਘਰ ਜਾਹੀ।।
ਸਾਜਨ ਰਾਤੇ ਸਚ ਕੇ ਸੰਗੇ ਮਨ ਮਾਹੀ।। (ਸੂਹੀ-੭੬੬)
-ਸਾਜਨ ਤੇਰੇ ਚਰਨ ਕੀ ਹੋਇ ਰਹੇ ਸਦਾ ਧੂਰਿ।।
    (ਮਾਰੂ-੯੮੯)
-ਸਜਨ ਸੇਈ ਨਾਲ ਮੈ ਚਲਦਿਆਂ ਨਾਲਿ ਚਲੰਨਿ।।
ਜਿਥੈ ਲੇਖਾ ਮੰਗੀਐ ਤਿਥੈ ਘੜੇ ਦਿਸੰਨਿ।। (ਸੂਹੀ-੭੨੯)
-ਨਾਨਕੁ ਵੇਚਾਰਾ ਕਿਆ ਕਹੇ।। ਸਭੁ ਲੋਕੁ ਸਲਾਹੇ ਏਕ ਸੇ।।
ਸਿਰ ਨਾਨਕੁ ਲੋਕਾ ਪਾਵ ਹੈ।।
ਬਲਿਹਾਰੀ ਜਾਉ ਜੇਤੇ ਤੇਰੇ ਨਾਵ ਹੈ।। (ਬਸੰਤ ੧੧੬੮)

ਸੋ ਇਹ ਇਸਲਾਮ ਵਰਗੀ ਤਲਵਾਰੀ ਡਿਕਟੇਟਰੀ ਨਹੀਂ, ਸੇਵਾ-ਭਾਵ ਤੇ ਲੋਕ ਸੱਜਨਤਾ ਹੈ, ਨਿਰਵੈਰਤਾ ਹੈ। ਏਸ ਦੀ ਮਨਾਉਤ ਲਈ ਇਸਲਾਮ ਵਾਂਗ ਜੰਗੀ ਹਮਲਾਵਰੀ ਵਿੱਚ ਨਹੀਂ ਜਾਣਾ ਪਿਆ, ਸਗੋਂ ਧਰਮਸਾਲ ਜਾਂ ਗੁਰੂ ਦੇ ਦਵਾਰੇ ਸੰਗਤ ਵਿੱਚ ਇਕੱਠੇ ਹੋਣਾ ਪਿਆ ਹੈ।

-ਗੁਰਦੁਆਰੈ ਨਾਉ ਪਾਈਐ ਬਿਨੁ ਸਤਿਗੁਰ ਪਲੈ ਨਾ ਪਾਇ।।
    (ਮਾਰੂ-੧੦੧੫)
-ਗੁਰੂ ਦੁਆਰੇ ਆਖਿ ਸੁਣਾਏ।।  (ਰਾਮਕਲੀ-੯੩੦)

ਨਾਨਕਧਾਰਾ ਦੀ ਅਧਿਆਤਮਕਤਾ (ੴ) ਤੇ ਪਦਾਰਥਕਤਾ (ਗੁਰੂ) ਦੀ ਘੋਪ ਤੋਂ ਭਲ਼ੀ ਪ੍ਰਕਾਰ ਜਾਣਿਆ ਜਾ ਸਕਦਾ ਹੈ ਕਿ ਓਸ ਨੂੰ ਹਿੰਦੂ ਧਾਰਨਾਵਾਂ ਨਾਲ਼ੋਂ (ਜੋ ਅਨੇਕ ਸਨ) ਡਿਕਟੇਟਰੀ ਕੱਟੜਤਾ ਦੇ ਬਾਵਜੂਦ ਇਸਲਾਮੀ ਧਾਰਨਾ ਵਧੇਰੇ ਪਸੰਦ ਆਈ। ਏਸ ਲਈ ਕਿ ਉਹ ਇੱਕੋ ਹੀ ਇਸ਼ਟ ਦਾ ਉਪਾਸ਼ਕ ਸੀ। ਉਹ ਅਰਬ ਕਬੀਲਿਆਂ ਦੇ ਆਪੋ-ਆਪਣੇ ਰੱਬਾਂ ਨੂੰ ਰੱਦ ਕੇ ਲਿਤਾੜਦੀ ਤੇ ਮੁਹੰਮਦ ਦੇ ਰੱਬ ਨੂੰ ਇਕਲਮ-ਕਲਾ, ਪੇਸ਼ਰੀਕ ਬੇਨਿਆਜ਼ ਤੇ ਬੇਮੁਥਾਜ ਮੰਨਵਾਉਂਦੀ ਸੀ। ਓਸ ਨੂੰ ਨਾ ਕਿਸੇ ਤੋਂ ਪੈਦਾ ਹੋਇਆ ਤੇ ਨ ਉਸ ਤੋਂ ਕੋਈ ਪੈਦਾ ਹੋਇਆ ਮੰੰਨਦੀ ਸੀ। ਸੋ ਓਸ ਵੇਲੇ ਪੰਜਾਬੀ ਜ਼ਮਾਨੇ ਦੀ ਵੀ ਇਹੀ ਮੰਗ ਸੀ ਕਿ ਅਜਿਹੀਆਂ ਸਿਫ਼ਤਾਂ ਵਾਲ਼ੇ ਇਸ਼ਟ ਨੂੰ ਹੀ ਪੰਜਾਬੀ ਸਮਾਜ ਮੂਹਰੇ ਰੱਖਿਆ ਜਾਏ। ਜਿਸ ਦੀਆਂ ਲੀਹਾਂ ਤੇ ਪੰਜਾਬੀ ਕਬੀਲਿਆਂ ਨੂੰ ਆਪਣੇ ਬਰਾਦਰੀ ਜਠੇਰਿਆਂ ਤੇ ਹਿੰਦੂ ਇਸ਼ਟਾਂ ਦੇ ਮਗਰੋਂ ਹਟਾ ਕੇ ਆਪਣੀ ਮਹਾਰਾਜਤਾ ਦੀ ਸਥਾਪਤੀ ਦੀ ਦਾਈ ਵੱਲ ਤੋਰਨ ਦੀ ਸੰਭਾਵਨਾ ਪੈਦਾ ਹੋ ਸਕੇ। ਏਸੇ ਇਤਿਹਾਸਕ ਗੁਣ ਕਰਕੇ ਨਾਨਕ ਨੇ ਆਪਣੀ ਧਾਰਾ ਦਾ ਤੱਥ ਬੁਨਿਆਦੀ ਤੌਰ ‘ਤੇ ਇਸਲਾਮੀ ਵੰਨਗੀ ਦਾ ਰੱਖਿਆ।* ਇਹ ਨਾਨਕ ਦਾ ਕਮਾਲ ਸੀ, ਜੋ ਕਿਸੇ ਹੋਰ ਭਗਤ ਨੂੰ ਨਹੀਂ ਸੁੱਝਿਆ।

(* ਗੁਰਚਰਨ ਸਿੰਘ ਸਹਿੰਸਰਾ, ‘ਮੁਹਾਂਦਰਾ’ ਜਨਵਰੀ 1969, ਸਫਾ 45, ਖੁਸ਼ਵੰਤ ਸਿੰਘ, ‘ਦੀ ਸਿੱਖ’ 1969 ਸਫਾ 187; ਡਾਕਟਰ ਫੌਜਾ ਸਿੰਘ, ਗੁਰਦੁਆਰਾ ਗਜ਼ਟ, ਜਨਵਰੀ 1972।)

ਨਾਨਕ ਨੇ ਹਿੰਦੂ ਮੱਤ ਤੋਂ ਨਿਆਰਾ ਹੋ ਕੇ ਆਪਣੇ ਸਿਧਾਂਤਕ ਆਸ਼ੇ ਨੂੰ ਮੁਹੰਮਦੀ ਪਰੰਪਰਾ ਤੇ ਗੁਰਗੱਦੀ ਨੂੰ ਸੂਫੀ ਪੂਰਨਿਆਂ ‘ਤੇ ਢਾਲ਼ਿਆ। ਜਿਸ ਤਰ੍ਹਾਂ ਮੁਹੰਮਦ ਨੇ ਅੱਲਾ ਨੂੰ ”ਵਾਹਿਦ ਲਾਸ਼ਰੀਕ” (ਸ਼ਰੀਕੇ ਤੋਂ ਬਿਨਾਂ) ਦੱਸਿਆ, ਨਾਨਕ ਨੇ ੴ ਨੂੰ ”ਏਕੰਕਾਰ ਅਵਰੁ ਨਹੀਂ ਦੂਜਾ ਵਖਾਣਿਆ।”

”ਮਜ਼ਹਬ ਮਨੁੱਖੀ ਮਨਾਂ ਵਿੱਚ ਮਨੁੱਖੀ ਵਸਤਾਂ ਦਾ ਹੀ ਸੰਕਲਪਤ ਅਕਸ ਹੁੰਦਾ ਹੈ।” (ਏਗਲਜ਼; ਡਾਏਲੈਕਟਿਕਸ ਆਫ ਨੇਚਰ, ਮਾਸਕੋ, 1968, ਸਫਾ 180)

ਇਹ ”ਅਵਰੂ ਨਹੀ ਦੂਜਾ” ਦੀ ਕਲਪਨਾ ਆਪਣੇ ”ਸੰਕਲਪਤ ਮਨੁੱਖੀ ਅਕਸ” (ਗੁਰੂ) ਦੀ ਇਕਲੇਰਤਾ ਮੰਗਦੀ ਹੈ। ਮਨੁੱਖੀ ਰੂਪ ਵਿੱਚ ਇਕਰਾਜਤਾ ਵੀ ਆਪਣਾ ”ਦੂਜਾ” ਨਹੀਂ ਮੰਗਦੀ। ਏਸ ਲਈ ਇਹ ਇਕਲੇਰਤਾ ਵਾਲ਼ਾ ਰੱਬ ਦਾ ਸੰਕਲਪ ਦਰਅਸਲ ਮਨੁੱਖੀ ਜਾਮੇ ਦਾ ਹੀ ਅਧਿਆਤਮਕ ਅਕਸ ਹੈ। ਆਪੋ ਆਪਣੀਆਂ ਮੰਨਤਾਂ ਦੇ ਮਜ਼ਹਬੀ ਭਰਮਾਂ ਵਿੱਚ ਗਰੱਸੀਆਂ ਤੇ ਬ੍ਰਾਹਮਣਾਂ ਦੀ ਧਰਮ ਮਰਿਆਦਾ ਦਾ ਦਮ ਭਰ ਰਹੀਆਂ, ਪੇਂਡੂ ਬਰਾਦਰੀਆਂ ਨੂੰ ਉਹਨਾਂ ਦੇ ਬਰਾਦਰੀ ਜਠੇਰਿਆਂ ਤੇ ਪੂਜਾ ਦੇ ਉੱਤੋਂ ਦੀ ਕਿਸੇ ਮਹਾਨ ਸੰਕਲਪਤ ਅਕਸ (ਇਸ਼ਟ) ਦੀ ਅਰਾਧਨਾ ਕਰਵਾ ਕੇ ਹੀ ਹਿੰਦੂ ਨਾਲ਼ੋਂ ਨਿਆਰੇ ਧਰਮ ਤੇ ਮੁਗਲ ਪਠਾਣ ਫਿਊਡਲਸ਼ਾਹੀ ਵਿਰੁੱਧ ਜਗਾਇਆ, ਉਭਾਰਿਆ ਤੇ ਲੜਾਇਆ ਜਾ ਸਕਦਾ ਸੀ।

ਜਿਸ ਤਰ੍ਹਾਂ ਇਸਲਾਮ ਵਿੱਚ ”ਅਵਰੁ ਨਹੀ ਦੂਜਾ” ਦੇ ਸੰਕਲਪ ਅੰਦਰ ਸਮੋਇਆ ਹੋਇਆ ਅਸਲ ਮਨੁਖ ”ਮੁਹੰਮਦ ਰਸੂਲ ਅੱਲਾ” ਸੀ, ਉਸੇ ਤਰ੍ਹਾਂ ਨਾਨਕਧਾਰਾ ਵਿੱਚ ”ਗੁਰ ਪ੍ਰਸਾਦਿ” (ਗੁਰੂ ਦੀ ਕਿਰਪਾ ਨਾਲ) ਇਹ ਅੱਲਾ ਜਾਂ ਏਕੰਕਾਰ ਨੂੰ ਅਸਲ ਮਨੁੱਖੀ ਰੂਪ (ਮੁਰਸ਼ਦ ਜਾਂ ਗੁਰੂ) ਵਿੱਚ ਢਾਲਣ ਦੀ ਮਜ਼ਹਬੀ ਭਾਵ ਅਧਿਆਤਮਕ ਵਿਧੀ ਹੈ। ਸੰਕਲਪ ਦੀ ਮਨੁੱਖੀ-ਜਾਮੇ ਵਿੱਚ ਇਹ ਕਾਇਆ ਬਦਲੀ ਭਾਈ ਗੁਰਦਾਸ ਜੀ ਨੇ ਏਸ ਤਰ੍ਹਾਂ ਵਖਾਣੀ ਹੈ :

”ਏਕੰਕਾਰ ਅਕਾਰ ਕਰਿ, ਗੁਰੁ ਗੋਬਿੰਦ ਨਾਉ ਸਦਵਾਇਆ।” (ਵਾਰ ੨੫/੧,), ”ਨਿਰੰਕਾਰ ਆਕਾਰ ਕਰਿ, ਏਕੰਕਾਰ ਅਕਾਰੁ ਪਛੋਆ। (ਵਾਰ ੩੯/੪,)। ਏਕੰਕਾਰ ਆਕਾਰ (ਮਨੁਖੀ ਮੂਰਤ) ਬਣ ਕੇ ਗੁਰੂ (ਹਰ) ਗੋਵਿੰਦ ਹੋ ਗਿਆ ਤੇ ਜਦ ਨਿਰੰਕਾਰ ਆਕਾਰ ਹੋ ਗਿਆ ਤਾਂ ਏਕੰਕਾਰ ਆਕਾਰ ਨਾਲ਼ੋਂ ਪਿੱਛੇ ਜਾ ਪਿਆ, ਭਾਵ ਨਿਰੰਕਾਰ ਨਾਲ਼ੋਂ ਆਕਾਰ (ਗੁਰੂ) ਦੀ ਮਹਾਨਤਾ, ਵਡਿਆਈ ਤੇ ਮਾਨਤਾ ਵੱਧ ਜਾਂਦੀ ਹੈ। ਇਹ ਹਕੀਕਤ ਹੈ, ਕਿ ਇਸਾਈਆਂ ਵਿੱਚ ਰੱਬ ਨਾਲ਼ੋਂ ਉਸ ਦੇ ਬੇਟੇ ਈਸਾ ਦੀ, ਇਸਲਾਮ ਵਿੱਚ ਅੱਲਾ ਨਾਲ਼ੋਂ ਮੁਹੰਮਦ ਦੀ ਵਧੇਰੇ ਮਾਨਤਾ ਹੋਈ ਤੇ ਹੈ। ਏਸੇ ਤਰ੍ਹਾਂ ਸਿੱਖਾਂ ਵਿੱਚ ਗੁਰੂਆਂ ਦੀ, ਗੁਰੂ ”ਦੀਨ ਦੁਨੀਆਂ ਦਾ ਪਾਤਿਸ਼ਾਹੁ” ਵਖਾਣਿਆ ਜਾਂਦਾ ਹੈ, ”ਪਾਤਸਾਹਾਂ ਪਾਤਿਸਾਹ ਅਡੋਲਾ”,  (ਸ਼ਹਿਨਸ਼ਾਹ) ਦੀ ਪਦਵੀ ਧਾਰਨ ਕਰ ਜਾਂਦਾ ਹੈ ਤੇ ਆਗੂ ਜਾਣਿਆ ਜਾਣ ਲਗ ਪੈਂਦਾ ਹੈ । (ਭਾਈ ਗੁਰਦਾਸ ਜੀ ਦੀਆਂ ਵਾਰਾਂ ੨੬/੧, ੩੯/੪, ੨੬/੧੯) ।

ਨਾਨਕ ਨੇ ਇਸਲਾਮੀ ਸੰਕਲਪ ਤੇ ਏਸ ਨੂੰ ਅਮਲ ਵਿੱਚ ਲਿਆਉਣ ਵਾਲ਼ੀ ਪ੍ਰੰਪਰਾ ਤਾਂ ਅਪਣਾਈ, ਪਰ ਨਾ ਇਸਲਾਮ ਤੇ ਨਾ ਏਸ ਦੀ ਮੁਗਲ ਪਠਾਣ ਹਾਕਮੀ ਪ੍ਰਵਾਨ ਕੀਤੀ। ਕਿਉਂਕਿ ਏਸ ਤੋਂ ਅਜ਼ਾਦ ਹੋ ਕੇ ਹੀ ਤਾਂ ਆਪਣਾ ਨਿਸ਼ਚਾ ਅਕਾਰਿਆ ਜਾ ਸਕਦਾ ਸੀ। ਏਸ ਲਈ ਨਾਨਕ ਬਾਣੀ, ਜਿਥੇ ਇਸਲਾਮੀ ਧਰਮ ਦੇ ਵਿਰੋਧ ਬਾਰੇ ਚੁੱਪ ਹੈ, ਉਥੇ ਉਸ ਦੇ ਰਾਜ ਮੁਹਰਿਆਂ ਦੀ ਡਟਕੇ ਨੁਕਤਾ-ਚੀਨੀ ਤੇ ਨਿੰਦਿਆ ਕਰਦੀ ਹੈ, ਜੋ ਮੁਗਲ ਪਠਾਣ ਰਾਜ ਦੀ ਨਗੇਸ਼ਨ ਦੇ ਤੁੱਲ ਅੱਪੜ ਜਾਂਦੀ ਹੈ।

ਨਾਨਕਧਾਰਾ ਨੂੰ ਇਸਲਾਮੀਧਾਰਾ ਨਾਲ਼ ਮੇਲਿਆਂ ਏਸ ਕਥਨ ਦੀ ਹੋਰ ਸੱਚਿਆਈ ਦਾ ਪਤਾ ਲਗਦਾ ਹੈ। ਜਿਸ ਤਰ੍ਹਾਂ ਮੁਸਲਮਾਨਾਂ ਦਾ ਕਲਮਾ ਅਖਵਾ ਰਹੀ ਕੁਰਾਨ ਦੀ ਪਹਿਲੀ ਤੁਕ ਇਸਲਾਮੀਧਾਰਾ ਦਾ ਸਾਰਅੰਸ਼ ਹੈ, ਓਸੇ ਤਰ੍ਹਾਂ ਆਦਿ ਗ੍ਰੰਥ ਦੀ ਪਹਿਲੀ ਆਰੰਭਕ ਤੁੱਕ ਸਾਰੀ ਨਾਨਕਧਾਰਾ ਵਿਚਲੀ ਸੰਜੀਵਨੀ ਸ਼ਾਹਰਗ ਹੇ। ਏਸੇ ਕਰਕੇ ਏਸ ਨੂੰ ਮੂਲ-ਮੰਤਰ ਜਾਂ ਗੁਰ-ਮੰਤਰ ਆਖਿਆ ਜਾਂਦਾ ਹੈ। ਏਸੇ ਤਰ੍ਹਾਂ ਜਿਸ ਤਰ੍ਹਾਂ ਕੁਰਾਨ ਦਾ ਹਰ ਸੇਪਾਰਾ ”ਬਿਸਮਿਲਾ ਅਲਰਹਿਮਾਨ ਅਲਰਹੀਮ” ਨਾਲ਼ ਅਰੰਭ ਹੁੰਦਾ ਹੈ, ਆਦਿ ਗ੍ਰੰਥ ਦਾ ਰਾਗ, ਹਰ ਘਰ ਤੇ ਹਰ ਮਹੱਲੇ ਦੀ ਬਾਣੀ ਮੂਲ ਮੰਤਰ ਨਾਲ਼ ਜਾਂ ”ੴ ਸਤਿਗੁਰ ਪ੍ਰਸਾਦਿ” ਨਾਲ਼ ਸ਼ੁਰੂ ਹੁੰਦੀ ਹੇ। ਜਿਸ ਤਰ੍ਹਾਂ ਕਲਮੇ ਵਿੱਚ ਮੁਹੰਮਦ ਨੂੰ ਰੱਬ ਦਾ ਰਸੂਲ (ਭੇਜਿਆ ਹੋਇਆ) ਕਿਹਾ ਗਿਆ ਹੈ, ਓਸੇ ਤਰ੍ਹਾਂ ੴ ਨੂੰ ਪਾਉਣ ਲਈ ‘ਗੁਰਪ੍ਰਸਾਦਿ’ (ਗੁਰੂ ਦੀ ਕਿਰਪਾ) ਮੰਗੀ ਗਈ ਹੈ। ਭਾਵ ਰੱਬ ਤੱਕ ਪਹੁੰਚਣ ਲਈ ਗੁਰ ਸੇਵਾ ਜਾਂ ਆਗਿਆਕਾਰੀ ਅਟੁੱਟ ਸ਼ਰਤ ਰੱਖੀ ਗਈ ਹੈ।

ਅਜਿਹੀ ਇਸਲਾਮ ਰੀਸ ਕਰਨ ਦੇ ਇਤਿਹਾਸਕ ਪਦਾਰਥਕ ਕਾਰਨ ਸਨ। ਬਰਾਦਰੀਆਂ ਦੀ ਉੱਨਤੀ ਦੇ ਅਗਲੇ ਪੌੜ ਲਈ ਹਿੰਦੁਸਤਾਨ ਅੰਦਰ ਮੁਸਲਿਮ ਪ੍ਰਥਾ ਇੱਕ ਪਦਾਰਥਕ ਮਿਸਾਲ ਸੀ। ਇਸਲਾਮੀ ਰਾਹ ਤੇ ਚੱਲ ਕੇ ਹੀ (ਭਾਵ ਮੁਸਲਮਾਨ ਬਣ ਕੇ) ਜਾਂ ਏਸੇ ਰਾਹ ‘ਤੇ ਕੋਈ ਹੋਰ ਦੱਸੀ ਤੋਰ ਤੋਰ ਕੇ ਬਰਾਦਰੀਆਂ ਜਗੀਰਦਾਰ ਮਹਾਰਾਜਤਾ ਦੇ ਦਰਜੇ ਵੱਲ ਵਧਾਈਆਂ ਜਾ ਸਕਦੀਆਂ ਸਨ। ਹਿੰਦੂ ਪ੍ਰਥਾ ਅਨੇਕਤਾ ਵਿੱਚ ਖੱਖੜੀਆਂ ਹੋਈ ਪਈ ਹੋਣ ਕਰਕੇ ਏਸ ਯੋਗ ਨਹੀਂ ਸੀ ਰਹੀ ਕਿ ਉਸ ਦੇ ਪਾਸ ਕੋਈ ਅਜਿਹਾ ਰਸਤਾ ਹੋਵੇ ਤੇ ਨਾ ਉਸ ਪਾਸ ਕੋਈ ਸਰਬ ਸਾਂਝਾ ਇਕਲੇਰਾ ਇਸ਼ਟ ਸੀ। ਓਸ ਨੇ ਸਗੋਂ ਦੇਸ ਨੂੰ ਭੈੜੇ ਪ੍ਰਕਾਰ ਦੇ ਧਰਮੀ ਤੇ ਸੰਸਾਰੀ ਭਰਮਾਂ ਵਿੱਚ ਫਸਾਇਆ ਹੋਇਆ ਸੀ, ਜਿਨ੍ਹਾਂ ਦਾ ਨਾਨਕਧਾਰਾ ਨੇ ‘ਆਸਾ ਦੀ ਵਾਰ’ ਵਿੱਚ ਡਟ ਕੇ ਖੰਡਨ ਕੀਤਾ ਹੈ, ਜੋ ਮੁਸਲਿਮ ਹਾਕਮਾਂ ਹੇਠ ਲਗ ਕੇ ਉਹਨਾਂ ਦਾ ਪਾਣੀ ਭਰਨ ਲੱਗ ਪਈ ਸੀ। ਹਿੰਦੂ ਹਾਕਮ ਜਮਾਤ ਦੀ ਏਸ ਗੁਲਾਮੀ ਨੂੰ ਬੁਰੇ ਹੱਥੀਂ ਲਿਆ ਗਿਆ ਹੈ।

-ਗਊ ਬਿਰਾਹਮਣ ਕਉ ਕਰੁ ਲਾਵਹੁ ਗੋਬਰਿ ਤਰਣੁ ਨ ਜਾਈ।।
ਧੋਤੀ ਟਿਕਾ ਤੇ ਜਪਮਾਲੀ ਧਾਨੁ ਮਲੇਛਾ ਖਾਈ।।
ਅੰਤਰਿ ਪੂਜਾ ਪੜਹਿ ਕਤੇਬਾ ਸੰਜਮੁ ਤੁਰਕਾ ਭਾਈ।।
   (ਵਾਰ ਆਸਾ-੪੭੧)
-ਮਾਣਸ ਖਾਣੇ ਕਰਹਿ ਨਿਵਾਜ।।
ਛੁਰੀ ਵਗਾਇਨ ਤਿਨ ਗਲਿ ਤਾਗ।।
ਤਿਨ ਘਰਿ ਬ੍ਰਹਮਣ ਪੂਰਹਿ ਨਾਦ।।
-ਮਥੈ ਟਿਕਾ ਤੇੜਿ ਧੋਤੀ ਕਖਾਈ।।
ਹਥਿ ਛੁਰੀ ਜਗਤ ਕਾਸਾਈ।।
ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ।।
ਮਲੇਛ ਧਾਨੁ ਲੇ ਪੂਜਹਿ ਪੁਰਾਣੂ।।
   (ਵਾਰ ਆਸਾ-੪੭੨)
-ਖਤ੍ਰੀਆ ਤ ਧਰਮ ਛੋਡਿਆ ਮਲੇਛ ਮਲੇਛ ਭਾਖਿਆ ਗਹੀ।।
   (ਧਨਾਸਰੀ-੬੬੩)
-ਕਲਿ ਕਲਵਾਲੀ ਸਰਾ ਨਿਬੇੜੀ ਕਾਜੀ ਕ੍ਰਿਸ਼ਨਾ ਹੋਆ।।     (ਰਾਮਕਲੀ-੯੦੩)

ਏਸੇ ਲਈ ਨਾਨਕਧਾਰਾ ਨੇ ਹਿੰਦੂ ਧਰਮ ਤੱਥ ਨੂੰ ਆਪਣਾ ਵਿਸ਼ਾ ਨਹੀਂ ਬਣਾਇਆ, ਕੇਵਲ ਹਿੰਦੂ ਰੂਪ ਹੀ ਧਾਰਨ ਕੀਤਾ ਹੈ। ਨਾਨਕ ਦੀ ਮੁਸਲਿਮ ਤੱਥ ਦੀ ਚੋਣ ਨੂੰ ਹਿੰਦੂ ਰੂਪ ਦੇਣਾ ਇੱਕ ਅਦੁੱਤੀ ਕਰਾਮਾਤ ਸੀ, ਜੋ ਉਸ ਨੂੰ ਮਹਾਨ ਕਣੀ ਵਾਲ਼ੀ ਹਸਤੀ ਹੋਣ ਦਾ ਇਤਿਹਾਸਕ ਮਾਨ ਬਖਸ਼ਦੀ ਹੈ।

ਨਾਨਕ ਹਿਦੁਸਤਾਨ ਅੰਦਰ ਆਪਣੇ ਜੁਗ ਦਾ ਵਾਹਿਦ ਪੁਰਖ ਸੀ, ਜਿਸ ਨੇ ਸੰਸਾਰੀ ਵਿਕਾਸ ਦੇ ਏਸ ਸੰਬਾਦਕੀ ਕਨੂੰਨ ਨੂੰ ਚੇਤ ਜਾਂ ਅਚੇਤ ਤੌਰ ‘ਤੇ ਬੁਝਿਆ, ਕਿ ਬਰਾਦਰੀਆਂ ਵਾਲ਼ੇ ਸਮਾਜ ਨੂੰ ਜਗੀਰਦਾਰ ਸਰਦਾਰੀਆਂ ਵਾਲ਼ੀ ਇੱਕ ਪੁਰਖੀ ਮਹਾਰਾਜਤਾ ਦੀ ਪੌੜੀ ਚੜਾਉਣ ਵਾਸਤੇ ਮੁਸਲਮਾਨਾਂ ਦੇ ਖੁਦਾ ਤੇ ਰਸੂਲ ਵਰਗੀ ਕੋਈ ਦੇਸੀ ਧਾਰਾ ਹੀ ਪੰਜਾਬ ਅੰਦਰ ਪਦਾਰਥਕ ਜ਼ੋਰ ਬਣ ਸਕਦੀ ਹੈ; ਕਿਉਂਕਿ ਪੰਜਾਬ ਅੰਦਰ ਜੱਟ (ਕਿਸਾਨ ਮਾਲਕ) ਬਰਾਦਰੀਆਂ ਵਾਲ਼ਾ ਨੀਮ ਗੁਲਾਮ ਸਮਾਜ ਆਪਣੀ ਅਗਲੀ ਉੱਨਤੀ ਨੂੰ ਉਡੀਕ ਰਿਹਾ ਸੀ। ਇਹਿਤਾਸਕ ਉੱਨਤੀ ਦਾ ਇਹ ਕਾਜ ਸੰਵਾਰਨ ਲਈ ਓਸ ਨੇ ੴ ਤੇ ਗੁਰੂ ਵਾਲ਼ੇ ਅਧਿਆਤਮਕ ਇਸ਼ਟ ਦੀ ਕਾਢ ਕਢੀ, ਜਿਸ ਦਾ ਮਨੋਰਥ ਹਿੰਦੁਸਤਾਨ ਤੇ ਖਾਸ ਕਰਕੇ ਪੰਜਾਬ ਅੰਦਰ ਹਿੰਦੂ ਬਹੁ ਇਸ਼ਟਾਂ ਦੀ ਅਨੇਕਤਾ ਨੂੰ (ਜੋ ਕੌਮੀ ਭਾਵ ਦੀ ਬਣਾਉਤ ਨੂੰ ਰੋਕੀ ਖੜੀ ਸੀ) ਛੱਡ ਕੇ ਏਕਅੰਕਾਰ ਦੇ ਇੱਕੋ ਇਸ਼ਟ ਦੀ ਇਕਤਾ ਤੇ ਬਹੁਮੁਖੀਆ (ਬਰਾਦਰੀਆਂ ਤੇ ਚੌਧਰੀਆਂ) ਦੀ ਅਨੇਕਤਾ ਤੋਂ ਇੱਕ ਗੁਰੂ ਦੀ ਮੁਖਤਾ ਲਿਆ ਕੇ ਓਸ ਦੀ ਅਗਵਾਈ ਹੇਠ ਕੌਮੀ ਭਾਵਨਾ ਪੈਦਾ ਕਰਨਾ ਸੀ।

ਮੁਸਲਿਮਧਾਰਾ ਤੇ ਨਾਨਕਧਾਰਾ ਏਸੇ ਇਕਸੇ ਕਨੂੰਨ ਦੀਆਂ ਧਾਰਨੀ ਹਨ। ਇਹੋ ਕਾਰਨ ਹੈ ਕਿ ਨਾਨਕਧਾਰਾ ਮੁਸਲਮਾਨਾਂ ਦੇ ਖੁਦਾ ਤੇ ਰਸੂਲ ਉੱਤੇ ਕੋਈ ਉਂਗਲ ਨਹੀਂ ਧਰਦੀ ਤੇ ਨਾਨਕ ਮੁਸਲਮਾਨ ਇਲਾਕਿਆ ਵਿੱਚ ਕੋਈ ਦਖਲ ਦਿੰਦਾ ਹੈ। ਏਸ ਦਾ ਕਾਰਨ ਉਤੇ ਦੱਸਿਆ ਸੰਬਾਦਕੀ ਕਨੂੰਨ ਹੈ, ਜੋ ਇਸਲਾਮੀ ਇਲਾਕਿਆਂ ਵਿੱਚ ਲਾਗੂ ਹੋ ਚੁੱਕਾ ਸੀ। ਝਨਾਂ ਤੋਂ ਪਰਲੇ ਪਾਰ ਉੱਤਰ ਵੱਲ ਤੇ ਚੂਣੀਆਂ ਤੋਂ ਪਰੇ ਪਛਮ ਵੱਲ ਦੇ ਪੰਜਾਬੀ-ਹਿੱਸੇ ਵਿੱਚ ਆਵਾਣ ਤੇ ਜੱਟ ਬਰਾਦਰੀਆਂ ਮੁਸਲਿਮ ਰਾਜ ਸੱਤਾ ਦੇ ਜ਼ੋਰ ਤੇ ਸੂਫ਼ੀਆਂ ਦੇ ਪ੍ਰਚਾਰ ਨਾਲ਼ ਇਸਲਾਮ ਕਬੂਲ ਕਰ ਚੁੱਕੀਆਂ ਸਨ ਤੇ ਇਸਲਾਮੀ ਸ਼ਹਿਨਸ਼ਾਹੀ ਨੇ ਬਰਾਦਰੀਆਂ ਦੇ ਤਬਰਦੇ ਚੌਧਰੀਆਂ ਨੂੰ ਜਗੀਰਦਾਰ ਸਰਦਾਰੀਆਂ ਦੇ ਛੱਡੀਆਂ ਸਨ। ਜਿਸ ਕਰਕੇ ਇਹਨਾਂ ਬਰਾਦਰੀਆਂ ਦੀ ‘ਖੁਦਾ ਤੇ ਰਸੂਲ’ ਵਾਲ਼ੇ ਇਸ਼ਟ ਨੇ ਜਾਗੀਰਦਾਰ ਜੁਗ ਦੀ ਚੜ੍ਹਾਈ ਚੜ੍ਹਨ ਦੀ ਇਤਿਹਾਸਕ ਲੋੜ ਪੂਰੀ ਕਰ ਦਿੱਤੀ ਸੀ ਤੇ ਏਥੇ ਨਾਨਕ ਦਾ ੴ ਤੇ ਗੁਰੂ ਵਾਲ਼ਾ ਮੁੱਖ ਮੰਤਵ ਪ੍ਰਵਾਨ ਨਹੀਂ ਸੀ ਚੜ੍ਹ ਸਕਦਾ ਤੇ ਨਾ ਚੜ੍ਹਿਆ।

ਬਾਕੀ ਪੰਜਾਬ ਦੀਆਂ ਹਿੰਦੂ ਪਾਸੇ ਦੀਆਂ ਜੱਟ ਬਰਾਦਰੀਆਂ ਦੀ ਇਹ ਇਤਿਹਾਸਕ ਲੋੜ ਅਜੇ ਅਨਪੂਰੀ ਪਈ ਸੀ। ਇਹਨਾਂ ਦੀਆਂ ਚੌਧਰਾਂ ਨੂੰ ਜਗੀਰਦਾਰ ਸਰਦਾਰੀਆਂ ਵਿੱਚ ਪਲਟਣਾ ਤੇ ਫੇਰ ਅਗਾਂਹ ਇਕਸੇ ਕੌਮੀ ਮਹਾਰਾਜਤਾ ਦੇ ਦਰਜੇ ਤੱਕ ਪੁਚਾਉਣਾ ਬਾਕੀ ਰਹਿੰਦਾ ਸੀ। ਪੰਜਾਬ ਦੀ ਏਸ ਇਤਿਹਾਸਕ ਸੰਬਾਦਕੀ ਲੋੜ ਦੀ ਅਨਪੂਰਤਾ ਨੂੰ ਜਾਂਚਣਾ ਨਾਨਕ ਦੀ ਹੀ ਦੂਸਰੀ ਵੱਡੀ ਵਡਿਆਈ ਸੀ। ਏਸ ਲਈ ਓਸ ਨੇ ਇਤਿਹਾਸਕ ਕਾਜ ਸੰਵਾਰਨ ਲਈ ਆਪਣੀ ਮੁਸਲਿਮ ਜਨਮ ਭੋਂ ਛੱਡ ਕੇ ਹਿੰਦੂ ਜੱਟ ਬਰਾਦਰੀਆਂ ਦੇ ਇਲਾਕੇ ਵਿੱਚ ਕਰਤਾਰਪੁਰ ਆ ਡੇਰਾ ਲਾਇਆ।

ਨਾਨਕਧਾਰਾ ਨੇ ਇਸਲਾਮ ਦੀ ਇੱਕ ਹੋਰ ਵਿਸ਼ੇਸ਼ ਰੀਸ ਕੀਤੀ। ਉਹ ਸੀ ਅਚੇਤੇ ਸਮਿਆਂ ਤੋਂ ਚੱਲੀ ਆ ਰਹੀ ਜਨਮ ਦੇ ਆਧਾਰ ਤੇ ਹਿੰਦੂ ਸਮਾਜ ਦੀ ਵਰਨਵੰਡ ਦੀ ਖੈ। ਕੁਝ ਭਗਤਾਂ ਨੇ ਏਸ ਦਾ ਖੰਡਣ ਤਾਂ ਕੀਤਾ ਹੈ ਕਬੀਰ ਨੇ ਏਸ ਤੇ ਝੇਡਾਂ ਵੀ ਕੀਤੀਆਂ ਹਨ, ਪਰ ਉਹਨਾਂ ਇਹ ਨਹੀਂ ਦੱਸਿਆ, ਕਿ ਏਸ ਦੀ ਖੈ ਵਾਸਤੇ ਕਰਨਾ ਕੀ ਚਾਹੀਦਾ ਹੈ। ਨਾਨਕਧਾਰਾ ਏਸ ਦੀ ਖੈ ਦਾ ਰਾਹ ਦੱਸਦੀ ਹੈ। ਜੱਟਾਂ ਨੂੰ ਬ੍ਰਾਹਮਣਾਂ ਤੇ ਖੱਤਰੀਆਂ ਵੱਲੋਂ ਨੀਚ ਸਮਝਿਆ ਜਾਂਦਾ ਸੀ। ਜਦ ਨਾਨਕ ਦੇ ਏਸ ਵਤੀਰੇ ਉੱਤੇ ਇਹਨਾਂ ਉੱਚ ਜਾਤੀਆਂ ਵੱਲੋਂ ਇਤਰਾਜ ਹੋਇਆ ਤਾਂ ਫੁਰਮਾਇਆ :

-ਨੀਚਾ ਅੰਦਰ ਨੀਚ ਜਾਤਿ ਨੀਚੀ ਹੂ ਅਤਿ ਨੀਚ।।
ਨਾਨਕੁ ਤਿਨਕੈ ਸੰਗਿ ਸਾਥ ਵਡਿਆ ਸਿਉ ਕਿਆ ਰੀਸ।।
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਸਖਸੀਸ।।
    (ਸਿਰੀ ਰਾਗੁ-੧੫)
ਇਹ ਸਫਾਈ ਪੇਸ਼ ਕਰਕੇ ਆਪ ਉੱਥੇ ਹੀ ਡਟ ਗਏ ਤੇ ਅਗਲੇ ਗੁਰੂਆਂ ਨੇ ਵੀ ਜੱਟ ਬਰਾਦਰੀਆਂ ਅੰਦਰ ਹੀ ਆਪਣੇ ਕੇਂਦਰ ਸਥਾਪਤ ਕੀਤੇ ਤੇ ਰੱਖੇ।

ਪਰ ਪੰਜਾਬ ਦੀਆਂ ਜੱਟ ਬਰਾਦਰੀਆਂ ਉੱਤੇ ਪਠਾਣ ਤੇ ਫੇਰ ਮੁਗਲ ਰਾਜਸੱਤਾ ਦਾ ਬੜਾ ਦੁਖਵਾਂ ਦੱਬਾ ਪਿਆ ਹੋਇਆ ਸੀ, ਜਿਸ ਤੋਂ ਅਜ਼ਾਦ ਹੋਏ ਬਗੈਰ ਉਹ ਆਪਣੀ ਇਤਿਹਾਸਕ ਉੱਨਤੀ ਦੀ ਪੌੜੀ ਨਹੀਂ ਸੀ ਚੜ੍ਹ ਸਕਦੀਆਂ। ਏਸੇ ਕਰਕੇ ਨਾਨਕ ਬਾਣੀ ਭਾਵੇਂ ਮੁਸਲਿਮ ਧਰਮਧਾਰਾ ਬਾਰੇ ਚੁੱਪ ਹੈ, ਪਰ ਮੁਗਲ ਰਾਜਸੱਤਾ ਦੇ ਮੁਹਰਿਆਂ -ਬਾਦਸ਼ਾਹਾਂ, ਸੁਲਤਾਨਾਂ, ਕਾਜ਼ੀਆਂ, ਸਾਲਾਰਾਂ, ਲਸ਼ਕਰਾਂ, ਮਲਕਾਂ, ਉਮਰੇਆਂ (ਅਮੀਰਾਂ) ਮਹਿਰਾਂ, ਨਾਇਬਾਂ (ਨੇਬਾਂ), ਖਵਾਸਾਂ (ਗੁਲਾਮ ਅਹੁਦੇਦਾਰਾਂ), ਮੁਕੱਦਮਾ (ਫਸਲਾਂ ਦੀ ਕਛ ਕਰਨ ਵਾਲੇ), ਤੇ ਇਹਨਾਂ ਦੀ ”ਅਬੈ ਤਬੈ” ਦੀ ਡਟ ਕੇ ਨਿੰਦਾ ਤੇ ਭੰਡੀ ਕਰਦੀ ਹੈ।

-ਸੁਲਤਾਨ ਹੋਵਾ ਮੇਲਿ ਲਸਕਰ ਤਖਤਿ ਰਾਖਾ ਪਾਉ।।
ਹੁਕਮੁ ਹਾਸਲੁ ਗਰੀ ਬੈਠਾ ਨਾਨਕਾ ਸਭ ਵਉ।।
    (ਸਿਰੀ ਰਾਗ-੧੪)
-ਹੈਵਰ ਗੈਵਰ ਨੇਜੇ ਵਾਜੇ।। ਨਸਕਰ ਨੇਬ ਖਵਾਸੀ ਪਾਜੇ।।
ਖਾਨ ਮਲੂਕੁ ਕਹਾਵਉ ਰਾਜਾ।।
ਅਬੇ ਤਬੈ ਕੂੜੇ ਹੈ ਪਾਜਾ।। (ਗਉੜੀ-੨੨੫)
-ਇਕਿ ਆਵਹਿ ਇਕਿ ਜਾਹਿ ਉਠਿ ਰਖੀਅਹਿ ਨਾਵ ਸਲਾਰ।।
ਇਕਿ ਉਪਾਏ ਮੰਗਤੇ ਇਕਨਾ ਵਡੇ ਦਰਵਾਰ।।
-ਨਾਨਕ ਜਿਨਾ ਸੁਲਤਾਨ ਖਾਨ ਹੋਦੇ  ਡਿਠੇ ਖੇਹ।।
ਨਾਨਕ ਉਠੀ ਚਲਿਆ ਸਭਿ ਕੂੜੇ ਤੁਟੇ ਨੇਹ।।
   (ਸਿਰੀ ਰਾਕ-੧੬)
-ਸੁਲਤਾਨ, ਖਾਨ, ਮਲੂਕ,
ਉਮਰੇ, ਗਏ ਕਰਿ ਕਰਿ ਕੂਚੁ।। (ਸਿਰੀ ਰਾਗ-੬੪)
-ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲ ਚੀਤ।।     (ਮਾਰੂ-੧੪੦)

ਨਾਨਕ ਦੀ ਅਲਫੋਂ ਯੇ ਤੱਕ ਸਾਰੀ ਧਾਰਾ ਪਦਾਰਥਕ ਤੌਰ ‘ਤੇ ਹਿੰਦੂ ਧਰਮਸੱਤਾ ਦੇ ਮੁਗਲ ਰਾਜਸੱਤਾ ਦੇ ਵਿਰੁੱਧ ਬਗਾਵਤ ਹੈ ਤੇ ਜੱਟ ਬਰਾਦਰੀਆਂ ਦੇ ਚੌਧਰੀਆਂ ਦੇ ਉੱਤੋਂ ਦੀ ਮਹਾਰਾਜਤਾ ਸਥਾਪਤ ਕਰਨ ਦਾ ਰਾਹ ਪਾਉਣ ਦੀ ਪ੍ਰਤੀਕ। ਏਸ ਲਈ ਉਹ ਬਰਾਦਰੀਆਂ ਦੇ ਚੌਧਰੀਆ ਦੀ ਹੋ ਜਾਣ ਵਾਲ਼ੀ ਖੈ ਬਾਰੇ ਵੀ ਇਸ਼ਾਰਾ ਕਰਦੀ ਹੈ, ਜੋ ਜਗੀਰਦਾਰਾਂ ਦੀ ਆਮਦ ‘ਤੇ ਹੋਣਾ ਲਾਜ਼ਮੀ ਹੇ ਤੇ ਵੇਲ਼ੇ ਦੇ ਧਰਮ ਆਗੂਆਂ ਦੀ ਵੀ ਕਲੀ ਖੋਲ੍ਹਦੀ ਹੈ।

-ਚਉਧਰੀ ਰਾਜੇ ਨਹੀ ਕਿਸੇ ਮੁਕਾਮ।।
ਸਾਹ ਮਰਹਿ ਸੰਚਹਿ ਮਾਇਆ ਦਾਮ।।
ਰਯਤਿ ਮਹਰ ਮੁਕਦਮ ਸਿਕਦਾਰੈ।।
ਨਿਹਚਲੁ ਕੋਇ ਨ ਦਿਸੈ ਸੰਸਾਰੈ।।
-ਕਾਜੀ ਸੇਖ ਭੇਖ ਫਕੀਰਾ।
ਵਡੇ ਕਹਾਵਹਿ ਹਉਮੈ ਤਨਿ ਪੀਰਾ।।
ਕਾਲੁ ਨ ਛੋਡੈ ਬਿਨੁ ਸਤਿਗੁਰ ਕੀ ਧੀਰਾ।। (ਗਉੜੀ-੨੨੭)
-ਪੰਚੇ ਪਾਵਹਿ ਦਰਗਹਿ ਮਾਨੁ।।
ਪੰਚੇ ਸੋਹਹਿ ਦਰਿ ਰਾਜਨੁ।।  (ਜਪੁ-੩)
-ਕਾਦੀ ਕੂੜੁ ਬੋਲਿ ਮਲੁ ਖਾਇ।।
ਬ੍ਰਾਹਮਣ ਨਾਵੈ ਜੀਆ ਘਾਇ।।
ਜੋਗੀ ਜੁਗਤਿ ਨ ਜਾਣੈ ਅੰਧ।।
ਤੀਨੇ ਉਜਾੜੇ ਕਾ ਬੰਧੁ।।  (ਧਨਾਸਰੀ-੬੬੨)

ਬ੍ਰਾਹਮਣ ਹਿੰਦੂ ਸਮਾਜ ਦੀ ਸਥਾਪਤੀ ਦਾ ਕਿੱਲੇਗੱਡ ਸੀ ਤੇ ਜੋਗੀ ਸਮਾਜ ਤੋਂ ਤੰਗ ਆ ਕੇ ਅਟੰਕਤਾ ਦਾ ਧਾਰਨੀ ਭਾਵ ਭਗੌੜਾ ਸੀ। ਦੋਵੇਂ ਹਿੰਦੂ ਸਮਾਜ ਦੇ ਆਗੂ ਬਦਲੀ ਨਹੀਂ ਸੀ ਚਾਹੁੰਦੇ।

ਭਾਵ ਪ੍ਰਚੱਲਤ ਸੰਸਾਰੀ ਰੂਪ-ਰੇਖਾ ਦੇ ਸਾਰੇ ਸਿਆਸੀ ਮੁਹਰਿਆਂ ਦੀ ਖੈ ਦਰਸਾਈ ਹੈ, ਪੰਚਾਂ ਨੂੰ ਰਾਜਿਆਂ ਦੇ ਦਰਾਂ ‘ਤੇ ਸੋਂਹਦਿਆਂ ਦੱਸਿਆ ਹੈ। ਭਾਵ ਸਰਦਾਰੀਆਂ ਕਬੂਲਣ ਦੀ ਸਲਾਹ ਦਿੱਤੀ ਹੈ। ਏਸੇ ਤਰ੍ਹਾਂ ਪੁਰਾਣੇ ਰਾਜ ਤੇ ਆਰਥਕ ਪ੍ਰਬੰਧ ਦੀ ਥਾਂ ਕੋਈ ਨਵਾਂ ਰਾਜ ਤੇ ਆਰਥਕ ਪ੍ਰਬੰਧ-ਜਗੀਰਦਾਰ ਸਰਦਾਰੀਆਂ ਤੇ ਮਹਾਰਾਜਤਾ-ਲਿਆਉਣ ਦਾ ਰਾਹ ਦਰਸਾਇਆ ਹੈ। ਏਸ ਰਾਹ ‘ਤੇ ਲੋਕਾਂ ਨੂੰ ਪਾਉਣ ਲਈ ਲੋਕਾਂ ਅੰਦਰੋਂ ਹਾਕਮਾਂ ਦਾ ਡਰ ਦੂਰ ਕਰਨਾ ਜਰੂਰੀ ਸੀ ਤਾਂ ਜੋ ਉਹਨਾਂ ਨੂੰ ਸਭ ਪਾਤਸ਼ਾਹੀਆਂ ਤੇ ਮਾਰਖੋਰੇ ਵੱਡੇ ਆਦਮੀਆਂ ਦੀ ਮੁਗਲ ਰਾਜਸੱਤਾ ਨਾਸ਼ਵਾਨ ਜੋ ਤੁੱਛ ਦਿਸੇ ਅਤੇ ਦੱਬੀ ਕੁਟੀ ਜਨਤਾ ਉਹਨਾਂ ਤੋਂ ਜਾਬਰ ਜਾਪੇ। ਅਜਿਹਾ ਕਰਨਾ ਕਿਸੇ ਇਤਿਹਾਸਕ ਪਲਟੇ ਵਾਸਤੇ ਲੋਕ-ਸੱਤਿਆ ਖੜੀ ਕਰਨ ਤੇ ਏਸ ਨੂੰ ਜ਼ੋਰਦਾਰ ਬਨਾਉਣ ਲਈ ਲਾਜ਼ਮੀ ਸ਼ਰਤ ਹੁੰਦੀ ਹੈ। ਏਸੇ ਲਈ ਤਾਂ ਨਾਨਕ ਨੇ ਲੋਕਾਂ ਦੇ ਹੌਂਸਲੇ ਬਨ੍ਹਾਉਣ ਲਈ ਆਖਿਆ ਹੈ :

-ਜਿਸਨੇ ਬਖਸੈ ਸਿਫਤਿ ਸਾਲਾਹ।।
ਨਾਨਕ ਪਾਤਿਸਾਹੀ ਪਾਤਿਸਾਹੁ।। (ਜਪੁ-੫)
-ਸੁਲਤਾਨ ਖਾਨ ਬਾਦਿਸਾਹ ਨਹੀ ਰਹਨਾ।।
    (ਗਉੜੀ-੨੨੭)
-ਊਚਾ ਤੇ ਫੁਨਿ ਨੀਚੁ ਕਰਤੁ ਹੈ ਨੀਚ ਕਰੈ ਸੁਲਤਾਨੁ।।      (ਪਰਭਾਤੀ-੧੩੨੯)
-ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲੁ ਧਨੁ।।
ਕੀੜੀ ਤੁਲਿ ਨ ਹੋਵਨੀ ਜੇ ਤਿਸ ਮਨਹੁ ਨ ਵੀਸਰਹਿ।।
    (ਜਪੁ-੫)
-ਰਾਜੇ ਕਾਇ ਰੰਕ ਨਹੀ ਰਹਣਾ ਆਇ ਜਾਇ ਜੁਗ ਚਾਰੇ।।      (ਰਾਮਕਲੀ-੯੩੧)

ਨਾਨਕ ਦੀ ਬਾਣੀ ਦੇ ਏਸ ਸਾਰਅੰਸ਼ ਤੋਂ ਸਾਫ ਪ੍ਰਗਟ ਹੁੰਦਾ ਹੈ ਕਿ ਉਹ ਸਿੱਖਾਂ ਦੇ ਅਧਿਆਤਮਕ ਖੁਸ਼ੀਆਂ ਲੈਣ ਖਾਤਰ ਜਪਣ ਤੇ ਮਨ ਦੀ ਇਕਾਗਰਤਾ ਪ੍ਰਾਪਤ ਕਰਨ ਵਾਸਤੇ ਕੇਵਲ ਪਾਠ ਕਰਨ ਲਈ ਨਹੀਂ ਸੀ ਰਚੀ ਗਈ। ਉਸ ਵੇਲੇ ਦੀ ਸਿਆਸਤ ਸੀ ਤੇ ਸਮਕਾਲੀ ਪੰਜਾਬ ਦੀ ਜੱਟ ਬਰਾਦਰੀਆਂ ਦੀ ਪ੍ਰਧਾਨਤਾ ਵਾਲ਼ੀ ਤੀਸਰੀ ਧਿਰ ਦੇ ਲੋਕਾਂ ਨੂੰ ਏਸ ਮਨਾਉਤ ਰਾਹੀਂ ਗੁਰੂ ਮਗਰ ਲਾ ਕੇ ਹਿੰਦੂ ਤੇ ਮੁਗਲਈ ਗੁਲਾਮੀ ਤੋਂ ਮੁਕਤ ਕਰਵਾਉਣ ਦਾ ਸਿਆਸੀ ਸਿਧਾਂਤ ਸੀ।

ਇਹ ਦਰਅਸਲ ਓਸ ਸਮੇਂ ਦੇ ਪੰਜਾਬ ਦੇ ਸਿਆਸੀ ਪ੍ਰੋਗਰਾਮ ਦਾ ਐਲਾਨਨਾਮਾ ਹੈ, ਜੋ ਬਾਹਲਾ ਆਸਾ ਤੇ ਮਾਝ ਦੀਆਂ ਵਾਰਾਂ ਵਿੱਚ ਪ੍ਰਗਟਾਇਆ ਗਿਆ ਹੈ। ਆਸਾ ਦੀ ਵਾਰ ਤਾਂ ਹੈ ਹੀ ਨਾਨਕਧਾਰਾ ਦਾ ਰਾਜਸੀ ਮੈਨੀਫੈਸਟੋ। ਜਿਸ ਨੂੰ ਨਾਨਕ ਨੇ ਓਸ ਵੇਲ਼ੇ ਦੀ ਮੰਗ ਤੇ ਹਾਲਤਾਂ ਅਨੁਸਾਰ ਅਧਿਆਤਮਕ ਰੂਪ ਵਿੱਚ ਪੇਸ਼ ਕੀਤਾ। ਦੁਨੀਆਂ ਵਿੱਚ ਉਹੀ ਅਧਿਆਤਮਕ ਪ੍ਰਣਾਲ਼ੀ ਧਰਮ ਬਣ ਕੇ ਤੁਰ ਸਕੀ, ਜਿਸ ਨੇ ਸਿਆਸੀ ਸਰੀਰ ਧਾਰ ਕੇ ਰਾਜਸੱਤਾ ਸਥਾਪਤ ਕਰ ਲਈ। ਜਿਸ ਤਰ੍ਹਾਂ ਇਸਾਈ, ਮੁਸਲਿਮ, ਬੁੱਧ, ਹਿੰਦੂ। ਏਸੇ ਤਰ੍ਹਾਂ ਸਿੱਖੀ ਵੀ ਧਰਮਸੱਤਾ ਦਾ ਉਦੋਂ ਹੀ ਰੂਪ ਧਾਰਨ ਲੱਗੀ, ਜਦੋਂ ਇਹ ਰਾਜਸੱਤਾ ਬਣਨ ਦੇ ਰਾਹ (ਸੱਚਾ ਪਾਤਸ਼ਾਹ ਬਣਕੇ) ਹੋ ਤੁਰੀ। ਧਰਮ ਹੁੰਦਾ ਹੀ ਰਾਜਸੱਤਾ ਦਾ ਅਧਿਅਤਮਕ ਰੂਪ ਹੈ, ਹਮੇਸ਼ਾ ਜਮਾਤੀ ਸਿਆਸਤ ਹੁੰਦੀ ਹੈ।

ਜਰਮਨੀ ਦੇ ਕੈਸਰ ਵਿਲਹੈਲਮ ਨੇ, ਜੋ ਇਤਿਹਾਸ ਦਾ ਬੜਾ ਪਾਠੀ ਸੀ, ਕਿਹਾ ਹੈ ਕਿ,
”ਧਾਰਮਿਕ ਲਹਿਰਾਂ ਦਰਅਸਲ ਰਾਜਸੀ ਲਹਿਰਾਂ ਹੁੰਦੀਆਂ ਹਨ।”

ਭਾਰਤ ਦੇ ਪ੍ਰਸਿੱਧ ਇਤਿਹਾਸ ਅਲੋਚਕ ਡਾਕਟਰ ਕੋਸੰਭੀ ਦਾ ਕਥਨ ਹੈ, ”ਧਰਮਧਾਰਾ ਸਮਕਾਲੀ ਸਮਾਜ ਬਣਤਰ ਦੀ ਜਮਾਤੀ ਬਣਤਰ ਤੋਂ ਅਜ਼ਾਦ ਨਹੀਂ ਹੁੰਦੀ।”

ਏਸ ਪੱਖੋਂ ਨਾਨਕਧਾਰਾ ਹਿੰਦੂ ਤੇ ਮੁਸਲਮਾਨ ਦੁਹਾਂ ਹਾਕਮ ਜਮਾਤਾਂ ਵਿਰੁੱਧ ਗੁਲਾਮ ਜੱਟ ਬਰਾਦਰੀਆਂ ਦੀ ਪ੍ਰਧਾਨਤਾ ਵਾਲ਼ੇ ਪੰਜਾਬੀ ਲੋਕਾਂ ਦੀ ਉੱਨਤੀ ਦੀ ਅਗਲੀ ਜਮਾਤੀ ਬਣਤਰ ਦਾ ਸਿਆਸੀ ਮੰਤਵ ਦਰਸਾਉਂਦੀ ਹੈ ਜੋ ਉਦੋਂ ਅਜੇ ਪਹਿਲ ਪਰਿਥਮ ਦਾ ਹੋਣ ਕਰਕੇ ਬਕਾਇਦਾ ਨਿੱਤਰ ਕੇ ਰਾਜਸੀ ਦਿਖਾਵਾ ਨਹੀਂ ਸੀ ਬਣਿਆ।

ਕਾਰਲ ਮਾਰਕਸ ਤੇ ਏਂਗਲਜ਼ ਨੇ ਧਰਮ ਦੇ ਅਜਿਹੇ ਪਹਿਲੇ ਰੂਪ ਬਾਰੇ ਲਿਖਿਆ ਹੈ:
”ਧਰਮ ਗੁਲਾਮੀ ਵਿੱਚ ਦੱਬੇ ਹੋਏ ਜੀਆਂ ਦੀ ਹਾਹ, ਬੇਦਿਲਿਆਂ ਦਾ ਦਿਲ ਤੇ ਬੇਜਿਗਰਿਆਂ ਦਾ ਜਿਗਰਾ ਹੁੰਦਾ ਹੈ।”
(ਮਾਰਕਸ, ‘ਧਰਮ ਬਾਰੇ’ ਕਿਤਾਬ ਸਫਾ 24, ਮਾਸਕੋ, 1957)

ਸੋ ਨਾਨਕ ਬਾਣੀ ਪੰਜਾਬ ਦੀ ਵਸੋਂ ਵਿੱਚੋਂ ਤੀਜੀ ਗੁਲਾਮ ਧਿਰ ਦੀ ਆਪਣੀ ਗੁਲਾਮੀ ਵਿਰੁੱਧ ਹਾਹ ਸੀ, ਜੋ ਨਾਨਕ ਨੇ ਬੇਦਿਲਿਆਂ ਦੇ ਦਿਲ ਬਨ੍ਹਾਉਣ ਤੇ ਬੇਜਿਗਰਿਆਂ ਦੇ ਜਿਗਰਾ ਪਾਉਣ ਵਾਸਤੇ ਮਾਰੀ। ਇਹ ਹਾਹ ਬਾਬਰ ਦੀ ਏਮਨਾਬਾਦ ਵਿੱਚ ਕੀਤੀ ਕਤਲਾਮ ਨੂੰ ਵੇਖ ਕੇ ਵਧੇਰੇ ਉੱਭਰ ਕੇ ਸਾਹਮਣੇ ਆ ਜਾਂਦੀ ਹੈ।
ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੁ ਪਾਇ ਵੇ ਲਾਲ      (ਤਿਲੰਗ-੭੨੨)

-ਕਾਇਆ ਕਪੜੁ ਟੁਕੁ ਟੁਕੁ ਹੋਸੀ,
ਹਿੰਦੁਸਤਾਨੁ ਸਮਾਲਸੀ ਬੋਲਾ।।
ਸਚ ਦੀ ਬਾਣੀ ਨਾਨਕੁ ਆਖੈ,
ਸਚੁ ਸੁਣਾਇਸੀ ਸਚੁ ਕੀ ਬੇਲਾ।। (ਤਿਲੰਗ ੭੨੩)
-ਕਰਤਾ ਤੂੰ ਸਭਨਾ ਕਾ ਸੋਈ।।
ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ।।
    (ਆਸਾ-੩੬)

ਬਾਬਰ ਬਾਣੀ ਦੇ ਸ਼ਬਦ ਨਾਨਕਬਾਣੀ ਦੀ ਰਾਜਸੀ ਸੂਝ ਦੀ ਪਹਿਲ ਪਰਿਥਮ ਦੀ ਝਲਕ ਮਾਰਦੇ ਹਨ, ਜੋ ਉਸ ਵੇਲ਼ੇ ਦੇ ਜਬਰ ਜ਼ੁਲਮ ਦੀ ਵਿਆਖਿਆ ਤਾਂ ਕਰਦੇ ਹਨ, ਪਰ ਅਜੇ ਹਾਹ ਤੋਂ ਵਧੇਰੇ ਕੋਈ ਕਦਮ ਪੁੱਟਣ ਵੱਲ ਸੰਕੇਤ ਨਹੀਂ ਕਰਦੇ ਤੇ ਬਾਬਰ ਦੇ ਜ਼ੁਲਮੀ ਹੱਲੇ ਨੂੰ ”ਹੁਕਮੀ ਹੁਕਮ ਚਲਾਏ ਵਿਗਸੈ ਨਾਨਕ ਲਿਖਿਆ ਪਾਈਐ।” ਕਹਿਕੇ ਆਪਣੇ ਤੇ ਆਪਣੇ ਆਪ ਦੇ ਨਾਮ ਲੇਵਿਆ ਦਾ ਕੇਵਲ ਜੀ ਹੀ ਸਰੱਸਾ ਕਰਦੇ ਹਨ। ਪਰ ਇਹ ਹਾਹ ਵੀ ਪਦਾਰਥਕ ਜ਼ੋਰ ਬਣ ਸਕਦੀ ਹੈ। ਇਸ ਬਾਰੇ ਨਾਨਕਧਾਰਾ ਨੇ ਖੁਦ ਸੰਕੇਤ ਕੀਤਾ ਹੈ :

-ਜਿਸਨੇ ਬਖਸੈ ਸਿਫਤਿ ਸਾਲਾਹ।।
ਨਾਨਕ ਪਾਤਿਸਾਹੀ ਪਾਤਿਸਾਹੁ।।  (ਜਪੁ)
-ਜਾ ਤੁਧ ਭਾਵੇ ਤਾ ਹੋਵਹਿ ਰਾਜੇ ਰਸ ਕਸ ਬਹੁਤੁ ਕਮਾਵਹਿ।।
ਜਾ ਤੁਧੁ ਭਾਵੈ ਤੇਗ ਵਗਾਵਹਿ ਸਿਰ ਮੁੰਡੀ ਕਟਿ ਜਾਵਹਿ।।      (ਮਾਝ-੧੪੫)

ਪਰ ‘ਸਮੇਂ ਤੇ ਵਿੱਥ’ ਦੀ ਸੰਬਾਦਕੀ ਪ੍ਰਨਾਲੀ ਅਨੁਸਾਰ ਹਾਲਤਾਂ, ਵਿਆਪਕਤਾਵਾਂ ਤੇ ਵਰਤਾਰਿਆਂ ਦੇ ਗੁਣ ਔਗੁਣ ਸਮਾਂ ਪਾ ਕੇ ਤੇ ਦੂਰ ਜਾ ਕੇ ਬਦਲ ਜਾਂਦੇ ਹਨ। ਸੋ ਇਹ ‘ਹਾਹ’ ਸਮਾਂ ਪਾ ਕੇ ਦੂਰ ਜਾ ਕੇ ਗੁਰਸਿੱਖੀ ਦੇ ਰੂਪ ਵਿੱਚ ਧਰਮਸੱਤਾ ਬਣ ਕੇ ਤੁਰ ਪੈਂਦੀ ਹੈ। ਮਾਰਕਸ ਨੇ ਏਸ ਬਾਰੇ ਆਖਿਆ ਹੈ,  ਕਿ ”ਸਿਧਾਂਤ (ਸਿੱਧ ਹੋ ਚੁੱਕਿਆ ਤੱਥ) ਜਦ ਲੋਕਾਂ ਵਿੱਚ ਮੰਨ ਲਿਆ ਜਾਂਦਾ ਹੈ ਤਾਂ ਉਹ ਪਦਾਰਥੀ ਜ਼ੋਰ ਵਿੱਚ ਫੁੱਟ ਤੁਰਦਾ ਹੈ। ” ਸੋ ਇਹ ਹਾਹ ਚਹੁੰ ਪੰਜਾਂ ਪੀੜ੍ਹੀਆਂ ਤੋਂ ਬਾਅਦ ਛੇਵੇਂ ਗੁਰੂ ਵੇਲ਼ੇ ਰਾਜ ਸ਼ਕਤੀ ਵਿੱਚ ਪ੍ਰਗਟ ਹੋ ਕੇ ਮੁਗਲ ਰਾਜਸੱਤਾ ਨਾਲ਼ ਤਲਵਾਰੀਂ (ਮੰਗੀਂ) ਭਿੜ ਪਈ। ਦਸਵੇਂ ਗੁਰੂ ਵੇਲੇ ਹਿੰਦੂ ਤੇ ਮੁਸਲਿਮ ਹਾਕਮਾਂ, ਦੂਹਾਂ ਧਿਰਾਂ ਨਾਲ਼ ਦੋ ਦੋ ਹੱਥ ਕਰ ਗਈ।  ਬੰਦੇ ਬਹਾਦਰ ਵੇਲ਼ੇ ਬਕਾਇਦਾ ਹਥਿਆਰਬੰਦ ਇਨਕਲਾਬ ਬਣ ਤੁਰੀ ਤੇ ਉਪਰੰਤ ਥੋੜੇ ਸਾਲਾਂ ਵਿੱਚ ਹੀ ਜਾਗੀਰਦਾਰ ਸਰਦਾਰੀਆਂ (ਮਿਸਲਾਂ) ਵਿੱਚ ਪਰਤਣ ਲੱਗ ਪਈ। ਅਖ਼ੀਰ (ਹੋਵਹਿ ਰਾਜੇ) ਰਣਜੀਤ ਸਿੰਘ ਦੀ ਪਾਤਸ਼ਾਹੀ ਦੇ ਰੂਪ ਵਿੱਚ ਸਭ ਤੋਂ ਪਹਿਲੀ ਪੰਜਾਬ ਦੀ ਆਪਣੀ ਕੌਮੀ ਮਹਾਰਾਜਤਾ ਬਣ ਗਈ। ਏਸੇ ਤਰ੍ਹਾਂ ਇਕਲੇਰੇ ਇਸ਼ਟ ਤੇ ਓਸ ਦੇ ਦਿਹਧਾਰੀ (ਪਦਾਰਥਕ) ਉਤਾਰ (ਗੁਰੂ) ਵਾਲ਼ਾ ਨਾਨਕ ਦਾ ਧਾਰਿਆ ਹੋਇਆ ਅਧਿਆਤਮਕ ਸਿਧਾਂਤ ਉਸ ਤੋਂ ਦੋ ਸਦੀਆਂ ਬਾਅਦ ਹੀ ਪਦਾਰਥਕ ਸਾਕਾਰ ਬਣ ਗਿਆ।

ਇਹ ਹਨ, ਨਾਨਕ ਦੇ ਰੱਬ (ਏਕੰਕਾਰ) ਤੇ ਗੁਰ ਪ੍ਰਸਾਦਿ ਦੇ ਅਸਲ ਦਰਸ਼ਨ, ਜੋ ਗੁਰ-ਗੱਦੀ ਤੇ ਸਿੱਖੀ ਲਹਿਰ ਦੀਆਂ ਵਾਸਤਵਿਕਤਾਵਾਂ ਤੇ ਵਿਆਪਕਤਾਵਾਂ ਨੇ ਇਤਿਹਸ ਨੂੰ ਕਰਵਾਏ ਹਨ। ਗੁਰੂ ਸਾਹਿਤ ਦੀ ਇਹੋ ਇਤਿਹਾਸਕ ਦੇਣ ਹੈ। ਭਾਵ ਸੋਲ੍ਹਵੀਂ ਸਦੀ ਤੋਂ ਲੈ ਕੇ 18ਵੀਂ ਸਦੀ ਦੇ ਮੁੱਕਣ ਤੱਕ ਪੰਜਾਬ ਦਾ ਇਤਿਹਾਸ ਘੜਨ ਵਾਲ਼ਾ ਨਾਨਕ ਸੰਕਲਪ ਵਾਹੀਕਾਰ ਬਰਾਦਰੀਆਂ ਦੇ ਮਨਾਂ ਵਿੱਚ ਵੱਸਕੇ ਮਹਾਨ ਬਾਹੂ-ਬਲ ਬਣ ਗਿਆ, ਜਿਸਦੇ ਜ਼ੋਰ ਨੇ ਪੰਜਾਬ ਵਿਚੋਂ ਹੀ ਨਹੀਂ; ਹਿੰਦੁਸਤਾਨ ਵਿੱਚੋਂ ਨਾ ਕੇਵਲ ਮੁਗਲ, ਸਗੋਂ ਹਮਲਾਵਰ ਪਠਾਣਸ਼ਾਹੀ ਦਾ ਵੀ ਖਾਤਮਾ ਕਰ ਦਿੱਤਾ ਤੇ (ਸਿੱਖ ਧਾਰਮਿਕ ਨਹੀਂ) ਸੰਸਾਰੀ (ਕੌਮੀ) ਸ਼ਹਿਨਸ਼ਾਹੀ (ਇਕਰਾਜਤਾ) ਸਥਾਪਤ ਕਰ ਲਈ।

”ਇਤਿਹਾਸ ਵਿੱਚ ਦੂਸਰੀ ਵਾਰ (ਪਹਿਲੀ ਵਾਰ ਇਸਲਾਮ-ਸਹਿੰਸਰਾ) ਇੱਕ ਮਜ਼ਹਬ ਸਿਆਸੀ ਤਾਕਤ ਬਣ ਗਿਆ ਤੇ ਹਿੰਦੁਸਤਾਨ ਵਿੱਚ ਪਹਿਲੀ ਵਾਰ ਪ੍ਰਦੇਸੀ ਦੁਸ਼ਮਣ ਦੇ ਮੁਕਾਬਲੇ ਤੇ ਇੱਕ ਕੌਮ ਉਠੀ।” (ਟਰੈਵਸਕੀਸ ਸਫਾ ੧੬੯)

”ਪੰਜਾਬ ਦਾ ਇਤਿਹਾਸ ਪੰਜਾਬੀ ਕੌਮੀਅਤ ਦੇ ਉਭਾਰ, ਪੂਰਨਤਾ ਤੇ ਖੈ ਦੀ ਕਹਾਣੀ ਹੈ” (ਖੁਸ਼ਵੰਤ ਸਿੰਘ, ਹਿਸਟਰੀ ਆਫ ਦੀ ਸਿਖਸ, ਪਹਿਲੀ ਸੈਂਚੀ, ਭੂਮਿਕਾ ਸਫਾ7)

”ਜੇ ਇਤਿਹਾਸਕ ਪੱਖ ਤੋਂ ਵੇਖਿਆ ਜਾਏ ਤਾਂ ਆਧੁਨਿਕ ਭਾਰਤ ਨੂੰ ਗੁਰੂ ਨਾਨਕ ਦੀਆਂ ਦੋ ਵੱਡੀਆਂ ਦੇਣਾਂ ਹਨ, ਇੱਕ ਪੰਜਾਬੀ ਸਾਹਿਤ ਤੇ ਦੂਜੀ ਪੰਜਾਬੀ ਕੌਮੀਅਤ” (ਸੰਤ ਸਿੰਘ ਸੇਖੋਂ, ‘ਗੁਰੂ ਨਨਕ : ਇੱਕ ਦ੍ਰਿਸ਼ਟੀਕੋਣ’ ਸਫਾ ੧੩)

ਇਹ ਹੈ, ਨਾਨਕਧਾਰਾ ਦੀ ਇਤਿਹਾਸਕ ਪਦਾਰਥਕਤਾ ਜੋ ਓਸ ਦੀ ਅਧਿਆਤਮਕਤਾ ਦਾ ਸਿਆਸੀ ਨਚੋੜ ਸੀ ਤੇ ਜੋ ਓਸ ਨੇ ਚੇਤ ਜਾਂ ਅਚੇਤ ਤੌਰ੍ਹ ‘ਤੇ ਡੌਲ਼ ਕੇ ਇਤਿਹਾਸ ਵਿੱਚ ਰੱਖ ਦਿੱਤੀ। ਨਾਨਕਬਾਣੀ ਦੀ ਮਨਾਉਤ ਦੀ ਇਤਿਹਾਸਕ ਤੋਰ ਨੇ ਆਪਣੇ ਜੁਗ ਦਾ ਏਹੀ ਪਦਾਰਥਕ ਅਰਥ (ਸਿੱਟਾ) ਪੇਸ਼ ਕੀਤਾ ਹੈ।

“ਪਰ੍ਤੀਬੱਧ”, ਅੰਕ 25, ਜੂਨ 2015 ਵਿਚ ਪਰ੍ਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s